Piare Da Des : Harinder Singh Mehboob

ਪਿਆਰੇ ਦਾ ਦੇਸ : ਹਰਿੰਦਰ ਸਿੰਘ ਮਹਿਬੂਬ

1. ਉਮਰ ਦੇ ਰਾਹਾਂ ਤੇ

ਫੇਰ ਮੈਂ ਉਮਰ ਦੇ ਰਾਹਾਂ ਤੋਂ ਜਾਗਿਆ
ਖੇਡਦਾ ਖੇਡਦਾ, ਤੋੜਦਾ ਕਾਲ ਕਾਲਾਂ ਦੇ ਵੈਰ ਨੂੰ
ਖੇਡਾਂ ਦੇ ਦਰਿਆ ਵਿਚ, ਮੈਂ ਦੇਸ਼ ਪੰਜਾਬ ਦੀ ਕਿਸਮਤ ਉਛਾਲਦਾ,
ਮੈਂ ਆ ਗਿਆ ਉਮਰ ਦੇ ਰਾਹਾਂ ਤੇ ਗਾਂਵਦਾ-
ਮਾਰਦਾ ਤਾਰਿਆਂ ਦੇ ਹੇਠ ਅਲਬੇਲੀਆਂ ਚੀਖਾਂ
ਚੜ੍ਹਦਿਆਂ ਸੂਰਜਾਂ ਦੇ ਜਸ਼ਨ ਦੇਖਦਾ
ਮੈਂ ਤੁਰ ਆਇਆ ਸ਼ਹੁ ਦਰਿਆਵਾਂ ਦੇ ਵਲ ਜੀ ।

ਸਾਡੇ ਲਹੂ ਦੇ ਬੇਸ਼ੁਮਾਰ ਜਲਾਲ ਦੇ ਉੱਤੇ ਨੱਚਦਾ
ਸਾਡੀਆਂ ਮਾਸੂਮ ਅਦਾਵਾਂ ਦਾ ਸਾਗਰ
ਐਨਾ ਮਹਾਨ ਐਨਾ ਬਲੀ ਤੇ ਐਨਾ ਅਪਾਰ ਜੀ !!
ਫੇਰ ਵੀ ਕਿਸੇ ਨੋ ਫੰਧ ਵਿਚ ਫਾਥਿਆ !!!

ਚਾਨਚਕ ਨਾਗ ਜਿਉਂ ਵਲ ਖਾਂਦਾ, ਤਿਲ੍ਹਕਿਆ, ਚਮਕਿਆ,
ਬੇਸ਼ੁਮਾਰ ਛਾਤੀਆਂ ਦੇ ਲਹੂ ਦਾ ਸਾਗਰ
ਸੂਲੀਆਂ ਵਲ ਲਪਕਿਆ ।
(ਅਕਤੂਬਰ, ੧੯੬੫)

2. ਬੇਨਿਆਜ਼ਾਂ ਦੀ ਬਾਤ

ਸਾਨੂੰ ਬੇ-ਨਿਆਜ਼ਾਂ ਨੇ ਮਾਰਿਆ, ਓ ਯਾਰ ।
ਅਸਾਂ ਲੱਖ ਵਾਰ ਅੱਥਰੂ ਨੂੰ ਵਾਰਿਆ, ਓ ਯਾਰ ।

ਕਿਤੇ ਪੌਣਾਂ ਹੱਥ ਨੀਂਦਰਾਂ ਦਾ ਗੀਤ ਭੇਜ ਦੇ
ਅਸਾਂ ਸੱਥਰਾਂ ਤੇ ਰਾਤ ਨੂੰ ਗੁਜ਼ਾਰਿਆ, ਓ ਯਾਰ ।

ਪਿੱਠ ਕਰਕੇ ਫ਼ਕੀਰਾਂ ਦੇ ਕੋਂਲੋਂ ਲੰਘ ਗਏ
ਖੜੇ ਬਿਰਖਾਂ ਨੇ ਹਾਰਕੇ ਪੁਕਾਰਿਆ, ਓ ਯਾਰ ।

ਹਾਕਾਂ ਥਲਾਂ ਵਿਚ ਮਾਰ ਡਿੱਗੇ ਹੰਭ-ਹੁੱਟ ਕੇ
ਆਕੇ ਪੰਖੀਆਂ ਨੇ ਜ਼ੁਲ਼ਫ਼ ਨੂੰ ਸੰਵਾਰਿਆ, ਓ ਯਾਰ ।

ਸਾਨੂੰ ਸਬਰ ਕਸਾਈ ਨੇ ਕੁੱਠ ਉਮਰਾਂ
ਡੂੰਘੇ ਪੁਲਾਂ ਕੋਲ ਆਣਕੇ ਵੰਗਾਰਿਆ, ਓ ਯਾਰ ।

ਸਾਨੂੰ ਸਿਖਰ ਦੁਪਹਿਰਾਂ ਨੇ ਪੇਸ਼ ਪਈਆਂ
ਤੈਨੂੰ ਬਿਰਖਾਂ ਦੀ ਛਾਵਾਂ ਨੇ ਪਿਆਰਿਆ, ਓ ਯਾਰ ।

ਕਿੱਥੇ ਆਣ ਪਰਦੇਸੀਆਂ ਦੀ ਜਾਨ ਟੁੱਟ ਗਈ
ਸੋਹਣੇ ਦੇਸ ਦਾ ਕੀ ਆਣਕੇ ਸੰਵਾਰਿਆ, ਓ ਯਾਰ ।

ਤੇਰੇ ਦਰ ਉੱਤੇ ਅਰਜ਼ਾਂ ਦਾ ਮਾਣ ਤੋੜਕੇ
ਐਂਵੇਂ ਅੱਥਰੀ ਜੁਆਨੀ ਨੂੰ ਵਗਾੜਿਆ, ਓ ਯਾਰ ।

ਸਾਡੇ ਅੱਥਰੂ ਦੀ ਦੇਖੋ ਆਣ ਬਾਤ ਮੁਕ ਗਈ
ਅਸਾਂ ਮੁੜ ਮੁੜ ਹਿਜਰ ਨੂੰ ਸ਼ਿੰਗਾਰਿਆ, ਓ ਯਾਰ ।

ਸਾਡੇ ਘੋੜੇ ਦੀਆਂ ਵਾਗਾਂ ਨੂੰ ਚੁੰਮ ਜ਼ਾਲਿਮਾ
ਤੂੰ ਨਦੀਆਂ ਦੇ ਕੰਢੇ ਬਾਜ਼ੀ ਹਾਰਿਆ, ਓ ਯਾਰ ।
(ਮਈ, ੧੯੬੫)

3. ਫ਼ਜਰਾਂ ਦੀ ਕੋਲ
(ਬਾਰ ਦੀ ਯਾਦ ਵਿਚ)

