ਬਿਗਾਨਾ ਪਿੰਡ ਗੁਰਦਿਆਲ ਸਿੰਘ
ਬਿਗਾਨਾ ਪਿੰਡ
ਸੱਥ ਵਿਚੋਂ ਦੋ ਨਿਆਣੇ ਗੁੱਲੀ-ਡੰਡਾ ਚੁੱਕੀ ਜਾਂਦੇ ਵੇਖ ਕੇ ਤਾਏ ਨੇ ਉਨ੍ਹਾਂ ਨੂੰ ਸੈਨਤ ਮਾਰੀ।
ਉਨ੍ਹਾਂ ਵਿਚੋਂ ਇਕ ਮੂੰਹ ਵਿਚ ਉਂਗਲ ਲੈ ਕੇ ਸੰਗਦਾ ਸੰਗਦਾ ਤਾਏ ਦੇ ਨੇੜੇ ਆ ਗਿਆ, ਪਰ ਦੂਜਾ ਝੱਗੇ ਹੇਠ ਗੁੱਲੀ ਲੁਕਾ ਕੇ ਅਗਾਂਹ ਨੱਸ ਗਿਆ।
“ਔਹ ਕਹਿੰਦਾ ਸੀ ਕੁਸ਼ ਉਇ?” ਕੋਲ ਆਏ ਮੁੰਡੇ ਦੀ ਬਾਂਹ ਫੜ ਕੇ ਤਾਏ ਨੇ ਪੁੱਛਿਆ।
“ਉਹ, ਉਹ ਮਾਘੇ ਕਾ।”
“ਮਾਘੇ ਕਾ ਕੀ ਉਇ?”
“ਮਾਘੇ ਕਾਣੇ ਦਾ ਭਤੀਜਾ।”
“ਘੱਗੇ ਢੀਂਡੂ ਦਾ ਮੁੰਡਾ?”
ਮੁੰਡੇ ਨੇ “ਹਾਂ’ ਵਿਚ ਸਿਰ ਹਲਾ ਦਿੱਤਾ। ਤਾਇਆ ਆਪਣੀਆਂ ਸੰਘਣੀਆਂ ਮੁੱਛਾਂ ਵਿਚੋਂ ਮੁਸਕਰਾਇਆ ਤੇ ਮੂੰਹ ਮੁੰਡੇ ਦੇ ਹੋਰ ਨੇੜੇ ਕਰ ਕੇ ਹੌਲੀ ਜਿਹੀ ਬੋਲਿਆ, “ ਤੇ ਤੂੰ ਸੰਤੇ ਬੁਝੜ ਦੈਂ ਨਾ? ਤੇਰੇ ਬਾਬੇ ਦਾ ਨਾਂ ਤੈਨੂੰ ਪਤੈ?”
ਮੁੰਡੇ ਨੇ ਜੀਭ ਬਾਹਰ ਕੱਢ ਕੇ ਤਾਏ ਤੋਂ ਬਾਂਹ ਛੁਡਾਂਦਿਆਂ ਸੰਗ ਕੇ ਮੂੰਹ ਪਾਸੇ ਕਰ ਲਿਆ।
“ਦਾਦੀ ਦਿਆ ਖਸਮਾ, ਆਵਦੇ ਬਾਬੇ ਦਾ ਨਾਂ ਨਹੀਂ ਪਤਾ? ਦੱਸ “ਕਿਸੂ ਮੁਖਤਿਆਰ ਐ ਕਿ ਫਿੱਡੂ ਰਾਂਝਾ?”
ਤਾਇਆ ਉਚੀ ਸਾਰੀ ਹੱਸਿਆ, ਪਰ ਮੁੰਡਾ ਮੂੰਹ ਵਿਚ ਉਂਗਲ ਪਾਈ, ਗਲੀ ਦੇ ਅਗਲੇ ਸਿਰੇ ’ਤੇ ਸਹਿਮੇ ਖੜੋਤੇ, ਆਪਣੇ ਗੁੱਲੀ ਵਾਲੇ ਬੇਲੀ ਵੱਲ ਝਾਕਦਾ, ਬਾਂਹ ਛੁਡਾਉਣ ਦਾ ਯਤਨ ਕਰਦਾ ਰਿਹਾ।
“ਚੰਗਾ ਚੱਲ ਏਹੋ ਦੱਸ ਬਈ ਪੁੱਤ ਕੀਹਦੈਂ?”
“ਲਾਲੂ ਦਾ।” ਮੁੰਡੇ ਨੇ ਛੇਤੀ ਦੇਣੀ ਜੁਆਬ ਦਿੱਤਾ।
“ਗੁਰਮੁਖ ਕੇ ਲਾਲੂ ਦਾ?”
“ਹੂੰ!”
“ਲਗਦਾ ‘ਹੂੰ’ ਦਾ! ਨਾਨੀ ਦਿਆ ਯਾਰਾ, ਨਾ ਬਾਬਾ, ਨਾ ਤਾਇਆ, ‘ਹੂੰ’ ਇਹ ਕੀਹਨੇ ਮੱਤ ਦਿੱਤੀ ਐ ਉਇ ਤੈਨੂੰ?”
ਮੁੰਡੇ ਦਾ ਸੰਗ ਤੇ ਸਹਿਮ ਨਾਲ ਮੂੰਹ ਲਾਲ ਹੋ ਗਿਆ। ਤਾਏ ਦਾ ਭਾਰਾ ਚਿਹਰਾ ਵੀ ਭਖ ਗਿਆ। ਉਸ ਰਤਾ ਖਰ੍ਹਵੀਂ ਆਵਾਜ਼ ਵਿਚ ਪੁੱਛਿਆ, “ਮੈਂ ਤੇਰਾ ਕੀ ਲਗਦੈਂ ਭਲਾ?”
