ਪ੍ਰਿੰਸੀਪਲ ਤਖ਼ਤ ਸਿੰਘ : ਵਿਅਕਤੀਤਵ ਤੇ ਰਚਨਾ - ਡਾ: ਸ. ਨ. ਸੇਵਕ
ਪ੍ਰਿੰਸੀਪਲ ਤਖ਼ਤ ਸਿੰਘ ਪੰਜਾਬ ਦੇ ਸਾਹਿੱਤ-ਗਗਨ ਦਾ ਅਜਿਹਾ ਤਾਰਾ ਹੈ ਜਿਸ ਦੀ ਲੋਅ ਇਕ ਪਾਸੇ ਪੰਜਾਬੀ ਕਵਿਤਾ ਤੇ ਦੂਜੇ ਪਾਸੇ ਉਰਦੂ ਸ਼ਾਇਰੀ ਦੇ ਖੇਤਰ ਵਿਚ ਆਪਣਾ ਨਿੰਮਾ ਨਿੰਮਾ ਚਾਨਣ ਖਲੇਰਦੀ ਰਹਿੰਦੀ ਹੈ। ਉਸ ਨੂੰ ਦੋਵਾਂ ਜ਼ਬਾਨਾਂ ਤੇ ਪੂਰਾ ਅਬੂਰ ਹਾਸਿਲ ਹੈ । ਇਹ ਅਧਿਕਾਰ ਸ਼ਾਇਦ ਪਹਿਲੇ ਪ੍ਰੋਫ਼ੈਸਰ ਮੋਹਨ ਸਿੰਘ ਦੇ ਹਿੱਸੇ ਹੀ ਆਇਆ ਸੀ ਪਰ ਉਸ ਨੇ ਵੀ ਉਰਦੂ ਨੂੰ ਆਪਣੀ ਕਵਿਤਾ ਦੇ ਮਾਧਿਅਮ ਵਜੋਂ ਨਹੀਂ ਸੀ ਅਪਣਾਇਆ। ਕਹਿੰਦੇ ਹਨ ਦੋ ਬੇੜੀਆਂ ਦਾ ਸਵਾਰ ਕਦੇ ਕਿਨਾਰੇ ਤੇ ਨਹੀਂ ਪਹੁੰਚਦਾ ਤੇ ਮੰਝਧਾਰ ਵਿਚ ਹੀ ਡੱਕ-ਡੋਲੇ ਖਾਂਦਾ ਰਹਿੰਦਾ ਹੈ ਪਰ ਤਖ਼ਤ ਸਿੰਘ ਨਾਲ ਅਜਿਹੀ ਗੱਲ ਨਹੀਂ ਹੋਈ । ਉਹ ਦੋਵਾਂ ਬੇੜੀਆਂ ਨੂੰ ਆਪਣੀ ਕਵਿਤਾ ਦੇ ਅਨਮੋਲ ਖ਼ਜ਼ਾਨੇ ਨਾਲ ਭਰ ਕੇ ਸਫਲਤਾ ਦੇ ਸਾਹਿਲ ਤੇ ਪੁੱਜਣ ਵਿਚ ਕਾਮਯਾਬ ਹੋਇਆ ਹੈ ਅਤੇ ਉਸ ਨੇ ਦੋਵਾਂ ਜ਼ਬਾਨਾਂ ਵਿਚ ਪਾਠਕਾਂ ਤੇ ਸਰੋਤਿਆਂ ਨੂੰ ਆਪਣੀ ਕਵਿਤਾ ਦੇ ਜਾਦੂ ਨਾਲ ਕੀਲੀਆ ਹੈ । ਉਹ ਜਦੋਂ ਉਰਦੂ ਵਿਚ ਲਿਖਦਾ ਹੈ ਤਾਂ ਉਸ ਦਾ ਤਰਜ਼ੇ-ਬਿਆਂ ਉਰਦੂ ਦੀ ਸਮੁੱਚੀ ਨਫ਼ਾਸਤ ਤੇ ਬਾਰੀਕੀ ਦਾ ਲਖਾਇਕ ਹੁੰਦਾ ਹੈ ਤੇ ਜਦੋਂ ਉਹ ਪੰਜਾਬੀ ਵਿਚ ਲਿਖਦਾ ਹੈ ਤਾਂ ਉਸ ਦੀ ਸ਼ੈਲੀ 'ਚੋਂ ਠੇਠ ਪੰਜਾਬੀ ਮੁਹਾਵਰਾ ਤੇ ਪੰਜਾਬੀ ਬੋਲੀ ਦਾ ਆਪਣਾ ਰੰਗ ਡਲ੍ਹਕਾਂ ਮਾਰਦਾ ਹੋਇਆ ਪ੍ਰਤੀਤ ਹੁੰਦਾ ਹੈ । ਉਰਦੂ ਗ਼ਜ਼ਲ ਦੀ ਰੂਪਕ ਪਕਿਆਈ ਨੂੰ ਉਸ ਨੇ ਪੰਜਾਬੀ ਗ਼ਜ਼ਲ ਵਿਚ ਪਰਿਵਰਤਿਤ ਹੀ ਨਹੀਂ ਕੀਤਾ ਸਗੋਂ ਉਸ ਦੀ ਆਪਣੀ ਨਵੇਕਲੀ ਨੁਹਾਰ ਵੀ ਬਣਾਈ ਹੈ ਜਿਹੜੀ ਨਿਸਚੇ ਹੀ ਉਰਦੂ ਗ਼ਜ਼ਲ ਦਾ ਮੁਕਾਬਲਾ ਕਰ ਸਕਦੀ ਹੈ । ਆਮ ਤੌਰ ਤੇ ਵੇਖਿਆ ਗਿਆ ਹੈ ਕਿ ਕਈ ਪੰਜਾਬੀ ਗ਼ਜ਼ਲਕਾਰ ਉਰਦੂ ਸ਼ਬਦਾਵਲੀ ਤੇ ਉਰਦੂ ਮੁਹਾਵਰਿਆਂ ਦੀ ਵਰਤੋਂ ਨਾਲ ਪੰਜਾਬੀ ਗ਼ਜ਼ਲ ਦਾ ਹੁਲੀਆ ਇਸ ਤਰ੍ਹਾਂ ਵਿਗਾੜ ਦਿੰਦੇ ਹਨ ਜਿਵੇਂ ਕੋਈ ਇਸ ਉੱਤੇ ਓਪਰੀ ਪੋਸ਼ਾਕ ਠੋਸਣ ਦੀ ਕੋਸ਼ਿਸ਼ ਕਰ ਰਿਹਾ ਹੋਵੇ । ਤਖ਼ਤ ਸਿੰਘ ਦੀ ਪੰਜਾਬੀ ਗ਼ਜ਼ਲ ਵਿਚ ਅਜਿਹੇ ਬਣਾਉਟੀਪਣ ਦਾ ਅਹਿਸਾਸ ਕਿਧਰੇ ਵੀ ਨਹੀਂ ਹੁੰਦਾ। ਉਸ ਦੀ ਪੰਜਾਬੀ ਗ਼ਜ਼ਲ ਦਾ ਇਕ ਇਕ ਮਿਸਰਾ ਕਿਸੇ ਉਰਦੂ ਗ਼ਜ਼ਲ ਦੇ ਮਿਸਰੇ ਦੇ ਰੁਕਨਾਂ ਦੇ ਨਿਯਮਾਂ ਦੀ ਪਾਲਣਾ ਕਰਦਾ ਹੋਇਆ ਵੀ ਨਿਰੋਲ ਪੰਜਾਬੀ ਜਾਪਦਾ ਹੈ । ਪੰਜਾਬੀ ਗ਼ਜ਼ਲ ਵਿਚ ਪ੍ਰਮਾਣਿਕਤਾ ਤੇ ਮੌਲਿਕਤਾ ਦਾ ਇਹ ਸੰਗਮ ਕੇਵਲ ਤਖ਼ਤ ਸਿੰਘ ਦੀਆਂ ਗ਼ਜ਼ਲਾਂ ਵਿਚ ਹੀ ਵੇਖਿਆ ਜਾ ਸਕਦਾ ਹੈ। ਇਹੀ ਉਸ ਦੀ ਪੰਜਾਬੀ ਗ਼ਜ਼ਲ ਨੂੰ ਸਭ ਤੋਂ ਵੱਡੀ ਦੇਣ ਹੈ।
