Aakhri Sham : Harinder Singh Mehboob

ਆਖ਼ਰੀ ਸ਼ਾਮ : ਹਰਿੰਦਰ ਸਿੰਘ ਮਹਿਬੂਬ


ਦੀਵੇ ਕੋਲੇ ਬੁੱਤ ਬੈਠਾ ਕੇ ਥਾਂ ਥਾਂ ਤੈਨੂੰ ਟੋਲਾਂ। ਦੇਸ ਤੇਰੇ ਦੇ ਰੁੱਖ ਨਿਰਮੋਹੇ ਕਿਸ ਬੋਲੀ ਵਿਚ ਬੋਲਾਂ ? (ਨਵਤੇਜ ਸਿੰਘ ਭਾਰਤੀ) ***** ਆਵਣ ਵਾਲਾ ਹਰ ਮੌਸਮ ਈ, ਰੂਪ ਬਦਲ ਕੇ ਆਉਂਦਾ ਏ, ਅਸਲੀ ਧੁੱਪਾਂ ਅਸਲੀ ਛਾਵਾਂ, ਵੇਖਿਆਂ ਮੁੱਦਤ ਹੋਈ ਏ। ਡਿਉੜੀ ਦੇ ਵਿਚ ਤਾਂਘਾਂ ਵਾਲਾ, ਦੀਵਾ ਬਾਲ ਕੇ ਪੁੱਤਰਾਂ ਲਈ ਰਾਤਾਂ ਜਾਗਣ ਵਾਲੀਆਂ ਮਾਵਾਂ, ਵੇਖਿਆਂ ਮੁੱਦਤ ਹੋਈਏ। ਕਈ ਜ਼ਮਾਨੇ ਗੁਜ਼ਰੇ ਲਭਦੇ, ਉਨਾਂ ਈ ਦਰਦੀ ਹੱਥਾਂ ਨੂੰ ਭਾਰ ਵੰਡਾਵਣ ਵਾਲੀਆਂ ਬਾਹਵਾਂ, ਵੇਖਿਆਂ ਮੁੱਦਤ ਹੋਈ ਏ। ( ਅਕਰਾਮ ਮਜੀਦ–ਲਾਇਲਪੁਰ 'ਤਨੇ ਦਾ ਰੋਗ') ਸਮਰਪਣ ਪਿਆਰੇ ਯਾਰ ਜੋਗਿੰਦਰ ਸਿੰਘ ਹੀਰ ਨੂੰ, ਜਿਹਨਾਂ ਨਾਲ ਰਣ ਸਭਰਾਵਾਂ ਦੀਆਂ ਉਦਾਸ ਆਵਾਜ਼ਾਂ ਉਹਨਾਂ ਦੇ ਆਖ਼ਰੀ ਸੁਆਸ ਲੈਣ ਤਕ ਸਫ਼ਰ ਕਰਦੀਆਂ ਰਹੀਆਂ।

ਆਖ਼ਰੀ ਸ਼ਾਮ : ਬੇਵਤਨੀ ਦਾ ਛਿਣ

ਆਖ਼ਰੀ ਸ਼ਾਮ ਦੀਆਂ ਸਭ ਕਵਿਤਾਵਾਂ ਗੜ੍ਹਦੀਵਾਲਾ ਆਉਣ ਪਿੱਛੋਂ ਲਿਖੀਆਂ ਸਨ। ਇਹਨਾਂ ਵਿੱਚੋਂ ਬਹੁਤੀਆਂ ਕਵਿਤਾਵਾਂ ਮੈਂ ਇਕੱਲਿਆਂ ਸੈਰ ਕਰਦਿਆਂ ਦਸੰਬਰ ੧੯੬੯ ਵਿਚ ਜ਼ਬਾਨੀ ਤਿਆਰ ਕੀਤੀਆਂ, ਤੇ ਪਿੱਛੋਂ ਪ੍ਰੋ: ਜੱਸਾ ਸਿੰਘ (ਅੱਜ ਕੱਲ ਏ.ਐੱਸ. ਕਾਲਜ, ਖੰਨਾ) ਨੂੰ ਬੋਲ ਕੇ ਲਿਖਵਾਈਆਂ। ਕਈ ਕਵਿਤਾਵਾਂ ਮੈਂ ਉਸ ਦੇ ਸਾਹਮਣੇ ਬੈਠ ਕੇ ਵੀ ਲਿਖੀਆਂ, ਕਿਉਂਕਿ ਮੈਂ ਉਸ ਨੂੰ ਆਪਣੇ ਤੋਂ ਵੱਖ ਨਹੀਂ ਸਾਂ ਮੰਨਦਾ।

ਆਖ਼ਰੀ ਸ਼ਾਮ ਦੀਆਂ ਬਹੁਤੀਆਂ ਕਵਿਤਾਵਾਂ ਬੇਵਤਨ ਹੋਣ ਦੇ ਛਿਣ ਦਾ ਵਿਸਥਾਰ ਹਨ। ਅਤਿ ਪਿਆਰੀ ਵੱਥ ਦੇ ਗੁਆਚ ਜਾਣ ਦਾ ਹੌਕਾ, ਮਾਂ-ਪਿਉ ਦੇ ਦੇਸ ਦਾ ਜਬਰੀ ਖੋਹਿਆ ਜਾਣਾ, ਕੌਮ ਦੀ ਰੂਹਾਨੀਅਤ ਦਾ ਬਰਬਾਦ ਹੋਣਾ, ਮਾਹੀ ਦੀ ਯਾਦ ਉੱਤੇ ਗ਼ੁਲਾਮੀ ਦੇ ਪਹਿਰੇ, ਜਾਂ ਮੌਤ ਦੇ ਜੇਤੂ ਪਲ ਸਾਹਮਣੇ ਸੰਸਾਰ ਲਈ ਪਵਿੱਤਰ ਮੋਹ ਦੇ ਜਾਗਣ ਦਾ ਸਮਾਂ, ਕਵੀ ਲਈ ਬੇਵਤਨ ਹੋਣ ਦੇ ਬਰਾਬਰ ਹੈ। ਬੇਵਤਨ ਹੋਣ ਦਾ ਵੇਲਾ, ਜਾਂ ਕਿਸੇ ਵੀ ਮਜਬੂਰ ਅਲਵਿਦਾ ਦੇ ਛਿਣ ਉੱਤੇ ਉਪਜੀ ਪਾਵਨ ਰੂਹਾਨੀ ਚੀਸ, ਕਵੀ ਲਈ ਆਖ਼ਰੀ ਸ਼ਾਮ ਹਨ। ਇਸ ਕਿਸਮ ਦੇ ਵਿਸ਼ੇ ਨੂੰ ਪਕੜਦੀ ਕਵਿਤਾ ਕੋਈ ਵੀ ਦ੍ਰਿਸ਼ਟਾਂਤ ਪੇਸ਼ ਕਰ ਸਕਦੀ ਹੈ, ਪਰ ਉਸ ਦੇ ਵਿਸ਼ਵ-ਵਿਆਪੀ ਯਕੀਨ ਦੀ ਨੁਹਾਰ ਵਿਚ ਫਰਕ ਨਹੀਂ ਪਵੇਗਾ। ਮਿਸਾਲ ਲਈ ਇਸ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਸਿੱਖ ਕੌਮ ਦੀ ਦੁਖਾਂਤਕ ਹੋਣੀ ਦੇ ਇਤਿਹਾਸ ਨਾਲ ਤਅੱਲਕ ਰੱਖਦੀਆਂ ਹਨ, ਪਰ ਉਹਨਾਂ ਵਿਚ ਬੇਵਤਨ ਹੋਣ ਦੀ ਪੀੜ ਸੰਸਾਰ ਦੇ ਸਭ ਫਿਰਕਿਆਂ ਦੇ ਲੋਕਾਂ ਲਈ ਸਾਂਝੀ ਹੈ। ਆਖ਼ਰੀ ਸ਼ਾਮ ਇਕ ਸਾਂਝਾ ਬਿੰਬ ਹੈ, ਜਿਸ ਨਾਲ ਕਿਸੇ ਵੀ ਨਰ-ਨਾਰੀ ਨੂੰ ਮੋਹ ਹੋ ਸਕਦਾ ਹੈ। ਇਸ ਬਿੰਬ ਦੁਆਲੇ ਹੀ ਇਸ ਸੰਗ੍ਰਹਿ ਦੀਆਂ ਜ਼ਿਆਦਾ ਨਜ਼ਮਾਂ ਝੁਰਮਟ ਪਾਉਂਦੀਆਂ ਹਨ।

ਕੌਮੀ ਸਿਦਕ ਦੀ ਘੜੀ ਉੱਤੇ ਬੇਵਤਨ ਹੋਣ ਦੀ ਪੀੜ ਸ਼ਹਾਦਤ ਦਾ ਵਿਜੈਈ ਜਜ਼ਬਾ ਉਭਾਰਦੀ ਹੈ। (ਸਿਖ ਸ਼ਹੀਦ ਦੀ ਅਰਦਾਸ−31), ਜਾਂ ਕਿਸੇ ਅਟੱਲ ਫ਼ੈਸਲੇ ਦਾ ਨਾਅਰਾ ਲਗਾਉਂਦੀ ਹੈ (ਵੱਖਰਾ ਰਾਹ), ਜਾਂ ਮਾਹੀ ਦੇ ਮੁੜ ਆਉਣ ਦੀ ਉਮੀਦ ਨੂੰ ਹਸ਼ਰ ਦੀ ਘੜੀ ਦੀ ਸ਼ਿੱਦਤ ਤਕ ਲੈ ਜਾਂਦੀ ਹੈ (ਹਸ਼ਰ ਦਿਹਾੜੇ ਦੇ ਮੇਲੇ)। ਸੋ ਆਖ਼ਰੀ ਸ਼ਾਮ ਦੀਆਂ ਕਵਿਤਾਵਾਂ ਇਕ ਪਾਸੇ ਜਿਊਂਦਾ-ਜਾਗਦਾ ਅਨੁਭਵ ਹਨ, ਪਰ ਦੂਜੇ ਪਾਸੇ ਮਨੁੱਖੀ ਇਤਿਹਾਸ ਅਤੇ ਮਨ ਦੀਆਂ ਅਨੇਕ ਪ੍ਰਕ੍ਰਿਆਵਾਂ ਦੇ ਸੰਭਵ ਪ੍ਰਤੀਕ ਵੀ ਹਨ। ਇਹਨਾਂ ਪ੍ਰਤੀਕਾਂ ਦੀ ਉਤਪੱਤੀ ਤਸੱਵਫ਼ ਦੀ ਇਸਲਾਮੀ ਪ੍ਰਤੀਤੀ, ਅੱਲ੍ਹੜ ਕੁੜੀਆਂ ਦੇ ਤ੍ਰਬਕਦੇ ਚਾਵਾਂ ਜਾਂ ਪੂਰਨ-ਕਹਾਣੀ ਦੇ ਪਾਤਰਾਂ ਦੇ ਮਨ ਵਿੱਚੋਂ ਕਿਤੋਂ ਵੀ ਹੋ ਸਕਦੀ ਹੈ।

(23-7-1989)


1. ਪੈਗ਼ੰਬਰ ਦਾ ਸਫ਼ਰ

(ਇਹ ਕਵਿਤਾ ਜਿੱਥੇ ਦਸਮ ਪਾਤਸ਼ਾਹ ਦੇ ਆਨੰਦਪੁਰ ਛੱਡਣ ਤੋਂ ਲੈ ਕੇ ਖਦਰਾਣੇ ਦੀ ਢਾਬ ਉੱਤੇ ਲੜੇ ਗਏ ਮਹਾਨ ਯੁੱਧ ਤੱਕ ਦੀ ਦਾਸਤਾਨ ਨੂੰ ਪੇਸ਼ ਕਰਦੀ ਹੈ, ਉਥੇ ਖ਼ਾਲਸਾ ਜੀ ਦੇ ਮਨ ਵਿੱਚ ਵਸਦੇ ਹੋਏ ਉਸ ਵੈਰਾਗ ਅਤੇ ਸਿਦਕ ਦਾ ਸਮਾਚਾਰ ਵੀ ਦਿੰਦੀ ਹੈ, ਜਿਹੜਾ ਕਿ ਇਸ ਉਦਾਸ ਸਫ਼ਰ ਨੇ ਪੈਦਾ ਕੀਤਾ । ਇਹ ਸਿਦਕ ਅਤੇ ਵੈਰਾਗ ਹਰ ਸਦੀ ਦਾ ਸੱਚ ਹਨ) ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ, ਬੀਬਾ ਇਹੋ ਹਸ਼ਰ ਨੂੰ ਰਾਹ ਜਾਂਦਾ । ਇਸ ਰਾਹ 'ਤੇ ਛੋੜ ਸੁਹਾਣੀ ਬਾਂਹ ਛੱਡ ਹਰੇ-ਕਚੂਰ ਅੰਬਾਂ ਦੀ ਛਾਂ ਛੱਡ ਨੈਣ-ਸੁਹਾਂਦੇ ਬਹੁਤ ਪਿੱਛਾਂਹ, ਹੱਸ ਜੱਗ ਦੇ ਕੂੜ ਵਪਾਰੀ 'ਤੇ ਮੇਰਾ ਵਗਿਆ ਸ਼ਹੁ ਦਰਿਆ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਕੁਝ ਦੂਰ ਦੇ ਰਣਾਂ ਨੂੰ ਕਹਿ ਤੁਰਿਆ ਵਿੱਚ ਹਰੀਆਂ ਜੂਹਾਂ ਰਹਿ ਤੁਰਿਆ ਅੱਜ ਖ਼ਾਕ ਦਾ ਓਢਨ ਲੈ ਤੁਰਿਆ, ਛੱਡ ਬਾਜ਼ ਕਹਿਰ ਦੇ ਬੇਲੀ ਨੂੰ ਉਹ ਬਾਤ ਸੰਜੋਗੀ ਪਾ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਉਨ੍ਹਾਂ ਦੂਰ ਦੁਰਾਡੇ ਸ਼ਹਿਰਾਂ ਵਿਚ ਕੋਈ ਭੇਹਰ ਵੱਜੀ ਏ ਕਹਿਰਾਂ ਵਿਚ ਰਣ ਖੜਾ ਲਹੂ ਦਾ ਪੈਰਾਂ ਵਿਚ, ਉਹ ਖ਼ਾਕ ਮਿਰੀ ਨੂੰ ਗਲ ਲਾਵੇ ਮੈਨੂੰ ਅੱਪਣੇ ਜਿਹਾ ਬਣਾ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਕੋ ਵੱਡ ਸੁੰਨ ਦੇ ਦਰਬਾਰੇ ਵੋ ਉਹ ਦਰ ਸਰਹਿੰਦ ਦੇ ਚਾਰੇ ਵੋ ਜਿੱਥੇ ਡਿਗਦੇ ਖੰਭ ਕਰਾਰੇ ਵੋ ਉਨ੍ਹਾਂ ਉੱਚਿਆਂ ਦਰਾਂ 'ਤੇ ਨਜ਼ਰਾਂ ਪਾ ਉਹ ਰਿੰਮ ਝਿੰਮ ਕੋਈ ਲਗਾ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਜਦ ਦੀਨ ਦੁਨੀ ਬੇ-ਕਦਰ ਹੋਈ ਕਿਸੇ ਪੀਰ-ਫ਼ਕੀਰ ਦੀ ਨਦਰ ਹੋਈ ਵਿੱਚ ਮਾਛੀਵਾੜੇ ਫ਼ਜਰ ਹੋਈ, ਰਣ ਡੁੱਲ੍ਹਿਆ ਲਹੂ ਮੁਰੀਦਾਂ ਦਾ ਦਰ ਦੀਨ ਆਖਰੀ ਆ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਫੜ ਵਾਗ ਦੁਪਹਿਰਾਂ ਦੀ ਸੁੱਤਾ ਹੈ, ਹਰ ਦੀਨ ਆਖ਼ਰੀ ਰੁੱਤਾ ਹੈ । ਲੱਖ ਭੇਹਰਾਂ…ਨੀਂਦ ਵਿਗੁੱਤਾ ਹੈ । ਕਰ ਨਾਲ ਮੁਰੀਦਾਂ ਸੁਖ਼ਨ ਕੋਈ ਕਿਸੇ ਕੌਲ ਕਰਨ ਦੇ ਰਾਹ ਜਾਂਦਾ ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਵੱਡ ਹੁਕਮ ਖ਼ੁਦਾ ਦੇ ਭਾਰੇ ਲੈ ਚੜ੍ਹ ਪੈਂਦੇ ਵਲੀ ਨਗਾਰੇ ਲੈ ਵਿੱਚ ਧੂੜ ਦੇ ਲਸ਼ਕਰ ਭਾਰੇ ਲੈ, ਮੇਰੀ ਜਾਨ ਕੁਸੇ, ਤੇ ਹੌਲ ਪਵੇ, ਉਹ ਤੁਰਿਆ ਬੇ-ਪਰਵਾਹ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਰਣ ਸੁੱਤਿਆਂ, ਕਰਮ ਹਜ਼ਾਰ ਹੋਏ ਜੋ ਬਾਜ਼ ਦੁਪਹਿਰ ਉਡਾਰ ਹੋਏ ਹੜ੍ਹ ਤੁੰਦ ਹਵਾ ਵਿਚਕਾਰ ਹੋਏ, ਜਦ ਮੇਲੇ ਹੋਣ ਸੰਜੋਗਾਂ ਦੇ ਕੋਈ ਰਾਹ ਪਰਦੇਸੀ ਆ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਗੱਲ ਭੋਲੀਆਂ ਨਿੱਕੀਆਂ ਜਾਨਾਂ ਦੀ ਗੱਲ ਸਰਸਾ ਦੇ ਘਮਸਾਨਾਂ ਦੀ ਕੋਈ ਬਾਤ ਫ਼ਰੇਬ, ਇਮਾਨਾਂ ਦੀ, ਛੱਡ ਸ਼ਰਾ-ਵਫ਼ਾ ਦੇ ਰਾਹਾਂ ਨੂੰ ਰਸ-ਭਿੰਨੜਾ ਕੁੱਝ ਲਿਸ਼ਕਾ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਰੱਤ-ਭਿੱਜੀ ਚੜ੍ਹਦੀ ਰੈਣ ਕਦੇ, ਤਦ ਰੋਸ ਨਾਲ ਭਰ ਨੈਣ ਕਦੇ ਫਿਰ ਨੀਲੇ ਬਸਤਰ ਪਹਿਣ ਕਦੇ ਰੁਖ਼ ਦੇਸ ਪਰਾਏ ਦਾ ਕਰਦਾ ਕਿਸੇ ਮੋਹ ਵਿੱਚ ਤੀਰ ਚਲਾ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਹਾਂ ! ਨੀਲੇ ਬਸਤਰ ਪਹਿਣ ਕਦੇ ਜਾਵੇ ਰੁੱਸਿਆਂ ਮੁਰੀਦਾਂ ਨੂੰ ਲੈਣ ਕਦੇ ਡਾਢਾ ਸੁਖਨ ਫ਼ਕੀਰਾਂ ਦਾ ਕਹਿਣ ਕਦੇ, ਸੋਹਣੇ ਨੈਣ ਸ਼ਹੀਦਾਂ ਦੇ ਤੱਕਨੇ ਨੂੰ ਵਣ ਮਾਛੀਵਾੜੇ ਦੇ ਆ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਰਸ-ਭਿੰਨੜੀ ਨਜ਼ਰ ਨਾ' ਵਾਹ ਸਾਡਾ ਖੰਭ ਬਾਜ਼ ਦੇ ਫੜਕਣ…ਸ਼ਾਹ ਸਾਡਾ । ਬੀਬਾ ਤੇਗ ਜਿਉਂ ਭੱਖਿਆ ਰਾਹ ਸਾਡਾ; ਰੁੱਸ ਬਹੀਏ, ਤਾਂ ਛੰਭ ਖਦਰਾਣੇ ਤੇ ਸਾਨੂੰ ਉਹੀਓ ਈ ਦਰਸ ਦਿਖਾ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਹੱਥ ਤੇਗ ਤੇ ਨੈਣ ਦਿਲਾਸਾ ਹੈ, ਸਾਨੂੰ ਸੁੱਤਿਆਂ ਨੂੰ ਧਰਵਾਸਾ ਹੈ, ਉਹਦਾ ਬਾਜ਼ ਰਣਾਂ ਵਿੱਚ ਪਿਆਸਾ ਹੈ- ਰਗ ਨੀਲੇ ਦੀ 'ਚੋਂ ਲਹੂ ਵਗੇ ਸਾਨੂੰ ਪਿਛਲੇ ਪਹਿਰ ਰੁਆ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਉਹ ਚਹੁੰ ਕੁੰਟਾਂ ਵਿੱਚ ਤੁਰਿਆ ਹੈ, ਸਾਨੂੰ ਬਖ਼ਸ਼ਿਸ਼ ਦਾ ਦਰ ਜੁੜਿਆ ਹੈ, ਉਹਦਾ ਤੀਰ ਕਦੇ ਨਾ ਮੁੜਿਆ ਹੈ, ਉਹ ਕਰਮ ਕਰੇ, ਜਾਂ ਗਜ਼ਬ ਕਰੇ, ਕੁੜੇ ਵਖਤ ਕਹਿਰ ਦੇ ਪਾ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਹੱਸ ਪੈਂਦਾ ਤੱਕ ਕੇ ਜਬਰ ਕੁੜੇ ਉਹ ਕਰਮ ਕਰੇ ਬੇਖ਼ਬਰ ਕੁੜੇ ਉਹਦੀ ਤੇਗ ਭਖੇ ਵਿੱਚ ਸਬਰ ਕੁੜੇ, ਪਾ ਮਿਹਰ ਦੀ ਤੱਕਨੀ ਭੁੱਲਿਆਂ 'ਤੇ ਉਹ ਸ਼ਾਹਾਂ ਨੂੰ ਕੰਬਾ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਜੋ ਸੁੰਨ ਸਰਹਿੰਦ 'ਚ ਖੋਏ ਨੇ, ਜੋ ਰਣ ਗੁਜਰਾਤ 'ਚ ਰੋਏ ਨੇ, ਜੋ ਸਿੱਕਦੇ ਦਰਸ ਨੂੰ ਮੋਏ ਨੇ, ਤੱਕ ਗਜ਼ਬ ਤੇਗ ਦਾ ਢਕ ਲੈਂਦਾ ਜੜ੍ਹ ਤੀਰ 'ਤੇ ਟੁੰਗ ਵਿਖਾ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਉਹਦੀ ਉੱਠੀ ਖੜਗ…ਯਕੀਨ ਮਿਰਾ । ਵਿੱਚ ਦੇਸ ਬੇਗਾਨੇ ਜੀਣ ਮਿਰਾ । ਉਹ ਹੱਸਿਆ…ਦਰਦ ਮਹੀਨ ਮਿਰਾ, ਇਨ੍ਹਾਂ ਰੰਬੀਆਂ ਹੇਠ ਰਹੀਮ ਮਿਰਾ; ਜਦ ਚੀਸ ਦਰਦ ਦੀ ਸੀਨੇ ਵਿੱਚ ਉਹ ਧੁੰਮ ਲਸ਼ਕਰ ਦੀ ਪਾ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਬੰਨ੍ਹ ਕੌਲ ਦਾ ਗਾਨਾ ਵੀਣੀ ਵੋ ਰਣ ਉੱਠੀ ਤੇਗ ਉਡੀਣੀ ਵੋ, ਫਿਰ ਰਿੰਮ-ਝਿੰਮ ਹੋਈ ਝੀਣੀ ਵੋ, ਜਦ ਪੁਰੀ ਆਨੰਦ 'ਤੇ ਵਖਤ ਪਏ ਲੈ ਤੇਗ ਆਖ਼ਰੀ ਆ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਉਹ ਆਇਆ ਕੌਲ ਪੁਰਾਣੇ 'ਤੇ ਜਦ ਮੱਚਿਆ ਰਣ ਖਦਰਾਣੇ 'ਤੇ, ਸਭ ਨਜ਼ਰਾਂ ਬਾਜ਼ ਸੁਹਾਣੇ 'ਤ ਝੁਕ ਮਹਾਂ ਸਿੰਘ ਦੀਆਂ ਅੱਖੀਆਂ 'ਤੇ ਘੁੱਟ ਅਰਜ਼ ਨੂੰ ਸੀਨੇ ਲਾ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਲੋਹ ਤਪਿਆ ਚਰਖ ਦਾ ਆਰਾ ਹੈ । ਉਹਦੀ ਵਿੱਚ ਸ਼ਮਸ਼ੀਰ ਹੁਲਾਰਾ ਹੈ, ਕੋਈ ਸਾਵਨ ਹੁੱਲਿਆ ਪਿਆਰਾ ਹੈ, ਜਿਉਂ ਰੋਹ-ਬ੍ਰਿਛਾਂ 'ਤੇ ਫ਼ਜਰ ਪਵੇ ਉਹ ਰਣ ਦੇ ਪਾਰ ਸੁਹਾ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਉਹ ਝੁੰਡ ਬ੍ਰਿਛਾਂ ਦੇ ਭਾਰੇ ਜੋ ਅੱਜ ਹਰੇ-ਕਚੂਰ ਤੇ ਪਿਆਰੇ ਜੋ ਹਨ ਸਮਿਆਂ ਦੇ ਵਿੱਚ ਨਿਆਰੇ ਜੋ ਉੱਥੇ ਚੰਨ-ਸੂਰ ਦੇ ਡੁੱਬਣ ਦਾ ਪਲ ਸੌਂ ਕੇ ਭੇਦ ਛੁਪਾ ਜਾਂਦਾ ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਅੱਜ ਧੂੜ ਹਫ਼ੇ, ਰਣ ਧੁੰਧ ਹੋਏ, ਪਿਆ ਪੌੜ ਭਖੇ, ਤੇ ਤੁੰਦ ਹੋਏ, ਬੇ-ਸਾਹ ਮਨ ਮੇਰਾ ਮੁੰਦ ਹੋਏ, ਸਾਨੂੰ ਹਰੇ ਝੁੰਡਾਂ 'ਚੋਂ ਬਾਜ਼ਾਂ ਹੱਥ ਉਹ ਦੇਣ ਦਿਲਾਸਾ ਆ ਜਾਂਦਾ- ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ । ਬੀਬਾ ਇਹੋ ਹਸ਼ਰ ਨੂੰ ਰਾਹ ਜਾਂਦਾ ।

2. ਕਾਲੇ ਖੂਹ ਵਿੱਚ ਪੂਰਨ ਦੀ ਫ਼ਰਿਆਦ

(੧) ਕਾਲੇ ਖੂਹ 'ਤੇ ਚਮਕਣ ਤਾਰੇ । ਮਾਏ ਕਿਸ ਨੂੰ ਅਰਜ਼ ਕਰਾਂ ਮੈਂ ਚੁੱਪ ਤੋਂ ਪਾਰ ਨੇ ਪਾਂਧੀ ਸਾਰੇ । ਜੇ ਇਕਰਾਰ ਹੈ ਕੋ ਤਾਰੇ ਦਾ ਮੇਰੇ ਸਾਹਮੇ ਕੌਲ ਨਾ ਹਾਰੇ । ਲੰਮੀ ਵਾਟ, ਤਨਾਂ ਤੇ ਲਾਸਾਂ, ਜ਼ੋਰ ਧਿੰਗਾਣਾ ਕਰ ਨਾ ਨਾਰੇ । ਸਾਡਾ ਦੁੱਖ ਨਦਰ ਤੋਂ ਹੀਣਾ ਕਿੱਥੇ ਜਾਸਨ ਨਾਥ ਵਿਚਾਰੇ ? ਕਦੇ ਕਦੇ ਚੜ੍ਹ ਰੋਹੀਆਂ ਦੀ ਵਾ ਨੰਗੇ ਤਨ 'ਤੇ ਅੱਥਰੂ ਮਾਰੇ । ਭਾਵੇਂ 'ਵਾਜ਼ ਮਾਹੀ ਦੀ ਸੁਣਦੀ ਮਾਵਾਂ ਜੇਡ ਨ ਬੋਲ ਪਿਆਰੇ । ਸੁੱਕੇ ਸਰਵਰ ਖੇਡ ਨਾ ਜਾਣਨ ਪੰਛੀ ਕੁਲ ਵਣਾਂ ਦੇ ਮਾਰੇ । ਛਿਪਿਆ ਸੂਰਜ, ਚਹੁੰ ਕੂੰਟਾਂ ਵਿੱਚ ਹਰ ਜੂਹ 'ਚੋਂ ਕੋਈ ਪੈੜ ਪੁਕਾਰੇ । ਟੁੱਟਿਆ ਪੰਖ ਕਿਤੇ ਅਸਮਾਨੋ ਸੋਹਣੇ ਯਾਰ ਦੀ 'ਵਾਜ ਉਤਾਰੇ । (੨) ਕਾਲੇ ਖੂਹ 'ਤੇ ਝੁੱਲੀਆਂ 'ਵਾਵਾਂ । ਨਾ ਚੰਨ ਬਾਗ਼ ਮਿਰੇ ਵਿੱਚ ਚੜ੍ਹਿਆ ਨਾ ਪੂਰਨ ਘਰ ਮਾਵਾਂ । ਪੀਲੇ ਪੱਤਰ ਅਰਜ਼ ਕਰੇਂਦੇ ਫੜਦੇ ਲੰਮੀਆਂ ਛਾਵਾਂ । ਵਣਾਂ-ਕਰੀਰਾਂ ਦੀ ਮਿੱਟੀ ਵਿੱਚ ਤਨ ਮਨ ਕਿਵੇਂ ਤਪਾਵਾਂ । ਰੋਹੀਆਂ ਦੇ ਵਿੱਚ ਕੇਸੂ ਭਖਦਾ ਅੱਜ ਰੂਹ ਮੰਗਦਾ ਜਾਵਾਂ । ਜਾਂ ਕੋਈ ਵਾਟ ਮੇਰੀ 'ਤੇ ਤੁਰਦਾ ਜਾਂ ਮੈਂ ਆਪ ਹੀ ਆਵਾਂ । ਬਾਂਕੇ ਨੈਣ, ਨਾਰ ਦੇ ਕਜਰਾ, ਖ਼ੈਰ ਨਾ ਮੰਗਣ ਜਾਵਾਂ । ਸੁਣਿਆਂ ਰਾਹ ਤਿਰੇ 'ਤੇ ਕਾਲੀ ਜਾਂ ਮੈਂਡਾ ਪਰਛਾਵਾਂ । (੩) ਕਾਲੇ ਖੂਹ 'ਤੇ ਸਿਖਰ ਦੁਪਹਿਰਾਂ । ਥਲ-ਡੂਗਰ ਵਿੱਚ ਯਾਰ ਸੁਣੀਂਦਾ ਦਰਦ ਨਾ ਸੁਣਿਆਂ ਗੈਰਾਂ । ਪੁੱਤ ਮਾਵਾਂ ਦੇ ਚਿਰਾਂ ਤੋਂ ਮੋਏ ਫੜੇ ਸ਼ਿਕਾਰੀ ਕਹਿਰਾਂ । ਮੇਰੇ ਯੋਗ ਦੀ ਵਾਟ ਲੰਮੇਰੀ ਕਠਨ ਘੜੀ ਵਿੱਚ ਪੈਰਾਂ । ਮੇਰੇ ਨਾਥ ਦਾ ਬੋਲ ਵੀ ਡਾਢਾ ਵੱਡੀਆਂ ਤੇਰੀਆਂ ਖ਼ੈਰਾਂ । (੪) ਕਾਲੇ ਖੂਹ 'ਤੇ ਸਾਉਣ ਮਹੀਨੇ । ਮੋਏ ਅੰਗ ਖਿੜੇ ਵਿੱਚ ਬਾਗ਼ਾਂ ਕੁਝ ਮੁਟਿਆਰਾਂ ਸੀਨੇ । ਮੇਰਾ ਬੋਲ ਵਸੇ ਵਿੱਚ ਰੋਹੀਆਂ, ਤੇ ਅੱਥਰੂ ਵਿੱਚ ਸੀਨੇ । ਜਿਚਰਕ ਖੈਰ ਨਾਥ ਦੀ ਮਾਏ, ਰੁਲਸਨ ਲਾਲ-ਨਗੀਨੇ । (੫) ਕਾਲੇ ਖੂਹ ਤੇ ਸੰਞਾਂ ਪਈਆਂ । ਸੁਣ ਕੇ ਕੂਕ ਕੂੰਜ ਦੀ ਡਾਢੀ ਉਮਰਾਂ ਢੂੰਡਣ ਗਈਆਂ । ਵਣਾਂ ਕਰੀਰਾਂ ਰੋਹੀਆਂ ਦੇ ਵਿੱਚ ਇੱਕ-ਦੋ ਖੇਡਾਂ ਰਹੀਆਂ । ਖੇਡ ਮੇਰੀ ਵਿੱਚ ਮਾਂ ਦੇ ਸੁਪਨੇ ਨਾਥ ਨੂੰ ਖ਼ਬਰਾਂ ਗਈਆਂ । ਵਾਟ ਮੇਰੀ 'ਤੇ ਸਾਉਣ ਮਹੀਨਾ ਮਹਿਲੀਂ ਪੀਂਘਾਂ ਪਈਆਂ । ਸੇਜ ਮੇਰੀ 'ਤੇ ਲਾਲ-ਨਗੀਨੇ ਨੈਣ ਭਰਦੀਆਂ ਸਈਆਂ । ਸੁੰਦਰਾਂ ਸਾਹਮੇ ਕਾਸਾ ਫੜ ਕੇ ਅੱਥਰਾਂ ਨਾਥ ਨੇ ਲਈਆਂ । ਯੋਗ ਨਾਥ ਦਾ ਥਰਹਰ ਕੰਬੇ ਚੂੜਾ ਛਣਕੇ ਬਹੀਆਂ । ਰੋਂਦੇ ਨੇ ਚਰਵਾਲ ਚਿਰਾਂ ਦੇ ਘਾਹ ਨ ਚਿੱਥਦੀਆਂ ਮਹੀਆਂ । (੬) ਕਾਲੇ ਖੂਹ 'ਤੇ ਹੌਲ ਦਿਲਾਂ ਦੇ । ਬਾਗਾਂ ਦੇ ਵਿੱਚ ਜੁਗਨੂੰ ਕੁੰਦਨ ਸਹਿਕਣ ਕੌਲ ਚਿਰਾਂ ਦੇ । ਖੇਡ ਜੀਰਾਣਾਂ ਦੇ ਵਿੱਚ ਮੇਰੀ ਮਾਂ ਦੇ ਨੈਣ ਬੁਲਾਂਦੇ । ਮੈਂ ਸੁਣਿਆਂ ਏ ਯੋਗ ਦੇ ਪੈਂਡੇ ਡਾਢ ਦਿਲਾਂ ਵਿੱਚ ਪਾਂਦੇ । ਜੋਬਨ ਦੇ ਜਦ ਆਉਣ ਦਿਹਾੜੇ ਢਾਡੀ ਕਾਰ ਵਲਾਂਦੇ । ਕਜਰੇ ਦੀ ਇੱਕ ਪਤਲੀ ਧਾਰ 'ਚ ਸਾਵਨ ਰੰਗ ਬਣਾਂਦੇ । ਯੋਗੀ ਤਨ ਵਿਭੂਤ ਰਚਾ ਕੇ ਨਾਲ ਰਕਾਨਾਂ ਜਾਂਦੇ । ਸੁਣਿਆਂ ਸੂਰਜ ਆਖ਼ਿਰ ਵੇਲੇ ਹਰ ਇਕ ਤੁਰ ਗਈ ਕਿਰਨ ਬੁਲਾਂਦੇ । ਸ਼ਬਨਮ ਦਾ ਵੀ ਸਫ਼ਰ ਹੈ ਕੋਈ ਬਿਰਖ ਵੀ ਸ਼ਿਕਵਾ ਕਦੇ ਸੁਣਾਂਦੇ । ਮਾਂ ਦਾ ਰਹਿਮ ਫਿਰੇ ਵਿੱਚ ਰੋਹੀਆਂ ਲੱਖ ਦਰਿਆ ਕੁਰਲਾਂਦੇ । ਲੱਖਾਂ ਯੋਗ ਤਪਨ ਵਿੱਚ ਸੀਨੇ ਨਾਰ ਨ ਤਨ 'ਤੇ ਲਾਂਦੇ । (੭) ਕਾਲੇ ਖੂਹ 'ਤੇ ਬਰਸਣ ਭੂਰਾਂ । ਡਿੱਠਾ ਸਾਨੂੰ ਫ਼ਜਰ ਦੇ ਵੇਲੇ ਸੋਹਣੇ ਚੰਨ ਦੇ ਨੂਰਾਂ । ਦੂਰ ਦੁਰਾਡੇ ਭੇਹਰ ਸੁਣੀਂਦੀ ਕਿਤੇ ਥਲਾਂ ਵਿੱਚ ਧੂੜਾਂ । ਭੈੜੀ ਪੈੜ ਮਿਰੀ ਵਿੱਚ ਰੁਲਣਾ ਰੰਗਲੇ ਬਾਗ਼ ਦੇ ਬੂਰਾਂ । ਖੇਡ ਰਕਾਨਾਂ ਤੁਰ ਗਈਆਂ ਨੇ ਉੱਡਦਾ ਜੁਗਨੂੰ ਦੂਰਾਂ । ਖੰਡਰਾਂ 'ਤੇ ਇਕ ਨਾਦ ਸੁਣੀਂਦਾ ਹੱਥ ਮਰੋੜਾਂ ਝੂਰਾਂ । ਸੁਣਿਆ ਸੰਖ ਨਾਥ ਦਾ ਭਾਰੀ ਚੜ੍ਹ ਵਿੱਚ ਕਹਿਰ-ਕਲੂਰਾਂ ।

