ਪ੍ਰਿੰਸੀਪਲ ਤਖ਼ਤ ਸਿੰਘ ਜੀ ਦੀ ਕਾਵਿ-ਸਾਧਨਾ : ਗੁਰਭਜਨ ਗਿੱਲ
ਪ੍ਰਿੰਸੀਪਲ ਤਖ਼ਤ ਸਿੰਘ ਪੰਜਾਬੀ ਕਵਿਤਾ ਦਾ ਅਜਿਹਾ ਟਕਸਾਲੀ ਹਸਤਾਖ਼ਰ ਹੈ ਜਿਸ ਨੇ ਲਿਖੀ ਤਾਂ ਭਾਵੇਂ ਕਵਿਤਾ ਵੀ, ਪਰ ਇਕ ਗ਼ਜ਼ਲਕਾਰ ਵਜੋਂ ਉਹ ਵਧੇਰੇ ਸਰਬ ਪ੍ਰਵਾਨਤ ਹੋਇਆ। 1956 ਵਿਚ ਪਹਿਲੀ ਵਾਰ ਤਖ਼ਤ ਸਿੰਘ ਆਪਣੇ ਦੋ ਕਾਵਿ ਸੰਗ੍ਰਹਾਂ 'ਵੰਗਾਰ' ਤੇ 'ਕਾਵਿ ਹਿਲੂਣੇ' ਨਾਲ ਕਾਵਿ-ਦ੍ਰਿਸ਼ ਤੇ ਆਇਆ। ਇਸ ਤੋਂ ਨਿਕਟ ਦੇ ਦਸ ਵਰ੍ਹੇ ਉਹਦੀ ਸਿਰਜਣਾ ਪੰਜਾਬੀ ਤੇ ਉਰਦੂ ਵਿਚ ਸਮਾਨੰਤਰ ਚੱਲਦੀ ਰਹੀ। ਇਸ ਦੇ ਨਾਲ ਹੀ ਅਗਲੇ ਵਰ੍ਹੇ ਭਾਵ 1957 ਵਿਚ ਤਖ਼ਤ ਸਿੰਘ ਦਾ ਦੂਜਾ ਕਾਵਿ ਸੰਗ੍ਰਹਿ ‘ਹੰਭਲੇ' ਪ੍ਰਕਾਸ਼ਤ ਹੋਇਆ ਫ਼ੇਰ ਦੋ ਵਰ੍ਹੇ ਮਗਰੋਂ ਭਾਵ 1959 ਵਿਚ ਅਣਖ਼ ਦੇ ਫੁੱਲ ਪ੍ਰਕਾਸ਼ਤ ਹੋਈ। 1961 ਵਿਚ ਤਖ਼ਤ ਸਿੰਘ ਹੁਰਾਂ ਦੀ ਚੋਣਵੀਂ ਕਾਵਿ ਰਚਨਾ ਪ੍ਰੋ: ਉਜਾਗਰ ਸਿੰਘ ਜੀ ਦੀ ਸੰਪਾਦਨਾ ਹੇਠ ‘ਮਹਿਕਾਂ ਭਰੀ ਸਵੇਰ' ਨਾਮ ਹੇਠ ਪ੍ਰਕਾਸ਼ਤ ਹੋਈ। 1962 ਵਿੱਚ 'ਲਿਸ਼ਕੋਰਾਂ' ਨਾਮੀ ਪ੍ਰਥਮ ਗ਼ਜ਼ਲ ਸੰਗ੍ਰਹਿ ਛਪਿਆ। ਫੇਰ 12 ਵਰ੍ਹੇ ਲੰਮੀ ਚੁੱਪ ਮਗਰੋਂ 1974 ਵਿਚ ‘ਮੇਰੀ ਗ਼ਜ਼ਲ ਯਾਤਰਾ’ ਛਪੀ। 1980 ਵਿਚ 'ਗ਼ਜ਼ਲ ਕਾਵਿ’ ਛਪੀ ,ਜਿਸ ਨੂੰ ਮਗਰੋਂ ਉਨ੍ਹਾਂ ਨੇ ਲਹੂ ਦੀ ਵਰਖ਼ਾ ਨਾਮ ਹੇਠ ਵੀ ਛਾਪਿਆ। ਇੰਜ ਉਨ੍ਹਾਂ ਦੇ 7 ਸੰਪੂਰਨ ਕਾਵਿ ਸੰਗ੍ਰਹਿ ਸਾਡੀ ਵਿਚਾਰ ਦਾ ਆਧਾਰ ਖੇਤਰ ਬਣਦੇ ਹਨ।
ਉਰਦੂ ਵਿਚ ਉਨ੍ਹਾਂ ਦੀਆਂ ਤਿੰਨ ਰਚਨਾਵਾਂ ਖਲਿਸ਼ੇ ਅਹਿਸਾਸ (1965) ਸ਼ਬੇ ਉਰੀਆਂ(1969) ਅਤੇ ਵਜਦੋ ਹੈਰਤ (1985) ਛਪੀਆਂ ਹਨ। ਉਰਦੂ ਤੇ ਪੰਜਾਬੀ ਦੀ ਸਾਂਝੀ 30 ਵਰ੍ਹੇ ਲੰਮੀ ਕਾਵਿ-ਯਾਤਰਾ ਵਿਚ ਤਖ਼ਤ ਸਿੰਘ ਨੇ ਆਪਣੀ ਰਚਨਾ ਨੂੰ ਆਪਣੇ ਖ਼ੂਨ ਨਾਲ ਸਿੰਜਿਆ।
ਕਿਸੇ ਵੀ ਲੇਖਕ ਦੀ ਸਿਰਜਣਾ ਬਾਰੇ ਜਾਨਣ ਲਈ ਵਿਅਕਤੀ ਦੀ ਜੀਵਨ- ਧਾਰਾ ਬਾਰੇ ਜਾਨਣਾ ਜ਼ਰੂਰੀ ਹੁੰਦਾ ਹੈ। ਪ੍ਰਿੰਸੀਪਲ ਤਖ਼ਤ ਸਿੰਘ ਲਾਇਲਪੁਰ ਦੀ ਬਾਰ ‘ਚ ਜਨਮਿਆ, ਖੁੱਲ੍ਹੇ ਖੁਲਾਸੇ ਮਾਹੌਲ ਪਰ ਤੰਗਦਸਤ ਆਰਥਕਤਾ 'ਚ ਪਲਿਆ ਪੇਂਡੂ ਨੌਜਵਾਨ ਸੀ ਜਿਸ ਨੂੰ ਕਾਲਜ ਸਿੱਖਿਆ ਹਾਸਲ ਕਰਨ ਸਮੇਂ ਹੀ ਕਾਵਿ- ਰਚਨਾ ਕਰਨ ਦਾ ਸ਼ੌਕ ਪੈ ਗਿਆ। ਚੜ੍ਹਦੀ ਉਮਰੇ ਹੀ ਰੁਜ਼ਗਾਰ ਦੇ ਚੱਕਰਾਂ 'ਚ ਉਲਝ ਜਾਣ ਕਾਰਨ ਉਹ ਆਪਣੀ ਸਿਰਜਣਾ ਨੂੰ ‘ਪਹਿਲ’ ਨਾ ਦੇ ਸਕੇ। ਦੇਸ਼ ਦੀ ਵੰਡ ਵੀ ਇਸ ਸਮੱਰਥ ਸ਼ਾਇਰ ਪਾਸੋਂ ਕੋਈ ਬਲਵਾਨ ਰਚਨਾ ਨਾ ਕਰਵਾ ਸਕੀ। ਗੋਆ ਦੀ ਆਜ਼ਾਦੀ ਲਈ ਸ਼ਹੀਦ ਹੋਏ ਨਿੱਕੇ ਵੀਰ ਕਰਨੈਲ ਸਿੰਘ ਦੀ ਸ਼ਹਾਦਤ ਨੇ ਪ੍ਰਿੰਸੀਪਲ ਤਖ਼ਤ ਸਿੰਘ ਵਿਚਲੇ ਸ਼ਾਇਰ ਨੂੰ ਮੁੜ ਸੁਰਜੀਤ ਕਰ ਦਿੱਤਾ।
ਸਮਾਜ ਪ੍ਰਤੀ ਸੁਚੇਤ ਜ਼ਿੰਮੇਵਾਰੀ ਵਾਲੇ ਲੇਖਕ ਵਜੋਂ ਪ੍ਰਿੰਸੀਪਲ ਤਖ਼ਤ ਸਿੰਘ ਦਾ ਉਦੈ ਵੀ ਸ਼ਹੀਦ ਸਿੰਘ ਦੀ ਸ਼ਹਾਦਤ ਤੋਂ ਮਗਰੋਂ ਹੀ ਹੁੰਦਾ ਹੈ।
ਉਰਦੂ ਕਵਿਤਾ ਦੇ ਅਨੁਸ਼ਾਸਨ ਵਿਚ ਕਾਵਿ ਸਾਧਨਾ ਕਰਨ ਕਰਕੇ ਤਖ਼ਤ ਸਿੰਘ ਦੇ ਬੋਲਾਂ ਵਿਚ ਪੁਖ਼ਤਗੀ ਕਮਾਲ ਦਰਜ਼ੇ ਦੀ ਹੈ। ਉਹਦੀ ਗ਼ਜ਼ਲ ਦੇ ਬਹੁਤੇ ਸ਼ਿਅਰ ਸੂਤਰ ਰੂਪ ਵਿਚ ਕਥਨ ਵਾਂਗ ਸੁਣਾਉਣ ਵਾਲੇ ਹਨ। ਪੰਜਾਬੀ ਕਵਿਤਾ ਨੂੰ ਇਹ ਸਮਰਥਾ ਤਖ਼ਤ ਸਿੰਘ ਨੇ ਹੀ ਬਖਸ਼ੀ ਹੈ ਕਿ ਕੋਮਲ ਤੋਂ ਕੋਮਲ ਭਾਵ ਨੂੰ ਉਸਦੇ ਹਾਣ ਦੇ ਹੀ ਲਫ਼ਜ ਪਹਿਨਾਏ ਜਾਣ।
ਘੂਕ ਸੁੱਤਾ ਹਾਂ ਕਈ ਵੇਰਾਂ ਮੈਂ ਧੁੱਪੇ,
ਰੇਤ ਉਤੇ ਆਪਣਾ ਪਰਛਾਵਾਂ ਵਿਛਾ ਕੇ।
ਮੌਤ ਚਿੜੀ ਦੀ ਸ਼ੀਸ਼ੇ ਹੱਥੋਂ ਹੋਣੀ ਸੀ,
ਲੈ ਡੁੱਬਿਆ ਅੱਗ ਲੱਗਣਾ ਪਾਣੀ ਸ਼ੀਸ਼ੇ ਦਾ।
ਏਨਾ ਵੀ ਨਾ ਧੁਖਣਾ ਕਿ ਧੂੰਏਂ ਵਾਂਗ ਫਿਰੋਂ ਉਡਦੇ,
ਦਿਸੋਂ ਨਿਰੇ ਬੁੱਤ ਬਰਫ਼ ਦੇ, ਏਨਾ ਵੀ ਨਾ ਠਰ ਜਾਣਾ।
ਨਿਕਲਦੇ ਬੂਰ ਦਬੋਚੇ, ਹਨੇਰ ਸਾਈਂ ਦਾ
ਜੋ ਚਾੜ੍ਹਨਾ ਸੀ ਹਨੇਰੀ ਨੇ ਚੰਨ, ਚਾੜ੍ਹ ਗਈ।
ਪ੍ਰਿੰਸੀਪਲ ਤਖ਼ਤ ਸਿੰਘ ਨੇ ਆਪਣੀ ਰਚਨਾ ਰਾਹੀਂ ਮੰਨਵਾਇਆ ਕਿ ਕਿਸੇ ਵੀ ਭਾਸ਼ਾ ਦਾ ਕੋਈ ਵੀ ਸਾਹਿਤ ਰੂਪ ਕਦੇ ਓਪਰਾ ਨਹੀਂ ਹੁੰਦਾ ਜੇ ਉਸ ਸਾਹਿਤ ਰੂਪ ਨੂੰ ਉਹਦੇ ਹਾਣ ਦੀ ਪ੍ਰਤਿਭਾ ਮਿਲ ਜਾਵੇ। ਪੰਜਾਬੀ ਗ਼ਜ਼ਲ ਨੂੰ ਉਰਦੂ ਫ਼ਾਰਸੀ ਸਾਹਿਤ ਰੂਪ ਹੋਣ ਕਰਕੇ ਪੰਜਾਬੀ ਜਨ ਜੀਵਨ ਅਤੇ ਸਭਿਆਚਾਰ ਦੇ ਮੁਤਾਬਕ ਸਹੀ ਨਹੀਂ ਸੀ ਗਿਣਿਆ ਜਾਂਦਾ। ਤਖ਼ਤ ਸਿੰਘ ਜੀ ਨੇ ਗ਼ਜ਼ਲ ਦੇ ਹੱਕ ਵਿਚ ਮੋਰਚੇ ਬੰਦੀ ਕਰਨ ਦੀ ਥਾਂ ਆਪਣੀ ਸਿਰਜਣਾ ਰਾਹੀਂ ਇਹ ਤੱਥ ਮੰਨਵਾਇਆ ਕਿ ਗ਼ਜ਼ਲ ਦੀ ਰਚਨਾ ਪੰਜਾਬੀ ਮੁਹਾਵਰੇ, ਸੁਹਜ ਸੁਆਦ ਅਤੇ ਸਭਿਆਚਾਰ ਦੇ ਅਨੁਸਾਰ ਢਾਲ ਕੇ ਕੀਤੀ ਜਾ ਸਕਦੀ ਹੈ। ਬੌਧਿਕ ਚਿੰਤਨ ਅਤੇ ਲੋਕ ਚਿੰਤਨ ਨੂੰ ਇਕੋ ਜਿੰਨੇ ਸਮਰੱਥ ਅੰਦਾਜ਼ ਨਾਲ ਪੇਸ਼ ਕਰਕੇ ਤਖ਼ਤ ਸਿੰਘ ਜੀ ਨੇ ਗ਼ਜ਼ਲ ਸਿਨਫ਼ ਦਾ ਲੋਹਾ ਪੰਜਾਬੀ ਆਲੋਚਕਾਂ ਨੂੰ ਮੰਨਵਾਇਆ।
ਆਧੁਨਿਕ ਸੋਚ ਤੇ ਭਾਵ ਬੋਧ ਨੂੰ ਆਪਣੇ ਹਾਣ ਪ੍ਰਵਾਨ ਦਾ ਸਾਹਿਤ ਰੂਪ ਗ਼ਜ਼ਲ ਕਦੇ ਵੀ ਨਹੀਂ ਜਾਪਦਾ ਪਰ ਤਖ਼ਤ ਸਿੰਘ ਜੀ ਦੀ ਰਚਨਾ ਤੋਂ ਬਾਦ ਬਹੁਤੇ ਪੰਜਾਬੀ ਸ਼ਾਇਰਾਂ ਨੇ ਇਸ ਸਾਹਿਤ ਰੂਪ ਵਿਚ ਆਪਣੀ ਕਲਮ ਅਜ਼ਮਾਈ ਕਰਕੇ ਆਧੁਨਿਕ ਭਾਵ-ਬੋਧ ਵਾਲੀ ਸਿਰਜਣਾ ਕੀਤੀ ਹੈ।
ਜੇ ਆਪਣੇ ਆਪ ਦੀ ਹਊਮੈ ਦਾ ਆਸਰਾ ਨਾ ਮਿਲੇ
ਤਾਂ ਸਾਨੂੰ ਜੀਉਣ ਦੀ ਏਡੀ ਬੜੀ ਸਜ਼ਾ ਨਾ ਮਿਲੇ।
ਟੁੱਟੇ ਕਿਸੇ ਦਰੋਂ ਤਾਂ ਹੁੰਗਾਰੇ ਦੀ ਰੌਸ਼ਨੀ,
ਬੋਲਾ ਹੈ ਜਗ ਕਿ ਮੇਰੀਓ ਆਵਾਜ਼ ਬਹਿ ਗਈ।
ਮਧੋਲ ਕੇ ਵੀ ਤਾਂ ਕਿੰਨਾ ਕੁ ਚਿਰ ਭੰਵਰ ਮੈਨੂੰ,
ਕਿ ਮਨ ਦੀ ਮੌਜ ਸਾਂ ਮੈਂ ਫਿਰ ਵੀ ਉਠ ਖਲੋਣਾ ਸੀ
ਸਲੀਬੋਂ ਲਾਸ਼ ਨੂੰ ਛੇਤੀ ਉਤਾਰੋ,
ਕਿ ਮਰ ਕੇ ਵੀ ਅਜੇ ਸਿੱਧੀ ਖੜੀ ਹੈ।
ਕੋਈ ਦਸਤਕ ਤੇ ਦਸਤਕ ਦੇ ਰਿਹਾ ਸੀ।
ਮੈਂ ਜਦ ਦਰ ਖੋਲ ਕੇ ਡਿੱਠਾ, ਹਵਾ ਸੀ।
ਆਲ੍ਹਣਾ ਪੰਛੀ ਦਾ ਕੱਛੇ ਮਾਰ ਕੇ
ਵਾ ਵਰੋਲਾ ਕੀ ਪਤਾ ਕਿੱਧਰ ਗਿਆ
ਪ੍ਰਿੰਸੀਪਲ ਤਖ਼ਤ ਸਿੰਘ ਦੀ ਰਚਨਾ ਵਿਚੋਂ ਪੇਸ਼ ਇਹ ਟੁਕੜੀਆਂ ਇਸੇ ਗੱਲ ਦਾ ਹੁੰਗਾਰਾ ਹਨ ਕਿ ਉਨ੍ਹਾਂ ਨੇ ਆਪਣੀ ਰਚਨਾ ਰਾਹੀਂ ਗ਼ਜ਼ਲ ਦਾ ਵੱਖਰਾ ਕਾਵਿ- ਸ਼ਾਸਤਰ ਘੜਨ ਵਾਲੇ ਪਾਸੇ ਨਿਵੇਕਲੀਆ ਪੈੜਾਂ ਕੀਤੀਆਂ। ਪੰਜਾਬੀ ਕਵਿਤਾ ਨੂੰ ਅਜਿਹਾ ਸਾਹਿਤ ਰੂਪ ਦੇ ਦਿੱਤਾ ਜਿਸ ਦੀ ਸਿਰਜਣਾ ਹਾਲੇ ਗਿਣਵੇਂ ਬੰਦਿਆਂ ਦੇ ਹੱਥ 'ਚ ਹੀ ਝਿਜਕਦੀ ਝਿਜਕਦੀ ਪ੍ਰਵਾਨ ਚੜ੍ਹ ਰਹੀ ਸੀ। ਇਸ ਸਿਰਜਣਾ ਦੀ ਇਹ ਖ਼ੂਬੀ ਪ੍ਰਤੱਖ ਹੈ ਕਿ ਇਸਦਾ ਉਧਾਰ ਹਵਾ ਵਿਚ ਨਹੀਂ ਸਗੋਂ ਵਿਰਸੇ ਦੇ ਆਧਾਰ ਉੱਤੇ ਹੈ। ਇਸੇ ਕਰਕੇ ਪੰਜਾਬ ਦੇ ਵਾਤਾਵਰਣ ਦੇ ਦਰਸ਼ਨ ਇਨ੍ਹਾਂ ਗ਼ਜ਼ਲਾਂ ਵਿਚੋਂ ਵੀ ਉਵੇਂ ਹੀ ਹੁੰਦੇ ਹਨ ਜਿਵੇਂ ਬਾਕੀ ਪੰਜਾਬੀ ਕਵਿਤਾ ਵਿਚੋਂ।
ਪ੍ਰਿੰਸੀਪਲ ਤਖ਼ਤ ਸਿੰਘ ਰਵਾਇਤ ਜਾਂ ਪਰੰਪਰਾ ਵੱਲ ਪਿੱਠ ਕਰਕੇ ਜਾਂ ਮੂੰਹ ਕਰਕੇ ਨਹੀਂ ਖੜਾ ਸਗੋਂ ਸਮ-ਵਿੱਥ ਤੇ ਨਾਲ ਨਾਲ ਤੁਰ ਰਿਹਾ ਸਿਰਜਕ ਹੈ।
ਪ੍ਰਗਤੀ ਸ਼ੀਲ ਉਰਦੂ ਕਵੀਆਂ ਵਿਚ ਗਿਣਿਆ ਜਾਣ ਕਰਕੇ ਉਸ ਲਈ ਪੰਜਾਬੀ ਕਵਿਤਾ ਇਕ ਦਮ ਪ੍ਰਵਾਨ ਹੋਣਾ ਕੋਈ ਔਖਾ ਕਾਰਜ ਨਹੀਂ ਸੀ। ਆਪਣੇ ਸਿਰਜਣ ਅਨੁਭਵ ਨੂੰ ਭਾਸ਼ਾ ਪਰਿਵਰਤਨ ਨਾਲ ਹੀ ਤਖ਼ਤ ਸਿੰਘ ਨੇ ਪਰਿਵਰਤਿਤ ਕਰ ਲਿਆ। ਇਹ ਪਰਿਵਰਤਨ ਕਵਿਤਾ ਦੇ ਖੇਤਰ ਵਿਚ ਤਾਂ ਸੌਖਾ ਸੁਖ਼ਾਲਾ ਕਾਰਜ ਸੀ ਪਰ ਗ਼ਜ਼ਲ ਦੇ ਖੇਤਰ ਵਿਚ ਅਸਲੋਂ ਨਵਾਂ ਅਨੁਭਵ ਸੀ। ਉਰਦੂ ਗ਼ਜ਼ਲ ਵਿਧਾਨ ਦੀ ਬੰਧੇਜ ਮੰਨਦੇ ਹੋਏ ਵੀ ਲੋਕ-ਰੰਗ ਵਿਚ ਗ਼ਜ਼ਲ ਸਿਰਜਣਾ ਪੰਜਾਬੀ ਜ਼ਬਾਨ ਵਿਚ ਸਿਰਫ਼ ਪ੍ਰਿੰਸੀਪਲ ਤਖ਼ਤ ਸਿੰਘ ਜੀ ਦੇ ਜੀਵਨ ਕਾਲ ਵਿੱਚ ਉਨ੍ਹਾਂ ਦੇ ਹਿੱਸੇ ਹੀ ਆਈ। ਉਹ ਆਪਣੀ ਰਚਨਾ ਵਿਚ ਗ਼ਜ਼ਲ ਕਾਰ ਲੱਗਣ ਦੀ ਥਾਂ ਪੰਜਾਬੀ ਕਵੀ ਲੱਗਦੇ ਹਨ ਜਿਸ ਦੀ ਰਚਨਾ ਵਿਚ ਇਸ ਮਿੱਟੀ ਦੇ ਦੁਖ-ਸੁਖ, ਹਾਸੇ-ਗਮੀ, ਖੁਸ਼ੀਆਂ ਖੇੜੇ ਉੱਮ੍ਹਲ ਉੱਮ੍ਹਲ ਪਸਾਰਦੇ ਪ੍ਰਤੀਤ ਹੁੰਦੇ ਹਨ।
ਡਿੱਠਾ ਗੋਰਾ ਗੋਰਾ ਮੂੰਹ ਤਾਂ ਲੱਗਿਆ ਇਉਂ,
ਇਕੋ ਥਾਂ ਕਿੰਨੇ ਹੀ ਦੀਵੇ ਜਗਦੇ ਸਨ।
ਤੈਂ ਅਸਾਂ ਕਮਲਿਆਂ ਤੋਂ ਕੀ ਲੈਣੈਂ,
ਅਪਣੀ ਡਫ਼ਲੀ ਵਜਾ ਕੇ ਤੁਰਦਾ ਹੋ ।
ਉਹ ਹਵਾ ਝੁੱਲੀ ਕਿ ਕੁੱਬਾ ਹੋ ਗਿਆ।
ਬਿਰਖ਼ ਰਾਤੋ ਰਾਤ ਬੁੱਢਾ ਹੋ ਗਿਆ।
ਹੈ ਕੀ ਕੱਖਾਂ ਬਿਨਾਂ ਪੱਲੇ ‘ਚ ਤੇਰੇ,
ਹਵਾਏ ਨੀਂ ਫਿਰੇਂ ਕਿਹੜੀ ਹਵਾ ਵਿਚ।
ਪ੍ਰਿੰਸੀਪਲ ਤਖ਼ਤ ਸਿੰਘ ਦੀ ਰਚਨਾ ਵਿਚੋਂ ਲੰਘਦਿਆਂ ਕਿਤੇ ਵੀ ਅਜਿਹਾ ਨਹੀਂ ਲੱਗਦਾ ਕਿ ਸਮਕਾਲੀ ਕਵਿਤਾ ਤੋਂ ਇਹ ਨਾ ਵਾਕਿਫ਼ ਹੈ। ਆਪਣੇ ਸਮਕਾਲੀਆਂ ਨਾਲ ਸੰਵਾਦ ਰਚਾਉਣ ਦੀ ਥਾਂ ਆਪਣੇ ਇਕ ਪੁਰਖ਼ੀ ਕਾਫਲੇ ਵਿਚ ਉਹ ਖ਼ੁਦ ਹੀ ਸ਼ਾਮਲ ਹੈ। ਇਸੇ ਕਰਕੇ ਹੀ ਸ਼ਾਇਦ ਉਹਦੀ ਰਫ਼ਤਾਰ ਦੂਸਰੇ ਪੰਜਾਬੀ ਕਵੀਆਂ ਨਾਲੋਂ ਮੱਧਮ ਹੈ। ਹੁਣ ਤੀਕ ਬੇਪਛਾਣ ਰਹੀ ਹੈ। ਸਿਰਜਣਾ ਉਸ ਲਈ ਪ੍ਰਗਟਾਅ ਦਾ ਮਾਧਿਅਮ ਹੈ-ਸਮਾਜ ਸਾਧਨਾ ਵਾਲਾ ਯੰਤਰ ਨਹੀਂ। ਉਹ ਲੰਮਾ ਬਰਦਾਰ ਨਹੀਂ ਸਗੋਂ ਆਪਣੇ ਨਾਹਰੇ ਨੂੰ ਖ਼ੁਦ ਹੀ ਹੁੰਗਾਰਾ ਦੇਣ ਵਾਲਾ ਇਕ ਪੁਰਖੀ ਸੰਸਾਰ ਹੈ। ਪ੍ਰਿੰਸੀਪਲ ਤਖ਼ਤ ਸਿੰਘ ਦੀ ਰਚਨਾ ਕਿਸੇ ਰਚਨਾਕਾਰ ਦਾ ਸ਼ਾਬਦਿਕ ਆਡੰਬਰ ਨਹੀਂ ਸਗੋਂ ਖ਼ੁਦ ਨਾਲ ਕੀਤਾ ਅਰਥਵਾਨ ਵਾਰਤਾਲਾਪ ਹੈ। ਧਰਤੀ ਦਾ ਸੁਲੱਗ ਪੁੱਤਰ ਹੋਣ ਦਾ ਅਹਿਸਾਸ ਉਸਨੂੰ ਪ੍ਰਥਮ ਕਾਵਿ ਰਚਨਾ ਦੇ ਪ੍ਰਕਾਸ਼ਨ ਸਮੇਂ ਹੀ ਹੋ ਗਿਆ ਸੀ। ਜਦ ਉਸਨੇ ਲਿਖਿਆ ਸੀ :
“ਉਹ ਭਲਾ ਕਾਹਦੀ ਕਲਾ
ਜਿਹੜੀ ਸਦਾ ਮਹਿਲਾਂ ਨੂੰ ਚਿਤਰੇ"
