ਭੇਤੀ ਬੰਦੇ ਪ੍ਰੇਮ ਗੋਰਖੀ
ਅਖ਼ਬਾਰਾਂ ਵਾਲੇ ਭੱਲੇ ਨੇ ਹੱਥ ਝਾੜ ਕੇ ਦਿਖਾ ਦਿੱਤੇ। ਘੰਟੇ ਭਰ ਤੋਂ ਉਹਦਾ ਰਾਹ ਦੇਖ ਰਹੇ ਸੀ ਕਿ ਉਹ ਆ ਕੇ ਜ਼ਰੂਰ ਕੋਈ ਆਸ ਦੀ ਕਿਰਨ ਦਿਖਾਏਗਾ ਪਰ ਉਹਨੇ ਆਉਂਦਿਆਂ ਹੀ ਸਿਰ ਫੇਰ ਦਿੱਤਾ।
"ਓਏ ਭਰਾਵੋ, ਐਧਰ ਆਓ ਮੇਰੇ ਕੋਲ਼ ।ਉਠੋ 'ਤਾਂਹ" ਅੰਬੂ ਢਾਬੇ ਵਾਲੇ ਨੇ ਕੋਲ ਆ ਕੇ ਕਿਹਾ ਤਾਂ ਸਾਰਿਆਂ ਦਾ ਧਿਆਨ ਭੱਲੇ ਵਲੋਂ ਹਟ ਕੇ ਅੰਬੂ ਵੱਲ ਹੋ ਗਿਆ।
ਸਾਰੇ ਜਣੇ ਦੋ ਪੈਰ ਅੰਬੂ ਵੱਲ ਵਧੇ। ਉਹਨੇ ਹਥਲੇ ਸਾਫੇ ਨਾਲ ਮੋਟੀ ਧੌਣ ਦੁਆਲਿਉਂ ਪਸੀਨਾ ਪੂੰਝਿਆ ਤੇ ਵੱਡੀਆਂ ਵੱਡੀਆਂ ਅੱਖਾਂ ਘੁਮਾ ਕੇ ਸਭ ਵੱਲ ਦੇਖਦਿਆਂ ਰਤਾ ਕੁ ਆਵਾਜ਼ ਦਬ ਕੇ ਬੋਲਿਆ, "ਉਨ੍ਹਾਂ ਦੋਹਾਂ ਨੂੰ ਪੁਲਿਸ ਵਾਲੇ ਪਤਾ ਨਈਂ ਮਾਰ ਕੇ ਜਾਂ ਕੁਛ ਹੋਰ ਕਰਕੇ, ਬਈ ਰੱਬ ਜਾਣੇ । ਸਵੇਰੇ ਮੂੰਹ ਨੇਰ੍ਹੇ ਜੀਪ 'ਚ ਸੁੱਟ ਕੇ ਲੈ ਗਏ ।ਮੈਂ ਚਾਹ ਦੇਣ ਆਏ ਨੇ ਇਨ੍ਹਾਂ ਨੂੰ ਆਪਣੀ ਅੱਖੀਂ ਦੇਖਿਆ।"
"ਅੱਛਾ!" ਸਭ ਦੇ ਮੂੰਹ ਅੱਡੇ ਰਹਿ ਗਏ। ਅੱਖਾਂ ਅੱਗੇ 'ਨੇਰ੍ਹ ਪਸਰ ਗਿਆ। ਦੂਰ ਦੁਮੇਲ 'ਚ ਖੁਲ੍ਹਾ ਦਰਵਾਜ਼ਾ ਜਿਵੇਂ ਅਚਾਨਕ ਬੰਦ ਹੋ ਗਿਆ। ਤੇ ਕਾਨ੍ਹੇ ਭਾਨੇ ਦੇ ਚਿਹਰਿਆਂ ਦੀ ਜੋ ਬਾਰੀਕ ਕਾਤਰ ਜਿਹੀ ਨਜ਼ਰ ਆਉਂਦੀ ਸੀ, ਪਲ ਵਿਚ ਹੀ ਅਲੋਪ ਹੋ ਗਈ।
ਇਸੇ ਘੜੀ ਦੋ ਮੁੰਡੇ ਸਾਈਕਲਾਂ 'ਤੇ ਸਾਹੋ ਸਾਹੇ ਹੋਏ ਆਏ, "ਕਿਸੇ ਪਿੰਡ ਦੇ ਖੇਤਾਂ 'ਚ ਉਨ੍ਹਾਂ ਨੂੰ ਟਰਾਲੀ 'ਚ ਪਾ ਕੇ ਲਿਆਏ ਆ । ਹਸਪਤਾਲ ਲੈ ਕੇ ਗਏ ਆ।" ਬੱਸ ਇੰਨਾ ਕਹਿ ਕੇ ਉਹ ਮੁੜ ਪਏ ਸਨ। ਤੇ ਅਸੀਂ ਹਸਪਤਾਲ ਨੂੰ ਹੋ ਤੁਰੇ।
ਕਾਨ੍ਹਾ ਤੇ ਭਾਨਾ-ਦੋਨੋਂ ਧਰਮਸ਼ਾਲਾ ਵਿਚ ਰਹਿੰਦੇ ਸਨ। ਦੋਨੋਂ ਉਚੀ ਥੇਹ ਉਪਰ ਉਗੇ ਪਿੱਪਲ ਤੇ ਬੋਹੜ। ਉਹ ਬਹੁਤਾ ਬੱਸ ਅੱਡੇ ਵਿਚ ਰਹਿੰਦੇ। ਨਾ ਕੋਈ ਅੱਗਾ ਨਾ ਪਿੱਛਾ। ਜੇ ਕਿਤੇ ਭਾਨੇ ਕੋਲੋਂ ਪੁੱਛ ਲਓ ਤਾਂ ਸ਼ੁਰੂ ਹੋ ਜਾਵੇਗਾ,
"ਕੀ ਦੱਸੀਏ ਤੇ ਕੀ ਨਾ ਦੱਸੀਏ, ਪਿੰਡ ਗਹੌਰ ਤਸ੍ਹੀਲ ਫਿਲੌਰ, ਮਿਸਤਰੀ ਨੰਦ ਸੂੰ ਦਾ ਵਿਹੜਾ, ਬਈ ਜਾਣੇ ਨਾ ਜਿਹੜਾ; ਦੋ ਧੀਆਂ ਤੇ ਤਿੰਨ ਪੁੱਤ, ਇੱਕ ਨੂੰ ਛੱਡ ਕੇ ਸਾਰੇ ਘੜੁੱਤ ।ਜਿਹਨੂੰ ਛੱਡਿਆ ਉਹ ਤੁਹਾਡੇ ਸਾਹਮਣੇ ਬੈਠਾ ਭਾਨ ਸੂੰ ਭੋਗਲ।" ਉਹ ਭੋਗਲ ਸ਼ਬਦ ਉਤੇ ਆ ਕੇ ਰਤਾ ਕੁ ਜ਼ੋਰ ਲਾ ਦਿੰਦਾ, ਫਿਰ ਆਪ ਈ ਢਿੱਲਾ ਜਿਹਾ ਪੈ ਕੇ ਕਹਿੰਦਾ, "ਮਿੱਟੀ ਪਾ ਓਏ ਵੱਡਿਆ ਭੋਗਲਾ, ਰਹਿ ਗਏ ਹੋਰ ਚਾਰ ਦਿਹਾੜੇ, ਕਰ ਲਾ ਕੋਈ ਚੰਗਾ ਕੰਮ।" ਫਿਰ ਲੰਮਾ ਸਾਹ ਲੈ ਕੇ ਬੋਲਦਾ, "ਤੇ ਆਪਾਂ ਫੌਜ ਵਿਚ ਜਾ ਭਰਤੀ ਹੋਏ ।ਭਾਈਆ ਕਹਿੰਦਾ ਰਿਹਾ ਦੁਕਾਨ 'ਤੇ ਕੰਮ ਕਰਾਂ, ਪਰ ਮੇਰਾ ਮਨ ਦਾਤੀਆਂ-ਰੰਬੇ ਚੰਡਣ ਨੂੰ ਨਈਂ ਮੰਨਿਆ ।ਦੋਨੋਂ ਵੱਡੇ ਭਰਾ ਕਿਸੇ ਬੰਦੇ ਨੂੰ ਮਾਰ ਕੇ ਵੀਹ ਵੀਹ ਸਾਲ ਲਈ ਵੱਡੇ ਘਰ ਜਾ ਬੈਠੇ ।ਮਾਂ ਤੇ ਭਾਈਆ ਰਹਿ ਗਏ 'ਕੱਲੇ ਉਨ੍ਹਾਂ ਨੂੰ ਰੋਣ ਨੂੰ । ਤੇ ਰੋਂਦੇ ਰੋਂਦੇ ਅਖ਼ੀਰ ਤੁਰ ਗਏ ਤੇ ਬਾਕੀ ਰਹਿ ਗਿਆ ਕੰਧਾਂ ਨੂੰ ਪਿੱਟਣ ਲਈ ਪਿੱਛੇ ਭਾਨ ਸੂੰ ਭੋਗਲ।" ਤੇ ਉਹਦਾ ਗੱਚ ਭਰ ਆਉਂਦਾ, ਅੱਖਾਂ ਸਿੰਮ ਪੈਂਦੀਆਂ।
