Punjabi Poems : Principal Takhat Singh

ਪੰਜਾਬੀ ਕਵਿਤਾਵਾਂ : ਪ੍ਰਿੰਸੀਪਲ ਤਖ਼ਤ ਸਿੰਘ



ਅੱਜ

ਅੱਜ ਕਲਾ ਕੈਦਣ ਨਹੀਂ ਲੰਮੀਆਂ ਲਿਟਾਂ ਦੀ, ਰੂਪ ਦੀ ਦਾਸੀ, ਮਧੁਰ ਨੈਣਾਂ ਦੀ ਬਾਂਦੀ । ਮਦ, ਨ ਮਦਰਾਲੇ ਦੀ ਗੋਲੀ ਏ ਕਲਾ ਅੱਜ, ਫੁਲ, ਨ ਫੁਲ-ਧੂੜੀ ਏ ਕਵਿਤਾ ਦਾ ਵਿਸ਼ਾ ਅੱਜ । ਅੱਜ ਅਕਾਰਥ ਹੈ ਸ਼ੁਗ਼ਲ ਗ਼ਜ਼ਲਾਂ ਪੜ੍ਹਨ ਦਾ, ਅੱਜ ਸਮਾਂ ਹੈ ਅੜਨ ਦਾ, ਅੜ ਕੇ ਲੜਨ ਦਾ । ਅਕਲ ਠਾਠਾਂ ਨੂਰ ਦੇ ਹੜ੍ਹ ਵਾਂਗ ਮਾਰੇ, ਅਸਤ ਹੋ ਚੱਲੇ ਵਿਕਟ ਮਹਿਮਾ ਦੇ ਤਾਰੇ । ਸਾਫ਼ ਆਖੇ ਵਕਤ ਵਟ ਮੱਥੇ ਤੇ ਪਾ ਕੇ: ਨੀਂਦ ਦੇ ਮਾਵੇ ਨੇ ਵੰਗਾਂ ਦੇ ਛਣਕੇ । ਮ੍ਰਿਗ-ਜਲੀ ਏ ਹਰ ਸੁਹੱਪਣ ਮਿਰਗ-ਨੈਣਾ, ਚਿੰਨ੍ਹ ਕਮੱਕਲੀ ਦਾ ਏ ਨਾਂ ਬੁਲ੍ਹੀਆਂ ਦਾ ਲੈਣਾ । ਕਾਂਗ ਉਮਡੀ ਏ ਤਰਫ਼ੀ ਲੋਕ-ਬਲ ਦੀ, ਹਰ ਲਹੂ ਦੀ ਤਿਪ ਚਿਣਗ ਹੈ ਜਲਦੀ ਜਲਦੀ । ਵਾਵਰੋਲਾ ਏ ਮਨੁੱਖ ਮਰਦਾਨਗੀ ਦਾ, ਘੂਕਰੇ ਮਾਨੋ ਭੰਵਰ ਦੀਵਾਨਗੀ ਦਾ । ਅਣਖ ਹੰਝੂਆਂ ਵਿਚ ਪਈ ਖਾਵੇ ਉਬਾਲੇ, ਜੋਸ਼ ਲੋਹੜੇ ਦਾ ਲਵੇ ਸਾਹੀ ਉਛਾਲੇ। ਰੋਹ ਸਿਰੋਂ ਨੰਗੀ ਹਯਾਤੀ ਨੂੰ ਹੈ ਚੜ੍ਹਿਆ, ਸੂਰਮੇ ਸਾਹਿਤ ਨੇ ਹਥ ਖੰਡਾ ਹੈ ਫੜਿਆ। ਧੌਲਰਾਂ ਵਲ ਹਥ ਮੁਥਾਜਾਂ ਦੇ ਵਧਣ ਇਉਂ, ਲਿਸ਼ਕ ਝੁਟ ਮਾਰੇ ਘਣੇ ਅੰਧਕਾਰ ਤੇ ਜਿਉਂ। ਦ੍ਰਿੜ੍ਹ ਇਰਾਦੇ ਦੇ ਕ੍ਰਾਂਤਿਕ ਜੋਸ਼ ਕਾਰਨ, ਥੁੜ ਦੀਆਂ ਅਖੀਆਂ 'ਚੋਂ ਸ਼ੋਅਲੇ ਦਮਕ ਮਾਰਨ । ਸਿਦਕੀਆਂ ਦੀ ਰਤ ਨਵੇਂ ਸੱਚੇ 'ਚ ਢਲ ਕੇ, ਰਾਤ ਦੇ ਮੱਥਿਓਂ ਸਵੇਰੇ ਵਾਂਗ ਡਲ੍ਹਕੇ । ਹਰ ਹਕੀਕੀ ਸੋਨ-ਕ੍ਰਿਤ ਕਾਵਿਕ ਲਗਨ ਦੀ, ਬਣ ਰਹੀ ਹੈ ਕੂਕ ਅਜ ਮਾਨਵ ਦੇ ਮਨ ਦੀ । ਅਜ ਲਈ ਹੈ ਸਾਰ ਧਰਤੀ ਦੀ ਗਗਨ ਨੇ, ਅਜ ਪਛਾਣੀ ਹੈ ਸਮੇਂ ਦੀ ਚਾਲ ਫ਼ਨ ਨੇ ।

