Dr. Faqeer Muhammad Faqeer
ਡਾ. ਫ਼ਕੀਰ ਮੁਹੰਮਦ 'ਫ਼ਕੀਰ'
ਡਾ. ਫ਼ਕੀਰ ਮੁਹੰਮਦ 'ਫ਼ਕੀਰ' (੧੯੦੦-੧੯੭੪) ਦਾ ਜਨਮ ਗੁਜਰਾਂਵਾਲਾ (ਪੰਜਾਬ) ਵਿਚ ਹੋਇਆ । ਉਹ ਹਕੀਮਾਂ ਦੇ ਖ਼ਾਨਦਾਨ ਵਿਚ ਪੈਦਾ ਹੋਏ ।
ਉਨ੍ਹਾਂ ਨੇ ੧੯੨੩ ਵਿਚ ਹੋਮੀਓਪੈਥੀ ਵਿਚ ਡਿਪਲੋਮਾ ਹਾਸਿਲ ਕੀਤਾ । ਕੁਝ ਦੇਰ ਉਨ੍ਹਾਂ ਡਾਕਟਰੀ ਕੀਤੀ ਤੇ ਫਿਰ ਆਪਣੇ ਰੁਹਾਨੀ ਗੁਰੂ ਅਬਦੱਲ੍ਹਾ ਕਾਦਿਰੀ 'ਗੁਜਰਾਂਵਾਲਾ'
ਦੇ ਕਹਿਣ ਤੇ ਕੰਟਰੈਕਟਰ ਬਣ ਗਏ । ਉਨ੍ਹਾਂ ਦੀ ਪਹਿਲੀ ਕਾਵਿ-ਰਚਨਾ ‘ਸਦਾ-ਏ-ਫ਼ਕੀਰ' ੧੯੨੪ ਵਿਚ ਛਪੀ । ਪੰਜਾਬ ਯੂਨੀਵਰਸਿਟੀ ਨੇ ੧੯੫੨ ਵਿਚ ਉਨ੍ਹਾਂ ਦੀ ਰਚਨਾ
'ਮਵਾਤੇ' ਲਈ ਉਨ੍ਹਾਂ ਨੂੰ ਸਨਮਾਨਿਆ । ਉਨ੍ਹਾਂ ਨੇ ਅਨੁਵਾਦ ਦਾ ਕੰਮ ਵੀ ਕੀਤਾ । ਫ਼ਕੀਰ ਸਾਹਿਬ ਹੋਰਾਂ ਨੇ ਪੰਜਾਬੀ ਵਿਚ ਗ਼ਜ਼ਲਾਂ, ਰੁਬਾਈਆਂ, ਦੋ ਮਿਸਰੇ, ਕਤਏ ਤੇ ਦੋਹੜੇ
ਲਿਖੇ ਹਨ । ਉਨ੍ਹਾਂ ਦੀਆਂ ਰੁਬਾਈਆਂ ਦੀ ਕਿਤਾਬ ੧੯੪੬ ਵਿਚ "ਨੀਲੇ ਤਾਰੇ" ਦੇ ਨਾਂ ਹੇਠ ਤੇ ਫੇਰ ਇਹ ਕਿਤਾਬ "ਰੁਬਾਈਆਤੇ ਫ਼ਕੀਰ" ਦੇ ਨਾਂ ਹੇਠ ਵੀ ਛਾਪੀ ਗਈ । ਪੰਜਾਬੀ ਦੇ
ਮਸ਼ਹੂਰ ਗ਼ਜ਼ਲਗੋ ਨੂਰ ਮੁਹੰਮਦ 'ਨੂਰ' ਹੋਰਾਂ ਨੇ 'ਕਲਾਮ-ਏ-ਫ਼ਕੀਰ' ਦੇ ਨਾਂ ਹੇਠ ਉਨ੍ਹਾਂ ਦੀ ਚੋਣਵੀਂ ਰਚਨਾ ਨੂੰ ਸੰਪਾਦਿਤ ਅਤੇ ਲਿੱਪੀਅੰਤਰ ਕੀਤਾ ਹੈ । ਉਨ੍ਹਾਂ ਦੀਆਂ ਛਪੀਆਂ ਹਨ :
ਕਿਤਾਬਾਂ-ਪਾਟੇ ਗਲਮੇ (ਪੰਜਾਬੀ ਸ਼ਾਇਰੀ), ਮੁਆਤੇ (ਪੰਜਾਬੀ ਸ਼ਾਇਰੀ), ਸਤਾਰਾਂ ਦਿਨ (ਪੰਜਾਬੀ ਸ਼ਾਇਰੀ), ਸਦਾਏ ਫ਼ਕੀਰ (ਪੰਜਾਬੀ ਸ਼ਾਇਰੀ), ਕਲਾਮੇ ਫ਼ਕੀਰ (ਪੰਜਾਬੀ ਸ਼ਾਇਰੀ),
ਆਖ਼ਰੀ ਨਬੀ (ਨਾਅਤੀਆ ਸ਼ਾਇਰੀ)।