ਪ੍ਰਿੰਸੀਪਲ ਤਖ਼ਤ ਸਿੰਘ (1914-1990) ਪੰਜਾਬੀ ਕਾਵਿ ਜਗਤ ਦੇ ਉੱਚ ਦੋਮਾਲੜੇ ਬੁਰਜ ਸਨ। ਗ਼ਜ਼ਲ ਸਾਹਿੱਤ ਵਿੱਚ ਧਰੂ ਤਾਰੇ ਵਾਂਗ ਚਮਕਦੇ। ਪੰਜਾਬੀ ਗ਼ਜ਼ਲ ਨੂੰ ਪੰਜਾਬੀ ਜਾਮਾ ਪਹਿਨਾਉਣ ਵਾਲਿਆਂ ਦੇ ਮੋਢੀ ਸਨ। 15 ਸਤੰਬਰ 1914 ਨੂੰ 50 ਚੱਕ ਈਸੜੂ (ਲਾਇਲਪੁਰ) ‘ਚ ਸ: ਸੁੰਦਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਜੀ ਹਰਨਾਮ ਕੌਰ ਦੀ ਕੁੱਖੋਂ ਜਨਮੇ ਪ੍ਰਿੰਸੀਪਲ ਤਖ਼ਤ ਸਿੰਘ ਸਾਨੂੰ 26 ਫਰਵਰੀ 1990 ਨੂੰ ਸਦੀਵੀ ਵਿਛੋੜਾ ਦੇ ਗਏ ਸਨ।
ਆਪਣੀ ਗਰੈਜੂਏਸ਼ਨ ਉਨ੍ਹਾਂ ਖ਼ਾਲਸਾ ਕਾਲਿਜ ਅੰਮ੍ਰਿਤਸਰ ਤੋਂ ਕੀਤੀ ਜਿੱਥੇ ਵਿਅੰਗ ਲੇਖਕ ਸ: ਸੂਬਾ ਸਿੰਘ ਉਨ੍ਹਾਂ ਦੇ ਸਹਿਪਾਠੀ ਸਨ।
ਉਨ੍ਹਾਂ ਦੀਆਂ ਗ਼ਜ਼ਲ ਰਚਨਾਵਾਂ ਵਿੱਚ ਲਿਸ਼ਕੋਰਾਂ, ਮੇਰੀ ਗ਼ਜ਼ਲ ਯਾਤਰਾ, ਗ਼ਜ਼ਲ ਕਾਵਿ, ਲਹੂ ਦੀ ਵਰਖਾ,ਕਾਵਿ ਸੰਗ੍ਰਹਿ ਵੰਗਾਰ, ਹੰਭਲੇ, ਅਣਖ਼ ਦੇ ਫੁੱਲ ਪ੍ਰਮੁੱਖ ਹਨ। ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵੀ ਡਾ: ਸ ਨ ਸੇਵਕ ਜੀ ਦੀ ਸੰਪਾਦਨਾ ਹੇਠ ਉਨ੍ਹਾਂ ਦੀ ਚੋਣਵੀਂ ਰਚਨਾ ਪ੍ਰਕਾਸ਼ਿਤ ਕੀਤੀ ਗਈ ਸੀ।
ਆਪਣੇ ਨਿੱਕੇ ਵੀਰ ਸ਼ਹੀਦ ਕਰਨੈਲ ਸਿੰਘ ਈਸੜੂ ਜੀ ਦੀ ਜੀਵਨੀ ਵੀ ਉਨ੍ਹਾਂ 1959 ਚ ਲਿਖ ਕੇ ਪ੍ਰਕਾਸ਼ਿਤ ਕਰਵਾਈ ਸੀ।