ਮੋਹ ਮਿੱਟੀ ਦਾ

ਅੰਞਾਣਾ, ਅੱਲੜ੍ਹ, ਅਣ ਚੰਡਿਆ, ਅਜੇ ਮੁੰਡਿਆਂ ਜਿਹਾ ਸਾਂ, ਵੱਤਰ ਆਈ ਸੁਹਲ ਪੈਲੀ ਵਿਚ, ਮੈਂ ਫੁੱਲਾਂ ਦੀ ਪਨੀਰੀ ਲਾ ਰਿਹਾ ਸਾਂ। ਮੈਂ ਪਸੀਨੇ ਨਾਲ ਮਿੱਟੀ ਦੇ ਰੁਏਂ ਮਹਿਕਾ ਰਿਹਾ ਸਾਂ । ਓਪਰੀ ਆਵਾਜ਼ ਨੇ ਇੰਜ ਆਖ ਹੀ ਦਿੱਤਾ : “ਇਹ ਕਿੱਤਾ ਵੀ ਕੋਈ ਕਿੱਤਾ ਏ ? ਤੇਰੇ ਬਾਪ ਨੇ ਮਿੱਟੀ 'ਚ ਤੈਨੂੰ ਰੋਲ ਦਿੱਤਾ ਏ । ਮੈਂ ਸੋਚੀਂ ਪੈ ਗਿਆ “ਸੱਚੀਂ ਕਿਤੇ ਐਵੇਂ ਮੈਂ ਮਿੱਟੀ ਨਾਲ ਮਿੱਟੀ ਹੀ ਨ ਬਣ ਜਾਵਾਂ ਕਿਤੇ ਘਸ ਘਸ ਕੇ ਐਵੇਂ ਹੀ ਨ ਛਣ ਜਾਵਾਂ ?" ਹਥੇਲੀ ਤੇ ਅਚਾਨਕ ਭਰ ਭਰੀ ਮਿੱਟੀ ਦਾ ਇਕ ਢੇਲਾ ਟਿਕਾ ਕੇ ਦੇਖਿਆ ਮੈਂ ਇਸ ਨੂੰ ਡੂੰਘੀ ਨੀਝ ਲਾ ਕੇ, ਇਸ ਡਲੇ ਵਿਚ ਮਾਖਿਓਂ ਵਰਗੀ ਤਰਾਵਤ ਸੀ। ਇਦ੍ਹੀ ਸੇਗਲ 'ਚ ਰੇਸ਼ਮ ਦੀ ਨਜ਼ਾਕਤ ਸੀ । ਨਮੀ ਦੀ ਗੁਦਗੁਦੀ ਛੁਹ ਵਿਚ ਮਿਠਾਸਾਂ ਦਾ ਰਚਾਓ ਸੀ। ਲਪਟ ਆਈ ਡਲੇ 'ਚੋਂ ਰਸਮਸਾਉਂਦੇ ਪੋਨਿਆਂ ਦੀ, ਲਹਿਲਹਾਉਂਦੇ ਝੋਨਿਆਂ ਦੀ, ਕਣਕ ਦੀ ਬੱਲੀ ਦੀ, ਮੱਕੀ ਦੀ ਹਰੀ ਛੱਲੀ ਦੀ, ਬਰਸੀਮਾਂ ਦੀ, ਚਰ੍ਹੀਆਂ ਦੀ, ਜਵਾਰਾਂ ਦੀ, ਅੰਗੂਰਾਂ, ਮੇਵਿਆਂ, ਗਿਰੀਆਂ, ਆਨਾਰਾਂ ਦੀ। ਮਿਰੇ ਮੂੰਹ 'ਚੋਂ ਨਿਕਲਿਆ ਆਪਮੁਹਾਰੇ : 'ਧਰਤੀਏ ! ਮੈਂ ਤੇਰੇ ਬਲਿਹਾਰੇ ! ਤਿਰੀ ਮਿੱਟੀ 'ਚੋਂ ਮੈਨੂੰ ਵਾਸ਼ਨਾ ਕਲੀਆਂ ਦੀ ਆਉਂਦੀ ਏ । ਤਿਰੀ ਮਿੱਟੀ 'ਚ ਕੱਚੇ ਦੁੱਧ ਵਰਗੀ ਰੂਹ ਗਾਉਂਦੀ ਏ । ਤਿਰੀ ਮਿੱਟੀ ਕਲੇਜੇ ਨੂੰ ਅਨੋਖੀ ਧੂਹ ਪਾਉਂਦੀ ਏ । ਤਿਰੀ ਮਿੱਟੀ ਦੇ ਨਾਲ ਅੱਗੋਂ ਤੋਂ ਮੈਂ ਮਿੱਟੀ ਹੀ ਹੋਵਾਂ ਗਾ। ਤਿਰੀ ਮਿੱਟੀ ਦੇ ਹਰ ਜ਼ੱਰੇ ਨੂੰ ਪਲਕਾਂ ਵਿਚ ਪਰੋਵਾਂ ਗਾ, ਮੈਂ ਪਲਕਾਂ ਵਿਚ ਪਰੋਵਾਂ ਗਾ।”

