Punjabi Poetry : Harinder Singh Mehboob

ਪੰਜਾਬੀ ਕਵਿਤਾਵਾਂ : ਹਰਿੰਦਰ ਸਿੰਘ ਮਹਿਬੂਬ

1. ਭਰਮ-ਭੈਅ

ਸੂਰਜ ਛਿਪਦੇ ਕੋਲੇ ਸਖੀਏ
ਕੋ ਪੰਛੀ ਕੁਰਲਾਇਆ,
ਤਰਕਾਲਾਂ ਦੇ ਦੇਸ ਅੰਦਰਾਂ
ਕੌਣ ਕੌਣ ਨਹੀਂ ਆਇਆ?

ਸੂਰਜ ਤਿਨ੍ਹਾਂ 'ਤੇ ਲਾਲੀ ਵਾਰੇ
ਰਾਤ ਜਿਨ੍ਹਾਂ ਦੇ ਪੱਲੇ;
ਰੰਗ ਨੂੰ ਰੰਗ ਦੇ ਦੇਸ ਉਡਾਵਾਂ
ਖ਼ਤ ਕੋਈ ਸਾਨੂੰ ਘੱਲੇ।

ਕਿਸ ਜੂਹ ਵਿੱਚ ਹੁਣ ਡਾਰ ਨੂੰ ਮਿਲਣਾ
ਪੰਛੀ ਜੋ ਕੁਰਲਾਂਦਾ
ਪੱਛਮ ਦੀ ਰੁਤ ਮੋਹਿਆ ਇਸ ਨੂੰ
ਮੁੱਕਦੀ ਤੇ ਪਛਤਾਂਦਾ।

ਦੂਰ ਸਰਾਂ ਦੇ ਕੰਢੇ ਸਖੀਏ
ਹੰਝੂ ਜਲ ਵਿੱਚ ਰਲਿਆ,
ਕਲਵਲ ਹੋ ਕੇ ਭੌਂਦੇ ਫਿਰਣਾ
ਪਾਣੀਆਂ ਦੇ ਵਿੱਚ ਮਰਿਆ।

ਸੋਹਣਾ ਸੰਞਾਂ ਵਿੱਚ ਗੁਆ ਕੇ
ਅੱਗ ਘਰ ਮੈਂ ਨਹੀਂ ਜੀਣਾ,
ਕੰਵਲਾਂ ਦੀ ਜਿਸ ਪਿਆਸ ਬੁਝਾਈ
ਮੈਂ ਉਸ ਜਲ ਨੂੰ ਪੀਣਾ।

ਦੂਰ ਲਾਲੀਆਂ ਕੰਬ ਕੰਬ ਗਈਆਂ
ਪਾਣੀ ਕਦੇ ਨ ਰੋਇਆ,
ਕੂੰਜ ਨੂੰ ਡਾਰੋਂ ਵਿਛੜ ਜਾਣ ਦਾ
ਭਰਮ ਕਿਉਂ ਸਈਏ ਹੋਇਆ?

2. ਕਿਸੇ ਜਾਂਗਲੀ ਨਾਰ ਨੂੰ

ਤੇਰੇ ਵਾਂਗ ਹਵਾ ਵਿਚ ਵਲ ਪੈਂਦੇ
ਅਸੀਂ ਰੋਹੀਆਂ ਦੇ ਵੱਲ ਚੱਲ ਪੈਂਦੇ

ਜਦ ਤੇਰਾ ਹਵਾ ਨੂੰ ਨਾਂ ਦੱਸੀਏ
ਉਹਦੀ ਗੋਦੀ ਤਰੇਲ ਦੇ ਫਲ ਪੈਂਦੇ

ਤੈਨੂੰ ਢੱਕੀ ਦੇ ਵਿਚ ਭਾਲਣ ਲਈ,
ਅਸੀਂ ਨਾਲ ਸ਼ੈਦਾਈਆਂ ਰਲ ਪੈਂਦੇ

ਤਿਰੀ ਸੂਰਤ ਸਾਡੇ ਨੈਣੀਂ ਤਕ
ਲੁਕ ਫੁੱਲਾਂ ਥੱਲੇ ਥਲ ਪੈਂਦੇ

ਸਾਡੇ ਸਬਰ-ਹੁਸਨ ਦੀ ਕਾਂਗ ਚੜ੍ਹੀ
ਲੱਖ ਢਾਬਾਂ ਦੇ ਕੰਬ ਜਲ ਪੈਂਦੇ

ਅਸੀਂ ਨੇਰ੍ਹਾਂ ਨੂੰ ਮਚਕੋੜਦੇ ਹਾਂ
ਜਦ ਰੂਪ ਤੇਰੇ ਦੇ ਛਲ ਪੈਂਦੇ

ਜਦ ਰਾਹ ਨ ਸਾਨੂੰ ਲਭਦਾ ਕੁਈ
ਤਦ ਸੀਨੇ ਸਾਡੇ ਸੱਲ ਪੈਂਦੇ

ਸਾਡੀ ਖੇਡ ਨੂੰ ਚਾਲੂ ਰੱਖਣ ਲਈ
ਤੇਰੇ ਦੀਵੇ ਅੰਬਰੀਂ ਬਲ ਪੈਂਦੇ

ਤੇਰੇ ਵਾਂਗ ਹਵਾ ਵਿਚ ਵਲ ਪੈਂਦੇ
ਅਸੀਂ ਰੋਹੀਆਂ ਦੇ ਵੱਲ ਚੱਲ ਪੈਂਦੇ

3. ਬਨਬਾਸ

ਇਸ ਰੋਹੀ ਚੋਂ ਆ ਰਹੀਆਂ ਨੇ
ਮੌਤ ਮਿਰੀ ਦੀਆਂ ਵਾਜਾਂ
ਦੂਰ ਨਗਾਰੇ ਸੂਰਮਿਆਂ ਦੇ
ਗੂੰਜਣ ਸੁਣ ਫ਼ਰਿਆਦਾਂ।

ਕੱਚੇ ਘਰਾਂ ਦੇ ਬੂਹਿਆਂ ਦੇ ਅੱਗੇ
ਰੋਂਦੀਆਂ ਮਾਵਾਂ ਆਈਆਂ
ਕਣਕਾਂ ਪੱਕੀਆਂ ਦੀ ਰੁੱਤੇ ਕਿਉਂ
ਦਰਦ ਉਮਰ ਦੇ ਲਿਆਈਆਂ?

ਸਾਡੇ ਵੱਡੇ ਵਡੇਰਿਆਂ ਤੋਂ ਨੇ
ਮਿਰਗਾਂ ਨਾਲ ਯਰਾਨੇ
ਮਾਵਾਂ ਰੋਹੀਆਂ ਨੂੰ ਨਾ ਛੱਡ ਕੇ
ਵਸਨਾ ਦੇਸ ਬਿਗਾਨੇ।

"'ਮਾਏ ਕਣੀ ਪਿਆਰ ਦੀ ਨਿੱਕੀ
ਨੈਣ ਨਿਮਾਣੇ ਦੋਏ,"
ਮਾਂ ਦੇ ਤਰਸ ਦੇ ਖੰਭ ਨਿਤਾਣੇ
ਦੇਖ ਬੱਚੜੇ ਰੋਏ।

ਦੂਰ ਪਾਣੀਆਂ ਨੂੰ ਕੀ ਹੋਇਆ,
ਹੂੰਗਰ ਮਾਰ ਬੁਲਾਣਾ
ਪੁਸ਼ਤਾਂ ਦਾ ਇੱਕ ਗੀਤ ਸਾਂਭਿਆ,
ਮਾਂਝੀ ਨੂੰ ਭੁਲ ਜਾਣਾ

ਔਹ ਤਾਰਾ ਬਰਬਾਦ ਹੋ ਗਿਆ
ਬਰਬਾਦੀ ਦੀਆਂ ਸੋਆਂ
ਏਸ ਉਜੜਦੇ ਪਿੰਡ ਵਿਚ ਆਈਆਂ
ਵਿਹੜਿਆਂ ਫਿਰਦੀ ਰੋਆਂ

ਵਤਨ ਦਾ ਪਾਣੀ ਕੂੰਜਾਂ ਨੂੰ ਨ
ਚਹੁੰ ਕੂੰਟਾਂ ਚੋਂ ਥਿਆਏ
ਥੱਕੀਆਂ ਅਰਸ਼ ਦੀਆਂ ਪੌਣਾਂ ਵਿਚ
ਰਾਖ ਉਡੰਦੀ ਜਾਏ

ਸੂਰਜ ਪਰਾਂ ਤੇ ਪਾਣੀ ਲਾਏ
ਜਦ ਪਰਦੇਸੋਂ ਚੱਲੀ,
ਵਤਨਾਂ ਦੇ ਵਿੱਚ ਰੌਲੇ ਮਚੇ
ਕੂੰਜ ਨਿਮਾਣੀ ਕੱਲੀ।
(੧੯੫੬)

4. ਕੰਤ

ਕੰਤ ਦੀ ਥਾਹ ਨਾ ਲੈ ਤੂੰ ਸਖੀਏ
ਕੌਣ ਕੰਤ ਹੈ ਮੇਰਾ;
ਜਲਾਂ ‘ਚੋਂ ਮੇਰਾ ਰੂਪ ਪਛਾਣੇ
ਪੱਥਰਾਂ ਉਤੇ ਵਸੇਰਾ।

ਕੇਸਾਂ ਨੂੰ ਧਾਹ ਚੜ੍ਹੀ ਜੁਆਨੀ
ਜਨਮ ਮੇਘ ਦਾ ਹੋਇਆ,
ਪੰਧ ਕਿਸੇ ਨੇ ਕੀਤਾ ਲੰਮਾ,
ਦਰ ਵਿਚ ਆਣ ਖਲੋਇਆ।

ਮੇਰਿਆਂ ਕੁੱਲ ਰਾਹਾਂ ਦਾ ਭੇਤੀ
ਦੀਵਿਆਂ ਦਾ ਵਣਜਾਰਾ,
ਰਹਿੰਦੀ ਉਮਰ ਦੀ ਪੂੰਜੀ ਲੈ ਕੇ
ਰਾਹੀਂ ਬਲੇ ਪਿਆਰਾ।

ਸੱਦ ਰਿਜ਼ਕ ਦੀ ਕਿਹੜੇ ਵੇਲੇ
ਸੁਣੀ ਦਿਲਾਂ ਦੇ ਮਾਹੀ ?
ਜਿਸ ਰਾਤੀਂ ਮੈਂ ਭੇਦ ਚਿਰੋਕਾ
ਦਸਣਾ ਸਈ ਸ਼ਰਮਾਈ ।

ਰੁੱਤਾਂ ਦੇ ਬਹੁ ਕਾਸਦ ਆਏ
ਕੀ ਕੁੱਝ ਅਸੀਂ ਗੁਆਇਆ ?
ਪੱਥਰ ਕੁਟਦੇ ਮਾਹੀ ਦਾ ਕੋ
ਮੀਤ ਦੇਸ ਨਹੀਂ ਆਇਆ ।

ਚਿੰਤਾ ਕੰਤ ਦੀ ਬਹੁਤ ਸਿਆਣੀ
ਦੂਰ ਵਸੇ ਜੀ ਮੇਰਾ ।
ਕੇਸ ਮੇਰੇ ਤੂੰ ਭੁੱਲ ਨ ਸਕਿਉਂ
ਪਿਆਰ ਕੀ ਜਾਣਾ ਤੇਰਾ !

ਮਾਹੀ ਕਦੇ ਪੱਥਰਾਂ ਨੂੰ ਤੋੜੇ
ਕਦੇ ਰੰਗਾਂ ਨੂੰ ਛੋਹੇ ।
ਕਾਗਦ 'ਤੇ ਇਕ ਜ਼ੁਲਫ਼ ਜਾਂ ਢਿਲਕੀ
ਫ਼ਜਰ ਦਾ ਵੇਲਾ ਹੋਏ ।

ਵੇਲੇ ਫ਼ਜਰ ਦੇ 'ਵਾਜਾਂ ਪਈਆਂ,
ਹੁਕਮ ਆਏ ਸਰਕਾਰੋਂ ।
ਮੁੰਦ ਸੁਪਨਿਆਂ ਦੇ ਨੈਣਾਂ ਨੂੰ,
ਤੁਰੇ ਹੁਸਨ ਦੇ ਬਾਰੋਂ ।

ਹੁਸਨ ਦਾ ਸੁਪਨਾ ਪੂੰਜੀ ਕਿਸਦੀ ?
ਨ ਕੰਤ ਨ ਮੇਰੀ
ਉਸ ਸੁਪਨੇ ਦੀ ਬਾਤ ਸੁਣਾਵਾਂ
ਜਿਸ ਸੁਪਨੇ ਵਿਚ ਦੇਰੀ ।

ਕੰਤ ਮੇਰਾ ਧੁੱਪਾਂ ਦਾ ਜਾਇਆ,
ਕਦੇ ਕਦੇ ਛਾਂ ਮਾਣੀ ।
ਭਾਰੇ ਬੋਲ ਪੱਥਰਾਂ ਦੇ ਸੁਣਕੇ
ਸੁਣੇ ਬਿਰਖ ਦੀ ਬਾਣੀ ।

ਮਹਿਕ ਚੰਬੇਲੀ ਆਂਗਨ ਸਾਡੇ
ਆ ਕੁਈ ਨੀਰ ਛੁਹਾਏ ।
ਸੋਨ-ਸੁਰਾਹੀ ਮਾਹੀ ਦੀ ਵਿਚ
ਅਸਾਂ ਤਾਂ ਕੰਵਲ ਤਰਾਏ ।

ਡੋਲ ਜਾਣ ਕੰਵਲ ਦੀਆਂ ਪੱਤੀਆਂ
ਮਾਹੀ ਦਾ ਦਿਲ ਡੋਲੇ ।
ਕਿਹੜੀ ਰੁੱਤ ਵਿਚ ਕੋਇਲ ਹੈ ਆਈ,
ਕੌਣ ਵਿਯੋਗੀ ਬੋਲੇ !

