ਭੀੜੀ ਗਲੀ ਰਾਮ ਸਰੂਪ ਅਣਖੀ
"ਨੀ ਬੀਬੋ, ਭੀੜੀ ਗਲੀ ਨਾ ਜਾਈਂ, ਚੰਦਰੀਏ।" ਪਿੱਠ ਪਿੱਛੋਂ ਉੱਚਾ ਬੋਲ ਕੇ ਮਾਂ ਨੇ ਧੀ ਨੂੰ ਤਾੜਿਆ।
"ਨਹੀਂ ਬੇਬੇ, ਪਤੈ ਮੈਨੂੰ। ਮੈਂ ਤਾਂ ਐਧਰ ਝਾਲ ਕੰਨੀ ਦੀ ਜਾਊਗੀਂ।" ਕੁੜੀ ਨੇ ਮਾਂ ਦੀ ਤਸੱਲੀ ਕਰਾ ਦਿੱਤੀ।
ਘੁਮਿਆਰਾਂ ਦੇ ਘਰਾਂ ਤੋਂ ਲੈ ਕੇ ਓਧਰ ਪਰਲੇ ਅਗਵਾੜ ਮੱਖਣ ਝਿਊਰ ਦੇ ਘਰ ਤੱਕ ਭੀੜੀ ਗਲੀ ਜਾਂਦੀ ਸੀ। ਗਲੀ ਵਿੱਚ ਬਰਾਬਰ-ਬਰਾਬਰ ਦੋ ਬੰਦੇ ਮਸ੍ਹਾਂ ਤੁਰ ਸਕਦੇ। ਓਧਰੋਂ ਆ ਰਹੇ ਕਿਸੇ ਬੰਦੇ ਕੋਲ ਦੀ ਏਧਰੋਂ ਜਾ ਰਿਹਾ ਬੰਦਾ ਮੋਢਾ ਵੱਟ ਕੇ ਲੰਘਦਾ। ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਗਲੀ ਦੀ ਕਿਸੇ ਕੰਧ ਵਿੱਚ ਕੋਈ ਬਾਰ ਤਾਂ ਕੀ ਖਿੜਕੀ ਵੀ ਨਹੀਂ ਸੀ। ਓਧਰ ਝਿਊਰਾਂ ਦੇ ਘਰਾਂ ਤੋਂ ਲੈ ਕੇ ਏਧਰ ਘੁਮਿਆਰਾਂ ਦੇ ਘਰਾਂ ਤੱਕ ਗਲੀ ਦੀ ਢਲਾਣ ਨੀਵੀਂ ਹੀ ਨੀਵੀਂ ਹੁੰਦੀ ਆਉਂਦੀ। ਮੀਂਹ ਪਏ ਤੋਂ ਇਹ ਭੀੜੀ ਗਲੀ ਇੱਕ ਤਰ੍ਹਾਂ ਨਾਲ ਪਾਣੀ ਦਾ ਖਾਲ਼ ਬਣ ਜਾਂਦੀ। ਮੀਂਹ ਪੈ ਰਿਹਾ ਹੁੰਦਾ ਤਾਂ ਕੋਈ ਭੀੜੀ ਗਲੀ ਜਾਂਦਾ ਹੀ ਨਾ। ਜੇ ਕੋਈ ਤੁਰ ਹੀ ਪੈਂਦਾ ਤਾਂ ਜਿੱਥੇ ਜਾ ਕੇ ਖੜ੍ਹਦਾ, ਖੜ੍ਹਾ ਰਹਿੰਦਾ। ਤਿਲਕਣ ਹੁੰਦੀ ਜਾਂ ਫਿਰ ਪਾਣੀ। ਸੁੱਕਾ ਥਾਂ ਕਿਧਰੇ ਨਹੀਂ ਹੁੰਦਾ ਸੀ। ਇੱਟਾਂ-ਵੱਟੇ ਤੇ ਫੁੱਟੇ ਹੋਏ ਮਿੱਟੀ ਦੇ ਭਾਂਡਿਆਂ ਦੀਆਂ ਠੀਕਰੀਆਂ ਥਾਂ-ਥਾਂ ਖਿੰਡੀਆਂ ਰਹਿੰਦੀਆਂ। ਪਾਣੀ ਦੇ ਹੜ੍ਹ ਨਾਲ ਮਿੱਟੀ ਖੁਰਨ ਦੇ ਡਰੋਂ ਹਰ ਕੱਚੀ ਕੰਧ ਦੀਆਂ ਜੜ੍ਹਾਂ ਵਿੱਚ ਪੱਕੀਆਂ ਇੱਟਾਂ ਦੇ ਚਹੇ ਭਰੇ ਹੁੰਦੇ।