ਉਰਦੂ ਤੇ ਪੰਜਾਬੀ ਦਾ ਇਹ ਉਸਤਾਦ ਸ਼ਾਇਰ ਇਕ ਵਿਸ਼ੇਸ਼ ਵਿਅਕਤੀਤਵ ਦਾ ਮਾਲਿਕ ਹੈ । ਉਸ ਦੇ ਕਈ ਰੂਪ ਹਨ ਜਿਨ੍ਹਾਂ ਵਿੱਚੋਂ ਕਈ ਤਾਂ ਉਸ ਦੀ ਸ਼ਾਇਰਾਨਾ ਸ਼ਖਸੀਅਤ ਨਾਲ ਮੇਲ ਵੀ ਨਹੀਂ ਖਾਂਦੇ । ਉਸ ਦਾ ਜਨਮ 15 ਸਤੰਬਰ 1914 ਨੂੰ ਹਵਾਲਦਾਰ ਸੁੰਦਰ ਸਿੰਘ ਤੇ ਸ਼੍ਰੀਮਤੀ ਹਰਨਾਮ ਕੌਰ ਦੇ ਘਰ ਲਾਇਲਪੁਰ ਵਿਚ ਹੋਇਆ ।ਉਰਦੂ ਸ਼ਾਇਰੀ ਦਾ ਸ਼ੌਕ ਉਸ ਨੂੰ ਸਕੂਲ ਤੋਂ ਹੀ ਹੋ ਗਿਆ । ਅੱਠਵੀਂ ਵਿਚ ਉਸ ਨੇ ਅੰਗਰੇਜ਼ੀ ਵਿਚ ਵੀ ਤੁਕਬੰਦੀ ਸੁਰੂ ਕਰ ਦਿੱਤੀ । ਡੀ. ਬੀ. ਹਾਈ ਸਕੂਲ, ਸਮੁੰਦਰੀ ਤੋਂ ਉਸ ਨੇ ਦਸਵੀਂ ਪਾਸ ਕੀਤੀ ਪਰ ਕਾਲਿਜ ਜਾਣਾ ਉਸ ਲਈ ਆਸਾਨ ਨਹੀਂ ਸੀ । ਸਿਖਿਆ ਪ੍ਰਾਪਤੀ ਲਈ ਉਸ ਨੇ ਬੜੇ ਸੰਘਰਸ਼ ਦਾ ਪ੍ਰਦਰਸ਼ਨ ਕੀਤਾ ਤੇ ਅਨੇਕਾਂ ਆਰਥਿਕ ਔਕੜਾਂ ਦੇ ਬਾਵਜੂਦ ਆਪਣੀ ਪੜ੍ਹਾਈ ਜਾਰੀ ਰੱਖੀ। ਇਸ ਲਈ ਉਸ ਨੂੰ ਆਪਣੇ ਕਈ ਅਧਿਆਪਕਾਂ ਤੇ ਹੋਰ ਹਿਤੈਸ਼ੀਆਂ ਤੋਂ ਮਦਦ ਵੀ ਮਿਲੀ । ਪ੍ਰਤੀਕੂਲ ਸਥਿਤੀਆਂ ਦੇ ਬਾਵਜੂਦ ਵੀ ਉਸ ਨੇ 1939 ਵਿਚ ਗੌਰਮਿੰਟ ਕਾਲਜ, ਲਾਹੌਰ ਤੋਂ ਬੀ.ਏ. ਦੀ ਡਿਗਰੀ ਹਾਸਿਲ ਕੀਤੀ ਜਿਹੜੀ ਉਸ ਸਮੇਂ ਇਕ ਵਿਸ਼ੇਸ਼ ਪ੍ਰਾਪਤੀ ਮੰਨੀ ਜਾਂਦੀ ਸੀ । ਅਧਿਆਪਨ ਨੂੰ ਉਸ ਨੇ ਕਿੱਤੇ ਵੱਜੋਂ ਅਪਣਾਇਆ ਅਤੇ ਗੌਰਮਿੰਟ ਟਰੇਨਿੰਗ ਕਾਲਿਜ, ਲਾਹੌਰ ਤੋਂ ਬੀ. ਟੀ. ਦੀ ਡਿਗਰੀ ਵੀ ਹਾਸਿਲ ਕੀਤੀ। 1945 ਤੋਂ 1972 ਤਕ ਉਹ ਕਈ ਸਕੂਲਾਂ ਵਿਚ ਪੜ੍ਹਾਉਂਦਾ ਰਿਹਾ ਹੈ ਅਤੇ ਫ਼ਿਰੋਜ਼ਪੁਰ ਜ਼ਿਲੇ ਦੇ ਇਕ ਗੌਰਮਿੰਟ ਹਾਇਰ ਸੈਕੰਡਰੀ ਸਕੂਲ ਤੋਂ ਬਤੌਰ ਪ੍ਰਿੰਸੀਪਲ ਰਿਟਾਇਰ ਹੋਇਆ । ਉਹ ਹੁਣ ਵੀ ਆਪਣੇ ਆਪ ਨੂੰ 'ਪ੍ਰਿੰਸੀਪਲ' ਲਿਖਦਾ ਹੈ ਤੇ ‘ਪ੍ਰਿੰਸੀਪਲ' ਸਦਵਾ ਕੇ ਬੜਾ ਪ੍ਰਸੰਨ ਹੁੰਦਾ ਹੈ । ਇਸ ਤਰ੍ਹਾਂ ਅਧਿਆਪਨ ਨਾਲ ਤੇ ਸਿਖਿਆ ਦੇ ਖੇਤਰ ਵਿਚ ਆਗੂ ਰਹਿ ਚੁਕਣ ਦੀ ਹੈਸੀਅਤ ਨਾਲ ਉਸ ਨੂੰ ਆਪਣੇ ਆਪ ਤੇ ਮਾਣ ਰਿਹਾ ਹੈ ਜੋ ਹੁਣ ਵੀ ਹੈ । ‘ਪ੍ਰਿੰਸੀਪਲ' ਸ਼ਬਦ ਉਸ ਦੇ ਵਿਅਕਤੀਤਵ ਦਾ ਹਿੱਸਾ ਬਣ ਗਿਆ ਹੈ ਤੇ ਇਹ ਸ਼ਬਦ ਉਸ ਦੇ ਲੈਟਰ-ਪੈਡ ਤੇ ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਹੁੰਦਾ ਹੈ । ਭਾਵੇਂ ਇਬਰਾਹੀਮ ਲਿੰਕਨ ਵਾਂਗ ਉਸ ਦੇ ਸਫ਼ਰ ਨੂੰ ਝੁੱਗੀ ਤੋਂ ਵਾਈਟ ਹਾਊਸ ਦਾ ਸਫ਼ਰ ਤਾਂ ਨਹੀਂ ਕਿਹਾ ਜਾ ਸਕਦਾ ਪਰ ਇਕ ਪ੍ਰਤਿਭਾਵਾਨ ਵਿਦਿਆਰਥੀ ਤੋਂ ਇਕ ਸਥਾਪਿਤ ਪ੍ਰਿੰਸੀਪਲ ਦਾ ਸਫ਼ਰ ਉਸ ਲਈ ਬੜਾ ਗੌਰਵਪੂਰਣ ਹੈ । ਇਕ ਉਸਤਾਦ ਸ਼ਾਇਰ ਦੇ ਨਾਤੇ ਸਿਖਾਂਦਰੂ ਗ਼ਜ਼ਲਕਾਰਾਂ ਲਈ ਉਹ ਅਜੇ ਵੀ ‘ਪ੍ਰਿੰਸੀਪਲ’ ਦਾ ਹੀ ਕੰਮ ਕਰਦਾ ਹੈ ਅਤੇ ਗ਼ਜ਼ਲ ਸਾਧਨਾ ਵਿਚ ਉਨ੍ਹਾਂ ਨੂੰ ਅਗਵਾਈ ਦਿੰਦਾ ਰਹਿੰਦਾ ਹੈ ।
ਪ੍ਰਿੰਸੀਪਲ ਤਖ਼ਤ ਸਿੰਘ ਦੀ ਸ਼ਖਸੀਅਤ ਦੇ ਵਿਕਾਸ ਵਿਚ ਜਿੱਥੇ ਉਸ ਦੇ ਮਾਂ ਬਾਪ ਦਾ ਕਾਫ਼ੀ ਹਿੱਸਾ ਹੈ, ਉੱਥੇ ਉਸ ਦੇ ਛੋਟੇ ਭਰਾ ਸ਼ਹੀਦ ਕਰਨੈਲ ਸਿੰਘ ਦਾ ਵੀ ਹੱਥ ਹੈ । ਜੇ ਤਖ਼ਤ ਸਿੰਘ ਨੂੰ ਆਪ ਗੋਆ ਜਾਣਾ ਪੈਂਦਾ ਤਾਂ ਸ਼ਾਇਦ ਉਹ ਕੰਨੀ ਕਤਰਾ ਜਾਂਦਾ ਪਰ ਉਸ ਦੇ ਛੋਟੇ ਭਰਾ ਦੀ ਸ਼ਹਾਦਤ ਨੇ ਉਸ ਨੂੰ ਇਕ ਹਲੂਣਾ ਜ਼ਰੂਰ ਦਿੱਤਾ ਜਾਪਦਾ ਹੈ । ਕਰਨੈਲ ਸਿੰਘ ਦੀ ਸ਼ਹਾਦਤ ਸਾਰੇ ਦੇਸ਼ ਲਈ ਇਕ ਗੌਰਵ ਵਾਲੀ ਘਟਨਾ ਸੀ । ਪ੍ਰਿੰਸੀਪਲ ਤਖ਼ਤ ਸਿੰਘ ਲਈ ਇਹ ਸ਼ਹਾਦਤ ਵਿਸ਼ੇਸ਼ ਤੌਰ ਤੇ ਮਾਣ ਵਾਲੀ ਗੱਲ ਸੀ । ਕਿਸੇ ਨਵੀਂ ਥਾਂ ਤੇ ਆਪਣੇ ਤੁਆਰਫ਼ ਵਜੋਂ ਉਹ ਆਪਣੇ ਸ਼ਹੀਦ ਕਰਨੈਲ ਸਿੰਘ ਦੇ ਵੱਡੇ ਭਰਾ ਹੋਣ ਦਾ ਹਵਾਲਾ ਜ਼ਰੂਰ ਦਿੰਦਾ ਹੈ ਤੇ ਇਹ ਸੂਚਨਾ ਵੀ ਉਸ ਦੇ ਲੈਟਰ-ਪੈਡ ਤੇ ਅੰਕਿਤ ਹੁੰਦੀ ਹੈ । ਉਸ ਨੇ 1959 ਵਿਚ "ਸ਼ਹੀਦ ਕਰਨੈਲ ਸਿੰਘ", ਇਕ ਜੀਵਨੀ, ਵੀ ਪ੍ਰਕਾਸ਼ਿਤ ਕੀਤੀ ਤੇ ਆਪਣੇ ਮਹਾਨ ਵੀਰ ਨੂੰ ਸ਼ਰਦਾ ਦੇ ਫੁਲ ਭੇਂਟ ਕੀਤੇ । ਉਸ ਅਮਰ ਸ਼ਹੀਦ ਦੇ ਵੱਡੇ ਭਰਾ ਹੋਣ ਵਜੋਂ ਪ੍ਰਿੰਸੀਪਲ ਤਖ਼ਤ ਸਿੰਘ ਨੂੰ ਕਈ ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ । ਇਕ ਅਜਿਹਾ ਸਨਮਾਨ ਤਾਂ ਉਸ ਨੂੰ ਗੋਆ ਦੇ ਲੈਫ਼ਟੀਨੈਂਟ ਗਵਰਨਰ ਡਾ: ਗੋਪਾਲ ਸਿੰਘ ਦਰਦੀ ਨੇ ਵੀ ਥੋੜਾ ਚਿਰ ਪਹਿਲੇ ਦਿੱਤਾ ਹੈ । ਅਜਿਹੇ ਮੌਕਿਆਂ ਤੇ ਤਖ਼ਤ ਸਿੰਘ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ।
ਕਹਿੰਦੇ ਨੇ ਕਿਸੇ ਵੱਡੇ ਆਦਮੀ ਦੇ ਵਿਅਕਤੀਤਵ ਦਾ ਅਨੁਮਾਨ ਲਾਉਣਾ ਹੋਵੇ ਤਾਂ ਇਸ ਬਾਰੇ ਉਸ ਦੀ ਬੀਵੀ ਦੀ ਰਾਏ ਜ਼ਰੂਰ ਜਾਣਨੀ ਚਾਹੀਦੀ ਹੈ । ਜੇ ਤਖ਼ਤ ਸਿੰਘ ਦੀ ਪਤਨੀ ਨੂੰ ਪੁੱਛਿਆ ਜਾਏ ਕਿ ਉਸ ਦਾ ਪਤੀ ਕਿੱਡਾ ਮਹਾਨ ਕਵੀ ਹੈ ਤਾਂ ਉਹ ਇਹੀ ਆਖੇਗੀ ਕਿ ਉਹ ਵੱਡਾ ਕਵੀ ਹੋਵੇ ਜਾਂ ਨਾ ਹੋਵੇ, ਇਕ ਵੱਡਾ ਪਿਆਕੜ ਜ਼ਰੂਰ ਹੈ ਜਿਹੜਾ ਵਰਕੇ ਤੇ ਵਰਕੇ ਕਾਲੇ ਕਰਦਾ ਰਹਿੰਦਾ ਹੈ ਤੇ ਕਿਤਾਬਾਂ ਦੇ ਢੇਰ ਵਿਚ ਗੁਆਚਿਆ ਰਹਿੰਦਾ ਹੈ। ਸਰਦਾਰਨੀ ਤਖ਼ਤ ਸਿੰਘ ਬੜੀ ਸਾਦਾ ਤੇ ਸੇਵਾ ਭਾਵ ਵਾਲੀ ਔਰਤ ਹੈ ਜਿਸ ਨੂੰ ਪੜ੍ਹਨ ਲਿਖਣ ਦਾ ਅਵਸਰ ਘਟ ਹੀ ਮਿਲਿਆ ਹੈ। ਸ਼ਰਾਬ ਤਖ਼ਤ ਸਿੰਘ ਦੀ ਇਕ ਕਮਜ਼ੋਰੀ ਹੈ ਤੇ ਭਾਵੇਂ ਉਸ ਦੇ ਘਰ ਯਾਰਾਂ ਦੋਸਤਾਂ ਲਈ ਵਿਸਕੀ ਸਦਾ ਪਈ ਰਹਿੰਦੀ ਹੈ ਅਤੇ ਉਹ ਆਪ ਵੀ ਵਿਸਕੀ ਪਸੰਦ ਕਰਦਾ ਹੈ ਪਰ ਉਹ ਆਪਣੇ ਲਈ ਇਕ ਸੁਰਾਹੀ ਵਿਚ ਦੇਸੀ ਦਾਰੂ ਜ਼ਰੂਰ ਰਖਦਾ ਹੈ । ਬਹੁਤੀ ਵਾਰੀ ਤਾਂ ਉਹ ਯਾਰਾਂ ਦੋਸਤਾਂ ਨੂੰ ਵਿਸਕੀ ਦੇ ਕੇ ਆਪ ਆਪਣੀ ਸੁਰਾਹੀ ਕਢ ਲੈਂਦਾ ਹੈ । ਇਹ ਸ਼ਾਇਦ ਉਸ ਉੱਪਰ ਉਰਦੂ ਸ਼ਾਇਰੀ ਦਾ ਅਸਰ ਹੈ ਜਾਂ ਨਿੱਜੀ ਪਸੰਦ ਪਰ ਇਕ ਗੱਲ ਪੱਕੀ ਹੈ ਕਿ ਸੁਰਾਹੀ ਵਾਲੀ ਸ਼ਰਾਬ ਜ਼ਿਆਦਾ ਅਸਰਦਾਰ ਹੁੰਦੀ ਹੈ । ਉਸ ਦੇ ਦੋਵੇਂ ਲੜਕੇ ਬੜੇ ਹੋਣਹਾਰ ਹਨ : ਵੱਡਾ ਤਾਂ ਭਾਰਤੀ ਸੈਨਾ ਵਿਚ ਕਰਨਲ ਹੈ ਤੇ ਛੋਟਾ ਕੈਨੇਡਾ ਰਹਿੰਦਾ ਹੈ । ਉਹ ਦੋਵੇਂ ਆਪਣੇ ਪਿਤਾ ਦੀ ਅਦਬੀ ਅਜ਼ਮਤ ਪਛਾਣਦੇ ਹਨ । ਆਪਣੇ ਲੜਕੇ ਦੇ ਸੱਦੇ ਤੇ ਤਖ਼ਤ ਸਿੰਘ ਕੈਨੇਡਾ ਯਾਤ੍ਰਾ ਵੀ ਕਰ ਆਇਆ ਹੈ ਜਿੱਥੇ ਉਸ ਦੀਆਂ ਉਰਦੂ ਤੇ ਪੰਜਾਬੀ ਗ਼ਜ਼ਲਾਂ ਤੇ ਨਜ਼ਮਾਂ ਦੀ ਭਰਪੂਰ ਸ਼ਲਾਘਾ ਹੋਈ। ਤਖ਼ਤ ਸਿੰਘ ਕੋਲ ਜਾਓ ਤਾਂ ਉਹ ਬੜੇ ਮਾਣ ਨਾਲ ਇਕ ਐਲਬਮ ਵਿਖਾਉਂਦਾ ਹੈ ਜਿਸ ਵਿਚ ਉਸ ਦੀ ਵਿਦੇਸ਼ ਯਾਤ੍ਰਾਂ ਦੀਆਂ ਤਸਵੀਰਾਂ ਹਨ ਤੇ ਅਖ਼ਬਾਰਾਂ 'ਚੋਂ ਕੱਟ ਕੇ ਲਾਈਆ ਹੋਈਆਂ ਖ਼ਬਰਾਂ ਹਨ । ਉਹ ਭਾਰਤ ਜਾਂ ਵਿਦੇਸ਼ ਵਿਚ ਆਪਣੇ ਬਾਰੇ ਛਪੀ ਹਰ ਖ਼ਬਰ ਨੂੰ ਐਲਬਮ ਵਿਚ ਸਾਂਭ ਕੇ ਰਖਦਾ ਹੈ । ਭਾਰਤ ਤੇ ਪਾਕਿਸਤਾਨ ਦਾ ਸ਼ਾਇਦ ਹੀ ਕੋਈ ਅਜਿਹਾ ਉੱਘਾ ਉਰਦੂ ਜਾਂ ਪੰਜਾਬੀ ਸਾਹਿੱਤਕਾਰ ਹੋਏ ਗਾ ਜਿਸ ਦੀ ਰਾਏ ਉਸ ਨੇ ਸਾਂਭ ਕੇ ਨਾ ਰੱਖੀ ਹੋਵੇ । ਉਹ ਉਨ੍ਹਾਂ ਦੀਆਂ ਨਿੱਜੀ ਚਿੱਠੀਆਂ ਨੂੰ ਵੀ ਸਾਂਭ ਕੇ ਰਖਦਾ ਹੈ । ਕਈ ਵਾਰੀ ਉਹ ਔਖਾ ਹੋ ਕੇ ਵੀ ਇਹ ਰਾਵਾਂ ਇਕੱਠੀਆਂ ਕਰਦਾ ਹੈ। ਉੱਘੇ ਸਹਿੱਤਕਾਰਾਂ ਨੂੰ ਹੀ ਨਹੀਂ, ਉੱਘੇ ਰਾਜਸੀ ਆਗੂਆਂ ਨੂੰ ਵੀ ਉਹ ਆਪਣੀਆਂ ਕਿਤਾਬਾਂ ਭੇਜਦਾ ਰਹਿੰਦਾ ਹੈ । ਜਵਾਬ ਵਿਚ ਆਏ ਤਾਰੀਫ਼-ਨਾਮੇ ਉਸ ਦੀ ਐਲਬਮ ਦਾ ਸ਼ਿੰਗਾਰ ਬਣ ਜਾਂਦੇ ਹਨ ਜਿਨ੍ਹਾਂ ਨੂੰ ਪਰਦਰਸ਼ਿਤ ਕਰ ਕੇ ਉਹ ਵਿਸ਼ੇਸ਼ ਆਨੰਦ ਦਾ ਅਨੁਭਵ ਕਰਦਾ ਹੈ।
ਸ਼ਾਇਦ ਤਖ਼ਤ ਸਿੰਘ ਪੰਜਾਬੀ ਲੇਖਕਾਂ 'ਚੋਂ ਸਭ ਤੋਂ ਵੱਧ ਅਮੀਰ ਲੇਖਕ ਹੈ। ਮੁਹੰਮਦ ਵਜ਼ੀਰੁੱਦਹੀਨ ਅਨੁਸਾਰ ਤਾਂ ਉਹ ਆਪਣੀ ਕਲਮ ਦੇ ਆਸਰੇ ਜੀ ਰਿਹਾ ਹੈ ਤੇ ਕੁਝ ਹੱਦ ਤਕ ਇਹ ਠੀਕ ਵੀ ਹੈ । ਉਹ ਆਪਣੀਆਂ ਗ਼ਜ਼ਲਾਂ, ਨਜ਼ਮਾਂ, ਤੇ ਲੇਖਾਂ ਦਾ ਮੁਆਵਜ਼ਾ ਲੈ ਕੇ ਉਨ੍ਹਾਂ ਨੂੰ ਛਪਵਾਉਂਦਾ ਹੈ ਪਰ ਇਹ ਰਾਇਲਟੀ ਇੰਨੀ ਵੀ ਨਹੀਂ ਹੁੰਦੀ ਕਿ ਉਹ ਦੌਲਤਮੰਦ ਬਣ ਜਾਏ। ਅਸਲ ਵਿਚ ਆਪਣੀ ਜ਼ਮੀਨੀ ਸੰਪਤੀ ਤੇ ਪੈਨਸ਼ਨ ਆਦਿ ਤੋਂ ਇਲਾਵਾ ਉਹ ਉਰਦੂ ਰਿਸਾਲੇ ਸ਼ਮਾ ਦੇ ਅਦਬੀ ਮੁਇਮਿਆ ਨੂੰ ਹਲ ਕਰ ਕੇ ਹਰ ਮਹੀਨੇ ਕਈ ਕਈ ਹਜ਼ਾਰ ਦੇ ਇਨਾਮ ਜਿੱਤ ਲੈਂਦਾ ਹੈ । ਉਂਜ ਵੀ ਉਹ ਪੈਸੇ ਬੜੇ ਸੰਜਮ ਨਾਲ ਖ਼ਰਚਦਾ ਹੈ ਤੇ ਵਿਆਜ ਤੇ ਪੈਸਾ ਲਾਉਣ ਨੂੰ ਪਾਪ ਨਹੀਂ ਸਮਝਦਾ। ਕਈਆਂ ਨੇ ਤਾਂ ਉਸ ਨੂੰ ਗ਼ਜ਼ਲਾਂ ਦਾ ਵਪਾਰੀ ਵੀ ਆਖਿਆ ਹੈ ਪਰ ਉਸ ਦੀ ਸਮ੍ਰਿੱਧੀ ਦਾ ਰਾਜ਼ ਨਿਰਾ ਉਸ ਦੀ ਕਲਮੀ ਆਮਦਨ ਨਹੀਂ ਸਗੋਂ ਦੂਸਰੇ ਸੋਮੇ ਹਨ । ਸਰਕਾਰੀ ਅਫ਼ਸਰਾਂ ਨਾਲ ਵੀ ਉਹ ਬਣਾ ਕੇ ਰਖਦਾ ਹੈ ਜਿਸ ਨਾਲ ਉਸ ਨੂੰ ਕਈ ਵਾਰੀ ਆਰਥਕ ਲਾਭ ਮਿਲ ਜਾਂਦੇ ਹਨ । ਖ਼ਰਚ ਬਾਰੇ ਸੰਜਮੀ ਹੋਣ ਦੇ ਬਾਵਜੂਦ ਵੀ ਉਹ ਆਪਣੇ ਦੋਸਤਾਂ ਦੀ ਆਓ, ਭਗਤ ਵਿਚ ਸੰਕੋਚ ਨਹੀਂ ਕਰਦਾ। ਲੇਖਕ ਮਿੱਤ੍ਰਾਂ ਦਾ ਤਾਂ ਉਹ ਖ਼ਾਸ ਖ਼ਿਆਲ ਰਖਦਾ ਹੈ। ਉਹ ਆਪਣੇ ਅਦਬੀ ਦੋਸਤਾਂ ਦੀਆਂ ਰਚਨਾਵਾਂ ਬੜੇ ਧਿਆਨ ਨਾਲ ਪੜ੍ਹਦਾ ਹੈ ਤੇ ਕਈ ਵਾਰੀ ਉਨ੍ਹਾਂ ਸੰਬੰਧੀ ਸੰਤੁਲਿਤ ਆਲੋਚਨਾਤਮਕ ਲੇਖ ਵੀ ਲਿਖਦਾ ਹੈ ।
ਤਖ਼ਤ ਸਿੰਘ ਨੂੰ ਇਹ ਗਵਾਰਾ ਨਹੀਂ ਕਿ ਉਹ ਬਜ਼ੁਰਗ ਲੱਗੇ । ਕੱਦ ਵਿਚ ਉਹ ਛੇ ਫ਼ੁਟ ਹੋਵੇ ਗਾ ਤੇ ਇਕ ਪੈਰ ਵਿਚ ਥੋੜਾ ਫ਼ਰਕ ਹੋਣ ਕਾਰਣ ਉਹ ਸੱਜੇ ਪਾਸਿਓਂ ਇਕ ਇੰਚ ਹੋਰ ਉੱਚਾ ਹੋ ਗਿਆ ਜਾਪਦਾ ਹੈ। ਜ਼ਾਹਿਰਾ ਤੌਰ ਤੇ ਜਵਾਨ ਲੱਗਣ ਲਈ ਆਪਣੇ ਵਾਲਾਂ ਨੂੰ ਵਸਮਾ ਲਾਉਂਦਾ ਹੈ ਪਰ ਉਹ ਦਿਲ ਦਾ ਜਵਾਨ ਹੀ ਹੈ । ਕਿਸੇ ਪੀਣ ਦੀ ਮਹਿਫ਼ਲ ਵਿਚ ਬੈਠਾ ਹੋਵੇ ਜਾਂ ਮੁਸ਼ਾਇਰੇ ਵਿਚ, ਉਸ ਦੀ ਤੱਕਣੀ, ਉਸ ਦੀ ਅਦਾਇਗੀ, ਤੇ ਉਸ ਦੇ ਲਹਿਜੇ 'ਚੋਂ ਜਵਾਨੀ ਦੀ ਉਮੰਗ ਉਮੜ ਉਮੜ ਪੈਂਦੀ ਹੈ । ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੂੰ ਤਾਂ ਆਪਣੀ ਬਜ਼ੁਰਗੀ ਦਾ ਅਹਿਸਾਸ ਹੋਣ ਲਗ ਪਿਆ ਹੈ ਤੇ ਉਹ ਆਪਣੇ ਆਪ ਨੂੰ ਪੰਜਾਬੀ ਸਾਹਿੱਤ ਦੇ “ਬਾਬਾ ਬੋਹੜਜ਼" ਵਾਂਗ ਪ੍ਰਸਤੁਤ ਕਰ ਕੇ ਖ਼ੁਸ਼ ਹੁੰਦਾ ਹੈ ਪਰ ਤਖ਼ਤ ਸਿੰਘ ਉਸ ਦਾ ਸਮਕਾਲੀ ਹੁੰਦਾ ਹੋਇਆ ਵੀ ਬਜ਼ੁਰਗੀ ਦੇ ਇਸ ਅਹਿਸਾਸ ਤੋਂ ਮੁਕਤ ਹੈ। ਅਸਲ ਵਿਚ ਉਹ ਬਜ਼ੁਰਗ ਪੀੜ੍ਹੀ, ਵਿਚਕਾਰਲੀ ਪੀੜ੍ਹੀ, ਤੇ ਨਵੀਂ ਪੀੜ੍ਹੀ- ਤਿੰਨਾਂ ਪੀੜ੍ਹੀਆਂ ਦੇ ਲੇਖਕਾਂ ਦਾ ਹਾਣੀ ਪ੍ਰਤੀਤ ਹੁੰਦਾ ਹੈ । ਇਹ ਪ੍ਰਭਾਵ ਉਸ ਦੇ ਵਿਅਕਤੀਤ ਤੋਂ ਵੀ ਪੈਂਦਾ ਹੈ ਤੇ ਉਸ ਦੀ ਰਚਨਾ ਤੋਂ ਵੀ । ਉਹ ਅਜੇ ਵੀ ਇਕ ਹਰਿਆ ਭਰਿਆ ਰੁਖ ਹੈ, ਪਾਲੇ ਮਾਰਿਆ ਦਰੱਖ਼ਤ ਨਹੀਂ।
