ਪ੍ਰਿੰਸੀਪਲ ਤਖ਼ਤ ਸਿੰਘ ਤੇ ਪੰਜਾਬੀ ਗ਼ਜ਼ਲ : ਸੁਰਜੀਤ ਪਾਤਰ
ਪ੍ਰਿੰਸੀਪਲ ਤਖ਼ਤ ਸਿੰਘ ਨੇ ਪੰਜਾਬੀ ਗਜ਼ਲ ਨੂੰ ਆਤਮ-ਵਿਸ਼ਵਾਸ ਦਿੱਤਾ ਹੈ । ਕੁਝ ਆਲੋਚਕਾਂ ਦੇ ਤਿੱਖੇ ਵਿਰੋਧ ਅਤੇ ਕੁਝ ਕਵੀਆਂ ਦੇ ਸੰਕੋਚ ਦੇ ਬਾਵਜੂਦ ਪੰਜਾਬੀ ਗ਼ਜ਼ਲ ਗਿਣਤੀ ਤੇ ਗੁਣ ਪੱਖੋਂ ਹੁਣ ਇਸ ਯੋਗ ਹੋ ਗਈ ਹੈ ਕਿ ਪੰਜਾਬੀ ਕਵਿਤਾ ਦੇ ਇਤਿਹਾਸ ਵਿਚ ਇਸ ਦੀ ਥਾਂ ਬਣ ਸਕੇ। ਪੰਜਾਬ ਦੀ ਧਰਤੀ ਵਿਚ ਪੰਜਾਬੀ ਗ਼ਜ਼ਲ ਦਾ ਬੂਟਾ ਲੱਗਣ ਪਿੱਛੇ ਇਕ ਕਾਰਣ ਤਾਂ ਇਹ ਹੈ ਕਿ ਪੰਜਾਬੀ ਮਾਨਸਿਕਤਾ ਵਿਚ ਗ਼ਜ਼ਲ ਲਈ ਥਾਂ ਹੈ ਤੇ ਦੂਜਾ ਕਾਰਣ ਪ੍ਰਿੰਸੀਪਲ ਤਖ਼ਤ ਸਿੰਘ ਵਰਗੇ ਸਮਰੱਥ ਅਤੇ ਸਿਰੜੀ ਲੋਕ ਹਨ, ਜਿਨ੍ਹਾਂ ਨੇ ਪੰਜਾਬੀ ਗ਼ਜ਼ਲ ਨੂੰ ਨਾ ਸਿਰਫ਼ ਰੂਪਕ ਪੱਖੋਂ ਸਾਬਤ ਸਬੂਤ ਬਨਾਉਣ ਵਿਚ ਹਿੱਸਾ ਪਾਇਆ ਸਗੋਂ ਇਸ ਵਿਚ ਠੇਠ ਪੰਜਾਬੀ ਸ਼ਬਦ ਵੀ ਸਜਾਏ ਜਿਨ੍ਹਾਂ ਨੂੰ ਆਮ ਪੰਜਾਬੀ ਗ਼ਜ਼ਲਗੋ ਮੋਟੇ ਠੁਲ੍ਹੇ ਸਮਝ ਕੇ ਉਨ੍ਹਾਂ ਤੋਂ ਪਰਹੇਜ਼ ਹੀ ਕਰਦੇ ਹਨ । ਇਹ ਕਹਿਣਾ ਸਹੀ ਹੀ ਹੋਵੇ ਗਾ ਕਿ ਪ੍ਰਿੰਸੀਪਲ ਤਖ਼ਤ ਸਿੰਘ ਉਨ੍ਹਾਂ ਸ਼ਇਰਾਂ ਵਿੱਚੋਂ ਪ੍ਰਮੁਖ ਹੈ ਜਿਨ੍ਹਾਂ ਪੰਜਾਬੀ ਗ਼ਜ਼ਲ ਨੂੰ ਸਹੀ ਅਰਥਾਂ ਵਿਚ ‘ਗ਼ਜ਼ਲ’ ਵੀ ਬਣਾਇਆ ਤੇ ‘ਪੰਜਾਬੀ' ਵੀ ।
