ਤਖ਼ਤ ਸਿੰਘ ਦੀ ਕਾਵਿ-ਕਲਾ : ਕੁਝ ਵਿਚਾਰ
“ਤਖ਼ਤ ਸਿੰਘ ਇਕ ਪ੍ਰਵੀਣ ਲੇਖਕ ਹੈ ਜਿਸ ਦੀ ਸਾਹਿੱਤਕ ਸਾਧਨਾ ਉਰਦੂ ਕਵਿਤਾ ਦੇ ਸਖ਼ਤ ਅਨੁਸ਼ਾਸਨ ਅਧੀਨ ਹੋਈ ਹੈ । ਇਸ ਨਾਲ ਉਸ ਦਾ ਕਾਵਿ-ਪ੍ਰਗਟਾਅ ਤੇ ਤੋਲ ਤੁਕਾਂਤ ਬੜੇ ਸ਼ੁੱਧ ਤੇ ਸੂਖਮ ਬਣ ਗਏ ਹਨ ਤੇ ਉਹ ਆਧੁਨਿਕ ਪੰਜਾਬੀ ਲੇਖਕ ਦੀਆਂ ਬਹੁਤ ਸਾਰੀਆਂ ਅਜਿਹੀਆਂ ਉਕਾਈਆਂ ਤੋਂ ਬਚ ਗਿਆ ਹੈ ਜਿਨ੍ਹਾਂ ਨੂੰ ਕਲਾਤਮਕ ਖੁਲ੍ਹ ਵਜੋਂ ਸਵੀਕਾਰ ਕਰ ਲਿਆ ਜਾਂਦਾ ਹੈ । ਆਪਣੇ ਉਰਦੂ ਅਸਰ ਦੇ ਨਾਲ ਨਾਲ ਉਹ ਆਪਣੀ ਕਵਿਤਾ ਵਿਚ ਆਧੁਨਿਕ ਹਿੰਦੀ ਕਵਿਤਾ ਦੀਆਂ ਕਲਾਮਈ ਛੋਹਾਂ, ਸੂਖਮ ਭਾਵਾਂ ਤੇ ਉਦਵੇਗਾਂ ਦੇ ਸੁਚੱਜੇ ਮਾਹੌਲ ਨੂੰ ਪੈਦਾ ਕਰਨ ਦੇ ਸਮਰੱਥ ਹੈ । ਉਸ ਦੀਆਂ ਕਵਿਤਾਵਾਂ ਪੰਜਾਬੀ ਕਵਿਤਾ ਵਿਚ ਕਈ ਨਵੇਂ ਤੱਤ ਲਿਆਉਂਦੀਆਂ ਹਨ ਜਿਹੜੇ ਪਹਿਲੇ ਕਦੇ ਇੰਨੀ ਤੀਬਰਤਾ ਤੇ ਪ੍ਰਭਾਵ ਨਾਲ ਪ੍ਰਗਟ ਨਹੀਂ ਹੋਏ। ਪੰਜਾਬੀ ਸਾਹਿੱਤ ਵਿਚ ਇੰਨੀਆਂ ਸੂਖਮ ਭਾਵਨਾਵਾਂ ਦਾ ਪ੍ਰਗਟਾਅ ਜਿਨ੍ਹਾਂ ਵਿਚ ਅਜਿਹੇ ਪਲਾਂ ਦੀਆਂ ਕਾਵਿ-ਬੂੰਦਾਂ ਦਾ ਨਿਚੋੜ ਹੈ ਕੇਵਲ ਉਨ੍ਹਾਂ ਨੂੰ ਅਚੰਭਿਤ ਹੀ ਨਹੀਂ ਕਰਨ ਗੇ ਜਿਨ੍ਹਾਂ ਨੂੰ ਪੰਜਾਬੀ ਕਵਿਤਾ ਤੋਂ ਅਜਿਹੀ ਚੇਸ਼ਟਾ ਦੀ ਆਸ ਨਹੀਂ ਸੀ ਸਗੋਂ ਇਹ ਇਸ ਭਾਸ਼ਾ ਵਿਚ ਕਾਵਿਕ ਅਭਿਵਿਅਕਤੀ ਨੂੰ ਵਿਸ਼ਾਲ ਕਰਨ ਵਿਚ ਵੀ ਸਹਾਈ ਹੋਣ ਗੇ ।