ਪ੍ਰਿੰਸੀਪਲ ਤਖ਼ਤ ਸਿੰਘ ਦੀ ਰਚਨਾ ਦਾ ਸਫ਼ਰ ਬਹੁਤ ਲੰਮਾ ਹੈ । ਹੁਣ ਤਕ ਉਹ ਪੰਜਾਬੀ ਵਿਚ ਪੰਜ ਕਾਵਿ-ਸੰਗ੍ਰਹਿ ਦੇ ਚੁੱਕਾ ਹੈ— "ਵੰਗਾਰ" (1956), “ਕਾਵਿ-ਹਲਣੇ” (1956), "ਹੰਭਲੇ" (1957), "ਅਣਖ ਦੇ ਫੁੱਲ" (1959) ਤੇ "ਮਹਿਕਾਂ ਭਰੀ ਸਵੇਰ" (1961)। ਇਸੇ ਤਰ੍ਹਾਂ ਪੰਜਾਬੀ ਵਿਚ ਹੀ ਉਸ ਦੇ ਤਿੰਨ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ —"ਲਿਸ਼ਕੋਰਾਂ" (1962), “ਮੇਰੀ ਗ਼ਜ਼ਲ ਯਾਤਰਾ" (1974) ਤੇ "ਗ਼ਜ਼ਲ ਕਾਵਿ" (1980) ਜਿਸ ਦੇ ਚਾਰ ਐਡੀਸ਼ਨ ਛਪ ਚੁੱਕੇ ਹਨ । ਉਰਦੂ ਵਿਚ ਹੁਣ ਤੱਕ ਉਸ ਦੇ ਤਿੰਨ ਮਜਮੂਏ ਪ੍ਰਕਾਸ਼ਿਤ ਹੋਏ ਹਨ— “ਖ਼ਲਿਸ਼ ਅਹਿਸਾਸ" (1965) “ਸ਼ਬੇ ਉਰੀਆਂ" (1969) ਤੇ “ਵਜਦੋ ਹੈਰਤ” (1985)। ਉਰਦੂ ਵਿਚ ਉਸ ਦਾ ਇਕ ਹੋਰ ਕਾਵਿ-ਸੰਗ੍ਰਹਿ "ਤਖ਼ਤੇ ਰਵਾਂ" ਛੇਤੀ ਹੀ ਪ੍ਰਕਾਸ਼ਿਤ ਹੋ ਰਿਹਾ ਹੈ। "ਵੰਗਾਰ" ਤੋਂ ਲੈ ਕੇ "ਵਜਦੋ ਹੈਰਤ" ਤਕ ਤਾਂ ਤਖ਼ਤ ਸਿੰਘ ਦੀ ਕਾਵਿ-ਯਾਤਰਾ ਤੀਹ ਸਾਲ ਲੰਮੀ ਹੈ ਪਰ ਦਰਅਸਲ ਉਹ ਪਿਛਲੇ ਪੰਜ ਦਹਾਕਿਆਂ ਤੋਂ ਉਰਦੂ ਤੇ ਪੰਜਾਬੀ ਵਿਚ ਲਿਖਦਾ ਤੇ ਛਪਦਾ ਆ ਰਿਹਾ ਹੈ। ਉਸ ਦਾ ਕਾਵਿ-ਮਨ ਉਰਦੂ ਤੇ ਪੰਜਾਬੀ ਦੋਵਾਂ ਚੈਨਲਾਂ ਤੇ ਇੱਕੋ ਜਿੰਨੀ ਪਰਪੱਕਤਾ, ਸੂਖਮਤਾ, ਤੇ ਗੰਭੀਰਤਾ ਨਾਲ ਚਲਦਾ ਹੈ ।
ਸਾਹਿੱਤ ਜਗਤ ਵਿਚ ਤਖ਼ਤ ਸਿੰਘ ਦਾ ਉਦੈ ਇਕ ਪ੍ਰਗਤੀਵਾਦੀ ਸ਼ਾਇਰ ਵਜੋਂ ਹੋਇਆ। ਉਸ ਨੇ ਕਲਾ ਨੂੰ ਕਲਾ ਲਈ ਨਹੀਂ ਸਗੋਂ ਜ਼ਿੰਦਗੀ ਲਈ ਵਰਤਣ ਦੀ ਲੋੜ ਨੂੰ ਪਛਾਣ ਲਿਆ ਸੀ :
ਹਰ ਹਕੀਕੀ ਸੋਨ-ਕ੍ਰਿਤ ਕਾਵਿਕ ਲਗਨ ਦੀ,
ਬਣ ਰਹੀ ਹੈ ਕੂਕ ਅਜ ਮਾਨਵ ਦੇ ਮਨ ਦੀ ।
ਅਜ ਲਈ ਹੈ ਸਾਰ ਧਰਤੀ ਦੀ ਗਗਨ ਨੇ,
ਅਜ ਪਛਾਣੀ ਹੈ ਸਮੇਂ ਦੀ ਚਾਲ ਫ਼ਨ ਨੇ । (ਅੱਜ)
ਉਹ ਆਪਣੀਆਂ ਅਨੇਕਾਂ ਕਵਿਤਾਵਾਂ ਵਿਚ ਨ੍ਹੇਰੇ ਨੂੰ ਰੌਸ਼ਨੀ ਵਿਚ ਬਦਲਣ ਦੇ ਸੁਫ਼ਨੇ ਲੈਂਦਾ ਹੈ ਤੇ ਇਕ ਪ੍ਰਤੀਬੱਧ ਪ੍ਰਗਤੀਵਾਦੀ ਕਵੀ ਵਾਂਗ ਚਾਨਣ ਦਾ ਹੋਕਾ ਦਿੰਦਾ ਹੈ :
ਵਧਾਂ ਗਾ ਇਉਂ ਤਲੀ ਤੇ ਸੀਸ ਧਰ ਕੇ,
ਸਮਾਂ ਗਿੱਬੇ ਗਾ ਮੇਰੀ ਰੀਸ ਕਰ ਕੇ ।
ਮੈਂ ਜਲ ਦੀਪਕ ਦੀ ਸੂਹੀ ਲਾਟ ਅੰਦਰ,
ਲਵਾਂ ਗਾ ਸਾਹ ਪਤੰਗੇ ਵਾਂਗ ਸੜ ਕੇ ।
ਉਹ ਰਿਸ਼ਮਾਂ ਦੇ ਫੁਲ ਚੁਣਨੇ ਲੋਚਦਾ ਹੈ ਤੇ ਜ਼ਿੰਦਗੀ ਵਿਚ ਨਿਆਂਸ਼ੀਲ ਸਮਾਜਕ- ਆਰਥਕ ਪ੍ਰਬੰਧ ਦੀ ਸਥਾਪਨਾ ਦੀ ਕਾਮਨਾ ਕਰਦਾ ਹੈ । ਪਰ ਤਖ਼ਤ ਸਿੰਘ ਦੀ ਕਵਿਤਾ ਦਾ ਪ੍ਰਗਤੀਵਾਦੀ ਦੌਰ ਹੁਣ ਆ ਕੇ ਨਿਰਾਸ਼ਾ ਤੇ ਵਿਸੰਗਤੀ ਦੇ ਪ੍ਰਗਟਾਅ ਵਿਚ ਬਦਲ ਗਿਆ ਜਾਪਦਾ ਹੈ। ਆਪਣੀਆਂ ਗ਼ਜ਼ਲਾਂ ਵਿਚ ਉਹ ਪਿਆਰ ਮੁਹੱਬਤ ਦੀਆਂ ਗੱਲਾਂ ਦੇ ਨਾਲ ਨਾਲ ਜ਼ਿੰਦਗੀ ਦੇ ਪੇਚੀਦਾ ਮਸਲਿਆਂ ਨੂੰ ਛੂੰਹਦਾ ਹੈ ਤੇ ਉਸ ਨੂੰ ਦਿਸ਼ਾ-ਹੀਨ ਸੰਘਰਸ਼ ਨਿਰਾਰਥਕ ਜਾਪਣ ਲਗਦਾ ਹੈ :
