ਝਨਾਂ ਦੀ ਰਾਤ (ਬੇਲਿਆਂ ਦੀ ਕੰਨਸੋਅ) : ਹਰਿੰਦਰ ਸਿੰਘ ਮਹਿਬੂਬ
ਸੇਵਨ ਬੁਲਬੁਲਾਂ ਸੁੱਕਿਆਂ ਬੂਟਿਆਂ ਨੂੰ, ਫੇਰ ਫੁੱਲ ਲੱਗਣ ਨਾਲ ਡਾਲ ਦੇ ਨੀ। ਅਸਾਂ ਜਦ ਕਦ ਉਨ੍ਹਾਂ ਦੇ ਪਾਸ ਜਾਣਾ, ਜਿਹੜੇ ਮਹਿਰਮ ਅਸਾਡੜੇ ਹਾਲ ਦੇ ਨੀ। (ਵਾਰਿਸ ਸ਼ਾਹ) ਆਸ ਦੀ ਲੋਅ ਦਾ ਨਾਮ ਹਿਯਾਤੀ, ਉਸ ਦੇ ਬਾਅਦ ਹਨੇਰੇ, ਅੰਬਰ, ਅੱਖ ਦੀ ਹੱਦ ਅਖ਼ੀਰੀ, ਉਸ ਦੇ ਪਾਰ ਖਲਾਵਾਂ। ਸ਼ਾਮ ਪਈ ਤੇ ਫ਼ਜਰ ਦਾ ਤਾਰਾ, ਛਹਿ ਲਾ ਕੇ ਆ ਬੈਠਾ, ਰਾਤ ਦਾ ਰੂਪ ਘਟਣ ਨਹੀਂ ਦਿੱਤਾ, ਚੁੱਪ ਦੀਆਂ ਸ਼ੋਖ ਸਦਾਵਾਂ। (ਰਊਫ ਸ਼ੇਖ਼) ਸਮਰਪਣ ਮਹਾਨ ਸਮੇਂ ਦੀ ਗੋਦ ਵਿਚ ਜਾਗ ਰਹੇ ਆਪਣੇ ਪਿਆਰੇ ਪਿੰਡ ਝੂੰਦਾਂ ਦੇ ਵਿਸ਼ਾਲ ਖੇਤਾਂ, ਬਾਗ਼ਾਂ ਅਤੇ ਨਿੱਕੀਆਂ ਇੱਟਾਂ ਦੇ ਘਰਾਂ ਦੀਆਂ ਮੁਹੱਬਤਾਂ ਨੂੰ ਆਪਣੀਆਂ ਯਾਦਾਂ ਅਤੇ ਸੁਪਨਿਆਂ ਵਿਚ ਸਦਾ ਹੀ ਪਾਲਣ ਵਾਲੇ ਆਪਣੇ ਪਿਆਰੇ ਦੋਸਤ ਗੁਰਚਰਨ ਸਿੰਘ (ਬਾਵਾ) ਉਹਨਾਂ ਦੀ ਧਰਮ ਪਤਨੀ ਪਤਵੰਤ ਅਤੇ ਬੇਟੀ ਨਵਸ਼ੀਰ ਦੇ ਨਾਂ।
ਝਨਾਂ ਦੀ ਰਾਤ : ਹੁਸਨ ਦਾ ਰਹੱਸ
ਇਸ ਸੰਗ੍ਰਹਿ ਦੀਆਂ ਦੋ ਲੰਮੀਆਂ ਨਜ਼ਮਾਂ ਨੂੰ ਮੈਂ ੧੯੮੦ ਵਿਚ ਹੁਸ਼ਿਆਰਪੁਰ ਦੇ ਸਰਸਬਜ਼ ਪਿੰਡ ਡੱਫਰ ਵਿਖੇ ਲਿਖਿਆ। ਕੁਦਰਤ ਦਾ ਹੁਸਨ ਅਤੇ ਯਾਰ ਮੇਰੇ ਕਾਵਿ-ਆਵੇਸ਼ ਦੀ ਨਿਗਾਹਬਾਨੀ ਕਰ ਰਹੇ ਸਨ। ਇਸ ਕਿਤਾਬ ਨੂੰ ਵੱਖ ਵੱਖ ਸਮੇਂ ਉੱਤੇ ਲਿਖਦਿਆਂ ਮੈਂ ਪੰਜਾਬ ਦੀਆਂ ਮੁੱਢ-ਕਦੀਮੀ ਰਾਹਾਂ ਅਤੇ ਪਿਆਰੇ ਯਾਰਾਂ ਨੂੰ ਜ਼ਿੰਦਗੀ ਵਿਚ ਸਭ ਤੋਂ ਵੱਧ ਯਾਦ ਕੀਤਾ। ਇਸ ਕਾਰਨ ਝਨਾਂ ਦੀ ਰਾਤ ਹੀ ਇਹਨਾਂ ਸੱਤ ਕਾਵਿ-ਪੁਸਤਕਾਂ ਦਾ ਸਾਂਝਾ ਨਾਮ ਬਣਿਆ।
ਇਹ ਕਿਤਾਬ ਸਮੇਂ ਅਤੇ ਸਥਾਨ ਉੱਤੇ ਸਰਦਾਰੀ ਕਰ ਰਹੇ ਮੌਤ ਦੇ ਕਹਿਰ ਦੀਆਂ ਅਣਗਿਣਤ ਸ਼ਕਲਾਂ ਨੂੰ ਪੂਰੀ ਤਰ੍ਹਾਂ ਪਛਾਣ ਕੇ ਅਤੇ ਉਹਨਾਂ ਦੀ ਰਫ਼ਤਾਰ ਦਾ ਅਨੁਭਵ ਕਰਨ ਪਿੱਛੋਂ ਉਮੀਦ ਦੇ ਉਸ ਗੀਤ ਨੂੰ ਗਾਉਂਦੀ ਹੈ, ਜਿਸ ਵਿਚ ਹੀਰ ਨੇ ਜ਼ਰੂਰ ਆਉਣਾ ਹੈ, ਜਦੋਂ ਕੁਦਰਤ ਦੇ ਮੌਲਿਕ ਨਜ਼ਾਰੇ ਮੁੜ ਅਸਲੀ ਅਨੁਪਾਤ ਹਾਸਿਲ ਕਰ ਲੈਣਗੇ, ਜਦੋਂ ਅਤਿ ਪ੍ਰਾਚੀਨ ਸੁਤੰਤਰ ਧੁੱਪ ਖੁਦ ਹਨੇਰੇ ਘਰ ਤਕ ਆਵੇਗੀ, ਅਤੇ ਇਨਸਾਨੀ ਜ਼ਮੀਰ ਅਤੇ ਅਨੁਭਵ ਨੂੰ ਸਦੀਆਂ ਦੇ ਅਗਿਆਨ ਕਾਰਨ ਕਰੂਪ ਹੋਈਆਂ ਤਹਿਜ਼ੀਬਾਂ ਦੇ ਕਿੱਸੇ ਸੁਣਾਵੇਗੀ। ਵਿਗਿਆਨਿਕ ਯੁਗ ਦੀਆਂ ਪੇਚੀਦਗੀਆਂ ਵਿਚ ਜਾਂਗਲੀ ਛੋਹਰ ਦੀਆਂ ਢੋਕਾਂ ਦੀ ਸਿਹਤਮੰਦ ਸਾਦਗੀ ਆਪਣੇ ਆਪ ਵਿਚ ਇਕ ਕ੍ਰਿਸ਼ਮਾ ਹੋਵੇਗੀ। ਸੁੱਕਾ ਸਤਲੁਜ ਕਵੀ ਨੂੰ ਅਸੀਮ ਸਾਗਰਾਂ ਦੇ ਸੁਪਨੇ ਲੈਣ ਵਾਲੀ ਜ਼ਿੰਦਗੀ ਦੇ ਅਲੋਪ ਹੋਣ ਦੀ ਸੰਵੇਦਨਾ ਦਿੰਦਾ ਹੈ, ਪਰ ਸਭ ਥਲਾਂ ਦੀ ਰੇਤ ਵਿਚ ਠੰਢੀਆਂ ਲਹਿਰਾਂ ਦਾ ਸੰਗੀਤ ਇਕ ਦਿਨ ਜ਼ਰੂਰ ਸੁਣੇਗਾ। ਸੋਹਣੀ ਨੇ ਭਾਵੇਂ ਵੇਸ ਮੌਤ ਦਾ ਕੀਤਾ ਹੋਇਆ ਹੈ, ਪਰ ਉਸ ਦੀ ਆਖ਼ਰੀ ਰਾਤ ਹੀ ਉਸ ਦੀ ਜਿੱਤ ਦੀ ਰਾਤ ਹੈ। ਮਿਰਜ਼ਾ ਜੰਡ ਹੇਠ ਨੀਂਦ ਕਾਰਨ ਮੋਇਆ, ਪਰ ਇਸ ਨੀਂਦ ਵਿਚ ਹੀ ਉਸ ਨੇ ਇਸ਼ਕ ਦੀ ਫ਼ਤਿਹ ਦਾ ਸਭ ਤੋਂ ਸੋਹਣਾ ਖਾਬ ਲਿਆ। ਉਸ ਨੇ ਨਿਰਵਾਨ ਵਰਗੀ ਚੁੱਪ ਵਿਚ ਉਤਰ ਕੇ ਵੇਖ ਲਿਆ। ਝਨਾਂ ਦੀ ਰਾਤ ਹੁਸਨ ਦੀ ਮੁਕੰਮਲ ਪਛਾਣ ਦੀ ਅਵਸਥਾ ਹੈ, ਜਿਹੜੀ ਕਿ ਆਸ਼ਿਕਾਂ, ਕਵੀਆਂ, ਰਣਾਂ ਦੇ ਸ਼ਾਹ ਅਸਵਾਰਾਂ, ਸੰਤਾਂ ਅਤੇ ਸ਼ਹੀਦਾਂ ਸਭ ਦੇ ਹਿੱਸੇ ਆਉਂਦੀ ਹੈ। ਮੌਤ ਦੀ ਮੰਝਧਾਰ ਵਿਚ ਪਹੁੰਚ ਕੇ ਆਪਣੀ ਫ਼ਤਿਹ ਦਾ ਅਤਿ ਅਲਬੇਲਾ ਰੂਪ ਵੇਖਣਾ ਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਜੋ ਗਏ ਹਨ, ਉਹ ਮੁੜ ਆਉਣਗੇ। ਬਸ, ਸੰਘਰਸ਼ਾਂ ਵਿਚ ਪਲੇ ਜੁਝਾਰੂ ਸਿਦਕ ਦੀ ਲੋੜ ਹੈ।
(24-7-1989)
ਪੁਰਾਣੇ ਕਾਫ਼ਲਿਆਂ ਦੀ ਉਡੀਕ ਵਿਚ ਖਲੋਤੀ ਜਾਂਗਲੀ ਛੋਹਰ ਨੂੰ
ਛਿਪਦੇ ਸੂਰਜ ਦੀ ਗਾਨੀ ’ਤੇ, ਕੰਬਦੇ ਸੁਖਨ ਹਵਾਵਾਂ ਦੇ। ਸਰਘੀ ਵੇਲੇ ਮੁੜ ਆਵਣਗੇ, ਤੁਰ ਗਏ ਦਰਦ ਝਨਾਵਾਂ ਦੇ।(੧) ਜਿਸ ਤਾਰੇ ਦੀ ਗਹਿਰ ਥਲਾਂ ਵਿਚ ਖ਼ੂਨ ਮੇਰੇ ਵਿਚ ਚੜ੍ਹਿਆ- ਜੋ ਨ ਬੋਲ ਤੇਰੇ ਫੜ ਹੋਏ ਉਹੀਓ ਖੰਭ ਦੁਆਵਾਂ ਦੇ।(੨) ਚੰਨ ਤੋਂ ਵਿਛੜ ਰਿਸ਼ਮ ਜੋ ਮੋਈ ਸਖੀ ਈਦ ਦੀ ਉਹੀਓ, ਸੁੰਨੀਓ ਪੈੜੋ ਕੂਕ ਨ ਮਾਰੋ ਅੱਥਰੂ ਮੁੜਨਗੇ ਮਾਵਾਂ ਦੇ।(੩) ਕਿਸੇ ਅਜ਼ਾਨ ਦਾ ਪਾਣੀ ਵਗਦਾ ਸੁੱਕੇ ਸਰਵਰ ਹੇਠਾਂ, ਸੰਘਣੇ ਵਣਾਂ 'ਤੇ ਧੂੜ ਚਿਰਾਂ ਦੀ ਸੁਣਦੀ ਹੌਕੇ ਛਾਵਾਂ ਦੇ।(੪) ਸੰਞ ਨੂੰ ਪਿੱਪਲਾਂ ਹੇਠ ਛੰਭਾਂ 'ਤੇ ਆਇਆ ਜੁਗਨੂੰ ਦੂਰ ਕਿਤੋਂ, ਮੁੜ ਆਵੇਗੀ ਨਾਰ ਛਬੀਲੀ ਲੈ ਕੇ ਰੰਗ ਗਰਾਵਾਂ ਦੇ।(੫) ਭਰ ਸੁੱਕੇ ਸ਼ਹੂ ਦੇਸਨ ਤੈਨੂੰ ਇਕ ਦਿਨ ਸੂਹਾ ਸਾਲੂ, ਇਕ ਦਿਨ ਸਿਖਰ ਦੁਪਹਿਰੇ ਹੋਸਨ ਪੈਂਡੇ ਮੇਰੇ ਗੁਨਾਹਾਂ ਦੇ।(੬) ਇਕ ਦਿਨ ਖੋਰ ਲਵੇਗੀ ਮਹਿੰਦੀ ਲੰਮੀ ਨਦੀ ਜੋ ਵਗਦੀ, ਇਕ ਦਿਨ ਫ਼ਜਰ 'ਚ ਬਲ ਉੱਠਣਗੇ ਦੀਵੇ ਵਿਛੜੇ ਸਾਹਵਾਂ ਦੇ।(੭) ਇਕ ਦਿਨ ਏਸ ਝਨਾਂ ਨੇ ਹੋਣਾ ਅੰਧ, ਅਸੀਰ, ਬੇਗਾਨਾ, ਇਕ ਦਿਨ ਜਲ-ਥਲ ਵਹਿ ਉੱਠਣਗੇ ਸੁਪਨੇ ਯਾਰ ਦੇ ਨਾਵਾਂ ਦੇ।(੮) ਇਕ ਦਿਨ ਮੇਰੇ ਮੱਥੇ ਉੱਤੇ ਪੈਣੀ ਧੂੜ ਦੁਰੇਡੀ, ਇਕ ਦਿਨ ਪੱਤਣਾਂ 'ਤੇ ਆਵਣਗੇ ਮੋਏ ਸ਼ੁਤਰ ਸਦਾਵਾਂ ਦੇ।(੯) ਇਕ ਦਿਨ ਸੰਞ ਮਜ਼ਾਰਾਂ ਦੀ ਵਿਚ ਕੂਕੇਗਾ ਕੋਈ ਕਤਰਾ, ਇਕ ਦਿਨ ਜਿਊਣ-ਜੋਗੀਏ ਤੈਂ ਬਿਨ, ਮਿਲਣਗੇ ਯਾਰ ਗਰਾਵਾਂ ਦੇ।(੧੦) ਨਨਕਾਣੇ ਕੁਰਲਾ ਉੱਠੇਗਾ ਇਕ ਦਿਨ ਭਰਿਆ ਮੇਲਾ, ਅੱਧੀ ਰਾਤ ਨੂੰ ਦਰ 'ਤੇ ਬਹਿਣੇ ਦੁਖੜੇ ਮੁੜ ਸਭਰਾਵਾਂ ਦੇ।(੧੧) ਸਤਲੁਜ-ਕਿਣਕੇ ਦੀ ਛਾਂ ਹੇਠਾਂ ਸਭ ਫ਼ਰਿਆਦਾਂ ਹੋਸਨ, ਸੁੰਨੀਆਂ ਰੇਤਾਂ ਦੇ ਸਿਰ ਪੈਸਨ ਸੂਹੇ ਬਿੰਗ ਖ਼ਲਾਵਾਂ ਦੇ।(੧੨) ਹਾਲ-ਹਵਾਲ ਪੁੱਛਣੇ ਰੋ ਕੇ ਮੇਲੇ ਵਿਚ ਜੱਲਾਦਾਂ, ਧੂੜ ਕਾਫ਼ਲੇ ਦੀ ਵਿਚ ਰੁਲਸਨ ਅੱਥਰੂ ਦੂਰ-ਸਜ਼ਾਵਾਂ ਦੇ।(੧੩) ਤਪਦਾ ਨਾਦ ਬੇਓੜਕ ਭੀਸ਼ਣ ਰੋਲ ਸੁੱਟੇਗਾ ਰਾਹਾਂ, ਬਹਿ ਧਰਵਾਸ ਦੇਣਗੇ ਮੈਨੂੰ ਜਿਗਰੇ ਟੁੱਟੀਆਂ ਬਾਹਵਾਂ ਦੇ।(੧੪) ਮੰਗੂ ਬਣ ਕੇ ਪੀਰ ਪੈਗ਼ੰਬਰ ਕਦੇ ਤਾਂ ਆਵਣ ਬੇਲੇ, ਤ੍ਰਿਣ ਦੇ ਵਾਂਗੂੰ ਜਾਨ ਪਲੇਗੀ ਮੇਲੇ ਛੋਡ ਭਰਾਵਾਂ ਦੇ।(੧੫) ਮੁੜ ਕੇ ਹੌਲ ਪਵੇਗਾ ਓਹੀ ਸੁਣ ਬੇਲੇ ਦੀਆਂ ਹੇਕਾਂ, ਉਹੀਓ ਲਟਕ ਫ਼ਕੀਰੀ ਤੈਂਡੀ ਉਹੀਓ ਮੋੜ ਅਦਾਵਾਂ ਦੇ।(੧੬) ਕਮਲੀ ਨਾਰ ਸਾਰ ਨ ਜਾਣੇ ਲੱਖ ਦਰਿਆ ਜੇ ਹੁੱਲੇ, ਉਹੀਓ ਦੇਸ ਮਾਹੀ ਦਾ ਸੋਹਣਾ ਉਹੀਓ ਹੱਕ ਨਿਗਾਹਵਾਂ ਦੇ॥(੧੭)
ਇਕ ਵੀਰਾਨ ਮਸਜਿਦ ਨੂੰ ਵੇਖ ਕੇ
(1) ਵੱਗੀ ਵਾ, ਤੇ ਕਬਰਾਂ ਰੁੰਨੀਆਂ ਵੋ ਕਿੰਞ ਦਰਦ ਛੁਪਾਉਣ ਵਿਛੁੰਨੀਆਂ ਵੋ। ਮੈਨੂੰ ਦਿਸਨ ਕਾਫ਼ਲੇ ਰੋਹੀਆਂ ਵਿਚ ਜਦ ਨਜ਼ਰ ਮਸੀਤਾਂ ਦੀ ਹੁੰਨੀਆਂ ਵੋ। ਰੁੱਤਾਂ ਸੁੱਕੀਆਂ ਤੇ ਡੋਲਣ ਅੱਕ-ਖੰਭੀਆਂ ਲੀਰੋ ਲੀਰ ਉਡੇਂਦੀਆਂ ਚੁੰਨੀਆਂ ਵੋ। ਸੋਹਣਾ ਸ਼ਹੁ ਸਲਵਾੜਾਂ ਦੇ ਵਿਚ ਰੁਲਿਆ ਜਿੰਦਾਂ ਬੈਠ ਪੱਤਣ 'ਤੇ ਭੁੰਨੀਆਂ ਵੋ। ਕੋਈ ਪੈੜ ਰੇਤ ਤੋਂ ਡੂੰਘੀ ਹੈ ਅਸਾਂ ਨਜ਼ਰਾਂ ਥਲਾਂ ਵਿਚ ਗੁੰਨ੍ਹੀਆਂ ਵੋ। ਕੋਈ ਸਬਰ ਫ਼ਕੀਰਾਂ ਵਿਚ ਵਸਦਾ ਅੱਕ ਪੀਣ ਹਵਾਵਾਂ ਸੁੰਨੀਆਂ ਵੋ। (2) ਬਿਨ ਯਾਰ ਦੁਆਵਾਂ ਬੁੱਢੀਆਂ ਵੋ ਕੂੰਜਾਂ ਸਿਖਰ ਦੁਪਹਿਰਾਂ ਨੂੰ ਉੱਡੀਆਂ ਵੋ। ਬਿਨ ਯਾਰ ਦੇ ਬਾਹਵਾਂ ਬੁੱਢੀਆਂ ਵੋ ਰੁੰਗਾਂ ਪਾਉਂਦੀਆਂ ਰੋ ਰੋ ਲੁੱਡੀਆਂ ਵੋ। ਨਾਂਹ ਮਿਰਗ ਚਿਰਾਂ ਦੇ ਰਾਹ ਜਾਣਨ ਬਣੇ ਬ੍ਰਿਛ ਪੁਰਾਣੇ ਮੁੱਢੀਆਂ ਵੋ। ਪੱਕੇ ਪੁਲਾਂ 'ਤੇ ਦੁਆ ਕਰ ਰਾਤਾਂ ਨੂੰ ਸੋਹਣੇ ਆਣ ਰੁਆਵਣ ਝੁੱਗੀਆਂ ਵੋ। ਡੂੰਘੀ ਕੱਸੀਆਂ ਕਿਨਾਰੇ ਢੋਕਾਂ ਵਿਚ ਪਾਣੀ ਪੀਂਦੀਆਂ ਮਾਵਾਂ ਬੁੱਢੀਆਂ ਵੋ। (3) ਚੱਕ ਅੰਬਰ ਦਾ ਜਾਨ ਮਲੇ ਪਿਆ ਦਿਹੁੰ ਖੇਡਣ ਦਾ ਆਣ ਗਲੇ ਪਿਆ। ਭੁੱਲੇ ਦੇਸ ਪੁਰਾਣੇ ਬੇਲੀ ਪੱਤਝੜ ਦਾ ਤੂਫ਼ਾਨ ਰਲੇ ਪਿਆ। ਸ਼ਾਹ ਪੈਗ਼ੰਬਰ ਪੀਰ ਨੂੰ ਮਿਲ ਲਉ ਕਿਤੋਂ ਕਿਤੋਂ ਅਸਮਾਨ ਢਲੇ ਪਿਆ। ਬੂਹੇ ਖੜੀ ਪੀਰ ਨੂੰ ਵੇਖੇ ਚੁੱਕ ਕੇ ਡਾਢਾ ਭਾਰ ਚਲੇ ਪਿਆ। ਉਂਝ ਤਾਂ ਯਾਰ ਦੇ ਉਹੀਓ ਪੱਤਣ ਦਿਹੁੰ ਦਾ ਪਿਛਲਾ ਪਹਿਰ ਛਲੇ ਪਿਆ। ਪੰਜ ਦਰਿਆਵਾਂ ਬਾਝੋਂ ਮਾਹੀ ਤਨ ਸੂਲਾਂ ਦੇ ਵਾਂਗ ਜਲੇ ਪਿਆ। ਅੰਬਰ ਦੇ ਵਿਚ ਪੀਲਾ ਪੱਤਰ ਕਿਉਂ ਕੁਰਲਾ ਕੇ ਆਣ ਥਲੇ ਪਿਆ !
ਰਾਤ ਦੇ ਪਰਛਾਵਿਆਂ ਵਿਚ ਉੱਡਦੀ ਸੁੰਦਰੀ ਨੂੰ
ਝਿੰਮ ਝਿੰਮ ਰਾਤ ਉਮਰ ਦੀ ਲੰਘਦੀ ਭਰੀਆਂ ਵਗਣ ਝਨਾਵਾਂ ਜੇ ਤੂੰ ਐਵੇਂ ਤੁਰ ਜਾਣਾ ਹੈ ਫਿਰ ਕਿਉਂ ਕਰੇਂ ਦੁਆਵਾਂ ? (੧) ਦੂਰ ਦੁਰਾਡੇ ਸੱਥਰਾਂ ਉੱਤੇ ਯਾਦ ਕਰੇ ਕੋਈ ਬੇਲੀ, ਜੇਕਰ ਤੇਰੇ ਬੋਲ ਬੇਗਾਨੇ ਫਿਰ ਕਿਉਂ ਵਗਣ ਹਵਾਵਾਂ ? (੨) ਕਿਉਂ ਤੂੰ ਨਾਲ ਗ਼ਾਜ਼ੀਆਂ ਚੱਲੀ ਸਿਖਰ ਦੁਪਹਿਰਾਂ ਵੇਲੇ ? ਜੀਵੇਂ ਡਾਢੇ ਥਲ ਨੇ ਤੈਨੂੰ ਦਿੱਤੀਆਂ ਨਹੀਂ ਸਦਾਵਾਂ। (੩) ਆਈਆਂ ਦੂਰ ਦੁਰਾਡਿਉਂ ਕੂੰਜਾਂ ਸ਼ੁਤਰ ਵੀ ਦੂਰੋਂ ਆਏ, ਜੇ ਤੂੰ 'ਵਾਜ ਅੱਲਾ ਦੀ ਸੁਣਦੀ ਕਿਉਂ ਮੈਂ ਦਰਦ ਗਿਣਾਵਾਂ ? (੪) ਤੇਰੇ ਕੇਸਾਂ ਨਾਲ ਕਿਉਂ ਆਏ ਦੂਰੋਂ ਚਲ ਪ੍ਰਛਾਵੇਂ ? ਜੀਵੇਂ ਗੀਟਿਆਂ ਕੋਲੋਂ ਪੁੱਛਦੀ : “ਖ਼ਾਨਗਾਹਾਂ ਤਕ ਆਵਾਂ।” (੫) ਬਾਗ਼ ਵੀ ਤੇਰੇ, ਵਾਟ ਵੀ ਤੇਰੀ, ਮਹਿੰਦੀ-ਕਜਰਾ ਖੁਰਦੇ, ਪੱਕੀਆਂ ਪੀਲ੍ਹਾਂ ਖਾਣ ਹੁਲਾਰੇ ਅੱਜ ਨਾਂਹ ਮਿਲੀਆਂ ਮਾਵਾਂ। (੬)
ਇਕ ਅੰਞਾਣ ਜਿੰਦੜੀ ਨੂੰ
ਉੱਚੇ ਬ੍ਰਿਛ ! ਮੁਹੱਬਤਾਂ ਮੇਰੀਆਂ ! ਲੰਮੇ ਦੇਸ ਝਨਾਂ ਦੀਆਂ ਫੇਰੀਆਂ। ਭਾਵੇਂ ਰੰਗ ਫ਼ਕੀਰ ਦਾ ਆਪਣਾ, ਅੱਖੀਂ ਈਦ ਤੋਂ ਸੋਹਣੀਆਂ ਤੇਰੀਆਂ। ਹਰੀ ਟਾਹਣ 'ਤੇ ਪੀਂਘ ਚੜ੍ਹਾਂਦੀਏ, ਲਾ ਨਾਂਹ ਨਦੀ ਦੇ ਕੰਢੜੇ ਦੇਰੀਆਂ। ਜੀਵੇਂ ਵੇਖ ਨਾਂਹ ਉਮਰ ਦੀ ਪੈੜ ਨੂੰ, ਰਮਜ਼ਾਂ ਅਜੇ ਤੂੰ ਖੂਹੇ ਨਾਂਹ ਗੇੜੀਆਂ। ਜਗੇ ਸ਼ੁਤਰ-ਸੁਆਰਾਂ ਦੀ ਢੋਕ ਦੀਵਾ, ਪੀਲਾਂ ਪੱਕੀਆਂ ਕਿਤੇ ਘਨੇਰੀਆਂ। ਜੁਗਨੂੰ ਕੂੰਦਿਆ, ਬਾਗ਼ ਨੇ ਘੇਰੀਆਂ ! ਰੁੜੀਆਂ ਨਦੀ ਵਿਚ ਖੰਭਾਂ ਦੀਆਂ ਢੇਰੀਆਂ। ਲੰਮੀ ਰਾਤ ਝਨਾਂ ਦੀ ਦੇਖ ਲੈ, ਹੰਝਾਂ ਰੰਗ ਕਸੁੰਭੇ ਨੇ ਕੇਰੀਆਂ। ਬੈਠ ਏਸ ਬਨੇਰੇ ਨਾਂਹ ਸੋਹਣੀਏਂ, ਤਿਣਕੇ ਚੁੱਕ ਲੈ ਜਾਸਨ ਹਨੇਰੀਆਂ। ਚੂੜਾ ਛਣਕਦਾ ਰੰਗਲੀ ਸੇਜ 'ਤੇ, ਖੰਡਰ ਸੱਖਣੇ, ਵਜਦੀਆਂ ਭੇਰੀਆਂ। ਡਾਢੇ ਉਮਰ ਦੇ ਬਾਜ਼ ਨੂੰ ਰੋਕ ਲੈ, ਫ਼ਜਰ-ਚੁੱਪ ਪਾਉਂਦੀ ਘੁੰਮਨਘੇਰੀਆਂ। ਕੁੜੇ ਛੇੜ ਨ ਰੰਗ ਕਸੁੰਭ ਦਾ, ਸੋਹਣੇ ਬ੍ਰਿਛ 'ਤੇ ਪੈਣ ਹਨੇਰੀਆਂ। ਚੀਨੇ ਖਿੰਡੇ 'ਤੇ ਹੱਸ ਨਾਂਹ ਸੋਹਣੀਏਂ, ਖੇਡਾਂ ਇੰਝ ਹੀ ਖਿੰਡਣ ਨਾਂਹ ਤੇਰੀਆਂ। ਉੱਚੇ ਬੁਰਜ 'ਤੇ ਕੇਸ ਸੁਕਾਂਦੀਏ, ਗੱਲਾਂ ਨਾਲ ਮੁਸਾਫ਼ਰਾਂ ਛੇੜੀਆਂ।
ਬੇਲਿਆਂ ਵਿਚ ਮਾਹੀ ਦੇ ਸੁਪਨੇ
ਹੱਕ ਨਿਗਾਹਾਂ ਦਾ ਮਾਹੀਆ, ਸਾਡਾ ਜ਼ੋਰ ਨਾਂਹ।(੧) ਇੱਕੋ ਜਿੰਦੜੀ ਏ ਮਾਹੀਆ, ਜਿੰਦੜੀ ਹੋਰ ਨਾਂਹ।(੨) ਲੱਜ ਮਾਹੀ ਦੇ ਹੁਕਮ ਦੀ ਵਲੀ ਦਾ ਜ਼ੋਰ ਨਾਂਹ।(੩) ਰੂਹਾਂ ਮਹਿੰਦੀ 'ਚ ਛੁਪੀਆਂ, ਅੱਗੇ ਤੋਰ ਨਾਂਹ।(੪) ਥਲਾਂ ਵਲ ਜਾਂਦਾ ਤਾਂ ਜਾਣ ਦੇ ਮੋੜੀਂ ਲੋਰ ਨਾਂਹ।(੫) ਪੁਰਸਲਾਤ ਦੇ ਪਾਣੀ ਮਿਲਣਗੇ ਪਾਵੀਂ ਸ਼ੋਰ ਨਾਂਹ।(੬) ਲਸ਼ਕਰ ਬੇਨਾਮ ਸਭ ਹੋਏ ਇਉਂ ਤਾਂ ਖੋਰ ਨਾਂਹ।(੭) ਭਰਨ ਦੇ ਯਾਰ ਦਾ ਪਾਣੀ ਅਸੀਂ ਕੋਈ ਚੋਰ ਨਾਂਹ।(੮) ਧਰਤੀ ਦੀ ਮਹਿਕ ਨੂੰ ਫੜੇਗਾ ਕਤਰਾ ਬੇ-ਜ਼ੋਰ ਨਾਂਹ।(੯) ਬਾਗ਼ਾਂ ਦੀ ਨਾਰੀਏ, ਸਦਕੇ ਜਾਂ, ਪੱਤਣਾਂ ਤੋਂ ਪਿਆਰੀਏ, ਸੁਣੀਂ ਖਾਂ, ਭੁੱਲੀਂ ਦਰਿਆਵਾਂ ਦਾ ਲੋਰ ਨਾਂਹ।(੧੦) ਹਿੱਕੋ ਦੇਸ ਝਨਾਂ ਦਾ ਮਾਹੀਆ ਦੇਸ ਕੋਈ ਹੋਰ ਨਾਂਹ।(੧੧)
ਬੇਲਿਆਂ ਵੱਲ ਜਾਂਦੀ ਸੋਹਣੀ ਨੂੰ
ਤੈਨੂੰ ਯਾਦ ਮਾਹੀ ਦੇ ਦਰ 'ਤੇ ਨਾਂਹ ਤਾਂ ਬੋਲ ਅਖ਼ੀਰਾਂ ਦੇ। ਨਾਂਹ ਤਾਂ ਕਹਿਰ ਗ਼ਾਜ਼ੀਆਂ ਸੰਦੇ ਨਾਂਹ ਤਾਂ ਸਬਰ ਫ਼ਕੀਰਾਂ ਦੇ।(੧) ਕਿਣਕੇ ਦੇ ਵਿਚ ਡਾਹ ਹਸ਼ਰਾਂ ਦਾ ਪੈੜ ਤੇਰੀ ਪਿਆ ਬਾਲੇ, ਜਿਸਦੇ ਸਬਰ ਦੀ ਬਿਜਲੀ ਰੁਲਦੀ ਵਿਚ ਝਨਾਂ ਦਿਆਂ ਨੀਰਾਂ ਦੇ।(੨) ਨਿਹੁੰ ਦੀਆਂ ਨਦੀਆਂ ਦੇ ਰਾਹ ਜਾਂਦੇ ਡਾਢੇ ਸ਼ਾਹ ਦੇ ਦਰ ਤੇ, ਸਬਰ ਤੇਰੇ ਦੀਆਂ ਪੌਣਾਂ ਛੇੜਣ ਸੱਥਰ ਵਲੀਆਂ ਪੀਰਾਂ ਦੇ।(੩) ਜੁਗਨੂੰ ਦੇ ਪਰ ਤੇ ਕੁਝ ਲਿਖਿਆ ਤੈਂਡੀ ਨਜ਼ਰ ਸੁਹਾਣੀ, ਕਾਲਿਆਂ ਝੱਖੜਾਂ ਨੂੰ ਰਾਹ ਦਸਦਾ ਮਹਿੰਦੀ-ਰੰਗਿਆਂ ਤੀਰਾਂ ਦੇ।(੪) ਕੈਸੀ ਫ਼ਜਰ ਤੇਰੇ ਤੇ ਆਈ ! ਬਾਗ਼ ਨਾਂਹ ਥਲ ਨਾਂਹ ਤੇਰੇ, ਨੌਬਤ ਵਜਦੀ ਸੁਣੇ ਨ ਤੈਨੂੰ ਅੱਥਰੂ ਜਿਵੇਂ ਅਸੀਰਾਂ ਦੇ।(੫) ਤੁਰ ਗਏ ਸ਼ੁਤਰ-ਸੁਆਰ ਵਿਚਾਰੇ ਬਿਨ ਰਾਹ ਪੁੱਛਿਆਂ ਤੈਨੂੰ, ਮੁੜ ਨ ਵੇਖਣ ਨੂਰ ਪਿਛਾਂਹ ਦੇ ਬੋਲ ਜਿਵੇਂ ਤਕਸੀਰਾਂ ਦੇ।(੬) ਤੇਰੀ ਖੇਡ ਦਾ ਗੀਟਾ ਰੁਲਿਆ ਲੰਮੀ ਨਦੀ 'ਚ ਜੀਵੇਂ, ਜੁਗਨੂੰ ਤੇਰੀ ਤਲੀ 'ਤੋਂ ਉੱਡ ਕੇ ਰਾਹ ਪਿਆ ਵਣਾਂ-ਕਰੀਰਾਂ ਦੇ।(੭) ਉੱਡਦਾ ਬਾਜ਼ ! ਅਜ਼ਾਨ ਸੁਣੀਂਦੀ ਤਾਰਾ ਥਲ ਦਾ ਡੋਲੇ, ਨੀਂਦ ਤੇਰੀ ਵਿਚ ਪੈਂਡੇ ਕੂੰਦਨ ਮਜ਼੍ਹਬਾਂ ਦੀਆਂ ਲਕੀਰਾਂ ਦੇ।(੮) ਤੈਨੂੰ 'ਵਾਜ ਈਦ ਦੀ ਸੁਣਦੀ ਹਰੀ ਧਰੇਕ ਦੀ ਛਾਵੇਂ, ਕੂੜੇ ਦਾਵੇ ਖਾਕ 'ਚ ਰੁਲਦੇ ਲੱਖਾਂ ਸ਼ਾਹ ਵਜ਼ੀਰਾਂ ਦੇ।(੯) ਹਿੱਕੋ ਤਾਂ ਪੈਂਡੇ ਵਲੀਆਂ ਦੇ ਨੇ ਹਿੱਕੋ ਤਾਂ ਪੈਂਡੇ ਦੁਨੀਆਂ ਦੇ, ਜੀਵੇਂ ਖੇਡ ਤੇਰੀ ਨੂੰ ਤਰਸਨ ਵੱਡੇ ਹੱਕ ਸ਼ਮਸ਼ੀਰਾਂ ਦੇ।(੧੦) ਭਰੀਆਂ ਜ਼ੁਲਫ਼ਾਂ, ਸਾਉਣ ਮਹੀਨਾ ਸੂਹੀਆਂ ਸਬਜ਼ ਪੁਸ਼ਾਕਾਂ, ਜੋਬਨ ਵਾਂਗ ਤੁਰੇਂਗੀ ਜਦ ਤੂੰ ਦਿਸਣਗੇ ਸ਼ਹੁ ਦਿਲਗੀਰਾਂ ਦੇ।(੧੧) ਤੂੰ ਨਾਂਹ ਬਾਹਰ ਮਹਿੰਦੀਉਂ ਆਈ ਪਹਿਣ ਨਕਾਬ ਫ਼ਕੀਰੀ, ਤੇਗ ਪੁਰਾਣੀ ਲੈ ਕੋਈ ਸੁੱਤੇ ਜਿਗਰੇ ਨਬੀ ਦੇ ਵੀਰਾਂ ਦੇ।(੧੨) ਮਹਿੰਦੀ ਦਾ ਇਕ ਸਾਲੂ ਉੱਡਦਾ ਸਾਵਨ ਮਾਹ ਦੀਆਂ ਕੂੰਜਾਂ 'ਤੇ, ਮਨ ਪਰਦੇਸੀ ਪੀਲ੍ਹਾਂ ਵਾਂਗੂੰ ਖੇਡੇ ਨਾਲ ਸਮੀਰਾਂ ਦੇ।(੧੩) ਜਾਂ ਕੋਈ ਪੱਤਣ ਜਾਂ ਕੋਈ ਦਾਮਨ ਭਿੰਨੀ ਰੈਣ ਨੂੰ ਦਿਸਿਆ, ਤੈਂਡੇ ਕੇਸ ਜਾਂ ਲਿਪਟਣ ਵਾ ਨੂੰ ਵਹਿਣ ਝਨਾਂ ਦਿਆਂ ਚੀਰਾਂ ਦੇ।(੧੪) ਕਿਤੇ ਤਾਂ ਜੀਭ ਥਲਾਂ ਦੀ ਸੁੱਤੀ ਕਾਲੇ ਖੂਹ ਦੇ ਦਰ 'ਤੇ, ਕਿਤੇ ਤਾਂ ਵਾਲ ਤੇਰੇ ਦੇ ਪਾਣੀ ਭਰਦੇ ਸ਼ਹੁ ਤਕਦੀਰਾਂ ਦੇ।(੧੫) ਕਿਤੇ ਉਦਾਸ ਫਿਰੇ ਕੋਈ ਨਾਗਣ ਕਿਤੇ ਫ਼ਕੀਰ ਬੇ-ਆਸਾ, ਕਿਤੇ ਨੈਣ ਤੇਰੇ ਨੇ ਜ਼ਾਮਨ ਚਿਰਾਂ ਤੋਂ ਸੁੱਤੀਆਂ ਹੀਰਾਂ ਦੇ।(੧੬) ਤੇਰੇ ਬੋਲ ਨਾਲ ਕੋਈ ਮੁਰਸ਼ਦ ਰੋਹੀਆਂ 'ਚੋਂ ਸੀ ਤੁਰਿਆ, ਤੇਰੇ ਬ੍ਰਿਛ ਹੇਠ ਕੁਝ ਹੌਕੇ ਕਬਰੀਂ ਰੁਲੇ ਵਹੀਰਾਂ ਦੇ। (੧੭)
ਸੁੱਕੇ ਸਤਲੁਜ ਨੂੰ ਵੇਖ ਕੇ
ਕਿਸ ਨੇ ਭਰਿਆਂ ਸਤਲੁਜਾਂ ਦਾ ਨੀਰ ਸੁਕਾਇਆ ? ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ। ਪੈੜ ਮਹੀਨ ਨੂੰ ਪੈਂਦੀਆਂ ਦਰਿਆਂ ਦੀਆਂ ਖੋਹਾਂ। ਕਰਦੇ ਮੋਏ ਲਸ਼ਕਰਾਂ ਤੇ ਜੁਗਨੂੰ ਲੋਆਂ। ਆਉਣ ਮਜ਼ਾਰਾਂ ਪਾਸਿਉਂ ਕਿਸੇ ਤਿੜ ਨੂੰ ਸੋਆਂ। ਰੋਂਦੀਆਂ ਮਾਵਾਂ ਸਾਮ੍ਹਣੇ ਦਰਬਾਰ ਸਜਾਇਆ- ਕਿਸ ਨੇ ਭਰਿਆਂ ਸਤਲੁਜਾਂ ਦਾ ਨੀਰ ਸੁਕਾਇਆ ? (੧) ਘਣੀਆਂ ਛਾਵਾਂ ਜਦੋਂ ਸੀ ਮੇਰੇ ਦਰਾਂ 'ਤੇ ਪਈਆਂ, ਕਾਲੀਆਂ ਬੱਦਲੀਆਂ ਝੂੰਮ ਜਦ ਮੇਰੇ ਸ਼ੁਤਰ 'ਤੇ ਲਹੀਆਂ, ਜਿਹਲਮ ਅਟਕ ਦੇ ਨਾਲ ਜਦ ਮੈਂ ਖੇਡਣ ਗਈਆਂ, ਟੁੱਟਦੀ ਤਿੜ ਵਿਚ ਬੇਲਿਆਂ ਇਕਰਾਰ ਛੁਪਾਇਆ। ਕਿਸ ਨੇ ਭਰਿਆਂ ਸਤਲੁਜਾਂ ਦਾ ਨੀਰ ਸੁਕਾਇਆ? (੨) ਅੱਧੀ ਰਾਤ ਨੂੰ ਧੁਖਦੀਆਂ ਵਿਚ ਰੇਤ ਕਟਾਰਾਂ, ਸਲਵਾੜਾਂ ਦੇ ਚੀਰ ਸਹਿ ਪੰਧ ਕੱਟਣ ਵਾਰਾਂ, ਤਲੀਆਂ ਹੇਠਾਂ ਬੋਲਦੇ ਉੱਠ ਹਾੜ ਹਜ਼ਾਰਾਂ, ਸੁੰਞ ਉਡਾਰੀ ਮਾਰਦੀ ਖੰਭ ਤੋੜ ਛੁਪਾਇਆ- ਕਿਸ ਨੇ ਭਰਿਆਂ ਸਤਲੁਜਾਂ ਦਾ ਨੀਰ ਸੁਕਾਇਆ ? (੩) ਕਿਰ ਕਿਰ ਭੁਰ ਭੁਰ ਵਿਲਕਦਾ ਔਹ ਦੀਦ ਬਨੇਰਾ, ਝੰਗ ਸਿਆਲ 'ਚ ਅਜੇ ਵੀ ਕੋਈ ਜ਼ਾਮਨ ਮੇਰਾ, ਥਲਾਂ 'ਚ ਲੀਰਾਂ ਲਟਕੀਆਂ ਰਾਹ ਵੇਖਣ ਤੇਰਾ, ਕਿਰ ਕਿਰ ਜਾਵਣ ਮਸਜਿਦਾਂ ਕਿਤੇ ਪੀਰ ਸਧਾਇਆ— ਕਿਸ ਨੇ ਭਰਿਆਂ ਸਤਲੁਜਾਂ ਦਾ ਨੀਰ ਸੁਕਾਇਆ ? (੪) ਛਾਲਾ ਕੁਲ ਕਾਇਨਾਤ ਦਾ ਵਿਚ ਧੂੜ ਕੁਆਰੀ ਲਟਕੇ ਦਿਲ ਮਸਕੀਨ 'ਤੇ ਕੋਈ ਹੂੰਗਰ ਭਾਰੀ, ਰਣ ਅਤੀਤ ਦਾ ਲਿਸ਼ਕਦਾ ਵਿਚ ਨੈਣ-ਚਿੰਗਾਰੀ, ਦੂਰ ਸੁੰਨ ਵਿਚ ਲਟਕਦਾ ਵੱਡ ਜੋਧ ਸਦਾਇਆ- ਕਿਸ ਨੇ ਭਰਿਆਂ ਸਤਲੁਜਾਂ ਦਾ ਨੀਰ ਸੁਕਾਇਆ ? (੫) ਸਰਸਾ ਕੰਢਿਉਂ ਉੱਡਦੀ ਰੱਤ ਪੁਰੇ 'ਚ ਕੋਈ, ਉੱਡੀ ਧੂੜ ਜੋ ਸਰਵਰਾਂ ਤੋਂ ਨਾਲ ਹੈ ਹੋਈ, ਕੰਬਦੇ ਵਣਾਂ ਤੇ ਛਾਲਿਆਂ ਦੀ ਚੀਸ ਖਲੋਈ, ਕੰਧੀ ਸੂਕੇ ਸਰਾਂ ਦੀ ਥਲ ਤਕੀਆ ਲਾਇਆ— ਕਿਸ ਨੇ ਭਰਿਆਂ ਸਤਲੁਜਾਂ ਦਾ ਨੀਰ ਸੁਕਾਇਆ ? (੬) ਸੁੱਤੀ ਨਾਗ ਜਿਉਂ ਵਣਾਂ ਤੇ ਕੋਈ ਹੇਕ ਲੰਮੇਰੀ ਬਾਜ਼ ਦੀ ਨਜ਼ਰ 'ਚੋਂ ਸੁੰਨ ਕੁਈ ਉੱਠ ਫੜੇ ਹਨੇਰੀ ਪਰ ਕੁਮਰੀ ਦੇ ਵੱਜਦੀ ਸਿੰਧ-ਰੇਤ ਵਡੇਰੀ, ਬਿਆਸ ਦੀ ਕਣੀ 'ਚ ਦੌੜਦਾ ਮੇਰੇ ਮੀਤ ਦਾ ਸਾਇਆ— ਕਿਸ ਨੇ ਭਰਿਆਂ ਸਤਲੁਜਾਂ ਦਾ ਨੀਰ ਸੁਕਾਇਆ ? (੭) ਮਾਰੀਂ ਰਾਵੀ ਸੋਹਣੀਏਂ ਵਿਚ ਘਟਾ ਉਡਾਰੀ, ਛਲਕੇ ਸ਼ੀਰੀਂ ਤਾਲ ਵਿਚ ਜਿਉਂ ਝਿੰਮ ਝਿੰਮ ਨਾਰੀ, ਰਾਹਾਂ ਸਬਜ਼ ਬੇਗਾਨੀਆਂ ਜਿੰਦ ਜਾਵਾਂ ਵਾਰੀ, ਕੰਧੀ ਰੋਇ ਝਨਾਂ ਦੀ ਅਸਾਂ ਦਾਜ ਬਣਾਇਆ- ਕਿਸ ਨੇ ਭਰਿਆਂ ਸਤਲੁਜਾਂ ਦਾ ਨੀਰ ਸੁਕਾਇਆ ? (੮) ਰੋਹੀਆਂ ਵੇਖ ਕੇ ਰੁੰਨਿਆ ਮੇਰਾ ਬਾਗ਼ ਅੰਞਾਣਾ, ਕੰਠ ਕੋਇਲ ਦੇ ਰੇਤ ਦਾ ਬਨਬਾਸ ਪੁਰਾਣਾ, ਸਾਵਨ ਮਾਹ ਦੀ ਕਣੀ 'ਚੋਂ ਬਿੰਗ ਦਿਸੇ ਭਿਆਣਾ, ਹੀਰ ਦੀ ਤੰਦ 'ਤੇ ਘੁੰਮਦਾ ਰਾਹ ਜੋਗ ਦਾ ਪਾਇਆ— ਕਿਸ ਨੇ ਭਰਿਆਂ ਸਤਲੁਜਾਂ ਦਾ ਨੀਰ ਸੁਕਾਇਆ? (੯) ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ।
ਸਾਜਨ ਦੇਸਿ ਵਿਦੇਸੀਅੜੇ ਸਾਨੇਹੜੇ ਦੇਦੀ
(ਤੁਖਾਰੀ ਮਹਲਾ ੧) ਸ਼ਬਨਮ ਦੇ ਵਿਚ ਸੁੱਤੀਆਂ ਕੁਝ ਲਹਿਰਾਂ ਪਈਆਂ, ਚਿਰ ਤੋਂ ਹੇਕਾਂ ਮਾਂਝੀਆਂ ਦੀਆਂ ਢੂੰਡਣ ਪਈਆਂ। ਲੱਖਾਂ ਬ੍ਰਿਛਾਂ ਹੁੱਲ ਕੇ ਇਕ ਫ਼ਜਰ ਉਤਾਰੀ, ਪਰਬਤਾਂ ਉੱਤੇ ਸਾਵਨਾਂ ਦੀਆਂ ਛਾਵਾਂ ਪਈਆਂ। ਹਰੇ ਕਚੂਰ ਝਨਾਂ ਨੇ ਕੋਈ 'ਵਾਜ ਹੈ ਮਾਰੀ, ਸੁਪਨੇ ਵਿਚ ਮੈਂ ਤੁਰਦੀਆਂ ਨਾਂਹ ਸਾਰਾਂ ਲਈਆਂ। ਸ਼ਾਹ ਅਸਵਾਰ ਨੂੰ ਪਾਣੀਆਂ ਇਕ ਅਰਜ਼ ਗੁਜ਼ਾਰੀ, ਸੂਹੇ ਵੇਸ ਕਰੇਂਦੀਆਂ ਚੁੰਮ੍ਹ ਵਾਗ ਨੂੰ ਰਹੀਆਂ। ਮੇਰੇ ਨਾਜ਼ ਦੀ ਬਾਤ ਨੂੰ ਕੋਈ ਪੁੱਛਣ ਆਵੇ, ਭਖਦੇ ਸੀਨੇ ਤੂਰ ਦੇ ਦੋ ਪੈੜਾਂ ਲਹੀਆਂ। ਸਿਖਰ ਦੁਪਹਿਰੇ ਝੱਖੜਾਂ ਵਿਚ ਬਾਜ਼ ਨਾਂਹ ਰੁਕਦੇ, ਚੜ੍ਹਦੀ ਉਮਰ ਦੀ ਕਾਂਗ ਨੂੰ ਫੜ ਪੌਣਾਂ ਰਹੀਆਂ। ਤੇਗ ਦੀ ਧਾਰ 'ਚ ਸ਼ਬਨਮਾਂ ਕੋਈ ਹੁਸਨ ਲੁਕਾਵਣ, ਨਜ਼ਰ ਦੀ ਧਾਰ ਨੂੰ ਛੋਂਹਦੀਆਂ ਕੰਨਸੋਆਂ ਗਈਆਂ। ਕੰਬਦੀ ਬਿਜਲੀ-ਸਿਖਰ 'ਤੇ ਖੜ ਵੇਸ ਮੈਂ ਕੀਤਾ, ਨਦੀਆਂ ਪੈਂਡੇ ਘੇਰ ਕੇ ਦੋ ਗੱਲਾਂ ਕਹੀਆਂ। ਉਡਦੀਆਂ ਜੁਗਨੂੰਆਂ ਵਾਂਗ ਜੋ ਕਦੇ ਅੰਬਰ ਗੱਲਾਂ, ਸਾਵਨ ਦੀ ਇਸ ਘਟਾ ਵਿਚ ਮੈਨੂੰ ਯਾਦ ਨ ਰਹੀਆਂ। ਰੰਗ ਮਜੀਠੀ ਥਰਕਦਾ ਜਿਉਂ ਦੂਰ ਸੁਨੇਹੜੇ, ਤਾਰਿਆਂ ਦੀ ਛਾਂ ਭਿੰਨੜੀ ਨੂੰ ਛੋਹਵਣ ਬਹੀਆਂ। ਮਾਹੀ ਤੈਂਡੇ ਪੈਂਡਿਆਂ ਤੇ ਅੰਬਰ ਸਾਡਾ, ਜਿਸਦਾ ਦਾਮਨ ਪਕੜਿਆ ਰੂਹ ਰੰਗ ਗਵੱਈਆਂ। ਕੰਬਦਾ ਬੁੱਤ ਲੈ ਅੱਥਰੂ ਜੇਹੀ ਅਰਜ਼ ਮੈਂ ਕੀਤੀ, ਜਦੋਂ ਦੁਪਹਿਰਾਂ ਗ਼ਜ਼ਬ ਖਾ ਸੰਗ ਲਸ਼ਕਰਾਂ ਖਹੀਆਂ; ਮਾਵਾਂ ਨੇ ਅਸਮਾਨ ਨੂੰ ਜਦ ਮਾਰੀਆਂ 'ਵਾਜਾਂ ਧਰਤੀ ਉੱਤੇ ਪੁੱਤਰਾਂ ਦੀਆਂ ਛਾਵਾਂ ਲਹੀਆਂ; ਵੇਖਾਂ ਝਿੰਮ ਝਿੰਮ ਰਹਿਮ ਦੇ ਤਦ ਗਗਨ ਮੈਂ ਦੂਰੋਂ ਕਿਤੋਂ ਹਵਾਵਾਂ ਆਉਂਦੀਆਂ ਮੇਰੇ ਸਜਦੇ ਜਹੀਆਂ। ਹੁੱਲਦੇ ਵਣਾਂ ਦੀ ਪੈੜ ਕੁਈ ਮੇਰੀ ਜਾਨ 'ਤੇ ਕੰਬੇ ਪਰਬਤ ਪਰਬਤ ਸ਼ਬਨਮਾਂ ਕੋਈ ਰਾਜ਼ ਲੈ ਬਹੀਆਂ। ਸੱਭੇ ਪੈਂਡੇ ਦਿਲਾਂ ਦੇ ਪਰਦੇਸ ਤੋਂ ਆਵਣ, ਸੁੱਤੇ ਝੰਗ ਜਗਾਂਦੀਆਂ ਆ ਦੂਰੋਂ ਸਈਆਂ।
ਮੁੱਢ ਕਦੀਮ ਦੀਆਂ ਗਲੀਆਂ ਵਿਚ