ਇਸ ਬਾਰੀ 'ਚੋਂ ਜੂਹ ਮਾਹੀ ਦੀ
ਤੱਕ ਕੇ ਜੀਉ ਡੁਲਾਣਾ ।
ਇਸ ਬਾਰੀ 'ਚੋਂ ਪੌਣ ਪਈ ਵੱਗੇ,
ਜਿਸ ਸਾਜਨ ਵਲ ਜਾਣਾ ।

ਪੱਤੀ ਸਬਜ਼ ਕੰਵਲ ਦੀ ਢਿਲਕੀ
ਦੁੱਧ-ਰੰਗ ਸ਼ਰਮਾਈ ।
ਕੀ ਉਸ ਫੁੱਲ ਨੂੰ ਹੋਇਆ ਸਖੀਏ ?
ਓਦਰਿਆ ਜਿਉਂ ਮਾਹੀ ।

ਰਾਤਾਂ ਦਾ ਦਿਲ ਕੰਤ 'ਤੇ ਆਇਆ
ਤਾਰੇ ਵਾਰਨ ਆਈਆਂ ।
ਰਾਹ ਵਿਚ ਚੰਨ ਦੀਆਂ ਗਲੀਆਂ ਅੰਦਰ
ਖੇਡਣ ਲੱਗੀਆਂ ਦਾਈਆਂ ।

ਛੋਹ ਨੂੰ ਕੰਤ ਜਾਣ ਨਾ ਜਾਵੇ
ਫੜੀਆਂ ਚੰਨ ਕਲਾਈਆਂ ।
ਕੱਜ ਕੱਜ ਤੁਰਨ ਕੰਤ ਵਲ ਜਿੰਦੂ
ਰੈਣਾਂ ਨਿਹੁੰ ਦੀਆਂ ਜਾਈਆਂ ।

ਕੰਤ ਮੇਰਾ ਕੁੱਲ ਆਲਮ ਜਾਣੇ
ਤੂੰ ਬਸ ਸਈਏ ਭੁੱਲੀ ।
ਖੇਡ ਦੀ ਉਮਰਾ ਪਾਈ ਬੁਝਾਰਤ
ਜੁਆਨੀ ਦੀ ਰੁੱਤ ਹੁੱਲੀ ।

5. ਸੰਞਾਂ ਦੇ ਦੇਸ ਵਿਚ

ਸੰਤਰੇ ਦੇ ਹਰੇ ਹਰੇ ਬੂਟਿਆਂ ਦੇ ਕੋਲ ਵੇ ।
ਪੀਲੀ ਪੀਲੀ ਕਣਕਾਂ ਦੇ ਦਿਲ ਰਹੇ ਡੋਲ ਵੇ ।

ਟਾਹਲੀਆਂ ਦੇ ਪੱਤਿਆਂ 'ਚ ਨ੍ਹੇਰ ਆ ਕੇ ਬੈਠਿਆ,
ਅੰਬਰਾਂ ਨੇ ਚੰਨ ਖ਼ਾਤਰ ਦਰ ਦਿੱਤਾ ਖੋਲ੍ਹ ਵੇ ।

ਗੇਰੂਏ ਦੇ ਪਾਣੀ ਵਾਲਾ ਖ਼ਾਲ ਪਿਆ ਵਗਦਾ,
ਚਟਾਲੜੇ ਦੇ ਖੇਤਾਂ 'ਚ ਗੁਲਾਲ ਰਿਹਾ ਘੋਲ ਵੇ ।

ਕੰਢੜੇ ਤੇ ਕੋਈ ਪਰਦੇਸੀ ਆ ਕੇ ਬੈਠਿਆ,
ਸੰਤਰੇ ਦੇ ਬੂਟਿਆਂ ਜਿਉਂ ਚੁੱਪ ਤੇ ਅਡੋਲ ਵੇ ।

ਉਹਦੇ ਨੈਣਾਂ ਵਿੱਚੋਂ ਨਿਕਲ ਕੂਲਾ ਕੂਲਾ ਚਾਨਣਾ,
ਰੱਤਿਆਂ ਅਨਾਰਾਂ ਵਿੱਚੋਂ ਰਿਹਾ ਮੈਨੂੰ ਟੋਲ ਵੇ ।

ਟਾਹਲੀਆਂ ਦੇ ਆਲ੍ਹੇ-ਦੁਆਲੇ ਪੌਣ ਪਈ ਸਹਿਕਦੀ,
ਹਾਇ ਨਾ ਉਹਨੂੰ ਚੁੰਮ੍ਹਦਾ ਪਰਦੇਸੀਏ ਦਾ ਬੋਲ ਵੇ ।

ਰੋਸਾ ਦਿਲੇ ਵਿੱਚ ਨ ਲਿਆਵੀਂ ਮੇਰੇ ਹਾਣੀਆਂ,
ਬਿੰਦ ਘੜੀ ਲਈ ਉਹਨੂੰ ਆਖ ਲਵਾਂ ਢੋਲ ਵੇ ।

6. ਪਹਾੜਾਂ ਦੀ ਵੇਦਨਾ

ਪਹਾੜਾਂ ਦੀ ਵੇਦਨਾ ਪੋਹ ਦੇ ਗਗਨ 'ਤੇ
ਤ੍ਰੇਲਾਂ ਦੇ ਵਹਿਣ ਕੂੰਜਾਂ ਦੀ ਵਾਜ ਤੇ ਕੰਬਨ-
ਪਹਾੜਾਂ ਦੇ ਹੰਝੂ ਊਸ਼ਾ ਦੀ ਲਾਲੀ ਤੋਂ
ਖਿੱਚੇ ਗਏ ਗਗਨ ਤੇ ਅਜ਼ਲਾਂ ਦੇ ਵਾਂਗੂੰ,
ਪਹਾੜ ਕੂੰਜਾਂ ਬਣ ਆਏ ਨੀਂਦ ਵਿੱਚ ਜਿੰਦੇ
ਕੰਵਲ ਬਣੇ ਤਿਰੀ ਨੀਂਦ ਵਿੱਚ ਰਾਗ ਦੇ ਸੰਗਮ ।

ਕੀ ਸੁਣੇ ? ਕੀ ਦਿੱਸੇ ? ਪੋਹ ਦੀ ਰੁੱਤੇ
ਕਿਸ ਕਾਲ ਦੇ ਕਿਨਾਰਿਆਂ ਉੱਤੇ
'ਟਿਕ ਟਿਕ' ਕਰ ਰਿਹਾ ਤੇਸਾ ਪਹਾੜੀਆਂ ਉੱਤੇ-
ਝੋਲੀਆਂ ਗਗਨਾਂ ਦੀਆਂ ਟਸਕ ਪਈਆਂ
ਊਸ਼ਾਵਾਂ ਰੋਂਦੀਆਂ ਫ਼ਰਿਹਾਦ ਦੇ ਸਿਰ ਤੇ-
'ਟਿਕ ਟਿਕ' ਲਹਿੰਦੀ ਹੀ ਜਾਂਦੀ ਡੂੰਘ-ਡੂੰਘਾਣੀਂ,
ਝੀਲ ਵਿੱਚ ਕਿਸੇ ਨਹਿਰ ਦੀ ਜਾਗ ਖੁੱਲ੍ਹੇ ।

7. ਫ਼ਜਰਾਂ ਦੀ ਕੋਲ
(ਬਾਰ ਦੀ ਯਾਦ ਵਿਚ)

ਤੈਂਡੀ ਫ਼ਜਰਾਂ 'ਚ ਕੂਕੇ ਕੋਲ ਵੋ,
ਵੱਡੇ ਪਿਆਰੇ ਬਾਗ਼ਾਂ ਦੇ ਬੋਲ ਵੋ ।

ਤੇਰੀ ਅੱਖੀਆਂ ਤੇ ਦਾਵਾ ਏ ਸਾਡਾ ਕੁਝ,
ਐਵੇਂ ਹੰਝੂ ਬੇਗਾਨੇ ਨ ਰੋਲ ਵੋ ।

ਐਵੇਂ ਡਿੱਗੀਆਂ ਅਰਸ਼ ਤੋਂ ਦੋ ਕਣੀਆਂ,
ਪਏ ਡਾਢੇ ਹੀ ਨੀਂਦਾਂ ਨੂੰ ਹੌਲ ਵੋ ।

ਸਾਡੇ ਹੱਥਾਂ ਤੇ ਖਿੜਿਆ ਏ ਫੁੱਲ ਸੋਹਣਾ,
ਦੂਰ ਵਜਦੇ ਹਸ਼ਰ ਦੇ ਢੋਲ ਵੋ ।

ਬੀਬਾ ਲੱਖ ਮਜ਼੍ਹਬਾਂ ਦੇ ਖੜ੍ਹਿਆਂ ਕੀਤੇ,
ਹਿੱਕੋ ਸੱਚੇ ਸਿਦਕ ਦੇ ਕੌਲ ਵੋ ।

ਤੈਂਡੀ ਫ਼ਜਰਾਂ 'ਚ ਕੂਕੇ ਕੋਲ ਵੋ,
ਵੱਡੇ ਪਿਆਰੇ ਬਾਗ਼ਾਂ ਦੇ ਬੋਲ ਵੋ ।
(ਮਈ ੧੯੬੫)

8. ਸ਼ਿੰਗਾਰ
(ਬਾਰ ਦੀ ਯਾਦ ਵਿਚ)

ਕੇਡੇ ਚਾਅ ਨਾਲ ਕਰੇ ਸ਼ਿੰਗਾਰ ਵੋ
ਸਾਡਾ ਬੇਪ੍ਰਵਾਹੀਆਂ ਦਾ ਪਿਆਰ ਵੋ !

ਲਾਂਭੇ ਰੱਖ ਮਜ਼੍ਹਬਾਂ ਨੂੰ ਬੇਲੀਆ
ਅਸੀਂ ਮੌਜੀ ਝਨਾਵਾਂ ਦੇ ਹਾਰ ਵੋ ।

ਗੱਲ ਸੁਣੇ ਨ ਸੱਚੀ ਸਰਕਾਰ ਵੋ
ਅਸੀਂ ਖੜੇ ਬੇਲੇ ਦੇ ਦੁਆਰ ਵੋ ।

ਜਿਹੜੇ ਖੇਡੇ ਝਨਾਵਾਂ ਦੇ ਨਾਲ ਹੋ,
ਸਾਡੇ ਦੀਨ ਮਜ਼੍ਹਬ ਦੇ ਯਾਰ ਵੋ ।

ਤੈਂਡੇ ਹੱਥਾਂ ਵਿਚ ਰੂਹ ਦੇ ਸੂਰਜ
ਵੇਚੀਂ ਨ ਜੀਵੇਂ ਬਾਜ਼ਾਰ ਵੋ ।

ਮੁੱਦਤਾਂ ਪਿੱਛੋਂ ਵਾਵਾਂ ਨੇ ਵਗੀਆਂ
ਲੁੱਟ ਕੇ ਸਾਵਨ ਦਾ ਪਿਆਰ ਵੋ ।

ਕੇਡੇ ਚਾਅ ਨਾਲ ਕਰੇ ਸ਼ਿੰਗਾਰ ਵੋ
ਸਾਡਾ ਬੇਪ੍ਰਵਾਹੀਆਂ ਦਾ ਪਿਆਰ ਵੋ !
(ਮਈ ੧੯੬੫)

9. ਊਠਾਂ ਵਾਲਿਆਂ ਦਾ ਵਿਯੋਗ
(ਬਾਰ ਦੀ ਯਾਦ ਵਿਚ)

ਸਿਖਰ ਦੁਪਹਿਰੇ ਤਪ ਤਪ ਜਾਂਦੇ,
ਡਾਚੀਆਂ ਵਾਲੇ ਫੇਰਾ ਨ ਪਾਂਦੇ ।

ਇਕ ਜਨਮ ਵਿਚ ਫੇਰਾ ਪਾ ਕੇ
ਲੱਖ ਜਨਮ ਵਿਚ ਕੌਲ ਨਿਭਾਂਦੇ ।

ਮਾਣ ਲੋਕ-ਪਰਲੋਕ ਦਾ ਦੇ ਕੇ
ਹਸ਼ਰਾਂ ਤੀਕਣ ਜਾਨ ਤਪਾਂਦੇ ।

ਸੱਤ ਅਸਮਾਨਾਂ ਜ਼ਿਕਰ ਅਸਾਡਾ
ਇਕ ਕਣੀ ਲਈ ਮਨ ਤਰਸਾਂਦੇ ।

ਪਿਰ-ਸਾਹਾਂ ਦੇ ਹੋ ਕਰਜ਼ਾਈ
ਰੋਜ਼ ਹਸ਼ਰ ਦੇ ਮੁੱਲ ਨ ਪਾਂਦੇ ।

ਰੂਹ ਡਾਰਾਂ ਦੇ ਬਣ ਹਮਜੋਲੀ
ਕਿਸਮਤ ਵਾਲਾ ਤੀਰ ਛੁਪਾਂਦੇ ।

ਪੀ ਕੇ ਡੂੰਘੇ ਸਾਗਰ ਪਾਣੀ
ਜ਼ਹਿਰ ਬੂੰਦ ਦੀ ਮੰਗਣ ਜਾਂਦੇ ।

ਹਿਜਰ ਦੀ ਖੇਡ ਖਿਡਾਵਣ ਪਿੱਛੋਂ
ਅਰਜ਼ਾਂ ਦੇ ਦਰ ਕਰਮ ਝੁਕਾਂਦੇ ।

ਸੂਰਜ ਆਪਣਾ ਪੰਧ ਮੁਕਾਂਦੇ,
ਤੰਬੂ ਪੁੱਟ ਸੌਦਾਗਰ ਜਾਂਦੇ ।

ਘਾਇਲ ਰੱਤ ਦੀ ਕੂਕ ਵਿੰਨ੍ਹਕੇ,
ਸ਼ਬਨਮ ਦੇ ਦਰਬਾਰ ਚੜ੍ਹਾਂਦੇ ।

ਤੰਬੂਆਂ ਵਾਂਗ ਵਲ੍ਹੇਟ ਕੇ ਪੈਂਡੇ,
ਫ਼ਜਰਾਂ ਨੂੰ ਦਿਲਗੀਰ ਬਣਾਂਦੇ ।

ਸਿਖਰ ਦੁਪਹਿਰੇ ਤਪ ਤਪ ਜਾਂਦੇ,
ਡਾਚੀਆਂ ਵਾਲੇ ਫੇਰਾ ਨ ਪਾਂਦੇ ।
(ਜੂਨ ੧੯੬੫)