-ਪ੍ਰੋ: ਗੁਰਬਚਨ ਸਿੰਘ ਤਾਲਿਬ
(The Daily Tribune, August 19, 1956)
ਅਨੁਵਾਦ : ਸੰਪਾਦਕ
*** *** ***
ਤਖ਼ਤ ਸਿੰਘ ਭਾਵਨਾਵਾਂ ਨਾਲੋਂ ਵਧੇਰੇ ਵਿਚਾਰਾਂ ਦਾ ਕਵੀ ਹੈ। ਉਸ ਦਾ ਮਨ ਦੈਨਿਕ ਜੀਵਨ 'ਚੋਂ ਅਨੇਕਾਂ ਪ੍ਰਭਾਵ ਗ੍ਰਹਿਣ ਕਰਦਾ ਹੈ ਪਰ ਉਹ ਕਦੇ ਵੀ ਜੀਵਨ ਤੇ ਸਾਹਿਤ ਪ੍ਰਤੀ ਆਪਣੇ ਬੁਨਿਆਦੀ ਰਵੱਈਏ ਨਾਲ ਸਮਝੌਤਾ ਨਹੀਂ ਕਰਦਾ। ਪਿਛਲੇ ਪੰਜ ਦਹਾਕਿਆਂ ਤੋਂ ਉਹ ਜ਼ਿੰਦਗੀ ਦੇ ਬਾਹਰੀ ਕੁਹਜ ਨੂੰ ਉਤਾਰ ਕੇ ਉਸ ਦੀ ਅੰਤਰੀਵ ਸੁੰਦਰਤਾ ਵੇਖਣ ਦਾ ਯਤਨ ਕਰ ਰਿਹਾ ਹੈ । ਉਸ ਨੂੰ ਪਤਾ ਹੈ ਕਿ ਜੀਵਨ ਇਕ ਵਿਲੱਖਣ ਅਨੁਭਵ ਹੈ ਤੇ ਇਸ ਦੇ ਆਨੰਦ ਮਾਨਣ ਦਾ ਸਭ ਤੋਂ ਵਧੀਆ ਢੰਗ ਇਹ ਹੈ ਕਿ ਇਸ ਨੂੰ ਰੋਜ਼ ਸਵੇਰੇ ਅਚੰਭਿਤ ਦ੍ਰਿਸ਼ਟੀ ਨਾਲ ਨਿਹਾਰਿਆ ਜਾਵੇ । ਮਨੁੱਖੀ ਜੀਵਨ ਬ੍ਰਹਿਮੰਡ ਦੀ ਸ਼ਾਨਦਾਰ ਵਿਉਂਤ ਦਾ ਇਕ ਅੰਗ ਹੈ ਤੇ ਸਹੀ ਗੱਲ ਤਾਂ ਇਹ ਹੈ ਕਿ ਮਨੁੱਖੀ ਜੀਵਨ ਤੇ ਪ੍ਰਾਕ੍ਰਿਤਕ ਵਾਤਾਵਰਣ ਵਿਚਕਾਰ ਇਕਸੁਰਤਾ ਪੈਦਾ ਕੀਤੀ ਜਾਏ। ਉਹ ਮਨੁੱਖਾਂ, ਪੰਛੀਆਂ ਤੇ ਪਸ਼ੂਆਂ ਦੇ ਜੀਵਨ ਨੂੰ ਜ਼ਿੰਦਗੀ ਦੀ ਸਮੁੱਚਤਾ ਵਜੋਂ ਸਵੀਕਾਰ ਕਰਦਾ ਹੈ । ਇਸ ਦੇ ਨਾਲ ਨਾਲ ਉਸ ਨੂੰ ਮਨੁੱਖ ਰਾਹੀਂ ਮਨੁੱਖ ਦੇ ਸ਼ੋਸ਼ਣ ਦਾ ਅਹਿਸਾਸ ਵੀ ਹੈ ਤੇ ਉਸ ਦੀ ਕਲਮ ਲੋਟੂ ਤੇ ਢਾਹੂ ਤਾਕਤਾਂ ਵਿਰੁੱਧ ਸੰਘਰਸ਼ ਕਰਦੀ ਹੈ । ਉਸ ਦੇ ਕਾਵਿ-ਪ੍ਰਗਟਾਅ ਵਿੱਚੋਂ ਕਈ ਵਾਰ ਕ੍ਰੋਧ ਦੀ ਝਲਕ ਮਿਲਦੀ ਹੈ ਪਰ ਉਸ ਦੀ ਕਾਵਿਕ ਬਿੰਬਾਵਲੀ ਪਾਠਕ ਦੇ ਮਨ ਤੇ ਇੰਨਾ ਕੋਮਲ ਪ੍ਰਭਾਵ ਪਾਉਂਦੀ ਹੈ ਕਿ ਉਸ ਦਾ ਸੰਦੇਸ਼ ਸਿੱਧਾ ਉਨ੍ਹਾਂ ਦੇ ਮਨਾਂ ਵਿਚ ਲਹਿ ਜਾਂਦਾ ਹੈ।”−
ਪ੍ਰੋ: ਨਿਰੰਜਨ ਸਿੰਘ ਤਸਨੀਮ
(“Takht Singh : A Poet of Sensibilities" Advance, Dec. 1985)
ਅਨੁਵਾਦ : ਸੰਪਾਦਕ
*** *** ***
“ਤਖ਼ਤ ਸਿੰਘ ਉਰਦੂ ਤੇ ਪੰਜਾਬੀ ਕਵਿਤਾ ਇੱਕੋ ਜਿੰਨੀ ਪਰਿਪੱਕਤਾ ਨਾਲ ਲਿਖਦਾ ਹੈ ਤੇ ਉਸ ਦੀ ਇਨ੍ਹਾਂ ਦੋਵਾਂ ਭਾਸ਼ਾਵਾਂ ਵਿਚ ਕਵਿਤਾ ਨੂੰ ਉੱਘੀ ਦੇਣ ਹੈ । ... ਤਖ਼ਤ ਸਿੰਘ ਆਪਣੀ ਕਾਵਿ-ਕਲਾ ਨੂੰ ਪੂਰੀ ਗੰਭੀਰਤਾ ਨਾਲ ਲੈਂਦਾ ਹੈ । ਉਸ ਦਾ ਹਰ ਸ਼ਬਦ ਠੀਕ ਉਥੇ ਹੁੰਦਾ ਹੈ ਜਿੱਥੇ ਉਸ ਨੂੰ ਹੋਣਾ ਚਾਹੀਦਾ ਹੈ ਤੇ ਉਸ ਦੀ ਕਵਿਤਾ ਇਕ ਵਿਲੱਖਣ ਤੇ ਸੁੰਦਰ ਜੜਤ ਬਣ ਜਾਂਦੀ ਹੈ।”
—ਡਾ: ਨਰਿੰਦਰਪਾਲ ਸਿੰਘ
(By Word, February 1986)
ਅਨੁਵਾਦ : ਸੰਪਾਦਕ
*** *** ***
“ਆਪ ਜੀ ਦੇ ਮੂੰਹੋਂ ਆਪ ਜੀ ਦੀਆਂ ਗ਼ਜ਼ਲਾਂ ਸੁਣ ਕੇ ਆਪ ਜੀ ਦੀ ਸ਼ਾਇਰੀ ਦੀ ਡੂੰਘਾਈ ਤੇ ਸੁੰਦਰਤਾ ਦਾ ਪੂਰਨ-ਭਾਂਤ ਅਹਿਸਾਸ ਹੋਇਆ । ਆਪ ਪੰਜਾਬੀ ਬੋਲੀ ਵਿਚ ਇਕ ਨਵੀਂ ਸ਼ੈਲੀ ਦਾ ਵਾਧਾ ਕਰ ਰਹੇ ਹੋ...ਆਪ ਦੀ ਸ਼ਾਇਰੀ ਬੇਹੱਦ ਖ਼ੂਬਸੂਰਤ ਤੇ ਕੋਮਲ ਹੈ।”
