ਤਖ਼ਤ ਸਿੰਘ–ਪੰਜਾਬੀ ਗ਼ਜ਼ਲ ਦਾ ਮੀਲ ਪੱਥਰ : ਡਾ: ਅਤਰ ਸਿੰਘ

ਇਕ ਗ਼ਜ਼ਲਗੋ ਦੀ ਹੈਸੀਅਤ ਵਿਚ ਉਸ ਵਿਚ ਕੀ ਕੀ ਗੁਣ ਹਨ, ਕੋਈ ਜਾਣੇ ਨਾ ਜਾਣੇ, ਪਰੰਤੂ ਤਖ਼ਤ ਸਿੰਘ ਆਪਣੇ ਗੁਣਾਂ ਨੂੰ ਆਪ ਨਾ ਪਛਾਣੇ, ਇਹ ਅਸੰਭਵ ਹੈ । ਤਦੇ ਉਹ ਆਖਦਾ ਹੈ :

ਬੰਨ੍ਹੇ ਤੁਕਾਂ 'ਚ ਮੋਤੀਆਂ ਵਰਗੇ ਖ਼ਿਆਲ ਮੈਂ,
ਕੌਡੀ ਦੇ ਮੁੱਲ ਵੇਚਿਆ ਲੱਖਾਂ ਦਾ ਮਾਲ ਮੈਂ।
ਹੱਸੋ ਨ ਮੇਰੇ ਗੋਦੜੀ ਵਰਗੇ ਸਰੀਰ ਤੇ,
ਤੱਕੋ ਕਿ ਗੋਦੜੀ' ਚ ਵੀ ਦਿਸਦਾ ਹਾਂ ਲਾਲ ਮੈਂ।

ਉਪਰੋਕਤ ਦੋਵੇਂ ਸ਼ੇਅਰਾਂ ਤੋਂ ਪ੍ਰਤੱਖ ਹੈ ਕਿ ਤਖ਼ਤ ਸਿੰਘ ਵਿਚ ਹਉਮੇ ਦੀ ਭਾਵਨਾ ਏਨੀ ਪ੍ਰਬਲ ਹੈ ਕਿ ਉਹ ਆਪਣੀ ਨਵੇਕਲੀ ਤੇ ਨਿਆਰੀ ਹੋਂਦ ਦਾ ਰੱਤਾ ਜਿੰਨਾ ਨਿਰਾਦਰ ਵੀ ਸਹਿਨ ਨਹੀਂ ਕਰ ਸਕਦਾ। ਉਸ ਦੇ ਵਿਰੋਧੀ ਸਰੀਰ ਨੂੰ ਨਿਰਾ ਗੁੱਦੜ-ਕੂੜਾ ਆਖ ਕੇ ਉਸ ਦੇ ਅਹੰ ਦਾ ਮੂੰਹ ਚਿੜਾਉਂਦੇ ਹਨ ਤਾਂ ਉਹ ਵੀ ਅੱਗੋਂ ਪਾਟੇ ਪੁਰਾਣੇ ਲੀੜਿਆਂ ਵਿੱਚੋਂ ਜਗਮਗ ਜਗਮਗ ਕਰਦਾ ਕਿਰਮਚੀ ਰੰਗ ਦਾ ਹੀਰਾ ਬਣ ਕੇ ਬਾਹਰ ਨਿਕਲ ਆਉਂਦਾ ਹੈ । ਇਸ ਤੋਂ ਪਹਿਲਾਂ ਕਿ ਤਖ਼ਤ ਸਿੰਘ ਦੇ ਹਉਮੇਵਾਦ ਨੂੰ ਨਿਆਂ-ਸੰਗਤ ਸਿੱਧ ਕਰਨ ਲਈ ਇਸ ਦੇ ਸਮਰਥਣ ਵਿਚ ਕੁਝ ਤਰਕਪੂਰਣ ਅਤੇ ਕੁਝ ਭਾਵ-ਆਤਮਕ ਦਲੀਲਾਂ ਦੇਣੀਆਂ ਸ਼ੁਰੂ ਕਰਾਂ, ਗ਼ਜ਼ਲ ਸੰਬੰਧੀ ਕੁਝ ਬੁਨਿਆਦੀ ਗੱਲਾਂ ਦਾ ਸਰਸਰੀ ਜਿਹਾ ਜ਼ਿਕਰ ਅਨੁਚਿਤ ਨਹੀਂ ਹੋਵੇ ਗਾ ।

ਪੰਜਾਬੀ ਸਾਹਿਤ-ਚੇਤਨਾ ਵਿਚ ਗ਼ਜ਼ਲ ਵਿਰੁੱਧ ਦੋ ਦਲੀਲਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਪਹਿਲੀ ਇਹ, ਕਿ ਗ਼ਜ਼ਲ ਦਾ ਸਮੁੱਚਾ ਵਾਤਾਵਰਣ ਪੰਜਾਬੀ ਸਭਿਆਚਾਰ ਦੇ ਅਨੁਕੂਲ ਨਹੀਂ। ਇਹ ਠੀਕ ਹੈ ਕਿ ਭਾਰਤ ਵਿਚ ਮੁਢਲਾ ਵਿਕਾਸ ਮੁਗ਼ਲ ਦਰਬਾਰ ਦੇ ਰਸਮੀ ਰਖ ਰਖਾਉ ਅਤੇ ਜਾਗੀਰਦਾਰੀ ਅਦਬ-ਅਦਾਬ ਵਾਲੇ ਮਾਹੌਲ ਵਿਚ ਹੋਇਆ । ਇਸ ਮਾਹੌਲ ਨੇ ਕਥਨ ਦੀ ਸੂਖਮਤਾ, ਪ੍ਰਤੀਕਾਂ ਦੀ ਇਕਸਾਰਤਾ ਅਤੇ ਪ੍ਰਗਟਾਉ ਦੀ ਦੁਅਰਥਤਾ ਨੂੰ ਤਰਜੀਹ ਦਿੱਤੀ । ਇਸੇ ਲਈ ਪ੍ਰੋ: ਪੂਰਨ ਸਿੰਘ ਵਰਗਾ ਚਿੰਤਨ-ਬੁੱਧ ਚਿੰਤਕ ਉਰਦੂ ਦੀ ਗ਼ਜ਼ਲ ਦੇ ਸਚ ਨੂੰ ਤਲਿਸਮੀ ਰੇਸ਼ਮੀ ਪਰਦਿਆਂ ਪਿੱਛੇ ਝਿਲਮਲਾਉਂਦੇ ਦ੍ਰਿਸ਼ਾਂ ਨਾਲ ਤਸ਼ਬੀਹ ਦਿੰਦਾ ਹੈ। ਆਧੁਨਿਕ ਸਮੇਂ ਤਕ ਵੀ ਉਰਦੂ ਦਾ ਇਹ ਬਨਾਵਟੀ ਵਾਤਾਵਰਣ ਕਾਇਮ ਰਿਹਾ । ਭਾਵੇਂ ਮਹਲ ਉਜੜ ਗਏ, ਰਾਜ ਦਰਬਾਰਾਂ ਦੀ ਮਾਨ ਮਰਯਾਦਾ ਉਠ ਗਈ ਅਤੇ ਸਾਮੰਤੀ ਰੀਤ-ਰਹਿਤ ਗੁਜ਼ਰੇ ਜ਼ਮਾਨੇ ਦੀ ਯਾਦ ਬਣ ਕੇ ਰਹਿ ਗਈ ਪਰੰਤੂ ਸਾਮੰਤੀ ਵਿਚਾਰਧਾਰਾ ਅਤੇ ਸਾਮੰਤੀ ਯੁਗ ਦੇ ਕਲਾਰੂਪ ਕਾਫ਼ੀ ਸਮੇਂ ਤਕ ਪੈਰ ਪਸਾਰੀ ਪਸਰੇ ਰਹੇ, ਤਾਂ ਵੀ ਸਵਾਲ ਇਸ ਗੱਲ ਦਾ ਨਹੀਂ ਕਿ ਗ਼ਜ਼ਲ ਦਾ ਕਾਵਿ-ਰੂਪ ਭਾਰਤ ਵਿਚ ਸਾਮੰਤੀ ਸਭਿਆਚਾਰ ਦੇ ਰੂਪ ਵਿਚ ਉਠ ਗਿਆ ਤਾਂ ਮੌਲਿਆ ਕਿ ਨਹੀਂ, ਸਗੋਂ ਇਹ ਹੈ ਕਿ ਇਸ ਕਾਵਿ-ਰੂਪ ਨੂੰ ਸਾਡੇ ਅਜੋਕੇ ਸੌਂਦਰਯ ਬੋਧ ਦੇ ਅਨੁਕੂਲ ਢਾਲਿਆ ਜਾ ਸਕਦਾ ਹੈ ਕਿ ਨਹੀਂ । ਇਸ ਸਵਾਲ ਦਾ ਉੱਤਰ ਡਾ: ਇਕਬਾਲ ਜਾਂ ਫ਼ੈਜ਼ ਨੇ ਹੀ ਨਹੀਂ ਦਿੱਤਾ, ਸਗੋਂ ਅਜੋਕੀ ਪੀੜ੍ਹੀ ਦੇ ਉਹ ਗ਼ਜ਼ਲਗੋ ਵੀ ਦੇ ਰਹੇ ਹਨ ਜਿਨ੍ਹਾਂ ਨੂੰ ਜਦੀਦ ਗ਼ਜ਼ਲਗੋ ਕਿਹਾ ਜਾਂਦਾ ਹੈ। ਅਸਲ ਵਿਚ ਇਹ ਜਦੀਦ ਗ਼ਜ਼ਲ ਦਾ ਸੰਕਲਪ ਗ਼ਜ਼ਲ ਦੇ ਕਾਵਿ-ਰੂਪ ਦੀ ਨਿਰੰਤਰਤਾ ਅਤੇ ਪਰਿਵਰਤਣਸ਼ੀਲਤਾ ਦੋਹਾਂ ਦਾ ਲਖਾਇਕ ਹੈ। ਜਦੀਦ ਗ਼ਜ਼ਲ ਦੀ ਸਫਲਤਾ ਇਸ ਗੱਲ ਦੀ ਸਭ ਤੋਂ ਵੱਡੀ ਦਲੀਲ ਹੈ ਕਿ ਇਸ ਕਾਵਿ-ਰੂਪ ਦੀਆਂ ਸਾਰੀਆਂ ਸੰਭਾਵਨਾਵਾਂ ਸਾਮੰਤੀ ਯੁਗ ਵਿਚ ਹੀ ਸਚਿਆਈਆਂ ਨਹੀਂ ਸਨ ਜਾ ਸਕੀਆਂ। ਆਧੁਨਿਕ ਮਨੁੱਖ ਦੀ ਚਿੰਤਾ ਤੇ ਚਿੰਤਨ ਜਿਸ ਤੀਬਰ ਅਤੇ ਸਜਿੰਦ ਰੂਪ ਵਿਚ ਆਧੁਨਿਕ ਗ਼ਜ਼ਲ ਨੇ ਸਾਕਾਰ ਕੀਤੇ ਹਨ, ਉਹ ਇਸ ਗਲ ਦੀ ਸਾਖੀ ਭਰਦੇ ਹਨ ਕਿ ਉਹ ਅਜੋਕੇ ਮਨੁੱਖ ਲਈ ਵੀ ਉਤਨਾ ਹੀ ਸਾਰਥਕ ਹੈ ਜਿਤਨਾ ਬੀਤੇ ਮਨੁੱਖ ਦੇ ਯੁਗ ਲਈ ਸੀ।

