Punjabi Ghazals : Principal Takhat Singh

ਪੰਜਾਬੀ ਗ਼ਜ਼ਲਾਂ : ਪ੍ਰਿੰਸੀਪਲ ਤਖ਼ਤ ਸਿੰਘ



ਡੁਬ ਕੇ ਜੋ ਤਾਰੂ ਸਮੁੰਦਰ ਵਿਚ

ਡੁਬ ਕੇ ਜੋ ਤਾਰੂ ਸਮੁੰਦਰ ਵਿਚ ਕਿਤੇ ਰਹਿ ਜਾਣਗੇ। ਪਾਣੀਆਂ ਉੱਤੇ ਉਨ੍ਹਾਂ ਦੇ ਨਾਂ ਲਿਖੇ ਰਹਿ ਜਾਣਗੇ। ਪੰਛੀਆਂ ਉੱਪਰ ਤਾਂ ਲਾ ਦਿੱਤੇ ਤੂੰ ਪਹਿਰੇ, ਪਰ ਜੋ ਗੀਤ, ਚੜ੍ਹ ਗਏ ਪੌਣਾਂ ਦੇ ਮੂੰਹ, ਕੀ ਅਣ-ਸੁਣੇ ਰਹਿ ਜਾਣਗੇ? ਆਪਣੀ ਧੁਨ ਵਿੱਚ ਮਸਤ ਚੁੱਕਣਗੇ ਸਿਰਾਂ ਤੇ ਟੀਸੀਆਂ, ਸੰਸਿਆਂ ਮਾਰੇ ਗੁਫ਼ਾਵਾਂ ਵਿੱਚ ਤੜੇ ਰਹਿ ਜਾਣਗੇ। ਪਲ ਕੁ ਪੱਥਰ ਵਾਂਗ ਇਉਂ ਵੱਜਾਂਗਾ ਆਪਣੇ ਆਪ ਨੂੰ, ਫੁੱਲ ਅਚੰਭੇ ਵਿੱਚ ਜੁਗਾਂ ਤੀਕਰ ਪਏ ਰਹਿ ਜਾਣਗੇ। ਆਸ ਸੀ ਤੈਨੂੰ ਨ ਮੈਂ ਹੀ ਸੀ ਕਦੇ ਇਹ ਸੋਚਿਆ, ਫ਼ਾਸਿਲੇ ਸਾਡੇ ਵਿਚਾਲੇ ਵੀ ਅੜੇ ਰਹਿ ਜਾਣਗੇ। ਵਾਗ਼ ਛੱਡ ਦਿੱਤੀ ਗਈ ਢਿੱਲੀ ਜਦੋਂ ਤੂਫ਼ਾਨ ਦੀ, ਵੇਖੀਏ ਦੀਵੇ ਕਿਵੇਂ ਬੁਝਣੋਂ ਬਚੇ ਰਹਿ ਜਾਣਗੇ। ਇੱਕ ਅਗੰਮੀ ‘ਵਾਜ਼ ਖਿੱਚ ਏਨੀ ਮਨਾਂ ਨੂੰ ਪਾਏਗੀ, ਪੰਛੀਆਂ ਨੂੰ ਬਿਰਛ ਉਡਣੋਂ ਰੋਕਦੇ ਰਹਿ ਜਾਣਗੇ। ਮੇਰੇ ਸੁਪਨੇ ਹੂਬਹੂ ਪਾਣੀ ਦੇ ਸ਼ੀਸ਼ੇ ਵਾਂਗ ਸਨ, ਟੁਕੜੇ ਟੁਕੜੇ ਹੋਣਗੇ ਫਿਰ ਵੀ ਜੁੜੇ ਰਹਿ ਜਾਣਗੇ। ਸਾਡੇ ਸਿਰ, ਤੇ ਕਰਨ ਜੋ ਮੌਜਾਂ ਸਿਰੋਂ ਛੰਡੋ ਪਰ੍ਹਾਂ, ਆਪੇ ਮਜਬੂਰਨ ਹਵਾ ਵਿੱਚ ਚੀਖ਼ਦੇ ਰਹਿ ਜਾਣਗੇ। ਮਨਚਲੇ ਪੁੱਜ ਜਾਣਗੇ, ਆਕਾਸ਼ ਗੰਗਾ ਤੋਂ ਵੀ ਪਾਰ, ਸੋਚਦੇ ਰਹਿਣੈ ਜਿੰਨ੍ਹਾਂ ਨੇ ਸੋਚਦੇ ਰਹਿ ਜਾਣਗੇ।

ਅੱਗ ਵਾਂਗ ਉਸ ਦਾ ਲਹੂ

ਅੱਗ ਵਾਂਗ ਉਸ ਦਾ ਲਹੂ ਸ਼ਬਦਾਂ ‘ਚ ਜਦ ਖਿੱਲਰ ਗਿਆ। ਅਰਥ ਸਭ ਅਖ਼ਬਾਰ ਦੀ ਸੁਰਖ਼ੀ ਦੇ ਸਨ : ਉਹ ਮਰ ਗਿਆ। ਉੱਡਦਿਆਂ ਬੱਦਲਾਂ ਦੇ ਪਰਛਾਵੇਂ ਵੀ ਪੁੱਛਦੇ ਰਹਿ ਗਏ, ਸੀਸ ਜਿਸ ਨੂੰ ਨਿੱਤ ਨਿਵਾਉਂਦੇ ਸਾਂ ਅਸੀਂ, ਕਿੱਧਰ ਗਿਆ? ਉਸ ਦੇ ਮਨ ਦੀ ਰੌਸ਼ਨੀ ਹੀ ਉਸ ਨੂੰ ਲੈ ਡੁੱਬੀ, ਦਰੁਸਤ! ਪਰ ਸਮਾਂ ਦੱਸੇਗਾ, ਡੁੱਬ ਕੇ ਤਾਂ ਸਗੋਂ ਉਹ ਤਰ ਗਿਆ। ਅਣ-ਗਿਣਤ ਗੂੰਜਾਂ ‘ਚ ਵਿਸ ਘੋਲ਼ੇਗੀ ਹਰ ਆਉਂਦੀ ਸਦੀ, ਕਤਲ਼ ਤਾਂ ਦਿਲ ਦੇ ਖਰੇ ਬੋਲਾਂ ਨੂੰ ਕੋਈ ਕਰ ਗਿਆ। ਆਤਮਾ ਵਾਂਗ ਆਪ ਤਾਂ ਉਡ ਪੁਡ ਗਿਆ ਆਕਾਸ਼ ਵੱਲ, ਪਰ ਬਦਨ ਮਿੱਟੀ ਦਾ ਗੋਲ਼ੀ ਦੀ ਤਲੀ ਤੇ ਧਰ ਗਿਆ। ਕੀ ਖ਼ੁਦਾ ਆਪੀਂ ਵੀ ਬੇਬਸ ਸੀ, ਨਹੀਂ ਤਾਂ ਉਹ ਕਿਵੇਂ, ਇੱਕ ਘਿਨਾਉਣੇ ਪਾਪ ਨੂੰ ਚੁਪ ਚਾਪ ਏਦਾਂ ਜਰ ਗਿਆ। ਇੱਕ ਮੁਸਾਫ਼ਿਰ ਨੂੰ ਸਫ਼ਰ ਦਾ ਇਹ ਵੀ ਮਿਲਣਾ ਸੀ ਇਨਾਮ, ਉਸ ਨੂੰ ਖ਼ੁਦ ਰਸਤਾ ਹੀ, ਰਸਤਾ ਦੇਣ ਤੋਂ ਸੀ ਡਰ ਗਿਆ। ਕੇਵਲ ਇਸ ਕਰ ਕੇ ਉਦ੍ਹੇ ਸਿਰ ਤੋਂ ਦੀ ਪਾਣੀ ਵਗ ਤੁਰੇ, ਕਿਉਂ ਘਟਾ ਬਣ ਕੇ ਬਿਨਾ ਪੁੱਛੇ ਥਲਾਂ ਤੇ ਵਰ੍ਹ ਗਿਆ। ਕਤਲ਼ ਕੀ ਕੀਤਾ, ਸਮੁੰਦਰ ਵਿੱਚ ਬਦਲ ਦਿੱਤੀ ਨਦੀ, ਤੇਰਾ ਕੀ ਏ, ਤੂੰ ਕਦੇ ਚੜ੍ਹਿਆ ਕਦੇ ਉੱਤਰ ਗਿਆ। ਮੇਸ ਸਕੇਗਾ ਉਨ੍ਹਾਂ ਸ਼ਬਦਾਂ ਨੂੰ ਕੌਣ ਇਤਿਹਾਸ ‘ਚੋਂ, ਤੂੰ ਸਦੀਵ ਕਾਲ ਦਾ ਚਾਨਣ ਜਿਨ੍ਹਾਂ ਵਿੱਚ ਭਰ ਗਿਆ।

ਉਹ ਹਵਾ ਝੁੱਲੀ ਕਿ ਕੁੱਬਾ ਹੋ ਗਿਆ

ਉਹ ਹਵਾ ਝੁੱਲੀ ਕਿ ਕੁੱਬਾ ਹੋ ਗਿਆ। ਬਿਰਖ ਰਾਤੋ ਰਾਤ ਬੁੱਢਾ ਹੋ ਗਿਆ। ਸੈਨਤਾਂ ਕਰਦੀ ਕਿਰਨ ਬੁੱਝਦੀ ਫਿਰੇ, ਕੌਣ ਦਰ ਕਿੰਨਾ ਕੁ ਅੰਨ੍ਹਾ ਹੋ ਗਿਆ। ਸਿਰ ਜੁੜੇ ਛੱਲਾਂ ਦੇ ਇਉਂ ਜਦ ‘ਵਾ ਰੁਕੀ, ਮੂੰਹ ਤਲਾਅ ਦਾ ਫਿਰ ਤੋਂ ਸ਼ੀਸ਼ਾ ਹੋ ਗਿਆ। ਸੱਚ ਜਿਦ੍ਹਾ ਚੁਭਦਾ ਸੀ ਸਭ ਨੂੰ ਸੂਲ ਵਾਂਗ, ਉਹ ਸ਼ੁਦਾਅ ਸੂਲੀ ਨੂੰ ਪਿਆਰਾ ਹੋ ਗਿਆ। ਮੇਰੇ ਝਲਕਾਰੇ ਸੀ ਪਲ ਝਲ ਦੇ ਮਸੀਂ, ਸਿਰ ਤੋਂ ਵਗਦੀ ਅਗ ਦਾ ਦਰਿਆ ਹੋ ਗਿਆ। ਉਡ ਗਿਆ ਪੰਛੀ ਲਗਰ ਤੇ ਝੂਟ ਕੇ, ਮਨ ਦੇ ਸੁਫ਼ਨੇ ਵਾਂਗ ਸੁਫ਼ਨਾ ਹੋ ਗਿਆ।

ਪਲ ਭਰ ਹੀ ਆਪਣੇ ਆਪ ਵਿੱਚ

ਪਲ ਭਰ ਹੀ ਆਪਣੇ ਆਪ ਵਿੱਚ ਮੈਨੂੰ ਸਮੋ ਕੇ ਵੇਖ। ਤੂੰ ਆਪਣੇ ਆਪ ਦਾ ਤਾਂ ਹੈਂ ਮੇਰਾ ਵੀ ਹੋ ਕੇ ਵੇਖ। ਬੱਦਲ ਨੇ ਜਾਂ ਧੂੰਆਂ ਨੇ ਜਾਂ ਚਿਣਗਾਂ ਨੇ ਮਨ ਦੀਆਂ, ਹਾਉਕੇ ਦਮਾਂ ਦੀ ਡੋਰ ਵਿੱਚ ਇੱਕ ਦਿਨ ਪਰੋ ਕੇ ਵੇਖ। ਆਪਣੇ ਲਈ ਮੈਂ ਆਪ ਹੀ ਸੂਲੀ ਦੇ ਵਾਂਗ ਹਾਂ, ਮੈਂ ਕੌਣ ਹਾਂ, ਕਦੀ ਤਾਂ ਮੇਰੇ ਕੋਲ ਆ ਕੇ ਵੇਖ। ਬਹਿ ਕੇ ਪਰ੍ਹਾਂ ਹੀ ਵੇਖ ਨਾ ਗੋਰੇ ਸਰੀਰ ਵੱਲ, ਪੱਥਰ ਹੈ ਇਹ ਕਿ ਮੋਮ, ਰਤਾ ਨਹੁੰ ਖੁਭੋ ਕੇ ਵੇਖ। ਸਾਹਾਂ ਦੇ ਰੂਪ ਵਿੱਚ ਸਮਾਂ ਦਰਿਆ ਹੈ ਅੱਗ ਦਾ, ਵਾਲੋਂ ਮਹੀਨ ਪੁਲ਼ ਤੇ ਨਾ ਐਵੇਂ ਖਲੋ ਕੇ ਵੇਖ। ਇਥੇ ਕਠੋਰ ਕਹਿਕਹੇ ਚੀਕਾਂ ਨੂੰ ਚੂਸ ਜਾਣ, ਕੰਧਾਂ ਨੇ ਸਭ ਸਲਾਭੀਆਂ, ਮੁੜ ਘਿੜ ਨਾ ਰੋ ਕੇ ਵੇਖ। ਬੈਠੋਂ ਤੁੰ ਆਪਣੇ ਆਪ ਵਿੱਚ ਆਪਣੇ ਤੋਂ ਆਰ ਪਾਰ, ਤੇਰੇ ਜਿਹਾ ਏ ਹੋਰ ਵੀ ਸ਼ੀਸ਼ੇ ਨੂੰ ਧੋ ਕੇ ਵੇਖ।

ਅੱਜ ਸੂਲੀਆਂ ਦੇ ਸ਼ਹਿਰ ਹੈ ਰੌਣਕ ਗਲੀ ਗਲੀ

ਅੱਜ ਸੂਲੀਆਂ ਦੇ ਸ਼ਹਿਰ ਹੈ ਰੌਣਕ ਗਲੀ ਗਲੀ। ਖੱਫਣ ਹੈ ਸੀਸ ਸੀਸ ਤੇ, ਸਿਰ ਹੈ ਤਲੀ ਤਲੀ। ਸੁੱਟੀ ਜੋ ਰਮਜ਼ ਰੁੱਤ ਨੇ, ਹੈ ਕਿੰਨੀ ਭਲੀ ਭਲੀ, ਗਲ਼ ਨਾਲ ਲਾ ਕੇ ਭੌਰ ਨੂੰ, ਖ਼ੁਸ਼ ਹੈ ਕਲੀ ਕਲੀ। ਦੀਵਾ ਸੱਜਣ ਦੀ ਯਾਦ ਦਾ ਬੁਝਿਆ ਨਾ ਰਾਤ ਭਰ, ਰੌਸ਼ਨ ਰਹੀ ਸਵੇਰ ਤੱਕ ਦਿਲ ਦੀ ਗਲੀ ਗਲੀ। ਮਰਦੀ ਸੀ ਕੱਲ੍ਹ ਜੋ ਨਾਲ, ਪਰਾਇਆਂ ਦੇ ਟੁਰ ਗਈ, ਲੋਹੇ ਦੀ ਕੰਧ ਜਾ ਪਈ ਭੁੰਜੇ ਖਲੀ ਖਲੀ। ਡਿੱਠੇ ਦਿਲਾਂ ਦੇ ਦੀਪ ਜਦ ਕਰਦੇ ਬੁਝੂੰ ਬੁਝੂੰ, ਵੰਡੀ ਲਹੂ ਦੀ ਅੱਗ ਅਸਾਂ, ਸਭ ਨੂੰ ਪਲੀ ਪਲੀ। ਉਸ ਦਾ ਬਦਨ ਬਦਨ ਸੀ ਜਾਂ ਭਾਂਬੜ ਸੀ ਰੂਪ ਦਾ, ਜਾਪੇ ਅਜੇ ਵੀ ਹੱਥ ਦੀ ਹਰ ਉਂਗਲ ਬਲ਼ੀ ਬਲ਼ੀ। ਨੈਣਾਂ ‘ਚ ਨੂਰ ਦਾ ਡਲਾ ਹੱਸਦੀ ਨੇ ਭੰਨ ਲਿਆ, ਮੇਰੀ ਨਜ਼ਰ ਨੂੰ ਪੈ ਗਈ ਚੁਗਣੀ ਡਲੀ ਡਲੀ। ਕੁੱਕੜ ਦੀ ਪਹਿਲੀ ਬਾਂਗ ਨੇ ਵਰਜੀ ਉਦ੍ਹੀ ਉਡੀਕ, ਹੁਣ ਤਕ ਬਲ਼ਾ ਜੋ ਸਿਰ ਤੋਂ ਨਹੀਂ ਸੀ ਟਲ਼ੀ ਟਲ਼ੀ।

ਹਮਦਰਦ ਅਲੱਗ ਰੋਂਦੇ, ਬੇਗਾਨੇ ਵੱਖ ਹੱਸਦੇ

ਹਮਦਰਦ ਅਲੱਗ ਰੋਂਦੇ, ਬੇਗਾਨੇ ਵੱਖ ਹੱਸਦੇ। ਜੋ ਬੀਤੀ ਸਾਡੇ ‘ਤੇ, ਲੋਕਾਂ ਨੂੰ ਕੀ ਦੱਸਦੇ। ਬਚ ਰਹਿੰਦਾ ਬਾਗ ਕਿਵੇਂ, ਵਰ੍ਹਦੀ ਸੀ ਅੱਗ ਧੁੱਪ ਦੀ, ਫੁੱਲ ਕਿੱਥੇ ਜਾ ਲੁਕਦੇ, ਕਿੱਧਰ ਨੂੰ ਰੁੱਖ ਨੱਸਦੇ। ਸੱਧਰਾਂ ਦੇ ਗਲ਼ ਘੁੱਟਦੀ, ਰੀਝਾਂ ਦੇ ਪਰ ਕੱਟਦੀ, ਦੀਵਾਨੇ ਹੋਸ਼ ਦੀਆਂ, ਮੁਸ਼ਕਾਂ ਨਾ ਕਿਵੇਂ ਕੱਸਦੇ। ਪੈਰਾਂ ਦੇ ਜ਼ਖ਼ਮਾਂ ਵਿੱਚ, ਖ਼ੌਰੇ ਕੀ ਜਾਦੂ ਸੀ, ਕੰਡਿਆਂ ਦੀਆਂ ਨੋਕਾਂ ‘ਤੇ, ਡਿੱਠੇ ਮੈਂ ਫੁੱਲ ਹੱਸਦੇ। ਕਿੰਨਾ ਚਿਰ ਰੱਖ ਸਕਦਾ ਮੈਂ ਮੀਟ ਕੇ ਮੁੱਠੀ ਨੂੰ, ਚਾਨਣ ਦੇ ਜ਼ੱਰੇ ਵੀ, ਉਂਗਲਾਂ ਨੂੰ ਰਹੇ ਡੱਸਦੇ। ਕੀ ਦੱਸਾਂ ਕੀ ਮਿਲਿਆ ਕੱਲ੍ਹ ਰਾਤ ਦੀ ਮਿਲਣੀ ‘ਚੋਂ, ਕੁਝ ਆਪਣੀਓ ਵਿਹੁ ਚੂਸੀ, ਕੁਝ ਘੁੱਟ ਭਰੇ ਰਸ ਦੇ। ਆਸਾਂ ਨੇ ਬਾਂਝ ਉਵੇਂ, ਓਵੇਂ ਹੀ ਉਡੀਕਾਂ ਹਨ, ਖ਼੍ਵਾਬਾਂ ਦੇ ਸ਼ੀਸ਼ ਮਹੱਲ, ਉੱਜੜੇ ਨਾ ਰਹੇ ਵੱਸਦੇ।

ਆਸ ਸੀ ਦਮ ਲੈਣਗੇ ਕੰਧਾਂ ਨੂੰ ਢਾ ਕੇ

ਆਸ ਸੀ ਦਮ ਲੈਣਗੇ ਕੰਧਾਂ ਨੂੰ ਢਾ ਕੇ। ਸਿਰ ਫਿਰੇ ਪਰਤੇ ਘਰਾਂ ਨੂੰ ਸਿਰ ਭੰਨਾ ਕੇ। ਨਾ ਤਾਂ ਮਨ ਟਿਕ ਕੇ ਬਹੇ ਤਨ ਦੀ ਗੁਫ਼ਾ ਵਿੱਚ, ਨਾ ਹੀ ਤਨ ਥਾਂ ਸਿਰ ਮਰੇ ਮਨ ਵਿੱਚ ਸਮਾ ਕੇ। ਜਾਚਣੈਂ ਮੇਰੀ ਬੁਲੰਦੀ ਨੂੰ ਤਾਂ ਤੱਕੋ, ਮੇਰਾ ਪਰਛਾਵਾਂ ਪਵੇ ਕਿੱਥੇ ਕੁ ਜਾ ਕੇ। ਸੀਤ ਠੰਢੀ ਛਾਂ ਉਨ੍ਹਾਂ ਥੱਲੇ ਹੀ ਲੱਭੀ, ਬਿਰਛ ਜੋ ਧੁੱਪੀਂ ਪਲੇ ਅੰਗਿਆਰ ਖਾ ਕੇ। ਕੁਝ ਕੁ ਸ਼ੀਸ਼ੇ ਰੋੜ ਖਾ ਕੇ ਵੀ ਨਾ ਭੱਜੇ, ਹਾਰ ਕੇ ਭੱਜੇ ਵੀ ਤਾਂ ਕਿਰਚਾਂ ਖਿੰਡਾ ਕੇ। ਮੈਂ ਤਾਂ ਕਲਮੂੰਹਾ, ਗਿਆ ਪੁਣਿਆ ਤਾਂ ਦੁੱਖ ਕੀ, ਚੰਦ ਕਿਉਂ ਛੱਟੇ ਗਏ ਛੱਜਾਂ ‘ਚ ਪਾ ਕੇ। ਕੀੜਿਆਂ ਨੇ ਰੇਤ ਤੇ ਸੁਪਨੇ ਉਲੀਕੇ, ‘ਵਾ ਨੇ ਜਦ ਵਾਚੇ ਤਾਂ ਮੇਸੇ ਤਾ ‘ਚ ਆ ਕੇ।

ਕਿਵੇਂ ਨਜ਼ਰ ’ਤੇ ਹਨੇਰੇ ਦੀ ਚਾਨਣੀ ਤਣਦੀ

ਕਿਵੇਂ ਨਜ਼ਰ ’ਤੇ ਹਨੇਰੇ ਦੀ ਚਾਨਣੀ ਤਣਦੀ ਰਹੀ ਲਿਟਾਂ ਚੋਂ ਉਦ੍ਹੇ ਮੁਖ ਦੀ ਰੋਸ਼ਨੀ ਛਣਦੀ ਅਸੀਂ ਮਿਲੇ, ਨ ਮਿਲੇ ਖੁਲ੍ਹ ਕੇ ਸਾਡੇ ਪਰਛਾਵੇਂ ਕਿ ਸਾਡੇ ਦੋਵਾਂ ਵਿਚਾਲੇ ਸੀ ਕੰਧ ਚਾਨਣ ਦੀ ਸੁਣਾਂ ਜੋ ਵਾਜ ਮੈਂ, ਹੋਣੀ ਏ ਮੇਰੀਓ ਛਾਂ ਦੀ ਇਸੇ ਨੂੰ ਬਾਣ ਹੈ ਧੁੱਪਾਂ ’ਤੇ ਇੰਝ ਹੱਸਣ ਦੀ ਨ ਆਉਂਦਾ ਭੈ ਕਿਵੇਂ ਵਿਹੜੇ ਦੇ ਬਿਰਛ ਤੋਂ ਰਾਤੀਂ ਕਿ ਟਾਣ੍ਹ ਟਾਣ੍ਹ ਸੀ ਤਸਵੀਰ ਨਾਗ ਦੇ ਫਣ ਦੀ ਬੁਝਾਇਆ ਆਪ ਮੈਂ ਦੀਵਾ ਤਾਂ ਮੇਰੇ ਸਾਏ ’ਤੇ ਧੜਾਮ ਦੇਣੇ ਗਿਰੀ ਕੰਧ ਬੁਝਦੇ ਚਾਨਣ ਦੀ ਨ ਕਿਓਂ ਮੈਂ ਸੋਚ ਦੇ ਖੰਭਾਂ ’ਤੇ ਦੂਰ ਤਕ ਉੱਡਾਂ ਕਿ ਭਾਲ ਮੈਨੂੰ ਹੈ ਤੇਰੀ ਮਹਿਕ ਦੇ ਕਣ ਕਣ ਦੀ ਗ਼ਮਾਂ ਦਾ ਸ਼ਹਿਰ ਹੈ, ਪਹਿਰੇ ਨੇ ਜਬਰ ਦੇ ਥਾਂ ਥਾਂ ਗਲੀ ਗਲੀ ’ਚ ਹੈ ਸਿਰ ਸਿਰ ’ਤੇ ਪੰਡ ਮਣ ਮਣ ਦੀ

ਜਾਪਿਆ, ਡਿੱਠੀ ਜਦੋਂ ਹਿਕ ਨਾਲ ਲਾ ਕੇ

ਜਾਪਿਆ, ਡਿੱਠੀ ਜਦੋਂ ਹਿਕ ਨਾਲ ਲਾ ਕੇ । ਪੌਣ ਆਈ ਹੈ ਕਿਤੋਂ ਅੰਗਿਆਰ ਖਾ ਕੇ । ਸੋਚ ਵਿਚ ਮੱਧਮ ਜਿਹਾ ਚਾਨਣ ਹੈ ਥਾਂ ਥਾਂ, ਕੌਣ ਮੇਰੇ ਮਨ ਦੀਆਂ ਵਿਰਲਾਂ 'ਚੋਂ ਝਾਕੇ ? ਦਿਲ 'ਚ ਜਦ ਨ੍ਹੇਰਾ ਹੈ ਏਨਾ, ਕਿਉਂ ਨ ਤਾਰੇ, ਢੇਰ ਸਾਰੇ ਪੀ ਲਵਾਂ ਅੱਖਾਂ 'ਚ ਪਾ ਕੇ । ਇਹ ਕਿਰਨ ਚੰਗੀ ਏ ਜੋ ਮੇਰੀ ਹੀ ਛਾਵੇਂ, ਬਹਿ ਗਈ ਪੱਲੇ ’ਚ ਇਉਂ ਸੂਰਜ ਲੁਕਾ ਕੇ। ਦੇ ਗਿਆ ਉਹ ਹੋਰ ਵੀ ਸੰਘਣੇ ਹਨੇਰੇ, ਪਲ ਕੁ ਬਿਜਲੀ ਵਾਂਗ ਲਿਸ਼ਕਾਰਾ ਵਿਖਾ ਕੇ । ਇਹ ਅਜਬ ਹੰਝੂ ਨੇ ਇਉਂ ਜੋ ਰਹਿਣ ਸੁਤੇ, ਦਿਨ ਚੜ੍ਹੇ ਤਕ ਮੇਰੀਆਂ ਪਲਕਾਂ ਵਿਛਾ ਕੇ । ਜੇ ਟੁਰਾਂ, ਜਾਪੇ, ਕੁਈ ਸੱਚੀਂ ਏ ਪਿੱਛੇ, ਕੁਝ ਨ ਲੱਭੇ ਮੈਂ ਜੇ ਵੇਖਾਂ ਮੂੰਹ ਭੁਆ ਕੇ ।

ਲੰਘ ਕੇ ਵੇਂਦ੍ਹਾ ਸਿਰ ਤੋਂ ਪਾਣੀ ਸ਼ੀਸ਼ੇ ਦਾ

ਲੰਘ ਕੇ ਵੇਂਦ੍ਹਾ ਸਿਰ ਤੋਂ ਪਾਣੀ ਸ਼ੀਸ਼ੇ ਦਾ ! ਮੇਰਾ ਪਰਛਾਵਾਂ ਸੀ ਹਾਣੀ ਸ਼ੀਸ਼ੇ ਦਾ। ਅੰਬਰ ਦੇ ਤਾਰੇ ਸਿੰਨ੍ਹੀ ਬੈਠੇ ਨੇ ਰੋੜ, ਚੰਨ ਫਿਰੇ ਕਿਉਂ ਸੀਨਾ ਤਾਣੀ ਸ਼ੀਸ਼ੇ ਦਾ। ਡਿੱਠਾ ਆਪਣਾ ਆਪ ਮੈਂ ਤੇਲ ਦੇ ਤੁਪਕੇ ਵਿਚ ! ਵੇਖ ਲਿਆ ਮੂੰਹ ਸ਼ੀਸ਼ੇ ਥਾਣੀ ਸ਼ੀਸ਼ੇ ਦਾ। ਮੇਰਾ ਪਰਛਾਵਾਂ ਤਕ ਉਸ 'ਚੋਂ ਦਿਸਦਾ ਸੀ। ਉਸ ਗੋਰੀ ਦਾ ਜਿਸਮ ਸੀ ਜਾਣੀ ਸ਼ੀਸ਼ੇ ਦਾ ! ਮੌਤ ਚਿੜੀ ਦੀ ਸ਼ੀਸ਼ੇ ਹੱਥੋਂ ਹੋਣੀ ਸੀ, ਲੈ ਡੁਬਿਆ ਅਗ-ਲਗਣਾ ਪਾਣੀ ਸ਼ੀਸ਼ੇ ਦਾ ! ਚਖ ਚਖ ਵੇਖੇ ਸ਼ੀਸ਼ਾ ਵੀ ਤਾਂ ਹੁਸਨ ਦਾ ਸ਼ਹਿਤ, ਦ ਜੇ ਗੋਰੀ ਜਾਵੇ ਮਾਣੀ ਸ਼ੀਸ਼ੇ ਦਾ ! ਇਹ ਮੇਰੀ ਗਰਦਨ 'ਤੇ ਕਿਸਦਾ ਚਿਹਰਾ ਏ ? ਸ਼ਕਲ ਕਲੇਜਾ ਜਾਵੇ ਛਾਣੀ ਸ਼ੀਸ਼ੇ ਦਾ। ਅਪਣੇ ਆਪ ਨੂੰ ਤੱਕਣ ਦੀ ਜਦ ਲੱਗੇ ਤ੍ਰੇਹ ਮੰਗੇ ਪਾਣੀ, ਰੂਪ ਦੀ ਰਾਣੀ, ਸ਼ੀਸ਼ੇ ਦਾ।

ਸਮਾਂ ਕਵੀਆ ਹੈ ਨ੍ਹੇਰੀ ਰਾਤ ਨੂੰ

ਸਮਾਂ ਕਵੀਆ ਹੈ ਨ੍ਹੇਰੀ ਰਾਤ ਨੂੰ ਵੰਗਾਰ ਸੁੱਟਣ ਦਾ। ਕਲਾ ’ਚੋਂ ਪਹੁ-ਫੁਟਾਲੇ ਦੀ ਕਰੂਮਲ ਵਾਂਗ ਫੁੱਟਣ ਦਾ। ਕਿਸੇ ਦੇ ਆਗਮਨ ਦੀ ਝਾਕ ਨੇ ਦਮ ਤੋੜਿਆ ਇਕੂੰ, ਪਏ ਜੀਕਰ ਭੁਲੇਖਾ ਜਿੰਦ ਨੂੰ ਰਗ ਰਗ ਦੇ ਟੁੱਟਣ ਦਾ । ਸਜਨ ਤੇਰੀ ਰਸੀਲੀ ਮੁਸਕੁਰਾਹਟ ਦੇ ਮੈਂ ਕੁਰਬਾਨੇ। ਇਰਾਦਾ ਤਾਂ ਨਹੀਂ ਕਿਧਰੇ ਕਿਸੇ ਦੇ ਦਿਲ ਨੂੰ ਲੁੱਟਣ ਦਾ ? ਫਿਰੇ ਹੁਣ ਤੀਕ ਮੈਨੂੰ ਟੋਲਦੀ ਮੰਜ਼ਿਲ, ਰਤਾ ਤੱਕੋ, ਨਤੀਜਾ ਨਿੰਹੁ ਦੇ ਪਥ ਵਿਚ ਭੁਲ ਭੁਲੇਖੇ ਪੈਰ ਪੁੱਟਣ ਦਾ। ਮਨਾਂ ਜੇ ਲੋੜਨੈਂ ਸੋਝੀ ਦੀ ਲੋ ਤਾਂ ਜਾਚ ਸਿਖ ਪਹਿਲਾਂ ਉਦ੍ਹੇ ਨੈਣਾਂ ਦੀ ਛੂਹ ਨੂੰ ਦਿਲ ਦੀਆਂ ਬਾਹਾਂ 'ਚ ਘੁੱਟਣ ਦਾ। ਮੁਬਾਰਕ ਨ੍ਹੇਰਿਆਂ ਵਿਚ ਫਾਥੀਓ ਕਿਰਣੋ ਕਿ ਆ ਪੁੱਜਾ, ਸਮਾਂ ਓੜਕ ਕੁਪੱਤੇ ਕੂੜ ਦੀ ਹਉਂ ਦੇ ਨਿਖੁੱਟਣ ਦਾ। ਪਿਆ ਸਿੱਧੀ ਨਜ਼ਰ ਵਿਚ ਢਾਲ ਕੇ ਮੁਸਕਾਨ ਅੱਖੀਆਂ ਦੀ, ਕਿ ਭੈ ਉੱਕਾ ਨਹੀਂ ਤਕਣੀ ਦੀ ਇਸ ਬੋਤਲ ਦੇ ਟੁੱਟਣ ਦਾ।