ਸੰਝ

ਸੰਝ ਦੀਆਂ ਮਤਵਾਲੀਆਂ ਅਖੀਆਂ 'ਚੋਂ ਡੁਲ੍ਹਦੇ ਚਾਨਣੇ ਅਰਸ਼ ਵਿਚ ਲਿਸ਼-ਲਿਸ਼ ਕਰਨ ਸੋਇਨੇ ਦੇ ਵਾਂਗ । ਸੁਰਖ਼ ਧੂੜੇ ਵਾਂਗਰਾਂ ਮਘਦੇ ਜਹੇ ਸੰਧੂਰ ਨਾਲ ਭਰ ਗਈ ਹਰ ਸੁਰਮਈ ਬੱਦਲ ਦੀ ਮਾਂਗ । ਨੀਲ ਕਮਲਾਂ ਦੇ ਫਰਾਂ ਥੱਲੇ ਮਚਲਦੀ ਝੀਲ ਵਿਚ ਕੇਸਰੀ ਭਾਹ ਮਾਰਦੀ ਲੋਅ ਘੁਲ ਗਈ । ਸੋਸਨੀ ਮੇਘਾਙਣਾਂ ਵਿਚ ਖਿਲਰੀਆਂ ਮਣੀਆਂ ਦੀ ਜੋਤ ਪਾਣੀਆਂ ਵਿਚ ਅਕਸ ਬਣ ਕੇ ਡੁਲ੍ਹ ਪਈ । ਹਸ ਪਿਐ ਚੰਨ ਵਾਂਗ ਪਤ-ਕਲੀਆਂ ਦੇ ਮੂੰਹਾਂ ਤੇ ਹੁਲਾਸ ਪੌਣ ਦੇ ਹੋਠਾਂ ਤੇ ਥਿਰਕੀ ਰਾਗਣੀ । ਮੇਲਦੀ ਆਵੇ ਕਿਵੇਂ ਸੰਗੀਤ-ਨਸ਼ਿਆਈ ਜਹੀ ਰਾਤ ਦੇ ਪਰਛਾਵਿਆਂ ਦੀ ਨਾਗਣੀ। ਅਟਕੀਆਂ ਕਿਰਨਾਂ ਦੇ ਸਾਗਰ, ਤੇ ਅਨੰਦਾਵੇਸ਼ ਵਿਚ, ਤਿਤਲੀਆਂ ਤਾਣੇ ਨੇ ਕਿੰਜ ਖੰਭਾਂ ਦੇ ਜਾਲ ! ਉਡਦੀਆਂ ਮਹਿਕਾਂ ਦੇ ਸਾਹਾਂ ਦੀ ਰਸੀਲੀ ਤਾਲ ਤੇ ਝੂਮ ਕੇ ਨੱਚੇ ਪਈ ਕਿੰਜ ਡਾਲ ਡਾਲ ! ਰਾਂਗਲੇ ਪੱਛਮ ਦੇ ਧੁੰਦ-ਛੋਹੋ ਮਜੀਠੇ ਨੂਰ ਵਿਚ ਘੁਲ ਗਈ ਰੰਗ ਵਾਂਗ ਕਿੰਝ ਕੂੰਜਾਂ ਦੀ ਡਾਰ ! ਡਾਰ ਸੰਗ ਉਡਦਾ ਅਚਾਣਕ ਹੀ ਕਿਹੀ ਥਾਂ ਆ ਗਿਆ ਮਨ ਦੁਆਲੇ ਭੌਂ ਰਿਹੈ ਸੂਹਾ ਗ਼ੁਬਾਰ । ਜਾ ਰਿਹਾ ਵਧਦਾ ਮੈਂ ਉਪ-ਰਾਹਾਂ ਨੂੰ, ਕਿੰਨਾ ਜੀ ਕਰੇ ਲੜ ਇਨ੍ਹਾਂ ਨੂਰਾਂ ਦੇ ਘੁਟ ਕੇ ਫੜ ਲਵਾਂ। ਰੂਹ ਦਿਆਂ ਨੈਣਾਂ ਅਗਾੜੀ ਭੌਂ ਰਹੇ ਖ਼ਾਬਾਂ ਦੀਆਂ, ਮੁੰਦਰੀਆਂ ਵਿਚ ਕਿਰਮਚੀ ਨਗ ਜੜ ਲਵਾਂ ।