ਮੁੰਡਾ ਗੁੰਮ-ਸੁੰਮ ਖੜੋਤਾ ਰਿਹਾ।
“ਓਇ ਕੁਸ਼ ਤਾਂ ਬੋਲ ਨਾਨਕਿਆਂ ਦਿਆ ਜੰਮਿਆਂ?”
ਓਵੇਂ ਸਹਿਮੇ ਹੋਏ ਮੁੰਡੇ ਦੇ ਮੂੰਹੋਂ ‘ਤਾਇਆ’ ਨਿਕਲ ਗਿਆ।
“ਦੁਰ ਫਿਟੇ ਮੂੰਹ ਤੇਰੇ ਜੰਮਣ ਦੇ। ਮੈਂ ਤੇਰੇ ਪਿਉ ਦਾ ਵੀ ਤਾਇਆ ਤੇ ਤੇਰਾ ਵੀ ਤਾਇਆ?
ਇਹ ਸਕੀਰੀ ਕਿਧਰੋਂ ਭਾਲੀ ਐ ਉਇ ਤੈਂ? ਘਰੇ ਤੇਰੀ ਕੋਈ ਦਾਦੀ, ਬੇਬੇ ਵੀ ਹੈ ਮੱਤ ਦੇਣ ਵਾਲੀ ਕਿ ਜੰਮ ਕੇ ਭੂੰਡਾਂ ਦੀਆਂ ਗਰੋਲੀਆਂ ਆਂਗੂੰ ਰੋੜ੍ਹ ਈ ਛੱਡੇ ਓ?”
ਤਾਏ ਨੇ ਬਾਂਹ ਛੱਡ ਕੇ ਉਹਦੇ ਘੋਨੇ ਸਿਰ ’ਤੇ ਪੋਲੀ ਜਿਹੀ ਚੁਪੇੜ ਮਾਰੀ। ਮੁੰਡਾ ਬਾਂਹ ਛੁੱਟਦਿਆਂ ਈ ਸ਼ੂਟ ਵੱਟ ਕੇ ਆਪਣੇ ਬੇਲੀ ਨਾਲ ਜਾ ਰਲਿਆ। ਉਥੋਂ ਉਹ ਦੋਏਂ ਪਿਛਾਂਹ ਮੁੜ ਮੁੜ ਝਾਕਦੇ ਛੱਪੜ ਵੱਲ ਭੱਜ ਗਏ। ਤਾਏ ਨੇ ਇਕ ਵਾਰੀ ਉਨ੍ਹਾਂ ਵੱਲ ਵੇਖਿਆ ਤੇ ਗੰਭੀਰ ਹੋ ਕੇ ਆਪਣੇ ਖੂੰਡੇ ਨੂੰ ਪਲੋਸਣ ਲੱਗ ਪਿਆ।
ਤਕੜਾ ਦਿਨ ਚੜ੍ਹ ਗਿਆ ਸੀ, ਪਰ ਅਜੇ ਤਾਈਂ ਤਾਏ ਦਾ ਕੋਈ ਸੱਥ ਵਾਲਾ ਬੇਲੀ ਨਹੀਂ ਸੀ ਆਇਆ। ਚਿੱਤ ਕਾਹਲਾ ਪੈਣ ਲੱਗ ਪਿਆ। ਗਲੀ ਵਿਚ ਵੀ ਸੁੰਨ-ਸਰਾਂ ਈ ਲਗਦੀ ਸੀ। ਭੁੱਲਰਾਂ ਦੇ ਘਰੋਂ, ਇਕ ਬਹੂ ਗੋਹੇ ਦਾ ਟੋਕਰਾ ਲੈ ਕੇ ਬਾਹਰ ਨਿਕਲੀ ਸੀ, ਉਸ ਪਿੱਛੋਂ ਕੋਈ ਨਹੀਂ ਸੀ ਦਿਸਿਆ।
“ਕੀ ਹੁੰਦਾ ਜਾਂਦੈ ਜਮਾਨੇ ਨੂੰ,” ਤਾਇਆ ਆਪ ਮੁਹਾਰਾ ਈ ਬੋਲ ਪਿਆ। ਤੇ ਉਸ ਇਕ ਵਾਰ ਮੁੜ ਆਸੇ ਪਾਸੇ ਨਿਗ੍ਹਾ ਮਾਰੀ। “ਰਾਮਾ ਵੀ ਪਤਾ ਨਹੀਂ ਮਰ ਗਿਆ ਕਿ ਜਿਉਂਦੈ। ਪੁੱਛੋ ਤਾਂ ਆਖੂ, ‘ਬਹੂਆਂ ਸਦੇਹਾਂ ਚਾਹ ਨ੍ਹੀਂ ਕਰ ਕੇ ਦਿੰਦੀਆਂ।’ ਭਲਾ ਪੁੱਛਣ ਆਲਾ ਹੋਵੇ, ਐਹੋ ਜੀਆਂ ਬਹੂਆਂ ਨੂੰ ਫਾਹੇ ਦੇਣੈਂ! ਇਨ੍ਹਾਂ ਨੂੰ ਸਹੇੜ ਕੇ ਕਿਉਂ ਲਿਆਂਦਾ ਸੀ? ਏਦੂੰ ਤਾਂ…।”
ਪਰ ਕੋਈ ਮੰਦਾ ਬੋਲ ਬੋਲਣੋਂ ਰੁਕ ਕੇ, ਤਾਇਆ ਖੂੰਡੇ ਦਾ ਆਸਰਾ ਲੈਂਦਿਆਂ ਉਠ ਖਲੋਤਾ।
ਇੰਦਰ ਕਾਰੀਗਰ ਦੇ ਕਾਰਖਾਨੇ ਵੱਲ ਤੁਰਦਿਆਂ ਫੇਰ ਆਪ ਮੁਹਾਰਾ ਬੋਲਣ ਲੱਗ ਪਿਆ,