ਆਖਣ ਨੂੰ ਤਾਂ ਵਸਦਾ ਹਾਂ ਮੈਂ

ਆਖਣ ਨੂੰ ਤਾਂ ਵਸਦਾ ਹਾਂ ਮੈਂ ਆਪ ਸਦਾ ਅੰਦਰ । ਸੋਚਾਂ ਤਾਂ ਭਟਕਦਾ ਹਾਂ... ਬੇਅੰਤ...ਖਲਾ ਅੰਦਰ । ਕਲਬੂਤ ਦੇ ਕੁੱਜੇ ਵਿਚ ਸੁਪਨੇ ਦਾ ਸਮੁੰਦਰ ਹੈ, ਪ੍ਰਾਣਾਂ ਦਾ ਜਗੇ ਦੀਵਾ ਸਾਹਾਂ ਦੀ ਹਵਾ ਅੰਦਰ । ਵੇਖੋ ਨ ਅਲੱਗ ਕਰ ਕੇ ਮੈਥੋਂ ਹੀ 'ਕਲਾ ਮੇਰੀ, ਮੇਰੇ ’ਚ ਕਲਾ ਵੱਸੇ, ਵੱਸਾਂ ਮੈਂ ਕਲਾ ਅੰਦਰ । ਆਕਾਰ ਹਾਂ ਮਿੱਟੀ ਦਾ, ਸ਼ੀਸ਼ੇ ਦਾ ਕਲੇਜਾ ਹਾਂ, ਕਿਉਂ ਬੰਦ ਕਰੇਂ ਮੈਨੂੰ ਪੱਥਰਾਂ ਦੀ ਗੁਫ਼ਾ ਅੰਦਰ? ਪੱਲ ਪੱਲ ਨੂੰ ਪਏ ਪੀਣੀ ਵਿਹੁ ਕਾਲੀਆਂ ਛਿੱਟਾਂ ਦੀ, ਤਰਦਾ ਏ ਹਨੇਰਾ ਜਦ ਚਾਨਣ ਦੇ ਤਲਾ ਅੰਦਰ । ਰੱਖ ਅੱਖ ਨ ਮੇਰੇ 'ਤੇ, ਢੇਰੀ ਹਾਂ ਸੁਗੰਧਾਂ ਦੀ, ਹੱਥ ਆਵਾਂ ਕਿ ਨਾ ਆਵਾਂ, ਖਿੰਡਿਆ ਜੇ ਖ਼ਲਾ ਅੰਦਰ । ਨਜ਼ਰਾਂ ਦਾ ਭੁਲੇਖਾ ਹੈ ਜਾਂ ਸੱਚੀਂ ਹੀ ਵਿਸ ਘੋਲਣ, ਕੁਝ ਟਿਮਕਣੇ ਕਾਲਖ ਦੇ, ਹਰ ਜ਼ਰਦ ਸੁਆ ਅੰਦਰ । ਪਰਛਾਂਵਿਓਂ ਦਰ ਦਿਲ ਦਾ ਕਿਉਂ ਮੱਲ ਕੇ ਬੈਠੇ ਹੋ? ਲੰਘ ਆਉਣ ਦਿਓ ਕੁਝ ਤਾਂ ਬਾਹਰ ਦੀ ਹਵਾ ਅੰਦਰ । ਥੱਬਾ ਕੁ ਲਿਟਾਂ ਵਾਲੀ ਹੱਸੀ ਸੀ ਜਦੋਂ ਖਿੜ ਖਿੜ, ਬਿਜਲੀ ਜਹੀ ਲਿਸ਼ਕੀ ਸੀ ਘਨਘੋਰ ਘਟਾ ਅੰਦਰ । ਲੱਗਾ ਸੀ ਇਵੇਂ, ਜਿੱਕੂੰ ਮੈਂ ਅੰਬ ਹਾਂ ਟਪਕੇ ਦਾ, ਜਦ ਘੋਲ ਲਿਆ ਤੇਰੇ ਬੋਲਾਂ ਦਾ ਰਸਾ ਅੰਦਰ । ਸਹੁੰ ਕਾਲਿਆਂ ਨੈਣਾਂ ਦੀ, ਸੁਰਮੇ ਦੀ ਕਟੋਰੀ ਵਿਚ ਜਿੰਨਾ ਵੀ ਉਜਾਲਾ ਸੀ, ਮੈਂ ਡੋਲ੍ਹ ਲਿਆ ਅੰਦਰ ।

ਕਣ ਕਣ ਨੂੰ ਦੇ ਰਹੀ ਹੈ ਸੁਨੇਹਾ

ਕਣ ਕਣ ਨੂੰ ਦੇ ਰਹੀ ਹੈ ਸੁਨੇਹਾ ਹਵਾ ਨਵਾਂ, ਥਾਂ ਥਾਂ ਖਿੰਡਾਉਂਦਾ ਆ ਗਿਆ ਮਹਿਕਾਂ ਵਰ੍ਹਾ ਨਵਾਂ । ਸਜਰੇ ਵਰ੍ਹੇ ਦੇ ਢੁਕਵੇਂ ਸਵਾਗਤ ਲਈ ਕਿਵੇਂ ? ਪੰਛੀ ਬਜਾ ਰਹੇ ਨੇ ਆਰਕੈਸਟਰਾ ਨਵਾਂ। ਪੱਲ ਪੱਲ ਦੀ ਬੂੰਦ ਬੂੰਦ ਚੋਂ ਛਲਕੇਗੀ ਇਉਂ ਮਿਠਾਸ, ਮਾਰੇਗਾ ਠਾਠਾਂ ਰਸ ਦਾ ਸਮੁੰਦਰ ਜਿਹਾ ਨਵਾਂ । ਹੋਵੇ ਤਾਂ ਹੋਵੇ ਕਿਸ ਤਰਾਂ ਪੈਦਾ ਖ਼ਲਾ ਨਵਾਂ, ਆਸਾਂ ਉਸਾਰ ਲੈਣ ਹਵਾਈ ਕਿਲਾ ਨਵਾਂ । ਕੱਲ੍ਹ ਤਕ ਸੀ ਪਿਛਲਾ ਸਾਲ ਲਹਾ ਦੇ ਵਹਾਉ ਵਿਚ, ਸਜਰੇ ਵਰ੍ਹੇ ਦੀ ਰੋਸ਼ਨੀ ਵਿਚ ਹੈ ਚੜ੍ਹਾ ਨਵਾਂ । ਬੀਤੇ ਵਰ੍ਹੇ ਨੂੰ ਲੈ ਵੜੀ ਕਾਲੀ ਗੁਫ਼ਾ 'ਚ ਰਾਤ, ਖੰਭਾਂ 'ਤੇ ਧਰ ਕੇ ਆਏ ਫ਼ਰਿਸ਼ਤੇ ਖ਼ੁਦਾ ਨਵਾਂ । ਮੰਨਦਾ ਹਾਂ ਬੀਤੇ ਸਾਲ ਦਾ ਅਪਣਾ ਹੀ ਸ੍ਵਾਦ ਸੀ, ਪਰ ਇਸ ਨਵੇਂ ਵਰ੍ਹੇ ਦਾ ਹੈ ਆਪਣਾ ਮਜਾ ਨਵਾਂ। ਭਾਲਣਗੇ ਖ਼ਾਬ ਸੋਚ ਦੀ ਕਾਲੀ ਚਿੜੀ ਲਈ, ਕਿਰਨਾਂ ਦੇ ਤੀਲਿਆਂ ਦਾ ਕਿਤੋਂ ਆਲ੍ਹਣਾਂ ਨਵਾਂ । ਦਿਲ ਦੀ ਇਹੋ ਹੈ ਕਾਮਨਾ ਦੁਨੀਆਂ ਦੇ ਵਾਸੀਓ, ਜਾਪੇ ਇਹ ਆਉਂਦਾ ਸਾਲ ਤੁਹਾਨੂੰ ਸਦਾ ਨਵਾਂ।

ਕੁਈ ਦਸਤਕ ਤੇ ਦਸਤਕ ਦੇ ਰਿਹਾ ਸੀ

ਕੁਈ ਦਸਤਕ ਤੇ ਦਸਤਕ ਦੇ ਰਿਹਾ ਸੀ । ਮੈਂ ਜਦ ਦਰ ਖੋਲ੍ਹ ਕੇ ਡਿੱਠਾ, ਹਵਾ ਸੀ। ਕਦੇ ਹੱਸੇ, ਕਦੇ ਰੋਵੇ ਜੋਂ ਝੱਲਾ, ਅਜੇ ਪਿਛਲੇ ਵਰ੍ਹੇ ਚੰਗਾ ਭਲਾ ਸੀ। ਅਜੇ ਵੀ ਸੀ ਨਦੀ ਉਂਗਲ ਕੁ ਹੇਠਾਂ, ਝੁਕੀ ਟਹਿਣੀ ਨੂੰ ਕੀ ਪਾਣੀ ਦਾ ਭਾ ਸੀ? ਥਲੋਂ ਖੋਟੀ ਸੀ ਹੁਣ ਤਾਂ ਉਹ ਅਭਾਗਣ, ਬਦਨ ਜਿਸ ਦਾ ਕਦੀ ਦਰਿਆ ਜਿਹਾ ਸੀ। ਕਿਸੇ ਦੇ ਨੈਣ ਇਉਂ ਉਡ ਕੇ ਮਿਲੇ ਸਨ, ਜਿਵੇਂ ਮੈਨੂੰ ਯੁਗਾਂ ਤੋਂ ਜਾਣਦਾ ਸੀ । ਸਮਾਂ ਪਾ ਕੇ ਅਸੀਂ ਓਥੇ ਵੀ ਅਪੜੇ, ਮੈਂ ਜਿੱਥੇ ਬੁਤ ਜਿਹਾ ਸੀ, ਉਹ ਖੁਦਾ ਸੀ। ਫਸੀ ਹੈ ਜਿੰਦ ਚਿੰਤਾ ਦੇ ਭੰਵਰ ਵਿਚ, ਨ ਲੈ ਡੁੱਬੇ ਕਿਤੇ ਜੀ ਦੀ ਉਦਾਸੀ। ਜੜ੍ਹਾਂ ਤਕ ਪੀ ਗਈ ਹੈ ਬਿਰਖ ਦਾ ਰਸ, ਅਜੇ ਵੀ ਵੇਲ ਹੈ ਪਿਆਸੀ ਦੀ ਪਿਆਸੀ ।

ਝੀਲ 'ਚ ਕਾਲੇ ਲੇਖਾਂ ਵਾਲਾ

ਝੀਲ 'ਚ ਕਾਲੇ ਲੇਖਾਂ ਵਾਲਾ ਓਥੇ ਹੀ ਡੁਬ ਮੋਇਆ, ਜਿੱਥੇ ਚੰਨ ਦਾ ਤਰਦਾ ਸ਼ੀਸ਼ਾ ਕਿਰਚਾਂ ਕਿਰਚਾਂ ਹੋਇਆ । ਜਦ ਵੀ ਡਿੱਠਾ, ਬਿਰਛ ਦੇ ਸਿਰ 'ਤੇ ਭਾਰ ਸੁੱਕੇ ਪੱਤੇ, ਬਿਰਖ ਦੇ ਸਿਰ ਤੋਂ ਲਾਹ ਕੇ ਸਾਰਾ ਭਾਰ ਹਵਾ ਨੇ ਢੋਇਆ । ਇਸ ਬੇਕਿਰਕ ਦੇ ਲਾਗੇ ਬੈਠਾ ਲੱਖ ਮੈਂ ਫੁਟ ਫੁਟ ਕੇ ਰੋਇਆ, ਪਰ ਭਿੱਜਾ ਨਾ ਮੇਰੇ ਪਰਛਾਵੇਂ ਦੀ ਅੱਖ ਦਾ ਕੋਇਆ। ਜੋ ਵੀ ਵਾਉ-ਵਰੋਲੇ ਅੱਗੇ ਅੜਿਆ, ਉਹੀਓ ਤੀਲ੍ਹਾ ਉਡਦੇ ਘੱਟੇ ਦੀ ਮਖਿਆਲੀ ਤੰਦ ’ਚ ਗਿਆ ਪਰੋਇਆ । ਏਦਾਂ ਆਈ ਯਾਦ ਕਿਸੇ ਦੀ ਬੱਦਲ ਵਾਂਗੂੰ ਘਿਰ ਕੇ, ਪਲਕਾਂ ਦੇ ਪਰਨਾਲੇ ਵੱਗੇ, ਅੱਖ ਦਾ ਛੱਪਰ ਚੋਇਆ । ਤੇਜ਼ ਹਵਾ ਖਵਰੇ ਸੰਦੇਸੇ ਕਿਸ ਦੇ ਲੈ ਕੇ ਆਈ? ਰਾਤੀਂ ਬਿਰਖ ਦਾ ਪੱਤਾ ਪੱਤਾ ਫੁਟ ਫੁਟ ਕੇ ਸੀ ਰੋਇਆ। ਅੱਗ ਖਿੰਡੇ ਬਾਂਸਾਂ ਵਿਚ, ਇਉਂ ਜਿੱਦਾਂ ਖਿੰਡੀਆਂ ਅਫਵਾਹਾਂ, ਖਬਰਾਂ ਨਾਲ ਮੈਂ ਡਿਠਾ ਸ਼ਹਿਰ ਝੁਲਸਿਆ ਹੋਇਆ।

ਦਿਨੇ ਏਨਾ ਸਤਾਇਆ ਤੇਜ਼ ਧੁੱਪ ਨੇ

ਦਿਨੇ ਏਨਾ ਸਤਾਇਆ ਤੇਜ਼ ਧੁੱਪ ਨੇ, ਲਏ ਮੈਂ ਰਾਤ ਭਰ ਪਾਣੀ ਦੇ ਸੁਪਨੇ । ਕਿਵੇਂ ਕੂੰਦਾ ਕਿ ਮੇਰੀ ਜੀਭ ਉੱਪਰ, ਲੜਾ ਦਿੱਤਾ ਸੀ ਸੱਪ ਤੰਦੂਏ ਦਾ ਚੁੱਪ ਨੇ । ਭਰੀ ਪੀਤੀ ਹਵਾ ਪੈਂਦੀ ਏ ਕੁਦ-ਕੁਦ, ਪੁਰਾਣੇ ਖੁੰਡ ਤਾਂ ਵੀ ਚੁੱਪ ਗੜੁਪ ਨੇ । ਵਿਚਾਲੇ ਕੁਝ ਕੁ ਚੰਗਿਆੜੇ, ਹਵਾ ਤੇਜ਼, ਉਦਾਲੇ ਤੂੜੀਆਂ ਦੇ ਕੁਪ ਹੀ ਕੁਪ ਨੇ । ਪਤਾ ਕੀ ਮੀਟੀਆਂ ਅੱਖਾਂ ਨੂੰ ਲੱਗੇ, ਹਨੇਰੇ ਰਾਤ ਦੇ ਕਿੰਨੇ ਕੁ ਘੁਪ ਨੇ। ਖਿੰਡੇ ਨਾ ਮੇਰੇ ਪਰਛਾਵੇਂ ਦੇ ਫੰਬੇ, ਬਥੇਰਾ ਪਿੰਜਿਆ ਰੂੰ ਵਾਂਗ ਧੁੱਪ ਨੇ । ਸੁਤੇ ਹੀ ਕੰਨ ਕੁਝ ਕੰਧਾਂ ਦੇ ਹੱਸੇ, ਲਿਆ ਜਦ ਸੀਤ ਹਉਕਾ ਮਨ ਦੀ ਚੁੱਪ ਨੇ ।

ਨਾ ਪੰਛੀ ਸੀ ਕਿਤੇ, ਨ ਆਲ੍ਹਣਾ ਸੀ

ਨਾ ਪੰਛੀ ਸੀ ਕਿਤੇ, ਨ ਆਲ੍ਹਣਾ ਸੀ। ਜੇ ਕੁਝ ਸੀ ਵੀ, ਭਰੀ ਪੀਤੀ ਹਵਾ ਸੀ। ਹਵਾ ਨੇ ਮਾਰਿਆ ਪਟਕਾ ਕੇ ਭੁੰਝੇ , ਸਰੂ ਵੀ ਤਾਂ ਭਵਾਂ ਤਾਣੀ ਖੜ੍ਹਾ ਸੀ। ਸੁਗੰਧੀ ਹੀ ਸੁਗੰਧੀ ਸੀ ਚੁਫੇਰੇ, ਕੁਈ ਤਾਂ ਵਿਰਲ ਥਾਣੀ ਝਾਕਿਆ ਸੀ। ਕੁਈ ਸ਼ਾਇਦ ਹੁਣੇ ਹੌਲੀ ਕੁ ਦੇਣੇ, ਰੁਕੇ ਸਾਹਾਂ ਦੇ ਪਿੱਛੋਂ ਬੋਲਿਆ ਸੀ। ਪਰਾਲੀ ਧੁਖ ਰਹੀ ਸੀ ਸੁਪਨਿਆਂ ਦੀ, ਧੂਆਂ ਸੀ, ਸੋਚ ਕਾਲੀ ਗੁਫਾ ਸੀ। ਬਦਨ ਸੁੱਕਾ ਸੀ ਤੀਲੇ ਵਾਂਗ ਭਾਵੇਂ, ਪਰ ਅੰਦਰੋਂ ਜ਼ਖਮ ਸੋਚਾਂ ਦਾ ਹਰਾ ਸੀ। ਉਦ੍ਹਾ ਹਰ ਬੋਲ ਇਉਂ ਕੰਨਾਂ ਨੂੰ ਲੱਗਾ, ਜਿਵੇਂ ਇਕ ਸ਼ਹਿਦ ਦਾ ਤੁਪਕਾ ਜਿਹਾ ਸੀ।

ਥੱਲ 'ਚ ਭੁਜਦੀ ਜਿੰਦ ਠਾਰੀ

ਥੱਲ 'ਚ ਭੁਜਦੀ ਜਿੰਦ ਠਾਰੀ ਚਾਨਣੀ ਨੇ। ਏਨੀ ਠੰਡੀ ਹਾਕ ਮਾਰੀ ਚਾਨਣੀ ਨੇ। ਇਉਂ ਚੁਫੇਰੇ ਝਾਤ ਮਾਰੀ ਚਾਨਣੀ ਨੇ। ਰੋਸ਼ਨੀ ਥਾਂ ਥਾਂ ਖਿਲਾਰੀ ਚਾਨਣੀ ਨੇ। ਕੁਝ ਨ ਪੁੱਛ, ਡਿੱਠਾ ਮੈਂ, ਕੀ ਜਦ ਖੋਲ੍ਹ ਦਿੱਤੀ, ਮਨ ਦੀਆਂ ਅੱਖਾਂ ਦੀ ਬਾਰੀ ਚਾਨਣੀ ਨੇ। ਮੈਂ ਨ ਮਿਲ ਸਕਿਆ, ਹਨੇਰੇ ਚੋਂ ਬਥੇਰਾ, ਭਾਲਿਆ ਮੈਨੂੰ ਵਿਚਾਰੀ ਚਾਨਣੀ ਨੇ। ਆਏ ਸੁੱਕਣ ਵਿਚ ਨਾ ਹੰਝੂ ਤਾਰਿਆਂ ਦੇ, ਰਾਤ ਰੋ ਰੋ ਕੇ ਗੁਜ਼ਾਰੀ ਚਾਨਣੀ ਨੇ। ਵਕਤ ਦੀ ਰਿਸ਼ਮਾਂ ਸ਼ਿੰਗਾਰੀ ਪਾਲਕੀ ਸੀ, ਰਾਤ ਭਰ ਮਾਣੀ ਸਵਾਰੀ ਚਾਨਣੀ ਨੇ। ਯਾਦ ਸੀ ਤੇਰੀ ਕਿ ਸੀ ਕਾਗਜ਼ ਦੀ ਬੇੜੀ, ਪਾਰ ਜੋ ਛੇਕੜ ਉਤਾਰੀ ਚਾਨਣੀ ਨੇ। ਚੰਨ ਜਿੱਧਰ ਟਿਭ ਗਿਆ ਦੇ ਕੇ ਭੁਲਾਵਾ, ਓਧਰੇ ਮਾਰੀ ਉਡਾਰੀ ਚਾਨਣੀ ਨੇ। ਕਾਲਿਆਂ ਬਦਲਾਂ ਦੇ ਲੜ ਸਿਰ 'ਤੇ ਵਲ੍ਹੇਟੇ, ਸ਼ਕਲ ਪਰਛਾਵੇਂ ਦੀ ਧਾਰੀ ਚਾਨਣੀ ਨੇ। ਵੇਖਿਆ ਕਿੱਦਾਂ ਮੈਂ ਜਦ ਗੁੰਮ ਸੁੰਮ ਖੜਾ ਸਾਂ, ਨੀਝ ਲਾ ਕੇ ਪਿਆਰੀ ਪਿਆਰੀ ਚਾਨਣੀ ਨੇ। ਰੌਸ਼ਨੀ ਦਿੱਤੀ ਖਿੰਡਾ ਵਿਹੜੇ 'ਚ ਥਾਂ ਥਾਂ, ਡੋਲ੍ਹ ਕੇ ਚਾਨਣ ਦੀ ਝਾਰੀ ਚਾਨਣੀ ਨੇ।

ਬਦਨ ਬਦਨ ਦਾ ਤਿਹਾਇਆ ਸੀ

ਬਦਨ ਬਦਨ ਦਾ ਤਿਹਾਇਆ ਸੀ ਤਾਂ ਮੁਹੱਬਤ ਸੀ । ਬੜਾ ਸ਼ਰਾਰਤੀ ਸੀ, ਸਭ ਲਹੂ ਦੀ ਇੱਲਤ ਸੀ। ਕੁਈ ਭੁਚਾਲ ਸੀ ਉਸ ਸਿਰ ਫਿਰੇ ਦੇ ਸਿਰ ਅੰਦਰ, ਤਦੇ ਪੁਰਾਣੇ ਖ਼ਿਆਲਾਂ ਲਈ ਇਕ ਆਫ਼ਤ ਸੀ। ਉਡਾ ਕੇ ਲੈ ਗਈ ਜ਼ੱਰੇ ਹਵਾ ਕਿਤੇ ਦੇ ਕਿਤੇ, ਅੜੇ ਰਤਾ ਕੁ ਤਾਂ, ਏਨਾ ਕਿਦ੍ਹੇ 'ਚ ਸਾਹ ਸਤ ਸੀ? ਸੀ ਫ਼ਰਸ਼ ਰੇਤ ਦਾ, ਧੁੱਪਾਂ ਦੀ ਚਾਰ ਦੀਵਾਰੀ, ਸਿਰਾਂ 'ਤੇ ਉਡਦੀਆਂ ਧੂੜਾਂ ਦੇ ਫੂਸ ਦੀ ਛੱਤ ਸੀ । ਰੁਖ ਓਦਰੇ ਜਹੇ, ਚੰਨ ਊਂਘਦਾ, ਹਵਾ ਬੇਸੁੱਧ, ਗਗਨ ਸੀ ਸੋਚ 'ਚ, ਚੁਪ ਤਾਰਿਆਂ ਦੀ ਪੰਗਤ ਸੀ । ਮੈਂ ਕਢਦਾ ਲਿਲ੍ਹਕੜੀਆਂ ਕਿਉਂ ਕਿਸੇ ਕਿਰਨ ਅੱਗੇ? ਜਦੋਂ ਖੁਦ ਆਪ ਹੀ ਸੂਰਜ ਲਹੂ 'ਚ ਲਤ ਪਤ ਸੀ। ਸੁਲਗਦੀ ਰਾਖ ’ਤੇ ਵਿਸ ਘੋਲਦਾ ਪਿਆ ਸੀ ਧੂੰਆਂ, ਸੁਲਗਦੀ ਰਾਖ ਨੂੰ ਇਕ ਫੂਕ ਦੀ ਜ਼ਰੂਰਤ ਸੀ ।

ਬੱਝੇ ਕਿਸੇ ਦੇ ਨਾਲ ਇਉਂ

ਬੱਝੇ ਕਿਸੇ ਦੇ ਨਾਲ ਇਉਂ, ਖਿੱਲਰ ਗਏ ਅਸੀਂ। ਉੱਡੇ ਖ਼ਬਰ ਦੇ ਵਾਂਗਰਾਂ, ਘਰ ਘਰ ਗਏ ਅਸੀਂ । ਨਿਕਲੇ ਜੇ ਆਪਣੇ ਆਪ 'ਚੋਂ, ਭੀੜਾਂ 'ਚ ਡੁਬ ਗਏ, ਡੁੱਬੇ ਜੇ ਆਪਣੇ ਮਨ 'ਚ ਵੀ ਤਾਂ ਤਰ ਗਏ ਅਸੀਂ। ਦਿਲ ਦੇ ਕਿਲੇ ਦੀ ਘੂਰਦੀ ਵਲਗਣ ਤੋਂ ਸਹਿਮ ਕੇ ਘੁੱਟੋ ਦਮਾਂ ਦੇ ਆਪ ਇਉਂ ਗਲ, ਮਰ ਗਏ ਅਸੀਂ । ਚੁੰਮਣ ਲਏ, ਕਲੀ ਕਲੀ ਕੀਤੀ ਅਸੀਂ ਨਿਹਾਲ, ਪੌਣਾਂ ਦਾ ਰੂਪ ਧਾਰ ਕੇ ਜਿੱਧਰ ਗਏ ਅਸੀਂ ? ਨਿਕਲੇ ਸਾਂ ਸੁਪਨਿਆਂ ਦੇ ਉਜਾਲੇ ਦੀ ਭਾਲ ਵਿਚ, ਗਲ ਗਲ ਹਨੇਰਿਆਂ 'ਚ ਕਿਉਂ ਨਿੱਘਰ ਗਏ ਅਸੀਂ? ਲੱਗੇ ਜੇ ਜਖ਼ਮਾਂ ਵਾਂਗ ਅਸੀਂ, ਖ਼ਾਲੀ ਕਦੋਂ ਰਹੇ ? ਜਦ ਵੀ ਰਤਾ ਕੁ ਆਠਰੇ ਤਾਂ ਭਰ ਗਏ ਅਸੀਂ। ਸਾਥੋਂ ਸੁਣੋਂ, ਕਿਵੇਂ ਅਸੀਂ ਅਪੜੇ ਸਜਨ ਦੇ ਦ੍ਵਾਰ, ਕਿੰਨੇ ਕੁ ਪਾਰ ਕਰ ਕੇ ਸਮੁੰਦਰ ਗਏ ਅਸੀਂ। ਸੋਚੋ ਜ਼ਰਾ, ਜੇ ਸਾਡਿਆਂ ਕੱਦਾਂ ਤੋਂ ਆਥਣੇ ਸਾਏ ਰਤਾ ਕੁ ਵੱਧ ਗਏ, ਕਿਉਂ ਡਰ ਗਏ ਅਸੀਂ?

ਮੇਲ ਤੋਂ ਲੈ ਕੇ ਵਿਛੋੜੇ ਦਾ ਸਫ਼ਰ

ਮੇਲ ਤੋਂ ਲੈ ਕੇ ਵਿਛੋੜੇ ਦਾ ਸਫ਼ਰ ਦੂਰ ਨਹੀਂ । ਭੋਗ ਬੈਕੁੰਠ ਸਹੀ, ਸੋਗ ਦਾ ਘਰ ਦੂਰ ਨਹੀਂ। ਪੂਰ ਦਾ ਪੂਰ ਘੁਮਾਟੀ ’ਚ, ਹਵਾ ਪਿੱਛੋਂ ਦੀ, ਸਾਫ਼ ਦਿਸਦਾ ਹੈ ਕਿ ਬੇੜੀ ਤੋਂ ਭੰਵਰ ਦੂਰ ਨਹੀਂ । ਉਸ ਦੇ ਅੰਗਾਂ ਦੀ ਲਪਟ ਪਾਵੇ ਬਦਨ ਨੂੰ ਧੂਹਾਂ, ਹੋਰ ਦੋ ਚਾਰ ਕਦਮ, ਸ਼ਹਿਦ ਦਾ ਸਰ ਦੂਰ ਨਹੀਂ। ਪਾਟ ਕੇਡਾ ਕੁ ਹੈ ਧੁੱਪਾਂ ਦੇ ਭਰੇ ਦਰਿਆ ਦਾ? ਪਰਲੇ ਕੰਢੇ 'ਤੇ ਜੋ ਹੈ ਛਾਂ ਦਾ ਨਗਰ, ਦੂਰ ਨਹੀਂ। ਦਿਲ ਦੇ ਗਲ ਨਿੰਮੀ ਜਹੀ ਲੋ ਤਾਂ ਮਿਲੀ ਹੈ ਅੱਗੋਂ, ਇਸਦਾ ਇਹ ਭਾਵ ਹੈ ਉਸ ਹੁਸਨ ਦਾ ਦਰ ਦੂਰ ਨਹੀਂ। ਤਖ਼ਤ ਉਸ ਨਾਲ ਹੈ ਕੀ ਰਿਸ਼ਤਾ ਅਨੋਖਾ ਤੇਰਾ, ਤੈਥੋਂ ਉਹ ਦੂਰ ਤਾਂ ਹੈ, ਏਨਾ ਵੀ ਪਰ ਦੂਰ ਨਹੀਂ । ਲੈ ਕੇ ਹਥਿਆਰ ਚਟਾਨਾਂ 'ਚ ਲੁਕੇ ਟੋਲ ਆਕਾਰ, ਤੋੜ ਪੱਥਰਾਂ ਨੂੰ ਕਿ ਤੇਸੇ ਤੋਂ ਹੁਨਰ ਦੂਰ ਨਹੀਂ।

ਲਹੂ ਸਾਂ ਪੈਰਾਂ ਤੋਂ ਸਿਰ ਤਕ

ਲਹੂ ਸਾਂ ਪੈਰਾਂ ਤੋਂ ਸਿਰ ਤਕ, ਇਵੇਂ ਹੀ ਹੋਣਾ ਸੀ, ਸਲੀਬ ਨੂੰ ਮੈਂ ਕਿਸ ਭਾਂਤ ਤਾਂ ਡੁਬੋਣਾ ਸੀ। ਪੁਰਾਣੇ ਭਾਵ ਜੇ ਸ਼ਬਦਾਂ ਦੇ ਜੰਗ ਖਾਧੇ ਸਨ, ਤਾਂ ਸ਼ਬਦ ਸ਼ਬਦ ਨਵੇਂ ਅਰਥ ਨਾਲ ਧੋਣਾ ਸੀ। ਜੋ ਪੂਰ ਵਾਂਗ ਜੁੜੇ ਸਨ, ਵਿਛੜ ਵੀ ਸਕਦੇ ਸਨ, ਵਿਛੜਦੇ ਪੂਰ ਨੂੰ ਥੋੜ੍ਹਾ ਕਿਸੇ ਨੇ ਰੋਣਾ ਸੀ? ਗਲਤ ਨਹੀਂ, ਤੁਸੀਂ ਫੁੱਲਾਂ ਨੂੰ ਬੀਜ ਸਕਦੇ ਸਾਉ, ਨ ਮੰਨੋ, ਫੇਰ ਵੀ ਥੋਰ੍ਹਾਂ ਨੇ ਉਗ ਖਲੋਣਾ ਸੀ। ਭਲਾ ਇਸੇ ’ਚ ਸੀ ਬੁੱਲ੍ਹਾਂ ਨੂੰ ਮੀਟ ਕੇ ਰਖਦਾ, ਜੇ ਮੇਰੇ ਅਹਿਦ ’ਚ ਦਾਖ਼ਿਲ ਕਿਸੇ ਨੇ ਹੋਣਾ ਸੀ। ਕਿਵੇਂ ਪਚਾਉਂਦੇ ਟਿਕਾਣੇ 'ਤੇ ਸਾਨੂੰ ਉਹ ਰਸਤੇ, ਜਿਨ੍ਹਾਂ ਨੇ ਆਪ ਹੀ ਸੰਘਣੇ ਵਣਾਂ 'ਚ ਖੋਣਾ ਸੀ। ਜੋ ਬੋਧ ਇੰਦ੍ਰੀਆਂ ਸਨ ਬਾਸੀਆਂ, ਪਰ੍ਹਾਂ ਸੁਟਦੇ, ਗਮਾਂ ਦੇ ਜ਼ਹਿਰ 'ਚੋਂ ਪ੍ਰਾਣਾਂ ਦਾ ਸ਼ਹਿਦ ਚੋਣਾ ਸੀ। ਸਵਖਤੇ ਪੌਣ ਨ ਵਗਦੀ ਕਿਵੇਂ ਠਰੰਮ੍ਹੇ ਨਾਲ, ਕਿ ਇਸ ਨੇ ਤੇਰੀਆਂ ਮਹਿਕਾਂ ਦਾ ਭਾਰ ਢੋਣਾ ਸੀ।