ਮਹਾਰਾਜਾ ਦਲੀਪ ਸਿੰਘ ਦੇ ਜਾਣ ਉੱਤੇ

ਤੁਰ ਚੱਲਿਉਂ ਸ਼ਹਿਰ ਰੁਆ ਸਾਡਾ ਅੱਜ ਤਾਜ ਤੇ ਤਖ਼ਤ ਗੁਆ ਸਾਡਾ। ਸਾਨੂੰ ਛੋਡ ਫ਼ਜਰ ਨੂੰ ਯਾਰ ਗਏ, ਵਿਚ ਰੋਸ ਜਿੰਦੜੀਆਂ ਵਾਰ ਗਏ, ਤੁਰ ਲੰਮੇ ਰਾਹ ਸਰਦਾਰ ਗਏ, ਖਾ ਰੋਸ ਫ਼ਰੇਬ ਦੇ ਬੂਹੇ 'ਤੇ ਤੁਰ ਚੱਲਿਉਂ ਸੀਸ ਝੁਕਾ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਇਹ ਕਿੱਸੇ ਬਾਹਵਾਂ ਭੱਜੀਆਂ ਦੇ ਕੰਡ ਪਿੱਛੇ ਛੁਰੀਆਂ ਵੱਜੀਆਂ ਦੇ, ਕਿਸੇ ਕੋਹੇ ਛੇੜੂ ਮੱਝੀਆਂ ਦੇ, ਮੇਰੇ ਉਜੜੇ ਲਹੂ 'ਚ ਕੇਸ ਪਏ ਇਹ ਸਤਲੁਜ ਰਹੇ ਗਵਾਹ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਵਾ ਡੁਸਕ ਪਈ ਮੁੜਕੇ ਰਾਹ ਵਾਲੀ, ਸੁਣੋ ਹੂੰਗ ਦਰਿਆ ਦੀ ਹਾ ਵਾਲੀ, ਲੰਮੀ ਰਾਤ ਸਰਹਿੰਦ ਦੀ ਸ਼ਾਹ ਕਾਲੀ, ਮੇਰੀ ਸਾਂਦਲ ਬਾਰ 'ਚ ਰੂਹ ਰੁੰਨੀ ਉਂਞ ਸਤਲੁਜ ਰਿਹਾ ਸੁਹਾ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਤੈਂਡੇ ਕਰਮ ਦੀ ਬਾਤ ਅੱਜ ਹੋਰ ਵੋ, ਉਸ ਰਾਤ 'ਤੇ ਸਰਸਾ ਰਹੀ ਘੋਰ ਵੋ, ਬੱਜਰ-ਚਸ਼ਮ ਦੀ ਸੁੰਨ ਦਾ ਜ਼ੋਰ ਵੋ, ਕਿਸੇ ਟੁੱਟਦੇ ਖੰਭ ਦੀ ਚੀਕ ਜਿਵੇਂ ਰੋ ਵਿਛੜੇ ਰਾਤ ਨੂੰ ਰਾਹ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਕਿਸੇ ਤਪਦੇ ਭੱਠ 'ਤੇ ਸਾਹ ਸਾਡਾ, ਆ ਬੈਠਾ ਸ਼ਹਿਰ ਗੁਆ ਸਾਡਾ, ਏਥੇ ਬਾਜ਼ ਵਿਛੜਿਆ ਆ ਸਾਡਾ, ਪਈ ਜਾਨ ਵਿਛੜਦੀ ਨਦੀਆਂ ਦੀ ਕੋਈ ਪੈਂਡਾ ਰਿਹਾ ਬੁਲਾ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਸਭ ਹਰੇ-ਕਚੂਰ ਸੀ ਸਰ ਮੇਰੇ, ਸਨ ਸੇਕ ਸਿਦਕ ਵਿਚ ਪਰ ਮੇਰੇ, ਸਨ ਯਾਰ ਪਿਆਰੇ ਘਰ ਮੇਰੇ, ਜਿੰਦ ਵਿਛੜੀ ਸਰਸਾ ਕੰਢੜੇ 'ਤੇ ਖੰਭ ਟੁੱਟਿਆ ਫ਼ਜਰ ਦੇ ਰਾਹ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਹਾਂ ! ਰੋਸ ਕਰੇ ਦਰਵੇਸ਼ਾਂ ਨੇ ਚੁੰਮ ਤੇਗਾਂ ਰੋਏ ਹਮੇਸ਼ਾਂ ਨੇ ਅੱਜ ਕੀਤੇ ਦਗ਼ੇ ਮਲੇਸ਼ਾਂ ਨੇ, ਜਾ ਲੁਕੇ ਥਲਾਂ ਦੀ ਤੁੰਦ ਹਵਾ ਹੜ੍ਹ ਕਾਲੇ ਲੈ ਦਰਿਆ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਅੱਖ ਸਰਸਾ ਦੇ ਕੰਢੇ ਪਈ ਚੋਅ ਸਾਡੀ ਗਈ ਹੇਕ ਫ਼ਕੀਰਾਂ ਜਹੀ ਹੋ ਸਾਡੀ ਪਈ ਲੱਖੀ ਦੇ ਜੰਗਲ ਨੂੰ ਖੋਹ ਸਾਡੀ, ਰੋਹ ਭਰੀ ਤੇਗ ਦੀ ਨਜ਼ਰ ਪਈ ਕਿਉਂ ਚੱਲਿਉਂ ਅਟਕ ਚੜ੍ਹਾ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਸਾਡੇ ਵਿਛੜੇ ਹੋਏ ਫ਼ਕੀਰ ਮਨਾਂ ਮਾਂ ਜਿੰਦਾਂ ਜਦੋਂ ਅਧੀਰ ਮਨਾਂ ਜਾ ਵੇਖੀ ਨਦੀਆਂ ਚੀਰ ਮਨਾਂ, ਪਿਆ ਨਜ਼ਰ ਰੋਂਦਿਆਂ ਕੋਹਾਂ 'ਤੇ ਕਿਤੋਂ ਕਲਗੀਆਂ ਵਾਲਾ ਆ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਵਗ ਪਏ ਦਰਿਆ ਨੇ ਲੂਹੇ 'ਤੇ ਤੂੰ ਰੋਇਉਂ ਤੇਗ ਦੇ ਬੂਹੇ 'ਤੇ ਰਾਹ ਵਿਛੜੇ ਫ਼ਜਰ ਦੇ ਖੂਹੇ 'ਤੇ, ਜਿਸ ਰਾਹ 'ਤੇ ਨ ਦਰਵੇਸ਼ ਲੜੇ ਉਸ ਰਾਹ ਕਿਉਂ ਟੁੱਟਿਆ ਸਾਹ ਸਾਡਾ ? ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਕੁਝ ਚਾਰ-ਚੁਫੇਰੇ ਕਾਲ ਫੜੇ, ਕਿਸੇ ਭੈਅ ਵਿਚ ਲੱਖ ਦਰਿਆ ਖੜੇ, ਕਿਸੇ ਹਰੇ ਬੂਟ ਜੜ ਲਹੂ-ਭਰੇ ! ਹਾਂ ! ਜ਼ਖ਼ਮ ਕਿਸੇ ਦੀ ਸੱਦ ਸੁਣੇ ਮਨ ਡੁੱਬਿਆ ਰਿਹਾ ਬੁਲਾ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਵੱਡੇ ਛੰਭ ਸਰਦਾਰਾਂ ਨੂੰ ਘੇਰਿਆ ਅਸਾਂ ਤੇਗਾਂ ਦਾ ਵਕਤ ਜਾ ਛੇੜਿਆ ਦਾਨੇ ਰਿਜ਼ਕ ਵਿਚ ਲਹੂ ਨੂੰ ਫੇਰਿਆ, ਉਂਞ ਵਕਤ ਨਮਾਜ਼ਾਂ ਦੇ ਛੇੜੇ ਉਂਞ ਮਨ ਪਿਆ ਕਰੇ ਦੁਆ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਜਦ ਰਣ ਅਬਦਾਲੀ ਬਾਤ ਮਿਰੀ ਰੱਤ-ਹੂੰਗਰ ਜਦ ਪ੍ਰਭਾਤ ਮਿਰੀ ਤਦ ਚਾਵਾਂ ਭਰੀ ਸੀ ਰਾਤ ਮਿਰੀ, ਉਹ ਚਾਵਾਂ ਦੇ ਸਨ ਦਿਨ ਸਾਡੇ ਸੀ ਨਿਭਿਆ ਲਹੂ ਨਾ' ਸਾਹ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਛੰਭ ਭਾਰੇ ਕਰੇ ਗੁਮਾਨ ਕਦੇ, ਹਾਂ ! ਭੀਸ਼ਣ ਸੀ ਵਰਦਾਨ ਕਦੇ, ਸੀ ਰਾਹ ਸਰਹਿੰਦ ਮਹਾਨ ਕਦੇ, ਹੱਸ ਨਾਲ ਜੱਲਾਦਾਂ ਬਚਨ ਕਰੇ ਕੋਈ ਬਲੀ ਬੰਦੇ ਨੂੰ ਚਾਅ ਸਾਡਾ— ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਸੀ ਹੁਕਮ ਵਾਂਗ ਦਰਿਆ ਸਾਡਾ, ਕੋਈ ਚੜ੍ਹਿਆ ਕਹਿਰ ਹਵਾ ਸਾਡਾ, ਸੀ ਡਾਢਾ ਬਲੀ ਸ਼ੁਦਾ ਸਾਡਾ, ਸੁਣ ਸ਼ਾਹ ਅਸਵਾਰਾ ਅਰਜ਼ ਮਿਰੀ ਜ਼ਰਾ ਰੱਖਣਾ ਸ਼ੌਕ ਨਿਗ੍ਹਾ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਪਿਆ ਸ਼ੋਰ ਬਕਾ ਦਾ ਤੇਗਾਂ ਵਿਚ ਜਦ ਸੜੇ ਫ਼ਕੀਰ ਸੀ ਦੇਗਾਂ ਵਿਚ, ਸ਼ਹੁ ਚੜ੍ਹੇ ਫ਼ਨਾ ਦੇ ਵੇਗਾਂ ਵਿਚ, ਜਦ ਤਾਰੂ ਸਿੰਘ ਜੱਲਾਦ ਤਾਈਂ ਹੱਸ ਕਿਹਾ ਕਿ “ਹੁਕਮ ਬਜਾ ਸਾਡਾ” ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਕਿਹਾ ਮਨੀ ਸਿੰਘ ਸਰਦਾਰ ਮਿਰੇ : “ਕਰ ਪੋਟੇ ਨਾਲ ਤੂੰ ਸਾਰ ਮਿਰੇ ਔਹ ਸਾਹਮੇ ਰਹੇ ਦੀਦਾਰ ਮਿਰੇ" ਸੀ ਸਿਖਰ ਬਾਜ਼ ਦਾ ਕਰਮ ਉਦੋਂ ਅਜ ਰਿਹਾ ਬਾਜ਼ ਕੁਰਲਾ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਰਾਹ ਭਖਣ ਜੱਲਾਦ ਦੇ ਪੈਰਾਂ ਦੇ ਲੱਖ ਕੋਟ ਨੇ ਖ਼ੂਨੀ ਗਹਿਰਾਂ ਦੇ ਇਹ ਸੁਫਨੇ ਪਿਛਲੇ ਪਹਿਰਾਂ ਦੇ, ਲੱਖ ਤਪ ਨੇ ਖੜੇ ਜੱਲਾਦਾਂ ਦੇ ਕਿਤੇ ਡਿੱਗਿਆ ਬੋਟ ਖ਼ੁਦਾ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਘਿਰਿ ਖ਼ੂਨੀ ਨਦੀ 'ਚ ਸਾਹ, ਸਾਡਾ ਦਰ ਤਕਦਾ ਬੇ-ਵਸਾਹ ਸਾਡਾ ਮਾਂ ਜਿੰਦਾਂ ਗਈ..ਨ ਵਾਹ ਸਾਡਾ ! ਖੰਭ ਡਿੱਗੇ ਵਿਚ ਦਿਲਗੀਰ ਥਲਾਂ ਕੁਝ ਵਿਚ ਪਰਵਾਜ਼ਾਂ ਤਾਅ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਰਣ ਭਾਰੇ ਜਿੰਦੜੀ ਮੂਕ ਮਿਰੀ, ਦਿਨ ਡੁੱਬਿਆ, ਅਰਜ਼ ਮਲੂਕ ਮਿਰੀ, ਸ਼ਾਹ ਰਗ ਵਿਚ ਕੰਬਦੀ ਕੂਕ ਮਿਰੀ, ਅਸੀਂ ਉਸਨੂੰ ਸਿਕਦੇ ਤੁਰ ਚੱਲੇ ਜਿਸ ਨਾਲ ਨਜ਼ਰ ਸੀ ਵਾਹ ਸਾਡਾ- ਤੁਰ ਚੱਲਿਉਂ ਸ਼ਹਿਰ ਰੁਆ ਸਾਡਾ। ਅੱਜ ਤਾਜ ਤੇ ਤਖ਼ਤ ਗੁਆ ਸਾਡਾ। (ਸੰਕੇਤ : ਇਸ ਕਵਿਤਾ ਵਿਚ ਸ਼ਹਿਰ ਤੋਂ ਮੁਰਾਦ ਲਾਹੌਰ ਸ਼ਹਿਰ ਹੈ। ਸ਼ਹਿਰ ਕੌਮ ਦੇ ਈਮਾਨ ਦਾ ਵੀ ਪ੍ਰਤੀਕ ਹੈ।)

ਭਰਿਆ ਹੋਇਆ ਉਦਾਸ ਮੇਲਾ

(ਹਾਰਾਂ ਦੀ ਉਦਾਸੀ ਪਿੱਛੋਂ ਜਾਗਿਆ ਸਿਦਕ) ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ ! ਭਰਿਆ ਮੇਲਾ ਜਾਨ ਮਿਰੀ ! ਇਹ ਰਾਹ ਨੇ ਲੰਘੇ ਨਬੀਆਂ ਦੇ ਇਥੇ ਕਿੱਸੇ ਤੱਤੀਆਂ ਤਵੀਆਂ ਦੇ ਇਥੇ ਹੌਕੇ ਸੁੱਤਿਆਂ ਕਵੀਆਂ ਦੇ, ਸੁੰਮ ਖੜੇ ਥਲਾਂ ਦੇ ਸੀਨੇ ਵਿਚ ਸ਼ਾਹ ਰਗ ਹੈ ਲਹੂ-ਲੁਹਾਣ ਮਿਰੀ— ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ ! ਭਰਿਆ ਮੇਲਾ ਜਾਨ ਮਿਰੀ ! ਮੋਏ ਪੁੱਤ ਸਭਰਾਵਾਂ, ਨ ਚੈਨ ਵੋ, ਸੁੰਞੇ ਦਿਹੁੰ, ਤੇ ਧੁੱਖਦੀ ਰੈਣ ਵੋ, ਡੂੰਘੇ ਸ਼ਾਹ ਮੁਹੰਮਦ ਦੇ ਵੈਣ ਵੋ, ਇਹ ਬਾਜ਼ ਤਿਰੇ ਦੀ ਹੂੰਗਰ ਹੈ ਦੀ ਅੱਜ ਹੋ ਗਈ ਤੇਗ ਵੀਰਾਨ ਮਿਰੀ- ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ ! ਭਰਿਆ ਮੇਲਾ ਜਾਨ ਮਿਰੀ ! ਇਹਨਾਂ ਪੀਲੇ ਪੱਤਰਾਂ ਛੁਰੀਆਂ ਬਣ ਜਾ ਢਕ ਲਏ ਮੇਰੇ ਖ਼ੂਨ ਦੇ ਰਣ ਅੱਜ ਖ਼ਾਲੀ ਰੋਹੀਆਂ ਹੋ ਗਏ ਵਣ- ਮਿਰੇ ਸੁੰਞੇ ਹੱਥ ਫ਼ਕੀਰ ਹੋਏ ਛਿਪ ਸੂਰਜ ਕੰਡ ਛੁਪਾਣ ਮਿਰੀ- ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ ! ਭਰਿਆ ਮੇਲਾ ਜਾਨ ਮਿਰੀ ! ਮੈਂਡਾ ਅੱਧ-ਵਿਚਕਾਰ ਈਮਾਨ ਵੋ, ਰੋਹ-ਭਰੀ ਬੇਅਦਬ ਅਜ਼ਾਨ ਵੋ, ਹੰਝੂ ਕੇਰਦੀ ਨਜ਼ਰ ਰਕਾਨ ਵੋ..... ਹਾਂ, ਇਹ ਵੀ ਰਾਹ ਦਰਵੇਸ਼ਾਂ ਦੇ ਅੱਜ ਤੁਰਸ਼ ਤੇ ਤੁੰਦ ਜ਼ਬਾਨ ਮਿਰੀ ! ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ ! ਭਰਿਆ ਮੇਲਾ ਜਾਨ ਮਿਰੀ ! ਮੁਰਸ਼ਦ ਵਿੰਨ੍ਹਿਆਂ ਹੱਕ ਦੀ ਚਾਂਗ ਨੇ ਮਿਹਨੇ-ਮਾਰਦੀ ਧੁੱਖਦੀ ਸਾਂਗ ਨੇ, ਤਾਰੇ ਖੜੇ ਦਰਵੇਸ਼ਾਂ ਦੇ ਵਾਂਗ ਨੇ, ਬੇਅਦਬ ਹੋਏ ਜਦ ਆਖ਼ਿਰ ਵਿਚ ਗੱਲ ਕਰਸਨ ਕਿਵੇਂ ਈਮਾਨ ਮਿਰੀ- ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ! ਭਰਿਆ ਮੇਲਾ ਜਾਨ ਮਿਰੀ। ਹੰਝੂ-ਕੇਰਦਾ ਹਰਖ ਅੱਜ ਚੁੱਪ ਹੈ ਹਰਿਆ-ਭਰਿਆ ਫ਼ਕੀਰ ਦਾ ਦੁੱਖ ਹੈ, ਕੰਧੀ ਆਖ਼ਰੀ ਹਸ਼ਰ ਦੀ ਰੁੱਖ ਹੈ, ਜਦ ਹਰਾ-ਕਚੂਰ ਹੀ ਆਖ਼ਿਰ ਹੈ ਤਦ ਲਭਦੀ ਹੁਕਮ ਅਜ਼ਾਨ ਮਿਰੀ— ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ! ਭਰਿਆ ਮੇਲਾ ਜਾਨ ਮਿਰੀ ! ਇਹ ਭਰਿਆ ਭਰਿਆ ਮੇਲਾ ਜਾਨ ਮੇਰੀ ਇਥੇ ਚਮਕੇ ਤੇਗ ਮਹਾਨ ਮਿਰੀ ਇਥੇ ਇੱਕੋ ਇਕ ਉਡਾਣ ਮਿਰੀ— ਇਥੇ ਇੱਕੋ ਇਕ ਹੈ ਅਰਜ਼ ਮਿਰੀ ਇਥੇ ਇੱਕੋ ਇਕ ਜ਼ਬਾਨ ਮਿਰੀ— ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ ! ਭਰਿਆ ਮੇਲਾ ਜਾਨ ਮਿਰੀ ! ਬੇਕਦਰ ਸ਼ਹਿਰ ਵਿਚ ਜਾਨ ਮਿਰੀ ! ਇਥੇ ਇੱਕੋ ਇਕ ਪਛਾਣ ਮਿਰੀ, ਤੱਕ ਸੂਰਤ ਵਿਚ ਘਮਸਾਨ ਮਿਰੀ, ਜਾਂ ਨਬੀ ਹੀ ਮੇਰਾ ਆਖ਼ਿਰ ਹੈ ਜਾਂ ਚੜ੍ਹੀ ਨਬੀ ਨੂੰ ਪਾਣ ਮਿਰੀ- ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ ! ਭਰਿਆ ਮੇਲਾ ਜਾਨ ਮਿਰੀ ! ਇਹ ਸ਼ਹਿਰ ਅੱਲਾ ਦੇ ਮਾਰੇ ਨੇ, ਇਹ ਦਰ-ਦਰਵਾਜ਼ੇ ਹਾਰੇ ਨੇ, ਚੁੱਪ ਫਿਰਨ ਪਏ ਵਣਜਾਰੇ ਨੇ, ਜੱਗ ਵਾਲੇ ਚੁੱਪ ਦੇ ਵਣਜ ਘਿਰੇ ਲੱਭ ਸੂਰਤ ਲੈਣ ਤੂਫ਼ਾਨ ਮਿਰੀ— ਅੱਜ ਨਵੀਉਂ ਨਵੀਂ ਪਛਾਣ ਮਿਰੀ ਤੱਕ ! ਭਰਿਆ ਮੇਲਾ ਜਾਨ ਮਿਰੀ ! ਅੱਜ ਸਿਖਰ ਦੁਪਹਿਰ ਬੇ-ਤਰਜ਼ ਕੋਈ, ਇਸ ਮੇਲੇ ਦੇ ਵਿਚ ਅਰਜ਼ ਕੋਈ, ਤੇਰੇ ਕਰਮ ਤੋਂ ਅੱਗੇ ਮਰਜ਼ ਕੋਈ, ਸਿਰ ਫ਼ੱਕਰਾਂ ਬਾਜ਼ ਪਿਆਰੇ ਦਾ ਭੁੱਖ ਬਣੇ ਪੈੜ ਘਮਸਾਨ ਮਿਰੀ— ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ ! ਭਰਿਆ ਮੇਲਾ ਜਾਨ ਮਿਰੀ ! ਸੁੰਮ ਥੰਮ੍ਹ ਖੜਾ ਅਸਮਾਨ ਨੂੰ ਤਿਰੇ ਸਰਬ ਲੋਹ ਦੇ ਤਾਣ ਨੂੰ ਕਿਸੇ ਸਿਖਰ ਦੁਪਹਿਰ ਦੇ ਵਾਣ ਨੂੰ, ਥੱਲ ਵਾਂਗ ਧਨੁਸ਼ ਦੇ ਟੁੱਟੇ ਆ ਤੇ ਮੁਰਸ਼ਦ ਨਾਲੋਂ ਤਾਨ ਮਿਰੀ— ਅੱਜ ਨਵੀਉਂ ਨਵੀਂ ਪਛਾਣ ਮਿਰੀ ਤੱਕ ! ਭਰਿਆ ਮੇਲਾ ਜਾਨ ਮਿਰੀ ! ਜੋ ਮਾਹੀ ਬਖ਼ਸ਼ੇ ਸਾਹ ਲੋਕੋ ਗਏ ਟੁੱਟ ਮੁਰੀਦ ਦੇ ਰਾਹ ਲੋਕੋ ਵਿਚ ਰਣ ਗੁਜਰਾਤ ਦੇ ਆ ਲੋਕੋ, ਉਸ ਕੜੇ ਫ਼ਰੇਬ 'ਤੇ ਕਹਿਰ ਪਵੇ ਜਿਸ ਕੋਹੀ ਉਮਰ ਜਵਾਨ ਮਿਰੀ— ਅੱਜ ਨਵੀਉਂ ਨਵੀਂ ਪਛਾਣ ਮਿਰੀ ਤੱਕ ! ਭਰਿਆ ਮੇਲਾ ਜਾਨ ਮਿਰੀ ! ਇਕ ਬੁੱਲ੍ਹੇ ਕੋਲ ਸੁਆਲ ਮਿਰਾ : “ਦੱਸ ! ਕਿਹੜਾ ਖ਼ੂਨੀ ਸਾਲ ਮਿਰਾ ? ਤੈਂ ਰਮਜ਼ ਕਿਹੋ ਜਿਹਾ ਤਾਲ ਮਿਰਾ ?” ਤੈਨੂੰ ਸ਼ਾਹ ਹੁਸੈਨਾ ਅਰਜ਼ ਕਰਾਂ ਦੇ ਵਿਛੜੀ ਜੋ ਕਿਰਪਾਨ ਮਿਰੀ - ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ ! ਭਰਿਆ ਮੇਲਾ ਜਾਨ ਮਿਰੀ ! ਮੇਰਾ ਤੱਤੀ ਤਵੀ 'ਤੇ ਸਾਹ ਬਲਿਆ, ਲੱਖ ਨਾਦ ਦੇ ਸ਼ਹਿਰ ਵਸਾ ਬਲਿਆ, ਜਿਵੇਂ ਹੁਕਮ ਦਾ ਆਖ਼ਰੀ ਤਾਅ ਬਲਿਆ, ਛੱਡ ਅੰਤਮ ਰਾਹ ਤੇ ਫ਼ੱਕਰਾਂ ਨੂੰ ਕਰ ਤੁਰ ਗਿਆ ਇਕ ਸੰਞਾਣ ਮਿਰੀ- ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ ! ਭਰਿਆ ਮੇਲਾ ਜਾਨ ਮਿਰੀ ! ਮੈਂਡੇ ਨੈਣਾਂ ਦੀ ਸ਼ਾਮ ਨੂੰ 'ਵਾਜ ਪਈ ਮੈਂਡੇ ਦਿਲ-ਕੁਹਰਾਮ ਨੂੰ 'ਵਾਜ ਪਈ ਮੈਂਡੇ ਉਹੀਓ ਹੀ ਹਾਣ ਨੂੰ 'ਵਾਜ ਪਈ, ਖੜੀ ਸਿਦਕ ਨਿਭਾਣ ਨੂੰ ਪੱਤਣਾਂ 'ਤੇ ਬੰਨ੍ਹ ਕਫ਼ਨ ਜਿੰਦ ਰਕਾਨ ਮਿਰੀ- ਅੱਜ ਨਵੀਉਂ ਨਵੀਂ ਪਛਾਣ ਮਿਰੀ, ਤੱਕ ! ਭਰਿਆ ਮੇਲਾ ਜਾਨ ਮਿਰੀ !

ਡਾਢਿਆਂ ਦੇ ਦਰਦ

ਊਠਾਂ ਵਾਲਿਆਂ ਨੂੰ ਦੇਈਂ ਨ ਮਾਏ ਜਿੰਦ ਕਰਦੇ ਦੁਖਿਆਰੀ, ਦਰਦ ਝਨਾਂ ਦੇ ਲੱਦ ਗਏ ਜਿੱਧਰ ਉਧਰੇ ਸਾਡੀ ਤਿਆਰੀ, ਚੜ੍ਹਿਆ ਤਪਦਾ ਸੂਰਜ ਸਿਰ 'ਤੇ ਜਦ ਵੀ ਉਮਰ ਸ਼ਿੰਗਾਰੀ, ਰਾਤ ਅੱਲਾ ਦੀ ਚਮਕਣ ਤਾਰੇ ਵਹਿਣ ਝਨਾਂ ਦੇ ਭਾਰੀ, ਬਾਹਵਾਂ ਵਾਲਿਆ ਆ ਮਿਲ ਛੱਡ ਕੇ ਤੇਗਾਂ ਦੀ ਸਰਦਾਰੀ, ਟਾਹਲੀਆਂ ਦੀ ਛਾਵਾਂ ਦੇ ਕੋਲੇ ਰਾਂਝਣ ਤਕਦਾ ਰਾਤ ਪਿਆਰੀ, ਦਰ ਦਰਵੇਸ਼ ਅਸਾਂ ਵੀ ਜਾਣਾ ਚੜ੍ਹ ਕੇ ਸ਼ੁਤਰ ਕੰਧਾਰੀ॥੧॥ ਊਠਾਂ ਵਾਲਿਆਂ ਨੂੰ ਦੇਈਂ ਨ ਮਾਏ ਜਾਨ ਰਹਿਮ ਬਿਨ ਮਾਰੀ, ਪੰਖ ਖੰਜਰ ਦੇ ਰਾਤਾਂ ਚੀਰਨ ਲਹੂ-ਸ਼ੂਕ ਅੰਧਿਆਰੀ, ਭੱਠ 'ਤੇ ਚਾੜ੍ਹ ਧਰਤ ਨੂੰ ਕਰਦੇ ਸ਼ੁਤਰਾਂ 'ਤੇ ਅਸਵਾਰੀ, ਜਿੰਦ ਦਾ ਬਾਜ਼ · ਮੌਤ ਹੱਥ ਦਿੰਦੇ ਪਾ ਝੱਖੜਾਂ ਨਾਲ ਯਾਰੀ, ਖਾਕੀਂ ਅੱਗ ਜ਼ਖ਼ਮ ਦੀ ਉੱਠੇ... ਸੁੰਨ ਰਹਿਮ ਦੀ ਖਾਰੀ, ਕਾਲ-ਜੀਭ ਪੈੜਾਂ ਨੇ ਕੱਢੀ ਭੁੱਖੀ ਧੂੜ ਵਿਚਾਰੀ, ਬਾਗ਼ਾਂ ਦੇ ਸੱਖਣੇ ਬਨੇਰੇ 'ਤੇ ਵੱਜੇ ਰੋਹੀਆਂ ਦੀ ਕਿਲਕਾਰੀ॥੨॥

ਅਜ਼ਾਨ

ਕਿਹੜੀ ਕੂਕ ਗਹਿਰ ਵਿਚ ਡੁੱਬੀ ਧੂੜਾਂ ਤੋੜ ਪਿਆਸੀ ? ਜੋ ਵੀ ਤੀਰ ਗਹਿਰ ਵਿਚ ਖੁੱਭਿਆ ਸੋਈ ਭਇਆ ਉਦਾਸੀ। ਸਿਖਰ ਦੁਪਹਿਰਾਂ ਲਹੂ ਕੇਰ ਕੇ ਸਾਜ ਲੈਣਗੀਆਂ ਤਾਰੇ, ਛੱਡ ਸ਼ਮਸ਼ੀਰਾਂ ਤੁਰ ਜਾਵਣਗੇ ਦਰ ਤੇਰੇ ਬਨਬਾਸੀ। ਜੋ ਅਸਮਾਨ ਤੇਰੇ ਦਰਵੇਸ਼ਾਂ ਨਜ਼ਰ ਤੇਰੀ ਲਈ ਸਾਜੇ, ਡੂੰਘੇ ਪੰਧ 'ਵਾਜ ਕੋਈ ਸੁਣਦੇ ਹੋ ਸੱਥਰਾਂ ਦੇ ਵਾਸੀ। ਸੂਲ ਸੁਰਾਹੀ ਖੰਜਰ ਚਮਕੇ ਕਟਕ ਚਾੜ੍ਹ ਸਿਰਹਾਨੇ, ਗਾਨੀ ਬੰਨ੍ਹ ਰਣਾਂ ਦੇ ਗਲ ਵਿਚ ਪਾਉਂਦੇ ਬੀਰ ਖ਼ਲਾਸੀ। ਜਦ ਅਸਮਾਨ ਖੰਜਰ ਦੇ ਸਿਖਰੀਂ ਬੂੰਦ ਪੀਣ ਲਈ ਚੜ੍ਹਿਆ, ਤੇਰੇ ਮਸਤਕ ਅਜ਼ਲ ਕਾਫ਼ਲਾ ਲਹੂ ਲੁਹਾਣ ਹੋ ਜਾਸੀ। ਗਲ ਵਿਚ ਪਾਇ ਫ਼ਜਰ ਦੀ ਗਾਨੀ ਵਿਚ ਮਜ਼ਾਰਾਂ ਭਾਉਣਾ ਹੇਕ ਨੂੰ ਤੋੜ ਰਹੀ ਵਿਚਕਾਰੋਂ ਨਾਗਾਂ ਨਾਲ ਹੁਲਾਸੀ। ਬਿਰਖ ਤੂਫ਼ਾਨਾਂ ਦੇ ਨਾਲ ਭਿੜਕੇ ਸਿੰਧ ਛਾਤੀਏਂ ਸੁੱਤੇ, ਰਾਤ ਚੀਖਦੀ ਮੁੱਠੀ ਦੇ ਵਿਚ ਬਲਦੇ ਕੋਟ ਚੁਰਾਸੀ। ਸ਼ੁਤਰ-ਸੁਆਰ ਦੀ 'ਵਾਜ ਸੁਹਾਣੀ ਫ਼ਜਰ ਵੇਲੜੇ ਉੱਠੀ, ਛਾਲੇ ਹੇਠ ਜ਼ਿਮੀਂ ਤਿਰਹਾਈ ਤਕਦੇ ਨੈਣ ਵਿਲਾਸੀ। ਹੇਠ ਸਿਰ੍ਹਾਨੇ ਜ਼ਿਮੀਂ ਵਿਲਕਦੀ ਸੱਥਰ ਵਣ ਵਣ ਵਿਛਿਆ, ਨਾਗ ਦੀ ਨਜ਼ਰ ਹਵਾ ਵਿਚ ਖੁਭਦੀ ਤਕਦੇ ਨੀਲ ਆਗਾਸੀ। ਹਵਾ ਦੇ ਲੂੰ ਲੂੰ ਦੇ ਵਿਚ ਕੁੰਡਲ ਨਾਗ ਨਪੀੜਣ ਜਿੰਦਾਂ, ਅਰਸ਼-ਨਾਭ ਤੋਂ ਤਪਦੇ ਭੱਠ ਤਕ ਲਟਕ ਰਹੀ ਇਕ ਫਾਸੀ। ਕੋਈ ਨਿਚੋੜ ਦਿਉ ਰਗ ਮੇਰੀ ਹਵਾ ਦੇ ਲੂੰ ਲੂੰ ਉੱਤੇ, ਏਸ ਜ਼ਿਮੀਂ ਨੂੰ ਮੋੜ ਦਿਉ ਕੁਝ ਹੂੰਗਰ ਚੜ੍ਹੇ ਚੌਪਾਸੀ। ਪੈੜਾਂ ਹੇਠ ਲਹੂ ਦੀ ਹੂੰਗਰ... ਨਜ਼ਰ ਸੁਹਾਣੀ ਭੇਜੋ, ਤੋੜ ਸੁੱਟੋ ਮਸਤਕ ਦੇ ਵਿੱਚੋਂ ਸੂਰਜ ਕੋਈ ਉਦਾਸੀ। ਚੀਖ਼ ਮਾਰ ਹਵਾ ਦੇ ਅੰਦਰ ਮੈਂ ਰੋਹੀਏਂ ਤੁਰ ਜਾਣਾ, ਮੋੜ ਲਵੋ ਦਰਵੇਸ਼ਾਂ ਨੂੰ ਹੁਣ ਥਲ ਦੇ ਰੰਗ ਵਿਣਾਸੀ। “ਸੁੱਟੋ ਨਜ਼ਰ ਫ਼ਜਰ ਦੇ ਆਖ਼ਿਰ" ਰੋ ਕੇ ਕਿਹਾ ਮੁਰੀਦਾਂ, “ਉਮਰ ਦੇ ਮੋੜ ਰੇਤ ਵਿਚ ਦੱਬੇ ਸੁੰਨ ਖੜੀ ਅਬਿਨਾਸੀ।”

ਬਨਬਾਸ ਦੀਆਂ ਵਾਟਾਂ

ਇਕ ਪੱਤੇ ਦੀ ਜਾਨ ਨਪੀੜੀ ਲੱਖ ਸੂਰਜਾਂ ਬਲ ਕੇ, ਡੂੰਘੀ 'ਵਾਜ ਧਸੀ ਵਿਚ ਪੌਣਾਂ ਲੱਖ ਨਦੀਆਂ ਸੰਗ ਰਲ ਕੇ। ਇਕ ਕਿਰਨ ਨੈਣ ਦੀ ਕੰਬੀ ਜਾਨ ਜ਼ਿਮੀਂ ਦੀ ਫੜ ਕੇ, ਇਕ ਕਣ ਹਰਿਆਵਲ ਦਾ ਬਲਿਆ ਭੇਦ ਗਗਨ ਦੇ ਚੜ੍ਹ ਕੇ। ਪਹਿਣ ਪੁਸ਼ਾਕ ਫ਼ਜਰ ਦੀ ਯਾਰਾਂ ਕਰੀ ਜ਼ੁਲਫ਼ ਤੇ ਲੋਇ, ਕੁਲ ਪਤਾਲ ਖ਼ੰਜਰ ਦੇ ਜਿੱਥੇ ਚੁੰਮ੍ਹ ਨਿਗਾਹ ਨੂੰ ਰੋਇ। ਤੇਜ਼ ਧਾਰ ਚਰਖ਼ ਦੀ ਫਾਸੀ ਮੁੱਠੀਏਂ ਭੱਠ ਤਪਾਣੀ, ਮਹਿੰਦੀ-ਤਲੀਆਂ ਤੋਂ ਜ਼ੁਲਫ਼ਾਂ ਤਕ ਬਨਬਾਸਾਂ ਦੇ ਪਾਣੀ। ਸ਼ਾਂਤ ਸੁਬਕ ਸਾਹਾਂ ਦੇ ਰਣ ਵਿਚ ਸਿੰਧ ਸਿਤਾਰੇ ਝੋਕੇ; ਨਦੀਆਂ ਦੇ ਘਮਸਾਨ ਹਜ਼ਾਰਾਂ ਕਤਰੇ ਦੇ ਵਿਚ ਰੋਕੇ। ਸ਼ਾਂਤ ਸੁਬਕ ਸਾਹਾਂ ਦਾ ਭਵਜਲ ਲੱਗ ਫ਼ਜਰਾਂ ਗਲ ਰੁੰਨਾ, ਨਾਭ ਦੁਆਲੇ ਚਰਖ਼ ਨੂਰਾਨੀ ਪੈੜ ਯੁਗਾਂ ਵਿਚ ਸੁੰਨਾ। ਭਵਜਲ ਖ਼ੂਨ ਗਜ਼ਬ ਵਿਚ ਗਰਜੇ ਲੋਹ-ਜੀਭਾਂ ਫੈਲਾਈਆਂ, ਇਕ ਕਤਰੇ ਦੇ ਰੁਸ ਜਾਵਨ 'ਤੇ ਹਸ਼ਰਾਂ ਰੋਵਨ ਆਈਆਂ। ਭਵਜਲ ਕਾਲਿ ਨਿਮਾਣੀ ਥਰਕਣ ਲੋਹ-ਕੋਟਾਂ ਵਿਚ ਖੋਈ, ਰੁਲ ਬਨਬਾਸ ਗਏ ਸ਼ਮਸ਼ੀਰੀਂ ਤੋੜ ਸਿਤਾਰੇ ਕੋਈ। ਚੰਨ ਦਾ ਭੇਦ ਪੰਖ ਦੀ ਛਾਵੇਂ ਸਿਰ ਬਿਰਖਾਂ ਨੇ ਜੋੜੇ, ਡੂੰਘ ਪਤਾਲ ਅਰਸ਼ ਵਿਚ ਸੁੱਟਦੇ ਡੂੰਘੇ ਪੁਲਾਂ ਨ ਮੋੜੇ। ਬਿਰਖ ਦੀ ਛਾਂ ਤਾਂ ਖੜੀ ਯੁਗਾਂ ਤੋਂ ਪੰਖ ਦੀ ਛਾਂ ਅਸਮਾਨੀ, ਤਾਰਿਆਂ ਦੀ ਛਾਂ ਤ੍ਰੇਲ ਦੇ ਸੀਨੇ ਸ਼ਮਸ਼ੀਰਾਂ ਦੀ ਗਾਨੀ। ਫੜ ਕੇ ਪੰਖ ਹਵਾ ਦੇ ਚੱਕਰ ਤੋੜ ਕਾਲ ਦੀਆਂ ਗਾਰਾਂ, ਵਗਦੇ ਪਾਣੀ ਲੱਖ ਵਗਾਏ ਮੋੜ ਖ਼ੂਨ ਦੀਆਂ ਵਾਹਰਾਂ। ਡੂੰਘੇ ਸਬਰ ਵਾਂਗ ਥੰਮ੍ਹ ਤਪਦੇ ਛਾਵਾਂ ਬਹਿ ਕੇ ਰੋਇ, ਜੋ ਦਰਵੇਸ਼ ਤੇਰੇ ਦਰ ਸੁੱਤੇ 'ਵਾਜ ਤੇਰੀ ਹੀ ਹੋਇ। ਜ਼ਿਮੀਂ ਹੋ ਭੱਠ ਕੋਟਾਨ ਸਿਖਰ ਤੋਂ ਖ਼ੂਨ-ਨੇਸ ਝਲਕਾਰੇ, ਕੁੱਲ ਹਰਿਆਵਲ ਦੇ ਸੀਨੇ 'ਤੇ ਹੱਥ ਟਿਕੇ ਦੋ ਪਿਆਰੇ।