“ਅੱਗੇ ਦਿਨ ਚੜ੍ਹਦੇ ਨਾਲ ਬੁੜ੍ਹਿਆਂ-ਠੇਰਿਆਂ ਨੇ ਸੱਥ ਵਿਚ ਆ ਬੈਠਣਾ, ਘਰੇ ਨੂੰਹਾਂ ਧੀਆਂ ਨੇ ਸੌ ਕੰਮ ਕਰਨੇ ਹੋਣੇ, ਬੁੜ੍ਹਿਆਂ ਤੋਂ ਪੱਲੇ ਕਰਦੀਆਂ ਫਿਰਨ ਕਿ ਗੋਹਾ-ਕੂੜਾ ਨਬੇੜਨ। ਨਾਲੇ ਬੰਦੇ ਦਾ ਬੁੜ੍ਹੀਆਂ ਕੋਲੇ ਕੰਮ ਕੀ। ਪਰ ਹੁਣ ਗੁਰਮੁਖ ਅਰਗੇ ਵੀ ਠਰਕੇ ਫਿਰਦੇ, ਅਖੇ ਬਹੂਆਂ ਨੂੰ ਘੁੰਡ ਕੱਢਣ ਦੀ ਜ਼ਰੂਰਤ ਹੀ ਕਿਆ ਐ? “ ਆਹੋ! ਨੂੰਹ ਸਹੁਰੇ ਦੀ ਸਾਲੀ, ਬਾਬਾ ਪੋਤੀਆਂ ਦਾ ਮਾਸੜ! ਜੇ ਸੰਗ-ਛਰਮ ਈ ਨਾ ਰਹੀ ਤਾਂ ਬੰਦੇ ਵਿਚ ਤੇ ਪਸ਼ੂ ਵਿਚ ਫਰਕ ਕੀ ਹੋਇਆ ।”
“ਓਇ ਕੀਹਦੇ ਨਾਲ ਸੁਖਮਨੀ ਦੇ ਅਰਥ ਕਰਦਾ ਆਉਂਦੈਂ ਬਈ?” ਇੰਦਰ ਨੇ ਬੱਠਲ ਵਿਚ ਅੱਗ ’ਤੇ ਸੁੱਕੇ ਸੱਕ ਸੁੱਟਦਿਆਂ, ਦੂਰੋਂ ਈ ਉਹਦਾ ਸੁਆਗਤ ਕੀਤਾ।
“ਅਰਥ ਕੀਹਦੇ ਨਾਲ ਕਰਨੇ ਐਂ ਇੰਦਰ ਸਿਆਂ, ਆਵਦੇ ਈ ਰੋਣੇ ਰੋਨੇ ਐਂ।” ਖੂੰਡੇ ਦੇ ਆਸਰੇ ਆਪਣੇ ਭਾਰੇ ਸਰੀਰ ਨੂੰ ਬੋਚਦਾ ਉਹ ਇੰਦਰ ਦੇ ਸਾਹਮਣੇ ਮੁੱਢੀ ’ਤੇ ਜਾ ਬੈਠਾ। ਧੁਖਦੇ ਸੱਕਾਂ ਦੇ ਨਿੱਘੇ ਧੂੰਏਂ ਵਿਚ ਹੱਥ ਪਾਉਂਦਿਆਂ ਉਹ ਫੇਰ ਆਪ ਮੁਹਾਰਾ ਈ ਬੋਲਣ ਲੱਗ ਪਿਆ, “ਇੰਦਰ ਸਿਆਂ, ਤੂੰ ਤਾਂ ਗਿਆਨ-ਬਾਨ ਪੁਰਛ ਐਂ, ਇਹ ਦੁਨੀਆਂ ਨੂੰ ਹੁੰਦਾ ਕੀ ਜਾਂਦੈ? ਮੈਂ ਤੜਕੇ ਦਾ ਸੱਥ ਵਿਚ ਆ ਕੇ ਬੈਠਾਂ, ਕੋਈ ਚਿੜੀ ਨ੍ਹੀਂ ਫੜਕੀ! ਖਬਰੇ ਘਰੀਂ ਬੈਠੇ ਲੋਕ ਕੀ ਗੀਤਾ ਦਾ ਪਾਠ ਕਰਦੇ ਐ? ਅੱਗੇ ਟਿੱਕੀ ਚੜ੍ਹਦੀ ਨਾਲ ਮਾਰ ਰੌਣਕਾਂ ਲੱਗ ਜਾਣੀਆਂ। ਬੁੜ੍ਹਿਆਂ-ਠੇਰਿਆਂ ਨੇ, ਮੁੰਡਿਆਂ-ਖੁੰਡਿਆਂ ਨੂੰ ਮਖੌਲ ਕਰਨੇ। ਹੁਣ ਅੱਬਲ ਤਾਂ ਕੋਈ ਆਪ ਈ ਕੁਸ ਨ੍ਹੀਂ ਕਹਿੰਦਾ, ਜੇ ਕਹਿ ਬੈਠੇ ਤਾਂ ਉਧੜ ਕੇ ਅੱਗੋਂ ਗਲ ਪੈ ਜਾਣਗੇ। ਭਲਿਓ ਬੰਦਿਓ! ਇਹ ਤਾਂ ਸੋਚੋ ਬਈ ਜੇ ਪਿੰਡ ਵਿਚ ਐਨਾ ਈ ਸਹਿਚਾਰ ਨਾ ਰਿਹਾ ਤਾਂ ਫੇਰ ਇਥੇ ਰਹਿ ਕੇ ਕੀ ਕਰਨੈਂ, ਬਾਹਰ ਖੇਤੀਂ ਨਾ ਜਾ ਕੇ ਛੱਪਰ ਪਾ ਲਾਂਗੇ? ਹੈਂ ਬਈ ਇੰਦਰ ਸਿਆਂ?”