"ਰੋਈ ਚੱਲ ਮਰ ਗਿਆਂ ਨੂੰ ਚੇਤੇ ਕਰ ਕਰ।" ਵਿਚੇ ਕਾਨ੍ਹਾ ਬੋਲਣਾ ਸ਼ੁਰੂ ਕਰ ਦਿੰਦਾ, "ਤੂੰ 'ਕੱਲਾ ਨਈਂ ਰੋਂਦਾ ਭਰਾਵਾ, ਸਾਰਾ ਮੁਲਖ ਈ ਵਿਛੜ ਗਿਆਂ ਨੂੰ ਯਾਦ ਕਰ ਕਰ ਰੋਈ ਜਾਂਦਾ ਪਰ ਭਰਾਵਾ ਲੱਭਦਾ ਕੀ ਆਖੇਹ ਸੱਤਾਂ ਚੁੱਲ੍ਹਿਆਂ ਦੀ।ਬੀਤ ਗਏ 'ਤੇ ਮਿੱਟੀ ਪਾ ਦੇਨਾ ਚੇਤੇ ਕਰਿਆ ਕਰ ਜ਼ਾਲਮਾ ਕਿਸੇ ਨੂੰ ਵੀ, ਕਿਉਂ ਦੁੱਖ ਭੋਗਦੈਂ, ਬਾਕੀ ਮੈਂ ਦੱਸ ਦਿੰਨਾਂ ।ਲਓ ਜੀ ਇਹ ਆ ਗਿਆ ਫੌਜ 'ਚੋਂ ਗੋਲੀਆਂ ਖਾ ਕੇ ਤੇ ਘਰ ਆ ਬੈਠਿਆ। ਘਰ ਕਾਹਦਾ ਸੀ, ਢੱਠੀ ਹੋਈ ਡੇਢ ਕੰਧ। ਤਾਇਆਂ-ਚਾਚਿਆਂ ਨੇ ਬੂਹੇ ਬਾਰੀਆਂ ਪੁੱਟ ਕੇ ਅੰਦਰ ਸੁੱਟ ਲਏ, ਕੱਚੀਆਂ ਇੱਟਾਂ ਵੀ ਨਈਂ ਛੱਡੀਆਂ ਤੇ ਭੋਗਲ ਸਾਬ੍ਹ ਆ ਲੱਗੇ ਮਿੱਲ 'ਚ।"
"ਤੈਨੂੰ ਜੁ ਮਿਲਣਾ ਸੀ ਪਿਛਲੇ ਜਨਮਾਂ ਦਾ ਕੋਈ ਲੇਖਾ ਜੋਖਾ ਕਰਨ," ਕਹਿੰਦਾ ਹੋਇਆ ਭਾਨਾ ਕਾਨ੍ਹ ਦਾ ਹੱਥ ਫੜ ਕੇ ਅੱਖਾਂ ਨੂੰ ਲਾ ਲੈਂਦਾ ਤੇ ਲੰਮਾ ਸਾਹ ਭਰ ਕੇ ਬੋਲਦਾ, "ਕਾਨ੍ਹਿਆ ਜੇ ਤੇਰਾ ਭਰਾ ਚੰਗਾ ਹੁੰਦਾ ਤਾਂ ਤੈਨੂੰ ਕਿਤੇ ਮਾੜਾ ਮੋਟਾ ਚੜਾ ਚਪੜਾਸੀ ਈ ਰਖਾ ਦਿੰਦਾ, ਆਪ ਏਨਾ ਵੱਡਾ ਅਫਸਰ ਸੀ ਪਰ ਬਈ ਜਿਸ ਭਰਾ ਨੇ ਭਰਾ ਦੀਆਂ ਜੜ੍ਹਾਂ ਨਹੀਂ ਵੱਢੀਆਂ, ਉਹ ਭਰਾ ਕੇਹਾ ਹੋਇਆ। ਤੇਰੇ ਪੈਰ ਤਾਂ ਤੇਰੀ ਭਰਜਾਈ ਨੇ ਈ ਨਾ ਲੱਗਣ ਦਿੱਤੇ, ਨਿਆਣੇ ਖਿਡਾਉਣ 'ਤੇ ਲਾਈ ਰੱਖਿਆ, ਉਹ ਤੈਨੂੰ ਖੁਰੇ ਵਿਚ ਨ੍ਹਾਉਣ ਵੀ ਨਈਂ ਸੀ ਦਿੰਦੀ । ਠੀਕ ਆ ਨਾ ਕਾਨ੍ਹਿਆ?" ਭਾਨਾ ਟਕੋਰੀਂ ਉਤਰ ਆਉਂਦਾ। "ਤੈਂ ਆਪਣੇ ਬਜ਼ੁਰਗ ਕੋਲੋਂ ਵੀ ਪੰਡਤਾਂ ਆਲੀ ਕੋਈ ਗੱਲ ਨਾ ਸਿੱਖੀ। ਉਹ ਵਿੱਦਿਆ ਕਿਤੇ ਸਿੱਖੀ ਹੁੰਦੀ ਤਾਂ ਕਿਹਦੇ ਲੈਣ ਦੇ ਸੀ ।ਅਖ਼ੀਰ ਭਰਾ ਨੇ ਘਰੋਂ ਧੱਕਾ ਦੇ ਦਿਤਾ, ਉਹ ਤਾਂ ਮਾਸੜ ਚੰਗਾ ਨਿਕਲਿਆ ਜਿਹਨੇ ਚਰਨਾਂ 'ਤੇ ਆ ਡਿੱਗੇ ਨੂੰ ਸੰਭਾਲ ਲਿਆ। ਤੈਨੂੰ ਉਹਨੇ ਢੋਲਕੀ ਵਜਾਉਣੀ, ਖੜਤਾਲਾਂ ਵਜਾਉਣੀਆਂ ਤੇ ਭਜਨ ਗਾਉਣੇ ਸਿਖਾ ਦਿੱਤੇ ।ਫੇਰ ਤੈਨੂੰ ਉਹਨੇ ਮਿੱਲ ਵਿਚ ਭਰਤੀ ਕਰਾ ਦਿੱਤਾ।"
ਉਹ ਦੁੱਖ ਨਾਲ ਭਰੀਆਂ ਗੱਲਾਂ ਕਰਕੇ ਹੱਸਦੇ।
ਮਿੱਲ ਵਿਚ ਕੰਮ ਕਰਦੇ ਉਹ ਨਾਲ ਦਿਆਂ ਦਾ ਮਨ ਪ੍ਰਚਾਈ ਰੱਖਦੇ। ਉਨ੍ਹਾਂ ਦੋਹਾਂ 'ਚੋਂ ਇਕ ਦਾ ਚਿੱਤ ਕੰਮ 'ਤੇ ਜਾਣ ਨੂੰ ਨਾ ਕਰਦਾ ਤਾਂ ਦੂਜਾ ਵੀ ਹਟੀ ਪਲੱਟੀ ਲੈ ਕੇ ਪੈ ਜਾਂਦਾ। ਉਨ੍ਹਾਂ ਨੂੰ ਕੰਮ ਉਪਰ ਆਏ ਨਾ ਦੇਖ ਕੇ ਦੂਜੇ ਆਦਮੀ ਪਾਲਾਂ ਬੰਨ੍ਹੀਂ ਧਰਮਸ਼ਾਲਾ ਨੂੰ ਤੁਰ ਪੈਂਦੇ। ਕੋਈ ਦੁਆਈ ਫੜ ਲਿਆਉਂਦਾ, ਕੋਈ ਚਾਹ ਬਣਾਉਣ ਬੈਠ ਜਾਂਦਾ। ਕੋਈ ਲੱਤਾਂ ਬਾਹਾਂ ਘੁੱਟਣ ਬੈਠ ਜਾਂਦਾ ਤੇ ਕੋਈ ਸਿਰ ਵਿਚ ਤੇਲ ਝੱਸਣ ਲੱਗਦਾ।
