Rubai Ate Punjabi Rubai : Siddeeq Taseer Sheikhupura
ਰੁਬਾਈ ਅਤੇ ਪੰਜਾਬੀ ਰੁਬਾਈ : ਸਿੱਦੀਕ 'ਤਾਸੀਰ' ਸ਼ੇਖ਼ੂਪੁਰਾ
ਰੁਬਾਈ ਅਤੇ ਪੰਜਾਬੀ ਰੁਬਾਈ
ਰੁਬਾਈ ਸ਼ਾਇਰੀ ਦੀਆਂ ਸਭਨਾਂ ਸਿਨਫ਼ਾਂ ਵਿਚ ਬੜੀ ਦਿਲ ਖਿੱਚ, ਅਨੋਖੀ ਅਤੇ ਨਿਰਾਲੀ ਸਿਨਫ਼ ਸਮਝੀ ਜਾਂਦੀ ਏ।ਜਿਹੜੀ ਫ਼ਾਰਸੀ ਅਤੇ ਉਰਦੂ ਨਾਲ ਖ਼ਾਸ ਸਬੰਧ ਰੱਖਦੀ ਏ।ਦੁਨੀਆ ਭਰ ਦੀਆਂ ਜ਼ੁਬਾਨਾਂ ਦਾ ਮੁਤਾਲਆ ਕਰਦਿਆਂ ਐਨੀ ਛੋਟੀ ਤੇ ਪੁਖ਼ਤਾ ਨਜ਼ਮ ਦੁਨੀਆ ਦੀ ਕਿਸੇ ਵੀ ਜ਼ੁਬਾਨ ਵਿਚ ਲੱਭਣੀ ਨਾਮੁਮਕਿਨ ਜਿਹੀ ਗੱਲ ਏ ਪਰ ਇਹ ਐਨੀ ਛੋਟੀ ਹੁੰਦਿਆਂ ਹੋਇਆਂ ਵੀ ਅਪਣੇ ਅੰਦਰ ਅਰਥਾਂ ਦਾ ਇਕ ਜਹਾਨ ਰੱਖਦੀ ਏ।ਉਹ ਖ਼ੂਬੀ ਤੇ ਦਿਲਕਸ਼ੀ ਰੱਖਦੀ ਏ ਪਈ ਬੱਲੇ ਬੱਲੇ।ਕਿਸੇ ਨੇ ਕਿਹਾ ਸੀ ਕਿ ਹੁਸਨ ਨੂੰ ਬਨਾਵਣ, ਸੰਵਾਰਣ ਵਿਚ ਟਿੱਕਾ ਅਤੇ ਝੂਮਰ ਬੜੀ ਅਹਿਮੀਅਤ ਰੱਖਦੇ ਨੇ ਪਰ ਨੱਕ ਦੀ ਤੀਲੀ ਤੇ ਮੱਥੇ ਦੀ ਬਿੰਦੀ ਦੀ ਅਪਣੀ ਵੱਖਰੀ ਸ਼ਾਨ ਤੇ ਬਹਾਰ ਹੁੰਦੀ ਏ।
ਸ਼ਾਇਰੀ ਵਿਚ ਗ਼ਜ਼ਲ, ਕਸੀਦਾ ਤੇ ਮਸ਼ਨਵੀ ਦੀ ਵਡਿਆਈ ਨੂੰ ਸੱਭੇ ਮੰਨਦੇ ਨੇ ਪਰ ਰੁਬਾਈ ਦੇ ਚਹੁੰ ਮਿਸਰਿਆਂ ਵਿਚ ਜਿਹੜੀਆਂ ਖ਼ੂਬੀਆਂ ਇਕੱਠੀਆਂ ਹੋ ਜਾਂਦੀਆਂ ਨੇ ਉਨ੍ਹਾਂ ਦਾ ਜੋੜ ਸ਼ਾਇਦ ਗ਼ਜ਼ਲ ਤੇ ਮਸਨਵੀ ਵੀ ਪੈਦਾ ਨਹੀਂ ਕਰ ਸਕੀਆਂ।ਕਿਉਂ ਜੋ ਰੁਬਾਈ ਦਾ ਇਕ ਨਵੇਕਲਾ ਅਤੇ ਵੱਖਰਾ ਈ ਸੁਆਦ ਏ ਤੇ ਇਹ ਇਕ ਨਵੇਕਲੀ ਜਿਹੀ ਹੀ ਸ਼ੈ ਏ।