“ਪਾਈ ਤਾਂ ਜਾਂਦੇ ਐ। ਹੁਣ ਤੇਰੇ ਸਾਹਮਣੇ ਤੁੱਲ੍ਹੀ ਕਿਆਂ ਨੇ, ਅਰਜਣ ਕਿਆਂ ਨੇ, ਤੋਤੂ ਨਮੋਲੀਏ ਨੇ, ਸਾਰਿਆਂ ਨੇ ਖੇਤੀਂ ਜਾ ਕੋਠੇ ਪਾਏ। ਜਦੋਂ ਪੁੱਛੀਏ ਕਿਮੇ ਓਂ, ਆਖਣਗੇ, ‘ਵੀਹ ਐਂ ਭਰਾਵੋ, ਸਿਆਪੇ ’ਚੋਂ ਨਿਕਲੇ!’ ਲੈ, ਪਿੰਡ ਨੂੰ ‘ਸਿਆਪਾ’ ਈ ਦਸਦੇ ਐ!”
ਤਾਏ ਨੇ ਗਹੁ ਨਾਲ ਇੰਦਰ ਦੇ ਮੂੰਹ ਵੱਲ ਦੇਖਿਆ ਤੇ ਉਹਦੇ ਮੱਥੇ ਦੀਆਂ ਭਾਰੀਆਂ ਤਿਉੜੀਆਂ ਸੰਘਣੀਆਂ ਹੋ ਗਈਆਂ।
“ਦੁਰ ਫ਼ਿਟੇ ਮੂੰਹ!’ ਘਿਰਣਾ ਨਾਲ ਤਾਏ ਨੇ ਬੱਠਲ ਵਿਚੋਂ ਧੁਖਦਾ ਸੱਕ ਚੁੱਕ ਕੇ, ਉਸ ਨਾਲੋਂ ਮੱਚਿਆ ਹਿੱਸਾ ਝਾੜਿਆ ਤੇ ਆਪਣੇ ਪਾਸੀਂ ਖਿਲਰੇ ਇੰਦਰ ਦੇ ਤਿੱਖੇ ਸੰਦਾਂ ਵੱਲ ਝਾਕ ਕੇ ਖਰ੍ਹਵੀਂ ਅਵਾਜ਼ ਨਾਲ ਬੋਲਿਆ, “ਇੰਦਰ ਸਿਆਂ ਕਦੇ ਕਦੇ ਤਾਂ ਐਂ ਜੀਅ ਕਰਦੈ, ਬਈ ਆਹ ਜਿਹੜੇ ਅੱਜਕੱਲ੍ਹ ਦੇ ਮੁੰਡੇ-ਬਹੂਆਂ ਫ਼ੂੰ-ਫੂੰ ਕਰਦੇ ਫਿਰਦੇ ਐ ਨਾ, ਇਨ੍ਹਾਂ ਦੀਆਂ ਫੜ ਕੇ ਕੁਹਾੜੇ ਨਾਲ ਲੱਤਾਂ ਛਾਂਗ ਦਿਆਂ, ਤੇ।”
“ਮੁੰਡੇ-ਬਹੂਆਂ ਤੈਥੋਂ ਲੱਤਾਂ ਛੰਗੌਣਗੇ ਕਿ ਆਪਣੀਆਂ ਛਾਂਗਣਗੇ?” ਇੰਦਰ ਆਪਣੀ ਖੋਦੀ, ਕਰੜ-ਬਰੜੀ ਦਾੜ੍ਹੀ ’ਤੇ ਹੱਥ ਫੇਰਦਿਆਂ ਬੋਲਿਆ, “ਅਸਲ ਵਿਚ ਬਾਈ ਸਮੇਂ ਦੀ ਗੱਲ ਹੁੰਦੀ ਐ, ਜਿਹੋ ਜੀ ਵਾ, ਓਹੋ ਜਿਆ ਓਹਲਾ। ਤੇਰੇ ਮੇਰੇ ਅਰਗਿਆਂ ਦੇ ਹੁਣ ਜ਼ਮਾਨੇ ਈ ਨ੍ਹੀਂ ਰਹੇ।”
“ਛੱਡ ਜਾਰ, ਕੀ ਗੱਲਾਂ ਕਰਦੈਂ, ਮੈਂ ਤਾਂ ਦੋਹਾਂ ਨੂੰ ਆਖਿਆ ਵਿਐ, ਬਈ ਜੇ ਤਾਂ ਬੰਦੇ ਬਣ ਕੇ ਚਲੋਗੇ ਤਾਂ ਸਭ ਕੁਝ ਥੋਡਾ। ਜੇ ਬਹੁਤੀ ਚੀਂ-ਵੀਂ ਕੀਤੀ ਤਾਂ ਸਾਲਿਓ, ਸਾਰੀ ਜ਼ਮੀਨ ਕੁੜੀਆਂ ਦੇ ਨਾਂ ਲੁਆ ਦੂੰ, ਤੁਰੇ ਫਿਰਿਓ ਡੰਡੇ ਵਜੌਂਦੇ! ਵੇਖ ਲੈ ਕੰਨ ਵਿਚ ਪਾਏ ਨ੍ਹੀਂ ਰੜਕਦੇ। ਉਹ ਛੋਟੀ ਬਹੂ ਮਾੜਾ ਜਿਹਾ ਉਚੀ-ਨੀਵੀਂ ਹੋਣ ਲੱਗੀ ਸੀ, ਮੈਂ ਇਕ ਦਿਨ ਵਿਹੜੇ ਵਿਚ ਖੂੰਡਾ ਖੜਕਾ ਕੇ ਐਸੀ ਦਬਕਾਈ, ਉਦੂੰ ਪਿਛੋਂ ਚਾਹ ਪਾਣੀ ਨੂੰ ਦਿਨ ਨ੍ਹੀਂ ਚੜ੍ਹਨ ਦਿੰਦੀ। ਆਪੇ ਪਾਣੀ ਤੱਤਾ ਕਰ ਕੇ ਧਰ ਜੂ, ਆਪੇ।”
