Shaheed Di Ardas : Harinder Singh Mehboob

ਸ਼ਹੀਦ ਦੀ ਅਰਦਾਸ : ਹਰਿੰਦਰ ਸਿੰਘ ਮਹਿਬੂਬ


ਦਰਸਨੁ ਦੇਖਿ ਪਤੰਗ ਜਿਉ ਜੋ ਤੀ ਅੰਦਰਿ ਜੋਤਿ ਸਮਾਣੀ॥ ਸਬਦੁ ਸੁਰਤਿ ਲਿਵ ਮਿਰਗ ਜਿਉ ਭੀੜ ਪਈ ਚਿਤਿ ਅਵਰੁ ਨ ਆਣੀ॥ (ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਬਾਰੇ ਭਾਈ ਗੁਰਦਾਸ ਦਾ ਕਥਨ) ***** ਅੱਜ ਤਪਦੀ ਭੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ। ਅੱਜ ਵੈਰੀਆਂ ਕੱਢ ਵਖਾਲਿਆ ਹਾਇ ! ਪੰਜ ਸਦੀਆਂ ਦਾ ਵੈਰ। ਕੋਈ ਨ ਉਹਨੂੰ ਬੌਹੜਿਆ ਉਹਨੂੰ ਵੈਰੀਆਂ ਮਾਰਿਆ ਘੇਰ। ਉਂਜ ਡੱਕੇ ਰਹਿ ਗਏ ਘਰਾਂ ਵਿਚ ਮੇਰੇ ਲੱਖਾਂ ਪੁੱਤਰ ਸ਼ੇਰ। ਅੱਜ ਤਪਦੀ ਭੱਠੀ ਬਣ ਗਈ ਮੇਰੀ ਚੂੜੇ ਵਾਲੀ ਬਾਂਹ। ਅੱਜ ਵਿਚ ਸ਼ਹੀਦੀ ਝੰਡਿਆਂ ਹੈ ਮੇਰਾ ਝੰਡਾ ਤਾਂਹ। (ਅਫ਼ਜ਼ਲ ਅਹਿਸਨ ਰੰਧਾਵਾ) ਸਮਰਪਣ ਜਿਹੜੇ ਕੌਮ ਦੀ ਲਹੂ-ਭਿੱਜੀ ਤਕਦੀਰ ਉੱਤੇ ਗ਼ਮਗੀਨ ਹੋਏ, ਜਿਹੜੇ ਸਿਦਕ ਦੇ ਬਾਜ਼ ਦੇ ਹਾਣੀ ਸਨ, ਜਿਹਨਾਂ ਦੇ ਮੱਥੇ ਉੱਤੇ ਬੇ-ਅਣਖੇ ਲੋਕਾਂ ਲਈ ਕੋਈ ਸਦੀਵੀ ਉਲਾਂਭਾ ਲਿਖਿਆ ਸੀ, ਜਿਹਨਾਂ ਦੇ ਕਹਿਰ ਨੂੰ ਦੂਰ-ਦੁਰੇਡੀ ਕਿਆਮਤ ਨੇ ਦੇਖਿਆ-ਉਹਨਾਂ ਕੌਮ ਦੀ ਪੱਤ ਰੱਖਣ ਵਾਲੇ ਦੋ ਸ਼ਹੀਦਾਂ ਦੇ ਨਾਂ।

ਸ਼ਹੀਦ ਦੀ ਅਰਦਾਸ ਬਾਰੇ

ਦਸਵੀਂ ਅਤੇ ਗਿਆਰਵੀਂ ਕਵਿਤਾ ਨੂੰ ਛੱਡ ਕੇ ਸ਼ਹੀਦ ਦੀ ਅਰਦਾਸ ਦੀਆਂ ਸਭ ਕਵਿਤਾਵਾਂ ਜੂਨ, 1984 ਪਿੱਛੋਂ ਲਿਖੀਆਂ ਗਈਆਂ। ਇਹਨਾਂ ਸਾਲਾਂ ਵਿਚ ਮੇਰੇ ਸੀਨੇ ਦੀ ਖ਼ਾਮੋਸ਼ੀ ਵਿਚ ਪਲਦੀ ਅਥਾਹ ਵੇਦਨਾ ਅਤੇ ਬੇਪੱਤੀ ਦੇ ਨਾਂਹ ਦੱਸੇ ਜਾ ਸਕਣ ਵਾਲੇ ਅਕਹਿ ਅਹਿਸਾਸ ਵਿੱਚੋਂ ਇਹਨਾਂ ਕਵਿਤਾਵਾਂ ਦਾ ਜਨਮ ਹੋਇਆ। ਇਹਨਾਂ ਨਜ਼ਮਾਂ ਨੂੰ ਲਿਖਣ ਸਮੇਂ ਮੈਂ ਸੱਚ ਦੀ ਅਨੁਭੂਤੀ ਤੋਂ ਇਕ ਪਲ ਲਈ ਵੀ ਵੱਖ ਨਹੀਂ ਹੋਇਆ।

ਇਸ ਕਾਵਿ-ਸੰਗ੍ਰਹਿ ਦੀਆਂ ਨਿੱਕੀਆਂ ਕਵਿਤਾਵਾਂ ਸ਼ਹੀਦ ਦੇ ਅਸੀਮ ਕਰਮ-ਖੇਤਰ ਦੀਆਂ ਝਲਕਾਂ ਦਿੰਦੀਆਂ ਹਨ। ਮਹਾਨ ਸ਼ਹੀਦਾਂ ਦਾ ਚਿੰਤਨ ਧਰਤੀ ਦੀ ਖ਼ੂਬਸੂਰਤੀ ਤੋਂ ਸ਼ੁਰੂ ਹੋ ਕੇ ਮੌਤ ਨੂੰ ਸਰ ਕਰਦਾ ਹੋਇਆ ਉੱਪਰ-ਪ੍ਰਕ੍ਰਿਤਕ ਮੰਡਲਾਂ ਤਕ ਪਹੁੰਚਦਾ ਹੈ। ਇੱਕੋ ਸਮੇਂ ਇਹ ਰੂਹਾਨੀ, ਕੌਮੀ, ਸਮਾਜਿਕ ਅਤੇ ਵਿਸ਼ਵ-ਵਿਆਪੀ ਬਰਕਤਾਂ ਦਾ ਸੁਆਮੀ ਹੁੰਦਾ ਹੈ। ਜਦੋਂ ਸ਼ਹੀਦ ਦੇ ਅਮਲ ਨੂੰ ਰੂਹ ਦੀ ਨਿਰੰਕੁਸ਼ ਸੁਤੰਤਰਤਾ ਸਿਦਕੀ ਜਲਾਲ ਨਾਲ ਅੰਦਰੋਂ-ਬਾਹਰੋਂ ਰੰਗ ਦੇਵੇ ਅਤੇ ਜਦੋਂ ਉਹ ਸੰਤ ਵਾਂਗ ਹਰ ਕਿਸਮ ਦੀ ਜ਼ਾਤੀ ਗਰਜ਼ ਤੋਂ ਪਾਕ ਹੋ ਜਾਵੇ, ਤਾਂ ਉਹ ਸ਼ਹੀਦਾਂ ਦਾ ਸਿਰਤਾਜ ਹੋ ਜਾਂਦਾ ਹੈ, ਜਿਵੇਂ ਮਨਸੂਰ ਜਾਂ ਸ਼ਾਮ ਸਿੰਘ ਅਟਾਰੀ ਵਾਲਾ। ਜਦੋਂ ਸ਼ਹੀਦ ਨਿੱਜੀ ਲਾਲਸਾਵਾਂ ਦਾ ਬੰਧਨ ਅਪਣਾ ਲਵੇ, (ਜਿਵੇਂ ਹਰ ਪੱਖੋਂ ਸੱਚ ਨੂੰ ਪ੍ਰਗਟਾਉਂਦੀ ਸੰਤ ਰਣਧੀਰ ਸਿੰਘ ਦੀ ਚਿੱਠੀ ਭਗਤ ਸਿੰਘ ਬਾਰੇ ਦਸਦੀ ਹੈ), ਤਾਂ ਉਸਦੀ ਅਹਿਮੀਅਤ ਆਮ ਨੇਕ ਆਦਮੀ ਨਾਲੋਂ ਕੁਝ ਹੀ ਵੱਧ ਰਹਿ ਜਾਂਦੀ ਹੈ। ਇਹੋ ਕਾਰਨ ਹੈ, ਕਵੀ ਸ਼ਹੀਦ ਦੀ ਅਰਦਾਸ (ਲੰਮੀ ਕਵਿਤਾ) ਵਿਚ ਭਗਤ ਸਿੰਘ ਦਾ ਜ਼ਿਕਰ ਕਰਨਾ ਅਚੇਤ ਹੀ ਭੁੱਲ ਗਿਆ। ਜਦੋਂ ਮਾਨਵਤਾ ਨੂੰ ਇਤਿਹਾਸਕ ਪ੍ਰਬੰਧ ਵਿਚ ਚਲਾਉਂਦੀਆਂ ਰੂਹਾਨੀ ਕੀਮਤਾਂ ਦਾ ਸਿਲਸਿਲਾ ਟੁੱਟ ਜਾਂਦਾ ਹੈ, ਤਾਂ ਸ਼ਹੀਦ ਦੇ ਇਸ਼ਕ ਦੀ ਇੰਤਹਾ ਦੁਨੀਆ ਦੇ ਸਭ ਤਬਕੇ ਦੇ ਇਨਸਾਨਾਂ ਨੂੰ ਆਪਣੀ ਵਿਸ਼ਾਲ ਬੁੱਕਲ ਵਿਚ ਘੁੱਟ ਲੈਂਦੀ ਹੈ। ਉਸ ਦੀ ਸਰੀਰਕ ਹਸਤੀ ਮਿਟ ਕੇ ਮਾਨਵਤਾ ਦਾ ਅਨੰਤ ਸਰੀਰ ਹੋ ਜਾਂਦੀ ਹੈ। ਉਦੋਂ ਉਸ ਦੀ ਅਰਦਾਸ ਨਾਲ ਪੈਗ਼ੰਬਰ, ਧਰਮ ਅਤੇ ਕਬੀਲੇ ਕਤਾਰਾਂ ਬੰਨ੍ਹ ਕੇ ਖਲੋ ਜਾਂਦੇ ਹਨ। ਕਵੀ ਸ਼ਹੀਦ ਦੇ ਅਜਿਹੇ ਸੱਚ ਦੇ ਪ੍ਰਗਟਾ ਲਈ ਕਿਸੇ ਵੀ ਵਿਸ਼ਵ-ਤ੍ਰਾਸਦੀ ਦਾ ਕੋਈ ਲਘੂ ਜਾਂ ਲੰਮਾ ਦ੍ਰਿਸ਼ਟਾਂਤ ਚੁਣ ਸਕਦਾ ਹੈ। ਇਹ ਕਵਿਤਾ ਵੀ ਮੈਂ ਕਿਸੇ ਐਸੇ ਹੀ ਆਵੇਸ਼ ਵਿੱਚੋਂ ਲਿਖੀ ਸੀ, ਜਦੋਂ ਮੈਂ ਆਪਣੇ ਅਜ਼ੀਮ ਦੋਸਤ ਪਾਲ ਅਤੇ ਦੋ ਹੋਰ ਯਾਰਾਂ ਨਾਲ ਰਾਜਸਥਾਨ ਦੇ ਸ਼ਹਿਰਾਂ, ਕਿਲਿਆਂ ਅਤੇ ਥਲ ਨੂੰ ਵੇਖ ਕੇ ਅਤੇ ਗੁਰੂ-ਰਾਹਾਂ ਦੀ ਦੈਵੀ ਝਲਕ ਲੈ ਕੇ ਪੰਜਾਬ ਪਰਤਿਆ ਸਾਂ।

(25-7-1989)


