Punjabi Stories/Kahanian
ਵਰਿਆਮ ਸਿੰਘ ਸੰਧੂ
Waryam Singh Sandhu
 Punjabi Kahani
Punjabi Kavita
  

Ang-Sang Waryam Singh Sandhu

ਅੰਗ-ਸੰਗ ਵਰਿਆਮ ਸਿੰਘ ਸੰਧੂ

ਅੱਜ ਭੋਗ ਪੈ ਗਿਆ ਸੀ। ਰਸਮ ਅਨੁਸਾਰ ਵੱਡੇ ਮੁੰਡੇ ਅਮਰੀਕ ਨੂੰ ਨਾਨਕੇ ਜ਼ਿੰਮੇਵਾਰੀ ਦੀ ਪੱਗ ਬੰਨ੍ਹਾ ਗਏ ਸਨ। ਇਸਦੇ ਨਾਲ ਹੀ ਉਸ ਨਿੱਕੇ ਜਿਹੇ ਅਦਨੇ ਆਦਮੀ ਦੇ ਨਿੱਕੇ ਜਿਹੇ ਇਤਿਹਾਸ ਦਾ ਅੰਤ ਹੋ ਗਿਆ ਸੀ; ਜਿਸ ਇਤਿਹਾਸ ਨੂੰ ਕਿਸੇ ਪੁਸਤਕ ਵਿੱਚ ਨਹੀਂ ਸੀ ਲਿਖਿਆ ਜਾਣਾ। ਪਰ ਜਿਸਦੇ ਕੀਤੇ ਛੋਟੇ ਵੱਡੇ ਕੰਮਾਂ ਨੇ ਉਸ ਛੋਟੇ ਜਿਹੇ ਪਰਿਵਾਰ ਦੇ ਜੀਵਨ ਉੱਪਰ ਵੱਖ-ਵੱਖ ਰੂਪਾਂ ਵਿੱਚ ਅਸਰ-ਅੰਦਾਜ਼ ਹੋਣਾ ਸੀ।
ਸਾਰਾ ਪਰਿਵਾਰ ਹਨੇਰੀ ਰਾਤ ਵਿੱਚ ਬਾਹਰ ਆਪੋ ਆਪਣੀਆਂ ਮੰਜੀਆਂ 'ਤੇ ਲੇਟਿਆ ਹੋਇਆ ਸੀ। ਇੱਕ ਚੁੱਪ ਹਨੇਰੇ ਵਾਤਾਵਰਣ ਵਿੱਚ ਤਣੀ ਹੋਈ ਸੀ। ਉਹ ਜੋ ਜਾ ਚੁੱਕਾ ਸੀ, ਅਜੇ ਵੀ ਮੁਸਕਰਾਉਂਦਾ, ਹੱਸਦਾ, ਗੁੱਸੇ ਹੁੰਦਾ, ਰੋਂਦਾ, ਮੱਝਾਂ ਚੋਂਦਾ, ਪੱਠੇ ਕੁਤਰਦਾ, ਡੰਗਰ ਖੋਲ੍ਹਦਾ-ਬੰਨ੍ਹਦਾ, ਉਹਨਾਂ ਨੂੰ ਪਾਣੀ ਪਿਆਉਂਦਾ, ਹਲ ਵਾਹੁੰਦਾ, ਜੀਆਂ ਨੂੰ ਵਰਚਾਉਂਦਾ, ਮਾਰਦਾ ਕੁੱਟਦਾ, ਵੱਖ-ਵੱਖ ਰੂਪਾਂ ਵਿੱਚ ਸਾਰੇ ਜੀਆਂ ਦੇ ਮਨ ਅੰਦਰ ਚੱਲਦੀ ਫ਼ਿਲਮ ਵਾਂਗ ਚਿਹਰੇ ਬਦਲ ਰਿਹਾ ਸੀ। ਉਹ ਚੁੱਪ ਬੁੱਲ੍ਹਾਂ ਨਾਲ, ਉਸ ਨਾਲ ਕੀਤੀਆਂ ਗੱਲਾਂ ਦੁਹਰਾ ਰਹੇ ਸਨ। ਉਹਨਾਂ ਨੂੰ ਲੱਗਦਾ ਸੀ ਜਿਵੇਂ ਉਹ ਗਿਆ ਨਹੀਂ, ਉਹਨਾਂ ਦੇ ਅੰਗ-ਸੰਗ ਸੀ। ਇਸੇ ਘਰ ਵਿੱਚ ਸੀ। ਉੇਹਨਾਂ ਦੇ ਕੋਲ ਹੀ ਪਰ੍ਹੇ ਡੰਗਰਾਂ ਅੱਗੇ ਸੁੱਤਾ ਹੋਇਆ। ਸ਼ਰਾਬ ਵਿੱਚ ਗੁੱਟ।
ਅਮਰੀਕ, ਜੋ ਪਿੰਡੋਂ ਦੂਰ ਕਿਧਰੇ ਤੀਜੇ ਦਰਜੇ ਦਾ ਸਰਕਾਰੀ ਮੁਲਾਜ਼ਮ ਸੀ, ਲੇਟਿਆ ਹੋਇਆ ਪਿਛਲੇ ਦਿਨਾਂ ਬਾਰੇ ਸੋਚ ਰਿਹਾ ਸੀ, ਜਿਹੜੇ ਦਿਨ ਉਸਦੇ ਪਿਤਾ ਕਰਤਾਰ ਸਿੰਘ ਦੀ ਮੌਤ ਤੋਂ ਪਿੱਛੋਂ ਇੱਕ ਕਾਲੇ ਪਰਛਾਵੇਂ ਵਾਂਗ ਉਸਦੇ ਨਾਲ ਨਾਲ ਤੁਰੇ ਸਨ। ਇਹਨਾਂ ਦਿਨਾਂ ਵਿੱਚ ਉਹ ਆਪਣੀ ਉਮਰ ਨਾਲੋਂ ਆਪਣੇ ਆਪ ਨੂੰ ਵੱਡਾ ਮਹਿਸੂਸ ਕਰਨ ਲੱਗ ਪਿਆ ਸੀ। ਜਿਵੇਂ ਕੂਲੇ ਵਹਿੜਕੇ ਨੂੰ ਹਲੀਂ ਜੋ ਦਿੱਤਾ ਹੋਵੇ। ਜਿਵੇਂ ਬਹੁਤ ਵੱਡਾ ਪਹਾੜੀ ਭਾਰ ਉਸਦੇ ਸਿਰ ਉੱਤੇ ਆ ਪਿਆ ਹੋਵੇ। ਉਸਨੂੰ ਤਾਂ ਅਜੇ ਇਸਦਾ ਚਿੱਤ ਚੇਤਾ ਵੀ ਨਹੀਂ ਸੀ। ਉਸਨੂੰ ਤਾਂ ਛੋਟਾ ਮਹਿੰਦਰ ਲੈਣ ਗਿਆ ਸੀ ਅਤੇ ਉਸ ਤੋਂ ਹੀ ਪਤਾ ਲੱਗਾ ਸੀ, ਕਿ ਕਰਤਾਰ ਸਿੰਘ ਨੇ ਖ਼ਬਰੇ ਰਾਤੀਂ ਬਹੁਤ ਨਸ਼ਾ ਪੀ ਲਿਆ ਸੀ ਜਾਂ ਖ਼ਬਰੇ 'ਵਾ ਵੱਜ' ਗਈ ਸੀ। ਸਵੇਰੇ ਜਦੋਂ ਚਾਹ ਬਣਾ ਕੇ ਡੰਗਰਾਂ ਅੱਗੇ ਸੁੱਤੇ ਨੂੰ ਅਮਰੀਕ ਦੀ ਮਾਂ ਜਾਗੀਰ ਕੌਰ ਜਗਾਉਣ ਗਈ ਤਾਂ ਉਹ ਬੇਹੋਸ਼ ਪਿਆ ਸੀ। ਸਾਹ 'ਘਰੜ ਘਰੜ' ਕਰਕੇ ਆ ਰਿਹਾ ਸੀ। ਉੁਸੇ ਵੇਲੇ ਪਿੰਡ ਦੇ ਡਾਕਟਰ ਨੂੰ ਸੱਦਿਆ ਗਿਆ ਅਤੇ ਉਸਦੇ ਜੁਆਬ ਦੇਣ ਤੇ ਟੈਕਸੀ ਕਰ ਕੇ ਉਹਨੂੰ ਸ਼ਹਿਰ ਹਸਪਤਾਲ ਲੈ ਆਂਦਾ ਸੀ। ਅਤੇ ਦੂਜੇ ਦਿਨ ਮਹਿੰਦਰ, ਅਮਰੀਕ ਦੀ ਮਾਂ ਅਤੇ ਅਮਰੀਕ ਤਿੰਨੇ ਕਰਤਾਰ ਸਿੰਘ ਦੀ ਲਾਸ਼ ਸ਼ਾਮ ਦੇ ਘੁਸਮੁਸੇ ਵਿੱਚ ਪਿੰਡ ਲੈ ਆਏ ਸਨ। ਵੱਡੀ ਕੁੜੀ ਬੰਸੋ ਨੇ- ਜੋ ਪਿਓ ਦੀ ਬੀਮਾਰੀ ਸੁਣ ਕੇ ਸਹੁਰਿਓਂ ਆ ਗਈ ਹੋਈ ਸੀ- ਪਿਤਾ ਦੀ ਲਾਸ਼ ਆਈ ਸੁਣ ਕੇ ਗਲੀਆਂ ਸਿਰ 'ਤੇ ਚੁੱਕ ਲਈਆਂ। ਉਹ ਚੀਕਾਂ ਮਾਰਦੀ ਹੋਈ ਪਿਓ ਦੀ ਲਾਸ਼ ਤੇ ਆ ਡਿੱਗੀ, "ਵੇ ਮੇਰਿਆ ਰਾਜਿਆ ਬਾਬਲਾ! ਸਾਨੂੰ ਵਿਲਕਦਿਆਂ ਯਤੀਮਾਂ ਨੂੰ ਛੱਡ ਕੇ ਕਿੱਧਰ ਤੁਰ ਗਿਓਂ ਵੇ। ਤੇਰੇ ਬਿਨਾਂ ਉੱਜੜ ਗਏ ਅਸੀਂ ਵੱਸਦੇ ਨਗਰ 'ਚ…।"
ਸਾਰਾ ਪਰਿਵਾਰ ਧਾਹਾਂ ਮਾਰ ਰਿਹਾ ਸੀ। ਲੋਕ ਜੁੜ ਗਏ ਸਨ…। ਤੇ ਉਹ ਸਾਰੀ ਰਾਤ ਉਹਨਾਂ ਦੀ ਰੋਂਦਿਆਂ ਗੁਜ਼ਰੀ ਸੀ। ਸਵੇਰ ਨੂੰ ਦੂਜੀ ਕੁੜੀ ਵੀ ਸਹੁਰਿਆਂ ਤੋਂ ਆ ਗਈ ਸੀ। ਹੋਰ ਰਿਸ਼ਤੇਦਾਰਾਂ ਦੇ ਆਉਣ ਤੇ ਕਰਤਾਰ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ ਸੀ। ਘਰ ਦਾ ਸਾਈਂ ਤੁਰ ਗਿਆ ਸੀ ਅਤੇ ਪਿੱਛੇ ਰਹਿ ਗਈਆਂ ਸਨ: ਅਫ਼ਸੋਸ ਲਈ ਆਏ ਲੋਕਾਂ ਦੀਆਂ ਦਿਲਬਰੀਆਂ।
"ਅਮਰੀਕ ਸਿਆਂ! ਫ਼ਿਕਰ ਨਾ ਕਰ! ਜੋ ਆਇਆ ਸੋ ਚੱਲਸੀ…ਮਾਂਹਰਾਜ 'ਚ ਲਿਖਿਐ……ਜੱਗ ਚੱਲਣੀ ਸਰਾਂ ਐ…ਵੱਡੇ ਵੱਡੇ ਲੱਦ 'ਗੇ…ਰੌਣ ਅਰਗੇ…ਜਿਨ੍ਹਾਂ ਕਾਲ ਨੂੰ ਪਾਵੇ ਨਾਲ ਬੱਧਾ ਸੀ। ਪਰ ਬੰਦਾ ਉਮਰ ਨਾਲ ਜਾਵੇ…ਹਿਰਖ਼ ਨਹੀਂ ਹੁੰਦਾ…ਉਹਨੂੰ ਲੈ ਬੈਠੇ ਉਹਦੇ ਵੈਲ…ਨਹੀਂ ਤਾਂ ਸਾਡੇ ਤਾਂ ਉਹ ਹੱਥਾਂ 'ਚ ਜੰਮਿਆ ਸੀ…। ਮਰਿਆਂ ਨਾਲ ਮਰਿਆ ਨਹੀਂ ਜਾਂਦਾ ਹੀਰਿਆ! ਹੁਣ ਤਾਂ ਸ਼ੇਰਾ ਟੱਬਰ ਦਾ ਭਾਰ ਤੇਰੇ ਸਿਰ ਐ…ਮਰਦ ਬਣ ਤੇ ਜ਼ਿੰਮੇਵਾਰੀ ਸੰਭਾਲ ਬਈ…।"
ਇਸ 'ਜ਼ਿੰਮੇਵਾਰੀ' ਅਤੇ 'ਫ਼ਰਜ਼' ਦੇ ਅਹਿਸਾਸ ਨੇ ਉਸਨੂੰ ਇੱਕ ਤਰ੍ਹਾਂ ਵਲ ਪਾ ਲਿਆ ਸੀ ਨਾਗ ਵਾਂਗੂੰ। ਇਸ ਨਾਗ ਦਾ ਪਹਿਲਾ ਡੰਗ ਉਹਨੂੰ ਉਦੋਂ ਵੱਜਾ ਸੀ, ਜਦੋਂ ਸੁਸਾਇਟੀ ਦਾ ਅਫ਼ਸਰ ਕਰਤਾਰ ਸਿੰਘ ਦੀ ਮੌਤ ਤੋਂ ਅੱਠਵੇਂ ਦਿਨ ਪਿੱਛੋਂ ਆਪਣੇ ਅਮਲੇ ਸਮੇਤ ਜੀਪ 'ਤੇ ਆਇਆ ਸੀ ਤੇ ਉਸਦੇ ਪਿਓ ਦੀ ਮੌਤ ਦਾ ਅਫ਼ਸੋਸ ਕਰਨ ਤੋਂ ਪਿੱਛੋਂ ਰਜਿਸਟਰ ਫੋਲ ਕੇ ਸਾਢੇ ਸੋਲਾਂ ਸੌ ਰੁਪਏ ਖ਼ਾਦ ਦੇ ਕਰਜ਼ੇ ਵਜੋਂ ਉਹਦੇ ਪਿਓ ਦੇ ਨਾਮ ਤੇ ਦੱਸਦਿਆਂ ਕਿਹਾ ਸੀ, "ਇਹ ਪੈਸੇ ਉਹਨਾਂ ਦੇ ਮਰਨ ਤੋਂ ਪਿੱਛੋਂ ਕਾਨੂੰਨ ਅਨੁਸਾਰ ਤੁਹਾਨੂੰ ਯੱਕ-ਮੁਸ਼ਤ ਜਮ੍ਹਾਂ ਕਰਵਾਉਣੇ ਪੈਣੇ ਹਨ।" ਅਮਰੀਕ ਨੂੰ ਅੱਗੋਂ ਕੁੱਝ ਅਹੁੜ ਨਹੀਂ ਸੀ ਰਿਹਾ। ਕੁੱਝ ਮੁਹਲਤ ਜਾਂ ਰਿਆਇਤ ਮੰਗਣ ਤੇ ਇੰਸਪੈਕਟਰ ਨੇ ਕਿਹਾ ਸੀ ਕਿ ਉਹ ਦੋ ਕਿਸ਼ਤਾਂ ਵਿੱਚ ਪੈਸੇ ਚੁਕਤਾ ਕਰ ਦੇਵੇ। ਪਹਿਲੀ ਕਿਸ਼ਤ ਲਈ ਉਹਨੇ ਪੰਦਰਾਂ ਦਿਨਾਂ ਦੀ ਮੁਹਲਤ ਦਿੱਤੀ ਸੀ। ਇਹ ਰਿਆਇਤ ਵੀ ਉਹ 'ਮੁਲਾਜ਼ਮ' ਭਰਾ ਹੋਣ ਦੇ ਨਾਤੇ ਕਰ ਗਿਆ ਸੀ।
ਛੋਟਾ ਮਹਿੰਦਰ ਕੋਈ ਬਹੁਤਾ 'ਸਾਊ' ਨਹੀਂ ਸੀ ਨਿਕਲਿਆ। ਉਸਦਾ ਵਾਹੀ ਵੱਲ ਕੋਈ ਬਹੁਤਾ ਧਿਆਨ ਨਹੀਂ ਸੀ। ਡੰਗਰ ਧੁੱਪੇ ਸੜਦੇ ਰਹਿੰਦੇ ਸਨ ਅਤੇ ਉਹ ਹਜ਼ਾਰੀ ਟੁੰਡੇ ਦੇ ਕੋਠੇ 'ਤੇ ਉੱਡਦੇ ਕਬੂਤਰਾਂ ਨੂੰ ਅਸਮਾਨ 'ਤੇ ਨਜ਼ਰਾਂ ਗੱਡੀ ਵੇਖਦਾ ਰਹਿੰਦਾ ਸੀ। ਪਿਓ ਨੂੰ ਵੀ ਅੱਗੋਂ ਸਿੱਧਾ ਆਉਂਦਾ ਸੀ। ਉਸਦੇ ਮੋਢੇ ਨਾਲ ਮੋਢਾ ਜੋੜ ਕੇ ਸੰਕਟ ਵਿੱਚੋਂ ਲੰਘ ਜਾਣ ਦੀ ਬਹੁਤੀ ਆਸ ਨਹੀਂ ਸੀ। ਉਸ ਤੋਂ ਛੋਟੀ ਕੁੜੀ ਅਜੇ ਸੱਤਵੀਂ ਵਿੱਚ ਪੜ੍ਹਦੀ ਸੀ। ਅਮਰੀਕ ਨੇ ਸੋਚਿਆ, ਸ਼ੁਕਰ ਰੱਬ ਦਾ ਕਰਤਾਰ ਸਿੰਘ ਦੋ ਵੱਡੀਆਂ ਕੁੜੀਆਂ ਹੱਥੀਂ ਵਿਆਹ ਗਿਆ ਸੀ ਨਹੀਂ ਤਾਂ…।
ਤੇ ਉਸ ਲੰਮਾ ਹੌਕਾ ਭਰਿਆ…ਚੰਗਾ ਸੀ ਜਾਂ ਮਾੜਾ; ਭਾਵੇਂ ਸ਼ਰਾਬ ਪੀਂਦਾ ਸੀ ਅਤੇ ਭਾਵੇਂ ਅਫ਼ੀਮ ਖਾਂਦਾ ਸੀ; ਅਮਰੀਕ ਨੂੰ ਤਾਂ ਪਿਓ ਦੇ ਜਿਊਂਦਿਆਂ ਪਰਿਵਾਰ ਦਾ ਕੋਈ ਫ਼ਿਕਰ ਨਹੀਂ ਸੀ। ਉਹ ਤਾਂ ਮਹੀਨੇ ਪਿੱਛੋਂ ਅੱਧੀ ਤਨਖ਼ਾਹ ਆਪਣੇ ਵਰਤਣ ਲਈ ਰੱਖ ਕੇ ਅੱਧੀ ਤਨਖ਼ਾਹ ਆਪਣੀ ਮਾਂ ਦੇ ਹੱਥ 'ਤੇ ਲਿਆ ਰੱਖਦਾ ਸੀ। ਤਨਖ਼ਾਹ ਨਾਲ ਅਤੇ ਮਾੜੀ ਚੰਗੀ ਵਾਹੀ ਨਾਲ ਉਹ ਘਰ ਦਾ ਸਾਰਾ ਖ਼ਰਚ ਤੋਰੀ ਫ਼ਿਰਦੇ ਸਨ। ਅਮਰੀਕ ਨੇ ਕਦੀ ਡੂੰਘਾਈ ਵਿੱਚ ਜਾਣ ਦੀ ਕੋਸ਼ਿਸ਼ ਹੀ ਨਹੀਂ ਸੀ ਕੀਤੀ ਕਿ ਘਰ ਦਾ ਸਾਰਾ ਗੁਜ਼ਾਰਾ ਕਿਵੇਂ ਚੱਲ ਰਿਹਾ ਸੀ? ਦਰਅਸਲ ਉਹਨੂੰ ਪਿਉ ਦੇ ਸ਼ਰਾਬ ਪੀਣ ਅਤੇ ਅਫ਼ੀਮ ਖਾਣ ਨਾਲ ਇੱਕ ਤਰ੍ਹਾਂ ਦੀ ਚਿੜ੍ਹ ਜਿਹੀ ਸੀ। 'ਜੋ ਮਰਜ਼ੀ ਕਰੋ ਮੇਰੀ ਵੱਲੋਂ' ਉਹਦਾ ਕੁੱਝ ਇੰਝ ਦਾ ਰਵੱਈਆ ਰਿਹਾ ਸੀ। ਉਹ ਅੰਦਰੋ ਅੰਦਰੀ ਪਿਉ ਤੋਂ ਦੂਰ ਨਾ ਹੁੰਦਾ; ਖ਼ਬਰੇ ਉਹਨੂੰ ਪਿਆਰ ਕਰਦਾ, ਸਮਝਾਉਂਦਾ ਤਾਂ ਸ਼ਾਇਦ ਉਹ ਇਸ ਹੱਦ ਤੱਕ ਨਾ ਵਧਦਾ, ਜਿਸ ਹੱਦ ਨੂੰ ਲੰਘ ਕੇ ਉਹ ਸ਼ਰਾਬ ਵਿੱਚ ਰੁੜ੍ਹ ਗਿਆ ਸੀ।
ਉਹਨੂੰ ਆਪਣਾ ਆਪ ਵੀ ਆਪਣੇ ਪਿਓ ਦੀ ਮੌਤ ਦਾ ਇੱਕ ਕਾਰਨ ਲੱਗਾ। ਉਹਦੀਆਂ ਅੱਖਾਂ ਵਿੱਚ ਪਾਣੀ ਤੈਰ ਆਇਆ। ਉਸਨੇ ਅੱਖਾਂ ਘੁੱਟ ਕੇ ਮੀਚੀਆਂ। ਫ਼ਿਰ ਖੋਲ੍ਹੀਆਂ। ਅੱਖਾਂ ਵਿਚਲੇ ਪਾਣੀ ਕਰਕੇ ਅਸਮਾਨ ਦੇ ਤਾਰੇ ਧੁੰਦਲੇ ਹੋ ਗਏ ਸਨ।
ਕਈ ਸਾਲਾਂ ਤੋਂ ਉਹ ਪਿਓ ਨਾਲ ਘੁੱਟਿਆ ਘੁੱਟਿਆ ਰਿਹਾ ਸੀ। ਉਹਨਾਂ ਇੱਕ ਦੂਜੇ ਨਾਲ ਕਦੀ ਘੱਟ ਵੱਧ ਹੀ ਦਿਲ ਦੀ ਗੱਲ ਕੀਤੀ ਸੀ। ਉਸਨੂੰ ਕਈ ਅਜਿਹੇ ਪਿਉ-ਪੁੱਤਾਂ ਦਾ ਖ਼ਿਆਲ ਆਇਆ ਜੋ ਇੱਕ ਦੂਜੇ ਨਾਲ ਦੋਸਤਾਂ ਵਾਂਗ ਹੱਸਦੇ ਪਿਆਰ ਕਰਦੇ, ਗੱਲਾਂ ਕਰਦੇ ਸਨ। ਉਹ ਵੀ ਤਾਂ ਇੰਜ ਕਰ ਸਕਦਾ ਸੀ…ਪਰ ਉਹ ਕੁੱਝ ਵੀ ਨਹੀਂ ਸਨ ਕਰ ਸਕੇ ਅਤੇ ਉਹਦਾ ਪਿਓ ਤੁਰ ਗਿਆ ਸੀ…ਛੋਟੀ ਉਮਰ ਵਿੱਚ ਹੀ। ਪੰਜਤਾਲੀ ਸਾਲ ਵੀ ਕੋਈ ਉਮਰ ਹੁੰਦੀ ਹੈ! ਉਹਦੇ ਅੰਦਰ ਭਰਵੀਂ ਰੀਝ ਜਾਗੀ; ਕਾਸ਼! ਕਿਤੇ ਉਹਦਾ ਪਿਉ ਜਿਊਂਦਾ ਹੋ ਜਾਵੇ ਅਤੇ ਉਹ ਉਸ ਨਾਲ ਏਨਾ ਪਿਆਰ ਕਰੇ; ਏਨਾ ਪਿਆਰ ਕਰੇ…।
ਤੇ ਉਹ ਦੂਰ ਬਚਪਨ ਵਿੱਚ ਗਵਾਚ ਗਿਆ। ਨਿੱਕੀ ਨਿੱਕੀ ਦਾਹੜੀ ਵਾਲਾ ਉਹਦਾ ਪਿਉ ਉਸਨੂੰ ਪਹਿਲੀ ਜਮਾਤ ਵਿੱਚ ਦਾਖ਼ਲ ਕਰਵਾਉਣ ਗਿਆ ਤਾਂ ਮਾਸਟਰ ਮੁਲਖ਼ ਰਾਜ ਅਮਰੀਕ ਨੂੰ ਪਿੱਠ ਥਾਪੜਦਿਆਂ ਕਹਿ ਰਿਹਾ ਸੀ, "ਆਹ ਵੇਖ ਤੇਰੇ ਜਿੱਡੇ ਸਾਰੇ ਮੁੰਡੇ! ਔਹ ਵੇਖ ਖ਼ੁਸ਼ੀਏ ਖੋਤੀ ਦਾ ਮੁੰਡਾ ਤੇਰੇ ਤੋਂ ਵੀ ਛੋਟਾ…ਓ ਮੁੰਡਿਓ 'ਮਰੀਕੇ ਦਾ ਪਿਓ ਵੀ ਮੇਰੇ ਕੋਲ ਪੜ੍ਹਦਾ ਰਿਹਾ ਜੇ ਤੇ ਹੁਣ ਮਰੀਕ ਸੁੰਹ ਸਰਦਾਰ ਵੀ ਪੜ੍ਹਿਆ ਕਰੂ।"