“ਤੂੰ ਤਾਂ ਹੋਇਆ ਕਰਮਾਂ ਆਲਾ ਜੀ!” ਇੰਦਰ ਨੇ ਤਾਏ ਦੀ ਵਡਿਆਈ ਕਰਦਿਆਂ ਕਿਹਾ,
“ਤੇਰੀ ਕੋਈ ਰੀਸ ਐ। ਨਾਲੇ ਜਦੋਂ ਵਾਹਿਗੁਰੂ ਨੇ ਉਲਾਦ ਸਲੱਗ ਦਿੱਤੀ ਹੋਵੇ ਤਾਂ ਸਭ ਕੁਝ ਆਪੇ ਰਾਸ ਆ ਜਾਂਦੈ।”
“ਉਇ ਨਹੀਂ ਇੰਦਰ ਸਿਆਂ, ਬੰਦੇ ਵਿਚ ਆਵਦੇ ਵਿਚ ਸਾਹ-ਸਤ ਚਾਹੀਦੈ, ਬਾਕੀ ਸਭ ਗੱਲਾਂ ਆਪੇ ਰਾਸ ਆ ਜਾਂਦੀਐਂ। ਜਦੋਂ ਆਪ ਈ ਲੋਕਾਂ ਦਾ ਅਮਾਨ ਹੱਲਿਆ ਫਿਰਦੈ, ਤਾਂ ਉਲਾਦ ਕੀ ਕਰੂ? ਅਹੁ ਰਾਮੂ ਨੇ ਨੂੰਹ ਕੀ ਸਹੇੜ ਲਿਆਂਦੀ ਐ, ਸਾਰਾ ਦਿਨ ਉਸੇ ਦੀਆਂ ਗੱਲਾਂ ਈ ਕਰੀ ਜਾਊ, “ਹਮਰੀ ਬਹੂ ਘੁੰਡ ਨ੍ਹੀਂ ਕਡਤੀ, ਉਹ ਦਸ ਜਮਾਤਾਂ ਪੜ੍ਹੀ ਹੋਈ ਐ।” ਮੁੰਡਾ ਕਿਤੇ ਬਾਹਰ ਫਿਰਦੈ, ਆਪ ਉਹਨੂੰ ਸਾਲਾ ਇਥੇ ਰੱਖੀ ਬੈਠੈ। ਬਈ ਕੰਜਰ ਦਿਆ ਕੰਜਰਾ, ਇਹਦਾ ਇੱਥੇ ਕੀ ਕੰਮ? ਹੁਣ ਦੱਸ, ਦੁਨੀਆਂ ਦਾ ਕੋਈ ਹਾਲ ਐ।”ਹੈ ਬੇੜਾ ਗਰਕਣ ’ਤੇ ਆਇਆ ਕਿ ਨਹੀਂ?”
ਇੰਦਰ ਵੀ ਗੰਭੀਰ ਹੋ ਗਿਆ ਸੀ। ਤਾਏ ਨੇ ਕੋਈ ਹੋਰ ਕਥਾ ਛੇੜ ਲਈ, ਪਰ ਪਰਤਾਪੇ ਕਾ ਸੀਰੀ ਤਾਪਾ ਕਹੀ ਤਲਪੌਣ ਆ ਗਿਆ। ਇੰਦਰ ਨੇ ਕਹੀ ਫੜ ਕੇ ਪਾਸੇ ਰੱਖਦਿਆਂ ਕਹਿ ਦਿੱਤਾ, “ਬਿੰਦ ਕੁ ਨੂੰ ਲੈ ਜੀਂ, ਅਜੇ ਬਾਈ ਨਾਲ ਗਿਆਨ ਗੋਸ਼ਟ ਕਰਦੇ ਐਂ।”
“ਤੂੰ ਭਰਾਵਾ ਗਿਆਨ ਗੋਸ਼ਟਾਂ ਫੇਰ ਕਰ ਲੀਂ, ਮੈਂ ਤਾਂ ਜੇ ਬਿੰਦ ਕੁ ਨਾ ਗਿਆ, ਮੇਰੀ ਤਾਂ ਪਰਤਾਪੇ ਦਾ ਸਜ਼ਾਦਾ ਸੰਘੀ ਘੁਟ ਦੂ।”
“ਤੈਥੋਂ ਕੁਝ ਨ੍ਹੀਂ ਸਰੂ ਓਇ ਕਜਾਤੇ।” ਤਾਏ ਨੇ ਉਸ ਵੱਲ ਹਿਰਖ ਕੇ ਵਿੰਹਦਿਆਂ ਕਿਹਾ।
“ਤਾਇਆ, ਘੁੱਗੀ ਕੀ ਜਾਣੇ ਸਤਗੁਰ ਕੀਆਂ ਬਾਤਾਂ।” ਤਾਪੇ ਨੇ ਪੈਰਾਂ ਭਾਰ ਬੱਠਲ ਦੇ ਨੇੜੇ ਹੋ ਕੇ ਬਹਿੰਦਿਆਂ ਕਿਹਾ, “ਤੂੰ ਤਾਂ ਘਰੋਂ ‘ਬੇਦਖਲ’ ਹੋਇਆ ਫਿਰਦੈਂ। ਪਰਤਾਪੇ ਕੇ ਮੁੰਡੇ ਤਾਂ ਹੁਣੇ ਐਡੇ ਚੱਕਮੇਂ ਹੋਏ ਫ਼ਿਰਦੇ ਐ, ਅਖੇ ਅਸਮਾਨ ਸਾਡਾ ਈ ਖੜ੍ਹਾਇਆ ਖੜ੍ਹੈ। ਪਰਤਾਪੇ ਵੇਲੇ ਤਾਂ ਕਦੇ ਟੁੱਕ ਦਾ ਭੋਰਾ ਵੀ ਮਿਲ ਜਾਂਦਾ ਸੀ, ਹੁਣ ਤਾਂ ਆਖਣਗੇ, ਚਾਹ ਵੀ ਘਰੋਂ ਕਰ ਕੇ ਲਿਆਇਆ ਕਰੋ। ਆਹ ਵੇਖ, ਦੁੱਧ ਦਾ ਪਊਆ, ਚਾਹ ਤੇ ਗੁੜ ਦੀ ਡਲੀ ਨਾਲ ਲੈ ਕੇ ਚੱਲਿਐਂ। ਡੱਬਾ ਖੇਤ ਰੱਖ ਛੱਡਿਐ। ਜਦੋਂ ਤਲਬ ਹੋਈ, ਆਪੇ ਕਰ ਕੇ ਪੀਊਂ, ਕੋਈ ਬਾਤ ਨ੍ਹੀਂ ਪੁੱਛਦਾ।”
ਜਦੋਂ ਤਾਪੇ ਨੇ ਆਪਣੇ ਮੂਕੇ ਦੇ ਪਿਛਲੇ ਲੜ ਨਾਲ ਬੰਨ੍ਹਿਆਂ ਨਿੱਕ-ਸੁੱਕ ਵਿਖਾਇਆ ਤਾਂ ਤਾਇਆ ਸੱਚੀਂ ਹੈਰਾਨ ਹੋਇਆ, ਪਰ ਇੰਦਰ ਨੂੰ ਕੋਈ ਹੈਰਾਨੀ ਨਾ ਹੋਈ। ਉਸ ਆਪਣੀ ਗੱਲ ਦੁਹਰਾਂਦਿਆਂ ਕਿਹਾ, “ਚੰਗਾ ਤੂੰ ਅਜੇ ਘਰੇ ਗੇੜਾ ਮਾਰਿਆ, ਫੇਰ ਮੁੜਦਾ ਲੈ ਜੀਂ। ਅਜੇ ਤਾਂ ਜਾਰ ਹੱਡ ਈ ਨਹੀਂ ਜੁੜੇ, ਠੰਢ ਤਾਂ ਵੇਖ ਉਤੋਂ ਕਿੰਨੀ ਪੈਂਦੀ ਐ।”
“ਆਹੋ ਚਾਚਾ, ਤੈਨੂੰ ਠੰਢ ਤਾਂ ਲੱਗੂ ਈ!” ਤਾਪਾ ਉਠ ਕੇ ਖੜ੍ਹਾ ਹੁੰਦਿਆਂ ਕੁਝ ਵਿਅੰਗ ਨਾਲ ਬੋਲਿਆ, “ਆਵਦੇ ਅੱਡੇ ’ਤੇ ਬੈਠੈਂ, ਕਿਸੇ ਸਾਲੇ ਦੀ ਮੀਨਮੇਖ ਨਹੀਂ, ਜੋ ਆਖੋਂ ਸੱਤ ਐ, ਚੰਗਾ ਫੇਰ ਮੈਂ ਹੁਣੇ ਆਉਨੈ”ਲੈ, ਚਾਚਾ ਬਣ ਕੇ ਕਰਾਦੀਂ ਹੁਣੇ, ਚੰਗਾ?
ਤਾਇਆ ਭੋਲਾ ਤਾਪੇ ਦੀ ਗੱਲ ਸੁਣ ਕੇ ਉਂਜ ਈ ਗੁੰਮ ਹੋ ਗਿਆ ਸੀ। ਅਚਾਨਕ ਉਹਨੂੰ ਜਾਪਿਆ ਜਿਵੇਂ ਉਹ ਕਿਸੇ ਹੋਰ ਪਿੰਡੋਂ ਆ ਕੇ ਵਸਿਆ ਹੋਵੇ। ਇੰਝ ਸੀਰੀ ਬੋਤਲਾਂ ਵਿਚ ਦੁੱਧ ਪਾਈ, ਚਾਹ ਦੀਆਂ ਪੁੜੀਆਂ, ਗੁੜ ਪੱਲੇ ਬੰਨ੍ਹੀ, ਉਸ ‘ਆਪਣੇ ਪਿੰਡ’ ਤਾਂ ਕਦੀ ਨਹੀਂ ਸਨ ਵੇਖੇ। ਉਨ੍ਹਾਂ ਦੇ ਸੀਰੀ ਨੂੰ ਤਾਂ ਹੁਣ ਵੀ ਮੁੰਡਿਆਂ ਦੇ ਨਾਲ ਦੀ ਚਾਹ ਮਿਲਦੀ ਸੀ; ਨਾਲ ਦੀ ਰੋਟੀ ਮਿਲਦੀ ਸੀ; ਉਹ ਆਪ ਸਾਰੀ ਉਮਰ ਇਵੇਂ ਕਰਦਾ ਰਿਹਾ ਸੀ।
“ਚੰਗਾ ਬਈ ਇੰਦਰ ਸਿਆਂ, ਮੈਂ ਵੀ ਚਲਦੈਂ।” ਤਾਏ ਨੇ ਉਠਦਿਆਂ ਕਿਹਾ।
ਇੰਦਰ ਨੇ ਦੋ ਤਿੰਨ ਵਾਰ ਉਹਨੂੰ ਬੈਠਣ ਲਈ ਕਿਹਾ, ਪਰ ਤਾਇਆ ਲੰਮਾ ਹਉਕਾ ਭਰ ਕੇ “ਵਾਖਰੂ, ਵਾਖਰੂ, ਤੇਰੇ ਰੰਗ” ਕਹਿੰਦਿਆਂ ਬਾਹਰ ਨਿਕਲ ਗਿਆ।
