Kurlaunde Kaafle : Harinder Singh Mehboob
ਕੁਰਲਾਉਂਦੇ ਕਾਫ਼ਲੇ : ਹਰਿੰਦਰ ਸਿੰਘ ਮਹਿਬੂਬ
(1947 ਈ: ਦੇ ਉਦਾਸ ਦਿਨਾਂ ਨੂੰ ਬਿਆਨ ਕਰਦੀ ਕੌਮਾਂ ਦੀ ਤਕਦੀਰ ਉੱਤੇ ਰੌਸ਼ਨੀ ਪਾਉਂਦੀ ਲੰਮੀ ਕਵਿਤਾ) ***** ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ॥ ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ॥ (ਗੁਰੂ ਨਾਨਕ ਸਾਹਿਬ ਤੁਖਾਰੀ ਬਾਰਹਮਾਹਾ) ***** ਸਾਰੇ ਲੋਕੀ ਟੁਰ ਗਏ, ਲੈ ਕੇ ਨਾਲ ਕਜ਼ਾ। ਗਲੀਆਂ ਹੌਕੇ ਭਰਦੀਆਂ, ਰੋਂਦੀ ਫਿਰੇ ਹਵਾ। ਕੰਧਾਂ ਸੁੰਞ ਮਸੁੰਞੀਆਂ, ਕੋਠੇ ਵਾਂਗ ਬਲਾ। ਕੂਕਾਂ ਦੇਣ ਹਵੇਲੀਆਂ, ਸਾਡੇ ਵੱਲ ਨ ਆ। ਉਜੜੇ ਪਏ ਮਦਾਨ ਵਿਚ, ਬਾਦਸ਼੍ਹਾਵਾਂ ਦੇ ਰੱਥ; ਕਬਰਾਂ ਦੇ ਵਿਚ ਸੌਂ ਗਏ, ਮਹਿੰਦੀਆਂ ਵਾਲੇ ਹੱਥ। (ਮੁਨੀਰ ਨਿਆਜ਼ੀ—'ਸਫ਼ਰ ਦੀ ਰਾਤ' ਵਿੱਚੋਂ) ਸਮਰਪਣ ਪਾਕਿਸਤਾਨ ਦੇ ਪਿਆਰੇ ਸ਼ਾਇਰ ਦੋਸਤ ਪ੍ਰੋ: ਡਾ: ਰਿਆਜ਼ ਮਜੀਦ ਸਾਹਿਬ (ਉਰਦੂ ਵਿਭਾਗ, ਗੌਰਮਿੰਟ ਕਾਲਜ, ਲਾਇਲਪੁਰ) ਦੀ ਪਵਿੱਤਰ ਮਾਤਾ ਦੇ ਨਾਂ, ਜਿਹਨਾਂ ਦੇ ਮਿਹਰਬਾਨ ਦਿਲ ਵਿੱਚੋਂ ਸਮੇਂ ਦੇ ਬੇਰਹਿਮ ਥਲਾਂ ਵਿਚ ਤੁਰਦੇ, ਅਟਕਦੇ ਤੇ ਤ੍ਰਭਕਦੇ ਇਨਸਾਨਾਂ ਦੇ ਉਦਾਸ ਕਾਫ਼ਲਿਆਂ ਦੇ ਸਿਰਾਂ ਉੱਤੇ ਹਜ਼ਾਰਾਂ ਅਸੀਸਾਂ ਕੂੰਜਾਂ ਵਾਂਗ ਉਡਦੀਆਂ ਜਾ ਰਹੀਆਂ ਹਨ।
ਕੁਰਲਾਉਂਦੇ ਕਾਫ਼ਲੇ : ਕੌਮਾਂ ਦੇ ਦੁਖਾਂਤ ਦੀ ਦਲੀਲ
ਕੁਰਲਾਉਂਦੇ ਕਾਫ਼ਲੇ ਨੂੰ ਮੈਂ ਮਾਰਚ, 1984 ਵਿਚ ਗੜ੍ਹਦੀਵਾਲਾ ਵਿਖੇ ਸਮਾਪਤ ਕੀਤਾ, ਜਦੋਂ ਕਿ ਸਦੀਆਂ ਤਕ ਖ਼ਾਲਸੇ ਦੇ ਦਿਲਾਂ ਨੂੰ ਘਾਇਲ ਕਰਨ ਵਾਲੇ ਅਕਾਲ ਤਖ਼ਤ ਦੇ ਅਪਮਾਨ ਹੋਣ ਵਿਚ ਥੋੜੀ ਦੇਰ ਸੀ। ਕਵਿਤਾ ਤਿੰਨ ਮਹੀਨਿਆਂ ਵਿਚ ਲਿਖੀ। ਉਂਞ ਮੈਂ ਇਸ ਦੇ ਅਨੁਭਵਾਂ ਨੂੰ ਬਚਪਨ ਤੋਂ ਹੀ ਪਾਲ ਰਿਹਾ ਸਾਂ।
ਭਾਵੇਂ ਕਵਿਤਾ 1947 ਦੇ ਉਹਨਾਂ ਖ਼ੂਨੀ ਹਾਦਸਿਆਂ ਨੂੰ ਮਹਾਨ ਹਕੀਕਤਾਂ ਦੇ ਪ੍ਰਤੀਕ ਬਣਾ ਕੇ ਵਰਤਦੀ ਹੈ, ਜਿਹਨਾਂ ਨੂੰ ਕਵੀ ਨੇ ਬਚਪਨ ਵਿਚ ਵੇਖਿਆ ਅਤੇ ਜਰਿਆ, ਪਰ ਕਵਿਤਾ ਦੇ ਸੂਖਮ ਤਰਕ ਵਿਚ ਵਿਸ਼ਵ ਦੀਆਂ ਕੌਮਾਂ ਦੀ ਤਕਦੀਰ ਦੇ ਇਤਿਹਾਸ ਛੁਪੇ ਹੋਏ ਹਨ। ਜਦੋਂ ਵਫ਼ਾ ਦੇ ਸਦੀਵੀ ਮਿਆਰ ਡਿੱਗ ਪੈਣ, ਤਦੋਂ ਮਨੁੱਖ ਨੂੰ ਰੂਹ ਦਾ ਅਸਲੀ ਕੇਂਦਰ ਛੱਡਣਾ ਪੈਂਦਾ ਹੈ। ਕੌਮਾਂ ਦੇ ਸਰੀਰ ਅਤੇ ਰੂਹ ਵਿੱਚੋਂ ਬੇਵਫ਼ਾਈ ਦੀਆਂ ਸਭ ਲਾਅਨਤਾਂ ਮੁੱਕਣ ਪਿੱਛੋਂ ਹੀ ਅਸਲੀ ਕੇਂਦਰ ਵੱਲ ਪਰਤਣ ਦੀ ਸ਼ਰਤ ਪੂਰੀ ਹੁੰਦੀ ਰਹੀ ਹੈ। ਕਵਿਤਾ ਵਿਚ ਕੌਮਾਂ ਦੇ ਚੜ੍ਹਣ ਅਤੇ ਡਿੱਗਣ ਦੇ ਮਸਲੇ ਮਨੁੱਖੀ ਮਨ ਦੀ ਸਰੋਦੀ ਕੋਮਲਤਾ ਦੇ ਉਤਾਰ-ਚੜ੍ਹਾਵਾਂ ਵਿਚ ਬੁਣੇ ਗਏ ਹਨ। ਇਸਰਾਈਲੀਆਂ ਦੇ ਮਿਸਰ ਛੱਡਣ ਦੇ ਵੇਲਿਆਂ ਤੋਂ ਸਿੱਖਾਂ ਅਤੇ ਫ਼ਲਸਤੀਨੀਆਂ ਨਾਲ ਹੋਈਆਂ ਬੇਇਨਸਾਫ਼ੀਆਂ ਤਕ ਬੇ-ਵਤਨ ਹੋਣ ਦੇ ਸੈਂਕੜੇ ਕਿੱਸੇ ਇਤਿਹਾਸ ਨੇ ਦੁਹਰਾਏ। ਕੌਮਾਂ ਨਾਲ ਵਾਪਰੇ ਦੁਖਾਂਤ ਦੀਆਂ ਖ਼ੂਨੀ ਦਾਸਤਾਨਾਂ ਇਕ ਪਾਸੇ ਬੇ-ਅਦਲ ਹਾਕਮਾਂ ਦਾ ਬਾਹਰਮੁਖੀ ਇਤਿਹਾਸ ਬਣਾਉਂਦੀਆਂ ਹਨ, ਦੂਜੇ ਪਾਸੇ ਇਹਨਾਂ ਦਾ ਜ਼ਬਰਦਸਤ ਅਸਰ ਸਦੀਆਂ ਤਕ ਰੂਹ ਦੇ ਚਿਤਰਪੱਟ ਉੱਤੇ ਅਨੇਕਾਂ ਸ਼ਕਲਾਂ ਧਾਰਦਾ ਰਹਿੰਦਾ ਹੈ। ਸੋ ਕੌਮਾਂ ਦੇ ਦੁਖਾਂਤ ਦੀ ਦਲੀਲ ਉਹਨਾਂ ਦੀ ਰੂਹ ਵਿਚ ਪੈਦਾ ਹੋਏ ਜ਼ਲਜ਼ਲਿਆਂ ਵਿੱਚੋਂ ਹੀ ਢੂੰਡਣੀ ਪੈਂਦੀ ਹੈ, ਜਿਹਨਾਂ ਦਾ ਰਿਸ਼ਤਾ ਮਨੁੱਖੀ ਇਖ਼ਲਾਕ ਨਾਲ ਆਪਣੇ ਆਪ ਜਾ ਜੁੜਦਾ ਹੈ। ਕੁਰਲਾਉਂਦੇ ਕਾਫ਼ਲੇ ਇਕ ਵਿਸ਼ਾਲ ਘੁੰਮਦਾ ਬਿੰਬ ਹੈ, ਜਿਸਦਾ ਵਜੂਦ ਬਹੁਤ ਸਾਰੀਆਂ ਸ੍ਵੈ-ਸਿਰਜੀਆਂ ਮਿੱਥਾਂ ਦੀ ਸਾਮਗ੍ਰੀ ਨਾਲ ਬਣਿਆ ਹੈ। ਇਹ ਮਿੱਥਾਂ ਪੰਜਾਬੀ ਸਭਿਆਚਾਰ ਦੀਆਂ ਜਿਊਂਦੀਆਂ-ਜਾਗਦੀਆਂ ਰੌਣਕਾਂ ਦਾ ਇਕਾਗਰ ਸਿਮਰਣ ਹਨ। ਮੈਂ ਇਨਸਾਨ ਦੀ ਧੁਰੋਂ ਮਨਜ਼ੂਰ ਹੋਈ ਆਜ਼ਾਦੀ ਦਾ ਤਾਲਿਬ ਹਾਂ। ਮੇਰੇ ਅੰਦਰ ਬੇ-ਪੱਤ ਹੋਈਆਂ ਕੌਮਾਂ ਦੇ ਦੱਬੇ ਹੌਕੇ ਹਨ। ਮੇਰੇ ਅੱਥਰੂ ਵਿਚ ਦੈਵੀ ਨਜ਼ਰਾਂ ਨਾਲ ਦਗ਼ਾ ਕਮਾਉਂਦੀਆਂ ਉਹਨਾਂ ਸਾਜ਼ਿਸ਼ਾਂ ਦੇ ਭੇਦ ਹਨ, ਜਿਹਨਾਂ ਨੂੰ ਸ਼ੈਤਾਨ ਹਕੂਮਤਾਂ ਨੇ ਸੱਚੇ ਧਰਮਾਂ ਨੂੰ ਕੋਹਣ ਲਈ ਵਰਤਿਆ। ਯਕੀਨ ਕਰਨਾ ਮੇਰੇ ਅੰਦਰ ਇਖ਼ਲਾਕੀ, ਰੂਹਾਨੀ ਅਤੇ ਮੁਲਕੀ ਪੱਧਰ ਉੱਤੇ ਬੇ-ਵਤਨ ਹੋਣ ਦੀ ਪੀੜ ਇਸ ਕਵਿਤਾ ਨਾਲੋਂ ਕਿਤੇ ਵੱਡੀ ਹੈ।
(24-7-1989)
ਸਰਗ ਪਹਿਲਾ
ਨਨਕਾਣਾ ਸਾਹਿਬ ਦੀਆਂ ਗਲੀਆਂ ਵਿਚ ਵਿਛੜੇ ਲੋਕਾਂ ਦਾ ਮੇਲਾ -ੳ- ਸੁੱਕੇ ਸਰਾਂ 'ਤੇ ਤਿਰਕਾਲਾਂ ਨੂੰ, ਨੌਬਤ ਸੁਣੀ ਫ਼ਕੀਰਾਂ। ਰਾਜ਼ ਮਿੱਟੀ ਦੇ ਚੁੱਕ ਚੁੱਕ ਤੁਰੀਆਂ, ਸਮਿਆਂ ਦੀਆਂ ਵਹੀਰਾਂ। ਚੁੱਪ ਫ਼ਕੀਰ ਗਏ ਜਿਸ ਪਾਸੇ, ਉਸ ਰਾਹ ਸਿੱਕ ਖਲੋਈ। ਜਾਨ ਨਪੀੜ ਰਹੀ ਸੁੰਜਬਰ ਦੀ, ਪੈੜ ਪੁਰਾਣੀ ਕੋਈ। ਵਿਛੜੇ ਲੋਕਾਂ ਦੇ ਮੇਲੇ 'ਚੋਂ, ਹੌਕੇ ਵੈਣ ਸੁਣੀਂਦੇ। ਤਕ ਜ਼ਿਆਰਤ ਦੇ ਅੱਥਰੂ ਨੂੰ, ਰਾਹ ਅਸਮਾਨ ਦੇ ਜੀਂਦੇ। ਡੂਗਰ ਜਲਾਂ ਥਲਾਂ 'ਚੋਂ ਆਏ, ਓਢਣ ਸਮੇਂ ਦਾ ਪਾਏ। ਸੁੰਞੇ ਸਰਾਂ ਤੋਂ ਉਡ ਉਡ ਮੁੜ ਗਏ, ਰੋ ਪੰਛੀ ਤ੍ਰਿਹਾਏ। ਸੁੱਕੇ ਸਰਾਂ 'ਤੇ ਮੁਸ ਮੁਸ ਰੋਵਾਂ, ਖੁਰ ਗਈਆਂ ਤਿਰਕਾਲਾਂ। ਸਦੀਆਂ ਵੇਖ ਸਕਣ ਨ ਜਿਸਨੂੰ, ਸੋ ਰੰਗ ਨਜ਼ਰ 'ਚ ਪਾਲਾਂ। ਦੂਰ ਢੋਲ ਵੱਜਿਆ ਖੂਨੀ, ਹੌਲ ਪਿਆ ਵਿਚ ਬਾਰਾਂ। ਜ਼ਿਆਰਤ ਦੀਆਂ ਪੈੜਾਂ 'ਚੋਂ ਬਲਦੀ, ਹੂੰਗਰ ਸੁਣੀ ਬਜ਼ਾਰਾਂ। ਤਾਂਘਾਂ ਆਣ ਆਣ ਬੈਠੀਆਂ ਕਿਧਰੋਂ, ਉੱਡ ਉੱਡ ਹੰਝ-ਬਨੇਰੇ। ਸ਼ਾਲਾ ਲੰਘ ਆਵੇ ਅੱਜ ਮਾਹੀ, ਬਲਦੇ ਚਰਖ ਚੁਫੇਰੇ। ਕਹਿਕਸ਼ਾਂ ਦੇ ਕਿਸ ਦਰ ਉੱਤੇ, ਸੂਰਜ-ਚੰਨ ਪਰਾਏ ? ਕਾਲ-ਪੈਂਡਿਆਂ ਦੀਆਂ ਗਾਰਾਂ ਵਿਚ ਢਹੇ ਸਵਾਰ ਤਿਹਾਏ ! ਸਰਾਂ ਦੇ ਕੰਢੇ ਜੰਡ ਫਲਾਹੀਆਂ, ਹੇਠ ਪੁਰਾਣੇ ਸੱਥਰ। ਪੌਣਾਂ ਭੈਣਾਂ ਵਾਂਗ ਜਗਾਵਣ, ਚੁੰਮ੍ਹ ਅਜਨਬੀ ਅੱਖਰ। ਚੁੱਕ ਲੰਗਾਰ ਵਣਾਂ ਦੇ ਸਿਰ ਤੋਂ, ਬੁੱਢੀਆਂ ਮਾਵਾਂ ਸੀਵਣ; ਨਨਕਾਣੇ ਦੀ ਜੂਹ ਵਿਚ ਰੋ ਕੇ, ਸੂਲ ਸੁਰਾਹੀ ਪੀਵਣ। ਆ ਨ ਬ੍ਰਿਛਾਂ ਹੇਠ ਸੰਞਾਣੇ, ਨੀਂਗਰ ਸੁੱਤੇ ਯਾਰਾਂ; ਤੁੰਦ ਹਵਾਵਾਂ ਉੱਤੇ ਉਤਰੇ, ਨਿਰਮੋਹੇ ਅਸਵਾਰਾਂ। ਚੰਨ ਦੇ ਹੇਠ ਵਰ੍ਹੇ ਕੁਰਲਾਵਣ, ਡਰਵਰ ਵਾਂਗ ਵੀਰਾਨੇ। ਜਲੀਆਂ ਮੁੱਢੀਆਂ ਵਾਂਗ ਖੜੇ ਨੇ, ਮੁੱਢ ਕਦੀਮ ਯਰਾਨੇ। ਬ੍ਰਹਿਮੰਡਾਂ ਦੇ ਭੇਦ ਦਾ ਅੱਖਰ, ਚੜ੍ਹ ਕੇ ਪਾਸ਼ਵੀ ਵਾਹਰਾਂ। ਛੁਪ ਛੁਪ ਘੇਰ ਘੇਰ ਕੇ ਡੋਬਣ, ਮੰਝ ਸਹੰਸਰ ਧਾਰਾਂ। ਸੁੰਞ ਦੇ ਤਪੇ ਕੜਾਹੇ ਸਿਸਕਣ, ਉਡ ਸਮਿਆਂ ਦੇ ਛਾਲੇ। ਸਹਿਮ ਰਹੇ ਬਾਲਾਂ 'ਤੇ ਚੜ੍ਹਦੇ, ਕਹਿਰ ਪੁਰਾਣੇ ਕਾਲੇ । ਕਿਸੇ ਅੰਧ ਦੀ ਸਿਖਰੋਂ ਨੇਸਾਂ, ਵੇਹਣ ਮਾਸੂਮ ਬਰਾਤਾਂ। ਕੁੱਲ ਜ਼ਿਮੀਂ ਨੂੰ ਜਾਲ ਬਣਾਇਆ, ਬੇਪਛਾਣ ਹੋ ਘਾਤਾਂ ! ਦਾਵਾ ਅਗਨੀ ਦੀ ਰਗ ਵੰਨੀ, ਰੋ ਦੁਆ ਕੁਈ ਨੱਸੀ। ਝੱਖੜਾਂ ਦੀਆਂ ਜਿੰਦਾਂ ਨੇ ਪਲ ਵਿਚ, ਸੁਹਲ ਜਿੰਦ ਉਹ ਕੱਸੀ। ਧਰ ਗ਼ਰੀਬ ਨੂੰ ਡੋਬਣਾ ਚਾਹਿਆ, ਤੰਦੂਏ ਵਾਂਗ ਬਲਾਵਾਂ। ਬੋਲ ਕਿਸੇ ਸੰਤ ਦੇ ਮਿੱਠੇ, ਜਲ ਥਲ ਫੜੇ ਖਲਾਵਾਂ। ਕਾਲ ਗਿਰਝ ਦੇ ਵਾਂਗੂੰ ਉੱਡਣ, ਗੌਲ ਫ਼ਰੇਬੀ ਨਾਰਾਂ ਮਰਦਾਨੇ ਦੇ ਭਲੇ ਸੀਸ 'ਤੇ ਬੰਨ੍ਹ ਬੰਨ੍ਹ ਆਵਣ ਡਾਰਾਂ। ਪੰਛੀ ਬਲਦੇ ਦੇਸ ਦੀ ਕੂਟੋਂ, ਮੁੜ ਮੁੜ ਨਜ਼ਰ ਦੌੜਾਏ; ਪੀਰ ਫ਼ਕੀਰ ਸੰਤ ਦੇ ਸੋਹਣੇ ਵੱਢ ਵੱਢ ਹੱਥ ਗਿਰਾਏ। -ਅ- ਕੋ ਫ਼ਰਿਆਦ ਹਵਾ 'ਤੇ ਸੁੱਤੀ, ਸੱਥਰਾਂ ਉੱਤੇ ਡੋਲੇ। ਕੱਤਕ ਦੀ ਪੁੰਨਿਆ ਨੂੰ ਚੁੰਮ੍ਹਦੀ, ਸੁੱਕੇ ਸਰਾਂ ਦੇ ਚੋਲੇ। ਵਿਛੜੇ ਲੋਕਾਂ ਦਾ ਮਨ ਲੂੰਹਦੀ, ਦਾਵਾ ਅਗਨ ਵਿਡਾਣੀ। ਭਖਦੇ ਨੈਣਾਂ ਨੂੰ ਆ ਛੋਂਹਦੇ, ਤਿੜ ਦੇ ਸ਼ੀਰੀਂ ਪਾਣੀ। ਹੰਝੂਆਂ ਉੱਤੇ ਅਣਦਿੱਸ ਵਜਦੇ ਬਹੁਤ ਮਹੀਨ ਸੰਗੋਲੇ। ਮੇਰੇ ਵਡ-ਵਡੇਰਿਆਂ ਦੇ ਮਨ, ਬਹਿ ਸੱਥਰੀਂ ਕੁਈ ਫੋਲੇ। ਬੁੱਢੀਆਂ ਮਾਵਾਂ ਦੀਆਂ ਫ਼ਰਿਆਦਾਂ, ਬ੍ਰਿਛਾਂ ਤਾਈਂ ਬੁਲਾਵਣ । ਕੰਨ ਸ਼ਬਨਮ ਦੇ ਦੁੱਖ ਪੁਰਾਣੇ, ਬੋਲ ਅਬੋਲ ਸੁਨਾਵਣ। ਵਿਛੜੇ ਲੋਕਾਂ ਦੇ ਮੇਲੇ ਵਿਚ; ਮਨ ਸਿੱਕ ਸਿੱਕ ਸਧਰਾਇਆ। ਦਾਵਾ-ਬੜਵਾ ਅਗਨ ਦੇ ਚੱਕਰ, ਘਾਇਲ ਬੋਟ ਤਿਹਾਇਆ। ਹੋਏ ਅਸਗਾਹ ਤੜਪ ਕੇ ਰੋਲੇ, ਬੋਟ ਨੇ ਰਮਜ਼ ਪਛਾਣੀ। ਮਹਾਂ ਅਗਨੀਆਂ ਜਾਣ ਨ ਸਕੀਆਂ, ਤਿੜ ਦੇ ਸ਼ੀਰੀਂ ਪਾਣੀ। ਕਦੇ ਕਦੇ ਮਸਤਕ ਨੂੰ ਛੋਂਹਦੀ, ਕੂਲੀ ਅਨਹੱਦ ਕਾਨੀ। ਪਰਦੇਸਾਂ ਵਿਚ ਦੇਸਾਂ ਵਾਂਗੂੰ, ਕੌਣ ਮਿਲੇ ਅੱਜ ਜਾਨੀ ! ਮੋਈਆਂ ਰੂਹਾਂ ਤਾਈਂ ਵਿਹਾਜਣ, ਰਮਜ਼ਾਂ ਫਿਰਣ ਬਾਜ਼ਾਰਾਂ। ਮਨਾਂ ਦੇ ਉਹਲੇ ਖੜ੍ਹ ਖੜ੍ਹ ਤੱਕਣ, ਦੂਰ ਝਨਾਂ ਤਕ ਬਾਰਾਂ। ਹਰੀ ਭਰੀ ਰਾਵੀ ਦੇ ਕੰਢੇ, ਵੈਣ ਪਾਉਣ ਕੁਈ ਆਵੇ। ਫੇਰ ਹਯਾ ਦੇ ਪਰਦੇ ਉਹਲੇ, ਰੋਇ ਰੋਇ ਲੁਕ ਜਾਵੇ। ਹੰਝੂਆਂ ਦੀ ਖਾਰੀ ਚ ਘੁੰਮਨ, ਮੇਲੇ ਵਿਚ ਤਅਜ਼ੀਰਾਂ। ਛੁਪ ਗੁਨਾਹ ਦੇ ਪੈਂਡੇ ਦੇਖੇ, ਨਦੀਆਂ ਚੀਰ ਫ਼ਕੀਰਾਂ। ਨਨਕਾਣੇ ਦੀਆਂ ਗਲੀਆਂ ਦੇ ਵਿਚ, ਕਮਲੀ ਜਿੰਦ ਬੇਗਾਨੀ। ਭੁੱਲੇ ਕੌਲ ਧੂੜ 'ਚੋਂ ਲਭਦੀ ਥਲ ਰੋਹੀ ਦੀਵਾਨੀ। ਮੋਈਆਂ ਰੂਹਾਂ ਘੁੰਮਨ ਪਈਆਂ ਅੱਪਣੀ ਅੱਪਣੀ ਰੇਖੇ। ਸੁਪਨੇ ਦੀ ਇਕ ਮਣੀ ਚਿਰੋਕੀ ਨੀਂਦ ਧਰਤ ਦੀ ਦੇਖੇ। ਇਉਂ ਮੈਂ ਰੂਹ 'ਤੇ ਸਾਂਗਾਂ ਲੱਗਣ ਜਿਸ ਦਾ ਕਿਤੇ ਨ ਸਾਨੀ। ਜਿਵੇਂ ਕਿਸੇ ਸ਼ਬਨਮ 'ਤੇ ਵੱਜੇ ਸਮਿਆਂ ਦੀ ਤੁਗਿਆਨੀ। ਝਰਨ ਕਦੇ ਨਾਗ ਦੇ ਫਣ 'ਚੋਂ ਟੂਣੇਹਾਰਨਾਂ ਮਣੀਆਂ। ਸੱਥਰਾਂ 'ਤੇ ਸੁੱਤਿਆਂ ਨੂੰ ਛੇੜਣ ਰੂਪ ਚਾਨਣੀ ਅਣੀਆਂ। ਸੰਝਾਂ ਦੀ ਦਸਤਾਰ ਸਜਾਈ ਸਿੰਘਾਂ ਦਾ ਮਨ ਭਰਿਆ। ਜ਼ਾਮਨ ਬਣੇ ਘਰਾਂ ਦਾ ਮਾਹੀ ਦੇਸ ਬੇਗਾਨਾ ਜਰਿਆ। ਵਣ ਦੇ ਹੇਠੋਂ 'ਵਾਜ ਸੁਣੀ ਮੈਂ ਫੈਲ ਗਈ ਵਿਚ ਬਾਰਾਂ, ਮੋਹ ਧਰਤ ਦਾ ਚਾ ਕੇ ਤੱਕਿਆ ਚੋਰ, ਯਾਰ, ਅਸਵਾਰਾਂ। ਵਿਛੜੇ ਲੋਕਾਂ ਦੇ ਮੇਲੇ ਵਿਚ, ਹੇਕ ਛੇੜੂਆਂ ਛੋਹੀ। ਵਣਾਂ ਦੇ ਬੀਜ ਬੀਜ ਨੂੰ ਝੂਣੇ, ਵਾਣ ਵਜਦ ਦੀ ਕੋਈ। ਹਾਇ ਪਰ ਜਿਨ੍ਹਾਂ ਬੂਹਿਆਂ ਸਾਹਮੇ ਚਾਈ ਅਸਾਂ ਨੇ ਖਾਰੀ। ਹੁਣ ਉਹ ਮਹਿਲ ਹਲਾਹਲ ਸੁੱਤੀ ਤੋੜ ਸਿਖਰ ਦੀ ਬਾਰੀ। ਹਾਇ ਮੈਂ ਜਿਨ੍ਹਾਂ ਬੀਜਾਂ ਅੰਦਰ ਅਜ਼ਲ ਤੋਂ ਕੌਲ ਛੁਪਾਏ। ਬ੍ਰਿਛ ਬਣੇ ਤਾਂ ਪੱਤਿਆਂ ਅੰਦਰ ਛੁਪੇ ਪ੍ਰੇਤ ਦੇ ਸਾਏ। ਪਲ ਵਿਚ ਦੇਸ ਪਰਾਏ ਹੋ ਗਏ ਨੈਣ ਮਾਸੂਮ ਨ ਬੋਲੇ। ਸਮੇਂ ਦੀਆਂ ਧੁੱਪਾਂ ਨ ਰੁਕੀਆਂ ਟਿੰਘਾਂ ਨੇ ਫਣ ਖੋਲ੍ਹੇ। ਹੱਥ ਮਰੋੜੇ ਡੁਬ ਡੁਬ ਜਾਵੇ ਜਿੰਦ ਬਉਰਾਣੀ ਮੇਰੀ ? ਧਰ ਦੇ ਛਤਰ ਵਿਸ਼ੈਲੇ ਹੇਠਾਂ ਨੀਂਦ ਬੁਲਾਵਾਂ ਕਿਹੜੀ ? ਵੱਡ ਫ਼ਰੇਬ ਕਰੇ ਪਿਆ ਦੂਤੀ ਬਦਲ ਸਮਾਂ ਪ੍ਰਛਾਵਾਂ। ਨੀਂਦ ਦਾ ਕੀ ਇਤਬਾਰ ਹੈ ਯਾਰੋ ਪੈਂਡੇ ਨਾਲ ਲਿਜਾਵਾਂ। -ੲ- ਮੈਂਡੀ ਨੀਂਦ ਦੀਆਂ ਲਹਿਰਾਂ ਵਿਚ ਵਰ੍ਹੇ ਗੁਆਚੇ ਜੀਂਦੇ। “ਖੁਰ ਜਾਵਣਗੇ ਨਕਸ਼ ਇਨ੍ਹਾਂ ਦੇ” ਧੀਮੇ ਵੈਣ ਸੁਣੀਂਦੇ। ਸਾਂਵਲ ਮੀਤ ਆਏ ਵੱਲ ਦੇਸਾਂ ਇਕ ਪਲ ਕੌਲ ਪੁਗਾਵਣ; ਦੂਜੇ ਪਲ ਰਾਹ ਮਿਠੜੇ ਉਸਦੇ ਗੋਰ ਸੁੰਞ ਬਣ ਜਾਵਣ । ਗੋਰਾਂ ਦਾ ਵੱਡ ਦਰਦ ਸੁਣਾਵਣ ਚੜ੍ਹ ਚੜ੍ਹ ਨਜ਼ਰੀਂ ਬੁੱਲੇ। ਪੱਤਿਆਂ ਉਹਲੇ ਛੁਪ ਛੁਪ ਰੋਵਣ ਬੋਲ ਸਮੇਂ ਦੇ ਭੁੱਲੇ। ਸਾਂਦਲ ਬਾਰ ਦੀਆਂ ਨਹਿਰਾਂ 'ਤੇ ਵਗਣ ਨ੍ਹੇਰੀਆਂ ਭਾਰੀ। ਸੱਚੇ ਅਦਲ ਦੀ ਲਰਜ਼ ਜਗਾਂਦੀ ਤਿੱਪ ਲਹੂ ਦੀ ਨਿਆਰੀ। ਸਿਖਰ ਦੁਪਹਿਰੇ ਤਪ ਸਲਵਾੜੀਂ ਦਾਗ਼ ਲੁਕਾਵਣ 'ਕੱਲੇ। ਵਣਾਂ ਕਰੀਰਾਂ ਅਰਜ਼ ਗੁਜ਼ਾਰੀ ਅੱਥਰੂ ਇਕ ਨ ਪੱਲੇ। ਸਾਂਦਲ ਬਾਰ ਦੀਆਂ ਨਹਿਰਾਂ 'ਤੇ ਵੱਡੇ ਘਰ ਦੀਆਂ ਜਾਈਆਂ। ਦਾਗ਼ ਕਦੇ ਪੁੱਤਰਾਂ ਦਾ ਲੱਥੇ ਲੀਰਾਂ ਧੋਵਣ ਆਈਆਂ। ਦਾਗ਼ ਨ ਲੱਥੇ, ਪਾਪਾਂ ਨੂੰ ਪਰ ਸਮਾਂ ਹਜ਼ੂਰ ਬੁਲਾਵੇ। ਬੇਪੀਰ ਕੌਮਾਂ ਦੇ ਸਿਰ ਤੋਂ ਮੌਤ ਦਾ ਹਾੜ ਉਠਾਵੇ। ਮੋਇਆਂ ਦੇ ਪੈਂਡੇ ਨੂੰ ਢੂੰਡਣ ਕੌਣ ਕੌਣ ਉਹ ਗਈਆਂ। ਰੁਲ ਕੇ ਵਰ੍ਹਿਆਂ ਪਿੱਛੋਂ ਮੁੜੀਆਂ ਨਜ਼ਰਾਂ ਧੋਵਣ ਪਈਆਂ। ਮੇਰੇ ਘਰ ਦੇ ਸਾਹਵੇਂ ਮੇਰੀ 'ਵਾਜ ਨਿਮਾਣੀ ਕੁੱਠੀ। ਲੰਮੀ ਤੇਗ ਤੂਫ਼ਾਨਾਂ ਵਾਲੀ ਜਲ ਥਲ ਦੇ ਵਿਚ ਉੱਠੀ। ਕੂਕਾਂ : “ਕੋਈ ਮਿਲਾਵੋ ਆ ਕੇ ਬੇਪੀਰ ਮੈਂ ਝੱਲਾ। ਛਬੀਆਂ ਨਾਲ ਘਾਇਲ ਜੋ ਮੋਇਆ ਲਹੂ ਮਾਸੂਮ ਇਕੱਲਾ।” ਕੂਕ ਮਿਰੀ ਕੁਠ ਹੋਇ ਮੂਰਛਿਤ ਪਰਬਤ ਤਲਖ਼ ਤੇ ਕੋਰੇ। ਗਾੜ੍ਹੇ ਭੇਦ ਉਮਰ ਦੇ ਉੱਤੇ ਕੋ ਜੁਗਨੂੰ ਲਿਸ਼ਕੋਰੇ। ਪਲ ਵਿਚ ਮੇਰੀ ਕੂਕ ਦੇ ਦਰ 'ਤੇ ਜੋਗਣ ਅਲਖ ਜਗਾਵੇ। ਅਨਹੱਦ ਕੁੰਟ ਦੇ ਵਿੱਚੋਂ ਸੋਹਣੀ ਅੰਗ ਅਨੀਲ ਖਿੜਾਵੇ। ਮੇਰੀ ਨਜ਼ਰੀਂ ਨੂਰ ਵਰ੍ਹਾਏ ਮੁੱਢ ਕਦੀਮ ਸਹੇਲੀ। ਜਲਾਂ ਥਲਾਂ ਦੀ ਵਾਗ ਸੁਹਾਣੀ ਫੜੀ ਨਾਰ ਅਲਬੇਲੀ। “ਅਨਹੱਦ ਕੁੰਟ ਜਿਹੜੀ 'ਚੋਂ ਆਈ, ਉਸ ਦਾ ਹਾਲ ਸੁਣਾਈਂ।” “ਸੌਂਹ ਧਰਤੀ ਦੀ ਮੈਨੂੰ ਰੂਹ ਦੀ, ‘ਰਾਵੀ' ਆਖ ਬੁਲਾਈਂ। “ਕਹਿਕਸ਼ਾਂ ਦੇ ਵਗਦੇ ਜਲ 'ਤੇ ਮੈਂ ਉੱਡ ਹੋਈ ਦੀਵਾਨੀ। ਤੇਰੇ ਵਿਹੜਿਉਂ 'ਵਾਜ ਸੁਣੀ ਤਦ ਲੰਘ ਉਮਰਾਂ ਅਸਮਾਨੀ।” ਵੇਖ ਰਹੀ ਪੱਤਿਆਂ ਵਿਚ ਝੁਲਦੇ, ਰਾਵੀ ਜਲਦੇ ਪੈਂਡੇ। ਉਹੀਓ ਹੰਝੂ ਪਈ ਵਿਹਾਜੇ, ਜੋ ਕੰਡਿਆਂ ਵਿਚ ਰਹਿੰਦੇ। ਲਹੂ ਚੁੱਕ ਰੇਤ 'ਚੋਂ ਉੱਡਣ, ਕਹਿਰ ਕਲੂਰ ਅੰਗਾਰੇ। 'ਵਾਵਾਂ ਦੇ ਤਨ-ਮਨ ਤੇ ਰਾਵੀ, ਭੁੱਲੇ ਜ਼ਖ਼ਮ ਸ਼ਿੰਗਾਰੇ। ਰਾਂਗਲੇ ਸਾਜਣ ਢੂੰਡ ਨ ਥੱਕੀ, ਜੀਰਾਣੀਂ ਅਧਰੈਣੀ। ਵਾਟ ਸਬਰ ਦੀ ਮੁਕ ਜਾਵੇਗੀ, ਧਰਤ ਦੇ ਸਿਕਦੇ ਨੈਣੀਂ। ਵਾਲ ਜਿਹੇ ਸਮੇਂ ਦੇ ਪੁਲ 'ਤੇ, ਕੌਣ ਜਾਣ ਕੁਰਲਾਉਂਦੇ ? ਜਿੰਨ ਪ੍ਰੇਤ ਕਿਸੇ ਵਿਚ ਕੁਲਜ਼ਮ, ਹੂਲ ਕਹਾਹਾ ਪਾਉਂਦੇ। ਰਾਵੀ ਨੀਂਦ ਦੀਆਂ ਜੂਹਾਂ ਵਿਚ, ਵਿਛੜੇ ਬੋਲ ਉਤਾਰੇ। ਸੁੱਤੇ ਬਾਰ ਦੇ ਬੋਹੜਾਂ ਹੇਠਾਂ, ਪੁੱਤ ਅਣਭੋਲ ਵਿਚਾਰੇ। ਰਾਵੀ ਭੈਣ ਨੂੰ ਵੇਖਣ ਆਏ ਪਾ ਸ਼ਬਨਮ ਦੇ ਬਾਣੇ। ਤਪਦੀ ਹੂੰਗਰ ਦੇ ਮਿੱਟੀ ਵਿਚ ਸੂਰਜ ਬੁਝੇ ਵਿਹਾਣੇ। ਕਹਿਰ ਹਜੂਮ ਬੰਨ੍ਹ ਕੇ ਆਏ, ਰਾਹ ਰਾਵੀ ਦੇ ਭੀੜਾਂ। ਕਿਸੇ ਚੁੰਨੀ ਦੀ ਲੀਰ 'ਤੇ ਵਾਰਣ, ਬਹਿ ਅੱਥਰੂ ਤਕਸੀਰਾਂ। ਜਲ ਥਲ ਰੋ ਪਰੀ ਤੋਂ ਪੁੱਛਣ, ਮਾਵਾਂ ਦੇ ਸਿਰਨਾਵੇਂ। ਮਲ੍ਹਿਆਂ ਉਹਲੇ ਬੈਠ ਕੇ ਰੋਂਦੇ, ਮਿਰਗਾਂ ਦੇ ਪ੍ਰਛਾਵੇਂ। ਸਾਂਦਲ ਬਾਰ ਦੀਆਂ ਨਹਿਰਾਂ ਨੂੰ, ਧੀਆਂ ਦੇ ਦੁੱਖ ਡਾਢੇ। ਰਾਵੀ ਕੋਲੋਂ ਝੁਕ ਝੁਕ ਪੁੱਛਣ, ਟਾਹਲੀਆਂ ਦੁੱਖ ਦੁਰਾਡੇ। ਚਾ ਸਿਰ ਆਤਣ ਦੀਆਂ ਉਡੀਕਾਂ, ਸੋਹਣੀਆਂ ਦੁੱਖ ਫਰੋਲਣ। ਸਾਂਦਲ ਬਾਰ ਦੀਆਂ ਨਹਿਰਾਂ 'ਤੇ, ਰੰਗ ਕਸੁੰਭੜਾ ਤੋਲਣ। ਅੱਪਣੇ ਅੱਪਣੇ ਪੈਂਡੇ ਭੈਣਾਂ, ਤੋਰੇ ਨਾਲ ਫ਼ਕੀਰਾਂ। “ਹੁਣ ਦੇ ਸਮੇਂ ਦਾ ਬੋਲ ਨ ਬੋਲੇ" ਕਹਿਣ ਪਈਆਂ ਤਕਸੀਰਾਂ। ਕੱਤਕ ਦੀ ਪੁੰਨਿਆ ਨੂੰ ਆਏ, ਜਲ ਥਲ 'ਚੋਂ ਵਣਜਾਰੇ। ਟੂਣੇਹਾਰੀ ਰਾਵੀ ਕੋਲੋਂ, ਕੌਲ ਵਿਹਾਜਣ ਪਿਆਰੇ। "ਉਹੀਓ ਹੱਥ ਮੋਇਆਂ ਸਿਰ ਰੱਖੋ" ਸੁਣ ਰਾਵੀ ਸ਼ਰਮਾਈ : ਜਿਹੜੇ ਹੱਥ ਸਕੂਨ ਦੀ ਮਹਿੰਦੀ ਪੁੰਨਿਆ ਸਾਹਵੇਂ ਲਾਈ। ਰਾਵੀ ਵਕਤ ਕਹਿਰ ਦੇ ਰੋ ਕੇ, ਬੁੱਕਲ ਵਿਚ ਵਿਚ ਲੁਕੋਏ। ਪਾਣੀ ਮੰਗਦੇ ਰੋਹੀਆਂ ਦੇ ਵਿਚ, ਜਦੋਂ ਕਾਫ਼ਲੇ ਮੋਏ। ਮੋਇਆਂ ਮਜ਼੍ਹਬਾਂ ਦੀ ਸ਼ਾਹ ਰਗ ਜੋ, ਖੁਭੀ ਫ਼ਰੇਬੀ ਖੰਜਰ; ਰਾਵੀ ਭਾਲ ਰਹੀ ਉਮਰਾਂ ਤੋਂ ਨਾਗ ਨਿਵਾਸਾਂ ਅੰਦਰ। ਪਰੀ ਤੋਂ ਦੀਪ ਸ਼ਬਨਮਾਂ ਦੇ ਲੈ, ਰੱਖ ਵਿਚ ਥਾਲ ਬਸੰਤਾਂ। ਟੁੱਕੇ ਅੰਗ ਵੇਹਣ ਲਈ ਰੋਹੀਏਂ ਕੂੰਟਾਂ ਝੁਕਣ ਅਨੰਤਾਂ ! ਪਾਟੇ ਮਸਤਕ ਕੌਮਾਂ ਦੇ 'ਤੇ ਪੰਜਾ ਨੂਰ ਵਰ੍ਹਾਵੇ। ਪਗ ਪੁਨੀਤ 'ਚੋਂ ਜ਼ਮਜ਼ਮ ਉਛਲੇ ਦਾਗ਼ ਥਲਾਂ ਦੇ ਲਾਹਵੇ। ਪਰਸ ਹੱਥ ਰਾਵੀ ਦੇ ਬੋਲਾਂ : “ਭੈਣੇ ਅਜੇ ਮੈਂ 'ਕੱਲਾ। ਛੋੜਾਂ ਅਜੇ ਛੋੜ ਨਹੀਂ ਸਕਦਾ, ਬੀਆਬਾਨ ਦਾ ਪੱਲਾ। “ਕਿਵੇਂ ਰਾਂਗਲੇ ਸਾਜਨ ਸੌਂ ਗਏ, ਜੀਰਾਣਾਂ ਵਿਚ ਜਾ ਕੇ ? ਕਿਵੇਂ ਖ਼ਾਕ ਵਿਚ ਠੰਢੇ ਹੋ ਗਏ, ਪੈਂਡੇ ਲੱਖ ਤਪਾ ਕੇ ? “ਕਿਵੇਂ ਇਬਾਦਤ ਕਰਕੇ ਸੁੱਕੇ, ਸ਼ਮਸ਼ੀਰਾਂ ਦੇ ਪਾਣੀ ? ਮਿੱਟੀ ਦੇ ਵਿਚ ਬਾਤ ਹੱਕ ਦੀ, ਬਿਨ ਖਿੜਿਆਂ ਕੁਮਲਾਣੀ ? “ਭੈੜੀ ਨੀਂਦ ਸਿਰਾਂ 'ਤੇ ਡਿੱਗੀ, ਤੰਦ ਸਾੜ ਲਏ ਸਈਆਂ। ਲਹੂ ਮਾਸੂਮ ਦੀਆਂ ਫ਼ਰਿਆਦਾਂ, ਪੀਰ ਜਗਾਵਣ ਪਈਆਂ।” “ਸਮਾਂ ਸਿਦਕ ਦੇ ਬੋਲ ਪੁਗਾਵੇ” ਕਹੇ ਮਿਹਰ ਹੋ ਰਾਵੀ : “ਬਾਂਝ ਪਰਬਤਾਂ ਨੂੰ ਢਕ ਲੈਂਦੀ, ਵੇਲ ਅੰਗੂਰ ਦੀ ਸਾਵੀ। “ਬੋਲ ਮਾਸੂਮਾਂ ਦੇ ਲਿਖ ਸਾਂਭਣ, ਸੁਬਕ ਤਬਾ ਤਕਦੀਰਾਂ। ਦੇਸ ਗੁਨਾਹਾਂ ਦੇ ਢਕ ਲੈਂਦੀਆਂ, ਗੁੱਝੀਆਂ ਅਦਲ-ਲਕੀਰਾਂ। “ਬਾਲਪਨੇ ਦੀ ਫੱਟੀ ਉੱਤੇ ਵਾਹੁੰਦੇ ਅਜਬ ਤਾਬੀਰਾਂ; ਮੁੜ ਕੇ ਪੀਰਾਂ ਦੇ ਰਾਹ ਬਣਸਨ ਜਾਗ ਕੇ ਇਹੋ ਲਕੀਰਾਂ। “ਧੀਮੇ ਵੈਣ ਵਿਚ ਅਸਮਾਨਾਂ, ਰਾਹ ਮਜ਼੍ਹਬਾਂ ਦੇ ਦੇਖੇ। ਫਿਰਦੇ ਹੇਕ ਧਰਤ ਦੀ ਅੰਦਰ, ਧੁਰ ਅਦਲਾਂ ਦੇ ਲੇਖੇ। “ਵਾਰੀ ਵਾਰੀ ਤਕਨੇ ਸਭਨਾਂ, ਅੱਪਣੇ ਅੱਪਣੇ ਪੈਂਡੇ। ਮਾਂ ਦੇ ਦੁੱਧ ਵਾਂਗ ਮੋਹ ਧਰ ਦੇ ਛੁਪੇ ਜੁਗਾਂ ਤਕ ਰਹਿੰਦੇ। “ਕੂੰਜ ਵਾਂਗ ਮਾਵਾਂ ਨੂੰ ਸਿਕਦਾ ਲਹੂ ਖ਼ਾਕ ਜੋ ਰੁੱਲੇ ; ਪੀਰ ਫ਼ਕੀਰਾਂ ਦੇ ਵਣ ਅੰਦਰ, ਝੱਖੜਾਂ ਵਾਂਗੂੰ ਝੁੱਲੇ। “ਧਰਤ ਅੰਬਰ ਦੀ ਕੂੰਬਲ ਕੂੰਬਲ ਤਰਬ ਸਿੱਕ ਦੀ ਝੂਣੇ। ਕੌਲ ਢਕੇ ਮਿੱਟੀ ਦੇ ਅੰਦਰ ਕੌਮਾਂ ਨਾਲ ਜਾ ਕੂਣੇ। “ਮਾਂ ਦੇ ਬੋਲ ਵਾਂਗ ਧਾ ਲਗਦੀ ਕੌਮਾਂ ਗਲੇ ਹਮੇਸ਼ਾ, ਜਿਹੜੀ ਮਿੱਟੀ ਬੱਚੇ ਵਾਂਗੂੰ ਤਰਸ ਪਵੇ ਵਿਚ ਦੇਸਾਂ।” ਮੈਂ ਕਿਹਾ ਰਾਵੀ ਨੂੰ, “ਕਰਦਾ ਇਹ ਦਰਵੇਸ਼ ਪੁਕਾਰਾਂ। ਜਿਹੜੇ ਲਹੂ ਤੋਂ ਬੋਲ ਨ ਹੋਇਆ ਅੱਥਰੂ ਓਸ 'ਤੇ ਵਾਰਾਂ। “ਮਾਂ ਦੇ ਹੱਥ ਬਿਨਾਂ ਡੁੱਬ ਜਾਵਾਂ ਵਿਚ ਅਸਗਾਹ ਭਿਆਨਾਂ। ਗੁਰਾਂ ਦੀ ਪੈੜ ਬਿਨਾਂ ਰੁਲ ਜਾਵਾਂ ਹੇਠ ਸਮੇਂ ਦੀਆਂ ਸ਼ਾਮਾਂ।” ਮੈਂ ਕਿਹਾ : “ਪਾਪ ਤੋਂ ਸੰਗਦੀ ਚਰਖ ਦੀ ਪੈੜ ਜਗਾਵੋ। ਹੋਤ ਦੇ ਰਾਹ ਦੀ ਪੀਂਘ ਰਾਂਗਲੀ, ਬਾਗ਼ ਸੱਸੀ ਦੇ ਪਾਵੋ। “ਮੌਤ ਦੀਆਂ ਜੂਹਾਂ ਵਿਚ ਜਾ ਕੇ ਧੀਆਂ ਢੂੰਡ ਮਨਾਵੋ। ਲਹੂ ਮਾਸੂਮ ਦੇ ਸਾਹਵੇਂ ਰੋ ਕੇ ਮੁੜ ਘਰ ਯਾਦ ਕਰਾਵੋ। “ਦੂਰ ਕਿਤੇ ਹੰਝਾਂ ਦੀ ਬੱਦਲੀ, ਮਹਿੰਦੀਆਂ ਕੋਲ ਲਿਆਵੋ। ਚੁੰਮ੍ਹ ਬਿਜਲੀਆਂ ਦੀ ਕੁਈ ਝਾਂਜਰ, ਪੈਰ ਸੋਹਣੀਆਂ ਪਾਵੋ। “ਜਿਹੜੇ ਬੋਲ ਬਿਨਾਂ ਰਾਹ ਖ਼ਾਲੀ, ਸੋਈ ਬੋਲ ਮਿਲਾਵੋ; ਜਿਸ ਪੱਤਣ 'ਤੇ ਪੈੜ ਮਾਹੀ ਦੀ, ਪੱਤਣ ਸੋਈ ਜਗਾਵੋ।” ਸਜਦੇ ਵਾਂਗ ਬਣੀ ਤਦ ਸੋਹਣੀ, ਖੜੀ ਨਾਲ ਤਕਦੀਰਾਂ। ਉਹਦੀਆਂ ਅੱਖਾਂ ਸਾਹਮੇ ਵਿਛੀਆਂ, ਸਫ਼ਾਂ ਵਾਂਗ ਤਕਸੀਰਾਂ। ਪੁੰਨਿਆ ਦੇ ਸਾਲੂ ਵਿਚ ਲਿਪਟੀ, ਫੇਰ ਮਿਰੇ ਵੱਲ ਵੇਖੇ। ਜ਼ਿਮੀਂ-ਜ਼ਮਾਨ ਦੇ ਬੂਹੇ ਅੱਗੇ, ਖੜੀ ਜਿੰਦ ਨੂੰ ਟੇਕੇ। ਬ੍ਰਿਛਾਂ ਵਿਚ ਖੜੀ ਇਉਂ ਰਾਵੀ, ਮਨ ਵਿਚ ਜਿਵੇਂ ਦੁਆਵਾਂ। ਕਹੇ : “ਖ਼ਾਕ ਵਿਚ ਰੁਲੇ ਮੈਂ ਤੇਰੇ, ਮੁੜ ਕੇ ਪੰਧ ਦਿਖਾਵਾਂ।” (ਇਤਿ ਸਰਗ ਪਹਿਲਾ)