ਦੂਜੀ ਵੱਡੀ ਦਲੀਲ, ਗ਼ਜ਼ਲ ਦੇ ਵਿਰੁਧ ਪੰਜਾਬੀ ਸਾਹਿਤ ਚਿੰਤਨ ਵਿਚ ਇਹ ਦਿੱਤੀ ਜਾਂਦੀ ਰਹੀ ਹੈ ਕਿ ਗ਼ਜ਼ਲ ਦਾ ਰੂਪ ਪੰਜਾਬੀ ਕਾਵਿ-ਪ੍ਰਤਿਭਾ ਲਈ ਓਪਰਾ ਹੈ । ਪੰਜਾਬੀ ਕਾਵਿ-ਪਰੰਪਰਾ ਸਾਮੂਹਿਕ ਵਧੇਰੇ ਹੈ ਤੇ ਇਸ ਲਈ ਵਿਅਕਤੀਗਤ ਅਨੁਭਵ ਦਾ ਪ੍ਰਗਟਾਓ ਵੀ ਇਸ ਕਾਵਿ-ਪਰੰਪਰਾ ਵਿਚ ਸਾਮੂਹਿਕ ਭਾਵਾਂ ਦਾ ਰੂਪ ਧਾਰ ਕੇ ਪ੍ਰਕਾਸ਼ਮਾਨ ਹੁੰਦਾ ਹੈ ।

ਇਹ ਠੀਕ ਹੈ ਕਿ ਮੱਧਕਾਲ ਵਿਚ ਪੰਜਾਬੀ ਕਾਵਿ-ਪਰੰਪਰਾ ਸਾਧਾਰਣ ਮਨੁੱਖ ਦੇ ਸਾਮੂਹਿਕ ਅਨੁਭਵ ਨੂੰ ਧਰਮ, ਰਹੱਸਵਾਦ ਜਾਂ ਪ੍ਰੇਮ ਦੇ ਮਹਾਨ ਸਰਵਮਾਨ ਮੁਹਾਵਰਿਆਂ ਵਿਚ ਪੇਸ਼ ਕਰਦੀ ਹੈ ਅਤੇ ਵਿਅਕਤੀ ਦੀ ਨਿੱਜੀ ਚੇਤਨਾ ਇਸ ਰਚਨਾਤਮਕ ਪ੍ਰਕ੍ਰਿਆ ਵਿਚ ਪ੍ਰਗਟਾਈ ਨਹੀਂ ਸੀ ਗਈ । ਪਰੰਤੂ ਆਧੁਨਿਕ ਸਮੇਂ ਵਿਚ ਵਿਅਕਤੀਵਾਦੀ ਚੇਤਨਾ ਵੀ ਸਾਮੂਹਿਕ ਚੇਤਨਾ ਦੇ ਟਾਕਰੇ ਤੇ ਇਕ ਬਲਵਾਨ ਰੂਪ ਧਾਰ ਰਹੀ ਹੈ । ਇਹ ਸੁਭਾਵਿਕ ਹੀ ਹੈ ਕਿ ਵਿਅਕਤੀ ਅਨੁਭਵ ਦੇ ਅਨੁਕੂਲ ਕਾਵਿ-ਰੂਪ ਪੰਜਾਬੀ ਕਾਵਿ-ਪਰੰਪਰਾ ਵਿਚ ਅਪਣਾਏ ਜਾਂ ਸਿਰਜੇ ਜਾਣ । ਆਧੁਨਿਕ ਉਰਦੂ ਸ਼ਾਇਰੀ ਨਾਲ ਪੰਜਾਬੀ ਚੇਤਨਾ ਨੇ ਸੁਭਾਵਿਕ ਹੀ ਗ਼ਜ਼ਲ ਦੇ ਰੂਪ ਲਈ ਖਿੱਚ ਪੈਦਾ ਕੀਤੀ ਹੈ । ਸ਼ੁਰੂ ਸ਼ੁਰੂ ਵਿਚ ਇਹ ਨਵਾਬੀ ਕਾਵਿ-ਰੂਪ ਆਪਣੀ ਓਪਰੀ ਬਿੰਬਾਵਲੀ ਅਤੇ ਬਣਾਵਟੀ ਸ਼ਬਦਾਵਲੀ ਦੇ ਕਾਰਣ ਪੰਜਾਬੀ ਵਾਯੂ ਮੰਡਲ ਤੋਂ ਭਿੰਨ ਨਜ਼ਰ ਆਉਂਦਾ ਸੀ, ਪਰ ਸਹਿਜੇ ਸਹਿਜੇ ਕਵੀਆਂ ਨੇ ਇਸ ਨੂੰ ਪੰਜਾਬੀ ਦੀ ਨਵੇਕਲੀ ਜਿੰਦਵਾਨ ਬਿੰਬਾਵਲੀ ਜੋ ਪੰਜਾਬ ਦੇ ਪ੍ਰਾਕ੍ਰਿਤਕ ਅਤੇ ਸਮਾਜਿਕ ਭੂ-ਦ੍ਰਿਸ਼ ਤੋਂ ਪ੍ਰਾਪਤ ਕੀਤੀ ਗਈ ਸੀ ਅਤੇ ਠੇਠ ਪੰਜਾਬੀ ਸ਼ਬਦਾਵਲੀ ਜਿਹੜੀ ਆਪ ਪੰਜਾਬੀ ਲੋਕਾਂ ਦੇ ਨਿੱਤ ਦੇ ਸਰੋਕਾਰਾਂ, ਕੰਮਾਂ ਅਤੇ ਰੁਝੇਵਿਆਂ ਨਾਲ ਓਤਪੋਤ ਸੀ, ਇਨ੍ਹਾਂ ਦੋਹਾਂ ਤੱਤਾਂ ਨੇ ਗ਼ਜ਼ਲ ਨੂੰ ਪੰਜਾਬੀ ਵਿਚ ਅਨੁਕੂਲਣਾ ਸ਼ੁਰੂ ਕੀਤਾ ਹੈ, ਤੇ ਅੱਜ ਹਾਲਤ ਇਹ ਹੈ ਕਿ ਪੰਜਾਬੀ ਗ਼ਜ਼ਲ ਆਪਣੇ ਰੂਪਕ ਗਠਨ, ਆਪਣੀ ਸ਼ਬਦ-ਲੀਲ੍ਹਾ ਅਤੇ ਆਪਣੇ ਬਿੰਬ ਵਿਧਾਨ ਵਿਚ ਫ਼ਾਰਸੀ ਤੇ ਉਰਦੂ ਗ਼ਜ਼ਲ ਦੇ ਟਾਕਰੇ ਤੇ ਆਪਣਾ ਵਿਸ਼ੇਸ਼ ਰੂਪ ਧਾਰ ਚੁਕੀ ਹੈ । ਹੁਣ ਸਮਾਂ ਆ ਚੁਕਾ ਹੈ ਕਿ ਉਰਦੂ ਗ਼ਜ਼ਲ ਦੇ ਟਾਕਰੇ ਤੇ ਪੰਜਾਬੀ ਗ਼ਜ਼ਲ ਦਾ ਆਪਣਾ ਆਤਮ ਨਿਰਭਰ ਕਾਵਿ-ਸ਼ਾਸਤਰ ਨਿਰਧਾਰਿਤ ਕੀਤਾ ਜਾਵੇ । ਫ਼ਾਰਸੀ ਉਰਦੂ ਗ਼ਜ਼ਲ ਦੇ ਟਾਕਰੇ ਤੇ ਪੰਜਾਬੀ ਗ਼ਜ਼ਲ ਦੀ ਇਹ ਪ੍ਰਾਪਤੀ ਉਸੇ ਮਹੱਤਤਾ ਅਤੇ ਮੁੱਲ ਦੀ ਹੈ ਜੋ ਪੰਜਾਬੀ ਕਿੱਸਾ-ਕਾਵਿ ਨੂੰ, ਫ਼ਾਰਸੀ ‘ਮਸਨਵੀ' ਜਾਂ ਹਿੰਦੀ ‘ਪ੍ਰੇਮਾਖਿਆਣ’ ਨਾਲ ਜੋੜਦੀ ਵੀ ਹੈ ਤੇ ਉਨ੍ਹਾਂ ਤੋਂ ਉਸ ਨੂੰ ਨਿਖੇੜਦੀ ਵੀ ਹੈ।