ਰਹਿਮ

ਤੇਰੀ 'ਵਾਜ ਮਿਰੇ ਅਸਮਾਨੋ ਉਤਰੀ ਵਾਂਗ ਫ਼ਕੀਰਾਂ, ਦਰਗਾਹਾਂ ਦੇ ਪੱਤਣਾਂ ਉੱਤੇ ਤੱਕਿਆ ਭਰਿਆਂ ਨੀਰਾਂ। ਮਿਰੇ ਗੁਨਾਹ ਦੇ ਹੱਥਾਂ ਨੂੰ ਤੱਕ ਅਰਜ਼ ਤੇਰੀ ਇਕ ਆਈ, ਘੁੱਟੇ ਸ਼ਹੁ ਦਰਿਆ ਦੇ ਪਾਣੀ ਕਿਸੇ ਚੀਖ ਤਿਰਹਾਈ। ਡੂੰਘੀ ਸੰਞ ਅੰਬਾਂ ਦੀ ਛਾਵੇਂ ਡੰਗ ਜ਼ਿਮੀਂ ਦੇ ਰੁੰਨੇ, ਹਰਿਆ ਰੰਗ ਜ਼ਿਮੀਂ ਦਾ ਸਾਰਾ ਨੈਣ ਤਕੇਂਦਾ ਸੁੰਨੇ। ਸੰਞ ਨੇ ਜਾਨ ਫੜੀ ਜਦ ਮੇਰੀ ਬਾਜ਼ਾਂ ਅਉਧ ਰੁਲਾਣੀ, ਨੈਣਾਂ ਮਿਹਰ ਨਾਲ ਕੁਝ ਤੱਕਿਆ ਪੈਰ ਵਗੇ ਬਣ ਪਾਣੀ। ਸ਼ਾਹ ਰਗ ਨਾਲ ਕਾਲ ਦੇ ਲਾ ਕੇ ਜ਼ਿਮੀਂ ਸਬਰ ਵੰਗਾਰੇ, ਰੁੰਗ ਵਿਚ ਹੌਲ ਪਵੇ ਆ ਕਿਧਰੋਂ ਰਿੰਮ ਝਿੰਮ ਤਖ਼ਤ ਹਜ਼ਾਰੇ। ਝਿੰਮ ਝਿੰਮ ਹੌਲ ਕਿਰੇ ਅੰਬਰ ਤੋਂ ਚੜੇ ਗਹਿਰ ਰੋਹ ਭਾਰੇ, ਬਨਬਾਸੀ ਬਿਰਖਾਂ ਦੇ ਰੋਸੇ ਦਰਵੇਸ਼ਾਂ ਦੇ ਦੁਆਰੇ। ਦਿਲ ਦਾ ਸੇਕ ਧਰਤ ਦੀ ਰਗ ਵਿਚ ਲਾਲ ਥੰਮ੍ਹ ਹੋ ਖੜਿਆ, ਲਰਜ਼ਾ ਮੇਲ੍ਹ ਰਿਹਾ ਧਰ-ਵਿਹੜੇ ਤੋੜ ਬਿਰਖ ਕੋਈ ਹਰਿਆ। ਜਦੋਂ ਤਿਹਾਈ ਖ਼ਾਕ ਨੇ ਘੁੱਟੀ ਅੰਗ ਤਿਰੇ ਦੀ ਲੋਏ, ਵਿਚ ਮਜ਼ਾਰਾਂ 'ਵਾਜ ਸੁਣੀ ਇਕ ਸ਼ੁਤਰ-ਸੁਆਰ ਖਲੋਏ। ਜਦੋਂ ਜ਼ਖ਼ਮ ਦੀ ਆਖ਼ਿਰ ਲੱਥੀ ਫ਼ਜਰ ਕੂੰਜ ਜਿਉਂ ਮੋਈ, ਮਾਰੀ ਸੱਦ ਕਿਸੇ ਨੇ ਦੂਰੋਂ ਚੋਗ ਚੁਗਣ ਲਈ ਕੋਈ

ਈਮਾਨ ਦਾ ਸਫ਼ਰ

ਸਜ ਚੜ੍ਹਣਾ ਅਜੇ ਈਮਾਨ ਮਿਰਾ, ਇਹ ਰੋਹ ਤਾਂ ਅਜੇ ਮਿਆਨ ਮਿਰਾ। ਇਸ ਹਰਫ਼ 'ਚ ਤੜਫੇ ਜਾਨ ਕੋਈ, ਮਿਰੀ ਤਲੀਆਂ ਹੇਠ ਅਜ਼ਾਨ ਕੋਈ, ਨ ਦਿਸਦਾ ਸ਼ਹਿਰ ਮਕਾਨ ਕੋਈ, ਤੱਕ ਖ਼ਾਨਗਾਹਾਂ ਤੇ ਮੇਲੇ ਸੈ ਰਣ ਖੇਡੇ ਸ਼ੌਕ ਨਾਦਾਨ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਕਿਸੇ ਤੰਦ ਬਾਰੀਕ ਦਾ ਝਉਲਾ ਹੈ ਕੁਝ ਹੈ ਜਾਂ ਨਹੀਂ ਦਾ ਰੌਲਾ ਹੈ ਇਹ ਰਾਹ ਦੁਸ਼ਵਾਰ ਜਾਂ ਹੌਲਾ ਹੈ, ਜਾਂ ਹੁਕਮ ਮਿਰੇ ਦਾ ਪਹਿਰ ਅਜੇ ਜਾਂ ਹੋਇਆ ਸ਼ਹਿਰ ਵੀਰਾਨ ਮਿਰਾ, ਸਜ ਚੜ੍ਹਣਾ ਅਜੇ ਈਮਾਨ ਮਿਰਾ। ਵਿਕਰਾਲ ਸਭਾ ਦੇ ਦਰ ਕੁੱਤਾ ਬੇ-ਮੁੱਖ, ਬੇ-ਦੀਨ ਜਾਂ ਬੇ-ਰੁੱਤਾ, ਜਾਂ ਤੇਗ ਦੀ ਧਾਰ 'ਚ ਮੈਂ ਸੁੱਤਾ, ਹੈ ਸ਼ਕਲ ਪਾਸ਼ਵੀ ਨੂਰੀ ਜਾਂ ਤਨ ਸਾਬਤ ਸੂਰ ਸਮਾਨ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਜਾਂ ਆਇਆ ਸਿਖਰ ਫ਼ਕੀਰੀ ਹੈ... ਜਾਂ ਕੁਝ ਨਹੀਂ ਵਿਚ ਅਮੀਰੀ ਹੈ... ਜਾਂ ਇਹ ਕਲਬੂਤ ਅਖ਼ੀਰੀ ਹੈ... ਮੈਨੂੰ ਰਾਹ ਅਵੱਲਿਉਂ ਮੋੜਨ ਲਈ ਧਾਹ ਚੜ੍ਹਿਆ ਲਸ਼ਕਰ ਜਾਣ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਦੱਸ, ਰੁਤਬਾ ਰੂਹ ਦਾ ਨੂਰ ਹਈ ? ਦੱਸ, ਬੁੱਤ ਮੈਂਡਾ ਮਨਜ਼ੂਰ ਹਈ ? ਜਾਂ ਬਾਕੀ ਅਜੇ ਕਸੂਰ ਹਈ ? ਜਾਂ ਰਾਸ ਫ਼ਕੀਰੀ ਨਹੀਂ ਆਈ ਇਸ ਪਰਦੇ ਬਾਹਰ ਨ ਹਾਣ ਮਿਰਾ ? ਸਜ ਚੜ੍ਹਣਾ ਅਜੇ ਈਮਾਨ ਮਿਰਾ। ਬੇਕਿਰਕ ਕੌਲ ਵਿਚ ਜਾਨ ਫਿਰੇ ‘ਕੁਝ ਨਹੀਂ' ਵਿਚ ਸੁੱਕ ਜ਼ਬਾਨ ਫਿਰੇ ‘ਕੁਝ ਹੈ' ਵਿਚ ਥੱਕ ਈਮਾਨ ਫਿਰੇ ਜਾਂ ਮਿਹਰ ਗੁਰਾਂ ਦੀ ਸਾਡੇ 'ਤੇ ਜਾਂ ਹੋਣਾ ਅਜੇ ਬਿਆਨ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਮੈਂ ਕਿਰਤ ਕਰਾਂ ਜਾਂ ਸਿਹਰ ਕਰਾਂ ਜਾਂ ਤਕੀਏ ਬੈਠਾ ਮਿਹਰ ਕਰਾਂ ਜਾਂ ਭੈਅ ਵਿਚ ਉੱਚੀ ਭਿਹਰ ਕਰਾਂ, ਕੋਈ ਲਾ-ਮਕਾਨੀ ਬਾਕੀ ਹੈ ਜੋ ਚੁੱਕਦਾਂ ਕਦਮ ਭਿਆਨ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਧਰ-ਨਾਭ ਦੀ ਖ਼ਾਕ, ਮਨੂਰ ਵੀ ਹੈ। ਕੋਈ ਬਾਂਝ ਇਕੱਲ, ਫਤੂਰ ਵੀ ਹੈ। ਬੇ-ਨੇਮ ਤੇਗ, ਦਸਤੂਰ ਵੀ ਹੈ। ਇਹ ਇਕ ਵਜੂਦ ਦੀ ਕੈਦ ਨਹੀਂ ਰਾਹ ਤੋੜ ਅਸੰਖਾਂ ਜਾਣ ਮਿਰਾ- ਸਜ ਚੜ੍ਹਣਾ ਅਜੇ ਈਮਾਨ ਮਿਰਾ। ਕਿਤੇ ਡਿੱਗੇ ਖੰਭ, ਤੇ ਵਾਗ ਕਿਤੇ ਸੌਂ ਗਏ ਮੁਸਾਫ਼ਰ, ਜਾਗ ਕਿਤੇ ਬੇ-ਅੰਤ ਚਿਰਾਂ ਦੀ ਨਾਭ ਕਿਤੇ, ਮੈਂ ਮਸਤਕ ਹੁਕਮ-ਅਦੂਲੀ ਹੈ ਜਾਂ ਅਦਲੋਂ ਪਰੇ ਜਹਾਨ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ‘ਕੁਝ ਨਹੀਂ’ ਹੀ ਅੱਜ ਨਿਗਾਹ ਹੋਇਆ, ਵਿਚ ਵਾਲ ਕੱਠਾ ਦਰਿਆ ਹੋਇਆ, ਲੱਖ ਪੁਰੀਆਂ ਟੁੱਟ ਇਕ ਸਾਹ ਹੋਇਆ, ਕਿਤੇ ਗੁੰਮ-ਹਨ੍ਹੇਰ 'ਚ ਖੰਭ ਕਿਰੇ ਕੋਈ ਹੁਣ ਵੀ ਕਰੇ ਗੁਮਾਨ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਵਿਚ ਅੱਖਰਾਂ 'ਵਾਜ ਸਮੁੰਦ ਹੋਈ ਚੜ੍ਹ ਅਨਲਹੱਕ 'ਤੇ ਤੁੰਦ ਹੋਈ ਕਦੇ ਜਾ ਮਨਸੂਰ ਦਾ ਘੁੰਡ ਹੋਈ, ਹੋ ਜ਼ਾਮਨ ਮਿਰੇ ਜੱਲਾਦ ਖੜੇ ਜਦ ਤੇਗ ਖੜੀ ਫ਼ੁਰਮਾਨ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਹਾਂ, ਵਾਲ ਉੱਤੇ ਮਨਸੂਰ ਖੜਾ, ਕੋਈ ਪੁਰਸਲਾਤ 'ਤੇ ਪੂਰ ਖੜਾ ਕਿਤੇ ਨਾਭ ਪਤਾਲ ਤੋਂ ਦੂਰ ਖੜਾ, ਅੱਜ ਦੂਰ ਅਗੰਮ ਤੋਂ ਹੇਕ ਕੋਈ ਪਈ ਰੁਮਕੇ, ਕੰਬਦਾ ਵਾਣ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਹਾਂ, ਬਾਤ ਲਿਖੀ ਇਕ ਮੇਟ ਲਈ, ਸੱਜ ਚੜ੍ਹਿਆ ਲਸ਼ਕਰ, ਭੇਟ ਲਈ ! ਇਕ ਅੱਖਰ ਜਾਨ ਲਪੇਟ ਲਈ, ਸੁਣ ਰੁੰਗ ਢੋਲ ਦੀ ਹੌਲ ਪਵੇ ਕੰਨ ਕੀੜੀ ਧਮਕੇ ਤਾਣ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਨੈਂ ਵਾਂਗਰ ਦੂਰ ਘੰਗੋਰਾਂ ਨੇ ਵਿਚ ਪੁਰਸਲਾਤ ਦੀਆਂ ਡੋਰਾਂ ਨੇ, ਕਿਤੇ ਹੇਕ ਸੁਣੇ ਕਿਤੇ ਗੋਰਾਂ ਨੇ, ਇਹ ਸ਼ਾਮ ਆਖ਼ਰੀ ਹੂੰਗਰ ਦੀ ਤੱਕ ਜ਼ਖ਼ਮ ਮਿਰਾ, ਅਹਿਸਾਨ ਮਿਰਾ ! ਸਜ ਚੜ੍ਹਣਾ ਅਜੇ ਈਮਾਨ ਮਿਰਾ ! ਕਿਸ ਜ਼ਾਮਨ ਖੇਡ ਖਿਡਾਈ ਨੇ ? ਚੁੱਪ ਪੁਰਸਲਾਤ ਦੇ ਰਾਹੀ ਨੇ ! ਇਕ ਪੱਤ ਨੇ ਪਲਕ ਉਠਾਈ ਨੇ, ਚੁੱਪ ਰਾਹ ਗੁਜਰਾਤ ਦੇ ਵੱਸਦੀ ਹੈ ਪਿਆ ਰੋਂਦਾ, ਕੌਲ ਹੈਰਾਨ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਤੰਦ ਟੁੱਟੀ ਹੈ, ਕੁਰਲਾਟ ਅਜੇ ! ਗੱਲ ਮੁੱਕੀ, ਉਸ ਦੀ ਵਾਟ ਅਜੇ ! ਜੋ ਰਿਹਾ ਨਾਂਹ, ਉਸਦਾ ਘਾਟ ਅਜੇ। ਜੋ ਬਾਜ਼ ਸਿਖਰ 'ਤੇ ਉਡਦਾ ਸੀ ਉਸ ਸਿਖਰ 'ਤੇ ਅਜੇ ਨਿਸ਼ਾਨ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਵਿਚ ਗ੍ਰੰਥ-ਕਤੇਬਾਂ ਗ਼ੈਬ ਮਿਰੇ, ਹਨ ਖੜੇ ਅਦਨ ਵਿਚ ਐਬ ਮਿਰੇ, ਲੱਖ ਨਸ਼ੇ ਪਾਕ ਬੇ-ਐਬ ਮਿਰੇ, ਚੜ੍ਹ ਅਟਕ ਰਹੇ, ਨ ਥੰਮ੍ਹ ਸੱਕੇ ਉਸ ਵਾਂਗ ਵੱਸੇ ਅਰਮਾਨ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਸ਼ਾਹ ਰਗ ਫ਼ਰਿਆਦ ਦੀ ਮੁੜੇ ਨਹੀਂ, ਖੰਭ ਰੱਤ ਜਿਉਂ ਟਪਕੇ, ਜੁੜੇ ਨਹੀਂ, ਬੇ-ਤਾਬ ਸ਼ਰਾ ਅੱਜ ਮੁੜੇ ਨਹੀਂ, ਥਲ ਵਾਗ ਫੜੇ ਪਰ ਉੜੇ ਨਹੀਂ, ਲੋਹ-ਸਾਰ ਦੇ ਕੜੇ 'ਚ ਬੰਦ ਪਿਆ ਬੇ-ਅਟਕ ਨੇ ਥੰਮ੍ਹਿਆ ਨਾਮ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਜਾ ਮੱਲਿਆ ਰੂਹ ਕਲਬੂਤ ਜਦੋਂ ਇਕ ਨੁਕਤਾ ਹੋਇਆ ਸੂਤ ਜਦੋਂ ਬਣ ਨਾਥ ਬਲੀ ਅਵਧੂਤ ਜਦੋਂ, ਰੱਖ ਜ਼ਾਮਨ ਬਿਰਖ ਨੂੰ ਕੋਲ ਮਿਰੇ ਆ ਚੜ੍ਹਿਆ ਸ਼ਾਹਦ ਕਮਾਨ ਮਿਰਾ— ਸਜ ਚੜ੍ਹਣਾ ਅਜੇ ਈਮਾਨ ਮਿਰਾ। ਸਜ ਚੜ੍ਹਣਾ ਅਜੇ ਈਮਾਨ ਮਿਰਾ... ਇਹ ਰੋਹ ਤਾਂ ਅਜੇ ਮਿਆਨ ਮਿਰਾ...।

ਚਾਵਾਂ ਦੀ ਰੁੱਤ

ਤੇਰੇ ਬਾਗ਼ 'ਚ ਨਾਲ ਸਹੇਲੀਆਂ, ਮੈਂ ਖੇਡਣ ਜਾਵਾਂ, ਮੇਰੀ ਕਮਲੀ ਜਿੰਦ ਰਕਾਨ ਵੇ, ਪਈ ਲੱਭਦੀ ਛਾਵਾਂ। ਮੈਨੂੰ ਹਰੇ-ਕਚੂਰ ਹੋ ਵੇਖਿਆ ਮੇਰੀ ਉਮਰ ਦੇ ਰੁੱਖਾਂ, ਮੇਰੇ ਲੰਮੇ ਕੇਸ ਸੁਹਾਣ ਵੇ ਵਿਚ ਖੁੱਲ੍ਹੀਆਂ ਧੁੱਪਾਂ, ਮੈਨੂੰ ਲੰਮੀਆਂ 'ਵਾਜਾਂ ਮਾਰੀਆਂ, ਚੜ੍ਹ ਸ਼ਹੁ ਦਰਿਆਵਾਂ, ਤੇਰੇ ਬਾਗ਼ 'ਚ ਨਾਲ ਸਹੇਲੀਆਂ, ਮੈਂ ਖੇਡਣ ਜਾਵਾਂ। ਮੇਰੇ ਬਾਂਕੇ ਨੈਣ ਸੰਞਾਣ ਲਏ ਇਹਨਾਂ ਸੁੰਨੀਆਂ ਰੋਹੀਆਂ, ਮੇਰੇ ਨਾਲ ਉਡਣ ਲਈ ਦੂਰ ਤੋਂ ਦੋ ਕੂੰਜਾਂ ਹੋਈਆਂ, ਮੈਨੂੰ ਮੁੜ ਮੁੜ ਖੇਡ ਖਿਡਾਣ ਵੇ, ਉੱਠ ਜੁੱਤੀਆਂ ਰਾਹਵਾਂ, ਤੇਰੇ ਬਾਗ਼ 'ਚ ਨਾਲ ਸਹੇਲੀਆਂ, ਮੈਂ ਖੇਡਣ ਜਾਵਾਂ। ਮੇਰੇ ਮੱਥੇ 'ਤੇ ਆ ਲੱਗੀਆਂ ਕਿਤੋਂ ਠੰਡੀਆਂ ਭੂਰਾਂ, ਮੇਰੇ ਸਭ ਰਾਹਾਂ ਨੂੰ ਘੇਰਿਆ ਰੁੱਖ ਹਰੇ ਕਚੂਰਾਂ, ਮੈਨੂੰ ਮਿਲੀਆਂ ਆ ਕੇ ਦੂਰ ਤੋਂ, ਅੰਞਾਣ ਹਵਾਵਾਂ, ਤੇਰੇ ਬਾਗ਼ 'ਚ ਨਾਲ ਸਹੇਲੀਆਂ, ਮੈਂ ਖੇਡਣ ਜਾਵਾਂ। ਮੈਂ 'ਕੱਲੀ ਜਿੰਦੜੀ ਸਮੇਂ ਤੋਂ ਬਸ ਆਪ ਸੁਹਾਵਾਂ, ਮੇਰਾ ਚੜ੍ਹਿਆ ਜੋਬਨੁ ਥੰਮ੍ਹਿਆ ਹਿੱਕ ਡਾਹ ਦਰਿਆਵਾਂ, ਮੈਂ ਟੁਕੜੇ ਹੋਏ ਚੰਨ ਦੀ, ਬਹਿ ਖ਼ੈਰ ਮਨਾਵਾਂ, ਤੇਰੇ ਬਾਗ਼ 'ਚ ਨਾਲ ਸਹੇਲੀਆਂ, ਮੈਂ ਖੇਡਣ ਜਾਵਾਂ। ਸ਼ਾਹ ਪਲਕਾਂ ਤੱਕ ਕੇ ਉਤਰੀਆਂ ਮਨ ਭਰ ਭਰ ਕੂੰਜਾਂ, ਉਹ ਦੂਰ-ਦੁਰਾਡੇ ਸਰਾਂ ਵਿਚ ਕਿਤੋਂ ਡਿੱਗੀਆਂ ਬੂੰਦਾਂ, ਮੈਨੂੰ ਵੇਖਣ ਪਏ ਫ਼ਕੀਰ ਵੇ, ਵਿਚ ਉਮਰ ਦੇ ਚਾਵਾਂ, ਤੇਰੇ ਬਾਗ਼ 'ਚ ਨਾਲ ਸਹੇਲੀਆਂ, ਮੈਂ ਖੇਡਣ ਜਾਵਾਂ। ਮੈਨੂੰ ਸੌਣ ਨ ਦਿੰਦੀਆਂ ਪੱਤਣਾਂ ਦੀਆਂ ਹਰੀਆਂ ਬਾਹਵਾਂ, ਮੈਂ ਸਾਵਨ ਵਾਂਗੂੰ ਹੱਲ ਕੇ ਪਈ ਆਪ ਜਗਾਵਾਂ, ਮਨ ਰੁੱਸਿਆ ਦੀਵੇ ਬਾਲ ਕੇ, ਮੈਂ ਖੜੀ ਮਨਾਵਾਂ, ਤੇਰੇ ਬਾਗ਼ 'ਚ ਨਾਲ ਸਹੇਲੀਆਂ, ਮੈਂ ਖੇਡਣ ਜਾਵਾਂ। ਮੇਰੇ ਪੈਰਾਂ ਦੇ ਵਿਚ ਵੱਗਦੇ ਕਿਸੇ ਹਸ਼ਰ ਦੇ ਪਾਣੀ, ਮੇਰਾ ਦਾਮਨ ਛੂਹ ਕੇ ਉੱਡਦੀ ਕੋਈ ਸੰਞ ਸੁਹਾਣੀ, ਮੇਰੇ ਹੱਥੀਂ ਬਹਿ ਕੇ ਕੀਤੀਆਂ, ਕਿਸੇ ਈਦ ਦੁਆਵਾਂ, ਤੇਰੇ ਬਾਗ਼ 'ਚ ਨਾਲ ਸਹੇਲੀਆਂ, ਮੈਂ ਖੇਡਣ ਜਾਵਾਂ। ਮੇਰੀ ਕਮਲੀ ਜਿੰਦ ਰਕਾਨ ਵੇ, ਪਈ ਲੱਭਦੀ ਛਾਵਾਂ, ਤੇਰੇ ਬਾਗ਼ 'ਚ ਨਾਲ ਸਹੇਲੀਆਂ... ... ... ।

ਰਾਹ ਜਾਂਦੇ ਫ਼ਕੀਰ ਨੂੰ ਇਕ ਮਸਤ ਪੰਜਾਬਣ ਦੇ ਵਲਵਲੇ

[ਕਾਫ਼ੀਆਂ ਦਾ ਰੰਗ] (1) ਨਹਿਰਾਂ ਨਿੱਕੀਆਂ ਨੇ, ਲਗਦੀਆਂ ਲੰਮੀਆਂ ਵੋ। ਮੈਂਡੇ ਆਂਗਣ 'ਚ ਝੁੰਮਰ ਤੇ ਸੰਮੀਆਂ ਵੋ। ਇਸ ਸ਼ਹੁ ਦਾ ਭੇਦ ਬੇਗਾਨਾ ਨਹੀਂ, ਗੱਲ ਕੀਤੀ ਝੱਖੜੀਂ ਕੰਮੀਆਂ ਵੋ। ਤੇਰੇ ਬਾਗ਼ੀ ਰਸਣ ਮੁਸੰਮੀਆਂ ਵੋ। ਚੁੱਕੀਂ ਪਲਕਾਂ ਮਧੁਰ ਸੁਵੰਨੀਆਂ ਵੋ। ਓਵੇਂ ਸ਼ੁਤਰ ਤੇਰੇ ਦਰਵੇਸ਼ ਹੋਏ, ਓਵੇਂ ਵਾਟਾਂ ਤਿੱਖੀਆਂ ਖੰਨੀਆਂ ਵੋ। ਤੂੰ ਵਾਟ ਮੈਂਡੀ ਦਾ ਜ਼ਾਮਨ ਹੈਂ, ਹੱਭੋ ਗੱਲੀਂ ਮੈਂ ਤੈਂਡੀਆਂ ਮੰਨੀਆਂ ਵੋ। ਉਸ ਰਣ ਵਿਚ ਮੇਰੀ 'ਵਾਜ ਹਈ, ਉਸ ਧੂੜ 'ਤੇ ਅੱਖੀਆਂ ਜੰਮੀਆਂ ਵੋ। ਮੈਂਡੇ ਆਂਗਣ ਫ਼ਕੀਰਾਂ ਦਾ ਯੁਮਨ ਓਈ, ਆ ਝੱਖੜਾਂ ਬਾਹੀਂ ਭੰਨੀਆਂ ਵੋ। ਸ਼ਹੁ ਭਰਿਆ, ਕੁਸੰਭੜਾ ਸਿਖਰ ਭਖੇ, ਪੈਰੀਂ ਬੈਠ ਧਮਾਲਾਂ ਨੇ ਬੰਨ੍ਹੀਆਂ ਵੋ। ਪਈ ਪਲਕ ਥਲਾਂ ਦੀ ਅੱਗ ਸੁੱਟੇ, ਛਾਵਾਂ ਘਣੀਆਂ ਦੇ ਹੇਠਾਂ ਨੇ ਚੰਨੀਆਂ ਵੋ। ਸਿਰ ਗੁੰਬਦ ਬਿਨ ਪਰਛਾਵੇਂ ਦੇ, ਉੱਤੇ ਕਾਲ ਦੀ ਖੋਪਰੀ ਥੰਮ੍ਹੀਆਂ ਵੋ। ਉੱਠੀ ਹੇਕ ਕੁਹਾਰਾਂ ਦੀ ਡੁੱਬ ਮੋਈ, ਕੁੜੇ ਸਾਂਭ ਥਲਾਂ ਦੀਆਂ ਕੰਨੀਆਂ ਵੋ। ਓਵੇਂ ਉਡਦਾ ਤੇਰਾ ਬਾਜ਼ ਪਿਆ, ਓਵੇਂ ਯਾਦ ਕਰੇਂਦੀਆਂ ਧੰਮੀਆਂ ਵੋ। ਬੇਸ਼ਕ ठे ਪੱਤਣੀਂ ਸ਼ੀਂਹ ਸੁੱਤੇ, ਓਵੇਂ ਦੀਵੇ ਜਗਦੇ ਬੰਨੀਆਂ ਵੋ। (2) ਇੱਕੋ ਰਮਜ਼, ਤੇ ਗੱਲਾਂ ਕਿੰਨੀਆਂ ਵੋ। ਦਰ ਉਹੀਓ ਜਦੋਂ ਦੀ ਵਿੰਨ੍ਹੀਆਂ ਵੋ। ਓਨੀ ਮਲਕ1 ਦੇ ਤਖ਼ਤਾਂ 'ਤੇ ਰਾਖ ਪਈ, ਤੇਗਾਂ ਚੁੰਮੀਆਂ ਫ਼ਕੀਰਾਂ ਨੇ ਜਿੰਨੀਆਂ ਵੋ। ਧੂਹ ਲਰਜ਼ੇ ਦੇ ਵਿਹੜੇ 'ਚੋਂ ਅਣੀਆਂ ਦੋ ਕਿਸੇ ਜਿਗਰ ਮੇਰੇ ਵਲ ਸਿੰਨ੍ਹੀਆਂ ਵੋ। ਕੋਈ ਕੱਪਰ ਲਹੂ ਭਿਆਨ ਦਿਸੇ, ਸਾਨੂੰ ਪੈੜਾਂ ਦਿਸਣ ਦੋ ਭਿੰਨੀਆਂ ਵੋ। ਚੁੱਪ ਰਹਿ ਤੂੰ ਬੋਲ ਨ ਬਿਰਖਾਂ ਨੂੰ, ਬਸ ਗੱਲਾਂ ਨੇ ਓਨੀਆਂ ਜਿੰਨੀਆਂ ਵੋ। ਐਵੇਂ ਮਾਰ ਨ 'ਵਾਜ ਫ਼ਕੀਰਾਂ ਨੂੰ, ਛਾਵਾਂ ਲੰਮੀਆਂ ਅਸਾਂ ਨੇ ਪਿੰਘਿੰਨੀਆਂ ਵੋ। ਇਹ ਘੁੰਮਨਘੇਰ ਹਸ਼ਰ ਦੀ ਹੈ, ਮੈਂ ਨਾਲ ਪਲਕ ਦੇ ਵਿੰਨ੍ਹੀਆਂ ਵੋ। ਨਾਲੇ ਰਾਹ ਅਸਰਾਰਾਂ ਦੇ ਦਸਦੇ ਰਹੇ, ਨਾਲੇ ਬਹਿ ਮੁਰਗਾਬੀਆਂ ਰਿੰਨ੍ਹੀਆਂ ਵੋ। 1. ਮਲਕ = ਮਲਕੁਲ ਮੌਤ। (3) ਗੱਲਾਂ ਦਰਦ ਦੀਆਂ ਅੱਜ ਗਿਣੀਆਂ ਵੋ, ਡੂੰਘਾਂ ਸ਼ਹੁ ਦਰਿਆਵਾਂ ਨੇ ਮਿਣੀਆਂ ਵੋ। ਕਿਉਂ ਨੀਂਦ 'ਚ ਫ਼ਜਰ ਮੁਰੀਦਾਂ ਦੀ, ਕਿਉਂ ਤੀਰ ਦਗੇ ਹੱਥ ਕਿਣੀਆਂ ਵੋ ? “ਕਿਉਂ ਜ਼ਾਤ ਅੱਲਾ ਦੀ ਆਖ਼ਿਰ 'ਤੇ ?'' ਗੱਲ ਸੁਣੀਂ ਸ਼ਰਾ ਦੇ ਰਿਣੀਆਂ ਵੋ। ਝੁੰਡ ਬਿਰਖੀਂ 'ਵਾਜ ਮੁਹੱਬਤਾਂ ਦੀ, ਥੰਮ੍ਹ ਭਖਦੇ, ਨੀਹਾਂ ਚਿਣੀਆਂ ਵੋ। ਉਹ ਰਾਤ ਕਹਿਰ ਦੀ ਸਰਸਾ 'ਤੇ, ਕੋਈ ਬਾਜ਼ ਉੱਡੇ ਵਿਚ ਕਿਣੀਆਂ ਵੋ। (4) ਮੈਂ ਡਾਢੀਆਂ ਬਾਹੀਂ ਘੁੱਟੀਆਂ ਵੋ, ਸੁੱਤੀ ਸਿਖਰ ਦੁਪਹਿਰਾਂ ਨੂੰ ਉੱਠੀਆਂ ਵੋ। ਹਾਂ, ਬਾਕੀ ਅਜੇ ਜਨੂੰਨ ਕਿਤੇ, ਜਿੰਦ ਜਾਨ ਸਾਰੀ ਹੀ ਲੁੱਟੀਆਂ ਵੋ। ਉਹ ਤਕਦਾ ਪਿਆ ਧਮਾਲ ਮਿਰੀ, ਘੁੰਡ ਕੱਢ ਮਾਹੀ ਨਾਲ ਰੁੱਠੀਆਂ ਵੋ। ਪਿਆ ਸਿਖਰ ਮੁਲਕ ਦਾ ਢੋਲ ਸੁਣੇ, ਫੁੱਲ ਚੁੱਕ ਮਾਹੀ ਦਾ ਸੁੱਤੀਆਂ ਵੋ। ਵਿਚ ਚਾਰ ਜੁਗਾਂ ਦੇ ਹੌਲ ਘਿਰੀ, ਅੱਜ ਲਸ਼ਕਰ ਵਸਲ ਦੇ ਕੁੱਠੀਆਂ ਵੋ। ਕੋਈ ਨਾਦ ਭਿਆਨ ਵਰੋਲਾ ਹੈ, ਚੱਕ ਧਰ 'ਤੇ ਧੂੜਾਂ ਪੁਠੀਆਂ ਵੋ। ਹਨ ਸੁਖਨ ਅੱਲਾ ਦੇ ਨਾਲ ਮੇਰੇ, ਤੇਰੇ ਰਾਹ ਦੁਸ਼ਵਾਰ ਨ ਹੁੱਟੀਆਂ ਵੋ। ਪਏ ਵਰਜੋ, ਮੁੜਾਂ ਨ ਪੁੱਠੀਆਂ ਵੋ। ਗੱਲਾਂ ਜਾਨ ਮੇਰੀ 'ਤੇ ਟੁੱਟੀਆਂ ਵੋ । ਇਹ ਹਿਜਰ ਤੇਰਾ ਤੇ ਬੋਲ ਮੇਰਾ, ਸਾਂਝਾਂ ਹੁੱਲ ਪੱਤਿਆਂ ਜਿਉਂ ਉੱਠੀਆਂ ਵੋ। ਇਹ ਕੌਲ ਮੇਰੇ ਦਰਿਆਵਾਂ ਦੇ, ਘੁੱਟ ਜਲ ਬਲ ਸਾਂਭੇ ਮੁੱਠੀਆਂ ਵੋ। ਹਿੱਕੋ ਬੋਲ ਤੁਹਾਡਾ ਜ਼ਾਮਨ ਹਈ, ਭਾਵੇਂ ਜੁਗ ਜੁਗ ਪੈਣ ਤਰੁੱਟੀਆਂ ਵੋ। (5) ਫੁੱਲ ਤੋੜ ਸ਼ਰਾ ਤੇ ਹੱਸੀਆਂ ਵੋ, ਗੱਲਾਂ ਕੰਨ ਵਿਚ ਨਬੀ ਨੂੰ ਦੱਸੀਆਂ ਵੋ। ਇਹ ਉਮਰ ਕਸੁੰਭੇ ਦਾ ਫੁੱਲ ਦਸਦੇ, ਤਾੜੀ ਮਾਰ ਨਬੀ ਤੇ ਹੱਸੀਆਂ । ਬੂਹਾ ਛੋਡ ਅੱਲਾ ਦਾ ਨੱਸੀਆਂ ਵੋ ! ਗੱਲਾਂ ਮੁੜ ਵਤਨਾਂ ਦੀਆਂ ਰੱਸੀਆਂ ਵੋ ! ਇਕ ਕੋਲ ਜਨੂੰਨ ਥਲਾਂ ਦਾ ਹੈ, ਇਕ ਰੰਗ ਕਸੁੰਭੇ ਦੇ ਡੱਸੀਆਂ ਵੋ। ਹਾਂ ! ਤੁਸੀਂ ਫ਼ਕੀਰ ਦੁਨੀ ਦੇ ਹੋ, ਮੈਂ ਬਾਂਹ ਡਾਢੀ ਨੇ ਕੱਸੀਆਂ ਵੋ। ਮੈਨੂੰ ਵਰਜਨ ਵਾਲੇ ਵਰਜ ਰਹੇ, ਤੇਰੇ ਬਾਗ਼ ਸੁਹਾਣੇ 'ਚ ਫੱਸੀਆਂ ਵੋ।