ਸਰਗ ਦੂਸਰਾ
ਕਾਫ਼ਲਾ ਸੁਪਨੇ ਵਿਚ- ਵਿਛੜੀਆਂ ਜੂਹਾਂ ਵਿਚ ਬ੍ਰਿਹੁੰ ਦੀਆਂ ਪੈੜਾਂ। (ੳ) ਕੱਤਕ ਦੀ ਪੁੰਨਿਆ ਰੋ ਪਰਸੇ, ਵਣ, ਨਹਿਰਾਂ, ਧਰ ਸਾਵੀ। ਦਹਿਲ ਪੁਰਾਣੇ ਠੱਲ੍ਹ ਨ ਹੁੰਦੇ, ਡੂਬ ਡੁਬ ਜਾਵੇ ਰਾਵੀ। ਨਿਹਚਲ ਲੋਅ ਅਨੰਤ ਪਈ ਥਰਕੇ, ਭਰੇ ਸੋਹਣੀਆਂ ਬਾਰਾਂ। ਦੂਰ ਸੁਨੇਹੇ ਦੇਣ ਲਈ ਖੜੀਆਂ, ਸੈ ਬਿਰਖਾਂ ਦੀਆਂ ਡਾਰਾਂ। ਵੱਡੇ ਤੜਕੇ ਚੰਨ ਦੇ ਸਾਹਮੇ, 'ਵਾਜ ਦੂਰ ਜਾਂ ਨੇੜੇ। ਕਿੱਥੇ ਸਮੇਂ ਨੇ ਪਰਬਤ ਭਾਰੇ, ਚੁੱਕ ਕੇ ਅੱਥਰੂ ਕੇਰੇ ? ਸੁੱਕ ਮੋਏ ਅਜਨਬੀ ਪੈਂਡੇ, ਪਿਆਸੇ ਬਿਰਖ ਨਿਥਾਵੇਂ। ਕਿਸ ਗੁਨਾਹ ਦਾ ਧਰਤੀ ਉੱਤੇ, ਭਾਰ ਪਾਉਣ ਪ੍ਰਛਾਵੇਂ ? ਝੁਲਸ ਜਾਂਦੀਆਂ ਛੁਹ ਕੇ ਮਸਤਕ, ਅੰਧ ਕੁੰਟ ਚੋਂ ਬੂੰਦਾਂ। ਪਰੇ ਪਰੇ ਟਿੱਬਿਆਂ ਤੋਂ ਵੇਖਣ, ਕਿਸ ਰਾਹੀ ਨੂੰ ਕੂੰਜਾਂ ? ਸਮੇਂ ਦਿਆਂ ਬੁੱਲਿਆਂ ਦੇ ਸਿਰ 'ਤੇ, ਦੂਰ ਵਾਲ ਕੋਈ ਝੁੱਲੇ। ਮੋਇਆਂ ਕਾਫ਼ਲਿਆਂ ਦੀ ਡਾਢੀ, ਜਾਨ ਕਹਿਰ ਵਿਚ ਖੁੱਲੇ। ਦੂਰੋਂ ਅੰਬਰ ਦੇਣ ਸੁਨੇਹੇ, ਲੰਘ ਸਮੇਂ ਦੀਆਂ ਊਂਘਾਂ। ਭੀੜੇ ਦਰ ਹੰਝੂਆਂ ਦੇ ਥਾਣੀ, ਲੰਘ ਨ ਸਕੀਆਂ ਕੂੰਜਾਂ। ਧਰਤੀ ਚੁੱਪ ਦਾ ਭਾਰ ਨ ਸੁੱਟੇ, ਅੰਬਰ ਕੋਲ ਨ ਖਾਰੀ। ਪੈੜ ਪੈੜ 'ਤੇ ਪੱਥਰਾਂ ਵਾਂਗੂੰ, ਵਜਦੇ ਸੁਪਨੇ ਭਾਰੀ। ਚਹੁੰ ਕੂੰਟਾਂ ਵਿਚ ਵੇਖ ਰਿਹਾ ਮੈਂ, ਦਿਸਦੀ, ਦਿਸੇ ਨ ਰਾਵੀ। ਬੋਲ ਨ ਸਕੀਆਂ ਪੈੜਾਂ ਕੁਝ ਵੀ, ਘੁੰਡ ਨ ਚੁਕਦੀ ਭਾਵੀ। ਬੋਲ ਨ ਨ ਸੱਕੇ ਭੁੱਲੇ ਪੈਂਡੇ, ਬੋਲ ਨ ਸਕੀਆਂ ਬਾਰਾਂ। ਦੂਰ ਚਾਨਣੀ ਦੇ ਵਿਚ ਖੜੀਆਂ, ਬੋਲ ਨ ਸਕੀਆਂ ਨਾਰਾਂ। ਨਹਿਰਾਂ ਦੇ ਕੰਢਿਆਂ 'ਤੇ ਉਡਦਾ, ਬੁੱਲਾ ਕੱਲਮ ਕੱਲਾ। ਜਾਨ ਕਿਸੇ ਕਾਫ਼ਲੇ ਦੀ ਇਹ, ਫੜੇ ਧਰਤ ਦਾ ਪੱਲਾ। ਬ੍ਰਿਛਾਂ ਛਾਵੇਂ ਬੁੱਤ ਖੜੇ ਸੈ, ਵੇਖੋ ਸ਼ੁਤਰ ਸੁਆਰਾਂ। ਲਖ ਸਾਲਾਂ ਦਾ ਬੋਲ ਕੋਈ ਮੈਂ, ਅੱਪਣੇ ਨਾਲ ਉਤਾਰਾਂ। ਖੁਲ੍ਹੀਆਂ ਬਾਵਰੀਆਂ ਵਿਚ 'ਵਾਵਾਂ, ਹਿੱਲਣ ਵਾਂਗ ਸਰਾਲਾਂ। ਪੀ ਚਾਨਣੀ ਕਹਿਕਸ਼ਾਂ ਦੇ ਹੜ੍ਹ ਵਿਚ ਮਾਰਨ ਛਾਲਾਂ। ਇਕ ਪਲ ਆਣ ਕਿਸੇ ਨੇ ਭਾਵੇਂ ਅੰਬਰ ਫੇਰ ਸ਼ਿੰਗਾਰੇ; ਚੁੱਪ ਤਾਰਿਆਂ ਦੀ ਵਿਚ ਡੁੱਬਣ, ਬੋਲ ਧਰਤ ਦੇ ਭਾਰੇ। ਮੈਂ ਕਿਹਾ : “ਜਾਂ ਭੁੱਲੀਆਂ ਧੂੜਾਂ, ਚਾਨਣੀ ਵਿਚ ਪਛਾਣਾਂ : ਕੌਣ ਮਿਰੇ ਸਾਹਾਂ ਨੂੰ ਪੀਂਦਾ, ਡਾਢਾ ਕੌਣ ? ਨ ਜਾਣਾਂ। “ਹੌਲ ਹਵਾ ਨੂੰ ਪੈਂਦੇ ਭੈਣੇ, ਸੂਰਤ ਦਿਸੇ ਨ ਤੇਰੀ। ਖ਼ੂਨੀ ਸਾਂਗ ਖੋਭ ਵਿਚ ਤਬਕਾਂ, ਲਰਜ਼ੇ ਘੁੰਮਨ ਘੇਰੀ।” ਸੁਪਨੇ ਦੇ ਸਾਲੂ ਵਿਚ ਲਿਪਟੀ, ਰਾਵੀ ਦੀਪ ਜਗਾਵੇ : “ਲੰਮੀ ਰੈਣ ਮੌਤ ਦੀ ਵੀਰਾ, ਨਾਲ ਚਾਨਣੀ ਜਾਵੇ। “ਧਰ ਦੇ ਮੋਹ ਬਿਨਾਂ ਇਲਮਾਂ ਦੇ, ਖ਼ਾਲੀ ਰਹਿਣ ਚੁਬਾਰੇ। ਰੋਂਦੇ ਹੋਏ ਮਜ਼ਾਰਾਂ ਦੇ ਜਿਉਂ, ਬੂਹੇ ਰਹਿਣ ਸ਼ਿੰਗਾਰੇ। “ਪੈੜ ਜਦੋਂ ਕੌਮਾਂ ਨੂੰ ਅੱਪਣੀ, ਥਲ ਵਿਚ ਯਾਦ ਨ ਆਵੇ। ਤਦ ਉਡਦਾ ਬਾਜ਼ਾਂ ਦਾ ਲਸ਼ਕਰ, ਭੈਅ ਵਿਚ ਖੰਭ ਗਿਰਾਵੇ। “ਧਰ ਦੇ ਮੋਹ ਬਿਨਾਂ ਬਿਰਹਾ ਦੇ, ਸੁੱਕੇ ਸਰ ਕੁਮਲਾਂਦੇ। ਡਿੱਗ ਅਗਾਸ ਹੌਲ ਦੀ ਝੋਲੀ, ਚੋਰ ਜਿਉਂ ਤੇਗ ਲੁਕਾਂਦੇ । “ਯਾਦ ਨ ਆਉਂਦੇ ਜਿੰਦੜੀ ਨੂੰ ਜਾਂ, ਦਰਿਆਵਾਂ ਦੇ ਪਾਣੀ; ਤਦੋਂ ਵਡੇਰਿਆਂ ਦੇ ਅੰਬਰ ਨੂੰ, ਛਡਦੀ ਜਿੰਦ ਨਿਮਾਣੀ। “ਅੱਪਣੇ ਦਰ ਨੂੰ ਬਾਰ ਬਿਗਾਨਾ, ਮੰਨ ਜਦੋਂ ਕੋਈ ਜੀਵੇ : ਬਦਨਸੀਬ ਅੱਥਰੂ ਪਰਦੇਸੀ ਹੌਲ ਚਰਖ ਦਾ ਪੀਵੇ। “ਅੱਥਰੂ ਦੀ ਚੁੱਪ ਜਦੋਂ ਨ ਸਾਂਭੇ, ਸਮਿਆਂ ਦੀ ਬਰਬਾਦੀ; ਸੁੱਕੇ ਬਾਗ਼ਾਂ ਵਿਚ ਆਉਂਦੀਆਂ, ਹੋ ਮਾਵਾਂ ਫ਼ਰਿਆਦੀ। “ਜਦੋਂ ਕਾਫ਼ਲੇ ਦੀਆਂ ਧੂੜਾਂ ਤੋਂ ਮਿਟਦੇ ਨਕਸ਼ ਬਾਬਾਣੀ, ਅਨਹੱਦ ਸੁਰਤਿ ਤੇਰੀ ਵਿਚ ਮਿਟਦੀ, ਪੀਰ ਫ਼ਕੀਰ ਦੀ ਬਾਣੀ। “ਚਾਕ ਮਹੀਂ ਦਾ ਜੂਹ ਨਨਕਾਣੇ, ਭੁੱਲ ਸੌਣ ਜਦ ਅੱਖਾਂ; ਕੱਤਕ ਦੀ ਪੁੰਨਿਆ ਤਨ ਖੁਭਦੇ ਡੰਗ ਵਿਸ਼ੈਲੇ ਲੱਖਾਂ “ਪਿਆਸੀ ਕੂੰਜ ਵਾਂਗ ਉਡ ਜਾਵਾਂ, ਵਿਚ ਬੇਗਾਨੀਆਂ ਫ਼ਜਰਾਂ। ਛਿਪ ਜਾਵਾਂ ਮੈਂ ਵਾਂਗ ਤਾਰਿਆਂ, ਪਾਰ ਤੇਰੀਆਂ ਨਜ਼ਰਾਂ। ਐਪਰ ਮਨ ਬਹੁ ਰੰਗ ਨਿਹਾਲੇ, ਸੁੱਕਿਆਂ ਬਾਗ਼ਾਂ ਦੁਆਰੇ। ਅਸਮਾਨਾਂ ਦੀ ਚੁੰਝ 'ਚ ਬਲਦੇ, ਭੇਦ ਧਰਤ ਦੇ ਪਿਆਰੇ :- “ਖ਼ਾਕ ਜਦੋਂ ਪੀਰ ਦੇ ਦਰ ਦੀ ਆਵੇ ਸੁਰਤਿ ਜਗਾ ਕੇ; ਨੂਰ ਗਗਨ ਤੋਂ ਉੱਚਾ ਕੋਈ ਬ੍ਰਿਛ ਸਾਂਭਦੇ ਆ ਕੇ। “ਜਦੋਂ ਘਾਇਲ ਯੂਸਫ਼ ਦਾ ਅੱਥਰੂ ਦੇਸ ਜ਼ੁਲੈਖਾਂ ਜਾਵੇ; ਬਘਿਆੜਾਂ ਦੀ ਗੁਫ਼ਾ 'ਚ ਕਿਧਰੋਂ, ਛਲ ਜ਼ਮਜ਼ਮ ਦੀ ਗਾਵੇ। “ਮਾਂ ਦੇ ਵਾਂਗ ਥਲਾਂ ਦੀ ਆਤਿਸ਼, ਜਦੋਂ ਕਦੇ ਤਨ ਬਾਲੇ; ਦੀਵਿਆਂ ਵਾਂਗ ਮੌਤ-ਘਰ ਬਲਦੇ, ਤਦ ਸੱਸੀ ਦੇ ਛਾਲੇ। “ਬਿਹਬਲ ਖ਼ਾਕ ਤਦੋਂ ਉਠ ਚੱਲੇ, ਨਾਲ ਮਾਹੀ ਦੀਆਂ ਗੱਲਾਂ। ਕਿਸ ਪਾਸੇ ਕੋਈ ਬੋਲ ਪਿਆਰਾ, ਖੇਡ ਰਿਹਾ ਵਿਚ ਛੱਲਾਂ।” (ਅ) ਸੁਖਨ ਕਿਰੇ ਰਾਵੀ ਦੇ ਨੂਰੋਂ ਵਣ ਬੇਲੇ ਵਿਚ ਸੁਣਾਂ ਮੈਂ ਦੂਰੋਂ। ਮੈਂ ਬੇਜਾਨ, ਬੇਹੋਸ਼, ਇਕੱਲਾ- ਫੜਾਂ ਕਿਸੇ ਸਿਮਰਣ ਦਾ ਪੱਲਾ। ਸਭ ਪਤਾਲ ਸਮਿਆਂ ਵਿਚ ਪਿਆਰੀ, ਵੇਖਾਂ ਅੱਪਣੀ ਨਜ਼ਰ ਨਿਆਰੀ। ਨਾਗਾਂ ਵਾਹੀਆਂ ਜ਼ਿਮੀਂ 'ਤੇ ਰੇਖਾਂ, ਝਿਲਮਿਲ ਤਾਣੇ ਸੁਪਨੇ ਲੇਖਾਂ। ਫੇਰ ਕਲੰਕਾਂ ਮੇਰੇ ਮੱਥੇ ਕਹਿਰੀ ਤੀਰ ਲੁਕਾਏ ਭੱਥੇ। ਅਗਲੇ ਪਲ ਹੀ ਰੋਣ ਹਵਾਵਾਂ ਡੰਗ ਕਰੇਂਦੇ ਸਿਰ 'ਤੇ ਛਾਵਾਂ। ਸੁੱਕੇ ਬਾਗ਼ੀਂ ਲੁਕੇ ਕਸੁੰਭਾ ਛਾਂ ਦਾ ਰੋਗ ਈਰਖਾ-ਰੰਗਾ। ਪੁੱਤ ਨਦੀ ਦੇ ਮਿਰਗ ਪਿਆਸੇ ਕਿਹੜੇ ਛੇੜੂ ਲੈ ਗਏ ਪਾਸੇ। ਬਿੱਜ ਫੜੇ ਉਠ ਨਗਨ ਅਚੰਭਾ ਲੂੰਹਦਾ ਜਾਵੇ ਖਿੜਿਆ ਚੰਬਾ। ਕੂੜ ਕਦੂਰਤ ਦੀ ਅੱਗ ਛੱਲੇ ਜਲੇ ਜਲੇ ਧਰਤੀ ਦੇ ਪੱਲੇ ! ਕੌਣ ਦਿਸੇ ਪਿਆ ਪਿਛਲੇ ਪਹਿਰੇ ? ਤੁਰੇ ! ਮੁੜੇ ! ਫਿਰ ਚਾਨਣ ਠਹਿਰੇ । ਪੱਤਣ ਖੁਰਦੇ ਲੰਘਣ ਛੱਲਾਂ ਦੇਵਣ ਭੇਦ ਪੁਰਾਣੀਆਂ ਗੱਲਾਂ। ਟੁੱਟੀਆਂ ਬਾਲਪਨੇ ਦੀਆਂ ਵੰਗਾਂ ਤਰਨਾਪੇ ਨੂੰ ਵਿੰਨ੍ਹਿਆਂ ਡੰਗਾਂ। ਕਿਉਂ ਟੁੱਟ ਜਾਂਦੇ ਹਾਰ ਨਵੇਲੇ ? ਕਿੱਥੋਂ ਦੇਣ ਅਵਾਜ਼ਾਂ ਬੇਲੇ ? ਬੋਲ ਗੁਆਚੇ ਕਿੱਥੇ ਮੈਂਡੇ ! ਰਾਵੀ ਦਿਸੇ ਨ, ਕੰਬਦੇ ਪੈਂਡੇ ? ਕੌਣ ਸਮੇਂ ਦੇ ਬੂਹੇ ਸੁੱਤਾ ? ਖਾ ਕੇ ਛਾਂ ਦਾ ਡੰਗ ਬੇਰੁੱਤਾ। ਪੌਣ ਸਮੇਂ ਦੀ ਧੁੰਧ 'ਚ ਖੇਡੇ ਕੋਈ ਕਾਰਵਾਂ ਦਿਸੇ ਦੁਰੇਡੇ ! - - - - - - - - - - - - - - - - - - - - ਜ਼ਿਮੀਂ ਦੀਆਂ ਕੁਲ ਕੰਬਨ ਰੇਖਾਂ ਫਿਰ ਮੈਂ ਵਿਚ ਚਾਨਣੀ ਵੇਖਾਂ : ਆਦਿ ਜੁਗਾਦਿ ਦਿਆਂ ਬਨਬਾਸਾਂ ਲਿਪਟ ਕੇ ਨਾਲ ਜ਼ਿਮੀਂ ਦੇ ਸਾਸਾਂ ਦੱਸੇ ਭੇਦ ਉਮਰ ਦੇ ਜਾਂਦੇ ਪੈੜਾਂ ਨਾਲ ਹੀ ਜਾਣ ਮਿਟਾਂਦੇ। ਝੱਖੜ ਜਾਣ ਪਰ ਦਰਿਆ 'ਤੇ ਮੌਤ-ਗੁਫ਼ਾਵਾਂ ਸਿਰਾਂ 'ਤੇ ਚਾ ਕੇ। ਕੁਝ ਤਾਂ ਲਿਖ ਗਏ ਪੈੜਾਂ ਉੱਤੇ ਮਿਟ ਗਏ ਅੱਖਰ ਅੱਪਣੀ ਰੁੱਤੇ। ਰਾਮ ਦੇ ਤੀਰ ਜਲੇ ਬੇਆਸੇ– ਸੋਨ ਮਿਰਗ ਗਏ ਕਿਸ ਪਾਸੇ ! ਜੋਬਨਵੰਤ ਜਗਾਈਆਂ ਹੀਰਾਂ ਨੈਣ ਭਰੇ ਰਾਮ ਦੇ ਤੀਰਾਂ। ਪਰਬਤ ਸਿੰਧ ਬਾਰ ਦੇ ਵੈਣਾਂ ਮੌਤ ਵਿਹੜਿਉਂ ਮੁੜੀਆਂ ਭੈਣਾਂ। ਜਦ ਕਦ ਚੁੱਪ ਅਬੋਲ ਬੁਲਾਈਆਂ ਜੀਵਨ-ਸਿੰਧ ਛਿਪਨ ਤ੍ਰਿਹਾਈਆਂ। ਕਿਸਨੇ ਅੱਪਣੀ ਬਾਂਹ ਉਲਾਰੀ ? ਚੰਨ ਦੇ ਪਾਰ ਧੂੜ ਦੁਖਿਆਰੀ। ਕੌਣ ਬੁੱਤ ਉਹ ਕੂਣ ਨ ਭੈੜੇ ਚਹੁੰ ਕੂੰਟਾਂ ਵਿਚ ਦੇਵਣ ਪਹਿਰੇ। ਹੂੰਗਰ ਮਾਰਨ ਘਾਇਲ ਉਹ ਕਿੱਥੋਂ ? ਕਿਸੇ ਭੈਣ ਦੀ ਖਾਰੀ ਵਿੱਚੋਂ ! ਕੌਣ ਚੁੱਕੇ ਇਹ ਚਿਰਾਂ ਦੀ ਖਾਰੀ ? ਜਾਂ ਧਰ ਜਾਂ ਅਸਮਾਨ ਦੀ ਵਾਰੀ। ਹੱਥ ਪੁਨੀਤ ਬਾਰ ਦੇ ਸੂਹੇ ਖੋਲ੍ਹ ਦੇਣ ਰਮਜ਼ਾਂ ਦੇ ਬੂਹੇ। ਲੈਣ ਪਈਆਂ ਦੂਰੋਂ ਕੰਨਸੋਆਂ ਬਨਬਾਸਾਂ ਦੀਆਂ ਛਿਪਦੀਆਂ ਲੋਆਂ। - - - - - - - - - - - - - - - - - - - - ਨਭ ਪਤਾਲ ਚੀਰ ਅਸਗਾਹਾਂ ਭਰਿਆ ਵਿਚ ਮਿਰੇ ਕੁਝ ਸਾਹਾਂ। ਭੈਅ ਵਿਚ ਨਾਗ ਸ਼ੀਂਹ ਜਲ-ਵਾਸੀ ਸੱਦ ਦਿੱਤੀ ਬਿਰਖਾਂ ਬਨਬਾਸੀ। ਨਹੀਂ ਟਾਵੇਂ ਟਾਵੇਂ ਵਣਾਂ ਨੂੰ ਭੁੱਲੇ ਕਦੇ ਕਦੇ ਤੂਫ਼ਾਨ ਜੋ ਝੁੱਲੇ । ਹਾਰ ਤੋੜ, ਸੁੱਟ ਗਈਆਂ ਹੀਰਾਂ ਮੋਤੀ ਚੁਕ ਚੁਕ ਰੋਣ ਸਮੀਰਾਂ। ਧੂੜ ਵਿਚ ਕਿਤੇ ਕਰਵਾਨੀ ਲੱਭ ਰਹੇ ਹੋਤ ਦੀ ਗਾਨੀ। ਮੋਰ ਕੂਕਦੇ ਚਾਨਣੀ ਅੰਦਰ, ਬ੍ਰਿਛ ਦੀ ਚੁੱਪ 'ਚ ਘੁੰਮਨ ਅੰਬਰ। ਅੱਖਰ ਛੁਪੇ ਹੋਏ ਨੂਰਾਨੀ ਟੋਲ ਰਹੇ ਵਕਤ ਦਾ ਸਾਨੀ। ਝੱਖੜਾਂ ਵਿਚ ਜੁਗਾਂ ਤਕ ਭੁੱਲਦੇ ਜੁਗਨੂੰ ਮਿਲੇ ਥਲਾਂ ਵਿਚ ਰੁਲਦੇ। ਨੀਂਦੋਂ ਨਾਜ਼ਕ ਸਿਕਦੀਆਂ ਬਾਹਾਂ ਫਿਰਨ ਕਦੇ ਨ ਦੇਂਦੀਆਂ ਛਾਵਾਂ। ਪੈਰਾਂ ਹੇਠ ਪਿਆ ਕੁਝ ਹੁੱਲੇ ਕੋ ਅਸਗਾਹ ਜਾਗ ਪਏ ਭੁੱਲੇ। ਉਸ ਧਰਤੀ ਦਾ ਪੱਤਾ ਪੱਤਾ ਡੁੱਬ ਗਿਆ ਵਿਸਮਾਦ 'ਚ ਮੱਤਾ। ਪੈਣ ਮਿਰੇ ਪੈਰਾਂ ਨੂੰ ਖੋਹਾਂ, ਗਗਨ ਪਤਾਲ ਕਰਨ ਪਏ ਲੋਆਂ। ਮੈਨੂੰ ਵੇਖ ਰਹੇ ਰਾਹ ਸਾਰੇ, ਧੂਹ ਪਾਉਣ ਅਸਵਾਰ ਪਿਆਰੇ। ਮੈਂ ਦਰਿਆ ਕਦਮ ਨ ਰੋਕਾਂ, ਔਹ ਦਿਸਣ ਮਾਵਾਂ ਦੀਆਂ ਢੋਕਾਂ। ਨਹਿਰੋਂ ਪਾਰ ਤੂਫ਼ਾਨ 'ਚ ਰੁੱਲੇ ਭਖਣ ਪਏ ਢੋਕਾਂ ਦੇ ਚੁੱਲ੍ਹੇ। ਔਹ ਮੈਂ ਵੇਖਾਂ ਚਾਨਣ ਜਿਹੜੇ ਬਲੇ ਬਲੇ ਮੇਰੇ ਹੀ ਵਿਹੜੇ । ਪਰੇ ਧੁੰਧ ਵਿਚ ਅਗਨੀ ਡੋਲੇ ਘੁੰਡ 'ਚ ਨੈਣ ਹੀਰ ਦੇ ਬੋਲੇ। ਸੋਅ ਪਵੇ ਕੂੰਜਾਂ ਦੀ ਕੰਨੀਂ ਸਿਰ 'ਤੇ ਚਾ ਮਟਕੀ ਜਿਉਂ ਧੰਮੀ ਝੁੰਮਰ ਦੀ ਬਿਜਲੀ ਵਿਚ ਬੰਨ੍ਹੀ ਸੁੱਕੇ ਬਾਗ਼ ਵੇਖਦੀ ਸੰਮੀ। - - - - - ਕੰਬਦੇ ਵਣਾਂ ਦੇ ਕਹਿਰ ਨੇ ਡਾਢੇ ! ਲੰਘ ਰਹੇ ਮੇਰੇ ਹੀ ਜਾਡੇ। ਸੁੰਨੀਆਂ ਬਾਰਾਂ ਵਿਚ ਦੁਰਾਡੇ ਪਾਣੀ ਪੀਣ ਮਿਰਗ ਔਹ ਸਾਡੇ। ਨੂਰ ਮਹਿਲ ਦੀ ਢੋਕ ਬਾਬਾਣੀ ਕੰਢੇ ਨਹਿਰ ਉਡੀਕਣ ਹਾਣੀ। ਨ ਜਾਣੇ ਬ੍ਰਿਹਾ ਦੀ ਢਾਣੀ ਇਹ ਤਾਂ ਮਿਰੇ ਹੀ ਪੀਤੇ ਪਾਣੀ। ਥਰਕ ਪਵੇ ਝੁੰਮਰ ਦੇ ਕੰਨੀਂ ! ਚੰਨ ਦੇ ਨਾਲ ਖੇਡਦੇ ਕੰਮੀ। ਚੌਦਾਂ ਤਬਕ ਦੇਣ ਕਿਉਂ ਸੱਦਾਂ ? ਇਹ ਤਾਂ ਬੋਲ ਮਿਰੇ ਦੀਆਂ ਹੱਦਾਂ। ਢੋਕ ਮਿਰੀ ਵਿਚ ਮਿਰੇ ਇਸ਼ਾਰੇ ਚਮਕਾਂ ਮਾਰ ਗਿਣਨ ਪਏ ਤਾਰੇ। ਦਿਸੀਆਂ ਜਾਨ ਮੇਰੀ ਦੇ ਪਾਰਾਂ ਜੋ ਕਦੇ ਮਿਲੀਆਂ ਵਿਚ ਬਾਰਾਂ। ਚੁੱਲ੍ਹਿਆਂ ਕੋਲ ਸੋਹਣੀਆਂ ਨਾਰਾਂ ਅੱਗ ਉੱਤੇ ਝੁਕੀਆਂ ਗੁਲਜ਼ਾਰਾਂ ! ਪੀਂਘ ਪੁਰਾਣੀ ਨਵੀਆਂ ਢੋਕਾਂ, ਕੌਣ ਮਾਰਦਾ ਲੁਕ ਲੁਕ ਚੋਕਾਂ ? ਮਾਂ ਦੇ ਨੈਣ ਵੱਸਣ ਉਸ ਪਾਸੇ ਤੇ ਭੈਣਾਂ ਦੇ ਭੁੱਲੇ ਹਾਸੇ। ਜਾਨ ਮਹੀਨ ਮਿਰੀ ਦੀਆਂ ਤਾਰਾਂ ਤ੍ਰਿੰਞਣ ਭਰੇ ਕੱਤਣ ਮੁਟਿਆਰਾਂ। ਕੌਲ ਕਿਸੇ ਫ਼ਰਿਹਾਦ ਦੇ ਸੁੱਤੇ ਚਿਰਾਂ ਤੋਂ ਬਾਂਝ ਪਰਬਤਾਂ ਉੱਤੇ। ਜਾਗ ਪੈਣ ਜਿਉਂ ਇੱਕੋ ਵਾਰੀ ਧੂਹ ਪਵੇ ਧਰਤੀ ਨੂੰ ਭਾਰੀ। ਘਾਹ ਬਿਰਖ ਮੂਰਛਾ ਖਾਵਣ ਵਰ੍ਹੇ ਨ ਜਦ ਤਕ ਸਿੱਕ ਦੇ ਸਾਵਨ। ਮਾਰੀ ਇੰਞ ਕਹਿਰ ਵਿਚ ਕਾਨੀ ਨੂਰ ਮਹਿਲ ਦੀ ਦੀਦ ਲਾਸਾਨੀ। ਕਾਂਗ ਚੜ੍ਹੀ ਬ੍ਰਿਹਾ ਦੀ ਭਾਰੀ ਡੋਬ ਦਿੱਤੀ ਸਮਿਆਂ ਦੀ ਤਾਰੀ। ਜ਼ੋਰ ਖਾਇ ਪਾਟੇ ਬਲ ਖ਼ੂਨੀ ਨੂਹ-ਕੱਪਰ ਵਿਚ ਫਸੇ ਜਨੂੰਨੀ। ਬਾਲਪਨ ਖੜ੍ਹ ਢੋਕਾਂ ਉਹਲੇ ਖ਼ੂਨੀ ਨਦੀ 'ਚ ਸੁੱਟੇ ਚੋਲੇ। ਨੂਰ ਮਹਿਲ ਵਲ ਮੈਂ ਵੀ ਚੱਲਾਂ ਬੇਲੀਂ ਵੱਸਣ ਝੁੰਮਰ ਦੀਆਂ ਛੱਲਾਂ। ਨ੍ਹੇਰ-ਘੁਲੇ ਚਾਨਣ ਦੇ ਤੀਰਾਂ ਬੇਖ਼ਬਰੀ ਵਿਚ ਜਾਣ ਵਹੀਰਾਂ। ਬੂਹੇ ਖੋਲ੍ਹਣ ਵਿਛੜੀਆਂ ਬਾਰਾਂ ਮੈਂ ਤੱਕੇ ਸਿੰਧ ਪਾਰ ਪਹਾੜਾਂ : ਮਨ ਨਿਰਲੇਪ ਗਗਨ ਦੇ ਵਾਸੀ ਤਿੰਨ ਨੂਰ-ਪੋਸ਼ ਬਨਬਾਸੀ। ਵਿਚ ਸਫ਼ੈਦ ਚਾਨਣੀ ਜਾਣੀ ਪੀਣ ਆਏ ਧਰਤੀ ਦੇ ਪਾਣੀ; ਮੁੱਢ ਕਦੀਮ ਧਰਤ ਦੇ ਜੇਰੇ ਦੇਣ ਅਸੀਸ ਆਏ ਵੱਲ ਮੇਰੇ; ਦੇਵਣ ਅਜਬ ਅਬੋਲ ਇਸ਼ਾਰੇ ਝਿੰਮ ਝਿੰਮ ਤਾਰੇ ਦੇਣ ਹੁੰਗਾਰੇ; ਰੋ ਮੈਂ ਤੱਕਿਆ ਅੰਬਰ ਤਾਣੀ, ਸੀ ਕਿਸਦੀ ? ਨ 'ਵਾਜ ਪਛਾਣੀ : “ਬੀਬਾ ਲੰਘ ਨ ਅੱਥਰੇ ਪਾਣੀ ਸੁਣਨੀ ਕਿਸੇ ਨ ਵਾਜ ਅੰਞਾਣੀ। “ਢੋਕੀਂ ਅਜੇ ਟੋਲ ਨ ਬੇਲੀ ਬਾਲਪਨੇ ਦੀ ਜਿੰਦ ਨਵੇਲੀ। “ਮੋਹ ਮਸਤੂਰ ਖ਼ਾਕ ਵਿਚ ਜਿਹੜੇ ਅਜੇ ਬਣੇ ਨ ਚਾਨਣ ਤੇਰੇ। “ਵਗਦੇ ਪਾਣੀਆਂ ਵਿਚ ਪੁਰਾਣੇ ਅਜੇ ਤੂੰ ਮਾਂ ਦੇ ਬੋਲ ਨ ਜਾਣੇ। “ਧਰਤ ਦੀ ਸਿੱਕ ਨੂੰ ਮਿਲੇ ਨ ਹਾਲੇ ਵਲੀ ਪੀਰ ਅਵਤਾਰ ਨਿਰਾਲੇ। “ਸੁੱਕੇ ਬਾਗ਼ ਨ ਅੱਥਰੂ ਕੇਰੇ ਅਜੇ ਨ ਵੇਖੇ ਮਾਂ ਦੇ ਜੇਰੇ। “ਰਾਹ ਅੱਕਾਂ ਦੇ ਕਾਫ਼ਲੇ ਰੋਏ ਬਾਲਪਨੇ ਦੀ ਜੂਹ ਵਿਚ ਖੋਏ। “ਨਾਂਹ ਤੈਂ ਹੰਝ ਉਹ ਦਿਹੁੰ ਖਲੋਏ ਸੁੰਞੇ ਸ਼ਹਿਰ ਜਦੋਂ ਸੀ ਹੋਏ। “ਸੁੰਞੇ ਸ਼ਹਿਰ ਨੂੰ ਵਗੀਆਂ 'ਵਾਵਾਂ ਤੇਰੇ ਸਾਹ ਵਿਚ ਨਹੀਂ ਦੁਆਵਾਂ। “ਕੌਲ ਨੇ ਤੇਰੇ ਅਜੇ ਅਧੂਰੇ ਦਰਸ ਨ ਪੀਰ ਫ਼ਕੀਰ ਦੇ ਪੂਰੇ। “ਅਜੇ ਨ ਏਥੇ ਹੱਕ ਜਤਾਵੀਂ ਬੀਬਾ ਨੂਰ ਮਹਿਲ ਨ ਜਾਵੀਂ।” - - - - - - - - - - (ੲ) ਇਕ ਵਿੱਛੜੇ ਮੁਸਾਫ਼ਰ ਦੇ ਪ੍ਰਭਾਵ ਨੂਰ-ਪੋਸ਼ ਬੋਲ ਇਉਂ ਛਿਪ ਗਏ, ਪਤਾ ਨਹੀਂ ਕਿਸ ਪਾਸੇ। ਫ਼ਜਰ ਦੇ ਸਾਦਿਕ ਰੰਗ ਉੱਜਲੇ, ਸਹਿਮੇ ਦੇਣ ਦਿਲਾਸੇ। ਘਾਇਲ ਮਿਰਗ, ਵਿੰਨ੍ਹੀਆਂ ਕੂੰਜਾਂ, ਔਹ ਰੋਂਦੇ ਘਰ ਆਈਆਂ; ਬੂਹੇ ਉਹਲੇ ਸੁਣਾਂ ਮੈਂ ਖੜ੍ਹ ਕੇ, ਕਿਸੇ ਰੁਕਾਨ ਦੇ ਹਾਸੇ। (1) ਉਜੜੇ ਨਗਰ ਖੜੇ ਬਰ-ਛਾਤੀ, ਜੀਣ ਝਨਾਂ ਦੇ ਬੇਲੇ। ਝੁੰਮਰ ਛੱਡ ਪੌਣ ਪਰਦੇਸਨ, ਖੰਡਰਾਂ ਦੇ ਵਿਚ ਖੇਲੇ। ਧੂੜ ਰੋਇ ਆਖਦੀ ਮੈਨੂੰ : “ਜਾ ਘਰ ਆਪਣੇ ਵੀਰਾ।” “ਬਾਰ ਬਿਗਾਨੜੇ ਹੋਏ ਭੈਣੇ, ਵਿਛੜ ਗਏ ਜਦ ਮੇਲੇ।” (2) ਰੋਹੀਆਂ ਦੇ ਵਿਚ ਸੈਨਤਾਂ ਮਾਰਨ, ਨਾਜ਼ਕ ਪਤਲੀਆਂ ਨਾਰਾਂ। ਨਿਗਾਹ ਨੂੰ ਪੱਛ ਪੱਛ ਕੇ ਸੀਵਨ, ਸਰਕੜਿਆਂ ਦੀਆਂ ਵਾਰਾਂ। ਬੁੰਬਲਾਂ ਉੱਤੇ ਹੌਕੇ ਲੈਂਦੀਆਂ, ਬਹਿ ਦਰਵੇਸ਼ ਸਮੀਰਾਂ; ਕਿਹੜੇ ਕਾਫ਼ਲੇ ਲਹੂ ਦੇ ਦੀਵੇ, ਛਡ ਗਏ ਵਿਚ ਮਜ਼ਾਰਾਂ। (3) ਸਾਗ ਰਿੰਨ੍ਹਦੀਆਂ ਚੁੱਲੇ ਕੋਲੇ, ਸੂਤ ਅਟੇਰਨ ਰੰਨਾਂ। “ਪਾਵੇ ਨਾਲ ਕਾਲ ਦੇ ਜਮ ਨੂੰ, ਕਹੇ ਛੰਨਾਰ : “ਮੈਂ ਬੰਨ੍ਹਾਂ।” ਸ਼ਾਲਾ ਰੂਹ ਬਨਬਾਸ ਨ ਪਾਵੀਂ, ਰੋਣ ਬੁੱਢੀਆਂ ਮਾਵਾਂ; “ਦੀਵਾ ਸਹਿਜ ਬਲੇ ਵਿਚ ਕੱਤਕ" 'ਵਾਜ ਪਵੇ ਮੈਂ ਕੰਨਾਂ। (4) ਸਾਹ ਮਿਰੇ ਗਿਣ ਗਿਣ ਵਣਜਾਰਣ, ਬੈਠੀ ਹਵਾ ਨੂੰ ਫੋਲੇ। ਫ਼ਜਰ ਦੀਆਂ ਰਾਹਾਂ ਦੇ ਉੱਤੇ ਚਾਕ ਮਿਲੇ, ਨ ਬੋਲੇ। ਜਿਸ ਬੇਲੇ ਵਿਚ ਉਮਰ ਗਵਾਈ ਪੈੜ ਨ ਓਥੇ ਮੇਰੀ, ਆਲਮ ਕੁਲ ਸੰਞਾਣ ਲਵੇਗਾ, ਦਾਗ਼ ਲਹੂ ਦੇ ਚੋਲੇ। (5) ਬਾਲਪਨ ਦੇ ਮੱਥੇ ਆਖ਼ਿਰ ਢੂੰਡੇ ਜ਼ਖ਼ਮ ਨਸੀਬਾਂ। ਬਹੁਤ ਹੈਰਾਨ ਹੋਏ ਸ਼ਰਮਿੰਦੇ ਲਬ ਸੀ ਲਏ ਤਬੀਬਾਂ। “ਗੁਨਾਹਗਾਰ ਕੌਣ ਨੇ ਤੇਰੇ ਕੂਕ ਕਿਹਾ ਕੁਲ ਚਾਕਾਂ, ਨਿਗਾਹ ਮਾਸੂਮ ਉਠੀ ਜਦ ਮੇਰੀ ਭਰ ਲਏ ਨੈਣ ਗ਼ਰੀਬਾਂ। (6) ਝੁੰਮਰ ਦੇ ਪੈਂਡੇ ਵਿਚ ਕਿਧਰੋਂ, ਹੌਲ ਕਾਰਵਾਂ ਸੁੱਤੇ। ਬਾਜ਼ ਝਪਟ ਪਵੇਗਾ ਖ਼ੂਨੀ, ਪੀਂਘ ਚੜ੍ਹੀ ਕਿਸ ਰੁੱਤੇ ! ਜਰਸ ਦੀ ਗੂੰਜ ਸੁਣੀਂਦੀ ਨਭ 'ਚੋਂ, ਨ ਅਸਵਾਰ ਨ ਡਾਚੀ; ਜਮ ਦੀ ਪੈੜ ਦੇ ਪਿੱਛੇ ਨੱਸਣ, ਕਿਸੇ ਵਲੀ ਦੇ ਕੁੱਤੇ। (7) ਇਕ ਸੁੰਞੇ ਟਿੱਲੇ 'ਤੇ ਚੜ੍ਹ ਕੇ, ਝਾਤ ਦੇਸ ਵਲ ਮਾਰਾਂ। ਇਕ ਮਸੀਤ ਦੇ ਖੰਡਰਾਂ ਉੱਤੇ, ਦੁਆ ਕਰਨ ਮੁਟਿਆਰਾਂ। ਮੁੱਦਤਾਂ ਹੋਈਆਂ ਅਰਸ਼ ਦੇਖਦੇ, ਕੌਣ ਖ਼ਾਕ ਦਾ ਬੇਲੀ; ਖਾਰਾਂ-ਵਿੰਨ੍ਹੇ ਪੈਰ ਬ੍ਰਿਹਾ ਦੇ ਚੁੰਮ੍ਹੇ ਨਬੀਆਂ ਯਾਰਾਂ। (8) ਬਾਰ ਦੇਸ ਵਲ ਤੁਰਿਆ ਜਾਵਾਂ, ਲੰਘੇ ਵਰ੍ਹੇ ਮਹੀਨੇ। ਮਾਰੂ ਝੱਖੜਾਂ ਵਿਚ ਨੇ ਡਿੱਗੇ, ਰਾਂਝਣ ਵੀਰ ਦੇ ਚੀਨੇ। ਰੋਹ ਜਬਲ ਵਿਚ ਕਾਸਾ ਖਿੰਡਿਆ, ਰੁਲਦੇ ਹੀਰ ਦੇ ਹੌਕੇ; ਕੌਣ ਕਹੇ ਸਹਿਤੀ ਨੂੰ ਜਾ ਕੇ “ਕਰ ਕੁਝ ਅਦਲ ਹੁਸੀਨੇ।” (9) ਦੇਸ ਮਿਰਾ, ਪਰ ਦਿਸਦਾ ਨਹੀਉਂ, ਭੇਦ ਨ ਦੇਵੇ ਲੋਈ। ਥਲ ਦਰਿਆ ਪਹਾੜ ਤੋਂ ਅੱਗੇ, ਕੈਦ ਹੋਈ ਅਰਜ਼ੋਈ। ਰਾਤ ਫ਼ਰੇਬ ਦੀ ਦੇਸ ਮਿਰੇ ਨੂੰ, ਹੋਤ ਦੇ ਵਾਂਗੂੰ ਲੈ ਗਏ; ਬ੍ਰਿਹਾ ਕੂਕ ਰਿਹਾ ਰੋਹੀਆਂ ਵਿਚ, ਅਦਲ ਕਰੇ ਨ ਕੋਈ। (10) ਮੈਂ ਸੁਣਿਆਂ ਕਿ ਕਿਸੇ ਕਿਸੇ ਰਾਹ, ਸਾਂਭ ਕੇ ਰੱਖੇ ਛਾਲੇ। ਨ ਕੋਈ ਰੁੱਤ ਬ੍ਰਿਛ ਨ ਪਾਣੀ, ਜੁਗਨੂੰ ਕਰਨ ਉਜਾਲੇ। ਕੇਚ ਦੂਰ ਗੁਫ਼ਾ ਵਿਚ ਲਟਕੇ, ਸਮਾਂ ਵੀ ਓਥੇ ਕੈਦੀ; ਅੱਜ ਨਿਆਂ ਕਰਨ ਗੁਰ ਮੇਰੇ, ਸਦਾ ਰਹਿਣ ਜੋ ਖ਼ਿਆਲੇ। (11) ਚਾਨਣ ਗੁਰਾਂ ਦਾ ਦਿਸਦਾ ਐਪਰ ਅਟਕਾਂ ! ਜਲਾਂ ! ਮੈਂ ਸਾਹਵੇਂ; ਕਿਵੇਂ ਮਿਲਣ ਸੂਰਜ ਨੂੰ ਜਾ ਕੇ ਬ੍ਰਿਹਾ ਦੇ ਪ੍ਰਛਾਵੇਂ ? ਦੇਸ ਬਾਬਲੇ ਦਾ ਪਿਆ ਖੁਰਦਾ ਜਿਵੇਂ ਪੱਤਣ ਦਰਿਆ ਦੇ, ਗੁਰਾਂ ਦੇ ਬੋਲ ਮਾਰਦੇ ਛੱਲਾਂ, ਅਦਲ ਮਿਲਣ ਕਿਸ ਥਾਵੇਂ ? (12) “ਸਾਰੇ ਜੱਗ ਤੋਂ ਸੋਹਣੀ ਕੁੜੀਏ ਤੂੰ ਬੇਖ਼ਬਰ ਇਕੱਲੀ। ਸ਼ੀਂਹ ਕਹਿਰ ਦੇ ਘਾਟ 'ਤੇ ਬੈਠੇ ਤੂੰ ਬੇਖ਼ੌਫ਼ ਹੈਂ ਖੱਲ੍ਹੀ।” “ਦੇਸ਼ ਮਾਹੀ ਦਾ ਮੈਂ ਮਾਹੀ ਦੀ ਕਰਨ ਕੀ ਖ਼ੂਨੀ ਲਸ਼ਕਰ ? ਬਾਰ ਦਾ ਇਸ਼ਕ ਸੀਸ 'ਤੇ ਚਾ ਕੇ ਮਿਲਣ ਪੀਰ ਨੂੰ ਚੱਲੀ ?'' (13) ਕਹੇ : “ਬਿਜਲੀਆਂ ਨਾਲ ਖੇਡ ਕੇ, ਤੰਦ ਮੈਂ ਪਾਉਂਦੀ ਝੱਲੀ। ਹੜ੍ਹਾਂ ਦੇ ਕੱਪਰ ਚੀਰ ਕੇ ਵੇਖਾਂ, ਮਾਂ ਦੀ ਨਜ਼ਰ ਸੁਵੱਲੀ। ਪੈੜ ਪੁਰਾਣੀ ਵਿੱਚੋਂ ਜੇ ਤੂੰ, ਸਿਦਕ ਪਛਾਣੇ, ਜਾਣਾ- ਵਰਭੰਡਾਂ ਦੇ ਰਿਜ਼ਕ ਦੀ ਬੋਲੀ, ਭੇਦ ਭਰੇ ਵਿਚ ਬੱਲੀ।” (14) ਰਾਤ ਪਈ ਮੈਂ ਆਤਣ ਸਾਹਵੇਂ ਖੜਾ ਜਾ ਭੁੱਖਾ ਭਾਣਾ। ਕੁੜੀਆਂ ਹੱਸ ਪਈਆਂ ਤਕ ਮੈਨੂੰ, ਪੁੱਛਣ “ਤੇਰਾ ਟਿਕਾਣਾ ? ਦਸ ਅਜਨਬੀ ਬੋਲ ਤੇਰਾ ਕੋਈ, ਇਸ ਜੂਹ ਵਿਚ ਅਮਾਨਤ ? ਲੰਘਿਆ ਦਰ ਤੂੰ ਜਿਸ 'ਤੇ ਦਿੰਦਾ, ਪਹਿਰਾ ਨਾਗ ਸਤਾਣਾ।” (15) ਮੈਂ ਆਖਾਂ ਕਿ “ਨਾਗ ਨਾਲ ਸੀ, ਡੰਗ ਹਜ਼ਾਰਾਂ ਖੱਲ੍ਹੇ । ਮੇਰੇ ਦਿਲ ਦੀਆਂ ਕਾਲ-ਗੁਫ਼ਾਵਾਂ ਢੂੰਡ ਰਹੇ ਉਹ ਝੱਲੇ। ਪਹਿਰਾ ਬਦਲ ਲੈਣ ਲਈ ਜਦ ਮੈਂ ਵਲ ਦਰਵਾਜ਼ੇ ਹੋਇਆ; ਮੈਨੂੰ ਪਾਰ ਲੰਘਾਵਣ ਦੇ ਲਈ ਰਾਵੀ ਭੇਜੇ ਛੱਲੇ। (16) ਸੁਣ ਕੇ ਰੋਇ ਹੱਸੀਆਂ ਸੱਭੇ ਉਹ ਬਨਬਾਸੀ ਕੂੰਜਾਂ। ਹਰ ਇਕ ਤੰਦ 'ਤੇ ਰਾਵੀ ਦਾ ਮਨ ਗੂੰਜ ਰਿਹਾ ਵਿਚ ਮੂੰਝਾਂ। ਖ਼ਾਬ ਦੀ ਬਹੁਤ ਮਹੀਨ ਚਾਨਣੀ ਓਢ ਤ੍ਰਿੰਞਣ ਬੈਠੀ; ਮੇਰੇ ਗੁਨਾਹਾਂ ਦੇ ਮਸਤਕ 'ਤੇ ਸੁਟਦੀ ਠੰਢੀਆਂ ਬੂੰਦਾਂ। (17) ਪਲ ਵਿਚ ਉੱਠ ਗਿਆ ਰੋ ਤ੍ਰਿੰਞਣ ਖੋਰ ਮੋਰੀਆਂ ਵਾਟਾਂ। ਕਰ ਸਲਾਮ ਉਡ ਗਈਆਂ ਹੂਰਾਂ ਗੁੰਮ ਹੋਈਆਂ ਵਿਚ ਰਾਤਾਂ। ਪੰਖੀ ਬਿਰਖ ਨਦੀ ਦੇ ਪਾਣੀ ਜ਼ਾਮਨ ਬਣੇ ਨ ਮੇਰੇ; ਸੁੰਞ ਵਿਚ ਤ੍ਰਿੰਞਣ ਦੇ ਹੰਝੂ ਜਾਂ ਰਾਵੀ ਦੀਆਂ ਬਾਤਾਂ! (18) ਅੱਧੀ ਰਾਤ ਮਸਜਿਦਾਂ ਰੋਵਣ ਪਰੇ ਪਰੇ ਵਿਚ ਰੋਹੀਆਂ। ਬਾਰ ਦੇਸ ਵਿਚ ਸੂਫ਼ੀ ਰੁਲਦੇ ਢੂੰਡਣ 'ਵਾਜਾਂ ਖੋਈਆਂ। “ਕੁਲ ਜ਼ਮੀਨ ਹੈ ਮਸਜਿਦ ਤੇਰੀ” ਕਿਹਾ ਨਬੀ ਨੇ ਦੂਰੋਂ; ਬਾਗ਼ ਪੁਰਾਣੇ ਸੁਣ ਇਹ ਜਿੰਦਾਂ ਹੱਸੀਆਂ ਹੱਸ ਕੇ ਰੋਈਆਂ।