Shaheed Di Ardas (Poem) : Harinder Singh Mehboob

ਸ਼ਹੀਦ ਦੀ ਅਰਦਾਸ (ਕਵਿਤਾ) : ਹਰਿੰਦਰ ਸਿੰਘ ਮਹਿਬੂਬ



ਸ਼ਹੀਦ ਦੀ ਅਰਦਾਸ

ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ (ਗੁਰੂ ਨਾਨਕ ਸਾਹਿਬ–ਮਾਝ ਕੀ ਵਾਰ) ਭਾਗ ਪਹਿਲਾ -1- ਅਧ ਵਿਚ ਉਮਰ ਮੇਰੀ ਦਾ ਪੈਂਡਾ ਵਿਸੁ-ਧੂੰਏਂ ਜਦ ਲੁੱਤਾ; ਬਾਲਪਨ ਦੇ ਬਿਰਖ ਦੇ ਹੇਠਾਂ ਲੰਮੀਆਂ ਤਾਣ ਮੈਂ ਸੁੱਤਾ। ਕੌਮਾਂ ਦੀਆਂ ਆਹਾਂ ਦਾ ਯਾਰੋ, ਹੌਲ ਪਤਾਲ ਤੋਂ ਭਾਰੀ; ਮਾਹੀ ਦੇ ਚਰਨਾਂ ਨਾ' ਲੱਗੀ ਖਿਚਦਾ ਜਾਨ ਪਿਆਰੀ। ਨੀਂਦ ਨੂੰ ਸੇਕ ਪਵੇ ਤਾਂ ਵੇਖਾਂ, ਰੋਣ ਕਾਫ਼ਲੇ 'ਕੱਲੇ । ਕੌਮਾਂ ਦੇ ਸ਼ਮਸ਼ਾਨ ਬਲਣ ਪਏ, ਗਯਾ ਬ੍ਰਿਛ ਦੇ ਥੱਲੇ। ਸਿਰ 'ਚੋਂ ਨਿਕਲ ਅਗਨ ਦੀਆਂ ਜੀਭਾਂ ਬੈਠ ਥਲੀਂ ਕੁਝ ਲਿੱਖਣ, ਸਾਹ ਮੇਰੇ ਨੂੰ ਕਿਸੇ ਖ਼ਲਾ ਵੱਲ ਸ਼ੂਕ ਸਰਾਲਾਂ ਖਿੱਚਣ। ਬੰਨ੍ਹ ਤੂਫ਼ਾਨ ਕਾਲ ਚੋਂ ਲਿਆਇਆ ਬੰਦੀਵਾਨ ਜ਼ਮੀਰਾਂ, ਧੌਲੀ ਦਾੜ੍ਹੀ ਖ਼ੁਸ਼ਕ ਕੇਸ ਨੂੰ ਵਾਹੁੰਦਾ ਘੱਤ ਵਹੀਰਾਂ। ਲੂਹੇ ਪਿੰਡ ਲੰਘ ਕੁਰਲਾਟਾਂ ਸੁਪਨੇ ਦੇ ਵਿਚ ਢੱਲਣ, ਤਪ ਤੋੜ ਰਿਸ਼ੀਆਂ ਦੇ ਭਾਰੀ ਨੀਂਦ ਦਾ ਬੂਹਾ ਮੱਲਣ। ਜਦੋਂ ਮਾਸੂਮਾਂ ਦੀ ਮਕਤਲ 'ਚੋਂ ਚੜ੍ਹਣ ਵਿਸ਼ੈਲੀਆਂ ਛੱਲਾਂ; ਖੜ੍ਹੀ ਨੀਂਦ ਦੇ ਬੂਹੇ ਪਾਉਂਦੀ ਬੂੰਦ ਜ਼ਮਜ਼ਮੀ ਠੱਲ੍ਹਾਂ। ਮਿਟ ਚੁੱਕਿਆਂ ਮਜ਼੍ਹਬਾਂ ਦੀਆਂ ਪੈੜਾਂ ਕਰਨ ਨੀਂਦ ਤੇ ਛਾਵਾਂ। ਗੁਫ਼ਾ ਅਜਿੱਤ 'ਚੋਂ ਛੇਕ ਸੁੱਟਿਆ ਜਮ ਨੇ ਵਕਤ ਨਿਥਾਵਾਂ। ਇੰਞ ਕਲੇਸ਼ ਪੁਸ਼ਤ ਦਰ ਪੁਸ਼ਤਾਂ ਡਸਣ ਨੀਂਦ ਦੀਆਂ ਜੂਹਾਂ। ਕਬਰ ਜੇਹੀ ਕਾਇਆਂ ਵਿਚ ਹੱਸਣ ਅਣਪਛਾਣੀਆਂ ਰੂਹਾਂ। ਤੱਕ ਮੋਏ ਲਸ਼ਕਰ ਦੀਆਂ ਰਾਹਾਂ ਪੀੜ ਜਰਾਂ ਵਿਚ ਆਸਾਂ। ਧਰਤੀ ਦੀਆਂ ਪੌਣਾਂ 'ਤੇ ਰਹੀਆਂ ਕੋਟ ਬੇਨਾਮ ਪਿਆਸਾਂ। ਭੈਅ ਹੈ ਇਕ ਦਿਨ ਵਿਛੜ ਸਜਣ ਤੋਂ ਨਾਲ ਗੁਨਾਹਾਂ ਜਾਸਾਂ। ਅੱਜ ਮੈਂ ਤਾਹੀਉਂ ਨੀਂਦ ਦੇ ਦਰ 'ਤੇ ਜ਼ਾਮਨ ਕੋਈ ਬੈਠਾਸਾਂ। ਪੀਲੇ ਪੱਤਾਂ ਦੇ ਹੜ੍ਹ ਆਉਂਦੇ ਚਾ ਗੁਮਨਾਮ ਅਵਾਜ਼ਾਂ। ਕਦੇ ਹਰੇ ਵਣਾਂ ਦੇ ਜਲਵੇ ਲਾਉਣ ਪਏ ਪਰਵਾਜ਼ਾਂ। ਕੋਮਲ ਨੀਂਦ 'ਤੇ ਵਕਤ ਦਾ ਪਹਿਰਾ ਜਕੜ ਕਠੋਰ ਬਣਾਵੇ। ਉਂਝ ਤਾਂ ਸਭ ਸਮਿਆਂ ਤੋਂ ਅੱਗੇ ਕੋਈ ਪੈਗ਼ੰਬਰ ਗਾਵੇ। ਚਾਏ ਰੁੱਖ ਬਾਲਪਨ ਹੇਠਾਂ ਘੜੇ ਸਕੂਨ ਦੇ ਫ਼ਜਰਾਂ- ਤਦੋਂ ਮੇਰੀ ਨੀਂਦ 'ਤੇ ਜੁੜੀਆਂ ਸਦੀ ਸਦੀ ਦੀਆਂ ਨਜ਼ਰਾਂ। ਆਖਰ ਮੇਰੀ ਨੀਂਦ 'ਤੇ ਢਿਲਕੇ ਕੋਟ ਕੰਵਲ ਅਸਮਾਨੀ। ਆਏ ਦੂਰ ਚਾਨਣੀ ਵਿੱਚੋਂ ਸੈ ਵਰ੍ਹਿਆਂ ਦੇ ਜਾਨੀ। ਲੰਘੀ ਨੀਂਦ ਜੁਗਾਂ ਦੇ ਰੌਲੇ ਚਾ ਨਿਰਵਾਨ ਦੀ ਖਾਰੀ। ਲਿਪਟ ਲਿਪਟ ਕੰਵਲਾਂ ਨੂੰ ਮਹਿਕੇ ਚੰਨ ਚਾਨਣੀ ਪਿਆਰੀ। ਅਧ ਵਿਚ ਉਮਰ ਮੇਰੀ ਦਾ ਪੈਂਡਾ ਜਦ ਹੋਇਆ ਬੇ-ਰੁੱਤਾ। ਬਾਲਪਨ ਦੇ ਬਿਰਖ ਦੇ ਹੇਠਾਂ ਲੰਮੀਆਂ ਤਾਣ ਮੈਂ ਸੁੱਤਾ। -2- ਵਗਿਆ ਮੇਰੀ ਨੀਂਦ 'ਤੇ, ਲੰਮਾ ਕੋਈ ਸਕੂਨ। ਸਿਰ ਮੇਰੇ ਵਿਚ ਥੰਮ੍ਹਿਆ ਪਰਬਤ ਜੇਡ ਜਨੂੰਨ । ਮੈਂ ਨਿਰਵਾਣ ਦਾ ਜਾਪ ਕਰ ਪਾ ਕੇ ਸਮੇਂ ਦੀ ਥਾਹ। ਭੀਸ਼ਮ ਵਾਂਗ ਸਾਂ ਲੈ ਰਿਹਾ ਤਿਲ ਤਿਲ ਵਿੰਨ੍ਹਿਆਂ ਸਾਹ। ਏਸ ਸਕੂਨ 'ਚ ਛੁਪੇ ਸੀ ਕੋਟ ਕਲੇਸ਼ ਮਹੀਨ। ਅਣਬੁੱਝ ਲੱਖ ਬੇਚੈਨੀਆਂ, ਮੌਤ ਦੇ ਅਜਬ ਯਕੀਨ; ਛਹਿ ਕੇ ਬਹਿੰਦਾ ਨਾਗ ਜਿਉਂ ਵਿਚ ਪੁਰਾਣੀ ਗੋਰ, ਗੁਫ਼ਾ 'ਚ ਔਝੜ ਕੂਟ ਤੇ ਚਿਰ ਤੋਂ ਛੁਪਣ ਜਿਉਂ ਚੋਰ। ਰਾਹੀਆ ਪਰਬਤ ਦੂਰ ਦੇ ਕੌਣ ਰਿਹਾ ਹੈ ਚੀਰ, ਆਹ ਤੇਸੇ ਦੀ ਉਠਦੀ, ਜਾਂ ਮਜ਼੍ਹਬਾਂ ਦੀ ਪੀੜ। ਵਿੰਨ੍ਹੇ ਪਲ ਪਲ ਨੀਂਦ ਨੂੰ, ਦੱਬੀ ਚੀਖ ਅਧੀਰ। ਸੁੱਤੀਆਂ ਕੌਮਾਂ ਕੁਹਣ ਲਈ ਤਕਦੀ ਨਜ਼ਰ ਬੇ-ਪੀਰ। ਸਈਓ ਬੋਧੀ ਬ੍ਰਿਛ ਤੋਂ ਕੌਣ ਲਿਆਇਆ ਨੀਰ ? ਨੀਂਦ ਦਾ ਬੂਹਾ ਧੋਣ ਲਈ ਫ਼ਜਰੀਂ ਆਏ ਫ਼ਕੀਰ। ਨੈਣ ਸਬਰ ਤੇ ਸਿਦਕ ਦੇ ਨੀਂਦ 'ਤੇ ਕਰਦੇ ਲੋਅ। ਪੱਤ ਲੁੱਟਣ ਦੇ ਹਾਦਸੇ ਕਿੱਥੇ ਲਵਾਂ ਲੁਕੋ ? ਪਾਲੇ ਧੀਆਂ ਵਾਂਗ ਮੈਂ, ਕੁਝ ਨਦੀਆਂ ਦੇ ਮੋਹ; ਹਿਜਰ ਹੰਡਾਉਣਾ ਉਹਨਾਂ ਦਾ ਬਾਰ ਪਰਾਏ ਰੋ। ਵਿਚ ਨੀਂਦ ਮੈਂ ਥੰਮ੍ਹਿਆ, ਲਖ ਸਾਲਾਂ ਦਾ ਰੋਹ; ਬਾਲਪਨ ਦੇ ਬ੍ਰਿਛ 'ਤੇ ਚੰਨ ਚਾਨਣੀ ਕੋ। - - - - - ਇਕ ਪਲ ਹੁਜਰੇ ਸਿਦਕ ਦੇ ਦੀਵੇ ਬੁਝਦੇ ਆ, ਦੂਜੇ ਪਲ ਵਿਚ ਚਮਕਦੇ ਜ਼ਖ਼ਮ ਮੇਰੇ ਸ਼ਰਮਾ। ਬੇਵਫ਼ਾ ਸਦੀਆਂ ਦੀ ਹੂੰਗਰ ਭਾਵੇਂ ਰਹੀ ਸਤਾ, ਦਰ ਮੂਰਛਾ ਭੀਸ਼ਮ ਵਾਂਗੂੰ ਸਿਦਕਾਂ ਲਈ ਪਨਾਹ। ਮੈਂ ਉੱਚੇ ਅਸਮਾਨ ਦੇ ਟਿਮ ਟਿਮ ਤਾਜ ਸਜਾ, ਬਾਲਪਨ ਦੇ ਬਿਰਖ ਦਾ ਪੱਤ ਪੱਤ ਲਿਆ ਜਗਾ। + + + + + -3- ਅੱਧੀ ਰਾਤ ਸੀ ਉਮਰ ਦਾ ਪਹਿਰ ਦੂਜਾ ਬਾਲਪਨ ਦਾ ਬ੍ਰਿਛ ਪਛਾਣਿਆਂ ਮੈਂ। ਡੂੰਘੀ ਨੀਂਦ ਦੇ ਮੁਲਕ ਮਾਸੂਮ ਮੁੜਕੇ, ਪੱਤਣ ਫੇਰ ਝਨਾਂ ਦਾ ਛਾਣਿਆਂ ਮੈਂ। ਕੱਚੇ ਵਿਹੜਿਆਂ ਵਿਚ ਤ੍ਰਿੰਞਣਾਂ ਦਾ, ਯਾਰੋ ਰਾਗ ਅਨੋਖੜਾ ਮਾਣਿਆਂ ਮੈਂ। ਕੌਮਾਂ ਬਹੁਤ ਜਹਾਨ ਦੇ ਵਿਚ ਆਈਆਂ, ਪੰਥ ਜੇਡ ਨ ਕਿਸੇ ਨੂੰ ਜਾਣਿਆਂ ਮੈਂ। ਤੇਰੇ ਬਾਜ਼ ਨੂੰ ਰਹੇ ਉਡੀਕਦੇ ਸੀ, ਮਿੱਟੀ ਵਿਚ ਗੁਨਾਹਾਂ ਦੇ ਬੋਲ ਮੇਰੇ। ਲੁੱਟੀ ਪੱਤ ਨਾਲ ਕੌਮ ਨੇ ਕੌਲ ਕੀਤੇ, ਨੈਣ ਬਣੇ ਗਵਾਹ ਅਨਭੋਲ ਮੇਰੇ। ਗਿਆ ਸਬਰ ਅਸਮਾਨ ਨੂੰ ਚੀਰ ਜਿਹੜਾ ਰਿਹਾ ਬਿਖੜੇ ਪੈਂਡੇ ਫਰੋਲ ਮੇਰੇ। ਸੌਂ ਗਏ ਨਾਲ ਮਾਸੂਮੀਆਂ ਵਾਂਗ ਬਾਲਾਂ, ਵੈਰ ਦੂਤੀਆਂ ਵਾਲੜੇ ਕੋਲ ਮੇਰੇ । ਕਿੱਸੇ ਲੱਥੜੀ ਪੱਗ ਤੇ ਪੱਤ ਵਾਲੇ, ਸਾਂਭ ਜਿਗਰ 'ਤੇ ਰੱਖੇ ਦੀਵਾਨਿਆਂ ਨੇ। ਚੁਭਿਆ ਰਹੇਗਾ ਜਿੰਦ ਵਿਚ ਕੋਟ ਬਰਸਾਂ, ਤਾਹਨਾ ਮਾਰਿਆ ਜਿਹੜਾ ਬੇਗਾਨਿਆਂ ਨੇ। ਬ੍ਰਿਹਾ ਵਿਚ ਹੀ ਵਕਤ ਦਾ ਪਾਟ ਲੰਮਾ, ਬੰਨ੍ਹ ਲਿਆ ਸ਼ਹੀਦ ਦੇ ਗਾਨਿਆਂ ਨੇ। ਅੱਜ ਰਾਤ ਬੇਦਾਵੇ ਦੇ ਸਫ਼ਰ ਮੁੱਕੇ, ਅੰਬਰ ਲੱਭ ਲਏ ਨਵੇਂ ਨਿਸ਼ਾਨਿਆਂ ਨੇ। ਰਾਤ ਗੀਤ ਦੀ ਨੂਰ ਦੇ ਲੈ ਚੱਪੂ, ਮਾਂਝੀ ਚਲੇ ਗਏ ਨਦੀਆਂ ਦੇ ਮੋੜਦਾ ਮੈਂ। ਘਾਇਲ ਹੋਇਆਂ ਦੀ ਕੂਕ ਨੂੰ ਗਲੇ ਲਾਵਾਂ, ਰਾਹ ਕੂੰਜਾਂ ਦੇ ਕਦੇ ਨ ਤੋੜਦਾ ਮੈਂ। ਚੁੱਕ ਸ਼ਾਹ ਅਸਵਾਰਾਂ ਦੀ ਧੂੜ ਸੋਹਣੀ, ਨਾਲ ਮਜਲਸ ਫ਼ਕੀਰਾਂ ਦੀ ਜੋੜਦਾ ਮੈਂ। ਅੱਧੀ ਰਾਤ ਨੂੰ ਬਾਲਪਨ ਬ੍ਰਿਛ ਹੇਠਾਂ, ਰਮਜ਼ ਮਾਹੀ ਦੀ ਆਖ਼ਰੀ ਲੋੜਦਾ ਮੈਂ। ਨਦੀਆਂ ਵਾਂਗ ਧਰਵਾਸ ਦਾ ਬੋਲ ਡੂੰਘਾ, ਘਣੇ ਬ੍ਰਿਛ ਦੀ ਚੁੱਪ ਵਿਚ ਟੋਲਦਾ ਮੈਂ। ਮਿੱਟੀ ਵਿਚ ਅਸਮਾਨ ਦੇ ਰਾਜ਼ ਬਲਦੇ, ਅਨਲਹੱਕ ਦੇ ਨਾਅਰੇ ਵਿਚ ਘੋਲਦਾ ਮੈਂ। ਦੂਰ ਜਾਂਦੇ ਮੁਸਾਫ਼ਰਾਂ 'ਕੱਲਿਆਂ ਨੂੰ, ਸੁਖਨ ਕਿਸੇ ਮਹਿਬੂਬ ਦੇ ਬੋਲਦਾ ਮੈਂ। ਖ਼ੂਨੀ ਵਾ ਵਰੋਲੇ ਦੀ ਵਾਗ ਫੜਕੇ, ਖ਼ਾਬ ਸ਼ਬਨਮਾਂ ਦੇ ਫਿਰਾਂ ਟੋਲਦਾ ਮੈਂ। ਜਿੱਥੇ ਕਿੱਥੇ ਵੀ ਰੁਲੇ ਨਸੀਬ ਮੇਰੇ, ਪੈਂਡੇ ਬਣੇ ਵੈਰਾਗੀਆਂ ਜੋਗੀਆਂ ਦੇ। ਧੀਆਂ ਵਾਂਗ ਉਸ ਗਲੇ ਦੇ ਨਾਲ ਲਾਏ, ਅੱਜ ਰਾਤ ਸਭ ਪੰਧ ਵਿਜੋਗੀਆਂ ਦੇ। ਸ਼ੱਬੇ-ਕਦਰ ਦਾ ਰਹਿਮ ਹੀ ਦਸ ਸੱਕੇ, ਸਾਲ ਬੀਤਦੇ ਕਿਵੇਂ ਨੇ ਸੋਗੀਆਂ ਦੇ। ਚੜ੍ਹਣੀ ਫ਼ਜਰ ਨਿਰਵਾਣ ਦੀ ਓਸ ਉੱਤੇ, ਰੱਖੇ ਸੀਸ ਜਿਸ ਗੋਦ ਵਿਚ ਰੋਗੀਆਂ ਦੇ। ਮਹਾਂ ਸਿੰਘ ਦੇ ਦਰਦ ਦੀ ਚੀਸ ਡੂੰਘੀ, ਜਪਾਂ ਤਪਾਂ ਤੋਂ ਅੱਗੇ ਸੰਭਾਲਦਾ ਮੈਂ। ਗੁਨਾਹਗਾਰਾਂ ਦੇ ਮਜਮਿਆਂ ਵਿਚ ਬੈਠਾ, ਬਖ਼ਸ਼ਣਹਾਰ ਦੀ ਨਜ਼ਰ ਨੂੰ ਪਾਲਦਾ ਮੈਂ। ਜਿਹੜੀ ਮਿੱਟੀ ਸ਼ਹੀਦਾਂ ਦੀ ਰੁੱਤ ਵੇਖੀ, ਸ਼ਬਨਮ ਓਸੇ ਹੀ ਰੁੱਤ ਦੀ ਭਾਲਦਾ ਮੈਂ। ਆਖ਼ਿਰ ਸਮੇਂ ੱਚੋਂ ਸੱਚ ਦੀ ਨਜ਼ਰ ਲੱਭੀ, ਨਹੀਂ ਤਾਂ ਕੁੱਲ ਅਸਮਾਨ ਹੀ ਜਾਲਦਾ ਮੈਂ। ਤਪੇ ਰਣਾਂ ਵਿਚ ਸਿਖਰ ਦੁਪਹਿਰ ਵੇਲੇ, ਪਾਣੀ ਦੇਣ ਹਰ ਘਾਇਲ ਨੂੰ ਚੱਲਿਆ ਮੈਂ। ਰਾਤ ਦਿਹੁੰ ਦੇ ਅਦਲ ਦੀ ਅਜਬ ਲੀਲਾ, ਵੈਰੀ ਮੀਤ ਦੇ ਨਾਲ ਹੱਸ ਖੱਲਿਆ ਮੈਂ। ਬਖ਼ਸ਼ਣਹਾਰ ਵਲ ਸਿੰਨ੍ਹਿਆ ਤੀਰ ਦੂਤੀ, ਕਿਸੇ ਬਲੀ ਹੰਝੂ ਸੰਗ ਠੱਲਿਆ ਮੈਂ। ਰਾਹ ਨ ਭੁੱਲਿਆ ਮਿੱਠੜੇ ਘਰਾਂ ਸੰਦਾ, ਨਦੀ ਸਾਗਰ ਪਹਾੜ ਨੂੰ ਝੱਲਿਆ ਮੈਂ। ਓਸ ਰਾਤ ਮੈਂ ਬਾਲਪਨ ਬਿਰਖ ਹੇਠਾਂ, ਕਦੇ ਮੂਰਛਿਤ ਕਦੇ ਮੈਂ ਸੁੱਤੜਾ ਸਾਂ। ਦੇਂਦਾ ਕਦੇ ਦਿਲਾਸੜੇ ਭੱਠ ਝੋਕਾਂ, ਸੁਲੇਮਾਨ ਵਿਚਾਰੇ ਦਾ ਦੁੱਖੜਾ ਸਾਂ। ਵੱਡੇ ਤਪਾਂ ਵਿਚ ਰਣਾਂ ਦੇ ਵੈਣ ਸੁਣਦਾ, ਚੀਸ ਛਾਲੇ ਦੀ ਥਲਾਂ ਦਾ ਮੁੱਖੜਾ ਸਾਂ। ਜਿਹੜੀ ਨਦੀ ਨੂੰ ਸੁੱਕਿਆਂ ਬਰਸ ਬੀਤੇ, ਉਹਦੇ ਮਾਂਝੀ ਦੀ ਕਬਰ ਦਾ ਰੁੱਖੜਾ ਸਾਂ। ਰਾਤੀਂ ਨਿਕਲ ਚਮਕੌਰ ਦੀ ਗੜ੍ਹੀ ਵਿੱਚੋਂ, ਛਾਲੇ ਹੋਇ ਵਿਚ ਕੰਡਿਆਂ ਉੱਗਿਆ ਮੈਂ। ਹਰ ਇਕ ਸਮੇਂ ਵਿਚ ਅਜਨਬੀ ਪੈੜ ਮੇਰੀ, ਕੌਮਾਂ ਲੱਖਾਂ ਦੇ ਚੋਗੇ ਨੂੰ ਚੁੱਗਿਆ ਮੈਂ। ਬਣਕੇ ਰੇਤ ਕੋਈ ਸਿਦਕ ਦੇ ਮੋਤੀਆਂ ਦੀ, ਫਲਗੂ ਨਦੀ ਦੇ ਪਾਣੀਏਂ ਡੁੱਬਿਆ ਮੈਂ। ਸਿੱਖ ਸਿੱਖ ਸਮੁੰਦਰਾਂ ਵਿਚ ਵਿਛਿਆ, ਚੰਚਲ ਲਹਿਰ ਹਰ ਸਾਮ੍ਹਣੇ ਪੁੱਗਿਆ ਮੈਂ। ਜਿਵੇਂ ਸ਼ੁਤਰ ਦੇ ਕਾਫ਼ਲੇ ਥਲੀਂ ਸੁਣਦੇ, ਹੇਕ ਮੁੱਢ ਕਦੀਮ ਦੇ ਤਾਰਿਆਂ ਦੀ। ਮੇਰੀ ਨੀਂਦ ਇਉਂ ਆਖਰੀ ਸੱਦ ਆਈ, ਮਿਟੀਆਂ ਕੌਮਾਂ ਦੇ ਲਸ਼ਕਰਾਂ ਭਾਰਿਆਂ ਦੀ। ਅੱਜ ਰਾਤ ਫ਼ਰਿਆਦ ਮੈਂ ਹਿੱਕ ਲਾਵਾਂ, ਲੱਖਾਂ ਸੁੱਤਿਆਂ ਕਪਟ ਵਿਚ ਮਾਰਿਆਂ ਦੀ। ਵਾਰੇ ਨੂਰ ਅਸਵਾਰ ਤੇ ਥਲਾਂ ਅੰਦਰ, ਲੋਅ ਉੱਚੀ ਜੋ ਨੀਂਦ ਚੁਬਾਰਿਆਂ ਦੀ। ਡੂੰਘੀ ਨੀਂਦ 'ਚੋਂ ਕੌਣ ਜਗਾਂਵਦਾ ਹੈ, ਫਾਹੁੰਦੇ ਜਿੰਦ ਨੂੰ ਜਾਲ ਚੁਰਾਸੀਆਂ ਦੇ। ਕਿਉਂ ਨ ਸੁਣੇ ਫ਼ਕੀਰ ਕੋਈ ਦਰਦ ਆ ਕੇ, ਬੋਧੀ ਬ੍ਰਿਛ ਤੇ ਕੂੰਜਾਂ ਪਿਆਸੀਆਂ ਦੇ। ਕਿਸੇ ਸੱਦ ਮਹੀਨ ਨੇ ਵਿੰਨ੍ਹਿਆ ਮੈਂ, ਜਿਵੇਂ ਬੋਲ ਪੁਰਾਣੇ ਬਨਬਾਸੀਆਂ ਦੇ। ਲਹੂ ਡਿੱਗਦਾ ਸਮੇਂ ਦੇ ਖੰਭ ਵਿੱਚੋਂ, ਫਨੀਅਰ ਕੀਲਦੇ ਪੰਧ ਉਦਾਸੀਆਂ ਦੇ। -4- ਫਿਰ ਕੀ ? ਨੀਂਦ ਨੂੰ ਤੋੜਕੇ ਨਸ ਗਿਆ ਕੋਈ ਰਾਗ। ਜਾਂ ਤਾਂ ਭਰਮ ਫ਼ਕੀਰ ਦਾ ਜਾਂ ਔਹ ਬੁਝੇ ਚਰਾਗ਼। ਸੋਗ ਮਨਾਉਂਦੇ ਬ੍ਰਿਛ ’ਤੇ, ਤਕਦੀਰਾਂ ਦੇ ਕਾਗ। ਡੰਗੇ ਨਭ ਨੂੰ ਨਾਗ ਜਿਉਂ ਬੇਚੈਨ ਇਕ ਜਾਗ। ਕਿਸ ਨੇ ਘੋੜਾ ਮਾਰਿਆ ? ਕਿਸ ਨੇ ਤੋੜੀ ਵਾਗ ? ਕਾਲੇ ਪੈਂਡੇ ਸ਼ੁਕਦਾ ਕੱਲਮ ਕੱਲਾ ਨਾਗ। ਫਿਰ ਮੈਂ ਜ਼ਖ਼ਮੀ ਬਾਜ਼ ਕੋਈ, ਤੱਕਾਂ ਅਜ਼ਲਾਂ ਲਾਗ; ਜਿਸਦੇ ਸਿਰ 'ਤੇ ਉੱਡਦੇ ਸੈ ਵਰ੍ਹਿਆਂ ਤੋਂ ਕਾਗ। ਘਾਇਲ ਬਾਜ਼ ਦੀ ਸੁਣੀ ਮੈਂ ਕਿਲਕਾਰੀ ਜਿਉਂ ਕਾਲ ! ਫਾਂਸੀ ਵਾਂਗੂੰ ਚੰਬੜੀ ਸ਼ਾਹ ਰਗ ਮੇਰੀ ਨਾਲ। ਪਿੰਜਰ ਬੇਪੱਤ ਕੌਮ ਦੇ ਚੂੰਡ ਅੱਖਾਂ ਦੇ ਵਾਲ; ਦੂਰ ਕਾਗ ਗਏ ਉੱਡਦੇ ਜਿਉਂ ਉਮਰਾ ਦੇ ਸਾਲ। + + + + + ਰਾਤੀਂ ਬੈਠੀ ਕੂੰਜ ਕੋ, ਬਾਲਪਨੇ ਦੇ ਰੁੱਖ। ਨੂਹ ਦੇ ਸਮੇਂ ਤੋਂ ਵਿਛੜੀ, ਜਿਸ ਦੀ ਤੜਪੇ ਕੁੱਖ । ਜ਼ਖਮੀ ਬਾਜ਼ ਨੂੰ ਤੱਕ ਕੇ, ਹੋਰ ਹੋਈ ਦਿਲਗੀਰ। "ਬਚੜੇ ਛੋਡ ਬਿਗਾਨੜੀ ਮੈਂ ਹੋਈ ਵੇ ਵੀਰ।” ਕਿਹਾ ਬਾਜ਼ ਨੇ ਕੂੰਜ ਨੂੰ, ਰਾਜ਼ ਕਦੀਮ ਲੁਕੋ : “ਛੱਡ ਨ ਭੈਣੇ ਅਜੇ ਤੂੰ, ਬ੍ਰਿਛ ਹਰੇ ਦੇ ਮੋਹ। “ਨੂਹ ਸਮੇਂ ਤੋਂ ਵਿਛੜੇ ਤੇਰੇ ਬਚੜੇ ਜੋ, ਮਿਲਸਨ ਤੈਂ ਅਰਦਾਸ ਦੇ, ਸਾਹਮੇ ਜਾਣ ਜੇ ਹੋ । “ਪਰ ਅਰਦਾਸਾਂ ਅਮਲ ਬਿਨ ਸੁਕ ਸੁਕ ਜਾਵਣ ਖੋ, ਹਾਰੀ ਹੋਈ ਕੌਮ ਦੇ ਜ਼ਖ਼ਮ ਨ ਮਿਲਦੇ ਰੋ। “ਸ਼ਾਮ ਸਿੰਘ ਜੋ ਵੇਖਿਆ, ਵਿਚ ਸਭਰਾਵਾਂ ਬਾਜ਼ ; ਮੈਂ ਓਸੇ ਹੀ ਸਿਦਕ ਦਾ, ਘਾਇਲ ਨਿਥਾਵਾਂ ਰਾਜ਼। “ਹਾਰੇ ਪੁੱਤ ਅਰਦਾਸ ਦੇ, ਸੁੱਟ ਰੋਂਦੀ ਸ਼ਮਸ਼ੀਰ। ਕੌਮਾਂ ਛਲ ਵਿਚ ਬੰਨ੍ਹਦੇ, ਕੋਟ ਸੁਪਨ ਬੇ-ਪੀਰ। “ਅਦਨੋਂ ਆਉਂਦੀ ਸੁਣੇ ਤੂੰ, ਜੋ ਕੁਰਲਾਟ ਨਿਸ਼ੰਗ। ਬੇਰਾਹ ਥਲ ਵਿਚ ਬੋਟ ਜਿਉਂ, ਲੁਛਦੀ ਦਰਦ-ਤਰੰਗ। “ਜਿੰਦ ਮਾਸੂਮ ਦਲੀਪ ਦੀ, ਖੁਭੇ ਮਸੀਹੀ ਡੰਗ। ਬੂੰਦ ਸਜਨ ਦੇ ਦੇਸ ਦੀ, ਗਗਨ ਤੋਂ ਮਿਲੇ ਨ ਮੰਗ। “ਬਰਸਾਂ ਜਿੰਦ ਮਲੂਕ 'ਤੇ, ਮਜ਼੍ਹਬ ਸਲੀਬੀ ਟੰਗ । ਸੁਪਨ ਬੇ-ਪੀਰ ਹੀ ਰਿਹਾ ਸੀ ਬਦਨਸੀਬ ਦੇ ਸੰਗ। “ਮਨ ਦੇ ਥੰਮ੍ਹ ਤਪਾਂਵਦਾ, ਹਫ ਹਫ ਥਲਾਂ ਨੂੰ ਲੰਘ। ਕਾਲੇ ਅੰਬਰੋਂ ਸੁੱਟਦਾ, ਟੁਕ ਟੁਕ ਜਿੰਦ ਦੇ ਅੰਗ। “ਕੀਤੇ ਸੁਪਨ ਬੇ-ਪੀਰ ਨੇ, ਲੁਕ ਲੁਕ ਲਖ ਫ਼ਰੇਬ। ਅਜਬ ਮਸੀਹੀ ਭੇਸ ਵਿਚ, ਛੇੜ ਹਿਰਸ ਦੇ ਵੇਗ। “ਲਿਸ਼ਕੀ ਨਜ਼ਰ ਦਲੀਪ ਦੀ, ਇਕ ਪਲ ਗੁਰੂ ਦੀ ਤੇਗ। ਪਲ ਦੂਜੇ ਛਲ ਸਮੇਂ ਦੇ, ਉਠ ਪਏ ਬੇਦਰੇਗ। “ਸਿਰ ਕੌਮਾਂ ਦੇ ਰਿੱਝਦੇ, ਵਿਚ ਸ਼ੈਤਾਨੀ ਦੇਗ। ਝੁੱਲਿਆ ਸੀਸ ਦਲੀਪ 'ਤੇ, ਵਿਸ ਦਾ ਭਰਿਆ ਮੇਘ।” + + + + + ਗੀਤ ਘਾਇਲ ਬਾਜ਼ ਦੇ ਸੁਖਨ ਸੁਣ, ਕੂੰਜ ਨੇ ਨੈਣ ਭਰੇ। ਅਦਨ ਦੇ ਸਾਗਰ ਸਾਹਮਣੇ, ਪਿਆਸ ਦੇ ਰੰਗ ਬੜੇ। ਲੱਖਾਂ ਸਾਲ ਦਲੀਪ ਦੇ, ਸਾਹਵੇਂ ਆਣ ਖੜੇ। ਦੇਵਣ ਅਮਿਉ ਬੂੰਦ ਨੂੰ, ਜੇ ਅਰਦਾਸ ਕਰੇ। ਭਾਵੇਂ ਪੁੱਤ ਦੇ ਜਾਣ ਦੇ, ਡਾਢੇ ਤਾਪ ਜਰੇ। ਨੂਰ ਬਿਨਾਂ ਅਰਦਾਸ ਦਾ ਦਾਮਨ ਕੌਣ ਫੜੇ ? ਬਣਦੇ ਨਜ਼ਰ ਜੇ ਪੰਥ ਦੀ, ਪੱਤ ਦੇ ਖੰਭ ਸੜੇ, ਆਉਂਦਾ ਘੋੜਾ ਬੀੜ ਮੈਂ ਮੋੜ ਮੁਹਾਰ ਘਰੇ। ਬਾਲਪਨ ਦੇ ਬਿਰਖ 'ਤੇ, ਜੀਅੜਾ ਕੂੰਜ ਡਰੇ। ਨਾਂਹ ਰੋ ਬਿਰਖਾ ਸੋਹਣਿਆਂ, ਹਾਲੇ ਪੱਤ ਹਰੇ। + + + + + -5- ਨਹੀਂ! ਨਹੀਂ! ਰੁੱਖ ਨਹੀਂ ਹਰਿਆ। ਖ਼ਾਬ ਨਿਆਣੀ ਉਮਰ ਦਾ ਸੜਿਆ। ਦੂਰ ਗੁਫ਼ਾਵਾਂ ! ਬੰਦੀ ਕੂਕੇ, ਸ਼ਾਹ ਰਗ ਲੁਕੇ ਨਾਗ ਸੀ ਸ਼ੂਕੇ। ਪਾਕ ਜ਼ਮੀਰ ਦੇ ਦੇ ਗੁੱਝੇ ਬੂਹੇ ਛੁਪੀ ਪੜੋਸਣ ਹਿਰਸ ਨੇ ਲੂਹੇ। ਖਾ ਖਾ ਨੀਂਦ ਦੁਪਹਿਰੇ ਰੈਣਾਂ ਸਾਜ਼ਿਸ਼ ਓਢ ਤੁਰਨ ਸੰਗ ਡੈਣਾਂ। ਵਾਵਰੋਲੇ ਝੱਖੜ ਸੂਹੇ, ਪੂਰਨ ਸਾੜਕੇ ਸੁੱਟਣ ਖੂਹੇ। ਜ਼ਖ਼ਮੀ ਬਾਜ਼ ਕਦੇ ਹੀ ਦਿਸਦਾ, ਕਾਲ-ਜੀਭ ਦੇ ਉਹਲੇ ਹਿਸਦਾ। ਸ਼ਹਿਰ ਗਰਾਮ ਵਣਾਂ ਦੇ ਸਾਏ, ਜਿੱਧਰ ਵੇਖਾਂ ਬਾਰ ਪਰਾਏ। ਅਜਬ ਬੇਗਾਨਾ ਭਾਰ ਕਿਸੇ ਦਾ ਮੈਂ ਚੁੱਕਾਂ, ਨਾਂਹ ਯਾਰ ਕਿਸੇ ਦਾ ! ਉਡ ਗਈ ਕੂੰਜ, ਮੈਂ ਉਸ ਵਲ ਵੇਖਾਂ ਸੀਨੇ ਜਿਸਦੇ ਗੱਡੀਆਂ ਮੇਖਾਂ। ਖ਼ਾਬ ਗੁਆਚੇ ਮਾਰਨ ਅਣੀਆਂ ਮੀਂਹ ਵਰ੍ਹਦੇ, ਨਾਂਹ ਠੰਢੀਆਂ ਕਣੀਆਂ। ਤਾਜ ਗੁਆਇਆ ਬੁਰੇ ਨਸੀਬਾਂ। ਉਸਦੀਆਂ ਚੁੱਕੇ ਕੌਣ ਸਲੀਬਾਂ ? ਝਲ ਝਲ ਆਇਆ ਸਿਖਰ ਦੁਪਹਿਰਾਂ ਸਤਲੁਜ ਕੰਢੇ ਵਾਂਗ ਮੈਂ ਗ਼ੈਰਾਂ । + + + + + + + + + + ਸੰਞ ਪਈ, ਨ ਉਮਰ ਅੰਞਾਣੀ ! ਵਗਨ ਵਗਨ ਸਤਲੁਜ ਦੇ ਪਾਣੀ। ਵਿਚ ਬੇਟ ਦੀ ਸੰਘਣੀ ਕਾਹੀ, ਹੌਕੇ ਛੱਡ ਗਏ ਲਖ ਰਾਹੀ। ਛੁਪ ਛੁਪ ਬੋਲ ਅਜਨਬੀ ਆਵੇ, ਘਾਇਲ ਪੱਤਣਾਂ ਨੂੰ ਗਲ ਲਾਵੇ। ਦਰਦ ਦੇ ਪਤੇ ਦੇਣ ਵਿਚ ਝੱਲਾਂ, ਬੇਨਿਆਜ਼ ਭਾਰੀਆਂ ਛੱਲਾਂ । ਅੰਬ ਦਾ ਬੂਰ ਤੜਪਦਾ ਦੇਖਾਂ, ਕਿਤੇ ਤੂਫ਼ਾਨ ਕੁਚਲਦੇ ਹੇਕਾਂ। ਪੱਤ ਵੀਰਾਨ ਪੱਤਣ 'ਤੇ ਸੁੱਤੀ, ਰੋ ਪੈੜ ਜ਼ਾਮਨ ਦੀ ਉੱਠੀ। ਲਹਿਰਾਂ ਦੱਸਣ ਲਈ ਖਲੋਈਆਂ, ਜਿੰਦਾਂ ਬਿਨ ਅਰਦਾਸ ਜੋ ਮੋਈਆਂ। ਜ਼ਖਮੀ ਸ਼ੇਰ ਗਵਾਹੀ ਦੇਂਦੇ, ਸੌਣ ਨਾਂਹ, ਰਾਤ ਦਿਹੁੰ ਜੋ ਵੇਂਹਦੇ : “ਆਉਣ ਸ਼ਹੀਦ ਦੀਆਂ ਜਦ ਆਹਟਾਂ ਨਾਂਹ ਮੁੱਕਣ ਘੋੜਾਂ ਦੀਆਂ ਵਾਟਾਂ।” + + + + + ਸੰਞ ਗਈ ਜਿਉਂ ਉਮਰ ਵਿਹਾਣੀ; ਦਹਿਲ ਗਏ ਸਤਲੁਜ ਦੇ ਪਾਣੀ। ਕਲਵਲ ਹੌਲ ਪਵੇ ਮਨ ਮੇਰੇ ਤਾਰੇ ਲਰਜ਼ਣ, ਢਹਿਣ ਬਨੇਰੇ । ਖਿੱਚੇ ਕੌਣ ? ਖ਼ਲਾ ਵਿਚ ਵੇਖਾਂ, ਰੂਹ ਮਿਰੀ ਵਿੰਨ੍ਹੀ ਸੰਗ ਮੇਖਾਂ। ਦੇਹ ਮੇਰੀ ਨੂੰ ਤੋੜ ਧਿੰਗਾਣੇ, ਰੂਹ ਨੂੰ ਧੂਹਣ ਪਏ ਜਰਵਾਣੇ। ਅਜਬ ਖ਼ਲਾ ਸੀ ਸਮੇਂ ਤੋਂ ਖ਼ਾਲੀ, ਪੀੜ ਖ਼ੁਸ਼ੀ ਜਿੱਥੇ ਨ ਹਾਲੀ; ਜ੍ਹਿਦੀ ਅਨੰਤ ਸੁੰਞ ਤੇ ਲੇਟੇ ਮਾਰ ਅਦਿੱਸ ਮੌਤ ਪਲਸੇਟੇ। ਓਸ ਖ਼ਲਾ 'ਚੋਂ ਉੱਡ ਗੁਫ਼ਾਵਾਂ ਰੂਹ ਨੂੰ ਘੁੱਟਣ ਨਾਲ ਗੁਨਾਹਾਂ। ਪਕੜ ਲੈਣ ਸ਼ਾਹ ਰਗ 'ਚੋਂ ਬਾਣੀ, ਸਾੜ ਦੇਣ ਮਾਂ-ਪਿਆਸ ਦੇ ਪਾਣੀ। ਔਹ ਵਿਕਰਾਲ ਕਬਰ ਕੁਈ ਪੁੱਟੇ, ਜਾਂ ਕੋਈ ਸੰਘ ਅਕਾਸ਼ ਦਾ ਘੁੱਟੇ। ਭੂਤ-ਝੁੰਡ ਸ਼ਮਸ਼ਾਨ ਨੂੰ ਬਾਲਣ, ਵਣ ਬੁੱਢੇ ਰਿਸ਼ੀਆਂ ਦੇ ਜਾਲਣ। ਚੁੱਪ ਅਚਿਹਨ ਸਮੇਂ ਨੂੰ ਝੰਬੇ, ਪਕੜ ਖ਼ਲਾ ਦੀ ਦਾਰ ੱਤੇ ਟੰਗੇ। ਸੰਘ ਖ਼ਲਾ ਦਾ ਪਾੜ ਕੇ ਸਾਰਾ, ਨ੍ਹੇਰ ਦਾ ਹੌਲ ਵੇਖਦੀ ਗਾੜ੍ਹਾ। ਜਿਸ ਖ਼ਲਾ ਦੀ ਸਿਖਰ 'ਤੇ ਖੁੱਲਣ, ਝੱਖੜ ਥਲਾਂ ਥਲਾਂ ਦੇ ਝੁੱਲਣ । ਤੋੜ ਅਸੰਖ ਨਭਾਂ ਦੇ ਖੂੰਜੇ ਜਿਸਦੀ ਤੇਗ਼ ਪਤਾਲ ਨੂੰ ਹੂੰਝੇ ਮੈਨੂੰ 'ਵਾਜ ਪਵੇ ਕਿਉਂ ਉਸਦੀ ? ਨਿੱਕੀ ਜਾਨ ਮੇਰੀ ਪਈ ਕੁਸਦੀ ? ਨਦੀ ਤੋਂ ਨਭ ਤਕ ਨਜ਼ਰ ਮੈਂ ਮਾਰੀ ਮੌਤ ਦੀ ਕਾਂਗ ਚੜ੍ਹੀ ਦੋ-ਧਾਰੀ ! ਓਸ ਬੇਨਾਮ ਖ਼ਲਾ ਵਿਚ ਤਾਰੀ ਤੰਦੂਆ ਲਾ ਰਿਹਾ ਇਕ ਭਾਰੀ । + + + + + -6- ਦੰਦ ਖ਼ਲਾ ਵਿਚ ਕਢਦਾ, ਮੌਤ ਦਾ ਗਾੜ੍ਹਾ ਅੰਧ। ਤੰਦੂਆ ਪਿਆ ਖਿਲਾਰਦਾ, ਵਿਸੁ ਦੇ ਕੁਹਜੇ ਤੰਦ। ਸ਼ੂਕ ਕੇ ਜਿਸ 'ਚੋਂ ਨਿਕਲਦੇ, ਵਲ ਖਾਂਦੇ मै ਫੰਧ। ਗੁੰਨ੍ਹੇ ਪਾਥੀ ਗੋਲ ਵਿਚ, ਸੱਭੇ ਸਮੇਂ ਕੇ ਦੰਭ। ਤੱਕਾਂ : ਤੰਦੂਆ ਰਿਹਾ ਸੀ ਤੰਦ ਅਸੰਖ ਘੁਮਾ, ਮੌਤ ਦੇ ਪਾਣੀ ਰਿੜਕਦਾ ਝੁੰਡ ਕੌਮਾਂ ਦੇ ਫਾਹ; ਜਿਉਂ ਪਾਪੀ ਤੈਮੂਰ ਨੇ ਲਾ ਸ਼ਾਹਾਂ ਦੀ ਕੰਡ ਰਥ ਨਾ' ਬੰਨ੍ਹੇ ਸੋਚ ਇਉਂ ਪੱਤ ਜਾਵੇਗੀ ਹੰਭ। ਤੰਦੂਏ 'ਚੋਂ ਉਡ ਜਾਲ ਕੋ, ਸ਼ਾਹ ਰਗ ਪਕੜ ਅਦਿੱਸ; ਸਾਹ ਕੌਮਾਂ ਦੇ ਡੋਬਦਾ, ਵਿਚ ਜੁਗਾਂ ਦੀ ਵਿਸੁ। ਤੰਦਾਂ ਲਟਕ ਖ਼ਲਾ ਵਿਚ ਸੱਦਣ ਜਿੰਨ ਬਲਾ। ਸਤਲੁਜ ਨੂੰ ਬੇਹੋਸ਼ ਕਰ ਪੀਣ ਸਰਾਲਾਂ ਸਾਹ। ਕੋਹੀਆਂ ਕੌਮਾਂ ਜਿਹੜੀਆਂ, ਗਲ ਵਿਚ ਤੰਦਾਂ ਪਾ; ਅੱਧਾ ਸਤਲੁਜ ਸੁੱਕਿਆ, ਨਾਲ ਉਹਨਾਂ ਦੀ ਆਹ। ਅੱਧ ਤੱਕ ਰੇਤਾਂ ਬਲਦੀਆਂ, ਅੱਧ ਤੱਕ ਵਗਦੇ ਨੀਰ। ਵੈਣ ਅਜਨਬੀ ਲੰਘਦੇ, ਲੰਮੀਆਂ ਲਹਿਰਾਂ ਚੀਰ। ਘਾਇਲ ਬਾਜ਼ ਫਿਰ ਡਿੱਗਿਆ, ਪਾ ਰੇਤਾਂ ਨੂੰ ਹੌਲ। ਅੱਧ ਤੱਕ ਨਦੀ 'ਚ ਵਗਦੇ, ਹੜ੍ਹ ਰੱਤਾਂ ਦੇ ਖੌਲ । ਪਰਲੇ ਪੱਤਣ ਲਹੂ ਸੀ, ਉਰਲੇ ਪੱਤਣ ਨੀਰ। ਰੋਵਾਂ ਉਰਲੇ ਪੱਤਣੀਂ, ਮੈਂ ਮਨਮੁਖ ਬੇਪੀਰ। ਤਦ ਮੇਰੇ ਸਿਰ ਟਿਕੀ ਆ, ਝੂਠੀ ਬਿਪਰ-ਸੌਗੰਧ। ਜਿਉਂਕਰ ਬੰਨ੍ਹੀ ਕਪਟ ਦੀ, ਲੱਖ ਸਾਲਾਂ ਨੇ ਪੰਡ। + + + + + -7- ਪਰਲੇ ਪੱਤਣ ਵੇਖਿਆ, ਫਿਰ ਅਸਵਾਰ ਮੈਂ ਕੋ। ਜਿਸਦੇ ਪੈਂਡੇ ਵੇਖਦੇ, ਅਣਦਿੱਸ ਰਾਹੀ ਰੋ। ਜਿਸਦੇ ਮਸਤਕ ਲਿਸ਼ਕਦੇ, ਸਭ ਨਦੀਆਂ ਦੇ ਮੋਹ; ਜਿਸ ਦੀ ਹਿੱਕ 'ਤੇ ਬੰਨ੍ਹਿਆ ਮੰਝਧਾਰਾਂ ਦਾ ਰੋਹ। ਸਜਦੇ ਸਮੇਂ ਦੇ ਉੱਕਰੇ ਜਿਸਦੀ ਵਿਚ ਸੰਜੋਅ, ਸੱਚ ਕਦੀਮੀ ਸਮੇਂ ਤੋਂ ਚਿੱਟੇ ਕੇਸਾਂ ਖੋਹ, ਕੀਤੀ ਚਿੱਟੀ ਪੱਗ 'ਤੇ ਅੱਜ ਮਾਹੀ ਦੀ ਲੋਅ। ਚਿੱਟੇ ਘੋੜੇ ਵਾਲੜਾ ਬਿਰਧ ਸ਼ਹੀਦ ਹੈ ਉਹ; ਚੰਨ ਦੇ ਸੀਨੇ ਖਿੱਚਦਾ ਲੀਕ ਲਹੂ ਦੀ ਜੋ। ਸਭਰਾਵਾਂ ਨੂੰ ਲੰਘ ਕੇ ਰਾਹ ਗੁਜਰਾਤ ਦੇ ਹੋ; ਸਤਲੁਜ ਦੀ ਇਸ ਲਹਿਰ ਵਿਚ ਛੁੱਪ ਜਾਂਦੀ ਕੰਨਸੋਅ। + + + + + ਚਿੱਟੇ ਘੋੜੇ ਵਾਲੜਾ ਠਿੱਲ੍ਹ ਪਿਆ ਦਰਿਆ ਵਹਿਣ ਲਹੂ ਦੇ ਚੀਰਦਾ ਪੱਤਣੀਂ ਲੱਥਾ ਆ ਸੱਚ ਬਜ਼ੁਰਗੀ ਵਾਲੜਾ ਲੰਘ ਵਕਤ ਦੇ ਝੱਲ, ਪਾਵਨ ਚਿੱਟੀ ਪੱਗ 'ਤੇ ਮਾਰ ਰਿਹਾ ਕੋਈ ਛੱਲ। ਦਾੜ੍ਹੇ ਪਾਕ ਸਫ਼ੈਦ ਤੇ, ਚਮਕਣ ਕਾਲ-ਰਹੱਸ। ਰਲ ਤਾਰੇ ਅਸਮਾਨ ਦੇ, ਭੇਦ ਨਾ ਸੱਕਣ ਦੱਸ। ਝੁਕ ਝੁਕ ਪੁੱਛੇ ਚਾਨਣੀ, ਓਢ ਨੂਰਾਨੀ ਮੇਘ। ਸਤਲੁਜ ਕੰਢੇ ਚਮਕਦੀ, ਕਿਸ ਅਸਵਾਰ ਦੀ ਤੇਗ ? ਚਿੱਟੇ ਘੋੜੇ ਵਾਲੜੇ, ਚੁੱਕਿਆ ਮਿਹਰ ਦਾ ਹੱਥ। ਜ਼ਾਲਮ ਸਮੇਂ ਦੇ ਸਾਹਮਣੇ, ਜਿਉਂ ਮਾਵਾਂ ਦੀ ਰੱਖ। ਕੂੰਦਾ ਅੱਪਣੇ ਨਾਲ ਫਿਰ, ਭਰ ਸੁਬਕ ਜਹੀ ਆਹ : “ਮਾਹੀ ਤੈਂਡੇ ਸਿਦਕ ਬਿਨ, ਅਸਾਂ ਲਏ ਕਿਉਂ ਸਾਹ।” ਚਾਨਚੱਕ ਮੈਂ ਪੁੱਛਿਆ, ਪਾਰ ਚਾਨਣੀ ਝਾਕ : “ਅੱਗੇ ਸਮੇਂ ਦੀ ਨਜ਼ਰ ਤੋਂ ਤੇਰੀ ਬਜ਼ੁਰਗੀ ਪਾਕ। “ਪਰ ਤੇਰੀ ਇਸ ਤੇਗ਼ 'ਤੇ, ਅੱਜ ਚਾਨਣੀ ਰਾਤ ਸੁਣ ਸੁਣ ਹੰਝੂ ਛਲਕਦੇ ਕਿਹੜੇ ਰਣਾਂ ਦੀ ਬਾਤ ? “ਕੀ ਤੰਦੂਏ ਦਾ ਭੈਅ ਸੀ ? ਕੌਣ ਸੀ ਜ਼ਖ਼ਮੀ ਬਾਜ਼ ? ਸੰਤ ਸਿਪਾਹੀਆ ਦਸ ਜਾ, ਰੱਤੀ ਨਦੀ ਦਾ ਰਾਜ਼।” ਕਹਿੰਦਾ : “ਗੁਰ ਬਿਨ ਜੀਣ ਦਾ, ਰੱਤੀ ਨਦੀ ਗੁਨਾਹ। ਹਾਰੀ ਹੋਈ ਕੌਮ ਦਾ ਜ਼ਖ਼ਮੀ ਬਾਜ਼ ਗਵਾਹ । “ਰਹਿਮ ਬਿਨਾਂ ਜਦ ਪੁਟਦੀਆਂ, ਕੌਮਾਂ ਹਿਰਸ ਦੇ ਤਾਲ। ਅੰਨ੍ਹੀਆਂ ਹੋ ਕੇ ਡਿਗਦੀਆਂ ਅੱਪਣੀ ਵਿਸ ਦੇ ਨਾਲ। “ਹੁੰਦੇ ਕੁੱਲ ਅਕਾਸ਼ ਤਦ, ਗੁਫ਼ਾ ਦੇ ਵਾਂਗੂੰ ਬੰਦ; ਭੈਅ ਵਿਚ ਕੌਮਾਂ ਕਤਦੀਆਂ ਜ਼ਹਿਰੀਲੀ ਕੁਈ ਤੰਦ। “ਬੰਨ੍ਹ ਲੈਂਦੀਆਂ ਓਸ ਵਿਚ, ਅੱਤ ਮਹੀਨ ਜ਼ਮੀਰ। ਨਭ-ਪਤਾਲ ਦੀ ਗੁਫ਼ਾ ਵਿਚ, ਨਸਲਾਂ ਪਾਵਣ ਭੀੜ। "ਪੁਸ਼ਤਾਂ ਦੇ ਮਨ ਪਾਂਵਦਾ, ਘੁੰਮ ਘੁੰਮ ਤੰਦੂਆ ਹੌਲ। ਨਿਭਣ ਨ ਦੇਂਦਾ ਸਿੱਖ ਦੇ, ਗੁਰੂ ਨਾ’ ਕੀਤੇ ਕੌਲ।” ਕਿਹਾ ਮੈਂ : “ਦਿਸੇਂ ਸ਼ਹੀਦ ਤੂੰ, ਮੌਤ ਦਾ ਸੋਹਣਾ ਕੰਤ। ਉਸ ਦੇ ਮਸਤਕ ਉੱਕਰੇਂ, ਅਮਰ ਸਮੇਂ ਦਾ ਮੰਤ। “ਵਿਜੈ ਧਿਆ ਪਰ ਜਦੋਂ ਮੈਂ, ਤਕਦਾ ਤੇਰੀ ਤੇਗ; ਇਸ ਨੂੰ ਰੇਤ ਜਿਉਂ ਭੋਰਦਾ, ਕਿਉਂ ਤਕਦੀਰ ਦਾ ਵੇਗ ?” ਕਹਿੰਦਾ : "ਦੁਲਹਨ ਮੈਂਡੜੀ, ਭਾਵੇਂ ਮੌਤ-ਰਕਾਨ। ਕੌਮ ਦੇ ਪੈਂਡੇ ਸਦਾ ਹੀ, ਨਾਲ ਸ਼ਹੀਦ ਦੇ ਜਾਣ। “ਰੌਸ਼ਨ ਕਰਨ ਸ਼ਹੀਦ ਜਾਂ, ਰਣਾਂ 'ਚ ਅੱਪਣੇ ਖ਼ਾਬ। ਕੌਮਾਂ ਕੋਲੋਂ ਮੰਗਦੇ, ਅੱਪਣਾ ਕੋਈ ਹਿਸਾਬ। “ਰਹਿਣ ਸ਼ਹੀਦ ਇਕੱਲੜੇ, ਸੁੰਨੇ ਲੱਖ ਵਰੇ; ਗੁਰੂ ਦੇ ਪੈਂਡੇ ਕੌਮ ਨ, ਜਦ ਤਕ ਸਫ਼ਰ ਕਰੇ। “ਰੁਲਦੇ ਤਦੋਂ ਸ਼ਹੀਦ ਨੇ, ਵਿਚ ਇਕਲਾਪੀ ਗੋਰ। ਨਭ ਦੀ ਗੁਫ਼ਾ ਵਖਾਂਵਦੀ, ਸੈ ਗਹਿਰਾਈਆਂ ਮੋੜ। “ਵਿਚ ਮੂਸਾ ਦੀ ਤੇਗ ਦੇ, ਜਾਗਣ ਲਖ ਭੁਚਾਲ; ਵੇਹਣ ਜਾਂ ਕੌਮਾਂ ਤੂਰ ਨੂੰ, ਰਹਿਮ ਦਿਲਾਂ ਦੇ ਨਾਲ। “ਰੁਲਦੀ ਤੇਗ ਸ਼ਹੀਦ ਦੀ, ਸ਼ਾਹ ਅਸਵਾਰ ਨੇ ਦੂਰ। ਅਣਖਾਂ ਨਾਲ ਹੀ ਪੈਣਗੇ, ਪੰਥ-ਸੁਰਤਿ ਨੂੰ ਬੂਰ। “ਸੁਰਤਾਂ ਸਤਗੁਰ ਜੇਡੀਆਂ, ਮਾਵਾਂ ਜੇਡ ਦਰੇਗ਼, ਪੰਥ ਨੇ ਛੱਡੇ ਚਿਰਾਂ ਤੋਂ, ਭੁਰ ਭੁਰ ਜਾਵੇ ਤੇਗ।” ਕਿਹਾ ਮੈਂ : "ਇਹ ਤਕਦੀਰ ਕੀ, ਕਿਉਂ ਇਹ ਲੱਗਿਆ ਦਾਗ਼ ? ਲੜ ਲੜ ਡਿੱਗਣ ਸੂਰਮੇ, ਰੋਹੀਏਂ ਚੂੰਡਣ ਕਾਗ।” ਕਹਿੰਦਾ : ਗੁਰੂ ਦੇ ਬੋਲ ਨੂੰ, ਕੌਮ ਜੇ ਰੱਖਦੀ ਪਾਕ। ਜਲ ਜਲ ਪੈਂਦੀ ਕਦੇ ਨਾਂਹ, ਅਮਲ ਦੀ ਸਮੇਂ 'ਤੇ ਰਾਖ। "ਪੁਸ਼ਤਾਂ ਤੀਕ ਜੇ ਤਾਣਦਾ, ਪੰਥ ਸਿਦਕ ਦੀ ਝੋਲ। ਛਡਦੇ ਨ ਪਰਵਾਜ਼ ਨੂੰ, ਕਦੇ ਸ਼ਹੀਦ ਦੇ ਬੋਲ। “ਜਾਂਦੀ ਵਤਨ ਸ਼ਹੀਦ ਦੀ, ਪਾਰ ਤਾਰਿਆਂ ਲੀਕ; ਨਭ ਚਮਕਣ ਅਰਦਾਸ ਦੇ, ਜੇਕਰ ਪੁਸ਼ਤਾਂ ਤੀਕ। “ਜਾ ਕੇ ਤੱਕ ਪਰਦੇਸੀਆ, ਉਹਨਾਂ ਵਣਾਂ ਦੇ ਪਾਰ। ਦੇਖ ਕਿਨ੍ਹਾਂ ਦੇ ਝੁਕੇ ਨਹੀਂ, ਸੀਸ ਪਰਾਏ ਬਾਰ। ਮੈਂ ਉਸ ਬੇੜੇ ਬੈਠਣਾ, ਜਿਹੜਾ ਨਦੀ ਦੇ ਪਾਰ। ਜਿਸ ਨੇ ਆਉਣਾ ਠਿਲ੍ਹ ਕੇ ਨੀਰ ਲਹੂ ਵਿਚਕਾਰ।” ਬੇੜਾ ਕੱਪਰ ਵਿਚ ਮੈਂ ਤੱਕਾਂ ਚਾਨਣੀ ਰਾਤ; ਜਿਸ ਵਿਚ ਰੂਹਾਂ ਸੂਰਮੇ ਕੁਝ ਨਬੀਆਂ ਦੀ ਜ਼ਾਤ। ਲੈ ਘੋੜਾ ਅਸਵਾਰ ਨੂੰ, ਠਿਲ੍ਹ ਪਿਆ ਦਰਿਆ। ਬੇੜੇ ਸਣੇ ਸ਼ਹੀਦ ਉਹ, ਲਹਿਰੀਂ ਗਿਆ ਸਮਾ। + + + + + ਭਾਗ ਦੂਸਰਾ ਵੈਣ ਪਏ ਜਦ ਹੋਈਆਂ ਹਾਰਾਂ, ਜਦੋਂ ਨਹੀਂ ਸਨ ਵਸੀਆਂ ਬਾਰਾਂ। ਸਤਲੁਜ ਪਾਰ ਦੇਸ ਜਦ ਲੰਮੇ, ਬਿਆਸ ਬੇਟ ਰਾਵੀ ਦੇ ਬੰਨੇ, ਮੈਂ ਜਾ ਹਰੇ ਵਣਾਂ ਦੀਆਂ ਛਾਵਾਂ ਮਸਤਕ ਲਾਈਆਂ ਸਮਝ ਦੁਆਵਾਂ। ਏਥੇ ਵੱਸ ਮੈਂ ਸਾਲ ਮਹੀਨੇ ਭੁੱਲਿਆ ਦੋਸਤੀਆਂ ਤੇ ਕੀਨੇ। ਮੈਂ ਭੁੱਲਿਆ ਅੱਪਣਾ ਪ੍ਰਛਾਵਾਂ ਲੱਗੇ ਤੀਰ ਜੋ ਵਿਚ ਸਭਰਾਵਾਂ। + + + + + ਚਾਨਚੱਕ ਵਿਚ ਮਿੱਠੀਆਂ ਵਾਟਾਂ ਦੇਵੇ ਮੂਕ ਚੀਸ ਕੋਈ ਆਹਟਾਂ। ਰੁੱਖ ਜੋ ਰੂਪ ਝਨਾਂ ਦੇ ਮਾਤੇ ਯਾਰ ਮਿਰੇ ਇਸ ਚਾਨਣੀ ਰਾਤੇ ਮੈਨੂੰ ਕਰਨ ਇਸ਼ਾਰੇ ਲੰਮੇ ਕੋਈ ਨ ਦੇਸ ਰਾਵੀ ਦੇ ਜੰਮੇ ! 'ਵਾਵਾਂ ਵਿਚ ਨੇ ਬੇਵਫ਼ਾਈਆਂ ਦੱਸਣ ਜੰਡ ਕਰੀਰ ਫਲਾਹੀਆਂ। ਕਦੇ ਕਦੇ ਮਿਰਜ਼ੇ ਦੀਆਂ ਢੋਕਾਂ ਸੁਣੀਆਂ ਵੈਣ ਪਾਉਂਦੀਆਂ ਲੋਕਾਂ। ਕੀ ਕਿਹਾ ਸ਼ਾਖ਼ਾਂ ਨੂੰ ਤੀਰਾਂ ? ਜੰਡਾਂ ਹੇਠ ਅਜੇ ਵੀ ਪੀੜਾਂ ! ਦੇਣ ਕਿਸੇ ਤਾਰੇ ਦੀਆਂ ਲੋਆਂ, ਮਾੜੇ ਵਕਤ ਦੀਆਂ ਕੰਨਸੋਆਂ। ਕਦੇ ਕਦੇ ਤੰਦੂਏ ਦੀਆਂ ਤਾਰਾਂ ਰੁੱਖਾਂ ਦੀਆਂ ਰਗਾਂ ਵਿਚਕਾਰਾਂ ਫਿਰਨ ਜਾਸੂਸ ਵਾਂਗ ਹਰ ਪਾਸੇ ਵਿਸ ਘੋਲ ਸੁਕਰਾਤ ਦੇ ਕਾਸੇ। ਕਦੇ ਝਨਾਂ ਦੇ ਰਾਠ ਛਬੀਲੇ ਜ਼ਹਿਰ ਘੋਲਦੇ ਪੈਣ ਦਲੀਲੇ, ਚਿੰਤਾ ਹੀਰ ਦੀ ਝੰਗ ਦੇ ਬੇਲੇ ਦੇਂਦੀ ਡੋਬ ਭਰੇ ਹੋਏ ਮੇਲੇ। ਜਾਨ ਮੇਰੀ ਵਿਚ ਨੀਂਦ ਭੁਲਾਕੇ ਜ਼ਹਿਰ ਦੇ ਭੈਅ ਘੇਰਦੇ ਆਕੇ। ਜਿੰਦ 'ਚ ਸੁੱਟ ਸ਼ਮਸ਼ਾਨ ਹਜ਼ਾਰਾਂ ਮੱਚ ਪੈਣ ਤੰਦੂਏ ਦੀਆ ਤਾਰਾਂ। ਟੀਸੀ ਕਹਿਰ ਦੀ ਚੜ੍ਹਣ ਭਬੂਕੇ ਕੁਲ ਦੋਜ਼ਖ਼ ਨਾਗ ਬਣ ਸ਼ੂਕੇ। ਖਿਚ ਖਿਚ ਤੀਰ ਔਣ ਇਕਲਾਪੇ, ਪੀਲੂ ਟਸਕ ਪੈਣ ਕਿਉਂ ਆਪੇ ? ਕੂਕ ਕਿਹਾ ਸੋਹਣੀ ਦੇ ਲੇਖਾਂ “ਮੋਹ ਪਾ ਨਾਲ ਝਨਾਂ ਨ ਵੇਖਾਂ। “ਅਸੀਂ ਸ਼ਹੀਦ ਚਿਰਾਂ ਦੇ ਜਾਨੀ ਸੀਨੇ ਖੁਭੀ ਝਨਾਂ ਦੀ ਕਾਨੀ।” ਕਿਹਾ ਕਦੇ ਦੁੱਲੇ ਦੀਆਂ ਹੇਕਾਂ “ਮੇਸ ਦਿਓ ਕੁਦਰਤ ਦੀਆਂ ਰੇਖਾਂ। “ਵਣ ਦਰਿਆ 'ਤੇ ਪਾ ਪਾ ਕਾਮਨ ਤੋੜ ਤੋੜ ਗਏ ਦਿਲ ਸਾਵਨ ਬਿਰਖ ਮਾਸੂਮ ਬਣੇ ਨ ਜ਼ਾਮਨ “ਅਣਖ ਕਬੀਲੇ ਦੀ ਦੇ ਹੋਕੇ ਤੇਜ਼ ਤੂਫ਼ਾਨ ਹੋਣੀ ਦੇ ਰੋਕੇ। “ਅਸੀਂ ਸ਼ਹੀਦ ਸ਼ਾਹ ਦੇ ਬਾਗ਼ੀ ਕੁਦਰਤ ਨਾਲ ਨਾਂਹ ਸਾਡੇ ਜਾਗੀ।” ਤੜਪ ਪੈਂਦੀਆਂ ਵਾਂਗ ਗੁਲਾਮਾਂ ਸੁਣ ਸੁਣ ਕੇ ਰਾਵੀ ਦੀਆਂ ਸ਼ਾਮਾਂ। ਅੱਗ ਦੋਜ਼ਖ਼ ਦੀ ਡੱਕ ਛਬੀਲੇ ਹੋਏ ਸ਼ਹੀਦ ਕਿ ਜੀਣ ਕਬੀਲੇ। “ਪੱਤ ਸਾਡੀ ਹੀ ਇਕ ਪੈਗ਼ੰਬਰ" ਇਸ ਨਾਅਰੇ ਹੇਠ ਸਭ ਅੰਬਰ। ਝੂੰਮਣ ਰੁੱਖ ਕਬਰ ਦੇ ਉੱਤੇ ਲਾ ਨਾਅਰੇ ਅਣਖਾਂ ਦੇ ਸੁੱਤੇ। ਕੁਦਰਤ ਦੀ ਬੇਨੇਮੀ ਅੰਦਰ ਦਿਸੇ ਸ਼ਹਾਦਤ ਦਾ ਨ ਅੰਬਰ। ਜਦੋਂ ਅਦਲ ਦੀਆਂ ਰਹਿਣ ਨ ਰੱਖਾਂ ਬੇਨੂਰ ਕੁਦਰਤ ਦੀਆਂ ਅੱਖਾਂ ! ਕੁਦਰਤ ਵਿਚ ਚੀਸਾਂ ਹਰ ਪਾਸੇ, ਜਲ ਥਲ ਬੇਵਸੀਆਂ ਦੇ ਵਾਸੇ। ਹੋਣ ਸ਼ਹੀਦ, ਤੇ ਦੇਣ ਉਲਾਂਭੇ “ਬੇਨੇਮ ਕੁਦਰਤ ਨਾਂਹ ਸਾਂਭੇ।” ਦੂਰ ਗੁਨਾਹ ਗਏ ਪਛਤਾਂਦੇ ਜਲ ਥਲ ਧਰ ਅਸਮਾਨ ਦੇ ਕਾਂਬੇ। ਨਾਂਹ ਹੰਭਦੇ ਕੁਦਰਤ ਦੇ ਪੈਂਡੇ ਜੋ ਅਰਦਾਸ ਦੇ ਸੁਪਨੇ ਲੈਂਦੇ। + + + + + ਮੁੜ ਡੰਗਾਂ ਨੇ ਮਾਰ ਉਡਾਰੀ ਨੰਗੇ ਕੀਤੇ ਪਰਬਤ ਭਾਰੀ। ਰੂਹ ਨੂੰ ਤੋੜ ਕੱਢੀਆਂ ਗਾਰਾਂ, ਪਲ ਪਲ ਭੁਰਨ, ਪੈਂਦੀਆਂ ਖਾਰਾਂ। ਲਿਪਟ ਰਹੀ ਸ਼ੱਕਾਂ ਦੀ ਤੰਦੀ ਸ਼ਾਹ ਰਗ ਖ਼ਿਆਲ ਮਿਰੇ ਦੀ ਕੰਬੀ। ਜਿਉਂ ਪਾਪੀ ਤੈਮੂਰ ਦੇ ਬੰਦੀ ਡੌਰ ਭੌਰ ਰੂਹ ਮੇਰੀ ਹੰਭੀ। ਦੌੜ ਪੈਣ ਸਮੇਂ ਦੀਆਂ ਜ਼ਹਿਰਾਂ, ਘੁੰਮ ਛਲਕ ਪਾ ਤੰਦੀਂ ਲਹਿਰਾਂ। ਟਿਕ ਟਿਕ ਚੀਰ ਪਹਾੜ ਨੂੰ ਸੁਣਦੀ, ਅਣਦਿੱਸ ਦੰਭ ਮੌਤ ਦੇ ਬੁਣਦੀ। ਤਨ 'ਚੋਂ ਹੌਲ ਜ਼ਮੀਰਾਂ ਪੁੱਟੇ, ਘੁੱਟ ਸਮਾਂ ਗਾਰਾਂ ਵਿਚ ਸੁੱਟੇ । ਕੌਣ, ਲਿਖੀ ਜੋ ਉੱਪਰ ਤੇਸੇ, ਕੁਹਕਨ ਦੀ ਤਕਦੀਰ ਨੂੰ ਮੇਸੇ ? ਡੂੰਘੀਆਂ ਖੱਡਾਂ, ਫਿਰਨ ਛਲੇਡੇ ! ਵਾ ਵਰੋਲੇ ਪਰਬਤ ਜੇਡੇ। ਥਿੰਦੇ ਸੈ ਬਰਸਾਂ ਦੇ ਬੂਹੇ, ਕਿਸ ਚੰਗੇਜ਼ ਹਲਾਕੂ ਲੂਹੇ ? ਪਤਾ ਨਹੀਂ ਕਿਸ ਮਚਦੇ ਖੂਹੇ, ਕੂਕਨ ਫੱਟ ਕੌਮਾਂ ਦੇ ਸੂਹੇ ! ਵਿਚ ਹਰੇ ਵਣਾਂ ਦੇ ਝੁੰਡਾਂ, ਹੌਲ ਭਰੇ ਸੁਪਨੇ ਦੀਆਂ ਧੁੰਧਾਂ। ਕਿਸ ਨੇ ਮੇਰੇ ਤਨ 'ਤੇ ਸਿੱਟੀ ਬੇਪੱਤ ਹੋਏ ਘਰ ਦੀ ਮਿੱਟੀ ? ਤਲਖ ਨਸ਼ੇ ਸੀਨੇ ਨਾ' ਬੱਝੇ । ਕੋਈ ਨ ਪੱਤ ਮੇਰੀ ਨੂੰ ਕੱਜੇ। ਨੀਮ ਬੇਹੋਸ਼ ਜੰਡ ਦੇ ਥੱਲੇ, ਪੱਤ ਜਾਵਣ ਦੇ ਡੰਗ ਮੈਂ ਝੱਲੇ। ਰੋਗ ਅਮਿੱਟ ਰਿਹਾ ਵਿਚ ਸੀਨੇ, ਲੰਘੇ ਭੈਅ ਵਿਚ ਸਾਲ ਮਹੀਨੇ। ਲੰਘੇ ਅਣਗਿਣ ਸਿਖਰ ਦੁਪਹਿਰੇ, ਨੀਮ ਮੂਰਛਾ ਦਿੱਤੇ ਪਹਿਰੇ। ਨੋਚ ਨੋਚ ਵਕਤ ਨੇ ਛਾਤੀ ਸਾਜ਼ਿਸ਼ ਵਾਂਗ ਫੇਰ ਕੇ ਕਾਤੀ ਪਾਰ ਪਰੇ ਬ੍ਰਹਿਮੰਡੀ ਲੁਕੀਆਂ ਡਰੇ ਸੂਰਜਾਂ ਦੇ ਸਿਰ ਝੁਕੀਆਂ ਤੋੜ ਤੋੜ ਬੇਰਹਿਮ ਇਕੱਲਾਂ ਦੇ ਦੇ ਸਦਮੇ, ਪਾ ਪਾ ਸੱਲਾਂ ਭਰ ਦਿੱਤੇ ਇਸ ਦਿਲ ਦੇ ਖੰਡਰ ਮੇਰੀ ਨੀਮ ਮੂਰਛਾ ਅੰਦਰ। ਤਨ ਮਨ ਨੀਮ ਮੂਰਛਾ ਛਾਈ, ਤਦ ਕੋਈ ਸਦ ਹਵਾ 'ਚੋਂ ਆਈ। ਮੋਰ ਦੀ ਕੂਕ ਚੰਨ ਤਕ ਕੰਬੀ, ਵਣਾਂ ਦੀ ਚੁੱਪ ਲਹੂ 'ਚੋਂ ਲੰਘੀ। ਅਰਦਾਸ ਕਰੀ ਵਿਚ ਸੁੱਕੇ ਸਾਲਾਂ ਚਸ਼ਮੇ ਵਾਰ ਹਸਨ ਅਬਦਾਲਾਂ। ਤਾਰਿਆਂ ਤਕ ਸਫ਼ਰ ਕਰ ਪੂਰੇ, ਮੈਂ ਤੱਕੇ ਅਸਮਾਨ ਅਧੂਰੇ। ਜਿਉਂ ਅਰਦਾਸ ਹੋਏ ਵਿਚ ਸਾਵਨ ਉੱਠੇ ਹੱਥ ਜ਼ਿਮੀਂ 'ਚੋਂ ਪਾਵਨ; ਮਾਂ ਦੇ ਮੋਹ ਜਿਉਂ ਖ਼ਾਕ 'ਚ ਸੁੱਤੇ ਵਿਛੜੇ ਪੁੱਤ ਮਿਲਣ ਲਈ ਉੱਠੇ ਜਿਵੇਂ ਮਿਹਰ ਨਾਥ ਦੀ ਜਾਗੀ ਸਾਬਤ ਅੰਗ ਕਰੇ ਜੋ ਦਾਗ਼ੀ; ਇੰਞ ਤੂਰ ਮੂਸਾ ਤੋਂ ਉੱਕੇ ਕਾਮਲ ਜਾਗ ਮੇਰੀ ਨੇ ਚੁੱਕੇ। + + + + + ਭਾਗ ਤੀਸਰਾ -1- ਲਾ-ਮਕਾਂ ਨਜ਼ਰ ਨ ਜਿੱਥੇ ਨਾਂ ਥਾਂ ਆਸ ਨ ਕੋਈ ਹੜ੍ਹ ਤਾਰਿਆਂ ਦੇ ਉਗਮ ਕੇ ਉਥੋਂ ਜਿਵੇਂ ਕਰਨ ਦਿਲਜੋਈ; ਇੰਞ ਦਿਲਗੀਰ ਕੌਮ ਦੀਆਂ ਰਮਜ਼ਾਂ ਨਜ਼ਰ ਛੁਹਾ ਕੋ ਰਾਹੀ ਚੀਰ ਸਰਾਪ ਧਰਤ ਦੇ ਮੈਨੂੰ ਮਿਲਿਆ ਬੁੱਤ ਇਲਾਹੀ। ਮੈਂ ਲਿਵਲੀਨ ਦਾ ਦਾਮਨ ਫੜਿਆ, ਚਾ ਬਾਲ-ਫ਼ਰਿਆਦਾਂ; ਸੁੱਟੀ ਸੁੰਨ ਅਹਲਿਆ ਉੱਤੇ ਬੂੰਦ ਹਸਨ ਅਬਦਾਲਾਂ। ਮੌਤ-ਖ਼ਲਾ-ਸੁੰਨ ਵਿਚ ਛਲਕੇ, ਚੜ੍ਹ ਜ਼ਮਜ਼ਮ ਦੇ ਪਾਣੀ; ਕੋਟ ਪੈਗ਼ਾਮ ਦਿੱਤੇ ਜਬਰਾਈਲਾਂ ਚਮਕ ਤਾਰਿਆਂ ਥਾਣੀ। ਬੂਹੇ ਸਬਜ਼ ਵਣਾਂ ਦੇ ਧੋਤੇ, ਲੰਮੇ ਦੇਸ਼ 'ਚ ਰੈਣਾਂ । ਉੱਡੇ ਜਬਰਾਈਲਾਂ ਦੇ ਸੁਪਨੇ, ਵਿਚ ਲਿਵਲੀਨ ਦੇ ਨੈਣਾਂ। ਤੋੜ ਖ਼ਲਾ ਮੌਤ ਦੇ ਡਾਢੇ, ਢਾ ਬਲੀ ਤਕਦੀਰਾਂ ਤਾਰੇ ਚੜ੍ਹੇ ਸਮੇਂ ਦੇ ਅੰਬਰ ਵਾਂਗ ਸ਼ਹੀਦ-ਜ਼ਮੀਰਾਂ। ਪਾਪ ਮਿਰੇ ਅਰਦਾਸ ਕਰਨ ਲਈ ਛਾਂ ਲਿਵਲੀਨ ਦੀ ਆਏ, ਜਿਉਂਕਰ ਬਟਕ ਆਉਣ ਵਲ ਨਦੀਆਂ, ਪਿਆਸ ਨਾਲ ਕੁਮਲਾਏ। ਜੁਗਾਂ ਪੁਰਾਣੇ ਸੁੱਕੇ ਚਸ਼ਮੇ, ਢੂੰਡ ਲੈਣ ਵਿਚ ਫ਼ਜਰਾਂ; ਡੂੰਘੇ ਤਪੇ ਥਲਾਂ 'ਤੇ ਝੁਕ ਕੇ ਕਿਸੇ ਬੂੰਦ ਦੀਆਂ ਨਜ਼ਰਾਂ। ਮੇਰੇ ਤਨ ਮਨ ਨੂੰ ਜੋ ਵਿੰਨ੍ਹਣ, ਡੰਗ ਚੁਗਣ ਲਈ ਸਾਰੇ; ਸ਼ਬਦ ਕਿਸੇ ਅਰਦਾਸ ਦੇ ਬਣ ਗਏ, ਸਭ ਅੰਬਰ ਦੇ ਤਾਰੇ। -2- (ਸੈਲਾਨੀ ਛੰਦ) ਸਾਗਰਾਂ ਦੇ ਸਾਗਰ ਗੁੰਮਨਾਮੀਆਂ ਵਾਲੇ ਮੇਰੇ ਦਿਲ ਦੀਆਂ ਅਨੰਤ ਗਹਿਰਾਈਆਂ 'ਚ ਹਿੱਲਣ ਜਿਸ ਵਿਚ ਹਸਤੀ ਦੀ ਧੁਰ ਦੀ ਰੌਸ਼ਨੀ ਫੜਣ ਲਈ ਸਮੇਂ ਦੀਆਂ ਕੁੱਲ ਸਿਖਰਾਂ ਤਕ ਮੂੰਹ ਅਡ ਅਡ ਮਗਰਮੱਛ ਚੌਂਕ ਚੌਂਕ ਦੌੜਣ। ਪਰ ਬਾਹਰ ਦੀ ਚੁੱਪ ਸੀ ਪਿਆਰੀ ! ਮੈਂ ਦੇਖਾਂ ਦੂਰ ਅਸਮਾਨਾਂ ਤਕ ਲਿਵਲੀਨ ਦੇ ਤਾਜ ਪਏ ਚਮਕਣ। ਉਸ ਦੀ ਇਕ ਨਜ਼ਰ ਨਿਆਰੀ ਰੇਗਸਤਾਨਾਂ ਦੀਆਂ ਆਂਧੀਆਂ 'ਚ ਅਰਦਾਸ ਦਾ ਦੀਵਾ ਬਾਲਦੀ। ਉਸ ਪਾਕ ਹੂਰ ਦੇ ਇਸ਼ਾਰੇ 'ਤੇ ਮੈਂ ਗੁੰਮਨਾਮ ਰੋਹੀਆਂ 'ਚ ਦੌੜਿਆ ਜਿਹਨਾਂ ਦਾ ਆਰ ਨ ਪਾਰ ਜੋ ਦੂਰ ਤੋਂ ਦੂਰ ਸਨ। ਮੈਂ ਦੌੜਦਾ ਕਿਸੇ ਸੁੱਚੀ ਲਾਟ ਨੂੰ ਫੜਣ ਲਈ ਜੋ ਅਣਦੱਸੇ ਸਿਮਰਣ ਦੇ ਕੰਵਲ 'ਚੋਂ ਟਿਮਟਿਮਾਵੇ। ਲਿਵਲੀਨ ਦੀ ਛੋਹ ਨਿਆਰੀ ਜਦ ਵੀ ਥਲਾਂ ਸਾਗਰਾਂ 'ਚ ਛੁਪਦੀ ਤਾਂ ਬਾਹਰ ਆਉਂਦੀ ਨਵੇਂ ਅਸਮਾਨਾਂ ਨੂੰ ਮਿਲਣ ਲਈ; ਪਰ ਅਜਬ ਗਲ ! ਜ਼ਹਿਰ ਦੇ ਭੰਵਰਾਂ 'ਚ ਘਿਰੀਆਂ ਮੇਰੀਆਂ ਗੁੰਮਨਾਮੀਆਂ ਨੂੰ ਮਿੱਠੇ ਸਕੂਨ ਦਾ ਇਕ ਨਿੱਕਾ ਜਿਹਾ ਦੀਵਾ ਹੀ ਬਖ਼ਸ਼ੇ। ਸਮਝ ਨ ਆਵੇ ਦੀਵੇ ਦਾ ਰਾਜ਼ ਨ ਜਾਣਾਂ ! -3- ਮੈਂ ਵੇਖਿਆ ਚਾਨਚੱਕ ਬਾਜ਼ ਅਸਮਾਨੀ ਲਿਵਲੀਨ ਦੀਆਂ ਨਜ਼ਰਾਂ ਦੇ ਸਾਹਵੇਂ ਉੱਡਦਾ ਵਕਤ ਦੇ ਨਿਰਮਲ ਕਪਾਟ ਦੇ ਅੰਦਰ। ਬਹੁਤ ਪੁਨੀਤ ਸਨ ਰਾਹਾਂ ਲੰਮਾ ਦੇਸ ਝਨਾਂ ਦਾ ਪਿਆਰਾ ਉੱਪਰ ਸਿਖਰ ਦੁਪਹਿਰਾਂ ਦਾ ਜੋਬਨ ਹੇਠਾਂ ਸਬਜ਼ ਵਣ ਬਾਰਾਂ ਦੇ। ਬਾਜ਼ ਦੀਆਂ ਨਜ਼ਰਾਂ 'ਚ ਝਲਕਣ ਸਿਦਕ ਦੀਆਂ ਮਹੀਨ ਲਿਸ਼ਕੋਰਾਂ। ਕੌਮਾਂ ਦੇ ਜ਼ਖ਼ਮੀ ਖ਼ਾਬਾਂ 'ਤੇ ਮਹਿਕ ਸਮੀਰਾਂ ਜਿਉਂ ਲਹਿੰਦੀਆਂ ਕੰਨਸੋਆਂ ਮੈਂ ਸੁਣੀਆਂ ਬਜਬਜ ਘਾਟ ਤੋਂ ਆਉਂਦੀਆਂ ਅਰਦਾਸ ਦੀਆਂ ਤਰਬਾਂ ਜਗਾਉਂਦੀਆਂ ਇਤਿਹਾਸ ਦੇ ਭੇਦ-ਭਰੇ ਪ੍ਰਛਾਵਿਆਂ 'ਚ ਲੁਕਦੀਆਂ ਸ਼ਹੀਦਾਂ ਦੇ ਗੁਲਜ਼ਾਰਾਂ 'ਤੇ ਮੰਡਲਾਉਂਦੀਆਂ। ਮੈਨੂੰ ਮਿਲੀਆਂ ਜਮਰੋਦ ਦੇ ਕਿਲੇ ਤਕ ਸਮੇਂ ਦੀ ਧੂੜ ਨੂੰ ਲੰਘ ਕੇ ਆਉਂਦੀਆਂ ਤਾਜ਼ੇ ਬਨਵਾਸ ਦੀਆਂ ਆਵਾਜ਼ਾਂ ਸਾਂਦਲ ਬਾਰ ਦੀਆਂ ਹੇਕਾਂ 'ਚ ਰਾਵੀ ਚਨਾਬ ਤੋਂ ਡੂੰਘੇ ਦਰਦ ਜਗਾਉਂਦੀਆਂ ਰਿਜ਼ਕ ਨੂੰ ਨਿਕਲੇ ਪੰਛੀਆਂ ਦੇ ਬ੍ਰਿਹੁੰ ਨੂੰ ਮਿਲਦੀਆਂ ਨੀਲੀ ਬਾਰ ਦੀਆਂ ਰਾਹਾਂ 'ਤੇ ਮੱਝਾਂ ਗਾਵਾਂ ਊਠਾਂ ਨਾਲ ਚਲ ਚਲ ਪੁੱਛਦੀਆਂ ਬੇਲਿਆਂ 'ਚ ਸੁੱਤੀ ਪਰੀ ਜਿਉਂ ਸੁੱਤੀਆਂ ਮਿੱਟੀ ਪਾਣੀ ਤੋਂ ਵੀ ਪ੍ਰਾਚੀਨ ਸੱਦਾਂ। ਇੰਝ ਮੈਂ ਮਿਲਿਆ ਤਾਜ਼ੇ ਬਨਵਾਸ ਦੀਆਂ ਅਵਾਜ਼ਾਂ ਨੂੰ। ਮੈਂ ਬਾਜ਼ ਅਸਮਾਨੀ ਦੇ ਨੈਣਾਂ 'ਚੋਂ ਉਲਰਦੀ ਢਾਲ ਇਕ ਵੇਖੀ ਜੋ ਉਬਲਦੇ ਤੜਪਦੇ ਸੂਰਜ ਦੀ ਛਾਤੀ 'ਚੋਂ ਕਿਰਨਾਂ ਦੇ ਹੜਾਂ ਦੇ ਹੜ ਖਿੱਚਦੀ, ਬੋਚਦੀ, ਸੀਨੇ 'ਤੇ ਝੱਲਦੀ। ਇਸੇ ਢਾਲ ਨੂੰ ਨਨਕਾਣੇ ਦੀ ਜੂਹ ਵਿਚ ਮੈਂ ਜੰਡ ਦੇ ਸਾਹਮਣੇ ਜਲਦੇ ਸਿੰਘਾਂ ਦੇ ਹੱਥਾਂ 'ਚ ਵੇਖਿਆ। ਪੰਜੇ ਦੀ ਰੇਲ ਦੀ ਪਟੜੀ 'ਤੇ ਇਹੋ ਢਾਲ ਸਿੰਘਾਂ ਦੇ ਨਾਲ ਸੀ ਲੇਟੀ; ਹਾਂ ! ਹਾਂ! ਟਿੱਬਿਆਂ ਉਹਲੇ ਸਿਖਰ ਦੁਪਹਿਰੇ ਜੈਤੋ 'ਚ ਮਾਹੀ ਦਾ ਭਾਣਾ ਮੰਨਦੇ ਮਿੱਟੀ 'ਚ ਰੁਲਦੇ, ਲਹੂ ਨਾਲ ਲਿਬੜੇ ਅਕਾਲੀਆਂ ਨਾਲ ਖੜੀ ਹੋਈ ਇਹ ਨੂਰੀ ਢਾਲ ਮੈਂ ਤੱਕੀ। ਗਰਬ ਗੁਮਾਨੀ ਪਰਬਤਾਂ ਨੂੰ ਥੰਮ੍ਹਣ ਦਾ ਇਸ ਵਿਚ ਤਾਣ ਸੀ ਯਾਰੋ— ਪਰ ਇਸਦੇ ਖ਼ੁਸ਼ਕ ਪੈਰਾਂ ਦੇ ਹੇਠੋਂ ਕੋਈ ਵੀ ਚਸ਼ਮਾ ਨਾਂਹ ਫੁੱਟਦਾ। ਇਸ ਸਿਦਕ ਦੀ ਢਾਲ ਦੇ ਸਾਹਵੇਂ ਮਾਹੀ ਦੀ ਨਜ਼ਰ ਵਿਚ ਮਨਜ਼ੂਰ ਹੋਣ ਦੇ ਦਰ ਬੱਸ ਪਲ ਕੁ ਲਈ ਖੁੱਲ੍ਹਦੇ । ਫਿਰ ਗੁੰਮਨਾਮੀ ਦੇ ਬੇਕਿਰਕ ਹਨੇਰੇ ਅੰਨ੍ਹੀਆਂ ਮੰਝਧਾਰਾਂ 'ਚ ਘੁੰਮਦੇ ਜਿਹਨਾਂ 'ਚ ਪਾਤਾਲਾਂ ਪਾਤਾਲ ਤਕ ਬੰਦ ਗਾਰਾਂ ਦੀਆਂ ਪੌੜੀਆਂ ਬੇ-ਰਾਹ, ਬੇ-ਨਾਮ, ਬੇ-ਆਸ ਸਮੇਂ ਵਿਚ ਗਰਕਣ ਤੇ ਡੁੱਬਣ ! ਮਨਜ਼ੂਰੀ ਦੇ ਮਾਸੂਮ ਦਰਾਂ ਨੂੰ ਭੁਲਦੀਆਂ ਉਹਨਾਂ ਦੀ ਤੁਛ ਹੋਂਦ ਤੇ ਨਿੱਕੀ ਉਮਰ 'ਤੇ ਹੱਸਦੀਆਂ। -4- ਮੈਂ ਲਿਵਲੀਨ ਤੋਂ ਪੁੱਛਿਆ “ਭੈਣੇ ! ਕਿਉਂ ਬਲੀ ਸਿਦਕ ਦੇ ਹੁੰਦਿਆਂ ਅਰਦਾਸ ਦੇ ਬੋਲ ਨਾਂਹ ਪੁੱਗੇ ?” ਲਿਵਲੀਨ ਨੇ ਨਾਜ਼ਕ ਪਲਕਾਂ ਝੁਕਾ ਕੇ ਸ਼ੀਰੀਂ ਬੋਲ ਵਿਚ ਹੁਸਨ ਦੇ ਰਾਜ਼ ਜਗਾ ਕੇ ਗੁਲਨਾਜ਼ ਬੁੱਲੀਆਂ 'ਚੋਂ ਉਚਰਿਆ "ਵੀਰਾ ਬਜਬਜ ਘਾਟ, ਨਨਕਾਣੇ ਤੇ ਜੈਤੋ ਵਿਚ ਹਸਨ ਅਬਦਾਲ ਦੇ ਸਿਕਦੇ ਪਰਬਤਾਂ ਅੰਦਰ ਭਾਵੇਂ ਖ਼ਾਲਸੇ ਨੇ ਅਰਦਾਸ ਤਾਂ ਕੀਤੀ ਪਰ ਇਤਿਹਾਸ ਦੇ ਸਗਲ ਜ਼ਖ਼ਮਾਂ, ਹਸਰਤਾਂ, ਪੀੜਾਂ ਨੂੰ ਮਾਂ ਜੇਹੀ ਬੁੱਕਲ 'ਚ ਲਏ ਬਿਨ ਗਹਿਰ-ਗੰਭੀਰ ਸਿਮਰਣ ਤੋਂ ਸੱਖਣੀ ਇੱਕੋ ਫਲ ਲਈ ਅਰਦਾਸ ਸੀ ਕੀਤੀ। ਬੇਜਾਨ ਰਹੇ ਤਾਹੀਉਂ ਧਿਆਨ ਦੇ ਪੈਂਡੇ ਤਾਹੀਉਂ ਖ਼ਿਆਲ ਦੀ ਰਮਜ਼ ਸੀ ਨਿੱਕੀ।” -5- ਫੇਰ ਮੈਨੂੰ ਬਾਜ਼ ਅਸਮਾਨੀ ਨੇ ਛੱਡਿਆ ਸੱਚਮੁੱਚ ਮੈਂ ਲਿਵਲੀਨ ਤੋਂ ਵਿਛੜਿਆ ਇਕ ਜ਼ਖ਼ਮੀ ਬਾਜ਼ ਮੇਰੇ ਨਾਲ ਸੀ ਉੱਡਿਆ। ਇਕ ਬੇਚੈਨ ਜੇਹਾ ਹੌਲ ਪੈਂਦਾ ਪਿੰਡਾਂ, ਸ਼ਹਿਰਾਂ, ਕੁੱਲੀਆਂ ਢੋਕਾਂ ਨੂੰ ਜਿਹੜਾ ਸਮੇਂ ਦੇ ਪੰਧ ਨੂੰ ਤੋੜਦਾ, ਆਪ ਵੀ ਟੁੱਟਦਾ ਭਾਵੇਂ ਅਜੇ ਵੀ ਮੋਂਹਦੀਆਂ ਮੈਨੂੰ ਫ਼ਜਰਾਂ, ਦੁਪਹਿਰਾਂ, ਸੰਞਾਂ ਨੂੰ ਪੰਜਾਬ ਦੇ ਪਿੰਡਾਂ ਦੇ ਖੂਹਾਂ 'ਤੇ ਗੁਟਕ ਗੁਟਕ ਪਾਣੀ ਭਰਦੀਆਂ ਕੁੜੀਆਂ, ਜੋ ਪਰਾਇਆਂ ਦੇ ਸਾਹਵੇਂ ਸ਼ਰਮਾ ਕੇ ਗੱਲ ਕਰਦੀਆਂ ਕੰਤ ਪਰਦੇਸੀ ਦੀ। ਅਜੇ ਵੀ ਨਜ਼ਰ ਇਲਾਹੀ ਜਗਾਉਂਦੀਆਂ ਮੇਰੀ ਸੰਘਣੇ ਵਣਾਂ 'ਚ ਪਰੀਆਂ ਜਿਉਂ ਲੁਕੀਆਂ ਅੱਧ-ਲੁਕੀਆਂ ਪੀਲੂ ਤੋੜਦੀਆਂ ਨਾਰਾਂ ਜੋ ਟੀਸੀਆਂ 'ਤੇ ਬੈਠੀਆਂ ਪੀਲੂਆਂ ਦੇ ਅਜਬ ਸੁਆਦ ਵਿਚ ਉਡਦੀਆਂ ਧਰਤੀਆਂ, ਅਸਮਾਨਾਂ ਤੇ ਰੁੱਤਾਂ ਨੂੰ ਨਸ਼ੀਲੀਆਂ ਜੀਭਾਂ ਦੇ ਟੂਣੇ 'ਚ ਬੰਨ੍ਹਦੀਆਂ ਪਰ ਜ਼ਖ਼ਮੀ ਬਾਜ਼ ਦੀ ਛਾਂ ਵਿਚ ਤੁਰਦਿਆਂ ਬੇਪੱਤ ਹੋਣ ਦੀ ਚੀਸ ਜਿਹੀ ਪੈਂਦੀ- ਬਾਰ ਪਰਾਏ ਬਹਿਣ ਦਾ ਦਰਦ ਜਿਹਾ ਉੱਠੇ; ਮੇਰੀਆਂ ਨਾਜ਼ਕ ਰਗਾਂ 'ਤੇ ਭਾਰ ਜਿਹਾ ਪੈਂਦਾ। ਪੰਜਾਬ ਦੀਆਂ ਰਾਹਾਂ 'ਤੇ ਪੰਥ ਨੂੰ ਕੋਈ ਅਣਦਿੱਸ ਜਕੜ ਪਿਆ ਕੱਸੇ। ਗੁਰਦੁਆਰਿਆਂ ਦੀਆਂ ਪਾਕ ਦਹਿਲੀਜ਼ਾਂ 'ਤੇ ਮੇਰੇ ਤਪੇ ਹੋਏ ਮਸਤਕ ਨੂੰ ਵਿਸ਼ੈਲੇ ਕੰਡਿਆਂ ਦੇ ਸੂਖਮ ਜਾਲ ਸੀ ਵਿੰਨ੍ਹਦੇ ਹਰ ਪਰਕਰਮਾ ਦੇ ਉੱਤੇ ਬਿਪਰ-ਸਾਜ਼ਿਸ਼ਾਂ ਦੇ ਜਾਸੂਸੀ ਹਜੂਮ ਸੀ ਫਿਰਦੇ। ਛੁਪ ਛੁਪ ਕੇ ਪੈਰਾਂ ਨੂੰ ਲਿਪਟਣ ਬਾਂਝ ਧਰਤੀਆਂ 'ਚ ਛਹਿ ਕੇ ਬੈਠੇ ਨਾਗਾਂ ਜਹੀਆਂ ਸਰਾਪੀਆਂ ਤੰਦਾਂ। ਭਾਗ ਚੌਥਾ ਮੈਂ ਤੇ ਜ਼ਖ਼ਮੀ ਬਾਜ਼ ਸੰਞ ਨੂੰ, ਬਿਰਧ ਬੋਹੜ ਵਲ ਆਏ। ਜਿਸਦੀ ਬਲੀ ਦਾੜ੍ਹੀਆਂ ਦੇ ਵਿਚ, ਥਲਾਂ ਆਹਲਣੇ ਪਾਏ। ਤਣੇ 'ਚ ਪੱਥਰ ਹੋਕੇ ਮਿਟੀਆਂ ਮਜ਼੍ਹਬਾਂ ਦੀਆਂ ਜ਼ਮੀਰਾਂ; ਜਿਸ ਥਾਂ ਕੌਮ ਯਤੀਮ ਦੇ ਪੈਂਡੇ ਹੋਣ ਬੇਨੂਰ ਲਕੀਰਾਂ। ਵੱਡੇ ਛਤਰ ਵਿਚ ਸੀ ਖੁੱਭੇ ਸਮੇਂ ਦੇ ਵਾਣ ਕਰਾਰੇ, ਸ਼ੇਰ ਦੀ ਨਜ਼ਰ ਤੋਂ ਜੁਗਨੂੰ ਤੀਕਣ ਭੇਦ ਵਣਾਂ ਦੇ ਸਾਰੇ। ਟੰਗੀਆਂ ਬੁੱਢੀਆਂ ਸ਼ਾਖਾਂ ਉੱਤੇ, ਰਾਹ ਗਈਆਂ ਸ਼ਮਸ਼ੀਰਾਂ; ਜਾਂ ਫਿਰ ਫੰਧਿਆਂ ਉੱਤੇ ਲਟਕਣ ਪੰਥ ਦੀਆਂ ਤਕਦੀਰਾਂ। ਬਿਰਧ ਬੋਹੜ ਦੇ ਸਾਹਵੇਂ ਦਿਸਦਾ ਕਿਲਾ ਪੁਰਾਣਾ ਕੋਈ ਨਾਂ ਥਾਂ ਸਮੇਂ ਦੀ ਰਮਜ਼ ਤੋਂ ਅੱਗੇ ਜਿਸਦੀ ਪੈੜ ਖਲੋਈ। ਬੰਦੀ ਹੋਣ ਦੀਆਂ ਆਵਾਜ਼ਾਂ ਕਿਲੇ ਦੀ ਰਗ ਰਗ ਗੂੰਜਣ, ਕਦੇ ਸਰਾਪੇ ਪਥਰਾਂ ਉੱਤੇ ਪਿਰ ਦੀਆਂ ਪੈੜਾਂ ਕੂੰਦਣ। ਭੁਲੀਆਂ ਕੌਮਾਂ ਦੇ ਖੰਡਰ ਤੋਂ ਉਡ ਉਡ ਮਕੜੀ-ਜਾਲੇ ਰਾਤ ਪਈ ਬੋਹੜ 'ਤੇ ਡਿੱਗਣ ਜਿਉਂ ਟਿੱਡੀ-ਦਲ ਕਾਲੇ। ਬੋਹੜ ਦੀਆਂ ਖੁੱਡਾਂ ਵਿਚ ਵਸਦੇ ਨਾਗ ਦੇ ਤਪਦੇ ਸਾਹਾਂ ਨਿਗਲ ਬੇਨਾਮ ਕੀਤੀਆਂ ਆਖਿਰ ਬੇਪੱਤ ਹੋਈਆਂ ਰਾਹਾਂ। ਕੋਟ ਖੜੀ ਫ਼ਰਿਆਦੀ ਹੂੰਗਰ ਅੱਗੇ ਕਿਲੇ ਦੇ ਬੂਹੇ ਕਿਸ ਨੇ ਵੱਡ-ਵੱਡੇਰਿਆਂ ਦੇ ਪਰ ਨੀਂਦ-ਅੰਞਾਣ 'ਚ ਲੂਹੇ। ਮੁੱਢ ਕਦੀਮੀ ਪਹਿਰੇਦਾਰ ਦਾ ਸੁਣੇ ਸ਼ਹੀਦੀ ਹੋੱਕਾ : “ਰੰਨ ਕੁਲੱਛਣੀ ਦੀ ਭੱਠੀ 'ਤੇ ਬਲੀ ਲਾਉਣ ਨ ਝੋਕਾ।” ਦੂਰ ਘਿਰੇ ਲਸ਼ਕਰਾਂ ਸੁਣਕੇ ਖੋਲ੍ਹ ਦਿੱਤੀਆਂ ਵਾਗਾਂ। ਕਿਲੇ ਦੀਆਂ ਕੰਧਾਂ 'ਤੇ ਝਿਮੀਆਂ ਤਾਰਿਆਂ ਵਾਂਗੂੰ ਜਾਗਾਂ। ਵਿਛੜੇ ਘਾਇਲ ਬਾਜ਼ ਨੇ ਤਕ ਕੇ ਪਹਿਰੇਦਾਰ ਪੁਰਾਣਾ ਪੁੱਛਿਆ “ਕਿਉਂ ਉਲਝਿਆ ਚਿਰ ਤੋਂ ਕੌਮ ਮੇਰੀ ਦਾ ਤਾਣਾ ? “ਕਰਵਟ ਲਈ ਦਹਿਲ ਕੇ ਹੁਣ ਕਿਉਂ ਬਿਰਧ ਬੋਹੜ ਦੇ ਨਾਗਾਂ; ਕਿਲੇ 'ਤੇ ਝਾਂਜੇ ਵਾਂਗੂੰ ਵਰ੍ਹੀਆਂ ਪੰਥ ਦੀਆਂ ਕਿਉਂ ਜਾਗਾਂ ?” ਸੁਣ ਕਹਿੰਦਾ ਜਰਨੈਲ ਬਲੀ ਜੋ, ਪਹਿਰੇਦਾਰ ਚਿਰੋਕਾ : “ਬੁੱਤ ਤੋੜ ਕੇ ਅਸੀਂ ਬੁਤਾਂ ਦੇ ਯਾਰ ਰਹੇ ਵੇ ਲੋਕਾ। “ਗੁਰੂ ਛੋਡ ਬੁੱਤ ਜਦ ਟੋਲਣ, ਕੌਮਾਂ ਖਾਂਦੀਆਂ ਧੋਖਾ। ਰੰਨ ਛੰਨਾਰ ਦੀ ਭੱਠੀ ਲਾਉਂਦੇ, ਸੁਲੇਮਾਨ ਜਦ ਝੋਕਾ। “ਬੁੱਤ ਨੂੰ ਵੇਖ ਰੂਹ ਦੀਆਂ ਤਰਜ਼ਾਂ ਗੁੰਮ ਸੁੰਮ ਡਿੱਗਣ ਖੂਹੇ। ਬੇਰਾਹ ਹੋ ਕੇ ਸਿਦਕ ਦੇ ਸੂਰਜ ਮਹਿਲ ਕੌਮ ਦੇ ਲੂਹੇ। ਬੁੱਤ ਦੇ ਨਾਲ ਹਿਰਸ ਦੇ ਲਸ਼ਕਰ ਥਲਾਂ ਦੀ ਰੇਤ ਉਡਾਵਣ, ਗੁਰੂ ਦੇ ਬੋਲ ਪੰਥ ਦੇ ਆਂਗਣ ਕੰਕਰ ਜਿਉਂ ਬਰਸਾਵਣ।” ਮੈਂ ਤਦ ਜਿਗਰਾ ਕਰ ਕੇ ਕੂੰਦਾ ਘਾਇਲ ਬਾਜ਼ ਦੀ ਬੋਲੀ : “ਸਦੀਆਂ ਤੀਕ ਪੰਥ ਨੇ ਖੇਡੀ, ਵਾਂਗ ਸ਼ਹੀਦਾਂ ਹੋਲੀ। “ਕਿਉਂ ਫਿਰ ਹੋਣੀ ਬਾਰ ਪਰਾਏ ਰੋਲ वे ਸਾਨੂੰ ਹੱਸੀ; ਗੁਰ ਦੀ ਧਰਤ ਛੋਡ ਕਿਉਂ ਸਾਨੂੰ ਵਲ ਰਸਾਤਲ ਧੱਸੀ ?" ਸੁਣੀ ਮੈਂ ਮੁੱਖ ਜਰਨੈਲ ਦੇ ਵਿੱਚੋਂ ਧੀਮੀ ਬਾਣ ਫ਼ਕੀਰੀ— ਸੁਣੀ ਮੈਂ ਚੀਸ ਦਰਦ ਤੋਂ ਲੰਮੀ, ਗਲੀ ਸਮੇਂ ਦੀ ਭੀੜੀ ! “ਦੇਸ ਪੰਜਾਬੇ ਬੀਜ ਨਦਰ ਦੇ ਆ ਬੀਜੇ ਮਿਰਗਿੰਦਾਂ, ਗੁਰੂ ਦੇ ਬੋਲ ਪੁਗਾਵਣ ਦੇ ਲਈ ਵਾਰ ਵਾਰ ਕੇ ਜਿੰਦਾਂ। “ਕੱਚੀ ਸੁਰਤਿ ਪੰਥ ਦੀ ਐਪਰ, ਬੀਜ ਅਮਲ ਦਾ ਖੋਇਆ। ਨ ਫਿਰ ਕਿਸੇ ਸ਼ਹਾਦਤ ਸੰਦਾ, ਰੰਗ ਮਜੀਠੀ ਹੋਇਆ। “ਸੱਭੇ ਨਕਸ਼ ਸ਼ਹਾਦਤ ਸੰਦੇ, ਹੁੰਦੇ ਗਏ ਬੇਗਾਨੇ। ਸਤਲੁਜ ਤੀਰ ਪੰਥ ਦੇ ਪੈਂਡੇ, ਮਿਟ ਗਏ ਵਿਚ ਵੀਰਾਨੇ। “ਬੁੱਤ-ਪੂਜਣ ਡੈਣ ਵਿਚ ਰਾਤਾਂ, ਵਾਂਗ ਸਰਾਲਾਂ ਫਿਰਦੀ । ਸੁੱਤਿਆਂ ਉੱਤੇ ਵਾਰ ਕਰਨ ਦੀ, ਬਾਣ ਗਈ ਨ ਚਿਰਦੀ। “ਲੱਖ ਫ਼ਰੇਬ ਸੁਖਨ ਤੋਂ ਸ਼ੀਰੀਂ ਪ੍ਰਛਾਵੇਂ ਤੋਂ ਕੂਲੇ। ਭਰੀਆਂ ਨਦੀਆਂ ਪਾਰ ਨ ਲਾਉਣਾ ਇਹ ਸੱਪਾਂ ਦੇ ਪੂਲੇ। “ਰਣ ਵਿਚ ਪੰਥ ਸ਼ਹੀਦਾਂ ਸੰਦੇ, ਨੈਣ ਸੁਰਤਿ ਦੇ ਮੁੰਦੇ; ਨਾਜ਼ਕ ਤਿੱਖੇ ਦਗ਼ੀ ਦਿਸੇ ਨਾਂਹ ਬੁੱਤ-ਪੂਜਾਂ ਦੇ ਗੁੰਦੇ।” ਪਹਿਰੇਦਾਰ ਦਾ ਬੋਲ ਨਿਆਰਾ ਬੋਹੜ ਦੇ ਹੇਠੋਂ ਜੀਕਣ; ਜਿੰਨ ਫਰਿਸ਼ਤੇ ਲੈ ਕੇ ਉੱਡੇ ਗਗਨ ਪਤਾਲਾਂ ਤੀਕਣ। ਵਗੇ ਕਿਲੇ ਦੀਆਂ ਕੰਧਾਂ ਉੱਤੇ, ਨਵ-ਇਲਹਾਮ ਦੇ ਪਾਣੀ। ਆਦਿ ਕਾਲ ਦੇ ਸਾਗਰ ਕੰਢੇ, ਮੈਂ ਲਿਵਲੀਨ ਪਛਾਣੀ। ਕਿਲੇ ਦੇ ਭਾਰੀ ਪਿੰਜਰ ਵਿੱਚੋਂ ਸੁਣੀਆਂ ਅਸਾਂ ਦੁਆਵਾਂ। ਸਬਜ਼ ਪੱਤਿਆਂ ਦੇ ਹੜ੍ਹ ਵਾਂਗੂੰ ਹੱਥ ਕਰਨ ਦੋ ਛਾਵਾਂ। ਜਿਉਂ ਕੁਕਨੂਸ ਰਾਖ 'ਚੋਂ ਗਾਵੇ, ਮੁੜ ਮੀਂਹਾਂ ਦੀ ਦੀ ਰੁੱਤੇ । ਇਉਂ ਰਿਸ਼ਮਾਂ ਬਣ ਹੱਥ ਦੋ ਫੈਲੇ, ਕਿਲੇ ਦੇ ਬੂਹੇ ਉੱਤੇ। ਸੁਬਕ ਜ਼ੀਲ ਵਾਂਗ ਸੀ ਥਰਕੀ, ਇਉਂ ਲਿਵਲੀਨ ਦੀ ਬਾਣੀ : “ਸੰਤ ਜੀ ਸੁਣੀ ਫੇਰ ਮੈਂ ਥਲ ਵਿਚ ਉਹੀਓ 'ਵਾਜ਼ ਪੁਰਾਣੀ। “ਵਿਸ਼ ਤੰਦੂਏ ਦੀ ਜਲ ਥਲ ਜਕੜੇ ਬੁੱਤ ਨ ਤੋੜੇ ਕੋਈ। ਇਸ ਵਡ ਜਿੰਨ ਪਹਾੜ ਦੇ ਅੰਦਰ ਸੱਦ ਹੜ੍ਹਾਂ ਦੀ ਮੋਈ। “ਭਾਰੀ ਬਲ ਆਵੇਗਾ ਕਿੱਥੋਂ, ਦਸ ਦਰਵੇਸ਼ ਇਕੱਲੇ ? ਕਿਵੇਂ ਸਵਾਰ ਆਉਣਗੇ ਦੂਰੋਂ, ਤੋੜ ਕੇ ਜਾਲ ਅਵੱਲੇ ?” ਮੁੱਢ ਕਦੀਮੀ ਪਹਿਰੇਦਾਰ ਨੇ, ਕਿਹਾ : “ਮੈਂ ਭੈਣੇ ਜਾਣਾਂ। ਪੱਤ ਪਛਾਣੇ ਬਿਨ ਰੁਲ ਜਾਸੀ, ਪਿਰ ਦਾ ਬੋਲ ਪੁਰਾਣਾ। “ਬੁੱਤ-ਪੂਜਾਂ ਪਹਿਚਾਣ ਲਏ ਜੋ, ਦਰਦ ਮਿਰੇ ਮਨ ਧੁੰਮਣ- ਅਜਬ ਬਰੀਕ ਸਾਜ਼ਿਸ਼ਾਂ ਮੇਰੀ, ਸ਼ਾਹ ਰਗ ਨੇੜੇ ਘੁੰਮਣ। “ਨਾਰ ਕੁਲੱਛਣੀ ਤੋੜਣਾ ਚਾਹੇ, ਅਣਖ ਮੇਰੀ ਜਿਉਂ ਵੰਗਾਂ। ਫੰਧੇ ਕੋਟ ਗਗਨ ਵਿਚ ਉਡਦੇ, ਪਾਉਣ ਰਗਾਂ ਨੂੰ ਗੰਢਾਂ। “ਹਰਿਮੰਦਰ ਦੀ ਮਿੱਟੀ ਵਿਚ ਮੈਂ, ਕੌਲ ਮਾਹੀ ਦਾ ਪਾਲਾਂ; ਸੁੱਚੀਆਂ ਦਹਿਲੀਜ਼ਾਂ ਦੇ ਉੱਤੇ, ਪਾਕ ਰੋਹ ਨੂੰ ਬਾਲਾਂ। “ਪੰਥ ਜੇ ਬੋਲ ਸੁਣੇ ਨ ਮੇਰਾ, ਰਮਜ਼ ਅਣਖ ਦੀ ਮੇਸੀ; ਪਾਕ ਰੋਹ ਦੇ ਨਾਲ ਮੈਂ ਰਹਿਸਾਂ, ਹਸ਼ਰਾਂ ਤਕ ਪਰਦੇਸੀ। “ਸੁਪਨਾ ਪਾਕ ਬਾਜ਼ ਦਾ ਮੇਰਾ, ਇਹ ਅਰਦਾਸ ਪਿਆਸੀ। ਆਖਿਰ ਲਸ਼ਕਰ ਆਉਣਗੇ ਦੂਰੋਂ, ਪੁਰੀ ਆਨੰਦ ਦੇ ਵਾਸੀ। “ਪਾਕ ਰੋਹ ਨੂੰ ਇਲਹਾਮਾਂ ਦਾ, ਸੰਗ ਮਿਲੇਗਾ ਪੂਰਾ। ਬਲਦੇ ਜਗ ਵਿਚ ਦੇਗ ਤੇਗ ਨੂੰ, ਰੰਗ ਚੜ੍ਹੇਗਾ ਗੂੜ੍ਹਾ।” ਸੁਣਕੇ ਪਾਕ ਰੋਹ ਨੇ ਲਾਈ, ਝਖੜਾਂ ਵਿਚ ਉਡਾਰੀ। ਭਾਵੇਂ ਕੌਮ ਮੂਰਛਾ ਦੇ ਵਿਚ, ਤਾਜ ਦਿਸੇ ਕੋਈ ਭਾਰੀ। ਸੁੱਚੀਆਂ ਦਹਿਲੀਜ਼ਾਂ 'ਤੇ ਰੱਤਾਂ ! ਘਾਇਲ ਬਾਜ਼ ਤਕ ਰੋਇਆ। ਤਕ ਮੈਂ ਪੰਥ ਦੀ ਨੀਮ ਬੇਹੋਸ਼ੀ, ਇਕ ਪਲ ਅਜਨਬੀ ਹੋਇਆ। ਸਾਲੂ ਖਿੱਚ ਗਗਨ ਦੇ ਪਿਆਰੇ, ਝਿਮ ਝਿਮ ਕਰਦੀਆਂ ਰੈਣਾਂ। ਸਿਮਰਣ ਲਸੇ ਤਾਰਿਆਂ ਵਾਂਗੂੰ, ਵਿਚ ਲਿਵਲੀਨ ਦੇ ਨੈਣਾਂ। (10-7-88)

  • ਮੁੱਖ ਪੰਨਾ : ਕਾਵਿ ਰਚਨਾਵਾਂ, ਹਰਿੰਦਰ ਸਿੰਘ ਮਹਿਬੂਬ
  • ਵਣ-ਵੈਰਾਗ : ਹਰਿੰਦਰ ਸਿੰਘ ਮਹਿਬੂਬ
  • ਰੁੱਤਾਂ ਦੇ ਭੇਦ ਭਰੇ ਖ਼ਤ : ਹਰਿੰਦਰ ਸਿੰਘ ਮਹਿਬੂਬ
  • ਪਿਆਰੇ ਦਾ ਦੇਸ : ਹਰਿੰਦਰ ਸਿੰਘ ਮਹਿਬੂਬ
  • ਆਖ਼ਰੀ ਸ਼ਾਮ : ਹਰਿੰਦਰ ਸਿੰਘ ਮਹਿਬੂਬ
  • ਝਨਾਂ ਦੀ ਰਾਤ (ਬੇਲਿਆਂ ਦੀ ਕੰਨਸੋਅ) : ਹਰਿੰਦਰ ਸਿੰਘ ਮਹਿਬੂਬ
  • ਕੁਰਲਾਉਂਦੇ ਕਾਫ਼ਲੇ : ਹਰਿੰਦਰ ਸਿੰਘ ਮਹਿਬੂਬ
  • ਸ਼ਹੀਦ ਦੀ ਅਰਦਾਸ : ਹਰਿੰਦਰ ਸਿੰਘ ਮਹਿਬੂਬ
  • ਝਨਾਂ ਦੀ ਰਾਤ (ਕਵਿਤਾ) : ਹਰਿੰਦਰ ਸਿੰਘ ਮਹਿਬੂਬ
  • ਪੰਜਾਬੀ ਕਵਿਤਾ : ਹਰਿੰਦਰ ਸਿੰਘ ਮਹਿਬੂਬ
  • ਝਨਾਂ ਦੀ ਰਾਤ : ਹਰਿੰਦਰ ਸਿੰਘ ਮਹਿਬੂਬ pdf
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