ਸ਼ਹੀਦ ਦੀ ਅਰਦਾਸ

ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ (ਗੁਰੂ ਨਾਨਕ ਸਾਹਿਬ–ਮਾਝ ਕੀ ਵਾਰ) ਭਾਗ ਪਹਿਲਾ -1- ਅਧ ਵਿਚ ਉਮਰ ਮੇਰੀ ਦਾ ਪੈਂਡਾ ਵਿਸੁ-ਧੂੰਏਂ ਜਦ ਲੁੱਤਾ; ਬਾਲਪਨ ਦੇ ਬਿਰਖ ਦੇ ਹੇਠਾਂ ਲੰਮੀਆਂ ਤਾਣ ਮੈਂ ਸੁੱਤਾ। ਕੌਮਾਂ ਦੀਆਂ ਆਹਾਂ ਦਾ ਯਾਰੋ, ਹੌਲ ਪਤਾਲ ਤੋਂ ਭਾਰੀ; ਮਾਹੀ ਦੇ ਚਰਨਾਂ ਨਾ' ਲੱਗੀ ਖਿਚਦਾ ਜਾਨ ਪਿਆਰੀ। ਨੀਂਦ ਨੂੰ ਸੇਕ ਪਵੇ ਤਾਂ ਵੇਖਾਂ, ਰੋਣ ਕਾਫ਼ਲੇ 'ਕੱਲੇ । ਕੌਮਾਂ ਦੇ ਸ਼ਮਸ਼ਾਨ ਬਲਣ ਪਏ, ਗਯਾ ਬ੍ਰਿਛ ਦੇ ਥੱਲੇ। ਸਿਰ 'ਚੋਂ ਨਿਕਲ ਅਗਨ ਦੀਆਂ ਜੀਭਾਂ ਬੈਠ ਥਲੀਂ ਕੁਝ ਲਿੱਖਣ, ਸਾਹ ਮੇਰੇ ਨੂੰ ਕਿਸੇ ਖ਼ਲਾ ਵੱਲ ਸ਼ੂਕ ਸਰਾਲਾਂ ਖਿੱਚਣ। ਬੰਨ੍ਹ ਤੂਫ਼ਾਨ ਕਾਲ ਚੋਂ ਲਿਆਇਆ ਬੰਦੀਵਾਨ ਜ਼ਮੀਰਾਂ, ਧੌਲੀ ਦਾੜ੍ਹੀ ਖ਼ੁਸ਼ਕ ਕੇਸ ਨੂੰ ਵਾਹੁੰਦਾ ਘੱਤ ਵਹੀਰਾਂ। ਲੂਹੇ ਪਿੰਡ ਲੰਘ ਕੁਰਲਾਟਾਂ ਸੁਪਨੇ ਦੇ ਵਿਚ ਢੱਲਣ, ਤਪ ਤੋੜ ਰਿਸ਼ੀਆਂ ਦੇ ਭਾਰੀ ਨੀਂਦ ਦਾ ਬੂਹਾ ਮੱਲਣ। ਜਦੋਂ ਮਾਸੂਮਾਂ ਦੀ ਮਕਤਲ 'ਚੋਂ ਚੜ੍ਹਣ ਵਿਸ਼ੈਲੀਆਂ ਛੱਲਾਂ; ਖੜ੍ਹੀ ਨੀਂਦ ਦੇ ਬੂਹੇ ਪਾਉਂਦੀ ਬੂੰਦ ਜ਼ਮਜ਼ਮੀ ਠੱਲ੍ਹਾਂ। ਮਿਟ ਚੁੱਕਿਆਂ ਮਜ਼੍ਹਬਾਂ ਦੀਆਂ ਪੈੜਾਂ ਕਰਨ ਨੀਂਦ ਤੇ ਛਾਵਾਂ। ਗੁਫ਼ਾ ਅਜਿੱਤ 'ਚੋਂ ਛੇਕ ਸੁੱਟਿਆ ਜਮ ਨੇ ਵਕਤ ਨਿਥਾਵਾਂ। ਇੰਞ ਕਲੇਸ਼ ਪੁਸ਼ਤ ਦਰ ਪੁਸ਼ਤਾਂ ਡਸਣ ਨੀਂਦ ਦੀਆਂ ਜੂਹਾਂ। ਕਬਰ ਜੇਹੀ ਕਾਇਆਂ ਵਿਚ ਹੱਸਣ ਅਣਪਛਾਣੀਆਂ ਰੂਹਾਂ। ਤੱਕ ਮੋਏ ਲਸ਼ਕਰ ਦੀਆਂ ਰਾਹਾਂ ਪੀੜ ਜਰਾਂ ਵਿਚ ਆਸਾਂ। ਧਰਤੀ ਦੀਆਂ ਪੌਣਾਂ 'ਤੇ ਰਹੀਆਂ ਕੋਟ ਬੇਨਾਮ ਪਿਆਸਾਂ। ਭੈਅ ਹੈ ਇਕ ਦਿਨ ਵਿਛੜ ਸਜਣ ਤੋਂ ਨਾਲ ਗੁਨਾਹਾਂ ਜਾਸਾਂ। ਅੱਜ ਮੈਂ ਤਾਹੀਉਂ ਨੀਂਦ ਦੇ ਦਰ 'ਤੇ ਜ਼ਾਮਨ ਕੋਈ ਬੈਠਾਸਾਂ। ਪੀਲੇ ਪੱਤਾਂ ਦੇ ਹੜ੍ਹ ਆਉਂਦੇ ਚਾ ਗੁਮਨਾਮ ਅਵਾਜ਼ਾਂ। ਕਦੇ ਹਰੇ ਵਣਾਂ ਦੇ ਜਲਵੇ ਲਾਉਣ ਪਏ ਪਰਵਾਜ਼ਾਂ। ਕੋਮਲ ਨੀਂਦ 'ਤੇ ਵਕਤ ਦਾ ਪਹਿਰਾ ਜਕੜ ਕਠੋਰ ਬਣਾਵੇ। ਉਂਝ ਤਾਂ ਸਭ ਸਮਿਆਂ ਤੋਂ ਅੱਗੇ ਕੋਈ ਪੈਗ਼ੰਬਰ ਗਾਵੇ। ਚਾਏ ਰੁੱਖ ਬਾਲਪਨ ਹੇਠਾਂ ਘੜੇ ਸਕੂਨ ਦੇ ਫ਼ਜਰਾਂ- ਤਦੋਂ ਮੇਰੀ ਨੀਂਦ 'ਤੇ ਜੁੜੀਆਂ ਸਦੀ ਸਦੀ ਦੀਆਂ ਨਜ਼ਰਾਂ। ਆਖਰ ਮੇਰੀ ਨੀਂਦ 'ਤੇ ਢਿਲਕੇ ਕੋਟ ਕੰਵਲ ਅਸਮਾਨੀ। ਆਏ ਦੂਰ ਚਾਨਣੀ ਵਿੱਚੋਂ ਸੈ ਵਰ੍ਹਿਆਂ ਦੇ ਜਾਨੀ। ਲੰਘੀ ਨੀਂਦ ਜੁਗਾਂ ਦੇ ਰੌਲੇ ਚਾ ਨਿਰਵਾਨ ਦੀ ਖਾਰੀ। ਲਿਪਟ ਲਿਪਟ ਕੰਵਲਾਂ ਨੂੰ ਮਹਿਕੇ ਚੰਨ ਚਾਨਣੀ ਪਿਆਰੀ। ਅਧ ਵਿਚ ਉਮਰ ਮੇਰੀ ਦਾ ਪੈਂਡਾ ਜਦ ਹੋਇਆ ਬੇ-ਰੁੱਤਾ। ਬਾਲਪਨ ਦੇ ਬਿਰਖ ਦੇ ਹੇਠਾਂ ਲੰਮੀਆਂ ਤਾਣ ਮੈਂ ਸੁੱਤਾ। -2- ਵਗਿਆ ਮੇਰੀ ਨੀਂਦ 'ਤੇ, ਲੰਮਾ ਕੋਈ ਸਕੂਨ। ਸਿਰ ਮੇਰੇ ਵਿਚ ਥੰਮ੍ਹਿਆ ਪਰਬਤ ਜੇਡ ਜਨੂੰਨ । ਮੈਂ ਨਿਰਵਾਣ ਦਾ ਜਾਪ ਕਰ ਪਾ ਕੇ ਸਮੇਂ ਦੀ ਥਾਹ। ਭੀਸ਼ਮ ਵਾਂਗ ਸਾਂ ਲੈ ਰਿਹਾ ਤਿਲ ਤਿਲ ਵਿੰਨ੍ਹਿਆਂ ਸਾਹ। ਏਸ ਸਕੂਨ 'ਚ ਛੁਪੇ ਸੀ ਕੋਟ ਕਲੇਸ਼ ਮਹੀਨ। ਅਣਬੁੱਝ ਲੱਖ ਬੇਚੈਨੀਆਂ, ਮੌਤ ਦੇ ਅਜਬ ਯਕੀਨ; ਛਹਿ ਕੇ ਬਹਿੰਦਾ ਨਾਗ ਜਿਉਂ ਵਿਚ ਪੁਰਾਣੀ ਗੋਰ, ਗੁਫ਼ਾ 'ਚ ਔਝੜ ਕੂਟ ਤੇ ਚਿਰ ਤੋਂ ਛੁਪਣ ਜਿਉਂ ਚੋਰ। ਰਾਹੀਆ ਪਰਬਤ ਦੂਰ ਦੇ ਕੌਣ ਰਿਹਾ ਹੈ ਚੀਰ, ਆਹ ਤੇਸੇ ਦੀ ਉਠਦੀ, ਜਾਂ ਮਜ਼੍ਹਬਾਂ ਦੀ ਪੀੜ। ਵਿੰਨ੍ਹੇ ਪਲ ਪਲ ਨੀਂਦ ਨੂੰ, ਦੱਬੀ ਚੀਖ ਅਧੀਰ। ਸੁੱਤੀਆਂ ਕੌਮਾਂ ਕੁਹਣ ਲਈ ਤਕਦੀ ਨਜ਼ਰ ਬੇ-ਪੀਰ। ਸਈਓ ਬੋਧੀ ਬ੍ਰਿਛ ਤੋਂ ਕੌਣ ਲਿਆਇਆ ਨੀਰ ? ਨੀਂਦ ਦਾ ਬੂਹਾ ਧੋਣ ਲਈ ਫ਼ਜਰੀਂ ਆਏ ਫ਼ਕੀਰ। ਨੈਣ ਸਬਰ ਤੇ ਸਿਦਕ ਦੇ ਨੀਂਦ 'ਤੇ ਕਰਦੇ ਲੋਅ। ਪੱਤ ਲੁੱਟਣ ਦੇ ਹਾਦਸੇ ਕਿੱਥੇ ਲਵਾਂ ਲੁਕੋ ? ਪਾਲੇ ਧੀਆਂ ਵਾਂਗ ਮੈਂ, ਕੁਝ ਨਦੀਆਂ ਦੇ ਮੋਹ; ਹਿਜਰ ਹੰਡਾਉਣਾ ਉਹਨਾਂ ਦਾ ਬਾਰ ਪਰਾਏ ਰੋ। ਵਿਚ ਨੀਂਦ ਮੈਂ ਥੰਮ੍ਹਿਆ, ਲਖ ਸਾਲਾਂ ਦਾ ਰੋਹ; ਬਾਲਪਨ ਦੇ ਬ੍ਰਿਛ 'ਤੇ ਚੰਨ ਚਾਨਣੀ ਕੋ। - - - - - ਇਕ ਪਲ ਹੁਜਰੇ ਸਿਦਕ ਦੇ ਦੀਵੇ ਬੁਝਦੇ ਆ, ਦੂਜੇ ਪਲ ਵਿਚ ਚਮਕਦੇ ਜ਼ਖ਼ਮ ਮੇਰੇ ਸ਼ਰਮਾ। ਬੇਵਫ਼ਾ ਸਦੀਆਂ ਦੀ ਹੂੰਗਰ ਭਾਵੇਂ ਰਹੀ ਸਤਾ, ਦਰ ਮੂਰਛਾ ਭੀਸ਼ਮ ਵਾਂਗੂੰ ਸਿਦਕਾਂ ਲਈ ਪਨਾਹ। ਮੈਂ ਉੱਚੇ ਅਸਮਾਨ ਦੇ ਟਿਮ ਟਿਮ ਤਾਜ ਸਜਾ, ਬਾਲਪਨ ਦੇ ਬਿਰਖ ਦਾ ਪੱਤ ਪੱਤ ਲਿਆ ਜਗਾ। + + + + + -3- ਅੱਧੀ ਰਾਤ ਸੀ ਉਮਰ ਦਾ ਪਹਿਰ ਦੂਜਾ ਬਾਲਪਨ ਦਾ ਬ੍ਰਿਛ ਪਛਾਣਿਆਂ ਮੈਂ। ਡੂੰਘੀ ਨੀਂਦ ਦੇ ਮੁਲਕ ਮਾਸੂਮ ਮੁੜਕੇ, ਪੱਤਣ ਫੇਰ ਝਨਾਂ ਦਾ ਛਾਣਿਆਂ ਮੈਂ। ਕੱਚੇ ਵਿਹੜਿਆਂ ਵਿਚ ਤ੍ਰਿੰਞਣਾਂ ਦਾ, ਯਾਰੋ ਰਾਗ ਅਨੋਖੜਾ ਮਾਣਿਆਂ ਮੈਂ। ਕੌਮਾਂ ਬਹੁਤ ਜਹਾਨ ਦੇ ਵਿਚ ਆਈਆਂ, ਪੰਥ ਜੇਡ ਨ ਕਿਸੇ ਨੂੰ ਜਾਣਿਆਂ ਮੈਂ। ਤੇਰੇ ਬਾਜ਼ ਨੂੰ ਰਹੇ ਉਡੀਕਦੇ ਸੀ, ਮਿੱਟੀ ਵਿਚ ਗੁਨਾਹਾਂ ਦੇ ਬੋਲ ਮੇਰੇ। ਲੁੱਟੀ ਪੱਤ ਨਾਲ ਕੌਮ ਨੇ ਕੌਲ ਕੀਤੇ, ਨੈਣ ਬਣੇ ਗਵਾਹ ਅਨਭੋਲ ਮੇਰੇ। ਗਿਆ ਸਬਰ ਅਸਮਾਨ ਨੂੰ ਚੀਰ ਜਿਹੜਾ ਰਿਹਾ ਬਿਖੜੇ ਪੈਂਡੇ ਫਰੋਲ ਮੇਰੇ। ਸੌਂ ਗਏ ਨਾਲ ਮਾਸੂਮੀਆਂ ਵਾਂਗ ਬਾਲਾਂ, ਵੈਰ ਦੂਤੀਆਂ ਵਾਲੜੇ ਕੋਲ ਮੇਰੇ । ਕਿੱਸੇ ਲੱਥੜੀ ਪੱਗ ਤੇ ਪੱਤ ਵਾਲੇ, ਸਾਂਭ ਜਿਗਰ 'ਤੇ ਰੱਖੇ ਦੀਵਾਨਿਆਂ ਨੇ। ਚੁਭਿਆ ਰਹੇਗਾ ਜਿੰਦ ਵਿਚ ਕੋਟ ਬਰਸਾਂ, ਤਾਹਨਾ ਮਾਰਿਆ ਜਿਹੜਾ ਬੇਗਾਨਿਆਂ ਨੇ। ਬ੍ਰਿਹਾ ਵਿਚ ਹੀ ਵਕਤ ਦਾ ਪਾਟ ਲੰਮਾ, ਬੰਨ੍ਹ ਲਿਆ ਸ਼ਹੀਦ ਦੇ ਗਾਨਿਆਂ ਨੇ। ਅੱਜ ਰਾਤ ਬੇਦਾਵੇ ਦੇ ਸਫ਼ਰ ਮੁੱਕੇ, ਅੰਬਰ ਲੱਭ ਲਏ ਨਵੇਂ ਨਿਸ਼ਾਨਿਆਂ ਨੇ। ਰਾਤ ਗੀਤ ਦੀ ਨੂਰ ਦੇ ਲੈ ਚੱਪੂ, ਮਾਂਝੀ ਚਲੇ ਗਏ ਨਦੀਆਂ ਦੇ ਮੋੜਦਾ ਮੈਂ। ਘਾਇਲ ਹੋਇਆਂ ਦੀ ਕੂਕ ਨੂੰ ਗਲੇ ਲਾਵਾਂ, ਰਾਹ ਕੂੰਜਾਂ ਦੇ ਕਦੇ ਨ ਤੋੜਦਾ ਮੈਂ। ਚੁੱਕ ਸ਼ਾਹ ਅਸਵਾਰਾਂ ਦੀ ਧੂੜ ਸੋਹਣੀ, ਨਾਲ ਮਜਲਸ ਫ਼ਕੀਰਾਂ ਦੀ ਜੋੜਦਾ ਮੈਂ। ਅੱਧੀ ਰਾਤ ਨੂੰ ਬਾਲਪਨ ਬ੍ਰਿਛ ਹੇਠਾਂ, ਰਮਜ਼ ਮਾਹੀ ਦੀ ਆਖ਼ਰੀ ਲੋੜਦਾ ਮੈਂ। ਨਦੀਆਂ ਵਾਂਗ ਧਰਵਾਸ ਦਾ ਬੋਲ ਡੂੰਘਾ, ਘਣੇ ਬ੍ਰਿਛ ਦੀ ਚੁੱਪ ਵਿਚ ਟੋਲਦਾ ਮੈਂ। ਮਿੱਟੀ ਵਿਚ ਅਸਮਾਨ ਦੇ ਰਾਜ਼ ਬਲਦੇ, ਅਨਲਹੱਕ ਦੇ ਨਾਅਰੇ ਵਿਚ ਘੋਲਦਾ ਮੈਂ। ਦੂਰ ਜਾਂਦੇ ਮੁਸਾਫ਼ਰਾਂ 'ਕੱਲਿਆਂ ਨੂੰ, ਸੁਖਨ ਕਿਸੇ ਮਹਿਬੂਬ ਦੇ ਬੋਲਦਾ ਮੈਂ। ਖ਼ੂਨੀ ਵਾ ਵਰੋਲੇ ਦੀ ਵਾਗ ਫੜਕੇ, ਖ਼ਾਬ ਸ਼ਬਨਮਾਂ ਦੇ ਫਿਰਾਂ ਟੋਲਦਾ ਮੈਂ। ਜਿੱਥੇ ਕਿੱਥੇ ਵੀ ਰੁਲੇ ਨਸੀਬ ਮੇਰੇ, ਪੈਂਡੇ ਬਣੇ ਵੈਰਾਗੀਆਂ ਜੋਗੀਆਂ ਦੇ। ਧੀਆਂ ਵਾਂਗ ਉਸ ਗਲੇ ਦੇ ਨਾਲ ਲਾਏ, ਅੱਜ ਰਾਤ ਸਭ ਪੰਧ ਵਿਜੋਗੀਆਂ ਦੇ। ਸ਼ੱਬੇ-ਕਦਰ ਦਾ ਰਹਿਮ ਹੀ ਦਸ ਸੱਕੇ, ਸਾਲ ਬੀਤਦੇ ਕਿਵੇਂ ਨੇ ਸੋਗੀਆਂ ਦੇ। ਚੜ੍ਹਣੀ ਫ਼ਜਰ ਨਿਰਵਾਣ ਦੀ ਓਸ ਉੱਤੇ, ਰੱਖੇ ਸੀਸ ਜਿਸ ਗੋਦ ਵਿਚ ਰੋਗੀਆਂ ਦੇ। ਮਹਾਂ ਸਿੰਘ ਦੇ ਦਰਦ ਦੀ ਚੀਸ ਡੂੰਘੀ, ਜਪਾਂ ਤਪਾਂ ਤੋਂ ਅੱਗੇ ਸੰਭਾਲਦਾ ਮੈਂ। ਗੁਨਾਹਗਾਰਾਂ ਦੇ ਮਜਮਿਆਂ ਵਿਚ ਬੈਠਾ, ਬਖ਼ਸ਼ਣਹਾਰ ਦੀ ਨਜ਼ਰ ਨੂੰ ਪਾਲਦਾ ਮੈਂ। ਜਿਹੜੀ ਮਿੱਟੀ ਸ਼ਹੀਦਾਂ ਦੀ ਰੁੱਤ ਵੇਖੀ, ਸ਼ਬਨਮ ਓਸੇ ਹੀ ਰੁੱਤ ਦੀ ਭਾਲਦਾ ਮੈਂ। ਆਖ਼ਿਰ ਸਮੇਂ ੱਚੋਂ ਸੱਚ ਦੀ ਨਜ਼ਰ ਲੱਭੀ, ਨਹੀਂ ਤਾਂ ਕੁੱਲ ਅਸਮਾਨ ਹੀ ਜਾਲਦਾ ਮੈਂ। ਤਪੇ ਰਣਾਂ ਵਿਚ ਸਿਖਰ ਦੁਪਹਿਰ ਵੇਲੇ, ਪਾਣੀ ਦੇਣ ਹਰ ਘਾਇਲ ਨੂੰ ਚੱਲਿਆ ਮੈਂ। ਰਾਤ ਦਿਹੁੰ ਦੇ ਅਦਲ ਦੀ ਅਜਬ ਲੀਲਾ, ਵੈਰੀ ਮੀਤ ਦੇ ਨਾਲ ਹੱਸ ਖੱਲਿਆ ਮੈਂ। ਬਖ਼ਸ਼ਣਹਾਰ ਵਲ ਸਿੰਨ੍ਹਿਆ ਤੀਰ ਦੂਤੀ, ਕਿਸੇ ਬਲੀ ਹੰਝੂ ਸੰਗ ਠੱਲਿਆ ਮੈਂ। ਰਾਹ ਨ ਭੁੱਲਿਆ ਮਿੱਠੜੇ ਘਰਾਂ ਸੰਦਾ, ਨਦੀ ਸਾਗਰ ਪਹਾੜ ਨੂੰ ਝੱਲਿਆ ਮੈਂ। ਓਸ ਰਾਤ ਮੈਂ ਬਾਲਪਨ ਬਿਰਖ ਹੇਠਾਂ, ਕਦੇ ਮੂਰਛਿਤ ਕਦੇ ਮੈਂ ਸੁੱਤੜਾ ਸਾਂ। ਦੇਂਦਾ ਕਦੇ ਦਿਲਾਸੜੇ ਭੱਠ ਝੋਕਾਂ, ਸੁਲੇਮਾਨ ਵਿਚਾਰੇ ਦਾ ਦੁੱਖੜਾ ਸਾਂ। ਵੱਡੇ ਤਪਾਂ ਵਿਚ ਰਣਾਂ ਦੇ ਵੈਣ ਸੁਣਦਾ, ਚੀਸ ਛਾਲੇ ਦੀ ਥਲਾਂ ਦਾ ਮੁੱਖੜਾ ਸਾਂ। ਜਿਹੜੀ ਨਦੀ ਨੂੰ ਸੁੱਕਿਆਂ ਬਰਸ ਬੀਤੇ, ਉਹਦੇ ਮਾਂਝੀ ਦੀ ਕਬਰ ਦਾ ਰੁੱਖੜਾ ਸਾਂ। ਰਾਤੀਂ ਨਿਕਲ ਚਮਕੌਰ ਦੀ ਗੜ੍ਹੀ ਵਿੱਚੋਂ, ਛਾਲੇ ਹੋਇ ਵਿਚ ਕੰਡਿਆਂ ਉੱਗਿਆ ਮੈਂ। ਹਰ ਇਕ ਸਮੇਂ ਵਿਚ ਅਜਨਬੀ ਪੈੜ ਮੇਰੀ, ਕੌਮਾਂ ਲੱਖਾਂ ਦੇ ਚੋਗੇ ਨੂੰ ਚੁੱਗਿਆ ਮੈਂ। ਬਣਕੇ ਰੇਤ ਕੋਈ ਸਿਦਕ ਦੇ ਮੋਤੀਆਂ ਦੀ, ਫਲਗੂ ਨਦੀ ਦੇ ਪਾਣੀਏਂ ਡੁੱਬਿਆ ਮੈਂ। ਸਿੱਖ ਸਿੱਖ ਸਮੁੰਦਰਾਂ ਵਿਚ ਵਿਛਿਆ, ਚੰਚਲ ਲਹਿਰ ਹਰ ਸਾਮ੍ਹਣੇ ਪੁੱਗਿਆ ਮੈਂ। ਜਿਵੇਂ ਸ਼ੁਤਰ ਦੇ ਕਾਫ਼ਲੇ ਥਲੀਂ ਸੁਣਦੇ, ਹੇਕ ਮੁੱਢ ਕਦੀਮ ਦੇ ਤਾਰਿਆਂ ਦੀ। ਮੇਰੀ ਨੀਂਦ ਇਉਂ ਆਖਰੀ ਸੱਦ ਆਈ, ਮਿਟੀਆਂ ਕੌਮਾਂ ਦੇ ਲਸ਼ਕਰਾਂ ਭਾਰਿਆਂ ਦੀ। ਅੱਜ ਰਾਤ ਫ਼ਰਿਆਦ ਮੈਂ ਹਿੱਕ ਲਾਵਾਂ, ਲੱਖਾਂ ਸੁੱਤਿਆਂ ਕਪਟ ਵਿਚ ਮਾਰਿਆਂ ਦੀ। ਵਾਰੇ ਨੂਰ ਅਸਵਾਰ ਤੇ ਥਲਾਂ ਅੰਦਰ, ਲੋਅ ਉੱਚੀ ਜੋ ਨੀਂਦ ਚੁਬਾਰਿਆਂ ਦੀ। ਡੂੰਘੀ ਨੀਂਦ 'ਚੋਂ ਕੌਣ ਜਗਾਂਵਦਾ ਹੈ, ਫਾਹੁੰਦੇ ਜਿੰਦ ਨੂੰ ਜਾਲ ਚੁਰਾਸੀਆਂ ਦੇ। ਕਿਉਂ ਨ ਸੁਣੇ ਫ਼ਕੀਰ ਕੋਈ ਦਰਦ ਆ ਕੇ, ਬੋਧੀ ਬ੍ਰਿਛ ਤੇ ਕੂੰਜਾਂ ਪਿਆਸੀਆਂ ਦੇ। ਕਿਸੇ ਸੱਦ ਮਹੀਨ ਨੇ ਵਿੰਨ੍ਹਿਆ ਮੈਂ, ਜਿਵੇਂ ਬੋਲ ਪੁਰਾਣੇ ਬਨਬਾਸੀਆਂ ਦੇ। ਲਹੂ ਡਿੱਗਦਾ ਸਮੇਂ ਦੇ ਖੰਭ ਵਿੱਚੋਂ, ਫਨੀਅਰ ਕੀਲਦੇ ਪੰਧ ਉਦਾਸੀਆਂ ਦੇ। -4- ਫਿਰ ਕੀ ? ਨੀਂਦ ਨੂੰ ਤੋੜਕੇ ਨਸ ਗਿਆ ਕੋਈ ਰਾਗ। ਜਾਂ ਤਾਂ ਭਰਮ ਫ਼ਕੀਰ ਦਾ ਜਾਂ ਔਹ ਬੁਝੇ ਚਰਾਗ਼। ਸੋਗ ਮਨਾਉਂਦੇ ਬ੍ਰਿਛ ’ਤੇ, ਤਕਦੀਰਾਂ ਦੇ ਕਾਗ। ਡੰਗੇ ਨਭ ਨੂੰ ਨਾਗ ਜਿਉਂ ਬੇਚੈਨ ਇਕ ਜਾਗ। ਕਿਸ ਨੇ ਘੋੜਾ ਮਾਰਿਆ ? ਕਿਸ ਨੇ ਤੋੜੀ ਵਾਗ ? ਕਾਲੇ ਪੈਂਡੇ ਸ਼ੁਕਦਾ ਕੱਲਮ ਕੱਲਾ ਨਾਗ। ਫਿਰ ਮੈਂ ਜ਼ਖ਼ਮੀ ਬਾਜ਼ ਕੋਈ, ਤੱਕਾਂ ਅਜ਼ਲਾਂ ਲਾਗ; ਜਿਸਦੇ ਸਿਰ 'ਤੇ ਉੱਡਦੇ ਸੈ ਵਰ੍ਹਿਆਂ ਤੋਂ ਕਾਗ। ਘਾਇਲ ਬਾਜ਼ ਦੀ ਸੁਣੀ ਮੈਂ ਕਿਲਕਾਰੀ ਜਿਉਂ ਕਾਲ ! ਫਾਂਸੀ ਵਾਂਗੂੰ ਚੰਬੜੀ ਸ਼ਾਹ ਰਗ ਮੇਰੀ ਨਾਲ। ਪਿੰਜਰ ਬੇਪੱਤ ਕੌਮ ਦੇ ਚੂੰਡ ਅੱਖਾਂ ਦੇ ਵਾਲ; ਦੂਰ ਕਾਗ ਗਏ ਉੱਡਦੇ ਜਿਉਂ ਉਮਰਾ ਦੇ ਸਾਲ। + + + + + ਰਾਤੀਂ ਬੈਠੀ ਕੂੰਜ ਕੋ, ਬਾਲਪਨੇ ਦੇ ਰੁੱਖ। ਨੂਹ ਦੇ ਸਮੇਂ ਤੋਂ ਵਿਛੜੀ, ਜਿਸ ਦੀ ਤੜਪੇ ਕੁੱਖ । ਜ਼ਖਮੀ ਬਾਜ਼ ਨੂੰ ਤੱਕ ਕੇ, ਹੋਰ ਹੋਈ ਦਿਲਗੀਰ। "ਬਚੜੇ ਛੋਡ ਬਿਗਾਨੜੀ ਮੈਂ ਹੋਈ ਵੇ ਵੀਰ।” ਕਿਹਾ ਬਾਜ਼ ਨੇ ਕੂੰਜ ਨੂੰ, ਰਾਜ਼ ਕਦੀਮ ਲੁਕੋ : “ਛੱਡ ਨ ਭੈਣੇ ਅਜੇ ਤੂੰ, ਬ੍ਰਿਛ ਹਰੇ ਦੇ ਮੋਹ। “ਨੂਹ ਸਮੇਂ ਤੋਂ ਵਿਛੜੇ ਤੇਰੇ ਬਚੜੇ ਜੋ, ਮਿਲਸਨ ਤੈਂ ਅਰਦਾਸ ਦੇ, ਸਾਹਮੇ ਜਾਣ ਜੇ ਹੋ । “ਪਰ ਅਰਦਾਸਾਂ ਅਮਲ ਬਿਨ ਸੁਕ ਸੁਕ ਜਾਵਣ ਖੋ, ਹਾਰੀ ਹੋਈ ਕੌਮ ਦੇ ਜ਼ਖ਼ਮ ਨ ਮਿਲਦੇ ਰੋ। “ਸ਼ਾਮ ਸਿੰਘ ਜੋ ਵੇਖਿਆ, ਵਿਚ ਸਭਰਾਵਾਂ ਬਾਜ਼ ; ਮੈਂ ਓਸੇ ਹੀ ਸਿਦਕ ਦਾ, ਘਾਇਲ ਨਿਥਾਵਾਂ ਰਾਜ਼। “ਹਾਰੇ ਪੁੱਤ ਅਰਦਾਸ ਦੇ, ਸੁੱਟ ਰੋਂਦੀ ਸ਼ਮਸ਼ੀਰ। ਕੌਮਾਂ ਛਲ ਵਿਚ ਬੰਨ੍ਹਦੇ, ਕੋਟ ਸੁਪਨ ਬੇ-ਪੀਰ। “ਅਦਨੋਂ ਆਉਂਦੀ ਸੁਣੇ ਤੂੰ, ਜੋ ਕੁਰਲਾਟ ਨਿਸ਼ੰਗ। ਬੇਰਾਹ ਥਲ ਵਿਚ ਬੋਟ ਜਿਉਂ, ਲੁਛਦੀ ਦਰਦ-ਤਰੰਗ। “ਜਿੰਦ ਮਾਸੂਮ ਦਲੀਪ ਦੀ, ਖੁਭੇ ਮਸੀਹੀ ਡੰਗ। ਬੂੰਦ ਸਜਨ ਦੇ ਦੇਸ ਦੀ, ਗਗਨ ਤੋਂ ਮਿਲੇ ਨ ਮੰਗ। “ਬਰਸਾਂ ਜਿੰਦ ਮਲੂਕ 'ਤੇ, ਮਜ਼੍ਹਬ ਸਲੀਬੀ ਟੰਗ । ਸੁਪਨ ਬੇ-ਪੀਰ ਹੀ ਰਿਹਾ ਸੀ ਬਦਨਸੀਬ ਦੇ ਸੰਗ। “ਮਨ ਦੇ ਥੰਮ੍ਹ ਤਪਾਂਵਦਾ, ਹਫ ਹਫ ਥਲਾਂ ਨੂੰ ਲੰਘ। ਕਾਲੇ ਅੰਬਰੋਂ ਸੁੱਟਦਾ, ਟੁਕ ਟੁਕ ਜਿੰਦ ਦੇ ਅੰਗ। “ਕੀਤੇ ਸੁਪਨ ਬੇ-ਪੀਰ ਨੇ, ਲੁਕ ਲੁਕ ਲਖ ਫ਼ਰੇਬ। ਅਜਬ ਮਸੀਹੀ ਭੇਸ ਵਿਚ, ਛੇੜ ਹਿਰਸ ਦੇ ਵੇਗ। “ਲਿਸ਼ਕੀ ਨਜ਼ਰ ਦਲੀਪ ਦੀ, ਇਕ ਪਲ ਗੁਰੂ ਦੀ ਤੇਗ। ਪਲ ਦੂਜੇ ਛਲ ਸਮੇਂ ਦੇ, ਉਠ ਪਏ ਬੇਦਰੇਗ। “ਸਿਰ ਕੌਮਾਂ ਦੇ ਰਿੱਝਦੇ, ਵਿਚ ਸ਼ੈਤਾਨੀ ਦੇਗ। ਝੁੱਲਿਆ ਸੀਸ ਦਲੀਪ 'ਤੇ, ਵਿਸ ਦਾ ਭਰਿਆ ਮੇਘ।” + + + + + ਗੀਤ ਘਾਇਲ ਬਾਜ਼ ਦੇ ਸੁਖਨ ਸੁਣ, ਕੂੰਜ ਨੇ ਨੈਣ ਭਰੇ। ਅਦਨ ਦੇ ਸਾਗਰ ਸਾਹਮਣੇ, ਪਿਆਸ ਦੇ ਰੰਗ ਬੜੇ। ਲੱਖਾਂ ਸਾਲ ਦਲੀਪ ਦੇ, ਸਾਹਵੇਂ ਆਣ ਖੜੇ। ਦੇਵਣ ਅਮਿਉ ਬੂੰਦ ਨੂੰ, ਜੇ ਅਰਦਾਸ ਕਰੇ। ਭਾਵੇਂ ਪੁੱਤ ਦੇ ਜਾਣ ਦੇ, ਡਾਢੇ ਤਾਪ ਜਰੇ। ਨੂਰ ਬਿਨਾਂ ਅਰਦਾਸ ਦਾ ਦਾਮਨ ਕੌਣ ਫੜੇ ? ਬਣਦੇ ਨਜ਼ਰ ਜੇ ਪੰਥ ਦੀ, ਪੱਤ ਦੇ ਖੰਭ ਸੜੇ, ਆਉਂਦਾ ਘੋੜਾ ਬੀੜ ਮੈਂ ਮੋੜ ਮੁਹਾਰ ਘਰੇ। ਬਾਲਪਨ ਦੇ ਬਿਰਖ 'ਤੇ, ਜੀਅੜਾ ਕੂੰਜ ਡਰੇ। ਨਾਂਹ ਰੋ ਬਿਰਖਾ ਸੋਹਣਿਆਂ, ਹਾਲੇ ਪੱਤ ਹਰੇ। + + + + + -5- ਨਹੀਂ! ਨਹੀਂ! ਰੁੱਖ ਨਹੀਂ ਹਰਿਆ। ਖ਼ਾਬ ਨਿਆਣੀ ਉਮਰ ਦਾ ਸੜਿਆ। ਦੂਰ ਗੁਫ਼ਾਵਾਂ ! ਬੰਦੀ ਕੂਕੇ, ਸ਼ਾਹ ਰਗ ਲੁਕੇ ਨਾਗ ਸੀ ਸ਼ੂਕੇ। ਪਾਕ ਜ਼ਮੀਰ ਦੇ ਦੇ ਗੁੱਝੇ ਬੂਹੇ ਛੁਪੀ ਪੜੋਸਣ ਹਿਰਸ ਨੇ ਲੂਹੇ। ਖਾ ਖਾ ਨੀਂਦ ਦੁਪਹਿਰੇ ਰੈਣਾਂ ਸਾਜ਼ਿਸ਼ ਓਢ ਤੁਰਨ ਸੰਗ ਡੈਣਾਂ। ਵਾਵਰੋਲੇ ਝੱਖੜ ਸੂਹੇ, ਪੂਰਨ ਸਾੜਕੇ ਸੁੱਟਣ ਖੂਹੇ। ਜ਼ਖ਼ਮੀ ਬਾਜ਼ ਕਦੇ ਹੀ ਦਿਸਦਾ, ਕਾਲ-ਜੀਭ ਦੇ ਉਹਲੇ ਹਿਸਦਾ। ਸ਼ਹਿਰ ਗਰਾਮ ਵਣਾਂ ਦੇ ਸਾਏ, ਜਿੱਧਰ ਵੇਖਾਂ ਬਾਰ ਪਰਾਏ। ਅਜਬ ਬੇਗਾਨਾ ਭਾਰ ਕਿਸੇ ਦਾ ਮੈਂ ਚੁੱਕਾਂ, ਨਾਂਹ ਯਾਰ ਕਿਸੇ ਦਾ ! ਉਡ ਗਈ ਕੂੰਜ, ਮੈਂ ਉਸ ਵਲ ਵੇਖਾਂ ਸੀਨੇ ਜਿਸਦੇ ਗੱਡੀਆਂ ਮੇਖਾਂ। ਖ਼ਾਬ ਗੁਆਚੇ ਮਾਰਨ ਅਣੀਆਂ ਮੀਂਹ ਵਰ੍ਹਦੇ, ਨਾਂਹ ਠੰਢੀਆਂ ਕਣੀਆਂ। ਤਾਜ ਗੁਆਇਆ ਬੁਰੇ ਨਸੀਬਾਂ। ਉਸਦੀਆਂ ਚੁੱਕੇ ਕੌਣ ਸਲੀਬਾਂ ? ਝਲ ਝਲ ਆਇਆ ਸਿਖਰ ਦੁਪਹਿਰਾਂ ਸਤਲੁਜ ਕੰਢੇ ਵਾਂਗ ਮੈਂ ਗ਼ੈਰਾਂ । + + + + + + + + + + ਸੰਞ ਪਈ, ਨ ਉਮਰ ਅੰਞਾਣੀ ! ਵਗਨ ਵਗਨ ਸਤਲੁਜ ਦੇ ਪਾਣੀ। ਵਿਚ ਬੇਟ ਦੀ ਸੰਘਣੀ ਕਾਹੀ, ਹੌਕੇ ਛੱਡ ਗਏ ਲਖ ਰਾਹੀ। ਛੁਪ ਛੁਪ ਬੋਲ ਅਜਨਬੀ ਆਵੇ, ਘਾਇਲ ਪੱਤਣਾਂ ਨੂੰ ਗਲ ਲਾਵੇ। ਦਰਦ ਦੇ ਪਤੇ ਦੇਣ ਵਿਚ ਝੱਲਾਂ, ਬੇਨਿਆਜ਼ ਭਾਰੀਆਂ ਛੱਲਾਂ । ਅੰਬ ਦਾ ਬੂਰ ਤੜਪਦਾ ਦੇਖਾਂ, ਕਿਤੇ ਤੂਫ਼ਾਨ ਕੁਚਲਦੇ ਹੇਕਾਂ। ਪੱਤ ਵੀਰਾਨ ਪੱਤਣ 'ਤੇ ਸੁੱਤੀ, ਰੋ ਪੈੜ ਜ਼ਾਮਨ ਦੀ ਉੱਠੀ। ਲਹਿਰਾਂ ਦੱਸਣ ਲਈ ਖਲੋਈਆਂ, ਜਿੰਦਾਂ ਬਿਨ ਅਰਦਾਸ ਜੋ ਮੋਈਆਂ। ਜ਼ਖਮੀ ਸ਼ੇਰ ਗਵਾਹੀ ਦੇਂਦੇ, ਸੌਣ ਨਾਂਹ, ਰਾਤ ਦਿਹੁੰ ਜੋ ਵੇਂਹਦੇ : “ਆਉਣ ਸ਼ਹੀਦ ਦੀਆਂ ਜਦ ਆਹਟਾਂ ਨਾਂਹ ਮੁੱਕਣ ਘੋੜਾਂ ਦੀਆਂ ਵਾਟਾਂ।” + + + + + ਸੰਞ ਗਈ ਜਿਉਂ ਉਮਰ ਵਿਹਾਣੀ; ਦਹਿਲ ਗਏ ਸਤਲੁਜ ਦੇ ਪਾਣੀ। ਕਲਵਲ ਹੌਲ ਪਵੇ ਮਨ ਮੇਰੇ ਤਾਰੇ ਲਰਜ਼ਣ, ਢਹਿਣ ਬਨੇਰੇ । ਖਿੱਚੇ ਕੌਣ ? ਖ਼ਲਾ ਵਿਚ ਵੇਖਾਂ, ਰੂਹ ਮਿਰੀ ਵਿੰਨ੍ਹੀ ਸੰਗ ਮੇਖਾਂ। ਦੇਹ ਮੇਰੀ ਨੂੰ ਤੋੜ ਧਿੰਗਾਣੇ, ਰੂਹ ਨੂੰ ਧੂਹਣ ਪਏ ਜਰਵਾਣੇ। ਅਜਬ ਖ਼ਲਾ ਸੀ ਸਮੇਂ ਤੋਂ ਖ਼ਾਲੀ, ਪੀੜ ਖ਼ੁਸ਼ੀ ਜਿੱਥੇ ਨ ਹਾਲੀ; ਜ੍ਹਿਦੀ ਅਨੰਤ ਸੁੰਞ ਤੇ ਲੇਟੇ ਮਾਰ ਅਦਿੱਸ ਮੌਤ ਪਲਸੇਟੇ। ਓਸ ਖ਼ਲਾ 'ਚੋਂ ਉੱਡ ਗੁਫ਼ਾਵਾਂ ਰੂਹ ਨੂੰ ਘੁੱਟਣ ਨਾਲ ਗੁਨਾਹਾਂ। ਪਕੜ ਲੈਣ ਸ਼ਾਹ ਰਗ 'ਚੋਂ ਬਾਣੀ, ਸਾੜ ਦੇਣ ਮਾਂ-ਪਿਆਸ ਦੇ ਪਾਣੀ। ਔਹ ਵਿਕਰਾਲ ਕਬਰ ਕੁਈ ਪੁੱਟੇ, ਜਾਂ ਕੋਈ ਸੰਘ ਅਕਾਸ਼ ਦਾ ਘੁੱਟੇ। ਭੂਤ-ਝੁੰਡ ਸ਼ਮਸ਼ਾਨ ਨੂੰ ਬਾਲਣ, ਵਣ ਬੁੱਢੇ ਰਿਸ਼ੀਆਂ ਦੇ ਜਾਲਣ। ਚੁੱਪ ਅਚਿਹਨ ਸਮੇਂ ਨੂੰ ਝੰਬੇ, ਪਕੜ ਖ਼ਲਾ ਦੀ ਦਾਰ ੱਤੇ ਟੰਗੇ। ਸੰਘ ਖ਼ਲਾ ਦਾ ਪਾੜ ਕੇ ਸਾਰਾ, ਨ੍ਹੇਰ ਦਾ ਹੌਲ ਵੇਖਦੀ ਗਾੜ੍ਹਾ। ਜਿਸ ਖ਼ਲਾ ਦੀ ਸਿਖਰ 'ਤੇ ਖੁੱਲਣ, ਝੱਖੜ ਥਲਾਂ ਥਲਾਂ ਦੇ ਝੁੱਲਣ । ਤੋੜ ਅਸੰਖ ਨਭਾਂ ਦੇ ਖੂੰਜੇ ਜਿਸਦੀ ਤੇਗ਼ ਪਤਾਲ ਨੂੰ ਹੂੰਝੇ ਮੈਨੂੰ 'ਵਾਜ ਪਵੇ ਕਿਉਂ ਉਸਦੀ ? ਨਿੱਕੀ ਜਾਨ ਮੇਰੀ ਪਈ ਕੁਸਦੀ ? ਨਦੀ ਤੋਂ ਨਭ ਤਕ ਨਜ਼ਰ ਮੈਂ ਮਾਰੀ ਮੌਤ ਦੀ ਕਾਂਗ ਚੜ੍ਹੀ ਦੋ-ਧਾਰੀ ! ਓਸ ਬੇਨਾਮ ਖ਼ਲਾ ਵਿਚ ਤਾਰੀ ਤੰਦੂਆ ਲਾ ਰਿਹਾ ਇਕ ਭਾਰੀ । + + + + + -6- ਦੰਦ ਖ਼ਲਾ ਵਿਚ ਕਢਦਾ, ਮੌਤ ਦਾ ਗਾੜ੍ਹਾ ਅੰਧ। ਤੰਦੂਆ ਪਿਆ ਖਿਲਾਰਦਾ, ਵਿਸੁ ਦੇ ਕੁਹਜੇ ਤੰਦ। ਸ਼ੂਕ ਕੇ ਜਿਸ 'ਚੋਂ ਨਿਕਲਦੇ, ਵਲ ਖਾਂਦੇ मै ਫੰਧ। ਗੁੰਨ੍ਹੇ ਪਾਥੀ ਗੋਲ ਵਿਚ, ਸੱਭੇ ਸਮੇਂ ਕੇ ਦੰਭ। ਤੱਕਾਂ : ਤੰਦੂਆ ਰਿਹਾ ਸੀ ਤੰਦ ਅਸੰਖ ਘੁਮਾ, ਮੌਤ ਦੇ ਪਾਣੀ ਰਿੜਕਦਾ ਝੁੰਡ ਕੌਮਾਂ ਦੇ ਫਾਹ; ਜਿਉਂ ਪਾਪੀ ਤੈਮੂਰ ਨੇ ਲਾ ਸ਼ਾਹਾਂ ਦੀ ਕੰਡ ਰਥ ਨਾ' ਬੰਨ੍ਹੇ ਸੋਚ ਇਉਂ ਪੱਤ ਜਾਵੇਗੀ ਹੰਭ। ਤੰਦੂਏ 'ਚੋਂ ਉਡ ਜਾਲ ਕੋ, ਸ਼ਾਹ ਰਗ ਪਕੜ ਅਦਿੱਸ; ਸਾਹ ਕੌਮਾਂ ਦੇ ਡੋਬਦਾ, ਵਿਚ ਜੁਗਾਂ ਦੀ ਵਿਸੁ। ਤੰਦਾਂ ਲਟਕ ਖ਼ਲਾ ਵਿਚ ਸੱਦਣ ਜਿੰਨ ਬਲਾ। ਸਤਲੁਜ ਨੂੰ ਬੇਹੋਸ਼ ਕਰ ਪੀਣ ਸਰਾਲਾਂ ਸਾਹ। ਕੋਹੀਆਂ ਕੌਮਾਂ ਜਿਹੜੀਆਂ, ਗਲ ਵਿਚ ਤੰਦਾਂ ਪਾ; ਅੱਧਾ ਸਤਲੁਜ ਸੁੱਕਿਆ, ਨਾਲ ਉਹਨਾਂ ਦੀ ਆਹ। ਅੱਧ ਤੱਕ ਰੇਤਾਂ ਬਲਦੀਆਂ, ਅੱਧ ਤੱਕ ਵਗਦੇ ਨੀਰ। ਵੈਣ ਅਜਨਬੀ ਲੰਘਦੇ, ਲੰਮੀਆਂ ਲਹਿਰਾਂ ਚੀਰ। ਘਾਇਲ ਬਾਜ਼ ਫਿਰ ਡਿੱਗਿਆ, ਪਾ ਰੇਤਾਂ ਨੂੰ ਹੌਲ। ਅੱਧ ਤੱਕ ਨਦੀ 'ਚ ਵਗਦੇ, ਹੜ੍ਹ ਰੱਤਾਂ ਦੇ ਖੌਲ । ਪਰਲੇ ਪੱਤਣ ਲਹੂ ਸੀ, ਉਰਲੇ ਪੱਤਣ ਨੀਰ। ਰੋਵਾਂ ਉਰਲੇ ਪੱਤਣੀਂ, ਮੈਂ ਮਨਮੁਖ ਬੇਪੀਰ। ਤਦ ਮੇਰੇ ਸਿਰ ਟਿਕੀ ਆ, ਝੂਠੀ ਬਿਪਰ-ਸੌਗੰਧ। ਜਿਉਂਕਰ ਬੰਨ੍ਹੀ ਕਪਟ ਦੀ, ਲੱਖ ਸਾਲਾਂ ਨੇ ਪੰਡ। + + + + + -7- ਪਰਲੇ ਪੱਤਣ ਵੇਖਿਆ, ਫਿਰ ਅਸਵਾਰ ਮੈਂ ਕੋ। ਜਿਸਦੇ ਪੈਂਡੇ ਵੇਖਦੇ, ਅਣਦਿੱਸ ਰਾਹੀ ਰੋ। ਜਿਸਦੇ ਮਸਤਕ ਲਿਸ਼ਕਦੇ, ਸਭ ਨਦੀਆਂ ਦੇ ਮੋਹ; ਜਿਸ ਦੀ ਹਿੱਕ 'ਤੇ ਬੰਨ੍ਹਿਆ ਮੰਝਧਾਰਾਂ ਦਾ ਰੋਹ। ਸਜਦੇ ਸਮੇਂ ਦੇ ਉੱਕਰੇ ਜਿਸਦੀ ਵਿਚ ਸੰਜੋਅ, ਸੱਚ ਕਦੀਮੀ ਸਮੇਂ ਤੋਂ ਚਿੱਟੇ ਕੇਸਾਂ ਖੋਹ, ਕੀਤੀ ਚਿੱਟੀ ਪੱਗ 'ਤੇ ਅੱਜ ਮਾਹੀ ਦੀ ਲੋਅ। ਚਿੱਟੇ ਘੋੜੇ ਵਾਲੜਾ ਬਿਰਧ ਸ਼ਹੀਦ ਹੈ ਉਹ; ਚੰਨ ਦੇ ਸੀਨੇ ਖਿੱਚਦਾ ਲੀਕ ਲਹੂ ਦੀ ਜੋ। ਸਭਰਾਵਾਂ ਨੂੰ ਲੰਘ ਕੇ ਰਾਹ ਗੁਜਰਾਤ ਦੇ ਹੋ; ਸਤਲੁਜ ਦੀ ਇਸ ਲਹਿਰ ਵਿਚ ਛੁੱਪ ਜਾਂਦੀ ਕੰਨਸੋਅ। + + + + + ਚਿੱਟੇ ਘੋੜੇ ਵਾਲੜਾ ਠਿੱਲ੍ਹ ਪਿਆ ਦਰਿਆ ਵਹਿਣ ਲਹੂ ਦੇ ਚੀਰਦਾ ਪੱਤਣੀਂ ਲੱਥਾ ਆ ਸੱਚ ਬਜ਼ੁਰਗੀ ਵਾਲੜਾ ਲੰਘ ਵਕਤ ਦੇ ਝੱਲ, ਪਾਵਨ ਚਿੱਟੀ ਪੱਗ 'ਤੇ ਮਾਰ ਰਿਹਾ ਕੋਈ ਛੱਲ। ਦਾੜ੍ਹੇ ਪਾਕ ਸਫ਼ੈਦ ਤੇ, ਚਮਕਣ ਕਾਲ-ਰਹੱਸ। ਰਲ ਤਾਰੇ ਅਸਮਾਨ ਦੇ, ਭੇਦ ਨਾ ਸੱਕਣ ਦੱਸ। ਝੁਕ ਝੁਕ ਪੁੱਛੇ ਚਾਨਣੀ, ਓਢ ਨੂਰਾਨੀ ਮੇਘ। ਸਤਲੁਜ ਕੰਢੇ ਚਮਕਦੀ, ਕਿਸ ਅਸਵਾਰ ਦੀ ਤੇਗ ? ਚਿੱਟੇ ਘੋੜੇ ਵਾਲੜੇ, ਚੁੱਕਿਆ ਮਿਹਰ ਦਾ ਹੱਥ। ਜ਼ਾਲਮ ਸਮੇਂ ਦੇ ਸਾਹਮਣੇ, ਜਿਉਂ ਮਾਵਾਂ ਦੀ ਰੱਖ। ਕੂੰਦਾ ਅੱਪਣੇ ਨਾਲ ਫਿਰ, ਭਰ ਸੁਬਕ ਜਹੀ ਆਹ : “ਮਾਹੀ ਤੈਂਡੇ ਸਿਦਕ ਬਿਨ, ਅਸਾਂ ਲਏ ਕਿਉਂ ਸਾਹ।” ਚਾਨਚੱਕ ਮੈਂ ਪੁੱਛਿਆ, ਪਾਰ ਚਾਨਣੀ ਝਾਕ : “ਅੱਗੇ ਸਮੇਂ ਦੀ ਨਜ਼ਰ ਤੋਂ ਤੇਰੀ ਬਜ਼ੁਰਗੀ ਪਾਕ। “ਪਰ ਤੇਰੀ ਇਸ ਤੇਗ਼ 'ਤੇ, ਅੱਜ ਚਾਨਣੀ ਰਾਤ ਸੁਣ ਸੁਣ ਹੰਝੂ ਛਲਕਦੇ ਕਿਹੜੇ ਰਣਾਂ ਦੀ ਬਾਤ ? “ਕੀ ਤੰਦੂਏ ਦਾ ਭੈਅ ਸੀ ? ਕੌਣ ਸੀ ਜ਼ਖ਼ਮੀ ਬਾਜ਼ ? ਸੰਤ ਸਿਪਾਹੀਆ ਦਸ ਜਾ, ਰੱਤੀ ਨਦੀ ਦਾ ਰਾਜ਼।” ਕਹਿੰਦਾ : “ਗੁਰ ਬਿਨ ਜੀਣ ਦਾ, ਰੱਤੀ ਨਦੀ ਗੁਨਾਹ। ਹਾਰੀ ਹੋਈ ਕੌਮ ਦਾ ਜ਼ਖ਼ਮੀ ਬਾਜ਼ ਗਵਾਹ । “ਰਹਿਮ ਬਿਨਾਂ ਜਦ ਪੁਟਦੀਆਂ, ਕੌਮਾਂ ਹਿਰਸ ਦੇ ਤਾਲ। ਅੰਨ੍ਹੀਆਂ ਹੋ ਕੇ ਡਿਗਦੀਆਂ ਅੱਪਣੀ ਵਿਸ ਦੇ ਨਾਲ। “ਹੁੰਦੇ ਕੁੱਲ ਅਕਾਸ਼ ਤਦ, ਗੁਫ਼ਾ ਦੇ ਵਾਂਗੂੰ ਬੰਦ; ਭੈਅ ਵਿਚ ਕੌਮਾਂ ਕਤਦੀਆਂ ਜ਼ਹਿਰੀਲੀ ਕੁਈ ਤੰਦ। “ਬੰਨ੍ਹ ਲੈਂਦੀਆਂ ਓਸ ਵਿਚ, ਅੱਤ ਮਹੀਨ ਜ਼ਮੀਰ। ਨਭ-ਪਤਾਲ ਦੀ ਗੁਫ਼ਾ ਵਿਚ, ਨਸਲਾਂ ਪਾਵਣ ਭੀੜ। "ਪੁਸ਼ਤਾਂ ਦੇ ਮਨ ਪਾਂਵਦਾ, ਘੁੰਮ ਘੁੰਮ ਤੰਦੂਆ ਹੌਲ। ਨਿਭਣ ਨ ਦੇਂਦਾ ਸਿੱਖ ਦੇ, ਗੁਰੂ ਨਾ’ ਕੀਤੇ ਕੌਲ।” ਕਿਹਾ ਮੈਂ : “ਦਿਸੇਂ ਸ਼ਹੀਦ ਤੂੰ, ਮੌਤ ਦਾ ਸੋਹਣਾ ਕੰਤ। ਉਸ ਦੇ ਮਸਤਕ ਉੱਕਰੇਂ, ਅਮਰ ਸਮੇਂ ਦਾ ਮੰਤ। “ਵਿਜੈ ਧਿਆ ਪਰ ਜਦੋਂ ਮੈਂ, ਤਕਦਾ ਤੇਰੀ ਤੇਗ; ਇਸ ਨੂੰ ਰੇਤ ਜਿਉਂ ਭੋਰਦਾ, ਕਿਉਂ ਤਕਦੀਰ ਦਾ ਵੇਗ ?” ਕਹਿੰਦਾ : "ਦੁਲਹਨ ਮੈਂਡੜੀ, ਭਾਵੇਂ ਮੌਤ-ਰਕਾਨ। ਕੌਮ ਦੇ ਪੈਂਡੇ ਸਦਾ ਹੀ, ਨਾਲ ਸ਼ਹੀਦ ਦੇ ਜਾਣ। “ਰੌਸ਼ਨ ਕਰਨ ਸ਼ਹੀਦ ਜਾਂ, ਰਣਾਂ 'ਚ ਅੱਪਣੇ ਖ਼ਾਬ। ਕੌਮਾਂ ਕੋਲੋਂ ਮੰਗਦੇ, ਅੱਪਣਾ ਕੋਈ ਹਿਸਾਬ। “ਰਹਿਣ ਸ਼ਹੀਦ ਇਕੱਲੜੇ, ਸੁੰਨੇ ਲੱਖ ਵਰੇ; ਗੁਰੂ ਦੇ ਪੈਂਡੇ ਕੌਮ ਨ, ਜਦ ਤਕ ਸਫ਼ਰ ਕਰੇ। “ਰੁਲਦੇ ਤਦੋਂ ਸ਼ਹੀਦ ਨੇ, ਵਿਚ ਇਕਲਾਪੀ ਗੋਰ। ਨਭ ਦੀ ਗੁਫ਼ਾ ਵਖਾਂਵਦੀ, ਸੈ ਗਹਿਰਾਈਆਂ ਮੋੜ। “ਵਿਚ ਮੂਸਾ ਦੀ ਤੇਗ ਦੇ, ਜਾਗਣ ਲਖ ਭੁਚਾਲ; ਵੇਹਣ ਜਾਂ ਕੌਮਾਂ ਤੂਰ ਨੂੰ, ਰਹਿਮ ਦਿਲਾਂ ਦੇ ਨਾਲ। “ਰੁਲਦੀ ਤੇਗ ਸ਼ਹੀਦ ਦੀ, ਸ਼ਾਹ ਅਸਵਾਰ ਨੇ ਦੂਰ। ਅਣਖਾਂ ਨਾਲ ਹੀ ਪੈਣਗੇ, ਪੰਥ-ਸੁਰਤਿ ਨੂੰ ਬੂਰ। “ਸੁਰਤਾਂ ਸਤਗੁਰ ਜੇਡੀਆਂ, ਮਾਵਾਂ ਜੇਡ ਦਰੇਗ਼, ਪੰਥ ਨੇ ਛੱਡੇ ਚਿਰਾਂ ਤੋਂ, ਭੁਰ ਭੁਰ ਜਾਵੇ ਤੇਗ।” ਕਿਹਾ ਮੈਂ : "ਇਹ ਤਕਦੀਰ ਕੀ, ਕਿਉਂ ਇਹ ਲੱਗਿਆ ਦਾਗ਼ ? ਲੜ ਲੜ ਡਿੱਗਣ ਸੂਰਮੇ, ਰੋਹੀਏਂ ਚੂੰਡਣ ਕਾਗ।” ਕਹਿੰਦਾ : ਗੁਰੂ ਦੇ ਬੋਲ ਨੂੰ, ਕੌਮ ਜੇ ਰੱਖਦੀ ਪਾਕ। ਜਲ ਜਲ ਪੈਂਦੀ ਕਦੇ ਨਾਂਹ, ਅਮਲ ਦੀ ਸਮੇਂ 'ਤੇ ਰਾਖ। "ਪੁਸ਼ਤਾਂ ਤੀਕ ਜੇ ਤਾਣਦਾ, ਪੰਥ ਸਿਦਕ ਦੀ ਝੋਲ। ਛਡਦੇ ਨ ਪਰਵਾਜ਼ ਨੂੰ, ਕਦੇ ਸ਼ਹੀਦ ਦੇ ਬੋਲ। “ਜਾਂਦੀ ਵਤਨ ਸ਼ਹੀਦ ਦੀ, ਪਾਰ ਤਾਰਿਆਂ ਲੀਕ; ਨਭ ਚਮਕਣ ਅਰਦਾਸ ਦੇ, ਜੇਕਰ ਪੁਸ਼ਤਾਂ ਤੀਕ। “ਜਾ ਕੇ ਤੱਕ ਪਰਦੇਸੀਆ, ਉਹਨਾਂ ਵਣਾਂ ਦੇ ਪਾਰ। ਦੇਖ ਕਿਨ੍ਹਾਂ ਦੇ ਝੁਕੇ ਨਹੀਂ, ਸੀਸ ਪਰਾਏ ਬਾਰ। ਮੈਂ ਉਸ ਬੇੜੇ ਬੈਠਣਾ, ਜਿਹੜਾ ਨਦੀ ਦੇ ਪਾਰ। ਜਿਸ ਨੇ ਆਉਣਾ ਠਿਲ੍ਹ ਕੇ ਨੀਰ ਲਹੂ ਵਿਚਕਾਰ।” ਬੇੜਾ ਕੱਪਰ ਵਿਚ ਮੈਂ ਤੱਕਾਂ ਚਾਨਣੀ ਰਾਤ; ਜਿਸ ਵਿਚ ਰੂਹਾਂ ਸੂਰਮੇ ਕੁਝ ਨਬੀਆਂ ਦੀ ਜ਼ਾਤ। ਲੈ ਘੋੜਾ ਅਸਵਾਰ ਨੂੰ, ਠਿਲ੍ਹ ਪਿਆ ਦਰਿਆ। ਬੇੜੇ ਸਣੇ ਸ਼ਹੀਦ ਉਹ, ਲਹਿਰੀਂ ਗਿਆ ਸਮਾ। + + + + + ਭਾਗ ਦੂਸਰਾ ਵੈਣ ਪਏ ਜਦ ਹੋਈਆਂ ਹਾਰਾਂ, ਜਦੋਂ ਨਹੀਂ ਸਨ ਵਸੀਆਂ ਬਾਰਾਂ। ਸਤਲੁਜ ਪਾਰ ਦੇਸ ਜਦ ਲੰਮੇ, ਬਿਆਸ ਬੇਟ ਰਾਵੀ ਦੇ ਬੰਨੇ, ਮੈਂ ਜਾ ਹਰੇ ਵਣਾਂ ਦੀਆਂ ਛਾਵਾਂ ਮਸਤਕ ਲਾਈਆਂ ਸਮਝ ਦੁਆਵਾਂ। ਏਥੇ ਵੱਸ ਮੈਂ ਸਾਲ ਮਹੀਨੇ ਭੁੱਲਿਆ ਦੋਸਤੀਆਂ ਤੇ ਕੀਨੇ। ਮੈਂ ਭੁੱਲਿਆ ਅੱਪਣਾ ਪ੍ਰਛਾਵਾਂ ਲੱਗੇ ਤੀਰ ਜੋ ਵਿਚ ਸਭਰਾਵਾਂ। + + + + + ਚਾਨਚੱਕ ਵਿਚ ਮਿੱਠੀਆਂ ਵਾਟਾਂ ਦੇਵੇ ਮੂਕ ਚੀਸ ਕੋਈ ਆਹਟਾਂ। ਰੁੱਖ ਜੋ ਰੂਪ ਝਨਾਂ ਦੇ ਮਾਤੇ ਯਾਰ ਮਿਰੇ ਇਸ ਚਾਨਣੀ ਰਾਤੇ ਮੈਨੂੰ ਕਰਨ ਇਸ਼ਾਰੇ ਲੰਮੇ ਕੋਈ ਨ ਦੇਸ ਰਾਵੀ ਦੇ ਜੰਮੇ ! 