ਕਲਾ ਦੇ ਮੰਤਵ ਬਾਰੇ ਸਪਸ਼ਟ ਸੋਚ ਲੈ ਕੇ ਤੁਰਦੇ ਪ੍ਰਿੰਸੀਪਲ ਤਖ਼ਤ ਸਿੰਘ ਦੀ ਆਵਾਜ਼ ਵਿਚ ਕਿਤੇ ਵੀ ਕੋਈ ਨਾਹਰਾ ਜੈਕਾਰੇ ਵਾਂਗ ਬੁਲੰਦ ਨਹੀਂ ਸਗੋਂ ਦੱਬਵੀਂ ਚੀਖ਼ ਵਰਗਾ ਅਹਿਸਾਸ ਹੈ। ਸ਼ਾਇਦ ਇੰਜ ਹੋਣ ਦਾ ਸ਼ਾਇਦ ਇਕੋ ਇਕ ਕਾਰਨ ਉਸਦੀ ਉਰਦੂ ਪਿੱਠ-ਭੂਮੀ ਹੈ। ਹਨ੍ਹੇਰੀ ਰਾਤ ਵਿਚ ਬਲਦੇ ਚਿਰਾਗਾਂ ਵਾਂਗ ਪ੍ਰਿੰਸੀਪਲ ਤਖ਼ਤ ਸਿੰਘ ਦੀਆਂ ਗ਼ਜ਼ਲਾਂ ਇਸ ਗੱਲ ਦੀ ਨਿਸ਼ਾਨਦੇਹੀ ਕਰਦੀਆਂ ਹਨ ਕਿ ਪ੍ਰਿੰਸੀਪਲ ਤਖ਼ਤ ਸਿੰਘ ਸੰਘਰਸ਼ ਸ਼ੀਲ ਲੋਕਾਂ ਦਾ ਹਮਦਰਦ ਤੇ ਬੁਲਾਰਾ ਹੈ।
ਲਿਤਾੜਦੇ ਵੀ ਤਾਂ ਕਿੰਨਾ ਕੁ ਚਿਰ ਭੰਵਰ ਮੈਨੂੰ,
ਕਿ ਮਨ ਦੀ ਮੌਜ ਸਾਂ, ਮੈਂ ਫਿਰ ਵੀ ਉੱਠ ਖਲੋਣਾ ਸੀ।
ਫ਼ਲ ਕਿਤੇ, ਕਿਧਰੇ ਤੁਸੀਂ, ਪੱਤੇ ਕਿਤੇ,
ਇਹ ਹਵਾ ਤਾਂ ਟਹਿਣੀਓ ਕਿਰਪਾਨ ਸੀ।
ਤੁਸੀਂ ਧਨੀ ਹੋ ਤਾਂ ਸਾਡੇ ਤਨਾਂ ਦੇ ਬੂਹੇ ਤੇ
ਲਹੂ ਦੇ ਦਾਨ ਲਈ ਝੋਲੀਆਂ ਪਸਾਰੋਗੇ।
ਪ੍ਰਿੰਸੀਪਲ ਤਖ਼ਤ ਸਿੰਘ ਨੇ ਆਪਣੀ ਰਚਨਾ ਵਿਚ ਕਿਤੇ ਵੀ ਮਨੁੱਖੀ ਸਮਰਥਾ ਨੂੰ ਪੂਰਣ-ਨਿਸ਼ਚਤ ਪੈਮਾਨੇ ਨਾਲ ਨਹੀਂ ਮਿਣਿਆ ਸਗੋਂ ਮਨੁੱਖ ਦੀ ਅਸੀਮ ਸਮਰਥਾ ਨੂੰ ਪ੍ਰੋ. ਪੂਰਨ ਸਿੰਘ ਵਾਂਗ ਚਿਤਰਿਆ ਹੈ। ਉਹਦੀਆਂ ਗ਼ਜ਼ਲਾਂ ਮਨੁੱਖ ਦੇ ਟੁਕੜੇ ਮਾਤਰ ਸੋਚ-ਟਾਪੂ ਨਹੀਂ ਸਗੋਂ ਹਰ ਸ਼ਿਅਰ ਇਕ ਲਿਸ਼ਕੰਦੜਾ ਸੰਸਾਰ ਹੈ ਜਿਸ ਦਾ ਆਪਣਾ ਹੀ ਜਲੌ ਹੈ। ਆਪਣੇ ਮਨ ਦੀ ਰੌਸ਼ਨੀ ਨਾਲ ਕਾਲੇ ਹਨ੍ਹੇਰੇ ਰਾਹਾਂ ਨੂੰ ਚਾਨਣ ਕਰਨ ਦੇ ਸਮੱਰਥ ਪ੍ਰਿੰਸੀਪਲ ਤਖ਼ਤ ਸਿੰਘ ਪੰਜਾਬੀ ਕਾਵਿ-ਮੰਡਲ ਦਾ ਅਜਿਹਾ ਰੌਸ਼ਨ ਮੀਨਾਰ ਬਣ ਗਿਆ ਹੈ ਜਿਸ ਦੀ ਸਿਰਜਣਾ ਸਮਕਾਲੀ ਯਥਾਰਥ ਨਾਲ ਸੰਵਾਦ ਰਚਾਉਣ ਦੇ ਨਾਲ ਨਾਲ ਭੂਤਕਾਲ ਅਤੇ ਭਵਿੱਖਤ ਨਾਲ ਵੀ ਰਿਸ਼ਤਾ ਜੋੜਦੀ ਹੈ।
ਏਦਾਂ ਉਡਾ ਕੇ ਲੈ ਗਈ ਅੱਗੇ ਵਧਣ ਦੀ ਰੀਝ,
ਤਕਦੀ ਹਵਾ ਵੀ ਮੇਰਿਆਂ ਪੈਰਾਂ ਨੂੰ ਰਹਿ ਗਈ।
ਇਸੇ ਬਲਾ ਦਾ ਇਸੇ ਕਹਿਰ ਦਾ ਤਾਂ ਰੋਣਾ ਸੀ।
ਪੁਲਾਂ ਬਿਨਾ ਅਸੀਂ ਅੱਗਾਂ ਤੋਂ ਪਾਰ ਹੋਣਾ ਸੀ।
ਕਰੋਗੇ ਰੌਸ਼ਨੀ ਕਿਸ ਕਿਸ ਗਗਨ ਦੀ ਛਤ ਹੇਠਾਂ,
ਗਗਨ ਅਨੰਤ ਨੇ ਜਦ, ਅੰਤ ਨੂੰ ਤਾਂ ਹਾਰੋਗੇ।
ਹਵਾ ਨੇ ਮਾਰਿਆ ਪਟਕਾ ਕੇ ਭੁੰਜੇ,
ਸਰੂ ਵੀ ਤਾਂ ਭਵਾਂ ਤਾਣੀ ਖੜ੍ਹਾ ਸੀ।