ਤੇ ਪਤਾਸੇ ਵੰਡਣ ਤੋਂ ਬਾਅਦ ਮਾਸਟਰ ਨੇ ਜਦੋਂ ਉਹਦੇ ਪਿਓ ਤੋਂ ਪੰਜਾਂ ਰੁਪਿਆਂ ਦਾ ਨੋਟ 'ਦਾਖ਼ਲ ਕਰਾਈ' ਲਿਆ ਸੀ ਤਾਂ ਉਹ ਹੱਸ ਕੇ ਕਹਿਣ ਲੱਗਾ ਸੀ, "ਮਾਸਟਰ ਜੀ ਇਹਨੂੰ ਵੀ ਕਿਤੇ ਸਾਡੇ ਵਰਗਾ ਈ ਨਾ ਪੜ੍ਹਾਇਓ। ਸਾਡੀ ਤਾਂ ਬੇੜੀ ਡੋਬ 'ਤੀ ਜੇ; ਇਹਨੂੰ ਬੰਨੇ ਲਾ ਦਿਓ।" ਤੇ ਮੁਲਖ਼ ਰਾਜ 'ਖੀਂਹ ਖੀਂਹ' ਕਰਕੇ ਹੱਸਦਾ ਹੋਇਆ ਕਹਿ ਰਿਹਾ ਸੀ, "ਆ ਜਾ ਪੁੱਤਰਾ! ਬਾਜ਼ ਆ ਜਾਹ।"
ਤੇ ਅਮਰੀਕ ਨੂੰ ਲੱਗਾ; ਉਹਦਾ ਪਿਓ ਵਗਦੇ ਦਰਿਆ ਵਿੱਚ ਉਹਨੂੰ ਇਕੱਲਿਆਂ ਛੱਡ ਕੇ ਪਰਲੇ ਬੰਨੇ ਤੇ ਖਲੋਤਾ ਹੱਸ ਰਿਹਾ ਸੀ। ਕੱਕੀ-ਕੱਕੀ ਦਾਹੜੀ ਅਤੇ ਨਿੱਕੀਆਂ ਨਿੱਕੀਆਂ ਮੁੱਛਾਂ ਵਾਲਾ- ਜਿਸ ਨੂੰ ਕਦੀ ਉਹ ਬੜਾ ਪਿਆਰ ਕਰਦਾ ਸੀ। ਜਿਹੜਾ ਅਜੇ ਵੀ ਛਾਲਾਂ ਮਾਰਦਾ ਸੀ ਅਤੇ ਸਾਰਿਆਂ ਤੋਂ ਅੱਗੇ ਡਿੱਗਦਾ ਸੀ ਅਤੇ ਫ਼ਿਰ ਹੋਰਨਾਂ ਨੂੰ ਹੱਸ ਕੇ ਕਹਿੰਦਾ ਸੀ, "ਅਸੀਂ ਤਾਂ ਜੀਅ-ਜੰਤ ਵਾਲੇ ਹੋ ਗਏ ਆਂ- ਹੁਣ ਸਾਥੋਂ ਛਾਲਾਂ ਕਿੱਥੇ ਵੱਜਦੀਆਂ-'ਬੁੱਢਿਆਂ ਬੰਦਿਆਂ' ਤੋਂ। ਤੇ ਫ਼ਿਰ ਛੇ ਸੱਤ ਸਾਲ ਦੇ ਅਮਰੀਕ ਦੀ ਪਿੱਠ ਥਾਪੜ ਕੇ ਆਖਦਾ, "ਤੂੰ ਮਾਰਿਆ ਕਰ ਛਾਲਾਂ ਪੁੱਤਰਾ ਹੁਣ ਸਾਡੀ ਥਾਂ 'ਤੇ; 'ਬੁੱਢਿਆਂ ਬੰਦਿਆਂ' ਦੀ ਥਾਂ 'ਤੇ" – ਤੇ ਕਈ ਸਾਲ ਅਮਰੀਕ ਇਹ ਉਡੀਕਦਾ ਰਿਹਾ ਸੀ ਕਿ ਉਹਦਾ ਪਿਓ ਬੁੱਢਾ ਹੋਵੇ। ਉਹਦੀ ਦਾੜ੍ਹੀ ਵਿੱਚ ਧੌਲੇ ਆਉਣ; ਕਿਉਂਕਿ ਜਦੋਂ ਕੋਈ ਨਵਾਂ ਆਇਆ ਮਾਸਟਰ ਜਾਂ ਅਜਨਬੀ ਬੰਦਾ ਅਮਰੀਕ ਕੋਲੋਂ ਉਸਦੇ ਪਿਓ ਬਾਰੇ ਪੁੱਛਦਾ ਤਾਂ ਇਹੋ ਆਖਦਾ, "ਉਹ ਤੇਰਾ ਵੱਡਾ ਭਰਾ ਐ?" ਤੇ ਅਮਰੀਕ ਨੂੰ ਇਹ ਚੰਗਾ ਨਾ ਲੱਗਦਾ। ਉਹਦਾ ਪਿਓ, ਪਿਓ ਕਿਉਂ ਨਹੀਂ ਲੱਗਦਾ, ਭਰਾ ਕਿਓਂ ਲੱਗਦਾ ਹੈ? ਤੇ ਉਹ ਸੋਚਦਾ ਸਾਰੇ ਪਿਉਵਾਂ ਨੂੰ ਸਿਆਣੇ-ਸਿਆਣੇ ਅਤੇ ਧੌਲੀ ਦਾੜ੍ਹੀ ਵਾਲੇ ਹੋਣਾ ਚਾਹੀਦਾ ਹੈ।
ਤੇ ਛਾਲਾਂ ਮਾਰਦੇ ਉਹਦੇ ਪਿਓ ਨੂੰ ਕੋਈ ਬਜ਼ੁਰਗ ਹੱਸ ਕੇ ਕਹਿੰਦਾ, "ਪੁੱਤਰਾ! ਆਉਂਦੀਆਂ ਗੱਲਾਂ ਤੈਨੂੰ- ਤੇਰੇ ਸਿੰਙਾਂ ਤੇ ਐ ਅਜੇ- ਜਦੋਂ ਸਿਰ 'ਤੇ ਪਈ- ਫ਼ਿਰ ਵੇਖੀਂ। ਦੇ ਸੀਸਾਂ ਪਿਓ ਦੇ ਸਿਰ ਨੂੰ; ਜਿਹੜਾ ਸਿੰਘਾਪੁਰੋਂ ਚਾਰ ਪੈਸੇ ਘਲਾਈ ਜਾਂਦੈ।"
ਤੇ ਉਹ ਸੱਚੀਂ ਪਿਓ ਦੇ ਸਿਰ ਤੇ ਐਸ਼ ਲੈਂਦਾ ਰਿਹਾ ਸੀ। ਜ਼ਮੀਨ ਹਿੱਸੇ ਠੇਕੇ 'ਤੇ ਦੇ ਛੱਡਦਾ ਅਤੇ ਆਪ ਪਿੰਡ ਦੀਆਂ ਢਾਣੀਆਂ ਵਿੱਚ ਦੋ-ਘੋੜਾ ਬੋਸਕੀ ਦੀ ਲਿਸ਼ਕਦੀ ਕਮੀਜ਼ ਪਾਈ, ਸਿਰ ਤੇ ਗਾਜਰੀ ਰੰਗ ਦੀ ਪੱਗ ਬੰਨ੍ਹੀ ਫ਼ਿਰਦਾ। ਉਸਦੇ ਹੱਥਾਂ ਵਿੱਚ ਤੇਲ ਨਾਲ ਲਿਸ਼ਕਦੀ ਸੰਮਾਂ ਵਾਲੀ ਡਾਂਗ ਹੁੰਦੀ। ਯਾਰ ਬੇਲੀ 'ਪੈਸੇ ਵਾਲਾ ਆਦਮੀ' ਕਹਿ ਕੇ ਉਸ ਤੋਂ ਖਾਂਦੇ ਰਹਿੰਦੇ।
ਅਮਰੀਕ ਨੂੰ ਯਾਦ ਸੀ ਉਸਦੇ ਪਿਓ ਨੇ ਨਿੱਕੇ-ਨਿੱਕੇ ਕਈ ਸ਼ੁਗਲ ਪਾਲ ਰੱਖੇ ਸਨ। ਛਾਲਾਂ ਮਾਰਨ ਅਤੇ ਕੌਡੀ ਖੇਡਣ ਤੋਂ ਬਿਨਾਂ ਉਸਨੇ ਵਧੀਆ ਸ਼ਿਕਾਰੀ ਕੁੱਤੇ ਵੀ ਰੱਖੇ ਹੋਏ ਸਨ ਅਤੇ ਉਹ ਢਾਣੀਆਂ ਬੰਨ੍ਹ ਕੇ ਸ਼ਿਕਾਰ ਨੂੰ ਤੁਰਿਆ ਰਹਿੰਦਾ। ਦੂਜੇ ਚੌਥੇ ਦਿਨ ਉਹਨਾਂ ਦੇ ਘਰ ਮਾਸ ਨੂੰ ਤੜਕੇ ਲੱਗਦੇ ਰਹਿੰਦੇ ਅਤੇ ਚੁਬਾਰੇ ਵਿੱਚ ਦੇਰ ਤਾਈਂ ਮਹਿਫ਼ਿਲ ਜੁੜੀ ਰਹਿੰਦੀ। ਉਦੋਂ ਅਜੇ ਨਵੀਆਂ ਖ਼ਾਦਾਂ ਅਤੇ ਬੀਜ ਤੁਰੇ ਨਹੀਂ ਸਨ। ਇਸ ਲਈ ਕਰਤਾਰ ਸਿੰਘ ਨੂੰ ਜ਼ਮੀਨ ਖ਼ਰੀਦਣ ਦਾ ਕੋਈ ਲਾਲਚ ਨਹੀਂ ਸੀ, ਕਿਉਂਕਿ ਇਹ ਕੋਈ ਬਹੁਤੀ ਆਮਦਨ ਦਾ ਵਸੀਲਾ ਨਹੀਂ ਸੀ। ਸ਼ਾਇਦ ਉਂਜ ਵੀ 'ਬਹੁਤੀ ਆਮਦਨ' ਕਮਾਉਣ ਵੱਲ ਉਸਦਾ ਰੁਝਾਨ ਨਹੀਂ ਸੀ। ਇੰਝ ਪਿਓ ਵੱਲੋਂ ਭੇਜੇ ਪੈਸੇ ਉਹ ਗੁਲਸ਼ੱਰਿਆਂ ਵਿੱਚ ਹੀ ਉਡਾ ਦਿੰਦਾ ਸੀ।
ਪਰ ਪਿੰਡ ਵਿੱਚ ਉਸਦੀ ਇੱਜ਼ਤ ਬਣੀ ਹੋਈ ਸੀ। ਵਧੀਆ ਖਿਡਾਰੀ ਹੋਣ ਕਰਕੇ, ਚਿੱਟੇ ਕੱਪੜਿਆਂ ਕਰਕੇ, ਪੈਸੇ ਵਾਲੇ ਦਾ ਪੁੱਤ ਕਰਕੇ ਅਤੇ ਚਾਰ ਬੰਦੇ ਡਾਂਗਾਂ ਫੜਕੇ ਤੁਰਨ ਵਾਲੇ ਨਾਲ ਹੋਣ ਕਰਕੇ। ਅਮਰੀਕ ਪਿਓ ਦੇ ਨਾਲ ਫ਼ਿਰਦਾ ਤਾਂ ਉਹਦੇ ਪਿਓ ਦੇ ਯਾਰ ਉਹਨੂੰ ਲਡਾਉਂਦੇ ਰਹਿੰਦੇ। ਉਹਦੀਆਂ ਗੋਰੀਆਂ ਗੱਲ੍ਹਾਂ ਥਪਕਦੇ ਉਹਦੇ ਪਿਓ ਨੂੰ ਮੁਖ਼ਾਤਬ ਹੁੰਦੇ, "ਤੇਰੀ ਜ਼ਨਾਨੀ ਸੂਏ ਵਧੀਆ ਸੂੰਦੀ ਏ ਮੁੱਛੇ!" – 'ਤੇ ਅਮਰੀਕ ਜੋ ਥੋੜ੍ਹਾ ਥੋੜ੍ਹਾ ਸਿਆਣਾ ਹੋ ਰਿਹਾ ਸੀ; ਉਹਨਾਂ ਦੀ ਗੱਲ ਸੁਣ ਕੇ ਕੰਨਾਂ ਤਾਈਂ ਲਾਲ ਹੋ ਜਾਂਦਾ।
ਇੰਝ ਕਰਤਾਰ ਸਿੰਘ ਦਾ ਪਿੰਡ ਵਿੱਚ ਟੌਅ੍ਹਰ ਸੀ ਅਤੇ ਉਹਦੇ ਕਰਕੇ ਅਮਰੀਕ ਦਾ ਸਕੂਲ ਵਿੱਚ। ਕੋਈ ਨਿਆਣਾ ਉਹਨੂੰ ਮਾਰਦਾ ਨਹੀਂ ਸੀ। ਚੰਗੇ ਕੱਪਿੜਆਂ ਵਾਲਾ ਹੋਣ ਕਰਕੇ ਸਾਰੇ ਮੁੰਡੇ ਉਸਨੂੰ ਯਾਰ ਬਣਾਉਣਾ ਲੋਚਦੇ। ਮਾਸਟਰ ਉਸਨੂੰ ਪਿਆਰ ਕਰਦਾ ਸੀ।
ਤੇ ਅਮਰੀਕ ਉਹ ਦਿਨ ਯਾਦ ਕਰਕੇ ਸੋਚ ਰਿਹਾ ਸੀ; ਕਾਸ਼! ਉਹਦਾ ਪਿਓ ਸਦਾ ਇਸ ਤਰ੍ਹਾਂ ਰਹਿੰਦਾ ਅਤੇ ਉਹ ਉਸਨੂੰ ਓਸੇ ਤਰ੍ਹਾਂ ਹੀ ਪਿਆਰ ਕਰਦਾ ਰਹਿੰਦਾ।