ਤਖ਼ਤ ਸਿੰਘ ਦੀ ਕਾਵਿ-ਕਲਾ ਨਾਲ ਮੇਰੀ ਜਾਣ ਪਛਾਣ 1954-55 ਤੋਂ ਹੈ । ਪੰਜਾਬੀ ਕਵਿਤਾ ਵਿਚ ਉਹ ਇਕ ਨਵੇਂ ਯੁਗ ਦਾ ਆਰੰਭ ਸੀ । ਉਦੋਂ ਵੀ ਜਦੋਂ ਦੂਜੇ ਕਵੀ ਪੱਛਮ ਤੋਂ ਅਪਣਾਏ ਕਾਵਿ-ਰੂਪਾਂ ਤੇ ਕਾਵਿ-ਵਿਸ਼ਿਆਂ ਦੇ ਪ੍ਰਯੋਗ ਕਰ ਰਹੇ ਸਨ, ਤਖ਼ਤ ਸਿੰਘ ਦੀ ਇਕ ਨਿਵੇਕਲੀ ਸੁਰ ਸੀ। ਉਸ ਦੀ ਕਾਵਿ ਸਾਧਨਾ ਦਾ ਪ੍ਰਮੁੱਖ ਲੱਛਣ ਹੀ ਇਹ ਸੀ ਕਿ ਉਹ ਰਵਾਇਤ ਨਾਲੋਂ ਨਾਤਾ ਤੋੜ ਕੇ ਨਹੀਂ ਸਗੋਂ ਰਵਾਇਤ ਨੂੰ ਸਮਕਾਲੀ ਮਨੁੱਖ ਦੇ ਅਨੁਭਵਾਂ ਤੇ ਅਕਾਂਖਿਆਵਾਂ ਨਾਲ ਜੋੜ ਕੇ ਉਸ ਨੂੰ ਨਵੇਂ ਰੂਪਾਂ ਵਿਚ ਢਾਲਣ ਉਤੇ ਬਲ ਦਿੰਦਾ ਸੀ । ਇਸ ਦਾ ਸ਼ਾਇਦ ਇਕ ਕਾਰਣ ਇਹ ਵੀ ਸੀ ਕਿ ਦੇਸ਼ ਦੇ ਬਟਵਾਰੇ ਤੋਂ ਪਹਿਲਾਂ ਤਖ਼ਤ ਸਿੰਘ ਦਾ ਸ਼ੁਮਾਰ ਪ੍ਰਮੁੱਖ ਤੌਰ ਤੇ ਉਰਦੂ ਦੇ ਪ੍ਰਗਤੀਵਾਦੀ ਕਵੀਆਂ ਦੀ ਸਭ ਤੋਂ ਮੂਹਰਲੀ ਕਤਾਰ ਵਿਚ ਹੁੰਦਾ ਰਿਹਾ ਸੀ । ਨਵੀਨ ਉਰਦੂ ਕਾਵਿ-ਜਗਤ ਦਾ ਸ਼ਾਇਦ ਹੀ ਕੋਈ ਅਜੇਹਾ ਪ੍ਰਕਾਸ਼ਨ ਹੁੰਦਾ ਜਿਸ ਵਿਚ ਤਖ਼ਤ ਸਿੰਘ ਦੀਆਂ ਉਰਦੂ ਰਚਨਾਵਾਂ ਯੋਗਾਤਮਕ ਆਲੋਚਨਾ ਸਾਹਿਤ ਵਿਚ ਪ੍ਰਕਾਸ਼ਿਤ ਨਾ ਹੋਈਆਂ ਹੁੰਦੀਆਂ । ਸੋ ਪੰਜਾਬੀ ਕਵਿਤਾ ਵਿਚ ਸਮੇਂ ਦੇ ਬੀਤਣ ਨਾਲ ਉਸ ਦੀ ਇਹ ਕਾਵਿ-ਦਿਸ਼ਾ ਨਿਰੰਤਰਤਾ ਸਹਿਤ ਪਰਿਵਰਤਨ ਲਈ ਵਧੇਰੇ ਸਾਰਥਕ ਸਿੱਧ ਹੋਈ । ਇਸ ਨਿਰੰਤਰਤਾ ਸਹਿਤ ਪਰਿਵਰਤਨ ਦੀ ਅਮੋਲਕ ਪ੍ਰਾਪਤੀ ਸ: ਤਖ਼ਤ ਸਿੰਘ ਦੀ ਗ਼ਜ਼ਲ ਨੂੰ ਗਿਣਿਆ ਜਾਏ ਗਾ।

ਜਿੱਥੋਂ ਤਕ ਗ਼ਜ਼ਲ ਦੇ ਬਾਹਰੀ ਰੂਪ ਦਾ ਸੰਬੰਧ ਹੈ, ਅਜ ਤੀਕ ਨਾ ਤਾਂ ਇਸ ਵਿਚ ਕਿਸੇ ਪ੍ਰਕਾਰ ਦਾ ਕੋਈ ਪਰਿਵਰਤਨ ਆਇਆ ਹੈ ਅਤੇ ਨਾ ਹੀ ਭਵਿੱਖ ਵਿਚ ਅਜੇਹੀ ਕੋਈ ਸੰਭਾਵਨਾ ਹੈ, ਕਿਉਂਕਿ ਗ਼ਜ਼ਲ ਰੂਪ ਵਿਚ ਕਿਸੇ ਪ੍ਰਕਾਰ ਦੀ ਤਬਦੀਲੀ ਕਰਨਾ ਇਸ ਨੂੰ ਕਤਲ ਕਰਨ ਦੇ ਬਰਾਬਰ ਹੈ। ਆਪਣੇ ਰੂਪਕ ਵਿਧਾਨ, ਆਪਣੀ ਛੰਦਕ ਸ਼ੁੱਧਤਾ ਅਤੇ ਆਪਣੀ ਕਲਾ-ਪ੍ਰਪੱਕਤਾ ਦੀ ਦ੍ਰਿਸ਼ਟੀ ਤੋਂ ਤਖ਼ਤ ਸਿੰਘ ਦੀ ਗ਼ਜ਼ਲ ਵੀ ਰਵਾਇਤੀ ਹੈ ਪਰ ਇਹ ਰਵਾਇਤੀ ਗੁਣ ਇਸ ਗ਼ਜ਼ਲ ਦਾ ਦੋਸ਼ ਨਹੀਂ, ਇਸ ਦੀ ਸ਼ਕਤੀ ਹੈ, ਕਿਉਂਕਿ ਇਸ ਦੁਆਰਾ ਤਖ਼ਤ ਸਿੰਘ ਨੇ ਜੋ ਕਲਾ ਕਾਰਜ ਨਿਭਾਇਆ ਹੈ, ਸਭਿਆਚਾਰਕ ਦ੍ਰਿਸ਼ਟੀ ਤੋਂ ਵੀ ਤੇ ਕਾਵਿਕ ਦ੍ਰਿਸ਼ਟੀ ਤੋਂ ਵੀ, ਉਹ ਇਹ ਹੈ ਕਿ ਤਖ਼ਤ ਸਿੰਘ ਨੇ ਗ਼ਜ਼ਲ ਵਰਗੇ ਓਪਰੇ ਅਤੇ ਬੀਤ ਚੁਕੇ ਰੂਪ ਨੂੰ ਪੰਜਾਬੀ ਕਾਵਿ-ਧਾਰਾ ਦਾ ਸੁਭਾਵਿਕ ਅੰਗ ਹੀ ਨਹੀਂ ਬਣਾਇਆ, ਸਗੋਂ ਅਜੋਕੇ ਮਨੁੱਖ ਦੀਆਂ ਮਾਨਸਿਕ, ਭਾਵੁਕ ਅਤੇ ਬੌਧਿਕ ਜਿਗਿਆਸਾਵਾਂ ਨਾਲ ਇਸ ਨੂੰ ਜੋੜ ਕੇ ਇਸ ਦੀਆਂ ਭਵਿੱਖ ਲਈ ਅਸੀਮ ਤੇ ਅਨੰਤ ਸੰਭਾਵਨਾਵਾਂ ਨੂੰ ਸਾਕਾਰ ਕੀਤਾ ਹੈ । ਇਸ ਕਾਰਜ ਦੀ ਮਹੱਤਤਾ ਇਸੇ ਗਲ ਤੋਂ ਪ੍ਰਤੱਖ ਹੋ ਜਾਂਦੀ ਹੈ ਕਿ ਅਲਾਮਾ ਇਕਬਾਲ ਤੇ ਫ਼ੈਜ਼ ਅਹਿਮਦ ਫ਼ੈਜ਼ ਦੀ ਜਦੀਦ ਉਰਦੂ ਸ਼ਾਇਰੀ ਵਿਚ ਸਭ ਤੋਂ ਵੱਡੀ ਦੇਣ ਇਹ ਨਹੀਂ ਕਿ ਉਨ੍ਹਾਂ ਨੇ ਕਿਸੇ ਨਵੇਂ ਕਾਵਿ ਰੂਪਾਂ ਨੂੰ ਜਨਮ ਦਿੱਤਾ ਹੈ, ਸਗੋਂ ਇਹ ਕਿ ਗ਼ਜ਼ਲ ਵਰਗਾ ਰੂਪ ਜਿਸ ਨੂੰ ਘੱਟ ਵਿੱਤ ਵਾਲੇ ਲੋਕਾਂ ਨੇ ਬੀਤਿਆ ਤੇ ਬੋਸੀਦਾ ਰੂਪ ਕਹਿ ਕੇ ਤਿਆਗ ਦਿੱਤਾ ਸੀ, ਉਸ ਨੂੰ ਇਕ ਨਵੀਂ ਸ਼ਕਤੀ ਤੇ ਇਕ ਨਵਾਂ ਉਭਾਰ ਦਿੱਤਾ। ਤਖ਼ਤ ਸਿੰਘ ਦੀ ਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਾਪਤੀ ਇਸੇ ਵਡਿਆਈ ਤੇ ਮੁੱਲ ਵਾਲੀ ਹੈ।