ਤੈਂਡੀ ਫ਼ਜਰਾਂ 'ਚ ਕੂਕੇ ਕੋਲ ਵੋ,
ਵੱਡੇ ਪਿਆਰੇ ਬਾਗ਼ਾਂ ਦੇ ਬੋਲ ਵੋ ।

ਤੇਰੀ ਅੱਖੀਆਂ ਤੇ ਦਾਵਾ ਏ ਸਾਡਾ ਕੁਝ,
ਐਵੇਂ ਹੰਝੂ ਬੇਗਾਨੇ ਨ ਰੋਲ ਵੋ ।

ਐਵੇਂ ਡਿੱਗੀਆਂ ਅਰਸ਼ ਤੋਂ ਦੋ ਕਣੀਆਂ,
ਪਏ ਡਾਢੇ ਹੀ ਨੀਂਦਾਂ ਨੂੰ ਹੌਲ ਵੋ ।

ਸਾਡੇ ਹੱਥਾਂ ਤੇ ਖਿੜਿਆ ਏ ਫੁੱਲ ਸੋਹਣਾ,
ਦੂਰ ਵਜਦੇ ਹਸ਼ਰ ਦੇ ਢੋਲ ਵੋ ।

ਬੀਬਾ ਲੱਖ ਮਜ਼੍ਹਬਾਂ ਦੇ ਖੜ੍ਹਿਆਂ ਕੀਤੇ,
ਹਿੱਕੋ ਸੱਚੇ ਸਿਦਕ ਦੇ ਕੌਲ ਵੋ ।

ਤੈਂਡੀ ਫ਼ਜਰਾਂ 'ਚ ਕੂਕੇ ਕੋਲ ਵੋ,
ਵੱਡੇ ਪਿਆਰੇ ਬਾਗ਼ਾਂ ਦੇ ਬੋਲ ਵੋ ।
(ਮਈ ੧੯੬੫)

4. ਸ਼ਿੰਗਾਰ
(ਬਾਰ ਦੀ ਯਾਦ ਵਿਚ)

ਕੇਡੇ ਚਾਅ ਨਾਲ ਕਰੇ ਸ਼ਿੰਗਾਰ ਵੋ
ਸਾਡਾ ਬੇਪ੍ਰਵਾਹੀਆਂ ਦਾ ਪਿਆਰ ਵੋ !

ਲਾਂਭੇ ਰੱਖ ਮਜ਼੍ਹਬਾਂ ਨੂੰ ਬੇਲੀਆ
ਅਸੀਂ ਮੌਜੀ ਝਨਾਵਾਂ ਦੇ ਹਾਰ ਵੋ ।

ਗੱਲ ਸੁਣੇ ਨ ਸੱਚੀ ਸਰਕਾਰ ਵੋ
ਅਸੀਂ ਖੜੇ ਬੇਲੇ ਦੇ ਦੁਆਰ ਵੋ ।

ਜਿਹੜੇ ਖੇਡੇ ਝਨਾਵਾਂ ਦੇ ਨਾਲ ਹੋ,
ਸਾਡੇ ਦੀਨ ਮਜ਼੍ਹਬ ਦੇ ਯਾਰ ਵੋ ।

ਤੈਂਡੇ ਹੱਥਾਂ ਵਿਚ ਰੂਹ ਦੇ ਸੂਰਜ
ਵੇਚੀਂ ਨ ਜੀਵੇਂ ਬਾਜ਼ਾਰ ਵੋ ।

ਮੁੱਦਤਾਂ ਪਿੱਛੋਂ ਵਾਵਾਂ ਨੇ ਵਗੀਆਂ
ਲੁੱਟ ਕੇ ਸਾਵਨ ਦਾ ਪਿਆਰ ਵੋ ।

ਕੇਡੇ ਚਾਅ ਨਾਲ ਕਰੇ ਸ਼ਿੰਗਾਰ ਵੋ
ਸਾਡਾ ਬੇਪ੍ਰਵਾਹੀਆਂ ਦਾ ਪਿਆਰ ਵੋ !
(ਮਈ ੧੯੬੫)

5. ਊਠਾਂ ਵਾਲਿਆਂ ਦਾ ਵਿਯੋਗ
(ਬਾਰ ਦੀ ਯਾਦ ਵਿਚ)

ਸਿਖਰ ਦੁਪਹਿਰੇ ਤਪ ਤਪ ਜਾਂਦੇ,
ਡਾਚੀਆਂ ਵਾਲੇ ਫੇਰਾ ਨ ਪਾਂਦੇ ।

ਇਕ ਜਨਮ ਵਿਚ ਫੇਰਾ ਪਾ ਕੇ
ਲੱਖ ਜਨਮ ਵਿਚ ਕੌਲ ਨਿਭਾਂਦੇ ।

ਮਾਣ ਲੋਕ-ਪਰਲੋਕ ਦਾ ਦੇ ਕੇ
ਹਸ਼ਰਾਂ ਤੀਕਣ ਜਾਨ ਤਪਾਂਦੇ ।

ਸੱਤ ਅਸਮਾਨਾਂ ਜ਼ਿਕਰ ਅਸਾਡਾ
ਇਕ ਕਣੀ ਲਈ ਮਨ ਤਰਸਾਂਦੇ ।

ਪਿਰ-ਸਾਹਾਂ ਦੇ ਹੋ ਕਰਜ਼ਾਈ
ਰੋਜ਼ ਹਸ਼ਰ ਦੇ ਮੁੱਲ ਨ ਪਾਂਦੇ ।

ਰੂਹ ਡਾਰਾਂ ਦੇ ਬਣ ਹਮਜੋਲੀ
ਕਿਸਮਤ ਵਾਲਾ ਤੀਰ ਛੁਪਾਂਦੇ ।

ਪੀ ਕੇ ਡੂੰਘੇ ਸਾਗਰ ਪਾਣੀ
ਜ਼ਹਿਰ ਬੂੰਦ ਦੀ ਮੰਗਣ ਜਾਂਦੇ ।

ਹਿਜਰ ਦੀ ਖੇਡ ਖਿਡਾਵਣ ਪਿੱਛੋਂ
ਅਰਜ਼ਾਂ ਦੇ ਦਰ ਕਰਮ ਝੁਕਾਂਦੇ ।

ਸੂਰਜ ਆਪਣਾ ਪੰਧ ਮੁਕਾਂਦੇ,
ਤੰਬੂ ਪੁੱਟ ਸੌਦਾਗਰ ਜਾਂਦੇ ।

ਘਾਇਲ ਰੱਤ ਦੀ ਕੂਕ ਵਿੰਨ੍ਹਕੇ,
ਸ਼ਬਨਮ ਦੇ ਦਰਬਾਰ ਚੜ੍ਹਾਂਦੇ ।

ਤੰਬੂਆਂ ਵਾਂਗ ਵਲ੍ਹੇਟ ਕੇ ਪੈਂਡੇ,
ਫ਼ਜਰਾਂ ਨੂੰ ਦਿਲਗੀਰ ਬਣਾਂਦੇ ।

ਸਿਖਰ ਦੁਪਹਿਰੇ ਤਪ ਤਪ ਜਾਂਦੇ,
ਡਾਚੀਆਂ ਵਾਲੇ ਫੇਰਾ ਨ ਪਾਂਦੇ ।
(ਜੂਨ ੧੯੬੫)