ਪ੍ਰਭਾਤ ਦੇ ਨੂਰ ਨਾਲ ਭਰਪੂਰ ਤਾਰਾ ਮੰਡਲ ਵਾਂਗ ਪ੍ਰਿੰਸੀਪਲ ਤਖ਼ਤ ਸਿੰਘ ਦੀਆਂ ਰਚਨਾਵਾਂ ਵਿਸ਼ੇਸ਼ ਝਲਕ ਅਤੇ ਚਮਕ ਨਾਲ ਰੂਹ ਸਰਸ਼ਾਰਦੀਆਂ ਹਨ। ਧਰਤੀ ਦੇ ਨੇੜੇ ਹੋਣ ਕਰਕੇ ਉਹਦੀ ਰਚਨਾ ਲੋਕਾਂ ਦੇ ਗ਼ਮਾਂ ਦੁੱਖਾਂ ਮੁਸੀਬਤਾਂ ਨਾਲ ਹੇਲ ਮੇਲ ਹੈ। ਜੀਵਨ-ਪੰਧ ਨਾਲ ਡੂੰਘੀ ਜਾਣ ਪਛਾਣ, ਕਠਿਨਾਈਆਂ ਅਤੇ ਦੁਸ਼ਵਾਰੀਆਂ ਨਾਲ ਵਾਕਫ਼ੀਅਤ ਇਸ ਦੀ ਰਚਨਾ ਵਿਚੋਂ ਵੀ ਥਾਂ ਪਰ ਥਾਂ ਲੱਭਦੀ ਹੈ।
ਇਹ ਚੇਤਨਾ ਪ੍ਰਥਮ ਕਾਵਿ ਪੁਸਤਕ ਤੋਂ ਹੀ ਤੁਰਦੀ ਹੈ
ਲੰਘ ਰਿਹਾਂ ਹਾਂ ਅੱਜ ਉਨ੍ਹਾਂ ਥਾਵਾਂ ਚੋਂ ਮੈਂ ਜਿਥੇ ਅਜੇ,
ਜ਼ਿੰਦਗਾਨੀ ਦੇ ਬੜੇ ਕੋਝੇ ਨਜ਼ਾਰੇ ਵੇਖਨਾਂ।
ਪੀ ਰਹੇ ਨੇ ਮਸਤ ਭੌਰੇ ਰੋਂਦੀਆਂ ਕਲੀਆਂ ਦਾ ਖ਼ੂਨ,
ਕਾਲਿਆਂ ਬੱਦਲਾਂ ਦੇ ਕਾਬੂ ਵਿਚ ਸਿਤਾਰੇ ਵੇਖਨਾਂ।
ਇਹੋ ਭਾਵਨਾ ਆਖਰੀ ਕਾਵਿ ਸੰਗ੍ਰਹਿ “ਲਹੂ ਦੀ ਵਰਖ਼ਾ" ਤੀਕ ਪੁੱਜ ਕੇ ਇੰਜ ਪ੍ਰਗਟ ਹੁੰਦੀ ਹੈ।
ਸੱਚ ਦੀ ਆਵਾਜ਼ ਸੂਲੀ ਤੇ ਟੰਗੀ ਮਿਲੇ।
ਰਾਂਗਲੀ ਸੋਚ ਸੱਪਾਂ ਦੀ ਡੰਗੀ ਮਿਲੇ।
ਹੁਣ ਤਾਂ ਰੱਬ ਆਪ ਵੀ ਸੋਚਦਾ ਹੋਏਗਾ,
ਸਿਰਜਿਆ ਸੀ ਮੈਂ ਸੰਸਾਰ ਕੀ ਸੋਚ ਕੇ।
ਪਹਿਲੇ ਤਿੰਨ ਕਾਵਿ ਸੰਗ੍ਰਹਾਂ ਵਿਚ ਪੇਸ਼ ਪ੍ਰਿੰਸੀਪਲ ਤਖ਼ਤ ਸਿੰਘ ਦੀਆਂ ਕਵਿਤਾਵਾਂ ਵਿਚ ਨਿਵੇਕਲਾਪਨ ਓਨਾ ਪ੍ਰਬਲ ਨਹੀਂ ਜਿੰਨਾ ਮਗਰਲੇ ਤਿੰਨ ਗ਼ਜ਼ਲ ਸੰਗ੍ਰਹਿਆਂ ਵਿਚ ਹੈ। ਕਾਵਿ ਸੰਗ੍ਰਹਿ ਤਾਂ ਸਮਕਾਲੀ ਕਵਿਤਾ ਵਾਲੇ ਰੰਗ ਦੇ ਹੀ ਰੰਗੇ ਪਏ ਹਨ। ਕੁਝ ਵੀ ਸਮਕਾਲੀ ਸ਼ਾਇਰੀ ਤੋਂ ਨਿਵੇਕਲਾ ਨਹੀਂ। ਵੰਨਗੀ ਮਾਤਰ ਇਕ ਲਿਖਤ ਦੇ ਅੰਸ਼ ਵੇਖੋ !
ਆਦਮ ਖਾਣੇ ਧਨਵਾਨਾਂ ਦੇ
ਘਿਣ ਉਪਜਾਊ ਵਿਹਲੇ ਸਾਹ।
ਜਿਵੇਂ ਸਲ੍ਹਾਭੀ ਰੂੜੀ ਦੇ ਦੰਮ ‘ਚੋਂ
ਉਠਣੇ ਪਈ ਭੜ੍ਹਦਾ।
ਆਪਣੀਆਂ ਕਵਿਤਾਵਾਂ-
‘ਸੁਨੇਹੇ ਦੇ ਉੱਤਰ ‘ਚ,
ਇਹ ਕੇਹਾ ਚੌਗਿਰਦਾ,
ਅੱਜ ਕੀਕਣ ਗਾਵਾਂ ਰਾਗ ਮੈਂ,
ਨਵਯੁਗ ਦਿਆ ਗੀਤਕਾਰਾ
ਵੰਗਾਰ,
ਮੈਥੋਂ ਪਹਿਲੀ ਜਹੀ ਪ੍ਰੀਤ ਨਾ ਤੂੰ ਮੰਗ ਨੀ ਆਦਿ ਕਵਿਤਾਵਾਂ ਕਿਸੇ ਵੀ ਤਰ੍ਹਾਂ ਨਿਵੇਕਲੀ ਲੀਕ ਨਹੀਂ ਵਾਹੁੰਦੀਆਂ ਸਗੋਂ ਕਿਸੇ ਨਾ ਕਿਸੇ ਸਮਕਾਲੀ ਸ਼ਾਇਰ ਦੀ ਪ੍ਰਤੀਧੁਨੀ ਦੀ ਜਾਪਦੀਆਂ ਹਨ। ਫ਼ੈਜ਼ ਅਹਿਮਦ ਫ਼ੈਜ਼ ਦੀ ਰਚਨਾ 'ਮੁਝ ਸੇ ਪਹਿਲੀ ਸੀ ਮੁਹੱਬਤ ਮੇਰੀ ਮਹਿਬੂਬ ਨਾ ਮਾਂਗ' ਦੀ ਪ੍ਰੀਤਧੁਨੀ “ਮੈਥੋਂ ਪਹਿਲੀ ਜਹੀ ਪ੍ਰੀਤ ਨਾ ਤੂੰ ਮੰਗ ਨੀਂ" ਵਿਚੋਂ ਸਾਫ਼ ਸਪਸ਼ਟ ਦਿਸਦੀ ਹੈ।
