Punjabi Ghazlan : Dr Faqeer Muhammad Faqeer

ਪੰਜਾਬੀ ਗ਼ਜ਼ਲਾਂ : ਡਾ. ਫ਼ਕੀਰ ਮੁਹੰਮਦ 'ਫ਼ਕੀਰ'

101. ਯਾਰਾਂ ਬਾਝ ਸੁਹਾਂਦੀ ਨਾਹੀਂ ਲੱਗੀ ਮਹਫ਼ਿਲ ਯਾਰਾਂ ਦੀ

ਯਾਰਾਂ ਬਾਝ ਸੁਹਾਂਦੀ ਨਾਹੀਂ ਲੱਗੀ ਮਹਫ਼ਿਲ ਯਾਰਾਂ ਦੀ।
ਹਸਦੀ ਬਾਝ ਬਹਾਰਾਂ ਦੇ ਨਾ ਰੁੱਤ ਖਿੜੀ ਗੁਲਜ਼ਾਰਾਂ ਦੀ।

ਲੱਭਣ ਹਾਰ-ਸ਼ਿੰਗਾਰ ਨਾ ਉਹਦੀਆਂ ਜ਼ੁਲਫ਼ਾਂ ਦੇ ਪ੍ਰਛਾਵੇਂ ਕਿਉਂ,
ਰੂਪ ਜਿਹਦੇ ਬਿਨ ਇੱਜ਼ਤ-ਪੱਤ ਨਾ ਰਹਿੰਦੀ ਹਾਰ-ਸ਼ਿੰਗਾਰਾਂ ਦੀ।

ਦਿਲ ਪਾਗਲ ਵੀ ਓਸੇ ਕੋਲੋਂ ਗੱਲਾਂ ਕਰਨੀਆਂ ਸਿੱਖੇਗਾ,
ਜਾਂਚ ਜੀਹਦੇ ਕੋਲੋਂ ਸੀ ਸਿੱਖੀ ਝਾਂਜਰ ਨੇ ਛਣਕਾਰਾਂ ਦੀ।

ਨਾਲ ਦੁਆਵਾਂ ਦਾਰੂ ਜਾਂਦੇ ਰੋਗ ਨਾ ਹਿਜਰ ਵਰਾਗਾਂ ਦੇ,
ਬੀਮਾਰੀ ਏ ਸਿਹਤ ਹੁੰਦੀ ਇਸ਼ਕ ਦਿਆਂ ਬੀਮਾਰਾਂ ਦੀ।

ਪੱਜ ਆਪੇ ਕੋਈ ਸਰਕਾਰਾਂ ਪਾਉਣਾ ਏ ਠੰਡਾਂ ਪਾਵਣ ਦਾ,
ਸੁਣਦੇ ਆਂ ਅੱਜ ਕੱਲ ਏ ਤੱਤੀ ਤਬਾਅ ਬੜੀ ਸਰਕਾਰਾਂ ਦੀ।

ਆਪੋ ਅਪਣੀ ਆਦਤ ਦੇਖੀ ਇਸ਼ਕ ਦੀਆਂ ਵਿਚ ਖੇਡਾਂ ਦੇ,
ਮਨਸੂਰਾਂ ਨੂੰ ਦਾਰਾਂ ਦੀ ਤੇ ਸਰਮਦਾਂ ਨੂੰ ਤਲਵਾਰਾਂ ਦੀ।

ਬਾਗ਼ਾਂ ਵਿਚ ਨਾ ਸ਼ਾਲਾ ! ਵੇਖਣ ਫੁੱਲ ਵਸੇਬਾ ਖ਼ਾਰਾਂ ਦਾ,
ਸੁੱਖਾਂ ਦਾ ਜਗ ਵਸਦਾ ਵੇਖੇ ਨਾ ਦੁਨੀਆਂ ਦੁਖਿਆਰਾਂ ਦੀ।

ਮਕਸਦ ਦੀ ਮੰਜ਼ਿਲ ਲਈ ਦੋਵੇਂ ਟੁਰਦੇ ਸਾਂਝੀ ਟੋਰੇ ਨੇ,
ਮੁਖ਼ਤਾਰੀ ਮਜਬੂਰਾਂ ਦੀ ਤੇ ਮਜਬੂਰੀ ਮੁਖ਼ਤਾਰਾਂ ਦੀ।

ਖ਼ੁਸ਼ੀਆਂ ਨਾਲ ਨਾ ਨਿਭਦੇ ਦੇਖੇ ਵਾਰ ਕਦੀ ਵੀ ਸ਼ਾਦੀ ਦੇ,
ਨਾਲ ਗ਼ਮਾਂ ਨਾ ਨਿਭਦੀ ਦੇਖੀ ਗ਼ਮਖ਼ਾਰੀ ਗ਼ਮਖ਼ਾਰਾਂ ਦੀ।

ਰਾਹਵਾਂ ਸਿੱਧੀਆਂ ਨੂੰ ਨਾ ਰੁਲਦੇ ਮੋੜ ਕਦੀ ਵੀ ਮੋੜਾਂ ਦੇ,
ਰੀਸ 'ਫ਼ਕੀਰ' ਨਾ ਕਰ ਸਕਦੇ ਨੇ ਪੈਦਲ ਕਦੀ ਸਵਾਰਾਂ ਦੀ।

102. ਐਵੇਂ ਪਏ ਕਰੀਏ ਗਿਲਾ ਯਾਰ ਦਾ ਕੀ

ਐਵੇਂ ਪਏ ਕਰੀਏ ਗਿਲਾ ਯਾਰ ਦਾ ਕੀ,
ਕੀ ਉਸ ਨਾਲ ਸਾਡੇ ਨਹੀਂ ਵਫ਼ਾ ਕੀਤੀ।
ਸਾਡੇ ਜਿਹੇ ਵੀ ਲੱਭਿਆਂ ਘੱਟ ਲੱਭਣ,
ਉਹਨੇ ਨਾਲ ਜਿਨ੍ਹਾਂ ਦੇ ਜਫ਼ਾ ਕੀਤੀ।

ਸਾਡੇ ਦਿਲ ਜਦ ਪਿਛਲੀ ਕੋਈ ਪਰਤ ਖੋਲ੍ਹੀ,
ਉਹਦੀ ਨਜ਼ਰ ਨੇ ਗੰਢ ਕੋਈ ਹੋਰ ਮਾਰੀ,
ਅਸਾਂ ਰੋਜ਼ ਈ ਕੋਈ ਨਵੀਂ ਸੋਚ ਸੋਚੀ,
ਉਸ ਨੇ ਰੋਜ਼ ਕੋਈ ਨਵੀਂ ਅਦਾ ਕੀਤੀ।

ਚਾਲਾਂ ਚੱਲਦੇ ਰਹੇ ਅਸੀਂ ਉਮਰ ਸਾਰੀ,
ਨਾਲ ਉਨ੍ਹਾਂ ਦੇ ਗੱਲ ਚਲਾਉਣ ਦੇ ਲਈ,
ਉਸ ਨੇ ਜਦੋਂ ਗੁੱਸੇ ਹੋਣਾ ਬੰਦ ਕੀਤਾ,
ਅਸਾਂ ਜਾਣ ਕੇ ਨਵੀਂ ਖ਼ਤਾ ਕੀਤੀ।

ਨਾ ਹੁਣ ਚੁੱਪ ਉਹਦੀ ਅਟਕਾਂ ਪਾਂਵਦੀ ਏ,
ਨਾ ਕੋਈ ਰੋਕ ਪਾਉਂਦੀ ਏ ਹਿਆ ਉਹਦੀ,
ਉਹਦੀਆਂ ਸੈਨਤਾਂ ਦੇ ਮਤਲਬ ਸਮਝਣਾ ਮੈਂ,
ਉਹਦੀ ਨਜ਼ਰ ਦਿਲ ਤੇ ਉਹ ਜਲਾ ਕੀਤੀ।

ਦੇਖੋ ਗੱਲ ਬਰਾਤ ਸੀ ਰੱਬ ਵੱਲੋਂ,
ਬਣ ਗਈ ਪੱਜ ਸਾਡੇ ਮਿਲਾਪ ਦਾ ਉਹ,
ਸਾਡੇ ਨਾਲ ਉਨ੍ਹਾਂ ਨੂੰ ਲੜਾਉਣ ਦੀ ਸੀ,
ਗੱਲ ਯਾਰਾਂ ਨੇ ਆਪ ਬਣਾ ਕੀਤੀ।

ਭੈੜ ਨੀਤੇ ਪੁੱਠੀਆਂ ਪਾਉਣ ਜਦ ਵੀ,
ਸਾਫ਼ ਦਿਲਾਂ ਲਈ ਸਿੱਧੀਆਂ ਪੈਂਦੀਆਂ ਨੇ,
ਅਸੀਂ ਸਮਝਿਆ ਦਿਲੋਂ ਰੁਆ ਉਹਨੂੰ,
ਜਿਹੜੀ ਗੱਲ ਉਨ੍ਹਾਂ ਨਾ ਰੁਆ ਕੀਤੀ।

ਆਉਂਦੀ ਸਮਝ ਮੈਨੂੰ ਨਹੀਂ ਵਿੱਚ ਇਹਦੇ,
ਹੋਇਆ ਯਾਰ ਏ ਮੈਥੋਂ ਗੁਨਾਹ ਕਿਹੜਾ,
ਯਾਰਾਂ ਤੇਰਿਆਂ ਨਾਲ ਜੇ ਕਦੀ ਕੋਈ,
ਤੇਰੇ ਮੁਖ ਦੀ ਗੱਲ ਦੁਹਰਾ ਕੀਤੀ।

ਇਹ ਤਹਿਕੀਕ ਪੁਰਾਣੀ ਏਂ ਹਾਜ਼ਕਾਂ ਦੀ,
ਇਸ਼ਕ ਰੋਗ ਵੀ ਏ ਤੇ ਤਬੀਬ ਵੀ ਏ,
ਨਾ ਕੋਈ ਕਰਨੀ ਏਂ ਅਸਾਂ ਦਵਾ ਇਹਦੀ,
ਨਾ ਕੋਈ ਅਸਾਂ ਏ ਇਹਦੀ ਦਵਾ ਕੀਤੀ।

ਐਵੇਂ ਅੱਜ ਬਹਾਰ ਦੇ ਬੱਦਲਾਂ ਨੂੰ,
ਪੈਣ ਸੁਬਹੇ ਪਏ ਕਾਲੀਆਂ ਨਾਗਣਾਂ ਦੇ,
ਅਸਾਂ ਅਪਣੇ ਵਸ ਵੀ ਬੜੀ ਵਾਰੀ,
ਉਹਦੀ ਜ਼ੁਲਫ਼ ਦੀ ਕਾਲੀ ਬਲਾ ਕੀਤੀ।

ਕੀਕਣ ਚੁੱਕਿਆ ਓਸ 'ਫ਼ਕੀਰ' ਉਹਨੂੰ,
ਜੀਹਦੇ ਲਈ ਸੂਲੀ ਤੇ ਮਨਸੂਰ ਚੜ੍ਹਿਆ,
ਸਾਨੂੰ ਯਾਦ ਵੀ ਨਾ ਉਨ੍ਹਾਂ ਕਦੀ ਕੀਤਾ,
ਅਸਾਂ ਜਿਨ੍ਹਾਂ ਤੋਂ ਜਾਨ ਫ਼ਿਦਾ ਕੀਤੀ।

103. ਭੁੱਲੀ ਵੇਖ ਕਲੀਆਂ ਫੁੱਲ ਐਵੇਂ ਬੁਲਬੁਲ

ਭੁੱਲੀ ਵੇਖ ਕਲੀਆਂ ਫੁੱਲ ਐਵੇਂ ਬੁਲਬੁਲ,
ਨਾਲੇ ਜਾਨ ਵੀ ਫਸੀ ਕਿਥਾਂ ਮੇਰੀ।
ਬਾਗ਼ ਨਾਲ ਮੇਰਾ ਕਿਹਾ ਵਾਸਤਾ ਏ,
ਨਾ ਬਹਾਰ ਮੇਰੀ ਨਾ ਖ਼ਿਜ਼ਾਂ ਮੇਰੀ।

ਖ਼ਵਰੇ ਕਿਹੜੇ ਕਸੂਰ ਤੋਂ ਛੱਡਿਆ ਨਾ,
ਮੈਨੂੰ ਕਿਤੇ ਤੂੰ ਬਹਿਣ ਖਲੋਣ ਜੋਗਾ,
ਨਾ ਕੋਈ ਤੇਰੇ ਅਸਮਾਨ ਤੇ ਥਾਂ ਮੇਰੀ,
ਨਾ ਕੋਈ ਤੇਰੀ ਜ਼ਮੀਨ ਤੇ ਥਾਂ ਮੇਰੀ।

ਰਸਤਾ ਅਜ਼ਲ ਜੇ ਏਸ ਜਹਾਨ ਦਾ ਸੀ,
ਇਹ ਜਹਾਨ ਸਿੱਧਾ ਰਸਤਾ ਅਬਦ ਦਾ ਸੀ,
ਉਹ ਵੀ ਚਾਰ ਦਿਨ ਦੀ ਸੀ ਸਰਾਂ ਮੇਰੀ,
ਇਹ ਵੀ ਚਾਰ ਦਿਨ ਦੀ ਏ ਸਰਾਂ ਮੇਰੀ।

ਤੇਰੀ ਅਮਰ ਰਜ਼ਾ ਦੀ ਖੇਡ ਸੀ ਇਹ,
ਮੈਂ ਕੀ ਲਿਆ ਤੇਰੀ ਇਸ ਖੇਡ ਵਿੱਚੋਂ,
ਮੇਰੇ ਹੋਣ ਨਾ ਹੋਣ ਦੇ ਨਾਲ ਡਾਢੀ,
ਰੋਲੀ ਜ਼ਿੰਦਗੀ ਤੇਰੇ ਨਿਆਂ ਮੇਰੀ।

ਵੇਲ੍ਹ ਕਦੋਂ ਦਿੱਤੀ ਹਾਵਾਂ ਹੌਕਿਆਂ ਨੇ,
ਦਰਦਾਂ ਕਦੋਂ ਦਿਲ ਨੂੰ ਚੈਨ ਲੈਣ ਦਿੱਤਾ,
ਰੀਝਾਂ ਕਦੋਂ ਲਾਹੀਆਂ ਸ਼ੋਕਾਂ ਮੇਰਿਆਂ ਨੇ,
ਮਾਨੀ ਕਦੋਂ ਦਿਲ ਦੇ ਚਾਵਾਂ ਛਾਂ ਮੇਰੀ।

ਹੱਥ ਮੌਤ ਦਾ ਕਰਨ ਲਈ ਨਾਲ ਮੇਰੇ,
ਦੇ ਕੇ ਜ਼ਿੰਦਗੀ ਬਰਜ਼ਖ਼ੋਂ ਟੋਰਿਉਂ ਈ,
ਉੱਥੇ ਸੁੱਟਣ ਦੀ ਹੁਣ ਪਿਆ ਸੋਚਨਾ ਏਂ,
ਜਿੱਥੋਂ ਹੱਡੀ ਲਿਆਵੇ ਨਾ ਕਾਂ ਕੋਈ।

ਐਸੇ ਪੇਚ ਮਰੋੜ ਵਿਛੋੜਿਆਂ ਦੇ,
ਵਿਚ ਹਿਜਰ ਸਿਕੰਜੇ ਦੇ ਕਸਿਆ ਈ,
ਕਸੀ ਗਈ ਇੱਥੇ ਮੈਥੋਂ ਕਦੀ ਵੀ ਨਾ,
ਉਜੜੀ ਜ਼ਿੰਦਗੀ ਦੀ ਢਲੀ ਲਾਂ ਮੇਰੀ।

ਧਰਤੀ ਡੈਨ ਮੇਰੀ ਮਾਂ ਬਨਾਉਣ ਲੱਗਾ,
ਮੈਨੂੰ ਏਸਦਾ ਅਸਲ ਤੇ ਦੱਸ ਦਿੰਦਾ,
ਦੋ ਦਿਨ ਕੁੱਛੜ ਖਿਡਾ ਕੇ ਨਾਲ ਚਾਵਾਂ,
ਸੀ ਜੇ ਮੂੰਹ ਪਾਣਾ ਮੈਨੂੰ ਮਾਂ ਮੇਰੀ।

ਥੋੜੇ ਸਨ ਮੈਥੋਂ ਪਹਿਲਾਂ ਵਿੱਚੋਂ ਖ਼ਲਕਤ,
ਹੂਰਾਂ ਮਲਿਕ ਗ਼ਲਮਾਨ ਇਬਾਦਤਾਂ ਲਈ,
ਦੇਣੇ ਦਰਦ ਵਿਛੋੜੇ ਦੇ ਸਨ ਮੈਨੂੰ,
ਲੋੜ ਪਈ ਹਜ਼ੂਰ ਨੂੰ ਤਾਂ ਮੇਰੀ।

ਰੱਦੇ ਹੋਏ ਸ਼ੈਤਾਨ ਨੂੰ ਹਸ਼ਰ ਤੀਕਰ,
ਮੇਰੇ ਮਗਰ ਜਹਾਨ ਵਿਚ ਟੋਰਿਉਂ ਈ,
ਜੰਨਤ ਵਿਚ ਇਕ ਹੋਈ ਸੀ ਭੁੱਲ ਜਿਹੜੀ,
ਗ਼ਲਤੀ ਨਾ ਲਾਉਂਦੇ ਮੇਰੇ ਨਾਂ ਮੇਰੀ।

ਦੁਨੀਆਂ ਵਿਚ ਤੇਰੀਆਂ ਇਨ੍ਹਾਂ ਕੀਤੀਆਂ ਦਾ,
ਮੈਂ ਨਾ ਕਦੀ ਵੀ ਗਿਲਾ 'ਫ਼ਕੀਰ' ਕਰਦਾ,
ਜੇਕਰ ਜ਼ਿੰਦਗੀ ਦੇ ਗੋਰਖ ਧੰਦਿਆਂ ਤੋਂ,
ਕਰਾ ਲੈਂਦਿਉਂ ਪਹਿਲਾਂ ਹਾਂ ਮੇਰੀ।

104. ਮੈਂ ਤੇ ਸੀ ਦੋ-ਚਾਰ ਦਿਨ ਦੀ ਖੇਡ ਜਾਤੀ ਜ਼ਿੰਦਗੀ

ਮੈਂ ਤੇ ਸੀ ਦੋ-ਚਾਰ ਦਿਨ ਦੀ ਖੇਡ ਜਾਤੀ ਜ਼ਿੰਦਗੀ।
ਸੁੱਖ ਦੇ ਕੱਖਾਂ ਲਈ ਨਿਕਲੀ ਏ ਦਾਤੀ ਜ਼ਿੰਦਗੀ।

ਲੱਕ ਕੁੱਬਾ ਦੇਖ ਕੇ ਇਹਦਾ ਖ਼ਿਆਲੋਂ ਹੱਸਦਾਂ,
ਕੱਢ ਕੇ ਟੁਰਦੀ ਏ ਜਿਸ ਦਮ ਪਾਰ ਛਾਤੀ ਜ਼ਿੰਦਗੀ।

ਖੁੱਲੀਆਂ ਅੱਖਾਂ ਵੀ ਇਹਦੀਆਂ ਦਿਸਦੀਆਂ ਨੇ ਮੀਟੀਆਂ,
ਜ਼ਿੰਦਗੀ ਦੀ ਬਾਰੀਉਂ ਮਾਰੇ ਜਾਂ ਝਾਤੀ ਜ਼ਿੰਦਗੀ।

ਹੁੰਦੀ ਏ ਨਾ ਹੋਣ ਵਾਂਗੂੰ ਆਉਂਦੀ ਏ ਨਾ ਆਉਣ ਜਿਹੀ,
ਗਈ ਗਵਾਤੀ ਜ਼ਿੰਦਗੀ ਏ ਗਈ ਗਵਾਤੀ ਜ਼ਿੰਦਗੀ।

ਜਾਨ ਦੇ ਬਹਿੰਦਾ ਏ ਬੰਦਾ ਲੱਭਦਾ ਕੁਝ ਏਸ ਥੀਂ,
ਬੇਬਰਾਤੀ ਜ਼ਿੰਦਗੀ ਏ ਬੇਬਰਾਤੀ ਜ਼ਿੰਦਗੀ।

ਸਮਝਿਆ ਮੈਂ ਇਹ ਨਹੀਂ ਏਸ ਸਮਝਿਆ ਇਹ ਮੈਂ ਨਹੀਂ
ਜ਼ਿੰਦਗੀ ਮੈਨੂੰ ਸੁਝਾਤਾ ਮੈਂ ਸੁਝਾਤੀ ਜ਼ਿੰਦਗੀ।

ਜਿਉਂਦਿਆਂ ਜੀ ਜਿਉਂਦਿਆਂ ਦੀ ਰੱਖ ਲਈ ਲੱਜ ਓਸ ਨੇ,
ਜ਼ਿੰਦਗੀ ਵਿਚ ਜਿਸ ਕਿਸੇ ਨੇ ਵੀ ਪਛਾਤੀ ਜ਼ਿੰਦਗੀ।

ਭੁੱਲਦੀ ਏ ਕੁੱਲ ਚਾਲੇ ਉਮਰ ਦੀ ਸ਼ਤਰੰਜ ਦੇ,
ਮੌਤ ਦੀ ਸ਼ਹਿ ਤੋਂ ਜਦੋਂ ਖਾਂਦੀ ਏ ਮਾਤੀ ਜ਼ਿੰਦਗੀ।

ਕੋਲ ਹੁੰਦੇ ਜਿਉਂਦਿਆਂ ਜੀ ਰਹਿਣ ਨਹੀਂ ਦਿੰਦੀ 'ਫ਼ਕੀਰ',
ਜ਼ਿੰਦਗੀ ਵਿਚ ਕਰਦੀ ਏ ਡਾਢੀ ਨਕਾਤੀ ਜ਼ਿੰਦਗੀ।

105. ਨਿਕਲ ਸਕੀ ਨਾ ਦਿਲੀ ਸੱਧਰ ਮੇਰੀ ਤਹਿਰੀਰ ਦੀ

ਨਿਕਲ ਸਕੀ ਨਾ ਦਿਲੀ ਸੱਧਰ ਮੇਰੀ ਤਹਿਰੀਰ ਦੀ।
ਅੱਖ ਤੇ ਸੀ ਨਜ਼ਰ ਪਰ ਨਹੀਂ ਸੀ ਉਹਦੀ ਤਸਵੀਰ ਦੀ।

ਕਿਉਂ ਗਿਲਾ ਕਰੀਏ ਪਏ ਐਵੇਂ ਬੇਕਸੂਰੇ ਹੁਸਨ ਦਾ,
ਇਸ਼ਕ ਨੇ ਦਿੱਤੀ ਸਜ਼ਾ ਦਿਲ ਨੂੰ ਮੇਰੀ ਤਕਸੀਰ ਦੀ।

ਵਿਹੰਦੇ ਉਹ ਕੀ ਮੇਰੇ ਮੈਖ਼ਾਨੇ ਦੀ ਰੌਣਕ ਜ਼ਾਹਿਦੋ,
ਜਾਮ ਦੀ ਤਲਖ਼ੀ ਏ ਪਈ ਰਿੰਦਾਂ ਦੇ ਸੀਨੇ ਚੀਰਦੀ।

ਨਜ਼ਰ ਤਿਰਛੀ ਤੇ ਈ ਨਾ ਪਏ ਵੱਟ ਪਾਉ ਆਬਰੂ,
ਸਿਮਤ ਤੇ ਸਿੱਧੀ ਜ਼ਰਾ ਕਰ ਲਉ ਕਮਾਨੋਂ ਤੀਰ ਦੀ।

ਦਿਲ ਨੂੰ ਮਿਲਦੀ ਇੰਜ ਨਾ ਰਾਂਝੇ ਦੀ ਦਿਲਦਾਰੀ ਕਦੀ,
ਰੰਗਦੀ ਘਾਣੀ ਮੇਰੀ ਰੰਗਨ ਜੇ ਨਾ ਇਕ ਹੀਰ ਦੀ।

ਫਿਰਣਗੇ ਆਜ਼ਾਦ ਕਦ ਤੱਕ ਇਸ਼ਕ ਦੇ ਪਾਗਲਪੁਣੇ,
ਚੱਸ਼ ਉਹ ਪਾਉਂਦੇ ਨਹੀਂ ਹੁਣ ਜ਼ੁਲਫ਼ ਨੂੰ ਜ਼ੰਜੀਰ ਦੀ।

ਬਣ ਗਿਆ ਮਜ਼ਹਬ ਵੀ ਏ ਅਜ-ਕਲ ਹਵਾਬੰਦੀ ਨਿਰੀ,
ਪੀਰ ਮੁੱਲਾਂ ਦੀ ਹਵਾ ਬੰਨ੍ਹੇ ਤੇ ਮੁੱਲਾਂ ਪੀਰ ਦੀ।

ਦਿੰਦੀ ਏ ਤਕਦੀਰ ਚੱਕਰ ਅਕਲ ਦੇ ਤਦਬੀਰ ਨੂੰ,
ਇਸ਼ਕ ਦੀ ਤਦਬੀਰ ਮਿੱਟੀ ਬਾਲ ਦੇ ਤਕਦੀਰ ਦੀ।

ਆਖਦਾ ਫਿਰਦਾ ਏ ਮੁੱਲਾਂ ਹੁਣ ਤਾਂ ਲੋਕਾਂ ਨੂੰ 'ਫ਼ਕੀਰ',
ਜ਼ੋਹਦ ਮੰਨੇ ਪੀਰ ਦਾ ਤਾਕਤ ਮੇਰੀ ਤਕਦੀਰ ਦੀ।

106. ਤੂੰ ਕੀ ਜਾਣੇ ਭੁੱਖ-ਨੰਗ ਨੂੰ ਤੂੰ ਕੀ ਜਾਣੇ ਤੰਗੀ

ਤੂੰ ਕੀ ਜਾਣੇ ਭੁੱਖ-ਨੰਗ ਨੂੰ ਤੂੰ ਕੀ ਜਾਣੇ ਤੰਗੀ।
ਤੂੰ ਕੀ ਜਾਣੇ ਕਿਵੇਂ ਬਿਤਾਵੇ ਖ਼ਲਕਤ ਭੁੱਖੀ ਨੰਗੀ।

ਤੂੰ ਕੀ ਜਾਣੇ ਬੇਸੁਰਤਾਂ ਦੀ ਸੁਰਤ ਸੰਭਾਲੇ ਕਿਹੜਾ,
ਰੰਗ ਜਿਨ੍ਹਾਂ ਦੇ ਭੰਗ ਏ ਪਾਉਂਦੀ ਤੇਰੀ ਰੰਗਾ-ਰੰਗੀ।

ਤੂੰ ਕੀ ਜਾਣੇ ਤੇਰੇ ਕਾਮੇ ਡੰਗ ਟਪਾਵਣ ਕੀਕਣ,
ਤੂੰ ਕੀ ਜਾਣੇ ਤੇਰੇ ਰਾਖੇ ਕੀਕਣ ਕੱਟਣ ਤੰਗੀ।

ਤੂੰ ਕੀ ਜਾਣੇ ਬਟਨ ਤਰੋਟਕ ਕਿਵੇਂ ਨਸ਼ੇ ਦੀਆਂ ਤਾਰਾਂ,
ਤੂੰ ਨਹੀਂ ਦੇਖੀ ਠੇਡੇ ਖਾਂਦੀ ਪਾਗਲ ਹੋਸ਼ ਤਲੰਗੀ।

ਤੂੰ ਨਹੀਂ ਦੇਖੇ ਭਾਂਬੜ ਬਣਦੇ ਦੁਖਿਆਰਾਂ ਦੇ ਹੌਕੇ,
ਤੂੰ ਨਹੀਂ ਦੇਖੇ ਬਿਨਾ ਪਲੀਤੇ ਤੋਪ ਚਲਾਉਂਦੇ ਭੰਗੀ।

ਤੂੰ ਨਹੀਂ ਦੇਖਿਆ ਰੱਜਿਆਂ ਦੇ ਗਲ ਪੈਂਦੀਆਂ ਅੱਕੀਆਂ ਭੁੱਖਾਂ।

ਤੂੰ ਨਹੀਂ ਵੇਖੇ ਭਿੜਦੀ ਕਿਧਰੇ ਸ਼ਾਹਾਂ ਨਾਲ ਮਲੰਗੀ।

ਤੂੰ ਨਹੀਂ ਵੇਖੀ ਮਗ਼ਰੂਰਾਂ ਦੇ ਦਰ ਤੇ ਅੱਡੀ ਝੋਲੀ,
ਤੂੰ ਨਹੀਂ ਖਾਧੀ ਫ਼ਾਕਿਆਂ ਦੇ ਲਈ ਕਿਧਰੋਂ ਬੁਰਕੀ ਮੰਗੀ।

ਜੱਫੀਆਂ ਪਾਉਂਦਾ ਤੇਰਾ ਪਾਲਾ ਨਾਲ ਸਬੂਰ ਹਰੇਰਾਂ,
ਤੂੰ ਕੀ ਜਾਣੇ ਨੰਗੇ ਕੀਕਣ ਰਾਤ ਗੁਜ਼ਾਰਣ ਨੰਗੀ।

ਤੂੰ ਕੀ ਜਾਣੇ ਕੀ ਕੀ ਕਰਦਾ ਰਹਵੇ ਪਲਾਨ ਜ਼ਮਾਨਾ,
ਤੂੰ ਨਹੀਂ ਵੇਖੀ ਬਲ-ਛਲ ਕਰਦੀ ਇਹ ਦੁਨੀਆਂ ਦੋ ਰੰਗੀ।

ਤੂੰ ਯਾਰਾਂ ਦੀ ਯਾਰੀ ਲਈ ਏਂ ਮਿਲਦਾ ਨਾਲ ਰਕੀਬਾਂ,
ਪਾਸੇ ਨੂੰ ਏ ਚੌਪਟ ਕਰਦੀ ਇਹ ਬਾਜ਼ੀ ਬਦਰੰਗੀ।

ਤੂੰ ਕੀ ਜਾਣੇ ਪਾਲੀ ਦੇ ਨੇ ਹੱਥੀਂ ਨਾਗ ਅਣਜਾਣੇ,
ਤੂੰ ਕੀ ਜਾਣੇ ਹੱਥੀਂ ਪਾਲਿਆ ਸੱਪ ਮਤੇ ਕੋਈ ਡੰਗੀ।

ਤੂੰ ਕੀ ਜਾਣੇ ਕੀ ਕਰਦਾ ਏ ਮੰਦੀ ਕਰਨੀ ਵਾਲਾ,
ਤੂੰ ਕੀ ਜਾਣੇ ਨਾਲ ਤੇਰੇ ਕਿਉਂ ਕਰੇ ਨਾ ਕੋਈ ਚੰਗੀ,
ਤੂੰ ਅੱਖੀਂ ਨਾ ਵੇਖੇ ਕੀਕਣ ਸਰਦਾਰਾਂ ਸਿਰ ਵਾਰੇ,
ਤੂੰ ਸੂਲੀ ਤੇ ਮਨਸੂਰਾਂ ਦੀ ਜਾਨ ਨਾ ਵੇਖੀ ਟੰਗੀ।

ਤੂੰ ਕੀ ਜਾਣੇ ਮਿਲ ਪੈਂਦੇ ਨੇ ਵਿਛੜੇ ਸੰਗ ਦੁਰਾਡੇ,
ਤੂੰ ਕੀ ਜਾਣੇ ਮਿਲੇ ਕੁਸੰਗੇ ਸੰਗ ਤਰੋੜਨ ਸੰਗੀ।

ਤੂੰ ਨਹੀਂ ਵੇਖੇ ਜ਼ੁਲਮ ਕਮਾਉਂਦੇ ਸਾਦ-ਮੁਰਾਦੇ ਬੰਦੇ,
ਤੂੰ ਕੀ ਜਾਣੇ ਢੰਗ ਨੇ ਕਰਦੇ ਕੀਕਣ ਖਚਰੇ ਢੰਗੀ।

ਕਰਦੇ ਉੱਤੋਂ ਬੇਲੀ ਗੱਲਾਂ ਮਿੱਠੀਆਂ ਨਾਲ ਜ਼ੁਬਾਨਾਂ,
ਤੂੰ ਨਹੀਂ ਵੇਖੇ ਵਿੱਚੋਂ ਕਰਦੇ ਦੁਸ਼ਮਣ ਗੱਲ ਤਲੰਗੀ।

ਜਾਨਾਂ ਦੇ ਕੇ ਪਾਉਂਦੇ ਆਸ਼ਿਕ ਪੱਜ 'ਫ਼ਕੀਰ' ਮਿਲਣ ਦੇ,
ਜ਼ੁਲਫ਼ਾਂ ਦੇ ਲਈ ਦੁੱਸਰ ਸੀਨਾ ਜਿਵੇਂ ਚੁਰਾਉਂਦੀ ਕੰਘੀ।

107. ਦਿਲ ਉਦਾਸ ਰਹਿੰਦਾ ਸੀ ਬਗ਼ੈਰ ਉਹਦੇ

ਦਿਲ ਉਦਾਸ ਰਹਿੰਦਾ ਸੀ ਬਗ਼ੈਰ ਉਹਦੇ,
ਇਹਦੇ ਲਈ ਰੌਣਕ ਡਾਢੀ ਵਲ ਬਣ ਗਈ।
ਉਹਦੀ ਅੱਖ ਦੀ ਗੱਲ ਸੀ ਨਾਲ ਸਾਡੇ,
ਰਿੰਦਾਂ ਲਈ ਮੈਖ਼ਾਨੇ ਦੀ ਗਲ ਬਣ ਗਈ।

ਬਹਿ ਕੇ ਉਨ੍ਹਾਂ ਦੇ ਸਾਮ੍ਹਣੇ ਨਾ ਆਂਦੀ,
ਦਿਲ ਦੀ ਗਲ ਨਾ ਅਸਾਂ ਜ਼ੁਬਾਨ ਤੀਕਰ,
ਦਿਲ ਦਰਿਆ ਵਿੱਚੋਂ ਉੱਠੀ ਲਹਿਰ ਜਿਹੜੀ,
ਸਾਡੀ ਅੱਖ ਵਿਚ ਆਣ ਕੇ ਛਲ ਬਣ ਗਈ।

ਕਿਰਦੇ ਹੰਝੂਆਂ ਨੇ ਕੀਤਾ ਕਈ ਵਾਰੀ,
ਦਿਲ ਦਰਿਆ ਵਿਚ ਬੜਾ ਤੂਫ਼ਾਨ ਪੈਦਾ,
ਕਤਰੇ ਨਾਲ ਮਿਲ ਕੇ ਕਤਰਾ ਕਹਿਰ ਬਣਿਆ,
ਰਲ ਕੇ ਲਹਿਰ ਵਿਚ ਲਹਿਰ ਦੇ ਠਲ ਬਣ ਗਈ।

ਗਰਦਿਸ਼ ਵਿਚ ਜ਼ਮਾਨੇ ਦੀ ਕਿਸੇ ਕੋਲੋਂ,
ਦਿੱਤੇ ਗਏ ਨਾ ਫੇਰ ਮੁਕੱਦਰਾਂ ਦੇ,
ਕਦੀ ਟਾਲ ਸਕਿਆ ਨਾ ਕੋਈ ਇਹਨੂੰ,
ਜਿਹੜੀ, ਜਿਸ ਦੀ ਤਕਦੀਰ ਅਟੱਲ ਬਣ ਗਈ।

ਨਜਦ ਵਿਚ ਇਕ ਥਲਾਂ ਦੇ ਵਾਵਰੋਲੇ।

ਭਾ ਭਾਟਨੀ ਲੈਲਾ ਨੂੰ ਚਾੜ੍ਹ ਦਿੱਤੀ,
ਦਿੱਤਾ ਕੈਸ ਨੂੰ ਡਾਢਾ ਖ਼ਿਤਾਬ ਉਹਨੇ,
ਮਜਨੂੰ ਓਸ ਵਿਚਾਰੇ ਦੀ ਅੱਲ ਬਣ ਗਈ।

ਖਾਈਆਂ ਵਿਚ ਬਹਿ ਕੇ ਬਹੁਤਾ ਚਮਕਦੇ ਨੇ,
ਚਾਨਣ ਵਿਚ ਹਨੇਰੀਆਂ ਲਾਉਣ ਵਾਲੇ,
ਲੱਥਾ ਚੰਨ ਕਨਿਆਨ ਦਾ ਖੂਹ ਜਿਹੜੇ,
ਅੰਨ੍ਹਾ ਖੂਹ ਉਹ ਨੂਰ ਦੀ ਡਲ ਬਣ ਗਈ।

ਗਿਆ ਚੀਰ ਚਨਾਬ ਦਾ ਪਾਟ ਖ਼ੂਨੀ,
ਪੱਟ ਚੀਰ ਕਬਾਬ ਬਣਾਉਣ ਵਾਲਾ,
ਘੜੇ ਨਾਲ ਵਿਚ ਛੱਲਾਂ ਦੇ ਤਰਨ ਵਾਲੀ,
ਰੁੜ੍ਹ ਕੇ ਆਪ ਝਨਾ ਦੀ ਛੱਲ ਬਣ ਗਈ।

ਅਸੀਂ ਜਾਨਣੇ ਆਂ ਜਿਵੇਂ ਵਿੱਚ ਦੁਨੀਆ,
ਉਹਦੇ ਹੁਸਨ ਦੀ ਅਸਾਂ ਹਵਾ ਬੱਧੀ,
ਗੱਲਾਂ ਮਹਿਫ਼ਲਾਂ ਵਿਚ ਅਸੀਂ ਰਹੇ ਕਰਦੇ,
ਉਹਦੀ ਵਿਚ ਜਹਾਨ ਦੇ ਗਲ ਬਣਗਈ।

ਕੀਤੀ ਓਸ ਤਾਈਦ ਨਾ ਕਦੀ ਮੂਹੋਂ,
ਜਿਹੜੀ ਗੱਲ ਦੀ ਅਸਾਂ ਤਾਕੀਦ ਕੀਤੀ,
ਕੀਤੀ ਸਹਿਜ ਸ਼ੁਭਾਅ ਕੋਈ ਓਸ ਜਿਹੜੀ,
ਸਾਡੇ ਵਾਸਤੇ ਹੁਕਮ ਅਟੱਲ ਬਣ ਗਈ।

ਸੌਦਾ ਸਿਰਾਂ ਤੋਂ ਲੰਘ ਕੇ ਕਰਨ ਇਹਦਾ,
ਮੁੱਲ ਇਸ਼ਕ ਦੇ ਝੱਲ ਦਾ ਪਾਉਣ ਵਾਲੇ,
ਠੁੱਡੇ ਮਾਰ ਲੰਘਣ ਥਲਾਂ ਵਾਲਿਆਂ ਨੂੰ,
ਅਕਲ ਜਿਨ੍ਹਾਂ ਦੀ ਇਸ਼ਕ ਦਾ ਝੱਲ ਬਣ ਗਈ।

ਸਾਨੂੰ ਉਮਰ ਦੇ ਹਿਜਰ ਪਵਾੜਿਆਂ ਨੇ,
ਸੁਖ ਦਾ ਸਾਹ ਨਹੀਂ ਕਦੀ ਲੈਣ ਦਿੱਤਾ,
ਬਣੀ ਜ਼ਿੰਦਗੀ ਉਹੋ 'ਫ਼ਕੀਰ' ਜਿਹੜੀ,
ਰੌਣਕ ਨਾਲ ਯਾਰਾਂ ਘੜੀ ਪਲ ਬਣ ਗਈ।

108. ਕੁਝ ਝਗੜੇ ਜੰਨਤ ਦੋਜ਼ਖ਼ ਦੇ ਕੁਝ ਬਹਿਸ ਅਜ਼ਾਬ ਸਬਾਬਾਂ ਦੀ

ਕੁਝ ਝਗੜੇ ਜੰਨਤ ਦੋਜ਼ਖ਼ ਦੇ ਕੁਝ ਬਹਿਸ ਅਜ਼ਾਬ ਸਬਾਬਾਂ ਦੀ।
ਹੁੰਦੀ ਏ ਮਸੀਤਾਂ ਵਿਚ ਪਈ ਕਿੰਜ ਮਸ਼ਕ ਸਵਾਲ ਜਵਾਬਾਂ ਦੀ।

ਦੁਨੀਆ ਦੀ ਤਰੱਕੀ ਵਾਂਗ ਉਂਜੇ ਪਿਆ ਦੀਨ ਤਰੱਕੀ ਕਰਦਾ ਏ,
ਸਭ ਫੋੜ੍ਹ ਮਸੱਲੇ ਵੇਚ ਦਿਉ ਮੁੱਲਾਂ ਨੂੰ ਲੋੜ ਕਿਤਾਬਾਂ ਦੀ।

ਮਸਜਿਦ ਦੇ ਪਲਸਤਰ ਪੱਕੇ ਨੂੰ ਮੁੱਲਾਂ ਪਿਆ ਕਲੀ ਕਰਾਉਂਦਾ ਏ,
ਪਈ ਢਹਿੰਦੀ ਸਾਮ੍ਹਣੇ ਮਸਜਿਦ ਦੇ ਇਕ ਕੁੱਲੀ ਹਾਲ ਖ਼ਰਾਬਾਂ ਦੀ।

ਹੰਸਾਂ ਦੀਆਂ ਚੋਗਾਂ ਚੁਗ ਚੁਗ ਕੇ ਨਾ ਬਦਲੇ ਅਸਲਾ ਕਾਵਾਂ ਦਾ,
ਬਾਜ਼ਾਂ ਦੀਆਂ ਜਗਰਾਂ ਨਾਲ ਕਿਤੇ ਆਉਂਦੀ ਏ 'ਡਾਰ ਉਕਾਬਾਂ ਦੀ।

ਉਹ ਸ਼ੌਕ ਦਿਲਾਂ ਦੇ ਸ਼ੌਕ ਨਹੀਂ ਉਹ ਮਸਤੀ ਕਾਹਦੀ ਮਸਤੀ ਏ,
ਖਾਈਆਂ ਵਿਚ ਲਾਹੇ ਪਰਬਤ ਤੋਂ, ਜੇ ਮਸਤੀ ਸ਼ੋਕ ਸ਼ਰਾਬਾਂ ਦੀ।

ਚੜ੍ਹ ਚੜ੍ਹ ਕੇ ਵਗਦਿਆਂ ਵਹਿਣਾ ਦੇ ਸੀਨੇ ਤੇ ਜਿਉਂਦੇ ਮਰਦੇ ਨੇ,
ਪਲਦੀ ਏ ਹਿਆਤੀ ਇੱਜ਼ਤ ਦੀ, ਇੱਜ਼ਤ ਏ ਮੌਤ ਹਬਾਬਾਂ ਦੀ।

ਖ਼ਬਰੈ ਇਹ ਬਾਗ਼ ਈ ਬਾਗ਼ ਨਹੀਂ ਜਾਂ ਰੁੱਤ ਇਹ ਰੁੱਤ ਬਹਾਰ ਨਹੀਂ
ਖ਼ੁਸ਼ਬੂ ਨਹੀਂ ਚੰਬੇ ਮੋਤੀਏ ਦੀ, ਨਾ ਆਵੇ ਬਾਸ ਗੁਲਾਬਾਂ ਦੀ।

ਨਾ ਜਾਣ ਪਛਾਣ ਏ ਰਸਤੇ ਦੀ ਨਾ ਪਤਾ ਕੋਈ ਏ ਮੰਜ਼ਿਲ ਦਾ,
ਰਾਹੀ ਔਲਾਦ ਫ਼ਕੀਰਾਂ ਦੀ, ਰਾਹਬਰ ਅੋਲਾਦ ਨਵਾਬਾਂ ਦੀ,
ਵਿਚ ਬਾਗ਼ ਦੇ ਵੇਖੀਏ ਹੁੰਦਾ ਏ ਚੱਜ ਅੱਗੋਂ ਕਿਵੇਂ ਬਹਾਰਾਂ ਦਾ,
ਹੁਣ ਤੀਕ 'ਫ਼ਕੀਰ' ਖ਼ਿਜ਼ਾਂ ਵਰਗੀ ਬੀਤੀ ਏ ਬਹਾਰ ਅਜ਼ਾਬਾਂ ਦੀ।

109. ਰਾਖੇ ਵਿਚ ਨਜ਼ਰਾਂ ਮੈਨੂੰ ਰੱਖਦੇ ਨੇ

ਰਾਖੇ ਵਿਚ ਨਜ਼ਰਾਂ ਮੈਨੂੰ ਰੱਖਦੇ ਨੇ,
ਚਿੰਤਾ ਰਹਵੇ ਕਰਦਾ ਬਾਗ਼ਬਾਨ ਮੇਰੀ।
ਝੁਲਦੇ ਕੱਖ ਪਏ ਮੇਰੇ ਆਲ੍ਹਣੇ ਦੇ,
ਉਡਦੀ ਫਿਰੇ ਬਾਗ਼ੇ ਦਾਸਤਾਨ ਮੇਰੀ।

ਵੇਹੰਦਾ ਮੇਰੀ ਉਡਾਨ ਜੇ ਆਪ ਅੱਖੀਂ,
ਕੰਨੀ ਅਪਣੇ ਜੇ ਮੇਰੇ ਬੋਲ ਸੁਣਦਾ,
ਖੋਹ ਕੇ ਖੰਭ ਖ਼ਵਰੈ ਮੇਰੇ ਸਾੜ ਦਿੰਦਾ,
ਲੈਂਦਾ ਖਿੱਚ ਸਿਆਦ ਜ਼ੁਬਾਨ ਮੇਰੀ।

ਸੱਸੀ ਵਾਂਗ ਵਿਛੋੜ ਬੇਸੁਰਤਿਆਂ ਨੇ,
ਪਾਇਆ ਤੱਤਿਆਂ ਥਲਾਂ ਦੇ ਰਾਹ ਮੈਨੂੰ,
ਨਿਕਲ ਗਿਆ ਅੱਗੇ ਪੁੰਨੂੰ ਖ਼ਾਨ ਵਾਂਗੂੰ,
ਗਰਦ ਛੱਡ ਪਿੱਛੇ ਕਾਰਵਾਨ ਮੇਰੀ।

ਚੁੰਮਦਾ ਰਿਹਾ ਛਾਲੇ ਪੈਰਾਂ ਮੇਰਿਆਂ ਦੇ,
ਕਰਦਾ ਰਿਹਾ ਨਾਲੇ ਲੀਰ ਲੀਰ ਦਾਮਨ,
ਪਾਗਲ-ਪੁਣੇ ਮੇਰੇ ਦੇ ਤੁਫ਼ੈਲ ਕੀਤੀ,
ਬਾਗ਼ੋਂ ਵੱਧ ਆਦਰ ਬੀਆਬਾਨ ਮੇਰੀ।

ਚਸ਼ਮਾ ਆਬੇ-ਹਿਆਤ ਦਾ ਮੁੱਖ ਉਹਦਾ,
ਆਇਆ ਨਜ਼ਰ ਨਾ ਵਿੱਚ ਜ਼ੁਲਮਾਤ ਮੈਨੂੰ,
ਪ੍ਰੇਸ਼ਾਨ ਉਹਦੀ ਜ਼ੁਲਫ਼ ਰਹੀ ਓਧਰ,
ਸੱਧਰ ਰਹੀ ਐਧਰ ਪ੍ਰੇਸ਼ਾਨ ਮੇਰੀ।

ਭੋਲੇ ਭਾ ਓਸ ਆਣ ਕੇ ਕੋਲ ਮੇਰੇ,
ਕੀਤੀ ਕਦੀ ਤਕਲੀਫ਼ ਤਸਦੀਕ ਦੀ ਨਾ,
ਘੜ ਕੇ ਜਦੋਂ ਕੋਲੋਂ ਕੋਈ ਸੁਣਾਈ ਉਹਨੂੰ,
ਝੂਠੇ ਮੁਖ਼ਬਰਾਂ ਨੇ ਦਾਸਤਾਨ ਮੇਰੀ।

ਮੈਨੂੰ ਵੱਧ ਏ ਪਿਆਰ ਦੇ ਮਾਨ ਨਾਲੋਂ,
ਮਾਨ ਹਿਜਰ ਫ਼ਿਰਾਕ ਦੇ ਰੋਣਿਆਂ ਦਾ,
ਅੱਲਾਹ ਕਰੇ ਵਿਚ ਉਨ੍ਹਾਂ ਦੇ ਇਸ਼ਕ ਹੋਵੇ,
ਕਦੀ ਕੋਈ ਮੁਸ਼ਕਿਲ ਨਾ ਆਸਾਨ ਮੇਰੀ।

ਚਾਨਣ ਵਿਚ ਵਿਚਾਰ ਦੇ ਕਿਵੇਂ ਖੁੱਲ੍ਹੇ,
ਅੰਨ੍ਹੀ ਗਰਦ ਮੂਰਖ ਨੁਕਤਾਚੀਨੀਆਂ ਦੀ,
ਪੱਲੇ ਵਿਚ ਦਾਨਾਈ ਦੇ ਬੰਨ੍ਹਦੇ ਨੇ,
ਸੁਣ ਕੇ ਗੱਲ ਦਾਨੇ ਸੁਖ਼ਨਦਾਨ ਮੇਰੀ।

ਮੇਰੇ ਨਾਲ ਵਿਚ ਮਹਿਫ਼ਲਾਂ ਸਦਾ ਫ਼ਿਰਦੇ,
ਮੇਰੇ ਸ਼ਿਅਰ ਜਵਾਨੀਆਂ ਮਾਣਦੇ ਨੇ,
ਫ਼ਿਕਰ ਪੀਰ ਦੇ ਮੋਢਿਆਂ ਨਾਲ ਰੱਖੇ,
ਮੋਢਾ ਜੋੜ ਕੇ ਤਬਾਹ ਜਵਾਨ ਮੇਰੀ।

ਹੁੰਦਾ ਦਿਲਾਂ ਦੁਖਿਆਰਾਂ ਦੇ ਵਿਚ ਵਾਸਾ,
ਉਦੋਂ ਤੀਕ ਰਹਿਸੀ ਰਾਗਾਂ ਮੇਰਿਆਂ ਦਾ,
ਜਦੋਂ ਤੀਕ ਵੀ ਏ ਮੂੰਹੋਂ ਕਰਨ ਜੋਗੀ,
ਦੁਖੀ ਦਿਲਾਂ ਦੀ ਗੱਲ ਜ਼ੁਬਾਨ ਮੇਰੀ।

ਖ਼ਾਨੇ ਦਿਲ ਦੇ ਵਿਚ ਨਹੀਂ ਲਾਉਣ ਦਿੱਤਾ,
ਡੇਰਾ ਅੱਜ ਤੀਕਰ ਕਿਸੇ ਗ਼ੈਰ ਨੂੰ ਮੈਂ,
ਜਾਨੀਜਾਨ ਉਹ ਜਾਨ ਦੇ ਵਿਚ ਵੱਸੇ,
ਇਹ ਮੁਲਕ ਜਿਸਦੀ ਜਿੰਦ ਜਾਨ ਮੇਰੀ।

ਮੇਰੇ ਸੁਖ਼ਨ ਦੀ ਤਰਜ ਤੇ ਲਵੇ ਕਿੱਥੋਂ,
ਲਾਏ ਇਸ਼ਕ 'ਫ਼ਕੀਰ' ਤਾਅਜ਼ੀਰ ਮੈਨੂੰ,
ਅਟਕਾਂ ਮੇਰੇ ਬਿਆਨ ਨੂੰ ਫੜਨ ਕੀਕਣ,
ਮੇਰੇ ਕੋਲ ਏ ਅਜੇ ਜ਼ੁਬਾਨ ਮੇਰੀ।

110. ਭੁੱਲਿਆ ਰੱਬ ਸਾਨੂੰ ਡਾਢਾ ਯਾਦ ਆਇਆ

ਭੁੱਲਿਆ ਰੱਬ ਸਾਨੂੰ ਡਾਢਾ ਯਾਦ ਆਇਆ,
ਉਹਦੀ ਯਾਦ ਦੀ ਅਸਾਂ ਵਡਿਆਈ ਕੀਤੀ।
ਕਾਅਬੇ ਦਿਲ ਦੇ ਤੇ ਜਦੋਂ ਕਰ ਕਬਜ਼ਾ,
ਕਿਸੇ ਬੁੱਤ ਕਾਫ਼ਰ ਨੇ ਖ਼ੁਦਾਈ ਕੀਤੀ।

ਚਸ਼ਮਾ ਆਬੇ-ਹਿਆਤ ਦਾ ਆਪ ਲੱਭਿਆ,
ਅਸਾਂ ਸਿਆਹ ਜ਼ੁਲਫ਼ਾਂ ਦੇ ਹਨੇਰ ਵਿੱਚੋਂ।
ਦਿੱਤਾ ਰਾਹ ਜ਼ੁਲਮਾਤ ਨਾ ਕੋਈ ਸਾਨੂੰ,
ਨਾ ਕੋਈ ਖ਼ਿਜ਼ਰ ਸਾਡੀ ਰਹਿਨੁਮਾਈ ਕੀਤੀ।

ਸਾਨੂੰ ਨੁਕਰੇ ਲੱਗਿਆਂ ਆਪ ਉਹਨੇ,
ਆਂਦਾ ਖਿੱਚ ਕੇ ਵਿੱਚ ਤਮਾਸ਼ਬੀਨਾਂ,
ਪਰਦੇ ਪਾਏ ਜਿੰਨੇ ਅਸਾਂ ਯਾਰੀਆਂ ਤੇ,
ਉੱਨੀ ਯਾਰ ਸਾਡੀ ਜੱਗ-ਹਸਾਈ ਕੀਤੀ।

ਕਾਲੀ ਹਿਜਰ ਦੀ ਰਾਤ ਵਿਚ ਵੇਖਣੇ ਆਂ,
ਰੌਸ਼ਨ ਦਿਲ ਹੁਣ ਕੀ ਚੰਨ ਚਾੜ੍ਹਦਾ ਏ,
ਉਹਦੀ ਯਾਦ ਵੀ ਨਹੀਂ ਰੱਖੀ ਵਿਚ ਦਿਲ ਦੇ
ਦਿਲ ਦੀ ਅਸਾਂ ਐਨੀ ਏ ਸਫ਼ਾਈ ਕੀਤੀ।

ਅਸਾਂ ਮੁੱਢ ਤੋਂ ਈ ਮਰਜ਼ੀ ਵਿਚ ਉਹਦੀ,
ਦਿਲ ਨੂੰ ਕਦੀ ਕੋਈ ਦਖ਼ਲ ਨਾ ਦੇਣ ਦਿੱਤਾ,
ਸੁਣੀ ਸਦਾ ਆਖੀ ਉਹਦੀਆਂ ਸੱਧਰਾਂ ਦੀ,
ਸਦਾ ਸ਼ੌਕ ਉਹਦੇ ਦੀ ਕਰਾਈ ਕੀਤੀ।

ਕਿਸੇ ਸ਼ੋਖ਼ ਦੀ ਸ਼ੋਖ਼ ਨਿਗਾਹ ਵਾਂਗਰ,
ਪਹੁੰਚ ਸਾਡੇ ਮਲੂਕ ਖ਼ਿਆਲ ਦੀ ਏ,
ਉਹਦੇ ਦਿਲ ਤੀਕਰ ਪਹੁੰਚੇ ਅਸੀਂ ਜਿੰਨੇ,
ਉਨੀ ਨਜ਼ਰ ਤੀਕਰ ਨਾ ਰਸਾਈ ਕੀਤੀ।

ਹੋਵੇ ਤੈਨੂੰ ਮੁਬਾਰਕ ਇਹ ਜ਼ੋਹਦ ਤੇਰਾ,
ਕਾਇਲ ਅਸੀਂ ਜ਼ਾਹਿਦ ਸੁੱਕੇ ਜ਼ਹਿਦ ਦੇ ਆਂ
ਕੀਤਾ ਕੀ ਉਹਨੇ ਦੁਨੀਆਂ ਨਾਲ ਜੀਹਨੇ,
ਨਾ ਕੋਈ ਭੁੱਲ ਕੇ ਕਦੀ ਭਲਾਈ ਕੀਤੀ।

ਉਹਦੀ ਬੰਦਗੀ ਨਹੀਂ ਉਹਦੇ ਕੰਮ ਆਉਣੀ,
ਜੇ ਨਾ ਬੰਦਿਆਂ ਦੇ ਬੰਦਾ ਕੰਮ ਆਇਆ,
ਕਦੀ ਰੱਬ ਉਹਨੂੰ ਬੰਦਾ ਸਮਝਦਾ ਨਹੀਂ,
ਜੇ ਨਾ ਕਿਸੇ ਬੰਦੇ ਨੇ ਬੰਦਿਆਈ ਕੀਤੀ।

ਮੂਰਖ਼ ਜੱਗ ਬੇਮਹਿਰ ਦੇ ਮਦਰਸੇ ਨੇ,
ਸਾਨੂੰ ਅਪਣੀ ਹੋਸ਼ ਨਹੀਂ ਰਹਿਣ ਦਿੱਤੀ,
ਖ਼ਵਰੇ ਸਬਕ ਕੀ ਯਾਰ ਦੇ ਪਿਆਰ ਦਾ ਸੀ,
ਸਾਰੀ ਉਮਰ ਸੀ ਜੀਹਦੀ ਦੁਹਰਾਈ ਕੀਤੀ।

ਕੋਈ ਅਪਣੇ ਹੁੰਦਿਆਂ ਆਣ ਪੈਂਦੀ,
ਲੋੜ ਕੋਈ ਪਰਾਇਆਂ ਦੇ ਜਾਣ ਦੀ ਏ,
ਅਸਾਂ ਅਪਣੇ ਰੁੱਸੇ ਮਨਾਉਣ ਦੇ ਲਈ,
ਬੜੀ ਵਾਰ ਏ ਮਿੰਨਤ ਪਰਾਈ ਕੀਤੀ।

ਵਧੀ ਗੱਲ ਦਾ ਬੋਲਿਆ ਦਿਲਾ ਹੱਥੋਂ,
ਸਗੋਂ ਹੋਰ ਵਧਾਣ ਕੁਝ ਵਧਣ ਵੀ ਦੇ,
ਸੁਲਾਅ ਨਾਲ ਉਹਦੇ ਕੀਕਣ ਕਰੇਂਗਾ ਜੇ,
ਤੇਰੇ ਨਾਲ ਨਾ ਯਾਰ ਲੜਾਈ ਕੀਤੀ।

111. ਰਹਿ ਕੇ ਦੇਸ ਵਿਚ ਵਾਂਗ ਪਰਦੇਸੀਆਂ ਦੇ

ਰਹਿ ਕੇ ਦੇਸ ਵਿਚ ਵਾਂਗ ਪਰਦੇਸੀਆਂ ਦੇ,
ਅਸਾਂ ਜਿਨ੍ਹਾਂ ਲਈ ਉਮਰ ਗੁਜ਼ਾਰ ਦਿੱਤੀ।
ਹੋ ਕੇ ਅੱਖੀਆਂ ਤੋਂ ਉਹਲੇ ਉਨ੍ਹਾਂ ਦੇਖੋ,
ਸਾਡੀ ਯਾਦ ਵੀ ਦਿਲੋਂ ਵਿਸਾਰ ਦਿੱਤੀ।

ਸਾਡੇ ਕੋਲ ਬਾਕੀ ਹੁਣ ਕੀ ਰਹਿ ਗਿਆ,
ਤੋਹਫ਼ਾ ਉਨ੍ਹਾਂ ਦੇ ਕੋਲ ਜਾ ਕੇ ਤਾਰੀਏ ਕੀ,
ਦਿਲ ਦੀ ਇਕ ਸੌਗ਼ਾਤ ਸੀ ਕੋਲ ਸਾਡੇ,
ਜਿਹੜੀ ਉਨ੍ਹਾਂ ਦੀ ਨਜ਼ਰ ਗੁਜ਼ਾਰ ਦਿੱਤੀ।

ਹਾਰੇ ਜਿੱਤ ਕੇ ਜਿਨ੍ਹਾਂ ਮੈਦਾਨ ਇੱਥੇ,
ਅਸੀਂ ਉਨ੍ਹਾਂ ਨੂੰ ਹਾਰਿਆਂ ਜਾਣਦੇ ਨਹੀਂ,
ਉਹੋ ਜਿੱਤ ਪਿਆਰ ਦੀ ਗਏ ਬਾਜ਼ੀ,
ਬਾਜ਼ੀ ਜਿੱਤ ਕੇ ਜਿਨ੍ਹਾਂ ਨੇ ਹਾਰ ਦਿੱਤੀ।

ਸੋਹਣੇ ਹੁਸਨ ਦਾ ਮਾਨ ਨਾ ਕਰਨ ਕੀਕਣ,
ਰਹਿੰਦੇ ਇਨ੍ਹਾਂ ਨੂੰ ਨੇ ਕਦਰਦਾਨ ਮਿਲਦੇ,
ਕਦੀ ਸੀਸ ਸਰਮਦ ਨੇ ਵਾਰ ਦਿੱਤਾ,
ਕਦੀ ਜਾਨ ਸਰਮਦ ਨੇ ਵਾਰ ਦਿੱਤੀ।

ਨਿਕਲ ਪਰਦਿਉਂ ਸਾਹਮਣੇ ਆਣ ਕੇ ਵੀ,
ਪਰਦੇ ਦਾਰੀਆਂ ਉਹਦੀਆਂ ਮੁੱਕੀਆਂ ਨਾ,
ਲਾਹਿਆ ਕਦੇ ਨਕਾਬ ਜੇ ਮੁੱਖੜੇ ਤੋਂ,
ਮੁੱਖ ਤੇ ਖੋਲ੍ਹਕੇ ਜ਼ੁਲਫ਼ ਖਿਲਾਰ ਦਿੱਤੀ।

ਉਨ੍ਹਾਂ ਵਾਂਗ ਈ ਮਹਿਰਮਾਂ ਮਾਰਣਾ ਏਂ,
ਮਹਿਣਾ ਸਾਨੂੰ ਵੀ ਪੈਰਾਂ ਤੇ ਰਹਿਣ ਦਾ ਨਹੀਂ,
ਚੁੱਕੀ ਪੰਡ ਪਿਆਰ-ਮੁਹੱਬਤਾਂ ਦੀ,
ਜੇ ਕਰ ਅਸਾਂ ਵੀ ਸਿਰੋਂ ਉਤਾਰ ਦਿੱਤੀ।

ਪਾਂਧੀ ਸ਼ਾਮ ਦਾ ਬਣ ਗਿਆ ਇਸ਼ਕ ਪਾਗਲ,
ਬਣਿਆ ਹੁਸਨ ਮੁਸਾਫ਼ਿਰ ਸਵੇਰਿਆਂ ਦਾ,
ਦਿਲ ਦੀ ਸ਼ਮਾਂ ਨੇ ਹਾਰ ਪਰੋ ਲੈਣਾ,
ਬਲਦੀ ਸ਼ਮਾਂ ਨੂੰ ਫ਼ਜਰ ਨੇ ਹਾਰ ਦਿੱਤੀ।

ਸਾਥੋਂ ਦੂਰ ਪ੍ਰਦੇਸ ਵਿਚ ਹੁੰਦਿਆਂ ਵੀ,
ਸਾਡੇ ਕੋਲ ਉਹ ਹਰ ਦਮ ਵਸਦੇ ਨੇ,
ਐਵੇਂ ਲੰਬੀਆਂ ਰਾਹਵਾਂ ਨੇ ਵਿਚ ਸਾਡੇ,
ਕੰਧ ਸੈਂਕੜੇ ਮੀਲਾਂ ਦੀ ਮਾਰ ਦਿੱਤੀ।

ਆਉਣ ਲੱਗਿਆਂ ਸਾਡੇ ਨਾ ਰੁਕੇ ਹੌਕੇ,
ਹੰਝੂ ਉਨ੍ਹਾਂ ਦੇ ਜਾਂਦਿਆਂ ਸੰਭਲੇ ਨਾ,
ਦਿੱਤੇ ਲੱਖ ਦਿਲਾਸੇ ਨੇ ਅਸਾਂ ਉਹਨੂੰ,
ਸਾਨੂੰ ਓਸ ਤਸੱਲੀ ਹਜ਼ਾਰ ਦਿੱਤੀ।

ਯਾਦ ਉਨ੍ਹਾਂ ਦੇ ਮੁੱਖ ਦੀ ਬੜਾ ਤਾਇਆ,
ਪ੍ਰੇਸ਼ਾਨ ਜ਼ੁਲਫ਼ਾਂ ਦੇ ਖ਼ਿਆਲ ਕੀਤਾ,
ਅੱਜ ਦਾ ਦਿਨ ਤੇ ਇੰਜ ਦਾ ਗੁਜ਼ਰਿਆ ਏ,
ਜਿਵੇਂ ਕੈਦ ਵਿਚ ਰਾਤ ਗੁਜ਼ਾਰ ਦਿੱਤੀ।

ਜ਼ੁਲਫ਼ ਖਿਲਰੀ ਦੇਖ ਕੇ ਮੁੱਖੜੇ ਤੇ,
ਮੇਰੇ ਵਾਂਗ ਸ਼ੀਸ਼ਾ ਪ੍ਰੇਸ਼ਾਨ ਹੋਇਆ,
ਸਾਨੂੰ ਸਾਰੀਆਂ ਪੱਟੀਆਂ ਭੁੱਲ ਗਈਆਂ,
ਪੱਟੀ ਜਦੋਂ ਕੰਘੀ ਨੇ ਸਵਾਰ ਦਿੱਤੀ।

ਦੇ ਕੇ ਦਰਸ ਪਿਆਰ ਦਾ ਇਸ਼ਕ ਸਾਨੂੰ,
ਦਿੱਤੀ ਛੇਕੜੇ ਸਨਦ ਦੀਵਾਨਗੀ ਦੀ,
ਸਾਡੇ ਜਿਹਾ ਸੀ ਦਾਨਾ 'ਫ਼ਕੀਰ' ਕਿਹੜਾ,
ਸਾਡੀ ਮੱਤ ਮੁਹੱਬਤਾਂ ਮਾਰ ਦਿੱਤੀ।

112. ਪਿੰਡ ਸ਼ਹਿਰ ਉਹੋ, ਉਹੋ ਬਸਤੀਆਂ ਨੇ

ਪਿੰਡ ਸ਼ਹਿਰ ਉਹੋ, ਉਹੋ ਬਸਤੀਆਂ ਨੇ,
ਉਹੋ ਝੱਲ ਪਰਬਤ ਬੀਆਬਾਨ ਦਿਸੇ।
ਜਿੱਥੋਂ ਕਦੀ ਲੰਘੇ ਕਾਰਵਾਨ ਸਾਡੇ,
ਉਨ੍ਹਾਂ ਮੰਜ਼ਿਲਾਂ ਦੇ ਮੁੜ ਨਿਸ਼ਾਨ ਦਿਸੇ।

ਲੰਡਲ ਕੋਤਲ, ਪਿਸ਼ਾਵਰ, ਜਮਰੋਦ, ਪਿੰਡੀ,
ਗੁੱਜਰ ਖ਼ਾਨ ਗੁਜਰਾਤ ਦੇ ਰੂਪ ਬਦਲੇ,
ਹੋਰ ਹੀ ਰੂਪ ਦਾ ਏ ਸ਼ਾਹੀਵਾਲ ਦਿਸਦਾ,
ਹੋਰ ਰੰਗ ਦਾ ਅੱਜ ਮੁਲਤਾਨ ਦਿਸੇ।

ਉਜੜੇ ਬੇਲਿਆਂ ਵਿਚ ਅੱਖ ਆਦਮੀ ਦੀ,
ਹਰੇ-ਭਰੇ ਫਲਦੇ-ਫੁਲਦੇ ਬਾਗ਼ ਦੇਖਣ,
ਓਸੇ ਥਾਂ ਆਬਾਦੀਆਂ ਵੇਖਦੇ ਨੇ,
ਜਿਹੜੇ ਥਾਂ ਮਰਦਾਂ ਨੂੰ ਵੀਰਾਨ ਦਿੱਸੇ।

ਭੋਲੇ ਭਾਅ ਕਰਮਾਂ ਮੋੜ ਦਿੱਤੀਆਂ ਨੇ,
ਸਦੀਆਂ ਬਾਅਦ ਵਰਾਸਤਾਂ ਵਾਰਸਾਂ ਨੂੰ,
ਰੰਗੇ ਅਰਬ ਦੇ ਖ਼ੂਨ ਨੇ ਕੱਲ੍ਹ ਜਿਹੜੇ,
ਉਹੋ ਅੱਜ ਰੰਗੀਨ ਮੈਦਾਨ ਦਿੱਸੇ।

ਉਦੋਂ ਤੀਕ ਏ ਕਾਫ਼ਲੇ ਵਾਲਿਆਂ ਨੇ,
ਕਮਰਾਂ ਕਸ ਕੇ ਕਾਫ਼ਲੇ ਨਾਲ ਰਲਣਾ,
ਟੁਰ ਕੇ ਸ਼ਹਿਰ ਕਰਾਚੀਉਂ ਜਦੋਂ ਤੀਕਰ,
ਢਾਕੇ ਵੱਲ ਜਾਂਦਾ ਕਾਰਵਾਨ ਦਿਸੇ।

ਮੰਡੀ ਜੱਗ ਦੀ ਵਿਚ 'ਫ਼ਕੀਰ' ਮੈਨੂੰ,
ਮਿਲ ਈ ਗਿਆ ਏ ਮੁੱਲ ਕੁਝ ਜ਼ਿੰਦਗੀ ਦਾ,
ਹੁੰਦੀ ਦਮੀਂ ਗ਼ੁਲਾਮਾਂ ਨਿਮਾਣਿਆਂ ਦੇ,
ਦਿਲੋਂ ਨਿਕਲਦੇ ਦਿਲੀ ਅਰਮਾਨ ਦਿਸੇ।

113. ਹੱਸਣ ਵਾਲੇ ਛਮ ਛਮ ਰੋਏ ਰੋਂਦੀ ਖ਼ਲਕਤ ਹੱਸੀ

ਹੱਸਣ ਵਾਲੇ ਛਮ ਛਮ ਰੋਏ ਰੋਂਦੀ ਖ਼ਲਕਤ ਹੱਸੀ।
ਇਕ ਦੁਨੀਆ ਜੇ ਉਜੜੀ ਸਾਡੀ ਦੂਜੀ ਦੁਨੀਆ ਵੱਸੀ।

ਬਸਤੀ ਬਸਤੀ ਦੇ ਵਿਚ ਵਸਿਆ ਪਾਗਲਪੁਣਾ ਅਸਾਡਾ,
ਬਸਤੀ ਬਸਤੀ ਸੌਦਾਈਆਂ ਦੀ ਜੰਗਲ ਜੰਗਲ ਵੱਸੀ।

ਮਿਲ ਕੇ ਵੀ ਅੱਜ ਅਸੀਂ ਉਨ੍ਹਾਂ ਨੂੰ ਮਿਲ ਨਹੀਂ ਸੱਕੇ ਯਾਰੋ,
ਚੁੱਪ ਦੁਵੱਲੀ ਵਿਚ ਕਿਸੇ ਕੋਈ ਗੱਲ ਨਾ ਪੁੱਛੀ ਦੱਸੀ।

ਸਹਿਜ-ਸੁਭਾ ਰਹੇ ਕਰਦੇ ਉਹਦੇ ਸ਼ੋਖ਼-ਪੁਣੇ ਵਿਚ ਵਾਧਾ,
ਕੁਝ ਸਾਡੇ ਦਿਲ ਦੀ ਬੇਸਬਰੀ ਕੁਝ ਸਾਡੀ ਬੇਵੱਸੀ।

ਪਿੱਛਾ ਦੇ ਗਏ ਹੌਕੇ-ਹਾਵਾਂ ਵਿਚ ਫ਼ੁਰਕਤ ਦੇ ਪੈਂਡੇ,
ਕਮਰਾਂ ਸਾਡੇ ਨਾਲ ਵਿਚਾਰੀ ਜਿੰਦ ਨਿਮਾਣੀ ਕੱਸੀ।

ਦਿੰਦੀ ਰਹੀ ਦਿਲਾਸਾ ਉਹਦੇ ਵਿਚ ਵਿਛੋੜਿਆਂ ਸਾਨੂੰ,
ਨੱਸ ਗਏ ਸਭ ਦਰਦ ਦਿਲੋਂ ਪਰ ਯਾਦ ਨਾ ਉਹਦੀ ਨੱਸੀ।

ਕਿੱਡੇ ਰਾਹ 'ਫ਼ਕੀਰ' ਮੁਹੱਬਤ ਦੇ ਨੇ ਉਜੜੇ ਉਜੜੇ,
ਨਾ ਸੋਹਣੀ ਮਹੀਵਾਲ ਮਿਲੇ ਨੇ ਨਾ ਪੁੰਨੂੰ ਨਾ ਸੱਸੀ।

114. ਨਾ ਕੋਈ ਤੋੜਿਆ ਏਸ ਗੁਲਾਬ ਬਾਗੋਂ

ਨਾ ਕੋਈ ਤੋੜਿਆ ਏਸ ਗੁਲਾਬ ਬਾਗੋਂ,
ਨਾ ਕੋਈ ਏਸ ਕੁੰਬਲ ਪ੍ਰੇਸ਼ਾਨ ਕਤਰੀ।
ਖ਼ਵਰੇ ਏਸ ਬਹਾਰ ਵਿਚ ਪਰਾਂ ਦੀ ਥਾਂ,
ਮਾਲੀ ਕਿਉਂ ਬੁਲਬੁਲ ਦੀ ਜ਼ੁਬਾਨ ਕਤਰੀ।

ਦੁਨੀਆ ਆਖਦੀ ਅੱਜ ਵੀ ਕਈ ਸੋਹਣੇ,
ਮਾਨ ਪਿਆਰ ਮੁਹੱਬਤ ਦਾ ਰੱਖਦੇ ਨੇ,
ਮਹਫ਼ਿਲ ਵਿਚ ਤੇਰੀ ਜੇਕਰ ਯਾਰ ਜਾਂਦੀ,
ਥਾਂ ਇਸ਼ਕ ਦੇ ਅਕਲ ਨਾਦਾਨ ਕਤਰੀ।

ਕਰੀਏ ਸ਼ੁਕਰ ਕੀਕਣ ਤੇਰੇ ਸਿਤਮ ਦਾ ਨਾ,
ਕੀਤਾ ਜੀਹਨੇ ਆਜ਼ਾਦ ਜਨੂੰਨ ਸਾਡਾ,
ਬੀਆਬਾਨ ਜੀਹਨੂੰ ਪਾੜ ਸਕਿਆ ਨਾ,
ਜਾਲੀ ਵਾਟਵੀਂ ਉਹ ਗੁਲਸਤਾਨ ਕਤਰੀ।