10. ਪੂਰਨ ਸਿੰਘ ਨੂੰ

ਪੂਰਨ ਸਿੰਘ ਦਾ ਦੇਸ ਪੰਜਾਬ ਕਿੱਥੇ ?
ਅੱਖਾਂ ਡੁਲ੍ਹਦੀਆਂ ਬੇਲਿਆਂ ਤੋਂ ਵਿਛੜਕੇ,
ਪਿਆ ਰੋਣ ਆਵੇ ਦੇਸ ਪੰਜਾਬ ਨੂੰ ਤੱਕ ਕੇ ।
ਦਰਿਆਵਾਂ ਦੇ ਕਿਨਾਰਿਆਂ ਉੱਤੇ
ਪੁਰਾਣੀਆਂ ਅਵਾਜ਼ਾਂ ਦੇ ਕਾਫ਼ਲੇ ਲੁੱਟੇ ਗਏ,
ਪੁਰਾਣੀਆਂ ਬੇਪ੍ਰਵਾਹੀਆਂ ਦਾ ਨਾਮ ਮਿੱਟਿਆ;
ਸਾਡੇ ਰਾਂਝਣ ਦੀ ਵਾਜ ਨੂੰ ਮਾਰਿਆ,
ਅੱਗੇ ਵਧਣ ਦੇ ਖੜਸੁੱਕ ਨਾਅਰਿਆਂ ।
ਹਾਂ, ਕੁੱਛ ਸ਼ਹਿਰਾਂ ਨੇ ਮੁਲਕ ਨੂੰ ਮੱਲਿਆ,
ਠੀਕ, ਪਿੰਡ ਪਿੰਡ ਤਾਰਾਂ ਨੇ ਪਹੁੰਚੀਆਂ,
ਪਰ ਨਸ਼ਾ ਉਹ ਟੁਟਿਆ ।
ਤਖ਼ਤ ਉਲਟਿਆ ਮੌਜੀ ਫ਼ਕੀਰਾਂ ਦੀ ਖੁਦੀ ਦਾ--
ਸੌਂ ਗਿਆ ਵਜਦ ਦਾ ਕੂਕਦਾ ਕਾਫ਼ਲਾ,
ਚਲਾ ਗਿਆ ਦਰਿਆਵਾਂ ਨਾ' ਰੁੱਸ ਕੇ
ਸਾਡੇ ਲਹੂ ਵਿਚ ਜੋ ਘਸਮਾਨ ਸੀ ਪੈਂਦਾ--
ਵੱਡੇ ਹੁਕਮ ਦੀ ਸ਼ਾਨ ਸੀ ਜਿੱਥੇ
ਸਾਡਾ ਅਸਮਾਨ ਉਹ ਕੱਚ ਵਾਂਗ ਤਿੜਕਿਆ-- !
ਵਾਹਗੇ ਤੋਂ ਪਾਰ ਦੇ ਦੇਸ ਨੂੰ
ਪਾਕ ਦੀਨ ਦੀ ਅਜਬ ਬੇਚੈਨ ਤੋਂੜ ਲੱਗੀ,
ਇਕ ਧੁਖਧੁਖੀ ਕੌੜੀ ਪਿਆਸ ਵਿਚ
ਦੇਸ ਉਹ ਊਂਘੇ ।
ਏਧਰ ਵੀ ਹਾਲ ਪੰਜਾਬ ਦਾ ਮੰਦਾ,
ਹੌਲ ਦੇ ਕੱਪਰਾਂ ਦਾ ਨ੍ਹੇਰਾ
ਖੁਦੀ ਦੇ ਸਾਰੇ ਗੁਮਾਨ ਨੂੰ ਪੀ ਗਿਆ ।
ਆਪਣੀ ਰੱਤ ਨਾਲ ਖੇਡ ਕੇ ਮੌਤ ਦੇ ਸਾਹਮਣੇ
ਖੂਨ ਸ਼ਹਾਦਤ ਦੇ ਦੀਵੇ ਬਾਲਣੇ
ਲੱਦ ਗਏ ਬੇਪ੍ਰਵਾਹ ਊਠਾਂ ਦੇ ਵਾਂਗੂੰ
ਆਪਣੀ ਸ਼ਾਨ ਦੇਖਣ ਦੇ ਵੇਲੇ ।
-- -- -- -- -- -- -- -- --
-- -- -- -- -- -- -- -- --
ਪੂਰਨ ਦੇ ਨੈਣ ਤੱਕਦੇ ਮੁਲਖ ਵੀਰਾਨ ਹੋਇਆ !
ੳ ਮੇਰੇ ਯਾਰੋ !
ਕਿਨ੍ਹ ਪੁੱਟਿਆ ਪੂਰਨ ਦੇ ਬਿਰਖਾਂ ਨੂੰ ?
ਰੋਹੀਆਂ ਦੇ ਮਿਰਗ ਕਿੱਥੇ ?
ਕੇਸੂਆਂ ਦਾ ਤਪਦਾ ਅਸਮਾਨ
ਕਿੱਥੇ ਗੁਆਚਿਆ ?
ਪੰਜ ਦਰਿਆਵਾਂ ਦੇ ਗਲ ਲਗ ਪੂਰਨ ਰੋਂਵਦਾ !
ਕਿੱਥੇ ਗਈਆਂ ਯੋਧਿਆਂ ਦੇ ਦੇਸ ਦੀਆਂ ਵਾਰਾਂ ?
ਕਿੱਥੇ ਗਏ ਪੰਜ ਪਾਣੀਆਂ ਕਿਨਾਰੇ ਸੌਣ ਵਾਲੇ !
ਕਿੱਥੇ ਗਏ ਹਿਜਰ ਦੇ ਥਲਾਂ ਵਿਚ ਗੌਣ ਵਾਲੇ !
ਸ਼ਹਿਰਾਂ ਦੇ ਪਿੰਜਰਾਂ 'ਚ ਢੱਠਾ ਪੰਜਾਬ ਸਾਰਾ --
ਨਾਂਹ ਉਹ ਹਾਣੀ, ਨਾਂਹ ਉਹ ਪਾਣੀ
ਨਾਹ ਉਹ ਫ਼ਜਰਾਂ ਦੀ ਵਾ ਵਿਚ ਗੌਣ ਵਾਲੇ !

11. ਸ਼ਹੀਦ ਊਧਮ ਸਿੰਘ ਨੂੰ

ਊਧਮ ਤੇਰੇ ਪੰਜਾਬ ਦੇ ਸਭ ਬਾਗ ਉਦਾਸੇ,
ਅਣਖ ਦੇ ਸੂਰਜ ਛਿਪੇ ਨੂੰ, ਬੀਤ ਗਏ ਚੁਮਾਸੇ-
ਬੁਰਜ ਸ਼ਹੀਦਾਂ ਦੇਖਦੇ, ਵਡ ਬਲੀ ਨਿਰਾਸੇ
ਜੱਲ੍ਹਿਆਂ ਵਾਲੇ ਬਾਗ਼ ਦੇ ਉਹ ਸ਼ੇਰ ਪਿਆਸੇ ॥੧॥

ਤੇਰੀ ਰੱਤ ਦੇ ਬਾਗ਼ ਵਿੱਚ ਗੁਲਜ਼ਾਰ ਨ ਤੇਰੀ,
ਚੁਕ ਸੂਰਜ ਫ਼ਤਹਿ ਦੇ ਪਾਈ ਨ, ਕੁਈ ਫ਼ਜਰਾਂ ਫੇਰੀ-
ਤੇਗ਼ਾਂ ਵਾਲੇ ਪੰਜਾਬ ਵੇ, ਸੁਣ ਅਰਜ਼ ਇਹ ਮੇਰੀ,
ਹੋਈ ਬੁਰਜ ਸ਼ਹੀਦ ਦੇ, ਸਜਦੇ ਨੂੰ ਦੇਰੀ ॥੨॥

ਤੈਂ ਬਾਗ ਚ ਸੂਰਜ ਛਿਪੇ ਜੋ, ਕਿਸ ਅਗਨੀ ਲੇਟੇ?
ਕਿਸ ਅੰਬਰ ਦੇ ਵਿੱਚ ਕੂਕਦੇ, ਤੇਗ਼ਾਂ ਦੇ ਬੇਟੇ?
ਅੱਗ ਦੇ ਪਰਬਤ ਤੋੜਦਾ, ਜੋ ਖਾ ਪਲਸੇਟੇ,
ਉਹ ਕਿੱਥੇ ਵਾਣ ਪੰਜਾਬ ਦਾ, ਜੋ ਮੌਤਾਂ ਮੇਟੇ ॥੩॥

ਊਧਮ ਵਾਜਾਂ ਮਾਰਦਾ, ਲੱਖ ਮੌਤਾਂ ਲੜੀਆਂ,
ਮੈਂ ਬੰਨ੍ਹ ਕੇ ਗਾਨਾ ਲਹੂ ਦਾ, ਸ਼ਮਸ਼ੀਰਾਂ ਵਰੀਆਂ,
ਸੂਰਜ ਵਿੱਚੋਂ ਉੱਡਕੇ, ਉਹ ਪੌਣਾਂ ਪਰੀਆਂ,
ਕੀ ਕਹਿੰਦੀਆਂ ਮੇਰੇ ਬਾਗ਼ ਨੂੰ, ਵਡ ਰੋਹ ਵਿੱਚ ਸੜੀਆਂ;

ਸਿਖਰ ਦੁਪਹਿਰਾਂ ਉੱਠੀਆਂ, ਕਲਵਲ ਵਿਸੁ-ਭਰੀਆਂ,
ਕਪਟੀ ਸ਼ਾਹ ਕਬੇਰ ਦੇ, ਸੀਨੇ ਤੇ ਚੜ੍ਹੀਆਂ
ਪੱਥਰਾਂ ਹੇਠਾਂ ਸੌਂ ਰਹੇ, ਅਸਮਾਨ ਲੈ ਖੜੀਆਂ,
ਮੁੜ ਦੇਸ ਪੰਜਾਬ ਦੀ ਫ਼ਜਰ ਨੇ, ਤਨ ਤੇਗ਼ਾਂ ਜਰੀਆਂ-

ਮੇਲ ਵਿਛੋੜੇ ਵਾਲੀਆਂ, ਦੋ ਸੱਚੀਆਂ ਘੜੀਆਂ
ਤਰਕੇ ਸਾਗਰ ਬਾਗ਼ ਵਿਚ, ਬਸ ਅੱਖੀਆਂ ਭਰੀਆਂ-
ਧਰਤ ਸ਼ਹੀਦਾਂ ਚੁੰਮ ਕੇ, ਕਰ ਰੁੱਤਾਂ ਹਰੀਆਂ
ਆਇਆ ਘੋੜਾ ਪੀੜ ਮੈਂ, ਕਿਸ ਵਾਗਾਂ ਫੜੀਆਂ ?
ਪਹਿਰੇਦਾਰ ਪੰਜਾਬ ਦਾ, ਪੰਜ ਨਦੀਆਂ ਤਰੀਆਂ ॥੪॥

12. ਮਨ ਪ੍ਰਦੇਸੀ

(ਇਸ ਗੀਤ ਵਿੱਚ ਪੱਛਮੀ ਪੰਜਾਬ ਦਾ ਮੁਸਲਮਾਨ
ਆਪਣੇ ਦੇਸ ਨੂੰ ਵੇਖਣ ਆਏ ਪਿਆਰਿਆਂ ਅੱਗੇ
ਸੁਆਲ ਕਰਦਾ ਹੈ, ਅਤੇ ਪਿਆਰਾ ਕਿਸੇ ਵੇਦਨ
ਵਿੱਚ ਡੁੱਬੀ ਬੇਪ੍ਰਵਾਹੀ ਵਿੱਚ ਜੁਆਬ ਦਿੰਦਾ ਜਾਂਦਾ ਹੈ।)

'ਚਿਰਾਂ ਪਿੱਛੋਂ ਘਰਾਂ ਨੂੰ ਆਏ
ਕੀ ਹਾਲ ਦਰਵੇਸ਼ਾਂ ਦਾ?'
'ਸਾਨੂੰ ਲਗਨ ਅਪੁੱਠੜੀ ਲੱਗੀ
ਸ਼ੌਕ ਬੇਗਾਨੇ ਦੇਸਾਂ ਦਾ।'
'ਵਿਸਰ ਗਿਆ ਭੁਲਦੇ ਹੋ ਕਾਹਨੂੰ
ਅੱਪਣਾ ਮੁਲਕ ਹਮੇਸ਼ਾਂ ਦਾ?'
'ਕਦੇ ਵਸਦਿਆਂ ਏਥੇ ਕੀਤਾ
ਗਰਬ ਕਾਲਿਆਂ ਕੇਸਾਂ ਦਾ।'
'ਸਿਰ ਤੇ ਮਾਲ ਜਾਨ ਹੈ ਹਾਜ਼ਰ
ਕੀ ਇਤਬਾਰ ਵਰੇਸਾਂ ਦਾ?'
'ਬਖਸ਼ ਦਿਓ ਜੇ ਕੌਲ ਅਸਾਡਾ
ਅੱਥਰੂ ਦਰਦ ਕਲੇਸ਼ਾਂ ਦਾ।'
'ਹਸ਼ਰਾਂ ਤਕ ਉਮਰ ਦੇ ਪੱਤਣ
ਇਹ ਕੀ ਰੋਸ ਹਮੇਸ਼ਾਂ ਦਾ?'
'ਸ਼ਹੁ ਦਰਿਆਵਾਂ ਤੇ ਖੜ੍ਹ ਕੇ ਰੋਣਾ
ਦੋਸ਼ ਕੇਹਾ ਦਰਵੇਸ਼ਾਂ ਦਾ।'
'ਕੀ ਇਤਬਾਰ ਸਬਰ ਕਿਉਂ ਡੋਲੇ
ਪਿਆਰ ਦਿਆਂ ਦੋ ਭੇਸਾਂ ਦਾ?'
'ਜਦੋਂ ਮੁਰੀਦ ਦਿਲਾਂ ਦੇ ਹੋਏ
ਖਤ ਮਿਲਿਆ ਪ੍ਰਦੇਸਾਂ ਦਾ।'
(ਮਈ ੧੯੬੫)