ਅਮਰੀਕ ਦੀ ਦਾਦੀ ਕਰਤਾਰ ਸਿੰਘ ਨੂੰ ਇੰਝ ਢਾਣੀਆਂ ਵਿੱਚ ਫ਼ਿਰਨ ਤੋਂ ਵਰਜਦੀ ਰਹਿੰਦੀ। ਪਰ ਉਹ ਕਿਸਦੀ ਪਰਵਾਹ ਕਰਦਾ ਸੀ! ਪਤਨੀ ਨੂੰ ਤਾਂ ਜੁਰਅੱਤ ਹੀ ਨਹੀਂ ਸੀ ਕਿ ਉਸ ਅੱਗੇ ਉਭਾਸਰੇ। 'ਜ਼ਨਾਨੀਆਂ ਦਾ ਕੀ ਕੰਮ ਬੰਦਿਆਂ ਦੇ ਮਾਮਲਿਆਂ 'ਚ ਦਖ਼ਲ ਦੇਣ ਦਾ' ਉਸਦਾ ਇਹ ਵਿਚਾਰ ਸੀ…। ਅਤੇ ਇੰਜ ਦਿਨ ਗੁਜ਼ਰਦੇ ਜਾ ਰਹੇ ਸਨ। ਅਮਰੀਕ ਦਾ ਦਾਦਾ ਦੋ-ਚਹੁੰ ਸਾਲਾਂ ਬਾਅਦ ਕਿਧਰੇ ਆਉਂਦਾ ਸੀ। ਅਮਰੀਕ ਦੇ ਜੰਮਣ 'ਤੇ ਜਦੋਂ ਉਹ ਆਇਆ ਤਾਂ ਉਦੋਂ ਦੋ ਕੋਠੜੀਆਂ ਅੱਗੇ ਸੁਫ਼ਾ ਅਤੇ ਅੱਗੇ ਬਰਾਂਡਾ ਛੱਤਵਾ ਕੇ ਉੱਪਰ ਚੁਬਾਰਾ ਪਵਾ ਗਿਆ ਸੀ। ਉਹ ਕਰਤਾਰ ਸਿੰਘ ਨੂੰ ਬਥੇਰਾ ਸਮਝਾਉਦਾ ਕਿ ਫ਼ਜ਼ੂਲ ਖ਼ਰਚੀ ਵਿੱਚ ਪੈਸਾ ਘੱਟ ਉਡਾਇਆ ਕਰੇ। ਕੋਈ ਜ਼ਮੀਨ ਹੋਰ ਖ਼ਰੀਦ ਲਵੇ। ਉਹ ਦੱਸਦਾ ਕਿਵੇਂ ਰੋਟੀ ਤੋਂ ਆਤੁਰ ਹੋ ਕੇ, ਕਰਜ਼ੇ ਹੇਠਾਂ ਦੱਬੇ ਜਾਣ ਅਤੇ ਜ਼ਮੀਨ ਗਹਿਣੇ ਪੈ ਜਾਣ 'ਤੇ ਘਰੋਂ ਨਿਕਲਿਆ ਸੀ। ਤੇ ਕਿਵੇਂ ਉਸਨੇ ਹੌਲੀ ਹੌਲੀ ਗਹਿਣੇ ਪਈ ਸਾਰੀ ਪੈਲੀ ਛੁਡਵਾਈ ਸੀ। ਉਹ ਬਾਹਰਲੇ ਮੁਲਕਾਂ ਵਿੱਚ ਕੰਮ ਦੀ ਕਦਰ ਬਾਰੇ ਵਿਚਾਰ ਦਿੰਦਾ, ਜਿੱਥੇ ਨਿੱਕੇ ਤੋਂ ਨਿੱਕੇ ਕੰਮ ਕਰਨ ਵਿੱਚ ਕੋਈ ਨਮੋਸ਼ੀ ਨਹੀਂ ਸੀ ਸਮਝੀ ਜਾਂਦੀ। ਜਿੱਥੇ ਫ਼ੋਕੀ ਫ਼ੂੰ ਫ਼ਾਂ ਦੇ ਕੋਈ ਅਰਥ ਨਹੀਂ ਸਨ।
ਅਮਰੀਕ ਨੂੰ ਯਾਦ ਸੀ, ਜਦੋਂ ਉਹਦਾ ਦਾਦਾ ਆਖ਼ਰੀ ਵਾਰ ਆਇਆ ਸੀ ਤਾਂ ਉਹਨੇ ਚੁਬਾਰੇ ਵਿੱਚ ਬੈਠੀ ਢਾਣੀ ਸਾਹਮਣੇ ਹੱਸਦਿਆਂ ਉਹਦੇ ਪਿਓ ਨੂੰ ਆਖਿਆ ਸੀ, "ਓ ਕਰਤਾਰ ਸਿਅ੍ਹਾਂ! ਜਦੋਂ ਮੈਂ ਆਉਂਦਾਂ, ਮੈਂ ਸੋਚਦਾਂ ਤੇਰੇ ਨਾਲ ਕੋਈ ਦਿਲ ਦੀ ਗੱਲ ਕਰਾਂ…ਪਰ ਤੂੰ ਕਿਤੇ ਵਿਹਲੇ ਵੇਲੇ ਸੋਫ਼ੀ ਹਾਲਤ ਵਿੱਚ ਹੋਵੇ ਤਾਂ ਐ ਨਾਂ…।"
"ਕਰ ਤੂੰ ਜਿਹੜੀ ਕਰਨੀ ਐਂ…ਤੇਰੀ ਨਹੀਂ ਤਾਂ ਹੋਰ ਕੀਹਦੀ ਮੰਨਣੀ ਐਂ? ਤੇਰੇ ਸਿਰ ਤੇ ਬਜ਼ੁਰਗਾ ਐਸ਼ਾਂ ਕਰਦੇ ਆਂ…।"
"ਓ ਜਿਊਂਦਾ ਰਹੇਂ…।" ਬੁੱਢੇ ਨੇ ਵੀ ਛਿੱਟ ਮੂੰਹ ਨੂੰ ਲਾਈ ਹੋਈ ਸੀ, "ਦਿਲ ਦੀ ਕੀ ਕਰਨੀ ਆਂ ਤੇ ਕੀ ਨਾ ਕਰਨੀ ਆਂ। ਮੈਂ ਏਡੇ ਏਡੇ ਮਕਾਨ ਤੈਨੂੰ ਪਾ ਕੇ ਦਿੱਤੇ ਨੇ…ਸਹੁਰਿਆ! ਮੈਂ ਆਹਨਾਂ ਕਿਤੇ ਮੇਰੇ ਜਿਊਂਦੇ ਇਹਨਾਂ ਨੂੰ ਕਲੀ ਈ ਕਰਾ ਛੱਡ…।"
ਤੇ ਸਾਰੀ ਢਾਣੀ ਵਿੱਚ ਠੱਠਾ ਮੱਚ ਗਿਆ ਸੀ।
ਪਰ ਕਰਤਾਰ ਸਿੰਘ ਨੇ ਨਾ ਹੀ 'ਮਕਾਨ ਕਲੀ' ਕਰਾਏ ਸਨ ਅਤੇ ਨਾ ਹੀ ਜ਼ਮੀਨ ਖ਼ਰੀਦੀ ਸੀ। ਅਤੇ ਉਦੋਂ ਹੀ 'ਛੁੱਟੀ ਕੱਟ ਕੇ' ਗਿਆ ਉਸਦਾ ਪਿਓ ਤੀਸਰੇ-ਚੌਥੇ ਮਹੀਨੇ ਚੜ੍ਹਾਈ ਕਰ ਗਿਆ ਸੀ। ਹੱਸਦੇ ਖੇਡਦੇ ਕਰਤਾਰ ਸਿੰਘ ਦੇ 'ਸਿੰਙਾਂ' ਤੋਂ 'ਸਿਰ' 'ਤੇ ਪੈ ਗਈ ਸੀ। ਬਾਹਰੋਂ ਆਉਂਦਾ ਪੈਸਾ ਇੱਕ-ਦਮ ਬੰਦ ਹੋ ਗਿਆ ਸੀ। ਰਿਸ਼ਤੇਦਾਰਾਂ ਅਤੇ ਸੱਜਣਾਂ-ਮਿੱਤਰਾਂ ਨੇ ਉਸਨੂੰ ਸਲਾਹ ਦਿੱਤੀ ਕਿ ਉਹ ਬੰਦਾ ਰੱਖ ਕੇ ਆਪ ਵਾਹੀ ਕਰਵਾਏ ਤਾਂ ਹੀ ਗੁਜ਼ਾਰਾ ਚੱਲੇਗਾ। ਤੇ ਅਮਰੀਕ ਨੂੰ ਇਹ ਵੀ ਕੱਲ੍ਹ ਵਾਂਗ ਯਾਦ ਸੀ; ਉਸਦਾ ਪਿਓ ਅਤੇ ਮਾਮਾ ਬੀਕਾਨੇਰ ਵੱਲੋਂ ਬਲਦਾਂ ਦੀ ਇੱਕ ਵਧੀਆ ਜੋੜੀ ਖ਼ਰੀਦ ਕੇ ਲਿਆਏ ਸਨ। ਲਿਸ਼ ਲਿਸ਼ ਕਰਦੇ ਦੁੱਧ ਚਿੱਟੇ ਪਿੰਡਿਆਂ ਵਾਲੇ ਬਲਦ ਜਦੋਂ ਅਮਰੀਕ ਦੇ ਨਾਨਕੇ ਮੁਕਾਬਲੇ ਵਿਚ ਖਰਾਸ 'ਤੇ ਜੁੱਪੇ ਸਨ ਤਾਂ ਉਹਨਾਂ ਦੀ ਜੋਗ ਜਿੱਤ ਕੇ ਮੁੜੀ ਸੀ।
ਭਾਵੇਂ ਕਰਤਾਰ ਸਿੰਘ ਦੇ ਸਿਰ 'ਤੇ ਪੈ ਗਈ ਸੀ, ਪਰ ਫ਼ਿਰ ਵੀ ਉਹ ਆਪਣੇ ਕੱਪੜੇ ਚਿੱਟੇ ਦੁੱਧ-ਧੋਤੇ ਰੱਖਦਾ। ਉਸਦੀ ਜੁੱਤੀ ਹਮੇਸ਼ਾਂ ਲਿਸ਼ਕਦੀ ਰਹਿੰਦੀ। ਬੰਦਾ ਰੱਖ ਕੇ ਵਾਹੀ ਕਰਵਾਉਂਦਾ। ਆਪ ਪੱਠੇ ਲਿਆ ਛੱਡਦਾ ਅਤੇ ਫ਼ਿਰ ਖੁੰਢਾਂ ਤੇ ਬਹਿ ਛੱਡਦਾ ਜਾਂ ਤਾਸ਼ ਖੇਡਦਾ ਰਹਿੰਦਾ। ਘਰ ਦੇ ਵੀ ਸਮਝਾਉਂਦੇ ਅਤੇ ਬਾਹਰ ਦੇ ਵੀ, "ਵਾਹੀਆਂ ਮਿੱਟੀ ਨਾਲ ਮਿੱਟੀ ਹੋਇਆਂ ਹੁੰਦੀਆਂ ਨੇ, ਬਿਗ਼ਾਨੇ ਪੁੱਤ ਸਿਰ ਤੇ ਹੋਇਆਂ ਬਿਨਾਂ ਕੰਮ ਨਹੀਂ ਕਰਦੇ। ਇੰਝ ਝੱਟ ਨਹੀਂ ਸਰਨਾ।"
ਅਮਰੀਕ ਦੀ ਦਾਦੀ ਰਾਤ ਨੂੰ ਦੇਰ ਤੱਕ ਘਰ ਨਾ ਆਉਣ ਤੇ ਬਾਹਰ ਢਾਣੀਆਂ 'ਚ ਬੈਠੇ ਰਹਿਣ ਕਰਕੇ ਕਰਤਾਰ ਸਿੰਘ ਤੇ ਔਖੀ ਹੁੰਦੀ, "ਨੜਛਿਆ! ਬੰਦਿਆਂ ਵਾਲੇ ਚਾਲੇ ਫੜ੍ਹ…ਧੀਆਂ ਪੁੱਤਾਂ ਵਾਲਾ ਹੋ ਗਿਐਂ। ਕੰਮ ਕੀਤਿਆਂ ਬਿਨਾਂ ਨ੍ਹੀਂ ਫ਼ੈਲਸੂਫ਼ੀਆਂ ਪੁੱਗਣੀਆਂ ਇਹ……।"
"ਪੁੱਗ ਜਾਣਗੀਆਂ ਬੁੱਢੜੀਏ…ਆਪੇ ਪੁੱਗ ਜਾਣਗੀਆਂ…ਤੂੰ ਚਿੰਤਾ ਨਾ ਕਰ…" ਤੇ ਉਹ ਅਮਰੀਕ ਦੀ ਮਾਂ ਨੂੰ ਰੋਟੀ ਦੇਣ ਲਈ ਆਖਦਾ, ਜੋ ਕਿੰਨੇ ਚਿਰ ਤੋਂ ਚੌਂਕੇ ਵਿੱਚ ਬੈਠੀ ਉਸਨੂੰ ਉਡੀਕ ਰਹੀ ਹੁੰਦੀ।