ਇਕਰਾਰ

ਮਿਰਾ ਨਾਲ ਜ਼ਿਮੀਂ ਦੇ ਕੌਲ ਕੋਈ ! ਗੱਲ ਦੱਸਨਾ, ਪੈਂਦਾ ਹੌਲ ਕੋਈ ! ਇਸ ਰੁੱਖ ਨਾਲ ਮਲਕ ਜਨਾਬ ਮਿਰਾ, ਇਸ ਪੱਤ ਨਾਲ ਕੋਈ ਹਿਸਾਬ ਮਿਰਾ, ਹੈ ਬਾਕੀ ਅਜੇ ਜੁਆਬ ਮਿਰਾ! ਪਿਆ ਅੰਤ-ਕਿਨਾਰੇ ਮਉਲ ਕੋਈ, ਮਿਰਾ ਨਾਲ ਜ਼ਿਮੀਂ ਦੇ ਕੌਲ ਕੋਈ। ਬੇਅੰਤ ਆਕਰਖ ਭਿਆਨ ਹਈ ਲੈ ਚੱਲਿਆ, ਨਿਕਲੀ ਜਾਨ ਹਈ— ਇਸ ਤਿੜ ਨੂੰ ਮਿਰੀ ਸੰਞਾਣ ਹਈ। ਮਿਰਾ ਰੱਬ ਬਣਾਉਂਦਾ ਡੌਲ ਕੋਈ— ਮਿਰਾ ਨਾਲ ਜ਼ਿਮੀਂ ਦੇ ਕੌਲ ਕੋਈ। ਹੈ ਭੈਅ ਵਿਚ ਮਿਰੀ ਪਛਾਣ ਕੋਈ ਮੈਂ ਰੱਖਿਆ ਕੌਲ ਮਿਆਨ ਕੋਈ ਫੜ ਡੱਕਿਆ ਦਰਦ ਅਜ਼ਾਨ ਕੋਈ, ਭੈਅ-ਭੀਤ ਜਾਨ ਤੇ ਖੌਲ ਕੋਈ ! ਮਿਰਾ ਨਾਲ ਜ਼ਿਮੀਂ ਦੇ ਕੌਲ ਕੋਈ। ਸੁਣ ਯਾਰ ! ਸੁਜਾਨ ਹੈ ਮੰਤ ਤਿਰੀ ਅਸੀਂ ਤੁਰ ਗਏ, ਖੇਡ ਬੇਅੰਤ ਤਿਰੀ, ਭੁੱਲ ਗਿਉਂ ਨੁਹਾਰ ਤੁਰੰਤ ਮਿਰੀ ? ਮਿਰੇ ਰਿਜ਼ਕ ਦਾ ਧਰੁ ਤੇ ਚੌਲ ਕੋਈ— ਮਿਰਾ ਨਾਲ ਜ਼ਿਮੀਂ ਦੇ ਕੌਲ ਕੋਈ। ਚਹੁੰ ਕੂੰਟ ਅੰਧ ਸ਼ਮਸ਼ਾਨ ਰਿਹਾ ਕਿਤੇ ਹੋ ਪਰਚੰਡ ਗਿਆਨ ਰਿਹਾ ਮੇਰਾ ਖੰਡ-ਮੰਡਲ ਭਖ ਮਿਆਨ ਰਿਹਾ ਵਿਚ ਸਤਿਗੁਰ ਦਾ ਫ਼ੁਰਮਾਨ ਰਿਹਾ, ਹੱਸ ਤੁਰਿਆ ਲੈ ਕਚਕੌਲ ਕੋਈ ਮਿਰਾ ਨਾਲ ਜਿਮੀਂ ਦੇ ਕੌਲ ਕੋਈ। ਮਿਰਾ ਨਾਲ ਜ਼ਿਮੀਂ ਦੇ ਕੌਲ ਕੋਈ। ਗੱਲ ਦਸਨਾ, ਪੈਂਦਾ ਹੌਲ ਕੋਈ।

ਝਨਾਂ ਦੇ ਵਿਛੜੇ ਮੇਲਿਆਂ ਵਿਚ

ਆਣ ਧਰੇਕਾਂ ਹੁੱਲੀਆਂ ਚੰਨ ਤੱਕਣ ਸਈਆਂ, ਵਗਦੇ ਹੋਏ ਚਨਾਬ ਨੂੰ ਕੁਝ ਆਖਣ ਪਈਆਂ। ਪੈਂਦੀ ਪਈ ਧਮਾਲ ਹੈ ਅੱਜ ਆਂਗਣ ਮੇਰੇ, ਖ਼ਾਨਗਾਹਾਂ ਵੱਲ ਸੋਹਣੀਆਂ ਕੁਝ ਵੇਖਣ ਗਈਆਂ। ਸ਼ੁਤਰਾਂ ਉੱਤੇ ਲੱਦ ਗਈ ਉਹ ਮਜਲਿਸ ਮੇਰੀ, ਪੰਛੀ ਉੱਡਦਾ ਖੰਡਰਾਂ 'ਤੇ ਵੇਖਦੀ ਪਈਆਂ। ਵੇਦ ਕੁਰਾਨ ਗ੍ਰੰਥ ਤੇ ਦਰਵੇਸ਼ ਨੂੰ ਸ਼ਿਕਵਾ, ਬੁੱਝਦਾ ਦੀਵਾ ਜਦੋਂ ਵੀ ਮੈਂ ਰੋਂਵਦੀ ਰਹੀਆਂ। ਬੂਰ ਅੰਬਾਂ ਦਾ ਕੂਕਿਆ ਨ ਛੋਡ ਕੇ ਜਾਵੋ, ਪੁਰਸਲਾਤ ਵੱਲ ਸੋਹਣੀਆਂ ਬੰਨ੍ਹ ਢਾਣੀਆਂ ਗਈਆਂ। ਕਿਸ ਦੇ ਨਾਲ ਮੈਂ ਖੇਡਣਾ ਇਹ ਸਾਰ ਨ ਯਾਰਾ, ਰੁਲੀਆਂ ਖ਼ਾਕ ਗ਼ਰੀਬ ਵਿਚ ਚੁੱਕ ਗੀਟੀਆਂ ਲਈਆਂ। ਰੰਗ ਮਜੀਠੀ ਦੂਰ ਹੈ ! ਤੇਰੇ ਸ਼ੁਤਰ ਨੂੰ ਹੋੜਣ, ਰੰਗ ਕਸੁੰਭੇ ਵਾਲੜਾ ਪਾ ਚੂੜਾ ਬਹੀਆਂ। ਪੀਰ-ਪੈਗ਼ੰਬਰ ਚਲੇ ਗਏ ਛੱਡ ਚਾਕ ਜਿਉਂ ਸਾਨੂੰ, ਚਿੱਥ ਕੇ ਘਾਹ ਨੂੰ ਸੁਟਦੀਆਂ ਛੱਡ घेले ਮਹੀਆਂ।

ਮਾਹੀ ਦੀਆਂ ਯਾਦਾਂ ਮਾਹੀ ਦੇ ਵਸਦੇ ਦੇਸ ਵਿਚ

ਝੰਗ ਦੇ ਬੇਲੇ ਸੋਹਣਿਆਂ, ਤੈਨੂੰ ਯਾਰ ਬਣਾਵਾਂ, ਭਰੇ ਝਨਾਂ ਨੂੰ ਚੀਰ ਕੇ, ਤੇਰੀ ਖ਼ੈਰ ਮਨਾਵਾਂ। ਝੰਗ ਦੇ ਵਿਛੜੇ ਮੇਲਿਆਂ ਵਿਚ ਪੈੜ ਹੈ ਮੇਰੀ ਦੂਰ ਦੁਰਾਡੇ ਲਸ਼ਕਰਾਂ ਸਿਰਿ ਗਹਿਰ ਹੈ ਮੇਰੀ ਇੱਕੋ ਇਕ ਮੁਕਾਮ ਤੋਂ ਸੱਦ ਪੈਂਦੀ ਤੇਰੀ— ਉੱਚੇ ਚੜ੍ਹ ਕੇ ਵੇਖਿਆ, ਕਿਤੇ ਦਿਸਣ ਝਨਾਵਾਂ ! ਝੰਗ ਦੇ ਬੇਲੇ ਸੋਹਣਿਆਂ, ਤੈਨੂੰ ਯਾਰ ਬਣਾਵਾਂ। ਨੌਬਤ ਵੱਜੀ ਜਦੋਂ ਤੋਂ ਕੋਈ ਹਾਲ ਨ ਸਾਡਾ, ਕਾਸਾ ਰੂਹ ਦਰਵੇਸ਼ ਦਾ ਅਜੇ ਬਹੁਤ ਦੁਰਾਡਾ, ਡੁੱਬਿਆ ਸੀਨੇ ਥਲਾਂ ਦੇ ਲੋਹ-ਲਸ਼ਕਰ ਡਾਢਾ, ਚੰਨ ਦਾ ਟੁਕੜਾ ਹਸ਼ਰ ਨੂੰ, ਵਿਚ ਤਾਜ ਸਜਾਵਾਂ— ਝੰਗ ਦੇ ਬੇਲੇ ਸੋਹਣਿਆਂ, ਤੈਨੂੰ ਯਾਰ ਬਣਾਵਾਂ। ਮੱਝੀਂ ਸੁੰਞੇ ਘਰਾਂ ਵਲ ਬਿਨ ਚਾਕ ਦੇ ਗਈਆਂ, ਆਈਆਂ ਫੇਰ ਨ ਪਰਤ ਕੇ ਜੋ ਖੇਡਣ ਗਈਆਂ, ਕੂੰਜਾਂ ਵਿੰਨ੍ਹੀਆਂ ਟਿੱਬਿਆਂ 'ਤੇ ਰੋਵਣ ਪਈਆਂ, ਸਈਓ ਕੌਲ ਫ਼ਕੀਰ ਦਾ, ਕਿਤੇ ਵਿਸਰ ਨਾ ਜਾਵਾਂ ! ਝੰਗ ਦੇ ਬੇਲੇ ਸੋਹਣਿਆਂ, ਤੈਨੂੰ ਯਾਰ ਬਣਾਵਾਂ। ਹੱਜ ਦੇ ਬੂਹੇ ਕੂਕਿਆ ਬੇਦੋਸ਼ ਨਿਹੱਥਾ, ਰੁਲਿਆ ਥਲਾਂ 'ਚ ਨਬੀ ਦਾ ਬੇਨੂਰ ਹੋ ਮੱਥਾ, ਲੰਮਾ ਦਰਦ ਫ਼ਕੀਰ ਦਾ ਕਿਸ ਪਾਸੇ ਲੱਥਾ ? ਝੰਗ ਦੇ ਵਿਛੜੇ ਮੇਲਿਆਂ, ਦਾ ਤੋਸ਼ਾ ਚਾਵਾਂ- ਝੰਗ ਦੇ ਬੇਲੇ ਸੋਹਣਿਆਂ, ਤੈਨੂੰ ਯਾਰ ਬਣਾਵਾਂ। ਸੁੱਤਾ ਰੰਗ ਕਸੁੰਭ ਦਾ ਮੇਰੇ ਚੂੜੇ ਸੂਹੇ, ਯਾਰਾ ਬੋਲ ਕਬੋਲ ਨਾ ਮੇਰੇ ਝੰਗ ਦੀ ਜੂਹੇ, ਧੰਮੀ ਵੇਲੇ ਝਨਾਂ ਦੀ ਸੱਦ ਸੁਣਦੀ ਬੂਹੇ, ਸਹਿਮੀ ਧੂੜ 'ਤੇ ਚਮਕਣਾ, ਚੰਨ ਈਦ ਦਾ ਸਾਵਾਂ- ਝੰਗ ਦੇ ਬੇਲੇ ਸੋਹਣਿਆਂ, ਤੈਨੂੰ ਯਾਰ ਬਣਾਵਾਂ। ਸਹਿਮੀ ਧੂੜ 'ਚੋਂ ਨਿਕਲਣਾ ਮੇਰੇ ਬਾਜ਼ ਨੇ ਹਾਲੇ, ਧੂੜਾਂ ਵਾਲੇ ਖੰਭ 'ਤੇ ਮੇਰੇ ਗੁਰਾਂ ਦੇ ਛਾਲੇ, ਸਈਓ ਅਸੀਂ ਵਿਗਾਸੀਆਂ ਪਰ ਛੋਹ ਅਣਿਆਲੇ ! ਨੌਬਤ ਵੱਜਦੀ, ਬਾਗ਼ ਵਲ, ਮੈਂ ਖੇਡਣ ਜਾਵਾਂ- ਝੰਗ ਦੇ ਬੇਲੇ ਸੋਹਣਿਆਂ, ਤੈਨੂੰ ਯਾਰ ਬਣਾਵਾਂ। ਰੰਗ ਕਸੁੰਭਾ ਡਿੱਗਦਾ ਮੇਰੇ ਬਾਗ਼ ਦੀ ਛਾਵੇਂ, ਚਰਖ ਦੇ ਪੁਰਜ਼ੇ ਡਿੱਗਦੇ ਮੇਰੀ ਨਜ਼ਰ ਦੇ ਸਾਹਵੇਂ, ਉੱਠ ਗਏ ਮੇਰੇ ਗਵਾਹ ਨੇ ਪਾ ਰਾਹ 'ਤੇ ਨਾਵੇਂ, ਰੋ ਕੇ ਤੈਨੂੰ ਸੱਦਿਆ, ਮੇਰੇ ਸ਼ਹਿਰ ਗਿਰਾਵਾਂ— ਝੰਗ ਦੇ ਬੇਲੇ ਸੋਹਣਿਆਂ, ਤੈਨੂੰ ਯਾਰ ਬਣਾਵਾਂ। ਮੁੱਢ ਕਦੀਮ ਦੇ ਪੱਤਣੀਂ ਬਹਿ ਮਾਵਾਂ ਰੋਈਆਂ, ਮੱਖਣੀ ਪਾਲੇ ਪੁੱਤਰਾਂ ਬਿਨ ਮੱਝਾਂ ਮੋਈਆਂ, ਕੁਝ ਵੀ ਰਿਹਾ ਨ ਵਾਟ 'ਤੇ ਨ ਸੁੰਨ ਨ ਰੋਹੀਆਂ ! ਰੋਂਦਾ ਮੁਲਖ ਪੰਜਾਬ ਦਾ, ਕਰ ਖੜੀਆਂ ਬਾਹਵਾਂ- ਝੰਗ ਦੇ ਬੇਲੇ ਸੋਹਣਿਆਂ, ਤੈਨੂੰ ਯਾਰ ਬਣਾਵਾਂ। ਭਰੇ ਝਨਾਂ ਨੂੰ ਚੀਰ ਕੇ, ਤੇਰੀ ਖ਼ੈਰ ਮਨਾਵਾਂ।

ਪੂਰਨ ਜੋਗੀ ਨੂੰ ਵੇਖ ਕੇ ਸੁੰਦਰਾਂ ਦੇ ਵਲਵਲੇ

ਅਲਖ ਜਗਾਂਦੇ ਜੋਗੀਆ, ਜਿੰਦ ਮੋੜ ਜਾ ਮੇਰੀ, ਜੰਗਲ-ਬੇਲੇ ਭੌਂਦਿਆ, ਰੂਹ ਹੋੜ ਜਾ ਮੇਰੀ। ਮਹਿਲਾਂ ਦੇ ਵਿਚ ਸੁੱਤਿਆਂ ਅੰਗ ਧੁਖਦੇ ਮੇਰੇ, ਰੁੱਖਾਂ ਦਾ ਤਨ ਸੂਤ ਕੇ ਅੱਗ ਚੜ੍ਹੀ ਬਨੇਰੇ; ਝੱਲ-ਵਲੱਲੀ ਟਿੱਬਿਆਂ, 'ਤੇ ਚੜ੍ਹੀ ਹਨ੍ਹੇਰੀ, ਅਲਖ ਜਗਾਂਦੇ ਜੋਗੀਆ, ਜਿੰਦ ਮੋੜ ਜਾ ਮੇਰੀ। ਰੰਗਲੀ ਸੇਜੇ ਸੁੱਤਿਆਂ ਹੁੱਲ ਪੈਣ ਕਲਾਈਆਂ, ਟਿੱਲਿਆਂ ਉੱਤੇ ਗੱਡੀਆਂ ਤੇਰੇ ਨਾਥ ਨੇ ਫਾਹੀਆਂ, ਮੋੜੀਂ, ਮੁੜੇ ਨ ਸੋਹਣਿਆਂ, ਮੇਰੀ 'ਵਾਜ ਲੰਮੇਰੀ, ਅਲਖ ਜਗਾਂਦੇ ਜੋਗੀਆ, ਜਿੰਦ ਮੋੜ ਜਾ ਮੇਰੀ। ਰੰਗਲੇ ਪਲੰਘ 'ਤੇ ਹੱਸਦਿਆਂ ਮਨ ਸੰਸਾ ਕਰਿਆ, ਕਮਲੀ ਘਟਾ ਫ਼ਕੀਰ ਦਾ ਧਾਹ ਦਾਮਨ ਫੜਿਆ, ਧੌਂਸ ਨ ਦੇ ਤੂੰ ਲਸ਼ਕਰਾਂ ਦੀ, ਮਿਲਖ ਹੈ ਤੇਰੀ, ਅਲਖ ਜਗਾਂਦੇ ਜੋਗੀਆ, ਜਿੰਦ ਮੋੜ ਜਾ ਮੇਰੀ। ਰਿੱਧੀਆਂ-ਸਿੱਧੀਆਂ ਡੱਕੀਆਂ ਹੜ੍ਹ ਕੇਸ ਚੁਫੇਰੇ, ਟਿੱਲੇ ਬੰਨ੍ਹ ਬਹਾਲ ਲਏ ਸਾਹ ਅੱਥਰੇ ਮੇਰੇ, ਜਾਣ ਨ ਦੇਂਦਾ ਅਸਾਂ ਨੂੰ, ਨ ਪਾਵੇ ਫੇਰੀ, ਅਲਖ ਜਗਾਂਦੇ ਜੋਗੀਆ, ਜਿੰਦ ਮੋੜ ਜਾ ਮੇਰੀ। ਤੱਕੀ ਕਿਸ ਦੀ ਪੈੜ ਮੈਂ ਤੇ ਕਿਸ ਲਈ ਰੋਈ ? ਮੇਰੇ ਬਿਨਾਂ ਵੀ ਸ਼ਹਿਰ ਵਿਚ ਕੋਈ ਬਾਤ ਹੈ ਹੋਈ ! ਕੌਣ ਬਉਰਾਣਾ ਅਸਾਂ ਬਿਨ, ਹੈ ਕਿਸਦੀ ਦੇਰੀ- ਅਲਖ ਜਗਾਂਦੇ ਜੋਗੀਆ, ਜਿੰਦ ਮੋੜ ਜਾ ਮੇਰੀ ਸੋਜ ਸਰ੍ਹਾਨੇ ਚਮਕ ਕੇ ਮਾਹ ਸਾਵਨ ਹੁੱਲੇ, ਮੋੜੀਂ, ਮੁੜਣ ਨ ਰਾਵਲਾ ਮੇਰੀ ਨਜ਼ਰ ਦੇ ਬੁੱਲੇ, ਕਾਲੇ ਖੂਹੀਂ ਫੁੱਟਦੀ, ਮੇਰੀ ਲਗਰ ਕਚੇਰੀ- ਅਲਖ ਜਗਾਂਦੇ ਜੋਗੀਆ, ਜਿੰਦ ਮੋੜ ਜਾ ਮੇਰੀ। ਅਸਾਂ ਰੰਗ ਕਸੁੰਭੇ ਰੰਗਿਆ ਇਹ ਚੂੜਾ ਸੂਹਾ, ਪੁਛ ਲੈ ਅੱਪਣੇ ਨਾਥ ਤੋਂ ਮੇਰੇ ਜੋਗ ਦਾ ਬੂਹਾ, ਕੋ ਰੰਗ ਮਜੀਠ ਵਿਹਾਜ ਕੇ, ਲੌ ਰਿਸ਼ਮ ਉਚੇਰੀ- ਅਲਖ ਜਗਾਂਦੇ ਜੋਗੀਆ, ਜਿੰਦ ਮੋੜ ਜਾ, ਮੇਰੀ। ਸੂਹੇ ਚੂੜੇ 'ਚ ਬੰਨ੍ਹਿਆ ਤਨ ਧੁਖਦਾ ਮੈਂਡਾ, ਰੁਲਿਆ ਟੁੱਟੇ ਖੰਭ ਜਿਉਂ ਪੁੰਨ-ਪਾਪ ਦਾ ਪੈਂਡਾ, ਨਾਥ ਦੇ ਹੁਕਮ ਤੋਂ ਪਾਰ ਵੀ, ਇਕ ਖੇਡ ਹੈ ਤੇਰੀ- ਅਲਖ ਜਗਾਂਦੇ ਜੋਗੀਆ, ਜਿੰਦ ਮੋੜ ਜਾ ਮੇਰੀ। ਸੁੰਨ ਅਗੋਚਰ ਗਹਿਰ ਦੀ ਪਈ ਜੋਗ ਦੀ ਬੂੰਦੇ, ਮੇਰੇ ਨੈਣਾਂ ਦਾ ਹੜ੍ਹ ਰੋਕਦਾ ਬਿੱਜ-ਲਸ਼ਕਰ ਕੂੰਦੇ, ਦਰ ਸਰਵਾਹੀ ਸੁੰਨਦੀ, ਹਠ ਤੁੰਦ ਪਕੇਰੀ— ਅਲਖ ਜਗਾਂਦੇ ਜੋਗੀਆ, ਜਿੰਦ ਮੋੜ ਜਾ ਮੇਰੀ। ਸੂਰਤ ਖੁਭੀ ਫ਼ਕੀਰ ਦੀ ਲੋਹ-ਜੋਗ ਉਦਾਸੀ, ਬਾਜ਼ ਦੀ ਜੀਭ ਦਾ ਲਹੂ ਹੈ, ਦੇਹ ਰੰਗ-ਹੁਲਾਸੀ ! ਜੋਗ ਅੰਧ ਬਿਕਰਾਲ ਵਿਚ, ਦੇਹ ਰੋੜ੍ਹ ਜਾ ਮੇਰੀ— ਅਲਖ ਜਗਾਂਦੇ ਜੋਗੀਆ, ਜਿੰਦ ਮੋੜ ਜਾ ਮੇਰੀ। ਜੰਗਲ-ਬੇਲੇ ਭੌਂਦਿਆ, ਰੂਹ ਹੋੜ ਜਾ ਮੇਰੀ।

ਹਸ਼ਰ ਦਿਹਾੜੇ ਦੇ ਮੇਲੇ

ਕੋਈ ਜ਼ਾਮਨ ਬਣੋ ਫ਼ਕੀਰ ਦਾ, ਇਸ ਹਸ਼ਰ ਦੀ ਰੁੱਤੇ, ਮੈਨੂੰ ਮਾਰੀ 'ਵਾਜ ਸਹੇਲੀਆਂ, ਹੱਸ ਪੱਤਣਾਂ ਉੱਤੇ। ਡੂੰਘੀ ਨੀਂਦਰ ਬਿਰਖ 'ਤੇ ਤੇਰੇ ਬਾਜ਼ ਨੇ ਸੁੱਤੇ, ਤੱਕਿਆ ਵਗਦੇ ਸ਼ਹੁ ਨੂੰ ਕਿਸੇ ਸੋਹਣੀ ਰੁੱਤੇ, ਫ਼ਜਰਾਂ ਵਿਚ ਸਹੇਲੀਓ, ਸ਼ੀਂਹ ਖੇਡ ਕੇ ਸੁੱਤੇ, ਕੋਈ ਜ਼ਾਮਨ ਬਣੋ ਫ਼ਕੀਰ ਦਾ, ਇਸ ਹਸ਼ਰ ਦੀ ਰੁੱਤੇ। ਪੀਰ ਮਨਾਇਆ ਸੋਹਣੀਆਂ ਬਹਿ ਹੇਠ ਫਲਾਹੀਆਂ, ਭੰਨ ਕੇ ਤੇਗਾਂ ਸੁੱਟੀਆਂ ਕਿਸੇ ਦੂਰ ਦੇ ਰਾਹੀਆਂ, ਪੈਂਦੀ ਧਮਕ ਦੁਰੇਡਿਉਂ, ਮੇਰੀ ਪਲਕ ਦੀ ਗੁੱਠੇ, ਕੋਈ ਜ਼ਾਮਨ ਬਣੋ ਫ਼ਕੀਰ ਦਾ, ਇਸ ਹਸ਼ਰ ਦੀ ਰੁੱਤੇ। ਡੱਗਾ ਢੋਲ ਦਾ ਵੱਜਦਾ ਵੱਡ ਪਰਬਤ ਮੱਥੇ, ਰੱਥ ਦਾ ਪਹੀਆ ਹੋੜਦੇ ਕਿਸੇ ਕਮਲ ਦੇ ਪੱਤੇ, ਆਬ ਸੁਹਾਣੀ ਬਿਰਖ ਦੀ, ਘੱਟ ਵਾਂਗੂੰ ਉੱਠੇ, ਕੋਈ ਜ਼ਾਮਨ ਬਣੋ ਫ਼ਕੀਰ ਦਾ, ਇਸ ਹਸ਼ਰ ਦੀ ਰੁੱਤੇ। ਮੇਰੀ ਸ਼ਾਹ ਰੰਗ ਉੱਤੋਂ ਲੰਘਿਆ ਕੋਈ ਲਸ਼ਕਰ ਬਾਗ਼ੀ, ਉੱਠਿਆ ਝਾਂਜਾ ਪੂਰਬੋਂ ਰੱਤ ਖੰਭੜੀ ਜਾਗੀ, ‘ਹੂਲ ਕਹਾਹਾ’ ਮੱਚਿਆ, ਕਿਸੇ ਪੁਲ ਦੇ ਉੱਤੇ, ਕੋਈ ਜ਼ਾਮਨ ਬਣੋ ਫ਼ਕੀਰ ਦਾ, ਇਸ ਹਸ਼ਰ ਦੀ ਰੁੱਤੇ। ਬਿੱਜ ਵਾਂਗ ਕਲਾਈਆਂ ਕੰਬੀਆਂ ਰੁੱਖ ਓਵੇਂ ਹਰਿਆ, ਜ਼ੀਲ ਦੀ ਤਾਰ 'ਤੇ ਉਤਰਿਆ ਸ਼ਹੁ ਮੂੰਹ ਮੂੰਹ ਭਰਿਆ, ਮੇਰੇ ਝੱਲ ਦੇ ਬਿਨਾਂ ਵੀ, ਔਹ ਧੂੜ ਕੋਈ ਉੱਠੇ ! ਕੋਈ ਜ਼ਾਮਨ ਬਣੋ ਫ਼ਕੀਰ ਦਾ, ਇਸ ਹਸ਼ਰ ਦੀ ਰੁੱਤੇ। ਪੁਰਸਲਾਤ ਵੱਲ ਚੱਲਿਆ ਮਨ ਖੇਡਣ ਮੇਰਾ, ਅਸਾਂ ਪਲ ਦੋ ਪਲ ਹੀ ਤੱਕਨਾ ਦਿਹੁੰ ਸ਼ੌਕ ਦਾ ਤੇਰਾ, ਕਿਹੜੀ ਫ਼ਜਰ ਨੂੰ ਵੇਖੀਏ, ਸੁੰਨ ਰੇਤ ਦੀ ਕੁੱਠੇ ? ਕੋਈ ਜ਼ਾਮਨ ਬਣੋ ਫ਼ਕੀਰ ਦਾ, ਇਸ ਹਸ਼ਰ ਦੀ ਰੁੱਤੇ। ਬਿੱਜਲੀ ਕੂੰਦੇ ਮੁੜੇ ਨ ..... ਕੁੱਲ ਤਕਦਾ ਮੇਲਾ, ਮੈਨੂੰ ਟੀਸੀ ਬਿਰਖ ਦੀ ਵੇਖਦਾ ਕੋਈ ਲੰਘਿਆ ਬੇਲਾ ! ਚੜ੍ਹ ਸ਼ੀਂਹ ਸੁਹਾਣੇ ਬਾਗ਼ 'ਚੋਂ, ਆ ਤ੍ਰਿੰਜਣ ਟੁੱਟੇ, ਕੋਈ ਜ਼ਾਮਨ ਬਣੋ ਫ਼ਕੀਰ ਦਾ, ਇਸ ਹਸ਼ਰ ਦੀ ਰੁੱਤੇ ! ਮੈਨੂੰ ਮਾਰੀ 'ਵਾਜ ਸਹੇਲੀਆਂ, ਹੱਸ ਪੱਤਣਾਂ ਉੱਤੇ।

ਝੂੰਦਾਂ ਪਿੰਡ ਨੂੰ

ਤੇਰੀਆਂ ਰੋਹੀਆਂ ਵਿਚ ਨੇ ਮੇਰੇ ਬੋਲ ਪਿਆਸੇ, ਤੇਰੇ ਚੰਨ ਦੇ ਹੇਠ ਨੇ ਮੇਰੇ ਕੌਲ ਉਦਾਸੇ। ਕੂੰਜ ਦੇ ਪਰ 'ਚੋਂ ਡਿੱਗਦੀ ਕੋਈ ਧੂੜ ਮੈਂ ਵੇਖੀ, ਮੇਲਿਆਂ ਦੇ ਵਿਚ ਖੇਡਦੇ ਅੰਞਾਣ ਜਿਹੇ ਹਾਸੇ। ਤੇਰੀ ਰਾਹ ਵਿਚ ਰੁਲੀ ਸੀ ਫ਼ਰਿਆਦ ਫ਼ਕੀਰੀ, ਖ਼ਾਨਗਾਹਾਂ ਦੀ ਚੁੱਪ ਵਿਚ ਮੇਰੇ ਧੁੱਖਦੇ ਪਾਸੇ। ਤੇਰੇ ਖੰਡਰਾਂ ਨਾਲ ਮੈਂ ਅਸਮਾਨ ਨੂੰ ਮੇਚਾਂ, ਤੇਰੇ ਬ੍ਰਿਛਾਂ ਹੇਠ ਸੀ ਕੁਝ ਮਿਲੇ ਦਿਲਾਸੇ। ਪਾਕ ਮਸੀਤ 'ਚ ਕਰਾਂ ਮੈਂ ਬਹਿ ਯਾਦ ਝਨਾਵਾਂ, ਸਉਣ ਮਾਹ ਦੇ ਸਦਾ ਹੀ ਮੈਨੂੰ ਰਹੇ ਧਰਵਾਸੇ। ਤੇਰੀ ਸਿਖਰ ਦੁਪਹਿਰ ਵਿਚ ਜਦ ਭਖਿਆ ਕੇਸੂ, ਡਾਢਾ ਤੋੜਣ ਲੱਗਿਆ ਮੇਰੀ ਜਾਨ ਦੇ ਕਾਸੇ। ਹੋਏ ਸੱਦ ਪਰਦੇਸ ਜਿਉਂ ਮੇਰੇ ਕੇਸ ਬਉਰਾਣੇ, ਹੋਏ ਕਾਲੇ ਖੂਹ ਵਿਚ ਮੇਰੇ ਕਦਮ ਬੇ-ਆਸੇ। ਜਦੋਂ ਕਦੇ ਮੈਂ ਜੋਗ ਦੀ ਸੀ ਵਾਟ ਪਛਾਣੀ, ਬ੍ਰਿਛਾਂ ਦੇ ਸਿਰ ਪੁਰੇ ਦੇ ਲੱਖ ਕਟਕ ਹੁਲਾਸੇ। ਜਦੋਂ ਕਦੇ ਮੈਂ ਪੁਰੇ ਵਿਚ ਸੰਗ ਯਾਰ ਦੇ ਤੁਰਿਆ, ਰਾਹ ਰੋਹੀਆਂ ਦਾ ਦਸਦੇ ਕੁਝ ਨਾਗ ਉਦਾਸੇ। ਓਨੀਆਂ ਬੂੰਦਾਂ ਅਸਾਂ ਨੂੰ ਸੁਣ ! ਮਿਲੀਆਂ ਜਾਨੀ, ਜਿੰਨੇ ਤੇਰੀ ਵਾਟ ਦੇ ਅਸਾਂ ਰੰਗ ਕਿਆਸੇ। ਜੋ ਕੁਝ ਮੇਰਾ ਨਹੀਂ ਹੈ ਲੈ ਬਾਗ਼ ਨੂੰ ਜਾਵਾਂ, ਮੈਨੂੰ ਯਾਰ ਦੀ ਚੁੱਪ ਹੀ ਫੜ ਰਹੀ ਚੌਪਾਸੇ। ਇੱਕੋ 'ਵਾਜ ਫ਼ਕੀਰ ਦੀ ਪਰਦੇਸ 'ਚੋਂ ਆਵੇ, ਨਦੀਆਂ ਵਾਂਗੂੰ ਚਲੇ ਗਏ ਮੈਨੂੰ ਛੋਡ ਚੁਮਾਸੇ। ਪਰਬਤ ਵਾਂਗੂੰ ਖੜਾ ਹੈ ਇਕਰਾਰ ਜੋ ਮੇਰਾ, ਡਾਢੇ ਸ਼ਹੁ ਵਿਚ ਖੁਰੇ ਪਈ ਜਿੰਦ ਵਾਂਗ ਪਤਾਸੇ। ਪੀਲੇ ਪੱਤਰਾਂ ਹੇਠ ਨੇ ਪਰਛਾਵੇਂ ਮੇਰੇ, ਵਣਾਂ ਕਰੀਰਾਂ ਅੰਦਰਾਂ ਮੇਰੀ ਜਿੰਦ ਵਿਗਾਸੇ। ਮਾਰੂਥਲਾਂ ਨੇ ਦੱਬਿਆ ਰਗ ਕੋਇਲ ਨੂੰ ਹੇਠਾਂ, ਲੋਹ-ਥੰਮ੍ਹਾਂ ਦੇ ਮੋੜ 'ਤੇ ਸਾਹ ਖੜੇ ਹਰਾਸੇ। ਦਾਵਾ-ਅਗਨ ਦੁਪਹਿਰ ਨੂੰ ਵਿਚ ਝੱਖੜਾਂ ਉੱਠੀ, ਬਲੀ ਹਰਫ਼ 'ਚੋਂ ਬਣੀ ਹੋਈ ਕੋਈ ਕਲਮ ਵਿਣਾਸੇ। ਮੇਰੇ ਪਰਾਂ 'ਤੇ ਚਮਕਦੇ ਤੇਰੀ ਧੂੜ ਦੇ ਕਿਣਕੇ, ਭਾਵੇਂ ਸੂਰਜ ਚੜ੍ਹਣ ਪਏ ਸੈ ਬਰਸ ਆਗਾਸੇ।