ਹਾਏ ਤੇਰੇ ਤੇ ਵੀ ਜੇ

ਹਾਏ ਤੇਰੇ ਤੇ ਵੀ ਜੇ ਏਕਣੇ ਬੀਤੀ ਹੁੰਦੀ ਗੱਲ ਕਦੀ ਭੁੱਲ ਕੇ ਵੀ ਏਦਾਂ ਨ ਤੂੰ ਕੀਤੀ ਹੁੰਦੀ ਗੱਲ ਮਨਾਂ ਮਨ ਦੀ ਨ ਉਸ ਸਾਮ੍ਹਣੇ ਅਹੁੜੀ ਇਕ ਵੀ ਗੱਲ ਕਿਵੇਂ ਫੁਰਦੀ ਨ, ਜੇ ਘੁੱਟ ਕੁ ਪੀਤੀ ਹੁੰਦੀ ਕੁਝ ਤਾਂ ਦੁਨੀਆਂ 'ਚ ਹੈ ਪੱਤ ਮੇਰਿਆਂ ਅਰਮਾਨਾਂ ਦੀ ਕੁਝ ਤਾਂ ਇਨ੍ਹਾਂ ਦੀ ਸੱਜਣ ਕਦਰ ਤੈਂ ਕੀਤੀ ਹੁੰਦੀ ਪ੍ਰੀਤਵਾਨਾਂ ਦਾ ਸੀ ਦੁਨੀਆਂ ਨੇ ਸੁਆਹ ਮੁਲ ਪਾਣਾ ਦੋਸਤਾ, ਏਡੀਓ ਆਸਾਨ ਜੇ ਪ੍ਰੀਤੀ ਹੁੰਦੀ ਧਰਮ ਹੁੰਦਾ ਜੇ ਮੁਹਬੱਤ ਦਾ ਵੀ ਜੱਗ ਵਿਚ ਕੋਈ ਰੂਹ ਨਮਾਜਣ ਤੇ ਲਟੂਰਾਂ ਦੀ ਮਸੀਤੀ ਹੁੰਦੀ ਕੁਝ ਤਾਂ ਇਸ ਘਟਦੇ ਪਏ ਜੀ ਦਾ ਸੱਜਣ ਜੀ ਵਧਦਾ ਦਾਸ ਦੀ ਕੁਝ ਤਾਂ ਖ਼ਬਰ ਕਾਸ਼ ਤੈਂ ਲੀਤੀ ਹੁੰਦੀ ਜਿੰਦ ਨੂੰ ਇਉਂ ਮਾਰ ਕੇ ਮੁੜ ਜਿੰਦ ’ਚ ਕਿਵੇਂ ਜਿੰਦ ਪਾਂਦੋਂ ਜੇ ਨ ਚਤੁਰਾ ਤੈਂ ਪੜ੍ਹੀ ਪਿਆਰ ਦੀ ਨੀਤੀ ਹੁੰਦੀ ਕੀ ਪਤਾ ਕਹਿੰਦੀਆਂ ਉਸ ਢੋਲ ਨੂੰ ਕੀ ਕੀ ਅੱਖੀਆਂ ਜੀਭ ਅੱਖੀਆਂ ਦੀ ਜੇ ਸੰਗਾਂ ਨੇ ਨ ਸੀਤੀ ਹੁੰਦੀ ਰਾਤ ਜੀਵਨ ਦੀ ਨ ਏਨੀ ਤੇ ਭਿਆਨਕ ਲੱਗਦੀ ਚੰਨ ਦੀ ਮੁਸਕਣ ਜੇ ਇਦ੍ਹੇ ਗਲ ਦੀ ਤਵੀਤੀ ਹੁੰਦੀ ਰਾਜ ਹੁੰਦਾ ਜੇ ਕਿਤੇ ਇਸ਼ਕ ਦੀ ਮਰਯਾਦਾ ਦਾ ਇਕ ਵੀ ਦੁਨੀਆਂ 'ਚ ਨ ਵੇਖਣ ਨੂੰ ਕੁਰੀਤੀ ਹੁੰਦੀ

ਜਗ ’ਚ ਹੋਰ ਅਖਵਾ ਲਵੋ

ਜਗ ’ਚ ਹੋਰ ਅਖਵਾ ਲਵੋ ਦੋ ਚਾਰ ਦਿਨ ਚੰਗੇ ਤੁਸੀਂ, ਅੱਜ ਨਹੀਂ ਤਾਂ ਕਲ ਨਜ਼ਰ ਆਵੋਗੇ ਸਭ ਨੰਗੇ ਤੁਸੀਂ ਇਹ ਤਾਂ ਪੁਛਦੇ ਹੋ ਲਹੂ ਸਾਡੇ ਕਿਵੇਂ ਸੂਤੇ ਗਏ ? ਇਹ ਵੀ ਤਾਂ ਪੁੱਛੋ ਕਿ ਹੱਥ ਆਪਣੇ ਕਿਵੇਂ ਰੰਗੇ ਤੁਸੀਂ ? ਤੇਲ ਵੀ ਕੰਡਿਆਂ ਤੇ ਤਰਿਹਾਇਆਂ ’ਚ ਤੁਲ ਤੁਲ ਕੇ ਵਿਕੇ, ਮੁਫ਼ਤ ਦੀ ਬਖ਼ਸ਼ਿਸ਼ ਨੂੰ ਵੀ ਨਾ ਵੇਚਣੋਂ ਸੰਗੇ ਤੁਸੀਂ । ਮੋੜ ਕੇ ਮੂੰਹ ਵਕਤ ਤੋਂ ਪਥਰਾਂ ਨੂੰ ਲਾ ਬੈਠੇ ਹੋ ਗਲ, ਹੁਣ ਵੀ ਜੇ ਸ਼ੀਸੇ ਹੋ ਤਾਂ ਵਿਦਵਾਨ ਹੋ ਚੰਗੇ ਤੁਸੀਂ। ਕੀ ਤਮਾਸ਼ਾ ਹੈ ਕਿ ਸਿੰਜੇ ਸਨ ਜੋ ਆਪ ਆਸਾਂ ਦੇ ਰੁੱਖ, ਉਮਰ ਭਰ ਉਹਨਾਂ, ਤੇ ਹੀ ਪੁੱਠੇ ਰਹੇ ਟੰਗੇ ਤੁਸੀਂ । ਲੀਰੋ ਲੀਰ ਅੱਗੇ ਹੀ ਸਨ ਭਾਵੇਂ ਤੁਹਾਡੇ ਕਾਲਜੇ, ਹੋ ਗਏ ਦਿਲ ਫੋਲ ਕੇ ਪਰ ਹੋਰ ਵੀ ਨੰਗੇ ਤੁਸੀਂ । ਓਧਰ ਇਕ ਬੁਤ ਵੀ ਨ ਜਰ ਹੋਇਆ ਤੁਹਾਥੋਂ ਚੌਕ ਦਾ, ਆਪ ਪਰ ਏਧਰ ਖੁਦਾ ਬਣਨੋਂ ਵੀ ਨੇ ਸੰਗੇ ਤੁਸੀਂ। ਖ਼ੁਸ਼ ਰਹੋ ਕਲਮਾਂ ਦੇ ਧਨੀਓ , ਫੜ ਕੇ ਸ਼ਬਦਾਂ ਦੇ ਛੁਰੇ, ਕਾਗਜ਼ਾਂ ਦੇ ਸ਼ਹਿਰ ਵਿਚ ਛੇੜੇ ਬੜੇ ਦੰਗੇ ਤੁਸੀਂ ।

ਉਮਰ ਅਜਾਈਂ ਸੁਪਨਿਆਂ ਵਿਚ ਗਾਲਦੇ

ਉਮਰ ਅਜਾਈਂ ਸੁਪਨਿਆਂ ਵਿਚ ਗਾਲਦੇ ਹੋ। ਨਾਗ ਜ਼ਹਿਰੀਲੇ ਮਨਾਂ ਵਿਚ ਪਾਲਦੇ ਹੋ। ਰੋਕਿਆਂ ਸਾਡੇ 'ਚੋਂ ਕਦ ਰੁਕਣੈ ਕਿਸੇ ਨੇ ? ਕਿਉਂ ਤੁਸੀਂ ਦਰਿਆ 'ਚੋਂ ਝੀਲਾਂ ਭਾਲਦੇ ਹੋ ? ਕੀ ਮੈਂ ਸੱਚ ਏਨਾ ਹੀ ਉੱਚਾ ਹਾਂ ਤੁਹਾਥੋਂ ? ਆਪ ਵੀ, ਮੈਨੂੰ ਵੀ, ਜਲਦੇ, ਜਾਲਦੇ ਹੋ। ਨੀਤ ਦੇ ਸਿੱਧੇ ਹੋ ਤਾਂ ਆਪਣੀ ਕਲਾ ਵਿਚ, ਘਾਲ ਕਿਉਂ ਟੇਢੀ ਵਿਧੀ ਦੀ ਘਾਲਦੇ ਹੋ ? ਡੁਲ੍ਹਦੀਆਂ ਅੱਖਾਂ 'ਚ ਭਰ ਲੈਂਦੇ ਹੋ ਯਾਦਾਂ, ਵਾਕਈ ਪਾਣੀ ’ਚ ਦੀਵੇ ਬਾਲਦੇ ਹੋ। ਜਾਨ ਇਨ੍ਹਾਂ ਦੀ ਖਾਣਗੇ ਆਸਾਂ ਦੇ ਸ਼ੀਸ਼ੇ, ਮਨ 'ਚ ਇੱਛਾਵਾਂ ਕਿ ਚਿੜੀਆਂ ਪਾਲਦੇ ਹੋ। ਕਹਿਣ ਨੂੰ ਤਾਂ ਮੀਲ ਪੱਥਰ ਹੋ, ਤੁਸੀਂ ਵੀ ਭਟਕੀਆਂ ਹੋਈਆਂ ਦਿਸ਼ਾਵਾਂ ਨਾਲ ਦੇ ਹੋ। ਰਾਤ ਭਰ ਤਰਸਣਗੇ ਪੰਛੀ ਦੀਵਿਆਂ ਨੂੰ, ਕਿਉਂ ਪਰ ਐਵੇਂ ਜੁਗਨੂਆਂ ਦੇ ਜਾਲਦੇ ਹੋ ? ਭੋਗਦੇ ਲਗਦੇ ਹੋ ਪਰਛਾਵੇਂ ਦੀ ਜੂਨੀ, ਅਪਣੀ ਚਜੇ ਤਾਂ ਦੁਪਹਿਰਾ ਢਾਲਦੇ ਹੋ। ਥੋੜ੍ਹਾ ਥੋੜ੍ਹਾ ਮੁਸਕਰਾ ਕੇ, ਸਹੁੰਆਂ ਖਾ ਕੇ ਸਾਡਾ ਪਰਚਾਉਂਦੇ ਹੋ ਜੀ ਜਾਂ ਟਾਲਦੇ ਹੋ ?

ਸਮੁੰਦਰ ਇਸ ਤੋਂ ਬੜਾ

ਸਮੁੰਦਰ ਇਸ ਤੋਂ ਬੜਾ, ਹੋਰ ਵੀ ਬੜਾ ਹੋਣੈ । ਤੈਂ ਸੁੱਤ ਉਨੀਂਦੀਆ ਅੱਖਾਂ 'ਚੋਂ ਵੇਖਿਆ ਹੋਣੈ । ਕਦ ਅੱਗੇ ਸ਼ੀਸ਼ੇ ’ਚੋਂ ਰਿਸ਼ਮਾਂ ਖਿਲਾਰੀਆਂ ਸਨ ਮੈਂ ? ਜ਼ਰੂਰ ਮੇਰੇ ਪਿਛਾੜੀ ਕੁਈ ਖੜਾ ਹੋਣੈ । ਗਰਜਵੇਂ ਬੋਲ ਵੀ ਜਦ ਅਣ-ਸੁਣੇ ਰਹੇ ਉਸਦੇ, ਨ ਮੰਨੋ, ਬੋਲੀਆਂ ਭੀੜਾਂ 'ਚ ਘਿਰ ਗਿਆ ਹੋਣੈ । ਜੋ ਬੀ ਮਸੀਂ ਅਜੇ ਫੁਟਿਆ ਹੈ ਬਣ ਕੇ ਲੂੰ ਜਿੰਨਾ, ਕਿਸੇ ਦਿਨ ਇਸ ਨੇ ਹਰੇ ਬਿਰਛ ਦਾ ਤਣਾ ਹੋਣੈ। ਤੂੰ ਕੈਦ ਸੈਂ ਜਦੋਂ ਮੰਝਧਾਰ ਦੇ ਕਲਾਵੇ ਵਿਚ, ਭੰਵਰ ਦਾ ਬਿਸਤਰਾ, ਛੱਲਾਂ ਦਾ ਢਾਸਣਾ ਹੋਣੈ। ਅਚਾਨਕ ਆਪਣੀ ਭਰੀ ਗੋਦ ਵੇਖ ਕੇ ਖ਼ਾਲੀ, ਭਰ ਆਇਆ ਮਨ ਜਿਦ੍ਹਾ, ਮਨ ਦਾ ਹੀ ਆਲ੍ਹਣੈ ਹੋਣੈ। ਦਿਲ ਇਹਨਾਂ ਪਥਰਾਂ ਦੇ ਕਿਉਂ ਮੋਮ ਹੋ ਗਏ ਇਕਦਮ, ਅਵੱਸ਼ ਇਨ੍ਹਾਂ ਹੜ੍ਹ ਅੱਗਾਂ ਦਾ ਦਿਸ ਪਿਆ ਹੋਣੈ । ਕਈ ਪਏ ਰਹੇ ਪੈਰੀਂ, ਕਈ ਚਾੜ੍ਹੇ ਨਜ਼ਰੀਂ, ਮਕਾਨ ਤੇਰੇ ਬਦਨ ਦਾ ਦੁਮੰਜਲਾ ਹੋਣੈ ।

ਬਣੀ ਨ ਰਹਿ ਸਕੀ ਭੱਲ ਉਸ ਦੀ

ਬਣੀ ਨ ਰਹਿ ਸਕੀ ਭੱਲ ਉਸ ਦੀ ਤਾਰਿਆਂ ਵਿਚਕਾਰ, ਤਦੇ ਤਾਂ ਰੁਲਣਾ ਪਿਆ ਉਸ ਨੂੰ ਢਾਰਿਆਂ ਵਿਚਕਾਰ। ਅਸੀਂ ਹੜ੍ਹਾਂ ਤੋਂ ਵੀ ਬਚ ਕੇ ਨਿਕਲ ਗਏ ਸੁੱਕੇ, ਹੁਣ ਆ ਕੇ ਡੁੱਬੇ ਤਾਂ ਡੁੱਬੇ ਸਹਾਰਿਆਂ ਵਿਚਕਾਰ। ਟਿਕਾਈ ਫਿਰਦੇ ਹੋ ਸਿਰ ਤਾਂ ਤੁਸੀਂ ਧੜਾਂ ਉੱਪਰ, ਸਿਰਾਂ ਦੇ ਤਾਜ ਨੇ ਐਪਰ ਸਿਤਾਰਿਆਂ ਵਿਚਕਾਰ । ਨਦੀ ਏਂ ਤੂੰ ਤਾਂ, ਛਲਕਣਾ ਏ ਕੀ ਮੈਂ ਦਰਿਆ ਨੇ, ਕਿ ਮੇਰੀ ਥਾਂ ਹੈ ਬਸ ਆਪਣੇ ਕਿਨਾਰਿਆਂ ਵਿਚਕਾਰ । ਮੈਂ ਕਿਹੜੀ ਕੁੰਟ ਦਾ ਲੰਮਾ ਸਫ਼ਰ ਲਵਾਂ ਜਿੰਮੇ ? ਕਿ ਡੌਰ ਭੌਰ ਹੈ ਹਰ ਕੁੰਟ ਇਸ਼ਾਰਿਆਂ ਵਿਚਕਾਰ । ਨ ਮੰਨੋ, ਚੁਪ ਨੇ ਵੀ, ਉਸ ਨੂੰ ਸ਼ਰਨ ਨਹੀਂ ਦੇਣੀ, ਜੋ ਚੀਖ਼ ਡੁਬ ਗਈ ਵਜਦੇ ਨਗਾਰਿਆਂ ਵਿਚਕਾਰ । ਜੇ ਉੱਤੋਂ ਵੇਖੋ ਤਾਂ ਖੰਨਾ ਕੁ ਹਾਂ ਉਜਾੜਾਂ ਵਿਚ, ਜੇ ਡੂੰਘਾ ਸੋਚੋਂ ਤਾਂ ਸਾਰਾ ਹਾਂ ਸਾਰਿਆਂ ਵਿਚਕਾਰ। ਕਿਸੇ ਨੇ ਗੌਲ ਕੇ ਕਰਨੀ ਹੈ ਹੋਂਦ ਕੀ ਮੇਰੀ ਕਿ ਮੈਂ ਹਾਂ ਝੌਪੜੀ ਵਾਂਗੂੰ ਚੁਬਾਰਿਆਂ ਵਿਚਕਾਰ ? ਇਸ ਆਸ ਨਾਲ ਮੈਂ ਅੱਗ ਆਸ ਦੀ ਰਿਹਾ ਪੀਂਦਾ, ਸਿਵਾ ਬੁਝੇਗਾ ਕਦੇ ਤਾਂ ਫੁਹਾਰਿਆਂ ਵਿਚਕਾਰ ।

ਸਭ ਸਮਝਦੇ ਹਨ, ਦਿਲੋਂ

ਸਭ ਸਮਝਦੇ ਹਨ, ਦਿਲੋਂ ਕਿੰਨੇ ਕੁ ਹੋ ਚੰਗੇ ਤੁਸੀਂ, ਪੜਦਿਆਂ ਪਿੱਛੋਂ ਵੀ ਦਿਸਦੇ ਹੋ ਅਲਿਫ਼ ਨੰਗੇ ਤੁਸੀਂ। ਦਿਲ ਜੋ ਬੈਠੇ ਤੁਹਾਨੂੰ ਜਾਣ ਕੇ ਅਪਣਾ ਹੀ ਰੂਪ, ਨਾਗ ਬਣ ਕੇ ਚਿੱਟੇ ਦਿਨ ਦੀਵੀਂ ਉਹੋ ਡੰਗੇ ਤੁਸੀਂ। ਪਿਸ ਕੇ ਆਟੇ ਨਾਲ ਘੁਣ ਵਾਂਗੂੰ ਅਸੀਂ ਜਦ ਰਹਿ ਗਏ, ਖ਼ਵਰੇ ਇਕ ਦੂਜੇ ਲਈ ਕਿਉਂ ਬਣ ਗਏ ਚੰਗੇ ਤੁਸੀਂ। ਪਹਿਲਾਂ ਸੋਚਾਂ ਨੇ ਤੁਹਾਡੇ ਜਿਸਮ ਭੋਰੇ ਰੇਤ ਵਾਂਗ, ਫਿਰ ਗ਼ਮਾਂ ਦੇ ਵਾ-ਵਰੋਲੇ, ਤੇ ਗਏ ਟੰਗੇ ਤੁਸੀਂ। ਕਲ੍ਹ ਜਿਦ੍ਹੇ ਸਾਵ੍ਹੇਂ ਤੁਸੀਂ ਬੱਝੇ ਖੜੇ ਸਉ ਬੰਨ੍ਹ ਵਾਂਗ, ਅੱਜ ਉਸੇ ਕਿਉਂ ਹੜ੍ਹ, ਦੀ ਸੂਲੀ, ਤੇ ਗਏ ਟੰਗੇ ਤੁਸੀਂ। ਨ੍ਹੇਰ ਸਾਈਂ ਦਾ, ਨ ਕਿਉਂ ਉੱਠਣ ਮੁੜ ਇਹ ਸੌਂ ਕੇ ਕਦੇ, ਦਸਤਕਾਂ ਖ਼ਾਤਿਰ ਜੋ ਬੂਹੇ ਆਪ ਸਨ ਮੰਗੇ ਤੁਸੀਂ। ਜਦ ਪਤਾ ਹੈ, ਰੇਤ ਦੇ ਟਿੱਬੇ ਹੋ, ਉਡ ਪੁਡ ਜਾਓਗੇ, ਫਿਰ ਹਵਾਵਾਂ ਨਾਲ ਮੁਲ ਲੈਂਦੇ ਹੋ ਕਿਉਂ ਦੰਗੇ ਤੁਸੀਂ ? ਸਜਰੀਆ ਲੀਕਾਂ ਸਰੀਰਾਂ, ਤੇ ਜੋ ਦਿੱਸਣ ਵਹਿੰਦੀਆਂ, ਸਾਫ਼ ਦੱਸਣ, ਮੁੜ੍ਹਕਿਆਂ ਹੱਥੋਂ ਗਏ ਡੰਗੇ ਤੁਸੀਂ। ਡਿਗਰੀਆਂ ਦੇ ਹਾਰ ਪਾ ਸੱਕੋਂ ਜੇ ਗਲ ਫੁੱਲਾਂ ਦੀ ਥਾਂ, ਦਾਮ ਲੈ ਸਕਦੇ ਹੋ ਹਰ ਨੇਤਾ ਤੋਂ ਮੂੰਹ ਮੰਗੇ ਤੁਸੀਂ।

ਜੋ ਬੇੜੀ ਜਾਣ ਕੇ ਪਾਗਲ ਹਵਾ ਦੇ

ਜੋ ਬੇੜੀ ਜਾਣ ਕੇ ਪਾਗਲ ਹਵਾ ਦੇ ਆਸਰੇ ਤਰਦੀ, ਉਹ ਨਿਜ ਹੋਣੀ ਜੇ ਇਉਂ ਡੁਬ ਕੇ ਨ ਮਰਦੀ, ਹੋਰ ਕੀ ਕਰਦੀ ? ਭਰੇ ਪਰਿਵਾਰ ਦੀ ਰੌਣਕ ਦਾ ਏਨਾ ਹੀ ਫ਼ਸਾਨਾ ਹੈ, ਬੁਝਾ ਦਿੱਤੀ ਬੱਸ ਇਕ ਗੋਲੀ ਨੇ ਸਾਰੀ ਰੋਸ਼ਨੀ ਘਰ ਦੀ ਮੈਂ ਜਦ ਰਚਦਾ ਹਾਂ ਕੁਝ ਵੀ, ਮਨ ਦੀ ਇੱਕੋ ਰੀਝ ਹੁੰਦੀ ਏ, ਬਲੇ ਹਰ ਸ਼ਬਦ ਦੇ ਦੀਵੇ 'ਚ ਬੱਤੀ ਅੱਖਰ ਅੱਖਰ ਦੀ ਅਚੰਭਾ ਹੈ ਕਿ ਉਹ ਵੰਝਲ ਧਰਾਵੇ ਜੀ ਬੁਝੇ ਜੀ ਦਾ, ਜੋ ਸੰਗੀਨਾਂ ਦੇ ਪਹਿਰੇ ਵਿਚ ਫਿਰੇ ਗੀਤਾਂ ਦਾ ਦੱਮ ਭਰਦੀ। ਮੈਂ ਤਰਿਹਾਏ ਥਲਾਂ ਵਰਗਾ, ਜੇ ਪੂਜਾਂ ਵੀ ਤਾਂ ਇਉਂ ਤੈਨੂੰ, ਜਿਵੇਂ ਤੂੰ ਹੂ-ਬ-ਹੂ ਇਕ ਮੂਰਤੀ ਹੋਵੇ ਸਮੁੰਦਰ ਦੀ। ਜੇ ਹੋ ਸੱਕੇ ਤਾਂ ਉਸ ਆਵਾਜ਼ ਨੂੰ ਜੀਭਾਂ ਦਿਓ ਜਿਹੜੀ ਅਜੇ ਖੂੰਜੇ 'ਚ ਹੀ ਲੱਗੀ ਖੜੀ ਹੈ ਸੂਲੀਓਂ ਡਰਦੀ। ਉਨ੍ਹਾਂ ਤਣਿਆਂ ਨੂੰ ਕਿਉਂ ਜਾਂਦੇ ਨੇ ਵੱਢੀ ਸਿਰ-ਫਿਰੇ ਮੁੱਢੋਂ ਜਿਨ੍ਹਾਂ ਤੇ ਆਪ ਬੈਠੇ ਹਨ, ਸਿਆਣਪ ਹੈ ਇਹ ਕਿੱਧਰ ਦੀ ? ਜੇ ਪਰਤ ਆਈਏ ਕਿਤੋਂ ਸੁਖ ਨਾਲ ਤਾਂ ਮੂੰਹੋਂ ਇਹੋ ਨਿਕਲੇ ਕਿ ਰਬ ਦਾ ਸ਼ੁਕਰ ਹੈ ਪੈਰਾਂ 'ਚ ਹੈ ਦਹਿਲੀਜ਼ ਫਿਰ ਘਰ ਦੀ। ਇਹ ਤਿਖੀਆਂ ਨਹੁੰਦਰਾਂ ਵਾਲੀ ਬਲਾ ਸਾਥੋਂ ਪਰੇ ਰੱਖੋ, ਜੋ ਸਾਡੀ ਸੋਚ ਦੇ ਪਿੰਡੇ ਨੂੰ ਜਾਵੇ ਇਉਂ ਵਲੂੰਧਰਦੀ। ਅੱਜ ਆਪਣੇ ਘਰ 'ਚ ਅਪਣੇ ਆਪ ਨੂੰ ਹੀ ਓਪਰਾ ਜਾਪਾਂ, ਇਹ ਰੁਤ ਦੀ ਮਿਹਰ ਹੈ ਜਾਂ ਕੋਈ ਡੂੰਘੀ ਚਾਲ ਹੈ ਘਰ ਦੀ

ਭੰਵਰ ’ਚ ਜਾਣ ਕੇ ਇਉਂ ਜਿਸ ਨੇ

ਭੰਵਰ ’ਚ ਜਾਣ ਕੇ ਇਉਂ ਜਿਸ ਨੇ ਛਾਲ ਮਾਰੀ ਹੈ, ਨ ਮੰਨੋ, ਜਾਂ ਤਾਂ ਸ਼ੁਦਾਈ ਹੈ ਜਾਂ ਲਿਖਾਰੀ ਹੈ। ਜਨਮ ਦਵੇਗੀ ਹਰੀ ਟਾਣ੍ਹ ਵਾਂਗ ਫੁੱਲਾਂ ਨੂੰ, ਨਿਕਲ ਕੇ ਜਿਸਮ ਤੋਂ ਮੈਂ ਜੋ ਘੜੀ ਗੁਜ਼ਾਰੀ ਹੈ। ਮੈਂ ਕਟ ਕੇ ਰਹਿ ਗਿਆ ਬਲਦੇ ਬਦਨ ਦੀ ਲੋ ਨਾਲੋਂ, ਨਵੀਂ ਸਵੇਰ ਦਾ ਚਾਨਣ ਨਹੀਂ ਹੈ, ਆਰੀ ਹੈ। ਕਿਵੇਂ ਬੁਝਾਉਣਗੀਆਂ ਇਸ ਨੂੰ ਤੇਰੀਆਂ ਫੂਕਾਂ ਕਿ ਇਸ ਚਿਰਾਗ਼ ਨੇ ਬੁੱਕਲ ਹਵਾ ਦੀ ਮਾਰੀ ਹੈ। ਜੋ ਤਿਲ੍ਹਕਦਾ ਨਹੀਂ ਟੁਰ ਕੇ ਵੀ ਤਿਲ੍ਹਕਵੀਂ ਥਾਂ 'ਤੇ, ਸਮਝ ਲਵੋ ਕਿ ਉਹ ਰਾਹੀ ਨਹੀਂ, ਮਦਾਰੀ ਹੈ। ਕਿਤੇ ਇਹ ਤੇਰੀ ਨਜ਼ਰ, ਤੇ ਨ ਪਾ ਦਏ ਪੜਦੇ, ਜੋ ਆਪਣੇ ਗਿਰਦ ਤੂੰ ਚਾਨਣ ਦੀ ਕੰਧ ਉਸਾਰੀ ਹੈ। ਤੁਸੀਂ ਜੇ ਤ੍ਰੇਲ ਦੇ ਤੁਪਕੇ ਹੋ, ਅਰਸ਼ ਤੇ ਅਪੜੋ, ਤੁਹਾਨੂੰ ਨੀਲੇ ਸਮੁੰਦਰ ਨੇ ਹਾਕ ਮਾਰੀ ਹੈ। ਪੁਗਾਓ ਦੋਸਤੀ ਬੇਸ਼ਕ ਹਨੇਰਿਆਂ ਦੀ ਤੁਸੀਂ, ਭਰਾਓ ਸਾਡੀ ਤਾਂ ਸੂਰਜ ਦੇ ਨਾਲ ਯਾਰੀ ਹੈ । ਮੈਂ ਹਉਕਿਆਂ ਤੋਂ ਲਿਆ ਆਪ ਹੀ ਹਵਾ ਦਾ ਕੰਮ, ਮੈਂ ਥਾਂ ਥਾਂ ਪੀੜ ਦੀ ਰਾਖ ਆਪ ਹੀ ਖਿਲਾਰੀ ਹੈ। ਨਜ਼ਰ ਜੋ ਕਾਲੀਆਂ ਸੁਰੰਗਾਂ ਤੋਂ ਵੀ ਫੜੀ ਨ ਗਈ, ਕਿਹਾ ਦੁਖਾਂਤ ਕਿ ਇਹ ਰੋਸ਼ਨੀ ਤੋਂ ਹਾਰੀ ਹੈ। ਖਲੋ ਕੇ ਜੁਗਨੂਆਂ ਵਰਗੇ ਪਲਾਂ ਦੀ ਨੋਕ ਉੱਪਰ, ਮੈਂ ਜ਼ਿੰਦਗੀ, ਤੇ ਕਈ ਵਾਰ ਝਾਤ ਮਾਰੀ ਹੈ।

ਵਰ੍ਹ ਕੇ ਲੈਣਾ ਸੀ ਮੈਂ ਕੀ

ਵਰ੍ਹ ਕੇ ਲੈਣਾ ਸੀ ਮੈਂ ਕੀ, ਭਰਿਆ ਖੜਾ ਸੀ ਉਹ ਵੀ, ਮੈਂ ਜੇ ਬੱਦਲ ਸਾਂ, ਸਮੁੰਦਰ ਤੋਂ ਬੜਾ ਸੀ ਉਹ ਵੀ। ਬਣ ਗਿਆ ਮਨ ਦਾ ਹਰ ਅੰਗਿਆਰ ਪਿਘਲ ਕੇ ਹੰਝੂ, ਜਿਸ ਨੂੰ ਮੈਂ ਇਸ਼ਕ ਸਮਝਿਆ ਸੀ, ਗੜਾ ਸੀ ਉਹ ਵੀ । ਕਿਉਂ ਬਚਾ ਸਕਿਆ ਨ ਨ੍ਹੇਰੇ ਦੇ ਝਨਾਂ ਤੋਂ ਮੈਨੂੰ ? ਉਂਜ ਵੇਖਣ ਨੂੰ ਤਾਂ ਚਾਨਣ ਦਾ ਘੜਾ ਸੀ ਉਹ ਵੀ। ਜੇ ਤੂੰ ਚਾਂਦੀ ਦੀ ਕਟੋਰੀ ਸੈਂ ਕਦੇ, ਕੀ ਹੋਇਆ ? ਭਰ ਜਵਾਨੀ 'ਚ ਤਾਂ ਸੋਨੇ ਦਾ ਕੜਾ ਸੀ ਉਹ ਵੀ। ਆਸ ਸੀ ਤੇਰਾ ਚੁਫੇਰਾ ਤਾਂ ਹਰਾ ਨਿਕਲੇਗਾ, ਜਾ ਕੇ ਡਿੱਠਾ ਜਦੋਂ ਗਹੁ ਨਾਲ, ਰੜਾ ਸੀ ਉਹ ਵੀ । ਰਾਤ ਡਿਗ ਮੋਇਆ ਸੀ ਹੰਝੂਆਂ ਦਾ ਸਮੰਦਰ ਜਿਸ ਵਿਚ, ਮੇਰੇ ਹਉਕੇ ਦਾ ਬੜਾ ਡੂੰਘਾ ਗੜ੍ਹਾ ਸੀ ਉਹ ਵੀ। ਵੇਖ ਕੇ ਰਾਹਾਂ 'ਚ ਅਟਕੇ ਹੋਏ ਰਾਹਾਂ ਦਾ ਇਕੱਠ, ਐਵੇਂ ਰਿਝਦੇ ਸਉ ਕਿ ਮੇਰਾ ਹੀ ਧੜਾ ਸੀ ਉਹ ਵੀ । ਦਮ ਉਡਾਰੀ ਦਾ ਵੀ ਰੁਕਦਾ ਸੀ ਪਹੁੰਚ ਕੇ ਜਿੱਥੇ, ਸੋਚ ਦੇ ਪੰਧ ’ਚ ਇਕ ਐਸਾ ਪੜਾ ਸੀ ਉਹ ਵੀ। ਜਮਘਟਾ ਉਸਦੇ ਉਦਾਲੇ ਸੀ ਮਸ਼ਾਲਾਂ ਦਾ ਜਦੋਂ, ਮੂੰਹ ’ਚ ਚਾਨਣ ਦੀ ਡਲੀ ਪਾ ਕੇ ਖੜ੍ਹਾ ਸੀ ਉਹ ਵੀ।