"ਤੂੰ ਕੁੜੀਏ ਇਹਨੂੰ ਆਪ ਨ੍ਹੀਂ ਵਰਜਦੀ। ਪਰਸ਼ਾਦੇ ਗਰਮ ਕਰ ਕਰ ਕੇ ਖਵਾਉਂਦੀ ਏਂ…ਇਹ ਵਿਗੜੇ ਕਿਉਂ ਨਾ…ਜਦੋਂ ਆਵੇ ਠੰਡਾ ਤੋਸਾ ਮੱਥੇ ਮਾਰਿਆ ਕਰ ਸੂ… ਵੇਖ ਲਈਂ…ਨਹੀਂ ਤੇ ਔਖੀ ਹੋਏਂਗੀ…", ਬੁੱਢੜੀ ਆਖਦੀ।
ਤੇ ਠੀਕ ਹੀ ਉਸਦੀ ਮਾਂ ਬੜੀ ਔਖੀ ਹੋਈ ਸੀ। ਅਮਰੀਕ ਦੇ ਬਾਲ-ਮਨ 'ਤੇ ਉਹ ਰਾਤ ਉੱਕਰੀ ਹੋਈ ਸੀ, ਜਦੋਂ ਉਹ ਗੁਆਂਢੀਆਂ ਦੀ ਕੁੜੀ ਬੀਰੋ ਕੋਲੋਂ ਬਾਤਾਂ ਸੁਣ ਰਿਹਾ ਸੀ, ਕਿ ਉਹਨਾਂ ਦੇ ਘਰ ਚੀਕ-ਚਿਹਾੜਾ ਮੱਚ ਗਿਆ ਸੀ। ਬੀਰੋ ਬੁੜ੍ਹਕ ਕੇ ਮੰਜੇ ਤੋਂ ਉੱਠੀ ਅਤੇ ਉਸਦੇ ਪਿੱਛੇ ਹੀ ਅਮਰੀਕ ਦੌੜ ਗਿਆ। ਘਰ ਵਿੱਚ ਕੁਹਰਾਮ ਮੱਚਿਆ ਹੋਇਆ ਸੀ। ਨਿਆਣੇ ਰੋ ਰਹੇ ਸਨ ਅਤੇ ਕਰਤਾਰ ਸਿੰਘ ਹੱਥ ਵਿੱਚ ਕੱਪੜੇ ਧੋਣ ਵਾਲੀ ਥਾਪੀ ਲਈ ਵਹੁਟੀ ਨੂੰ ਕੁੱਟੀ ਜਾ ਰਿਹਾ ਸੀ। ਉਸ ਰੱਜ ਕੇ ਸ਼ਰਾਬ ਪੀਤੀ ਹੋਈ ਸੀ ਤੇ ਬਿਨਾਂ ਕੋਈ ਗੱਲ ਕੀਤਿਆਂ 'ਧੈਂਹ ਧੈਂਹ' ਜੜੀ ਜਾ ਰਿਹਾ ਸੀ। ਆਂਢੀ ਗੁਆਂਢੀ ਇਕੱਠੇ ਹੋ ਗਏ। ਉਹਨਾਂ ਮਸਾਂ ਰੋਂਦੀ ਹੋਈ ਜਾਗੀਰ ਕੌਰ ਨੂੰ ਬਚਾਇਆ ਅਤੇ ਕਰਤਾਰ ਸਿੰਘ ਨੂੰ ਧੂਹ ਕੇ ਡੰਗਰਾਂ ਅੱਗੇ ਬਾਹਰ ਉਸਦੀ ਮੰਜੀ 'ਤੇ ਲੈ ਗਏ।
ਰੋਂਦੀ ਹੋਈ ਜਾਗੀਰ ਕੌਰ ਕਹਿ ਰਹੀ ਸੀ, "ਦੱਸੋ ਮੈਂ ਕੀ ਕਸੂਰ ਕੀਤਾ…! ਮੈਂ ਇਹੋ ਆਖਿਆ…ਪਈ ਜੱਟਾ! ਉੱਤੋਂ ਸੌ ਖ਼ਰਚ ਪਏ ਆ…ਤੇ ਤੂੰ ਸ਼ਰਾਬਾਂ ਪੀਂਦਾ ਫ਼ਿਰਦਾ ਏਂ…ਜਦੋਂ ਪੁੱਗਦੀ ਸੀ ਪੀ ਲਈ…ਹੁਣ ਨਹੀਂ ਸਾਥੋਂ ਪੁੱਗਦੀ…।ਨਾਂ ਆ ਵੇਖਿਆ ਨਾਂ ਤਾਅ…ਮੇਰੀਆਂ ਮੌਰਾਂ ਸੇਕ 'ਤੀਆਂ"
"ਕੋਈ ਨ੍ਹੀਂ ਹੌਂਸਲਾ ਕਰ…ਖ਼ਬਰੇ ਕੀ ਹੋ ਗਿਆ। ਸਿਆਣਾ ਬਿਆਣਾ ਸੀ। ਐਂ ਤਾਂ ਕਦੀ ਨ੍ਹੀਂ ਅੱਗੇ ਕੀਤਾ।" ਕਹਿੰਦੀਆਂ ਜ਼ਨਾਨੀਆਂ ਤੁਰ ਗਈਆਂ। ਕਰਤਾਰ ਸਿੰਘ ਬਿਨਾਂ ਰੋਟੀ ਖਾਧਿਆਂ ਹੀ ਸੌਂ ਗਿਆ। ਭਾਂਡਾ-ਟੀਂਡਾ ਸਾਂਭ ਕੇ ਤੇ ਕੁੜੀਆਂ ਨੂੰ ਲੰਮਿਆਂ ਪਾ ਕੇ, ਜਾਗੀਰ ਕੌਰ ਦਵਾਖੇ 'ਚ ਜਗਦਾ ਦੀਵਾ ਬੁਝਾਉਣ ਲੱਗੀ ਤਾਂ ਉਸ ਨਿੰਮੋਝੂਣ ਚੌਂਕੇ 'ਚ ਬੈਠੇ ਅਮਰੀਕ ਨੂੰ ਉੱਠ ਕੇ ਮੰਜੇ 'ਤੇ ਪੈਣ ਲਈ ਕਿਹਾ। ਉਹ ਉੱਠਿਆ ਨਾ। ਜਾਗੀਰ ਕੌਰ ਨੇ ਉਸਨੂੰ ਬਾਹੋਂ ਫੜ੍ਹ ਕੇ ਉਠਾਇਆ, "ਉੱਠ ਮੇਰਾ ਬੀਬਾ ਪੁੱਤ! ਤੂੰ ਕਿਉਂ…?" ਤੇ ਉਹ ਫਿੱਸ ਪਈ। ਉਸ ਡੂੰਘਾ ਹੌਕਾ ਭਰਿਆ।
"…ਹੱਛਾ ਪੁੱਤ! …ਤੁਹਾਡੇ ਕਰਮ…" ਤੇ ਫ਼ਿਰ ਜਿਵੇਂ ਉਸਦੇ ਚਿੱਥੀਦੇ ਹੋਠਾਂ ਵਿੱਚੋਂ ਇਹ ਗੱਲ ਜਿਵੇਂ ਬਾਹਰ ਆ ਹੀ ਗਈ, "ਮੈਂ ਤਾਂ ਮਰੀਕ ਹਰੀਕੀ ਡੁੱਬ ਕੇ ਮਰ ਜਾਣਾ…ਜਦੋਂ ਲੱਭੀ ਨਾ…ਤੂੰ ਦੱਸ ਦੇਈਂ…।" ਤੇ ਫ਼ਿਰ ਉਹ ਰੋਣ ਲੱਗ ਪਈ।
"ਬੀ…ਅ…ਬੀ…" ਅਮਰੀਕ ਦੀ ਡਾਡ ਨਿਕਲ ਗਈ। ਮਾਂ ਨੇ ਉਸਨੂੰ ਘੁੱਟ ਕੇ ਗਲ ਨਾਲ ਲਾ ਲਿਆ। ਤੇ ਫ਼ਿਰ ਦੋਹਵੇਂ ਦੀਵਾ ਬੁਝਾ ਕੇ ਲੇਟ ਗਏ। ਦੋਹਾਂ ਨੂੰ ਨੀਂਦ ਨਹੀਂ ਸੀ ਪੈ ਰਹੀ। ਕਦੀ ਕਦੀ ਮਾਂ ਦੇ ਮੂੰਹੋਂ 'ਵਾਹਿਗੁਰੂ-ਵਾਹਿਗੁਰੂ' ਕਹਿੰਦਾ ਲੰਮਾ ਹੌਕਾ ਹਵਾ ਵਿੱਚ ਰਲ ਜਾਂਦਾ। ਅਮਰੀਕ ਦੇ ਮਨ ਵਿੱਚ ਵਾਰ ਵਾਰ ਮਾਂ ਦੇ ਕਹੇ ਹੋਏ ਸ਼ਬਦ ਗੂੰਜ ਰਹੇ ਸਨ… "ਮੈਂ ਤਾਂ ਮਰੀਕ ਹਰੀਕੀ ਡੁੱਬ ਕੇ ਮਰ ਜਾਣਾ…।"
ਉਸਨੇ 'ਹਰੀਕੇ' ਦਰਿਆ ਵੇਖਿਆ ਹੋਇਆ ਨਹੀਂ ਸੀ, ਪਰ ਅੱਖਾਂ ਹੀ ਅੱਖਾਂ ਵਿੱਚ ਉਹ ਆਪਣੀ ਮਾਂ ਨੂੰ ਡੂੰਘੇ ਪਾਣੀ ਵਿੱਚ ਗੋਤੇ ਖਾਂਦੀ ਅਤੇ ਫੁੱਲੀ ਹੋਈ ਵੇਖ ਰਿਹਾ ਸੀ…। ਤੇ ਉਹਦੀਆਂ ਅੱਖਾਂ ਅੱਗੇ ਮਾਈ ਗਾਬੋ ਆ ਗਈ…ਤੇ ਹੁਣ ਉਸਨੂੰ ਰਹਿ ਰਹਿ ਕੇ ਇਹ ਖ਼ਿਆਲ ਆਉਂਦਾ ਸੀ ਕਿ ਏਨੀਂ ਦੂਰ ਹਰੀਕੇ ਹੀ ਕਿਉਂ? ਉਹਦੀ ਮਾਂ ਨਿਆਈਆਂ ਵਾਲੇ ਖੂਹ ਵਿੱਚ ਵੀ ਤਾਂ ਡੁੱਬ ਕੇ ਮਰ ਸਕਦੀ ਸੀ, ਜਿੱਥੇ ਮਜ਼੍ਹਬੀਆਂ ਦੀ ਮਾਈ ਗਾਬੋ ਡੁੱਬ ਕੇ ਮੋਈ ਸੀ ਜਾਂ ਕਿਸੇ ਵੀ ਹੋਰ ਖੂਹ ਵਿੱਚ…ਹਰੀਕੇ ਹੀ ਕਿਉਂ? ਤੇ ਉਸਨੇ ਘੁੱਟ ਕੇ ਅੱਖਾਂ ਮੀਚੀਆਂ। ਉਸ ਨੇ ਕਿੰਨਾ ਪਾਪ ਕੀਤਾ ਸੀ? ਉਸ ਆਪਣੀ ਮਾਂ ਦੇ ਮਰਨ ਬਾਰੇ ਕਿਉਂ ਸੋਚਿਆ ਸੀ! ਉਸਨੂੰ ਤਾਂ ਏਦਾਂ ਬਿਲਕੁਲ ਨਹੀਂ ਸੀ ਸੋਚਣਾ ਚਾਹੀਦਾ!
ਤੇ ਉਹ ਆਪਣੇ ਪਿਓ ਤੇ ਹੈਰਾਨ ਹੋ ਰਿਹਾ ਸੀ। ਅੱਜ ਵਾਂਗ ਤਾਂ ਉਸਨੇ ਕਦੇ ਵੀ ਨਹੀਂ ਸੀ ਪੀਤੀ। ਉਸ ਤਾਂ ਕਦੀ ਵੀ ਉਸਦੀ ਮਾਂ ਨੂੰ ਨਹੀਂ ਸੀ ਕੁੱਟਿਆ। ਤੇ ਫ਼ਿਰ ਜਿਵੇਂ ਉਸਨੂੰ ਸਮਝ ਪਈ। ਉਹਦੀ ਭੂਆ ਦੀਆਂ ਦੋਹਾਂ ਕੁੜੀਆਂ ਦਾ ਇਕੱਠਾ ਵਿਆਹ ਸੀ ਅਤੇ ਉਸ ਆਪਣੇ ਇਕੱਲੇ ਭਰਾ ਨੂੰ 'ਬਣ-ਠਣ' ਕੇ ਆਉਣ ਲਈ ਕਿਹਾ ਸੀ। ਵਾਹੀਆਂ ਵਿੱਚੋਂ ਬਚਦਾ ਹੀ ਕੀ ਸੀ? ਜਿਸ ਦਿਨ ਦਾ ਖ਼ਤ ਆਇਆ ਸੀ; ਕਰਤਾਰ ਸਿੰਘ ਖਿਝਿਆ ਖਿਝਿਆ ਰਹਿੰਦਾ ਸੀ। ਪੈਸਿਆਂ ਦਾ ਪ੍ਰਬੰਧ ਕਿੱਥੋਂ ਹੋਵੇ? ਉਹਨੇ ਸ਼ਾਹਾਂ ਤੋਂ ਪੁੱਛਿਆ ਸੀ। ਪਰ ਏਨਾ ਜ਼ਿਆਦਾ ਵਿਆਜ! ਉਹ ਇੱਕੋ ਭੈਣ ਦਾ ਇੱਕੋ ਭਰਾ ਸੀ। ਭੈਣ ਨੇ ਲਿਖਿਆ ਸੀ, 'ਉਸ ਕਿਹੜਾ ਰੋਜ਼ ਰੋਜ਼ ਕੁੜੀਆਂ ਵਿਆਹੁਣੀਆਂ ਸਨ। ਕਰਤਾਰ ਉਸਦੇ ਪਿਓ ਦੀ ਥਾਂ ਵੀ ਸੀ ਅਤੇ ਭਰਾ ਦੀ ਵੀ।' ਤੇ ਕਰਤਾਰ ਸਿੰਘ ਜਾਗੀਰ ਕੌਰ ਨੂੰ ਆਪਣੀਆਂ ਟੂੰਮਾਂ ਦੇਣ ਲਈ ਕਹਿ ਰਿਹਾ ਸੀ। ਉਹ ਲੌਢੇ ਵੇਲੇ ਦਾ ਸਮਝਾ ਥੱਕਿਆ ਸੀ। ਪਰ ਉਹ ਕਹਿੰਦੀ ਸੀ, "ਮੇਰਾ ਅੱਗੇ ਕੀ ਰਹਿ ਗਿਆ…ਸਾਰਾ ਗਹਿਣਾ ਘਰੇ ਈ ਖਾਧਾ ਗਿਆ…ਹੁਣ ਇਹ ਵੀ…।"