ਖ਼ੁਦ ਆਪਣੀ ਅਕਲ ਦੀ ਖਿੱਲੀ ਉਡਾਉਂਦੇ ਫਿਰਦੇ ਸਨ,
ਹਨੇਰਿਆਂ 'ਚ ਜੋ ਦੀਵੇ ਜਗਾਉਂਦੇ ਫਿਰਦੇ ਸਨ।
ਉਲਝ ਉਲਝ ਗਏ ਆਪੋ ਵਿਚ ਤਾਣੀਆਂ ਵਾਂਗੂੰ,
ਜੋ ਸਬਜ਼ ਬਾਗ਼ ਸਾਨੂੰ ਵਿਖਾਉਂਦੇ ਫਿਰਦੇ ਸਨ ।
ਕਈ ਵਾਰੀ ਤਾਂ ਤਖ਼ਤ ਸਿੰਘ ਦਾ ਇੱਕੋ ਸ਼ਿਅਰ ਸਮਕਾਲੀ ਸਮੱਸਿਆਵਾਂ ਨੂੰ ਬਿਆਨ ਕਰ ਜਾਂਦਾ ਹੈ :
ਇਸ ਨਵੇਂ ਯੁਗ ਦਾ ਅਲੀਬਾਬਾ ਕਰੇ ਤਾਂ ਕੀ ਕਰੇ,
ਚਾਲ੍ਹੀਓਂ ਚੋਰਾਂ ਦੀ ਗਿਣਤੀ ਇਕ ਸੌ ਚਾਲ੍ਹੀ ਹੋ ਗਈ ।
ਆਪਣੀ ਕਵਿਤਾ ਦੇ ਅਜੋਕੇ ਪੜਾ ਤੇ ਤਖ਼ਤ ਸਿੰਘ ਸਮਕਾਲੀ ਸਥਿਤੀ ਦੀ ਕਰੂਰਤਾ ਤੋਂ ਤਾਂ ਵਾਕਿਫ਼ ਹੈ ਪਰ ਉਸ ਵਿਚ ਹੁਣ ਪ੍ਰਗਤੀਵਾਦੀ ਦੌਰ ਵਾਲੀ ਬਿਹਬਲਤਾ ਤੇ ਨਾਅਰੇਬਾਜ਼ੀ ਨਹੀਂ । ਹੁਣ ਉਹ ਸੂਖਮ ਵਿਅੰਗ ਨਾਲ ਸਮਕਾਲੀ ਸਥਿਤੀ ਦੀ ਆਲੋਚਨਾ ਕਰਦਾ ਰਹਿੰਦਾ ਹੈ, ਭਾਵੇਂ ਇਸ ਦਾ ਸੰਬੰਧ ਵਿਅਕਤੀ ਦੀਆਂ ਨਿੱਜੀ ਸਮੱਸਿਆਵਾਂ ਨਾਲ ਹੋਵੇ ਜਾਂ ਸਮੁੱਚੀ ਸਮਾਜਕ, ਆਰਥਕ, ਤੇ ਰਾਜਨੀਤਕ ਸਥਿਤੀ ਨਾਲ ।
ਤਖ਼ਤ ਸਿੰਘ ਲਗਾਤਾਰ ਉਰਦੂ ਤੇ ਪੰਜਾਬੀ ਵਿਚ ਨਜ਼ਮਾਂ ਤੇ ਗ਼ਜ਼ਲਾਂ ਲਿਖਦਾ ਆ ਰਿਹਾ ਹੈ, ਪਰ ਹੁਣ ਗ਼ਜ਼ਲ ਰਚਨਾ ਵਲ ਉਹ ਵਧੇਰੇ ਧਿਆਨ ਦੇਣ ਲਗ ਪਿਆ ਹੈ । ਉਸ ਦੀਆਂ ਗ਼ਜ਼ਲਾਂ ਦੇ ਵਿਸ਼ੇ ਵੰਨ-ਸੁਵੰਨੇ ਤੇ ਬਹਿਰ ਵਖਰੇ ਵਖਰੇ ਹੁੰਦੇ ਹਨ । ਜ਼ਿੰਦਗੀ ਦੀਆਂ ਸਮੱਸਿਆਵਾਂ ਬਾਰੇ ਹੁਣ ਉਹ ਵਧੇਰੇ ਗੰਭੀਰਤਾ ਨਾਲ ਸੋਚਦਾ ਹੈ ਤੇ ਪ੍ਰਗਤੀਵਾਦੀ ਦੌਰ ਦੀ ਭਾਵੁਕਤਾ ਤੋਂ ਪਰਹੇਜ਼ ਕਰਦਾ ਹੈ । ਕਈ ਵਾਰੀ ਉਸ ਦੀਆ ਗੰਭੀਰ ਗ਼ਜ਼ਲਾਂ ਵਿਚ ਕਿਤੇ ਕਿਤੇ ਇਸ਼ਕ ਹੁਸਨ ਦਾ ਸ਼ਿਅਰ ਵੀ ਆ ਜਾਂਦਾ ਹੈ ਜਿਹੜਾ ਉਸ ਗ਼ਜ਼ਲ ਦੇ ਕੇਂਦਰੀ ਖ਼ਿਆਲ ਨੂੰ ਭੰਗ ਕਰ ਦਿੰਦਾ ਹੈ ਪਰ ਤਖ਼ਤ ਸਿੰਘ ਹਰ ਸ਼ਿਅਰ ਦੇ ਆਪਣੇ ਆਪ ਵਿਚ ਮੁਕੰਮਲ ਹੋਣ ਦੇ ਸਿੱਧਾਂਤ ਦੀ ਓਟ ਵਿਚ ਅਜਿਹਾ ਆਮ ਕਰ ਜਾਂਦਾ ਹੈ । ਸਮੁੱਚੇ ਤੌਰ ਤੇ ਹੁਣ ਉਹ ਪ੍ਰਗਤੀਵਾਦੀ ਨਾਲੋਂ ਅਸਤਿਤਵਾਦੀ ਵਧੇਰੇ ਹੈ ਤੇ ਹਰ ਖ਼ਿਆਲ ਨੂੰ ਬੜੀ ਖ਼ੂਬਸੂਰਤ ਜ਼ਬਾਨ ਦਿੰਦਾ ਹੈ ਜਿਸ ਨਾਲ ਪਾਠਕਾਂ ਜਾਂ ਸਰੋਤਿਆਂ ਦੇ ਸੁਹਜ ਸਵਾਦ ਦੀ ਤ੍ਰਿਪਤੀ ਹੀ ਨਹੀਂ ਹੁੰਦੀ ਸਗੋਂ ਉਨ੍ਹਾਂ ਅੱਗੇ ਇਕ ਪ੍ਰਸ਼ਨ ਚਿੰਨ੍ਹ ਬਣ ਜਾਂਦਾ ਹੈ, ਜ਼ਿੰਦਗੀ ਦੀ ਹਕੀਕਤ ਨੂੰ ਸਮਝਣ ਤੇ ਇਸ ਦੀਆਂ ਗੁੰਝਲਾਂ ਨੂੰ ਖੋਲ੍ਹਣ ਦਾ ਪ੍ਰਸ਼ਨ ਚਿੰਨ੍ਹ । ਉਦਾਹਰਣ ਲਈ ਉਸ ਦੀਆਂ ਪੰਜਾਬੀ ਗ਼ਜ਼ਲਾਂ 'ਚੋਂ ਅਜਿਹੇ ਸਵਾਲ ਉਠਾਉਣ ਵਾਲੇ ਕੁਝ ਕੁ ਸ਼ਿਅਰ ਹਾਜ਼ਰ ਹਨ :
ਸਵਾਲ ਇਹ ਹੈ ਮੈਂ ਕਿੱਥੇ ਕੁ ਬਹਿ ਕੇ ਦਮ ਮਾਰਾਂ,
ਕਿ ਛਾਂ ਕਿਤੇ ਵੀ ਨਹੀਂ, ਬਿਰਛ ਤਾਂ ਬਥੇਰੇ ਹਨ ।
ਜਿਦ ਦੀ ਕਾਲੀ ਗੁਫ਼ਾ ਵਿਚ ਵੜ ਕੇ ਜਦ ਮੈਂ ਵੇਖਿਆ,
ਚੀਰਦੇ ਥਾਂ ਥਾਂ ਤੇ ਦਿਲ ਨੂੰ ਪੀੜ ਦੇ ਆਰੇ ਮਿਲੇ ।
ਜੇ ਮੈਂ ਬਲਦਾ ਸਾਂ ਤਾਂ ਚਾਨਣ ਸੀ ਦੁਮੇਲਾਂ ਤੀਕਰ,
ਕੀ ਲਿਆ ਤੇਜ਼ ਹਵਾਵਾਂ ਨੇ ਬੁਝਾ ਕੇ ਮੈਨੂੰ ?