-ਡਾ: ਵਜ਼ੀਰ ਆਗ਼ਾ
(ਸਰਗੋਧਾ, ਪਾਕਿਸਤਾਨ ਤੋਂ ਪ੍ਰਿੰਸੀਪਲ ਤਖ਼ਤ ਸਿੰਘ ਨੂੰ ਇਕ ਖ਼ਤ : 1.1.1983)
*** *** ***
“ਤਖ਼ਤ ਸਿੰਘ ਨਵੇਂ ਯੁਗ ਦਾ ਆਸ਼ਾ-ਵਾਦੀ ਕਵੀ ਹੈ। ਉਸ ਨੇ ਯੁਗ-ਅਨੁਕੂਲ ਚੇਤਨਾ ਅਨੁਸਾਰ ਯੁਗ-ਆਦਰਸ਼ ਨੂੰ ਅਪਣਾਉਣ ਤੇ ਪ੍ਰਗਟਾਉਣ ਵਿਚ ਸੁਚਿੰਤਿਤ ਸਤਰਕਤਾ ਦਰਸਾਈ ਹੈ।”
--ਪ੍ਰੋ: ਗੁਲਵੰਤ ਸਿੰਘ
(ਟੂਕ, ਮੁਖ ਸ਼ਬਦ, ‘ਮਹਿਕਾਂ ਭਰੀ ਸਵੇਰ', 1961)
*** *** ***
"... ਪ੍ਰਿੰਸੀਪਲ ਤਖ਼ਤ ਸਿੰਘ ਨਾਲ ਪੰਜਾਬੀ ਵਿਚ ਇਕ ਨਵੀਂ ਧਾਰਾ ਦਾ ਪ੍ਰਵੇਸ਼ ਹੋਇਆ ਹੈ—ਇਹ ਹੈ ਰੂਪ ਪੱਖ ਉਤੇ ਉਚੇਚਾ ਜ਼ੋਰ ਦੇਣ ਦੀ ਧਾਰਾ । ਉਸ ਦੇ ਹੁਨਰ ਦਾ ਵਿਸ਼ੇਸ ਖ਼ਾਸਾ ਸੁੰਦਰ ਤੇ ਅਰਥ-ਗਰਭਿਤ ਸ਼ਬਦਾਂ ਦੀ ਬਹੁਲਤਾ ਹੈ। ਉਸ ਦੀ ਕਾਵਿਕ ਸ਼ਬਦਾਵਲੀ ਦਾ ਭੰਡਾਰ ਵੀ ਅਮੁਕ ਹੈ । ਉਸ ਨੇ ਕਵਿਤਾ ਨੂੰ ਖ਼ਿਆਲਾਂ ਦੀ ਇਕ ਢਿੱਲੀ ਜਿਹੀ ਬੱਝੀ ਹੋਈ ਪੋਟਲੀ ਨਹੀਂ ਰਹਿਣ ਦਿੱਤਾ ਸਗੋਂ ਖ਼ਿਆਲਾਂ ਨੂੰ ਇਕ ਲੋੜੀਂਦੀ ਬੀੜ ਵਿਚ ਚਿਣ ਕੇ ਨਵੇਂ ਨਵੇਂ ਸੰਚਿਆਂ ਦੀ ਸਿਰਜਣਾ ਕੀਤੀ ਹੈ ।”
-ਪ੍ਰੋ: ਉਜਾਗਰ ਸਿੰਘ
(ਮੁਖ ਸ਼ਬਦ, “ਮਹਿਕਾਂ ਭਰੀ ਸਵੇਰ", 1961)