ਤੇ ਅਮਰੀਕ ਨੂੰ ਸਮਝ ਨਹੀਂ ਸੀ ਆ ਰਹੀ ਕਿ ਮਾਂ ਨੇ ਗਹਿਣੇ ਨਾ ਦੇ ਕੇ ਮਾੜੀ ਕੀਤੀ ਸੀ ਜਾਂ ਪਿਓ ਗਹਿਣੇ ਮੰਗ ਕੇ ਮਾੜੀ ਗੱਲ ਕਰ ਰਿਹਾ ਸੀ…। ਤੇ ਇਸੇ ਉਧੇੜ-ਬੁਣ ਵਿੱਚ ਉਸਦੀ ਅੱਖ ਲੱਗ ਗਈ ਸੀ।
ਭੂਆ ਦੀਆਂ ਕੁੜੀਆਂ ਦੇ ਵਿਆਹ ਨਜਿੱਠੇ ਗਏ ਸਨ। ਦਸਾਂ ਵਿੱਚੋਂ ਦੋ ਕਿੱਲੇ ਗਹਿਣੇ ਧਰ ਦਿੱਤੇ ਗਏ ਸਨ। ਪਰ ਕਰਤਾਰ ਸਿੰਘ ਦੀ ਸ਼ਰਾਬ ਵਧ ਗਈ ਸੀ। ਪੀਣਾ ਤਾਂ ਜਿਵੇਂ ਉਸਦਾ ਨੇਮ ਬਣ ਗਿਆ ਸੀ। ਉਹ ਸ਼ਰਾਬ ਨਾਲ ਗੁੱਟ ਹੋ ਕੇ ਘਰ ਆਉਂਦਾ। ਫ਼ਿਰ ਉਸ ਅਫ਼ੀਮ ਖਾਣੀ ਵੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਉਹ ਆਦਤ ਦਾ ਗ਼ੁਲਾਮ ਹੁੰਦਾ ਗਿਆ। ਘਰਦਿਆਂ ਅਤੇ ਰਿਸ਼ਤੇਦਾਰਾਂ ਦੇ ਕਈ ਵਾਰ ਸਮਝਾਉਣ ਤੇ ਉਸ ਕੋਸ਼ਿਸ਼ ਵੀ ਕੀਤੀ ਕਿ ਛੱਡ ਦੇਵੇ…ਪਰ ਅਮਲ ਤਾਂ ਜਿਵੇਂ ਉਹਦੇ ਹੱਡਾਂ ਵਿੱਚ ਰਚ ਗਿਆ ਸੀ। ਅਮਰੀਕ ਦੇ ਵਿਹੰਦਿਆਂ ਵਿਹੰਦਿਆਂ ਕੁੱਝ ਸਾਲਾਂ ਵਿੱਚ ਹੀ ਉਸਦਾ ਪਿਓ ਬੁੱਢਾ ਹੋ ਗਿਆ ਸੀ। ਘਰ ਵਿੱਚ ਹਰ ਵੇਲੇ ਖਿਝ, ਗੁੱਸੇ ਅਤੇ ਤਨਾਓ ਦਾ ਮਾਹੌਲ ਬਣਿਆ ਰਹਿੰਦਾ। ਇੰਝ ਹੌਲੀ-ਹੌਲੀ ਕਰਜ਼ਾ ਉਹਨਾਂ ਦੇ ਸਿਰ ਚੜ੍ਹਦਾ ਗਿਆ। ਜਾਗੀਰ ਕੌਰ ਚਾਹੁੰਦਿਆਂ ਵੀ ਦਰਿਆ ਜਾਂ ਖੂਹ ਵਿੱਚ ਡੁੱਬਕੇ ਨਹੀਂ ਸੀ ਮਰ ਸਕੀ। ਹੁਣ ਉਹ ਘਰ ਵਿੱਚ ਹੀ ਹਰ ਘੜੀ ਗੋਤੇ ਖਾਂਦੀ, ਡੁੱਬਦੀ-ਮਰਦੀ ਰਹਿੰਦੀ।
ਕਰਤਾਰ ਸਿੰਘ ਦਾ ਪਿੰਡ ਵਿੱਚ ਪਹਿਲਾਂ ਵਾਲਾ ਮਾਣ ਅਤੇ ਇੱਜ਼ਤ ਨਹੀਂ ਸੀ ਰਹਿ ਗਈ। ਹੌਲੀ-ਹੌਲੀ ਅਤਿ ਚੰਗਾ ਲੱਗਣ ਵਾਲਾ ਪਿਉ ਅਮਰੀਕ ਦੀਆਂ ਨਜ਼ਰਾਂ 'ਚੋਂ ਡਿੱਗ ਪਿਆ ਸੀ ਅਤੇ ਉਹ ਆਪਸ ਵਿੱਚ ਤਣੇ-ਤਣੇ ਰਹਿੰਦੇ। ਰਤਾ ਕੁ ਰਗੜ ਲੱਗਣ ਤੇ ਉਹਨਾਂ ਵਿਚਲਾ ਬਾਰੂਦ ਜਿਵੇਂ ਫ਼ਟ ਜਾਣ ਲਈ ਕਾਹਲਾ ਰਹਿੰਦਾ। ਤੇ ਇਹ ਬਾਰੂਦ ਉਸ ਦਿਨ ਫ਼ਟ ਹੀ ਪਿਆ ਸੀ; ਜਦੋਂ ਵੱਡੀ ਕੁੜੀ ਬੰਸੋ ਦਾ ਸਾਕ ਅਗਲਿਆਂ ਇਸ ਲਈ ਛੱਡ ਦਿੱਤਾ ਕਿ ਕੁੜੀ ਦਾ ਪਿਓ ਅਮਲੀ ਹੈ। ਉਹਨਾਂ ਘਰ ਤਾਂ ਭੰਗ ਭੁੱਜਦੀ ਹੈ। ਅਮਰੀਕ ਇਸ ਗੱਲੋਂ ਖਿਝ ਕੇ ਝਗੜਿਆ ਸੀ ਤਾਂ ਕਰਤਾਰ ਸਿੰਘ ਨੇ ਅੱਗੋਂ ਜਵਾਬ ਦਿੱਤਾ, "ਮੈਂ ਆਵਦੇ ਪਿਓ ਦੀ ਜੈਦਾਦ ਖਾਂਦਾਂ ਓਏ। ਮੈਂ ਨਹੀਂ ਕਿਸੇ ਕੰਜਰ ਦੇ ਆਖਿਆਂ ਹਟਣਾ…। ਤੂੰ ਮੈਨੂੰ ਕੀ ਦੇਂਦਾ ਏਂ? ਕਦੀ ਟਕਾ ਵੀ ਮੇਰੇ ਹੱਥ ਤੇ ਧਰਿਆ ਈ? ਬਣਿਆ ਫ਼ਿਰਦੈਂ ਵੱਡਾ ਦਨਾਅ…।" ਤੇ ਅਮਰੀਕ ਚੁੱਪ ਕਰ ਗਿਆ ਸੀ। ਭਾਵੇਂ ਉਹ ਆਪਣੀ ਅੱਧੀ ਤਨਖ਼ਾਹ ਘਰ ਦਿੰਦਾ ਸੀ ਤੇ ਉਹ ਘਰ ਵਿੱਚ ਹੀ ਵਰਤੀਂਦੀ ਸੀ ਪਰ ਕਰਤਾਰ ਸਿੰਘ ਨੂੰ ਇਸ ਗੱਲ ਦਾ ਵੀ ਇਤਰਾਜ਼ ਸੀ ਕਿ ਤਨਖ਼ਾਹ ਉਹ ਆਪਣੀ ਮਾਂ ਦੇ ਹੱਥ 'ਤੇ ਹੀ ਧਰਦਾ ਸੀ…ਉਸਨੂੰ ਕਿਓਂ ਨਹੀਂ ਸੀ ਦਿੰਦਾ? ਇਸ ਲਈ ਉਸਦੇ ਉੱਤੇ ਇਸਦਾ ਕੋਈ 'ਹਸਾਨ ਮੁਰੰਮਤ' ਨਹੀਂ।
'ਵੇ ਪੁੱਤਾ! ਤੇਰੀ ਆਈ ਮੈਂ ਮਰ ਜਾਂਦੀ…ਵੇ ਮੈਨੂੰ ਰੋਲਣ ਨੂੰ ਛੱਡ ਕੇ ਤੁਰ ਗਿਓਂ ਵੇ ਮੇਰਿਆ ਛਿੰਦਿਆ ਪੁੱਤਾ!" ਮੰਜੀ ਤੇ ਹੱਡੀਆਂ ਦੀ ਮੁੱਠ ਬਣੀ ਬੁੱਢੜੀ ਦਾਦੀ ਨੇ ਕੀਰਨੇ ਪਾਉਣੇ ਸ਼ੁਰੂ ਕਰ ਦਿੱਤੇ। ਦੂਜੀਆਂ ਮੰਜੀਆਂ ਤੋਂ ਕੁੜੀਆਂ ਨੇ ਸਿਸਕਣਾ ਸ਼ੁਰੂ ਕਰ ਦਿੱਤਾ।
"ਹੈ ਕਮਲੀਆਂ! ਤੁਸੀਂ ਕਿਉਂ ਰੋਂਦੀਆਂ ਜੇ…ਤੁਹਾਡੇ ਵੀਰ ਜਿਊਂਦੇ ਰਹਿਣ…ਤੁਹਾਨੂੰ ਕਿਸ ਗੱਲ ਦਾ ਘਾਟਾ!" ਜਾਗੀਰ ਕੌਰ ਨੇ ਰੋਂਦੀਆਂ ਕੁੜੀਆਂ ਨੂੰ ਕਿਹਾ, "ਇਹਨਾਂ ਦੀ ਸੁੱਖ ਮੰਗੋ…ਤੁਹਾਨੂੰ ਦੋਂਹ ਨੂੰ ਤੇ ਉਹ ਵਿਆਹ ਗਿਆ…ਆਹ ਜਿਹੜੀ ਨਿੱਕੀ ਅਜੇ ਰਹਿੰਦੀ ਹੈ…ਤੇ ਆਹ ਫ਼ੂਹ ਭਰ ਮੁੰਡਾ ਜੀਹਦੇ ਵਰਗਿਆਂ ਨੂੰ ਅਜੇ ਪਤਾ ਨ੍ਹੀਂ ਸੌਂ ਕੇ ਦਿਨ ਕਦੋਂ ਚੜ੍ਹਦੈ…ਵਿਚਾਰਾ ਓਦਣ ਦਾ ਹਲਾਂ ਮਗਰ ਖੁੱਚਾਂ ਤੁੜਾਉਂਦਾ…।" ਤੇ ਉਹਨਾਂ ਨੂੰ ਹੌਸਲਾ ਦਿੰਦੀ ਉਹ ਆਪ ਵੀ ਫ਼ਿੱਸ ਪਈ।
"ਨਾ ਬੀਬੀ! ਸਾਨੂੰ ਆਇਆਂ ਨੂੰ ਸਿਰ ਤੇ ਪਿਆਰ ਦੇ ਕੇ ਕੌਣ ਗਲ ਨਾਲ ਲਾਇਆ ਕਰੂ…ਹਾਏ! ਸਾਡੀਆਂ ਰੀਝਾਂ ਕੌਣ ਪੂਰੀਆਂ ਕਰੂ…।" ਵੱਡੀ ਕੁੜੀ ਦੀ ਲੇਰ ਨਿਕਲ ਗਈ।