ਆਪਣੇ ਸਮਕਾਲੀ ਕਵੀ ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਾਵਾ ਬਲਵੰਤ, ਪ੍ਰੀਤਮ ਸਿੰਘ ਸਫ਼ੀਰ ਅਤੇ ਸੰਤੋਖ ਸਿੰਘ ਧੀਰ ਤੋਂ ਇਲਾਵਾ ਉਰਦੂ ਕਵੀਆਂ ਦੀਆਂ ਰਚਨਾਵਾਂ ਤੋਂ ਪ੍ਰੇਰਤ ਪ੍ਰਿੰਸੀਪਲ ਤਖ਼ਤ ਸਿੰਘ ਦੀਆਂ ਮੁੱਢਲੇ ਦੌਰ ਦੀਆਂ ਰਚਨਾਵਾਂ ਪੜ੍ਹ ਕੇ ਇਕ ਸਿਖਾਂਦਰੂ ਕਵੀ ਦੇ ਬੋਲ ਜਾਪਦੇ ਹਨ। ਵੰਨਗੀ ਵੇਖੋ :
ਧਨੀਆਂ ਨੇ ਖ਼ੂਨ ਮਜੂਰ ਦਾ,
ਅੱਜ ਤੁਪਕਾ ਤੁਪਕਾ ਚੋ ਲਿਆ।
ਬੇਕਿਰਕਾਂ ਵਧ ਕੇ ਕਲਮ ਨੂੰ,
ਕਵੀਆਂ ਦੇ ਹੱਥੋਂ ਖੋਹ ਲਿਆ।
ਛਾਤੀ ਤੇ ਫਿਰਦਾ ਵੇਖਨਾਂ,
ਅੱਜ ਕਾਲੇ ਕਾਲੇ ਨਾਗ ਮੈਂ।
ਨੀ ਚੰਨੀਏ ਤੇਰੀ ਪ੍ਰੀਤ ਦੇ,
ਅੱਜ ਕੀਕਣ ਗਾਵਾਂ ਰਾਗ ਮੈਂ।
ਸਿਧਾਂਤਕ ਤੌਰ ਤੇ ਆਪਣੀ ਗੱਲ ਮੰਨਵਾਉਣ ਲਈ ਸੁੱਚੇ ਭਾਵਾਂ ਨੂੰ ਕੁਰਬਾਨ ਕਰਨਾ ਮੁਢਲੇ ਦੌਰ ਵਿਚ ਤਖ਼ਤ ਸਿੰਘ ਦੀ ਸੀਮਾ ਰਿਹਾ ਹੈ। ਇਹ ਸੀਮਾ ਉਲੰਘ ਕੇ ਹੀ ਤਖ਼ਤ ਸਿੰਘ ਬੁਲੰਦ ਰੁਤਬੇ ਦਾ ਕਵੀ ਬਣ ਸਕਿਆ ਹੈ।
ਪ੍ਰਿੰ: ਤਖ਼ਤ ਸਿੰਘ ਦੀ ਰਚਨਾ ਵਿਚ ਆਰੰਭ ਤੋਂ ਅੰਤ ਤੀਕ ਜਿਹੜੀ ਸਿਫ਼ਤ ਸਭ ਤੋਂ ਪ੍ਰਬਲ ਰਹੀ ਹੈ ਉਹ ਇਹ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ਕਿਸੇ ਸ਼ਾਇਰ ਦੀ ਰਚਨਾ ਘੱਟ ਅਤੇ ਚਿਤਰਕਾਰ ਦੀ ਚਿਤਰਕਾਰੀ ਵੱਧ ਜਾਪਦੀਆਂ ਹਨ।
ਜਦੋਂ ਮੈਂ ਬਲਦਿਆਂ ਖੰਭਾਂ ਸਮੇਤ ਉੱਡਾਂਗਾ,
ਕਿਵੇਂ ਤਾਂ ਮੇਰੀ ਉਡਾਰੀ ਦਾ ਦੁੱਖ ਸਹਾਰੋਗੇ।
ਕਾਲੇ ਕਾਲੇ ਨੈਣ ਚਿਲਕਦੇ ਲਗਦੇ ਸਨ,
ਰਾਤੀਂ ਦੋ ਚਾਨਣ ਦੇ ਦਰਿਆ ਵਗਦੇ ਸਨ।
ਜ਼ਿੰਦਗੀ ਮੇਰੀ ਹਨ੍ਹੇਰੀ ਰਾਤ ਸੀ,
ਕੌਣ ਤਾਰੇ ਦੀਵਿਆਂ ਦੇ ਧਰ ਗਿਆ।
ਪ੍ਰਿੰਸੀਪਲ ਤਖ਼ਤ ਸਿੰਘ ਜ਼ਿੰਦਗੀ ਦੇ ਰੋਣੇ ਰੋਣ ਵਾਲਾ ਕਵੀ ਨਹੀਂ ਹੈ ਸਗੋਂ ਜੀਵਨ ਦੇ ਸਭ ਰੰਗਾਂ ਨੂੰ ਹੀ ਆਪਣੀ ਰਚਨਾ ਵਿਚ ਪਰੋ ਕੇ ਪਾਠਕਾਂ ਦੇ ਸਨਮੁਖ ਪੇਸ਼ ਕਰਨ ਵਾਲਾ ਸੁਜਿੰਦ ਕਵੀ ਹੈ। ਨਵੀਆਂ ਸੋਚਾਂ ਦੇ ਰੂ ਬ ਰੂ ਖਲੋਤਾ ਉਹ ਪੁਰਾਤਨਪੰਥੀ ਸ਼ਾਇਰ ਨਹੀਂ ਸਗੋਂ ਹਰ ਪੱਖੋਂ ਹੀ ਅਗਰਗਾਮੀ ਹੈ। ਉਹਦੀ ਕਵਿਤਾ ਦੇ ਸਾਂਚੇ ਵਿਚ ਅੰਬਰੀਂ ਉੱਡਦੇ ਪਰਿੰਦਿਆਂ ਦੀ ਪ੍ਰਵਾਜ਼ ਵੀ ਹੈ। ਡਾਚੀਆਂ ਦੀਆਂ ਟੱਲੀਆਂ ਦੀ ਟਿਣਕਾਰਵੀਂ ਆਵਾਜ਼ ਵੀ ! ਆਪਣੇ ਲੋਕ ਮਨ ਨੂੰ ਸਮਝਦੇ ਵਿਸ਼ਵਕੋਸ਼ੀ ਗਿਆਨ ਨੂੰ ਆਪਣੀ ਰਚਨਾ ਵਿਚ ਪਰੋ ਕੇ ਅਜਿਹਾ ਕਾਵਿ-ਮੰਡਲ ਸਿਰਜਦਾ ਹੈ ਜਿਸ ਨੂੰ ਪੜ੍ਹਕੇ ਪਾਠਕ ਹੈਰਾਨ ਰਹਿ ਜਾਂਦਾ ਹੈ। ਆਪਣੀ ਸਿਰਜਣਾ ਦੇ ਘੱਟ ਮੁੱਲ ਪੈਣ ਦਾ ਹੇਰਵਾ ਉਹਦੀ ਰਚਨਾ ਵਿਚ ਵੀ ਮਿਲਦਾ ਹੈ।