-ੳ- ਮੁੱਢ ਕਦੀਮ ਦੀਆਂ ਗਲੀਆਂ ਵਿਚ ਮੁੜ ਆਈਆਂ ਤਿਰਕਾਲਾਂ। ਮੌਤ ਦੇ ਮੇਲੇ ਦੇ ਵਿਚ ਜੁੜੀਆਂ ਸਦੀਆਂ ਬੰਨ੍ਹ ਬੰਨ੍ਹ ਪਾਲਾਂ। ਪੀਲੇ ਬੋਹੜ ਵਿਚ ਨੇ ਛੁਪੀਆਂ ਪਾਟ ਗਗਨ ਦੀਆਂ ਛਾਵਾਂ। ਰੁਲੇ ਖੰਡਰਾਂ ਦੀਆਂ ਆਹਟਾਂ ਦੇ ਹੌਲ ਜਰਦੀਆਂ ਮਾਵਾਂ। ਢੱਠੀਆਂ ਖ਼ਾਨਗਾਹਾਂ ਦੇ ਆਂਗਣ ਰੋਹੀਆਂ ਚੋਲੇ ਸੀਵਣ, ਵੱਢਿਆਂ ਰੁੱਖਾਂ ਦੇ ਧੂੜਾਂ 'ਚੋਂ ਹੌਕੇ ਪਏ ਸੁਨੀਵਣ। ਸੁੰਞੀਆਂ ਨਿੰਮਾਂ ਦੇ ਵਿਚ ਫੜਕਣ ਕੋ ਮਜਲਿਸ ਦੇ ਹਾਸੇ, ਮੁੱਢ ਕਦੀਮ ਦੀਆਂ ਗਲੀਆਂ ਦੇ ਰਾਹ ਜਾਵਣ ਕਿਸ ਪਾਸੇ ? ਧੀਮੀਆਂ ਧੀਮੀਆਂ ਲੂੰਆਂ ਵੇਖਣ ਘੁਮਿ ਪੁਰਾਣੀਆਂ ਜੂਹਾਂ; ਢੂੰਡ ਨ ਸਕੀਆਂ ਧਰਤੀ ਦਾ ਮਨ ਨਾਜ਼ਕ ਘੁੰਮਦੀਆਂ ਰੂਹਾਂ। ਕਿਸ ਦੇ ਸੁੰਞੇ ਸੱਥਰਾਂ ਸਾਵੇਂ ਸਫਾਂ ਵਿਛਾਵਣ ਰੋਹੀਆਂ ? ਸੂਲ ਸੁਰਾਹੀਆਂ ਅੰਧ ਸਮੇਂ ਦੀਆਂ ਮੂੰਹ ਅੱਡ ਰਹਿਣ ਖਲੋਈਆਂ। ਸੁੱਕੇ ਛੰਭਾਂ ਦੇ ਤਰਸੇਵੇਂ ਧਾ ਲੱਗਣ ਅਸਮਾਨੇ। ਚਿਰਾਂ ਦੇ ਭੁੱਲ ਚੁੱਕੇ ਨੇ ਪੰਖੀ ਮੰਗੂਆਂ ਨਾਲ ਯਰਾਨੇ। ਉੱਚੇ ਹੁਜਰੇ ਦੀ ਮੋਰੀ 'ਚੋਂ 'ਵਾਜ ਪੁਰਾਣੀ ਸੁਣਦੀ; ਕਿੱਕਰਾਂ ਮਲ੍ਹੇ, ਫਲਾਹੀਆਂ ਓਹਲੇ ਅੱਗ ਰੋਹੀਆਂ ਦੀਆਂ ਚੁਣਦੀ। ਤਿਰਕਾਲਾਂ ਨੂੰ ਨੀਂਗਰ ਭੋਲੇ ਖੇਡ ਰਹੇ ਘਰ ਬਾਰਾਂ। ਵਰ੍ਹਿਆਂ ਪਿੱਛੋਂ ਗਲੀ ਗਲੀ ਵਿਚ ਹਾਕ ਅਜਨਬੀ ਮਾਰਾਂ। ਮੇਰੇ ਬੋਲ ਤਾਰਿਆਂ ਓਹਲੇ ਭੈਅ ਵਿਚ ਦੂਰ ਖਲੋਏ। ਸੁੰਝਾਂ ਤੱਕ ਗਲੀਆਂ ਵਿਚ ਮੈਨੂੰ ਬੇਪਛਾਣ ਦਰ ਢੋਏ। -ਅ- ਰਾਤਾਂ ਨੂੰ ਕੁਝ ਸਮਝ ਨ ਪੈਂਦੀ ਕਲਵਲ ਰਾਹ ਕੰਨਸੋਆਂ, ਨਾਗ ਦਾ ਪਿੰਡਾ ਦੇਖ ਨ ਸਕੀਆਂ ਤਾਰਾ-ਵਣ ਦੀਆਂ ਲੋਆਂ। ਮੁੱਦਤਾਂ ਪਿੱਛੋਂ ਰੁਲਿਆ ਪੈਂਡਾ ਤਨ-ਮਨ ਲਾਵੇ ਚੋਕਾਂ, ਉਜੜੇ ਰਾਹਾਂ 'ਤੇ ਪਿੱਪਲਾਂ ਨੇ ਫੇਰ ਬੁਲਾਈਆਂ ਝੋਕਾਂ। ਫਾਹੀਆਂ ਚੁੰਮ੍ਹ ਸਬਰ ਦੇ ਰਾਹ ਤੋਂ ਹਾਕ ਪਲਾਹਾਂ ਮਾਰੀ : ‘ਮੇਲਿਆਂ ਵਿੱਚੋਂ ਉੱਠ ਕੇ ਚੱਲੀ ਧਰਤੀ ਦੀ ਸਰਦਾਰੀ।' ਕੌੜੀ ਨੀਂਦ ਰੋਹੀਆਂ 'ਤੇ ਕਿਰਦੀ ਬੇਪਛਾਣ ਸਭ ਹੋਏ। ਤਾਰਿਆਂ ਦਾ ਹੜ੍ਹ ਢੂੰਡ ਨ ਸਕਿਆ ਰਾਹ ਮਿਰਗਾਂ ਦੇ ਖੋਏ। ਵਾਟ ਗੁਆਚੀ ਰੋਹੀਏਂ ਮੁੜ ਕੇ ਤੱਕੀਆਂ ਸੁੱਤੀਆਂ ਨਾਰਾਂ। ਗਾੜ੍ਹੀ ਗਹਿਰ 'ਚ ਮਹਿਲ ਬਣਾਏ ਦੂਰ ਗਏ ਅਸਵਾਰਾਂ। ਲਾ-ਮਕਾਂ ਫ਼ਿਰਦੌਸਾਂ ਦੇ ਰੂਹ ਠਿਲ੍ਹ ਪਏ ਕਹਿਰ ਦੇ ਪਾਣੀ। ਕੱਚੇ ਘੜੇ ਦੇ ਵਾਂਗੂੰ ਖੁਰਦੇ ਬ੍ਰਹਿਮੰਡਾਂ ਦੇ ਹਾਣੀ। ਗਾੜ੍ਹੀ ਗਹਿਰ ਤ੍ਰੇਲਾਂ ਮੁੱਕੀਆਂ ਸੁੱਕਿਆ ਮੌਤ ਦਾ ਪਿਆਲਾ, ਅੱਪਣਾ ਕੌਲ ਨਿਭਾ ਜਾਵੇਗਾ ਰੰਗਲੇ ਪੈਰ ਦਾ ਛਾਲਾ। ਅੱਧੀ ਰਾਤ ਬਿਜਲੀਆਂ ਓਹਲੇ ਸਬਰਾਂ ਦਰਦ ਨ ਕੂਣੇ। ਸੋਹਣੀ ਡੁੱਬ ਮੋਈ, ਤਾਂ ਹੋਣਾ ਚੜ੍ਹੇ ਝਨਾਵਾਂ ਊਣੇ। ਚੋਰ ਦੀਆਂ ਪੈੜਾਂ ਜਿਉਂ ਛਲ ਗਏ ਰਾਜ਼ ਮੇਰੇ ਹਰ ਥਾਵੇਂ। ਕੱਚੇ ਘਰਾਂ ਦੀ ਜਾਨ ਘੇਰਦੇ ਬਾਜ਼ਾਂ ਦੇ ਪਰਛਾਵੇਂ। ਉੱਚੇ ਹੁਜਰੇ ਦੀ ਮੋਰੀ 'ਚੋਂ ਡੁਬਦੇ ਤਾਰੇ ਵੇਖਾਂ। ਮੈਂ ਤੁਰਦਾ ਤਾਂ ਮੋੜਣ ਆ ਕੇ ਸੁਬਕ ਉਡਾਰੂ ਹੇਕਾਂ। ਕੱਚੇ ਘਰਾਂ ਨੇ ਦਾਮਨ ਫੜਿਆ ਬੀਤੀ ਉਮਰਾ ਪਾਸੇ; ਸੁੱਕਿਆਂ ਰੁੱਖਾਂ ਦੇ ਉਦਰੇਵੇਂ ਵੇਖਣ ਰੁਲਦੇ ਕਾਸੇ। ਭੋਲੇ ਨੈਣ ਹੋਣ ਹੈਰਾਨੇ ਰਮਜ਼ ਬੇਗਾਨੀ ਮੇਰੀ, ਦੂਰ ਚੁਲ੍ਹਿਆਂ ਦੇ ਵਿਚ ਬਲਦੀ ਅੱਗ ਪੁਰਾਣੀ ਕਿਹੜੀ ? ਬਾਬਲ ਦੀਆਂ ਗਲੀਆਂ ਵਿਚ ਮੁੜ ਕੇ ਝੁੱਲ ਪੁਰੇ ਦੀਏ ਰੁੱਤੇ; ਖ਼ਾਬ ਜੁਗਨੂੰਆਂ ਵਾਂਗੂੰ ਉੱਡ ਉੱਡ ਵੇਹਣ ਅੰਞਾਣੇ ਸੁੱਤੇ। -ੲ- ਧੰਮੀ ਵੇਲੇ ਦੂਰ ਪਿੰਡ ਤੋਂ ਲੈ ਗਏ ਸੱਜਨ ਪਿਆਰੇ, ਪਹੇ ਦੀਆਂ ਰੇਤਾਂ ਨੂੰ ਚੁੰਮ੍ਹਦੇ ਮੋਹ ਦਰਿਆ ਦੇ ਭਾਰੇ। ਸਬਜ਼ ਅੱਕਾਂ 'ਤੇ ਜੋਬਨ ਖਿੜਿਆ ਲੰਘਿਆ ਨਜ਼ਰ ਦੇ ਨੂਰੋਂ; ਵਿਸ਼ ਦੇ ਦੁੱਧ 'ਚ ਅੰਮ੍ਰਿਤ ਪਾਇਆ ਬਾਲਪਣੇ ਨੇ ਦੂਰੋਂ। ਪਹੇ ਦੀਆਂ ਰੇਤਾਂ ਵਿਚ ਮਿਲਦੀ ਖੇਡ ਪੁਰਾਣੀ ਪੁੱਗੀ, ਤਪੋਵਣਾਂ ਦੀ ਪਰੀ ਦੀ ਨੈਂ ਵਿਚ ਛਾਪ ਪੁਰਾਣੀ ਡੁੱਬੀ। ਮੋਇਆਂ ਕਾਫ਼ਲਿਆਂ ਨੇ ਜੀਕੂੰ ਛੂਹ ਤਾਰਿਆਂ ਦੀ ਲੋਇ, ਪਹੇ ਦੀਆਂ ਰੇਤਾਂ ਵਿਚ ਮੇਰੇ ਬਹਿ ਬਹਿ ਪਾਪ ਨੇ ਧੋਏ। ਮਾਨਸਰੋਵਰ ਦੇ ਹੰਸਾਂ ਦੀ 'ਵਾਜ ਸੁਣੀ ਵਿਚ ਧੰਮੀਂ, ਠੰਡੀਆਂ ਰੇਤਾਂ ਵਿਚ ਵਿਛਾਵਣ ਖ਼ਾਬ ਹਜ਼ਾਰਾਂ ਕੰਮੀ। -ਸ- ਮੁੜ ਕੇ ਸਿਖਰ ਦੁਪਹਿਰਾਂ ਆਈਆਂ ਮੈਂ ਹੁਜਰੇ ਵਿਚ ਕੱਲਾ। ਡੁੱਬ ਗਿਆ ਮੁੜ ਨੂਰ ਦੇ ਹੜ੍ਹ ਵਿਚ ਤਪੋਵਣਾਂ ਦਾ ਛੱਲਾ। ਉੱਚੇ ਹੁਜਰੇ ਦੀ ਮੋਰੀ 'ਚੋਂ ਕੌਣ ਔਹ ਜਲਦੇ, ਦੇਖਾਂ। ਸੂਲਾਂ ਬੈਠ ਪਰੋਵਣ ਪਈਆਂ ਵਲੀਆਂ ਦੀਆਂ ਹੱਥ-ਰੇਖਾਂ। ਉਲਰ ਪਈਆਂ ਢੋਕਾਂ ਦੇ ਸਿਰ 'ਤੇ ਬਲਦੀਆਂ ਰੋਹੀਆਂ ਮੋੜਾਂ। ਪਾਕ ਹਰਫ਼ ਦੇ ਸਭ ਸੋਹਣੇ ਬੁੱਤ 'ਵਾਜ ਪਵੇ ਤਾਂ ਤੋੜਾਂ। ਲਸ਼ਕਰ ਲੈ ਟਿੱਬਿਆਂ 'ਤੇ ਚੜ੍ਹਿਆ ਵਾ ਵਰੋਲਾ ਝੱਲਾ, ਸੂਰਜ ਦੇ ਵਲ ਉੱਡ ਉੱਡ ਜਲਿਆ ਕਿਸੇ ਰਕਾਨ ਦਾ ਪੱਲਾ। ਰੂਹ ਦਰਮਾਂਦੇ ਉੱਠ ਕੇ ਸੁਣੀਆਂ ਭੋਲੀਆਂ ਪਰੇ ਆਵਾਜ਼ਾਂ। ਰੁੱਖ ਜ਼ਿਮੀਂ ਦੇ ਚੁੰਮ੍ਹਣ ਆਈਆਂ ਫ਼ਲਕ ਦੀਆਂ ਪਰਵਾਜ਼ਾਂ। ਜੇਠ ਮਹੀਨੇ ਪੀਏ ਛਬੀਲਾਂ ਬੱਚਿਆਂ ਦਾ ਇਕ ਮੇਲਾ। ਦਰਿਆਵਾਂ ਤੋਂ ਵਿਛੜਿਆਂ ਦਾ ਰਾਹ ਪੁੱਛਦਾ ਕੁਈ ਬੇਲਾ। ਰੂਹ ਦਰਮਾਂਦਾ ਉਠ ਉਠ ਪੀਵੇ ਠੰਢੀਆਂ ਜੀਣ ਛਬੀਲਾਂ; ਭਰੇ ਪਿਆਲੇ ਬਾਲਪਣੇ ਦੇ, ਅਜੇ ਨ ਪੱਕੀਆਂ ਪੀਲਾਂ। ਅੱਧ-ਭਰੇ ਪਿਆਲੇ ਨੂੰ ਚੁੱਕ ਕੇ ਇਕ ਬਾਲ ਸ਼ਰਮਾਵੇ, ਦੂਰ ਮਹੀਨ ਸ਼ਬਨਮਾਂ ਓਹਲੇ ਨਜ਼ਰ ਹੁਸੀਨ ਲੁਕਾਵੇ। ਜੇਠ ਮਹੀਨਾ ਜਲ ਬਲ ਪੈਂਦਾ ਤੂੰ ਕਿਸ ਬੂੰਦ ਨੂੰ ਤੱਕੇਂ ? ਨਿੱਕੀ ਜਿੰਦ ਵਿਚ ਵਲੀਆਂ ਦੇ ਜਾਂ ਸੁਪਨੇ ਸਾਂਭ ਨ ਸਕੇਂ। ਕੀ ਤੂੰ ਥਲਾਂ ਦੀਆਂ ਟੱਲੀਆਂ ਵਿਚ ਉਜੜੀ ਧੜਕਣ ਫੋਲੇਂ, ਵੱਡ-ਵਡੇਰਿਆਂ ਦੇ ਰਾਹ ਭੁੱਲੇ ਅੱਥਰੂ ਦੇ ਵਿਚ ਘੋਲੇਂ ? ਧਰਤ ਦੇ ਘੁੰਡ ਨੂੰ ਚੁਕ ਚੁਕ ਵੇਖੇਂ ਡੂੰਘੀਆਂ ਡੁੱਬੀਆਂ ਯਾਦਾਂ ? ਨੈਂ ਹੰਝੂਆਂ ਦੀ ਥਲੀਂ ਵਗਾਈ ਭੁਰ ਭੁਰ ਆਦਿ ਜੁਗਾਦਾਂ। ਕੀ ਤੂੰ ਧਰ ਦਾ ਅਸਲ ਪਛਾਣੇ ਦੂਰ ਕਿਤੇ ਵਿਚ ਰੋਹੀ ? ਕੱਚੇ ਘਰਾਂ ਦੇ ਬੂਹਿਆਂ ਅੱਗੇ 'ਵਾਜ ਕਣਕ ਦੀ ਖੋਈ ? ਰਮਜ਼ ਅਬੋਲ ਜਹੀ ਵਿਚ ਗਲੀਏਂ ਕੀ ਕੋਈ ਬੋਲ ਛੁਪਾਵੇਂ ? ਸੁੱਕਿਆਂ ਰੁੱਖਾਂ ਨਾਲ ਚਿਰਾਂ ਦੀ ਸਾਂਝ ਨਵੇਲੀ ਪਾਵੇਂ ? ਕੀ ਤੂੰ 'ਵਾਜ ਸੁਣੇ ਕੁਈ ਅੱਪਣੀ ਵਿਚ ਦੁਰੇਡੇ ਰੁੱਖਾਂ ? ਤੇਰੀ ਨਜ਼ਰ ਚ ਭੇਦ ਲੁਕਾਏ ਕਾਫ਼ਲਿਆਂ ਦੇ ਦੁੱਖਾਂ। ਉਮਰਾ ਦੇ ਸੁੰਞੇ ਤਰਨਾਪੇ ਬਖ਼ਸ਼ ਕਿਰਨ ਇਕ ਮੈਨੂੰ। ਮੋਹ ਲਿਆ ਇਸ ਧਰਤੀ ਉੱਤੇ ਕਿਸ ਸੂਰਜ ਨੇ ਤੈਨੂੰ ? ਨੋਟ: ਭਾਗ-ੲ ਅਤੇ ਭਾਗ-ਸ ਵਿਚ ਸ਼ਕੁੰਤਲਾ ਦੀ ਮੁੰਦਰੀ ਗੁਆਚਣ ਦਾ ਸੰਕੇਤ ਹੈ, ਜਦੋਂ ਕਿ ਨੂਹ ਦਾ ਹੜ੍ਹ ਵਕਤ ਦੇ ਬਲਵਾਨ ਹਨੇਰੇ ਦਾ ਪ੍ਰਤੀਕ ਹੈ।
ਵਿਛੜਿਆਂ ਦੇ ਮੇਲੇ
ਹਰ ਕਾਲ ਚੋਂ ਉੱਠਣਾ ਨਾਦ ਕਦੇ। ਰੰਗ ਡੁੱਬਿਆ ਆਉਣਾ ਯਾਦ ਕਦੇ। ਹਰ ਹਰਫ਼ 'ਚ ਸੁਪਨੇ ਪੁੜ ਜਾਣੇ, ਸਭ ਅੰਬਰ ਨੀਂਦ 'ਚ ਜੁੜ ਜਾਣੇ, ਸ਼ੀਂਹ ਖ਼ੂਨੀ ਮੌਤ ਦੇ ਮੁੜ ਜਾਣੇ; ਤੁਰ ਵਾਂਗ ਮਸੀਹਾ ਆਵੇਗੀ ਰੱਬ-ਘਰ ਕਾਫ਼ਰ ਦੀ ਯਾਦ ਕਦੇ– ਹਰ ਕਾਲ 'ਚੋਂ ਉੱਠਣਾ ਨਾਦ ਕਦੇ। ਕੁੜੇ ਰੋ ਨ, ਸਭ ਦਾ ਮੁੱਲ ਪੈਣਾ, ਜੋ ਰੁਲ ਗਏ ਉਹਨਾਂ ਹੁੱਲ ਪੈਣਾ, ਪੁੰਨ-ਪਾਪ ਤੋਂ ਅੱਗੇ ਝੁੱਲ ਪੈਣਾ, ਜੋ ਵਾਅਦੇ ਤੋੜੇ ਵਲੀਆਂ ਨੇ ਖੜ ਜਾਸਨ ਹੋ ਫ਼ਰਿਆਦ ਕਦੇ- ਹਰ ਕਾਲ 'ਚੋਂ ਉੱਠਣਾ ਨਾਦ ਕਦੇ। ਕਦੇ ਧਰਮ ਦੇ ਬੋਲ ਵੀ ਉੱਕਣਗੇ, ਜੋ ਅੰਬਰ ਸਾਜਣ, ਰੁੱਕਣਗੇ, ਰੋ ਖੰਡਰਾਂ ਦਾ ਦੁੱਖ ਚੁੱਕਣਗੇ; ਦਰ ਪਾਕ ਕਿਤਾਬਾਂ ਦੇ ਸਾਹਮੇ ਹੋ ਜਾਸਨ ਜਸ਼ਨ ਅਬਾਦ ਕਦੇ- ਹਰ ਕਾਲ 'ਚੋਂ ਉੱਠਣਾ ਨਾਦ ਕਦੇ। ਛੱਡ ਇਲਮ ਹਕੂਮਤ ਤਾਜ ਕਦੇ ਹਰ ਤ੍ਰਿਣ ਦੀ ਚਮਕੋ ਆਬ ਕਦੇ ਹਰ ਪੱਤ ਦੀ ਆਉਣੀ ਯਾਦ ਕਦੇ, ਤੂੰ ਕੁੱਝ ਨ ਭੁੱਲ ਇਸ ਪੈਂਡੇ ਦਾ ਇਹ ਮੁੜ ਨ ਆਉਣੀ 'ਵਾਜ ਕਦੇ- ਹਰ ਕਾਲ 'ਚੋਂ ਉੱਠਣਾ ਨਾਦ ਕਦੇ। ਗਲ ਹੌਲ ਦੇ ਲਗਦੀ ਪੌਣ ਕੁਈ, ਕੁਝ ਪੀਂਦੇ ਜਲ-ਥਲ ਕੌਣ ਕੁਈ, ਵਿਚ ਸ਼ਬਨਮ ਸਿਹਰ ਜਗਾਉਣ ਕੁਈ, ਇਸ ਜੂਹ ਵਿਚ ਜੋ ਵੀ ਬੋਲ ਪਿਆ ਉਹ ਪਹਿਣ ਲਵੇਗਾ ਤਾਜ ਕਦੇ- ਹਰ ਕਾਲ 'ਚੋਂ ਉੱਠਣਾ ਨਾਦ ਕਦੇ। ਕਰ ਚੰਨ-ਸੂਰਜ ਨੂੰ ਮਾਤ ਕਦੇ ਇਸ ਪੈੜ ਛੁਪਾਉਣੀ ਰਾਤ ਕਦੇ ਥਲ ਹੋ ਜਾਣੇ ਇਕ ਝਾਤ ਕਦੇ, ਲੈ ਖ਼ਾਬ ਮਹਿੰਦੀਆਂ ਮਾਹੀ ਦੇ ਹੁੱਲ ਪੈਣਾ ਹਿਜਰਾਂ ਬਾਅਦ ਕਦੇ- ਹਰ ਕਾਲ 'ਚੋਂ ਉੱਠਣਾ ਨਾਦ ਕਦੇ। ਲੱਕ ਪਤਲਾ ਪੌਣ ਦਾ ਨਾਜ਼ ਕੋਈ ਜਾਂ ਝੁੰਮਰ ਜਾਂ ਪਰਵਾਜ਼ ਕੋਈ, ਹਾਂ, ਬਹੁਤ ਮਹੀਨ ਆਵਾਜ਼ ਕੋਈ ਦਿਹੁੰ ਰਾਤ 'ਚ ਭਰਦੀ ਰਾਜ਼ ਕੋਈ, ਆ ਮਿਲਸਨ ਵਿਛੜੇ ਯਾਰਾਂ ਜਿਉਂ ਵਣ-ਪੀਲੂਆਂ ਵਾਲੇ ਸੁਆਦ ਕਦੇ– ਹਰ ਕਾਲ 'ਚੋਂ ਉੱਠਣਾ ਨਾਦ ਕਦੇ, ਰੰਗ ਡੁੱਬਿਆ ਆਉਣਾ ਯਾਦ ਕਦੇ।
ਮਨ ਪਰਦੇਸੀ ਜੇ ਥੀਐ
-ੳ- ਮਹਾਂ ਕਾਲ ਸੈ ਸਾਗਰਾਂ ਸਾਹਵੇਂ ਤਿਰਹਾਇਆ। ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ। ਰੱਤੀਆਂ ਤੇਗਾਂ ਉੱਡਦੀਆਂ ਦਰਿਆ 'ਤੇ ਢਹੀਆਂ, ਉੱਚੇ ਬੁਰਜੀਂ ਬੈਠੀਆਂ ਹੁਣ ਤੱਕਣ ਸਈਆਂ, ਖੰਡਰਾਂ ਓਹਲੇ ਰੋਂਦੀਆਂ ਲੱਖ ਕੌਮਾਂ ਪਈਆਂ, ਕਿਸ ਮਾਹੀ ਦੇ ਦੇਸ ਵੱਲ ਉੱਠ ਨਜ਼ਰਾਂ ਰਹੀਆਂ ? ਕਿਸ ਕਤਰੇ ਦੀ ਤਲਬ ਵਿਚ ਜਲ-ਥਲ ਕੁਰਲਾਇਆ ? ਮਹਾਂ ਕਾਲ ਸੈ ਸਾਗਰਾਂ ਸਾਹਵੇਂ ਤਿਰਹਾਇਆ। (੧) ਪਾਟੇ ਲੀੜਿਆਂ ਵਰਗੀਆਂ ਤਨ ਨ੍ਹੇਰ ਦੇ ਯਾਦਾਂ, ਖੰਡਰਾਂ ਬੂਹੇ ਬਹਿਣੀਆਂ ਥਲ 'ਚੋਂ ਫ਼ਰਿਆਦਾਂ, ਦਿਲ-ਦਰਮਾਂਦੇ ਕਾਰਨਾਂ ਰਹੇ ਮਾਰ ਆਵਾਜ਼ਾਂ, ਦਿੱਸਣ ਐਪਰ ਕਿਤੇ ਨ ਵਿਚ ਭੈਅ-ਪਰਵਾਜ਼ਾਂ, ਪੈੜਾਂ ਦੇ ਥਲ ਚੁੰਮ੍ਹਦਿਆਂ ਨ ਦਿਲ ਮੁਸਕਾਇਆ, ਮਹਾਂ ਕਾਲ ਸੈ ਸਾਗਰਾਂ ਸਾਹਵੇਂ ਤਿਰਹਾਇਆ। (੨) ਖੰਡਰਾਂ ਸਿਰ ਕੋਈ ਨਾਗ ਆ ਫਣ ਪਿਆ ਖਲਾਰੇ, ਸਦੀਆਂ ਦੇ ਵਲ ਦੇਖਦਾ ਜਲ-ਥਲ ਵਿਚਕਾਰੇ, ਬਾਬਲ ਮਿਸਰ ਯੂਨਾਨ ਦੇ ਪਲ ਖੜੇ ਮੀਨਾਰੇ, ਭੁੱਲੇ ਰਣਾਂ ਦੇ ਕੰਢੜੇ ਵੀਰਾਨੀਆਂ-ਮਾਰੇ, ਨਾਗ ਦੇ ਸਾਹ ਵਿਚ ਬਲ ਰਿਹਾ ਗਏ ਜੁਗਾਂ ਦਾ ਸਾਇਆ, ਮਹਾਂ ਕਾਲ ਸੈ ਸਾਗਰਾਂ ਸਾਹਵੇਂ ਤਿਰਹਾਇਆ। (੩) ਲੂੰਆਂ ਵੱਗਣ ਥੇਹ 'ਤੇ ਬੁੱਢ ਪਿੱਪਲ ਡੋਲੇ, ਲੱਖ ਵਰ੍ਹਿਆਂ ਦੀਆਂ ਹੂੰਗਰਾਂ ਵਿਚ 'ਵਾਵਾਂ ਘੋਲੇ, ਕੋਟ ਦੁਰੇਡੇ ਥਲਾਂ ਦੇ ਕਿਸ ਮੌਤ ਨੇ ਰੋਲੇ ? ਕੌਣ ਅਜਨਬੀ ਭਟਕਦੇ ਔਹ ਸਾਗਰਾਂ ਉਹਲੇ ? ਮਾਂ ਦਾ ਬੋਲ ਖਲਾ 'ਚੋਂ ਅਜੇ ਹੇਠ ਨ ਆਇਆ- ਮਹਾਂ ਕਾਲ ਸੈ ਸਾਗਰਾਂ ਸਾਹਵੇਂ ਤਿਰਹਾਇਆ। (੪) ਖੰਡਰਾਂ ਉੱਤੇ ਭੁੱਲਦੇ ਰਾਹ ਬਾਜ਼ ਸਤਾਣੇ ਆਏ ਤਿਮਰ-ਪਤਾਲ 'ਚੋਂ ਤਜ ਦੇਵ-ਘਰਾਣੇ ਝੱਖੜ ਲੰਘ ਅਸਗਾਹ ਦੇ ਛਡ ਬਲੀ ਪੁਰਾਣੇ ਰੰਗਲੀ ਧਨੁਸ਼ ਤੋਂ ਵਿਛੜੇ ਅੱਜ ਹੋਏ ਨਿਮਾਣੇ— ਅੱਗ-ਪਰਲੈ ਦੇ ਅੱਖਰਾਂ ਕੀ ਨਾਮ ਛੁਪਾਇਆ ? ਮਹਾਂ ਕਾਲ ਸੈ ਸਾਗਰਾਂ ਸਾਹਵੇਂ ਤਿਰਹਾਇਆ। (੫) ਲੱਖਾਂ ਖੂਹਣੀਆਂ ਸੁੱਤੀਆਂ ਬੇਬਸ ਪਰਛਾਵੇਂ, ਮਨਸੂਰ ਦੇ ਚੋਲੇ ਤੜਪਦੇ ਰੱਤ-ਵਹਿਣਾਂ ਸਾਹਵੇਂ, ਕੋਈ ਨ ਜਾਏ ਹੜ੍ਹਾਂ ਤੱਕ ਦਿਲਦਾਰ ਨੇ ਭਾਵੇਂ, ਲੱਖਾਂ ਤਾਰੇ ਚੜ੍ਹੇ ਨੇ ਗੁਲਜ਼ਾਰਾਂ ਛਾਵੇਂ, ਨ ਮਨਸੂਰ ਜੇਹੀ ਨਜ਼ਰ ਨੂੰ ਅਸਮਾਨ ਨੇ ਪਾਇਆ— ਮਹਾਂ ਕਾਲ ਸੈ ਸਾਗਰਾਂ ਸਾਹਵੇਂ ਤਿਰਹਾਇਆ। (੬) ਰਾਤ ਗੁਜ਼ਾਰਨ ਖੰਡਰਾਂ ਤੇ ਸ਼ੁਤਰ ਉਦਾਸੇ ਗੋਰਾਂ ਹੇਠਾਂ ਛੋਡ ਕੇ ਵੱਡ ਪੀਰ ਪਿਆਸੇ- ਰੌਣਕ ਬੰਨ੍ਹੀ ਥਲਾਂ ਵਿਚ ਅੱਗ ਵਾਂਗ ਹੁਲਾਸੇ, ਹੇਠ ਖਜੂਰਾਂ ਭਰੇ ਆ ਕਿਸ ਖ਼ੂਨ ਨੇ ਕਾਸੇ ? ਖ਼ਾਲੀ ਹੁਜਰੇ ! ਘਾਇਲ ਕੁਈ ਹੜ੍ਹ ਪਰੇ ਸਧਾਇਆ- ਮਹਾਂ ਕਾਲ ਸੈ ਸਾਗਰਾਂ ਸਾਹਵੇਂ ਤਿਰਹਾਇਆ। (੭) -ਅ- ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ। ਮਹਾਂ ਕਾਲ ਸੈ ਸਾਗਰਾਂ ਸਾਹਵੇਂ ਤਿਰਹਾਇਆ। ਮੁੱਢ ਕਦੀਮੀ ਵਾਦੀਆਂ 'ਤੇ ਉੱਡਣ ਕੂੰਜਾਂ, ਨੂਰ ਦੇ ਧੁੰਧਲੇ ਰਣਾਂ 'ਚੋਂ ਸੁਣ ਰਹੀਆਂ ਗੂੰਜਾਂ, ਗਾੜ੍ਹੀ ਗਹਿਰ 'ਚ ਲੈਂਦੀਆਂ ਲੱਖ ਸਦੀਆਂ ਊਂਘਾਂ, ਪਾਰ ਕਿਨਾਰੇ ਸੁੱਤੀਆਂ ਮਦ ਭਰੀਆਂ ਬੂੰਦਾਂ ! ਤਰਜ਼ ਪੁਰਾਣੀ ਸਮੇਂ ਦੀ ਕੋਈ ਗੁੰਮਦਾ ਸਾਇਆ, ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ। (੮) ਮੁੱਢ ਕਦੀਮੀ ਅੱਗ ਨੂੰ ਫੁੱਲ ਪੈਣ ਅਨੇਕਾਂ, ਸੌਂ ਗਏ ਨੂਰ ਦੇ ਹੜ੍ਹਾਂ ਨੂੰ ਕਦੇ ਫੇਰ ਮੈਂ ਦੇਖਾਂ ! ਤਾਰਿਆਂ ਹੇਠ ਨੇ ਉਡਦੀਆਂ ਅਣਸੁਣੀਆਂ ਹੇਕਾਂ, ਤੁਰਦੇ ਛਿਣਾਂ 'ਤੇ ਬਲਦੀਆਂ ਜਲ ਥਲ ਦੀਆਂ ਰੇਖਾਂ, ਸੁਪਨਿਆਂ ਓਹਲੇ ਖੜੀ ਦਾ ਮਨ ਕੂੰਜ ਉਡਾਇਆ- ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ। (੯) ਲੱਖ ਸਫ਼ਰਾਂ ਦੇ ਖੰਭ ਜੋ ਤਨ ਤਾਰਿਆਂ ਉੱਗੇ; ਵਣ ਬੇਲਿਆਂ ਵਿਚ ਘੁੰਮਦੀਆਂ ਦੇ ਜੋਬਨ ਪੁੱਗੇ। ਪਾਟ ਰਹੇ ਅਸਮਾਨ ਨੇ ਸਿੰਧ ਕਾਲ ਦੇ ਝੁੱਗੇ। ਭੈਅ ਦੇ ਘੁੰਮਦੇ ਚੱਕ 'ਤੇ ਰੰਗ ਧਰਤ ਦੇ ਉੱਗੇ। ਬਹਿ ਰੋਹੀਆਂ ਵਿਚ ਮਹਿੰਦੀਆਂ ਕੋਈ ਹਾਰ ਬਣਾਇਆ— ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ। (੧੦) ਹੌਲ 'ਚ ਪੰਖੀ ਉੱਡਦੇ ਕੋਹ ਕੋਟ ਹਜ਼ਾਰਾਂ, ਮਿਰਗਾਂ ਸ਼ੀਹਾਂ ਮਾਹਣੀਆਂ ਦੀਆਂ ਤ੍ਰਭਕਨ ਡਾਰਾਂ, ਸਾਲੂ ਦਾਵਾ ਅਗਨ ਦੇ ਸਿਰ ਲੈਂਦੀਆਂ ਨਾਰਾਂ, ਗੋਦ 'ਚ ਲੈ ਕੇ ਬਹਿੰਦੀਆਂ ਹੋ ਠੰਢੀਆਂ ਠਾਰਾਂ ਛਾਂ ਤਾਰਿਆਂ ਦੀ, ਸਾਗਰਾਂ ਦਾ ਭੇਦ ਲੁਕਾਇਆ- ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ। (੧੧) ਪੁਰਸਲਾਤ ਵਲ ਵੇਖਦੀ ਝੁੱਲ ਉੱਠੀ ਆਂਧੀ, ਬ੍ਰਹਮਾ ਵਾਂਗੂੰ ਕਮਲ ਵਿਚ ਰੁਲ ਜਾਵਣ ਪਾਂਧੀ, ਮੁੱਢ ਕਦੀਮੀ ਪੈਂਡਿਆਂ ਨੂੰ ਕੌਣ ਜਗਾਂਦੀ ? ਕੌਣ ਪੈਗੰਬਰ ਸਮੇਂ ਦੇ ਕਨਿਆਨ ਬੁਲਾਂਦੀ ? ਕਿਹੜੇ ਅਰਸ਼ ਗੁਨਾਹ ਨੂੰ ਵਿਚ ਤਾਜ ਸਜਾਇਆ ? ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ। (੧੨) ਸਾਗਰਾਂ ਉੱਤੇ ਉੱਡਦੇ ਦੋ ਹੰਸ ਪੁਰਾਣੇ ਦੂਰ ਮਹੀਨ ਨੈਂ ਕੰਢੜੇ ਪਏ ਵੇਹਣ ਮੁਹਾਣੇ, ਗਾਉਂਦੇ ਚੁੱਪ ਨੂੰ ਬ੍ਰਿਛ ਨੇ ਕਿਤੇ ਡੂੰਘ-ਡੂੰਘਾਣੇ, ਕੌਣ ਉਹ ਝਿੰਮ ਝਿੰਮ ਨਾਰੀਆਂ ਵਿਚ ਨੀਂਦ ਦੇ ਬਾਣੇ ? ਡੂੰਘੀ ਧਰਤ 'ਚ ਅੱਖੀਆਂ ਕੋਈ ਸਬਰ ਛੁਪਾਇਆ— ਮਨ ਪਦੇਸੀ ਜੇ ਥੀਐ ਸਭ ਦੇਸ ਪਰਾਇਆ। (੧੩) ਬੈਠੀਆਂ ਟੂਣੇਹਾਰਣਾਂ ਵਿਚ ਛੁਪ ਕੰਦਰਾਵਾਂ ਰਾਹੀਂ ਸਿਹਰ ਜਗਾਉਂਦੀਆਂ ਰੂਹ-ਸ਼ਿਕਨ ਅਦਾਵਾਂ, ਮੌਤ ਦੇ ਪੀਲੇ ਪੱਤ 'ਤੇ ਕੁਝ ਲਿਖਣ ਹਵਾਵਾਂ, ਲਹੂ-ਭਿੱਜੀਆਂ ਚੋਟੀਆਂ 'ਤੇ ਰੋਂਦੀਆਂ ਮਾਵਾਂ, ਕੋਟ ਕੋਹਾਂ ਤਕ ਕਿਸੇ ਨੇ ਰੋਹ-ਨਾਦ ਵਜਾਇਆ— ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ। (੧੪) ਜਿਗਰ ਪੁਰਾਣਾ ਅੱਗ ਦਾ ਆ ਸ਼ਿਕਰੇ ਢੂੰਡਣ, ਭੁੱਲੇ-ਵਿਸਰੇ ਪਰਬਤੀਂ ਕੁਝ ਰਮਜ਼ਾਂ ਕੂੰਦਨ, ਅਫ਼ਲਾਤੂਨੀ ਨਜ਼ਰ ਨੂੰ ਘੁੰਮ ਕਬਰਾਂ ਢੂੰਡਣ, ਧੌਂਸੇ ਕਿਸੇ ਫ਼ਕੀਰ ਦੇ ਕੋਹ ਕੋਟੀਂ ਗੂੰਜਣ, ਕੀਤੇ ਜਸ਼ਨ ਪੈਗ਼ੰਬਰਾਂ ! ਕਿਸ ਦੀਪ ਬੁਝਾਇਆ ? ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ। (੧੫) ਸੁੱਤੀ ਵੇਲ ਅੰਗੂਰ ਦੀ ਮੇਰੇ ਨਬੀਆਂ ਬਾਹੀਂ, ਪਰਬਤ ਨਦੀਆਂ ਥਲਾਂ ਦੇ ਹੁੱਲ ਉੱਠੀ ਸਾਹੀਂ, ਲਿਪਟ ਰਹੀ ਅਸਮਾਨ ਨੂੰ ਨੱਸ ਮੋਹ ਦੇ ਰਾਹੀਂ, ਰੱਬ ਦੇ ਸ਼ਹਿਰ 'ਚ ਫੇਰ ਵੀ ਕਿਉਂ ਸੁਣੀਆਂ ਆਹੀਂ ? ਕੂਨ ਨ ਜਾਣੇ ਜਿੰਦੜੀ ਨ ਪੀਰ ਮਨਾਇਆ- ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ। (੧੬) ਉੱਚੇ ਬੁਰਜੀਂ ਲੱਭਦੇ ਕਿਸੇ ਨਾਰ ਦੇ ਸਾਏ, ਹੱਸਦੇ-ਹੱਸਦੇ ਸ਼ਹਿਰ ਵੱਲ ਚੜ੍ਹ ਲਸ਼ਕਰ ਆਏ, ਵਿਛੜੇ ਯੋਧੇ ਸਮੇਂ ਦੇ ਬਹਿ ਬਾਰ ਪਰਾਏ, ਮੌਤ ਨੇ ਡੂੰਘੇ ਸਾਗਰੀਂ ਗੜ੍ਹ-ਕੋਟ ਵਿਛਾਏ; ਭੌਜਲ ਫਾਹੀਆਂ ਤਾਣੀਆਂ ਹੱਥ ਮਰਦ ਨ ਆਇਆ— ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ। (੧੭) ਰਾਹ ਲੋਕਾਂ ਦਾ ਵੇਂਹਦੀਆਂ ਪਰਦੇਸੀ ਹੰਝਾਂ, ਖੰਡਰਾਂ ਉੱਤੇ ਢਹਿੰਦੀਆਂ ਭਰ ਹੌਕੇ ਸੰਞਾਂ, ਕੰਠ ਤ੍ਰਿੰਞਣ ਘੁਟਦੀਆਂ ਕੁਝ ਅਣਦਿੱਸ ਤੰਦਾਂ, ਲਾ-ਮਕਾਂ ਦੀ ਚੁੱਪ ਵਿਚ ਸੈ ਭਰਦੀਆਂ ਕੰਧਾਂ, ਰੁੱਤ ਦੇ ਜੋਬਨ ਸਿਖਰ 'ਤੇ ਸੁੰਨ-ਡੰਗ ਜਗਾਇਆ— ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ, (੧੮) ਕੌਲ ਪੀਰ ਦਾ ਰੁਲੇਗਾ ਵਿੱਚ ਸੁੱਕਦੇ ਬੂਰਾਂ, ਕੂਨ ਨਾਂਹ ਜਾਣਨ ਥਲਾਂ ਵਿਚ ਮਰ ਜਾਸਨ ਹੂਰਾਂ, ਪੰਜ ਨਦੀਆਂ ਨ ਵੇਖੀਆਂ ਮੇਰੇ ਸਿਦਕ ਦੇ ਨੂਰਾਂ, ਗੁਰਾਂ ਦਾ ਪੰਜਾ ਹਿੱਸਿਆ ਵਿਚ ਨਜ਼ਰ ਦੀ ਧੂੜਾਂ, ਸੂਰਜ ਗਗਨਾਂ ਬੰਨ੍ਹ ਕੇ ਬੇ-ਨਜ਼ਰ ਤਪਾਇਆ- ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ। (੧੯) ਹਰ ਤਾਰੇ ਦੀ ਜੂਹ ਵਿਚ ਕੋਈ ਝੋਕ ਹੈ ਮੇਰੀ, ਮਿਲੀ ਸੀ ਕੌਲ ਪੁਰਾਤਨਾਂ ਵਿਚ, 'ਵਾਜ ਜੋ ਤੇਰੀ, ਛੁਪ ਛੁਪ ਨਦੀਆਂ ਵੇਖਦੀ ਤਕ ਪਰੀ ਹੈ ਕਿਹੜੀ ? ਬਾਗ਼ ਰੂਹਾਂ ਦੇ ਲੰਘਦੀ ਕੋਈ ਰੇਖ ਲੰਮੇਰੀ— ਤਾਰਿਆ! ਤੇਰੀ ਲੋ ਵਿਚ ਤਕ ਮਿਰਗ ਤਿਹਾਇਆ— ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ। (੨੦) ਲੰਘ ਲੰਘ ਜਾਵੇ ਬਿੱਜਲੀਆਂ ਮੈਂ ਵੇਸ ਜੋ ਸੂਹਾ, ਨਭ ਪਤਾਲ ਤੇ ਧਰਤ ਨੇ ਹੈ ਢੋਹਿਆ ਬੂਹਾ, ਰੋ ਨ, ਸੁਕਣਾ ਪੂਰਨਾ ! ਅਸਮਾਨ ਦਾ ਖੂਹਾ— ਮਹਿਲਾਂ ਵਾਲੀਏ ! ਜੋਗੀਆਂ ਦਾ ਬਾਜ਼ ਉਡਾਇਆ- ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ ਮਹਾਂ ਕਾਲ ਸੈ ਸਾਗਰਾਂ ਸਾਹਵੇਂ ਤਿਰਹਾਇਆ। (੨੧)
ਛਲਦਾ ਜੋਬਨ
‘ਜੋਬਨ ਵੈਂਦਾ ਏ ਢੱਲਿਆ। ਸੁਣੀਂ ਯਾਰ ਦਿਆ ਛੱਲਿਆ। ਸੰਞਾਂ ਫ਼ਜਰਾਂ ਦੁਪਹਿਰਾਂ ਦੀ ਵਾਟ ਵੇ ਲੰਮੀ ਲੰਮੀ ਥਲਾਂ ਦੀ ਰਾਤ ਵੇ ਕੰਧੀ ਸੁਣੇ ਝਨਾਂ ਦੀ ਨਾਅਤ ਵੇ - ਪਾਂਧੀ ਕੌਣ ਅਰਬ ਵਲ ਚੱਲਿਆ ? ਜੋਬਨ ਵੈਂਦਾ ਏ ਢੱਲਿਆ। ਵੱਗਣ ਵੱਗਣ ਰਾਵੀ ਝਨਾਂ ਵੇ ਲੰਮੀ ਲੰਮੀ ਖਜੂਰਾਂ ਦੀ ਛਾਂ ਵੇ ਪਈਆਂ ਲੈਣ ਕੋਈ ਮਿੱਠੜਾ ਨਾਂ ਵੇ– ਅਸਾਂ ਬੇ-ਪਰਵਾਹੀਆਂ ਨੂੰ ਝੱਲਿਆ, ਸੁਣੀਂ ਯਾਰ ਦਿਆ ਛੱਲਿਆ। ਜੋਬਨ ਵੈਂਦਾ ਏ ਢੱਲਿਆ। ਉੱਡੇ ਸਿੰਧ ਤੋਂ ਪਾਰ ਕੋਈ ਕੂੰਜ ਵੇ, ਹਿਜਰ-ਵਸਲ ਦੀ ਪੂਰੇ ਜਹੀ ਊਂਘ ਵੇ ਪਿਆਸ ਧਰਤ ਦੀ ਫੜੀ ਇਕ ਬੂੰਦ ਵੇ ਪੀਂਘਾਂ ਪੈਂਦੀਆਂ ਬਾਗ਼ ਕੋਈ ਛੱਲਿਆ— ਸੁਣੀਂ ਯਾਰ ਦਿਆ ਛੱਲਿਆ। ਜੋਬਨ ਵੈਂਦਾ ਏ ਢੱਲਿਆ। ਮੰਗੂ ਭਾਲਦੇ ਡੰਡੀਆਂ ਥਾਂ ਵੇ ਸੱਦਾ ਦੇਂਵਦੀ ਵੰਝਲੀ ਮਾਂ ਵੇ ਕਿੰਨੇ ਡੁੱਬ ਗਏ ਹੜ੍ਹਾਂ ਵਿਚ ਨਾਂ ਵੇ ! ਰੂਹਾਂ ਬੋਲ ਦਰਮਾਂਦੀਆਂ ਘੱਲਿਆ- ਜੋਬਨ ਵੈਂਦਾ ਏ ਢੱਲਿਆ। ਢੋਕਾਂ ਉੱਤੇ ਨੇ ਉੱਡਦੇ ਬਾਜ਼ ਵੇ ਤ੍ਰਿਣ ਦੱਸੇ ਵਣ-ਅਗਨ ਦੇ ਰਾਜ਼ ਵੇ ਸਿਹਰ ਪਾਉਣ ਕਈ ਬਾਰ ਦੇ ਨਾਜ਼ ਵੇ— ਤੂੰ ਕੀ ਦੇਸ ਬਿਗਾਨੜਾ ਮੱਲਿਆ ! ਸੁਣੀਂ ਯਾਰ ਦਿਆ ਛੱਲਿਆ। ਜੋਬਨ ਵੈਂਦਾ ਏ ਢੱਲਿਆ। ਡੂਗਰ ਥਲਾਂ ਵਿਚ ਵਿਸੁ ਕੁਈ ਘਣੀ ਵੇ ਮੈਂਡੇ ਦਰਦ ਵਿਚ ਤੈਂਡੀ ਹੀ ਅਣੀ ਵੇ ਡਿੱਗੇ ਅੰਬਰਾਂ ਤੋਂ ਇਕ ਕਣੀ ਵੇ– ਦਾਵਾ ਅਗਨ ਵਿਚ ਖੰਭ ਨ ਜੱਲਿਆ। ਸੁਣੀਂ ਯਾਰ ਦਿਆ ਛੱਲਿਆ। ਜੋਬਨ ਵੈਂਦਾ ਏ ਢੱਲਿਆ। ਵਣ ਕੰਬਿਆ ਫਿਰੇ ਪਈ ਰੁੱਤ ਵੇ, ਘੁੱਟੀ ਬੂਟਿਆਂ ਰੰਗਾਂ ਦੀ ਮੁੱਠ ਵੇ, ਸਾਵਨ ਦੂਰ ! ਨ ਚੇਤਰ ਦੀ ਧੁੱਪ ਵੇ- ਤੁਰ ਗਏ ਕਾਫ਼ਲੇ, ਮਾਹੀ ਨ ਰੱਲਿਆ। ਜੋਬਨ ਵੈਂਦਾ ਏ ਢੱਲਿਆ। ਹਾਥੀ ਊਂਘਦੇ ਸੰਘਣੇ ਵਣੀਂ ਵੇ ਦੁੱਧ ਉਤਰਿਆ ਸ਼ੀਹਣੀ ਦੇ ਥਣੀਂ ਵੇ, ਮਸਤ ਨਾਗ ਪਏ ਦੇਖਦੇ ਮਣੀ ਵੇ– ਖੱਲੀਂ ਖੱਲੀਂ ਵੇ ਪਾਂਧੀਆ ’ਕੱਲਿਆ। ਜੋਬਨ ਵੈਂਦਾ ਏ ਢੱਲਿਆ। ਜਿਹੜਾ ਚਿਰਾਂ ਤੋਂ ਤੈਂਡਾ ਗਵਾਹ ਵੇ ਰੋਹੀਆਂ ਘੇਰਿਆ ਉਹੀਓ ਹੀ ਸਾਹ ਵੇ, ਫਲਾਂ ਫੁੱਲਾਂ ਨੂੰ ਸਾੜਦੀ ਹਾ ਵੇ, ਕੰਧੀ ਨੈਂ ਦੀ ਮਿਰਗ ਨੂੰ ਸੱਲ੍ਹਿਆ— ਸੁਣੀਂ ਯਾਰ ਦਿਆ ਛੱਲਿਆ। ਜੋਬਨ ਵੈਂਦਾ ਏ ਢੱਲਿਆ।
ਅੰਬਾਂ ਦੇ ਬਾਗ਼ਾਂ ਵਿਚ ਪੱਤਝੜ ਦੀ ਇਕ ਦੁਪਹਿਰ
ਗੂੜ੍ਹੀਆਂ ਛਾਵਾਂ ਸਿਖਰ ਦੁਪਹਿਰਾਂ ਉਦਰੇਵੇਂ ਵਿਚ ਵੇਖਾਂ : ਡੰਡੀਆਂ ਉੱਤੇ ਊਂਘਣ ਚਿਰ ਤੋਂ ਸੈ ਰਾਹੀਆਂ ਦੀਆਂ ਹੇਕਾਂ। ਪੰਛੀ ਦੀਆਂ ਨਜ਼ਰਾਂ ਵਿਚ ਦੂਰੋਂ ਉਡਦੇ ਪਏ ਪ੍ਰਛਾਵੇਂ, ਸੁੰਞੀਆਂ ਖ਼ਾਨਗਾਹਾਂ ਵਲ ਵੇਖਣ ਕਲਵਲ ਮੂਕ ਧਰੇਕਾਂ। ਚੌਦਾਂ ਤਬਕਾਂ ਹੌਲ ਹੈ ਪੈਂਦਾ ਵਣ-ਤ੍ਰਿਣ ਦੀ ਚੁੱਪ ਡੋਲੇ, ਭਾਰ ਗਗਨ ਦੇ ਕੂੰਬਲ ਦੇ ਸਿਰ ਸੁੱਟ ਪਟਕਾਏ ਲੇਖਾਂ। ਮੈਂ ਨ ਵੇਖ ਸਕਾਂ ਪਰ ਝੁੱਕਿਆ ਹੂਰ 'ਤੇ ਅੱਥਰੂ ਮੇਰਾ, ਫੁੱਲ ਕਸੁੰਭਾ ਫੜ ਸਮਝਾਇਆ ਅੰਬਰ ਨੂੰ ਕੁਝ ਸੇਖ਼ਾਂ। ਸੁੰਞ ਵਿਰਾਟ ਨੇ ਅੱਥਰੂ ਫੜ ਲਏ ਡਿੱਗੇ ਖੰਭ ਦੇ ਹੇਠਾਂ, ਮਾਰੂਥਲ ਦੇ ਹੱਥ 'ਤੇ ਬਲੀਆਂ ਤੂਰ ਦੀਆਂ ਕੁਝ ਰੇਖਾਂ। ਦੂਰੋਂ 'ਵਾਜ ਪਈ ਦਿਲ ਹੌਲੇ ਬਾਗ਼ ਦੇਣ ਧਰਵਾਸੇ, ਸਿੰਧ ਪਰਬਤੀਂ ਭੇਦ ਛੁਪਾਏ ਕਾਲੇ ਸੰਘਣੇ ਕੇਸਾਂ। ਹਰੇ ਕਚੂਰ ਬਾਗ਼ ਦੇ ਸੀਨੇ ਪੀਂਘਾਂ ਦਾ ਹੜ੍ਹ ਛੁਪਿਆ, ਖ਼ੂਨੀ ਭਰੇ ਝਨਾਂ ਦੇ ਸਾਹਮੇ ਅੰਬਰ ਦਾ ਮਨ ਟੇਕਾਂ। ਮੈਂ ਬੁੰਬਲਾਂ ਦੇ ਹੜ੍ਹ ਤੋਂ ਮੰਗਾਂ ਕੋਈ ਧਰਵਾਸ ਉਧਾਰਾ, ਵੇਦ ਕੁਰਾਨ ਗ੍ਰੰਥ ਤੋਂ ਪੁੱਛਦਾ ਜਿਹੜੇ ਮੁੜੇ ਨ ਪੇਖਾਂ। ਕੁੜੀਆਂ ਚਿੜੀਆਂ ਤੋਂ ਮੈਂ ਡਰਦਾ ਬੋਲ ਸਕਾਂ ਨ ਯਾਰੋ, ਜਿਹੜੇ ਰੰਗ ਫ਼ਕੀਰਾਂ ਬਖ਼ਸ਼ੇ ਬਸ ਉਹਨਾਂ ਨੂੰ ਸੇਕਾਂ। ਫੁੱਲੀਆਂ ਕਾਹੀਆਂ ਕੂਕ ਸੁਣੀਵੇ ਕੋਈ ਨ ਚਸ਼ਮਾ ਵੱਗੇ, ਰੇਤਾਂ ਹੇਠ ਛੁਪੇ ਜੋ ਪਰਬਤ ਤੇਸਾ ਮਾਰ ਕੇ ਛੇਕਾਂ।
ਬਿਆਸ ਦੇ ਕੰਢਿਆਂ 'ਤੇ ਪੱਤਝੜ ਦੀ ਇਕ ਸ਼ਾਮ
ਸਾਵੇ ਸਰਕੜਿਆਂ ਦੇ ਬੁੰਬਲ ਨੂਰ ਵਾਂਗ ਥੱਰਾਵਣ, ਛਿਪਦੇ ਸੂਰਜ ਦੇ ਪ੍ਰਛਾਵੇਂ ਚੁੰਮ੍ਹ ਚੁੰਮ੍ਹ ਕੇ ਮੁੜ ਜਾਵਣ। ਪੀਲੇ ਪੱਤਰ; ਨਦੀਆਂ ਵੱਗਣ; ਨ ਅੱਖੀਆਂ ਵਿਚ ਪਾਣੀ ! ਕਿਸ ਨੂੰ ਪੰਛੀ ਨੂੰ ਦੇਣ ਸੁਨੇਹੇ ਦੂਰ ਦੁਰਾਡੇ ਹਾਣੀ ? ਥਲ ਵਿਚ ਪੈੜ ਚਿਰਾਂ ਤੋਂ ਮੋਈ ਡਾਚੀਆਂ ਦਾ ਮਨ ਭਰਿਆ। ਬੇਘਰ ਸਾਹ, ਨ ਖੰਭ ਬੇਗਾਨੇ, ਥਲ ਕੋਈ ਭੇਦ ਨ ਜਰਿਆ। ਸੂਹੇ ਵੇਸ ਉਮਰ ਜੋ ਕੀਤੇ, ਕੌਣ ? ਕਿਨ੍ਹਾਂ ਦੇ ਪੱਲੇ ? ਬਾਗ਼ਾਂ ਨੇ ਵੀ ਕੁਝ ਰੰਗ ਬਣਾ ਕੇ ਬਨਬਾਸਾਂ ਵੱਲ ਘੱਲੇ। ਡਿੱਗੇ ਖੰਭ ਰੇਤ 'ਤੇ ਲੱਖਾਂ ਫੜ ਸਮਿਆਂ ਦੇ ਸਾਏ। ਅੰਬਰ ਨਦੀਆਂ ਨੇ ਰਾਹ ਭੇਜੇ, ਮਰਨ ਸਵਾਰ ਤਿਹਾਏ ! ਪਰਦੇਸਾਂ ਦੇ ਵੇਸ ਨ ਭਾਵਣ ਨ ਕੋ ਭਲਾ ਵਸੇਰਾ। ਪਰਲੋਂ ਤੋਂ ਵੀ ਪਾਰ ਕਿਤੇ ਜਾ ਬਲਦਾ ਸਾਹ ਕੋਈ ਮੇਰਾ। ਪੱਤਝੜ ਦੇ ਪੱਤਰਾਂ ਵਿਚ ਸੁੱਤੇ ਮੋਹ ਮਾਵਾਂ ਦੇ ਜਾਣੇ। ਚਿਰਾਂ ਤੋਂ ਛੁਪੇ ਸੰਘਣੀ ਛਾਵੇਂ, ਕੁਝ ਬਨਬਾਸ ਪੁਰਾਣੇ। ਚੜ੍ਹੇ ਵਹਿਣ ਹੜ੍ਹਾਂ ਦੇ ਜਿਸਦੀ ਸਾਂਭ ਸਕੇ ਨ ਯਾਰੀ ਅਧਰੈਣੀ ਨੂੰ ਚੰਨ ਵਲ ਉਮ੍ਹਲੇ ਭਖ ਜੋ ਨੈਣ ਉਡਾਰੀ, ਪੱਤਝੜ ਦੇ ਬਲਦੇ ਪ੍ਰਛਾਵੇਂ ਉਹੀਓ ਹੇਕ ਲਿਆਵਣ ਪੁੰਨਿਆਂ ਜਹੇ ਬੁੰਬਲਾਂ ਦੀਆਂ ਪਲਕਾਂ ਉਡਦਾ ਸੁਪਨ ਛੁਪਾਵਣ। ਅੰਧ ਗ਼ੁਬਾਰ ਯੁਗਾਂ ਦਾ ਤੋਲੇ ਪੱਤ ਨਿਮਾਣਾ ਕੋਈ, ਓਦਰ ਰਹੇ ਮਜ਼ਾਰਾਂ ਦੇ ਵੱਲ ਨਜ਼ਰ ਗਈ ਜੋ, ਮੋਈ। ਝਿੰਮ ਝਿੰਮ ਰੈਣਾਂ ਦੂਰੋਂ ਦੂਰੋਂ ਜੁਗਨੂੰ ਕੋਈ ਬੁਲਾਵਣ। ਹੜ੍ਹਾਂ ਵਾਂਗ ਛਲਕਦੇ ਪੈਂਡੇ ਪਰਾਂ ਨਾਲ ਛੁਹ ਜਾਵਣ। ਛਿਣ ਪਲ ਰੁਲੇ ਖਾਰ ਦੇ ਸੀਨੇ ਕਟਕ ਮਹਿਕ ਦਾ ਵੱਜੇ, ਖੋਈਆਂ ਚਿਰਾਂ ਦੀਆਂ ਡੰਡੀਆਂ ਦੀ ਐਪਰ ਧੂੜ ਨ ਲੱਭੇ। ਕਾਫ਼ਲਿਆਂ ਦੀਆਂ ਧੂੜਾਂ ਲੱਥੀਆਂ ਚੜ੍ਹ ਚੜ੍ਹ ਬਾਗ਼ਾਂ ਕੋਲੇ ਭੇਦ ਅੰਬਾਂ ਦੀ ਗੂੜ੍ਹੀ ਛਾਵੇਂ ਥਰਹਰ ਜੁਗਨੂੰ ਖੋਲ੍ਹੇ। ਭਾਰੀ ਚਰਖ ਟੁੱਟਣ ਦੇ ਪਿੱਛੋਂ ਗੋਰਾਂ ਦਾ ਪ੍ਰਛਾਵਾਂ ! ਰੁਲੀਆਂ ਧੂੜਾਂ 'ਤੇ ਵੀ ਵੱਗਣ ਇਕਰਾਰਾਂ ਦੀਆਂ 'ਵਾਵਾਂ। ਘੁੱਟ ਲਿਆ ਨ੍ਹੇਰਾਂ ਨੇ ਚੜ੍ਹ ਕੇ ਭੇਦ ਪੁਰਾਣਾ ਯਾਰੋ ! ਬਿਆਸ ਪੱਤਣ ਵੱਲ ਇਸ ਪੱਤਝੜ ਵਿਚ ਮੁੜੋ ਕਦੇ ਅਸਵਾਰੋ।
ਮੋਇਆਂ ਦੇ ਰਾਹ ਤੋਂ
ਮੋਇਆਂ ਦੇ ਰਾਹ ਉੱਤੇ ਫ਼ਜਰੀਂ 'ਵਾਜ ਸੁਣੀਂ ਦਰਵੇਸ਼ਾਂ : “ਦਰਦ ਮਿਟੀ ਪੈੜ ਦੇ ਲਿਆਉਣੇ ਨਾਜ਼ਕ ਕੂੰਜ ਹਮੇਸ਼ਾਂ। ਬਿਰਹੋਂ ਦੇ ਬੋਲ ਨੇ ਕਿਧਰੋਂ ਬਾਜ਼ ਵਾਂਗ ਉੱਡ ਪੈਣਾ, ਭੁੱਲੀ ਨਦੀ ਦੇ ਪੱਤਣਾਂ 'ਤੇ ਆ ਰੋ ਪੈਣਾ ਪਰਦੇਸਾਂ।" ਦੂਰ ਦੁਰੇਡੀਆਂ ਢੋਕਾਂ ਦੇ ਵਿਚ ਰੰਗ ਢੋਲ ਦੀ ਧਮਕੇ ਕਿਸੇ ਕੋਇਲ ਦੇ ਕੰਠ 'ਚ ਬਲਦੇ ਵਸਲ ਦੇ ਪੈਂਡੇ ਦੇਖਾਂ। ਫ਼ਜਰ ਤੋਂ ਆਥਣ ਤੱਕ ਦੀਆਂ ਗੱਲਾਂ ਬ੍ਰਿਛ ਝਨਾਂ ਦੇ ਲਿਆਏ, ਚਾਨਣੀਆਂ ਵਿਚ ਭੇਦ ਆ ਦੱਸੇ ਵਿਛੜੇ ਯਾਰ ਦੇ ਲੇਖਾਂ। ਮੇਰੇ ਜਜ਼ਬੇ ਦੀ ਟੀਸੀ ਤੋਂ ਹੌਲ ਅੰਬਰ ਨੂੰ ਤੋੜੇ, ਮਿਟਦੇ ਨਕਸ਼ ਨੂੰ ਤਦੋਂ ਜਗਾਇਆ ਰਿੰਮ ਝਿੰਮ ਕਰਦੇ ਦੇਸਾਂ। ਸੰਘਣੇ ਵਣ 'ਚੋਂ ਮੈਨੂੰ ਮੇਰੀ ਤੁਰ ਗਈ 'ਵਾਜ ਸੁਣੀਵੇ, ਪੁੰਨਿਆਂ ਨੂੰ ਮੁੜੀਆਂ ਜੋ ਲੰਘੀਆਂ ਕੂੰਜਾਂ ਵਾਂਗ ਵਰੇਸਾਂ। ਉਂਝ ਤਾਂ ਲੰਘੇ ਨਦੀ ਦੇ ਪਾਣੀ ਫਿਰ ਨਹੀਂ ਮੁੜ ਕੇ ਆਉਣਾ, ਕਾਲ 'ਚ ਡੁੱਬੀਆਂ ਜਿੰਦਾਂ ਆਉਣਾ ਲਸ ਜੁਗਨੂੰ ਦੇ ਭੇਸਾਂ। ਦੂਰ ਜਲੇ ਵਣ, ਪਰਬਤ ਟੁੱਟੇ, ਥਲ ਧੂੜਾਂ ਵਿਚ ਰੁਲ ਗਏ, ਲਹੂ-ਲੁਹਾਣ ਗਗਨ ਦੇ ਸੀਨੇ ਸੁੰਨ ਸਰਾਪੀਆਂ ਨੇਸਾਂ ! ਪੀਰ ਪੈਗੰਬਰ ਸਤਿਗੁਰ ਜਿਹੜੀ ਰਾਹ ਤੋਂ ਮੁੜ ਨਹੀਂ ਆਏ ਅੱਜ ਉਹ ਘੋਰ ਕੁੰਟ 'ਚੋਂ ਆਈਆਂ ਹਰੇ ਵਣਾਂ ਦੀਆਂ ਹੇਕਾਂ।
ਸਦਾ ਉਡੀਕਾਂ
ਕੋਈ ਯਾਦ ਮਾਹੀ ਨੂੰ ਆਵੇਗਾ। ਕਦੇ ਥਲ ਵਿਚ ਤੰਬੂ ਲਾਵੇਗਾ। ਹਫ ਟੁੱਟਦੇ ਤਾਰੇ ਜਾਨਾਂ ਦੇ ਰੋਹ ਪੈੜਾਂ ਹੇਠ ਤੂਫ਼ਾਨਾਂ ਦੇ ਉਹ ਅੱਥਰੂ ਵਰਗੀਆਂ ਛਾਵਾਂ ਨੂੰ ਚਿਰ ਮੋਇਆਂ ਸੰਗ ਜਗਾਵੇਗਾ, ਕੋਈ ਯਾਦ ਮਾਹੀ ਨੂੰ ਆਵੇਗਾ। ਜਮ-ਕੰਦਰਾ ਦੇ ਵਿਚ ਸਿੰਧ ਕੋਈ ਸਭ ਕਾਲ-ਰਗਾਂ ਵਿਚ ਬਿੰਦ ਕੋਈ, ਚੁੱਪ ਕਬਰੀਂ ਖੜੀਆਂ ਭੈਣਾਂ ਨੂੰ ਕਿਸੇ ਫ਼ਜਰ ਦਾ ਤੀਰ ਛੁਹਾਵੇਗਾ, ਕੋਈ ਯਾਦ ਮਾਹੀ ਨੂੰ ਆਵੇਗਾ। ਜਦ ਸੁੰਨ ਚੜ੍ਹੇਗੀ ਸਾਹਾਂ 'ਤੇ ਜਦ ਦਰਦ ਰਿਹਾ ਨ ਰਾਹਾਂ 'ਤੇ ਉਹ ਗੁਮਨਾਮੀ ਦੋ ਪਿੰਜਰਾਂ 'ਤੇ ਖੰਭ ਤਾਰਿਆਂ ਦੇ ਲਟਕਾਵੇਗਾ, ਕੋਈ ਯਾਦ ਮਾਹੀ ਨੂੰ ਆਵੇਗਾ। ਥੰਮ੍ਹ ਚੜ੍ਹਦੀ ਉਮਰ ਦੇ ਨੀਰਾਂ ਨੂੰ ਦੇ ਥਲ ਦੀ ਵਾਗ ਫ਼ਕੀਰਾਂ ਨੂੰ ਉਹ ਝਿੰਮ ਝਿੰਮ ਕਰਦੀਆਂ ਨਾਰਾਂ ਨੂੰ ਕੁਝ ਬਾਂਹ ਫੜ ਕੇ ਸਮਝਾਵੇਗਾ, ਕੋਈ ਯਾਦ ਮਾਹੀ ਨੂੰ ਆਵੇਗਾ। ਵਿਚ ਪਰਲੋਂ ਬੈਠਾ ਰਿੰਦ ਕੋਈ ਵਣ ਹਰੇ ਹਰੇ ਵਿਚ ਜਿੰਦ ਕੋਈ ਉਹ ਪਾਂਧੀ ਸੁੰਨ ਚਿਰਾਂ ਦੀ ਤੇ ਹੱਥ ਸਿਖਰ ਦੁਪਹਿਰ ਨੂੰ ਲਾਵੇਗਾ, ਕੋਈ ਯਾਦ ਮਾਹੀ ਨੂੰ ਆਵੇਗਾ। ਨ ਭਿੰਨੀ ਰੈਣ ਦੀ ਨਜ਼ਰ ਰਹੀ ਖੜ ਕਾਲ ਦੇ ਸੀਨੇ ਕਬਰ ਰਹੀ ਉਹ ਮੌਤ ਤੋਂ ਪਰਲੀਆਂ ਫ਼ਜਰਾਂ ਤਕ ਕੰਦਰਾਵਾਂ ਤੋੜਦਾ ਜਾਵੇਗਾ, ਕੋਈ ਯਾਦ ਮਾਹੀ ਨੂੰ ਆਵੇਗਾ। ਕੰਨਸੋਆਂ ਜਹੇ ਪਰ ਕੂੰਜਾਂ ਦੇ ਸੁਪਨ ਬਿਜਲੀਆਂ, ਵਣ ਬੂੰਦਾਂ ਦੇ ਕਲਵਲ ਤਪਦੇ ਅੰਬਰ ਦੇ ਵੱਲ ਬਾਜ਼ ਸਿਤਾਰੇ ਚਾਵੇਗਾ, ਕੋਈ ਯਾਦ ਮਾਹੀ ਨੂੰ ਆਵੇਗਾ। ਮੁੱਢ ਕਦੀਮ ਸੁੰਨ ਦੀਆਂ ਗੱਲਾਂ ਮੁੜੀਆਂ ਸੁਨਣ ਲਈ ਕੁਝ ਛੱਲਾਂ, ਬਲੀ ਪਰਬਤਾਂ ਦਾ ਬੁੱਤ ਖਾਰਾ ਇਕ ਤਿੜ ਲਈ ਕੁਰਲਾਵੇਗਾ, ਕੋਈ ਯਾਦ ਮਾਹੀ ਨੂੰ ਆਵੇਗਾ। ਆ ਦਲ ਰੂਹਾਂ ਦਾ ਕੂੰਦੇਗਾ ਥਲ-ਨਦੀਆਂ ਦੇ ਵਿਚ ਗੂੰਜੇਗਾ, ਮੋਹ ਛੋੜ ਕੇ ਸੋਹਣੀਆਂ ਥਾਵਾਂ ਦੇ ਕੋਈ ਦੂਰ ਦੁਰੇਡੇ ਜਾਵੇਗਾ, ਕੋਈ ਯਾਦ ਮਾਹੀ ਨੂੰ ਆਵੇਗਾ। ਕਦੇ ਥਲ ਵਿਚ ਤੰਬੂ ਲਾਵੇਗਾ।
ਸੰਜੋਗ-ਵਿਜੋਗ ਦੀਆਂ ਨਦੀਆਂ
ਬੇਨਿਆਜ਼ ਯਾਰਾਂ ਦੀਆਂ ਸਹੀਆਂ ਬੇਪਰਵਾਹੀਆਂ ਭਾਰੀ। ਮੈਂਡੇ ਰੰਗ ਹਜ਼ਾਰਾਂ ਵੇਖਣ ਲੰਘਦਿਆਂ 'ਵਾਜ ਨ ਮਾਰੀ। “ਕੁਸ ਨ ਬੀਆਬਾਨ ਵਿਚ ਐਵੇਂ" ਕਿਸੇ ਕਿਹਾ ਆ ਮੈਨੂੰ : “ਧਰਤ ਦੇ ਪੈਂਡੇ ਮਿਲਣਗੇ ਤੈਨੂੰ ਆਪਣੀ ਅੱਪਣੀ ਵਾਰੀ।” (੧) ਨਦੀ ਦੇ ਪੱਤਣ ਖੁਰ ਖੁਰ ਜਾਂਦੇ ਦਰ ਹਜ਼ਸ਼ਰਾਂ ਨੇ ਖੋਲ੍ਹੇ। ਦੇਸ ਮਾਹੀ ਦਾ ਰਿਹਾ ਨ ਸਾਡਾ ਰਾਹ ਸਦੀਆਂ ਦੇ ਰੋਲੇ। ਕੁਝ ਨ ਪੁੱਛੇ ਕੁਝ ਨ ਦੱਸੇ ਹਰ ਕੁਈ ਹੋਇਆ ਬਿਗਾਨਾ, ਨਜ਼ਰਾਂ ਵਾਲਾ ਕਿਤੇ ਅਜੇ ਵੀ ਪੰਡ ਅਮਲਾਂ ਦੀ ਫੋਲੇ।(੨) ਲਾ-ਮਕਾਂ ਦੇ ਸੀਨੇ ਵੱਜਦੇ ਕਿਸੇ ਗੁਨਾਹ ਦੇ ਹਾਸੇ। ਧਰਤ ਦੇ ਸਬਰ ਨੇ ਫੇਰ ਬਣਾਏ ਨਵੇਂ ਨਵੇਲੇ ਪਾਸੇ। ਉੱਗ ਪੈਣਗੇ ਰੁੱਖ ਪੁਰਾਣੇ ਪਾਂਧੀਆਂ ਨੇ ਜੋ ਮਾਣੇ, ਤੋੜ ਦੇਵੋ ਬੇਸ਼ਕ ਅਸਮਾਨੋ ਧਰਤ ਦੇ ਸਾਰੇ ਕਾਸੇ। (੩) ਮੈਂ ਜਾਣਾ ਕਿ ਇਕ ਦਿਨ ਆ ਕੇ ਕੌਲ ਜਗਾਣਾ ਤੈਨੂੰ। ਸ਼ਾਹ ਅਸਵਾਰ ਨੂੰ ਦੇਖਣ ਖ਼ਾਤਰ ਧਰਤ ਸਦੇਂਦੀ ਕੈਨੂੰ ? ਜਾਂ ਮੈਂ ਕਾਫ਼ਰ ਜਾਂ ਮੈਂ ਮੋਮਨ ਇਹ ਤਾਂ ਮਾਹੀ ਜਾਣੇ, ਵੇਦ ਕਤੇਬ ਗ੍ਰੰਥਾਂ ਸਾਹਵੇਂ 'ਵਾਜ ਪਵੇਗੀ ਮੈਨੂੰ। (੪) ਆਲਮ ਭੇਦ ਫਾਸ਼ ਕਰ ਨਿਕਲੇ ਤੱਕਣ ਜੱਗ ਵਿਚ ਸ਼ਾਨਾਂ, ਹੋਇ ਹੈਰਾਨ ਰਹੇ ਜਦ ਤੱਕੀਆਂ ਖੂਹ 'ਤੇ ਅਜਬ ਰਕਾਨਾਂ। ਜਿੰਦਾਂ ਜੀਣ ਜੋ ਸੰਘਣੇ ਰੁੱਖੀਂ ਤਿਨ੍ਹਾਂ ਨੂੰ ਸਮੇਂ ਤੋਂ ਦੂਰੋਂ ਛੁਪੀਆਂ ਪਰੀਆਂ ਵਾਂਗ ਵੇਂਹਦੀਆਂ ਜਲ ਥਲ ਦੀਆਂ ਉਡਾਣਾਂ। (੫) ਲਾ-ਮਕਾਂ ਵੱਲ ਤੱਕਦੀ ਤੱਕਦੀ ਧਰਤ ਪੁਰਾਣੀ ਹੋਈ। ਕਬਰਾਂ ਭੇਸ ਪੰਛੀਆਂ ਦੇ ਵਿਚ ਤੱਕਣ ਲੁਕ ਲੁਕ ਲੋਈ। ਖੁਰੇ ਝਨਾਂ ਦੇ ਪੱਤਣ ਸਈਓ ਸੱਸੀ ਦੇ ਰਾਹ ਭੁੱਲੇ, ਬੈਠੇ ਕੌਣ ਤਾਰਿਆਂ ਸਾਹਵੇਂ ਪੈੜ ਦੇ ਭੇਦ ਲਕੋਈ। (੬) ਮੈਂ ਪਰਦੇਸੀ ਵਾ ਪੁਰੇ ਦੀਏ ਮੈਨੂੰ ਵਾਜ ਨਾ ਮਾਰੀਂ। ਲਹਿਰ ਝਨਾਂ ਦੇ ਉੱਤੇ ਮੇਰੇ ਚੁੱਪ ਵਿਚ ਰੰਗ ਉਤਾਰੀਂ। ਭੇਦ ਸਮੇਂ ਦੇ ਸਾਹ ਮੇਰੇ ਵਿਚ ਜਦ ਕਦ ਟੁੱਟਣ ਲੱਗਣ, ਸਾਬਤ ਚੋਲਾ ਮਨਸੂਰਾਂ ਦਾ ਜਿੰਦ ਮੇਰੀ ਤੇ ਵਾਰੀਂ। (੭) ਉਡਦੀ ਕੂੰਜੇ ਨਾਲ ਮੇਰੇ ਨੇ ਕਾਫ਼ਲਿਆਂ ਦੀਆਂ ਧੂੜਾਂ, ਦੁਖੜੇ ਤੇਰੇ ਬੱਚੜਿਆਂ ਦੇ ਪਿਆ ਛੁਪਾਵਾਂ ਝੂਰਾਂ। ਬੇਪਰਵਾਹ ਅਰਸ਼ ਦੇ ਪੈਂਡੇ ਖੰਭ ਤੇਰੇ ਜੋ ਹੋਏ, ਤਿਰਕਾਲਾਂ ਦੇ ਜਲ ਵਿਚ ਤੱਕੇ ਕੰਬਦੇ ਕੰਬਦੇ ਬੂਰਾਂ। (੮) ਮਿਰਜ਼ੇ ਦੇ ਤੀਰਾਂ ਜਿਉਂ ਜਦ ਵੀ ਜੋਬਨ ਛਲਿਆ ਢਹਿੰਦਾ, ਚਰਖ ਦੇ ਸੀਨੇ 'ਤੇ ਆ ਕਿਧਰੋਂ ਰੋਹ ਛੱਲਾਂ ਦਾ ਪੈਂਦਾ, ਤੁਰਨ ਜਦੋਂ ਯਾਰ ਨਿਰਮੋਹੇ ਕਰ ਇਕਲਾਪਾ ਮੈਨੂੰ, ਵਾਂਗ ਫ਼ਕੀਰ ਕਬਰ ਦੇ ਸਾਹਵੇਂ ਰਾਹ ਨਵਾਂ ਕੁਈ ਰਹਿੰਦਾ। (੯) ਸੁਣੀ ਧਰਤੀਏ ਰੁੱਖਾਂ ਬਾਝੋਂ ਹੱਸ ਮਿਲੇਂਗੀ ਤੈਨੂੰ ? ਕੋਟ ਹਜ਼ਾਰਾਂ ਗੋਰਾਂ ਦੇ ਵਿਚ ਗੋਰ ਨ ਮਿਲਣੀ ਤੈਨੂੰ। ਲਾ-ਮਕਾਂ ਵਿਚ ਡੁੱਬ ਜਾਵੇਂਗੀ ਹੋ ਪਰਦੇਸਨ ਇਕ ਦਿਨ, ਕਦੇ ਫ਼ਜਰ ਨੂੰ ਆਣ ਜਗਾਸੇਂ ਚੂਕ ਚਿੜੀ ਜਿਉਂ ਮੈਨੂੰ। (੧੦) ਮਿੱਠੀ ਸੁਹਲ ਪੂਰੇ ਦੀਏ ਵਾਏ ਹੱਥ ਨ ਮੈਨੂੰ ਲਾਵੀਂ। ਮੈਂ ਨ ਹਾਣ ਤੇਰੇ ਦੀ ਗੱਲ ਵਿਚ ਬਾਹਵਾਂ ਅਜੇ ਨ ਪਾਵੀਂ। ਵੱਡੇ ਤਕੜੇ ਮੁੱਕ ਜਾਣਗੇ ਸਾਹ ਪਰਦੇਸੀ ਮੇਰੇ, ਵਗ ਵਗ ਪੂਰੇ ਦੀਏ ਤਦ ਵਾਏ ਬੋਲ ਸੱਜਣ ਦੇ ਲਿਆਵੀਂ। (੧੧) ਲਾ-ਮਕਾਂ ਨੇ ਇਕ ਦਿਨ ਮੈਨੂੰ ਚੁੱਪ 'ਚੋਂ 'ਵਾਜ ਸੀ ਮਾਰੀ। ਦਰਮਾਂਦੇ ਹੱਥਾਂ ਨੇ ਸੁੱਟੀ ਕੰਬਦਿਆਂ ਜ਼ਿਮੀਂ 'ਤੇ ਖਾਰੀ। "ਪੀਲ੍ਹਾਂ ਤੋੜ ਮੌਜ ਵਿਚ ਕੁੜੀਏ ਭੈਅ ਵਿਚ ਕਿਉਂ ਤੂੰ ਡੋਲੇਂ ? ਤੇਰੀਆਂ ਬੇਪਰਵਾਹੀਆਂ ਕੋਲੋਂ ਖੈਰ ਮੰਗੀ ਮੈਂ, ਵਾਰੀ!" (੧੨) ਬੇਮੁਹਾਰ ਉਡ ਉਡ ਕੇ ਉਮਰਾਂ ਪਰਵਾਜ਼ਾਂ ਅਸਮਾਨੀ । ਥਲਾਂ 'ਚ ਖੰਭ ਵੇਖ ਕੇ ਰੋਈਆਂ ਜਿਵੇਂ ਵਿਛੜਿਆ ਜਾਨੀ। ਮੁੜ ਉਹ ਚਾਪ ਸੁਣੀ ਨ ਸਈਓ ਡਾਚੀਆਂ ਪਰਤ ਨ ਆਈਆਂ, ਰਹੇ ਉਡੀਕ ਥਲਾਂ ਦੇ ਰਾਹੀ ਛੋੜ ਕਿਤੇ ਕਰਵਾਨੀ। (੧੩) ਬੇਮੁਹਾਰ ਅੰਬਰ ਵਿਚ ਫਿਰਦੀ ਅਲਬੇਲੀ ਪਰਦੇਸਨ। ਪੁਰੇ ਦੀਏ ਵਾਏ ਨ ਤੈਨੂੰ ਨਜ਼ਰਾਂ ਕੌਲ ਇਹ ਦੇਸਨ। ਅੱਥਰੂ ਬਾਲ ਕੇ ਵੇਖੇਂਗੀ ਜਦ ਤਨ ਦੀ ਰੰਗਲੀ ਚੋਲੀ, ਵਰਭੰਡਾਂ ਦੀ ਰਾਖ 'ਚ ਰੁੱਤਾਂ ਤੈਂਡੇ ਦਰਦ ਵੰਡੇਸਨ। (੧੪) ਗਲੀ ਗਲੀ ਵਿਚ ਮਨ ਮੇਰੇ ਦੇ ਖੁਰਦੇ ਜਾਣ ਟਿਕਾਣੇ। ਵਿਛੜੀ ਡਾਚੀ ਥਲ ਮਾਰੂ ਗਲ ਮਿਲਸੀ ਕਦੋਂ ? ਨ ਜਾਣੇ। ਭੁੱਲੇ ਕੌਲ ਦੀਆਂ ਦੋ ਬੂੰਦਾਂ ਤ੍ਰਿਣ ਦੀ ਜੀਭ 'ਤੇ ਲਗਸਨ, ਮੈਂ ਇਹ ਲਹਿਰ ਨੂੰ ਫੇਰ ਨ ਮਿਲਸਾਂ ਸ਼ਹੁ ਦਰਿਆ ਦੇ ਭਾਣੇ। (੧੫) ਵਰਭੰਡਾਂ ਦੀ ਕਬਰ 'ਚ ਸੁੱਕੇ ਕੂਕ ਕਿਹਾ ਦਰਿਆਵਾਂ : “ਅਜੇ ਵੀ ਕੰਠ ਅਸਾਡੇ ਲੱਗਣ ਬੋਹੜ ਘਣੇ ਦੀਆਂ ਛਾਵਾਂ। ਤੰਗ ਘਸਮੈਲੀ ਨਜ਼ਰ ਨੇ ਭਾਵੇਂ ਸਾੜ ਦਿੱਤਾ ਹੈ ਸਾਨੂੰ, ਤੜਕੇ ਤੜਕੇ ਬਾਲ ਸਰ੍ਹਾਨੇ ਬੈਠ ਜਗਾਵਣ ਮਾਵਾਂ।” (੧੬) ਸੰਘਣੇ ਪਿੱਪਲਾਂ ਦੀ ਛਾਂ ਵੱਲੇ ਪੈੜ ਮੁੜੇ ਕੋਈ ਮੇਰੀ। ਮੰਗੂਆਂ ਨੇ ਪਹਿਚਾਣ ਲਈ ਹੈ 'ਵਾਜ ਪੁਰਾਣੀ ਕਿਹੜੀ ? ਵਾਵਰੋਲਿਆਂ ਦੇ ਵਿਚ ਜਾਂਦੇ ਉਠ ਉਠ ਕਹਿਰ ਦੇ ਪੈਂਡੇ, ਰਿਹਾ ਸੰਭਾਲ ਨਹੀਂ ਪਰ ਸੰਭਲੀ ਰਮਜ਼ ਉਡਾਰੂ ਜਿਹੜੀ । (੧੭) ਪਿੰਡ ਦੇ ਖੰਡਰਾਂ ਉੱਤੇ ਝੁਲਦੇ ਪਿੱਪਲਾਂ ਹਰਿਆਂ-ਭਰਿਆਂ, ਆਹਟ ਮਾਸੂਮ ਸੁਣੀ ਜੋ ਘੇਰੀ ਥਲ ਥਲ ਉਡਦੇ ਵਰ੍ਹਿਆਂ। ਓਸੇ ਆਹਟ 'ਚ ਧਰਤ ਨੇ ਅੱਪਣੇ ਬੀਜ ਸਾਂਭ ਕੇ ਰੱਖੇ, ਭੇਦ ਪਾਣੀਆਂ ਨੂੰ ਇਹ ਦੱਸੇ ਕੋਟ ਕਾਫ਼ਲੇ ਮਰਿਆਂ। (੧੮) ਚੜ੍ਹ ਚੜ੍ਹ ਚੜ੍ਹੀ ਥਲਾਂ ਵਿਚ ਨ੍ਹੇਰੀ ਵੇਖੀ ਡਾਚੀਆਂ ਜਾਂਦੀ, ਕਬਰਾਂ ਨੂੰ ਧਰਵਾਸੇ ਦਿੰਦੇ ਪੀਰ ਪੈਗੰਬਰ ਪਾਂਧੀ। ਤਾਰੇ ਚੜ੍ਹੇ ਤਾਂ ਸੱਸੀ ਆਈ ਥਲ ਵਿਚ ਦੀਵਾ ਬਾਲਣ, ਇੱਕੋ ਅੱਥਰੂ ਲੰਘ ਨ ਹੋਇਆ ਮੌਤ ਫਿਰੇ ਸ਼ਰਮਾਂਦੀ। (੧੯) ਇਕ ਦਿਨ ਇੰਞ ਉਦਰੇਵੇਂ ਹੋਸਨ ਦੇਸ ਝਨਾਂ ਨੂੰ ਮੇਰੇ। ਰੋ ਗੋਰਾਂ ਦੀ ਬਾਂਗ ਸੁਣਨਗੇ ਭਰੇ ਤ੍ਰਿੰਞਣ ਵਿਹੜੇ। ਢਹਿ ਢੇਰੀ ਗੜ ਕੋਟ ਹੋਏ ਨੇ ਸੱਭੇ ਸਾਂਝਾਂ ਗਈਆਂ, ਗਾੜ੍ਹੀਆਂ ਧੂੜਾਂ ਦੇ ਵਿਚ ਡੁੱਬੀਆਂ ਪਾਉਣ ਦੁਆਵਾਂ ਫੇਰੇ। (੨੦) ਸਿਖਰ ਦੁਪਹਿਰੇ ਸਰਕੜਿਆਂ 'ਚੋਂ ਹੌਲ ਸੁਣਾਂ ਮੈਂ ਡਾਢੇ। ਖ਼ਾਲੀ ਬੱਦਲੀ ਵੇਖ ਰਹੇ ਨੇ ਮੂੰਹ ਅੱਡ ਘਾਮ ਦੁਰਾਡੇ। ਬਾਰਾਂ ਬੇਲੇ ਹਾਰ ਚੁਕੇ ਨੇ ਦਿਲਾਂ ਦੀ ਬਾਜ਼ੀ ਯਾਰੋ, ਪਾਟੇ ਬੋਲ ਮੇਰੇ ਰੋ ਸੀਵਣ ਇਕ ਦਿਨ ਸੁੱਕੇ ਜਾਡੇ। (੨੧) ਉੱਚੇ ਬੁਰਜ ਲਾਹੌਰ ਦੇ ਉੱਤੇ ਖੜ ਤਿਰਕਾਲਾਂ ਵੇਖਾਂ। ਕਿਸੇ ਪੁਰਾਣੇ ਰਾਹ ਦੇ ਉੱਤੇ ਪਈ ਜਗਾਵਾਂ ਰੇਖਾਂ। ਰੰਗ ਬਦਲਦੇ ਕੇਸਾਂ ਸਾਹਮੇ ਵਗਦੀ ਰਾਵੀ ਲੰਮੀ, ਘੋੜ ਸਵਾਰ ਸਮੇਂ ਦੇ ਮੋੜੇ ਭੇਦ ਭਰੇ ਅਜ ਲੇਖਾਂ। (੨੨) ਠੰਢੀਆਂ ਰਾਤਾਂ ਦੇ ਵਿਚ ਬੈਠੀ ਅੰਬਰ ਹੁਣ ਬੁਣ ਵੇਖਾਂ, ਇਕ ਪਲ ਢੋਲ ਕਹਿਰ ਦਾ ਵੱਜੇ ਇਕ ਪਲ ਮਿੱਠੀਆਂ ਹੇਕਾਂ। ਝੱਖੜ ਦਿਲ ਦੇ ਮੋੜ ਨ ਸੱਕੀ ਦਿਸੇ ਨ ਢਲਦਾ ਜੋਬਨ, ਧੀਆਂ ਵਾਂਗ ਜਗਾ ਕੇ ਬੈਠੀ ਮੈਂ ਧਰਤੀ ਦੀਆਂ ਰੇਖਾਂ। (੨੩) ਉੱਚੇ ਬੁਰਜ ਲਾਹੌਰ 'ਤੇ ਖੜੀਏ ਨਾਲ ਲਸ਼ਕਰਾਂ ਰੋਵੇਂ। ਜਿੱਥੇ ਗਈ ਧੂੜ ਤੂੰ ਓਥੇ ਵਾਂਗ ਫ਼ਜਰ ਦੇ ਹੋਵੇਂ। ਬਾਰ ਦੇਸ ਵਿਚ ਛਿਪ ਗਈ ਸੈਂ ਤੂੰ, ਮੈਂ ਮੁੜ ਫੇਰ ਕੀ ਦੇਖਾਂ ! ਕਿਸੇ ਵਲੀ ਦਾ ਚੋਲਾ ਦਾਗ਼ੀ ਰਾਵੀ ਦੇ ਵਿਚ ਧੋਵੇਂ। (੨੪) ਬੁੱਤ ਨੂੰ ਵੇਖ ਵੇਖ ਕੇ ਰੋਵਣ ਪਰਛਾਵੇਂ ਵਿਚ ਜਾਨਾਂ। ਨੂਰ ਦੇ ਹੜ੍ਹਾਂ ਨਾਲ ਖੇਡਨੈ ਬਿਰਹਾ ਦੇ ਸੁਲਤਾਨਾ ! ਬਿਰਹਾ ਦੇ ਵੀ ਫਲ-ਫੁੱਲ ਸੁੱਕੇ ਕੌਲ ਸੱਜਣ ਦੇ ਭੁੱਲੇ, ਖੜੇ ਫ਼ਕੀਰ ਜਾਣ ਕਿਸ ਪਾਸੇ ਰੇਤ ਤਪੀ ਮੁਲਤਾਨਾਂ । (੨੫) ਬਿਰਹਾ ਨੂੰ ਕੰਡ ਦਿੱਤੀ ਆਖ਼ਿਰ ਕੁਲ ਅਦਲੀ ਅਸਮਾਨਾਂ। ਜਦ ਦਰਿਆਵਾਂ ਨੂੰ ਨ ਦਿੱਤਾ ਦਰਦਾਂ ਦਾ ਨਜ਼ਰਾਨਾ। ਸੱਚ ਦੀ ਪੈੜ ਵਖਾਵਣ ਖ਼ਾਤਰ ਜੱਗ 'ਤੇ ਸੂਰਜ ਚੜ੍ਹਦੇ, ਪੰਜਾ ਚਮਕ ਰਿਹਾ ਪਰਬਤ 'ਤੇ ਵੇਖ ਰਿਹਾ ਮਰਦਾਨਾ। (੨੬) ਘੋਰ ਫ਼ਰੇਬ ਸਮੇਂ ਵਿਚ ਪਲਦੇ ਲੂਹੀਆਂ ਜੜ੍ਹਾਂ ਪ੍ਰੇਤਾਂ ਵਾਵਰੋਲਿਆਂ ਦੇ ਵਿਚ ਵੜੀਆਂ ਲਹੂ-ਲੁਹਾਣ ਹੋ ਰੇਤਾਂ। ਪੈਂਡੇ ਪਾਕ ਬਣਾਏ ਸਈਓ ਛੁਪੀ ਫ਼ਜਰ ਨੇ ਮੁੜ ਕੇ, ਚਿੜੀ ਚੂਕਦੀ ਨੂੰ ਰਾਹ ਦੱਸੇ ਬਿਰਖ ਦੇ ਸਾਂਭੇ ਭੇਤਾਂ। (੨੭) ਦੂਰ ਸਮੇਂ ਦੇ ਖੂਹਾਂ ਦੇ ਵਿਚ ਹੂੰਗਰ ਸੁਣੀ ਫ਼ਕੀਰਾਂ। ਝਿੰਮ ਝਿੰਮ ਤਾਰਿਆਂ ਦੇ ਵਿਚ ਰੁਮਕਣ ਲੂਹੀਆਂ ਰਾਖ ਸਮੀਰਾਂ। ਖੋਏ ਅੰਗ ਜ਼ਿਮੀਂ ਦੇ ਤੜਫੇ ਜਾਗ ਪਤਾਲਾਂ ਤੀਕਣ, ਜਾ ਜੋਗੀ ਦੀ ਪਿਆਸ ਬੁਝਾਈ ਚਿਰਾਂ ਤੋਂ ਸੁੱਕਿਆਂ ਨੀਰਾਂ। (੨੮) ਅੱਧੀ ਰਾਤੀਂ ਰੋਹੀਏਂ ਖੇਡੇ ਤਰਲ ਨਾਗ ਹੈਰਾਨੀ। ਤੰਦੂਏ ਵਾਂਗ ਧਰਤ ਨੂੰ ਖਿੱਚੇ ਕੋਈ ਸੱਦ ਹੈਵਾਨੀ। ਹੌਲ ਪਿਆ, ਸ਼ੀਸ਼ੇ ਦੇ ਵਾਂਗੂੰ ਝਿੰਮ ਝਿੰਮ ਗਗਨ ਦੀ ਟੁੱਟੀ— ਖੜੇ ਸਰ੍ਹਾਨੇ ਦੇਣ ਦਿਲਾਸਾ ਬੋਲ ਕਿਤੋਂ ਬਾਬਾਣੀ। (੨੯) ਹੁਸਨ ਦਾ ਕਿਹੜਾ ਬੋਲ ਪੁਗਾਵਾਂ ਕਿਹੜੀ ਨਦੀ 'ਤੇ ਰੋਆਂ। ਦੂਰ ਸਮੇਂ ਦੇ ਸਿਰ ਦੇ ਦਿੱਸਣ ਸ਼ਮਸ਼ੀਰਾਂ ਦੀਆਂ ਲੋਆਂ। ਸੰਞ ਮਨ੍ਹੇਰ ਦੇ ਭੁੱਲੇ ਰਾਹ 'ਤੇ ਮੁੜ ਉਹ ਨਜ਼ਰ ਨ ਆਈ- ਲੰਘੇ ਜਸ਼ਨ ਉਮਰ ਦੇ ਯਾਰਾ ਬਸ ਰਹੀਆਂ ਕੰਨਸੋਆਂ। (੩੦) ਦੇਖ ਦਿਲਾ ! ਅੱਪਣੇ ਹੀ ਪੈਂਡੇ ਕਿਸ ਪਾਸੇ ਉੱਠ ਚੱਲੇ। ਰੁਲਦੇ ਕੌਲ, ਉਡੀਕਾਂ ਮੋਈਆਂ, ਘਾਟ ਨਿਮਾਣੇ 'ਕੱਲੇ । ਅੱਜ ਉਹਨਾਂ ਸ਼ੀਂਹਾਂ ਲਈ ਰੋਂਦੀ ਕੱਲ ਜਿਨ੍ਹਾਂ ਤੋਂ ਡਰਦੀ, ਸ਼ਾਲਾ! ਸੁੰਞੀ ਵਾਟ ਕਦੇ ਨ ਪਵੇ ਅਸਾਡੇ ਪੱਲੇ। (੩੧) ਸੂਰਜ ਚੰਨ ਤਾਰਿਆਂ ਦੇ ਵਣ ਧੁੰਧਲੇ ਭੇਦ ਉਲੀਕਣ। ਹਰਨੀ ਵਾਂਗ ਧਰਤ ਇਹ ਦੇਖੋ ਅੰਧ ਕਾਲ-ਥਲ ਤੀਕਣ। ਨੈਣਾਂ ਦੇ ਵਿਚ ਹੜ੍ਹ ਸਮਿਆਂ ਦੇ ਦਿਸਹੱਦੇ ਕੁੱਲ ਡੁੱਬੇ, ਕਦ ਕੂੰਦੇ ਇਕਰਾਰ ਮਾਹੀ ਦਾ ਭੈਅ ਵਿਚ ਨੈਣ ਉਡੀਕਣ। (੩੨) ਰਾਹ ਪੰਜਾਬ ਦੇ ਵੇਖੀਂ ਜਾ ਕੇ ਸਿਖਰ ਉਡੇਂਦੀਏ ਕੂੰਜੇ। ਹਿਜਰ ਅਬੋਲ ਮਿਰਾ ਵਿਚ ਰਾਤਾਂ ਜਿਹਲਮ ਸਿੰਧ 'ਤੇ ਕੂੰਦੇ। ਕੁੜੀ ਚਿੜੀ ਕਿਸੇ ਤੋਂ ਪੁੱਛੀ “ਕੀ ਢੋਕਾਂ ਵਿਚ ਹੁਣ ਵੀ, ਜ਼ਖ਼ਮ ਪੁਰਾਣਾ ਤੰਦ ਨਵੀਂ ਤੇ ਵਿਚ ਤ੍ਰਿੰਞਣ ਊਂਘੇ।” (੩੩) ਸੁੱਕੇ ਬ੍ਰਿਛ, ਵਗਣ ਨ ਪਾਣੀ, ਪੰਖੀ ਮਿਰਗੁ ਨ ਜੀਵਣ। ਪਰ ਪਰੇ ਮਿੱਟੀ ਦੇ ਓਹਲੇ ਬੁੱਤ ਪੁਰਾਣੇ ਥੀਵਣ। ਅਦਭੁਤ ਧਰਤ ਮਿਰੀ ਦਾ ਡੋਲਾ ਸਾਹਾਂ ਚੁੱਕਿਆ ਹੋਇਆ, ਝਿਲਮਿਲ ਝਿਲਮਿਲ ਪਾਣੀ ਮਾਵਾਂ ਸ਼ਗਨ ਮਨਾਂਦੀਆਂ ਪੀਵਣ। (੩੪)
ਝਨਾਂ ਦੀ ਰਾਤ
1 ਅੱਧੀ ਰਾਤ ਦਾ ਹੌਲ ਕਲਵਲ ਕਸਕ ਚੀਰ ਅਧਰੈਣੀ ਆਈ ਦੂਰ ਉਜਾੜੋਂ ਭੈਅ ਦੀ ਤੰਦ ਜਾਨ ਨੂੰ ਵਲਦੀ ਘੋਰ ਗੁਫ਼ਾਵਾਂ ਪਾਰੋਂ। ਭਾਰੀ ਹੌਲ ਨੀਂਦ 'ਤੇ ਕਟਕੇ ਲਹੂ ਕਾਲ ਦੇ ਛਾਣੀ, ਛੁਪੀ ਨੇਸ ਜਿਗਰ ਵਿਚ ਪੁੜਕੇ ਧੂੰਹਦੀ ਭੰਵਰ ਭਿਆਣੀ। ਬੋਟਾਂ ਵਾਂਗੂੰ ਨੀਂਦ 'ਚ ਰੁਲਦੇ ਜ਼ਖ਼ਮੀ ਨਾਦ ਹਜ਼ਾਰਾਂ, ਇਕ ਹੌਕੇ ਇਕ ਸਾਹ ਤੋਂ ਖ਼ਾਲੀ ਥਲ ਵਿਚ ਖੁੱਭੀਆਂ ਦਾਰਾਂ। ਬਿਸਮਿਲ ਭੁੱਲਿਆਂ ਰਾਹੀਆਂ ਨੂੰ ਮੈਂ ਬੇਬਸ ਧੁੰਦ 'ਚ ਦੇਖਾਂ, ਯਾਦ-ਕੰਠ 'ਚੋਂ ਫੁੱਟ ਨ ਸੱਕਣ ਰੋ ਬਿਰਹੋਂ ਦੀਆਂ ਹੇਕਾਂ। ਮੌਤ-ਗਜ਼ਬ ਤੋਂ ਕੋਟ ਕੋਹਾਂ ਉਡ ਕੰਕਰ ਹੋਏ ਬਾਜ਼ਾਰਾਂ, ਮੇਰੀ ਬੇਹੋਸ਼ੀ ਤੇ ਲੱਦੀਆਂ ਮੋਈਆਂ ਭੁੱਲੀਆਂ ਡਾਰਾਂ। ਥਲਾਂ ਦੇ ਸੀਨੇ ਸੁੱਕ ਸੁੱਕ ਬੁਝੀਆਂ ਕਹਿਕਸ਼ਾਂ ਦੀਆਂ ਸ਼ਾਖਾਂ; ਆਦਮ-ਦਿਹੁੰ ਦੀ ਲਾਲੀ ਤੋਂ ਲੈ ਹਸ਼ਰਾਂ ਤੀਕਣ ਰਾਖਾਂ ! ਰੰਗ ਹਸ਼ਰ ਦੇ ਬਲੇ ਅਸੰਖਾਂ, ਆਦਮ ਦਾ ਦਿਹੁੰ ਮੋਇਆ; ਨ੍ਹੇਰੀ ਨਦੀ ਰਾਖ ਦੇ ਹੇਠਾਂ ਝਿਮ ਝਿਮ ਕਰਦਾ ਖੋਇਆ। ਇਕ ਪਲ ਤਪਦੇ ਭੱਠ 'ਤੇ ਕਿਰੀਆਂ ਤ੍ਰੇਲਾਂ ਵਾਂਗੂੰ ਮੂੰਝਾਂ; ਨ ਦਿਹੁੰ ਰੈਣ ਨ, ਪਲ ਦੂਜੇ ਵਿਚ ਨ ਥਲ ਗਗਨ ਨ ਬੂੰਦਾਂ। ਇਕ ਪਲ ਕਾਲ ਦੇ ਭੌਜਲ ਅੰਦਰ ਨਿਸ ਬਾਸਰ ਬਉਰਾਣੇ, ਦੂਜੇ ਪਲ ਅਣਦਿੱਸ ਫਾਹੀਆਂ ਵਿਚ ਘਿਰ ਸਾਹ ਹੋਣ ਬੇਗਾਨੇ। ਅੱਜ ਤਾਂ ਜਿੰਦ ਨੂੰ ਛੋਡ ਚੱਲੀਆਂ ਪਿਆਰ ਦੀਆਂ ਤਕਸੀਰਾਂ। ਫ਼ਰਿਆਦਾਂ ਤੋਂ ਖ਼ਾਲੀ ਹੋਈਆਂ ਮੁੱਢ ਕਦੀਮ ਅਖ਼ੀਰਾਂ। ਕਾਲ ਦੇ ਪੁਰਸਲਾਤ ਤੋਂ ਲੰਘਦੇ ਆਲਮ ਦੇ ਪਰਛਾਵੇਂ, ਮੈਂ ਤੱਕਦਾ ਡੁੱਬ ਨੈਣ ਚਿਰਾਂ ਦੇ ਯਾਦ ਨ ਆਵਣ ਭਾਵੇਂ। ਮੇਰੀਆਂ ਨੀਂਦਾਂ ਜਾਗਾਂ ਅੰਦਰ ਦਹਿਦਿਸ ਲਸਣ ਜ਼ੰਜੀਰਾਂ, ਮੁਲਕ ਦੇ ਦਰ ਤੋਂ ਅੱਗੇ ਤੁਰੀਆਂ ਯਾਦਾਂ ਵਾਂਗ ਫ਼ਕੀਰਾਂ। ਵਾ ਵਰੋਲੇ ਬਣ ਕੇ ਝੁੱਲੀਆਂ ਤੇਜ਼ ਖ਼ੂਨ ਦੀਆਂ ਧਾਰਾਂ, ਕਹਿਰ ਵਿਚ ਸਮੇਂ ਨੂੰ ਥੰਮ੍ਹਣ ਪੱਥਰ ਦੀਆਂ ਉਡਾਰਾਂ। ਡੰਗ ਪਿਆਸ ਦੇ ਕੁਲ ਆਲਮ ਦੇ ਲਹੂ 'ਚ ਖੁਭ ਖੁਭ ਜਾਵਣ, ਤਣੇ ਕੁਸੈਲੀਆਂ ਦਾਰਾਂ ਦੇ ਮੂੰਹ ਪਲ ਪਲ ਸਮੇਂ ਦਾ ਖਾਵਣ। ਜਾਨ ਮੇਰੀ 'ਤੇ ਚੱਕ ਜਿਉਂ ਘੁੰਮਦੇ ਮੂਕ ਮਿਟੇ ਪ੍ਰਛਾਵੇਂ, ਧਰ ਦੇ ਗਰਭ-ਨ੍ਹੇਰ ਵਿਚ ਤੜਪੇ ਬੀਜ ਵਿਸ਼ੈਲੀ ਥਾਵੇਂ। ਨ੍ਹੇਰ-ਨਾਭ ਵਿਚ ਅਣਦਿੱਸ ਨਾਗਾਂ ਕਸੀਆਂ ਸੁਹਲ ਤਣਾਵਾਂ। ਚੰਨ ਸੂਰਜਾਂ ਦੇ ਫੜ ਪੈਂਡੇ ਡੰਗੀਆਂ ਮਧੁਰ ਦੁਆਵਾਂ। ਬਖ਼ਸ਼ਿਸ਼ ਦੀ ‘ਨਾਂਹ’ ਵੀ ਮਿਟ ਚੱਲੀ, ਨਾਂਹ ਝੋਕਾਂ ਨਾਂਹ ਗੋਰਾਂ ! ਸੋਹਣੇ ਬਾਗ਼ ਯਾਦ ਕਰਵਾਏ ਨਾਂਹ ਕੁਫਰਾਂ ਦੇ ਜ਼ੋਰਾਂ। ਦਿਹੁੰ-ਰੈਣ ਨੂੰ ਮੇਸ ਕੇ ਨੀਂਦੋਂ ਬਲਦੇ ਗਗਨ ਬੇਗਾਨੇ, ਕਦੇ ਜਾਗ ਦੇ ਪੈਂਡੇ ਰਿੰਮ ਝਿੰਮ ਘੁੰਮਦੇ ਨੀਰ ਪੁਰਾਣੇ। ਮੁੱਢ ਕਦੀਮ ਦਿਆਂ ਝੱਖੜਾਂ ਵਿਚ ਘਿਰ ਕੰਨਸੋਅ ਕੁਰਲਾਵੇ, ਕਹਿਕਸ਼ਾਂ ਦੇ ਤਾਜ ਤੋਂ ਉਡਦਾ ਫਿਰ ਕੋਈ ਜੁਗਨੂੰ ਆਵੇ। ਮੈਨੂੰ ਲੱਗਿਆ ਹੁਣ ਕੁਝ ਹੋਸੀ ਨਿੰਮੇ ਚਾਨਣ ਹੇਠਾਂ, ਹਿੱਕੇ ਤਾਂ 'ਵਾਜ ਚਿਰਾਂ ਦੀ ਪੈਣੀ ਹਿੱਕੇ ਤਾਂ ਦੀਵੇ ਦੇਖਾਂ। ਨਿੰਮ੍ਹੇ ਨੂਰ 'ਚ ਪਰਾਂ 'ਤੇ ਚਾਈ ਰੰਗਲੀ ਕੁੰਟ ਉਕਾਬਾਂ, ਜਿਸਨੂੰ ਆ ਕੇ ਦੂਰੋਂ ਮਿਲਣਾ ਪੈੜਾਂ, ਪੈਂਡਿਆਂ, ਖ਼ਾਬਾਂ। ਜਾਗਣ ਲੱਗਾਂ ? ਹੌਲ ਦੀਆਂ ਲੱਖ ਫਾਹੀਆਂ ਬਲਦੀਆਂ ਆਵਣ। ਤੁਰਨ ਲੱਗਾਂ ? ਕੰਨਸੋਆਂ ਚਿਰ ਦੀਆਂ, ਪੈਂਡੇ ਦੂਰ ਦੇ ਚਾਵਣ । ਅੱਧੀ ਰਾਤ ਦੀ ਪਰਲੋਂ ਸਾਹਮੇ ਮੈਂ ਇਕ ਬੂੰਦ ਜਗਾਵਾਂ, ਕੋਟ ਭਸਮ ਬਰਬਾਦ ਵਣਾਂ ਵਿਚ ਨੂਰੀ ਖੰਭ ਬੁਲਾਵਾਂ। ਅੱਧੀ ਰਾਤ ਨਦੀ ਦੇ ਪਾਰੋਂ ਕੂਕ ਦਿੱਤੀ ਰੋ ਮੋਰਾਂ, ਦੇਸ ਦੀਆਂ ਮੈਂ ਛੱਡ ਕੇ ਝੋਕਾਂ ਤੁਰਿਆ ਚੁੱਕ ਘੰਗੋਰਾਂ। (ਭਾਗ ਪਹਿਲਾ ਖ਼ਤਮ) 2 ਉਦਾਸ ਰਾਤ ਦਾ ਸਫ਼ਰ ਮੈਂ ਨ ਵੈਂਦਾ ਦਰਦ ਨ ਮੈਂਡਾ ! ਮਨ ਪਰਦੇਸੀ, ਲੰਮਾ ਪੈਂਡਾ। ਝਿੰਮ ਝਿੰਮ ਦੂਰ ਸੁਣੇ ਅਧਰੈਣੀ, ਵਰ੍ਹ ਪੈਂਦੇ ਫਿਰ ਅੱਥਰੂ ਨੈਣੀ। ਪਲ ਭਰ ਚੜ੍ਹਦਾ ਤਾਰਾ ਲੰਮਾ, ਕਾਂਗ ਉਠੇ ਕੁਈ, ਦਰਦ ਨਿਕੰਮਾ ! ਉਡਣ ਵਣਾਂ ਵਣਾਂ ਦੀਆਂ ਛੋਹਾਂ, ਨੂਰ ਦੇ ਝੱਖੜ ਕਰਨ ਨ ਲੋਆਂ। ਮਨ ਪਰਦੇਸੀ ਖ਼ਾਲੀ ਹੋਇਆ, ਪੈਂਡਿਆਂ ਸਾਮ੍ਹੇ ਬਹਿ ਬਹਿ ਰੋਇਆ। ਪਰ ਅੱਥਰੂ ਕੋਈ 'ਵਾਜ ਨਾ ਮਾਰੇ ਯਾਦ ਤਰੇਂਦੀ, ਨ ਹੜ੍ਹ ਭਾਰੇ। ਉਜੜੇ ਵਣਾਂ ਚੋਂ ਜਦ ਮੈਂ ਲੰਘਾਂ, ਸਦੀਆਂ ਨਾਲ ਬੋਲ ਕੁਝ ਸੰਗਾਂ। ਦਿਲ ਨੱਚੇ ਤਾਂ ਨਾਗ ਵੀ ਕੀਲਾਂ, ਲਹੂ 'ਚ ਮਹਿਕ ਜਗਾਵਣ ਪੀਲ੍ਹਾਂ ! ਤਕ ਝੋਕਾਂ ਛਡ ਗਏ ਪਿਆਰੇ, ਰੰਗ ਸੁਣੇ ਮਨ, ਥਲ ਲਲਕਾਰੇ। ਭਰੀਆਂ ਭਰੀਆਂ ਵਗਣ ਹਵਾਵਾਂ, ਧਰ-ਨੀਂਦਰ ਦੇ ਸਫ਼ਰ 'ਤੇ ਜਾਵਾਂ। ਕਿਸੇ ਗੁਫ਼ਾ 'ਚੋਂ ਚੁੰਮ ਸ਼ਮਸ਼ੀਰਾਂ, ਮੈਨੂੰ ਰਾਹ ਵਿਚ ਮਿਲਣ ਸਮੀਰਾਂ। ਧਰਤ-ਅੰਬਰ ਦੀਆਂ ਖੁੱਲ੍ਹੀਆਂ ਵਾਗਾਂ, ਬਿੰਦੂ ਇਕ, ਅਨੰਤਾਂ ਜਾਗਾਂ। ਪਰ ਨ ਇਕ ਆਵਾਜ਼ ਸੁਣੀਵੇ, ਭੁੱਲ ਅਥਾਹ ਕਿਤੋਂ ਸਾਹ ਪੀਵੇ। ਕਹਿਕਸ਼ਾਂ ਤੁਰੀਆਂ ਹੀ ਜਾਵਣ, ਇਕ ਹੌਕੇ ਨੂੰ ਮੋੜ ਲਿਆਵਣ। ਫਿਰ ਹੌਕੇ ਨੂੰ ਮੋੜਨ ਪਾਰੀ, ਨਦੀਆਂ ਤੋਂ ਵੀ ਲੰਬੀ ਤਾਰੀ। ਲਾਈ ਧਰ ਦੇ ਅਣਗਿਣ ਖ਼ਾਬਾਂ, ਭਖ ਸੂਰਜ ਜਿਉਂ ਖੁੱਲ੍ਹੀਆਂ ਜਾਗਾਂ। ਤੱਕੇ ਦੂਰ ਅੰਬਰ ਦੇ ਰਾਹੀਆਂ, ਭੁੱਲੀਆਂ ਨਜ਼ਰਾਂ ਵੇਖਣ ਆਈਆਂ। ਤੋੜ ਸੁੱਟੀਆਂ ਅੰਬਰ ਵਾਗਾਂ, ਤੱਕੀ ਧੂੜ ਲਹੂ ਦੀ ਖ਼ਾਬਾਂ। ਰੰਗ ਸੁਗੰਧਾਂ ਚਮਕਾਂ ਤੋੜੀ, ਅਰਜ਼ ਕੋਈ ਡਾਢੇ ਨੇ ਮੋੜੀ। ਭਾਵੇਂ ਦਿਲ ਦੇ ਭਰੇ ਬਜ਼ਾਰਾਂ, ਪਾਇਆ ਪੈੜ ਦਾ ਮੁੱਲ ਹਜ਼ਾਰਾਂ। ਕੀ ਕਰਾਂ ਅੱਖੀਆਂ ਦੇ ਪਾਣੀ ? ਸੁੱਤਿਆਂ ਛੋਡ ਗਏ ਕਰਵਾਨੀ ! ਚਮਕਾਂ ਚਾਈਆਂ ਛਿਣਾਂ ਦੇ ਰਾਹੀਆਂ; ਖਾਰੀਆਂ ਉੱਤੇ ਵਿਸ ਦੀਆਂ ਫਾਹੀਆਂ ! “ਤੂੰ ਨਾਂਹ ਵੇਖ ਸਕੇਂ" ਕੋਈ ਹੋੜੇ, ਲੱਖ ਫਰਿਸ਼ਤੇ ਦੇਣ ਨਹੋਰੇ। ਹੜ੍ਹ ਨੂਰਾਂ ਦੇ ਆਦਿ ਜੁਗਾਦਾਂ, ਮੌਤ ਸਾਮ੍ਹਿਉਂ ਲੰਘੀਆਂ ਯਾਦਾਂ। ਕਿਉਂ ਅੱਜ ਖਿਚਦੇ ਭੰਵਰ ਤਣਾਵਾਂ ? ਭੈਅ ਵਿਚ ਦੂਰ ਯੁਗਾਂ ਤੋਂ ਬਾਹਾਂ ! ਨਾਂਹ ਅੱਜ ਨੂਰ-ਮੂਰਛਾ ਆਵੇ, ਘਟਾਂ ਬੰਨ੍ਹ ਸੁਰਤ 'ਤੇ ਛਾਵੇ। ਭੈਅ ਦੇ ਰੰਗ ਵੀ ਖ਼ਾਲੀ ਖ਼ਾਲੀ, ਨਾਂਹ ਕੋਈ ਵੇਖੇ, ਨਾਂਹ ਕੋਈ ਸੁਆਲੀ। ਤਪਦੇ ਭੱਠ ਚੀਰ ਕੰਨਸੋਆਂ, ਕਦੇ ਕਦੇ ਜੋ ਕਰਦੀਆਂ ਲੋਆਂ। ਬਾਂਝ ਖਲਾ ਵਿਚ ਤਦੋਂ ਨਸੀਬਾਂ, ਭਰੀਆਂ ਲਹੂਆਂ ਨਾਲ ਸਲੀਬਾਂ। ਹਾਂ, ਅੱਜ ਸ਼ੌਕ-ਮੱਤੇ ਫ਼ਰਿਹਾਦਾਂ, ਭੈਅ ਵਿਚ ਬੰਨ੍ਹੀਆਂ ਸਿਦਕੀ ਯਾਦਾਂ। ‘ਹਾਂ ਨਾਂਹ' ਤੋਂ ਮੈਂ ਉਂਝ ਦੁਰਾਡਾ, ਆਗੇ ਘਾਮ ਨਾ ਪਿੱਛੇ ਜਾਡਾ ! 