ਜਿਨ੍ਹਾਂ ਦਿਨਾਂ ਵਿਚ ਮਿੱਲ 'ਚ ਹੜਤਾਲ ਹੋਈ, ਉਦੋਂ ਕਾਨ੍ਹੇ ਤੇ ਭਾਨੇ ਨੇ ਜੋ ਕੰਮ ਕੀਤਾ ਉਹਨੇ ਪੂਰੇ ਸ਼ਹਿਰ ਵਿਚ ਲੋਕਾਂ ਨੂੰ ਦੋਹਾਂ ਦੇ ਗੁਣ ਗਾਉਣ ਲਾ ਦਿੱਤਾ। ਪੂਰੇ ਤਿੰਨ ਮਹੀਨੇ ਹੜਤਾਲ ਰਹੀ। ਤਨਖਾਹਾਂ ਬੰਦ ਤੇ ਭੁੱਖ ਦਾ ਰਾਜ ਰਿਹਾ। ਉਦੋਂ ਭਾਨਾ ਤੇ ਕਾਨ੍ਹਾ ਸ਼ਹਿਰ ਨਿਕਲੇ ਰੁਪਈਆ ਰੁਪਈਆ ਮੰਗ ਕੇ ਹਜ਼ਾਰਾਂ ਰੁਪਈਆ ਇਕੱਠਾ ਕਰ ਦਿੱਤਾ। ਇਨ੍ਹਾਂ ਦਿਨਾਂ ਵਿਚ ਹੀ ਕਾਨ੍ਹੇ ਨੇ ਰੁੜਕੀ ਵਾਲੇ ਸਾਧੂ ਕੋਲੋਂ ਸਾਨਗੀ ਵਜਾਉਣੀ ਸਿੱਖੀ। ਪਹਿਲਾਂ ਤਾਂ ਉਸ ਨੂੰ ਗਜ਼ ਵੀ ਫੜਨਾ ਨਈਂ ਸੀ ਆਉਂਦਾ ਪਰ ਸਾਧੂ ਨੇ ਉਹਨੂੰ ਐਸਾ ਚੰਡਿਆ ਕਿ ਸਾਨਗੀ ਕਾਨ੍ਹੇ ਦੇ ਕੋਲ ਪਈ ਹੀ ਵੱਜਣ ਲੱਗ ਪੈਂਦੀ। ਹੜਤਾਲੀਆਂ ਦੇ ਤੰਬੂ ਵਿਚ ਰਾਤ ਦਿਨ ਸਾਨਗੀ ਵੱਜਦੀ। ਕਾਨ੍ਹੇ ਵੱਲ ਦੇਖ ਕੇ ਭਾਨੇ ਨੇ ਢੱਡ ਖਰੀਦ ਲਿਆਂਦੀ ਤੇ ਹੌਲੀ ਹੌਲੀ ਉਹਦਾ ਹੱਥ ਖੁੱਲ੍ਹ ਗਿਆ।
ਸਾਨਗੀ ਵਜਦੀ, ਰਾਤ ਰਾਤ ਤੱਕ। ਦਿਨ ਢਲ ਜਾਂਦਾ ਤੇ ਸੂਰਜ ਦਰੀਂ ਆ ਢੁਕਦਾ ।ਸਾਨਗੀ ਦੀਆਂ ਸੁਰਾਂ ਵਿਚ ਧੁੱਪ ਦਾ ਤੇਜ਼ ਮੱਠਾ ਪੈ ਜਾਂਦਾ। ਸੀਤ ਹਵਾ ਦੇ ਬੁੱਲੇ ਸਾਨਗੀ ਦੀਆਂ ਸੁਰਾਂ ਨਾਲ ਮਿਲ ਕੇ ਆਪਣੀ ਠੰਡ ਭੁੱਲ ਜਾਂਦੇ। ਤੇ ਭਾਨੇ ਦੀ ਢੱਡ ਜਦੋਂ ਵੱਜਦੀ ਤਾਂ ਦਰਖਤਾਂ 'ਤੇ ਬੈਠੇ ਜਨੌਰ ਸਹਿਮ ਜਾਂਦੇ, ਬੀਹੀ ਵਿਚ ਚਲਦੇ ਕਦਮ ਰੁਕ ਜਾਂਦੇ। ਮੋਢੇ ਨਾਲ ਮੋਢਾ ਖਹਿਣ ਲੱਗਦਾ। ਉਹ ਇਉਂ ਝੂਮਦੇ ਜਿਵੇਂ ਮਾਲਵੇ ਵਾਲੇ ਰਾਮੂੰਵਾਲੀਏ ਭਰਾਵਾਂ ਦਾ ਕਵੀਸ਼ਰੀ ਜੱਥਾ ਗਾ ਰਿਹਾ ਹੋਵੇ।
ਮਿੱਲ ਵਿਚ ਹੜਤਾਲ ਖੁੱਲ੍ਹੀ ਤਾਂ ਭਾਨਾ ਤੇ ਕਾਨ੍ਹਾ ਕੰਮ 'ਤੇ ਨਾ ਗਏ। ਲੋਕ ਲੱਭਣ ਆਏ ਤਾਂ ਧਰਮਸ਼ਾਲਾ ਵਾਲੇ ਕਮਰੇ ਨੂੰ ਜਿੰਦਾ ਲੱਗਾ ਹੋਇਆ ਸੀ। ਉਹ ਦੋਨੋਂ ਕਿੱਥੇ ਛਪਨ ਹੋ ਗਏ, ਕਿਸੇ ਨੂੰ ਕੁਛ ਪਤਾ ਨਹੀਂ।
ਜਦੋਂ ਕਈ ਮਹੀਨੇ ਬੀਤ ਗਏ ਤਾਂ ਇਕ ਦਿਨ ਉਹ ਨਜ਼ਰ ਆਏ। ਉਹੀ ਠਾਠ ਬਾਠ, ਉਹੀ ਮੜਕ ਤੇ ਆਕੜ। ਫਿਰਦੇ ਫਿਰਾਉਂਦੇ ਉਹ ਦੁਪਹਿਰੇ ਮਿੱਲ ਦੇ ਗੇਟ 'ਤੇ ਆ ਗਏ। ਮਜ਼ਦੁਰਾਂ ਨੂੰ ਪਤਾ ਲੱਗਾ ਤਾਂ ਦੌੜੇ ਤੇ ਜੱਫੀਆ ਪਾ ਪਾ ਮਿਲੇ। ਉਹ ਗੱਲਾਂ ਕਰਦੇ ਯੂਨੀਅਨ ਦੇ ਦਫ਼ਤਰ ਵਿਚ ਕਾਮਰੇਡ ਕੋਲ ਆ ਬੈਠੇ। ਕਾਮਰੇਡ ਨੇ ਉਨ੍ਹਾਂ ਨੂੰ ਕੰਮ 'ਤੇ ਲੱਗਣ ਲਈ ਜ਼ੋਰ ਪਾਇਆ ਤਾਂ ਉਹ ਅੜ ਗਏ। ਕਾਮਰੇਡ ਚੁੱਪ ਕਰ ਗਿਆ। ਤੁਰਨ ਲੱਗੇ ਤਾਂ ਕਾਨ੍ਹੇ ਨੇ ਫਤੂਹੀ ਦੀ ਜੇਬ 'ਚੋਂ ਪੰਜ ਸੌ ਰੁਪਈਆ ਕੱਢ ਕੇ ਕਾਮਰੇਡ ਦੇ ਮੂਹਰੇ ਰੱਖ ਦਿੱਤਾ।
"ਨਾ ਬਈ ਸਾਥੀਓ, ਇਹ ਕੰਮ ਨਈਂ ਹੋਣਾ ।ਚੁੱਕੋ ਇਹ ਪੈਸੇ ਤੇ ਰੱਖੋ ਆਪਣੇ ਕੋਲ," ਕਾਮਰੇਡ ਨੇ ਨੱਕ 'ਤੇ ਢਿਲਕ ਆਈ ਐਨਕ ਨੂੰ ਫੜਦਿਆਂ ਦੂਜੇ ਹੱਥ ਨਾਲ ਨੋਟ ਚੁੱਕੇ ਕੇ ਕਾਨ੍ਹੇ ਵੱਲ ਵਧਾਏ।
"ਕਿਉਂ ਕਾਮਰੇਡਾ, ਇਹ ਪੈਹੇ ਤੇਰੇ ਦੰਦੀਆਂ ਵੱਢਦੇ ਆ? ਦੱਸ ਭਲਾ ਹੁਣ ਪੰਜਾਂ ਛੇਆਂ ਮਹੀਨਿਆਂ 'ਚ ਯੂਨੀਅਨ ਬਹੁਤ ਅਮੀਰ ਹੋ ਗਈ? ਭਰਾਵਾ ਅਸੀਂ ਇਹ ਮਿਹਨਤ ਕਰਕੇ ਈ ਕਮਾਏ ਆ," ਭਾਨਾ ਤਲਖ਼ ਹੋ ਕੇ ਕਾਮਰੇਡ ਦੁਆਲੇ ਹੋ ਗਿਆ।