ਹੈਸੀ ਬੁਲਬੁਲਾਂ ਨੂੰ ਬੜਾ ਦਿਲ ਅੰਦਰ,
ਮਾਨ ਫੁੱਲਾਂ ਦੇ ਗੰਢ ਚਿਤਰਾਵਿਆਂ ਦਾ,
ਕੰਨੀ ਇਨ੍ਹਾਂ ਦੇ ਪਿਆਰ ਦੀ ਪਕੜ ਕੇ ਚਾ,
ਖ਼ਬਰੇ ਕਿਉਂ ਭੋਲੇ ਬਾਗ਼ਬਾਨ ਕਤਰੀ।

ਵੇਖਣ ਮੂੰਹ 'ਫ਼ਕੀਰ' ਪਏ ਰਾਖਿਆਂ ਦਾ,
ਪੰਛੀ ਵਾਂਗ ਨਰਗਸ ਦੇ ਹੈਰਾਨ ਹੋ ਕੇ,
ਫੇਰ ਚੜ੍ਹੇਗੀ ਕਦੋਂ ਪਰਵਾਨ ਖ਼ਵਰੇ,
ਵੇਲ ਗਈ ਏ ਚੜ੍ਹੀ ਪਰਵਾਨ ਕਤਰੀ।

115. ਮੋਮਨ ਕਾਅਬਿਉਂ ਕਿਵੇਂ ਬੇਦੀਦ ਜਾਏ

ਮੋਮਨ ਕਾਅਬਿਉਂ ਕਿਵੇਂ ਬੇਦੀਦ ਜਾਏ,
ਹੋਣਾ ਮੈਂ ਨਹੀਂ ਕਿਸੇ ਦੇ ਭੋਣ ਤਾਈਂ।
ਆਉਣਾ ਉਨ੍ਹਾਂ ਨਹੀਂ ਜੇ ਮੇਰੇ ਹੋਣ ਤੀਕਰ,
ਜਾਣਾ ਮੈਂ ਨਹੀਂ ਉਨ੍ਹਾਂ ਦੇ ਹੋਣ ਤਾਈਂ।

ਸੁਣ ਨਾ ਦਰਦੀਆ ਯਾਦ ਵਿਚ ਸੱਜਣਾ ਦੀ,
ਸਾਰੀ ਰਾਤ ਮੇਰੀ ਕੀਕਣ ਬੀਤਦੀ ਏ,
ਤਪੇ ਇੰਜ ਵਰਾਗ ਦਾ ਤਾਅ ਤੱਤਾ,
ਬਲੇ ਅੱਗ ਸਰਹਾਣੇ ਤੋਂ ਦਾਉਣ ਤਾਈਂ।

ਭੌਂਦੇ ਥੁੱਲਦੇ ਤੌਰ ਨੇ ਜਦੋਂ ਵੱਜਣ,
ਹਿਜਕੇ ਰਾਤ ਹਨੇਰੀ ਦੇ ਹੌਕਿਆਂ ਦੇ,
ਕੀ ਕੀ ਰੰਗ ਪਈ ਹਾਵਾਂ ਦੇ ਬਦਲਦੀ ਏ,
ਚੁੱਪ ਸ਼ਾਮ ਦੀ ਫ਼ਜਰ ਦੇ ਗਾਉਣ ਤਾਈਂ।

ਕਰਨੀ ਚੰਨ ਬੇਥਾਵੀਂ ਦੀ ਗੱਲ ਕੀ ਏ,
ਉਹ ਏ ਰੋਜ਼ ਚੜ੍ਹਦਾ ਚੜ੍ਹਕੇ ਡੁੱਬ ਜਾਂਦਾ,
ਲਿਸ਼ਕਾਂ ਮਾਰਦੇ ਨੇ ਉੜਕ ਮਾਤ ਪੈਂਦੀ,
ਤਾਰੇ ਜਾਗਦੇ ਨੇ ਮੇਰੇ ਸੋਣ ਤਾਈਂ।

ਦਿਲੋਂ ਦਾਗ਼-ਵਿਰਾਗ ਦੇ ਢਹਿਣ ਤੀਕਰ,
ਅੱਖਾਂ ਰਹਿੰਦੀਆਂ ਨੇ ਹੰਝੂ ਕੇਰਦੀਆਂ,
ਮੋਤੀ ਜਿਵੇਂ ਤਰੇਲ ਖਿਲਾਰਦੀ ਏ,
ਫ਼ਜਰੇ ਬਾਗ਼ ਵਿਚ ਫੁੱਲਾਂ ਦੇ ਨਹਾਉਣ ਤਾਈਂ।

ਦੱਸਾਂ ਕਿਸੇ ਨੂੰ ਕਿਵੇਂ 'ਫ਼ਕੀਰ' ਰਾਤੀਂ,
ਸਾਰੀ ਦੁਨੀਆ ਸੀ ਜਦੋਂ ਘੂਕ ਸੁੱਤੀ,
ਖ਼ਵਰੇ ਨਾਲ ਮੇਰੇ ਕੌਣ ਜਾਗਦਾ ਸੀ,
ਮੇਰੇ ਦਰਦ ਵਿਰਾਗ ਦੇ ਹੋਣ ਤਾਈਂ।

116. ਝੁੱਲੇ ਵਿਚ ਬਹਾਰ ਸਮੇਂ ਦੇ ਅੰਨ੍ਹੇ ਝੱਖੜ ਝੁੱਲੇ

ਝੁੱਲੇ ਵਿਚ ਬਹਾਰ ਸਮੇਂ ਦੇ ਅੰਨ੍ਹੇ ਝੱਖੜ ਝੁੱਲੇ।
ਭੁੱਲ ਭੁੱਲ ਕੇ ਮੈਂ ਰਸਤੇ ਲੱਭੇ, ਲੱਭ ਲੱਭ ਰਸਤੇ ਭੁੱਲੇ।

ਕੀ ਆਈ ਜੇ ਆਈ ਝੱਟ ਦਾ ਝੱਟ ਬਹਾਰ ਨਿਮਾਣੀ
ਪਲ ਦਾ ਪਲ ਜੇ ਫੁੱਲੇ ਤੇ ਕੀ ਬਾਗ਼ ਵਿਚਾਰੇ ਫੁੱਲੇ।

ਓੜਕ ਚੜ੍ਹਨਾ ਸੀ ਜੇ ਬਾਗ਼ੇ ਸਿਰ ਕੂੜੇ ਦੇ ਫੁੱਲਾਂ,
ਫੁੱਟੀ ਫੁੱਲ ਰਵੇਲ ਧਗਾਣੇ ਚੰਬੇ ਕੱਢੇ ਗੁੱਲੇ।

ਸਿਰ ਪਰ ਨੇ ਧਰਤੀ ਤੇ ਡਿੱਗੇ ਖੰਭ ਸਮੇਟਨ ਵਾਲੇ,
ਚੜ੍ਹ ਗਏ ਅਸਮਾਨਾਂ ਤੇ ਜਿਹੜੇ ਝੱਖੜ ਬਣ ਕੇ ਝੁੱਲੇ।

ਚਨ ਹਸਿਆ ਜਦ ਖ਼ਾਕੀ ਜ਼ੱਰੇ ਉੱਡੇ ਵਾਂਗ ਚਕੋਰਾਂ,
ਤਾਰੇ ਜਦ ਅੰਬਰ ਦੇ ਟੁੱਟੇ ਮੇਰੇ ਹੰਝੂ ਡੁੱਲ੍ਹੇ।

ਪੰਧ ਮੁਹੱਬਤ ਦਾ ਏ ਸਾਰਾ ਅੱਖਾਂ ਤੋਂ ਦਿਲ ਤੀਕਰ,
ਪਿਆਰ ਦਿਲਾਂ ਵਿਚ ਰੱਖਣ ਵਾਲੇ ਰੱਖਣ ਦੀਦੇ ਖੁੱਲ੍ਹੇ।

ਇੱਕੋ ਹਰਫ਼ ਪਿਆਰ ਕਿਤਾਬੋਂ ਐਸਾ ਕਾਰੀ ਆਵੇ,
ਰਹਿਣ ਉਂਜੇ ਦੇ ਉਂਜੇ ਅਗਲੇ ਸਭ ਵਰਕੇ ਅਣਥੁੱਲੇ।

ਕਿਰਦੇ ਹੰਝੂਆਂ ਦਾ ਕੀ ਪਾਵਣ ਮੁੱਲ'ਫ਼ਕੀਰ'ਇਹ ਪਲਕਾਂ,
ਤਾਰ ਅਦਬ ਵਿਚ ਰਹਵਾਂ ਪ੍ਰੋਂਦਾ ਮੈਂ ਮੋਤੀ ਅਣਮੁੱਲੇ।

117. ਕੀਤਾ ਸੀ ਕਦੀ ਪਿਆਰ ਬੜੀ ਦੇਰ ਦੀ ਗੱਲ ਏ

ਕੀਤਾ ਸੀ ਕਦੀ ਪਿਆਰ ਬੜੀ ਦੇਰ ਦੀ ਗੱਲ ਏ।

ਦੋ ਅੱਖੀਆਂ ਸਨ ਚਾਰ ਬੜੀ ਦੇਰ ਦੀ ਗੱਲ ਏ।

ਆਇਆ ਸੀ ਬਹਾਰਾਂ ਤੇ ਕਦੀ ਬਾਗ਼ੇ ਜਵਾਨੀ,
ਖਿੜਿਆ ਸੀ ਗੁਲਜ਼ਾਰ ਬੜੀ ਦੇਰ ਦੀ ਗੱਲ ਏ।

ਬਿਜਲੀ ਦੀ ਨਿਰੀ ਲਿਸ਼ਕ ਸੀ ਇਕ ਅੱਖ ਦੀ ਸ਼ੋਖ਼ੀ,
ਇਕ ਨਜ਼ਰ ਸੀ ਤਲਵਾਰ ਬੜੀ ਦੇਰ ਦੀ ਗੱਲ ਏ।

ਇਕ ਲਿਸ਼ਕਦੀ ਤਹਿਰੀਰ ਸਿਆਹ ਬਖ਼ਤ ਮੇਰੇ ਦੀ,
ਸੁਰਮੇ ਦੀ ਸੀ ਇਕ ਧਾਰ ਬੜੀ ਦੇਰ ਦੀ ਗੱਲ ਏ।

ਮਨਸੂਰ ਦੇ ਦਿਲ ਵਾਂਗ ਮੇਰੇ ਦਿਲ ਦਾ ਸੀ ਜਿਗਰਾ,
ਇਕ ਪਲਕ ਸੀ ਇਕ ਦਾਰ ਬੜੀ ਦੇਰ ਦੀ ਗੱਲ ਏ।

ਅੱਜ ਦਿਸਦੀ ਏ ਖ਼ਾਲੀ ਜੋ ਇਹ ਉਹੋ ਹੀ ਏ ਗਰਦਨ,
ਇਕ ਬਾਂਹ ਸੀ ਜੀਹਦਾ ਹਾਰ ਬੜੀ ਦੇਰ ਦੀ ਗੱਲ ਏ।

ਸ਼ਾਮਾਂ ਤੋਂ ਫ਼ਜਰ ਤੀਕਰਾਂ ਰਹਿੰਦਾ ਸੀ ਵਿਚ ਅੱਖਾਂ,
ਇਕ ਚੰਨ ਦਾ ਪਰਿਵਾਰ ਬੜੀ ਦੇਰ ਦੀ ਗੱਲ ਏ।

ਵਿਚ ਹੌਕਿਆਂ ਹਾਵਾਂ ਦੇ ਪਈ ਸ਼ਾਮ ਸਵੇਰੇ,
ਸੀ ਫੜਕਦੀ ਇਕ ਨਾਰ ਬੜੀ ਦੇਰ ਦੀ ਗੱਲ ਏ।

ਕੈਦ ਉਹਦੀਆਂ ਨਜ਼ਰਾਂ ਤੇ ਹੈਸੀ ਨਾ ਕਿਸੇ ਦੀ,
ਦਿਲ ਮੇਰਾ ਸੀ ਮੁਖ਼ਤਾਰ ਬੜੀ ਦੇਰ ਦੀ ਗੱਲ ਏ।

ਅੱਜ ਉਹਦੀਆਂ ਵਾਟਾਂ ਤੇ ਨੇ ਪਏ ਸਹਿਕਦੇ ਦੀਦੇ,
ਰੋਜ਼ ਹੁੰਦਾ ਸੀ ਦੀਦਾਰ ਬੜੀ ਦੇਰ ਦੀ ਗੱਲ ਏ।

ਸਿਜਦੇ ਸੀ ਕਦੀ ਕਰਦਾ ਸਦਾ ਇਸ਼ਕ ਦੇ ਦਰ ਤੇ,
ਸ਼ੌਕ ਹੁਸਨ ਦਾ ਬਲਕਾਰ ਬੜੀ ਦੇਰ ਦੀ ਗੱਲ ਏ।

ਰੋਣੇ ਨੇ ਇਹਦੇ ਅੱਜ ਨਿਰੇ ਦਰਦ ਦੇ ਰੋਣੇ,
ਹਸਦਾ ਸੀ ਇਹ ਸੰਸਾਰ ਬੜੀ ਦੇਰ ਦੀ ਗੱਲ ਏ।

ਹਰ ਰਾਤ ਨੂੰ ਸੀ ਚੌਧਵੀਂ ਦੀ ਰਾਤ ਬਣਾਉਂਦੀ,
ਇਕ ਜ਼ੁਲਫ਼ ਦੀ ਲਿਸ਼ਕਾਰ ਬੜੀ ਦੇਰ ਦੀ ਗੱਲ ਏ।

ਦਿਲ ਪਰਚਦਾ ਸੀ ਨਾਲ ਜੀਹਦੇ ਦਰਦ ਸੀ ਦਿਲ ਦਾ,
ਦਿਲਦਾਰ ਸੀ ਦਿਲਦਾਰ ਬੜੀ ਦੇਰ ਦੀ ਗੱਲ ਏ।

ਬਦਨਾਮ ਜਦੋਂ ਹੋਏ ਸਾਂ ਦੋਵੇਂ ਹੀ ਇਕੱਠੇ,
ਇਹ ਗੱਲ ਤੇ ਸਰਕਾਰ ਬੜੀ ਦੇਰ ਦੀ ਗੱਲ ਏ।

ਥਾਂ ਥਾਂ ਨੇ 'ਫ਼ਕੀਰ' ਅੱਜ ਮੇਰੇ ਫ਼ਿਕਰ ਦੇ ਚਰਚੇ,
ਹੈ ਸਾਂ ਮੈਂ ਗੁਨਾਹਗਾਰ ਬੜੀ ਦੇਰ ਦੀ ਗੱਲ ਏ।

118. ਦਰਦ ਜੁਦਾਈ ਦੇ ਪਏ ਮਾਰਣ, ਸੀਨੇ ਦੇ ਵਿਚ ਤੀਰ ਅਜੇ

ਦਰਦ ਜੁਦਾਈ ਦੇ ਪਏ ਮਾਰਣ, ਸੀਨੇ ਦੇ ਵਿਚ ਤੀਰ ਅਜੇ।
ਕਿਰਦਿਆਂ ਅੱਥਰਾਂ ਦੇ ਵਿਚ ਢਲਕੇ ਪਈ ਤੇਰੀ ਤਸਵੀਰ ਅਜੇ।

ਨਕਸ਼ ਤੇਰੇ ਕਦਮਾਂ ਦੇ ਦਿਲ ਨੂੰ ਅਜੇ ਦਿਲਾਸਾ ਦਿੰਦੇ ਨੇ,
ਖ਼ਾਕ ਤੇਰੇ ਰਾਹਵਾਂ ਦੀ ਹੈ ਉਂਜ ਸਾਡੇ ਲਈ ਅਕਸੀਰ ਅਜੇ।

ਘੂਰੀਆਂ ਪਾ ਪਾ ਆਪ ਅਪਣੇ ਵੱਲ ਤੇਰੇ ਵਾਂਗੂੰ ਬਹਿਣਾ ਮੈਂ,
ਅੱਖਾਂ ਮੇਰੀਆਂ ਵਿਚ ਏ ਤੇਰੀਆਂ ਨਜ਼ਰਾਂ ਦੀ ਤਾਸੀਰ ਅਜੇ।

ਪਾਏ ਨਰਗਸ ਅਜੇ ਭੁਲੇਖੇ ਤੇਰੇ ਗਹਿਰਿਆਂ ਨੈਣਾਂ ਦੇ,
ਸੁੰਬਲ ਵਿੱਚੋਂ ਜ਼ੁਲਫ਼ ਤੇਰੀ ਦੀ ਦਿੱਸੇ ਪਈ ਜ਼ੰਜੀਰ ਅਜੇ।

ਚੁੱਕ ਚੁੱਕ ਅੱਡੀਆਂ ਵੇਖਣ ਹੌਕੇ ਤੇਰੀਆਂ ਸਹਿਮੀਆਂ ਵਾਟਾਂ ਨੂੰ,
ਜ਼ਿਕਰ ਤੇਰੇ ਤੇ ਅੱਖਾਂ ਦੇ ਵਿਚ ਡਲ੍ਹਕਾਂ ਮਾਰੇ ਨੀਰ ਅਜੇ।

ਨਜ਼ਰਾਂ ਦੇ ਵਿਚ ਦਿਨ ਦਾ ਚਾਨਣ ਲਿਸ਼ਕੇ ਬਣ ਕੇ ਰੂਪ ਤੇਰਾ,
ਅੱਖਾਂ ਵਿਚ ਗੁਜ਼ਾਰਨ ਰਾਤਾਂ ਜਗਰਾਤੇ ਬੇਪੀਰ ਅਜੇ।

ਅਜੇ ਵੀ ਬੇਵਸ ਹਾਸੇ ਤੇਰੇ ਹੈਨ ਸ਼ਰੀਕ ਬਰਾਤਾਂ ਦੇ,
ਗਲ ਲਾ ਕੇ ਤਕਦੀਰ ਮੇਰੀ ਨੂੰ ਰੋਂਦੀ ਏ ਤਦਬੀਰ ਅਜੇ।

ਅਜੇ ਵੀ ਕਿਧਰੇ ਬਹਿਣ ਨਾ ਦੇਵੇ ਦਿਲ ਥੀਂ ਉੱਠਦੀ ਹੂਕ ਤੇਰੀ,
ਪਾਸੇ ਪਰਤ ਵਿਖਾਵਣ ਸੀਨਾ ਪਏ ਸੀਨੇ ਦੇ ਤੀਰ ਜਿਹੇ।

ਰਚਿਆ ਮਿਚਿਆ ਸੋਚਾਂ ਵਿਚ ਏ ਦਰਦ ਵਿਛੋੜੇ ਤੇਰੇ ਦਾ,
ਅਸਰ ਦਿਲਾਂ ਤੇ ਕਰਦੀ ਮੇਰੇ ਸ਼ਿਅਰਾਂ ਦੀ ਤਾਸੀਰ ਅਜੇ।

ਗਲੀ ਤੇਰੀ ਦੀਆਂ ਉਂਜੇ ਅਜੇ ਉਦਾਸ ਉਦਾਸ ਬਹਾਰਾਂ ਨੇ,
ਆ ਕੇ ਵੇਖ 'ਫ਼ਕੀਰ' ਤੇਰਾ ਏ ਓਸੇ ਤਰ੍ਹਾਂ ਫ਼ਕੀਰ ਅਜੇ।

119. ਓਸੇ ਗਲੀ ਇਹ ਪਾਗਲ ਮੈਨੂੰ ਮੁੜ ਪਿਆ ਨਾਲ ਲਿਜਾਂਦਾ ਏ

ਓਸੇ ਗਲੀ ਇਹ ਪਾਗਲ ਮੈਨੂੰ ਮੁੜ ਪਿਆ ਨਾਲ ਲਿਜਾਂਦਾ ਏ।
ਫੇਰ ਟੋਰ ਕੇ ਜਿਹੜੀ ਗਲੀਉਂ ਦਿਲ ਨੂੰ ਹੁਣੇ ਲਿਆਂਦਾ ਏ।

ਵਿੱਚ ਬਹਾਰ ਖ਼ਿਜ਼ਾਂ ਦੀਆਂ ਗੱਲਾਂ ਭਾਵੇਂ ਫ਼ੁੱਲ ਨਾ ਸੁਣਦੇ ਨੇ,
ਪਿਆਰ-ਪੁਣੇ ਦੇ ਕਿੱਸੇ ਦਿਲ ਪਿਆ ਬੁਲਬੁਲ ਵਾਂਗ ਦੁਹਰਾਉਂਦਾ ਏ।

ਬਦਲੀ ਦਿਸਦੀ ਅੱਜ ਵੀ ਮੈਨੂੰ ਪਿਆਰ ਉਹਦੇ ਦੀ ਨੀਅਤ ਨਹੀਂ,
ਅੱਜ ਵੀ ਤੇ ਉਹ ਜਦ ਮਿਲਦਾ ਏ ਉਂਜ ਹੀ ਨਜ਼ਰ ਮਿਲਾਉਂਦਾ ਏ।

ਅੱਜ ਵੀ ਤੇ ਉਹ ਆ ਬਹਿੰਦਾ ਏ ਖੋਲ੍ਹ ਕੇ ਬਾਰੀ ਅੱਖੀਆਂ ਦੀ,
ਅੱਜ ਵੀ ਕਈ ਵਾਰੀ ਉਹ ਦਿਲ ਦਾ ਬੂਹਾ ਆ ਖੜਕਾਉਂਦਾ ਏ।

ਅੱਜ ਵੀ ਹੰਝੂਆਂ ਦੇ ਵਿਚ ਡਲ੍ਹਕਣ ਮੋਤੀ ਉਹਦੀਆਂ ਜ਼ੁਲਫ਼ਾਂ ਦੇ,
ਜਦ ਕੋਈ ਸ਼ੋਖ਼ਾ ਤਾਰਾ ਰਾਤੀਂ ਅੱਖ-ਮਟੱਕੇ ਲਾਉਂਦਾ ਏ।

ਦਿਲ ਪਾਗਲ ਨੂੰ ਸਮਝ ਨਾ ਆਈ ਹੁਣ ਤੱਕ ਉਹਦੀਆਂ ਚਾਂਲਾਂ ਦੀ,
ਅੱਗੇ ਵੀ ਤੇ ਰੋਸਾ ਉਹਦਾ ਰਹਿੰਦਾ ਇੰਜ ਝਕਾਂਦਾ ਏ।

ਕਹਾਣੀ ਪਾਉਣੀ ਪੈ ਜਾਂਦੀ ਏ ਉਹਦੇ ਨਵੇਂ ਮਿਲਾਪਾਂ ਦੀ,
ਪਿਆਰ ਅਪਣੇ ਦੇ ਕਿੱਸੇ ਨਹੀਂ ਤੇ ਮੁੜ ਮੁੜ ਕੌਣ ਦੁਹਰਾਉਂਦਾ ਏ।

ਅੱਜ ਵੀ ਠੰਡੀ ਠੰਡੀ ਮੂੰਹ ਤੇ ਪਈ ਤਰੇਲੀ ਆਉਂਦੀ ਏ,
ਯਾਦ ਉਹਦੀ ਦਾ ਤਾਅ ਜਦ ਤਪ ਕੇ ਤੱਤੇ ਦਿਲ ਨੂੰ ਤਾਉਂਦਾ ਏ।

ਅੱਖਾਂ ਵਿਚ ਕਿਸੇ ਨੂੰ ਨਜ਼ਰਾਂ ਨਾਲ ਵਸਾਉਣਾ ਪੈਂਦਾ ਏ,
ਘਰ ਵੀਰਾਨ ਕਿਸੇ ਦੇ ਦਿਲ ਦਾ ਐਵੇਂ ਕਾਉਣ ਵਸਾਉਂਦਾ ਏ।

ਪਿਆਰ ਉਹਦੇ ਦੀ ਭੁੱਲੋਂ ਉਂਜ 'ਫ਼ਕੀਰ' ਪਿਆ ਸ਼ਰਮਾਉਣਾ ਮੈਂ,
ਜਿਉਂਕਰ ਪਾਪੀ ਕੋਈ ਅਪਣੇ ਪਾਪਾਂ ਤੋਂ ਸ਼ਰਮਾਉਂਦਾ ਏ।

120. ਆਏ ਪ੍ਰਾਹੁਣੇ ਜਦ ਵਿਚ ਘਰ ਦੇ, ਕੀਕਣ ਖ਼ਾਤਰ ਯਾਰ ਨਾ ਕਰਦੇ

ਆਏ ਪ੍ਰਾਹੁਣੇ ਜਦ ਵਿਚ ਘਰ ਦੇ, ਕੀਕਣ ਖ਼ਾਤਰ ਯਾਰ ਨਾ ਕਰਦੇ।
ਗ਼ਮ ਤੇਰਾ ਜਦ ਦਿਲ ਵਿਚ ਆਇਆ ਗ਼ਮ ਤੇਰੇ ਨੂੰ ਪਿਆਰ ਨਾ ਕਰਦੇ।

ਵਿੱਚ ਮੁਹੱਬਤ ਨਾਲ ਅਸਾਡੇ ਵਾਜਬ ਸੀ ਸਰਕਾਰ ਤੁਸਾਨੂੰ,
ਯਾ ਕਰਕੇ ਇਕਰਾਰ ਨਿਭਾਉਂਦੇ ਯਾ ਪਹਿਲਾਂ ਇਕਰਾਰ ਨਾ ਕਰਦੇ।

ਕਰਕੇ ਪਿਆਰ ਅਸਾਨੂੰ ਸਾਂਝੇ ਪੇਸ਼ ਰਕੀਬਾਂ ਦੇ ਕਰ ਪਾਇਆ,
ਪੇਸ਼ ਰਕੀਬਾਂ ਦੇ ਨਾ ਕਰਦੇ ਜਾਂ ਪਹਿਲਾਂ ਹੀ ਪਿਆਰ ਨਾ ਕਰਦੇ।

ਇਸ਼ਕ ਸਮੁੰਦਰ ਦੇ ਵਿਚ ਆਪੇ ਜੇ ਬੇੜੀ ਸੀ ਠੇਲੀ ਸਾਡੀ,
ਸ਼ੋਹ ਤੀਕਰ ਤੇ ਚਾ ਅਪੜਾਉਂਦੇ ਭਾਵੇਂ ਸਾਨੂੰ ਪਾਰ ਨਾ ਕਰਦੇ।

ਪੁੱਛੀ ਬਾਤ ਤੁਸਾਂ ਨਾ ਸਾਨੂੰ ਲਾ ਕੇ ਰੋਗ ਮੁਹੱਬਤ ਵਾਲਾ,
ਯਾ ਕੋਈ ਆਪ ਦਵਾ ਵੀ ਦਿੰਦੇ ਯਾ ਅਪਣਾ ਬੀਮਾਰ ਨਾ ਕਰਦੇ।

ਸ਼ੋਹਰਤ ਬਣੀ ਤੁਹਾਡੀ ਓੜਕ ਜਗ ਵਿਚ ਪਾਗਲ-ਪੁਣਾ ਅਸਾਡਾ,
ਇੰਜ ਤੁਸੀਂ ਬਦਨਾਮ ਨਾ ਹੁੰਦੇ ਜੇ ਕਰ ਸਾਨੂੰ ਖ਼ੁਆਰ ਨਾ ਕਰਦੇ।

ਧੱਕੋ ਧੱਕੀ ਗਲ ਸਾਡੇ ਨਾ ਪੈਂਦੀ ਇਸ਼ਕ ਦੀ ਮੌਤ ਹਿਆਤੀ,
ਜੇ ਕਰ ਤੁਸੀਂ ਨਾ ਬੁੱਲ ਹਿਲਾਉਂਦੇ ਜੇ ਨਜ਼ਰਾਂ ਦੇ ਵਾਰ ਨਾ ਕਰਦੇ।

ਦੁਖ ਵੰਡਾਵਣ ਦੇ ਪੱਜ ਸਾਡੇ ਹੋਰ ਤੁਸਾਂ ਚਾ ਦੁੱਖ ਵਧਾਏ,
ਯਾ ਸਾਡੀ ਕੋਈ ਗੱਲ ਨਾ ਸੁਣਦੇ ਯਾ ਚੁੱਪਾਂ ਦੀ ਮਾਰ ਨਾ ਕਰਦੇ।

ਪੈਂਦੀਆਂ ਰੂਪ ਤੇਰੇ ਦੀਆਂ ਝਲਕਾਂ ਜੇ ਮਿੱਟੀ ਦੀ ਮੂਰਤ ਤੇ ਨਾ,
ਪਾਗਲ ਪਾੜ ਨਾ ਸੁਟਦੇ ਲੀੜੇ ਪਰਦੇ ਪਰਦਾਦਾਰ ਨਾ ਕਰਦੇ।

ਵਿੱਛੜ ਇੰਜ 'ਫ਼ਕੀਰ' ਨਾ ਮਿਲਦੀਆਂ ਯਾਦਾਂ ਭਰੀਆਂ ਨਿੱਤ ਸਵੇਰਾਂ,
ਜੇ ਰਾਤਾਂ ਦੇ ਹੌਕੇ-ਹਾਵਾਂ ਹੌਲਾ ਦਿਲ ਦਾ ਭਾਰ ਨਾ ਕਰਦੇ।

121. ਬਾਗ਼ਾ ਦੇ ਵਿਚ ਝੂਮਰ ਪਾਉਂਦੀ ਫਿਰੇ ਬਹਾਰ ਚੁਫ਼ੇਰੇ

ਬਾਗ਼ਾ ਦੇ ਵਿਚ ਝੂਮਰ ਪਾਉਂਦੀ ਫਿਰੇ ਬਹਾਰ ਚੁਫ਼ੇਰੇ।
ਵੱਸਣ ਲੱਗੇ ਵੱਸਣ ਜੋਗੇ ਵਸਦੇ ਰਸਦੇ ਡੇਰੇ।

ਜ਼ੁਲਫ਼ ਸੱਜਣ ਦੀ ਵਾਂਗੂੰ ਲਿਸ਼ਕੀ ਵਿਹੜਿਆਂ ਦੀ ਧੁੰਦ ਕਾਲੀ,
ਚਾਨਣ ਤੇਰੇ ਨੇ ਚਮਕਾਏ ਚੰਨਾ ਵੰਨ-ਬਨੇਰੇ।

ਟੋਰ ਤੇਰੀ ਦੀਆਂ ਧੂੜਾਂ ਵਿੱਚੋਂ ਨਿਕਲੀਆਂ ਧੁੰਮ ਦੀਆਂ ਸ਼ਾਮਾਂ,
ਟੁਰਦੇ ਰਸਤੇ ਰਾਹ ਤੇਰਾ ਪਏ ਵੇਖਣ ਸੰਝ ਸਵੇਰੇ।

ਸਿਰ ਦੀ ਬਾਜ਼ੀ ਬਣ ਗਈਆਂ ਨੇ ਹੁਣ ਪੈਰਾਂ ਦੀਆਂ ਹੱਦਾਂ,
ਲੰਘ ਨਜ਼ਰ ਦੀਆਂ ਹੱਦਾਂ ਗਏ ਨੇ ਸੋਚ ਤੇਰੀ ਦੇ ਘੇਰੇ।

ਤੇਰੇ ਦਾਈਏ, ਤੇਰੀਆਂ ਦਾਵਾਂ, ਤੂੰ ਰਾਹਬਰ, ਤੂੰ ਰਾਹੀ,
ਮੰਜ਼ਿਲ ਤੇਰੀ ਉਂਗਲ ਫੜ ਕੇ ਨਾਲ ਟੁਰੇ ਪਈ ਤੇਰੇ।

ਘੁੰਮਦੇ ਘੁੰਮਦੇ ਓਸੇ ਪਾਸੇ ਘੁੰਮਣ ਦਿਲ ਦੀਆਂ ਅੱਖਾਂ,
ਜਿਹੜੇ ਪਾਸੇ ਫੇਰੇ ਮਾਰਣ ਨਜ਼ਰ ਤੇਰੀ ਦੇ ਫੇਰੇ।

ਊੱਚੇ ਟਿੱਬਿਆਂ ਨਾਲੋਂ ਹੋਈਆਂ ਊੱਚੀਆਂ ਉੱਸਰ ਖਾਈਆਂ,
ਹੱਕੇ ਬੱਕੇ ਵੱਲ ਨਿਵਾਨਾਂ ਵੇਖਣ ਬੰਨ੍ਹ ਉਚੇਰੇ।

ਹੋਵਣ ਬੜੇ ਮੁਹਾਲ ਵਸਾਉਣੇ ਉਜੜੇ ਸ਼ਹਿਰ ਦਿਲਾਂ ਦੇ,
ਕੁਰਤੇ ਪਹਿਣ ਬਰਾਗਾਂ ਦੇ ਵਿਚ ਜਾਣ ਜਿਗਰ ਦੇ ਬੇਰੇ।

ਮਹਿਕਣ ਖਿੜਦੀਆਂ ਕਲੀਆਂ ਵਾਂਗਰ ਬਾਗ਼ ਦੀਆਂ ਨਾ ਰਾਤਾਂ,
ਧੁੰਮੇ ਵੇਲਾ ਫੁੱਲਾਂ ਤੇ ਨਾ ਜੇਕਰ ਹੰਝੂ ਕੇਰੇ।

ਨਹਿਰਾਂ ਗਲਮਿਉਂ ਪਕੜ ਲਿਆਏ ਬੇਲੇ, ਬਾਰਾਂ, ਜੂਹਾਂ,
ਜਾਪੇ ਨੇ ਦਰਿਆਵਾਂ ਹੱਥੀਂ ਜੰਗਲ, ਪਰਬਤ, ਬੇਲੇ।

ਵੇਲੇ ਸਿਰ ਨਾ ਕਿਵੇਂ ਸੁਹਾਵਣ ਪਲ ਘੜੀਆਂ ਦੇ ਹਾਸੇ,
ਭਾਵੇਂ ਪਿਆ ਕੁਵੇਲਾ ਵੇਲਾ ਰੋਵੇ ਬੁੱਲ੍ਹ ਅਟੇਰੇ।

ਹਾਰ ਪਰਚ ਨਾ ਐਵੇਂ ਬਣਦੇ ਕਦੀ ਸ਼ਿੰਗਾਰ ਦਿਲਾਂ ਦੇ,
ਸੂਈਆਂ ਨਾਲ 'ਫ਼ਕੀਰ' ਨਾ ਜਦ ਤੱਕ ਵਿੰਨਣ ਫੁੱਲ-ਫੁਲੇਰੇ।

122. ਜਿਹੜੇ ਗੋਸ਼ਾ ਨਸ਼ੀਨਾਂ ਨੇ ਉਮਰ ਸਾਰੀ

ਜਿਹੜੇ ਗੋਸ਼ਾ ਨਸ਼ੀਨਾਂ ਨੇ ਉਮਰ ਸਾਰੀ,
ਵਿਰਦ ਜ਼ੁਲਫ਼ ਰੁਖ ਦੇ ਸੁਬਾਹ-ਸ਼ਾਮ ਕੀਤੇ।
ਦੁਨੀਆ ਹੁਸਨ ਦੀ ਵਿਚ ਆਪ ਸੋਹਣਿਆਂ ਨੇ,
ਚਰਚੇ ਉਨ੍ਹਾਂ ਫ਼ਕੀਰਾਂ ਦੇ ਆਮ ਕੀਤੇ।

ਸੀ ਕੋਈ ਨਸ਼ੇ ਦਾ ਸ਼ੋਖ਼ ਮੂੰਹਜ਼ੋਰ ਲੋਰਾ,
ਯਾ ਕੋਈ ਲਹਿਰ ਬਦਮਸਤ ਸ਼ਰਾਬ ਦੀ ਸੀ,
ਕੀਤਾ ਕਦੋਂ ਸਾਕੀ ਨੂੰ ਬਦਨਾਮ ਰਿੰਦਾਂ,
ਕਦੋਂ ਸਾਕੀ ਨੇ ਰਿੰਦ ਬਦਨਾਮ ਕੀਤੇ।

ਸਾਡੇ ਬਾਅਦ ਮਸਤੀ ਦੀਆਂ ਤਰੋਟਕਾਂ ਨੇ,
ਉਡਦੀ ਗਰਦ ਮੈਖ਼ਾਨੇ ਦੇ ਵਿਚ ਦੇਖੀ,
ਭਰਕੇ ਫੇਰ ਨਾ ਸਾਕੀ ਨੇ ਕਦੀ ਡਿੱਠੇ,
ਖ਼ਾਲੀ ਅਸਾਂ ਭਰੇ ਜਿਹੜੇ ਜਾਮ ਕੀਤੇ।

ਅਸਾਂ ਮਸਜਿਦਾ ਵਿਚ ਇਮਾਮ ਪਿੱਛੇ,
ਦਿਲ ਬੇਸੁਰਤ ਦੀ ਸੁਰਤ ਵੀ ਦੇਖ ਲਈ ਏ,
ਕਦੀ ਨਾਮ ਕਿਆਮ ਸਜੂਦ ਕੀਤੇ,
ਕਦੀ ਨਾਮ ਸਜੂਦ ਕਿਆਮ ਕੀਤੇ।

ਚਾਨਣ ਮੁੱਖ ਮੁਨੀਰ ਦੇ ਵਿਚ ਰਹਿੰਦੀ,
ਬਿਜਲੀ ਲਿਸ਼ਕਦੀ ਜ਼ੁਲਫ਼ ਜ਼ੰਜੀਰ ਦੀ ਸੀ,
ਕਿਸੇ ਮੁੱਲ ਤੇ ਕਦੀ ਨਾ ਵਿਕਣ ਵਾਲੇ,
ਬਰਦੇ ਯਾਰ ਬੇਦਾਮ ਗ਼ੁਲਾਮ ਕੀਤੇ।