'ਵਾਵਾਂ ਵਿਚ ਨੇ ਬੇਵਫ਼ਾਈਆਂ ਦੱਸਣ ਜੰਡ ਕਰੀਰ ਫਲਾਹੀਆਂ। ਕਦੇ ਕਦੇ ਮਿਰਜ਼ੇ ਦੀਆਂ ਢੋਕਾਂ ਸੁਣੀਆਂ ਵੈਣ ਪਾਉਂਦੀਆਂ ਲੋਕਾਂ। ਕੀ ਕਿਹਾ ਸ਼ਾਖ਼ਾਂ ਨੂੰ ਤੀਰਾਂ ? ਜੰਡਾਂ ਹੇਠ ਅਜੇ ਵੀ ਪੀੜਾਂ ! ਦੇਣ ਕਿਸੇ ਤਾਰੇ ਦੀਆਂ ਲੋਆਂ, ਮਾੜੇ ਵਕਤ ਦੀਆਂ ਕੰਨਸੋਆਂ। ਕਦੇ ਕਦੇ ਤੰਦੂਏ ਦੀਆਂ ਤਾਰਾਂ ਰੁੱਖਾਂ ਦੀਆਂ ਰਗਾਂ ਵਿਚਕਾਰਾਂ ਫਿਰਨ ਜਾਸੂਸ ਵਾਂਗ ਹਰ ਪਾਸੇ ਵਿਸ ਘੋਲ ਸੁਕਰਾਤ ਦੇ ਕਾਸੇ। ਕਦੇ ਝਨਾਂ ਦੇ ਰਾਠ ਛਬੀਲੇ ਜ਼ਹਿਰ ਘੋਲਦੇ ਪੈਣ ਦਲੀਲੇ, ਚਿੰਤਾ ਹੀਰ ਦੀ ਝੰਗ ਦੇ ਬੇਲੇ ਦੇਂਦੀ ਡੋਬ ਭਰੇ ਹੋਏ ਮੇਲੇ। ਜਾਨ ਮੇਰੀ ਵਿਚ ਨੀਂਦ ਭੁਲਾਕੇ ਜ਼ਹਿਰ ਦੇ ਭੈਅ ਘੇਰਦੇ ਆਕੇ। ਜਿੰਦ 'ਚ ਸੁੱਟ ਸ਼ਮਸ਼ਾਨ ਹਜ਼ਾਰਾਂ ਮੱਚ ਪੈਣ ਤੰਦੂਏ ਦੀਆ ਤਾਰਾਂ। ਟੀਸੀ ਕਹਿਰ ਦੀ ਚੜ੍ਹਣ ਭਬੂਕੇ ਕੁਲ ਦੋਜ਼ਖ਼ ਨਾਗ ਬਣ ਸ਼ੂਕੇ। ਖਿਚ ਖਿਚ ਤੀਰ ਔਣ ਇਕਲਾਪੇ, ਪੀਲੂ ਟਸਕ ਪੈਣ ਕਿਉਂ ਆਪੇ ? ਕੂਕ ਕਿਹਾ ਸੋਹਣੀ ਦੇ ਲੇਖਾਂ “ਮੋਹ ਪਾ ਨਾਲ ਝਨਾਂ ਨ ਵੇਖਾਂ। “ਅਸੀਂ ਸ਼ਹੀਦ ਚਿਰਾਂ ਦੇ ਜਾਨੀ ਸੀਨੇ ਖੁਭੀ ਝਨਾਂ ਦੀ ਕਾਨੀ।” ਕਿਹਾ ਕਦੇ ਦੁੱਲੇ ਦੀਆਂ ਹੇਕਾਂ “ਮੇਸ ਦਿਓ ਕੁਦਰਤ ਦੀਆਂ ਰੇਖਾਂ। “ਵਣ ਦਰਿਆ 'ਤੇ ਪਾ ਪਾ ਕਾਮਨ ਤੋੜ ਤੋੜ ਗਏ ਦਿਲ ਸਾਵਨ ਬਿਰਖ ਮਾਸੂਮ ਬਣੇ ਨ ਜ਼ਾਮਨ “ਅਣਖ ਕਬੀਲੇ ਦੀ ਦੇ ਹੋਕੇ ਤੇਜ਼ ਤੂਫ਼ਾਨ ਹੋਣੀ ਦੇ ਰੋਕੇ। “ਅਸੀਂ ਸ਼ਹੀਦ ਸ਼ਾਹ ਦੇ ਬਾਗ਼ੀ ਕੁਦਰਤ ਨਾਲ ਨਾਂਹ ਸਾਡੇ ਜਾਗੀ।” ਤੜਪ ਪੈਂਦੀਆਂ ਵਾਂਗ ਗੁਲਾਮਾਂ ਸੁਣ ਸੁਣ ਕੇ ਰਾਵੀ ਦੀਆਂ ਸ਼ਾਮਾਂ। ਅੱਗ ਦੋਜ਼ਖ਼ ਦੀ ਡੱਕ ਛਬੀਲੇ ਹੋਏ ਸ਼ਹੀਦ ਕਿ ਜੀਣ ਕਬੀਲੇ। “ਪੱਤ ਸਾਡੀ ਹੀ ਇਕ ਪੈਗ਼ੰਬਰ" ਇਸ ਨਾਅਰੇ ਹੇਠ ਸਭ ਅੰਬਰ। ਝੂੰਮਣ ਰੁੱਖ ਕਬਰ ਦੇ ਉੱਤੇ ਲਾ ਨਾਅਰੇ ਅਣਖਾਂ ਦੇ ਸੁੱਤੇ। ਕੁਦਰਤ ਦੀ ਬੇਨੇਮੀ ਅੰਦਰ ਦਿਸੇ ਸ਼ਹਾਦਤ ਦਾ ਨ ਅੰਬਰ। ਜਦੋਂ ਅਦਲ ਦੀਆਂ ਰਹਿਣ ਨ ਰੱਖਾਂ ਬੇਨੂਰ ਕੁਦਰਤ ਦੀਆਂ ਅੱਖਾਂ ! ਕੁਦਰਤ ਵਿਚ ਚੀਸਾਂ ਹਰ ਪਾਸੇ, ਜਲ ਥਲ ਬੇਵਸੀਆਂ ਦੇ ਵਾਸੇ। ਹੋਣ ਸ਼ਹੀਦ, ਤੇ ਦੇਣ ਉਲਾਂਭੇ “ਬੇਨੇਮ ਕੁਦਰਤ ਨਾਂਹ ਸਾਂਭੇ।” ਦੂਰ ਗੁਨਾਹ ਗਏ ਪਛਤਾਂਦੇ ਜਲ ਥਲ ਧਰ ਅਸਮਾਨ ਦੇ ਕਾਂਬੇ। ਨਾਂਹ ਹੰਭਦੇ ਕੁਦਰਤ ਦੇ ਪੈਂਡੇ ਜੋ ਅਰਦਾਸ ਦੇ ਸੁਪਨੇ ਲੈਂਦੇ। + + + + + ਮੁੜ ਡੰਗਾਂ ਨੇ ਮਾਰ ਉਡਾਰੀ ਨੰਗੇ ਕੀਤੇ ਪਰਬਤ ਭਾਰੀ। ਰੂਹ ਨੂੰ ਤੋੜ ਕੱਢੀਆਂ ਗਾਰਾਂ, ਪਲ ਪਲ ਭੁਰਨ, ਪੈਂਦੀਆਂ ਖਾਰਾਂ। ਲਿਪਟ ਰਹੀ ਸ਼ੱਕਾਂ ਦੀ ਤੰਦੀ ਸ਼ਾਹ ਰਗ ਖ਼ਿਆਲ ਮਿਰੇ ਦੀ ਕੰਬੀ। ਜਿਉਂ ਪਾਪੀ ਤੈਮੂਰ ਦੇ ਬੰਦੀ ਡੌਰ ਭੌਰ ਰੂਹ ਮੇਰੀ ਹੰਭੀ। ਦੌੜ ਪੈਣ ਸਮੇਂ ਦੀਆਂ ਜ਼ਹਿਰਾਂ, ਘੁੰਮ ਛਲਕ ਪਾ ਤੰਦੀਂ ਲਹਿਰਾਂ। ਟਿਕ ਟਿਕ ਚੀਰ ਪਹਾੜ ਨੂੰ ਸੁਣਦੀ, ਅਣਦਿੱਸ ਦੰਭ ਮੌਤ ਦੇ ਬੁਣਦੀ। ਤਨ 'ਚੋਂ ਹੌਲ ਜ਼ਮੀਰਾਂ ਪੁੱਟੇ, ਘੁੱਟ ਸਮਾਂ ਗਾਰਾਂ ਵਿਚ ਸੁੱਟੇ । ਕੌਣ, ਲਿਖੀ ਜੋ ਉੱਪਰ ਤੇਸੇ, ਕੁਹਕਨ ਦੀ ਤਕਦੀਰ ਨੂੰ ਮੇਸੇ ? ਡੂੰਘੀਆਂ ਖੱਡਾਂ, ਫਿਰਨ ਛਲੇਡੇ ! ਵਾ ਵਰੋਲੇ ਪਰਬਤ ਜੇਡੇ। ਥਿੰਦੇ ਸੈ ਬਰਸਾਂ ਦੇ ਬੂਹੇ, ਕਿਸ ਚੰਗੇਜ਼ ਹਲਾਕੂ ਲੂਹੇ ? ਪਤਾ ਨਹੀਂ ਕਿਸ ਮਚਦੇ ਖੂਹੇ, ਕੂਕਨ ਫੱਟ ਕੌਮਾਂ ਦੇ ਸੂਹੇ ! ਵਿਚ ਹਰੇ ਵਣਾਂ ਦੇ ਝੁੰਡਾਂ, ਹੌਲ ਭਰੇ ਸੁਪਨੇ ਦੀਆਂ ਧੁੰਧਾਂ। ਕਿਸ ਨੇ ਮੇਰੇ ਤਨ 'ਤੇ ਸਿੱਟੀ ਬੇਪੱਤ ਹੋਏ ਘਰ ਦੀ ਮਿੱਟੀ ? ਤਲਖ ਨਸ਼ੇ ਸੀਨੇ ਨਾ' ਬੱਝੇ । ਕੋਈ ਨ ਪੱਤ ਮੇਰੀ ਨੂੰ ਕੱਜੇ। ਨੀਮ ਬੇਹੋਸ਼ ਜੰਡ ਦੇ ਥੱਲੇ, ਪੱਤ ਜਾਵਣ ਦੇ ਡੰਗ ਮੈਂ ਝੱਲੇ। ਰੋਗ ਅਮਿੱਟ ਰਿਹਾ ਵਿਚ ਸੀਨੇ, ਲੰਘੇ ਭੈਅ ਵਿਚ ਸਾਲ ਮਹੀਨੇ। ਲੰਘੇ ਅਣਗਿਣ ਸਿਖਰ ਦੁਪਹਿਰੇ, ਨੀਮ ਮੂਰਛਾ ਦਿੱਤੇ ਪਹਿਰੇ। ਨੋਚ ਨੋਚ ਵਕਤ ਨੇ ਛਾਤੀ ਸਾਜ਼ਿਸ਼ ਵਾਂਗ ਫੇਰ ਕੇ ਕਾਤੀ ਪਾਰ ਪਰੇ ਬ੍ਰਹਿਮੰਡੀ ਲੁਕੀਆਂ ਡਰੇ ਸੂਰਜਾਂ ਦੇ ਸਿਰ ਝੁਕੀਆਂ ਤੋੜ ਤੋੜ ਬੇਰਹਿਮ ਇਕੱਲਾਂ ਦੇ ਦੇ ਸਦਮੇ, ਪਾ ਪਾ ਸੱਲਾਂ ਭਰ ਦਿੱਤੇ ਇਸ ਦਿਲ ਦੇ ਖੰਡਰ ਮੇਰੀ ਨੀਮ ਮੂਰਛਾ ਅੰਦਰ। ਤਨ ਮਨ ਨੀਮ ਮੂਰਛਾ ਛਾਈ, ਤਦ ਕੋਈ ਸਦ ਹਵਾ 'ਚੋਂ ਆਈ। ਮੋਰ ਦੀ ਕੂਕ ਚੰਨ ਤਕ ਕੰਬੀ, ਵਣਾਂ ਦੀ ਚੁੱਪ ਲਹੂ 'ਚੋਂ ਲੰਘੀ। ਅਰਦਾਸ ਕਰੀ ਵਿਚ ਸੁੱਕੇ ਸਾਲਾਂ ਚਸ਼ਮੇ ਵਾਰ ਹਸਨ ਅਬਦਾਲਾਂ। ਤਾਰਿਆਂ ਤਕ ਸਫ਼ਰ ਕਰ ਪੂਰੇ, ਮੈਂ ਤੱਕੇ ਅਸਮਾਨ ਅਧੂਰੇ। ਜਿਉਂ ਅਰਦਾਸ ਹੋਏ ਵਿਚ ਸਾਵਨ ਉੱਠੇ ਹੱਥ ਜ਼ਿਮੀਂ 'ਚੋਂ ਪਾਵਨ; ਮਾਂ ਦੇ ਮੋਹ ਜਿਉਂ ਖ਼ਾਕ 'ਚ ਸੁੱਤੇ ਵਿਛੜੇ ਪੁੱਤ ਮਿਲਣ ਲਈ ਉੱਠੇ ਜਿਵੇਂ ਮਿਹਰ ਨਾਥ ਦੀ ਜਾਗੀ ਸਾਬਤ ਅੰਗ ਕਰੇ ਜੋ ਦਾਗ਼ੀ; ਇੰਞ ਤੂਰ ਮੂਸਾ ਤੋਂ ਉੱਕੇ ਕਾਮਲ ਜਾਗ ਮੇਰੀ ਨੇ ਚੁੱਕੇ। + + + + + ਭਾਗ ਤੀਸਰਾ -1- ਲਾ-ਮਕਾਂ ਨਜ਼ਰ ਨ ਜਿੱਥੇ ਨਾਂ ਥਾਂ ਆਸ ਨ ਕੋਈ ਹੜ੍ਹ ਤਾਰਿਆਂ ਦੇ ਉਗਮ ਕੇ ਉਥੋਂ ਜਿਵੇਂ ਕਰਨ ਦਿਲਜੋਈ; ਇੰਞ ਦਿਲਗੀਰ ਕੌਮ ਦੀਆਂ ਰਮਜ਼ਾਂ ਨਜ਼ਰ ਛੁਹਾ ਕੋ ਰਾਹੀ ਚੀਰ ਸਰਾਪ ਧਰਤ ਦੇ ਮੈਨੂੰ ਮਿਲਿਆ ਬੁੱਤ ਇਲਾਹੀ। ਮੈਂ ਲਿਵਲੀਨ ਦਾ ਦਾਮਨ ਫੜਿਆ, ਚਾ ਬਾਲ-ਫ਼ਰਿਆਦਾਂ; ਸੁੱਟੀ ਸੁੰਨ ਅਹਲਿਆ ਉੱਤੇ ਬੂੰਦ ਹਸਨ ਅਬਦਾਲਾਂ। ਮੌਤ-ਖ਼ਲਾ-ਸੁੰਨ ਵਿਚ ਛਲਕੇ, ਚੜ੍ਹ ਜ਼ਮਜ਼ਮ ਦੇ ਪਾਣੀ; ਕੋਟ ਪੈਗ਼ਾਮ ਦਿੱਤੇ ਜਬਰਾਈਲਾਂ ਚਮਕ ਤਾਰਿਆਂ ਥਾਣੀ। ਬੂਹੇ ਸਬਜ਼ ਵਣਾਂ ਦੇ ਧੋਤੇ, ਲੰਮੇ ਦੇਸ਼ 'ਚ ਰੈਣਾਂ । ਉੱਡੇ ਜਬਰਾਈਲਾਂ ਦੇ ਸੁਪਨੇ, ਵਿਚ ਲਿਵਲੀਨ ਦੇ ਨੈਣਾਂ। ਤੋੜ ਖ਼ਲਾ ਮੌਤ ਦੇ ਡਾਢੇ, ਢਾ ਬਲੀ ਤਕਦੀਰਾਂ ਤਾਰੇ ਚੜ੍ਹੇ ਸਮੇਂ ਦੇ ਅੰਬਰ ਵਾਂਗ ਸ਼ਹੀਦ-ਜ਼ਮੀਰਾਂ। ਪਾਪ ਮਿਰੇ ਅਰਦਾਸ ਕਰਨ ਲਈ ਛਾਂ ਲਿਵਲੀਨ ਦੀ ਆਏ, ਜਿਉਂਕਰ ਬਟਕ ਆਉਣ ਵਲ ਨਦੀਆਂ, ਪਿਆਸ ਨਾਲ ਕੁਮਲਾਏ। ਜੁਗਾਂ ਪੁਰਾਣੇ ਸੁੱਕੇ ਚਸ਼ਮੇ, ਢੂੰਡ ਲੈਣ ਵਿਚ ਫ਼ਜਰਾਂ; ਡੂੰਘੇ ਤਪੇ ਥਲਾਂ 'ਤੇ ਝੁਕ ਕੇ ਕਿਸੇ ਬੂੰਦ ਦੀਆਂ ਨਜ਼ਰਾਂ। ਮੇਰੇ ਤਨ ਮਨ ਨੂੰ ਜੋ ਵਿੰਨ੍ਹਣ, ਡੰਗ ਚੁਗਣ ਲਈ ਸਾਰੇ; ਸ਼ਬਦ ਕਿਸੇ ਅਰਦਾਸ ਦੇ ਬਣ ਗਏ, ਸਭ ਅੰਬਰ ਦੇ ਤਾਰੇ। -2- (ਸੈਲਾਨੀ ਛੰਦ) ਸਾਗਰਾਂ ਦੇ ਸਾਗਰ ਗੁੰਮਨਾਮੀਆਂ ਵਾਲੇ ਮੇਰੇ ਦਿਲ ਦੀਆਂ ਅਨੰਤ ਗਹਿਰਾਈਆਂ 'ਚ ਹਿੱਲਣ ਜਿਸ ਵਿਚ ਹਸਤੀ ਦੀ ਧੁਰ ਦੀ ਰੌਸ਼ਨੀ ਫੜਣ ਲਈ ਸਮੇਂ ਦੀਆਂ ਕੁੱਲ ਸਿਖਰਾਂ ਤਕ ਮੂੰਹ ਅਡ ਅਡ ਮਗਰਮੱਛ ਚੌਂਕ ਚੌਂਕ ਦੌੜਣ। ਪਰ ਬਾਹਰ ਦੀ ਚੁੱਪ ਸੀ ਪਿਆਰੀ ! ਮੈਂ ਦੇਖਾਂ ਦੂਰ ਅਸਮਾਨਾਂ ਤਕ ਲਿਵਲੀਨ ਦੇ ਤਾਜ ਪਏ ਚਮਕਣ। ਉਸ ਦੀ ਇਕ ਨਜ਼ਰ ਨਿਆਰੀ ਰੇਗਸਤਾਨਾਂ ਦੀਆਂ ਆਂਧੀਆਂ 'ਚ ਅਰਦਾਸ ਦਾ ਦੀਵਾ ਬਾਲਦੀ। ਉਸ ਪਾਕ ਹੂਰ ਦੇ ਇਸ਼ਾਰੇ 'ਤੇ ਮੈਂ ਗੁੰਮਨਾਮ ਰੋਹੀਆਂ 'ਚ ਦੌੜਿਆ ਜਿਹਨਾਂ ਦਾ ਆਰ ਨ ਪਾਰ ਜੋ ਦੂਰ ਤੋਂ ਦੂਰ ਸਨ। ਮੈਂ ਦੌੜਦਾ ਕਿਸੇ ਸੁੱਚੀ ਲਾਟ ਨੂੰ ਫੜਣ ਲਈ ਜੋ ਅਣਦੱਸੇ ਸਿਮਰਣ ਦੇ ਕੰਵਲ 'ਚੋਂ ਟਿਮਟਿਮਾਵੇ। ਲਿਵਲੀਨ ਦੀ ਛੋਹ ਨਿਆਰੀ ਜਦ ਵੀ ਥਲਾਂ ਸਾਗਰਾਂ 'ਚ ਛੁਪਦੀ ਤਾਂ ਬਾਹਰ ਆਉਂਦੀ ਨਵੇਂ ਅਸਮਾਨਾਂ ਨੂੰ ਮਿਲਣ ਲਈ; ਪਰ ਅਜਬ ਗਲ ! ਜ਼ਹਿਰ ਦੇ ਭੰਵਰਾਂ 'ਚ ਘਿਰੀਆਂ ਮੇਰੀਆਂ ਗੁੰਮਨਾਮੀਆਂ ਨੂੰ ਮਿੱਠੇ ਸਕੂਨ ਦਾ ਇਕ ਨਿੱਕਾ ਜਿਹਾ ਦੀਵਾ ਹੀ ਬਖ਼ਸ਼ੇ। ਸਮਝ ਨ ਆਵੇ ਦੀਵੇ ਦਾ ਰਾਜ਼ ਨ ਜਾਣਾਂ ! -3- ਮੈਂ ਵੇਖਿਆ ਚਾਨਚੱਕ ਬਾਜ਼ ਅਸਮਾਨੀ ਲਿਵਲੀਨ ਦੀਆਂ ਨਜ਼ਰਾਂ ਦੇ ਸਾਹਵੇਂ ਉੱਡਦਾ ਵਕਤ ਦੇ ਨਿਰਮਲ ਕਪਾਟ ਦੇ ਅੰਦਰ। ਬਹੁਤ ਪੁਨੀਤ ਸਨ ਰਾਹਾਂ ਲੰਮਾ ਦੇਸ ਝਨਾਂ ਦਾ ਪਿਆਰਾ ਉੱਪਰ ਸਿਖਰ ਦੁਪਹਿਰਾਂ ਦਾ ਜੋਬਨ ਹੇਠਾਂ ਸਬਜ਼ ਵਣ ਬਾਰਾਂ ਦੇ। ਬਾਜ਼ ਦੀਆਂ ਨਜ਼ਰਾਂ 'ਚ ਝਲਕਣ ਸਿਦਕ ਦੀਆਂ ਮਹੀਨ ਲਿਸ਼ਕੋਰਾਂ। ਕੌਮਾਂ ਦੇ ਜ਼ਖ਼ਮੀ ਖ਼ਾਬਾਂ 'ਤੇ ਮਹਿਕ ਸਮੀਰਾਂ ਜਿਉਂ ਲਹਿੰਦੀਆਂ ਕੰਨਸੋਆਂ ਮੈਂ ਸੁਣੀਆਂ ਬਜਬਜ ਘਾਟ ਤੋਂ ਆਉਂਦੀਆਂ ਅਰਦਾਸ ਦੀਆਂ ਤਰਬਾਂ ਜਗਾਉਂਦੀਆਂ ਇਤਿਹਾਸ ਦੇ ਭੇਦ-ਭਰੇ ਪ੍ਰਛਾਵਿਆਂ 'ਚ ਲੁਕਦੀਆਂ ਸ਼ਹੀਦਾਂ ਦੇ ਗੁਲਜ਼ਾਰਾਂ 'ਤੇ ਮੰਡਲਾਉਂਦੀਆਂ। ਮੈਨੂੰ ਮਿਲੀਆਂ ਜਮਰੋਦ ਦੇ ਕਿਲੇ ਤਕ ਸਮੇਂ ਦੀ ਧੂੜ ਨੂੰ ਲੰਘ ਕੇ ਆਉਂਦੀਆਂ ਤਾਜ਼ੇ ਬਨਵਾਸ ਦੀਆਂ ਆਵਾਜ਼ਾਂ ਸਾਂਦਲ ਬਾਰ ਦੀਆਂ ਹੇਕਾਂ 'ਚ ਰਾਵੀ ਚਨਾਬ ਤੋਂ ਡੂੰਘੇ ਦਰਦ ਜਗਾਉਂਦੀਆਂ ਰਿਜ਼ਕ ਨੂੰ ਨਿਕਲੇ ਪੰਛੀਆਂ ਦੇ ਬ੍ਰਿਹੁੰ ਨੂੰ ਮਿਲਦੀਆਂ ਨੀਲੀ ਬਾਰ ਦੀਆਂ ਰਾਹਾਂ 'ਤੇ ਮੱਝਾਂ ਗਾਵਾਂ ਊਠਾਂ ਨਾਲ ਚਲ ਚਲ ਪੁੱਛਦੀਆਂ ਬੇਲਿਆਂ 'ਚ ਸੁੱਤੀ ਪਰੀ ਜਿਉਂ ਸੁੱਤੀਆਂ ਮਿੱਟੀ ਪਾਣੀ ਤੋਂ ਵੀ ਪ੍ਰਾਚੀਨ ਸੱਦਾਂ। ਇੰਝ ਮੈਂ ਮਿਲਿਆ ਤਾਜ਼ੇ ਬਨਵਾਸ ਦੀਆਂ ਅਵਾਜ਼ਾਂ ਨੂੰ। ਮੈਂ ਬਾਜ਼ ਅਸਮਾਨੀ ਦੇ ਨੈਣਾਂ 'ਚੋਂ ਉਲਰਦੀ ਢਾਲ ਇਕ ਵੇਖੀ ਜੋ ਉਬਲਦੇ ਤੜਪਦੇ ਸੂਰਜ ਦੀ ਛਾਤੀ 'ਚੋਂ ਕਿਰਨਾਂ ਦੇ ਹੜਾਂ ਦੇ ਹੜ ਖਿੱਚਦੀ, ਬੋਚਦੀ, ਸੀਨੇ 'ਤੇ ਝੱਲਦੀ। ਇਸੇ ਢਾਲ ਨੂੰ ਨਨਕਾਣੇ ਦੀ ਜੂਹ ਵਿਚ ਮੈਂ ਜੰਡ ਦੇ ਸਾਹਮਣੇ ਜਲਦੇ ਸਿੰਘਾਂ ਦੇ ਹੱਥਾਂ 'ਚ ਵੇਖਿਆ। ਪੰਜੇ ਦੀ ਰੇਲ ਦੀ ਪਟੜੀ 'ਤੇ ਇਹੋ ਢਾਲ ਸਿੰਘਾਂ ਦੇ ਨਾਲ ਸੀ ਲੇਟੀ; ਹਾਂ ! ਹਾਂ! ਟਿੱਬਿਆਂ ਉਹਲੇ ਸਿਖਰ ਦੁਪਹਿਰੇ ਜੈਤੋ 'ਚ ਮਾਹੀ ਦਾ ਭਾਣਾ ਮੰਨਦੇ ਮਿੱਟੀ 'ਚ ਰੁਲਦੇ, ਲਹੂ ਨਾਲ ਲਿਬੜੇ ਅਕਾਲੀਆਂ ਨਾਲ ਖੜੀ ਹੋਈ ਇਹ ਨੂਰੀ ਢਾਲ ਮੈਂ ਤੱਕੀ। ਗਰਬ ਗੁਮਾਨੀ ਪਰਬਤਾਂ ਨੂੰ ਥੰਮ੍ਹਣ ਦਾ ਇਸ ਵਿਚ ਤਾਣ ਸੀ ਯਾਰੋ— ਪਰ ਇਸਦੇ ਖ਼ੁਸ਼ਕ ਪੈਰਾਂ ਦੇ ਹੇਠੋਂ ਕੋਈ ਵੀ ਚਸ਼ਮਾ ਨਾਂਹ ਫੁੱਟਦਾ। ਇਸ ਸਿਦਕ ਦੀ ਢਾਲ ਦੇ ਸਾਹਵੇਂ ਮਾਹੀ ਦੀ ਨਜ਼ਰ ਵਿਚ ਮਨਜ਼ੂਰ ਹੋਣ ਦੇ ਦਰ ਬੱਸ ਪਲ ਕੁ ਲਈ ਖੁੱਲ੍ਹਦੇ । ਫਿਰ ਗੁੰਮਨਾਮੀ ਦੇ ਬੇਕਿਰਕ ਹਨੇਰੇ ਅੰਨ੍ਹੀਆਂ ਮੰਝਧਾਰਾਂ 'ਚ ਘੁੰਮਦੇ ਜਿਹਨਾਂ 'ਚ ਪਾਤਾਲਾਂ ਪਾਤਾਲ ਤਕ ਬੰਦ ਗਾਰਾਂ ਦੀਆਂ ਪੌੜੀਆਂ ਬੇ-ਰਾਹ, ਬੇ-ਨਾਮ, ਬੇ-ਆਸ ਸਮੇਂ ਵਿਚ ਗਰਕਣ ਤੇ ਡੁੱਬਣ ! ਮਨਜ਼ੂਰੀ ਦੇ ਮਾਸੂਮ ਦਰਾਂ ਨੂੰ ਭੁਲਦੀਆਂ ਉਹਨਾਂ ਦੀ ਤੁਛ ਹੋਂਦ ਤੇ ਨਿੱਕੀ ਉਮਰ 'ਤੇ ਹੱਸਦੀਆਂ। -4- ਮੈਂ ਲਿਵਲੀਨ ਤੋਂ ਪੁੱਛਿਆ “ਭੈਣੇ ! ਕਿਉਂ ਬਲੀ ਸਿਦਕ ਦੇ ਹੁੰਦਿਆਂ ਅਰਦਾਸ ਦੇ ਬੋਲ ਨਾਂਹ ਪੁੱਗੇ ?” ਲਿਵਲੀਨ ਨੇ ਨਾਜ਼ਕ ਪਲਕਾਂ ਝੁਕਾ ਕੇ ਸ਼ੀਰੀਂ ਬੋਲ ਵਿਚ ਹੁਸਨ ਦੇ ਰਾਜ਼ ਜਗਾ ਕੇ ਗੁਲਨਾਜ਼ ਬੁੱਲੀਆਂ 'ਚੋਂ ਉਚਰਿਆ "ਵੀਰਾ ਬਜਬਜ ਘਾਟ, ਨਨਕਾਣੇ ਤੇ ਜੈਤੋ ਵਿਚ ਹਸਨ ਅਬਦਾਲ ਦੇ ਸਿਕਦੇ ਪਰਬਤਾਂ ਅੰਦਰ ਭਾਵੇਂ ਖ਼ਾਲਸੇ ਨੇ ਅਰਦਾਸ ਤਾਂ ਕੀਤੀ ਪਰ ਇਤਿਹਾਸ ਦੇ ਸਗਲ ਜ਼ਖ਼ਮਾਂ, ਹਸਰਤਾਂ, ਪੀੜਾਂ ਨੂੰ ਮਾਂ ਜੇਹੀ ਬੁੱਕਲ 'ਚ ਲਏ ਬਿਨ ਗਹਿਰ-ਗੰਭੀਰ ਸਿਮਰਣ ਤੋਂ ਸੱਖਣੀ ਇੱਕੋ ਫਲ ਲਈ ਅਰਦਾਸ ਸੀ ਕੀਤੀ। ਬੇਜਾਨ ਰਹੇ ਤਾਹੀਉਂ ਧਿਆਨ ਦੇ ਪੈਂਡੇ ਤਾਹੀਉਂ ਖ਼ਿਆਲ ਦੀ ਰਮਜ਼ ਸੀ ਨਿੱਕੀ।” -5- ਫੇਰ ਮੈਨੂੰ ਬਾਜ਼ ਅਸਮਾਨੀ ਨੇ ਛੱਡਿਆ ਸੱਚਮੁੱਚ ਮੈਂ ਲਿਵਲੀਨ ਤੋਂ ਵਿਛੜਿਆ ਇਕ ਜ਼ਖ਼ਮੀ ਬਾਜ਼ ਮੇਰੇ ਨਾਲ ਸੀ ਉੱਡਿਆ। ਇਕ ਬੇਚੈਨ ਜੇਹਾ ਹੌਲ ਪੈਂਦਾ ਪਿੰਡਾਂ, ਸ਼ਹਿਰਾਂ, ਕੁੱਲੀਆਂ ਢੋਕਾਂ ਨੂੰ ਜਿਹੜਾ ਸਮੇਂ ਦੇ ਪੰਧ ਨੂੰ ਤੋੜਦਾ, ਆਪ ਵੀ ਟੁੱਟਦਾ ਭਾਵੇਂ ਅਜੇ ਵੀ ਮੋਂਹਦੀਆਂ ਮੈਨੂੰ ਫ਼ਜਰਾਂ, ਦੁਪਹਿਰਾਂ, ਸੰਞਾਂ ਨੂੰ ਪੰਜਾਬ ਦੇ ਪਿੰਡਾਂ ਦੇ ਖੂਹਾਂ 'ਤੇ ਗੁਟਕ ਗੁਟਕ ਪਾਣੀ ਭਰਦੀਆਂ ਕੁੜੀਆਂ, ਜੋ ਪਰਾਇਆਂ ਦੇ ਸਾਹਵੇਂ ਸ਼ਰਮਾ ਕੇ ਗੱਲ ਕਰਦੀਆਂ ਕੰਤ ਪਰਦੇਸੀ ਦੀ। ਅਜੇ ਵੀ ਨਜ਼ਰ ਇਲਾਹੀ ਜਗਾਉਂਦੀਆਂ ਮੇਰੀ ਸੰਘਣੇ ਵਣਾਂ 'ਚ ਪਰੀਆਂ ਜਿਉਂ ਲੁਕੀਆਂ ਅੱਧ-ਲੁਕੀਆਂ ਪੀਲੂ ਤੋੜਦੀਆਂ ਨਾਰਾਂ ਜੋ ਟੀਸੀਆਂ 'ਤੇ ਬੈਠੀਆਂ ਪੀਲੂਆਂ ਦੇ ਅਜਬ ਸੁਆਦ ਵਿਚ ਉਡਦੀਆਂ ਧਰਤੀਆਂ, ਅਸਮਾਨਾਂ ਤੇ ਰੁੱਤਾਂ ਨੂੰ ਨਸ਼ੀਲੀਆਂ ਜੀਭਾਂ ਦੇ ਟੂਣੇ 'ਚ ਬੰਨ੍ਹਦੀਆਂ ਪਰ ਜ਼ਖ਼ਮੀ ਬਾਜ਼ ਦੀ ਛਾਂ ਵਿਚ ਤੁਰਦਿਆਂ ਬੇਪੱਤ ਹੋਣ ਦੀ ਚੀਸ ਜਿਹੀ ਪੈਂਦੀ- ਬਾਰ ਪਰਾਏ ਬਹਿਣ ਦਾ ਦਰਦ ਜਿਹਾ ਉੱਠੇ; ਮੇਰੀਆਂ ਨਾਜ਼ਕ ਰਗਾਂ 'ਤੇ ਭਾਰ ਜਿਹਾ ਪੈਂਦਾ। ਪੰਜਾਬ ਦੀਆਂ ਰਾਹਾਂ 'ਤੇ ਪੰਥ ਨੂੰ ਕੋਈ ਅਣਦਿੱਸ ਜਕੜ ਪਿਆ ਕੱਸੇ। ਗੁਰਦੁਆਰਿਆਂ ਦੀਆਂ ਪਾਕ ਦਹਿਲੀਜ਼ਾਂ 'ਤੇ ਮੇਰੇ ਤਪੇ ਹੋਏ ਮਸਤਕ ਨੂੰ ਵਿਸ਼ੈਲੇ ਕੰਡਿਆਂ ਦੇ ਸੂਖਮ ਜਾਲ ਸੀ ਵਿੰਨ੍ਹਦੇ ਹਰ ਪਰਕਰਮਾ ਦੇ ਉੱਤੇ ਬਿਪਰ-ਸਾਜ਼ਿਸ਼ਾਂ ਦੇ ਜਾਸੂਸੀ ਹਜੂਮ ਸੀ ਫਿਰਦੇ। ਛੁਪ ਛੁਪ ਕੇ ਪੈਰਾਂ ਨੂੰ ਲਿਪਟਣ ਬਾਂਝ ਧਰਤੀਆਂ 'ਚ ਛਹਿ ਕੇ ਬੈਠੇ ਨਾਗਾਂ ਜਹੀਆਂ ਸਰਾਪੀਆਂ ਤੰਦਾਂ। ਭਾਗ ਚੌਥਾ ਮੈਂ ਤੇ ਜ਼ਖ਼ਮੀ ਬਾਜ਼ ਸੰਞ ਨੂੰ, ਬਿਰਧ ਬੋਹੜ ਵਲ ਆਏ। ਜਿਸਦੀ ਬਲੀ ਦਾੜ੍ਹੀਆਂ ਦੇ ਵਿਚ, ਥਲਾਂ ਆਹਲਣੇ ਪਾਏ। ਤਣੇ 'ਚ ਪੱਥਰ ਹੋਕੇ ਮਿਟੀਆਂ ਮਜ਼੍ਹਬਾਂ ਦੀਆਂ ਜ਼ਮੀਰਾਂ; ਜਿਸ ਥਾਂ ਕੌਮ ਯਤੀਮ ਦੇ ਪੈਂਡੇ ਹੋਣ ਬੇਨੂਰ ਲਕੀਰਾਂ। ਵੱਡੇ ਛਤਰ ਵਿਚ ਸੀ ਖੁੱਭੇ ਸਮੇਂ ਦੇ ਵਾਣ ਕਰਾਰੇ, ਸ਼ੇਰ ਦੀ ਨਜ਼ਰ ਤੋਂ ਜੁਗਨੂੰ ਤੀਕਣ ਭੇਦ ਵਣਾਂ ਦੇ ਸਾਰੇ। ਟੰਗੀਆਂ ਬੁੱਢੀਆਂ ਸ਼ਾਖਾਂ ਉੱਤੇ, ਰਾਹ ਗਈਆਂ ਸ਼ਮਸ਼ੀਰਾਂ; ਜਾਂ ਫਿਰ ਫੰਧਿਆਂ ਉੱਤੇ ਲਟਕਣ ਪੰਥ ਦੀਆਂ ਤਕਦੀਰਾਂ। ਬਿਰਧ ਬੋਹੜ ਦੇ ਸਾਹਵੇਂ ਦਿਸਦਾ ਕਿਲਾ ਪੁਰਾਣਾ ਕੋਈ ਨਾਂ ਥਾਂ ਸਮੇਂ ਦੀ ਰਮਜ਼ ਤੋਂ ਅੱਗੇ ਜਿਸਦੀ ਪੈੜ ਖਲੋਈ। ਬੰਦੀ ਹੋਣ ਦੀਆਂ ਆਵਾਜ਼ਾਂ ਕਿਲੇ ਦੀ ਰਗ ਰਗ ਗੂੰਜਣ, ਕਦੇ ਸਰਾਪੇ ਪਥਰਾਂ ਉੱਤੇ ਪਿਰ ਦੀਆਂ ਪੈੜਾਂ ਕੂੰਦਣ। ਭੁਲੀਆਂ ਕੌਮਾਂ ਦੇ ਖੰਡਰ ਤੋਂ ਉਡ ਉਡ ਮਕੜੀ-ਜਾਲੇ ਰਾਤ ਪਈ ਬੋਹੜ 'ਤੇ ਡਿੱਗਣ ਜਿਉਂ ਟਿੱਡੀ-ਦਲ ਕਾਲੇ। ਬੋਹੜ ਦੀਆਂ ਖੁੱਡਾਂ ਵਿਚ ਵਸਦੇ ਨਾਗ ਦੇ ਤਪਦੇ ਸਾਹਾਂ ਨਿਗਲ ਬੇਨਾਮ ਕੀਤੀਆਂ ਆਖਿਰ ਬੇਪੱਤ ਹੋਈਆਂ ਰਾਹਾਂ। ਕੋਟ ਖੜੀ ਫ਼ਰਿਆਦੀ ਹੂੰਗਰ ਅੱਗੇ ਕਿਲੇ ਦੇ ਬੂਹੇ ਕਿਸ ਨੇ ਵੱਡ-ਵੱਡੇਰਿਆਂ ਦੇ ਪਰ ਨੀਂਦ-ਅੰਞਾਣ 'ਚ ਲੂਹੇ। ਮੁੱਢ ਕਦੀਮੀ ਪਹਿਰੇਦਾਰ ਦਾ ਸੁਣੇ ਸ਼ਹੀਦੀ ਹੋੱਕਾ : “ਰੰਨ ਕੁਲੱਛਣੀ ਦੀ ਭੱਠੀ 'ਤੇ ਬਲੀ ਲਾਉਣ ਨ ਝੋਕਾ।” ਦੂਰ ਘਿਰੇ ਲਸ਼ਕਰਾਂ ਸੁਣਕੇ ਖੋਲ੍ਹ ਦਿੱਤੀਆਂ ਵਾਗਾਂ। ਕਿਲੇ ਦੀਆਂ ਕੰਧਾਂ 'ਤੇ ਝਿਮੀਆਂ ਤਾਰਿਆਂ ਵਾਂਗੂੰ ਜਾਗਾਂ। ਵਿਛੜੇ ਘਾਇਲ ਬਾਜ਼ ਨੇ ਤਕ ਕੇ ਪਹਿਰੇਦਾਰ ਪੁਰਾਣਾ ਪੁੱਛਿਆ “ਕਿਉਂ ਉਲਝਿਆ ਚਿਰ ਤੋਂ ਕੌਮ ਮੇਰੀ ਦਾ ਤਾਣਾ ? “ਕਰਵਟ ਲਈ ਦਹਿਲ ਕੇ ਹੁਣ ਕਿਉਂ ਬਿਰਧ ਬੋਹੜ ਦੇ ਨਾਗਾਂ; ਕਿਲੇ 'ਤੇ ਝਾਂਜੇ ਵਾਂਗੂੰ ਵਰ੍ਹੀਆਂ ਪੰਥ ਦੀਆਂ ਕਿਉਂ ਜਾਗਾਂ ?” ਸੁਣ ਕਹਿੰਦਾ ਜਰਨੈਲ ਬਲੀ ਜੋ, ਪਹਿਰੇਦਾਰ ਚਿਰੋਕਾ : “ਬੁੱਤ ਤੋੜ ਕੇ ਅਸੀਂ ਬੁਤਾਂ ਦੇ ਯਾਰ ਰਹੇ ਵੇ ਲੋਕਾ। “ਗੁਰੂ ਛੋਡ ਬੁੱਤ ਜਦ ਟੋਲਣ, ਕੌਮਾਂ ਖਾਂਦੀਆਂ ਧੋਖਾ। ਰੰਨ ਛੰਨਾਰ ਦੀ ਭੱਠੀ ਲਾਉਂਦੇ, ਸੁਲੇਮਾਨ ਜਦ ਝੋਕਾ। “ਬੁੱਤ ਨੂੰ ਵੇਖ ਰੂਹ ਦੀਆਂ ਤਰਜ਼ਾਂ ਗੁੰਮ ਸੁੰਮ ਡਿੱਗਣ ਖੂਹੇ। ਬੇਰਾਹ ਹੋ ਕੇ ਸਿਦਕ ਦੇ ਸੂਰਜ ਮਹਿਲ ਕੌਮ ਦੇ ਲੂਹੇ। ਬੁੱਤ ਦੇ ਨਾਲ ਹਿਰਸ ਦੇ ਲਸ਼ਕਰ ਥਲਾਂ ਦੀ ਰੇਤ ਉਡਾਵਣ, ਗੁਰੂ ਦੇ ਬੋਲ ਪੰਥ ਦੇ ਆਂਗਣ ਕੰਕਰ ਜਿਉਂ ਬਰਸਾਵਣ।” ਮੈਂ ਤਦ ਜਿਗਰਾ ਕਰ ਕੇ ਕੂੰਦਾ ਘਾਇਲ ਬਾਜ਼ ਦੀ ਬੋਲੀ : “ਸਦੀਆਂ ਤੀਕ ਪੰਥ ਨੇ ਖੇਡੀ, ਵਾਂਗ ਸ਼ਹੀਦਾਂ ਹੋਲੀ। “ਕਿਉਂ ਫਿਰ ਹੋਣੀ ਬਾਰ ਪਰਾਏ ਰੋਲ वे ਸਾਨੂੰ ਹੱਸੀ; ਗੁਰ ਦੀ ਧਰਤ ਛੋਡ ਕਿਉਂ ਸਾਨੂੰ ਵਲ ਰਸਾਤਲ ਧੱਸੀ ?" ਸੁਣੀ ਮੈਂ ਮੁੱਖ ਜਰਨੈਲ ਦੇ ਵਿੱਚੋਂ ਧੀਮੀ ਬਾਣ ਫ਼ਕੀਰੀ— ਸੁਣੀ ਮੈਂ ਚੀਸ ਦਰਦ ਤੋਂ ਲੰਮੀ, ਗਲੀ ਸਮੇਂ ਦੀ ਭੀੜੀ ! “ਦੇਸ ਪੰਜਾਬੇ ਬੀਜ ਨਦਰ ਦੇ ਆ ਬੀਜੇ ਮਿਰਗਿੰਦਾਂ, ਗੁਰੂ ਦੇ ਬੋਲ ਪੁਗਾਵਣ ਦੇ ਲਈ ਵਾਰ ਵਾਰ ਕੇ ਜਿੰਦਾਂ। “ਕੱਚੀ ਸੁਰਤਿ ਪੰਥ ਦੀ ਐਪਰ, ਬੀਜ ਅਮਲ ਦਾ ਖੋਇਆ। ਨ ਫਿਰ ਕਿਸੇ ਸ਼ਹਾਦਤ ਸੰਦਾ, ਰੰਗ ਮਜੀਠੀ ਹੋਇਆ। “ਸੱਭੇ ਨਕਸ਼ ਸ਼ਹਾਦਤ ਸੰਦੇ, ਹੁੰਦੇ ਗਏ ਬੇਗਾਨੇ। ਸਤਲੁਜ ਤੀਰ ਪੰਥ ਦੇ ਪੈਂਡੇ, ਮਿਟ ਗਏ ਵਿਚ ਵੀਰਾਨੇ। “ਬੁੱਤ-ਪੂਜਣ ਡੈਣ ਵਿਚ ਰਾਤਾਂ, ਵਾਂਗ ਸਰਾਲਾਂ ਫਿਰਦੀ । ਸੁੱਤਿਆਂ ਉੱਤੇ ਵਾਰ ਕਰਨ ਦੀ, ਬਾਣ ਗਈ ਨ ਚਿਰਦੀ। “ਲੱਖ ਫ਼ਰੇਬ ਸੁਖਨ ਤੋਂ ਸ਼ੀਰੀਂ ਪ੍ਰਛਾਵੇਂ ਤੋਂ ਕੂਲੇ। ਭਰੀਆਂ ਨਦੀਆਂ ਪਾਰ ਨ ਲਾਉਣਾ ਇਹ ਸੱਪਾਂ ਦੇ ਪੂਲੇ। “ਰਣ ਵਿਚ ਪੰਥ ਸ਼ਹੀਦਾਂ ਸੰਦੇ, ਨੈਣ ਸੁਰਤਿ ਦੇ ਮੁੰਦੇ; ਨਾਜ਼ਕ ਤਿੱਖੇ ਦਗ਼ੀ ਦਿਸੇ ਨਾਂਹ ਬੁੱਤ-ਪੂਜਾਂ ਦੇ ਗੁੰਦੇ।” ਪਹਿਰੇਦਾਰ ਦਾ ਬੋਲ ਨਿਆਰਾ ਬੋਹੜ ਦੇ ਹੇਠੋਂ ਜੀਕਣ; ਜਿੰਨ ਫਰਿਸ਼ਤੇ ਲੈ ਕੇ ਉੱਡੇ ਗਗਨ ਪਤਾਲਾਂ ਤੀਕਣ। ਵਗੇ ਕਿਲੇ ਦੀਆਂ ਕੰਧਾਂ ਉੱਤੇ, ਨਵ-ਇਲਹਾਮ ਦੇ ਪਾਣੀ। ਆਦਿ ਕਾਲ ਦੇ ਸਾਗਰ ਕੰਢੇ, ਮੈਂ ਲਿਵਲੀਨ ਪਛਾਣੀ। ਕਿਲੇ ਦੇ ਭਾਰੀ ਪਿੰਜਰ ਵਿੱਚੋਂ ਸੁਣੀਆਂ ਅਸਾਂ ਦੁਆਵਾਂ। ਸਬਜ਼ ਪੱਤਿਆਂ ਦੇ ਹੜ੍ਹ ਵਾਂਗੂੰ ਹੱਥ ਕਰਨ ਦੋ ਛਾਵਾਂ। ਜਿਉਂ ਕੁਕਨੂਸ ਰਾਖ 'ਚੋਂ ਗਾਵੇ, ਮੁੜ ਮੀਂਹਾਂ ਦੀ ਦੀ ਰੁੱਤੇ । ਇਉਂ ਰਿਸ਼ਮਾਂ ਬਣ ਹੱਥ ਦੋ ਫੈਲੇ, ਕਿਲੇ ਦੇ ਬੂਹੇ ਉੱਤੇ। ਸੁਬਕ ਜ਼ੀਲ ਵਾਂਗ ਸੀ ਥਰਕੀ, ਇਉਂ ਲਿਵਲੀਨ ਦੀ ਬਾਣੀ : “ਸੰਤ ਜੀ ਸੁਣੀ ਫੇਰ ਮੈਂ ਥਲ ਵਿਚ ਉਹੀਓ 'ਵਾਜ਼ ਪੁਰਾਣੀ। “ਵਿਸ਼ ਤੰਦੂਏ ਦੀ ਜਲ ਥਲ ਜਕੜੇ ਬੁੱਤ ਨ ਤੋੜੇ ਕੋਈ। ਇਸ ਵਡ ਜਿੰਨ ਪਹਾੜ ਦੇ ਅੰਦਰ ਸੱਦ ਹੜ੍ਹਾਂ ਦੀ ਮੋਈ। “ਭਾਰੀ ਬਲ ਆਵੇਗਾ ਕਿੱਥੋਂ, ਦਸ ਦਰਵੇਸ਼ ਇਕੱਲੇ ? ਕਿਵੇਂ ਸਵਾਰ ਆਉਣਗੇ ਦੂਰੋਂ, ਤੋੜ ਕੇ ਜਾਲ ਅਵੱਲੇ ?” ਮੁੱਢ ਕਦੀਮੀ ਪਹਿਰੇਦਾਰ ਨੇ, ਕਿਹਾ : “ਮੈਂ ਭੈਣੇ ਜਾਣਾਂ। ਪੱਤ ਪਛਾਣੇ ਬਿਨ ਰੁਲ ਜਾਸੀ, ਪਿਰ ਦਾ ਬੋਲ ਪੁਰਾਣਾ। “ਬੁੱਤ-ਪੂਜਾਂ ਪਹਿਚਾਣ ਲਏ ਜੋ, ਦਰਦ ਮਿਰੇ ਮਨ ਧੁੰਮਣ- ਅਜਬ ਬਰੀਕ ਸਾਜ਼ਿਸ਼ਾਂ ਮੇਰੀ, ਸ਼ਾਹ ਰਗ ਨੇੜੇ ਘੁੰਮਣ। “ਨਾਰ ਕੁਲੱਛਣੀ ਤੋੜਣਾ ਚਾਹੇ, ਅਣਖ ਮੇਰੀ ਜਿਉਂ ਵੰਗਾਂ। ਫੰਧੇ ਕੋਟ ਗਗਨ ਵਿਚ ਉਡਦੇ, ਪਾਉਣ ਰਗਾਂ ਨੂੰ ਗੰਢਾਂ। “ਹਰਿਮੰਦਰ ਦੀ ਮਿੱਟੀ ਵਿਚ ਮੈਂ, ਕੌਲ ਮਾਹੀ ਦਾ ਪਾਲਾਂ; ਸੁੱਚੀਆਂ ਦਹਿਲੀਜ਼ਾਂ ਦੇ ਉੱਤੇ, ਪਾਕ ਰੋਹ ਨੂੰ ਬਾਲਾਂ। “ਪੰਥ ਜੇ ਬੋਲ ਸੁਣੇ ਨ ਮੇਰਾ, ਰਮਜ਼ ਅਣਖ ਦੀ ਮੇਸੀ; ਪਾਕ ਰੋਹ ਦੇ ਨਾਲ ਮੈਂ ਰਹਿਸਾਂ, ਹਸ਼ਰਾਂ ਤਕ ਪਰਦੇਸੀ। “ਸੁਪਨਾ ਪਾਕ ਬਾਜ਼ ਦਾ ਮੇਰਾ, ਇਹ ਅਰਦਾਸ ਪਿਆਸੀ। ਆਖਿਰ ਲਸ਼ਕਰ ਆਉਣਗੇ ਦੂਰੋਂ, ਪੁਰੀ ਆਨੰਦ ਦੇ ਵਾਸੀ। “ਪਾਕ ਰੋਹ ਨੂੰ ਇਲਹਾਮਾਂ ਦਾ, ਸੰਗ ਮਿਲੇਗਾ ਪੂਰਾ। ਬਲਦੇ ਜਗ ਵਿਚ ਦੇਗ ਤੇਗ ਨੂੰ, ਰੰਗ ਚੜ੍ਹੇਗਾ ਗੂੜ੍ਹਾ।” ਸੁਣਕੇ ਪਾਕ ਰੋਹ ਨੇ ਲਾਈ, ਝਖੜਾਂ ਵਿਚ ਉਡਾਰੀ। ਭਾਵੇਂ ਕੌਮ ਮੂਰਛਾ ਦੇ ਵਿਚ, ਤਾਜ ਦਿਸੇ ਕੋਈ ਭਾਰੀ। ਸੁੱਚੀਆਂ ਦਹਿਲੀਜ਼ਾਂ 'ਤੇ ਰੱਤਾਂ ! ਘਾਇਲ ਬਾਜ਼ ਤਕ ਰੋਇਆ। ਤਕ ਮੈਂ ਪੰਥ ਦੀ ਨੀਮ ਬੇਹੋਸ਼ੀ, ਇਕ ਪਲ ਅਜਨਬੀ ਹੋਇਆ। ਸਾਲੂ ਖਿੱਚ ਗਗਨ ਦੇ ਪਿਆਰੇ, ਝਿਮ ਝਿਮ ਕਰਦੀਆਂ ਰੈਣਾਂ। ਸਿਮਰਣ ਲਸੇ ਤਾਰਿਆਂ ਵਾਂਗੂੰ, ਵਿਚ ਲਿਵਲੀਨ ਦੇ ਨੈਣਾਂ। (10-7-88)