ਤਖ਼ਤ ਸਿੰਘ ਤੋਲ ਤੁਕਾਂਤ ਦਾ ਪੂਰਣ ਗਿਆਤਾ ਹੈ । ਸੁਰ-ਤਾਲ ਦਾ ਗਿਆਨ ਉਸ ਦੀ ਘੁੱਟੀ ਵਿਚ ਸ਼ਾਮਲ ਹੈ । ਮੈਂ ਤਾਂ ਕਹਾਂ ਗਾ, ਉਸ ਦਾ ਸਮੁੱਚਾ ਕਾਵਿਕ ਅਸਤਿਤਵ ਹੀ ਤਾਲਪੂਰਣ ਹੈ । ਉਸ ਦੀ ਵਿਚਾਰਧਾਰਾ ਵਿਚ ਇਕ ਅਦੁੱਤੀ ਪ੍ਰਕਾਰ ਦਾ ਪ੍ਰਵਾਹ ਹੀ ਨਹੀਂ ਸਗੋਂ ਸੁਰਾਂ ਦੀ ਨਵੇਕਲੀ ਇਕਸਾਰਤਾ ਵੀ ਹੈ । ਉਸ ਦੀ ਤਬੀਅਤ ਦੀ ਰਵਾਨੀ ਸਕਤੇ ਜਾਂ ਅਟਕਾ ਦਾ ਥੋੜਾ ਜਿੰਨਾ ਝਟਕਾ ਵੀ ਸਹਾਰ ਨਹੀਂ ਸਕਦੀ । ਤਖ਼ਤ ਸਿੰਘ ਨੇ ਸ਼ਿਅਰਾਂ ਦੇ ਮਿਸਰੇ ਮਿਸਰੇ ਨੂੰ ਤਾਲ ਬੱਧ ਬਣਾਉਣ ਲਈ ਆਪਣੀ ਇਕ ਵਖਰੀ ਵਿਧੀ ਅਪਣਾਈ ਹੋਈ ਹੈ । ਤਖ਼ਤ ਸਿੰਘ ਬਹਿਰਾਂ ਦੇ ਰੁਕਨਾਂ ਵਿਚ ਕੋਈ ਅਦਲਾ ਬਦਲਾ ਨਹੀਂ ਕਰਦਾ । ਤਖ਼ਤ ਸਿੰਘ ਨੇ ਜਿੱਥੇ ਗ਼ਜ਼ਲ ਨੂੰ ਅਰਬੀ ਫ਼ਾਰਸੀ ਸ਼ਬਦਾਂ ਦੀ ਭਰਮਾਰ ਤੋਂ ਛੁਟਕਾਰਾ ਦਿਵਾਉਣ ਵਿਚ ਠੋਸ ਕਦਮ ਚੁੱਕੇ, ਉਥੇ ਇਸ ਨੂੰ ਠੇਠ ਪੰਜਾਬੀ ਸ਼ਬਦਾਵਲੀ ਜਾਗ ਲਾਉਣ ਵਿਚ ਵੀ ਪਹਿਲ ਕੀਤੀ। ਤਖ਼ਤ ਸਿੰਘ ਜਦੋਂ ਵੀ ਕਿਸੇ ਠੇਠ ਪੰਜਾਬੀ ਸ਼ਬਦ ਨੂੰ, ਭਾਵੇਂ ਇਹ ਉਪਭਾਖਾਈ ਹੀ ਹੋਵੇ, ਤਰਾਸ਼ ਕੇ ਕਿਸੇ ਮਿਸਰੇ ਵਿਚ ਨਗੀਨੇ ਵਾਂਗ ਜੜ ਦਿੰਦਾ ਹੈ ਤਾਂ ਹਜ਼ਾਰ ਯਤਨ ਕਰਨ ਤੇ ਵੀ ਉਸ ਦੀ ਥਾਂ ਹੋਰ ਕਿਸੇ ਢੁਕਵੇਂ ਸ਼ਬਦ ਨੂੰ ਫ਼ਿਟ ਨਹੀਂ ਕੀਤਾ ਜਾ ਸਕਦਾ । ਵੰਨਗੀ ਵਜੋਂ ਹੇਠ ਲਿਖੇ ਸ਼ਿਅਰਾਂ ਦੀ ਠੇਠ ਪੰਜਾਬੀ ਸ਼ਬਦਾਵਲੀ ਦਾ ਠਾਠ- ਬਾਠ ਵੇਖਣ ਯੋਗ ਹੈ :

ਪਤਾ ਸੀ ਮੈਨੂੰ ਜਦੋਂ ਲਿਸ਼ਕਿਆ ਸਾਂ ਸ਼ੀਸ਼ੇ ਵਾਂਗ
ਤੁਸੀਂ ਖਿੱਝੋ ਗੇ ਤਾਂ ਪੱਥਰ ਜ਼ਰੂਰ ਮਾਰੋ ਗੇ ।

ਜਿਵੇਂ ਖਾਧੇ ਨੇ ਅੰਗਿਆਰ ਗ਼ਮ ਦੇ,
ਉਵੇਂ ਸੂਲਾਂ ਦੀ ਪੈਲੀ ਚਰ ਲਵਾਂ ਗਾ।

ਜੇ ਸੋਚੀਏ ਤਾ ਸਜਣ ਸਾਮ੍ਹਣੇ ਖੜਾ ਦਿੱਸੇ,
ਜੇ ਵੇਖੀਏ ਤਾਂ ਕਿਤੇ ਵੀ ਕੋਈ ਜਣਾ ਨ ਮਿਲੇ ।

ਸੁਨਣਾ ਸੀ ਕਿ ਅਸਾਡੀਆਂ ਗੱਲਾਂ ਨੂੰ ਕੰਧ ਨੇ,
ਕੋਈ ਜ਼ਰੂਰ ਗੁਪਤ ਸਰੋਤਾ ਸੀ ਨਾਲ ਲਾਲ ।

ਟੁੱਟੇ ਪਹਾੜ ਕਹਿਰ ਦੇ ਭੋਰਾ ਕੁ ਜਿੰਦ ਤੇ,
ਇਕ ਬੂੰਦ ਸੀ ਜੋ ਬੋਝ ਸਮੁੰਦਰ ਦਾ ਸਹਿ ਗਈ।

ਕਿਵੇਂ ਕੂੰਦਾ ਕਿ ਮੇਰੀ ਜੀਭ ਉੱਪਰ,
ਲੜਾ ਦਿੱਤਾ ਸੀ ਸਪ ਤੰਦੂਏ ਦਾ ਚੁਪ ਨੇ।

ਨਿਕਲਦੇ ਬੂਰ ਦਬੋਚੇ, ਹਨੇਰ ਸਾਈਂ ਦਾ,
ਜੋ ਚਾੜ੍ਹਨਾ ਸੀ ਹਨੇਰੀ ਨੇ ਚੰਨ, ਚਾੜ੍ਹ ਗਈ ।

ਕੱਲ ਦਾ ਪਤਾ ਨਹੀਂ, ਪਰ ਹੁਣ ਤਕ ਤਾਂ ਇਸ ਪਹੀ ਚੋਂ
ਲੰਘੇ ਨੇ ਵਾ-ਵਰੋਲੇ ਘੱਟਾ ਉਡਾਉਣ ਵਾਲੇ ।

ਤਖ਼ਤ ਸਿੰਘ ਦੀ ਗ਼ਜ਼ਲ ਪੜ੍ਹਦਿਆਂ ਮੈਨੂੰ ਕਦੇ ਇਹ ਅਨੁਭਵ ਨਹੀਂ ਹੋਇਆ ਕਿ ਮੈਂ ਕਿਸੇ ਓਪਰੀ ਤੇ ਅਣਜਾਣੀ ਧਰਤੀ ਤੇ ਘੁੰਮ ਰਿਹਾ ਹਾਂ । ਉਸ ਦੀ ਗ਼ਜ਼ਲ ਧਰਤੀ ਦੀ ਕੁੱਖੋਂ ਜਨਮੀ ਹੈ । ਸ਼ਾਇਦ ਇਸੇ ਲਈ ਤਖ਼ਤ ਸਿੰਘ ਨੂੰ ਧਰਤੀ ਨਾਲ ਅੰਤਾਂ ਦਾ ਮੋਹ ਹੈ । ਪੇਂਡੂ ਧਰਤੀ ਦਾ ਜ਼ੱਰਾ ਜ਼ੱਰਾ ਉਸ ਲਈ ਚਾਨਣ ਦੇ ਸੁਨਹਿਰੇ ਟਿਮਕਣੇ ਵਾਂਗ ਹੈ। ਤਖ਼ਤ ਸਿੰਘ ਦੀ ਗ਼ਜ਼ਲ ਦਾ ਸਮੁੱਚਾ ਵਾਤਾਵਰਨ ਜਿੱਥੇ ਇਕ ਪਾਸੇ ਪੰਜਾਬ ਦੇ ਖੁਲ੍ਹੇ ਡੁਲ੍ਹੇ ਪੇਂਡੂ ਜੀਵਨ ਦੀ ਭਾਹ ਮਾਰਦਾ ਹੈ, ਓਥੇ ਦੂਜੇ ਪਾਸੇ ਇਸ ਦਾ ਬਿੰਬ ਪਸਾਰ ਤਖ਼ਤ ਸਿੰਘ ਨੂੰ ਜੀਵਨ ਦੇ ਸੈਂਕੜੇ ਜ਼ਾਵੀਆਂ ਤੋਂ ਸਿਰਜਣਾ ਦਾ ਜਾਦੂ ਧੂੜਨ ਦਾ ਖੁੱਲ੍ਹਾ ਅਵਸਰ ਪ੍ਰਦਾਨ ਕਰਦਾ ਹੈ। ਤਖ਼ਤ ਸਿੰਘ ਹੁਣ ਵੀ ਪੰਜਾਬੀ ਗ਼ਜ਼ਲ ਵਿਚ ਦੇਸ਼ ਦੀ ਵੰਡ ਤੋਂ ਪਹਿਲਾਂ ਦਾ ਪ੍ਰਗਤੀਵਾਦੀ ਉਰਦੂ ਕਵੀ ਜਾਪਦਾ ਹੈ, ਪਰੰਤੂ ਪੰਜਾਬੀ ਗ਼ਜ਼ਲ ਦੇ ਨਵੇਂ ਸਾਂਚੇ (Pattern) ਵਿਚ ਉਹ ਆਪਣੇ ਕਠੋਰ ਤੇ ਕ੍ਰਾਂਤੀਕਾਰੀ ਵਾਕਾਂ ਨੂੰ ਕੇਵਲ ਧਰਤੀ ਦੇ ਬਿੰਬਾਂ ਦੁਆਰਾ ਹੀ ਪਾਠਕਾਂ ਦੇ ਕੰਨਾਂ ਤੀਕ ਪਹੁੰਚਾਉਂਦਾ ਹੈ।