ਕਸੀਦੇ ਅਤੇ ਗ਼ਜ਼ਲ ਵਾਂਗਰਾਂ ਰੁਬਾਈ ਦੇ ਵੀ ਪਹਿਲੇ ਦੋਵੇਂ ਮਿਸਰੇ ਹਮਕਾਫ਼ੀਆ ਹੁੰਦੇ ਹਨ ਜਿਵੇਂ ਗ਼ਜ਼ਲ ਦਾ ਮਤਲਾਅ।ਇਹਦੇ ਵਿਚ ਅਰਥਾਂ ਪੱਖੋਂ ਗ਼ਜ਼ਲ ਅਤੇ ਕਸੀਦਾ ਦੋਵੇਂ ਤਰ੍ਹਾਂ ਦੇ ਮਜ਼ਮੂਨਾਂ ਨੂੰ ਅਦਾ ਕਰਨ ਦੀ ਵਧੇਰੀ ਗੁੰਜ਼ਾਇਸ਼ ਹੁੰਦੀ ਏ।ਇਸ ਪੱਖੋਂ ਰੁਬਾਈ ਨੂੰ ਛੋਟੇ ਤੋਂ ਛੋਟਾ ਕਸੀਦਾ ਤੇ ਛੋਟੀ ਤੋਂ ਛੋਟੀ ਮਿੰਨੀ ਗ਼ਜ਼ਲ ਵੀ ਆਖਿਆ ਜਾ ਸਕਦਾ ਏ।ਸਗੋਂ ਮੈਂ ਤੇ ਇਹ ਵੀ ਕਹਾਂਗਾ ਕਿ ਗ਼ਜ਼ਲ ਤੇ ਕਸੀਦੇ ਵਿਚ ਮਜ਼ਮੂਨਾਂ ਦੀ ਖੁੱਲ੍ਹ-ਡੁਲ੍ਹ ਦੇ ਬਾਵਜੂਦ ਵੀ ਕਿਸੇ ਨਾ ਕਿਸੇ ਤਰ੍ਹਾਂ ਰੋਕ ਤੇ ਹੱਦ ਹੁੰਦੀ ਏ ਪਰ ਰੁਬਾਈ ਦੀ ਮਾਅਨਵੀ ਖੁੱਲ੍ਹ-ਡੁੱਲ੍ਹ ਵਿਚ ਏਦਾਂ ਦੀ ਕੋਈ ਹੱਦਬੰਦੀ ਅਤੇ ਰੋਕ ਨਹੀਂ ਹੁੰਦੀ।
ਫ਼ਾਰਸੀ ਅਤੇ ਉਰਦੂ ਰੁਬਾਈਆਂ ਦੇ ਮੁਤਾਅਲੇ ਤੋਂ ਇਹ ਗੱਲ ਨਿੱਤਰ ਕੇ ਸਾਮ੍ਹਣੇ ਆ ਜਾਂਦੀ ਏ ਪਈ ਰੁਬਾਈ ਨੇ ਹਮੇਸ਼ਾ ਈ ਅਪਣੇ ਵਕਤ ਦਾ ਸਾਥ ਦਿੱਤਾ ਤੇ ਉਹਦਿਆਂ ਤਕਾਜ਼ਿਆਂ ਤੇ ਨਵੇਂ ਤੋਂ ਨਵੇਂ ਰੁਹਜਾਨਾਂ ਨੂੰ ਅਪਣੇ ਅੰਦਰ ਸਮੋਇਆ ਏ।ਰੁਬਾਈ ਅਪਣੀ ਮਾਅਨਵੀ ਹੈਸ਼ੀਅਤ ਪਾਰੋਂ ਅਪਣੇ ਅੰਦਰ ਗ਼ਜ਼ਲ ਵਰਗੀ ਲੋਚ ਰੱਖਣ ਦੇ ਨਾਲ ਨਾਲ ਲਚਕ ਤੇ ਵਸਅਤ ਵੀ ਰੱਖਦੀ ਏ।