13. ਸਾਂਦਲ ਬਾਰ ਦੀ ਯਾਦ ਵਿਚ

ਸਾਂਦਲ ਬਾਰ ਦੀਆਂ ਨਹਿਰਾਂ ਦੇ
ਕੰਢੜੇ ਬਹਿਣਾ, ਰੋਣਾ ਨ ਹੋ ।

ਦੁੱਖਾਂ ਦੀਆਂ ਮਿਲਖਾਂ ਦੇ ਵੱਡਿਆਂ ਰਾਠਾਂ
ਪੈਰ ਹਿਜਰ ਦੇ ਧੋਣਾ ਨ ਹੋ ।

ਹੱਸਣਾ ਆਪਣੇ ਮੋਇਆਂ ਦੇ ਸਾਹਮੇ
ਚਿੜੀਆਂ ਦਾ ਦੁੱਧ ਪਰ ਚੋਣਾ ਨ ਹੋ ।

ਦੇਸ ਬੇਗਾਨੇ ਦੀ ਮੰਨ ਸਰਦਾਰੀ
ਬਾਰ ਪਰਾਏ 'ਚ ਹੋਣਾ ਨ ਹੋ ।

ਹੀਰ ਦੇ ਦੇਸ ਮਜੂਰੀ ਤਾਂ ਕੀਤੀ
ਮਹੀਆਂ ਨੂੰ ਚਾਰ ਹਲ ਜੋਣਾ ਨ ਹੋ ।

ਧੀਆਂ ਦੇ ਹੁੰਦਿਆਂ ਹੀ ਗੀਤਾਂ ਦੀ ਰੁੱਤ ਸੀ
ਮਾਵਾਂ ਨੇ ਚੱਕੀਆਂ ਨੂੰ ਝੋਣਾ ਨ ਹੋ ।
(ਮਈ, ੧੯੬੫)

14. ਵਤਨ ਦੀਆਂ ਜੂਹਾਂ ਵਿਚ

ਸਾਂਦਲ ਬਾਰ ਦੀ ਧਰਤੀ ਦੇ ਜਾਏ,
ਆਪਣੇ ਦੇਸਾਂ ਨੂੰ ਦੇਖਣ ਆਏ ।

ਵੱਡੀਆਂ ਮਿਲਖਾਂ ਦੇ ਰਾਠ ਸੁਣੀਂਦੇ
ਅਰਜ਼ਾਂ ਨਿਮਾਣੀਆਂ ਲਿਆਏ ।

ਵਿਛੜੇ ਬਿਰਖਾਂ ਨੂੰ ਜੱਫ਼ੀਆਂ ਪਾਈਆਂ
ਤੱਕਣੇ ਨੂੰ ਪੰਛੀ ਆਏ ।

ਨਹਿਰਾਂ ਦੇ ਕੰਢੜੇ ਰੂਹ ਪ੍ਰਦੇਸੀ
ਲਹਿਰਾਂ ਦੇ ਮਨ ਤਿਰਹਾਏ ।

ਆਏ ਪੁਰੇ ਦੀਆਂ ਪੌਣਾਂ ਦੇ ਰਾਜੇ
ਨਾਗਾਂ ਨੇ ਅੱਥਰੂ ਵਹਾਏ ।

ਦਿਲਾਂ ਦਿਆਂ ਜਾਨੀਆਂ ਦੇ ਪੁੱਤਰ-ਧੀਆਂ
ਹਰਿਆਂ ਬਾਗ਼ਾਂ 'ਚ ਲਿਆਏ ।

ਲੰਮੀਆਂ ਉਮਰਾਂ ਦੇ ਯਾਰ ਪੁਰਾਣੇ
ਸਾਥੋਂ ਕੀ ਮੰਗਣ ਆਏ ?
(ਮਈ, ੧੯੬੫)

15. ਇਕ ਗੀਤ
(ਸਾਂਦਲ ਬਾਰ ਦੇ ਧਿਆਨ ਵਿਚ)

ਠੰਢੀ ਹਵਾ ਨੇ ਚੁੰਮ੍ਹਿਆ ਦਾਮਨ
ਫ਼ਜਰਾਂ 'ਚ ਵਗਦਾ ਸੁਹਾਂ ।

ਕੋਇਲ ਕੂਕਦੀ ਅੰਬਰ ਦੇ ਵਿਚ
ਨਦੀਆਂ ਰਹਿਣ ਰਵਾਂ ।

ਤਾਰਿਆਂ ਵਿਚ ਊਸ਼ਾ ਦਾ ਚੱਕਰ
ਫੜੇ ਯੁਗਾਂ ਦੀ ਬਾਂਹ ।

ਪੱਥਰਾਂ ਉੱਤੇ ਪੰਛੀ ਚੁਗਦਾ
ਪੀਂਦਾ ਨੀਰ ਸੁਹਾਂ ।

ਜਿੰਦ ਨਿਮਾਣੀ ਤੇ ਅਰਸ਼ਾਂ ਕੀਤੀ
ਭਰੀ ਕਹਿਰ ਦੀ ਛਾਂ ।

ਪੀਤਾ ਹੀਰ ਨੇ ਜ਼ਹਿਰ-ਪਿਆਲਾ
ਸਿਖਰ ਦੁਪਹਿਰਾਂ ਦੇ ਨਾਂ ।
(੧੯੬੫)

16. ਗੀਤ ਅੱਲਾ ਦੇ

ਗੀਤ ਅੱਲਾ ਦੇ ਰਿੰਮ ਝਿੰਮ ਸੁੱਤੇ
ਦੂਰ ਨਦੀ ਦੇ ਤੀਰ ।

ਮੋਨ ਖਲੋਤਾ ਸਬਰ ਦਾ ਜੋਗੀ
ਝਿੰਮ ਝਿੰਮ ਰੈਣ ਗੰਭੀਰ ।

ਕਵਨ ਦੇਸ ਬਉਰਾਣੇ ਚੱਲੀ
ਹੋਈ ਰੈਣ ਫ਼ਕੀਰ ?

ਮੇਰੇ ਅੱਥਰੂ ਕਲਵਲ ਕਲਵਲ
ਕਿਸ ਸੂਰਜ ਦੀ ਪੀੜ ?

ਫ਼ਜਰਾਂ ਦੇ ਰਾਹੀ ਸੱਥਰੀਂ ਸੁੱਤੇ
ਡੂੰਘੇ ਮਨ ਦਿਲਗੀਰ-

ਸ਼ਮਸ਼ੀਰਾਂ ਤੇ ਨੀਂਦਾਂ ਦੀ ਅੱਗ
ਬਲਦੀ ਰਹੇ ਅਖ਼ੀਰ ।
(ਜੂਨ, ੧੯੬੫)

17. ਤੱਤੀ ਤਵੀ ਤੇ

ਉਹ ਦੀਨ ਦੁਨੀ ਦੇ ਸ਼ਹਿਨਸ਼ਾਹ, ਇਕ ਅਰਜ਼ ਅਸਾਡੀ
ਹੋਏ ਜੇ ਅਰਸ਼ਾਂ ਵਾਲੜੇ, ਜ਼ਰਾ ਨਜ਼ਰ ਤੁਸਾਡੀ
ਭਰ ਅੱਥਰੂ ਤੈਂ ਵਲ ਵੇਖਦੀ, ਕੋਈ ਧਰਤ ਦੁਰਾਡੀ
ਮਾਰੀ ਉੱਡਦੀ ਕੂੰਜ ਨੇ, ਧਾਹ ਅੰਬਰ ਡਾਢੀ ॥੧॥

ਤੱਤੀ ਤਵੀ ਤੇ ਬੈਠਿਆ, ਇਹ ਅਰਜ਼ ਹੈ ਮੇਰੀ
ਰਾਵੀ ਦੇ ਵੱਲ ਵੇਖ ਕੇ, ਤੂੰ ਜਾਂਦੀ ਵੇਰੀ
ਜੋ ਅੱਥਰੂ ਅਸਾਂ ਨੂੰ ਬਖ਼ਸ਼ਿਆ, ਵਿਚ ਰਮਜ਼ ਡੂੰਘੇਰੀ
ਉਸ ਅੱਥਰੂ ਨੂੰ ਪਈ ਵਿਲਕਦੀ, ਉਹ ਧਰਤੀ ਤੇਰੀ ॥੨॥

ਤੱਤੀ ਤਵੀ ਤੇ ਗਾਂਦਿਆ, ਇਹ ਅਰਜ਼ ਹਮਾਰੀ
ਹੱਸ ਖ਼ੂਨੀ ਸ਼ਾਹ ਨੂੰ ਤੱਕਿਆ, ਜਦ ਜਾਂਦੀ ਵਾਰੀ
ਮੀਆਂ ਮੀਰ ਦੇ ਵੇਂਹਦਿਆਂ, ਹੱਥ ਬੰਨ੍ਹਦੇ ਸਾਰੀ
ਤੂੰ ਬਖ਼ਸ਼ੀ ਦੁਖੀ ਮੁਰੀਦ ਨੂੰ, ਵੱਥ ਬਹੁਤ ਪਿਆਰੀ :
ਸਬਰ ਸ਼ਹੀਦਾਂ ਡੋਬ ਕੇ, ਇਕ ਤੇਗ ਦੁਧਾਰੀ-
ਉਸ ਤੇਗ ਨੂੰ ਚੁੰਮ੍ਹਨ ਵਾਸਤੇ, ਅਸਾਂ ਅਰਜ਼ ਗੁਜ਼ਾਰੀ ॥੩॥

ਤੱਤੀ ਤਵੀ ਤੇ ਬੈਠਿਆ, ਸੁਣ ਅਰਜ਼ ਨਿਮਾਣੀ
ਦੇ ਵਾਜਾਂ ਵਗੇ ਨੇ ਰਾਵੀਉਂ, ਮੇਰੀ ਅਰਜ਼ ਦੇ ਪਾਣੀ
ਤਿਰੀ ਰਾਵੀ ਵਿੱਚੋਂ ਵਗੇ ਨੇ, ਲਖ ਸਾਗਰ ਜਾਣੀ
ਤੇਰੇ ਛਾਲੇ ਚੁੰਮ੍ਹ ਬਉਰਾਣੜੇ, ਮੇਰੇ ਦਰਦ ਦੇ ਪਾਣੀ ॥੪॥

ਤੱਕ ਮਸਕੀਨੜੇ ਅੱਥਰੂ, ਕਰ ਨਜ਼ਰ ਪਿਆਰੀ
ਜਦ ਰਮਜ਼ ਇਲਾਹੀ ਨਾਲ ਚੁੱਕ, ਇਕ ਸਾਗਰ ਭਾਰੀ
ਕੀਤਾ ਨਜ਼ਰ ਅਸਾਡੜੀ, ਤੂੰ ਜਾਂਦੀ ਵਾਰੀ
ਤਾਂ ਚੌਦਾਂ ਤਬਕਾਂ ਅੰਦਰਾਂ, ਸੱਦ ਸਿਦਕ ਨੇ ਮਾਰੀ,
ਖੈਰ ਲਈ ਅੱਡੇ ਹੱਥ ਸੀ, ਜੋ ਨਾਲ ਲਾਚਾਰੀ
ਉਹ ਬਿਜਲੀ ਬਿਜਲੀ ਹੋ ਗਏ, ਪੀ ਸਬਰ ਜੁਝਾਰੀ
ਹੱਥ ਉਹ ਚੁੰਮ੍ਹਨ ਵਾਸਤੇ, ਅਸਾਂ ਅਰਜ਼ ਗੁਜ਼ਾਰੀ ॥੫॥
(ਜੂਨ, ੧੯੬੫)

18. ਪੰਜਾਬਣ ਦਾ ਗੀਤ

ਖੁੱਲ੍ਹ ਜ਼ੁਲਫ਼ ਦੀ ਗਈ ਪਰਵਾਜ਼ ਵੇ,
ਮੈਂ ਨ ਝੱਲਣੇ ਅਰਸ਼ ਦੇ ਨਾਜ਼ ਵੇ ।

ਆਖ਼ਰ ਨਜ਼ਰ ਦਾ ਵੀ ਕੋਈ ਕਹਿਰ ਹੈ,
ਲਹਿੰਦੇ ਲਹਿ ਗਏ ਧਰਤ ਦੇ ਬਾਜ਼ ਵੇ ।

ਕੀਤੀ ਅੰਗ ਅੰਗ ਧਾੜਵੀ ਸੂਰਜਾਂ,
ਮੈਂ ਤਾਂ ਰਹਿ ਗਈ ਨਿਰੀ ਆਵਾਜ਼ ਵੇ ।

ਸਾਜ਼ ਜਿਸਮ ਦਾ ਜਾਣਿਆਂ ਮੋਨ ਹੈਸੀ,
ਖੁੱਲ੍ਹੇ ਅਜ਼ਬ ਘਮਸਾਨ ਦੇ ਰਾਜ਼ ਵੇ ।

ਭਰੇ ਸ਼ੋਰ ਵਿਚ ਚੁੱਪ-ਗੰਭੀਰ ਸੁੱਤੀ,
ਤੋੜ ਘੱਤਿਆ ਜ਼ਾਲਿਮਾਂ ਸਾਜ਼ ਵੇ ।

ਖੁੱਲ੍ਹ ਜ਼ੁਲਫ਼ ਦੀ ਗਈ ਪਰਵਾਜ਼ ਵੇ,
ਮੈਂ ਨ ਝੱਲਣੇ ਅਰਸ਼ ਦੇ ਨਾਜ਼ ਵੇ ।
(ਨਵੰਬਰ, ੧੯੬੫)

19. ਦਰਿਆਵਾਂ ਦੇ ਹਾਲ
(ਸ਼ਰੀਫ਼ ਕੁੰਜਾਹੀ ਦੇ ਧਿਆਨ ਵਿਚ)