ਅਮਰੀਕ ਗੁੰਮ-ਸੁੰਮ ਹੋਇਆ ਬੈਠਾ ਰਿਹਾ। ਉਹਦਾ ਜੀਅ ਕੀਤਾ; ਉਹਨਾਂ ਨੂੰ ਚੁੱਪ ਕਰਾਵੇ। ਪਰ ਉਸ ਮਹਿਸੂਸ ਕੀਤਾ ਕਿ ਜੇ ਉਹ ਬੋਲਿਆ ਤਾਂ ਉਸਦਾ ਵੀ ਰੋਣ ਨਿਕਲ ਜਾਵੇਗਾ। ਇਹ ਕੀ ਵਖ਼ਤ ਪਾ ਗਿਆ ਸੀ ਉਸਦਾ ਪਿਓ? ਇਮਾਰਤ ਹੇਠੋਂ ਜਿਵੇਂ ਵੱਡਾ ਥੰਮ੍ਹ ਖ਼ਿਸਕ ਗਿਆ ਹੋਵੇ ਅਤੇ ਸਾਰੀ ਇਮਾਰਤ ਡੋਲ ਰਹੀ ਹੋਵੇ। ਉਹ ਨਿਤਾਣਾ ਜਿਹਾ ਹੋ ਕੇ ਫ਼ਿਰ ਲੇਟ ਗਿਆ। ਧਿਆਨ ਪਾਸੇ ਪਾ ਕੇ ਉਹ ਘੜੀ-ਪਲ ਦੁੱਖ ਤੋਂ ਮੂੰਹ ਪਾਸੇ ਮੋੜਨਾ ਚਾਹੁੰਦਾ ਸੀ। ਇੱਕ ਪਲ ਲਈ ਉਸ ਦਾ ਧਿਆਨ ਦਿਆਲੂ ਕੁੱਬੇ ਦੀ ਵਹੁਟੀ ਵੱਲ ਚਲਿਆ ਗਿਆ, ਜੋ ਉਹਨਾਂ ਘਰ ਅਫ਼ਸੋਸ ਕਰਨ ਆਈਆਂ ਜ਼ਨਾਨੀਆਂ ਨਾਲ ਇਕ ਪਾਸੇ ਬੈਠੀ ਸੀ ਅਤੇ ਦੂਜੀਆਂ ਜ਼ਨਾਨੀਆਂ ਤੋਂ ਅੱਖ ਬਚਾ ਕੇ ਥੁੱਕ ਨਾਲ ਆਪਣੀਆਂ ਅੱਖਾਂ ਗਿੱਲੀਆਂ ਕਰ ਰਹੀ ਸੀ ਤਾਂ ਕਿ ਉਸਦੇ ਪਿਓ ਦੇ 'ਗ਼ਮ' ਵਿੱਚ ਪੂਰੀ ਤਰ੍ਹਾਂ ਨਾਲ ਸ਼ਰੀਕ ਹੋ ਸਕੇ। ਉਸਨੇ ਜਦੋਂ ਉਸਨੂੰ ਇੰਜ ਕਰਦੀ ਵੇਖਿਆ ਤਾਂ ਉਹ ਮਨ ਹੀ ਮਨ ਹੱਸਿਆ ਸੀ; ਪਰ ਹੁਣ ਉਹ ਇਸ ਗੱਲ ਤੋਂ ਹੱਸ ਨਾ ਸਕਿਆ ਨਾ ਹੀ ਮੁਸਕਰਾ ਸਕਿਆ। ਉਸਦੀਆਂ ਅੱਖਾਂ ਅੱਗੇ ਕਰਤਾਰ ਸਿੰਘ ਦੀ ਤਸਵੀਰ ਫ਼ਿਰ ਰਹੀ ਸੀ। ਉਸ ਸਿਰ ਝਟਕਿਆ, ਪਾਸਾ ਬਦਲਿਆ ਅਤੇ ਅੱਜ ਭੋਗ ਸਮੇਂ ਗੁਰਦੁਆਰੇ ਦੇ ਅਨਪੜ੍ਹ ਗ੍ਰੰਥੀ ਵੱਲੋਂ ਪੜ੍ਹੇ ਸ਼ਬਦ ਬਾਰੇ ਸੋਚਦਾ ਇੱਕ ਪਲ ਲਈ ਮੁਸਕਰਾਇਆ ਜੋ 'ਦਾਨਾ ਬੀਨਾ ਸਾਈ ਮੈਂਡਾ' ਨੂੰ 'ਦਾਨਾ ਬੀਂਡਾ ਸਾਈਂ ਮੈਂਡਾ' ਆਖੀ ਜਾ ਰਿਹਾ ਸੀ ਅਤੇ ਸਾਰੇ ਬੈਠੇ ਲੋਕ ਉਹਦੇ ਸ਼ਬਦ ਅਤੇ ਅਮਰੀਕ ਦੀ ਗੱਲ ਸੁਣ ਕੇ ਹੱਸ ਪਏ ਸਨ, "ਬਾਬਾ! ਤੂੰ ਮੇਰੇ ਪਿਓ ਨੂੰ ਤਾਂ ਜਿਹੜਾ ਸੁਰਗਾਂ 'ਚ ਪੁਚਾਉਣਾ ਉਹ ਤਾਂ ਅੱਡ ਰਿਹਾ…ਤੂੰ ਆਪਣੇ ਲਈ ਨਰਕ ਦੇ ਬਾਨਣੂ ਜ਼ਰੂਰ ਬੰਨ੍ਹਦਾ ਪਿਐਂ…।"
ਪਰ ਇਹ ਮੁਸਕਰਾਹਟ ਬਹੁਤੀ ਦੇਰ ਕਾਇਮ ਨਾ ਰਹੀ ਤੇ ਪਰਿਵਾਰ ਦੇ ਸਾਰੇ ਜੀ ਵਾਰ ਵਾਰ ਉਸਦੀਆਂ ਨਜ਼ਰਾਂ ਅੱਗੋਂ ਗ਼ੁਜ਼ਰਨ ਲੱਗੇ; ਜਿਨ੍ਹਾਂ ਦੀ ਜ਼ਿੰਮੇਵਾਰੀ ਉਸਦੇ ਸਿਰ ਸੀ। ਉਸਨੇ ਹੁਣ ਤੋਂ ਭੈਣਾਂ ਨਾਲ ਭਰਾ ਅਤੇ ਪਿਓ ਦੀ ਥਾਂ ਵਰਤਣਾ ਸੀ। ਛੋਟੀ ਨੂੰ- ਜੋ ਅਜੇ ਪੜ੍ਹਦੀ ਸੀ, ਪੜ੍ਹਾਉਣਾ ਸੀ, ਵਿਆਹੁਣਾ ਸੀ। ਮਾਂ ਦੇ ਹਰ ਦੁੱਖ ਸੁੱਖ ਦਾ ਖ਼ਿਆਲ ਰੱਖਣਾ ਸੀ ਅਤੇ ਇਹ ਖ਼ਿਆਲ ਰੱਖਦਿਆਂ ਹੋਇਆਂ ਵੀ ਬੜੀ ਇਹਤਿਆਤ ਤੋਂ ਕੰਮ ਲੈਣਾ ਸੀ। ਭੈਣਾਂ ਦੇ ਕਿਸੇ ਕਾਰਜ 'ਤੇ ਨਾ ਗਿਆ। ਛੋਟਿਆਂ ਨਾਲ ਕੋਈ ਵੱਧ ਘੱਟ ਹੋ ਗਈ ਤਾਂ ਉਹਨਾਂ ਤਾਂ ਆਖਣਾ ਹੀ ਸੀ ਸਗੋਂ ਲੋਕਾਂ ਵੀ ਆਖਣਾ ਸੀ, "ਵੱਡਾ ਭਰਾ ਈ ਐ ਨਾ! ਕਿਤੇ ਪਿਓ ਜਿਊਂਦਾ ਹੁੰਦਾ ਤਾਂ ਇਸ ਤਰ੍ਹਾਂ ਤਾਂ ਨਹੀਂ ਸੀ ਨਾ ਹੁੰਦੀ।" ਤੇ ਮਾਂ ਨੂੰ ਮਹਿਸੂਸ ਨਹੀਂ ਸੀ ਹੋਣ ਦੇਣਾ, ਨਹੀਂ ਤਾਂ ਉਸਨੂੰ ਜ਼ਨਾਨੀਆਂ ਦੀਆਂ ਕੀਤੀਆਂ ਗੱਲਾਂ ਬਾਰ ਬਾਰ ਯਾਦ ਆਉਣੀਆਂ ਸਨ, "ਭੈਣੇ! ਤੇਰਾ ਤਾਂ ਰਾਜ ਖ਼ੁੱਸ ਗਿਆ। ਮਰਜ਼ੀ ਨਾਲ ਅੰਦਰੋਂ ਕੱਢਦੀ ਸੈਂ…ਵਰਤਦੀ ਸੈਂ…ਹੁਣ ਸੁੱਖ ਨਾਲ…ਭਾਵੇਂ ਸੁਲੱਗ ਨੇ…ਪਰ ਹਰ ਗੱਲੇ ਮੁੰਡਿਆਂ ਦੇ ਹੱਥਾਂ ਵੱਲ ਵੇਖੇਂਗੀ ਮੰਗਤਿਆਂ ਵਾਂਗੂੰ…ਸਿਰ ਦੇ ਸਾਈਂ ਨਾਲ ਤੇਰੀ ਤਾਂ ਸਰਦਾਰੀ ਤੁਰ ਗਈ…।
ਇਸ ਸਾਰੇ ਕੁੱਝ ਲਈ ਪੈਸੇ ਦੀ ਲੋੜ ਸੀ। ਅਮਰੀਕ ਸੋਚਦਾ ਸੀ ਕਿ ਉਹ ਆਪ ਵਾਹੀ ਵਿੱਚ ਵੀ ਧਿਆਨ ਦਏਗਾ ਤਾਂ ਹੀ ਸਾਰੀਆਂ ਲੋੜਾਂ ਪੂਰੀਆਂ ਹੋਣਗੀਆਂ। ਦੋ-ਢਾਈ ਕਿੱਲੇ ਹੋਰ, ਕੁੜੀਆਂ ਦੇ ਵਿਆਹ 'ਤੇ, ਉਸਦੇ ਪਿਓ ਨੇ ਗਹਿਣੇ ਕਰ ਦਿੱਤੇ ਸਨ। ਉਸਦਾ ਖ਼ਿਆਲ ਸੀ ਬਚਦੇ ਪੰਜਾਂ-ਛੇਆਂ ਕਿੱਲਿਆਂ ਵਿੱਚ ਜੇ ਉਹ ਖ਼ਾਦ ਆਦਿ ਪਾ ਕੇ ਫ਼ਸਲ ਬੀਜਿਆ ਕਰਨਗੇ ਤਾਂ ਘਰ ਦਾ ਗੁਜ਼ਾਰਾ ਤੁਰ ਪਏਗਾ। ਹੁਣ ਉਹ ਸਾਰੀ ਤਨਖ਼ਾਹ ਆਪਣੇ ਹੱਥੀਂ ਵਰਤਿਆ ਕਰੂ। ਅੱਗੇ ਤਾਂ ਸਾਰੀ ਤਨਖ਼ਾਹ ਖੇਰੂੰ ਖੇਰੂੰ ਹੋ ਜਾਂਦੀ ਸੀ। ਉਸ ਨੂੰ ਆਸ ਸੀ ਕਿ ਜੇ ਮਹਿੰਦਰ ਵਾਹੀ ਵਿੱਚ ਚੰਗੀ ਤਰ੍ਹਾਂ ਧਿਆਨ ਦਏ ਤਾਂ ਹੌਲੀ ਹੌਲੀ ਉਹ ਆਪਣੀ ਜ਼ਮੀਨ ਵੀ ਛੁਡਾ ਲੈਣਗੇ।
ਸਵੇਰੇ ਉਸ ਨੇ ਨੌਕਰੀ 'ਤੇ ਤੁਰ ਜਾਣਾ ਸੀ। ਇਸ ਲਈ ਉਸਨੇ ਛੋਟੇ ਭਰਾ ਮਹਿੰਦਰ ਨਾਲ ਵਾਹੀ ਬਾਰੇ ਗੱਲ ਤੋਰ ਲਈ, "ਮਿੰਦਰਾ ਤਕੜਾ ਹੋ ਕੇ ਪੈ ਜਾ ਕੰਮ ਨੂੰ ਹੁਣ। ਮੈਂ ਵੀ ਹਫ਼ਤੇ ਦਸੀਂ ਦਿਨੀਂ ਗੇੜਾ ਮਾਰ ਜਿਆ ਕਰੂੰ। ਉਹ ਜਿਹੜੀ ਜੀਤੇ ਹੁਰਾਂ ਕੋਲ ਪੈਲੀ ਗਹਿਣੇ ਆਂ…ਉਸ ਲਾਈਨ ਵਾਲੇ ਬਚਦੇ ਕਿੱਲੇ 'ਚ ਪੱਠੇ ਬੀਜ ਛੱਡੀਂ ਵਾਹ ਕੇ…ਮੈਂ ਪਰਸੋਂ ਵੇਖ ਕੇ ਆਇਆਂ- ਉਰਲੀ ਪੈਲੀ 'ਚ ਝੋਨਾ ਲਾਵਾਂਗੇ- ਠੀਕ ਐ ਨਾ?"
ਮਹਿੰਦਰ ਚੁੱਪ ਰਿਹਾ। ਆਕਾਸ਼ ਵਿੱਚ ਤਾਰਿਆਂ ਨੂੰ ਘ੍ਰੂਰਦਾ ਰਿਹਾ ਅਤੇ ਫ਼ਿਰ ਪਾਸਾ ਬਦਲ ਕੇ ਲੰਮਾ ਪੈ ਗਿਆ। ਜਿਵੇਂ ਉਹ ਜਾਣ-ਬੁੱਝ ਕੇ ਨਾ ਬੋਲਣਾ ਚਾਹੁੰਦਾ ਹੋਵੇ। ਅਮਰੀਕ ਫ਼ਿਰ ਬੋਲਿਆ ਤਾਂ ਜਾਗੀਰ ਕੌਰ ਨੇ ਕਿਹਾ, "ਉਹ ਪੌਣਾ ਕਿੱਲਾ ਤਾਂ ਪਿਛਲੇ ਸਾਲ ਦਾ ਗਹਿਣੇ ਕਰ ਦਿੱਤਾ ਹੋਇਆ।"
"ਕਿਹੜਾ? ਉੇਤਲਾ?"