ਪ੍ਰਿੰਸੀਪਲ ਤਖ਼ਤ ਸਿੰਘ ਉਰਦੂ ਸਾਹਿੱਤ ਵਿੱਚ ਨਜ਼ਮ ਦੇ ਵੱਡੇ ਕਵੀ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੀਆਂ ਉਰਦੂ ‘ਚ ਕਾਵਿ ਪੁਸਤਕਾਂ ਦੇ ਨਾਮ ਖ਼ਲਿਸ਼ ਏ ਅਹਿਸਾਸ, ਸ਼ਬੇ ਉਰੀਆਂ ,ਤਖ਼ਤ ਏ ਰਵਾਂ ਤੇ ਵਜਦ ਏ ਹੈਰਤ ਹਨ।
ਉਨ੍ਹਾਂ ਦਾ ਜੱਦੀ ਪਿੰਡ ਖੰਨਾ ਨੇੜੇ ਈਸੜੂ(ਲੁਧਿਆਣਾ) ਸੀ ਪਰ ਬਹੁਤਾ ਚਿਰ ਫੀਰੋਜ਼ਪੁਰ, ਫਰੀਦਕੋਟ ਆਦਿ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਰਹੇ। ਸੇਵਾ ਮੁਕਤੀ ਉਪਰੰਤ ਉਹ 2047 ਗੁੱਜਰਾਂ ਅਗਵਾੜ ਰਾਏਕੋਟ ਰੋਡ ਜਗਰਾਉਂ ਵਿੱਚ ਰਹਿਣ ਲੱਗ ਪਏ। ਇਥੇ ਹੀ ਉਨ੍ਹਾਂ ਅੰਤਿਮ ਸਵਾਸ ਲਏ। ਜਗਰਾਉਂ ਦੀ ਸਾਹਿੱਤਕ ਫ਼ਿਜ਼ਾ ਚ ਉਹ ਬਾਬਲ ਵਰਗੇ ਸਨ। ਉਨ੍ਹਾਂ ਦੇ ਸ਼ਾਗਿਰਦਾਂ ਦੀ ਲੰਮੀ ਕਤਾਰ ਹੈ।
ਮੈਨੂੰ ਮਾਣ ਹੈ ਕਿ ਉਨ੍ਹਾਂ ਦੇ ਉਤਸ਼ਾਹ ਤੇ ਅਗਵਾਈ ਸਦਕਾ ਹੀ ਮੈਂ ਗ਼ਜ਼ਲ ਖੇਤਰ ‘ਚ ਸਿਰਜਣਸ਼ੀਲ ਹੋਣ ਦੀ ਹਿੰਮਤ ਕਰ ਸਕਿਆ। ਮੇਰੀ ਪਹਿਲੀ ਗ਼ਜ਼ਲ ਪੁਸਤਕ ਹਰ ਧੁਖਦਾ ਪਿੰਡ ਮੇਰਾ ਹੈ ਦਾ 1985 ਚ ਉਨ੍ਹਾਂ ਹੀ ਮੁੱਖ ਬੰਦ ਲਿਖਿਆ ਸੀ।
ਪ੍ਰਿੰਸੀਪਲ ਤਖ਼ਤ ਸਿੰਘ ਜੀ ਦੇ ਨਿੱਕੇ ਵੀਰ ਸ਼ਹੀਦ ਕਰਨੈਲ ਸਿੰਘ ਈਸੜੂ ਨੇ ਗੋਆ ਦੀ ਆਜ਼ਾਦੀ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਸੀ। ਉਨ੍ਹਾਂ ਦੀ ਯਾਦ ਚ ਹਰ ਸਾਲ 15 ਅਗਸਤ ਨੂੰ ਈਸੜੂ ਵਿਖੇ ਬਰਸੀ ਸਮਾਗਮ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ।