ਸ਼ਹੁ ਦਰਿਆਵਾਂ ਦੇ ਮੰਦੜੇ ਹਾਲ ਵੋ,
ਦੁੱਖ ਦੱਸੀਏ ਕਹਿਰਾਂ ਦੇ ਯਾਰ ਵੋ ।

ਤੈਂਡੀਆਂ ਛਾਵਾਂ ਨੇ ਰਾਹ ਨਾ ਦਿੱਤੇ,
ਮੈਂਡੇ ਸਿਖਰ ਦੁਪਹਿਰਾਂ ਦੇ ਯਾਰ ਵੋ ।

ਸਾਨੂੰ ਕਿਉਂ ਹਸ਼ਰਾਂ ਦੇ ਲੜ ਲਾਇਆ,
ਘੜੀਆਂ-ਪਹਿਰਾਂ ਦੇ ਯਾਰ ਵੋ ।

ਪੱਤਣਾਂ ਤੇ ਖੜੇ ਨੇ ਧਾੜਵੀ
ਡੂੰਘੀਆਂ ਲਹਿਰਾਂ ਦੇ ਯਾਰ ਵੋ ।

ਤੈਨੂੰ ਦੇਸਾਂ ਦਾ ਰਾਹ ਨਾ ਥਿਆਵੇ
ਮੈਂਡੇ ਕੌਲਾਂ ਦੇ ਸ਼ਾਹ ਸਵਾਰ ਵੋ ।

ਬੀਬਾ ਵਣ ਤੇ ਮੱਝੀਆਂ ਚਾਰ ਵੋ ।
ਵਾਜ ਮਾਰੇ ਬੇਲੇ ਦੀ ਨਾਰ ਵੋ ।

ਪੁੱਲਾਂ ਤੇ ਪੱਤਣਾਂ ਦੀ ਬਾਤ ਨਾ ਪੁੱਛਣੀ
ਲੰਮੀਆਂ ਨਹਿਰਾਂ ਦੇ ਯਾਰ ਵੋ ।
(ਮਈ, ੧੯੬੫)

20. ਬੁੱਲ੍ਹੇ ਸ਼ਾਹ ਨੂੰ

"ਦਰ ਖੁੱਲ੍ਹਾ ਹਸ਼ਰ ਅਜ਼ਾਬ ਦਾ ਵੇ ਅੜਿਆ,
ਬੁਰਾ ਹਾਲ ਹੋਇਆ ਪੰਜਾਬ ਦਾ ਵੇ ਅੜਿਆ ।"

ਸਦਾ ਤੋਂ ਵਗਦਾ ਲਹਿਰਾਂ ਦਾ ਕਾਫ਼ਲਾ ਲੁੱਟਿਆ
ਖੇਡਾਂ ਖੇਡਦੇ ਤੇਰੇ ਚਨਾਬ ਦਾ ਵੇ ਅੜਿਆ ।

ਲਹੂ ਦੇ ਪਰਦੇ ਹੇਠਾਂ ਸਿਸਕਦਾ ਕਦੋਂ ਦਾ
ਹਾਇ ! ਜਲਵਾ ਉਸ ਬੇ-ਨਕਾਬ ਦਾ ਵੇ ਅੜਿਆ ।

ਤੇਰੀ ਧਮਾਲ ਨੂੰ ਇਸ਼ਕ ਸਜਦਾ ਨਾ ਕੀਤਾ
ਜ਼ਰਾ ਹਾਲ ਤਕ ਅਦਬ-ਅਦਾਬ ਦਾ ਵੇ ਅੜਿਆ ।

ਤੇਰਾ ਨੂਰ ਜੋ ਸਾਨੂੰ ਬੇਹੋਸ਼ੀਏਂ ਮਾਰਦਾ
ਉਹ ਕਟਕ ਕਿੱਥੇ ਬੇ-ਹਿਸਾਬ ਦਾ ਵੇ ਅੜਿਆ ।

ਕੁਫ਼ਰ ਨੇ ਜਲਵਾ ਇਲਾਹੀ ਤੋੜਿਆ ਸਾਰਾ,
ਕੌਣ ਕਾਤਿਬ ਹੁਸਨ ਦੇ ਬਾਬ ਦਾ ਵੇ ਅੜਿਆ ?

ਸਿਰ ਤੇ ਖੜਾ ਮੁਰਸ਼ਦ ਅਮਲ ਦੀ ਦਾਸਤਾਂ ਪੁੱਛੇ
ਬਹੁੜੀ ਕਰ ਕੁਝ ਸਾਡੇ ਜਵਾਬ ਦਾ ਵੇ ਅੜਿਆ ।

ਸਾਡੇ ਹੀ ਅਮਲ ਥਲ ਬਣ ਸਾੜਿਆ ਸਾਨੂੰ
ਤਬੀਬ ਨਾ ਬਹੁੜਿਆ ਸਾਡੇ ਖ਼ਾਬ ਦਾ ਵੇ ਅੜਿਆ ।

ਆ ਵੀ ਪਾਉਂਦਾ ਧਮਾਲ ਤੂੰ ਸੱਖਣੇ ਆਂਗਣੇ
ਕੀ ਇਤਬਾਰ ਉਮਰ ਦੀ ਆਬ ਦਾ ਵੇ ਅੜਿਆ ।
(ਜੂਨ, ੧੯੬੫)

21. ਸਿਰਲੱਥ ਸਿਪਾਹੀ ਨੂੰ

ਜੀਵੇਂ ਸ਼ਹਿਰ ਅਨਾਇਤ ਦਾ ਮਾਰ ਨਾਂਹ,
ਕਿਤੇ ਮਿਲੇਗਾ ਜਿਗਰ ਦਾ ਯਾਰ ਨਾਂਹ ।

ਬੁੱਲ੍ਹੇ ਸ਼ਾਹ ਦੀ ਬਦ-ਦੁਆ ਭੈੜੀ,
ਸਿਰ ਸਿਖਰ ਅਸਮਾਨ ਦਾ ਪਾੜ ਨਾਂਹ ।

ਰਣ-ਸੀਸ ਸ਼ਹੀਦਾਂ ਦਾ ਖ਼ੂਨ ਲਾਵੀਂ,
ਤੂੰ ਇਹ ਰਣ ਦਾ ਸ਼ਾਹ-ਸਵਾਰ ਨਾਂਹ ।

ਗਾਜ਼ੀ ਆਂਵਦੇ ਰਣਾਂ ਵਿਚ ਗਾਂਵਦੇ,
ਰੱਬੀ ਰਹਿਮ ਦਾ ਗੀਤ ਵੰਗਾਰ ਨਾਂਹ ।

ਆਖੇ ਦੂਤੀਆਂ ਲੱਗ ਨ ਯਾਰ ਵੇ,
ਲੰਮੇ ਦੇਸ ਵਿਚ ਜਿੰਦੜੀ ਵਾਰ ਨਾਂਹ ।

ਗ਼ਜ਼ਬ ਲੱਖ ਦਰਿਆਵਾਂ ਦਾ ਤੋੜਦਾ ਤੂੰ,
ਦਿਲ ਦੇ ਗ਼ਜ਼ਬ ਨੂੰ ਕਰੀਂ ਤੂੰ ਪਾਰ ਨਾਂਹ ।

ਏਸ ਖ਼ਾਕ ਵਿਚ ਖ਼ੂਨ ਦੇ ਕੋਟ ਤੇਰੇ,
ਦੂਤੀ ਜਾਣਦੇ ਸਿਦਕ ਦੀ ਵਾਰ ਨਾਂਹ ।

22. ਮੁਜਾਹਿਦ ਨੂੰ

ਤਪੇ ਕਹਿਰ ਫ਼ਕੀਰਾਂ ਦੀ ਅੱਖ ਵੇ ।
ਜੀਵੇਂ ਲਾਜ ਲਾਹੌਰ ਦੀ ਰੱਖ ਵੇ ।

ਨਹੀਂ ਮੁਲਕ ਤਕਦੀਰ ਦੇ ਸ਼ਾਨ ਐਸੀ
ਸ਼ਹਿਰ ਵਸਣ ਦਰਿਆਵਾਂ ਤੇ ਲੱਖ ਵੇ ।

ਸ਼ਾਲਾ ਰਹੇ ਇਨਾਇਤ ਦਾ ਦਰ ਖੁੱਲ੍ਹਾ
ਬਿਜਲੀ ਚੁੰਮ੍ਹਕੇ ਚਮਕਿਆ ਕੱਖ ਵੇ ।

ਐਵੇਂ ਕਰੀਂ ਨ ਜ਼ੋਰ ਧਿਗਾਣੜਾ
ਤੈਂਡੀ ਮਿਹਰ ਤੋਂ ਅਸੀਂ ਨ ਵੱਖ ਵੇ ।

ਜੀਵੇਂ ਰੱਤ ਦੇ ਮੋਹ ਦੀ ਕਾਂਗ ਡੱਕੀਂ
ਤੀਰ ਨਿਕਲਿਆ ਜ਼ਿਮੀਂ ਨੂੰ ਚੱਖ ਵੇ ।

ਕੌਣ ਤੜਪਿਆ ਲਹੂ ਵਿਚ ਧਾਹ ਮਾਰਣ
ਕਬਰਾਂ ਉੱਠ ਕੇ ਜ਼ਿਮੀਂ ਤੋਂ ਲੱਖ ਵੇ ।

ਤਪੇ ਕਹਿਰ ਫ਼ਕੀਰਾਂ ਦੀ ਅੱਖ ਵੇ ।
ਜੀਵੇਂ ਲਾਜ ਲਾਹੌਰ ਦੀ ਰੱਖ ਵੇ ।

23. ਵਾਰਿਸ ਸ਼ਾਹ ਨੂੰ

ਖ਼ੂਨੀ ਬੇ-ਦਰੇਗ ਅਸਮਾਨ ਵਿਚ
ਤੇਰੇ ਜਿਹੀ ਆਵਾਜ਼ ਕਿਉਂ ਫੇਰ ਨਾਂਹ ?

ਹੁਸਨ ਦੇ ਗ਼ਜ਼ਬ ਦਾ ਦੀਦ ਹੈ ਕਿੱਥੇ ?
ਤੀਰਾਂ 'ਚ ਬਾਜ਼, ਤੇਗਾਂ 'ਚ ਸ਼ੇਰ ਨਾਂਹ ।

ਹੁੰਦਿਆਂ ਸੂਰਜਾਂ ਸ਼ਬਨਮ ਦੀ ਅੱਖ ਵਿਚ,
ਕਿਉਂ ਇਕ ਵੀ ਕਤਰਾ ਸਵੇਰ ਨਾਂਹ ?

ਪ੍ਰਛਾਵੇਂ ਝਨਾਂ ਦੇ ਸਮੇਂ ਤੋਂ ਸਿੱਕਦੇ,
ਹੀਰ ਨੇ ਆਵਣਾ ਦੂਸਰੀ ਵੇਰ ਨਾਂਹ ।

ਕਦੇ ਤਾਂ ਆਵੇ ਦੁਪਹਿਰ ਦਾ ਲਸ਼ਕਰ,
ਜ਼ਹਿਰ ਦਾ ਪਿਆਲਾ ਪੀਣ ਵਿਚ ਦੇਰ ਨਾਂਹ ।

24. ਝਨਾਂ ਦੀ ਨਾਰ ਨੂੰ

ਸੁਣ ਨੀ ਨਾਰ ਕੁਆਰੀਏ, ਇਕ ਗੱਲ ਸੁਣਾਵਾਂ
ਤੇਰੇ ਬੁੱਤ ਨੂੰ ਦੇਖਿਆ, ਮੈਂ ਵਿਚ ਹਵਾਵਾਂ
ਕਰ ਕਰ ਗਏ ਤੈਂ ਸਿਰਾਂ ਤੇ, ਸੈ ਬੇਲੇ ਛਾਵਾਂ
ਪੌਣਾਂ ਵਾਂਗੂੰ ਮੇਲ੍ਹਦੀ, ਤੂੰ ਕੋਲ ਝਨਾਵਾਂ ॥੧॥

ਤੇਰਾ ਕਹਿਰ ਦਾ ਬੁੱਤ ਕੀ, ਬਸ ਖੁੱਲ੍ਹੀਆਂ ਵਾਗਾਂ
ਕਾਲਾ ਸ਼ਾਹ ਵਣ ਝੁੱਲਦਾ, ਜਿਉਂ ਸ਼ੂਕਰ ਨਾਗਾਂ
ਤਖ਼ਤ ਹਜ਼ਾਰੇ ਰਾਂਝਣੇ, ਜਾਂ ਆਈਆਂ ਜਾਗਾਂ
ਤੇਰੀ ਰੱਤ ਥਲ ਖੁੱਲ੍ਹੀਆਂ, ਦਰਿਆ ਦੀਆਂ ਵਾਗਾਂ
ਮਾਰੀ ਰੋਹ ਘਮਸਾਨ ਵਿਚ, ਜਲ ਜਲ ਕੇ ਨਾਗਾਂ
ਖੰਜਰ ਸਿਖਰ-ਦੁਪਹਿਰ ਦੀ, ਥਲ ਥਲ ਕੇ ਰਾਗਾਂ ॥੨॥

ਸੁਣ ਨੀ ਨਾਰ ਕੁਆਰੀਏ, ਕੀ ਆਜਜ਼-ਜੋਰੀ ?
ਆ ਜਾ ਬੇਲੇ ਝੰਗ ਦੇ, ਤੂੰ ਖੇਡਣ ਹੋਰੀ
ਤੇਰਾ ਵਗਦਾ ਰਹੇ ਝਨਾਂ ਨੀ, ਸੈ ਹਸ਼ਰਾਂ ਤੋੜੀ
ਤੇਰੇ ਰਾਂਝਣ ਸ਼ਾਹ-ਸਵਾਰ ਦੀ, ਕਿਸੇ ਵਾਗ ਨਾਂਹ ਮੋੜੀ ॥੩॥

ਸਾਥੋਂ ਤਾਰਿਆਂ ਨੇ ਮੂੰਹ ਮੋੜਿਆ, ਰੋ ਅਉਧ ਵਿਹਾਣੀ
ਨੈਣਾਂ ਵਾਲੀਏ ਬਖ਼ਸ਼ ਦੇ, ਫ਼ਜਰਾਂ ਦੇ ਪਾਣੀ,
ਅਸੀਂ ਮਾਰੇ ਅੱਧੀ ਰਾਤ ਨੂੰ, ਉਮਰਾਂ ਦੇ ਹਾਣੀ
ਦੇ ਜਾ ਰਹਿਮ ਦੀ ਕਣੀ ਨੀ, ਦਰਵੇਸ਼ਾਂ ਤਾਣੀ;
ਹਾਰੇ ਪੁੱਤਰ ਸਿਦਕ ਦੇ, ਅਸੀਂ ਪਾਪ-ਕਹਾਣੀ
ਤੂੰ ਘੁੰਡ ਨੂੰ ਚੁੱਕ ਕੇ ਵਾਰਦੇ, ਰਿਸ਼ਮਾਂ ਦੇ ਪਾਣੀ ॥੪॥
(੧੯੬੫)