"ਚੰਗਾ ਬਈ ਨਾ ਲੈ ਤੂੰ ।ਅਸੀਂ ਧਰਮਸ਼ਾਲਾ ਦੇ ਧਰਮਖਾਤੇ 'ਚ ਜਮ੍ਹਾਂ ਕਰਾ ਦਿੰਦੇ ਆਂ ਜਾਂ ਫੇਰ ਭਾਈ ਜੀ ਨੂੰ ਦੇਗ ਕਰਾਉਣ ਲਈ ਦੇ ਆਵਾਂਗੇ। ਨਾਲੇ ਉਹਦੇ ਚਾਰ ਦਿਨ ਚੰਗੇ ਲੰਘ ਜਾਣਗੇ, ਵਿਚਾਰਾ ਪਊਏ ਅਧੀਏ ਨਾਲੋਂ 'ਕੱਠੀਆਂ ਚਾਰ ਛੇ ਬੋਤਲਾਂ ਲਿਆ ਰੱਖੂ ।ਕਿਉਂ ਭਾਨ ਸਿਆਂ?" ਬੋਲਦੇ ਹੋਏ ਕਾਨ੍ਹੇ ਨੇ ਨੋਟਾਂ ਵੱਲ ਹੱਥ ਵਧਾਇਆ ਤਾਂ ਕਾਮਰੇਡ ਨੇ ਝਪੱਟਾ ਮਾਰ ਕੇ ਨੋਟ ਕਾਬੂ ਕਰ ਲਏ।
ਉਹ ਸਵੇਰੇ ਉਠਦੇ, ਨ੍ਹਾ ਧੋ ਕੇ ਧਰਮਸ਼ਾਲਾ ਦੇ ਅੰਦਰਵਾਰ ਪੱਕੇ ਥੜ੍ਹੇ ਉਪਰ ਬਹਿ ਜਾਂਦੇ। ਕਾਨ੍ਹਾ ਸਾਨਗੀ ਦੀਆਂ ਤਾਰਾਂ ਕੱਸਦਾ ਤੇ ਟੁਣਕਾਅ ਕੇ ਸੁਰ ਕਰਦਾ। ਭਾਨਾ ਘੰਟਾ ਭਰ ਤਾਂ ਸ਼ੀਸ਼ਾ ਮੂਹਰੇ ਰੱਖ ਕੇ ਪੰਜ ਸੱਤ ਵਾਰੀ ਪੱਗ ਬੰਨ੍ਹਦਾ ਤੇ ਢਾਹੁੰਦਾ, ਫਿਰ ਢੱਡ ਉਪਰ ਜਿਉਂ ਇਕੋ ਤਾਲ ਪੋਲੇ ਪੋਲੇ ਉਂਗਲੀ ਮਾਰਨ ਲੱਗਦਾ, ਬੜਾ ਚਿਰ ਮਾਰੀ ਹੀ ਜਾਂਦਾ। ਫਿਰ ਉਹ ਦੋਨੋਂ ਇਕ ਤਾਲ ਸਾਜ਼ ਵਜਾਉਣੇ ਸ਼ੁਰੂ ਕਰਦੇ ।ਝੂਮਣ ਲੱਗਦੇ ।ਅੱਖਾਂ ਮੁੰਦ ਜਾਂਦੀਆਂ ।ਗਜ਼ ਦੇ ਸਿਰੇ 'ਤੇ ਬੱਝੇ ਘੁੰਗਰੂਆਂ ਦੀ ਛਣਕਾਰ ਦੁਆਲੇ ਚੁੱਪ ਖੜ੍ਹੀਆਂ ਕੰਧਾਂ ਨੂੰ ਗੂੰਜਣ ਲਾ ਦਿੰਦੀ। ਦਰਖਤਾਂ ਦੇ ਪੱਤੇ ਨੱਚਣ ਲੱਗਦੇ। ਸਾਰਾ ਆਲਾ ਦੁਆਲਾ ਸੰਗੀਤ ਨਾਲ ਭਰ ਜਾਂਦਾ।
ਹੌਲੀ ਹੌਲੀ ਦੋਹਾਂ ਨੇ ਸ਼ਹਿਰ ਵਿਚ ਖਾੜੇ ਲਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਪਹਿਲਾਂ ਖਾੜਾ ਅੰਬਾਂ ਵਾਲੀ ਬਾੜੀ ਕੋਲ ਲਾਇਆ। ਦੂਜੇ ਦਿਨ ਸ਼ਹੀਦਾਂ ਵਾਲੇ ਚੌਕ ਵਿਚ ਤੇ ਅਗਲੇ ਦਿਨ ਪੀਰਾਂ ਵਾਲੀ ਮਜ਼ਾਰ ਕੋਲ। ਥੋੜ੍ਹੇ ਦਿਨਾਂ ਵਿਚ ਹੀ ਉਨ੍ਹਾਂ ਪੂਰੇ ਸ਼ਹਿਰ 'ਚ ਗੇੜਾ ਦੇ ਦਿੱਤਾ। ਤੇ ਅਖ਼ੀਰ ਬੱਸ ਅੱਡੇ ਵਿਚ ਪੱਕੇ ਹੀ ਆ ਟਿਕੇ।
ਕਈ ਵਰ੍ਹੇ ਹੋ ਗਏ ਹਨ ਉਨ੍ਹਾਂ ਨੂੰ ਬੱਸ ਅੱਡੇ ਵਿਚ ਮੰਗਦਿਆਂ। ਅੱਡੇ ਵਾਲੇ 'ਖਾਸ ਬੰਦਿਆਂ' 'ਚ ਉਹ ਵੀ ਗਿਣੇ ਜਾਂਦੇ ਹਨ। ਕਈ ਡਰਾਈਵਰ ਕੰਡਕਟਰ ਵੀ ਉਨ੍ਹਾਂ ਕੋਲ ਆ ਕੇ ਪੁੱਛਣਗੇ, "ਰੱਬ ਦਿਓ ਬੰਦਿਓ, ਭਲਾ ਤੇਰਾਂ ਪੱਚੀ ਆਲਾ ਲਸ਼ਕਰ ਲੰਘ ਗਿਆ? ਆਹ ਪੈਪਸੂ ਆਲੇ ਤਿੰਨ ਦਸ 'ਤੇ ਆਉਂਦੇ ਆ ।ਕਿਤੇ ਲੰਘ ਤਾਂ ਨਈਂ ਗਏ? ਚਾਰ ਵਜੇ ਚੰਡੀਗੜ੍ਹ ਡਿਪੂ ਆਲਾ ਦੇਵ ਆਵੇ ਤਾਂ ਆਹ ਰੁੱਕਾ ਫੜਾ ਦਿਓ।"
ਸਮਾਂ ਬੀਤਣ ਨਾਲ ਉਹ ਦੋਨੋਂ ਵੀ ਹੁਣ ਅੱਗੇ ਵਾਲੇ ਨਈਂ ਰਹੇ। ਉਨ੍ਹਾਂ ਦੀ ਬੋਲਚਾਲ, ਗੀਤ ਸੰਗੀਤ ਤੇ ਲੋਕਾਂ ਨੂੰ ਦੇਖਣ ਪਰਖਣ ਦੀ ਨਿਗ੍ਹਾ ਵੀ ਬਦਲ ਗਈ ਹੈ। ਸਮਾਂ ਲੰਘਦਾ ਲੰਘਦਾ ਉਨ੍ਹਾਂ ਦੀ ਸੋਚ 'ਤੇ ਵੀ ਝਰੀਟਾਂ ਪਾ ਗਿਆ ਹੈ। ਹੁਣ ਉਹ ਇੰਨੇ ਹੁਸ਼ਿਆਰ ਹੋ ਗਏ ਹਨ ਕਿ ਰੁਮਕਦੀ ਹਵਾ 'ਚੋਂ ਰੰਗ ਫੜਨ ਲੱਗੇ ਹਨ। ਉਹ ਜਦੋਂ ਭਰੀ ਹੋਈ ਬੱਸ 'ਚ ਚੜ੍ਹਦੇ ਹਨ ਤਾਂ ਸਿੱਧਾ ਸਾਨਗੀ ਜਾਂ ਢੱਡ ਵਜਾ ਕੇ ਲੋਕਾਂ ਨੂੰ ਸੰਬੋਧਨ ਨਹੀਂ ਹੁੰਦੇ। ਬੱਸ ਵਿਚ ਆ ਕੇ, ਪਲ ਭਰ ਲਈ ਨਿਗ੍ਹਾ ਟਿਕਾਅ ਕੇ, ਫਿਰ ਤਾਰਾਂ 'ਤੇ ਗਜ਼ ਪੋਲੇ ਪੋਲੇ ਫੇਰਦਿਆਂ, ਤੁਣਕੇ ਨਾਲ ਘੁੰਗਰੂ ਛਣਕਾ ਕੇ ਕਾਨ੍ਹਾ ਸ਼ੁਰੂ ਕਰਦਾ ਹੈ,
"ਬੱਲੇ ਬੱਲੇ! ਲੈ ਬਈ ਭਾਨਿਆ, ਆਹ ਤਾਂ ਦੁਆਬੀਏ ਛਾ ਗਏ ਦੇਖ ਲੈ ਡੁਬਈ ਬੱਸ ਵਿਚ ਈ ਉਤਰ ਪਈ ਆ ।ਵੱਜਦੀਆਂ ਟੇਪਾਂ, ਨਈਂ ਰੀਸਾਂ ਬਈ।" ਪੱਟਾਂ 'ਤੇ ਟੇਪ ਰੱਖੀ ਬੈਠੇ ਵਿਦੇਸ਼ੋਂ ਮੁੜੇ, ਲਿਸ਼ਕਦੇ ਮੁੰਡੇ ਦੇ ਮੋਢੇ 'ਤੇ ਹੱਥ ਰੱਖ ਦਿੰਦਾ ਉਹ ਤੇ ਬੋਲਦਾ, "ਪਾ ਤੇ ਫੇ ਚੁਬਾਰੇ?ਲਾ ਤਾ ਘਰ 'ਚ ਰੰਗੀਨ ਟੀਵੀ? ਲੈ ਆਇਐਂ ਸੋਨੇ ਦੇ ਬਿਸਕੁਟ? ਸ਼ਾਬਾਸ਼ੇ ਬਈ ਸ਼ਾਬਾਸ਼ੇ ! ਚੱਕ 'ਤਾ ਇਕ ਵਾਰੀ ਗੰਦ ਘਰ ਦਾ!" ਫਿਰ ਉਹ ਗਾਉਣ ਲੱਗਦੇ।
ਤੇ ਦੂਜੀ ਬੱਸ ਚੜ੍ਹਦੇ ਤਾਂ ਭਾਨਾ ਢੱਡ 'ਤੇ ਉਂਗਲ ਮਾਰਦਾ ਆਖਣ ਲੱਗਦਾ, "ਬਈ ਪ੍ਰਭੂ ਦਿਓ ਬੰਦਿਓ, ਤੁਹਾਨੂੰ ਪਤਾ ਈ ਆ ਪਈ ਅਸੀਂ ਮੰਗਣ ਨਈਂ ਆਏ। ਅਸੀਂ ਤਾਂ ਆਏ ਆਂ ਇਨ੍ਹਾਂ ਬੀਬੀਆਂ ਦਾਹੜੀਆਂ ਦੇ ਦਰਸ਼ਨ ਪਰਸ਼ਨ ਕਰਨ ।ਆਹ ਛੈਲ ਛਬੀਲੇ ਗੱਭਰੂਆਂ ਦੇ ।ਇਨ੍ਹਾਂ ਆਪਣੀਆਂ ਮਾਂਵਾਂ ਦੇ।" ਅਚਾਨਕ ਭਾਨਾ ਚੁੱਪ ਕਰ ਜਾਂਦਾ। ਉਹ ਅੱਥਰੂ ਕੇਰਦੀ ਇਕ ਜੁਆਨ ਔਰਤ ਵੱਲ ਗਹੁ ਨਾਲ ਦੇਖਦਾ ਕਾਨ੍ਹੇ ਨੂੰ ਪੁੱਛਦਾ, "ਕਾਨ੍ਹਿਆ ਭਰਾਵਾ ਇਹ ਬੱਸ ਭਲਾ ਕਿੱਥੋਂ ਆਈ ਆ?"
"ਇਹ ਸ਼ੈਦ ਪਟਿਆਲੇ ਤੋਂ ਆ!"
"ਭਾ ਪਟਿਆਲੇ ਨੂੰ ਤਾਂ ਚੱਲੀ ਐ ।ਗੁਰਦਾਸਪੁਰੋਂ ਆ," ਇਕ ਮਰਦ ਸੁਆਰੀ ਵਿਚੋਂ ਹੀ ਬੋਲਦੀ।
"ਉਹ ਹੋ ਹੋ, ਮਾਫੀ ਦੇਣੀ ਸੰਗਤੇ ।ਭੁੱਲ ਹੋ ਗਈ, ਭੁੱਲ ਹੋ ਗਈ। ਗੁਰਦਾਸਪੁਰ ਤਾਂ ਰਾਤੀਂ ਸੁਣਿਆ ਬੰਦੇ ਨੂੰ ਬੰਦਾ ਖਾ ਗਿਆ ।ਲਾਸ਼ਾਂ ਵਿਛ ਗਈਆਂ ।ਰੱਬਾ ਮਿਹਰ ਕਰ! ਮਿਹਰ ਕਰ!" ਬੋਲਦੇ ਹੋਏ ਉਹ ਬੱਸ 'ਚੋਂ ਹੇਠਾਂ ਉਤਰ ਆਉਂਦੇ।
"ਬੱਲੇ ਬੱਲੇ ਜੈ ਗੁਰਦੇਵ ਬਈ ਮਲਵਈ ਭਰਾਵੋ, ਬੜਾ ਲੰਮਾ ਸਫ਼ਰ ਕਰਕੇ ਆਏ ਆਂ ਤੁਸੀਂ। ਲਓ ਫੇ ਸਾਡੇ ਤੋਂ ਵੀ ਸੁਣ ਲਓ ਰੱਬ ਦੇ ਘਰ ਦੀ ।ਤੁਸੀਂ ਵੀ ਜਾਣਾ ਤੇ ਅਸੀਂ ਵੀ ਜਾ ਕੇ ਰੋਟੀ ਟੁੱਕ ਕਰਨੈ ।ਤੁਸੀਂ ਸਾਡੇ ਕੋਈ ਬੰਨ੍ਹੇ ਹੋਏ ਨਈਂ ਤੇ ਨਾ ਈ ਅਸੀਂ ਤੁਹਾਡੇ ਬੰਨ੍ਹੇ ਆਂ।" ਸੁਆਰੀਆਂ ਹੱਸਣ ਲੱਗਦੀਆਂ। ਕਾਨ੍ਹਾ ਕਾਹਲੀ ਕਾਹਲੀ ਤਿੰਨ ਚਾਰ ਝਟਕੇ ਗਜ਼ ਨੂੰ ਮਾਰ ਕੇ ਘੁੰਗਰੂ ਛਣਕਾਉਂਦਾ ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੋਇਆ ਬੋਲਦਾ, "ਨਾਲੇ ਭਰਾਵੋ ਤੁਹਾਡਾ ਕੀ ਆ, ਤੁਸੀਂ ਤਾਂ ਲੱਪ ਸਾਰਾ ਜਰਦਾ ਬੁੱਲਾਂ 'ਚ ਰੱਖਿਆ ਨਈਂ ਤੇ ਪਠਾਨਕੋਟ ਪਹੁੰਚੇ ਨਈਂ ।ਪਰ ਸਾਡਾ ਤਾਂ ਐਂ ਸਰਦਾ ਨਈਂ।"
"ਏਸ ਸਹੁਰੇ ਜਰਦੇ ਨੇ ਤਾਂ ਪੂਰਾ ਮਾਲਵਾ ਚੱਟ ਲਿਆ।" ਭਾਨਾ ਵੀ ਬੋਲ ਪਿਆ।
"ਨਾਲੇ ਆਹ ਚਮਕੀਲੇ ਤੇ ਲੁਧੇਹਾਣੀਏ ਹੋਰ ਗਾਇਕਾਂ ਨੇ ਪੁੱਟ ਕੇ ਸੁੱਟ ਤੇ ਸਾਰੇ ਮਲਵਈ ।ਕਿਉਂ ਮਾਲਕੋ?" ਕਹਿ ਕੇ ਕਾਨ੍ਹੇ ਨੇ ਇਕ ਛੀਂਟਕੇ ਜਿਹੇ ਆਦਮੀ ਦੀਆਂ ਅੱਖਾਂ ਵਿਚ ਸਿੰਨ੍ਹ ਕੇ ਦੇਖਿਆ। ਫਿਰ ਉਹਨੇ ਲੰਮੀ ਹੇਕ ਲਾ ਕੇ ਬੋਲ ਛੋਹੇ,
ਲੱਗ ਗਈ ਅੱਗ ਜ਼ਮਾਨੇ ਨੂੰ,
ਸੰਭਲ ਜਾ ਬੰਦਿਆ
ਖਾ ਜਾਣਗੇ ਵੱਡੇ ਨੇਤਾ
ਰਹਿ ਜੂ ਮੁੱਠੀਆਂ ਦੇ ਵਿਚ ਰੇਤਾ
ਸੰਭਲ ਜਾ ਬੰਦਿਆ, ਸੰਭਲ ਜਾ ਬੰਦਿਆ।