6. ਪੂਰਨ ਸਿੰਘ ਨੂੰ

ਪੂਰਨ ਸਿੰਘ ਦਾ ਦੇਸ ਪੰਜਾਬ ਕਿੱਥੇ ?
ਅੱਖਾਂ ਡੁਲ੍ਹਦੀਆਂ ਬੇਲਿਆਂ ਤੋਂ ਵਿਛੜਕੇ,
ਪਿਆ ਰੋਣ ਆਵੇ ਦੇਸ ਪੰਜਾਬ ਨੂੰ ਤੱਕ ਕੇ ।
ਦਰਿਆਵਾਂ ਦੇ ਕਿਨਾਰਿਆਂ ਉੱਤੇ
ਪੁਰਾਣੀਆਂ ਅਵਾਜ਼ਾਂ ਦੇ ਕਾਫ਼ਲੇ ਲੁੱਟੇ ਗਏ,
ਪੁਰਾਣੀਆਂ ਬੇਪ੍ਰਵਾਹੀਆਂ ਦਾ ਨਾਮ ਮਿੱਟਿਆ;
ਸਾਡੇ ਰਾਂਝਣ ਦੀ ਵਾਜ ਨੂੰ ਮਾਰਿਆ,
ਅੱਗੇ ਵਧਣ ਦੇ ਖੜਸੁੱਕ ਨਾਅਰਿਆਂ ।
ਹਾਂ, ਕੁੱਛ ਸ਼ਹਿਰਾਂ ਨੇ ਮੁਲਕ ਨੂੰ ਮੱਲਿਆ,
ਠੀਕ, ਪਿੰਡ ਪਿੰਡ ਤਾਰਾਂ ਨੇ ਪਹੁੰਚੀਆਂ,
ਪਰ ਨਸ਼ਾ ਉਹ ਟੁਟਿਆ ।
ਤਖ਼ਤ ਉਲਟਿਆ ਮੌਜੀ ਫ਼ਕੀਰਾਂ ਦੀ ਖੁਦੀ ਦਾ--
ਸੌਂ ਗਿਆ ਵਜਦ ਦਾ ਕੂਕਦਾ ਕਾਫ਼ਲਾ,
ਚਲਾ ਗਿਆ ਦਰਿਆਵਾਂ ਨਾ' ਰੁੱਸ ਕੇ
ਸਾਡੇ ਲਹੂ ਵਿਚ ਜੋ ਘਸਮਾਨ ਸੀ ਪੈਂਦਾ--
ਵੱਡੇ ਹੁਕਮ ਦੀ ਸ਼ਾਨ ਸੀ ਜਿੱਥੇ
ਸਾਡਾ ਅਸਮਾਨ ਉਹ ਕੱਚ ਵਾਂਗ ਤਿੜਕਿਆ-- !
ਵਾਹਗੇ ਤੋਂ ਪਾਰ ਦੇ ਦੇਸ ਨੂੰ
ਪਾਕ ਦੀਨ ਦੀ ਅਜਬ ਬੇਚੈਨ ਤੋਂੜ ਲੱਗੀ,
ਇਕ ਧੁਖਧੁਖੀ ਕੌੜੀ ਪਿਆਸ ਵਿਚ
ਦੇਸ ਉਹ ਊਂਘੇ ।
ਏਧਰ ਵੀ ਹਾਲ ਪੰਜਾਬ ਦਾ ਮੰਦਾ,
ਹੌਲ ਦੇ ਕੱਪਰਾਂ ਦਾ ਨ੍ਹੇਰਾ
ਖੁਦੀ ਦੇ ਸਾਰੇ ਗੁਮਾਨ ਨੂੰ ਪੀ ਗਿਆ ।
ਆਪਣੀ ਰੱਤ ਨਾਲ ਖੇਡ ਕੇ ਮੌਤ ਦੇ ਸਾਹਮਣੇ
ਖੂਨ ਸ਼ਹਾਦਤ ਦੇ ਦੀਵੇ ਬਾਲਣੇ
ਲੱਦ ਗਏ ਬੇਪ੍ਰਵਾਹ ਊਠਾਂ ਦੇ ਵਾਂਗੂੰ
ਆਪਣੀ ਸ਼ਾਨ ਦੇਖਣ ਦੇ ਵੇਲੇ ।
-- -- -- -- -- -- -- -- --
-- -- -- -- -- -- -- -- --
ਪੂਰਨ ਦੇ ਨੈਣ ਤੱਕਦੇ ਮੁਲਖ ਵੀਰਾਨ ਹੋਇਆ !
ੳ ਮੇਰੇ ਯਾਰੋ !
ਕਿਨ੍ਹ ਪੁੱਟਿਆ ਪੂਰਨ ਦੇ ਬਿਰਖਾਂ ਨੂੰ ?
ਰੋਹੀਆਂ ਦੇ ਮਿਰਗ ਕਿੱਥੇ ?
ਕੇਸੂਆਂ ਦਾ ਤਪਦਾ ਅਸਮਾਨ
ਕਿੱਥੇ ਗੁਆਚਿਆ ?
ਪੰਜ ਦਰਿਆਵਾਂ ਦੇ ਗਲ ਲਗ ਪੂਰਨ ਰੋਂਵਦਾ !
ਕਿੱਥੇ ਗਈਆਂ ਯੋਧਿਆਂ ਦੇ ਦੇਸ ਦੀਆਂ ਵਾਰਾਂ ?
ਕਿੱਥੇ ਗਏ ਪੰਜ ਪਾਣੀਆਂ ਕਿਨਾਰੇ ਸੌਣ ਵਾਲੇ !
ਕਿੱਥੇ ਗਏ ਹਿਜਰ ਦੇ ਥਲਾਂ ਵਿਚ ਗੌਣ ਵਾਲੇ !
ਸ਼ਹਿਰਾਂ ਦੇ ਪਿੰਜਰਾਂ 'ਚ ਢੱਠਾ ਪੰਜਾਬ ਸਾਰਾ --
ਨਾਂਹ ਉਹ ਹਾਣੀ, ਨਾਂਹ ਉਹ ਪਾਣੀ
ਨਾਹ ਉਹ ਫ਼ਜਰਾਂ ਦੀ ਵਾ ਵਿਚ ਗੌਣ ਵਾਲੇ !

7. ਸ਼ਹੀਦ ਊਧਮ ਸਿੰਘ ਨੂੰ

ਊਧਮ ਤੇਰੇ ਪੰਜਾਬ ਦੇ ਸਭ ਬਾਗ ਉਦਾਸੇ,
ਅਣਖ ਦੇ ਸੂਰਜ ਛਿਪੇ ਨੂੰ, ਬੀਤ ਗਏ ਚੁਮਾਸੇ-
ਬੁਰਜ ਸ਼ਹੀਦਾਂ ਦੇਖਦੇ, ਵਡ ਬਲੀ ਨਿਰਾਸੇ
ਜੱਲ੍ਹਿਆਂ ਵਾਲੇ ਬਾਗ਼ ਦੇ ਉਹ ਸ਼ੇਰ ਪਿਆਸੇ ॥੧॥

ਤੇਰੀ ਰੱਤ ਦੇ ਬਾਗ਼ ਵਿੱਚ ਗੁਲਜ਼ਾਰ ਨ ਤੇਰੀ,
ਚੁਕ ਸੂਰਜ ਫ਼ਤਹਿ ਦੇ ਪਾਈ ਨ, ਕੁਈ ਫ਼ਜਰਾਂ ਫੇਰੀ-
ਤੇਗ਼ਾਂ ਵਾਲੇ ਪੰਜਾਬ ਵੇ, ਸੁਣ ਅਰਜ਼ ਇਹ ਮੇਰੀ,
ਹੋਈ ਬੁਰਜ ਸ਼ਹੀਦ ਦੇ, ਸਜਦੇ ਨੂੰ ਦੇਰੀ ॥੨॥

ਤੈਂ ਬਾਗ ਚ ਸੂਰਜ ਛਿਪੇ ਜੋ, ਕਿਸ ਅਗਨੀ ਲੇਟੇ?
ਕਿਸ ਅੰਬਰ ਦੇ ਵਿੱਚ ਕੂਕਦੇ, ਤੇਗ਼ਾਂ ਦੇ ਬੇਟੇ?
ਅੱਗ ਦੇ ਪਰਬਤ ਤੋੜਦਾ, ਜੋ ਖਾ ਪਲਸੇਟੇ,
ਉਹ ਕਿੱਥੇ ਵਾਣ ਪੰਜਾਬ ਦਾ, ਜੋ ਮੌਤਾਂ ਮੇਟੇ ॥੩॥