ਨਜ਼ਰ ਦੀ ਘਾਟ ਸੀ ਜਾਂ ਤੇੜ ਤੇੜ ਸੀ ਸ਼ੀਸ਼ਾ,
ਮੈਂ ਆਪਣੇ ਆਪ ਨੂੰ ਲੱਗਿਆ ਸਾਂ ਅਜਨਬੀ ਵਰਗਾ ।
ਪੱਥਰ ਹਵਾ ਨੂੰ ਮਾਰ ਕੇ ਤਿੜਦੇ ਰਹੇ ਜੋ ਤਖ਼ਤ
ਉਹ ਜ਼ਿੰਦਗੀ ਦੀ ਖੇਡ ਨੂੰ ਕਿੱਦਾਂ ਨਾ ਹਾਰਦੇ ?
ਤਖ਼ਤ ਸਿੰਘ ਦੀਆਂ ਗ਼ਜ਼ਲਾਂ ਵਿਚ ਅਜਿਹੇ ਸ਼ਿਅਰਾਂ ਦਾ ਅਮੁਕ ਖ਼ਜ਼ਾਨਾ ਹੈ ਜਿਨ੍ਹਾਂ ਦਾ ਇਕ ਇਕ ਸ਼ਬਦ ਪਾਠਕ ਦੀ ਅੰਤਰ-ਆਤਮਾ ਵਿਚ ਲਹਿ ਜਾਂਦਾ ਹੈ ਉਹ ਡੂੰਘੇ ਚਿੰਤਨ ਵਿਚ ਗੁਆਚ ਜਾਂਦਾ ਹੈ। ਇਹ ਚਿੰਤਨ ਉਸ ਦੀ ਨਿੱਜੀ ਹੋਂਦ ਨੂੰ ਵੀ ਟਟੋਲਦਾ ਹੈ ਤੇ ਉਸ ਨੂੰ ਚਾਰੇ ਪਾਸੇ ਪਸਰੇ ਹੋਏ ਵਾਤਾਵਰਣ ਵਲ ਵੀ ਲੈ ਜਾਂਦਾ ਹੈ ਜਿਸ ਵਿਚ ਉਸ ਦਾ ਜੀਣਾ ਦੁਸ਼ਵਾਰ ਹੋਇਆ ਪਿਆ ਹੈ । ਆਪਣੀਆਂ ਨਜ਼ਮਾਂ ਦੀ ਬਜਾਏ ਆਪਣੀਆਂ ਨਵੀਆਂ ਗ਼ਜ਼ਲਾਂ ਵਿਚ ਤਖ਼ਤ ਸਿੰਘ ਅਜਿਹੇ ਖ਼ਿਆਲਾਂ ਨੂੰ ਵਧੇਰੇ ਤੀਖਣਤਾ, ਪ੍ਰਬਲਤਾ, ਤੇ ਸੰਤੁਲਨ ਨਾਲ ਪ੍ਰਗਟ ਕਰ ਸਕਿਆ ਹੈ । ਹੁਣ ਉਸ ਦੀਆਂ ਗ਼ਜ਼ਲਾਂ ਤੇ ਕਵਿਤਾਵਾਂ ਵਿਚ ਭਾਂਬੜ ਲਾਉਂਦੀ ਕੋਈ ਚੰਗਿਆੜੀ ਤਾਂ ਨਹੀਂ ਤੇ ਨਾ ਹੀ ਸਾਰੀਆਂ ਸਮੱਸਿਆਵਾਂ ਦਾ ਕੋਈ ਸੂਤਰ-ਬੱਧ ਹਲ ਹੈ; ਹੁਣ ਉਸ ਦੇ ਖ਼ਿਆਲਾਂ ਵਿਚ ਵਿਸ਼ੇਸ਼ ਸੰਜਮ ਹੈ, ਭਾਵਾਂ ਵਿਚ ਕੋਸਾ ਚਾਨਣ ਹੈ, ਤੇ ਪ੍ਰਗਟਾਅ ਵਿਚ ਪੂਰਣ ਪਕਿਆਈ ਹੈ। ਉਹ ਰਵਾਇਤੀ ਹੁੰਦਿਆਂ ਵੀ ਜਦੀਦ ਹੈ ਤੇ ਰੂਪਕ ਬੰਦਸ਼ਾਂ ਨਿਭਾਉਂਦਾ ਹੋਇਆ ਵੀ ਸਮੇਂ ਦਾ ਹਾਣੀ ਹੈ ਕਿਉਂਕਿ ਉਸ ਨੂੰ ਪਰੰਪਰਾ 'ਚੋਂ ਸੁੱਚੇ ਮੋਤੀ ਚੁਣਨ ਦੀ ਜਾਚ ਹੈ ਤੇ ਪ੍ਰਯੋਗ ਦੇ ਨਗੀਨੇ ਜੜਨ ਦੀ ਪ੍ਰਵੀਣਤਾ ਹੈ । ਇਸ ਲਈ ਉਸ ਦੀ ਕਾਵਿ-ਰਚਨਾ ਵਿਚ ਆਧੁਨਿਕਤਾ ਦਾ ਸੱਜਰਾਪਨ ਹੈ, ਪੁਰਾਤਨਤਾ ਦਾ ਬੇਹਾਪਨ ਨਹੀਂ । ਉਹ ਵਗਦਾ ਦਰਿਆ ਹੈ, ਰੁਕਿਆ ਹੋਇਆ ਤਲਾਅ ਨਹੀਂ ।
ਤਖ਼ਤ ਸਿੰਘ ਨੂੰ ਗਿਲਾ ਹੈ ਕਿ ਮਾਤ ਭਾਸ਼ਾ ਵਿਚ ਤਿੰਨ ਸੌ ਤੋਂ ਵਧ ਨਜ਼ਮਾਂ ਲਿਖਣ ਨਾਲ ਵੀ ਪੰਜਾਬੀ ਆਲੋਚਕਾਂ ਵੱਲੋਂ ਉਸ ਨੂੰ ਉਤਨਾ ਸਤਿਕਾਰ ਨਹੀਂ ਮਿਲ ਸਕਿਆ ਜਿਤਨਾ ਉਸ ਨੂੰ ਉਰਦੂ ਵਿਚ ਤੀਹ ਕੁ ਕਵਿਤਾਵਾਂ ਲਿਖਣ ਨਾਲ ਹੀ ਮਿਲਣ ਲਗ ਪਿਆ ਸੀ। ਮੇਰੀ ਜਾਚੇ ਤਖ਼ਤ ਸਿੰਘ ਦਾ ਇਹ ਉਲਾਂਭਾ ਕਾਫ਼ੀ ਹਦ ਤਕ ਠੀਕ ਹੈ । ਸਾਡੀਆਂ ਯੂਨੀਵਰਸਿਟੀਆਂ ਤੇ ਸਿਖਿਆ ਸੰਸਥਾਵਾਂ ਵਿਚ ਬਹੁਤਾ ਧਿਆਨ ਕਈ ਵਾਰੀ ਉਨ੍ਹਾਂ ਸਾਹਿੱਤਕਾਰਾਂ ਨੂੰ ਮਿਲਦਾ ਹੈ । ਜਿਹੜੇ ਇਸ ਲਈ ਉਚੇਚੇ ਤੌਰ ਤੇ ਸੰਪਰਕ ਪੈਦਾ ਕਰਦੇ ਹਨ ਤੇ ਆਪਣੀ ਜਾਣ-ਪਛਾਣ ਜਾਂ ਗੁੱਟ-ਬੰਦੀ ਦਾ ਲਾਭ ਉਠਾਉਂਦੇ ਹਨ । ਤਖ਼ਤ ਸਿੰਘ ਕੋਲ ਅਜਿਹੇ ਤਰੀਕੇ ਅਪਨਾਉਣ ਦੀ ਨਾ ਤਾਂ ਇੱਛਾ ਹੈ ਤੇ ਨਾ ਹੀ ਜਾਚ । ਆਦਰ ਸਤਿਕਾਰ ਉਸ ਨੂੰ ਵੀ ਚੰਗਾ ਲਗਦਾ ਹੈ ਤੇ ਇਸ ਲਈ ਉਹ ਆਪਣੀ ਵਿੱਤ ਅਨੁਸਾਰ ਯਤਨ ਵੀ ਕਰਦਾ ਹੈ । ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਆਲੋਚਕਾਂ ਨੇ ਆਮ ਤੌਰ ਤੇ ਕਹੇ ਕਹਾਏ ਹੀ ਉਸ ਦਾ ਨੋਟਿਸ ਲਿਆ ਹੈ । ਜਦ ਕਿ ਉਰਦੂ ਆਲੋਚਕਾਂ ਨੇ ਬਿਨਾਂ ਕਹੇ ਉਸ ਨੂੰ ਸਲਾਹਿਆ ਹੈ । ਮੇਰੇ ਵਿਚਾਰ ਵਿਚ ਪੰਜਾਬੀ ਕਵਿਤਾ ਤੇ ਗ਼ਜ਼ਲ ਦੇ ਇਸ ਅਨਮੋਲ ਰਤਨ ਨੂੰ ਸਹੀ ਅਰਥਾਂ ਵਿਚ ਪਛਾਨਣ ਅਤੇ ਉਸ ਦੀ ਕਾਵਿ-ਰਚਨਾ ਦੇ ਸਮੁੱਚੇ ਮੁਲਾਂਕਣ ਦੀ ਲੋੜ ਹੈ।
ਉਸ ਦੀ ਉਰਦੂ ਸ਼ਾਇਰੀ ਦਾ ਸਫ਼ਰ ਬੜਾ ਮਹੱਤਵਪੂਰਣ ਹੈ ਤੇ ਕਾਫ਼ੀ ਹਦ ਤਕ ਉਸ ਦੀ ਪੰਜਾਬੀ ਕਵਿਤਾ ਦੇ ਸਾਮਾਨਾਂਤਰ ਚਲਦਾ ਹੈ । ਉਰਦੂ ਵਿਚ ਵੀ ਉਹ ਤਰੱਕੀ-ਪਜ਼ੀਰ ਸ਼ਾਇਰੀ ਦੇ ਪੜਾਅ ਤੋਂ ਸ਼ੁਰੂ ਹੋ ਕੇ ਜ਼ਿੰਦਗੀ ਦੇ ਰਾਜ਼ ਨੂੰ ਸਮਝਣ ਦੇ ਯਤਨ ਵਿਚ ਡੁੱਬਿਆ ਹੋਇਆ ਸ਼ਾਇਰ ਬਣ ਗਿਆ ਜਾਪਦਾ ਹੈ । "ਵਜਦੋ ਹੈਰਤ" ਦੀ ਪਹਿਲੀ ਨਜ਼ਮ ਦੇ ਸ਼ੁਰੂ ਵਿਚ ਹੀ ਉਹ ਅਚੰਭਿਤ ਹੋਇਆ ਦਸਦਾ ਹੈ ਕਿ ਉਸ ਦੇ ਮਨ ਅੰਦਰ ਖ਼ਾਮੋਸੀ ਤੋਂ ਸਿਵਾ ਕੁਝ ਵੀ ਨਹੀਂ :
ਯਿਹ ਮੈਂ ਹੂੰ, ਯਿਹ ਮਨ ਕੀ ਅੰਧੇਰੀ ਗੁਫਾ ਹੈ ।
ਯਹਾਂ ਖ਼ਾਮੋਸ਼ੀ ਕੇ ਸਿਵਾ ਔਰ ਕਿਆ ਹੈ ?