ਜਿਵੇਂ ਅਸੀਂ ਵੱਖ ਵੱਖ ਦੌਰ ਦੀਆਂ ਗ਼ਜ਼ਲਾਂ ਤੋਂ ਵੱਖਰੇ ਰੁਹਜਾਨਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਬਿਲਕੁਲ ਉਂਜੇ ਈ ਰੁਬਾਈ ਵੀ ਅਪਣੇ ਦੌਰ ਦੀ ਭਰਵੀ ਨੁਮਾਇੰਦਗੀ ਕਰਦੀ ਨਜ਼ਰ ਆਉਂਦੀ ਏ।ਕਿਉਂ ਜੋ ਸ਼ਾਇਰ ਕੋਈ ਵੀ ਹੋਵੇ ਉਹ ਅਪਣੇ ਦੌਰ ਦਾ ਸ਼ੀਸ਼ਾ ਹੁੰਦਾ ਏ।
ਰੁਬਾਈ ਅਰਬੀ ਜ਼ੁਬਾਨ ਦਾ ਲਫ਼ਜ਼ ਹੈ ਜਿਸ ਦੇ ਲੁਗ਼ਤ ਵਿਚ ਮਾਅਣੇ ਚਾਰ ਦੇ ਹਨ।ਸ਼ਾਇਰੀ ਵਿਚ ਰੁਬਾਈ ਉਸ ਸੁਖ਼ਨ ਦੀ ਸਿਨਫ਼ ਨੂੰ ਆਖਿਆ ਜਾਂਦਾ ਹੈ ਜੀਹਦੇ ਵਿਚ ਇਕ ਖ਼ਾਸ ਵਜ਼ਨ ਦੇ ਚਾਰ ਮਿਸਰਿਆਂ ਵਿਚ ਕੋਈ ਇਕ ਖ਼ਿਆਲ ਅਦਾ ਕੀਤਾ ਗਿਆ ਹੋਵੇ।ਉਪ੍ਰੋਕਤ ਦਲੀਲ ਤੋਂ ਇਹ ਪਤਾ ਲਗਦਾ ਹੈ ਕਿ ਰੁਬਾਈ ਫ਼ਾਰਸੀ ਅਤੇ ਉਰਦੂ ਦੀ ਇਕ ਅਜਿਹੀ ਸਿਨਫ਼ ਏ ਜਿਸਦੇ ਵਿਚ ਮਿੱਥੇ ਹੋਏ ਵਜ਼ਨ ਅਤੇ ਖ਼ਿਆਲ ਦੀ ਇਕਸਾਰਤਾ ਤੇ ਤਸੱਲਸਲ ਬਿਆਨ ਦਾ ਹੋਣਾ ਬਹੁਤ ਜ਼ਰੂਰੀ ਏ।ਉਂਜ ਤਾਂ ਗ਼ਜ਼ਲ ਵਾਂਗ ਰੁਬਾਈ ਵੀ ਰਦੀਫ਼ ਦਾਰ ਅਤੇ ਬੇਰਦੀਫ਼ ਹੋ ਸਕਦੀ ਏ ਭਾਵ ਸਿਰਫ਼ ਕਾਫ਼ੀਆ ਲਿਆਂਦਾ ਜਾਵੇ ਜਾਂ ਕਾਫ਼ੀਆ ਅਤੇ ਰਦੀਫ਼ ਦੋਵੇਂ ਈ।ਜਿਵੇਂ ਫ਼ਾਰਸੀ ਵਿਚ ਬਹੁਤੀਆਂ ਰੁਬਾਈਆਂ ਬੇਰਦੀਫ਼ ਹੀ ਲੱਭਦੀਆਂ ਹਨ ਪਰ ਰੁਬਾਈ ਵਿਚ ਵਜ਼ਨ ਦੀ ਤਖ਼ਸ਼ੀਸ਼ ਅਤੇ ਕਾਫ਼ੀਆਂ ਦੀ ਤਰਤੀਬ ਦਾ ਬੜਾ ਖ਼ਿਆਲ ਰੱਖਣਾ ਪੈਂਦਾ ਏ।