ਪਹਿਲੀ ਵਾਰ ਜਦ ਦਿਲਾਂ ਦੇ ਦੇਸ ਅੰਦਰ,
ਅਸਾਂ ਅਪਣੇ ਆਪ ਸਫ਼ੀਰ ਭੇਜੇ,
ਉਨ੍ਹਾਂ ਬੜਾ ਪੱਕਾ ਬੰਦੋਬਸਤ ਕੀਤਾ,
ਅਸਾਂ ਬੜੇ ਪੱਕੇ ਇੰਤਜ਼ਾਮ ਕੀਤੇ।

ਖ਼ੁਸ਼ੀ ਨਾਲ ਬੜਿਆਂ ਦਿਲਾਂ ਵਾਲਿਆਂ ਨੇ,
ਦਿੱਤੇ ਦਿਲ ਸ਼ੋਖ਼ੀ ਨਜ਼ਰ ਵਾਲਿਆਂ ਨੂੰ,
ਹੋ ਮਗ਼ਰੂਰ ਸ਼ੋਖ਼ੀ ਨਜ਼ਰ ਵਾਲਿਆਂ ਨੇ,
ਬੜੇ ਦਿਲਾਂ ਵਾਲੇ ਬੇਆਰਾਮ ਕੀਤੇ।

ਬੜਾ ਵਾਂਗ ਖ਼ਿਜ਼ਾਅ ਦੇ ਤਾਅ ਲੱਗਾ,
ਖਿੜੇ ਬਾਗ਼ ਵਿਚ ਸਮੇਂ ਬਹਾਰ ਦੇ ਨੂੰ,
ਬੁਲਬੁਲ ਵੇਖ ਕੇ ਭੌਰ ਨੂੰ ਅੱਖ ਮਾਰੀ,
ਖ਼ਾਰਾਂ ਜਦੋਂ ਫੁੱਲਾਂ ਨੂੰ ਸਲਾਮ ਕੀਤੇ।

ਜਿੰਦ ਜਾਨ ਬਣਕੇ ਵਸੇ ਮਹਫ਼ਿਲਾਂ ਦੀ,
ਜੁੱਸੇ ਵਿਚ ਉਦਾਸੀਆਂ ਮਹਫ਼ਿਲਾਂ ਦੇ,
ਜਿਹੜੇ ਨਾਂ ਬੇਗ਼ਰਜ਼ ਮੁਹੱਬਤਾਂ ਨੇ,
ਵਿਚ ਮਹਫ਼ਿਲਾਂ ਦੇ ਨਸਰ ਆਮ ਕੀਤੇ।

ਸਾਡੀ ਸ਼ੋਹਰਤੋਂ ਪਏ ਡਾਢੇ ਝਿਪਦੇ ਨੇ,
ਲੱਗੇ ਨੁਕਰੇ ਯਾਰ ਗੁਮਨਾਮ ਸਾਡੇ,
ਬੜੇ ਰੱਜ ਕੇ ਅਸੀਂ ਬਦਨਾਮ ਹੋਏ,
ਬੜੇ ਵਿਚ ਦੁਨੀਆ ਪੈਦਾ ਨਾਮ ਕੀਤੇ।

ਟੋਹ ਟੋਹ ਰਾਹ ਸਾਡਾ ਰਿੜ੍ਹੇ ਕਦੀ ਜਿਹੜੇ,
ਸਾਡੀ ਨਜ਼ਰ ਦੀ ਲਾਇਨ ਤੇ ਚੱਲਦੇ ਰਹੇ,
ਮੁੜ ਉਹ ਫ਼ਿਕਰ ਦੀ ਰਾਹ ਨਾ ਚੱਲ ਸਕੇ,
ਫੜਕੇ ਅਸਾਂ ਜਿਹੜੇ ਪਹੀਏ ਜਾਮ ਕੀਤੇ।

ਉਨ੍ਹਾਂ ਵਿਚ 'ਫ਼ਕੀਰ' ਮਖ਼ਲੂਕ ਦੇ ਲਈ,
ਕੀ ਜਮਾਅਤ ਦੀ ਸੀ ਕਰਾਮਾਤ ਰਹਿਣੀ,
ਆਪੋ ਵਿਚ ਵੈਰੀ ਹਾਰੇ ਦਿਲਾਂ ਵਾਲੇ,
ਜਿਨ੍ਹਾਂ ਪਕੜ ਕੇ ਪੇਸ਼ ਇਮਾਮ ਕੀਤੇ।

123. ਜਿਹੜੇ ਦਿਨ ਨੇ ਸਾਡੇ ਦਿਲ ਥੀਂ ਉਹਦੀ ਯਾਦ ਵਿਸਾਰੀ ਏ

ਜਿਹੜੇ ਦਿਨ ਨੇ ਸਾਡੇ ਦਿਲ ਥੀਂ ਉਹਦੀ ਯਾਦ ਵਿਸਾਰੀ ਏ।
ਓਸੇ ਦਿਨ ਦੀ ਸ਼ਾਮ ਵਿਚਾਰੀ ਰੋ ਰੋ ਰਾਤ ਗੁਜ਼ਾਰੀ ਏ।

ਸਾਡੇ ਜੁੱਸੇ ਦੇ ਵਿਚ ਇਹਨੇ ਰਹਿਣ ਨਾ ਦਿੱਤਾ ਰੋਗ ਕੋਈ,
ਐਵੇਂ ਆਖਣ ਲੋਕ ਮੁਹੱਬਤ ਹੱਡਾਂ ਦੀ ਬੀਮਾਰੀ ਏ।

ਗੱਲ-ਗਲੀਨ ਬਣੀ ਹੋਈ ਸਾਡੀ ਆਪੋ-ਅਪਣੀ ਸੂਝ ਦੀ ਏ,
ਅਸਾਂ ਸਹਾਰੀ ਕਦੀ ਉਹਦੀ ਨਾ ਸਾਡੀ ਓਸ ਸਹਾਰੀ ਏ।

ਰੋਕਿਆ ਨਹੀਂ ਅੱਜ ਉਹਦੇ ਦਰ ਤੇ ਕਿਉਂ ਸਾਨੂੰ ਦਰਬਾਨਾਂ ਨੇ,
ਯਾਰ ਪੁਰਾਣੇ ਯਾਰਾਂ ਲਈ ਕੋਈ ਨਵੀਂ ਵਿਚਾਰ ਵਿਚਾਰੀ ਏ।

ਸੁਣ ਕੇ ਸਾਡੇ ਦਿਲ ਦੀ ਅਪਣੇ ਦਿਲ ਦੀ ਓਸ ਸੁਣਾਈ ਏ,
ਅੱਜ ਤਾਂ ਕੀਤੀ ਦਿੱਤੇ ਗ਼ਮ ਦੀ ਖ਼ੂਬ ਉਨ੍ਹਾਂ ਗ਼ਮਖ਼ਾਰੀ ਏ।

ਨਾਲ ਉਨ੍ਹਾਂ ਦੇ ਪਾਗਲ ਪਣਿਆਂ ਕੀਕਣ ਨਾ ਦਿਨ ਬੀਤਣਗੇ,
ਦਿਲ ਜਿਹੇ ਪਾਗਲ ਨਾਲ ਅਸਾਂ ਤਾਂ ਸਾਰੀ ਉਮਰ ਗੁਜ਼ਾਰੀ ਏ।

ਚਾਨਣੀਆਂ ਰਾਤਾਂ ਦੇ ਗਲ ਪੈ ਜਾਲ ਪਿਆ ਖ਼ੁਸ਼ਬੂਆਂ ਦਾ,
ਜ਼ੁਲਫ਼ ਹਵਾ ਦੇ ਰੁਖ ਤੇ ਕਸ ਕੇ ਕਿਸਨੇ ਛੰਡ ਖਿਲਾਰੀ ਏ।

ਪੰਛੀ ਫੇਰ ਵਰਾਗ ਮੇਰੇ ਦੇ ਪਰ-ਪੁਰਜੇ ਪਏ ਕੱਢਦੇ ਨੇ,
ਗੰਢਣ ਲੱਗਾ ਬਾਗ਼ੇ ਖ਼ਬਰੇ ਟੁੱਟਾ ਜਾਲ ਸ਼ਿਕਾਰੀ ਏ।

ਛਾਲੇ ਪੈਰਾਂ ਦੇ ਨਾ ਕੀਕਣ ਅੱਖਾਂ ਮਾਰਣ ਖ਼ਾਰਾਂ ਨੂੰ,
ਮਾਲਣ ਫੁਲਵਾੜੀ ਨੇ ਚੁੱਕੀ ਸਿਰ ਫੁੱਲਾਂ ਦੀ ਖ਼ਾਰੀ ਏ।

ਧੱਕੋ-ਧੱਕੀ 'ਫ਼ਕੀਰ' ਉਨ੍ਹਾਂ ਨੂੰ ਤੱਕਦੇ ਰਹਿਣਾ ਪੈਂਦਾ ਏ,
ਰੂਪ ਉਨ੍ਹਾਂ ਦੇ ਨਜ਼ਰ ਅਸਾਡੀ ਡਾਢੀ ਫੜੀ ਵਗਾਰੀ ਏ।

124. ਅਪਣੇ ਕੰਮ ਦੀਆਂ ਗੱਲਾਂ ਛੱਡ ਦੇ

ਅਪਣੇ ਕੰਮ ਦੀਆਂ ਗੱਲਾਂ ਛੱਡ ਦੇ।
ਰਹਿਮ ਕਰਮ ਦੀਆਂ ਗੱਲਾਂ ਛੱਡ ਦੇ।

ਵੇਖ ਲਿਆ ਏ ਭਰਮ ਤੇਰਾ ਮੈਂ,
ਛੱਡ ਭਰਮ ਦੀਆਂ ਗੱਲਾਂ ਛੱਡ ਦੇ।

ਨਾ ਦੇ ਧੋਖਾ ਬੰਦਗੀਆਂ ਨੂੰ,
ਦੈਰ ਹਰਮ ਦੀਆਂ ਗੱਲਾਂ ਛੱਡ ਦੇ।

ਰਾਹ ਦਾ ਖ਼ਮ ਏ ਮੰਜ਼ਿਲ ਤੀਕਰ,
ਰਾਹ ਦੇ ਖ਼ਮ ਦੀਆਂ ਗੱਲਾਂ ਛੱਡ ਦੇ।

ਹੁੰਦੇ ਦਮ ਤੱਕ ਏ ਦਮ ਮੇਰਾ,
ਮੇਰੇ ਦਮ ਦੀਆਂ ਗੱਲਾਂ ਛੱਡ ਦੇ।

ਕਰ ਕੋਈ ਗੱਲ ਇਨਸਾਨਾਂ ਵਾਲੀ,
ਨੇਮ ਧਰਮ ਦੀਆਂ ਗੱਲਾਂ ਛੱਡ ਦੇ।

ਅੱਖ ਦੀ ਨਮ ਦੀਆਂ ਕਰ ਨਾ ਗੱਲਾਂ,
ਅੱਖ ਦੀ ਨਮ ਦੀਆਂ ਗੱਲਾਂ ਛੱਡ ਦੇ।

ਰੋ ਨਾ ਦੁੱਖ ਗ਼ਮਾਂ ਦੇ ਰੋਣੇ,
ਦਰਦ ਅਲਮ ਦੀਆਂ ਗੱਲਾਂ ਛੱਡ ਦੇ।

ਚੁੱਕ ਹੌਲੀ ਪਰ ਰੱਖ ਤੇ ਸਿੱਧਾ,
ਤੇਜ਼ ਕਦਮ ਦੀਆਂ ਗੱਲਾਂ ਛੱਡ ਦੇ।

ਮੁਕਣੇ ਕਦੀ 'ਫ਼ਕੀਰ' ਨਹੀਂ ਇਹ,
ਜ਼ੁਲਫ਼ ਖ਼ਮਾਂ ਦੀਆਂ ਗੱਲਾਂ ਛੱਡ ਦੇ।

125. ਝਿਲ-ਮਿਲ ਕਰਦੇ ਤਾਰੇ ਕਿੱਥੇ

ਝਿਲ-ਮਿਲ ਕਰਦੇ ਤਾਰੇ ਕਿੱਥੇ।
ਤੇਰੇ ਸ਼ੋਖ਼ ਇਸ਼ਾਰੇ ਕਿੱਥੇ।

ਕੰਮ ਖ਼ਿਜ਼ਾਂ ਵਿਚ ਆਵਣ ਵਾਲੇ,
ਟੁਰ ਗਏ ਬਾਗ਼ ਬਹਾਰੇ ਕਿੱਥੇ।

ਰਾਗ ਸੁਰੀਲੇ ਗਾਵੇ ਬੁਲਬੁਲ,
ਤੇਰੇ ਬੋਲ ਕਰਾਰੇ ਕਿੱਥੇ।

ਕਿੱਥੇ ਨਰਗਸ ਅੱਖ ਦਾ ਸੁਰਮਾ,
ਕਲੀਆਂ ਫੁੱਲ ਪਿਆਰੇ ਕਿੱਥੇ।

ਦਿਲ ਲੈ ਕੇ ਦਿਲ ਵੇਚਣ ਵਾਲੇ,
ਲੱਦ ਗਏ ਵਣਜਾਰੇ ਕਿੱਥੇ।

ਇਕ ਪੱਥਰ ਥੀਂ ਦੂਜਾ ਸੋਹਣਾ,
ਪਾਗਲ ਹੁਣ ਸਿਰ ਮਾਰੇ ਕਿੱਥੇ।

ਸ਼ੋਹ ਵਿਚ ਤਰੀਏ ਸ਼ੋਹ ਵਿਚ ਡੁੱਬੀਏ,
ਖ਼ਵਰੇ ਮਿਲਣ ਕਿਨਾਰੇ ਕਿੱਥੇ।

ਲੈ ਕੇ ਦਿਲ ਨੂੰ ਖਿੱਚ ਕਿਥਾਵੀਂ,
ਨਜ਼ਰਾਂ ਨਾਲ ਨਜ਼ਾਰੇ ਕਿੱਥੇ।

ਡੇਰੇ ਸੁੰਝੇ ਛੱਡਣ ਵਾਲੇ,
ਖ਼ਵਰੇ ਮਿਲਣ ਵਿਚਾਰੇ ਕਿੱਥੇ।

ਦੇਸ ਬਣੇ ਪਰਦੇਸ ਜਿਨ੍ਹਾਂ ਦੇ,
ਕਰਨ 'ਫ਼ਕੀਰ' ਗੁਜ਼ਾਰੇ ਕਿੱਥੇ।

126. ਹਰ ਚੀਜ਼ ਦੇ ਵਿਚ ਤੇਰੀ ਤਸਵੀਰ ਪਈ ਦਿਸਦੀ ਏ

ਹਰ ਚੀਜ਼ ਦੇ ਵਿਚ ਤੇਰੀ ਤਸਵੀਰ ਪਈ ਦਿਸਦੀ ਏ।
ਤੇਰੀ ਮੂਰਤ ਦੁਨੀਆ ਦੀ ਤਫ਼ਸੀਰ ਪਈ ਦਿਸਦੀ ਏ।

ਪੱਲਾ ਤੇਰੇ ਮੁਖੜੇ ਤੋਂ ਲੱਥਾ ਤੇ ਕਿਹਾ ਲੱਥਾ,
ਅਪਣੇ ਯਾਰਾਂ ਜਿਹੀ ਮੈਨੂੰ ਤਸਵੀਰ ਪਈ ਦਿਸਦੀ ਏ।

ਹੱਥ ਤੇਰੇ ਇਸ਼ਾਰੇ ਦਾ ਦਿਸਦਾ ਏ ਇਰਾਦੇ ਵਿਚ,
ਤਦਬੀਰ ਦੇ ਓਹਲੇ ਵਿਚ ਤਕਦੀਰ ਪਈ ਦਿਸਦੀ ਏ।

ਇਹ ਜਾਗਣਾ ਹਸਤੀ ਦਾ ਹੈਰਾਨੀ ਦਾ ਸੁਪਨਾ ਏ,
ਜਦ ਮੀਟੀਆਂ ਜਾਣ ਅੱਖਾਂ ਤਾਅਬੀਰ ਪਈ ਦਿਸਦੀ ਏ।

ਵਿਚ ਹਸ਼ਰ ਮੇਰੇ ਮੂੰਹ ਦਾ ਹੈ ਰੰਗ ਹੋਇਆ ਪੀਲਾ,
ਇਸ ਰੰਗ ਦੀ ਜ਼ਰਦੀ ਥੀਂ ਤਕਸੀਰ ਪਈ ਦਿਸਦੀ ਏ।

ਸਿਰ ਕਿਸ ਦੇ ਮੈਂ ਖ਼ੂਨ ਅਪਣੇ ਦਾ ਦੋਸ਼ ਦਿਆਂ ਯਾ ਰੱਬ,
ਕਾਤਿਲ ਨਾ ਨਜ਼ਰ ਆਵੇ ਸ਼ਮਸ਼ੀਰ ਪਈ ਦਿਸਦੀ ਏ।

ਕੈਦ ਇਸ ਜ਼ਮਾਨੇ ਦੀ ਹੈ ਕੈਦ ਅਜਬ ਜਿਹੀ,
ਸੱਯਾਦ ਨਾ ਦਿਸਦਾ ਏ ਜ਼ੰਜੀਰ ਪਈ ਦਿਸਦੀ ਏ।

ਵਿਚ ਤਾਰਿਆਂ ਦੇ ਖ਼ਬਰੇ ਦਿਸਦੀ ਹੈ ਝਲਕ ਕੀਹਦੀ,
ਖ਼ਬਰੇ ਵਿਚ ਚੰਨ ਦੇ ਤਸਵੀਰ ਕੀਹਦੀ ਦਿਸਦੀ ਏ।

ਹੈ ਕਾਹਲ ਪਈ ਰਹਿੰਦੀ ਹਰ ਦਮ ਹੀ ਮੇਰੇ ਦਿਲ ਨੂੰ,
ਕੱਚੀ ਹੀ 'ਫ਼ਕੀਰ' ਇਹਦੀ ਤਾਮੀਰ ਪਈ ਦਿਸਦੀ ਏ।

127. ਕਿਵੇਂ ਨਾ ਭੇਤ ਉਲਫ਼ਤ ਦਾ ਜ਼ਮਾਨੇ ਤੇ ਸਨਮ ਨਿਕਲੇ

ਕਿਵੇਂ ਨਾ ਭੇਤ ਉਲਫ਼ਤ ਦਾ ਜ਼ਮਾਨੇ ਤੇ ਸਨਮ ਨਿਕਲੇ।
ਮੇਰੇ ਮੂੰਹ ਤੋਂ ਪਿਆ ਆਪੇ ਮੇਰੇ ਦਿਲ ਦਾ ਭਰਮ ਨਿਕਲੇ।

ਤੇਰੇ ਦੁੱਖਾਂ ਦੀਆਂ ਯਾਦਾਂ ਜ਼ਮਾਨਤ ਨੇ ਹਿਆਤੀ ਦੀ,
ਨਿਕਲਦੀ ਜਾਨ ਦਿਸਦੀ ਏ ਦਿਲੋਂ ਤੇਰਾ ਜੋ ਗ਼ਮ ਨਿਕਲੇ।

ਕਰੇ ਨਰਗਸ ਦਾ ਗੁੱਸਾ ਸ਼ੁੱਧ ਸਿਰ ਕੁੰਭਲ ਦੇ ਪੇਚਾਂ ਨੂੰ,
ਨਜ਼ਰ ਵਿੱਚੋਂ ਜੇ ਬਾਗ਼ੇ ਤੇਰੀਆਂ ਜ਼ੁਲਫ਼ਾਂ ਦਾ ਖ਼ਮ ਨਿਕਲੇ।

ਤੇਰੇ ਮਸਤਾਨਿਆਂ ਨੈਣਾਂ ਦੀਆਂ ਨੇ ਸ਼ੈਨਤਾਂ ਜਿਹੀਆਂ,
ਜਿਨ੍ਹਾਂ ਦੇ ਸਾਮ੍ਹਣੇ ਨਿਕਲੇ ਤੇ ਰੁੜਹਦਾ ਜਾਮ ਜਮ ਨਿਕਲੇ।

ਧੁਖੇ ਪਈ ਅੱਗ ਉਲਫ਼ਤ ਦੀ ਨਾ ਬਲਦੀ ਏ ਨਾ ਬੁਝਦੀ ਏ,
ਨਾ ਜਿਉਣਾ ਮੈਂ ਨਾ ਮਰਨਾ ਮੈਂ ਨਾ ਦਮ ਆਵੇ ਨਾ ਦਮ ਨਿਕਲੇ।

ਨਾ ਬੈਠੇ ਭਾਲਦੇ ਦਿਲਬਰ ਨੂੰ ਥਾਂ ਸਿਰ ਦਰਦ ਦਿਲ ਵਾਲੇ,
ਕਦੀ ਵਿਚ ਬੁਤਕਦੇ ਪਹੁੰਚੇ ਕਦੀ ਵਿਚ ਜਾ ਹਰਮ ਨਿਕਲੇ।

ਤੇਰੀ ਸਰਦਲ ਦੀ ਘਾਸੀ ਕਾਅਬਿਆ ਪਈ ਸਾਫ਼ ਦਿਸਦੀ ਏ,
ਮੇਰੇ ਮੱਥੇ ਦੀ ਸਖ਼ਤੀ ਤੋਂ ਤੇਰੇ ਪੱਥਰ ਨਰਮ ਨਿਕਲੇ।

ਨਬੇੜੇ ਵੇਖਣਾ ਹੁੰਦੇ ਅਜ਼ਾਬਾਂ ਤੇ ਸਬਾਬਾਂ ਦੇ,
ਫ਼ਰਿਸ਼ਤੇ ਵਿਚ ਮਹਿਸਰ ਜੋ ਲੈ ਕੇ ਲੂਹੋ-ਕਲਮ ਨਿਕਲੇ।

ਪਤਾ ਨਹੀਂ ਦਿਲ ਨੂੰ ਕਿਉਂ ਐਡਾ ਸੀ ਚਾ ਕਦਮਾਂ ਦੇ ਹੁੰਮੇ ਦਾ,
ਅਦਮ ਦੀ ਹੱਦ ਤੇ ਆਏ ਵਜੂਦੋਂ ਦੋ ਕਦਮ ਨਿਕਲੇ।

ਰਹਵੇ ਮਹਫ਼ਿਲ 'ਚ ਉਂਜੇ ਈ ਗ਼ਜ਼ਲ ਦੀ ਆਬਰੂ ਕਿਉਂ ਨਾ,
ਫ਼ਕੀਰ' ਅਪਣੀ ਕਲਮ ਬਣਕੇ ਜੇ ਗ਼ਾਲਬ ਦੀ ਕਲਮ ਨਿਕਲੇ।

128. ਮੇਰੀ ਮਿੱਟੀ ਥੀਂ ਮਰਕੇ ਵੀ ਪਿਆ ਮੇਰਾ ਭਰਮ ਨਿਕਲੇ

ਮੇਰੀ ਮਿੱਟੀ ਥੀਂ ਮਰਕੇ ਵੀ ਪਿਆ ਮੇਰਾ ਭਰਮ ਨਿਕਲੇ।
ਪਿਆਲੇ ਮੇਰੀ ਮਿੱਟੀ ਦੇ ਨੇ ਸਗਵੇਂ ਜਾਮੇ-ਜਮ ਨਿਕਲੇ।

ਮੈਂ ਕੀ ਦੱਸਾਂ ਮੇਰੇ ਮੌਲਾ ਸੀ ਕੀ ਉਹ ਦਮ ਕਿਆਮਤ ਦਾ,
ਤੇਰੀ ਮਹਫ਼ਿਲ ਤੋਂ ਦੁਨੀਆ ਲਈ ਅਸੀਂ ਜਦ ਦਮ ਦਾ ਦਮ ਨਿਕਲੇ।

ਤਰਿੱਖੀ ਟੋਰ ਕਿੱਡੀ ਏ ਤੇਰੇ ਬੇਸੁਰਤ ਰਾਹੀਆਂ ਦੀ,
ਤੇਰੀ ਦੁਨੀਆ ਤੇ ਆਉਂਦੇ ਲੋਕ ਨੇ ਜਾ ਵਿਚ ਅਦਮ ਨਿਕਲੇ।

ਕੋਈ ਨੁੱਕਰ ਨਾ ਇਹਨਾਂ ਥੀਂ ਰਹੀ ਖ਼ਾਲੀ ਖ਼ੁਦਾਈ ਦੀ,
ਪਤਾ ਨਹੀਂ ਕਿਹੜੀ ਨੀਅਤ ਤੇ ਨੇ ਕਾਅਬੇ ਥੀਂ ਸਨਮ ਨਿਕਲੇ।

ਮੁਹੱਬਤ ਬੇ-ਤਲਬ ਓੜਕ ਬਨੀ ਨਿੱਤ ਦੇ ਵਿਛੋੜੇ ਦੀ,
ਖ਼ੁਸ਼ੀ ਦਿਲ ਦੀ ਏ ਹੁਣ ਏਹੋ ਨਾ ਦਿਲ ਥੀਂ ਤੇਰਾ ਗ਼ਮ ਨਿਕਲੇ।

ਤੂੰ ਕੀ ਜਾਣੇ ਖ਼ੁਦਾ ਦੀ ਏ ਖ਼ੁਦਾਈ ਹੁਣ ਕਿਵੇਂ ਵਸਦੀ,
ਮਸੀਤੋਂ ਬਾਹਰ ਵੀ ਮੁੱਲਾਂ ਕਦੀ ਤੇਰਾ ਕਦਮ ਨਿਕਲੇ।

ਉਮਰ ਦੀ ਸੇਧ ਸੰਗ ਉਲਫ਼ਤ ਦਾ ਕਰਦੀ ਏ ਕਿ ਨਹੀਂ ਕਰਦੀ,
ਕਦੋਂ ਤੀਕਰ ਪਤਾ ਨਹੀਂ ਤੇਰੀਆਂ ਜ਼ੁਲਫ਼ਾਂ ਦਾ ਖ਼ਮ ਨਿਕਲੇ।

ਅਸਰ ਆਹ ਕਰ ਗਈ ਮੇਰੀ ਨਾ ਪੁੱਜਿਆ ਮੈਂ ਉਹਦੇ ਤੀਕਰ,
ਮੇਰੇ ਪੱਕੇ ਨੇ ਦਮ ਨਿਕਲੇ ਮੇਰੇ ਕੱਚੇ ਕਦਮ ਨਿਕਲੇ।

ਸੀ ਫ਼ਿਕਰ ਆਜ਼ਾਦ 'ਗ਼ਾਲਿਬ' ਦਾ ਮੇਰੀ ਸੋਝੀ ਗ਼ੁਲਾਮਾਂ ਦੀ,
ਗ਼ਜ਼ਲ ਮੇਰੀ ਉਹਦੀ ਗ਼ਜ਼ਲੋਂ ਨਰਮ ਨਿਕਲੇ, ਗਰਮ ਨਿਕਲੇ।

'ਫ਼ਕੀਰ' ਉਹਨੇ, ਤੂੰ ਦੱਸ ਤੌਹੀਦ ਜਾਤੀ ਵੀ ਤੇ ਕੀ ਜਾਤੀ,
ਜੇ ਜਾ ਕੇ ਬੁਤ ਕਦੇ ਵਿਚ ਕੋਈ ਨਾ ਜਾ ਕੇ ਵਿਚ ਹਰਮ ਨਿਕਲੇ।

129. ਦਿਸਦੇ ਨੇ ਧੀਦੋ ਰਾਂਝੇ ਨੂੰ ਪਏ ਪੈਂਡੇ ਕਾਲੇ ਕੋਹਾਂ ਦੇ

ਦਿਸਦੇ ਨੇ ਧੀਦੋ ਰਾਂਝੇ ਨੂੰ ਪਏ ਪੈਂਡੇ ਕਾਲੇ ਕੋਹਾਂ ਦੇ,
ਉਹ ਝੰਗ ਦੇ ਪਰਲੇ ਦੰਦੇ ਤੇ ਉਰਲੇ ਤੇ ਤਖ਼ਤ ਹਜ਼ਾਰਾ ਏ।

ਜਾ ਉੱਥੇ ਮੰਗੂ ਚਾਰਣ ਦਾ ਕੀ ਲਵੇਗਾ ਚਾਕ ਸਵਾਦ ਕੋਈ,
ਜਿਸ ਬੇਲੇ ਸੀਹਾਂ ਨਾਗਾਂ ਦਾ ਨਾ ਪੈਂਦਾ ਸ਼ੋਰ ਕੁਕਾਰਾ ਏ।

ਉਹ ਸੀਨੇ ਪਾੜ ਪਹਾੜਾਂ ਦੇ ਗਾਹੁੰਦੇ ਨੇ ਸ਼ੌਹ ਦਰਿਆਵਾਂ ਨੂੰ,
ਮਤਲਬ ਦੇ ਜਿਹੜੇ ਪਾਗਲ ਨੇ ਜਿਨ੍ਹਾਂ ਦਾ ਇਸ਼ਕ ਸਹਾਰਾ ਏ।

ਸਾਉਣੀ ਦਾ ਪਾਗਲਪੁਣਿਆਂ ਦੇ ਸਿਰ ਉਹ ਅਹਿਸਾਨ ਚੜ੍ਹਾਉਂਦਾ ਕਿਉਂ,
ਘਰ ਵਿਚ ਹੀ ਬਹਿ ਕੇ ਦੇਖ ਲਿਆ ਜੰਗਲ ਦਾ ਜਿਨ੍ਹਾਂ ਨਜ਼ਾਰਾ ਏ।

ਕਲੀਆਂ ਦੇ ਮੱਥੇ ਹਸਦੇ ਨੇ ਨਾ ਲਾਲ ਫੁੱਲਾਂ ਦੀਆਂ ਗੱਲ੍ਹਾਂ ਨੇ,
ਨਰਗਿਸ ਦੀ ਅੱਖੀਂ ਕਜਲਾ ਏ ਨਾ ਜ਼ੁਲਫ਼ ਕੁੰਬਲ ਵਿਚ ਤਾਰਾ ਏ।

ਅੱਜ ਕਾਲ ਸਮੇਂ ਦੀ ਆਪ ਅੱਖੀਂ ਰਿੰਦਾਂ ਨੇ ਨਿਸ਼ਾਨੀ ਵੇਖ ਲਈ,
ਇਕ ਸੂਫ਼ੀ ਲੈ ਕੇ ਠੇਕੇ ਤੋਂ ਪਿਆ ਪੀਂਦਾ ਜਾਮ ਉਧਾਰਾ ਏ।

ਯਾਰੀ ਦੀ ਮੰਡੀ ਵਿਚ ਦਿਲਾ ਕੀ ਭੋਗ ਵਫ਼ਾ ਦਾ ਪਾਉਣਾ ਏ,
ਇਹ ਜਿਨਸ ਅੱਜ ਘਾਟੇ ਦਿੰਦੀ ਏ ਇਹਦੇ ਵਿਚ ਨਿਰਾ ਖ਼ਸਾਰਾ ਏ।

ਨਾ ਭਾਰ ਏ ਸਾਵਾਂ ਬੇੜੇ ਦਾ ਨਾ ਨੀਅਤ ਨੇਕ ਮੱਲਾਹਵਾਂ ਦੀ,
ਸੰਗਾਂ ਦੇ ਖ਼ੂਨੀ ਸ਼ੌਹ ਵਿੱਚੋਂ ਕਦ ਹੋਣਾ ਪਾਰ ਉਤਾਰਾ ਏ।

ਕੰਮ ਆਵੇ ਭੀੜਾਂ ਬਣੀਆਂ ਤੇ ਕੋਈ ਦਿਸਦਾ ਕਾਮਾਂ ਪੁੱਤਰ ਨਹੀਂ,
ਹਰ ਜੁੱਸਾ ਡਾਢਾ ਰੋਗੀ ਏ ਹਰ ਅੰਗ 'ਫ਼ਕੀਰ' ਨਕਾਰਾ ਏ।

130. ਹੁਣ ਤੇ ਚਾਅ ਚਮਕਾਉ ਚੰਨੋ ਬਖ਼ਤ ਸਿਆਹ ਅਸਾਡੇ

ਹੁਣ ਤੇ ਚਾਅ ਚਮਕਾਉ ਚੰਨੋ ਬਖ਼ਤ ਸਿਆਹ ਅਸਾਡੇ।
ਹੁਣ ਤੇ ਬਖ਼ਸ਼ੋ ਬਖ਼ਸਨਹਾਰਿਉ ਜੁਰਮ ਗੁਨਾਹ ਅਸਾਡੇ।

ਅਸੀਂ ਨਹੀਂ ਕੁਝ ਦੱਸਣ ਜੋਗੇ ਸਾਨੂੰ ਕੁਝ ਨਾ ਪੁੱਛੋ,
ਦੱਸੋ ਤੇ ਸਹੀ ਕੀ ਏ ਮੌਲਾ ਕੋਲ ਸਿਵਾ ਅਸਾਡੇ।

ਸਦਕਾ ਨਾਂ ਦਾ ਤੁਸੀਂ ਹੀ ਸਾਨੂੰ ਰਾਹ ਸਿੱਧੇ ਚਾ ਪਾਇਆ,
ਪੁੱਠੀ ਮੰਜ਼ਿਲ ਪੁੱਠੀਆਂ ਟੋਰਾਂ ਪੁੱਠੇ ਰਾਹ ਅਸਾਡੇ।

ਜ਼ੋਰਾਵਰੋ ਤੁਸੀਂ ਓ ਡਾਢੇ ਅਸੀਂ ਨਿਤਾਣੇ ਮਾੜੇ,
ਐਵੇਂ ਨਾ ਪਏ ਮੋਤੀਆਂ ਵਾਲਿਉ ਕੱਢੋ ਤਰਾਹ ਅਸਾਡੇ।

ਬਖ਼ਸ਼ੋ ਵੇਖੀਆਂ ਡਿੱਠੀਆਂ ਅੰਨ੍ਹੀ ਬੋਲੀ ਦੀਆਂ ਖ਼ਤਾਵਾਂ,
ਆਪੇ ਤੇ ਸੀ ਤੁਸਾਂ ਜਵਾਨੀ ਪਾਈ ਵਾਹ ਅਸਾਡੇ।

ਬੇਇਤਬਾਰਿਆਂ ਦਾ ਹੁਣ ਮੌਲਾ ਕੁਝ ਤੇ ਭਰਮ ਬਣਾਉ,
ਬਾਝ ਤੁਹਾਡੇ ਕਿਸੇ ਨਾ ਕਰਨੇ ਕਦੀ ਵਿਸਾਹ ਅਸਾਡੇ।

ਭੁੱਲੇ ਦਿਲ ਦੀ ਕੰਨੀ ਬੱਧੀ ਮੁੜ ਕੇ ਯਾਦ ਤੁਹਾਡੀ,
ਚਾਹਤ ਤੇਰੀ ਬਾਝ ਨਹੀਂ ਹੋਣੇ ਕਦੀ ਨਿਬਾਹ ਅਸਾਡੇ।

ਆਖੋ ਤੁਸੀਂ ਵੀ ਬਖ਼ਸ਼ਿਸ਼ ਨੂੰ ਹੁਣ ਸ਼ਾਹਿਦ ਬਣੇ ਅਸਾਡੀ,
ਬਣ ਗਏ ਨੇ ਇਕਰਾਰ ਤੁਹਾਡੇ ਫੇਰ ਗੁਨਾਹ ਅਸਾਡੇ।

ਤਕਬਾ ਜ਼ੋਹਦ ਇਬਾਦਤ ਦੀ ਨਹੀਂ ਰਾਸ ਅਸਾਡੇ ਪੱਲੇ,
ਰੱਖੋ ਤਰਲੇ ਹਾੜ੍ਹੇ ਲਿੱਲਾ ਵਿੱਚ ਨਿਗਾਹ ਅਸਾਡੇ।

ਡਰਦਾ ਏ ਦਿਲ ਬੇਪਰਵਾਹੀਉਂ ਪਿਆ 'ਫ਼ਕੀਰ' ਅਸਾਡਾ,
ਸਾਨੂੰ ਪਤਾ ਏ ਤੁਸੀਂ ਓ ਮਾਲਕ ਬੇਪਰਵਾਹ ਅਸਾਡੇ।

131. ਜਿਹੜੇ ਰੰਗ ਮੈਖ਼ਾਨੇ ਨੂੰ ਛੱਡਿਆ ਸੀ

ਜਿਹੜੇ ਰੰਗ ਮੈਖ਼ਾਨੇ ਨੂੰ ਛੱਡਿਆ ਸੀ,
ਉਹੋ ਰੰਗ ਮੈਖ਼ਾਨੇ ਦਾ ਅੱਜ ਵੀ ਏ।
ਰਿੰਦ ਦੋ ਜੁੜ ਕੇ ਨਹੀਂ ਲੰਘ ਸਕਦੇ,
ਬੂਹਾ ਤੰਗ ਮੈਖ਼ਾਨੇ ਦਾ ਅੱਜ ਵੀ ਏ।

ਰਗੜੇ ਲਾਉਣ ਲਈ ਉਂਜੇ ਨੇ ਭੰਗੀਆਂ ਦੇ,
ਡੰਡੇ ਵਿਚ ਕੱਛਾਂ ਦੋਰੇ ਸਿਰਾਂ ਉੱਤੇ,
ਰੰਗ ਵਿਚ ਮੈਖ਼ਾਨੇ ਦੇ ਪਿਆ ਪਾਉਂਦਾ,
ਭੰਗ ਰੰਗ ਮੈਖ਼ਾਨੇ ਦਾ ਅੱਜ ਵੀ ਏ।