ਊਧਮ ਵਾਜਾਂ ਮਾਰਦਾ, ਲੱਖ ਮੌਤਾਂ ਲੜੀਆਂ,
ਮੈਂ ਬੰਨ੍ਹ ਕੇ ਗਾਨਾ ਲਹੂ ਦਾ, ਸ਼ਮਸ਼ੀਰਾਂ ਵਰੀਆਂ,
ਸੂਰਜ ਵਿੱਚੋਂ ਉੱਡਕੇ, ਉਹ ਪੌਣਾਂ ਪਰੀਆਂ,
ਕੀ ਕਹਿੰਦੀਆਂ ਮੇਰੇ ਬਾਗ਼ ਨੂੰ, ਵਡ ਰੋਹ ਵਿੱਚ ਸੜੀਆਂ;

ਸਿਖਰ ਦੁਪਹਿਰਾਂ ਉੱਠੀਆਂ, ਕਲਵਲ ਵਿਸੁ-ਭਰੀਆਂ,
ਕਪਟੀ ਸ਼ਾਹ ਕਬੇਰ ਦੇ, ਸੀਨੇ ਤੇ ਚੜ੍ਹੀਆਂ
ਪੱਥਰਾਂ ਹੇਠਾਂ ਸੌਂ ਰਹੇ, ਅਸਮਾਨ ਲੈ ਖੜੀਆਂ,
ਮੁੜ ਦੇਸ ਪੰਜਾਬ ਦੀ ਫ਼ਜਰ ਨੇ, ਤਨ ਤੇਗ਼ਾਂ ਜਰੀਆਂ-

ਮੇਲ ਵਿਛੋੜੇ ਵਾਲੀਆਂ, ਦੋ ਸੱਚੀਆਂ ਘੜੀਆਂ
ਤਰਕੇ ਸਾਗਰ ਬਾਗ਼ ਵਿਚ, ਬਸ ਅੱਖੀਆਂ ਭਰੀਆਂ-
ਧਰਤ ਸ਼ਹੀਦਾਂ ਚੁੰਮ ਕੇ, ਕਰ ਰੁੱਤਾਂ ਹਰੀਆਂ
ਆਇਆ ਘੋੜਾ ਪੀੜ ਮੈਂ, ਕਿਸ ਵਾਗਾਂ ਫੜੀਆਂ ?
ਪਹਿਰੇਦਾਰ ਪੰਜਾਬ ਦਾ, ਪੰਜ ਨਦੀਆਂ ਤਰੀਆਂ ॥੪॥

8. ਮਨ ਪ੍ਰਦੇਸੀ

(ਇਸ ਗੀਤ ਵਿੱਚ ਪੱਛਮੀ ਪੰਜਾਬ ਦਾ ਮੁਸਲਮਾਨ
ਆਪਣੇ ਦੇਸ ਨੂੰ ਵੇਖਣ ਆਏ ਪਿਆਰਿਆਂ ਅੱਗੇ
ਸੁਆਲ ਕਰਦਾ ਹੈ, ਅਤੇ ਪਿਆਰਾ ਕਿਸੇ ਵੇਦਨ
ਵਿੱਚ ਡੁੱਬੀ ਬੇਪ੍ਰਵਾਹੀ ਵਿੱਚ ਜੁਆਬ ਦਿੰਦਾ ਜਾਂਦਾ ਹੈ।)

'ਚਿਰਾਂ ਪਿੱਛੋਂ ਘਰਾਂ ਨੂੰ ਆਏ
ਕੀ ਹਾਲ ਦਰਵੇਸ਼ਾਂ ਦਾ?'
'ਸਾਨੂੰ ਲਗਨ ਅਪੁੱਠੜੀ ਲੱਗੀ
ਸ਼ੌਕ ਬੇਗਾਨੇ ਦੇਸਾਂ ਦਾ।'
'ਵਿਸਰ ਗਿਆ ਭੁਲਦੇ ਹੋ ਕਾਹਨੂੰ
ਅੱਪਣਾ ਮੁਲਕ ਹਮੇਸ਼ਾਂ ਦਾ?'
'ਕਦੇ ਵਸਦਿਆਂ ਏਥੇ ਕੀਤਾ
ਗਰਬ ਕਾਲਿਆਂ ਕੇਸਾਂ ਦਾ।'
'ਸਿਰ ਤੇ ਮਾਲ ਜਾਨ ਹੈ ਹਾਜ਼ਰ
ਕੀ ਇਤਬਾਰ ਵਰੇਸਾਂ ਦਾ?'
'ਬਖਸ਼ ਦਿਓ ਜੇ ਕੌਲ ਅਸਾਡਾ
ਅੱਥਰੂ ਦਰਦ ਕਲੇਸ਼ਾਂ ਦਾ।'
'ਹਸ਼ਰਾਂ ਤਕ ਉਮਰ ਦੇ ਪੱਤਣ
ਇਹ ਕੀ ਰੋਸ ਹਮੇਸ਼ਾਂ ਦਾ?'
'ਸ਼ਹੁ ਦਰਿਆਵਾਂ ਤੇ ਖੜ੍ਹ ਕੇ ਰੋਣਾ
ਦੋਸ਼ ਕੇਹਾ ਦਰਵੇਸ਼ਾਂ ਦਾ।'
'ਕੀ ਇਤਬਾਰ ਸਬਰ ਕਿਉਂ ਡੋਲੇ
ਪਿਆਰ ਦਿਆਂ ਦੋ ਭੇਸਾਂ ਦਾ?'
'ਜਦੋਂ ਮੁਰੀਦ ਦਿਲਾਂ ਦੇ ਹੋਏ
ਖਤ ਮਿਲਿਆ ਪ੍ਰਦੇਸਾਂ ਦਾ।'
(ਮਈ ੧੯੬੫)

9. ਸਾਂਦਲ ਬਾਰ ਦੀ ਯਾਦ ਵਿਚ

ਸਾਂਦਲ ਬਾਰ ਦੀਆਂ ਨਹਿਰਾਂ ਦੇ
ਕੰਢੜੇ ਬਹਿਣਾ, ਰੋਣਾ ਨ ਹੋ ।

ਦੁੱਖਾਂ ਦੀਆਂ ਮਿਲਖਾਂ ਦੇ ਵੱਡਿਆਂ ਰਾਠਾਂ
ਪੈਰ ਹਿਜਰ ਦੇ ਧੋਣਾ ਨ ਹੋ ।

ਹੱਸਣਾ ਆਪਣੇ ਮੋਇਆਂ ਦੇ ਸਾਹਮੇ
ਚਿੜੀਆਂ ਦਾ ਦੁੱਧ ਪਰ ਚੋਣਾ ਨ ਹੋ ।

ਦੇਸ ਬੇਗਾਨੇ ਦੀ ਮੰਨ ਸਰਦਾਰੀ
ਬਾਰ ਪਰਾਏ 'ਚ ਹੋਣਾ ਨ ਹੋ ।

ਹੀਰ ਦੇ ਦੇਸ ਮਜੂਰੀ ਤਾਂ ਕੀਤੀ
ਮਹੀਆਂ ਨੂੰ ਚਾਰ ਹਲ ਜੋਣਾ ਨ ਹੋ ।

ਧੀਆਂ ਦੇ ਹੁੰਦਿਆਂ ਹੀ ਗੀਤਾਂ ਦੀ ਰੁੱਤ ਸੀ
ਮਾਵਾਂ ਨੇ ਚੱਕੀਆਂ ਨੂੰ ਝੋਣਾ ਨ ਹੋ ।
(ਮਈ, ੧੯੬੫)