ਮੈਂ ਝਲਕਾਰਾ ਨਵੀਂ ਵਿਗਿਆਨ-ਲੋਅ ਦਾ

ਨਿਗਾਹਾਂ ਵਿਚ ਨਿਰਾਲਾ ਨੂਰ ਧੜਕੇ । ਅਨੋਖਾ ਵਲਵਲਾ ਅੰਗਾਂ 'ਚ ਫੜਕੇ । ਮੈਂ ਝਲਕਾਰਾ ਨਵੀਂ ਵਿਗਿਆਨ-ਲੋਅ ਦਾ, ਮੈਂ ਉਹ ਤਾਰਾ ਚੜ੍ਹੇ ਜੋ ਐਨ ਤੜਕੇ । ਭਵਿੱਖ ਦੇ ਸੁਫ਼ਨਿਆਂ ਦੀ ਜਾਨ ਹਾਂ ਮੈਂ, ਨਵੇਂ ਯੁਗ ਦਾ ਨਵਾਂ ਇਨਸਾਨ ਹਾਂ ਮੈਂ । ਕਰਾਂ ਗਾਂ ਮੈਂ ਹਿਮਾਲੇ ਨਾਲ ਠੱਠੇ, ਅਗਾਸਾਂ ਦੀ ਸਿਖਰ ਟੀਸੀ ਤੇ ਖੜ ਕੇ । ਅਸੰਭਵ ਨੂੰ ਮੈਂ ਸੰਭਵ ਕਰ ਦਿਆਂ ਗਾ। ਉਮੰਗਾਂ ਨੂੰ ਉਡਣ ਲਈ ਪਰ ਦਿਆਂ ਗਾ । ਗਗਨ ਵਿਚ ਝੂਮਦੇ ਖਿਤੀਆਂ ਦੇ ਸਿੱਟੇ, ਕਰਾਂ ਗਾ ਸਾਫ਼ ਚੰਨ-ਉਖਲੀ 'ਚ ਛੜ ਕੇ । ਮੈਂ ਤੰਦ ਕੱਢਾਂ ਗਾ ਰੂੰ ਬਦਲਾਂ ਦੀ ਪਿੰਜ ਕੇ । ਉਗਾਵਾਂ ਗਾ ਸਰੂ ਅਰਸ਼ਾਂ ਨੂੰ ਸਿੰਜ ਕੇ । ਨਗੀਨਾ ਕਹਿਕਸ਼ਾਂ ਦੀ ਫੁਲਝੜੀ ਦਾ, ਦਿਖਾਵਾਂ ਗਾ ਮੈਂ ਰਜ-ਮੁੰਦਰੀ 'ਚ ਜੜ ਕੇ । ਨਵੀਂ ਧਰਤੀ, ਨਵਾਂ ਅੰਬਰ ਦਿਆਂ ਗਾ, ਥਲਾਂ ਵਿਚ ਜਲ- ਸੁਗੰਧੀ ਭਰ ਦਿਆਂ ਗਾ । ਮੈਂ ਛਣਕਾਵਾਂ ਗਾ ਰੂਹ-ਰਾਣੀ ਦੇ ਪੈਰੀਂ, ਅਨੂਠੇ ਢੰਗ ਦੀ ਪੰਜੇਬ ਘੜ ਕੇ । ਮੈਂ ਲਿਸ਼ਕਾਵਾਂ ਗਾ ਆਸਾਂ ਜ਼ਿੰਦਗੀ ਵਿਚ। ਮੈਂ ਘੋਲਾਂ ਗਾ ਮਿਠਾਸਾਂ ਜ਼ਿੰਦਗੀ ਵਿਚ, ਫ਼ਰਿਸ਼ਤੇ ਭੀ ਪਹੁੰਚ ਸੱਕਣ ਨ ਜਿੱਥੇ, ਉਸਾਰਾਂ ਗਾ ਮਹਿਲ ਉਸ ਥਾਂ ਅਪੜ ਕੇ । ਵਧਾਂ ਗਾ ਇਉਂ ਤਲੀ ਤੇ ਸੀਸ ਧਰ ਕੇ । ਸਮਾਂ ਗਿੱਬੇ ਗਾ ਮੇਰੀ ਰੀਸ ਕਰ ਕੇ । ਮੈਂ ਜਲ ਦੀਪਕ ਦੀ ਸੂਹੀ ਲਾਟ ਅੰਦਰ, ਲਵਾਂ ਗਾ ਸਾਹ ਪਤੰਗੇ ਵਾਂਗ ਸੜ ਕੇ ।