ਸਮਾਅਤ ਹੀ ਮੇਰੇ ਬਦਨ ਕੀ ਹੈ ਬਹਿਰੀ,
ਕਿ ਬਰਬਤ ਮਿਰੇ ਸਾਂਸ ਕੀ ਬੇਸਦਾ ਹੈ । (ਹਮ ਜ਼ਾਦ)
ਤੇ ਉਸ ਦਾ ਜੀ ਕਰਦਾ ਹੈ ਕਿ ਦੂਰ ਕਿਸੇ ਟਾਪੂ ਵਿਚ ਚਲਾ ਜਾਵੇ ਜਿੱਥੇ ਆਪਣੇ ਕਿਸੇ ਹਮ-ਰਾਜ਼ ਦਿਲ ਨਾਲ ਗੱਲਾਂ ਕਰ ਕੇ ਖ਼ਾਮੋਸ਼ੀ ਦੀ ਇਸ ਸਥਿਤੀ ਨੂੰ ਤੋੜ ਸਕੇ :
ਐ ਮਿਰੇ ਦਿਲੇ ਵਹਿਸ਼ੀ
ਜਗਮਗਾਏ ਗਾ ਕਬ ਤਕ
ਤੂ ਮਿਰੇ ਤਖ਼ਈਅਲ ਕੀ
ਰੌਸ਼ਨੀ ਕੇ ਹੀਰੇ ਮੇਂ ?
ਆ ਹਮ ਏਕ ਸਾਥ ਉੜੇਂ
ਉੜਤੇ ਉੜਤੇ ਜਾ ਪਹੁੰਚੇਂ
ਸੋਚ ਕੇ ਸਮੁੰਦਰ ਕੇ ਪਾਰ ਕਿਸੀ
ਅਜਨਬੀ ਜ਼ਜ਼ੀਰੇ ਮੇਂ (ਤਮੰਨਾ)
ਤੇ ਇਸ ਮਜਮੂਏ ਦੇ ਅਖ਼ੀਰ ਤੇ ਪਹੁੰਚ ਕੇ ਉਹ ਮੁੜ ਇਹੋ ਜਿਹੀ ਗੱਲ ਆਖਦਾ ਹੈ :
ਮੇਰੀ ਮੰਜ਼ਿਲ ਹੋ ਕੋਈ ਮਨ ਕਾ ਸੁਨਹਿਰਾ ਟਾਪੂ
ਝੂਮੋਂ ਜੀ ਭਰ ਕੇ ਤਲਿਸਮੀ ਸੇ ਕਿਸੀ ਗਾਓਂ ਮੇਂ (ਕੁਮਕੁਮਾ)
ਭਾਵੇਂ ਤਖ਼ਤ ਸਿੰਘ ਨੇ ਉਰਦੂ ਵਿਚ ਬੜਾ ਕੁਝ ਖ਼ੂਬਸੂਰਤ ਲਿਖਿਆ ਹੈ ਤੇ ਉਰਦੂ ਸ਼ਾਇਰੀ ਵਿਚ ਉਸ ਨੂੰ ਆਪਣਾ ਜਾਇਜ਼ ਮੁਕਾਮ ਮਿਲਿਆ ਹੈ ਜਦ ਕਿ ਪੰਜਾਬੀ ਕਵਿਤਾ ਵਿਚ ਉਸ ਨੂੰ ਉਤਨੀ ਆਦਰਯੋਗ ਥਾਂ ਨਹੀਂ ਮਿਲੀ ਜਿਸ ਦਾ ਉਹ ਹਕਦਾਰ ਹੈ, ਤਾਂ ਵੀ ਮੈਨੂੰ ਇੰਜ ਪ੍ਰਤੀਤ ਹੋਇਆ ਹੈ ਕਿ ਉਸ ਦਾ ਕੱਦ ਪੰਜਾਬੀ ਵਿਚ ਕਿਤੇ ਉਚੇਰਾ ਹੈ । ਉਸ ਦੀ ਅਸਲੀ ਮੰਜ਼ਿਲ ਪੰਜਾਬੀ ਸਾਹਿੱਤ ਹੀ ਹੈ ਜਿਸ ਵਿਚ ਉਸ ਨੇ ਅਜਿਹੀ ਬੁਲੰਦੀ ਨੂੰ ਛੋਹਿਆ ਹੈ ਜਿਹੜੀ ਗ਼ਜ਼ਲ ਦੇ ਖੇਤਰ ਵਿਚ ਤਾਂ ਕਿਸੇ ਹੋਰ ਨੂੰ ਨਸੀਬ ਨਹੀਂ ਹੋਈ ਭਾਵੇਂ ਕਵਿਤਾ ਦੇ ਖੇਤਰ ਵਿਚ ਉਸ ਦੇ ਕਈ ਸਮਕਾਲੀ ਉਸ ਤੋਂ ਉਚੇਰੇ ਪਹੁੰਚਣ ਵਿਚ ਕਾਮਯਾਬ ਹੋਏ ਹਨ। ਉਰਦੂ ਤੇ ਪੰਜਾਬੀ ਵਿਚ ਸਫਲਤਾ ਨਾਲ ਲਿਖਣ ਦੀ ਦ੍ਰਿਸ਼ਟੀ ਤੋਂ ਤਖ਼ਤ ਸਿੰਘ ਨੇ ਭਾਰਤੀ ਸਾਹਿੱਤ ਦੇ ਖੇਤਰ ਵਿਚ ਹੀ ਆਪਣਾ ਵਿਸ਼ੇਸ਼ ਸਥਾਨ ਨਹੀਂ ਬਣਾਇਆ ਸਗੋਂ ਪਾਕਿਸਤਾਨ ਵਿਚ ਵੀ ਖ਼ੂਬ ਨਾਮ ਕਮਾਇਆ ਹੈ । ਪ੍ਰਿੰਸੀਪਲ ਤਖ਼ਤ ਸਿੰਘ ਦੀ ਬਹੁ-ਪੱਖੀ ਸ਼ਖ਼ਸੀਅਤ ਅਤੇ ਉਸ ਦੀ ਦੋ ਜ਼ਬਾਨਾਂ ਵਿਚ ਸ਼ਾਨਦਾਰ ਕਾਵਿ-ਰਚਨਾ ਤੇ ਪੰਜਾਬ ਨੂੰ ਮਾਣ ਹੈ । ਉਹ ਪੰਜਾਬੀ ਸਭਿਆਚਾਰ ਦੀ ਵਿਸ਼ਾਲਤਾ ਦਾ ਪ੍ਰਤੀਕ ਹੈ। ਆਸ ਹੈ ਉਸ ਦੀ ਕਾਵਿ-ਰਚਨਾ ਨੂੰ ਵਧੇਰੇ ਗੰਭੀਰਤਾ ਨਾਲ ਪੜ੍ਹਿਆ ਜਾਏ ਗਾ ਤੇ ਯੋਗ ਢੰਗ ਨਾਲ ਸਤਿਕਾਰਿਆ ਜਾਏ ਗਾ । ਉਸ ਦਾ ਸਫ਼ਰ ਅਜੇ ਜਾਰੀ ਹੈ ।