ਤਖ਼ਤ ਸਿੰਘ ਨੂੰ ਇਸ ਗੱਲ ਦਾ ਮਾਣ ਹੈ ਕਿ ਇਕ ਖ਼ਾਕ ਦਾ ਪੁਤਲਾ ਹੋਣ ਦੇ ਨਾਤੇ ਧਰਤੀ ਦੇ ਜ਼ੱਰਿਆਂ ਵਾਂਗ ਉਸ ਵਿਚ ਖਿੰਡ ਜਾਣ ਦੀ ਅਥਾਹ ਸਮੱਰਥਾ ਹੈ। ਉਹ ਤਾਂ ਚਾਹੁੰਦਾ ਹੈ, ਉਸ ਦੇ ਵਿਰੋਧੀ ਝੱਖੜ ਦਾ ਰੂਪ ਧਾਰ ਲੈਣ। ਉਹ ਜੇ ਖਿਲਰੇ ਗਾ ਤਾਂ ਵਿਸ਼ਾਲ ਹੀ ਹੋਵੇ ਗਾ ਉਹ । ਜਦ ਹਵਾ ਦੀਆਂ ਸ਼ੂਕਾਂ ਸੁਣ ਸੁਣ ਕੇ ਅੱਕ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਆਪਣਾ ਜ਼ਹਿਰ ਉਗਲਣ ਤੋਂ ਵਰਜਦਾ ਹੈ । ਅੱਗੇ ਵਧਣ ਦੀ ਰੀਝ ਜਦ ਉਸ ਨੂੰ ਅੱਗੇ ਹੀ ਅੱਗੇ ਉਡਾਈ ਜਾਂਦੀ ਹੈ ਤਾਂ ਹਵਾ ਵੀ ਉਸ ਦੇ ਪੈਰਾਂ ਨੂੰ ਤਕਦੀ ਰਹਿ ਜਾਂਦੀ ਹੈ । ਜਦੋਂ ਉਹ ਆਪਣੇ ਆਪ ਨੂੰ ਇਕ ਧੁਖਦੀ ਚਿਣਗ ਦੇ ਰੂਪ ਵਿਚ ਵੇਖਦਾ ਹੈ, ਤਾਂ ਉਸ ਦੀ ਇੱਕੋ ਇਕ ਕਾਮਨਾ ਹੁੰਦੀ ਹੈ ਕਿ ਰੱਬਾ ਕਿਸੇ ਸਰੀਰ ਵਿਚ ਉਸ ਨੂੰ ਮੋਈ ਪਈ ਹਵਾ ਨਾ ਮਿਲੇ । ਜਦੋਂ ਸੁਲਘਦੀ ਰਾਖ ਤੇ ਉਸ ਨੂੰ ਵਿਸ ਘੋਲਦਾ ਧੂੰਆਂ ਦਿਸਦਾ ਹੈ ਤਾਂ ਉਹ ਝਟ ਫੂਕ ਮਾਰਨ ਲਈ ਤਿਆਰ ਹੋ ਜਾਂਦਾ ਹੈ । ਜਦੋਂ ਉਹ ਚੜ੍ਹੇ ਤੂਫ਼ਾਨ ਦੇ ਗਲ ਪੈਂਦਾ ਹੈ ਤਾਂ ਇਕ ਇਕ ਲਹਿਰ ਦੀ ਬਸ ਕਰਾ ਦਿੰਦਾ ਹੈ । ਉਸ ਨੂੰ ਪਤਾ ਨਹੀਂ ਲਗਦਾ, ਉਸ ਦੇ ਵਿਰੋਧੀ ਉਸ ਨੂੰ ਕਾਲਿਆਂ ਰਾਹਾਂ ਵਿਚ ਖਿੰਡਾਉਣ ਤੋਂ ਪਹਿਲਾਂ ਇਹ ਕਿਉਂ ਨਹੀਂ ਸੋਚਦੇ ਕਿ ਉਸ ਦੇ ਕਣ ਕਣ ਵਿਚ ਤਾਂ ਨਵੇਂ ਚਾਨਣ ਦੀ ਕੰਰੂਬਲ ਹੈ। ਉਹ ਕਦੇ ਆਪਣੇ ਸਾਏ ਤੋਂ ਵੀ ਡਰ ਜਾਂਦਾ ਹੈ ਪਰ ਹੁਣ ਸ਼ੂਕਦੇ ਨਾਗਾਂ ਨੂੰ ਵੀ ਸਿਰੀਓਂ ਫੜ ਲੈਂਦਾ ਹੈ । ਉਦਾਹਰਣ ਵਜੋਂ ਉਸ ਦਾ ਨਿਮਨ ਲਿਖਤ ਸ਼ਿਅਰ :

ਲਿਤਾੜਦੇ ਵੀ ਤਾਂ ਕਿੰਨਾ ਚਿਰ ਭੰਵਰ ਮੈਨੂੰ,
ਕਿ ਮਨ ਦੀ ਮੌਜ ਸਾਂ, ਮੈਂ ਫਿਰ ਵੀ ਉਠ ਖਲੋਣਾ ਸੀ !

ਅਤੇ ਭਿੰਨ ਭਿੰਨ ਸ਼ਿਅਰਾਂ ਵਿਚ ਪ੍ਰਗਟਾਏ ਉਸ ਦੇ ਉਪਰੋਕਤ ਵਿਚਾਰ ਜਿੱਥੇ ਇਸ ਤੱਥ ਦੀ ਸ਼ਾਹਦੀ ਭਰਦੇ ਹਨ ਕਿ ਤਖ਼ਤ ਸਿੰਘ ਨੇ ਨਿਰਾਸਤਾ, ਮਜ਼ਲੂਮੀਅਤ ਅਤੇ ਆਵਾਜ਼ਾਰੀ ਦੇ ਉਲਟ ਨਵੀਂ ਪੀੜ੍ਹੀ ਦੀ ਸੋਚ ਨੂੰ ਇਕ ਕ੍ਰਾਂਤੀਕਾਰੀ ਮੋੜ ਦਿੱਤਾ ਹੈ ਜਿਹੜਾ ਜਿੱਥੇ ਆਤਮ-ਰਖਿਆ ਦੇ ਸੁਨੇਹੇ ਦਾ ਪ੍ਰਤੀਕ ਹੈ, ਉੱਥੇ ਉਹ ਧਰਤੀ ਤੇ ਚਾਰੇ ਪਾਸੇ ਫੈਲੇ ਬਿੰਬਾਂ ਰਾਹੀਂ ਜਦੀਦ ਗ਼ਜ਼ਲ ਦੇ ਮੂੰਹੋਂ ਬੜੀਆਂ ਪਤੇ ਦੀਆਂ ਗੱਲਾਂ ਅਖਵਾਉਂਦਾ ਹੈ ।

ਹੋਰ ਤਾਂ ਹੋਰ, ਤਖ਼ਤ ਸਿੰਘ ਜਦੋਂ ਇਸ਼ਕ ਦੇ ਵਿਸ਼ੇ ਨੂੰ ਛੋਂਹਦਾ ਹੋਇਆ ਆਖਦਾ ਹੈ :

ਘੱਟ ਅਸੀਂ ਵੀ ਨਹੀਂ ਸਾਂ ਤਰਿਹਾਏ,
ਜੇ ਕਰ ਉਹ ਸੀ ਭਰੇ ਤਲਾ ਵਾਂਗੂ ।

ਤਾਂ ਤਲਾਅ ਦੇ ਬਿੰਬ ਰਾਹੀਂ, ਜਿਹੜਾ ਧਰਤੀ ਦਾ ਹੀ ਅਨਿਖੜਵਾਂ ਅੰਗ ਹੈ, ਉਹ ਇਸ਼ਕ ਦੀ ਕੇਡੀ ਵੱਡੀ ਵਾਰਦਾਤ ਨੂੰ ਕਿੰਨੇ ਛੋਟੇ ਜਿਹੇ ਬਿੰਬ ਵਿਚ ਸਮੇਟ ਦਿੰਦਾ ਹੈ। ਇਸ਼ਕ ਦੀ ਗੱਲ ਚਲੀ ਹੈ ਤਾਂ ਇਹ ਵੀ ਜ਼ਰੂਰੀ ਹੈ ਕਿ ਲਗਦੇ ਹੱਥ ਇਸ਼ਕ ਬਾਰੇ ਤਖ਼ਤ ਸਿੰਘ ਦੇ ਦ੍ਰਿਸ਼ਟੀਕੋਣ ਤੇ ਵੀ ਕੁਝ ਚਾਨਣਾ ਪਾਇਆ ਜਾਵੇ । ਤਖ਼ਤ ਸਿੰਘ ਨੂੰ ਕਾਲਪਨਿਕ ਇਸ਼ਕ ਤੇ ਫ਼ਰਜ਼ੀ ਮਹਿਬੂਬ ਦੇ ਸੰਕਲਪ ਤੋਂ ਚਿੜ੍ਹ ਹੈ । ਉਹ ਨਹੀਂ ਚਾਹੁੰਦਾ ਕਿ ਉਸ ਦੀ ਗ਼ਜ਼ਲ ਨੂੰ ਕਿਤੇ ਪੁਲਾੜ ਵਿਚ ਹੀ ਲਟਕਾਈ ਰਖਣ । ਤਖਤ ਸਿੰਘ ਦਾ ਇਕ ਸ਼ਿਅਰ ਹੈ :