*** *** ***
"... ਆਪਣੀ ਮਾਤ-ਭਾਸ਼ਾ ਵਿਚ ਤਿੰਨ ਸੌ ਤੋਂ ਉੱਪਰ ਨਜ਼ਮਾਂ ਲਿਖਣ ਨਾਲ ਭੀ ਮੈਨੂੰ ਪੰਜਾਬੀ ਆਲੋਚਕਾਂ ਵੱਲੋਂ ਉਤਨਾ ਆਦਰ ਸਤਿਕਾਰ ਨਹੀਂ ਮਿਲ ਸਕਿਆ ਜਿਤਨਾ ਉਰਦੂ ਵਿਚ ਮੈਨੂੰ ਕੇਵਲ ਤੀਹ ਕੁ ਕਵਿਤਾਵਾਂ ਲਿਖ ਲੈਣ ਨਾਲ ਹੀ ਮਿਲਣ ਲਗ ਪਿਆ ਸੀ। ਪੰਜਾਬੀ ਦੇ ਇਕ ਦੋ ਆਲੋਚਕ, ਜਿਹੜੇ ਸਕਤਿਆਂ ਨੂੰ ਮੇਰੀ ਕਵਿਤਾ ਦੀ ਬਿੱਦਤ ਸਮਝਦੇ ਹਨ, ਉਹ ਮੇਰੀ ਕਮਜ਼ੋਰੀ ਨਹੀਂ, ਮਜਬੂਰੀ ਹੈ। ਅਜਿਹੇ ਪੜਚੋਲੀਏ ਜੋ ਕਦੀ ਆਪ ਭੀ ਪੰਜਾਬੀ ਵਿਚ ਕਵਿਤਾ ਲਿਖਦੇ ਹੁੰਦੇ ਤਾਂ ਉਨ੍ਹਾਂ ਦੀ ਰਾਏ ਨਿਰਸੰਦੇਹ ਇਸ ਤੋਂ ਉਲਟ ਹੋਣੀ ਸੀ । ਹਰ ਭਾਸ਼ਾ ਦਾ ਆਪਣਾ ਸੁਭਾਉ ਹੁੰਦਾ ਹੈ, ਆਪਣੀ ਪ੍ਰਕ੍ਰਿਤੀ ਹੁੰਦੀ ਹੈ । ਉਰਦੂ, ਉਰਦੂ ਹੈ ਤੇ ਪੰਜਾਬੀ, ਪੰਜਾਬੀ ! ਇਹ ਇਕ ਨਿੱਗਰ ਸਚਾਈ ਹੈ ਤੇ ਕੋਈ ਵੀ ਪੰਜਾਬੀ ਕਵੀ ਇਸ ਹਕੀਕਤ ਵੱਲੋਂ ਜਾਣ ਬੁਝ ਕੇ ਅੱਖੀਆਂ ਨਹੀਂ ਮੀਟ ਸਕਦਾ । ਵਖ ਵਖ ਭਾਸ਼ਾਵਾਂ ਵਿਚ ਇੱਕ ਸ਼ਬਦ ਦੇ ਵਖ ਵਖ ਉਚਾਰਣ ਹੋ ਸਕਦੇ ਹਨ ਤੇ ਹੁੰਦੇ ਭੀ ਹਨ । ਪੰਜਾਬੀ ਕਵਿਤਾ ਵਿਚ ਮੈਂ ਸ਼ਬਦਾਂ ਨੂੰ ਉਵੇਂ ਹੀ ਵਰਤਣ ਦੇ ਹੱਕ ਵਿਚ ਹਾਂ, ਜਿਵੇਂ ਉਹ ਪੰਜਾਬੀ ਘਰਾਂ ਵਿਚ ਉਚਾਰੇ ਜਾਂਦੇ ਹਨ ।"
-ਪ੍ਰਿੰਸੀਪਲ ਤਖ਼ਤ ਸਿੰਘ (ਆਪ)
(ਮੁਖ ਸ਼ਬਦ, ‘ਮਹਿਕਾ ਭਰੀ ਸਵੇਰ'', 1961)