ਇਥੇ ਇਹ ਗੱਲ ਵੀ ਚੇਤੇ ਰੱਖਣ ਵਾਲੀ ਏ ਕਿ ਰੁਬਾਈ ਦੇ ਪਹਿਲੇ, ਦੂਜੇ ਅਤੇ ਚੌਥੇ ਮਿਸਰੇ ਦਾ ਹਮਕਾਫ਼ੀਆ ਹੋਣਾ ਬਹੁਤ ਜ਼ਰੂਰੀ ਏ ਪਰ ਜੇ ਤੀਜੇ ਮਿਸਰੇ ਵਿਚ ਵੀ ਕਾਫ਼ੀਆ ਲਿਆਂਦਾ ਜਾਵੇ ਤਾਂ ਵੀ ਕੋਈ ਹਰਜ ਨਹੀਂ ਸਗੋਂ ਪਰਾਣੇ ਉਸਤਾਦ ਤਾਂ ਇਸ ਨੂੰ ਹੋਰ ਵੀ ਕਮਾਲ ਦੀ ਗੱਲ ਮੰਨਦੇ ਨੇ।
ਰੁਬਾਈ ਦੇ ਚਾਰੇ ਮਿਸਰੇ ਜ਼ੰਜੀਰ ਦੀਆਂ ਕੜੀਆਂ ਵਾਂਗ ਆਪਸ ਵਿਚ ਸਬੰਧੀ ਹੋਣੇ ਚਾਹੀਦੇ ਹਨ।ਪਹਿਲੇ ਮਿਸਰੇ ਵਿਚ ਜਾਚਵੇਂ ਅਤੇ ਗੱਠਵੇਂ ਸਬਦਾਂ ਰਾਹੀਂ ਖ਼ਿਆਲ ਨੂੰ ਜ਼ਾਹਰ ਕੀਤਾ ਜਾਵੇ ਅਤੇ ਦੂਜੇ ਤੇ ਤੀਜੇ ਮਿਸਰੇ ਵਿਚ ਖ਼ਿਆਲ ਦੇ ਨੱਕ ਨਕਸ਼ੇ ਨੂੰ ਕੁਝ ਹੋਰ ਗੂੜ੍ਹਿਆਂ ਕੀਤਾ ਕੀਤਾ ਜਾਵੇ ਤੇ ਚੌਥੇ ਮਿਸਰੇ ਵਿਚ ਸੰਪੂਰਨ ਖ਼ਿਆਲ ਨੂੰ ਅਜਿਹਾ ਫ਼ੰਨੀ ਤੇ ਫ਼ਿਕਰੀ ਅਟਕਲ ਨਾਲ ਪੇਸ਼ ਕੀਤਾ ਜਾਵੇ ਕਿ ਕਿ ਰੁਬਾਈ ਸੁਨਣ ਵਾਲਾ ਹੈਰਾਨ ਹੋ ਕੇ ਰਹਿ ਜਾਵੇ।ਭਾਵ ਇਹ ਕਿ ਰੁਬਾਈ ਦਾ ਸ਼ਾਇਰ ਪਹਿਲੇ ਤਿੰਨਾਂ ਮਿਸਰਿਆਂ ਵਿਚ ਉਹਦਾ ਮਜ਼ਮੂਨ ਅਜਿਹਾ ਸਾਦਾ ਤੇ ਪੁਰ ਅਸਰ ਬਣਾਉਂਦਾ ਏ, ਅਜਿਹੀ ਲਤੀਫ਼ ਅਤੇ ਲੋਚਦਾਰ ਫ਼ਿਜ਼ਾ ਤਿਆਰ ਕਰਦਾ ਏ ਜਿਸ ਦੀ ਪੜ੍ਹਨ ਵਾਲੇ ਨੂੰ ਕੰਨੋ-ਕੰਨ ਵੀ ਖ਼ਬਰ ਨਹੀਂ ਹੁੰਦੀ।ਪਰ ਜਦੋਂ ਇਹ ਸਾਦਾ ਪਰਕਾਰ ਫ਼ਿਜ਼ਾ ਚੌਥੇ ਮਿਸਰੇ ਵਿਚ ਡਰਾਮਾਈ ਅੰਦਾਜ਼ ਵਿਚ ਖੁੱਲ੍ਹ ਕੇ ਪੜ੍ਹਨ ਵਾਲੇ ਦੇ ਸਾਮ੍ਹਣੇ ਆਉਂਦੀ ਏ ਤਾਂ ਉਹ ਉਹਦੀ ਸਾਦੀ ਅਤੇ ਪਰਕਾਰ ਫ਼ਿਜ਼ਾ ਦੇ ਜਾਦੂ ਦੇ ਅਸਰ ਹੇਠ ਆ ਕੇ ਜ਼ਬਰਦਸਤ ਅਸਰ ਮਸੂਸ ਕਰਦਾ ਏ।