ਇਸ ਵਿਚ ਕੋਈ ਸੰਦੇਹ ਨਹੀਂ ਕਿ ਪ੍ਰਿੰਸੀਪਲ ਤਖ਼ਤ ਸਿੰਘ ਪੰਜਾਬੀ ਦਾ ਉਸਤਾਦ ਗ਼ਜ਼ਲਗੋ ਹੈ ਪਰ ਉਸ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ‘ਉਸਤਾਦ' ਹੋ ਕੇ ਵੀ ਸ਼ਾਇਰ ਪੱਖੋਂ ਨਵੀਨਤਾ ਅਤੇ ਪ੍ਰਯੋਗਸ਼ੀਲਤਾ ਦਾ ਪੱਖੀ ਰਿਹਾ ਹੈ । ਉਸ ਦੀ ਗ਼ਜ਼ਲ ਬਹਿਰਾਂ ਦੇ ਸੱਚੇ ਵਿਚ ਪਥਰਾਈ ਨਹੀਂ ਬਲਕਿ ਤੇਲ ਦੇ ਤੁਪਕਿਆਂ ਵਾਂਗ ਨਵੇਂ ਸੂਰਜ ਦੀ ਧੁੱਪ ਵਿਚ ਡਲਕਾਂ ਮਾਰਦੀ ਰਹਿੰਦੀ ਹੈ । ਏਹੀ ਕਾਰਣ ਹੈ ਕਿ ਪ੍ਰਿੰਸੀਪਲ ਤਖ਼ਤ ਸਿੰਘ ਦੀ ਗ਼ਜ਼ਲ ਰਚਨਾ ਬੇਹੀ ਨਹੀਂ ਹੋਈ । ਉਸ ਵਿਚ ਭਾਵਾਂ ਅਤੇ ਵਿਸ਼ਿਆਂ ਦੀ ਏਨੀ ਵੰਨ-ਸੁਵੰਨਤਾ ਹੈ ਕਿ ਉਹ ਹਰ ਉਮਰ ਵਿਚ ਸਾਨੂੰ ਸਾਡੇ ਹਾਣ ਦੀ ਲਗਦੀ ਹੈ । ਉਹ ਉਮਰੋਂ ਬਜ਼ੁਰਗ ਹੋ ਕੇ ਵੀ ਨਵਾਂ ਨਕੋਰ ਹੈ, ਆਧੁਨਿਕ ਹੈ, ਹਰ ਪਲ ਵਿਲੱਖਣ ਘਾੜਤ ਲਈ ਤਾਰੂ ਹੈ । ਇਸ ਗ਼ਜ਼ਲ ਦੇ ਸ਼ਿਅਰ ਦੇਖੋ :
ਇਵੇਂ ਖਿੰਡਾਂ ਗਾ ਜੇ ਝੱਖੜ ਦਾ ਰੂਪ ਧਾਰੋ ਗੇ ।
ਵਿਸ਼ਾਲ ਹੋਰ ਵੀ ਹੋਵਾਂ ਗਾ ਜੇ ਖਿਲਾਰੋ ਗੇ ।
ਪਤਾ ਸੀ ਮੈਨੂੰ ਜਦੋਂ ਲਿਸ਼ਕਿਆ ਸਾਂ ਸ਼ੀਸ਼ੇ ਵਾਂਗ,
ਤੁਸੀਂ ਖਿਝੋ ਗੇ ਤਾਂ ਪੱਥਰ ਮਾਰੋ ਗੇ ।
ਪਤਾ ਨਹੀਂ ਕਦੋਂ ਧੁੱਪਾਂ ਨੂੰ ਮੋੜਨੇ ਪੈ ਜਾਣ,
ਕਿਸੇ ਵੀ ਬਿਰਛ ਦੀ ਛਾਵੇਂ ਜੋ ਪਲ ਗੁਜ਼ਾਰੋ ਗੇ ।
ਜਦੋਂ ਮੈਂ ਬਲਦਿਆਂ ਖੰਭਾਂ ਸਮੇਤ ਉੱਡਾਂ ਗਾ,
ਕਿਵੇਂ ਤਾਂ ਮੇਰੀ ਉਡਾਰੀ ਦਾ ਦੁੱਖ ਸਹਾਰੋ ਗੇ ।
ਅਰੂਜ਼ ਪ੍ਰਿੰਸੀਪਲ ਤਖ਼ਤ ਸਿੰਘ ਲਈ ਹੁਣ ਕੋਈ ਉਚੇਚਾ ਜਾਂ ਸੁਚੇਤ ਬੰਧਨ ਨਹੀਂ ਰਿਹਾ। ਲਗਦਾ ਹੈ ਅਰੂਜ਼ ਉਸਦੀ ਗ਼ਜ਼ਲ ਦੇ ਪੈਰਾਂ ਲਈ ਬੇੜੀਆਂ ਨਹੀਂ ਪਾਜ਼ੇਬ ਬਣ ਗਿਆ ਹੈ । ਔਖੀ ਤੋਂ ਔਖੀ ਬਹਿਰ ਵਿਚ ਵੀ ਭਾਸ਼ਾ ਅਤੇ ਵਿਚਾਰ ਏਨੀ ਤਰਲਤਾ ਅਪਣਾ ਲੈਂਦੇ ਹਨ ਕਿ ਬਹਿਰ ਅਤੇ ਵਿਚਾਰ ਇਕ ਜਾਨ ਹੋਏ ਪ੍ਰਤੀਤ ਹੁੰਦੇ ਹਨ :
ਛੇਤੀ ਹੀ ਉਹ ਸਮੇਂ ਵੀ ਯਾਰੋ ਨੇ ਆਉਣ ਵਾਲੇ ।
ਤੋੜਨ ਗੇ ਆਪ ਸ਼ੀਸ਼ੇ, ਸ਼ੀਸ਼ੇ ਬਣਾਉਣ ਵਾਲੇ ।
ਕਲ੍ਹ ਦਾ ਪਤਾ ਨਹੀਂ, ਹੁਣ ਤੱਕ ਤਾਂ ਇਸ ਪਹੀ ਚੋਂ,
ਲੰਘੇ ਨੇ ਵਾਵਰੋਲੇ ਘੱਟਾ ਉਡਾਉਣ ਵਾਲੇ ।
ਜਦੀਦ ਉਰਦੂ ਨਜ਼ਮ ਵਿਚ ਪ੍ਰਿੰਸੀਪਲ ਤਖ਼ਤ ਸਿੰਘ ਦਾ ਬਹੁਤ ਉੱਚਾ ਮੁਕਾਮ ਹੈ। ਪੰਜਾਬੀ ਵਿਚ ਵੀ ਪ੍ਰਿੰਸੀਪਲ ਸਾਹਿਬ ਨੇ ਪ੍ਰਗਤੀਵਾਦੀ ਵਿਚਾਰਧਾਰਾ ਵਾਲੀਆਂ ਵਿਲੱਖਣ ਨਜ਼ਮਾਂ ਲਿਖੀਆਂ। ਨਜ਼ਮ ਨਾਲ ਇਸ ਸਾਂਝ ਸਦਕਾ ਹੀ ਪ੍ਰਿੰਸੀਪਲ ਤਖ਼ਤ ਸਿੰਘ ਦੀਆਂ ਕਈ ਗ਼ਜ਼ਲਾਂ ਮੁਸਲਸਲ ਗ਼ਜ਼ਲਾਂ ਹਨ ਅਤੇ ਇਕ ਵਿਸ਼ੇਸ਼ ਵਿਚਾਰ ਤੇ ਅਨੁਭਵ ਨਾਲ ਸ਼ੁਰੂ ਤੋਂ ਅਖ਼ੀਰ ਤੱਕ ਜੁੜੀਆਂ ਰਹਿੰਦੀਆ ਹਨ । ਵਿਚਾਰ ਅਤੇ ਅਨੁਭਵ ਨਾਲ ਵਫ਼ਾ ਨਿਭਾਉਣ ਕਰ ਕੇ ਹੀ ਪ੍ਰਿੰਸੀਪਲ ਤਖ਼ਤ ਸਿੰਘ ਨੇ ਪੰਜਾਬੀ ਗ਼ਜ਼ਲ ਨੂੰ ਅਨੇਕਾਂ ਅਜਿਹੇ ਸ਼ਿਅਰ ਦਿੱਤੇ ਹਨ ਜਿਹੜੇ ਬਹੁਤ ਕਲਾਮਈ ਵੀ ਹਨ ਤੇ ਤੱਥ-ਸੱਚ ਦੇ ਠੋਸ ਧਰਾਤਲ ਨਾਲ ਵੀ ਖਹਿੰਦੇ ਹਨ :