(19) ਮੈਂ ਕਿਹਾ: “ਇਹ ਹੱਸਣ ਰੋਣ 'ਚ ਭੇਦ ਕੁਹਨ ਹੈ ਕਿਹੜਾ ?” 'ਵਾਜ ਆਈ ਹੱਸੋ ? ਕਿ ਧੁਰ ਤੋਂ ਮਿਲਿਆ ਹੱਕ ਉਚੇਰਾ । ਨਬੀ ਦੇ ਬੋਲ 'ਚ ਸਿੱਕ ਜ਼ਿਮੀਂ ਦੀ ਭਰੀ ਹੋਈ ਪਰ ਜਿੰਨੀ, ਰੋਏ ਹਾਂ ਇਸ ਇਸ਼ਕ ਨਹੀਂ ਪਾਉਣਾ ਵਿਚ ਨਮਾਜ਼ਾਂ ਫੇਰਾ। (20) ਅੱਧੀ ਰਾਤ ਉਮਰ ਦੀਆਂ ਪੀੜਾਂ ਪੀਂਦਾ ਯੋਗੀ ਵੇਖਾਂ। ਕਹੇ : “ਕਵਨ ਕੁੰਟ ਮੈਂ ਜਾਵਾਂ ਕਵਨ ਦੇਸ ਦੇ ਭੇਖਾਂ। ਰਿੱਧਾਂ ਸਿੱਧਾਂ ਰੁਸ ਗਈਆਂ ਨੇ ਸੜ ਜਾਵਾਂ ਜਦ ਉੱਡਾਂ; ਧਰਤ ਨੂੰ ਕਦੇ ਨਜ਼ਰ ਨ ਆਵਣ ਅਜਬ ਯੋਗ ਦੀਆਂ ਰੇਖਾਂ। (21) ਮੈਂ ਕਿਹਾ : ਸੁਣ ਜੋਗੀ ਰਾਹ ਦੇ ਡੁੱਬੇ ਤੇਰੇ ਖ਼ਜ਼ਾਨੇ। ਨ ਰੋ ਧਨੀ ਸਿੱਧੀਆਂ ਦੇ ਤੂੰ ਸਾੜ ਖੰਭ ਅਸਮਾਨੇ। ਫ਼ਜਰ ਦੇ ਆਸਨ ਬੈਠ ਕੇ ਭਰ ਲੈ ਝਿੰਮ ਝਿੰਮ ਕਰਦਾ ਕਾਸਾ, ਚਿੜੀ ਚੂਕਦੀ ਸਾਂਭ ਕੇ ਰੱਖੇ ਰਾਹੀਆਂ ਦੇ ਨਜ਼ਰਾਨੇ।” (22) ਸਿੱਧ ਬਗਾਈ ਦੇ ਟਿੱਲੇ ਤੋਂ ਝਾਤ ਬਾਰ ਵਲ ਮਾਰਾਂ। ਕਿਸੇ ਖਲਾ ਦੀ ਸੁੰਨ ਜ਼ਹਿਰ ਵਿਚ ਸਾਂ ਸਾਂ ਕਰਦੀਆਂ ਹਾਰਾਂ। ਸੁੱਕੇ ਬੋਹੜ ਦੀ ਟੀਸੀ ਬੈਠੀ ਗਿਰਝ ਵੇਖ ਰਹੀ ਮੈਨੂੰ, ਨਾਨਕ ਦੇ ਪੰਜੇ 'ਤੇ ਲਿਸ਼ਕਣ ਮੈਂਡੀਆਂ ਮਿੱਠੀਆਂ ਬਾਰਾਂ । (23) ਸਿੱਧ ਬਗਾਈ ਦੇ ਟਿੱਲੇ ਤੋਂ ਤਪ ਤਪ ਲਹਿੰਦੀਆਂ ਲੋਆਂ। ਯੋਗ ਅਨੰਤ ਨਾਥ ਦਾ ਸੁੰਨਾ ਜਾਗੇ ਸਿਦਕ ਨ, ਰੋਆਂ। ਜਿਹਲਮ ਦੀਆਂ ਲਹਿਰਾਂ ਦੇ ਨੇੜੇ ਇਕ ਅਜਨਬੀ ਕਾਸਾ; ਕਿਹੜੀ ਖੈਰ ਪਾਉਣ ਵਿਚ ਪਾਣੀ ਕੋਈ ਨ ਦੇਂਦਾ ਸੋਆਂ ! (24) ਬਾਲ ਨਾਥ ਦੇ ਟਿਲਿਉਂ ਦੇਖਾਂ ਖ਼ਾਲੀ ਬੇਲੇ ਬੰਨੇ। ਸੁੱਕ ਗਏ ਚਿਰਾਂ ਦੇ ਲਾਏ ਬਾਗ਼ ਜੋ ਹੰਨੇ ਹੰਨੇ। ਉਸ ਜੂਹ ਦੇ ਅਸਵਾਰ ਨੇ ਸੁੱਤੇ ਬ੍ਰਿਹੁੰ-ਕੰਦੀਲ ਬੁਝਾ ਕੇ ਜਿਹੜੀ ਜੂਹ ਦਾ ਅੱਥਰੂ ਲੋਚਣ ਨੈਣ ਮਾਵਾਂ ਦੇ ਅੰਨ੍ਹੇ। (25) ਤੋੜ ਨਾਗ ਦੇ ਪਹਿਰੇ ਖ਼ੂਨੀ ਸੁੱਕੇ ਬਾਗ਼ ਨੂੰ ਜਾਵਾਂ। ਰਾਵੀ ਦੇ ਅੱਥਰੂ ਦਾ ਪਾਣੀ ਬਾਗ਼ ਮੰਗਣ ਤਾਂ ਪਾਵਾਂ। ਡੰਗ ਕਢਾ ਅੱਪਣੇ 'ਚੋਂ ਜਿਸ ਨੇ ਡੱਸੇ ਮੇਰੇ ਵੱਡੇਰੇ, ਸ਼ੀਂਹ ਬਾਜ਼ ਅਸਵਾਰ ਨੂੰ ਓਵੇਂ ਰੋਇ ਰੋਇ ਗਲ ਲਾਵਾਂ। (26) - - - - - - - - - - (ਸ) ਸੁੱਕੇ ਬਾਗ਼ ਸੰਞ ਨੇ ਰੰਗੇ ਸੋਅ ਲਵਾਂ ਮੈਂ ਜਿਹਲਮ ਕੰਢੇ ਹਵਾ 'ਤੇ ਬੈਠ ਕੌਣ ਨੇ ਲੰਘੇ ? ਚੜ੍ਹੇ ਸੰਜੀਵਨੀਆਂ ਦੇ ਤਾਰੇ ਸ਼ੂਕਰ ਸੁਣਦੀ ਤੀਰਾਂ ਦੀ। (1) ਸੰਞ ਪਈ ਥਲ ਮਾਰੇ ਹਾਕਾਂ, ਭੈਣ ਭਰਾਵਾਂ ਦਿਲ ਦੇ ਸਾਕਾਂ ਕਿੱਥੇ ਛਡਿਉਮ, ਕਿੰਞ ਮੈਂ ਆਖਾਂ ? ਮਛਲੀ ਹਾਥ ਲਵੇ ਨ ਓਵੇਂ ਵਤ ਜਿਹਲਮ ਦਿਆਂ ਨੀਰਾਂ ਦੀ। (2) ਔਹ ਅਸਵਾਰਾਂ ਹੌਲ ਜਗਾਏ ਜਿਉਂ ਤਕਦੀਰਾਂ ਲਿਖਣੇ ਆਏ ਖੂਹ 'ਤੇ ਕੁੜੀਆਂ ਰੋਇ ਬੁਲਾਏ— ਨਾਲ ਘੋੜਿਆਂ ਦੇ ਪਈ ਉੱਡੇ ਵਾਜ ਗੁਆਚੇ ਵੀਰਾਂ ਦੀ। (3) ਬੋਲ ਯਤੀਮਾਂ ਦੇ ਦਰਮਾਂਦੇ ਲਾ-ਮਕਾਂ ਨੂੰ ਕੈਦ 'ਚ ਪਾਂਦੇ ਘੇਰ ਦੀਵਾਰ ਦਰਦ ਦੀ ਲਿਆਂਦੇ- ਬੇ-ਕਿਰਾਂ ਵਲ ਮੂੰਝਾਂ ਦੇ ਹੜ੍ਹ ਚਾੜ੍ਹਣ ਕਾਂਗ ਜ਼ੰਜੀਰਾਂ ਦੀ। (4) ਮਲ੍ਹਿਆਂ ਉਹਲੇ ਬਚੜੇ ਰੋਂਦੇ ਕੌਣ ਲਹੂ ਨਦੀ ਵਿਚ ਧੋਂਦੇ ਲਭ ਲਭ ਭਾਰ ਕਾਫ਼ਲੇ ਢੋਂਦੇ- ਬਾਬਲ ਅੱਖੀਆਂ ਨਾਲ ਲਗਾਂਦੇ ਗੰਢ ਨਿਮਾਣੀਆਂ ਲੀਰਾਂ ਦੀ। (5) ਬ੍ਰਿਛਾਂ ਵਿਚ ਟੋਂਹਦੀਆਂ ਫਾਹੀਆਂ ਡੈਣਾਂ ਪੀਣ ਹਨੇਰ ਤਿਹਾਈਆਂ ਪੀਲੂ ਚੁਗਦੀਆਂ ਘਰੀਂ ਨ ਆਈਆਂ– ਖ਼ਾਬ ਵੇਖਦੇ ਸੁੰਞੇ ਬੂਹੇ– ਰੋਹੀ ਛੋਡ ਕਰੀਰਾਂ ਦੀ। (6) ਧਾਹਾਂ ਮਾਰਨ ਸਾਲ ਮਹੀਨੇ ਬੱਚਿਓ ਚੜ੍ਹੋ ਨ ਫਲਕ ਦੇ ਜ਼ੀਨੇ ਅਜੇ ਦੁੱਧ ਧਰਤ ਦੇ ਸੀਨੇ— ਸੁੱਕੇ ਬਾਗ਼ 'ਚ ਮਾਵਾਂ ਢੂੰਡੇ ਝੀਣੀ ਬਾਣਿ ਸਮੀਰਾਂ ਦੀ। (7) ਜੂਹ ਜੀਵਨ ਜਾਂ ਮੌਤ ਦੀ ਮੱਲਾਂ ? ਮੋਇਆਂ ਨਾਲ ਨ ਹੋਵਣ ਗੱਲਾਂ। ਮੋਹ ਧਰਤ ਦਾ ਮਾਰੇ ਛੱਲਾਂ- ਕਿਸ ਨੇ ਸ਼ਰਤ ਲਗਾਈ ਹੋਈ ਧਰਤੀ ਨਾਲ ਅਖ਼ੀਰਾਂ ਦੀ? (8) ਖ਼ੂਨ ਪੁਰਾਣਾ ਆਇਆ ਚੜ੍ਹ ਕੇ ਮੋੜਿਆਂ ਮੁੜੇ ਨ, ਖ਼ਾਕ 'ਚ ਅਟਕੇ, ਕੂਕੇ ਵਿਚ ਇਲਹਾਮ ਦੇ ਵਰਕੇ– ਸਮੇਂ ਦੀ ਮਹਾਂ ਤੇਗ 'ਤੇ ਕਟਕੀ ਬਿਜਲੀ ਕੋਟ ਜ਼ਮੀਰਾਂ ਦੀ। (9) ਰੀਣੇ ਕੰਨ, ਨਜ਼ਾਮਨ ਬੋਲੇ ਥੀ ਸ਼ਰਮਿੰਦਾ ਨੈਣ ਨ ਖੋਲ੍ਹੇ ਰੁਲਦੇ ਅਮਲ ਨ ਮੇਰੇ ਫੋਲੇ- ਛੁਪ ਮੁਨਸਿਫ਼ ਦੇ ਅਦਲ ਨੇ ਪਕੜੀ ਰਗ ਸੁਲਤਾਨ ਅਮੀਰਾਂ ਦੀ। (10) ਕੱਪਰ ਚੜ੍ਹੇ ਸਬਰ ਤੋਂ ਤਕੜੇ ਡੂੰਘੇ ਵਹਿਣ ਜਾਨ ਦੇ ਪਕੜੇ ਘੇਰ ਘੇਰ ਸਾਹ ਮੇਰੇ ਜਕੜੇ– ਅਜੇ ਵੀ ਸਿਦਕ ਮੇਰੇ ਨੂੰ ਸੁਣਦੀ ਸੋਅ ਭੁੱਲੀ ਕੋਈ ਹੀਰਾਂ ਦੀ।(11) ਔਹ ਹਰਿਆਂ ਬਿਰਖਾਂ ਦੇ ਪਾਰਾਂ ਖੂਹ 'ਤੇ ਪੀਰ ਮਨਾਵਣ ਨਾਰਾਂ ਸੈਨਤਾਂ ਮਾਰਨ ਜਿਵੇਂ ਫੁਹਾਰਾਂ- ਪਾਣੀ ਭਰਨਾ ਯਾਦ ਰਿਹਾ ਨ ਤੱਕਣ ਵਾਟ ਜ਼ਹੀਰਾਂ ਦੀ। (12) ਗ਼ੈਬੀ ਕਲਮ ਤੋੜ ਕੇ ਹੱਸਣ ਰਮਜ਼ ਨ ਪੀਰ ਫ਼ਕੀਰ ਨੂੰ ਦੱਸਣ ਪੋਠੋਹਾਰ ਦੀ ਜੂਹ ਵਿਚ ਵੱਸਣ— ਖੂਹ 'ਤੇ ਸਿਹਰ ਹੁਸਨ ਦਾ ਪਾ ਕੇ ਅਰਜ਼ ਨ ਸੁਣਦੀਆਂ ਪੀਰਾਂ ਦੀ। (13) ਗ਼ਮਜ਼ੇ ਫੜਣ ਪੌਣ ਦੀ ਵੀਣੀ ਨਾਜ਼ ਵਿਚ ਜਿਉਂ ਬੈਠੀ ਸ਼ੀਹਣੀ ਫੜੀ ਵਣਾਂ ਦੀ ਵਾਟ ਉਡੀਣੀ- ਵੇਖ ਰਹੀ ਨਬੀਆਂ ਦੇ ਚਿਹਰੇ ਉਡ ਬਿਜਲੀ ਤਹਰੀਰਾਂ ਦੀ। (14) ਜੋ ਨੂਰੀ ਇਲਹਾਮ ਨਾ' ਖੇਲ੍ਹੀ ਜਿਸ ਨੇ ਨਜ਼ਰ ਹੜਾਂ ਵਿਚ ਠੇਲ੍ਹੀ ਤਕ ਮੈਨੂੰ ਕੂਕੀ ਅਲਬੇਲੀ : “ਕਿਸ ਨੇ ਨਜ਼ਰ ਮਿਲਾਈ ਅੜੀਓ ਕੁੜੀਆਂ ਨਾਲ ਫ਼ਕੀਰਾਂ ਦੀ।(15) “ਮੀਂਹਾਂ ਵਿਚ ਉਡਾਵਾਂ ਝੁੰਮਰ ਨਦੀਆਂ ਬੰਨ੍ਹ ਸੁਆਵਾਂ ਘੁੰਮਰ ਇਲਮਾਂ ਤਾਈਂ ਭੁਲਾਵਾਂ ਹੁੱਨਰ— ਸਭ ਪਤਾਲ ਤਕ ਪੀਂਘਾਂ ਝੂਟਾਂ ਚੜ੍ਹ ਕੇ ਲਹਿਰ ਮੁਨੀਰਾਂ ਦੀ। (16) “ਸੁਣ ਵੇ ਰਾਹੀ। ਸੁਣ ਵੇ ਰਾਹੀ ! ਅਮਲਾਂ ਨਾਲ ਜਿੰਦ ਪਰਨਾਈ ਇਕ ਪਲ ਦੇਖ ਲਵੇਂ ਜੇ ਮਾਹੀ ! ਮੈਨੂੰ ਬਾਤ ਨ ਭਾਉਂਦੀ ਉੱਕਾ ਮਿਲਖਾਂ ਅਤੇ ਜਾਗੀਰਾਂ ਦੀ।” (17) “ਭਰ ਲੈ ਖੂਹ ’ਤੇ ਪਾਣੀ ਜੀਵੇਂ ! ਅਜੇ ਬੋਲ ਨ ਤੇਰੇ ਨੀਵੇਂ ਜ਼ਹਿਰ ਨ ਸੁੱਕੇ ਬਾਗ਼ ਦੀ ਪੀਵੇਂ— ਮੇਰੇ ਰਾਹ ਦੀ ਹਵਾ ਨੇ ਚੁੱਕੀ ਭਾਰੀ ਸੱਦ ਨਕੀਰਾਂ ਦੀ।” (18) ਆਖ ਮੈਂ ਤੱਕਿਆ ਦੂਰ ਦੁਰਾਡੇ ਫਾਹੀਆਂ ਪਾਉਣ ਘਾਮ ਤੇ ਜਾਡੇ, ਸੁੱਕੇ ਬਾਗ਼ ਕਸੇ ਹੋਏ ਸਾਡੇ ! ਦੇਵਣ ਕੌਣ ਦਿਲਾਸੇ ਡਾਢੇ ? “ਰੋਸੀ ਵਿਲਕ ਕੇ ਮਾਵਾਂ ਅੱਗੇ ਕਦੇ ਧਾਰ ਸ਼ਮਸ਼ੀਰਾਂ ਦੀ। (19) - - - - - - - - - - ਵੈਣ ਸੁਣਨ ਜਦ ਜਾਵਾਂ ਅੱਗੇ ਰੋਹੀਆਂ ਵਿਚ ਹਲਾਹਲ ਵੱਗੇ ਵਿਚ ਕੰਦਰਾਵਾਂ ਵੱਜਣ ਡੱਗੇ ਖੂਹ 'ਤੇ ਅਜੇ ਵੀ ਦੀਵਾ ਜੱਗੇ ! ਤਲਖ਼ ਹਵਾ ਦਾ ਪਿੰਡਾ ਚੀਰੇ ਸੁੰਨੀ ਜੂਹ ਦੀ ਹਾਸੀ ਵੋ।(1) ਨ ਇਹ ਪੋਠੋਹਾਰ ਨ ਬਾਰਾਂ ਨ ਇਹ ਧਰਤੀ ਨ ਇਹ ਪਾੜਾਂ ਨ ਰੋਹੀਆਂ ਨ ਵਿਚ ਪਹਾੜਾਂ ਬਸ ਘੇਰਣ ਹੜ੍ਹ ਵਾਂਗ ਪੁਕਾਰਾਂ- ਅੱਥਰੂ ਆਉਣ ਨ ਅੱਖੀਆਂ ਦੇ ਵਿਚ ਨ ਅਰਦਾਸ ਵਿਗਾਸੀ ਵੋ।(2) ਕੰਦਰਾਂ ਦੀ ਅੱਖ ਖੁਲ੍ਹਦੀ ਜਾਵੇ ਹਉਂ ਮੁਸ਼ਰਿਕ ਦੀ ਝੁੱਲਦੀ ਜਾਵੇ ਬਾਂਗ ਨਮਾਜ਼ ਵੀ ਭੁੱਲਦੀ ਜਾਵੇ ਧਰਤੀ ਦੀ ਪੱਤ ਰੁਲਦੀ ਜਾਵੇ ! ਸਭ ਰਾਹਾਂ 'ਤੇ ਪੈਰ ਸਾੜਦੇ ਸੂਫ਼ੀ ਨਾਥ ਉਦਾਸੀ ਵੋ।(3) ਸੁੱਕੇ ਬਾਗ਼ ਰਾਹਾਂ ਵਿਚ ਰੋਲੇ ਦੋਜ਼ਖ਼ ਦੇ ਸਾਹਾਂ ਵਿਚ ਘੋਲੇ। ਧਰ ਦੇ ਅੰਨ੍ਹੇ ਨੈਣਾਂ ਕੋਲੇ ਚੜ੍ਹਦੇ ਕਾਲੇ ਨਾਗ ਵਰੋਲੇ ! ਅੰਨ੍ਹਾ ਕਲਵੱਤ ਪੁੱਛ ਨ ਚੀਰੇ ਜੂਨੀ ਲੱਖ ਚੁਰਾਸੀ ਵੋ।(4) ਰੂਹ ਅਣਗਿਣਤ, ਖ਼ਾਕ ਨ ਜਾਣੇ ਖ਼ਾਬ ਮੇਰੇ ਬੇ-ਬੱਸ ਨਿਤਾਣੇ ਪਹੁੰਚਾਂ ਕਿਵੇਂ ਝੰਗ ਮਘਿਆਣੇ ? ਰਾਹ ਮਿਟ ਜਾਂਦੇ ! ਕਰਾਂ ਕੀ ਮਾਣੇ ? ਮੇਰੇ ਸਾਹ ਨੂੰ ਛੱਡ ਛੱਡ ਨੱਸੇ ਜਾਨ ਧਰਤ ਦੀ ਪਿਆਸੀ ਵੋ।(5) ਮੇਰੇ ਹੱਥ ਚਰਖ ਨੇ ਚੀਰੇ ਕਿਤੇ ਕਾਫ਼ਲੇ ਗੁਫ਼ਾ 'ਚ ਪੀੜੇ— ਰੋਕਣ ਦਇਆਹੀਣ ਦਰ ਭੀੜੇ ਲਹੂ ਦੀ ਕਾਂਗ 'ਚ ਤੁਰਦੇ ਕੀੜੇ ! ਮੇਰੇ ਸੁਪਨ ਹੀ ਵਿੰਨ੍ਹਦੀ ਭੈੜੀ ਮੇਰੀ ਰਗ ਦੀ ਫਾਸੀ ਵੋ।(6) ਸਭ ਦੀ ਭਟਕਣ ਹੌਲ ਜਗਾਵੇ ਕੋਟ ਕੋਹਾਂ ਤੋਂ ਫਾਹੀਆਂ ਪਾਵੇ ਰਗ ਫੜ ਸ਼ੋਰ ਦੀ ਕਾਗ ਉਡਾਵੇ ਦੀਪ ਬੁਝਾ ਕੇ ਮਾਸ ਖੁਆਵੇ। ਤਾਰਿਆਂ ਤੀਕਨ ਮੇਰੇ ਗੁਨਾਹ ਦੀ ਨਜ਼ਰ ਕਿਸੇ ਨੇ ਕਿਆਸੀ ਵੋ।(7) ਖੂਹ ਵਿਚ ਕੂਕ ਕਿਸੇ ਦੀ ਹੰਭੀ ਹੱਡੀਆਂ ਚੱਟ ਕੋਈ 'ਵਾ ਲੰਘੀ ਕੁੱਲ ਖਲਾ ਵਿਚ ਆਈ ਤੰਗੀ ਹੂੰਗਰ ਮਾਰ ਦੁਆ ਮੈਂ ਕੰਬੀ- ਚੂੰਡੇ ਰੋਹ ਵਿਚ ਸ਼ਾਹ ਰਗ ਮੇਰੀ ਥਲ ਦਾ ਕਾਗ ਨਿਵਾਸੀ ਵੋ।(8) ਵੱਢੇ ਕਾਫ਼ਲੇ ਬਾਰ ਦੇ ਬੰਨੇ ਨੈਣ ਕਰੇ ਮਾਵਾਂ ਰੋ ਅੰਨ੍ਹੇ- ਸੁੱਕੇ ਬਾਗ਼ ਨਾ' ਮੈਂ ਸਿਰ ਭੰਨੇ ਦੇਸ ਆਇਮ ਪਰ ਕੁਈ ਨ ਮੰਨੇ ! ਬ੍ਰਿਹਾ ਦੀ ਕੁਈ ਚੀਖ ਸੁਣੀ ਨ ਜ਼ਹਿਰ ਭਰੀ ਇਸ ਹਾਸੀ ਵੋ।(9) (ਹ) (ਉਡਦਾ ਸਰਾਪ) ਮੈਨੂੰ ਕਿਸੇ ਹਲਾਹਲ ਚਾਇਆ ਘੁੰਮਦੀ ਚਰਖੜੀ ਉੱਤੇ ਪਾਇਆ; ਜ਼ਖ਼ਮੀ ਸਿਰ 'ਤੇ ਕਾਗ ਬੈਠਾ ਕੇ ਸੜਦੇ ਸ਼ਹਿਰਾਂ ਵਿਚ ਘੁਮਾਇਆ। ਉਂਝ ਤਾਂ ਹੰਝੂ ਦੋ ਹੀ ਆਏ ਕੋਟ ਕੋਹਾਂ ਮੈਂ ਸਫ਼ਰ ਮੁਕਾਇਆ। ਬਾਰ ਦੇ ਜ਼ਖ਼ਮਾਂ 'ਤੇ ਪਗ ਧਰਦਾ ਸੁੱਕੇ ਬਾਗ਼ ਦੇ ਦਰਾਂ 'ਤੇ ਆਇਆ। ਰਾਤ ਗੁਫ਼ਾਵਾਂ ਵਿੱਚੋਂ ਉਛਲੀ ਪਾਟ ਗਿਆ ਸਦੀਆਂ ਦਾ ਸਾਇਆ। - - - - - (ਧਰਤੀ ਦਾ ਖ਼ਾਮੋਸ਼ ਸਰਾਪਿਆ ਬੁੱਤ) ਖੜਾ ਖ਼ਾਮੋਸ਼ ਖ਼ੂਨ ਦਾ ਝੱਖੜ ! ਨੂਹ ਤਕ ਸੰਗ ਬਣੇ ਸਭ ਕੱਪਰ ! ਕੋਹ-ਨਿਸ਼ਾਨ ਮੌਤ ਦੇ ਬਣ ਕੇ ਸੁੱਕੇ ਬ੍ਰਿਛ ਘਿਰੇ ਵਿਚ ਚੱਕਰ। ਨੀਂਦ ਦੀ ਇਕ ਕਣੀ ਲਈ ਸਿਕਦੇ ਮੋਏ ਵਣੀਂ ਉਡੀਕਣ ਸੱਕਰ। ਕੌਮ ਦੇ ਵੱਡੇ ਟੋਹ ਟੋਹ ਲਭਦੇ ਭੁੱਲੀ ਨਦੀ 'ਚ ਉਮਰ ਦੀ ਵੱਖਰ। ਅੱਗ ਦੀ ਝੜੀ ਹਿੱਲ ਨ ਸੱਕੇ ਪਾਟ ਗਿਆ ਸਿਹਰਾਂ ਦਾ ਅੱਖਰ - - - - - (ਸਰਾਪ ਅਤੇ ਮਿਹਰ ਦੇ ਪੈਂਡੇ) ਅੱਧੀ ਰਾਤ ਕਹਿਰ ਦੇ ਪੈਂਡੇ ਸੁੱਕੇ ਬਾਗ਼ ਚ ਸ਼ੂਕੇ। ਬੇਪਛਾਣ ਰੁੱਖਾਂ ਦੇ ਪਿੰਜਰ ਨਾਲ ਮਜ਼ਾਰਾਂ ਕੂਕੇ। ਹੱਡੀਆਂ ਦੀ ਕੋਈ ਰਾਖ ਪੁਰਾਣੀ ਬੇਰੱਸ ਟਿੰਘ ਹਿਲਾਏ। ਬੇਅਬਾਦ ਖੂਹਾਂ ਦੇ ਹੰਝੂ ਵੈਣਾਂ ਵਿਚ ਛੁਪਾਏ। ਬੇਰੱਸ ਪੱਤਿਆਂ ਵਿੱਚੋਂ ਲੰਘਦੀ ਹੂੰਗਰ ਕੋਈ ਖਲੋਏ। ਧਰ ਵਿਚ ਨੇਸਾਂ ਵਾਂਗ ਖੁਭੇ ਨੇ ਰੁੱਖ ਬਾਗ਼ਾਂ ਦੇ ਮੋਏ। ਬੇਅਬਾਦ ਖੂਹਾਂ 'ਤੇ ਜਗਦਾ ਦੀਵਾ ਬਹੁਤ ਨਿਮਾਣਾ। ਸੜਿਆਂ ਮੁੱਢਾਂ 'ਤੇ ਲੋਅ ਪੈਂਦੀ ਜਿਉਂ ਕੋਈ ਕੌਲ ਪੁਰਾਣਾ । ਦੀਵੇ ਦੀ ਲੋਅ ਸਾਹਵੇਂ ਰੁਲਦੇ ਉਲਝੇ ਵਾਲ ਅਨੇਕਾਂ। ਬਾਗ਼ ਦੀ ਸੁੰਞ 'ਤੇ ਭਾਰ ਪਾਉਂਦੀਆਂ ਧੀਮੀਆਂ ਡੂੰਘੀਆਂ ਰੇਖਾਂ। ਏਸ ਬਾਗ਼ ਦੀ ਕਾਰ ਨਾ ਟੱਪਣ ਬੁਝੀ ਹਸ਼ਰ ਦੀਆਂ ਧੂੜਾਂ। ਏਸ ਬਾਗ਼ ਦੀ ਸੁੰਞ ਨ ਵੇਖਣ ਕੇਸ ਵਹੁੰਦੀਆਂ ਹੂਰਾਂ। ਬਾਗ਼ ਦੀ ਰਗ ਨੂੰ ਖ਼ੂਨੀ ਬੁਰਜੋਂ ਫੜਣ ਵਿਸ਼ੈਲੀਆਂ ਤੰਦਾਂ। ਮੈਂ ਪਰ 'ਵਾ ਕਨਿਆਨ ਦੀ ਛੁਹ ਕੇ ਰੋਹ ਕੁਲਜ਼ਮ ਦਾ ਲੰਘਾਂ। ਹੌਲ ਪਿਆ, ਟਿੰਘਾਂ ਵਿਚ ਫਸੀਆਂ, ਝਲਕਾਂ ਪਾਵਨ ਮੰਜੂ। ਕੈਦੀਆਂ ਵਾਂਗੂ ਦੇਖ ਰਹੇ ਸੀ ਮਾਂ ਮੇਰੀ ਦੇ ਹੰਝੂ। ਤਪ ਤਪ ਤਾਰਿਆਂ ਤੀਕਨ ਉੱਠੇ, ਰੋਗ ਬਾਗ਼ ਦੇ ਭਾਰੀ। ਚੰਨ ਸੂਰਜਾਂ ਦੇ ਗਲ ਪਾਈ, ਗਹਿਰ ਕੋਈ ਦੁਖਿਆਰੀ। ਪਲ ਵਿਚ ਸੁੰਞ ਦਾ ਕਹਿਰ-ਭਬੂਕਾ, ਅਜ਼ਲਾਂ ਤੀਕਨ ਬਲਦਾ। ਪਲ ਵਿਚ ਦੇਖ ਮਾਹੀ ਦੀਆਂ ਵਾਟਾਂ, ਨਾਲ ਨਮਾਜ਼ਾਂ ਰਲਦਾ। ਫੇਰ ਕਿਤੇ ਦੀਵੇ ਦੀ ਲੋਅ ਵਿਚ, ਬੁੱਢੇ ਬਾਜ਼ ਨੂੰ ਦੇਖਾਂ; ਸੁੱਕੇ ਬਾਗ਼ 'ਚ ਮੋੜ ਲਿਆਂਦਾ ਜਿਸ ਨੂੰ ਗੁਜ਼ਰੇ ਲੇਖਾਂ। ਬੁੱਢੇ ਬਾਜ਼ ਦੇ ਸਿਰ 'ਤੇ ਘੁੰਮਣ ਹਸ਼ਰ ਵਰੋਲੇ ਲੱਖਾਂ। ਸਾੜ ਦੇਣ ਬੇਅਦਲੀ ਜੀਭਾਂ ਵਾਂਗ ਨਿਤਾਣੇ ਕੱਖਾਂ। ਸੋਈ ਬੂੰਦ ਬਾਜ਼ ਦੀਆਂ ਨਜ਼ਰਾਂ ਬਾਗ਼ ਦੀ ਸੁੰਞ 'ਚ ਫੋਲਣ; ਜਿਹੜੀ ਬੂੰਦ ਨੂੰ ਧੀਆਂ ਵਾਂਗੂੰ ਸੁੱਕੀਆਂ ਨਦੀਆਂ ਟੋਲਣ। ਕੋਹਾਂ ਲੰਘ ਫੇਰ ਕੁਈ ਦੀਵਾ ਰੇਤਾਂ ਦੇ ਵਿਚ ਜਗਦਾ। ਬਾਗ਼ ਨੂੰ ਫਾਹੀਆਂ ਦੇ ਵਿਚ ਕਸਦਾ ਬੋਲ ਪਿਆਸੀ ਰਗ ਦਾ। ਨਦੀ ਦੀ ਸੁੰਞੀ ਪੈੜ ਵਿਚਾਲੇ ਸ਼ੀਂਹ ਸੁੱਤਾ ਇਕ ਦੇਖਾਂ। ਗਗਨ ਅਨੰਤ ਨੂੰ ਚੀਰ ਕੇ ਲੰਘਣ ਜਿਸ ਦੇ ਰਾਹ ਦੀਆਂ ਰੇਖਾਂ। ਬਾਗ਼ ਦੇ ਖੜ ਖੜ ਪੱਤਿਆਂ ਉਹਲੇ ਤੁਰਦੇ ਕਾਫ਼ਲੇ ਜਾਪਣ। ਮੌਤ ਦੀਆਂ ਨੀਂਦਾਂ ਵਿਚ ਰੇਤਾਂ ਪਾਪ ਨੂੰ ਤੁਰ ਤੁਰ ਨਾਪਣ। ਸੁੱਤਾ ਸ਼ੀਂਹ ਜਾਗ ਸਿਰ ਚੁੱਕੇ, ਬਿੜਕ ਲਵੇ ਸੌਂ ਜਾਵੇ। ਨੀਂਦ ਵਿਚ ਘੋੜਾਂ ਦੀਆਂ ਟਾਪਾਂ ਸੁਣੇ, ਨੈਣ ਭਰ ਆਵੇ। ਮੈਂ 'ਕੱਲਾ ਪਰਦੇਸੀ ਭੈਅ ਵਿਚ ਕਿਸ ਨੂੰ ਪਿਆ ਚਿਤਾਰਾਂ। ਬਾਰ ਦੇਸ਼ ਦੇ ਮੋਹ ਵਿਚ ਛਿਪੀਆਂ ਰਾਵੀ ਵਰਗੀਆਂ ਨਾਰਾਂ। ਸ਼ੀਂਹ ਦੇ ਨੈਣ ਭਰਣ ਭਰ ਡੁੱਲ੍ਹਣ ਖ਼ਾਲੀ ਰੁੱਖ ਨਿਹਾਲਣ। ਜੋ ਮੋਇਆਂ ਯਾਰਾਂ ਦੀਆਂ ਗੱਲਾਂ ਦੱਸ ਕੇ ਜਿੰਦ ਨ ਜਾਲਣ। ਕੌਣ ਵੈਣ ਪਾਉਣ ਲਈ ਆਈ ਕਾਲੀ ਰਾਤ ਦੇ ਉਹਲੇ ? ਪੌਣ ਰਹੀ ਵਾਸਤੇ ਪਾਉਂਦੀ ਸੁੱਕੇ ਬ੍ਰਿਛ ਨ ਬੋਲੇ। ਇਕ ਪਲ ਹੌਲ ਪਿਆ ਜਿਉਂ ਦੱਸਣ ਅੱਪਣੇ ਅੱਪਣੇ ਬੇਲੀ। ਸਹਿਮੇ ! ਸੁੰਨ ਪਤਾਲ 'ਚ ਵਗਦੀ ਨਜ਼ਰ ਨ ਨਦੀ 'ਚ ਠੇਲ੍ਹੀ। ਕਾਲੀ ਰਾਤ ਬ੍ਰਿਹਾ ਦੀਆਂ ਚੀਸਾਂ ਬਾਗ਼ ਦੀ ਰਗ ਰਗ ਮੁੱਠਣ। ਮਿੱਟੀ ਦੇ ਵਿਚ ਨੀਂਦ ਜਿਨ੍ਹਾਂ ਨੂੰ ਆਈ, ਅਜੇ ਨ ਉੱਠਣ । ਸ਼ੀਂਹ ਸਰ੍ਹਾਣੇ ਹੂਰ ਖੜੀ ਕੋ ਮੈਂ ਤੱਕੀ ਪਹਿਚਾਣੀ। ਉਹੀਓ ਹੁਸਨ ਅੰਞਾਣਾ ਖੇਡੇ ਉਹੀਓ 'ਵਾਜ ਪੁਰਾਣੀ। ਦੂਰ ਪਰੇ ਬੇਲੇ ਛੱਡ ਖੜੀਆਂ ਤੱਕਣ ਰਾਵੀ ਹੀਰਾਂ। ਕੋਲ ਨ ਆਵਣ ਰੋਇ ਬੁਲਾਵਣ ਖੜ੍ਹ ਵਿਚ ਸੰਞ ਦੇ ਨੀਰਾਂ। ਸੁੱਕੇ ਬਾਗ਼ ਜਗੇ ਪਿਆ ਦੀਵਾ ਰਾਵੀ ਵੇਖ ਮੈਂ ਰੋਇਆ। ਪੱਤਿਆਂ ਦੀ ਖੜ ਖੜ ਨਿਰਮੋਹੀ ਸੁਣ ਸੁਣ ਕੇ ਸ਼ੀਂਹ ਮੋਇਆ। ਮੈਂ ਕੁਰਲਾਇਆ : ਬੁੱਢਾ ਸ਼ੀਂਹ ਇਹ ਕੌਣ ਅਜਨਬੀ ਪਿਆਰੀ ? ਸ਼ਮਸ਼ਾਨਾਂ ਵਿਚ ਚਿਰਾਂ ਤੋਂ ਜਿਸਦੀ ਗਰਜ ਸੁਣਾਂ ਮੈਂ ਨਿਆਰੀ।” ਮੈਂ ਪੁੱਛਾਂ : “ਦੱਸ ! ਸੁੱਕੇ ਬਾਗ਼ 'ਚ ਤਿੰਨ ਦੀਵੇ ਕਿਉਂ ਜਗਦੇ ? ਬੁੱਢਾ ਬਾਜ਼ ਕਦੋਂ ਦਾ ਏਥੇ, ਨੀਰ ਨ ਕਦੋਂ ਦੇ ਵਗਦੇ ?” ਰਾਵੀ ਕਹੇ ਕਿ “ਮੋਹ ਧਰਤੀ ਦੇ ਫਲੇ ਫੁਲੇ ਜਿਸ ਰੁੱਤੇ। ਕੌਮ ਤੇਰੀ ਦੇ ਮਨ ਓਦੋਂ ਹੀ ਗੁਰਾਂ ਦੇ ਵਿਹੜੇ ਸੁੱਤੇ। “ਦਿਲ-ਦੁਪਹਿਰ ਦੇ ਤਿੰਨੇ ਦੀਵੇ ਹਿੱਸਦੇ ਜਲਦੇ ਜਾਣੋ। ਧਰਤੀ ਦਾ ਮੋਹ, ਸਿਦਕ ਕਦੀਮੀ, ਮਾਂ-ਅਸੀਸ ਪਹਿਚਾਣੋ। “ਸੁੱਕੀਆਂ ਨਦੀਆਂ ਨਾਲ ਹੀ ਸੁੱਕੇ, ਕੌਮ ਦੇ ਲੰਮੇ ਜੇਰੇ । ਪਿਆਸੇ ਘੋੜੇ ਲੈ ਕੇ ਤੁਰ ਗਏ, ਬਾਗ਼ 'ਚੋਂ ਤੇਰੇ ਵਡੇਰੇ। “ਜਦੋਂ ਕਾਫ਼ਲਾ ਰੋਗ ਨ ਜਾਣੇ ਹੋ ਕੇ ਦੀਨ ਨਿਥਾਵਾਂ; ਤਦੋਂ ਵਤਨ ਦੇ ਰੁੱਖਾਂ ਹੇਠਾਂ ਭੁੱਲਣ ਬਚੜੇ ਮਾਵਾਂ। “ਘਾਇਲ ਹੁਸੈਨ ਨਦੀ ਦੇ ਕੰਢੇ ਪਾਣੀ ਪੀਣ ਜਾਂ ਆਵਣ; ਉਦੋਂ ਫ਼ਰੇਬ ਦੇ ਵਾਣ ਦੋਜ਼ਖ਼ੀ ਵਗਦੇ ਨੀਰ ਸੁਕਾਵਣ । “ਬਾਜ਼ ਕੌਮ ਦੇ ਦਿਲ ਦਾ ਸੁਪਨਾ ਅੱਖੀਆਂ ਵਿਚ ਵਸਾਵੇ। ਹਿਰਸ ਫ਼ਰੇਬ ਹਸਦ ਦੀ ਲੂ ਵਿਚ ਕੌਮ ਜਦੋਂ ਸੜ ਜਾਵੇ : “ਉਡਦੀ ਰਾਖ ਵੇਖਦਾ ਰਹਿੰਦਾ ਸੁੱਕੇ ਬਾਗ਼ 'ਚ ਬਹਿ ਕੇ, ਸਿਕਦਾ : ਘੁੰਮਦੇ ਚਰਖ ਆਉਣਗੇ ਅਸਵਾਰਾਂ ਨੂੰ ਲੈ ਕੇ। “ਗਈਆਂ ਗਰਕ ਖੂਹਣੀਆਂ ਜਿੱਧਰ ਉਸ ਪਾਸੇ ਮਨ ਥੀਵੇ। ਗਹਿਰ 'ਚੋਂ ਉਤਰ ਪੈੜ ਅੰਞਾਣੀ ਕਹੇ : ਹੀਰ ਪਈ ਜੀਵੇ। “ਸ਼ੀਂਹ ਦੇ ਲੰਮੇ ਜੇਰੇ ਵੇਖੇ ਵਿਚ ਫ਼ਜਰਾਂ ਦੀ ਲੋਇ। ਜਦੋਂ ਕੌਮ ਦੀਆਂ ਨਜ਼ਰਾਂ ਸਾਹਵੇਂ ਵਗਦੇ ਅਟਕ ਖਲੋਏ। “ਫੇਰ ਜਦੋਂ ਅਸਵਾਰ ਸੀ ਕੋਹੇ ਟੁੱਟੇ ਸ਼ੀਂਹ ਦੇ ਜੇਰੇ। ਜਦੋਂ ਸੀ ਧੀਆਂ ਦੀ ਪੱਤ ਰੋਲੀ ਸਾੜ ਕੇ ਬਾਬਲ-ਵਿਹੜੇ। “ਕੌਮ ਛੱਡ ਸਿਦਕ ਦੇ ਬੇੜੇ ਕੱਪਰਾਂ ਦੇ ਵਿਚ ਡੁੱਬੀ। ਭੁੱਲ ਜਦੋਂ ਧਰਤੀ ਦੇ ਮੋਹ ਨੂੰ ਗੱਲ ਫ਼ਰੇਬ ਦੀ ਪੁੱਗੀ। “ਸ਼ੀਂਹ ਸ਼ਮਸ਼ਾਨਾਂ ਦੇ ਵਿਚ ਰੋਂਦਾ ਦੇਣ ਸਰਾਪ ਹਵਾਵਾਂ; ਆਉਣ ਸੁੱਕੀਆਂ ਰੇਤਾਂ ਦੇ ਵਿਚ ਦੀਪ ਜਗਾਵਣ ਮਾਵਾਂ। “ਸ਼ਮਸ਼ਾਨਾਂ ਤੋਂ ਸੁੱਕੇ ਬਾਗ਼ ਦੇ ਕਰੇ ਤਵਾਫ਼ ਅਨੇਕਾਂ। ਤੁੰਦ ਭਟਕਣਾਂ ਮੀਂਹ ਦੀਆਂ ਹੋਵਣ ਬਲੀ ਦਹਿਰ ਦੀਆਂ ਰੇਖਾਂ।” ਮੈਂ ਕਿਹਾ “ਜੋ ਨਾਲ ਤੇਰੇ ਸੀ ਕਿੱਥੇ ਗਈਆਂ ਹੂਰਾਂ ?” ਰਾਵੀ ਕਹੇ ਉਹ ਤੁਰ ਨ ਸਕੀਆਂ ਨਾਲ ਜ਼ਿਮੀਂ ਦੇ ਨੂਰਾਂ। “ਥਲਾਂ 'ਚ ਸੜਿਆਂ ਬਾਝ ਸੋਹਣੀਆਂ ਪੀਰ ਮਨਾਵਣ ਗਈਆਂ। ਖੰਡਰਾਂ ਉੱਤੇ ਅਮਲ ਦੀ ਗਠੜੀ ਰੋਇ ਵਛਾਵਣ ਪਈਆਂ।” ਮੈਂ ਕਿਹਾ “ਅੱਜ ਸੁੱਕੇ ਬਾਗ਼ ਦੀ ਸੁੰਞ ਵਿਚ ਮਰ ਜਾਵਾਂ।” ਰਾਵੀ ਕਹੇ : “ਦੁਆ ਤੇਰੀ ਨੂੰ, ਮਿਲ ਮਿਲ ਰੋਣ ਝਨਾਵਾਂ। “ਰੋਂਦੇ ਕਾਫ਼ਲਿਆਂ ਨੂੰ ਮਿਲਣਾ ਵਲ ਪੀਰਾਂ ਦੀ ਰੋਹੀ। ਦਹਿਰ ਦੇ ਪੈਂਡੇ ਵੱਤ ਲੈ ਆਸਨ ਅਰਜ਼ ਤੇਰੀ ਜੋ ਕੋਹੀ।” (ਇਤਿ ਸਰਗ ਦੂਸਰਾ)
ਸਰਗ ਤੀਸਰਾ