ਪ੍ਰਿੰਸੀਪਲ ਤਖ਼ਤ ਸਿੰਘ ਜੀ ਦੀ ਪ੍ਰਸਿੱਧੀ ਉਸ ਵਕਤ ਸਿਖਰ ਤੇ ਪੁੱਜੀ ਜਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਡਾ: ਉਜਾਗਰ ਸਿੰਘ ਜੀ ਦੀ ਸੰਪਾਦਨਾ ਹੇਠ ਉਨ੍ਹਾਂ ਦੀ ਚੋਣਵੀਂ ਰਚਨਾ ਮਹਿਕਾਂ ਭਰੀ ਸਵੇਰ ਬੀ ਏ ਭਾਗ ਦੂਜਾ ਦੇ ਸਿਲੇਬਸ ਵਿੱਚ ਸ਼ਾਮਿਲ ਕੀਤੀ।
ਉਸ ਦੇ ਦੋ ਸ਼ਿਅਰ ਘਰ ਘਰ ਦੀ ਕਹਾਣੀ ਬਣੇ।
ਘੁਲ਼ ਰਹੇ ਨੇ ਜ਼ੁਲਮ ਲਹਿਰਾਂ ਨਾਲ ਯੋਧੇ,
ਬੇਜ਼ਮੀਰੇ ਬਹਿ ਕਿਨਾਰੇ ਹੱਸ ਰਹੇ ਨੇ।
ਉਹ ਭਲਾ ਕਾਹਦੀ ਕਲਾ ਜਿਹੜੀ ਸਦਾ ਮਹਿਲਾਂ ਨੂੰ ਚਿਤਰੇ,
ਚਿਤਰੀਏ ਤਾਂ ਝੁੱਗੀਆਂ ਮਹਿਲਾਂ ‘ਚ ਢਾਰੇ ਟੰਗ ਦੇਈਏ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਨ੍ਹਾਂ ਦੀ ਛਪੀ ਅਣਛਪੀ ਗ਼ਜ਼ਲ ਸਿਰਜਣਾ ਨੂੰ ਉਨ੍ਹਾਂ ਦੇ ਸਪੁੱਤਰ ਸ੍ਵ: ਕਰਨਲ ਗੁਰਦੀਪ ਸਿੰਘ (ਜਗਰਾਉਂ) ਪਾਸੋਂ ਸੰਪਾਦਿਤ ਕਰਵਾ ਕੇ 1998 ‘ਚ ਪ੍ਰਿੰਸੀਪਲ ਤਖ਼ਤ ਸਿੰਘ ਦੀਆਂ ਗ਼ਜ਼ਲਾਂ ਨਾਮ ਹੇਠ ਪ੍ਰਕਾਸ਼ਿਤ ਕੀਤਾ। ਇਸ ਦੇ 330 ਪੰਨੇ ਹਨ।
ਪ੍ਰਿੰਸੀਪਲ ਤਖ਼ਤ ਸਿੰਘ ਜੀ ਦੀ ਰਚਨਾ ਵਿੱਚ ਸ਼ੁੱਧ ਪੰਜਾਬੀ ਮੁਹਾਵਰਾ ਤੇ ਮੁਹਾਂਦਰਾ ਬੋਲਦਾ ਹੈ। ਦੁਖਦਾਈ ਗੱਲ ਇਹ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ਦੀ ਪੁਨਰ ਪ੍ਰਕਾਸ਼ਨਾ ਨਾ ਹੋਣ ਕਾਰਨ ਖੋਜ ਵਿਦਿਆਰਥੀਆਂ ਲਈ ਅਪਹੁੰਚ ਹੈ। ਆਉ! ਰਲ ਮਿਲ ਕੇ ਆਪਣੇ ਵਡਪੁਰਖੇ ਦੀ ਰਚਨਾ ਨੂੰ ਸਾਹਿੱਤ ਨਾਲ ਸਬੰਧਿਤ ਸਾਈਟਸ ਵਿੱਚ ਪਾਉਣ ਦਾ ਉਪਰਾਲਾ ਕਰੀਏ।- ਗੁਰਭਜਨ ਗਿੱਲ