ਜਦੋਂ ਉਨ੍ਹਾਂ ਦਾ ਚਿੱਤ ਕਰਦਾ ਉਹ ਢੱਡ ਸਾਨਗੀ ਮੋਢਿਆਂ ਨਾਲ ਟੰਗੀ ਤਾਂਗੇ ਅੱਡੇ ਵਿਚ ਬੋਹੜ ਹੇਠਾਂ ਆ ਬੈਠਦੇ ।ਸੌਂ ਜਾਂਦੇ, ਲੰਮੀਆਂ ਤਾਣ ਕੇ। ਬੇਫ਼ਿਕਰੀ ਵਿਚ ਸਾਰੇ ਆਲਮ ਨੂੰ ਭੁੱਲ ਜਾਂਦੇ। ਉਹ ਬਹੁਤਾ ਮੰਗਣ 'ਤੇ ਵੀ ਜ਼ੋਰ ਨਾ ਦਿੰਦੇ। ਕਈ ਵਾਰ ਇਕ ਦੋ ਬੱਸਾਂ ਹੀ ਦੇਖਦੇ। ਪੈਸੇ ਦਾ ਲੋਭ ਨਾ ਕਰਦੇ। ਉਨ੍ਹਾਂ ਨੇ ਤਾਂ ਕਦੇ ਵੀ ਇਉਂ ਨਹੀਂ ਸੀ ਆਖਿਆ, "ਭਰਾਵੋ ਕੋਈ ਧੇਲੀ ਰੁਪਈਆ ਦੇ ਦਿਓ ।ਅਸੀਂ ਦੋ ਦਿਨਾਂ ਦੇ ਭੁੱਖੇ ਆਂ ।ਸਾਡੇ ਨਿਆਣ ਰੋਂਦੇ ਆ।" ਨਾ ਕਦੇ ਤਰਲਾ ਹੀ ਲਿਆ ਸੀ। ਸਗੋਂ ਆਕੜ ਕੇ ਗੱਲ ਕਰਦੇ।
"ਬਈ ਭਾਨ ਸਿਆਂ, ਇਹ ਤਾਂ ਮਝੈਲਾਂ ਆਲੀ ਬੱਸ ਆ ।ਦੇਖ ਲੈ ਉਚੇ ਲੰਮੇ ਕੱਦ ਕਾਠ ਤੇ ਸ਼ਮਲੇ ਆਲੀਆਂ ਪੱਗਾਂ।"
"ਓਏ ਰੱਬ ਦਿਆ ਬੰਦਿਆ ਹੋਣ ਵੀ ਕਿਉਂ ਨਾ ।ਇਹ ਸਭ ਮਿਹਰਾਂ ਬਾਡਰ ਦੀਆਂ ਈ ਆ। ਜੀਹਦਾ ਵੱਸਦਾ ਰਹੇ ਪਾਕਿਸਤਾਨ ਫੀਮ ਦੇ ਬੋਰੇ ਘੱਲਣ ਆਲਾ!" ਭਾਨੇ ਨੇ ਗੱਲ ਨੂੰ ਪੂਰਾ ਮਰੋੜਾ ਦਿੱਤਾ।
"ਫੀਮ ਦੇ ਬੋਰੇ ਵੀ ਤੇ ਨਾਲ ਸੰਤਾਲੀਆਂ ਵੀ । ਕਿਉਂ ਭਾਈ ਠੀਕ ਆ ਨਾ?" ਕਾਨ੍ਹਾ ਮੁੱਛਾਂ ਵਿਚ ਹੱਸਦਾ ਚੰਗੇ ਡੀਲ ਡੌਲ ਵਾਲੇ ਇਕ ਸਰਦਾਰ ਕੋਲ ਆ ਖੜ੍ਹਾ ਹੋਇਆ।
"ਹੈਗੇ ਤੁਹੀਂ ਬੜੇ 'ਸਤਾਦ ਕੰਜਰ ਦੇ।" ਸਰਦਾਰ ਨੇ ਅੱਧੇ ਕੁ ਗੁੱਸੇ ਨਾਲ ਕਾਨ੍ਹੇ ਵੱਲ ਘੂਰ ਕੇ ਦੇਖਿਆ।
ਕਾਨ੍ਹੇ ਨੇ ਸਰਦਾਰ ਦੇ ਗੁੱਸੇ ਨੂੰ ਭਾਂਪ ਲਿਆ। ਉਹ ਮੌਕਾ ਸੰਭਾਲਦਿਆ ਬੋਲਿਆ, "ਮਾਰ੍ਹਾਜ ਤੁਹਾਡੀਆਂ ਤਾਂ ਬਰਕਤਾਂ ਸਾਰੀਆਂ ਤੁਹਾਡੀਆਂ ਸਰਦਾਰੀਆਂ ਕੈਮ ਰਹਿਣ ।ਇਹ ਕੈਮ ਆਂ ਤਾਂ ਅਸੀਂ ਵੀ ਕੈਮ ਆਂ ।ਫੇ ਤਾਂ ਜਾਣੋਂ ਪੂਰਾ ਮੁਲਖ ਈ ਕੈਮ ਆਂ ।ਕਿਉਂ ਭਾਨ ਸਿਆਂ?"
ਸਾਨਗੀ ਵੱਜਣ ਲੱਗਦੀ। ਕਈ ਜਣੇ ਹੱਸਦੇ ਹੋਏ ਪੈਸੇ ਫੜਾਉਣ ਲੱਗਦੇ।
ਇਉਂ ਹੀ ਇਕ ਦਿਨ ਉਹ ਬੱਸ ਵਿਚ ਖੜ੍ਹੇ ਗਾ ਰਹੇ ਸਨ ਕਿ ਪੁਲਿਸ ਵਾਲੇ ਆ ਚੜ੍ਹੇ।
"ਬੰਦ ਕਰੋ ਓਏ ।ਉਤਰੋ ਹੇਠਾਂ" ਥਾਣੇਦਾਰ ਨੇ ਦਬਕਾ ਮਾਰਿਆ।
"ਹੇਠਾਂ ਉਤਰ ਜਾ ਓਏ ਭਾਨਿਆ, ਐਵੇਂ ਸਾਬ੍ਹ ਕਿਤੇ ਗੋਲੀ ਨਾ ਮਾਰ ਦੇਣ।"
"ਤੈਨੂੰ ਗੋਲੀ ਦੀ ਲੋੜ ਆ? ਠਹਿਰ ਦਿੰਦਾ ਤੈਨੂੰ ਗੋਲੀ," ਥਾਣੇਦਾਰ ਨੇ ਭਾਨੇ ਵੱਲ ਅੱਖਾਂ ਕੱਢ ਕੇ ਦੇਖਿਆ।
"ਮਾਲਕੋ ਨੌਕਰ ਆਂ ।ਗੋਲੀ ਦਿਓ ਚਾਹੇ ਬੰਬ ।ਜਿਥੇ ਵਿਚਾਰੇ ਹੋਰ ਖਾਂਦੇ ਫਿਰਦੇ ਆ ਅਸੀਂ ਵੀ ਲੈਨ 'ਚ ਲੱਗ ਜਾਂਗੇ," ਕਾਨ੍ਹਾ ਪੋਲਾ ਜਿਹਾ ਮੂੰਹ ਬਣਾ ਕੇ ਬੋਲਿਆ।
"ਬੰਦ ਹੁੰਦੈਂ ਕਿ ਨਈਂ ।ਦਫਾ ਹੋਵੋ ਏਥੋਂ," ਹੇਠਾਂ ਉਤਰਦੇ ਭਾਨੇ ਨੂੰ ਸਿਪਾਹੀ ਨੇ ਅਜਿਹਾ ਜ਼ੋਰ ਨਾਲ ਧੱਫਾ ਮਾਰਿਆ ਕਿ ਉਹ ਡਿੱਗਦਾ ਡਿੱਗਦਾ ਕੋਲ ਖੜ੍ਹੀ ਦੂਜੀ ਬੱਸ ਦੇ ਪਹੀਆ ਵਿਚਾਲੇ ਜਾ ਡਿੱਗਿਆ।
ਇਕ ਦਿਨ ਸ਼ਹਿਰ ਵਿਚ ਗੜਬੜ ਹੋ ਗਈ ਤੇ ਕਾਨ੍ਹੇ ਭਾਨੇ ਨੂੰ ਜਿਵੇਂ ਗਾਉਣ ਲਈ ਨਵਾਂ ਵਿਸ਼ਾ ਮਿਲ ਗਿਆ,
"ਮਾਰ ਕੇ ਗੋਲੀਆਂ ਭੁੰਨ 'ਤੇ
ਬੇਦੋਸ਼ੇ ਸ਼ਹਿਰੀ ਜੀ।
ਚੜ੍ਹ ਕੇ ਪੁਲਸ ਆ ਗਈ
ਗੁੰਗੀ ਤੇ ਬਹਿਰੀ ਜੀ।
ਆ ਜਾ ਸ਼ੇਖ ਫਰੀਦਾ ਦੇਖ ਲੈ
ਆਪਣੇ ਦੇਸ਼ ਪੰਜਾਬ ਦਾ ਹਾਲ਼।