ਸੁੰਞੇ ਵਿਹੜੇ

(ਇਕ ਗੀਤ) ਸਿਖਰ ਦੁਪਹਿਰਾਂ, ਹੁੱਲੇ ਕਣਕਾਂ ਦੀ ਵੱਥ ਵੇ। ਕੇਸੂਏ ਦਾ ਫੁੱਲ ਵੇਂਹਦਾ ਦੂਰ ਕੋਈ ਸੱਥ ਵੇ। ਰੋਹੀਆਂ ਨੇ ਪੁੱਤ ਸਾਂਭੇ, ਪਿੱਛੇ ਮਾਵਾਂ 'ਕੱਲੀਆਂ, ਸਿਖਰ ਦੁਪਹਿਰਾਂ ਲਾਹੀ ਸੋਹਣੀਆਂ ਨੇ ਨੱਥ ਵੇ। ਜ਼ਾਲਿਮਾਂ ਨੇ ਪਹਿਰੇ ਲਾਏ ਬੇਟ ਦਰਿਆਵਾਂ 'ਤੇ, ਪਿੰਡ ਦੀਆਂ ਗਲੀਆਂ 'ਚ ਸੁੰਞ ਕੁਈ ਅਕੱਥ ਵੇ। ਅੰਬਾਂ ਨੂੰ ਅੰਬੀ ਪਈ, ਜਿੰਦੜੀ ਨੂੰ ਅੱਥਰੂ, ਵਲੀਆਂ ਤੋਂ ਹੋਇਆ ਨਹੀਉਂ ਭੇਦ ਐਸਾ ਕੱਥ ਵੇ। ਚਟਾਲੜੇ ਦੇ ਖੇਤ ਲੱਗੀ ਪਿਆਸ ਕਿਹੜੀ ਜਿੰਦ ਨੂੰ ? ਪਿੰਡ ਵਾਲੇ ਖੂਹ ਰੋਵੇ 'ਵਾਜ ਕੋਈ ਲੱਥ ਵੇ। ਤੂਤਾ ਵੇ ਤੇਰੀ ਛਾਵੇਂ ਛਾਹ ਵੇਲਾ ਰੁੱਲਿਆ, ਵੱਡੇ ਦਰਵਾਜ਼ੇ ਖੜਾ ਖ਼ਾਲੀ ਕੋਈ ਰੱਥ ਵੇ । ਕੇਸੂਏ ਦੇ ਜੋਬਨੇ ਨੂੰ ਪਵੇ ਕੰਨਸੋਅ ਵੇ, ਡਿੱਗ ਰਿਹਾ ਸਮਿਆਂ 'ਤੇ ਭੌਜਲ ਉਲੱਥ ਵੇ। ਅੱਕਾਂ ਨੂੰ ਦੁੱਖ ਦੱਸਣ ਕਣਕ ਦੀਆਂ ਬੱਲੀਆਂ, ਵਾਢਿਆਂ ਦੀ ਬਾਂਹ ਡਿੱਗੀ ਧੂੜਾਂ ਦੇ ਪੱਥ ਵੇ। ਕੂੰਜਾਂ ਨੂੰ ਦੇਸ ਹੋਏ ਸੱਭੇ ਹੀ ਬਿਗਾਨੜੇ, ਖੰਭੜੀ ਦੇ ਵਾਂਗ ਰੁਲਦੇ ਸਮਿਆਂ ਦੇ ਤੱਥ ਵੇ। ਬੁੱਲਿਆਂ ਤੋਂ ਰੱਤ ਡਿੱਗੀ ਕੇਸੂਏ ਦੀ ਜੀਭ 'ਤੇ, ਕਣਕਾਂ ਨੇ ਹੌਕਾ ਲਿਆ ਜੋਬਨੇ ਨੂੰ ਮੱਥ ਵੇ। ਸੁੰਞੇ ਸੁੰਞੇ ਵਿਹੜਿਆਂ ਨੂੰ ਲੂਆਂ ਤਪ ਦੱਸਿਆ, ਸ਼ਾਹ ਅਸਵਾਰਾਂ ਬੰਨ੍ਹੇ ਝੱਖੜਾਂ ਦੇ ਹੱਥ ਵੇ। ਹੜ੍ਹਾਂ ਤੇ ਹਨੇਰੀਆਂ ਤੋਂ ਮਿਟੇ ਸਾਡੀ ਪੈੜ ਨਾਂਹ, ਕ੍ਰਿਸ਼ਨ-ਮਾਰੂ ਸਮਾਂ ਭਾਵੇਂ ਬੜਾ ਸਮਰੱਥ ਵੇ। ਦੂਰ ਤੇਗਾਂ ਕੀਤੀਆਂ ਨੇ ਸੈਨਤਾਂ ਨਵੇਲੀਆਂ, ਦੂਰ ਹਰੀ ਟਾਹਲੀਆਂ 'ਤੇ ਬਾਜ਼ ਰਹੇ ਲੱਥ ਵੇ। ਸਿਖਰ ਦੁਪਹਿਰਾਂ, ਹੁੱਲੇ ਕਣਕਾਂ ਦੀ ਵੱਥ ਵੇ। ਕੇਸੂਏ ਦਾ ਫੁੱਲ ਵੇਂਹਦਾ ਦੂਰ ਕੋਈ ਸੱਥ ਵੇ। (26-4-87)

ਮੁੜ ਆ ਮਾਹੀ

ਮੁੜ ਛੇੜੋ ਓਸ ਫ਼ਕੀਰ ਦੀ ਗੱਲ। ਤੁਰ ਗਏ ਝਨਾਂ ਦੇ ਵੀਰ ਦੀ ਗੱਲ। ਹੜ੍ਹ ਆਉਂਦੇ ਰਹੇ ਨਾਂਹ ਦਸ ਸੱਕੇ, ਉਸ ਮੁੱਢ ਕਦੀਮੀ ਨੀਰ ਦੀ ਗੱਲ। “ਨਾਂਹ ਡਾਚੀ ਉਹੀਓ' ਕਿਹਾ ਥਲਾਂ, ਇਹ ਗਈ ਸਮੇਂ ਨੂੰ ਚੀਰਦੀ ਗੱਲ। ਥਲ ਡੂਗਰ ਦੇਸ਼ ਬੇਅੰਤ ਬੜੇ, ਨਹੀਂ ਭੁਲਦੀ ਸੁਬਕ ਲਕੀਰ ਦੀ ਗੱਲ। ਕਿੰਞ ਸੁਣਾਂ ਨਭਾਂ ਦੇ ਸੁਪਨੇ ਵਿਚ, ਕਿਤੇ ਦੂਰ ਲੁਕੀ ਤਨਵੀਰ ਦੀ ਗੱਲ। ਬਹੂੰ ਕਰਨ ਮਿਅਰਾਜਾਂ ਨਬੀ ਪਏ, ਦਰ ਤੈਂਡਾ ਅਜੇ ਅਖੀਰ ਦੀ ਗੱਲ। ਤੂੰ ਓਸੇ ਢੋਕ 'ਚ ਜਾ ਬੈਠੋਂ ਜਿਸ ਢੋਕ 'ਚ ਛਿੜਣੀ ਪੀਰ ਦੀ ਗੱਲ। ਸਭ ਮੰਗੂ ਖ਼ਾਲੀ ਨਜ਼ਰ ਖੜੇ, ਰਹੀ ਘਾਹ ਨੂੰ ਯਾਦ ਨ ਹੀਰ ਦੀ ਗੱਲ। ਕੁਲ ਸਮੇਂ 'ਚ ਵਰਤੀ ਸੁੰਞ ਪਈ, ਜੰਡ ਭੁੱਲਿਆ ਅਥਰੇ ਤੀਰ ਦੀ ਗੱਲ। ਹਰ ਪਾਸੇ ਮੁੱਖ ਪਰਦੇਸਾਂ ਦੇ, ਵਿਚ ਰਲੀ ਧੂੜ ਤਕਦੀਰ ਦੀ ਗੱਲ। ਸ਼ਾਹ ਰਗ ਤੋਂ ਨੇੜੇ ਹੌਕਾ ਜੋ, ਉਹ ਪੱਤ ਮਾਸੂਮ ਦੀ ਲੀਰ ਦੀ ਗੱਲ। ਲੱਖ ਰੋਣ ਰਕਾਨਾਂ ਖੂਹੇ 'ਤੇ, ਇਹ ਕੋਹੇ ਕਿਸੇ ਅਸੀਰ ਦੀ ਗੱਲ। ਉਹ ਹਰ ਅਸਮਾਨ ਨੂੰ ਵਲ ਲੈਸੀ, ਜੋ ਹੇਠ ਪਤਾਲ ਜ਼ੰਜੀਰ ਦੀ ਗੱਲ। ਅੱਗ ਵਰ੍ਹੇ ਰੱਤੜੇ ਸਰ ਉੱਤੇ, ਨਾਂਹ ਛਡਦਾ ਅੱਪਣੇ ਮੀਰ ਦੀ ਗੱਲ। ਉਹ ਵਲੀ ਪੀਰ ਵੀ ਕੋਸੇਗੀ, ਜੋ ਸਾਂਭੀ ਅਸਾਂ ਜ਼ਮੀਰ ਦੀ ਗੱਲ। ਹਰ ਰੁੱਖ ਨੂੰ ਲੱਗਣ ਰੋਗ ਨਵੇਂ, ਸੁਣ ਲਹੂ-ਲੁਹਾਣ ਵਹੀਰ ਦੀ ਗੱਲ। ਮੁੜ ਛੇੜੋ ਓਸ ਫ਼ਕੀਰ ਦੀ ਗੱਲ। ਤੁਰ ਗਏ ਝਨਾਂ ਦੇ ਵੀਰ ਦੀ ਗੱਲ। (1-4-87)

ਮੁਹੰਮਦ ਸਾਹਿਬ ਦੇ ਇਕ ਸੁਪਨੇ ਪਿੱਛੋਂ

ਕਾਲੀ ਕੰਬਲੀ ਬੈਠ ਉਣੀ ਮੈਂ, ਸਿਖਰ ਦੁਪਹਿਰਾਂ ਵੇਲੇ। ਨਬੀ ਦੇ ਲਈ ਦਸਤਾਰ ਚੁਣੀ ਮੈਂ, ਸਿਖਰ ਦੁਪਹਿਰਾਂ ਵੇਲੇ। ਚੌਦਾਂ ਤਬਕਾਂ ਤੋਂ ਵੀ ਭਾਰੀ ਸੱਦ ਖੜੀ ਕੋਈ ਸੀਨੇ, ਨਬੀ ਦੀ ਵਿਚ ਨਮਾਜ਼ ਸੁਣੀ ਮੈਂ, ਸਿਖਰ ਦੁਪਹਿਰਾਂ ਵੇਲੇ । ਜ਼ਮਜ਼ਮ1 ਕੋਲ ਮੈਂ ਰੋ ਨ ਸਕਿਆ, ਸਿਖਰ ਦੁਪਹਿਰਾਂ ਵੇਲੇ। ਪਾਕ ਪੈਰ ਮੈਂ ਛੋਹ ਨ ਸਕਿਆ, ਸਿਖਰ ਦੁਪਹਿਰਾਂ ਵੇਲੇ। ਉਂਞ ਨਬੀ ਦੀ ਨਜ਼ਰ ਨੇ ਮੈਨੂੰ ਡਾਚੀ ਵਾਂਗ ਘੁਮਾਇਆ, ਪਰ ਮੈਂ ਥਲਾਂ ਦਾ ਹੋ ਨ ਸਕਿਆ, ਸਿਖਰ ਦੁਪਹਿਰਾਂ ਵੇਲੇ। ਕਿਸੇ ਸ਼ਹੀਦ ਦੀ ਝਾਤ ਪਈ ਸੀ, ਸਿਖਰ ਦੁਪਹਿਰਾਂ ਵੇਲੇ । ਸਿਰ 'ਤੇ ਤਪਦੀ ਰਾਖ ਪਈ ਸੀ, ਸਿਖਰ ਦੁਪਹਿਰਾਂ ਵੇਲੇ । ਵਾਂਗ ਬੁਰਾਕ2 ਫਿਰੇ ਵਿਚ ਤਬਕਾਂ ਬੂੰਦ ਕੋਈ ਜ਼ਮਜ਼ਮ ਦੀ, ਹਰ ਪਿਆਸੋ ਨੂੰ ਹਾਕ ਪਈ ਸੀ, ਸਿਖਰ ਦੁਪਹਿਰਾਂ ਵੇਲੇ। ਸਮੇਂ ਦੇ ਘੋਰ ਹਨੇਰ ਵੜੀ ਮੈਂ, ਸਿਖਰ ਦੁਪਹਿਰਾਂ ਵੇਲੇ। ਕਿਹੇ ਜਗਾ ਕੇ ਨਾਗ ਖੜੀ ਮੈਂ, ਸਿਖਰ ਦੁਪਹਿਰਾਂ ਵੇਲੇ। ਸੱਤ ਅਰਸ਼ ਸੈਂ ਉੱਡਣਾ ਚਾਂਹਦਾ ਮੇਰੇ ਗੁਨਾਹ ਛੱਡ ਕੱਲੇ, ਰੋ ਬੁਰਾਕ ਦੀ ਵਾਗ ਫੜੀ ਮੈਂ, ਸਿਖਰ ਦੁਪਹਿਰਾਂ ਵੇਲੇ। 1. ਜ਼ਮਜ਼ਮ : ਇਸਲਾਮੀ ਚੇਤਨਾ ਦਾ ਪਵਿੱਤਰ ਖੂਹ 2. ਬੁਰਾਕ : ਮੁਹੰਮਦ ਸਾਹਿਬ ਦਾ ਮਿਅਰਾਜ ਸਮੇਂ ਦਾ ਇਲਾਹੀ ਘੋੜਾ।

ਸੱਸੀ ਦੇ ਤਿਲ੍ਹਕਦੇ ਰੰਗ

ਬੈਠ ਕੁਰਾਨ ਪੜ੍ਹੇ ਪਈ ਸੱਸੀ, ਵਿਚ ਬਾਬਲ ਦੇ ਬਾਗ਼ਾਂ। ਦੂਰ ਗਹਿਰ ਵਿਚ ਥਲ ਨੂੰ ਤੱਕਿਆ, ਕੇਚਮ ਦਿਆਂ ਚਰਾਗਾਂ। ਉਮਰ ਦਾ ਪੱਤਣ ਮਲ ਲੈਣਗੇ, ਸ਼ੀਂਹ ਮੂੰਹ-ਜ਼ੋਰ ਦੀਵਾਨੇ; ਰੱਬ ਦਾ ਹਰਫ਼ ਪੜ੍ਹਦਿਆਂ ਆਈਆਂ, ਜਦੋਂ ਹੁਸਨ ਨੂੰ ਜਾਗਾਂ। ਸੀਨੇ ਘੁੱਟ ਰਾਤ ਉਹ ਜ਼ਾਲਿਮ, ਸੋਹਣੇ ਨਾਲ ਗੁਜ਼ਾਰੀ। ਓੜਕ ਦੌੜ ਪਈ ਵਿਚ ਥਲ ਦੇ, ਮਾਰ ਚੀਕ ਦੁਖਿਆਰੀ। ਐਨਾ ਯਾਦ ਹੋਤ ਨੂੰ ਕੀਤਾ, ਕੂਕ ਕਿਹਾ ਇੰਞ ਸੱਸੀ : “ਜਿਸ ਨੇ ਐਸੀ ਰਾਤ ਲਿਆਂਦੀ, ਨੀਂਦ ਓਸ ਤੋਂ ਵਾਰੀ।” ਧੂੜ ਜੋ ਬਾਹਰ ਸਮੇਂ ਤੋਂ, ਓਥੇ, ਹੂੰਗਰ ਸੁਣਦੀ ਥਲ ਦੀ। ਸੂਰਜ ਕਿਵੇਂ ਸਾਂਭਦੇ ਅਗਨੀ, ਨਾਲ ਮਹਿੰਦੀਆਂ ਬਲਦੀ ! ਹੁਸਨ ਸੱਸੀ ਦਾ ਵਿਚ ਕਲਾਵੇ, ਲੈਣ ਲਈ ਥਲ ਛੋਟਾ; ਸਾਜ ਆਗਾਸ ਆਪਣੇ ਲੰਮੇ, ਵਾਟ ਇਸ਼ਕ ਦੀ ਚਲਦੀ। ਜੁਗ ਜੁਗ ਗਹਿਰ ਚੜ੍ਹੇ ਕੋਈ ਭਾਰੀ ਸੁਪਨੇ ਲੈਂਦੇ ਥਲ ਦੀ। ਕਿਸੇ ਦੀ ਹਾਕ ਸੁਣੇ, ਨਾਂਹ ਜਾਣਾਂ, ਘੋਰ ਹਨੇਰੀ ਚਲਦੀ। ਕਹਿਕਸ਼ਾਂ ਦੇ ਹਰਫ਼ ਪੁਰਾਣੇ, ਭੇਦ ਹੁਸਨ ਦਾ ਜਾਨਣ; ਰੋਹੀਆਂ ਦੇ ਦੀਵੇ ਦੀ ਕੰਪਨ, ਦਿਲ ਪੀਰਾਂ ਦੇ ਛਲਦੀ। ਅੱਜ ਮੈਂ ਨਾਲ ਤਾਰਿਆਂ ਚੱਲਾਂ, ਰਾਤ ਪੁਰਾਣੀ ਲੈ ਕੇ। ਪੀਰ ਪੈਗ਼ੰਬਰ ਨੂੰ ਮੈਂ ਮਿਲਣਾ, ਬਾਤ ਪੁਰਾਣੀ ਲੈ ਕੇ। ਕੀ ਹੋਇਆ ਜੋ ਥਲ ਲੰਮੇ ਨੂੰ ਸ਼ਹਿਰ ਸ਼ੈਤਾਨ ਦੇ ਢਕਿਆ; ਅੱਜ ਮੈਂ ਯਾਰ ਪੁੰਨਣ ਨੂੰ ਮਿਲਣਾ, ਵਾਟ ਪੁਰਾਣੀ ਲੈ ਕੇ। ਹੱਸ ਮੈਂ ਨਾਲ ਤਾਰਿਆਂ ਚੱਲਾਂ, ਪਰੀ ਦੁਰੇਡੇ ਨੂਰਾਂ ਦੀ। ਥਲ ਵਿਚ ਪਲੀ ਬਾਗ਼ ਜਾ ਮੱਲਾਂ, ਸੱਦ ਪਵੇ ਜਦ ਬੂਰਾਂ ਦੀ। ਸੁਣ ਜੋਬਨ ਬਾਗ਼ ਲੱਦ ਚੱਲੇ, ਤ੍ਰਿੰਞਣ ਕੱਤ ਮੈਂ ਥੱਕੀ- ਬਣਦੀ ਜਦ ਮੈਂ ਪੱਤਣ ਖੱਲਾਂ, ਗੱਲ ਝਨਾਂ ਦੀਆਂ ਹੂਰਾਂ ਦੀ। ਤਾਣ ਸ਼ਹੀਦ ਸੱਸੀ ਦਾ ਸੁਪਨਾ, ਥਲ ਸੁੱਤਾ ਵਿਚ ਫ਼ਜਰਾਂ। ਲਭ ਰਹੀਆਂ ਹੁਸਨਾਂ ਦੇ ਅਥਰੂ, ਕੋਟ ਤੂਫ਼ਾਨੀ ਨਜ਼ਰਾਂ। ਕੈਦ ਹੋਏ ਗੁੰਮਨਾਮ ਸਮੇਂ ਵਿਚ ਦਰਦ ਕਿਤੇ ਨ ਦਿੱਸਣ; “ਤੇਗ ਮੁਜਾਹਿਦ ਦੀ ਮੁੜ ਲਿਸ਼ਕੇ!” ਕਿਹਾ ਪਿਆਸੇ ਬਦਰਾਂ। ਝੱਖੜ ਵਗਣ ਪਸ਼ੂ ਨ ਪੰਛੀ ! ਵਿਚ ਵਿਕਰਾਲ ਵੀਰਾਨੇ। ਤਦੋਂ ਨਮਾਜ਼ ਪੜ੍ਹੀ ਵਿਚ ਥਲ ਦੇ ਕਿਸੇ ਫ਼ਕੀਰ ਦੀਵਾਨੇ । ਵਿਛਿਆ ਰਿਹਾ ਰੇਤ 'ਤੇ ਸਦੀਆਂ, ਗ਼ੈਬ ਦਾ ਕੋਈ ਮੁਸੱਲਾ; ਵੇਂਹਦੇ ਪੀਰ ਤੇਰੇ ਇਹ ਪੈਂਡੇ, ਕਿਵੇਂ ਸ਼ਹੀਦ ਰਕਾਨੇ ? ਸਾਂਭ ਲਏ ਸੀ ਸਿਖਰ ਦੁਪਹਿਰੇ, ਖੜ੍ਹ ਵਿਚ ਹੁਸਨ ਹਜ਼ੂਰੀ। ਕਹਿਕਸ਼ਾਂ ਨੇ ਨਾਲ ਸਿਦਕ ਦੇ, ਖੰਭ ਹਿਜਰ ਦੇ ਨੂਰੀ। ਬਲੇ ਇਹ ਰਾਜ਼ ਪੰਛੀਆਂ ਸੀਨੇ, ਜਦੋਂ ਨਮਾਜ਼ ਗੁਜ਼ਾਰਨ; ਤਪਦਾ ਸੂਰਜ ਸਮਝ ਨ ਸਕਿਆ, ਬਾਤ ਵਸਲ ਦੀ ਪੂਰੀ। ਨੈਂ ਦੇ ਤੀਰ ਤ੍ਰਿੰਞਣ ਵੇਖੇ, ਥਲ ਦੀਏ ਛੈਲ ਰਕਾਨੇ : ਹਿਜਰ ਤੇਰਾ ਚੁਗਣ ਵਿਚ ਰੇਤਾਂ, ਕੂੰਜਾਂ ਚੋਗ ਬਹਾਨੇ। “ਲੰਮੀ ਤੰਦ ਯਾਰ ਦੇ ਨਾਂ 'ਤੇ ਪਾ ਪਰਦੇਸਨ ਭੈਣੇ; ਅਸਾਂ ਇਹ ਤੱਕਣਾ ਸੂਰਜ ਕਿੰਨਾ, ਤਪਿਆ ਵਿਚ ਜ਼ਮਾਨੇ।

ਵੇਦਨਾ ਦੇ ਚਾਰ ਪਹਿਰ

ਕੋਹੀਆਂ ਘਾਇਲ ਧਰਤੀਆਂ ਦੇ ਜਦ, ਸੁਪਨ ਹੋਏ ਕੁਝ ਗਹਿਰੇ। ਮੈਂ ਸਦੀਆਂ ਦੇ ਵੈਣ ਸੁਣੇ ਤਦ, ਰਾਤ ਦੇ ਪਹਿਲੇ ਪਹਿਰੇ। ਕੋਈ ਨ ਮੁੜਦਾ, ਕੋਈ ਨ ਰੁਕਦਾ, ਖਿਚਦੀ ਮੌਤ ਤਣਾਵਾਂ, ਕਾਇਮ ਰਹੇ ਤਾਂ ਬਣਸਨ ਦੁਆਵਾਂ, ਜ਼ਾਮਨ ਸਿਖਰ ਦੁਪਹਿਰੇ। ਹੇਠ ਤੂਫ਼ਾਨ ਵਕਤ ਦੇ ਸ਼ੂਕਣ, ਸਿਰ 'ਤੇ ਅੰਬਰ ਗਹਿਰੇ। ਕਿਤੇ ਨ ਆਹ ਯਤੀਮ ਦੀ ਰੁਕਦੀ, ਰਾਤ ਦੇ ਦੂਜੇ ਪਹਿਰੇ। ਰਾਤ ਦਿਹੁੰ ਨੇ ਵਾਂਗ ਜ਼ੰਜੀਰਾਂ, ਅਣਦਿੱਸ ਰਹਿਮ ਖਲੋਤਾ, ਦਿਸਣ ਪਹਾੜ ਖ਼ੂਨੀਆਂ ਉੱਤੇ, ਹੱਥ ਕੁਸ਼ਗਣੇ ਭੈੜੇ। ਮੈਂ ਫ਼ਰਿਆਦ ਕਰੀ ਤਾਂ ਉੱਠੇ, ਤੁੰਦ ਵਿਕਰਾਲ ਕਟਹਿਰੇ। ਰਿੱਧਾਂ ਸਿੱਧਾਂ ਵੀ ਮੁੜ ਆਈਆਂ, ਰਾਤ ਦੇ ਤੀਜੇ ਪਹਿਰੇ। ਮੁੱਢ ਕਦੀਮੀ ਮਾਵਾਂ ਦੇ ਦਿਲ, ਤ੍ਰਭਕ ਥਲਾਂ ਵਿਚ ਬੋਲਣ : “ਛਾਂ ਦਿੱਤੇ ਬਿਨ ਟੁੱਟ ਨ ਜਾਵਣ, ਅਦਲ ਦੇ ਟਾਹਣ ਇਕਹਿਰੇ।” ਫੰਧੇ ਕੋਟ ਬਿਜਲੀਆਂ ਪੀਂਦੇ, ਨਾਲ ਦਹਿਸ਼ਤਾਂ ਲਹਿਰੇ। ਹਾਕ ਸੁਣੀ ਵਣਜਾਰੇ ਦੀ ਮੈਂ, ਰਾਤ ਦੇ ਚੌਥੇ ਪਹਿਰੇ : “ਭਾਰੀ ਹੜ੍ਹ ਵਿਚ ਘਰ ਤੇਰੇ ਨੂੰ ਹੜ੍ਹਿਆਂ ਮੁੱਦਤ ਹੋਈ, ਸਿਦਕ ਦਾ ਬੂਹਾ ਅਜੇ ਸਲਾਮਤ, ਵੇਖ ਰਿਹਾ ਵਿਚ ਦਹਿਰੇ।”

ਸਿੱਖ ਕੌਮ ਦੇ ਸਮੇਂ ਨੂੰ ਸ਼ਿਕਵੇ

ਬਿਸਮਿਲ ਕੌਮਾਂ ਨਾਲ ਤੂੰ ਸਮਿਆਂ, ਕੌਲ ਕਰੇਂ ਕਿਉਂ ਝੂਠੇ ? ਝੰਗ ਸਿਆਲ ਦਾ ਲਾਰਾ ਲਾ ਕੇ, ਜ਼ਹਿਰ ਪਾਏਂ ਵਿਚ ਠੂਠੇ ! ਮੇਰੀ ਜ਼ਮੀਰ ਬਿਜਲੀਆਂ ਬਣਕੇ ਕਹਿਕਸ਼ਾਂ ਤਕ ਲਰਜ਼ੇ ; ਕਿਚਰਕ ਨ੍ਹੇਰ ਅਥਾਹ 'ਚ ਰਖਸੇਂ, ਰਾਜ਼ ਮਹੀਨ ਅਨੂਠੇ ? ਬੇਪੱਤ ਕਰ ਕੇ ਸਾਨੂੰ ਸਮਿਆਂ, ਕਿਸ ਪਾਸੇ ਨੂੰ ਜਾਵੇਂ ? ਠਹਿਰੀਂ ! ਅਜੇ ਖ਼ਿਆਲ ਜੇ ਸਾਡਾ, ਅਪਣਾ ਮੀਤ ਬਣਾਵੇਂ। ਬਿਨ ਅਰਦਾਸ ਜ਼ਮੀਰ ਬਿਨਾਂ ਹੀ ਦੂਤੀ ਘੇਰਣ ਸਾਨੂੰ; ਘਾਇਲ ਜਿਗਰ ਮੇਰੇ ਵਿਚ ਹੁਣ ਵੀ, ਕਿਉਂ ਕੋਈ ਰਮਜ਼ ਛੁਪਾਵੇਂ ? ਬੇਖਬਰਾਂ 'ਤੇ ਕਟਕ ਚਾੜ੍ਹ ਨਾਂਹ, ਸੁਣ ਸਮਿਆਂ ਬੇਦਰਦਾ। ਰਾਤੋ ਰਾਤ ਘਰਾਂ ਨੂੰ ਖੋਹ ਕੇ, ਬਾਰ ਪਰਾਏ ਕਰਦਾ। ਘੂਕ ਸੁੱਤੀਆਂ ਜਿੰਦਾਂ ਦਾ ਨਾਂਹ, ਕੋਈ ਗੁਨਾਹ ਸਮਝਾਵੇਂ- ਹੜ੍ਹ ਅੰਨ੍ਹਾ ਕੋਈ ਤਾਰਿਆਂ ਤੀਕਣ, ਕਹਿਰਵਾਨ ਹੋ ਚੜ੍ਹਦਾ। ਸਮਿਆਂ ਕਰੀਂ ਬੇਪੱਤ ਨ ਮੈਨੂੰ, ਸਮਝ ਨਿਮਾਣਾ ਖ਼ਾਕੀ। ਜੋ ਅਸਵਾਰ ਤੇਰੇ 'ਤੇ ਹੋਇਆ ਖ਼ਿਆਲ ਮਿਰਾ ਕੁਈ ਬਾਕੀ। ਥਲਾਂ ਦਾ ਯਾਰ ਮੈਂ ਚਿਰ ਤੋਂ ਮੈਂਨੂੰ, ਰਹੀਆਂ ਢੂੰਡ ਹਵਾਵਾਂ; ਨਵਾਂ ਹੀ ਪੈਂਡਾਂ ਸਾਜ ਲਵੇ ਨਾਂਹ, ਪੈੜ ਮਿਰੀ ਕੁਈ ਆਕੀ।