ਦੀਵਾ ਲਹੂ ਦੀ ਬੂੰਦ ’ਚੋਂ ਭਾਲੇ

ਦੀਵਾ ਲਹੂ ਦੀ ਬੂੰਦ ’ਚੋਂ ਭਾਲੇ ਕੁਈ ਕੁਈ। ਦੀਵੇ 'ਚ ਤੇਲ ਜਿੰਦ ਦਾ ਬਾਲੇ ਕੁਈ ਕੁਈ। ਮਾਰਨ ਜੋ ਰੋੜ ਸਿੰਨ੍ਹ ਕੇ ਦਿਲ, ਤੇ ਉਨ੍ਹਾਂ ਦੇ ਘਾਉ, ਸ਼ੀਸ਼ੇ ’ਚ ਅਕਸ ਵਾਂਗ ਸੰਭਾਲੇ ਕੁਈ ਕੁਈ। ਪਤਝੜ ਦੇ ਪੀਲੇ ਭੂਕ ਸਮੁੰਦਰੋਂ, ਬਹਾਰ ਦੇ ਟਾਪੂ ਹਰੇ ਕਚੂਰ ਉਛਾਲੇ ਕੁਈ ਕੁਈ। ਕਲਯੁਗ ਦੇ ਬਾਦਬਾਨ, ਤੇ ਛਿੱਟਾਂ ਦੇ ਰੂਪ ਵਿਚ ਚਿਤ੍ਰੇ ਪਲਾਂ ਨੂੰ ਹੋਰ ਵੀ ਕਾਲੇ ਕੁਈ ਕੁਈ। ਸੁਪਨੇ ਤਾਂ ਹਰ ਕੁਈ ਹੀ ਸਜਾਉਂਦਾ ਹੈ ਸੋਚ ਵਿਚ, ਇਤਿਹਾਸ ਵਿਚ ਸਪੋਲੀਏ ਪਾਲੇ ਕੁਈ ਕੁਈ । ਕਾਨੀ ਦੀ ਨੋਕ ਨਾਲ ਜਾਂ ਸ਼ਬਦਾਂ ਦੀ ਸੂਹਣ ਨਾਲ, ਝਾੜੇ ਮਨਾਂ 'ਚੋਂ ਵਹਿਮ ਦੇ ਜਾਲੇ ਕੁਈ ਕੁਈ। ਚਿਣ ਚਿਣ ਟਟਹਿਣਿਆਂ ਨੂੰ ਹਨੇਰੇ ਦੀ ਕੰਧ ਤੇ ਰੁਸ਼ਨਾ ਸਕੇ ਖ਼ਿਆਲ ਦੇ ਆਲੇ ਕੁਈ ਕੁਈ। ਅੱਖਾਂ ਤੇ ਪਲਕਾਂ ਓਢ ਕੇ ਚਾਨਣ ਦਾ ਹਾਸ਼ੀਆ ਵਾਹੇ ਕਿਸੇ ਧੁੰਦਲਕੇ ਉਦਾਲੇ ਕੁਈ ਕੁਈ। ਚਿੰਤਨ ਦੀ ਸੇਕ ਮਾਰਦੀ ਭੱਠੀ ’ਚ ਝੋਕ ਕੇ ਬਾਲਣ ਦਮਾਂ ਦਾ ਬੇਧੜਕ ਬਾਲੇ ਕੁਈ ਕੁਈ । ਸੋਚਾਂ ਦੇ ਕਣ ਬੁਝੇ ਬੁਝੇ ਸੁਪਨੇ ਦੀ ਰਾਖ ਹੇਠ ਚੰਗਿਆੜਿਆਂ ਦੇ ਰੂਪ ਵਿਚ ਢਾਲੇ ਕੁਈ ਕੁਈ।

ਲਾ ਕੇ ਗਲ ਕਹਿਕਸ਼ਾਂ ਨੂੰ ਤਾਰਿਆਂ

ਲਾ ਕੇ ਗਲ ਕਹਿਕਸ਼ਾਂ ਨੂੰ ਤਾਰਿਆਂ ਵਿਚਕਾਰ ਟੁਰੋ, ਲਗ ਕੇ ਪਿੱਛੇ ਕਿਸੇ ਛਾਇਆ ਦੇ ਨ ਬੇਕਾਰ ਟੁਰੋ। ਪਾ ਦਿਓ ਲਾਲ ਹਨੇਰੀ ਨੂੰ ਅਚਾਨਕ ਸੋਚੀਂ, ਫੜ ਕੇ ਹੱਥਾਂ 'ਚ ਹਰੇ ਰੰਗ ਦੇ ਅਖ਼ਬਾਰ ਟੁਰੋ । ਭਟਕਣ ਆਸਾਂ ਦੀ ਦਿਸ਼ਾਹੀਣ ਹੀ ਰਹਿਣੀ ਹੈ ਜਦੋਂ, ਭੁੱਲ ਕੇ ਵੀ ਏਸ ਦਿਸ਼ਾ ਵਲ ਨੂੰ ਖ਼ਬਰਦਾਰ ਟੁਰੋ। ਲੋਪ ਹੋ ਜਾਣਗੇ ਚਾਨਣ ’ਚ ਹਨੇਰੇ ਆਪੀਂ, ਪਾ ਕੇ ਨਜ਼ਰਾਂ ਦੇ ਗਲੀਂ ਸੁਪਨਿਆਂ ਦੇ ਹਾਰ ਟੁਰੋ । ਮਨ ’ਚ ਤੱਕੋਗੇ ਜੜੇ ਭਾਂਤ ਸੁਭਾਂਤੇ ਸ਼ੀਸ਼ੇ, ਕਦੇ ਇਸ ਪਾਰ, ਕਦੇ ਯਾਦਾਂ ਦੇ ਉਸ ਪਾਰ ਟੁਰੋ। ਆ ਦਬੋਚਣ ਨ ਕਿਤੇ ਜਾਨ ਦੇ ਵੈਰੀ ਪਿੱਛੋਂ, ਸੋਚ ਦੇ ਪਾਟੇ ਲੜੋਂ ਡੋਲ੍ਹਦੇ ਅੰਗਿਆਰ ਟੁਰੋ। ਲਕਸ਼ ਇੱਕੇ ਹੈ ਤਾਂ ਫਿਰ ਪਾਲ ਵੀ ਬੰਨ੍ਹੋ ਇੱਕੋ, ਬਣ ਕੇ ਅੱਗੇ ਨੂੰ ਨਿਰੇ ਨੂਰ ਦੀ ਦੀਵਾਰ ਟੁਰੋ । ਪਾਟ ਨਦੀਆਂ ਦੇ ਨਿਕਲ ਜਾਣ ਨ ਬਚ ਕੇ ਸੁੱਕੇ, ਬਣ ਕੇ ਭੰਵਰਾਂ 'ਚ ਪਲੀ ਸ਼ੂਕਦੀ ਮੰਝਧਾਰ ਟੁਰੋ। ਪੈਰ ਧੁੱਪਾਂ 'ਚ ਹਰੇ ਘਾਵਾਂ ਸਣੇ ਲਹਿਰਾ ਕੇ, ਚਲਦੇ ਰੁੱਖਾਂ 'ਚ ਬਦਲਣਾ ਹੈ ਤਾਂ ਸਿਰ ਭਾਰ ਟੁਰੋ ।

ਕਿਉਂ ਅਚਾਨਕ ਲੀਕ ਮੇਰੇ ਹਥ ਦੀ

ਕਿਉਂ ਅਚਾਨਕ ਲੀਕ ਮੇਰੇ ਹਥ ਦੀ ਕਾਲੀ ਹੋ ਗਈ, ਸ਼ਾਇਦ ਇਕ ਤਾਰੇ ਤੋਂ ਗੋਦ ਅੰਬਰ ਦੀ ਖ਼ਾਲੀ ਹੋ ਗਈ। ਵਾਰਦਾਤ ਇਹ ਵੀ ਸੀ ਹੋਣ ਮੰਜ਼ਿਲੋਂ ਕਾਫ਼ੀ ਉਰ੍ਹਾਂ, ਉਲਝੀ ਉਲਝੀ ਸੋਚ ਮਨ ਦੀ ਮਰਨ ਵਾਲੀ ਹੋ ਗਈ। ਇਸ ਦੇ ਗਲ ਪਾਏ ਗਏ ਜਦ ਹਾਰ ਤਾਂ ਇਉਂ ਜਾਪਿਆ, ਤੋਪ ਅਚਾਨਕ ਥੋਰ੍ਹ ਤੋਂ ਫੁੱਲਾਂ ਦੀ ਡਾਲੀ ਹੋ ਗਈ। ਉਡ ਗਏ ਪੰਛੀ ਜਿਦੇ ਬੂਰਾਂ, ਤੇ ਹੂੰਝਾ ਫੇਰ ਕੇ, ਉਸ ਅਭਾਗੇ ਬਿਰਛ ਦੀ ਹਾਲਤ ਨਿਰਾਲੀ ਹੋ ਗਈ। ਇਸ ਨਵੇਂ ਯੁਗ ਦਾ ਅਲੀਬਾਬਾ ਕਰੇ ਤਾਂ ਕੀ ਕਰੇ ? ਚਾਲੀਓਂ, ਚੋਰਾਂ ਦੀ ਗਿਣਤੀ ਇਕ ਸੌ ਚਾਲੀ ਹੋ ਗਈ। ਵਾਰ ਵਾਰ ਇਕ ਸ਼ਕਲ ਨੂੰ ਅੱਖਾਂ 'ਚ ਕੀ ਚਿੱਥਣ ਦਾ ਲਾਭ? ਇਹ ਕਿਸੇ ਦੀ ਯਾਦ ਨਾ ਹੋਈ, ਉਗਾਲੀ ਹੋ ਗਈ। ਰੋਜ਼ ਇਦ੍ਹੇ ਵਿਚ ਪੈ ਕੇ ਪੰਘਰਦਾ ਹਾਂ ਮੈਂ ਭਾਵਾਂ ਸਣੇ, ਹੁੰਦੀ ਹੁੰਦੀ ਤੇਰੀ ਚਾਹਤ ਤਾਂ ਕੁਰਾਲੀ ਹੋ ਗਈ। ਫੂਕ ਸੁੱਟੇ ਨਾ ਕਿਤੇ ਸ਼ਿਵ ਨੂੰ ਇਸੇ ਸਾੜੇ ਦੀ ਅੱਗ, ਵਿਹੁ ਦੇ ਵਿਉਪਾਰਾਂ 'ਚ ਕਿਉਂ ਮੇਰੀ ਭਿਆਲੀ ਹੋ ਗਈ? ਤਖ਼਼ਤ ਇਹ ਵੀ ਬਗਲਿਆਂ ਵੱਲੋਂ ਮਿਲੇ ਵਰ ਦੀ ਹੈ ਮਿਹਰ, ਹੁੰਦੀ ਹੁੰਦੀ ਮੇਰੀ ਹਰ ਕਰਤੂਤ ਕਾਲੀ ਹੋ ਗਈ।

ਸਮਝ ਨ ਐਵੇਂ ਜਿਹਾ ਜ਼ੱਰਾ

ਸਮਝ ਨ ਐਵੇਂ ਜਿਹਾ ਜ਼ੱਰਾ ਧੂੜ ਦਾ ਮੈਨੂੰ, ਕਣੀ ਹਾਂ ਨੂਰ ਦੀ, ਮਿੱਟੀ ’ਚ ਨਾ ਮਿਲਾ ਮੈਨੂੰ । ਬਸ ਏਨੀ ਅਰਜ਼ ਹੈ, ਤੇਰੇ ਇਸ਼ਾਰਿਆ ਦੀ ਖ਼ੈਰ, ਨਚਾ ਕੇ ਇਹਨਾਂ, ਤੇ ਪੁਤਲੀ ਤਾਂ ਨਾ ਬਣਾ ਮੈਨੂੰ । ਉਦਾਸ ਉਦਾਸ ਜਿਹੇ ਨੈਣ ਹੰਝੂ ਹੰਝੂ ਸਨ, ਕਹੀ ਸੀ ਇਉਂ ਵੀ ਸਮੁੰਦਰ ਨੇ ਅਲਵਿਦਾ ਮੈਨੂੰ । ਮੁਸਾਫ਼ਰਾਂ ਦੇ ਹਰੇ ਜ਼ਖ਼਼ਮ ਸੜਨਗੇ ਧੁੱਪੇ, ਮੈਂ ਸਬਜ਼ ਬਿਰਛ ਹਾਂ, ਲਾਂਬੂ ਦਿਨੇ ਨ ਲਾ ਮੈਨੂੰ । ਪਈ ਸੀ ਲਾਸ਼ ਲਹੂ ਦੇ ਚਲ੍ਹੇ 'ਚ ਸੂਰਜ ਦੀ, ਸਰਾਪ ਸੋਚ ਦਾ ਭੈਭੀਤ ਕਰ ਗਿਆ ਮੈਨੂੰ । ਪਤਾ ਨਹੀਂ ਕਿਵੇਂ ਇਸ ਦੇ ਅਸਰ ਤੋਂ ਮੁਕਤ ਰਿਹਾ, ਕਿ ਜਾਪਦਾ ਰਿਹਾ ਵਿਹੁ ਬੀਤਿਆ ਵਰ੍ਹਾ ਮੈਨੂੰ । ਨਹਾਕੇ ਆਇਆ ਹੈਂ ਕਿਸ ਦੇ ਲਹੂ 'ਚ, ਦੱਸ ਇਹ ਵੀ, ਲਹੂ ’ਚ ਤਰ, ਨਿਰੇ ਅਪਣੇ ਨ ਪਰ, ਵਿਖਾ ਮੈਨੂੰ । ਤੂੰ ਰੋਸ਼ਨੀ, ਮੈਂ ਸ਼ਮਾਂ, ਤੂੰ ਕਲੀ, ਮੈਂ ਤੇਰੀ ਮਹਿਕ, ਤੂੰ ਨਹੁੰ, ਮੈਂ ਮਾਸ, ਕਰੇਂਗਾ ਕਿਵੇਂ ਜੁਦਾ ਮੈਨੂੰ ? ਇਹ ਮੇਰਾ ਵਹਿਮ ਹੈ, ਜਾਂ ਰੁਤ ਦੀ ਨੀਤ ਖੋਟੀ ਹੈ, ਜੋ ਬਾਦਬਾਨ ਸੀ, ਜਾਪੇ ਭੰਵਰ ਜਿਹਾ ਮੈਨੂੰ ।

ਜੇ ਸਾਫ਼ ਹੋ ਜ਼ਮੀਰਾਂ ਟਟੋਲ ਕੇ ਵੇਖੋ

ਜੇ ਸਾਫ਼ ਹੋ ਜ਼ਮੀਰਾਂ ਟਟੋਲ ਕੇ ਵੇਖੋ। ਇਨ੍ਹਾਂ ਨੂੰ ਮਨ ਦੇ ਤਰਾਜੂ 'ਚ ਤੋਲ ਕੇ ਵੇਖੋ। ਤੁਹਾਡੇ, ਖੂਨ 'ਚੋਂ ਬੂ ਗੰਦਗੀ ਦੀ ਆਏਗੀ, ਇਦ੍ਹੇ ’ਚ ਮੈਲੀਆਂ ਨੀਤਾਂ ਘਚੋਲ ਕੇ ਵੇਖੋ। ਨ ਪੈਰਾਂ ਹੇਠ ਗੁਲਾਬਾਂ ਜਿਹੇ ਬਦਨ ਮਿੱਧੋ, ਨ ਹੱਥਾਂ ਨਾਲ ਖਿੜੇ ਦਿਲ ਮਧੋਲ ਕੇ ਵੇਖੋ। ਤੁਸੀਂ ਤਾਂ ਖੋਲ੍ਹਦੇ ਫਿਰਦੇ ਹੋ ਸਾਡੀਆਂ ਅੱਖਾਂ, ਰਤਾ ਕੁ ਅਪਣੀਆਂ ਅੱਖਾਂ ਵੀ ਖੋਲ੍ਹ ਕੇ ਵੇਖੋ। ਲਹੂ ਲਹੂ ਜਿਹਾ ਇਤਿਹਾਸ ਰਚ ਰਹੇ ਹੋ ਕਿਹਾ, ਕਿਤੋਂ ਤਾਂ ਇਸ ਦਾ ਕੋਈ ਪਤਰਾ ਫੋਲ ਕੇ ਵੇਖੋ। ਤੁਸੀਂ ਤਾਂ ਠੋਕਦੇ ਹੋ ਪਹਿਲਾਂ ਜੀਭ ਦੇ ਜੰਦਰੇ, ਫਿਰ ਆਖਦੇ ਹੋ ਕਿ ਹੁਣ ਵਿਸ ਵੀ ਘੋਲ ਕੇ ਵੇਖੋ। ਲਹੂ ਜੋ ਪੀਣ ਲਹੂ ਡੋਲ੍ਹਣੇ ਵੀ ਪੈਂਦੇ ਹਨ, ਪਰ ਇਉਂ ਅਜਾਈਂ ਤਾਂ ਨਾ ਡੋਲ੍ਹ ਡੋਲ੍ਹ ਕੇ ਵੇਖੋ। ਤੁਸੀਂ ਕਿਹੋ ਜਿਹੇ ਗੁੰਬਦ ਦੀ ਓਟ ਲੈ ਬੈਠੇ, ਤੁਹਾਡੀ ਗੂੰਜ ਹੀ ਦੱਸੇਗੀ, ਬੋਲ ਕੇ ਵੇਖੋ । ਘਟਾ ਸਿਰਾਂ, ਤੇ, ਟਟਹਿਣੇ ਅਲੋਪ, ਅੰਨ੍ਹੀ ਰਾਤ, ਕਿਤੋਂ ਮਸ਼ਾਲ ਲਹੂ ’ਚੋਂ ਹੀ ਟੋਲ ਕੇ ਵੇਖੋ ।

ਜ਼ੋਰ ਬਥੇਰਾ ਮਾਰਨ ਤਤੀਆਂ ਤੇਜ਼ ਹਵਾਵਾਂ

ਜ਼ੋਰ ਬਥੇਰਾ ਮਾਰਨ ਤਤੀਆਂ ਤੇਜ਼ ਹਵਾਵਾਂ। ਟੁੱਟਣ ਵਿਚ ਆਵੇ ਨਾ ਰੁਖ ਨਾਲੋਂ ਪਰਛਾਵਾਂ। ਨਿਤ ਘਲੀਏ ਸਜਣਾਂ ਵਲ ਉਹ ਯਾਦਾਂ ਦੀ ਪਾਤੀ, ਹੰਝੂਆਂ ਨਾਲ਼ ਅਸੀਂ ਲਿਖੀਏ ਜਿਸ 'ਤੇ ਸਿਰਨਾਵਾਂ। ਦਿਨ ਦੀਵੀਂ ਪਾ ਛੱਡਣ ਨ੍ਹੇਰ ਮਨਾਂ ਦੇ ਕਾਲ਼ੇ, ਲੰਘੇ ਤਾਰੇ ਵਾਂਗ ਨਜ਼ਰ 'ਚੋਂ ਟਾਵਾਂ ਟਾਵਾਂ । ਧਰਤੀ 'ਤੇ ਕਿਸ ਬੱਦਲ਼ ਦੀ ਛਾਂ ਮਗਰ ਮੈਂ ਨੱਸਾਂ ? ਸਾਗਰ ਦੀ ਕਿਸ ਲਹਿਰ ਦੇ ਪਿੱਛੇ ਪਿੱਛੇ ਜਾਵਾਂ ? ਚਾਪ ਕਿਦ੍ਹੇ ਪੈਰਾਂ ਦੀ ਆਵੇ ਸੋਚ ਦੀ ਗਲ਼ੀਓਂ ? ਏਨੀ ਰਾਤ ਗਏ ਹੋਣਾ ਏਂ 'ਤਖ਼ਤ' ਨਥਾਵਾਂ ।

ਇਉਂ ਅਕੇਵੇਂ ਦੀ ਵਬਾ ਹੱਥੋਂ ਗਿਆ ਹਾਰ ਜਿਹਾ

ਇਉਂ ਅਕੇਵੇਂ ਦੀ ਵਬਾ ਹੱਥੋਂ ਗਿਆ ਹਾਰ ਜਿਹਾ, ਜਿਵੇਂ ਇਸ ਸ਼ਹਿਰ ਦਾ ਹਰ ਸ਼ਖ਼ਸ ਹੈ ਬੀਮਾਰ ਜਿਹਾ। ਉਹ ਤਾਂ ਸਾਗਰ ਸੀ ਕਿ ਸੀ ਬੰਦ ਧੁਰੋਂ ਗਾਗਰ ਵਿਚ, ਉਸ ਦੇ ਸੰਖੇਪ ਕਥਨ ਵਿਚ ਵੀ ਸੀ ਵਿਸਥਾਰ ਜਿਹਾ। ਉਹ ਜਬ੍ਹੇਦਾਰ ਸੀ ਕਦ ਕਾਠ ਦਾ ਕਿੰਨਾ ਉੱਚਾ, ਉਠ ਖਲੋਂਦਾ ਤਾਂ ਕਿਵੇਂ ਜਾਪਦਾ ਮੀਨਾਰ ਜਿਹਾ। ਹੁਣ ਤਾਂ ਉਹ ਜਾਨ ਦਾ ਵੈਰੀ ਹੈ, ਕਦੇ ਉਹ ਦਿਨ ਸਨ, ਉਹ ਸੀ ਮਿਸਰੀ ਦੀ ਡਲੀ ਢੋਲ ਦੇ ਇਕਰਾਰ ਜਿਹਾ। ਮੈਂ ਜੇ ਸੱਥਾਂ 'ਚ ਚਰਚਿਤ ਸਾਂ ਤਾਂ ਉਸ ਦੇ ਪੈਰੋਂ, ਮੈਂ ਖ਼ਬਰ ਵਾਂਗ ਪਰ ਉਹ ਆਪ ਸੀ ਅਖ਼ਬਾਰ ਜਿਹਾ। ਜਿਸ ਨੇ ਚੁਣ ਚੁਣ ਕੇ ਖਿੜੇ ਫੁੱਲਾਂ ਦੇ ਆਹੂ ਲਾਹੇ, ਕੋਈ ਪਰਲੋਂ ਸੀ ਕਿ ਤੂਫ਼ਾਨ ਸੀ ਖੂੰਖਾਰ ਜਿਹਾ। ਹੁਣ ਤਾਂ ਇਕ ਜ਼ਖ਼ਮ ਵੀ ਸੂਲੀ ਹੈ, ਕਦੇ ਉਹ ਦਿਨ ਸਨ, ਦਿਲ 'ਚੋਂ ਸੌ ਜ਼ਖ਼ਮਾਂ ਦਾ ਰਿਸਣਾ ਵੀ ਸੀ ਤਿਉਹਾਰ ਜਿਹਾ। ਇਹ ਸਫ਼ਰ ਥਲ ਦਾ ਤਾਂ ਭਾਗਾਂ 'ਚ ਸੀ, ਕੀਕੂੰ ਟਲਦਾ ? ਪੈਰ ਮਣ ਮਣ ਦੇ ਨੇ, ਕਣ ਕਣ ਹੈ ਜੇ ਅੰਗਿਆਰ ਜਿਹਾ । ਉਹ ਸਮਾਂ ਹੋਰ ਸੀ ਤ੍ਰਿਪਤੀ ਸੀ ਕਲਾ ਜਦ ਮਨ ਦੀ, ਹੁਣ ਤਾਂ ਕਵਿਤਾ ਦਾ ਵਤੀਰਾ ਵੀ ਹੈ ਵਿਉਪਾਰ ਜਿਹਾ। ਇਹ ਕਿਵੇਂ ? ਤੇਜ਼ ਹਵਾ ਦੀ ਤਾਂ ਸ਼ਲਾਘਾ ਕਰਨੀ, ਪਰ ਵਜੂਦ ਅਪਣਾ ਹੀ ਮਹਿਸੂਸਣਾ ਇਕ ਭਾਰ ਜਿਹਾ।

ਮੈਂ ਬੋਲ ਜਿੰਦ ਦੇ ਬਿੰਬਾਂ 'ਚ ਢਾਲ ਦੇਣੇ ਹਨ

ਮੈਂ ਬੋਲ ਜਿੰਦ ਦੇ ਬਿੰਬਾਂ 'ਚ ਢਾਲ ਦੇਣੇ ਹਨ, ਮੈਂ ਦੀਪ ਕਾਲਿਆਂ ਸ਼ਬਦਾਂ 'ਚ ਬਾਲ ਦੇਣੇ ਹਨ। ਤਿੜੋ ਨਾ ਇਉਂ ਤੁਸੀਂ ਬਹਿ ਕੇ ਜਵਾਲਾ-ਮੁਖੀਆਂ 'ਤੇ ਅਸੀਂ ਜੇ ਬਲ ਪਏ, ਲਾਵੇ ਉਬਾਲ ਦੇਣੇ ਹਨ। ਕਦ ਏਨੀ ਸੂਝ ਸੀ ਕਾਤਿਲ ਨੂੰ, ਮਰਨ ਤੋਂ ਪਹਿਲਾਂ, ਮੈਂ ਮਨ ਦੇ ਸੁਪਨੇ ਤੁਹਾਨੂੰ ਸੰਭਾਲ ਦੇਣੇ ਹਨ ? ਸੁਕਾਉਣ ਲੱਗੀ ਜੋ ਔੜ ਆਸ ਦੇ ਹਰੇ ਬੂਟੇ, ਅਸੀਂ ਜਿਗਰ ਦਾ ਲਹੂ ਦੇ ਕੇ ਪਾਲ ਦੇਣੇ ਹਨ। ਤੁਸੀਂ ਜੇ ਰੱਖੋਗੇ ਸਭ ਨੂੰ ਇਵੇਂ ਹਨੇਰੇ ਵਿਚ, ਹਨੇਰਿਆਂ 'ਚ ਮੈਂ ਸੂਰਜ ਉਛਾਲ ਦੇਣੇ ਹਨ। ਮੈਂ ਮਨ ਦੀ ਕੰਧ, ਤੇ ਲਿਖਣੇ ਨੇ ਹਰਫ਼ ਚਾਨਣ ਦੇ, ਨਸਾਂ 'ਚ ਦੀਪ ਲਹੂ ਦੇ ਮੈਂ ਬਾਲ ਦੇਣੇ ਹਨ। ਉਦਾਸ ਜਿੰਦ ਦਾ ਪੰਛੀ ਕਿਸ ਆਸ ਤੇ ਉੱਡੇ ? ਮੈਂ ਧੁਖ ਕੇ ਸੋਚ ਦੇ ਖੰਭ ਆਪ ਜਾਲ ਦੇਣੇ ਹਨ।

ਖਿਲਾਰੀ ਖ਼ੁਦ ਹੀ ਅੱਗ ਆਪਾਂ

ਖਿਲਾਰੀ ਖ਼ੁਦ ਹੀ ਅੱਗ ਆਪਾਂ, ਖ਼ੁਦ ਉਸ, ਤੇ ਪੈਰ ਧਰ ਬੈਠੇ, ਅਸੀਂ ਫਲ ਅਪਣੀ ਕਰਨੀ ਦਾ, ਜੋ ਭਰਨਾ ਸੀ, ਭਰ ਬੈਠੇ ਮਨੁੱਖਾਂ ਨੇ ਪਸ਼ੂ ਬਣ ਕੇ ਸਦਾ ਖੱਟੀ ਇਹੋ ਖੱਟੀ, ਦਿਨਾਂ ਵਿਚ ਖ਼ੁਦ ਉਗਾਈਆਂ ਪੈਲੀਆਂ ਨੂੰ ਖ਼ੁਦ ਹੀ ਚਰ ਬੈਠੇ ਅਸੀਂ ਜੇ ਬਲਦੀਆਂ ਧੁੱਪਾਂ 'ਚ ਸਾਂ, ਕੁਮਲਾ ਗਏ ਤਾਂ ਕੀ ? ਪਰ ਉਹ ਮੁਰਝਾ ਗਏ ਕੀਕੂੰ ਕਿ ਸਨ ਸੁਖ ਨਾਲ ਘਰ ਬੈਠੇ। ਸ਼ੁਦਾਈ ਹੈ ਜੇ ਉਹ ਫ਼ਿਰ ਵੀ ਹਰੇ ਰੁੱਖਾਂ ਦੀ ਛਾਂ ਭਾਲੇ, ਘੁਮੱਕੜ ਕੋਈ ਜਦ ਵਿੱਢ ਆਪ ਹੀ ਥਲ ਦਾ ਸਫ਼ਰ ਬੈਠੇ। ਹਵਾ ਦੀ ਮਾਰ ਵਿਚ ਆ ਕੇ ਵੀ ਜਗਦੇ ਰਹਿਣਗੇ ਦੀਵੇ, ਕਿਵੇਂ ਚੰਗੇ ਭਲੇ ਦਾਨਾ ਵੀ ਇਹ ਵਿਸ਼ਵਾਸ ਕਰ ਬੈਠੇ। ਗੁਲ ਅਪਣੀ ਸੂਝ ਦਾ ਦੀਵਾ ਵੀ ਦੀਵੇ ਨਾਲ ਕਰ ਬੈਠੇ। ਜੋ ਗੁਲ ਕਤਰਨ ਦੀ ਥਾਂ ਬੱਤੀ ਨੂੰ ਵਿਚਕਾਰੋਂ ਕਤਰ ਬੈਠੇ। ਪਛਾਣ ਆਪਣੀ ਵੀ ਤਾਂ ਸਾਨੂੰ ਕਰਾਉਣਾ ਇਹ ਨਾਟਕੀ ਪਾਤਰ, ਬੜੇ ਚਿਹਰੇ ਬਦਲ ਬੈਠੇ, ਬਥੇਰੇ ਸਾਂਗ ਭਰ . . . ਬੈਠੇ। ਅਜੇ ਤਕ ਸਾਡੀਆਂ ਪੈੜਾਂ ਜ਼ਮਾਨੇ ਭਰ ਨੂੰ ਇਹ ਦੱਸਣ ਕਿ ਹੁਣ ਤੀਕਣ ਅਸੀਂ ਕਿਸ ਕਿਸ ਪੜਾ ਥਾਣੀ ਗੁਜਰ ਬੈਠੇ। ਉਨ੍ਹਾਂ ਨੇ ਵਰ੍ਹਦੀਆਂ ਧੁੱਪਾਂ 'ਚ ਤਰਿਹਾਏ ਤਾਂ ਮਰਨਾ ਸੀ, ਜੋ ਸ਼ਹਿਰਾਂ ਦੀ ਚਿਲਕਦੀ ਰੇਤ ਦੇ ਪਾਣੀ, ਤੇ ਮਰ ਬੈਠੇ। ਮਜਾ ਤਾਂ ਹੈ ਜੇ ਉਹ ਮੇਰੇ ਜਿਹੇ ਰੱਕੜ ਤੇ ਵੀ ਰੀਝੇ, ਪਰ ਉਹ ਨੱਢੀ ਘਟਾ ਵਰਗੀ ਕਿਤੇ ਓਧਰ ਹੀ ਵਰ੍ਹ ਬੈਠੇ।

ਅਸਹਿ ਇਕਾਂਤ ਵੀ ਹੈ

ਅਸਹਿ ਇਕਾਂਤ ਵੀ ਹੈ, ਹੁੱਟ ਅਤੇ ਹਨੇਰਾ ਵੀ, ਹਵਾ ਵੀ ਵਗਦੀ ਰਹੇ ਪਰ ਬੁਝੇ ਨ ਦੀਵਾ ਵੀ। ਭਟਕਦੀ ਸੋਚ ਦਾ ਵਾਚੀ ਨ ਜਾ ਇਹੋ ਪੰਨਾ, ਤੂੰ ਇਸ ਕਿਤਾਬ ਦੇ ਅਗਲੇ ਵਰਕੇ ਨੂੰ ਉਲਟਾ ਵੀ। ਸਦਾ ਹੀ ਪੀਤੇ ਨਦੀ ਵਾਂਗ ਜਿਸ ਸਮੁੰਦਰ ਦੇ, ਤੂੰ ਧੋ ਧੋ ਪੈਰ ਕਦੇ ਉਸ ਨੇ ਤੈਨੂੰ ਡਿੱਠਾ ਵੀ ? ਤੁਸੀਂ ਤਾਂ ਇਹ ਵੀ ਨ ਬੁੱਝੀ, ਚੜ੍ਹਾਂਗਾ ਸੂਲੀ ਜਦ, ਤਾਂ ਮੇਰੇ ਨਾਲ ਚੜ੍ਹੇਗਾ ਨਵਾਂ ਸਵੇਰਾ ਵੀ। ਕਟਾਰੋਂ ਤੇਜ਼ ਤੇ ਵਾਲੋਂ ਮਹੀਨ ਹੈ ਅਹਿਸਾਸ, ਸਰਾਪ ਵਾਂਗ ਹੈ ਇਸ ਪੁਲ ਤੋਂ ਦੀ ਗੁਜ਼ਰਨਾ ਵੀ ਮੈਂ ਸਿੰਜੇ ਦਿਲ ਦੇ ਲਹੂ ਨਾਲ ਗ਼ਮ ਦੇ ਸਹਿਰਾ ਵੀ ਤਰੇ ਮੈਂ ਵਰ੍ਹਦੀਆਂ ਅੱਖਾਂ 'ਚੋਂ ਵਗਦੇ ਦਰਿਆ ਵੀ। ਭਿਣਕ ਕਿਤੋਂ ਤਾਂ ਪਏ ਮਨ ਦੇ ਉਸ ਠਿਕਾਣੇ ਦੀ, ਕਿ ਜਿਸ ਦੀ ਭਾਲ 'ਚ ਸਦੀਆਂ ਤੋਂ ਹੈ ਉਜਾਲਾ ਵੀ। ਮੈਂ ਭਾਵ-ਬੋਧ ਦੇ ਕਿਹੜੇ ਪੜਾ, ਤੇ ਆ ਪੁੱਜਾ ਕਿ ਅਰਥ ਹੋਂਦ ਦਾ ਕਾਲਾ ਵੀ ਹੈ, ਸੁਨਹਿਰਾ ਵੀ “ਮੈਂ ਹਾਂ”, “ਨਹੀਂ ਹਾਂ” ਵਿਚਾਲੇ ਦੀ ਜੂਨ ਵੀ ਭੋਗੀ, ਮੈਂ ਭੁੱਬਾਂ ਰੋਕ ਕੇ ਬਣਿਆ ਗਲੇ 'ਚ ਫੰਧਾ ਵੀ। ਜੇ ਮੇਰਾ ਸਾਥ ਹੀ ਤੇਰੇ ਸਫ਼ਰ ਦਾ ਮੰਤਵ ਹੈ ਤਾਂ ਮੇਰੇ ਨਾਲ ਤੈਂ ਧੁੱਪੇ ਸਫ਼ਰ 'ਚ ਟੁਰਨਾ ਵੀ।