10. ਵਤਨ ਦੀਆਂ ਜੂਹਾਂ ਵਿਚ

ਸਾਂਦਲ ਬਾਰ ਦੀ ਧਰਤੀ ਦੇ ਜਾਏ,
ਆਪਣੇ ਦੇਸਾਂ ਨੂੰ ਦੇਖਣ ਆਏ ।

ਵੱਡੀਆਂ ਮਿਲਖਾਂ ਦੇ ਰਾਠ ਸੁਣੀਂਦੇ
ਅਰਜ਼ਾਂ ਨਿਮਾਣੀਆਂ ਲਿਆਏ ।

ਵਿਛੜੇ ਬਿਰਖਾਂ ਨੂੰ ਜੱਫ਼ੀਆਂ ਪਾਈਆਂ
ਤੱਕਣੇ ਨੂੰ ਪੰਛੀ ਆਏ ।

ਨਹਿਰਾਂ ਦੇ ਕੰਢੜੇ ਰੂਹ ਪ੍ਰਦੇਸੀ
ਲਹਿਰਾਂ ਦੇ ਮਨ ਤਿਰਹਾਏ ।

ਆਏ ਪੁਰੇ ਦੀਆਂ ਪੌਣਾਂ ਦੇ ਰਾਜੇ
ਨਾਗਾਂ ਨੇ ਅੱਥਰੂ ਵਹਾਏ ।

ਦਿਲਾਂ ਦਿਆਂ ਜਾਨੀਆਂ ਦੇ ਪੁੱਤਰ-ਧੀਆਂ
ਹਰਿਆਂ ਬਾਗ਼ਾਂ 'ਚ ਲਿਆਏ ।

ਲੰਮੀਆਂ ਉਮਰਾਂ ਦੇ ਯਾਰ ਪੁਰਾਣੇ
ਸਾਥੋਂ ਕੀ ਮੰਗਣ ਆਏ ?
(ਮਈ, ੧੯੬੫)

11. ਇਕ ਗੀਤ
(ਸਾਂਦਲ ਬਾਰ ਦੇ ਧਿਆਨ ਵਿਚ)

ਠੰਢੀ ਹਵਾ ਨੇ ਚੁੰਮ੍ਹਿਆ ਦਾਮਨ
ਫ਼ਜਰਾਂ 'ਚ ਵਗਦਾ ਸੁਹਾਂ ।

ਕੋਇਲ ਕੂਕਦੀ ਅੰਬਰ ਦੇ ਵਿਚ
ਨਦੀਆਂ ਰਹਿਣ ਰਵਾਂ ।

ਤਾਰਿਆਂ ਵਿਚ ਊਸ਼ਾ ਦਾ ਚੱਕਰ
ਫੜੇ ਯੁਗਾਂ ਦੀ ਬਾਂਹ ।

ਪੱਥਰਾਂ ਉੱਤੇ ਪੰਛੀ ਚੁਗਦਾ
ਪੀਂਦਾ ਨੀਰ ਸੁਹਾਂ ।

ਜਿੰਦ ਨਿਮਾਣੀ ਤੇ ਅਰਸ਼ਾਂ ਕੀਤੀ
ਭਰੀ ਕਹਿਰ ਦੀ ਛਾਂ ।

ਪੀਤਾ ਹੀਰ ਨੇ ਜ਼ਹਿਰ-ਪਿਆਲਾ
ਸਿਖਰ ਦੁਪਹਿਰਾਂ ਦੇ ਨਾਂ ।
(੧੯੬੫)

12. ਗੀਤ ਅੱਲਾ ਦੇ

ਗੀਤ ਅੱਲਾ ਦੇ ਰਿੰਮ ਝਿੰਮ ਸੁੱਤੇ
ਦੂਰ ਨਦੀ ਦੇ ਤੀਰ ।

ਮੋਨ ਖਲੋਤਾ ਸਬਰ ਦਾ ਜੋਗੀ
ਝਿੰਮ ਝਿੰਮ ਰੈਣ ਗੰਭੀਰ ।

ਕਵਨ ਦੇਸ ਬਉਰਾਣੇ ਚੱਲੀ
ਹੋਈ ਰੈਣ ਫ਼ਕੀਰ ?

ਮੇਰੇ ਅੱਥਰੂ ਕਲਵਲ ਕਲਵਲ
ਕਿਸ ਸੂਰਜ ਦੀ ਪੀੜ ?

ਫ਼ਜਰਾਂ ਦੇ ਰਾਹੀ ਸੱਥਰੀਂ ਸੁੱਤੇ
ਡੂੰਘੇ ਮਨ ਦਿਲਗੀਰ-

ਸ਼ਮਸ਼ੀਰਾਂ ਤੇ ਨੀਂਦਾਂ ਦੀ ਅੱਗ
ਬਲਦੀ ਰਹੇ ਅਖ਼ੀਰ ।
(ਜੂਨ, ੧੯੬੫)

13. ਤੱਤੀ ਤਵੀ ਤੇ

ਉਹ ਦੀਨ ਦੁਨੀ ਦੇ ਸ਼ਹਿਨਸ਼ਾਹ, ਇਕ ਅਰਜ਼ ਅਸਾਡੀ
ਹੋਏ ਜੇ ਅਰਸ਼ਾਂ ਵਾਲੜੇ, ਜ਼ਰਾ ਨਜ਼ਰ ਤੁਸਾਡੀ
ਭਰ ਅੱਥਰੂ ਤੈਂ ਵਲ ਵੇਖਦੀ, ਕੋਈ ਧਰਤ ਦੁਰਾਡੀ
ਮਾਰੀ ਉੱਡਦੀ ਕੂੰਜ ਨੇ, ਧਾਹ ਅੰਬਰ ਡਾਢੀ ॥੧॥

ਤੱਤੀ ਤਵੀ ਤੇ ਬੈਠਿਆ, ਇਹ ਅਰਜ਼ ਹੈ ਮੇਰੀ
ਰਾਵੀ ਦੇ ਵੱਲ ਵੇਖ ਕੇ, ਤੂੰ ਜਾਂਦੀ ਵੇਰੀ
ਜੋ ਅੱਥਰੂ ਅਸਾਂ ਨੂੰ ਬਖ਼ਸ਼ਿਆ, ਵਿਚ ਰਮਜ਼ ਡੂੰਘੇਰੀ
ਉਸ ਅੱਥਰੂ ਨੂੰ ਪਈ ਵਿਲਕਦੀ, ਉਹ ਧਰਤੀ ਤੇਰੀ ॥੨॥

ਤੱਤੀ ਤਵੀ ਤੇ ਗਾਂਦਿਆ, ਇਹ ਅਰਜ਼ ਹਮਾਰੀ
ਹੱਸ ਖ਼ੂਨੀ ਸ਼ਾਹ ਨੂੰ ਤੱਕਿਆ, ਜਦ ਜਾਂਦੀ ਵਾਰੀ
ਮੀਆਂ ਮੀਰ ਦੇ ਵੇਂਹਦਿਆਂ, ਹੱਥ ਬੰਨ੍ਹਦੇ ਸਾਰੀ
ਤੂੰ ਬਖ਼ਸ਼ੀ ਦੁਖੀ ਮੁਰੀਦ ਨੂੰ, ਵੱਥ ਬਹੁਤ ਪਿਆਰੀ :
ਸਬਰ ਸ਼ਹੀਦਾਂ ਡੋਬ ਕੇ, ਇਕ ਤੇਗ ਦੁਧਾਰੀ-
ਉਸ ਤੇਗ ਨੂੰ ਚੁੰਮ੍ਹਨ ਵਾਸਤੇ, ਅਸਾਂ ਅਰਜ਼ ਗੁਜ਼ਾਰੀ ॥੩॥