ਖ਼ੂਨੀ ਸਾਕਿਆਂ ਪਿੱਛੋਂ

ਖ਼ੂਨ ਲਿਬੜੀ ਪਰਕਰਮਾ 'ਤੇ, ਕਹਿਰ ਰਾਤ ਦਾ ਛਾਇਆ। ਤਖਤ ਅਕਾਲ ਦੇ ਖੰਡਰ ਉੱਤੇ, ਕੋਈ ਬਾਜ਼ ਕੁਰਲਾਇਆ। ਜੋ ਤਾਰੇ ਸਮਿਆਂ ਤੋਂ ਅੱਗੇ, ਵਿਚ ਅਰਦਾਸ ਖਲੋਏ; ਭੇਦ-ਭਰੀ ਕਲਗੀ 'ਤੇ ਪੈਂਦਾ, ਨਜ਼ਰ ਮਿਰੀ ਦਾ ਸਾਇਆ। ਮੇਰਾ ਜ਼ਖ਼ਮ ਅਜਨਬੀ 'ਕੱਲਾ, ਬਿਨੁ ਚਾਨਣ ਬਿਨੁ ਆਸਾਂ। ਰੋ ਤਾਰੇ ਅਰਦਾਸ ਕਰੇਂਦੇ, ਝਿਮ ਝਿਮ ਪਾਰ ਆਗਾਸਾਂ। ਫੜ ਕੇ ਬਾਂਹ ਸਮੇਂ ਦੀ ਰਾਜੇ ਜਿਚਰਕ ਪਾਪ ਕਰੇਂਦੇ; ਖ਼ਾਬ ਬੇਅੰਤ ਕਹਿਰ ਦੀਆਂ ਅਣੀਆਂ ਚੁੰਮ੍ਹ ਕਰੋ ਅਰਦਾਸਾਂ। ਬੇ-ਪੀਰ ਕੌਮਾਂ ਨੂੰ ਆਖੇ, ਵਗਦੀ ਵਗਦੀ ਰਾਵੀ : “ਬਾਂਝ ਪਲੀਤ ਨਜ਼ਰ ਦੇ ਹੁੰਦਿਆਂ, ਧਰਤੀ ਰਹੇਗੀ ਸਾਵੀ। ਬੁੱਤ-ਹਜੂਮ ਭਸਮ ਹੋ ਜਾਸਣ, ਨਾਲੇ ਹੱਥ ਫ਼ਰੇਬੀ" ਦੂਰ ਬੇਅੰਤ ਮੌਤ ਦੇ ਰਾਹ 'ਤੇ, ਥੰਮ੍ਹ ਖੜਾ ਕੋਈ ਭਾਵੀ। ਕਿਸ ਦੇ ਵੈਣ ਸੁਣਾਂ ਮੈਂ ਦੂਰੋਂ, ਕੌਣ ਮਿਰੇ ਵਲ ਆਵੇ। ਪਥਰੀਲੇ ਨ੍ਹੇਰਾਂ ਨੂੰ ਲੰਘਦਾ, ਘੋੜ ਮਿਰਾ ਘਬਰਾਵੇ। ਜਦ ਮੈਂ ਅਣਦਿੱਸ ਛੋਹ ਕਿਸੇ ਵਲ ਰਹਿਮ ਦਾ ਹੱਥ ਉਠਾਵਾਂ; ਲੱਗ ਫ਼ਰੇਬੀ ਜੀਭ ਕਿਸੇ ਨੂੰ, ਹੱਥ ਮਿਰਾ ਸੜ ਜਾਵੇ। ਇਸ ਪਾਸੇ ਮਾਹੀ ਦਾ ਆਉਣਾ, ਫੇਰ ਮਿਲਣ ਦੀ ਵਾਰੀ। ਸਦੀਆਂ ਪਿੱਛੋਂ ਰੁਲ ਨ ਜਾਵੇ, ਫ਼ਰਿਆਦਾਂ ਦੀ ਖਾਰੀ। ਦਿੱਲੀ ਦੇ ਦਰਵਾਜ਼ੇ ਉੱਤੇ ਸੁਨਣ ਲਈ ਕੋਈ ਹੂੰਗਰ; ਆਵੇ ਬਾਜ਼ ਫੇਰ ਉੱਡ ਜਾਵੇ, ਵਕਤ ਦੀ ਚੁੱਕ ਕਟਾਰੀ। ਪਹਿਣ ਲਿਬਾਸ ਸਮੇਂ ਦੇ ਪੌਣੇ, ਅੱਧੀ ਰਾਤ ਨੂੰ ਵੱਗੇਂ। ਕਬਰਾਂ ਥਲਾਂ ਵਿਚ ਸ਼ਮਸ਼ਾਨਾਂ, ਲੁਕ ਲੁਕ ਮਾਹੀ ਸੱਦੇਂ। ਇਕ ਦਿਨ ਦਿੱਲੀ ਦੇ ਦਰਵਾਜ਼ੇ ਢਾਹ ਦੇਸਣ ਫ਼ਰਿਆਦਾਂ; ਕਿਸ ਅਸਮਾਨ ਤੋਂ ਡਰਦੀ ਪੌਣੇ ਰੋ ਧਰਤੀ ਗਲ ਲੱਗੇਂ। ਬੇਮੁਹਾਰ ਜਜ਼ਬੇ ਦੀਆਂ ਕਿਧਰੋਂ, ਡਿਗ ਰਹੀਆਂ ਆਬਸ਼ਾਰਾਂ। ਕਿਹੜੀ ਕੁੰਟ ਚੋਂ ਸਮਝ ਨ ਪੈਂਦੀ, ਹੁਕਮ ਦੇਣ ਸਰਕਾਰਾਂ। ਮਿਰੇ ਲਿਬਾਸ 'ਤੇ ਬਿਨ-ਦੱਸਿਆਂ ਹੀ ਕਿਤੋਂ ਪੈਂਦੀਆਂ ਚਮਕਾਂ; ਕਿਹੜੇ ਰੱਬ ਦੀ ਬੁੱਕਲ ਦੇ ਵਿਚ, ਧਰਤੀ ਦੀਆਂ ਪੁਕਾਰਾਂ ? ਕੋਟ ਨਭਾਂ ਦੇ ਖੰਡਰ ਘੁੱਟੇ ਜਮਾਂ ਜਹੇ ਕਾਲੇ ਪੈਂਡੇ। ਨੈਣ ਵਟਾਊ ਖੜੇ ਨਿਕਰਮੇ, ਬਿੰਗ ਪੱਥਰਾਂ ਦੇ ਸਹਿੰਦੇ। ਸਮੇਂ ਦੀ ਹੂੰਗਰ ਚੀਰ ਨ ਹੋਵੇ, ਬੇਬਸ ਗਰਕ ਨ ਸੱਕਾਂ; ਤਦੋਂ ਤੇਰੀ ਕਲਗੀ ਦੇ ਸੁਪਨੇ, ਵਲ ਸ਼ਹੀਦਾਂ ਲੈਂਦੇ। ਹੁਣ ਕਿਉਂ ਸਿਦਕ ਮੇਰਾ ਅਜ਼ਮਾਵੇਂ, ਨੀਲੇ ਦੇ ਅਸਵਾਰਾ ? ਮੈਂ ਅਰਦਾਸ ਕਰਾਂ ਕਿਸ ਥਾਂ 'ਤੇ, ਬਲੇ ਪਿਆ ਜਗ ਸਾਰਾ ! ਵਾਟ ਮੇਰੀ ਸਦੀਆਂ ਦੀ ਹੋਈ ਤਖਤ ਅਕਾਲ 'ਤੇ ਖੰਡਰ; ਝੁਲਸੇ ਟੁੱਟੇ ਚਰਖ ਮਿਰੇ 'ਤੇ, ਚਾੜ੍ਹ ਨਵਾਂ ਕੋਈ ਤਾਰਾ। ਲੰਮੀ ਰਾਤ ! ਬਲਦੀਆਂ ਪਈਆਂ, ਤਾਰਿਆਂ ਤੀਕ ਜ਼ਮੀਰਾਂ। ਰਾਹ ਵਿਚ ਰੋਹ ਬਲੀ ਦੇ ਪਰਬਤ, ਕਿੰਞ ਰੋਕਣ ਤਕਦੀਰਾਂ। ਸੱਚ ਦੀਆਂ ਸਫ਼ਾਂ ਦੇ ਉੱਤੇ ਗੁਰੂ ਵਲੀ ਆ ਬੈਠੇ; ਧਰਤੀ ਦਸ ਸਕੇ ਨ, ਕਿੱਥੇ ਰੋਣ ਮੁਸਾਫ਼ਰ ਹੀਰਾਂ। ਰੋਹੀਆਂ ਦੇ ਵਿਚ ਲਸ਼ਕਰ ਮੋਏ, ਹਵਾ ਪਈ ਕੁਰਲਾਵੇ। ਧੂੜ ਕੋਂਪਲਾਂ ਦੇ ਕੰਨਾਂ ਤਕ, ਛੁਪੇ ਫ਼ਰੇਬ ਲਿਆਵੇ। ਨੀਂਦਾਂ ਸਣੇ ਮਾਸੂਮ ਖਪਾਏ, ਕੋਟ ਸਾਜ਼ਿਸ਼ਾਂ ਹੋਈਆਂ; ਦਗ਼ੇਬਾਜ਼ ਸਮਿਆਂ ਦੇ ਸਾਹਵੇਂ, ਬੋਲ ਸ਼ਹੀਦ ਪੁਗਾਵੇ। ਰਲ ਵਿਚ ਦੂਰ ਦੀਆਂ ਪਰਵਾਜ਼ਾਂ, ਅੱਥਰੂ ਘੁੰਮਨ ਖਾਰੇ । ਅਣਸੋਚੇ ਨੁਕਤੇ ਜੋ ਰੂਹ ਵਿਚ, ਝੁਕ ਝੁਕ ਵੇਖਣ ਤਾਰੇ। ਭੋਲੇ ਭਾਅ ਮੈਂ ਬ੍ਰਿਛ ਲਗਾਵਾਂ, ਦੇਣ ਅਸੀਸ ਪੈਗ਼ੰਬਰ; ਕਿਸੇ ਸ਼ਹੀਦ ਦੀਆਂ ਅਰਦਾਸਾਂ, ਚੌਦਾਂ ਤਬਕ ਖਲ੍ਹਾਰੇ। ਬੀਆਬਾਨ ਵਿਚ ਬਾਜ਼ ਗੁਆਚੇ, ਘੋਰ ਇਕੱਲਾਂ ਛਾਈਆਂ। ਕਿਉਂ ਤੂੰ ਸਿਦਕ ਮਿਰਾ ਅਜ਼ਮਾਵੇਂ, ਉਮਰਾਂ ਅਜੇ ਨ ਆਈਆਂ। ਦੀਵਾ ਬਾਲ ਸਕਾਂ ਨ ਰਾਤੀਂ, ਉਜੜੇ ਤ੍ਰਿੰਞਣ ਰੁਲਦੇ; ਘੋੜ ਤਿਰੇ ਦੀ ਟਾਪ ਸੁਣੀਂਦੀ, ਤਾਰਿਆਂ ਸ਼ਰਤਾਂ ਲਾਈਆਂ। ਨਾ-ਸ਼ੁਕਰ ਬੁੱਤ-ਪੂਜ ਨਗਰ ਵਿਚ, ਹਾਕ ਸੁਣੀ ਇਕ ਮੈਨੂੰ : “ਖ਼ਾਕ ਵਿਸ਼ੈਲੀ ਖੋਰ ਦੇਵੇਗੀ ਬੀਆਬਾਨ ਵਿਚ ਤੈਨੂੰ।” ਨਾਗਾਂ ਵਾਂਗ ਸਾਜ਼ਿਸ਼ਾਂ ਘੁੰਮਨ, ਹੋਇ ਹੈਰਾਨ ਮੈਂ ਸੋਚਾਂ : “ਜੇ ਨ ਤਿਰੇ ਮੁਰੀਦ, ਬਾਜ਼ ਦੀ ਨਜ਼ਰ ਦੇਖਦੀ ਤੈਨੂੰ ?'' ਬੇਪੱਤ ਹੋਈਆਂ ਕੌਮਾਂ ਦੇ ਘਰ, ਦੂਰ ਫ਼ਰੇਬੀ ਧਰ 'ਤੇ। ਬਦਨਸੀਬ ਪੈਰਾਂ ਦੇ ਹੇਠਾਂ, ਖ਼ਾਕ ਵਿਸ਼ੈਲੀ ਗਰਕੇ। ਮੂੰਹ-ਜ਼ੋਰ ਸਮਾਂ ਕੌਮੇ ! ਨਿਗਲ ਸਕੇਗਾ ਤੈਨੂੰ; ਅੱਪਣੀ ਪੱਤ ਪਛਾਣ ਲਵੇਂ ਜੇ, ਲੜ ਮਾਹੀ ਦਾ ਫੜ ਕੇ। (1986)