ਨੂਰ ਮਹਿਲ ਨੂੰ ਵਾਪਸੀ ਸਫ਼ਰ ਵਿਚ ਉਡਦੇ ਖ਼ਿਆਲ -1- ਮੈਂ ਤਕਦਾ ਦਿਲ ਦੀਆਂ ਨਜ਼ੀਰਾਂ ਕੁਝ ਪਲ ਬੈਠਾ ਨਦੀ ਦੇ ਤੀਰਾਂ। ਬੀਤੇ ਸਾਲਾਂ ਦੀਆਂ ਤਾਬੀਰਾਂ ਪੁਛਦਾ ਟੁਰਿਆ ਵਾਂਗ ਫ਼ਕੀਰਾਂ। ਲਹਿਰ ਦੇ ਸੀਨੇ ਭਾਰ ਸਫ਼ਰ ਦੇ ਪਾ ਕੇ ਖੁਰੀਆਂ ਸੂਬਕ ਲਕੀਰਾਂ। ਜੋ ਖ਼ਾਬਾਂ ਵਿਚ ਕਾਫ਼ਲੇ ਘੁੰਮਦੇ ਢੂੰਡ ਲੈਂਦੀਆਂ ਰੋ ਤਕਦੀਰਾਂ। ਧੁੰਧ ਚੀਰ ਤੇਗਾਂ ਦੀ ਗਾੜ੍ਹੀ ਪਾਰ ਵਣਾਂ ਕੁਝ ਤੱਕਿਆ ਨੀਰਾਂ। ਮੁੱਦਤਾਂ ਬੈਠ ਸਬਰ ਦੇ ਬੂਹੇ ਦਿਲ ਵਿਚ ਹੌਲ ਪਾਉਣ ਤਕਸੀਰਾਂ। ਸਮੇਂ ਦੀਆਂ ਛਾਵਾਂ ਦੇ ਉੱਤੇ ਪਾਉਣ ਉਡਦੀਆਂ ਕੂੰਜਾਂ ਭੀੜਾਂ । ਸੁਣੇ ਭੈਣ ਦੇ ਵੈਣ ਪੁਰਾਣੇ ਔਹ ਮੇਲੇ ਵਿਚ ਜੁੜਿਆਂ ਵੀਰਾਂ। ਨਹਿਰਾਂ, ਬੇਲੇ, ਜੰਗਲ ਬਾਰਾਂ, ਬੇਰੌਣਕ ਹੋਏ ਬਾਝ ਫ਼ਕੀਰਾਂ। ਖ਼ਾਲੀ ਹੱਥ ਮੁਰੀਦ ਕੂਕਦੇ ਕਿੰਞ ਚੁੱਕਣ ਬੇਪੀਰ ਜ਼ਮੀਰਾਂ। ਨਭ ਪਤਾਲ ਤਕ ਸੁੰਨ ਸਾਲਾਂ ਦੀ ਕਿਹੜੀ ਰਗ ਚੋਂ ਆਉਣ ਨਫ਼ੀਰਾਂ। ਦੇਖ ਨਬੀ ਦੇ ਸੁੰਞੇ ਬੂਹੇ ਆਹੀਂ ਬਦਲ ਗਈਆਂ ਤਕਬੀਰਾਂ। ਗ਼ਾਰਾਂ ਵਿਚ ਮਿਲਾਂ ਮੈਂ ਜਾ ਕੇ ਮੰਦੇ ਹਾਲ ਸੌਣ ਸ਼ਮਸ਼ੀਰਾਂ। ਸੰਞ ਫ਼ਜਰ ਤੋਂ ਲੁਕ ਲੁਕ ਰਾਤੀਂ ਕਿਹੜੇ ਘਾਟ 'ਤੇ ਜਾਣ ਸਮੀਰਾਂ ? ਹੀਰ ਜੇ ਕਦੇ ਰੰਗਾਵੇ ਸਾਲੂ ਫੇਰ ਮਿਲਾਂ ਮੈਂ ਕਰ ਤਦਬੀਰਾਂ। ਭੁੱਲੇ ਬੀਆਬਾਨ ਵਿਚ ਝੁਕ ਕੇ ਛਾਲੇ ਚੁੱਕੇ ਬਦਰ-ਮੁਨੀਰਾਂ। ਵਰ੍ਹਿਆਂ ਪਿੱਛੋਂ ਖੂਹ 'ਤੇ ਉਹੀਓ ਤਾਰਿਆਂ ਦੀ ਛਾਂ ਢੂੰਡੀ ਪੀਰਾਂ। ਅੱਧੀ ਰਾਤ ਹੇਕ ਪਰਦੇਸੀ ਬੇਲਿਆਂ ਵਿਚ ਪਛਾਣੇ ਪੀੜਾਂ। ਧੂੜੀ ਸੁੱਤੇ ਨਾਜ਼ 'ਤੇ ਗ਼ਮਜ਼ੇ ਬਿਜਲੀਆਂ ਵਾਂਗ ਜਗਾਵਣ ਹੀਰਾਂ। ***** -2- ਬ੍ਰਿਹਾ ਕੁੱਲ ਜ਼ਮੀਨ ਦਾ ਤਾਰਿਆਂ ਵਿਚ ਡੁਬੋ ਬਗ਼ਲਗੀਰ ਅਸਮਾਨ ਨਾ’ ਮੈਂ ਹੋਇਆ ਰੋ ਰੋ। ਹਿਜਰ ਦੀ ਤੰਦ 'ਤੇ ਚਿਰਾਂ ਤੋਂ ਸਿਹਰ ਜਹੀ ਖ਼ੁਸ਼ਬੋ ਵਲਦੀ ਸਾਰੇ ਚਰਖ ਨੂੰ ਗੁਰਦਸ਼ ਵਿਚ ਪਰੋ। ਪਰੀਆਂ ਵਾਂਗੂੰ ਉੱਡ ਕੇ ਨਾਜ਼ਕ ਹੇਕਾਂ ਕੋ ਸੰਧਿਆ-ਸਿਖਰ 'ਤੇ ਬੈਠੀਆਂ ਪਾਰ ਸਮੇਂ ਤੋਂ ਹੋ। ਹਿਜਰ-ਵਸਲ ਦੇ ਪੈਂਡੜੇ ਘੁੰਮ ਹਵਾਵਾਂ ਦੋ ਬਾਬਲ-ਵਿਹੜੇ ਪਰਤੀਆਂ ਰੱਤ ਦੇ ਜਾਮੇ ਚੋ। ਬਾਰ ਦੇ ਬ੍ਰਿਛਾਂ ਹੇਠ ਸੀ ਨਾਰਾਂ ਬੈਠੀਆਂ ਜੋ ਸੁਬਕ ਸਮੇਂ ਵਲ ਵੇਂਹਦੀਆਂ ਪੀਲੇ ਪੱਤਰ ਢੋ। ਗ਼ੈਬੀ ਕਟਕ ਜੋ ਸਮੇਂ ਦਾ ਜਿੰਦ ਫੜੇ ਵਿਚ ਰੋਹ ਭੈਣਾਂ ਕੋਲ ਬਹਾਲਿਆ ਨਜ਼ਰਾਂ ਵਿਚ ਸਮੋ। ਪੀਰ ਪੈਗ਼ੰਬਰ ਗੁਰੂ ਦੇ ਸੁੱਤੇ ਖ਼ਾਬ ਅਛੋਹ, ਕਿੱਥੋਂ ? ਕਦੋਂ ? ਜਗਾ ਲਏ ਕਿਸੇ ਪੁਰਾਣੇ ਮੋਹ। ਕਹਿਕਸ਼ਾਂ ਅਧਰੈਣੀਆਂ ਦੇਣ ਦੁਰੇਡੀ ਸੋਅ, ਕੰਦਰਾਵਾਂ ਵਿਚ ਉਤਰਦੀ ਖੁਰ ਖੁਰ ਫ਼ਜਰ ਦੀ ਲੋਅ। ਪੈਂਡੇ ਨਦੀਆਂ ਵਾਲੜੇ ਧੂੜਾਂ ਲਏ ਲੁਕੋ, ਕਾਫ਼ਲਿਆਂ ਦੇ ਭਟਕਦੇ ਹੌਕੇ ਵੇਹਣ ਖਲੋ। ਵਲ ਬਾਰ ਦੇ ਵਣਾਂ ਮੈਂ ਵਿਚ ਇਕੱਲਾਂ ਖੋ ਮੁੱਢ ਕਦੀਮ ਦੇ ਕੌਲ ਦੀ ਪਿਆ ਸੁਣਾਂ ਕੰਨਸੋਅ। ***** -3- ਨੀਰ ਬ੍ਰਿਹਾ ਦੇ ਸੁੱਕ ਗੇ ਕਿਹੜੇ ਸੁੰਞੇ ਪੱਲ ? ਮੈਂ ਗਿਰੇਬਾਨ 'ਚ ਦੇਖਦਾ ਝੁਕ ਕੇ ਕੋਈ ਇਕੱਲ। ਅੱਥਰੂ ਇਕ ਸੁਕਾਉਣ ਲਈ ਸਦੀਆਂ ਮਾਰੀ ਛੱਲ, ਹੁਣੇ ਜੋ ਦੇਖੇ ਕਾਫ਼ਲੇ ਕਬਰਾਂ ਬੈਠੇ ਮੱਲ। ਘਾਇਲ ਬੱਚੜੇ ਮਾਂ ਲੈ ਚੱਲੀ ਸਰਵਰਾਂ ਵੱਲ, ਹੱਡੀਆਂ ਚੂੰਡਣ ਨਿਕਲੇ ਕਵਨ ਕੁੰਟ 'ਚੋਂ ਥੱਲ! ਭਰ ਝੋਲੀ ਫ਼ਰਿਆਦ ਦੀ ਕਿਸ ਨਾ' ਕਰਾਂ ਮੈਂ ਗੱਲ ? ਕੱਲ ਜਿਨ੍ਹਾਂ ਸੰਗ ਖੇਡਦੀ ਅੱਜ ਉਹ ਚੱਲੋ ਚੱਲ। ਛਿਪੀਆਂ ਕਿੱਥੇ ? ਬਾਗ਼ ਵਿਚ ਪਾਇ ਰਕਾਨਾਂ ਝੱਲ, ਪੁੱਛਾਂ : “ਗਈਆਂ ਮੈਂਡੜੇ ਕਿਹੜੇ ਪਾਸੇ ਖੱਲ੍ਹ ?" ਪੁੱਛਾਂ : “ਦਿਸਦੇ ਕਾਫ਼ਲੇ ਛੁਪ ਜਾਵਣ ਪਾ ਸੱਲ੍ਹ ਅੱਜ ਮਿਲਣ ਕਿਉਂ ਆਏ ਨ ਨਾਲ ਰਹੇ ਜੋ ਕੱਲ ?? ***** -4- ਸੱਦ ਸੁਣੀ ਮੈਂ ਖੜੇ ਹੋ ਕੋਟਾਂ ਰੂਹਾਂ ਨਾਲ, ਲੰਘੇ ਬੁੱਢੀ ਜਿੰਦ ਤੋਂ ਚੜ੍ਹ ਸਾਲਾਂ ਦੇ ਸਾਲ : “ਰੋ ਨ ਮੁੜ ਕੇ ਮਿਲਣਗੇ ਯਾਰ ਪੁਨੀਤ ਰਸਾਲ, ਅੱਖੀਆਂ ਦੇ ਵਿਚ ਵੱਸਣਗੇ ਮੁੱਢ ਕਦੀਮ ਦੇ ਹਾਲ। “ਇਕ ਪਲ ਜਦੋਂ ਉਤਾਰ ਲੈ ਕੱਚੀ ਦੁਨੀ ਦੇ ਜਾਲ, ਭਾਰ ਪਾਉਣ ਜੋ ਜਿੰਦ 'ਤੇ ਰੀਂਗ ਰਹੇ ਵੱਡ ਕਾਲ, “ਤਕਸੈਂ ਕੀਕਨ ਡੋਬਦਾ ਲਖ ਫ਼ਨਾ ਦੇ ਸੁਆਲ, ਬਾਲਪਨੇ ਦੀ ਅੱਖੀਏਂ ਕੋਈ ਮਾਸੂਮ ਜਮਾਲ। “ਕਿਤੇ ਗੁਨਾਹ ਪਛਾਣ ਕੇ ਦੇਣ ਨ ਤੈਨੂੰ ਜਾਲ ! ਹੰਝੂ ਤੈਨੂੰ ਲੈਣਗੇ ਨਾਲ ਦੁਆਵਾਂ ਭਾਲ। “ਕੰਢੜੇ ਖੜ ਕੇ ਵੇਖਸੈਂ ਕਿਸੇ ਪੁਰਾਣੇ ਖਾਲ, ਮਿਟਦੀਆਂ ਕੌਮਾਂ ਵਾਲੜੀ ਬੇਪੀਰ ਕੋਈ ਚਾਲ। “ਜਦ ਕੁਰਲਾਵਣ ਭਟਕ ਕੇ ਕੌਮਾਂ ਵਿਚ ਭੁਚਾਲ, ਮਿਲਸਨ ਪੈੜਾਂ ਤੇਰੀਆਂ ਪੁਛ ਪੁਛ ਤੇਰੇ ਹਵਾਲ। “ਕਹਿਕਸ਼ਾਂ ਤਕ ਵੇਂਹਦੀਆਂ ਹੂਰਾਂ ਦੀਵੇ ਬਾਲ, ਪੁਰਸਲਾਤ ਸੈ ਲੰਘਦੀ ਪੈੜਾਂ ਦੀ ਇਕ ਪਾਲ। “ਕਾਫ਼ਲੇ ਤੈਨੂੰ ਮਿਲਣਗੇ ਮੂੰਹ ਸੁੱਕੇ ਬੇਹਾਲ, ਜ਼ਮਜ਼ਮ ਦੀ ਇਕ ਬੂੰਦ ਨੂੰ ਲੈਣਾ ਥਲਾਂ ਸੰਭਾਲ। “ਨਕਸ਼ ਤੇਰੇ ਜੀ ਮਿਲਣਗੇ ਅਣਗਿਣ ਅੱਖਰ ਗਾਲ, ਸਭ ਕੂੰਟਾਂ ਵਿਚ ਖਿੜਣਗੇ ਜੇ ਤਨ ਸਿਦਕ ਰਵਾਲ। ਹਿਜਰ ਭਰੇਗਾ ਥਲਾਂ ਨੂੰ ਜਦ ਜੀ ਪੈਣ ਕੱਵਾਲ, ਤੇਰਾ ਦੀਵਾ ਟਿਕੇਗਾ ਚੰਨ ਸੂਰਜ ਦੇ ਥਾਲ। “ਐਪਰ ਕੌਮ ਨ ਤੈਂਡੜੀ ਹੋਣੀ ਤੈਂਡੇ ਨਾਲ, ਨੂਰ ਓਸ ਵਿਚ ਰੱਖਸੈਂ ਕੌਮ ਤੋਂ ਵੱਖਰਾ ਤਾਲ।” -5- ਪਹਿਲਾ ਪੜਾ ਮਾਂ-ਦੇਸ਼ ਮੈਂ ਚੱਲਿਆ ਕਿੰਨੇ ਲੰਘ ਪੜਾ, ਦਿਹੁੰ ਰਾਤਾਂ ਦੀ ਧੂੜ ਵਿਚ ਮਿਲਣ ਗੁਆਚੇ ਸਾਹ। ਜਿੰਦ ਮੇਰੀ ਨਾ' ਉੱਡਦੇ ਅਣਦਿੱਸ ਭੈਣ ਭਰਾ, ਖੰਭ ਕਿਸੇ ਅਸਮਾਨ ਦੇ ਹਿੱਕ ਨੂੰ ਛੋਂਹਦੇ ਆ। ਸੰਧਿਆਂ-ਸਿਖਰ 'ਤੇ ਬੈਠੀਆਂ ਪਰੀਆਂ ਨਜ਼ਰ ਝੁਕਾ, ਕੂੰਜਾਂ ਟਿੱਬੀਂ ਬੈਠ ਕੇ ਵੇਹਣ ਕਿਨ੍ਹਾਂ ਦੇ ਰਾਹ ? ਹੱਡੀਆਂ ਦੇ ਰਾਹ ਸੁੰਘਦੀ ਲੰਘਦੀ ਤੁੰਦ ਹਵਾ, ਕਿਸੇ ਮਿਰਗ ਦੇ ਕੰਨ ਵਿਚ ਭੇਦ ਦੇਣ ਕੁਈ ਘਾਹ। ਵਣਾਂ 'ਚ 'ਕੱਲੇ ਘੁੰਮਦੇ ਨਾਗ ਪਏ ਕੁਰਲਾ : “ਧਰਤੀ ਵਿੱਚੋਂ ਸਿੰਮਦੇ ਲੁਕ ਛਿਪ ਕਰੇ ਗੁਨਾਹ।” ਧਰ ਦੀ ਓਸੇ ਰਗ 'ਤੇ ਕਟਕੀ ਕਿਤੋਂ ਬਲਾ ਜਿਸ ਸਾਹ ਰਗ ਚੋਂ ਲੰਘਦੀ ਦਰਵੇਸ਼ਾਂ ਦੀ ਹਾ। ਪੰਛੀ, ਬਿਰਖਾਂ, ਜਲਚਰਾਂ, ਤੱਕੇ ਗਲਾਂ ਤੇ ਫਾਹ। ਨਾਬੀਨਾ ਅਸਮਾਨ ਕੁਈ ਲਿਪਟ ਰਿਹਾ ਵਲ ਖਾ। ਅੰਨ੍ਹਾਪਨ ਕੋਈ ਪੌਣ ਤੇ ਉਡਦਾ ਚਾਦਰ ਪਾ। ਸਾਹ ਧਰਤ ਦੇ ਘੁੱਟ ਕੇ ਖੂਹੇ ਰਿਹਾ ਬਣਾ। ਰਾਹੀ ਕੂਣ ਨ ਆਉਣ ਨ ਪਾਰ ਨਦੀ ਦੇ ਜਾ, ਬਾਗ਼ਾਂ ਦੇ ਵਿਚ ਕੁਮਰੀਆਂ ਸੰਞ ਨੂੰ ਕਰਨ ਦੁਆ। ਫਿਰ ਮੈਨੂੰ ਛੋਹ ਉੱਡੀਆਂ ਨਾਲ ਮਾਸੂਮ ਅਦਾ, ਅੰਨ੍ਹੀਆਂ ਅੱਖਾਂ ਹੋਰ ਹੀ ਖੂਹੇ ਕਹਿਰ ਦੇ ਢਾਹ। ਆਵੇ ਜੋਗੀ ਰਾਂਗਲਾ ਬੋਲ ਜਲਾਂ ਦਾ ਚਾ, ਸੁੱਕੇ ਬਾਗ਼ ਨੇ ਸਿੱਕਦੇ ਲੰਮੇ ਵਰ੍ਹੇ ਲੰਘਾ। ਪੈੜ ਮਿਰੀ ਕੁਈ ਕੂਕਦੀ ਵਿਚ ਮਜ਼ਾਰਾਂ ਜਾ : “ਅੱਥਰੂ ਲੰਘ ਫ਼ਕੀਰ ਦੇ ਮਿਲਣ ਕਦੇ ਦਰਿਆ।” ਕੁਲ ਬਾਰਾਂ ਦੀ ਧੂੜ ਨੂੰ ਅੱਖੀਆਂ ਨਾਲ ਲਗਾ, ਕਿਸੇ ਮਾਂ ਦੇ ਵੈਣ ਮੈਂ ਦਿਲ 'ਤੇ ਰਿਹਾ ਸੰਵਾ। ਦੇਂਦੇ ਨਾਗ ਦਿਲਾਸੜੇ : "ਖ਼ਾਕ ਨ ਹੋਏ ਫ਼ਨਾ, ਮਿਲਣਾ ਕਿਸ ਨੂੰ ? ਚਿਰਾਂ ਦੇ ਦੇਈਏ ਬੋਲ ਜਗਾ।” ***** ਸੰਞ ਪਈ ਮੈਂ ਵੇਖਦਾ ਦੂਰ ਪੱਤਣਾਂ ਵੱਲ। ਜਾਂ ਕੁਝ ਝਉਲੇ ਸਮੇਂ ਦੇ ਜਾਂ ਕੋਈ ਕਮਲੀ ਛੱਲ ! ਵੈਣ ਕਿਸੇ ਨੂੰ ਡੱਕਿਆ ਚੀਸਾਂ ਖਾਇ ਕੇ ਝੱਲ, ਵਣਾਂ ਕਰੀਰਾਂ ਟਾਹਲੀਆਂ ਕਿੱਕਰਾਂ ਬੋਹੜਾਂ ਖੱਲ੍ਹ। ਰੱਖੇ ਬਿਰਖਾਂ ਸਾਂਭ ਕੇ ਦਿਲਾਂ ਦੇ ਗੁੱਝੇ ਸੱਲ੍ਹ, ਕਿੱਥੇ ਰੱਤਾਂ ਡੁੱਲੀਆਂ ਕਦੇ ਨ ਕਰਦੇ ਗੱਲ। ਕੂੰਜਾਂ ਬਾਜ਼ ਤੇ ਕੁਮਰੀਆਂ ਬੈਠੀਆਂ ਟਿੱਬੇ ਮੱਲ, ਬ੍ਰਹਿਮੰਡਾਂ ਦੀ ਜਿਸ ਤਰ੍ਹਾਂ ਸੁੱਤੀ ਪਈ ਇਕੱਲ। ਰੱਤ ਗੁਆਚੀ ਮਿਲੇ ਨ ਲੀਰਾਂ ਰੋਂਦੀਆਂ ਥੱਲ। ਪੰਛੀ ਬਾਤ ਨ ਪੁੱਛਦੇ ਸਾਏ ਬਣੇ ਇਕੱਲ। ***** ਕੰਕਰ ਚੁਗਦੇ ਪੰਖਣੂ ਸਬਰ ਭਰੇ ਵਿਚ ਮੋਹ। ਵੱਲ ਨਦੀ ਫਿਰ ਉੱਡਦੇ ਪਤਾ ਨਹੀਂ ਕਿਉਂ ਰੋ। ਲਹਿੰਦੇ ਪਲ ਕੁ ਵਣਾਂ 'ਤੇ ਪਾ ਅੰਬਰ ਨੂੰ ਖੋਹ। ਪੱਤਰਾਂ ਉੱਤੋਂ ਚੁੱਕਦੇ ਰੱਬ ਜਾਣੇ ਕੀ ਉਹ ! ਪੱਤਣਾਂ ਉੱਤੇ ਕੰਬਦੇ ਹੁਣੇ ਸੀ ਸਾਏ ਜੋ, ਵੇਖਣ ਉੱਡਦੇ ਪੰਖਣੂ ਕਿਰਨਾਂ ਨਾਲ ਖਲੋ। ਡੁੱਬਦਾ ਸੂਰਜ ਲਿਸ਼ਕਿਆ ਕਰ ਪੱਤਣਾਂ 'ਤੇ ਲੋਅ। ਨਾਰਾਂ ਜਲ ਭਰ ਚੁੰਨੀਆਂ ਰੱਤੇ ਕੱਪੜ ਧੋ। ਅੰਬਰ ਚੜ੍ਹ ਕੇ ਪੰਖਣੂ ਲੈਣ ਮੌਤ ਦੀ ਟੋਹ। ਰੱਤੀਆਂ ਲਹਿਰਾਂ ਅੰਦਰਾਂ ਜਲ ਬਲ ਜਾਵਣ ਖੋ। ***** ਰੱਤ ਦੇ ਕੱਪੜ ਧੋ ਰਿਹਾ ਸਮਾਂ ਨਦੀ ਦੇ ਪੰਜ, ਨਾਰਾਂ ਨੈਣ ਡੁਲੇਂਦੀਆਂ ਲੱਖ ਫ਼ਰਿਆਦਾਂ ਕੱਜ। ਦੁੱਖ ਬਿਰਖਾਂ ਦੇ ਚੁੱਕਦੇ ਸਿਰ ਕੱਪਰਾਂ ਦੇ ਵੱਜ, ਡੁਬ ਡੁਬ ਮੋਏ ਪੰਖਣੂ ਨਦੀ ਨ ਜਾਣੇ ਰੱਜ। ਮਾਵਾਂ ਭੈਣਾਂ ਨੱਢੀਆਂ ਫੋਟੋ ਜਿਗਰ ਦੇ ਤੱਜ, ਖੜੀਆਂ ਲੇਖਾ ਲੈਣ ਲਈ ਓਢ ਹਯਾ ਤੇ ਲੱਜ : “ਕੇਸ ਚਿਰਾਂ ਦੇ ਉੱਜੜੇ ਫੜਦੇ ਖਾਰ ਨਿਲੱਜ। ਆਵੇ ਪੀਰ ਜੋ ਦਰਦ ਹੈ 'ਵਾਜ ਕਿਉਂ ਮਾਰਾਂ ਅੱਜ ?” ***** ਨਾਰਾਂ ਖੜੀਆਂ ਧੁੰਧ ਵਿਚ ਢਹਿਣ ਨਦੀ ਦੇ ਤੀਰ। ਗੁੱਝੇ ਕਾਲੇ ਕੱਪਰੀਂ ਜਾਨ ਫਸੀ ਬੇਪੀਰ। ਨਾਰਾਂ ਦੇ ਮਨ ਭਰਮਦੇ ਧੁੰਧਾਂ ਪਰੇ ਅਧੀਰ, ਖ਼ੂਨੀ ਤੇਗਾਂ ਲਿਆਈਆਂ ਸਿਰ ਸ਼ਾਹਾਂ ਦੇ ਚੀਰ। ਘੋੜ ਸਵਾਰਾਂ ਜਾਵਣਾ ਇਕ ਦਿਨ ਹੋ ਦਿਲਗੀਰ, ਡਿੱਗ ਕੌਮਾਂ ਦੀ ਰੁਲੇਗੀ ਮਿਹਰਬਾਨ ਸ਼ਮਸ਼ੀਰ। ਸੂਰਜ ਡੁੱਬਿਆ, ਜਾਵਣਾ ਮਹਿਰਮ ਬਾਝ ਅਖ਼ੀਰ ! ਅੱਥਰੂ ਫੋਲ ਕੇ ਕੰਬਦੇ ਅਸਗਾਹਾਂ ਦੇ ਨੀਰ। ਬ੍ਰਿਹਾ ਦੇ ਦਰਿਆ ਦੇ ਕੰਢੜੇ ਜੁੜੀ ਵਹੀਰ, 'ਵਾ ਵਗੀ ਉਡ ਜਾਏਗੀ ਇਹ ਪਰਦੇਸਨ ਭੀੜ। ਨਾਰਾਂ ਟੁਰਣ ਨ, ਕੂਣ ਨ, ਕਿੱਧਰ ਜਾਣ ਅਸੀਰ ? ਖੜੀ ਘੇਰ ਅਸਮਾਨ ਤੋਂ ਕੋਈ ਅਬੋਲ ਲਕੀਰ। ਧਰਤ ਹਿਲਾ ਕੇ ਫੇਰ ਜਿਉਂ ਕੂਕੀ ਕੋਈ ਜ਼ਮੀਰ : “ਖਿਮਾ ਹਲੀਮੀ ਮਿਹਰ ਦੇ ਪਰ ਕੰਬੇ ਵੇ ਵੀਰ।” ਆਇਆ ਚੱਲ ਕੇ ਦੂਰ ਤੋਂ ਕਾਲੇ ਵੇਸ ਫ਼ਕੀਰ; ਪੈਰ ਬਚਾ ਕੇ ਰੱਖਦਾ, ਹੇਠ ਧਰਤ ਦੀ ਪੀੜ। ਗਲ ਵੈਣਾਂ ਨੂੰ ਲਾਂਵਦਾ ਚੁੱਪ ਬਿਰਖ ਜਿਉਂ ਪੀਰ; ਮੱਥਿਆਂ ਵਿੱਚੋਂ ਕਢਦਾ ਚਿਰਾਂ ਦੇ ਖੁੱਭੇ ਤੀਰ। ਕੰਨ ਅਸੰਖ ਅਕਾਸ਼ ਦੇ, ਆਖੇ ਭੇਦ ਮੁਸ਼ੀਰ। ਲਿਸ਼ਕੀ ਕਾਲ ਦੇ ਪਰਬਤੀਂ ਰਹਿਮਤ ਦੀ ਤਕਦੀਰ। ਸੀਸ ਅਸੰਖ ਅਕਾਸ਼ ਦੇ ਹੱਥ ਰਖੇਂਦਾ ਪੀਰ। ਮਾਵਾਂ ਦੀਆਂ ਵਿਚ ਬੁੱਕਲਾਂ ਬੱਚੜੇ ਬੇ-ਨਜ਼ੀਰ । ਚੀਰੇ ਸਮਾਂ ਤਾਂ ਮਿਹਰ ਦੇ ਚਸ਼ਮੇ ਵਗੇ ਕਬੀਰ; ਧੋਂਦੇ ਬੁੱਕਲ ਵਿਚ ਲੈ ਤੜਫ ਰਹੀ ਜ਼ੰਜੀਰ। ***** ਧੀਆਂ ਨੂੰ ਧਰਵਾਸ ਦੇ ਤੁਰਿਆ ਪੀਰ ਅਗਾਂਹ, ਚਮਕੀ ਵਾਂਗ ਭਬੂਕੜੇ ਚੌਦਾਂ ਤਬਕ ਦੀ ਜਾਂ। ਜਿਹੜੇ ਦਾਗ਼ ਗੁਨਾਹ ਦੇ ਨਜ਼ਰਾਂ ਚੁੱਕਣ ਨਾਂਹ, ਕਾਲੀ ਕਾਂਗ ਦੇ ਤੀਰ ਲੈ ਰਜੇ ਚੀਰ ਜ਼ਮਾਂ। ਰਾਹ ਨਾਬੂਦ 'ਤੇ ਚੱਲਿਆ ਛੱਡ ਕੇ ਭਰੇ ਜਹਾਂ; ਦਾਮਨ ਫੜਾਂ ਜੇ ਪੀਰ ਦਾ ਮੁੜ ਪਏ ਸਮਾਂ ਪਿਛਾਂਹ। ਜੰਡ ਕਰੀਰ ਤੇ ਟਾਹਲੀਆਂ ਸਿੱਕ ਪੁਛਦੇ ਫਰਵਾਂ : “ਕਿਉਂ ਵਰ੍ਹਿਆਂ ਤੋਂ ਵੇਖਦੇ ਬੂੰਦ ਬਿਨਾਂ ਅਸਮਾਂ ? “ਦੱਸੀਂ ਪੌਣੇ ਸਮੇਂ ਨੂੰ ਜਿਸ ਦੀ ਟੋਰ ਅਨਾਂ, ਦਾਧੀ ਬਾਂਝ ਜ਼ਮੀਨ 'ਤੇ ਸੁੱਕੇ ਪਏ ਝਨਾਂ।” ਸੁਣ ਕੇ ਝਿੜਕੇ ਪੀਰ ਨੇ ਸੋਹਣੇ ਬ੍ਰਿਛ ਜਵਾਂ, ਚੁੱਕਦੀ ਸੁੱਟੇ ਬਾਲ ਨੂੰ ਤਕਦੀਰਾਂ ਦੀ ਬਾਂਹ। ਜਿੱਥੇ ਰੁੱਤਾਂ ਭੁੱਲੀਆਂ ਜਿੱਥੇ ਭੁੱਲੇ ਨਾਂ, ਜਿੱਥੇ ਭੁੱਲੇ ਕਾਫ਼ਲੇ ਜਿੱਥੇ ਭੁੱਲੀ ਮਾਂ। ਧਰਤੀ ਜੇਡੀ ਪੀਰ ਦੀ ਝੁਕਦੀ ਓਥੇ ਛਾਂ; ਬੋਟਾਂ ਵਾਂਗੂੰ ਵਿਲ੍ਹਕ ਪਏ ਤਕਸੀਰਾਂ ਦੇ ਥਾਂ। ***** ਖੜਾ ਮੈਂ ਪੀਰ ਦੇ ਰਾਹ 'ਤੇ ਭਰ ਮਿੱਟੀ ਦੀ ਝੋਲ, ਨਜ਼ਰਾਂ ਪਾਕ ਜਗਾਂਦੀਆਂ ਭੁੱਲੇ ਵਿਸਰੇ ਬੋਲ। ਸੀ ਜੋਬਨ ਜਦ ਆਏ ਉਹ, ਗਏ ਜਦੋਂ ਦਰਵੇਸ਼ : ਚਿੱਟੇ ਹੋ ਕੇ ਉੱਡਦੇ ਕਾਲੇ ਮੈਂਡੇ ਕੇਸ। ਭੁੱਲੀ ਰੱਤ 'ਤੇ ਉੱਤਰੇ ਜਦ ਦਰਮਾਂਦੇ ਸਾਹ : ਪੁੱਛਦੀ : “ਕਿਵੇਂ ਪਛਾਣ ਲਏ ਬਾਲਪਨੇ ਦੇ ਰਾਹ ?? ਬ੍ਰਿਛਾਂ ਉੱਤੇ ਡਿੱਗਦੀ ਨਭ ਦੇ ਉਹਲਿਓਂ ਰਾਖ, ਪੌਣਾਂ ਦੇ ਦਰਿਆ ਨੂੰ ਮੌਤ ਰਹੀ ਹੈ ਨਾਪ। ਰੁਲਦੇ ਪੌਣਾਂ ਵਿਚ ਪਏ ਜਲ ਕੌਮਾਂ ਦੇ ਸਾਹ, ਪੀਰ ਦਾ ਦਾਮਨ ਛੂਹਣ ਲਈ ਨੱਸ ਰਹੇ ਦਰਿਆ। ਬੁਰਜ ਸਰਾਪ ਦੇ ਕਾਲੜੇ ਜਿੱਥੇ ਉੱਡਦੀ ਰਾਖ, ਓਥੋਂ ਪਾਵਨ ਨੈਣ ਕੁਈ ਡੁੱਬੇ ਦੋ ਪਲ ਝਾਕ। ਧਮਕਾਂ ਨਾਜ਼ਕ ਪੈਂਦੀਆਂ ਕੌਣ ਤੁਰੇ ਵਿਚ ਰਾਤ ? ਦਾਮਨ ਛੂਹ ਕਿੰਞ ਲਵਾਂ ਮੈਂ ਅਸਗਾਹਾਂ ਦੀ ਰਾਖ ! ਚਹੁੰ ਕੁੰਟਾਂ ਵਿਚ ਪੀਰ ਦਾ ਲਸਦਾ ਦਾਮਨ ਜੋ, ਔਹ ਉੱਡਦੇ ਪੰਖੇਰੂਆਂ ਨਾਲ ਮੈਂ ਛੋਹਾਂ ਹੋ। ਉਡਦਾ ਉਡਦਾ ਡਿੱਗਿਆ ਵਿਚ ਚਾਨਣੀ-ਜੂਹ, ਫੜੀ ਪੰਛੀਆਂ ਚੁੰਝ ਵਿਚ ਸਾਹ ਮੇਰੇ ਦੀ ਰੂਹ । ***** ਤੀਲਾ ਤੀਲਾ ਤੁਲਾ ਜਿਉਂ ਹੜਿਆ ਮਿਰਾ ਈਮਾਨ। ਕਿੱਥੇ ਟੁੱਟ ਕੇ ਡਿੱਗਦੀ ਬੇਨਜ਼ਰ ਹੋ ਜਾਨ। ਬੇਨਿਸ਼ਾਨ ਇਸ ਸਮੇਂ ਵਿਚ, ਕਿਤੇ ਨ ਅਪਣੇ ਲੋਕ। ਮੌਤ ਦੇ ਹੱਥ ਵੀ ਛੁੱਟਦੇ ਲਗਦੀ ਸੁੰਨ ਦੀ ਚੋਕ। ਡੂੰਘੇ ਖੂਹੀਂ ਡਿੱਗਦੇ ਰੇਜ਼ੇ ਜਾਨ ’ਤੇ ਜਾ, ਤਪਦੇ ਰਹਿੰਦੇ ਕੋਲ ਹੀ ਖੜ੍ਹ ਪੂਰਨ ਦੇ ਸਾਹ। ਰਹੀਆਂ ਗਾਰਾਂ ਕਿਤੇ ਨੇ ਭੈਣਾਂ ਵਾਂਗ ਖਲੋ, ਲੁਕੀਆਂ ਨਾਥ ਦੀ ਨਜ਼ਰ ਤੋਂ ਖ਼ੂਨ ਸਿਰੇ ਨੂੰ ਚੋ। ਐਪਰ ਰਗਾਂ 'ਤੇ ਲੱਗਦੀ ਠੰਢੀ ਸੱਦ ਮਹੀਨ, ਲਾਉਣ ਬੇਨਜ਼ਰੀ ਗਲੇ ਜਦ ਚੁੱਕ ਕੇ ਤੂਰ ਹੁਸੀਨ। ਰੇਜ਼ੇ ਖਿੰਡਦੀ ਜਾਨ ਦੇ ਨਾਲ ਪੰਖਣੂ ਆ; ਕਦੇ ਜਾਂ ਚੁੰਝ ਛੁਹਾਂਵਦੇ ਲਰਜ਼ੇ ਕੁੱਲ ਖ਼ਲਾ। ਖੁਰ ਗਏ ਕੱਚੇ ਘੜੇ ਦੀ ਲੁਛਦੀ ਸਦੀਆਂ ਜਿੰਦ, ਮੁੜ ਕੇ ਹੜ੍ਹਾਂ 'ਚ ਮਿਲੀ ਨ ਸੋਹਣੀ ਦੀ ਛੂਹ ਬਿੰਦ; ਅੰਧ ਦੇ ਭਾਰੀ ਸਿੰਧ ਨੂੰ ਸੋਹਣੀ ਦਾ ਬੁੱਤ ਚੀਰ, ਖੁਰ ਗਈ ਘੜੇ ਦੀ ਖ਼ਾਕ ਨੂੰ ਮਿਲ ਪਏ ਜਿਵੇਂ ਅਖ਼ੀਰ, ਕਦੇ ਕੋਈ ਇਉਂ ਚੁੰਮ੍ਹਦਾ ਪਰਵਾਜ਼ਾਂ ਦੀ ਪੀੜ, ਨਿਕਲਣ ਪਾਸ਼ਵੀ ਅੰਧ ਚੋਂ ਅਦਭੁੱਤ ਖੰਭ ਮੁਨੀਰ। ਫੇਰ ਰਾਤ ਮੈਂ ਚਾਨਣੀ ਦਾਮਨ ਵੇਖਾਂ ਪਾਕ। ਲਭਦੀ ਫਿਰਾਂ ਮੈਂ ਪੀਰ ਨੂੰ ਕੱਚੇ ਘੜੇ ਦੀ ਖ਼ਾਕ। ਚਾਨਣੀ ਉਹਲੇ ਹੋਇਆ, ਦਾਮਨ ਜਿਉਂਕਰ ਕੂੰਜ। ਛਾਈ ਸਾਰੇ ਸਮੇਂ 'ਤੇ ਉਡਦੇ ਨੂਰ ਦੀ ਊਂਘ। ਥਲ ਡੂਗਰ ਅਸਗਾਹ ਤੋਂ ਮਿਟੀਆਂ ਪੈੜਾਂ ਚਾ, ਸਭੇ ਸਮੇਂ ਮੈਂ ਸਾਂਭ ਕੇ ਖੜਾ ਉਮਰ ਦੇ ਰਾਹ। ਫ਼ਜਰਾਂ ਸਮੇਂ ਤੋਂ ਵੱਡੀਆਂ ਫੇਰ ਰਿਹਾ ਮੈਂ ਢੂੰਡ, ਅਸਗਾਹਾਂ ਤੋਂ ਅੱਡਰੀ ਵੇਖਾਂ ਸੱਜਰੀ ਬੂੰਦ। ***** ਜਿੱਥੇ ਦਾਮਨ ਡੁੱਬਿਆ ਓਥੇ ਜੋਬਨ ਕੋ। ਅੰਬਰ ਦੀਵੇ ਬਾਲ ਕੇ ਕਰ ਕੇ ਨਾਰ 'ਤੇ ਲੋਅ। ਰਾਤੀਂ ਰਾਵੀ ਘੁੰਮਦੀ ਚਾ ਧਰਤੀ ਦੇ ਮੋਹ। ਕੌਣ ਨੇ ਡਾਢੇ ਰੁੱਠੜੇ ਮੰਨੇ ਅਜੇ ਨ ਜੋ। ਹੋੜਾ ਕੂਕ ਪੁਕਾਰਦਾ ਸੁਣ ਰਾਵੀ ਦੀ ਸੋਅ : “ਮਿਲਦੇ ਪਏ ਜੋ ਚਿਰਾਂ ਤੋਂ ਅੰਗ ਗਏ ਸਨ ਖੋ ! “ਸਨ ਉਹ ਪੰਖ਼ੀ ਕੌਣ ਜੋ ਲਾਉਂਦੇ ਚੁੰਝ ਦੀ ਛੋਹ, ਖੂਹਾਂ ਵਿਚ ਮੈਂ ਡਿੱਗਿਆ ਜਦ ਨਾਬੀਨਾ ਹੋ ?" ਰਾਵੀ ਕਹੇ "ਉਹ ਪੰਖਣੂ ਡੁੱਬੇ ਨਦੀ 'ਚ ਰੋ, ਢੂੰਡ ਰਹੇ ਸਨ ਅਦਲ ਨੂੰ ਸੁਣਦਾ ਬੋਲ ਜੇ ਕੋ ! “ਮੋਈਆਂ ਰੂਹਾਂ ਸੋਹਣੀਆਂ ਯਾਰ ਨ ਭੁੱਲਣ ਜੋ; ਪਾੜ ਕੇ ਛੁਪੇ ਗੁਨਾਹ ਨੂੰ ਬਣੀਆਂ ਪੰਖੀ ਉਹ। “ਲਿਆਵਣ ਵਿਛੜੀ ਰੱਤ ਨੂੰ ਚੁੰਝਾਂ ਵਿਚ ਪਰੋ; ਜ਼ਖ਼ਮੀ ਰੂਹਾਂ ਨਦੀ 'ਤੇ ਗਈਆਂ ਫੇਰ ਖਲੋ। “ਨਾਲੇ ਪਾਪ ਬਿਗਾਨੜੇ ਹੰਝਾਂ ਵਿਚ ਲੁਕੋ ਨਾਰਾਂ ਤੱਕੇ ਪੰਖਣੂ ਕੇਸ ਕਾਲੜੇ ਧੋ। “ਲਹਿਰਾਂ ਖੰਭ ਵਲੂੰਧਰੇ ਆਖਣ ਭੈਣਾਂ ਰੋ : ਨਦੀਏ! ਬਲਦੇ ਕੱਪਰੀਂ ਮਾਰ ਨ ਪੰਛੀ ਢੋ। “ਹੌਕੇ ਨੈਂ ’ਤੇ ਭਰਦੀਆਂ ਕਿਧਰੇ ਗਈਆਂ ਖੋ, ਬੇਨਿਸ਼ਾਨ ਇਸ ਜ਼ਿਮੀਂ ਤੇ 'ਵਾਜ ਨ ਸੁਣਦੀ ਕੋ! “ਕਟਕੇ ਮੌਤ ਦੇ ਹੜ੍ਹਾਂ 'ਤੇ ਫ਼ਰਿਆਦਾਂ ਦੇ ਰੋਹ, ਸ਼ਕਰਗੰਜ ਦੇ ਰਹਿਮ ਦੀ ਫੇਰ ਤੂੰ ਦੇਖੀ ਲੋਅ। "ਖੂਹਾਂ ਦੇ ਵਿਚ ਡਿੱਗਿਆ ਜਦ ਤੂੰ ਟੋਟੇ ਹੋ, ਕਾਲੇ ਸਮੇਂ ਨੂੰ ਚੀਰ ਕੇ ਚੁੰਝਾਂ ਦਰਦ ਸਮੋ। ਉਹੀਓ ਪੰਖੀ ਟੱਪ ਕੇ ਬਾਲਪਨੇ ਦੇ ਕੋਹ, ਕਾਲੇ ਖੂਹੀਂ ਉੱਤਰੇ ਲੈ ਸ਼ੀਰੀਂ ਕੰਨਸੋਅ। “ਸ਼ਕਰਗੰਜ ਦੇ ਦਾਮਨੋ ਨੂਰ ਫੁਟੇ ਤਦ ਦੋ, ਇਕ ਨੇ ਤੈਨੂੰ ਉਠਾਇਆ ਨਾਲ ਪੰਖੀਆਂ ਹੋ, “ਦੂਜਾ ਮੇਰੇ ਬੁੱਤ ਵਿਚ ਲਸ ਲਸ ਗਿਆ ਖਲੋ; ਸੁੱਕੇ ਬਾਗ਼ ਜਗਾਂਵਦੀ ਪੈੜ ਮੇਰੀ ਦੀ ਖੋਹ ! ***** ਤਦ ਬ੍ਰਿਛਾਂ ਤੋਂ ਤੋੜ ਕੇ ਮਾਂ ਦੇ ਵਿਛੜੇ ਬੋਲ, ਭਰੀ ਮੈਂ ਭੋਲੇ ਭਾਅ ਹੀ ਬਾਲਪਨੇ ਦੀ ਝੋਲ। ਲਿਆਈਆਂ ਓਸ ਮਿਅਰਾਜ ਦੇ ਥਲਾਂ 'ਚੋਂ ਪੌਣਾਂ ਰਾਜ਼, ਜਿਸਦੇ ਹੇਠਾਂ ਪੜ੍ਹ ਰਹੇ ਬੁੱਢੇ ਸਮੇਂ ਨਮਾਜ਼। ਬ੍ਰਿਛਾਂ ਹੇਠ ਮੈਂ ਦੇਖਦਾ : ਦੀਵੇ ਬਾਲ ਕੇ ਸ਼ੇਖ਼ ਪੜ੍ਹਦੇ ਪਏ ਸਨ ਆਪਣੇ ਗਿਰਾਬਾਨ ਮਹਿ ਲੇਖ। ਖਾ ਕੇ ਘੁੰਮਨ ਘੇਰੀਆਂ ਆਵਣ ਸੁਬ੍ਹਾ ਤੇ ਸ਼ਾਮ; ਪਾਕ ਮਿਅਰਾਜਾਂ ਅੰਦਰਾਂ ਲਿਖ ਨ ਸਕੀਆਂ ਨਾਮ। ਲਹੂ 'ਚ ਭਿੱਜੀ ਧਰਤ ਸੀ ਖੜੀ ਦੁਆਵਾਂ ਕੋਲ; ਸੁੱਤੇ ਤੇਲ ਦੀ ਜੀਭ 'ਤੇ ਮੂਕ ਵਜਦ ਦੇ ਬੋਲ। ਸ਼ਕਰਗੰਜ ਨੇ ਕਿਸੇ ਨੂੰ ਕੀਤਾ ਦੂਰ ਸਲਾਮ, ਮੈਂ ਪੁੱਛਿਆ ਜਦ "ਕੌਣ ਹੈ ?” ਰਾਵੀ ਲਵੇ ਨ ਨਾਮ। “ਤੇਰੇ ਸਿਰ 'ਚੋਂ ਉੱਠਦੀ" ਰਾਵੀ ਕਹੇ “ਮਿਅਰਾਜ, ਪੀਰ ਮੁਰੀਦ ਦੇ ਸੀਸ 'ਤੇ ਰੱਖਦੀ ਜਾਵੇ ਤਾਜ; “ਓਸੇ ਨਾਲ ਹੀ ਜਾ ਰਹੀ ਵਿਛੜੀ ਧਰ ਦੀ 'ਵਾਜ; ਮਲਕੁਲ-ਮੌਤ ਦੇ ਖੁੱਲ੍ਹਣੇ ਕਬਰ ਦੇ ਸਾਹਵੇਂ ਪਾਜ। “ਤੂੰ ਇਕ ਖ਼ਾਕ ਨੂੰ ਲੁੱਛਦਾ ਮੌਤ ਦੇ ਬੂਹੇ ਖੋਲ੍ਹ, ਨਬੀਆਂ ਦੇ ਰਾਹ ਢੂੰਡਦੇ ਸਾਹ ਤੇਰੇ ਅਣਭੋਲ। “ਜੁਗਨੂੰ ਪਰ ’ਤੇ ਚੁੱਕਦਾ ਤਾਰੇ ਕੋਟ ਦੀ ਲੋਅ, ਧਰ ਦੇ ਮੁਖ ਨੂੰ ਚੁੰਮ੍ਹਿਆ ਕੂਕ ਗੁਨਾਹਾਂ ਰੋ। “ਬਾਲਪਨ ਨੇ ਕੰਬ ਕੇ ਨੀਂਦ ਨੂੰ ਦਿੱਤੀ ਸੱਦ : ਟਾਹਲੀਆਂ ਸਣੇ ਹਵੇਲੀਆਂ ਸੁੰਞੀਆਂ ਹੋਈਆਂ ਅੱਜ। “ਧਰ ਦੀਆਂ ਨੀਂਦਾਂ ਤੋੜੀਆਂ ਕਿਸੇ ਪੁਰਾਣੇ ਹੌਲ; ਅੱਧੀ ਰਾਤ ਨੂੰ ਜਾਗਦੇ ਤਦ ਪੀਰਾਂ ਦੇ ਕੌਲ। “ਅੱਧੀ ਰਾਤ ਨੂੰ ਬੈਠਦੇ ਨਾਗ ਸਰ੍ਹਾਣੇ ਆ। ਡੰਗ ਪੁਰਾਣੇ ਡੁਸਕਦੇ ਪੀਰਾਂ ਦੀ ਦਰਗਾਹ। “ਜਿਹੜੇ ਨਾਗ ਦੇ ਫਣ 'ਤੇ ਖੜ੍ਹੀਆਂ ਸੁਬਹ ਤੇ ਸ਼ਾਮ, ਜਿਸਦੇ ਨੈਣੀਂ ਰੈਣ ਨੇ ਰੱਖੇ ਚੰਨ ਦੇ ਜਾਮ। “ਸ਼ਕਰਗੰਜ ਉਸ ਨਾਗ ਨੂੰ ਸਜਦੇ ਕਰੇ ਅਨਾਂ, ਪੀਰ ਮੁਰੀਦ ਨੇ ਸੌਂ ਰਹੇ ਹੇਠ ਓਸਦੀ ਛਾਂ। “ਧਰਤੀ ਨਾਲ ਨੇ ਖੇਡਦੇ ਸਭ ਵਲੀਆਂ ਦੇ ਰਾਹ। ਤੂੰ ਇਸ ਜੂਹ ਦਾ ਬਾਲ ਸੈਂ ਹੋਸਨ ਤੇਰੇ ਗਵਾਹ!' ***** ਸੁਣ ਰਾਵੀ ਦੇ ਸੁਖਨ ਇਹ ਪਈ ਚਾਨਣੀ ਝੁੱਲ। ਧਰਤੀ ਰੰਗ ਪਛਾਣਿਆਂ ਯੁਗਾਂ ਯੁਗਾਂ ਤਕ ਹੁੱਲ। ਚੰਨ ਨ ਦਿਸਦਾ, ਚਾਨਣੀ ਰਹੀ ਚੁਫੇਰੇ ਹੁੱਲ। ਛੂਹ ਛੁਹ ਰਾਵੀ ਲੰਘਦੇ ਮੁੱਢ ਕਦੀਮ ਦੇ ਫੁੱਲ। ਕਦਮ ਧਰੇ ਜਾਂ ਅਜਨਬੀ ਵਿਚ ਬਾਰਾਂ ਦੀ ਖੁੱਲ੍ਹ; ਕੂਕ ਕਿਹਾ ਅਸਮਾਨ ਨੂੰ ਵਣ ਬੋਲੇ ਨੇ ਫੁੱਲ : “ਲੰਮੇ ਪੰਧ ਫ਼ਕੀਰ ਦੀ ਖੈਰ ਨ ਜਾਵੇ ਡੁੱਲ੍ਹ; ਇਸ ਪੱਤਣ 'ਤੇ ਮੁੜਦਿਆਂ ਉਮਰਾਂ ਹੋਸਨ ਗੁੱਲ।” ਕਿਸ ਜਾਨੀ ਦੇ ਝੁਕੇ ਨੇ ਨੈਣ ਦੁਆਵਾਂ ਤੁੱਲ ! ਚੜ੍ਹ ਬ੍ਰਿਛਾਂ 'ਤੇ ਵੇਖਦੇ ਧਰ ਦੇ ਰਾਜ਼ ਬੇਮੁੱਲ। ਲਾਏ ਬਾਰ ਦੀ ਜਿੰਦ ਨੂੰ ਵੱਤ ਪਿਆਰੇ ਬੁੱਲ੍ਹ। ਮੁਦਤਾਂ ਤੋਂ ਪਰਦੇਸ ਵਿਚ ਹੱਡੀਆਂ ਰਹੀਆਂ ਰੁੱਲ। ਦੂਰ ਪਰਬਤੀਂ ਚਮਕਦੇ ਦੇਖਾਂ ਦੀਵੇ ਜੁੱਲ। ਉੱਚੇ ਚੜ੍ਹ ਅੱਜ ਵੇਖਦੇ ਗਏ ਜੋ ਸਾਨੂੰ ਭੁੱਲ। ***** ਕੂੰਜਾਂ ਉੱਡਣ ਅੰਬਰੀਂ 'ਵਾਜਾਂ ਮਾਰਨ ਬੂਰ। ਢੂੰਡ ਰਹੀਆਂ ਨ ਥੱਕੀਆਂ ਮਾਹੀ ਦੇ ਦਸਤੂਰ। ਤੱਕ ਰਾਵੀ ਨੂੰ ਕੂਕਦੀ ਝੁਕ ਕੂੰਜਾਂ ਦੀ ਹੂਰ : “ਜਿਸ ਪੱਤਣ 'ਤੇ ਮਿਲੇ ਸਾਂ ਅੱਜ ਉਹ ਪੱਤਣ ਦੂਰ। “ਸਾਲ ਅਸੰਖਾਂ ਬੀਤ ਗਏ ਸੁੰਨ 'ਚ ਡੁੱਬੇ ਸੂਰ ! ਪਰ ਕੂੰਜਾਂ 'ਤੇ ਸੁੱਟਦੇ ਕਦੇ ਕਦਾਈਂ ਨੂਰ। “ਵਿਚ ਗੁਫ਼ਾਵਾਂ ਕਾਲੀਆਂ ਹੱਡੀਆਂ ਰਹੀਆਂ ਝੂਰ। ਖ਼ਤ ਲਿਖੇ ਪਰਦੇਸ 'ਚੋਂ ਪਹੁੰਚੇ ਨਹੀਂ ਹਜ਼ੂਰ। “ਕੌਣ ਨਿਮਾਣੇ ਰੱਬ ਦੀ ਖ਼ਾਕ ਨੇ ਦੇਖੇ ਘੂਰ ? ਮੁੱਦਤਾਂ ਹੋਈਆਂ ਵਿਛੜੇ ਕਰ ਕੇ ਢੇਰ ਕਸੂਰ। “ਨਦੀਆਂ ਚੜ੍ਹ ਚੜ੍ਹ ਵੇਂਹਦੀਆਂ ਕੋਈ ਹੌਲ ਵਿਚ ਚੂਰ ! ਕਦੋਂ ਸਾਹਿਬ ਗਲ ਲਾਵਣੇ ਗੁਨਾਹਗਾਰ ਬੇਨੂਰ ? ਰਾਤ ਚਾਨਣੀ ਡਿੱਗਦੀ ਕਬਰਾਂ ਦੇ ਵਿਚ ਭੂਰ। ‘ਕਿੱਥੋਂ ਆਈ ?’ ਢੂੰਡਦੇ ਭੈਅ ਵਿਚ ਕਹਿਰ-ਕਲੂਰ। “ਨਜ਼ਰਾਂ ਥਲ ਦੀਆਂ ਲੰਮੀਆਂ ਜਾਣ ਦੁਪਹਿਰੀਂ ਦੂਰ। ਮੂਸਾ ਨੂੰ ਪਏ ਸਿੱਕਦੇ ਮੁੱਦਤਾਂ ਹੋਈਆਂ ਤੂਰ।” ਰਾਵੀ ਸੁਖਨ ਅਲਾਪਦੀ : “ਹੋਏ ਜੋ ਮਨਜ਼ੂਰ, ਬੇੜੀ ਦੇ ਵਿਚ ਬਹਿਣਗੇ ਨਾਲ ਪੁਰਾਣੇ ਪੂਰ। “ਧਰਤੀ ਉੱਤੇ ਕਰੇਗਾ ਇੱਕੋ ਹਰਫ਼ ਜ਼ਹੂਰ । ਭੁੱਲੇ ਪੈਂਡੀਂ ਮਿਲੇਗਾ ਕੁਈ ਕੁਈ ਕੌਲ ਜ਼ਰੂਰ। “ਤੱਕਾਂ ਕੂੰਜ ਸਹੇਲੀਓ ਜ਼ਿਮੀਂ ਦੇ ਚੁੱਕ ਸਰੂਰ। ਮਿਰਗ ਜਾਂ ਚੱਲੇ ਵਣਾਂ 'ਚੋਂ ਸੁੱਕੇ ਹਰੇ ਕਚੂਰ। “ਤੋੜੇ ਕੌਮ ਦੇ ਮੱਥਿਉਂ ਸਜਦੇ ਜਦੋਂ ਗਫ਼ੂਰ, ਮਿੱਟੀ ਦੇਸ ਦੀ ਉੱਡਦੀ ਸੁੱਕੀ ਬਾਂਝ ਮਨੂਰ। “ਕੂੰਜੋ ਨੀ ਪਰਦੇਸਨੋ, ਮੁੜੋ, ਨ ਜਾਵੋ ਦੂਰ। ਖ਼ਾਨਗਾਹਾਂ ਸਿਰ ਬਲਣਗੇ ਤਾਰੇ ਛੱਡ ਗਰੂਰ। “ਮੱਥੇ ਏਸ ਮੁਰੀਦ ਦੇ ਸੁਖਨ ਕੋਈ ਮਸਤੂਰ, ਖ਼ਾਕ 'ਤੇ ਰੋਸ਼ਨ ਕਰੇਗਾ ਕੋ ਪਾਵਨ ਦਸਤੂਰ।” ***** ਕਿਹਾ ਮੈਂ ਕੂੰਜਾਂ ਵੇਂਹਦੀਆਂ ਵਣ ਸੁੱਤੇ ਦਰਵੇਸ਼, ਸੁਖਨ ਜਿਨ੍ਹਾਂ ਦੇ ਵੇਂਹਦਿਆਂ ਕੰਬੀ ਜਾਨ ਹਮੇਸ਼। “ਸੋਹਣੀ ਜੂਹ ਇਸ ਵਲੀ ਵੀ ਡੰਗੇ ਕਿਸੇ ਕਲੇਸ਼, ਰਾਤੀਂ ਮਿਹਰਾਂ ਵੰਡਦੇ ਗੁਨਾਹਗਾਰ ਦੇ ਭੇਸ। “ਵੇਖਾਂ ਚਾਨਣੀ ਵਿਚ ਮੈਂ ਸੁੱਤੀ ਬਾਲ ਵਰੇਸ। ਕਿਸ ਇਲਹਾਮ ਦੇ ਕੰਢੜੇ ਰਾਵੀਏ! ਤੇਰਾ ਦੇਸ਼ ? “ਆਸ਼ਿਕ-ਨਜ਼ਰ ਹੀ ਵੇਖਦੀ ਪਰਵਾਜ਼ਾਂ ਦੇ ਕੇਸ, ਨੂਰ ਅਨੰਤ 'ਚ ਤੈਂਡੜੇ ਥਰਹਰ ਲੁਕਦੇ ਵੇਸ। “ਕੂੰਜ ਪਿਆਸੀ ਅੰਬਰੀਂ ਉੱਡ ਰਹੀ ਪਰਦੇਸ; ਡਾਢੇ ਸਮਿਆਂ ਅਜੇ ਨ ਸੋਹਣੀ ਨਦੀ ਨੂੰ ਮੇਸ।” ***** ਕੁਝ ਨ ਕੂਇਆ, ਚੁੱਪ ਸੀ ਸੁਣ ਰਾਵੀ ਫ਼ਰਿਆਦ ! ਐਪਰ ਮਸਤਕ ਲਾਂਵਦੀ ਸਾਂਦਲ ਬਾਰ ਦੀ ਯਾਦ। ਕੂੰਜਾਂ ਉੱਡਣ ਅੰਬਰੀਂ ਕੰਬ ਰਹੇ ਅਸਗਾਹ, ਰਿਸ਼ਮਾਂ ਉੱਤੇ ਤਿਲ੍ਹਕਦੇ ਪਾਕ ਨਜ਼ਰ ਦੇ ਰਾਹ। ਉੱਚੇ ਸਮੇਂ ਦੇ ਕਿੰਗਰੇ ਉੱਪਰ ਉਡਦੀ ਡਾਰ; ਇਲਹਾਮਾਂ ਦੀ ਡਿੱਗਦੀ ਖੰਭਾਂ 'ਤੇ ਚਮਕਾਰ। ਚੰਨ ਚਾਨਣੀ ਦਿੱਸਦੇ ਬਾਲ ਵਰੇਸ ਦੇ ਖੂਹ; ਮਣ 'ਤੇ ਬੈਠੇ ਕੌਣ ਨੇ ਸਮਾਂ ਨ ਦੇਵੇ ਸੂਹ। ਬਿਰਖਾਂ ਨਾਲ ਹੈ ਖੇਡਦੀ ਕੋ ਅਜਨਬੀ ਹੇਕ। ਜੋ ਜਾਗਣ ਸੋ ਜਾਣਦੇ, ਸੁੱਤੇ ਰਹੇ ਨੇ ਸ਼ੇਖ਼। ਬਾਰ 'ਚ ਸਾਡੇ ਸੁਪਨਿਆਂ ਉਹਲੇ ਖੜੇ ਸੀ ਰਾਜ਼, ਕਿਹੜੇ ਹਰਫ਼ ਬਣਾਂਦੀਆਂ ਲਾ ਕੂੰਜਾਂ ਪਰਵਾਜ਼। ਉਹੀਓ ਬਿਰਖ ਪਛਾਣਦੇ ਸੈ ਨਬੀਆਂ ਦੇ ਸਾਹ, ਬਣੀ ਜਿਨ੍ਹਾਂ ਦੀ ਅਜ਼ਲ ਤੋਂ ਨਜ਼ਰ ਅਨੂਪ ਗਵਾਹ। ਝੁਕ ਬਾਰਾਂ ਸਿਰ ਡੋਲ੍ਹਦੀ ਰਾਤ ਚਾਨਣੀ ਨੂਰ, ਮੂਸਾ ਦੀਆਂ ਮਦਹੋਸ਼ੀਆਂ ਵੇਖ ਰਹੇ ਜਿਉਂ ਤੂਰ। ਬਾਲ ਵਰੇਸ ਨਾ' ਖੇਡਦੀ ਚੁੱਪ ਨਾਰ ਦੀ ਹੇਕ। ਕੌਮ ਦੇ ਕੌਲ ਦੀ ਲੱਸਦੀ ਬਾਰ ਦੇ ਸੀਨੇ ਰੇਖ। ਉੱਡੀ ਸ਼ਾਹ ਰਗ ਚੁੰਮ੍ਹਕੇ ਰਾਵੀ ਹੜ੍ਹਾਂ ਦੀ ਹੂਕ। ਪਰਵਾਜ਼ਾਂ ਵਿਚ ਗੁੰਮਦੀ ਇਲਹਾਮਾਂ ਦੀ ਕੂਕ। ਪਾਗਲ ਸੁਪਨ ਦੀ ਕਾਂਗ ਮੈਂ ਲੰਮੀ ਅਜ਼ਲ ਦੀ ਹਾਕ, ਮੈਂ ਓਥੇ ਸਾਂ ਜਿਸ ਥਾਂ ਨ ਅੰਬਰ ਨ ਰਾਖ। ਰਾਵੀ ਵਗਦੀ ਜਾਂਵਦੀ ਡੂੰਘੇ ਸੁਪਨੇ ਹੇਠ, ਤ੍ਰੇਲ ਦੇ ਘਰ ਵੀ ਆਵਣਾ ਲੰਮੇ ਸਾਗਰ ਦੇਖ। ਫੇਰ ਮੈਂ ਤੱਕੀ ਚੁੱਕ ਕੇ ਮੁੱਢ ਕਦੀਮ ਦੀ ਛੱਲ। ਕੱਲਮ ਕੱਲੀ ਛਾਂ ਇਕ ਆਉਂਦੀ ਬਾਰਾਂ ਵੱਲ। ਬੁੱਢੇ ਵਣਾਂ ਦੇ ਹੇਠ ਮੈਂ ਤੱਕਾਂ ਸੂਰਤ ਕੋ, ਜੈਂਦੀ ਛਾਂ ਦੀ ਕਾਰ ਤੋਂ ਬਾਹਰ ਖੜੇ ਹਰ ਲੋਅ। ਮੈਂ ਕੁਝ ਵਾਟ ਤੋਂ ਪੁੱਛਿਆ : “ਸੁਣੀਂ ਪਾਕ ਦਰਵੇਸ਼, ਹਾਜੀ ਵਾਂਗੂੰ ਪਲਟਿਆ ਕਿਵੇਂ ਸਮੇਂ ਦਾ ਵੇਸ ?" ਸੂਰਤ ਪਾਕ ਨੇ ਬੋਲਿਆ : “ਬ੍ਰਿਹਾ ਤਿਰੇ ਦੀ ਕਾਂਗ, ਲਿਆਵੇ ਖ਼ਾਬ ਦੇ ਪੈਂਡੜੇ ਜਦੋਂ ਵੀ ਸਜਦੇ ਵਾਂਗ : “ਤਾਂ ਕਰ ਡੂੰਘੇ ਪੈਂਡੜੇ ਵਲੀ ਆਉਣ ਇਸ ਜੂਹ, ਬੱਚੇ ਅੰਗਾਂ ਸੰਦੜੇ ਭਰੇ ਢੂੰਡਦੇ ਖੂਹ। “ਲਿਆਵੇ ਤੈਨੂੰ ਏਸ ਜੂਹ ਖ਼ਾਬ ਦੀ ਜਦੋਂ ਤਰੰਗ, ਮੁਰਗ ਦੀ ਬਾਂਗ ਜਗਾਂਵਦੀ ਮੈਨੂੰ ਅਜ਼ਲਾਂ ਲੰਘ। “ਅਸੀਂ ਵੀ ਤੁਰਦੇ ਵਤਨ ਨੂੰ ਤੁਰਨ ਜਾਂ ਤੇਰੇ ਖ਼ਾਬ, ਬਿਨ ਬਾਬੇ ਦੇ ਰੋਂਵਦੀ ਪੌਣਾਂ ਵਿਚ ਰਬਾਬ । “ਝੁਕੇ ਸੀ ਜਿਹੜੀ ਵਾਟ 'ਤੇ ਸ਼ੀਂਹ ਝੱਖੜ ਤੇ ਝੱਲ, ਸਿੱਕਾਂ ਬਾਬੇ ਓਸ ਦੀ 'ਵਾਜ ਪਵੇ ਅੱਜ ਕੱਲ। “ਸਦੀਆਂ ਅੰਦਰ ਆਪਣੇ ਵੇਖ ਰਿਹਾ ਮੈਂ ਹੱਜ, ਸ਼ਬੇ-ਕਦਰ ਦੇ ਵਾਂਗਰਾਂ ਲਰਜ਼ ਰਹੀ ਇਹ ‘ਅੱਜ।” ***** ਸੁਣ ਕੇ ਸੁਖਨ ਫ਼ਕੀਰ ਦੇ ਬਾਵਲੇ ਹੜ੍ਹਾਂ ਦੇ ਵਾਂਗ, ਚੀਰ ਕੇ ਧਰਤੀ ਫੁੱਟਦੀ ਕਿਸ ਅਪਣੱਤ ਦੀ ਕਾਂਗ। ਢੱਠੀ ਸੁੰਞ ਅਕਾਲ ਦੀ ਬ੍ਰਿਹਾ ਦੇ ਦਰਿਆ, ਰੱਖੀ ਅਜੇ ਵੀ ਖ਼ਾਕ ਨੇ ਸੋਹਣੀ ਦੀਦ ਛੁਪਾ। ਓਸ ਦੀਦ ਨੂੰ ਢੂੰਡਦੇ ਨਭ-ਪਤਾਲ ਬਨਬਾਸ। ਮਸਤਕ ਬੈਠ ਫ਼ਕੀਰ ਦੇ ਵੇਖਣ ਹੋਇ ਉਦਾਸ। ਬਣ-ਬ੍ਰਿਛਾਂ 'ਤੇ ਉੱਤਰੇ ਬਨਬਾਸਾਂ ਦੇ ਨੈਣ, ਮਰਦਾਨੋ ਦੀ ਗੋਦ ਵਿਚ ਸੁੱਤੇ ਆ ਕੇ ਵੈਣ। ਬਾਬੇ ਬਿਨਾਂ ਹੀ ਚੱਲਦਾ ਰੋਂਦੇ ਕਾਫ਼ਲੇ ਨਾਲ। ਰੱਖੇ ਬਿਰਖਾਂ ਅਜੇ ਵੀ ਘਰ ਦੇ ਭੇਤ ਸੰਭਾਲ। ਬਿਰਖਾਂ ਆ ਕੇ ਮੰਗਿਆ ਵੱਤ ਘਰਾਂ ਦਾ ਨੀਰ। ਕੌਲੇ ਕੰਧਾਂ ਘੁੱਟਦੀ ਬਨਬਾਸਾਂ ਦੀ ਪੀੜ। ਮੇਰੇ ਘਰ ਦਾ ਬੋਲ ਹੀ ਬਾਰਾਂ ਰਹੀਆਂ ਟੋਲ। ਭੈਣ ਭਰਾਵਾਂ ਵਾਂਗਰਾਂ ਬਿਰਖ ਖੜੇ ਆ ਕੋਲ। ਮੈਂ ਮਰਦਾਨੇ ਵਲ ਨਾਂਹ ਸਕਿਆ ਕਦਮ ਉਠਾ। ਲਿਪਟੇ ਪੈੜਾਂ ਨਾਲ ਸੀ ਕੋਟਾਂ ਵਿਛੜੇ ਰਾਹ। ਚਰਨ ਛੂਹਣ ਦਰਵੇਸ਼ ਦੇ ਧਾਈ ਬਾਰ ਦੀ ਸੁੰਞ। ਬ੍ਰਿਹਾ ਬਿਰਖਾਂ ਵਾਲੜੇ ਚਾਏ ਪੰਛੀਆਂ ਚੁੰਝ। ਗਲ ਲੱਗਣ ਲਈ ਨੱਸਿਆ ਪਈ ਮੂਰਛਾ ਨਾਲ। ਲੰਘੇ ਮੈਂਡੇ ਇੰਞ ਹੀ ਬਹੁਤ ਸੁਹਾਣੇ ਸਾਲ ! ਇੰਞ ਸੀ ਆ ਕੇ ਮੁੱਕਿਆ ਪਹਿਲਾ ਮੇਰਾ ਪੜਾ। ਮੇਰੇ ਮੱਥੇ ਲੱਗਦੀ ਨੂਰ ਮਹਿਲ ਦੀ 'ਵਾ। ***** ਦੂਜਾ ਪੜਾ (ਹਵਾ ਦਾ ਗੀਤ) ਅੱਧੀ ਰਾਤ ਨ੍ਹੇਰ ਵਿਚ ਸ਼ੂਕਣ ਚੜ੍ਹ ਸਰਸਾ ਦੇ ਪਾਣੀ। ਭੈਅ ਵਿਚ ਜਾਗ ਰਿਹਾ ਜਗ ਸਾਰਾ ਰੁੜ੍ਹ ਗਈ ਨੀਂਦ ਨਿਮਾਣੀ। ਜੰਗਲ ਦੇ ਵਿਚ ਅਗਨ ਬਲੇਂਦੀ ਕੌਣ ਅਜਨਬੀ ਸੇਕਣ ? ਜਾਂ ਉਹ ਮੇਰੇ ਵੱਡ-ਵਡੇਰੇ ਜਾਂ ਉਹ ਮੇਰੇ ਹਾਣੀ। ਲਹੂ ਬਿਨਾਂ ਕੂਕਨ ਪ੍ਰਛਾਵੇਂ ਤੱਕਣ ਬੁੱਢੇ ਪੰਛੀ; ਭੋਲੇ ਬ੍ਰਿਛ ਜਗਾਵਣ ਧਰਤੀ ਸੁਣ ਸਰਸਾ ਦੀ ਬਾਣੀ। ਅਨਹੱਦ ਰਾਗ ਜੀਭ ਦੇ ਉੱਤੇ ਸ਼ੇਸ਼ ਨਾਗ ਜਿਉਂ ਸੁੱਤੇ ; ਕਿਹੜੀ ਜ਼ਹਿਰ ਵਰ੍ਹੇਗੀ ਵਣ 'ਤੇ ਰਮਜ਼ ਨ ਕਿਸੇ ਪਛਾਣੀ। ਤਾਰਿਆਂ ਤੀਕ ਸਮੇਂ ਦੇ ਸਫ਼ਰਾਂ ਕੋਟਾਂ ਰੰਗ ਵਟਾਏ; ਇੱਕੋ ਲਹਿਰ ਭਾਲਦੀ ਫਿਰਦੀ ਅਸਗਾਹਾਂ ਦੀ ਮਾਹਣੀ। ***** (ਜਾਗ ਖੁਲ੍ਹੀ) ਅੱਧੀ ਰਾਤ ਨੀਂਦਰਾਂ ਟੁੱਟਣ ਸੁਣ ਪੌਣਾਂ ਦੀਆਂ ਹਾਕਾਂ। ਮੈਨੂੰ ਦੂਰੋਂ ਸੈਨਤ ਮਾਰੀ ਅੱਗ ਸੇਕਦੇ ਚਾਕਾਂ। ਬੀਆਬਾਨ ਦੇ ਬੂਹੇ ਅੱਗੇ ਘਰ ਦੱਸਣ ਲਈ ਮੇਰਾ; ਚਿਰਾਂ ਤੋਂ ਦੀਵਾ ਬਾਲ ਰੱਖਿਆ ਕਿਤੇ ਅਜਨਬੀ ਸਾਕਾਂ। ਤਾਰਿਓ ਭੇਤ ਦੱਸਦੇ ਜਾਣਾ ਸਫ਼ਰ ਤੁਹਾਡੇ ਲੰਮੇ ; ਮਸਤਕ ਮੇਰਾ ਕਿਉਂ ਨ ਛੋਡਣ ਲਹੂ-ਲਿਬੜੀਆਂ ਖ਼ਾਕਾਂ। ਨ ਕੁਕਨੂਸ ਰਾਖ ਚੋਂ ਜਾਗੇ ਵਲੀਆਂ ਸੰਸਾ ਲਾਇਆ; ਘਾਇਲ ਧਰਤ ਨੂੰ ਸ਼ਿਕਵਾ ਕੋਈ ਮੈਂ ਜਾਣਾ, ਨਾ ਆਖਾਂ। ਖੰਡਰਾਂ ਉੱਤੇ ਸੁੱਤੇ ਪੰਛੀ ਲੈਣ ਦੂਰ ਅੰਗੜਾਈਆਂ; ਨ੍ਹੇਰ ਦਿਆਂ ਅਸਗਾਹਾਂ ਅੰਦਰ ਪਲ ਦੋ ਪਲ ਮੈਂ ਝਾਕਾਂ। ਜਾਂ ਫਿਰਦੌਸ ਜਾਂ ਤੂਬਾ ਦੇ ਨੇ ਝਿੰਮ ਝਿੰਮ ਤਾਜ ਝੁਲੇਂਦੇ; ਘਾਇਲ ਕਰਨ ਕਾਫ਼ਲੇ ਸੁੱਤੇ ਕਿਸੇ ਹੁਮਾ ਦੀਆਂ ਰਾਖਾਂ। ਦੂਰੋਂ ਹੜ੍ਹ ਸਰਸਾ ਦੇ ਗਰਜਨ : “ਇਹ ਤਾਂ ਦੇਸ ਨ ਤੇਰਾ" ਕਹਿਰਵਾਨ ਰਾਹਾਂ 'ਤੇ ਐਸਾ ਹੁਕਮ ਨ ਸੁਣਿਆਂ ਆਪਾਂ। ਕਹੇ ਹੱਕ ਜੋ ਧੁਰੋਂ ਹੀ ਦਿਲ ਵਿਚ ਰਾਤੀਂ ਖ਼ਾਕ 'ਤੇ ਸੁੱਤਾ : “ਕਿਵੇਂ ਸੁਣੀਨ ਦੇਸ ਨਹੀਂ ਜੇਕਰ ਓਸ ਘੋੜ ਦੀਆਂ ਟਾਪਾਂ ?" ***** (ਤਾਰਿਆਂ ਦੀ ਛਾਂ ਹੇਠ) ਤਾਰਿਆਂ ਦੀ ਛਾਂ ਹੇਠ ਖੜਾ ਮੈਂ ਮੁੱਕੀ ਖੇਡ ਆਵਾਜ਼ਾਂ ਦੀ। ਮੇਰੀ ਪੈੜ ਆਗਾਸਾਂ ਤੀਕਣ ਚੁੱਪ ਫੜੇ ਪਰਵਾਜ਼ਾਂ ਦੀ। ਡੂੰਘੀ ਰਾਤ ਸਿਆਲਾਂ ਸੰਦੀ ਪਰੇ ਕਿਸੇ ਨਦੀ ਦੀ ਕੰਧੀ; ਸੱਜੇ ਪਾਸੇ ਅੱਗ ਬੁਲੰਦੀ ਸੇਕਣ ਭੁੱਲੇ ਵਿਸਰੇ ਸੰਗੀ- ਸੂਰਤ ਕੁਝ ਛੁਪੀ ਜੋ, ਕੰਬੀ ! ਸ਼ਾਂਤ ਅੱਗ ਵਿੱਚੋਂ ਫਿਰ ਉੱਠੀ ਜੀਭ ਗੁਨਾਹ ਦਿਆਂ ਰਾਜ਼ਾਂ ਦੀ। ਸ਼ਾਹ ਰਗ ਆਣ ਫੜੀ ਵਿਚ ਨ੍ਹੇਰੇ ਕਿਸ ਫ਼ਰਿਆਦ ਦੇ ਸਾਜ਼ਾਂ ਦੀ। (1) ਆਈਆਂ ਕਿਧਰੋਂ ਓਢ ਹਨੇਰੇ ਖੱਬੇ ਪਾਸੇ ਕਬਰਾਂ ਮੇਰੇ— ਨ ਹਿੱਲਣ ਨ ਆਵਨ ਨੇੜੇ; ਪਏ ਪਤਾਲਾਂ ਤੀਕਣ ਘੇਰੇ, ਹੌਲ ਕਰੋ ਬੰਦੀ, ਨ ਛੇੜੇ; ਕੋਟਾਂ ਕੋਸ ਜਾਏ ਜਦ ਬੰਨ੍ਹੀ ਰਸਨਾ ਯਾਰ-ਨਵਾਜ਼ਾਂ ਦੀ ਸਜਦੇ ਪੱਥਰ ਚੀਰ ਵਗਾਵੇ ਨੂਰੀ ਨਿਗਾਹ ਨਮਾਜ਼ਾਂ ਦੀ। (2) ਮੁੱਢ ਕਦੀਮੀ ਰਮਜ਼ ਖਲੋਈ ਅੱਗ ਸੇਕਦਾ ਤੁਰਿਆ ਕੋਈ ਸੱਜੀ ਕੁੰਟ ਮੇਰੇ ਸੰਗ ਹੋਈ ਤੁਰੇ ਜਗਾ ਕੇ ਜਿੰਦੜੀ ਮੋਈ ਚੁੱਕਦਾ ਮੇਰੀ ਚੀਸ-ਲੁਕੋਈ। ਟਾਪ ਸੁਣੀ ਘੋੜਾਂ ਦੀ ਪਿੱਛੋਂ ਰਮਜ਼ ਰਣਾਂ ਦੇ ਨਾਜ਼ਾਂ ਦੀ। ਮੱਥੇ ਸਮੇਂ ਦੇ ਸੂਰਜ ਸਾਜੇ ਅੱਗ ਇਲਾਹੀ ਬਾਜ਼ਾਂ ਦੀ। (3) ਗੁਨਾਹਗਾਰਾਂ ਦੀ ਕੰਦਰਾ ਮੂਰ੍ਹੇ ਕਾਲਾ ਜਬਲ ਸਾਹਮਣੇ ਘੂਰੇ- ਮੰਜ਼ਿਲ ਖੜੀ ਓਸ ਰਾਹ ਝੂਰੇ, ਨਾਲ ਰਹੇ ਪਰ ਰਣਾਂ ਦੇ ਸੂਰੇ- ਸੁਖਨ ਗ੍ਰੰਥ ਕੁਰਾਨ ਦੇ ਪੂਰੇ ! ਕਹਿਰਵਾਨ ਜਬਲ ਤੋਂ ਲਹਿੰਦੀ ਲੰਮੀ ਬਾਂਹ ਨਿਆਜ਼ਾਂ ਦੀ। ਰਾਤੀਂ ਪੀੜ ਮਸੀਤੀਂ ਆਵੇ ਉਜੜੇ ਹੋਏ ਰਿਆਜ਼ਾਂ ਦੀ। (4) ਦੇਸਨ ਤਾਰੇ ਕਦੇ ਗਵਾਹੀ ਸੱਜੀ ਕੁੰਟ ਤੁਰੇਂਦਾ ਰਾਹੀ— ਪੁੱਛਾਂ ਭੇਦ ਤਾਂ ਲਪਕੇ ਫਾਹੀ, ਜ਼ੋਰ ਲਗਾਵਾਂ, ਪੇਸ਼ ਨ ਜਾਈ। ਬਾਤ ਰੀਣ ਹੁਣ ਦੱਸੀਂ ਮਾਹੀ : “ਕੌਣ ਤੂੰ, ਦੇਸ ਤੇਰਾ ਹੈ ਕਿੱਥੇ, ਖੇਡ ਕੀ ਰੰਗ ਮਜਾਜ਼ਾਂ ਦੀ ? ਜੀਵੇਂ ਤੇਰੇ ਕੋਲ ਸੁਣੀਂਦੀ ਨਜ਼ਰ ਏ ਉਮਰ ਦਰਾਜ਼ਾਂ ਦੀ।” (5) ***** (ਅਜਨਬੀ ਦਾ ਜੁਆਬ) “ਮੈਂ ਯਾਰਾਂ ਦੇ ਹੱਥੋਂ ਮੋਇਆ ਮੈਂ ਅੱਪਣੇ ਹੀ ਦੇਸ 'ਚ ਖੋਇਆ ਮੇਰਾ ਮਨ ਪਰਦੇਸੀ ਹੋਇਆ।” ਮੁੱਦਤਾਂ ਪਿੱਛੋਂ ਇੰਞ ਸੁਣੀ ਮੈਂ 'ਵਾਜ ਵਿਛੜੀਆਂ ਬਾਰਾਂ ਦੀ। (1) ਰੁਕ ਕੁਝ ਦੇਣ ਲੱਗਾ ਤਫ਼ਸੀਰਾਂ : “ਮੇਰੀ ਹਯਾਤੀ ਦੀਆਂ ਲਕੀਰਾਂ ਇਸ਼ਕ-ਨਜ਼ਾਮ ਵਾਂਗ ਤਕਦੀਰਾਂ ਏਸ ਦੇਸ ਦੀਆਂ ਤਾਬੀਰਾਂ; ਬਾਰ ਦੇ ਤਨ-ਮਨ ਅੰਦਰ ਵੱਸੀ ਨਜ਼ਰ ਮੇਰੇ ਅਸਵਾਰਾਂ ਦੀ। (2) “ਹੋਰ ਖ਼ਾਕ ਦਾ ਜਿਸਮ ਨ ਮੱਲਾਂ ਪੈਂਡੇ ਹੋਰ ਮੈਂ ਕਿਉਂਕਰ ਚੱਲਾਂ ? ਅਜ਼ਲ-ਹਯਾਤੀ ਰਲੀਆਂ ਛੱਲਾਂ। ਵਸੇ ਮੇਰੀ ਅਕੀਦਤ ਜਿੱਥੇ ਸ਼ਾਨ ਮੇਰੇ ਦਰਬਾਰਾਂ ਦੀ। (3) “ਪੜ੍ਹੀਆਂ ਬਹਿ ਕੇ ਹੱਕ ਦੇ ਨਾਜ਼ਾਂ ਰੁੱਖਾਂ ਨਦੀਆਂ ਨਾਲ ਨਮਾਜ਼ਾਂ; ਮਿੱਟੀ ਨਾਲ ਰਹਿਣ ਪਰਵਾਜ਼ਾਂ- ਪਰਤੇਗੀ ਇਕ ਰਮਜ਼ ਪਿਆਰੀ ਨਦੀ 'ਚ ਡੁੱਬੀਆਂ ਨਾਰਾਂ ਦੀ। (4) “ਖ਼ਾਕ ਗੁਦਾਜ਼ ਕਰਾਂ ਜੇ ਝਾਕਾਂ— ਵੱਡ-ਵਡੇਰੇ ਮਾਰਨ ਹਾਕਾਂ; ਨਕਸ਼ ਬਣੇ ਓਹੀ, ਜੇ ਆਖਾਂ— ਬ੍ਰਿਹਾ-ਰੁਮਕ ਕੂੰਜ ਨਾ' ਆਵੇ ਮੌਤ ਦੇ ਦੂਤੀ ਵਾਰਾਂ ਦੀ। ਗਲੇ ਨਾਲ ਰੋ ਪੌਣਾਂ ਲਾਵਣ ਚੀਖ ਕੁਹਨ ਕੋਈ ਦਾਰਾਂ ਦੀ। (5) “ਅਸੀਂ ਅਜਨਬੀ ਕੱਲਮ ਕੱਲੇ ਇਸ਼ਕ-ਨਜ਼ਾਮ ਸਾਜ ਕੇ ਖੱਲ੍ਹੇ ਤੇਰੇ ਜਹੇ ਆਉਣ ਜਦ ਝੱਲੇ ਬਾਲ ਵਰੇਸ ਦੀਆਂ ਜੂਹਾਂ ਵਿਚ ਕਰਾਂ ਉਡੀਕ ਮੈਂ ਯਾਰਾਂ ਦੀ।” (6) ਸੁਣ ਕੇ ਇਸ਼ਕ ਦੇ ਭੁੱਲੇ ਪੈਂਡੇ ਬਾਰ ਦੀ ਮਿੱਟੀ ਬੁੱਕਲ ਲੈਂਦੇ ਤੇ ਜੋ ਨਾਲ ਗੁਨਾਹਾਂ ਰਹਿੰਦੇ— ਅੰਬਰ ਤੀਕਰ ਨਕਸ਼ ਬਣਾ ਗਈ ਇਹ ਮਿੱਟੀ ਦਿਲਦਾਰਾਂ ਦੀ। (7) ***** ਤੀਸਰਾ ਪੜਾ (ਨੂਰ ਮਹਿਲ ਪ੍ਰਵੇਸ਼) (ੳ) ਫੇਰ ਅਜਨਬੀ ਸੱਜੇ ਪਾਸੇ ਲੰਮੀ ਨਜ਼ਰ ਝੁਕਾਵੇ। ਗਿਰੇਬਾਨ ਦੀ ਡੂੰਘੀ ਚੁੱਪੋਂ ਵੰਝਲੀ ਪਿਆ ਜਗਾਵੇ। ਲੁਕੀ ਵੰਝਲੀ ਵਿੱਚੋਂ ਉੱਠੀ ਸੱਦ ਕੋਈ ਅਸਮਾਨੀ, ਨਾਜ਼ਕ ਚਾਪ ਜ੍ਹਿਦੀ ਸਭ ਤਬਕੀਂ ਸੁਣਨ ਘਾਇਲ ਕਰਵਾਨੀ। ਜਾਲ ਮਿਰੇ ਜ਼ਖ਼ਮਾਂ ਦੇ ਉਲਝੇ ਵਿਚ ਜਾਨ ਦੀਆਂ ਤਾਰਾਂ, ਸ਼ੀਰੀਂ ਨਾਦ ਸੁਣੇ ਜਦ ਮੈਨੂੰ ਪਾਟੇ ਵਾਂਗ ਲੰਗਾਰਾਂ। ਜਾਨ ਗ਼ੁਬਾਰਾਂ ਦੇ ਵਿਚ ਸੁੱਟੀ ਲੂਹ ਕੇ ਖ਼ੂਨੀ ਕਾਲਾਂ, ਬੋਲ ਵੰਝਲੀ ਦੇ ਇਉਂ ਚਾਵਣ ਵਲ ਅੰਞਾਣੇ ਸਾਲਾਂ : ਕਿਸ਼ਤੀ ਜੋ ਭਟਕਦੀ ਫਿਰਦੀ ਸਾਲ ਅਨੰਤਾਂ ਵੱਲਾਂ, ਜਿਵੇਂ ਮਾਂ ਦੇ ਦੇਸ਼ ਲਿਆਵਣ ਗਰਜ ਸਿੰਧ ਦੀਆਂ ਛੱਲਾਂ। ਗੁਨਹੀ ਭਰੇ ਰੋਣ ਵਿਚ ਪੌਣਾਂ ਚੜ੍ਹ ਸਰਸਾ ਦੇ ਪਾਣੀ— ਬੁੱਕਲ ਵਿਚ ਲੈਣ ਅਰਦਾਸਾਂ ਮੇਰੀ ਅਉਧ ਅੰਞਾਣੀ। ਕੱਪਰ ਪੈਣ ਵਾਂਗ ਸ਼ੀਂਹ ਮੈਨੂੰ ਕੰਦਰਾ ਦੇ ਵਿਚ ਜ਼ੋਰੀ, ਬੀਤੀ ਉਮਰਾ ਦੇ ਸਭ ਪੈਂਡੇ ਕਰਨ ਉਡੀਕਾਂ ਚੋਰੀ। 'ਵਾਜ ਅਜੇ ਵੀ ਦੇਵਣ ਦੂਰੋਂ ਕੱਪਰ-ਘਿਰੀਆਂ ਨਾਰਾਂ। ਜਿਨ੍ਹਾਂ ਧੂੜਾਂ ਲਹੂ ਨ ਪੀਤੇ ਲੈਣ ਮੇਰੀਆਂ ਸਾਰਾਂ। ਇਕ ਦਰਿਆ ਦੇ ਪੱਤਣ ਮੈਨੂੰ ਨਾਦ ਵੰਝਲੀ ਲਿਆਇਆ। ਪਏ ਸਮੇਂ ਦੇ ਨਾਲ ਨ ਜਿੱਥੇ ਕਿਸੇ ਗੁਨਾਹ ਦਾ ਸਾਇਆ। ਕਹਿਕਸ਼ਾਂ ਦੀ ਨਾਭ 'ਚ ਘੁੰਮਦੇ ਡਾਢੇ ਚਰਖ ਜਨੂੰਨੀ; ਵੱਲ ਦਰਿਆ ਆਉਣ ਜਦ ਉਤਰੇ ਬਟਕਾਂ ਜਹੀ ਮਾਸੂਮੀ। ਵੰਝਲੀ ਦੀ ਸੱਦ ਪਈ ਉਠਾਵੇ ਵਗਦੇ ਨੂਰ ਚੋਂ ਭੂਰਾਂ; ਜਦੋਂ ਪਛਾਣਨ ਲੱਗਾ, ਖਿਚਿਆ ਨੀਂਦ ਦੇ ਸੰਘਣੇ ਨੂਰਾਂ। ਨੀਂਦ ਨਾਲ ਵਣਾਂ 'ਚੋਂ ਆ ਕੇ ਪੌਣ ਅਜਿਹੀ ਲੱਗੇ, ਬਾਲ ਦੇ ਹੱਥ ਬਿਨਾਂ ਨ ਜਿਸ ਨੂੰ ਚੀਜ਼ ਕੋਈ ਛੁਹ ਸੱਕੇ। (ਅ) ਬਾਲਪਨ ਦੇ ਵੱਡੇ ਵਣ ਨੇ ਕਰੀਆਂ ਨੀਂਦ ਨਾ' ਗੱਲਾਂ; ਬਾਰਾਂ ਦੇ ਪਿੰਡੇ ਨੂੰ ਛੋਹਿਆ ਜਿਉਂ ਅਣਛੋਹੀਆਂ ਛੱਲਾਂ। ਵੱਡੇ ਵਣ ਦੇ ਪੱਤਰਾਂ ਉੱਤੇ ਹਰਫ਼ ਬਣਾਏ ਖ਼ਾਬਾਂ। ਕੀ ਪੜ੍ਹਦੇ ਤਾਰੇ ਨੇ ਏਥੋਂ ? ਫੋਲਣ ਪੀਰ ਕਿਤਾਬਾਂ। ਖੰਭ ਪੰਛੀਆਂ ਦੇ ਆ ਵੱਜਣ ਨੀਂਦ ਮੇਰੀ ਦੇ ਨੇੜੇ, ਚੁਗਣ ਆਏ ਤਾਰਿਆਂ ਉੱਤੋਂ ਰਾਜ਼ ਅਸੰਖਾਂ ਮੇਰੇ। ਇਕ ਹੱਥ ਸਮਾਂ ਦੂਸਰੇ ਤਾਰੇ, ਫੜੀ ਕਿਤਾਬ ਸੀ ਰਾਵੀ। ਫ਼ਜਰੀਂ ਹਰਫ਼ ਵਾਚਦੇ ਚੁੰਮਣ, ਮੈਡੀ ਨੀਂਦ ਸੁਹਾਵੀ। ਸਮੇਂ ਦੇ ਉੱਚੇ ਬੁਰਜੀਂ ਖੜ੍ਹੀਆਂ ਵੇਹਣ ਮੇਰਾ ਮਨ ਫ਼ਜਰਾਂ। ਬੁੱਢੇ ਵਣ ਦੇ ਪੱਤਰਾਂ 'ਤੇ ਕੁਝ ਪੜ੍ਹਣ ਅਸੰਖਾਂ ਨਜ਼ਰਾਂ। ਪਾਲ ਅਨੰਤ ਜਲਵਿਆਂ ਸੰਦੀ ਖ਼ਾਕ 'ਚੋਂ ਉਠ ਖਲੋਈ, ਰਾਜ਼ ਰਮਜ਼ ਸਮਿਆਂ ਵਿਚ ਜਿਸਦੀ ਜਾਣ ਨ ਸਕਿਆ ਕੋਈ। ਭੈਅ ਤੋਂ ਬਾਹਰ ਸਮੇਂ ਤੋਂ ਅੱਗੇ ਅਜਬ ਸਾਦਗੀ ਸੁੱਚੀ, ਬਾਰ ਸੀਨਿਉਂ ਸਿਰ ਮੇਰੇ ਵੱਲ ਵਾਂਗ ਅਸੀਸਾਂ ਉੱਠੀ। ਸਿਕ ਸਿਕ ਵੇਹਣ ਨਹਿਰ ਤੋਂ ਮੈਨੂੰ ਖੜ੍ਹ ਮਿਰਗਾਂ ਜਿਉਂ ਬਾਰਾਂ, ਜਿਵੇਂ ਰਾਮ ਨੂੰ ਵਣੀਂ ਉਡੀਕਣ ਬਾਨਰ ਮੂਕ ਹਜ਼ਾਰਾਂ। ਘਰ ਮੈਂਡੇ ਤੋਂ ਘੁੰਡ ਉਠਾਵਣ ਸਫ਼ਰ ਦੁਆਵਾਂ ਝਾਗੇ, ਚੀਰ ਜਿਵੇਂ ਹਨਵੰਤ ਦਾ ਸੀਨਾ ਨਕਸ਼ ਰਾਮ ਦਾ ਜਾਗੇ। ਮੈਂ ਅਰਦਾਸ ਦੀ ਰੁਣ ਝੁਣ ਅੰਦਰ ਜਲਵੇ ਖ਼ਾਕ ਸ਼ਿੰਗਾਰੇ, ਅਣਛੋਹ ਪਾਕ ਤਰਬ ਵਿਚ ਬੰਨ੍ਹੇ ਅੰਬਰ ਜਿਵੇਂ ਸਿਤਾਰੇ। ਅਜ਼ਲਾਂ ਤੀਕ ਪਛਾਣਨ ਪਈਆਂ ਨਜ਼ਰਾਂ ਕੋਈ ਬਨੇਰਾ, ਇਸ ਮਿੱਟੀ ਦਾ ਨਕਸ਼ ਓਸ ਥਾਂ ਪਹੁੰਚ ਬਣੇ ਘਰ ਮੇਰਾ। (ੲ) ਮੈਂ ਕਿਹਾ “ਵਿਚ ਚਮਕ ਦੁਆਵਾਂ ਨੂਰ ਮਹਿਲ ਦੀਆਂ ਢੋਕਾਂ, ਸਮਿਆਂ ਉੱਤੇ ਨਕਸ਼ ਵਿਛਾਏ ਨਹੀਂ ਪਛਾਣੇ ਲੋਕਾਂ। “ਜੋ ਅਰਦਾਸ ਕਰੀ ਮੈਂ ਏਥੇ ਬੱਜਰ ਭੁੱਲ ਕਿਉਂ ਮੇਸੀ ? ਕਦੋਂ ਤੀਕ ਰਹੇਗਾ ਭੈਣੇ ਘਰ ਮੇਰਾ ਪਰਦੇਸੀ ?" “ਫੈਜ਼ ਮਾਹੀ ਦਾ,” ਰਾਵੀ ਦੱਸੇ “ਧਰਤ ਨਾ' ਪਾਏ ਸਾਂਝਾਂ ਕੌਮਾਂ ਨੂੰ ਫਿਰ ਡੋਬ ਦਿੰਦੀਆਂ ਕਾਲ-ਕੁਫ਼ਰ ਦੀਆਂ ਕਾਂਗਾਂ। “ਵਿਚ ਦੁਆਵਾਂ ਫੇਰੇ ਪਾਵਣ ਘਰ ਦੇ ਨਕਸ਼ ਪਿਆਸੇ। ਰੁਲਦੀ ਹੋਈ ਧਰਤ ਦੇ ਪੈਂਡੇ ਮਿਲਣ ਤਾਂ ਦੇਣ ਦਿਲਾਸੇ। “ਸਿਰ ਤੇ ਪੈਣ ਝੱਖੜਾਂ ਵਾਂਗੂੰ ਕਹਿਰ-ਕੁਫ਼ਰ ਦੀਆਂ ਡਾਂਗਾਂ। ਸਿਮਰਣ-ਵਿਰਦ ਕੌਮ ਦੇ ਕੰਠੋਂ ਬਣੇ ਫ਼ਜਰ ਦੀਆਂ ਬਾਂਗਾਂ। "ਪੱਥਰਾਂ ਦੇ ਵਿਚ ਦੱਬੇ ਸਜਦੇ ਜੇ ਨ ਕੌਮਾਂ ਫੋਲਣ, ਪੌਣ ਬਿਰਖ ਨੈਂ ਘਰ ਦੇ ਸੁਪਨੇ ਪਾਕ ਕੌਲ ਨ ਤੋਲਣ। "ਉਂਝ ਤਾਂ ਤੂੰ ਸੈਂ ਤੁਰਿਆ ਵੀਰਾ ਰੱਬ ਦੇ ਬੰਦਿਆਂ ਨਾਲੇ। ਪਲ ਦੋ ਪਲ ਧੂੜ ਵਿਚ ਰੁਲਦੇ ਤੂੰ ਕੁਝ ਨਕਸ਼ ਸੰਭਾਲੇ। “ਲਸ਼ਕਰ ਪਾਕ ਮਲਾਹਾਂ, ਚਾਕਾਂ, ਤੈਨੂੰ ਦਿੱਤੀਆਂ ਸੱਦਾਂ। ਕੌਮ ਦੀ ਨਜ਼ਰ ਬਿਨਾਂ ਪਰ ਰਹੀਆਂ ਤੈਂਡੀ ਨਜ਼ਰ 'ਤੇ ਹੱਦਾਂ। “ਨਜ਼ਰ ਇਕੱਲੀ, ਨਜ਼ਰ ਕੌਮ ਦੀ, ਸੁਣ ਤੂੰ ਫਰਕ ਵਡੇਰਾ। ਇਕ ਨਜ਼ਰ ਦੇ ਨੂਰ ਵੀ ਪੈਂਦਾ ਕਦੇ ਕੌਮ ਦਾ ਫੇਰਾ। “ਤੈਂ ਅਰਦਾਸ ਜੋ ਰੂਹ ਬਾਰਾਂ ਦੀ, ਕੌਮ ਦਾ ਦੇਸ ਨ ਹੋਏ। ਬਸ ਹੁਣ ਫੈਜ਼ ਨਜ਼ਰ 'ਤੇ ਐਨਾ, ਤਕਸੈਂ ਕਾਫ਼ਲੇ ਮੋਏ। (ਇਤਿ ਸਰਗ ਤੀਸਰਾ)
ਸਰਗ ਚੌਥਾ