ਗਲੀ ਵਿਚ ਆ ਕੇ ਉਹਨੇ ਚੜ੍ਹਦੇ ਵੇਖਿਆ ਤਾਂ ਕੁਝ ਬੰਦੇ ਤੁਰੇ ਆਉਂਦੇ ਦਿਸੇ। ਉਹ ਰੁਕ ਕੇ ਗਹੁ ਨਾਲ ਉਧਰ ਤਾੜਨ ਲੱਗ ਪਿਆ, ਪਰ ਕੋਈ ਪਛਾਣ ਨਹੀਂ ਆਈ। ਬੰਦੇ ਹੋਰ ਨੇੜੇ ਆ ਗਏ, ਉਹ ਫੇਰ ਵੀ ਨਾ ਪਛਾਣ ਸਕਿਆ। ਜਦੋਂ ਉਹ ਚਾਰ ਕਰਮਾਂ ਦੀ ਵਿੱਥ ’ਤੇ ਰਹਿ ਗਏ, ਤਾਂ ਕਿਤੇ ਜਾ ਕੇ ਸੰਤੋਖ ਢਿੱਲੋਂ ਕੇ ਸੀਰੀ ਦੀ ਪਛਾਣ ਆਈ। ਉਸ ਸਿਰ ਉਤੇ ਵੱਡਾ ਸਾਰਾ ਬਿਸਤਰਾ ਚੁੱਕਿਆ ਹੋਇਆ ਸੀ, ਪਰ ਨਾਲਦਿਆਂ ਨੂੰ ਉਹਨੇ ਅਜੇ ਵੀ ਨਹੀਂ ਪਛਾਣਿਆ।
“ਤਾਇਆ ਸਤਿ ਸ੍ਰੀ ਅਕਾਲ! ਤਕੜੈਂ?” ਸੀਰੀ ਦੇ ਮਗਰ ਆਉਂਦੇ ਗੋਰੇ ਨਛੋਹ ਗੱਭਰੂ ਨੇ ਮੁਸਕਰਾਂਦਿਆਂ ਕਿਹਾ ਤੇ ਕੁੱਛੜ ਚੁੱਕੇ ਮੁੰਡੇ ਦੇ ਦੋਏ ਹੱਥ ਉਤਾਂਹ ਕਰਦਾ ਬੋਲਿਆ, “ਬਾਬਾ ਜੀ ਕੋ ਗੁੱਡ ਮਾਰਨਿੰਗ ਬੋਲੋ!”
ਪਰ ਭੋਲਾ ਜਿਵੇਂ ਠਠੰਬਰ ਗਿਆ। ਉਹਨੂੰ ਏਨੀ ਕੁ ਗੱਲ ਸਮਝ ਆ ਗਈ ਕਿ ਉਹ ਸੰਤੋਖੇ ਢਿੱਲੋਂ ਦਾ ਮੁੰਡਾ ਹੋ ਸਕਦਾ ਸੀ ਜਿਹੜਾ ਹਵਾਈ ਜਹਾਜ਼ਾਂ ਵਾਲੀ ਫੌਜ ਵਿਚ ਨੌਕਰ ਸੀ, ਪਰ ਉਹਦੇ ਕੁੱਛੜ ਚੁੱਕਿਆ, ਰਬੜ ਦੇ ਬਾਵੇ ਵਰਗਾ, ਲਾਲ ਖੱਟੀ ਕੋਟੀ ਤੇ ਪਸ਼ਮ ਦੇ ਟੋਪੇ ਵਾਲਾ ਨਿਆਣਾ ਤੇ ਉਹਦੇ ਮਗਰ ਆਉਂਦੀ ਲੰਮੇ ਲਾਲ ਕੋਟ ਵਾਲੀ ਸ਼ਹਿਰਨ ਕੁੜੀ ਦੀ, ਉਹਨੂੰ ਕੋਈ ਸਮਝ ਨਹੀਂ ਸੀ ਆ ਰਹੀ ਕਿ ਉਹ ਕੌਣ ਸੀ। ਉਹਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਸੰਤੋਖੇ ਦਾ ਇਹ ਮੁੰਡਾ ਅਜੇ ਵਿਆਹਿਆ ਨਹੀਂ ਸੀ।
“ਕਿਹੜੈ?” ਭੋਲੇ ਨੇ ਸਤਿ ਸ੍ਰੀ ਅਕਾਲ ਦਾ ਜੁਆਬ ਦਿੱਤੇ ਬਿਨਾਂ, ਉਸ ਦੇ ਮੂੰਹ ਵੱਲ ਤਕਦਿਆਂ ਪੁੱਛਿਆ।
“ਮੈਂ ਸੰਤੋਖੇ ਦਾ ਪੀਲੂ ਐਂ ਤਾਇਆ, ਪਛਾਣਿਆ ਨ੍ਹੀਂ?”
“ਪਛਾਣ ਤਾਂ ਲਿਆ, ਪਰ ਹਾਅ ਕੀ”?” ਹਰ ਸ਼ਬਦ ਹੈਰਾਨੀ ਨਾਲ ਤੇ ਲਮਕਾ ਕੇ ਬੋਲਦਿਆਂ ਭੋਲੇ ਨੇ ਕਿਹਾ, ਤੇ ਚੁੱਪ ਕਰ ਕੇ, ਅੱਧ ਨੰਗਾ ਸਿਰ ਕਰੀ, ਹੱਥ ਵਿਚ ਮਹਿੰ ਦੇ ਲੇਵੇ ਵਰਗਾ ਕਾਲਾ ਝੋਲਾ ਜਿਹਾ ਲਮਕਾਈ, ਬੋਤੇ ਦੇ ਪਿੱਛੇ-ਪਿੱਛੇ ਤੁਰੀ ਜਾਂਦੀ ਉਸ ਕੁੜੀ ਵੱਲ ਇਉਂ ਝਾਕਣ ਲੱਗ ਪਿਆ ਜਿਵੇਂ ਉਹਨੂੰ ਗੱਲ ਈ ਭੁੱਲ ਗਈ ਹੋਵੇ ਕਿ ਉਸ ਕੀ ਪੁੱਛਣਾ ਸੀ।
ਪਲਵਿੰਦਰ ਉਚੀ ਸਾਰੀ ਹੱਸ ਕੇ, ਕੁੱਛੜ ਚੁੱਕੇ ਮੁੰਡੇ ਨੂੰ ਉਤਾਂਹ ਉਗਾਸਦਿਆਂ ਬੋਲਿਆ,
“ਇਹ ਤਾਇਆ ਤੇਰੀ ਨੂੰਹ ਐਂ!”