ਹਵਾ ਸਾਡੀ ਕਿਵੇਂ ਧਰਤੀ ਤੇ ਬਝਦੀ ?
ਅਸੀਂ ਉਡਦੇ ਰਹੇ ਉੱਚੀ ਹਵਾ ਵਿਚ ।

ਤਖ਼ਤ ਸਿੰਘ ਤਾਂ ਧਰਤੀ ਤੇ ਵਿਚਰਦੇ ਹੱਡ ਮਾਸ ਦੇ ਮਾਸ਼ੂਕਾਂ ਵਿਚ ਆਪਣੀ ਹਵਾ ਬੰਨ੍ਹਣਾ ਚਾਹੁੰਦਾ ਹੈ । ਉਹ ਇਰਾਨੀ ਰਵਾਇਤਾਂ ਜਾਂ ਰਵਾਇਤੀ ਇਸ਼ਕੀਆਂ ਕਿੱਸੇ ਦੇ ਉਡਣ ਖਟੋਲੇ ਵਿਚ ਬੈਠ ਕੇ ਆਕਾਸ਼ ਦੀ ਕਿਸੇ ਧੁੰਦਲੀ ਗੁੱਠ ਵਿਚ ਝੂਠ ਮੂਠ ਦਾ ਨਾਟਕ ਖੇਡਦੇ ਹੋਏ ਆਸ਼ਕ ਤੇ ਮਾਸ਼ੂਕ ਨਾਲ ਸੰਪਰਕ ਪੈਦਾ ਕਰਨ ਲਈ ਹਵਾ ਵਿਚ ਉੱਚੀਆਂ ਉੱਚੀਆਂ ਉਡਾਰੀਆਂ ਨਹੀਂ ਮਾਰਦਾ। ਉਹ ਤਾਂ ਅਜਿਹੇ ਮਹਿਬੂਬ ਨਾਲ ਵਾਹ ਪਾਉਣਾ ਚਾਹੁੰਦਾ ਹੈ, ਜਿਸ ਵਿਚ ਹਰ ਪ੍ਰਕਾਰ ਦੀਆਂ ਮਨੁੱਖੀ ਕਮਜ਼ੋਰੀਆਂ, ਬੁਰਾਈਆਂ ਤੇ ਵਲ ਛਲ ਹੋਣ। ਅੱਜ ਦਾ ਆਸ਼ਕ ਆਪ ਕਿਹੜਾ ਘਟ ਮੋਮੋਠੱਗਣਾ, ਪਾਖੰਡੀ ਦੇ ਕਪਟੀ ਹੈ ਪਰ ਉਸ ਨੂੰ ਆਪਣੇ ਪਾਜ ਆਪ ਉਘੇੜਨ ਦੀ ਕੀ ਲੋੜ ? ਤਖ਼ਤ ਸਿੰਘ ਨੂੰ ਇਸ਼ਕ ਕਰਨ ਨਾਲੋਂ ਮਿੱਠੀਆਂ ਮਿੱਠੀਆਂ ਟਕੋਰਾਂ ਲਾਉਣ ਵਿਚ ਕਿਤੇ ਵਧ ਸਵਾਦ ਆਉਂਦਾ ਹੈ। ਉਸ ਨੂੰ ਓਨਾ ਸੱਜਣ ਦੇ ਨਾ ਆਉਣ ਦਾ ਦੁੱਖ ਨਹੀਂ ਜਿੰਨਾਂ ਨੀਂਦ ਦੇ ਨਾ ਆਉਣ ਦਾ । ਗਲੀ ਵਿਚ ਆਏ ਮਾਸ਼ੂਕ ਨੂੰ ਇਹ ਆਖ ਕੇ ਕੇਡੀ ਵਡੀ ਟਿਚਕਰ ਕਰਦਾ ਹੈ ਕਿ ਏਨੀ ਰਾਤ ਗਏ ਸੂਰਜ ਕਿੱਥੋਂ ਚੜ੍ਹ ਆਇਆ। ਜਦੋਂ ਉਹ ਆਖਦਾ ਹੈ :

ਅਸੀਂ ਅਜੇ ਵੀ ਲਿਟਾਂ ਵਾਲੀਏ ਤਿਹਾਏ ਹਾਂ,
ਤਿਹਾਏ ਖੇਤ ਨੂੰ ਤੇਰੀ ਘਟਾ ਨਾ ਮਿਲੇ।

ਜੋ ਮੋਮ ਤੋਂ ਵੀ ਕਿਤੇ ਨਰਮ ਨਰਮ ਸੀ ਰਾਤੀਂ,
ਉਹੋ ਕੁੜੀ ਸੀ ਦਿਨੇ, ਪਰ ਚਟਾਨ ਵਰਗੀ ਸੀ ।

ਲੁਕੇ ਨਾ ਹੋਣ ਕਿਤੇ ਤਕਣੀਆਂ 'ਚ ਚੰਗਿਆੜੇ,
ਸਰੀਰ ਸਾਂਭ ਕੇ ਰਖ ਮੋਮ ਦੀ ਡਲੀ ਵਰਗਾ।

ਤੂੰ ਸਾਡੇ ਭਾਗ 'ਚ ਕਿੱਥੇ ਕੁਆਰੀਏ ਕਲੀਏ।
ਇਹੋ ਬਹੁਤ ਹੈ ਕਿ ਤੈਂ ਮੁਸਕਰਾ ਕੇ ਵੇਖ ਲਿਆ।

ਸਾਨੂੰ ਨਿਰਾਸਤਾ ਦੇ ਜੇ ਸੋਕੇ ਨਾ ਮਾਰਦੇ,
ਤੈਨੂੰ ਘਟਾ ਸਮਝ ਕੇ ਕਿਉਂ ਪੱਲੇ ਪਸਾਰਦੇ ।

ਤਾਂ ਉਸ ਦਾ ਵਿੰਅਗਾਤਮਕ ਲਹਿਜਾ ਹੋਰ ਵੀ ਕਾਟਵਾਂ ਪਰ ਕੁਝ ਕੁਝ ਮਖੌਲੀਆ ਜਿਹਾ ਹੋ ਨਿਬੜਦਾ ਹੈ । ਪਰੰਤੂ ਕੀ ਤਖ਼ਤ ਸਿੰਘ ਆਪਣੀ ਪ੍ਰੇਮਕਾ ਪ੍ਰਤੀ ਕਿਸੇ ਸ਼ਿਅਰ ਵਿਚ ਸੁਹਿਰਦ ਤੇ ਗੰਭੀਰ ਵੀ ਪ੍ਰਤੀਤ ਹੁੰਦਾ ਹੈ ? ਇਸ ਦਾ ਉੱਤਰ ਨਿਮਨ-ਲਿਖਤ ਟੂਕਾਂ ਤੋਂ ਭਲੀ ਭਾਂਤ ਮਿਲ ਸਕਦਾ ਹੈ :

ਕਾਲੇ ਕਾਲੇ ਨੈਣ ਚਿਲਕਦੇ ਲਗਦੇ ਸਨ।
ਰਾਤੀਂ ਦੋ ਚਾਨਣ ਦੇ ਦਰਿਆ ਵਗਦੇ ਸਨ।

ਡਿੱਠਾ ਗੋਰਾ ਗੋਰਾ ਮੂੰਹ ਤਾਂ ਲੱਗਿਆ ਇਉਂ,
ਇੱਕੋ ਥਾਂ ਕਿੰਨੇ ਹੀ ਦੀਵੇ ਜਗਦੇ ਸਨ ।

ਨੈਣਾਂ ਵਿਚ ਮਾਰੀ ਸੀ ਡੂੰਘੀ ਝਾਤ ਅਸੀਂ,
ਲੋਏ ਲੋਏ ਕੱਟੀ ਸੀ ਇਉਂ ਰਾਤ ਅਸੀਂ।

ਉਪਰੋਕਤ ਦੋਵੇਂ ਭਾਂਤ ਦੇ ਸ਼ਿਆਰਾਂ ਦੇ ਆਧਾਰੀ ਗੁਣ ਦਾ ਜੇ ਠੀਕ ਠੀਕ ਵਿਸ਼ਲੇਸ਼ਣ ਕੀਤ ਜਾਏ ਤਾਂ ਇਹ ਸਿੱਟਾ ਕੱਢਣਾ ਗ਼ਲਤ ਨਹੀਂ ਹੋਏ ਗਾ ਕਿ ਤਖ਼ਤ ਸਿੰਘ ਨੇ ਸਿਰਜਣਤਾਮਕ ਸਤਹ ਤੇ ਕ੍ਰਿਆਸ਼ੀਲ ਰਹਿਣ ਲਈ ਵਿਅੰਗ ਅਤੇ ਗੰਭੀਰਤਾ ਦੋਹਾਂ ਦੁਆਰਾ ਇਸ਼ਕ ਨਾਲ ਸੰਬੰਧਿਤ ਪਸ਼ੂ ਬਿਰਤੀ ਦਾ ਉਦਾਤੀਕਰਣ ਕੀਤਾ ਹੈ । ਪਰ ਤਖ਼ਤ ਸਿੰਘ ਏਨਾ ਭੁੱਲਾ ਵੀ ਨਹੀਂ, ਉਸ ਨੂੰ ਪਤਾ ਹੈ :

ਬਦਨ ਬਦਨ ਦਾ ਤਿਹਾਇਆ ਸੀ, ਤਾਂ ਮੁਹੱਬਤ ਸੀ,
ਬੜਾ ਸ਼ਰਾਰਤੀ ਸੀ, ਸਭ ਲਹੂ ਦੀ ਇੱਲਤ ਸੀ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਤਖ਼ਤ ਸਿੰਘ ਦੇ ਸ਼ਿਆਰਾਂ ਵਿਚ ਓਸ ਦੀ ਕਲਾ ਕੁਸ਼ਲਤਾ ਇਕ ਅਜਿਹਾ ਰਸਾਇਣਕ ਅਮਲ ਹੋ ਨਿਬੜਦੀ ਹੈ ਜਿਸ ਦੁਆਰਾ ਉਸ ਦੀ ਸਿਰਜਣਾ ਵਿਚ ਵਧੇਰੇ ਕਰਕੇ ਪੇਂਡੂ ਬਿੰਬਾਂ ਦੇ ਖ਼ਮੀਰ ਰਾਹੀਂ ਹੀ ਰੂਪਾਂਤਰਣ ਹੁੰਦਾ ਹੈ, ਪਰੰਤੂ ਤਖ਼ਤ ਸਿੰਘ ਸਾਡੇ ਨਵੇਂ ਕਸਬਿਆਂ ਤੇ ਸ਼ਹਿਰਾਂ ਦੀ ਬੇਚੈਨੀ ਅਤੇ ਬੇਸਿਰ ਪੈਰ ਤੇਜ਼ਰਫ਼ਤਾਰੀ ਦੀ ਥਾਹ ਵੀ ਪਾਉਂਦਾ ਹੈ। ਤਖ਼ਤ ਸਿੰਘ ਦੀ ਗ਼ਜ਼ਲ ਦੀ ਵੱਡੀ ਖ਼ੂਬੀ ਇਹ ਹੈ ਕਿ ਇਸ ਵਿਚ ਤੇਜ਼ੀ ਨਾਲ ਬਦਲ ਰਿਹਾ ਪੰਜਾਬ ਦਾ ਜੀਵਨ ਤੇ ਮਾਨਸਿਕ ਚਿਤ੍ਰ-ਪਟ ਸਹਿਜ ਸੁਭਾਵਕਤਾ ਨਾਲ ਅੰਕਿਤ ਹੋਇਆ ਹੈ । ਇਹ ਕਵਿਤਾ ਰਵਾਇਤੀ ਇਸ਼ਕ ਜਾਂ ਵਾ-ਮਾਰੀ ਸ਼ਹੀਦੀ ਦੀ ਦਾਸਤਾਂ ਨਹੀਂ, ਸਗੋਂ ਛਿਣ ਛਿਣ ਮਰ ਮਿਟ ਰਹੇ ਤੇ ਜੀ ਜਾਗ ਰਹੇ ਆਧੁਨਿਕ ਮਨੁੱਖ ਦੀਆਂ ਮਾਨਸਿਕ ਗੁੰਝਲਾਂ ਅਤੇ ਇਕ ਨਿਰਾਰਥਕ ਹੋਂਦ ਵਿਚ ਦਿਸ਼ਾ ਤੇ ਅਰਥ ਲਈ ਉਸ ਦਾ ਤਰਲਾ ਹੈ । ਤਖ਼ਤ ਸਿੰਘ ਦੇ ਨਿਮਨਲਿਖਤ ਸ਼ਿਅਰ ਨਾ ਕੇਵਲ ਉਸ ਦੀ ਆਪਣੀ ਹੀ ਮਾਨਸਿਕ ਝੁੰਝਲਾਹਟ ਦੇ ਲਖਾਇਕ ਹਨ, ਸਗੋਂ ਸਮੁੱਚੀ ਮਨੁੱਖਤਾ ਦੇ ਦੁਖਾਂਤ ਦੇ ਸੂਚਕ ਵੀ ਹਨ :