ਬਾਲ ਵਰੇਸ ਦਾ ਇਕ ਸਫ਼ਰ -1- ਯਾਦ ਨੇ ਨੂਰ ਮਹਿਲ ਦੀਆਂ ਛਾਵਾਂ ਜਿਹਨਾਂ ਹੇਠ ਸਮੇਂ ਦੀਆਂ 'ਵਾਵਾਂ ਮੋਈਆਂ ਕੌਮਾਂ ਦੀ ਚੁੱਕ ਧੂੜੀ ਲੰਘ ਆਉਣ ਹਰ ਅਗਨ ਦੀ ਦੂਰੀ। ਬਾਂਝ ਗ਼ਰੀਬ ਸੁੰਞੀਆਂ ਰਾਖਾਂ ਰਲਣ ਵਣੀਂ ਇਉਂ ਬਣ ਬਣ ਸ਼ਾਖਾਂ ਜਿਵੇਂ ਬਾਂਕੀਆਂ ਚੰਚਲ ਨਾਰਾਂ ਲੁਕ ਜਾਵਣ ਵਿਚ ਭਰੇ ਬਜ਼ਾਰਾਂ। ਜ਼ਖ਼ਮ ਕਦੇ ਜੋ ਧਰਤ ਨੂੰ ਲੱਗੇ ਰਾਤੀਂ ਪੌਣਾਂ ਦੇ ਤਨ ਵੱਜੇ, ਭੇਦ ਭਰੇ ਪਾਣੀਆਂ ਉੱਤੇ ਸਫ਼ਰ ਬੰਦਗੀ ਦੇ ਕਰ ਸੁੱਤੇ, ਮਾਂ ਦੇ ਮੋਹ ਜਾਗ ਕੇ ਕੰਬਨ ਖੈਰ ਪਏ ਜ਼ਖ਼ਮਾਂ ਦੀ ਮੰਗਨ। ਰਾਹ ਕੁਹਰਾਮ ਦੇ ਜਲੀਆਂ ਜੀਭਾਂ ਲੁਕੀਆਂ ਚੋਰਾਂ ਵਾਂਗ ਸਲੀਬਾਂ। ਜਦੋਂ ਸਿੰਧ ਅਜਲ ਦੇ ਵੱਲੋਂ ਫੁਟ ਫੁਟ ਆਉਣ ਅਗਨ ਦੀ ਛੱਲੋਂ ਕੰਠ ਪਰੋ ਤਦੋਂ ਚੁੱਪ ਪੂਰੀ ਨੈਣੀਂ ਡੋਬ ਡੋਬ ਕਹਿਕਸ਼ਾਂ ਨੂਰੀ ਵਣਾਂ ਦੇ ਅੰਦਰ ਨਾਲ ਨਸੀਬਾਂ ਪੰਛੀ ਮਿਲਦੇ ਵਾਂਗ ਤਬੀਬਾਂ। -2- ਨੂਰ ਮਹਿਲ ਦੀਆਂ ਕੱਚੀਆਂ ਢੋਕਾਂ ਜਦੋਂ ਵਸਾਈਆਂ ਬਾਰ ਦੇ ਲੋਕਾਂ ਸਿਦਕ ਬੰਦਗੀ ਕਰਮ ਦੀ ਬਾਣੀ ਸੰਘਣੇ ਵਣਾਂ ਨੂੰ ਦਿੱਤੇ ਪਾਣੀ। ਮਾਂ-ਮੋਹ ਵਿਚ ਅਦਭੁਤ ਰੰਗਾਂ ਤਾਰਿਆਂ ਤੀਕਨ ਪਈਆਂ ਤੰਦਾਂ। ਫ਼ਜਰ-ਅਜ਼ਾਨਾਂ ਥਲਾਂ ਨੂੰ ਤਾਂਘਣ ਕੱਚੀਆਂ ਢੋਕਾਂ ਦੇ ਵਿਚ ਆਂਙਣ। ਨੰਨ੍ਹੇ ਘਰਾਂ ਦੇ ਬੈਠ ਬਨੇਰੇ ਪੰਛੀ ਵੇਖ ਰਹੇ ਉਹ ਵਿਹੜੇ ਦਲ ਤਕਦੀਰ ਲੈ ਜਿੱਥੇ ਭਾਰੇ ਹੱਦ ਸਜਾਉਣ ਗਗਨ ਦੀ ਤਾਰੇ ਹਸ਼ਰ ਨੂੰ ਦੁਲਹਨ ਵਾਂਗ ਬਣਾਂਦੇ ਥਿੰਦੇ ਬੂਹੇ ਖੋਲ੍ਹ ਲੰਘਾਂਦੇ। ਲੰਘੇ मै ਇਕਰਾਰਾਂ ਥਾਣੀ ਮਾਂ-ਮੋਹ ਬਣ ਧਰਤ ਦੇ ਪਾਣੀ। ਕੌਮ ਨੇ ਬਾਰ 'ਤੇ ਹੱਕ ਜਤਾਏ ਕਰ ਕੇ ਕਾਲ ਦੇ ਸੰਘਣੇ ਸਾਏ। ਕੌਲ ਚੁੱਕ ਗੁਰੂਆਂ ਦੇ ਭਾਰੇ ਸੋਹਣੀ ਧਰਤ ਤੋਂ ਮੁੜ ਮੁੜ ਵਾਰੇ। ਲੰਘੀ ਮੈਂਡੀ ਉਮਰ ਅੰਞਾਣੀ ਝੱਖੜ-ਖੜ੍ਹੀਆਂ ਪੈੜਾਂ ਪੈੜਾਂ ਥਾਣੀ। -3- ਇਕ ਦਿਨ ਢੋਕ ਮੇਰੀ ਦੇ ਬੂਹੇ ਸੋਅ ਦਿੱਤੀ ਕੁਈ ਸਮੇਂ ਦੇ ਸੂਹੇ। ਪਲ ਭਰ ਰਾਤ ਦੇ ਆਖ਼ਰੀ ਪਹਿਰੇ ਸੀ ਪਰਵਾਜ਼ ਅਸੰਖਾਂ ਠਹਿਰੇ ਝੁਕ ਸ਼ਬਨਮ 'ਤੇ ਅਦਬ 'ਚ ਸਾਰੇ ਭੇਦ ਕਹਿਣ ਅੰਬਰ ਦੇ ਨਿਆਰੇ। ਹੱਥ ਦਿਸੇ ਕੋ ਨਾਰ ਦੇ ਸੂਹੇ ਵੇਖ ਸਕਾਂ ਨ ਲੰਘ ਕੇ ਬੂਹੇ ! ਕੋਟ ਜਨਮ ਜਾਪਣ ਜੇ ਲੰਘਾਂ ਨਾਰ ਨ ਦਿਸਦੀ, ਛਣ ਛਣ ਵੰਗਾਂ ! ਤੱਕਿਆ ਬੇਬਸ ਆਂਙਣ ਵੱਲੇ ਸੁੱਤੀ ਮਾਂ ਰਹਿਮ ਪਈ ਘੱਲੇ। ਲਿਪਟ ਕੇ ਬਹੂੰ ਜਨਮਾਂ ਦੀ ਲੋਇ ਭੈਣ ਭਰਾ ਨੀਂਦ ਵਿਚ ਖੋਏ। ਦਾਮਨ ਕਰਮ ਦਾ ਅਖੀਏਂ ਲਾ ਕੇ ਸੋ ਦਰ ਦੇਖ ਲਿਆ ਮੈਂ ਜਾ ਕੇ। ਨਾਰ ਨ ਦਰ ਤੇ, ਦੀਦ ਸੀ ਬਾਕੀ ਹੱਜ ਦੇ ਨੂਰ ਨੇ ਛਲਿਆ ਸਾਕੀ। ਕੌਣ ਫੜੇ ਹੁਣ ਖੰਭ ਨੂਰਾਨੀ ਘੁੰਮਨਘੇਰ ਪਈ ਅਸਮਾਨੀ। ਬੂਹੇ ਖੜ੍ਹਾ ਘੋੜ ਹੁਸ਼ਨਾਕੀ ਕਰਾਂ ਪਛਾਣ, ਅਜੇ ਪਰ ਬਾਕੀ। ਪੰਛੀ ਫ਼ਜਰ ਦਾ ਪਿਆ ਪੁਕਾਰੇ : “ਕਰ ਦਿਲਬਾਗ਼ 'ਤੇ ਸਫ਼ਰ ਪਿਆਰੇ।” ***** ਨੂਰ ਮਹਿਲ ਦੀਆਂ ਮੋਹਣੀਆਂ ਗਲੀਆਂ ਸਜਦੇ ਜਿਵੇਂ ਸੁਆਏ ਵਲੀਆਂ। ਘੋੜ ? ਖਾਮੋਸ਼ ਬਿਜਲੀਏਂ ਝਾਕੀ ਫ਼ਜਰਾਂ ਨਜ਼ਰ ਪਾਉਣ ਲੌਲਾਕੀ। ਦਰ ਦਿਲਬਾਗ ਖੜ੍ਹਾ ਵਿਚ ਧੰਮੀ ਜ਼ੋਰ ਭਰੇ ਦਰਿਆ ਦੇ ਬੰਨ੍ਹੀ। ਦਿਸਦੀ! ਦਿਸੇ ਨ! ਅਜਬ ਨਿਸ਼ਾਨੀ ਜਿਵੇਂ ਬੁਰਾਕ ਦੀ ਗਲੇ 'ਚ ਗਾਨੀ। ਤਨ ਉੱਤੇ ਵਡ ਪਰਬਤ ਬੰਨ੍ਹੇ ਲਸ਼ਕਰ ਡੋਬ ਖਪਾਏ ਹੰਨੇ। ਘੋੜ ਵਿੱਚੋਂ ਦਰਿਆ ਕੋ ਤਰਿਆ ਰੀਣ ਖ਼ਾਕ 'ਤੇ ਸੂਰਜ ਚੜ੍ਹਿਆ। ਰੂਹ ਦੇ ਮੇਲੇ ਕਿਤੇ ਗੁਆਚੇ ਛਡ ਕੇ ਘੋੜ ਦੇ ਤਨ 'ਤੇ ਖ਼ਾਕੇ। ਮੈਂ ਦਿਲਬਾਗ ਦੇ ਨੈਣੀਂ ਝਾਕਾਂ ਲਸ਼ਕਰ ਮਾਰ ਚਲੇ ਗਏ ਹਾਕਾਂ। ਮੁੱਢ ਕਦੀਮ ਦੀਆਂ ਚੁੱਕ ਛੱਲਾਂ ਹੋ ਅਸਵਾਰ ਮੈਂ ਨਦੀਏਂ ਠੱਲ੍ਹਾਂ ? ! ***** ਤੱਕੇ ਬਹਿ ਦਿਲਬਾਗ ਦੇ ਉੱਤੇ ਇਕ ਪਲ ਭੈਣ-ਭਰਾ ਮੈਂ ਸੁੱਤੇ ਙ ਜਨਮੀ ਨਵੀਂ ਉਡਾਰ ਸਰੂਰੋਂ ਮਾਂ ਦਾ ਰਹਿਮ ਪੁਕਾਰੇ ਦੂਰੋਂ। ਬਾਰਾਂ ਦੇ ਵਿਚ ਬਾਲ ਵਰੇਸੇ ਮੈਂ ਚੱਲਿਆ ਅਸਵਾਰ ਦੇ ਭੇਸੇ। ***** ਪਿੰਡ ਦੀਆਂ ਜੂਹਾਂ ਵਿਚ ਫ਼ਜਰੀਂ ਪਿਆ ਕੁਝ ਦਿਲਬਾਗ ਦੀ ਨਜ਼ਰੀਂ : ਬਾਂਕੀ ਚਾਲ ਗਗਨ ਵਿਚ ਸਾਰੇ ਲਰਜ਼ ਰੁਕੀ ਸਮਿਆਂ ਵਿਚਕਾਰੇ। ਕੌਲ ਇਲਾਹੀ ਦੇ ਵਿਸਮਾਦਾਂ ਕੀਲੀਆਂ ਘੋੜ ਮਿਰੇ ਦੀਆਂ ਯਾਦਾਂ ਅੰਬਰ ਦੇ ਵਿਚ ਇਕ ਦੋ ਤਾਰੇ ਵਲ ਦਿਲਬਾਗ ਦੇ ਕਰਨ ਇਸ਼ਾਰੇ ਲਿਆਈਆਂ ਸੁਪਨੇ ਵਾਂਗ ਧਰੇਕਾਂ ਪੀਲੂ-ਲੱਦੇ ਵਣਾਂ ਚੋਂ ਹੇਕਾਂ। ਭੇਦ ਅਸੰਖਾਂ ਚੀਰ ਕੇ ਲੰਘੀ ਰਮਜ਼ ਕਿਸੇ ਸਿਹਰ ਦੀ ਡੰਗੀ। ਜਿਸਦੇ ਕਹਿਰ-ਹੁਸਨ ਵਿਚ ਬਲਕੇ ਪੰਜ ਦਰਿਆ ਚਾਨਚੱਕ ਛਲਕੇ । ਮੈਂ ਮਸਤਕ ਧਾ ਲੱਗੀਆਂ ਬੂੰਦਾਂ ਜਿਵੇਂ ਗੁਆਚ ਜੁਗਾਂ ਵਿਚ ਕੂੰਜਾਂ ਸੰਗ ਕੁਰਲਾਟ ਚੀਰ ਗੁਮਨਾਮੀ ਘਰ ਦੇ ਨਕਸ਼ ਵਾਹੁਣ ਅਸਮਾਨੀ। ***** ਸੈ ਪੁਸ਼ਤਾਂ ਦੀ ਸੋਚ ਉਚੇਰੀ ਸਿਦਕ ਬੰਦਗੀ ਕਰਮ 'ਚ ਜਿਹੜੀ ਵਣ-ਤ੍ਰਿਣ ਦੇ ਵਿਚ ਫੇਰੀ ਪਾਵੇ ਧਰ ਇੰਞ ਸੀਨੇ ਪੈੜ ਛੁਪਾਵੇ ਸਤਲੁਜ ਕੋਲ ਜਿਵੇਂ ਰਹਿ ਪਿਆਸਾ ਬੁੱਢਣ ਸ਼ਾਹ ਦੇ ਦੁੱਧ ਦਾ ਕਾਸਾ ਉਹਲੇ ਬਹਿ ਫ਼ਜਰਾਂ ਤਿਰਕਾਲਾਂ ਵਿਚ ਉਡੀਕ ਰਿਹਾ ਸੈ ਸਾਲਾਂ। ***** ਫੇਰ ਦਿਸੇ ਪਿੰਡ ਦੀ ਜੂਹੇ ਉਹੀਓ ਹੱਥ ਨਾਰ ਦੇ ਸੂਹੇ ਵਾਟ ਪਰੋ ਗਗਨ ਦੀ ਗਾਨੀ ਪਾਉਣ ਘੋੜ ਦੇ ਗਲੇ ਨਿਸ਼ਾਨੀ। ਸੋਹਣੀ ਸਾਹਿਬਾਂ ਹੀਰ ਦੇ ਨੈਣਾਂ ਤੇ ਸੱਸੀ ਦੇ ਡੂੰਘੇ ਵੈਣਾਂ ਵੱਡ ਚਰਖਾਂ ਦੇ ਜ਼ੋਰ ਵਿਚਾਲੇ ਉੱਡ ਧ੍ਰੁਵਾਂ ਸੂਰਜਾਂ ਨਾਲੇ ਚੁੱਕ ਜ਼ਿਮੀਂ ਦੇ ਸੁੱਚੇ ਕਾਸੇ ਢੂੰਡ ਢੂੰਡ ਰਹਿਮ ਦੇ ਪਾਸੇ ਆ ਬੈਠੇ ਨਦੀਆਂ ਦੀ ਬੰਨੀ ਕਰਦੇ ਕੌਲ ਅਬੋਲ ਅਗੰਮੀ ਪੁਸ਼ਤਾਂ ਘਣੇ ਵਣਾਂ ਵਿਚ ਸੁੱਤੇ ਤਕ ਦਿਲਬਾਗ ਕਾਂਗ ਜਿਉਂ ਉੱਠੇ ਰਾਹ ਚਰਖਾਂ ਦੇ ਗਾਨੀ ਝਮਕੇ ਨਾਲੇ ਬਾਰ ਦੇ ਝੁੰਮਰ ਧਮਕੇ ਸੋਹਣੇ ਹੱਥਾਂ ਉਹੀਓ ਗਾਨੀ, ਮਨ ਪੁਸ਼ਤਾਂ ਦੇ, ਰੂਹ ਅਸਮਾਨੀ, ਇਹ ਤ੍ਰੈ ‘ਬਾਗ਼’ ਦੇ ਗਲ ਵਿਚ ਪਾਏ ਪੰਖੀ-ਕੰਠ' ਚ ਕਾਰਵਾਂ ਗਾਏ। ਸੰਘਣੇ ਬ੍ਰਿਛਾਂ ਕੋਲ ਇਲਾਹੀ ਕੌਮ ਮਿਰੀ ਦੀ ਦੇਣ ਗਵਾਹੀ। ***** ਮੈਂ ਤੇ ਘੋੜ ਹਜ਼ਾਰਾਂ ਕੋਹਾਂ ਲੰਘੇ ਬਾਗ਼ ਬੇਲੜੇ ਰੋਹਾਂ! ਨਾਲ ਨਾਲ ਪੁਸ਼ਤਾਂ ਦੇ ਖ਼ਾਬਾਂ ਕਾਲਾ ਹਰਨ ਫਿਰੇ ਪੰਜਾਬਾਂ। ਸਾਰੰਗ ਕੋਇਲ ਮੋਹ ਦੀਆਂ ਕੂਕਾਂ ਸਾਉਣ ਮਾਹ ਨਾਗਾਂ ਦੀਆਂ ਸ਼ੂਕਾਂ ਰਾਤਾਂ ਦੇ ਝੁੰਮਰ ਵਿਚ ਹੁੱਲਣ ਅਲਬੇਲੇ ਹਰਨਾਂ ਸੰਗ ਜੁੱਲਣ। ਕਈ ਪੁਸ਼ਤਾਂ ਦੀਆਂ ਡੂੰਘੀਆਂ ਨੀਂਦਾਂ ਲੁਕ ਪਾਉਣ ਖ਼ਾਬਾਂ ਦੀਆਂ ਪੀਂਘਾਂ। ਬੇਲਿਆਂ ਵਿਚ ਜੋ ਹੋਈਆਂ ਗੱਲਾਂ ਰਾਜ਼ ਸਾਂਭ ਲਏ ਜੋ ਛੱਲਾਂ ਚਮਕ ਉਹੀ ਜੁਗਨੂੰ ਜਿਉਂ ਉੱਠੇ ਕਾਲੇ ਹਰਨ ਮੌਜ ਵਿਚ ਸੁੱਤੇ। ***** ਜਦੋਂ ਦਹਿਲ ਸੁੰਞ ਦੇ ਭਾਰੇ ਗੋਰਾਂ ਨੇ ਹਰ ਕਦਮ ਉਤਾਰੇ ਗੁਮਨਾਮੀ ਦੇ ਕਹਿਰ ਧਿੰਙਾਣੇ ਰੋਹੀਏਂ ਕੋਹ ਸੁੱਟਣ ਜਰਵਾਣੇ ਤਦੋਂ ਨਿਤਾਣੀ ਖ਼ਾਕ 'ਚ ਰਹਿੰਦੇ ਹੱਕ ਦੇ ਬਲੀ ਚਰਖ 'ਤੇ ਵਹਿੰਦੇ ਮਾਂ-ਮੋਹ ਦੇ ਡੂੰਘੇ ਪਾਣੀ ਤ੍ਰੇਲ ਵਿਚ ਅਰਦਾਸ ਅੰਞਾਣੀ ਬਣ ਧਰਤੀ 'ਤੇ ਨਾਜ਼ਲ ਹੋਵਣ ਚੌਦਾਂ ਤਬਕਾਂ ਨਾਲ ਖਲੋਵਣ। ਓਦੋਂ ਕਾਲੇ ਹਰਨ ਨੂੰ ਦੇਖਾਂ ਖੇਡ ਸੁਣੇ ਨਦੀਆਂ ਦੀਆਂ ਹੇਕਾਂ। ਲੁਕ ਨ ਭਾਲ ਲਵਾਂਗਾ ਤੈਨੂੰ ਰਾਹ ਦੱਸੇ ਦਿਲਬਾਗ ਨੇ ਮੈਨੂੰ। ***** ***** ਸਿਖਰ ਦੁਪਹਿਰੇ ਜੰਡ ਦੇ ਲਾਗੇ ਇਕ ਦਿਨ ਘੋੜ ਮਿਰਾ ਵੈਰਾਗੇ। ਟੁੱਟ ਰਿਹਾ ਕੋਈ ਸੂਰਜ ਭਾਰਾ ਹੇਠਾਂ ਰੂਪ ਨਦੀ ਦਾ ਨਿਆਰਾ। ਪਿੰਡ ਦੇ ਬਾਹਰ ਖ਼ਾਨਗਾਹ ਉੱਤੇ ਪੈਂਡੇ ਮਾਰ ਕਲੰਦਰ ਸੁੱਤੇ। ਠਾਠਾਂ ਮਾਰ ਰਿਹਾ ਕੁਈ ਮੇਲਾ ਚੋਭੇ ਖਾਰ ਕਮੀਨਾ ਬੇਲਾ। ਦੇ ਗਏ ਪੀਰ-ਫ਼ਕੀਰ ਅਜ਼ਾਨਾਂ ਸੁੱਤੀਆਂ ਮਸਜਿਦ ਕੋਲ ਰਕਾਨਾਂ। ਸੁੱਤਾ ਹੇਠ ਕਹਿਰ ਦੇ ਧਾਗੇ ਆਤਸ਼ ਹੇਠ ! ਨਾਂਹ ਜੋਬਨ ਜਾਗੇ। ***** ***** ਜੋ ਸੁੱਤੀਆਂ ਉਹ ਵਿਚ ਨ ਮੇਲੇ ਝੁੰਮਰ ਛੱਡ ਉਮਰ ਦੇ ਬੇਲੇ ਚੁੱਕ ਕੁਰਾਨ ਹਸ਼ਰ ਵੱਲ ਗਈਆਂ ਸੂਰਤਾਂ ਉੱਡ ਜੁਗਾਂ ’ਤੇ ਰਹੀਆਂ। ਸਿੰਧ ਵਿਰਾਟ ਘੇਰਦੇ ਲਾਂਬੂ ਚੌਦਾਂ ਤਬਕ ਗੇਰਦੇ ਲਾਂਬੂ ਠੰਢ ਪਾਉਣ, ਸੁਰਤਿ ਦੀਆਂ ਕੂੰਜਾਂ ਹੱਕ ਦੇ ਹਰਫ਼ੋਂ ਕੇਰ ਕੇ ਬੂੰਦਾਂ। ***** ***** ਲੰਮੇ ਸਜਦੇ ਸੌਣ ਕਲੰਦਰ ਪੈਰ ਨਬੀ ਦੇ ਹਸ਼ਰ ਦੇ ਅੰਦਰ ਪਰਤਣ ਚੁੰਮ੍ਹਿ ਸੁਰਤਿ ਦੇ ਆਂਙਣ ਜਿਸ ਲਈ ਬੈਠ ਧਿਆਨ ਦੇ ਵਾਂਗਨ ਦਿਲ ਵਿਚ ਹੱਕ ਤਕੇਂਦੇ ਰਾਂਝਣ ਰੁੱਖ ਜਿਵੇਂ ਸ਼ਬਨਮਾਂ ਤਾਂਘਣ। ***** ਮੇਲੇ ਵਿਛੜ ਰਹੇ ਇਕ ਸੰਞਾਂ ਮਸਜਿਦ ਕੋਲ ਛਣਕੀਆਂ ਵੰਗਾਂ। ਧੂਹ ਪਾਈ ਕਿਧਰੋਂ ਬਨਬਾਸਾਂ ਅੱਥਰੂ ਆਉਣ ਧਾਰ ਕੇ ਆਸਾਂ। ਉਸ ਪਾਸੇ ਦਿਲਬਾਗ ਮੈਂ ਛੇੜਾਂ ਡਾਢੇ ਹੌਲ ਪੈਣ ਸੁਣ ਭੇਰਾਂ। ਚੁੰਮ੍ਹ ਰਹੀਆਂ ਅਜ਼ਲਾਂ ਆ ਗਾਨੀ ਜਿੱਥੇ ਕੌਲ ਦਗਣ ਅਸਮਾਨੀ। ਨਾਲ ਕਲੰਦਰ ਨਬੀ ਦੇ ਯਾਰਾਂ ਗਾਨੀ ਜਾਗ ਤੱਕਣ ਮੁਟਿਆਰਾਂ। ਪਾਕ ਤਸਬੀਆਂ ਗਲੇ ਜੋ ਪੀਰਾਂ ਰਹਿਸਨ ਨਾਲ ਜੋ ਵਕਤ ਅਖੀਰਾਂ ਨੂਰ ਨਮਾਜ਼ ਭਰਨ ਵਿਚ ਗਾਨੀ ਜ਼ੋਰ ਕਰਨ ਜਲਵੇ ਨੂਰਾਨੀ। ਲੈਣ ਦੀਦ ਦਿਲਬਾਗ ਦੀ ਹੀਰਾਂ ਨਾਲ ਕਲੰਦਰ ਸੇਖਾਂ ਪੀਰਾਂ। ਅਜ਼ਲੋਂ ਲੰਮੀ ਬਾਂਹ ਰਕਾਨਾਂ ਦੂਰ ਹੁਲਾਰਣ ਜਿਵੇਂ ਅਜ਼ਾਨਾਂ। ਮੁੜ ਉਹ ਹੱਥ ਅਜਨਬੀ ਪਿਆਰੇ ਉਹੀਓ ਮਹਿੰਦੀ ਨਾਲ ਸ਼ਿੰਗਾਰੇ ਮਸਜਿਦ ਦੀ ਮਹਿਰਾਬ ਦੇ ਥੱਲੋ ਦਿਸਦੇ ਮੇਲੇ ਵਿਚ ਇਕੱਲੇ ਆ ਦਿਲਬਾਗ ਦੇ ਨੈਣੀਂ ਲੱਸੇ ਜ਼ਿਮੀਂ ਜ਼ਮਾਨ ਹੱਕ ਜੋ ਵੱਸੇ। ***** ***** ਮੈਂ ਦਿਲਬਾਗ ਨਾਲ ਇਕ ਵਾਰੀ ਰਾਤ ਸਾਂ ਕੱਟਦਾ ਸਿਖਰ ਪਹਾੜੀ ਚਾਨਚੱਕ ਇਕ ਜਾਲ ਡਰੌਣਾ ਕੋਹਾਂ ਤੀਕਰ ਚੁੱਕਿਆ ਪੌਣਾਂ ਸੀਸ ਪਹਾੜੀ ਕੰਬਦਾ ਆਇਆ ਤੰਦੀਂ ਬੰਨ੍ਹ ਮੌਤ ਦਾ ਸਾਇਆ। ਸਾਹ ਨ ਲਵਾਂ ਕਿ ਕਣ ਕਣ ਵਾਵਾਂ ਘੁੱਟੀਆਂ ਕਹਿਰਾਂ ਨਾਲ ਬਲਾਵਾਂ। ਪੰਜਾ ਛੁਪੇ ਫ਼ਨਾ ਦਾ ਜ਼ਹਿਰੀ ਨੇਸਾਂ ਸੁੱਟ ਚੁਫੇਰੇ ਕਹਿਰੀ ਅਣਦਿੱਸ ਵਿਚ ਹਨੇਰ ਖਲੋਵੇ ਘੁੱਟ ਕਿਆਮਤ-ਕੰਠ ਪਰੋਵੇ। ***** ***** ਸੁੰਞ ਪਹਾੜ ਘਿਰੇ ਅਣਜਾਣੇ ਅਸੀਂ ਅਸੀਰ ਗ਼ਰੀਬ ਨਿਮਾਣੇ। ਕੀੜੇ ਵਾਂਗ ਬਦੀ ਦਾ ਨਾਵਾਂ ਲੁਕ ਬੈਠਾ ਵਿਚ ਮਧੁਰ ਸਦਾਵਾਂ ! ਖਿੱਚਾਂ ਤੁਰਸ਼ ਪਤਾਲਾਂ ਵੱਲੋਂ ਤੁੰਦ ਬੇਦੀਨੇ ਸਾਲਾਂ ਵੱਲੋਂ ਤੋੜ ਉਡਾਉਣ ਜਾਨ ਦੇ ਰੇਜ਼ੇ ਸਿੰਨ੍ਹੇ ਘੂਰ ਲਸ਼ਕਰਾਂ ਨੇਜ਼ੇ ਜਿਉਂ ਹੋ ਕਹਿਰ ਕਲੂਰ ਨਾਬੀਨੇ ਕੁੰਡੀਆਂ ਸੂਟ ਸੂਟ ਫੋਲਣ ਸੀਨੇ ਤਦੋਂ ਮੈਂ ਅਰਜ਼ ਕਰਾਂ ਵਿਚ ਦੁੱਖਾਂ ਬੂੰਦ ਜਿਵੇਂ ਵਿਚ ਲੂਸੇ ਰੁੱਖਾਂ। ਤੱਕਾਂ ! ਕਰੀ ਜਾਂ ਜੁਗਨੂੰ ਲੋਇ ਯਾਰ ਦੇ ਨੈਣ ਅਜ਼ਲ ਤਕ ਰੋਇ। ਤੜਪੇ ਰਹਿਮ ‘ਬਾਗ਼' ਦੇ ਨੈਣੀਂ ਲੁਕਿਆ ਦੇਖ ਰਿਹਾ ਕੁਝ ਰੈਣੀਂ : ਖੜ ਲੱਖਾਂ ਸ਼ਮਸ਼ਾਨ ਬਲਾਵਾਂ ਰਾਖ ਉਡਾਵਣ ਵਿਚ ਹਵਾਵਾਂ ਸਾੜ ਹੱਡੀਆਂ ਕੋਹ ਕੇ ਕੌਮਾਂ ਜਲ ਸਹਿਰਾ ਧਸਣ ਵਿਚ ਰੋਮਾਂ ਲੋ ਕਰੇ ਜੁਗਨੂੰ ਬਨਬਾਸੀ ਰਾਖ ਕੌਮ ਦੀ ਫਿਰੇ ਪਿਆਸੀ। ***** ਮੈਂ ਤੇ ‘ਬਾਗ਼' ਉਦਾਸ ਅਸੀਰਾਂ ਅਰਦਾਸ ਕਰੀ ਵਾਂਗ ਦੋ ਵੀਰਾਂ ਰੂਹ ਹਰ ਕਿਹਾ: ‘ਅਟਕ ਵਿਚ ਠੱਲ੍ਹਾਂ' ਪਰਬਤ-ਪੈਰ ਗਰਜੀਆਂ ਛੱਲਾਂ ਚੀਰ ਜਿਵੇਂ ਨਾਬੂਦ ਦਾ ਕੀਨਾ ਜ਼ੋਰ ਕਰੇ ਦਰਿਆ ਦਾ ਸੀਨਾ; ਕੱਪਰਾਂ ਲਿਆ ਪਹਾੜ ਸ਼ਿਕੰਜੇ ਲਹਿਰਾਂ ਜਿਉਂ ਸ਼ੀਂਹਾਂ ਦੇ ਪੰਜੇ ! ਬੇੜੇ ਟੁੱਟ ਪਾਂਵਦੇ ਭੀੜਾਂ ਉਂਞ ਧਰਵਾਸ ਦਿੱਤੇ ਕੁਝ ਨੀਰਾਂ। ਕੌਮ ਦੇ ਲਸ਼ਕਰ ਰਣਾਂ 'ਚ ਪੁੱਗੇ ਸ਼ੂਕ ਰਹੇ ਦਰਿਆ ਵਿਚ ਡੁੱਬੇ। ***** ਮੈਂ ਦਿਲਬਾਗ ਦੀ ਕਰਾਂ ਸਵਾਰੀ ਪੌੜ ਫੜੇ ਕੋ ਸਿਖਰ ਪਹਾੜੀ। ਜੰਮ ਗਿਆ ਘੋੜਾ ਜਿਉਂ ਪੱਥਰ ਰਹੇ ਗਾਨੀ ਅਰਦਾਸ ਦੇ ਅੱਖਰ ! ***** ਦਿੱਤੀ ਕੌਮ ਦੇ ਰੁਲੇ ਸਵਾਰਾਂ ਸੈਨਤ ਵਾਂਗ ਕਦੀਮੀ ਯਾਰਾਂ ਬਲੇ ਸਿਦਕ ! ਦਿਲਬਾਗ ਮੈਂ ਛੇੜਾਂ, ਵਲ ਹੜਾਂ ਦੇ, ਵਿਚ ਹਨੇਰਾਂ। ਜਦ ਦਿਲਬਾਗ ਦੇ ਸੀਨੇ ਕਾਂਗਾਂ ਸੁੱਟੀ ਚਮਕ ਸ਼ਹਾਬ ਦੇ ਵਾਂਗਾਂ ਮਾਰੀ ਛਾਲ ਜਨੂੰਨ ਅਮੋੜੇ ਸ਼ੀਂਹ ਬਾਜ਼ਾਂ ਦੇ ਕਹਿਰ ਨੂੰ ਖੋਰੇ। ਤਦੋਂ ਕੰਡ ਮਿਰੀ ਵਿਚ ਸਾਂਗਾਂ ਖੁਭੀਆਂ ਮਾਰ ਹਨੇਰ 'ਚ ਚਾਂਗਾਂ ਸੁੱਟਿਆ ਪਰਬਤ ਘੁੰਮ ਹਵਾਵਾਂ ਥੰਮ੍ਹ ਲਿਆ ਰਹਿਮ ਕਰ ਮਾਵਾਂ। ਸ਼ੋਰ ! ਜ਼ਲਜ਼ਲੇ ! ਫੇਰ ਬੇਹੋਸ਼ੀ। ਰਹਿਮ ਦੀ ਗੋਦ ਧਰਤ ਬੇਦੋਸ਼ੀ ! ***** ਜਦੋਂ ਵੜੇ ਭੰਵਰ ਜੋ ਖ਼ੂਨੀ ਅਟਕੇ ਜੁਗਾਂ ਦੇ ਜ਼ੋਰ ਜਨੂੰਨੀ; ਮਗਰ ਸਾਡੇ ਕੰਬਦੇ ਅਸਵਾਰਾਂ ਲਸ਼ਕਰ ਠੇਲ੍ਹ ਦਿੱਤੇ ਵਿਚ ਧਾਰਾਂ। ਹਰ ਹਰ ਬੂੰਦ 'ਚ ਸਬਰ ਸਬੂਰੀ ਨੀਰ ਦੀ ਛੁਹ ਬੰਦਗੀ ਪੂਰੀ। ਮੈਂ, ਦਿਲਬਾਗ, ਉਡਦੀਆਂ ਛੱਲਾਂ, ਵਹਦਤ ਦੇਸ ਦੀਆਂ ਕੁਝ ਗੱਲਾਂ। ***** ਪਰਬਤ ਦੂਰ ਦਿਸੇ ਤਰ ਪਾਣੀ ਜਲਦੇ ਜਾਲ ਸਿਖਰ ਹੁਣ ਤਾਣੀ। ਤੱਕਿਆ ਅਸੀਂ ਪਾਰ ਦੇ ਪੱਤਣ ਰੋਹੀਆਂ ਵਿਚ ਰਕਾਨਾਂ ਕੱਤਣ। ਤੰਦਾਂ ਪਾਉਣ ਉਡਿ ਵਿਸਮਾਦਾਂ ਛੱਡ ਇਕੱਲਾਂ ਜਾਣ ਨ ਯਾਦਾਂ। ਦੀਵੇ ਚੁੱਕ ਫਿਰਦੀਆਂ ਨਾਰਾਂ ਪੈੜਾਂ ਦਿਸਣ, ਗੁਆਚਣ ਡਾਰਾਂ। ਚਾ ਕੇ ਕੌਲ ਕੌਮ ਦੇ ਕੂੰਜਾਂ ਸੁਣ ਆਵਣ ਆਤਣ ਦੀਆਂ ਗੂੰਜਾਂ। ਤੰਦਾਂ ਪਾਰ ਮੌਤ ਤੋਂ ਮੌਤ ਤੋਂ ਹੋਈਆਂ ਦੀਵੇ ਬਲਣ ਪਏ ਵਿਚ ਰੋਹੀਆਂ। ***** ***** ਅੱਧੀ ਰਾਤ ਰਕਾਨਾਂ ਹੱਸਣ ਪੀਂਘਾਂ ਚਾੜ੍ਹ ਫ਼ਨਾ ਨੂੰ ਡੱਸਣ। ਨ ਕੁਝ ਪੀਰ ਫ਼ਕੀਰ ਨੂੰ ਦੱਸਣ ਰਮਜ਼ਾਂ ਪਕੜ ਥਲਾਂ ਵਿਚ ਕੱਸਣ। ਇਕ ਪਲ ਮੈਂ ਦਿਲਬਾਗ ਨੂੰ ਛੇੜਾਂ ਅਣਛੋਹ ਵਿਚ ਇਕੱਲਾਂ ਫੇਰਾਂ। ਕਾਲੇ ਹਰਨ ਨਾਲ ਵਿਚ ਰੋਹੀਆਂ ਸੰਮੀ ਖੜੀ ਨੂੰ ਉਮਰਾਂ ਹੋਈਆਂ। ਬੁੱਤ ਨਾਲ ਕੰਬਣ ਪਏ ਤਾਰੇ ਨਭ ਨੇ ਵੇਖੇ ਹੱਥ ਨ ਸਾਰੇ। ਮਹਿੰਦੀ ਪੈਰਾਂ ਹੇਠ ਬਲੰਦੀ ਝੁੰਮਰ ਵਿਚ ਖ਼ਾਬ ਜਿਉਂ ਬੰਦੀ। ਸੂਹੇ ਹੱਥ ਸਮੇਂ ਦੇ ਕੰਮੀ ਛੁਪੀ ਰਹੀ ਬਾਰਾਂ ਵਿਚ ਸੰਮੀ। ਲੋ ਅਸੀਸ ਨਬੀਆਂ ਦੀ ਜੁੱਲੇ ਚੁੱਕ ਖ਼ੁਸ਼ਬੋ ਲੈਣ ਕੁਝ ਬੁੱਲੇ । ਕੌਲ ਕੌਮ ਦੇ ਸੁੱਤੇ ਦਾਰੀਂ ਜਾਗ ਤੁਰਨ ਸੰਮੀ ਨਾ’ ਬਾਰੀਂ। ***** ਆਇ ਖੜੀ ਦਿਲਬਾਗ ਦੇ ਅੱਗੇ ਸ਼ਾਹ ਪਰੀ ਮਜ਼੍ਹਬਾਂ ਦੀ ਲੱਗੇ। ਤ੍ਰਿੰਞਣ ਵਲ ਸੁੱਟ ਕੇ ਰਮਜ਼ਾਂ ਨਾਲ ਸੁਬਕ ਸੋਹਣੀਆਂ ਸਮਝਾਂ ਕਹੇ : “ਕੌਮ ਦੇ ਹੱਕ ਨਿਆਰੇ ਕਰ ਪਰਵਾਜ਼ ਰਹੇ ਚੱਕ ਚਾਰੇ। ਹੱਕ ਨਾਲ ਜੇ ਰਹਿਣਾ ਸੁਆਰਾਂ ਗਾਨੀ ਚਮਕ ਪਊ ਵਿਚ ਬਾਰਾਂ। ਚਮਕ ਇਹੋ ਮਾਵਾਂ ਦੀ ਕੁੱਖੀਂ। ਵਸਦੀ ਰਹੇ ਝੋਕ ਦੇ ਰੁੱਖੀਂ। ਆਤਣ ਛੋਪ ਪਾਉਣ ਜਦ ਭੈਣਾਂ ਸਿਮਰ ਸਵਾਰ ਲੈਣ ਵਿਚ ਰੈਣਾਂ। ਤੰਦਾਂ ਚੜ ਜਾਵਣ ਅਸਮਾਨੀ ਬਣ ਜਾਵਣ ਦਿਲਬਾਗ ਦੀ ਗਾਨੀ।” ***** ਸੁਣ ਨਿਗਾਹ ਵਲੀਆਂ ਦੀ ਸੁੱਚੀ ਹੋਈ ਧ੍ਰੁਵ ਤਾਰੇ ਤੋਂ ਉੱਚੀ । ਤੇਜ ਸਮੇ ਦਾ ਹੋਇ ਇਕੱਠਾ ਨਭ ਦੀ ਬਲੀ ਨਿਗਾਹ ਵਿਚ ਢੱਠਾ। ਖੋਰ ਕੇ ਸੂਰਜ ਚੰਨ ਅਗੰਮੀ ਖੜ੍ਹ ਗਈ ਲੀਕ ਫ਼ਜਰ ਦੀ ਲੰਮੀ। ਰੁਕੇ ਅਡੋਲ ਨਿਗਾਹ ਵਿਚ ਸਾਰਾ ਵੇਗ ਸਮੇਂ ਦਾ ਬੇ-ਮੁਹਾਰਾ। ਵਜਦ ਕੂਕ ਰਿਹਾ ਅਸਮਾਨੀ; “ਰੁਕੀਂ ਬੁਰਾਕ ਨਬੀ ਦੇ ਜਾਨੀ।” ਵੇਗ ਨਵਾਂ ਦਿਲਬਾਗ ਦਾ ਬਣਿਆਂ ਖਿਲਰ ਗਿਆ ਛਿਪ ਕੇ ਵਿਚ ਸਮਿਆਂ। ਸੰਮੀ ਤਕ ਅਬੋਲ ਸੀ ਹੋਈ ਦੂਰ ਉਡੀਕਣ ਲਸ਼ਕਰ ਕੋਈ। ਉੱਡ ਦਿਲਬਾਗ ਨਾਲ ਮੈਂ ਚੱਲਾਂ ਸੰਮੀ ਖੜ੍ਹੀ ਰਹੀ ਵਿਚ ਝੱਲਾਂ। ***** ਔਹ ਲਸ਼ਕਰ ਕੀ ਦੇਣ ਗਵਾਹੀ ਨੇਜ਼ਿਆਂ ਨਾਲ ਚਰਖ ਅਟਕਾਈ। ਮੋੜਿਆਂ ਮੁੜੇ ਨ ਘੱਲੂਘਾਰੇ ਗੁਰੂ ਗ੍ਰੰਥ ਰਿਹਾ ਵਿਚਕਾਰੇ। ਚਲ ਰਹੇ ਕਰਦੇ ਅਰਦਾਸਾਂ ਡਾਢੇ ਲਸ਼ਕਰ ਜਰਣ ਪਿਆਸਾਂ। ਬਿਨ ਦੱਸਿਆਂ ਮੈਂ ਬੋਲ ਪਛਾਣੇ ਵੱਡ ਵਡੇਰੇ, ਸਬਰ ਪੁਰਾਣੇ ! ਫੇਰ ਅੱਖ ਦਿਲਬਾਗ ਦੀ ਰੋਈ ਸੁਣਿ ਸਭਰਾਵਾਂ ਵਿਚ ਜੋ ਹੋਈ। ਇੰਞ ਟੱਪ ਰਾਤ ਦੇ ਪਹਿਰੇ ਨਨਕਾਣੇ ਤਕ ਸਿਖਰ ਦੁਪਹਿਰੇ ਆਏ ਲਸ਼ਕਰ ਨਾਲ ਅਸਾਡੇ ਚਲੇ ਗਏ ਬਿਨ-ਦੱਸਿਆਂ ਡਾਢੇ। ***** ***** ਨਨਕਾਣੇ ਤੇ ਪਈਆਂ ਸੰਞਾਂ ਮੈਂ ਵੱਤ ਢੋਕ ਬਾਬਾਣੀ ਵੰਞਾਂ। ਟਿਮਕ ਪਿਆ ਨਹਿਰਾਂ 'ਤੇ ਤਾਰਾ ਉਹੀਓ ਵੇਸ, ਅਜੇ ਵਣਜਾਰਾ ! ਨੂਰ ਮਹਿਲ ਦੇ ਬਿਰਖਾਂ ਨੇੜੇ ਕਰ ਦਿਲਬਾਗ ਨੇ ਡਾਢੇ ਜੇਰੇ ਰੋਕੇ ਕਦਮ ਸਮੇ ਸੰਗ ਨਾਪੇ ਸਾਹਮੇ ਕਿਸੇ ਹੁਕਮ ਦੇ ਆਪੇ। ਉੱਤਰ ਹਿਠਾਂਹ ਅੱਥਰੂ ਕੇਰਾਂ ਨ ਦਿਲਬਾਗ ਮੁੜੇ ਇਕ ਵੇਰਾਂ। ਤਦ ਮਿਲਿਆ ਇਕ ਸਿੱਖ ਕਲੰਦਰ ਨੂਰ ਮਹਿਲ ਦੀਆਂ ਜੂਹਾਂ ਅੰਦਰ। ਮਾਂ-ਮੋਹ ਚੜ੍ਹਿ ਅੱਖੀਏਂ ਛਲਕੇ ਜਦ ਬੋਲੇ ਸੁਪਨੇ ਜਿਉਂ ਝਲਕੇ : “ਕਿਉਂ ਡੁਸਕੇਂ ਲਾ ਡੂੰਘੀ ਤਾਰੀ ਹੁਕਮ ਦੀ ਲਿਵ 'ਤੇ ਕਰ ਅਸਵਾਰੀ ? ਨਸਦਾ ਆਦਿ ਜੁਗਾਦਿ ਦੀ ਧੰਮੀ ਹੁਕਮ ਦੀ ਲਿਵ ? ਦਿਲਬਾਗ ਅਗੰਮੀ। ਹੱਕ ਜਦੋਂ ਬਖ਼ਸ਼ਣ ਅਸਵਾਰੀ ਕੱਪਰ ਕੌਮ ਚੀਰਦੀ ਭਾਰੀ। ਚੁੰਮੇ ਆ ਮੀਰੀ ਤੇ ਪੀਰੀ ਪੰਥ ਨੂੰ ਬਖ਼ਸ਼ੇ ਨਾਮ-ਫ਼ਕੀਰੀ। ਖੂਹੋਂ ਕੱਢ ਪੂਰਨ ਦੁਖਿਆਰੇ ਮਾਂ-ਮੋਹ ਦੇ ਬਾਗ ਉਤਾਰੇ। ਹੁਕਮ ਦੀ ਲਿਵ ਤਰਸ ਦੇ ਪੈਂਡੇ ਸਾਜ ਲਵੇ ਧਰਤੀ 'ਤੇ ਵਹਿੰਦੇ। ਅਕਸ ਮਹੀਨ ਤਰਸ ਦੇ ਪਾਵੇ ਘਰਾਂ 'ਚ ਕੌਮ ਦੇ ਨਕਸ਼ ਬਣਾਵੇ। ਉੱਚੇ ਬੁਰਜ ਮੌਤ ਦੇ ਖੜੀਆਂ ਘੇਰਨ ਹਵਸ-ਬਲਾਵਾਂ ਬੜੀਆਂ। ਚੜ੍ਹ ਦਿਲਬਾਗ ਦੇ ਵੇਗ ਜਨੂੰਨੀ ਤਰੀ ਤੂੰ ਹੜ੍ਹ ਦੀ ਬਾਲ-ਮਾਸੂਮੀ। ਜਦੋਂ ਕਦੇ ਬੇਦੀਨੇ ਤੀਰਾਂ ਮੈਨੂੰ ਕੋਹਿਆ ਸੰਗ ਫ਼ਕੀਰਾਂ ਓਦੋਂ ਨਜ਼ਰ ਗ਼ੈਬ ਦੀ ਲੈ ਕੇ ਹੁਕਮ-ਲਿਵ ਦੇ ਪੈਂਡੇ ਪੈ ਕੇ ਤਕਸੈਂ ਬ੍ਰਿਹਾ-ਰੈਣ 'ਚ ਮੈਨੂੰ ਤੁਰਸੈਂ ਵੰਝਲੀ ਸੁਣੇ ਜਾਂ ਤੈਨੂੰ। ਸ਼ਾਲਾ! ਕਦੇ ਨ ਭੁੱਲੋਂ ਦੁਆਵਾਂ ਦਰੀਂ ਉਡੀਕ ਰਹੀਆਂ ਨੇ ਮਾਵਾਂ।” (ਇਤਿ ਸਰਗ ਚੌਥਾ)
ਸਰਗ ਪੰਜਵਾਂ
ਕੁਰਲਾਉਂਦੇ ਕਾਫ਼ਲੇ (ੳ) ਬੇਸਿਦਕੀ ਦੇ ਆਲਮ -1- ਰਹੀ ਘਾਇਲ ਮਿਰਗ ਦੀ ਫ਼ਜਰੀਂ ਹੂੰਗਰ ਵਿੰਨ੍ਹ ਹਵਾਵਾਂ : “ਗੁਰੂ ਗ੍ਰੰਥ ਡੋਬਿਆ ਕਿਸ ਨੇ ਵਿਚ ਬੇਦਰਦ ਖਲਾਵਾਂ ? “ਲਾਲ ਬਿਜਲੀਏਂ ਸੜ ਕੁਰਲਾਵਣ ਤੀਹ ਚੌਦਾਂ ਸੌ ਪੰਨੇ। ਪ੍ਰਲੈ ਨਾਲ ਖ਼ਾਲਸਾ ਲਸ਼ਕਰ ਬੇਬਸ ਸਿਰਾਂ ਨੂੰ ਭੰਨੇ।” ਮਾਂ ਮਿਰੀ ਸੁਪਨੇ ਵਿਚ ਰੋਈ : “ਸੋਨ-ਮਿਰਗ ਇਹ ਛਲਦਾ ! ਨ ਵੰਝ, ਦਗ਼ਾ ਫ਼ਰੇਬ ਚੁਫੇਰੇ ਮੌਤ ਦੀ ਚੁੰਝ 'ਚ ਬਲਦਾ। “ਦਿਸੇ ਅਨੀਲ ਸ਼ਬਦ ਜਿਉਂ ਲਟਕੇ ਵਿਚ ਬੇ-ਸਿਦਕ ਦਰਾੜਾਂ; ਏਸ ਦਗ਼ੇ ਨੇ ਕੋਹੀਆਂ ਨਸਲਾਂ ਬੇਦਰੇਗ਼ ਵਿਚ ਜਾੜ੍ਹਾਂ।” ਮੈਂ ਅਣਸੁਣੇ ਬੋਲ ਕਰ ਦੇਖਾਂ ਫ਼ਜਰੀਂ ਹਾੜ ਮਹੀਨੇ। ਪਿੰਡ ਦੀ ਪਾਕ ਗੜ੍ਹੀ ਸਿਰਿ ਪੈਂਦੇ ਲੁਕ ਗਏ ਹੱਥ ਬੇਦੀਨੇ। ਖੌਲਣ ਦਗ਼ੇ ਫ਼ਰੇਬ ਚੁਫੇਰੇ ਹੱਥ ਛੁਪੇ ਜਾ ਡੂੰਘੇ। ਸੁੰਨ-ਜ਼ੰਜੀਰ ਧਰਤ ਦੇ ਗਲ ਵਿਚ ਸਮਾਂ ਪਾਇ ਕੇ ਊਂਘੇ। ਅੱਗ ਉਗਲਦੇ ਰੁੱਖਾਂ ਕੋਲੇ ਕੌਮਾਂ ਖੜੀਆਂ ਕੰਬਣ। ਤਾਂਬੇ ਰੰਗੀਆਂ ਰੇਤਾਂ 'ਤੇ ਤੁਰ ਅਦਲ ਧਰਤ ਦੇ ਹੰਭਣ । -2- ਸ਼ਾਹ ਦਰਵਾਜ਼ੇ ਵੱਲੋਂ ਆਉਂਦੇ ਦੱਸਿਆ ਪਹਿਰੇਦਾਰਾਂ : “ਰਹੇ ਰਾਤ ਗਲੀਆਂ ਵਿਚ ਘੁੰਮਦੇ ਚਾ ਕੇ ਬੁੱਤ ਉਜਾੜਾਂ। “ਪਾਕ ਗੜ੍ਹੀ ਦੀ ਕੰਧੀਂ ਖੋਭਣ ਦਲ ਬੁੱਤਾਂ ਦੇ ਨਜ਼ਰਾਂ ਫੰਧੇ ਪਏ ਰਹੇ ਗਲ ਸਾਡੇ ਨੇੜੇ ਆਉਣ ਨ ਫ਼ਜਰਾਂ। “ਸੁੰਨ ਬੇਅੰਤ ਪਤਾਲਾਂ ਵਿੱਚੋਂ ਪਾੜ ਜ਼ਿਮੀਂ ਨੂੰ ਉੱਠੇ ਸੱਚ ਬਜ਼ੁਰਗਾਂ ਵਾਲੇ ਡੂੰਘੇ ਦੂਤੀ ਨਜ਼ਰਾਂ ਕੁੱਠੇ। “ਤ੍ਰੁੰਡ ਪਿਆਸਾਂ ਸੁੱਕੇ ਕੰਠੋਂ ਬੁੱਤ ਜ਼ਿਮੀਂ 'ਤੇ ਮਾਰਨ। ਮੋਈਆਂ ਨਸਲਾਂ ਦੀਆਂ ਬੋਟੀਆਂ ਗਲੀਆਂ ਵਿਚ ਖਲਾਰਣ।” ਅਣਦਿੱਸ ਫੰਧਿਆਂ ਸਾਹ ਮੈਨੂੰ ਛੋਡ ਉਹ ਵੀ ਘਰ ਚੱਲੇ। ਪਾਣੀ ਅਜੇ ਛਲਕਦੇ ਖੂਹੀਂ ਹੂੰਗਰ ਕਿਸਦੇ ਥੱਲੇ ? ਨੂਰ ਮਹਿਲ ਦੇ ਖੂਹ 'ਤੇ ਖੜੀਆਂ ਸੁਖਨ ਕਰਨ ਦੋ ਨਾਰਾਂ : ‘ਰਾਤੀਂ ਬੁੱਤ ਵੇਖਕੇ ਭੈੜੇ ਚੈਨ ਤੁਰੇ ਛਡ ਬਾਰਾਂ। “ਅਰਜ਼ ਕਰਨ ਅੰਬਰ ਨੂੰ ਰਾਤੀਂ ਹੂਰਾਂ ਖੂਹ ਵਿਚ ਕੋਹੀਆਂ। ਪੀਰ ਮਹਿਲ ਤੋਂ ਕੂੰਜਾਂ ਉੱਡੀਆਂ ਨੂਰ ਮਹਿਲ ਵਿਚ ਮੋਈਆਂ। “ਭੈਣੇ ਮਾਂ ਮਿਰੀ ਨੇ ਰਾਤੀਂ ਝਾਤ ਬਨੇਰਿਉਂ ਮਾਰੀ। ਗਲੀਆਂ ਵਿਚ ਘਾਇਲ ਇਕ ਘੋੜਾ ਫਿਰਦਾ ਬਿਨ ਅਸਵਾਰੀ। “ਗਲੀਆਂ ਵਿਚ ਰੋਕਦੇ ਘੋੜਾ ਮਾਂ ਦਸਦੀ ਹਤਿਆਰੇ। ਫੜਕੇ ਪੌੜ ਬੁੱਤ ਕੋਈ ਗੋਤਾ ਸੁੰਨ ਪਤਾਲ ਚ ਮਾਰੇ। “ਉੱਡਿਆ ਘੋੜ ਤਾਂ ਬੁੱਤਾਂ ਜੋਬਨ ਲੂਹਿਆ ਗਾਨੀ ਸੰਦਾ; ਵਰਭੰਡਾਂ ਗਲ ਤਦੋਂ ਕਹਿਕਸ਼ਾਂ ਬਣੀ ਵਿਸ਼ੈਲਾ ਫੰਧਾ।” -3- ਆਇਆ ਯਾਦ ‘ਬਾਗ਼' ਮਨ ਭਰਿਅਮੁ ਪਰ ਉਹ ਯਾਦ ਵਿਹਾਣੀ। ਧਰਤ ਦੀਆਂ ਨਾੜਾਂ ਕੁਲ ਰੁਕੀਆਂ ਪੌਣੀਂ ਰਹੇ ਨ ਪਾਣੀ; ਜਿਵੇਂ ਕਾਲ ਵਿਚ ਰੁਕੇ ਮੱਛ ਨੇ ਜਲ ਥਲ ਨਿਗਲੇ ਸਾਰੇ; ਧਰ ਦੇ ਸਾਹ ਘੇਰ ਵਿਚ ਨੇਸਾਂ ਪੇਟ-ਅਗਨ ਵਿਚ ਵਾੜੇ। ਮੈਂ ਵਿਚ ਨੂਰ ਮਹਿਲ ਦੀਆਂ ਗਲੀਆਂ ਨਸਿਆ ਵਾਂਗ ਵਰੋਲੇ, ਲੂਆਂ ਫਿਰਨ ਹਾੜ ਵਿਚ ਰੋਹੀਏਂ ਨਨਕਾਣੇ ਦੇ ਕੋਲੇ । ਦੂਰ ਥਲਾਂ ਦੀ ਖ਼ਾਕ 'ਚ ਹਿਲਦਾ ਕੋ ਬਿਰਧ ਦੀਵਾਨਾ। ਜਾਇ ਵਰੋਲਿਆਂ ਉੱਤੇ ਲੱਦੀ ਸਮਿਆਂ ਦਾ ਬੁੱਤਖ਼ਾਨਾ। ਥਲ ਦੀ ਰੇਤ ਖਾ ਕੇ ਪਲੀਆਂ ਕੋਟ ਬੁੱਤਾਂ ਦੀਆਂ ਰੇਖਾਂ; ਬਿਰਧ ਦੀਆਂ ਅੱਖਾਂ ਵਿਚ ਵੜਕੇ ਬਾਹਰ ਆਉਣ ਮੈਂ ਵੇਖਾਂ। ਉਸ ਨੂੰ ਸਮੇਂ ਨਾ' ਉੱਠ ਮਿਲਾਇਆ ਦਿਲੇ 'ਚ ਲੁਕੇ ਗੁਨਾਹਾਂ; ਹਰ ਕੂੰਬਲ ਚੋਂ ਫੁੱਟ ਕੇ ਆਈਆਂ ਛੁਪੀਆਂ ਆਜ਼ਰ-ਰਾਹਾਂ। ਕਾਲੀ ਲਾਸ ਪਵੇ ਹਰ ਦਿਲ 'ਤੇ ਨਜ਼ਰ ਵਰੋਲਿਉਂ ਵੱਜੇ। ਧਰ ਦੀ ਬਾਂਝ ਕੁੱਖ ਦਾ ਟੂਣਾ ਕਲਬ ਸੁਕਾਵੇ ਕੱਜੇ । ਹੜ੍ਹ ਸੁਕਾਉਣ ਦੀ ਸਾਜ਼ਿਸ਼ ਬਣਕੇ ਨੀਰ ਅਜ਼ਲ ਤਕ ਸੂਤੇ; ਬਾਂਝ ਸੁੰਨ ਖੜ੍ਹਦੀ ਜਦ ਬੁਝਦੇ ਦਿਲ ਦੇ ਤੇਜ਼ ਭਬੂਕੇ। ਰੋ ਤੱਕੀ ਪੈਰਾਂ ਵਿਚ ਰੁਲਦੀ ਮੈਂ ਦਿਲਬਾਗ ਦੀ ਗਾਨੀ ਘੇਰ ਬੁੱਲਿਆਂ ਦੇ ਵਿਚ ਕੋਂਹਦਾ ਆਜ਼ਰ ਘੋੜ ਨੂਰਾਨੀ। ਛਬੀਆਂ ਪਾੜ ਜ਼ਿਮੀਂ ਨੂੰ ਉੱਡਣ, ਢਕੇ ਵਰੋਲੇ ਰੱਤਾਂ ਸੋਹਣੀ ਨਾਰ ਗਲੀ ਵਿਚ ਰੋਂਦੀ : “ਸੂਤ ਡੈਣਾਂ ਦੇ ਕੱਤਾਂ।” ਕਿਸ ਹਰਨਾਖ਼ਸ਼ ਬੁੱਲਿਆਂ ਅੰਦਰ ਖ਼ੂਨੀ ਥੰਮ੍ਹ ਨੇ ਬਾਲੇ; ਧਰਤੀ ਦੇ ਮਾਸੂਮ ਦਿਲਾਂ ਨੂੰ ਫੜ ਫੜ ਧੂਹਣ ਵਿਚਾਲੇ। ਰਾਹ ਸੂਰਜ ਦੇ ਘਾਇਲ ਘੋੜ ਦੀ ਨਜ਼ਰ ਜੁਗੋ ਜੁਗ ਪੁੱਗੇ। ਚੀਰ ਵਰੋਲੇ ਖ਼ੂਨ 'ਚ ਭਿੱਜੇ ਵਲ ਸਲੀਬਾਂ ਉੱਡੇ। ਮੈਂ ਜਾਣਾਂ ਧਰਤੀ ਵੱਲ ਆਵਣ ਘਾਇਲ ਲਹੂ ਦੀਆਂ ਬੂੰਦਾਂ ਲੂਹੇ ਰੁੱਖ ਤਿੱਪ ਇਕ ਮੰਗਣ ਲੁਛਦੇ ਵਾਂਗਰ ਕੂੰਜਾਂ। -4- ਨੂਰ ਮਹਿਲ ਦੀਆਂ ਗਲੀਆਂ ਦੇ ਵਿਚ ਮੈਂ ਅੱਤ ਸਿਖਰ ਦੁਪਹਿਰੇ'; ਤੱਕੇ ਤਿੰਨ ਫ਼ਰਿਆਦੀ ਫਿਰਦੇ ਤੁੰਦ ਡਰੇ ਤੇ ਗਹਿਰੇ। ਸਦਮੇ ਤੁਰਸ਼ ਜ਼ਿਮੀਂ ਦੇ ਦੱਬੇ ਅੱਖੀਏਂ ਫਿਰਨ ਭਖਾ ਕੇ ; ਚੋਰ ਜਾਸੂਸ ਜਹੀ ਕੁਈ ਸਾਜ਼ਿਸ਼ ਬੁੱਢੇ ਸੁਪਨਿ ਡੁਬਾ ਕੇ। ਰੋ ਕਿਹਾ ਪਹਿਲੇ ਫ਼ਰਿਆਦੀ "ਰਮਜ਼ ਬਿਨਾਂ ਜਗ ਜੀਂਦਾ। ਕੋਟ ਕੋਹਾਂ ਦੇ ਪੈਂਡੇ ਸੁੰਞੇ ਗੁਰੂ ਗ੍ਰੰਥ ਨ ਥੀਂਦਾ। “ਗੁਰੂ ਪੈਗ਼ੰਬਰ ਦੀਵੇ ਨਿੱਕੇ ਭਰਮ ਦੀ ਓਟ 'ਚ ਬਾਲੇ। ਧਰਤ ਅਜੇ ਨ ਖੰਡਰ ਹੋਈ, ਹੋਏ ਹੌਲ 'ਚ ਕਾਲੇ। “ਬਹੁੰ ਇਲਹਾਮ, ਖਸਮ ਦੀ ਬਾਣੀ, ਰੂਹ ਵਿਚ ਜਾਨ ਨਿਵਾਜੇ। ‘ਬੇਅਰਥ’ ਆਖ, ਨ ਅੰਬਰ ਅੱਖਰ ਇਕ ਵਿਹਾਜੇ। “ਇਲਮ ਦੇ ਸਾਦਾ ਅੱਖਰ ਤੋਂ ਵਧ ਕੂਕ ਨ ਸੱਕੀ ਬਾਣੀ; ਇਨੇ ਫ਼ਨਾ ਦੇ ਮਰਕਜ਼ ਤੀਕਣ ਘੁੱਟ ਨ ਖੜਿਆ ਪਾਣੀ। “ਗੁਰਾਂ ਦੇ ਅਮਲ ਦੁਨੀ ਦਾ ਪੈਂਡਾ ਘੇਰ ਘੇਰ ਕੇ ਨਾਪੇ; ਹੌਲ ਹਕੀਰ, ਫ਼ਨਾ ਦੀ ਕੁੱਖੋਂ, ਫੁਟਦੀ ਬਾਣੀ ਜਾਪੇ। “ਖੁਰ ਜਾਣ ਪੁਸ਼ਤਾਂ ਦੀਆਂ ਯਾਦਾਂ, ਕਬਜ਼ੇ ਭੁੱਲ ਜਮਾਂਦੀ; ਭੁੱਲ ਦੇ ਪਿੱਛੋਂ ਦੈਵੀ ਬੋਲ ਦੀ ਨਾਂਹ ਇਕ ਥਰਕ ਰਹਾਂਦੀ।" ਕੂਕ ਕਿਹਾ ਦੂਜੇ ਫ਼ਰਿਆਦੀ “ਇਸ ਸੁੰਞੇ ਤਰਨਾਪੇ, ਗੁਰ ਦਾ ਬੋਲ ਕਿਤੇ ਕੋਈ ਮਰਕਜ਼ ਸਦਾ ਲਈ ਨ ਥਾਪੇ। “ਗੁਰ-ਅਰਦਾਸ ਰੀਂਗਦਾ ਸੁਪਨਾ ਵਿਚ ਇਕੱਲਾਂ ਖੋਵੇ, ਵੇਲ ਖ਼ਾਕ ਦੀ ਤਾਜ ਨਭਾਂ ਦੇ ਨ ਵੇਖੇ ਨ ਛੋਹਵੇ। “ਹਰ ਧਰਵਾਸ ਖ਼ਾਕ ਦਾ ਲੁਕਮਾ, ਜੋ ਦੇਵੇ ਗੁਰ-ਸਾਖੀ। ਕੱਚੇ ਮੋਹ ਸੱਚ ਦੇ ਲਾਵੇ, ਸੱਚ ਜਰਜਰੀ ਝਾਕੀ ! “ਗੁਰ ਦੇ ਪਾਕ ਜਿਸਮ ਦੀਆਂ ਛੋਹਾਂ ਖ਼ਾਕੂ ਵਿਚ ਨ ਰਹੀਆਂ। ਗੁਰ ਦੇ ਖ਼ਿਆਲ ਦੀਆਂ ਨਜ਼ਰਾਂ ਨ ਰਾਜ਼ ਅੰਤ ਤਕ ਗਈਆਂ।” ਨੈਣ ਉਗਲ ਤੀਜਾ ਫ਼ਰਿਆਦੀ ਤ੍ਰਭਕ ਮੌਤ ਜਿਉਂ ਬੋਲੇ; ਤੁੰਦ ਨਜ਼ਰ ਵਿਚ ਬੇਸਿਦਕੀ ਦੀ ਉਡਦੀ ਗਹਿਰ ਫਰੋਲੇ : “ਗੁਰ ਦੀ ਮਿਹਰ ਲਿਸ਼ਕ ਨ ਅੱਪਣੇ ਚਰਖ਼ ਅਜ਼ਾਦ ਬਣਾਵੇ। ਲਾ-ਮਕਾਂ ਵਿਚ ਅਪਣੇ ਲਹੂ ਦਾ ਕੋਈ ਨਿਸ਼ਾਨ ਨ ਲਾਵੇ। “ਸ਼ਬਦ-ਨਾਦ ਦਾ ਬੂਹਾ ਕੋਈ ਨਫ਼ਸਾਂ ਵਲ ਵੀ ਖੁੱਲ੍ਹੇ ; ਦੈਵੀ ਲਹੂ ਦੀ ਇਕ ਸ਼ਾਖ ਨ ਗੁਮਨਾਮੀ ਵਿਚ ਹੁੱਲੇ। “ਦਿਸੇ ਨਾਬੂਦ 'ਚ ਹੁਣ ਤਕ ਦੱਸੇ ਹੱਕ ਦਾ ਨ ਕੋਈ ਬੰਨਾ। ਪੀਰ ਸੰਤ ਦੀ ਬੋਲੀ ਘਿਰਦੀ ਜਿਵੇਂ ਚੋਰ ਵਿਚ ਸੰਨ੍ਹਾਂ।” ਚੁੱਪ ਹੋਏ ਕੂ ਵਾਰੋ ਵਾਰੀ ਇੰਞ ਤਿੰਨ ਫ਼ਰਿਆਦੀ। ਅੱਥਰੂ ਬਾਲ ਵਰੇਸ ਵਾਰਿਅਮੁ ਵਿਚ ਗੁਨਾਹ ਦੀ ਵਾਦੀ। ਕੌਮਾਂ ਜਾਲ ਵਿਰਾਟ ਲਗਾ ਕੇ ਫਾਹੁਣ ਧਰਤ ਦੀਆਂ ਚੀਸਾਂ। ਲੂਹ ਲੂਹ ਮਨਾਂ 'ਚ ਰਾਖ ਬਣਾ ਕੇ ਸੁੱਟਣ ਪਰੇ ਹਦੀਸਾਂ। ਕੌਣ ਪੁੱਤਰਾਂ ਦੇ ਕਰ ਬੇਰੇ ਇਉਂ ਮਾਵਾਂ ਵਲ ਸਿੰਨ੍ਹਣ ? ਥਲ ਵਿਚ ਖਾਰ ਹਸੂਦ ਦੇ ਫ਼ਜਰੀਂ ਪੈਰ ਨਬੀ ਜਿਉਂ ਵਿੰਨ੍ਹਣ। ਉਤਰ ਰਿਹਾ ਕੌਮਾਂ ਦੇ ਮਨ 'ਤੇ ਭੈਅ ਨਾਬੂਦ ਪਿੰਙਾਣੇ। ਜਗਮਗ ਸ਼ਬਦ ਛੋਡ ਕੇ ਤੁਰ ਗੇ ਮਿਰਗਾਂ ਵਾਂਗ ਠਿਕਾਣੇ। ਸਿਖਰ ਦੁਪਹਿਰੇ ਮੈਂ ਕੁਰਲਾਵਾਂ : “ਗੁਰੂ ਗ੍ਰੰਥ ਨ ਜਾਲੋ । ਠੰਢੀ ਛਾਂ ਮਰਗ ੱਤੇ ਜਿਸਦੀ ਰੱਬੀ ਮੰਤ ਨ ਜਾਲੋ!” -5- ਵੱਡੇ ਵਣ ਦੇ ਹੇਠ ਖੜਾ ਮੈਂ ਸਿੱਖ ਕਲੰਦਰ ਵੇਖਾਂ ਜਿਸਦੇ ਕੰਬਦੇ ਹੱਥ 'ਚ ਗਾਨੀ ਜਿਉਂ ਕੁਮਲਾਈਆਂ ਹੇਕਾਂ। ਤੋੜ ਵਿਛੋੜ ਪੰਥ ਦੇ ਲਸ਼ਕਰ ਕੋਹੇ ਲੰਘਦੇ ਸਾਲਾਂ; ਜਿਵੇਂ ਕਹਿਕਸ਼ਾਂ ਦੀ ਰਗ ਟੁੱਟੇ ਵਿਚ ਅਨੰਤ ਭੁਚਾਲਾਂ। ਸੰਞ ਉਦਾਸ ਪਿੰਡ ਦੀ ਜੂਹ ਵਿਚ ਸਿੱਖ ਕਲੰਦਰ ਰੋਵੇ। ਮੁੱਢ ਕਦੀਮ ਦਿਆਂ ਦਰਦਾਂ ਦਾ ਪੈਂਡਾ ਨਾਲ ਖਲੋਵੇ । ਗਗਨੀਂ ਹਰਫ਼ ਇਲਾਹੀ ਜਲਦੇ ਭਸਮ ਕਰੋ ਸਿਰ ਰੁੱਖਾਂ- ਧਰਤੀ ਨਾਲ ਯਰਾਨੇ ਚਿਰ ਦੇ ਭੁੱਲ ਗਏ ਵਿਚ ਦੁੱਖਾਂ। ਮੋਏ ਮੋਇਆਂ ਨੂੰ ਚਾ ਬਾਹੀਂ ਭਟਕ ਰਹੇ ਵਿਚ ਗਹਿਰਾਂ। ਪੁਲ ਮਹੀਨ 'ਤੇ ਫਾਹੀਆਂ ਲਟਕਣ ਲੁਕੇ ਸ਼ਿਕਾਰੀ ਲਹਿਰਾਂ। ਡੁਬਦੇ ਸੂਰਜ ਨਾਲ ਸੀ ਤੁਰਦਾ ਬ੍ਰਿਹੀ ਮੁੰਦਰਾਂ ਵਾਲਾ। ਪਾਪੀ ਵਾਂਗ ਕੰਬਿਆ ਭੈਅ ਵਿਚ ਧਰ ਦਾ ਜ਼ਹਿਰ-ਪਿਆਲਾ। ਬਹਿ ਡੁਬਦੇ ਸੂਰਜ ਦੀ ਸਫ਼ 'ਤੇ ਹੱਥ ਹਿਲਾਵਣ ਡੈਣਾਂ : “ਏਸ ਰਾਹ ਤੋਂ ਮੁੜ ਜਾ ਏਧਰ, ਲਹੂ ਵਿਛਾਇਆ ਰੈਣਾਂ।” ਸੈਨਤ ਮਾਰ ਵਣਾਂ ਦੇ ਹੇਠੋਂ ਬਾਲ ਵਰੇਸੇ ਮੈਨੂੰ; ਸੱਦ ਕਹੇ ਫਿਰ ਸਿੱਖ ਕਲੰਦਰ : “ਰਾਜ਼ ਕਹਾਂ ਇਕ ਤੈਨੂੰ। “ਨਸਲਾਂ ਕੋਟ ਮਜ਼੍ਹਬ ਤੇ ਕੌਮਾਂ ਹਿਰਸ ਵਿਚ ਜਾਂ ਥੀਵਣ; ਮਾਂ-ਮੋਹ ਦੀਆਂ ਸੂਖਮ ਤਰਬਾਂ ਜ਼ਹਿਰ ਭਰੀ ਵਾ ਪੀਵਣ। “ਅਜ਼ਲੀ ਨਾਲ ਮੰਗੂਆਂ ਯਾਰੀ ਛੱਡ ਬਹਿਣ ਜਾਂ ਨਸਲਾਂ ਓਦੋਂ ਮਾਂ-ਮੋਹ ਦੀਆਂ ਬੇਟੇ ਸਾੜ ਦੇਂਵਦੇ ਫਸਲਾਂ। “ਸਿਖਰ ਦੁਪਹਿਰੀਂ ਜਦੋਂ ਘੋੜ 'ਤੇ ਵਾ ਨਾਗ ਜਿਉਂ ਮ੍ਹੇਲੇ; ਤਦੋਂ ਰੀਂਗਦੀ ਸੜੀ ਖ਼ਾਕ ਦੀ ਅੱਖ ਸੀ ਵੇਂਹਦੀ ਬੇਲੇ। "ਰੂਹ ਦੇ ਬਿਰਖ ’ਤੇ ਜਦੋਂ ਨ ਚਿਲਕੀ ਸ਼ਬਨਮ ਵਾਂਗ ਨਿਸ਼ਾਨੀ; ਰੁਲ ਗਈ ਵਿਧਵਾ ਦੇ ਨੈਣਾਂ ਜਿਉਂ ਸ਼ਮਸ਼ਾਨਾਂ ਵਿਚ ਗਾਨੀ। “ਜਦੋਂ ਨ ਮਾਂ ਦੇ ਮੋਹ ੱਚ ਸਾਂਭੇ ਦੇਣ ਨਿਸ਼ਾਨ ਗਵਾਹੀ; ਰੁਲਦੇ ਮਰਦੇ ਜਾਂ ਤੁਰ ਜਾਂਦੇ ਰੋ ਕੇ ਘੋੜ ਇਲਾਹੀ। “ਗੁਰ ਪੀਰਾਂ ਦੇ ਖ਼ਿਆਲ ਬਿਨਾਂ ਹਰ ਬਣਦੀ ਕੌਮ ਬੇਗਾਨੀ; ਬਾਜ਼ ਵਾਂਗ ਹੋਰ ਥਾਂ ਉੱਡਦੀ ਜਜ਼ਬੇ ਜਹੀ ਨਿਸ਼ਾਨੀ। “ਗੁਰੂ ਪੀਰ ਦਾ ਨੇਮ ਜਾਂ ਲੋਕੀਂ ਕੋਹ ਸੁੱਟਣ ਵਿਚ ਖ਼ਾਕਾਂ; ਬੂਟ ਬਿਰਖ ਉਸ ਦੇਸ਼ ਦੇ ਬਣਦੇ ਵਾਂਗ ਦੁਰੇਡੇ ਸਾਕਾਂ।” ਬੁੱਕਲ ਵਿਚ ਫੇਰ ਲੈ ਮੈਨੂੰ ਕਹੇ “ਤੁਸਾਂ ਤੁਰ ਜਾਣਾ; ਮਿੱਟੀ ਨਾਲ ਨਵਾਂ ਕੋਈ ਰਿਸ਼ਤਾ ਪਰਦੇਸਾਂ ਵਿਚ ਪਾਣਾ।” ਮੈਂ ਕਿਹਾ “ਦਿਲਬਾਗ ਦੇ ਵਾਂਗੂੰ ਨਾਲ ਅਸਾਡੇ ਚੱਲੋ ; ਬਾਲ ਵਰੇਸ, ਕਹਿਰ ਦੇ ਪੈਂਡੇ ! ਹੌਲ ਰਹੇ ਦਿਲ ਠੱਲ੍ਹੋ।” ਓਸ ਕਿਹਾ: “ਇਸ ਧਰਤੀ ਮਿਲਣਾ ਵਾਂਗ ਗੁਰੂ ਮੁੜ ਤੈਨੂੰ; ਛੱਡੀ ਖ਼ਾਕ 'ਚ ਰਜ ਮਰਨ ਦੇ ਮਜ਼ੇ ਲੈਣ ਦੇ ਮੈਨੂੰ। “ਵੇਲ ਬਣੇ ਮਾਂ-ਪਿਆਰ ਦੀਆਂ ਜਾਂ ਵਣੀਂ ਜਗਾਸੇਂ ਛੱਲਾਂ। ਕਿਸੇ ਰਾਤ ਦੇ ਪੈਂਡੇ ਓਦੋਂ, ਹੋਣ ਸਾਡੀਆਂ ਗੱਲਾਂ। “ਕਦੇ ਅਨੰਤ ਰਾਤ ਦੀ ਮੁਰਲੀ ਨਾਦ ਭਰੇਗੀ ਯਾਦੀਂ ਮੌਤ-ਹਯਾਤੀ ਦੇ ਜੁਗ ਲੰਮੇ ਧਾਹ ਮਿਲਣ ਵਿਸਮਾਦੀਂ।” -(ਅ)- (ਵਿਛੜੇ ਦੇਸਾਂ ਦੀਆਂ ਸੁੰਞਾਂ) ਸਾਉਣ ਮਹੀਨਾ ਹੁੱਲਿਆ ਸੁੰਞੇ ਪੈਂਡੇ ਧੋ; ਚੜ੍ਹਿਆ ਸਾਵਨ ਜਦੋਂ ਦਾ ਮਿਰਗ ਗਏ ਕਿਉਂ ਖੋ ? ਕੁੜੀਆਂ ਚਿੜੀਆਂ ਚੱਲੀਆਂ ਛਡ ਪੀਂਘਾਂ ਦੇ ਮੋਹ; ਕਿਸੇ ਤੋਂ ਡਰ ਕੇ ਸੋਹਣੀਆਂ ਜੋਬਨ ਲੈਣ ਲੁਕੋ ! ਚੜ੍ਹ ਚੜ੍ਹ ਨਦੀਆਂ ਲੱਥੀਆਂ ਨਾਂਹ ਠਰਦੀ ਖ਼ੁਸ਼ਬੋ ; ਤਾਰੇ ਛਡ ਅਸਮਾਨ ਨੂੰ ਲੈਣ ਧਰਤ ਦੀ ਟੋਹ। ਸਮੇਂ ਦੇ ਕਾਲੇ ਸਾਗਰੀਂ ਲਾਏ ਜਾਲ ਧਰੋਹ; ਮੌਤ ਨੇ ਕਬਰਾਂ ਰੱਖੀਆਂ ਹੇਠ ਪਤਾਲ ਡੁਬੋ। ਕੰਬਦੀ ਕੰਬਦੀ ਲੰਘਦੀ ਸੁਪਨਿਆਂ ਵੇ, ਤੇਰੀ ਲੋਅ ! ਪਤਲੇ ਜ਼ਹਿਰੀ ਪੁਲਾਂ ਤੇ ਜਿੰਦੜੀ ਡੋਲੇ ਹੋ। ਨ੍ਹੇਰਾਂ ਵਿਚ ਮੈਂ ਚੱਲਿਆ ਨਾਲ ਕਾਫ਼ਲੇ ਰੋ; ਹੌਲ ਦੇ ਜਲਦੇ ਵਣਾਂ 'ਚੋਂ ਅੱਗ ਸੀ ਬੋਲੀ ਕੋ : “ਜੇ ਜਾਣਾ ਤਾਂ ਡੁਸਕ ਨ ਤਾਰਿਆਂ ਹੇਠ ਖਲੋ; ਧਰ ਦੀਆਂ ਰਗਾਂ 'ਚ ਵਗਦੇ ਲਹੂ ਦਿਲਾਂ ਦੇ ਜੋ ਸਮਿਆਂ ਪਿੱਛੋਂ ਦੇਣਗੇ ਰਾਹੀਆਂ ਨੂੰ ਕੰਨਸੋਅ।" (1) ਪਹਿਲੇ ਪਹਿਰੇ ਰੈਣ ਦੇ ਬੋਲੀ ਧਰਤ ਕਠੋਰ । ਬ੍ਰਹਿਮੰਡਾਂ ਦਾ ਘੁੱਟਿਆ ਸਾਹ ਨ ਲੈਂਦਾ ਸ਼ੋਰ । ਬੰਨ੍ਹੇ ਹੱਥ ਪਰਦੇਸੀਆਂ ਅੱਗੇ ਖ਼ਾਕ ਨ ਜ਼ੋਰ। ਪੰਛੀ ਕੂਕਨ ਲੱਗਦੇ ਵਾਜ ਨਿਕਲਦੀ ਹੋਰ। ਸੁਣ ਵੇ ਸਾਉਣ ਮਹੀਨਿਆਂ ਕਿਉਂ ਕੁਰਲਾਉਂਦਾ ਮੋਰ ? ਸੋਅ ਇਸਨੂੰ ਉਸ ਸਿੰਧ ਦੀ ਰਿਹਾ ਜੋ ਤਾਰੇ ਖੋਰ। ਕੰਢੇ ਜੁਗਾਂ ਦੇ ਸਿਸਕਦੇ ਵਲੀ ਪਿਆਸੇ ਤੌਰ । ਰੋਵਾਂ, ਆਏ ਨ ਪੱਤਣੀਂ ਸੱਦ ਉਹ ਨਵੀਂ ਨਕੋਰ। ਰੱਤ ਵਹੀ ਦੀ ਡਿੱਗਦੀ ਕਾਂਗ ਸਮੇਂ 'ਤੇ ਘੋਰ- ਚੜ੍ਹੇ ਜਨੂੰਨ ਅਕਾਸ਼ ਦੇ ਸੁੰਨ ਹੋਏ ਵਿਚ ਗੋਰ। ਤੱਕਣ ਡਰੀਆਂ ਡਾਚੀਆਂ ਕਹਿਕਸ਼ਾਂ ਦੇ ਮੋੜ। ਭੇਦ ਨ ਲੱਭੇ ਦਿਲਾਂ ਦਾ ਸਾਰੇ ਚਰਖ ਨਿਚੋੜ। ਢੂੰਡੇ ਵਿਛੜੀ ਧੂੜ ਨੂੰ ਮੀਂਹਾਂ ਦੀ ਘਨਘੋਰ। ਮੱਝਾਂ ਗਾਈਂ ਗਲੇ ਅੱਜ ਸੁਬਕ ਅਜਲ ਦੀ ਡੋਰ। ਪਹਿਲੇ ਪਹਿਰੇ ਰੈਣ ਦੇ ਅਸੀਂ ਟੁਰੇ ਜਿਉਂ ਚੋਰ ਨੂਰ ਮਹਿਲ ਚੋਂ ਚੁੱਕ ਕੇ ਦਰਦ ਕੁਹਨ ਦੇ ਲੋਰ। (2) ***** ***** ਦੂਜੇ ਪਹਿਰੇ ਰੈਣ ਦੇ ਜਲ ਜਲ ਝੜਦੇ ਬੂਰ। ਟੁੱਟ ਰਹੇ ਅਸਮਾਨ ਦੇ ਕੋਟਾਂ ਹੀ ਦਸਤੂਰ। ਬਾਜ਼ ਮਾਹੀ ਦਾ ਉੱਡਦਾ ਸੁੰਞੇ ਘਰਾਂ ਤੋਂ ਦੂਰ। ਨੇਮ ਕੋਈ ਇਸ ਧਰਤ ਦਾ ਕਿਤੋਂ ਹੋਏ ਬੇਨੂਰ। ਘੜੇ ਰੱਤ ਦੇ ਦੱਬਦਾ ਵਣਾਂ 'ਚ ਕਹਿਰ-ਕਲੂਰ। ਭੈਣਾਂ ਦੀ ਪੱਤ ਉੱਜਲੀ ਬਰਸ ਰਹੀ ਜਿਉਂ ਭੂਰ। ਬੁੱਤ ਵਾਂਗ ਬੇਰੰਗ ਸੀ, ਸਿਖਰ ਯੁਗਾਂ ਦੇ ਤੂਰ। ਪੰਧ ਇਲਾਹੀ ਕਰਨ ਜੋ ਸ਼ਰਮ ਨਾਲ ਸੀ ਚੂਰ। ਓਧਰ ਘੜੇ 'ਚ ਦੱਬਿਆ ਜ਼ਿਮੀਂ ਦਾ ਕਾਲ-ਸਰੂਰ, ਪੁੱਟ ਸਾਗਰ 'ਚੋਂ ਤੋੜਦਾ ਬੇ-ਕਿਰਕ ਜਮ ਘੂਰ। ਕਾਲੀ ਰਾਤ ਤੋਂ ਪੁੱਛਦੇ ਕਾਰਵਾਨ ਮਜਬੂਰ; “ਕਿੰਨੇ ਤਾਰੇ ਭਟਕ ਕੇ ਘਰ ਵੇਖੇ ਗੀ ਧੂੜ ?" (3) ***** ***** ਤੀਜੇ ਪਹਿਰੇ ਰੈਣ ਦੇ ਨਦੀਆਂ ਡੋਬਣ ਪੂਰ। ਰੋਂਦੀ ਕਾਫ਼ਲੇ ਵੇਖਦੀ ਬ੍ਰਿਛਾਂ ਓਹਲੇ ਹੂਰ। ਬੇਬਸ ਡੋਲਣ ਕਾਫ਼ਲੇ ਕੀਨੇ ਤਪਣ ਫਤੂਰ; ਝੁਕ ਤਾਰਿਆਂ ਤੋਂ ਵੇਂਹਦੀਆਂ ਬੈਠ ਜ਼ਮੀਰਾਂ ਕੂੜ। ਬੇਲੀਂ ਚਿਖਾ 'ਚ ਕੂਕਦਾ ਬੋਟ ਵਾਂਗ ਸੰਧੂਰ : “ਕਦੇ ਕਾਫ਼ਲੇ ਕਰਨਗੇ ਜਾ ਫ਼ਰਿਆਦ ਹਜ਼ੂਰ।” ਕੰਚਨ-ਵੰਨੇ ਤਾਰਿਓ ! ਭੁਰੋ ਨ ਹੋਇ ਮਨੂਰ। ਚੌਦਾਂ ਤਬਕਾਂ ਬਾਝ ਵੀ ਜੀਣਾ ਕਿਸੇ ਜ਼ਰੂਰ। ਵਣ ਵਣ ਹਰਫ਼ ਬਣਾਂਦੀਆਂ ਬਾਲ ਵਰੇਸਾਂ ਝੂਰ। ਜਲੀ ਜਾਂ ਕਾਇਆ ਸਮੇਂ ਦੀ ਤਦੋਂ ਵਰ੍ਹਾਸਨ ਭੂਰ। (4) ***** ***** ਚੌਥੇ ਪਹਿਰੇ ਰੈਣ ਦੇ ਜਲ ਥਲ ਛੁਪਦੇ ਨੈਣ। ਸ਼ਰਮਾਂ ਰੱਖਣ ਵਾਲਿਓ ਕਿਹੜੀ ਜ਼ਿਮੀਂ 'ਤੇ ਸੈਣ। ਅੱਖੀਆਂ ਦੇ ਵਿਚ ਸੁੰਨ ਦੇ ਕੰਕਰ ਮੁੜ ਮੁੜ ਪੈਣ। ਵਾਵਾਂ ਸੁੱਕੇ ਬਾਗ਼ ਦੇ ਕਿਵੇਂ ਸੁਨੇਹੇ ਲੈਣ ! ਤਲੇ ਕੜਾਹੇ ਬੁਲਬਲਾਂ ਲਾਹ ਬ੍ਰਿਛਾਂ ਤੋਂ ਡੈਣ। ਸੁੱਕੇ ਬਾਗ਼ੀਂ ਕਾਫ਼ਲੇ ਡੰਗੇ ! ਰੋਂਦੀ ਭੈਣ। ਤਲਖ ਵਿਰਾਟ ਜੋ ਮੂਰਛਾ ਤੁਰਦੀ ਵਾਂਗ ਸ਼ੁਦੈਣ, ਕਾਫ਼ਲਿਆਂ ਦੇ ਗਲੇ ਨੂੰ ਘੁਟਦੀ ਤੰਦ ਬੇਚੈਨ। ਬਿਹਬਲ ਕਾਂਗਾਂ ਉਂਞ ਤਾਂ ਖ਼ਾਕ 'ਚ ਸੁੱਤੀਆਂ ਹੋਣ; ਜੋ ਰੂਹਾਂ ਪਰਦੇਸਨਾਂ ਨਾਲ ਮਹਿਕ ਜਿਉਂ ਰਹਿਣ। ਮੰਗੂ-ਕੰਠ 'ਚ ਖ਼ਾਕ ਦੇ ਮੋਹ ਜਗਾਵਣ ਵੈਣ; ਸਭ ਤੋਂ ਖ਼ਾਲੀ ਘਰਾਂ ਤਕ ਬਾਹਾਂ ਕਸੀਆਂ ਰੈਣ। (5) -(ੲ)- ਫ਼ਜਰਾਂ ਵੇਲੇ ਕੋਲ ਸ਼ਰੀਂਹਾਂ ਸਦੀਆਂ ਪਾਉਣ ਜ਼ਿਮੀਂ 'ਤੇ ਲੀਹਾਂ। ਖ਼ਾਲੀ ਨੈਣ ਵੇਖਦੇ ਮੇਰੇ ਨੂਰ ਮਹਿਲ ਦੇ ਦੂਰ ਬਨੇਰੇ। ਮਿਲਣ ਉੱਡ ਘਰਾਂ ਦੀਆਂ ਛਾਵਾਂ ਚੁਪ ਸਨ ਵਾਂਗ ਅਜਨਬੀ ਵਾਵਾਂ। ਦੂਰ ਕਿਸੇ ਪਿੰਡ ਦੀਆਂ ਵੀਹਾਂ ਝੁਕ ਵੇਖਣ ਕਬਰਾਂ ਦੀਆਂ ਨੀਹਾਂ। ਆਈਆਂ ਬੰਨ੍ਹ ਕਾਫ਼ਲੇ ਬਾਰਾਂ ਜਿਵੇਂ ਘਾਇਲ ਪੰਖਣੂੰ-ਡਾਰਾਂ। ਫ਼ਜਰਾਂ ਵੇਲੋ ਕੋਲ ਸ਼ਰੀਂਹਾਂ ਸੁੱਟੇ ਹੌਲ ਲਹੂ ਦੇ ਮੀਂਹਾਂ। ਰੋ ਕੇ ਵੇਹਣ ਕਾਫ਼ਲੇ ਝੱਲੇ ਚੁਕ ਚੁਕ ਗਿਰੇਬਾਨ ਦੇ ਪੱਲੇ। ਰੂਹਾਂ ਦੀ ਅਰਦਾਸ ਸੁਕਾ ਕੇ ਦੱਬੇ ਕਿਸੇ ਸਰਾਪ ਨੇ ਆ ਕੇ ਜਿਵੇਂ ਸਿੰਧ ਚਾਨਚੱਕ ਸੁੱਕੇ ਧਰ ਦੇ ਖ਼ਿਆਲ-ਸੁਪਨ 'ਚੋਂ ਮੁੱਕੇ। ਸ਼ਮਸ਼ਾਨ ਬਲੇ ਸਮਿਆਂ 'ਤੇ ਡਾਢਾ ਕੁਝ ਨ ਨਭ ਪਤਾਲ ਤਕ ਸਾਡਾ ! ਕਿੱਥੇ ਯਾਰ ਜੋ ਮੰਗਣ ਖੈਰਾਂ, ਸੁੰਞੇ ਕੋਟ ! ਮਾਹੀ ਨ ਪੈੜਾਂ ! ਮੌਤ ਨੂੰ ਸੁੰਘ, ਜ਼ਹਿਰ ਪੀ ਕਾਢੇ, ਦੌੜ ਰਹੇ ਪੈਰਾਂ ਵਿਚ ਸਾਡੇ। ਜੜਾਂ ਨੂੰ ਖੋਰ ਰਹੇ ਧਾਹ ਸਾਰੇ ਭਾਲ ਕਿਲ੍ਹੇ ਕੋਟ ਜੋ ਨਿਆਰੇ। ਲੁਕਦੇ ਜਾ ਰਹੇ ਵਿਚ ਗਹਿਰਾਂ ਪੁੱਟ ਮੇਸ ਗੁਰਾਂ ਦੀਆਂ ਪੈੜਾਂ। ਪਰਬਤ ਕੂਕ ਵਲੀ ਦੇ ਕੰਬੇ ਭੋਰ ਨ ਦੇਣ ਇਲਾਹੀ ਪੰਜੇ ! ਹਾਸੇ ਢੀਠ ਛੁਪੇ ਵਿਚ ਜੂਹਾਂ ਆਪਣੇ ਬੋਲ ਰਹੇ ਨ ਰੂਹਾਂ । ਹੜ੍ਹ ਫ਼ਰੇਬ ਅਣਦਿੱਸ ਦਾ ਛੋਹੇ— ਕਿਸ ਨੇ ਲੁੱਟ ਲਏ, ਕਿਸ ਕੋਹੋ ? ਕਿਸ ਲਈ ਲਹੂ ਮੰਗਦੀਆਂ ਸੁੰਞਾਂ ? ਕਾਂ ਨ ਦਿਸਣ, ਦਿਸਦੀਆਂ ਚੁੰਝਾਂ। ਸ਼ਮਸ਼ਾਨ ਬਲੇ ਰੂਹਾਂ ਵਿਚ ਡਾਢਾ, ਨ ਕੋਈ ਸਾਕ ਦੇਸ ਨ ਸਾਡਾ। (1) ***** ***** ਮਾਹ ਭਾਦੋਂ ਦੀਆਂ ਸਿਖਰ ਦੁਪਹਿਰਾਂ ਕਾਲੇ ਕੋਹ ਵਿਸ਼ੇ ਵਿਚ ਪੈਰਾਂ । ਦਰ ਖੜੀ ਥਲਾਂ ਦੀ ਨ੍ਹੇਰੀ ਹੰਭ ਗਈਆਂ ਕੌਮਾਂ ਨੂੰ ਘੇਰੀ। ਭਖੇ ਧਰਤ ਦੇ ਸੀਨੇ ਆਵਾ ਨ ਹਠ ਸੁਆਲ ਨਹੀਂ ਕੋ ਦਾਵਾ। ਬੇਪੀਰ ਜਿੰਦਾਂ ਦਾ ਪੈਂਡਾ ਭਾਰੇ ਸੋਗ ਨਾਲ ਲੈ ਵੈਂਦਾ। ਜਦ ਤੁਰੀਆਂ ਗੱਡਿਆਂ ਦੀਆਂ ਡਾਰਾਂ ਬੈਲ ਉਦਾਸ ਦੇਖਦੇ ਬਾਰਾਂ । ਸੋਚਣ ਵਛੜੇ ਗਾਈਂ ਮਾਹਰੂ “ਮੁੱਢ ਕਦੀਮ ਦੇ ਕਿੱਥੇ ਤਾਰੂ ? ਕਿੱਥੇ ਊਠ ? ਕਿੱਥੇ ਥਲ ਮਾਰੂ ? ਸਾਜ਼ਿਸ਼ ਕੋਈ ਧਰਤ 'ਤੇ ਭਾਰੂ !" ਨਾਲ ਗੁਨਾਹ ਭਾਰੀਆਂ ਧੁੱਪਾਂ ਹੌਲ ਹੌਲ ਲੁਕੀਆਂ ਵਿਚ ਰੁੱਖਾਂ। ਬੇਪੀਰ ਨਜ਼ਰਾਂ ਦੇ ਕੀਨੇ ਸਾੜਣ ਜ਼ਿਮੀਂ ਕਾਲ ਦੇ ਸੀਨੇ। ਤੰਬੂਆਂ ਵਿਚ ਕਾਲ ਦੇ ਸਿਖਰਾਂ ਮਾਵਾਂ ਘੇਰ ਲਈਆਂ ਵੱਡ ਫ਼ਿਕਰਾਂ। ਵਿਚ ਕਾਫ਼ਲੇ ਸੁਣੀ ਮੈਂ ਕੱਲੇ ਕੂਕ ਦੁਰੇਡੇ ਮਾਰਨ ਝੱਲੇ । ਢੋਲ ਦੀ ਵਾਜ ਕੋ ਤੁਰੇ ਅਗਾਹਾਂ ਅੱਗੇ ਬਲ ਬਲ ਨੱਸਣ ਰਾਹਾਂ। ਸੁੱਕੇ ਘਾਹ ਜਿਉਂ ਸੜਦੇ ਸਾਲਾਂ ਧਾਹ ਮਾਰੀ ਵੇਖ ਵਲ ਬਾਲਾਂ : “ਆਓ” ਉਲਾਰਣ ਬਾਹਾਂ ਦੂਰੋਂ “ਸੱਖਣੇ ਅਰਸ਼ ਬਾਲ ਦੇ ਨੂਰੋਂ। “ਅਸੀਂ ਤੱਕ ਵਲ ਸੁੰਞੇ ਘਾਟਾਂ ਵਲ ਆਦਮ ਦੀਆਂ ਛੱਡੀਆਂ ਵਾਟਾਂ, “ਸਦੀਆਂ ਦੇ ਕੋਹਾਂ ਤਕ ਪਿਆਸੇ ਮੀਤ ਦੀ ਛੋਹ ਨ ਸਾਡੇ ਪਾਸੇ। “ਮੰਗੂ ਰੁੱਖ ਘਾਹ ਨਰ ਨਾਰੀ ਹਰ ਪੰਖੀ ਦੀ ਅਜਬ ਉਡਾਰੀ “ਸਾਡੀ ਵਾਜ ਸੁਣੇ ਤਾਂ ਨੱਸੇ ਕੇਹਾ ਫ਼ਰੇਬ ਕੰਠ ਵਿਚ ਵੱਸੇ ! ਹੇ ਬੇਦੀਨ ਸੜਦਿਆਂ ਸਾਲਾਂ ਤੱਕਿਆ, ਅਰਜ਼ ਸੁਣੀ ਨਾ ਬਾਲਾਂ। (2) ***** ***** ਮੈਂ ਤੱਕਾਂ ਵਿਚ ਸਿਖਰ ਦੁਪਹਿਰਾਂ ਜਿੱਧਰ ਨਿਗ੍ਹਾ ਜਾਏ, ਨਾਂਹ ਖੈਰਾਂ । ਦੂਰ ਸੜਣ ਪੀਰਾਂ ਦੇ ਚੋਲੇ ਬਲਦੇ ਬਿਰਖਾਂ, ਲਾਸ਼ਾਂ ਕੋਲੇ। ਢਹਿਣ ਮਸਜਿਦਾਂ ਪਿੰਡ ਪੁਰਾਣੇ ਜਲੇ ਕੁਰਾਨ, ਤਬੱਰੁਕ, ਨਿਆਣੇ। ਜਦ ਨ ਰਹੇ ਨਜ਼ਰੀ ਦੇ ਵਾਲੀ ਸਦੀਆਂ ਤਕ ਇਸਮਤਾਂ ਖ਼ਾਲੀ। ਕਰੇ ਤਵਾਜ਼ ਜੋ ਡੂੰਘੇ ਵੈਣਾਂ ਘਾਇਲ ਹੋਏ ਕਾਅਬੇ ਦੇ ਨੈਣਾਂ ਤੱਕ ਗਜ਼ਬ ਖਾਏ ਦਿਹੁੰ ਰੈਣਾਂ ਤਲਬ ਇਹੋ ਕਿ ਬਖ਼ਸ਼ਣ ਭੈਣਾਂ। ਹਾਂ, ਦੂਰ ਮਾਵਾਂ ਦੇ ਸੱਜਦੇ ਮੋਇਆਂ ਪੁੱਤਾਂ ਦੇ ਤਨ ਕੱਜਦੇ। ਕੌਣ ਰੋਇ ਦੇਸਾਂ ਤੋਂ ਚੱਲੇ ? ਉਠੀ ਸੜਾਂਦ, ਦੀਨ ਨ ਪੱਲੇ। ਰੋਹ ਧਰਤ ਦੇ ਡੂੰਘੇ ਗੁੱਝੇ ਹੜ੍ਹ ਲਿਆਏ, ਪਰ ਕੁਝ ਨ ਸੁੱਝੇ। ਪਏ ਗੱਡਿਆਂ 'ਤੇ ਸਿਖਰ ਦੁਪਹਿਰਾਂ ਸਾਏ ਵਾਂਗ ਪੁਰਾਣੇ ਵੈਰਾਂ। ਕਿਤੇ ਕਾਫ਼ਲੇ ਵਿਚ ਨਮਾਜ਼ੀ ਸਾਨੂੰ ਵੇਹਣ ਵਾਂਗ ਫ਼ਰਿਆਦੀ। ਨੀਰ ਸੜੇ ਧਰਤ ਜਿਉਂ ਮੋਈ ਸਾਡੇ ਕੋਲ ਬੂੰਦ ਨ ਕੋਈ! (3) ***** ਦੂਰ ਤੁਰੇ ਵਿਚ ਸਿਖਰ ਦੁਪਹਿਰਾਂ ਸਿੱਖ ਕਲੰਦਰ ਮੰਗਦਾ ਖੈਰਾਂ। ‘ਆਵੋ? ਕਾਫ਼ਲੇ ਬੋਲ ਨ ਸੱਕੇ ਸਦੀਆਂ ਤੀਕ ਹੋਏ ਬੇ-ਹੱਕੇ । ਧਰਮਸਾਲ ਧਰਤੀ ਚੋਂ ਕੱਢੇ ਚੀਕਣ ਵਿਚ ਉਜਾੜਾਂ ਗੱਡੇ। ਗੱਡਿਆਂ 'ਤੇ ਫ਼ਰਿਆਦੀ ਨੰਗੇ ਵੇਖਣ ਕਿਤੇ ਮਸਾਨ ਬਲੰਦੇ। ਕੁਝ ਜੀਂਦੇ ਕੁਝ ਕਾਫ਼ਲੇ ਮੋਏ ਸਿੱਖ ਕਲੰਦਰ ਦੇਖ ਕੇ ਰੋਏ। ਬਾਝ ਨ ਅੱਖੀਆਂ ਦੇ ਪਰ ਬੋਲੇ ਦਿਲ ਦੇ ਰਾਜ਼ ਨਾਲ ਧਰ ਡੋਲੇ। ਮੋਹ ਧਰਤੀ 'ਚੋਂ ਕੱਢ ਕੇ ਸਾਰੇ ਕਾਫ਼ਲਾ ਬਾਹਾਂ ਨਾਲ ਉਲਾਰੇ। ਉਲਰੇ ਤੇਗ ਦੇ ਪਰਖੇ ਜੇਰੇ ਉਲਰੇ ਵੱਡ-ਵਡੇਰੇ ਮੇਰੇ । ਸਿੱਖ ਕਲੰਦਰ ਅਸਾਂ ਵਿਚਾਲੇ। ਪਰ ਸਾਗਰ ਕੁਈ ਜ਼ੋਰ ਦਿਖਾਲੇ। ਕਾਲੀਆਂ ਜੀਭਾਂ ਵਿਸ਼ ਮਚਾਵਣ; ਨਸਲਾਂ ਖਾਣ, ਕਾਲ ਲੰਘ ਜਾਵਣ। ਜਦੋਂ ਕਾਫ਼ਲਾ ਹੋਏ ਅਗਾਹਾਂ ਸਾਡੀਆਂ ਸ਼ਕਲਾਂ ਆਉਣ ਉਤਾਹਾਂ। ਪੁੱਤ ਪੋਤੇ ਤੇ ਪਿਤਾ ਪਿਤਾਮੇ ਦੇ ਪਲੀਤ ਇਸ ਸਿੰਧ 'ਚ ਜਾਮੇ। ਸੈਨਤ ਕਰੀ ਕਲੰਦਰ ਭੋਲੇ ਪਰ ਆਵੇ ਨ ਕਾਫ਼ਲੇ ਕੋਲੇ। ਉਸ ਕੋਲ ਕੋਈ ਬੋਲ ਪੁਰਾਣਾ ਸੁਣਨ ਲਈ ਮਾਵਾਂ ਸੀ ਜਾਣਾ। ਰੋਕ ਲਿਆ ਰੋਹ-ਸਿੰਧ ਅਸਾਨੂੰ : “ਕੋਟ ਗੁਨਾਹ ਦਿਸਣ ਨ ਤੁਹਾਨੂੰ।” ਉੱਡਣ ਕਲੰਦਰ ਹੱਥੋਂ ਵਰਕੇ ਲਿਖ ਸਾਡੇ ਨਾਂ ਸਿੰਧ 'ਚ ਗਰਕੇ। (4) ***** ਨਾਲ ਆਪਣੇ ਪਾਗਲ ਲੇਖਾਂ ਜਾਂਦੀ ਨੀਂਦ ਫੇਰ ਮੈਂ ਦੇਖਾਂ । ਹਫ਼ ਕੁਰਲਾ ਮੈਂ ਨਸਦਾ ਰਲਿਆ ਖ਼ਾਬ ਬੇਚੈਨ ਖ਼ਲਾ ਤਕ ਬਲਿਆ। ਕੋਟਾਂ ਮੋਨ ਰੇਤ ਦੇ ਟਿੱਬੇ ਭੁਰ ਭੁਰ ਨ੍ਹੇਰ 'ਚ ਤਾਰੇ ਡਿੱਗੇ। ਚੋਰੀ ਮੌਤ ਨਾਗ ਜਿਉਂ ਸਰਕੇ ਉਂਞ ਚੁੱਪ ਅਸਮਾਨ ਦੇ ਵਰਕੇ ! ਖ਼ਾਬ ਝੰਜੋੜ ਮੂਰਛਾ ਕੋਈ ਫਿਰ ਬਹਿ ਨਾਲ ਕਾਫ਼ਲੇ ਰੋਈ। ਡੇਰੇ, ਬਾਲ, ਜਨਮ ਤੇ ਪੰਜੇ1 ਖ਼ਾਲੀ ਚੁੱਪ ਰੇਤ ਵਿਚ ਕੰਬੇ। 