Van-Vairag : Harinder Singh Mehboob

ਵਣ-ਵੈਰਾਗ : ਹਰਿੰਦਰ ਸਿੰਘ ਮਹਿਬੂਬ

1. ਭਰਮ-ਭੈਅ

ਸੂਰਜ ਛਿਪਦੇ ਕੋਲੇ ਸਖੀਏ
ਕੋ ਪੰਛੀ ਕੁਰਲਾਇਆ,
ਤਰਕਾਲਾਂ ਦੇ ਦੇਸ ਅੰਦਰਾਂ
ਕੌਣ ਕੌਣ ਨਹੀਂ ਆਇਆ?

ਸੂਰਜ ਤਿਨ੍ਹਾਂ 'ਤੇ ਲਾਲੀ ਵਾਰੇ
ਰਾਤ ਜਿਨ੍ਹਾਂ ਦੇ ਪੱਲੇ;
ਰੰਗ ਨੂੰ ਰੰਗ ਦੇ ਦੇਸ ਉਡਾਵਾਂ
ਖ਼ਤ ਕੋਈ ਸਾਨੂੰ ਘੱਲੇ।

ਕਿਸ ਜੂਹ ਵਿੱਚ ਹੁਣ ਡਾਰ ਨੂੰ ਮਿਲਣਾ
ਪੰਛੀ ਜੋ ਕੁਰਲਾਂਦਾ
ਪੱਛਮ ਦੀ ਰੁਤ ਮੋਹਿਆ ਇਸ ਨੂੰ
ਮੁੱਕਦੀ ਤੇ ਪਛਤਾਂਦਾ।

ਦੂਰ ਸਰਾਂ ਦੇ ਕੰਢੇ ਸਖੀਏ
ਹੰਝੂ ਜਲ ਵਿੱਚ ਰਲਿਆ,
ਕਲਵਲ ਹੋ ਕੇ ਭੌਂਦੇ ਫਿਰਣਾ
ਪਾਣੀਆਂ ਦੇ ਵਿੱਚ ਮਰਿਆ।

ਸੋਹਣਾ ਸੰਞਾਂ ਵਿੱਚ ਗੁਆ ਕੇ
ਅੱਗ ਘਰ ਮੈਂ ਨਹੀਂ ਜੀਣਾ,
ਕੰਵਲਾਂ ਦੀ ਜਿਸ ਪਿਆਸ ਬੁਝਾਈ
ਮੈਂ ਉਸ ਜਲ ਨੂੰ ਪੀਣਾ।

ਦੂਰ ਲਾਲੀਆਂ ਕੰਬ ਕੰਬ ਗਈਆਂ
ਪਾਣੀ ਕਦੇ ਨ ਰੋਇਆ,
ਕੂੰਜ ਨੂੰ ਡਾਰੋਂ ਵਿਛੜ ਜਾਣ ਦਾ
ਭਰਮ ਕਿਉਂ ਸਈਏ ਹੋਇਆ?

2. ਸੁੱਤੀ ਨਾਰ

ਮੈਂ ਇਕ ਸੁੱਤੀ ਨਾਰ ਸਰ੍ਹਾਣੇ
ਕਿਹਾ: ਜਾਗ ਨੀ ਰੁੱਤੇ
ਲੱਖਾ ਆਇ ਖੜੇ ਸੌਦਾਗਰ
ਫੁੱਲਾਂ ਦੇ ਦਰ ਉੱਤੇ !

ਤੇਰੀ ਕੁਟੀਆ 'ਤੇ ਰਾਹੀਆਂ ਨੂੰ
ਆਕੇ ਸੂਰਜ ਛਿਪਿਆ,
ਪੱਛਮ ਦੇ ਰੰਗ ਮਿਲਣੇ ਆਏ
ਆਏ, ਜਾਣ ਲਈ ਉੱਠੇ !

ਰੰਗ ਦਾ ਕੁਈ ਇਤਬਾਰ ਨ ਕਰਿਓ
ਇਹ ਜੋਗੀ ਪ੍ਰੀਤ ਕਚੇਰੀ

ਛੱਲ ਹੈ, ਮੇਰੇ ਦੇਖਣ ਦੀ ਗੱਲ
ਮੋਹ ਪਾ ਪੈਂਡੇ ਉੱਚੇ !