ਇਸੇ ਬਲਾ ਦਾ ਇਸੇ ਕਹਿਰ ਦਾ ਤਾਂ ਰੋਣਾ ਸੀ,
ਪੁਲਾਂ ਬਿਨਾਂ ਅਸੀਂ ਅੱਗਾਂ ਤੋਂ ਪਾਰ ਹੋਣਾ ਸੀ।

ਪਈ ਹੈ ਮਨ 'ਚ ਜੋ ਗੁੰਝਲ ਜਹੀ, ਕਿਵੇਂ ਖੋਲ੍ਹਾਂ,
ਕਿ ਇਸ ਗੰਢ ਦਾ ਮੂਲੋਂ ਕਿਤੇ ਸਿਰਾ ਨਾ ਮਿਲੇ ।

ਲੋਚੇ ਕਿਰਨ ਦੀ ਲੀਕ ਹਨੇਰੇ ਤੇ ਮਾਰਨੀ,
ਫੂਹੀ ਕੁ ਜਿੰਦ ਕਿਹੜੀਆਂ ਵਹਿਣਾ 'ਚ ਵਹਿ ਗਈ ।

ਟੁੱਟੋ ਕਿਸੇ ਦਰੋਂ ਤਾਂ ਹੁੰਗਾਰੇ ਦੀ ਰੌਸ਼ਨੀ,
ਬੋਲਾ ਹੈ ਜਗ ਕਿ ਮੇਰੀਓ ਆਵਾਜ਼ ਬਹਿ ਗਈ ।

ਸੱਚੀ ਗੱਲ ਤਾਂ ਇਹ ਹੈ ਕਿ ਉਪਰੋਕਤ ਭਾਂਤ ਦੀਆਂ ਪਰਸਥਿਤੀਆਂ ਵਿਚ ਘਿਰ ਕੇ ਤਖ਼ਤ ਸਿੰਘ ਪੰਜਾਬੀ ਗ਼ਜ਼ਲ ਨੂੰ ਭਾਰਤੀ ਕਾਵਿ-ਧਾਰਾ ਦੇ ਪ੍ਰਸਿੱਧ ਕਾਵਿ ਰੂਪਾਂ ਦੋਹੇ ਤੇ ਸ਼ਲੋਕ ਵਰਗੀ ਗਹਿਰਾਈ, ਸੰਜਮ ਅਤੇ ਗੁੰਦਵੇਂ ਪ੍ਰਗਟਾਓ ਦੇ ਸਾਰੇ ਗੁਣ ਪ੍ਰਦਾਨ ਕਰਨ ਦਾ ਹਰ ਸੰਭਵ ਯਤਨ ਕਰਦਾ ਹੈ । ਅਜਿਹਾ ਕਰਨ ਦੀ ਉਸ ਵਿਚ ਲੋੜੀਂਦੀ ਕਲਾਤਮਕ ਯੋਗਤਾ ਵੀ ਹੈ। ਸਮੇਂ ਦੀਆਂ ਮੰਗਾਂ ਦੇ ਨਾਲ ਨਾਲ ਉਹ ਆਪਣੀ ਜ਼ਾਤ ਵਲ ਵੀ ਝਾਤ ਮਾਰਦਾ ਹੈ ਜਿਹੜੀ ਸੈਆਂ ਦੁੱਖਾਂ ਵਿਚ ਘਿਰੀ ਹੋਈ ਹੈ । ਅੰਤਰ-ਮੁਖੀ ਹੋਣ ਕਾਰਣ ਉਸ ਨੇ ਜਿਹੜੀ ਰਚਨਾਤਮਕ ਯਾਤਰਾ ਆਰੰਭੀ ਹੋਈ ਹੈ, ਇਸ ਦੀ ਅੰਤਿਮ ਮੰਜ਼ਿਲ ਉਸ ਦੀ ਆਪਣੀ ਹੀ ਨਿੱਜੀ ਹੋਂਦ ਹੈ । ਇਸ ਅੰਤਰ ਝਾਤ ਦੀ ਨੀਝ ਉਸ ਦੇ ਅੰਤਰੀਵ ਤੋਂ ਨਹੁੰ ਭਰ ਏਧਰ ਓਧਰ ਨਹੀਂ ਹੁੰਦੀ । ਵਿਅਕਤੀਗਤ ਗ਼ਜ਼ਲਾਂ ਦੇ ਮਾਧਿਅਮ ਦੁਆਰਾ ਉਸ ਨੇ ਸਾਹਿਤ ਦੇ ਨਵੇਂ ਦੁਮੇਲਾਂ ਨੂੰ ਜਾ ਹੱਥ ਪਾਇਆ ਹੈ ।

ਤਖ਼ਤ ਸਿੰਘ ਦੀ ਪੰਜਾਬੀ ਗ਼ਜ਼ਲ ਦੀ ਪ੍ਰਾਪਤੀ ਨੂੰ ਮੈਂ ਇਕ ਹੋਰ ਦਿਸ਼ਾ ਤੋਂ ਵੀ ਸਭਿਆਚਾਰਕ ਤੌਰ ਤੇ ਬੜੀ ਅਰਥ ਭਰਪੂਰ ਸਮਝਦਾ ਹਾਂ । ਉਹ ਇਹ ਕਿ ਪੰਜਾਬੀ ਆਤਮਾ ਦੇ ਧੁਰ ਅੰਦਰ ਪਏ ਹੋਏ ਇਕ ਪਾੜ ਨੂੰ ਮੇਟਣ ਲਈ ਇਹ ਇਕ ਰਾਹ ਵਿਖਾਉਂਦੀ ਹੈ। ਇਹ ਪਾੜ ਇਕ ਪਾਸੇ ਤਾਂ ਸਾਮੀ (ਸ਼ੲਮਟਿਚਿ) ਅਤੇ ਭਾਰਤੀ ਸਭਿਆਚਾਰਕ ਪਰੰਪਰਾਵਾਂ ਵਿਚਾਲੇ ਅਤੇ ਦੂਜੇ ਪਾਸੇ ਸੁਜਾਤ ਵਰਗ ਅਤੇ ਲੋਕ ਸਭਿਆਚਾਰ ਵਿਚਾਲੇ ਸਨ । ਗ਼ਜ਼ਲ ਮੂਲ ਰੂਪ ਵਿਚ ਸਾਮੀ ਕਾਵਿ ਰੂਪ ਹੈ ਜਿਸ ਨੂੰ ਇਸਲਾਮੀ ਭਾਰਤ ਨੇ ਹੀ ਸਵੀਕਾਰ ਕੀਤਾ ਸੀ । ਤਖ਼ਤ ਸਿੰਘ ਦੀ ਗ਼ਜ਼ਲ ਵਿਚ ਇਹ ਸਾਮੀ ਇਸਲਾਮੀ ਕਾਵਿ ਰੂਪ ਪੰਜਾਬੀ ਕਾਵਿ ਆਤਮਾ ਨੇ ਵੀ ਸਵੀਕਾਰਿਆ ਹੈ । ਦੂਜੇ ਗ਼ਜ਼ਲ ਆਮ ਤੌਰ ਤੇ ਉੱਚ ਵਰਗ ਦੀ ਸਾਧਨਾ ਅਤੇ ਕਲਾ ਭੋਗ ਦਾ ਵਿਸ਼ਾ ਸੀ। ਤਖ਼ਤ ਸਿੰਘ ਇਸ ਨੂੰ ਪੰਜਾਬੀ ਦੇ ਖੁਲ੍ਹੇ ਪਿੜ ਵਿਚ ਲੈ ਕੇ ਆਇਆ ਹੈ। ਮੈਨੂੰ ਪੂਰਣ ਵਿਸ਼ਵਾਸ ਹੈ ਕਿ ਕਾਫ਼ੀਆਂ ਤੇ ਢੋਲੇ ਗਾਉਂਦੇ ਪੰਜਾਬੀ ਵੀ ਇਸ ਦਾ ਰਸ ਮਾਣ ਸਕਣ ਗੇ ।