ਰਮਜ਼ਾਂ

[ਬੇਲਿਆਂ, ਦਰਿਆਵਾਂ, ਜ਼ਖ਼ਮੀ ਦਿਲਾਂ, ਸ਼ਹੀਦਾਂ ਦੇ ਬੋਲਾਂ ਅਤੇ ਫ਼ਕੀਰਾਂ ਦੇ ਸੀਨੇ ਵਿੱਚੋਂ ਉੱਠੀਆਂ ਰਮਜ਼ਾਂ] ਲੱਖੀ ਜੰਗਲ ਵਿਚ ਲੱਖੀ ਜੰਗਲ ਦੇ ਬ੍ਰਿਛਾਂ 'ਤੇ, ਕੋਇਲਾਂ ਬ੍ਰਿਹੇ ਵਾਰੇ। ਤਿੰਨ1 ਸੌ ਵਰ੍ਹਿਆਂ ਤੀਕਣ ਧੁੱਪਾਂ, ਜਲ ਥਲ ਨਗਰ ਸ਼ਿੰਗਾਰੇ। ਮੂਨ ਪਿਆਸੇ ਟਿੱਬਿਆਂ ਉੱਤੇ, ਵਣਾਂ ਹੇਠ ਕੋਈ ਕੁਆਰੀ; ਪਤਾ ਨਹੀਂ ਕਿਸ ਪਾਸੇ ਦੇਖਣ, ਸੋਚਣ ਗਗਨ ਵਿਚਾਰੇ! (1) ਬੀਤਿਆ ਹੁਸਨ ਸਿਖਰ ਦੁਪਹਿਰਾਂ ਨੂੰ ਕੁਈ ਖ਼ੂਨੀ, ਧੂੜ ਮਿਰੇ ਵਲ ਉੱਡੇ । ਬ੍ਰਿਛ ਬਾਲਪਨ ਦੇ ਹੋਏ ਨੇ, ਨਾਲ ਘੋੜਿਆਂ ਬੁੱਢੇ। ਦੂਰ ਗਏ ਲਸ਼ਕਰ ਨ ਪਰਤੇ ਬਾਂਕਪਨ ਗਿਆ ਨੈਣੋ; ਸਿੱਕ ਸਿੱਕ ਸਖੀਆਂ ਨੂੰ ਸੁੱਤੇ, ਵਿਚ ਤ੍ਰਿੰਞਣ ਮੁੱਢੇ। (2) 1. ਕਲਗੀਧਰ ਦੇ ਲੱਖੀ ਜੰਗਲ ਵਿਚ ਹੋਣ ਤੋਂ ਹੁਣ ਤਕ ਦਾ ਲਗਪਗ ਸਮਾਂ। (ਸਰਸਬਜ਼ ਬੇਲਿਆਂ ਅਤੇ ਉਦਾਸ ਰਾਹਾਂ ਤੋਂ ਆਉਂਦੀਆਂ ਸਮੇਂ ਦੀਆਂ ਕੰਨਸੋਆਂ) ਪੂਰੇ ਦੀ ਵਾ ਵਗੇ ਮੈਂ ਸੁੱਤਾ, ਮੋਰਾਂ ਕੂਕ ਜਗਾਇਆ। ਵਿਛੜ ਗਿਆ ਕੋਈ ਰਾਹ ਪੁਰਾਣਾ, ਧੂੜ ਅਜਨਬੀ ਲਿਆਇਆ। ਧੁਰ ਦੇ ਰਾਜ਼ ਹਜ਼ਾਰਾਂ ਯਾਰੋ, ਸਮੇਂ ਦਾ ਗੀਤ ਬਨਾਵਣ; ਮੌਤ ਦੇ ਬਲੀ ਦਰਾਂ 'ਤੇ ਪੈਂਦਾ, ਪੈੜ ਮਿਰੀ ਦਾ ਸਾਇਆ। (3) ਰੂਪ ਅਨੂਪ ਕਹਿਕਸ਼ਾਂ ਵਾਲੇ, ਸਦੀਆਂ ਦਿਲ 'ਤੇ ਤਾਣਦੀਆਂ। ਤ੍ਰਿੰਞਣ ਪਾ ਕੇ ਬੈਠੀਆਂ ਕੁੜੀਆਂ, ਤੰਦ ਨ ਕੱਢਣ ਜਾਣਦੀਆਂ। ਜਦੋਂ ਫ਼ਰੇਬ ਚੜ੍ਹੇ ਆ ਖ਼ੂਨੀ, ਰੁਲਸੈਂ ਬਾਰ ਪਰਾਏ ਤੂੰ। ਘਰ ਮੈਂਡੇ ਦਾ ਦਰਦ ਨ ਜਾਨਣ, ਕੁਲ ਰਮਜ਼ਾਂ ਅਸਮਾਨ ਦੀਆਂ। (4) ਕਰਨ ਮਸ਼ਕਰੀ ਨਾਲ ਪੀਰ ਦੇ, ਨਾਰਾਂ ਡਾਚੀਆਂ ਵਾਲੜੀਆਂ। ਤੈਨੂੰ ਇਕ ਦਿਨ ਪੁਰਸਲਾਤ 'ਤੇ, ਬੰਨ੍ਹਣ ਜ਼ੁਲਫ਼ਾਂ ਕਾਲੜੀਆਂ। ਮੁਦਤਾਂ ਤੋਂ ਤੂੰ ਹੁਜਰੇ ਸਾਹਵੇਂ ਬੀਜੇਂ ਰੰਗ ਕੁਸੰਭੜੇ ਦੇ, ਪਾਕ ਹਰਫ਼ 'ਚੋਂ ਉਠ ਉਠ ਤੈਨੂੰ, ਹੂਰਾਂ ਦੇਣ ਵਖਾਲੜੀਆਂ। (5) ਮਿੱਟੀ ਵਿਚ ਜਗਾਵਣ ਲੱਗਾ, ਮੈਂ ਕੋਈ ਖ਼ਾਬ ਪੁਰਾਣੇ। ਕਿੱਥੇ ਬਿਰਖ, ਪੰਖਣੂ, ਵਾਟਾਂ ! ਜਲ ਥਲ ਕੋਈ ਨ ਜਾਣੇ। ਮਹਿਰਮ ਸਮਾਂ ਹੋਇਆ ਪਰਦੇਸੀ, ਰਾਖ ਫਿਰੇ ਕੁਰਲਾਂਦੀ; ਉਹੀਓ ਨੈਂ ਵਗੇ ਤਾਂ ਸਾਨੂੰ, ਉਹੀਓ ਯਾਰ ਪਛਾਣੇ। (6) ਸਾਉਣ ਮਹੀਨਾ ਉਮਰ ਮੇਰੀ ਦੀਆਂ, ਚਾਰ ਚੁਫੇਰੇ ਪੈੜਾਂ। ਖ਼ੂਨੀ ਖੂਹ ਦੇ ਨੇੜੇ ਉਤਰੇ, ਜੋਗੀ ਕਰਦੇ ਸੈਰਾਂ। ਗੁਨਾਹਗਾਰ ਲੂਣਾ ਅਸਮਾਨੋ ਮੰਗ ਰਹੀ ਦੋ ਅੱਥਰੂ; ਉਸ ਦਰ ਅਲਖ ਜਗਾਵਣ ਪੂਰਨ, ਪਾਉਣ ਰਾਣੀਆਂ ਖੈਰਾਂ। (7) ਸਮਿਆਂ ਨਾਲ ਝੂਟ ਨ ਕੁੜੀਏ, ਝਾਂਜਰ ਕਢਦੀ ਹਾੜੇ। ਪੀਰ ਫ਼ਕੀਰ ਮਨਾਂਦੀ ਤੁਰਸੈਂ, ਅਜਬ ਮੌਤ ਦੇ ਕਾਰੇ। ਅਜੇ ਨ ਰੋਕ ਉਡੀਕਾਂ ਸਾਨੂੰ, ਅਜੇ ਤਾਂ ਪੈਣ ਫੁਹਾਰਾਂ; ਉਹ ਅਸਵਾਰ ਮਿਲਣਗੇ ਸਾਨੂੰ, ਜਿਹੜੇ ਕਦੇ ਨ ਹਾਰੇ। (8) ਸਾਉਣ ਮਹੀਨਾ ਜ਼ਾਲਿਮ ਡਾਢਾ, ਪੈੜ ਤੇਰੀ ਧੋ ਜਾਵੇ। ਦਿਨ ਭਰ ਖੇਡ ਯਾਦ ਕੋਈ ਚੰਚਲ ਸ਼ਾਮ ਪਈ ਖੋ ਜਾਵੇ। ਲੰਮੀਆਂ ਦੂਰ ਖਜੂਰਾਂ ਵੇਖਣ, ਭਾਰੀ ਬੋਹੜ 'ਤੇ ਸੁੰਞਾਂ ! ਉਹੀਓ ਨਦੀ ਦੀ ਪਿਆਸ ਸਤਾਂਦੀ, ਦੀਦ ਬਿਨਾਂ ਲੋਅ ਜਾਵੇ। (9) ਪੀਂਘਾਂ ਨਿੱਤ ਚੜਾਈਏ ਰਾਹੀਆ, ਅਸੀਂ ਨਾਂਹ ਤੈਨੂੰ ਜਾਣਦੀਆਂ। ਕੂੰਜਾਂ ਨਾਲ ਉਡਾਰੀ ਲਾਕੇ, ਬ੍ਰਿਛ ਦਾ ਦਰਦ ਪਛਾਣਦੀਆਂ। ਰੋਗ ਪੁਰਾਣੇ ਵੈਦ ਕਿਸੇ ਨੂੰ, ਦੱਸਣ ਚੱਲੀ ਦੁਨੀਆ ਵੋ; ਹਿਜਰ ਹੰਡਾਈਏ ਭਾਵੇਂ ਉਮਰਾਂ, ਅਸੀਂ ਹਾਂ ਤੇਰੇ ਹਾਣ ਦੀਆਂ। (10) ਵਰ੍ਹਦੇ ਮੀਂਹਾਂ ਵਿਚ ਅਸਾਨੂੰ, ਮਿਲਣ ਲਈ ਕੁਈ ਆਇਆ। ਘੋੜ ਸਵਾਰ ਵਿਛੜਿਆ ਚਿਰ ਦਾ, ਲਸ਼ਕਰ ਨਾਲ ਲਿਆਇਆ। ਨਿੱਕਾ ਹੁਜਰਾ, ਦਾਮਨ ਚਮਕੇ, ਕਿਵੇਂ ਮੈਂ ਸਾਂਭਾਂ ਯਾਰਾ; ਜਦ ਜੋਬਨ ਸੀ, ਥਲਾਂ 'ਚ ਤੇਰਾ ਪਹਿਰੇਦਾਰ ਬਣਾਇਆ। (11) ਕੁੜੀਆਂ ਝੰਗ ਸਿਆਲ ਦੇ ਰਾਹ ਨੂੰ, ਮੀਂਹਾਂ ਵਿਚ ਪਛਾਣਦੀਆਂ। ਬਹੁਤ ਝਨਾਵਾਂ ਚੜ੍ਹ ਚੜ੍ਹ ਆਈਆਂ, ਡੂੰਘੇ ਦਰਦ ਨ ਜਾਣਦੀਆਂ। ਬ੍ਰਿਹਾ ਦਾ ਸੁਲਤਾਨ ਹਸੰਦਾ, ਚੁਗੇਂ ਬਿਜਲੀਆਂ ਕੂੰਜੇ ਤੂੰ; ਭਰੇ ਬਾਗ਼ 'ਚੋਂ ਥਲ ਵਲ ਜਾਵਣ, ਤੰਦਾਂ ਕਿਸੇ ਰਕਾਨ ਦੀਆਂ। (12) ਸਮਿਆਂ ਉੱਤੇ ਆਣ ਉਤਰੀਆਂ, ਇਲਹਾਮਾਂ ਦੀਆਂ ਡਾਰਾਂ। ਸੁੰਞੀ ਧਰਤ ਵੇਖ ਉਡ ਜਾਵਣ, ਨੈਣ ਭਰੇ ਅਸਵਾਰਾਂ। ਨਾਂਹ ਉਹ ਬੇਲੇ ਨ ਉਹ ਮੰਗੂ, ਨ ਉਹ ਪੱਤਣ ਪਿਆਰੇ; ਤੱਕਿਆ ਦੂਰ ਝਨਾਂ ਸੁੱਕੇ ਨੂੰ, ਪੀਂਘ ਚਾੜ੍ਹ ਮੁਟਿਆਰਾਂ। (13) ਨਹੀਂ ਸੀ ਪਾਈ ਮਜ਼੍ਹਬ ਦੀ ਹਾਲੇ ਜਦੋਂ ਪੁਸ਼ਾਕ ਫ਼ਕੀਰਾਂ; ਜਦੋਂ ਕਹਿਕਸ਼ਾਂ ਤੀਕ ਨਹੀਂ ਸਨ ਖ਼ਿਆਲਾਂ ਦੀਆਂ ਲਕੀਰਾਂ; ਇਲਮ ਸ਼ਰਾ ਨੂੰ ਜਿਨ੍ਹਾਂ ਹਾਲੇ ਸੱਦ ਨਹੀਂ ਸੀ ਦਿੱਤੀ, ਦੱਸ ਸਮਿਆਂ ਉਹ ਕਿੱਥੇ ਗਈਆਂ, ਕਰ ਪਰਵਾਜ਼ ਜ਼ਮੀਰਾਂ।(14) ਸ਼ਹੀਦ ਦੀ ਆਵਾਜ਼ ਨੀਲ ਅਨੀਲ ਤਾਰਿਆਂ ਦੇ ਦਰ, ਸੋਅ ਕਿਸੇ ਦੀ ਆਵੇ। ਕਿਸ ਅਸਮਾਨ ? ਸਮਝ ਨ ਕਿਹੜੀ, ਪੈੜ ਚਮਕ ਲੁਕ ਜਾਵੇ। ਰੱਤ ਭਰੀ ਪਰਕਰਮਾ ਵਿੱਚੋਂ ਯਾਰ ਪਾਸਵਾਂ ਕੂਕੇ : “ਭੇਦ ਸ਼ਹੀਦਾਂ ਦੇ ਦਿਲ ਸੰਦਾ, ਕੋਲ ਰਹੇ, ਨ ਥਿਆਵੇ।" (15) ਦਿਲ ਬਨਬਾਸੀ ਦਿਲ ਮੇਰੇ ਲਈ ਸੂਲੀ ਢੂੰਡਣ, ਜੁਗ ਜੁਗ ਚਲੀਆਂ ਗੱਲਾਂ। ਘੁੰਮ ਘੁੰਮ ਆਗਾਸ ਸਮੇਂ ਵਿਚ, ਲਭਦੇ ਫਿਰੇ ਇਕੱਲਾਂ। ਮੈਂ ਯਤੀਮ ਬਨਬਾਸ ਮਿਰੇ ਵਿਚ ਵੈਣ ਹਨੇਰ ਦੇ ਸੁੱਤੇ, ਫਿਰ ਵੀ ਕਿਸ ਸਾਗਰ ਦੀਆਂ ਸੀਤਲ, ਪੈਣ ਦਿਲੇ 'ਤੇ ਛੱਲਾਂ। (16) ਗੁੰਮਨਾਮ ਰਾਹਾਂ ਤੇ ਸਿਦਕ ਮੈਨੂੰ ਵਿਚ ਖ਼ਲਾਵਾਂ ਰੋਲਣ, ਨਾਮ ਨਿਸ਼ਾਨ ਮਿਟਾ ਕੇ। ਕਾਲੇ ਝਖੜਾਂ ਵਾਂਗੂੰ ਉੱਠੇ, ਗਗਨ ਸੂਲੀਆਂ ਚਾ ਕੇ। ਨ ਕੋਈ ਗਗਨ ਨ ਵਕਤ ਕਦੇ ਵੀ, ਵੇਖ ਸਕੇ ਉਹ ਮੇਲਾ, ਜਿਸ ਦਿਨ ਮੈਨੂੰ ਮਿਲਣੇ ਆਉਣਾ ਯਾਰਾਂ ਹੁੰਮ ਹੁਮਾ ਕੇ। (17) ਬੁੱਤਪ੍ਰਸਤ ਫ਼ਿਲਾਸਫ਼ਰ ਨੂੰ ਕਰੇਂ ਫ਼ਰੇਬ ਦਲੀਲਾਂ ਦੇਵੇਂ, ਝੂਠ ਜੁਗਾਂ ਤੋਂ ਬੋਲੇਂ। ਲਾ ਅੰਬਾਰ ਫ਼ਿਲਾਸਫ਼ੀਆਂ ਦੇ, ਰਹਿਮ ਬਿਨਾਂ ਪਿਆ ਫੋਲੇਂ। ਲਾਏਂ ਹਿਸਾਬ ਘਿਰੇਂ ਵਿਚ ਜੋਤਸ਼, ਖੁਰਣ ਦਗ਼ੇ ਨ ਤੇਰੇ; ਆਖ਼ਿਰ ਆਪਣੇ ਪੱਥਰਾਂ ਨਾਲ ਹੀ ਜਾਨ ਆਪਣੀ ਤੋਲੇਂ । (18) ਨੀਲੇ ਦੀ ਅਗੰਮੀ ਟਾਪ ਸੁੱਕੇ ਭਰੇ ਸਰਾਂ ਦੇ ਪਾਣੀ, ਤੁਰ ਗਏ ਉਮਰ ਦੇ ਬੇਲੀ। ਫੇਰ ਉਡੀਕ ਕਰਾਂ ਬਾਜ਼ਾਂ ਦੀ, ਫਿਰ ਫ਼ਰਿਆਦ ਨਵੇਲੀ। ਚੌਦਾਂ ਤਬਕਾਂ ਦੇ ਵਿਚ ਤੜਪੇ ਢੂੰਡੇ ਸਿੱਕ ਜੋ ਮੇਰੀ; ਧੂਹ ਪਵੇ ਦਿਸੇ ਨ ਨੀਲਾ, ਟਾਪ ਸੁਣੇ ਅਲਬੇਲੀ। (19) ਸ਼ਹੀਦਾਂ ਦੀ ਰਾਤ ਮੈਂ ਫ਼ਰਿਆਦ ਆਪਣੀ ਦੂਰੋਂ, ਸੁਣੀ ਤਾਰਿਆਂ ਛਾਵੇਂ। “ਕੌਣ ਸ਼ਹੀਦ ਹੋਏ ਇਸ ਘਰ 'ਚੋਂ, ਕਦੋਂ ਕਦੋਂ ਕਿਸ ਥਾਵੇਂ ?" ਰਾਤ ਹਨੇਰੀ ਕਿਤੇ ਨ ਦੀਵਾ, ਨ ਕੁਰਲਾਵਾਂ ਯਾਰਾ; ਕੌਣ ਤੂੰ ? ਮੁੱਢ ਕਦੀਮੀ ਖੰਡਰ ਝੁਕ ਝੁਕ ਵੇਖਦਾ ਜਾਵੇਂ। (20) ਨਾਂਹ ਮੁੜੇ ਸੁਨੇਹੇ ਦੂਰ ਚੰਨ ਚਾਨਣੀ ਅੰਦਰ, ਕੌਣ ਅਜਨਬੀ ਜਾਂਦੇ। ਲੱਖਾਂ ਭੇਦ ਛੁਪੇ ਜੋ ਸੀਨੇ, ਚੁੱਪ ਨਾਲ ਗਰਮਾਂਦੇ। ਕਿਉਂ ਨ ਸੁਣੋਂ ਸਨੇਹੜੇ ਯਾਰੋ, ਭੇਜ ਰਹੇ ਜੋ ਚਿਰ ਤੋਂ, ਅੱਗ ਦੇ ਛੰਭ 'ਚ ਘਿਰੇ ਅਸਾਡੇ, ਹੰਸ ਪਏ ਦਰਮਾਂਦੇ। (21) ਪਛਤਾਵਾ ਧੂੜਾਂ ਵਿਚ ਖਪਾ ਦਿੱਤੇ ਮੈਂ, ਪਿਆਰ ਦੇ ਵਰ੍ਹੇ ਯਕੀਨੀ। ਦੂਰ ਤਾਰਿਆਂ ਵਿੱਚੋਂ ਲੰਘਣ, ਸੁਪਨੇ ਅਜੇ ਕਦੀਮੀ। ਹੁਣ ਕਿਉਂ ਖ਼ਾਲੀ ਹਥ ਖੜਾ ਹਾਂ, ਉੱਡ ਉੱਡ ਨਾਲ ਤੂਫ਼ਾਨਾਂ ? ਪਿਰ ਦਾ ਦਾਮਨ ਛਡ ਕੇ ਹੋਈ ਸੱਦ ਅਣਖ ਦੀ ਧੀਮੀ। (22) ਸ਼ਹੀਦਾਂ ਦੀ ਬਰਕਤ ਗੁੰਮਨਾਮੀ ਭੌਜਲ ਡੁੱਬਣ ਜਦੋਂ ਕੌਮ ਦੀਆਂ ਪੈੜਾਂ, ਜਦੋਂ ਮਾਸੂਮਾਂ ਦੇ ਤਨ ਡੰਗੇ, ਛੁਪੇ ਪੁਰਾਣੇ ਵੈਰਾਂ; ਸਾਰ ਲਵੇ ਜੇ ਮਾਵਾਂ ਵਾਂਗੂੰ ਕੌਮ ਸ਼ਹੀਦਾਂ ਸੰਦੀ— ਫਿਰ ਨ ਕਦੇ ਉਲਾਂਭਾ ਦੇਵਣ ਸਮੇਂ ਵਾਂਗ ਹੋ ਗ਼ੈਰਾਂ । (23) ਸ਼ਹੀਦਾਂ ਦੀ ਵਾਟ ਯਾਦ ਮਾਹੀ ਦੀ ਸਾਬਤ ਹੋਵੇ, ਸੁਪਨੇ ਰਹਿਣ ਨ ਪਾਟੇ। ਸਿਦਕ ਦੇ ਉੱਚੇ ਬੁਰਜਾਂ ਹੇਠਾਂ, ਜੁੜੇ ਸਮੇਂ ਦੇ ਘਾਟੇ। ਕਹਿਰਵਾਨ ਰੇਤਾਂ ਨੇ ਡੀਕੇ ਖ਼ੂਨ ਮਾਸੂਮਾਂ ਸੰਦੇ, ਘਰ ਕੌਮਾਂ ਦੇ ਆਉਂਦੇ ਜਾਵਣ ਹਰ ਸ਼ਹੀਦ ਦੀ ਵਾਟੇ। (24) ਧਰਤੀ ਦਾ ਮੋਹ ਖ਼ਿਆਲ ਮੇਰੇ ਦੇ ਸਿਰ 'ਤੇ ਰਹਿਸਨ, ਧਰਤ ਗਗਨ ਦੀਆਂ ਛਾਵਾਂ। ਸਮੇਂ ਦੀ ਕਹਿਰ ਭਰੀ ਅਗਨੀ 'ਚੋਂ, ਧੜਕਣ ਕੋਈ ਬਚਾਵਾਂ। ਤੁਰੇ ਇਲਾਹੀ ਪੈਂਡੇ ਉੱਤੇ ਮੇਰੀ ਜ਼ਮੀਰ ਪਿਆਸੀ; ਰੱਬ ਦੇ ਰਹਿਮ ਵਲ ਮੈਂ ਭੇਜਾਂ, ਮੁੜ ਮੁੜ ਇਹੋ ਹਵਾਵਾਂ। (25) ਸ਼ਹੀਦਾਂ ਦੀ ਉਡੀਕ ਸ਼ਮਸ਼ਾਨਾਂ ਵਿਚ ਘੁੰਮਨ ਚੋਰੀ, ਪਾਰ ਗਗਨ ਦੀਆਂ ਛਾਵਾਂ। ਲੁਕ ਛਿਪ ਕੌਣ ਕਰੇ ਪਿਆ ਯਾਰੋ, ਮੋਇਆਂ ਲਈ ਦੁਆਵਾਂ। ਪੈਣ ਸ਼ਹੀਦ ਮੁਰੀਦਾਂ ਉੱਤੇ ਕਲਗੀ ਦੇ ਝਲਕਾਰੇ; ਲੁੱਟੇ ਸੜੇ ਘਰਾਂ ਵਿਚ ਬਹਿਕੇ ਪੁਤਰ ਉਡੀਕਣ ਮਾਵਾਂ। (26) ਸਬਰ-ਉਡੀਕਾਂ ਦੂਰ ਸ਼ਹੀਦਾਂ ਵਲ ਮੈਂ ਵੇਖਾਂ, ਸੁੰਨ-ਮੁਸਾਨ ਚੁਫੇਰੇ ! ਕਿਸੇ ਕਿਸੇ ਅੱਥਰੂ ਵਿਚ ਸੁੱਤੇ, ਘਾਇਲ ਸ਼ੀਂਹਾਂ ਦੇ ਜੇਰੇ। ਕਿਸੇ ਵੀ ਕਿਸੇ ਪੱਤਣ 'ਤੇ ਬੈਠੇ ਸਬਰ ਉਡੀਕਾਂ ਕਰਦੇ; ਕੋਟ ਸਵਾਰ ਆਏ ਨ ਮੁੜਕੇ, ਰਾਹ ਸਾਮਿਆਂ ਨੇ ਘੇਰੇ। (27) ਅੰਤ ਨ ਅੰਤ ਦੀਆਂ ਮੰਜ਼ਿਲਾਂ ਪਾਰ ਅਨੰਤਾਂ ਤੀਕ ਬਲਦੀਆਂ, ਤਾਰਿਆਂ ਦੀਆਂ ਕਤਾਰਾਂ। ਕਿਹੜੀ ਸੁਰਤਿ ਜਗਾਵਣ ਪਈਆਂ, ਬੀਤੇ ਬਰਸ ਹਜ਼ਾਰਾਂ। ਸਾਡੇ ਸਫ਼ਰ ਦਾ ਕੁਝ ਨ ਬਣਿਆਂ, ਖੁਰ ਚੱਲੀ ਇਹ ਦੁਨੀਆ; ਬਿਨਾਂ ਹਿਸਾਬ ਦਿੱਤਿਆਂ ਪੁਟਦਾ, ਮੁਲਕ ਮਸੀਹ ਦੀਆਂ ਦਾਰਾਂ। (28) ਅਗੰਮ ਵਿਚ ਧਰਤੀ ਦੀ ਯਾਦ ਚੌਦਾਂ ਤਬਕ ਨਾਲ ਕੁਝ ਅੰਬਰ, ਸੁਰਤਿ ਮਾਹੀ ਦੀ ਹੋਸਨ। ਕਾਫ਼ਰ ਕੋਟ ਜੁਗਾਂ ਦੇ ਰਲਕੇ, ਇਕ ਸਜਦੇ ਵਿਚ ਰੋਸਨ। ਚੰਨ ਸੂਰਜ ਤਾਰੇ ਸਭ ਮਿਟਣੇ, ਬਨਣ ਇਲਾਹੀ ਥਰਕਣ; ਫਿਰ ਵੀ ਯਾਦ ਮਿੱਟੀ ਦੀ ਆਉਣੀ, ਨੂਰ ਅਗੰਮ ਦੇ ਕੋਸਨ। (29) ਬੇਨਿਆਜ਼ ਮਾਹੀ ਨੂੰ ਮੈਂ ਕੁਝ ਸਾਲ ਗੁਜ਼ਾਰੇ ਮਾਹੀ, ਦਰ ਤੈਂਡੇ ਦੇ ਸਾਹਵੇਂ। ਜਾਂਦਾ ਰਿਹਾ ਮੈਂ ਵਾਰੇ ਮਾਹੀ, ਦਰ ਤੈਂਡੇ ਦੇ ਸਾਹਵੇਂ। ਦੂਰ ਅਨੰਤਾਂ ਧੁੱਪਾਂ ਤੀਕਣ ਲਰਜ਼ ਰਹੇ ਖੰਭ ਮੇਰੇ; ਇਕ ਨੁਕਤੇ 'ਤੇ ਹਾਰੇ ਮਾਹੀ, ਦਰ ਤੈਂਡੇ ਦੇ ਸਾਹਵੇਂ। (30) ਕੱਢਦਾ ਰਿਹਾ ਮੈਂ ਹਾੜੇ ਮਾਹੀ, ਦਰ ਤੈਂਡੇ ਦੇ ਸਾਹਵੇਂ। ਭੁੱਲੇ ਸਜਦੇ ਚਾੜ੍ਹੇ ਮਾਹੀ, ਦਰ ਤੈਂਡੇ ਦੇ ਸਾਹਵੇਂ। ਇਸ ਦੁਨੀਆ ਤੇ ਉਸ ਦੁਨੀਆ ਦੇ ਕਿੱਥੇ ਮਿਲਣ ਕਿਨਾਰੇ ? ਪੈਂਦੇ ਰਹੇ ਪੁਆੜੇ ਪੁਆੜੇ ਮਾਹੀ, ਦਰ ਤੈਂਡੇ ਦੇ ਸਾਹਵੇਂ। (31) ਅਮਰ ਦਰਦ ਅੰਤ ਨ ਅੰਤ ਦੇ ਵਿਚ ਲਰਜ਼ ਕੇ ਤਕਦੀਰਾਂ ਦੀਆਂ ਛੱਲਾਂ। ਕਿਤੇ ਨ ਕਿਤੇ ਜਾ ਢੂੰਡ ਲੈਂਦੀਆਂ, ਛੁਪੇ ਦਰਦ ਦੀਆਂ ਗੱਲਾਂ। ਸ਼ਾਹ ਰਗ ਪੀਰ ਪੈਗ਼ੰਬਰ ਦੀ ਵੀ, ਜਮ ਮੁੱਠੀ ਵਿਚ ਘੁੱਟੋ; “ਧਰ-ਅੰਬਰ ਨੂੰ ਸਿਦਕ ਦੀ ਖਾਰੀ," ਕਿਸੇ ਕਿਹਾ: “ਪਾ ਚੱਲਾਂ।” (32) ਮਾਂ-ਅਸੀਸ ਦੀ ਬਰਕਤ ਗਹਿਰੀ ਚੁੱਪ ਤਾਰਿਆਂ ਸਾਹਵੇਂ, ਖਰ ਖੁਰ ਜਾਵਣ ਰਾਹ। ਕੁੱਲ ਤਬਕਾਂ 'ਚੋਂ ਕੌਣ ਗਿਆ ਹੈ, ਮਨ ਮੇਰੇ ਨੂੰ ਭਾ ? ਮੈਂ ਤਰਨਾ ਅਸਗਾਹ ਲੰਮੇ ਨੂੰ ਮਾਂ ਜੇ ਮੰਗੇ ਖੈਰ ; ਸੁਪਨੇ ਚੀਰ ਗਈ ਤੇ ਗੂੰਜੀ ਭੀਸ਼ਣ ਕੋਈ ਸਦਾ। (33) ਤੈਂਡੀ ਦਾਤ ਖਾ ਭੁਆਟਣੀ ਜ਼ਿਮੀਂ 'ਤੇ ਡਿੱਗਾ, ਖ਼ਿਆਲ ਨਿਮਾਣਾ ਮੇਰਾ। ਗੋਦ ਅਨੰਤ ਤਾਰਿਆਂ ਸੰਦੀ ਰਹਿਮ ਵਿਖਾਵੇ ਤੇਰਾ। ਮੈਂ ਯਤੀਮ ਪਰਦੇਸੀ ਧੁਰ ਦਾ, ਦਹਿਲ ਕਟਕਦਾ ਦੂਰੋਂ, ਚਿਰ ਤੋਂ ਦਾਤ ਤੇਰੀ ਨੂੰ ਢੂੰਡੇ, ਕਿਸ ਕਿਣਕੇ ਦਾ ਜੇਰਾ ? (34) ਭੈਅ ਅਤੇ ਬਖ਼ਸ਼ਿਸ ਆਦਮ ਵੇਲੇ ਦਾ ਕੋਈ ਭੈੜਾ, ਦਹਿਲ ਪਵੇ ਵਿਚ ਸੀਨੇ। ਚੰਦਰੀ ਖ਼ਾਕ ਨੇ ਖਾ ਜਾਣੇ ਨੇ, ਨੇਕ ਅਤੇ ਬੇ-ਦੀਨੇ। ਮੈਨੂੰ ਮੰਜ਼ਿਲ ਮੰਨ ਕੇ ਪੈਂਦੀ, ਝਲਕ ਇਲਾਹੀ ਦੂਰੋਂ– ਚੜ੍ਹਦੇ ਆਉਣ ਕਾਫ਼ਲੇ ਕਿਧਰੋਂ, ਕੋਟ ਸਮੇਂ ਦੇ ਜ਼ੀਨੇ। (35) ਇਕ ਸੁਆਲ ਗੜੇ-ਮਾਰ ਮੀਂਹਾਂ ਦੇ ਵਾਂਗੂੰ, ਅਣਦਿੱਸ ਸਮੇਂ ਦੇ ਸੀਨੇ; ਕਿਵੇਂ ਉਛਾਲ ਰਹੇ ਰਾਜ਼ਾਂ ਦੇ ਕੋਟਾਂ ਕੋਟ ਸਫ਼ੀਨੇ ! ਕੀ ਕੋਈ ਸਫ਼ਰ ਹੈ ਗੂੜਾ ਹੁੰਦਾ, ਕਿਸੇ ਖ਼ਿਆਲ ਦਾ ਏਥੇ; ਨਿਰੀ ਮਿੱਟੀ 'ਤੇ ਪਹਿਰਾ ਦੇਵਣ, ਜਾਂ ਫਿਰ ਸਾਲ ਮਹੀਨੇ ? (36) ਜੁਆਬ ਇਸ ਮਿੱਟੀ ਵਿਚ ਗੁਪਤ ਮੰਜ਼ਿਲਾਂ ਜਿਸ ਦੇ ਚਰਖ਼ ਚੁਫੇਰੇ। ਅੱਪਣਾ ਆਪ ਪਛਾਨਣ ਖ਼ਾਤਰ, ਦੇਣ ਸਮੇਂ ਦੇ ਗੇੜੇ। ਜਦ ਬੁੱਤਾਂ ਵਿਚ ਰੱਬ ਦੇ ਪੈਂਡੇ ਢਾਲਣ ਲੋਕ ਕਮੀਨੇ; ਤਦੋਂ ਸ਼ਹੀਦ ਹੋਣ ਲਈ ਪਾਉਂਦੇ, ਪੀਰ ਪੈਗ਼ੰਬਰ ਫੇਰੇ। (37) ਸਿੰਘ ਵਣਜਾਰੇ ਦਾ ਹੋਕਾ ਮੈਂ ਕੋਈ ਬੁੱਤ-ਸ਼ਿਕਨ ਵਣਜਾਰਾ, ਕੂਕ ਸੁਣੇ ਵਿਚ ਮੱਕੇ। ਤੇਗ ਮਿਰੀ ਬਲਵਾਨ ਗਗਨ ਦੇ, ਕੋਟ ਸਿਰਾਂ ਨੂੰ ਕੱਪੇ । ਦੇਣ ਆਵਾਜ਼ਾਂ ਦੇਸ ਦੇਸ਼ ਦੇ, ਚਹੁੰ ਕੂੰਟੀਂ ਘਰ ਮੈਨੂੰ; ਬੇ-ਸਿਦਕੇ ਬੁੱਤ-ਪੂਜ ਕੀ ਜਾਣਨ, ਕੌਲ ਸਮੇਂ ਦੇ ਪੱਕੇ। (38) ਸਿੰਘ ਸ਼ਹੀਦ ਦੀ ਕੂਕ ਮੈਨੂੰ ਉਸ ਨੇ ਬੇਪੱਤ ਕੀਤਾ, ਜੋ ਪਛਤਾ ਨਾ ਸੱਕੇ। ਜ਼ੋਰ ਧਿੰਙਾਣਾ ਧਿੰਙਾਣਾ ਕਰਕੇ ਮੈਨੂੰ, ਬੰਨ੍ਹ ਵਿਚ ਬੁੱਤਾਂ ਰੱਖੇ । ਪਾਰੋਂ ਮੌਤ-ਦਰਾਂ ਦੇ ਅੱਗੋਂ ਸੱਦ ਨਵੇਲੀ ਲਿਆਵਾਂ; ਸਿੰਘ ਸ਼ਹੀਦ ਮੈਂ, ਕੂਕ ਮਿਰੀ ਨੂੰ, ਭੈਅ ਵਿਚ ਧਰਤੀ ਚੱਕੇ। (39) ਸਦੀਵੀ ਸ਼ਹਾਦਤ ਯੁਗਾਂ ਯੁਗਾਂ ਦੀ ਅੱਗ ਵਰ੍ਹੇ ਪਈ, ਜਿੰਦ ਨਿਮਾਣੀ ਉੱਤੇ। ਤਾਰੇ ਟੱਪ ਕੇ ਅਕਲ ਖੜ੍ਹੇ ਪਈ, ਜਿੰਦ ਨਿਮਾਣੀ ਉੱਤੇ। ਨੂਰਾਂ ਦੀ ਬਰਸਾਤ ਅਨੂਠੀ ਕਿਸ ਲਈ ਮੰਜ਼ਿਲ ਪਾ ਕੇ; ਅਪਣਾ ਆਪ ਸ਼ਹੀਦ ਕਰੇ ਪਈ, ਜਿੰਦ ਨਿਮਾਣੀ ਉੱਤੇ। (40) ਬਾਜ਼ ਦੀ ਆਮਦ ਬੇਸਿਦਕਾਂ ਦੇ ਸ਼ਹਿਰ 'ਚ ਦੇਵਾਂ, ਪਿਛਲੇ ਪਹਿਰ ਦਾ ਹੋਕਾ : “ਕਿਲੇ ਦੀ ਸਿਖਰ ’ਤੇ ਬਾਜ਼ ਕੋਈ ਆ, ਬੈਠੇ ਫ਼ਜਰ ਨੂੰ ਲੋਕਾ। ਹੂੰਗਰ ਮਾਰ ਦਰਦ ਦੀ ਪਹਿਲਾਂ, ਸਮੇਂ ਦਾ ਦਿਲ ਕੰਬਾਵੇ; ਫੇਰ ਕਹੇਗਾ : “ਦੀਦ ਮਾਹੀ ਦੀ, ਵੇਖ ! ਜ਼ਰਾ ਨਹੀਂ ਧੋਖਾ।” (41) ਮੁੱਢ ਕਦੀਮੀ ਸ਼ਹੀਦ ਬੇਅਣਖਾਂ ਦੇ ਸੁਸਤ ਹਜੂਮ 'ਚ, ਮੈਂ ਅਜਨਬੀ ਬੰਦਾ। ਏਸ ਸ਼ਹਿਰ ਵਿਚ ਕੌਣ ਪਛਾਣੇ, ਬੋਲ ਸ਼ਹੀਦਾਂ ਸੰਦਾ। ਕਦੇ ਕਦੇ ਆ ਬਾਜ਼ ਮਾਹੀ ਦਾ ਲੁਕ ਕੇ ਦਰਦ ਵੰਡਾਵੇ; ਸਮੇਂ ਦੀ ਨਦੀ ਕੀ ਜਾਣੇ ? ਮੈਂ ਤਾਂ, ਬਹੁਤ ਪੁਰਾਣਾ ਕੰਢਾ। (42) ਸ਼ਹੀਦ ਦਾ ਰਹਿਮ ਇਸ ਵਣ ਦੇ ਹਰ ਪੱਤੇ ਓਹਲੇ, ਖੜੇ ਰਾਜ਼ ਦੇ ਅੰਬਰ। ਹਰ ਇਕ ਰਾਜ਼ ਨੇ ਲਭਿਆ ਹੋਇਆ, ਅਪਣਾ ਕੁਈ ਪੈਗ਼ੰਬਰ। ਜਮ ਦੀ ਧੂੜ ਚੜ੍ਹੇ, ਨ ਦਿਸਦਾ ਕੋਈ ਇਲਾਹੀ ਪੈਂਡਾ- ਸੁਣੀ ਪੁਕਾਰ ਸ਼ਹੀਦ ਕੌਮ ਦੇ, ਖ਼ੂਨੀ ਧੂੜ ਦੇ ਅੰਦਰ। (43) ਜਿਉਂਦੇ ਸ਼ਹੀਦਾਂ ਨੂੰ ਦੁੱਖ ਅਜਰ ਨੂੰ ਜਰਣ ਵਾਲਿਓ ਕਿੱਥੇ ਦੇਸ ਤੁਹਾਡੇ ? ਯੱਖ ਹੋਏ ਕੌਮ ਦੇ ਜੇਰੇ, ਵਸ ਹਿਰਸਾਂ ਦੇ ਜਾਡੇ। ਹਰ ਪਾਸੇ ਜ਼ਾਲਿਮ ਦੇ ਪਹਿਰੇ, ਪਰ ਦਰਿਆ ਨੇ ਵਗਣਾਂ; ਲਿਵ ਸਤਿਗੁਰ ਦੀ ਛੋਡ ਨ ਸਕਦੇ ਘੋੜ ਸਵਾਰ ਇਹ ਡਾਢੇ। (44) ਸ਼ਹੀਦ ਦਾ ਕਰਜ਼ਾ ਕੇਸਗੜ੍ਹ ਦੀ ਸਿਖਰੋਂ ਲਿਸ਼ਕੀ, ਤੇਗ ਜਦੋਂ ਨੂਰਾਨੀ। ਦਿਲਾਂ ਦੀਆਂ ਹਿਰਸਾਂ ਤੇ ਟੁੱਟੇ, ਚਿੱਟੇ ਬਾਜ਼ ਤੂਫ਼ਾਨੀ। ਦੁਨੀ ਦੇ ਏਸ ਹਜੂਮ 'ਚੋਂ ਉੱਠੇ, ਬਸ ਕੁੱਲ ਪੰਜ ਪਿਆਰੇ; ਰਿਹਾ ਸ਼ਹੀਦਾਂ ਦੇ ਸਿਰ ਕਰਜ਼ਾ, ਦੇਖ ਮੇਰੇ ਦਿਲਜਾਨੀ। (45) ਬਖ਼ਸ਼ਣਹਾਰ ਮਾਹੀ ਕੇਸਗੜ੍ਹ ਦੀ ਸਿਖਰੋਂ ਲਰਜ਼ੀ, ਜਦ ਕੋਈ ਤੇਗ ਇਲਾਹੀ; ਐਸ਼ ਮਿਲਖ ਦੇ ਮਿਟਣ ਦੀ ਦਿੱਤੀ, ਝੂਠੀ ਦਿਲਾਂ ਗਵਾਹੀ। ਭਾਰਾ ਦਹਿਲ ਚੁਫੇਰੇ ਛਾਇਆ, ਪੰਜ ਸੀਸ ਨ ਡੋਲੇ; ਲਾ ਗਲ ਰੋਂਦੇ ਗੁਨਾਹਗਾਰ ਨੂੰ, ਬਖਸ਼ ਰਿਹਾ ਕੀ ਮਾਹੀ ? (46) ਸ਼ਹੀਦ ਸੰਤਾਂ ਦੀ ਅਰਦਾਸ ਜਦ ਮੈਂ ਸਾਸ ਸਮੇਟੇ ਯਾਰੋ, ਅੰਤ ਵਾਰ ਇਸ ਧਰ 'ਤੇ। ਕਲਗੀ ਤੈਂਡੀ ਚਮਕੇ ਮੁੜਕੇ, ਗਏ ਗੁਆਚੇ ਘਰ 'ਤੇ। ਜਪੁਜੀ ਦੇ ਇਕ ਬੋਲ ਨੂੰ ਲੈ ਕੇ, ਪਹੁੰਚਾਂ ਗਾ ਤੈਂ ਦਰ 'ਤੇ। ਮਾਹੀ ਤੈਂਡੀ ਨਜ਼ਰ ਪਈ ਜੇ, ਮੇਰੀ ਪੀੜ ਅਜਰ 'ਤੇ। (47) ਅਣਦਿੱਸ ਮੋਹ ਬੇ-ਮੁਹਾਰੀਆਂ ਪੌਣਾਂ ਵੱਗਣ, ਭਟਕ ਰਿਹਾ ਦਿਲ ਕੋ। ਭੌਜਲ ਮੇਟ ਰਿਹਾ ਕੋਈ ਥਲ ਨੂੰ, ਸਿੰਧ ਦੇਣ ਕੰਨਸੋਅ। ਜੁੜ ਜੁੜ ਕੁਦਰਤ ਕਰੇ ਪੁਕਾਰਾਂ : “ਜ਼ਿਮੀਂ ਦੇ ਨਕਸ਼ ਨ ਮੇਟੋ; ਇਕ ਦਿਨ ਆਦਮ ਨੂੰ ਆਵੇਗਾ, ਹਰ ਇਕ ਪੈੜ ਦਾ ਮੋਹ।” (48) ਮੇਘ ਨੂੰ ਮਿਹਨਾ ਮੇਘਾ ਮਾਣ ਕਰੇਂ ਤੂੰ, ਜਿਉਂ ਵਿਚ ਮਸਤ ਫ਼ੀਲ ਅਸਮਾਨਾਂ। ਤੇਰੀ ਬੁੱਕਲ ਬਹਿਣ ਬਿਜਲੀਆਂ, ਹੋਰਾਂ ਨਾਲ ਯਾਰਾਨਾ। ਦੂਰ ਨਿਸ਼ਾਨਾ ਫੁੰਡਣ ਨਾਰਾਂ, ਗਲ ਪਾ ਬਾਹਾਂ ਤੇਰੇ; ਦੇਂਦੇ ਮੋਰ ਗਵਾਹੀ ਚਿਰ ਤੋਂ, ਘਰ ਵਿਚ ਚੋਰ ਬਿਗਾਨਾ। (49) ਨਾਜ਼ਕ ਦਿਲ ਸਾਡੇ, ਕਿਉਂ ਗਰਜੇਂ ? ਘਰ ਸਾਡੇ ਮਹਿਮਾਨਾ। ਤੇਰੇ ਨਾਲ ਛੰਨਾਰ ਬਿਜਲੀਆਂ, ਖਿੱਚਣ ਤੀਰ ਕਮਾਨਾਂ। ਜਿਉਂ ਜਿਉਂ ਮਾਣ ਕਰੇਂ ਵਿਚ ਧਰਤੀ ਉਤਰ ਰਿਹਾ ਕੋਈ ਸੁਪਨਾ ਮੋਰ ਉਡੀਕ ਰਹੇ ਨੇ ਚਿਰ ਤੋਂ, ਪੀਂਘਾਂ ਪਾਉਂਣ ਰਕਾਨਾਂ। (50) ਜੀਅੜਾ ਥਰਹਰ ਕੰਪੈ ਸਿਖਰ ਦੁਪਹਿਰ ਦੀਆਂ ਧੁੱਪਾਂ ਵਿਚ, ਸੁਣਾਂ ਅਬੋਲ ਮੈਂ ਹੋਕਾਂ। ਬਾਲ ਜੁਆਨੀ ਬਿਰਧ ਸਮੇਂ ਦੇ, ਸਭ ਰਾਹਾਂ ਨੂੰ ਦੇਖਾਂ। ਬਹੁੰ ਬਲਵਾਨ ਹਸਰਤਾਂ ਉੱਡਣ, ਬਾਜ਼ਾਂ ਵਾਂਗ ਦੁਰੇਡੇ ; ਜਾਨ ਦੀ ਕੂੰਜ ਨੂੰ ਲਾਇਆ ਸੰਸਾ, ਕਿਸ ਪ੍ਰਦੇਸ ਦੇ ਲੇਖਾਂ ? (51) ਵਲੀ-ਆਮਦ ਦੀ ਘੜੀ ਇਕ ਇਕ ਸਾਲ ਦਾ ਪਰਦਾ ਯਾਰੋ, ਇਕ ਇਕ ਰਾਜ਼ 'ਤੇ ਪੈਂਦਾ। ਚੌਦਾਂ ਤਬਕਾਂ ਦਾ ਕੋਈ ਸੁਪਨਾ, ਇਕ ਇਕ ਹਰਫ਼ 'ਤੇ ਲਹਿੰਦਾ। ਰਮਜ਼ਾਂ ਜੋੜ ਜੋੜ ਮੈਂ ਨਿਆਰਾ ਜਦ ਕੋਈ ਫ਼ਰਸ਼ ਵਿਛਾਵਾਂ; ਮੌਤ ਦਾ ਬੂਹਾ ਖੋਲ੍ਹ ਸਾਮ੍ਹਣੇ, ਕੋਈ ਵਲੀ ਆ ਬਹਿੰਦਾ। (53) ਮੋਇਆਂ ਦੀ ਜਾਗ ਮੋਈਆਂ ਕੌਮਾਂ ਦੇ ਸਿਰ ਪਰਸੋ, ਤੇਲ ਜਿਉਂ ਮਾਂ ਦੀ ਬਾਣੀ। ਜੁਗਾਂ ਜੁਗਾਂ ਦੇ ਦਹਿਲ ਦੇ ਹੇਠੋਂ, ਚਮਕੇ ਸਿਦਕ ਦੇ ਪਾਣੀ। ਚੀਰ ਸਮੇਂ ਦੀਆਂ ਸੁੰਨੀਆਂ ਗਾਰਾਂ ਕੂਕ ਸ਼ਹੀਦਾਂ ਮਾਰੀ; ਦਰ ਕਹਿਰਾਂ ਦੇ ਦਸਤਕ ਦੇਂਦੀ, ਇਹ ਅਰਦਾਸ ਪੁਰਾਣੀ। (53) ਅਪਹੁੰਚ ਸਫ਼ਰ ਅਰਬਾਂ ਖ਼ਰਬਾਂ ਰੁੱਤਾਂ ਦਾ ਕੁਈ, ਖ਼ਾਬ ਮੇਰੇ ਵਿਚ ਸੀਨੇ। ਰੰਗ ਕਸੁੰਭੜਾ ਚੁਕ ਨ ਜਿਸ ਤਕ, ਪਹੁੰਚਣ ਸਾਲ ਮਹੀਨੇ। ਖ਼ਾਕ ਅਤੇ ਸੂਰਜ ਰਲ ਦੋਵੇਂ ਪੈਂਡੇ ਦੇਖਣ ਮੇਰੇ; ਅੱਪਣੇ ਹੀ ਸਾਗਰ ਵਿਚ ਭੁੱਲੇ, ਮੈਨੂੰ ਮਿਰੇ ਸਫ਼ੀਨੇ। (54) ਹੁਸਨ ਅਤੇ ਸਮਾਂ ਤ੍ਰੈ ਕਾਲਾਂ ਨੂੰ ਬੁੱਕਲ ਦੇ ਵਿਚ, ਇਸ ਪਲ ਘੁਟਦਾ ਮੋਹ। ਸਭ ਵਣਾਂ ਦੀ ਮਹਿਕ ਮੈਂ ਲੱਭੀ, ਮਿਲਿਆ ਫੁੱਲ ਨ ਉਹ। ਦੀਵਾ ਬਾਲ ਲਿਆ ਮੈਂ ਚੱਲੀ, ਰਾਤ ਥਲਾਂ ਦੀ ਸ਼ੂਕੇ; ਸਮਿਆਂ! ਵਾਰ ਕਮੀਨੇ ਕੀਤੇ, ਜਾਗਿਆ ਸਾਡਾ ਰੋਹ। (55) ਸੱਸੀ ਦਾ ਪੈਂਡਾ ਕਾਮਲ ਹੁਸਨ ਨਜ਼ਰ ਵਿਚ ਮੇਰੀ, ਨਾਂਹ ਉਸ ਦੇਸ ਕਿਨਾਰਾ। ਨਾਂਹ ਇਹ ਸਮੇਂ ਅਮਾਨਤ ਸਾਂਭਣ, ਵਲੀ ਨਾਂਹ ਦੇਣ ਹੁੰਗਾਰਾ। ਚੌਦਾਂ ਤਬਕਾਂ ਡਾਹਿਆ ਮੋਢਾ ਉਸ ਪੈਂਡੇ ਦੇ ਹੇਠਾਂ; ਰੇਤ ਥਲਾਂ ਨੇ ਜਿੱਧਰ ਲੂਹਿਆ, ਹੁਸਨ ਸੱਸੀ ਦਾ ਨਿਆਰਾ। (56) ਜ਼ਿੰਦਗੀ ਅਤੇ ਮੌਤ ਜਦੋਂ ਜ਼ਿਮੀਂ ਨਹੀਂ ਸੂਰਜ ਹੀ ਸੀ, ਫਿਰ ਵੀ ਕਿਤੇ ਸੀ ਮਾਹੀ। ਨਾਸ਼ਮਾਨ ਦੇ ਬਾਹਰ ਖੜੀ ਸੀ, ਤਦ ਕੋਈ ਰਮਜ਼ ਇਲਾਹੀ। ਖ਼ਾਕ ਬ੍ਰਿਛ ਕੰਵਲ ਦੇ ਸੁਪਨੇ ਲੈਂਦੇ ਲੂੰਬੇ ਬਲ ਬਲ; ਸਮੇਂ ਦੇ ਨਕਸ਼ ਦੀ ਧੂੜ ਉਡਾਈ ਜਦੋਂ ਮੌਤ ਦੇ ਰਾਹੀ। (57) ਪੁਰਾਣੀ ਤੜਪ ਵਾ-ਵਰੋਲੇ ਤੱਤੀਆਂ ਲੂਆਂ, ਵਣ ਵਣ ਸਿਖਰ ਦੁਪਹਿਰਾਂ। ਵਿਚ ਬਾਰਾਂ ਦੇ ਰਾਵੀ ਸੁੱਕੀ, ਫਿਕਰ 'ਚ ਲੰਮੀਆਂ ਨਹਿਰਾਂ। ਵਾਂਗ ਮੁਸਾਫ਼ਰ ਪੰਛੀ ਉੱਡੇ, ਮਿਰਗ ਵੀ ਹੋਏ ਬੇਗਾਨੇ; ਰਾਤੀਂ ਝੋਕ 'ਤੇ ਆ ਆ ਵੱਜਣ, ਅਜੇ ਝਨਾਂ ਦੀਆਂ ਲਹਿਰਾਂ। (58) ਬੇਨਿਆਜ਼ ਰਾਂਝਣ ਬੁੱਲੇ ਉੱਠਣ, ਸਾੜਣ ਲੂਆਂ, ਵਣ 'ਤੇ ਕੱਚੀਆ ਪੀਲ੍ਹਾਂ। ਜ਼ਹਿਰ ਦਾ ਪਿਆਲਾ ਚੂਚਕ ਵਿਹੜੇ, ਪੇਸ਼ ਨ ਗਈ ਵਕੀਲਾਂ। ਭੁੱਲੀ ਕਾਲੇ ਬਾਗ਼ ਦੇ ਸਾਹਵੇਂ, ਕੀਕਨ ਨਾਗ ਨੂੰ ਕੀਲਾਂ ! ਜਿਸ ਨੂੰ ਮਿਲਣ ਲਈ ਮੈਂ ਆਈ, ਉਹ ਤਾਂ ਵਿਚ ਦਲੀਲਾਂ। (59) ਤਾਂਘਾਂ ਦਾ ਸਫ਼ਰ ਸੰਘਣੇ ਤਾਰਿਆਂ ਨੂੰ ਜਾ ਪਰਸਨ, ਸ਼ਰਮੀਲੀਆਂ ਦਿਲ-ਤਾਂਘਾਂ। ਕਦੇ ਨੂਰ ਦੇ ਖੰਭ ਬਣਦੀਆਂ, ਕਦੇ ਕਾਲੀਆਂ ਕਾਂਗਾਂ। ਕਦੇ ਸੁਨੀਣ ਸੁਬਕ ਕੰਨਸੋਆਂ, ਕਦੇ ਕਹਿਰ ਦੀਆਂ ਚਾਂਗਾਂ। ਕਦੇ ਕਰਬਲਾ ਦੇ ਵਿਚ ਰੋਵਣ, ਕਦੇ ਫ਼ਜਰ ਦੀਆਂ ਬਾਂਗਾਂ। (60) "ਕਿਆ ਮਨਿ ਮੰਤੁ" ਦੂਰ ਕਹਿਕਸ਼ਾਂ ਨਾਲ ਜਾ ਵੱਜਣ, ਦਿਲ ਮੇਰੇ ਦੀਆਂ ਵਾਟਾਂ। ਲੁਕ ਲੁਕ ਪੈਣ ਸਮੇਂ ਦੀ ਸ਼ਾਹ ਰਗ, ਲਰਜ਼ ਇਲਾਹੀ ਤ੍ਰਾਟਾਂ। ਸੂਰਜ ਜਾਣ ਸਕੇ ਨ ਯਾਰੋ, ਖ਼ੂਨ ਖ਼ੂਨ ਕਰ ਲਾਟਾਂ। ਕਿਸ ਨੂੰ ਮਿਲਣ ਆਏ ? ਕੀ ਮਿਲਸਨ ? ਉੱਪਰ ਉਮਰ ਦੇ ਘਾਟਾਂ। (61) ਸ਼ਹੀਦਾਂ ਦੀ ਹਜ਼ੂਰੀ ਗਯਾ ਦੇ ਬੋਧੀ ਬ੍ਰਿਛ ਦੇ ਹੇਠਾਂ, ਸੁੰਨ ਭਿਅੰਕਰ ਛਾਵੇ। ਹਰਿਆ ਬੂਟ ਰਿਹਾ ਬਸ ਕੋਈ, ਕਲਵਲ ਨੈਂ ਕੁਰਲਾਵੇ। ਫਲਗੂ ਦੀਆਂ ਰੇਤਾਂ ਦੇ ਉੱਤੇ ਪੈੜ ਦਿਸੇਗੀ ਉਹੀਓ; ਜਦੋਂ ਸ਼ਹੀਦ ਨਿਆਰੇ ਦਾ ਦਰ, ਢੂੰਡ ਸੁਜਾਤਾ ਆਵੇ। (62) ਸ਼ਹੀਦ ਦਾ ਉਲਾਂਭਾ ਭਾਵੇਂ ਨਿਹੁੰ ਨ ਤੋੜ ਨਿਭਾਇਆ, ਕੌਮ ਦਿਆਂ ਸਰਦਾਰਾਂ। ਏਸ ਨਦੀ 'ਤੇ ਕਦੀ ਨ ਪੀਤਾ, ਭਾਵੇਂ ਜਲ ਅਸਵਾਰਾਂ। ਨਿੰਦਕ ਚੋਰ ਸਮੇਂ ਦੇ ਭਾਵੇਂ ਪਲ ਪਲ ਕੋਸਣ ਮੈਨੂੰ; ਨੀਂਦ 'ਤੇ ਭਾਰ ਪਾਉਣਗੇ ਮੇਰੇ, ਸ਼ਿਕਵੇ ਸਾਲ ਹਜ਼ਾਰਾਂ। (63) (28-7-89)

ਪੱਛਮੀ ਪੰਜਾਬ ਦੇ ਲੋਕਾਂ ਦੀ ਫ਼ਰਿਆਦ

[ਪੈਗ਼ੰਬਰ ਅਤੇ ਸ਼ਹੀਦਾਂ ਦੇ ਦਰਬਾਰ ਵਿਚ] (1975 ਵਿਚ ਦੁੱਖ ਦਰਿਆਉਂ ਪਾਰ ਦੇ ਕਾਵਿ-ਸੰਗ੍ਰਹਿ ਦੇ ਮੁਖਬੰਧ ਵਿਚ ਡਾ : ਅਤਰ ਸਿੰਘ ਨੇ ਸੱਚ ਕਿਹਾ ਸੀ : “ਬੰਗਲਾ ਦੇਸ ਦੀ ਸਥਾਪਨਾ ਪਾਕਿਸਤਾਨੀ ਕੌਮ ਦੇ ਇਤਿਹਾਸ ਵਿਚ ਇਕ ਬੜੀ ਅਦਭੁਤ ਘਟਨਾ ਹੈ। ਇਸ ਦਾ ਸਦਮਾ ਅਜੇ ਇਤਨਾ ਪ੍ਰਬਲ ਹੈ, ਕਿ ਇਸ ਦਾ ਅਰਥ ਸਮਝਣ ਲਈ ਅਜੇ ਕੁਝ ਦੇਰ ਲੱਗੇਗੀ।” ਡਾ: ਸਾਹਿਬ ਦੇ ਲਿਖੇ ਲਫ਼ਜ਼ਾਂ ਤੋਂ ਚਾਰ ਸਾਲ ਪਹਿਲਾਂ ਅਤੇ ਬੰਗਲਾ ਦੇਸ਼ ਦੀ ਉਤਪੱਤੀ ਤੋਂ ਸਿਰਫ਼ ਇਕ ਮਹੀਨਾ ਪਿੱਛੋਂ ਲਿਖੀ ਇਹ ਕਵਿਤਾ ਘੱਟੋ ਘੱਟ ਉਹਨਾਂ ਦੀ ਉਪਰੋਕਤ ਟਿੱਪਣੀ ਨੂੰ ਅਤਿ ਪ੍ਰਮਾਣਿਕ ਦਰਸਾਉਂਦੀ ਹੈ।) + + + + + ਡੂੰਘੇ ਪੈਂਡੇ ਝੰਗ ਦੇ ਮੁੱਕੇ ਤੁਰ ਗਏ ਯਾਰ ਅਖੀਰਾਂ ਦੇ। ਸਾਨੂੰ ਯਾਰ ਨਾ ਮੁੜ ਕੇ ਮਿਲਿਉਂ ਬੇਲੇ ਛੋਡ ਕੇ ਹੀਰਾਂ ਦੇ। ਸਾਨੂੰ ਯਾਰ ਨ ਤੂੰ ਸਮਝਾਏ ਭੇਦ ਡੂੰਘੀਆਂ ਛਾਵਾਂ ਦੇ। ਤੇਗਾਂ ਵਾਲਿਆ ਦਸ ਨ ਮੋਇਉਂ ਸੁਖਨ ਪਿਆਰੀਆਂ ਮਾਵਾਂ ਦੇ। ਸੁਣ ਖਾਂ ਯਾਰ ਨਬੀ ਦਾ ਵਾਅਦਾ ਸਾਨੂੰ ਦੱਸ ਨ ਮੋਇਉਂ ਤੂੰ ? ਚੁੰਝ 'ਚ ਫੜ ਇਕਰਾਰ ਮਾਹੀ ਦਾ ਹੋਇ ਹੁਮਾ ਕਿਉਂ ਖੋਇਉਂ ਤੂੰ ? ਸੜਣ ਵੇਲੇ ਕੋਈ ਸੁਖਨ ਨਬੀ ਦਾ ਦਸਿਆ ਕਿਉਂ ਕੁਕਨੂਸਾਂ ਨਾਂਹ ? ਜਿਸ ਖੰਭ ਦਾ ਧਰਵਾਸ ਹੈ ਮੈਨੂੰ ਲਾ-ਮਕਾਂ ਸੰਗ ਲੂਸਾਂ ਨਾਂਹ। ਕਿਉਂ ਤੂੰ ਯਾਰ ਡੁਸਕ ਕੇ ਰੋਇਉਂ ਸੋਹਣੇ ਵਕਤ ਨਮਾਜ਼ਾਂ ਦੇ। ਮਾਰੂਥਲਾਂ ਦੇ ਗਲ ਵਿਚ ਪਾਏ ਤੋੜ ਝਨਾਂ ਫ਼ਰਿਆਦਾਂ ਦੇ। ਭਾਰੇ ਨੈਣ ਨਬੀ ਦੇ ਦਰ 'ਤੇ ਚੂਕ ਚੂਕ ਸਜਦੇ ਰੁੱਲੇ ਵੋ । ਬਦਰ-ਹੁਨੀਨ1 ਦੀਆਂ ਰਾਹਾਂ 'ਤੇ ਸੁੰਞੀ ਖੰਦਕ2 ਖੁਲ੍ਹੇ ਵੋ । ਖੁੰਦਕ ਦੇ ਵਿਚ ਗਾਜ਼ੀ ਤੇਰੇ ਵਿਛੜੇ ਮੋੜ ਬਿਗਾਨੇ 'ਤੇ। ਮਾਰੂਥਲ ਦੇ ਜਾਲ ਹਜ਼ਾਰਾਂ ਡਿਗਦੇ ਮੇਰੇ ਨਿਸ਼ਾਨੇ 'ਤੇ। ਕਿਉਂ ਬੇ-ਯਾਰ ਰਹਿਣ ਫ਼ਰਿਆਦਾਂ ਸਾਹਵੇਂ ਤਖਤ ਮਦੀਨੇ ਦੇ ! ਜੇ ਨਾਂਹ ਕਰਮ ਮਾਹੀ ਦੇ ਸੁਪਨੇ ਕਿੱਥੇ ਵਕਤ ਮਦੀਨੇ ਦੇ ? (ਜਨਵਰੀ 1972) 1. ਮੁਹੰਮਦ ਸਾਹਿਬ ਦੀਆਂ ਮੁਜਾਹਿਦੀ ਸ਼ਾਨ ਨੂੰ ਦਰਸਾਉਂਦੀਆਂ ਜੰਗਾਂ 2. ਉਹੀ