ਤੱਤੀ ਤਵੀ ਤੇ ਬੈਠਿਆ, ਸੁਣ ਅਰਜ਼ ਨਿਮਾਣੀ
ਦੇ ਵਾਜਾਂ ਵਗੇ ਨੇ ਰਾਵੀਉਂ, ਮੇਰੀ ਅਰਜ਼ ਦੇ ਪਾਣੀ
ਤਿਰੀ ਰਾਵੀ ਵਿੱਚੋਂ ਵਗੇ ਨੇ, ਲਖ ਸਾਗਰ ਜਾਣੀ
ਤੇਰੇ ਛਾਲੇ ਚੁੰਮ੍ਹ ਬਉਰਾਣੜੇ, ਮੇਰੇ ਦਰਦ ਦੇ ਪਾਣੀ ॥੪॥

ਤੱਕ ਮਸਕੀਨੜੇ ਅੱਥਰੂ, ਕਰ ਨਜ਼ਰ ਪਿਆਰੀ
ਜਦ ਰਮਜ਼ ਇਲਾਹੀ ਨਾਲ ਚੁੱਕ, ਇਕ ਸਾਗਰ ਭਾਰੀ
ਕੀਤਾ ਨਜ਼ਰ ਅਸਾਡੜੀ, ਤੂੰ ਜਾਂਦੀ ਵਾਰੀ
ਤਾਂ ਚੌਦਾਂ ਤਬਕਾਂ ਅੰਦਰਾਂ, ਸੱਦ ਸਿਦਕ ਨੇ ਮਾਰੀ,
ਖੈਰ ਲਈ ਅੱਡੇ ਹੱਥ ਸੀ, ਜੋ ਨਾਲ ਲਾਚਾਰੀ
ਉਹ ਬਿਜਲੀ ਬਿਜਲੀ ਹੋ ਗਏ, ਪੀ ਸਬਰ ਜੁਝਾਰੀ
ਹੱਥ ਉਹ ਚੁੰਮ੍ਹਨ ਵਾਸਤੇ, ਅਸਾਂ ਅਰਜ਼ ਗੁਜ਼ਾਰੀ ॥੫॥
(ਜੂਨ, ੧੯੬੫)

14. ਪੰਜਾਬਣ ਦਾ ਗੀਤ

ਖੁੱਲ੍ਹ ਜ਼ੁਲਫ਼ ਦੀ ਗਈ ਪਰਵਾਜ਼ ਵੇ,
ਮੈਂ ਨ ਝੱਲਣੇ ਅਰਸ਼ ਦੇ ਨਾਜ਼ ਵੇ ।

ਆਖ਼ਰ ਨਜ਼ਰ ਦਾ ਵੀ ਕੋਈ ਕਹਿਰ ਹੈ,
ਲਹਿੰਦੇ ਲਹਿ ਗਏ ਧਰਤ ਦੇ ਬਾਜ਼ ਵੇ ।

ਕੀਤੀ ਅੰਗ ਅੰਗ ਧਾੜਵੀ ਸੂਰਜਾਂ,
ਮੈਂ ਤਾਂ ਰਹਿ ਗਈ ਨਿਰੀ ਆਵਾਜ਼ ਵੇ ।

ਸਾਜ਼ ਜਿਸਮ ਦਾ ਜਾਣਿਆਂ ਮੋਨ ਹੈਸੀ,
ਖੁੱਲ੍ਹੇ ਅਜ਼ਬ ਘਮਸਾਨ ਦੇ ਰਾਜ਼ ਵੇ ।

ਭਰੇ ਸ਼ੋਰ ਵਿਚ ਚੁੱਪ-ਗੰਭੀਰ ਸੁੱਤੀ,
ਤੋੜ ਘੱਤਿਆ ਜ਼ਾਲਿਮਾਂ ਸਾਜ਼ ਵੇ ।

ਖੁੱਲ੍ਹ ਜ਼ੁਲਫ਼ ਦੀ ਗਈ ਪਰਵਾਜ਼ ਵੇ,
ਮੈਂ ਨ ਝੱਲਣੇ ਅਰਸ਼ ਦੇ ਨਾਜ਼ ਵੇ ।
(ਨਵੰਬਰ, ੧੯੬੫)

15. ਦਰਿਆਵਾਂ ਦੇ ਹਾਲ
(ਸ਼ਰੀਫ਼ ਕੁੰਜਾਹੀ ਦੇ ਧਿਆਨ ਵਿਚ)

ਸ਼ਹੁ ਦਰਿਆਵਾਂ ਦੇ ਮੰਦੜੇ ਹਾਲ ਵੋ,
ਦੁੱਖ ਦੱਸੀਏ ਕਹਿਰਾਂ ਦੇ ਯਾਰ ਵੋ ।

ਤੈਂਡੀਆਂ ਛਾਵਾਂ ਨੇ ਰਾਹ ਨਾ ਦਿੱਤੇ,
ਮੈਂਡੇ ਸਿਖਰ ਦੁਪਹਿਰਾਂ ਦੇ ਯਾਰ ਵੋ ।

ਸਾਨੂੰ ਕਿਉਂ ਹਸ਼ਰਾਂ ਦੇ ਲੜ ਲਾਇਆ,
ਘੜੀਆਂ-ਪਹਿਰਾਂ ਦੇ ਯਾਰ ਵੋ ।

ਪੱਤਣਾਂ ਤੇ ਖੜੇ ਨੇ ਧਾੜਵੀ
ਡੂੰਘੀਆਂ ਲਹਿਰਾਂ ਦੇ ਯਾਰ ਵੋ ।

ਤੈਨੂੰ ਦੇਸਾਂ ਦਾ ਰਾਹ ਨਾ ਥਿਆਵੇ
ਮੈਂਡੇ ਕੌਲਾਂ ਦੇ ਸ਼ਾਹ ਸਵਾਰ ਵੋ ।

ਬੀਬਾ ਵਣ ਤੇ ਮੱਝੀਆਂ ਚਾਰ ਵੋ ।
ਵਾਜ ਮਾਰੇ ਬੇਲੇ ਦੀ ਨਾਰ ਵੋ ।

ਪੁੱਲਾਂ ਤੇ ਪੱਤਣਾਂ ਦੀ ਬਾਤ ਨਾ ਪੁੱਛਣੀ
ਲੰਮੀਆਂ ਨਹਿਰਾਂ ਦੇ ਯਾਰ ਵੋ ।
(ਮਈ, ੧੯੬੫)

16. ਬੁੱਲ੍ਹੇ ਸ਼ਾਹ ਨੂੰ

"ਦਰ ਖੁੱਲ੍ਹਾ ਹਸ਼ਰ ਅਜ਼ਾਬ ਦਾ ਵੇ ਅੜਿਆ,
ਬੁਰਾ ਹਾਲ ਹੋਇਆ ਪੰਜਾਬ ਦਾ ਵੇ ਅੜਿਆ ।"

ਸਦਾ ਤੋਂ ਵਗਦਾ ਲਹਿਰਾਂ ਦਾ ਕਾਫ਼ਲਾ ਲੁੱਟਿਆ
ਖੇਡਾਂ ਖੇਡਦੇ ਤੇਰੇ ਚਨਾਬ ਦਾ ਵੇ ਅੜਿਆ ।

ਲਹੂ ਦੇ ਪਰਦੇ ਹੇਠਾਂ ਸਿਸਕਦਾ ਕਦੋਂ ਦਾ
ਹਾਇ ! ਜਲਵਾ ਉਸ ਬੇ-ਨਕਾਬ ਦਾ ਵੇ ਅੜਿਆ ।

ਤੇਰੀ ਧਮਾਲ ਨੂੰ ਇਸ਼ਕ ਸਜਦਾ ਨਾ ਕੀਤਾ
ਜ਼ਰਾ ਹਾਲ ਤਕ ਅਦਬ-ਅਦਾਬ ਦਾ ਵੇ ਅੜਿਆ ।

ਤੇਰਾ ਨੂਰ ਜੋ ਸਾਨੂੰ ਬੇਹੋਸ਼ੀਏਂ ਮਾਰਦਾ
ਉਹ ਕਟਕ ਕਿੱਥੇ ਬੇ-ਹਿਸਾਬ ਦਾ ਵੇ ਅੜਿਆ ।

ਕੁਫ਼ਰ ਨੇ ਜਲਵਾ ਇਲਾਹੀ ਤੋੜਿਆ ਸਾਰਾ,
ਕੌਣ ਕਾਤਿਬ ਹੁਸਨ ਦੇ ਬਾਬ ਦਾ ਵੇ ਅੜਿਆ ?