25. ਸ਼ਾਹ ਮੁਹੰਮਦ ਨੂੰ ਯਾਦ ਕਰ ਕੇ

ਫੇਰ ਨ ਸ਼ਾਹ ਮੁਹੰਮਦ ਨੇ ਆਵਣਾ,
ਗੀਤ ਨ ਸ਼ਹੁ ਦਰਿਆਵਾਂ ਦਾ ਗਾਵਣ ।

ਮੌਤ ਦੇ ਚੜ੍ਹੇ ਦਰਿਆ ਨੂੰ ਫੇਰ ਨਾ,
ਰਹਿਮ ਦੀ ਵਾਗ ਪਾ ਕਿਸੇ ਅਟਕਾਵਣਾ ।

ਕਦੇ ਵੀ ਲੰਮੇ ਪੰਧ ਤੇ ਗਾਉਂਦਿਆਂ
ਫੇਰ ਨ ਗ਼ਾਜ਼ੀ ਰਣਾਂ ਵੱਲ ਜਾਵਣਾ ।

ਫੇਰ ਨ ਤੇਗਾਂ ਦੇ ਖ਼ੂਨੀ ਪੁਲਾਂ ਤੋਂ
ਲੰਘਦਿਆਂ ਦੇਸ ਪੰਜਾਬ ਨੇ ਗਾਵਣਾ ।

ਹੌਲ ਸੀਨੇ ਸਾਰਾ ਅਸਮਾਨ ਮੱਚਦਾ
ਫੇਰ ਨ ਥਲਾਂ ਦੇ ਰਾਹੀ ਨੂੰ ਥਿਆਵਣਾ ।

ਜਸ਼ਨੇ-ਫ਼ਨਾ ਦੀ ਨਜ਼ਰ ਵਿਚ ਨਜ਼ਰ ਪਾ
ਕਿਸੇ ਨ ਕਾਲੜੇ ਕੇਸ ਸੁਕਾਵਣਾ ।

ਲਹੂ ਦੇ ਕਤਰੇ 'ਚ ਰਾਜ਼ ਲੈ ਕੋਈ
ਕਰੇਗੀ ਨਜ਼ਰ ਨ ਅਰਸ਼ ਦਾ ਸਾਹਮਣਾ ।

ਚੜ੍ਹੀ ਹੋਈ ਸਿਖਰ ਦੇ ਸੂਰਜ ਦੀ ਅੱਖ ਨੂੰ
ਤੇਰੀ ਅਜ਼ਾਨ ਉਹ ਵਖ਼ਤ ਨ ਪਾਵਣਾ ।

ਤੇਗ਼ ਦੇ ਚੀਖਦੇ ਜ਼ਖ਼ਮ ਤੋਂ ਲੰਘਕੇ
ਪਵੇਗਾ ਦੇਸ ਪੰਜਾਬ ਨੂੰ ਜਾਵਣਾ ।
(੧੯੬੫)

26. ਫ਼ਨਾ ਦੇ ਮੁਕਾਮ 'ਤੇ

ਨੌਬਤ ਵੱਜੀ ਜਦੋਂ ਤੋਂ, ਦਿਲ ਧੜਕੇ ਮੇਰਾ।
ਤੱਕਿਆ ਰਾਹ ਨਾਬੂਦ ਤੇ, ਪਰਛਾਵਾਂ ਤੇਰਾ।

ਨਿੰਮੋਝੂਣ ਹੋ ਬੈਠੀਆਂ
ਸਿਰ ਸੁੱਟ ਰਕਾਨਾਂ,
ਕਾਲੇ ਜਲ ਚੋਂ ਉੱਠ ਕੇ
ਕੁਰਲਾਉਂਦੀਆਂ ਜਾਨਾਂ,
ਅੱਧੀ ਰਾਤ ਨੂੰ ਕੂਕੀਆਂ
ਚਹੁੰ ਕੁੰਟ ਜੀਰਾਣਾਂ;
ਸੰਸਾ ਫੜਿਆ ਜਿੰਦ ਨੇ, ਨਾ ਸਾਬਤ ਜੇਰਾ।
ਨੌਬਤ ਵੱਜੀ ਜਦੋਂ ਤੋਂ, ਦਿਲ ਧੜਕੇ ਮੇਰਾ।

ਪੀਲੇ ਪੱਤਰ ਨਾਲ ਨ
ਮੇਰੀ ਖੇਡ ਵਿਹਾਣੀ,
ਥਲ-ਉਦਿਆਨ ''ਚ ਕਿਤੇ ਤਾਂ
ਮੇਰੀ ਅਰਜ਼ ਦੇ ਪਾਣੀ ।
ਬਾਜ਼ ਨ ਨਜ਼ਰੀਂ ਆਂਵਦਾ
ਨ ਕੂਕ ਪੁਰਾਣੀ,
ਸੁੰਨ-ਦਰਿਆ ਵਿਚ ਕਦੋਂ ਦਾ, ਢਹਿ ਪਿਆ ਬਨੇਰਾ,
ਨੌਬਤ ਵੱਜੀ ਜਦੋਂ ਤੋਂ, ਦਿਲ ਧੜਕੇ ਮੇਰਾ ।

ਪੁਰਸਲਾਤ ਤੋਂ ਦਿਸੇ ਪਈ
ਹਾਂ, ਮਜਲਸ ਕੋਈ,
ਹਿੱਕ ਮੇਲੇ ਦੀ ਯਾਦ ਵੀ
ਭਰ ਅੱਖੀਏਂ ਚੋਈ,
ਅੰਬਾਂ ਦੀ ਛਾਂ ਹੇਠ ਸੀ
ਕਦੇ ਜਿੰਦੜੀ ਰੋਈ,
ਵਹਿ ਗਿਆ ਲਹੂ ਦੇ ਪਾਣੀਏ, ਦਰਵੇਸ਼ ਦਾ ਡੇਰਾ,
ਨੌਬਤ ਵੱਜੀ ਜਦੋਂ ਤੋਂ, ਦਿਲ ਧੜਕੇ ਮੇਰਾ।

ਵੱਡੇ ਤੜਕੇ ਰੋਂਦੀਆਂ ਭਰ ਨੀਰ ਰਕਾਨਾਂ,
"ਬਾਗ਼ਾਂ ਵਿੱਚ ਖੇਡ ਕੇ
ਤੁਰ ਜਾਏਂ ਜੁਆਨਾਂ"
ਟਿੱਲੇ 'ਤੇ ਬਹਿ ਦੇਂਵਦੇ,
ਮੇਰੇ ਯਾਰ ਅਜ਼ਾਨਾਂ
ਮਾਣ ਕਰਾਂ ਕੀ ਯਾਰ 'ਤੇ, ਮੁੜ ਪਾਏ ਨਾ ਫੇਰਾ,
ਨੌਬਤ ਵੱਜੀ ਜਦੋਂ ਤੋਂ, ਦਿਲ ਧੜਕੇ ਮੇਰਾ।

ਪਾਇਆ ਰੇਤ ਦੇ ਬੁੱਤ ਨੂੰ
ਚਹੁੰ ਕੁੰਟਾਂ ਘੇਰਾ,
ਮੰਗਦਾ ਪਿਆ ਹਿਸਾਬ ਹੈ
ਇਕ ਸਜਦਾ ਮੇਰਾ,
ਭਰੇ ਹੋਏ ਦਰਿਆ ਜਿਉਂ
ਦਿਲ ਸਿੱਕਦਾ ਤੇਰਾ,
ਸੁਣਦਾ ਪਿਆ ਫ਼ਕੀਰ ਨੂੰ, ਕੋਈ ਸੁਖਨ ਉਚੇਰਾ-
ਨੌਬਤ ਵੱਜੀ ਜਦੋਂ ਤੋਂ, ਦਿਲ ਧੜਕੇ ਮੇਰਾ।
ਤੱਕਿਆ ਰਾਹ ਨਾਬੂਦ ਤੇ, ਪਰਛਾਵਾਂ ਤੇਰਾ।

27. ਖ਼ੂਨੀਂ ਸਾਕਿਆਂ ਪਿੱਛੋਂ

ਖੂਨ ਲਿਬੜੀ ਪਰਕਰਮਾ ’ਤੇ
ਕਹਿਰ ਰਾਤ ਦਾ ਛਾਇਆ।
ਤਖਤ ਅਕਾਲ ਦੇ ਖੰਡਰ ਉੱਤੇ,
ਕੋਈ ਬਾਜ਼ ਕੁਰਲਾਇਆ।
ਜੋ ਤਾਰੇ ਸਮਿਆਂ ਤੋਂ ਅੱਗੇ
ਵਿੱਚ ਅਰਦਾਸ ਖਲੋਏ;
ਭੇਦ-ਭਰੀ ਕਲਗੀ ’ਤੇ ਪੈਂਦਾ,
ਨਜ਼ਰ ਮੇਰੀ ਦਾ ਸਾਇਆ।

ਮੇਰਾ ਜ਼ਖਮ ਅਜਨਬੀ ’ਕੱਲਾ,
ਬਿਨ ਚਾਨਣ ਬਿਨ ਆਸਾਂ।
ਰੋ ਤਾਰੇ ਅਰਦਾਸ ਕਰੇਂਦੇ,
ਝਿਮ-ਝਿਮ ਪਾਰ ਆਗਾਸਾਂ।
ਫੜ ਕੇ ਬਾਂਹ ਸਮੇਂ ਦੀ ਰਾਜੇ
ਜਿਚਰਕ ਪਾਪ ਕਰੇਂਦੇ
ਖਾਬ ਬੇਅੰਤ ਕਹਿਰ ਦੀਆਂ ਅਣੀਆਂ
ਚੁੰਮ੍ਹ ਕਰੇ ਅਰਦਾਸਾਂ।

ਬੇ-ਪੀਰ ਕੌਮਾਂ ਨੂੰ ਆਖੇ,
ਵਗਦੀ-ਵਗਦੀ ਰਾਵੀ।
“ਬਾਂਝ ਪਲੀਤ ਨਜ਼ਰ ਦੇ ਹੁੰਦਿਆਂ,
ਧਰਤ ਰਹੇਗੀ ਸਾਵੀ।
ਬੁੱਤ-ਹਜੂਮ ਭਸਮ ਹੋ ਜਾਸਣ;
ਨਾਲੇ ਹੱਥ ਫਰੇਬੀ”
ਦੂਰ ਬੇਅੰਤ ਮੌਤ ਦੇ ਰਾਹ ’ਤੇ,
ਥੰਮ੍ਹ ਖੜ੍ਹਾ ਕੋਈ ਭਾਵੀ।

ਕਿਸ ਦੇ ਵੈਣ ਸੁਣਾਂ ਮੈਂ ਦੂਰੋਂ,
ਕੌਣ ਮੇਰੇ ਵਲ ਆਵੇ।
ਪਥਰੀਲੇ ਨ੍ਹੇਰਾਂ ਨੂੰ ਲੰਘਦਾ,
ਘੋੜ ਮੇਰਾ ਘਬਰਾਵੇ।
ਜਦ ਮੈਂ ਅਣਦਿੱਸ ਛੋਹ ਕਿਸੇ ਵੱਲ
ਰਹਿਮ ਦਾ ਹੱਥ ਉਠਾਵਾਂ;
ਲੱਗ ਫਰੇਬੀ ਜੀਭ ਕਿਸੇ ਨੂੰ,
ਹੱਥ ਮੇਰਾ ਸੜ ਜਾਵੇ।

ਇਸ ਪਾਸੇ ਮਾਹੀ ਦਾ ਆਉਣਾ,
ਫੇਰ ਮਿਲਣ ਦੀ ਵਾਰੀ।
ਸਦੀਆਂ ਪਿੱਛੋਂ ਰੁਲ ਨਾ ਜਾਵੇ,
ਫ਼ਰਿਆਦਾਂ ਦੀ ਖਾਰੀ।
ਦਿੱਲੀ ਦੇ ਦਰਵਾਜ਼ੇ ਉੱਤੇ
ਸੁਣਨ ਲਈ ਕੋਈ ਹੂੰਗਰ;
ਆਵੇ ਬਾਜ਼ ਫੇਰ ਉੱਡ ਜਾਵੇ,
ਵਕਤ ਦੀ ਚੁੱਕ ਕਟਾਰੀ।

ਪਹਿਣ ਲਿਬਾਸ ਸਮੇਂ ਦੇ ਪੌਣੇ,
ਅੱਧੀ ਰਾਤ ਨੂੰ ਵੱਗੇਂ।
ਕਬਰਾਂ ਥਲਾਂ ਵਿੱਚ ਸ਼ਮਸ਼ਾਨਾਂ,
ਲੁਕ-ਲੁਕ ਮਾਹੀ ਸੱਦੇਂ।
ਇਕ ਦਿਨ ਦਿੱਲੀ ਦੇ ਦਰਵਾਜ਼ੇ
ਢਾਹ ਦੇਸਣ ਫ਼ਰਿਆਦ;
ਕਿਸ ਅਸਮਾਨ ਤੋਂ ਡਰਦੀ ਪੌਣੇਂ
ਰੋ ਧਰਤੀ ਗਲ ਲੱਗੇਂ।

ਬੇਮੁਹਾਰ ਜਜ਼ਬੇ ਦੀਆਂ ਕਿੱਧਰੋਂ,
ਡਿੱਗ ਰਹੀਆਂ ਆਬਸ਼ਾਰਾਂ।
ਕਿਹੜੀ ਕੁੰਟ ਚੋਂ ਸਮਝ ਨਾਂ ਪੈਂਦੀ,
ਹੁਕਮ ਦੇਣਾ ਸਰਕਾਰਾਂ।
ਮੇਰੇ ਲਿਬਾਸ ਤੇ ਬਿਨ-ਦੱਸਿਆਂ ਹੀ
ਕਿਤੋਂ ਪੈਂਦੀਆਂ ਚਮਕਾਂ।
ਕਿਹੜੇ ਰੱਬ ਦੀ ਬੁੱਕਲ ਦੇ ਵਿੱਚ,
ਧਰਤੀ ਦੀਆਂ ਪੁਕਾਰਾਂ?

ਕੋਟ ਨਭਾਂ ਦੇ ਖੰਡਰ ਘੁੱਟੇ,
ਜਮਾਂ ਜਹੇ ਕਾਲੇ ਪੈਂਡੇ।
ਨੈਂਣ ਵਟਾਊ ਖੜੇ ਨਿਕਰਮੇ,
ਬਿੰਗ ਪਥਰਾਂ ਦੇ ਸਹਿੰਦੇ।
ਸਮੇਂ ਦੀ ਹੂੰਗਰ ਚੀਰ ਨਾ ਹੋਵੇ,
ਬੇਬਸ ਗਰਕ ਨਾਂ ਸਕਾਂ;
ਤਦੋਂ ਤੇਰੀ ਕਲਗੀ ਦੇ ਸੁਪਨੇ,
ਵੱਲ ਸ਼ਹੀਦਾਂ ਵੈਂਦੇ।

ਹੁਣ ਕਿਉਂ ਸਿਦਕ ਮੇਰਾ ਅਜ਼ਮਾਵੇਂ,
ਨੀਲੇ ਦੇ ਅਸਵਾਰਾ?
ਮੈਂ ਅਰਦਾਸ ਕਰਾਂ ਕਿਸ ਥਾਂ ’ਤੇ,
ਬਲੇ ਪਿਆ ਜੱਗ ਸਾਰਾ!
ਵਾਟ ਮੇਰੀ ਸਦੀਆਂ ਦੀ ਹੋਈ
ਤਖਤ ਅਕਾਲ ’ਤੇ ਖੰਡਰ
ਝੁਲਸੇ ਟੁੱਟੇ ਚਰਖ ਸਿਰੇ ’ਤੇ
ਚਾੜ੍ਹ ਨਵਾਂ ਕੋਈ ਤਾਰਾ।

ਲੰਮੀ ਰਾਤ! ਬਲਦੀਆਂ ਪਈਆਂ,
ਤਾਰਿਆਂ ਤੀਕ ਜ਼ਮੀਰਾਂ।
ਰਾਹ ਵਿੱਚ ਰੋਹ ਬਲੀ ਦੇ ਪਰਬਤ,
ਕਿੰਞ ਰੋਕਣ ਤਕਦੀਰਾਂ।
ਸੱਚ ਦੀਆਂ ਸਫਾਂ ਦੇ ਉੱਤੇ
ਗੁਰੂ ਵਲੀ ਆ ਬੈਠੇ;
ਧਰਤੀ ਦਸ ਸਕੇ ਨ, ਕਿੱਥੇ
ਰੋਣ ਮੁਸਾਫ਼ਰ ਹੀਰਾਂ।

ਰੋਹੀਆਂ ਦੇ ਵਿੱਚ ਲਸ਼ਕਰ ਮੋਏ,
ਹਵਾ ਪਈ ਕੁਰਲਾਵੇ।
ਧੂੜ ਕੋਂਪਲਾ ਦੇ ਕੰਨਾਂ ਤੱਕ,
ਛੁਪੇ ਫਰੇਬ ਲਿਆਵੇ।
ਨੀਂਦਾਂ ਸਣੇ ਮਾਸੂਮ ਖਪਾਏ,
ਕੋਟ ਸਾਜ਼ਿਸ਼ਾਂ ਹੋਈਆਂ;
ਦਗੇਬਾਜ਼ ਸਮਿਆਂ ਦੇ ਸਾਹਵੇਂ,
ਬੋਲ ਸ਼ਹੀਦ ਪੁਗਾਵੇ।

ਰਲ ਵਿੱਚ ਦੂਰ ਦੀਆਂ ਪਰਵਾਜ਼ਾਂ,
ਅੱਥਰੂ ਘੁੰਮਣ ਖਾਰੇ।
ਅਣਸੋਚੇ ਨੁਕਤੇ ਜੋ ਰੂਹ ਵਿਚ,
ਝੁੱਕ-ਝੁੱਕ ਵੇਖਣ ਤਾਰੇ।
ਭੋਲੇ ਭਾਅ ਮੈਂ ਬ੍ਰਿਛ ਲਗਾਵਾਂ,
ਦੇਣ ਅਸੀਸ ਪੈਗ਼ੰਬਰ;
ਕਿਸੇ ਸ਼ਹੀਦ ਦੀਆਂ ਅਰਦਾਸਾਂ,
ਚੌਦਾਂ ਤਬਕ ਖਲ੍ਹਾਰੇ।

ਬੀਆਬਾਨ ਵਿੱਚ ਬਾਜ਼ ਗੁਆਚੇ,
ਘੋਰ ਇਕੱਲਾਂ ਛਾਈਆਂ।
ਕਿਉਂ ਤੂੰ ਸਿਦਕ ਮੇਰਾ ਅਜ਼ਮਾਵੇਂ।
ਉਮਰਾਂ ਅਜੇ ਨਾ ਆਈਆਂ।
ਦੀਵਾ ਬਾਲ ਸਕਾਂ ਨ ਰਾਤੀਂ
ਉਜੜੇ ਤ੍ਰਿੰਞਣ ਰੁਲਦੇ;
ਘੋੜ ਤੇਰੇ ਦੀ ਟਾਪ ਸੁਣੀਂਦੀ,
ਤਾਰਿਆਂ ਸ਼ਰਤਾਂ ਲਾਈਆਂ।

ਨਾ-ਸ਼ੁਕਰੇ ਬੁੱਤ-ਪੂਜ ਨਗਰ ਵਿਚ,
ਹਾਕ ਸੁਣੀ ਇੱਕ ਮੈਨੂੰ;
ਖਾਕ ਵਿਸ਼ੈਲੀ ਖੋਰ ਦੇਵੇਗੀ
ਬੀਆਬਾਨ ਵਿੱਚ ਤੈਨੂੰ।
ਨਾਗਾਂ ਵਾਂਗ ਸਾਜਿਸ਼ਾਂ ਘੁੰਮਣ,
ਹੋਇ ਹੈਰਾਨ ਮੈਂ ਸੋਚਾਂ;
ਜੇ ਨਾਂ ਤੇਰੇ ਮੁਰੀਦ,
ਬਾਜ਼ ਦੀ ਨਜ਼ਰ ਦੇਖਦੀ ਕੈਨੂੰ?

ਬੇਪੱਤ ਹੋਈਆਂ ਕੌਮਾਂ ਦੇ ਘਰ,
ਦੂਰ ਫਰੇਬੀ ਧਰ ’ਤੇ।
ਬਦਨਸੀਬ ਪੈਰਾਂ ਦੇ ਹੇਠਾਂ,
ਖਾਕ ਵਿਸ਼ੈਲੀ ਗਰਕੇ।
ਮੂੰਹ-ਜ਼ੋਰ ਸਮਾਂ ਨਾਂ ਕੌਮੇ!
ਨਿਗਲ ਸਕੇਗਾ ਤੈਨੂੰ;
ਆਪਣੀ ਪੱਤ ਪਛਾਣ ਲਵੇਂ ਜੇ,
ਲੜ ਮਾਹੀ ਦਾ ਫੜ ਕੇ।

28. ਤਿੰਨ ਦੁਆਵਾਂ
ਸਾਈਂ ਮੀਆਂ ਮੀਰ ਦੀ ਦੁਆ

ਉਜੜੇ ਪਾਕ ਸਰੋਵਰ ਉੱਤੇ
ਅੱਥਰੂ ਭਰੇ ਸ਼ਹੀਦਾਂ।
ਕੁਲ ਤਬਕਾਂ ਵਿੱਚ ਰਾਖ ਉਡੰਦੀ
ਬਖਸ਼ਣਹਾਰ ਨਾ ਦੀਦਾਂ।
ਪੁਲਿ-ਸਰਾਤ ਹੈ ਚੀਕ ਗਰਕਿਆ
ਸਮਾਂ ਗੁਨਾਹ ਦਾ ਜਾਮਾ,
ਇਕ ਪੁਨੀਤ ਇੱਟ ਦੀ ਨੀਂਹ ਤੇ
ਮੀਰ ਨੂੰ ਅਜੇ ਉਮੀਦਾਂ।

ਸੁੱਖਾ ਸਿੰਘ ਦੇ ਜਾਨਸ਼ੀਨ ਦੀ ਦੁਆ

ਰੋ ਬੇਅੰਤ ਨੇ ਸਜਦੇ ਕੀਤੇ,
ਘਾਇਲ ਬੇਰੀਆਂ ਥੱਲੇ।
ਕਾਹਨੂੰਵਾਨ ਦੇ ਫੇਰ ਅਲੰਬੇ,
ਸੀਸ ਨਿਮਾਣੇ ਝੱਲੇ।
ਵਿਸ਼-ਰਿੜਕਦੀ ਜੀਭ ਨੇ ਘੇਰੇ,
ਕੌਮ ਦੇ ਭੋਲੇ ਨੀਂਗਰ
ਕਹਿੰਦਾ: “ਤੀਰ ਮੁਰੀਦ ਨੂੰ ਬਖਸ਼ੋ,
ਨਾਲ ਮੇਰੇ ਜੋ ਚੱਲੇ।”

ਕਵੀ ਦੀ ਦੁਆ

ਜਦੋਂ ਅਕਾਲ ਤਖਤ ਦੇ ਖੰਡਰ
ਰੋ ਬੇਅੰਤ ਨੇ ਦੇਖੇ ।
ਝੁਕ ਕੀਤੇ ਅਸਮਾਨ ਨੇ ਸਾਡੇ,
ਤਿੰਨ ਸਦੀਆਂ ਦੇ ਲੇਖੇ
ਜ਼ੋਰ ਅਥਾਹ ਬਾਜ਼ ਦੇ ਸੀਨੇ
ਚੀਰ ਮਿਅਰਾਜਾਂ ਉੱਡੇ,
ਸਿਦਕ ਸ਼ਹੀਦ ਦਾ ਸਾਂਭ ਕੇ ਰੱਖੀਂ,
ਸੁਬਕ ਸਮੇਂ ਦੀਏ ਰੇਖੇ।

29. ਨੀਂਦਾਂ ਦਾ ਕਤਲ ਅਤੇ ਸ਼ਹੀਦ ਦਾ ਗ਼ਜਬ

ਕੌਮ ਸ਼ਹੀਦ ਗੁਰੂ ਦੇ ਬੂਹੇ
ਕਰ ਸੁੱਤੀ ਅਰਦਾਸਾਂ।
ਡੈਣ ਸਰਾਲ ਚੋਰ ਜਿਉਂ ਸਰਕੀ
ਲੈ ਕੇ ਘੋਰ ਪਿਆਸਾਂ ।
ਹੱਥ ਬੇਅੰਤ ਸਮੇਂ ਦੇ ਡਾਢੇ
ਕੋਹਣ ਕੁਪੱਤੀਆਂ ਡੈਣਾਂ,
ਲਹੂ ਸ਼ਹੀਦ ਦਾ ਲਟ ਲਟ
ਬਲਿਆ ਕਾਲ ਦੇ ਕੁਲ ਅਗਾਸਾਂ ।

ਮੇਰੇ ਸ਼ਹੀਦ ਮਾਹੀ ਦੇ ਦਿਨ ਤੂੰ
ਸੁਣੀਂ ਕੁਪੱਤੀਏ ਨਾਰੇ ।
ਕੌਮ ਮੇਰੀ ਦੇ ਬੱਚੜੇ ਭੋਲੇ
ਡੂੰਘੀ ਨੀਂਦ 'ਚ ਮਾਰੇ ।
ਜੋ ਜਰਨੈਲ ਮਾਹੀ ਦੇ ਦਰ ਤੇ
ਪਹਿਰੇਦਾਰ ਪੁਰਾਣਾ ।
ਮਹਾਂਬਲੀ ਸਮੇਂ ਤੇ ਬੈਠਾ
ਉਹ ਅਸਵਾਰ ਨਾ ਹਾਰੇ ।

ਨੀਂਦ 'ਚ ਨੀਂਦ ਜਹੇ ਬੱਚੜੇ ਖਾਵੇਂ
ਸੁਣ ਬੇਕਿਰਕ ਚੁੜੇਲੇ ।
ਸਮਾਂ ਪੁਰਸਲਾਤ ਜਿਉਂ,
ਹੇਠਾਂ ਦਗ਼ੇਬਾਜ਼ ਨੈਂ ਮ੍ਹੇਲੇ !
ਸੁੱਟ ਦੇਵੇਗਾ ਕੀਟ ਜਿਉਂ ਤੈਨੂੰ
ਕਹਿਰ ਬੇਅੰਤ ਦਾ ਝੁੱਲੇ,
ਤੋੜ ਤੇਰੇ ਰਾਜ ਦੇ ਬੂਹੇ
ਨਰਕ-ਨ੍ਹੇਰ ਵਿਚ ਠੇਲ੍ਹੇ ।

ਕਟਕ ਅਕ੍ਰਿਤਘਣਾਂ ਦੇ ਧਮਕੇ
ਹਰਮਿੰਦਰ ਦੇ ਬੂਹੇ ।
ਮੀਆਂ ਮੀਰ ਦਾ ਖ਼ੂਨ ਵੀਟ ਕੇ
ਕਰੇ ਸਰੋਵਰ ਸੂਹੇ ।
ਦੂਰ ਸਮੇਂ ਦੇ ਗਰਭ 'ਚ ਸੁੱਤੇ
ਬੀਜ ਮਾਸੂਮ ਵਣਾਂ ਦੇ,
ਲੂਣ-ਹਰਾਮ ਦੀ ਨਜ਼ਰ ਪੈਂਦਿਆਂ
ਗਏ ਪਲਾਂ ਵਿਚ ਲੂਹੇ ।

ਨਾਰ ਸਰਾਲ ਸਰਕਦਾ ਘੇਰਾ
ਹਰਿਮੰਦਰ ਨੂੰ ਪਾਇਆ ।
ਰਿਜ਼ਕ ਫ਼ਕੀਰਾਂ ਵਾਲਾ ਸੁੱਚਾ
ਆ ਤਕਦੀਰ ਜਲਾਇਆ ।
ਬੁੱਤ-ਪੂਜਾਂ ਦੇ ਸੀਨੇ ਦੇ ਵਿਚ
ਫੱਫੇਕੁੱਟਨੀ ਸੁੱਤੀ,
ਜਿਸ ਦੀ ਵਿਸ ਨੂੰ ਭਸਮ ਕਰਨ ਲਈ
ਤੀਰ ਬੇਅੰਤ ਦਾ ਆਇਆ ।