ਰੈਣ ਬਸੇਰਾ ਦਰਦ ਘਨੇਰਾ
ਦੁੱਖ ਮੰਜ਼ਲ ਦੇ ਕਿੰਨੇ !
ਮਿਤ੍ਰ ਪਿਆਰੇ 'ਤੇ ਮਰ ਜਾਣਾ
ਜਿਸ ਨਗਰੀ ਵਿਚ ਸੁੱਤੇ !

ਤਿਰੇ ਮੁਰੀਦਾਂ ਦੇ ਸਾਹਵੇਂ ਤਾਂ
ਤੈਂ ਜਾਗਣ ਦਾ ਵੇਲਾ
ਘਟਦੀ ਸੂਰਜ ਦੀ ਵੀ ਉਮਰਾ
ਰੰਗਾਂ ਦਾ ਦਿਲ ਟੁੱਟੇ !

ਤੇਰੇ ਵਣ ਦੀ ਦੁਨੀਆਂ ਤੇਰੀ
ਅਸੀਂ ਤਾਂ ਦੂਰ ਦੇ ਬੰਦੇ,
ਗੱਲ ਕਰ ਚਲੇ ਜਾਵਾਂਗੇ ਏਥੋਂ
ਜਾਗ ਸੁਹਣੀਏਂ ਰੁੱਤੇ !

ਤੈਨੂੰ ਰੁੱਤ ਮੈਂ ਆਖਣ ਵਾਲਾ
ਉਹ ਨਿੰਦਰਾਇਆ ਪਾਣੀ,
ਜਿਸ ਦੇ ਉੱਤੇ ਖੰਭ ਫੈਲਾ ਕੇ
ਕੰਵਲ ਯੁਗਾਂ ਤੋਂ ਸੁੱਤੇ !

ਇਹ ਕੀ ਭਲਾ ਮਾਣ ਹੈ ਤੈਨੂੰ ?
ਪੌਣਾਂ ਦਾ ਸੰਗ ਤੱਜਣਾ,
ਉਮਰ ਨੂੰ ਇੰਞ ਕੀਲ ਕੇ ਸੌਣਾ
ਰਹਿਣਾ ਮਹਿਕ-ਵਿਗੁਤੇ !

ਵਿਸੁ ਵਿਸ਼ਵ ਭਰਕੇ ਨਾਗੋ
ਫਣਾਂ 'ਚ ਰੋਹ ਨੂੰ ਬਾਲੋ,
ਜ਼ਰਾ ਏਸ ਸੁਪਨੇ ਦੀ ਸ਼ੀਰੀਂ
ਕੌੜੇ ਡੰਗ ਨਾ' ਟੁੱਟੇ !

3. ਕੰਤ

ਕੰਤ ਦੀ ਥਾਹ ਨਾ ਲੈ ਤੂੰ ਸਖੀਏ
ਕੌਣ ਕੰਤ ਹੈ ਮੇਰਾ;
ਜਲਾਂ ‘ਚੋਂ ਮੇਰਾ ਰੂਪ ਪਛਾਣੇ
ਪੱਥਰਾਂ ਉਤੇ ਵਸੇਰਾ।

ਕੇਸਾਂ ਨੂੰ ਧਾਹ ਚੜ੍ਹੀ ਜੁਆਨੀ
ਜਨਮ ਮੇਘ ਦਾ ਹੋਇਆ,
ਪੰਧ ਕਿਸੇ ਨੇ ਕੀਤਾ ਲੰਮਾ,
ਦਰ ਵਿਚ ਆਣ ਖਲੋਇਆ।

ਮੇਰਿਆਂ ਕੁੱਲ ਰਾਹਾਂ ਦਾ ਭੇਤੀ
ਦੀਵਿਆਂ ਦਾ ਵਣਜਾਰਾ,
ਰਹਿੰਦੀ ਉਮਰ ਦੀ ਪੂੰਜੀ ਲੈ ਕੇ
ਰਾਹੀਂ ਬਲੇ ਪਿਆਰਾ।

ਸੱਦ ਰਿਜ਼ਕ ਦੀ ਕਿਹੜੇ ਵੇਲੇ
ਸੁਣੀ ਦਿਲਾਂ ਦੇ ਮਾਹੀ ?
ਜਿਸ ਰਾਤੀਂ ਮੈਂ ਭੇਦ ਚਿਰੋਕਾ
ਦਸਣਾ ਸਈ ਸ਼ਰਮਾਈ ।