ਝੱਖੜ ਵਗੇ ਤਾਂ ਪਾ ਗਏ ਹਰ ਆਦਮੀ ਦਾ ਮੁੱਲ,
ਕੋਈ ਸੀ ਢੇਰ ਰੇਤ ਦਾ, ਕੋਈ ਚੱਟਾਨ ਵਾਂਗ ।
ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਪ੍ਰਿੰਸੀਪਲ ਤਖ਼ਤ ਸਿੰਘ ਦੀ ਇਤਿਹਾਸਕ ਮਹੱਤਤਾ ਹੈ। ਇਕ ਪਾਸੇ ਉਹ ਉਸਤਾਦ ਬਜ਼ੁਰਗ ਗ਼ਜ਼ਲਗੋਆਂ ਵਿਚ ਸਰਵ-ਸ਼੍ਰੇਸ਼ਟ ਰੁਤਬੇ ਦਾ ਧਾਰਣੀ ਹੈ, ਦੂਜੇ ਪਾਸੇ ਆਪਣੀ ਕਲਪਨਾ ਤੇ ਸੰਵੇਦਨਾ ਸਦਕਾ ਉਹ ਆਪਣੀਆਂ ਗ਼ਜ਼ਲਾਂ ਵਿਚ ਅਜਿਹੇ ਨਵੇਂ ਚਿੰਨ੍ਹ ਬਿੰਬ ਸਿਰਜਦਾ ਹੈ ਅਤੇ ਅਜਿਹੇ ਆਧੁਨਿਕ ਅਨੁਭਵਾਂ ਨੂੰ ਜ਼ਬਾਨ ਦਿੰਦਾ ਹੈ ਜੋ ਉਸ ਨੂੰ ਨਵਿਆਂ ਦਾ ਹਮਸਫ਼ਰ ਬਣਾਉਂਦੇ ਹਨ । ਪਰੰਪਰਾ ਦੇ ਚਿਰਾਗ਼ ਵਿਚ ਨਵੀਨਤਾ ਦੀ ਲੋਅ ਹੈ ਤੇ ਇਸ ਦੇ ਆਸੇ ਪਾਸੇ ਮਾਨਸਿਕ ਗਹਿਰਾਈਆਂ ਦਾ ਹਨੇਰਾ ਹੈ ਜੋ ਇਸ ਦੀ ਲੋਅ ਨੂੰ ਹੋਰ ਵੀ ਰਹੱਸਮਈ ਬਣਾਉਂਦਾ ਹੈ ।
ਇਸੇ ਇਤਿਹਾਸਕ ਮਹੱਤਤਾ ਕਾਰਣ ਉਸ ਦਾ ਨਾਮ ਉਸ ਚੱਟਾਨ ਤੇ ਡੂੰਘਾ ਉਕਰਿਆ ਹੋਇਆ ਹੈ ਜਿਸ ਨੂੰ ਸਮੇਂ ਦੇ ਝੱਖੜ ਸਹਿਜੇ ਕੀਤੇ ਨਹੀਂ ਮਿਟਾ ਸਕਦੇ ।
ਉਹ ਰੇਤ ਦਾ ਢੇਰ ਨਹੀਂ, ਸ਼ਿਲਾਲੇਖ ਹੈ ।