ਇਲਮ ਤੇ ਅਦਬ ਦੇ ਪਾਰਖੂਆਂ ਨੇ ਰੁਬਾਈ ਦੇ ਚੌਥੇ ਮਿਸਰੇ ਨੂੰ ਰੁਬਾਈ ਦੇ ਸਾਰੇ ਅਸਰ ਦਾ ਖੁਲਾਸਾ ਮੰਨਿਆ ਏ।ਫ਼ਾਰਸੀ ਦੇ ਉੱਘੇ ਸ਼ਾਇਰ ਮਿਰਜ਼ਾ ਸਾਇਬ ਵੀ ਰੁਬਾਈ ਦੇ ਚੌਥੇ ਮਿਸਰੇ ਬਾਰੇ ਇਹੋ ਆਖਦੇ ਹਨ।ਇਸੇ ਤਰ੍ਹਾਂ ਉਰਦੂ ਦੇ ਮਸ਼ਹੂਰ ਸ਼ਾਇਰ ਫ਼ਿਰਾਕ ਗੋਰਖ਼ਪੁਰੀ ਵੀ ਇਹੋ ਆਖਦੇ ਹਨ;
ਪਹਿਲੇ ਮਿਸਰੇ ਮੇਂ ਹੁਸਨ ਕਾ ਖ਼ਤ ਜਬੀਂ।
ਔਰ ਦੂਸਰੇ ਮਿਸਰੇ ਮੇਂ ਲਿਟੋਂ ਕੀ ਤਜ਼ਈਂ।
ਚੌਥਾ ਹੋ ਨਿਕਲਤਾ ਹੂਆ ਇਉਂ ਤੀਸਰੇ ਸੇ,
ਜੈਸੇ ਭੀਗੀ ਮਸੀਂ ਹੋਂ ਆਬਰੂ ਸੇ ਹਸੀਂ।
ਜਿੱਥੋਂ ਤੱਕ ਪੰਜਾਬੀ ਸ਼ਾਇਰੀ ਵਿਚ ਰੁਬਾਈ ਦੀ ਹੋਂਦ ਦਾ ਸਬੰਧ ਏ ਪੰਜਾਬੀ ਵਿਚ ਇਸ ਪ੍ਰਚੱਲਤ ਸਿਨਫ਼ ਵੱਲ ਬਹੁਤ ਘੱਟ ਧਿਆਨ ਦਿੱਤਾ ਗਿਆ ਹੈ ਤੇ ਸਾਡੇ ਪੁਰਾਣੇ ਸ਼ਾਇਰ ਚਾਰ ਮਿਸਰਿਆਂ ਨੂੰ ਹੀ ਰੁਬਾਈ ਆਖਦੇ ਚਲੇ ਆ ਰਹੇ ਹਨ।ਪੰਜਾਬੀ ਜ਼ੁਬਾਨ ਦੀ ਕਲਾਸੀਕਲ ਸ਼ਾਇਰੀ ਦਾ ਅਧਿਅਨ ਕਰੀਏ ਤਾਂ ਸਾਨੂੰ ਚੌਮਿਸਰੇ, ਦੋ ਬੀਤੇ, ਚਾਰ, ਬੀਤੇ ਈ ਲੱਭਦੇ ਹਨ।ਜਿਨ੍ਹਾਂ ਨੂੰ ਹਰਗਿਜ਼ ਰੁਬਾਈ ਨਹੀਂ ਆਖਿਆ ਜਾ ਸਕਦਾ।ਇਨ੍ਹਾਂ ਨੂੰ ਕਤਏ ਜਾਂ ਚੌਮਿਸਰੇ ਦਾ ਨਾਂ ਦਿੱਤਾ ਜਾ ਸਕਦਾ ਹੈ।ਪੰਜਾਬੀ ਜ਼ੁਬਾਨ ਵਿਚ ਰੁਬਾਈ ਦੇ ਮੁੱਢ ਬਾਰੇ ਸਯਦ ਅਖ਼ਤਰ ਜਾਅਫ਼ਰੀ ਹੋਰੀਂ ਲਿਖਦੇ ਹਨ ਕਿ ਪੰਜਾਬੀ ਵਿਚ ਰੁਬਾਈ ਵੀਹਵੀਂ ਸਦੀ ਦੇ ਮੁੱਢ ਵਿਚ ਲਿੱਖੀ ਗਈ ਤੇ ਇਸ ਦਾ ਸਭ ਤੋਂ ਪਹਿਲਾ ਰੁਬਾਈ ਨਿਗਾਰ ਮੌਲਾ ਬਖ਼ਸ਼ ਕੁਸ਼ਤਾ ਏ ਜਿਸ ਨੇ ਪੰਜਾਬੀ ਗ਼ਜ਼ਲਾਂ ਦਾ ਸਭ ਤੋਂ ਪਹਿਲਾ ਦੀਵਾਨ ਲਿਖ ਕੇ ਛਪਵਾਇਆ।ਉਸ ਦੇ ਇਸ ਮਜਮੂਏ ਵਿਚ ਗ਼ਜ਼ਲਾਂ ਦੇ ਨਾਲ ਪੈਂਤੀ ਰੁਬਾਈਆਂ ਵੀ ਦਰਜ ਕੀਤੀਆਂ ਗਈਆਂ ਨੇ।ਉਸ ਤੋਂ ਬਾਅਦ ਡਾਕਟਰ ਮੋਹਨ ਸਿੰਘ ਦੀਵਾਨਾਂ ਹੋਰਾਂ ਨੇ ੭੦੦ ਰੁਬਾਈਆਂ ਅਤੇ ਪ੍ਰੋਫ਼ੈਸਰ ਬਲਦੇਵ ਸਿੰਘ ਨੇ ੭੪੫ ਰੁਬਾਈਆਂ ਲਿਖੀਆਂ ਪਰ ਇਹ ਪੰਜਾਬੀ ਜ਼ੁਬਾਨ ਦੀਆਂ ਸਾਰੀਆਂ ਰੁਬਾਈਆਂ ਰੁਬਾਈ ਦੇ ਖ਼ਾਸ ਵਜ਼ਨ ਉੱਤੇ ਪੂਰੀਆਂ ਨਹੀਂ ਉਤਰਦੀਆਂ ਤੇ ਇਨ੍ਹਾਂ ਨੂੰ ਰੁਬਾਈ ਦਾ ਨਾਂ ਹਰਗਿਜ਼ ਨਹੀਂ ਦਿੱਤਾ ਜਾ ਸਕਦਾ।ਚੌਮਿਸਰੇ ਯਾ ਚੌਬੀਤੀਆਂ ਜ਼ਰੂਰ ਆਖਿਆ ਜਾ ਸਕਦਾ ਹੈ।ਜਾਂ ਇਨ੍ਹਾਂ ਨੂੰ ਕਤਿਆਂ ਦਾ ਨਾਂ ਦਿੱਤਾ ਜਾ ਸਕਦਾ ਏ।
ਪੰਜਾਬੀ ਜ਼ੁਬਾਨ ਵਿਚ ਰੁਬਾਈ ਨੂੰ ਇਹਦੇ ਖ਼ਾਸ ਵਜ਼ਨ ਵਿਚ ਲਿਖਣ ਦਾ ਸਿਹਰਾ ਬਾਬਾ-ਏ-ਪੰਜਾਬੀ ਡਾਕਟਰ ਫ਼ਕੀਰ ਮੁਹੰਮਦ 'ਫ਼ਕੀਰ' ਨੂੰ ਜਾਂਦਾ ਏ।ਡਾਕਟਰ ਹੋਰਾਂ ਨੇ ਸਭ ਤੋਂ ਪਹਿਲਾਂ ਅਰੂਜ਼ੀ ਅਸੂਲਾਂ ਅਤੇ ਜ਼ਾਬਤਿਆਂ ਦੀ ਪਾਬੰਦੀ ਕਰਦਿਆਂ ਨਾ ਸਿਰਫ਼ ਪੰਜਾਬੀ ਵਿਚ ਰੁਬਾਈ ਲਿਖੀ ਸਗੋਂ ਮੁੱਦਤਾਂ ਤੋਂ ਖ਼ਾਲੀ ਪਏ ਪੰਜਾਬੀ ਅਦਬ ਦੇ ਭੰਡਾਰ ਨੂੰ ਭਰ ਦਿੱਤਾ।ਇਸ ਤੋਂ ਪਹਿਲਾਂ ਜਿਹੜੀਆਂ ਸਾਨੂੰ ਪੰਜਾਬੀ ਵਿਚ ਰੁਬਾਈਆਂ ਮਿਲਦੀਆਂ ਹਨ ਉਹ ਰੁਬਾਈ ਦੇ ਕਿਸੇ ਅਸੂਲੀ ਵਜ਼ਨ ਉੱਤੇ ਵੀ ਪੂਰਾ ਨਹੀਂ ਉਤਰਦੀਆਂ।