ਹਲੂਣਾ

ਨਿਮਾਣੀ ਜਿੰਦੜੀਏ ! ਚੰਗੀ ਭਲੀ ਹੁੰਦੀ ਸੈਂ ! ਕਿਉਂ ਐਵੇਂ, ਕਿਸੇ ਦੀ ਪ੍ਰੀਤ ਦਾ ਚੰਦਰਾ, ਅਵੱਲੜਾ ਰੋਗ ਲਾ ਬੈਠੀ ! ਤੈਂ ਆਪਣੇ ਹਿਰਦਈ ਭਾਵਾਂ ਦੇ ਖੰਭ ਆਪੂੰ ਕੁਤਰ ਲੀਤੇ, ਮੁਹੱਬਤ ਦੇ ਵਣਜ ਬਿਉਪਾਰ ਵਿਚ ਸਭ ਕੁਝ ਲੁਟਾ ਬੈਠੀ । ਭਲਾ ਐਵੇਂ ਪਿਅਲੇ ਜ਼ਹਿਰ ਦੇ ਪੀਂਦੀ ਰਹੀ ਕਾਹਤੋਂ ? ਭਲਾ ਕੀ ਲੋੜ ਸੀ ਤੈਨੂੰ ਕਿਸੇ ਦੇ ਗ਼ਮਾਂ 'ਚ ਘੁਲਣੇ ਦੀ ? ਖਿੜੇ ਮੱਥੇ ਭੀ ਸਹਿ ਸਕਦੀ ਸੈਂ ਤੂੰ ਦੁਖੜਾ ਵਿਛੋੜੇ ਦਾ, ਭਲਾ ਕੀ ਲੋੜ ਸੀ ਹੰਝੂਆਂ ਦੀ ਗਲੀਆਂ 'ਚ ਰੁਲਣੇ ਦੀ ? ਨਿਮਾਣੀ ਜਿੰਦੜੀਏ ! ਤੂਹੀਉਂ ਕਦੀ ਚਾਹਨਾ ਨਹੀਂ ਕੀਤੀ, ਨਹੀਂ ਤੇ ਮਹਿਕ ਸਕਦੇ ਸਨ ਕੰਵਲ ਤੇਰੇ ਵਿਚਾਰਾਂ ਦੇ । ਟਿਮਕ ਸਕਦੇ ਸੀ ਦੀਪ ਆਨੰਦ ਦੇ ਗ਼ਮਗੀਨ ਨੈਣਾਂ ਵਿਚ, ਨਜ਼ਾਰੇ ਝੂਮ ਸਕਦੇ ਸਨ ਨਿਗ੍ਹਾ ਸਾਹਵੇਂ ਬਹਾਰਾਂ ਦੇ । ਗ਼ਮਾਂ ਦੇ ਘੁਸਮੁਸੇ ਪਿੱਛੇ, ਨਿਰਾਸ਼ਾ ਦੇ ਧੂੰਏਂ ਉਹਲੇ, ਟਿਮਕਦੀ ਏ ਭਵਿੱਖਤ ਦੀ ਸ਼ਮ੍ਹਾਂ ਤੇਰੇ ਲਈ ਹੁਣ ਭੀ । ਲਈ ਬੈਠਾ ਭਿਆਨਕ ਨ੍ਹੇਰੀਆਂ ਰਾਤਾਂ ਦੀ ਬੁੱਕਲ ਵਿਚ, ਸੁਨਹਿਰੇ ਸੁਫ਼ਨਿਆਂ ਦੀ ਲੋਅ, ਸਮਾਂ ਤੇਰੇ ਲਈ ਹੁਣ ਭੀ। ਨਿਮਾਣੀ ਜਿੰਦੜੀਏ ! ਨੀ ਜਿੰਦੜੀਏ ! ਤੂੰ ਮੰਨ ਨ ਮੰਨ ਹੁਣ ਭੀ, ਹਿਮਾਲੇ ਤੋਂ ਕਿਤੇ ਉੱਚੇ ਇਰਾਦੇ ਧਾਰ ਸਕਨੀ ਏਂ। ਪੁਰੇ ਦੀ ਠੁਮਕਦੀ ਠੰਢੀ ਹਵਾ ਦੇ ਵਾਂਗ ਤੂੰ ਹੁਣ ਭੀ, ਸਮੇਂ ਦੇ ਤਪ ਰਹੇ ਤਤੜੇ ਪਲਾਂ ਨੂੰ ਠਾਰ ਸਕਨੀ ਏਂ ।