ਮਨ ਪਰਦੇਸੀ ਜੇ ਥੀਐ

ਮਨ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ, ਖਦਰਾਣੇ ਦੀ ਢਾਬ 'ਤੇ, ਕੋਈ ਅੱਥਰੂ ਆਇਆ। ਤੈਨੂੰ ਮਿਲਿਆਂ ਬਾਝ ਨ ਕੋਈ ਦੇਸ ਮਹੀਨਾ, ਰੋਂਦੇ ਰੇਤ 'ਤੇ ਬਾਜ਼ ਨੇ ਤੱਕ ਖਿੰਡਿਆ ਚੀਨਾ, ਰੋਹੀਆਂ ਵਿਚ ਦਲੀਪ ਨੇ, ਕਦੇ ਤਾਜ ਲੁਟਾਇਆ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਡੁੱਬ ਗਈ ਲਹੂ ਦੇ ਪਾਣੀਆਂ ਵਿਚ ਨਜ਼ਰ ਸੁਹਾਣੀ; ਕਾਹਨੂੰਵਾਨ ਦੇ ਛੰਭ ਦੀ ਕੋਈ 'ਵਾਜ ਪੁਰਾਣੀ। ਸਾਨੂੰ ਮਿਲਿਆ ਕਦੇ ਨ, ਕੋਈ ਯਾਰ ਖ਼ੁਦਾਇਆ ! ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਲਿਖਿਆ ਸਿਰ ਜਮਰੌਦ ਦੇ ਮੈਂ ਅੱਖਰ ਪਿਆਰਾ, ਰਾਹ ਗੁਮਨਾਮ 'ਚ ਪਾਟਿਆ ਮੇਰਾ ਦਾਮਨ ਸਾਰਾ। ਡਾਢੇ ਸਿਦਕ ਦੇ ਪੱਤਣੀਂ, ਅਸਾਂ ਯਾਰ ਗਵਾਇਆ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਓਸ ਬੂੰਦ ਲਈ ਤੜਫਣਾ ਦਰਿਆ ਜੋ ਮੇਰਾ, ਜਿਸ ਲਈ ਕਦੇ ਦਲੀਪ ਨੇ ਸੀ ਪਾਉਣਾ ਫੇਰਾ। ਆਥਣ ਵਾਂਗੂੰ ਤੇਗ 'ਤੇ, ਤੈਂ ਦੀਦ ਸੁਹਾਇਆ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਦੂਰ ਲੱਖੀ ਦੇ ਜੰਗਲੀਂ ਤਨ ਸੜਦਾ ਸਾਡਾ, ਨਨਕਾਣੇ ਤੋਂ ਦੂਰ ਹੋ ਮਨ ਭਰਦਾ ਸਾਡਾ। ਤਨ ਤੋਂ ਮਨ ਦੇ ਰਾਹ ਤਕ, ਵੱਡ ਦੋਜ਼ਖ਼ ਛਾਇਆ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਸਭਰਾਵਾਂ ਦੀ ਜੂਹ ਵਿਚ ਜਦ ਸੰਞਾਂ ਪਈਆਂ, ਮੋਏ ਪੁੱਤ ਪੰਜਾਬਣਾਂ ਬਹਿ ਰੋਵਣ ਗਈਆਂ, ਹਿੱਕੋ ਦਿਹਾੜਾ ਸਿਦਕ ਦਾ, ਕੱਚ ਵਾਂਗ ਗਵਾਇਆ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਚੁਗ ਚੁਗ ਹਾਰੀ ਕੰਕਰਾਂ ਕਿਤੇ 'ਵਾਜ ਨ ਤੇਰੀ ! ਅੱਥਰੂ ਸਾਹਮੇ ਖੜੀ ਹੈ ਕੋਈ ਸੰਞ ਲੰਮੇਰੀ। ਹਿੱਕੋ ਦਿਹਾੜਾ ਸਿਦਕ ਦਾ, ਵਿਚ ਥਲਾਂ ਵੰਝਾਇਆ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਸਜਦਾ ਕਿਸ ਨੂੰ ਕਰਾਂ ਮੈਂ ਕੋਈ ਯਾਰ ਨ ਮੇਰਾ, ਜ਼ੰਜੀਰਾਂ ਵਿਚ ਘਾਇਲ ਹੈ ਕਿਉਂ ਅੰਮ੍ਰਿਤ ਤੇਰਾ ? ਨ ਅਰਦਾਸ ਦਾ ਦਿਹੁੰ ਹੈ, ਨ ਰੈਣ ਖ਼ੁਦਾਇਆ ! ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਖਦਰਾਣੇ ਦੀ ਢਾਬ 'ਤੇ, ਕੋਈ ਅੱਥਰੂ ਆਇਆ।

ਨਨਕਾਣੇ ਦੀਆਂ ਜੂਹਾਂ ਵਿਚ

[ਗੁਰੂ ਨਾਨਕ ਸਾਹਿਬ ਦੇ ਪੰਜ ਸੌਵੇਂ ਜਨਮ ਦਿਨ ਉੱਤੇ ਮੈਂ ਵੀ ਬਾਬੇ ਦੇ ਉੱਚੇ ਦਰਾਂ ਉੱਤੇ ਪਹੁੰਚਿਆ ਸਾਂ। ਇਹ ਵੈਰਾਗ ਦਾ ਇਕ ਅਜੀਬ ਦ੍ਰਿਸ਼ ਸੀ। ਇਕ ਪਾਸੇ ਤਾਂ ਮੁਸਲਮਾਨ ਕੌਮ ਮੁਹੱਬਤ ਦੇ ਦਰਿਆ ਵਗਾ ਰਹੀ ਸੀ, ਦੂਜੇ ਪਾਸੇ ਸਿੱਖ ਕੌਮ ਪਿਆਰੇ ਦੀ ਪਾਕ ਜ਼ਮੀਨ ਉੱਤੇ ਵਿਚਰਦੀ ਹੋਈ ਵੀ ਉਦਾਸ ਸੀ। ਆਪਣੇ ਹੀ ਲਹੂ ਤੋਂ ਅਸੀਂ ਪਰਦੇਸੀ ਸਾਂ। ਨਨਕਾਣੇ ਦੇ ਤਲਾ ਸੁੱਕ ਗਏ ਸਨ। ਪਰ ਉਦਾਸ ਰੋਂਦੇ ਸਿੰਘਾਂ ਨੂੰ ਗਲ ਲਾ ਰਹੇ ਬੇਬਸ ਮੁਸਲਮਾਨਾਂ ਦੀ ਮੁਹੱਬਤ ਵੀ ਬੇ-ਮਿਸਾਲ ਸੀ। ਕੁਝ ਅਜਿਹੇ ਵਲਵਲੇ ਹੀ ਇਸ ਕਵਿਤਾ ਵਿਚ ਬਿਆਨ ਕੀਤੇ ਹਨ।] ਸਾਨੂੰ ਯਾਦ ਅੱਲਾ ਦੀਆਂ ਗਲੀਆਂ ਆਈਆਂ ਵਕਤ ਅਖ਼ੀਰਾਂ ਦੇ। ਅੱਧੀ ਰਾਤ ਸੇਕ ਪਏ ਮਾਰਨ ਕਿਤੇ ਮਜ਼ਾਰ ਫ਼ਕੀਰਾਂ ਦੇ। ਸਿਖਰ ਦੁਪਹਿਰੇ ਢੋਲ ਸੁਣੇ ਪਿਆ ਕੌਣ ਪਛਾਣੇ ਸਾਨੂੰ ? ਸੁੱਕੇ ਸਰਵਰ ਕੰਢੇ ਸਾਈਆਂ ਮੇਲੇ ਭਰੇ ਸਰੀਰਾਂ ਦੇ। ਹਿੱਕੋ ਅਰਜ਼ ਕਰੇਂਦੀ ਕਮਲੀ ਪੀਲੂਆਂ ਦਾ ਨਜ਼ਰਾਨਾ ਚਾ: “ਇਹੀਓ ਯਾਰ ਦੀਆਂ ਨੇ ਗਲੀਆਂ, ਇਹੀਓ ਵਕਤ ਅਖ਼ੀਰਾਂ ਦੇ!" ਮੇਲੇ ਦੇ ਵਿਚ ਜੁੜਿਓ ਲੋਕੋ, ਸੇਕ ਕਿਤੇ ਮਰਦਾਨੇ ਦਾ। ਸਾਨੂੰ ਮਿਲਣ ਯਾਰ ਅੱਜ ਆਏ ਬੇਲੇ ਛੋਡ ਕੇ ਹੀਰਾਂ ਦੇ। ਸਾਂਦਲ ਬਾਰ ਦੀਆਂ ਜੂਹਾਂ ਵਿਚ ਮੁੱਦਤਾਂ ਪਿੱਛੋਂ ਆਏ ਹਾਂ, ਵਣਾਂ ਕਰੀਰਾਂ ਵਿਚ ਪਏ ਰੁਲਦੇ ਖ਼ਾਲੀ ਹੱਥ ਤਕਦੀਰਾਂ ਦੇ। ਫੇਰ ਧਮਾਲ ਤੇਰੀ ਦੇ ਆਂਗਣ ਲੂਹੇ ਪੈਰ ਖਲੋ ਗਏ, ਸਾਨੂੰ ਰਾਹ ਵਿਚ ਘੇਰਣ ਰੋ ਕੇ ਲਸ਼ਕਰ ਡੂੰਘਿਆਂ ਨੀਰਾਂ ਦੇ। ਭੱਠ ਦੇ ਕੰਢੇ ਸੱਥਰ ਕਿਰਦੇ ਦੂਰ ਸਰਕੜਾ ਤਪਿਆ, ਥਲਾਂ ਦੇ ਵਿਚ ਪਰਛਾਵੇਂ ਸੁੰਨੇ ਬਦਨਸੀਬ ਸ਼ਮਸ਼ੀਰਾਂ ਦੇ। ਨਾਗ ਦੇ ਫਣ ਤੋਂ ਕਹਿਰਵਾਨ ਹੋ ਤਪ ਤਪ ਡਿੱਗੀਆਂ ਛਾਵਾਂ, ਸੁੱਕੇ ਸਰਵਰ ਦੀ ਹਿੱਕ ਵੱਜਦੇ ਬਿੰਗ ਪੁਰਾਣੇ ਤੀਰਾਂ ਦੇ। ਮਾਛੀਵਾੜੇ ਦੇ ਜੰਗਲਾਂ 'ਚੋਂ ਖ਼ੂਨ ਤਿਰਾ ਪਿਆ ਆਵੇ, ਸੁੱਕੇ ਸਰਵਰ ਕੰਢੇ ਰੁਲਦੇ ਚੋਲੇ ਪਾਟੀਆਂ ਲੀਰਾਂ ਦੇ। ਬੇ-ਰਬਾਬ ਖ਼ਾਕ ਦੇ ਅੰਦਰ ਜਾਨ ਮੇਰੀ ਪਈ ਕੁੱਸੇ ! ਕਿਸਨੂੰ ਹਾਲ ਕਹੀਏ ਅੱਜ ਸਾਈਆਂ ਬੇ-ਨਿਆਜ਼ ਤਕਦੀਰਾਂ ਦੇ ? ਸਭ ਬਗਦਾਦ-ਮੱਕੇ ਦੀਆਂ ਕੁੰਟਾਂ ਕਿਸ ਮਜ਼ਾਰ 'ਤੇ ਖੜੀਆਂ ? ਕੁਝ ਨ ਬੋਲ ਸਕੇ ਮਰਦਾਨਾ ਸਾਹ ਪਏ ਟੁੱਟਦੇ ਵੀਰਾਂ ਦੇ। ਵਣਾਂ-ਕਰੀਰਾਂ ਦੀ ਛਾਂ ਵੇਖੇ ਮੰਗੂ ਚਰਦੇ ਦੂਰ ਕਿਤੇ ! ਕਿਉਂ ਨ ਅੱਜ ਪਛਾਣ ਲਵੇਂ ਤੂੰ ਅੱਥਰੂ ਦੋ ਤਕਸੀਰਾਂ ਦੇ। ਜੀਵੇਂ ਡਾਢਾ ਹੁਕਮ ਹੈ ਸਾਈਆਂ ਦਰਵੇਸ਼ੀ ਵੀ ਤੈਂਡੀ ਜੇ, ਤੱਕ ਲੈ ਪੈੜ ਤੇਰੀ ਵਿਚ ਸੁੱਤੇ ਨਿਰੇ ਖ਼ਾਬ ਤਸਵੀਰਾਂ ਦੇ।

ਵਾਟਾਂ ਫ਼ਕੀਰੀ ਦੀਆਂ

ਮੈਂ ਕਰਕੇ ਦਰਸ ਫ਼ਕੀਰ ਦਾ, ਪਰਦੇਸਨ ਹੋਈ, ਮੈਨੂੰ ਦਿਸਦਾ ਪਿਆ ਸਹੇਲੀਓ, ਅੱਜ ਮੁੜ ਮੁੜ ਕੋਈ। ਮੈਂ ਉੱਠੀ ਫ਼ਜਰ ਦੀ ਭੇਹਰ ਸੁਣ ਤਨ ਲੱਗੀਆਂ ਭੂਰਾਂ, ਮੈਨੂੰ ਸਾਰ ਨ ਸਿਖਰ ਦੁਪਹਿਰ ਦੀ ਵਿਚ ਹੁੱਲਿਆਂ ਬੂਰਾਂ, ਜਦ ਜੋਬਨ ਪਿਆ ਸਹੇਲੀਓ, ਵਿਚ ਨਦੀਆਂ ਮੋਈ— ਮੈਂ ਕਰਕੇ ਦਰਸ ਫ਼ਕੀਰ ਦਾ, ਪਰਦੇਸਨ ਹੋਈ। ਸੀ ਚੰਨ ਈਦ ਦਾ ਸਿਖਰ 'ਤੇ ਮੈਂ ਖੜੀ ਬਨੇਰੇ, ਕਿਤੋਂ ਸੱਦ ਟੱਲੀਆਂ ਦੀ ਸੁਣੀਂਦੀ ਮੇਰੇ ਬਾਬਲ ਵਿਹੜੇ, ਮੈਂ ਤੱਕ ਕੇ ਸੰਘਣੀ ਛਾਂ ਨੂੰ, ਭਰ ਅੱਖੀਆਂ ਰੋਈ- ਮੈਂ ਕਰਕੇ ਦਰਸ ਫ਼ਕੀਰ ਦਾ, ਪਰਦੇਸ਼ਨ ਹੋਈ। ਮੇਰੀ ਕੂਕੀ ਜਾਨ ਦੁਪਹਿਰ ਨੂੰ ਵਿਚ ਸੰਘਣੇ ਰੁੱਖਾਂ, ਮੇਰੇ ਕੇਸ ਸੁਹਾਂਦੇ ਚਿਰਾਂ ਦੇ ਵਿਚ ਪੈ ਗਏ ਦੁੱਖਾਂ, ਮੇਰਾ ਪੁੱਛਦੀ ਹਾਲ ਸਹੇਲੀਓ, ਅੱਜ ਕੂੰਜ ਨ ਕੋਈ— ਮੈਂ ਕਰਕੇ ਦਰਸ ਫ਼ਕੀਰ ਦਾ, ਪਰਦੇਸਨ ਹੋਈ। ਕਿਤੋਂ ਮਿਲਣ ਲਈ ਅੱਜ ਬੈਠੀਆਂ ਪੱਤਣਾਂ ਤੇ ਰੂਹਾਂ, ਮੈਨੂੰ ਦੂਜੀ ਵਾਰ ਨ ਦਿਸਣੀਆਂ ਇਹ ਸੋਹਣੀਆਂ ਜੂਹਾਂ, ਸਿਰ ਉੱਡਦੇ ਬਾਜ਼ ਨੂੰ ਵੇਖ ਕੇ, ਹੱਸ ਕੂੰਜ ਖਲੋਈ- ਮੈਂ ਕਰਕੇ ਦਰਸ ਫ਼ਕੀਰ ਦਾ, ਪਰਦੇਸ਼ਨ ਹੋਈ। ਮੈਨੂੰ ਸ਼ਹੁ ਦਰਿਆਵਾਂ ਘੇਰਿਆ ਮੈਂ ਗਈ ਸੰਞਾਣੀ, ਮੈਨੂੰ ਬੇਲਿਆਂ ਫੜ ਫੜ ਰੱਖਿਆ ਮੈਂ ਪੌਣ ਅੰਞਾਣੀ, ਘੁੰਡ ਓਹਲੇ ਅਸਾਂ ਸਹੇਲੀਓ, ਕੋਈ ਨਜ਼ਰ ਲੁਕੋਈ— ਮੈਂ ਕਰਕੇ ਦਰਸ ਫ਼ਕੀਰ ਦਾ, ਪਰਦੇਸ਼ਨ ਹੋਈ। ਮੇਰੀ ਵੀਣੀ 'ਤੇ ਆ ਘੁੰਮਿਆ ਰੋਹ ਚਰਖ਼ ਦਾ ਸਾਰਾ, ਮੈਨੂੰ ਝੱਖੜਾਂ ਦੇ ਵਿਚ ਸੁਣੀਂਦਾ ਕੋਈ ਬੋਲ ਪਿਆਰਾ, ਚੰਨ ਚੜ੍ਹੇ ਤੇ ਰੁੱਤਾਂ ਲੰਘੀਆਂ, ਮੇਰੀ ਬਾਤ ਹੈ ਸੋਈ— ਮੈਂ ਕਰਕੇ ਦਰਸ ਫ਼ਕੀਰ ਦਾ, ਪਰਦੇਸ਼ਨ ਹੋਈ। ਮੈਂ ਪਹਿਲੀ ਵਾਰ ਜਾਂ ਦੇਖੀਆਂ ਅੰਬਾਂ ਦੀਆਂ ਡਾਰਾਂ, ਮੈਨੂੰ ਸੱਦਿਆ ਕਿਸੇ ਫ਼ਕੀਰ ਨੇ ਵਲ ਸਾਂਦਲ ਬਾਰਾਂ, ਮੈਂ ਗੰਢ ਹਵਾ ਦੀ ਮਾਰ ਲਈ, ਗੁੱਟ ਬੰਨ੍ਹ ਖ਼ੁਸ਼ਬੋਈ— ਮੈਂ ਕਰਕੇ ਦਰਸ ਫ਼ਕੀਰ ਦਾ, ਪਰਦੇਸ਼ਨ ਹੋਈ। ਲੱਖਾਂ ਲਸ਼ਕਰ ਲੰਘ ਗਏ ਕਰ ਜ਼ੋਰ ਧਿੰਗਾਣੇ, ਸਈਓ ਓਸ ਫ਼ਕੀਰ ਦੀ ਕੋਈ ਜ਼ਾਤ ਨ ਜਾਣੇ, ਕਦੇ ਕਬਰਾਂ ਦੇ ਵਿਚ ਰੁਲੇਗੀ, ਮੇਰੀ ਜਾਨ ਨਿਰੋਈ— ਮੈਂ ਕਰਕੇ ਦਰਸ ਫ਼ਕੀਰ ਦਾ, ਪਰਦੇਸਨ ਹੋਈ। ਖ਼ਾਨਗਾਹਾਂ ਤੇ ਸੰਞ ਨੂੰ ਇਕ ਲੱਗਿਆ ਮੇਲਾ, ਧੂੜਾਂ ਦੇ ਨਾਲ ਲੱਦਿਆ ਮੇਰੇ ਝੰਗ ਦਾ ਬੇਲਾ, ਸਾਵਨ ਹੁੱਲਿਆ! ਸੌਂ ਗਈ, ਮੈਂ ਕਰ ਅਰਜ਼ੋਈ— ਮੈਂ ਕਰਕੇ ਦਰਸ ਫ਼ਕੀਰ ਦਾ, ਪਰਦੇਸ਼ਨ ਹੋਈ। ਮੈਨੂੰ ਦਿਸਦਾ ਪਿਆ ਸਹੇਲੀਓ, ਅੱਜ ਮੁੜ ਮੁੜ ਕੋਈ।

ਇਕ ਫ਼ਕੀਰ ਸੀਰਤ ਕੁੜੀ ਦੇ ਵਲਵਲੇ

ਪੈੜ ਅਸਾਡੀ ਲੈ ਗਿਆ, ਤੂੰ ਹਸ਼ਰ ਦੇ ਵੰਨੇ, ਦਰ-ਦਰਵਾਜ਼ੇ ਸੁੱਤਿਆ, ਮੇਰੀ ਨਜ਼ਰ ਨ ਮੰਨੇ। ਅਰਜ਼ ਕਰੇਂਦੀ ਨਾਰ ਹਿੱਕ ਵਿਚ ਖ਼ਲਕਤ ਤੇਰੀ, ਦੂਰ ਨ ਜਾਵੀਂ ਸੋਹਣਿਆਂ ਪਾ ਕਹਿਰ ਦੀ ਫੇਰੀ, ਮੱਚਦੇ ਵਾਲ 'ਤੇ ਆਣ ਕੇ, ਕੋਈ ਤੂਰ ਨੂੰ ਬੰਨ੍ਹੇ— ਪੈੜ ਅਸਾਡੀ ਲੈ ਗਿਆ, ਤੂੰ ਹਸ਼ਰ ਦੇ ਵੰਨੇ। ਅੱਥਰੀ ਪੈੜ ਤੇ ਸੈਂ ਗਿਆ ਇਹ ਰੂਹ ਅਲਬੇਲਾ, ਧੂੜਾਂ ਸੁੱਟ ਕੇ ਵਿਛੜਿਆ ਫ਼ਰਿਹਾਦ ਦਾ ਮੇਲਾ, ‘ਟਿਕ ਟਿਕ’ ਸੁਣਦੀ ਰਹੀ ਸੀ, ਇਹ ਕਦਮ ਨ ਥੰਮ੍ਹੇ- ਪੈੜ ਅਸਾਡੀ ਲੈ ਗਿਆ, ਤੂੰ ਹਸ਼ਰ ਦੇ ਵੰਨੇ। ਮੇਲੇ ਵਿਚ ਜਾ ਕੀਤੀਆਂ ਦੋ ਕ਼ੈਸ ਨਾ' ਗੱਲਾਂ ਲੈ ਗਿਆ ਜਿੰਦੜੀ ਰੋਲ ਕੇ ਵਿਚ ਥਲਾਂ ਤੇ ਝੱਲਾਂ, ਜਾਨ ਨਿਮਾਣੀ ਰੁੰਨਦੀ, ਨ ਡਾਢਾ ਮੰਨੇ- ਪੈੜ ਅਸਾਡੀ ਲੈ ਗਿਆ, ਤੂੰ ਹਸ਼ਰ ਦੇ ਵੰਨੇ। ਡੂੰਘੇ ਥਲ ਵਿਚ ਉਤਰਿਆ ਤੇਰਾ ਬਾਜ਼ ਅਰਾਕੀ, ਸਿਰਿ ਕਿਲਕਾਰੀ ਮਾਰਦਾ ਤਿਰਾ ਰੂਹ ਹੁਸ਼ਨਾਕੀ, ਤੁਰ ਗਏ ਤੋਸ਼ਾ ਲੁੱਟ ਕੇ, ਕੁਝ ਲੋਕ ਨਿਕੰਮੇ— ਪੈੜ ਅਸਾਡੀ ਲੈ ਗਿਆ, ਤੂੰ ਹਸ਼ਰ ਦੇ ਵੰਨੇ। “ਪੈੜ ਬਿਨਾਂ ਕੁਝ ਲੱਭਿਆ ?” ਗੱਲ ਕਰੇ ਲੋਕਾਈ, ਮੱਚਦੇ, ਥਲਾਂ ਦੇ ਪਾਰ ਤੋਂ ਮੇਰੀ ਵਾਜ ਨ ਆਈ, ਮੈਨੂੰ ਆ ਸਮਝਾਉਂਦੇ ਸੋਹਣਿਆਂ, ਉੱਠ ਹੰਨੇ ਹੰਨੇ— ਪੈੜ ਅਸਾਡੀ ਲੈ ਗਿਆ, ਤੂੰ ਹਸ਼ਰ ਦੇ ਵੰਨੇ। ਜੋ ਤੂੰ ਕਸਕਾਂ ਮਾਰਦੈਂ ਲੁੱਟ ਲੈਂਦੀਆਂ ਗਹਿਰਾਂ, ਸੁਣ ਢੋਲ ਦਾ ਡੱਗਾ ਡਿੱਗਦੀ ਗ਼ਸ਼ ਖਾ ਵਿਚ ਵਿਚ ਕਹਿਰਾਂ, ਤਿੜ ਦੇ ਹੇਠਾਂ ਲੁਕੇ ਨੇ, ਮੇਰੇ ਬੋਲ ਦੋ ਨੰਨੇ— ਪੈੜ ਅਸਾਡੀ ਲੈ ਗਿਆ, ਤੂੰ ਹਸ਼ਰ ਦੇ ਵੰਨੇ। ਬਹਿ ਫ਼ਰਿਆਦਾਂ ਕੀਤੀਆਂ ਤੇਰੇ ਰੁੱਖ ਦੀ ਛਾਵੇਂ ਪੀਲਾ ਪੱਤਰ ਚੁੱਕਿਆ ਮੈਂ ਸੂਰਜ ਸਾਹਵੇਂ, ਕਿਸ ਲਈ ਅਸੀਂ ਫ਼ਕੀਰ ਹਾਂ, ਵਿਚ ਮਾਰੂ ਲੰਮੇ ? ਪੈੜ ਅਸਾਡੀ ਲੈ ਗਿਆ, ਤੂੰ ਹਸ਼ਰ ਦੇ ਵੰਨੇ। ਸੰਖ ਜਦੋਂ ਕੁਰਲਾਂਵਦਾ ਚੜ੍ਹ ਸਿਖਰ ਦੁਪਹਿਰਾਂ, ਹੂੰਗਰ ਕਾਲੇ ਖੂਹ ਦੀ ਵਿਚ ਉੱਠਦੀ ਗਹਿਰਾਂ, ਕੋਈ 'ਵਾਜ ਅੱਲਾਹ ਦੇ ਹਾਣ ਦੀ, ਪਈ ਕੱਪਰ ਭੰਨੇ- ਪੈੜ ਅਸਾਡੀ ਲੈ ਗਿਆ, ਤੂੰ ਹਸ਼ਰ ਦੇ ਵੰਨੇ। ਈਦ ਦੇ ਚੰਨ ਨੂੰ ਡੱਕਣਾ ਹਈ ਵੱਸ ਨ ਤੈਂਡੇ, ਸ਼ਹਿ ਕੇ ਦੀਦ 'ਚ ਬੈਠ ਗਏ ਮਿਰੇ ਸ਼ੌਕ ਦੇ ਪੈਂਡੇ, ਪਲਕ ਦੇ ਓਹਲੇ ਛਿਪੇ ਨੇ, ਮਿਰੀ ਰਿਸ਼ਮ ਦੇ ਪੰਨੇ— ਪੈੜ ਅਸਾਡੀ ਲੈ ਗਿਆ, ਤੂੰ ਹਸ਼ਰ ਦੇ ਵੰਨੇ। ਪੈੜ ਨੂੰ ਕਿਸ ਲਈ ਤੱਕਨਾ ? ਕਿਉਂ ਰੁੱਤ ਮਹੀਨਾ ? ਮਹਿਰਮ ਬੋਲ ਪੁਗਾਂਵਦਾ ਚੁੱਕ ਖਿੰਡਿਆ ਚੀਨਾ; ਲੰਘ ਗਈ ਰਾਤ ਉਦਾਸਿਆਂ, ਦਿਹੁੰ ਚੜ੍ਹਣ ਸੁਵੰਨੇ- ਪੈੜ ਅਸਾਡੀ ਲੈ ਗਿਆ, ਤੂੰ ਹਸ਼ਰ ਦੇ ਵੰਨੇ। ਸੁਣ! ਯਾਰ ਖ਼ੁਦਾਈ ਕੂਕਦੀ ਮੇਰੀ ਨਜ਼ਰ ਜਾਂ ਉੱਠੇ, ਇਸ ਸੰਘਣੇ ਝੱਲ ਵਿਚ ਕਿਤੇ ਤਾਂ ਮੇਰੇ ਜਾਮਨ ਸੁੱਤੇ ਉਹੀਓ ਸ਼ਾਹਦ, ਤੇ ਪੱਤਣਾਂ, 'ਤੇ ਉਹੀਓ ਵੰਨੇ— ਪੈੜ ਅਸਾਡੀ ਲੈ ਗਿਆ, ਤੂੰ ਹਸ਼ਰ ਦੇ ਵੰਨੇ। ਦਰ-ਦਰਵਾਜ਼ੇ ਸੁੱਤਿਆ, ਮੇਰੀ ਨਜ਼ਰ ਨ ਮੰਨੇ।

ਵੈਰਾਗ ਦੀਆਂ ਵਾਟਾਂ

[ਇਕ ਮਾਸੂਮ ਅਤੇ ਪਾਕ ਸੀਰਤ ਫ਼ਕੀਰ ਕੁੜੀ ਨੂੰ] (1) ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ, ਸੂਰਜ ਸਿਖਰ ਦੁਪਹਿਰ ਦਾ, ਤੇਰੇ ਸ਼ਹਿਰ 'ਤੇ ਆਇਆ। ਸਿਖਰ ਦੁਪਹਿਰ ਦੇ ਕੋਟ 'ਤੇ ਤੂੰ ਕੇਸ ਸੁਕਾਵੇਂ, ਸੁੱਕਾ ਸਤਲੁਜ ਡੁਸਕਦਾ ਤੇਰੀ ਫ਼ਜਰ ਦੀ ਛਾਵੇਂ, ਵੱਡੇ ਤੜਕੇ ਥਲਾਂ ਵਿਚ, ਕੋਈ ਯਾਦ ਹੈ ਆਇਆ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਕਜਰਾ ਪਾਵਣ ਵਾਲੀਏ ਤੇਰਾ ਕਵਣ ਮਹੀਨਾ ? ਡੁੱਲ੍ਹਿਆ ਮੇਰੀ ਉਮਰ ਦਾ ਤੇਰੇ ਆਂਗਣ ਚੀਨਾ। ਤ੍ਰਬਕੇ ਲੰਮੇ ਸਿੰਧ ਤੋਂ, ਮੇਰੇ ਖੰਭ ਦਾ ਸਾਇਆ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਤਪਦੇ ਕੇਸੂ ਛੂਹਣ ਲਈ ਵਲ ਰੋਹੀਆਂ ਜਾਵੇਂ, ਮੰਗੂ ਮੇਰੇ ਦੂਰ ਨੇ ਕਿਸੇ ਬ੍ਰਿਛ ਦੀ ਛਾਵੇਂ, ਭੇਦ ਪੁਰਾਣਾ ਕਦੋਂ ਦਾ, ਵਲ ਪੱਤਣਾਂ ਚਾਇਆ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਸਿਖਰ ਦੁਪਹਿਰ ਦੇ ਕੋਟ 'ਤੇ ਕਰ ਵੇਸ ਨ ਸੂਹਾ, ਸੁੱਕਿਆਂ ਖੂਹਾਂ ਸਾਹਮਣੇ ਮੇਰਾ ਕੰਬਦਾ ਬੂਹਾ, ਸੁੰਞੀ ਜਿੰਦੜੀ ਕੂਕ ਕੇ, ਕੁੱਲ ਚਰਖ਼ ਤਪਾਇਆ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਸਿਖਰ ਦੁਪਹਿਰ ਦੇ ਕੋਟ 'ਤੇ ਤੇਰਾ ਛਣਕੇ ਚੂੜਾ, ਰੱਬ ਦੀ ਮਿਹਰ ਹੋ ਉਤਰਿਆ ਰੰਗ ਤਲੀ 'ਤੇ ਗੂੜ੍ਹਾ, ਛਾਲੇ ਹੇਠਾਂ ਥਲਾਂ ਨੇ, ਕੋਈ ਵੇਸ ਬਣਾਇਆ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਆ ਕੇ ਭਰਿਆਂ ਤ੍ਰਿੰਝਣਾਂ ਵਿਚ ਖੇਡਣ ਰੈਣਾਂ, ਸਿਖਰ ਦੁਪਹਿਰ ਦੇ ਕੋਟ ਤੋਂ ਰੋ ਤੱਕਿਆ ਨੈਣਾਂ, ਸ਼ੁਤਰ-ਸੁਆਰ ਦੀ ਤਲਬ ਨੂੰ, ਵਿਚ ਕਜਰੇ ਪਾਇਆ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਸਿਖਰ ਦੁਪਹਿਰ ਦੇ ਕੋਟ 'ਤੇ ਤੇਰਾ ਭਖਦਾ ਸਾਲੂ, ਸੁੰਨਾ ਸਤਲੁਜ ਚਿਰਾਂ ਦਾ ਪਏ ਉੱਡਦੇ ਬਾਲੂ, ਨਾਲ ਧਰੇਕਾਂ ਖੇਡ ਕੇ, ਹੱਸ ਤ੍ਰਿੰਝਣ ਪਾਇਆ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਭਰਿਆ ਤ੍ਰਿੰਝਣ ਵੇਖ ਲੈ ਜਦ ਫਲਣ ਧਰੇਕਾਂ, ਪੱਤਣ ਖ਼ੁਰ ਗਏ ਜਦੋਂ ਇਹ ਫਿਰ ਨਦੀ ਨ ਦੇਖਾਂ, ਪੈਣ ਧਮਾਲਾਂ, ਮਹਿੰਦੀਆਂ : ਨੇ ਸਫ਼ਰ ਮੁਕਾਇਆ, ਮਨ ਪਰਦੇਸੀ ਜੋ ਥੀਐ, ਸਭ ਦੇਸ ਪਰਾਇਆ। ਦੂਰ ਅੰਬਾਂ ਦੇ ਹੇਠ ਸੀ ਜੋ ਮਜਲਿਸ ਮੇਰੀ, ਛਾਲੇ ਛਾਲੇ ਹੋਏ ਕੇ ਜੂਹ ਆਈ ਨ ਤੇਰੀ, ਸਾਹ ਵੱਡੇ ਪੁਲਾਂ ਦੇ, ਕੋਈ ਕੌਲ ਨਿਭਾਇਆ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਉੱਚੇ ਕੋਟ ਤੋਂ ਵੇਖਣਾ ਲਜਿਆ ਕੇ ਤੇਰਾ, ਨਨਕਾਣੇ ਦੀ ਜੂਹ ਵਿਚ ਮਨ ਭਰਿਆ ਮੇਰਾ, ਰੋਹੀਆਂ ਦੇ ਵਿਚ ਵੱਸਦਾ, ਤੇਰਾ ਸ਼ਹਿਰ ਤਿਹਾਇਆ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਸੂਰਜ ਸਿਖਰ ਦੁਪਹਿਰ ਦਾ, ਤੇਰੇ ਸ਼ਹਿਰ 'ਤੇ ਆਇਆ। (2) [ਮਾਸੂਮ ਅਤੇ ਪਾਕ ਸੀਰਤ ਫ਼ਕੀਰ ਕੁੜੀ ਦੇ ਵਲਵਲੇ] ਮਨ ਪਰਦੇਸੀ ਜੋ ਥੀਐ, ਸਭ ਦੇਸ ਪਰਾਇਆ, ਧੰਮੀ ਵੇਲੇ ਝਨਾਂ 'ਤੇ, ਕੋਈ ਸੁਪਨਾ ਆਇਆ। ਕੋਇਲ ਜਿਉਂ ਤੈਨੂੰ ਕੂਕਦਾ ਮੇਰਾ ਚਾਅ ਅੰਞਾਣਾ, ਇਉਂ ਨ ਜਾਵੀਂ ਛੋਡ ਕੇ ਇਹ ਬੋਲ ਨਿਮਾਣਾ, ਤੈਨੂੰ 'ਵਾਜਾਂ ਮਾਰ ਮਾਰ, ਅਸਾਂ ਸਫ਼ਰ ਮੁਕਾਇਆ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਸਤਲੁਜ ਦੇ ਵਿਚ ਜਦੋਂ ਸੀ ਚੜ੍ਹ ਵਗਦੇ ਪਾਣੀ, ਪੱਤਣਾਂ ਉੱਤੇ ਉਦੋਂ ਮੈਂ ਤੇਰੀ 'ਵਾਜ ਪਛਾਣੀ, ਉਹੀਓ 'ਵਾਜ ਦੇ ਆਸਰੇ, ਅਸਾਂ ਦਿਹੁੰ ਲੰਘਾਇਆ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਨਾਲ ਅੰਬਾਂ ਦੇ ਖੇਡ ਕੇ ਮੈਂ ਕੇਸ ਸੰਵਾਰੇ, ਪੱਤਣਾਂ 'ਤੇ ਬਹਿ ਵੇਖਦੀ ਤੇਰੇ ਬਾਜ਼ ਪਿਆਰੇ, ਡੂੰਘੇ ਮੇਰੇ ਝਨਾਂ ਨੇ, ਤੇਰਾ ਬੋਲ ਛੁਪਾਇਆ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਰੰਗ ਮਜੀਠੀ ਵੇਖ ਕੇ ਮੇਰਾ ਮਨ ਕੁਮਲਾਵੇ, ਦੂਜਾ ਰੰਗ ਕਸੁੰਭੜਾ ਮੇਰੀ ਜਾਨ ਸੁਕਾਵੇ, ਡੂੰਘੇ ਭਰੇ ਝਨਾਂ ਦਾ, ਮੈਂ ਕਰਜ਼ ਚੁਕਾਇਆ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਵੱਡੀਆਂ ਮਿਲਖਾਂ ਵਾਲਿਆ ਖੜ੍ਹ ਗੱਲ ਸੁਣਾਵਾਂ, ਲੈ ਜਾ ਲੰਮੇ ਬੁੱਤ ਤੋਂ ਇਹ ਲੰਮੀਆਂ ਛਾਵਾਂ, ਡੂੰਘੇ ਮੇਰੇ ਝਨਾਂ ਨੇ, ਮੈਨੂੰ ਖੇਡਣ ਲਾਇਆ— ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਪਿੱਪਲਾਂ ਛਾਵੇਂ ਚਾਅ ਵਿਚ ਜਦ ਝੂਟਣ ਲੱਗੀ, ਸਿਰ ਤੇ ਉਡਦਾ ਬਾਜ਼ ਤੱਕ ਖੜ ਕੂਕਨ ਲੱਗੀ, ਹੱਸ ਕੇ ਹਸ਼ਰਾਂ ਸਾਮ੍ਹਣੇ, ਅਸਾਂ ਸੀਸ ਨਿਵਾਇਆ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਇੱਕੋ ਬੋਲ ਪਛਾਣਿਆਂ ਬਸ ਉਹੀਓ ਜਰਿਆ ਰੋਹੀਆਂ ਦੇ ਲੱਖ ਬੁੱਲਿਆਂ ਵਿਚ ਕੇਸੂ ਹਰਿਆ, ਅਸਾਂ ਨੇ ਆਪਣੀ ਜਾਨ 'ਤੇ, ਮਾਹ ਸਾਉਣ ਚੜ੍ਹਾਇਆ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਸਿਖਰ ਦੁਪਹਿਰ ਦੇ ਕੋਟ ਤੋਂ ਮੈਂ ਨਦੀਆਂ ਵੇਖਾਂ, ਹੰਝੂ ਮੈਂਡੇ ਡਲ੍ਹਕਦੇ ਰੰਗ ਭਰਨ ਧਰੇਕਾਂ, ਹਰਿਆਂ ਬੰਨਿਆਂ ਵਲ ਵੇ, ਤੇਰਾ ਲਸ਼ਕਰ ਪਾਇਆ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਸੁੱਕਾ ਸਤਲੁਜ ! ਰੇਤ 'ਤੇ ਮਨ ਡੁਸਕੇ ਮੇਰਾ, ਜਲ-ਥਲ ਥੀਵਾਂ ਸਾਜਨਾ ਸ਼ਹੁ ਭਰੇ ਜੇ ਤੇਰਾ, ਯਾਰਾ ਨਗਰ ਬੇਗਾਨੜੇ, ਅਸਾਂ ਵੇਸ ਬਣਾਇਆ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਸਿਖਰ ਦੁਪਹਿਰ ਦੇ ਕੋਟ 'ਤੇ ਮੇਰੇ ਬੁੱਤ ਦਾ ਸਾਇਆ, ਇਉਂ ਨਾ ਜਾਵੀਂ ਛੋਡ ਕੇ ਅਸਾਂ ਬੋਲ ਪੁਗਾਇਆ, ਵਗਦੇ ਮੇਰੇ ਝਨਾਂ ਦਾ, ਕਿਸੇ ਭੇਦ ਨ ਪਾਇਆ, ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਧੰਮੀ ਵੇਲੇ ਝਨਾਂ ਦਾ, ਕੋਈ ਸੁਪਨਾ ਆਇਆ।