'ਵਾਜ ਇਹੋ ਜਿਹੀ ਦੇਵਣ ਬੇਲੇ, ਬਿਸਮਿਲ ਹੂੰਗਰ ਜਿਉਂ ਵਿਚ ਮੇਲੇ। ਘਾਇਲ ਹੋਈਆਂ ਥਲਾਂ ਦੀਆਂ ਬਾਹਵਾਂ, ਇਉਂ ਤੱਕਣ ਨਿਰਮੋਹ ਹਵਾਵਾਂ; ਸਰਵਣ ਜਿਵੇਂ ਮੂਰਛਾ ਪਾਰੋਂ, ਪਿਆਸ 'ਤੇ ਉਮ੍ਹਲੇ ਵਿਛੜੀ ਡਾਰੋਂ। ਨਾਂਹ ਸੁਣੀ 'ਵਾਜ ਕਰਵਾਨੀ, ਧੂੜ ਗਗਨ ਤੋਂ ਮੰਗਦੀ ਪਾਣੀ। ਕੂੰਜ ਗਈ ਵੱਲ ਉੱਡ ਪਹਾੜਾਂ, ਕੂਕ ਸੁਣੀ ਨ ਮੋਇਆਂ ਯਾਰਾਂ। ਫਿਰ ਆਈ ਕੋਈ ਚੀਰ ਕੇ ਹੋਣੀ, ਭੰਵਰਾਂ ਦੇ ਵਿਚ ਛੁਪੀ ਸਲੋਨੀ। ਥਕਦੀ 'ਵਾਜ ਮੇਰੀ ਦੇ ਪਾਰੋਂ, ਬੋਲੇ ਹੇਕ ਲਗਾਵਣ ਪਿਆਰੋਂ। ਭਾਰੀ ਮੌਤ-ਸਿੰਧਾਂ ਦੇ ਪਾਣੀ, ਤੋੜ ਭੰਵਰ ਛਲਕਾਵਣ ਹਾਣੀ। ਕਾਂਗ ਸਰੂਰ ਦੀ ਇਕ ਪਲ ਛੇੜੇ, ਹੜ੍ਹ ਉਠਦੇ ਕੁਮਲਾਂਦੇ ਖੇੜੇ। ਇਕ ਪਲ 'ਵਾਜ ਮਾਹੀ ਦੀ ਆਵੇ, ਵਣ ਦਿਸਦੇ, ਕੋਈ ਦੀਪ ਬੁਝਾਵੇ। ਮੈਂ ਤੱਕਿਆ, ਕੁਝ ਵੇਖਣ ਜਾਵਾਂ, ਸਦੀਆਂ ਪਾਰ ਤੇਰੇ ਪਰਛਾਵਾਂ। ਭੈਅ ਵਿਚ ਕਦਮ ਮਿਰਾ ਥੱਰਾਵੇ, ਰੰਗ ਕਸੁੰਭਾ ਛੋਡ ਨ ਜਾਵੇ ! ਸੁਣਾਂ ਹੇਠ ਮੈਂ ਜੰਡ ਫਲਾਹੀਆਂ, ਹੌਕੇ ਭਰਨ ਝਨਾਂ ਦੀਆਂ ਜਾਈਆਂ। ਤੁਰਨ ਲੱਗਾਂ, ਤਾਂ ਪੈਣ ਜ਼ੰਜੀਰਾਂ, ਛੋਹ ਨਾ ਸਕਾਂ ਹੁਸਨ-ਵਹੀਰਾਂ। ਰੁਲੀਆਂ ਬੀਆਬਾਨ ਤਕਸੀਰਾਂ, ਮੁਕ ਗਈਆਂ ਸਰਸਬਜ਼ ਨਜ਼ੀਰਾਂ। ਸੀਨੇ ਮੈਂਡੇ ਪੈਂਦੀਆਂ ਭੀੜਾਂ, ਹੜ੍ਹ ਚੜ੍ਹਦੇ, ਮਿਟ ਜਾਣ ਅਖ਼ੀਰਾਂ ! + + + + + + + + + + ਭੇਦ ਥਲਾਂ ਦੇ ਨ੍ਹੇਰ 'ਚ ਕਾਵਾਂ, ਸ਼ੋਰ ਪਾ ਸੁੱਟੇ, ਸੁੱਤੀਆਂ ਸ਼ੁਆਵਾਂ। ਇਕ ਪਲ ਬਾਲੇ ਅਣਗਿਣ ਛਾਲੇ, ਕਹਿਰਵਾਨ ਪਰ ਅੰਬਰ ਨਾਲੇ ! ਸੁਪਨੇ ਲੈ ਛਾਂ ਇਸਦੀ ਖਲ੍ਹੀਆਂ, ਤਪਦੇ ਤਾਂਬੇ ਦੇ ਵਿਚ ਢਲੀਆਂ। ਕੀ ਹੋਇਆ ਜੇ ਦੀਵੇ ਬਾਲੇ ! ਕੌਲ ਕਰੇ ਪਰ ਕੌਲ ਨ ਪਾਲੇ ! + + + + + ਖਿੱਚੋਂ ਜਿੰਦ ਨੂੰ ਇੰਞ ਹਨੇਰੇ : ਫ਼ਜਰਾਂ ਛੁਪੀਆਂ ਦਿਲ ਜੋ ਮੇਰੇ। ਦੂਰ ਅਸੰਖਾਂ ਤਾਰਿਆਂ ਪਾਰੋਂ, ਪੱਥਰ ਕਰਸੇਂ ਤੋੜ ਜਿਉਂ ਡਾਰੋਂ। ਕੁਝ ਮਾਸੂਮ ਅਵਾਜ਼ਾਂ ਲੰਘੀਆਂ, ਜਾਨ ਮੇਰੀ ਨੂੰ ਚੁੰਮ ਕੇ ਕੰਬੀਆਂ। ਦਿਲੜੀ ਖ਼ਾਲੀ ਥਲ ਪਿਆ ਮਾਰੇ, ਹੌਲ ਮਿਰੇ ਅੰਬਰ ਤੋਂ ਭਾਰੇ। ਨਾਂਹ ਵੇਖਾਂ, ਨ ਤਿਮਰ ਨ ਤਾਰੇ, ਮੋਹ ਅਜਨਬੀ ਕੂੰਟਾਂ ਚਾਰੇ। ਮੈਂ ਭੁੱਲਾ ਵਿਚ ਉਮਰ ਦੇ ਕੰਮਾਂ, ਭਾਵੇਂ ਚੜ੍ਹਿਆ ਤਾਰਾ ਲੰਮਾ ! ਕਿਉਂ ਮੈਂ ਤੁਰਿਆ ? ਕੈਂ ਧਿਰ ਚੱਲਾਂ ? ਨ ਮੈਂ ਖ਼ਾਲੀ, ਨ ਮੈਂ ਛੱਲਾਂ। ਯੁਗਾਂ ਦੀਆਂ ਕੋਟਾਂ ਹੀ ਗਲੀਆਂ, ਫ਼ਜਰਾਂ ਸੰਞਾਂ ਦੇ ਰੰਗ ਛਲੀਆਂ : ਸੁੰਨਾਂ ਅੰਬਰ ਦੀਆਂ ਚੁੱਕ ਭਾਰੀ, ਵੇਖਣ ਕਿਤੇ ਮਾਸੂਮ ਉਡਾਰੀ ਇਕ ਭਬੂਕੇ ਚੜ੍ਹ ਕੇ ਬਲੀਆਂ, ਚਰਖੇ ਦੀ ਘੂਕਰ ਵਿਚ ਪਲੀਆਂ। ਪਾੜ ਸਿੰਧਾਂ ਨੂੰ ਖੜ੍ਹੀਆਂ ਸੁੰਨਾਂ, ਦਿਲ ਸੈ ਭੰਬਰਾਂ ਦੇ ਵਿਚ ਰੁੰਨਾ । ਸਭ ਕੂੰਟਾਂ 'ਚੋਂ ਮੁੱਕੀਆਂ ਡਾਰਾਂ, ਅੱਥਰੂ ਕੱਲਾ ਵਿਚ ਉਜਾੜਾਂ। ਮਨ ਪਰਦੇਸੀ ਪੱਤਝੜ ਛਾਵਾਂ, ਐਨਾ ਭਾਰ ਕਿਵੇਂ ਮੈਂ ਚਾਵਾਂ। ਬਿਰਖ ਪੱਤਣ ਥਲ ਪਰਬਤ ਪਾਸੇ, ਖਾਰ ਗਗਨ ਵਿਚ ਖੁਭੇ ਪਿਆਸੇ। ਲੱਖਾਂ ਰਾਮ ਗਏ, ਵਣ ਪੈੜਾਂ, ਚੰਨ ਸੂਰਜ ਭੁੱਲੇ ਸਮ ਗ਼ੈਰਾਂ ! ਕਦੇ ਕਦੇ ਵਣ 'ਚੋਂ ਹਬਕਾਰਾਂ, ਭੇਜੀਆਂ ਮੈਨੂੰ ਮੋਇਆਂ ਯਾਰਾਂ। ਸੁਕੇ ਦਿਲ ਮੰਗ ਸਕਣ ਨ ਖੈਰਾਂ, ਸਾਨੂੰ ਛੋਡ ਗਈਆਂ ਸਭ ਲਹਿਰਾਂ। ਖਾਇ ਮੂਰਛਾ ਡਿੱਗਾ ਝੱਲਾਂ, ਮੈਂ ਨ ਜਾਗ ਰਿਹਾ ਨ ਚੱਲਾਂ। (ਦੂਸਰਾ ਭਾਗ ਖ਼ਤਮ) 3 ਮੌਤ ਅਤੇ ਥਲਾਂ ਦੇ ਰਾਹ ਫੇਰ ਮੇਰੀ ਜਾਨ 'ਤੇ ਲਰਜ਼ੇ ਨੂਹ ਵੇਲੇ ਦੇ ਪਾਣੀ, ਕੋਟ ਵਾਰ ਹਫ ਜਿੰਦ ਗਗਨਾਂ ਦੀ ਮੰਝਧਾਰੀ ਕੁਮਲਾਣੀ। ਯੁਗਾਂ ਦੇ ਪੈਂਡੇ ਸੁੱਕ ਜਾਵਣ ਦੀ ਹੂੰਗਰ ਵਿਚ ਗ਼ੁਬਾਰਾਂ। ਅੰਬਰ ਵੇਖ ਸਕੇ ਨ ਮੈਨੂੰ ਨਾਂਹ ਧਰਤੀ ਨੂੰ ਸਾਰਾਂ। ਦੂਰ ਰਿਸ਼ਮ ਯੂਸਫ਼ ਦੀ ਕੋਈ, ਗਰਜ ਸਾਗਰਾਂ ਖਾਣੀ; ਔਹ ਡੂਗਰ 'ਤੇ ਸਿਰਾਂ ਨੂੰ ਪਟਕਣ ਸੈ ਰੂਹਾਂ ਕਨਿਆਨੀ। ਯੁਗਾਂ ਦੇ ਬਹੂੰ ਅਕੇਵੇਂ ਲੰਮੇ ! ਨਾਂਹ ਰਾਹ ਦਿਸਣ ਨ ਪਾਂਧੀ : ਸਾਹਾਂ ਦੇ ਵਲ ਚੋਰ ਮੂਰਛਾ ਵਾਂਗ ਸਰਾਲ ਦੇ ਜਾਂਦੀ। ਤਾਰੇ ਭੁੱਲ ਰੈਣ ਕੁਈ ਲੱਥੀ ਕਦੇ ਮੂਰਛਾ ਮੁੱਕੇ। ਪੰਖੀ ਮੇਘ ਬਿਰਖ ਤੋਂ ਸੁੰਞੇ ਥਲ ਇਹ ਯੁਗਾਂ ਤੋਂ ਸੁੱਕੇ। ਨੂਹ ਦਾ ਬੇੜਾ ਤੋੜ ਕੇ ਗਰਜੇ ਅੰਬਰੋਂ ਪਰੇ ਅੰਧਾਰੀ, ਦਿਲ ਮੈਂਡੇ ਤੋਂ ਝੱਲ ਨ ਹੋਈ ਸਮਿਆਂ ਦੀ ਕਿਲਕਾਰੀ। ਦਿਲ ਮਸਕੀਨ ਦੀ ਕਮਲੀ ਛੋਹ ਤਕ ਕੁਸਕਣ ਲਸ਼ਕਰ ਦੂਰੋਂ, ਦੇਸ ਮਾਹੀ ਦਾ ਭੁੱਲ ਜਾਵੇਗਾ ਸੱਦ ਮੂਸਾ ਬਿਨ ਤੂਰੋਂ। ਕੋਟ ਅਸੰਖ ਸਮੇਂ ਦੇ ਚੱਕਰ ਘਿਰੇ ਅੰਧ ਤੁਗਿਆਨੀ, ਮੌਤ-ਸਿਖਰ ਤੋੜ ਕੇ ਤੱਕਣ ਕੋ ਤਾਰਾ ਨੂਰਾਨੀ। ਕਿੰਗਰੇ ਉੱਚ ਪਹਾੜਾਂ ਦੇ ਟੁੱਟ, ਨੀਮ ਯਾਦ ਸਿਰਿ ਝੁੱਲੇ, ਗਜਰਾਜਾਂ ਦੇ ਝੁੰਡ ਪੁਰਾਣੇ ਸੰਘਣੇ ਵਣਾਂ ਨੂੰ ਭੁੱਲੇ। ਅੰਬਰ ਜਾਣ ਸਕੇ ਨ ਯਾਰੋ, ਕੌਣ ਕਾਫ਼ਲੇ ਮੋਏ। ਧਰਤੀ ਨੂੰ ਧੂੜਾਂ ਉਹ ਭੁੱਲੀਆਂ ਗੌਸ ਵਲੀ ਜਿਨ ਖੋਏ। ਮੇਰੀ ਹੋਸ਼ ਵਿਚ ਨ ਰਹੀਆਂ ਮੁੱਢ ਕਦੀਮੀ 'ਵਾਜਾਂ, ਇਕ ਦਿਨ ਤਾਰੇ ਰੁਲ ਜਾਵਣਗੇ ਭੁੱਲ ਜਾਸਨ ਮਿਅਰਾਜਾਂ। ਘਾਇਲ ਹੋਏ ਵਲੀਆਂ ਦੀ ਹੂੰਗਰ ਲਹਿੰਦੀ ਰੁਕਦੇ ਸਾਹੀਂ। ਇਕ ਦਿਨ ਮਾਂ ਦੇ ਬੋਲ ਰੁਲਣਗੇ ਵਿਚ ਕਹੇਲੇ ਕਾਹੀਂ। ਬੇਪੱਤ ਖੁਲ੍ਹਿਆਂ ਕੇਸਾਂ ਵਾਂਗੂੰ, ਸੁਹਲ ਜ਼ਿਮੀਂ ਕੁਮਲਾਣੀ। ਟੁੱਟਦੇ ਸਾਹਾਂ ਵਾਂਗ ਅਸੰਖਾਂ ਖ਼ਿਆਲ ਡੂੰਘੇਰੇ ਬਾਣੀ। ਮੇਰੀ ਹੋਸ਼ ਦੇ ਬੂਹੇ ਮੋਈਆਂ ਮਜ਼੍ਹਬਾਂ ਦੀਆਂ ਪਰਵਾਜ਼ਾਂ। ਘਾਇਲ ਕਰੇ ਕਸਕਾਂ ਨੇ ਸਾਗਰ ਸੰਗ ਸੁਹਾਣੇ ਰਾਜ਼ਾਂ। ਓਢੇ ਹੋਸ਼ ਦੇ ਧੁੰਧੂਕਾਰੇ ਪੀਰ ਸਮੇਂ ਦਿਆਂ ਭੇਸਾਂ, ਥਲ 'ਚੋਂ ਕਦੇ ਨ ਚੁੱਕਣ ਆਏ ਰੋਂਦੀਆਂ ਬਾਲ-ਵਰੇਸਾਂ। ਸਾਹ-ਹੀਣ ਰੱਤਹੀਣ ਇਕੱਲਾਂ ਬਰਬਰ ਸੀਨੇ ਖੜੀਆਂ, ਬੋਲ ਨ ਪੌਣ ਨ ਡਰਵਰ ਭਾਰੀ ! ਕਿੰਞ ਮੰਗਾਂ ਦਿਲਬਰੀਆਂ ? ਭਸਮ ਹੋਏ ਅਸਮਾਨਾਂ ਦੇ ਵਲ, ਨੀਮ ਨਜ਼ਰ ਇਕ ਮਾਰਾਂ; ਨਬੀਆਂ-ਆਂਗਣ ਭਾਂਬੜ ਹਿੱਸਗੇ ਨ ਹੁੱਲੀਆਂ ਗੁਲਜ਼ਾਰਾਂ। ਸਮੇਂ ਦੇ ਸੀਸ ਰਾਖ ਵਿਚ ਡੁੱਬੇ ਖਾਧੇ ਜਿਸਮ ਜ਼ਮੀਰਾਂ, ਇਕ ਵੀ ਰਾਹ ਦੀ ਟੋਹ ਨ ਦਿੱਤੀ ਤਹਿਜ਼ੀਬਾਂ ਦੇ ਤੀਰਾਂ। ਨਾਂਹ ਮੂਰਛਾ ਥਰਹਰ ਕੰਬੇ ਨਾਂਹ ਤਾਂ ਜਾਨ ਪਿਆਸੀ, ਹਿੱਕੋ ਸੀਤ ਹਾ ਵਿਚ ਘਿਰੀਆਂ ਜੂਨਾਂ ਲੱਖ ਚੌਰਾਸੀ। ਸੀਤ ਹਾ ਦਾ ਭੌਜਲ ਕਾਲਾ ਪੁਰਸਲਾਤ ਤੋਂ ਸੁੱਟੇ, ਬੇਬਸ ਕੂਕ ਮੇਰੀ ਲਈ ਤੜਪੇ ਕਬਰੀਂ ਕਾਲ ਨਿਖੁੱਟੇ। ਭਾਰ ਪਹਾੜਾਂ ਹੇਠਾਂ ਸੁੱਤੇ ਬਾਲ-ਵਰੇਸ ਦੇ ਹਾਣੀ ! ਮਲ੍ਹਿਆਂ ਦੇ ਵਿਚ ਨਦੀਆਂ ਸਾਮ੍ਹੇ ਮੰਗਦੇ ਮਰ ਗਏ ਪਾਣੀ। ਮੋਇਆਂ ਲਈ ਹੰਝੂ ਨ ਆਵਣ ਨ ਮੂਰਛਾ ਡੋਲੇ । ਕਬਰਾਂ ਤਾਣ ਦਿੱਤੇ ਲੋਹ-ਤੰਬੂ ਧੁੰਧੂਕਾਰ ਨ ਬੋਲੇ। ਕਦੇ ਕਦੇ ਲਿਸ਼ਕੇ ਇਕ ਕਤਰਾ ਨ੍ਹੇਰ ਦਾ ਭੌਜਲ ਲੰਘੇ। ਰੰਗ-ਫੁਹਾਰ ਵਰ੍ਹੇ ਜਦ ਕੋਈ ਵਾਟ ਥਲਾਂ ਦੀ ਹੰਭੇ। ਮੇਰੀ ਮੂਰਛਾ ਨੂੰ ਸੀ ਬੰਨ੍ਹਿਆ ਉਂਞ ਤਾਂ ਤੇਜ਼ ਅੰਧਾਰੀ। ਐਪਰ ਗਰਜ ਦੀ ਸੁੰਨ 'ਚੋਂ ਲੰਘਦੀ ਬੂੰਦ ਮਹੀਨ ਨਿਆਰੀ; ਪਰਲੈ ਲੰਘ ਜਿਵੇਂ ਕੋਈ ਪਾਂਧੀ ਰੰਗ ਸਿਦਕ ਦੇ ਥੰਮ੍ਹੇ। ਵੇਹਣ ਦੁਆਵਾਂ ਨਦੀਆਂ ਕੰਢੇ ਛਿਪਦੇ ਸੂਰਜ ਵੰਨੇ। ਦੂਰ ਗੁਫ਼ਾ 'ਚੋਂ ਲੋਇ ਪਿਈਣੀ ਨਾਜ਼ਕ ਕੰਪਨ ਖਾਏ, ਜਿਵੇਂ ਕੋਈ ਸੁਪਨੇ ਵਿਚ ਕਤਰਾ ਬੋਲ ਮਹੀਨ ਅਲਾਏ। ਬੱਜਰ ਚੁੱਪ ਮੂਰਛਾ ਦੀ 'ਚੋਂ ਕੁਝ ਹਿੱਲੇ ਪਰਛਾਵੇਂ। ਤਦੋਂ ਕਿਸੇ ਅਰਦਾਸ ਨੇ ਲਿੱਖੇ ਜੀਵਨ ਦੇ ਸਿਰਨਾਵੇਂ। ਫਿਰ ਕੰਨਸੋਅ ਪਈ ਇਕ ਦੂਰੋਂ ਬਾਣਿ ਵੈਰਾਗਣ ਝੀਣੀ। ਮੇਰੀ ਮੂਰਛਾ ਦੇ ਵਿਚ ਕੰਬੀ ਲੰਮੀ ਵਾਟ ਉਡੀਣੀ। ਨ੍ਹੇਰਾਂ ਦੇ ਝੁਰਮੁਟ ਚੋਂ ਉਠੀਆਂ ਹੜ੍ਹ ਵਾਂਗੂੰ ਫ਼ਰਿਆਦਾਂ। ਵੱਡੇ ਥੱਲਾਂ ਦੇ ਸਾਮ੍ਹੇ ਖੜੀਆਂ ਕੋਟ ਫ਼ਕੀਰੀ ਯਾਦਾਂ। + + + + + ਸਦੀਆਂ ਦੀ ਮੈਂ ਸਿਖਰ 'ਤੇ ਤਾਰਾ ਤੱਕਿਆ ਕੋ। ਵੱਡੇ ਭਾਰੇ ਥਲਾਂ ਵਿਚ ਕੱਲਮ ਕੱਲੀ ਲੋਅ। ਪੈਰਾਂ ਹੇਠਾਂ ਉਠਦੇ ਅਗਨ ਭਬੂਕੇ ਰੋ, ਭਸਮ ਕਰੇਂਦੀ ਗ਼ਜ਼ਬ ਖਾ ਰੋਹੀਆਂ ਦੀ ਕੰਨਸੋਅ। ਕਦਮ ਹਨੇਰੇ ਪੁੱਟਦੇ ਲੈ ਤਾਰੇ ਦੀ ਟੋਹ, ਹੌਕਾ ਲੈ ਕੇ ਆ ਜਾਂਵਦੇ ਕੰਦਰਾਵਾਂ ਵਿਚ ਖੋ। ਵੱਡੇ ਤੜਕੇ ਥਲਾਂ ਵਿਚ ਪਰਬਤ ਦਿਸਦਾ ਕੋ, ਜਿਸ ਵਲ ਡਾਚੀ ਸਮੇਂ ਦੀ ਉਮਰਾਂ ਰਹੀ ਹੈ ਢੋਅ, ਜਿਸਦੀ ਸੁੱਤੀ ਨਜ਼ਰ ਵਿਚ ਥਰਹਰ ਟਿਮਕਣ ਮੋਹ; ਜਿਸ ਦੀ ਸੁੰਞੀ ਤਲੀ 'ਤੇ ਆਦਮ ਦੀ ਖੁਸ਼ਬੋ, ਕੁਝ ਪੈਂਡੇ ਪਿਆ ਵੇਖਦਾ ਮੋਇਆਂ ਨਾਲ ਖਲੋ, ਜੋ ਵਿਚ ਭਰਿਆਂ ਛਾਲਿਆਂ ਦੇਂਦਾ ਕੇਰ ਡੁਬੋ। + + + + + ਵੜਿਆ ਥਲਾਂ ਦੇ ਵਿਚ ਮੈਂ, ਦਾਮਨ ਕਾਲ ਦਾ ਚੁੰਮ, ਹੋਸ਼ਾਂ ਦੇ ਵਲ ਆਈਆਂ ਕੋਟ ਇਕੱਲਾਂ ਘੁੰਮ। ਹਿੱਕੋ ਪਲ ਵਿਚ ਹੋਇਆ ਹੜ੍ਹ ਸਮਿਆਂ ਦਾ ਗੁੰਮ, ਐਪਰ ਧੂੜੀ ਖੜਕਦੇ ਸੈ ਘੋੜਾਂ ਦੇ ਸੁੰਮ। ਥਲ ਦੀ ਡੂੰਘ 'ਚ ਡੁੱਬਦੀ ਜਦ ਤਾਰੇ ਦੀ ਲੋਅ, ਲਰਜ਼ਨ ਦਿਲ ਦੀ ਰੈਣ ਵਿਚ ਬਹੁਤ ਪੁਰਾਣੇ ਮੋਹ। ਫਿੱਕੀ ਚਮਕ ਖ਼ਲਾ ਦੀ, ਦਿਲ 'ਤੇ ਮਾਰੇ ਚੋਕ । ਪਾਣੀ ਮੰਗਦੇ ਪੰਖਣੂ, ਪਤਾ ਨਹੀਂ ਕਿਸ ਲੋਕ ? ਵਿਛੜੇ ਛਿਣ ਜੋ ਸੂਰਜੋਂ, ਨ੍ਹੇਰਾਂ ਵਿੱਚ ਫ਼ਕੀਰ। ਸੁੱਕੇ ਸਰਵਰ ਵੇਖ ਕੇ, ਜਿਉਂ ਪੰਖੀ ਦਿਲਗੀਰ । ਨ੍ਹੇਰ ਦੇ ਪਾਟ ਜੋ ਡਿੱਗਿਆ ਪੰਖ ਪੁਰਾਣਾ ਹੋ, ਸਿੱਕ ਓਸ ਦੀ ਗਈ ਹੈ ਨਾਲ ਉਡਾਣਾਂ ਕੋ। ਕਿਤਨੇ ਅੰਬਰ ਤੁਰੇ ਨੇ ਤੋੜ ਕੇ ਨਾਗਰ ਹੇਕ, ਸੰਭਲ ਬੁੱਕ ਨ ਭਰੇ ਨੇ ਰਵੀ-ਚੰਦ ਨੇ ਦੇਖ। ਡੂੰਘੇ ਖੂਹ ਵਿਚ ਡੁੱਬ ਗੇ, ਤਕ ਮਿਅਰਾਜਾਂ ਸੇਖ਼। ਪਾ ਸਕੇ ਇਲਹਾਮ ਨ ਭਾਰੀ ਹੜ੍ਹ ਤੇ ਰੇਖ। ਮਿਟ ਗਏ ਰਵੀ ਦੇ ਕੰਬਦੇ ਹੌਲੇ ਪੱਤ ਤੋਂ ਲੇਖ, ਫਿਰ ਵੀ ਥਲਾਂ 'ਚ ਉਤਰਦੇ ਚੁੱਕ ਪੁਰਾਣਾ ਸੇਕ। ਬੀਜ ਦੇ ਸੁਪਨੇ ਰਿਹਾ ਨ, ਵਣਾਂ ਦਾ ਲੰਮਾ ਰਾਜ। ਲੱਖਾਂ ਸੱਸੀਆਂ ਮਰਨ ਜੇ ਬ੍ਰਿਛ ਨ ਮਾਰਨ 'ਵਾਜ। ਦੀਪ ਦੀ ਲੋਅ ਬਿਨ ਵੇਖਦੀ ਸਦੀਆਂ ਬਾਂਝ ਨਮਾਜ਼ ਮੋਇਆਂ ਦੀ ਚੁੱਪ ਥਲਾਂ ਵਿਚ ਸੁਲੇਮਾਨਾਂ ਦੇ ਤਾਜ। ਸੁੱਤੇ ਦੇਸ ਬਿਗਾਨੜੇ ਸਹਿਮ ਮਾਵਾਂ ਦੇ ਬੋਲ, ਤਕ ਰਹੇ ਜੀਰਾਣ ਕੁਝ ਦਰ ਨਬੀਆਂ ਦੇ ਖੋਲ੍ਹ। ਗਠੜੀ ਚੁੱਕ ਗੁਨਾਹ ਦੀ ਰੇਤਾਂ ਸੀਨਿਉਂ ਵਾ, ਪੀਲੇ ਪੱਤਰ ਨਾਲ ਲੈ ਉਠੀ ਕੋਈ ਬਲਾ! ਪੁੱਟੇ ਥਲਾਂ ਦੇ ਵਿਚ ਮੈਂ ਕਦਮ ਇਕ ਜਾਂ ਦੋ; ਧੁੰਧੂਕਾਰ 'ਤੇ ਪੈ ਗਈ ਪਤਲੀ ਪਤਲੀ ਲੋਅ। ਪਰਵਾਜ਼ਾਂ 'ਤੇ ਲਟਕਦੇ ਸੁੰਨ ਹੋਏ ਸ਼ਾਹ ਬਾਜ਼; ਡਿਗਦੇ ਖ਼ੂਨ 'ਚ ਜੰਮਦੇ ਜ਼ਹਿਰੀ ਥਲਾਂ ਦੇ ਰਾਜ਼। ਬੰਨ੍ਹੇ ਪੈਰੀਂ ਰੇਤ ਕੁਝ ਚੁੱਪ ਖੜੀ ਬਦਨੀਤ; ਮੇਰੇ ਸਾਹ 'ਤੇ ਉਲ੍ਹਰਦੇ ਨ੍ਹੇਰ ਹੋਏ ਭੈਅ ਭੀਤ। ਵੱਡੇ ਤੜਕੇ ਦੇ ਰਿਹਾ, ਇੱਕੋ ਤਾਰਾ ਲੋਅ; ਕਾਲੀ ਜੀਭ ਗੁਨਾਹ ਦੀ ਮੁੜ ਮੁੜ ਰਿਹਾ ਏ ਧੋ। ਸੁੱਕੇ ਬ੍ਰਿਛਾਂ ਲਟਕਦੇ, ਪਰਛਾਵੇਂ ਗੰਭੀਰ। ਤਨ ਦਰਵੇਸ਼ਾਂ ਸੰਦੜੇ, ਰਾਤੀਂ ਦਿੱਤੇ ਚੀਰ। ਮੇਰੇ ਤਨ 'ਤੇ ਵਜਦੇ ਤੁੰਦ ਖ਼ਾਬ ਬੇਪੀਰ, ਕੌੜੇ ਹਾਸੇ ਹੱਸਦੇ, ਖ਼ਾਲੀ ਹੱਥ ‘ਅਖ਼ੀਰ’। ਹਾੜ ਬੋਲਦੇ ਸੁਣਦੀਆਂ ਮੇਢੀਆਂ ਉਲਝ ਕਰੀਰ । ਲੀਰਾਂ ਥਲ ਵਿਚ ਰੁਲਦੀਆਂ ਰੋ ਰੋ ਗਏ ਫ਼ਕੀਰ। ਤਾਰੇ ਦੀ ਲੋਅ ਵੇਖਿਆ, ਪਰਬਤ ਦੂਰ ਅਤੀਤ। ਪਿੱਛੇ ਮੁੜੇ ਨਾ ਦੇਣ ਲਈ ਕਦੇ ਦਿਲਾਸਾ ਮੀਤ। ਖੁਸ਼ਕ ਯੁਗਾਂ ਦੇ ਪਾਟ ਨੇ, ਸੁੰਞੀ ਜਿਵੇਂ ਸਰਾਂ। ਮਿਰਜ਼ੇ ਬਾਝੋਂ ਹੋ ਗਈ, ਖ਼ਾਲੀ ਥਲ ਦੀ ਛਾਂ। ਦਿੱਸਹੱਦੇ 'ਤੇ ਰੁਕੀ ਹੈ, ਬੁਝ ਬੁਝ ਧੁੰਧਲੀ ਲੋਅ। ਤਨ-ਮਨ ਹੋੜ ਜਲਾਂਵਦੀ ਸਾਰੇ ਥਲ ਦੀ ਖੋਹ। ਮੇਰੀ ਨਜ਼ਰ ਚੋਂ ਤੋੜਦੀ, ਕੁਲ ਰੁੱਤਾਂ ਦੀ ਛੋਹ। ਇਕ ਤਸਵੀਰ ਵੀ ਬਣੀ ਨ, ਸੈ ਗਗਨਾਂ 'ਚੋਂ ਹੋ। ਮੇਰੇ ਕੰਠ ਦੇ ਹੇਠ ਨੇ, ਸੁੱਕੇ ਸਿੰਧ ਅਨੇਕ। ਜਿਹੜੇ ਕਾਲ ਦੀ ਇਕ ਵੀ ਵੇਖ ਨ ਸੱਕਣ ਰੇਖ। ਪਰਦੇ ਹੇਠ ਗੁਨਾਹ ਨੇ, ਪਤਝੜ ਪਾਰੋਂ ਦੇਖ; ਦੇਖੋ ਤੱਤੀ ਵਾ ਵਿਚ, ਕਬਰਾਂ ਪੁਟਦੇ ਸ਼ੇਖ਼। ਝੁਲਦੇ ਝੱਖੜ ਮਾਰ ਕੇ ਸੁੰਨ ਚੜ੍ਹੇ ਬੇ-ਕਾਜ; ਪ੍ਰਲੈ ਜਿਸ 'ਤੇ ਨੱਚਦੀ ਲੱਭ ਰਹੀ ਉਹ ਤਾਜ। ਸਾਂਭੇ ਬੁੱਢੇ ਸਮੇਂ ਨ ਰੁਲਦੇ ਹੋਏ ਸ਼ਹੀਦ। ਹੂੰਗਰ ਹੇਠਾਂ ਦੱਬਦੀ, ਬਾਲਪਨੇ ਦੀ ਦੀਦ। ਮੈਂਡੇ ਸਾਹੀਂ ਚੜ੍ਹ ਰਹੇ, ਧੂੜਾਂ ਵਾਂਗ ਸਰਾਪ। ਰੋਗ ਅਬੋਲ ਨ ਦੱਸਦੇ, ਕਿਸ ਘਰ ਜਾਣਾ ਆਪ। ਬੰਨ੍ਹਿਆ ਕਹਿਰ ਅਗੰਮ ਦੇ, ਮੈਂ ਖ਼ਾਲੀ ਬੇ-ਨੂਰ- ਥਲ ਵਿਚ ਪਰਬਤ ਸਿਖਰ 'ਤੇ ਚਮਕਿਆ ਜੁਗਨੂੰ ਦੂਰ। ਧੁੰਧਲੀ ਸਿਖਰ 'ਤੇ ਜਾਪਿਆ, ਕੁਝ ਰੂਹਾਂ ਦਾ ਜ਼ੋਰ; ਭਾਂਬੜ ਬਾਲ ਕੇ ਧੁੰਧ ਵਿਚ ਛਿਪ ਜਾਵਣ ਵਿਚ ਭੋਰ । ਜਿਵੇਂ ਮਹੀਨ ਫੁਹਾਰ ਦੇ ਬਿਜਲੀ ਚੁੱਕ ਸਰੂਰ; ਲੁਕ ਬ੍ਰਿਛਾਂ ਨੂੰ ਲਾਂਵਦੀ, ਪਲ ਵਿਚ ਯੁਗਾਂ ਦਾ ਨੂਰ। ਹਿਲਦੀਆਂ ਚੁੱਪਾਂ ਜਾਪੀਆਂ, ਗਾੜੀ ਧੁੰਧ ਦੀ ਕੂਟ; ਆਏ ਯੋਗੀ ਕਿਤੋਂ ਨੇ, ਜਾ ਕੁਝ ਕੰਬਦੇ ਬੂਟ। ਸੁੱਕੀ ਤ੍ਰਿਣ ਤੋਂ ਬਾਗ਼ ਹੋ, ਵਿਚ ਪਰਲੋਂ ਦੀ ਅੱਗ, ਫੁੱਟੀ ਵੇਲ ਅੰਗੂਰ ਜਿਉਂ, ਇਉਂ ਮੈਂ ਦਿੱਤੀ ਸੱਦ।:- “ਦੇਵੋ ਸਿਖਰਾਂ ਵਾਲਿਓ, ਸਵਾਂਤ ਬੂੰਦ ਦਾ ਲੋ। ਦਿਲ ਵਿਚ ਕੌੜੀ ਅੱਚਵੀ ਬਹੂੰ ਮਚਾਇਆ ਸ਼ੋਰ । “ਕੁਝ ਤੱਕਣ ਲਈ ਕੱਟਦਾ, ਰਾਹ ਬਰਬਰ ਦੇ ਸੋਗ। ਸਾਜਨ ਮਿਲੇ ਤਾਂ ਜਾਣਗੇ ਪ੍ਰਛਾਵੇਂ ਦੇ ਰੋਗ। “ਜਦ ਸੁਪਨੇ ਨੂੰ ਪਰਤਦਾ, ਉਡਦੀ ਸੋਗੀ ਵਾਟ। ਜਦ ਪ੍ਰਛਾਵਾਂ ਤੋੜਦਾ, ਉੱਠੇ ਚੀਸ ਵਿਰਾਟ। “ਵੈਂਦਾ ਜੈਂਦੇ ਵਸਲ ਲਈ, ਉਸ ਦੇ ਪੰਧ ਤਿਆਰ। ਛੋਹ ਖ਼ਾਬਾਂ ਤੋਂ ਓਸਦੀ ਭਾਰੀ ਕੋਟਾਂ ਵਾਰ। “ਤੱਕਾਂ ਉਸਦੀ ਪਲਕ ਨੂੰ, ਕੜਕਣ ਲੱਖ ਅਤੀਤ। ਅਉਧ ਵਿਹਾਣੀ ਸੁਪਨ ਦੀ ‘ਮੈਂ’ ਲਖ ਜਾਂਦੇ ਬੀਤ। “ਤਨ ਦਾ ਤੀਲਾ ਬਾਲਦੀ, ਸੰਘਣੇ ਵਣਾਂ ਦੀ ਸਿੱਕ ਸੈ ਉਮਰਾਂ ਮੈਂ ਰੁਲਦਿਆਂ, ਮੁੱਖ ਨ ਤੱਕਿਆ ਇਕ। “ਮੈਂ ਸੁਪਨੇ ਨੂੰ ਤੋੜ ਕੇ, ਰੰਗੀ ਨਭ ਦੀ ਦਿੱਖ । ਵਹਿਣ ਸਮੇਂ ਦੇ ਸੁੱਕਣੇ, ਜੇਕਰ ਪਈ ਨ ਭਿੱਖ।" ਮੇਰੀ ਸੱਦ ਚੋਂ ਬਿਜਲੀਆਂ, ਉੱਠ ਜਗਾਏ ਤੂਰ। ਪਰਬਤ ਪਰਬਤ ਕੰਬਦੇ, ਸਜਦੇ ਨੂਰੋ ਨੂਰ। ਨਜ਼ਰਾਂ ਪਰਬਤ ਵਲ ਕਰ ਜਿਉਂ ਮੈਂ ਖੜਾ ਹਮੇਸ਼, ਦੂਰ ਮੁਨ੍ਹੇਰ 'ਚ ਦਿੱਸਿਆ ਕੋ ਸਾਈਂ ਦਰਵੇਸ਼। ਸਿਦਕ ਦੇ ਲੰਮੇ ਹੱਥ ਨੇ, ਪੱਥਰ ਚੁੱਕਿਆ ਕੋ। ਦੂਰ ਅਮ ਪਤਾਲ ਵਿਚ, ਸੁੱਟੀ ਸਮੇਂ ਦੀ ਲੋਅ। ਘਾਇਲ ਹੋਏ ਹਰ ਅੰਗ 'ਤੇ ਰੁਮਕਣ ਲੱਗੀ ਰੁੱਤ। ਚਰਖ਼-ਜ਼ਿਮੀਂ ਦੇ ਮੌਤ-ਰਾਹ ਸੁਪਨਾ ਲੈਂਦੇ ਰੁੱਖ । ਸੁਣਿਆ ਪੱਥਰ ਹੇਠ ਸੀ ਕੁਲ ਕੁਲ ਕਰਦੇ ਵਹਿਣ। ਅਸਲ 'ਚ ਸਾਈਆਂ ਵਾਲੜੇ ਕਾਲ 'ਚ ਛੁਪੇ ਸੀ ਨੈਣ। ਸਜਦਾ ਕੀਤਮੁ, ਜਾਣਿਆਂ ਉਹ ਕੋਈ ਦੂਰ ਦੀ ਨੈਂ। ਅਜੇ ਤਾਂ ਲੰਮੇ ਕਾਲ ਵਿਚ ਪੈਂਡੇ ਕਰਨੇ ਮੈਂ। ਕਰ ਅਰਦਾਸਾਂ ਲੰਮੀਆਂ ਮੈਂ ਉਡਦਾ ਵਲ ਲੋਅ। ਨੂਰੀ ਪੌਣ ਦੀ ਪਤਾ ਨਹੀਂ ਦੂਰ ਦੂਰ ਕਿਉਂ ਛੋਹ ? + + + + + + + + + + ਮੈਂ ਸਾਈਂ ਤੋਂ ਪੁੱਛਿਆ, “ਕਿਉਂ ਹੋ ਤੁਸੀਂ ਪਰੇ ? ਭਾਵੇਂ ਨਿੱਕਾ ਜੀਵ ਮੈਂ, ਲੱਖਾਂ ਦੁੱਖ ਜਰੇ।” ਸਾਈਂ ਹੱਸ ਕੇ ਬੋਲਿਆ, “ਮੈਂ ਨ ਘੁੰਡ ਕਰੇ। ਕੀੜੀ ਤੁਲ ਨ ਹੋਵਣੀ, ਸਾਜਨ ਨਦਰ ਕਰੇ।” ਮੈਂ ਸਾਈਂ ਵੱਲ ਵੇਖਿਆ, ਅੰਬਰੋਂ ਕਹਿਰ ਵਰ੍ਹੇ । ਜੇ ਸਭ ਨੇ ਮਿਟ ਜਾਵਣਾ, ਕਿੱਥੇ ਰੰਗ ਹਰੇ ? ਸਾਈਂ ਮੇਰੀ ਚੁੱਪ ਨੂੰ, ਤੱਕਿਆ ਦੂਰ ਖੜੇ। ਦੱਸਣ ਲੱਗਾ ਫ਼ਜਰ ਦੀ, ਨੈਣੀਂ ਤੀਰ ਚੜ੍ਹੇ : “ਨਦਰ ਦੀ ਛਾਵੇਂ ਬੈਠ ਕੇ, ਕਾਲ ਨ ਹੱਥ ਫੜੇ । ਭਵਜਲ ਦੇ ਵਿਚ ਰਹਿਣਗੇ, ਲੱਖਾਂ ਸਾਸ ਹਰੇ। “ਸਾਹ ਸੂਰਜ ਜਦ ਪੀਂਵਦੇ, ਜਿੰਦ ਵੈਰਾਗ ਵਰੇ। ਵਡ ਸਿਦਕਾਂ ਦੀਆਂ ਮਹਿੰਦੀਆਂ, ਲਾ ਕੇ ਵਾਗ ਫੜੇ। “ਕਿਸ ਦੇ ਜ਼ੋਰ ਹੈ ਥੰਮ੍ਹਣਾ ?, ਥਲ ਤੇ ਸਿੰਧ ਤਰੇ। ਭਾਵੇਂ ਸਾਜਨ ਰਾਂਗਲੇ, ਸੰਭਲ ਬੁੱਕ ਭਰੇ।” ਮੈਂ ਆਖਾਂ : "ਵੇ ਸਾਈਆਂ, ਕਿਉਂ ਕੁਈ ਰੰਗ ਮਰੇ ? ਜਿੰਦਾਂ ਨਿੱਕੀਆਂ ਵੱਡੀਆਂ, ਦਾਮਨ ਰੱਬ ਫੜੇ। ਪੁਛਦਾ ਕਿਉਂ ਨ ਆਇਕੇ ? ਮੈਨੂੰ ਦਰਦ ਬੜੇ।” ਸਾਈਂ ਨੇ ਹੱਸ ਆਖਿਆ, “ਸੁਣ ਓ ਯਾਰ ਖੜੇ; “ਕਾਲ ਦੇ ਅੱਥਰੇ ਵਹਿਣ ਜਦ, ਆਵਨ ਹੁਕਮ ਦਰੇ, ਨਿੱਕੀ ਜਿੰਦ ਜੋ ਰੱਬ ਦੀ, ਉਸ ਤੋਂ ਕਾਲ ਡਰੇ; “ਅਣਦਿੱਸ ਕੂੰਟੀਂ ਓਸਦੇ, ਨਾਮ ਦਾ ਵਹਿਣ ਚੜ੍ਹੇ, ਵਾਟ ਓਸਦੀ ਸਦਾ ਹੀ, ਰਹਿੰਦੀ ਰੱਬ ਘਰੇ।” ਸਾਈਂ ਪਾਰ ਖਲੋਤੜੇ, ਛੋਹ ਤੋਂ ਬਹੁਤ ਪਰੇ, ਜਿੰਦ ਨ ਨਿੱਕੀ ਜੇਹੀ ਵੀ, ਤਾਰ ਮਹੀਨ ਤਰੇ। ਸੰਜਬਰ ਦੀ ਜੋ ਚੁੱਪ ਵਿਚ, ਸਾਈਂ ਕਦਮ ਧਰੇ, ਪਰਲੋਂ ਤੀਕਰ ਝੱਖੜੀਂ, ਪੈਂਡੇ ਹਰੇ ਹਰੇ। ਪਲ ਪਲ ਪੰਛੀ ਉਡਦੇ, ਸਾਈਂ ਪੀੜ ਜਰੇ, ਜਦੋਂ ਥਲਾਂ ਦੀ ਚੁੱਪ ਵਿਚ, ਕੁਈ ਕੁਈ ਬੀਜ ਸੜੇ। ਮੈਂ ਸਾਈਂ ਵੱਲ ਵੇਖਿਆ, ਦਿਲ ਨ ਰੰਗ ਫੜੇ, ਮੈਨੂੰ ਬੇਵਸ ਵੇਖਦੇ, ਲੱਖਾਂ ਦਰਦ ਖੜੇ। + + + + + + + + + + ਪੌਣ ਵਾਂਗ ਅਰਦਾਸ ਵਿਚ ਸੁਣਦਾ ਉਸਦਾ ਬੋਲ। ਲੰਘੇ ਸਿੰਧ ਮੈਂ, ਆਏ ਨ ਪ੍ਰਛਾਵੇਂ ਤੋਂ ਕੋਲ । ਸੋਚਾਂ : ਪਾਵਨ ਚਰਨ ਸੰਗ ਜੇ ਮੈਂ ਛੋਹਵਾਂ ਜਿੰਦ; ਕਿੰਨੇ ਪੈਂਡੇ ਹੋਣਗੇ ਹਰੀ ਭਰੀ ਉਸ ਬਿੰਦ। ਥਲ ਵਿਚ ਕੌਮਾਂ ਘੁੰਮੀਆਂ, ਲਸ਼ਕਰ ਕਰਨ ਗੁਮਾਨ। ਕਾਲ ਦੇ ਆਦਿ ਤੇ ਅੰਤ ਵਿਚ ਕਿਸ ਥਾਂ ਡਿੱਗੇ ਵਾਣ ? “ਸਾਈਂ ਇੰਞ ਨ" ਕਿਹਾ ਮੈਂ “ਬਾਰ ਬਿਗਾਨੇ ਰੋਲ, ਕਿੰਞ ਇਕ ਅੱਖਰ ਰਹੇਗਾ, ਭਵਜਲ ਕਰਦੇ ਘੋਲ ?" ਬੋਲ ਸਾਈਂ ਦੇ ਖੇਡਦੇ, ਚੁੱਪਾਂ ਦੇ ਘਮਸਾਨ । ਕਾਫ਼ਲਿਆਂ ਦੇ ਪਾਰ ਤਕ, ਨਜ਼ਰਾਂ ਕਰਨ ਉਡਾਣ। ਸਾਈਂ ਕਹਿੰਦਾ “ਰੰਗਦੀ, ਕੌਮਾਂ ਨੂੰ ਅਰਦਾਸ। ਪੈਂਡਾ ਜਦ ਕੋਈ ਬਣੇ ਨ, ਕਬਰ ਹਨੇਰੀ ਵਾਸ ! “ਆਦਿ-ਅੰਤ ਜਦ ਕਾਲ ਦੇ ਟੁੱਟ ਟੁੱਟ ਪੈਣ ਉਜਾੜ ਫਿਰ ਵੀ ਕਿਰਨ ਮਲੂਕ ਆ ਝਖੜੀਂ ਕਰੇ ਸ਼ਿੰਗਾਰ। “ਨਿਕੇ ਬੀਜ ਤੇ ਲਿਖਦੀਆਂ, ਅਣਦਿੱਸ ਸਦੀਆਂ ਲੇਖ ! ਤਾਰਾ ਮੰਡਲ ਖਿਚਦੀਆਂ, ਬੋਲ ਮਹੀਨ ਦੇ ਹੇਠ।” ਮੈਂ ਪੁੱਛਿਆ “ਬਿਨ ਵਣਾਂ ਦੇ, ਪੌਣਾਂ ਸਿੱਕ ਸਿੱਕ ਜਾਣ । ਕਬਰੀਂ ਚੜ੍ਹ ਕੀ ਵੇਖਦੇ, ਕੌਮਾਂ ਦੇ ਸੁਲਤਾਨ ?” ਸਾਈਂ ਦਸਦਾ “ਜਾਗਿਆ, ਮੁੜ ਨ ਪਹਿਲਾ ਬੋਲ । ਆਦਮ ਦਾ ਦਿਹੁੰ ਬੀਤਿਆ ਦਿਲ ਦੀਆਂ ਸੁੰਞਾਂ ਫੋਲ। “ਦਿਲ ਦੀ ਸੁੰਞ ਚੋਂ ਕਾਫ਼ਲੇ, ਤੁਰਦੇ ਲਹੂ-ਲੁਹਾਣ। ਸੁੱਕੀਆਂ ਨਦੀਆਂ ਸਾਮ੍ਹਣੇ, ਅੱਥਰੂ ਭਰੇ ਰਕਾਨ। “ਸੁਣ ਨਦੀਆਂ ਸੁਕ ਜਾਂਦੀਆਂ, ਸੁੰਞੇ ਦਿਲ ਦੀ ਬਾਂਗ। ਅੰਧ ਗੁਬਾਰ ਅਕਾਸ਼ ਦੇ, ਦੂਰੋਂ ਮਾਰਨ ਸਾਂਗ।” ਕੀਤੀ ਅਰਜ਼ ਮੈਂ “ਕੀ ਨੇ ਅਰਦਾਸਾਂ ਦੇ ਰਾਹ ? ਫੜੇ ਕਸੈਲੀ ਅੱਚਵੀ ਜਦ ਕੌਮਾਂ ਦੇ ਸਾਹ!” ਸਾਈਂ ਬੋਲੇ “ਕਾਲ ਵਿਚ ਅਰਦਾਸਾਂ ਦੀ ਜਾਹ ਟੁੱਟਦੇ ਚਰਖਾਂ ਸਾਹਮਣੇ ਚਮਕਾਂ ਹੋਣ ਗਵਾਹ; “ਕਾਲੇ ਖੂਹ ਦੇ ਲਹੂ 'ਚੋਂ ਜਦ ਕਦ ਉਠਦਾ ਸੋਗ ਚਹੁੰ ਕੂੰਟਾਂ ਵਿਚ ਕੂਕਦਾ ਜਦ ਪੂਰਨ ਦਾ ਰੋਗ । “ਅਣਦਿੱਸ ਕਾਲ 'ਚੋਂ ਕਾਲ ਦੇ ਜਲ ਬਲ ਵਰ੍ਹਦੇ ਮੇਘ, ਚੜ੍ਹ ਬਿਜਲੀ ਦੇ ਘੋੜ 'ਤੇ ਕਾਲ 'ਚ ਮਾਰਨ ਤੇਗ। “ਝਿਮ ਝਿੰਮ ਮਣ ਤੋਂ ਵੇਂਹਦੀਆਂ ਅਰਦਾਸਾਂ ਭਰ ਨੀਰ ਬੱਚੇ ਅੰਗ ਜਗਾਂਦੀਆਂ, ਜਿਉਂ ਕੋ ਬ੍ਰਿਛ ਸਮੀਰ। “ਕਣੀਆਂ ਅਣਦਿੱਸ ਚੁੰਮੀਆਂ ਇਕਤ ਪਇਆਂ ਪਾਸ; ਕਾਲੇ ਗਹਿਰੇ ਖੂਹ ਜਾ ਜਲਦੇ ਬੁਝ ਬੁਝ ਮਾਸ। “ਅਣਦਿੱਸ ਕਾਲ ਹੈ ਵੇਖਦਾ ਮਾਣਸ ਬੇ-ਦਰੇਗ਼, ਰਮਜ਼ਾਂ ਨਾਲ ਵਰ੍ਹਾਂਵਦਾ ਅਰਦਾਸਾਂ ਦੇ ਮੇਘ। “ਜੋਬਨ ਫੇਰ ਫ਼ਕੀਰ ਬਣ ਤੁਰਦਾ ਨਦੀਆਂ ਨਾਲ। ਬਾਗ਼ਾਂ ਛਾਵੇਂ ਬੈਠਦਾ ਚਿਰ ਤੋਂ ਜ਼ਖ਼ਮੀ ਕਾਲ।” ਮੈਂ ਝੁਕ ਝੁਕ ਰੋ ਆਖਿਆ : “ਬੋਲ ਤੁਹਾਡੇ ਮਾਂ। ਤੁਸੀਂ ਦੂਰ ! ਕਿਉਂ ਮਿਲੋ ਨ ? ਮਿਲੇ ਤੁਹਾਡੀ ਛਾਂ।” ਨਿਆਰੀ ਰਮਜ਼ ਫ਼ਕੀਰ ਦੀ ਭਿੰਨੀ ਲੋਇ ਮਹੀਨ, ਤਾਰੇ ਪੈਂਡੇ ਮਾਰ ਕੇ ਆਏ ਝਿੰਮ ਝਿੰਮ ਪੀਣ। ਮੈਂਡੇ ਖ਼ਾਲੀ ਦਿਲੇ ਨੂੰ ਆਇਆ ਉਦੋਂ ਯਕੀਨ, ਨੂਰੀ ਕਾਸੇ ਉਂਝ ਤਾਂ ਚਿਰ ਤੋਂ ਪੈਂਡੇ ਜੀਣ। ਸਾਈਂ ਕਹਿੰਦਾ : ਕਦੇ ਨ ਸਾਬਤ ਮੈਂਡੀ ਲੋ, ਭਾਵੇਂ ਸਾਹਮੋ ਦਿਸਾਂ ਮੈਂ ਭਾਵੇਂ ਛਿਪ ਜਾਂ ਹੋ। “ਦਿਲਾਂ ਦੇ ਪਰਦੇ ਵਿਚ ਹੀ ਘੁੰਮਦੇ ਮੈਂਡੇ ਨਾਂ। ਕੁਝ ਲਈ ਦੂਰ ਦੁਰਾਡੜਾ ਕੁਝ ਲਈ ਕਾਲੀ ਛਾਂ। “ਸੁਲਤਾਨਾਂ ਦੇ ਜ਼ੋਰ ਵਿਚ ਕੁਝ ਲਈ ਜਾਵਾਂ ਖੋ; ਕੁਝ ਤਾਂ ਕਹਿਰ ਨੂੰ ਸੱਦਦੇ ਕੁਝ ਤਾਂ ਪੈਂਦੇ ਰੋ।” + + + + + ਕਹਿ ਦਰਵੇਸ਼ ਗਿਆ ਛਿਪ ਦੂਰੀ, ਰਮਜ਼ ਮਿਲੀ, ਪਰ ਰਹੀ ਅਧੂਰੀ। ਛਮਕਾਂ ਮਾਰਨ ਡੂੰਘੀਆਂ ਵਾਟਾਂ, ਦੂਰ ਉਦਾਸ ਧੂੜ ਵਿਚ ਟਾਪਾਂ। ਤੱਕੀਆਂ ਪਾਣੀ ਭਰਦੀਆਂ ਨਾਰਾਂ, ਲਹੂ-ਲੁਹਾਣ ਹੋਏ ਅਸਵਾਰਾਂ। ਤੱਕਾਂ ਜਦ ਗੁਜਰਾਤ 'ਚ ਮੋਏ, ਕੁਝ ਕੁਝ ਦਰਸ ਮਾਹੀ ਦਾ ਹੋਏ। ਫ਼ਜਰ ਤੋਂ ਪਹਿਲਾਂ ਹੈ ਰੁਣਝੁਣਦੀ, ਸੁਪਨ ਪਰੇ ਕੰਨਸੋਅ ਕੁਈ ਬੁਣਦੀ। ਸਦੀਆਂ ਪਹਿਲਾਂ ਬਾਂਗ ਜਾਂ ਹੁਣ ਦੀ ? ਬਾਹਰਵਾਰ ਬਗ਼ਦਾਦ ਦੇ ਸੁਣਦੀ। ਜਲਵਾ ਜਦੋਂ ਇਲਾਹੀ ਛਾਏ, ਖ਼ੂਨੀ ਰਣਾਂ ਦਾ ਸੁਪਨਾ ਆਏ। ਸਾਈਂ ਦੂਰ, ਮਿਲਣ ਖ਼ੁਸ਼ਬੋਆਂ। ਨੀਲ ਘੋੜ ਦੀਆਂ ਸੁਣਦੀਆਂ ਸੋਆਂ। ਪਰ ਨ ਜਲਵਾ ਪੂਰਾ ਹੋਇਆ, ਮੈਂ ਨ ਮਾਹੀ ਨਾਲ ਖਲੋਇਆ। ਦਸਿਆ ਦਾਰ ਉੱਤੇ ਮਨਸੂਰਾਂ “ਸੂਰਜ ਚੜ੍ਹਣ ਨ ਦਿਲ ਦੀਆਂ ਧੂੜਾਂ, “ਜਦ ਤਕ ਦਾਰ ’ਤੇ ਪੈਣ ਨ ਭੂਰਾਂ ਦਿਲ ਬਹਿਸ਼ਤ ਨਹੀਂ, ਨ ਹੂਰਾਂ।” ਜਲਵਾ ਓਨਾ ਰੌਸ਼ਨ ਦਿਲ ਦਾ, ਜਿਨ੍ਹਾਂ ਥਲ ਵਿਚ ਮਾਹੀ ਮਿਲਦਾ। ਸਾਈਂ ਗਿਆ ਮੈਂ ਕੇਹਾ ਸੁਆਲੀ! ਸੂਰਜ ਚੜ੍ਹਿਆ, ਅੱਖੀਆਂ ਖ਼ਾਲੀ। + + + + + ਫ਼ਜਰ ਨੂੰ ਤੰਬੂ ਪੁੱਟ ਲਏ ਮਿਰੇ ਦਿਲ ਦੇ ਲੋਕਾਂ, ਚੁੱਕ ਪੈੜਾਂ ਦੀ ਸੁੰਞ ’ਚੋਂ ਥਲ ਮਾਰੇ ਚੋਕਾਂ। ਪਰਬਤ ਉੱਤੇ ਪਿਆਸ ਬਿਨ ਨਾਂਹ ਕੋ ਪਰਛਾਵਾਂ, ਖੁਭੀਆਂ ਕਿਸੇ ਖ਼ਲਾ 'ਚੋਂ ਕੁਝ ਪੱਥਰੀਂ ਨੋਕਾਂ। ਕਿਸ ਨੂੰ ਮਿਲਿਆਂ ਮਿਲਣਗੇ ਪਰਦੇਸ ਚ ਮੈਨੂੰ, ਸ਼ਰਤਾਂ ਕੁਝ ਨ ਰੱਖੀਆਂ ਅਸਮਾਨ ਦੇ ਲੋਕਾਂ। ਸਜਦੇ ਫ਼ਜਰ ਨੂੰ ਲਭਦੇ ਉਸ ਸਿਖਰ ਤੋਂ ਪਾਣੀ, ਮੈਂ ਨ ਕਾਲ ਫ਼ਕੀਰ ਦੇ ਕਦੇ ਰਾਹ ਨੂੰ ਰੋਕਾਂ। ਮੈਨੂੰ ਕੁਝ ਪਰਵਾਹ ਨ ਰੋਹ ਚਰਖ਼ ਦੀ ਯਾਰੋ, ਰੱਬ ਦੇ ਬੰਦੇ ਜਾਣ ਨ ਜੇ ਛੱਡ ਕੇ ਝੋਕਾਂ। ਤੱਤੀ ਵਾਏ ਝੁਲਸਿਆ ਤੂੰ ਬੋਲ ਪੁਰਾਣਾ, ਮੈਂ ਤਾਂ ਫ਼ਜਰ ਦੀ ਨੀਂਦ ਨੂੰ ਕਦੇ ਭੁੱਲ ਨ ਝੋਕਾਂ। ਭੋਲੀ ਤ੍ਰਿਣ ਕਿਉਂ ਕੰਬਦੀ ਤਕ ਅੰਬਰ ਡਾਢੇ, ਮੈਂ ਤਾਂ ਨੀਂਦ ਦੀ ਬੂੰਦ 'ਤੇ ਥਲ ਤਪਦੇ ਜੋਖਾਂ। ਸੁਣ ਸੂਰਜ ਬੇਗਾਨਿਆਂ ਕਿਉਂ ਅੱਗ ਵਰ੍ਹਾਈ ? ਜੁਗਨੂੰ ਦਾਮਨ ਲੱਗ ਮੈਂ ਲਖ ਭਵਜਲ ਘੋਖਾਂ। + + + + + ਫ਼ਜਰਾਂ ਕਿੱਥੇ ਲੱਥੀਆਂ ਥਲ ਵਾਟ ਸਤਾਣੀ, ਪੰਛੀ ਰਹੇ ਨ ਪਰਬਤਾਂ ਤੇ ਬੂੰਦ ਨ ਪਾਣੀ। ਸੁਣੀ ਮੈਂ ਵਿਚ ਬੇਹੋਸ਼ੀਆਂ ਸੀ ਪੀੜ ਦੀ ਹੂੰਗਰ, ਕਦੇ ਤਾਂ ਆ ਕੇ ਪੁੱਛਦੇ ਮੈਨੂੰ ਰਾਹ ਕਰਵਾਨੀ। ਅੱਧੀ ਰਾਤ ਦੀ ਚੁੱਪ ਹੈ ਮੇਰੇ ਬੋਲ 'ਤੇ ਸੁੱਤੀ, ਜਦੋਂ ਤੋਂ ਸੁੱਤਿਆਂ ਛੋਡ ਗਏ ਮੇਰੀ ਉਮਰ ਦੇ ਹਾਣੀ। ਕਾਲ ਦੇ ਹੜ੍ਹ ਵਿਚ ਅਸਾਂ ਦੀ ਕਿਸੇ ਸਾਰ ਨ ਲੀਤੀ, ਰਾਹ ਰਹੀ ਮਿਰੇ ਉਡੀਕਦੀ ਕੋਈ ਸ਼ਾਖ਼ ਨਿਮਾਣੀ। ਓਦੋਂ ਅੰਬਰ ਨਾਲ ਮੈਂ ਸਾਂ ਬੁੱਢਾ ਹੋਇਆ, ਕਬਰੀਂ ਕੌਮਾਂ ਵੇਖਦੀ ਜਦ ਪੌਣ ਪੁਰਾਣੀ। ਤੀਰ ਯਜ਼ੀਦ ਨ ਪਾਣੀਆਂ, ਰੋ ਪਿਆਸ ਤੋਂ ਸੁਣਿਆਂ, “ਰੰਗ ਹੁਸੈਨ ਸੀ ਨਬੀ ਦੀ ਵਿਚ ਨਜ਼ਰ ਸੁਹਾਣੀ।” ਸੂਰਜ ਡੁੱਬਣ-ਚੜ੍ਹਨ ਦੀ ਚੁੱਪ ਦਿਲਾਂ ਤੋਂ ਡੂੰਘੀ, ਗੁਜ਼ਰੀ ਲੰਮੀ ਵਾਟ ਉਹ ਮਿਰੇ ਅੱਥਰੂ ਥਾਣੀ। ਸੁੱਤੀਆਂ ਯਾਦਾਂ ਸਾਮ੍ਹਣੇ ਮੈਂ ਮੁੜ ਮੁੜ ਜਾਵਾਂ, ਮੇਲੇ ਭਰੇ 'ਚ ਪੀ ਲਏ ਮੈਂ ਮੌਤ ਦੇ ਪਾਣੀ। ਰੰਗ ਕਸੁੰਭਾ ਨਾਲ ਹੀ ਹੱਸ ਵਣ ਪਏ ਖੇਡਣ, ਕਿੱਥੇ ਵੰਝਲੀ ਰਾਂਝਣਾ ਮੈਂ ਭਰੀ ਵਿਹਾਣੀ। + + + + + + + + + + ਫੇਰ ਦੁਪਹਿਰਾਂ ਆਈਆਂ ਬੰਨ੍ਹ ਅਗਨ-ਵਹੀਰਾਂ, ਲੂ ਵਿਚ ਕੋਹੇ ਕਾਫ਼ਲੇ ਦੀਆਂ ਉਡਦੀਆਂ ਲੀਰਾਂ। ਕੀ ਹੋਇਆ ਜੇ ਕਾਫ਼ਲੇ ਇਸ ਥਲ ਵਿਚ ਕੋਹੇ ? ਬੁੱਲਿਆਂ ਦੇ ਵਿਚ ਰੁਲਦੀਆਂ ਕੰਬ ਰੋਣ ਜ਼ਮੀਰਾਂ। ਚੜ੍ਹੇ ਕੁਸੈਲੇ ਬੁੱਲਿਆ, ਖੰਭ ਫੇਰ ਤੂੰ ਮਾਰੀਂ- ਮੇਰੇ ਖ਼ੂਨ 'ਚ ਰੱਖ ਜਾ ਵਿਸ-ਭਰੀਆਂ ਪੀੜਾਂ। ਕੰਬਦੀ ਮੇਰੀ ਇਕੱਲ ਤੇ ਥਲ ਤਪ ਤਪ ਚੜ੍ਹਿਆ, ਉਮਰਾਂ ਕਿੰਝ ਗੁਨਾਹ ਲੈ ਵਲ ਜਾਣ ਨਕੀਰਾਂ ? ਗਠੜੀ ਅਮਲ ਦੀ ਕਦੋਂ ਦਾ ਚੁੱਕ ਥਲ ਵਿਚ ਤੁਰਿਆ, ਕੀ ਰੇਤਾਂ ਵਿਚ ਪੁੱਛਦੀਆਂ, ਤਪ ਤਪ ਤਕਦੀਰਾਂ ? “ਕਿਸ ਰਣ ਦਾ ਅਸਵਾਰ ਤੂੰ ?” ਸੁਣ ਨੀਵੀਂ ਪਾਵਾਂ, ਸਿਖਰ ਦੁਪਹਿਰੀਂ ਪੁੱਛਦੀਆਂ ਖੜ੍ਹ ਰਾਹ ਸ਼ਮਸ਼ੀਰਾਂ। ਥਲਾ ਵੇ ਕਿੱਥੇ ਸੋਹਣੀਆਂ ਤੁਰ 'ਵਾਜਾਂ ਗਈਆਂ ? ਸੁਣੇ ਬਾਲ ਇਸ ਉਮਰ ਦਾ ਹਰ ਪਲ ਤਕਸੀਰਾਂ। ਪੁੱਛਦੀ ਮੌਤ “ਮੈਂ ਰੱਬ ਦੇ ਜਦ ਨਾਮ ਤੋਂ ਹੀਣੀ, ਕੀ ਮੈਂ ਡਾਢੀ ? ਲਾਈ ਨ ਤਕ ਹੇਕ ਫ਼ਕੀਰਾਂ।” ਸੁਣ ਮੌਤੇ ਨਾਂਹ ਦਿਲਾਂ ਦੇ ਜਦ ਰੰਗ ਬੇਗਾਨੇ, ਥਲ ਸੀਨੇ ਰੰਗ ਤੈਂਡੜੇ ਕਢ ਦੇਣ ਸਮੀਰਾਂ। ਮੋਹ ਨ ਜਦ ਪਰਦੇਸ ਵਿਚ, ਕੋ ਬੀਜ ਨ ਰੁੱਤਾਂ। ਗੋਦ ਇਕੱਲਾਂ ਲੀਤੀਆਂ ਮਾਂ ਨੈਣ ਦੇ ਨੀਰਾਂ। ਉਦੋਂ ਕਹਿਰ ਨ, ਥਲਾਂ ਦੇ ਬਸ ਭਰੇ ਸੀ ਮੇਲੇ, ਜਦ ਸਨ ਪੀਲੂ ਪੱਕੀਆਂ ਰੰਗ ਭਰੇ ਕਰੀਰਾਂ। ਅਜ਼ਲ ਤੋਂ ਅਬਦਾਂ ਤੀਕਰਾਂ ਜੋ ਸੁਪਨਾ ਜਾਵੇ, ਉਸਦੀਆਂ ਥਲ ਦੇ ਕਹਿਰ ਨੂੰ ਚੁੰਮ੍ਹ ਜਾਣ ਲਕੀਰਾਂ। ਅਉਧ ਵਿਹਾਣੀ ਕਾਲਿਆਂ ਜਦ ਕੇਸਾਂ ਸੰਦੀ, ਰੰਗ ਅਤੀਤ ਦੇ ਵੇਖਦੀ ਮੈਂ ਨਦੀਆਂ ਚੀਰਾਂ। ਖ਼ਿਆਲ ਅਜ਼ਲ ਦੀ ਅੱਗ ਤਕ ਕਿਉਂ ਕਰੇ ਨ ਪੈਂਡੇ ? ਜੇਕਰ ਸੂਰਜ ਚੜ੍ਹੇ ਨਾਂਹ ਕੰਬ ਜਾਣ ਆਖ਼ੀਰਾਂ। ਭਾਵੇਂ ਕਾਲ ਦੀ ਰਾਖ ਨੇ ਸਭ ਤਾਰੇ ਢੱਕੇ, ਵੇਲ ਅੰਗੂਰੀ ਨਦਰ ਦੀ ਸਿਰ ਝੂੰਮੇ ਪੀਰਾਂ। ਮੈਨੂੰ ਲੰਮੇ ਸਮੇਂ ਵਿਚ ਜਦ ਕੇਚ ਨ ਦਿਸਿਆ, ਮਹਿੰਦੀ ਰੰਗੇ ਖਾਬ ਨੇ ਥਲ ਪਾਈਆਂ ਭੀੜਾਂ + + + + + + + + + + ਸੁੰਞ ਚੁਫੇਰੇ ਲੱਥਦੀ ਥਲ ਰੋਹੀਆਂ ਝੱਲਾਂ। ਆਏ ਰਾਤ ਨ, ਸਮੇਂ ਦਾ ਲੜ ਫੜਨ ਇਕੱਲਾਂ। ਪੁੱਟੇ ਹੋਏ ਤੰਬੂਆਂ ਦੀ ਮਿਟੀ ਨਿਸ਼ਾਨੀ, ਨ ਸ਼ੀਂਹ ਨਦੀ ਨ ਰਾਤ ਹੈ, ਕਿਸ ਨਾਲ ਮੈਂ ਚੱਲਾਂ ? ਨ ਤਾਂ ਤੀਰ ਹੈ, ਬਾਜ਼ ਨ, ਨ ਘੋੜ ਨ ਬੇਲੇ, ਤੁਰਗੀ ਮਿਰੀ ਉਡੀਕ ਜਦ ਮੈਂ ਕਿਸ ਥਾਂ ਖੱਲਾਂ ? ਬਿਰਹੁੰ ਦੀ ਝੀਣੀ ਬਾਣਿ ਦੇ ਹੈ ਨੈਂ ਕੁਈ ਉਹਲੇ, ਸੁਣਾਂ, ਜੋ ਹੁਣੇ ਹੀ ਸਮੇਂ ਦੇ ਕਿਸੇ ਦਰ ਨੂੰ ਮੱਲਾਂ। ਸੰਞ ਦੇ ਘੁੰਡ ਚੋਂ ਵੇਖਦੀ ਥਲ ਰਾਤ ਪੁਰਾਣੀ, ਤਾਰੇ ਜਿਸਦੀ ਟਹਿਣ 'ਤੇ ਬਹਿ ਕਰਦੇ ਗੱਲਾਂ । + + + + + + + + + + ਪਰਬਤ ਦੂਰ ਦੁਰਾਡੜੇ ਥਲ ਸੰਞਾਂ ਪਈਆਂ, ਪੰਖੀ-ਡਾਰ ਨੂੰ ਅੱਖੀਆਂ ਅੱਜ ਤਰਸ ਨੇ ਰਹੀਆਂ। ਰੱਬ ਦੀਆਂ ਗੱਲਾਂ ਵਾਲੜਾ ਰੱਜ ਵੇਖ ਨ ਹੋਇਆ, ਕੀ ਪਰਛਾਵਾਂ ਭਰਮ ਸੀ ? ਕੁੱਲ ਸਮਝਾਂ ਗਈਆਂ ! ਭੈਅ ਵਿਚ ਸਾਸ ਬਿਗਾਨੜੇ ਪਏ ਥਰਹਰ ਡੋਲਣ, ਰੂਹਾਂ ਦਿਲ ਦੇ ਭੇਦ ਕੱਢ ਵਿਚ ਥਲ ਦੇ ਲਹੀਆਂ। ਵਿਛੜੇ ਸੁਪਨੇ ਕਿਸੇ ਨੇ ਉਸ ਪਲ ਵਿਚ ਮੈਨੂੰ, ਆ वे ਬਰਬਰ ਸੱਖਣੇ ਕੁੱਝ ਗੱਲਾਂ ਕਹੀਆਂ। ਜਿਉਂ ਥਲ ਵਿਚ ਅੱਕ-ਖੰਭੀਆਂ ਦਿਲਿ ਪੀੜਾਂ ਕੰਬਣ, 'ਕੱਠੀਆਂ ਹੋਈਆਂ ਸੁਪਨ ਤਕ ਜਿਉਂ ਬਾਗ਼ੇ ਸਈਆਂ। + + + + + ਥਲ ਵਿਚ ਜਦੋਂ ਉਡੀਕ ਦੇ ਦੱਬ ਜਾਣ ਬਨੇਰੇ ਪੰਖੀ ਰਹਿਣ ਨ ਦੇਸ ਵਿਚ ਛੱਡ ਜਾਵਣ ਖੇੜੇ। "ਧੂੜਾਂ-ਲੱਦੇ ਆਂਗਨੀਂ ਅੱਕ-ਖੰਭੀਆਂ ਉੱਡਣ, ਨਜ਼ਰਾਂ ਵਿਚ ਵੀਰਾਨੀਆਂ ਚੜ੍ਹ ਪਾਵਣ ਫੇਰੇ। “ਮੰਦੇ ਕੰਮੀਂ ਦਿਲਾਂ ਵਿਚ ਸੈ ਉਲਝਣ ਪੌਸਣ, ਸੁਪਨੇ ਕੌਮ ਨੂੰ ਛੱਡ ਕੇ ਤੁਰ ਜਾਣ ਅਗੇਰੇ। “ਸੱਪ ਦੇ ਡੰਗ ਬਿਨ ਬਾਗ਼ ਵੀ ਰਹਿ ਜਾਣ ਪਿਆਸੇ, ਮਧ-ਮੱਖੀਆਂ ਲਈ ਵਲਵਲੇ ਰੰਗ-ਖੂਹ ਨ ਗੇੜੇ। “ਮਹਿੰਦੀ ਰੰਗੀ ਤਲੀ ਦਾ ਧਰ ਲਏ ਨ ਸੁਪਨਾ, ਬੈਠੇ ਸੱਸੀ ਥਲੀਂ ਜੇ ਛੱਡ ਇਸ਼ਕ ਦੇ ਜੇਰੇ। “ਆਉਂਦੀ ਥਲ ਦੀ ਹੂਰ ਹੈ ਚਾ ਫ਼ਜਰ ਦੇ ਪਾਣੀ, ਨੌਬਤ ਵਜਦੀ ਜਦੋਂ ਹੈ ਵਿਚ ਕਾਫ਼ਲੇ ਮੇਰੇ।” + + + + + ਉੱਡਿਆ ਸੁਪਨਾ ਬੋਲ ਇਉਂ ਵਲ ਸੰਞ ਦੀ ਲਾਲੀ। ਲੰਘਦੀ-ਛਿਪਦੀ ਦੂਰ ਸੀ ਕੋਈ ਹੂਰ ਨਿਰਾਲੀ। ਸੂਰਜ ਪਾਰ ਸਲੋਨੜੀ ਚੁੰਮ੍ਹ ਕੰਬਦੇ ਪੈਂਡੇ, ਭੇਜ ਰਹੀ ਰੰਗ-ਕਾਫ਼ਲੇ ਥਲ ਹੋਣ ਨ ਖ਼ਾਲੀ। ਸਹਿਮ ਜਹੇ ਵਿਚ ਕਦੇ ਵੀ ਉਹ ਪਰੀ ਨ ਬੋਲੇ, ਯੁਗਾਂ ਤਕ ਜੇ ਥਲਾਂ ਵਿਚ ਰਹੇ ਖੜਾ ਸੁਆਲੀ। ਤੋਸ਼ਾ ਹੂਰ ਦੀ ਯਾਦ ਦਾ ਰੁਲ ਜਾਏ ਨ ਰਾਤੀਂ, ਸਾਰੇ ਥਲ ਵਿਚ ਸਹਿਮ ਦੀ ਪਈ ਕੰਬਦੀ ਡਾਲੀ। ਕਿਹਾ ਮੈਂ : “ਬਿਰਹੁੰ ਰੰਗ ਤਕ ਸਭ ਰੁੱਤਾਂ ਜੀਵਣ, ਬੀਜ ਦੇਵੇ ਇਸ ਬੀਜ ਨੂੰ ਜੇ ਸਮੇਂ ਦਾ ਮਾਲੀ।” + + + + + + + + + + ਵੇਖ ਰਿਹਾ ਥਲਾਂ ਵਿਚ ਬੈਠਾ ਸੰਞਾਂ ਦੇ ਪਰਛਾਵੇਂ। ਥਲ ਦੀਆਂ ਪੈੜਾਂ ਹੇਠ ਛਪੇ ਨੇ ਪੈਂਡੇ ਦਿਲ ਦੇ ਭਾਵੇਂ। ਮੈਂ ਅਤੀਤ ਦੇ ਸੁਪਨੇ ਵਿੱਚੋਂ ਕੈਂਦੇ ਦਰ ਤੇ ਵੰਝਾਂ ? ਮਹਿੰਦੀ-ਰੰਗੀਆਂ ਤਲੀਆਂ ਹੇਠਾਂ ਵਣ-ਢੋਕਾਂ ਦੀਆਂ ਸੰਞਾਂ। ਹੂਰ ਦੀਆਂ ਪਲਕਾਂ 'ਤੇ ਉਤਰਣ ਦੂਰ ਝਨਾਂ ਦੀਆਂ ਰੈਣਾਂ, ਝਿਮ ਝਿਮ ਵਾਟ ਜਿਨ੍ਹਾਂ ਦੀ ਉੱਤੇ ਕਾਫ਼ਲਿਆਂ ਨੇ ਸੈਣਾਂ। ਉਸਦੇ ਰੂਪ-ਸੁਪਨ ਵਿਚ ਸੁੱਤੀ ਚੁੱਪ ਇਲਾਹੀ ਬਾਣੀ। ਥਲ-ਸੰਞਾਂ ਦੇ ਸੀਨੇ ਲਹਿਰਣ ਜਿਉਂ ਜ਼ਮਜ਼ਮ ਦੇ ਪਾਣੀ। ਕਾਲਿਆਂ ਕੇਸਾਂ ਦੇ ਘੁੰਡ ਉਹਲੇ ਮੋਨ ਫ਼ਕੀਰੀ ਵਾਟਾਂ, ਸੰਘਣੇ ਵਣੀਂ ਜਿਉਂ ਭੇਦ ਦਿਲਾਂ ਦੇ ਬੈਠ ਛੁਪਾਵਣ ਰਾਤਾਂ। ਬੰਨ੍ਹੀਆਂ ਰੁੱਤਾਂ ਥਲਾਂ ਨੇ ਆ ਹੂਰ ਦੀ ਵੀਣੀ। ਅਣਦਿੱਸ ਰੂਹਾਂ ਨਾਲ ਲੈ ਚੱਲ ਵਾਟ ਉਡੀਣੀ। ਹਰ ਦੇ ਨੈਣੀਂ ਵੱਸਦਾ ਕੋਈ ਅੰਬਰ ਪਿਆਰਾ, ਵਗਿਆ ਝਿਮ ਝਿਮ ਵਿਚ ਮੈਂ ਹੋ ਅਣਦਿੱਸ ਤਾਰਾ। ਅੰਬਰੀਂ ਜਦੋਂ ਤਾਰਿਆਂ ਵਾਲੀ ਕਲਵਲ ਲੜੀ ਸੀ ਟੁੱਟੀ, ਭਾਸ਼ਣ ਨਾਦ ਬਿਜਲੀਆਂ ਦੇ ਵਿਚ ਪਰੀ ਇੰਞ ਇਹ ਸੁੱਤੀ : ਵਣ-ਝਖੜਾਂ ਦੇ ਮਸਤਕ ਉੱਤੇ ਜਿਉਂ ਕੋਈ ਤ੍ਰੇਲ ਸੁਹਾਣੀ, ਖ਼ਾਬ ਦੀਆਂ ਪੱਤੀਆਂ 'ਤੇ ਸਾਂਭੇ ਸੈ ਜਨਮਾਂ ਦੇ ਪਾਣੀ। ਦਿਸਹੱਦੇ ਤੋਂ ਥਲ ਨੂੰ ਤੱਕਿਆ ਬਲ ਬਲ ਉਠ ਉਠ ਕੇਚਾਂ। ਦੋ ਪੈਰਾਂ ਦੀਆਂ ਸੰਞਾਂ ਸੀਨੇ ਨਸ ਪਈਆਂ ਤਦ ਰੇਖਾਂ। ਅਣਦਿੱਸ ਥਲ ਵਿਚ ਹੰਝਾਂ ਭਰਦੇ ਕੌਮਾਂ ਦੇ ਸਿਰਨਾਵੇਂ। ਹੂਰ ਦਿਆਂ ਅੰਗਾਂ 'ਤੇ ਪੈਂਦੇ ਸਦੀਆਂ ਦੇ ਪਰਛਾਵੇਂ। ਕਿਸੇ ਨੈਂ ਦਾ ਬੋਲ ਪੁਰਾਣਾ ਭਟਕ ਰਿਹਾ ਥਲ ਸੀਨੇ। ਖੰਡਰਾਂ ਉੱਤੋਂ ਉਠ ਉਠ ਆਏ ਥਲੀਂ ਉਦਾਸ ਮਹੀਨੇ। ਸੰਞ ਨੂੰ ਹੂਰ ਦਾ ਮਸਤਕ ਛੋਹਿਆ ਕਿਸੇ ਫ਼ਜਰ ਦੀਆਂ ਲੋਆਂ। ਪੈਂਡੇ ਕੱਟ ਕੇ ਥਲ ਵਿਚ ਮਿਲੀਆਂ ਅਣਸੁਣੀਆਂ ਕੰਨਸੋਆਂ। ਕਿਸੇ ਦਾਰ ਤੋਂ ਉਤਰ ਕੇ ਆਈਆਂ ਚੁੱਪ ਅਡੋਲ ਦੁਆਵਾਂ। ਹੂਰ ਦਿਆਂ ਹੱਥਾਂ ਨੂੰ ਚੁੰਮ੍ਹਿਆ ਝੁਕ ਸੰਞਾਂ ਦੀਆਂ ਛਾਵਾਂ। ਗੱਲ ਕਰੇ ਰਾਹੀਆਂ ਸੰਗ ਮੇਰੀ, ਰਾਤਾਂ ਵਿਚ ਨਾਬੀਨਾ। ਪੀਲੂਆਂ ਵਾਲੇ ਰਾਹ 'ਤੇ ਬੈਠਾ, ਕੋਈ ਉਦਾਸ ਮਹੀਨਾ। ਘੁੰਮਣ ਹੂਰ ਦੀਆਂ ਵੰਗਾਂ ਵਿਚ, ਮੇਰੇ ਦਿਲ ਦੇ ਪੈਂਡੇ। ਜਿਨ੍ਹਾਂ ਦੇ ਨਭ-ਵਹਿਣਾਂ ਉੱਤੇ ਲੱਖਾਂ ਚਾਨਣ ਪੈਂਦੇ। ਚੜ੍ਹ ਚੜ੍ਹ ਛਿਪੇ ਸਮੇਂ ਦੇ ਸੂਰਜ, ਥਲ ਨ ਦਸਦਾ ਰਾਹਵਾਂ। ਜਿਤ ਧਿਰ ਨੈਣ ਪਰੀ ਦੇ ਉੱਡਣ, ਤਿਤ ਧਿਰ ਜਾਣ ਹਵਾਵਾਂ। ਮੈਨੂੰ ਹਰ ਦੇ ਸਾਮ੍ਹੇ ਆਈਆਂ, ਮੁੜ ਸਾਈਂ ਦੀਆਂ ਯਾਦਾਂ ਚੁੰਮ੍ਹ ਨ ਸਕੀਆਂ ਰੋ ਰੋ ਜਿਸਦਾ, ਪਰਛਾਵਾਂ ਫ਼ਰਿਆਦਾਂ। ਥਲ ਦੀ ਪਰੀ ਨੂੰ ਦੇਖ ਮੈਂ ਆਖਾਂ, “ਕਿੱਥੇ ਅਸਲ ਮੁਹਾਣੇ ? ਪੱਤਝੜ ਦੇ ਪੱਤਰਾਂ ਦੇ ਵਾਂਗੂੰ ਕੰਬਦੇ ਮਿਰੇ ਟਿਕਾਣੇ।” “ਤੂੰ ਵਲੀਆਂ ਦੇ ਸੁਪਨੇ ਸੰਦਾ," ਹੂਰ ਕਹੇ "ਨਾਂਹ ਹਾਣੀ। ਤਾਂਹੀਉਂ ਤੈਨੂੰ ਦਿਸ ਨਹੀਂ ਸਕਦੇ, ਸਦਾ-ਉਮਰ ਦੇ ਹਾਣੀ।” “ਸਾਈਂ ਏਸ ਪਾਰ ਨ ਆਵੇ," ਹੂਰ ਕਹੇ ਸ਼ਰਮਾ ਕੇ। “ਮੌਤ ਦੇ ਰਾਹ ਜਦ ਦਿਲ ਨ ਵੇਖੇ, ਦੀਦ ਹੁਸਨ ਦੀ ਚਾ ਕੇ।” “ਪੈਂਡੇ ਕਵਣ ਦੂਰ ਵੱਲ ਵੇਖੇ,” ਪੁਛਿਅਮੁ ਹੋਇ ਨਿਮਾਣਾ। “ਲੰਮੀ ਨਦੀ ਦੇ ਪੱਤਣਾਂ ਨੇ ਵੀ, ਜਦ ਆਖ਼ਰ ਖੁਰ ਜਾਣਾ ?" + + + + + + + + + + ਛਿਪਿਆ ਸੂਰਜ ਥਲਾਂ 'ਤੇ, ਕੁਝ ਕਿਰਨਾਂ ਰਹੀਆਂ। ਰੰਗ ਥਲਾਂ ਦੇ ਹੂਰ ਗਲ ਜਿਉਂ ਪਾਵਣ ਸਈਆਂ ਤਾਰਿਆਂ ਦੇ ਵਿਚ ਉੱਡਦੀ ਜਦ ਕੂੰਜ ਦੇ ਵਾਂਗੂੰ, ਨਜ਼ਰਾਂ ਲੰਮੇ ਕਾਲ ਦੀਆਂ ਉਸ ਪਰੀ 'ਤੇ ਲਹੀਆਂ ਥਲ ਦੀ ਨਾਰ ਦੀ ਪੀਲੂਆਂ ਵਿਚ ਕੰਬਦੀ ਬਾਣੀ, ਲਟਕਾਵੀਂ ਚਾਲ ਝਨਾਂ ਦੀ ਤੋਂ ਰਮਜ਼ਾਂ ਲਈਆਂ। ਫਿਰ ਉਹ ਬੋਲੀ ਹੁਸਨ ਦੇ ਭਰ ਕੰਠ 'ਚ ਪੈਂਡੇ, “ਤੱਕ ਵੀਰਾ ਵਲ ਬੇਲਿਆਂ ਕੁਝ ਰਮਜ਼ਾਂ ਜਹੀਆਂ। “ਬਿਨਾਂ ਮਲਾਹ ਦੀ ਹੇਕ ਦੇ ਜੋ ਨਦੀ ਨ ਵੱਗੇ, ਚਿਰ ਤੋਂ ਉਸਦੇ ਕੰਢੜੇ ਮੈਂ ਭਾਲਦੀ ਪਈਆਂ। “ਉੱਚ ਦਰਵਾਜ਼ਾ ਤਾਰਿਆਂ ਦਾ ਕਾਲ ਚ ਚ ਕੰਬੇ, ਦੂਰ ਝਨਾਂ ਦੇ ਵਹਿਣ ਵੱਲ ਮੈਂ ਵੇਖਦੀ ਗਈਆਂ। “ਜੁਲ ਪੈ ਲੰਮੇ ਪੰਧ 'ਤੇ ਮੈਂ ਆਖਾਂ ਵੀਰਾ, ਦੂਰ ਝਨਾਂ ਦੀ ਰਾਤ ਵਿਚ ਕੁਝ ਗਾਵਣ ਸਈਆਂ।” (ਭਾਗ ਤੀਸਰਾ ਖ਼ਤਮ) 4 ਝਨਾਂ ਦੀ ਰਾਤ ਕਿਸੇ ਪਾਤਣੀ ਨੂੰ ਸੱਦ ਦੇਂਦੇ, ਘਣੀ ਰੈਣ ਦੇ ਪਾਣੀ। ਛਾਣ ਰਹੇ ਅੰਬਰ ਕੁਲ ਧਰਤੀ : “ਉਹ ਕਿਸ ਨੇਂ ਦੇ ਹਾਣੀ ?" ਖਿੱਚੀ ਧੁਣਖ ਸਬਰ ਦੀ ਕਾਲਾਂ, ਚਿੱਲੇ ਚੜ੍ਹੇ ਸਿਤਾਰੇ। ਨਾਜ਼ਕ ਤ੍ਰਿਣਾਂ ਚੀਰ ਕੇ ਲੰਘੇ, ਅੰਬਰ ਦੇ ਹਰਕਾਰੇ। ਮੈਂਡੀ ਦਿਲੜੀ 'ਤੇ ਬਿੱਜਲਾਏ, ਸੈਆਂ ਮੇਘ ਹੁਲਾਸੇ। ਰਿਮ ਝਿਮ ਵੇਖ ਰਹੀ ਗਗਨਾਂ ਦੀ, ਮੁੱਢ ਕਦੀਮੀ ਪਾਸੇ । ਮੇਰੇ ਦਿਲ 'ਚੋਂ 'ਵਾਜ ਸੁਣੀਂ ਕੁਈ, ਨਾਜ਼ਕ ਸ਼ੀਰੀਂ ਨਾਦਾਂ। ਮੇਰੇ ਕਦਮਾਂ ਹੇਠ ਵਿਛਾਈਆਂ, ਕਾਫ਼ਲਿਆਂ ਦੀਆਂ ਯਾਦਾਂ। ਮੈਨੂੰ ਵਾਟ ਸਿੰਧਾਂ ਦੀ ਦੱਸੀ ਕਿਸੇ ਪਾਤਣੀ ਦੂਰੋਂ। ਮੌਲੇ ਰੁੱਖ ਬੇਲਿਆਂ ਦੇ ਮੁੜ ਮੈਂ ਹੰਝੂਆਂ ਦੇ ਨੂਰੋਂ। ਆਹਟ ਮੇਰੇ ਕਦਮਾਂ ਦੀ ਜਾਂ ਫਿਰ, ਭੇਦ ਧਰਤ ਦਾ ਕੋਈ। ਪੱਥਰ ਹੋਈ ਗੁਫ਼ਾ 'ਚੋਂ ਉੱਠੀ, ਵੰਝਲੀ ਦੀ ਅਰਜ਼ੋਈ। ਕੋਈ ਕੋਈ ਬੋਲ ਧਰਤ 'ਚੋਂ ਸੁਣਦਾ, ਗਹਿਲਾ ਦਿਲ ਘਬਰਾਵੇ। ਚਮਕ ਵਿਰਾਟ ਨਭਾਂ ਦੀ ਵਿੱਚੋਂ, ਹੰਸ ਪੁਰਾਣਾ ਗਾਵੇ। ਮੰਝ ਦੂਰ ਤਾਰਿਆਂ ਵੰਨੀ ਭਰੇ ਘਣੇ ਰੂਹ-ਮੇਲੇ। ਆ ਕਿਚਰਕ ਕੰਨਸੋਆਂ ਦੇਸਨ ਪੌਣਾਂ ਝੰਗ ਦੇ ਬੇਲੇ । ਡੁੱਬੇ ਸੂਰਜ ਵਾਂਗ ਅਨੇਕਾਂ ਇਸ ਰੋਹੀ ਵਿਚ ਛਾਲੇ। ਹੂਰਾਂ ਦੇ ਸੁਪਨੇ ਦੀ ਦੀ ਏਥੇ ਅੱਗ ਪਿਆ ਕੁਈ ਬਾਲੇ। ਮੈਂ ਬੇ-ਦੋਸ਼ ਫ਼ਕੀਰ ਪੁਰਾਣਾ ਸੁੱਕੇ ਸਰਵਰ ਤੀਰਾਂ। ਬੀਤੇ ਬਹੂੰ ਸਾਲ, ਵਿਚ ਝੰਗ ਦੇ ਕਿਵੇਂ ਪਛਾਣਾਂ ਹੀਰਾਂ ? ਇਕ ਕੂੰਬਲ ਹੁੱਲੀ ਤਾਂ ਮਾਰਨ ਪੈੜਾਂ ਚੁੱਕ ਵਣਿ ਫੇਰੇ । ਕਿਤੋਂ ਝਨਾਂ ਦੀ ਰੁਣ ਝੁਣ ਠੰਢੀ ਚੁੰਮ੍ਹਦੀ ਮਸਤਕ ਮੇਰੇ । ਮੈਂਡੇ ਕਾਸੇ ਵਿੱਚੋਂ ਉੱਡਣ ਜੁਗਨੂੰ-ਭੇਸਿ ਦੁਆਵਾਂ। ਧਾ ਧਾ ਰੋਹੀਆਂ ਸੀਨੇ ਲੱਗਣ ਸਜਦੇ ਕਰਦੀਆਂ ਛਾਵਾਂ। ਪਾਰ ਜੁਗਾਂ ਦੀ ਕਾਲੀ ਕੂਟੋਂ, ਠੰਢੀ ਵੇਲ ਅੰਗੂਰੀ। ਮੈਂਡੇ ਹੰਝੂਆਂ ਨਾਲ ਛੁਹਾਵਣ ਹੱਥ ਮੂਸਾ ਦੇ ਨੂਰੀ। ਜਿਵੇਂ ਜ਼ੁਲੈਖਾਂ ਦੇ ਸੁਪਨੇ ਦਾ ਪਿਰਮ ਪਿਆਲਾ ਪੀ ਕੇ, ਹਰੇ ਕਚੂਰ ਥੀਣ, ਮੁੜ ਜੀਵਣ ਜਿਨ੍ਹਾਂ ਹਲਾਹਲ ਡੀਕੇ : ਸੁੰਝੇ ਖੂਹ ਯੂਸਫ਼ ਦੇ ਜਦ ਸੀ ਥਲ ਕੰਡਿਆਲੇ ਰੋਏ, ਪਿਆਸੇ ਇਕ ਕਣੀ ਦੇ ਬਾਝੋਂ ਸ਼ੀਂਹ ਬਰਿੰਡੇ ਮੋਏ। ਡੂੰਘੇ ਵਹਿਣ ਝਨਾਂ ਦੇ ਭਾਰੀ ਰੱਜ ਨੈਣਾਂ ਨੇ ਪੀਣੇ। ਤਾਨ ਬੰਸਰੀ ਫੇਰ ਜਗਾਏ ਕੰਨ ਖਿਜ਼ਰ ਦੇ ਰੀਣੇ। ਕੋਈ 'ਵਾਜ ਸੁਣੀ, ਰੋ ਉੱਠੇ, ਤ੍ਰਿਣ ਸੁੱਕੇ ਤੇ ਲੂਹੇ। ਮੈਂਡੀ ਨਜ਼ਰ ਦੇ ਸਾਮ੍ਹੇ ਖੁੱਲ੍ਹੇ, ਤਾਰਿਆਂ ਦੇ ਸੈ ਬੂਹੇ। + + + + + ਗੀਤ ਸਹੀਓ ਨੀ ਵਗਦੇ ਝਨਾਂ ਦੇ ਪਾਣੀ ਕੁੱਝ ਮਿਲਦੇ ਕੁਝ ਨਾਂਹ। ਖੁਰ ਖੁਰ ਜਾਣ ਪਿਆਰਾਂ ਦੇ ਪੱਤਣ ਤੁਰ ਗਈ ਉਡੀਕਦੀ ਮਾਂ। ਕਿਤ ਧਿਰ ਝੰਗ ਦੀਆਂ ਮਿੱਠੀਆਂ ਝੋਕਾਂ, ਉੱਚੀਆਂ ਖਜੂਰਾਂ ਦੀ ਥਾਂ। ਕਿੱਥੇ ਨੇ ਟਾਹਣੀਆਂ ਪਿੱਪਲਾਂ ਦੇ ਆਂਗਣ ਕਿੱਥੇ ਨੇ ਉਹ ਮੱਝਾਂ ਤੇ ਗਾਂ। ਤਾਰਿਆਂ ਦੇ ਉੱਚੇ ਦਰਵਾਜ਼ੇ 'ਤੇ ਝਿਮਝਿਮ, ਸੋਹਣੇ ਸੋਹਣੇ ਵੇਲਿਆਂ ਦੀ ਛਾਂ। ਵੰਝਲੀ ਦੀ ਮਿਠੜੀ ਸੱਦ ਗਲ ਪੈਂਦੀ ਲੰਮੀਆਂ ਹਵਾਵਾਂ ਦੀ ਬਾਂਹ। ਘੁੰਮ ਘੁੰਮ ਲਹਿਰਾਂ ਦੇ ਸੀਨੇ 'ਤੇ ਬਣਦੇ ਹੀਰ ਸਲੇਟੜੀ ਦੇ ਨਾਂ। ਕਿਸੇ ਨ ਸਾਂਭੇ ਨੇ ਦਰਦ ਮੰਗੂ ਦੇ ਧਰਤੀ ਨੇ ਕੀਤੀ ਏ ਹਾਂ। ਦੂਰ ਦੁਰਾਡੜੇ ਪੰਖੀ ਪਿਆ ਉਡਦਾ ਰੂਹ ਕੋਈ ਰਾਂਝਣ ਦੀ ਜਾਂ। ਸੱਦ ਵੰਝਲੀ ਦੀ ਉਹੀਓ ਜੋ ਆਵੇ, ਹੀਰ ਨੇ ਵੀ ਆਉਣਾ ਏ ਤਾਂ। + + + + + ਰੂਹ ਜ਼ਮੀਨ ਦੀ ਚੁੱਪ ਰੂਹ ਧਰਤ ਦੀ ਜਾਗੀ ਧ੍ਰੂ ਤਕ ਖਿੱਚ ਕਮਾਨਾਂ। ਸੈ ਰੁੱਤਾਂ ਦੀਆਂ ਪੀਂਘਾਂ ਉੱਤੇ ਉੱਡੀ ਵਾਂਗ ਰਕਾਨਾਂ। ਥਲ ਡੂਗਰ ਨੈਂ ਸਿੰਧ ਮੇਦਨੀ ਨੱਸੇ ਖਾ ਝਰਨਾਟਾਂ। ਪਲ ਪਲ 'ਤੇ ਬਿਜਲਾ ਕੇ ਉਠੀਆਂ, ਅਣਦਿੱਸ ਸੁੱਤੀਆਂ ਵਾਟਾਂ। ਕੰਵਲ ਦੀ ਡੂੰਘੀ ਨੀਂਦੋਂ ਉਠਦਾ, ਰੰਗ ਪਿਆ ਵਿਚ ਬੁੱਤਾਂ। ਅੰਬ ਬੰਬੂਲ ਸਰੀਹਾਂ ਉੱਤੇ, ਕਰਵਟ ਲੈਂਦੀਆਂ ਰੁੱਤਾਂ। ਮੇਰੇ ਲਹੂ-ਸਿੰਧ ਵਿਚ ਉਬਲੇ ਜੋਸ਼ ਚਰਖ ਦਾ ਸਾਰਾ। ਤਾਂਘ ਦੇ ਹਰ ਬੂਹੇ 'ਤੇ ਬੈਠਾ ਧਰਤੀ ਦਾ ਵਣਜਾਰਾ। ਆਈਆਂ ਜਦੋਂ ਚੁੱਪ ਮੈਂ ਸਾਹਮੇ ਸਦੀਆਂ ਤੁਰ ਫਰਿਆਦਾਂ। ਜ਼ਿਮੀਂ ਕੰਵਲ ਦੀ ਖਾਰੀ ਚਾਈਆਂ ਮਿਹਰਬਾਨ ਰਸ-ਯਾਦਾਂ। ਪੀਲੂ ਵਾਂਗੂੰ ਟਸਕ ਕੇ ਖੜੀਆਂ, ਸੁਪਨੇ ਵਿਚ ਫੁਹਾਰਾਂ। ਰਾਤ ਦੀ ਛਾਤੀ ਹੜ੍ਹ ਜਾਵਣਗੀਆਂ ਜਜ਼ਬੇ ਦੀਆਂ ਉਜਾੜਾਂ। ਜ਼ਿਮੀਂ ਦੇ ਵੇਖ ਲਏ ਮੈਂ ਪੈਂਡੇ, ਜੋ ਨ ਮੌਤ ਵੰਝਾਣੇ। ਅੱਜ ਤਾਂ ਜ਼ਾਮਨ ਬਣ ਜਾਵਣਗੇ, ਧਰ ਦੇ ਬੋਲ ਅੰਞਾਣੇ। ਸ਼ੇਸ਼ ਰੋਲ ਰਿਹਾ ਮਣੀਆਂ ਨੂੰ, ਚੁੱਕ ਅੰਬਰ ਦੀ ਖਾਰੀ। ਛਲਕ ਰਿਹਾ ਜਜ਼ਬੇ ਦੇ ਵਾਂਗੂੰ, ਤਾਰਿਕਾ ਮੰਡਲ ਭਾਰੀ। ਪਿਰਮ ਪਿਆਲਾ ਦਿਲ ਦਾ ਓਦੋਂ ਰੁਲੇ ਨ ਵਿਚ ਖਲਾਵਾਂ; ਜਦੋਂ ਕਦੇ ਆਸ਼ਿਕ ਨੂੰ ਦੇਵਣ ਬੂੰਦਾਂ ਅਮਰ ਝਨਾਵਾਂ। ਧਰ ਦੀ ਰੂਹ ਨ ਜਾਣ ਸਕਣਗੇ ਦਿਲ ਹੁਸਨਾਂ ਬਿਨ ਸੈਂਦੇ, ਦਰਦ-ਉਡੀਕ ਬਿਨਾਂ ਖੇਵਟ ਕਦ ਵਲ ਨਦੀਆਂ ਦੇ ਵੈਂਦੇ ? ਪਰਬਤ ਖੁਸ਼ਕ ਤੇ ਸੌਂ ਨਹੀਂ ਗਈਆਂ ਕੁਹਕਨ-ਦਿਲ-ਪਰਵਾਜ਼ਾਂ। ਟਿਕ ਟਿਕ ਤੇਸੇ ਦੀ ਵਿਚ ਛੁਪਣਾ ਮੂਕ ਧਰਤ ਦਿਆਂ ਰਾਜ਼ਾਂ। ਗੀਤ ਤੱਕਿਆ ਮੈਂ ਤਾਰਿਆਂ ਦਾ ਉੱਚ ਦਰਵਾਜ਼ਾ, ਲੰਘ ਲੰਘ ਸਮਿਆਂ ਦੇ ਕੋਹ। ਕਲ੍ਹ ਮੈਨੂੰ ਪੈੜਾਂ ਜੋ ਧਰਤੀ 'ਤੇ ਦਿਸੀਆਂ, ਉਹਨਾਂ ਦੀ ਅੱਜ ਏਥੇ ਲੋਅ। ਉੱਚੇ ਦਰਵਾਜ਼ੇ ਦੀ ਸਿਖਰਾਂ 'ਤੇ ਲੱਸਦੀ, ਚੁੱਕ ਕੁੱਲ ਗਗਨਾਂ ਦਾ ਮੋਹ। ਧਰਤੀ ਦੇ ਸੈਆਂ ਮਜ਼ਾਰਾਂ 'ਤੇ ਡਿਗਦੀ, ਬੂੰਦ ਕੋਈ ਅੱਲਾ ਦੀ ਜੋ। ਉੱਚੇ ਦਰਵਾਜ਼ੇ ਦੇ ਤਾਜਾਂ ਨੂੰ ਚੁੰਮਦੀ, ਕਿਹੜੇ ਦੇਸੋਂ ਆਈ ਖ਼ੁਸ਼ਬੋ ? ਦਿਲ ਦਰਿਆਵਾਂ ਦੇ ਰਾਹ ਪਈ ਜਾਣੇ ਧੂੜ ਚੜ੍ਹੀ ਊਠਾਂ ਦੀ ਕੋ। ਕਦੇ ਕਦੇ ਤਾਰਿਆਂ ਦੇ ਤਾਜਾਂ 'ਤੇ ਡਿਗਦੀ, ਨਬੀਆਂ ਦੀ 'ਵਾਜ ਕੋਈ ਹੋ। ਲਸ ਲਸ ਬੂਹੇ 'ਤੇ ਪਾਣੀ ਕਿਨ੍ਹਾਂ ਪੀਤੇ, ਧੂੜ ਗੁਨਾਹਾਂ ਦੀ ਨੂੰ ਧੋ ? ਮੰਗੂਆਂ ਦੇ ਦਰਦ ਨੂੰ ਕਿੱਥੇ ਆ ਕੇ ਪੁੱਛਿਆ ਮੁੱਸ ਮੁੱਸ ਵੰਝਲੀ ਨੇ ਰੋ। ਝੰਗ ਸਿਆਲਾਂ ਦੀ ਮੈਂ ਖ਼ੈਰ ਮਨਾਂਦੀਆਂ ਨਬੀਆਂ ਦੇ ਸਾਮ੍ਹਣੇ ਖਲੋ। ਧਰਤੀ ਗ਼ਰੀਬ ਦੇ ਨੇ ਪੈਂਡੇ ਪੁਰਾਣੇ ਨਭ ਦੀ ਨਵੇਲੀ ਕੰਨਸੋਅ। ਸਈਓ ਨੀ ਮਹਿਰਮ ਉਠ ਉਠ ਜਾਂਦੇ ਕਦੋਂ ਫਿਰ ਕਰਨਗੇ ਲੋਅ। ਉੱਚੇ ਦਰਵਾਜ਼ੇ ਦੀ ਕੰਧੀ 'ਤੇ ਝਨਾਂ ਨੂੰ ਕਦੇ ਕਦੇ ਪੈਂਦੀ ਏ ਖੋਹ । ਤੱਕਿਆ ਮੈਂ ਤਾਰਿਆਂ ਦਾ ਉੱਚ ਦਰਵਾਜ਼ਾ, ਲੰਘ ਲੰਘ ਸਮਿਆਂ ਦੇ ਕੋਹ। ਝੰਗ ਦੇ ਬੇਲੇ ਵਿਚ ਤਾਰਾ ਗਣ ਦੇ ਬੂਹੇ ਚੁੰਮ੍ਹਦੇ ਕਦਮ ਧਰਤ ਵੱਲ ਚਾਇਆ। ਧਰ ਦੀ ਜਾਨ ਫੜੀ ਵਿਚ ਮੁੱਠੀ ਮੈਂ ਝੰਗ ਬੇਲੇ ਆਇਆ। ਔਝੜ ਰਾਹਾਂ 'ਤੇ ਸੁੱਤੀਆਂ ਨੇ ਮੂਕ ਵੰਝਲੀ-ਤਾਨਾਂ। ਛੱਡ ਕੇ ਤੁਰ ਗਈਆਂ ਨੇ ਕਿੱਥੇ ਸੁੰਞੀ ਪੀਂਘ ਰਕਾਨਾਂ ? ਮੈਂਡੈ ਖੰਭ ਗਗਨ 'ਤੇ ਤਪਦੇ ਸਫ਼ਰ ਸਮੇਂ ਦੇ ਚਾਈ, ਧਰਤੀ ਉੱਤੇ 'ਵਾਜ ਉਹਨਾਂ ਦੀ ਅਜੇ ਪਰਤ ਨ ਆਈ। ਜਿੰਦ ਤੇ ਕੌਲ ਖੜੇ ਬਰਸਾਂ ਤੋਂ ਭੁੱਲੀ ਧਰਤ ਨਿਮਾਣੀ। ਪਰਬਤ ਖੁਸ਼ਕ ਗੁਫ਼ਾਵਾਂ ਸਾਮ੍ਹੇ, ਸੁੰਞੇ ਜੰਡ, ਨ ਪਾਣੀ। ਮੇਰੇ ਸਾਹਾਂ ਵਿਚ ਪਾਰ ਤੋਂ ਤਦੋਂ ਅਗਨ ਕੋਈ ਲੱਗੀ। ਬੇਮੁਹਾਰ ਸ਼ੁਤਰ ਜਿਉਂ ਤਨ ਵਿਚ ਜਾਨ ਧਰਤ ਦੀ ਵੱਗੀ। ਹੋ ਅਰਦਾਸ ਚੌਖੰਨੀ ਜਿੰਦੂ, ਕਹਿਕਸ਼ਾਂ ਤੱਕ ਹੁੱਲੇ। ਸ਼ਬਨਮ ਤਕ ਕੌਲਾਂ ਦਾ ਪੈਂਡਾ, ਜ਼ੁਲਫ਼ਾਂ ਵਾਂਗੂੰ ਖੁੱਲ੍ਹੇ । ਝੰਗ ਦੇ ਬੇਲੇ ਰਾਤ ਸੁਹਾਣੀ, ਵਗਣ ਝਨਾਂ ਦੇ ਪਾਣੀ। ਕੋਟ ਵਰ੍ਹੇ ਦੀ ਚੁੱਪ ਜਿੰਦ 'ਤੇ, ਮੇਘ ਵਾਂਗ ਛਾ ਜਾਣੀ। ਧਰਤੀ ਨਾਲ ਹੌਲ ਕੁਈ ਚਿਰ ਦਾ, ਦੂਰ ਹੰਸ ਜਿਉਂ ਗਾਵੇ। ਗਗਨ ਨੂਰਾਨੀ ਪੱਤਣਾਂ ਉੱਤੇ, ਖੇਵਟ ਵਾਂਗ ਬੁਲਾਵੇ। ਸ਼ਬਨਮ ਦੀਆਂ ਪਲਕਾਂ ਵਿਚ ਦੂਰੋਂ, ਬਿਜਲੀ ਕੋ ਲਿਸ਼ਕੇਂਦੀ। ਜਿਵੇਂ ਚਰਖ ਦੇ ਭੌਜਲ ਭਾਰੀ, ਨਾਜ਼ਕ ਨਜ਼ਰ ਵਲੇਂਦੀ। ਸਬਜ਼ ਕੋਂਪਲੀਂ ਖੰਭ ਫੈਲਾ ਕੇ, ਜਜ਼ਬੇ ਧਰਤ ਦੇ ਲੱਥੇ। ਬੂੰਦ ਝਨਾਂ ਦੀ ਕਦੇ ਕਦੇ ਆ, ਚੁੰਮ੍ਹਦੀ ਥਲ ਜਹੇ ਮੱਥੇ। ਝੰਗ ਬੇਲੇ ਜੋ ਕਦੇ ਝਨਾਂ ਸੰਗ ਰਾਤੀਂ ਦੁਖ ਸੁਖ ਫੋਲੇ। ਸੈ ਬਰਸਾਂ ਦੀ ਘਣੀ ਨੀਂਦ 'ਚੋਂ, ਸੁਪਨ ਪਿਆ ਉਹ ਟੋਲੇ। ਰਾਂਝਣ ਦੀ ਇਕ ਹਾ ਨੂੰ ਲੈ ਕੇ, ਜੁਗਨੂੰ ਦੂਰ ਸਿਧਾਇਆ। ਖੋਲ੍ਹ ਗਗਨ ਦੇ ਨੂਰੀ ਬੂਹੇ ਸੁੰਞੀ ਸੱਥ ਨੂੰ ਆਇਆ। ਕਦੇ ਤਾਂ ਰੁਣਝੁਣ ਅੱਖੀਆਂ ਦੇ ਵਿਚ, ਕਦੇ ਤੂਫ਼ਾਨ ਉਚੇਰੇ । ਡਾਢੇ ਹੜ ਨੂੰ ਮੋੜ ਲਵੋ ਕੁਈ, ਸਾਹ ਟੁੱਟ ਜਾਸਨ ਮੇਰੇ। ਕੋਇਲ ਦੀ ਕੂਕ ਸੁਣੀ ਵਿਚ ਬੇਲੇ, ਮਾਵਾਂ ਕਿਤੇ ਉਡੀਕਣ। ਫੋਲ ਸੁੱਟੇ ਨਾਜ਼ਕ ਰੰਗ ਸਾਰੇ, ਲੁਕੇ ਪਤਾਲਾਂ ਤੀਕਣ। ਕਦੇ ਤਾਂ ਤਾਨ ਸਜਨ ਦੀ ਸੁਣਦੀ, ਕਦੇ ਤਾਂ ਖੁਰਣ ਬਨੇਰੇ। ਨੌਬਤ ਵਜਦੀ ਰੋਕ ਦਿਉ, ਨਹੀਂ ਬਾਗ਼ ਰੋਣਗੇ ਮੇਰੇ। ਹੀਰ ਲਈ ਧਰਤੀ ਦਾ ਜਜ਼ਬਾ ਕੌਣ ਬਲੀ ਅੱਜ ਮੋੜੇ ? ਚੰਨ ਸੂਰਜਾਂ ਦੇ ਫੜ ਤੇਸੇ, ਬੁੱਤ ਧਰਤ ਦਾ ਤੋੜੇ। + + + + + ਹੀਰ ਰਾਂਝੇ ਦੇ ਦੀਦਾਰ ਕਿਸੇ ਬੇਨਕਸ਼ ਨੂਰ ਦੀ ਨਾਜ਼ਕ ਛਲ ਜ਼ਿਮੀਂ ਨੇ ਮਾਰੀ। ਲਸ ਲਸ ਤਾਰਿਆਂ ਦੇ ਵਿਚ ਕੰਬੀ ਸੁਬਕ ਤਾਨ ਜਹੀ ਨਾਰੀ। ਮੈਨੂੰ ਝੰਗ ਦੇ ਬੇਲੇ ਦਿਸੀਆਂ, ਮੁੜ ਸਿਆਲਾਂ ਦੀਆਂ ਜਾਈਆਂ। ਤਾਨ ਬੰਸਰੀ ਦੀ ਸੁਟ ਜੁਗ ਜੁਗ ਅੰਬਰ ਫੜੇ ਕਲਾਈਆਂ। ਸੁਣੀਆਂ ਰਾਤ ਵਿਚ ਤ੍ਰਿੰਝਣ ਦੀਆਂ, ਮੀਂਹ ਜੇਹੀਆਂ ਜੇਹੀਆਂ ਗੁੰਜਾਰਾਂ। ਜਜ਼ਬੇ ਜਜ਼ਬੇ ਬੰਨ੍ਹ ਦੇਂਦੀਆਂ, ਸਿਹਰ ਮਹੀਨ ਹਜ਼ਾਰਾਂ। ਦਰਦ ਮੰਗੂ ਦੇ ਜ਼ਿਮੀਂ ਤੋਂ ਭਾਰੀ, ਖੜੇ ਰੋਸ ਵੱਡ ਤਾਣੀ— ਕਿੰਝ ਪੰਜਾਬੇ ਰੂਹ ਰਾਂਝਣ ਬਿਨ ਪੀਣ ਝਨਾਂ ਦੇ ਪਾਣੀ ? ਕੰਧੀ ਦਿਸੇ ਕਹਿਕਸ਼ਾਂ ਵਾਂਗੂੰ, ਸੁਪਨਾ ਬੰਨ੍ਹ ਛਬੀਲੀ; ਜਿਵੇਂ ਝਨਾਂ ਦੇ ਸੀਨਿਉਂ ਨਿਕਲੀ, ਨਿੰਮ੍ਹੀ ਨੀਂਦ ਰਸੀਲੀ। ਬੇਨਜ਼ੀਰ ਤਰਬ 'ਤੇ ਡਲ੍ਹਕੇ ਪਤਲੇ ਨਕਸ਼ ਦੇ ਪਾਣੀ; ਨਭ ਦੇ ਪਹਿਰੇਦਾਰ ਕੀ ਜਾਣਨ ਜੋਬਨ ਖੇਡ ਅੰਞਾਣੀ ! ਹੁਸਨ ਅਕਹਿ ਰਮਜ਼ ਦਾ ਸ਼ੀਰੀਂ ਨਜ਼ਰੀਂ ਸਿਹਰ ਜਗਾਵੇ। ਭਰੇ ਝਨਾਂ ਦੇ ਵਹਿਣਾਂ ਦੀ ਚੁੱਪ ਪਲਕਾਂ 'ਤੇ ਸ਼ਰਮਾਵੇ। ਝੰਗ ਦੇ ਬੇਲੇ ਨਜ਼ਰਾਂ ਨੂਰੀ, ਪਤਲੇ ਨਕਸ਼ ਪਿਆਸੇ। ਮੁਲਕ ਦੀ ਢਾਹ ਨ ਖੋਰ ਸਕੇਗੀ, ਪ੍ਰੀਤ-ਵਣਾਂ ਦੇ ਪਾਸੇ। ਤਨ ਦੀ ਮਹਿਕ ਸਮੁੰਦਰੋਂ ਡੂੰਘੀ, ਮਹਿਕ ਨ ਢੂੰਡੋ ਕੋਈ। ਖੇਡ ਧਰਤ ਦੇ ਨਕਸ਼ਾਂ 'ਤੇ ਜੋ, ਭੇਦ ਧਰਤ ਦਾ ਹੋਈ। ਤਾਰਿਆਂ ਭਰੀ ਰਾਤ ਦੀ ਸਿਖਰੋਂ, ਡਲ੍ਹਕੇ ਤੇਜ਼ ਇਸ਼ਾਰਾ। ਨੈਂ ਝਨਾਂ ਵਿਚ ਲਿਖ ਕੁਝ ਮੁੜਿਆ, ਮੁੱਢ ਕਦੀਮੀ ਤਾਰਾ। ਕਾਲ ਦੀ ਨੈਂ ਨ ਖੋਰ ਸਕੇਗੀ, ਰੂਪ ਦਾ ਭੇਦ ਅਪਾਰੀ। ਡਲ੍ਹਕ ਰਹੀ ਅੰਬਰ ਦੇ ਉਹਲੇ ਅੱਖਰਾਂ ਦੀ ਸਰਦਾਰੀ। ਹੀਰ ਦੇ ਕੋਮਲ ਤਨ ਚੋਂ ਉੱਠਣ ਰਮਜ਼ਾਂ ਵਾਂਗ ਉਕਾਬਾਂ। ਦੇਸ ਪੰਜਾਬ ਦੇ ਕੁਲ ਰੁੱਖਾਂ ਤੇ, ਦਮਕਣ ਮਿੱਠੀਆਂ ਜਾਗਾਂ। ਜਜ਼ਬੇ ਨੂੰ ਰੰਗ ਰੰਗ ਕੇ ਆਖ਼ਰ, ਤੁਰ ਜਾਸਨ ਵਣਜਾਰੇ। ਲਟਬੌਰੀ ਕੋਈ ਹੇਕ ਫਿਰੇਗੀ, ਹਰ ਸਾਵਨ ਦੇ ਦੁਆਰੇ। ਹੀਰ ਦੀ ਛਾਤੀ ਮੁਦਤਾਂ ਤੀਕਰ, ਹੜ੍ਹ ਵਸਲਾਂ ਦੇ ਖੇਲੇ। ਕਾਂਗ ਕਹਿਰ ਦੀ ਲੈ ਜਿਉਂ ਮੌਲੇ, ਵਣ ਭਾਰੀ ਅਲਬੇਲੇ। ਲਖ ਸਾਲਾਂ ਵਿਚ ਪਿਆਸ ਬਣੇਗੀ, ਚਾਲ ਹੀਰ ਦੀ ਸੋਹਣੀ। ਲਖ ਸਾਲਾਂ ਵਿਚ ਰਮਜ਼ ਹੀਰ ਦੀ ਬੋਲ ਹੰਸ ਦਾ ਹੋਣੀ। ਕਿਤੇ ਕੰਧੀ 'ਤੇ ਹੰਸਾਂ ਆਉਣਾ, ਸੁਣ ਪਿਆਸ ਦੀਆਂ ਹੂਕਾਂ। ਸੇਜ ਸੁਹਾਣੀ ਦੇ ਵੱਲ ਆਉਣਾ, ਮਿਠੜੇ ਨਾਜ਼ ਮਲੂਕਾਂ। + + + + + ਹੀਰ ਝਨਾਂ ਦੀ ਕੰਧੀ 'ਤੇ (ਲੰਮਾ ਗੀਤ) ਨਜ਼ਰਾਂ ਫੇਰ ਨੂਰਾਨੀਆਂ, ਦਰਿਆਵਾਂ ਸਾਹਮੇ। ਜ਼ੁਲਫ਼ਾਂ ਹੱਲ ਦੀਵਾਨੀਆਂ, ਦਰਿਆਵਾਂ ਸਾਹਮੇ। ਵੰਝਲੀ ਵਾਲਾ ਪਾ ਰਿਹਾ, ਨੈਂ ਵਾਂਗ ਕਹਾਣੀ : ਉਂਞ ਤਾਂ ਸਰਵਰ ਸੁੱਕਣਾ, ਰੁੱਤ ਕੰਵਲ ਵਿਹਾਣੀ। ਕਿਸੇ ਨ ਮੁੜ ਕੇ ਆਵਣਾ ਇਹ ਛਾਵਾਂ ਸਾਹਮੇ। ਨਜ਼ਰਾਂ ਫੇਰ ਨੂਰਾਨੀਆਂ ਦਰਿਆਵਾਂ ਸਾਹਮੇ। ਕਿਸ ਕਿਸ ਨੇ ਮੁੜ ਵੇਖਣਾ, ਇਸ ਰੁੱਤ ਦਾ ਮੀਹਾ ! ਜੱਲ੍ਹਰ ਉੱਤੋਂ ਵਰ੍ਹ ਰਿਹਾ ਘਟ ਵਾਂਗ ਬੰਬੀਹਾ । ਘੁੰਮ ਵਣਜਾਰੇ ਆਉਣਗੇ ਇਹ ਥਾਵਾਂ ਸਾਹਮੇ। ਨਜ਼ਰਾਂ ਫੇਰ ਨੂਰਾਨੀਆਂ ਦਰਿਆਵਾਂ ਸਾਹਮੇ। ਕੰਧੀ ਉੱਤੇ ਮਉਲਿਆ, ਮੁੜ ਚੇਤ ਮਹੀਨਾ। ਭਰੇ ਝਨਾਂ ਸੰਗ ਲੱਗਿਆ ਮੈਂ ਵਸਲ ਦਾ ਸੀਨਾ। ਪੈੜਾਂ ਬਲ ਬਲ ਉੱਠੀਆਂ ਤੈਂ ਨਾਵਾਂ ਸਾਹਮੇ। ਨਜ਼ਰਾਂ ਫੇਰ ਨੂਰਾਨੀਆਂ ਦਰਿਆਵਾਂ ਸਾਹਮੇ। ਦਿਲ ਦਾ ਕੀ ਕੁਝ ਦੱਬਿਆ, ਰੋ ਬਾਬਲ ਵਿਹੜੇ ? ਕੀ ਕੁਝ ਦਿਲ ਦਾ ਮਉਲਿਆ ਹੱਸ ਬਾਗ਼ ਬਨੇਰੇ ? ਕੀ ਕੁਝ ਪਈ ਛੁਪਾਨੀਆਂ ਦਰਿਆਵਾਂ ਸਾਹਮੇ। ਨਜ਼ਰਾਂ ਫੇਰ ਨੂਰਾਨੀਆਂ ਦਰਿਆਵਾਂ ਸਾਹਮੇ। ਥਲ ਦੀ ਗਹਿਰ 'ਚ ਅੱਟਿਆ, ਕੁੱਲ ਹੀਰ ਦਾ ਪੈਂਡਾ। ਰੰਗਪੁਰ ਵੰਨੀਂ ਝੰਗ ਦਾ ਕੋਈ ਬੋਲ ਨ ਵੈਂਦਾ। ਕਿਚਰਕ ਘਾਮ ਵੀਰਾਨੀਆਂ ਦਰਿਆਵਾਂ ਸਾਹਮੇ ! ਨਜ਼ਰਾਂ ਫੇਰ ਨੂਰਾਨੀਆਂ ਦਰਿਆਵਾਂ ਸਾਹਮੇ। ਧੀ ਦਾ ਬੋਲ ਪਛਾਣਿਆਂ ਰੋ ਸੱਥ ਬਾਬਾਣੀ। ਉਹੀਓ ਪੱਤਣ ਝੰਗ ਦੇ ਉਹ ਘਨੀਅਰ ਪਾਣੀ। ਉਹੀਓ ਰੁੱਤ ਮਨਾਨੀਆਂ ਦਰਿਆਵਾਂ ਸਾਹਮੇਂ। ਨਜ਼ਰਾਂ ਫੇਰ ਨੂਰਾਨੀਆਂ ਦਰਿਆਵਾਂ ਸਾਹਮੇ। ਭਰੇ ਝਨਾਂ ਦੇ ਹਾਣ ਦੀ, ਕੋਈ ਖੇਡ ਬਣਾਵੇਂ। ਅੱਥਰੇ ਵਹਿਣ ਰੰਗੀਲੜੇ ਵਿਚ ਪਲਕ ਛੁਪਾਵੇਂ। ਤਰਜ਼ਾਂ ਬੇ-ਮੁਹਾਨੀਆਂ ਦਰਿਆਵਾਂ ਸਾਹਮੇ। ਨਜ਼ਰਾਂ ਫੇਰ ਨੂਰਾਨੀਆਂ ਦਰਿਆਵਾਂ ਸਾਹਮੇ। ਰਾਤ ਝਨਾਂ ਦੀ ਫੈਲਿਆ, ਰੂਹ ਝੰਗ ਸੁਹਾਣਾ। ਸੱਥਾਂ ਤ੍ਰਿੰਞਣਾਂ ਪਿੱਪਲਾਂ, ਦੇ ਬੋਲ ਪਛਾਣਾਂ। ਨਾਗ ਨੂੰ ਮੀਤ ਮੈਂ ਜਾਣਿਆਂ ਇਹ ਰਾਹਵਾਂ ਸਾਹਮੇ। ਨਜ਼ਰਾਂ ਫੇਰ ਨੂਰਾਨੀਆਂ ਦਰਿਆਵਾਂ ਸਾਹਮੇ। ਸਿੰਧ ਚੁਣਿਓਟ ਕੜਾਣਿਆਂ ਦੀਆਂ ਤ੍ਰਿੰਞਣ-ਨਾਰਾਂ, ਵੰਝਲੀ ਵਾਲਾ ਜਾਣਿਆਂ ਵਿਚ ਰੰਗਪੁਰ ਬਾਰਾਂ। ਬੋਲ ਮਾਹੀ ਦਾ ਸਾਂਭਿਆ ਧਰ 'ਵਾਵਾਂ ਸਾਹਮੇ। ਨਜ਼ਰਾਂ ਫੇਰ ਨੂਰਾਨੀਆਂ ਦਰਿਆਵਾਂ ਸਾਹਮੇ। ਰਾਤ ਝਨਾਂ ਵਿਚ ਵੇਖਦਾ, ਕੋਈ ਜੋਬਨ-ਢਾਣੀ। ਮੈਂਡੇ ਬੋਲ ਬਿਗਾਨੜੇ ਤੇ ਅਰਜ਼ ਨਿਮਾਣੀ। ਅੱਲ੍ਹੜ ਉਮਰ ਨਾਦਾਨੀਆਂ ਦਰਿਆਵਾਂ ਸਾਹਮੇ। ਨਜ਼ਰਾਂ ਫੇਰ ਨੂਰਾਨੀਆਂ ਦਰਿਆਵਾਂ ਸਾਹਮੇ। ਨੈਣੀ ਹੀਰ ਦੇ ਸੋਂਹਦੀਆਂ, ਮਾਂਹ ਬਾਰਾਂ ਮੂੰਝਾਂ। ਰਾਂਝਣ ਕੂਕ ਬੁਲਾਂਦੀਆਂ ਵਿਚ ਨੀਂਦਰ ਕੂੰਜਾਂ। ਸਾਜਨ ਚਾਨਣ ਕਰਨਗੇ, ਮੇਰੀ ਆਹਵਾਂ ਸਾਹਮੇ। ਨਜ਼ਰਾਂ ਫੇਰ ਨੂਰਾਨੀਆਂ, ਦਰਿਆਵਾਂ ਸਾਹਮੇ। ਕਿਹੜੀ ਨੀਂਦ ਦੇ ਅੰਬਰੋਂ ਮੈਂ ਨੈਣ ਜਗਾਵਾਂ। ਜ਼ੁਲਫ਼ਾਂ ਕੇਲ ਕਰੇਂਦੀਆਂ, ਸੰਗ ਬਾਜ਼ ਝਨਾਵਾਂ। ਧਰਤੀ ਬੋਲ ਪੁਗਾਂਵਦੀ ਮੇਰੇ ਸਾਹਵਾਂ ਸਾਹਮੇ। ਨਜ਼ਰਾਂ ਫੇਰ ਨੂਰਾਨੀਆਂ, ਦਰਿਆਵਾਂ ਸਾਹਮੇ। ਟੋਰ ਦੀ ਮਿੱਠੀ ਤਾਨ ਲਈ, ਸਿੱਕ ਸੌਂ ਗਏ ਬੇਲੇ। ਦੀਗਰ ਵੇਲੇ ਵਿਛੜੇ, ਜੁੜ ਜੁੜ ਕੇ ਮੇਲੇ। ਅੰਬਰ ਓਹਲੇ ਖੜੀ ਮੈਂ, ਨਾਂਹ ਆਵਾਂ ਸਾਹਮੇ। ਨਜ਼ਰਾਂ ਫੇਰ ਨੂਰਾਨੀਆਂ, ਦਰਿਆਵਾਂ ਸਾਹਮੇ। ਪੱਤਣ ਜ਼ੁਲਫ਼ ਦਾ ਲੰਘਦੇ, ਰੋਹ ਚਰਖ ਉਚੇਰੇ। ਸੋਹਣੀਆਂ ਪੀਰ ਦੀ ਮਿਹਰ ਵੱਲ, ਡਰ ਪਾਵਣ ਫੇਰੇ। ਨੀਂਦ ਹੁਮਾ ਦੀ ਛਾਂ ਚੁੱਕ ਮੈਂ ਜਾਵਾਂ ਸਾਹਮੇ। ਨਜ਼ਰਾਂ ਫੇਰ ਨੂਰਾਨੀਆਂ, ਦਰਿਆਵਾਂ ਸਾਹਮੇ। ਤਲੀਆਂ ਮਹਿੰਦੀ ਰੰਗੀਆਂ, ਮੋਹ ਧਰਤ ਜਗਾਵਣ। ਸੁੰਞੇ ਦਿਲ ਵਿਚ ਦਿਲਾਂ ਦਾ ਕੋਈ ਮਹਿਰਮ ਲਿਆਵਣ। ਹੋਣ ਨ ਕਦੇ ਬੇਗਾਨੀਆਂ, ਦਰਿਆਵਾਂ ਸਾਹਮੇ। ਨਜ਼ਰਾਂ ਫੇਰ ਨੂਰਾਨੀਆਂ, ਦਰਿਆਵਾਂ ਸਾਹਮੇ। + + + + + ਸਬਜ਼ ਪੋਸ਼ ਫ਼ਕੀਰ (ਪੀਰ) ਦੇ ਦੀਦਾਰ ਵੰਝਲੀ-ਸੁਰਾਂ ਜਗਾਂਦੀਆਂ, ਅਧਰੈਣੀ ਦੀ ਆਬ। ਹੀਰ ਦੇ ਮੁੱਖ 'ਤੇ ਪਾਉਂਦੀਆਂ, ਨੀਂਦਰ ਜੇਹਾ ਨਕਾਬ। ਖੰਭ ਪਰੀਆਂ ਦੇ ਫੜਕਦੇ, ਵਿਚ ਡੂੰਘੇਰੇ ਨੀਰ। ਜ਼ਿਮੀਂ ਦੇ ਸੀਨੇ ਹੋ ਰਹੀ, ਸੁਹਲ ਜਹੀ ਕੁਈ ਪੀੜ। ਲੱਖ ਫ਼ਕੀਰ ਜਗਾਉਣਗੇ, ਦੂਰ ਇਕੱਲੀ ਗੋਰ। ਹੀਰ ਦਾ ਜੋਬਨ ਤੱਕਣਾ, ਮੁੜ ਧਰਤੀ ਦੇ ਜ਼ੋਰ। ਕਿਉਂ ਤੂੰ ਰੂਪ ਨੂੰ ਕੱਜਿਆ, ਮਿੱਠ ਤਾਨਾ ਦੇ ਪਾਰ ? ਕਿਉਂ ਤੂੰ ਅੰਬਰ ਲੈ ਗਈ, ਡੂੰਘੀ ਨਦੀ ਦਾ ਹਾਰ ? ਲਹਿਰ ਝਨਾਂ ਦੀ ਛਾਂ ਵਿਚ, ਆ ਬਹਿੰਦੀ ਕੁਈ ਹੂਰ। ਵਾਟ ਝੰਗ ਦੀ ਸਦਾ ਹੀ, ਧਰਤੀ ਨੂੰ ਮਨਜ਼ੂਰ। ਰਾਤ ਝਨਾਂ ਦੀ ਥਰਕਦਾ, ਘੁੰਡ ਨਵੇਲਾ ਸੁਹਲ। ਓਹਲੇ ਬੈਠੀ ਆਣ ਕੇ, ਕਿਹੜੀ ਰੁੱਤ ਅਬੋਲ ! ਵਾਟਾਂ ਟੂਣੇਹਾਰਣਾਂ ਘੁੰਡ ਦੇ ਓਹਲੇ ਥੀਣ; ਮੁੱਖ ਜਿਨ੍ਹਾਂ ਦੇ ਵੇਖ ਕੇ, ਵੱਡ ਰੁੱਖਾਂ ਦਾ ਜੀਣ। ਤਾਰਿਆਂ ਦੀ ਛਾਂ ਕੰਬਦਾ, ਘੁੰਡ ਮਹੀਨ ਅਪਾਰ। ਕੱਜ ਲਏ ਮੰਗੂ ਬੇਲੜੇ, ਕੱਜ ਲਏ ਬਲੀ ਪਹਾੜ। ਭੁੱਲੀ ਹੀਰ ਪਈ ਢੂੰਡਦੀ, ਅੱਪਣੇ ਤਨ ਦੀ ਲੋਅ, ਝੋਕ ਤ੍ਰਿੰਞਣ ਵਣਾਂ ਨੂੰ, ਰੰਗ ਰੰਗ ਰਹੀ ਪਰੋ। ਕਿਹੜੀ ਝੁੱਗੀ ਵੇਖ ਲੈ, ਬਲਦਾ ਪਿਆ ਚਰਾਗ਼, ਹੀਰ ਦਾ ਪਾਣੀ ਭਰੇਗਾ, ਰੋਇ ਵਿਸੂਲਾ ਬਾਗ਼। ਰਾਤ ਝਨਾਂ ਦੀ ਵੇਖਿਆ, ਲਹਿਰੀਂ ਡੁੱਬਦਾ ਨੂਰ। ਸੁਬਕ ਤਾਨ ਜਿਉਂ ਗੁੰਮਿਆ, ਬੁੱਤ ਹੀਰ ਦਾ ਦੂਰ। + + + + + ਹਿਲਦਾ ਬੁੱਤ ਮੈਂ ਦੇਖਦਾ, ਫੇਰ ਝਨਾਂ ਦੇ ਤੀਰ, ਕੰਧੀ ਕੰਧੀ ਆਂਵਦਾ, ਚੋਲਾ ਸਬਜ਼ ਫ਼ਕੀਰ। ਦਾੜ੍ਹੀ ਪੀਰ ਸਫ਼ੈਦ ਜਿਉਂ, ਲੱਖ ਰਹਿਮ ਦੀ ਤਾਰ। ਕੋਟਾਂ ਭੇਦ ਲਪੇਟ ਲਏ, ਸਮਿਆਂ ਦੀ ਦਸਤਾਰ। ਜੀਂਦੇ ਮਸਤਕ ਹੀਰ ਦਾ, ਇੱਕੋ ਇਕ ਈਮਾਨ, ਜੈਂਦੇ ਆਂਗਣ ਤੁਰਦੀਆਂ, ਪਾਉਣ ਹਦੀਸਾਂ ਸ਼ਾਮ। ਜੈਂਦੀਆਂ ਅੱਖੀਆਂ ਦੇਂਦੀਆਂ, ਸੈ ਸਿੰਧਾਂ ਦੀ ਸਾਰ, ਜਿਸਨੇ ਜੋਬਨ ਭੇੜਿਆ, ਵੱਡ ਮਲਕਾਂ ਦੇ ਬਾਰ। ਚਾੜ੍ਹੀ ਜਿਸਨੇ ਜਿੰਦ 'ਤੇ, ਸਬਰ-ਹੁਸਨ ਦੀ ਸਾਨ, ਵਾਹੇ ਪਤਣ ਝਨਾਂ ਤੋਂ, ਵਲ ਕਿਆਮਤ ਵਾਣ। ਘੇਰੇ ਰਾਹ ਜਿਸ ਮੌਤ ਦੇ, ਪਾ ਜੋਬਨ ਦੀ ਧੂਹ, ਢੋਲ ਵਜਾ ਕੇ ਹਸ਼ਰ ਦਾ, ਦੇਸ ਪੰਜਾਬ ਦੀ ਜੂਹ। ਮਹਿਰਮ ਮੁੱਢ ਕਦੀਮ ਦਾ, ਦਿਸੇ ਝਨਾਂ ਦੇ ਤੀਰ, ਕੰਧੀ ਕੰਧੀ ਆਂਵਦਾ, ਚੋਲਾ ਸਬਜ਼ ਫ਼ਕੀਰ। + + + + + ਸਬਜ਼ ਪੋਸ਼ ਪੀਰ (ਫ਼ਕੀਰ) ਦੇ ਸਾਹਮਣੇ ਨਾਂਹ ਜਾਣਾ ਕਿਸਦਾ ਮੈਂ ਦਾਮਨ ਫੜ ਕੇ, ਢੁੱਕਿਆ ਫ਼ਕੀਰ ਦੇ ਕੋਲ। ਸੋਹਣੀਆਂ ਹੰਝਾਂ ਤੇ ਕਮਲਾਂ ਜਿਉਂ ਸੁੱਤੇ, ਵਗਦੇ ਝਨਾਵਾਂ ਦੇ ਬੋਲ । ਦੂਰ ਤ੍ਰਿੰਝਣਾਂ ੱਚੋਂ ਪੰਖੀ ਨੇ ਉੱਡੇ ਪਏ ਉੱਡ ਮਹਿਰਮ ਦੀ ਝੋਲ। ਪੀਰ ਦੇ ਦਰ ਤੋਂ ਖਾਲੀ ਨ ਮੁੜ ਤੂੰ ਲੈ ਤੂੰ ਵੀ ਦੁੱਖ ਸੁੱਖ ਫੋਲ। ਪੁੱਛਿਆ ਮੈਂ "ਰੱਬ ਦਾ ਦਾਮਨ ਫੜ ਕੇ, ਕਿਹੜੇ ਦੇਸੋਂ ਆਏ ਫ਼ਕੀਰ। ਕਿਚਰਕ ਕੰਧੀ ਝਨਾਂ ਦੀ 'ਤੇ ਵੱਸਣਾ, ਕਿਹੜੇ ਦੇਸੀਂ ਜਾਣਾ ਅਖ਼ੀਰ ?" "ਕੰਧੀ ਝਨਾਂ ਦੀ ਏ ਦੇਸ ਅਸਾਡਾ, ਵਗੇ ਏਥੇ ਜਿੰਦੜੀ ਦਾ ਨੀਰ। ਰੱਬ ਦਿਆਂ ਬੰਦਿਆਂ ਨੂੰ ਜਦੋਂ ਹੀਰ ਵਿਸਰੇ, ਓਦੋਂ ਛੱਡ ਜਾਂਦੇ ਅਸੀਂ ਤੀਰ।” “ਕਾਹਤੋਂ ਮੈਂਡੇ ਦਿਲ ਵਿਚ ਬਰਬਰ ਸੱਖਣੇ, ਸੁੰਝਾਂ ਵਿਚ ਕੰਬਦੀ ਜ਼ਬਾਨ। ਕਦੇ ਕਦੇ ਪੈੜ ਕੋਈ ਥਲਾਂ ਵਿਚ ਦਿਸਦੀ, ਲੈ ਜਾਣ ਖੋਹ ਕੇ ਤੂਫ਼ਾਨ। ਕਦੇ ਕਦੇ ਦੇਂਦੀ ਪਰ ਬੂੰਦ ਝਨਾਂ ਦੀ, ਥੋੜ੍ਹਾ ਥੋੜ੍ਹਾ ਰੂਹ ਨੂੰ ਰਮਾਨ। ਸੋਹਣੇ ਜਹੇ ਝਨਾਂ ਦੇ ਮਿੱਠੜੇ ਫ਼ਕੀਰਾ, ਖੋਲ੍ਹ ਜ਼ਰਾ ਮਾਅਨੇ ਕੁਰਾਨ।” “ਰੰਗਲੀ ਝਨਾਂ ਦੇ ਤੁਸਾਂ ਵਹਿਣ ਨ ਵੇਖੇ, ਮੈਂਡੀਆਂ ਅੱਖੀਆਂ ਦੇ ਨਾਲ। ਤਾਂਹੀਉਂ ਏ ਚਿੱਤ ਤੈਂਡਾ ਡਰਵਰ ਡਰਵਰ, ਰਹਿਣਾ ਝੰਗ ਬੇਲੜੇ ਮੁਹਾਲ। ਵਿੱਧਣ ਰਾਹਾਂ 'ਤੇ ਜਿੰਦ ਤੈਂਡੀ ਡੋਲਦੀ, ਸੁੱਕੀ ਸੁੱਕੀ ਪੌਣਾਂ ਦੀ ਚਾਲ।” ਸਬਰਾਂ ਦੀ ਸਾਨ ਮੈਂਡੀ ਜਿੰਦੂ 'ਤੇ ਲਾ ਲਾ, ਪੀਰ ਪਿਆ ਪੁੱਛਦਾ ਹਵਾਲ। ਪੀਰ ਨੇ ਨਜ਼ਰਾਂ ਉਠਾਈਆਂ ਜਾਂ ਮੈਂ ਵੱਲ, ਕੰਬੀ ਕੁਲ ਤਾਰਿਆਂ ਦੀ ਛਾਂ। ਉੱਡੀ ਉੱਡੀ ਜਾਂਦੀ ਵੱਲ ਅੰਬਰਾਂ ਦੇ ਸੁਪਨੇ, ਫੜ ਫੜ ਕਰੇਂਦੀ ਏ ਝਨਾਂ। ਭੇਦ ਪਿਆ ਮਾਹੀ ਦੇ ਚੋਰੀ ਚੋਰੀ ਦਸਦਾ, ਰੁੱਖਾਂ ਵਿਚ ਪੰਖੀ ਅਨਾਂ। ਨ ਵੰਝ ਮਾਹੀ ਅਸਾਂ ਸੰਗ ਤੈਂਡੇ ਜੁੱਲਣਾ, ਅਜੇ ਤੈਂਡਾ ਤੱਕਣਾ ਗਿਰਾਂ। + + + + + ਪੀਰ ਦੇ ਬੋਲ ਪੀਰ ਕਹੇ ਖਿੱਚ ਅੰਬਰ ਤਾਨਾਂ : “ਤੱਕ ਝਨਾਂ ਦੀਆਂ ਸੋਹਣੀਆਂ ਜਾਨਾਂ।” “ਵਗ ਵਗ ਜਾਣ ਉਮਰ ਦੇ ਪਾਣੀ ਕਾਫ਼ਲੇ ਲੰਘਣ ਅੱਥਰੂ ਥਾਣੀ, ਕਿਸੇ ਨੇ ਅੱਗ ਸਿਰਾਂ 'ਤੇ ਤਾਣੀ- ਜੱਗ ਨੂੰ ਦੀਨ ਗੁਆਂਦਾ ਤੱਕਿਆ, ਮੇਰੀ ਨਜ਼ਰ ਹੇਠ ਅਸਮਾਨਾਂ।” ਪੀਰ ਕਹੇ ਖਿੱਚ ਅੰਬਰ ਤਾਨਾਂ : “ਤੱਕ ਝਨਾਂ ਦੀਆਂ ਸੋਹਣੀਆਂ ਜਾਨਾਂ।” “ਛੱਡ ਤੂਫ਼ਾਨ ਥਲਾਂ ਦੇ ਖੂਹੇ, ਜੋਗੀਆਂ ਵਾਂਗ ਬੇਲਿਆਂ ਬੂਹੇ ਤੱਕਣ ਹੱਥ ਹੀਰ ਦੇ ਸੂਹੇ- ਕਾਫ਼ਰ ਹੁਸਨ ਮੈਂ ਰੱਜ ਵਖਾਇਆ ਹੁੱਲ ਹੱਲ ਸਾਹਮੇ ਫ਼ਜਰ-ਅਜ਼ਾਨਾਂ—" ਪੀਰ ਕਹੇ ਖਿੱਚ ਅੰਬਰ ਤਾਨਾਂ : “ਤੱਕ ਝਨਾਂ ਦੀਆਂ ਸੋਹਣੀਆਂ ਜਾਨਾਂ।” “ਹੱਸਣ ਜਦੋਂ ਝਨਾਂ ਦੀਆਂ ਨਾਰਾਂ, ਝੁਲ ਝੁਲ ਅੰਬਰ ਵਿਚ ਫੁਹਾਰਾਂ ਵਣ ਵਣ ਪੀਂਘਾਂ ਪਾਉਣ ਹਜ਼ਾਰਾਂ; ਬਿੱਜਲਾਂ ਵਾਂਗ ਝਨਾਂ ਨੂੰ ਨੂੰ ਵੇਖਣ ਕੰਧੀ ਝੁੰਮਰ ਪਾਉਣ ਰਕਾਨਾਂ—" ਪੀਰ ਕਹੇ ਖਿੱਚ ਅੰਬਰ ਤਾਨਾਂ : “ਤੱਕ ਝਨਾਂ ਦੀਆਂ ਸੋਹਣੀਆਂ ਜਾਨਾਂ।” “ਵੰਝਲੀ ਵਾਲਾ ਕਿਸ 'ਤੇ ਵਿਕਦਾ ? ਸੰਞ ਸਵੇਰੀਂ ਕਿਸਨੂੰ ਸਿਕਦਾ ? ਸੋਹਣਾ ਬੁੱਤ ਹੀਰ ਦਾ ਛਿਪਦਾ— ਜਾਂ ਕੋਈ ਬੋਲ ਸੱਜਣ ਅੱਜ ਬੋਲੇ, ਜਾਂ ਨਾਂਹ ਖਿੱਚੇ ਇੰਞ ਕਮਾਨਾਂ-" ਪੀਰ ਕਹੇ ਖਿੱਚ ਅੰਬਰ ਤਾਨਾਂ : “ਤੱਕ ਝਨਾਂ ਦੀਆਂ ਸੋਹਣੀਆਂ ਜਾਨਾਂ।” “ਹੀਰ ਦੇ ਸਾਹਮੇ ਡੋਲ੍ਹ ਕੇ ਚੀਨਾ ਬਿਜਲੀਆਂ ਕੋਲ ਵਜਾਈਆਂ ਬੀਨਾਂ ਰਿਮ ਝਿਮ ਰਿਮ ਝਿਮ ਰੁੱਤ ਮਹੀਨਾ- ਹੀਰ ਦੀ ਨਾਜ਼ਕ ਧੜਕਣ ਉੱਤੇ ਰੁਣ ਝੁਣ ਕੀਤੀ ਫ਼ਜਰਾਂ ਸ਼ਾਮਾਂ—" ਪੀਰ ਕਹੇ ਖਿੱਚ ਅੰਬਰ ਤਾਨਾਂ : “ਤੱਕ ਝਨਾਂ ਦੀਆਂ ਸੋਹਣੀਆਂ ਜਾਨਾਂ।” “ਇਕ ਕਿਤਾਬ ਰਾਜ਼ ਮੈਂ ਦੱਸੇ ਟਾਵੀਂ ਟਾਵੀਂ ਸੈਨਤ ਲੱਸੇ ਰਹਿੰਦੀ ਵਾਟ ਨਜ਼ਰ ਵਿਚ ਵੱਸੇ; ਅਸਾਂ ਝਨਾਂ ਦੀ ਲਹਿਰ 'ਤੇ ਲਿੱਖੇ, ਡੂੰਘੇ ਮਾਅਨੇ ਵਿਚ ਕੁਰਾਨਾਂ—" ਪੀਰ ਕਹੇ ਖਿੱਚ ਅੰਬਰ ਤਾਨਾਂ : "ਤੱਕ ਝਨਾਂ ਦੀਆਂ ਸੋਹਣੀਆਂ ਜਾਨਾਂ।” “ਜੋ ਕੁਝ ਕਿਹਾ ਹੀਰ ਦੇ ਨੈਣਾਂ ਡੂੰਘੇ ਵਹਿਣ ਝਨਾਂ ਦੀਆਂ ਰੈਣਾਂ ਕੁਲ ਰਮਜ਼ਾਂ ਮੈਂ ਕਦੇ ਨ ਕਹਿਣਾ; ਨਹੀਂ ਤਾਂ ਇਸ ਆਲਮ ਦੀਆਂ ਰੂਹਾਂ ਨਾਲੇ ਜਲਣਾ ਕੁੱਲ ਨਿਸ਼ਾਨਾਂ—" ਪੀਰ ਕਹੇ ਖਿੱਚ ਅੰਬਰ ਤਾਨਾਂ : “ਤੱਕ ਝਨਾਂ ਦੀਆਂ ਸੋਹਣੀਆਂ ਜਾਨਾਂ।” "ਜਾਂ ਤੁਰਸ਼ਨ ਛੱਡ ਦਿਲ ਦੀ ਢਾਣੀ ਰਾਹ ਗੋਰਾਂ ਦੇ ਰੰਗਲੇ ਹਾਣੀ, ਸੁਕ ਸੁਕ ਜਾਣ ਝਨਾਂ ਦੇ ਪਾਣੀ- ਉਹ ਸਭ ਰਮਜ਼ਾਂ ਬਾਲ ਲਵਾਂਗਾ, ਜੋ ਨ ਦੱਸੀਆਂ ਵਿਚ ਜਹਾਨਾਂ-" ਪੀਰ ਕਹੇ ਖਿੱਚ ਅੰਬਰ ਤਾਨਾਂ : “ਤੱਕ ਝਨਾਂ ਦੀਆਂ ਸੋਹਣੀਆਂ ਜਾਨਾਂ।” “ਮੈਂ-ਮਨ ਸੁੱਤੀਆਂ ਵਾਂਗ ਰਕਾਨਾਂ, ਕੁਲ ਸਮੇਂ ਤੋਂ ਲੰਮੀਆਂ ਤਾਨਾਂ, ਤੋੜ ਸੁੱਟਾਂ ਕਿੰਞ ਦਿਲ ਦੀਆਂ ਸ਼ਾਨਾਂ। ਕਿਵੇਂ ਝਨਾਂ ਦੇ ਬੂਹਿਉਂ ਉੱਠਾਂ ਮੈਨੂੰ ਲੱਭਣਾਂ ਮੇਰੇ ਮੁਕਾਮਾਂ।” ਪੀਰ ਕਹੇ ਖਿੱਚ ਅੰਬਰ ਤਾਨਾਂ : “ਤੱਕ ਝਨਾਂ ਦੀਆਂ ਸੋਹਣੀਆਂ ਜਾਨਾਂ।” ਝਨਾਂ ਦੇ ਖੁਲ੍ਹੇ ਦੀਦਾਰ ਇਕੱਲਾਂ ਖ਼ਤਮ... ਮੈਂ ਝਨਾਂ ਦੇ ਵਹਿਣ 'ਤੇ ਵੇਖੀ ਨੈਣਾਂ ਦੀ ਗੁਲਕਾਰੀ। ਖੋਹ ਰਿਹਾ ਰੁੱਤਾਂ ਦਾ ਪੈਂਡਾ, ਰੰਗ ਕਸੁੰਭੜਾ ਭਾਰੀ। ਪੀਲੇ ਪੱਤ ਜਿਉਂ ਘੁੰਮ ਘੁੰਮ ਡਿਗਦੇ, ਧਮ ਧਮ ਕਰਦੇ ਬੁੱਲੇ । ਬਾਲ-ਉਮਰ ਨੂੰ ਕੀ ਸਮਝਾਵਾਂ, ਕਿਉਂ ਇਹ ਝੁੰਮਰ ਹੁੱਲੇ ! ਅੱਥਰੇ ਵਹਿਣ 'ਚ ਰੁਲ ਜਾਵੇਗੀ, ਇਹ ਸੱਜਣਾਂ ਦੀ ਢਾਣੀ। ਘੜਿਆਂ ਦੇ ਵਿਚ ਰੁੱਤਾਂ ਭਰਿਆ, ਹੱਸ ਕਸੁੰਭੜਾ ਪਾਣੀ। ਕੌਣ ਤੁਰੇਗਾ ਇਸ ਪਾਸੇ ਨੂੰ, ਅਣਦਿੱਸ ਬੂਹਾ ਖੁੱਲ੍ਹੇ ! ਏਸ ਵਹਿਣ 'ਤੇ ਨਾਚ ਕਰੇ ਜੋ, ਆਖ਼ਿਰ ਇਕ ਦਿਨ ਰੁੱਲੇ। ਲੱਖਾਂ ਰੋਣ ਜਲਾਂ ਵਿਚ ਰੂਹਾਂ, ਡੁਬਦੀਆਂ ਪਾਉਣ ਕੁਕਾਰਾ। ਵਹਿਣ ਰਾਂਗਲੇ ਹੇਠ ਮੈਂ ਵੇਖਾਂ, ਹੱਥ ਪੀਰ ਦਾ ਪਿਆਰਾ। ਰੰਗ ਰੁੱਤਾਂ ਦੇ ਹੰਭ ਹੰਭ ਜਾਵਣ, ਚੜ੍ਹਣ ਨ ਵਹਿਣ ਹਮੇਸ਼ਾਂ। ਮੰਗਣ ਵਸਲ ਮਾਹੀ ਦਾ ਧਰ ਤੋਂ, ਪੀਵਣ ਥੀਣ ਵਰੇਸਾਂ। ਪਾਵਨ ਚੁੱਪ ਧਰਤ ਦੀ ਸਾਰੀ, ਵਹਿਣ ਝਨਾਂ ਹੋ ਜਾਵੇ; ਘੁੰਡ ਕਸੁੰਭੜੇ ਦਾ ਚੁੱਕ ਪਿਆਸਾ, ਰਾਂਝਣ ਯਾਰ ਬੁਲਾਵੇ। ਝੰਗ ਦਾ ਬੋਲਾ ਭੇਸ ਵਟਾ ਕੇ, ਵਾਂਗ ਜੋਗੀਆਂ ਰਮਦਾ। ਰਾਤ ਦੇ ਆਂਗਣ ਕੁਲ ਧਰਤੀ ਦਾ, ਤਪ ਤਪ ਬ੍ਰਿਹੂੰ ਥੰਮ੍ਹਦਾ। ਝੰਗ ਦਾ ਬੇਲਾ ਅਲਖ ਜਗਾਉਂਦਾ, ਖੜਾ ਖੜਾ ਦਰ ਝੋਕਾਂ। ਪੀ ਗਏ ਸਾਹ ਨਾਗ ਜਦ ਧਰ ਦੇ, ਕੌਣ ਲਗਾਵੇ ਚੋਕਾਂ ? ਕਦੇ ਝਨਾਂ 'ਤੇ ਵੰਝਲੀ ਵੱਜੇ, ਕਦੇ ਤਾਂ ਤਖ਼ਤ ਹਜ਼ਾਰੇ। ਮੰਗੂ ਚਾਕ ਖੜ੍ਹੇ ਹੈਰਾਨੇ, ਮੀਂਹ ਪਵੇ ਕਿਸ ਬਾਰੇ ? ਸੁਣਿਆ ਹੀਰ : ਰਾਂਝਣ ਵਿਚ ਬੇੜੀ ! ਵਣ ਵਣ ਤੰਦਾਂ ਪਾਵੇ। ਫ਼ਜਰੀਂ ਸੰਞੀਂ ਸਿਖਰ ਦੁਪਹਿਰੀਂ, ਰਾਤੀਂ ਸੇਜ ਬਣਾਵੇ। ਹੀਰ ਦੇ ਸੁਪਨੋਂ ਝਿਲਮਿਲ ਝਿਲਮਿਲ, ਲੰਘਣ ਰਾਤ ਦੇ ਪਾਣੀ। ਸੋਹਣੇ ਲੌਂਗ ’ਤੇ ਲਿਸ਼ਕ ਤਾਨ ਕੁਈ, ਉਮਰਾਂ ਵਾਂਗ ਵਿਹਾਣੀ। ਬੁੱਤ ਹੀਰ ਦਾ ਰੁੱਤ ਸਾਵਨ ਵਿਚ, ਛਿਪ ਛਿਪ ਦਿਵੇ ਨ ਸਾਰਾਂ। ਨ ਸਦ ਵੰਝਲੀ ਨ ਜੁਗਨੂੰ ਕੁਈ, ਸਕਿਆ ਢੂੰਡ ਫੁਹਾਰਾਂ। ਹੀਰ ਦੇ ਬੂਹੇ ਘੁੰਮ ਘੁੰਮ ਆਵਣ, ਸੁਬਕ ਝਨਾਂ ਦੀਆਂ ਭੂਰਾਂ। ਕਹਿਕਸ਼ਾਂ ਦੇ ਖੂਹੇ ਵੱਲੇ, ਚਾਏ ਘੜੇ ਜਿਉਂ ਹੂਰਾਂ। ਬਾਰਾਂ ਮਾਸ ਅਖੀਂ ਵਿਚ ਹੰਝੂ, ਕੀ ਰੰਗਪੁਰ ਦਾ ਜੀਣਾ ? ਮੱਛ ਕੱਛ ਨਾਗਾਂ ਦੇ ਰਾਹ 'ਤੇ, ਸੱਦ ਮਾਹੀ ਦੀ ਥੀਣਾ। ਫਿਰ ਰਾਤੀਂ ਮੈਂ ਰੁੱਖਾਂ ਓਹਲੇ, ਖੜ੍ਹ ਖੜ੍ਹ ਤੱਕੀਆਂ ਬਾਰਾਂ। ਰੋਇ ਝਨਾਂ ਦਾ ਪਾਟਾ ਦਾਮਨ, ਸੀਣ ਝਨਾਂ ਦੀਆਂ ਨਾਰਾਂ। ਘੁੰਮ ਘੁੰਮ ਚੜ੍ਹਦੇ ਭਾਂਬੜ ਚਾਈ, ਵਗ ਵਗ ਜਾਵਣ ਰੁੱਤਾਂ। ਬਲਦੇ ਚਰਖ ਹੇਠ ਮੈਂ ਵੇਖਾਂ, ਸ਼ਗਨ ਮਨਾਵਣ ਰੁੱਤਾਂ। ਜਿਸਦੇ ਜੋਬਨ ਜਲ ਬਲ ਜਾਣਾ, ਹੀਰ ਨ ਓਸ ਬਨੇਰੇ। ਰੰਗ ਕਸੁੰਭੜਾ ਜਿਸ ਰਾਹ ਵਿਕਦਾ, ਉਸ ਤੋਂ ਖੜ੍ਹੀ ਅਗੇਰੇ। ਜੇ ਨਾਂਹ ਵੰਗ ਅੰਬਰ ਦੀ ਟੁੱਟੇ, ਖ਼ਿਆਲ ਹੀਰ ਦਾ ਵੱਲਾਂ। ਸੰਜੋਗ-ਵਿਜੋਗ ਦੀਆਂ ਵਾਟਾਂ 'ਤੇ, ਮਾਰ ਰਿਹਾ ਵੱਡ ਛੱਲਾਂ। ਸੰਜੋਗ-ਵਿਜੋਗ ਲੰਮੀਆਂ ਨਦੀਆਂ, ਹੀਰ ਦਾ ਖ਼ਿਆਲ ਪਰੋਈ। ਜਲ ਥਲ ਨੂੰ ਗਲ ਲਾ ਕੇ ਮਿਲੀਆਂ, ਵਾਂਗ ਮਿੱਠੀ ਖ਼ੁਸ਼ਬੋਈ। ਚੰਨ ਚਾਨਣੀ ਦੇ ਵਿਚ ਉੱਡਣ, ਕੂੰਜ ਵਾਂਗ ਕੰਨਸੋਆਂ। ਖੁਰਦੇ ਰਾਤ ਦੇ ਪੱਤਣ ਬੈਠਾ, ਕੌਣ ਕਰੇ ਪਿਆ ਲੋਆਂ ? ਬਿਜਲੀ ਸੁਬਕ ਸੁਪਨ ਤੋਂ ਸੋਹਣੀ, ਚਾਲ ਰਹੀ ਸ਼ਰਮਾਈ। ਖੇਡ ਰਿਹਾ ਮੰਗੂ ਦਾ ਸੁਪਨਾ, ਬਿਰਖ-ਨੀਂਦ ਗਲ ਲਾਈ। ਜਦੋਂ ਝਨਾਂ ਦੀ ਕੰਧੀ ਕੁੱਸਣਾ, ਹੀਰ ਦਾ ਖ਼ਿਆਲ ਪਿਆਸਾ। ਤਕਦੀਰਾਂ ਦੇ ਭੇਦ-ਭਰੇ ਹੱਥ, ਧਰਤ ਫੜੇਗੀ ਕਾਸਾ। ਧਰਤ ਦੀ ਵਾਟ ਹੀਰ ਦਾ ਜੋਬਨ, ਰਹੇ ਝਨਾਂ ਦੇ ਨੈਣਾਂ। ਰਹਿਣ ਈਮਾਨ ਹੁਸਨ ਦੇ ਵਸਦੇ, ਸੰਗ ਭਿੰਨੀਆਂ ਰੈਣਾਂ। ਹੋਏ ਵੇਸ ਧਰਤ ਦੇ ਸੂਹੇ, ਰੰਗ ਰੰਗਾਂ ਨੂੰ ਕੱਜੇ । ਜਿਸ ਕਣ ਬਾਗ਼ ਦਾ ਸੁਪਨਾ, ਉਸ ਤੇ ਭਰੀ ਝਨਾਂ ਜਿਉਂ ਵੱਜੇ । ਸਾਰੀ ਧਰਤ ਦੀ ਜਾਨ 'ਤੇ ਲਿਪਟਣ, ਕਿਸੇ ਬ੍ਰਿਛ ਦੀਆਂ ਛਾਵਾਂ, ਜਾਗ ਗੀਤ ਦੇ ਅੰਗੀਂ ਸੁੱਤੀਆਂ, ਟੋਲਣ ਜਿਹਨੂੰ ਹਵਾਵਾਂ। ਸਦ ਅਬੋਲ ਚਾਅ ਨੂੰ ਲਿਆਈਆਂ, ਬੇਲਿਆਂ ਦੇ ਵਿਚ ਕੂੰਜਾਂ। ਕੁੱਝ ਹੀ ਭੇਦ ਧਰਤ ਦਾ ਪਾਵਣ, ਘਾਹ 'ਤੇ ਸੁੱਤੀਆਂ ਬੂੰਦਾਂ। ਝੁੰਮਰ ਦੇ ਵਿਚ ਮੁੜ ਮੁੜ ਨੱਚੀਆਂ, ਕਵਣ ਬ੍ਰਿਛ ਦੀਆਂ ਰਾਹਵਾਂ ! ਭੈਅ ਵਿਚ ਕੌਣ ਕਿਸੇ ਨੂੰ ਆਖੇ : “ਨ ਵਗ ਜਾਣ ਝਨਾਵਾਂ।” ਹਰਾ ਬ੍ਰਿਛ ਕਿਸ ਜੂਹ ਵਿਚ ਮਉਲੇ ? ਜਲ ਥਲੁ ਦੇਸੁ ਨ ਜਾਪੇ। ਫਿਰ ਕਿਉਂ ਬੁੱਲੀਆਂ ਮਿੱਠੀਆਂ ਹੋਵਣ, ਇਸ ਸੁੰਞੇ ਤਰਨਾਪੇ ? ਹਰਾ ਬ੍ਰਿਛ ਹੀਰ ਦਾ ਸੁਪਨਾ, ਫਲਦਾ ਰਹੇ ਹਮੇਸ਼ਾਂ। ਪੈਂਡਾ ਅੱਖੀਆਂ ਵਿਚ ਝਨਾਂ ਦਾ, ਸਾਂਭ ਲਿਆ ਦਰਵੇਸ਼ਾਂ। (ਡੱਫਰ−21-6–1980) (ਇਤਿ)
ਸੋਹਣੀ ਦੀ ਆਖ਼ਰੀ ਰਾਤ