ਗੁਰੂ ਦੀ ਸ਼ਹੀਦਾਂ ਨੂੰ ਅਸੀਸ

[ਸਿਦਕ ਅਤੇ ਬੇਸਿਦਕੀ ਦੇ ਆਲਮ ਵਿਚ] -1- (ਵਿਆਕੁਲ ਉਤਸੁਕਤਾ) ਫੈਲਿਆ ਹਨੇਰ ਦੀਆਂ ਕਾਂਗਾਂ ਦਾ ਜੋਸ਼ !! ਬਾਦਸ਼ਾਹ ਦਰਵੇਸ਼ ਹੈ ਕਿੱਥੇ ? ਜਿਸ ਦੇ ਨਾਮ ਦਾ ਸੇਕ ਮਾਰੇ ਜ਼ਿਮੀਂ-ਅਸਮਾਨ ਦੇ ਰਾਠਾਂ ਵਿਚ; ਜਿਸ ਦੇ ਹੁਸਨ ਦੀ ਕਣੀ ਦੇ ਵਾਸਤੇ ਸੂਰਜ ਬਾਲਦੇ, ਉਛਾਲਦੇ, ਸਿੱਕ ਦੀਆਂ ਛੱਲਾਂ; ਬੰਜਰਾਂ ਦੇ ਅੰਗਿਅਰਾਂ ਦੇ ਭਾਰ ਨੂੰ ਚੁੱਕੀ ਜਿਸਦੀ ਤੇਗ ਦੇ ਪਾਣੀ ਨੂੰ ਪੀਣ ਲਈ ਬੈਠੇ ਕੇਸੂਆਂ ਦੇ ਲੱਖਾਂ ਹੀ ਕਾਫ਼ਲੇ; ਜ਼ੋਰਾਵਰਾਂ ਜਿਸ ਦੇ ਰਾਹਾਂ ਨੂੰ ਰੋਕਣ ਲਈ ਸੂਰਜ ਉਤਾਰ ਲਿਆਂਦੇ ਉੱਚ ਅਸਮਾਨ 'ਤੋਂ, ਸੂਹੀ ਚਮਕ ਫੇਰ ਵੀ ਜਿਸ ਦੀ ਤੇਜ-ਮੱਤੀ, ਗਰਬ-ਲੁੱਟੀ ਨੱਸਦੀ ਆਵੇ ਤੇਜ਼ ਸ਼ਮਸ਼ੀਰ ਦੀ ਚਮਕ ਜਿਉਂ। ਸਾਡਾ ਮਨ ਕੰਬਦਾ ਤੱਕ ਕੇ ਜਿਸ ਨੂੰ ਕੂਕ ਕੇ ਰੋਈਏ ਪਿਆਰ ਦੇ ਰੋਸੇ ਵਿਚ : ਇਹ ਅੱਗ ਦੀ ਧਾਰ 'ਤੇ ਨੱਸਦਾ ਘੋੜਾ ਕਿਸ ਅਬਦੀ ਗੀਤ ਦੇ ਨਸ਼ੇ ਵਿਚ ਉੱਡਿਆ ? ਅਸਾਂ ਤਾਂ ਉਸ ਦੇ ਪਿਆਰ ਵਿਚ ਅਗਲੇ ਪਿਛਲੇ ਜਨਮ ਨੂੰ ਕੁੱਠਿਆ ! ਆਪਣੇ ਖ਼ੂਨ ਵਿਚ ਉਸ ਦੇ ਨਾਮ ਨੂੰ ਜਿੱਤ ਦੇ ਅਜ਼ਲੀ ਤੀਰ ਸੰਗ ਖਿੱਚਿਆ ! ਉਸ ਦੀ ਫ਼ਤਹ ਦਾ ਗੀਤ ਗੂੰਜੇ ਜ਼ਿਮੀਂ ਦੀ ਚੁੱਪ ਹੜ੍ਹਾਂ ਵਿਚ ਲਹਿਰਾਂਦੀ ਰਸਿਕ ਜੀਭਾਂ ਦਾ ਨਸ਼ਾ ਉੱਡਦਾ ਅਕਾਸ਼ ਵਲ, ਹੋ ਰਿਹਾ ਫ਼ਤਹ ਦਾ ਸਿਮਰਣ। ਕਦੋਂ, ਕਿੱਥੇ, ਕਿਤ ਦੇਸ ਵਲ ਲਹਿੰਦੇ ਜਾ ਰਹੇ ਸਮੁੰਦਰਾਂ ਦੇ ਸਮੁੰਦਰ ਤੇਗਾਂ ਦੀ ਖ਼ੂਨੀ ਛੋਹ ਨੂੰ ਪੀਂਦੇ ਜੀਵਨ ਦੀ ਕਲਵਲ ਅੱਗ ਨੂੰ ਸਬਰ ਵਿਚ ਬੰਨ੍ਹੀ; ਜੰਮੇ, ਛਿੜੇ, ਇਹ ਫ਼ਤਹ ਦਾ ਗੀਤ ਓਥੇ ਜਿੱਥੇ ਨ ਕੋਈ ਵੀ ਜੰਮਿਆ। ਉਸਦੇ ਗੀਤ ਦੀ ਗੂੰਜ ਕੰਠ ਬਣ ਗਈ ਸਗਲ ਬ੍ਰਹਿਮੰਡ ਦਾ, ਤੇ ਉਸਦੀ ਤੇਗ ਦੀ ਛੂਹ ਦੇ ਤਰਸਦੇ ਰਣਾਂ ਵਿਚ ਬੁੱਲਿਆਂ ਦੇ ਵਾਂਗ ਉਡਦੀਆਂ ਸਿਖਰ ਦੁਪਹਿਰਾਂ ਲੰਘ ਜਾਣ ਇਸ ਕੰਠ 'ਚੋਂ ਗਾਉਂਦੀਆਂ। ਮੌਤ ਦੀ ਕੱਚੀ ਤੰਦ ਦੇ ਜਾਲ ਨੂੰ ਤੋੜ ਜਾਵੇ ਫ਼ਤਹ ਦਾ ਜੋਸ਼ ਅਲਬੇਲਾ। -2- (ਬੇਸਿਦਕੀਆਂ) ਚਾਨਚੱਕ ਸੁੱਕੇ ਸਗਲ ਬ੍ਰਹਿਮੰਡ ਦੇ ਖੂਹੇ ਬੰਜਰਾਂ, ਬੀਆਬਾਨਾਂ, ਥਲਾਂ ਤੇ ਸਿੰਧਾਂ ਨੇ ਆਖਿਆ : “ਕਿਤੇ ਨਾਂਹ ਜਾਣੇ ਓਸ ਨੂੰ ਕੋਈ ਬਾਦਸ਼ਾਹ ਦਰਵੇਸ਼ ਨਾਂਹ ਕੋਈ ਵੀ ! ਕਹਿਰ ਕੀ ਕਰਨਾ ਸੀ ਕਿਸੇ ਨੇ ਓਸ 'ਤੇ ? ਬਲਹੀਣ ਜੁਗਨੂੰ ਤੋਂ ਹੀਣਾ ਓਸ ਦੇ ਸਿਮਰਣ ਦਾ ਤੇਜ ਹੈ!" ਅਣਡਿੱਠਿਆਂ ਕਰਨ ਲਈ ਓਸਦੇ ਬਾਜ਼ਾਂ ਨੂੰ ਤੂਫ਼ਾਨ ਹਨੇਰਿਆਂ ਦੇ ਦਰਾਂ ਨੂੰ ਖੋਲ੍ਹਦੇ ਜਾਂਦੇ, ਪਤਾਲ ਨਿਗਲਦੇ ਜਾਂਦੇ ਮਾਣ-ਮੱਤੇ ਅਕਾਸ਼ਾਂ ਨੂੰ, ਕੁਫ਼ਰ ਦੀ ਸੁੰਨ ਵਖਾਂਵਦੀ ਜਾਂਦੀ ਗੁੰਮਨਾਮੀਆਂ ਦੇ ਪੈਂਡੇ ! ਧਿਆਨ ਕਿੰਞ ਕਰਦੇ ਲੋਹ ਬਲੀ ਅਸਮਾਨਾਂ ਦੇ ਸਿਮਰਣ-ਅਰਾਧਨਾ ਦੇ ਗੇੜ ਵਿਚ ਬੱਝੇ ਨਾਮ ਜਪਦੇ ਉਸ ਗੁਰੂ ਦਰਵੇਸ਼ ਵੱਲ ? ਸਗਲ ਭਿੱਤ ਓਸਦੀ ਅਮਰ ਹਸਤੀ ਦੇ ਤੁਛ ਅੰਧਿਆਰਿਆਂ ਨੇ ਡੋਬੇ ! (ਜਾਂ ਮਿੱਠੀਆਂ ਸੁਰਾਂ ਦੇ ਹੁਕਮ ਨੇ ? ਜਾਂ ਸਿਮਰਣ ਦੀ ਮਿੱਠੀ ਸਮੀਰ ਦੇ ਕਾਂਬਿਆਂ ?) ਸੁਣੋ ! ਸੁਣੋ ! ਗੁਰੂ-ਧਰਵਾਸ ਦੇ ਪਾਣੀ ਦੂਰ ਗੁੰਮਨਾਮ ਰੇਤਾਂ 'ਚ ਸੁੱਕੇ ! ਸੱਚ ਦੇ ਬੋਲ ਬੇਜਾਨ ਅੱਖਰਾਂ 'ਚ ਮੁੱਕੇ ! ਗੁਰਾਂ ਦੀ ਨਜ਼ਰ ਵਲ ਤੱਕ ਕੇ ਜੋ ਨੀਰ ਸੀ ਕਲਵਲ, ਜੋ ਸਾਗਰ ਬਣੇ ਨਜ਼ਰ ਉਸਦੀ, ਜਿਹਨਾਂ ਬ੍ਰਹਿਮੰਡਾਂ ਨੇ ਦਿੱਤਾ ਓਸਦੇ ਤੀਰ ਨੂੰ ਪੈਂਡਾ, ਫੜਫੜਾਏ ਜਿੰਨੇ ਅਕਾਸ਼ ਉਸਦੇ ਬਾਜ਼ ਦੇ ਉਡਦਿਆਂ ਉਸਦੀ ਨਦਰ ਦੇ ਉੱਚ ਕੋਟਾਂ ਨੂੰ ਤਕਦਿਆਂ; ਇਹ ਸਭੋ ਕੁਝ ਅਜਨਬੀ ਹੋਇਆ ! ਗਗਨ, ਵਿਸਮਾਦ ਤੇ ਬਾਣੀ ਅਜਨਬੀ ਹੋਏ ! ਬੱਸ, ਅੱਗ ਦੇ ਇਸ ਨਾਕਾਮ ਜਹੇ ਸ਼ੋਰ ਨੂੰ ਬੇਨਿਆਜ਼ ਕਾਲੇ ਅਨੰਤਾਂ ਪਿੱਠ ਕਰ ਮੇਟਿਆ। ਨਾਂਹ ਅਹੁੰ ਦੇ ਕੋਟਾਂ 'ਚ ਵੱਸਦਿਆਂ ਨਾਂਹ ਤਕਦਿਆਂ ਨਾਂਹ ਹੱਸਦਿਆਂ ਕਿਸੇ ਵੀ ਮਜ਼੍ਹਬ ਤੋਂ ਉੱਚਿਆਂ ਨਾਂਹ ਬੇਧਿਆਨੀ ਨਾਂਹ ਧਿਆਨ ਵਿਚ ਕਾਲੇ ਬੇਨਿਆਜ਼ ਅਨੰਤਾਂ ਗੁਨਾਹ ਦੇ ਬਲਹੀਣ ਕਤਰਿਆਂ ਵਾਂਗੂੰ ਉਸ ਸ਼ਹਿਨਸ਼ਾਹ ਨੂੰ ਨਿਗਲਿਆ !! ਹਰਾਸ ਵਿਚ ਡੁੱਬੇ ਗਗਨ ਦੇ ਤਾਰਿਆਂ ਸੁਣੀ ਕੌਮਾਂ, ਮੁਰੀਦਾਂ ਤੇ ਦੇਸਾਂ ਦੀ ਚੀਖ : “ਗਰਕਦੀ ਜਾ ਰਹੀ ਗੁਰਾਂ ਦੇ ਖ਼ੂਨ ਦੀ ਲਾਲੀ ਬੱਜਰ ਦੁਰੰਤ ਗੁਮਰੁਠ ਕਾਲ ਦੇ ਜਬਾੜੀਂ। ਬੇਆਵਾਜ਼ ਹੁੰਦਾ ਜਾ ਰਿਹਾ ਪਲੋ-ਪਲ ਬੇਸ਼ੁਮਾਰ ਰਣਾਂ ਨੂੰ ਜਿੱਤ ਕੇ ਵਸਾਇਆ ਜਹਾਨ। ਮੌਤ ਪਿੱਛੋਂ ਮੌਤ ਦੇ ਸੀਨੇ ਨੂੰ ਵਿੰਨ੍ਹ ਕੇ, ਧਾਂਕ ਪਾ ਕੇ, ਲਿਖਿਆ ਨਾਮ ਵੀ ਉਜੜਿਆ ! ਹੰਝੂ ਤੇ ਅਰਜ਼ਾਂ ਛਿੱਜਿਆਂ ਪੱਤਿਆਂ ਦੇ ਵਾਂਗ ਕੁਰਲਾਉਣ ਖੜ੍ਹੀਆਂ ਬੰਜਰ ਪਹਾੜ ਦੀ ਟੀਸੀ ਤੋਂ ਜਾਣ ਪਿਆਰੇ ਦੇ ਨਾਲ ਛਿਜਦੀਆਂ ਐਪਰ ਸਹਿਮ ਸਹਿਮ ਹੁੰਦੀਆਂ ਕੋਟਾਂ ਕੋਟ ਕੰਨਸੋਆਂ। ਜਿੱਤ ਦੇ ਸਫ਼ਰ ਸਭੇ ਨਾਲ ਲੈ, ਪਾਲੇ ਰੰਗ ਇਬਾਦਤਾਂ ਵਾਲੇ ਨ੍ਹੇਰ ਵਲ ਲੁੜਕਦੇ ਜਾਂਦੇ, ਗੁੰਮਨਾਮੀਆਂ ਵਰਦੇ, ਛੱਡ ਕੇ ਇਲਾਹੀ ਸ਼ਾਨ ਦੇ ਕਾਰਵਾਂ। ਰੋਣ ਕੌਮਾਂ, ਰੋਂਦੇ ਮੁਰੀਦ, ਦੇਸ਼ ਭਰਨ ਹੌਕੇ ! ਕਾਰਵਾਂ ਕਿਹੜੇ ਥਲਾਂ ਵਿਚ ਤਾਰਿਆਂ ਹੇਠਾਂ ਫ਼ਰਿਆਦ ਵਿਚ ਮੋਏ ? ਧਿਆਨ ਦੀ ਪਾਤਸ਼ਾਹੀ ਉਜੜ ਗਈ ਅਰਦਾਸ ਦਾ ਨਿਮਾਣਾ ਮਾਣ ਵੀ ਟੁੱਟਿਆ ! -3- (ਹੌਲ ਵਿਚ ਦੈਵੀ ਕ੍ਰਾਂਤੀਆਂ ਦੇ ਝਲਕੇ) ਹਾਂ! ਕੋਈ ਕਾਰਵਾਂ ਤੁਰਿਆ ਸ਼ਹੀਦਾਂ ਨੂੰ ਸਿਮਰਕੇ ! ਤਾਂ ਇਕ ਪਲ ਚੌਦਾਂ ਤਬਕਾਂ ਦੇ ਗੁੰਬਦ ਤੋੜ ਕੇ ਤਾਰਿਆਂ ਦੇ ਸੀਨੇ 'ਤੇ ਲਰਜ਼ੀਆਂ ਬੇਸ਼ੁਮਾਰ ਲੰਮੀਆਂ ਹਾਕਾਂ। ਬਿਜਲੀ ਦੇ ਵਾਂਗੂੰ ਡਿੱਗ ਕੇ ਪਿਰ-ਕੰਨਸੋਆਂ ਦੇ ਨਾਲ ਲਹਿਰਾਈਆਂ ਕਮਲੀਆਂ ਅਰਜ਼ਾਂ ਜੋ ਸੰਜੋਗ-ਵਿਜੋਗ ਨੂੰ ਭੁੱਲੀਆਂ। ਇਕ ਵਾਰ ਤਾਂ ਕੁਲ ਵੀਰਾਨੇ ਦੂਰ ਨ੍ਹੇਰ ਦੇ ਪੱਥਰਾਂ 'ਚ ਲਿਸ਼ਕਦੀ ਖੰਜਰ ਦੇ ਨਾਲ ਜਾ ਪਟਕੇ। ਫੇਰ ਬੇਸਿਦਕੀ ਦੇ ਹੌਲ ! ਮਾਰੀ ਧਾਹ ਲੱਖਾਂ ਮੁਰੀਦਾਂ : “ਪਿਆਰੇ ਦਾ ਲਹੂ ਗੁਆਚਿਆ ਸੁੱਕ ਜਾਣ ਖੂਹੇ ਧੁਨੀ ਅਰਦਾਸ ਦੀ ਜਿੱਥੇ ਵੀ ਪਹੁੰਚਦੀ !” ਕਾਰਵਾਂ ਰੋਇਆ : “ਗੁਨਾਹ ਹੈ ਏਸ ਧਰਤੀ ਨੂੰ ਛੱਡਣਾ, ਹਾਂ ! ਅਸੀਂ ਏਸੇ ਗੁਨਾਹ ਦੇ ਮਾਰੇ, ਖੈਰ ਮੰਗੋ ਗ਼ਰੀਬਾਂ ਦੀ, ਅਰਸ਼ ਦੇ ਤਾਰਿਓ !” ਪਰ ਮੁਰੀਦਾਂ ਦੇ ਏਸ ਝੁਰਮੁਟ 'ਚੋਂ ਪਾਕ ਉੱਮਤ 'ਚੋਂ ਇਕ ਨ ਰੋਇਆ, ਹਾਂ! ਉਹ ਮਾਹੀ ਦੇ ਦੇਸ ਦਾ ਉੱਜਲ ਰਬਾਬੀ ਸੀ। ਉਸ 'ਵਾਜ ਮਾਰੀ ਅਸਮਾਨ ਤੋਂ ਲੰਮੀ : “ਓ ਦੂਰ ਨਿਕਲ ਗਏ ਕਾਰਵਾਨੋ ! ਕਿਸ ਪਿਆਸ ਖੁਣੋ ਛੱਡ ਗਏ ਮੁਲਕਾਂ ਨੂੰ ? ਪਿਆਰੇ ਦਾ ਪੰਜਾ, ਵੱਡ ਧਰਵਾਸ ਦਾ ਪਰਬਤ, ਵੇਖੋ ਖਾਂ ਉਸਦੀ ਨਿਗਾਹ ਨਾਲ ਉੱਡੇ ! ਔਹ ਵੇਖੋ ਲਾਲ ਸੂਹੀ ਵਜਦ ਦੀ ਅੱਗ ਅਸਮਾਨਾਂ ਤਕ ! ਸੁਣੋ ਖਾਂ ਲੱਖਾਂ ਸ਼ਹੀਦਾਂ ਦਾ ਸਿਮਰਣ ਮੇਰੇ ਇਹ ਰਬਾਬ ਦੀਆਂ ਤਾਰਾਂ 'ਚ ਛੁਪਿਆ ਜਿਸ ਨੂੰ ਤ੍ਰੁੰਡ ਨ ਸਕਿਆ ਜਬਰ ਗੁੰਮਨਾਮੀ ਦਾ, ਤਾਹੀਉਂ ਬੇਰਹਿਮ ਕੌਮਾਂ ਦੇ ਨਾਲ ਮਲਦੇ ਹੱਥ ਖੜੇ ਜੱਲਾਦ ਬੇਬਸ ! ਸਾਜ਼ ਦੀਆਂ ਤਾਰਾਂ 'ਚ ਛਿਪ ਗਏ ਖ਼ੂਨ ਸ਼ਹੀਦਾਂ ਦੇ ਸਬਰ ਲੰਮੇ- ਕਹਿਰ ਕਹਿਰ ਨਾਗ ਲਹਿਰਾਉਂਦੇ ਮੇਰੀਆਂ ਉਂਗਲਾਂ 'ਚੋਂ ਕੂਕ ਕੂਕ ਉੱਡਣ ਚਾਨਚੱਕ ਜਾਗ ਕੇ, ਕੋਹਿਆਂ ਮਾਸੂਮਾਂ ਦੇ ਬਦਲੇ। ਫੁੱਟਦਾ ਉਂਗਲਾਂ 'ਚੋਂ ਸਬਰ ਦਾ ਸੇਕ ਅਥਾਹ ਨਾ-ਮਿਹਰਬਾਨ ਸਮਿਆਂ ਨੂੰ ਯਾਦ ਮੈਂ ਕੀਤਾ, ਜ਼ਾਲਿਮ ਦੀ ਅੱਖ ਜਦ ਜੁਗਨੂੰ ਦੇ ਸੇਕ ਨੂੰ ਮੇਟਣ ਲਈ ਤੇਗ-ਦਰਿਆ ਵਿਚ ਈਰਖਾ ਦੀ ਕਾਂਗ ਜਿਉਂ ਲਪਕੀ। “ਮੇਟ ਦੇਵੋ ਮੇਰੇ ਵਜਦ ਨੂੰ ਭਾਵੇਂ ! ਜਾਬਰਾਂ ਦੇ ਲਸ਼ਕਰ ਤੋੜਦੇ, ਤੋੜਣਗੇ ਨਾਜ਼ੁਕ ਸਾਜ਼ ਦੀਆਂ ਤਾਰਾਂ— ਫੇਰ ਵੀ ਮੇਰੇ ਰਬਾਬ ਦੀਆਂ ਖ਼ਾਬ-ਲਹਿਰਾਂ ਲਰਜ਼ਣਗੀਆਂ ਕੁਲ ਸਾਜ਼ਿਸ਼ਾਂ ਪਿੱਛੇ। ਮਾਇਆ ਦੇ ਅੰਨ੍ਹੇ ਤੂਫ਼ਾਨ ਰੋਲਦੇ ਜਾਵਣ ਸ੍ਰਿਸ਼ਟੀਆਂ ਭਾਵੇਂ ਨਵੇਂ ਨਵੇਂ ਜਨਮਾਂ ਦੀ ਗੁਫ਼ਾ ਵਿਚ; ਭਾਵੇਂ ਜੱਲਾਦ ਕਿੰਨੇ ਦਿੰਦੇ ਜਾਣ ਜੀਵਨ ਦੇ ਅਡੋਲ ਸਿਦਕਾਂ ਨੂੰ ਬੇਸ਼ੁਮਾਰ ਕੁਫ਼ਰ ਦੇ ਫਤਵੇ; ਏਕੋ ਰਹੇਗਾ ਸ਼ਹੀਦਾਂ ਦਾ ਸਿਮਰਣ ਕਰੋਧ ਨ ਕਰੇਗਾ ਨਿਰਲੇਪ ਬਦਲੇ ਦੀ ਚੁੱਪ ਪੀ, ਤੇ ਨਾਂਹ ਦੱਸੇਗਾ ਆਪਣੇ ਗਾਉਣ ਦਾ ਵੇਲਾ; ਗਾਵੇਗਾ ਸ਼ਹੀਦਾਂ ਦਾ ਖ਼ੂਨ, ਜੋ ਸੂਰਜ ਹੈ ਛਿਪਿਆ, ਚੜ੍ਹੇਗਾ!” -4- (ਨੀਂਦ, ਜਾਗ ਅਤੇ ਵੇਦਨਾ) ਤਾਰਿਆਂ ਨੇ ਠੰਢੇ ਹੱਥ ਅਨੇਕਾਂ ਮੁਰੀਦਾਂ ਦੇ ਤਪਦੇ ਮਸਤਕਾਂ 'ਤੇ ਲਾਏ; ਬ੍ਰਹਿਮੰਡ ਦੇ ਦੂਰ ਦਰਵਾਜ਼ਿਆਂ 'ਤੇ ਬੈਠੇ ਪਹਿਰੇਦਾਰ ਬਾਜ਼ਾਂ ਦੀ ਓਟ ਨੂੰ ਮੰਨ ਕੇ ਸੌਂ ਗਏ ਇਹ ਸਹਿਮੀਆਂ ਘੁੱਘੀਆਂ ਵਾਂਗੂੰ। ਪਰ ਕਈਆਂ ਮੁਰੀਦਾਂ ਨੇ ਜਾਗ ਕੇ ਰਾਹ ਫੜਿਆ ਮਾਹੀ ਦੇ ਜਨਮ ਦੀ ਨਗਰੀ ਦਾ, ਤਾਂ ਉਡ ਉਡ ਰਬਾਬੀ ਦੀ ਤਾਨ 'ਚੋਂ ਸ਼ਹੀਦਾਂ ਦੇ ਜਨਮਾਂ, ਦਰਗਾਹਾਂ ਤੇ ਸਮਿਆਂ ਵਿਚ ਪਰੇ ਪਰੇ ਤਾਰਿਆਂ ਦੀਆਂ ਸੰਗਮਰਮਰੀ ਜੋਤਾਂ 'ਚ ਬਲਣ ਲੱਗੇ ਧਰਵਾਸ ਦੇ ਪੈਂਡੇ। ਥੱਕੇ ਮੁਰੀਦਾਂ ਨੂੰ ਕਾਲ ਦੀ ਛਾਤੀ ਦਾ ਦੁੱਧ ਭਾਵੇਂ ਹੁਣ ਵੀ ਜਾਪੇ ਸਦਾ ਲਈ ਤ੍ਰੁੰਡਿਆ; ਰਬਾਬੀ ਦੇ ਸੀਨੇ ਦਾ ਜ਼ਖ਼ਮ ਹੀ ਦਿਸਦਾ ਚੁਫੇਰੇ ! ਸੁੱਤਿਆਂ ਨੂੰ ਆਉਣ ਸੁਫ਼ਨੇ ਕਾਂਬਿਆਂ ਵਰਗੇ ਦੇਸ ਦੀਆਂ ਜੂਹਾਂ ਦੇ ਪਾਣੀ ਸੱਖਣੇ ਛੋਡ ਕੇ ਜੀਂਦੇ ਮੁਰੀਦਾਂ ਨੂੰ ਮੌਤ ਦੀ ਮੂਰਛਾ 'ਚ ਧੱਕ ਕੇ ਆਪਣੇ ਆਪ 'ਚੋਂ ਪਿਆਰੇ ਦਾ ਲਹੂ ਗੁਆਚਿਆ ! ਸੱਚੀਂ ਗੁਰਾਂ ਦੇ ਸੁੰਞੇ ਤਖਤ 'ਤੋਂ 'ਵਾਜ ਆਵੇ; “ਆਪਣੇ ਆਪ ਨੂੰ ਮੁਰੀਦਾਂ ਨੇ ਛੋਡਿਆ!” ਇਹ ਕਿਸ ਆਵੇਸ਼ ਦੀ ਟੀਸੀ 'ਤੋਂ ਕੋਇਲਾਂ ਦੀ 'ਵਾਜ ਸੁਣ ਜਾਗੇ ਮੁਰੀਦ ? ਦੂਰ ਐਨੀ ! ਮੁਲਕ 'ਚੋਂ ਮਹਿਕ ਕਿੰਞ ਆਈ ? ਕਿਸਦੇ ਲਹੂ ਦਾ ਸੇਕ ਦਿਲ ਦੇ ਕਿੰਗਰਿਆਂ 'ਤੇ ਪੈਂਦਾ ? ਬੇਸਬਰ ਪਰਾਂ ਨੂੰ ਸਮੇਟ ਕੇ ਬਿਜਲੀਆਂ ਸਹਿਮੀਆਂ ਉਮਰਾਂ ਦੀ ਗੋਦ ਵਿਚ ਕਿੰਞ ਵਜਦ ਦੋ ਨੈਣਾਂ ਨੂੰ ਬੰਦ ਕਰ ਬੈਠੀਆਂ ? ਸਮਝ ਨ ਆਵੇ, ਜਾਨ ਨ ਜਾਵੇ, ਕੌਣ ਹੈ ਅਸਾਂ ਵਿਚ ਕੌਣ ਹੈ ? [ਮੁਰੀਦਾਂ (ਸਿੰਘਾਂ) ਦਾ ਗੀਤ] ਰੋਹੀਆਂ 'ਚ ਕੇਸੂ ਦਾ ਸੇਕ ਪਿਆ ਮਾਰੇ ਸਿਖਰ ਦੁਪਹਿਰਾਂ ਦੇ ਤਿੱਖੇ ਲਿਸ਼ਕਾਰੇ— ਖੇਡ ਖੇਡ ਹਾਰੇ ਅਸੀਂ ਨਦੀਆਂ ਕਿਨਾਰੇ ਸੂਰਜਾਂ ਦੀ ਅੱਗ ਸਾੜੇ, ਧਰਤੀ ਦੇ ਢਾਰੇ ਥੱਕਿਆ ਨ ਹਾਰਿਆ ਨ, ਕੌਣ ਵਾਟਾਂ ਮਾਰੇ ? ਧਰਤੀ ਦੀ ਗੋਦ ਭੱਖਣ, ਲਾਲ ਅੰਗਿਆਰੇ ਆਖਰਾਂ ਦੀ ਅੱਗ ਪੈਂਦੀ, ਤੁਰੇ ਵਣਜਾਰੇ ਦੇਸ ਬੇਗਾਨੇ, ਜ਼ੋਰਾਵਰਾਂ ਦੇ ਦੁਆਰੇ ਕਿਵੇਂ ਆਏ ਦੁਖਿਆਰੇ ? ਰੋਹੀਆਂ 'ਚੋਂ ਕੇਸੂ ਦਾ ਸੇਕ ਪਿਆ ਮਾਰੇ ਡਾਢਿਆਂ ਜ਼ਮਾਨਿਆਂ ਨੇ ਲੁੱਟ ਲਏ ਸਾਰੇ ਦੂਰੋਂ ਆਏ ਚੱਲ ਤੇਰੇ ਦੇਸ ਦੇ ਦੁਲਾਰੇ ਮਾਏ ਰੁਲੇ ਤੇਰੇ ਦੁਆਰੇ ਉਹਨਾਂ ਅੱਥਰੂ ਜੋ ਵਾਰੇ। ਸੂਰਜਾਂ ਦੀ ਤੇਗ ਡਿੱਗੀ ਖੇਡ ਵਿਚਕਾਰੇ ਦੇਸ ਤੇਰੇ ਆਏ, ਮਾਏ, ਅੱਥਰੂ ਸਹਾਰੇ ਤੇਰੇ ਦਰ ਬਿਟਰੇ ਆ ਦੁਖੜੇ ਕੰਵਾਰੇ ਅਸੀਂ ਕਿਵੇਂ ਦੁਪਿਆਰੇ ? ਧਰਤੀ ਦੀ ਅੱਗ ਵਿੱਚੋਂ, ਬਿਰਖਾਂ ਦੇ ਦੁਆਰੇ ਉੱਠੇ ਨ ਪੈਰ, ਡਾਢੇ ਛਾਲਿਆਂ ਨਾ' ਭਾਰੇ ਰੁਕੇ ਭਰੇ-ਪੀਤੇ, ਰਾਠ ਅਣਖਾਂ ਦੇ ਲਾੜੇ ਤੇਰੇ ਪੁੱਤ ਲਡਿਆਰੇ ਵੱਡੇ ਰੋਸਿਆਂ ਦੇ ਮਾਰੇ ਮਾਏ ਬੜੇ ਬੜੇ ਦੁਖਿਆਰੇ ! -5- (ਸ਼ਹੀਦੀ ਆਵੇਸ਼ ਦੀਆਂ ਉਡਦੀਆਂ ਚਿਣਗਾਂ) ਕਾਰਵਾਂ ਤੁਰਿਆ, ਕਿਤੇ ਨ ਦਿਸਦਾ ਗੁਰਾਂ ਦੇ ਦੇਸ ਦਾ ਉੱਜਲ ਰਬਾਬੀ। ਚਾਨਚੱਕ ਵੇਖਦੇ ਸ਼ਹੀਦਾਂ ਦੇ ਲਾਡਲੇ ਤਪੀ ਹੋਈ ਰਬਾਬ 'ਚੋਂ ਛੁੱਟਦੇ ਬੇਸ਼ੁਮਾਰ ਬਾਜ਼ਾਂ ਦੇ ਕਾਫ਼ਲੇ— ਸਬਰ ਨੂੰ ਤੋੜਕੇ, ਲਹੂ ਦਾ ਗਾਇਨ ਕਰਦੇ, ਸਿਖਰ ਦੁਪਹਿਰਾਂ ਦੇ ਪਰਬਤ ਚੀਰਦੇ— ਸ਼ਹੀਦਾਂ ਦੇ ਖ਼ੂਨ ਦੇ ਇਕ ਹੀ ਕਤਰੇ ਨੇ ਉਸਦੀ ਨੋਕ 'ਤੇ ਬੇਪਰਵਾਹੀ 'ਚ ਸੁੱਤਿਆਂ ਮੌਤ ਦੇ ਜ਼ਹਿਰੀ ਤੀਰ ਨੂੰ ਤੜਪ ਕੇ ਤੋੜਿਆ। ਸ਼ਹੀਦੀ ਦੇ ਖ਼ੌਫ਼ਨਾਕ ਵਜਦ ਨੇ ਸਿਦਕ ਦੀ ਆਖਰੀ ਧਾਰ ਨੂੰ ਫੜਣ ਲਈ ਚੁੰਮ੍ਹੀ ਸ਼ਮਸ਼ੀਰ ਜੱਲਾਦਾਂ ਦੀ। ਫਾਂਸੀ ਦੇ ਰੱਸਿਆਂ ਨੂੰ ਹੱਸ ਕੇ ਚੁੰਮ੍ਹਦੀ ਬਦਲਾਂ ਦੇ ਵਾਂਗ ਘੜੀ ਉਹ ਆਈ ਸਿਰਾਂ 'ਤੇ ਕੜਕਦੀ। ਉਹ ਸੂਰਜ ਜਿਹਨਾਂ ਨੂੰ ਗੁਰੂ-ਦੀਦਾਰ ਦੀ ਓਟ ਨਾਂਹ ਜਿਹਨਾਂ ਨਾਂਹ ਚੁੰਮ੍ਹੇ ਮੁਰੀਦਾਂ ਦੇ ਅੱਥਰੂ- ਜਿਹਨਾਂ ਦੇ ਕਰਮ ਦੀ ਅੰਨ੍ਹੀ ਨੇਸਤੀ ਚੇਤਨਾ ਦੇ ਮੂਰਛਿਤ ਹੜ੍ਹਾਂ ਦੇ ਨਾਲ ਦੂਰ ਦਿਸਹੱਦਿਆਂ ਤਕ ਖਿਲਰੇ ਗੁਰਾਂ ਦੇ ਦੀਦਾਰ ਨੂੰ ਰੋਲੇ। ਓਸ ਗੁਰੂ-ਦੀਦਾਰ ਦੇ ਲਹੂ ਜਦ ਗਾਇਆ ਤਾਂ ਬੇਰਹਿਮ ਸੂਰਜ ਲੇਲਿਆਂ ਦੇ ਵਾਂਗ ਨੱਸਦੇ ਧਾ ਕੇ ਚੁੰਮਣ ਮੁਰੀਦਾਂ ਦੇ ਹੱਥਾਂ ਨੂੰ। ਕਾਰਵਾਂ ਰੋਇਆ ਦੁਪਹਿਰਾਂ ਦੀ ਝੋਲ ਵਿਚ ਸਿਰਾਂ ਨੂੰ ਸੁੱਟ ਕੇ— ਗਲੇਡੂਆਂ ਦੀ ਭੀੜ ਵਿਚ ਸਿਖਰ ਦੁਪਹਿਰਾਂ ਦੇ ਸਿਸਕਦੇ ਬੁੱਲੇ। ਸਬਰ ਤਪਿਆ ਕੋਇਲ ਦੇ ਕੰਠ ਵਿਚ ਸਿਦਕ ਦੇ ਲਹੂ ਨਾਲ ਭਰਿਆ, ਤੇ ਰੱਬ ਦੇ ਸਾਹਮਣੇ ਖੜਾ ਏ ਸੱਚਾ ਗਵਾਹ ਸ਼ਹੀਦਾਂ ਦਾ ਯੁਗਾਂ ਤੋਂ ਕਾਲੀਆਂ ਸਾਜ਼ਿਸ਼ਾਂ ਪਿੱਛੇ ਮੀਸਣੇ ਬੋਲਾਂ ਦੇ ਪੜਦੇ ਪਾੜਦਾ ; ਓਸਦੇ ਆਸਨ ਅਡੋਲ ਸਦਾ ਹੀ ਖਿੜਦੇ ਅਜੈ ਸ਼ਮਸ਼ੀਰਾਂ ਦੇ ਸਾਹਮਣੇ। ਸ਼ਹੀਦਾਂ ਦੇ ਲੰਮੇ ਪੰਧ ਦੇ ਜਫ਼ਰਾਂ ਨੂੰ ਕਹਿਰ ਵਿਚ ਝੁਲਦੇ-ਝੁਲਾਉਂਦਿਆਂ ਵਜਦਾਂ ਨੂੰ ਚੁੱਕ ਕੇ ਗੁਰਾਂ ਦੇ ਜਲਾਲ ਦੀ ਅਗਨੀ ਮੁਰੀਦਾਂ ਦੀ ਅਰਜ਼ ਵਲ ਆਉਂਦੀ, ਅਰਜ਼ ਹੀ ਹੁੰਦੀ ਅੱਥਰੂਏਂ ਡੁਬਡੁਬਾਉਂਦੀ। (ਫੇਰ ਵੀ ਕੋਇਲਾਂ ਦੇ ਕੰਠ ਵਿਚ ਸਬਰ ਜੋ ਤਪੰਦਾ ਮੌਤ ਦੀ ਕੱਚੀ ਤੰਦ ਵਿਚ ਰਹੇ ਗੁੰਮਨਾਮ।) ਹਸਤੀ ਦੀ ਸਾਬਤ ਗਸ਼ ਵਾਣ ਜਿਉਂ ਜ਼ਹਿਰੀ ਕਲਵਲਾਉਂਦੀ ਕੂਕ ਨਾਲ ਸੁਰਤਿ ਨੂੰ ਵਿੰਨ੍ਹਦੀ; ਸ਼ਹੀਦ ਦੀ ਅਗੰਮਤਾ ਵਿਚ ਡੁੱਬੇ ਨਾਮ ਦੀ ਚੁੱਪ ਨੂੰ ਤੱਕਦੀ ਤੇ ਭੱਖਦੀ ਅਮੋੜ ਦੈਵੀ ਰੋਹ ਨਾਲ ਕੰਬਦੀ, ਥਰਕਦੀ। -6- (ਦੈਵੀ ਕ੍ਰਾਂਤੀਆਂ ਦਾ ਜਲਾਲ) ਅਨੰਤ ਦੇ ਤਖਤ 'ਤੇ ਬੈਠੇ ਸ਼ਹੀਦ ਪਿਆਰੇ ਨੂੰ 'ਵਾਜਾਂ ਮਾਰਦੇ : ਅਸੀਂ ਹਾਂ, ਅਸੀਂ ਹਾਂ, ਪਰਮ ਹੋਂਦ ਦੀ 'ਵਾਜ ਨਵੇਲੀ। ਤੱਕਦੇ ਤਾਰਿਆਂ ਦੇ ਨਵੇਂ ਨਵੇਂ ਪਰਬਤਾਂ ਵਿਚਕਾਰ ਸਿਦਕ ਦੀਆਂ ਪਾਵਨ ਚੋਟੀਆਂ 'ਤੇ ਉਤਰਦੇ ਬਾਜ਼ ਬਲੀ ਤੇਗਾਂ ਦੇ ਨਾਜ਼ ਵਿਚ ਖੰਭ ਫੜਫੜਾਂਦੇ; ਸੀਨੇ ਦੀ ਬੂੰਦ 'ਤੇ ਰਣਾਂ ਦੇ ਰਣ ਘਾਇਲ ਕਰਦੇ। ਤਾਰਿਆਂ ਦੇ ਹੜ੍ਹ ਪਏ ਉੱਠਦੇ ਤੇਗਾਂ ਦੀ ਚਮਕ ਨੂੰ ਫੜਣ ਲਈ ਦੌੜਦੇ, ਚੁੰਮਣ ਲਈ ਬਾਜ਼ਾਂ ਦੇ ਖੰਭਾਂ ਨੂੰ ਲਰਜ਼ਦੇ ਬ੍ਰਹਿਮੰਡ ਦੀ ਕੁੱਲ ਚੁੱਪ ਨੂੰ ਸਿਰਜਦੇ ਨਵੇਂ ਨਵੇਂ ਵੇਗਾਂ 'ਤੇ ਚੜ੍ਹਕੇ ਗਰਜਦੇ!! ਕਦੇ ਅਰਦਾਸ ਦੇ ਹੱਥ ਲੰਮੇ ਅਗੰਮ ਅੰਬਰਾਂ ਨੂੰ ਅੱਥਰੂ ਸਮਝ ਕੇ ਸ਼ਹੀਦਾਂ ਦੇ ਨੈਣਾਂ ਨਾ' ਲਾਂਦੇ। ਕਦੇ ਨੈਣ ਅਸਗਾਹ ਨਬੀਆਂ ਦੇ ਮੰਜ਼ਲਾਂ ਦੀ ਇਕ ਇਕ ਰਮਜ਼ 'ਚੋਂ ਕੋਟਾਂ ਹੀ ਜਲਵੇ ਇਲਾਹੀ ਵੇਖਦੇ। ਇਹ ਕੀ ? ਨੈਣ ਅਸਗਾਹ ਸ਼ਹੀਦਾਂ ਦੇ ਇਕ ਬੂੰਦ ਵਲ ਤੁਰਦੇ ਝੱਲਦੇ ਘੱਲੂਘਾਰਿਆਂ ਦੇ ਜ਼ਖਮ ਨੂੰ ਲਹੂ ਦੀ ਇਕ ਇਕ ਬੂੰਦ ਤੇ। ਇਹ ਕੀ ? ਰੋਮ ਰੋਮ ਵਿਚ ਫੜਕਣਾ, ਉੱਡਣਾ, ਬੇਹਾਲ ਸੀਨੇ 'ਤੇ ਝੱਲਣੇ ਵੈਰਾਗ ਕੁੱਲ ਸ਼ਹੀਦਾਂ ਦੇ। ਕਦੇ ਆਦਿ-ਜੁਗਾਦਿ ਦੇ ਸੀਨੇ 'ਤੇ ਘੱਲੂਘਾਰਿਆਂ ਦੀ ਤੇਗ ਨੂੰ ਰੱਖਣਾ; ਇਕ ਪਲ ਸੌਂ ਜਾਣਾ ਬੇਸਿਦਕੀਆਂ ਦੀ ਨੀਂਦ, ਪਰ ਸੌਣ ਨਾਂਹ ਦੇਂਦੀ ਫੜਫੜਾਹਟ ਬਾਜ਼ ਦੇ ਪੰਖਾਂ ਦੀ। ਮੇਘ-ਨਾਦ ਭਾਰੀ ਰਹਿਮਤਾਂ ਦੇ ਜ਼ੋਰ ਵਾਲਾ ਬਾਦਸ਼ਾਹ ਦਰਵੇਸ਼ ਦੇ ਚਰਨਾਂ 'ਚੋਂ ਡਿੱਗ ਕੇ ਉਤਰਦਾ ਘੱਲੂਘਾਰਿਆਂ ਦੀ ਤੇਗ ਦੇ ਜਸ਼ਨ 'ਤੇ। ਹੱਥ ਲੰਮੇ ਬਲੀ ਗ਼ਜ਼ਬ ਦੇ ਕਰਕੇ ਡਾਢੇ ਪੰਜੇ 'ਤੇ ਥੰਮ ਲਏ ਆਦਿ-ਜੁਗਾਦਿ ਦੇ ਸੂਰਜ ! ਵੱਡੇ ਘੱਲੂਕਾਰਿਆਂ ਦੀ ਤੇਗ ਦਾ ਜਸ਼ਨ ਹੁੰਦਾ, ਕੋਈ ਜਲਾਲ ਧਮਕਦਾ ਡੂੰਘੇ ਸਮੁੰਦਰੀਂ— ਇਹ ਜੋ ਤੇਗ ਅਬਦਾਲੀਆਂ 'ਤੇ ਕਟਕਦੀ ਇਹ ਬਿਨਸਨਹਾਰ ਨ੍ਹੇਰ ਦੀ ਕਾਂਇਆਂ 'ਤੇ ਯੁਗਾਂ ਯੁਗਾਂ ਦੇ ਤਪਾਂ ਦਾ ਤੇਜ ਸੁੱਟ ਦੇਵੇ। ਬਾਜ਼ਾਂ ਦੇ ਵਾਂਗ ਨ੍ਹੇਰ ਦਾ ਸੀਨਾ ਘੱਲੂਕਾਰਿਆਂ ਦੀ ਤੇਗ ਵਲ ਫੜਫੜਾਉਂਦਾ, ਜਿੱਥੇ ਤੜਪ ਹੈ ਉਥੇ ਹੀ ਤੜਪਦਾ; ਬੂੰਦ ਬੂੰਦ ਦੇ ਆਸਨ ਤੇ ਬਰਸ ਅਸੰਖਾਂ ਸ਼ਹੁ ਦਰਿਆਵਾਂ ਦੇ ਜ਼ੋਰ ਨੂੰ ਝੱਲਦਾ। ਇਸ ਅਜੈ ਤੇਗ ਦੇ ਜਸ਼ਨ ਅੰਦਰ ਦੈਵੀ ਕ੍ਰਾਂਤੀਆਂ ਦੇ ਹੜ੍ਹ ਪਏ ਦੌੜਦੇ ਝਿਲਮਿਲਾਉਂਦੇ ਤੇ ਨੱਚਦੇ। ਗਿਆਨ-ਗੰਭੀਰਤਾ ਦੇ ਅਜਿੱਤ ਪਰਬਤਾਂ 'ਤੇ ਸੁੱਤਾ ਤੇਗ ਦੀ ਧਾਰ ਅਡੋਲ ਦਾ ਰੌਦਰ; ਚੌਦਾਂ ਤਬਕਾਂ ਦੀਆਂ ਸਮਾਧੀਆਂ 'ਚ ਡੁੱਬਦੀ ਉਸ ਦੇ ਤਪਾਂ ਦੀ ਗਰਜ ਰੂਹਾਨੀ; ਉਸ ਦੀ ਧਾਰ ਅਡੋਲ ਦੇ ਦੁਆਲੇ ਘੱਲੂਕਾਰਿਆਂ ਦੀ ਭਬਕ ਦੇ ਭੈ ਵਿਚ ਨੱਚਦੇ, ਸ਼ੀਹਾਂ ਦੀ ਹਿੰਸਾ ਬਾਲ ਕੇ ਗਗਨ ਵਲ ਸੁੱਟਣ, ਜਾਗੇ ਜੋ ਪ੍ਰਾਚੀਨ ਤਕ ਵਜਦ ਪਰਬਤਾਂ ਦੇ। ਗੁੰਮਨਾਮੀਆਂ ਦੇ ਸਾਗਰ 'ਚ ਲਹਿੰਦੀਆਂ ਮੌਤ-ਥਰਕਣਾਂ ਦੇ ਸੀਨੇ ਲਰਜ਼ਦਾ ਜਿਸਮ ਜਮਾਲ ਦਾ ਅਪਕੜ ਦਿਸਹੱਦੇ ਨਜ਼ਰ ਵਿਚ ਬੰਨ੍ਹੀ। ਗੁੰਮਨਾਮੀਆਂ ਦੇ ਸਾਗਰ 'ਚ ਬਿੱਜਲੀਆਂ ਵਾਂਗੂੰ ਪ੍ਰਭਾਤਾਂ ਦਾ ਕਟਕ ਪੈਂਦਾ ਆਖ਼ਰੀ ਨਿਰਹੋਂਦ ਦੇ ਸੀਸ 'ਤੇ। ਭੈਅ, ਆਨੰਦ, ਵਿਸਮਾਦ ਦੇ ਬਾਣਾਂ 'ਚ ਛੁੱਟਦਾ ਹੁਕਮ ਦਾ ਕਹਿਰ ਭਾਰੀ ; ਅਜਬ ਬਲਕਾਰੀ, ਤੇਗ ਤੀਰ ਤੋਂ ਵਾਰੀ ! ਇਹ ਕੀ ? ਲਹੂ-ਲੁਹਾਣ ਨੌਂਹਦਰਾਂ ਦੇ ਜਾਲ ਨੂੰ ਤੋੜ ਕੇ ਕੰਵਲ ਜਿਉਂ ਲਿਸ਼ਕੀ, ਧ੍ਰੁਵ ਤਾਰੇ ਜਿਉਂ ਸਿਰ 'ਤੇ ਖੜੀ, ਮਹਾਂ ਨਿਰਹੋਂਦ, ਬ੍ਰਹਿਮੰਡ ਦਾ ਲੁਕਿਆ ਆਖਰੀ ਬੋਲ ! ਤੇਗ ਜਿਉਂ ਉੱਠੀ ਸਿੰਘ ਦਰਵੇਸ਼ਾਂ ਦੇ ਹੱਥਾਂ 'ਚ ਲਿਸ਼ਕ ਪਈ ਇਹ ਮਹਾਂ ਨਿਰਹੋਂਦ ! ਮਜ਼੍ਹਬਾਂ ਦੇ ਨਵੇਂ ਜਨਮ ਨੇ ਹੈਰਾਨ ਹੋ ਤੱਕਿਆ ਮੰਜ਼ਿਲਾਂ ਦੇ ਮਸਤਕ 'ਚ ਖੁਭਿਆ ਸਿਤਾਰਾ। ਅੰਮ੍ਰਿਤ ਵੇਲੇ ਦੇ ਬ੍ਰਿਛਾਂ ਤੋਂ ਲੱਖਾਂ ਕੋਇਲਾਂ ਦੇ ਰੁਦਨ ਸੰਗ ਛਲਕਦੀ ਅਜ਼ਾਨ ਤੋਂ ਲੰਮੀ ਅਕਾਲ ਦੀ ਬਾਣੀ। ਸਚਮੁੱਚ ਹਨੇਰੀਆਂ ਵਾਂਗ ਉੱਡੀ ਸ਼ਮਸ਼ੀਰ ਕਾਲ ਕਾਲਾਂ ਦੀ, ਉਸ ਪਾਰ ਦੇ ਗਗਨ ਨੂੰ ਚੁੰਮ੍ਹਦੀ; ਜਿੱਥੇ ਨਾਮ ਦੀ ਕੂਕ ਦਿੰਦੇ ਲੱਖਾਂ ਫ਼ਕੀਰ ਗੁਰੂ ਦੇ ਬੇਟੇ ਸ਼ਹੀਦੀਆਂ ਦੇ ਕਫ਼ਨ ਬੰਨ੍ਹ ਕੇ ਬੈਠੇ। ਉੱਡ ਉੱਡ, ਧਾਹ ਧਾਹ ਨਾਮ ਦੀ ਕੂਕ ਹਨੇਰੀਆਂ ਨੂੰ ਚੁੰਮ੍ਹਦੀ ਜਿਉਂ ਮੋਰ ਦੀਆਂ ਕੂਕਾਂ ਡੰਗ ਮਾਰਨ ਬਾਂਵਰੇ ਸਾਵਨ ਦੇ ਸੀਨੇ 'ਤੇ। ਨਾਮ-ਕੂਕ ਜਦ ਮਹਾਂ ਧਰਵਾਸ ਦੀ ਉੱਠੀ ਮੋਇਆਂ ਦੇ ਸਿਸਕਦੇ ਰਣਾਂ ਦੇ ਸੀਨੇ 'ਚੋਂ, ਗੀਤਾਂ ਦੇ ਆਵੇਸ਼ ਜਿਉਂ ਉਠਦੇ ਤਾਰਿਆਂ ਵਾਂਗੂੰ ਸ਼ਹੀਦਾਂ, ਪੈਗ਼ੰਬਰਾਂ, ਜਪੀਆਂ ਨੇ ਚਮਕਾਂ ਮਾਰੀਆਂ। ਦੀਨ-ਦੁਖੀਆਂ ਦੇ ਦੁਆਰ 'ਤੇ ਮੌਤ ਦੇ ਖ਼ੂਨ-ਲਿਬੜੇ ਖ਼ੰਜਰ ਤੋਂ ਉੱਤਰੀ ਅਸੰਖਾਂ ਹੀ ਅੰਮ੍ਰਿਤ ਵੇਲਿਆਂ ਦੀ ਛਾਂ। ਤਾਂ ਤਰਸਵਾਨ ਵਲੀ ਕੋਈ ਸੂਰਮਾ ਸ਼ਹੀਦਾਂ ਲਈ ਯੁਗਾਂ ਤੋਂ ਗੱਡੀਆਂ ਸੂਲੀਆਂ ਤੋਂ ਉਤਰ ਕੇ, ਹੱਥ ਧਰਵਾਸ ਦਾ ਲਹੂ-ਲੁਹਾਣ, ਨੌਂਹਦਰਾਂ ਕਿੱਲਾਂ ਨੇ ਵਿੰਨ੍ਹਿਆ, ਦੀਨ-ਦੁਖੀਆਂ ਦੇ ਸੀਸ 'ਤੇ ਰੱਖਦਾ। ਕੈਸਾ ਕਮਾਲ ਕਿ ਹਸਤ ਪੈਗ਼ੰਬਰੀ ਵਿਗਸਣ ਹਿੰਸਾ ਦੇ ਕਰਮ ਦੀ ਖ਼ੰਜਰ ਦੇ ਹੇਠਾਂ। ਕਿੱਥੇ ਅਜ਼ਾਨ ਤੋਂ ਲੰਮੇ ਜੈਕਾਰੇ ਲਾਉਣ ਪਏ ਲੱਖਾਂ ਸਿੰਘ ਦਰਵੇਸ਼ ? ਕਿੱਥੇ ਸ਼ਾਂਤ ਅਨੁਰਾਗ ਕਾਲ ਦੀਆਂ ਚੜ੍ਹੀਆਂ ਹਨੇਰੀਆਂ ਦੇ ਸਾਹਮਣੇ ਅਸੰਖ ਤਾਰਿਆਂ ਦਾ ਗੁੱਝਾ ਡੰਗ ਚਮਕਾਉਂਦਾ ? ਤੇ ਬਰਸ ਅਸੰਖਾਂ ਦੀ ਪ੍ਰਾਚੀਨ ਬਾਣੀ ਬਖ਼ਸ਼ਦੀ ਕਿੱਥੇ ਕਣ ਕਣ ਨੂੰ ਸ਼ਹਿਨਸ਼ਾਹੀਆਂ ? ਫ਼ਰਿਹਾਦ ਦੇ ਪਰਬਤਾਂ ਦੀਆਂ ਵਿਸ਼ਾਲ ਛਾਤੀਆਂ ਇਲਾਹੀ ਤਖਤਾਂ ਦੇ ਵਾਂਗ ਦਿਲਾਂ ਹੇਠ ਰੱਖੀ ਕਿੱਥੇ ਥਰਕਦਾ ਜਾਪ ਹੈ ਨਦੀਆਂ ਦਾ ? ਕਿੱਥੇ ਅਸੰਖ ਬਰਸਾਂ ਖ਼ੂਨੀ ਜਨੌਰਾਂ ਜਿਉਂ ਗਰਜਕੇ ਅਨੰਤ ਦੇ ਪੈਂਡੇ ਨੈਣ ਭਰ ਆਏ ਉਦਿਆਨ-ਨੌਂਹਦਰਾਂ 'ਤੇ ਤੱਕ ਕੇ ਮਾਸੂਮਾਂ ਦੀ ਰੱਤ ਦੀ ਇੱਕੋ ਹੀ ਬੂੰਦ ਨੂੰ ? ਕਿੱਥੇ ਸੰਞ ਕਾਰਵਾਨਾਂ ਦੀ ਬੇਰਾਹ ਗਾੜ੍ਹੀਆਂ ਧੂੜਾਂ ਦੇ ਓਹਲੇ ਪੌੜਾਂ ਦੀ ਧਮਕ ਨੂੰ ਝੱਲਦਾ ਨਿਰਵਾਨ-ਆਨੰਦ ਦਾ ਸੀਨਾ; ਜਿਉਂ ਧਾਹ ਕੇ ਕਲੇਜੇ ਨਾ' ਲੱਗਣ ਲੁੱਡੀਆਂ ਪਾਉਂਦੀਆਂ ਲੱਖਾਂ ਜੁਆਨੀਆਂ। ਸਿੰਘ ਸ਼ਹੀਦਾਂ ਦੀ ਰਮਜ਼ ਇਉਂ ਜਿਸ ਤਰ੍ਹਾਂ : ਰਾਮ ਦੇ ਇਸ਼ਕ ਦੀ ਇੰਤਹਾ ਵੇਖਦਾ ਸੀਨਾ ਵਿਰਾਟ ਹਨੂਵੰਤ ਦਾ ਪਾਟਕੇ ਸ੍ਰਿਸ਼ਟੀਆਂ ਦੀ ਰੱਤ ਨਾਲ ਚੁੰਮ੍ਹਦਾ ਘੱਲੂਕਾਰਿਆਂ ਦੀ ਤੇਗ ਪੈਗ਼ੰਬਰੀ ਜੋ ਲੱਖਾਂ ਅਜ਼ਾਨਾਂ ਦੇ ਵੇਗ ਨੂੰ ਚੁੱਕਦੀ ਮਿਅਰਾਜਾਂ ਨੂੰ ਚੀਰਦੀ। ਜਾਗੋ ਸਿੰਘ ਦਰਵੇਸ਼ ਚੁੱਕ ਕੇ ਘੱਲੂਕਾਰਿਆਂ 'ਚੋਂ ਛੁੱਟੀ ਬ੍ਰਹਿਮੰਡਾਂ ਨੂੰ ਮਿਲਦੀ ਪ੍ਰਭਾਤ ਦੀ ਤੇਗ ਨੂੰ। ਮਾਰ ਕਿਲਕਾਰੀਆਂ ਅਸਲੋਂ ਨਵੇਂ ਜਨਮ ਵਿਚ ਆਏ ਤਾਰਿਆਂ ਵਾਂਗੂੰ ਲਿਸ਼ਕੋਰਦੇ ਪਰਬਤਾਂ ਦੇ ਬਾਜ਼ੂ । ਵਜਦ ਦੇ ਇੱਕੋ ਹੀ ਛਿਣ ਤੇ ਚੁੱਕਦੇ ਮੌਤ-ਨਾਦ ਨਾਲ ਭਰੀਆਂ ਯੁਗਾਂ ਜੇਡੀਆਂ ਕੰਦਰਾਵਾਂ। ਫੁੱਲਾਂ ਦੇ ਸਾਹਮਣੇ ਧਰਵਾਸ ਦੇ ਆਲਮ ਨੂੰ ਪਰਬਤਾਂ ਵਾਂਗ ਬੰਨ੍ਹਦੇ; ਫਿਰ ਨੰਨ੍ਹੀ ਜਾਨ 'ਤੇ ਲੱਖਾਂ ਵਣਾਂ ਦੇ ਬਿਖਮ ਰਾਹ ਲੈਕੇ ਲਟਕਦੇ। ਖ਼ੂਨੀ ਘੱਲੂਕਾਰਿਆਂ 'ਚੋਂ ਉਠਦੀ ਅਰਦਾਸ ਹਿੰਸਾ ਹੁਸੀਨ ਨੂੰ ਸੀਨੇ 'ਤੇ ਛੋਹ; ਰੂਹਾਨੀਅਤ ਦੇ ਸਾਬਤ ਵਜਦ ਵਿਚ ਗੁੰਮਦੀ, ਨਿਰਲੇਪ ਛਿਣ ਚੁੰਮ੍ਹਦੀ, ਹਨੇਰੀਆਂ ਹੋ ਧੁੰਮਦੀ ! ਸੂਲੀਆਂ 'ਤੇ ਲਟਕਦੇ ਸ਼ਹੀਦ ਜਗਾਉਂਦੀ ਮਿੱਟੀ 'ਚ ਸੈਆਂ ਯਾਦਗਾਰਾਂ ਇਲਾਹੀ ਤਾਰੀਖ਼ਾਂ ਦੇ ਸੈਆਂ ਇਕਰਾਰ ਛੁਪਾਉਂਦੀ ਸੂਰਜ ਚੜ੍ਹਾਣ ਵਾਲਾ ਫਣ-ਖਿਲਾਰਦਾ ਬਾਣ ਉਡੀਕਦੀ ? ਅੰਮ੍ਰਿਤ ਵੇਲਿਆਂ ਦੀਆਂ ਛਾਵਾਂ ਚੁੱਕਦਾ ਕਿੱਥੇ ਜਗਤ ਬਨਵਾਰੀ ਨੈਣ ਭਰ ਖੜਾ ਸਰਹਾਣੇ ਵੇਖਦਾ ਘਾਇਲ ਸਿਸਕਦੇ ਰਣ ਦੀ ਮੂਰਛਾ ? ਕਿੱਥੇ ਅਰਥ ਅਬਿਨਾਸ਼ੀ ਦੇ ਪੰਡਤ ਮੌਤ ਦੇ ਦਰ 'ਤੇ ਸੁੱਤਿਆਂ ਦੇ ਵਿਰਦ ਨੂੰ ਪਾ ਕੇ ਅਮਰ ਹੋਣ ਲਈ ਭਟਕਦੇ ? ਬਸ ਇਕ ਹਰਫ਼ ਨੂੰ ਜਾਨਣ ਲਈ ਚੁੰਮਦੇ ਤੇਗਾਂ ਜੱਲਾਦਾਂ ਦੀਆਂ। ਅਰਥ ਅਬਿਨਾਸ਼ੀ ਦੀ ਚੁੱਪ ਦੇ ਖੋਜੀ ਮੋਇਆਂ ਦੇ ਸਬਰ ਨੂੰ ਵੇਖਣ ਲਈ ਮੌਤ ਦੇ ਸੂਹਿਆਂ ਤੰਬੂਆਂ ਦੇ ਕੋਲ ਸੁੱਟ ਕੇ ਆਸਨ ਅਡੋਲ ਦੇ ਸੂਰਜ ਪਰਮ ਤਪਾਂ ਦੀ ਹਿੰਸਾ ਨੂੰ ਬਾਲ ਕੇ ਵੇਖਦੇ ਮੌਤ-ਸਿਮਰਣ ਦੇ ਏਕੋ ਹਰਫ਼ ਨੂੰ ! ਅਨੰਤ ਦੇ ਸੱਚੇ ਤਖਤ ਤੇ ਬੈਠੇ ਪਿਆਰੇ ਨੂੰ ਸੱਦਾਂ ਦੇਂਵਦੇ ਸਿੰਘ ਦਰਵੇਸ਼। ਸਿਖਰ ਦੁਪਹਿਰਿਆਂ 'ਚ ਨਵੇਂ ਬ੍ਰਹਿਮੰਡ ਬਣਾਉਂਦੇ ਸਿਤਾਰਿਆਂ ਤੀਕਨ ਅਜ਼ਾਨਾਂ ਤੋਂ ਲੰਮੇ ਜੈਕਾਰੇ ਮਾਰ ਕੇ ਜੱਲਾਦਾਂ ਦੀਆਂ ਛੁਰੀਆਂ ਦੇ ਹੇਠੋਂ ਪ੍ਰਭਾਤਾਂ ਜਗਾਉਂਦੇ। ਪਾੜ ਕੇ ਸੂਰਜ ਦੀ ਕਲਪਨਾ, ਕੌਲ ਤੇ ਸੁਪਨੇ, ਪਿਆਰੇ ਦੇ ਚਰਨ ਨੂੰ ਚੁੰਮ੍ਹਣ ਦੀ ਤਿਖਾ ਲੈ, ਅਣਵੇਖੀਆਂ ਮੰਜ਼ਿਲਾਂ ਵਲ ਤੇਗਾਂ ਵਰ੍ਹਾਉਂਦੇ। ਸ਼ਹੁ ਦਰਿਆਵਾਂ ਦੇ ਸੀਨੇ ਬਲੀ ਤਪਾਂ ਦਾ ਸੁੰਮ ਖੜਕਦਾ। ਅਜ਼ਲ ਦੇ ਵਹਿਣਾਂ ਦੇ ਸਾਹਮਣੇ ਅਗਨੀਆਂ ਦੀ ਜ਼ੰਜਰ ਮਾਰ ਕੇ ਸਿੰਧਾਂ ਦੇ ਸਿੰਧ ਚਮਕਾਂਵਦਾ ਜੋ ਜਾਗਣੇ ਕਦੇ ਮਸੀਹਾ ਦੇ ਵਾਂਗ ਜੋ ਵਿਰਾਟ ਭਵਿੱਖ-ਭਵਾਨ ਵਿਚ ਚਮਕਣੇ ਜੋ ਬੱਜਰ ਅਤੀਤ ਦੇ ਮਸਤਕ 'ਤੇ ਵੱਜਣੇ। -7- (ਅਸੀਸ) ਦੂਰ ਦੁਪਹਿਰਾਂ 'ਚ ਰਬਾਬ ਦੀ ਅੱਗ 'ਚੋਂ ਨਮੋ-ਨਾਦ ਦਾ ਭੀਸ਼ਣ ਨਜ਼ਾਰਾ ਚਮਕਦੇ ਤਾਜ ਲੈ ਮੌਤ ਨੂੰ ਵੰਗਾਰੇ : “ਏਥੋਂ ਦੀਦਾਰ ਫੁੱਟੇਗਾ, ਲਹੂ ਦੀ ਸੂਹੀ ਗੁਲਜ਼ਾਰ ਦਾ, ਏਥੋਂ ਆਵਾਜ਼ ਆਉਣੀ, ਮਾਹੀ ਦੀ ਚੁੱਪ ਦੀ, ਅਰਜ਼ ਦੇ ਸੱਥਰ 'ਤੇ ਸੁੱਤਿਆਂ ਸ਼ਹੀਦਾਂ ਨੂੰ ਏਥੇ ਜਗਾਉਣ ਆਉਣਾ, ਤਾਰਿਆਂ-ਭਿੱਜੀਆਂ ਪੌਣਾਂ ਨੇ। ਏਥੇ ਬੇਦਾਵੇ ਨੂੰ ਸਜਦਾ ਕਰਨ ਲਈ ਮਾਹੀ ਦੇ ਤੌਰ 'ਤੇ ਲੱਖਾਂ ਸੁਆਲ ਚਮਕਣੇ। ਬੇਦਾਵੇ ਦੇ ਅੱਖਰਾਂ 'ਤੇ ਝੁਕ ਝੁਕ ਸ਼ਮਸ਼ੀਰਾਂ ਨੇ ਮੁੜ ਮੁੜ ਸਲਾਮਾਂ ਕਰਨੀਆਂ। ਇਹ ਰੋਹੀਆਂ 'ਚ ਸੋਹਣੇ ਦੀ ਚੁੱਪ ਨੂੰ ਬੇਦਾਵੇ ਦੇ ਅੱਖਰਾਂ ਨੂੰ ਅਰਪਨ ਕਰਨ ਲਈ ਕਿਤੋਂ ਨ ਇਕ ਵੀ ਅੱਥਰੂ ਥਿਆਉਣਾ।” ਸੁਣੋ! ਸੁਣੋ। ਸੰਜੋਗ ਦੀ ਬਾਣੀ ਮੌਤ ਜਿਸਦੇ ਅੱਥਰੂ 'ਚ ਸੁੱਤੀ ਜਿਸਦੇ ਕੰਧਿਆਂ 'ਤੋਂ ਉੱਡ ਉੱਡ ਪੰਛੀ ਨਦੀਆਂ ਦੇ ਪੱਤਣੀਂ ਸਬਰ ਦਾ ਰਿਜ਼ਕ ਲਿਆਉਂਦੇ। ਇਸ ਰਿਜ਼ਕ ਵਿਚ ਸਿਮਟਿਆ ਅੱਗ ਵਿਚ ਮੱਤਾ ਵਿਜੋਗ ਰੁੱਤ ਦਾ ਬੀਜ ਕੋਈ ਉੱਜਲ ਮੁਰੀਦਾਂ ਦਾ ਰੁੱਸਣਾ ਸ਼ਹੀਦੀਆਂ ਦਾ ਆਗਮ ਹੈ; ਪਛਤਾਵੇ ਦੇ ਨਾਲ ਜਦ ਨੂਰੀ ਹੁੰਦੀਆਂ ਬ੍ਰਹਿਮੰਡਾਂ ਦੀਆਂ ਸੱਭੇ ਇਕੱਲਾਂ, ਰੋਹੀਆਂ 'ਚ ਰੋਂਦੇ ਮੁਰੀਦ ਯਾਦ ਕਰ ਭੁੱਲਾਂ, ਤਾਂ ਸਤਿਗੁਰਾਂ ਦੀ ਅਸੀਸ ਮਾਂ ਦੇ ਵਾਂਗ ਆਵੇ। ਚੁੱਪ ਨਿਆਰੀ ਦੀ ਅੱਗ ਲੈ ਲਿਪਟਦਾ ਸਬਰ ਸ਼ਹੀਦਾਂ ਦੀ ਰੱਤ ਦੁਆਲੇ । ਦੂਰ ਦੁਪਹਿਰਾਂ 'ਚ ਗਾਵੇ ਪਿਆਰੇ ਦੇ ਦੇਸ ਦਾ ਉੱਜਲ ਰਬਾਬੀ। ਸੂਰਜਾਂ ਦੇ ਭੱਠ 'ਚੋਂ ਸ਼ੋਰ ਸੁਣਦਾ ਮਾਰੋ ਮਾਰ ਦਾ ਚੜ੍ਹਿਆ ਹਜੂਮ। ਮੁਰੀਦਾਂ ਦੀਆਂ ਅੱਖੀਆਂ ਵਹਾਉਂਦੀਆਂ ਬੇਮੁਹਾਰੇ ਅੱਥਰੂ- ਚੁੱਪ ਵਿਚ ਚੁੱਪ ਦਾ ਜ਼ੋਰ ਹੀ ਧੁੰਮਦਾ ! ਸ਼ਹਾਦਤਾਂ ਦੇ ਸੁਪਨਿਆਂ ਦੇਸ ਆਬਾਦ ਕੀਤਾ ਔਹ ਆ ਰਿਹਾ ਜਿੰਦ ਦੇ ਕੋਲ ਦਾ ਆਸਰਾ ਆ ਰਿਹਾ ਘਾਇਲ ਮੁਰੀਦਾਂ ਨੂੰ ਚੁੰਮਣ।