ਤਖ਼ਤ ਸਿੰਘ ਦੀ ਗ਼ਜ਼ਲ ਇਕ ਹੋਰ ਪੱਖੋਂ ਵੀ ਵਿਕਾਸ ਦੀ ਉਸ ਕ੍ਰਾਂਤੀਕਾਰੀ ਯਾਤਰਾ ਵਿਚ ਇਕ ਮਹੱਤਵਪੂਰਣ ਮੀਲ-ਪੱਥਰ ਦੀ ਹੈਸੀਅਤ ਰੱਖਦੀ ਹੈ ਜਿਸ ਨੇ ਮਨੁੱਖੀ ਚਿੰਤਨ ਦੀ ਲਗਭਗ ਹਰ ਪੂਰਵ-ਨਿਰਧਾਰਿਤ ਦਿਸ਼ਾ ਉਲਟਾ ਮਾਰੀ ਹੈ । ਤਖ਼ਤ ਸਿੰਘ ਦੀ ਗ਼ਜ਼ਲ ਨਾ ਤਾਂ ਜੀਵਨ ਦੀ ਨਿਰੋਲ ਵਿਆਖਿਆ ਤਕ ਆਪਣੇ ਆਪ ਨੂੰ ਸੀਮਿਤ ਰਖਦੀ ਹੈ ਅਤੇ ਨਾ ਕੇਵਲ ਇਸ ਦੇ ਹੂਬਹੂ ਉਤਾਰੇ ਦੇ ਕਰਤੱਵ ਨਿਭਾਉਂਦੀ ਹੈ, ਸਗੋਂ ਤਖ਼ਤ ਸਿੰਘ ਦੇ ਸਮੁੱਚੇ ਅਸਤਿਤਵ ਦੀ ਕਾਇਆ ਕਲਪ ਕਰ ਕੇ ਉਸ ਵਿਚ ਲੁਕੀਆਂ ਸੰਭਾਨਾਵਾਂ ਦੀਆਂ ਸਿੱਪੀਆਂ ਵਿਚ ਵਿਵੇਕ ਦੀ ਵਰਖਾ ਦੀਆਂ ਸਵਾਂਤ ਬੂੰਦਾਂ ਟਪਕਾ ਕੇ ਤਖ਼ਤ ਸਿੰਘ ਦੀ ਸਿਰਜਣਾਤਮਕ ਪ੍ਰਕ੍ਰਿਆ ਦੀ ਝੋਲੀ ਨੂੰ ਅਣਮੋਲ ਮੋਤੀਆਂ ਨਾਲ ਭਰ ਦੇਣ ਦੀ ਜ਼ਾਮਨੀ ਵੀ ਭਰਦੀ ਹੈ । ਤਖ਼ਤ ਸਿੰਘ ਨੂੰ ਜਿੱਥੇ ਆਪਣੀ ਨਿੱਜੀ ਵੇਦਨਾ ਦਾ ਬੜਾ ਤੀਖਣ ਅਹਿਸਾਸ ਹੈ, ਓਥੇ ਢਹਿੰਦੀ ਕਲਾ ਦੀ ਡੂੰਘੀ ਖਾਈ ਵਿੱਚੋਂ ਬਾਹਰ ਛਲਾਂਗ ਮਾਰ ਕੇ ਇਸ ਨੂੰ ਪ੍ਰਗਟਾਉਣ ਦਾ ਉਸ ਵਿਚ ਸ਼ੇਰ ਜੇਡਾ ਜੇਰਾ ਵੀ ਹੈ । ਉਹ ਜਿਹੜੇ ਵੀ ਕਾਲੇ ਸ਼ਬਦਾਂ ਨੂੰ ਆਪਣੇ ਮਨ ਦਾ ਨਿੱਘ ਬਖ਼ਸ਼ਦਾ ਹੈ, ਉਨ੍ਹਾਂ ਵਿੱਚੋਂ ਇਕ ਵਿਚਿੱਤਰ ਪ੍ਰਕਾਰ ਦੀ ਰੌਸ਼ਨੀ ਫੁੱਟਣ ਲਗਦੀ ਹੈ । ਇਹ ਰੌਸ਼ਨੀ ਜਦੋਂ ਪਾਠਕ ਨੂੰ ਹੀ ਆਪਣੀ ਲਪੇਟ ਵਿਚ ਲੈਂਦੀ ਹੈ ਤਾਂ ਉਸ ਨੂੰ ਆਪਣੀ ਆਤਮਾ ਉਦਾਲੇ ਅਜੀਬ ਅਜੀਬ ਅਰਥਾਂ ਦੀਆਂ ਲਿਸ਼ਕਾਂ ਮਾਰਦਾ ਪ੍ਰਕਾਸ਼ ਕੁੰਡਲ ਦਿਸਣ ਲੱਗ ਪੈਂਦਾ ਹੈ । ਤਖ਼ਤ ਸਿੰਘ ਦੀ ਗ਼ਜ਼ਲ ਨਾ ਤਾਂ ਵਿਦਮਾਨ ਤੋਂ ਆਪਣੇ ਸਾਰੇ ਸੰਬੰਧ ਤੋੜ ਕੇ ਦਿਸਦੇ ਸੰਸਾਰ ਤੋਂ ਪਰ੍ਹਾਂ ਦੇ ਵਿਚਾਰਾਂ ਨਾਲ ਆਪਣਾ ਨਾਤਾ ਜੋੜਦੀ ਹੈ, ਨਾ ਹੀ ਅਮੂਰਤ ਵਿਸ਼ਿਆਂ ਦੇ ਗਿਆਨ ਨਾਲ ਰਿਸ਼ਤਾ ਤਿਆਗ ਕੇ ਨਿਕਟਤਮ ਯਥਾਰਥ ਨਾਲ ਭਾਈਬੰਦੀ ਪਾਉਂਦੀ ਹੈ, ਬਲਕਿ ਉਹ ਤਤਕਾਲਿਕ ਯਥਾਰਥ ਨਾਲ ਗੁੱਥਮ ਗੁੱਥਾ ਹੁੰਦੀ ਹੋਈ ਜ਼ਾਤ ਦੀ ਅਸੀਮ ਤੇ ਅਨੰਤ ਵਿਸ਼ਾਲਤਾ ਨਾਲ ਇਕ ਸੁਰ ਹੋ ਕੇ ਦਿਸਦੇ ਸੰਸਾਰ ਤੋਂ ਪਰ੍ਹਾਂ ਦੇ ਧੁੰਦ ਗ਼ੁਬਾਰੇ ਦਾ ਵੀ ਕੋਨਾ ਕੋਨਾ ਫੋਲ ਮਾਰਦੀ ਹੈ । ਇਸ ਵਿਚ ਜ਼ਿੰਦਗੀ ਤੇ ਕਾਇਨਾਤ ਦੇ ਸੁਰਮੇਲ ਦੀ ਜਿਹੜੀ ਝਲਕ ਮਿਲਦੀ ਹੈ, ਉਸ ਦੀ ਕੀਮਿਆਗਰੀ ਦੁਆਰਾ ਤਖ਼ਤ ਸਿੰਘ ਦੇ ਕਾਵਿ-ਅਸਤਿਤਵ ਦਾ ਤਤ-ਪਰਿਵਰਤਨ ਕੁਝ ਅਜਿਹੇ ਢੰਗ ਨਾਲ ਹੁੰਦਾ ਹੈ ਕਿ ਉਹ ਹੌਲਾ ਫੁੱਲ ਹੋਇਆ ਅੱਕ ਦੇ ਫੰਬੇ ਵਾਂਗ ਉੱਪਰ ਹੀ ਉੱਪਰ ਉਡਦਾ ਪ੍ਰਤੀਤ ਹੁੰਦਾ ਹੈ । ਉਪਰੋਕਤ ਕਸੌਟੀ ਤੇ ਪੂਰੇ ਉਤਰਨ ਵਾਲੇ ਕੁਝ ਨਮੂਨੇ ਦੇ ਸ਼ੇਅਰ ਹਾਜ਼ਰ ਹਨ :

ਏਦਾਂ ਉਡਾ ਕੇ ਲੈ ਗਈ ਅੱਗੇ ਵਧਣ ਦੀ ਰੀਝ,
ਤਕਦੀ ਹਵਾ ਵੀ ਮੇਰਿਆਂ ਪੈਰਾਂ ਨੂੰ ਰਹਿ ਗਈ ।

ਸੂਰਜ ਕਿਹਾ ਸੀ ਇਹ ਤਾਂ ਉਹ ਮੱਛੀ ਸੀ ਅੱਗ ਦੀ,
ਦਿੱਤਾ ਜਿਦ੍ਹੇ ਪਰਾਂ ਨੇ ਹਨੇਰੇ ਦਾ ਜਾਲ, ਜਾਲ ।

ਮਨਾਂ 'ਚੋਂ ਚੋਰੀਓਂ ਲੰਘਣ ਜੋ ਗੁਪਤ ਪਗਡੰਡੀਆਂ,
ਅਸਾਡੀ ਸੂਝ ਦੀ ਹੱਦੋਂ ਕਿਤੇ ਅਗੇਰੇ ਨੇ।

ਨਿਰਸੰਦੇਹ ਤਖ਼ਤ ਸਿੰਘ ਦੀ ਗ਼ਜ਼ਲ ਆਧੁਨਿਕਤਾ ਦੇ ਸੰਦਰਭ ਵਿਚ ਅਨੁਭਵ ਨੂੰ ਸਪੂਰਣਤਾ ਪ੍ਰਦਾਨ ਕਰ ਕੇ ਅਜੋਕੀ ਯੁਗ ਚੇਤਨਾ ਦੀ ਯੋਗ ਭਾਂਤ ਪ੍ਰਤਿਨਿਧਤਾ ਕਰਦੀ ਹੈ । ਤਖ਼ਤ ਸਿੰਘ ਦੀ ਗ਼ਜ਼ਲ ਕਿਸੇ ਵਿਸ਼ੇਸ਼ ਪ੍ਰਕ੍ਰਿਆ ਤੇ ਸੀਮਿਤ ਪ੍ਰਸੰਗ ਦੀ ਬੰਦੀਵਾਨ ਨਹੀਂ। ਤਖ਼ਤ ਸਿੰਘ ਦੀ ਗ਼ਜ਼ਲ ਦਾ ਬੂਹਾ ਹਰ ਉਸ ਵਿਚਾਰਧਾਰਾ ਲਈ ਖੁਲ੍ਹਾ ਹੈ । ਜਿਹੜੀ ਇਸ ਵਿਚ ਪ੍ਰਵੇਸ਼ ਕਰ ਕੇ ਆਪਣੀ ਪੁਰਾਣੀ ਕੁੰਜ ਉਤਾਰਨ ਦੀ ਚਾਹਵਾਨ ਹੋਵੇ । ਹਰ ਉਸ ਪਾਠਕ ਲਈ ਜਿਸ ਦੇ ਸੁਹਜ ਸਵਾਦ ਨੂੰ ਬੇਸੁਆਦੀ ਦਾ ਜੰਗਾਲ ਲਗ ਚੁੱਕਾ ਹੋਵੇ, ਤਖ਼ਤ ਸਿੰਘ ਦੀ ਗ਼ਜ਼ਲ ਰੇਗਮਾਰ ਦਾ ਕੰਮ ਦੇ ਸਕਦੀ ਹੈ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰਿੰਸੀਪਲ ਤਖ਼ਤ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