ਜੀਵਨ ਦੀ ਪੀੜ ਨੂੰ

ਅਜੇ ਮੈਥੋਂ ਪਰਾਂ ਹਟ ਕੇ ਖਲੋ, ਜੀਵਨ ਦੀਏ ਪੀੜੇ, ਉਜਾਲੇ ਦੇ ਚਮਨ ਵਿੱਚੋਂ ਮੈਂ ਫੁਲ ਰਿਸ਼ਮਾਂ ਦੇ ਚੁਣਨੇ ਨੇ । ਭਵਿੱਖ-ਰਾਣੀ ਦੀਆਂ ਕਲਪਤਿ ਸੁਨਹਿਰੀ ਉਂਗਲੀਆਂ ਉੱਪਰ, ਮੈਂ ਸਤਰੰਗੀਆਂ ਉਮੰਗਾਂ ਦੇ ਡਲ੍ਹਕਦੇ ਚਿਤ੍ਰ ਖੁਣਨੇ ਨੇ । ਰਸੀਲੇ ਸੁਫ਼ਨਿਆਂ ਦੇ ਲਟਪਟੇ ਪੰਛੀ ਫੜਨ ਖ਼ਾਤਰ, ਮੈਂ ਨਸ਼ਿਆਂ ਵਿਚ ਗੰੜੂਦੀ ਕਲਪਨਾਂ ਦੇ ਜਾਲ ਉਣਨੇ ਨੇ । ਚੁਗਣ ਖ਼ਾਤਰ ਖ਼ਿਆਲਾਂ 'ਚੋਂ ਕਸਕ ਤੀਬਰ ਨਿਰਾਸ਼ਾ ਦੀ, ਮੈਂ ਮਨ-ਜਜ਼ਬੇ ਮਧੁਰ ਅਹਿਸਾਸ ਦੇ ਪੋਣੇ 'ਚੋਂ ਪੁਣਨੇ ਨੇ । ਅਲੌਕਿਕ ਮਸਤ ਰੂਹ-ਲਹਿਰਾਂ ਦੀ ਝਿਲਮਿਲ ਵਿਚ ਮੈਂ ਗੁੰਮ ਗੁੰਮ ਕੇ ਬਹਾਰਾਂ ਦੀ ਨਸ਼ੀਲੀ ਜਲ-ਪਰੀ ਦੇ ਰਾਗ ਸੁਣਨੇ ਨੇ । ਸਦਾ ਉਲਝੀ ਰਹੇ ਨ੍ਹੇਰਾਂ ਦੇ ਵਿੱਚੋਂ ਕਿਉਂ ਨਜ਼ਰ ਮੇਰੀ ? ਮੈਂ ਹਰ ਨ੍ਹੇਰੇ ਦੀ ਬੁੱਕਲ ਵਿਚ ਲੁਕੇ ਚੰਦ ਵਲ ਨਾ ਕਿਉਂ ਤੱਕਾਂ ਮੈਂ ਹਰ ਬਦਲੀ ਦੇ ਮੂੰਹ ਤੇ ਪਸਰੀਆਂ ਧੁੰਦਾਂ ਨੂੰ ਕਿਉਂ ਵੇਖਾਂ ? ਮੈਂ ਧੁੰਦਾਂ 'ਚੋਂ ਉਭਰਦੇ ਨੂਰ ਦੀ ਤੰਦ ਵਲ ਨਾ ਕਿਉਂ ਤਕਾਂ ? ਕਦਾਚਿਤ ਜ਼ਿੰਦਗੀ ਸੱਭੇ ਨ ਭਉਂਦੀ ਪਤਝੜਾਂ ਪਿੱਛੇ, ਕਦਾਚਿਤ ਚੰਨ-ਪਰੀ ਸੋਹੇ ਨ ਅੰਗਿਆਰਾਂ ਮਗਰ ਫਿਰਦੀ। ਸਦਾ ਸੋਚਾਂ ‘ਚ ਗੁੰਮ ਰਹਿਣਾਂ ਕਿਵੇਂ ਭਾਵੇ ਜੁਆਨੀ ਨੂੰ ? ਕਲੀ ਚੰਗੀ ਨਹੀਂ ਲਗਦੀ ਕਦੀ ਖ਼ਾਰਾਂ ਮਗਰ ਫਿਰਦੀ । ਮੈਂ ਰੁਖ ਸੱਕਾਂ ਗਾ ਥਿਰ ਕੀਕਣ ਚਮਕ ਅਪਣੇ ਵਿਚਾਰਾਂ ਦੀ, ਨਜ਼ਰ ਵਿਚ ਘੋਲ ਕੇ ਤੇਰੇ ਧੁੰਦਲਕੇ ਦੀ ਸਿਆਹੀ ਨੂੰ? ਲਟਾ ਲਟ ਬਲ ਰਹੇ ਦੀਵੇ ਦੀ ਪਰਕਰਮਾਂ ਲਈ ਸਿਕ ਕੇ, ਪਤੰਗਾ ਆਪ ਮੁਲ ਲੈਂਦੇ ਤੁਰਤ ਅਪਣੀ ਤਬਾਹੀ ਨੂੰ । ਇਨ੍ਹਾਂ ਕਾਰਣ ਜੁਆਨੀ ਦੀ ਤੜਪ ਵਿਚ ਜਿੰਦ ਤੇ ਹੈ ਭਾਵੇਂ, ਖ਼ਿਆਲੀ ਮ੍ਰਿਗ-ਜਲਾਂ ਦੇ ਰਾਂਗਲੇ ਧੋਖੇ ਨੇ ਰੰਗ ਰਲੀਆਂ। ਅਜੇ ਮੈਥੋਂ ਪਰ੍ਹਾਂ ਹਟ ਕੇ ਖਲੋ, ਜੀਵਨ ਦੀਏ ਪੀੜੇ । ਅਜੇ ਮੈਂ ਚੁਣਨੀਆਂ ਨੇ ਮਰਮਰੀ ਖ਼ਾਬਾਂ ਦੀਆਂ ਕਲੀਆਂ।

ਖ਼ਾਕ ਅਸੀਂ ਹਾਂ ਬੁੱਧੀਜੀਵੀ ?