ਧੂੰਆਂ ਨਿਕਲਦਾ ਨਹੀਂ ਕਿਸੇ ਪਾਸਿਉਂ ਵੀ,
ਉਂਜੇ ਭੱਠੀਆਂ ਬੁਝੀਆਂ ਬੁਝੀਆਂ ਨੇ,
ਦਿਸਦਾ ਟੱਪਦਾ ਮੰਗਵੇਂ ਮੰਗਕੇ ਈ,
ਪਿਆ ਡੰਗ ਮੈਖ਼ਾਨੇ ਦਾ ਅੱਜ ਵੀ ਏ।

ਟੁੱਟੇ ਹੋਏ ਦੰਦੇ ਕੰਘੀ ਫ਼ਿਕਰ ਦੀ ਏ,
ਜ਼ੁਲਫ਼ ਸੁਖ਼ਨ ਦੀ ਖਿਲਰੀ ਪੁਲਰੀ ਏ,
ਸੁਣਿਐਂ ਵਾਂਗ ਮੇਰੇ ਪਰੇਸ਼ਾਨ ਡਾਢਾ,
ਕੋਈ ਮਲੰਗ ਮੈਖ਼ਾਨੇ ਦਾ ਅੱਜ ਵੀ ਏ।

ਕਰਨ ਸਾਕੀ ਨੂੰ ਪਏ ਬਦਨਾਮ ਐਵੇਂ,
ਮੂਧੇ ਮੂੰਹ ਨੇ ਬਹੁਤੇ ਵਿਚ ਨਾਲੀਆਂ ਦੇ,
ਕਾਜ਼ੀ ਸ਼ਹਿਰ ਦੇ ਦੀ ਨਜ਼ਰ ਵਿਚ ਰਹਿੰਦਾ,
ਮੰਦ-ਚੰਗ ਮੈਖ਼ਾਨੇ ਦਾ ਅੱਜ ਵੀ ਏ।

ਹਲਕਾ ਸੂਫ਼ੀਆਂ ਦਾ ਰਲ ਕੇ ਨਾਲ ਰਿੰਦਾਂ,
ਕਰਦਾ ਅਜੇ ਵੀ ਅਹਿਦ ਵਫ਼ਾ ਦਾ ਨਹੀਂ,
ਸੰਗਤ ਨਾਲ ਮੈਖ਼ਾਨੇ ਦੀ ਪਿਆ ਖਹਿੰਦਾ,
ਕੱਬਾ ਢੰਗ ਮੈਖ਼ਾਨੇ ਦਾ ਅੱਜ ਵੀ ਏ।

ਦਿਸਣ ਝਗੜਿਆਂ ਝੇੜਿਆਂ ਨਾਲ ਉਂਜੇ,
ਝੇਡਾਂ ਲੁਕੀਆਂ ਇਲਮ ਤੇ ਅਦਬ ਦੀਆਂ,
ਮੂਰਖ਼ਪੁਣੇ ਦਾ ਸੀ ਅਕਲ ਨਾਲ ਜਿਹੜਾ,
ਉਹੋ ਜੰਗ ਮੈਖ਼ਾਨੇ ਦਾ ਅੱਜ ਵੀ ਏ।

ਟਿੰਡਾਂ ਘੜਨੀਆਂ ਨਾ ਭਾਵੇਂ ਆਉਣ ਮੈਨੂੰ,
ਮੈਂ ਉਸਤਾਦ ਬਣਿਆ ਫਿਰਾਂ ਮੱਘੀਆਂ ਦਾ,
ਚਿੱਬੇ ਸਾਗ਼ਰ ਸੁਰਾਹੀਆਂ ਨੂੰ ਦੇਖ ਕੇ ਤੇ,
ਸਾਕੀ ਦੰਗ ਮੈਖ਼ਾਨੇ ਦਾ ਅੱਜ ਵੀ ਏ।

ਦਿਲ ਦੀ ਗੱਲ ਰਿੰਦਾਂ ਨੂੰ ਸਮਝਾਉਣ ਦੇ ਲਈ,
ਸੈਨਤ ਕੋਈ ਸੂਫ਼ੀ ਕੋਲ ਅੱਖਦੇ ਨਹੀਂ,
ਪਿਆ ਸੰਗਦਾ ਵਾਂਗ ਕੁਸੰਗਿਆਂ ਦੇ,
ਕੱਚਾ ਸੰਗ ਮੈਖ਼ਾਨੇ ਦਾ ਅੱਜ ਵੀ ਏ।

ਲਵੇ ਪਿਆ ਬਦਮਸਤੀ ਵਿਚਾਰ ਦੀ ਥੀਂ,
ਅਦਬ ਕੰਮ ਜ਼ੁਬਾਨ ਦਰਾਜ਼ੀਆਂ ਦਾ,
ਡੁੱਬੀ ਸ਼ਰਮ ਮੈਖ਼ਾਨੇ ਦੀ ਅੱਜ ਵੀ ਏ,
ਲੱਥਾ ਲੰਗ ਮੈਖ਼ਾਨੇ ਦਾ ਅੱਜ ਵੀ ਏ।

ਉਸਲਵੱਟੇ ਲੈਂਦੀ ਏ ਸੁਰਾਹੀ ਨਾਲੇ,
ਪਿਆ ਜਾਮ ਉਬਾਸੀਆਂ ਮਾਰਦਾ ਏ,
ਟੁੱਟੇ ਨਸ਼ੇ ਦੇ ਵਾਂਗਰਾਂ ਪਿਆ ਟੁਟਦਾ,
ਅੰਗ ਅੰਗ ਮੈਖ਼ਾਨੇ ਦਾ ਅੱਜ ਵੀ ਏ।

ਦੱਸਾਂ ਕੀ ਮੈਂ ਯਾਰਾਂ ਨੂੰ ਪਤਾ ਉਹਦਾ,
ਹੈਸਨ ਆਖਦੇ ਲੋਕ 'ਫ਼ਕੀਰ' ਜੀਹਨੂੰ,
ਬੁਝੀ ਸ਼ੱਮਾਂ ਮੈਖ਼ਾਨੇ ਦੀ ਨਾਲ ਗ਼ਾਇਬ,
ਉਹ ਪਤੰਗ ਮੈਖ਼ਾਨੇ ਦਾ ਅੱਜ ਵੀ ਏ।

132. ਜਿੱਥੇ ਰਹੇ ਹਾਂ ਰਹੇ ਹਾਂ ਅਸੀਂ ਉੱਥੇ

ਜਿੱਥੇ ਰਹੇ ਹਾਂ ਰਹੇ ਹਾਂ ਅਸੀਂ ਉੱਥੇ,
ਉਹਦੀ ਸ਼ੋਖ਼ ਨਜ਼ਰ ਦੀ ਮਾਰ ਥੱਲੇ।
ਦਰ ਤੋਂ ਕਦੀ ਉਹਨੇ ਜੇ ਉਠਾ ਦਿੱਤਾ,
ਬੈਠੇ ਅਸੀਂ ਜਾ ਉਹਦੀ ਦੀਵਾਰ ਥੱਲੇ।

ਉਹਦੀ ਨਜ਼ਰ ਦੇ ਘੇਰਿਆਂ ਤੀਕ ਸਾਡੇ,
ਖਿਲਰ ਗਏ ਘੇਰੇ ਚਾਵਾਂ ਸੱਧਰਾਂ ਦੇ,
ਦਰਦ ਮੰਦ ਦਿਲ ਨੂੰ ਜਦ ਦਾ ਪਿਆ ਘੇਰਾ,
ਉਹਦੀ ਨਜ਼ਰ ਦੀ ਆਨ ਪ੍ਰਕਾਰ ਥੱਲੇ।

ਸਾਕੀ ਇਨ੍ਹਾਂ ਵਿਚਾਰਿਆਂ ਵੱਲ ਖ਼ਬਰੇ,
ਕਿਹੜੀ ਅੱਖ ਮਸਤਾਨੀ ਦੇ ਨਾਲ ਡਿੱਠਾ,
ਬੈਠੇ ਹੋਏ ਨੇ ਉਹਦੀਆਂ ਸਰਦਲਾਂ ਤੇ,
ਧੌਣਾਂ ਸੁੱਟ ਸਾਰੇ ਮਤਵਾਰ ਥੱਲੇ।

ਚਾਨਣ ਵਿਚ ਹਨੇਰੀਆਂ ਫਿਰਨ ਲਾਉਂਦੇ,
ਰਸਤੇ ਕੱਢ ਫਿਰਨ ਜ਼ੁਲਮਾਤ ਵਿੱਚੋਂ,
ਜਿਹੜੇ ਰਾਤ ਦੀ ਰਾਤ ਗੁਜ਼ਾਰ ਗਏ ਨੇ,
ਬਹਿ ਕੇ ਉਨ੍ਹਾਂ ਦੀ ਜ਼ੁਲਫ਼ ਖ਼ਮਦਾਰ ਥੱਲੇ।

ਅੱਖੀਂ ਦੇਖ ਇਹਨੂੰ ਬੜਾ ਪੀਰ ਕਾਮਿਲ,
ਅਸਾਂ ਹੱਥ ਇਹਦੇ ਉੱਤੇ ਬੈਅਤ ਕੀਤੀ,
ਬੜੀਆਂ ਹੁਸਨ ਕਰਾਮਤਾਂ ਕੀਤੀਆਂ ਨੇ,
ਬਹਿ ਕੇ ਇਸ਼ਕ ਦੀ ਕੁਤਬ ਮੀਨਾਰ ਥੱਲੇ।

ਬਾਹਮਣ, ਸ਼ੇਖ਼, ਸੂਫ਼ੀ, ਪੀਰ, ਰਿੰਦ, ਮੁੱਲਾਂ,
ਕਿਹੜਾ ਮਜ੍ਹਮੇ ਵਿਚ ਨਹੀਂ ਨਜ਼ਰ ਆਉਂਦਾ,
ਆਉਣ ਜਦੋਂ ਵੀ ਕਦੀ ਉਹ ਬਾਮ ਉੱਤੇ,
ਪੈਂਦੀ ਸੁਣੀ ਏਂ ਹਾਲ-ਪੁਕਾਰ ਥੱਲੇ।

ਸਾਡੀ ਨਜ਼ਰ ਉਨ੍ਹਾਂ ਦੇ ਬਨੇਰਿਆਂ ਤੇ,
ਜਾ ਕੇ ਆਪ ਅੱਜ ਉਨ੍ਹਾਂ ਨੂੰ ਵੇਖ ਆਈ,
ਪਰਦੇ ਰਹੇ ਉਹਦੇ ਵਿਹੰਦੇ ਮੂੰਹ ਸਾਡਾ,
ਹਸਦੀ ਨਜ਼ਰ ਕਰ ਲਈ ਪਰਦੇਦਾਰ ਥੱਲੇ।

ਰੋਣੇ ਉਨ੍ਹਾਂ ਦੇ ਹਿਜਰ ਫ਼ਿਰਾਕ ਵਾਲੇ,
ਜਦੋਂ ਬਾਝ ਮਿਲਾਪ ਦੇ ਮੁੱਕਣੇ ਨਹੀਂ,
ਉੱਤੇ ਸੱਦਣਾ ਜੇ ਨਹੀਂ ਸੀ ਠੀਕ ਸਾਨੂੰ,
ਆਉਂਦੇ ਆਪ ਈ ਜ਼ਰਾ ਸਰਕਾਰ ਥੱਲੇ।

ਹਰ ਚਰਵਾਹੇ ਨੂੰ ਕੌਣ ਮਹੀਵਾਲ ਆਖੇ,
ਘੜੇ ਵਾਲੀਆਂ ਨੂੰ ਸਮਝੇ ਕੌਣ ਸੋਹਣੀ,
ਤੁਲਾ ਲੱਗਾ ਜਾਂਦਾ ਕਿਵੇਂ ਸਮਝ ਲਈਏ,
ਖੋਤਾ ਦੇਖ ਕੇ ਕਿਸੇ ਘੁਮਿਆਰ ਥੱਲੇ।

ਇਹ ਵੀ ਭਲੀ ਗੁਜ਼ਰੀ ਦਿਲਾਂ ਤਾਲਬਾਂ ਲਈ,
ਨਜ਼ਰਾਂ ਸ਼ੋਖ਼ੀਆਂ ਤੀਰਾਂ ਦਾ ਕੰਮ ਕੀਤਾ,
ਫੇਰ ਬੁਲਬੁਲਾਂ ਫੁੱਲਾਂ ਨੂੰ ਕਰਦੀਆਂ ਕੀ,
ਫੁੱਲਾਂ ਨਾਲ ਜੇ ਨਾ ਹੁੰਦੇ ਖ਼ਾਰ ਥੱਲੇ।

ਰਾਤੀਂ ਮੈਖ਼ਾਨੇ ਵਿਚ ਉਹ ਪਈ ਅੰਨ੍ਹੀ,
ਖੁਣੇ ਖੁੱਲ੍ਹ ਗਏ ਕਈਆਂ ਵਿਚਾਰਿਆਂ ਦੇ,
ਥੱਲੇ ਕਦੀ ਸਾਕੀ ਤੇ ਮੈਅਖ਼ਾਰ ਉੱਤੇ,
ਅਤੇ ਕਦੀ ਸਾਕੀ ਤੇ ਮੈਅਖ਼ਾਰ ਥੱਲੇ।

133. ਨਾਲ ਸੈਨਤਾਂ ਸਮਝੀਏ ਕਦੋਂ ਤੀਕਰ

ਨਾਲ ਸੈਨਤਾਂ ਸਮਝੀਏ ਕਦੋਂ ਤੀਕਰ,
ਕਦੋਂ ਤੀਕ ਇਸ਼ਾਰਿਆਂ ਨਾਲ ਕਰੀਏ।
ਯਾਰ ਨਾਲ ਜਿਹੜੀਆਂ ਕਰਨ ਵਾਲੀਆਂ ਨੇ,
ਗੱਲਾਂ ਕਿਵੇਂ ਉਹ ਤਾਰਿਆਂ ਨਾਲ ਕਰੀਏ।

ਹੁੰਦੀ ਸਾਰ ਨਹੀਂ ਕੋਈ ਨਾ ਮਹਿਰਮਾਂ ਨੂੰ,
ਐਵੇਂ ਪਏ ਸਾਰੇ ਮੁੜ ਮੁੜ ਪੁੱਛਦੇ ਨੇ,
ਮਹਿਰਮ ਨਾਲ ਜਿਹੜੀ ਗਲ ਏ ਕਰਨ ਵਾਲੀ,
ਅਸੀਂ ਕਿਵੇਂ ਪਏ ਸਾਰਿਆਂ ਨਾਲ ਕਰੀਏ।

ਨਾਲ ਬੁਲਬੁਲਾਂ ਕੰਡਿਆਂ ਵਿਚ ਬਹਿ ਕੇ,
ਕਰਨੀ ਫੁੱਲਾਂ ਦੀ ਗੱਲ ਤੇ ਸਜਦੀ ਏ,
ਕਿਉਂ ਪਏ ਰੁੱਤ ਬਹਾਰ ਦਾ ਜ਼ਿਕਰ ਐਵੇਂ,
ਬਾਗ਼ਾਂ ਬੇਮੁਹਾਰਿਆਂ ਨਾਲ ਕਰੀਏ।

ਕਦੋਂ ਮਾੜਿਆਂ ਦੀ ਤਕੜੇ ਕੰਨ ਪਾਉਂਦੇ,
ਊਚੇ ਨਹੀਂ ਸੁਣਦੇ ਕੋਈ ਨੀਵਿਆਂ ਦੀ,
ਛੱਪੜ ਝਨਾਂ ਦੇ ਰੱਖ ਦੀ ਗੱਲ ਕੋਈ,
ਕਿਹੜੇ ਮਹਿਲਾਂ ਚੁਬਾਰਿਆਂ ਨਾਲ ਕਰੀਏ।

ਹੋ ਕੇ ਵਿਸਰੇ ਨੇ ਜਿਹੜੇ ਮੁੱਦਤਾਂ ਤੋਂ,
ਸਾਡੀ ਯਾਦ ਵੀ ਮਨੋਂ ਵਿਸਾਰ ਬੈਠੇ,
ਗੱਲਾਂ ਗੁੱਝੀਆਂ ਮਨ ਦੀਆਂ ਕਿਵੇਂ ਕਿਧਰੇ,
ਬਹਿ ਕੇ ਮਨੋਂ ਵਿਸਾਰਿਆਂ ਨਾਲ ਕਰੀਏ।

ਨਹੀਂ ਕੋਈ ਉਸ ਸੋਹਣੇ ਦੀ ਮਸਾਲ ਮਿਲਦੀ,
ਜਿਹਦੇ ਹੁਸਨ ਬੇਮਿਸਲ ਦਾ ਤਜ਼ਕਰਾ ਏ,
ਕੀਕਣ ਸੂਫ਼ੀਆਂ ਜ਼ਾਹਿਦਾਂ ਨਾਲ ਕਰੀਏ,
ਕਿਵੇਂ ਰਿੰਦਾਂ ਵਿਚਾਰਿਆਂ ਨਾਲ ਕਰੀਏ।

ਦਿਸਣ ਪਏ ਉਹਦੇ ਵੇਖਣ ਵਾਲਿਆਂ ਦੇ,
ਲੀਰ ਲੀਰ ਗਲਮੇ ਤਾਰ ਤਾਰ ਦਾਮਨ,
ਉਹਦੇ ਰੂਪ ਸ਼ਿੰਗਾਰ ਦੀ ਗੱਲ ਕੋਈ,
ਕਿਵੇਂ ਰੂਪ ਸ਼ਿੰਗਾਰਿਆਂ ਨਾਲ ਕਰੀਏ।

ਕਿੱਥੋਂ ਲੱਭੀਏ ਅੱਜ ਉਹ ਦਲੇਰ ਜਾ ਕੇ,
ਜਿਹੜੇ ਸੀਨੇ ਪਹਾੜਾਂ ਦੇ ਚੀਰਦੇ ਸਨ,
ਸ਼ੀਰੀਂ ਜ਼ਿਕਰ ਫ਼ਰਹਾਦ ਦਾ ਕਰਨ ਲੱਗੇ,
ਕਿਵੇਂ ਹਿੰਮਤਾਂ ਹਾਰਿਆਂ ਨਾਲ ਕਰੀਏ।

ਬੌਲੇ ਸਮੇਂ ਦੀ ਚੁੱਪ ਨੂੰ ਪਤਾ ਲੱਗੇ,
ਝੱਲੇ ਝੱਖੜ ਦੇ ਕਿਵੇਂ ਸ਼ਰਲਾਟਿਆਂ ਦਾ
ਠਾਠਾਂ ਮਾਰਦੇ ਸ਼ੌਹ ਦਾ ਕਿਵੇਂ ਜ਼ਿਕਰ,
ਸੁੱਤੇ ਪਏ ਕਿਨਾਰਿਆਂ ਨਾਲ ਕਰੀਏ।

ਨਕਦ ਦਮਾ ਬਗ਼ੈਰ ਜੇ ਸੋਹਣਿਆਂ ਦੀ,
ਪੂਰੀ ਲੋੜ ਨਹੀਂ ਹੁੰਦੀ ਬਾਜ਼ਾਰ ਵਿੱਚੋਂ,
ਸੌਦੇ ਇਸ਼ਕ ਜਾਂਬਾਜ਼ ਦੀ ਜ਼ਿੰਦਗੀ ਦੇ,
ਕਿਵੇਂ ਦਮਾਂ ਉਧਾਰਿਆਂ ਨਾਲ ਕਰੀਏ।

ਕੰਮ-ਕਾਜ ਦਾ ਮਾਨ ਤਰਾਨ ਬਣਦੇ,
ਜਿਗਰੇ ਉਦਮੀ ਆਹਰੀ ਕਾਮਿਆਂ ਦੇ,
ਗੱਲ ਕੰਮ ਦੀ ਏ ਪੈਂਦੀ ਖੂਹ-ਖਾਤੇ,
ਜੇ ਕਰ ਆਪ ਨਿਕਾਰਿਆਂ ਨਾਲ ਕਰੀਏ।

ਨਰਮੀ ਸੋਨੇ ਦੀ ਮੋਤੀਆਂ ਨਾਲ ਰਲ ਕੇ,
ਸਖ਼ਤੀ ਪਿੱਤਲ ਤੇ ਤਾਂਬੇ ਦੀ ਜਰੇ ਕੀਕਣ,
ਕਿੱਸੇ ਕਿਤੇ ਭਠਿਆਰਾਂ ਦੀ ਘਾੜ ਦੇ ਪਏ,
ਬਹਿ ਕੇ ਕਿਵੇਂ ਸੁਨਿਆਰਿਆਂ ਨਾਲ ਕਰੀਏ।

ਗੱਲਾਂ ਮੂੰਹ ਦੀਆਂ ਨਾਲ ਜਹਾਨ ਉੱਤੇ,
ਮਿਲਦੀ ਧੀਰ ਨਹੀਂ ਦਿਲਾਂ ਦੁਖਿਆਰਿਆਂ ਨੂੰ,
ਸੁਖ-ਆਰਾਮ ਦੇ ਤੋਤੀਏ ਜੋੜ ਕੋਲੋਂ,
ਕਿਵੇਂ ਦੁਖਾਂ ਦੇ ਮਾਰਿਆਂ ਨਾਲ ਕਰੀਏ।

ਠੰਡੀ ਸਾਹ ਤੇ ਬਹਿ ਕੇ 'ਫ਼ਕੀਰ' ਮੂੰਹੋਂ,
ਤਪਦੇ ਸੀਨੇ ਦੇ ਕੱਢੀਏ ਤਾਅ ਕੀਕਣ,
ਕੀਕਣ ਗੱਲ ਕੋਈ ਭੜਕਦੀ ਭਾਂਬੜਾਂ ਦੀ,
ਬੁਝੇ ਹੋਏ ਅੰਗਾਰਿਆਂ ਨਾਲ ਕਰੀਏ।

134. ਪੱਟ ਅੱਖਾਂ ਦੇ ਖੋਲ੍ਹ ਦਿਲਾਂ ਵਿਚ ਡੇਰੇ ਲਾਵਣ ਵਾਲੇ

ਪੱਟ ਅੱਖਾਂ ਦੇ ਖੋਲ੍ਹ ਦਿਲਾਂ ਵਿਚ ਡੇਰੇ ਲਾਵਣ ਵਾਲੇ।
ਸਮਝਣ ਦਰਦ ਹਿਆਤੀ ਦਰਦੀ ਦਰਦ ਵੰਡਾਵਣ ਵਾਲੇ।

ਜ਼ੁਲਮ-ਸਿਤਮ ਦੇ ਨਾਲ ਨੇ ਬਣਕੇ ਖ਼ੁਲਕ ਮੁਹੱਬਤ ਰਹਿੰਦੇ,
ਜ਼ੁਲਮ-ਸਿਤਮ ਨੂੰ ਖ਼ਲਕ ਮੁਹੱਬਤ ਨਾਲ ਵਟਾਵਣ ਵਾਲੇ।

ਰੁੱਸੇ ਯਾਰਾਂ ਵਾਂਗ ਨਾ ਮੰਨਣ ਭਾਵੇਂ ਰੁੱਸੀਆਂ ਗਲੀਆਂ,
ਆਂਵਣ-ਜਾਵਣ ਛੱਡਦੇ ਨਾਹੀਂ ਆਵਣ ਜਾਵਣ ਵਾਲੇ।

ਅਹਿਸਾਨਾਂ ਦੇ ਸਿਰ ਨੇ ਕਰਦੇ ਹੋਰ ਅਹਿਸਾਨ ਵਧੇਰੇ,
ਕਰਕੇ ਕਦੀ ਕਿਸੇ ਤੇ ਨਾ ਅਹਿਸਾਨ ਜਿਤਾਵਣ ਵਾਲੇ।

ਹੱਥੋ-ਹੱਥ ਬਣਾਉਂਦੇ ਜਾਵਣ ਕਦਮ ਕਦਮ ਤੇ ਮੰਜ਼ਿਲ,
ਸੰਭਲ ਸੰਭਲ ਰਾਹਵਾਂ ਦੇ ਵਿਚ ਪੈਰ ਟਿਕਾਵਣ ਵਾਲੇ।

ਥੱਲੇ ਲਾਹੁਣ ਅਸਮਾਨਾਂ ਤੋਂ ਸ਼ਹਿਬਾਜ਼ਾਂ ਦੇ ਪ੍ਰਛਾਵੇਂ,
ਅਰਸ਼ਾਂ ਦੇ ਸਿਰ ਚੜ੍ਹਦੇ ਜਾਵਣ ਚੜ੍ਹਦੇ ਜਾਵਣ ਵਾਲੇ।

ਕਾਅਬਾ ਬਣੇ ਜਿਨ੍ਹਾਂ ਮਰਦਾਂ ਦਾ ਬੇਸਾਮਾਨ ਵਸੇਬਾ,
ਵਸਦੇ ਰਹਿਣ ਉਜਾੜਾਂ ਦੇ ਵਿਚ ਸ਼ਹਿਰ ਵਸਾਵਣ ਵਾਲੇ।

ਯਾਦ ਜਿਨ੍ਹਾਂ ਦੀ ਡਲ੍ਹਕੇ ਸਾਡੀਆਂ ਪਲਕਾਂ ਤੇ ਬਣ ਤਾਰੇ,
ਠੰਡ ਅੱਖਾਂ ਦੀ ਬਣ ਜਾਂਦੇ ਨੇ ਦਿਲ ਨੂੰ ਤਾਅਵਣ ਵਾਲੇ।

ਰਹਿੰਦੀ ਦੁਨੀਆ ਤੀਕਰ ਸ਼ਾਲਾ!ਹਾਸਿਦ ਰਹਿਣ ਸਲਾਮਤ,
ਵਿੱਚ ਹਨੇਰੇ ਚਾਨਣ ਲਾਵਣ ਲੂਤੀਆਂ ਲਾਵਣ ਵਾਲੇ।

ਰਹੀ ਵਿਚ ਦਿਲ ਦੇ ਏਹੋ ਸੱਧਰ ਸਦਾ 'ਫ਼ਕੀਰ' ਅਸਾਡੇ,
ਸ਼ਿਅਰ ਸੁਨਾਵਣ ਵਾਲੇ ਬਣਦੇ ਸ਼ਿਅਰ ਬਣਾਵਣ ਵਾਲੇ।

135. ਲਾਉਣ ਲਈ ਦਿਲ ਨੂੰ ਇਕ ਦਿਲ ਰੁਬਾ ਮਿਲਿਆ ਤੇ ਹੈ

ਲਾਉਣ ਲਈ ਦਿਲ ਨੂੰ ਇਕ ਦਿਲ ਰੁਬਾ ਮਿਲਿਆ ਤੇ ਹੈ।
ਫੇਰ ਕੁਝ ਉਹਦੀ ਜਫ਼ਾ ਦਾ ਆਸਰਾ ਮਿਲਿਆ ਤੇ ਹੈ।

ਰਹੇਗੀ ਹੁਣ ਕਦੇ ਵੀ ਸਾਨੂੰ ਦਰਦ ਫ਼ੁਰਕਤ ਦੀ ਨਾ ਲੋੜ,
ਨਾਲ ਕਰਮਾਂ ਮੁੜ ਸਿਤਮਗਰ ਬੇਵਫ਼ਾ ਮਿਲਿਆ ਤੇ ਹੈ।

ਵੈਰ ਨੇ ਕਿਸ ਮੋੜ ਤੇ ਪਾਏ ਭੁਲੇਖੇ ਦੇਖੀਏ,
ਪਿਆਰ ਦੀ ਮੰਜ਼ਿਲ ਦਾ ਵੈਰੀ ਰਹਿਨੁਮਾ ਮਿਲਿਆ ਤੇ ਹੈ।

ਦੇਖੋ ਹੁਣ ਕਿਹੜੇ ਕਿਨਾਰੇ ਲਾ ਕੇ ਡੋਬੇ ਬੇੜੀਆਂ,
ਬੇੜੀਆਂ ਸੱਧਰਾਂ ਦੀਆਂ ਦਾ ਨਾਖ਼ੁਦਾ ਮਿਲਿਆ ਤੇ ਹੈ।

ਕੱਲ੍ਹ ਵਾਂਗਰ ਕਿਉਂ ਅਸਾਂ ਨੂੰ ਯਾਦ ਨਾ ਆਵੇ ਖ਼ੁਦਾ,
ਅੱਜ ਮੁੜ ਕੇ ਬੁੱਤ ਇਕ ਕਾਫ਼ਰ ਅਦਾ ਮਿਲਿਆ ਤੇ ਹੈ।

ਮਿਹਰ ਜਿਸ ਦੀ ਲਏ ਸਦਾ ਸਾਨੂੰ ਤਬੀਬਾਂ ਤੋਂ ਬਚਾ,
ਨਾਲ ਕਰਮਾਂ ਦਰਦ ਐਸਾ ਲਾਦਵਾ ਮਿਲਿਆ ਤੇ ਹੈ।

ਪੈ ਗਿਆ ਕਰਨਾ ਏਂ ਦਮ ਦਮ ਵਿਰਦ ਤੇਰੇ ਨਾਮ ਦਾ,
ਅੱਖੀਆਂ ਦੇ ਲਾਉਣ ਦਾ ਦਿਲ ਨੂੰ ਮਜ਼ਾ ਮਿਲਿਆ ਤੇ ਹੈ।

ਹੈ ਲਿਖਾਇਆ ਯਾਰ ਦੇ ਖ਼ਤ ਨੇ ਉਹਦੇ ਖ਼ਤ ਦਾ ਜਵਾਬ,
ਬੇਨਿਵਾਈ ਨੂੰ ਮੇਰੀ ਕੋਈ ਬਾਨਵਾ ਮਿਲਿਆ ਤੇ ਹੈ।

ਦਿਸਦਾ ਹੈ ਬੰਨਣਗੇ ਰਲ ਕੇ ਮੁੜ ਹਵਾ ਉਹਦੀ ਰਕੀਬ,
ਸ਼ੌਕ ਉਹਦੇ ਪਿਆਰ ਦਾ ਅੱਜ ਬੇਹਵਾ ਮਿਲਿਆ ਤੇ ਹੈ।

ਕਿਉਂ ਉਨ੍ਹਾਂ ਦੇ ਨਾ ਮਿਲਣ ਦਾ ਕਰੀਏ ਗਿਲਾ 'ਫ਼ਕੀਰ',
ਮਿਲਿਐ ਉਹ ਭਾਵੇਂ ਅੱਜ ਕਾਰੇ ਕਜ਼ਾ ਮਿਲਿਆ ਤੇ ਹੈ।

136. ਬਣੇ ਕਦੀ ਨਾ ਮਹਿਰਮ ਦਰਦੀ ਸਾਡੀਆਂ ਹਿਜਰ ਬਰਾਤਾਂ ਦੇ

ਬਣੇ ਕਦੀ ਨਾ ਮਹਿਰਮ ਦਰਦੀ ਸਾਡੀਆਂ ਹਿਜਰ ਬਰਾਤਾਂ ਦੇ।
ਸੌਖੇ ਅੱਖ-ਮਟੱਕੇ ਚੰਨਾਂ ਤਾਰਿਆਂ ਭਰੀਆਂ ਰਾਤਾਂ ਦੇ।

ਲਾਲੀ ਉੱਡ ਕਿਸੇ ਦੇ ਮੁੱਖ ਦੀ ਬਣੀ ਉਦਾਸੀ ਸ਼ਾਮਾਂ ਦੀ,
ਰਾਤ ਦੀਆਂ ਜ਼ੁਲਫ਼ਾਂ ਚੋਂ ਗੁਜ਼ਰੇ ਚਾਨਣ ਨਾ ਪ੍ਰਭਾਤਾਂ ਦੇ।

ਦਿਲ ਵਿਚ ਦਾਗ਼ ਮੁਹੱਬਤ ਦੇ ਲੋ ਲਾਉਣ ਸਵੇਰ ਸੁਹਾਣੀ ਦੀ,
ਨੀਂਦਰ ਨਾਲ ਹੰਗਲਾਂਦੇ ਨੇ ਜਦ ਦੀਵੇ ਪਿਛਲੀਆਂ ਰਾਤਾਂ ਦੇ।

ਵੇਖ ਲਿਆ ਹੰਝੂਆਂ ਦੀਆਂ ਡਲ੍ਹਕਾਂ ਹੁੰਦਾ ਜਸ਼ਨ ਚਿਰਾਗਾਂ ਦਾ,
ਤਾਨੇ ਕਾਲੀ ਰਾਤ ਵਧੇਰੇ ਪਰਦੇ ਸਿਆਹ ਕਨਾਤਾਂ ਨੇ।

ਰੁਖ ਦੀ ਭੜਕ ਨਜ਼ਰ ਦੀ ਮਸਤੀ ਲਾਲੀ ਗੂੜ੍ਹਿਆਂ ਨੈਣਾਂ ਦੀ,
ਜਾਂਦੇ ਨੇ ਨਜ਼ਰਾਨੇ ਖ਼ਵਰੈ ਕਿੱਥੇ ਹੁਸਨ ਸੌਗ਼ਾਤਾਂ ਦੇ।

ਖ਼ੁਸ਼ੀਆਂ ਓਪਰੀਆਂ ਨਾ ਡਿੱਠੇ ਮੇਲੇ ਦਿਲ ਦੀ ਦੁਨੀਆਂ ਦੇ,
ਨਾਲ ਖ਼ੁਸ਼ੀ ਦੇ ਕਦੇ ਨਾ ਬੈਠੇ ਰਲ ਕੇ ਗ਼ਮ ਸਬਰਾਤਾਂ ਦੇ।

ਬਣਦੇ ਰਹਿਸਨ ਰੌਣਕ ਸਾਕੀ ਮੈਖ਼ਾਨੇ ਦੀਆਂ ਰਾਤਾਂ ਦੀ,
ਨਾਲ ਉਬਾਸੀਆਂ ਉੱਸਲ ਵੱਟਾ ਬੀਤੇ ਦਿਨ ਬਰਸਾਤਾਂ ਦੇ।

ਜ਼ੁਲਫ਼ ਕਾਲੀ ਦੀਆਂ ਲਿਸ਼ਕਾਂ ਡੇਗੀ ਬਿਜਲੀ ਫੁੱਲਾਂ ਕਲੀਆਂ ਤੇ,
ਬੈਠੇ ਸਿੰਨ ਨਿਸ਼ਾਨੇ ਡਾਢੇ ਕਾਲੀ ਘਟ ਦੀਆਂ ਘਾਤਾਂ ਦੇ।

ਰਸਮਾਂ ਦੀ ਨਹੀਂ ਹੇਠੀ ਹੁੰਦੀ ਗੱਲ ਆਜ਼ਾਦ ਜਹਾਨਾਂ ਦੀ,
ਭੁੱਖ ਨਾ ਪੁੱਛੇ ਲਾਜ਼ਮੀਆਂ ਨੂੰ ਇਸ਼ਕ ਪਤੇ ਨਾ ਜ਼ਾਤਾਂ ਦੇ।

ਦਿਨ ਦੇ ਹਾਦਸ਼ਿਆਂ ਦੀਆਂ ਖ਼ੁਸ਼ੀਆਂ ਡਰਦਿਆਂ ਮੱਥੇ ਲੱਗਣ ਨਾ,
ਨਾਲ ਮੇਰੇ ਐਨੇ ਜਗਰਾਤੇ ਰਹਿਣ ਗ਼ਮਾਂ ਦੀਆਂ ਰਾਤਾਂ ਦੇ।

ਟੋਰਾਂ ਦੇ ਲਈ ਤੰਗ ਉਹ ਰਾਹਵਾਂ ਜਾਨਣ ਆਸ਼ਿਕ ਮੰਜ਼ਿਲ ਦੇ,
ਹੋਣ ਨਾ ਜਿਹੜੀਆਂ ਰਾਹਵਾਂ ਦੇ ਵਿਚ ਡਰ ਖ਼ਤਰੇ ਆਫ਼ਾਕਾਂ ਦੇ।

ਰਹੇ ਮਾਤਾਂ ਦੀ ਭਾਜੜ ਪੈਂਦੀ ਸ਼ਤਰੰਜਾਂ ਦਿਆਂ ਸ਼ਾਹਵਾਂ ਨੂੰ ,
ਜਾਨਾਂ ਵਾਰਨ ਵਾਲੇ ਪੈਦਲ ਰੱਖਣ ਖ਼ੌਫ਼ ਨਾ ਮਾਤਾਂ ਦੇ।

ਲੱਭਦਾ ਫ਼ਨਕਾਰਾਂ ਨੂੰ ਫ਼ੰਨੀ ਰਾਹ ਵਿਚ ਫ਼ਨ ਗਵਾਚ ਗਿਆ।

ਨਿੱਤ ਹੁੰਦੇ ਨੇ ਝਗੜੇ-ਝੇੜੇ ਕਲਮਾਂ ਨਾਲ ਦਵਾਤਾਂ ਦੇ।

137. ਦਿਲ ਪ੍ਰਚਾਉਣ ਲਈ ਘਾਣੀਆਂ ਰਹੇ ਕਰਦੇ

ਦਿਲ ਪ੍ਰਚਾਉਣ ਲਈ ਘਾਣੀਆਂ ਰਹੇ ਕਰਦੇ,
ਜਦ ਵੀ ਗਿਲੇ ਕਰਦੇ ਅਸੀਂ ਯਾਰ ਦੇ ਰਹੇ।
ਦਗ਼ਾ ਦੇਣ ਲਈ ਵਕਤ ਨੂੰ ਸਦਾ ਪਾਉਂਦੇ,
ਐਵੇਂ ਪੱਜ ਉਹਦੇ ਇੰਤਜਾਰ ਦੇ ਰਹੇ।

ਦੇਖੇ ਉਲਟ ਦਸਤੂਰ ਮੁਹੱਬਤਾਂ ਦੇ,
ਰੀਤਾਂ ਉਲਟੀਆਂ ਵੇਖੀਆਂ ਪਿਆਰ ਦੀਆਂ,
ਉਨ੍ਹਾਂ ਹਾਰ ਕੇ ਬਾਜ਼ੀਆਂ ਜਿੱਤ ਲਈਆਂ,
ਅਸੀਂ ਜਿੱਤ ਕੇ ਬਾਜ਼ੀਆਂ ਹਾਰਦੇ ਰਹੇ।

ਆਂਦਾ ਇਸ਼ਕ ਦੇ ਤਕਵਿਆਂ ਟੋਰ ਸਾਨੂੰ,
ਖ਼ਵਰੇ ਜ਼ਿੰਦਗੀ ਦੇ ਕਿਹੜੇ ਮੋੜ ਉੱਤੇ,
ਨਾ ਉਹ ਸਾਡੇ ਗੁਨਾਹਵਾਂ ਦੇ ਰਹੇ ਜਿਗਰੇ,
ਭਾਵੇਂ ਹੌਸਲੇ ਉਹ ਬਖ਼ਸ਼ਣਹਾਰ ਦੇ ਰਹੇ।

ਹੋ ਬੇਵਸ ਦੇਖੇ ਪਾਰਸਾ ਕਰਦੇ,
ਉਹਦੀ ਦੀਦ ਉੱਤੋਂ ਸਦਕੇ ਦੀਦਿਆਂ ਨੂੰ,
ਰਿੰਦਾਂ ਸੂਫ਼ੀਆਂ ਨੂੰ ਅਸਾਂ ਦੇਖਿਆ ਏ,
ਉਹਦੀਆਂ ਸੈਨਤਾਂ ਤੋਂ ਨਜ਼ਰਾਂ ਵਾਰਦੇ ਰਹੇ।

ਬੈਠੇ ਅਜਿਹੇ ਕਿ ਫੇਰ ਨਾ ਉੱਠ ਸਕੇ,
ਉਹਦੇ ਦਰ ਉੱਤੇ ਆ ਕੇ ਬਹਿਣ ਵਾਲੇ,
ਲੱਗੇ ਉਹਦੀ ਦੀਵਾਰ ਦੇ ਨਾਲ ਜਿਹੜੇ,
ਲੱਗੇ ਨਾਲ ਹੀ ਉਹਦੀ ਦੀਵਾਰ ਦੇ ਰਹੇ।

ਗਰਦਾਂ ਵਿਚ ਰਲ ਗਏ ਰਸਤੇ ਬੇਲੀਆਂ ਦੇ,
ਵਿਹੜੇ ਪਏ ਬਾਗ਼ਾਂ ਦੇ ਉਜਾੜ ਦਿਸਣ,
ਨਾ ਉਹ ਰਿਹਾ ਜਨੂਨ ਦੀਵਾਨਿਆਂ ਦਾ,
ਨਾ ਉਹ ਸਮੇਂ ਰੰਗੀਨ ਬਹਾਰ ਦੇ ਰਹੇ।

ਰੜ੍ਹੇ ਮਾਰਿਆ ਇਸ਼ਕ ਮਗ਼ਰੂਰ ਸਾਨੂੰ,
ਸਾਨੂੰ ਹੁਸਨ ਦੇ ਮਾਨ ਨਾ ਜਿਉਣ ਦਿੱਤਾ,
ਢਾਉਂਦੇ ਢੇਰੀਆਂ ਰਹੇ ਕਦੀ ਪਿਆਰ ਅੰਦਰ,
ਕਦੀ ਰੇਤ ਦੇ ਮਹਿਲ ਉਸਾਰਦੇ ਰਹੇ।

ਸੈਨਤ ਕਿਸੇ ਰਾਹ ਗੁਜ਼ਰ ਦੀ ਵੇਖ ਪਾਗਲ,
ਦਿਲ ਨਾਲ ਐਵੇਂ ਇਕ ਦਿਨ ਉੱਠ ਟੁਰਿਆ,
ਪਿਛਾਂਹ ਪਰਤ ਬੇਦੀਦ ਨੇ ਵੇਖਿਆ ਨਾ,
ਅਸੀਂ ਦਿਲਾ ਓ ਦਿਲਾ ਪੁਕਾਰਦੇ ਰਹੇ।

ਰੀਝਾਂ ਨਿਕਲ ਪੁਰਾਣੀਆਂ ਦਿਲੋਂ ਸੱਭੇ,
ਦਿਲ ਦੇ ਪੇਸ਼ ਨਵੀਆਂ ਰੀਝਾਂ ਪਾ ਗਈਆਂ,
ਅਸੀਂ ਮੁੰਤਜ਼ਰ ਜਿਵੇਂ ਇਕਰਾਰ ਦੇ ਸਾਂ,
ਉਂਜੇ ਮੁੰਤਜ਼ਰ ਫ਼ੇਰ ਇਕਰਾਰ ਦੇ ਰਹੇ।

ਲੰਮੇ ਦਮੋਂ ਉਨ੍ਹਾਂ ਦਾ ਵਰਾਗ ਸਾਨੂੰ,
ਕੱਢ ਸਕਿਆ ਹਿਜਰ ਦੇ ਪਾਣੀਉਂ ਨਾ,
ਦੀਦੇ ਡੁੱਬ ਕੇ ਹੜ੍ਹ ਵਿਚ ਹੰਝੂਆਂ ਦੇ,
ਗੋਤੇ ਖਾਂਦਿਆਂ ਨਜ਼ਰਾਂ ਤਾਰਦੇ ਰਹੇ।

ਪਾਗਲ ਦਿਲ ਦੇ ਲੱਗ ਕੇ ਮਗਰ ਐਵੇਂ,
ਏਸੇ ਵਿਚ ਹੀ ਬੀਤ ਗਈ ਉਮਰ ਸਾਰੀ,
ਕਦੀ ਹੁਸਨ ਦੀ ਸੁਰਤ ਸੰਭਾਲਦੇ ਰਹੇ,
ਕਦੀ ਇਸ਼ਕ ਦੀ ਸੁਰਤ ਵਿਸਾਰਦੇ ਰਹੇ।

ਖ਼ਾਤਰ ਹੀਰ ਦੀ ਚਾਕ 'ਫ਼ਕੀਰ' ਜਾ ਕੇ,
ਬੇਲੇ ਬੱਗ ਸਿਆਲਾਂ ਦਾ ਚਾਰਦਾ ਸੀ,
ਮੰਗੂ ਉਹਦੇ ਸੁਰਮੇ ਦੀਆਂ ਧਾਰੀਆਂ ਦੇ,
ਅਸੀਂ ਨੈਣਾਂ ਦੀ ਬਾਰ ਵਿਚ ਚਾਰਦੇ ਰਹੇ।

138. ਦੁਨੀਆ ਵਿਚ ਉਹਦੇ ਪਾਗਲਪੁਣੇ ਬਾਝੋਂ

ਦੁਨੀਆ ਵਿਚ ਉਹਦੇ ਪਾਗਲਪੁਣੇ ਬਾਝੋਂ,
ਉੱਕਾ ਰਹੇ ਨਾ ਉਹ ਕਿਸੇ ਕਾਰ ਜੋਗੇ।
ਮੱਥੇ ਜਿਨ੍ਹਾਂ ਦੇ ਨੇ ਉਹਦੇ ਦਰ ਜੋਗੇ,
ਸਿਰ ਨੇ ਜਿਨ੍ਹਾਂ ਦੇ ਉਹਦੀ ਦੀਵਾਰ ਜੋਗੇ।

ਮੋਤੀ ਦੰਦ, ਲਬ ਲਾਲ ਤੇ ਨੈਣ ਖੀਵੇ,
ਜ਼ੁਲਫ਼ਾਂ ਨਾਗਨਾਂ, ਨਜ਼ਰ ਤਲਵਾਰ ਵਰਗੀ,
ਚੰਗੇ ਘੜ ਕੇ ਪਿਆਰ ਮੁਹੱਬਤਾਂ ਲਈ,
ਘੱਲੇ ਰੱਬ ਨੇ ਰੋਗ ਬੀਮਾਰ ਜੋਗੇ।

ਅੱਖਾਂ ਸਾਡੀਆਂ ਵਿਚ ਨਹੀਂ ਕਦੇ ਆਇਆ,
ਨਸ਼ਾ ਉਹਦਿਆਂ ਨੈਣਾਂ ਦੇ ਨਸ਼ੇ ਵਾਂਗੂੰ,
ਖ਼ਵਰੇ ਕਿੱਥੇ ਇਹ ਅਪਣੇ ਲਈ ਉਹਨੇ,
ਰੱਖੇ ਹੋਏ ਨੇ ਜਾਮ ਖ਼ੁਮਾਰ ਜੋਗੇ।

ਸਾਡੀ ਨਜ਼ਰ ਉਨੀ ਵਾਰ ਰੋਜ਼ ਰਹਿੰਦੀ,
ਉਹਦੇ ਨੈਣਾਂ ਦੇ ਵਾਰਨੇ ਵਾਰਦੀ ਏ,
ਜਿੱਥੇ ਰੋਜ਼ ਸਰਕਾਰ ਦੀ ਵਿਚ ਖ਼ਿਦਮਤ,
ਤੋਹਫ਼ੇ ਦਿਲਾਂ ਦੇ ਆਉਣ ਸਰਕਾਰ ਜੋਗੇ।

ਕਿੱਡਾ ਵੈਰ ਕੀਤਾ ਸਾਡੇ ਨਾਲ ਵੇਖੋ,
ਬਹੁਤੀ ਮਿਹਰਬਾਨੀ ਉਹਦੇ ਪਿਆਰ ਦੀ ਨੇ,
ਰਹਿਆ ਦਿਲ ਨਹੀਂ ਹੁਣ ਉੱਨੇ ਸਬਰ ਜੋਗਾ,
ਉੱਨੇ ਹੌਸਲੇ ਨਹੀਂ ਇੰਤਜ਼ਾਰ ਜੋਗੇ।

ਖ਼ਵਰੇ ਸਾਡੀਆਂ ਸਹਿਮੀਆਂ ਸੱਧਰਾਂ ਨੇ,
ਪੱਲਾ ਕਦੋਂ ਉਹਦੇ ਰੁਖ ਤੋਂ ਚੁੱਕਣਾ ਏ,
ਮਿਲਿਆ ਦਿਲ ਸੀ ਜੀਹਦੇ ਪਿਆਰ ਜੋਗਾ,
ਦੀਦੇ ਮਿਲੇ ਨੇ ਜੀਹਦੇ ਦੀਦਾਰ ਜੋਗੇ।

ਬਾਗ਼ ਬਾਗ਼ ਨੇ ਉਹਦੀ ਬਹਾਰ ਦੇ ਲਈ,
ਸਿਰ ਤੇ ਉਹਦੀਆਂ ਆਦਰਾਂ ਚੁੱਕੀਆਂ ਨੇ,
ਕਲੀਆਂ ਮਹਿਕੀਆਂ ਨੇ ਉਹਦੇ ਗਜਰਿਆਂ ਲਈ,
ਖਿੜਦੇ ਫੁੱਲ ਨੇ ਉਨ੍ਹਾਂ ਦੇ ਹਾਰ ਜੋਗੇ।

ਰਹਿਬਰ ਉਨ੍ਹਾਂ ਨੂੰ ਖ਼ਿਜ਼ਰ ਤਸਲੀਮ ਕੀਤਾ,
ਕੱਢੇ ਰਾਹ ਉਨ੍ਹਾਂ ਨੇ ਜ਼ੁਲਮਾਤ ਵਿੱਚੋਂ,
ਮੋਤੀ ਦਿਲਾਂ ਦੇ ਜਿਨ੍ਹਾਂ ਨੇ ਪੇਸ਼ ਕੀਤੇ,
ਉਹਦੀ ਰੇਸ਼ਮੀ ਜ਼ੁਲਫ਼ ਦੀ ਤਾਰ ਜੋਗੇ।

ਉਹਦੇ ਨਾਜ਼ਾਂ ਦੇ ਤੀਰ ਸੰਭਾਲ ਰੱਖੇ,
ਸਾਡੇ ਦਿਲ ਦਾ ਈ ਐਨਾ ਹੌਸਲਾ ਏ,
ਸਾਡੇ ਬਾਝ ਨਹੀਂ ਕਿਸੇ ਦੇ ਵਿੱਚ ਸੀਨੇ,
ਜਿਗਰੇ ਉਹਦੀ ਅਦਾ ਦੇ ਵਾਰ ਜੋਗੇ।

ਤਕੜਾ ਹੋ ਘਬਰਾਉਣ ਦੀ ਲੋੜ ਕੀ ਏ,
ਦਿਨ ਇਕਰਾਰ ਦਾ ਦਿਲਾ ਤੂੰ ਆਉਣ ਤੇ ਦੇ,
ਆਪੇ ਦੇਣਗੇ ਜਿਗਰ ਨਿਭਾਉਣ ਜੋਗਾ,
ਦਿੱਤੇ ਹੌਸਲੇ ਜਿਨ੍ਹਾਂ ਇਕਰਾਰ ਜੋਗੇ।

ਤਿਰਛੀ ਨਜ਼ਰ ਉਹਦੀ ਨੂੰ ਮੈਂ ਵੇਖਿਆ ਏ,
ਵੇਖਣ ਵਾਲੇ ਦੀ ਨਜ਼ਰ ਨੂੰ ਕੁਤਰਦੀ ਏ,
ਖ਼ੂਨੀ ਲਾਲ ਡੋਰੇ ਉਹਦੀਆਂ ਅੱਖੀਆਂ ਦੇ,
ਉਹਦੇ ਨੈਣ ਵੀ ਹੈਨ ਕਟਾਰ ਜੋਗੇ।

ਮਹਫ਼ਿਲ ਵਿਚ ਉਨ੍ਹਾਂ ਦੀ 'ਫ਼ਕੀਰ' ਹੋ ਗਏ,
ਅਜ ਕੱਲ ਅਸੀਂ ਵੀ ਉਨ੍ਹਾਂ ਦੇ ਨਾਲ ਦੇ ਆਂ,
ਰਹਿ ਗਏ ਵਾਂਗ ਤਸਬੀਹ ਦੇ ਇਮਾਮ ਜਿਹੜੇ,
ਨਾ ਹਿਸਾਬ ਜੋਗੇ ਨਾ ਸ਼ੁਮਾਰ ਜੋਗੇ।

139. ਝੱਲੀ ਝਾਲ ਨਹੀਂ ਜਾਂਦੀ ਕਿਸੇ ਕੋਲੋਂ

ਝੱਲੀ ਝਾਲ ਨਹੀਂ ਜਾਂਦੀ ਕਿਸੇ ਕੋਲੋਂ,
ਅੱਜ ਉਹ ਇੰਜ ਨੇ ਰੂਪ ਸ਼ਿੰਗਾਰ ਬੈਠੇ।
ਰਿਹਾ ਕਿਸੇ ਨੂੰ ਨਹੀਂ ਅਖ਼ਤਿਆਰ ਕੋਈ,
ਨਜ਼ਰਾਂ ਦਿਲਾਂ ਦੇ ਨੇ ਬਣ ਮੁਖ਼ਤਾਰ ਬੈਠੇ।

ਨਵੇਂ ਸਿਰੋਂ ਮੁਖ ਤੇ ਜਾਲ ਤਾਨ ਉਨ੍ਹਾਂ,
ਦਾਨਾ ਖ਼ਾਲ ਸਿਆਹ ਦਾ ਸੁੱਟਿਆ ਏ,
ਕਰਨ ਲਈ ਸਾਨੂੰ ਪ੍ਰੇਸ਼ਾਨ ਐਵੇਂ,
ਅੱਜ ਫ਼ੇਰ ਉਹ ਜ਼ੁਲਫ਼ਾਂ ਖਿਲਾਰ ਬੈਠੇ।

ਪਾਉਂਦੇ ਭੰਗ ਨੇ ਪਏ ਆਉਣ ਜਾਣ ਵਾਲੇ,
ਨਾ ਦਰਬਾਨ ਕੋਈ ਵਜ੍ਹਾ ਦੱਸਦੇ ਨੇ,
ਦੇ ਕੇ ਦਾਅਵਤਾਂ ਆਮ ਦੀਦਾਰ ਦੀਆਂ,
ਕਿਉਂ ਨੇ ਵਿਚ ਪਰਦੇ ਪ੍ਰਦਾਦਾਰ ਬੈਠੇ।

ਨਹੀਂ ਅਮਾਨ ਅੱਜ ਇਸ਼ਕ ਦੇ ਮੁਜਰਮਾਂ ਨੂੰ,
ਕਿਧਰੇ ਉਨ੍ਹਾਂ ਦੀ ਮਿਹਰ ਬਗ਼ੈਰ ਮਿਲਦੀ,
ਦਰ ਤੇ ਉਨ੍ਹਾਂ ਦੇ ਨੇ ਕੁਝ ਤੇ ਥੜੇ ਬਣ ਗਏ,
ਕੁਝ ਨੇ ਉਨ੍ਹਾਂ ਨਾਲ ਬਣ ਦੀਵਾਰ ਬੈਠੇ।

ਆ ਕੇ ਕੱਲ੍ਹ ਉਨ੍ਹਾਂ ਆਉਣ ਜਾਣ ਕੀਤਾ,
ਵੇਹੰਦੇ ਮੂੰਹ ਉਨ੍ਹਾਂ ਦਾ ਮੁਸ਼ਤਾਕ ਰਹਿ ਗਏ,
ਬੈਠੇ ਕੀ ਉਹ ਕੋਲ ਖਲੋਤਿਆਂ ਦੇ,
ਪਲ ਦੀ ਪਲ ਜੇ ਆਨ ਸਰਕਾਰ ਬੈਠੇ।

ਕਲੀਆਂ ਉਨ੍ਹਾਂ ਨੂੰ ਵਿਹੰਦਿਆਂ ਰੱਜਦੀਆਂ ਨਹੀਂ,
ਫੁੱਲ ਵੇਖ ਕੇ ਪਏ ਖਿੜ ਖਿੜ ਹਸਦੇ ਨੇ,
ਜਿਹੜੀ ਥਾਂ ਉਹ ਬਾਗ਼ ਵਿਚ ਬਹਿਣ ਜਾ ਕੇ,
ਆ ਕੇ ਕੋਲ ਉਨ੍ਹਾਂ ਦੇ ਬਹਾਰ ਬੈਠੇ।

ਰਜਦੀ ਤਬਾਹ ਨਹੀਂ ਉਨ੍ਹਾਂ ਦੀ ਸੈਰ ਵੱਲੋਂ,
ਮੁਕਦੇ ਲਿਸਲੇ ਨਹੀਂ ਮੁਲਾਕਾਤੀਆਂ ਦੇ,
ਬੂਹੇ ਹੁਸਨ ਮਹਿਲ ਦੇ ਜਦੋਂ ਵੇਖੋ,
ਡੋਲੀ ਕੋਲ ਨੇ ਰਹਿੰਦੇ ਕੁਹਾਰ ਬੈਠੇ।

ਨਾ ਹੀ ਉਨ੍ਹਾਂ ਦੀ ਨਜ਼ਰ ਨੂੰ ਕਿਸੇ ਵੇਲੇ,
ਗੁੱਝੀ ਛੁਰੀ ਚਲਾਉਣ ਤੋਂ ਵਿਹਲ ਮਿਲਦੈ,
ਨਾਲ ਦਿਲਾਂ ਦੇ ਸਦਾ ਜੋ ਰਹਿਣ ਵਾਲੇ,
ਚੰਗੇ ਲੱਗਦੇ ਨਹੀਂ ਬੇਕਾਰ ਬੈਠੇ।

ਦੁਨੀਆ ਦਮ ਦੀ ਵਿਚ ਹੋਰ ਕਦੋਂ ਤੀਕਰ,
ਬੈਠਣ ਸੱਧਰਾਂ ਗਿਰਦ ਬੇਆਸਿਆਂ ਦੇ,
ਦਿਲ ਦੇ ਸ਼ਹਿਰ ਵੀਰਾਨ ਵਿਚ ਕਦੋਂ ਤੀਕਰ,
ਹੋਰ ਉਨ੍ਹਾਂ ਦੇ ਰਾਹ ਦਾ ਗ਼ੁਬਾਰ ਬੈਠੇ।

ਹੁਣ ਤੇ ਇਹੋ ਏ ਸ਼ੌਕ 'ਫ਼ਕੀਰ' ਦਿਲ ਨੂੰ,
ਕਰੀਏ ਫੇਰ ਪ੍ਰੀਤ ਦੀ ਰੀਤ ਜਿਉਂਦੀ,
ਸਾਡੇ ਨਾਲ ਉਹ ਬਹਿਣ ਤੇ ਲੋਕ ਆਖਣ,
ਸਾਵੇਂ ਹੈਣ ਗ਼ੁਲਾਮ ਦਰਬਾਰ ਬੈਠੇ।

ਦਿਲ ਦੀ ਮਿਹਰ ਮੁਹੱਬਤ ਬਗ਼ੈਰ ਹੁੰਦਾ,
ਨਾ ਹੀ ਵੇਰਵਾ ਅਪਣੇ ਓਪਰੇ ਦਾ,
ਕੀਕਣ ਕੋਲ ਬਿਠਾਉਣ ਉਹ ਅਪਣੇ ਨੂੰ,
ਜਿਹੜੇ ਹੋਣ ਗ਼ੈਰਾਂ ਵਿਚਕਾਰ ਬੈਠੇ।

ਨਿਕਲੇ ਹੋਣ ਕਿਤਾਬੋਂ ਨਾ ਬਾਹਰ ਜਿਹੜੇ,
ਲਿਹਾ-ਝੜਾਅ ਨਹੀਂ ਇਸ਼ਕ ਦਾ ਜਾਣਦੇ ਉਹ,
ਹਸਦਾ ਰਿਹਾ ਸੂਲੀ ਤੇ ਮਨਸੂਰ ਚੜ੍ਹ ਕੇ,
ਰੋਂਦੇ ਰਹੇ ਮੁਫ਼ਤੀ ਹੇਠ ਦਾਰ ਬੈਠੇ।

ਸਿਰ ਨੂੰ ਹੱਥ ਵਿਚ ਫੜ ਕੇ ਆਪ ਸਰਮਦ,
ਟੁਰਦਾ ਗੋਰ ਟਿਕਾਣੇ ਤੇ ਪਹੁੰਚਿਆ ਸੀ,
ਹੱਥੀਂ ਖੱਲ ਲਾਹ ਕੇ ਸ਼ਮਸ਼ ਦੂਰ ਸੁੱਟੀ,
ਵਿਹੰਦੇ ਰਹਿ ਗਏ ਪਰ੍ਹਾਂ ਚਮਾਰ ਬੈਠੇ।

ਰਸਤੇ ਵਿਚ ਮੁਹੱਬਤ ਦੇ ਜੱਗ ਵੇਖੇ,
ਸ਼ੁਤਰਬਾਨ ਰੱਖਦੇ ਮਾਨ ਵਾਰੀਆਂ ਦਾ,
ਉਤਰੇ ਜਦੋਂ ਸਰਦਾਰ ਗ਼ੁਲਾਮ ਬੈਠੇ,
ਜਦ ਗ਼ੁਲਾਮ ਉਤਰੇ ਤੇ ਸਰਦਾਰ ਬੈਠੇ।

ਉਹਦੇ ਆ ਕੇ ਮਿਲਣ ਦੀ ਆਸ ਬੱਝੀ,
ਦਿਲੋਂ ਅਜੇ 'ਫ਼ਕੀਰ' ਨਾ ਟੁੱਟਦੀ ਏ,
ਆਪੇ ਫੋਲਣੇ ਫੋਲਾਂਗੇ ਕਦੀ ਦਿਲ ਦੇ,
ਸਾਡੇ ਕੋਲ ਜੇ ਆਨ ਸਰਕਾਰ ਬੈਠੇ।

140. ਇਹੋ ਜਿਹੇ ਮਹਿਰਮ ਕਿੱਥੋਂ ਲੱਭਣੇ ਨੇ

ਇਹੋ ਜਿਹੇ ਮਹਿਰਮ ਕਿੱਥੋਂ ਲੱਭਣੇ ਨੇ,
ਜਿਉਂਦੇ ਰਹਿਣ ਇਹ ਦਿਲੀ ਹਬੀਬ ਸਾਡੇ।
ਓਸੇ ਦਿਨ ਸਾਨੂੰ ਮੁਲਾਕਾਤ ਬਖ਼ਸਣ,
ਵੈਰ ਕਰਨ ਜਿਹੜੇ ਦਿਨ ਰਕੀਬ ਸਾਡੇ।

ਉਹ ਮਗ਼ਰੂਰ ਨੇ ਜੇ ਹੁਸਨ ਅਪਣੇ ਤੇ,
ਅਸੀਂ ਕਿਉਂ ਨਾ ਇਸ਼ਕ ਦਾ ਮਾਨ ਕਰੀਏ।

ਕਿਸਮਤ ਉਨ੍ਹਾਂ ਦੀ ਜੇ ਕਿਸਮਤ ਉਨ੍ਹਾਂ ਦੀ ਏ,
ਤਾਂ ਨਸੀਬ ਸਾਡੇ ਨੇ ਨਸੀਬ ਸਾਡੇ।

ਆ ਕੇ ਆਪ ਨੇ ਵੇਖਦੇ ਹਾਲ ਸਾਡਾ,
ਨਾਮਾਵਰਾਂ ਨੂੰ ਰੋਜ਼ ਨੇ ਟੋਰ ਦਿੰਦੇ,
ਦਾਅਵੇਦਾਰ ਹਮਦਰਦੀਆਂ ਸਾਡੀਆਂ ਦੇ,
ਰਹਿਕੇ ਦੂਰ ਰਹਿੰਦੇ ਨੇ ਕਰੀਬ ਸਾਡੇ।

ਸਿਹਤਮੰਦ ਮਿਜ਼ਾਜ ਹਮੇਸ਼ ਰਹਿੰਦਾ,
ਸਾਡੇ ਵਾਂਗ ਬੀਮਾਰੀਆਂ ਸਾਡੀਆਂ ਦਾ,
ਸਾਡੇ ਰੋਗ ਕੀ ਇਨ੍ਹਾਂ ਨੇ ਕੱਟਨੇ ਨੇ,
ਰਹਿਣ ਆਪ ਬੀਮਾਰ ਤਬੀਬ ਸਾਡੇ।

ਨਾ ਰਹੇ ਦਰਸ ਤੌਹੀਦ ਦਾ ਦੇਣ ਜੋਗੇ,
ਆਲਮ ਸੂਫ਼ੀਆਂ ਨੂੰ ਸੂਫ਼ੀ ਆਲਮਾਂ ਨੂੰ,
ਕਾਜ਼ੀ ਸ਼ਹਿਰ ਦਾ ਵਿਹੰਦਾ ਏ ਰੋਜ਼ ਅੱਖੀਂ,
ਖਹਿੰਦੇ ਮੁਫ਼ਤੀਆਂ ਨਾਲ ਖ਼ਤੀਬ ਸਾਡੇ।

ਬਹਿ ਕੇ ਵੱਖਰੇ ਉਨ੍ਹਾਂ ਦੇ ਕੋਲ ਖ਼ਬਰੈ,
ਕਰਦੇ ਹੋਣਗੇ ਸਾਡੀਆਂ ਚੁਗਲੀਆਂ ਕੀ,
ਦਿਲੋਂ ਜੋੜ ਕੇ ਸਾਡੀਆਂ ਝੂਠ ਗੱਲਾਂ,
ਸਾਡੇ ਮੂੰਹ ਤੇ ਕਰਨ ਰਕੀਬ ਸਾਡੇ।

ਨਿਕਲੇ ਕਿਵੇਂ ਕੋਈ ਉਧਰੋਂ ਤੀਰ ਸਿੱਧਾ,
ਇੱਧਰ ਕਿਵੇਂ ਠਿਕਾਣੇ ਤੇ ਜ਼ਖ਼ਮ ਲੱਗੇ,
ਬੇਤਰਤੀਬ ਰੁਖ ਕਿਸੇ ਦੀ ਨਜ਼ਰ ਦੇ ਨੇ,
ਤੇ ਮਹਾੜ ਦਿਲ ਬੇਤਰਤੀਬ ਸਾਡੇ।

ਨਾ ਹੀ ਸਮਝ ਸਕੇ ਅਸੀਂ ਗੱਲ ਕੋਈ,
ਨਾ ਸਮਝਾ ਸਕੇ ਕੁਝ ਸਮਝਾਉਣ ਵਾਲੇ,
ਕਸ਼ਮਕਸ਼ ਵਿਚ ਸਮਝ ਬੇਸਮਝਿਆਂ ਦੀ,
ਬੀਤੇ ਵਕਤ ਅਜੀਬ ਗ਼ਰੀਬ ਸਾਡੇ।

ਕੋਲ ਹੁੰਦਿਆਂ ਇਹੋ ਜਿਹੇ ਸੱਜਣਾ ਦੇ,
ਰਹੀ ਦੁਸ਼ਮਣਾਂ ਦੀ ਨਾ ਲੋੜ ਸਾਨੂੰ,
ਵੇਖ ਖੇਡ 'ਫ਼ਕੀਰ' ਮੁਕੱਦਰਾਂ ਦੀ,
ਬਣੇ ਯਾਰ ਸਾਡੇ ਨੇ ਰਕੀਬ ਸਾਡੇ।

141. ਬੜੀਵਾਰ ਆਹੰਦੇ ਰਹੇ ਆਂ ਬੱਦਲਾਂ ਨੂੰ

ਬੜੀਵਾਰ ਆਹੰਦੇ ਰਹੇ ਆਂ ਬੱਦਲਾਂ ਨੂੰ,
ਰਹੇ ਹਵਾ ਨੂੰ ਬੜੇ ਪੈਗ਼ਾਮ ਦਿੰਦੇ।
ਕੀ ਸੀ ਗੱਲ ਜੇ ਬਦਲੇ ਸਮੇਂ ਸੁਣ ਕੇ,
ਸੁਬਾਹ-ਸ਼ਾਮ ਦਾ ਬਦਲ ਨਿਜ਼ਾਮ ਦਿੰਦੇ।

ਪਰਤ ਪਰਤ ਕੇ ਜਾਂਦੀ ਖ਼ਿਜ਼ਾ ਬਾਗ਼ੋਂ,
ਮਿਹਣੇ ਰੁਤ ਬਹਾਰ ਨੂੰ ਮਾਰਦੀ ਏ,
ਮਾਲੀ ਫੁੱਲਾਂ ਨੂੰ ਰਹੇ ਬਦਨਾਮ ਕਰਦੇ,
ਫੁੱਲ ਖ਼ਾਰਾਂ ਨੂੰ ਰਹੇ ਇਲਜ਼ਾਮ ਦਿੰਦੇ।

ਪੈਂਦਾ ਕਦੇ ਈਮਾਨ ਦੇ ਨੂਰ ਤੇ ਨਾ,
ਸਾਇਆ ਸ਼ੋਸਲਿਜ਼ਮ ਦੇ ਪਰਛਾਵਿਆਂ ਦਾ,
ਪਾਸਬਾਨ ਕਾਅਬੇ ਦੇ ਨਾ ਆਪ ਜੇਕਰ,
ਜੋੜ ਕੁਫ਼ਰ ਨੂੰ ਨਾਲ ਇਸਲਾਮ ਦਿੰਦੇ।

ਦਿੰਦਾ ਜ਼ੇਬ ਨਹੀਂ ਮਹਫ਼ਿਲਾਂ ਵਿਚ ਕੀਤਾ,
ਜ਼ਿਕਰ ਉਨ੍ਹਾਂ ਦੀਆਂ ਅਦਬੀ ਖ਼ਿਦਮਤਾਂ ਦਾ,
ਪਾ ਕੇ ਇਲਮ ਤੇ ਅਦਬ ਦਾ ਪੱਜ ਜਿਹੜੇ,
ਯਾਰ ਰਹੇ ਯਾਰਾਂ ਨੂੰ ਦੁਸ਼ਨਾਮ ਦਿੰਦੇ।

ਸੜਦੇ ਇੰਜ ਨਾ ਬੂਹੇ ਮੈਖ਼ਾਨਿਆਂ ਦੇ,
ਰਿੰਦ ਸਾਗ਼ਰ ਸੁਰਾਹੀਆਂ ਨੂੰ ਭੰਨਦੇ ਨਾ,
ਖੋਹੰਦੇ ਜਾਮ ਨਾ ਮਾਰੇ ਤਰੋਟਕਾਂ ਦੇ,
ਸਾਕੀ ਆਪ ਜੇ ਕਰ ਇਜ਼ਨ ਆਮ ਦਿੰਦੇ।

ਉਹ ਰਹੇ ਨਵੀਂ ਜਫ਼ਾ ਦੀ ਕਾਢ ਕੱਢਦੇ,
ਇਹ ਵਫ਼ਾ ਦੀ ਜਿਨਸ ਵਿਹਾਜਦੇ ਰਹੇ,
ਲੈ ਕੇ ਦਮ, ਦਮ ਦਮ ਆਕਾ ਰਹੇ ਗਿਣਦੇ,
ਜਾਨਾਂ ਰਹੇ ਬੇਦਾਮ ਗ਼ੁਲਾਮ ਦਿੰਦੇ।

ਸਮਝ ਗ਼ੈਰਾਂ ਨੂੰ ਅਪਣੇ ਦਿਲੋਂ ਜਾਨੋਂ,
ਕਰਦੇ ਫਿਰਨ ਦੁਸ਼ਮਣ ਵਾਅਦੇ ਯਾਰੀਆਂ ਦੇ,
ਤੂਹਮਤ ਵੈਰ ਦੀ ਪਈ ਲੱਗੇ ਉਨ੍ਹਾਂ ਉੱਤੇ,
ਰਹੇ ਪਿਆਰ ਦਾ ਜਿਹੜੇ ਪਿਆਮ ਦਿੰਦੇ।

ਲੱਗ ਰਾਹੀਆਂ ਅੱਗੇ ਬੇਵਾਕ ਰਹਿਬਰ,
ਜਾਂਦੇ ਦੂਰ ਨੇ ਨਿਕਲ ਠਿਕਾਣਿਆਂ ਤੋਂ,
ਪਤੇ ਲੱਗੇ ਸਵਾਰਾਂ ਨੂੰ ਮੰਜ਼ਿਲਾਂ ਦੇ,
ਨਾ ਹੀ ਕਦੀ ਘੋੜੇ ਬੇਲਗਾਮ ਦਿੰਦੇ।

ਭੁੱਲਹਾਰ ਜ਼ਮਾਨੇ ਦੇ ਜ਼ਹਿਣ ਵਿੱਚੋਂ,
ਨਿਕਲ ਜਾਣ ਮਾਲਿਕ ਬੜੀਆਂ ਸ਼ੁਹਰਤਾਂ ਦੇ।

ਵਹਿਣ ਵਿਚ ਗੁਮਨਾਮੀ ਦੇ ਵੇਖਿਆ ਏ,
ਨਾਮੂਰਾਂ ਨੂੰ ਡੋਬ ਗੁਮਨਾਮ ਦਿੰਦੇ।

ਸੁੱਖਾਂ ਵਾਲਿਆਂ ਦੇ ਸਾਰੇ ਸੁੱਖ ਓੜਕ,
ਲੈਂਦੇ ਖੋਹ ਨੇ ਦੁਖ ਦੁਖਿਆਰਿਆਂ ਦੇ,
ਬੇਆਰਾਮ ਵਿਚ ਜੱਗ ਦੇ ਰਹਿਣ ਵਾਲੇ,
ਨਾਹੀਂ ਕਿਸੇ ਨੂੰ ਕਰਨ ਆਰਾਮ ਦਿੰਦੇ।

ਬਦਲੇ ਸਮੇਂ ਦੇ ਨਾਲ ਨਾ ਕਦੋਂ ਤੀਕਰ,
ਖੋਹ ਕੇ ਖਾਣ ਦੀ ਭਲਾ ਪਏ ਰੀਤ ਉੱਥੇ,
ਤੋਹਫ਼ਾ ਭੁੱਖ ਨਿਮਾਣੀ ਦਾ ਸਦਾ ਜਿੱਥੇ,
ਰੱਜੇ ਭੁੱਖਿਆਂ ਨੂੰ ਹੋਣ ਇਨਆਮ ਦਿੰਦੇ।

ਮੰਡੀ ਜੱਗ ਦੀ ਵਿਚ 'ਫ਼ਕੀਰ' ਕਰੀਏ,
ਕਿਥੇ ਗਿਲਾ ਕੋਈ ਪੈਂਦਿਆਂ ਘਾਟਿਆਂ ਦਾ,
ਕੱਚੇ ਕਾਰ ਵਿਹਾਰ ਦੇ ਹੈਨ ਸਭ ਥਾਂ,
ਲੈ ਕੇ ਦਾਮ ਪੁਖ਼ਤਾ ਜਿਨਸ ਖ਼ਾਮ ਦਿੰਦੇ।

142. ਪਾਗਲਪੁਣਾ ਨਾ ਜਦ ਤੱਕ ਦਿਲ ਵਿਚ ਅਕਲਾਂ ਦੇ ਦਰ ਖੋਲ੍ਹੇ

ਪਾਗਲਪੁਣਾ ਨਾ ਜਦ ਤੱਕ ਦਿਲ ਵਿਚ ਅਕਲਾਂ ਦੇ ਦਰ ਖੋਲ੍ਹੇ।
ਦਿਲ ਦੀ ਦਿਲ ਵਿਚ ਰਹਿ ਕੇ ਵੀ ਹੈ ਰਹਿੰਦ ਦਿਲ ਤੋਂ ਉਹਲੇ।