ਤਿੰਨ ਦੁਆਵਾਂ

(ਸਾਈਂ ਮੀਆਂ ਮੀਰ ਦੀ ਦੁਆ) ਉਜੜੇ ਪਾਕ ਸਰੋਵਰ ਉੱਤੇ ਅੱਥਰੂ ਭਰੇ ਸ਼ਹੀਦਾਂ। ਕੁੱਲ ਤਬਕਾਂ ਵਿਚ ਰਾਖ ਉਡੰਦੀ ਬਖ਼ਸ਼ਣਹਾਰ ਨ ਦੀਦਾਂ। ਪੁਲਿ-ਸਰਾਤ ਹੈ ਚੀਕ ਗਰਕਿਆ ਸਮਾਂ ਗੁਨਾਹ ਦਾ ਜਾਮਾ, ਇਕ ਪੁਨੀਤ ਇੱਟ ਦੀ ਨੀਂਹ 'ਤੇ ਮੀਰ ਨੂੰ ਅਜੇ ਉਮੀਦਾਂ। * * * * * (ਸੁੱਖਾ ਸਿੰਘ ਦੇ ਜਾਨਸ਼ੀਨ ਦੀ ਦੁਆ) ਬੇਅੰਤ ਨੇ ਸਜਦੇ ਕੀਤੇ, ਘਾਇਲ ਬੇਰੀਆਂ ਥੱਲੇ। ਕਾਹਨੂੰਵਾਨ1 ਦੇ ਫੇਰ ਅਲੰਬੇ, ਸੀਸ ਨਿਮਾਣੇ ਝੱਲੇ । “ਵਿਸ਼-ਰਿੜਕਦੀ ਜੀਭ ਨੇ ਘੇਰੇ, ਕੰਮ ਦੇ ਭੋਲੇ ਨੀਂਗਰ; ਕਹਿੰਦਾ : “ਤੀਰ ਮੁਰੀਦ2 ਨੂੰ ਬਖਸ਼ੋ, ਨਾਲ ਮੇਰੇ ਜੋ ਚੱਲੇ।” 1. ਛੋਟੇ ਘੱਲੂਘਾਰੇ ਸਮੇਂ ਕਾਹਨੂੰਵਾਨ ਦੇ ਜਲਦੇ ਜੰਗਲਾਂ ਵਿਚ ਘਿਰੇ ਸਿੰਘਾਂ ਦੀ ਯਾਦ ਦੇ ਦ੍ਰਿਸ਼ ਦਾ ਹਵਾਲਾ। 2. ਬੰਦੇ ਬਹਾਦਰ ਨੂੰ ਕਲਗੀਧਰ ਦੇ ਪੰਜ ਤੀਰ ਬਖ਼ਸ਼ਣ ਦੀ ਘਟਨਾ ਦਾ ਹਵਾਲਾ। (ਕਵੀ ਦੀ ਦੁਆ) ਜਦੋਂ ਅਕਾਲ ਤਖਤ ਦੇ ਖੰਡਰ, ਰੋ ਬੇਅੰਤ ਨੇ ਦੇਖੇ; ਝੁਕ ਕੀਤੇ ਅਸਮਾਨ ਨੇ ਸਾਡੇ ਤਿੰਨ ਸਦੀਆਂ ਦੇ ਲੇਖੇ। ਜ਼ੋਰ ਅਥਾਹ ਬਾਜ਼ ਦੇ ਸੀਨੇ ਚੀਰ ਮਿਅਰਾਜਾਂ ਉੱਡੇ, ਸਿਦਕ ਸ਼ਹੀਦ ਦਾ ਸਾਂਭ ਕੇ ਰੱਖੀਂ ਸੁਬਕ ਸਮੇਂ ਦੀਏ ਰੇਖੇ। (ਦਸੰਬਰ 1984)

ਨੀਂਦਾਂ ਦਾ ਕਤਲ ਅਤੇ ਸ਼ਹੀਦ ਦਾ ਗਜ਼ਬ

ਕੌਮ ਸ਼ਹੀਦ1 ਗੁਰੂ ਦੇ ਬੂਹੇ ਕਰ ਸੁੱਤੀ ਅਰਦਾਸਾਂ। ਭੈਣ ਸਰਾਲ2 ਚੋਰ ਜਿਉਂ ਸਰਕੀ ਲੈ ਕੇ ਘੋਰ ਪਿਆਸਾਂ। ਹੱਥ ਬੇਅੰਤ3 ਸਮੇਂ ਦੇ ਡਾਢੇ ਕੋਹਣ ਕੁਪੱਤੀਆਂ ਡੈਣਾਂ, ਲਹੂ ਸ਼ਹੀਦ ਦਾ ਲਟ ਲਟ ਬਲਿਆ ਕਾਲ ਦੇ ਕੁੱਲ ਆਗਾਸਾਂ। ਮੇਰੇ ਸ਼ਹੀਦ ਮਾਹੀ ਦੇ ਦਿਨ ਤੂੰ ਸੁਣੀਂ ਕਪੁੱਤੀਏ ਨਾਰੇ। ਕੌਮ ਮੇਰੀ ਦੇ ਬੱਚੜੇ ਭੋਲੇ ਡੂੰਘੀ ਨੀਂਦ4 'ਚ ਮਾਰੇ। ਜੋ ਜਰਨੈਲ5 ਮਾਹੀ ਦੇ ਦਰ 'ਤੇ ਪਹਿਰੇਦਾਰ ਪੁਰਾਣਾ, ਮਹਾਂਬਲੀ ਸਮੇਂ 'ਤੇ ਬੈਠਾ ਉਹ ਅਸਵਾਰ ਨ ਹਾਰੇ। 1. ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ । 2. ਲੋਕ ਬਾਤਾਂ ਵਿਚ ਸੁੱਤਿਆਂ ਦੇ ਸਾਹ ਪੀ ਜਾਣ ਵਾਲੀ ਨਾਗਣੀ। 3. ਪ੍ਰਤੀਕਮਈ ਵਰਤੋਂ। 4. ਡੰਕਨ (ਮੈਕਬਥ) ਦੇ ਕਤਲ ਵਾਂਗ ਸ਼ਹੀਦੀ ਦਿਹਾੜੇ ਉੱਤੇ ਹਮਲਾ, ਸੁੱਤਿਆਂ ਨੂੰ ਮਾਰਨ ਬਰਾਬਰ ਸੀ। 5. ਪ੍ਰਤੀਕਮਈ ਵਰਤੋਂ। 'ਨੀਂਦ1 'ਚ ਨੀਂਦ ਜਹੇ ਬੱਚੜੇ ਖਾਵੇਂ ਸੁਣ ਬੇਕਿਰਕ ਚੜੇਲੇ2। ਸਮਾਂ ਪੁਰਸਲਾਤ ਜਿਉਂ, ਹੇਠਾਂ ਦਗੇਬਾਜ਼ ਨੈਂ ਮ੍ਹੇਲੇ ! ਸੁੱਟ ਦੇਵੇਗਾ ਕੀਟ ਜਿਉਂ ਤੈਨੂੰ ਕਹਿਰ ਬੇਅੰਤ ਦਾ ਝੁੱਲੇ ; ਤੋੜ ਤੇਰੇ ਰਾਜ ਦੇ ਬੂਹੇ ਨਰਕ-ਨ੍ਹੇਰ ਵਿਚ ਠੇਲ੍ਹੇ । ਕਟਕ ਅਕ੍ਰਿਤਘਣਾਂ ਦੇ ਧਮਕੇ ਹਰਿਮੰਦਰ ਦੇ ਬੂਹੇ। ਮੀਆਂ ਮੀਰ ਦਾ ਖ਼ੂਨ ਵੀਟ ਕੇ ਕਰੇ ਸਰੋਵਰ ਸੂਹੇ। ਦੂਰ ਸਮੇਂ ਦੇ ਗਰਭ 'ਚ ਸੁੱਤੇ ਬੀਜ ਮਾਸੂਮ ਵਣਾਂ ਦੇ, ਲੂਣ-ਹਰਾਮ ਦੀ ਨਜ਼ਰ ਪੈਂਦਿਆਂ ਗਏ ਪਲਾਂ ਵਿਚ ਲੂਹੇ। ਨਾਰ ਸਰਾਲ ਸਰਕਦਾ ਘੇਰਾ ਹਰਿਮੰਦਰ ਨੂੰ ਪਾਇਆ। ਰਿਜ਼ਕ ਫ਼ਕੀਰਾਂ ਵਾਲਾ ਸੁੱਚਾ ਆ ਤਕਦੀਰ ਜਲਾਇਆ। ਬੁੱਤ-ਪੂਜਾਂ ਦੇ ਸੀਨੇ ਦੇ ਵਿਚ ਫਫੇਕੁੱਟਨੀ ਸੁੱਤੀ, ਜਿਸ ਦੀ ਵਿਸ ਨੂੰ ਭਸਮ ਕਰਨ ਲਈ ਤੀਰ ਬੇਅੰਤ ਦਾ ਆਇਆ। 1. ਮੈਕਬਥ ਵਿਚ ਸੁੱਤੇ ਡੰਕਨ ਦੇ ਕਤਲ ਨਾਲ ਮੁਕਾਬਲਾ ਕਰੋ। 2. ਇਹ ਅਤੇ ਹੋਰ ਬੰਦਾਂ ਵਿਚ ਲੋਕ ਬਾਤਾਂ ਦੀ ਚੜੇਲ, ਡੈਣ ਅਤੇ ਕੁਪੱਤੀ ਨਾਰ ਦੀ ਅਸਲੀਅਤ ਦੇ ਪ੍ਰਸੰਗ ਵਿਚ ਕੀਤੀ ਪ੍ਰਤੀਕਮਈ ਵਰਤੋਂ। ਘਾਇਲ1 ਹੋਏ ਹਰਿਮੰਦਰ ਕੋਲੇ ਕਿੜਾਂ ਬੇਅੰਤ ਨੂੰ ਪਈਆਂ। ਤੱਤੀ ਤਵੀ ਦੇ ਵਾਂਗ ਦੁਪਹਿਰਾਂ ਨਾਲ ਨਾਲ ਬਲ ਰਹੀਆਂ। ਮੀਆਂ ਮੀਰ ਦੇ ਸੁਪਨੇ ਦੇ ਵਿਚ ਵਗੇ ਵਗੇ ਪਈ ਰਾਵੀ, ਵਹਿਣ 'ਚ ਹੱਥ ਉਠੇ, ਸਭ ਲਹਿਰਾਂ ਉਲਰ ਬੇਅੰਤ 'ਤੇ ਪਈਆਂ। -ਸਮਾਪਤ- 1. ਇਸ ਰੁਬਾਈ ਵਿਚ ਸਮਕਾਲੀ ਤ੍ਰਾਸਦਿਕ ਸਥਿੱਤੀ, ਗੁਰੂ ਅਰਜਨ ਸਾਹਿਬ ਦੀ ਤੱਤੀ ਤਵੀ ਅਤੇ ਰਾਵੀ ਵਿਚ ਅਲੋਪ ਹੋਣ ਦੀ ਘਟਨਾ ਅਤੇ ਮੀਆਂ ਮੀਰ ਨਾਲ ਰਾਵੀ ਅਤੇ ਹਰਿਮੰਦਰ ਸਾਹਿਬ ਦੇ ਰਿਸ਼ਤੇ— ਇਕ ਸਾਂਝਾ ਅਰਥ ਦੇਣ ਲਈ ਇਕੱਠੇ ਹੋ ਗਏ ਹਨ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਹਰਿੰਦਰ ਸਿੰਘ ਮਹਿਬੂਬ
  • ਵਣ-ਵੈਰਾਗ : ਹਰਿੰਦਰ ਸਿੰਘ ਮਹਿਬੂਬ
  • ਰੁੱਤਾਂ ਦੇ ਭੇਦ ਭਰੇ ਖ਼ਤ : ਹਰਿੰਦਰ ਸਿੰਘ ਮਹਿਬੂਬ
  • ਪਿਆਰੇ ਦਾ ਦੇਸ : ਹਰਿੰਦਰ ਸਿੰਘ ਮਹਿਬੂਬ
  • ਆਖ਼ਰੀ ਸ਼ਾਮ : ਹਰਿੰਦਰ ਸਿੰਘ ਮਹਿਬੂਬ
  • ਝਨਾਂ ਦੀ ਰਾਤ (ਬੇਲਿਆਂ ਦੀ ਕੰਨਸੋਅ) : ਹਰਿੰਦਰ ਸਿੰਘ ਮਹਿਬੂਬ
  • ਕੁਰਲਾਉਂਦੇ ਕਾਫ਼ਲੇ : ਹਰਿੰਦਰ ਸਿੰਘ ਮਹਿਬੂਬ
  • ਝਨਾਂ ਦੀ ਰਾਤ (ਕਵਿਤਾ) : ਹਰਿੰਦਰ ਸਿੰਘ ਮਹਿਬੂਬ
  • ਸ਼ਹੀਦ ਦੀ ਅਰਦਾਸ (ਕਵਿਤਾ) : ਹਰਿੰਦਰ ਸਿੰਘ ਮਹਿਬੂਬ
  • ਪੰਜਾਬੀ ਕਵਿਤਾ : ਹਰਿੰਦਰ ਸਿੰਘ ਮਹਿਬੂਬ
  • ਝਨਾਂ ਦੀ ਰਾਤ : ਹਰਿੰਦਰ ਸਿੰਘ ਮਹਿਬੂਬ pdf
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