ਰੁੱਤਾਂ ਦੇ ਬਹੁ ਕਾਸਦ ਆਏ
ਕੀ ਕੁੱਝ ਅਸੀਂ ਗੁਆਇਆ ?
ਪੱਥਰ ਕੁਟਦੇ ਮਾਹੀ ਦਾ ਕੋ
ਮੀਤ ਦੇਸ ਨਹੀਂ ਆਇਆ ।

ਚਿੰਤਾ ਕੰਤ ਦੀ ਬਹੁਤ ਸਿਆਣੀ
ਦੂਰ ਵਸੇ ਜੀ ਮੇਰਾ ।
ਕੇਸ ਮੇਰੇ ਤੂੰ ਭੁੱਲ ਨ ਸਕਿਉਂ
ਪਿਆਰ ਕੀ ਜਾਣਾ ਤੇਰਾ !

ਮਾਹੀ ਕਦੇ ਪੱਥਰਾਂ ਨੂੰ ਤੋੜੇ
ਕਦੇ ਰੰਗਾਂ ਨੂੰ ਛੋਹੇ ।
ਕਾਗਦ 'ਤੇ ਇਕ ਜ਼ੁਲਫ਼ ਜਾਂ ਢਿਲਕੀ
ਫ਼ਜਰ ਦਾ ਵੇਲਾ ਹੋਏ ।

ਵੇਲੇ ਫ਼ਜਰ ਦੇ 'ਵਾਜਾਂ ਪਈਆਂ,
ਹੁਕਮ ਆਏ ਸਰਕਾਰੋਂ ।
ਮੁੰਦ ਸੁਪਨਿਆਂ ਦੇ ਨੈਣਾਂ ਨੂੰ,
ਤੁਰੇ ਹੁਸਨ ਦੇ ਬਾਰੋਂ ।

ਹੁਸਨ ਦਾ ਸੁਪਨਾ ਪੂੰਜੀ ਕਿਸਦੀ ?
ਨ ਕੰਤ ਨ ਮੇਰੀ
ਉਸ ਸੁਪਨੇ ਦੀ ਬਾਤ ਸੁਣਾਵਾਂ
ਜਿਸ ਸੁਪਨੇ ਵਿਚ ਦੇਰੀ ।

ਕੰਤ ਮੇਰਾ ਧੁੱਪਾਂ ਦਾ ਜਾਇਆ,
ਕਦੇ ਕਦੇ ਛਾਂ ਮਾਣੀ ।
ਭਾਰੇ ਬੋਲ ਪੱਥਰਾਂ ਦੇ ਸੁਣਕੇ
ਸੁਣੇ ਬਿਰਖ ਦੀ ਬਾਣੀ ।

ਮਹਿਕ ਚੰਬੇਲੀ ਆਂਗਨ ਸਾਡੇ
ਆ ਕੁਈ ਨੀਰ ਛੁਹਾਏ ।
ਸੋਨ-ਸੁਰਾਹੀ ਮਾਹੀ ਦੀ ਵਿਚ
ਅਸਾਂ ਤਾਂ ਕੰਵਲ ਤਰਾਏ ।

ਡੋਲ ਜਾਣ ਕੰਵਲ ਦੀਆਂ ਪੱਤੀਆਂ
ਮਾਹੀ ਦਾ ਦਿਲ ਡੋਲੇ ।
ਕਿਹੜੀ ਰੁੱਤ ਵਿਚ ਕੋਇਲ ਹੈ ਆਈ,
ਕੌਣ ਵਿਯੋਗੀ ਬੋਲੇ !

ਇਸ ਬਾਰੀ 'ਚੋਂ ਜੂਹ ਮਾਹੀ ਦੀ
ਤੱਕ ਕੇ ਜੀਉ ਡੁਲਾਣਾ ।
ਇਸ ਬਾਰੀ 'ਚੋਂ ਪੌਣ ਪਈ ਵੱਗੇ,
ਜਿਸ ਸਾਜਨ ਵਲ ਜਾਣਾ ।

ਪੱਤੀ ਸਬਜ਼ ਕੰਵਲ ਦੀ ਢਿਲਕੀ
ਦੁੱਧ-ਰੰਗ ਸ਼ਰਮਾਈ ।
ਕੀ ਉਸ ਫੁੱਲ ਨੂੰ ਹੋਇਆ ਸਖੀਏ ?
ਓਦਰਿਆ ਜਿਉਂ ਮਾਹੀ ।