ਮਨ ਦੀ ਨਹੀਂ ਇਲਹਾਮ ਖ਼ੁਦਾਈ ਕੀਤਾ ਕੌਲ ਬੰਦੇ ਦਾ,
ਬੰਦੇ ਦੀ ਜਦ ਤੀਕ ਜ਼ੁਬਾਨੋਂ ਜਿਬਰਾਈਲ ਨਾ ਬੋਲੇ।

ਰੂਹ ਦੀ ਬਣੇ ਅਮਾਨਤ ਜਿਸ ਦਮ ਭੇਤ ਮੁਹੱਬਤ ਵਾਲਾ,
ਦਿਲ ਨੂੰ ਦੰਦਲ ਪੈਂਦੀ ਵੇਖਣ ਮਹਿਰਮ ਵਿਚ ਵਿਚੋਲੇ।

ਪੈਂਤੜਿਆਂ ਦੇ ਪੱਕੇ ਰਹਿੰਦੇ ਆਸ਼ਿਕ ਵਾਂਗ ਪਹਾੜਾਂ,
ਸਿਰ ਦੀ ਬਾਜ਼ੀ ਲਾਵਣ ਵਾਲੇ, ਰੱਖਣ ਪੈਰ ਨਾ ਪੋਲੇ।

ਨੀਅਤ ਵਾਲਾ ਸੂਲੀ ਚੜ੍ਹ ਕੇ ਜਾ ਚੜ੍ਹਿਆ ਅਸਮਾਨੇ,
ਡੋਲਣ ਪੈਰ ਉਹਦੇ ਧਰਤੀ ਤੇ ਜਿਸ ਦੀ ਨੀਅਤ ਡੋਲੇ।

ਚੁੱਪ ਕੀਤੇ ਅਣਮੁੱਲੇ ਸਮਝਣ ਸੋਹਣੀਆਂ ਸਮਝਾਂ ਵਾਲੇ,
ਮੁਲ ਅਪਣਾ ਜਦ ਮਹਫ਼ਿਲ ਦੇ ਵਿਚ ਪਾਉਂਦੇ ਨੇ ਬੜਬੋਲੇ।

ਬਾਜ਼ ਨਾ ਕਾਵਾਂ ਤੇ ਸੁੱਟ ਸੱਕਣ ਡੋਰਾਂ ਖੋਲ੍ਹ ਅਨਾੜੀ,
ਸ਼ਹਿਬਾਜ਼ਾਂ ਦੇ ਨਾਲ ਲੜਾਉਂਦੇ ਉਸਤਾਕਾਜ਼ ਮਮੋਲੇ।

ਦਮ ਦੇ ਕੇ ਵੀ ਜ਼ਾਲਮ ਖ਼ੂਨੀ ਮੁੜਦਾ ਨਹੀਂ ਦਮ ਦੇਣੋਂ,
ਜ਼ਹਿਰੀ ਸੱਪ ਮੋਏ ਵੱਲ ਵੇਖੋ ਮਰ ਕੇ ਵੀ ਵਿਸ ਘੋਲੇ।

ਹੋਵਣ ਥੋੜ ਉੱਤੇ ਗ਼ਮ ਥੋੜੇ ਬਹੁਤਾ ਸ਼ੋਰ ਕੁਕਾਵਾਂ,
ਬਹੁਤਿਆਂ ਦੁੱਖਾਂ ਵਾਲਿਆਂ ਕੋਲੋਂ ਦੁਖ ਨਹੀਂ ਜਾਂਦੇ ਫੋਲੇ।

ਲਾਵਣ ਵਾਲੇ ਲਾ ਕੇ ਕਰਦੇ ਹੋਰ ਸ਼ਿੰਗਾਰ ਤਰਿੱਖਾ,
ਲੱਗੀਆਂ ਵਾਲੇ ਪਾਟੇ ਗਲਮੇ ਗਾਉਂਦੇ ਮਾਹੀਏ ਢੋਲੇ।

ਚਾਅ ਵਿਚ ਜ਼ੁਲਫ਼ਾਂ ਦੇ ਜਾ ਗੰਜੀ ਲੈਂਦੀ ਲਿਟਾਂ ਬਜ਼ਾਰੋਂ,
ਦੇਖ ਸੁਨਹਿਰੀ ਖ਼ਾਲ ਬਰੂਪਣ ਕੱਢਦੀ ਫ਼ਿਰੇ ਤਤੋਲੇ।

ਸ਼ਾਹਾਂ ਨਾਲ ਨਾ ਲਾਗਾ ਲੱਗੇ ਪਾ ਟਿੰਡਾਂ ਵਿਚ ਦਾਰੂ,
ਆੜ੍ਹਤ ਕਰਕੇ ਘਾਟਾ ਪਾਉਂਦੇ ਆੜ੍ਹਤੀਆਂ ਦੇ ਟੋਲੇ।

ਹੱਕ-ਸੱਚ ਦੀਆਂ ਕਮਰਾਂ ਕੱਸਣ ਡਾਢੀਆਂ ਪੀਡੀਆਂ ਗੰਢਾਂ,
ਝੂਠ ਦਗ਼ੇ ਦੀਆਂ ਪੱਗਾਂ ਦੇ ਪੇਚ ਹੋਣ ਹਮੇਸ਼ਾ ਪੋਲੇ।

ਵਿਹੜਿਉਂ ਉੱਡ 'ਫ਼ਕੀਰ' ਬਨੇਰੇ ਬਹਿੰਦੀ ਚਿੜੀ ਨਿਮਾਣੀ,
ਉੱਡ ਪਹਾੜਾਂ ਦੇ ਸਿਰ ਚੜ੍ਹਦਾ ਬਾਜ਼ ਜਦੋਂ ਪਰ ਤੋਲੇ।

143. ਕਦੀ ਤੇ ਰੋਂਦੇ ਪਰਬਤ ਵੱਲੋਂ ਹਸਦੇ ਬੱਦਲ ਆਵਣਗੇ

ਕਦੀ ਤੇ ਰੋਂਦੇ ਪਰਬਤ ਵੱਲੋਂ ਹਸਦੇ ਬੱਦਲ ਆਵਣਗੇ।
ਚੜ੍ਹਦੇ ਪਾਣੀ ਫੇਰ ਝਨ੍ਹਾਂ ਦੇ ਉਜੜੀ ਬਾਰ ਵਸਾਵਣਗੇ।

ਬੂਥੀਆਂ ਚੁਕ ਚੁਕ ਫੇਰ ਸੁਨਣਗੇ ਮੰਗੂ ਢੋਲੇ ਚਾਕਾਂ ਦੇ,
ਚੜ੍ਹ ਹੀਰਾਂ ਦੇ ਸਿਰ ਤੇ ਭੱਤੇ ਕਦੀ ਤੇ ਬੇਲੇ ਭਾਵਣਗੇ।

ਭੁੱਜੀ ਜਦੋਂ ਪ੍ਰਾਹੁਣਿਆਂ ਦੇ ਲਈ ਮੱਛੀ ਨਿਕਲ ਪੱਟਾਂ ਚੋਂ,
ਪੱਕੇ ਹੱਠ ਦੇ ਸਾਥੀ ਸ਼ੌਹ ਵਿਚ ਕੱਚੇ ਸਾਥ ਨਿਭਾਵਣਗੇ।

ਫੇਰ ਕਦੀ ਜੇ ਟੁਰੀਆਂ ਬੱਕੀਆਂ ਚੁੱਕ ਦਬੇਲੇ ਸਹਿਬਾਂ ਦੇ,
ਸੁੱਤੇ ਬੈਠੇ ਮਿਰਜ਼ੇ ਮੁੜ ਕੇ ਜਾਨਾਂ ਵਾਰ ਵਿਖਾਵਣਗੇ।

ਚੁੱਕ ਮੁਹਾਰ ਲਈ ਜਦ ਮੁੜਕੇ ਹਿਜਰ ਵਰਾਗ ਬਲੋਚਾਂ ਨੇ,
ਮਹਿੰਦੀ ਰੱਤੇ ਪੈਰ ਥਲਾਂ ਦੇ ਤਪਦੇ ਪੰਧ ਮੁਕਾਵਣਗੇ।

ਕਦੀ ਤੇ ਦੇਸ ਦਿਆਂ ਮੁੰਜੀਆਂ ਦੇ ਦੇਸ ਨਿਕਾਲੇ ਮੁੱਕਣਗੇ,
ਕਦੀ ਤੇ ਕਣਕਾਂ ਬੀਜਣ ਵਾਲੇ ਬਹਿ ਟੱਬਰ ਵਿਚ ਖਾਵਣਗੇ।

ਦਿੱਸੇਗਾ ਮੁੜ ਲੁੱਡੀ ਪਾਉਂਦਾ ਚੜ੍ਹਦਾ ਵਾਰ ਵਿਸਾਖੀ ਦਾ,
ਵਿਛੜੇ ਢੋਲ'ਫ਼ਕੀਰ'ਕਦੀ ਤੇ ਸਾਂਝੀਆਂ ਸੁਰਾਂ ਮਨਾਵਣਗੇ।

144. ਰਹਿੰਦਾ ਗਿਲਾ-ਸ਼ਿਕਵਾ ਜ਼ੁਲਮ ਸਿਤਮ ਦਾ ਨਾ

ਰਹਿੰਦਾ ਗਿਲਾ-ਸ਼ਿਕਵਾ ਜ਼ੁਲਮ ਸਿਤਮ ਦਾ ਨਾ,
ਸੱਜਣ ਆ ਜੇ ਦਮ ਅਖ਼ੀਰ ਜਾਂਦੇ।
ਆਪ ਆ ਕੇ ਪੁੱਛਦਾ ਹਾਲ ਕੋਈ, ਯਾ ਮਿਲਣ ਦੀ ਦੱਸ ਤਦਬੀਰ ਜਾਂਦੇ।

ਮੈਨੂੰ ਇਸ਼ਕ ਅੰਦਰ ਨਸਰ ਆਮ ਕਰਕੇ,
ਪਰਦੇ ਵਿਚ ਜੇਕਰ ਤੁਸਾਂ ਬੈਠਣਾ ਸੀ,
ਵਾਜ਼ਬ ਇਹ ਸੀ ਕਿ ਫੇਰ ਮੇਰੀ ਵੀ ਨਾ,
ਤੁਸੀਂ ਜੱਗ ਉੱਤੇ ਕਰ ਤਸ਼ਹੀਰ ਕਰਦੇ।

ਇਹਦੇ ਵਿਚ ਤਾਂ ਮੇਰਾ ਕਸੂਰ ਨਾਹੀਂ,
ਹੈ ਫ਼ਸਾਦ ਤੇਰੀਆਂ ਨਜ਼ਰਾਂ ਤਿਰਛੀਆਂ ਦਾ,
ਬਚ ਜਾਂਦਾ ਨਾ ਯਾਰ ਇਹ ਜਿਗਰ ਮੇਰਾ,
ਤੇਰੇ ਤੀਰ ਜੇ ਕਰ ਸਿੱਧੇ ਤੀਰ ਜਾਂਦੇ।

ਰਹਿੰਦਾ ਕਦੇ ਆਬਾਦ ਨਾ ਕੈਦਖ਼ਾਨਾ,
ਹੁੰਦਾ ਸ਼ੋਰ ਜ਼ਿੰਦਾਨ ਵੀਰਾਨ ਹੋਇਆ,
ਜੇ ਕਰ ਜੋਸ਼ ਜਨੂਨ ਦੇ ਵਿਚ ਆ ਕੇ,
ਅਸੀਂ ਦੋਸਤੋ ਤੋੜ ਜ਼ੰਜੀਰ ਜਾਂਦੇ।

ਗੋਹਰ ਹੰਝੂਆਂ ਦੇ ਤੇਰੀ ਯਾਦ ਅੰਦਰ,
ਅਦਬੋਂ ਨਹੀਂ ਮੈਂ ਖ਼ਾਕ ਤੇ ਡਿਗਣ ਦਿੰਦਾ,
ਕਤਰੇ ਡਿਗਦੇ ਨੇ ਜਿਹੜੇ ਪੁਤਲੀਆਂ ਥੀਂ,
ਲੈ ਕੇ ਨਾਲ ਨੇ ਮੈਥੋਂ ਨਜ਼ੀਰ ਜਾਂਦੇ।

ਰੰਨਾਂ ਮਿਸਰ ਦੀਆਂ ਖ਼ਤਾਵਾਰ ਨਹੀਂ ਸਨ,
ਹੁੰਦਾ ਖ਼ੂਨ ਨਾ ਉਨ੍ਹਾਂ ਬੇਦੋਸੀਆਂ ਦਾ,
ਜੇ ਕਰ ਹਜ਼ਰਤ ਯੂਸਫ਼ ਨਾ ਕਦੇ ਯਾਰੋ,
ਬੇਹਿਜਾਬ ਲੈ ਰੁਖ਼ ਤਨਵੀਰ ਜਾਂਦੇ।

ਉਹਦੀ ਜ਼ੁਲਫ਼ ਖ਼ਮਦਾਰ ਨੇ ਝਲਕ ਦੇ ਕੇ,
ਦਿਲ ਤੇ ਏਸ ਤਰ੍ਹਾਂ ਅਪਣੀ ਯਾਦ ਛੱਡੀ,
ਲੰਘ ਜਾਣ ਤੋਂ ਬਾਅਦ ਜਿਉਂ ਰਾਹ ਉੱਤੇ,
ਪਿੱਛੇ ਛੱਡ ਨੇ ਸੱਪ ਲਕੀਰ ਜਾਂਦੇ।

ਕਰਦਾ ਖ਼ੁਦਕੁਸ਼ੀ ਨਾ ਬਲਕਿ ਫ਼ਜਰ ਤੀਕਰ,
ਰਹਿੰਦਾ ਮੁਨਤਜ਼ਰ ਕਿਸੇ ਜਵਾਬ ਦਾ ਮੈਂ,
ਸ਼ੱਬੇ ਹਿਜਰ ਜੇ ਕਰ ਓਸ ਸ਼ੋਖ਼ ਵੱਲੇ,
ਮੇਰੀਆਂ ਹਾਵਾਂ ਦੇ ਵੰਜ ਸਫ਼ੀਰ ਜਾਂਦੇ।

145. ਗ਼ਮ ਏ ਦਿਲ ਦਾ ਹੋ ਸਕੇ ਤੇ ਦਿਲ ਦੇ ਗ਼ਮ ਨੂੰ ਪੱਕਾ ਕਰੀਏ

ਗ਼ਮ ਏ ਦਿਲ ਦਾ ਹੋ ਸਕੇ ਤੇ ਦਿਲ ਦੇ ਗ਼ਮ ਨੂੰ ਪੱਕਾ ਕਰੀਏ।
ਗਿੱਲੀ ਸੁੱਕੀ ਰਹਿੰਦੀ ਇਸ ਅੱਖਾਂ ਦੀ ਨਮ ਨੂੰ ਪੱਕਾ ਕਰੀਏ।

ਮਾੜੇ ਰਾਹੀ, ਭਾਰ ਕਵੱਲੇ, ਡੂੰਘੇ ਪੈਂਡੇ, ਵਿਖੜੀ ਮੰਜ਼ਿਲ,
ਹੋਰ ਜ਼ਰਾ ਕੂ ਛੇਤੀ ਤੁਰੀਏ ਤੇਜ਼ ਕਦਮ ਨੂੰ ਪੱਕਾ ਕਰੀਏ।

ਖੰਭ ਸਮੇਟ ਬਹੁ ਨਾ ਬਾਗ਼ੇ ਉਡਦੇ ਪੰਛੀਉ ਉਡਦੇ ਚੱਲੋ,
ਮਾਲੀ ਦਮੋਂ ਜੇ ਕੱਢਦੇ ਨੇ ਤਾਂ ਆਉ ਦਮ ਨੂੰ ਪੱਕਾ ਕਰੀਏ।

ਜ਼ੁਲਫ਼ ਉਹਦੀ ਦੇ ਖ਼ਮ ਚੋਂ ਨਿੱਕਲ ਨੱਸੇ ਜਾਂਦੇ ਨੇ ਕੁਝ ਕੈਦੀ,
ਹੋਰ ਜ਼ਰਾ ਕੂ ਜ਼ੁਲਫ਼ ਉਹਦੀ ਦੇ ਪੋਲੇ ਖ਼ਮ ਨੂੰ ਪੱਕਾ ਕਰੀਏ।

ਪਰ੍ਹਿਆ ਨਵੀਂ ਨਰੋਈ ਦੇ ਪਏ ਬਦਲਨ ਰੋਜ਼ ਨਵੇਂ ਚੋਧਰਾਵੇ,
ਨਿੱਤ ਦਿਹਾੜੀ ਏਸ ਨਵੀਂ ਚੌਧਰ ਦੇ ਕੰਮ ਨੂੰ ਪੱਕਾ ਕਰੀਏ।

ਇੰਜ ਹੀ ਖ਼ਬਰੇ ਏਸ ਬਹਾਨੇ ਪੰਡਤ ਮੁੱਲਾਂ ਦੀ ਬਣ ਜਾਵੇ,
ਦੀਨ ਈਮਾਨ ਨੂੰ ਪੱਕਾ ਕਰੀਏ, ਨੀਮ ਧਰਮ ਨੂੰ ਪੱਕਾ ਕਰੀਏ।

ਅੱਜ ਭਲਾਂ ਇਸ ਘਰ ਵਿਚ ਮੈਨੂੰ ਕਾਹਤੋਂ ਘਰ ਦੇ ਇੰਜ ਕਹਿੰਦੇ ਨੇ
ਰੱਖੀਏ ਅਪਣੀ ਛੱਡ ਪਰਾਈ ਰੀਤ ਰਸਮ ਨੂੰ ਪੱਕਾ ਕਰੀਏ।

ਯਾਰ ਦੀਆਂ ਤਾਰੀਫ਼ਾਂ ਵਾਲੀ ਚਮਕ-ਦਮਕ ਠੰਢੀ ਨਾ ਹੋਵੇ,
ਪਾਨ 'ਫ਼ਕੀਰ' ਸੁਖ਼ਨ ਨੂੰ ਦਈਏ ਕਲਮ ਹੁਨਰ ਨੂੰ ਪੱਕਾ ਕਰੀਏ।

146. ਵੇਖ ਵੇਖ ਕੇ ਰੱਤੇ ਰੰਗ ਅੱਜ ਦੇਸ ਦਿਆਂ ਮੈਦਾਨਾਂ ਦੇ

ਵੇਖ ਵੇਖ ਕੇ ਰੱਤੇ ਰੰਗ ਅੱਜ ਦੇਸ ਦਿਆਂ ਮੈਦਾਨਾਂ ਦੇ।
ਝੱਖੜ ਮੁੜ੍ਹਕੋ-ਮੁੜ੍ਹਕੀ ਹੋ ਗਏ ਬਹਿ ਗਏ ਦਿਲ ਤੂਫ਼ਾਨਾਂ ਦੇ।

ਨਿਕਲ ਕਮਾਨੋਂ ਖ਼ਵਰੈ ਕਿਸ ਦੇ ਜਾ ਸੀਨੇ ਵਿਚ ਬੈਠੇ ਨੇ,
ਪਰਤ ਕਮਾਨਾਂ ਵਿਚ ਨਾ ਆਏ ਨਿਕਲੇ ਤੀਰ ਕਮਾਨਾਂ ਦੇ।

ਪੁੱਛ ਅੱਜ ਪੁੱਛਣ ਵਾਲਿਆ ਮੈਥੋਂ ਵਰ੍ਹੇ ਸਮੇਂ ਦੀਆਂ ਗੱਲਾਂ ਨਾ,
ਆਟਾ ਪੱਥਰ ਬਣ ਕੇ ਠਹਿਕੇ ਦਿਲ ਬੇਦਰਦ ਇਨਸਾਨਾਂ ਦੇ।

ਜਾਣਾ ਯਾਰ ਯਾਰਾਂ ਦੇ ਕੋਲੋਂ ਜਾਣਾ ਨਿਕਲੇ ਤੀਰਾਂ ਦਾ,
ਨੇੜੇ ਹੋ ਹੋ ਮਿਲਦੇ ਮਹਿਰਮ ਜੁੜਦੇ ਸਿਰੇ ਕਮਾਨਾਂ ਦੇ।

ਬਲਦੀ ਅੱਗ ਅੱਖਾਂ ਦੀ ਲਾਲੀ ਵਲ ਮੱਥੇ ਤਕਦੀਰਾਂ ਦੇ,
ਆਬਰੂਆਂ ਵਿਚ ਤੇਜ਼ ਨਿਗਾਹਵਾਂ ਚੱਲੇ ਚੜ੍ਹੇ ਕਮਾਨਾਂ ਦੇ।

ਗ਼ੈਰਤ ਦੇ ਸੌਦਾਗਰ ਸੋ ਗਏ ਘੋੜੇ ਵੇਚ ਕੇ ਗ਼ੈਰਤ ਦੇ,
ਨਾ ਗੱਲਾਂ ਦੀਆਂ ਸ਼ਰਮਾਂ ਕੋਈ ਨਾ ਕੁਝ ਪਾਸ ਜ਼ੁਬਾਨਾਂ ਦੇ।

ਮਾਰੀ ਗਈ ਮੱਤ ਉੱਕਾ ਮੂਰਖ ਦਾਨਾਵਾਂ ਵਿਦਵਾਨਾਂ ਦੀ,
ਪਸ਼ੂਆਂ ਦੀ ਕਿਹੜੀ ਗੱਲ ਕਰਦੈਂ ਜ਼ਿਕਰ ਨਾ ਕਰ ਨਾਦਾਨਾਂ ਦੇ।

ਘੱਟੇ ਦੇ ਵਿਚ ਰੁਲਦੇ ਦੇਖੇ ਜੋਹਰੀਆਂ ਮੋਤੀ ਸੁੱਚੇ ਨੇ,
ਅੱਖੀਂ ਵੇਖੇ ਕੌਡੀਆਂ ਦੇ ਮੁਲ ਵਿਕਦੇ ਮੌਤੀ ਕਾਨ੍ਹਾਂ ਦੇ।

ਹੜ੍ਹ ਦੇ ਪਾਣੀ ਵਾਗੂੰ ਰੁੜ੍ਹਦੀ ਜਾਵੇ ਰੱਤ ਇਨਸਾਨਾਂ ਦੀ,
ਪੈਰਾਂ ਦੇ ਵਿਚ ਰੁਲਦੇ ਨੇ ਪਏ ਸਿਰ ਬੇਦਰਦ ਇਨਸਾਨਾਂ ਦੇ।

ਤਖ਼ਤਾਂ ਦੇ ਨੇ ਤਖ਼ਤੇ ਬਣ ਗਏ ਤਾਜਾਂ ਦੇ ਕਚਕੋਲ ਬਣੇ,
ਪਹਿਰੇਦਾਰਾਂ ਦੇ ਵਲ ਵੇਖਣ ਸਹਿਮੇ ਦਰ ਦੀਵਾਨਾਂ ਦੇ।

ਟੁੱਟੇ ਖੁੱਸੇ, ਛੱਪਰ ਛੰਨਾ, ਪੈ ਗਈ ਕੀਮਤ ਮਹਿਲਾਂ ਦੀ,
ਧੂੜਾਂ ਫੰਡੇ ਰਾਹ ਦੇ ਟੋਏ ਮੁੱਲ ਮਿਲੇ ਨੇ ਜਾਨਾਂ ਦੇ।

ਧੌਖੇ ਮੰਡੀ ਦੇ ਵਿਚ ਬੈਠੇ ਮਜ਼੍ਹਬਾਂ ਦੇ ਧੜਵਾਈ ਨੇ,
ਝੂਠ ਦਗ਼ੇ ਦੇ ਪੱਲੇ ਤੁੱਲੇ ਸੌਦੇ ਧਰਮ ਈਮਾਨਾਂ ਦੇ।

ਨੇੜੇ ਹੋ ਕੇ ਹੋ ਗਈ ਐਨੀ ਮੰਜ਼ਿਲ ਦੂਰ ਪਿਆਰਾਂ ਦੀ,
ਬੁੱਢਿਆਂ ਦੇ ਰਹੇ ਪੈਰਾਂ ਵਾਂਗੂੰ ਰਹਿ ਗਏ ਪੈਰ ਜਵਾਨਾਂ ਦੇ।

ਸੁਰਤੀ ਸਾਡੀ ਨੇ ਅੱਜ ਸਾਡੀਆਂ ਅਜਿਹੀਆਂ ਮੱਤਾਂ ਮਾਰੀਆਂ ਨੇ,
ਮੂਰਖ ਮੂਰਖ ਆਖਣ ਸਾਨੂੰ ਮੂਰਖ ਲੋਕ ਜਹਾਨਾਂ ਦੇ।

ਧਰਤੀ ਉੱਤੇ ਅੱਜ 'ਫ਼ਕੀਰ' ਉਹ ਭੱਠਾ ਬਹਿ ਗਿਆ ਧਰਤੀ ਦਾ,
ਸ਼ਰਮਾਂ ਵਿਚ ਅਸਮਾਨਾਂ ਹੋ ਗਏ ਬੇੜੇ ਗ਼ਰਕ ਅਸਮਾਨਾਂ ਦੇ।

147. ਜੂਹ ਉਜਾੜਾਂ ਵਿੱਚੋਂ ਗੁਜ਼ਰੇ ਬੇਲਿਆਂ ਬਾਰਾਂ ਵਿੱਚੋਂ ਲੰਘੇ

ਜੂਹ ਉਜਾੜਾਂ ਵਿੱਚੋਂ ਗੁਜ਼ਰੇ ਬੇਲਿਆਂ ਬਾਰਾਂ ਵਿੱਚੋਂ ਲੰਘੇ।
ਸਹਿਮੇ ਦਿਨ ਤੇ ਰਾਤਾਂ ਵਰਗੀਆਂ ਕਾਲੀਆਂ ਧਾਰਾਂ ਵਿੱਚੋਂ ਲੰਘੇ।

ਕਦਮ ਕਦਮ ਤੇ ਉਡ ਉਡ ਡਿੱਗੇ ਬਾਗ਼ੇ ਆਲ੍ਹਣਿਆਂ ਦੇ ਤੀਲੇ,
ਚੜ੍ਹ ਖ਼ਾਰਾਂ ਦੀਆਂ ਨੋਕਾਂ ਉੱਤੇ ਫੁੱਲ ਬਹਾਰਾਂ ਵਿੱਚੋਂ ਲੰਘੇ।

ਐਦੋਂ ਵੱਧ ਕੀ ਕਰਦੇ ਪਾਗਲ ਆਦਰ ਮਾਨ ਬਹਾਰੇ ਤੇਰਾ,
ਪੁਰ ਪੁਰ ਵਿੰਨੇ ਛਾਲਿਆਂ ਵਾਲੇ ਪੈਰ ਨੇ ਖ਼ਾਰਾਂ ਵਿੱਚੋਂ ਲੰਘੇ।

ਹੁਣ ਤੇ ਸਾਰੀ ਹੋਸ਼ ਹੈ ਰਿੰਦ ਤੇ ਸਾਕੀ ਨੂੰ ਵੀ ਦੱਸ ਹੀ ਛੱਡੀਏ,
ਜਾਨਾਂ ਧਰ ਤਲੀਆਂ ਤੇ ਕੀਕਣ ਮਸਤ ਖ਼ੁਮਾਰਾਂ ਵਿੱਚੋਂ ਲੰਘੇ।

ਕਰਦੇ ਫੇਰ ਮੁਹੱਬਤ ਦੇ ਪਏ ਦਰ ਤੇ ਨੇ ਉਹ ਸਿਜਦੇ ਦੇਖੇ,
ਸਿਰ ਜਿਹੜੇ ਨੇ ਫਿਰਦੀਆਂ ਤਲਵਾਰਾਂ ਦੀਆਂ ਧਾਰਾਂ ਵਿੱਚੋਂ ਲੰਘੇ।

ਲਾਹ ਕੇ ਝੁੱਗੇ ਸਿਰਾਂ ਤੋਂ ਤਖ਼ਤਾਂ ਹੱਥੀਂ ਸ਼ਾਹੀ ਤਾਜ ਫੜੇ ਨੇ,
ਕਾਫ਼ਲੇ ਕਹੇ ਦਰਬਾਨਾਂ ਦੇ ਨੇ ਅੱਜ ਦਰਬਾਰਾਂ ਵਿੱਚੋਂ ਲੰਘੇ।

ਲੰਮੇ ਪੈ ਪੈ ਡੂੰਘੇ ਵਹਿਣਾ ਵਿੱਚੋਂ ਗੁਜ਼ਰੇ ਨਦੀਆਂ ਨਾਲੇ,
ਲੈ ਕੇ ਕੱਛਾਂ ਦੇ ਵਿਚ ਟੀਸੀਆਂ ਪਰਬਤ ਗ਼ਾਰਾਂ ਵਿੱਚੋਂ ਲੰਘੇ।

ਸੜਦੇ ਬਲਦੇ ਭਖਦੇ ਚਿਹਰੇ ਖਿੜਦੇ ਹਸਦੇ ਜਾਂਦੇ ਵੇਖੇ,
ਬਲਦੀ ਨਾਰੋਂ ਲੰਘਣ ਵਾਲੇ ਜਿਉਂ ਗੁਲਜ਼ਾਰਾਂ ਵਿੱਚੋਂ ਲੰਘੇ।

ਵਿਹੰਦੇ ਰਹੇ ਨੇ ਫਟਕ ਫਟਕ ਕੇ ਜਾਲ ਤਰੋੜਨ ਵਾਲੇ ਪੰਛੀ,
ਟੁੱਟੇ ਖੁੱਸੇ ਖੰਭ ਨਿਮਾਣੇ ਉਡਦੀਆਂ ਡਾਰਾਂ ਵਿੱਚੋਂ ਲੰਘੇ,
ਦੇਖ 'ਫ਼ਕੀਰ' ਸਮੇਂ ਨੇ ਕੀਕਣ ਨਾਲ ਅਸਾਂ ਬੇਦਰਦੀ ਕੀਤੀ,
ਪੈਰ ਪਿਆਦੇ ਸ਼ਾਹ ਅਸਵਾਰ ਕਮੀਨ ਸਵਾਰਾਂ ਵਿੱਚੋਂ ਲੰਘੇ।

148. ਸਮਝੇ ਉਨ੍ਹਾਂ ਦੇ ਪਿਆਰ ਨੂੰ ਪਿਆਰ ਕਿਹੜਾ

ਸਮਝੇ ਉਨ੍ਹਾਂ ਦੇ ਪਿਆਰ ਨੂੰ ਪਿਆਰ ਕਿਹੜਾ,
ਮਿਹਰ ਆਖ ਕੇ ਕਰਦੇ ਨੇ ਕਹਿਰ ਜਿਹੜੇ।
ਰੋਗੀ ਉਨ੍ਹਾਂ ਨੂੰ ਸਮਝਣ ਤਬੀਬ ਕੀਕਣ,
ਦੇਣ ਸ਼ਹਿਦ ਵਿਖਾ ਕੇ ਜ਼ਹਿਰ ਜਿਹੜੇ।

ਡੂੰਘੀ ਚਾਲ ਮਸਤਾਨਿਆਂ ਪਾਣੀਆਂ ਦੀ,
ਲਵੇ ਸ਼ੌਹ ਤੋਂ ਕੰਮ ਕਿਨਾਰਿਆਂ ਦਾ,
ਘੁੰਮਣਘੇਰ ਵਿਚ ਅਪਣੇ ਆਪ ਡੁੱਬਣ,
ਬਣ ਕੇ ਚੜ੍ਹਣ ਤੂਫ਼ਾਨ ਦੀ ਲਹਿਰ ਜਿਹੜੇ।

ਰਹਿਬਰ ਖ਼ਿਜ਼ਰਾਂ ਨੂੰ ਕੋਈ ਕਿਵੇਂ ਸਮਝੇ,
ਕਰਨੀ ਉਨ੍ਹਾਂ ਕੀ ਕਿਸੇ ਦੀ ਰਹਿਬਰੀ ਏ,
ਅੱਗੇ ਲੱਗ ਮੰਜ਼ਿਲ ਵੱਲ ਜਾਣ ਵਾਲੇ,
ਕਦਮ ਕਦਮ ਉੱਤੇ ਜਾਵਣ ਠਹਿਰ ਜਿਹੜੇ।

ਕੜਕਾਂ ਮਾਰ ਕੇਰੇ ਬੱਦਲ ਬਨਣ ਜਿਹੜੇ,
ਗੜਾ ਉਨ੍ਹਾਂ ਦੀ ਲਿਸ਼ਕ ਤੇ ਵਸਦਾ ਏ,
ਅੰਨ੍ਹੇ ਝੱਖੜਾਂ ਵਾਂਗ ਨੇ ਉਡ ਜਾਂਦੇ,
ਬਣ ਕੇ ਚੜ੍ਹਨ ਅਸਮਾਨ ਤੇ ਗਹਿਰ ਜਿਹੜੇ।

ਮੱਥਾ ਲਾਵਣਾ ਉਨ੍ਹਾਂ ਦੇ ਨਾਲ ਐਵੇਂ,
ਆਪ ਅਪਣੀ ਮੌਤ ਸਹੇੜਣੀ ਏ,
ਹਾਵਾਂ ਹੌਕਿਆਂ ਦੀ ਦੁਨੀਆ ਵਿਚ ਵੱਸਣ,
ਤਪਦੇ ਦਿਲਾਂ ਦੇ ਨਾਲ ਅੱਠੇ ਪਹਿਰ ਜਿਹੜੇ।

ਕਾਹਨੂੰ ਹਾਲ ਹਕੀਕਤ 'ਫ਼ਕੀਰ' ਸਾਥੋਂ,
ਪਿਆ ਦਿਲਾਂ ਦੁਖਿਆਰਾਂ ਦੀ ਪੁੱਛਦਾ ਏਂ,
ਕਰਮਾਂ ਨਾਲ ਵਸਦੇ, ਵਸਦੇ ਕਦੀ ਵੱਸਣ,
ਉਜੜ ਜਾਂਵਦੇ ਨੇ ਵਸਦੇ ਸ਼ਹਿਰ ਜਿਹੜੇ।

149. ਰਹੇ ਕਿਸੇ ਦਾ ਹਾਲ ਨਾ ਸੁਨਣ ਜੋਗੇ

ਰਹੇ ਕਿਸੇ ਦਾ ਹਾਲ ਨਾ ਸੁਨਣ ਜੋਗੇ,
ਤੇ ਨਾ ਅਪਣਾ ਹਾਲ ਸੁਣਾਉਣ ਜੋਗੇ।
ਉਸ ਨੇ ਪਰਤ ਕੇ ਜਿਨ੍ਹਾਂ ਦੇ ਵੱਲ ਡਿੱਠਾ,
ਰਹੇ ਪਰਤ ਕੇ ਪਿਛਾਂਹ ਨਾ ਜਾਣ ਜੋਗੇ।

ਛਾਂ ਵਿਚ ਉਹਦੀਆਂ ਜ਼ੁਲਫ਼ਾਂ ਦੇ ਬੱਦਲਾਂ ਦੀ,
ਬਿਜਲੀ ਵਾਂਗ ਲਿਸ਼ਕੇ ਸ਼ੋਖ਼ ਰੂਪ ਉਹਦਾ,
ਵੇਖ ਮੁੱਖੜਾ ਉਨ੍ਹਾਂ ਦਾ ਨਹੀਂ ਰਹਿੰਦੇ,
ਸ਼ੀਸ਼ੇ ਮੂੰਹ ਉਨ੍ਹਾਂ ਨੂੰ ਵਿਖਾਉਣ ਜੋਗੇ।

ਸਾਨੂੰ ਫੇਰ ਚਾ ਗ਼ਮਾਂ ਦੇ ਪੇਸ਼ ਪਾਇਆ,
ਦਰਦੀ ਮਹਿਰਮਾਂ ਦਿਆਂ ਦਿਲਾਸਿਆਂ ਨੇ,
ਥੋੜੇ ਦੁਖ ਮੁਹੱਬਤ ਦੇ ਸਨ ਅੱਗੇ,
ਬਖ਼ਸ਼ੇ ਉਨ੍ਹਾਂ ਸਾਡੀ ਕੁੱਲੀ ਜਾਣ ਜੋਗੇ।

ਦਿੱਤਾ ਪਤਾ ਨਾਮਾਬਰ ਨੂੰ ਆਪ ਉਨ੍ਹਾਂ,
ਆਪੇ ਨਾਲ ਵਿਚੋਲਿਆਂ ਗੱਲ ਕੀਤੀ,
ਪੱਕੀ ਭੇਤ ਛੁਪਾਉਣ ਦੀ ਕਰਨ ਵਾਲੇ,
ਆਪ ਰਹੇ ਨਾ ਭੇਤ ਛੁਪਾਉਣ ਜੋਗੇ।

ਮਿਲਿਆਂ ਦਿਲਾਂ ਵਾਂਗੂੰ ਇੱਕੋ ਹੁੰਦਿਆਂ ਵੀ,
ਬੜੇ ਫ਼ਾਸਲੇ ਹੁਸਨ ਤੇ ਇਸ਼ਕ ਦੇ ਰਹੇ,
ਮੂਰਖ਼ ਮੱਤ ਰਹੀ ਉਨ੍ਹਾਂ ਦੀ ਸ਼ਹਿਰ ਜੋਗੀ,
ਪਾਗਲਪੁਣੇ ਸਾਡੇ ਬੀਆਬਾਨ ਜੋਗੇ।