-1- ਇਕ ਪਲ ਸੋਹਣੀ ਨੂੰ ਨੀਂਦ ਆਈ ! ਮਹਿਕ ਦੇ ਅਣਦਿੱਸ ਚਸ਼ਮਿਆਂ ਵਿੱਚੋਂ ਰਾਤ ਦੇ ਭੇਦ ਭਰੇ ਰਾਹਾਂ ਨੂੰ ਚੀਰ ਕੇ ਧਰਤ ਦੀਆਂ ਬਾਹਾਂ ਝੱਲੀਆਂ, ਕੋਟ ਸਾਲਾਂ ਦੇ ਵਸਲ ਦੀ ਅੱਗ ਨੂੰ ਬੁੱਕਲ ਦੀ ਚੁੱਪ ਵਿਚ ਘੁੱਟ ਕੇ ਸੋਹਣੀ ਨੂੰ ਲਿਪਟੀਆਂ ਆਖ਼ਰੀ ਵਾਰੀ। ਸੁੱਤੀ ਨਾਰ ਨ ਜਾਗੇ ! ਉਂਞ ਤਾਂ ਮੂਹ-ਜਲਾਂ ਦੇ ਜ਼ੋਰ ਤੋਂ ਡੂੰਘਾ ਸਮੇਂ ਦੇ ਨਕਸ਼ ਨ ਛੋਂਹਦਾ ਆਦਿ ਤੋਂ ਪਹਿਲਾਂ, ਜੁਗਾਦਿ ਤੋਂ ਭਾਰੀ ਹੜ੍ਹ ਬਲਵਾਨ ਹੈ ਚਾਰ ਚੁਫ਼ੇਰੇ ! (ਪਤਾ ਨਹੀਂ ਇਹ ਹੜ੍ਹ ਆਪਣਾ ਹੈ ਜਾਂ ਧਰਤੀ ਦਾ !) ਕਦੀ ਸੋਹਣੀ ਦੇ ਅੰਗਾਂ ਦਾ ਸਾਦਿਕ ਨਸ਼ਾ ਝਿਲਮਲਾਉਂਦੇ ਅਕਾਸ਼ ਨੂੰ ਡਾਢੀਆਂ ਖਿੱਚਾਂ ਪਾ ਹਨੇਰੀਆਂ ਦੇ ਨਾਲ ਝਲਦੇ ਵਣਾਂ ਜਿਉਂ ਨਿਵਾਉਂਦਾ, ਕਦੀ ਇਸ ਚੁੱਪ ਦਾ ਜੋਸ਼ ਅਲਬੇਲਾ ਧਰਤੀ ਦੇ ਛੁਪੇ ਹੁਸਨਾਂ ਦੇ ਸਿੰਧਾਂ 'ਚ ਉਤਰਦਾ। ਨੈਣਾਂ, ਬੁੱਲੀਆਂ, ਜ਼ੁਲਫ਼ਾਂ ਦਾ ਜੋਬਨ ਖ਼ਾਬਾਂ ਦੇ ਸਿਹਰ ਵਿਚ ਲਿਸ਼ਕਦਾ। ਅੰਗਾਂ ਦੀਆਂ ਮੂੰਹ-ਜ਼ੋਰ ਸ਼ੀਰੀਨੀਆਂ ਧਰਤੀ ਦੇ ਕਣ ਕਣ ਦੀ ਤਾਂਘ 'ਤੇ ਫ਼ਰਿਆਦ ਦੀ ਨਹਿਰ ਬਣ ਵੱਜਦੀਆਂ। ਸੋਹਣੀ ਦੇ ਨਕਸ਼ਾਂ ਦੀ ਚਾਂਦਨੀ, ਪਾਵਨ, ਬੇਨਕਸ਼ ਡੂੰਘਾਣਾਂ ਨੂੰ ਭਰਦੀ, ਕਿੱਥੇ ਕੁ ਜਾਂਦੀ ? ਕਿੱਥੇ ਕੁ ਥਰਕਦੀ ? ਅਨੰਤ ਨੂੰ ਸਮਝ ਨ ਆਵੇ, ਬਉਰਾਣੀਆਂ ਨਜ਼ਰਾਂ ਆਪਣਾ ਆਪ ਨ ਜਾਣਨ। ਸੋਹਣੀ ਦਾ ਖ਼ਾਬ ਪਿਆ ਦੌੜਦਾ ਧਰਤ ਦੇ ਅਰੂਪ ਅਣਛੋਹੇ ਥਲਾਂ ਵਿਚ, ਜੋ ਭੇਦਾਂ ਦੇ ਗਾੜ੍ਹੇ ਨੇਰ ਵਿਚ ਲੇਟੇ ਤੇ ਮਹਿੰਦੀ ਰੰਗੇ ਪੈਰ ਬਿਜਲੀਆਂ ਬਣ ਕੇ ਮੋਏ ਲੁਕੇ ਥਲਾਂ ਦੇ ਸੀਨੇ ਨੂੰ ਚੀਰਦੇ, ਮਹਿੰਦੀ ਰੰਗੇ ਨਿਸ਼ਾਨਾਂ ਦੇ ਨਾਲ ਦੁਪਹਿਰਾਂ ਸੰਞਾਂ ਦੇ ਕਾਫ਼ਲੇ ਨਸਦੇ ਜਾਵਣ। ਜੋਬਨ ਦੀ ਚੜ੍ਹਦੀ ਕਾਂਗ ਵਿਚ ਆਦਿ-ਜੁਗਾਦਿ ਪਏ ਭਿੜਦੇ; ਜਿਵੇਂ ਦੂਰ ਤਪਦੀਆਂ ਬਾਰਾਂ ਦੇ ਅੰਦਰ ਸਿਖਰ ਦੁਪਹਿਰਾਂ ਦੀ ਢਾਲ 'ਤੇ ਮਿਰਜ਼ੇ ਦੇ ਤੀਰ ਪਏ ਵਰ੍ਹਦੇ। ਸੋਹਣੀ ਦੀ ਝਿਲਮਲਾਉਂਦੀ ਨੀਂਦ ਦੇ ਓਹਲੇ ਘੁੰਮਨਘੇਰੀਆਂ ਦੇ ਭੇਦ ਨ ਆਵਣ ਸਮਾਂ ਰੰਗ ਬੇਰੰਗ ਤੋਂ ਅੱਗੇ ! ਹਾਂ ! ਬੁੱਢਾ ਫਲਕ ਉੱਡਦਾ ਧੁੰਧ ਵਿਚ ਕੱਪਰਾਂ ਦੇ ਥੱਕੇ ਖੰਭਾਂ ਨੂੰ ਸੁੱਟਦਾ ਜਾਂਦਾ। ਕੌਣ ਜਾਣੇ ? ਕਿਹੜੇ ਸਿਹਰ ਨੇ ਕਿੱਥੋਂ ਜਾਂ ਰਾਤ ਦੀਆਂ ਕਿਹਨਾਂ ਦੂਰੀਆਂ ਨੇ ਜਾਗ ਕੇ ਨੱਟ-ਖੱਟ ਸਖੀ ਦੇ ਵਾਂਗੂੰ ਇਕ ਤਿਖੀ ਝੱਲ ਜ਼ੁਲਫ਼ਾਂ 'ਤੇ ਮਾਰ ਕੇ ਛੋਹਿਆ, ਥੋੜੀ ਜੇਹੀ ਛੇੜ ਕੇ ਹਿਲਾਇਆ, ਝਿਲਮਿਲਾਉਂਦਾ ਅਨੰਤਾਂ ਤਾਰਿਆਂ ਵਾਲਾ ਸੋਹਣੇ ਅਸਮਾਨ ਦਾ ਪੱਲੂ; ਖ਼ੁਸ਼ਬੋ ਤੋਂ ਨਾਜ਼ੁਕ, ਨਵਾਤ ਤੋਂ ਮਿੱਠਾ, ਦਿਸਦੇ-ਅਣਦਿਸਦੇ ਭੇਤ ਤੋਂ ਨਿਆਰਾ। ਸੋਹਣੀ ਜਾਗੀ, ਨ ਜਾਗਦੀ, ਹੁਸਨਾਂ ਦਾ ਗਾਫ਼ਲ ਨਸ਼ਾ ਲੈ ਗਵਾਹੀ ਦੇਂਦੀ ਅਲਬੇਲੀਆਂ ਖੇਡਾਂ ਦੀ। ਬੇਖ਼ੁਦੀਆਂ ਦੇ ਬੇਪਨਾਹ ਜੋਸ਼ ਵਿਚ ਝੱਲੀਆਂ ਰਮਜ਼ਾਂ ਲੈ ਉਹ ਰਣਾਂ ਵਿਚ ਵੜਦੀ, ਜਿੱਥੇ ਜੋਬਨ ਗੁਨਾਹਾਂ ਦੇ ਨਾਲ ਖੇਡਣ ਕਰਨ ਅਠਖੇਲੀਆਂ, ਨੱਚਣ; ਸੋਹਣੀ ਜਾਗੀ, ਨ ਜਾਗਦੀ, ਉੱਥੇ ਹੀ ਰਾਸ ਜਾ ਪਾਉਂਦੀ; ਗੁਨਾਹ ਦਿਆਂ ਰੰਗਲਿਆਂ ਵਜਦਾਂ ਨੂੰ ਮੌਜ ਵਿਚ 'ਵਾਜਾਂ ਮਾਰਦੀ ਤੇ ਬੇਪਨਾਹ ਹੱਸਦੀ, ਜ਼ਾਮਨ ਬਣੇ। ਸੋਹਣੀ ਧਰਤ 'ਤੇ ਸੁੱਤੀ, ਅਕਾਸ਼ ’ਤੇ ਜਾਗਦੀ। ਸਦੀਆਂ ਦੀਆਂ ਉਡਾਰੀਆਂ ਲੰਮੀਆਂ ਸੁੱਤੀ ਦੇ ਹਰ ਨਕਸ਼ 'ਤੇ ਉਡਾਰੀਆਂ ਮਾਰਨ। ਪੰਧਾਣੂ ਰਾਹ ਭੁੱਲੇ, ਕਮਾਲ ਛੁਪੇ ਨੇ ਕਿੱਥੇ ? ਨੈਣ ਫਲਕ ਪੀ ਜਾਵਣ ਅਸਗਾਹ ਵਿਚ ਥੀਵਣ ਐਪਰ ਭੇਦ ਨ ਦੇਵਣ ਵੱਡੇ ਜਮਾਲ ਦਾ। ਨੀਂਦਾਂ ਦੇ ਮਿੱਠੇ ਦੇਸ ਵਿਚ ਕਿਹੋ ਜਹੇ ਘੁੰਡ ਦੇ ਉਹਲੇ, ਕਿਸ ਨੇਮ ਅਸਗਾਹ ਵਿਚ, ਕਿਸ ਲੰਮੀ ਨਦੀ ਦੇ ਪੱਤਣ 'ਤੇ, ਸੋਹਣੀ ਦੇ ਨਕਸ਼ਾਂ ਦੀ ਬਿਜਲੀ ਠਹਿਰਦੀ ? ਸੁੱਤੀ ਨਾਰ ਅਕਾਸ਼ 'ਤੇ ਜਾਗਦੀ ਅੰਗਾਂ ਦਾ ਮਧੁਰ ਪ੍ਰਛਾਵਾਂ ਚੁਫ਼ੇਰੇ ਕਹਿਕਸ਼ਾਂ ਜੇਹੀ ਬਣ ਕੇ ਫੈਲਦਾ। ਕਿਹੋ ਜਹੀ ਕਿਸਨੂੰ ਧੂਹ ਪੈਂਦੀ ਉੱਚੇ ਅਸਮਾਨ ਤੋਂ ਧਰਤੀ ਦੇ ਰਾਂਗਲੇ ਪਾਣੀਆਂ ਉੱਤੇ ਰੂਪ ਅਬੋਲ ਦੇ ਨੈਣ ਪਏ ਉਲਰਦੇ ? ਰਮਜ਼ਾਂ ਤਿੱਖੀਆਂ ! ਜਿਉਂ ਛੈਲ ਛੰਨਾਰਾਂ, ਦੂਰੋਂ ਧਰਤ ਦੇ ਅੰਗਾਂ ਨੂੰ ਡੰਗਦੀਆਂ, ਤਾਂ ਸੋਹਣੀ ਦਾ ਰੰਗ ਰੱਬਾਨੀ ਆਦਮ ਦੇ ਨੈਣਾਂ 'ਚ ਜਾਗਦਾ ਬੇਲਿਆਂ 'ਚ ਲੁਕ ਲੁਕ ਧਰਤ ਦੇ ਸੁਆਦਾਂ 'ਚ ਮਉਲਦਾ। ਰਿਜ਼ਕ ਤੋਂ ਸੁੱਚਾ ਰੁੱਖਾਂ ਦੇ ਸਬਰ ਤੋਂ ਸੰਘਣਾ ਖਿੜਦਾ ਨਕਸ਼ਾਂ ਦੇ ਚੜ੍ਹਣ-ਛਿਪਣ ਤੋਂ ਉੱਚਾ ਨਵੇਲਾ, ਸੋਹਣੀ ਦਾ ਰੰਗ ਰੱਬਾਨੀ ਅਸਮਾਨ ਦੇ ਉੱਚੇ ਕੋਟਾਂ ਤੋਂ ਪੈਰਾਂ ਦੀ ਖ਼ਾਕ ਵਿਚ ਲਹਿੰਦਾ, ਉਸ ਮਿੱਟੀ ਦਾ ਰਾਜ਼ ਬਣਦਾ ਜੋ ਵਲੀਆਂ ਦੇ ਇਕਰਾਰਾਂ ਵਾਂਗ ਵੱਡੀ ਜੋ ਚਨਾਬ ਦੀਆਂ ਲਹਿਰਾਂ ਜਿਉਂ ਪਿਆਰੀ। ਸੋਹਣੀ ਜਾਗੀ ਨੂਰ ਦੀ ਕਿਣਮਿਣ ਦੇ ਅੰਦਰ ਝਿੰਮ ਝਿੰਮ ਫਲਕ ਸੋਹਣੀ ਦੀਆਂ ਪਲਕਾਂ 'ਤੇ ਛਾਇਆ, ਅਗੰਮ ਬਰਫ਼ੀਲੀਆਂ ਕੂਟਾਂ ਤੋਂ ਸੋਹਣੀ ਦੇ ਅੰਗਾਂ 'ਤੇ ਸੁੱਟਦਾ ਨਿੰਮ੍ਹੇ ਨਿੰਮ੍ਹੇ ਮਾਸੂਮ ਦੀਵਿਆਂ ਦਾ ਚਾਨਣ; ਉਂਞ ਇਸ ਮਾਸੂਮ ਨਾਜ਼ ਤੋਂ ਅੱਗੇ ਇਸ ਪਤਲੀ ਬਾਰੀਕ ਕਿਣਮਿਣ ਨੂੰ ਲੰਘ ਕੇ ਕਹਿਰ ਦੀ ਚਾਦਰ ਦੇ ਪਿੱਛੇ ਫਲਕ ਦਾ ਇਕ ਹੋਰ ਵੀ ਚਿਹਰਾ, ਜਿੱਥੇ ਵਸਲ ਦਾ ਪੈਂਡਾ ਪੁਰਸਲਾਤ ਵਾਂਗ ਤਾਣ ਕੇ ਖ਼ੂਨੀ ਧਮਕ ਦੀ ਅਗਨੀ ਮਹੀਨ ਬਿਜਲੀ ਦੀ ਛੁਰੀ ਬਣ ਕਲਵਲ ਚਮਕਦਾ। ਜਿਸ ਤੋਂ ਲੰਘ ਕੇ ਤੱਕਦੀਆਂ ਸੋਹਣੀਆਂ ਸ਼ਹਾਦਤਾਂ ਦੇ ਮੀਨਾਰ ਉੱਚੇ, ਜਿਨ੍ਹਾਂ ਦੇ ਨੂਰੀ ਹੜ੍ਹ ਦੇ ਇੱਕੋ ਹੀ ਝਟਕੇ ਨਾਲ ਬੇਨਾਮ ਤੇ ਨਾਬੂਦ ਜੇਹੀ ਚੁੱਪ ਹੋ ਮਜ਼ਾਰਾਂ ਦੀ ਬੀਆਬਾਨੀ ਇਕੱਲ ਵਿਚ ਡਿਗਦੀਆਂ। ਇਹ ਕੀ ? ਸੋਹਣੀ ਦੀਆਂ ਯਾਕੂਤ ਬੁੱਲੀਆਂ ਦੀ ਪਿਆਸ ਵਿਚ ਆਸਮਾਨਾਂ ਤੋਂ ਪਾਰ ਦੁਰੇਡੇ ਸ਼ਹਾਦਤਾਂ ਦਾ ਜਾਮ ਹੈ ਛਲਕਿਆ, ਵਰ੍ਹਿਆ ਸਾਵਨ ਦੇ ਮੀਂਹ ਵਾਂਗ ਤਾਰਿਆਂ ਦੇ ਝਿਲਮਿਲਾਉਂਦੇ ਬਾਗ਼ 'ਤੇ। ਕੋਈ ਕੋਈ ਕਣੀ ਸੋਹਣੀ ਦੇ ਮਸਤਕ 'ਤੇ ਲੱਗਦੀ, ਹਜ਼ਾਰਾਂ ਵਰ੍ਹਿਆਂ ਦੇ ਹੁਸਨ ਦੀ ਤੱਕਨੀ ਸ਼ਬਨਮ ਤੋਂ ਸੁਬਕ ਤਾਲ ਅਬੋਲ ਨੈਣੀਂ ਜਗਾਉਂਦੀ। ਸ਼ਹਾਦਤ ਦੇ ਜਾਮ ਤੋਂ ਛਲਕੇ ਕੋਈ ਸੱਦ ਪੁਰਾਣੀ ਸੋਹਣੀ ਦੇ ਕੰਠ ਵਿਚ ਉਤਰੇ ਇਸ਼ਕ ਦੇ ਸੀਨੇ 'ਤੇ ਰੁਣ ਝੁਣ ਅਨੰਤ ਕਰਦੀ। ਨੈਣਾਂ 'ਚ ਕਿਸੇ ਜੁਗ ਦੀ ਨਜ਼ਰ ਹੈ ! ਲੁਤਫ਼ ਹੈ ਕਿਸ ਹਸ਼ਰ ਦਾ ਬੁੱਲ੍ਹੀਆਂ 'ਤੇ ? ਅਬੋਲ ਲਿਪਟਦੀ ਪੈਰਾਂ ਨੂੰ ਧੂਹ ਪਾਉਂਦੀ ਅਣਵੇਖੀ ਕਿਸ ਵਲੀ ਦੀ ਮੰਜ਼ਿਲ ਪੁਰਾਣੀ ! -2- ਗੁਜਰਾਤ ਦੀਆਂ ਸੁੱਤੀਆਂ ਗਲੀਆਂ ਦੇ ਅੰਦਰ ਕੱਚਿਆਂ ਘਰਾਂ ਦੇ ਬੂਹਿਆਂ ਦੇ ਅੱਗੇ ਮੁੱਢ ਕਦੀਮੀ ਕੰਨਸੋਅ ਕੋਈ ਆਉਂਦੀ ਝੁਲਦਿਆਂ ਹਨੇਰਿਆਂ 'ਚ ਵਿੰਗ ਵਲ ਖਾਂਦੀਆਂ ਸਦੀਆਂ ਦੀਆਂ ਪੌੜੀਆਂ ਤੋਂ ਪੋਲੇ ਪੋਲੇ ਉਤਰਦੇ ਕਿਸੇ ਖ਼ਿਆਲ ਦੇ ਪੈਰਾਂ ਦੀ ਚਾਪ ਜਿਉਂ। ਕੰਨਸੋਅ ਦੇ ਥਰਕਦੇ ਜੋਬਨ 'ਤੇ ਝਨਾਂ ਦੀਆਂ ਡੂੰਘਿਆਂ ਵਹਿਣਾਂ ਦੇ ਖ਼ਾਬ ਕਿਸੇ ਰਮਜ਼ ਦੀ ਰੌਸ਼ਨੀ ਪਾਉਂਦੇ, ਇਸ਼ਕ ਦੇ ਅਰੂਪ ਪਰਦਿਆਂ ਓਹਲੇ ਚੜ੍ਹਦੀਆਂ ਕਾਂਗਾਂ ਦੇ ਖੰਭਾਂ 'ਤੇ ਬੈਠ ਕੇ ਸੋਹਣੀ ਦੇ ਚਮਕਦੇ ਅਸਮਾਨਾਂ ਵਿਚ ਖਿਲਰੇ ਤਾਜਾਂ ਨੂੰ ਵੇਖਦੇ ਜਿੱਥੇ ਹਰ ਅਸਮਾਨ ਖੰਭ ਹੈ ਨਵੇਂ ਅਸਮਾਨ ਦਾ। ਕੰਨਸੋਅ ਦੇ ਮਹੀਨ ਬਦਨ ਦੇ ਅੰਦਰ ਅੱਧੀ ਰਾਤ ਸੋਹਣੀ ਦੇ ਮਲੂਕ ਪ੍ਰਛਾਵੇਂ ਨੂੰ ਸੈਆਂ ਦਰਿਆਵਾਂ ਪਛਾਣਿਆਂ ਆ ਕੇ ਤੇ ਲੱਖਾਂ ਸਾਲਾਂ ਦਾ ਰੰਗ ਚੜਿਆ ਸੋਹਣੀ ਵਲ ਅੱਥਰੀ ਕਾਂਗ ਜਿਉਂ ਉਮ੍ਹਲਿਆ। ਅਸਮਾਨ ਦੀਆਂ ਅੱਖਾਂ ਨੇ ਦੂਰ ਤੋਂ ਸਾਰੀ ਧਰਤੀ 'ਚ ਸੋਹਣੀ ਦੇ ਜਿਸਮ ਨੂੰ ਵੇਖਿਆ। ਝਨਾਂ ਦੇ ਇਕ ਇਕ ਵੇਸ 'ਤੇ ਇਕ ਇਕ ਤਾਲ 'ਤੇ ਸੋਹਣੀ ਦੇ ਬੁੱਤ ਦੀ ਚਾਂਦਨੀ ਵਿਛਦੀ, ਜਿਵੇਂ ਇਸਰਾਈਲ ਦੇ ਪਰਬਤਾਂ ਦੀਵਾਰਾਂ 'ਤੇ ਪੈਗ਼ੰਬਰਾਂ ਦੇ ਮੁਬਾਰਿਕ ਕਦਮ ਹੀ ਉਠਦਿਆਂ ਅੰਗੂਰ ਦੀਆਂ ਵੇਲਾਂ ਦਾ ਹੱਲ ਕੇ ਉਲਰਣਾ। ਭਰੇ ਨੈਣਾਂ ਦੇ ਨਾਲ ਆਖ਼ਰੀ ਵਾਰੀ ਸੋਹਣੀ ਨੇ ਵੇਖਿਆ ਗੁਜਰਾਤ ਦੀਆਂ ਸੁੱਤੀਆਂ ਗਲੀਆਂ ਨੂੰ— ਬਦਲ ਬਦਲ ਵਹਿਣਾਂ ਜਿਉਂ ਚੜ੍ਹਦੀ ਸੋਹਣੀ ਦੀ ਰੰਗਲੀ ਚੋਲੀ; ਡੂੰਘੀਆਂ ਰਾਤਾਂ 'ਚ ਸੁੱਤੀਆਂ ਫ਼ਜਰਾਂ ਨੂੰ ਮੁੜ ਮੁੜ ਜਗਾਂਵਦੀ ਚੱਲੀ; ਤਾਰਿਆਂ ਨੂੰ ਛੋਂਹਦੀਆਂ ਪੌਣਾਂ ਦੀ ਜੁਆਨੀ ਨੇ ਕਹਿਰਾਂ ਦਾ ਜ਼ੋਰ ਘੱਤਿਆ ! ਸੋਹਣੀ ਸਖੀ ਅੱਜ ਪਿਆਰੀ ਲੰਘੇ ਤੇ ਆਉਣ ਵਾਲੇ ਸਮਿਆਂ ਦੇ ਵਸਲਾਂ ਨੂੰ ਲੰਘੇ ਤੇ ਆਉਣ ਵਾਲੇ ਸਮਿਆਂ ਦੇ ਹਿਜਰਾਂ ਨੂੰ ਰੋ ਰੋ ਹੱਸ ਹੱਸ ਮਿਲਾਂਵਦੀ ਨਵੀਆਂ ਹੀ ਸਿਖਰਾਂ 'ਤੇ। ਪਾਰੇ ਦੀ ਅਤਿ ਮਹੀਨ ਕਿਰਨ ਤੋਂ ਪਿਆਸੀ ਸੋਹਣੀ ਦੇ ਰੂਪ ਦੀ ਬਿਜਲੀ ਝਨਾਂ ਦੀ ਕੁੱਲ ਪਿਆਸ ਤੋਂ ਨਿਰਮਲ ਜੋ ਕੱਚਿਆਂ ਘਰਾਂ ਦੇ ਬੂਹਿਆਂ ਨੂੰ ਚੁੰਮ੍ਹਦੀ, ਪਲੋਸਦੀ। ਸੋਹਣੀ ਦੇ ਨੈਣਾਂ ਦੀ ਸ਼ਬਨਮ ਜੇਹੀ ਡਲ੍ਹਕਦੀ ਚੁੱਪ ਨਾਂਹ ਦੱਸਦੀ (ਉਂਝ ਰਾਹ ਸਭ ਤੱਕਦੀ ਰਸਿਕ ਵੈਰਾਗ ਦੇ) ਕਿ ਕੁੱਲ ਸਮਾਂ ਨਜ਼ਰ ਪਿਆ ਆਵੇ ਕਿਹੜੇ ਮੁਕਾਮ ਤੋਂ ? ਝਨਾਂ ਦੀਆਂ ਕਿਹੜੀਆਂ ਲਹਿਰਾਂ ਮਹਿਮਾਨ ਨੇ ਏਥੇ ? ਧਰਤੀ ਦਾ ਮੋਹ ਕਿਸ ਅਬੋਲ ਵੇਦਨਾ 'ਚ ਕੰਬਦਾ ? ਕਿਸ ਜੁਗ ਵਿਚ ਡਲ੍ਹਕ ਕੇ ਅੰਬਰ ਆਏ ਨੇ ਏਥੇ ? ਹੁਸਨ ਦਾ ਨੇਮ ਕਿਹੜਾ ਸਫ਼ਰ ਝਾਗ ਕੇ ਆਇਆ ਦੁਰੇਡੇ ਕਿਸੇ ਨਕਸ਼, ਸਮੇਂ ਜਾਂ ਖ਼ਿਆਲ ਨੂੰ ਲੰਘ ਕੇ ? ਗੁਜਰਾਤ ਦੀਆਂ ਪੌਣਾਂ ਨੂੰ ਮਿਲਦੀ ਤੇ ਵਿਛੜਦੀ ਸੋਹਣੀ ਦੇ ਬੁੱਤ ਦੀ ਵਣਾਂ ਦੀ ਛਾਂ ਤੋਂ ਵੀ ਸੰਘਣੀ ਛਾਂ ਨੂੰ ਬਾਬਲ ਦੇ ਰੁੱਖਾਂ ਦੀਆਂ ਛਾਵਾਂ ਦੂਰ ਤਕ ਪਿਆਰ ਦੇਣ ਲਈ ਆਈਆਂ। ਪਿੱਛੇ ਗੁਜਰਾਤ ਦੀਆਂ ਗਲੀਆਂ ਵਿਹੜਿਆਂ ਉੱਤੇ ਤਾਰਿਆਂ ਦੀ ਝਿੰਮ ਝਿੰਮ ਤੋਂ ਸੱਖਣੀ ਮਜ਼ਾਰਾਂ ਦੀ ਚੁੱਪ ਛਾਈ; ਕਰ ਰਿਹਾ ਇਸ ਸੁੰਞ ਨੂੰ ਹੋਰ ਵੀ ਡੂੰਘਾ ਕਿਸੇ ਛਾਲੇ ਛਾਲੇ ਹੋਏ ਉਜੜੇ ਫ਼ਕੀਰ ਦਾ ਝੌਲਾ, ਵੇਖਿਆ ਆ ਸੱਖਣੀ ਰਾਤ ਨੇ ਕਿਧਰੋਂ ਆ ਬਲਖ-ਬੁਖਾਰੇ ਦਾ ਹੌਕਾ ਖਿਜ਼ਾਵਾਂ ਦੀ ਮਾਰ ਕੇ ਮਗਰੀ ਥਲਾਂ ਦਾ ਝੰਬਿਆ ਅਜਨਬੀ ਇਕੱਲਾ ਗੁਜਰਾਤ ਦੀਆਂ ਗਲੀਆਂ 'ਚ ਪਾਂਵਦਾ ਫੇਰੀ, ਸੁੰਞਾਂ ਹੀ ਸੁੰਞਾਂ ਵੇਖਦਾ, ਆਪਣੇ ਹਰ ਕਦਮ ਨਾਲ ਘਰਾਂ ਤੇ ਵਿਹੜਿਆਂ ਦੀਆਂ ਬੇਆਸਰਾ ਇਕੱਲਾਂ ਨੂੰ ਬੀਆਬਾਨਾਂ ਤੋਂ ਲੰਮੀਆਂ ਕਰਦਾ ਮਜ਼ਾਰਾਂ ਦੀ ਚੁੱਪ ਵਿਚ ਡੂੰਘਾ ਉਤਰਦਾ ਜਾਂਦਾ। ਵਸਲ ਦੇ ਪਰਬਤ ਦੀਆਂ ਚੋਟੀਆਂ 'ਤੇ ਬਲਦੀਆਂ ਤਾਰਿਆਂ ਦੀਆਂ ਵਿੰਗ ਵਲ ਖਾਂਦੀਆਂ ਲੰਮੀਆਂ ਕਤਾਰਾਂ ਨੂੰ ਸੋਹਣੀ ਨੇ ਨਜ਼ਰ ਭਰ ਵੇਖਿਆ। ਝਨਾਂ ਦੇ ਬੇਲਿਆਂ ਤੋਂ 'ਵਾਜ ਕੋਈ ਸੁਣਦੀ ਸਾਰੀ ਧਰਤ ਹੀ ਸੋਹਣੀ ਨੂੰ ਮਿਲਣ ਲਈ ਆਉਂਦੀ। ਸੋਹਣੀ ਦੇ ਕਦਮਾਂ ਦੇ ਤਾਲ ਵਿਚ ਝਨਾਂ ਦੇ ਵਹਿਣ ਮੁੜ ਮੁੜ ਪੈਲ ਕੋਈ ਪਾਉਂਦੇ ! ਭੈਅ ਦੀ ਪਤਲੀ ਤਰੰਗ 'ਤੇ ਨੈਂ ਦਿਆਂ ਡੂੰਘਿਆਂ ਵਹਿਣਾਂ ਦਾ ਹੁਸਨ ਚਿਲਕੋਰਦਾ। ਸੋਹਣੀ ਦੇ ਪਤਲਿਆਂ ਅੰਗਾਂ 'ਤੇ ਪੂਰੇ ਦੀਆਂ ਵਗਦੀਆਂ ਪੌਣਾਂ ਦਾ ਭਾਰ ਪੈਂਦਾ। ਦੱਸ ਨੀ ਨਾਰ ਨਵੇਲੀਏ ਪਰੀਆਂ ਦੇ ਕਿਹੜੇ ਖੂਹ ਤੋਂ ਤੂੰ ਅਕਾਸ਼ ਦੇ ਅੰਮ੍ਰਿਤ-ਘੜੇ ਨੂੰ ਚਾਇਆ, ਜੋ ਵਗਦੀਆਂ ਪੌਣਾਂ 'ਤੇ ਡੁਲ੍ਹਦਾ, ਛਲਕਦਾ ਜਾਂਦਾ, ਤੇਰਾ ਲੱਕ ਵਲ ਖਾਂਦਾ ਨਾਜ਼ਕ ਜੁਆਨੀਏ । ਸੁੱਤੇ ਭੈਅ ਮਜ਼ਾਰਾਂ ਦੇ ਜਾਗ ਕੇ ਨਾਗ ਵਾਂਗ ਸ਼ੂਕਦੇ, ਤਿਲਕਦੇ, ਪੂਰੇ ਦੀਆਂ ਪੌਣਾਂ 'ਚ ਫਣ ਫੈਲਾਉਂਦੇ ਸੋਹਣੀ ਦੇ ਰਾਹ ਨੂੰ ਡੱਕਦੇ, ਮੁੜਦੇ ਨ ਹੱਟਦੇ ! ਪਰ ਪਤਾ ਨਹੀਂ ਕਿਹੜੀ ਕੁੰਟ ਚੋਂ ਹੰਝੂ ਉਮ੍ਹਲਦੇ ਰੋ ਰੋ ਸਿਕ ਸਿਕ ਸੋਹਣੀ ਦੇ ਪੈਰਾਂ ਨੂੰ ਚੁੰਮਦੇ- ਸੋਹਣੀ ਦੇ ਇਕ ਇਕ ਕਦਮ ਨਾਲ ਹਜ਼ਾਰਾਂ ਸਾਲ ਉਹ ਦੁਖੀਆਂ ਦੇ ਬੀਤਦੇ। ਧਰਤੀ ਨੇ 'ਵਾਜ ਮਾਰੀ ਤੁਰ ਗਿਆਂ ਚਾਕਾਂ ਨੂੰ, ਦੱਸੋ ਨ ਤੁਰ ਗਿਆਂ ਰਾਹੀਆਂ ਨੂੰ ਕੌਣ ਵਾਸਤੇ ਪਾਉਂਦਾ ? ਮੋਰ ਕੂਕਦੇ ਝਨਾਂ ਦਿਆਂ ਬੋਲਿਆਂ ਅੰਦਰ, ਦਰਿਆ ਦੀਆਂ ਲਹਿਰਾਂ ਨੂੰ ਸਮਾਂ ਮਿਲਿਆ ਜਿਉਂ ਆਖ਼ਰੀ ਵਾਰੀ। ਅੱਜ ਖ਼ਾਕ ਨੂੰ ਹਸਰਤ ਅਸਮਾਨ ਤਕ ਬੋਲਣ ਦੀ, ਅੱਜ ਦੀ ਰਾਤ ਧਰਤੀ ਤਾਰਿਆਂ ਤੀਕਨ ਸੋਹਣੀ ਨੂੰ ਵੇਖਣਾ ਲੋਚੇ। ਝਨਾਂ ਦੀਆਂ ਅਨੰਤ ਲਹਿਰਾਂ 'ਚ ਬੁੱਤ ਇੱਕੋ ! ਜਦ ਸਮਾਂ ਮੁੱਕਦਾ ਆਖ਼ਰੀ ਸਫ਼ਰ ਦੀ ਮੰਜ਼ਿਲ 'ਤੇ ਤਾਂ ਨਾਬੂਦ ਦੇ ਧੂੜ ਤੋਂ ਸੱਖਣੇ ਥਲਾਂ ਵਿਚ ਹੁਸਨ ਦਾ ਬੁੱਤ ਇੱਕੋ ! ਹੋਰ ਕੁਝ ਵੀ ਨਾਂਹ ! ਸੋਹਣੀ ਦੇ ਹਰ ਇਕ ਤਾਲ ਨੂੰ ਭੈਅ ਵਿਚ ਆਖ਼ਰੀ ਵਾਰੀ ਝਨਾਂ ਦੀਆਂ ਲਹਿਰਾਂ ਨੇ ਥੰਮ੍ਹਿਆਂ; ਪਰ ਮੌਤ ਦੇ ਸੱਖਣੇ ਅਸਗਾਹ ਵਿਚ ਸੋਹਣੀ ਦੇ ਨੈਣਾਂ ਦੀਆਂ ਰਮਜ਼ਾਂ ਦਾ ਅਸਮਾਨ ਦੇ ਕੁੱਲ ਪੈਂਡਿਆਂ ਤੋਂ ਸੋਹਣਾ ਹਾਰ ਇਲਾਹੀ ਝਨਾਂ ਨੂੰ ਪਿਆਰਾ ਨੂਰੋ ਨੂਰ ਇਸ਼ਕ ਦੇ ਗਲ ਵਿਚ ਪਾਉਣ ਲਈ, ਵਜਦ ਦੀ ਤਿੱਖੀ ਵੰਗਾਰ ਉਤਰਦੀ ਜਾਂਦੀ ਹੁਸਨ ਦੇ ਖ਼ਿਆਲ ਨੂੰ ਬੇਨਜ਼ੀਰ ਬਣਾਉਣ ਲਈ। ਸ਼ਹਾਦਤ ਦੀ ਸਿਖਰ ਤੋਂ ਇਕ ਗੁਮਨਾਮ ਜੇਹੀ ਹੇਕ ਸੁਣਦੀ ਜੋ ਪੱਤਣਾਂ, ਬੇਲਿਆਂ, ਦੂਰ ਦੀਆਂ ਝੋਕਾਂ ਵਿਚ ਸੋਹਣੀ ਦੇ ਤੁਰਨ ਤੋਂ ਸਦੀਆਂ ਪਿੱਛੋਂ ਦਾ ਇਕ ਮਿੱਠਾ ਜੇਹਾ ਸੁਆਦ ਲਿਆਉਂਦੀ। ਧੀਮੀ ਝਿੱਕੀ ਧਰਤ ਦੇ ਕੰਨਾਂ ਨੂੰ ਲੱਗਦੀ ਧੂਹ ਪਾਉਂਦੀ ਪਤਲੀ ਬਰੀਕ ਰਮਜ਼ ਵਿਚ ਕੂੰਦੀ; ਸਦੀਆਂ ਪਿੱਛੋਂ ਵਣਾਂ ਦੀਆਂ ਭੁੱਲੀਆਂ ਡੰਡੀਆਂ ਉੱਤੇ । ਅਛੋਪਲੇ ਮਾਸੂਮ ਦੀਵੇ ਜਗਾਉਂਦੀ ਸੋਹਣੀ ਜਾ ਰਹੀ ਦੇਸ ਬਿਗਾਨੜੇ। ਉਹ ਰਾਹ ਜੋ ਮਹੀਂਵਾਲ ਨ ਵੇਖੇ ਸੋਹਣੀ ਨਜ਼ਰਾਂ ਦੇ ਜ਼ੋਰ ਨਾਲ ਮਹੀਂਵਾਲ ਨੂੰ ਓਥੇ ਹੀ ਲਿਆਉਂਦੀ। ਹੇਕ ਮਿੱਠੀ ਹਰੀ ਲਗਰ ਜਿਉਂ ਝੁਕਦੀ ਕਦੇ ਆਪਣੀਆਂ ਜੁ ਸਨ ਪਰ ਅੱਜ ਪਰਦੇਸ਼ਨਾਂ ਰਾਹਾਂ 'ਤੇ। ਚੰਨਾਂ ਸੂਰਜਾਂ ਤਾਰਿਆਂ ਦੀਆਂ ਹੱਦਾਂ ਵਿਚ ਸੋਹਣੀ ਦੇ ਹੁਸਨ ਦਾ ਖ਼ਿਆਲ ਪਲਦਾ ਜੀਣ ਥੀਣ ਦੇ ਨਸ਼ਿਆਂ ਦੇ ਖ਼ਾਬਾਂ ਨੂੰ ਲੈ ਕੇ ਜਿੱਥੋਂ ਦੀਪ ਕੋਈ ਛੁਪ ਛੁਪ ਉਤਰਦਾ, ਤੇ ਰਾਹ ਵਖਾਉਂਦਾ ਜਗਾ ਕੇ ਧਰਵਾਸ ਦੇ ਵਣਾਂ ਦੇ ਉਦਾਸ ਰੁੱਖਾਂ ਦੇ ਹੇਠ ਸੁੱਤੀਆਂ ਬੇਘਰ ਹਾਰੀਆਂ ਨਸਲਾਂ ਨੂੰ। ਕਦੇ ਕਦੇ ਰਾਤ ਦੇ ਕੋਟਾਂ ਤੋਂ ਭਾਰੀ ਹੌਲ ਤੋਂ ਅੱਗੇ, ਗੁਆਚੇ ਬੇ ਰੌਣਕ ਕਾਫ਼ਲੇ ਵੇਖਦੇ ਵੀਰਾਨੀਆਂ 'ਚ ਖੜੀ ਕੱਪਰਾਂ ਨਾਲ ਖੇਡਦੀ ਸੋਹਣੀ ਨੂੰ, ਜੋ ਲਹਿਰਾਂ ਨੂੰ ਮੁਸਕਾਨ ਨਾਲ ਪਿੱਛੇ ਹਟਾਂਦੀ। ਥਲਾਂ ਦਾ ਅੰਤ ਨਾਂਹ ! ਕਦੇ ਕਦੇ ਹੀ ਦਿਸਦੀ, ਪਲੋ ਪਲੋ ਛਿਪਦੀ, ਸੋਹਣੀ ਦੇ ਪੈਰਾਂ 'ਚ ਫ਼ਜਰਾਂ ਦੀ ਕੂਲ ਕੋਈ ਵਗਦੀ। ਪਲ ਕੁ ਤੱਕਦੀ, ਕੌਣ ਜਾਣੇ ? ਨਦੀਆਂ ਦੇ ਕੰਢਿਆਂ 'ਤੇ ਰੋਂਦੀਆਂ ਮਾਵਾਂ ਗਲ ਕਦੇ ਕਦੇ ਪੈਂਦੀਆਂ ਭਾਰੀ ਮੋਹ ਦੀਆਂ ਬਾਹਾਂ। ਸੋਹਣੀ ਦੀ ਕੂਕ ਨੇ ਧੂਹ ਪਾਈ ਸੁਪਨਿਆਂ ਅੰਦਰ, ਤਾਂ ਸਦੀਆਂ ਪਿੱਛੋਂ ਝਨਾਂ ਦਿਆਂ ਪੱਤਣਾਂ 'ਤੇ ਸੌਦਾਗਰਾਂ ਦੇ ਵੇਸ ਵਿਚ ਮਲਾਹਾਂ ਦੀਆਂ ਸੈਆਂ ਟੋਲੀਆਂ ਆਈਆਂ; ਜਾਂ ਉਹ ਵਹਿਣ ਤੋਂ ਘੁੰਡ ਲਾਹੁਣ ਲਈ ਝੁਕੀਆਂ ਜਿਹਨਾਂ 'ਚ ਬਲ ਬਲ ਪੈਂਦੇ ਟੂਣੇ ਹਜ਼ਾਰਾਂ ਸੋਹਣੀ ਦੀਆਂ ਟੂਣੇਹਾਰਣਾਂ ਵਾਟਾਂ ਦੇ; ਤਾਂ ਮਲਾਹਾਂ ਦੀਆਂ ਟੋਲੀਆਂ ਉਹ ਸਿਦਕੀ ਵਾਟਾਂ ਤੱਕ ਨ ਸਕੀਆਂ, ਬੇਹੋਸ਼ ਹੋਈਆਂ ਜਾਦੂਗਰ ਝਨਾਂ ਦਿਆਂ ਪੱਤਣਾਂ 'ਤੇ। ਸ਼ਹਾਦਤਾਂ ਦੀ ਸਿਖਰ ਤੋਂ ਇਕ ਗੁਮਨਾਮ ਜੇਹੀ ਹੇਕ ਸੁਣਦੀ ! ਸ਼ਹਾਦਤ ਦੀ ਸਿਖਰ 'ਤੇ ਸਦੀਆਂ ਧੂੜ ਬਣ ਉੱਠੀਆਂ ਥਲ ਅੱਗੇ ਨ ਪਿੱਛੇ, ਹੇਠਾਂ ਨ ਉੱਪਰ, ਕੁਝ ਵੀ ਨਾਂਹ, ਬਸ ਇੱਕੋ ਹੀ ਸੋਹਣੀ ਦੇ ਪੈਰਾਂ ਦੀ ਥਰਥਰਾਹਟ ਪਾਵਨ ਖੰਭ ਤੋਂ ਸੂਖਮ ਨੂਰਾਨੀ ਝੱਖੜ ਦੇ ਸੀਨੇ 'ਚ ਰੋਸ਼ਨੀ ਕਰਦੀ। ਸੋਹਣੀ ਝਨਾਂ ਵੱਲ ਚੱਲੀ ! ਸੁਣੀਂ ਸੁਣੀਂ ਤੂੰ ਧਰਤ ਪਿਆਰੀਏ, ਸ਼ਹਾਦਤ ਦੀ ਸਿਖਰ 'ਤੇ ਕੂੰਜਾਂ ਦੇ ਉਡਣ ਦਾ ਵੇਲਾ। ਸਦੀਆਂ ਏਧਰ ਨ ਓਧਰ, ਅਕਾਸ਼ ਦੂਰ ਨ ਨੇੜੇ, ਬਸ ਸੋਹਣੀ ਦਾ ਬੁੱਤ ਸੁਹਾਣਾ ਇੱਕੋ ਇਕ ਕਿਸੇ ਅਕਾਸ਼ ਦਾ ਬੱਦਲ। ਕਿੱਥੇ ਅਕਾਸ਼ ? ਇਹ ਨਜ਼ਰ ਨ ਜਾਣੇ। -3- ਕਿਤੇ ਦੂਰ ! ਕਾਲ ਦਾ ਸਿੰਘ ਗਰਜਦਾ ਸਾਲਾਂ ਦੇ ਸਾਲ ਬ੍ਰਿਛਾਂ ਜਿਉਂ ਢੱਠਦੇ; ਅਸਮਾਨ ਦੇ ਤਾਰਿਆਂ-ਜੜੇ ਪਰਬਤ 'ਤੇ ਝੱਖੜਾਂ ਦੀ ਛਲ ਵੱਜਦੀ ਵੱਜਦੀ ਕੁਝ ਤੋੜ ਕੇ ਪੰਜਾਬ ਵੱਲ ਆਈ, ਤੇ ਸੋਹਣੀ ਨੂੰ ਘੇਰਿਆ ਚਾਰ ਚੁਫ਼ੇਰਿਉਂ। ਕਹਿਰਾਂ ਦੀ ਰਾਤ ਵਿਚ ਜ਼ੋਰਾਵਰ ਸਮਾਂ ਸੋਹਣੀ ਨੂੰ ਹੋੜਦਾ, ਝਨਾਂ ਦੇ ਪੱਤਣ ਤਕ ਮਾਰੂਥਲਾਂ ਦੀਆਂ ਅਣਗਿਣ ਜ਼ੰਜੀਰਾਂ ਤਾਣਦਾ। ਸੋਹਣੀ ਨੂੰ ਕੌਣ ਮੋੜੇ ਉਹ ਜਾ ਰਹੀ ਝੱਖੜਾਂ ਦੇ ਸੀਨੇ 'ਤੇ ਵਜਦ ਦੀ ਬਿਜਲੀ ਜਿਉਂ ਵੱਜਦੀ- ਕਾਲ ਦੇ ਸੰਘਣੇ ਵਣਾਂ ਵਿਚ ਸ਼ੀਂਹ ਵਾਂਗ ਬੁੱਕਦੇ ਝੱਖੜਾਂ ਨੂੰ ਹੌਲ ਪਾਉਂਦੀ ਮਹੀਂਵਾਲ ਦੇ ਨਾਮ ਦਾ। ਇਸ਼ਕ ਦੀ ਤਾਣ ਨਾਜ਼ੁਕ ਚੁੰਧਿਆਉਂਦੀ ਚੁਫ਼ੇਰੇ ਪਤਾਲ ਤਕ ਅੰਬਰ ਦੀ ਭਿੰਨੀ ਨਜ਼ਰ ਨੂੰ ਖਿੱਚਦੀ। ਛੋਹ ਕੇ ਮਲੂਕ ਜਿੰਦੜੀ ਦਾ ਪੱਲੂ ਝੱਖੜ ਮਹੀਂਵਾਲ ਦੀ ਖ਼ੁਸ਼ਬੋ ਨਾਲ ਲੱਦੇ। ਸੋਹਣੀ ਚਾਨਣੀ ਦੀ ਨਾਜ਼ਕ ਤਾਰ ਕੋਈ ਕੁਝ ਅਸਮਾਨਾਂ ਦੀਆਂ ਬਿਜਲੀਆਂ ਪੀ ਕੇ ਤੂਫ਼ਾਨਾਂ ਨੂੰ ਜਿਸਮ ਦੀ ਕੂਲੀ ਖ਼ੁਸ਼ਬੋ ਵਿਚ ਬੰਨ੍ਹਦੀ, ਦੂਰ ਦੂਰ ਤਕ ਪਤਾ ਨਹੀਂ ਕਿੱਥੇ ਮਹੀਂਵਾਲ ਨੂੰ ਵਲਦੀ ਬਾਹਾਂ ਦੀ ਤੇਜ਼ ਚਾਂਦਨੀ ਨੱਸਦੀ। ਇਸ਼ਕ ਦਾ ਜ਼ੋਰ ਪਿਆ ਤਾਂ ਤੂਫ਼ਾਨਾਂ 'ਚ ਉਡਦੀਆਂ ਆਈਆਂ ਅਹੱਲਿਆ ਵਾਂਗ ਭੁੱਲੀਆਂ ਗੁਮਨਾਮ ਸਿੱਪਾਂ, ਜੋ ਉਮਰ ਦੇ ਖ਼ਾਲੀ ਸੱਖਣੇ ਪੈਂਡਿਆਂ ਉੱਤੇ ਬੇਜਾਨ ਸਰਾਪੇ ਨ੍ਹੇਰਾਂ 'ਚ ਲੇਟੀਆਂ। ਵੇਖੋ ਨ ਧਰਤੀਏ, ਸਿੱਪਾਂ 'ਚ ਸ਼੍ਵਾਂਤ ਬੂੰਦ ਦੇ ਹੜ੍ਹ ਆਏ। ਸੱਚਮੁਚ ਸੋਹਣੀ ਦੀ ਛੋਹ ਦਾ ਲੱਖਾਂ ਸਾਲਾਂ ਤੋਂ ਮੀਂਹ ਪਿਆ ਬਰਸਦਾ। ਸੋਹਣੀ ਨੇ ਘੜਾ ਚਾਇਆ ਜਿਸਦੀਆਂ ਧੀਮੀਆਂ ਲੁਕਵੀਆਂ ਲਕੀਰਾਂ 'ਤੇ ਤਕਦੀਰਾਂ ਸੂਰਜਾਂ ਦੇ ਚੜ੍ਹਣ-ਛਿਪਣ ਜਿਉਂ ਘੁੰਮਦੀਆਂ। ਪਰ ਸੋਹਣੀ ਦੇ ਵਸਲ ਦਾ ਪੱਤਣ ਨਾ ਕਿਤੇ ਵੀ ਘੜੇ ਨੇ ਜੋਬਨ ਇਸ਼ਕ ਦੀ ਕਾਂਗ ਨ ਝੱਲਣੀ। ਕਾਲ ਦੇ ਕੱਪਰ ਕੰਬਦੇ ਇਸ਼ਕ ਦੀਆਂ ਬਾਹਾਂ ਦਾ ਆਰ-ਪਾਰ ਨਾਂਹ। ਸੀਨੇ ਦੇ ਹੜ੍ਹਾਂ ਨਾਲ ਪੱਤਣ ਟੁੱਟਦੇ ਕਿੱਥੇ ਕੁ ਮਹੀਂਵਾਲ ਦੀ ਕੁੱਲੀ ? ਉਡੀਕਾਂ ਦੇ ਭਾਂਬੜ ਨੇ ਕਿੱਥੇ ਕੁ ਉੱਠਣਾ ? ਸੋਹਣੀ ਨੇ ਭਰੇ ਝਨਾਂ ਨੂੰ ਵੇਖਿਆ ਪਾਰ ਤਕ ਸੋਹਣੇ ਨੈਣ ਉਡਾਰੀਆਂ ਮਾਰਦੇ, ਕਹਿਕਸ਼ਾਂ ਵਰਗੇ ਲੱਕ ਨੂੰ ਲਹਿਰਾਂ 'ਚ ਲਹਿਰ ਕਰਦੀ ਆਖ਼ਿਰ ਠਿਲ੍ਹ ਪਈ ਚੜ੍ਹੇ ਪਾਣੀਆਂ ਅੰਦਰ। ਤਾਂ ਕੁੱਲ ਝਨਾਂ ਵਿਚ ਕੰਬਨੀ ਧਾਈ, ਪਰਬਤਾਂ ਤੇ ਸੁੱਤੀਆਂ ਝੀਲਾਂ ਵਿਚ ਹੰਸਾਂ ਜਾਗ ਜਾਗ ਅੰਬਰ ਨੂੰ ਵੇਖਿਆ। ਝਨਾਂ ਦੀਆਂ ਕੁੱਲ ਡੂੰਘਾਣਾਂ ਵਿਚ ਤਾਂਘਾਂ ਦੇ ਖੰਭ ਫੜਕਦੇ ਚਾਅ ਵਿਚ ਸਿੱਪੀਆਂ ਗੋਤੇ ਖਾਂਦੀਆਂ ਮੋਤੀਆਂ ਦੇ ਜੋਬਨ 'ਚ ਡੁਲ੍ਹਦੀਆਂ ਪਰ ਝਨਾਂ ਦੀ ਹਾਥ ਨ ਆਵੇ। ਹੰਸਾਂ ਦੇ ਖੰਭ ਦਰਮਾਂਦੇ ਡੂੰਘਾਣਾਂ ਤੋਂ ਅੱਗੇ ਹੋਰ ਡੂੰਘਾਣਾਂ ! ਸੋਹਣੀ ਦੇ ਸਿਦਕ ਦੇ ਚੜ੍ਹੇ ਪਾਣੀਆਂ ਦੇਣੇ ਹਿਸਾਬ ਨੇ ਕਿਸੇ ਹੋਰ ਹੀ ਪੱਤਣ। ਸੋਹਣੀ ਦੇ ਜੋਬਨ ਦੀ ਛੁਹ-ਅਣਛੁਹ ਵਿਚ ਥਰਕਦਾ ਕਾਂਗਾਂ ਵਿਚ ਗੁੰਮਦਾ ਤੇ ਚੜ੍ਹਦਾ ਝਨਾਂ ਪਿਆ ਵਗਦਾ, ਵਕਤ ਤੋਂ ਅੱਗੇ। ਲਹਿਰਾਂ 'ਚ ਲਹਿਰ ਸੋਹਣੀ ਦੀ ਜਾਨ ਨ ਹੰਭਦੀ, ਪਰਬਤਾਂ ਬੇਲਿਆਂ ਸਮੁੰਦਰਾਂ ਤੀਕਨ ਝਨਾਂ ਨੂੰ ਸੋਹਣੀ ਦੇ ਇਸ਼ਕ ਦੀ ਰੌਸ਼ਨੀ ਵਲਦੀ। ਅੰਬਰ ਧਰਤ ਦੇ ਨਿਆਰੇ ਵੇਸਾਂ ਤੋਂ ਨਿਆਰਾ ਸੋਹਣੀ ਦਾ ਹੁਸਨ ਹੋਰ ਥਾਂ ਵੇਖਣ ਲਈ ਝਨਾਂ ਦੇ ਵਹਿਣ ਪਏ ਹਜ਼ਰਾਂ ਦੀ ਅੱਗ ਤਕ ਨੱਚਦੇ। ਬੀਆਬਾਨਾਂ 'ਚ ਉੱਠਦੀ ਅਜ਼ਾਨ ਦੇ ਸੋਜ਼ ਤੋਂ ਮਿੱਠੀ ਸੋਹਣੀ ਦੀ ਛੋਹ ਨੇ ਮਹੀਂਵਾਲ ਦੀ ਸਿੱਕ ਵਿਚ ਡੋਬ ਦਿੱਤੇ ਝਨਾਂ ਦੇ ਵਹਿਣ ਲਾਸਾਨੀ। ਠਾਠਾਂ ਮਾਰਦੇ ਝਨਾਂ ਤੋਂ ਸੋਹਣੀ ਦੀ ਪਿਆਸ ਵੱਡੀ ਇਸ਼ਕ ਦੀ ਅੱਗ ਦੇ ਜੋਬਨ ਨੇ ਅਨੰਤ ਲਹਿਰਾਂ ਨੂੰ ਰੰਗਿਆ। ਧਰਤੀ ਤੇ ਅੰਬਰ ਦੀ ਚਾਦਰ ਨੂੰ ਚੀਰ ਕੇ ਸੋਹਣੀ ਦਾ ਤਨ ਇਕ ਪਲ ਆਖ਼ਰੀ ਹਨੇਰੇ ਨੂੰ ਰੌਸ਼ਨ ਕਰਨ ਲਈ ਸਮੇਂ ਦੀ ਆਖ਼ਰੀ ਹੱਦ ਤਕ ਲਰਜ਼ਿਆ। ਝਨਾਂ ਦੀਆਂ ਲਹਿਰਾਂ ਦੀ ਪੀਂਘ ਚੜ੍ਹਦੀ ਜ਼ਿੰਦਗੀ-ਮੌਤ ਦੀਆਂ ਛਾਵਾਂ ਤਕ। ਸੋਹਣੀ ਵਕਤ ਦੇ ਆਖ਼ਰੀ ਜਾਮ ਨੂੰ ਚੁੱਕੀ ਲਹਿਰਾਂ ਦੀ ਪੀਂਘ ਦੀ ਝੋਲ ਵਿਚ ਬੈਠੀ। ਘੜਾ ਖੁਰਿਆ ਕਸੁੰਭੜੇ ਦੇ ਰੰਗ ਦੀ ਬਾਤ ਮੁੱਕੀ! ਝਨਾਂ ਦੇ ਸਭ ਪੱਤਣਾਂ ਤੋਂ ਓਹਲੇ ਦੇ ਕਿਸੇ ਪੱਤਣ 'ਤੇ ਝਨਾਂ ਤੋਂ ਵੱਡੀਆਂ ਪਿਆਸ ਦੀਆਂ ਬਾਹਾਂ ਵਿਚ ਮਹੀਂਵਾਲ ਨੂੰ ਮਿਲ ਕੇ, ਘੁੱਟ ਕੇ, ਸੋਹਣੀ ਨੇ ਖੋਰ ਦਿੱਤਾ ਤਕਦੀਰਾਂ ਦੇ ਰੰਗ ਨੂੰ। ਸੱਸੀ ਦੇ ਥਲਾਂ ਤੋਂ ਪਾਰ ਇਕ ਬਾਗ਼ ਵਿਚ ਮੋਰਾਂ ਨੂੰ ਕੂੰਜਾਂ ਨੇ ਦੱਸਿਆ ਕਿ ਕਹਿਰਾਂ ਦੀ ਰਾਤ ਨੂੰ ਸੋਹਣੀ ਮਹੀਂਵਾਲ ਨੂੰ ਕੂਕਦੀ ਕੁਰਲਾਂਦੀ ਦੂਰ ਝਨਾਂ ਦੀਆਂ ਲਹਿਰਾਂ 'ਚ ਡੁੱਬ ਮੋਈ। ਤਾਂ ਅਸਮਾਨ ਦੇ ਖੂਹੇ ਤੋਂ ਚੰਨਾਂ ਤਾਰਿਆਂ ਨੂੰ ਪਾਣੀ ਪਿਲਾਂਦੀਆਂ ਸਦੀਆਂ ਨੇ ਫ਼ਜਰਾਂ ਦੀ ਮਣ ਤੋਂ ਝੁਕ ਕੇ ਧਰਤ ਵੱਲ ਵੇਖਿਆ; ਤੇ ਪੱਕੀਆਂ ਪੀਲ੍ਹਾਂ ਦੀ ਰੁੱਤੇ ਵਣਾਂ ਦੀ ਛਾਂ ਵਿਚ ਬੈਠੀਆਂ ਨਾਰਾਂ ਦੇ ਕੰਨ ਵਿਚ ਆਖਿਆ : ਕਿ ਮਹੀਂਵਾਲ ਨੂੰ ਯਾਦ ਕਰਦੀ ਸੋਹਣੀ ਆਪਣੀ ਪਿਆਸ ਵਿਚ ਮੋਈ। (ਡੱਫਰ−24-6–1980)
ਮਿਰਜ਼ੇ ਦੀ ਨੀਂਦ