ਇਕ ਰਾਤ ਦੂਰ ਸਾਧਾਂ ਦੀ ਛਾਉਣੀ ਤੋਂ ਪਾਰ ਚੰਦਰਮਾ ਹੱਥ ਭਰ ਚੜ੍ਹ ਆਇਆ ਸੀ। ਹਲਕੇ ਚਾਨਣ ਨੇ ਅੱਧਾ ਅੰਬਰ ਮੱਲ ਲਿਆ ਸੀ। ਹਵਾ ਸੀ ਕਿ ਕਿਤੇ ਦੂਰ ਠਹਿਰ ਗਈ ਸੀ। ਹੁੱਸੜ ਆਪਣੇ ਪੈਰ ਨਹੀਂ ਸੀ ਛੱਡ ਰਿਹਾ। ਪਰ ਕਾਨ੍ਹੇ ਦੀ ਸਾਨਗੀ ਦੀਆਂ ਸੁਰਾਂ ਨੇ ਅੰਬਰ ਤੱਕ ਪਸਰੀ ਗਰਦ ਨੂੰ ਹੌਲੀ ਹੌਲੀ ਛੰਡਣਾ ਸ਼ੁਰੂ ਕਰ ਦਿੱਤਾ।
ਕਾਨ੍ਹਾ ਪੂਰੇ ਰੰਗ ਵਿਚ ਰੰਗਿਆ ਗਾ ਰਿਹਾ ਸੀ। ਭਾਨੇ ਨੇ ਦਰਾਂ ਵੱਲ ਘੁਸਰ ਮੁਸਰ ਹੁੰਦੀ ਸੁਣੀ ਤੇ ਗਹੁ ਨਾਲ ਦੇਖਿਆ ਸਿਪਾਹੀ ਸਨ। ਉਹਨੇ ਇਸ਼ਾਰੇ ਨਾਲ ਉਨ੍ਹਾਂ ਨੂੰ ਮੰਜੇ 'ਤੇ ਬਹਿਣ ਲਈ ਕਿਹਾ, "ਆਹ ਦੇਖ ਓਏ ਚੌਧਰੀ ਆ ।ਛੋਟੇ ਭਾਈ ਆਏ ਆ।"
ਭਾਨੇ ਦੀ ਆਵਾਜ਼ ਸੁਣ ਕੇ ਕਾਨ੍ਹੇ ਨੇ ਬੰਦ ਅੱਖਾਂ ਖੋਲ੍ਹੀਆਂ ਤਾਂ ਸਿਪਾਹੀ ਦੇਖ ਕੇ ਬਿੰਦ ਭਰ ਲਈ ਉਹਦੀ ਨਿਗ੍ਹਾ ਪਥਰਾ ਗਈ।
"ਚਲੋ ਬਈ ਉਠੋ, ਤੁਹਾਨੂੰ ਸਾਬ੍ਹ ਯਾਦ ਕਰਦੇ ਆ।"
"ਕੀ ਹੋ ਗਿਆ ਸਰਕਾਰੇ? ਸੁੱਖ ਤਾਂ ਆ?" ਭਾਨਾ ਉਠ ਕੇ ਕਿੱਲੀ ਉਤੋਂ ਕੁੜਤਾ ਲਾਹ ਕੇ ਪਾਉਣ ਲੱਗ ਪਿਆ।
"ਓਏ ਭਰਾਵੋ ਚਲੇ ਤਾਂ ਚਲਦੇ ਆਂਪ ।ਰ ਉਦਾਂ ਨਾ ਸਾਡੇ ਨਾਲ ਕਰਿਓ ਜਿੱਦਾਂ ਪਰਸੋਂ ਇਕ ਮੁੰਡੇ ਨਾਲ ਕੀਤੀ ਆ ।ਪਹਿਲਾਂ ਤਾਂ ਕੁੱਟ ਕੁੱਟ ਠਾਣੇ 'ਚ ਮਾਰ 'ਤਾ ।ਫੇਰ ਲੈਨਾਂ 'ਤੇ ਸੁੱਟ ਆਏ," ਕਹਿੰਦਿਆਂ ਕਾਨ੍ਹੇ ਨੇ ਸਾਨਗੀ ਪਰ੍ਹਾਂ ਰੱਖ ਦਿੱਤੀ।
ਸਿਪਾਹੀਆਂ ਨੇ ਇਕ ਦੂਜੇ ਦੇ ਮੂੰਹ ਵੱਲ ਦੇਖਿਆ।
"ਕਾਨ੍ਹਿਆ ਕਿਉਂ ਤੂੰ ਐਵੇਂ ਬੋਲਦਾ ਰਹਿੰਦੈਂ ।ਮਾਰ 'ਤਾ ਤਾਂ ਫੇ ਕੀ ਹੋਇਆ ।ਕਮਲਿਆ ਠਾਣੇ ਹੁੰਦੇ ਕਾਹਦੇ ਲਈ ਆ!" ਸਿਰ 'ਤੇ ਪੱਗ ਲਪੇਟਦਾ ਭਾਨਾ ਬੋਲਿਆ।
"ਮੂੰਹ ਬੰਦ ਕਰਕੇ ਤੁਰਨ ਦੀ ਗੱਲ ਕਰੋ, ਕਿਉਂ ਭੌਂਕੀ ਜਾਨੇ ਓਂ," ਦੋ ਸਿਪਾਹੀ ਇਕੱਠੇ ਝਈ ਲੈ ਕੇ ਪਏ ਤੇ ਕਾਨ੍ਹੇ ਭਾਨੇ ਨੂੰ ਅੱਗੇ ਅੱਗੇ ਤੋਰ ਲਿਆ।
ਥਾਣੇ ਅੰਦਰ ਦਾਖ਼ਲ ਹੁੰਦਿਆਂ ਹੀ, ਲਾਟੂ ਦੀ ਲੋਏ, ਪੱਖੇ ਮੂਹਰੇ ਕੁਰਸੀ 'ਤੇ ਬੈਠੇ ਥਾਣੇਦਾਰ ਨੇ ਉਨ੍ਹਾਂ ਵੱਲ ਦੇਖਿਆ ਤੇ ਉਠ ਪਿਆ, "ਆ ਗਏ ਪ੍ਰਾਹੁਣੇ ।ਸੁਣਾਈ ਕੋਈ ਰੱਬ ਦੇ ਘਰ ਦੀ" ਬੋਲਦਾ ਹੋਇਆ ਉਹ ਉਨ੍ਹਾਂ ਦੇ ਕੋਲ ਆ ਗਿਆ। "ਪਿਓ ਦਿਓ ਪੁੱਤੋਂ ਤੁਸੀਂ ਬਾਜ਼ ਨਈਂ ਆਏ । ਇਕ ਦਿਨ ਹੋਇਆ, ਦੋ ਦਿਨ ਹੋਏ ।ਤੁਸੀਂ ਤਾਂ ਹੱਦ ਈ ਕਰ ਦਿੱਤੀ ।ਸਾਲੇ ਤਾਨਸੈਨ ਦੇ," ਬੋਲਦੇ ਹੋਏ ਨੇ ਕੋਲ ਖੜ੍ਹੇ ਸਿਪਾਹੀਆਂ ਵੱਲ ਦੇਖਿਆ, "ਮੈਂ ਤੁਹਾਨੂੰ ਕਿਹਾ ਸੀ ਇਨ੍ਹਾਂ ਦੇ ਗਿੱਟੇ-ਗੋਡੇ ਤੋੜ ਕੇ ਲਿਆਇਓ।" ਫਿਰ ਉਹ ਮਾਲਖ਼ਾਨੇ ਵੱਲ, ਹਨੇਰੇ 'ਚ ਜਾਂਦਾ ਗੁੱਸੇ 'ਚ ਬੋਲਿਆ, "ਪਾ ਓ ਬਿੱਕਰਾ ਇਨ੍ਹਾਂ ਨੂੰ ਲੰਮਿਆਂ ਜ਼ਰਾ ।ਝਾੜ ਜ਼ਰਾ ਮਿੱਟੀ ਆਹ ਵੱਡੇ ਫੌਜੀ ਦੀ।"
ਕਾਨ੍ਹੇ ਨੇ ਭਾਨੇ ਵੱਲ ਮੁਸਕਰਾ ਕੇ ਦੇਖਿਆ, "ਲੈ ਬਈ ਝੜਾ ਲੈ ਮਿੱਟੀ ਭਾਨਿਆ ।ਇਹਦੇ ਤਾਂ ਬਈ ਖਰਖਰਾ ਵੀ ਮਾਰ ਦਿਓ।"
"ਹੁਣ ਤਾਂ ਬੂਥਾ ਬੰਦ ਕਰੋ ।ਬਕਵਾਸ ਕਰੀ ਜਾਂਦੇ ਆ," ਕਾਨ੍ਹੇ ਦੇ ਮਗਰ ਆਉਂਦੇ ਸਿਪਾਹੀ ਨੇ ਦਬਵੀਂ ਆਵਾਜ਼ 'ਚ ਕਹਿੰਦਿਆਂ ਕਾਨ੍ਹੇ ਦੀ ਪਿੱਠ 'ਤੇ ਡੰਡੇ ਦੀ ਹੁੱਝ ਮਾਰੀ।