ਅੱਗੇ ਵਾਂਗਰਾਂ ਈ ਸਾਨੂੰ ਐਦਕੀ ਵੀ,
ਆਉਣਾ ਉਨ੍ਹਾਂ ਦੇ ਮਿਲਣ ਬਗ਼ੈਰ ਪੈਂਦਾ,
ਉਹ ਤੇ ਸ਼ੁਕਰ ਹੋਇਆ ਅਸੀਂ ਜਾਣ ਲੱਗੇ,
ਤੋਹਫ਼ੇ ਨਾਲ ਲੈ ਗਏ ਸਾਂ ਦਰਬਾਨ ਜੋਗੇ।

ਭੁੱਲਾ ਰਹਿਆ ਉਹਨੂੰ ਪਾਪੀ ਦਿਲ ਸਾਡਾ,
ਉਹਦੇ ਜ਼ਿਕਰ ਤੋਂ ਰਹੀ ਜ਼ੁਬਾਨ ਗ਼ਾਫ਼ਿਲ,
ਜੀਹਦੀ ਯਾਦ ਸਾਨੂੰ ਮਿਲੀ ਦਿਲ ਜੋਗੀ,
ਮਿਲੇ ਜ਼ਿਕਰ ਸਨ ਜੀਹਦੀ ਜ਼ੁਬਾਨ ਜੋਗੇ।

ਰਾਤਾਂ ਕਾਲੀਆਂ ਦੇ ਖ਼ਿੱਚੜ ਵਿਚ ਕਿਧਰੇ,
ਲੱਗੀ ਕਦੀ ਨਾ ਭੁੱਲ ਕੇ ਅੱਖ ਸਾਡੀ,
ਲੰਮੇ ਗ਼ਮਾਂ ਦੀ ਉਮਰ ਦੇ ਨਾਲ ਬਖ਼ਸ਼ੇ,
ਜਿਹੇ ਉਨੀਂਦਰੇ ਹਿਜਰ ਮਰ ਜਾਣ ਜੋਗੇ।

ਪੈਂਦੀ ਲੋੜ ਨਾ ਸਾਨੂੰ ਦਿਲਾਸਿਆਂ ਦੀ,
ਅਸੀਂ ਹੋਰ ਦਰਦੀ ਫਿਰਦੇ ਭਾਲਦੇ ਨਾ,
ਦਰਦ ਦੇਣ ਵਾਲੇ ਦਰਦਮੰਦ ਦਿਲ ਨੂੰ,
ਹੁੰਦੇ ਆਪ ਨਾ ਦਰਦ ਵੰਡਾਉਣ ਜੋਗੇ।

ਮਹਫ਼ਿਲ ਵਿਚ ਬਹਿ ਕੇ ਗ਼ੈਰਾਂ ਨਾਲ ਐਵੇਂ,
ਕਰੀਏ ਗਿਲੇ ਗ਼ੈਰਾਂ ਦੇ ਸਲੂਕ ਦੇ ਕੀ,
ਥੋੜੀ ਜਿਹੀ ਇਸ ਉਮਰ ਲਈ ਵਿੱਚ ਦੁਨੀਆ,
ਹੋਰ ਬੜੇ ਨੇ ਕੰਮ ਇਨਸਾਨ ਜੋਗੇ।

ਪਾਇਆ ਕਦੀ ਉਜਾੜ ਖ਼ਿਜ਼ਾਂ ਤੱਤੀ,
ਕਦੀ ਖ਼ੂਨ ਬਹਾਰ ਦੇ ਰੰਗ ਕੀਤਾ,
ਨਵੇਂ ਸਿਰੇ ਰੁੱਤਾਂ ਨਾਲ ਬਾਗ਼ ਅੰਦਰ,
ਵਖ਼ਤ ਰਹਿ ਪੈਂਦੇ ਬਾਗ਼ਬਾਨ ਜੋਗੇ।

ਭੇਤ ਵਿਚ ਸਾਡੇ ਦਖ਼ਲ ਗ਼ੈਰ ਦੇ ਦਾ,
ਦਿਲ ਨੂੰ ਪਵੇ ਨਾ ਸ਼ੁਭਾ 'ਫ਼ਕੀਰ' ਕੀਕਣ,
ਮੇਰੇ ਸ਼ਿਅਰ ਮੈਥੋਂ ਸੁਣ ਕੇ ਅੱਜ ਉਨ੍ਹਾਂ,
ਖ਼ਵਰੇ ਲਿਖੇ ਨੇ ਕੀਹਨੂੰ ਸੁਣਾਉਣ ਜੋਗੇ।

150. ਦਾਨੇ ਦਿਲਾਂ ਲਈ ਯਾਰ ਦੇ ਕਮਲਪੁਣਿਆਂ

ਦਾਨੇ ਦਿਲਾਂ ਲਈ ਯਾਰ ਦੇ ਕਮਲਪੁਣਿਆਂ,
ਵਸਦੇ ਅਕਲ ਦੇ ਸ਼ਹਿਰ ਉਜਾੜ ਦਿੱਤੇ।
ਉਹਦੇ ਪਰਦਿਆਂ ਤੇ ਲੰਮੇ ਰੋਸਿਆਂ ਨੇ,
ਪਰਦੇ ਸੋਚ-ਵਿਚਾਰ ਦੇ ਪਾੜ ਦਿੱਤੇ।

ਉਜੜ ਸਕਿਆ ਫੇਰ ਨਾ ਕਿਸੇ ਕੋਲੋਂ,
ਜੱਗ ਵਸਕੇ ਇਸ਼ਕ ਉਜਾੜਿਆਂ ਦਾ।

ਸਿਰ ਤੇ ਸ਼ੱਮਾਂ ਦੇ ਫੇਰ ਨਾ ਕਦੀ ਖੁੱਲ੍ਹੇ,
ਖੁੱਲੇ ਖੰਭ ਜਿਹੜੇ ਸ਼ੱਮਾਂ ਸਾੜ ਦਿੱਤੇ।

ਹੁੰਦੇ ਹੋਏ ਦਾਨੇ ਵਾਂਗੂੰ ਪਾਗਲਾਂ ਦੇ,
ਕਰਕੇ ਮੂੰਹ ਟੁਰ ਪਏ ਉਨ੍ਹਾਂ ਜੰਗਲਾਂ ਨੂੰ,
ਮੋੜ ਇਸ਼ਕ ਬੇਦੋਸ਼ਿਆਂ ਆਸ਼ਕਾਂ ਦੇ,
ਜਿਨ੍ਹਾਂ ਜੰਨਤਾਂ ਵੱਲ ਮੁਹਾੜ ਦਿੱਤੇ।

ਸੀਸ ਸੈਨਤਾਂ ਤੋਂ ਵਾਰਨ ਵਾਲਿਆਂ ਨੇ,
ਚੜ੍ਹ ਕੇ ਸੂਲੀਆਂ ਤੇ ਪੀਘਾਂ ਝੂਟੀਆਂ ਨੇ,
ਬਾਲਣ ਬਾਲਿਆ ਜਿਨ੍ਹਾਂ ਨੇ ਹੱਡੀਆਂ ਦਾ,
ਉਨ੍ਹਾਂ ਪਾੜ ਪਿੰਡੇ ਦੇ ਉਛਾੜ ਦਿੱਤੇ।

ਅਸੀਂ ਫ਼ਰਸ਼ ਜ਼ਮੀਨ ਤੋਂ ਉਹਦੀ ਖ਼ਾਤਰ,
ਅਰਸ਼ਾਂ ਤੀਕ ਦੀਆਂ ਦਿਲ ਵਿਚ ਰੱਖਦੇ ਆਂ,
ਉਹਦੇ ਪਿਆਰ ਦੀ ਗਰਮ ਪਰਵਾਜ਼ ਜੇ ਕਰ,
ਪੰਛੀ ਸ਼ੌਕ ਦੇ ਖੰਭ ਨਾ ਸਾੜ ਦਿੱਤੇ।

ਸਾਡੇ ਹੌਕਿਆਂ ਦੀ ਸ਼ੋਹਰਤ ਸ਼ਹਿਰ ਵਿੱਚੋਂ,
ਜਾ ਉਨ੍ਹਾਂ ਦੇ ਤੀਕ ਅਖ਼ੀਰ ਪਹੁੰਚੀ,
ਪਾਗਲ ਦਿਲ ਦਿਆਂ ਇਨ੍ਹਾਂ ਬੇਸਬਰਿਆਂ ਨੇ,
ਬਣੇ ਸੰਵਰੇ ਕੰਮ ਵਿਗਾੜ ਸੁੱਟੇ।

ਅੱਜ ਵੀ ਸਾਡਿਆਂ ਸੁੱਕਿਆਂ ਹੰਝੂਆਂ ਤੇ,
ਗ਼ਲਤ ਸ਼ੁਬਾ ਏ ਸਾਉਣ ਦੇ ਬੱਦਲਾਂ ਦਾ,
ਝੌਲੀ ਵਿਚ ਧਰਤੀ ਦੇ ਸਮਾਵਣੇ ਨਹੀਂ,
ਅੱਖਾਂ ਜਦੋਂ ਖ਼ਾਲੀ ਪੱਲੇ ਝਾੜ ਦਿੱਤੇ।

ਗਰਦਿਸ਼ ਫ਼ਲਕ ਦੀ ਅਜੇ ਵੀ ਵੱਲ ਸਾਡੇ,
ਵੇਖਣ ਲੱਗਿਆਂ ਝੇਂਪ ਕੇ ਵੇਖਦੀ ਏ,
ਦਿੱਤਾ ਅਸਾਂ ਹੰਗਾਲ ਸਮੁੰਦਰਾਂ ਨੂੰ,
ਅਸਾਂ ਪੁਟ ਪੈਰਾਂ ਤੋਂ ਪਹਾੜ ਦਿੱਤੇ।

ਉਹਦੇ ਦਰਦ ਵਰਾਗ ਦੇ ਰੋਣਿਆਂ ਨੇ,
ਸਾਡੇ ਵਸ ਦੀ ਗੱਲ ਨਾ ਰਹਿਣ ਦਿੱਤੀ,
ਦਿਲ ਨੇ ਸੀਨਿਉਂ ਪਿਆਰ ਦੇ ਭੇਤ ਗੁੱਝੇ,
ਕੱਢ ਨਾਲ ਸੀਨੇ ਦੇ ਹਵਾੜ੍ਹ ਦਿੱਤੇ।

ਗੱਲਾਂ ਨਾਲ ਉਹਨੇ ਕੀਤੇ ਬੜੇ ਚਾਰੇ,
ਅਸਾਂ ਦੜ ਵੱਟੀ ਰੱਖੀ ਤੋੜ ਤੀਕਰ,
ਜ਼ਿਕਰ ਯਾਰ ਦੇ ਤੋਂ ਦਿਲ ਜੋ ਪਿਆ ਕਾਹਲਾ,
ਦੱਸ ਰੋਗ ਤਬੀਬ ਨੂੰ ਨਾੜ ਦਿੱਤੇ।

ਸੁਣਦੇ ਆਏ ਸਾਂ ਗੱਲ ਹਮੇਸ਼ ਦੀ ਇਹ,
ਟੁੱਟਾ ਸ਼ੀਸ਼ਾ 'ਫ਼ਕੀਰ' ਨਹੀਂ ਕਦੀ ਜੁੜਦਾ,
ਬਹਾਕੇ ਕੋਲ ਸਾਨੂੰ ਖ਼ਵਰੇ ਕਿਵੇਂ ਉਨ੍ਹਾਂ,
ਟੋਟੇ ਦਿਲ ਦੇ ਨੇ ਜੋੜ-ਜਾੜ ਦਿੱਤੇ।

151. ਮਹਫ਼ਿਲ ਵਿਚ ਉਹਦੇ ਰੁੱਸ ਜਾਣ ਪਿੱਛੋਂ

ਮਹਫ਼ਿਲ ਵਿਚ ਉਹਦੇ ਰੁੱਸ ਜਾਣ ਪਿੱਛੋਂ,
ਡੇਰੇ ਦਿਲਾਂ ਵਿਚ ਓਸ ਦੀ ਯਾਦ ਕੀਤੇ।
ਉਹ ਵੀਰਾਨ ਹੋ ਕੇ ਨਾ ਵੀਰਾਨ ਹੋਏ,
ਜਿਹੜੇ ਘਰ ਉਨ੍ਹਾਂ ਨੇ ਆਬਾਦ ਕੀਤੇ।

ਸਾਨੂੰ ਉਨ੍ਹਾਂ ਦੇ ਪਾਸ ਨਾ ਹੁੰਦਿਆਂ ਵੀ,
ਪਾਸ ਉਨ੍ਹਾਂ ਦੇ ਪਿਆਰ ਦਾ ਰਿਹਾ ਹਰਦਮ,
ਕੀਤਾ ਯਾਦ ਜਦ ਉਨ੍ਹਾਂ ਨੂੰ ਯਾਦ ਕੀਤਾ,
ਕਦੀ ਸਿਤਮ ਨਾ ਉਨ੍ਹਾਂ ਦੇ ਯਾਦ ਕੀਤੇ।

ਬੈਠੇ ਜਾ ਵਿਚ ਜਿਹੜੇ ਉਜਾੜ ਉੱਥੇ,
ਲਾਈਆਂ ਰੌਣਕਾਂ ਉਨ੍ਹਾਂ ਦੇ ਨਾਮ ਦੀਆਂ,
ਲੰਘੇ ਅਸੀਂ ਜਿਹੜੇ ਬੀਆਬਾਨ ਵਿੱਚੋਂ,
ਉੱਥੇ ਸ਼ਹਿਰ ਤੇ ਸ਼ਹਿਰ ਆਬਾਦ ਕੀਤੇ।

ਮਸ਼ਕ ਸਾਡੇ ਪਿਆਰ ਦੇ ਹੌਸਲੇ ਦੀ,
ਨਿਕਲੀ ਉਨ੍ਹਾਂ ਦੇ ਮਾਨ ਗ਼ਰੂਰ ਜਿੱਡੀ,
ਅਸਾਂ ਸਬਰ ਤੇ ਸਬਰ ਦੀ ਜਾਂਚ ਸਿੱਖੀ,
ਉਨ੍ਹਾਂ ਸਿਤਮ ਤੇ ਸਿਤਮ ਈਜਾਦ ਕੀਤੇ।

ਸਾਡੇ ਨਾਲ ਉਹਦੀ ਮੁਲਾਕਾਤ ਰਹਿ ਗਈ,
ਸੱਧਰ ਸਿੱਕ ਦਲਗੀਰ ਵਿਛੋੜਿਆਂ ਦੀ,
ਕੀਤੇ ਕਰਮ ਉਨ੍ਹਾਂ ਦੇ ਮਿਲਾਪ ਉਨੇ,
ਜਿੰਨੇ ਜ਼ੁਲਮ ਵਰਾਗ ਜਲਾਦ ਕੀਤੇ।

ਕਰਦੇ ਆਪ ਨੇ ਆਹਰ ਉਜਾੜਿਆਂ ਦਾ,
ਵਸਣ ਵਾਲੇ ਉਜਾੜ ਕੇ ਵਸਦਿਆਂ ਨੂੰ,
ਹੁਸਨ ਨਗਰ ਨਾ ਉਨ੍ਹਾਂ ਦੇ ਕਦੀ ਵਸੇ,
ਜਿਨ੍ਹਾਂ ਦਿਲਾਂ ਦੇ ਸ਼ਹਿਰ ਬਰਬਾਦ ਕੀਤੇ।

ਇਹਦੇ ਅਸਰ ਤੋਂ ਡਰਦਿਆਂ ਅਸਾਂ ਇਹਨੂੰ,
ਦਿਲ ਵਿਚ ਰਹਿਣ ਦੀ ਸਦਾ ਸਲਾਹ ਦਿੱਤੀ,
ਦਿਲੋਂ ਨਿਕਲ ਜ਼ੁਬਾਨ ਤੱਕ ਜਾਣ ਦੇ ਨੇ,
ਜਦ ਵੀ ਮਸ਼ਵਰੇ ਕਦੀ ਫ਼ਰਿਆਦ ਦਿੱਤੇ।

ਵਾਹਵਾ ਉਨ੍ਹਾਂ ਵੀ ਉਨ੍ਹਾਂ ਦੀ ਚੁੱਪ ਵਾਂਗਰ,
ਮੇਰੇ ਸ਼ਿਅਰ ਨੂੰ ਸ਼ੋਹਰਤਾਂ ਬਖ਼ਸ਼ੀਆਂ ਨੇ,
ਕੀਤੇ ਸਿਤਮ ਉਨ੍ਹਾਂ ਦੀ ਬੇਦਾਦ ਜਿਹੜੇ,
ਉਹੋ ਸਿਤਮ ਨੇ ਉਨ੍ਹਾਂ ਦੀ ਦਾਦ ਕੀਤੇ।

ਸੁਣ ਕੇ ਕਿਵੇਂ 'ਫ਼ਕੀਰ' ਅੱਜ ਆਸ਼ਕਾਂ ਨੂੰ,
ਸ਼ੀਰੀਂ ਸੁਖ਼ਨ ਸਾਡੇ ਦੀ ਨਾ ਚਾਟ ਲੱਗੇ,
ਅਸਾਂ ਕੰਮ ਹੱਥੀਂ ਕੀਤੇ ਇਸ਼ਕ ਦੇ ਉਹ,
ਜਿਹੜੇ ਨਾਲ ਤੇਸੇ ਦੇ ਫ਼ਰਹਾਦ ਕੀਤੇ।

152. ਨੀਂਦਰ ਹਾਲ ਬੇਹਾਲ ਨਾ ਹੋਣ ਦਿੱਤਾ

ਨੀਂਦਰ ਹਾਲ ਬੇਹਾਲ ਨਾ ਹੋਣ ਦਿੱਤਾ,
ਜਿਹੜੇ ਹਾਲ ਸੁੱਤੇ ਓਸੇ ਹਾਲ ਜਾਗੇ।
ਰਾਤੀਂ ਜੀਹਦੇ ਖ਼ਿਆਲ ਵਿਚ ਅੱਖ ਲੱਗੀ,
ਦਿਨੇ ਉਹਦੇ ਖ਼ਿਆਲ ਦੇ ਨਾਲ ਜਾਗੇ।

ਸਾਨੂੰ ਉਂਜ ਵੀ ਵਾਂਗ ਜਗਰਾਤਿਆਂ ਦੇ,
ਦਿੰਦੀ ਸੌਣ ਨਾ ਯਾਦ ਜਗਰਾਤਿਆਂ ਦੀ।

ਬੜੇ ਵਰ੍ਹੇ ਦਿਲ ਜਾਗਿਆ ਨਾਲ ਸਾਡੇ,
ਅਸੀਂ ਨਾਲ ਦਿਲ ਦੇ ਬੜੇ ਸਾਲ ਜਾਗੇ।

ਜੱਫੇ ਪਾਏ ਉਨ੍ਹਾਂ ਕਿੰਨੇ ਫ਼ਜਰ ਤਾਈਂ,
ਤਾਲੂ ਨਾਲ ਨਾ ਅਸਾਂ ਜ਼ੁਬਾਨ ਲਾਈ,
ਰਾਤੀਂ ਉਹ ਸੁੱਤੇ ਤੇ ਕਮਾਲ ਸੁੱਤੇ,
ਜਾਗੇ ਅਸੀਂ ਰਾਤੀਂ ਤੇ ਕਮਾਲ ਜਾਗੇ।

ਪੱਲਾ ਤਾਣ ਕੇ ਚੰਨ ਦੀ ਚਾਨਣੀ ਦਾ,
ਸੌਂ ਗਏ ਸੁੱਤੀਆਂ ਕਲਾਂ ਜਗਾਉਣ ਵਾਲੇ,
ਢਲਕੇ ਸਾਡਿਆਂ ਹੰਝੂਆਂ ਨਾਲ ਤਾਰੇ,
ਦਰਦਾਂ ਸਾਡਿਆਂ ਦੇ ਭਾਈਵਾਲ ਜਾਗੇ।

ਖੀਵੇ ਹੁਸਨ ਦੀ ਜਦੋਂ ਵੀ ਅੱਖ ਲੱਗੀ,
ਪਹਿਰੇਦਾਰ ਉਹਦੇ ਸਾਰੇ ਜਾਗਦੇ ਰਹੇ,
ਭੜਕੇ ਰੁੱਖ ਮੱਥਾ ਡਲ੍ਹਕਾਂ ਮਾਰਦਾ ਏ,
ਉਹਦੀ ਜ਼ੁਲਫ਼ ਲਿਸ਼ਕੇ ਉਹਦਾ ਖਾਲ ਜਾਗੇ।

ਸੁਣ ਕੇ ਸਾਡੇ ਹਜ਼ਾਰ ਸਵਾਲ ਸਾਥੋਂ,
ਮਸਾਂ ਉਨ੍ਹਾਂ ਨੇ ਇਕ ਜਵਾਬ ਦਿੱਤਾ,
ਉਹਦੇ ਇਕ ਜਵਾਬ ਦੇ ਨਾਲ ਸਾਡੇ,
ਦਿਲ ਵਿਚ ਹੋਰ ਹਜ਼ਾਰ ਸਵਾਲ ਜਾਗੇ।

ਕੇਰੇ ਸਾਡਿਆਂ ਹੰਝੂਆਂ ਨਾਲ ਸਾਂਝੇ,
ਹੰਝੂ ਉਨ੍ਹਾਂ ਵਿਛੋੜੇ ਦੀ ਫ਼ਜਰ ਤੀਕਰ,
ਨਾਲ ਡਲਕਦੇ ਤਾਰਿਆਂ ਰਾਤ ਸਾਰੀ,
ਅੱਜ ਉਹ ਵਾਂਗਰਾਂ ਬਦਰ ਕਮਾਲ ਜਾਗੇ।

ਹੁੰਦੇ ਦੇਖੇ ਨੇ ਯਾਰ ਹਮੇਸ਼ ਅਸੀਂ,
ਪਲ ਵਿਚ ਵਾਂਗ ਬੇਸੁਰਤ ਸ਼ਰਾਬੀਆਂ ਦੇ,
ਜਾਗਣ ਲੱਗਿਆਂ ਸਦਾ ਉਹ ਜਾਗਦੇ ਨੇ,
ਕਰਕੇ ਜ਼ਿੱਦ ਜਿਉਂ ਅੱਥਰਾ ਬਾਲ ਜਾਗੇ।

ਉਹਦੀ ਭੁੱਲ ਦੇ ਨਾਲ 'ਫ਼ਕੀਰ' ਸਾਨੂੰ,
ਸੁਰਤ ਅਪਣੇ ਆਪ ਦੀ ਭੁੱਲਦੀ ਏ,
ਦਿਸੇ ਜਾਗਦਾ ਨਵਾਂ ਮਜ਼ਮੂਨ ਕੋਈ,
ਜਦੋਂ ਜ਼ਹਿਣ ਵਿਚ ਉਹਦਾ ਖ਼ਿਆਲ ਜਾਗੇ।

153. ਤੱਤੀ ਰੁੱਤ ਖ਼ਿਜ਼ਾਂ ਦੀ ਵਾਂਗ ਬਾਗ਼ੇ

ਤੱਤੀ ਰੁੱਤ ਖ਼ਿਜ਼ਾਂ ਦੀ ਵਾਂਗ ਬਾਗ਼ੇ,
ਰੋਸੇ ਰਾਖਿਆਂ ਨਾਲ ਬਹਾਰ ਦੇ ਰਹੇ।
ਅੱਖੀਂ ਫ਼ਜਰ ਦੇ ਰੁਖ ਨੂੰ ਨਾ ਵੇਖ ਸਕੇ,
ਜਿਹੜੇ ਸ਼ਾਮ ਦੀ ਜ਼ੁਲਫ਼ ਸੰਵਾਰਦੇ ਰਹੇ।

ਰਹੇ ਉਡੀਕਦੇ ਕਲੀਆਂ ਦੇ ਹਾਸਿਆਂ ਨੂੰ,
ਕੋਇਲ ਵਾਂਗ ਵਰਾਗ ਵਿਚ ਰੋਣ ਵਾਲੇ,
ਫੁੱਲਾਂ ਖਿੜਦਿਆਂ ਵਾਂਗ ਨਾ ਹਸ ਸਕੇ,
ਚੁਭਦੇ ਜਿਨ੍ਹਾਂ ਨੂੰ ਖ਼ਾਰ ਗੁਲਜ਼ਾਰ ਦੇ ਰਹੇ।

ਯਾਰਾਂ ਵਲ ਗ਼ੈਰਾਂ ਦੀ ਤਾਰੀਖ਼ ਖ਼ੂਨੀ,
ਘੜੀਆਂ ਪਲਾਂ ਦੇ ਓਹਲਿਉਂ ਝਾਕਦੀ ਰਹੀ,
ਰੱਤ ਉਨ੍ਹਾਂ ਦੀ ਰੁੱਤਾਂ ਨੂੰ ਰੰਗਦੀ ਰਹੀ,
ਸਮੇਂ ਜਿਨ੍ਹਾਂ ਦਾ ਖ਼ੂਨ ਗੁਜ਼ਾਰਦੇ ਰਹੇ।

ਵਸੋਂ ਪਿਆਰ ਮੁਹੱਬਤ ਦੀ ਵਿਚ ਕੋਈ,
ਮਿਲੀ ਥਾਂ ਨਾ ਹਿਜਰ ਦੇ ਮਾਰਿਆਂ ਨੂੰ,
ਉਨ੍ਹਾਂ ਦਿਲਾਂ ਨੂੰ ਪੱਥਰਾਂ ਚੂਰ ਕੀਤਾ,
ਜਿਹੜੇ ਵਾਂਗ ਸ਼ੀਸ਼ੇ ਲਿਸ਼ਕਾਰਦੇ ਰਹੇ।

ਦਿੱਤਾ ਸੁਖ ਨਾ ਉਨ੍ਹਾਂ ਨੂੰ ਆਉਣ ਨੇੜੇ,
ਖ਼ੁਸ਼ੀਆਂ ਉਨ੍ਹਾਂ ਨੂੰ ਕੋਲ ਨਾ ਬਹਿਣ ਦਿੱਤਾ,
ਅੱਜ ਹੁਸਨ ਦੇ ਦੁਖੜੇ ਸਹਿਣ ਜਿਹੜੇ,
ਕੱਲ ਹਿਜਰ ਦੇ ਦੁਖ ਸਹਾਰਦੇ ਰਹੇ।

ਉਨ੍ਹਾਂ ਹੜ੍ਹਾਂ ਦੇ ਹੱਥ ਨਾ ਆਏ ਚੱਪੂ,
ਬੇੜੇ ਜਿਨ੍ਹਾਂ ਦਰਿਆਵਾਂ ਦੇ ਬੋੜ ਦਿੱਤੇ,
ਫੜੇ ਸ਼ੂਕਦੇ ਸ਼ੌਹ ਜਿਨ੍ਹਾਂ ਜਾ ਸੰਘੋਂ,
ਨਾ ਉਹ ਆਰ ਦੇ ਰਹੇ ਨਾ ਪਾਰ ਦੇ ਰਹੇ।

ਸਫ਼ਾਂ ਸਿੱਧੀਆਂ ਵਿਚ ਖਿਲਾਰ ਦਿੱਤਾ,
ਮੋਢੇ ਜੋੜ ਜਿਨ੍ਹਾਂ ਬੇਮੁਹਾਰਿਆਂ ਨੂੰ,
ਉਹ ਇਮਾਮ ਤਸਬੀਹ ਦੇ ਇਮਾਮ ਵਾਂਗੂੰ,
ਨਾ ਹਿਸਾਬ ਦੇ ਰਹੇ ਨਾ ਸ਼ੁਮਾਰ ਦੇ ਰਹੇ।

ਰਿਹਾ ਉਨ੍ਹਾਂ ਦੀ ਨਜ਼ਰ ਤੇ ਸਦਾ ਛਾਇਆ,
ਧੁੰਦੂਕਾਰ ਵਰਾਗ ਵਿਛੋੜਿਆਂ ਦਾ,
ਸੌਦੇ ਨਕਦ ਜਾਨਾਂ ਦੇ ਜੋ ਰਹੇ ਕਰਦੇ,
ਕਾਰੇ ਉਨ੍ਹਾਂ ਦੇ ਨਾਲ ਉਧਾਰ ਦੇ ਰਹੇ।

ਅੱਗੇ ਜ਼ਿੰਦਗੀ ਉਨ੍ਹਾਂ ਦੇ ਸ਼ਹਿਰ ਵਿਚ ਵੀ,
ਖ਼ਵਰੇ ਕਿਉਂ ਨਹੀਂ ਉਨ੍ਹਾਂ ਦੇ ਕੋਲ ਬੈਠੀ,
ਸੱਦੇ ਜਿਨ੍ਹਾਂ ਦਿੱਤੇ ਖ਼ੂਨੀ ਝੱਖੜਾਂ ਨੂੰ,
ਜਿਹੜੇ ਮੌਤ ਨੂੰ ਆਪ ਵੰਗਾਰਦੇ ਰਹੇ।

ਲੱਗਾ ਉਨ੍ਹਾਂ ਦੇ ਭਾਅ ਦਾ ਰਿਹਾ ਵੇਖੋ,
ਚਾਨਣ ਵਿਚ ਵੀ ਦੁੱਖ ਹਨੇਰਿਆਂ ਦਾ,
ਹੌਕੇ ਮਾਰਣੇ ਪਏ ਦਿਨੇ ਉਨ੍ਹਾਂ ਤਾਈਂ,
ਜਿਹੜੇ ਰਾਤ ਸਾਰੀ ਆਹੀਂ ਮਾਰਦੇ ਰਹੇ।

ਗਲਮੇ ਨਾਲ ਕੋਈ ਫੁੱਲ ਨਾ ਟਾਂਕ ਸਕੇ,
ਹੱਥ ਉਨ੍ਹਾਂ ਦੇ ਕੰਡਿਆਂ ਵਿੰਨ੍ਹ ਦਿੱਤੇ,
ਰੰਗੀ ਜਿਨ੍ਹਾਂ ਜਵਾਨੀ ਸੀ ਬੇਲਿਆਂ ਦੀ,
ਜਿਹੜੇ ਬਾਰਾਂ ਦਾ ਰੂਪ ਸ਼ਿੰਗਾਰਦੇ ਰਹੇ।

ਕੀ 'ਫ਼ਕੀਰ' ਮੈਂ ਉਨ੍ਹਾਂ ਨਾ ਮਹਿਰਮਾਂ ਨੂੰ,
ਦਿਲ ਦੁਖਿਆਰ ਦੀ ਇਹ ਵਾਰਦਾਤ ਦੱਸਾਂ?
ਰਹਿ ਕੇ ਦੇਸ ਵਿਚ ਵਾਂਗ ਪ੍ਰਦੇਸੀਆਂ ਦੇ,
ਜਿਹੜੇ ਅਪਣੀ ਉਮਰ ਗੁਜ਼ਾਰਦੇ ਰਹੇ।

154. ਨਿਕਲ ਗਰਦਿਸ਼ਾਂ ਤੋਂ ਬਦਲ ਬੰਦਿਆ ਤੂੰ

ਨਿਕਲ ਗਰਦਿਸ਼ਾਂ ਤੋਂ ਬਦਲ ਬੰਦਿਆ ਤੂੰ,
ਬਦਲੇ ਵੇਖ ਜ਼ਮਾਨੇ ਦੇ ਰੰਗ ਮੁੜ ਕੇ।
ਸੂਰਤ ਕੱਢ ਕੇ ਤੇਗ਼ ਮਿਆਨ ਵਿੱਚੋਂ,
ਭੁੰਨ ਸੁੱਟ ਰਬਾਬ ਤੇ ਚੰਗ ਮੁੜ ਕੇ।

ਵੇਖ ਕਿਵੇਂ ਮੁੜ ਰੋਗਾਂ ਪੁਰਾਣਿਆਂ ਤੇ,
ਤੇਰੀ ਸਾਹ ਅਕਸੀਰ ਹੈ ਅਸਰ ਕਰਦੀ,
ਰੌਸ਼ਨ ਸ਼ੱਮਾਂ ਤੌਹੀਦ ਦਾ ਵਿੱਚ ਦੁਨੀਆ,
ਬਣ ਕੇ ਦੱਸ ਇਕ ਵਾਰ ਪਤੰਗ ਮੁੜ ਕੇ।

ਬੰਨ੍ਹ ਠੁੱਕ ਸਲੂਕ ਦਾ ਫੇਰ ਜੇ ਕਰ,
ਸਮੇਂ ਮੇਲ ਮਿਲਾਪ ਦੇ ਵੇਖਣੇ ਨੇ,
ਦੁੱਖ ਦੁਖੀ ਜਹਾਨ ਦੇ ਮੁੱਕਣੇ ਨਹੀਂ,
ਮੁੱਕੇ ਨਾ ਜੇ ਦੈਰ ਦੀ ਕੰਗ ਮੁੜ ਕੇ।

ਖੇਡਾਂ ਜਾਨਬਾਜ਼ੀ ਦੀਆਂ ਇਕ ਵਾਰੀ,
ਉਂਜੇ ਫ਼ੇਰ ਅਕਲਾਂ ਨੂੰ ਵਿਖਾ ਤੇ ਸਹੀ,
ਲਾਹ ਕੇ ਖੱਲ ਇਸ਼ਕ ਦੀ ਨਜ਼ਰ ਕਰਦੇ,
ਸੀਸ ਹਸਦਾ ਦਾਰ ਤੇ ਟੰਗ ਮੁੜ ਕੇ।

ਸਿਰ ਮਗ਼ਰੂਰ 'ਕਾਰੂਨਾਂ' ਦੇ ਕਰ ਨੀਵੇਂ,
ਸਿਰਾਂ ਨਾਲ ਗ਼ਰੀਬਾਂ ਦੇ ਜੋੜ ਐਸੇ,
ਮਿਹਨਤ ਨਾਲ ਨਾ ਵਿੱਚ ਜਹਾਨ ਹੋਵੇ,
ਕਦੀ ਹਿਰਸ ਨਾ ਲੋਭ ਦਾ ਜੰਗ ਮੁੜ ਕੇ।

ਕਰ ਅਹਿਸਾਨ ਸਲੂਕ ਦਾ ਵਾਰ ਐਸਾ,
ਨਾ ਰਹੇ ਜ਼ੁਲਮ ਦਾ ਨਾਮ ਨਿਸ਼ਾਨ ਬਾਕੀ,
ਬਦਲਾ ਲੈਣ ਦੀ ਹੁੰਦਿਆਂ ਦਮਾਂ ਤੀਕਰ,
ਉੱਠੇ ਕਦੀ ਨਾ ਦਿਲੋਂ ਤਰੰਗ ਮੁੜ ਕੇ।

ਝਾਂਬੇ ਮਾਰ ਪਲਕਾਂ ਦੀਆਂ ਝਾੜੂਆਂ ਦੇ,
ਗਰਦ ਨਜ਼ਰ ਦੀ ਨਜ਼ਰ ਤੋਂ ਝਾੜਦਾ ਰਹੋ,
ਸਿੱਲ ਜ਼ੁਲਮ ਦੀ ਨੇ ਜਿਹੜਾ ਲਾਇਆ ਏ,
ਲਾਹ ਦਿਲਾਂ ਤੋਂ ਦਿਲਾਂ ਦਾ ਜੰਗ ਮੁੜ ਕੇ।

ਲਾ ਕੇ ਲਾਗ ਇਕ ਰੰਗੀ ਦੀ ਫੇਰ ਉਹੋ,
ਦੋ ਰੰਗੇ ਜ਼ਮਾਨੇ ਦੇ ਪੱਲਿਆਂ ਨੂੰ,
ਫਿੱਕਾ ਰੰਗ ਜੋ ਰੰਗਦੇ ਫਿਰਨ ਐਵੇਂ,
ਕਰਦੇ ਉਨ੍ਹਾਂ ਦਾ ਰੰਗ ਬਦਰੰਗ ਮੁੜ ਕੇ।

ਟੋਰੇ ਟੋਰ ਪਹਿਲਾਂ ਫੇਰ ਵੇਖ ਰਾਹੀਆਂ,
ਵਿਖਰੇ ਪੰਧ ਲੰਮੇ ਕੀਕਣ ਮੁੱਕਦੇ ਨੇ,
ਜਿਹੜੇ ਰਾਹੀਂ ਲੰਘੇ ਕਾਰਵਾਨ ਤੇਰੇ,
ਤੂੰ ਵੀ ਫੇਰ ਅੱਜ ਉਧਰੋਂ ਲੰਘ ਮੁੜ ਕੇ।

ਬਣੀਆਂ ਮੁਸ਼ਕਿਲਾਂ ਵਿਚ 'ਫ਼ਕੀਰ' ਅੱਜ ਇਹ,
ਇੱਕੋ ਹੱਲ ਏ ਮੁਸ਼ਕਿਲਾਂ ਸਾਰੀਆਂ ਦਾ,
ਹਿੰਮਤ ਨਾਲ ਅਮਲਾਂ ਦਾ ਖਿਲਾਰ ਪੱਲਾ,
ਫ਼ਜ਼ਲ ਰੱਬ ਦਾ ਰੱਬ ਤੋਂ ਮੰਗ ਮੁੜ ਕੇ।

  • Previous......(51-100)
  • ਮੁੱਖ ਪੰਨਾ : ਸੰਪੂਰਣ ਕਾਵਿ, ਡਾ. ਫ਼ਕੀਰ ਮੁਹੰਮਦ 'ਫ਼ਕੀਰ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