ਵੀਰਾਨ ਰਾਹਾਂ

[ਸੂਫ਼ੀਆਂ ਦਾ ਗੀਤ] ਸੂਹਾ ਵੇਸ ਕਰੇਂਦੀਏ, ਦਿਹੁੰ ਗੁਜ਼ਰੇ ਮੇਰੇ, ਰੁੱਤ ਫਿਰੀ ਵਣ ਕੰਬਿਆ, ਕਿਰ ਗਏ ਬਨੇਰੇ। ਰਾਹ ਵਿਚ ਮੈਨੂੰ ਛੱਡਿਆ ਰੰਗ ਹਰੇ ਕਚੂਰਾਂ, ਮਿੱਟੀ ਪਈ ਅਤੋਲਵੀਂ ਵਿਚ ਸੁੱਕਿਆਂ ਬੂਰਾਂ। ਏਸ ਖ਼ਾਕ ਵਿਚ ਰਲੇ ਨ, ਕਿਉਂ ਸੂਰਜ ਤੇਰੇ ? ਸੂਹਾ ਵੇਸ ਕਰੇਂਦੀਏ, ਦਿਹੁੰ ਗੁਜ਼ਰੇ ਮੇਰੇ। ਏਸ ਜੋਗ ਵਿਚ ਸੁਣੇ ਨ ਕਿਉਂ 'ਵਾਜ ਪਿਆਰੀ ? ਇਸ ਪੈਂਡੇ ਵਿਚ ਮਿਲੇ ਨ ਕਿਸੇ ਨਾਥ ਦੀ ਯਾਰੀ। ਨ ਇਹ ਖੂਹ ਹੈ ਸੋਹਣੀਏਂ, ਕਿਸੇ ਨਜ਼ਰ ਦੇ ਨੇੜੇ, ਸੂਹਾ ਵੇਸ ਕਰੇਂਦੀਏ, ਦਿਹੁੰ ਗੁਜ਼ਰੇ ਮੇਰੇ। ਇਹਨਾਂ ਅੱਖੀਆਂ ਨਦੀ ਦੇ ਪਰਛਾਵੇਂ ਰੋਲੇ ਛੋਡੇ ਇਹਨਾਂ ਜੰਘੀਆਂ ਦਰ ਗੁਰਾਂ ਦੇ ਟੋਲੇ; ਖ਼ਾਨਗਾਹਾਂ ਤੋਂ ਦੂਰ ਹੀ, ਸ਼ਹੁ ਪਾਵੇ ਫੇਰੇ, ਸੂਹਾ ਵੇਸ ਕਰੇਂਦੀਏ, ਦਿਹੁੰ ਗੁਜ਼ਰੇ ਮੇਰੇ। ਬੰਨ੍ਹੇ ਹੋਏ ਖੰਭ ਜਿਉਂ ਸਾਹ ਫੜੇ ਨੇ ਮੇਰੇ, ਸ਼ੇਰ ਬਘੇਲਾ ਪਾਏ ਨ ਇਸ ਜੂਹ ਵਿਚ ਫੇਰੇ, ਲਾ-ਮਕਾਂ ਦੀ ਨਜ਼ਰ ਨੂੰ, ਕੋਈ ਲਸ਼ਕਰ ਘੇਰੇ, ਸੂਹਾ ਵੇਸ ਕਰੇਂਦੀਏ, ਦਿਹੁੰ ਗੁਜ਼ਰੇ ਮੇਰੇ। ਲਾ-ਮਕਾਂ ਵਿਚ ਖੁਭੇ ਨੇ ਦੰਦ ਸਾਰ ਦੇ ਡਾਢੇ, ਕੁਝ ਵੀ ਉੱਗ ਨ ਸਕਦਾ ਕਿਤੇ ਯਾਰ ਨ ਸਾਡੇ ! ਨ ਤਾਂ ਖੇਡ ਫ਼ਕੀਰ ਦੀ, ਨ ਦੁਨੀ 'ਚ ਡੇਰੇ, ਸੂਹਾ ਵੇਸ ਕਰੇਂਦੀਏ, ਦਿਹੁੰ ਗੁਜ਼ਰੇ ਮੇਰੇ। ਰੁੱਤ ਫਿਰੀ ਵਣ ਕੰਬਿਆ, ਕਿਰ ਗਏ ਬਨੇਰੇ।

ਸੂਫ਼ੀਆਂ ਦਾ ਗੀਤ

ਇਸ ਸੁੱਕੇ ਸ਼ਹੁ ਦੇ ਪਾਰ ਮਿਰੇ, ਪਏ ਵਾਜਾਂ ਮਾਰਨ ਯਾਰ ਮਿਰੇ। ਕੁਝ ਬਾਕੀ ਅਜੇ ਫ਼ਕੀਰ ਦਾ ਹੈ, ਲਹੂ-ਰੰਗੇ ਅਜੇ ਬਾਜ਼ਾਰ ਮਿਰੇ। ਕਿਉਂ ਲੱਗਿਉਂ ਮੁਨਕਰ ਹੋਵਨ ਤੂੰ ? ਅਜੇ ਜ਼ਾਮਨ ਲੱਖ ਹਜ਼ਾਰ ਮਿਰੇ। ਤੂੰ ਜਦੋਂ ਬੁਲਾਵੇਂ ਯਾਦ ਕਰੀਂ : ਕੁਝ ਨਾਲ ਜ਼ਿਮੀਂ ਇਕਰਾਰ ਮਿਰੇ। ਜੱਗ ਦੱਸਦਾ ਰੁਲਿਆ ਰਾਹ ਸਾਡਾ, ਕਿਸੇ ਗਹਿਰ 'ਚ ਹਫਦੇ ਬਾਰ ਮਿਰੇ। ਰੱਬ ਕੂਕ ਮਿਰੀ ਨੂੰ ਠੱਲ੍ਹ ਲੈਂਦਾ, ਕਿਉਂ ਜ਼ਖ਼ਮ ਖੜ੍ਹੇ ਵਿਚਕਾਰ ਮਿਰੇ ? ਕਿਉਂ ਮਿਹਰ ਤੇਰੀ ਦੋ ਬੋਲ ਬਿਨਾਂ, ਉੱਡ ਖੁੱਭਦੀ ਸੀਨੇ ਦਾਰ ਮਿਰੇ ! ਅਜੇ ਪੈੜ ਤੇਰੀ ਦੇ ਹੇਠਾਂ ਕੁਝ, ਰੰਗ ਬੋਲ ਤੇਰੇ ਤੋਂ ਪਾਰ ਮਿਰੇ। ਰਗ ਬੰਨ੍ਹੀ ਵਿਚ ਉਜਾੜਾਂ ਦੇ, ਹੱਥ ਫੈਲੇ ਵਿਚ ਗ਼ੁਬਾਰ ਮਿਰੇ। ਚਾਅ ਮੈਨੂੰ ਸਫ਼ਰ ਮੁਕਾਵਣ ਦਾ, ਮੈਂ ਸੁਣਾਂ ਦੀਦ ਦੁਸ਼ਵਾਰ ਮਿਰੇ। ਔਹ ਖ਼ਾਨਗਾਹਾਂ 'ਤੇ ਦੀਵਾ ਹੈ, ਕੋਈ ਮੁੜਿਆ ਰੰਗ ਖਿਲਾਰ ਮਿਰੇ। ਹਾਂ, ਬੋਲ ਗੁਨਾਹ ਦਾ ਆਖ਼ਿਰ 'ਤੇ ! ਹਾਂ, ਸੁਪਨਾ ਮਿਹਰ ਦਾ ਬਾਰ ਮਿਰੇ। ਮੈਂ ਮੁੜ ਦਰਿਆ ਨੂੰ ਮਿਲ ਪੈਣਾ, ਖੰਭ ਖੰਭ 'ਤੇ ਲਹੂ ਉਡਾਰ ਮਿਰੇ। ਇਹ ਰਾਹ ਗੁਮਨਾਮ ਵੀ ਅੱਪਣਾ ਹੈ, ਅੱਜ ਰੋਕ ਲਵੇਂ ਜੇ ਯਾਰ ਮਿਰੇ। ਹੱਸ ਛੱਡਿਆ ਗ਼ੈਬ ਦੇ ਦਾਮਨ ਨੂੰ, ਇਹ ਨੈਣ ਬਣੇ ਅਸਵਾਰ ਮਿਰੇ। ਜੇ ਸਿਖਰ ਤੇਰੀ 'ਤੇ ਤੂੰ ਹੀ ਹੈਂ, ਇਸ ਕਿਣਕੇ ਨਾਲ ਉਧਾਰ ਮਿਰੇ। ਜਾਂ ਤੇਗ ਮਿਰੀ ਦਾ ਹੌਕਾ ਹੈ, ਜਾਂ ਅਰਜ਼ਾਂ ਕਰਨ ਮਜ਼ਾਰ ਮਿਰੇ। ਕੁਝ ਅਰਜ਼ ਮਿਰੀ ਦਾ ਨੂਰ ਅਜੇ, ਕੁਝ ਅਜੇ ਗਵਾਹ ਦਿਲਦਾਰ ਮਿਰੇ। ਥਲ ਘੇਰੇ ਕਿਵੇਂ ਜ਼ੰਜੀਰ ਕੋਈ ? ਪਿਆ ਸੁਣਾਂ ਜਨੂੰ 'ਤੇ ਭਾਰ ਮਿਰੇ। ਛੱਡ ਤੁਰਿਆ ਸ਼ੁਤਰ-ਸੁਆਰ ਜਦੋਂ, ਚੰਨ ਚਮਕੇ ਬੇ-ਇਖਤਿਆਰ ਮਿਰੇ। ਜਦ ਅੰਧ-ਗੁਬਾਰ 'ਚ ਬੋਲ ਪਿਆ, ਆ ਗੋਰਖ ਖੜੇ ਦੁਆਰ ਮਿਰੇ। ਮੈਂ ਕਿਸਨੂੰ ਜਾ ਫ਼ਰਿਆਦ ਕਰਾਂ ? ਥਲ ਗਏ ਜਨੂੰ ਤੋਂ ਹਾਰ ਮਿਰੇ ! ਜਦ ਚੁੱਪ ਤੇਰੀ ਮੈਂ ਫੈਲ ਗਿਆ, ਰੁੱਖ ਬੂਟ ਹੋ ਜਾਸਨ ਖੁਆਰ ਮਿਰੇ !

ਇਕ ਕਾਫ਼ੀ

ਉੱਚੇ ਟਿੱਬੇ ਤੇ ਡੂੰਘੀਆਂ ਕੱਸੀਆਂ ਵੋ, ਰਾਹਾਂ ਜੋਗਣਾਂ ਮਾਹੀਏ ਨੇ ਦੱਸੀਆਂ ਵੋ। ਸਾਡੀ ਜਾਨ ਕੁਸੇ ਪਈ ਕੇਸੂ ਜਿਉਂ, ਅੱਖੀਂ ਵੱਲ ਰੋਹੀਆਂ ਦੇ ਨੱਸੀਆਂ ਵੋ। ਭਾਵੇਂ ਪਾਰ ਦੁਪਹਿਰਾਂ ਦਾ ਢੋਲ ਸੁਣੇ, ਪੀਲਾਂ ਛੋਡ ਕੇ ਜਾਵੀਂ ਨ ਰੱਸੀਆਂ ਵੋ। ਡਾਢੇ ਰਾਹ ਦੁਸ਼ਵਾਰ 'ਤੇ ਹੱਸੀਆਂ ਵੋ। ਰੱਬਾ ਖ਼ੈਰ ਕਰੀਂ, ਮੈਂ ਡੱਸੀਆਂ ਵੋ। ਮੇਰੇ ਮੱਥੇ ਝਨਾਂ ਦੀਆਂ ਬੂੰਦਾਂ ਦੋ, ਚਿਰ ਹੋਇਆ ਫ਼ਲਕ 'ਤੇ ਹੱਸੀਆਂ ਵੋ। ਜੀਵੇਂ ਸ਼ਹਿਰ ਲਾਹੌਰ ਦਾ ਮਾਣ ਬੜਾ, ਤੱਕ ਲਸ਼ਕਰ ਛਬੀਲੇ ਮੈਂ ਫੱਸੀਆਂ ਵੋ। ਜੀਵੇਂ ਰਾਵੀ ਦੇ ਕੰਢੜੇ 'ਤੇ ਮੁੱਦਤਾਂ ਤੋਂ, ਬੇਇਲਮ ਫ਼ਕੀਰਨਾਂ ਵੱਸੀਆਂ ਵੋ। ਇਕ ਸ਼ਰਾ ਤੇਰੀ ਦਾ ਜ਼ੋਰ ਪਿਆ, ਇਕ ਮਹਿੰਦੀਆਂ ਬੂਹੇ 'ਤੇ ਲੱਸੀਆਂ ਵੋ।

ਸੂਫ਼ੀਆਂ ਦਾ ਗੀਤ

ਸਾਨੂੰ ਯਾਦ ਅੱਲਾ ਦੀਆਂ ਗਲੀਆਂ ਵੋ, ਸਾਡੇ ਚੜ੍ਹ ਦਰਵਾਜ਼ੇ 'ਤੇ ਖੱਲ੍ਹੀਆਂ ਵੋ। ਮੁੱਕ ਜਾਣ ਹਸ਼ਰ ਦੇ ਸਭ ਝੇੜੇ ਸਾਨੂੰ ਬਾਹਵਾਂ ਮਿਲੀਆਂ ਭਲੀਆਂ ਵੋ। ਕੋ ਸੁੰਞੀ ਪੈੜ 'ਤੇ ਨਜ਼ਰ ਪਈ ਪੈ ਜਾਣ ਥਲੀਂ ਤਰਥੱਲੀਆਂ ਵੋ। ਚੜ੍ਹ ਬੈਠੇ ਨਿਗਾਹ 'ਤੇ ਹੜ੍ਹ ਲੱਖਾਂ ਸਭ ਰੂਹਾਂ ਫ਼ਜਰ ਨੂੰ ਕੱਲੀਆਂ ਵੋ। ਛੱਡ ਯਾਰ, ਸੱਥਰਾਂ 'ਤੇ ਸੌਂ ਕੇ, ਕਿਸ ਜ਼ਿਮੀਂ ਅਵਾਜ਼ਾਂ ਖੱਲ੍ਹੀਆਂ ਵੋ। ਨ ਕਦਮ ਤੇਰੇ ਦੀ 'ਵਾਜ ਪਈ ਸਭ ਰਾਹਾਂ ਆਖ਼ਿਰ ਹੱਲੀਆਂ ਵੋ। ਕੋ ਆਹਟ ਅਰਸ਼ ਦੀ ਧੂੜ ਵੜੀ ਅੱਖੀਂ ਆ ਦਰਿਆਵਾਂ ਨੇ ਮੱਲੀਆਂ ਵੋ। ਜਿਸ ਡੂੰਘੀ ਸ਼ਾਖ 'ਤੇ ਤੇਗ ਬਲੀ ਉਸ ਪਰ ਪਰਵਾਜ਼ਾਂ ਬਲੀਆਂ ਵੋ। ਮਰ-ਮਿੱਟ ਕੇ ਹੱਸ ਮਨਜ਼ੂਰ ਕਰਾਂ ਗੱਲਾਂ ਜੋ ਵੀ ਯਾਰ ਨੇ ਘੱਲੀਆਂ ਵੋ। ਸਾਨੂੰ ਯਾਦ ਅੱਲਾ ਦੀਆਂ ਗਲੀਆਂ ਵੋ, ਸਾਡੇ ਚੜ੍ਹ ਦਰਵਾਜ਼ੇ 'ਤੇ ਖੱਲ੍ਹੀਆਂ ਵੋ।

ਸ਼ਕਲ ਅਨਾਦਿ

ਸ਼ਕਲ ਅਨਾਦਿ ਝਿਮੀ ਵਿਚ ਖੰਡਾਂ ਰੋਹ ਬਾਜ਼ਾਂ ਦਾ ਛਿੜਿਆ, ਚੀਖ ਅਸੰਖ ਜਨਮ ਦੀ ਡਾਢੀ ਚਰਖ ਮਗਨ ਹੋ ਫਿਰਿਆ। ਮਗਨ ਨਜ਼ਰ ਬਾਜ਼ਾਂ ਦੀ ਡੁੱਬੀ ਛੋਹ ਮਜ਼ਲੂਮ ਹਵਾਵਾਂ, ਲਹੂ ਜਿਨ੍ਹਾਂ 'ਤੇ ਬਹਿ ਜਨਮਾਂ ਦਾ ਰੋ ਰੋ ਕਰੇ ਦੁਆਵਾਂ। ਜੜ੍ਹ-ਆਵਾਜ਼ ਸਿਖਰ ਕੁਰਲਾਈ ਨਾਲ ਦੁਆ ਟਕਰਾ ਕੇ, ਜਨਮ ਵਿਛੁੰਨੇ, ਮੌਤ ਵਿਛੁੰਨੀ, ਜੜ੍ਹ-ਆਵਾਜ਼ ਨੂੰ ਪਾ ਕੇ। ਪੀਲੇ ਪੱਤਰਾਂ ਦੇ ਵਣ ਮਾਰੀ ਲਹੂ ਉਗਲ ਕਿਲਕਾਰੀ, ਅਜ਼ਰਾਈਲਾਂ ਦੇ ਲੋਹ-ਪੰਜੇ ਦੀ ਖਿਣ ਖਿਣ ਜੋਤ ਖਿਡਾਰੀ। ਪਾਟੀ ਚੀਖ, ਸਿਖਰ ਹੈ ਕਿਹੜਾ ? ਰੋ ਰੋ ਚੜ੍ਹਣ ਅਜ਼ਾਨਾਂ, ਜੋ ਮਜ਼ਲੂਮ ਧਰਤ ਦੇ ਪਾਣੀ ਚੁੰਮ੍ਹੇ ਲਾ-ਮਕਾਨਾਂ। ਅਰਸ਼-ਨਾਭ ਵਿਚ ਕੰਕਰ ਭਖਦੇ ਕਿਸ ਤੋਂ, ਕੌਣ ਵਿਛੁੰਨੇ ? ਹਰ ਇਕ ਤਾਰੇ ਦਾ ਮਨ ਅੱਪਣਾ ਡੂੰਘੀ ਚੁੱਪ ਹੋ ਰੁੰਨੇ। ਡੂੰਘੀ ਚੁੱਪ ਪਤਾਲ ਦੇ ਸੀਨੇ ਜਾਂ ਸੂਲੀ ਅਸਮਾਨਾਂ, ਜਿਥੇ ਹੈ ਮਜ਼ਲੂਮ ਹੈ ਓਥੇ, ਚੁੱਪ-ਜ਼ੰਜੀਰ 'ਚ ਜਾਨਾਂ। ਘੁੱਟਿਆ ਲਹੂ ਕਿਸੇ ਹਰਿਆਵਲ ਬਾਲ ਗੁਨਾਹ ਦੀਆਂ ਸੀਖਾਂ, ਵਗ ਵਗ ਗਏ ਨੀਰ ਛੱਡ ਰੇਤਾਂ ਛੱਡ ਕੇ ਸੁੰਨੀਆਂ ਚੀਕਾਂ। ਭਾਰਾ ਤਾਲ ਅਗਨ ਦਾ ਕਟਕੇ ਵਣ ਦੀ ਨਾਭ ਹਿਲਾਵੇ, ਪੀਂਹਦੇ ਦੰਦ ਨਾਗ ਦੀ ਚੋਟੀ ਕੋਈ ਬਾਜ਼ ਚਕਰਾਵੇ। ਕੁਝ ਪੈੜਾਂ ਤੱਕ ਬੇਬੱਸ ਅੰਬਰ ਪਿੰਡ ਪਿੰਡ ਹੰਭ ਹੰਭ ਰੋਏ, ਚੜ੍ਹੇ ਘੋਰ ਕੁਹਰਾਮਾਂ ਸਾਹਮੇ ਛਿਪ ਗਈ ਜੁਗਨੂੰ ਲੋਏ। ਸਬਰ ਦੀ 'ਵਾਜ ਮੁੜੀ, ਤੇ ਮੁੜ ਗਏ ਫ਼ਰਿਹਾਦਾਂ ਦੇ ਤੇਸੇ; ਸੁੰਨ ਪਹਾੜ ਦੀ ਕਾਇਆਂ ਛਿਪ ਗਈ ਬੇ-ਯਾਰ ਪਏ ਪੇਸ਼ੇ। ਬੇ-ਯਾਰ ਪਰਬਤ ਦੇ ਕਦਮੀਂ ਬੁੱਤ ਰੋਹੀਆਂ ਦਾ ਸੁੰਨਾ, ਬੇ-ਦੀਨ ਨਦੀਆਂ ਦੇ ਜਲ ਤੋਂ ਤੇਸਾ ਕੋਈ ਵਿਛੁੰਨਾ । ਤਾਲ ਘੁੱਪ ਆ ਖੜਾ ਪੈੜ 'ਤੇ ਆ ਕੋਈ ਤੇਸਾ ਮਾਰੇ, ਪਾਣੀ ਨਦੀਆਂ ਦੇ ਰੁਕ ਖੜ੍ਹ ਗਏ ਲੰਮੇ ਸਬਰ ਸਹਾਰੇ। ਸ਼ਕਲ ਅਨਾਦਿ ਝਿਮੀ ਵਿਚ ਖੰਡਾਂ ਰੋਹ ਬਾਜ਼ਾਂ ਦਾ ਛਿੜਿਆ, ਵਣਾਂ ਦੀ ਹਰਿਆਵਲ ਦਾ ਗਾਨਾ ਹਸ਼ਰਦੇ ਬੂਹੇ ਖਿੜਿਆ।

ਸੂਫ਼ੀਆਂ ਦਾ ਗੀਤ

ਕੁੱਲ ਅੰਬਰ-ਜ਼ਿਮੀਂ ਉਦਾਸ ਮਿਰੇ, ਉੱਡ ਧੂੜ ਚੜ੍ਹੇ ਨੇ ਸਾਸ ਮਿਰੇ। ਛਿਪ ਜਾਂਦੇ ਸੂਰਜ ਅਰਜ਼ ਕਰਾਂ, ਛਿੜ ਪੈਂਦੇ ਮੁੜ ਬਨਵਾਸ ਮਿਰੇ। ਜਾ ਮਾਰੂਥਲਾਂ ਦੀ ਪੀੜ ਬਣੇ, ਦਰਿਆ ਜੋ ਰਹੇ ਨ ਪਾਸ ਮਿਰੇ। ਵੱਜ ਤੁੰਦ ਬੰਜਰਾਂ 'ਤੇ ਪੌਣਾਂ, ਜਾ ਜੁੜੀਆਂ ਨਾਲ ਵਿਣਾਸ ਮਿਰੇ। ਕੋਈ ਰੱਬ ਦਾ ਸ਼ੌਕ ਜ਼ਹੂਰ ਕਰਾਂ, ਆ ਪਹੁੰਚੇ ਬੰਦ-ਖਲਾਸ ਮਿਰੇ। ਮੈਂ ਖੜ੍ਹਾ ਹਜ਼ੂਰ ਬੇਖ਼ਬਰ ਰਿਹਾ, ਸਭ ਲਾਉਂਦੇ ਰਹੇ ਕਿਆਸ ਮਿਰੇ। ਜਾ ਅਰਜ਼ ਮਿਰੀ ਦਾ ਨੂਰ ਕਰੋ, ਇਹ ਸ਼ੁਤਰ-ਸੁਆਰ ਨੇ ਖ਼ਾਸ ਮਿਰੇ। ਕੁੱਲ ਅੰਬਰ-ਜ਼ਿਮੀਂ ਉਦਾਸ ਮਿਰੇ, ਉੱਡ ਧੂੜ ਚੜ੍ਹੇ ਨੇ ਸਾਸ ਮਿਰੇ।

ਵਾਹਗੇ ਤੋਂ ਪਾਰ ਵਸਦੇ ਪੰਜਾਬ ਨੂੰ ਅਸੀਸ

ਪਿਆ ਵਸਦਾ ਰਹੇ ਝਨਾਂ ਸਾਡਾ, ਉਸ ਪਾਰ ਵਸੋਂ ਕੋਈ ਨਾਂ ਸਾਡਾ। ਉਸ ਪਾਰ ਵਸੇ ਕੋਈ ਛਾਂ ਸਾਡੀ ਉਸ ਪਾਰ ਵਸੇ ਕੋਈ ਬਾਂਹ ਸਾਡੀ ਕੋਈ ਗਰਜ, ਕੋਈ ਚੁੱਪ-ਚਾਂ ਸਾਡੀ, ਉਸ ਪਾਰ ਵਸੇ ਇਕ ਅਰਜ਼ ਮੇਰੀ ਉਸ ਪਾਰ ਵਸੇ ਅਸਮਾਂ ਸਾਡਾ- ਪਿਆ ਵਸਦਾ ਰਹੇ ਝਨਾਂ ਸਾਡਾ। ਜੇ ਸ਼ਹੁ ਦਰਿਆ ਨੇ ਚੁੱਪ ਹੋਏ, ਜੇ ਡੂੰਘੇ ਪੈਂਡੇ ਘੁੱਪ ਹੋਏ, ਜੇ 'ਵਾਜ ਮੇਰੀ ਦੇ ਰੁੱਖ ਮੋਏ, ਕਦੇ ਦੇਸ ਕਦੇ ਪ੍ਰਦੇਸਾਂ ਤੋਂ ਕੋਈ ਰੋ ਕੇ ਲਵੇਗਾ ਨਾਂ ਸਾਡਾ- ਪਿਆ ਵਸਦਾ ਰਹੇ ਝਨਾਂ ਸਾਡਾ। ਨ ਰਾਂਝਣ ਮੰਨਣਾ ਚੀਨੇ 'ਤੇ ਗੱਲ ਕਰਨੀ ਹਸ਼ਰ ਮਹੀਨੇ 'ਤੇ ਸਿਰ ਲਹੂ-ਲੁਹਾਣ ਲਾ ਸੀਨੇ 'ਤੇ— ਅਸਾਂ ਪੁੱਛਣਾ ਹਾਲ-ਹਵਾਲ ਤੇਰਾ ਜਦ ਜਲ-ਬਲ ਗਿਆ ਨਿਸ਼ਾਂ ਸਾਡਾ— ਪਿਆ ਵਸਦਾ ਰਹੇ ਝਨਾਂ ਸਾਡਾ। ਇਕ ਛੁਪਿਆ ਅੱਥਰੂ ਤੇਗਾਂ ਦਾ ਵਿਚ ਡੁੱਬਿਆ ਦਾਗ ਫ਼ਰੇਬਾਂ ਦਾ ਮਨ ਡਾਢੇ ਬੇ-ਦਰੇਗਾਂ ਦਾ, ਸੁਣ ਸੁਣ ਗੁਜਰਾਤ ਦੀ ਹੂੰਗਰ ਨੂੰ ਕੋਈ ਸੂਰਜ ਰਹੇ ਰਵਾਂ ਸਾਡਾ- ਪਿਆ ਵਸਦਾ ਰਹੇ ਝਨਾਂ ਸਾਡਾ। ਤੇਰੀ ਮਿੱਟੀ ਵਿਚ ਦਸਤੂਰ ਮਿਰਾ ਏਥੇ ਸੁੱਟਿਆ ਤੇਗਾਂ ਨੂਰ ਮਿਰਾ ਏਥੇ ਹੋਇਆ ਕੌਲ ਜ਼ਰੂਰ ਮਿਰਾ, ਤੇਰਾ ਜੰਮ ਜੰਮ ਸ਼ਹਿਰ ਲਾਹੌਰ ਵਸੇ ਜ਼ਰਾ ਦੱਸਣਾ ਕਿਵੇਂ ਸੁਹਾਂ ਸਾਡਾ- ਪਿਆ ਵਸਦਾ ਰਹੇ ਝਨਾਂ ਸਾਡਾ। ਹੇ ਸਿਦਕ-ਕੁਹਰਾਮ ਦੀ ਰਾਤ ਹੈ ! ਬਸ ਚੜ੍ਹਣ-ਛਿਪਣ ਦੀ ਬਾਤ ਹੈ, ਸਾਡਾ ਲਹੂ ਨਜ਼ਰ ਦੀ ਜ਼ਾਤ ਹੈ, ਜੋ ਸ਼ਾਹ ਅਸਵਾਰ ਨੂੰ ਮਿਲਿਆ ਨਹੀਂ ਉਹ ਸਮਝ ਨ ਸਕੇ ਥਾਂ ਸਾਡਾ- ਪਿਆ ਵਸਦਾ ਰਹੇ ਝਨਾਂ ਸਾਡਾ। ਗੁਜਰਾਤ ਦੇ ਪੁਲਾਂ ਨੂੰ ਤੋੜ ਕੇ ਤੇਗਾਂ ਦੇ ਆਖ਼ਰੀ ਮੋੜ 'ਤੇ ਅਸੀਂ ਕੂਕੇ ਜਾਨ ਨਿਚੋੜ ਕੇ, ਸੁਣ ਮੁਰਸ਼ਦ ਤੇਰੇ ਪੱਤਣਾਂ 'ਤੇ ਪਿਆ ਦਿਸੇ ਨ ਕੋਈ ਮਕਾਂ ਸਾਡਾ- ਪਿਆ ਵਸਦਾ ਰਹੇ ਝਨਾਂ ਸਾਡਾ। ਤੇਰਾ ਬੁੱਤ ਫੜਿਆ ਇਕ ਨਜ਼ਰ ਵਿਚ ਅਸੀਂ ਸੁੱਤੇ ਸ਼ਹਿਰ ਬੇ-ਕਦਰ ਵਿਚ ਤੇਰੇ ਘੋੜ ਦੀ ਪੈੜ ਦੀ ਫਜਰ ਵਿਚ, ਕਦੇ ਆ ਜਮਰੌਦ ਦੇ ਵੱਲੋਂ ਤੂੰ ਇਕ ਦੱਸ ਜਾ ਕੋਈ ਗਿਰਾਂ ਸਾਡਾ— ਪਿਆ ਵਸਦਾ ਰਹੇ ਝਨਾਂ ਸਾਡਾ। ਪਿਆ ਗਰਦ ਦਾ ਲਟਕੇ ਖੰਜਰ ਹੋ, ਪਿਆ ਲਹੂ ਨਿਚੋੜੇ ਅੰਬਰ ਹੋ, ਮੁੜ ਗਹਿਰਾ ਹੋਇਆ ਬੰਜਰ ਹੋ, ਸੰਗ ਮੁਰਸ਼ਦ ਤੁਰੇ ਫ਼ਰੇਬ ਕੋਈ ਪਿਆ ਦਿਸੇ ਨਸੀਬ ਬੇ-ਨਾਂ ਸਾਡਾ— ਪਿਆ ਵਸਦਾ ਰਹੇ ਝਨਾਂ ਸਾਡਾ। ਰਾਹ ਪੁੱਛਿਆ ਸ਼ਹਿਰ ਲਾਹੌਰ ਹਈ, ਤੇਰੇ ਕਾਸੇ ਜਿਗਰ ਦਾ ਦੌਰ ਹਈ, ਕੋਈ ਬਹੁਤ ਪੁਰਾਣਾ ਤੌਰ ਹਈ ! ਬਹੂੰ ਪੁਸ਼ਤਾਂ ਤੇਗ਼ ਲੁਕਾ ਸਾਡੀ ਜਾ ਵੱਜਣਾ ਸਿਖਰ ਨਿਸ਼ਾਂ ਸਾਡਾ- ਪਿਆ ਵਸਦਾ ਰਹੇ ਝਨਾਂ ਸਾਡਾ। ਹਾਂ! ਧਮਕ ਮੁੱਠੀ ਵਿਚ ਤੇਗ ਦੀ ਹੈ, ਗੱਲ ਸ਼ਾਹ ਰਗ ਵਾਲੇ ਵੇਗ ਦੀ ਹੈ, ਆ ਲਟਕੀ ਬੂੰਦ ਫ਼ਰੇਬ ਦੀ ਹੈ, ਮੇਰੇ ਨਿਹਕਲੰਕ ਦੇ ਰਾਹਾਂ 'ਤੇ ਰੋ ਹੋਇਆ ਅਟਕ ਅਗਾਂਹ ਸਾਡਾ- ਪਿਆ ਵਸਦਾ ਰਹੇ ਝਨਾਂ ਸਾਡਾ। ਪਿਆ ਵਸਦਾ ਰਹੇ ਝਨਾਂ ਸਾਡਾ, ਉਸ ਪਾਰ ਵਸੇ ਕੋਈ ਨਾਂ ਸਾਡਾ। (ਅਗਸਤ, 1970)