ਭੋਲੇ ਦੀ ਜਿਵੇਂ ਜੀਭ ਠਾਕੀ ਗਈ ਹੋਵੇ। ਉਹ ਆਪਣੀ ਇਸ ‘ਨੂੰਹ’ ਨੂੰ ਘੂਰਦਾ ਰਿਹਾ।
“ਤੈਨੂੰ ਤਾਂ ਤਾਇਆ ਜਿਵੇਂ ਚੌਂਧੀ ਈ ਲੱਗ ’ਗੀ।” ਤਾਏ ਦੇ ਮੋਢੇ ਉਤੇ ਹੱਥ ਰੱਖਦਿਆਂ, ਠਹਾਕਾ ਮਾਰ ਕੇ ਪਲਵਿੰਦਰ ਨੇ ਫੇਰ ਕਿਹਾ, “ਤੂੰ ਖੂਹ ਦੇ ਡੱਡੂ ਆਂਗੂੰ ਸਾਰੀ ਉਮਰ ਤਸੀਲੋਂ ਅਗਾਂਹ ਨਹੀਂ ਟੱਪਿਆ, ਤਾਹੀਂ ਏਨਾ ਹੈਰਾਨ ਹੋਇਆ ਖੜ੍ਹੈਂ ਨਾ, ਦੁਨੀਆ ਤਾਂ ਤਾਇਆ ਚੰਦ ’ਤੇ ਅੱਪੜਗੀ!”
ਭੋਲਾ ਕੁਝ ਨਹੀਂ ਬੋਲਿਆ। ਉਹ ਪਲਵਿੰਦਰ ਨੂੰ ਕੋਈ ਮੋਟੀ ਸਾਰੀ ਗਾਲ੍ਹ ਕੱਢਣੀ ਚਾਹੁੰਦਾ ਸੀ, ਪਰ ਸਾਰੇ ਸਰੀਰ ਵਿਚ ਜਿਵੇਂ ਸੱਤਿਆ ਈ ਨਹੀਂ ਸੀ। ਮੁੰਡੇ ਨੂੰ ਕੁੱਛੜ ਚੁੱਕੀ, ਉਹਨੂੰ ਮੁੜ-ਮੁੜ ਚੁੰਮਦਾ ਤੇ ਉਸ ਨਾਲ ‘ਹੋਰ ਈ’ ਬੋਲੀ ਵਿਚ ਗੱਲਾਂ ਕਰਦਾ ਪਲਵਿੰਦਰ ਤਾਏ ਨੂੰ ਦੁਪਹਿਰੇ ਮਿਲਣ ਦਾ ਇਕਰਾਰ ਕਰ ਕੇ ਜਦੋਂ ਬੋਤੇ ਦੇ ਮਗਰ ਤੁਰੀ ਜਾਂਦੀ ਆਪਣੀ ਵਹੁਟੀ ਨਾਲ ਜਾ ਰਲਿਆ ਤਾਂ ਤਾਇਆ ਉਥੋਂ ਈ ਫੇਰ ਪਿਛਾਂਹ ਮੁੜ ਪਿਆ।
ਇੰਦਰ ਵੀ ਅਛੋਪਲੇ ਬਾਹਰ ਆ ਖੜੋਤਾ ਸੀ। ਉਸ ਉਹਨੂੰ ਮੁੜਦਿਆਂ ਵੇਖ ਕੇ ਵਿਅੰਗ ਨਾਲ ਕਿਹਾ, “ਕਿਉਂ, ਵੇਖੇ ਦੁਨੀਆਂ ਦੇ ਰੰਗ! ਇਹ ਸਾਰਾ ਕੁਸ਼ ਬਾਹਰੋਂ-ਬਾਹਰ ਈ ਕਰਾਈ ਫਿਰਦੈ। ਕਹਿੰਦੈ ਇਹ ਓਧਰਲੀ ਕੋਈ ਬੰਗਾਲਣ ਅਸਾਮਣ ਐਂ। ਆਪੇ ਸਲਾਹ ਕਰ ਕੇ ਵਿਆਹ ਕਰਾ ਲਿਆ। ਓਥੇ ਈ ਜੁਆਕ ਜੰਮ ਲੇ, ਹੈ ਵਧੀਆ ਕੰਮ ਕਿ ਨਹੀਂ ਬਈ? ਨਾ ਹਿੰਗ ਲੱਗੇ ਨਾ ਫਟਕੜੀ, ਰੰਗ ਐਨ ਕੇਰਾਂ ਲਾਲ ਬਰੰਗ।”
ਪਰ ਤਾਇਆ ਫੇਰ ਵੀ ਕੁਝ ਨਹੀਂ ਬੋਲਿਆ। ਉਸ ਅੱਗ ਵਾਲੇ ਬੱਠਲ ਦੇ ਕੋਲ ਆਉਂਦਿਆਂ, ਢਿੱਲੀ ਆਵਾਜ਼ ’ਚ ਕਿਹਾ, “ਇਹਦੇ ’ਤੇ ਸੱਕ-ਸੁੱਕ ਪਾ ਚਾਰ, ਮੇਰੇ ਤਾਂ ਪੈਰ ਈ ਬਲਾ ਠਰਦੇ ਜਾਂਦੇ ਐ।”
ਪੰਜਾਬੀ ਕਹਾਣੀਆਂ (ਮੁੱਖ ਪੰਨਾ) |