ਗਿਆਨ ਜੋ ਅੰਤਰ-ਧਿਆਨ ਦੀ ਕੁੱਖੋਂ ਹੀ ਜੰਮਦਾ ਹੈ, ਆਪਨੇ ਤੀਕ ਹੀ ਸੀਮਤ ਹੈ ਤਾਂ ਕਿਸ ਕੰਮ ਦਾ ਹੈ ? ਮੂੜ੍ਹ ਚੁਗਿਰਦਾ, ਗੂੜ੍ਹ ਸਿਆਣਪ, ਗਰਮ ਤਵੇ ਤੇ ਜਿੱਦਾਂ ਡਿਗਣਾ ਛਿੱਟ ਕੁ ਜਲ ਦਾ ! ਬੰਦ ਸਰੋਵਰ ਦਾ ਧੁੱਪ ਨਾਲ ਤਰੱਕਦਾ ਪਾਣੀ ਕਦ ਮੁੜ ਕੇ ਨਿਰਮਲ ਹੁੰਦਾ ਹੈ ? ਕਾਈ ਦੇ ਜਾਲੇ 'ਚ ਰੁਲ ਖੁਲ ਜਾਣ ਸੁਗੰਧਾਂ, ਮਹਿਕ ਜੇ ਦੇਵੇ ਵੀ ਖਿੜ ਪੁੜ ਕੇ ਫੁੱਲ ਕੰਵਲ ਦਾ । ਦਿਹੁੰ ਚੜ੍ਹਦਾ ਹੈ, ਸੰਝ ਦਾ ਪਰਛਾਵਾਂ ਢਲਦਾ ਹੈ । ਹਰ ਸੰਤੁਸ਼ਟੀ ਨਾਲ ਅਧੂਰਾਪਣ ਪਲਦਾ ਹੈ। ਸਵੈ-ਅਭਿਮਾਨ ਦਾ ਰੋਗ ਅਵੱਲਾ, ਨਾ ਇਹ ਕੂੜ ਭਰਮ ਟੁਟ ਸਕੇ, ਨਾ ਸਵੈ-ਚਾਨਣ ਦਾ ਸੌਦਾਈ ਹੋਰ ਕਿਸੇ ਦਾ ਚਾਨਣ ਤੱਕੇ । ਹਰ ਪ੍ਰਾਣੀ ਹੈ ਕੱਲ-ਮੁਕੱਲਾ ਆਪਣੀ ਹੋਂਦ ਲਈ ਹੈ ਝੱਲਾ । ਬਿਨਾਂ ਸੰਞਾਣੇ ਇਕ ਦੂਜੇ ਨੂੰ ਜੀਵਨ ਦੇ ਕੰਢੇ ਤੋਂ ਟੁਟ ਕੇ ਭੁਰ ਜਾਂਦੇ ਹਾਂ । ਮੌਤ ਦੇ ਕਾਲੇ ਧੂਤ ਜਲਾਂ ਵਿਚ ਖੁਰ ਜਾਂਦੇ ਹਾਂ। ਰੇਗਿਸਤਾਨ ਸਹੀ ਇਹ ਜੀਵਨ ਪਰ ਇਸ 'ਚੋਂ ਕੁਝ ਕੁਝ ਚਿਰ ਮਗਰੋਂ ਥਾਂ ਥਾਂ ਕੂਲੀ ਨਰਮ ਕਰੂੰਬਲ ਵੀ ਫੁਟਦੀ ਹੈ । ਧਰਤੀ ਦੇ ਹੋਠਾਂ ਤੇ ਲੱਗੀ ਜ਼ਹਿਰੀਲੀ ਚੁਪ ਵੀ ਟੁਟਦੀ ਹੈ । ਕੁਝ ਕੁ ਨਿਪਤਰੇ ਰੁੱਖਾਂ ਉੱਪਰ ਕੋਮਲ ਕੋਮਲ ਪੱਤੀਆਂ ਉਂਗਲਾਂ ਵਾਂਗ ਵੀ ਜਾਪਣ । ਕਿਧਰੇ ਕਿਧਰੇ ਫੁੱਲ ਸੁਹਾਗਣ ਭੋਂ ਦੇ ਸਿਰ ਦੀ ਮਾਂਗ ਵੀ ਜਾਪਣ । ਪੀਲੇ ਭੂਕ ਸਮੇਂ ਦੇ ਮੂੰਹ ਤੇ ਮੁੜ ਮੁੜ ਭਖਦੀ ਲਾਲੀ ਦੇ ਭਾਂਬੜ ਵੀ ਮੱਚਣ । ਪਤਝੜ ਦੀ ਛਾਤੀ ਤੇ ਝਲੀਆਂ ਮਸਤ ਬਹਾਰਾਂ ਆਪ ਮੁਹਾਰੀ ਸੁੰਦਰਤਾ ਦਾ ਨਾਚ ਵੀ ਨੱਚਣ । ਕੀ ਇਹ ਸਭ ਕੁਝ ਸੱਚ ਨਹੀਂ ਹੈ ? ਦੁਖ ਤਾਂ ਇਹ ਹੈ, ਇਹ ਅਸਲੀਅਤ ਜਾਣਦਿਆਂ ਵੀ, ਜੀਵਨ ਵਿਚ ਏਨੀ ਸੁੰਦਰਤਾ ਮਾਣਦਿਆਂ ਵੀ, ਅੰਤਲੇ ਦਮ ਤਕ ਸੌਂਚ ਅਸੀਂ ਰੁਸ਼ਨਾ ਨਾ ਸਕੀਏ। ਮੁੱਠ ਕੁ ਤਨ ਦੀ ਖ਼ਾਕ ਨੂੰ ਜਦ ਮਹਿਕਾ ਨਾ ਸਕੀਏ, ਲੂੰ ਲੂੰ ਵਿਚ ਜਦ ਰਖ ਸਕੀਏ ਨਾ ਕਾਇਮ ਕੋਈ ਹੁਸਨ ਸਦੀਵੀ, ਖ਼ਾਕ ਅਸੀਂ ਹਾਂ ਬੁੱਧੀ-ਜੀਵੀ ?