ਰਾਤਾਂ ਦਾ ਦਿਲ ਕੰਤ 'ਤੇ ਆਇਆ
ਤਾਰੇ ਵਾਰਨ ਆਈਆਂ ।
ਰਾਹ ਵਿਚ ਚੰਨ ਦੀਆਂ ਗਲੀਆਂ ਅੰਦਰ
ਖੇਡਣ ਲੱਗੀਆਂ ਦਾਈਆਂ ।

ਛੋਹ ਨੂੰ ਕੰਤ ਜਾਣ ਨਾ ਜਾਵੇ
ਫੜੀਆਂ ਚੰਨ ਕਲਾਈਆਂ ।
ਕੱਜ ਕੱਜ ਤੁਰਨ ਕੰਤ ਵਲ ਜਿੰਦੂ
ਰੈਣਾਂ ਨਿਹੁੰ ਦੀਆਂ ਜਾਈਆਂ ।

ਕੰਤ ਮੇਰਾ ਕੁੱਲ ਆਲਮ ਜਾਣੇ
ਤੂੰ ਬਸ ਸਈਏ ਭੁੱਲੀ ।
ਖੇਡ ਦੀ ਉਮਰਾ ਪਾਈ ਬੁਝਾਰਤ
ਜੁਆਨੀ ਦੀ ਰੁੱਤ ਹੁੱਲੀ ।

4. ਕਿਸੇ ਜਾਂਗਲੀ ਨਾਰ ਨੂੰ

ਤੇਰੇ ਵਾਂਗ ਹਵਾ ਵਿਚ ਵਲ ਪੈਂਦੇ
ਅਸੀਂ ਰੋਹੀਆਂ ਦੇ ਵੱਲ ਚੱਲ ਪੈਂਦੇ

ਜਦ ਤੇਰਾ ਹਵਾ ਨੂੰ ਨਾਂ ਦੱਸੀਏ
ਉਹਦੀ ਗੋਦੀ ਤਰੇਲ ਦੇ ਫਲ ਪੈਂਦੇ

ਤੈਨੂੰ ਢੱਕੀ ਦੇ ਵਿਚ ਭਾਲਣ ਲਈ,
ਅਸੀਂ ਨਾਲ ਸ਼ੈਦਾਈਆਂ ਰਲ ਪੈਂਦੇ

ਤਿਰੀ ਸੂਰਤ ਸਾਡੇ ਨੈਣੀਂ ਤਕ
ਲੁਕ ਫੁੱਲਾਂ ਥੱਲੇ ਥਲ ਪੈਂਦੇ

ਸਾਡੇ ਸਬਰ-ਹੁਸਨ ਦੀ ਕਾਂਗ ਚੜ੍ਹੀ
ਲੱਖ ਢਾਬਾਂ ਦੇ ਕੰਬ ਜਲ ਪੈਂਦੇ

ਅਸੀਂ ਨੇਰ੍ਹਾਂ ਨੂੰ ਮਚਕੋੜਦੇ ਹਾਂ
ਜਦ ਰੂਪ ਤੇਰੇ ਦੇ ਛਲ ਪੈਂਦੇ

ਜਦ ਰਾਹ ਨ ਸਾਨੂੰ ਲਭਦਾ ਕੁਈ
ਤਦ ਸੀਨੇ ਸਾਡੇ ਸੱਲ ਪੈਂਦੇ

ਸਾਡੀ ਖੇਡ ਨੂੰ ਚਾਲੂ ਰੱਖਣ ਲਈ
ਤੇਰੇ ਦੀਵੇ ਅੰਬਰੀਂ ਬਲ ਪੈਂਦੇ

ਤੇਰੇ ਵਾਂਗ ਹਵਾ ਵਿਚ ਵਲ ਪੈਂਦੇ
ਅਸੀਂ ਰੋਹੀਆਂ ਦੇ ਵੱਲ ਚੱਲ ਪੈਂਦੇ

5. ਬਨਬਾਸ

ਇਸ ਰੋਹੀ ਚੋਂ ਆ ਰਹੀਆਂ ਨੇ
ਮੌਤ ਮਿਰੀ ਦੀਆਂ ਵਾਜਾਂ
ਦੂਰ ਨਗਾਰੇ ਸੂਰਮਿਆਂ ਦੇ
ਗੂੰਜਣ ਸੁਣ ਫ਼ਰਿਆਦਾਂ।