ਸਿਰ ਤੇ ਖੜਾ ਮੁਰਸ਼ਦ ਅਮਲ ਦੀ ਦਾਸਤਾਂ ਪੁੱਛੇ
ਬਹੁੜੀ ਕਰ ਕੁਝ ਸਾਡੇ ਜਵਾਬ ਦਾ ਵੇ ਅੜਿਆ ।

ਸਾਡੇ ਹੀ ਅਮਲ ਥਲ ਬਣ ਸਾੜਿਆ ਸਾਨੂੰ
ਤਬੀਬ ਨਾ ਬਹੁੜਿਆ ਸਾਡੇ ਖ਼ਾਬ ਦਾ ਵੇ ਅੜਿਆ ।

ਆ ਵੀ ਪਾਉਂਦਾ ਧਮਾਲ ਤੂੰ ਸੱਖਣੇ ਆਂਗਣੇ
ਕੀ ਇਤਬਾਰ ਉਮਰ ਦੀ ਆਬ ਦਾ ਵੇ ਅੜਿਆ ।
(ਜੂਨ, ੧੯੬੫)

17. ਸਿਰਲੱਥ ਸਿਪਾਹੀ ਨੂੰ

ਜੀਵੇਂ ਸ਼ਹਿਰ ਅਨਾਇਤ ਦਾ ਮਾਰ ਨਾਂਹ,
ਕਿਤੇ ਮਿਲੇਗਾ ਜਿਗਰ ਦਾ ਯਾਰ ਨਾਂਹ ।

ਬੁੱਲ੍ਹੇ ਸ਼ਾਹ ਦੀ ਬਦ-ਦੁਆ ਭੈੜੀ,
ਸਿਰ ਸਿਖਰ ਅਸਮਾਨ ਦਾ ਪਾੜ ਨਾਂਹ ।

ਰਣ-ਸੀਸ ਸ਼ਹੀਦਾਂ ਦਾ ਖ਼ੂਨ ਲਾਵੀਂ,
ਤੂੰ ਇਹ ਰਣ ਦਾ ਸ਼ਾਹ-ਸਵਾਰ ਨਾਂਹ ।

ਗਾਜ਼ੀ ਆਂਵਦੇ ਰਣਾਂ ਵਿਚ ਗਾਂਵਦੇ,
ਰੱਬੀ ਰਹਿਮ ਦਾ ਗੀਤ ਵੰਗਾਰ ਨਾਂਹ ।

ਆਖੇ ਦੂਤੀਆਂ ਲੱਗ ਨ ਯਾਰ ਵੇ,
ਲੰਮੇ ਦੇਸ ਵਿਚ ਜਿੰਦੜੀ ਵਾਰ ਨਾਂਹ ।

ਗ਼ਜ਼ਬ ਲੱਖ ਦਰਿਆਵਾਂ ਦਾ ਤੋੜਦਾ ਤੂੰ,
ਦਿਲ ਦੇ ਗ਼ਜ਼ਬ ਨੂੰ ਕਰੀਂ ਤੂੰ ਪਾਰ ਨਾਂਹ ।

ਏਸ ਖ਼ਾਕ ਵਿਚ ਖ਼ੂਨ ਦੇ ਕੋਟ ਤੇਰੇ,
ਦੂਤੀ ਜਾਣਦੇ ਸਿਦਕ ਦੀ ਵਾਰ ਨਾਂਹ ।

18. ਮੁਜਾਹਿਦ ਨੂੰ

ਤਪੇ ਕਹਿਰ ਫ਼ਕੀਰਾਂ ਦੀ ਅੱਖ ਵੇ ।
ਜੀਵੇਂ ਲਾਜ ਲਾਹੌਰ ਦੀ ਰੱਖ ਵੇ ।

ਨਹੀਂ ਮੁਲਕ ਤਕਦੀਰ ਦੇ ਸ਼ਾਨ ਐਸੀ
ਸ਼ਹਿਰ ਵਸਣ ਦਰਿਆਵਾਂ ਤੇ ਲੱਖ ਵੇ ।

ਸ਼ਾਲਾ ਰਹੇ ਇਨਾਇਤ ਦਾ ਦਰ ਖੁੱਲ੍ਹਾ
ਬਿਜਲੀ ਚੁੰਮ੍ਹਕੇ ਚਮਕਿਆ ਕੱਖ ਵੇ ।

ਐਵੇਂ ਕਰੀਂ ਨ ਜ਼ੋਰ ਧਿਗਾਣੜਾ
ਤੈਂਡੀ ਮਿਹਰ ਤੋਂ ਅਸੀਂ ਨ ਵੱਖ ਵੇ ।

ਜੀਵੇਂ ਰੱਤ ਦੇ ਮੋਹ ਦੀ ਕਾਂਗ ਡੱਕੀਂ
ਤੀਰ ਨਿਕਲਿਆ ਜ਼ਿਮੀਂ ਨੂੰ ਚੱਖ ਵੇ ।

ਕੌਣ ਤੜਪਿਆ ਲਹੂ ਵਿਚ ਧਾਹ ਮਾਰਣ
ਕਬਰਾਂ ਉੱਠ ਕੇ ਜ਼ਿਮੀਂ ਤੋਂ ਲੱਖ ਵੇ ।

ਤਪੇ ਕਹਿਰ ਫ਼ਕੀਰਾਂ ਦੀ ਅੱਖ ਵੇ ।
ਜੀਵੇਂ ਲਾਜ ਲਾਹੌਰ ਦੀ ਰੱਖ ਵੇ ।

19. ਵਾਰਿਸ ਸ਼ਾਹ ਨੂੰ

ਖ਼ੂਨੀ ਬੇ-ਦਰੇਗ ਅਸਮਾਨ ਵਿਚ
ਤੇਰੇ ਜਿਹੀ ਆਵਾਜ਼ ਕਿਉਂ ਫੇਰ ਨਾਂਹ ?

ਹੁਸਨ ਦੇ ਗ਼ਜ਼ਬ ਦਾ ਦੀਦ ਹੈ ਕਿੱਥੇ ?
ਤੀਰਾਂ 'ਚ ਬਾਜ਼, ਤੇਗਾਂ 'ਚ ਸ਼ੇਰ ਨਾਂਹ ।

ਹੁੰਦਿਆਂ ਸੂਰਜਾਂ ਸ਼ਬਨਮ ਦੀ ਅੱਖ ਵਿਚ,
ਕਿਉਂ ਇਕ ਵੀ ਕਤਰਾ ਸਵੇਰ ਨਾਂਹ ?