ਪਿੰਡ ਵਿੱਚ ਬਜ਼ਾਰ ਵੀ ਸੀ, ਉਸ ਤਰ੍ਹਾਂ ਦਾ ਬਾਜ਼ਾਰ ਨਹੀਂ, ਜਿਵੇਂ ਸ਼ਹਿਰਾਂ ਵਿੱਚ ਹੁੰਦਾ ਹੈ। ਦਸ-ਬਾਰਾਂ ਦੁਕਾਨਾਂ ਸਨ, ਜਿਨ੍ਹਾਂ ਤੋਂ ਪਿੰਡ ਵਿੱਚ ਲੋੜੀਂਦੀਆਂ ਖ਼ਾਸ-ਖ਼ਾਸ ਚੀਜ਼ਾਂ ਮਿਲ ਜਾਂਦੀਆਂ-ਖੰਡ, ਚਾਹ, ਗੁੜ ਤੇ ਲੂਣ, ਤੇਲ, ਵਸਾਰ ਤੋਂ ਲੈ ਕੇ ਕੱਪੜਾ-ਲੀੜਾ ਤੇ ਹੋਰ ਸਾਰਾ ਨਿੱਕ-ਸੁੱਕ। ਇੱਥੇ ਹੀ ਸ਼ਰਾਬ ਦਾ ਠੇਕਾ ਵੀ ਸੀ। ਦਰਜੀ ਦੀ ਦੁਕਾਨ ਤੇ ਲਲਾਰੀ ਵੀ ਬੈਠਦਾ। ਡਾਕਟਰ ਦੀ ਦੁਕਾਨ ਵੀ ਸੀ। ਹਲਵਾਈ ਸੀ। ਬੱਸ ਏਸੇ ਨੂੰ ਬਜ਼ਾਰ ਕਹਿੰਦੇ। ਸਾਰਾ ਪਿੰਡ ਬਜ਼ਾਰ ਵਿੱਚ ਆਉਂਦਾ-ਕੁੜੀਆਂ, ਬੁੜ੍ਹੀਆਂ, ਬਹੂਆਂ ਤੇ ਛੋਟੇ ਜੁਆਕ। ਪਿੱਪਲ ਥੱਲੇ ਵਿਹਲੇ ਬੰਦੇ ਤਾਸ਼ ਖੇਡਦੇ।
ਘੁਮਿਆਰਾਂ ਦੇ ਘਰਾਂ ਵੱਲ ਦੋ ਅਗਵਾੜ ਪੈਂਦੇ ਸਨ-ਲਾਲੂ ਦੀ ਪੱਤੀ ਤੇ ਬਾਵਿਆਂ ਦਾ ਅਗਵਾੜ। ਦੋਵੇਂ ਅਗਵਾੜ ਪਿੰਡ ਦੇ ਛਿਪਦੇ ਪਾਸੇ ਸਨ ਤੇ ਨੀਵੇਂ ਥਾਂ ਵੀ। ਪਿੰਡ ਦਾ ਸਾਰਾ ਹੀ ਪਾਣੀ ਏਧਰ ਹੀ ਆਉਂਦਾ। ਦੋਵਾਂ ਅਗਵਾੜਾਂ ਨੂੰ ਪੱਕੀ ਝਾਲ ਜੋੜਦੀ। ਝਾਲ 'ਤੇ ਆ ਕੇ ਹੀ ਦੋਵੇਂ ਅਗਵਾੜ ਖ਼ਤਮ ਹੁੰਦੇ। ਬਰਸਾਤਾਂ ਵਿੱਚ ਗਲ਼ੀਆਂ ਦੀ ਮਿੱਟੀ ਰੁੜ੍ਹ ਜਾਣ ਦਾ ਖ਼ਤਰਾ ਬਣਿਆ ਰਹਿੰਦਾ, ਇਸੇ ਕਰਕੇ ਇਹ ਝਾਲ ਬਣਾਈ ਗਈ ਸੀ। ਝਾਲ ਕਰਕੇ ਗਲੀਆਂ ਦਾ ਪਾਣੀ ਬੰਨ੍ਹਿਆਂ ਜਾਂਦਾ ਤੇ ਟਿਕਵੀਂ ਤੋਰ ਵਗ ਕੇ ਝਾਲ ਤੋਂ ਡਿੱਗਦਾ। ਇਸ ਝਾਲ ਤੋਂ ਬਜ਼ਾਰ ਤੱਕ ਵਿੰਗ-ਵਲੇਵੇ ਜ੍ਹੇ ਖਾਂਦਾ ਤੇ ਕਈ ਗਲੀਆਂ-ਅਗਵਾੜਾਂ ਨੂੰ ਪਾਰ ਕਰਦਾ ਇੱਕ ਲੰਮਾ ਰਾਹ ਸੀ-ਸਾਰਾ ਪਿੰਡ ਲੰਘ ਕੇ ਜਾਣਾ ਪੈਂਦਾ। ਪਰ ਦੇ ਭੀੜੀ ਗਲੀ ਜਾਈਦਾ ਤਾਂ ਬਾਜ਼ਾਰ ਬਹੁਤ ਨੇੜੇ ਸੀ। ਕਿਸੇ ਨੇ ਕਾਹਲ ਨਾਲ ਬਜ਼ਾਰ ਜਾਣਾ ਹੁੰਦਾ ਤਾਂ ਭੀੜੀ ਗਲੀ ਜਾਂਦਾ।
ਅਜਿਹਾ ਤਾਂ ਆਮ ਹੀ ਹੁੰਦਾ ਰਹਿੰਦਾ, ਕੋਈ ਛੋਟੀ ਉਮਰ ਦਾ ਮੁੰਡਾ ਜਾਂ ਕੁੜੀ ਦਾਣਿਆਂ ਦੀ ਝੋਲੀ ਜਾਂ ਨਕਦ ਪੈਸੇ ਲੈ ਕੇ ਭੀੜੀ ਗਲੀ ਵਿੱਚ ਦੀ ਬਜ਼ਾਰ ਨੂੰ ਜਾਂਦਾ ਜਾਂ ਬਜ਼ਾਰੋਂ ਕੋਈ ਸੌਦਾ ਲੈ ਕੇ ਮੁੜਦਾ, ਮਜ਼੍ਹਬੀਆਂ ਦੇ ਮੁੰਡੇ ਝਪੁੱਟ ਮਾਰ ਕੇ ਉਸ ਹੱਥੋਂ ਚੀਜ਼ ਜਾਂ ਪੈਸੇ ਖੋਂਹਦੇ ਤੇ ਭੱਜ ਜਾਂਦੇ। ਜੁਆਕਾਂ ਨੂੰ ਉਹ ਕੁੱਟਦੇ ਵੀ।
ਕਈ ਵਰ੍ਹਿਆਂ ਦੀ ਗੱਲ ਹੈ, ਜੇਠ-ਹਾੜ੍ਹ ਦੀ ਰੁੱਤ ਸੀ, ਉਸ ਦਿਨ ਹਨੇਰੀ ਵਗ ਰਹੀ ਸੀ। ਟਿੱਬਿਆਂ ਦਾ ਬਦਾਮੀ ਰੇਤਾ ਅਸਮਾਨ ਨੂੰ ਜਾ ਚੜ੍ਹਿਆ। ਵਾਰ-ਵਾਰ ਅੱਖਾਂ ਝਮਕਣੀਆਂ ਪੈਂਦੀਆਂ। ਖੁੱਲ੍ਹੀਆਂ ਅੱਖਾਂ ਤਾਂ ਰੇਤੇ ਨਾਲ ਭਰ ਜਾਂਦੀਆਂ। ਦਿਸਣੋਂ ਹੱਟ ਜਾਂਦਾ। ਦਿਨ ਦਾ ਛਿਪਾਅ ਸੀ। ਲਾਲੂ ਕੀ ਪੱਤੀ ਦੇ ਸੰਤੋਖ ਸਿੰਘ ਦੀ ਵੱਡੀ ਕੁੜੀ ਬਜ਼ਾਰ ਗਈ-ਦਰੀਆਂ ਦਾ ਰੰਗ ਲੈਣ। ਸਰਵਣ ਨੰਬਰਦਾਰ ਦਾ ਨਾਮਕਟੀਆ ਫ਼ੌਜੀ ਦਾਰੂ ਦੇ ਠੇਕੇ ਮੂਹਰੇ ਖੜ੍ਹਾ ਮੁੱਛਾਂ ਨੂੰ ਵੱਟ ਦੇ ਰਿਹਾ ਸੀ। ਮੂੰਹ ਨੂੰ ਘੁੱਟ ਲੱਗੀ ਹੋਈ ਸੀ। ਉਹ ਕੁੜੀ ਮਗਰ ਹੋ ਗਿਆ। ਭੀੜੀ ਗਲੀ ਦੇ ਵਿਚਾਲੇ ਜਿਹੇ ਜਾ ਕੇ ਕੁੜੀ ਨੇ ਮਗਰੋ ਕਿਸੇ ਦੀ ਪੈੜਤਾਲ ਸੁਣੀ ਤਾਂ ਉਹ ਚੁੱਕਵੇਂ ਪੈਰੀਂ ਤੁਰਨ ਲੱਗੀ, ਪਰ ਫ਼ੌਜੀ ਤਾਂ ਭੱਜ ਹੀ ਪਿਆ। ਅੱਖ ਦੇ ਫੋਰ ਵਿਚ ਉਹਨੇ ਆਪਣੀਆਂ ਬਾਹਾਂ ਦੇ ਸ਼ਕੰਜੇ ਵਿੱਚ ਕੁੜੀ ਨੂੰ ਜਾ ਦਬੋਚਿਆ। ਜਿਵੇਂ ਕੋਈ ਬਾਜ਼ ਚਿੜੀ 'ਤੇ ਝਪਟਦਾ ਹੋਵੇ। ਗੱਲ ਵਿੱਚੇ ਦੱਬੀ ਗਈ, ਪਰ ਗਲੀ ਵਿੱਚ ਡੁੱਲ੍ਹਿਆ ਲਾਲ ਰੰਗ ਓਦੋਂ ਤੱਕ ਚਰਚਾ ਦਾ ਵਿਸ਼ਾ ਬਣਦਾ ਰਿਹਾ, ਜਦੋਂ ਕਈ ਦਿਨਾਂ ਬਾਅਦ ਮੀਂਹ ਦੇ ਛੜਾਕਿਆਂ ਨੇ ਉੱਡਦਾ ਰੇਤਾ ਦੱਬ ਨਹੀਂ ਦਿੱਤਾ। ਆਥਣੇ ਜਿਹੇ ਸੰਤੋਖ ਸਿੰਘ ਦਾ ਵਿਚਕਾਰਲਾ ਮੁੰਡਾ ਗੰਡਾਸਾ ਲੈ ਕੇ ਬਜ਼ਾਰ ਵਿੱਚ ਪਿੱਪਲ ਦੀ ਚੌਕੜੀ 'ਤੈ ਆ ਬੈਠਦਾ ਤੇ ਦੱਬਵੀਂ ਜਿਹੀ ਖੰਘੂਰ ਮਾਰ ਕੇ ਮੁੱਛਾਂ 'ਤੇ ਹੱਥ ਫੇਰਦਾ ਰਹਿੰਦਾ। ਕਦੇ ਗੰਡਾਸੇ ਦੀ ਚੁੰਝ ਮਿੱਟੀ ਵਿੱਚ ਖੁਭੋਅ ਕੇ ਲੰਮੀ ਸਾਰੀ ਲਕੀਰ ਖਿੱਚਦਾ। ਸੱਜੇ-ਖੱਬੇ ਵਾਰ-ਵਾਰ ਝਾਕਦਾ, ਜਿਵੇਂ ਕਿਸੇ ਨੂੰ ਬੇਸਬਰੀ ਨਾਲ ਉਡੀਕ ਰਿਹਾ ਹੋਵੇ।
ਸਰਵਣ ਨੰਬਰਦਾਰ ਦਾ ਘਰ ਪਿੰਡ ਦੇ ਚੜ੍ਹਦੇ ਪਾਸੇ ਬਜ਼ਾਰ ਤੋਂ ਤੀਜੇ ਅਗਵਾੜ ਸੀ।
ਇਹ ਤਾਂ ਪਿਛਲੇ ਸਾਲ ਦੀ ਹੀ ਗੱਲ ਹੈ, ਝਾਲ 'ਤੇ ਬੈਠੇ ਬੰਦੇ ਝਗੜ ਰਹੇ ਸਨ। ਕੋਈ ਕਹਿੰਦਾ ਸੀ, 'ਭੀੜੀ ਗਲੀ ਨਾਲ ਲੱਦੀਆਂ ਪਿੱਠਾਂ ਵਾਲੇ ਘਰਾਂ 'ਚੋਂ ਕਿਸੇ ਨੇ ਸਿੱਟਿਐ ਇਹ ਪਾਪ।'
ਦੂਜਾ ਕੋਈ ਆਖਦਾ, 'ਕਿਸੇ ਹੋਰ ਅਗਵਾੜੋਂ ਵੀ ਆ ਸਕਦੈ ਕੋਈ।'
ਤੀਜਾ ਦਲੀਲ ਦਿੰਦਾ, 'ਹੋਰ ਅਗਵਾੜੋਂ ਵੀ ਕੋਈ ਆਉਂਦਾ ਤਾਂ, ਭਾਈ ਸਾਅਬ, ਗਲੀ ਦੇ ਮੋੜ 'ਤੇ ਸਿੱਟ ਕੇ ਜਾਂਦਾ।'
ਕੋਈ ਹੋਰ ਉਹ ਦੀ ਹਾਮੀ ਭਰਦਾ, 'ਹੋਰ ਕਿਧਰੋਂ ਆਉਣ ਵਾਲਾ ਗਲੀ ਦੇ ਐਨ ਵਿਚਾਲੇ ਜਾ ਕੇ ਕਿਉਂ ਸਿੱਟੂ ਬਈ। ਇਹ ਤਾਂ ਜਮ੍ਹਾਂ ਅੱਧ-ਵਿਚਾਲੇ ਪਿਆ ਐ।'
ਇੱਕ ਹੋਰ ਪੱਕੀ ਕਰਦਾ, 'ਪਹਿਲਾਂ ਵੀ ਹੋ ਚੁੱਕੀ ਇਹੀ ਵਾਰਦਾਤ। ਇੱਕ ਵਾਰੀ ਓਧਰ ਝਿਊਰਾਂ ਵੰਨੀ ਐਨ ਮੌੜ 'ਤੇ। ਇੱਕ ਵਾਰੀ ਐਧਰ ਧਰ ਕੇ ਗਿਆ ਕੋਈ, ਘੁਮਿਆਰਾਂ ਕੰਨੀ, ਜਮ੍ਹਾਂ ਗਲੀ ਦੇ ਮੂੰਹ 'ਤੇ। ਓਧਰ ਤਾਂ ਬਹੁਤੇ ਵਰ੍ਹੇ ਹੋ 'ਗੇ। ਐਧਰ ਇਹ ਦਸ ਕੁ ਵਰ੍ਹਿਆਂ ਦੀ ਗੱਲ ਐ। ਆਪਣੇ ਸਾਰਿਆਂ 'ਚੋਂ ਵੱਡਾ ਆਹ ਮੈਂਗਲ ਬੁੜ੍ਹਾ ਬੈਠਾ ਐ। ਇਹ ਨੂੰ ਪੁੱਛ ਲੈਨੇ ਆਂ। ਇਹਨੂੰ ਸਾਰਾ ਪਤਾ ਐ।'
ਇਸ ਵਾਰ ਇਹ ਨਵਾਂ ਜੰਮਿਆਂ ਬੱਚਾ ਜਿਉਂਦਾ ਸੀ। ਮੁੰਡਾ ਸੀ, ਜਦੋਂ ਕਿ ਪਹਿਲਾਂ ਦੋਵੇਂ ਕੁੜੀਆਂ ਸਨ, ਮਰੀਆਂ ਹੋਈਆਂ।
ਤੇ ਫੇਰ ਘੁਸਰ-ਮੁਸਰ ਹੋਣ ਲੱਗੀ, ਬਈ ਗਲੀ ਨਾਲ ਲੱਗਦੀਆਂ ਪਿੱਠਾਂ ਵਾਲੇ ਘਰਾਂ ਵਿੱਚੋਂ ਕਿਹੜੇ ਘਰ ਦੀ ਗੱਲ ਹੋ ਸਕਦੀ ਹੈ ਇਹ?
ਦੂਰ ਦੇ ਪਿੰਡਾਂ ਤੱਕ ਵੀ ਉਸ ਕਤਲ ਦਾ ਪਤਾ ਸੀ, ਜਿਹੜਾ ਇਸ ਭੀੜੀ ਗਲੀ ਵਿੱਚ ਹੋਇਆ ਸੀ। ਦੋ ਪਰਿਵਾਰਾਂ ਦੀ ਨਿੱਜੀ ਦੁਸ਼ਮਣੀ ਸੀ। ਤਿੰਨ ਪੁਸ਼ਤਾਂ ਤੋਂ ਉਨ੍ਹਾਂ ਦੇ ਕਈ ਕਤਲ ਹੋ ਚੁੱਕੇ ਸਨ। ਹਰ ਚੌਥੇ-ਪੰਜਵੇਂ ਸਾਲ ਨਵਾਂ ਕਤਲ ਹੋ ਜਾਂਦਾ। ਕਦੇ ਉਸ ਪਰਿਵਾਰ ਦਾ ਤੇ ਕਦੇ ਉਸ ਪਰਿਵਾਰ ਦਾ। ਸ਼ੇਰਾ ਤਾਂ ਬਹੁਤਾ ਹੀ ਸੂਕਰ ਗਿਆ ਸੀ। ਵਿਹਲਾ ਰਹਿੰਦਾ। ਉਹ ਪੰਜ ਭਰਾ ਸਨ। ਐਡਾ ਉੱਚਾ ਕੱਦ ਤੇ ਭਰਵਾਂ ਸਰੀਰ। ਜ਼ੋਰਦਾਰ ਬਹੁਤ ਸੀ। ਮੋਢੇ ਗੰਧਾਲਾ ਰੱਖਦਾ, ਡੱਬ ਵਿੱਚ ਬਾਰਾਂ ਬੋਰ ਦਾ ਦੇਸੀ ਪਸਤੌਲ। ਦੂਜੇ ਪਰਿਵਾਰ ਦੀਆਂ ਔਰਤਾਂ ਖੇਤ ਰੋਟੀ ਲੈ ਕੇ ਨਾ ਜਾਂਦੀਆਂ। ਦਿਨ ਛਿਪੇ ਤੋਂ ਬਾਅਦ ਉਨ੍ਹਾਂ ਦਾ ਕੋਈ ਬੰਦਾ ਘਰੋਂ ਬਾਹਰ ਨਹੀਂ ਨਿਕਲਦਾ ਸੀ। ਖੇਤਾਂ ਵਿੱਚ ਬਹੁਤਾ ਸੀਰੀ ਸਾਂਝੀ ਹੀ ਕੰਮ ਕਰਦੇ ਜਾਂ ਘਰ ਦੇ ਬੁੜ੍ਹੇ ਬੰਦੇ। ਇੱਕ ਤਰ੍ਹਾਂ ਸ਼ੇਰੇ ਨੇ ਉਨ੍ਹਾਂ ਨੂੰ ਘਰ ਹੀ ਕੈਦ ਕਰ ਦਿੱਤਾ ਸੀ। ਅਖ਼ੀਰ ਉਨ੍ਹਾਂ ਨੂੰ ਅੱਕ ਚੱਬਣਾ ਪਿਆ। ਉਹ ਵੀ ਤਿੰਨ ਸਨ। ਆਥਣ ਵੇਲੇ ਸ਼ੇਰਾ ਸ਼ਰਾਬ ਦੇ ਠੇਕੇ 'ਤੇ ਜ਼ਰੂਰ ਜਾਂਦਾ। ਠੇਕੇ ਵਿੱਚ ਬੈਠ ਕੇ ਹੀ ਪੀਂਦਾ। ਠੇਕੇ ਦਾ ਕਰਿੰਦਾ ਉਹ ਤੋਂ ਭੈਅ ਖਾਂਦਾ। ਨਹੀਂ ਤਾਂ ਹੋਰ ਕਿਸੇ ਨੂੰ ਠੇਕੇ ਵਿੱਚ ਬੈਠ ਕੇ ਪੀਣ ਨਹੀਂ ਦਿੰਦਾ ਸੀ। ਅਗਲੇ ਨੂੰ ਬੋਤਲ ਅਧੀਆ ਫੜਾਉਂਦਾ ਤੇ ਤੁਰਦਾ ਕਰਦਾ। ਉਨ੍ਹਾਂ ਨੇ ਪਹਿਲਾਂ ਹੀ ਓਪਰੇ ਬੰਦੇ ਏਧਰ-ਓਧਰ ਬਿਠਾਏ ਹੋਏ ਸਨ। ਗੁੱਟ ਹੋ ਕੇ ਸ਼ੇਰਾ ਠੇਕੇ ਤੋਂ ਬਾਹਰ ਨਿਕਲਿਆ 'ਤੇ ਗੰਧਾਲਾ ਖੜਕਾਉਂਦਾ ਭੀੜੀ ਗਲੀ ਦੇ ਰਾਹ ਪੈ ਗਿਆ। ਅੱਧ ਵਿਚਕਾਰ ਗਿਆ ਤਾਂ ਦੋਵਾਂ ਪਾਸਿਆਂ ਤੋਂ ਪੈ ਗਏ ਟੁੱਟ ਕੇ ਉਹ। ਨਾ ਕੋਈ ਗੋਲੀ ਚੱਲੀ ਨਾ ਕੋਈ ਰੌਲਾ-ਗੌਲਾ। ਸੋਟੀਆਂ ਨਾਲ ਉਹ ਇਉਂ ਕੁੱਟ ਦਿੱਤਾ, ਜਿਵੇਂ ਗਿੱਦੜਮਾਰ ਰੜੇ ਮੈਦਾਨ ਗਿੱਦੜ ਦਾ ਸ਼ਿਕਾਰ ਖੇਡਦੇ ਹੋਣ।
ਫੇਰ ਤਾਂ ਪਿੰਡ ਦੀ ਪੰਚਾਇਤ ਨੇ ਭੀੜੀ ਗਲੀ ਨੂੰ ਬੰਦ ਹੀ ਕਰਵਾ ਦਿੱਤਾ ਸੀ। ਦੋਵੇਂ ਮੂੰਹਿਆਂ 'ਤੇ ਮੋੜ੍ਹੀਆਂ ਹੀ ਗੱਡ ਦਿੱਤੀਆਂ ਤੇ ਵਿਚ ਝਾਫੇ ਲਾ ਦਿੱਤੇ। ਚਲੋ ਜੀ, ਨਾ ਹੀ ਕੋਈ ਆਵੇ ਤੇ ਨਾ ਹੀ ਕੋਈ ਜਾਵੇ। ਨਹੀਂ ਤਾਂ ਨਿੱਤ ਕੋਈ ਨਾ ਕੋਈ ਕਾਰਾ ਹੋਇਆ ਰਹਿੰਦਾ। ਬੜੀ ਮਨਹੂਸ ਸੀ ਇਹ ਭੀੜੀ ਗਲੀ।