ਕੱਚੇ ਘਰਾਂ ਦੇ ਬੂਹਿਆਂ ਦੇ ਅੱਗੇ
ਰੋਂਦੀਆਂ ਮਾਵਾਂ ਆਈਆਂ
ਕਣਕਾਂ ਪੱਕੀਆਂ ਦੀ ਰੁੱਤੇ ਕਿਉਂ
ਦਰਦ ਉਮਰ ਦੇ ਲਿਆਈਆਂ?

ਸਾਡੇ ਵੱਡੇ ਵਡੇਰਿਆਂ ਤੋਂ ਨੇ
ਮਿਰਗਾਂ ਨਾਲ ਯਰਾਨੇ
ਮਾਵਾਂ ਰੋਹੀਆਂ ਨੂੰ ਨਾ ਛੱਡ ਕੇ
ਵਸਨਾ ਦੇਸ ਬਿਗਾਨੇ।

"'ਮਾਏ ਕਣੀ ਪਿਆਰ ਦੀ ਨਿੱਕੀ
ਨੈਣ ਨਿਮਾਣੇ ਦੋਏ,"
ਮਾਂ ਦੇ ਤਰਸ ਦੇ ਖੰਭ ਨਿਤਾਣੇ
ਦੇਖ ਬੱਚੜੇ ਰੋਏ।

ਦੂਰ ਪਾਣੀਆਂ ਨੂੰ ਕੀ ਹੋਇਆ,
ਹੂੰਗਰ ਮਾਰ ਬੁਲਾਣਾ
ਪੁਸ਼ਤਾਂ ਦਾ ਇੱਕ ਗੀਤ ਸਾਂਭਿਆ,
ਮਾਂਝੀ ਨੂੰ ਭੁਲ ਜਾਣਾ

ਔਹ ਤਾਰਾ ਬਰਬਾਦ ਹੋ ਗਿਆ
ਬਰਬਾਦੀ ਦੀਆਂ ਸੋਆਂ
ਏਸ ਉਜੜਦੇ ਪਿੰਡ ਵਿਚ ਆਈਆਂ
ਵਿਹੜਿਆਂ ਫਿਰਦੀ ਰੋਆਂ

ਵਤਨ ਦਾ ਪਾਣੀ ਕੂੰਜਾਂ ਨੂੰ ਨ
ਚਹੁੰ ਕੂੰਟਾਂ ਚੋਂ ਥਿਆਏ
ਥੱਕੀਆਂ ਅਰਸ਼ ਦੀਆਂ ਪੌਣਾਂ ਵਿਚ
ਰਾਖ ਉਡੰਦੀ ਜਾਏ

ਸੂਰਜ ਪਰਾਂ ਤੇ ਪਾਣੀ ਲਾਏ
ਜਦ ਪਰਦੇਸੋਂ ਚੱਲੀ,
ਵਤਨਾਂ ਦੇ ਵਿੱਚ ਰੌਲੇ ਮਚੇ
ਕੂੰਜ ਨਿਮਾਣੀ ਕੱਲੀ।
(੧੯੫੬)

6. ਪਛਤਾਵਾ

ਚਾਨਣ ਦੇ ਰੰਗ ਭਰਮ ਕੇ ਐਵੇਂ
ਚੰਨ ਨਾਲ ਪਿਆਰ ਨਾ ਪਾਈਏ,
ਚੱਲ ਨੀ ਜਿੰਦੇ ਨ੍ਹੇਰ 'ਚ ਜਾ ਕੇ
ਅੱਪਣਾ ਦੀਪ ਜਗਾਈਏ !

ਵਣਾਂ 'ਚ ਉਸ਼ਾ ਦੀ ਝੁੱਗੀ ਵੱਲੇ
ਵਾਂਗ ਮੁਸਾਫ਼ਿਰ ਜਾਈਏ !
ਵਰ੍ਹਿਆਂ ਪਿੱਛੋਂ ਨ੍ਹੇਰ ਦੇ ਦਰ ਤੇ
ਭਰਮ ਭਰਮ ਕੇ ਆਈਏ !

ਹਾਇ ਨੀ ਲੰਘੇ ਸਮਿਆਂ ਦਾ ਇਕ਼
ਬੁੱਲਾ ਸਫ਼ਰ 'ਚ ਰਲਿਆ !
ਹਾਇ ਨੀ ਮਸਾਂ ਪਛਾਣੇ ਸਾਨੂੰ
ਜੋਬਨ ਦਾ ਪੱਤ ਹਰਿਆ !

ਘੜਾ ਮਿਰੇ ਦਰਾਂ ਦਾ ਜਾਦੂ
ਨੂਰ ਓਸ ਨਾਲ ਭਰਿਆ !
ਜਿਸ ਨੇ ਨਿਆਣੀ ਉਮਰ 'ਚ ਮੈਨੂੰ,
ਵਣਾਂ ਹੇਠ ਸੀ ਛਲਿਆ !

ਰਾਤ ਚਾਨਣੀ ਦੇ ਪ੍ਰਛਾਵੇਂ
ਕਿਸ ਰਾਹੀ ਨੇ ਮੋਹੇ !
ਨੀਂਦ ਵਾਂਗ ਤਾਂ ਛੋਹ ਕੇ ਸਾਨੂੰ
ਕਿਸੇ ਦਰਦ ਵਿਚ ਖੋਏ !

ਅੱਥਰੂ ਵਾਂਗੂੰ ਚੰਨਾ ਤਪਿਆ
ਜ਼ਾਲਮ ਦੁਨੀਆਂ ਹੋਏ !
ਸੁੰਞੇ ਜੱਗ ਦੇ ਬੰਦਿਆਂ ਦੀ ਆ
ਪਿਆਸ ਬੁਝਾਵੇ ਕੋਇ !

ਜ਼ਖਮ ਦਰਦ ਦੇ ਨੈਣਾਂ ਅੰਦਰ
ਰਾਹ ਖਾਰੇ ਨੇ ਸਾਰੇ
ਇਕ ਪਰਦੇਸਨ ਛਲ ਨੇ ਆ ਕੇ
ਕਿਉਂ ਦਰਵੇਸ਼ ਨੇ ਮਾਰੇ ?

ਰੈਣ ਨਾਲ ਮੈਂ ਮੋਹ ਕਿਉਂ ਪਾਵਾਂ
ਕਿਉਂ ਮੈਂ ਗਿਣਾਂ ਸਿਤਾਰੇ ?
ਇਹ ਤਾਂ ਭੂਤ ਦੀ ਗ਼ਾਰ ਸੁਨਹਿਰੀ
ਤਿਲ੍ਹਕੇ ਵਕਤ ਸਾਂ ਮਾਰੇ !

ਬਾਲ ਲਵਾਂਗੇ ਸੁੰਞੇ ਖੂੰਜੇ
ਚਾਨਣ ਦਾ ਰੰਗ ਕੋਈ
ਅਗੋਂ ਬੁਝਣ ਵਾਲੇ ਦੀ ਮਰਜ਼ੀ
ਕਿਸਮਤ ਹੋਰ ਜੇ ਹੋਈ !