ਪ੍ਰਛਾਵੇਂ ਝਨਾਂ ਦੇ ਸਮੇਂ ਤੋਂ ਸਿੱਕਦੇ,
ਹੀਰ ਨੇ ਆਵਣਾ ਦੂਸਰੀ ਵੇਰ ਨਾਂਹ ।

ਕਦੇ ਤਾਂ ਆਵੇ ਦੁਪਹਿਰ ਦਾ ਲਸ਼ਕਰ,
ਜ਼ਹਿਰ ਦਾ ਪਿਆਲਾ ਪੀਣ ਵਿਚ ਦੇਰ ਨਾਂਹ ।

20. ਝਨਾਂ ਦੀ ਨਾਰ ਨੂੰ

ਸੁਣ ਨੀ ਨਾਰ ਕੁਆਰੀਏ, ਇਕ ਗੱਲ ਸੁਣਾਵਾਂ
ਤੇਰੇ ਬੁੱਤ ਨੂੰ ਦੇਖਿਆ, ਮੈਂ ਵਿਚ ਹਵਾਵਾਂ
ਕਰ ਕਰ ਗਏ ਤੈਂ ਸਿਰਾਂ ਤੇ, ਸੈ ਬੇਲੇ ਛਾਵਾਂ
ਪੌਣਾਂ ਵਾਂਗੂੰ ਮੇਲ੍ਹਦੀ, ਤੂੰ ਕੋਲ ਝਨਾਵਾਂ ॥੧॥

ਤੇਰਾ ਕਹਿਰ ਦਾ ਬੁੱਤ ਕੀ, ਬਸ ਖੁੱਲ੍ਹੀਆਂ ਵਾਗਾਂ
ਕਾਲਾ ਸ਼ਾਹ ਵਣ ਝੁੱਲਦਾ, ਜਿਉਂ ਸ਼ੂਕਰ ਨਾਗਾਂ
ਤਖ਼ਤ ਹਜ਼ਾਰੇ ਰਾਂਝਣੇ, ਜਾਂ ਆਈਆਂ ਜਾਗਾਂ
ਤੇਰੀ ਰੱਤ ਥਲ ਖੁੱਲ੍ਹੀਆਂ, ਦਰਿਆ ਦੀਆਂ ਵਾਗਾਂ
ਮਾਰੀ ਰੋਹ ਘਮਸਾਨ ਵਿਚ, ਜਲ ਜਲ ਕੇ ਨਾਗਾਂ
ਖੰਜਰ ਸਿਖਰ-ਦੁਪਹਿਰ ਦੀ, ਥਲ ਥਲ ਕੇ ਰਾਗਾਂ ॥੨॥

ਸੁਣ ਨੀ ਨਾਰ ਕੁਆਰੀਏ, ਕੀ ਆਜਜ਼-ਜੋਰੀ ?
ਆ ਜਾ ਬੇਲੇ ਝੰਗ ਦੇ, ਤੂੰ ਖੇਡਣ ਹੋਰੀ
ਤੇਰਾ ਵਗਦਾ ਰਹੇ ਝਨਾਂ ਨੀ, ਸੈ ਹਸ਼ਰਾਂ ਤੋੜੀ
ਤੇਰੇ ਰਾਂਝਣ ਸ਼ਾਹ-ਸਵਾਰ ਦੀ, ਕਿਸੇ ਵਾਗ ਨਾਂਹ ਮੋੜੀ ॥੩॥

ਸਾਥੋਂ ਤਾਰਿਆਂ ਨੇ ਮੂੰਹ ਮੋੜਿਆ, ਰੋ ਅਉਧ ਵਿਹਾਣੀ
ਨੈਣਾਂ ਵਾਲੀਏ ਬਖ਼ਸ਼ ਦੇ, ਫ਼ਜਰਾਂ ਦੇ ਪਾਣੀ,
ਅਸੀਂ ਮਾਰੇ ਅੱਧੀ ਰਾਤ ਨੂੰ, ਉਮਰਾਂ ਦੇ ਹਾਣੀ
ਦੇ ਜਾ ਰਹਿਮ ਦੀ ਕਣੀ ਨੀ, ਦਰਵੇਸ਼ਾਂ ਤਾਣੀ;
ਹਾਰੇ ਪੁੱਤਰ ਸਿਦਕ ਦੇ, ਅਸੀਂ ਪਾਪ-ਕਹਾਣੀ
ਤੂੰ ਘੁੰਡ ਨੂੰ ਚੁੱਕ ਕੇ ਵਾਰਦੇ, ਰਿਸ਼ਮਾਂ ਦੇ ਪਾਣੀ ॥੪॥
(੧੯੬੫)

21. ਸ਼ਾਹ ਮੁਹੰਮਦ ਨੂੰ ਯਾਦ ਕਰ ਕੇ

ਫੇਰ ਨ ਸ਼ਾਹ ਮੁਹੰਮਦ ਨੇ ਆਵਣਾ,
ਗੀਤ ਨ ਸ਼ਹੁ ਦਰਿਆਵਾਂ ਦਾ ਗਾਵਣ ।

ਮੌਤ ਦੇ ਚੜ੍ਹੇ ਦਰਿਆ ਨੂੰ ਫੇਰ ਨਾ,
ਰਹਿਮ ਦੀ ਵਾਗ ਪਾ ਕਿਸੇ ਅਟਕਾਵਣਾ ।

ਕਦੇ ਵੀ ਲੰਮੇ ਪੰਧ ਤੇ ਗਾਉਂਦਿਆਂ
ਫੇਰ ਨ ਗ਼ਾਜ਼ੀ ਰਣਾਂ ਵੱਲ ਜਾਵਣਾ ।

ਫੇਰ ਨ ਤੇਗਾਂ ਦੇ ਖ਼ੂਨੀ ਪੁਲਾਂ ਤੋਂ
ਲੰਘਦਿਆਂ ਦੇਸ ਪੰਜਾਬ ਨੇ ਗਾਵਣਾ ।

ਹੌਲ ਸੀਨੇ ਸਾਰਾ ਅਸਮਾਨ ਮੱਚਦਾ
ਫੇਰ ਨ ਥਲਾਂ ਦੇ ਰਾਹੀ ਨੂੰ ਥਿਆਵਣਾ ।

ਜਸ਼ਨੇ-ਫ਼ਨਾ ਦੀ ਨਜ਼ਰ ਵਿਚ ਨਜ਼ਰ ਪਾ
ਕਿਸੇ ਨ ਕਾਲੜੇ ਕੇਸ ਸੁਕਾਵਣਾ ।

ਲਹੂ ਦੇ ਕਤਰੇ 'ਚ ਰਾਜ਼ ਲੈ ਕੋਈ
ਕਰੇਗੀ ਨਜ਼ਰ ਨ ਅਰਸ਼ ਦਾ ਸਾਹਮਣਾ ।

ਚੜ੍ਹੀ ਹੋਈ ਸਿਖਰ ਦੇ ਸੂਰਜ ਦੀ ਅੱਖ ਨੂੰ
ਤੇਰੀ ਅਜ਼ਾਨ ਉਹ ਵਖ਼ਤ ਨ ਪਾਵਣਾ ।

ਤੇਗ਼ ਦੇ ਚੀਖਦੇ ਜ਼ਖ਼ਮ ਤੋਂ ਲੰਘਕੇ
ਪਵੇਗਾ ਦੇਸ ਪੰਜਾਬ ਨੂੰ ਜਾਵਣਾ ।
(੧੯੬੫)

  • ਮੁੱਖ ਪੰਨਾ : ਕਾਵਿ ਰਚਨਾਵਾਂ, ਹਰਿੰਦਰ ਸਿੰਘ ਮਹਿਬੂਬ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