ਚਾਂਦਨੀ : ਉਰਦੂ ਨਜ਼ਮ

ਯਿਹ ਮੰਡਲ ਕਾ ਸਾਗਰ ਉਜਾਲੇ ਕੀ ਕਫ਼1 ਸੇ ਸਿਤਾਰੋਂ ਕੇ ਉਭਰੇ ਹੂਏ ਬੁਲਬੁਲੇ ਸੇ ਕਿ ਸਹਿਮੀ ਹੂਈ ਰਾਤ ਕੇ ਸੁੰਦਰ ਆਂਸੂ ਹੈਂ ਛੁਟਕੀ ਹੂਈ ਚਾਂਦਨੀ ਮੇਂ2 ਘੁਲੇ ਸੇ ਆਓ ਕੇ ਬਾਰੀਕ ਆਂਚਲ ਕੇ ਓਝਲ ਝਪਕਤੇ ਹੈਂ ਆਂਖੇਂ ਦਿਏ3 ਚੁਲਬਲੇ ਸੇ ਉਠਾਏ ਕੁਛ ਊਪਰ ਕੋ ਚਾਂਦ ਅਪਨੀ ਠੋਡੀ ਉਸ ਊਂਚੀ ਪਹਾੜੀ ਕੇ ਪੀਛੇ ਖੜਾ ਹੈ ਝਲਕਤੇ ਧੁੰਦਲਕੇ ਕੀ ਗਹਿਰਾਈਓਂ ਮੇਂ ਇਕ ਐਸੀ ਅਨੋਖੀ ਹੰਸੀ ਹੰਸ ਰਹਾ ਹੈ ਕਿ ਹਰ ਝੂਮਤੇ ਪੇੜ ਕਾ ਪੱਤਾ ਪੱਤਾ ਉਜਾਲੇ ਕੇ ਧਾਗੋਂ ਮੇਂ ਲਿਪਟਾ ਹੂਆ ਹੈ ਵੋਹ ਝੁਕਤੀ ਹੂਈ ਟਹਿਨੀਆ ਅਪਨੀ ਜਾਨਿਬ ਇਸ਼ਾਰੋਂ ਸੇ ਮੁਝ ਕੋ ਲਾਤੀ ਹੈਂ ਸ਼ਾਇਦ ਵੋਹ ਬੈਕੁੰਠ ਕੀ ਨਾਜ਼ਨੀ4 ਅਪਸਰਾਏਂ5 ਜ਼ਮੀਂ ਕੋ ਥਪਕ ਕਰ ਸੁਲਾਤੀ ਹੈਂ ਸ਼ਾਇਦ ਸਰਕਤੀ ਹੁਈ ਪੱਤੀਓਂ ਕੋ ਹਵਾਏਂ ਮੁਹੱਬਤ ਕਾ ਝੂਲਾ ਝੁਲਾਤੀ ਹੈਂ ਸ਼ਾਇਦ ਮੁਝੇ ਐਸੇ ਧੱਕਾ ਸਾ ਹੋਤਾ ਹੈ ਜੈਸੇ ਮੈਂ ਆਕਾਸ਼ ਕੀ ਸਿਮਤ6 ਮੇਂ ਉੜ ਰਹਾ ਹੂੰ ਕਭੀ ਹਾਥ ਉਠਾਤਾ ਹੂੰ ਤਾਰੋਂ ਕੀ ਜਾਨਿਬ ਕਭੀ ਮੁੜ ਕੇ ਪਿਛਲੀ ਤਰਫ਼ ਦੇਖਤਾ ਹੂੰ ਮਿਰੇ ਹਰ ਤਰਫ਼ ਹੈ ਉਜਾਲੇ ਕੀ ਬਰਖਾ ਨਾ ਜਾਨੇ ਮੈਂ ਕਿਸ ਦੇਸ ਮੇਂ ਆ ਗਇਆ ਹੂੰ 1. ਝਗ 2. ਕਿਰਨਾਂ 3, ਦੀਵੇ 4. ਕੋਮਲ 5. ਪਰੀਆਂ 6 ਦਿਸ਼ਾ

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰਿੰਸੀਪਲ ਤਖ਼ਤ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