ਸੱਚੀਂ ਮੁੱਚੀਂ ਜਿਵੇਂ ਕੋਈ ਕੰਧਾਂ ਤੋਂ ਮਿੱਟੀ ਝਾੜਦਾ ਹੈ। ਜਿਵੇਂ ਬੱਕਰੇ ਨੂੰ ਹਲਾਲ ਕੀਤਾ ਜਾ ਰਿਹਾ ਹੋਵੇ। ਜਿਵੇਂ ਆਵਾਜ਼ ਨੂੰ ਕੋਈ ਬੰਨ੍ਹਣ ਦੀ ਕੋਸ਼ਿਸ਼ ਕਰ ਰਿਹਾ ਹੋਵੇ।
"ਦੇਖੂੰ ਮੈਂ ਕਿੱਦਾਂ ਤੁਸੀਂ ਮੂੰਹ 'ਚੋਂ ਵਾਜ਼ ਵੀ ਕਢਦੇ ਆਂ ।ਜੀਭਾਂ ਨਾ ਕੁਤਰ ਦਿੱਤੀਆਂ ਤਾਂ," ਰੋਅਬਦਾਰ ਬੋਲਾਂ ਤੋਂ ਕੰਧਾਂ ਕੰਬ ਕੰਬ ਜਾ ਰਹੀਆਂ ਸਨ।
ਜਦੋਂ ਬੱਸ ਅੱਡੇ ਵਿਚ ਦੁਕਾਨਾਂ ਵਾਲਿਆਂ ਨੂੰ ਭਾਨੇ ਤੇ ਕਾਨ੍ਹੇ ਪੁਲਿਸ ਦੇ ਲੈ ਜਾਣ ਬਾਰੇ ਪਤਾ ਲੱਗਾ ਤਾਂ ਦਿਨ ਦੇ ਦੱਸ ਵੱਜਣ ਵਾਲੇ ਸਨ। ਹਰਜੀਤ ਸਿੰਘ ਫਰੂਟਵਾਲਾ ਦੌੜ ਕੇ ਅਖ਼ਬਾਰਾਂ ਵਾਲੇ ਭੱਲੇ ਨੂੰ ਲੈਣ ਚਲਾ ਗਿਆ ਤੇ ਸੋਡਾ ਵਾਟਰ ਵਾਲਾ ਭਗਤ ਚੰਦ ਛੇ ਸੱਤ ਜਾਣਿਆਂ ਨੂੰ ਲੈ ਕੇ ਥਾਣੇ ਆ ਗਿਆ।
ਅਖ਼ਬਾਰ ਵਾਲੇ ਭੱਲੇ ਨੇ ਕੋਈ ਗੱਲ ਪਿੜ ਪੱਲੇ ਨਾ ਪਾਈ।
ਤੇ ਹੁਣ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਸਾਡੇ ਸਾਹਮਣੇ ਕਾਨ੍ਹਾ ਮੰਜੇ 'ਤੇ ਬੇਹੋਸ਼ ਪਿਆ ਸੀ। ਮਿੱਟੀ ਤੇ ਲਹੂ ਨਾਲ ਭਰੇ ਲੀੜੇ, ਮੂੰਹ ਦੁਆਲੇ ਜੰਮੇ ਲਹੂ ਦੀਆਂ ਪੇਪੜੀਆਂ, ਵੱਖੀ ਤੋਂ ਪਾਟਿਆ ਕੁੜਤਾ ਜਿਹਦੇ ਅੰਦਰ ਨੀਲਾ ਪਿਆ ਪਿੰਡਾ ਵੀ ਦਿਸ ਰਿਹਾ ਸੀ।
ਨਰਸ ਦੋ ਵਾਰੀ ਆ ਕੇ ਉਹਨੂੰ ਦੇਖ ਕੇ ਗਈ। ਗੁਲੂਕੋਜ਼ ਦੀ ਬੋਤਲ ਮੁੱਕਣ ਵਾਲੀ ਸੀ।
ਜਿਹੜਾ ਡਰਾਈਵਰ ਆਪਣੇ ਪਿੰਡੋਂ, ਟਰਾਲੀ 'ਚ ਕਾਨ੍ਹੇ ਨੂੰ ਪਾ ਕੇ ਲਿਆਇਆ ਸੀ ਉਹ ਸਾਡੇ ਕੋਲ ਖੜ੍ਹਾ ਦੱਸ ਰਿਹਾ ਸੀ, "ਇਹ ਕੱਲਾ ਈ ਟੋਇਆਂ 'ਚ ਪਿਆ ਸੀ, ਮਾਰ ਕੁੱਟ ਕੇ ਸੁੱਟਿਆ । ਪਛਾਣਿਆ ਨਾ ਜਾਵੇ। ਮੈਂ ਕਿਹਾ ਇਹ ਤਾਂ ਸਾਡਾ ਸਾਨਗੀ ਵਾਲਾ ਕਾਨ੍ਹੈ ।ਬਈ ਇਹ ਕਿੱਥੇ। ਭਰਾਵੋ ਓਸੇ ਵੇਲੇ ਪਾਣੀ ਲਿਆ ਕੇ ਮੂੰਹ 'ਚ ਪਾਇਆ 'ਤੇ ਚੁੱਕ ਕੇ ਲੈ ਆਂਦਾ।"
"ਜੇ ਹੋਰ ਘੜੀ ਪਿਆ ਰਹਿੰਦਾ ਤਾਂ ਗਿਆ ਸੀ," ਭਗਤ ਚੰਦ ਹੌਲੀ ਜਿਹੇ ਬੋਲਿਆ।
"ਬਈ ਭਾਨਾ ਫੇ ਕਿਥੇ ਗਿਆ?" ਹਰਜੀਤ ਸਿੰਘ ਨੇ ਕਿਹਾ, "ਤੁਸੀਂ ਅੱਗੇ ਪਿੱਛੇ ਨਿਗ੍ਹਾ ਮਾਰਨੀ ਸੀ ।ਕੀ ਪਤਾ ਭਾਨਾ ਵੀ ਉਥੇ ਈ ਹੋਵੇ," ਉਹਨੇ ਡਰਾਈਵਰ ਨੂੰ ਕਿਹਾ।
"ਬੰਦੇ ਚੰਗੇ ਸੀ ।ਬੜਾ ਦਿਲ ਲਾਉਂਦੇ ਸੀ ।ਬੱਸ ਹੁਣ ਤਾਂ ਆਖ਼ਰੀ ਦਰਸ਼ਨ ਆ," ਪਾਨ ਵਾਲਾ ਗਿਰਧਾਰੀ ਬੋਲਿਆ। "ਸੱਟਾਂ ਬਹੁਤ ਆ, ਸਿਰ ਵਿਚ ਸੱਟ ਜ਼ਾਆਦਾ।"
ਤਦ ਕਾਨ੍ਹੇ ਨੇ ਅੱਖਾਂ ਪੁੱਟੀਆਂ। ਅਸੀਂ ਸਾਰੇ ਉਹਦੇ ਨੇੜੇ ਨੂੰ ਝੁਕੇ।
"ਕਾਨ੍ਹਿਆ !ਹੋਸ਼ ਕਰ ਭਾਈ ।ਅਸੀਂ ਆਂ ਤੇਰੇ ਕੋਲ," ਭਗਤ ਚੰਦ ਕਾਨ੍ਹੇ ਦੇ ਨੇੜੇ ਹੋਰ ਝੁਕ ਕੇ ਬੋਲਿਆ।
"ਓਏ ਮੇਰੀ ਸਾਨਗੀ ਕਿਥੇ ਆ ਭਾਨਿਆ ! ਉਹ ਭਾਨਿਆ," ਕਾਨ੍ਹੇ ਨੇ ਹੱਥ ਨੂੰ ਉਪਰ ਚੁੱਕਿਆ ਪਰ ਹੱਥ ਹੇਠਾਂ ਡਿੱਗ ਪਿਆ, "ਲਿਆ ਮੇਰਾ ਗਜ਼ । ਆਹ ਕੀ ਹੋ ਗਿਆ ਮੈਨੂੰ?" ਉਹਨੇ ਉਚੀ ਆਵਾਜ਼ 'ਚ ਕਿਹਾ ਤੇ ਅੱਖਾਂ ਪੂਰੀਆਂ ਖੋਲ੍ਹ ਦਿੱਤੀਆਂ।
ਅਸੀਂ ਪਿਛਾਂਹ ਹਟ ਗਏ ਤੇ ਇਕ ਦੂਜੇ ਦੀਆਂ ਅੱਖਾਂ ਵਿਚ ਬੈਠੇ ਕਾਨ੍ਹੇ ਨੂੰ ਦੇਖਣ ਲੱਗੇ।
ਪੰਜਾਬੀ ਕਹਾਣੀਆਂ (ਮੁੱਖ ਪੰਨਾ) |