ਜਦ ਆਖ਼ਿਰ ਉਸ ਦਿਆਂ ਨੈਣਾਂ 'ਚੋਂ

ਜਦ ਆਖ਼ਿਰ ਉਸ ਦਿਆਂ ਨੈਣਾਂ 'ਚੋਂ ਸੂਰਜ ਚੜ੍ਹ ਰਿਹਾ ਹੋਣੈ, ਤਾਂ ਦੀਵਾ ਉਸਨੇ ਕੂੜੇ ਤੇ ਵਗਾਂਵਾਂ ਮਾਰਿਆ ਹੋਣੈ। ਰਗੜਦਾ ਵਾਰ ਵਾਰ ਅਡੀਆਂ ਉਹ ਮੋਇਆ ਸੀ ਥਲੀਂ ਜਿੱਥੇ, ਉਛਾਲਾ ਖਾ ਕੇ ਅੰਤ ਓਥੋਂ ਹੀ ਚਸ਼ਮਾ ਵਗ ਪਿਆ ਹੋਣੈ। ਧੂਏਂ ਵਿਚੋਂ ਨਿਕਲਦੀ ਲਾਟ ਵਾਂਗ ਉਹ ਦਿਸ ਰਿਹਾ ਸੀ ਜਦ, ਉਦੋਂ, ਸੋਚੀਂ ਪਿਆ ਮਨ ਉਸ ਦਾ, ਚੰਗਿਆੜੇ ਜਿਹਾ ਹੋਣੈ। ਕਿਹਾ ਸੀ ਕਿਸ ਨੇ ਕਿਸ ਨੂੰ ਉਡਦੇ ਪਰਛਾਵੇਂ ਦਾ ਲੜ ਫੜ ਲੈ, ਕਿਸੇ ਅੰਨ੍ਹੀ ਗਲੀ ਵਿਚ ਡਿਗ ਕੇ ਮੂਧੇ ਮੂੰਹ ਪਿਆ ਹੋਣੈ। ਕਲੇਜੇ ਹੈਂਸਿਆਰੀ ਰਾਤ ਦੇ ਇਉਂ ਹੌਲ ਕਿਉਂ ਉਠਦਾ ? ਕਿਤੋਂ ਮੇਰੇ 'ਚੋਂ ਉਸਨੇ ਸੂਰਜ ਉਗਦਾ ਵੇਖਿਆ ਹੋਣੈ। ਪਹੁੰਚ ਸੱਕੇ ਨ ਆਲਿਮ ਵੀ ਜਿਦ੍ਹੇ ਅਰਥਾਂ ਦੀ ਤਹਿ ਤੀਕਰ, ਉਹ ਆਪਣੇ ਵਕਤ ਤੋਂ ਪਹਿਲਾਂ ਹੀ ਜਗ ਵਿਚ ਆ ਗਿਆ ਹੋਣੈ। ਉਦ੍ਹੇ ਹੀ ਯਾਰ ਬੇਲੀ ਮਾਰਦੇ ਉਸ ਨੂੰ ਕਿਵੇਂ ਪੱਥਰ ? ਜ਼ਰੂਰ ਉਸ ਨੇ ਉਦੋਂ ਪਿੰਡੇ ਤੇ ਸ਼ੀਸ਼ਾ ਓਢਿਆ ਹੋਣੈ। ਕਿਹੀ ਇਹ ਜਿੰਦ ਦੇ ਕਣ ਕਣ 'ਚੋਂ ਉਮਡੇ ਰੋਸ਼ਨੀ ਜਿਹੀ, ਕਿਸੇ ਸੱਧਰ ਨੇ ਉਠ ਕੇ ਮਨ 'ਚ ਦੀਵਾ ਬਾਲਿਆ ਹੋਣੈ। ਜੇ ਉਸ ਦੇ ਦਰਦ ਲਾਟਾਂ ਸਨ ਤਾਂ ਸ਼ਿਅਰ ਅੱਗਾਂ ਦੇ ਭਾਂਬੜ ਸਨ, ਕਿਵੇਂ ਚੰਗਿਆੜਿਆਂ ਨੇ ਪੁਸਤਕਾਂ ਨੂੰ ਸਾਂਭਿਆ ਹੋਣੈ।

ਟਿਮਕਣੇ ਚਾਨਣ ਦੇ ਚਿੰਤਨ ਦੀ ਤਲੀ

ਟਿਮਕਣੇ ਚਾਨਣ ਦੇ ਚਿੰਤਨ ਦੀ ਤਲੀ ਤੇ ਧਰ ਲਵੋ, ਰੋਸ਼ਨੀ ਬਣ ਕੇ ਧੁਰ ਅਪਣੇ ਆਪ ਵਿਚ ਖਿੱਲਰ ਲਵੋ। ਉਸ ਦੇ ਚੇਤੇ ਦੀ ਮਨਾ ਸਕਦੇ ਹੋ ਏਦਾਂ ਵੀ ਖ਼ੁਸ਼ੀ, ਪੌਣ ਦੇ ਬੁੱਲੇ 'ਚੋਂ ਬੁੱਕ ਉਡਦੀ ਮਹਿਕ ਦੇ ਭਰ ਲਵੋ ਙ ਬਚ ਗਏ ਤਾਂ ਮੇਰੀ ਮਿੱਟੀ ਦਾ ਵੀ ਚਖ ਲੈਣ ਮਜ਼ਾ, ਪਹਿਲਾਂ ਝਾਕੇ ਦੀ ਦੁਚਿੱਤੀ ਦਾ ਸਮੁੰਦਰ ਤਰ ਲਵੋ। ਜਿਸ ਨੂੰ ਦੇ ਬੈਠੇ ਹੋ ਜੀ, ਖ਼ਤ ਖ਼ਤ 'ਚ ਜੋ ਕੁਝ ਵੀ ਲਿਖੇ, ਉਹ ਕਿਤੇ ਛਲ ਤਾਂ ਨਹੀਂ, ਏਨੀ ਤਸੱਲੀ ਕਰ ਲਵੋ ? ਮੂੰਹ ਫ਼ਲਾਉਣਾ ਸੀ ਤਾਂ ਸਾਨੂੰ ਸੋਚ ਕੇ ਲਾਉਣਾ ਸੀ ਮੂੰਹ, ਉਸ ਤੋਂ ਉਸ ਦੀ ਬੇਰੁਖ਼ੀ ਦਾ ਠੋਕ ਕੇ ਉੱਤਰ ਲਵੋ। ਰਾਤ ਜੀਵਨ ਦੀ ਬਿਤਾਉਣੀ ਹੈ ਤੁਸੀਂ ਜੇ ਚੈਨ ਨਾਲ, ਹੇਠ ਧਰਤੀ ਦੀ ਦਰੀ, ਆਕਾਸ਼ ਨੂੰ ਉਪਰ ਲਵੋ। ਕਲ ਕਲੋਤਰ ਇਉਂ ਨ ਕਹਿਣਾ, ਜੀ ਦੀ ਜੀ ਵਿੱਚੇ ਰਹੀ, ਮਨ 'ਚ ਜੋ ਆਵੇ ਤੁਹਾਡੇ, ਅੱਜ ਉਵੇਂ ਹੀ ਕਰ ਲਵੋ। ਜੇ ਪਤਾ ਕਰਨੈ, ਕਿਵੇਂ ਦੀਵੇ ਤੋਂ ਦੀਵਾ ਜਗ ਪਏ, ਹਰ ਥਿੜਕਦਾ ਪੈਰ ਮੇਰੀ ਪੈੜ ਉੱਪਰ ਧਰ ਲਵੋ। ਸੁਪਨਿਆਂ ਦੀ ਫ਼ਸਲ ਹੋ, ਜੋਬਨ ਦੇ ਹੋ ਸਿੱਟੇ ਤੁਸੀਂ, ਚਾਰ ਦਿਨ ਨਿਸਰਨ ਦੇ ਹਨ, ਜੀ ਖੋਲ੍ਹ ਕੇ ਨਿੱਸਰ ਲਵੋ। ਕਲ ਨੂੰ ਜਦ ਝੀਲਾਂ ਬਣੇ ਤਾਂ ਆਪੇ ਹੋ ਜਾਵੋਗੇ ਸ਼ਾਂਤ, ਅਜ ਤਾਂ ਮੰਝਧਾਰਾਂ ਹੋ, ਭੰਵਰਾਂ ਨਾਲ ਹੀ ਟੱਕਰ ਲਵੋ। ਫਿਰ ਵੀ ਆਵੇਗੀ ਹਮਕ ਔੜਾਂ ਦੀ, ਧਰਤੀ 'ਚੋਂ ਇਵੇਂ, ਲੱਖ ਫੁਹਾਰਾਂ ਵਾਂਗ ਤਪਦੇ ਰੇਤਿਆਂ ਤੇ ਵਰ੍ਹ ਲਵੋ।

ਉਹ ਸਮੇਂ ਕੋਲੋਂ, ਸਮਾਂ ਉਸ ਤੋਂ

ਉਹ ਸਮੇਂ ਕੋਲੋਂ, ਸਮਾਂ ਉਸ ਤੋਂ ਸੀ ਬੇਜ਼ਾਰ ਜਿਹਾ, ਉਹ ਨਪੈਬਲ ਸੀ ਤਲਾ ਹੇਠ ਪਈ ਗਾਰ ਜਿਹਾ। ਅੱਖੋਂ ਅੰਨ੍ਹਾ ਹੈ ਸਫ਼ਰ, ਸੇਧ ਤੋਂ ਖੁੰਝੀ ਬੇੜੀ, ਤੇਜ਼ ਝੱਖੜ ਵੀ ਨਹੀਂ ਜਾਪਦਾ ਪਤਵਾਰ ਜਿਹਾ। ਉਸ ਤੋਂ ਮੈਨੂੰ ਸੀਂ ਕਦੋਂ ਪਾਰ ਉਤਾਰੇ ਦੀ ਉਮੀਦ, ਰੁੜ੍ਹਦਾ ਜਾਂਦਾ ਸੀ ਜਦੋਂ ਆਪ ਹੀ ਮੰਝਧਾਰ ਜਿਹਾ। ਸ਼ਹਿਰ ਦੀ ਖ਼ੈਰ ਇਸੇ ਵਿਚ ਹੈ, ਹਵਾ ਨੂੰ ਥੰਮੋ, ਹੋਰ ਅੱਗੇ ਨ ਵਧੇ ਧੂੜ ਦਾ ਆਕਾਰ ਜਿਹਾ। ਡੋਰ ਵਿੱਥਾਂ ਦੀ ਕੁਰਾਹਾਂ 'ਚ ਪਈ ਸੀ ਉਲਝੀ, ਸੈਆਂ ਵਿੰਗਾਂ 'ਚ ਮੁਸਾਫ਼ਿਰ ਸੀ ਗਰਿਫ਼ਤਾਰ ਜਿਹਾ। ਕਿਉਂ ਜੇ ਇਕ ਰੌਣ ਵੀ ਜੰਮਦਾ ਹੈ ਤਾਂ ਦਹਿਸਿਰ ਲੈ ਕੇ, ਬਸ ਇਸੇ ਫ਼ਿਕਰ 'ਚ ਉਹ ਬਣ ਗਿਆ ਤਲਵਾਰ ਜਿਹਾ। ਭਾਵੇਂ ਬੇਤਾਰ ਹੀ ਸਨ ਅਸਲੋਂ ਥੜ੍ਹੇ ਪਉੜੀ ਦੇ, ਹਰ ਕਦਮ ਉਸ ਦਾ ਸੀ ਪਰ ਸਾਜ਼ ਦੀ ਟੁਣਕਾਰ ਜਿਹਾ । ਉਸ ਪਨ੍ਹਾਗੀਰ ਨੂੰ ਦੇ ਲੈਣਾ ਸੀ ਖੰਭਾਂ ਹੇਠਾਂ, ਛਾਂ 'ਚ ਆਇਆ ਸੀ ਤਾਂ ਬਣ ਜਾਣਾ ਸੀ ਛੱਤਨਾਰ ਜਿਹਾ। ਤਖ਼ਤ ਗ਼ਾਲਿਬ ਹੈ, ਨ ਇਕਬਾਲ, ਨ ਸਾਹਿਰ ਹੈ, ਨ ਫ਼ੈਜ਼, ਐਵੇਂ ਵੇਖਣ ਨੂੰ ਹੀ ਲਗਦਾ ਹੈ ਗਜ਼ਲਕਾਰ ਜਿਹਾ।

ਅਜੀਬ ਸੋਚ ਦਾ ਝੱਖੜ ਸੀ

ਅਜੀਬ ਸੋਚ ਦਾ ਝੱਖੜ ਸੀ, ਧੂੜ ਉਡਾ ਵੀ ਗਿਆ। ਉਡਾਈ ਧੂੜ ਨੂੰ ਮੁੜ ਜਿੰਦ, ਤੇ ਜਮਾ ਵੀ ਗਿਆ। ਕਿਵੇਂ ਮੈਂ ਪਾਰ ਉਤਰਦਾ ਕਿ ਲਹਿ ਗਿਆ ਦਰਿਆ, ਹਵਾ ਵੀ ਥੰਮ ਗਈ, ਛੱਲਾਂ ਦਾ ਆਸਰਾ ਵੀ ਗਿਆ। ਵਿਦਾ ਸਮੇਂ ਤਾਂ ਬੁਝਾਰਤ ਸੀ ਚੋਚਲੇ-ਹੱਥਾ, ਵਿਛੜਦਾ ਵੀ ਗਿਆ, ਮੁੜ ਮੁੜ ਕੇ ਵੇਖਦਾ ਵੀ ਗਿਆ। ਪਿਲਾਈ ਉਸ ਨੇ ਨਜ਼ਰ ਵਿਚ ਰਲਾ ਕੇ ਅੱਗ ਏਦਾਂ, ਕਿ ਮਨ ਦੀ ਪਿਆਸ ਬੁਝਾ ਵੀ ਗਿਆ ਤੇ ਲਾ ਵੀ ਗਿਆ। ਪਰਖ ਨੂੰ ਵੀ ਜਦੋਂ ਖੋਟੇ ਖਰੇ ਦੀ ਸੁਧ ਨ ਰਹੀ, ਜੋ ਖੋਟ ਵਿਚ ਸੀ ਅਜੇ ਤੀਕ, ਉਹ ਖਰਾ ਵੀ ਗਿਆ। ਗ਼ਲਤ ਨਹੀਂ ਕਿ ਰਿਹਾ ਉਹ ਪਰੇ ਪਰੇ ਮੈਥੋਂ, ਪਰ ਇਹ ਵੀ ਠੀਕ ਹੈ, ਦਿਲ ਨਾਲ ਦਿਲ ਛੁਹਾ ਵੀ ਗਿਆ। ਮਸੀਂ ਬੁਝਾਇਆ ਸੀ ਜੋ ਤੇਰੀ ਫੂਕ ਨੇ ਦੀਵਾ, ਹੁਣੇ ਹੀ ਉਸ ਨੂੰ ਚਿਰਾਗ ਆ ਕੇ ਇਕ ਜਗਾ ਵੀ ਗਿਆ। ਸੰਭਾਲਦਾ ਵੀ ਰਿਹਾ ਮਿਲਣੀਆਂ ਦੀ ਰੁੱਤ ਬਣ ਕੇ, ਵਿਛੋੜਿਆਂ ਦੇ ਥਲਾਂ ਵਿਚ ਖਿੰਡਾ ਪੁੰਡਾ ਵੀ ਗਿਆ। ਚੜ੍ਹੀ ਸੀ ਵਿਹੁ ਤਾਂ ਪਰ ਇਸ ਨਾਲ ਮਨ ਹੀ ਪਾਟੇ ਸਨ, ਫਿਰ ਆਈ ਉਹ ਵੀ ਅਵਸਥਾ ਕਿ ਬੋਲਣਾ ਵੀ ਗਿਆ।

ਮਨ ਦਾ ਲਹੂ ਜੇ ਤੂੰ ਹੈ

ਮਨ ਦਾ ਲਹੂ ਜੇ ਤੂੰ ਹੈ ਚੁਰਾਹੇ 'ਚ ਬਾਲਣਾ, ਦੀਵਾ ਪਏਗਾ ਫਿਰ ਤਾਂ ਹਵਾ ਨੂੰ ਸੰਭਾਲਣਾ। ਪੰਛੀ ਦੇ ਕਾਲਜੇ ਨੂੰ ਤਾਂ ਪਾਉਂਦੇ ਸੀ ਅਰਸ਼ ਧੂਹ, ਸੂਤ ਉਸ ਨੂੰ ਬੈਠ ਦਾ ਕਿਵੇਂ ਮੁੱਠੀ ਭਰ ਆਲ੍ਹਣਾ ? ਧਰਤੀ ਦੇ ਲੋਕ ਤੈਨੂੰ ਮਨੁੱਖਾਂ 'ਚੋਂ ਛੇਕ ਦੇਣ, ਏਨਾ ਵੀ ਨ ਦਿਮਾਗ਼ ਨੂੰ ਉੱਪਰ ਉਛਾਲਣਾ। ਚੇਤੇ ਹੈ ਹੁਣ ਵੀ ਡੋਲ੍ਹ ਕੇ ਨੈਣਾਂ ਦੀ ਰੋਸ਼ਨੀ, ਉਹ ਤੇਰਾ ਮੇਰੀ ਝਾਤ ਦਾ ਲਾਂਘਾ ਉਜਾਲਣਾ। ਕਦ ਇਹ ਪਤਾ ਸੀ ਸੋਚ ਦੀ ਭੱਠੀ 'ਚ ਛੇਕੜ ਇੰਜ, ਮੈਨੂੰ ਪਏਗਾ ਜਿੰਦ ਦਾ ਬਾਲਣ ਵੀ ਜਾਲਣਾ। ਝੱਖੜ ਖਿੰਡਾ ਮੁੰਡਾ ਗਏ ਜਦ ਉਸ ਦੀ ਪੈੜ ਪੈੜ, ਛੱਡੋ ਵੀ ਹੁਣ ਥਲਾਂ 'ਚੋਂ ਗੁਆਚੇ ਨੂੰ ਭਾਲਣਾ। ਪੁੱਛੋ ਨ, ਤੋੜ ਤਕ ਕਿਵੇਂ ਦਿੱਤਾ ਮੈਂ ਉਸ ਦਾ ਸਾਥ, ਇਹਸਾਸ ਵਿਚ ਜਿਵੇਂ ਕਿਸੇ ਬਿਸੀਅਰ ਨੂੰ ਪਾਲਣਾ ! ਖੱਫਣ ਦਮਾਂ ਦੀ ਲਾਸ਼, ਤੇ ਜਿਉਂਦੇ ਹੀ ਪਾ ਲਵੋ, ਸਿਰ, ਤੇ ਬਣੀ ਨੂੰ ਜੇ ਤੁਸੀਂ ਇੰਜੇ ਹੈ ਟਾਲਣਾ।

ਖੁਦ ਆਪਣੇ ਆਪ ਨੂੰ ਅਪਣੀ

ਖੁਦ ਆਪਣੇ ਆਪ ਨੂੰ ਅਪਣੀ ਮਤੇ ਨਜ਼ਰ ਲੱਗੇ, ਨ ਪੁੱਛੋ, ਕਿੰਨਾ ਕੁ ਸ਼ੀਸ਼ੇ ਤੋਂ ਮੈਨੂੰ ਡਰ ਲੱਗੇ। ਰਿਸ਼ੀ ਨੇ ਇਸ ਲਈ ਖੂਨ ਅੱਜ ਮੁਨੀ ਦਾ ਕਰ ਦਿੱਤਾ, ਜਿਵੇਂ ਕਿਵੇਂ ਉਦ੍ਹੀ ਅਖ਼ਬਾਰ ਵਿਚ ਖ਼ਬਰ ਲੱਗੇ। ਮਿਲੋ ਜੇ ਸ਼ਖ਼ਸ ਵੀ ਜਾਪੇ ਨਿਰਾ ਪੁਰਾ ਤੂੰਹੀਓਂ, ਪਰਾਇਆ ਸ਼ਹਿਰ ਹੈ ਪਰ ਅਪਣਾ ਹੀ ਨਗਰ ਲੱਗੇ। ਅਜਬ ਮਨ ਦੀ ਦਸ਼ਾ ਹੈ, ਅਜੀਬ ਸੋਚ ਦੀ ਰਉਂ, ਇਕਾਂਤ ਕੋਲੋਂ ਵੀ ਭੈ, ਭੀੜ ਤੋਂ ਵੀ ਡਰ ਲੱਗੇ। ਉਦ੍ਹੀ ਉਡਾਣ ਦੀ ਮੁੱਠੀ 'ਚ ਸਨ ਅਨੇਕ ਅੰਬਰ, ਕਵੀ ਦੀ ਸੋਚ ਨੂੰ ਜਦ ਕਲਪਨਾ ਦੇ ਪਰ ਲੱਗੇ। ਉਤਰ ਕੇ ਸ਼ਾਖ਼ ਤੋਂ, ਤੰਦੀ ਤੇ ਰੱਖੇ ਤੀਰ ਉੱਪਰ ਜੋ ਆਣ ਬੈਠਾ ਹੈ ਪੰਛੀ, ਬੜਾ ਨਿਡਰ ਲੱਗੇ। ਸਮੁੰਦਰ ਆਪ ਵੀ ਸੁੱਕਾ ਜੇ ਬਚ ਗਿਆ, ਕਹਿਣਾ, ਕਿ ਲਹਿਰ ਲਹਿਰ 'ਚ ਵਿਸ਼ ਘੋਲਦਾ ਭੰਵਰ ਲੱਗੇ। ਤੂੰ ਬਹਿ ਕੇ ਕੋਲ ਜੇ ਮਨ ਫੋਲਣੈ, ਦਿਲੋਂ ਤਾਂ ਬੋਲ, ਕਿਸੇ ਨੂੰ ਪਾਹ ਨ ਜ਼ਮਾਨੇ ਦਾ ਇਸ ਕਦਰ ਲੱਗੇ। ਕਹੇਂ ਤਾਂ ਜਾਨ ਵੀ ਹਾਜ਼ਰ ਹੈ, ਤਨ ਵੀ, ਧਨ ਵੀ ਹੁਣੇ ਕਿ ਸਾਡੀ ਖ਼ੈਰ ਹੈ, ਤੈਨੂੰ ਨ ਪਰ ਕਸਰ ਲੱਗੇ।

ਡਿਗੂੰ ਡਿਗੂੰ ਕਰਾਂ ਟਹਿਣੀ ਦੇ ਸੁੱਕੇ ਪੱਤਰ ਵਾਂਗ

ਡਿਗੂੰ ਡਿਗੂੰ ਕਰਾਂ ਟਹਿਣੀ ਦੇ ਸੁੱਕੇ ਪੱਤਰ ਵਾਂਗ, ਡਰਾਂ ਹਵਾ ਤੋਂ ਕਿ ਵੱਜੇ ਨ ਕਿਧਰੇ ਠੋਕਰ ਵਾਂਗ। ਮੈਂ ਰੇਤ ਵਾਂਗ ਸਰੀਰ ਆਪਣਾ ਢੇਰ ਕਰ ਦਿੱਤਾ, ਪਤਾ ਨਹੀਂ ਸੀ ਕਿ ਛਲਕੇਂਗਾ ਤੂੰ ਸਮੁੰਦਰ ਵਾਂਗ। ਕਿਤਾਬ ਲਿਖ ਗਿਆ ਆਪਣੇ ਸਫ਼ਰ ਦੀ ਉਹ ਰਾਹੀ, ਕਦਮ ਕਦਮ ਸੀ ਜਿਦ੍ਹਾ ਰੋਸ਼ਨੀ ਦੇ ਅੱਖਰ ਵਾਂਗ। ਖਲੋਤਾ ਹੋਏਗਾ ਉਹ ਸ਼ੀਸ਼ੇ ਵਾਂਗ ਉਨ੍ਹਾਂ ਸਾਵ੍ਹੇਂ ਜਦ ਉਸ ਦੇ ਯਾਰ ਹੀ ਵੱਜੇ ਸਨ ਉਸ ਨੂੰ ਪੱਥਰ ਵਾਂਗ। ਕਲ ਅੰਗ ਅੰਗ 'ਚੋਂ ਜਿਸ ਦੇ ਗੁਲਾਬ ਉਗਦੇ ਸਨ, ਉਹੀ ਬਦਨ ਹੈ ਪਰ ਅੱਜ ਦਿਸ ਰਿਹਾ ਹੈ ਕੱਲਰ ਵਾਂਗ। ਹਵਾ ਦੀ ਫੂਕ ਦਾ ਜਿੱਥੇ ਕੁ ਜਾ ਕੇ ਦਮ ਟੁੱਟੇ, ਮੈਂ ਉਡ ਕੇ ਉੱਥੇ ਕੁ ਤਕ ਜਾ ਪਹੁੰਚਦਾ ਹਾਂ ਪਰ ਵਾਂਗ। ਬਹਿਸ਼ਤ ਸੀ ਉਦ੍ਹੇ ਚੇਤੇ ਦਾ ਮੋਕਲਾ ਵਿਹੜਾ, ਮੈਂ ਉਸ ਦੀ ਕਲਪਨਾ ਕਰਦਾ ਤਾਂ ਜਾਪਦਾ ਘਰ ਵਾਂਗ।

ਦੁਖ ਜੇ ਅੱਗਾਂ ਸਨ

ਦੁਖ ਜੇ ਅੱਗਾਂ ਸਨ, ਸੀ ਏਨਾ ਸੇਕ ਹਰ ਅੰਗਿਆਰ ਵਿਚ, ਮਰ ਗਏ ਸੁਪਨੇ ਤਿਹਾਏ ਪੀੜ ਦੀ ਮੰਝਧਾਰ ਵਿਚ ਇਸ ਲਈ ਹਲਚਲ ਜਹੀ ਹੈ ਸੋਚ ਦੇ ਸੰਸਾਰ ਵਿਚ, ਕਿਉਂ ਗਈ ਕਾਲਖ਼ ਪਰੋਈ ਤਾਰਿਆਂ ਦੇ ਹਾਰ ਵਿਚ ? ਇਸ ਨਵੀਂ ਰੁੱਤੇ ਜੋ ਜਾਪੇ ਸ਼ਾਂਤੀ ਦੇ ਪੁੰਜ ਵਾਂਗ, ਕਹਿ ਨਹੀਂ ਸਕਦਾ, ਬਦਲ ਜਾਵੇ ਕਦੋਂ ਤਲਵਾਰ ਵਿਚ। ਬੰਨ੍ਹ ਮਾਰੋਗੇ ਕਿਵੇਂ ਸੋਚਾਂ ਦੇ ਹੜ੍ਹ ਅੱਗੇ ਤੁਸੀਂ? ਕਿਕੂੰ ਚੰਗਿਆੜੇ ਚਿਣੋਗੇ ਤ੍ਰੇਲ ਦੀ ਦੀਵਾਰ ਵਿਚ ? ਕਾਲਖਾਂ ਦਾ ਤੋੜ ਭਾਲਣ ਵਾਲਿਓ ਸਚ ਆਖਣਾ, ਕਾਲਿਆਂ ਲੇਖਾਂ ਬਿਨਾ ਲਭਦਾ ਏ ਕੀ ਅਖ਼ਬਾਰ ਵਿਚ ? ਧੁਨ ਸਮੁੰਦਰ ਨੂੰ ਕਿ ਮਾਣੇ ਆਪਣੀ ਗਹਿਰਾਈ ਦੀ ਮੌਜ, ਮੌਜ ਨੂੰ ਇਹ ਧੁਨ ਕਿ ਹੋਣ ਅੰਬਰ ਵੀ ਇਸ ਦੀ ਮਾਰ ਵਿਚ। ਮੂੰਹ ਤਾਂ ਸੀ ਦਿੱਤੇ, ਕਰੋਗੇ ਕੀ, ਜੇ ਵਜਣ ਲਗ ਪਏ ਸਾਡੇ ਗੀਤਾਂ ਦੇ ਤਵੇ ਜ਼ੰਜੀਰ ਦੀ ਛਣਕਾਰ ਵਿਚ ? ਠੋਕਵਾਂ ਉੱਤਰ ਇਦਾਂ ਦੇਂਦੇ ਵੀ ਕੀ ਅੱਗੋਂ ਅਸੀਂ? ਦਮ ਨਹੀਂ ਸੀ ਜਦ ਭੰਵਰ ਦੀ ਅਪਣੀਓ ਵੰਗਾਰ ਵਿਚ । ਨਾਲ ਨਾਲ ਉਡ ਕੇ ਵੀ ਜੋ ਉਡਦਾ ਰਿਹਾ ਸਭ ਤੋਂ ਅਲੱਗ। ਮੈਂ ਹੀ ਇਕ ਪੰਛੀ ਸਾਂ ਐਸਾ ਪੰਛੀਆਂ ਦੀ ਡਾਰ ਵਿਚ।

ਆਪੋ 'ਚ ਟੁਕੜੇ ਟੁਕੜੇ ਕਰ ਲੈਣ

ਆਪੋ 'ਚ ਟੁਕੜੇ ਟੁਕੜੇ ਕਰ ਲੈਣ ਜੋ ਖ਼ੁਦਾ ਨੂੰ, ਸਮਝਾਉਣਗੇ ਕਿਵੇਂ ਉਹ ਅਰਥ ਏਕਤਾ ਦੇ ਸਾਨੂੰ ? ਮੁੜ ਮੁੜ ਮੁਸਾਫ਼ਰ ਆਪਣੇ ਮੂੰਹਾਂ ਦੀ ਧੂੜ ਪੂੰਝਣ, ਕੀ ਕਰਨ, ਤੇਜ਼ ਵਗਣੋਂ ਰੋਕਣ ਕਿਵੇਂ ਹਵਾ ਨੂੰ ? ਹੋ ਕੇ ਜਦੋਂ ਤੁਸੀਂ ਹੋ ਨਾ ਹੋਣ ਦੇ ਬਰਾਬਰ, ਦੁਨੀਆਂ ਫਿਰ ਆਪ ਦੱਸੋ ਗੌਲੇ ਵੀ ਕਿਉਂ ਤੁਹਾਨੂੰ ? ਮਿਲਣੀ ਸੀ ਸੇਧ ਸਾਨੂੰ ਕੀ ਭਟਕੇ ਆਗੂਆਂ ਤੋਂ ? ਰਸਤਾ ਵਿਖਾ ਰਹੇ ਸਨ ਰਸਤੇ ਹੀ ਆਪ ਸਾਨੂੰ। ਦੱਸਣ ਸਪਸ਼ਟ ਬਦਲੇ ਵੇਲੇ ਦੇ ਤੌਰ ਤੇਵਰ, ਭੋਗਣਗੇ ਸੂਰਜ ਆਖ਼ਿਰ ਚੜ੍ਹ, ਪੈਣ ਦੀ ਸਜ਼ਾ ਨੂੰ ਰੱਖੋ ਮਨਾਂ 'ਚ ਡਕ ਕੇ ਨਾਗਾਂ ਨੂੰ, ਇਉਂ ਨਾ ਹੋਵੇ, ਇਕ ਦਮ ਨਿਕਲ ਕੇ ਬਾਹਰ ਡਸ ਲੈਣ ਹਰ ਸ਼ੁਆ ਨੂੰ। ਸਾਵਣ ਦੀ ਬਦਲੀ ਵਾਂਗੂੰ ਵਰ੍ਹ ਸਕਣ ਅੱਖਾਂ ਜਿੱਥੇ, ਭਰਿਆ ਭਰਾਤਾ ਭਾਲਾਂ ਥਲ ਵਰਗੀ ਉਸ ਜਗ੍ਹਾ ਨੂੰ ਮੰਜ਼ਿਲ ਅਜੇ ਹੈ ਪੂਰੇ ਮੌਸਮ ਦੀ ਵਿੱਥ ਉੱਤੇ, ਵੰਡਾਂ ਸਮੇਂ ਤੋਂ ਪਹਿਲਾਂ ਕਿਉਂ ਆਪਣੀ ਵਾਸ਼ਨਾ ਨੂੰ ? ਇਹ ਵੀ ਸਮਾਂ ਸੀ ਆਉਣਾ, ਸਿਜਦੇ ਸਨ ਆਪਾਂ ਕਰਨੇ, ਲਾਸ਼ਾਂ ਦੇ ਢੇਰ ਉੱਪਰ ਹਸਦੇ ਮਹਾਤਮਾ ਨੂੰ

ਤੂੰ ਜਦ ਚੱਲੇਂ ਗ਼ਜ਼ਲ ਦੀ ਬਹਿਰ ਵਾਂਗੂੰ

ਤੂੰ ਜਦ ਚੱਲੇਂ ਗ਼ਜ਼ਲ ਦੀ ਬਹਿਰ ਵਾਂਗੂੰ, ਤਾਂ ਇਕ ਇਕ ਪੈਰ ਉੱਠੇ ਲਹਿਰ ਵਾਂਗੂੰ। ਕਈ ਯਾਦਾਂ ਗਈਉਂ ਛੱਡ ਅਪਣੇ ਪਿੱਛੇ। ਉਜਾੜ ਆਬਾਦ ਹੈ ਅੱਜ ਸ਼ਹਿਰ ਵਾਂਗੂੰ। ਮਿਰੇ ਸੁਪਨੇ ਕਿ ਸਨ ਫੁੱਲਾਂ ਤੋਂ ਕੂਲੇ, ਜੇ ਟੁੱਟੇ ਵੀ ਤਾਂ ਟੁੱਟੇ ਕਹਿਰ ਵਾਂਗੂੰ। ਕਦੇ ਮੇਰੇ ਲਈ ਸੁੱਕੀ ਨਦੀ ਸੈਂ, ਵਗੇਂ ਅੱਖਾਂ 'ਚੋਂ ਕਿੰਜ ਅੱਜ ਨਹਿਰ ਵਾਂਗੂੰ ? ਜੋ ਪਹਿਲਾਂ ਸੀ ਹਨੇਰੀ ਵਾਂਗ, ਪਿਛੋਂ ਰਹੀ ਸੋਚਾਂ, ਤੇ ਛਾਈ ਗਹਿਰ ਵਾਂਗੂੰ। ਫਲ ਇਸ ਦੁਨੀਆ 'ਚ ਸਚ ਬੋਲਣ ਦਾ ਮੈਨੂੰ, ਜੇ ਮਿਲਿਆ ਵੀ ਤਾਂ ਮਿਲਿਆ ਜ਼ਹਿਰ ਵਾਂਗੂੰ। ਕਿਸੇ ਦਾ ਰੂਪ ਬਲਦੀ ਲਾਟ ਜੇਹਾ, ਮੈਂ ਇਸ ਦੀ ਮਾਰ ਅੰਦਰ ਸ਼ਹਿਰ ਵਾਂਗੂੰ।