*** *** ***
ਮੈਂ ਤੁਹਾਨੂੰ "ਵਜਦੋ-ਹੈਰਤ" ਸੰਗ੍ਰਹਿ ਵਿਚਲੀਆਂ ਕਵਿਤਾਵਾਂ ਲਈ ਮੁਬਾਰਿਕਬਾਦ ਦਿੰਦਾ ਹਾਂ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਸਾਡੇ ਪੰਜਾਬੀ ਸਭਿਆਚਾਰ ਵਿਚ ਮੁਤਵਾਜ਼ੀ ਖ਼ਿਆਲਾਂ, ਭਾਵਾਂ ਤੇ ਵਿਚਾਰਾਂ ਦੇ ਸਾਂਝੇ ਪੈਟਰਨ ਬਣਾਉਣ ਦੀ ਸਮਰੱਥਾ ਹੈ ।
ਇਸ ਸੰਗ੍ਰਹਿ ਵਿਚਲੀਆਂ ਤੁਹਾਡੀਆਂ ਕਵਿਤਾਵਾਂ ਤੁਹਾਡੀ ਪ੍ਰਤਿਭਾਸ਼ਾਲੀ ਅੰਤਰ- ਮੁਖਤਾ, ਸਮਕਾਲੀ ਮਨੁੱਖ ਦੀ ਦੁਬਿਧਾ, ਤੁਹਾਡੇ ਭਾਵਾਂ ਦੇ ਡੂੰਘੇ ਵਹਾ, ਤੇ ਆਪਣੇ ਆਪ ਨੂੰ ਪ੍ਰਸ਼ਨ ਕਰਨ ਦੀ ਰੁਚੀ ਦੀਆਂ ਲਖਾਇਕ ਹਨ ਜਿਹਾ ਕਿ ‘ਯਿਹ ਕੌਣ ਆਦਮੀ ਹੈ' ਤੋਂ ਸਪੱਸ਼ਟ ਹੈ । ਇਹ ਤੁਹਾਡਾ ਨਿਰੰਤਰ ਵਹਿਣ ਹੈ ਜਿਸ ਵਿਚ ਹਨੇਰੇ ਤੇ ਚਾਨਣ ਦਾ ਵਿਰੋਧ ਪੇਸ਼ ਕੀਤਾ ਗਿਆ ਹੈ ।''
ਮੁਲਕ ਰਾਜ ਆਨੰਦ
(ਉਨ੍ਹਾਂ ਦੇ 7 ਮਾਰਚ, 1986 ਦੇ ਪੱਤਰ 'ਚੋਂ ਅੰਸ਼)
*** *** ***
“ਪ੍ਰਿੰਸੀਪਲ ਤਖ਼ਤ ਸਿੰਘ ਦਾ ਨਾਂ ਕਿਸੇ ਕਵੀ ਦੇ ਸੁਫਨੇ ਦੀ ਪੂਰਤੀ ਦੇ ਚਿੰਨ੍ਹ ਵਜੋਂ ਲਿਆ ਜਾ ਸਕਦਾ ਹੈ– ਪੰਜਾਬੀ ਸਾਹਿੱਤ ਦੇ ਅਤਿਅੰਤ ਪ੍ਰਤੀਯੋਗੀ ਖੇਤਰ ਵਿਚ ਸਵੀਕ੍ਰਿਤੀ ਤੇ ਉਤਸਾਹ ਦਾ ਪ੍ਰਤੀਕ । ਪ੍ਰਗਤੀਵਾਦ ਦੇ ਸੰਕਲਪ ਵਿਚ ਵਿਸ਼ਵਾਸ ਕਰਨ ਵਾਲਾ ਇਹ ਸ਼ਾਇਰ ਪੰਜਾਬੀ ਕਾਵਿ-ਜਗਤ ਵਿਚ ਇਕ ਵਿਖਿਆਤ ਵਿਅਕਤੀ ਬਣ ਗਿਆ ਹੈ। ਪੰਜਾਬੀ ਦੇ ਬਹੁਤ ਸਾਰੇ ਸਥਾਪਿਤ ਸਾਹਿਤਕਾਰ ਤਖ਼ਤ ਸਿੰਘ ਦੀਆਂ ਕਾਵਿ-ਰਚਨਾਵਾਂ ਪੜ੍ਹਨ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਬਣ ਗਏ ਹਨ । ਉਸ ਦੀ ਸਾਹਿਤ ਰਚਨਾ ਦੀਆਂ ਬਹੁ-ਪੱਖੀ ਪ੍ਰਾਪਤੀਆਂ ਨੂੰ ਮੁਖ ਰਖਦਿਆਂ ਹੋਇਆਂ ਕਿਹਾ ਜਾ ਸਕਦਾ ਹੈ ਕਿ ਪ੍ਰਿੰਸੀਪਲ ਤਖ਼ਤ ਸਿੰਘ ਨੇ ਅਤਿਅੰਤ ਗੰਭੀਰਤਾ, ਮਰਦਊ ਚਾਲਕ ਸ਼ਕਤੀ, ਸੂਝਵਾਨ ਨਿਰਬੈਤਮਕਤਾ, ਸੰਤੁਲਿਤ ਸਵ-ਪ੍ਰਗਟਾਅ ਅਤੇ ਭਾਵਾਂ ਦੀ ਸੰਗਾਊ ਸੂਖਮਤਾ ਦਾ ਸੁਮੇਲ ਪ੍ਰਾਪਤ ਕੀਤਾ ਹੈ ।
ਤਖ਼ਤ ਸਿੰਘ ਦੀ ਸਮੁੱਚੀ ਮਾਨਵ-ਜਾਤੀ ਦੇ ਕਲਿਆਣ ਲਈ ਹਰ ਸੰਭਵ ਕੁਰਬਾਨੀ ਕਰਨ ਦੀ ਤੱਤਪਰਤਾ ਉਸ ਦੀ ਪ੍ਰਸਿੱਧੀ ਦਾ ਕਾਰਨ ਬਣੀ ਹੈ । ਇਕ ਤਰ੍ਹਾਂ ਇਸ ਕਵੀ ਦਾ ਜੀਵਨ ਆਪਣੇ ਰੋਮਾਂਟਿਕ ਦੌਰ ਤੋਂ ਲੈ ਕੇ ਹੁਣ ਤਕ ਸਿਰਜਣਾਤਮਕ ਪ੍ਰਤੀਕ੍ਰਿਆਵਾਂ ਦਾ ਜੀਵਨ ਹੈ ਜਿਸ ਵਿਚ ਉਸ ਨੇ ਸਮਕਾਲੀ ਤੇ ਭਾਵੀ ਪੀੜ੍ਹੀਆਂ ਲਈ ਕਾਵਿਕ ਚਮਤਕਾਰ ਪ੍ਰਸਤੁਤ ਕੀਤੇ ਹਨ।”
ਪ੍ਰੋ: ਜੋਗਿੰਦਰ ਸਿੰਘ
(A Galaxy of Punjabi Poets-III: Advance, June 1984)
ਅਨੁਵਾਦ : ਸੰਪਾਦਕ