-1- ਗ਼ਾਜ਼ੀ ਖ਼ਾਨ ਦੇ ਟੋਭੇ 'ਤੇ ਟੋਭੇ ਗ਼ਾਜ਼ੀ ਖ਼ਾਨ ਦੇ, ਸਿਖਰ ਦੁਪਹਿਰ ਦੀ ਹੂਰ ਵਾਗਾਂ ਸਮਿਆਂ ਵਾਲੀਆਂ, ਖਿੱਚ ਰਹੀ ਵੱਲ ਨੂਰ। ਬ੍ਰਿਛਾਂ ਦੀ ਛਾਂ ਲਰਜ਼ਦੇ, ਦਿਲਾਂ ਦੇ ਸੈਅ ਦਰਿਆ ਉੱਡਦੇ ਜਾਂਦੇ ਪੰਛੀਆ ! ਬੂਰ ਖਿੜੇ ਕਿਉਂ ਦੂਰ ? ਲੰਮੀ ਤੈਂਡੀ ਜ਼ੁਲਫ਼ ਤੋਂ, ਲੰਮੀ ਕਿਤੇ ਝਨਾਂ ਟਾਪ ਸੁਣੀ ਜੋ ਦਿਲੇ ਨੇ, ਕਿਥੇ ਕੁ ਉਸਦੀ ਧੂੜ ? ਜੋਬਨ ਰੁਕਿਆ ਨ ਰੁਕੇ, ਖੁਰ ਖੁਰ ਜਾਵਣ ਤੂਰ ਸੁਣ ! ਕਨਿਆਨ ਦੀ ਵਾਟ 'ਤੇ, ਅਸੀਂ ਬੜੇ ਮਜਬੂਰ। ਬੇਲਿਆਂ ਦੀ ਜਿੰਦ ਘੁੱਟਦਾ, ਅਜ ਨਵੇਲਾ ਮੋਹ ਮਹਿਕ ਨ ਕੁਝ ਵੀ ਦੱਸਦੀ, ਆਪ ਨ ਆਵੇ ਬੂਰ। ਅਸਮਾਨਾਂ ਨੂੰ ਚੀਰਦਾ, ਖੰਭ ਪੁਰਾਣਾ ਕੋ ਸਾੜ ਨ ਸਕੀਆਂ ਬਿਜਲੀਆਂ, ਨਜ਼ਰੀਂ ਬਾਲ ਸਰੂਰ। ਟੋਭੇ ਗ਼ਾਜ਼ੀ ਖ਼ਾਨ 'ਤੇ, ਸਖੀਆਂ ਰਹੀਆਂ ਝੂਰ ਨੀਲੀ ਦੇ ਅਸਵਾਰ ਨੂੰ, 'ਵਾਜ ਨ ਦੇਵੇ ਹੂਰ ! “ਨਾਂਹ ਝੂਰੋ ਹਮਜੋਲੀਓ, ਅਜੇ ਨਸੀਬ ਦੀ ਲੋਅ, ਹੁਜਰੇ ਸ਼ਾਹ ਮੁਕੀਮ ਦੇ, ਮੈਂ ਹੋਈਆਂ ਮਨਜ਼ੂਰ। ਹਿੱਕ ਦੀਂਹ ਕੰਧੀ ਨਦੀ ਜਿਉਂ, ਖੁਰਣ ਤੱਤੀ ਦੇ ਲੇਖ ਵਰ੍ਹਦੀ ਅਜੇ ਝਨਾਂ ਦੀ, ਸਿਰ ਮੇਰੇ 'ਤੇ ਭੂਰ।” ਟੋਭੇ ਗ਼ਾਜ਼ੀ ਖ਼ਾਨ ਦੇ, ਸਿਖਰ ਦੁਪਹਿਰ ਦੀ ਹੂਰ ਵਾਗਾਂ ਸਮਿਆਂ ਵਾਲੀਆਂ, ਖਿੱਚ ਰਹੀ ਵੱਲ ਨੂਰ। -2- ਸਾਹਿਬਾਂ ਦੀ ਝਲਕ ਉੱਤੇ ਮਿਰਜ਼ੇ ਦਾ ਪਿਆਰ-ਵਜਦ ਘੁੰਮ ਘੁੰਮ ਹਵਾ ਦੀ ਬਾਂਹ ਪੈਂਦੀ, ਗਲ ਵਣ-ਬੇਲੇ ਹਰ ਥਾਂ ਪੈਂਦੀ। ਕੰਬ ਨੀਲੀ ਦੇ ਅਸਵਾਰ ਕਿਹਾ : “ਅੱਜ ਕਹਿਰਾਂ ਭਰੀ ਝਨਾਂ ਪੈਂਦੀ। “ਨਾਂਹ ‘ਹਾਂ’ ਤੇ ‘ਨਾਂਹ' ਦਾ ਭੇਦ ਰਿਹਾ, ਇਸ ਵਾਟ 'ਤੇ ਜਿੰਦੜੀ ਜਾਂ ਪੈਂਦੀ। “ਕੀ ਨਜ਼ਰਾਂ ਸਾਹਮੇ ਨਾਰ ਕੋਈ, ਜਾਂ ਹਰੀ ਝਨਾਂ ਦੀ ਛਾਂ ਪੈਂਦੀ। “ਸੰਗ ਤੀਰਾਂ ਟੁਟ ਟੁਟ ਜਾਂ ਪੈਂਦੀ। ਔਹ ਟੋਭੇ ਗ਼ਾਜ਼ੀ ਖ਼ਾਂ ਪੈਂਦੀ। “ਚੜ੍ਹ ਚੜ੍ਹ ਕੇ ਕਲਵਲ ਥਲ ਪੈਂਦੇ, ਰੋਹ ਭਰੀ ਲਾਸ ਜਿਉਂ ਨਾਂਹ ਪੈਂਦੀ। “ਘਿਰ ਜਿੰਦ ਦੁਪਹਿਰੀਂ ਗੋਰਾਂ ਵਿਚ, ਰੋ ਥੱਕ ਵਾਂਗ ਫਰਵਾਂ ਪੈਂਦੀ। “ਕਦੇ ਕੂਲੀ ਠੰਢੀਆਂ ਫ਼ਜਰਾਂ ਤੋਂ, ਕੰਨ ਸਬਜ਼ ਬਿਰਖ ਜਿਉਂ ਹਾਂ ਪੈਂਦੀ। “ਮੈਂ ਗ਼ਾਜ਼ੀ ਸਿਖਰ ਦੁਪਹਿਰਾਂ ਦਾ, ਮੇਰੇ ਤੀਰ 'ਤੇ ਕਾਲ ਦੀ ਛਾਂ ਪੈਂਦੀ। “ਕਿਸੇ ਸ਼ਬਨਮ ਨਾਲ ਝਨਾਂ ਖੇਡੇ, ਬਲ ਬਿਜਲੀ ਵਿਚ ਜ਼ਬਾਂ ਪੈਂਦੀ। “ਉਡ ਘੋਰ ਪਤਾਲ ਚੋਂ ਮਣੀ ਕੋਈ ਲਸ ਨਾਗ ਵਾਂਗ ਅਸਮਾਂ ਪੈਂਦੀ।” ਘੁੰਮ ਘੁੰਮ ਹਵਾ ਦੀ ਬਾਂਹ ਪੈਂਦੀ, ਗਲ ਵਣ-ਬੋਲੇ ਹਰ ਥਾਂ ਪੈਂਦੀ। -3- ਸਾਹਿਬਾਂ ਦੇ ਮਿਰਜ਼ੇ ਦੀ ਝਲਕ ਪਿੱਛੋਂ ਉਠਦੇ ਦਿਲ ਦੇ ਜਜ਼ਬਾਤ ਜਿੰਦੜੀ ਉੱਤੇ ਥਰਕਦੇ, ਤਿਰਕਾਲਾਂ ਦੇ ਪੈਰ। ਲੰਮੀਆਂ ਨਦੀਆਂ ਲੰਘਦੇ, ਜਾਂ ਆਪਣੇ ਜਾਂ ਗੈਰ। ਧੂੜ ਥਲਾਂ ਦੀ ਵੇਖਦੀ, ਖੀਵੇ ਖ਼ਾਂ ਦੀ ਧੀ। ਸੋਹਣੇ ਵਹਿਣ ਝਨਾਂ ਦੇ, ਸਮਾਂ ਨ ਜਾਵੇ ਪੀ। ਪੈੜ ਦੇ ਵਾਂਗੂੰ ਮਿਟੇਗੀ, ਚੰਨ-ਸੂਰਜ ਦੀ ਲੋਅ; ਉਡਦੇ ਬਾਜ਼ ਨੂੰ ਮਾਰਸੀ, ਥਲ-ਲਸ਼ਕਰ ਦਾ ਰੋਹ। ਜੰਗਲ ਗੋਰਾਂ ਵਾਲੜੇ, ਨ ਮੰਗੂ ਦੀ ਪੈੜ। ਇਸ ਜੂਹ ਵਿਚ ਵੀ ਮੰਗਦਾ, ਕੌਣ ਕਿਸੇ ਦੀ ਖ਼ੈਰ ? ਚੋਗਾ ਚੁਗਦੇ ਪੰਖਣੂ, ਸੁਣੀ ਕਿਤੋਂ ਕੰਨਸੋਅ। ਚਰਦੇ ਮੰਗੂ ਵੇਖਦਾ, ਡੂੰਘਾ ਧਰ ਦਾ ਮੋਹ। ਜੋਬਨ ਦੀ ਜੂਹ ਧਰਤ ਨੇ, ਭੇਦ ਦਿੱਤੇ ਲਖ ਖੋਲ੍ਹ। ਸਾਹਿਬਾਂ ਰੂਹ ਦਰਿਆ ਦੀ, ਬੇਲੇ ਹੁੱਲਿਆ ਬੋਲ। ਦਾਵਾ ਅਗਨ ਦੇ ਖੰਭ 'ਤੇ, ਕੂਕ ਚੜ੍ਹੀ ਖ਼ੁਸ਼ਬੋ। ਧਰਤ ਦੀ ਸ਼ਬਨਮ ਆਖ਼ਰੀ, ਚੁਕਦੇ ਝੱਖੜ ਕਰੋ। ਆਗਾਸਾਂ ਆਗਾਸ ਤਕ, ਜਿਸ ਮਾਂਝੀ ਦੀ ਹੇਕ ਸੰਞ ਨੂੰ ਉਸ ਦੇ ਕੌਲ ਦੀ, ਮਿਟ ਨ ਜਾਵੇ ਰੇਖ। ਆਗਾਸਾਂ ਆਗਾਸ ਤਕ, ਸੰਞ ਦੀ ਰਿਮਝਿਮ ਵਾਟ। ਤੁਰਦੇ ਜਾਂਦੇ ਕਾਫ਼ਲੇ, ਚੁੱਕ ਹਿਜਰਾਂ ਦੀ ਰਾਤ। ਰਾਤ ਪਈ ਵਿਚ ਬੇਲੜੇ, ਸੁਪਨਿਆਂ ਦੇ ਵਿਚ ਰੁੱਖ ਦਸਦੇ ਪਏ ਝਨਾਂ ਨੂੰ, ਆਪਣੇ ਆਪਣੇ ਦੁੱਖ। ਸੈ ਚਰਖਾਂ ਦੇ ਮਿਟਣ ਦੀ, ਪੁੱਤ ਪੁੱਤ ਦੇ ਵਿਚ ਪੀੜ। ਭੈਅ ਵਿਚ ਦਹਿਰ ਨੇ ਤੋੜਦੇ, ਤਾਰਿਆਂ ਦੀ ਜ਼ੰਜੀਰ। ਟਹਿਣੀ ਸੁੱਤੇ ਪੰਖਣੂ, ਹੇਠ ਵਗਣ ਦਰਿਆ। ਕਦੋਂ ਕੁ ਤੀਕਰ ਦਿਸਣਗੇ, ਔਹ ਬਟਕਾਂ ਦੇ ਰਾਹ। ਕੰਧੀ ਖੜੀ ਝਨਾਂ ਦੀ, ਨਜ਼ਰਾਂ ਦੇ ਰੰਗ ਤਾਣ। ਵਕਤ ਦੇ ਪੈਂਡੇ ਸਾਜਦਾ, ਇਸ਼ਕ ਦਾ ਬਲਦਾ ਬਾਣ। -4- [ਸਾਹਿਬਾਂ ਦਾ ਖ਼ਿਆਲ ਮਿਰਜ਼ੇ ਨੂੰ ਉਸਦੇ ਪਿੰਡ ਦੀ ਜੂਹ ਵਿਚ ਲੈ ਆਉਂਦਾ ਹੈ। ਪਿੰਡ ਦੀਆਂ ਕੁੜੀਆਂ ਸਾਹਿਬਾਂ ਦੀ ਯਾਦ ਜਗਾ ਦਿੰਦੀਆਂ ਹਨ। ] ਉੱਚੇ ਬੁਰਜੀਂ ਖੀਵਿਆਂ ਦੇ ਖੜੀਆਂ ਨਾਰਾਂ। ਰੰਗ ਕਸੁੰਭਾ ਬਾਲਿਆ ਵਿਚ ਬੇਲੇ ਬਾਰਾਂ। ਫ਼ਜਰਾਂ ਮੈਂ ਮੁਟਿਆਰ ਸੰਗ ਅੱਜ ਭਰਦੀਆਂ ਪਾਣੀ, ਤਾਣ ਦਿੱਤੀਆਂ ਓਸ ਲਈ ਅਸਮਾਨ ਨੇ ਦਾਰਾਂ। ਸੂਹਾ ਵੇਸ ਕਰੇਂਦੀਏ ਇਕ ਬੋਲ ਜੇ ਬੋਲੇਂ, ਘੋੜ ਦੀ ਟਾਪ ਜਮਾ ਦਿਆਂ ਮੈਂ ਪਾਰ ਗ਼ੁਬਾਰਾਂ। ਸਾਖਾਂ ਵੇਸ ਕਰੇਂਦੀਏ ਰੁੱਤ ਚੇਤ ਵਸਾਖਾਂ, ਬੇਲੇ ਸੁੱਤੀ ਨਾਰ ਨੂੰ ਮੈਂ 'ਵਾਜ ਨ ਮਾਰਾਂ। ਬਰਸਾਂ ਰਿਹਾ ਉਡੀਕਦਾ ਫ਼ਰਿਹਾਦ ਦਾ ਤੇਸਾ, ਕਿਸੇ ਨ ਦੀਵਾ ਬਾਲਿਆ ਸਿਰ ਬਾਂਝ ਪਹਾੜਾਂ। ਭਾਵੇਂ ਤੀਰ ਗੁਆਚਣਾ ਵਿਚ ਖ਼ੂਨੀ ਥਲ ਦੇ, ਧੀ ਖੀਵੇ ਦੀ ਰਹੇਗੀ ਇਸ ਦਿਲ ਦੇ ਪਾਰਾਂ। ਉੱਚੀਆਂ ਲੰਮੀਆਂ ਟਾਹਲੀਆਂ ਤਕ ਵਗਣ ਝਨਾਵਾਂ, ਵੇਖ ਰਹੇ ਤਕਦੀਰ ਨੂੰ ਹੱਸ ਹੁਸਨ ਹਜ਼ਾਰਾਂ। ਚੰਨ ਸੂਰਜਾਂ ਤਾਰਿਆਂ ਜਿਸ ਰਾਹ 'ਤੇ ਬੁਝਣਾ, ਓਥੇ ਵੀ ਲੈ ਸੁੱਤੀਆਂ ਦਿਲ-ਭੇਦ ਨੂੰ ਗਾਰਾਂ। -5- ਬੱਕੀ ਦੇ ਸਫ਼ਰ ਵਿਚ ਉਡਦੇ ਜਜ਼ਬੇ ਔਹ ਦੀਵੇ ਬਲਦੇ ਵੀਰਾਂ ਦੇ। ਰੋਹ ਚਰਖ਼ ਪਾਰ ਸ਼ਮਸ਼ੀਰਾਂ ਦੇ। ਜਿਸ ਡਾਢੇ ਪੌੜ ਦੀ ਧਮਕ ਸੁਣੇ ਲੰਘ ਆਈ ਘਾਟ ਅਖ਼ੀਰਾਂ ਦੇ। ਕਿਸ ਧੂੜ ਦੇ ਅੰਦਰ ਕੈਦ ਅਸੀਂ ? ਕੁਝ ਕਦਮ ਉਦਾਸ ਫ਼ਕੀਰਾਂ ਦੇ। ਹੁਣ ਨਾਜ਼ਕ ਮਿਠੜੇ ਬੋਲ ਤਿਰੇ ਕੀ ਦੱਸਣੇ ਕਹਿਰ ਨਕੀਰਾਂ ਦੇ। ਮੈਂ ਸਾਹਿਬਾਂ ਕਦੇ ਨ ਵੇਖ ਸਕਾਂ ਰੰਗ ਪਰੇ ਪਰੇ ਤਸਵੀਰਾਂ ਦੇ। ਜਾਂ ਦਿਲ ਦੀ ਹਾਥ ਨ ਲੈ ਹੋਵੇ ਦਿਲ ਟੁੱਟ ਜਾਂਦੇ ਤਕਦੀਰਾਂ ਦੇ। ਕੋਈ ਵਾਹ ਨ ਫ਼ਜਰ ਦੇ ਕੇਸ ਰਿਹਾ ਕੁਝ ਛੋਟੇ ਜਿਗਰੇ ਭੀੜਾਂ ਦੇ। ਕੀ ਸਿਖਰ ਦੁਪਹਿਰਾਂ ? ਹਜ਼ਰਾਂ ਤੋਂ ਜਦ ਖ਼ਾਲੀ ਨੈਣ ਸ਼ਮੀਰਾਂ ਦੇ। ਸੰਞ ਹੋਇ ਬੇਆਸ ਹੈ ਤੁਰ ਜਾਂਦੀ ਨ ਦੋ ਘੁੱਟ ਮਿਲਦੇ ਨੀਰਾਂ ਦੇ। ਦਿਲ ਵਾਲੇ ਕੱਫਨ ਪਏ ਸੀਂਦੇ ਕੁਝ ਖ਼ਾਨਗਾਹਾਂ ਦੀਆਂ ਲੀਰਾਂ ਦੇ। ਔਹ ਦੀਵੇ ਬਲਦੇ ਵੀਰਾਂ ਦੇ ਰੋਹ ਚਰਖ ਪਾਰ ਸ਼ਮਸ਼ੀਰਾਂ ਦੇ। -6- ਜੰਡ ਤੋਂ ਪਹਿਲਾਂ ਮਿਰਜ਼ੇ ਦੇ ਤਿਲ੍ਹਕਦੇ ਜਜ਼ਬਾਤ ਖੰਭ ਤਪਦੇ ਸਿਖਰ ਦੁਪਹਿਰਾਂ ਦੇ। ਅੱਗ ਡਿਗਦੀ ਧਰਤ ਦੇ ਪੈਰਾਂ 'ਤੇ। ਟਪ ਅੰਬਰ ਕਾਲ ਨੂੰ ਚਲ ਪੈਣਾ ਤ੍ਰਿਣ ਤ੍ਰਿਣ 'ਤੇ ਹਸ਼ਰਾਂ ਬਲ ਪੈਣਾ ਹਰ ਕਿਸੇ ਨੂੰ ਲੰਘਣਾ ਥਲ ਪੈਣਾ; ਨ ਡਾਚੀ ਬਿਰਖ ਫ਼ਕੀਰ ਕੋਈ ਨ ਖ਼ਾਬ ਨੇ ਜ਼ਮਜ਼ਮ-ਲਹਿਰਾਂ ਦੇ- ਖੰਭ ਤਪਦੇ ਸਿਖਰ ਦੁਪਹਿਰਾਂ ਦੇ। ਕੋਈ ਪੌੜ ਸੁਣੇ ਵਿਚ 'ਵਾਵਾਂ ਦੇ ਮਨ ਥਰਹਰ ਕੰਬਦੇ ਰਾਹਵਾਂ ਦੇ ਕੁੱਲ ਵਾਵਰੋਲਿਆਂ ਛਾਵਾਂ ਦੇ; ਵਿਚ ਬਾਹਾਂ ਕੇਸੂ ਹੜ੍ਹ ਭਖਦੇ ਕਿਉਂ ਅੰਬਰ ਛਲ ਨੇ ਕਹਿਰਾਂ ਦੇ ? ਖੰਭ ਤਪਦੇ ਸਿਖਰ ਦੁਪਹਿਰਾਂ ਦੇ। ਔਹ ਕੌਲ ਸਿਖਰ ਸਚਿਆਰ ਖੜੇ, ਹਾਂ, ਦੂਰ ਆਗਾਸਾਂ ਪਾਰ ਖੜੇ, ਕਿਉਂ ਵਸਲ ਮੇਰੇ ਬੇ-ਯਾਰ ਖੜੇ ? ਅੱਜ ਦੂਰ ਝੰਗ ਦੀਆਂ ਛਾਵਾਂ ਦੇ ਔਹ ਤੀਰ ਖੁਭੇ ਵਿਚ ਗਹਿਰਾਂ ਦੇ— ਖੰਭ ਤਪਦੇ ਸਿਖਰ ਦੁਪਹਿਰਾਂ ਦੇ। ਲੰਘ ਚੱਲਿਆ ਮਿਰਜ਼ਾ ਬਾਰਾਂ 'ਚੋਂ ਮੋਹ ਕੂੰਜ ਸੈਆਂ ਹੀ ਡਾਰਾਂ 'ਚੋਂ ਕੋਈ ਲੁੱਟ ਕੇ ਬਿਜਲੀ ਨਾਰਾਂ 'ਚੋਂ, ਅਸਾਂ ਬੋਲ ਤੇਰੇ ਵਿਚ ਡੁੱਬ ਜਾਣਾ ਸਭ ਭੁੱਲ ਨਿਹੋਰੇ ਗੈਰਾਂ ਦੇ- ਖੰਭ ਤਪਦੇ ਸਿਖਰ ਦੁਪਹਿਰਾਂ ਦੇ। ਕੰਨਸੋਅ ਜਹੀ, ਲਿਸ਼ਕੋਰ ਜਹੀ, ਬਹੂੰ ਸੁਬਕ ਜਹੀ, ਦਿਲ-ਚੋਰ ਜਹੀ, ਵੱਡ ਸਿਖਰ ਦੁਪਹਿਰਾਂ ਦੇ ਜ਼ੋਰ ਜਹੀ, ਮਰ ਜਾਏਂ ਤੇਸੇ ਬਿਨ ਅੜੀਏ ਤੂੰ ਸੁਪਨੇ ਲੈਂਦੀ ਨਹਿਰਾਂ ਦੇ- ਖੰਭ ਤਪਦੇ ਸਿਖਰ ਦੁਪਹਿਰਾਂ ਦੇ। ਛੱਡ ਹਰੀ ਝਨਾਂ ਦੀ ਬੇਟ ਕੁੜੇ ਵਿਚ ਰੋਹੀਆਂ ਜੰਡ ਦੇ ਹੇਠ ਕੁੜੇ ਮਰ ਜਾਸੇਂ ਤਪਦੇ ਜੇਠ ਕੁੜੇ, ਤੂੰ ਬੱਕੀ ਨਾਲ ਫ਼ਕੀਰ ਹੋਈ ਮੇਰੇ ਤੀਰ ਨੇ ਪਿਛਲੇ ਪਹਿਰਾਂ ਦੇ- ਖੰਭ ਤਪਦੇ ਸਿਖਰ ਦੁਪਹਿਰਾਂ ਦੇ। ਮਿਰੀ ਗੱਲ ਕਿਤੇ ਪਰਵਾਜ਼ ਸੁਣੇ ਉਹ ਕੌਣ, ਕਿਹੋ ਜੇਹਾ ਰਾਜ਼ ਸੁਣੇ ? ਕੁੱਲ ਧਰਤੀ ਇਕ ਆਵਾਜ਼ ਸੁਣੇ- ਕਦੇ ਮੁੱਢ ਕਦੀਮੀ ਹਾਸੇ 'ਚੋਂ ਕੁਝ ਬੋਲ ਸੁਣਾਂ ਮੈਂ ਵੈਰਾਂ ਦੇ- ਖੰਭ ਤਪਦੇ ਸਿਖਰ ਦੁਪਹਿਰਾਂ ਦੇ। ਦਿਲ-ਜਾਨ ਸਾਹਿਬਾਂ ਦੇ ਨਾਲ ਖੜੇ ਚਹੁੰ ਕੂੰਟੀਂ ਲੱਖਾਂ ਸਾਲ ਖੜੇ ਚੰਨ ਸੂਰਜ ਖੁਰਣ ਖ਼ਿਆਲ ਖੜੇ, ਮੈਂ ਅਮਲ ਦੇ ਲੁਟਦੇ ਪੈਂਡੇ ਵਿਚ ਕਿੰਝ ਬੋਲ ਪੁਗਾਵਾਂ ਖੈਰਾਂ ਦੇ- ਖੰਭ ਤਪਦੇ ਸਿਖਰ ਦੁਪਹਿਰਾਂ ਦੇ ! ਵਣ ਬੋਲੇ ਵਗਦੇ ਨੀਰਾਂ ਦੇ ਕੁਝ ਸੁੱਤੇ ਰੰਗ ਕਰੀਰਾਂ ਦੇ ਕੋਈ ਭੇਦ ਨ ਦੇਵਣ ਹੀਰਾਂ ਦੇ- ਜਲ ਥਲ ਵਿਚ ਰੰਗ ਫ਼ਕੀਰਾਂ ਦਾ ਕੁਝ ਰੰਗ ਪੁਰਾਣੇ ਜ਼ਹਿਰਾਂ ਦੇ- ਖੰਭ ਤਪਦੇ ਸਿਖਰ ਦੁਪਹਿਰਾਂ ਦੇ। ਅੱਖ ਮੁਨਕਰ ਕੜੇ ਨਕੀਰਾਂ ਦੀ ਜਿੰਦ-ਜਾਨ ਫੜੇ ਪਈ ਤੀਰਾਂ ਦੀ ਜੰਡ ਹੇਠ ਚੁੱਪ ਤਕਦੀਰਾਂ ਦੀ- ਕਦੇ ਬਿਰਖ ਦੀ ਛਾਂ ਵੀ ਛੱਡ ਜਾਂਦੀ ਮੁੱਕ ਜਾਂਦੇ ਪੈਂਡੇ ਦਹਿਰਾਂ ਦੇ— ਖੰਭ ਤਪਦੇ ਸਿਖਰ ਦੁਪਹਿਰਾਂ ਦੇ। ਅੱਗ ਡਿਗਦੀ ਧਰਤ ਦੇ ਪੈਰਾਂ 'ਤੇ। -7- ਜੰਡ ਹੇਠ ਮਿਰਜ਼ੇ ਦੀ ਨੀਂਦ -ੳ- ਕੁੱਲ ਧਰਤ ਰਹੀ ਵੇਖ : ਮਿਰਜ਼ਾ ਸੁੱਤਾ ਜੰਡ ਹੇਠ, ਬਾਰਾਂ ਤਪਣ ਵਿਚ ਜੇਠ, ਦੂਰ ਵਗਦੀ ਝਨਾਂ ਠੰਢੀ ਸਾਹਿਬਾਂ ਦੀ ਛਾਂ। ਕੁੱਲ ਧਰਤ ਦੇ ਭੁਚਾਲ ਲੰਘੇ ਸਾਲਾਂ ਦੇ ਸਾਲ ਸੁੱਤੇ ਮਿਰਜ਼ੇ ਦੇ ਨਾਲ, ਲੈਂਦਾ ਦੂਰ ਫਰਵਾਂ ਭੁੱਲੇ ਬ੍ਰਿਛਾਂ ਦੇ ਨਾਂ। ਨੀਂਦ ਵਿਚ ਪਵੇ ਜ਼ੋਰ ਦੇਵੋ ਚਰਖਾਂ ਨੂੰ ਤੋੜ ਕੱਢੋ ਨਵਾਂ ਕੋਈ ਲੋਰ— ਕਾਇਨਾਤ ਦਾ ਫ਼ਕੀਰ ਸਾਹਿਬਾਂ ਤੱਕ ਭਰੇ ਨੀਰ। ਕੁੱਲ ਧਰਤੀ ਦੇ ਰਾਹ ਹੋਏ ਮਿਰਜ਼ੇ ਦੇ ਸਾਹ, ਸਾਹਿਬਾਂ ਵਗੇ ਦਰਿਆ ! ਮੋਂਹਦਾ ਰੁੱਤਾਂ ਦੇ ਤੀਰ ਜੋਬਨ ਧਰੇ ਨ ਧੀਰ। ਟੱਪੇ ਸਮਿਆਂ ਦੀ ਘਾਤ ਡੂੰਘੀ ਬੋਲਿਆਂ ਦੀ ਰਾਤ ਪੈੜਾਂ ਭੁੱਲੀਆਂ ਦੀ ਬਾਤ, ਲੱਭੇ ਨੀਂਦਾਂ 'ਚ ਢੋਅ- ਸਾਹਿਬਾਂ ਧਰਤੀ ਦਾ ਮੋਹ। ਲੱਖਾਂ ਸਾਵਨਾਂ ਦੀ ਗੂੰਜ ਪਵੇ ਮਿੱਠੀ ਮਿੱਠੀ ਬੂੰਦ, ਜਿਵੇਂ ਧਰਤੀ ਦੀ ਕੂੰਜ ਮਿਲੀ ਮਿਰਜ਼ੇ ਨੂੰ ਰੋ, ਗਈ ਨੀਂਦਰਾਂ 'ਚ ਖੋ। ਪਈ ਆਖਰਾਂ ਦੀ ਭੀੜ ਯੋਗੀ ਵਲੀ ਗੌਸ ਪੀਰ ਵੱਡੀ ਕਰ ਤਕਸੀਰ, ਮਾਹੀ ਵੇਖਦੇ ਨੇ ਆਏ ਡੁੱਬ ਗਏ ਤਿਰਹਾਏ । ਮੋਏ ਕਾਫ਼ਲੇ ਦੀ ਲੋਅ ਕੱਚੇ ਘਰਾਂ ਦੇ ਮੋਹ ਯਾਰੋ ਲੈਂਦੀ ਕੰਨਸੋਅ ਪਈ ਨਦੀ ਵੱਲੋਂ ਆਏ ਜਿਵੇਂ ਮਾਂਝੀ ਕੁਰਲਾਏ। ਰੁਲੀ ਰੁਲੀ ਖ਼ਾਨਗਾਹ, ਕਿੱਥੇ ਮਾਹੀ ਸੁੱਤਾ ਜਾ ? ਰਹੇ ਭਾਲ ਦਰਿਆ- 'ਵਾਜਾਂ ਮਾਰਦੇ ਫ਼ਕੀਰ ਮੋੜੀ ਮੁੜੇ ਨ ਵਹੀਰ। ਚੀਰ ਨੀਂਦਰਾਂ ਦੇ ਰਾਹ ਜਿੱਥੇ ਤੀਰ ਵੱਜੇ ਜਾ ਉਹਦੀ ਧਰਤ ਨ ਗਵਾਹ- ਮਿਰਜ਼ਾ ਪਹੁੰਚਿਆ ਅਖ਼ੀਰ ਸਾਹਿਬਾਂ ਬੜੀ ਬੇ-ਨਜ਼ੀਰ॥ -ਅ- ਬੱਕੀ ਖੜੀ ਜੰਡ ਹੇਠ ਉੱਡ ਆਈ ਜਿਵੇਂ ਹੇਕ ਰਹੀ ਬਾਰਾਂ ਵੱਲ ਵੇਖ- ਮਾਰੇ ਸਮਾਂ ਲਿਸ਼ਕੋਰ ਅਜੇ ਭੇਦ ਬੜੇ ਹੋਰ। ਮਿੱਠੇ ਨਿੰਮਾਂ ਦੇ ਹੁਲਾਰੇ ਛੁਪੇ ਜੋਬਨਾਂ ਦੇ ਲਾਰੇ ਚੜ੍ਹ ਧਰਤ ਦੇ ਨਜ਼ਾਰੇ ਪਾਉਂਦੇ ਨਜ਼ਰਾਂ ਦਾ ਜ਼ੋਰ ਰੁੱਤ ਮੁੜੇ ਨ ਅਮੋੜ। ਚੁਗਦੇ ਸਾਲ ਤੇ ਮਹੀਨੇ ਖਿੰਡੇ ਜੋਗੀ ਦੇ ਚੀਨੇ ਛਲਕਣ ਰੁੱਤਾਂ ਦੇ ਸੀਨੇ ਵਣੀਂ ਹੁੱਲਦੀ ਧਰੇਕ ਫੜੇ ਤਾਰਿਆਂ ਦੀ ਹੇਕ। ਸਮਾਂ ਵੇਖਦਾ ਏ ਝੋਕਾਂ ਕੋਹਿਆ ਬ੍ਰਿਛਾਂ ਨੂੰ ਲੋਕਾਂ ਉਡਦੇ ਪੰਛੀਆਂ 'ਤੇ ਰੋਕਾਂ— ਦੂਰ ਦੂਰ ਸੋਹਣੇ ਲੇਖ ਜਿਵੇਂ ਕਹਿਕਸ਼ਾਂ ਦੀ ਰੇਖ। ਸਾਹਿਬਾਂ ਦਸਦੇ ਨੇ ਸ਼ਾਇਰ ਕੋਈ ਫ਼ਜਰਾਂ ਦੀ ਲਹਿਰ ਛਲਕੇ ਸਿਖਰ ਦੁਪਹਿਰ— ਥਰਹਰ ਸੰਵ ਦੀ ਖੁਮਾਰੀ ਲਾਈ ਬ੍ਰਿਛਾਂ ਨਾ' ਯਾਰੀ। ਛੂਹ ਨ ਤੀਰਾਂ ਦੇ ਨੂਰ ਜੀਵੇਂ ਵੇਖੀਂ ਨ ਤੂਰ ਭਾਵੇਂ ਜੋਬਨ ਮਨਜ਼ੂਰ ਕੱਚੇ ਘੜੇ ਦੀ ਵਾਰੀ ਭੁੱਲ ਜਾਸੇਂ ਨੀ ਤਾਰੀ। ਸੁੱਤਾ ਦਹਿਰ ਦਾ ਰਿੰਦ ਸਾਨੂੰ ਵੇਖਦਾ ਨ ਬਿੰਦ ਤੈਂਡੇ ਤੀਰ ਮੈਂਡੀ ਜਿੰਦ- ਜੋਬਨ ਵੈਂਦਾ ਏ ਢੱਲਿਆ ਸੁਣੀਂ ਯਾਰ ਦਿਆ ਛੱਲਿਆ। ਲੈ ਜਾ ਜਿੰਦੜੀ ਦੀ ਵੱਥ ਤੈਂਡਾ ਦੂਰ ਦੁਰਾਡੜੇ ਰੱਥ ਜੀਵੇਂ ਸਮੇਂ ਤੋਂ ਲੰਮੇ ਨਾਂਹ ਹੱਥ। ਸਈਓ ਬੱਕੀ ਦਾ ਜੋਬਨ ਚੱਲਿਆ ਨਾਂਹ ਸ਼ਹੁ ਦਰਿਆਵਾਂ ਠੱਲ੍ਹਿਆ। ਸਾਹਮੇ ਤਾਰਿਆਂ ਦੀ ਵਾਹਰ ਤਪੇ ਹੜ੍ਹਾਂ ਵਿੱਚਕਾਰ ਖੜਾ ਬੱਕੀ ਦਾ ਸਵਾਰ- ਧਨੁਸ਼ ਗਗਨਾਂ ਦਾ ਤੋੜੇ ਸਾਡੇ ਵੱਲ ਨੈਣ ਮੋੜੇ। ਅਸਾਂ ਵੇਖੀ ਵਿਚ ਖੀਵੇ ਬਾਲ ਨਿੱਕੇ ਨਿੱਕੇ ਦੀਵੇ ਕਿਵੇਂ ਧਰਤੀ ਇਹ ਜੀਵੇ ਵਿਚ ਪੁੱਤਾਂ ਦੇ ਦੇ ਵਿਛੋੜੇ- ਧੀਆਂ ਰੋਂਦੀਆਂ ਦੇ ਝੋਰੇ। ਪਾਰ ਮੁੱਢ ਤੇ ਕਦੀਮਾਂ ਸਾਡੇ ਸੁੱਚੜੇ ਯਕੀਨਾਂ ਉਹੀਓ ਤੱਕਿਆ ਮਹੀਨਾ ਜਿੱਥੇ ਡਾਢਾ ਤੀਰ ਵੱਜੇ- ਕੁਝ ਵੀ ਜਿੰਦੜੀ ਨ ਕੱਜੇ। ਨਾਲ ਸੱਚੜੇ ਯਕੀਨਾਂ ਮਾਹੀਆ ਵੇਖ ਸਾਡਾ ਸੀਨਾ- ਜ਼ਾਲਿਮ ਤੀਰਾਂ ਦਾ ਕੀਨਾ ਸਾਡੇ ਸੀਸ ਉੱਤੇ ਸੱਜੇ- ਰੂਹ ਸਬਰਾਂ ਨਾ ਰੱਜੇ । ਲੱਕ ਪਤਲੇ ਛੰਨਾਰਾਂ ਵਿਚ ਝੰਗ ਦੀਆਂ ਬਾਰਾਂ ਦੇਣ ਸ਼ੀਰੀਂ ਹਬਕਾਰਾਂ- ਤੱਕੀਆਂ ਛੈਲ ਰਕਾਨਾਂ ਸਿੱਕਦੇ ਲਾ-ਮਕਾਨਾਂ। ਵਲ ਉਜੜੇ ਹੋਏ ਖੂਹਾਂ ਆਉਣ ਘੁੰਮ ਘੁੰਮ ਲੂਆਂ ਬਹਿਣ ਗੋਰਾਂ 'ਤੇ ਰੂਹਾਂ- ਸੋਹਣੇ ਪਾਕ ਕੁਰਾਨਾਂ ਵਾਰਾਂ ਯਾਰ ਤੋਂ ਜਾਨਾਂ । ਰੁਲੇ ਬੋਲ ਚੁੱਕ 'ਵਾਵਾਂ ਗਲ ਲੰਮੀਆਂ ਝਨਾਵਾਂ ਪਾਉਣ ਕੱਸ ਕੱਸ ਬਾਹਵਾਂ- ਢੋਲ ਵੱਜੇ ਕੋਈ ਤੁੰਦ ਸੁਣੇ ਧੂੜਾਂ ਓਹਲੇ ਰੁੰਗ। ਘਿਰੀਆਂ ਝੱਖੜੀਂ ਬੂੰਦਾਂ ਤਰੀਆਂ ਬ੍ਰਿਛਾਂ 'ਤੇ ਮੂੰਝਾਂ ਆਉਣ ਰਾਹੀਆਂ ਨੂੰ ਊਂਘਾਂ- ਡਾਢੇ ਅਰਸ਼ ਦੀ ਸੁੰਞ ਰਹੀ ਏ ਜ਼ਿਮੀਂ ਨੂੰ ਸੁੰਘ ! ਟੁੱਟੀ ਪੱਤਣਾਂ 'ਤੇ ਵੰਗ ਖੁਰਿਆ ਸੋਹਣੀ ਦਾ ਰੰਗ ਕੋਈ ਨ ਸਕਿਆ ਲੰਘ- ਕੱਚੇ ਘੜੇ ਦੀ ਵਾਰੀ ਲਾ ਨ ਨੀਂਦ ਸੰਗ ਯਾਰੀ! ਜ਼ਹਿਰਾਂ ਭਰੀਆਂ ਤਰੰਗ ਰਾਂਝਾ ਮੁੜ ਆਇਆ ਝੰਗ ਚਾਕਾਂ ਛੱਡਿਆ ਏ ਸੰਗ— ਨੀਂਦਾਂ ਮਿੱਠੀਆਂ ਨੇ, ਵਾਰੀ ! ਪੀਲ੍ਹਾਂ ਪੱਕੀਆਂ ਦੀ ਖਾਰੀ। -ੲ- ਵੱਡੇ ਜਿੰਦੜੀ ਦੇ ਦਾਵੇ, ਧਰਤੀ ਨੱਸੀ ਨੱਸੀ ਆਵੇ ਘੁਲੀ ਨੀਂਦ ਵਿਚ ਜਾਵੇ ਤਨ ਮਨ ਨਜ਼ਰ ਹੀ ਬਣਾਵੇ— ਜਿਹੜੀ ਹਸ਼ਰ ਵਾਂਗੂੰ ਤਪੇ ਸਾਹਿਬਾਂ ਦਿੱਸ ਨ ਸਕੇ। ਨੈਆਂ ਪੰਖੀਆਂ ਜਿਉਂ ਆਈਆਂ ਕੁਲ ਧਰਤ ਉੱਤੇ ਛਾਈਆਂ ਰਾਹ ਗਗਨਾਂ ਦੇ ਲਿਆਈਆਂ ਨਜ਼ਰਾਂ ਨੀਂਦਰਾਂ 'ਤੇ ਪਾਈਆਂ– ਪੈਂਡੇ ਸਮਿਆਂ ਦੇ ਹੱਫੇ ਸਾਹਿਬਾਂ ਦਿੱਸ ਨ ਸੱਕੇ। ਪੈਂਡੇ ਬੋਲਿਆਂ ਦੇ ਤੰਗ ! ਛੱਡ ਕੁਦਰਤਾਂ ਦੇ ਰੰਗ ਜੋ ਵੀ ਦਿਸੇ ਉਸਨੂੰ ਲੰਘ ਵੇਖਾਂ ਨੱਢੜੀ ਦੇ ਅੰਗ- ਪਾਰ ਪਰੇ ਪਰੇ ਜੋ ਉਹੀਓ ਸਾਹਿਬਾਂ ਦੀ ਲੋਅ। ਵਿੰਨ੍ਹਾਂ ਸੂਰਜਾਂ ਦੀ ਬਾਰੀ ਵਿੰਨ੍ਹਾਂ ਕਹਿਕਸ਼ਾਂ ਔਹ ਸਾਰੀ ਤੱਕਾਂ ਬੇਲਿਆਂ ਨੂੰ ਪਿਆਰੀ ਲਾਵਾਂ ਡੂੰਘੜੀ ਕੋਈ ਤਾਰੀ— ਤੀਰ ਸੁਬਕ ਕੰਨਸੋਅ ਗਏ ਨੀਂਦ ਵਿਚ ਖੋ। ਮਿਰਜ਼ਾ ਤੋੜਦਾ ਜ਼ੰਜੀਰਾਂ ਖੋਰ ਰਿਹਾ ਤਸਵੀਰਾਂ ਪਈਆਂ ਜਲੀਂ ਥਲੀ ਭੀੜਾਂ ਦੀਦ ਮਿਲੇ ਜੇ ਅਖ਼ੀਰਾਂ— ਬੈਠਾ ਨੀਂਦਰਾਂ ਦੇ ਦੁਆਰ ਬੁਰਕੇ ਹਸ਼ਰਾਂ ਦੇ ਪਾੜ। ਵਿਹੜੇ ਨੀਂਦਰਾਂ-ਨਸੀਬਾਂ ਸਾਹ ਹੁਸਨ ਦੇ ਗ਼ਰੀਬਾਂ ਖੈਰਾਂ ਮੰਗੀਆਂ ਤਬੀਬਾਂ ਲੰਮੇ ਪੈਂਡਿਆ ਰਕੀਬਾਂ ਤੀਰ ਚੁੰਮੇ ਜਾ ਪਾਰ, ਮਿੱਠੀ ਨੀਂਦਰਾਂ ਦੀ ਦਾਰ ! ਨਾਰ ਰੰਗਲੀ ਸੁਹਾਣੀ ਮੇਘਾਂ ਪੰਖੀਆਂ ਪਛਾਣੀ, ਜਲਾਂ ਥਲਾਂ ਵਾਲੀ ਬਾਣੀ ਰਹੀ ਬੋਲਦੀ, ਨਾਂਹ ਜਾਣੀ ! ਤੁਰਦੀ ਨਾਗਾਂ ਦੇ ਪੈਂਡੇ ਅਸੀਂ ਦੇਖਦੇ ਹੀ ਰਹਿੰਦੇ ! ਤੀਰ ਬਿਨਾਂ ਵਿਚ ਰੋਹੀ ਬਸ ਨਜ਼ਰਾਂ ਨੇ ਮੋਹੀ ਅੰਬਰ ਜ਼ਿਮੀਂ ਅਣਛੋਹੀ ਬੂੰਦ ਸਬਰਾਂ ਦੀ ਕੋਈ - ਵਰ੍ਹੇ ਨੀਂਦਰਾਂ 'ਚ ਵਹਿੰਦੇ ਚੁੱਪ ਕਿਹੋ ਜੇਹੀ ਸਹਿੰਦੇ ! ਔਹ ਦੂਰ ਦੇ ਤਾਰਿਆਂ ਪਾਰ ਪਈ ਅਜ਼ਲ ਨੂੰ ਮੋੜਦੀ ਨਾਰ ਖੁਰ ਗਈ ਸਮੇਂ 'ਚ ਜਿੱਤ ਤੇ ਹਾਰ ! ਲੰਘੀ ਲੰਘੀ ਊਠਾਂ ਦੀ ਡਾਰ— ਜਿਗਰੇ ਮਿਰਜ਼ੇ ਦੇ ਲੰਮੇ ਸੁੱਤੇ ਉਮਰਾਂ ਦੇ ਵੰਨੇ। ਫੁਰਨਾ ਸਾਹਿਬਾਂ ਦਾ ਹੋਰ ਧਾਰ ਤੇਗਾਂ ਦੀ ਜ਼ੋਰ ਪੁਰਸਲਾਤ ਰਿਹਾ ਖੋਰ ਪੈਂਦਾਂ ਅਜ਼ਲ ਤਕ ਸ਼ੋਰ ! ਪੈਂਡੇ ਨਾਗਾਂ ਦੇ ਅੰਨ੍ਹੇ ਨੀਂਦ ਮਿਰਜ਼ੇ ਦੀ ਬੰਨ੍ਹੇ ! ਮੀਨਾ ਸਾਗਰਾਂ 'ਚ ਭੌਣਾਂ ਖ਼ਿਆਲ ਖ਼ਾਬਾਂ 'ਚ ਸੌਣਾਂ, ਪਾਕ ਹਰਫ਼ਾਂ ਦਾ ਆਉਣਾ ਰੂਹ ਦੀ ਝਿਮਝਿਮ ਬਣਾਉਣਾ, ਮਿੱਠੀਆਂ ਨੀਂਦਾਂ ਦੇ ਕੋਲ ਸਾਹਿਬਾਂ ਬੋਲੋ ਇਉਂ ਬੋਲ ! ਨੀਂਦਰ ਵਣਾਂ ਦੇ ਵੰਨੇ ਉਡਦੇ ਤੀਰ ਤੈਂ ਬੰਨ੍ਹੇ- ਚਿਰ ਤੋਂ ਗੱਲ ਜੋ ਮੰਨੇਂ ਪੈਂਦੀ ਹਸ਼ਰ ਦੇ ਕੰਨੇ— ਸ਼ੀਰੀਂ ਨੀਂਦਾਂ ਤੋਂ ਬੋਲ ਨਦੀਆਂ ਭਰਦੀਆਂ ਝੋਲ। -ਸ- ਵਾਵਰੋਲਿਆਂ ਦੀ ਕੂਕ ਬਿਜਲੀ ਕਾਲੜੀ ਦੀ ਸ਼ੂਕ ਖ਼ਾਬ ਹੱਫਦੇ ਮਲੂਕ ਰੰਗ ਤਪਦੇ ਦੀ ਹੂਕ ਰੋਣ ਧਰਤੀ ਦੇ ਰਾਹ ਜ਼ੋਰ ਪਾਉਂਦੇ ਗੁਨਾਹ। ਨੀਂਦ ਜਿੰਦ ਨੂੰ ਸ਼ਿੰਗਾਰੇ ਜਿਵੇਂ ਖੜ ਗਏ ਸਤਾਰੇ— ਮੀਨਾ ਸਾਗਰਾਂ ਕਿਨਾਰੇ ਜਿਵੇਂ ਅੰਬਰਾਂ ਨੂੰ ਹਾੜੇ- ਮਿਰਜ਼ਾ ਸਿਦਕ ਵਾਲੇ ਰਾਹ ਸੁੱਤਾ ਲੰਘ ਕੇ ਗੁਨਾਹ। ਤੁੰਦ ਕਾਲੀਆਂ ਗਾਰਾਂ ਬਲਦੀ ਨਦੀ ਦੇ ਪਾਰਾਂ— ਡੰਗ ਨਾਗਾਂ ਦੇ ਆਰਾਂ ਕਹੀਆਂ ਜ਼ਹਿਰਾਂ ਸਹਾਰਾਂ ! ਵਿਛੜੇ ਬਾਗ਼ਾਂ 'ਚ ਜਾਨੀ ਰਹੀਆਂ ਰੋਹੀਆਂ ਨਿਸ਼ਾਨੀ। ਵਗੇ ਸਰਕੜੇ 'ਚ ਲੋਅ ਤਪੇ ਕੋਹਾਂ ਦੇ ਕੋਹ ਸ਼ੀਹਾਂ ਤਾਣਿਆਂ ਰੋਹ; ਛਲਕੇ ਰੁੱਤਾਂ ਦਾ ਮੋਹ ਵਿਚ ਵਕਤ ਦੀ ਕਾਨੀ, ਲਿਖੇ ਨੀਂਦਾਂ 'ਚ ਜਾਨੀ। ਲਚਕਾਂ ਖਾਂਦੀਆਂ ਨਾਰਾਂ ਸਾਉਣ ਵਰ੍ਹੇ ਜਿਉਂ ਬਾਰਾਂ; ਆਸ਼ਿਕ ਸੁੱਤੇ ਹਜ਼ਾਰਾਂ ਥਲਾਂ ਫੜੀਆਂ ਮੁਹਾਰਾਂ- ਚੁੱਕੀ ਜਾਂਦੇ ਕਚਾਵੇ ਡੂੰਘੇ ਦਰਦ ਦੇ ਹਾਵੇ। ਛੱਡ ਥਲਾਂ ਦੇ ਘੇਰੇ ਛੱਡ ਖਰਲਾਂ ਦੇ ਵਿਹੜੇ ਚੰਧੜ ਸਿਆਲਾਂ ਦੇ ਝੇੜੇ ਫੋਕੇ ਦੁਨੀਆਂ ਦੇ ਜੇਰੇ ਲੰਘ ਬੇਟਾਂ 'ਚੋਂ ਆਵੇ, ਮਿਰਜ਼ਾ ਸਿਦਕ ਅਜ਼ਮਾਵੇ। ਸਬਰਾਂ ਸਿਦਕਾਂ ਦੇ ਸ਼ਿੰਗਾਰੀ ਲਾਈ ਬੱਕੀ ਨੇ ਉਡਾਰੀ ਪੌਣ ਪੁਰੇ ਦੀ 'ਚ, ਵਾਰੀ ! ਲਾਈ ਝੁੰਮਰਾਂ ਜਿਉਂ ਤਾਰੀ— ਚੋਲੇ ਜਿੰਦ ਦੇ ਉਤਾਰਾਂ ਨੱਢੀ ਤੱਕਾਂ ਹਿੱਕ ਵਾਰਾਂ। ਪੈਣ ਨਾਗਾਂ ਦੇ ਪੈਂਡੇ ਜੰਡ ਚੁੰਮ੍ਹ ਚੁੰਮ੍ਹ ਲੈਂਦੇ; ਜਿਹੜੇ ਜੱਗ ਨਾਲ ਰਹਿੰਦੇ ਜੋਬਨ ਖੁਰ ਖੁਰ ਵੈਂਦੇ; ਕਿੱਥੇ ਸਾਹਿਬਾਂ ਨੂੰ ਉਤਾਰਾਂ ? ਨੀਂਦ ਵੇਖ ਰਹੀਆਂ ਨਾਰਾਂ। ਖ਼ਾਲੀ ਜੱਗ ਦੇ ਰੰਗਾਂ ਸਾਹਮੇ ਤਰਕਸ਼ ਟੰਗਾਂ- ਰੂਹ ਦੀਆਂ ਹੋਰ ਨੇ ਮੰਗਾਂ ਤਾਂਹੀਉਂ ਯਾਰ ਤੋਂ ਸੰਗਾਂ- ਸੰਞ ਫ਼ਜਰ ਨੂੰ ਹੀਰਾਂ, ਨਿੱਤ ਤੱਕੀਆਂ ਨੇ ਪੀਰਾਂ। ਔਹ ਨੇ ਜੱਗ ਦੀਆਂ ਧੂੜਾਂ ਕਿਸ ਨੂੰ ਤੀਰ ਸੰਗ ਘੂਰਾਂ ! ਸਾਨੂੰ ਵਰਜਿਆ ਨੂਰਾਂ ਪਾਕ ਹਰਫ਼ ਦੀਆਂ ਹੂਰਾਂ- ਕਰਨਾ ਕੀ ਇਹ ਤੀਰਾਂ, ਸਾਨੂੰ ਭੁੱਲੇ ਸ਼ਮੀਰਾਂ ! ਤਰਕਸ਼ ਟੰਗਿਆ ਜੋ ਜੰਡ ਹੇ ਨਾਂਹ ਦਿਲੜੀ ਦਾ ਰੰਗ ਝੂਠੀ ਦੁਨੀਆਂ ਦੀ ਮੰਗ- ਕੂੜੇ ਅਦਲਾਂ ਦਾ ਤੋਲ ਸਾਹਿਬਾਂ ਸੱਚ ਤੋਂ ਸੁਹਲ। ਵਿਚ ਹਸ਼ਰਾਂ ਦੁਪਹਿਰ ਫੜ੍ਹੀ ਚੁੰਝਾਂ ਵਿਚ ਕਹਿਰ ਸੁੱਟੀ ਧਰਤੀ 'ਤੇ ਜ਼ਹਿਰ— ਸਾਹਿਬਾਂ ਸ਼ਾਹ ਰਗ ਤੋਂ ਕੋਲ, ਮਿਰਜ਼ਾ ਬੋਲੋ ਨਾਂਹ ਬੋਲ। (ਇਤਿ)
ਝਨਾਂ ਦੀ ਰਾਤ
ਮੌਤ ਤੋਂ ਉਮੀਦ ਤਕ ਦਾ ਸਫ਼ਰ
ਝਨਾਂ ਦੀ ਰਾਤ ਦੇ ਕਾਵਿ ਸੰਗ੍ਰਹਿ ਦੇ ਵੱਡੇ ਹਿੱਸੇ ਨੂੰ ਜਦੋਂ ਮੈਂ ਪੰਜਾਬ ਦੇ ਵਗਦੀਆਂ ਕੂਲਾਂ ਵਾਲੇ ਹਰੇ ਕਚੂਰ ਪਿੰਡ ਡੱਫਰ ਵਿਖੇ ਲਿਖਿਆ, ਤਾਂ ਇਸ ਵਿਚ ਮੌਤ ਦੇ ਸੀਨੇ ਵਿੱਚੋਂ ਹਰ ਛਿਣ ਉੱਤੇ ਉਮੀਦ ਦੀਆਂ ਕਰੂੰਬਲਾਂ ਦੇ ਹੜ੍ਹ ਵੀ ਨਾਲੋ ਨਾਲ ਫੁੱਟ ਰਹੇ ਸਨ। ਇਸ ਤੋਂ ਪਹਿਲਾਂ ਪਿਆਰੇ ਦਾ ਦੇਸ ਅੰਤਮ ਘੜੀ ਦੇ ਤ੍ਰਾਸਦਿਕ ਤਣਾਉ ਉੱਤੇ ਕਵੀ ਨੂੰ ਵਿਸਫੋਟਕ ਆਵੇਸ਼ ਰਾਹੀਂ ਪੰਜਾਬ ਦਾ ਉਹ ਖਿੰਡਾਉ ਵਿਖਾ ਚੁੱਕਿਆ ਸੀ, ਜਿਸ ਨਾਲ ਗੁਰੂ-ਕਾਲ ਦੀ ਜ਼ਰਖੇਜ਼ ਅੰਤਰ-ਦ੍ਰਿਸ਼ਟੀ ਹਮਸਫ਼ਰ ਸੀ। ਆਖ਼ਰੀ ਸ਼ਾਮ ਵਿਚ ਬੇਵਤਨ ਹੋਣ ਦੀਆਂ ਵੀਰਾਨੀਆਂ ਦੇ ਛਿਣਾਂ ਦੇ ਨਾਲ ਪਿਰੁ-ਅਸੀਸ ਦੀ ਤ੍ਰਿਖਾ ਜੁੜੀ ਹੋਈ ਹੈ। ਆਖ਼ਰੀ ਸ਼ਾਮ ਵਿਚ ਹਯਾਤੀ ਦੇ ਗੁਆਚੇ ਰਿਸ਼ਤਿਆਂ ਦਾ ਵੈਰਾਗ ਮਾਹੀ ਦਾ ਅਮੁੱਲ ਪਿਆਰ ਹੋ ਨਿਬੜਿਆ। ਇੰਜ ਮੌਤ ਦੀ ਸ਼ਿੱਦਤ ਦਾ ਕਣ ਕਣ ਜ਼ਰਖੇਜ਼ ਜੀਵਨ-ਯਾਦਾਂ ਨਾਲ ਰੰਗਿਆ ਗਿਆ। ਝਨਾਂ ਦੀ ਰਾਤ ਦੇ ਆਲੇ-ਦੁਆਲੇ ਦਰਿਆ, ਥਲ, ਪਹਾੜ, ਰਾਤ, ਕੱਚਾ ਘੜਾ, ਜੰਡ, ਗ਼ਫ਼ਲਤ ਵਿਰੁੱਤੀ ਨੀਂਦ, ਵੀਰਾਨ ਮਸਜਿਦਾਂ, ਖੰਡਰਾਂ ਅਤੇ ਮੋਇਆਂ ਦੇ ਰਾਹਾਂ ਉੱਤੇ ਮੌਤ ਦਾ ਵਸੇਰਾ ਹੈ, ਪਰ ਇਸਦੇ ਸਰਾਪੇ ਘੇਰੇ ਨੂੰ ਉਮੀਦ ਨਿਰੰਤਰ ਤੋੜਦੀ ਜਾ ਰਹੀ ਹੈ। ਇਸ ਉਮੀਦ ਦੀਆਂ ਅਨੇਕ ਸ਼ਾਖਾਂ ਹਨ, ਜਿਹਨਾਂ ਨੂੰ ਪਿੱਛੇ ਮੈਂ ਹੁਸਨ ਦਾ ਰਹੱਸ ਕਿਹਾ ਹੈ। ਪੰਜ ਸਦੀਆਂ ਤੋਂ ਗੁਰੂ-ਬਖ਼ਸ਼ਿਸ਼ ਦੇ ਘਰ ਵਿਚ ਵਸੇ ਹੋਏ ਵਫ਼ਾ, ਮਹਿਮਾਨ- ਨਿਵਾਜ਼ੀ ਅਤੇ ਦੋਸਤੀ ਨਾਲ ਲਬਰੇਜ਼ ਸਿੱਖ ਸਭਿਆਚਾਰ, ਇਸ਼ਕ ਹਕੀਕੀ ਦੀਆਂ ਸਾਡੇ ਸਾਹੀਂ ਸਦਾ ਜਿਊਂਦੀਆਂ ਗਾਥਾਵਾਂ, ਕੁਦਰਤ-ਸੁਹਜ ਦੀ ਸੰਪੂਰਣਤਾ ਅਤੇ ਪੰਜਾਬ ਦੇ ਕਾਮਲ ਨਕਸ਼ਾਂ ਨੂੰ 1849, 1947, ਅਤੇ 1984 ਈ: ਵਿਚ ਭਾਵੇਂ ਇਖ਼ਲਾਕੀ ਗਿਰਾਵਟ ਅਤੇ ਮਿੱਤ੍ਰ-ਮਾਰੂ ਸਿਆਸੀ ਧ੍ਰੋਹ ਵਿੱਚੋਂ ਉਤਪੰਨ ਹੋਏ ਮੌਤ-ਕਹਿਰ ਨੇ ਵਲੂੰਧਰਿਆ ਵੀ, ਪਰ ਇਸਦੀ ਸ਼ਿੱਦਤ ਵਿੱਚੋਂ ਹੀ ਗੁਰੂ-ਸਿਦਕ ਦੇ ਇਸ਼ਾਰੇ ਉਮੀਦ ਦਾ ਖੇੜਾ ਜਗਾਉਂਦੇ ਹਨ। ਝਨਾਂ ਦੀ ਰਾਤ ਲਿਖਣ ਸਮੇਂ ਕਵੀ-ਮਨ ਵਿਚ ਭਾਵੇਂ ਮੌਤ ਦੇ ਕਠੋਰ ਨਜ਼ਾਰੇ ਵੀ ਨੇੜੇ ਨੇੜੇ ਸਨ, ਪਰ ਮੈਂ ਆਪਣੇ ਪਿਆਰੇ ਮੇਜ਼ਬਾਨ ਸ: ਫ਼ਕੀਰ ਸਿੰਘ ਸਹੋਤਾ ਦੀ ਅਲੌਕਿਕ ਮਹਿਮਾਨ-ਨਿਵਾਜ਼ੀ ਦਾ ਦਾਮਨ ਫੜ ਕੇ ਸਤਿਗੁਰ ਦੇ ਬਹੁ-ਰੰਗੇ ਪਿਆਰ ਅਤੇ ਹਯਾਤੀ ਦੀ ਧਰੁਵ ਤਾਰੇ ਵਾਂਗ ਟਿਮਟਮਾਉਂਦੀ ਮੰਜ਼ਿਲ ਵਲ ਮੌਤ ਦੇ ਵਿਸ਼ਾਲ ਦ੍ਰਿਸ਼ ਵਿੱਚੋਂ ਕੋਈ ਜੀਵਨ-ਬਖ਼ਸ਼ਦੀ ਉਮੀਦ ਨਿਤਾਰ ਕੇ ਤੁਰਦਾ ਰਿਹਾ। ਗੁਰੂ-ਯਾਦਾਂ ਦੇ ਝੁਰਮਟ ਵਿਚ ਝਨਾਂ ਦੀ ਰਾਤ ਦਾ ਇਹੋ ਮੌਤ ਤੋਂ ਉਮੀਦ ਤਕ ਦਾ ਸਫ਼ਰ ਹੈ।
(21-9-2002)