ਆਦਰ ਦੀ ਆਸ ਨਾ ਰਖ ਪੰਜਾਬੀਆਂ ਤੋਂ,
ਭਲਾ ਢੋਰ ਜਾਨਣ ਕੀ ਕੀਮਤ ਹੁਨਰ ਦੀ।
ਬੰਨੇ ਤੁਕਾਂ ‘ਚ ਮੋਤੀਆਂ ਵਰਗੇ ਖ਼ਿਆਲ ਮੈਂ,
ਕੌਡੀ ਦੇ ਮੁੱਲ ਵੇਚਿਆ ਲੱਖਾਂ ਦਾ ਮਾਲ ਮੈਂ।
ਹੱਸੋ ਨਾ ਮੇਰੇ ਗੋਦੜੀ ਵਰਗੇ ਸਰੀਰ ਤੇ,
ਤੱਕੋ ਕਿ ਗੋਦੜੀ ‘ਚ ਵੀ ਦਿਸਦਾ ਹਾਂ ਲਾਲ ਮੈਂ।
ਪਰ ਇਸ ਦਾ ਅਰਥ ਇਹ ਹਰਗਿਜ਼ ਨਹੀਂ ਹੈ ਕਿ ਪ੍ਰਿੰਸੀਪਲ ਤਖ਼ਤ ਸਿੰਘ ਅਣਗੌਲਿਆ ਕਵੀ ਸੀ। ਤਖ਼ਤ ਸਿੰਘ ਦੀ ਰਚਨਾ ਦਾ ਮੁਲਾਂਕਣ ਨਾ ਹੋ ਸਕਣ ਦਾ ਮੁੱਖ ਕਾਰਨ ਇਹੀ ਰਿਹਾ ਹੋਵੇਗਾ ਕਿ ਬਹੁਤੇ ਪੰਜਾਬੀ ਆਲੋਚਕ ਉਨ੍ਹਾਂ ਨੂੰ ਉਰਦੂ ਸ਼ਾਇਰ ਮੰਨ ਕੇ ਹੀ ਪੰਜਾਬੀ ਰਚਨਾ ਪੜ੍ਹਨ ਵੱਲ ਰੁਚਿਤ ਨਹੀਂ ਹੋਏ ਹੋਣਗੇ।
ਜਦੋਂ ਤਖ਼ਤ ਸਿੰਘ ਹੁਰੀਂ ਗ਼ਜ਼ਲ ਸਿਰਜਣ ਨੂੰ ਹੀ ਮੁਕੰਮਲ ਆਪਾ ਸਮਰਪਿਤ ਕਰ ਬੈਠੇ ਤਾਂ ਉਦੋਂ ਹਾਲੇ ਗ਼ਜ਼ਲ ਨੂੰ ਨਿਰੋਲ ਪੰਜਾਬੀ ਰੂਪ ਵਾਲੀ ਰਚਨਾ ਹੋਣ ਦਾ ਸਨਮਾਨ ਵੀ ਹਾਸਲ ਨਹੀਂ ਸੀ। ਇਹ ਵੀ ਲਾਜ਼ਮੀ ਨਹੀਂ ਕਿ ਕਿਸੇ ਸ਼ਾਇਰ ਦਾ ਮੁਲਾਂਕਣ ਜਾਂ ਅਧਿਐਨ ਉਹਦੇ ਜਿਉਂਦੇ ਜੀਅ ਹੀ ਹੋਵੇ। ਤਖ਼ਤ ਸਿੰਘ ਅਣਗੌਲਿਆ ਹੋਣ ਵਾਲਾ ਕਵੀ ਨਹੀਂ ਹੈ। ਆਪਣੇ ਬਹੁ-ਦਿਸ਼ਾਵੀ ਪਸਾਰ ਵਾਲੇ ਰਚਨਾ ਮੰਡਲ ਸਦਕਾ ਪ੍ਰਿੰਸੀਪਲ ਤਖ਼ਤ ਸਿੰਘ ਦੀ ਰਚਨਾ ਨਿਸ਼ਚੇ ਹੀ ਆਪਣਾ ਮੁਲਾਂਕਣ ਲਾਜ਼ਮੀ ਕਰਾਵੇਗੀ। ਹਾਲ ਦੀ ਘੜੀ ਏਨਾ ਕਹਿਣਾ ਹੀ ਕਾਫ਼ੀ ਹੈ ਕਿ ਪ੍ਰਿੰਸੀਪਲ ਤਖ਼ਤ ਸਿੰਘ ਆਪਣੇ ਅਜ਼ਮ ਨੂੰ ਲੈ ਕੇ ਤੁਰਿਆ ਇਕੱਲਾ ਮੁਸਾਫ਼ਰ ਸੀ ਜਿਸ ਦੇ ਹੱਥ ਵਿਚਲਾ ਝੰਡਾ ਉਹਦੇ ਬਗੈਰ ਕੋਈ ਹੋਰ ਨਾ ਫੜ ਸਕਿਆ। ਉਹਦੇ ਲਾਏ ਨਾਹਰੇ ਨੂੰ ਉਹ ਆਪੇ ਹੀ ਜ਼ਿੰਦਾ ਬਾਦ ਕਹਿੰਦਾ ਰਿਹਾ! ਕਿਸੇ ਸਿਰਜਕ ਦੀ ਏਦੂੰ ਵੱਡੀ ਪ੍ਰਾਪਤੀ ਹੋਰ ਕੀ ਹੋਵੇਗੀ ਕਿ ਉਹ ਪਹਿਲਾਂ ਹੋਏ ਕਿਸੇ ਹੋਰ ਵਰਗਾ ਨਾ ਹੋਵੇ, ਆਪਣੇ ਵਰਗਾ ਕਿਸੇ ਹੋਰ ਨੂੰ ਵੀ ਨਾ ਹੋਣ ਦੇਵੇ। ਅਜਿਹੀ ਮੌਲਿਕਤਾ ਨੂੰ ਸਲਾਮ ਕਰਨਾ ਹੀ ਬਣਦਾ ਹੈ। ਤਖ਼ਤ ਸਿੰਘ ਨਿਸ਼ਚੇ ਹੀ ਆਪਣੀ ਸਿਰਜਣਾ ਦੇ ਚੌਖਟੇ ‘ਚ ਹਾਲੇ ਇਕੱਲਾ ਬੈਠਾ ਹੈ ਜਿਸ ਦੇ ਨੇੜ ਤੇੜ ਪਹੁੰਚਣਾ ਕਿਸੇ ਹੋਰ ਪੰਜਾਬੀ ਕਵੀ ਦੀ ਸਮਰਥਾ ਨਹੀਂ ਹੈ।