7. ਸੰਞਾਂ ਦੇ ਦੇਸ ਵਿਚ

ਸੰਤਰੇ ਦੇ ਹਰੇ ਹਰੇ ਬੂਟਿਆਂ ਦੇ ਕੋਲ ਵੇ ।
ਪੀਲੀ ਪੀਲੀ ਕਣਕਾਂ ਦੇ ਦਿਲ ਰਹੇ ਡੋਲ ਵੇ ।

ਟਾਹਲੀਆਂ ਦੇ ਪੱਤਿਆਂ 'ਚ ਨ੍ਹੇਰ ਆ ਕੇ ਬੈਠਿਆ,
ਅੰਬਰਾਂ ਨੇ ਚੰਨ ਖ਼ਾਤਰ ਦਰ ਦਿੱਤਾ ਖੋਲ੍ਹ ਵੇ ।

ਗੇਰੂਏ ਦੇ ਪਾਣੀ ਵਾਲਾ ਖ਼ਾਲ ਪਿਆ ਵਗਦਾ,
ਚਟਾਲੜੇ ਦੇ ਖੇਤਾਂ 'ਚ ਗੁਲਾਲ ਰਿਹਾ ਘੋਲ ਵੇ ।

ਕੰਢੜੇ ਤੇ ਕੋਈ ਪਰਦੇਸੀ ਆ ਕੇ ਬੈਠਿਆ,
ਸੰਤਰੇ ਦੇ ਬੂਟਿਆਂ ਜਿਉਂ ਚੁੱਪ ਤੇ ਅਡੋਲ ਵੇ ।

ਉਹਦੇ ਨੈਣਾਂ ਵਿੱਚੋਂ ਨਿਕਲ ਕੂਲਾ ਕੂਲਾ ਚਾਨਣਾ,
ਰੱਤਿਆਂ ਅਨਾਰਾਂ ਵਿੱਚੋਂ ਰਿਹਾ ਮੈਨੂੰ ਟੋਲ ਵੇ ।

ਟਾਹਲੀਆਂ ਦੇ ਆਲ੍ਹੇ-ਦੁਆਲੇ ਪੌਣ ਪਈ ਸਹਿਕਦੀ,
ਹਾਇ ਨਾ ਉਹਨੂੰ ਚੁੰਮ੍ਹਦਾ ਪਰਦੇਸੀਏ ਦਾ ਬੋਲ ਵੇ ।

ਰੋਸਾ ਦਿਲੇ ਵਿੱਚ ਨ ਲਿਆਵੀਂ ਮੇਰੇ ਹਾਣੀਆਂ,
ਬਿੰਦ ਘੜੀ ਲਈ ਉਹਨੂੰ ਆਖ ਲਵਾਂ ਢੋਲ ਵੇ ।

8. ਲੂੰਆਂ

ਠੰਢੇ ਸਾਗਰਾਂ ਦੇ ਸੁਪਨੇ ਲੈਂਦੀਆਂ,
ਲੂੰਆਂ ਆਈਆਂ ਫੁੱਲਾਂ ਦੇ ਘਾਟ ਵੇ ।
ਵੇ ਇਹ ਰੰਗਾਂ ਦੇ ਚਸ਼ਮੇ ਤੇ ਆਣ ਕੇ,
ਬਣ ਗਈਆਂ ਨੇ ਕੈਸ ਦੀ ਜ਼ਾਤ ਵੇ ।

ਵੇ ਇਹ ਜਾਣਨ ਨ ਜਾਣਨ ਨ ਕਮਲੀਆਂ
ਰੁੱਠੇ ਸੱਜਨਾਂ ਦੇ ਸੀਨੇ 'ਚ ਖਾਰ ਵੇ ।
ਵੇ ਇਹ ਤੱਤੀਆਂ ਦੇ ਪੈਂਡੇ ਅੰਦਰਾਂ,
ਮੌਤ ਖੋਲੇਗੀ ਸਿਵਿਆਂ ਦੇ ਬਾਰ ਵੇ ।

ਧੀਆਂ ਚੱਲੀਆਂ ਵੈਰਾਗਨਾਂ ਤੱਤੀਆਂ
ਪਾ ਬਾਬਲ ਦੇ ਦੇਸ਼ ਤੇ ਝਾਤ ਵੇ ।
ਸਾਜਨ ਠਾਰਸੀ ਹਿੱਕ ਨੂੰ ਕਿਸ ਤਰ੍ਹਾਂ ?
ਪੀ ਕੇ ਚੱਲੀਆਂ ਨੇ ਸੂਰਜ ਦੀ ਲਾਟ ਵੇ ।

ਲੂੰਆਂ ਲੰਘੀਆਂ ਸਰੋਵਰਾਂ ਕੋਲ ਦੀ
ਜਾਗੇ ਪਾਣੀ ਦੇ ਸੈਆਂ ਹੀ ਘੁੱਟ ਵੇ ।
ਛੰਭ ਵਾਜਾਂ ਹੀ ਰਹੇ ਬਸ ਮਾਰਦੇ
ਤੱਤੀ ਧਰਤ ਦੇ ਅੰਙਨਾ ਉੱਠ ਵੇ ।

ਲੂੰਆਂ ਕਪੜੇ ਮੈਲੇ ਪਾ ਚਲੀਆਂ,
ਰਾਹ ਵਿੱਚ ਚੰਨ ਦੀ ਆਉਣੀ ਏਂ ਰਾਤ ਵੇ ।
ਕਿਰਨਾਂ ਧੋਬਨਾਂ ਕਰਨਗੀਆਂ ਖੜਕ ਉੱਠ
ਭਰੇ ਨੀਂਦਰਾਂ ਗੰਧਾਂ ਦੇ ਘਾਟ ਵੇ ।

ਨੀਲਮ ਦੇਸ ਦੀ ਜੂਹ ਵੀ ਝਲਕਦੀ
ਪੀਤੀ ਲੂੰਆਂ ਨੇ ਰੱਜ ਪ੍ਰਭਾਤ ਵੇ ।
ਨਾਪਿਆ ਨਿੱਕੀ ਜਹੀ ਹਿੱਕ ਵਿੱਚ ਯਾਰ ਨੂੰ
ਭਰੀ ਨਾਚਾਂ ਦੇ ਨਾਲ ਉਂਘਲਾਟ ਵੇ ।

ਪੰਛੀ ਚੰਨ ਦਾ ਅੰਬਰੀਂ ਉੱਡਿਆ
ਤੱਕਨ ਆਇਆ ਸੁਹਾਗ ਦੀ ਰਾਤ ਵੇ ।
ਸਾਗਰ ਲਹਿਰਾਂ ਦੀ ਜੀਭਾਂ ਨਾ' ਬੋਲਿਆ
ਹੋਈ ਗੀਤਾਂ ਵਿੱਚ ਇਸ਼ਕ ਦੀ ਬਾਤ ਵੇ ।

ਲੂੰਆਂ ਗਰਭ ਦੀ ਦਾਤ ਲੈ ਚੱਲੀਆਂ
ਭਰਨ ਪੇਕਿਆਂ ਵੱਲ ਉਲਾਂਘ ਵੇ ।
ਸੁਆਗਤ ਸੱਜਨ-ਨਿਸ਼ਾਨੀਂ ਦਾ ਕਰਨ ਲਈ
ਚਮਕਣ ਬਿੱਜਲੀਆਂ ਸੁਪਨਿਆਂ ਵਾਂਗ ਵੇ ।

9. ਪਹਾੜਾਂ ਦੀ ਵੇਦਨਾ

ਪਹਾੜਾਂ ਦੀ ਵੇਦਨਾ ਪੋਹ ਦੇ ਗਗਨ 'ਤੇ
ਤ੍ਰੇਲਾਂ ਦੇ ਵਹਿਣ ਕੂੰਜਾਂ ਦੀ ਵਾਜ ਤੇ ਕੰਬਨ-
ਪਹਾੜਾਂ ਦੇ ਹੰਝੂ ਊਸ਼ਾ ਦੀ ਲਾਲੀ ਤੋਂ
ਖਿੱਚੇ ਗਏ ਗਗਨ ਤੇ ਅਜ਼ਲਾਂ ਦੇ ਵਾਂਗੂੰ,
ਪਹਾੜ ਕੂੰਜਾਂ ਬਣ ਆਏ ਨੀਂਦ ਵਿੱਚ ਜਿੰਦੇ
ਕੰਵਲ ਬਣੇ ਤਿਰੀ ਨੀਂਦ ਵਿੱਚ ਰਾਗ ਦੇ ਸੰਗਮ ।

ਕੀ ਸੁਣੇ ? ਕੀ ਦਿੱਸੇ ? ਪੋਹ ਦੀ ਰੁੱਤੇ
ਕਿਸ ਕਾਲ ਦੇ ਕਿਨਾਰਿਆਂ ਉੱਤੇ
'ਟਿਕ ਟਿਕ' ਕਰ ਰਿਹਾ ਤੇਸਾ ਪਹਾੜੀਆਂ ਉੱਤੇ-
ਝੋਲੀਆਂ ਗਗਨਾਂ ਦੀਆਂ ਟਸਕ ਪਈਆਂ
ਊਸ਼ਾਵਾਂ ਰੋਂਦੀਆਂ ਫ਼ਰਿਹਾਦ ਦੇ ਸਿਰ ਤੇ-
'ਟਿਕ ਟਿਕ' ਲਹਿੰਦੀ ਹੀ ਜਾਂਦੀ ਡੂੰਘ-ਡੂੰਘਾਣੀਂ,
ਝੀਲ ਵਿੱਚ ਕਿਸੇ ਨਹਿਰ ਦੀ ਜਾਗ ਖੁੱਲ੍ਹੇ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਹਰਿੰਦਰ ਸਿੰਘ ਮਹਿਬੂਬ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