"ਆਹੋ"
"ਕਿਉਂ?" ਉਹਦੀ ਆਵਾਜ਼ ਵਿੱਚ ਗੁੱਸਾ ਸੀ।
"ਆਹ ਤੇਰੀ ਭੈਣ ਦੀ ਸੱਸ ਦੇ ਕੱਠ 'ਤੇ ਜਦੋਂ ਗਏ ਸਾਂ…ਉਦੋਂ…।" ਮਾਂ ਦੱਬੀ ਆਵਾਜ਼ ਵਿੱਚ ਬੋਲੀ ਸੀ।
ਅਮਰੀਕ ਨੇ ਸੋਚਿਆ ਹੁਣ ਖਿਝਣ ਦਾ ਕੀ ਫ਼ਾਇਦਾ ਸੀ! ਪਹਿਲਾਂ ਆਪ ਘਰ ਵੱਲ ਧਿਆਨ ਦਿੰਦਾ ਤਾਂ ਸ਼ਾਇਦ ਜ਼ਮੀਨ ਗਹਿਣੇ ਨਾ ਪੈਂਦੀ। ਉਹ ਇਸ ਨੂੰ ਹੋਣੀ ਸਮਝ ਕੇ ਪੀ ਗਿਆ।
"ਤੇ ਪਿੱਛੇ ਪੈਲੀ ਕਿਹੜੀ ਰਹਿ ਗਈ ਫ਼ਿਰ?" ਉਸਨੇ ਜਿਵੇਂ ਖ਼ਿਲਾਅ ਨੂੰ ਪੁੱਛਿਆ ਹੋਵੇ। ਕੋਈ ਜੁਆਬ ਨਾ ਆਇਆ।
"ਓਧਰੋਂ ਖ਼ਾਦ ਦੇ ਪੈਸੇ ਦੇਣੇ ਆਂ…ਪਤਾ ਨਹੀਂ ਖਾਦ ਪਾਉਂਦੇ ਰਹੇ ਜੇ…ਫ਼ਸਲ ਤਾਂ ਕਦੇ ਖਾਣ ਜੋਗੀ ਆਈ ਨਹੀਂ…।" ਉਹ ਆਪ ਹੀ ਬੁੜ ਬੁੜ ਕਰਕੇ ਚੁੱਪ ਕਰ ਗਿਆ।
"ਖ਼ਾਦ ਤਾਂ ਅੱਗੇ ਨਕਦ ਵੇਚਕੇ ਪੈਸੇ ਵੱਟ ਕੇ ਵਰਤ ਲਏ ਸਨ…ਖੇਤਾਂ 'ਚ ਕਿੱਥੇ ਪਈ ਸੀ…।" ਮਹਿੰਦਰ ਪਹਿਲੀ ਵਾਰ ਬੋਲਿਆ। ਉਹਦੀ ਆਵਾਜ਼ ਵਿੱਚ ਪਤਾ ਨਹੀਂ ਸੀ ਲੱਗਦਾ ਨਿਰਲੇਪਤਾ ਸੀ ਜਾ ਕੁੜੱਤਣ।
ਅਮਰੀਕ ਨੂੰ ਇਹ ਸੁਣ ਕੇ ਅੰਦਰੋਂ ਵੱਟ ਚੜ੍ਹਿਆ, "ਮੈਂ ਆਹਨਾਂ…ਤੁਸੀਂ ਏਨੇ ਪੈਸੇ ਵਰਤਦੇ ਕਿੱਥੇ ਰਹੇ ਜੇ…ਮਾਤਾ ਤੂੰ ਸਭ ਕੁੱਝ ਸਾਥੋਂ ਲੁਕਾਉਂਦੀ ਰਹੀ ਏਂ…।" ਉਸਦੀ ਆਵਾਜ਼ ਵਿੱਚ ਮਾਂ ਪ੍ਰਤੀ ਦਬਵਾਂ ਗੁੱਸਾ ਸੀ।
"ਮੈਂ ਵੀਰਾ ਕੀ ਲੁਕਾਉਂਦੀ ਰਹੀ ਆਂ…ਤੂੰ ਤਾਂ ਘਰ ਦਾ ਖਹਿੜਾ ਈ ਛੱਡਿਆ ਹੋਇਆ ਸੀ। ਉਹ ਮਨ ਮਰਜ਼ੀ ਕਰਦਾ ਸੀ…ਉਹਦੇ ਅਮਲ ਦਾ ਏਨਾ ਖ਼ਰਚਾ ਘਰੋਂ ਹੀ ਤਾਂ ਹੁੰਦਾ ਸੀ…ਤੂੰ ਅਣਜਾਣ ਤਾਂ ਨਾ ਬਣ…।"
ਉਹ ਦੰਦ ਘੁੱਟੀ ਲੰਮਾਂ ਪਿਆ ਰਿਹਾ। ਏਨਾ ਪੈਸਾ ਉਹ ਕਿਵੇਂ ਉਤਾਰੇਗਾ? ਵਾਹੀ ਕਿਵੇਂ ਤੋਰੇਗਾ? ਝੋਨੇ ਲਈ ਖ਼ਾਦ ਵੀ ਤਾਂ ਚਾਹੀਦੀ ਸੀ।
"ਮੱਖਣ ਸੂੰਹ ਵੀ ਇੱਕ ਪਰਨੋਟ ਲਈ ਫ਼ਿਰਦਾ ਜੇ…ਮੈਨੂੰ ਵਿਖਾਉਂਦਾ ਸੀ: ਭਾਈਏ ਨੇ ਉਸ ਤੋਂ ਵੀ ਪੰਜ ਸੌ ਰੁਪਈਆ ਵਿਆਜੀ ਫੜ੍ਹਿਆ ਹੋਇਆ ਜੇ…ਮੈਨੂੰ ਆਂਹਦਾ ਸੀ ਤੇਰੇ ਭਰਾ ਨਾਲ ਸਤ੍ਹਾਰਵੀਂ ਤੋਂ ਪਿੱਛੋਂ ਹੀ ਗੱਲ ਕਰੂੰ…" ਮਹਿੰਦਰ ਨੇ ਇੱਕ ਹੋਰ ਭੇਦ ਇਸ ਤਰ੍ਹਾਂ ਖੋਲ੍ਹਿਆ ਜਿਵੇਂ ਮੱਥੇ ਵਿੱਚ ਕੁੱਝ 'ਪਟੱਕ' ਕਰਕੇ ਮਾਰੀਦਾ ਹੈ।
"ਲਓ ਹੋਰ ਸੁਣ ਲੌ…ਮੈਂ ਆਹਨਾਂ…ਸਭ ਪਾਸੇ ਦੇਣਾ ਈ ਦੇਣਾ…" ਅਮਰੀਕ ਉੱਠ ਕੇ ਬੈਠ ਗਿਆ। ਪਹਿਲਾਂ ਤਾਂ ਉਹ ਗੁੱਸੇ ਵਿੱਚ ਭਰ ਗਿਆ। ਪਰ ਫ਼ਿਰ ਹੌਲੀ ਹੌਲੀ ਉਹਦੇ ਮੱਥੇ ਦੀਆਂ ਕੱਸੀਆਂ ਹੋਈਆਂ ਨਾੜਾਂ ਢਿੱਲੀਆਂ ਪੈ ਗਈਆਂ। ਉਸ ਸੋਚਿਆ, ਇਸ ਸਭ ਕੁੱਝ ਨੂੰ ਪਰਵਾਨ ਕਰਨਾ ਪੈਣਾ ਸੀ। ਤੇ ਫ਼ਿਰ ਉਹ ਫ਼ਿੱਕਾ ਜਿਹਾ ਹੱਸ ਕੇ ਬੋਲਿਆ, "ਓ ਬਾਬਾ! ਇੱਕੋ ਵਾਰ ਦੱਸ ਦਿਓ…ਕੀਹਦਾ ਕੀਹਦਾ ਕੀ ਕੀ ਦੇਣਾ ਮੈਂ? …ਹੌਲੀ ਹੌਲੀ ਕਿਓਂ ਲੱਗੇ ਓ…?" ਤੇ ਫ਼ਿਰ ਉਹ ਆਪ ਹੀ ਬੋਲਿਆ, "ਨਾਲੇ ਘਰ ਗੁਆਇਆ ਨਾਲੇ ਭੜੂਆ ਅਖਵਾਇਆ। ਲੋਕੀਂ ਸੌ ਸੌ ਗੱਲਾਂ ਕਰਦੇ ਨੇ। ਧਰਮ ਨਾਲ ਜੀ ਕਰਦਾ ਧਰਤੀ 'ਚ ਨਿੱਘਰ ਜੀਏ ਜਦੋਂ ਸੁਣੀਦਾ; ਉਹ ਪੀ ਕੇ ਉਸ ਮੋੜ 'ਤੇ ਪਿਆ ਸੀ…ਕਦੀ ਉਸ ਮੋੜ 'ਤੇ…।"
ਨਮੋਸ਼ੀ ਦੀ ਗੱਲ ਸੁਣਦਿਆਂ ਹੀ ਵੱਡੀ ਕੁੜੀ ਬੋਲੀ, "ਸੱਚੀਂ ਭਾ ਜੀ…ਅਸੀਂ ਤੇ ਤੁਹਾਨੂੰ ਡਰਦੇ ਦੱਸਦੇ ਨਹੀਂ ਸਾਂ ਉਦੋਂ, ਭਾਈਆ ਤੇ ਹੁਣ ਸੱਚੀਂ ਪੁੱਠੇ ਕੰਮੀਂ ਉੱਤਰ ਆਇਆ ਸੀ। ਦੋ ਤਿੰਨ ਮਹੀਨੇ ਹੋਏ ਘਰੋਂ ਪਤੀਲਾ ਚੁੱਕ ਕੇ ਚੈਂਚਲ ਕਲੀ ਵਾਲੇ ਕੋਲ ਵੇਚ ਦਿੱਤਾ। ਅਸੀਂ ਲੱਭਦੇ ਫ਼ਿਰੀਏ…ਪਿੱਛੋਂ ਪਤਾ ਲੱਗਾ…ਫ਼ਿਰ ਚੈਂਚਲ ਤੋਂ ਮੋੜਕੇ ਆਂਦਾ ਪੈਸੇ ਦੇ ਕੇ…।"
ਅਮਰੀਕ ਨੂੰ ਇੱਕ ਧੱਕਾ ਜਿਹਾ ਲੱਗਾ। ਉਸ ਸੋਚਿਆ ਜੇ ਕਿਧਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਤਾਂ ਉਹ ਕੀ ਮੂੰਹ ਦਿੰਦਾ? ਹੋ ਸਕਦਾ ਸੀ: ਉਸਦਾ ਪਿਓ ਘਰ ਤੋਂ ਪਿੱਛੋਂ ਲੋਕਾਂ ਦੇ ਭਾਂਡੇ ਵੀ ਚੁੱਕਣੇ ਸ਼ੁਰੂ ਕਰ ਦਿੰਦਾ…ਤੇ ਇਹ ਸਭ ਕੁੱਝ ਸੋਚਦਿਆਂ ਉਹ ਜਿਵੇਂ ਨਮੋਸ਼ੀ ਵਿੱਚ ਗ਼ਰਕ ਹੁੰਦਾ ਜਾ ਰਿਹਾ ਸੀ।
"ਸਰਦਾਰ ਜੀ ਤੁਸੀਂ ਛੱਡੋ ਉਹਦੀਆਂ ਗੱਲਾਂ…ਉਹ ਤਾਂ ਚੈਂਚਲ ਦੀ ਹੱਟੀ' ਚ ਵੜ ਕੇ ਕਈ ਵਾਰ ਨਸਵਾਰ ਵੀ ਲੈ ਲੈਂਦਾ ਸੀ…ਤੇ ਹੁਣ ਤਾਂ ਫ਼ੀਮ ਦੀ ਥਾਂ ਉਹ ਨਸ਼ੇ ਦੀਆਂ ਗੋਲੀਆਂ ਜਿਹੀਆਂ ਵੀ ਖਾਂਦਾ ਸੀ ਤੇ ਉਹ ਬੀੜਾ ਜਿਹਾ ਵੀ ਲੈਂਦਾ ਸੀ…।" ਮਹਿੰਦਰ ਦੀ ਇਹ ਗੱਲ ਸੁਣ ਕੇ ਅਮਰੀਕ ਨੇ ਸੋਚਿਆ ਚੰਗਾ ਹੋਇਆ ਉਹਦੇ ਪਿਓ ਦੀਆਂ ਇਹ ਗੱਲਾਂ ਉਸ ਕੋਲੋਂ ਲੁਕੀਆਂ ਰਹੀਆਂ ਸਨ। ਇੰਝ ਉਹ ਸ਼ਰੇਆਮ ਨਹੀਂ ਸੀ ਕਰਦਾ। ਇਸ ਲਈ ਹੋ ਸਕਦਾ ਹੈ ਲੋਕਾਂ ਨੂੰ ਵੀ ਉਸਦੀਆਂ ਇਹਨਾਂ ਗੱਲਾਂ ਦਾ ਪਤਾ ਨਾ ਹੋਵੇ। ਤੇ ਜੇ ਉਹਦਾ ਪਿਓ ਸ਼ਰੇਆਮ ਭਾਂਡੇ ਚੁੱਕਦਾ, ਨਸਵਾਰ ਲੈਂਦਾ ਤੇ ਗੋਲੀਆਂ ਖਾ ਕੇ ਡਿੱਗਦਾ ਰਹਿੰਦਾ ਤਾਂ ਉਹਨਾਂ ਦੇ ਪਰਿਵਾਰ ਦੀ ਕੋਈ ਇੱਜ਼ਤ ਰਹਿਣੀ ਸੀ ਭਲਾ! ਅੱਗੇ ਵੱਡੀ ਕੁੜੀ ਦੇ ਸਾਕ ਛੁੱਟਣ ਦੀ ਨਮੋਸ਼ੀ ਨੇ ਉਹਦੀ ਜ਼ਮੀਰ ਨੂੰ ਧੁਰ ਅੰਦਰੋਂ ਜ਼ਖ਼ਮੀ ਕਰ ਦਿੱਤਾ ਹੋਇਆ ਸੀ।
"ਕਿਉਂ ਬੀਬੀ ਠੀਕ ਗੱਲ ਐ?" ਉੇਸ ਨੂੰ ਭਰੇ ਪੀਤੇ ਨੂੰ ਇਤਰਾਜ਼ ਸੀ ਕਿ ਉਹਦੀ ਮਾਂ ਨੇ ਉਸਨੂੰ ਰੁਪਏ ਕਰਜ਼ ਚੁੱਕਣ, ਜ਼ਮੀਨ ਗਹਿਣੇ ਪਾਉਣ ਤੇ ਇਸ ਤਰ੍ਹਾਂ ਹੀ ਉਹਦੇ ਪਿਓ ਦੀਆਂ ਵਿਗੜਦੀਆਂ ਆਦਤਾਂ ਬਾਰੇ ਉਸਨੂੰ ਕਿਉਂ ਨਹੀਂ ਸੀ ਦੱਸਿਆ।
"ਠੀਕ ਆ…ਹੋਰ ਝੂਠ ਥੋੜ੍ਹਾ…।" ਸਭ ਤੋਂ ਛੋਟੀ ਕੁੜੀ ਬੋਲ ਪਈ।
"ਇਸ ਹਿਸਾਬ ਨਾਲ ਤਾਂ ਜਿਹੜੀ ਦੋ ਕਿੱਲੇ ਬਚਦੀ ਸੀ…ਜੇ ਜਿਊਂਦਾ ਰਹਿੰਦਾ ਤਾਂ ਉਹ ਵੀ ਗਹਿਣੇ ਪੈ ਜਾਣੀ ਸੀ ਤੇ ਪਿੱਛੇ ਰਹਿ ਜਾਣਾ ਸੀ…" ਗੱਲ ਅਮਰੀਕ ਦੇ ਮੂੰਹ ਵਿੱਚ ਹੀ ਸੀ ਕਿ ਮਹਿੰਦਰ ਬੋਲ ਪਿਆ, "ਪਿੱਛੇ ਰਹਿ ਜਾਣਾ ਸੀ ਠੁਣ ਠੁਣ ਗੋਪਾਲ। ਓ ਮੈਂ ਤਾਂ ਆਹਨਾਂ ਭਾ ਜੀ! ਅਜੇ ਵੀ ਵੇਲੇ ਸਿਰ ਮਰ ਗਿਆ। ਚੰਗਾ ਈ ਹੋਇਆ ਇਹ ਵੀ…।"
ਮਹਿੰਦਰ ਗੱਲ ਕਰਕੇ ਫਿੱਕਾ ਜਿਹਾ ਹੱਸਿਆ। ਉਹਦੇ ਹਾਸੇ ਵਿੱਚ ਨਾ ਹੀ ਕੋਈ ਖ਼ੁਸ਼ੀ ਸੀ ਤੇ ਨਾ ਹੀ ਕੋਈ ਦਰਦ! ਅਜੀਬ ਤਰ੍ਹਾਂ ਦਾ ਇੱਕ ਬੇਰੰਗ ਹਾਸਾ। ਹਨੇਰੇ ਵਿੱਚ ਹੀ ਪਰਿਵਾਰ ਦੇ ਹੋਰ ਵੀ ਇੱਕ ਦੋ ਜੀਅ ਹੌਲੀ ਜਿਹੀ ਹੱਸੇ। ਇੰਝ ਲੱਗਦਾ ਸੀ, ਜਿਵੇਂ ਉਹਨਾਂ ਨੂੰ ਮਹਿੰਦਰ ਦੀ ਆਖੀ ਗੱਲ ਸਰਬਸੰਮਤੀ ਨਾਲ ਪਰਵਾਨ ਸੀ ਤੇ ਉਹ ਇਸ 'ਘਰ ਦੇ ਸਾਈਂ' ਦੇ 'ਵੇਲੇ ਸਿਰ' ਤੁਰ ਜਾਣ 'ਤੇ ਜਿਵੇਂ ਸੁਰਖ਼ਰੂ ਹੋਏ ਮਹਿਸੂਸ ਕਰ ਰਹੇ ਸਨ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)