1. ਡੇਰਾ ਸਾਹਿਬ (ਲਾਹੌਰ), ਬਾਲ ਲੀਲਾ ਤੇ ਜਨਮ ਅਸਥਾਨ (ਨਨਕਾਣਾ ਸਾਹਿਬ) ਅਤੇ ਪੰਜਾ ਸਾਹਿਬ ਤੋਂ ਮੁਰਾਦ ਹੈ। ਜਿਉਂ ਜਿਉਂ ਢਹਿਣ ਗੁਰੂ-ਘਰ ਮੇਰੇ ਕਾਲੀ ਰੇਤ ਦਿਸੇ ਚੌਫੇਰੇ । ਦਿਲਾਂ 'ਤੇ ਢਹਿਣ ਕਾਲ ਦੇ ਲੇਖੇ, ਗਾਰ ਅਨੰਤ ਕਾਫ਼ਲਾ ਦੇਖੇ। ਟੁੱਟ ਟੁੱਟ ਡਿੱਗਣ ਸੀਸ ਹਜ਼ਾਰਾਂ ਮਾਰਣ ਝਪਟ ਡੂੰਘੀਆਂ ਗਾਰਾਂ। ਸਭ ਗ਼ਾਰਾਂ ਇਕ ਗਾਰ 'ਚ ਗਰਕਣ ਚੜੇ ਹੌਲ ਵਿਚ ਨਾਗ ਜਿਉਂ ਸਰਕਣ। ਗਰਕਣ ਪਾਵਨ ਜਾਂ ਬੇਦੀਨੇ ਬਣਦੀ ਗ਼ਾਰ ਹੌਲ ਦੇ ਸੀਨੇ। ਕਿਰ ਪਈਆਂ ਕਲਸਾਂ ਚੋਂ ਰੇਤਾਂ ਖਾ ਕੰਧਾਂ ਦੀਆਂ ਪਾਵਨ ਰੇਖਾਂ। ਗਰਕ ਰਹੇ ਧਰਤੀ ਦੇ ਜੇਰੇ ਰੇਤ 'ਚ ਰਲਦੇ ਪਾਕ ਬਨੇਰੇ ਧਰਮਸਾਲ ਧਰਤੀ ਦੀ ਢਾਵਣ ਆਦਮ ਦੀਆਂ ਨਸਲਾਂ ਹੀ ਆਵਣ। ਮਿਟਦਾ ਸਮਾਂ! ਚਰਖ਼ ਦੀ ਵਾਰੀ ! ਰੇਤ ਕਰੇ ਟਿੱਬਿਆਂ 'ਤੇ ਭਾਰੀ। ਪਰੇ ਖੜਾ ਟਿੱਬਿਆਂ ਤੋਂ ਊਂਘੇ ਚਿਰ ਦੇ ਰੋਗ ? ਕਾਫ਼ਲਾ ਹੂੰਗੇ। ਡਿੱਗ ਰਹੇ ਕਲਸਾਂ ਦੇ ਕੋਲੋਂ ਮਿਹਰਬਾਨ ਧਰਤੀ ਦੀ ਝੋਲੋਂ ਬੋਲ ਕਿਸੇ ਅਰਦਾਸ ਦੇ ਮੰਗਣ ਖ਼ਾਲੀ ਹੱਥ ਕਾਫ਼ਲੇ ਕੰਬਣ। ਪਹਿਲਾਂ ਅਜ਼ਲ-ਹੜ੍ਹਾਂ ਜਿਉਂ ਚਾਂਗਾਂ ਚੜ੍ਹੀਆਂ ਜਦੋਂ ਹੌਲ ਦੀਆਂ ਕਾਂਗਾਂ- ਕੁਝ ਮੈਂ ਮੌਤ ਵਿਚ, ਕੁਝ ਜਾਗਾਂ, ਥੰਮ੍ਹ ਰਹੇ ਕਾਫ਼ਲੇ ਵਾਗਾਂ। ਮੁੜ ਤਕੀਆਂ ਗੱਡਿਆਂ ਦੀਆਂ ਪਾਲਾਂ ਰਾਵੀ ਕੋਲ ਪਈਆਂ ਤਿਰਕਾਲਾਂ। (5) -(ਸ) (ਕਾਫ਼ਲੇ ਦੀ ਵੇਦਨਾ ਵਿਚ ਰਹਿਮ ਦੀ ਕੰਨਸੋਅ) -1- ਸਿਵੇ ਦੀ ਰਾਖ ਵਾਂਗ ਫਿਰ ਆ ਕੇ ਲੂਹਿਆ ਜਿਗਰ ਸਰਾਪਾਂ; ਸੁਣਾਂ ਮੈਂ ਦੂਰ ਕਾਫ਼ਲੇ ਪਿੱਛੇ ਕਿਸੇ ਬਾਲ ਦੀਆਂ ਹਾਕਾਂ। ਬੱਲੋ ਦਾ ਪੁਲ ਰੋਕ ਸੀ ਖੜ੍ਹੀਆਂ ਆ ਮੋਇਆਂ ਦੀਆਂ ਛਾਵਾਂ। ਕੰਧਾਂ ਕੌਲਿਆਂ ਕੋਠਿਆਂ ਉਹਲੇ ਸਿਸਕਣ ਦੂਰ ਹਵਾਵਾਂ। ਅਜੇ ਵੀ ਵਿਛੜੇ ਪਿੰਡਾਂ ਦਾ ਕੁਈ ਕਾਫ਼ਲਿਆਂ ਦੇ ਪਿੱਛੇ ਨਸਦਾ ਆਉਂਦਾ ਹੌਕਾ ਦੱਸੇ ਕੋਹੇ ਹੱਕ ਦੇ ਕਿੱਸੇ। ਰਾਵੀ ਦੀਆਂ ਲਹਿਰਾਂ ਦੀ ਡਿੱਗੇ ਠੰਢੀ ਬੂੰਦ ਨ ਬੂਹੇ, ਜ਼ਖ਼ਮੀ ਭੇਦ ਧਰਤ ਦਾ ਛੁਪਿਆ ਲੂਸੇ ਦਿਲਾਂ ਦੇ ਖੂਹੇ। ਪੈੜ ਦੇ ਅੰਦਰ ਬੰਨ੍ਹੇ ਹੋਏ ਸਫ਼ਰ ਹਜ਼ਾਰਾਂ ਸਾਲਾਂ ਬਿਰਖਾਂ ਹੇਠ ਚਾਨਚੱਕ ਤੜਪੇ ਵਾਂਗ ਡੁਸਕਦੇ ਬਾਲਾਂ। ਤਪਦਾ ਭੱਠ ਵੇਖਕੇ ਮਾਰੇ ਧਰ ਸੁਲਹੀ ਜਿਉਂ ਚਾਂਗਾਂ, ਗੁਰਾਂ ਨੂੰ ਛੁਹ ਬੂੰਦ ਨ ਦੇਵਣ ਇਸ ਰਾਵੀ ਦੀਆਂ ਕਾਂਗਾਂ। ਅਣਜੰਮੇ ਬਾਲਾਂ ਦੇ ਲੱਖਾਂ ਨਾਲ ਟੋਰ ਪ੍ਰਛਾਵੇਂ, ਆਈਆਂ ਸਾਨੂੰ ਛੱਡਣ ਬਾਰਾਂ ਕਿਸੇ ਪੁਰਾਣੀ ਥਾਵੇਂ। “ਇਹ ਪਰਦੇਸ ਤੁਸਾਂ ਬਿਨ ਸਾਨੂੰ" ਕਿਹਾ ਛਬੀਲੇ ਚੋਰਾਂ। “ਧਰ ਦੇ ਮਸਤਕ ਰੇਖ ਪੁਰਾਣੀ" ਕਿਹਾ “ਰਹੀ ਨ'' ਮੋਰਾਂ। ਰਾਵੀ ਦੇ ਪੱਤਣਾਂ 'ਤੇ ਖੜੀਆਂ ਬੇਆਸ ਤਿਰਕਾਲਾਂ, ਪੁਲ ਨੂੰ ਦੇਖ ਚਾਨਚੱਕ ਰੋਈਆਂ ਸੈ ਗੱਡਿਆਂ ਦੀਆਂ ਪਾਲਾਂ। ਮੈਂ ਕੂਕਾਂ “ਕੋਈ ਨਾਲ ਅਸਾਡੇ, ਮਾਏ ! ਕੇਰ ਨ ਹੰਝਾਂ। ਅੱਗੇ ਲੰਮੇ ਪੁਲ ਤੋਂ ਲੰਘਣ ਨਾਲ ਫ਼ਕੀਰਾਂ ਸੰਞਾਂ।” -2- ਆਈਆਂ ਪੁਲ ਤਕ ਨਾਲ ਅਸਾਡੇ ਮੁੱਢ ਕਦੀਮੀ ਥਾਵਾਂ, ਉਹਨਾਂ ਨਾਲ ਮਿਰੇ ਬਿਨ ਮੁੜਿਆ ਮਿਰਾ ਬਾਲ-ਪਰਛਾਵਾਂ। ਚੁੱਪ ਇਕਰਾਰ ਕਰਨ ਕੁਈ ਗੁੱਝਾ ਲੰਮੀ ਨਦੀ ਦੇ ਪਾਣੀ। ਪੁਲ ਤੋਂ ਝੁਕ ਕਾਫ਼ਲੇ ਵੇਖਣ ਖੁਰਦੀ ਜਿੰਦ ਨਿਮਾਣੀ। ਏਧਰ ਧਰ ਦੇ ਹਰਫ਼ 'ਚੋਂ ਮਿਟੀਆਂ ਕਾਫ਼ਲਿਆਂ ਦੀਆਂ ਗੱਲਾਂ, ਓਧਰ ਰਾਵੀ ਦੇ ਪੱਤਣਾਂ 'ਤੇ ਖੇਡ ਰਹੀਆਂ ਸੰਗ ਛੱਲਾਂ। ਸੁੰਞ ਦੀ ਕਿਰਨੋਂ ਸਮੇਂ ਦੀ ਤਿਲ੍ਹਕੀ ਕਾਲੇ ਸਿਹਰ ਦੀ ਤਾਣੀ; ਝੁਕ ਲਹਿਰਾਂ 'ਤੇ ਧਰਤ ਕਰੇਂਦੀ ਤਾਂ ਅਰਦਾਸ ਅੰਞਾਣੀ। ਬਾਲਪਨ ਦੇ ਬੇਲੀ ਕੰਬਣ ਸੁਣ ਕਹਿਰ ਦੀਆਂ ਗੂੰਜਾਂ। ਰਾਵੀ ਦੀਆਂ ਲਹਿਰਾਂ 'ਤੇ ਬਚੜੇ ਉੱਡੀਆਂ ਛੋਡ ਕੇ ਕੂੰਜਾਂ। ਬੱਚਿਆਂ ਨੂੰ ਧਰਵਾਸ ਦੇਂਦੀਆਂ ਮਾਵਾਂ ਬਿਰਧ ਦਿਖਾਵਣ ਲਹਿਰੀਂ ਗੁਰ ਸ਼ਹੀਦ ਦਾ ਪੰਜਾ ਕੂੰਜਾਂ ਵੇਂਹਦੀਆਂ ਜਾਵਣ। ਸਮੇਂ ਦੀਆਂ ਖੁੱਡਾਂ 'ਚੋਂ ਉਛਲੀ ਜ਼ਹਿਰ ਗੁਨਾਹ ਦੀ ਭਾਰੀ ਆਈ ਲਹਿਰ ਪੀਣ ਲਈ ਦੂਰੋਂ ਨੀਲ ਕੰਠ ਤੋਂ ਪਿਆਰੀ। ਬਾਲਪਨ ਦੇ ਬੇਲੀ ਪੁੱਛਣ ਲੰਮੇ ਪੁਲਾਂ 'ਤੇ ਆਏ “ਕਿਉਂ ਨ ਸਾਡੇ ਹਾਣ ਦੇ ਬਿਰਖਾਂ ਲੰਮੇ ਪੰਧ ਮੁਕਾਏ ?” ਦੂਰੋਂ ਸਿੱਖ ਕਲੰਦਰ ਕੂਕੇ : "ਕਰਨ ਉਡੀਕਾਂ 'ਕੱਲੇ ਸੁਣਨ ਲਈ ਅਰਦਾਸ ਕੌਮ ਦੀ ਰਹਿਸਨ ਬਿਰਖ ਉਹ ਖੱਲੇ।” ਬੱਲੋ ਦੇ ਪੁਲ ਉੱਤੋਂ ਗੁਜ਼ਰਨ ਡਰੇ ਚੋਰ ਜਿਉਂ ਰੁੱਤਾਂ; ਚੂਕ ਧਰਤੀ ਦਾ ਦਰਦ ਲੰਘਾਇਆ ਕਾਫ਼ਲਿਆਂ ਦੇ ਬੁੱਤਾਂ। -3- ਦਹਿਲ ਖੜੇ ਅਸੀਂ ਨੈਂ ਨੇੜੇ ਪਸ਼ੂ ਨਿਤਾਣੇ ਗੱਡੇ । ਬਚੜੇ ਖਾਣ ਲਈ ਧਰਤੀ ਦੇ ਮੂੰਹ ਚਰਖਾਂ ਨੇ ਅੱਡੇ। ਸ਼ੀਂਹ ਜਿਵੇਂ ਪਾੜ ਕੇ ਸੁੱਟੇ ਮਿਰਗ ਮਾਸੂਮ ਅਨੇਕਾਂ; ਰੱਤ-ਪੀਂਦੀਆਂ ਕੰਦਰਾਵਾਂ ਤੇ ਇੰਞ ਡਿਗਦੀਆਂ ਹੇਕਾਂ। ਨਾਗਾਂ ਵਾਂਗ ਸਰਾਪਾਂ ਨੇ ਆ ਜਾਨ ਇਕੱਲੀ ਡੱਸੀ। ਦੇਸਾਂ ਵਿਚ ਪਰਦੇਸਾਂ ਦੀ ਰੂਹ ਸਦਾ ਲਈ ਹੀ ਵੱਸੀ। ਰਾਵੀ ਪਾਰ ਛਿਪੇ ਪਿਆ ਸੂਰਜ ਘੇਰੇ ਅਸੀਂ ਇਕੱਲਾਂ। ਕੈਦੀ ਵਾਂਗ ਉਦਾਸ ਕਾਫ਼ਲੇ ਬੰਨ੍ਹ ਲਿਆਈਆਂ ਛੱਲਾਂ। ਘੋੜੇ ਊਠ ਤੇ ਮਾਹਰੂ ਗੋਕੇ ̧ ਬਲੀ ਸਮੇਂ ਨੇ ਠੱਗੇ ਜਦੋਂ ਪੈੜ 'ਤੇ ਜ਼ਿਮੀਂ ਆਪਣੀ ਸਦਾ ਤੋਂ ਵਿਛੜੀ ਲੱਗੇ। ਰੇਜ਼ਾ ਰੇਜ਼ਾ ਹੋ ਕੇ ਖਿੰਡੀਆਂ ਕੂਕ ਸਮੇਂ ਦੀਆਂ ਗਲੀਆਂ, ਜਿੱਥੇ ਕਾਫ਼ਲਿਆਂ ਦੀਆਂ ਰੱਤਾਂ ਬੰਦੀਵਾਨ ਹੋ ਬਲੀਆਂ। ਕੋਹ ਅਨੰਤ ਤਕ ਸਮਾਂ ਟੁੱਟਿਆ ਕਰ ਕੌਮਾਂ ਦੇ ਬੇਰੇ, ਕਿਤੇ ਟਾਪੂਆਂ ਦੇ ਵਿਚ ਰੁਲਸਨ ਭੈਣ ਵੀਰ ਸਭ ਮੇਰੇ। ਬਲਦੀ ਰਹੇਗੀ ਤੱਤ ਬਹੁਤ ਚਿਰ ਕੋਈ ਨ ਆਸੀ ਨੇੜੇ ਪਰਲੋਂ ਤੀਕ ਲੀਕ ਪਰਦੇਸੀ ਦਿਸੇਗੀ ਸਾਡੇ ਵਿਹੜੇ। ਭੁਲ ਜਾਵਣਗੀਆਂ ਆਖਰ ਸਾਨੂੰ ਧਰ ਦੀਆਂ ਪਾਕ ਜ਼ਮੀਰਾਂ। ਦੈਵੀ ਬੰਸ ਦੀਆਂ ਸਭ ਪੈੜਾਂ ਖੋਰ ਦੇਣੀਆਂ ਨੀਰਾਂ। ਅਪਣੇ ਦੇਸ਼ ਹਸ਼ਰ ਤਕ ਸਾਨੂੰ ਲੋਕ ਬੇਗਾਨੇ ਕਿਆਸਨ। ਯਾਦ ਕਰਾਉਣ ਦੀਆਂ ਤਦਬੀਰਾਂ ਸਭ ਸਾਨੂੰ ਭੁਲ ਜਾਸਨ। ਮੇਸੇ ਯਾਦ ਧਰਤ, ਜਦ ਰੁਲਦਾ ਮਾਂ-ਮੋਹ ਕੋਸ ਅਨੰਤਾਂ। ਨ ਉਹ ਨਜ਼ਰ ਦੇਸ ਨ ਓਹੀ, ਗਗਨ ਨ ਉਹੀ ਬਸੰਤਾਂ। ਆਸਨ ਕਦੇ ਅਜਨਬੀ ਦੂਰੋਂ ਮੋਹ-ਪਿਆਸ ਦੇ ਹਾਣੀ, ਚਾ ਥੇਹਾਂ ਤੋਂ ਖ਼ਾਬ ਘਰਾਂ ਦੇ ਲੈ ਦੇਸਾਂ ਦੇ ਪਾਣੀ। ਪਟਕੇ ਹੋਏ ਦਿਸਣ ਅਸਮਾਨੋਂ ਕੋਹਾਂ ਦੇ ਵਿਚ ਗੱਡੇ । ਹੌਕਾ ਸੁਣੇ ਘਰਾਂ ਦਾ ਦੂਰੋਂ ਦਰਦ ਗੁਨਾਹ ਤੋਂ ਵੱਡੇ ! ਗਿਰਾਬਾਨ ਵਿਚ ਝੁਕ ਕੇ ਧਰਤੀ ਸਿਸਕੇ ਵੇਖਕੇ ਸਾਂਝਾਂ। ਪੀਣ ਸਰਾਲਾਂ ਜਿਉਂ ਸਾਹਾਂ ਨੂੰ ਪਰਦੇਸਾਂ ਦੀਆਂ ਕਾਂਗਾਂ। ਰਾਵੀ ਦੀਆਂ ਲਹਿਰਾਂ ਨੂੰ ਮਿਲਦੇ ਧਾਰ ਕੇ ਵੈਣ ਅਨੇਕਾਂ; ਜਿਸ ਰਾਹ ਅਸੀਂ ਕਦੇ ਨਹੀਂ ਜਾਣਾ ਸਿਕ ਸਿਕ ਉਸਨੂੰ ਦੇਖਾਂ। -4- ਰਾਤ ਪਈ ਰਾਵੀ ਦੇ ਕੰਢੇ ਦਿਸਦੀਆਂ ਸੂਹੀਆਂ ਲਾਟਾਂ। ਧਰਤੀ ਦੇ ਸੁਪਨੇ 'ਚੋਂ ਉੱਠਣ ਗੁਨਾਹਗਾਰ ਲਖ ਵਾਟਾਂ। ਰਗਾਂ ਅਦਿੱਸ ਜ਼ਿਮੀਂ ਦੀਆਂ ਕਲਵਲ ! ਮੱਚੀਆਂ ਗੁਪਤ ਜ਼ਮੀਰਾਂ। ਰਾਵੀ ਵਲ ਤੁਰਾਂ ਮੈਂ ਵੇਖਣ ਕਾਫ਼ਲਿਆਂ ਦੀਆਂ ਭੀੜਾਂ। ਤੁਰਾਂ, ਖੜਾਂ, ਰੁਕ ਜਾਵਾਂ, ਰੋਵਾਂ, ਕਾਫ਼ਲਾ ਅਥਰੂ ਕੇਰੇ। ਪਨਾਹਗੀਰ ਪਰਦੇਸੀ ਮਾਵਾਂ ਪਸ਼ੂ ਮੀਤ ਸਭ ਮੇਰੇ। ਗੱਡਿਆਂ ਕੋਲ ਲਿਸ਼ਕਦੇ ਚੁੱਲ੍ਹੇ ਰਿਜ਼ਕ ਦਰਦ ਨਾ' ਪੱਕੇ। ਕਿਤੋਂ ਉਦਾਸ ਪੈਗ਼ਾਮ ਸਮੇਂ ਨੇ ਹਰ ਇਕ ਤਾਮ 'ਤੇ ਰੱਖੇ। ਗ਼ਮ ਵਿਚ ਸਬਰ, ਸਬਰ ਵਿਚ ਗ਼ਮ ਦੇ ਦਿਸਣ ਹਜ਼ਾਰਾਂ ਚਿਹਰੇ। ਬਲੀ ਨਭ ਬ੍ਰਿਹਾ ਦੇ ਮਾਵਾਂ ਤਾਮ ਪਕਾਂਦਿਆਂ ਫੇਰੇ। ਲਹੂ ਵਰ੍ਹਾ, ਮਾਰ ਫਿਰ ਚੀਕਾਂ, ਬੁੱਲਿਆਂ ਮੈਨੂੰ ਵਲਿਆ। ਬਲਦੇ ਰੁੱਖਾਂ ਰਾਵੀ ਕੰਢੇ ਬਾਲ ਅੰਞਾਣਾ ਛਲਿਆ। ਬਲਦੇ ਰੁੱਖਾਂ ਹੇਠ ਸੀ ਸੁੱਤੇ ਸ਼ੀਂਹ ਰਾਵੀ ਦੇ ਪੱਤਣ। ਸੀਸ ਮੁਨਾ ਕੇ ਫਫੇਕੁੱਟਣਾਂ ਚੰਦਰੀ ਡਉ 'ਚ ਕੱਤਣ। ਡੈਣਾਂ ਤੰਦ ਲਹੂ ਦੀ ਪਾਵਣ ਸ਼ੀਂਹਾਂ ਪੱਤਣ ਮੱਲੇ। ਨਾਰ ਕੋਈ ਲਹਿਰਾਂ 'ਚੋਂ ਉੱਠੀ ਨਾਲ ਮੇਰੇ ਜੋ ਚੱਲੇ। ਡੂੰਘੇ ਬਹੁਤ ਨਦੀ ਦੇ ਪਾਣੀ, ਫੜਨ ਨਾਰ ਦਾ ਜਾਮਾ। ਸਿਰ ਤੋਂ ਪੈਰਾਂ ਤੀਕ ਲਹਿੰਦੀਆਂ ਛਲਕ ਸਵੇਰਾਂ ਸ਼ਾਮਾਂ। ਮੈਂ ਨਾਰ ਨੂੰ ਰਾਵੀ ਆਖਾਂ, ਜਿਸਦੀਆਂ ਡੂੰਘੀਆਂ ਮੌਤਾਂ। ਜਿਸਦੇ ਅੰਗਾਂ ਦੀਆਂ ਲਹਿਰਾਂ ਲਸ ਤਾਰੇ ਛੂਹਣ ਅਸੰਖਾਂ। ਝਿਮ ਝਿਮ ਚਹੁੰ ਕੂੰਟਾਂ ਵਿਚ ਸੁੱਟੇ ਨਾਲ ਕਦਮ ਹਰ ਰਾਵੀ। ਡਉ ਤੋਂ ਪਾਰ ਸ਼ਾਖ ਲੈ ਲੰਮੀ ਪਰਸੇ ਕੂਲ ਸੁਹਾਵੀ। ਮੁੜ ਮੈਂ ਜਲਦੇ ਰੁੱਖਾਂ ਤਾਈਂ ਸੈ ਕੋਹਾਂ ਤਕ ਦੇਖਾਂ। ਲੰਙ ਮਾਰਦੇ ਘੋੜੇ ਜਾਂਦੇ ਲੈ ਅਸਵਾਰ ਅਨੇਕਾਂ। ਫੜ ਕੰਨੋਂ ਬਲੀਆਂ ਦੇ ਘੋੜੇ, ਹਸ ਹਸ ਧੂਹਣ ਬਲਾਵਾਂ। ਘੰਡੀਆਂ ਵਿੰਨਿ ਸ਼ੂਕ ਕੇ ਚੁੱਕਣ, ਜਲਦੇ ਅੰਗ ਹਵਾਵਾਂ। “ਭੈਣੇ” ਫੜ ਰਾਵੀ ਦੀ ਉਂਗਲ ਕਿਹਾ ਮੈਂ ਬਾਲ ਵਰੇਸੇ : “ਘਾਹ ਬ੍ਰਿਛ ਪਸ਼ੂਆਂ ਨੂੰ ਕਿਹੜਾ ਸਾੜ ਰਿਹਾ ਇਸ ਦੇਸੇ ?" ਤਦ ਬੋਲੀ ਖ਼ੂਨੀ ਡਉ ਉੱਤੇ ਕਰ ਨੈਣਾਂ ਦੀਆਂ ਛਾਵਾਂ ਜਿਉਂ ਸੁੱਕੀਆ ਨਦੀਆਂ ਚੋਂ ਉੱਠੇ ਪਾਣੀ ਕਰਨ ਦੁਆਵਾਂ। “ਬੇਪੀਰ ਕੌਮਾਂ ਦਾ ਸੁਪਨਾ ਤੋੜ ਦੇਵੇ ਹਰ ਯਾਰੀ। ਬੀਜ ਪੁਨੀਤ ਧਰਤ ਦੇ ਗੁੱਝੇ ਸਾੜ ਦੇਵੇ ਇਕ ਵਾਰੀ। “ਸੜ ਜਾਵਣ ਇਲਹਾਮ ਰਹਿਮ ਦੇ ਸੰਗ ਫੜਣ ਹੱਥ ਪਿਆਸਾਂ; ਲਹੂ-ਲੁਹਾਣ ਧਰਤ ਨੂੰ ਕਰ ਕੇ ਵਰ੍ਹਣ ਸੀਸਿ ਅਰਦਾਸਾਂ। “ਡੰਗੇ ਲੱਭ ਧਰਤ ਦੀ ਰੂਹ ਨੂੰ ਸਾਹ ਬੀਜਾਂ ਦੇ ਪੀਵੇ; ਹਰੇ ਨਕਸ਼ ਜੁਗਾਂ ਤਕ ਫੜ ਫੜ ਅੱਗ ਦੇ ਚੋਲੇ ਸੀਵੇ। “ਬੇਪੀਰ ਕੌਮਾਂ ਦਾ ਸੁਪਨਾ ਕੱਢ ਅਗਨ ਦੀਆਂ ਜੀਭਾਂ; ਮਾਵਾਂ ਦੀ ਰੱਤ ਵੀਟ ਪੁੱਤਾਂ 'ਤੇ ਸੁੱਟਦਾ ਵਲ ਸਲੀਬਾਂ। “ਬੇਪੀਰ ਕੌਮਾਂ ਜਦ ਸੜੀਆਂ ਸਾਰ ਨ ਲਈ ਤਬੀਬਾਂ; ਡੈਣ ਸ਼ੀਂਹ ਜਿਉਂ ਖ਼ਾਬ ਇਨ੍ਹਾਂ ਦੇ ਖੜੇ ਨੇ ਵਿਚ ਨਸੀਬਾਂ। “ਬੇਪੀਰ ਲਸ਼ਕਰ ਵਿਚ ਡਉ ਦੇ ਪਾਉਣ ਸਮੇਂ 'ਤੇ ਸਾਏ; ਮੇਰੇ ਦਿਲ ਦੇ ਬੂਹਿਆਂ ਅੱਗੇ ਇਕ ਪਲ ਰੋਣ ਤਿਹਾਏ। ਫੜਕੇ ਲਸ਼ਕਰ ਬਾਰ ਪਰਾਏ ਸੁਣ ਘੋੜਾਂ ਦੇ ਕੋਹੇ; ਜ਼ਿਮੀਂ ਦੀਆਂ ਤੈਹਾਂ 'ਤੇ ਧੂੰਏਂ ਹੌਕੇ ਦੱਬ ਖਲੋਏ। “ਜੀਣਗੇ ਸੁਬਕ ਹੁਸਨ ਦੇ ਰਿਸ਼ਤੇ ਜਦੋਂ ਰਹਿਮ ਮੁੜ ਹੋਵੇਂ; ਗੁਨਾਹਗਾਰ ਕੌਮਾਂ ਨਾ' ਤੁਰ ਕੇ ਅਰਦਾਸਾਂ ਵਿਚ ਰੋਵੇਂ”। -5- ਡਉ 'ਚੋਂ ਨਿਕਲ ਬੇਨਾਮ ਦੇਸ ਦੇ ਬੀਆਬਾਨ ਕਈ ਲੰਘੇ। ਬੇਨਿਸ਼ਾਨ ਰਾਹਾਂ 'ਤੇ ਡਿਗਿਆ ਖੰਭ ਪਿਆ ਕੁਈ ਕੰਬੇ। ਖੰਭ ਕਿਸੇ ਪੰਛੀ ਦਾ ਹੌਕਾ ਬੇਅਵਾਜ਼ ਹੀ ਦੱਸੇ- ਕਈ ਜਨਮਾਂ ਦਾ ਭੇਦ ਅਨੋਖਾ ਬਿਸਮਿਲ ਖ਼ਾਕ 'ਚ ਵੱਸੇ। ਯਾਰ ਗੁਆਚ ਗਏ ਤੇ ਭੁੱਲੇ, ਹੁਣੇ ਸੀ ਕੋਲ ਦੀ ਜਾਂਦੇ। ਚੁੱਪ ਅਬੋਲ ਸੁਨੇਹੇ ਲੱਖਾਂ ਪੌਣ ਵਿਚ ਦਰਮਾਂਦੇ। ਗੁਜ਼ਰੇ ਅਤੇ ਨਾਲ ਪਏ ਚਲਦੇ, ਮੈਂ ਖ਼ਲਾ ਵਲ ਦੇਖਾਂ। ਅੰਬਰੀਂ ਨਜ਼ਰ ਜਗਾਂਦੀ ਮੇਰੀ ਸੁੱਤੀਆਂ ਬ੍ਰਿਹੁੰ-ਰੇਖਾਂ। ਕਦੇ ਕਦੇ ਤਾਰਿਆਂ ਦਾ ਜੋਬਨ ਝੁਲਸੀ ਖ਼ਾਕ ਨੂੰ ਛੋਹੇ। ਤਪਦੀਆਂ ਨਜ਼ਰਾਂ ੱਤੇ ਮੀਂਹਾਂ ਦੀ ਜਿਵੇਂ ਫੁਹਾਰ ਖਲੋਏ। ਪਲ ਭਰ ਜਦੋਂ ਵਿਛੜਦੀ ਰਾਵੀ ਹੌਲ ਜਦੋਂ ਰੂਹ ਸੱਲ੍ਹੇ ; ਸੀਸ ਚੁੱਕ ਤੇਗਾਂ ਦੀ ਛਾਵੇਂ ਨਾਲ ਮੇਰੇ ਕੋਈ ਚੱਲੇ। ਪਲ ਵਿਛੜੇ ਰਾਵੀ ਤਾਂ ਦਿਸਦੇ ਮਹਿਰਮ ਰਣਾਂ ਦੇ ਘੋੜੇ। ਸਭਰਾਵਾਂ ਤੋਂ ਵਾਗਾਂ ਕੋਈ ਬਿਰਧ ਮੇਰੇ ਵਲ ਮੋੜੇ। ਜਦ ਨਿਰਮੋਹ ਜਹੇ ਵਿਚ ਰਾਵੀ ਸੁੱਟ ਜਾਏ ਵਿਚ ਛੱਲਾਂ ਤਦ ਗੁਜਰਾਤ ਵਿਚ ਜੋ ਮੋਏ ਕਰਨ ਮੇਰੇ ਨਾਲ ਗੱਲਾਂ। ਪਈ ਬੇਨਾਮ ਦੇਸ ਵਿਚ ਤੁਰਦੀ ਨ ਉਜਾੜ ਨ ਰੋਹੀਆਂ। ਰਾਵੀ ਨਾਲ ਸਾਹ ਮੈਂ ਲੈਂਦਾ ਉਂਝ ਹਵਾਵਾਂ ਮੋਈਆਂ। ਮੋਰਾਂ ਵਾਂਗ ਦੇਸ਼ ਛੱਡ ਗਈਆਂ ਜਾਂ ਫਿਰ ਮੋਈਆਂ ਪੌਣਾਂ। ਸਮਿਆਂ ਤਕ ਬੇਨਾਮ ਲਹੂ ਨੇ ਤੜਪ ਖ਼ਲਾ ਵਿਚ ਸੌਣਾਂ। ਕੋਈ ਵੀ ਬੋਲ ਨ ਬੋਲੇ ਪਿਆਰੀ ਉਜੜੇ ਪਿੰਡ ਪੁਕਾਰਨ। ਸ਼ਾਹ ਮੌਤ ਦੇ ਨਾਗਾਂ ਵਾਂਗੂੰ ਡੰਗ ਨ੍ਹੇਰ ਵਿਚ ਮਾਰਨ। ਬੇਨਿਸ਼ਾਨ ਨਿਰਮੋਹ ਰਾਖ 'ਤੇ ਤੁਰ ਤੁਰ ਅਸੀਂ ਤਿਹਾਏ ਕੀਤਾ ਸ਼ੁਕਰ ਜਾਂ ਉਜੜੇ ਪਿੰਡ ਦੇ ਬੋਹੜ ਦੇ ਹੇਠਾਂ ਆਏ। -6- ਉਜੜੇ ਪਿੰਡ ਦੀ ਸੱਥ ਦੇ ਅੰਦਰ ਘਣੇ ਬੋਹੜ ਦੇ ਥੱਲੇ। ਦੇ । ਅਸੀਂ ਖੜੇ ਸਮਿਆਂ ਤੋਂ ਵੱਡੀ ਸੁੰਞ ਦੇ ਫੜ ਕੇ ਪੱਲੇ। ਸੁੰਞ ਸਰਾਪ ਕਿਸੇ ਦੀ ਭਾਰੀ ਪਈ ਦੇਸ ਕੁੱਲ ਦੱਬੇ। ਤਦ ਮੈਂ 'ਵਾਜ ਸੁਣੀ ਕੁਈ ਰੁਖ 'ਤੇ ਪਲ ਸੱਜੇ, ਪਲ ਖੱਬੇ। ਸਾਗਰ ਗਿਰੀ ਮੇਦਨੀ ਸੁੱਤੇ, ਵਿਚ ਮੇਰੇ ਦਿਲ-ਰਾਜ਼ਾਂ। ਰਾਤ 'ਚ ਲੁਕੇ ਹੌਲ ਜਿਉਂ ਲਰਜ਼ੇ ਸੁਣਿ ਇਹ ਦੁਖੀ ਅਵਾਜ਼ਾਂ। ਰਾਵੀ ਮਨ ਮੇਰੇ ਚੋਂ ਲੰਘਦੀ ਚੁੰਮ੍ਹਿ ਅਗੋਚਰ ਮੂੰਜਾਂ। ਕਹੇ ਅਬੋਲ "ਬੋਹੜ 'ਤੇ ਬੋਲਣ ਤਿੰਨ ਦੂਰ ਦੀਆਂ ਕੂੰਜਾਂ।” ਇਕ ਕੂੰਜ ਦੂਜੀ ਨੂੰ ਆਖੇ : “ਹਾਲ ਅਜਨਬੀ ਤੇਰੇ । ਹੁਣੇ ਤੂੰ ਖੰਭਾਂ ਨਾਲ ਸੀ ਆਂਦੇ ਵੈਣ ਭਟਕਦੇ ਕਿਹੜੇ ?” ਉਜੜੇ ਖੰਭ ਕੂੰਜ ਦੇ ਤੜਪੇ ਨਾਲ ਰਾਤ ਦੀ ਹੂੰਗਰ। ਮਿੱਟ ਚੁੱਕੇ ਅੰਬਰ 'ਚੋਂ ਉੱਠੀ ਆਦਮ ਜ਼ਾਤ ਦੀ ਹੂੰਗਰ। ਕੂੰਜ ਕਹੇ “ਗੀਤ ਤੋਂ ਕੋਮਲ ਧਰਤੀ ਦੀਆਂ ਜ਼ਬਾਨਾਂ ਹਰੇ ਭਰੇ ਬ੍ਰਿਛਾਂ ਸਾਹਵੇਂ ਜਾਲੀਆਂ ਸੰਗ ਕੁਰਾਨਾਂ। “ਜੋ ਇਲਹਾਮ ਜ਼ਿਮੀਂ ਦੇ ਜ਼ਾਮਨ ਤੜਪੇ ਰੋ ਇਕ ਵਾਰੀ, ਜਦੋਂ ਮਹੀਨ ਫ਼ਰੇਬਾਂ ਲੁੱਟੀ ਜਗਮਗ ਸ਼ਰਮ ਕੁਆਰੀ। “ਸਫ਼ਾਂ ਕਰਬਲਾ ਵਾਂਗ ਵਿਛਾਵਣ ਰੋਹੀਆਂ ਵਿਚ ਪਿਆਸਾਂ, ਅੰਗ ਤੜਪਦੇ ਚੁੱਕ ਨ ਸਕੀਆਂ ਗਗਨ ਜੇਡ ਅਰਦਾਸਾਂ। “ਬਿਆਸ ਦੇ ਆਰ ਪਾਰ ਕੁਝ ਦੇਖੇ ਕੁਝ ਸਤਲੁਜ ਤੋਂ ਅੱਗੇ, ਜਲਾਂ ਥਲਾਂ ਦੀ ਸ਼ੀਰੀਂ ਰੋ ਕੇ ਧਾਹ ਰੋਹੀਆਂ ਤਨ ਲੱਗੇ। “ਲੱਗ ਮਾਸੂਮਾਂ ਦੇ ਕੰਠਾਂ ਨੂੰ ਬਾਲਾਂ ਵਾਂਗ ਨਮਾਜ਼ਾਂ, ਤੱਕਣ ਭੈਅ ਵਿਚ ਅਸਮਾਨਾਂ ਦੀਆਂ ਦਗੇਬਾਜ਼ ਪਰਵਾਜ਼ਾਂ। “ਮੋਏ ਕਿੰਞ ਜਾਗ ਕੇ ਸੁਣਦੇ ਰੋਹੀਆਂ ਵਿਚ ਅਜ਼ਾਨਾਂ ? ਛਬੀਆਂ ਹੇਠ ਸੁੱਤੀਆਂ ਪਈਆਂ ਲਹੂ-ਲੁਹਾਣ ਰਕਾਨਾਂ। “ਜਦੋਂ ਮਾਸੂਮ ਯਾਦ ੱਚੋਂ ਮਿਟ ਗਏ ਕੌਲ ਜੋ ਨਬੀਆਂ ਕੀਤੇ ਉੱਮਤ ਦੀ ਇਸਮਤ ਦੇ ਚੋਲੇ ਤਦੋਂ ਗਏ ਨ ਸੀਤੇ। “ਖੁਰੀਆਂ ਨਾਲ ਇਬਾਦਤਾਂ ਲਿਖੀਆਂ ਆਇਤਾਂ ਧਰਤ ਦੇ ਸੀਨੇ। ਬੁੱਢੇ ਕਾਫ਼ਲਿਆਂ ਦੀ ਹੂੰਗਰ ਰੁਲਸੀ ਸਾਲ ਮਹੀਨੇ। “ਇਲਹਾਮਾਂ ਦੇ ਬੀਜ ਬਖੇਰੇ ਜਲਾਂ ਥਲਾਂ ਵਿਚ ਸਦੀਆਂ। ਜਾਂ ਉਹ ਹਰੇ ਹੋਏ ਜਾਂ ਸੜ ਗਏ ਯਾਦ ਨ ਰੱਖੇ ਨਬੀਆਂ। “ਮਿਟਿਆ ਤਾਲ ਇਲਾਹੀ, ਹੋ ਗਏ ਮੇਰੇ ਖੰਭ ਬੇਗਾਨੇ । ਰੁਲ ਗਏ ਕੇਸ ਸੱਸੀ ਦੇ ਜਿਉਂਕਰ ਥਲ ਵਿਚ ਕਿਸੇ ਜ਼ਮਾਨੇ।” ਸੁਣ ਕੂੰਜ ਤੀਜੀ ਕੁਰਲਾਈ ਬੈਠ ਕੇ ਚੁੱਪ-ਬਨੇਰੇ ਖੰਭਾਂ ਉੱਤੇ ਝੁਕੇ ਸੀ ਜਿਸਦੇ ਜੁਗਾਂ ਦੇ ਘੋਰ ਹਨੇਰੇ। “ਭੈਣੋ ! ਪਾਣੀਆਂ ਨੂੰ ਕੀ ਹੋਇਆ ?1 ਹੂੰਗਰ ਮਾਰ ਬੁਲਾਣਾ। ਸਦੀਆਂ ਦਾ ਇਕ ਗੀਤ ਸਾਂਭਿਆ ਮਾਂਝੀ ਨੂੰ ਭੁੱਲ ਜਾਣਾ। 1. ਇਹ ਅਤੇ ਇਸ ਤੋਂ ਪਿੱਛੋਂ ਆਉਣ ਵਾਲੇ ਤਿੰਨ ਬੰਦ ਬਟਵਾਰੇ ਤੋਂ 9 ਸਾਲ ਪਿੱਛੋਂ ਲਿਖੇ ਸਨ (ਵੇਖੋ : ਪਹਿਲੀ ਕਾਵਿ-ਪੁਸਤਕ-ਸਫ਼ਾ 59)। ਏਥੇ ਅਨੁਭਵ ਦੀ ਨਿਰੰਤਰਤਾ ਦਰਸਾਉਣ ਲਈ ਸ਼ਾਮਿਲ ਕੀਤੇ ਹਨ। “ਔਹ ਤਾਰਾ ਬਰਬਾਦ ਹੋ ਗਿਆ, ਬਰਬਾਦੀ ਦੀਆਂ ਸੋਆਂ, ਏਸ ਉਜੜਦੇ ਪਿੰਡ ਵਿਚ ਆਈਆਂ ਵਿਹੜੇ ਤਕ ਤਕ ਰੋਆਂ। “ਵਤਨ ਦਾ ਪਾਣੀ ਚਹੁੰ ਕੂੰਟਾਂ 'ਚੋਂ ਕੂੰਜਾਂ ਨੂੰ ਨ ਥਿਆਏ, ਥੱਕੀਆਂ ਅਰਸ਼ਾਂ ਦੀਆਂ ਪੌਣਾਂ ਵਿਚ ਰਾਖ ਉਡੰਦੀ ਜਾਏ। “ਸੂਰਜ ਪਰਾਂ 'ਤੇ ਚਾਨਣ ਲਾਏ ਜਦ ਪਰਦੇਸੋਂ ਉੱਡੀ। ਵਤਨਾਂ ਦੇ ਵਿਚ ਰੌਲੇ ਮੱਚੇ ਕੂੰਜ ਨਿਮਾਣੀ 'ਕੱਲੀ। “ਚੰਬਿਉਂ ਬੱਲੋ ਤੀਕ ਜ਼ਮਾਨੇ ਪੱਤਣ ਨਦੀ ਦੇ ਢਾਂਦੇ। ਸੋ ਮਲਾਹ ਪਤਾ ਨਹੀਂ ਕਿਹੜੀ ਚੁੱਪ ਵਿਚ ਦਰਮਾਂਦੇ।” ਪਹਿਲੀ ਕੂੰਜ ਨਾਲ ਸਭ ਧਰ ਦੇ ਘਾਇਲ ਪੰਖਣੂੰ ਬੋਲੇ । ਚੰਨ ਤਾਰਿਆਂ ਦੇ ਸਭ ਮਰਕਜ਼ ਜਿਵੇਂ ਸਹਿਮ ਕੇ ਡੋਲੇ । : “ਅਣਹੋਈ 'ਵਾਜ਼ ਵਿਚ ਮੈਂ ਇਕ ਪੰਖੀ ਸੁਣਾਂ ਪੁਕਾਰੇ : ਕੋਈ ਅਨਾਦਿ ਕਾਲ ਤਕ ਜਾ ਕੇ ਰਗਾਂ ਫ਼ਜਰ ਦੀਆਂ ਸਾੜੇ। “ਵਾਂਗ ਮਾਂਝੀਆਂ ਗੂੰਗੇ ਹੋ ਗਏ ਪੰਖੀ ਫੇਰ ਹਜ਼ਾਰਾਂ। ਭਰ ਨਜ਼ਰਾਂ ਵਿਚ ਲਾਅਨਤ ਖ਼ੂਨੀ ਪਾਉਣ ਸਮੇਂ ਵਿਚ ਖਾਰਾਂ। “ਲਾਅਨਤ ਛੁਪੇ ਬੀਜ ਕੁੱਲ ਸਾੜੇ ਅਉਧ ਵਣਾਂ ਦੀ ਮੁੱਕੇ। ਗੀਤ ਰਹਿਮ ਅਜ਼ਲਾਂ ਤੋਂ ਪਲਦੇ ਨਰ ਨਾਰਾਂ 'ਚੋਂ ਸੁੱਕੇ।” -7- ਉਜੜੇ ਪਿੰਡ ਦੇ ਬੋਹੜ ਦੀ ਟੀਸੀ ਰਲ ਕੂੰਜਾਂ ਫਿਰ ਰੋਈਆਂ। ਜੁਗਾਂ ਦੇ ਨ੍ਹੇਰ 'ਚੋਂ ਨਿਕਲ ਉਜਾੜਾਂ ਸਾਹਾਂ ਕੋਲ ਖਲੋਈਆਂ। ਤੇਗ ਅਦਿੱਖ ਕੱਟਦੀ ਯਾਦਾਂ ਉਗਲਣ ਜ਼ਹਿਰ ਉਜਾੜਾਂ। ਮੈਨੂੰ ਬਾਘ ਦੇਖਦੇ ਭੁੱਖੇ ਖੜੇ ਕੋਲ ਮੂੰਹ ਗਾਰਾਂ। ਹਰ ਇਕ ਤੁਰਸ਼ ਨ੍ਹੇਰ ਦੇ ਉਹਲੇ ਜਿਉਂਕਰ ਝਿੰਮਣ ਸਿਤਾਰੇ; ਮੌਤ ਨੂੰ ਛੋਂਹਦੇ ਸਾਹਾਂ 'ਤੇ ਇਉਂ ਰਾਵੀ ਨੈਣ ਉਲਾਰੇ। ਲਹੂ-ਭਰੀ ਉਸ ਨੈਂ ਦੇ ਵਿੱਚੋਂ ਤੱਕ ਉਡਦਿਆਂ ਹੰਸਾਂ, ਡਉ ਤੋਂ ਪਾਰ ਕਰਨ ਅਰਦਾਸਾਂ ਉੱਠੇ ਹੱਥ ਅਸੰਖਾਂ। ਸਾਨੂੰ ਕਾਫ਼ਲਿਆਂ ਦੀਆਂ ਖੋਹਾਂ ਨੈਂ ਵਲ ਵੱਤ ਲੈ ਗਈਆਂ। ਗੱਡਿਆਂ ਕੋਲ ਵਿਛੜੀਆਂ ਭੈਣਾਂ ਤਾਮ ਪਕਾਵਣ ਪਈਆਂ। ਪਨਾਹਗੀਰ ਪਰਦੇਸੀ ਸੁੱਤੇ ਨਾਲ ਡੂੰਘਿਆਂ ਵੈਣਾਂ। ਲੰਮੀ ਰਾਤ ਕਰਨ ਅਰਦਾਸਾਂ ਤਾਮ ਪਕਾਂਦੀਆਂ ਭੈਣਾਂ। ਜਿਉਂ ਅਰਦਾਸ ਉਮਰ ਦੀ ਪੂਰਨ ਰਾਵੀ ਨਾਲ ਸੀ ਮੇਰੇ। ਸੰਤ ਫ਼ਕੀਰ ਵੇਖਦੇ ਮੈਨੂੰ ਕਿਸ ਅਸਮਾਨ-ਬਨੇਰੇ ! ਵਿਛੜੇ ਦੇਸ ਦਾ ਦਰਦ ਘੁੱਟ ਕੇ1 ਅੱਖੀਆਂ ਵਿਚ ਮੈਂ ਸਾਰਾ। ਰੋਂਦੀਆਂ ਭੈਣਾਂ ਕੋਲ ਖਲੋ ਕੇ ਦਿੱਤਾ ਬੋਲ ਸਹਾਰਾ : 1. ਇਹ ਅਤੇ ਇਸ ਤੋਂ ਪਿੱਛੋਂ ਆਉਣ ਵਾਲੇ ਦੋ ਬੰਦ ਬਟਵਾਰੇ ਤੋਂ 9 ਸਾਲ ਪਿੱਛੋਂ ਲਿਖੇ ਸਨ (ਵੇਖੋ : ਪਹਿਲੀ ਕਾਵਿ-ਪੁਸਤਕ-ਸਫ਼ਾ 59) “ਤਾਮ ਪਕਾਂਦੀਓ ਬਾਰ ਦੀ ਜਾਈਓ ! ਕਾਹਨੂੰ ਅੱਥਰੂ ਕੇਰੇ । ਮਾਂ ਦੇ ਦੇਸ ਨੂੰ ਵੱਤ ਲੈ ਆਵਣ ਸਬਰ-ਸ਼ੁਕਰ ਦੇ ਜੇਰੇ। “ਕੱਚੇ ਘਰਾਂ ਦੇ ਦਰ 'ਤੇ ਤੱਕੀਆਂ1 ਰੋਂਦੀਆਂ ਮਾਵਾਂ ਆਈਆਂ। ਕਣਕਾਂ ਪੱਕੀਆਂ ਦੀ ਰੁੱਤੇ ਸੀ ਦਰਦ ਉਮਰ ਦੇ ਲਿਆਈਆਂ। “ਹੁਣ ਇਸ ਰੋਹੀ ਵਿੱਚੋਂ ਆਵਣ ਮੌਤ ਮਿਰੀ ਦੀਆਂ ਵਾਜਾਂ। ਦੂਰ ਨਗਾਰੇ ਸੂਰਮਿਆਂ ਦੇ ਗੂੰਜਣ ਸੁਣ ਫ਼ਰਿਆਦਾਂ। “ਸਾਡੇ ਵੱਡ-ਵੱਡੇਰਿਆਂ ਤੋਂ ਸੀ ਮਿਰਗਾਂ ਨਾਲ ਯਰਾਨੇ। ਮਾਵਾਂ ਰੋਹੀਆਂ ਨੂੰ ਨ ਛੱਡਕੇ ਵੱਸਣਾ ਦੇਸ ਬਿਗਾਨੇ।” ਫਿਰ ਮੈਂ ਨਾਲ ਤਾਰਿਆਂ ਰੋਇਆ ਹੱਥ ਰਾਵੀ ਦੇ ਫੜ ਕੇ। ਕੁਕਨੂਸਾਂ ਦੇ ਕੰਠ ਅਸੰਖਾਂ ਜਲੀ ਧਰਤ ਵਿਚ ਥਰਕੇ। ਮੋਏ ਤਾਰਿਆਂ ਦੇ ਹੜ੍ਹ ਲਿਸ਼ਕੇ ਕਦੇ ਸੜੇ ਜੋ ਅੰਬਰ ਕੁਕਨੂਸਾਂ ਦੀਆਂ ਰਗਾਂ ਜਾਂ ਹਿੱਲਣ ਝੁਲਸੀ ਧਰਤ ਦੇ ਅੰਦਰ। ਨਭ ਕਾਲ ਧਰਤੀ ਦੀਆਂ ਸੜੀਆਂ ਹਰੀਆਂ ਕੀਤੀਆਂ ਨੀਂਹਾਂ। ਵਰ੍ਹ ਰਾਵੀ ਦੋ ਨੈਣਾਂ ਵਿੱਚੋਂ ਝਿਮ ਝਿਮ ਤਰਸ ਦੇ ਮੀਂਹਾਂ। (ਮਾਰਚ, 1984) (ਇਤਿ)