ਘਾਇਲ ਹੋਏ ਹਰਿਮੰਦਰ ਕੋਲੇ
ਕਿੜਾਂ ਬੇਅੰਤ ਨੂੰ ਪਈਆਂ
ਤੱਤੀ ਤਵੀ ਦੇ ਵਾਂਗ ਦੁਪਹਿਰਾਂ
ਨਾਲ ਨਾਲ ਬਲ ਰਹੀਆਂ ।
ਮੀਆਂ ਮੀਰ ਦੇ ਸੁਪਨੇ ਦੇ ਵਿੱਚ
ਵਗੇ ਵਗੇ ਪਈ ਰਾਵੀ,
ਵਹਿਣ 'ਚ ਹੱਥ ਉਠੇ, ਸਭ ਲਹਿਰਾਂ
ਉਲਰ ਬੇਅੰਤ ਤੇ ਪਈਆਂ ।

30. ਦੋ ਦੀਵਾਨੇ

ਦੋ ਦੀਵਾਨਿਆਂ ਦੀ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ
ਸਿੰਘ ਜੀ ਨਾਲ਼ ਲੱਖੀ ਜੰਗਲ ਵਿਖੇ ਹੋਈ ਵਾਰਤਾਲਾਪ:

ਕਚਾ ਕੋਠਾ ਵਿਚ ਵਸਦਾ ਜਾਨੀ
ਸਦਾ ਨਾ ਮਾਪੇ ਨਿੱਤ ਨਹੀਂ ਜਵਾਨੀ
ਚੱਲਣਾਂ ਅੱਗੇ, ਕਿਉਂ ਭਯੋ ਗੁਮਾਨੀ
ਹੁਣ ਹੋਹੁ ਸਿਆਣਾ, ਨਹੀਂ ਪੁਗੂ ਨਿਦਾਨੀ।

(ਦੋ ਦੀਵਾਨੇ)
ਸੁਰ ਲਟਕੰਦੜੇ ਜੁੜਨ ਬਹੁ, ਮਾਹੀ ਦੇ ਦਰਬਾਰ
ਲੱਖੀ ਜੰਗਲ ਕੂਕਿਆ: "ਹਰ ਪਾਸੇ ਦਿਲਦਾਰ"।
ਤੋੜੀ ਚੁਪ ਦੀਵਾਨਿਆਂ ਰੂਪ ਜਮਾਲੀ ਘਿੰਨ
ਕੱਚਾ ਕੋਠਾ ਦੇਹ ਦਾ, ਵਿਚ ਪਿਰ ਦੀ ਰਿੰਮ ਝਿੰਮ
ਜਗਤ ਅਤੇ ਬ੍ਰਹਿਮੰਡ ਵੀ, ਕੱਚਾ ਕੋਠਾ ਕੂੜ
ਜੇ ਜਾਨੀ ਦੇ ਇਸ਼ਕ ਦੀ, ਪਵੇ ਨ ਉਸ ਤੇ ਭੂਰ।
ਜੇ ਮਾਪੇ ਨ ਸਦਾ ਨੇ, ਸਦਾ ਨ ਕਾਲੜੇ ਕੇਸ
ਕਿਉਂ ਤੂੰ ਕਰੇਂ ਗੁਮਾਨ ਓਏ, ਭੁੱਲਕੇ ਸੂਖਮ ਦੇਸ।
ਸੱਦ ਇਹ ਸੁਣ ਦਸ਼ਮੇਸ਼ ਨੇ, ਕਿਹਾ: "ਪ੍ਰੇਮ ਉਹ ਸਾਹ
ਛੋਹ ਜਿਨੂੰ ਬੁੱਤ ਜੀਵਣੇ, ਕਰਨਗੇ ਵਸਲ ਖੁਦਾ।
ਕੱਚਾ ਕੋਠਾ ਖਾਲਸਾ, ਭੁਰ ਭੁਰ ਗਿਰੇਗਾ ਹੰਭ
ਦੀਮਕ ਕੀੜੇ ਸੱਪ ਦਾ, ਜੇ ਇਹ ਕਰੇਗਾ ਸੰਗ।
ਦੀਵਾ ਜਗੇ ਜੇ ਏਸ ਘਰ, ਪੌਣ ਰਸਿਕ ਲਾ ਅੰਗ
ਆਂਗਨ ਰਹਿਸਨ ਪੁੰਗਰਦੇ, ਵਿੱਛੜ ਲਾਸਾਨੀ ਰੰਗ।
ਫਲਦੀ ਫੁੱਲਦੀ ਰਹੇਗੀ, ਰੂਹ ਹਰੀ ਹਰ ਵੇਸ
ਜਿਸਨੂੰ ਤਕ ਤਕ ਕਰਨਗੇ, ਅੰਕਰ ਅਮਰ ਅਦੇਸ"।
ਲੱਖੀ ਜੰਗਲ ਲਿਸ਼ਕਦੀ, ਤੇਗ਼ ਨਾਲ ਅਰਮਾਨ
ਹੜ੍ਹ ਵਿਸਮਾਦ ਦੇ ਰੁਕਣ ਨਾ, ਹਰ ਪਲ ਸਿਰ ਕੁਰਬਾਨ।
ਗੁਰ ਦਸ਼ਮੇਸ਼ ਦੀ ਵੇਦਨਾ, ਤੁਰ ਕੰਡਿਆਲੇ ਪੰਧ
ਹੋ ਅਰਦਾਸ ਹੈ ਵਗਦੀ, ਲੱਖੀ ਜੰਗਲ ਮੰਝ।
ਖਿਦਰਾਣੇ ਦੇ ਸੀਸ ਤੇ, ਧਰਣ ਪਾਕ ਗੁਰ ਹੱਥ
ਰਹਿਮਤ-ਤੇਗ਼ ਨੇ ਲਿਸ਼ਕ ਕੇ, ਬਖਸ਼ੀ ਉਸਨੂੰ ਪੱਤ।
ਲੱਖੀ ਜੰਗਲ ਵਰ੍ਹ ਰਹੀ, ਉਹੀਓ ਅਮਿਉ ਬੂੰਦ
ਪਈ ਨਿਵਾਜੇ ਖਾਲਸਾ, ਝਾਂਜਿਆਂ ਦੀ ਵਿਚ ਗੂੰਜ।

('ਇਲਾਹੀ ਨਦਰ ਦੇ ਪੈਂਡੇ' ਵਿੱਚੋਂ)

31. ਝਨਾਂ ਦੀ ਰਾਤ

ਕਿਸੇ ਪਾਤਣੀ ਨੂੰ ਸੱਦ ਦੇਂਦੇ,
ਘਣੀ ਰੈਣ ਦੇ ਪਾਣੀ।
ਛਾਣ ਰਹੇ ਅੰਬਰ ਕੁਲ ਧਰਤੀ :
''ਉਹ ਕਿਸ ਨੈਂ ਦੇ ਹਾਣੀ?''

ਖਿੱਚੀ ਧੁਣਖ ਸਬਰ ਦੀ ਕਾਲਾਂ,
ਚਿੱਲੇ ਚੜ੍ਹੇ ਸਿਤਾਰੇ।
ਨਾਜ਼ਕ ਤ੍ਰਿਣਾਂ ਚੀਰ ਕੇ ਲੰਘੇ,
ਅੰਬਰ ਦੇ ਹਰਕਾਰੇ।

ਮੈਂਡੀ ਦਿਲੜੀ ਤੇ ਬਿੱਜਲਾਏ,
ਸੈਆਂ ਮੇਘ ਹੁਲਾਸੇ।
ਰਿਮ ਝਿਮ ਵੇਖ ਰਹੀ ਗਗਨਾਂ ਦੀ,
ਮੁੱਢ ਕਦੀਮੀ ਪਾਸੇ।

ਮੇਰੇ ਦਿਲ ਚੋਂ ਵਾਜ ਸੁਣੀਂ ਕੁਈ,
ਨਾਜ਼ਕ ਸ਼ੀਰੀਂ ਨਾਦਾਂ।
ਮੇਰੇ ਕਦਮਾਂ ਹੇਠ ਵਿਛਾਈਆਂ,
ਕਾਫ਼ਲਿਆਂ ਦੀਆਂ ਯਾਦਾਂ।

ਮੈਨੂੰ ਵਾਟ ਸਿੰਧਾਂ ਦੀ ਦੱਸੀ
ਕਿਸੇ ਪਾਤਣੀ ਦੂਰੋਂ।
ਮੌਲੇ ਰੁੱਖ ਬੇਲਿਆਂ ਦੇ ਮੁੜ
ਮੈਂ ਹੰਝੂਆਂ ਦੇ ਨੂਰੋਂ।

ਆਹਟ ਮੇਰੇ ਕਦਮਾਂ ਦੀ ਜਾਂ ਫਿਰ,
ਭੇਦ ਧਰਤ ਦਾ ਕੋਈ।
ਪੱਥਰ ਹੋਈ ਗੁਫਾ 'ਚੋਂ ਉੱਠੀ,
ਵੰਝਲੀ ਦੀ ਅਰਜ਼ੋਈ।

ਕੋਈ ਕੋਈ ਬੋਲ ਧਰਤ 'ਚੋਂ ਸੁਣਦਾ,
ਗਹਿਲਾ ਦਿਲ ਘਬਰਾਵੇ।
ਚਮਕ ਵਿਰਾਟ ਨਭਾਂ ਦੀ ਵਿਚੋਂ,
ਹੰਸ ਪੁਰਾਣਾ ਗਾਵੇ।

ਮੰਝ ਦੂਰ ਤਾਰਿਆਂ ਵੰਨੀ
ਭਰੇ ਘਣੇ ਰੂਹ-ਮੇਲੇ।
ਆ ਕਿਚਰਕ ਕੰਨਸੋਆਂ ਦੇਸਨ
ਪੌਣਾਂ ਝੰਗ ਦੇ ਬੇਲੇ।

ਡੁੱਬੇ ਸੂਰਜ ਵਾਂਗ ਅਨੇਕਾਂ
ਇਸ ਰੋਹੀ ਵਿਚ ਛਾਲੇ।
ਹੂਰਾਂ ਦੇ ਸੁਪਨੇ ਦੀ ਏਥੇ
ਅੱਗ ਪਿਆ ਕੁਈ ਬਾਲੇ।

ਮੈਂ ਬੇ-ਦੋਸ਼ ਫਕੀਰ ਪੁਰਾਣਾ
ਸੁੱਕੇ ਸਰਵਰ ਤੀਰਾਂ
ਬੀਤੇ ਬਹੂੰ ਸਾਲ, ਵਿਚ ਝੰਗ ਦੇ
ਕਿਵੇਂ ਪਛਾਣਾਂ ਹੀਰਾਂ?

ਇਕ ਕੂੰਬਲ ਹੁੱਲੀ ਤਾਂ ਮਾਰਨ
ਪੈੜਾਂ ਚੁੱਕ ਵਣਿ ਫੇਰੇ।
ਕਿਤੋਂ ਝਨਾਂ ਦੀ ਰੁਣ ਝੁਣ ਠੰਢੀ
ਚੁੰਮ੍ਹਦੀ ਮਸਤਕ ਮੇਰੇ।

ਮੈਂਡੇ ਕਾਸੇ ਵਿਚੋਂ ਉਡਣ
ਜੁਗਨੂੰ-ਭੇਸਿ ਦੁਆਵਾਂ।
ਧਾ ਧਾ ਰੋਹੀਆਂ ਸੀਨੇ ਲੱਗਣ
ਸਜਦੇ ਕਰਦੀਆਂ ਛਾਵਾਂ।

ਪਾਰ ਜੁਗਾਂ ਦੀ ਕਾਲੀ ਕੂਟੋਂ,
ਠੰਢੀ ਵੇਲ ਅੰਗੂਰੀ।
ਮੈਂਡੇ ਹੰਝੂਆਂ ਨਾਲ ਛੁਹਾਵਣ
ਹੱਥ ਮੂਸਾ ਦੇ ਨੂਰੀ।

ਜਿਵੇਂ ਜ਼ਲੈਖਾਂ ਦੇ ਸੁਪਨੇ ਦਾ
ਪਿਰਮ ਪਿਆਲਾ ਪੀ ਕੇ
ਹਰੇ ਕਚੂਰ ਥੀਣ, ਮੁੜ ਜੀਵਣ
ਜਿੰਨ੍ਹਾਂ ਹਲਾਹਲ ਡੀਕੇ:

ਸੁੰਝੇ ਖੂਹ ਯੂਸਫ ਦੇ ਜਦ ਸੀ
ਥਲ ਕੰਡਿਆਲੇ ਰੋਏ,
ਪਿਆਸੇ ਇਕ ਕਣੀ ਦੇ ਬਾਝੋਂ
ਸ਼ੀਂਹ ਬਰਿੰਡੇ ਮੋਏ।

ਡੂੰਘੇ ਵਹਿਣ ਝਨਾਂ ਦੇ ਭਾਰੀ
ਰੱਜ ਨੈਣਾਂ ਨੇ ਪੀਣੇ।
ਤਾਨ ਬੰਸਰੀ ਫੇਰ ਜਗਾਏ
ਕੰਨ ਖਿਜ਼ਰ ਦੇ ਰੀਣੇ।

ਕੋਈ ਵਾਜ ਸੁਣੀ, ਰੋ ਉੱਠੇ,
ਤ੍ਰਿਣ ਸੁੱਕੇ ਤੇ ਲੂਹੇ
ਮੈਂਡੀ ਨਜ਼ਰ ਦੇ ਸਾਮ੍ਹਣੇ ਖੁੱਲ੍ਹੇ,
ਤਾਰਿਆਂ ਦੇ ਸੈ ਬੂਹੇ।

('ਝਨਾਂ ਦੀ ਰਾਤ' ਵਿੱਚੋਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਹਰਿੰਦਰ ਸਿੰਘ ਮਹਿਬੂਬ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