*** *** ***
“ਪ੍ਰਿੰਸੀਪਲ ਤਖ਼ਤ ਸਿੰਘ (70) ਇਕ ਅਜਿਹਾ ਕਵੀ ਹੈ ਜਿਸ ਨੇ ਕਵਿਤਾ ਰਾਹੀਂ ਜੀਵਨ ਬਿਤਾਇਆ ਹੈ ਤੇ ਇਸ ਤਰ੍ਹਾਂ ਇਸ ਧਾਰਣਾ ਨੂੰ ਝੁਠਲਾਇਆ ਹੈ ਕਿ ਕਵਿਤਾ ਕਿਸੇ ਦਾ ਪੇਟ ਨਹੀਂ ਭਰ ਸਕਦੀ । ਜਦੋਂ ਵੀ ਉਹ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਇਆ ਹੈ (ਜਿਹਾ ਕਿ ਅਕਸਰ ਵਾਪਰਿਆ ਹੈ), ਉਸ ਨੂੰ ਉਸ ਦੇ ਕਾਵਿਕ ਜਵਾਰਭਾਟੇ ਨੇ ਬਚਾਇਆ ਹੈ । ਇਸ ਤਰ੍ਹਾਂ ਉਸ ਦੀ ਪ੍ਰਾਪਤੀ ਕਿਸੇ ਪ੍ਰਬੰਧ ਦੀ ਦੇਣ ਨਹੀਂ ਸਗੋਂ ਉਸ ਦੇ ਸੰਘਰਸ਼ ਦੀ ਦੇਣ ਹੈ ਜਿਸ ਨੂੰ ਬਹੁਤ ਸਾਰੇ ਕਵੀਆਂ ਨੂੰ ਹੰਢਾਉਣਾ ਪੈਂਦਾ ਹੈ। ...ਜੇ ਮੈਨੂੰ ਆਪਣਾ ਨਿਰਣਾ ਉਸ ਦੀ ਇੱਕੋ ਪੁਸਤਕ, ਉਸ ਦੀਆਂ ਊਰਦੂ ਨਜ਼ਮਾਂ ਦੇ ਇਕ ਸੰਗ੍ਰਹਿ ‘ਅਹਿਸਾਸ-ਏ-ਖ਼ਲਸ਼' ਤੇ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਮੈਂ ਕਹਾਂ ਗਾ ਕਿ ਤਖ਼ਤ ਸਿੰਘ ਦੇ ਪ੍ਰਮੁਖ ਕਾਵਿ-ਗੁਣ ਹਨ ਉਸ ਦੀ ਬੜੀ ਸੰਤੁਲਿਤ ਤਾਲ (rhythem), ਉਸ ਦੀ ਵਿਲੱਖਣ ਕਾਵਿ-ਸ਼ੈਲੀ ਅਤੇ ਉਸ ਰਾਹੀਂ ਯਥਾਰਥ ਨੂੰ ਪ੍ਰੇਰਣਾਤਮਕ ਸੱਚ ਨਾਲ ਆਦਰਸ਼ਿਆਉਣ ਦੀ ਸ਼ਕਤੀ। ਉਸ ਦੀ ਉਰਦੂ ਕਵਿਤਾ ਕੇਵਲ ਕਲਪਨਾ ਤੇ ਆਧਾਰਤ ਨਹੀਂ ਹੁੰਦੀ ਸਗੋਂ ਕਲਪਨਾ ਦੇ ਨਾਲ ਉਸ ਦੇ ਵਿਕਸਿਤ ਮਨ ਦੇ ਖ਼ੂਬਸੂਰਤ ਖ਼ਿਆਲਾਂ ਨਾਲ ਜੜ੍ਹੀ ਹੁੰਦੀ ਹੈ ।
-ਮੁਹੰਮਦ ਬਜ਼ੀਰੁੱਦਦੀਨ
(The Sunday Tribune, April 15, 1984)
ਅਨੁਵਾਦ : ਸੰਪਾਦਕ