ਵੱਖਰਾ ਰਾਹ

[ਹਿੰਦੂ ਫ਼ਲਸਫ਼ੇ, ਇਤਿਹਾਸ ਅਤੇ ਵਕਤ ਦੇ ਹਾਕਮਾਂ ਨੂੰ ਖ਼ਾਲਸਾ ਜੀ ਦੇ ਕੁਝ ਉਦਾਸ ਸੁਆਲ।] ਕਾਈ ਦੱਸਣਾ ਯਾਰ ਗੁਨਾਹ ਸਾਡਾ ? ਜੱਗ ਦੱਸਦਾ ਵੱਖਰਾ ਰਾਹ ਸਾਡਾ ! ਕਾਈ ਯਾਰ ਅਸਾਨੂੰ ਲੈ ਤੁਰਿਆ, ਨ ਸਮਝ ਪਵੇ ਕੀ ਕਹਿ ਤੁਰਿਆ, ਸਤਲੁੱਜ ਦੀ ਕੰਧੀ ਬਹਿ ਤੁਰਿਆ, ਜਾ ਫ਼ਜਰ ਦੇ ਸੱਥਰਾਂ 'ਤੇ ਸੁੱਤਾ ਕੋਈ ਦੀਨ-ਦੁਨੀ ਦਾ ਸ਼ਾਹ ਸਾਡਾ- ਕਾਈ ਦੱਸਣਾ ਯਾਰ ਗੁਨਾਹ ਸਾਡਾ ? ਜੱਗ ਦੱਸਦਾ ਵੱਖਰਾ ਰਾਹ ਸਾਡਾ ! ਮੈਂਡਾ ਯਾਰ ਭਖਾ ਕੇ ਲੋਹ ਤੁਰਿਆ ਜਿਵੇਂ ਸਿਖਰ ਦੁਪਹਿਰਾਂ ਦਾ ਰੋਹ ਤੁਰਿਆ, ਮੈਂਡੀ ਜਾਨ ਕੁਸੇ ਪਏ...ਮੋਹ ਤੁਰਿਆ ! ਛੱਡ ਬਾਜ਼ ਗਿਆ ਵਿਚ ਰੋਹੀਆਂ ਦੇ ਕੋਈ ਡਾਢਾ ਬੇਪਰਵਾਹ ਸਾਡਾ- ਕਾਈ ਦੱਸਣਾ ਯਾਰ ਗੁਨਾਹ ਸਾਡਾ ! ਜੱਗ ਦੱਸਦਾ ਵੱਖਰਾ ਰਾਹ ਸਾਡਾ ! ਜਦ ਚਿੜੀ ਫ਼ਜਰ ਦੀ ਚੂਕ ਪਈ ਕੋਈ ਰਣ ਵਿਚ ਜਾਨ ਮਲੂਕ ਪਈ ਕਿਸੇ ਪੈੜ 'ਤੇ ਭਖਦੀ ਕੂਕ ਪਈ— ਹੋ ਨੀਲਾ ਲਹੂ-ਲੁਹਾਣ ਗਿਆ ਕੋਈ ਚੱਲੇ ਹਜ਼ੂਰ ਨ ਵਾਹ ਸਾਡਾ ! ਕਾਈ ਦੱਸਣਾ ਯਾਰ ਗੁਨਾਹ ਸਾਡਾ ? ਜੱਗ ਦੱਸਦਾ ਵੱਖਰਾ ਰਾਹ ਸਾਡਾ ! ਹੋ ਪੁਰੀ ਆਨੰਦ ਨੂੰ ਹੁਕਮ ਗਿਆ ਹੋ ਨਾਲ ਤੇਗ ਦੇ ਸੁਖਨ ਗਿਆ ਟੁੱਟ ਮਹਾਂ ਕਾਲ ਦਾ ਰੁਕਨ ਗਿਆ, ਸ਼ਾਹ ਰਗ 'ਚੋਂ ਰਹਿਮ ਦੀ 'ਵਾਜ ਫਟੀ ਉਹ ਹੋਇਆ ਆਪ ਗਵਾਹ ਸਾਡਾ- ਕਾਈ ਦੱਸਣਾ ਯਾਰ ਗੁਨਾਹ ਸਾਡਾ ? ਜੱਗ ਦੱਸਦਾ ਵੱਖਰਾ ਰਾਹ ਸਾਡਾ। ਲੰਮੀ ਲੰਮੀ ਅਜ਼ਾਨ ਦੀ ਹੇਕ ਗਈ ਧਾਹ ਮਾਰ ਸਰਹਿੰਦ ਵੀ ਵੇਖ ਗਈ ਰੋਂਦੀ ਫਟ ਸ਼ਮਸ਼ੀਰ ਅਨੇਕ ਗਈ ਵਿਚ ਮੋਇਆ ਦੇਸ਼ ਬੇਗਾਨੇ ਜਾ ਕੋਈ ਤਾਜ ਸਿਰਾਂ ’ਤੋਂ ਲਾਹ ਸਾਡਾ- ਕਾਈ ਦੱਸਣਾ ਯਾਰ ਗੁਨਾਹ ਸਾਡਾ ? ਜੱਗ ਦੱਸਦਾ ਵੱਖਰਾ ਰਾਹ ਸਾਡਾ। ਸਾਨੂੰ ਯਾਰ ਅਕਾ ਨ ਬਹਿਣ ਦੇ, ਅਸੀਂ ਜਾਨਨੇ ਹਸ਼ਰ ਨੂੰ, ਰਹਿਣ ਦੇ, ਹਿੱਕੋ ਗੱਲ ਸਾਡੀ, ਉਹੀਓ ਕਹਿਣ ਦੇ, ਰੂਹਾਂ ਰੋ ਬਨਬਾਸਾਂ ਦੇ ਵਿਚ ਪਈਆਂ : “ਬੇ-ਖ਼ਬਰ ਉਦਾਸ ਮਲਾਹ ਸਾਡਾ—" ਕਾਈ ਦੱਸਣਾ ਯਾਰ ਗੁਨਾਹ ਸਾਡਾ ? ਜੱਗ ਦੱਸਦਾ ਵੱਖਰਾ ਰਾਹ ਸਾਡਾ ! ਅੱਗ ਸ਼ਹੁ ਦਰਿਆਵਾਂ ਦੀ ਸਿਖਰ ਗਈ, ਉੱਚੇ ਗਜ਼ਬ ਦੇ ਕੋਟਾਂ 'ਤੇ ਬਿਖਰ ਗਈ, ਹੇਠ ਬੂੰਦ ਸ਼ਹੀਦਾਂ ਦੀ ਨਿਖਰ ਪਈ, ਤੁਸੀਂ ਪੁੱਛੋ ਨ ਹਾਲ ਨਸੀਬਾਂ ਦਾ ਸਭ ਸੁਖਨ ਈਮਾਨ ਕੁਹਾ ਸਾਡਾ- ਕਾਈ ਦੱਸਣਾ ਯਾਰ ਗੁਨਾਹ ਸਾਡਾ ? ਜੱਗ ਦੱਸਦਾ ਵੱਖਰਾ ਰਾਹ ਸਾਡਾ। ਸਭ ਚਰਖ਼ ਧੂੜ ਨਾਲ ਲੱਦੇ ਵੋ ਕੋਈ ਯਾਰ ਨ ਬੇਲੀ ਲੱਭੋ ਵੋ ਨ ਕੋਲ ਨ ਦੂਰੋਂ ਸੱਦੇ ਵੋ - ਜਦ ਨਨਕਾਣੇ ਦੀ ਵਾਜ ਪਵੇ ਪਿਆ ਜਾਨ ਤੋਂ ਟੁੱਟਦਾ ਸਾਹ ਸਾਡਾ- ਕਾਈ ਦੱਸਣਾ ਯਾਰ ਗੁਨਾਹ ਸਾਡਾ ? ਜੱਗ ਦੱਸਦਾ ਵੱਖਰਾ ਰਾਹ ਸਾਡਾ ! ਇਕ ਸੰਞ ਸਭਰਾਵਾਂ ਦੇ ਨਾਲ ਪਈ, ਅੱਖੀਂ ਡੁਸਕਣ ਤੇ ਜਾਨ ਬੇ-ਹਾਲ ਪਈ, ਹਿੱਕੋ ਗੱਲ ਸਾਡੀ ਕਿਉਂ ਖ਼ਿਆਲ ਪਈ ? ਜੈਂਦਾ ਬਾਜ਼ ਫ਼ਜਰ ਦੇ ਵਿਚ ਉੱਡਦਾ ਉਹੀਓ ਆਖ਼ਿਰ, ਤੇ ਉਹੀਓ ਏ ਰਾਹ ਸਾਡਾ। ਕਾਈ ਦੱਸਣਾ ਯਾਰ ਗੁਨਾਹ ਸਾਡਾ ? ਜੱਗ ਦੱਸਦਾ ਵੱਖਰਾ ਰਾਹ ਸਾਡਾ ! (ਅਗਸਤ, 1970)

ਸਿਦਕ ਦੇ ਮੋੜ 'ਤੇ

ਨਿੱਕੀਆਂ ਨਿੱਕੀਆਂ ਕੀਤੀਆਂ ਮੇਰੀ ਉਮਰ ਨੇ ਗੱਲਾਂ, ਵੱਡੀਆਂ ਵੱਡੀਆਂ ਹੋਈਆਂ ਸਾਗਰ ਦੀਆਂ ਛੱਲਾਂ। ਖੁੱਲਿਆ ਝੱਲ ਖਲੇਰ ਕੇ ਮੇਰੀ ਉਮਰ ਦਾ ਬੂਹਾ, ਬਾਬਲ ਦੇ ਦਰ ਦੇਖਦੀ ਤੇਰੇ ਸ਼ਹਿਰ ਨੂੰ ਚੱਲਾਂ। ਮੈਂ ਕਰਕੇ ਦਰਸ ਫ਼ਕੀਰ ਦਾ ਬਸ ਸਭ ਕੁਝ ਹੋਈ, ਸਜਦਾ ਕੀਤਾ ਨਬੀ ਨੂੰ ਮੇਰੇ ਝੱਲ-ਵਲੱਲਾਂ। ਮੈਂ ਚੁੱਕ ਕੇ ਖਾਰੀ ਸਿਦਕ ਦੀ ਜਦ ਅੰਬਰ ਵੇਖੇ, ਮੈਂ ਪਲ ਵਿਚ ਲਈ ਸੰਞਾਣ ਵੇ ਕੁੱਲ ਬੇਲੇ ਝੱਲਾਂ। ਤੈਂ ਭੇਹਰ ਫ਼ਜਰ ਦੀ ਸੁਣੀਂਦਾ ਕੋਈ ਆਖ਼ਰੀ ਵੇਲਾ, ਤੇਰੀ ਦੂਰ ਦੁਰਾਡੀ ਸੰਞ ਵਲ ਮੈਂ ਕਿਸ ਨੂੰ ਘੱਲਾਂ ? ਉਸ ਸੁੰਞ-ਦਰਵਾਜ਼ੇ ਗਗਨ ਦੇ ਖੰਭਾਂ ਦੀ ਢੇਰੀ, ਮੇਰੀ ਸ਼ਾਹ ਰਗ ਦੇ ਵਿਚ ਰੋਂਦੀਆਂ ਕਿਤੋਂ ਆਣ ਇਕੱਲਾਂ। ਤੱਕੇ ਰੋਂਦੇ ਕਾਫ਼ਲੇ ਚੰਨ ਈਦ ਦੇ ਹੇਠਾਂ, ਧੂੜਾਂ ਦੇ ਨਾਲ ਲੱਦਿਆਂ ਮੇਰੇ ਕੋਟ-ਮਹੱਲਾਂ। ਉੱਡਦਾ ਰਹੇਗਾ ਧਰਤ ਤੇ ਤੇਰਾ ਬਾਜ਼ ਅਖ਼ੀਰੀ, ਭਸਮ ਹੋਏ ਅਸਮਾਨ ਸਭ ਮੈਂ ਚੀਖ ਕੇ ਵੱਲਾਂ। ਮੈਂ ਤੱਕਦੀ ਈਦ ਦੇ ਚੰਨ ਨੂੰ ਪਰਦੇਸਨ ਹੋਈ, ਚਾਵਾਂ ਭਰੇ ਫ਼ਕੀਰ ਦੀ ਕਿਸੇ ਜੂਹ ਨੂੰ ਮੱਲਾਂ। ਭਸਮ ਹੋਈ ਅੱਖ ਚਿਰਾਂ ਦੀ ਵਿਚ ਸੁੰਨੀਆਂ ਰੋਹੀਆਂ, ਮੈਂ ਜੋਬਨ ਦੀ ਲੈ ਵਾਹਰ ਨੂੰ ਤੈਂ ਬੇਲੇ ਸੱਲ੍ਹਾਂ। ਨਿੱਕੀਆਂ ਨਿੱਕੀਆਂ ਕੀਤੀਆਂ ਮੇਰੀ ਉਮਰ ਨੇ ਗੱਲਾਂ। (1969)

ਸਿੱਖ ਸ਼ਹੀਦ ਦੀ ਅਰਦਾਸ

[ਕਲਗੀਆਂ ਵਾਲੇ ਦੇ ਦਰਬਾਰ ਵਿਚ] (1) ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ, ਮੁੜਣਾ ਕਿਸੇ ਫ਼ਕੀਰ ਨੇ, ਇਹ ਯਾਦ ਹੈ ਮੇਰੇ। ਮੌਤ-ਖ਼ਲਾ ਦੇ ਜਿਗਰ ਵਿਚ ਲੱਖ ਵੈਣ ठे ਮੇਰੇ, ਅੰਬੇ ਥਲਾਂ ਦੀ ਸੁੰਞ ਵਿਚ ਦੋ ਨੈਣ ਨੇ ਮੇਰੇ, ਮੇਲਿਆਂ ਦੇ ਵਿਚ ਫੜੇ ਸੀ ਰੋ ਹੱਥ ਮੈਂ ਤੇਰੇ; ਹੂੰਗਰ ਤੇਰੇ ਬਾਜ਼ ਦੀ, ਵਿਚ ਸੁਣੇ ਹਨੇਰੇ— ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ। ਤੇਰੇ ਅੰਬਰ ਹੇਠ ਮੈਂ ਲੱਖ ਪੈਂਡੇ ਕੀਤੇ, ਸੂਰਜ ਤੈਂਡਾ ਤਕਦਿਆਂ ਕਈ ਯੁਗ ਨੇ ਬੀਤੇ, ਖ਼ਾਲੀ ਹੱਥ ਦਰਵੇਸ਼ ਨੇ ਵਲ ਗੋਰਾਂ ਕੀਤੇ; ਪੱਲੇ ਅੱਜ ਫ਼ਕੀਰ ਦੇ, ਦੋ ਬੋਲ ਨੇ ਤੇਰੇ— ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ। ਗੋਰਾਂ ਦੇ ਵਿਚ ਰੁਲਦਿਆਂ ਮੇਰੀ ਵਾਜ ਖਲੋਈ: ਦੂਰ ਸੁੰਨ ਬਿਕਰਾਲ ਵਿਚ ਕਿਤੇ ਰੱਤ ਹੈ ਚੋਈ, ਸੱਭੋ ਸਾਵਨ ਕੂਕ ਪਏ... ਚੁੱਕ ਕੂੰਜੜੀ ਮੋਈ, ਪੈਂਡਾ ਤੇਰੇ ਹੁਕਮ ਦਾ, ਬਹੂੰ ਦੂਰ ਅਗੇਰੇ– ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ। ਹੱਡਾਂ ਦੇ ਵਿਚ ਚੱਲਦਾ ਵੱਡ ਚਰਖ ਦਾ ਗੇੜਾ, ਸਤਲੁਜ ਭਰਿਆ ਲਹੂ ਦਾ ਕਿਤੇ ਰਹਿਮ ਹੈ ਤੇਰਾ, ਸਹਿਕ ਰਹੇ ਲੈ ਅੱਥਰੂ ਸ਼ਮਸ਼ੀਰ ਦਾ ਜੇਰਾ- ਢੱਕ ਲਏ ਲਸ਼ਕਰ ਥਲਾਂ ਦੇ, ਮੇਰੇ ਕੋਟ-ਬਨੇਰੇ— ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ। ਮਨੀ ਸਿੰਘ ਦੇ ਪੋਟਿਆਂ 'ਤੇ ਕਰਮ ਦੁਰਾਡਾ, ਇਸ ਮਿੱਟੀ ਦੀ ਮੁੱਠ ਵਿਚ ਕੁਰਲਾਟ ਹੈ ਡਾਢਾ, ਬਹੁੜੀਂ ਕਲਗੀ ਵਾਲਿਆ ਕੋਈ ਦੇਸ ਨ ਸਾਡਾ ! ਮੁੱਠ ਵਿਚ ਵੇਲਾ ਹਸ਼ਰ ਦਾ, ਅੱਜ ਸੱਥਰੀਂ ਡੇਰੇ- ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ। ਗੁਜ਼ਰੇ ਕਹਿਰ ਫ਼ਕੀਰ 'ਤੇ ਵਿਚ ਰਣ ਸਭਰਾਵਾਂ, ਕੋਈ ਵੀ ਕਿਸੇ ਦਾ ਰਿਹਾ ਨ ਨਾ ਰਾਹ ਸਿਰਨਾਵਾਂ, ਬੇਹਾਲ ਸਤਲੁਜ ਤੇ ਲੇਟੀਆਂ ਬੇਹਾਲ ਹਵਾਵਾਂ, ਲੱਭਦੇ ਪੈੜ ਹਜ਼ੂਰ ਦੀ, ਬੇਨੂਰ ਹੋ ਖੇੜੇ- ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ। ਲੱਥੀ ਗਹਿਰ ਫ਼ਕੀਰ ਤੇ ਬੇ-ਓੜਕ ਕਾਲੀ, ਕਾਲੇ ਖੂਹ ਵਿਚ, ਨੂਰ ਦਾ ਹੱਥ ਦਿਸੇ ਨ ਹਾਲੀ, ਲਸ਼ਕਰ ਚੜ੍ਹੇ ਵਜੀਦ ਦੇ ਰਾਹ ਵੇਖਣ ਚਾਲੀ; ਸੱਚਾ ਕਰਮ ਹਜ਼ੂਰ ਦਾ, ਕਦੇ ਪਾਵੇ ਫੇਰੇ– ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ। ਰੇਤ ਦੇ ਖ਼ਾਲੀ ਬੁੱਤ ਵਿਚ ਕਿਤੇ ਹੈਣ ਕਿਨਾਰੇ, ਨਫ਼ਸ ਦੇ ਕਿਣਕੇ ਅੰਦਰਾਂ ਲੱਖ ਚੜ੍ਹਣ ਸਿਤਾਰੇ, ਇਸ ਕਲਬੂਤ ਤੋਂ ਬਾਹਰ ਨੇ ਮੇਰੇ ਯਾਰ ਪਿਆਰੇ, ਲਾ-ਮਕਾਨ 'ਤੇ ਵਿਛੇ ਨੇ, ਕੁੱਲ ਸੱਥਰ ਤੇਰੇ, ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ। ਰਾਹ ਨਾਬੂਦ ਤੇ ਫੈਲਦੇ ਮੇਰੀ ਸ਼ਾਮ ਦੇ ਅੱਖਰ, ਹੱਥ ਜਲਾਦਾਂ ਲਿਖੇ ਨੇ ਸ਼ਮਸ਼ਾਨ ਦੇ ਅੱਖਰ, ਸੋਹਣਿਆਂ ਤੇਰੀ ਨਜ਼ਰ ਮੈਂ ਅਰਮਾਨ ਦੇ ਅੱਖਰ; ਸਾਨੂੰ ਰੋਗ ਕਦੀਮ ਦਾ, ਕਰ ਬੇਰੇ ਬੇਰੇ- ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ। ਗਾਨਾ ਬੰਨ੍ਹ ਕੇ ਸਿਦਕ ਦਾ ਮੈਂ ਫੇਰ ਨਾ ਮੁੜਿਆ, ਛਾਲੇ ਛਾਲੇ ਰੁਲ ਗਿਆ ਤਨ ਥਲਾਂ ਚ ਝੁਰਿਆ, ਤੋਸ਼ਾ ਤੇਰੇ ਹੁਕਮ ਦਾ ਬੱਸ ਰਾਹ ਲਈ ਜੁੜਿਆ; ਰੋਂਦੇ ਰਹਿਣ ਜੱਲਾਦ ਵੀ, ਮੇਰੇ ਸੁੰਞੇ ਵਿਹੜੇ- ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ। ਧੁਖਦਾ ਪਾਸਾ ਵਿਲਕਿਆ ਤਨ ਲੜਿਆ ਕਾਢਾ, ਪੁਰਸਲਾਤ 'ਤੇ ਖੜਾ ਹੈ ਲੈ ਨੌਬਤ ਡਾਢਾ, ਸ਼ਹੁ-ਤਕਦੀਰ ਦੇ ਪੱਤਣੀਂ ਹੈ ਕੁਝ ਤਾਂ ਸਾਡਾ। ਹੱਭੋ ਮੁਲਖ ਬੇਗਾਨੜਾ, ਕੋਈ ਹੰਝ ਨ ਕੇਰੇ— ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ। ਉੱਠ ਗਏ ਮੇਰੇ ਗਵਾਹ ਨੇ ਮੈਨੂੰ ਸਮਝ ਬੇਗਾਨਾ, ਸ਼ਹੁ ਦਰਿਆ ਜਿਉਂ ਛੋਡ ਕੇ ਤੁਰ ਜਾਣ ਰਕਾਨਾਂ, ਜਾਪਨ ਮੇਰੇ ਹਾਲ ਦੇ ਗਏ ਤੋੜ ਜ਼ਬਾਨਾਂ; ਤੁਰਿਆ ਈਦ ਦਾ ਚੰਨ ਵੀ, ਛੱਡ ਬਾਗ਼ ਹਨੇਰੇ- ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ। ਜਿੰਦ ਨਿਮਾਣੀ ਡੋਲਦੀ ਘਿਰਿ ਰੋਹ-ਪਰਵਾਜ਼ਾਂ, ਘੋਰ ਦੁਰੇਡੀ ਸੰਞ ਵਿਚ ਖੋ ਜਾਣ ਆਵਾਜ਼ਾਂ, ਚਾਇਆ ਸਾਡੀ ਸਾਡੀ ਜਿੰਦ ਨੂੰ ਤੇਰੇ ਸੋਹਣਿਆਂ ਬਾਜ਼ਾਂ; ਪਾੜ ਦੇ ਆ ਕੇ ਸੋਹਣਿਆਂ, ਬੇ-ਦਾਵੇ ਮੇਰੇ ! ਛਿਪਿਆ ਸੂਰਜ ' ਕਹਿਰ ਦਾ, ਮੇਰੀ ਚਿਖਾ ਦੇ ਨੇੜੇ। (2) ਤੂੰ ਆਵੀਂ ਕਲਗੀ ਵਾਲਿਆ, ਕੋਈ ਦੇਸ ਨਾ ਸਾਡਾ, ਸੁਪਨਾ ਪੁਰੀ ਆਨੰਦ ਦਾ, ਬੇ-ਨੂਰ ਦੁਰਾਡਾ। ਤੈਂਡਾ ਰਹਿਮ ਪਛਾਣ ਕੇ ਮੈਂ ਨਿਸਚਾ ਕਰਿਆ, ਰੁੱਤ ਘਾਮ ਪਰਦੇਸ ਦੀ ਕੋਈ ਬੂਟ ਨ ਹਰਿਆ, ਸੁੰਞਾ ਸਤਲੁਜ ਚਿਰਾਂ ਤੋਂ ਬੇ-ਨੀਰ ਹੈ ਦਰਿਆ, ਰੁਲਦਾ ਨਾਮ ਹਜ਼ੂਰ ਦਾ, ਕੋਈ ਵੇਸ ਨ ਸਾਡਾ, ਤੂੰ ਬਹੁੜੀਂ ਕਲਗ਼ੀ ਵਾਲਿਆ, ਕੋਈ ਦੇਸ ਨ ਸਾਡਾ। ਰੋਹੀ ਘਾਮ ਦੀ, ਮੁੱਕਿਆ ! ਤੇਰੇ ਕਰਮ ਦਾ ਪੈਂਡਾ, ਸ਼ੁਕਰ ਦੀ ਜੂਹੇ ਵੜਦਿਆਂ ਸਾਹ ਟੁੱਟਿਆ ਮੈਂਡਾ, ਸੁੱਟਿਆ ਖ਼ਾਕ ਜੀਰਾਣ ਵਿਚ ਰੋ ਤੋਸ਼ਾ ਤੈਂਡਾ : ਬਹਿ ਕੇ ਬਾਜ਼ ਦੇ ਖੰਭ 'ਤੇ, ਦਿਲ ਰੋਇਆ ਡਾਢਾ ! ਤੂੰ ਬਹੁੜੀਂ ਕਲਗੀ ਵਾਲਿਆ, ਕੋਈ ਦੇਸ ਨ ਸਾਡਾ। ਸੁੰਞੇ ਪੱਤਣ ਚਿਰਾਂ ਦੇ ਕੋਈ ਖ਼ਬਰ ਨ ਤੈਨੂੰ, ਸਤਲੁਜ ਭਰਿਆ ਲਹੂ ਦਾ ਛੱਡ ਮਿਲੀਏ ਕੈਨੂੰ ? ਸ਼ਹੁ-ਤਕਦੀਰ ਦਾ ਖੇਡਦਾ ਬਿਨ ਦੱਸਿਆਂ ਮੈਨੂੰ; ਮੁਲਖਾਂ ਵਾਲਿਆਂ ਲਾਇਆ, ਦਰਵੇਸ਼ ਨਾ' ਆਢਾ, ਤੂੰ ਬਹੁੜੀਂ ਕਲਗੀ ਵਾਲਿਆ, ਕੋਈ ਦੇਸ ਨ ਸਾਡਾ। ਦਾਮਨ ਤੈਂਡਾ ਪਾਟ ਕੇ ਵਿਚ ਰੁਲਿਆ ਰੋਹੀਆਂ, ਜਿੰਦਾਂ ਲੱਖ ਨਿਮਾਣੀਆਂ ਤੱਕ ਸਰਸਾ ਰੋਈਆਂ, ਟੁੱਟੀ ਅਰਜ਼ ਮੁਰੀਦ ਦੀ ਸੁਣ ਹੰਭੀ, ਮੋਈਆਂ; ਜੋਬਨ ਪਿਆ ਮੁਕਾਂਵਦਾ, ਸਿਰ ਝੁਲਦਾ ਜਾਡਾ- ਤੂੰ ਬਹੁੜੀਂ ਕਲਗੀ ਵਾਲਿਆ, ਕੋਈ ਦੇਸ ਨ ਸਾਡਾ। ਗੋਰਾਂ ਘੁੱਪ ਹਨੇਰੀਆਂ ਸਾਹ ਹੌਲ ਕੇ ਡੋਲੇ, ਗਲੀਂ ਜਿਨ੍ਹਾਂ ਦੇ ਬਾਹੜੀਆਂ ਉਹ ਫੇਰ ਨ ਬੋਲੇ, ਕਿੰਨੇ ਸ਼ਹਿਰ ਆਬਾਦ ਨੇ ਤੇਰੇ ਦਾਮਨ ਓਹਲੇ ! ਹਿੱਕੋ ਵਾਰ ਹੀ ਤੱਕ ਲਏ, ਅਸਵਾਰ ਜੇ ਡਾਢਾ- ਤੂੰ ਬਹੁੜੀਂ ਕਲਗੀ ਵਾਲਿਆ, ਕੋਈ ਦੇਸ ਨ ਸਾਡਾ। ਸੁੰਝਾਂ ਮੂੰਝ ਬੇ-ਰੁੱਤੀਆਂ ਤਿਰਾ ਦਿਸੇ ਨ ਦਾਮਨ, ਨ ਕੋਈ ਹੁਕਮ ਹਜ਼ੂਰ ਦਾ ਨ ਪੈੜ ਨ ਜ਼ਾਮਨ, ਦੂਰ ਘੰਗੋਰਾਂ ਉਠਦੀਆਂ ਕਿਤੇ ਲਸ਼ਕਰ ਜਾਵਣ, ਜਾਪੇ ਸਾਡੇ ਸਿਰਾਂ 'ਤੇ, ਕੋਈ ਰੋਸ ਤੁਹਾਡਾ- ਤੂੰ ਬਹੁੜੀਂ ਕਲਗੀ ਵਾਲਿਆ, ਕੋਈ ਦੇਸ ਨ ਸਾਡਾ। ਸੁਪਨਾ ਪੁਰੀ ਆਨੰਦ ਦਾ, ਬੇ-ਨੂਰ ਦੁਰਾਡਾ। (ਦਸੰਬਰ, 1969)

ਫ਼ਨਾ ਦੇ ਮੁਕਾਮ 'ਤੇ

ਨੌਬਤ ਵੱਜੀ ਜਦੋਂ ਤੋਂ, ਦਿਲ ਧੜਕੇ ਮੇਰਾ। ਤੱਕਿਆ ਰਾਹ ਨਾਬੂਦ ਤੇ, ਪਰਛਾਵਾਂ ਤੇਰਾ। ਨਿੰਮੋਝੂਣ ਨੇ ਬੈਠੀਆਂ ਸਿਰ ਸੁੱਟ ਰਕਾਨਾਂ, ਕਾਲੇ ਜਲ ਚੋਂ ਉੱਠ ਕੇ ਕੁਰਲਾਉਂਦੀਆਂ ਜਾਨਾਂ, ਅੱਧੀ ਰਾਤ ਨੂੰ ਕੂਕੀਆਂ ਚਹੁੰ ਕੁੰਟ ਜੀਰਾਣਾਂ; ਸੰਸਾ ਫੜਿਆ ਜਿੰਦ ਨੇ, ਨਾ ਸਾਬਤ ਜੇਰਾ। ਨੌਬਤ ਵੱਜੀ ਜਦੋਂ ਤੋਂ, ਦਿਲ ਧੜਕੇ ਮੇਰਾ। ਪੀਲੇ ਪੱਤਰ ਨਾਲ ਨ ਮੇਰੀ ਖੇਡ ਵਿਹਾਣੀ, ਥਲ-ਉਦਿਆਨ 'ਚ ਕਿਤੇ ਤਾਂ ਮੇਰੀ ਅਰਜ਼ ਦੇ ਪਾਣੀ ! ਬਾਜ਼ ਨ ਨਜ਼ਰੀਂ ਆਂਵਦਾ ਨ ਕੂਕ ਪੁਰਾਣੀ, ਸੁੰਨ-ਦਰਿਆ ਵਿਚ ਕਦੋਂ ਦਾ, ਢਹਿ ਪਿਆ ਬਨੇਰਾ, ਨੌਬਤ ਵੱਜੀ ਜਦੋਂ ਤੋਂ, ਦਿਲ ਧੜਕੇ ਮੇਰਾ। ਪੁਰਸਲਾਤ ਤੋਂ ਦਿਸੇ ਪਈ ਹਾਂ, ਮਜਲਸ ਕੋਈ, ਹਿੱਕ ਮੇਲੇ ਦੀ ਯਾਦ ਵੀ ਭਰ ਅੱਖੀਏਂ ਚੋਈ, ਅੰਬਾਂ ਦੀ ਛਾਂ ਹੇਠ ਸੀ ਕਦੇ ਜਿੰਦੜੀ ਰੋਈ, ਵਹਿ ਗਿਆ ਲਹੂ ਦੇ ਪਾਣੀਏਂ, ਦਰਵੇਸ਼ ਦਾ ਡੇਰਾ, ਨੌਬਤ ਵੱਜੀ ਜਦੋਂ ਤੋਂ, ਦਿਲ ਧੜਕੇ ਮੇਰਾ। ਵੱਡੇ ਤਕੜੇ ਰੋਂਦੀਆਂ ਭਰ ਨੀਰ ਰਕਾਨਾਂ, "ਬਾਗ਼ਾਂ ਦੇ ਵਿਚ ਖੇਡ ਕੇ ਤੁਰ ਜਾਏਂ ਜੁਆਨਾਂ" ਟਿੱਲੇ 'ਤੇ ਬਹਿ ਦੇਂਵਦੇ ਮੇਰੇ ਯਾਰ ਅਜ਼ਾਨਾਂ, ਮਾਣ ਕਰਾਂ ਕੀ ਯਾਰ 'ਤੇ, ਮੁੜ ਪਾਏ ਨਾ ਫੇਰਾ, ਨੌਬਤ ਵੱਜੀ ਜਦੋਂ ਤੋਂ, ਦਿਲ ਧੜਕੇ ਮੇਰਾ। ਪਾਇਆ ਰੇਤ ਦੇ ਬੁੱਤ ਨੂੰ ਚਹੁੰ ਕੁੰਟਾਂ ਘੇਰਾ, ਮੰਗਦਾ ਪਿਆ ਹਿਸਾਬ ਹੈ ਇਕ ਸਜਦਾ ਮੇਰਾ, ਭਰੇ ਹੋਏ ਦਰਿਆ ਜਿਉਂ ਦਿਲ ਸਿੱਕਦਾ ਤੇਰਾ, ਸੁਣਦਾ ਪਿਆ ਫ਼ਕੀਰ ਨੂੰ, ਕੋਈ ਸੁਖਨ ਉਚੇਰਾ- ਨੌਬਤ ਵੱਜੀ ਜਦੋਂ ਤੋਂ, ਦਿਲ ਧੜਕੇ ਮੇਰਾ। ਤੱਕਿਆ ਰਾਹ ਨਾਬੂਦ ਤੇ, ਪਰਛਾਵਾਂ ਤੇਰਾ।