ਅਸੀਂ ਮਿਲੇ ਵੀ ਤਾਂ ਕਿੱਦਾਂ

ਅਸੀਂ ਮਿਲੇ ਵੀ ਤਾਂ ਕਿੱਦਾਂ ਦਾ ਹਾਦਿਸਾ ਹੋਇਆ, ਮੈਂ ਬਰਫ਼ ਵਾਂਗ ਸਾਂ ਪਰ ਉਹ ਸੀ ਪੰਘਰਿਆ ਹੋਇਆ। ਖ਼ਬਰ ਨਹੀਂ ਸੀ, ਕਦੇ ਇਹ ਵੀ ਕਹਿਰ ਵਰਤੇਗਾ, ਅਜੇ ਮੈਂ ਧੁਖਣ ਹੀ ਲੱਗਾਂ ਸਾਂ, ਉਹ ਹਵਾ ਹੋਇਆ। ਮੈਂ ਯਾਤਰੂ ਹਾਂ ਥਲਾਂ ਦਾ ਤਾਂ ਕੀ ਕਿ ਧੁੱਪੇ ਵੀ, ਮਿਲਾਂਗਾ ਬਿਰਛ ਦੀ ਛਾਂ ਵਾਂਗ ਸੋਚਦਾ ਹੋਇਆ। ਮੈਂ ਸੁਪਨਿਆਂ ਦੇ ਘਨੇੜੇ, ਉਹ ਰਾਤ ਦੀ ਕੁੱਛੜ, ਨ ਮੇਰਾ ਸਾਇਆ, ਨ ਮੈਂ ਹੀ ਨਿਰਾਸਰਾ ਹੋਇਆ। ਤਿਲਕ ਕੇ ਜਾ ਨ ਪਈਂ ਸ਼ੰਕਿਆਂ ਦੀ ਖਾਈ ਵਿਚ, ਤਲੀ, ਤੇ ਗਿਆਨ ਦੇ ਸੂਰਜ ਨੂੰ ਬੋਚਦਾ ਹੋਇਆ। ਬਸ ਏਨਾ ਯਾਦ ਹੈ, ਹੜ੍ਹ ਵਾਂਗ ਉਹ ਉਮਡਿਆ ਸੀ, ਪਤਾ ਨਹੀਂ ਕਿਵੇਂ ਫਿਰ ਕੂਲ੍ਹ ਤੋਂ ਤਲਾ ਹੋਇਆ ? ਸਰਾਪ ਬਣਨ ਲਈ ਰੁਕ ਗਿਆ ਸੀ ਪਲ ਜਿਹੜਾ, ਮੈਂ ਡਿੱਠਾ ਵਕਤ ਦੇ ਖੰਭਾਂ ਨੂੰ ਨੋਚਦਾ ਹੋਇਆ। ਫਿਰ ਉਸ ਨੇ ਮੌਤ ਨੂੰ ਹੀ ਦੇਣੀਆਂ ਸਨ ਆਵਾਜ਼ਾਂ, ਜਦ ਉਸ ਦੇ ਦਰਦ ਦੀ ਕੋਈ ਵੀ ਨ ਦਵਾ ਹੋਇਆ। ਨ ਕਰਦ ਸੀ, ਨ ਛੁਰੀ ਪੌਣ ਕੋਲ ਕਿਉਂ ਫਿਰ ਵੀ ਕਲੀ ਕਲੀ ਦਾ ਕਲੇਜਾ ਸੀ ਪਾਟਿਆ ਹੋਇਆ ? ਤਰਾਸ਼ਿਆ ਸੀ ਮੈਂ ਖ਼ੁਦ ਜਿਸ ਨੂੰ ਬੁਤ ਦਾ ਬੁਤ ਹੀ ਰਿਹਾ, ਨ ਗੌਲਿਆ ਸੀ ਕਦੇ ਜਿਸ ਨੂੰ, ਉਹ ਖੁਦਾ ਹੋਇਆ। ਤੂੰ ਮੈਥੋਂ ਫੇਰਿਆ ਸੀ ਮੂੰਹ ਜਦੋਂ ਤਾਂ ਕੀ ਦੱਸਾਂ ਕਿ ਹਾਲ ਕਿੰਨਾ ਬੁਰਾ ਮੇਰੀ ਜਾਨ ਦਾ ਹੋਇਆ।

ਅੱਖਾਂ ਨੂੰ ਜਦ ਵੀ ਤੇਰੀਆਂ ਅੱਖਾਂ ਬੁਲਾਉਂਦੀਆਂ

ਅੱਖਾਂ ਨੂੰ ਜਦ ਵੀ ਤੇਰੀਆਂ ਅੱਖਾਂ ਬੁਲਾਉਂਦੀਆਂ, ਤਾਂ ਤਕਣੀਆਂ ਨੂੰ ਤਕਣੀਆ ਰਜ ਕੇ ਹੰਢਾਉਦੀਆਂ। ਬੁਝਦਾ ਕਿਵੇਂ ਕਿ ਤੂੰ ਹੈ ਲਾਟ ਅੱਗਾਂ ਦੀ ਅੰਦਰੋਂ, ਗੱਲ੍ਹਾਂ, ਤੇ ਲਾਲੀਆਂ ਨ ਜੇ ਭਾਂਬੜ ਮਚਾਉਂਦੀਆਂ ? ਲਾਟਾਂ ਜੋ ਫੁਟ ਨਿਕਲਦੀਆਂ ਤੇਰੇ ਸਰੀਰ 'ਚੋਂ, ਕਦ ਮੇਚ ਮੇਰੇ ਬਲਦਿਆਂ ਅੰਗਾਂ ਦੇ ਆਉਂਦੀਆਂ? ਦੋ ਚਾਰ ਯਾਦਾਂ ਤੇਰੀਆਂ ਤੇ ਉਹ ਵੀ ਖ਼ੁਸ਼ਕ ਖ਼ੁਸ਼ਕ, ਹੰਝੂਆਂ ਦੀ ਮਾਅਰਫ਼ਤ ਕੋਈ ਚਿੱਠੀ ਤਾਂ ਪਾਉਂਦੀਆਂ। ਸੋਚਾਂ, ਤੇ ਧੂੜ ਦੇ ਅਸੀਂ ਫੁੱਲਾਂ ਦਾ ਸਜੇ ਪਰਾਗ, ਰੀਝਾਂ ਦਿਲਾਂ 'ਚ ਰੜਕੇ ਕੰਡੇ ਵਿਖਾਉਂਦੀਆਂ। ਮੁੜਦਾ ਤਾਂ ਕੰਧ ਵਾਂਗ ਸੀ ਅਗਲੇ ਕਦਮ ਦੀ ਨਾਂਹ, ਵਧਦਾ ਤਾਂ ਅੱਗੋਂ ਠੋਕਰਾਂ ਖਿੱਲੀ ਉਡਾਉਂਦੀਆਂ। ਹੋਠਾਂ ਤੋਂ ਅੱਗੇ ਤੋਰ ਨਾ ਹੁੰਦੀ ਜਦ ਆਪਣੀ ਗੱਲ, ਅੱਖਾਂ 'ਚ ਅੱਖਾਂ ਰੁਕ ਕੇ ਗੱਲ ਅੱਗੇ ਚਲਾਉਂਦੀਆਂ। ਟੁਰਦੇ ਜੇ ਧੁੱਪਾਂ ਓਢ ਕੇ, ਅੰਗਿਆਰੇ ਚੂੰਡਦੇ, ਹੁੰਦੇ ਜੇ ਘਰ 'ਚ, ਖਾਣ ਨੂੰ ਕੰਧਾਂ ਸਨ ਆਉਂਦੀਆਂ। ਜਿੰਨਾ ਲਹੂ ਸੀ ਕੋਲ ਸਲੀਬਾਂ ਤੋਂ ਵਾਰ ਕੇ, ਜਿੰਦਾ ਮਸੀਂ ਸਮੇਂ ਤੋਂ ਸਨ ਖਹਿੜਾ ਛੁਡਾਉਂਦੀਆਂ। ਸੂਰਜ ਸੁਲਗਦੇ ਸੈਂਕੜੇ ਮੇਰੇ ਸਰੀਰ ਵਿਚ, ਕਿਰਨਾਂ, ਤੇ, ਬੂੰਦਾਂ ਮੀਂਹ ਦੀਆਂ, ਹੰਝੂ ਵਹਾਉਂਦੀਆਂ। ਮਲ ਮਲ ਕੇ ਸੰਸੇ ਭੋਰਦੇ ਹੱਥੀਂ ਸਰੀਰ ਨੂੰ, ਸੋਚਾਂ ਖ਼ਿਲਾ 'ਚ ਜਿੰਦ ਦੇ ਜ਼ੱਰੇ ਉਡਾਉਂਦੀਆਂ।

ਖ਼ਬਰ ਕੀ ਖੁਲ੍ਹਦਾ ਖੁਲ੍ਹਦਾ, ਡੁਲ੍ਹਦਾ ਡੁਲ੍ਹਦਾ

ਖ਼ਬਰ ਕੀ ਖੁਲ੍ਹਦਾ ਖੁਲ੍ਹਦਾ, ਡੁਲ੍ਹਦਾ ਡੁਲ੍ਹਦਾ ਕਦ ਸੰਭਲ ਬੈਠੇ, ਹਵਾਵਾਂ ਵਾਂਗ ਨਿਰਮੋਹਾ ਕਦ ਅਪਣਾ ਰੁਖ਼ ਬਦਲ ਬੈਠੇ। ਜੋ ਇਕ ਨੱਢੀ ਉਦਾਲੇ ਰਾਤ ਨੂੰ ਆਪੋ 'ਚ ਰਲ ਬੈਠੇ, ਉਨ੍ਹਾਂ ਨੂੰ ਕੀ ਪਤਾ ਕਿੱਦਾਂ ਕਿ ਉਹ ਤਿਤਲੀ ਮਸਲ ਬੈਠੇ। ਸਵੇਰੇ ਤਕ ਉਨ੍ਹਾਂ ਨੇ ਜਿਸ ਕਦਰ ਬਲਣਾ ਸੀ ਬਲ ਬੈਠੇ, ਹਵਾ ਦੀ ਜ਼ਦ 'ਚੋਂ ਜੋ ਦੀਵੇ ਕਿਤੇ ਲਾਂਭੇ ਨਿਕਲ ਬੈਠੇ। ਬਸ ਏਨਾ ਆਖਿਆ ਸੀ ਖੂਬ ਗੁਜ਼ਰੇਗੀ ਜੇ ਰਲ ਬੈਠੇ, ਖ਼ਤਾ ਕੇਡੀ ਕੁ ਸੀ ਉਹ ਜਿਸ ਦੇ ਕਾਰਣ ਇਉਂ ਵਿਚਲ ਬੈਠੇ। ਅਸੀਂ ਮੂੰਹਾਂ ਤੇ ਕਾਲਖ਼ ਇਉਂ ਵੀ ਬਦਨਾਮੀ ਦੀ ਮਲ ਬੈਠੇ, ਬਹਾਉਣਾ ਸੀ ਜਿਨ੍ਹਾਂ ਨੂੰ ਸਿਰ, ਤੇ, ਪੈਰਾਂ ਹੇਠ ਦਲ ਬੈਠੇ ।

ਕਦੇ ਜਿਹੜੇ ਘੜੀ ਪਲ ਵੀ ਨ ਸਾਥੋਂ

ਕਦੇ ਜਿਹੜੇ ਘੜੀ ਪਲ ਵੀ ਨ ਸਾਥੋਂ ਸਨ ਪਰੇ ਹੋਏ, ਉਹੀ ਛੇਕੜ ਜਿਗਰ ਦੇ ਜ਼ਖ਼ਮ ਬਣ ਬਣ ਕੇ ਹਰੇ ਹੋਏ। ਕਰਾਮਾਤੀ ਨਜਰ ਬੁੱਧੀ ਦੀ ਭਿਣਕ ਆਈ ਕਿਤੋਂ ਲੈ ਕੇ, ਕਿ ਕਣ ਕਣ ਵਿਚ ਪਏ ਹਨ ਅਣ-ਗਿਣਤ ਸੂਰਜ ਭਰੇ ਹੋਏ। ਅਸੀਂ ਓਥੇ ਪਹੁੰਚ ਜਾਣਾ ਹੈ ਹਸਦੇ ਖੇਡਦੇ ਜਿੱਥੇ, ਹਜ਼ਾਰਾਂ ਹਰ ਕਦਮ ਤੇ ਚੰਨ ਤਾਰੇ ਹਨ ਧਰੇ ਹੋਏ। ਜਦੋਂ ਲੰਘੀ ਸੀ ਕੱਲ ਉਹ ਝੂਮਦੀ ਫੁੱਲਾਂ ਦੇ ਲਾਗੋਂ ਦੀ, ਤਾਂ ਉਸ ਨੂੰ ਤਕਦਿਆਂ ਹੀ ਸਭ ਦੇ ਸਭ ਉਹ ਬਾਂਵਰੇ ਹੋਏ। ਪਤਾ ਮਾਲੀ ਨੂੰ ਕੀ ਫੁੱਲਾਂ ਵਿਚਾਲੇ ਬਾਗ਼ ਦੇ ਕਿਹੜੇ ਲਤਾ ਮੰਡਪ 'ਚ ਸਾਰੀ ਰਾਤ ਕੀ ਕੀ ਮਸ਼ਵਰੇ ਹੋਏ ? ਅਸੰਖਾਂ ਤਾਰਿਆਂ ਦਾ ਖ਼ੂਨ ਜਦ ਹੋਇਆ ਤਾਂ ਪਹੁ ਫੁੱਟੀ, ਬੁਝੇ ਫੁੱਲਾਂ 'ਚ ਫਿਰ ਤੋਂ ਖਿੜ ਪਏ ਸੁਪਨੇ ਮਰੇ ਹੋਏ।

ਸਹੀ ਹੈ, ਮਨ ਉਦ੍ਹਾ ਵੇਖਣ ਨੂੰ

ਸਹੀ ਹੈ, ਮਨ ਉਦ੍ਹਾ ਵੇਖਣ ਨੂੰ ਖੁੱਲ੍ਹਾ ਦਰ ਲੱਗੇ, ਪਰ ਜਿਸ ਤੋਂ ਪਾਰ ਨ ਕੋਈ ਸੜਕ, ਨ ਘਰ ਲੱਗੇ। ਤੁਸੀਂ ਜਿਨ੍ਹਾਂ ਤੋਂ ਬਚਾਉਂਦੇ ਹੋ ਜਾਨ, ਇਹੋ ਨਸ਼ਤਰ ਨ ਮੰਨੋ, ਸਾਡੇ ਕਲੇਜੇ ਤਾਂ ਉਮਰ ਭਰ ਲੱਗੇ। ਗ਼ਮਾਂ ਦਾ ਢੋਣਾ ਪਿਆ ਭਾਰ ਜਿੰਦ ਨੂੰ ਏਨਾ ਕਿ ਟੁੱਟੀ ਟੁੱਟੀ ਜਿਹੀ ਸੋਚ ਦੀ ਕਮਰ ਲੱਗੇ। ਖੜ੍ਹੇ ਨੇ ਤਾਣ ਕੇ ਫੁੱਲਾਂ ਤੇ ਖ਼ਾਰ ਸੰਗੀਨਾਂ, ਬਦਲਦੀ ਰੁਤ ਦਾ ਹੀ ਮੈਨੂੰ ਤਾਂ ਇਹ ਅਸਰ ਲੱਗੇ। ਮਕਾਨ ਜਿਸ ਦੇ ਬਦਨ ਦਾ ਸੀ ਕਲ੍ਹ ਤਕ ਆਵਾਰਾ, ਅਜ ਉਸ ਦਾ ਮਲਬਾ ਸੜਕ, ਤੇ ਪਿਆ ਖੰਡਰ ਲੱਗੇ। ਟਿਕੀ ਨਜ਼ਰ ਦੀ ਦਿਓ ਦਾਦ, ਰੁਕ ਗਏ ਪਾਣੀ, ਟੁਰੇ ਪੁਲ ਏਦਾਂ, ਖੜੋਤੇ ਨੂੰ ਵੀ ਸਫ਼ਰ ਲੱਗੇ। ਜੋ ਪਾਟਿਆ ਜਿਹਾ ਥਾਂ ਥਾਂ ਤੋਂ ਹੈ ਗੁਲਾਬ ਦਾ ਫੁੱਲ, ਨ ਮੰਨੋ, ਮੈਨੂੰ ਤਾਂ ਇਹ ਅਪਣਾ ਹੀ ਜਿਗਰ ਲੱਗੇ। ਮਖੌਟਿਆਂ ਨੂੰ ਜੋ ਉਹਲੇ ਬਣਾਈ ਬੈਠੇ ਸਨ, ਮੈਂ ਡਿੱਠੇ ਨੇੜਿਓਂ ਤਾਂ ਸ਼ੀਸ਼ਿਆਂ ਦੇ ਘਰ ਲੱਗੇ। ਗ਼ਜ਼ਲ ਗ਼ਜ਼ਲ ਜਿਦ੍ਹੇ ਸਦਕਾ ਲਹੂ ਦੀ ਲਾਟ ਬਣੇ, ਮੈਂ ਝੂਰਦਾ ਹਾਂ ਕਿ ਹੱਥ ਉਹ ਕਿਤੋਂ ਹੁਨਰ ਲੱਗੇ।

ਓੜਕ ਇਕ ਦਿਨ ਮੈਨੂੰ ਮੁਰਝਾਉਣਾ

ਓੜਕ ਇਕ ਦਿਨ ਮੈਨੂੰ ਮੁਰਝਾਉਣਾ ਕੁਮਲਾਉਣਾ ਪਏਗਾ, ਤੇਜ਼ ਧੁੱਪਾਂ ਨਾਲ ਜੀ ਲਾਉਣਾ ਪਏਗਾ। ਗੀਤ-ਨੁਚੜੇਗਾ ਲਹੂ ਅੱਗਾਂ ਦਾ ਜਿਸ 'ਚੋਂ, ਹੁਣ ਤਕ ਅਣ-ਗਾਇਆ ਹੈ ਤਾਂ ਗਾਉਣਾ ਪਏਗਾ। ਪੰਛੀਓ ਜੇ ਖੰਭ ਪਰਤਿਆਉਣੇ ਨੇ ਅਪਣੇ, ਤੇਜ਼ ਝੱਖੜ ਨਾਲ ਟਕਰਾਉਣਾ ਪਏਗਾ। ਇਉਂ ਤਾਂ ਨਾ ਰੀਝਾਂ ਦੇ ਹੱਥਾਂ ਨੂੰ ਝਰੀਟੋ, ਬੇਸਮਝ ਸੂਲਾਂ ਨੂੰ ਸਮਝਾਉਣਾ ਪਏਗਾ। ਠਾਕੀਆਂ ਗਈਆਂ ਜੇ ਜੀਭਾਂ ਸਹਿਮ ਹੱਥੋਂ, ਚੁਪ 'ਚੋਂ ਵੀ ਆਵਾਜ਼ ਵਾਂਗ ਆਉਣਾ ਪਏਗਾ। ਨਾਲ ਦੇ ਬਿਰਖਾਂ ਦੀ ਸੁਖ ਮੰਗੋ, ਨਹੀਂ ਤਾਂ ਮਾਰੂਥਲ ਦਾ ਬਿਰਖ ਅਖਵਾਉਣਾ ਪਏਗਾ। ਸੁੰਞੀਆਂ ਜੂਹਾਂ ਜਿਹੇ ਜਿਸਮਾਂ 'ਚ ਬਹਿ ਕੇ, ਸਾਡੀਆਂ ਰੂਹਾਂ ਨੂੰ ਕੁਮਲਾਉਣਾ ਪਏਗਾ, ਚਿਤ੍ਰ ਇਸ ਪੰਨੇ ਦੇ ਹਨ ਕਿੰਨੇ ਭਿਆਨਕ, ਮਨ ਦਾ ਇਹ ਵਰਕਾ ਵੀ ਉਲਟਾਉਣਾ ਪਏਗਾ। ਕੁਝ ਕੁਝ ਉਲਟਾਉਣੀ ਪਏਗੀ ਜਗ ਦੀ ਆਖੀ, ਕੁਝ ਕੁਝ ਆਪਣੇ ਦਿਲ ਨੂੰ ਸਮਝਾਉਣਾ ਪਏਗਾ।

ਮੈਂ ਜਦ ਹਵਾ ਸਾਂ, ਹਵਾ ਨੇ

ਮੈਂ ਜਦ ਹਵਾ ਸਾਂ, ਹਵਾ ਨੇ ਹਵਾ ਤਾਂ ਹੋਣਾ ਸੀ, ਤੈਂ ਪਹਿਲੋਂ ਅਣ-ਭਿੜੇ ਦਰਵਾਜਿਆਂ ਨੂੰ ਢੋਣਾ ਸੀ। ਉਤਰਨੀ ਸੀ ਕਿਤੋਂ ਜੇਹੀ ਵੀ ਚੰਨ ਦੀ ਟਿੱਕੀ, ਮੈਂ ਅੰਗ ਅੰਗ ਜਿਦ੍ਹੇ ਨਾਲ ਤਨ ਦਾ ਧੋਣਾ ਸੀ। ਤੂੰ ਆਪ ਸੋਚ, ਮੈਂ ਤੁਕ ਤੁਕ 'ਚ ਰਸ ਕਿਵੇਂ ਭਰਦਾ ਕਿ ਪੈਂਦੀ ਚੀਸ ਦੀ ਜੀਭੋਂ ਲਹੂ ਹੀ ਚੋਣਾ ਸੀ। ਜ਼ਮੀਰ ਨਾਲ ਇਹ ਭਾਣਾ ਵੀ ਵਰਤਣਾ ਸੀ ਕਦੇ, ਮੈਂ ਇਸ ਨੂੰ ਲਾ ਕੇ ਗਲੇ ਜ਼ਾਰ ਜ਼ਾਰ ਰੋਣਾ ਸੀ। ਤੁਹਾਨੂੰ ਸੇਕ ਜੇ ਲੱਗਾ ਤਾਂ ਕੀ ਕਰਾਂ ਮੈਂ ਉਪਾਅ ? ਲਹੂ ਦਾ ਦਾਗ਼ ਕਲੇਜੇ ਤੋਂ ਮੈਂ ਤਾਂ ਧੋਣਾ ਸੀ। ਪਰੇ ਪਰੇ ਰਿਹਾ ਮੇਰੇ ਜਿਹਾ ਉਹੀ ਮੈਥੋਂ, ਮੈਂ ਜਿਸ ਨੂੰ ਦੋਸਤੀ ਦੀ ਡੋਰ ਵਿਚ ਪਰੋਣਾ ਸੀ। ਜਿਨ੍ਹਾਂ ਦਾ ਲਕਸ਼ ਸੀ ਇਹਸਾਸ ਦੀ ਹਰੇਵਾਈ, ਉਨ੍ਹਾਂ ਨੇ ਤਪਦੇ ਥਲਾਂ ਵਿਚ ਜਰੂਰ ਰੋਣਾ ਸੀ। ਚੁਫ਼ਾਲ ਢਹਿ ਪਈ ਢੋ ਲਾਉਂਦਿਆਂ ਹੀ ਕੰਧ ਉਹੋ, ਮੈਂ ਜਿਸ ਦੀ ਛਾਂ 'ਚ ਅਜੇ ਪਲ ਦੋ ਪਲ ਖਲੋਣਾ ਸੀ। ਅਸੀਂ ਸਾਂ, ਰਾਤ ਸੀ, ਦੇ ਡੌਰ ਭੌਰ ਪਰਛਾਵੇਂ, ਜਿਨ੍ਹਾਂ ਨੇ ਚਾਨਣੀ ਦੇ ਪੁਲ ਤੋਂ ਪਾਰ ਹੋਣਾ ਸੀ। ਉਦਾਸੀਆਂ ਦੀ ਡਸੀ ਚੁਪ ਕਿਵੇਂ ਨ ਸੀ ਕਰਦੀ? ਤੂੰ ਇਸ ਦੀ ਜੀਭ 'ਚ ਹਉਕੇ ਦਾ ਨਹੁੰ ਚੁਭੋਣਾ ਸੀ। ਜੇ ਕਾਮਨਾ ਸੀ ਕਿ ਲੱਗਣ ਗ਼ਜ਼ਲ ਨੂੰ ਪੀੜ ਦੇ ਫੁੱਲ ਕਲਮ ਨੂੰ ਗ਼ਮ ਦੇ ਹਰੇ ਜ਼ਖ਼ਮ ਵਿਚ ਡੁਬੋਣਾ ਸੀ।

ਮਨ ਦੇ ਮੌਜੀ ਕਦੋਂ ਸਨ

ਮਨ ਦੇ ਮੌਜੀ ਕਦੋਂ ਸਨ ਮਨ ਦੀ ਨ ਮੰਨਣ ਵਾਲੇ, ਚੜ੍ਹ ਕੇ ਸੂਲੀ, ਤੇ ਵੀ ਹਸਦੇ ਰਹੇ ਹੱਸਣ ਵਾਲੇ। ਕਿਉਂ ਸਮਝਦੇ ਨਹੀਂ ਇਹ ਬੀਨਾ ਵਜਾਉਂਦੇ ਜੋਗੀ, ਨਾਗ ਖੁੱਡਾਂ 'ਚੋਂ ਨਿਕਲ ਆਉਣਗੇ ਡੰਗਣ ਵਾਲੇ। ਲੁੱਟੇ ਜਾਈਏ ਵੀ ਤਾਂ ਦੁਖ ਦਿਲ ਦਾ ਸੁਣਾਈਏ ਕਿਸ ਨੂੰ, ਹੋਣ ਕਾਨੂੰਨ ਦੇ ਰਾਖੇ ਹੀ ਜੇ ਲੁੱਟਣ ਵਾਲੇ। ਤਿਤਲੀਆਂ ਦੂਰ ਤੋਂ ਹੀ ਸੁੰਘ ਕੇ ਪਰਤ ਆਉਣ ਉਰ੍ਹਾਂ, ਕਿਤੇ ਕੰਡੇ ਤਾਂ ਨਹੀਂ ਫੁੱਲਾਂ 'ਚ ਉੱਗਣ ਵਾਲੇ ? ਸੋਚ ਦੇ ਜ਼ੱਰੇ ਹੁਣ ਅੱਖਾਂ 'ਚ ਹੀ ਵਿਸ ਘੋਲਣਗੇ, ਪਹਿਰੇ ਕਲਮਾਂ, ਤੇ ਵੀ ਹਨ ਛੇਤੀ ਹੀ ਬੈਠਣ ਵਾਲੇ। ਜਿੰਦ ਉਨ੍ਹਾਂ ਵਾਂਗ ਹੀ ਜੀ ਜੀ ਨੂੰ ਹੈ ਪਿਆਰੀ ਆਪਣੀ, ਸੋਚਦੇ ਕਿਉਂ ਨਹੀਂ ਗੱਲ ਏਨੀ ਵੀ ਸੋਚਣ ਵਾਲੇ ? ਕੀ ਤਮਾਸ਼ਾ ਹੈ ਕਿ ਅਖਵਾਉਣਾ ਮਸੀਹੇ ਜਗ ਦੇ, ਹੋਣ ਤਲਵਾਰਾਂ ਮਿਆਨਾਂ 'ਚੋਂ ਜੋ ਸੂਤਣ ਵਾਲੇ। ਪੈਰੋਕਾਰ ਉਹਨਾਂ ਦੇ ਅੰਗਿਆਰ ਪਚਾਉਂਦੇ ਕਿਕੂੰ, ਆਪਣੇ ਭਾਸ਼ਣ 'ਚ ਜੋ ਸਨ ਅੱਗਾਂ ਪਰੋਸਣ ਵਾਲੇ। ਸਾਂਝ ਕੀ ਸਾਡੀ ਉਨ੍ਹਾਂ ਨਾਲ ਜੋ ਬੁੱਧੀ ਜੀਵੀ, ਆਪਣੀਓ ਸੋਚ ਦੇ ਖੂਹਾਂ 'ਚ ਨੇ ਲਮਕਣ ਵਾਲੇ। ਸੁਕਦੀ ਪੈਲੀ ਨੂੰ ਕਹੋ, ਔੜ ਦੀ ਚਿੰਤਾ ਨ ਕਰੇ, ਇਸ ਨੂੰ ਸਿੰਜਣਗੇ ਲਹੂ ਨਾਲ ਵੀ ਸਿੰਜਣ ਵਾਲੇ ਬਚ ਕੇ ਰਹਿਣ ਉੱਚੇ ਸਿਰਾਂ ਵਾਲੇ ਕਿ ਕਲ੍ਹ ਨੂੰ ਸ਼ਾਇਦ, ਝੱਖੜ ਇਸ ਤੋਂ ਵੀ ਕਿਤੇ ਤੇਜ਼ ਨੇ ਝੁੱਲਣ ਵਾਲੇ।

ਜੋ ਸ਼ਿਅਰ ਮੇਰੀ ਗ਼ਜ਼ਲ ਦੇ

ਜੋ ਸ਼ਿਅਰ ਮੇਰੀ ਗ਼ਜ਼ਲ ਦੇ ਨਿਰੋਗ ਦਿਸਦੇ ਰਹੇ, ਇਨ੍ਹਾਂ 'ਚੋ ਮਨ ਦਿਆਂ ਭਾਵਾਂ ਦੇ ਜ਼ਖ਼ਮ ਰਿਸਦੇ ਰਹੇ। ਦੁਮੇਲ ਤੀਕ ਉਡਾ ਕੇ ਜੋ ਲੈ ਗਈ ਲਾਟਾਂ, ਉਸੇ ਹਵਾ 'ਚ ਤਾਂ ਮੇਰੇ ਚਿਰਾਗ਼ ਹਿਸਦੇ ਰਹੇ। ਧਿਜੀ ਗਗਨ, ਤੇ, ਨ ਧਰਤੀ, ਤੇ ਕਲਪਨਾ ਸਾਡੀ, ਗ਼ਲਤ ਨਹੀਂ, ਅਸੀਂ ਉਸ ਦੇ ਰਹੇ, ਨ ਇਸ ਦੇ ਰਹੇ। ਉਨ੍ਹਾਂ ਨੂੰ ਹੀ ਜਦੋਂ ਰਾਹਾਂ ਦੇ ਬਿਰਛ ਲੈ ਬੈਠੇ, ਇਨ੍ਹਾਂ ਦੀ ਛਾਂ 'ਚ ਜੋ ਬੈਠੇ ਤਾਂ ਬਣ ਕੇ ਕਿਸ ਦੇ ਰਹੇ ? ਸੀ ਹੇਚ ਪੈਰਾਂ ਬਿਨਾਂ ਝੂਠ ਵੀ ਤਾਂ ਉਸ ਪਾਸ, ਜੇ ਸਚ ਦੇ ਕਰਮਾਂ 'ਚ ਏਧਰ ਪਿਆਲ਼ੇ ਵਿਸ ਦੇ ਰਹੇ। ਲਹੂ ਝਰੀਟਾਂ 'ਚੋਂ ਚਾਨਣ ਦੇ ਲਗ ਪਏ ਸਿੰਮਣ, ਕੁਝ ਇਉਂ ਸਰੀਰ ਹਨੇਰੇ ਦੇ ਨਾਲ ਘਿਸਦੇ ਰਹੇ। ਅਸਾਡੇ ਹੌਂਸਲੇ ਜੋ ਰੋਸ਼ਨੀ ਦੇ ਪਰਬਤ ਸਨ, ਸਮੇਂ ਦੀ ਚਾਲ ਦੇ ਕਾਲੇ ਪੁੜਾਂ 'ਚ ਪਿਸਦੇ ਰਹੇ। ਹਵਾ ਦਾ ਰਿਝਦਾ ਸਮੁੰਦਰ ਸੀ ਸਾਡੇ ਪ੍ਰਾਣਾਂ ਵਿਚ, ਪਲਾਂ 'ਚ ਬੁਲਬੁਲੇ ਸਾਹਾਂ ਦੇ ਬਣਦੇ, ਮਿਸਦੇ ਰਹੇ । ਜੇ ਫਿਸਦੇ ਚੰਦ, ਤੇ, ਕੀ ਗੌਲਣਾ ਸੀ ਪਥਰਾਂ ਨੇ ? ਹਜਾਰ ਸ਼ੁਕਰ ਕਿ ਛਾਲੇ ਥਲਾਂ 'ਚ ਫਿਸਦੇ ਰਹੇ। ਅਸੀਂ ਵੀ ਖਿੱਚੇ ਚਲੇ ਆਉਂਦੇ ਤੇਰੀ ਵੀਹੀ ਵੱਲ, ਅਸੀਂ ਵੀ ਲਾਡਲੇ ਤੇਰੀ ਅਜਬ ਕਸ਼ਿਸ਼ ਦੇ ਰਹੇ ਙ ਅਸੀਂ ਕਦੋਂ ਕਿਸੇ ਮੌਸਮ ਦੀ ਨੀਤ ਤਾੜੀ ਹੈ ? ਰਹੇ ਉਦ੍ਹੇ ਹੀ, ਪੁਜਾਰੀ ਅਸੀਂ ਤਾਂ ਜਿਸ ਦੇ ਰਹੇ।

ਭਾਵੇਂ ਇਕ ਸ਼ਖਸ ਕਿਤੇ ਵੀ ਨ ਦਿਖਾਈ ਦੇਵੇ

ਭਾਵੇਂ ਇਕ ਸ਼ਖਸ ਕਿਤੇ ਵੀ ਨ ਦਿਖਾਈ ਦੇਵੇ, ਚਾਪ ਉਦ੍ਹੇ ਪੈਰਾਂ ਦੀ ਪਰ ਸਾਫ਼, ਸੁਣਾਈ ਦੇਵੇ। ਇਹ ਜੇ ਮੌਲੇ ਵੀ ਤਾਂ ਅੰਗਿਆਰ ਹੀ ਲੱਗਣ ਇਸ ਨੂੰ, ਸੋਚ ਨੂੰ ਮਨ ਦਾ ਲਹੂ ਕੌਣ ਸ਼ੁਦਾਈ ਦੇਵੇ। ਮੇਰੀ ਬੇੜੀ ਜੇ ਡਬੋਈ ਵੀ ਤਾਂ ਕੁਝ ਛੱਲਾਂ ਨੇ, ਪਰ ਭੰਵਰ ਸਾਰੇ ਸਮੁੰਦਰ ਨੂੰ ਵਧਾਈ ਦੇਵੇ । ਦਸ ਦਿਓ, ਤੇਜ਼ ਹਵਾ ਅੱਜ ਦੀ ਨਹੀਂ ਸੁਖ-ਹੱਥੀ, ਕੋਈ ਟਹਿਣੀ ਨ ਇਦ੍ਹੇ ਹੱਥ ਕਲਾਈ ਦੇਵੇ। ਉਸ ਮੁਸਾਫ਼ਿਰ ਤੋਂ ਹਰੇ ਬਿਰਛ ਪਰੇ ਹੀ ਚੰਗੇ, ਛਾਂ 'ਚ ਬੈਠਾ ਵੀ ਜੋ ਧੁੱਪਾਂ ਦੀ ਦੁਹਾਈ ਦੇਵੇ। ਇਸ ਸੁਹੱਪਣ ਦੀ ਕਲੀ ਨਾਲ ਮੈਂ ਕਿਕੂੰ ਸਿੱਝਾਂ, ਜੋ ਲਪਟ ਵਾਂਗ ਕਿਸੇ ਪਲ ਨ ਫੜਾਈ ਦੇਵੇ ਡਰ ਤਾਂ ਹੈ, ਅਜਦਹੇ ਹਰ ਆਸ ਦੇ ਪੀ ਜਾਣਨ ਸਾਹ, ਪਰ ਮੈਂ ਕਿਸ ਮੋੜ, ਤੇ ਹਾਂ, ਕੁਝ ਨ ਸੁਝਾਈ ਦੇਵੇ। ਜੋ ਝਕੇ ਆਪ ਹੀ ਸ਼ੀਸ਼ੇ ਨੂੰ ਤਲੀ, ਤੇ ਧਰਨੋਂ, ਉਸ ਨੂੰ ਕੀ ਹਕ ਹੈ ਕਿ ਉਹ ਮੇਰੀ ਸਫ਼ਾਈ ਦੇਵੇ। ਮੇਰੇ ਖੰਭਾਂ ਨੂੰ ਲਹੂ ਦੇਵੇ ਹੁਲਾਰਾ ਜਿੰਨਾ, ਓਨੀਓ ਮੇਰੀ ਉਡਾਰੀ ਨੂੰ ਉਚਾਈ ਦੇਵੇ ਜਿਸ ਸਮੁੰਦਰ ਦਾ ਮੈਂ ਟਾਪੂ ਹਾਂ ਨਗੀਨੇ ਵਰਗਾ, ਮੇਰੇ ਅਸਤਿਤਵ ਨੂੰ ਸ਼ਾਇਦ ਹੀ ਰਿਹਾਈ ਦੇਵੇ।

ਇਕਾਂਤ ਵਿਚ ਉਦ੍ਹਾ ਚੁੰਮਣ ਤੂੰ

ਇਕਾਂਤ ਵਿਚ ਉਦ੍ਹਾ ਚੁੰਮਣ ਤੂੰ ਜਦ ਲਿਆ ਹੋਣੈ, ਖੰਡਰ ਤੋਂ, ਬਿੰਦ 'ਚ ਹੀ, ਮਹਿਲ ਬਣ ਗਿਆ ਹੋਣੈ। ਜੇ ਮੇਰੇ ਤਿਹੁ 'ਚ ਹੁਲਾਰਾ ਨਹੀਂ...ਉਦੋਂ ਵਰਗਾ, ਉਦ੍ਹਾ ਬਦਨ ਵੀ ਕਦੋਂ ਮਾਖਿਓਂ ਜਿਹਾ......ਹੋਣੈ। ਸਪਰਸ਼ ਤੇਰੀਆਂ ਗੱਲ੍ਹਾਂ, ਤੇ ਮੇਰੇ ਹੋਠਾਂ ਦਾ, ਸਿਤਾਰੇ ਵਾਂਗ ਅਜੇ ਵੀ ਡਲ੍ਹਕ ਰਿਹਾ ਹੋਣੈ। ਜਦ ਆ ਕੇ ਮੌਜ 'ਚ ਮੇਰੇ ਲਏ ਤੂੰ ਚੁੰਮ ਅਥਰੂ, ਅਣੂ ਅਣੂ ਤਪੇ ਹਿਰਦੇ ਦਾ ਠਰ ਗਿਆ ਹੋਣੈ। ਤੂੰ ਝੂਟਦੀ ਸੈਂ ਜਦੋਂ ਪੀਂਘ ਮੇਰੀ ਸਤੰਰਗੀ, ਪਲੰਘ ਨੂਰ ਦਾ, ਰੰਗਾਂ ਦਾ ਢਾਸਣਾ ਹੋਣੈ। ਜੋ ਜਿਸਮ ਹੋ ਕੇ ਵੀ ਹੁਣ ਤਕ ਨ ਮੇਰੇ ਹੱਥ ਆਇਆ, ਬਦਨ ਦੀ ਥਾਂ ਨਿਰਾ ਸਾਇਆ ਸੁਗੰਧ ਦਾ ਹੋਣੈ। ਕਲੀ ਨੂੰ ਛੇੜ ਕੇ ਲੁਟਦੇ ਨੇ ਕਿਉਂ ਮਜ਼ਾ ਭੌਰੇ, ਕਿ ਸੁਰਖ਼ ਪਹਿਲਾਂ ਤੋਂ ਮੂੰਹ ਉਸ ਦਾ ਸੌ-ਗੁਣਾ ਹੋਣੈ।

ਉਤਰਦੀ ਪਉੜੀਓਂ ਉਹ ਰਾਤ ਜਦ

ਉਤਰਦੀ ਪਉੜੀਓਂ ਉਹ ਰਾਤ ਜਦ ਨਜ਼ਰ ਆਈ, ਮੈਂ ਸੋਚਦਾ ਰਿਹਾ, ਕਿੱਥੋਂ ਸਵੇਰ ਉਤਰ ਆਈ। ਘਟਾ ਚੜ੍ਹੀ ਤਾਂ ਸੀ ਰਕੜਾਂ 'ਚੋਂ ਫੁੱਲ ਉਗਾਉਣ ਲਈ, ਉਪਾ ਪਰ ਏਸ ਦਾ ਕੀ, ਪਾਣੀਆਂ ਤੇ ਵਰ੍ਹ ਆਈ। ਮੈਂ ਧੁਖਦੀ ਜਾਨ ਸਾਂ, ਚੁਟਕੀ ਨਹੀਂ ਸਾਂ ਮਿੱਟੀ ਦੀ, ਹਵਾ ਕੀ ਸੋਚ ਕੇ ਮੇਰੇ ਬਦਨ ਦੇ ਘਰ ਆਈ ? ਬਲਾ ਦੀ ਸੋਚ ਸੀ, ਤੇਰੀ ਹਨੇਰ ਨਗਰੀ ਵਿਚ, ਜੋ ਦੀਪ ਬਾਲ ਕੇ ਮੇਰੇ ਲਹੂ ਦੇ ਧਰ ਆਈ। ਹਵਾਓ ਚੋਣ ਦਿਓ ਤੇਲ ਅਥਰੂਆਂ ਦਾ ਇਵੇਂ, ਕਿਤੋਂ ਤਾਂ ਉਸ ਦੀ ਮਹਿਕ ਆਉਣ ਦੀ ਖ਼ਬਰ ਆਈ। ਕਿਸੇ ਦੇ ਗੀਤ ਬਿਖਰ ਕੇ ਦਿਸ਼ਾ ਦਿਸ਼ਾ ਅਪੜੇ, ਕਿਸੇ ਦੀ ਪੀੜ ਦਿਲਾਂ ਦੇ ਨਗਰ ਨਗਰ ਆਈ। ਜੜ੍ਹੋਂ ਉਡਾਉਣਾ ਤਾਂ ਕੀ ਸੀ ਹਵਾ ਨੇ ਟਿਬਿਆਂ ਨੂੰ, ਵਿਸ਼ਾਲ ਹੋਰ ਵੀ ਮਾਰੂਥਲਾਂ ਨੂੰ ਕਰ ਆਈ। ਮੈਂ ਬਲਦੇ ਬਲਦੇ ਲਹੂ ਦੇ ਕਣਾਂ ਦਾ ਸਾਗਰ ਸਾਂ, ਪਤਾ ਨਹੀਂ, ਕਿਵੇਂ ਜਿੰਦੇ ਤੂੰ ਇਸ ਨੂੰ ਤਰ ਆਈ। ਅਜੀਬ ਯਾਦ ਹੈ, ਭਾਂਬੜ ਵੀ ਹੈ, ਘਟਾ ਵੀ ਹੈ, ਖ਼ਿਆਲ ਵਿਚ ਮਘਣ ਅੰਗਿਆਰ, ਅੱਖ ਭਰ ਆਈ।

ਜੋ ਕਰਨੇ ਸਨ, ਇਰਾਦੇ ਕਰ ਕੇ ਨਿਕਲੇ

ਜੋ ਕਰਨੇ ਸਨ, ਇਰਾਦੇ ਕਰ ਕੇ ਨਿਕਲੇ, ਅਸੀਂ ਤਲੀਆਂ, ਤੇ ਜਿੰਦਾਂ ਧਰ ਕੇ ਨਿਕਲੇ। ਪੜਾ ਕਿਹੜਾ ਸੀ ਇਹ ਖ਼ਬਰੇ ਗ਼ਮਾਂ ਦਾ ਕਿ ਹਉਕੇ ਵੀ ਕਿਤੋਂ ਡਰ ਡਰ ਕੇ ਨਿਕਲੇ। ਜੋ ਦੇਣ ਆਉਂਦੇ ਰਹੇ ਕਿਰਨਾਂ, ਤੇ ਪਹਿਰਾ, ਉਹੀ ਸੂਰਜ ਦੇ ਟੁਕੜੇ ਕਰ ਕੇ ਨਿਕਲੇ। ਸੁਆਹ ਆਵਾਜ਼ ਹੈ ਆਵਾਜ਼ ਸਾਡੀ, ਜੋ ਸਾਹਾਂ ਦੇ ਸਿਵੇ 'ਚੋਂ ਮਰ ਕੇ ਨਿਕਲੇ। ਹਵਾ ਭਾਵੇਂ ਬੜੀ ਡਾਢੀ ਸੀ, ਤਾਂ ਵੀ, ਅਸੀਂ ਦੀਵੇ ਸਿਰਾਂ, ਤੇ ਧਰ ਕੇ ਨਿਕਲੇ। ਉਨ੍ਹਾਂ ਨੂੰ ਖਿੜਨ ਤੋਂ ਰੋਕੋਗੇ ਕਿੰਕੂ, ਜੋ ਬੀ ਪੱਥਰ 'ਚੋਂ ਵੀ ਪੁੰਗਰ ਕੇ ਨਿਕਲੇ । ਸਰੀਰ ਉਸ ਦਾ ਸੀ ਅੱਗਾਂ ਦਾ ਸਮੁੰਦਰ, ਅਸੀਂ ਲੂੰ ਲੂੰ 'ਚ ਲਾਟਾਂ ਭਰ ਕੇ ਨਿਕਲੇ । ਮੈਂ ਪੁਸਤਕ ਵਾਂਗ ਦਿਲ ਨੂੰ ਖੋਲ੍ਹਿਆ ਜਦ, ਫਟੇ ਥਾਂ ਥਾਂ ਤੋਂ ਇਸ ਦੇ ਵਰਕੇ ਨਿਕਲੇ। ਗਏ ਡੂੰਘੇ ਬਹੁਤ ਜੋ ਕਲਪਨਾ ਵਿਚ, ਉਹੋ ਮੋਤੀ ਤੁਕਾਂ ਵਿਚ ਭਰ ਕੇ ਨਿਕਲੇ। ਮਿਲੀ ਜੱਫੀ 'ਚ ਲੈ ਕੇ ਪੌਣ ਸਾਨੂੰ, ਜਦ ਅੱਗਾਂ ਦਾ ਸਮੁੰਦਰ ਤਰ ਕੇ ਨਿਕਲੇ।

ਤੂੰ ਮੇਰੇ ਅੰਗ ਹੁੰਦੀ

ਤੂੰ ਮੇਰੇ ਅੰਗ ਹੁੰਦੀ, ਮੈਂ ਤੇਰੇ ਸੰਗ ਹੁੰਦਾ, ਤੂੰ ਮੇਰੀ ਡੋਰ ਅਤੇ ਮੈਂ ਤੇਰਾ ਪਤੰਗ ਹੁੰਦਾ। ਜਦ ਖਿੜਖਿੜਾ ਕੇ ਹਸਦੋਂ, ਮੂੰਹੋਂ ਗੁਲਾਬ ਕਿਰਦੇ, ਹਰ ਕਹਿਕਹੇ 'ਚ ਤੇਰੇ ਹੋਠਾਂ ਦਾ ਰੰਗ ਹੁੰਦਾ। ਮੈਂ ਵੀ ਲਏ ਜੇ ਹੁੰਦੇ ਤੇਰੇ ਬਦਨ ਦੇ ਚੁੰਮਣ, ਏਨੀ ਮਹਿਕ ਖਿੰਡਾਉਂਦਾ, ਤੂੰ ਆਪ ਦੰਗ ਹੁੰਦਾ। ਬੁੱਲਾ ਵਿਲਾਸ ਦਾ ਮੈਂ, ਤੂੰ ਵਾਸ਼ਨਾ ਦੀ ਟਹਿਣੀ। ਵਿੱਚੋਂ ਮਿਲਾਪ, ਉੱਤੋਂ ਆਪਸ 'ਚ ਜੰਗ ਹੁੰਦਾ। ਜਿੱਥੋਂ ਖਿਲਾਰ ਸਕਦਾ ਤੇਰੇ ਤਕ ਇਸ ਦੀ ਲੋ ਨੂੰ, ਮੈਥੋਂ ਨਜ਼ਰ ਦਾ ਦੀਵਾ ਓਥੇ ਨ ਟੰਗ ਹੁੰਦਾ। ਓਨੀ ਹੀ ਅੰਦਰੋਂ ਉਹ ਮਨ ਦੀ ਵਿਸ਼ਾਲ ਹੁੰਦੀ, ਉੱਤੋਂ ਲਿਬਾਸ ਜਿਨਾਂ ਵੇਖਣ ਨੂੰ ਤੰਗ ਹੁੰਦਾ। ਦਰਿਆ ਸੀ ਰੋਸ਼ਨੀ ਦਾ ਉਸ ਦਾ ਸਰੀਰ ਭਾਵੇਂ, ਚਾਨਣ ਚੁਲੀ ਭਰ ਉਸ ਤੋਂ ਫਿਰ ਵੀ ਨ ਮੰਗ ਹੁੰਦਾ।

ਬਲਦੀਆਂ ਧੁੱਪਾਂ ਦੇ ਜਦ ਖਾਧੇ ਸਨ

ਬਲਦੀਆਂ ਧੁੱਪਾਂ ਦੇ ਜਦ ਖਾਧੇ ਸਨ ਅੰਗਿਆਰੇ ਤੁਸੀਂ, ਮੇਲ੍ਹਦੇ ਧਰਤੀ, ਤੇ ਵੇਖੇ ਹੋਣਗੇ ਤਾਰੇ ਤੁਸੀਂ। ਮੇਰੇ ਵਲ ਉਂਗਲਾਂ ਉਠਾਉਣੋ ਆਪ ਜਦ ਮੁੜਦੇ ਨਹੀਂ, ਫਿਰ ਜੇ ਮੈਂ ਕਰਦਾ ਹਾਂ ਇਉਂ, ਖਿਝਦੇ ਹੋ ਕਿਉਂ ਸਾਰੇ ਤੁਸੀਂ ? ਕੀ ਤੁਸੀਂ ਬਦਸੂਰਤੋ ਫਿਰ, ਖੂਬਸੂਰਤ ਬਣ ਗਏ ? ਬੇਖ਼ਤਾ ਸ਼ੀਸ਼ੇ ਜਦੋਂ ਪਥਰਾਂ, ਤੇ ਦੇ ਮਾਰੇ ਤੁਸੀਂ। ਸਚ ਅਲਿਫ਼ ਨੰਗਾ ਜਦੋਂ ਆਵੇ ਤੁਹਾਡੇ ਸਾਮ੍ਹਣੇ, ਕਿਉਂ ਚੁਰਾ ਲੈਂਦੇ ਹੋ ਅੱਖਾਂ ਸ਼ਰਮ ਦੇ ਮਾਰੇ ਤੁਸੀਂ ? ਉਹ ਵੀ ਦਸਦੇ ਹਨ, ਤੁਸੀਂ ਲੁਕ ਛਿਪ ਕੇ ਜੋ ਖਾਂਦੇ ਹੋ ਖੇਹ, ਏਨਾਂ ਕੁਝ ਦਸਦੇ ਹੋ ਮੈਨੂੰ ਨਿਤ ਜਿਨ੍ਹਾਂ ਬਾਰੇ ਤੁਸੀਂ। ਬੀਤਦੀ ਹੋਏਗੀ ਕੀ ਭਗਵਾਨ ਦੇ ਮਨ, ਤੇ ਉਦੋਂ, ਵੇਖਦਾ ਹੋਏਗਾ ਜਦ, ਕਰਦੇ ਹੋ ਕੀ ਕਾਰੇ ਤੁਸੀਂ ? ਜਦ ਲੁਹਾ ਬੈਠੇ ਹੋ ਮਣੀਆਂ ਹੀ ਸਿਰਾਂ ਤੋਂ, ਕਿਉਂ ਤੁਸੀਂ ਮਾਰਦੇ ਫਿਰਦੇ ਹੋ ਸੱਪਾਂ ਵਾਂਗ ਫੁੰਕਾਰੇ ਤੁਸੀਂ ? ਮੇਰੀਓ ਅਖੀਓ ਉਦ੍ਹੇ, ਨੈਣਾ ਤੋਂ ਬਚ ਕੇ ਹੀ ਰਹੋ, ਦੋ ਦਿਲਾਂ ਦੀ ਸੁਖ ਨਹੀਂ ਜੇ ਮਿਲ ਗਏ ਚਾਰੇ ਤੁਸੀਂ। ਸੁਣਨ ਵਿਚ ਆਇਆ ਹੈ ਸੁਣ ਕੇ ਵੀ ਤੁਸੀਂ ਸੁਣਦੇ ਨਹੀਂ, ਅਪਣੇ ਕੰਨਾਂ ਵਿਚ ਭਰੀ ਬੈਠੇ ਹੋ ਕਿਉਂ ਪਾਰੇ ਤੁਸੀਂ ? ਤੇਰਾ ਮੇਰਾ ਸਾਥ ਸੀ ਦੋ ਬਉਰੀਆਂ ਛੱਲਾਂ ਦਾ ਮੇਲ, ਚਾਰ ਦਿਨ ਦੀ ਖੇਡ ਸੀ ਜਦ, ਕਿਉਂ ਪਏ ਭਾਰੇ ਤੁਸੀਂ ? ਸਾੜ ਸੁਟਣਾ ਸੀ ਇਨ੍ਹਾਂ ਦੀ ਚੁਪ ਨੇ ਮੇਰਾ ਕਾਲਜਾ, ਮੇਰੀਆਂ ਬਾਤਾਂ ਦੇ ਜੇ ਭਰਦੇ ਨਾ ਹੁੰਗਾਰੇ ਤੁਸੀਂ।

ਵਗਦੇ ਝੱਖੜ 'ਚ ਮਸ਼ਾਲਾਂ

ਵਗਦੇ ਝੱਖੜ 'ਚ ਮਸ਼ਾਲਾਂ ਜੇ ਤੁਸੀਂ ਬਾਲੋਗੇ, ਅਪਣੀਓ ਪਾਣ ਲੁਹਾਓਗੇ, ਸਮਾਂ ਗਾਲੋਗੇ। ਮੈਂ ਤਾਂ ਸਿਰਤਾਜ ਬਣਾਇਆ ਸੀ ਤੁਹਾਨੂੰ ਸਿਰ ਦਾ, ਕੀ ਪਤਾ ਸੀ ਕਿ ਤੁਸੀਂ ਹਾਦਸੇ ਹੀ ਪਾਲੋਗੇ। ਵਿਸ ਵੀ ਘੋਲੋਗੇ, ਸਹੇੜੋਗੇ ਨਵੇਂ ਜ਼ਖ਼ਮ ਤੁਸੀਂ, ਵਾ-ਵਰੋਲੇ 'ਚੋਂ ਜੇ ਪੌਣਾਂ ਦੀ ਮਹਿਕ ਭਾਲੋਗੇ। ਜੋ ਬਲਾ ਆਪ ਤੁਸੀਂ ਮਿਥ ਕੇ ਖੜੀ ਕੀਤੀ ਹੈ, ਸਿਰ, ਤੇ ਆਈ ਤਾਂ ਕਿਵੇਂ ਉਸ ਨੂੰ ਸਿਰੋਂ ਟਾਲੋਗੇ ? ਅੱਜ ਤਾਂ ਲਭਦੇ ਹੋ ਸਮੁੰਦਰ 'ਚੋਂ ਛਲਕਦੇ ਦਰਿਆ, ਕਲ੍ਹ ਨੂੰ ਦਰਿਆ ਤੁਸੀਂ ਝੀਲਾਂ 'ਚ ਕਿਵੇਂ ਢਾਲੋਗੇ ? ਵਣ ਦਾ ਵਣ ਸੜ ਕੇ ਤੁਹਾਨੂੰ ਨ ਬਣਾ ਦੇਵੇ ਸੁਆਹ, ਜੇ ਕਿਸੇ ਬਿਰਛ ਦਾ ਇਕ ਆਲ੍ਹਣਾ ਵੀ ਜਾਲੋਗੇ। ਅੱਜ ਤਾਂ ਥਕਦੇ ਨਹੀਂ ਪਾ ਪਾ ਕੇ ਮਨਾਂ ਵਿਚ ਗੰਢਾਂ, ਕਲ੍ਹ ਨੂੰ ਕਿਸ ਗੰਢ ’ਚੋਂ ਮੰਜ਼ਿਲ ਦਾ ਸਿਰਾ ਭਾਲੋਗੇ ? ਕਿਸ ਸਪੇਰੇ ਦੀ ਮਜਾਲ ਏਨੀ ਕਿ ਖੁਲ੍ਹ ਕੇ ਦੱਸੇ, ਵਿਹੁ ਵੀ ਵੰਡੋਗੇ, ਸਪੋਲੇ ਵੀ ਤੁਸੀਂ ਪਾਲੋਗੇ। ਕੁਝ ਤਾਂ ਸੁੱਕੇਗਾ ਹਨੇਰੇ ਦੀ ਹਕੂਮਤ ਦਾ ਲਹੂ, ਜਦ ਚੁਰਾਹੇ 'ਚ ਤੁਸੀਂ ਦਿਲ ਦਾ ਲਹੂ ਜਾਲੋਗੇ।

ਜਿਨ੍ਹਾਂ ਬਾਰੇ ਅਸੀਂ ਕਹਿੰਦੇ ਸਾਂ

ਜਿਨ੍ਹਾਂ ਬਾਰੇ ਅਸੀਂ ਕਹਿੰਦੇ ਸਾਂ, ਵੋਟਾਂ ਦੇ ਭਿਖਾਰੀ ਹਨ, ਅੱਜ ਉਹੀਓ ਮੰਗਤੇ ਸਾਡੇ ਨਸੀਬਾਂ ਦੇ ਵਿਪਾਰੀ ਹਨ। ਨਚਾਉਣ ਅਪਣੇ ਇਸ਼ਾਰੇ, ਤੇ ਅਸਾਨੂੰ ਪੁਤਲੀਆਂ ਵਾਕੁਰ, ਤਮਾਸ਼ਾ ਹਾਂ ਅਸੀਂ ਤਾਂ, ਇਹ ਤਮਾਸ਼ੇ ਦੇ ਮਦਾਰੀ ਹਨ। ਇਹ ਪੱਕੇ ਗੰਢ ਦੇ, ਅਕਸਰ ਬਦਲਦੇ ਰਹਿਣ ਰੰਗ ਅਪਣੇ, ਇਹ ਖ਼ਚਰੇ ਗਿਰਗਟਾਂ ਵਾਂਗ ਆਪ ਹੀ ਅਪਣੇ ਲਲਾਰੀ ਹਨ। ਭਰੇ ਬਾਜ਼ਾਰ ਵਿਚ ਮੁੱਲ ਇਹ ਧਨੀ ਤਾਰਨ ਜ਼ਮੀਰਾਂ ਦੇ, ਇਹ ਵੇਖਣ ਨੂੰ ਤਾਂ ਹਨ ਮਿਠ-ਬੋਲੜੇ, ਵਿਚੋਂ ਕਟਾਰੀ ਹਨ। ਵਤਨ ਭਾਵੇਂ ਖੜੋਤਾ ਹੈ ਤਬਾਹੀ ਦੇ ਦਹਾਨੇ, ਤੇ, ਇਨ੍ਹਾਂ ਦੇ ਖੋਖਲੇ ਵਾਅਦੇ ਅੱਜ ਤੀਕਣ ਵੀ ਜਾਰੀ ਹਨ। ਨ ਕਥਨੀ ਹੀ ਦੇ ਹਨ ਸੂਰੇ, ਨ ਕਰਨੀ ਦੇ ਹੀ ਹਨ ਪੂਰੇ, ਇਹ ਸਭ ਦੰਭੀ, ਇਹ ਸਭ ਬਹੁ-ਰੂਪੀਏ, ਸਭ ਭੇਖ-ਧਾਰੀ ਹਨ। ਧੜੇ-ਬਾਜ਼ਾਂ ਦੇ ਅੱਡੇ ਹਨ ਅਖਾੜੇ ਰਾਜਨੀਤੀ ਦੇ, ਵਿਧਾਇਕ ਸਭ ਦੇ ਸਭ ਗੰਦੀ ਸਿਆਸਤ ਦੇ ਖਿਡਾਰੀ ਹਨ। ਕਿਤੇ ਵਧ ਕੀਮਤੀ ਹਨ ਹੀਰਿਆਂ ਤੋਂ ਸਾਡੀਆਂ ਜਾਨਾਂ, ਰਹੋ ਬਚ ਕੇ ਇਨ੍ਹਾਂ ਕੋਲੋਂ ਕਿ ਨਾਗਾਂ ਦੀ ਪਟਾਰੀ ਹਨ। ਕਈ ਉਹ ਵੀ ਨੇ ਇਹਨਾਂ ਵਿਚ ਜੋ ਟਿਕ ਕੇ ਬਹਿ ਨਹੀਂ ਸਕਦੇ, ਕੁਝ ਏਦਾਂ ਪਾਉਣ ਇਹ ਰੋਂਡਾਂ ਜਿਵੇਂ ਹਾਰੇ ਜੁਆਰੀ ਹਨ। ਹਰਿਕ ਪੰਛੀ ਨੂੰ ਕਹਿ ਦੇਵੋ, ਬਚੇ ਇਹਨਾਂ ਦੇ ਚੋਗੇ ਤੋਂ, ਇਹ ਆਪੀਂ ਜਾਲ, ਆਖੀਂ ਆਲ੍ਹਣੇ, ਆਪੇ ਸ਼ਿਕਾਰੀ ਹਨ।

ਪੱਖਾ ਚਲਾ ਕੇ ਉਹ ਜਦੋਂ

ਪੱਖਾ ਚਲਾ ਕੇ ਉਹ ਜਦੋਂ ਮੰਜੀ ਤੇ ਲੇਟਦਾ, ਖਿੰਡਦੇ ਸਰੀਰ ਨੂੰ ਕਿਵੇਂ ਖ਼ਵਰੇ ਸਮੇਟਦਾ ? ਰੀਝਾਂ ਦੀ ਫ਼ਸਲ ਖਾ ਲਈ ਹੰਝੂਆਂ ਦੀ ਸੇਮ ਨੇ, ਦਰਿਆ ਸੀ ਸੰਸਿਆਂ ਦਾ, ਮਨ ਰਕਬਾ ਸੀ ਬੇਟ ਦਾ। ਦੁਖ ਦੇ ਭੰਵਰ 'ਚ ਜਦ ਵੀ ਮੈਂ ਖਾਂਦਾ ਘੁਮਾਟੀਆਂ, ਅੱਗਾਂ ਹੀ ਡੁਬਦੀ ਜਿੰਦ ਉਦਾਲੇ ਵਲ੍ਹੇਟਦਾ। ਜਦ ਜ਼ਹਿਰ ਦੀ ਪੁੜੀ ਸੀ ਜ਼ਮਾਨੇ ਦਾ ਬੋਲ ਬੋਲ, ਮੈਂ ਵੀ ਤੁਕਾਂ 'ਚ ਕਿਉਂ ਨ ਫਿਰ ਠੂਹੇਂ ਲਪੇਟਦਾ ? ਚੇਤਾ ਉਦ੍ਹਾ ਸੰਭਾਲ ਕੇ ਰਖਦਾ ਨ ਮੈਂ ਕਿਵੇਂ ? ਟੁਕੜਾ ਨਹੀਂ ਸੀ ਇਹ ਕਿਸੇ ਟੁੱਟੀ ਪਲੇਟ ਦਾ। ਹੋ ਜਾਂਦੇ ਨਾਲ ਹੀ ਹਵਾ ਨੀਲੇ ਪਲਾਂ ਦੇ ਪਰ, ਪੰਛੀ ਨਜ਼ਰ ਦਾ ਖੰਭ ਜਦ ਅਪਣੇ ਸਮੇਟਦਾ। ਉਹ ਹੋਰ ਹੋਣਗੇ, ਨਹੀਂ ਮਿਟਣੇ ਜਿਨ੍ਹਾਂ ਦੇ ਲੇਖ, ਮੇਰੇ ਲਈ ਤਾਂ ਲੇਖ ਹੈ ਅੱਖਰ ਸਲੇਟ ਦਾ।

ਲਹੂ ਪਿਲਾ ਕੇ ਮਸ਼ਾਲ

ਲਹੂ ਪਿਲਾ ਕੇ ਮਸ਼ਾਲ ਆਪਣੇ ਕਾਲਜੇ ਦੀ ਬਾਲ, ਫਿਰ ਇਹ ਮਸ਼ਾਲ ਦੀ ਬੱਤੀ ਹਵਾ ਦੀ ਗੋਦ 'ਚ ਪਾਲ। ਨਜ਼ਰ ਟਿਕਾ ਕਿਸੇ ਬਿੰਦੂ, ਤੇ ਅੰਬਰੋਂ ਵੀ ਪਰ੍ਹਾਂ, ਫਿਰ ਆਪਣੇ ਆਪ ਨੂੰ ਉੱਪਰ ਉਛਾਲ, ਹੋਰ ਉਛਾਲ। ਫੜੋ ਸਮ੍ਹਲ ਕੇ ਫੜੋ ਤਾਰਿਆਂ ਨੂੰ ਮਛੀਆਂ ਵਾਂਗ, ਵਿਛਾ ਕੇ ਨੀਲੇ ਖ਼ਲਾ ਦੇ ਤਲਾ 'ਚ ਸੋਚ ਦੇ ਜਾਲ। ਘਟਾਓ, ਕਾਲੀ ਘਟਾਓ, ਤੁਹਾਡੀ ਜਾਨ ਦੀ ਖ਼ੈਰ, ਦਿਨੇ ਹੀ ਪੈ ਗਿਆ ਸੂਰਜ ਦੀ ਰੋਸ਼ਨੀ ਦਾ ਕਾਲ। ਵਰ੍ਹੋ ਟਟਹਿਣਿਓ ਠੰਡੀ ਫੁਹਾਰ ਵਾਂਗ ਵਰ੍ਹੋ, ਕਿ ਸੜ ਰਿਹਾ ਹੈ ਹਵਾ ਦਾ ਬਦਨ ਚਿਰਾਗਾਂ ਨਾਲ।