ਡਾਕਟਰ ਹੋਰਾਂ ਨੇ ਪੰਜਾਬੀ ਵਿਚ ਰੁਬਾਈ ਨੂੰ ਉਸ ਦੀ ਸਹੀ ਸਿਨਫ਼ ਨਾਲ ਜਾਣੂ ਹੀ ਨਹੀਂ ਕਰਵਾਇਆ ਸਗੋਂ ਢੇਰ ਸਾਰੀਆਂ ਰੁਬਾਈਆਂ ਲਿਖ ਕੇ ਅਪਣੀ ਉਸਤਾਦੀ ਨੂੰ ਵੀ ਮੰਨਵਾਇਆ ਹੈ।ਉਹ ਪੰਜਾਬੀ ਰੁਬਾਈ ਦੇ ਬਾਨੀ ਤਾਂ ਹਨ ਹੀ ਇਸ ਦੇ ਨਾਲ ਉਹ ਨਵੇਂ ਰੰਗ ਉਤੇ ਨਵੀਂ ਤਰਜ਼ ਦੇ ਮੂਜਦ ਵੀ ਅਖਵਾਏ।ਇਸ ਦਾ ਉਨ੍ਹਾਂ ਨੂੰ ਆਪ ਵੀ ਅਹਿਸਾਸ ਸੀ।ਤਦ ਹੀ ਤਾਂ ਉਹ ਆਖਦੇ ਹਨ;
ਹਰ ਬਹਿਰ ਦਾ, ਹਰ ਅੰਗ ਦਾ ਮੂਜਦ ਹਾਂ ਮੈਂ।
ਹਰ ਤੌਰ ਦਾ ਹਰ ਢੰਗ ਦਾ ਮੂਜਦ ਹਾਂ ਮੈਂ।
ਪੰਜਾਬ ਦੇ ਵਿਚ ਗ਼ਜ਼ਲ ਦਾ ਮੂਜਦ ਸੀ ਸ਼ਾਹ ਮੁਰਾਦ,
ਹਰ ਤਰਜ਼ ਦਾ ਹਰ ਰੰਗ ਦਾ ਮੂਜਦ ਹਾਂ ਮੈਂ।
ਬਾਬਾ-ਏ-ਪੰਜਾਬੀ ਡਾਕਟਰ ਫ਼ਕੀਰ ਮੁਹੰਮਦ 'ਫ਼ਕੀਰ' ਨੂੰ ਜੇ ਕਰ ਪੰਜਾਬੀ ਵਿਚ ਅਪਣੇ ਇਸ ਨਵੇਂ ਰੰਗ ਉੱਤੇ ਮਾਨ ਨਾ ਹੁੰਦਾ ਤਾਂ ਉਹ ਫ਼ਖ਼ਰ ਨਾਲ ਸਿਰ ਊਚਾ ਕਰਕੇ ਕਦੀ ਇਹ ਨਾ ਆਖਦੇ;
ਫ਼ਨ ਸ਼ਿਅਰ ਦੇ ਕੋਲ ਜਵਾਬ ਜਦ ਕੋਈ,
ਉਹਦੀ ਗ਼ਜ਼ਲ ਤੇ ਮੇਰੀ ਰੁਬਾਈ ਦਾ ਨਹੀਂ।
ਕਿਉਂ ਨਾ ਗ਼ਜ਼ਲ ਪੰਜਾਬੀ ਦਾ 'ਫ਼ਜ਼ਲ' 'ਹਾਫ਼ਿਜ਼'
ਤੇ 'ਫ਼ਕੀਰ' ਮੈਂ ਉਮਰ ਖ਼ਿਆਮ ਕਿਉਂ ਨਾ।