ਪਰ ਇਹ ਭੀੜੀ ਗਲੀ ਤਾਂ ਅੰਨ੍ਹੀ ਗਲੀ ਬਣ ਗਈ। ਮਾੜੇ ਬੰਦਿਆਂ ਨੂੰ ਮੌਜ ਹੋ ਗਈ। ਉਹ ਝਾਫਿਆਂ ਨੂੰ ਪਰ੍ਹੇ ਹਟਾਉਂਦੇ ਤੇ ਜਾ ਵੜਦੇ ਗਲੀ ਅੰਦਰ। ਹੁਣ ਕਿਹੜਾ ਇਹ ਸ਼ਰ੍ਹੇਆਮ ਰਸਤਾ ਸੀ। ਜਿਵੇਂ ਘੁੱਪ-ਹਨੇਰੇ ਦੀ ਖੁੱਲ੍ਹੀ ਬੁੱਕਲ ਹੋਵੇ ਤੇ ਫੇਰ ਉਹ ਦਿਨ ਵੀ ਆ ਗਿਆ, ਜਦੋਂ ਕਿਸੇ ਨੇ ਇੱਕ ਪਾਸਿਓਂ ਸਾਰੇ ਦੇ ਸਾਰੇ ਝਾਫੇ ਦੂਰ ਵਗਾਹ ਮਾਰੇ, ਮੋੜ੍ਹੀਆਂ ਪੁੱਟ ਦਿੱਤੀਆਂ। ਦੂਜੇ ਪਾਸੇ ਵੀ ਇਹੀ ਹੋਇਆ। ਭੀੜੀ ਗਲੀ ਦਾ ਕਾਰੋਬਾਰ ਪਹਿਲਾਂ ਵਾਂਗ ਹੀ ਚੱਲਣ ਲੱਗਿਆ।
ਮਾਵਾਂ ਆਪਣੀਆਂ ਮੁਟਿਆਰ ਧੀਆਂ ਨੂੰ ਭੀੜੀ ਗਲੀ ਜਾਣ ਨਾ ਦਿੰਦੀਆਂ। ਕੋਈ ਕੁੜੀ ਜਾਂਦੀ ਵੀ ਤਾਂ ਕਿਸੇ ਵੱਡੀ ਬੁੜ੍ਹੀ ਦਾ ਆਸਰਾ ਲੈ ਕੇ। ਛੋਟੇ ਜੁਆਕ ਵੀ ਕਿਸੇ ਵੱਡੇ ਦਾ ਸਾਥ ਕਰ ਕੇ ਜਾਂਦੇ। ਦੋ-ਚਾਰ ਜੁਆਕ ਇੱਕਠੇ ਜਾਂਦੇ ਤਾਂ ਭੱਜ ਕੇ ਗਲੀ ਨੂੰ ਪਾਰ ਕਰਦੇ, ਜਿਵੇਂ ਉਨ੍ਹਾਂ ਮਗਰ ਕੋਈ ਭੂਤ-ਪ੍ਰੇਤ ਪਿਆ ਹੋਵੇ।
ਇੱਕ ਦਿਨ ਘੋਰ ਅਨਰਥ ਹੋ ਗਿਆ। ਸਾਰਾ ਪਿੰਡ ਮੂੰਹ ਵਿੱਚ ਉਂਗਲਾਂ ਪਾਉਣ ਲੱਗਿਆ। ਕਿੱਡਾ ਵੱਡਾ ਗੁਨਾਹ ਕੀਤਾ ਸੀ। ਪਰਸ਼ੋਤਮ ਸਿੰਘ ਨੇ। ਉਹ ਦੇ ਘਰ ਦੀ ਪਿੱਠ ਭੀੜੀ ਗਲੀ ਨਾਲ ਲੱਗਦੀ ਸੀ। ਓਧਰਲੇ ਪਾਸੇ ਉਹ ਦੇ ਘਰ ਦਾ ਵਿਹੜਾ ਛੋਟਾ ਸੀ। ਵਰਾਂਡੇ ਮਗਰ ਦੋ ਕਮਰੇ ਸਨ, ਜਿਹੜੇ ਘਰ ਦੇ ਲਕੇ-ਤੁਕੇ ਨਾਲ ਅੱਟੇ ਰਹਿੰਦੇ। ਇਨ੍ਹਾਂ ਦੋ ਕਮਰਿਆਂ ਮਗਰ ਦੋ ਕਮਰੇ ਹੋਰ ਸਨ, ਇੱਕ ਵਿੱਚ ਪੇਟੀਆਂ-ਸੰਦੂਕ ਤੇ ਦੂਜੇ ਵਿੱਚ ਰਜ਼ਾਈਆਂ, ਗੁਦੈਲੇ ਤੋਂ ਹੋਰ ਲੀੜਾ-ਕੱਪੜਾ ਮੰਜਿਆਂ 'ਤੇ। ਪਿਛਲੇ ਦੋਵੇਂ ਕਮਰਿਆਂ ਦੀਆਂ ਛੱਤਾਂ ਵਿੱਚ ਮੋਘੇ ਰੱਖੇ ਹੋਏ ਸਨ, ਨਹੀਂ ਤਾਂ ਸੂਰਜ ਦੀ ਰੋਸ਼ਨੀ ਪਹੁੰਚਦੀ ਨਹੀਂ ਸੀ। ਬੁੜ੍ਹੀਆਂ ਨੇ ਅੰਦਰੋਂ ਕੋਈ ਚੀਜ਼ ਲੈਣੀ ਹੁੰਦੀ ਤਾਂ ਲਾਲਟੈਣ ਲੈ ਕੇ ਅੰਦਰ ਵੜਦੀਆਂ।
ਪਰਸ਼ੋਤਮ ਸਿੰਘ ਨੇ ਦਿਲ ਕਰੜਾ ਕੀਤਾ ਤੇ ਭੀੜੀ ਗਲੀ ਵਾਲੀ ਪਿਛਲੀ ਕੰਧ ਭੰਨ੍ਹ ਕੇ ਲੱਕੜ ਦੀ ਚੁਗਾਠ ਨੂੰ ਤਖ਼ਤੇ ਵਲਾ ਦਿੱਤੇ। ਰਜ਼ਾਈ-ਗੁਦੈਲਿਆਂ ਵਾਲੇ ਕਮਰੇ ਨੂੰ ਬੈਠਕ ਬਣਾ ਲਿਆ। ਧੁਰ ਤੋਂ ਧੁਰ ਤੱਕ ਸਾਰੇ ਘਰ ਵਿੱਚ ਚਾਨਣ ਹੋ ਗਿਆ।
ਉਹ ਝਾਲ 'ਤੇ ਆ ਕੇ ਬੈਠਾ ਤਾਂ ਕੋਈ ਜਾਣਾ ਉਹ ਦੇ ਨਾਲ ਬੋਲੇ ਹੀ ਨਾ, ਜਿਵੇਂ ਉਹ ਨੇ ਗਊ ਮਾਰ ਦਿੱਤੀ ਹੋਵੇ। ਚੁੱਪ-ਕੀਤਾ ਉੱਠ ਕੇ ਘਰ ਨੂੰ ਆ ਗਿਆ। 'ਦਮਾਕ ਨ੍ਹੀਂ ਫਿਰ ਗਿਆ ਲੱਗਦਾ ਇਹ ਦਾ?' ਕੋਈ ਉਹਦੀ ਪਿੱਠ ਪਿੱਛੇ ਕਹਿ ਰਿਹਾ ਸੀ।
ਪਰ ਕੁਝ ਦਿਨ ਹੀ ਲੰਘੇ ਹੋਣਗੇ, ਪਰਸ਼ੋਤਮ ਸਿੰਘ ਤੋਂ ਚੌਥੇ ਘਰ ਵਾਲੇ ਸੱਜਣ ਸਿੰਘ ਨੇ ਵੀ ਕੰਧ ਭੰਨ੍ਹ ਕੇ ਬਾਰ ਕੱਢ ਲਿਆ ਤੇ ਫੇਰ ਛੇ ਮਹੀਨਿਆਂ ਦੇ ਅੰਦਰ-ਅੰਦਰ ਗਲੀ ਦੀਆਂ ਦੋਵੇਂ ਪਾਸਿਆਂ ਦੀਆਂ ਕੰਧਾਂ ਵਿੱਚ ਸੱਤ-ਅੱਠ ਬਾਰ ਨਿਕਲ ਗਏ। ਜਿਵੇਂ ਭੀੜੀ ਇਹ ਰਹੀ ਹੀ ਨਾ ਹੋਵੇ। ਹੁਣ ਗਲੀ ਵਿੱਚ ਦੀ ਲੰਘਣ ਵਾਲੇ ਲੋਕ ਕਾਹਲ ਨਾਲ ਨਹੀਂ ਤੁਰਦੇ ਸਨ। ਹੌਲੀ-ਹੌਲੀ ਜਾਂਦੇ ਧੀਰਜ-ਮਤੇ ਨਾਲ, ਗੱਲਾਂ ਕਰਦੇ। ਬਜ਼ਾਰ ਨੂੰ ਝਾਲ ਕੰਨੀਂ ਦੀ ਹੁਣ ਕਾਹਨੂੰ ਜਾਂਦਾ ਸੀ ਕੋਈ।
ਪੰਜਾਬੀ ਕਹਾਣੀਆਂ (ਮੁੱਖ ਪੰਨਾ) |