ਉਸ ਦੀ ਇਕ ਇਕ ਪੈੜ ਤੇ ਪੈੜ ਆਪਣੀ

ਉਸ ਦੀ ਇਕ ਇਕ ਪੈੜ ਤੇ ਪੈੜ ਆਪਣੀ ਧਰ ਕੇ ਵੇਖਣਾ, ਤੋੜ ਤਕ ਮਹਿਕਾਂ ਦੀ ਬੀਹੀ 'ਚੋਂ ਗੁਜ਼ਰ ਕੇ ਵੇਖਣਾ, ਮੈਂ ਨਿਭਾਇਆ ਵੀ ਤਾਂ ਇਉਂ ਤੱਤੇ ਸੁਭਾ ਵਾਲੀ ਦਾ ਸਾਥ, ਉਮਰ ਭਰ ਪਾਣੀ ਜਿਵੇਂ ਸਹਿਰਾ ਦਾ ਭਰ ਕੇ ਵੇਖਣਾ। ਜਾਨਣੈ ਜੇ, ਮੇਰੇ ਪਰਤਾਵੇਂ ਦਾ ਹੈ ਕੇਡਾ ਕੁ ਕਦ, ਸੌ ਗੁਣਾ ਆਕਾਸ਼ ਨਾਲੋਂ ਵੀ ਬਿਖਰ ਕੇ ਵੇਖਣਾ। ਮੈਂ ਤਤੀਰੀ ਵਾਂਗ ਫੁਟਦੀ ਚੀਕ ਹਾਂ ਮੇਰੇ ਲਈ ਜ਼ਹਿਰ ਹੈ ਮੂੰਹ ਆਪ ਆਪਣਾ ਬੰਦ ਕਰ ਕੇ ਵੇਖਣਾ। ਜੇ ਕਿਤੋਂ ਟੁੱਟਾਂ ਵੀ ਤਾਂ ਟੁੱਟਾਂ ਬਿਨਾ ਆਵਾਜ਼ ਦੇ, ਜਿੰਦ, ਤੇ, ਵੱਟੀ ਕਸੀਸ ਏਦਾਂ ਵੀ ਜਰ ਕੇ ਵੇਖਣਾ।

ਇਵੇਂ ਖਿੰਡਾਂ ਗਾ, ਜੇ ਝੱਖੜ ਦਾ ਰੂਪ ਧਾਰੋ ਗੇ

ਇਵੇਂ ਖਿੰਡਾਂ ਗਾ, ਜੇ ਝੱਖੜ ਦਾ ਰੂਪ ਧਾਰੋ ਗੇ। ਵਿਸ਼ਾਲ ਹੋਰ ਵੀ ਹੋਵਾਂ ਗਾ, ਜੇ ਖਿਲਾਰੋ ਗੇ । ਪਤਾ ਸੀ ਮੈਨੂੰ ਜਦੋਂ ਲਿਸ਼ਕਿਆ ਸਾਂ ਸ਼ੀਸ਼ੇ ਵਾਂਗ, ਤੁਸੀਂ ਖਿਝੋ ਗੇ ਤਾਂ ਪੱਥਰ ਜ਼ਰੂਰ ਮਾਰੋ ਗੇ । ਪਤਾ ਨਹੀਂ ਕਦੋਂ ਧੁੱਪਾਂ ਨੂੰ ਮੋੜਨੇ ਪੈ ਜਾਣ, ਕਿਸੇ ਵੀ ਬਿਰਛ ਦੀ ਛਾਵੇਂ ਜੋ ਪਲ ਗੁਜ਼ਾਰੋ ਗੇ । ਅਸਾਡਾ ਰੂਪ ਹੋ ਜਾਓ, ਤੁਹਾਨੂੰ ਵਰ ਦਿੱਤਾ, ਖ਼ਲਾ 'ਚ ਮਹਿਲ, ਹਵਾ ਵਿਚ ਕਿਲੇ ਉਸਾਰੋ ਗੇ । ਤੁਸੀਂ ਖ਼ੁਦਾ ਸਹੀ ਪਰ ਸਹੁੰ ਤੁਹਾਡੀ ਸੂਲੀ ਦੀ, ਮੈਂ ਬੁਤ ਬਣਾਂ ਗਾ, ਤੁਸੀਂ ਆਰਤੀ ਉਤਾਰੋ ਗੇ । ਜਦੋਂ ਮੈਂ ਬਲਦਿਆਂ ਖੰਭਾਂ ਸਮੇਤ ਉੱਡਾਂ ਗਾ, ਕਿਵੇਂ ਤਾਂ ਮੇਰੀ ਉਡਾਰੀ ਦਾ ਦੁੱਖ ਸਹਾਰੋ ਗੇ ? ਹਵਾ ਦੇ ਹਲ ਵੀ ਜੰਜਾਲ ਬਣਨ ਗੇ ਜੀ ਦਾ, ਘੜੀ ਮੁੜੀ ਖਿੰਡੇ ਵਾਲਾਂ ਨੂੰ ਜਦ ਸੰਵਾਰੋ ਗੇ । ਤੁਸੀਂ ਧਨੀ ਹੋ ਤਾਂ ਸਾਡੇ ਤਨਾਂ ਦੇ ਬੂਹੇ ਤੇ, ਲਹੂ ਦੇ ਦਾਨ ਲਈ ਝੋਲੀਆਂ ਪਸਾਰੋ ਗੇ। ਪੁਲਾੜ ਨਾਲ ਵੀ ਜਦ ਬਰ ਮਿਚੇ ਨਾ ਸੋਚਾਂ ਦਾ, ਸਿਮਟ ਕੇ ਜ਼ਾਤ ਦੇ ਜ਼ੱਰੇ 'ਚ ਕੀ ਵਿਚਾਰੋ ਗੇ ? ਖਿੰਡੇ ਨ ਰੰਗ ਜੇ ਪੈਰਾਂ ਦੇ ਛਾਲਿਆਂ ਵਿਚਲੇ, ਸਮੇਂ ਦੇ ਚਿਤਰ ਦਾ ਚਿਹਰਾ ਕਿਵੇਂ ਨਿਖਾਰੋ ਗੇ ? ਕਰੋ ਗੇ ਰੌਸ਼ਨੀ ਕਿਸ ਕਿਸ ਗਗਨ ਦੀ ਛਤ ਹੇਠਾਂ, ਗਗਨ ਅਨੰਤ ਨੇ ਜਦ, ਅੰਤ ਨੂੰ ਤਾਂ ਹਾਰੋ ਗੇ । ਤੁਹਾਡੀ ਅਪਣੀਓ ਛਾਂ ਮਨ ਹੀ ਮਨ 'ਚ ਹੱਸੇ ਗੀ, ਜੇ ਟਾਟਕੇ 'ਚ ਕਿਸੇ ਬਿਰਛ ਨੂੰ ਪੁਕਾਰੋ ਗੇ।

ਸਿਲਾਂ ਸੰਸੇ ਦਿਆਂ ਬੁੱਲ੍ਹਾਂ ਤੇ ਧਰ ਕੇ

ਸਿਲਾਂ ਸੰਸੇ ਦਿਆਂ ਬੁੱਲ੍ਹਾਂ ਤੇ ਧਰ ਕੇ, ਮੈਂ ਜੀਉਂਦੇ ਜੀ ਨ ਰਹਿ ਸਕਾਂ ਗਾ ਮਰ ਕੇ । ਪਤਾ ਕੀ ਸੀ ਕਿ ਬਣ ਜਾਵਾਂ ਗਾ ਮੋਤੀ, ਉਦ੍ਹੇ ਚੇਤੇ ਦੀ ਸਿੱਪੀ ਵਿਚ ਉਤਰ ਕੇ । ਬਦਨ ਉਸ ਦਾ ਸੁਹੱਪਣ ਦੀ ਨਦੀ ਹੈ, ਚੁਲੀ ਰਸ ਦੀ ਮੈਂ ਕਿਉਂ ਪੀਵਾਂ ਨ ਭਰ ਕੇ । ਨਜ਼ਰ ਦੇ ਮੂੰਹ ਤੇ ਭੁੱਕ ਅੱਖਾਂ ਦਾ ਅਬਰਕ, ਸਮੁੰਦਰ ਜੁਗਨੂਆਂ ਦਾ ਵੇਖ ਤਰ ਕੇ । ਛਿੜਕ ਕੇ ਇਤਰ ਸਾਹਾਂ ਦਾ ਪਲਾਂ ਤੇ, ਕੋਈ ਮਹਿਕਾ ਗਿਆ ਸਦੀਆਂ ਦੇ ਵਰਕੇ । ਜੇ ਤੂੰ ਸ਼ੀਸ਼ਾ ਏਂ, ਮੈਂ ਅਕਸ ਆਤਮਾ ਦਾ, ਬਣੇ ਇਕ ਜਾਨ ਇਕ ਦੂਜੇ 'ਚ ਝਰ ਕੇ । ਕਲੇਜਾ ਸੀ ਕਿ ਬੋਹਲ ਅੰਗਿਆਰਿਆਂ ਦਾ, ਗ਼ਮਾਂ ਨੇ ਠਾਰਿਆ ਮੀਂਹ ਵਾਂਗ ਵਰ੍ਹ ਕੇ । ਮੈਂ ਝੂਟੀ ਪੀਂਘ ਸਤਰੰਗੀ ਬਦਨ ਦੀ, ਕਲਾਵੇ ਵਿਚ ਲਚਕ ਅੰਗਾਂ ਦੀ ਭਰ ਕੇ ।

ਖ਼ੁਦ ਆਪਣੀ ਅਕਲ ਦੀ ਖਿੱਲੀ

ਖ਼ੁਦ ਆਪਣੀ ਅਕਲ ਦੀ ਖਿੱਲੀ ਉਡਾਉਂਦੇ ਫਿਰਦੇ ਸਨ । ਹਨੇਰੀਆਂ 'ਚ ਜੋ ਦੀਵੇ ਜਗਾਉਂਦੇ ਫਿਰਦੇ ਸਨ। ਨਕੇਲ ਪਾਉਂਦੇ ਇਨ੍ਹਾਂ ਵਾਵਰੋਲਿਆਂ ਦੇ ਕਿਵੇਂ, ਇਸ਼ਾਰਿਆਂ ਤੇ ਜੋ ਤੀਲੇ ਮਚਾਉਂਦੇ ਫਿਰਦੇ ਸਨ ? ਜੇ ਮਨਚਲੇ ਨਹੀਂ ਤਾਂ ਹੋਰ ਕੀ ਸਨ ਇਹ ਮੌਜੀ, ਅਜੇ ਵੀ ਪਾਟੀਆਂ ਆਸਾ ਹੰਢਾਉਂਦੇ ਫਿਰਦੇ ਸਨ। ਨਾ ਦਮ ਦਮਾਂ 'ਚ, ਨਾ ਸਾਹਾਂ 'ਚ ਜ਼ੋਰ ਸੀ ਤਾਂ ਹੀ, ਕਿਲੇ ਖ਼ਲਾ 'ਚ ਹਵਾਈ ਬਣਾਉਂਦੇ ਫਿਰਦੇ ਸਨ। ਸਿਰਾਂ ਤੇ ਭਾਵੇਂ ਸੀ ਤਾਰਾ ਸਵੇਰ ਦਾ ਫਿਰ ਵੀ, ਹਨੇਰੇ ਜ਼ਸ਼ਨ ਖ਼ੁਸ਼ੀ ਦੇ ਮਨਾਉਂਦੇ ਫਿਰਦੇ ਸਨ। ਇਨ੍ਹਾਂ ਦੇ ਹੱਥਾਂ 'ਚ ਸਨ ਭਾਵੇਂ ਬੀਜ ਫੁੱਲਾਂ ਦੇ, ਨਾ ਮੰਨੋ, ਫੇਰ ਵੀ ਥੋਰ੍ਹਾਂ ਉਗਾਉਂਦੇ ਫਿਰਦੇ ਸਨ । ਬੜੇ ਅਜੀਬ ਸਨ ਇਹ ਲੋਕ ਜਿਹੜੇ ਹੰਝੂਆਂ ਨਾਲ, ਦਿਲ 'ਚ ਬਲਦੀਆਂ ਅੱਗਾਂ ਬੁਝਾਉਂਦੇ ਫਿਰਦੇ ਸਨ। ਘਰੋਂ ਤਾਂ ਨਿਕਲੇ ਸਨ ਉੱਚੇ ਮੁਨਾਰੇ ਢਾਉਣ ਲਈ, ਪਰ ਉਂਜ ਆਪੋ 'ਚ ਮੱਥੇ ਭੰਨਾਉਂਦੇ ਫਿਰਦੇ ਸਨ। ਇਨ੍ਹਾਂ ਤੇ ਹਸਦੀ ਨ ਕਿੱਦਾਂ ਹਵਾ ਜ਼ਮਾਨੇ ਦੀ, ਜੋ ਇਸ ਦੇ ਰਾਹਾਂ 'ਚ ਕੰਡੇ ਵਿਛਾਉਂਦੇ ਫਿਰਦੇ ਸਨ ? ਕੁਝ ਐਸੇ ਜ਼ਖ਼ਮ ਵੀ ਸਨ ਜੋ ਲਹੂ ਲਹੂ ਹੋਏ, ਸਮੇਂ ਦੀ ਕੰਧ ਤੇ ਛਿੱਟਾਂ ਖਿੰਡਾਉਂਦੇ ਫਿਰਦੇ ਸਨ। ਸੁਨਹਿਰੀ ਅੱਖਰਾਂ 'ਚ, ਰੁੱਖਾਂ ਦੇ ਸੁੱਕੇ ਪਤਿਆਂ ਤੇ, ਅਜੀਬ ਸਿਰ ਫਿਰੇ ਸਨ ਨਾਂ ਲਿਖਾਉਂਦੇ ਫਿਰਦੇ ਸਨ। ਜਿਨ੍ਹਾਂ ਦੇ ਕਾਲਜੇ ਲੂਸੇ ਪਏ ਸਨ ਆਹਾਂ ਨਾਲ, ਕਮਾਲ ਹੈ ਕਿ ਅਜੇ ਮੁਸਕਰਾਉਂਦੇ ਫਿਰਦੇ ਸਨ। ਜੋ ਬਾਜ਼ ਹੋ ਕੇ ਵੀ ਵਾਂਝੇ ਉਡਾਰੀਆਂ ਤੋਂ ਰਹੇ, ਬਸ ਐਵੇਂ ਲਾਜ ਹੀ ਖੰਭਾਂ ਨੂੰ ਲਾਉਂਦੇ ਫਿਰਦੇ ਸਨ। ਉਲਝ ਉਲਝ ਗਏ ਆਪੋ 'ਚ ਤਾਣੀਆਂ ਵਾਂਗੂ, ਜੋ ਸਬਜ਼ ਬਾਗ਼ ਅਸਾਨੂੰ ਵਿਖਾਉਂਦੇ ਫਿਰਦੇ ਸਨ।

ਜੇ ਆਪਣੇ ਆਪ ਦੀ ਹਉਮੈ ਦਾ

ਜੇ ਆਪਣੇ ਆਪ ਦੀ ਹਉਮੈ ਦਾ ਆਸਰਾ ਨ ਮਿਲੇ। ਤਾਂ ਸਾਨੂੰ ਜਿਉਣ ਦੀ ਏਨੀ ਕੜੀ ਸਜ਼ਾ ਨ ਮਿਲੇ। ਮੈਂ ਧੁਖਦੀ ਚਿਣਗ ਹਾਂ, ਮੇਰੀ ਹੈ ਕਾਮਨਾ ਇੱਕੋ, ਕਿਸੇ ਸਰੀਰ 'ਚ ਮੋਈ ਪਈ ਹਵਾ ਨ ਮਿਲੇ । ਮੈਂ ਆਪਣੇ ਆਪ 'ਚ ਡੁੱਬਾ ਅਗਾਧ ਹਾਂ ਏਨਾ, ਕਿ ਆਪਣੇ ਆਪ ਦਾ ਮੈਨੂੰ ਵੀ ਥਹੁ ਪਤਾ ਨ ਮਿਲੇ । ਕਿਹੀ ਇਕਾਂਤ ਕਿ ਮਾਰਾਂ ਕਿਸੇ ਨੂੰ ਮੁੜ ਘਿੜ ਹਾਕ ! ਕਿਹਾ ਦੁਖਾਂਤ ਕਿ ਕੁਝ ਹੋਰ ਚੁਪ ਬਿਨਾਂ ਨ ਮਿਲੇ । ਮਨਾਂ ਦੇ ਘਾਉ ਹਰੇ ਕਰ ਲਵੋ ਕਿ ਪਤਝੜ ਦਾ, ਇਹੋ ਹੈ ਤੋੜ ਜੇ ਮੌਸਮ ਬਹਾਰ ਦਾ ਨ ਮਿਲੇ । ਰਚੀ ਹੈ ਜਿਸਮ 'ਚ ਉਹ ਕਲਪਨਾ ਦੀ ਕਸਤੂਰੀ, ਜਿਦ੍ਹੀ ਸੁਗੰਧ 'ਚ ਡੁੱਬਾ ਜਣਾ ਖਣਾ ਨ ਮਿਲੇ । ਪਈ ਹੈ ਮਨ 'ਚ ਜੋ ਗੁੰਝਲ ਜਹੀ, ਕਿਵੇਂ ਖੋਲ੍ਹਾਂ, ਕਿ ਏਸ ਗੰਢ ਦਾ ਮੂਲੋਂ ਕਿਤੇ ਸਿਰਾ ਨ ਮਿਲੇ । ਜੋ ਸੋਚੀਏ ਤਾਂ ਸੱਜਣ ਸਾਮ੍ਹਣੇ ਖੜਾ ਦਿੱਸੇ, ਜੇ ਵੇਖੀਏ ਤਾਂ ਕਿਤੇ ਵੀ ਕੁਈ ਜਣਾ ਨ ਮਿਲੇ । ਕਿਸੇ ਨੇ ਮੇਰੇ ਖ਼ਿਆਲਾਂ ਦੀ ਹਾਥ ਕੀ ਲੈਣੀ, ਕਿ ਮੇਰੇ ਮਨ ਦੇ ਧਰਾਤਲ ਦਾ ਕੁਝ ਪਤਾ ਨ ਮਿਲੇ । ਹਵਾ ਸਰੋਤਿਓ ਏਥੇ ਦੀ ਰਾਸ ਆਏ ਕਿਵੇਂ ? ਕਿ ਇਸ ਸਭਾ 'ਚ ਤਾਂ ਸਚ ਨੂੰ ਵੀ ਬੋਲਣਾ ਨ ਮਿਲੇ । ਅਸੀਂ ਅਜੇ ਵੀ ਲਿਟਾਂ ਵਾਲੀਏ ਤਿਹਾਏ ਹਾਂ, ਤਿਹਾਏ ਖੇਤ ਨੂੰ ਤੇਰੇ ਜਹੀ ਘਟਾ ਨ ਮਿਲੇ ।

ਨਜ਼ਰ ਵਿਚ ਨਿੰਮੀ ਨਿੰਮੀ ਰੌਸ਼ਨੀ ਹੈ

ਨਜ਼ਰ ਵਿਚ ਨਿੰਮੀ ਨਿੰਮੀ ਰੌਸ਼ਨੀ ਹੈ । ਕਿਤੇ ਪਲਕਾਂ 'ਚ ਚਾਨਣ ਦੀ ਕਣੀ ਹੈ । ਇਦ੍ਹੇ ਬੁੱਲਾਂ ਤੇ ਥੱਬੇ ਹਨ ਲਹੂ ਦੇ, ਮਹਿਕ ਸੂਲਾਂ ਦੇ ਮੂੰਹ ਚੁੰਮਦੀ ਰਹੀ ਹੈ। ਇਦ੍ਹੇ ਹਰ ਸ਼ਬਦ ਦੇ ਹਨ ਅਰਥ ਸੌ ਸੌ, ਗ਼ਜ਼ਲ ਮੇਰੀ ਬੁਝਾਰਤ ਬਣ ਗਈ ਹੈ । ਹਨੇਰਾ ਇਸ ਲਈ ਵੈਰੀ ਹੈ ਸਾਡਾ, ਟਟਹਿਣੇ ਨਾਲ ਸਾਡੀ ਦੋਸਤੀ ਹੈ। ਸਲੀਬੋਂ ਲਾਸ਼ ਨੂੰ ਛੇਤੀ ਉਤਾਰੋ, ਕਿ ਮਰ ਕੇ ਵੀ ਅਜੇ ਸਿੱਧੀ ਖੜ੍ਹੀ ਹੈ। ਜੇ ਮੈਂ ਓਢਣ ਹਾਂ, ਤੂੰ ਮੇਰਾ ਵਿਛੌਣਾ, ਕਰਾਮਾਤ ਇਹ ਵੀ ਸਾਡੇ ਪਿਆਰ ਦੀ ਹੈ। ਸ਼ਰਣ ਆਪਣੀ ਹੀ ਛਾਂ ਦੀ ਲੈ ਰਿਹਾ ਹਾਂ, ਕਰਾਂ ਵੀ ਕੀ ਮੈਂ, ਧੁੱਪ ਏਨੀ ਕੜੀ ਹੈ। ਉਡਾ ਕੇ ਲੈ ਗਿਆ ਝੱਖੜ ਜਿਨ੍ਹਾਂ ਨੂੰ, ਉਨ੍ਹਾਂ ਪੈੜਾਂ 'ਚ ਮੇਰੀ ਪੈੜ ਵੀ ਹੈ । ਅਲਗ ਭੀੜਾਂ ਤੋਂ, ਆਪਣੇ ਆਪ ਵਿਚ ਗੁੰਮ, ਖੜ੍ਹਾ ਹੈ ਹੋਰ ਕੌਣ ? ਇਹ ਤਖ਼ਤ ਹੀ ਹੈ ।

ਪੈ ਕੇ ਸੂਰਜ ਦੀ ਚਿਤਾ ਵਿਚ ਮੈਂ

ਪੈ ਕੇ ਸੂਰਜ ਦੀ ਚਿਤਾ ਵਿਚ ਮੈਂ ਸੜਾਂਗਾ ਯਾਰੋ । ਰਾਖ ਬਣ ਬਣ ਕੇ ਦੁਮੇਲਾਂ ਤੋਂ ਝੜਾਂ ਗਾ ਯਾਰੋ । ਤਨ ਦੀ ਭੁੱਬਲ 'ਚ ਕਦੇ ਊਂਘਦਾ ਚੰਗਿਆੜਾ ਸਾਂ, ਹੁਣ ਭਬੂਕਾ ਹਾਂ, ਹਵਾ ਨਾਲ ਲੜਾਂਗਾ ਯਾਰੋ । ਘੁੱਪ ਹਨੇਰਾ ਹੈ ਤਾਂ ਕੀ, ਬਾਲ ਕੇ ਸਾਹਾਂ ਦੀ ਮਸ਼ਾਲ, ਰਾਤ ਭਰ ਦਿਨ ਦੀ ਮੜ੍ਹੀ ਤੇ ਮੈਂ ਖੜ੍ਹਾਂ ਗਾ ਯਾਰੋ । ਨੀਝ ਲਾ ਲਾ ਕੇ ਮੈਂ ਇਉਂ ਤਕਾਂ ਗਾ ਮਨ ਦਾ ਸ਼ੀਸ਼ਾ, ਆਪਣੇ ਸ਼ਿਅਰਾਂ 'ਚ ਕਈ ਅਕਸ ਫੜਾਂ ਗਾ ਯਾਰੋ । ਮੈਂ ਤੁਕਾਂ ਘੋਲ ਪਿਲਾਵਾਂ ਗਾ ਤਵੀਤਾਂ ਵਾਂਗੂੰ, ਮੈਂ ਤਵੀਤਾਂ 'ਚ ਨਵੇਂ ਅਰਥ ਮੜ੍ਹਾਂ ਗਾ ਯਾਰੋ । ਮੈਂ ਸਮੁੰਦਰ ਤਾਂ ਹਾਂ, ਪਰ ਤਾਕ 'ਚ ਸੂਰਜ ਨੇ ਕਈ, ਮੈਂ ਸਮੁੰਦਰ ਸਣੇ ਧੁੱਪਾਂ ’ਚ ਰੜ੍ਹਾਂ ਗਾ ਯਾਰੋ । ਇਹ ਤਾਂ ਕੁਝ ਛੱਲਾਂ ਨੇ, ਛੱਲਾਂ ਦੀ ਹੈ ਕਿੰਨੀ ਕੁ ਬਿਸਾਤ ? ਮੈਂ ਤਾਂ ਮੰਝਧਾਰ ਦੇ ਅੱਗੇ ਵੀ ਅੜਾਂ ਗਾ ਯਾਰੋ । ਚੰਨ ਚੜ੍ਹ ਪੈਣ ਗੇ ਲੱਖਾਂ ਹੀ, ਭਰੋਸਾ ਰਖੋ, ਜਦ ਵੀ ਮੈਂ ਰਾਤ ਦੀ ਸੂਲੀ ਤੇ ਚੜ੍ਹਾਂ ਗਾ ਯਾਰੋ । ਧੁਖਦਿਆਂ ਸਾਹਾਂ ਤੋਂ ਸਖਣੇ ਨੇ ਪੁਰਾਣੇ ਢਾਂਚੇ, ਮੈਂ ਨਵੀਂ ਸੋਚ ਤੇ ਕਲਬੂਤ ਘੜਾਂ ਗਾ ਯਾਰੋ । ਮੈਂ ਭੰਵਰ ਵਿਚ ਤਾਂ ਵਿਖਾ ਦਿੱਤਾ ਹੈ ਬਲ ਕੇ ਲਟ ਲਟ, ਵਾਵਰੋਲੇ ਦੀ ਗੁਫਾ ਵਿਚ ਵੀ ਵੜਾਂ ਗਾ ਯਾਰੋ । ਤਰਕ ਮੋਹਲਾ ਹੈ ਤਾਂ ਬੁੱਧੀ ਵੀ ਹੈ ਕਾਠੀ ਉੱਖਲ, ਨੇਮ ਫੁਲਕਾਂ ਗਾ, ਸਿਧਾਂਤਾਂ ਨੂੰ ਘੜਾਂ ਗਾ ਯਾਰੋ । ਮੇਰੀ ਬੁੱਕਲ 'ਚ ਨੇ ਜੋ ਮੂਰਤਾਂ ਵਰਗੇ ਸੁਪਨੇ, ਮੈਂ ਨਵੀਂ ਭੋਰ ਦੇ ਨੈਣਾਂ 'ਚ ਜੜਾਂ ਗਾ ਯਾਰੋ ।

ਬੰਨ੍ਹੇ ਤੁਕਾਂ 'ਚ ਮੋਤੀਆਂ ਵਰਗੇ ਖ਼ਿਆਲ ਮੈਂ

ਬੰਨ੍ਹੇ ਤੁਕਾਂ 'ਚ ਮੋਤੀਆਂ ਵਰਗੇ ਖ਼ਿਆਲ ਮੈਂ। ਕੌਡੀਆਂ ਦੇ ਮੁੱਲ ਵੇਚਿਆ ਲੱਖਾਂ ਦਾ ਮਾਲ ਮੈਂ । ਵੇਖਾਂ ਤਾਂ ਜਾਪੇ ਜਿਉਂ ਨਦੀ ਕੰਢੇ ਦਾ ਬਿਰਛ ਹਾਂ, ਸੋਚਾਂ ਤਾਂ ਬਿਰਛ ਹਾਂ ਇਸੇ ਪਾਣੀ ਦੇ ਨਾਲ ਮੈਂ । ਹੱਸੋ ਨ ਮੇਰੇ ਗੋਦੜੀ ਵਰਗੇ ਸਰੀਰ ਤੇ । ਤੱਕੋ ਕਿ ਗੰਦੜੀ 'ਚ ਵੀ ਦਿਸਦਾ ਹਾਂ ਲਾਲ ਮੈਂ । ਰੱਖਾਂ ਮੈਂ ਆਪਣਾ ਆਪ ਲੁਕੋ ਕੇ ਸਰੀਰ ਹੇਠ, ਚਲਦਾ ਹਾਂ ਕਾਂਗ ਹੋ ਕੇ ਹੰਸਾਂ ਦੀ ਚਾਲ ਮੈਂ। ਮੇਰੀ ਕਲਾ ਪੁਕਾਰ ਹੈ ਮੇਰੀ ਹੀ ਸੋਚ ਦੀ, ਹੋਰਾਂ ਤੋਂ ਵਖ ਹਾਂ ਰਹਿ ਕੇ ਵੀ ਹੋਰਾਂ ਦੇ ਨਾਲ ਮੈਂ। ਟੁਰਨਾ ਪਏ ਤਾਂ ਟੁਰ ਪਵਾਂ ਤੇਗ਼ਾਂ ਦੀ ਧਾਰ ਤੇ, ਤੇਗ਼ਾਂ ਜੇ ਸਿਰ ਨੂੰ ਆਉਣ ਤਾਂ ਬਣਦਾ ਹਾਂ ਢਾਲ ਮੈਂ । ਮੰਗੇ ਨਹੀਂ ਜਵਾਬ ਮੈਂ ਕਿਹੜੇ ਸਵਾਲ ਦੇ ? ਪੁਛਿਆ ਨਹੀਂ ਜਵਾਬ ਤੋਂ ਕਿਹੜਾ ਸਵਾਲ ਮੈਂ ? ਇਹ ਛਿਣ ਸੀ ਜਾਂ ਅਗਾਧ ਸਮੁੰਦਰ ਸੀ ਬੋਧ ਦਾ ? ਡਿੱਠਾ ਨਹੀਂ ਸੀ ਖਿਣ ਕਦੀ ਏਨਾ ਵਿਸ਼ਾਲ ਮੈਂ। ਉੱਡੋ ਬਣਾ ਕੇ ਕੈਂਚੀਆਂ ਖੰਭਾਂ ਨੂੰ ਪੰਛੀਓ ! ਤੱਕਾਂ ਦੁਮੇਲ ਤਕ ਤਣੇ ਵਿੱਥਾਂ ਦੇ ਜਾਲ ਮੈਂ। ਇਸ ਟਾਟਕੇ 'ਚ ਡੋਡਰੂ ਰੁੱਖਾਂ ਨੂੰ ਕੀ ਕਰਾਂ ? ਕੱਜਾਂ ਸਰੀਰ ਆਪਣੇ ਹੀ ਸਾਏ ਦੇ ਨਾਲ ਮੈਂ। ਸੂਰਜ ਸਵੇਰ ਦਾ ਹਾਂ ਕਿ ਆਥਣ ਦਾ, ਇਹ ਨਾ ਪੁੱਛ, ਪਹਿਲਾਂ ਤੂੰ ਇਹ ਸਮਝ ਕਿ ਹਾਂ ਕਿੰਨਾ ਕੁ ਲਾਲ ਮੈਂ ।

ਰੋਕੋ ਨ ਜੋਗੀਆਂ ਨੂੰ, ਇਹ ਪੰਛੀ ਨੇ ਡਾਰ ਦੇ

ਰੋਕੋ ਨ ਜੋਗੀਆਂ ਨੂੰ, ਇਹ ਪੰਛੀ ਨੇ ਡਾਰ ਦੇ। ਮਾਰਨ ਇਨ੍ਹਾਂ ਨੂੰ ਹਾਕ ਜੋ, ਸੁਪਨੇ ਨੇ ਪਾਰ ਦੇ । ਪਹਿਲੋਂ ਪਲਕ ਪਲਕ 'ਚੋਂ ਉਗਾ ਤ੍ਰੇਲ ਦਾ ਦਰੱਖ਼ਤ, ਫਿਰ ਬੂੰਦ ਬੂੰਦ ਵਿਚ ਲਹੂ ਮਨ ਦਾ ਉਤਾਰਦੇ । ਪਥਰਾਂ ਦੇ ਇਸ ਨਗਰ 'ਚ ਜੇ ਕਟਣੇ ਨੇ ਚਾਰ ਦਿਨ, ਸ਼ੀਸ਼ੇ ਨ ਲੈ ਕੇ ਘੁੰਮ ਇਉਂ ਆਪਣੇ ਵਿਚਾਰ ਦੇ । ਲੈ ਡੁੱਬੀ ਮੈਨੂੰ ਆਪਣੀਓ ਆਵਾਜ਼ ਦੀ ਸਲੀਬ, ਡੁੱਬੇ ਨੂੰ ਵੀ ਮਸ਼ਾਲਚੀ ਹਾਕਾਂ ਨੇ ਮਾਰਦੇ । ਤੈਨੂੰ ਜੇ ਇਕ ਕਣੀ ਵੀ ਮਿਲੇ ਮਨ ਦੇ ਨੂਰ ਦੀ, ਇਸ ਇਕ ਕਣੀ ਤੋਂ ਸੈਂਕੜੇ ਸੂਰਜ ਵੀ ਵਾਰਦੇ । ਧੜਕਣ ਹੀ ਸੀ ਦਿਲਾਂ ਦੀ ਰਸੀਲੀ, ਨਹੀਂ ਤਾਂ ਇਉਂ, ਦੇਂਦੇ ਨ ਤਾਲ ਝੂਮ ਕੇ ਪੱਤੇ ਚਨਾਰ ਦੇ। ਸੜਨਾ ਸੀ ਜੇ ਇਕਾਂਤ ਦੇ ਭਾਂਬੜ 'ਚ ਇਉਂ ਤੁਸੀਂ, ਕੁਝ ਸੋਚ ਕੇ ਤਾਂ ਮੋਮ ਦੇ ਕਮਰੇ ਉਸਾਰਦੇ । ਕਿੱਥੇ ਨੇ ਸਿਰ ਫਿਰੇ ਜੋ ਮਸੀਹੇ ਦੀ ਭਾਲ ਵਿਚ, ਆਪਣੀ ਹੀ ਮੌਤ ਨੂੰ ਕਿਤੋਂ ਮੁੜ ਮੁੜ ਪੁਕਾਰਦੇ । ਪੱਥਰ ਹਵਾ ਨੂੰ ਮਾਰਕੇ ਤਿੜਦੇ ਰਹੇ ਜੋ ਤਖ਼ਤ, ਉਹ ਜ਼ਿੰਦਗੀ ਦੀ ਖੇਡ ਨੂੰ ਕਿੱਦਾ ਨਾ ਹਾਰਦੇ ?

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰਿੰਸੀਪਲ ਤਖ਼ਤ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