ਰਾਵੀ ਦੀ ਹੇਕ

(1) ਅੱਧੀ ਰਾਤ ਦੇ ਬੇਲਿਆਂ ਅੰਦਰ ਕਦੇ ਕਦੇ ਰਾਵੀ ਦੀ ਹੇਕ ਮੈਂ ਸੁਣਦਾ। ਅਤਿ ਦੇ ਡੂੰਘਿਆਂ ਪਾਣੀਆਂ ਸੀਨੇ ਖ਼ੂਨੀ ਘੋੜਿਆਂ ਦੇ ਪੌੜਾਂ ਦੀ 'ਵਾਜ ਵਿਚ ਲਿਪਟਿਆ ਹਿਮਾਲਾ ਸਮੇਂ ਦੇ ਲਸ਼ਕਰਾਂ ਨੂੰ ਸੁੰਨ ਕਰ ਸੁੱਤਾ। ਨਾਨਕਾ ! ਤੜਫ ਪਏ : ਤੇਰੇ ਰਬਾਬ ਦੀਆਂ ਠੰਡੀਆ ਤਾਰਾਂ ਦੇ ਕੋਲੇ ਮੁਲਤਾਨ ਦੇ ਰਣਾਂ ਵਿਚ ਰੋਂਦਿਆਂ ਸ਼ੁਤਰਾਂ ਦੇ ਕਾਫ਼ਲੇ ਰਣ ਸਭਰਾਉਂ ਤਦੇ ਲਹੂ ਵਿਚ ਮੋਏ ਦੁਪਹਿਰੇ; ਤਾਰਿਆਂ ਦੀਆਂ ਪਾਟੀਆਂ ਰਗਾਂ ਦੇ ਵਿੱਚੋਂ ਸ਼ਮਸ਼ਾਨਾਂ ਦੀ ਰਾਖ ਪਈ ਉੱਡਦੀ ਅਰਸ਼ ਦੇ ਖ਼ਾਲੀ ਚਸ਼ਮ ਜਿਉਂ ਪਾਟਦੀ, ਥਲਾਂ 'ਚੋਂ ਅੱਗ ਨਾਸੂਰ ਜਿਉਂ ਫੁੱਟਦੀ ਤੜਫਦੇ ਰਾਵੀ ਦੇ ਪਾਣੀ ਚੁਫੇਰੇ ! (2) ਬੀਰ ਅਕਾਲੀ ਦੇ ਨੇਜ਼ੇ ਦੇ ਰੋਹ ਜਿਉਂ ਪੰਜਾਬ ਦੇ ਖੰਡਰਾਂ ਦੇ ਸੀਨੇ ਨੂੰ ਵਿੰਨ੍ਹਦੀ ਚਿਰਾਂ ਦੇ ਡੁੱਬੇ ਹੰਝੂਆਂ ਵਿਚ ਲਹੂ ਨੂੰ ਸੂਤਦੀ ਰਾਵੀਏ ! ਬੂਰ ਦੀ ਛੱਲ ਇਕ ਮਾਰੀਂ ! ਫਟੇ ਕਾਲੀ ਗਸ਼ ਦੀ ਅੱਖ 'ਚੋਂ ਚਿੱਟਿਆਂ ਬਾਜ਼ਾਂ ਦੀ ਕਾਂਗ ਇਕ ਅੰਨ੍ਹੀ ਲਹੂ ਦੀ ਵਾਹਰ ਆ ਵੱਜੇ ਪਾਟ ਜਾਣ ਖੰਡਰਾਂ ਦੇ ਮੱਥੇ ਫਲ ਪਵੇ ਫੇਰ ਪੰਜਾਬ ਦੇ ਰਾਹਾਂ ਨੂੰ। ਨਾਨਕਾ ! ਕਿਤੇ ਨ ਰਹੀਆਂ ਸਿਖਰ ਦੁਪਹਿਰਾਂ ਦੀਆਂ ਲਾਟਾਂ ਛਡਦੀਆਂ ਤੇਰੇ ਰਬਾਬ ਦੀਆਂ ਤਾਰਾਂ ਰੱਤੀਆਂ; ਚੌੜੇ ਥਲਾਂ ਦੀ ਪੈੜ ਨੂੰ ਪੁੱਟਦੀਆਂ ਲਲਕਾਰ ਕੇ ਹਨੇਰੀਆਂ 'ਚ ਸੁਟਦੀਆਂ ਚੀਖ ਕੇ ਤਾਰੇ ਘੁੱਟਦੀਆਂ ਬਾਬਾ ਜੀ ! ਸੁੰਨ ਵਿਚ ਮੋਏ ਸੱਪ ਜਿਉਂ ਲੇਟੀਆਂ ! (3) ਪੰਛੀ ਦੀ ਸੁੱਕੀ ਰਗ ਨਾਲ ਧੂੜ ਪਈ ਲਿਪਟੇ, ਮੋਏ ਪੁੱਤ ਪੰਜਾਬ ਦੇ ਹੱਥ ਨ ਆਵਣੇ ! ਫ਼ਜਰ-ਮਧਾਣੀਆਂ ਦੀ ਖੱਟੀ 'ਤੇ ਮਿੱਠੀ ਮਹਿਕ ਨਾਲ ਭਰੀਆਂ ਉਹ ਛਾਵਾਂ ਫੇਰ ਨ ਥਿਆਉਣੀਆਂ- ਮਾਸੂਮ ਨੈਣਾਂ ਦੇ ਸਾਹਮਣੇ ਤਾਰਿਆਂ ਦੇ ਵਾਂਗੂੰ ਚਮਕਦੇ ਇਲਮ ਦੀ ਹੱਦ ਤੋਂ ਅੱਗੇ ਦੇ ਲੱਖਾਂ ਆਵੇਸ਼ ਕਦੇ ਨ ਹਲ-ਵਾਹੁੰਦਿਆਂ ਜੱਟਾਂ ਨੂੰ ਦਿਸਣੇ ! ਪੱਥਰਾਂ ਦੀ ਜਾਨ ਨੂੰ ਇੱਕੋ ਘੁੱਟ ਵਿਚ ਪੀਣ ਵਾਲਾ ਉਹ ਕਹਿਰ ਨ ਸਾਡੀਆਂ ਰਗਾਂ 'ਤੇ ਉੱਡਣਾ ! ਝੁਕੇ ਬੱਦਲਾਂ ਦੇ ਬੇਪਨਾਹ ਹੁਸਨ ਨੂੰ ਫੇਰ ਨ ਰਸਾਂ-ਕਸਾਂ ਦੀ ਕੂਕ ਵੰਗਾਰਣਾ— ਬਿਜਲੀਆਂ ਤੋੜ-ਮਰੋੜ ਕੇ ਭੱਖਦੀ ਫੇਰ ਨ ਕਿਸੇ ਨੇ ਰਿਜ਼ਕ ਦੇ ਦਾਣੇ ਦੇ ਅੰਦਰ ਧੁਰ ਪਤਾਲਾਂ ਤੋਂ ਡੂੰਘੀ ਅਰਸ਼ ਦੀ ਧੁੰਧ ਤੋਂ ਗਾੜ੍ਹੀ ਨਜ਼ਰ ਸ਼ਹੀਦਾਂ ਦੀ ਸੁੱਟਣੀ ਗਾਉਂਦਿਆਂ- ਗੋਦਾਵਰੀ ਦੇ ਪੱਤਣਾਂ 'ਤੇ ਰੋਂਦਿਆਂ ਫੇਰ ਨ ਕਿਸੇ ਦਲੀਪ ਨੇ ਡੂੰਘੜੇ ਬੋਲ ਪੰਜਾਬ ਨੂੰ ਮਾਰਨੇ— ਪੰਜਾਬ ਦੇ ਅੰਨ੍ਹੇ ਛਰਾਟਿਆਂ ਦੇ ਵਾਂਗੂੰ ਫੇਰ ਨ ਗਦਰੀਆਂ ਗੂੰਜ ਕੋਈ ਪਾਉਣੀ ਫੇਰ ਨ ਸੋਹਣੇ ਮੁਲਕ ਨੂੰ ਵਾਸਤਾ ਘੱਤਣਾ ! ਨਫ਼ੇ ਤੇ ਘਾਟੇ ਦੀ ਤੰਦ ਹਵਾੜ ਵਿਚ ਹੌਂਕਦੇ ਪੰਜਾਬ ਦੇ ਮੈਲੇ ਬਜ਼ਾਰਾਂ 'ਚ ਥੱਕੀਆਂ ਪੁੱਤਰਾਂ ਦੇ ਦੁੱਧ ਵੇਚ ਕੇ ਆਈਆਂ ਰਾਵੀ ਦੇ ਪੱਤਣਾਂ 'ਤੇ ਪੈਰਾਂ ਨੂੰ ਧੋਂਦੀਆਂ, ਪੈਰਾਂ ਨੂੰ ਧੋਂਦੀਆਂ, ਕੁਰਲਾਉਂਦੀਆਂ ਮਾਵਾਂ ! ਬਿਜਲੀਆਂ ਦੀ ਚਮਕਦੀ ਅੱਖ ਦੇ ਸਾਹਮਣੇ ਬੈਠ ਦੁੱਖ-ਸੁੱਖ ਫੋਲਦੇ ਪੁੱਤ ਪੰਜਾਬ ਦੇ, ਮੋਈ ਚੁੱਪ ਦੇ ਭਾਰ ਨਾਲ ਲੱਦੇ ਬਰਕਤਾਂ ਤੋਂ ਖ਼ਾਲੀ ਹੱਥਾਂ ਨੂੰ ਦੇਖ ਦੇਖ ਰੋਂਦੇ ਮਿਹਰਬਾਨ ਸਦੀਆਂ ਦੇ ਸੁੱਕੇ ਨਿਸ਼ਾਨਾਂ ਨੂੰ ਤੱਕਦੇ, ਸ਼ਰਾਬ ਦੀ ਫਿੱਕੀ ਤੋੜ ਦੇ ਨਾਲ ਵਣਾਂ ਦੀ ਛੋਹ ਨੂੰ ਨੋਚ ਨੋਚ ਉੱਗਲਛਦੇ ਕਾਫ਼ਲੇ ਦੀ ਧੂੜ ਦੇ ਦਰਦ 'ਤੇ ਹੱਸਦੇ ਵਿਸ਼ ਤੋਂ ਹੀਣਾ ਫ਼ਣ ਫੈਲਾਂਵਦੇ ਨਸ਼ੇ ਦੀ ਤੁੰਦ ਹਵਾੜ ਵਿਚ ਜਾਨ ਨੂੰ ਕੱਸਦੇ। ਤਹਿਜ਼ੀਬਾਂ ਦੇ ਕਿਣਕੇ ਹਜ਼ਾਰਾਂ ਸੋਹਣੀ ਧਮਾਲ ਦੇ ਭੰਵਰ ਵਿਚ ਡੋਬਦਾ ਅੰਨ੍ਹੇ ਜ਼ੋਰ ਵਿਚ ਹੱਸ ਹੱਸ ਡੋਬਦਾ ਲਹੂ ਦੇ ਨਸ਼ੇ ਦਾ ਸ਼ੌਕ ਗੁਆਚਿਆ। ਓ ਯਾਰੋ, ਨਫ਼ੇ 'ਤੇ ਘਾਟੇ ਦਾ ਸ਼ੋਰ ਵੋ, ਸਾਰੇ ਪੰਜਾਬ ਨੂੰ ਤੇਹ ਲੱਗੀ ! ਅਸੀਂ ਦਸ਼ਮੇਸ਼ ਦੇ ਲਾਡਲੇ ਥਾਂ ਥਾਂ ਭਟਕਦੇ ਫਿਰਦੇ ਤੇਹ ਦੀ ਅੱਗ ਦੇ ਮਾਰੇ। ਸ਼ਾਇਦ ਉਹ ਵਖਤ ਨ ਆਵੇ ਪੰਜ ਦਰਿਆਵਾਂ ਦੀਆਂ ਰਗਾਂ ਨੂੰ ਮੁੱਠੀ 'ਚ ਘੁੱਟ ਕੇ ਲੰਮੀ 'ਵਾਜ ਦੇ ਵਾਂਗੂੰ ਲਹੂ ਦੀ ਕਾਂਗ ਨੂੰ ਭਗਤ ਸਿੰਘ ਜਦੋਂ ਚੰਘਿਆੜ੍ਹ ਕੇ ਸੁੱਟਿਆ ਦੂਰ ਤਕ। (4) ਝਨਾਂ ਦੀ ਸੰਞ ਤਕ ਦਰਦ ਦੀ ਧੂੜ ਪਈ ਉੱਠੇ..... ! ਬੇਲੀਓ ! ਕਹਿਰ ਦੀ ਗੁਮਨਾਮ ਹੋਈ ਸੁੰਨ ਵਿਚ ਲੱਖਾਂ ਪੈੜਾਂ ਨੇ ਗਰਕ ਹੋਈਆਂ, ਕੋਟ ਅਸੰਖਾਂ ਨਿਸ਼ਾਨ ਨੇ ਗਰਕ ਹੋਏ, ਗਰਕ ਹੋਏ ਪਾਪ ਦੇ ਹਨੇਰੇ ਮਨਾਂ ਵਿਚ ਜਿਥੇ ਮੇਲ-ਵਿਛੋੜਾ ਯਾਦ ਦੀਦਾਰ ਦੀ ਨਹੀਉਂ, ਜਿੱਥੇ ਭੜ੍ਹਦਾ ਬਸ ਰੋਹੀ ਦੀ ਬੁੱਢੀ ਖ਼ਾਕ ਦੀ ਲੱਖ ਪੈੜਾਂ ਭੁੱਲ ਦੇ ਕੌੜੇ ਖੂਹ ਵਿਚ ਡਿੱਗੀਆਂ। ਗਰਕ ਹੋਈਆਂ ਪੈੜਾਂ ਦੇ ਸਫ਼ਰ ਕਿੱਥੇ ? ਕਿਸ ਸਫ਼ਰ 'ਤੇ ਆਣ ਜੁੜਦੇ ਡੁੱਬਦੇ ਸੂਰਜ ਦੀਆਂ ਲਾਲੀਆਂ ਦੇ ਝੁਰਮਟ ? ਕਿਸ ਬੇ-ਅਬਾਦ ਗਹਿਰ ਵਿਚ ਮਿਟੀਆਂ ਸ਼ਮਸ਼ੀਰਾਂ ਤੱਕ ਕੇ ਚੜ੍ਹੀਆਂ ਰੋਹ ਦੀਆਂ ਧਾੜਾਂ ? ਗਰਕ ਹੋਏ ਸਫ਼ਰਾਂ ਦੇ ਕਾਫ਼ਲੇ ਕਿਹੜੀਆਂ ਨਜ਼ਰਾਂ ਨੇ ਤੱਕੇ ? ਮੁਰਸ਼ਦ ਦੀ ਹੇਕ ਦੀ ਤਿੱਖੀ ਲਾਟ ਕੱਢ ਕਿਨ੍ਹਾਂ ਨੇ ਮੌਤ ਦੇ ਹੱਥਾਂ ਨੂੰ ਚੁੰਮਿਆਂ ? ਤਹਿਜ਼ੀਬਾਂ ਦੇ ਸ਼ੋਖ ਰੰਗਾਂ ਨੂੰ ਕਿਨ੍ਹਾਂ ਜ਼ਰਾ ਕੁ ਮੁਸਕਰਾ ਕੇ ਡੋਬਿਆ, ਹਾਥੀ ਦੀ ਮਸਤ ਚਾਲ ਚਲਦਿਆਂ ਜ਼ਰਾ ਕੁ ਮੋਢਾ ਮਾਰ ਕੇ ਗਾਰਾਂ 'ਚ ਸੁੱਟਿਆ ? ਬੋਹੜਾਂ ਦੀ ਛਾਂ ਹੇਠਾਂ ਅਣਭੋਲ ਜਿਹੇ ਨੈਨ ਝੁਕਾਦਿਆਂ ਕੌਣ ਸਨ ਜਿਨ੍ਹਾਂ ਨੇ ਵਾਰ ਦਿੱਤੇ ਚੰਨ ਦੀ ਟਿੱਕੀ ਤੋਂ ਮੌਤ ਦੇ ਵਾਵਰੋਲਿਆਂ 'ਚ ਉੱਡਦੇ ਫ਼ਲਸਫ਼ੇ ? ਕੌਣ ਸਨ ਮਾਤੇ ਜੰਗਲਾਂ ਦੇ ਭਰ ਭਰ ਕਲਾਵੇ ਜਿਨ੍ਹਾਂ ਦੋਜ਼ਖ਼ ਦੇ ਹੱਥ ਨੂੰ ਮਿੱਟੀ ਦੀ ਮਹਿਕ ਵਿਚ ਦੱਬਿਆ ? ਬੇ ਪਰਵਾਹੀਆਂ ਦੇ ਡਾਢੇ ਨਾਜ਼ ਵਿਚ ਸੁਰਗ ਦੇ ਹੱਥ ਨੂੰ ਜ਼ਰਾ ਕੁ ਪਾਸੇ ਹਟਾਇਆ ? ਟਸਕੀਆਂ ਪੀਲ੍ਹਾਂ ਨੂੰ ਚੱਖ ਕੇ ਕਿਨ੍ਹਾਂ ਧਰਤ ਦਾ ਸਾਰਾ ਸੁਆਦ ਸਮੇਟਿਆ ? ਕੌਣ ਸਨ : ਜਿਨ੍ਹਾਂ ਬਿਰਖਾਂ ਦੀ ਕਲਮ ਦੇ ਨਾਲ ਪੈਗ਼ੰਬਰਾਂ ਦੇ ਆਉਣ ਦੇ ਰਾਹਾਂ 'ਤੇ ਸੱਚ ਦੀ ਤਕਦੀਰ ਨੂੰ ਲਿਖਿਆ ਹੁਸਨ ਦੇ ਬਾਬ ਦੇ ਕਾਤਿਬ ਬਣੇ; ਸਜਦੇ ਨੇ ਪਾਣੀਏਂ ਝੁੱਕ ਕੇ ਦੇਖਿਆ ਬੇ-ਕਸਾਂ ਦੇ ਯਾਰ ਨੂੰ, ਦੇਖਿਆ ਸੂਲੀ 'ਤੇ ਟੰਗਿਆ ਹੁਕਮ ਜੱਬਾਰ ਦਾ “ਮੈਂ” ਦੇ ਜਲਾਲ ਦੀ ਸੂਹੀ ਵਿਸ਼ਾਲ ਅੱਗ ਦੇ ਹੇਠਾਂ ਜਾਣਿਆਂ ਵਗਦਾ, ਛੱਲਾਂ ਮਾਰਦਾ, ਰਹਿਮ ਦਿਲਦਾਰ ਦਾ, ਬੇ-ਕਸਾਂ ਦੇ ਯਾਰ ਦਾ। (5) ਪੈੜਾਂ ਦੀ ਗਹਿਰ 'ਚੋਂ ਨਿਕਲ ਕੇ ਸ਼ਹੀਦ ਰਾਵੀ ਦੇ ਪੱਤਣਾਂ 'ਤੇ ਸਿਖਰ ਦੁਪਹਿਰਾਂ ਹੋ ਆਉਂਦੇ, ਜੋ ਦਰਿਆ ਤੋਂ ਲੰਮੀ ਧਰਤ ਦੇ ਸਗਲ ਸੁਆਦ ਵਿਚ ਲੱਦੀ ਵਣਾਂ ਦੇ ਗਾੜ੍ਹੇ ਨ੍ਹੇਰ ਵਿਚ ਸੁੱਤੀ ਧਰਤੀ ਦੀ ਬਲਵਾਨ ਜੀਭਾ ਨੂੰ ਮਛੇਰਿਆਂ ਦੇ ਰੋਮ ਰੋਮ ਨਾਲ ਲਾਉਂਦੇ- ਕਦੇ ਨਾਰਾਂ ਦੀ ਨਜ਼ਰ ਨਾਲ ਲਾ ਕੇ ਪਤਾਲਾਂ ਤੋਂ ਪਾਰ ਸ਼ਮਸ਼ੀਰ ਲੰਘਾਂਵਦੇ- ਘੁੱਟ ਕੇ ਲੰਮੇ ਵਹਿਣ ਦੀਆਂ ਭਾਰੀਆਂ ਛੱਲਾਂ ਜਾਨ ਸਾਰੀ ਦਾ ਕਾਫ਼ਲਾ ਲਿਸ਼ਕਾਂਵਦੇ- ਚਮਕਾਂ ਛਡਦੀਆਂ ਛੱਲਾਂ ਦੇ ਸੀਨੇ 'ਤੇ ਗਰਜਦੇ ਮੇਘਾਂ ਦੀ ਫ਼ੌਜ ਉਤਾਰਦੇ- ਕਦੇ ਕਿਸੇ ਤੈਰਾਕ ਦੀ ਛਾਤੀ ਦੇ ਹੇਠਾਂ ਲਿਫ਼ਦੇ, ਪਾਣੀਆਂ 'ਤੇ ਆਪਣੇ ਆਵੇਸ਼ਾਂ ਦੀ ਗੂੰਜ ਛੱਡਦੇ; ਕਿਲੇ ਜਮਰੌਦ ਤੋਂ ਦਹਿਸ਼ਤਾਂ ਉਠਦੀਆਂ !! ਲਹੂ ਤੋਂ ਲੰਘਦੇ ਨੂਰ ਦੇ ਹੜ੍ਹਾਂ ਦੇ ਹੇਠਾਂ ਲਿਫ਼ ਲਿਫ਼ ਇਹ ਖ਼ੂਨੀ ਥਲਾਂ ਨੂੰ ਝੱਲਿਆ ਪਾਣੀਆਂ ਦੇ ਜੁਗਨੂੰਆਂ ਲੰਮੇ ਵਹਿਣ ਦੀ ਅੱਗ ਵਿਚ; ਬੇਲੀਓ ! ਸੋਹਣੇ ਸ਼ਹੀਦ ਪੰਜਾਬ ਦੇ ਤੈਰਾਕ ਦੀ ਛਾਤੀ ਦੇ ਹੇਠਾਂ ਜੋਸ਼ ਫੈਲਾਂਵਦੇ ਫਿਰਦੇ। ਰਾਵੀ ਦੇ ਹੜ੍ਹਾਂ ਦੇ ਹੇਠਾਂ ਤਾਰੇ ਕੋਈ ਅੱਖਰ ਪਾਂਵਦੇ ਜਿਸਦੇ ਸੀਨੇ ਘਮਸਾਨ ਉਠਾਂਵਦੇ ਉਕਾਬਾਂ ਦੇ ਫੜਫੜਾਂਦੇ ਪਰਾਂ ਦੇ ਰਾਜ਼ ਲੱਖਾਂ, ਜਿੱਥੇ ਹਾਲ-ਬੇਹਾਲ ਸੂਫ਼ੀ ਹਾ ਦੇ ਨਾਆਰੇ ਮਾਰਦੇ, ਹੱਸਦੇ, ਨੱਚਦੇ, ਕੂਕ ਕੂਕ ਅੱਖਾਂ ਨੂੰ ਲਹੂ-ਲੁਹਾਣ ਕਰਦੇ ਛਾਤੀਆਂ ਦੇ ਅੰਨ੍ਹੇ ਜੋਸ਼ ਨੂੰ ਨੋਚਦੇ ਰੋਣ 'ਤੇ ਹੱਸਣ ਵਿਚਾਲੇ ਤਕਦੀਰ ਨੂੰ ਬੰਨ੍ਹਦੇ ਤਕਦੀਰ ਦੇ ਹੇਠਾਂ ਦਰਿਆ ਦਾ ਕਹਿਰ ਮਚਾਂਵਦੇ। ਕਦੇ ਰਾਉ ਨੂੰ, ਕਦੇ ਰੰਕ ਨੂੰ ਪੰਜਾਬ ਦੇ ਸ਼ਹੀਦ ਰਾਵੀ ਦਾ ਪਾਣੀ ਪਿਲਾਂਵਦੇ। ਥਲਾਂ ਦੇ ਭੂਰੇ ਤੂਫ਼ਾਨ ਜਿਉਂ ਉੱਠੀ ਲੱਖ ਸਾਲਾਂ ਦੇ ਪਾਰੋਂ ਆਂਵਦੀ ਘੋੜਿਆਂ ਦੇ ਪੌੜਾਂ ਦੀ ਧਮਕ ਨੂੰ ਰਾਵੀ ਦੇ ਇਕ ਕਤਰੇ 'ਚ ਮੇਟ ਦਿੰਦੇ ਇਹ ਸੋਹਣੇ ਸ਼ਹੀਦ ਅਲਬੇਲੇ; ਇਕ ਛਿਣ ਦੀ ਧਾਂਕ ਪੈਂਦੀ ਕੋਟ ਕਾਂਗਾਂ ਦੇ ਭਖੇ ਲਿਲਾਟ ਦੇ ਸਾਹਮਣੇ ! ਲਾਇਲਪੁਰ ਝੰਗ-ਸਿਆਲ ਦੇ ਖੇਤਾਂ ਦੇ ਅੰਦਰ ਸਰਗੋਧੇ ਦੇ ਖੁੱਲ੍ਹਿਆਂ ਪਿੰਡਾਂ ਦੀ ਸੱਥ ਵਿਚ ਹੇਕਾਂ ਦੇ ਖੂਹ ਨੇ, ਭਰੇ ਹੋਏ ਬੇਲਿਆਂ ਵਰਗੇ– ਸ਼ੇਖੂਪੁਰੇ ਦੇ ਅਸਮਾਨ ਜੇਹੇ ਖੇਤਾਂ ਵਿਚ ਰਾਵੀ ਦਾ ਹੁਕਮ ਕੋਈ ਆਂਵਦਾ ਗਿਆਨ ਧਿਆਨ ਸਾਰੇ ਵਪਾਰੀਆਂ ਦੇ ਬਲੀ ਮਨਸੂਬੇ ਕਿਸੇ ਤਰਬ ਦੀ ਲਾਟ ਵਿਚ ਮੇਟਦਾ। (6) ਰਾਵੀਏ! ਅਜ਼ਲ ਦੇ ਸਫ਼ਰਾਂ 'ਤੇ ਲੰਮੀਏਂ ਸਾਰੀ ਧਰਤ ਦੀਆਂ ਜੜ੍ਹਾਂ ਵਿਚ ਹੱਥ ਇਕ ਫੇਰੀਂ ਨਿਚੋੜ ਦੇਵੀਂ ਸਮੇਂ ਦੇ ਸਾਰੇ ਲਹੂ ਨੂੰ ਝੂਣ ਦੇਵੀਂ ਬਿਰਖਾਂ ਦੇ ਪੱਤ ਵੋ ਸਾੜ ਦੇਵੀਂ ਰਗਾਂ ਦੇ ਬੇ-ਰਸੇ ਤਾਲ ਨੂੰ ਪਾੜ ਦੇਵੀਂ ਗਹਿਰ ਦੇ ਬੁਰਕੇ। ਧਰਤ ਦੀਆਂ ਜੜ੍ਹਾਂ 'ਚੋਂ ਕੱਢੀਂ ਰਣ ਸਭਰਾਉਂ ਦੀ ਹਾਕ ਨੂੰ। ਨੀ ਸੋਹਣੀਏਂ ! ਰਿਜ਼ਕ ਦੇ ਦਾਣੇ 'ਚ ਸੁੱਟੀਂ ਬੱਦਲਾਂ ਤੋਂ ਭਾਰੀ ਮਿੱਟੀ ਤੋਂ ਪਿਆਰੀ ਵਣਾਂ ਤੋਂ ਗਾੜ੍ਹੀ ਪੰਜਾਬ ਦੇ ਪੁੱਤਰਾਂ ਦੀ 'ਵਾਜ ਨੂੰ। ਡੂੰਘੀਆਂ ਛੱਲਾਂ ਦੇ ਹੇਠੋਂ ਹਾਕ ਮਾਰ ਨੀ! ਜਿੰਦਾਂ ਰਹਿਣ ਨ ਮੋਈਆਂ– ਸ਼ਮਸ਼ਾਨਾਂ ਦੇ ਸੀਨਿਆਂ ਅੰਦਰ ਭਾਰੀਆਂ ਛੱਲਾਂ ਉਛਾਲਾ ਖਾਣ ਨੀ— ਕੋਟ ਫ਼ਜਰਾਂ ਦੀਆਂ ਨਸਾਂ ਦੇ ਅੰਦਰ ਜਾ ਧਸੇ ਤੈਂਡੀ ਅਜ਼ਾਨ ਨੀ। ਪਹਾੜਾਂ ਦੀ ਡੱਕੀ ਨਜ਼ਰ ਵਿਚ ਖੜੀ ਜੋ ਮੌਤ ਹੈ ਉਸਦੀਆਂ ਅਨਿਕ ਨਸਾਂ ਵਿਚ ਗਰਜਦੀ ਰੁੱਖਾਂ ਦੇ ਸਿਰਾਂ 'ਤੇ ਸੁੱਟੇ ਸੱਸੀ ਦੀ ਆਹ ਨੂੰ ਪੁੱਟ ਕੇ ਇਹ ਰਾਵੀ ਅੱਥਰੀ ਸੋਹਣੀ; ਬਾਬਾ ਜੀ! ਤੇਰੇ ਰਬਾਬ ਦੀਆਂ ਹੱਦਾਂ 'ਚੋਂ ਪਾੜ ਪਾੜ ਕੇ ਕੱਢੇ ਥਲਾਂ ਦੇ ਬੋਲ ਨੂੰ ! ਰਾਵੀਏ! ਅਜ਼ਲ ਦੇ ਸਫ਼ਰਾਂ ਤੋਂ ਲੰਮੀਏਂ ਜਾਂਗਲੀ ਮੁਲਖਾਂ ਦੀ 'ਵਾਜ ਨੂੰ ਬਿਰਖਾਂ ਦੀ ਟੀਸੀਆਂ ਤੋਂ ਸੁੱਟੀਂ; ਨਾਗਾਂ ਦੇ ਫਣਾਂ 'ਚੋਂ ਕੱਢੀਂ ਮ੍ਹਾਰੂਆਂ ਦੀ ਦਰਿਆ 'ਤੇ ਫੈਲੀ ਹਵਾੜ 'ਚੋਂ ਲੁੱਟੀਂ, ਧਰਤ ਦੇ ਕਾਮ ਨਿਚੋੜਦੇ ਸਾਹਨਾਂ ਦੀਆਂ ਮਸਤ ਅੱਖਾਂ 'ਚੋਂ ਨੋਚੀਂ, ਘਾਹ 'ਤੇ ਚੜ੍ਹੀ ਸ਼ਰਾਬ ਨੂੰ ਪੀਵੀਂ, ਸਾਂਦਲ ਬਾਰ ਦੀ ਅੱਧੀ ਰਾਤ ਦੇ ਚੋਰਾਂ ਦੇ ਖੁੱਲ੍ਹਿਆਂ ਮੈਦਾਨਾਂ 'ਚ ਫੈਲੇ ਬੇਪਰਵਾਹ ਕਦਮਾਂ ਦੀ ਰੁੱਖਾਂ ਤੇ ਪਸ਼ੂਆਂ ਨਾ' ਖੇਲ੍ਹਦੀ ਮੌਜ 'ਚੋਂ ਡੀਕੀਂ। ਰਾਵੀਏ ਅਜ਼ਲ ਦੇ ਸਫ਼ਰਾਂ ਤੋਂ ਲੰਮੀਏਂ, ਜਾਨ ਹੋ ਜਾਵੀਂ, ਜਾਨ ਨਾ' ਲਾਵੀਂ, ਸੋਹਣਿਆਂ ਜਾਂਗਲੀ ਮੁਲਖਾਂ ਦੀ 'ਵਾਜ ਨੂੰ ਬੰਨ੍ਹ ਦੇਵੀਂ ਬਘਿਆੜ ਦੀ ਨੇਸ ਦੀ ਨੋਕ 'ਤੇ- ਨਾਗਾਂ ਦੀ ਜ਼ਹਿਰ ਉਛਾਲ ਦੇਵੀਂ ਘੋੜਾਂ ਦੀ ਟਾਪ ਦੇ ਅੰਨ੍ਹੇ ਘਮਸਾਨ ਉਛਾਲ ਦੇਵੀਂ। ਰਾਵੀਏ! ਵਕਤ ਦੇ ਆਵੇਸ਼ ਵਿਚ ਵਗਦੀਏ ਅਰਜਨ ਪਿਆਰੇ ਜੋ ਬੋਲ ਨਹੀਂ ਬੋਲਿਆ ਉਹ ਪੰਜੇ ਜਿਉਂ ਖੜੇ ਹੋਏ ਰੋਹ ਝੁਲਾਵੀਂ। ਨਾਨਕ ਦੇ ਰਬਾਬ ਦੇ ਟੁੱਟਣ ਵੇਲੇ ਦੀ ਆਖ਼ਰੀ ਧਮਕ ਉਛਾਲੀਂ ! ਪਾੜ ਕੇ ਸ਼ੇਸ਼ ਨਾਗ ਦੀ ਜੀਭ 'ਚੋਂ ਕੱਢੀਂ ਸੰਨ ਸੰਤਾਲੀ ਦੀ ਧੂੜ ਵਿਚ ਚੀਕਦੇ ਕਾਫ਼ਲੇ ! ਨੀ ਰਾਵੀਏ ! ਸੋਹਣਿਆਂ ਜਾਂਗਲੀ ਮੁਲਖਾਂ ਦੀ 'ਵਾਜ ਨੂੰ ਰੋ ਰੋ ਰੁਆਵੀਂ ਰਗਾਂ 'ਤੇ ਚੜ੍ਹ ਚੜ੍ਹ ਰੁਆਵੀਂ ! (7) ਅੱਧੀ ਰਾਤ ਦੇ ਬੇਲਿਆਂ ਅੰਦਰ ਕਦੇ ਕਦੇ ਰਾਵੀ ਦੀ ਹੇਕ ਮੈਂ ਸੁਣਦਾ। ਆਸਮਾਨਾਂ ਦੀ ਖ਼ੈਰ ਨਾਲ ਭਰਿਆ ਕੋਈ ਕੋਈ ਤੁਬਕਾ ਮੇਰੇ ਮੱਥੇ 'ਤੇ ਵੱਜਦਾ ਲਾਟ ਕੋਈ ਕੱਢਦਾ ਮੇਰੇ 'ਚੋਂ ! ਮੈਂ ਸੇਕ ਸਾਰਾ ਸਿਖਰ ਦੁਪਹਿਰ ਦਾ ਹੜ੍ਹ ਬਣਿਆਂ ਨੱਸਦਾ ਜਾਂਦਾ, ਸ਼ਹਿਰ ਲਾਹੌਰ ਦੇ ਉੱਚਿਆਂ ਬੁਰਜਾਂ ਦੇ ਵੰਨੇ ਰੋਹੀਆਂ ਦੇ ਘਾਹ ਨੂੰ ਮਸਲਦਾ ਅੰਨ੍ਹੇ ਵਾਹ ਨੱਸਦਾ ਜਾਂਦਾ- ਮੈਂ ਸਾਰੇ ਆਸਮਾਨ 'ਤੇ ਦੰਦ ਪੀਂਹਦਾ ਚਿੱਟਿਆਂ ਬਾਜ਼ਾਂ ਦੇ ਲਹੂ 'ਤੇ ਪੈਰ ਰਖਦਾ ਜਲਾਂ-ਥਲਾਂ ਵਿਚ ਕਾਰਵਾਂ ਬਣਾ ਕੇ ਨੱਸਿਆ ਫਿਰਦਾ ਰਹਿਮ ਦੇ ਰੋਹ ਨਾਲ ਭਰਿਆ ! ਲਹੂ ਦੇ ਸਮੁੰਦਰਾਂ 'ਚੋਂ ਨਿਕਲ ਕੇ ਲਾਟਾਂ ਛੱਡਦੀ ਵਜਦ ਦੀ ਕੂਕਦੀ ਤੰਦ ਵਿਚ ਮੌਤ ਦੀ ਅੰਨ੍ਹੀ ਅਯਾਲ ਸਮੇਟ ਕੇ ਮੈਂ ਚੀਖ ਕੇ ਹਿੱਕ ਨਾਲ ਲਾਉਂਦਾ— ਮੇਰੀ ਨੇਸ ਜਾ ਖੁੱਭਦੀ ਕਾਲੇ ਬ੍ਰਾਹਮਣਵਾਦ ਦੀਆਂ ਜੜ੍ਹਾਂ ਵਿਚ ਖ਼ਾਲੀ ਵਪਾਰੀ ਹਿੰਦ ਦੇ ਅੰਧ ਵਿਚ। ਰਾਵੀ ਦੇ ਝੱਖੜ ਧੁੰਮ ਪਾਂਵਦੇ ਹੇਠਾਂ ਪੀਲਿਆਂ ਪੁੱਤਾਂ ਜਿਉਂ ਰੋਲਦੇ ਜਾਂਦੇ, ਅਰਸ਼ ਦੀਆਂ ਭਖੀਆਂ ਕੋਟ ਸਿਖਰਾਂ ਤੋੜਦੇ ਜਾਂਦੇ ਕਾਲ-ਕਾਲਾਂ ਦੇ ਮੁਕਟ ਨੂੰ ! ਲੱਖਾਂ ਪੈਰ ਜਿਸ ਅੱਗ ਵਿਚ ਤਾਂਡਵ ਨਾਚ ਦੇ ਖੁਭੇ ਨੇ ਉਸ ਅੱਗ ਦਾ ਖੋਪਰ ਜਾ ਪਾੜਦੀ ਨਜ਼ਰ ਮੇਰੀ, ਸਾਵਨ ਮਹੀਨੇ ਦੇ ਮੋਰਾਂ ਦੀਆਂ ਲੰਮੀਆਂ ਕੂਕਾਂ ਵੰਗਾਰ ਕੇ ਕੱਢਦੀ- ਫੈਲਦੇ ਪੰਜਾਬ ਦੀ ਧਰਤ 'ਤੇ ਰਾਵੀ ਦੇ ਕੋਟਾਂ ਹੀ ਹੱਥ ਹੋ, ਫਿਰ ਹੰਝੂਆਂ ਭਿੱਜੇ ਹੱਥ ਨੂੰ ਮੈਂ ਪਾਣੀਆਂ ਦੇ ਝੱਖੜਾਂ 'ਚ ਡੋਬਦਾ— ਜਿਨ੍ਹਾਂ ਡੂੰਘੀਆਂ-ਭਰੀਆਂ ਨ੍ਹੇਰੀਆਂ ਅੰਦਰ ਅਨਿਕ ਰਾਹ ਚੀਕ-ਚਿਹਾੜਾ ਪਾਂਵਦੇ ਨੱਸਦੇ ਨੇਜ਼ੇ ਦੇ ਵਾਂਗ ਖੁਭਿਆ ਉਹਨਾਂ ਨ੍ਹੇਰੀਆਂ ਦੇ ਸੀਨੇ ਮੈਂ ਪਰਬਤਾਂ ਵਾਂਗ ਕਿਸੇ ਫਣ ਨੂੰ ਉੱਚਾ ਚੁੱਕਦਾ ਕੂੜ ਦੇ ਦਾਗ਼ਾਂ ਨੂੰ ਨਿਗਾਹ ਵਿਚ ਭਸਮ ਕਰਦਾ ਸੱਚ ਦੇ ਹੱਥਾਂ 'ਤੇ ਤੋਲਦਾ, ਪੈਰ ਮਾਰ ਕੇ ਕੂੜ ਨੂੰ ਗਾਰਾਂ 'ਚ ਰੋਲਦਾ ਮੈਂ ਪਰਬਤਾਂ ਵਾਂਗ ਕਿਸੇ ਫਣ ਨੂੰ ਉੱਚਾ ਚੁੱਕਦਾ ! ਮੇਰੀ ਆਵਾਜ਼ ਪਈ ਆਂਵਦੀ ! ..... ਮੁੱਦਤਾਂ ਹੋਈਆਂ ਰਣ ਸਭਰਾਉਂ 'ਤੇ ਸੂਰਜ ਛਿਪੇ ਨੂੰ, ਵਗ ਵਗ ਦਰਿਆ ਸਤਲੁੱਜ ਪੁਕਾਰਿਆ ਆਉਣ ਵਾਲੀਆਂ ਸਦੀਆਂ ਦੇ ਮੱਥੇ 'ਚ ਖੁਭੀਆਂ ਜਾਣ ਵਾਲੇ ਮੁਸਾਫ਼ਰਾਂ ਦੀਆਂ ਖ਼ੂਨੀ ਅੱਖੀਆਂ– ਸ਼ਮਸ਼ੀਰਾਂ 'ਤੇ ਲਿਖੀਆਂ ਆਵਾਜ਼ਾਂ ਅੱਜ ਨ ਪੜ੍ਹੀਆਂ ਜਾਣ ਜੋ ਕਿਸੇ ਤੋਂ ਗਰਜ ਉਠਸਨ ਸਿਦਕ ਦੀ ਬਾਜ਼ੀ ਨੂੰ ਜਿੱਤ ਕੇ ! ਅੰਬਾਂ ਦੇ ਬੂਰ ਜਿਉਂ ਫਲਿਆ ਪੁਰੇ ਜਿਉਂ ਭਰਿਆ ਪੀਲ੍ਹਾਂ ਦੀ ਮਿੱਠੀ ਕੌੜੱਤਣ ਜਿਉਂ ਟਸਕ ਕੇ ਲਿਫਿਆ ਕਿੰਨਾ ਪਿਆਰ ਨੀ ਤੇਰਾ ਰਾਵੀਏ ! ਤੂੰ ਰੁੱਖਾਂ ਦੇ ਵਾਂਗੂੰ ਸੁਹਾਂਵਦੀ ਰਾਵੀਏ ! ਨੀ ਛੱਲਾਂ ਵਾਲੀਏ ! ਨੀ ਮਿੱਟੀ ਤੋਂ ਪਿਆਰੀਏ ! ਧਰਤ ਦੀਆਂ ਜੜ੍ਹਾਂ 'ਚੋਂ ਉਛਾਲੀਂ ਨੇਜ਼ਿਆਂ ਦੀ ਨੋਕ 'ਤੇ ਤੜਪਦੇ ਖ਼ੂਨ ਦੇ ਕਤਰੇ, ਜਿਨ੍ਹਾਂ ਦੀ ਅੱਗ ਹੇਠਾਂ ਕਿਸੇ ਇਕਰਾਰ ਨੂੰ ਮੁੱਠੀ 'ਚ ਘੁੱਟ ਕੇ ਮਾਵਾਂ ਦੇ ਪੁੱਤ ਅਣਭੋਲ ਹੀ ਮੋਏ ! ਇਕ ਪਲਸੇਟਾ ਮਾਰੀਂ ਪੈਗ਼ੰਬਰਾਂ ਦੀ ਨਜ਼ਰ ਵਰਗਾ ਲੱਖ ਸੂਲੀਆਂ 'ਤੇ ਚੜ੍ਹੀ ਹੋਈ ਪਟਕਾ ਕੇ ਮਾਰੀਂ ਜਾਨ ਸਾਰੀ, ਧੋਬੀ ਦੇ ਪਟਕੇ ਜਿਉਂ ਨਦੀਆਂ ਹਜ਼ਾਰਾਂ ਪਟਕਾ ਕੇ ਸੁੱਟੀ ਪਹਾੜਾਂ ਦੇ ਮੱਥੇ 'ਤੇ ! ਛੱਲਾਂ ਦੇ ਕੰਠ ਵਿਚ ਟੁੱਟਦੀਆਂ ਧਮਾਲਾਂ ਥੰਮ੍ਹਕੇ ਇਕ ਪਲ ਡਾਢੀਏ ! ਹਾਕ ਕੋਈ ਮਾਰੀਂ, ਸਾਰੇ ਬਿਰਖ ਹਲੂਣ ਕੇ ਫਿਰ ਥੰਮ੍ਹ ਕੇ ਸੋਹਣੀਏਂ, 'ਵਾਜ ਕੋਈ ਦੇਵੀਂ ! (ਇਤਿ) ਨੋਟ : ਬੀਰ ਅਕਾਲੀ (ਭਾਗ 2) ਤੋਂ ਮੁਰਾਦ ਅਕਾਲੀ ਫੂਲਾ ਸਿੰਘ ਹੈ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਹਰਿੰਦਰ ਸਿੰਘ ਮਹਿਬੂਬ
  • ਵਣ-ਵੈਰਾਗ : ਹਰਿੰਦਰ ਸਿੰਘ ਮਹਿਬੂਬ
  • ਰੁੱਤਾਂ ਦੇ ਭੇਦ ਭਰੇ ਖ਼ਤ : ਹਰਿੰਦਰ ਸਿੰਘ ਮਹਿਬੂਬ
  • ਪਿਆਰੇ ਦਾ ਦੇਸ : ਹਰਿੰਦਰ ਸਿੰਘ ਮਹਿਬੂਬ
  • ਝਨਾਂ ਦੀ ਰਾਤ (ਬੇਲਿਆਂ ਦੀ ਕੰਨਸੋਅ) : ਹਰਿੰਦਰ ਸਿੰਘ ਮਹਿਬੂਬ
  • ਕੁਰਲਾਉਂਦੇ ਕਾਫ਼ਲੇ : ਹਰਿੰਦਰ ਸਿੰਘ ਮਹਿਬੂਬ
  • ਸ਼ਹੀਦ ਦੀ ਅਰਦਾਸ : ਹਰਿੰਦਰ ਸਿੰਘ ਮਹਿਬੂਬ
  • ਝਨਾਂ ਦੀ ਰਾਤ (ਕਵਿਤਾ) : ਹਰਿੰਦਰ ਸਿੰਘ ਮਹਿਬੂਬ
  • ਸ਼ਹੀਦ ਦੀ ਅਰਦਾਸ (ਕਵਿਤਾ) : ਹਰਿੰਦਰ ਸਿੰਘ ਮਹਿਬੂਬ
  • ਪੰਜਾਬੀ ਕਵਿਤਾ : ਹਰਿੰਦਰ ਸਿੰਘ ਮਹਿਬੂਬ
  • ਝਨਾਂ ਦੀ ਰਾਤ : ਹਰਿੰਦਰ ਸਿੰਘ ਮਹਿਬੂਬ pdf
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