ਭਾਵ 'ਫ਼ਕੀਰ ਮੁਹੰਮਦ 'ਫ਼ਕੀਰ' ਹੋਰਾਂ ਨੇ ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਪੀਰ ਫ਼ਜ਼ਲ ਹੁਸੈਨ ਗੁਜਰਾਤੀ ਹੋਰਾਂ ਨੂੰ ਹਾਫ਼ਿਜ਼ ਸ਼ੀਰਾਜ਼ੀ ਹੋਰਾਂ ਦਾ ਹਮਪੱਲਾ ਆਖਿਆ ਏ ਤੇ ਅਪਣੇ ਆਪ ਨੂੰ ਪੰਜਾਬੀ ਰੁਬਾਈ ਦਾ ਉਮਰ ਖ਼ਿਆਮ ਆਖਿਆ ਏ।ਖ਼ੁਦ ਨੂੰ ਉਮਰ ਖ਼ਿਆਮ ਆਖਣ ਦੇ ਸਿਲਸਲੇ ਵਿਚ ਡਾਕਟਰ ਤਨਬੀਰ ਬੁਖ਼ਾਰੀ ਹੋਰੀਂ ਆਖਦੇ ਨੇ ਪਈ ਡਾਕਟਰ ਹੋਰਾਂ ਦਾ ਇਹ ਦਾਅਵਾ ਬਿਲਕੁਲ ਬਰਹੱਕ ਏ ਤੇ ਉਨ੍ਹਾਂ ਦੇ ਏਸ ਦਾਅਵੇ ਨੂੰ ਸਾਰੇ ਪਾਰਖੂਆਂ ਤੇ ਆਲਮਾਂ ਨੇ ਦਿਲੋਂ ਮੰਨਿਆ ਏ।ਕਿਉਂ ਜੇ ਉਨ੍ਹਾਂ ਤੋਂ ਪਹਿਲਾਂ ਪੰਜਾਬੀ ਵਿਚ ਕਿਸੇ ਇੱਕਾ-ਦੁੱਕਾ ਈ ਰੁਬਾਈ ਆਖੀ ਹੋਵੇਗੀ ਪਰ ਇਨ੍ਹਾਂ ਨੇ ਪੰਜਾਬੀ ਵਿਚ ਬਾਕਾਇਦਾ ਕਿਤਾਬ ਤਖ਼ਲੀਕ ਕੀਤੀ ਹੋਈ ਏ।ਰੁਬਾਈਆਂ ਦੀ ਇਹ ਕਿਤਾਬ ਜਿਹੜੀ ੧੯੪੬ ਵਿਚ ਛਾਪੇ ਚੜ੍ਹੀ ਇਸ ਦਾ ਨਾਂ "ਨੀਲੇ ਤਾਰੇ" ਹੈ ਤੇ ਫੇਰ ਇਹ ਕਿਤਾਬ "ਰੁਬਾਈਆਤੇ ਫ਼ਕੀਰ" ਦੇ ਨਾਂ ਹੇਠ ਵੀ ਛਾਪੀ ਗਈ ਤੇ ਹਰ ਪਾਸੇ ਡਾਕਟਰ 'ਫ਼ਕੀਰ' ਹੋਰਾਂ ਦੀ ਉਸਤਾਦੀ ਦੇ ਡੰਕੇ ਵੱਜਣ ਲੱਗ ਪਏ।
ਡਾਕਟਰ ਸਾਹਿਬ ਨੇ ਪੰਜਾਬੀ ਦੀ ਪੁਰਾਣੀ ਸ਼ਿਅਰੀ ਰਵਾਇਤ ਨੂੰ ਕਾਇਮ ਰੱਖਦਿਆਂ ਹੋਇਆਂ ਪੰਜਾਬੀ ਵਿਚ ਚੌਮਿਸਰੇ, ਚੌਵਰਗੇ, ਕਤਏ ਤੇ ਦੋਹੜੇ ਵੀ ਲਿਖੇ ਨੇ।ਇਸ ਕਿਤਾਬ ਵਿਚ ਉਨ੍ਹਾਂ ਦੀਆਂ ਉਪਰੋਕਤ ਦਰਸਾਈਆਂ ਸਾਰੀਆਂ ਵੰਨਗੀਆਂ ਸ਼ਾਮਿਲ ਕੀਤੀਆਂ ਗਈਆਂ ਹਨ।ਡਾਕਟਰ ਹੋਰਾਂ ਦੀਆਂ ਰੁਬਾਈਆਂ ਵਿਚ ਹਰ ਤਰ੍ਹਾਂ ਦੇ ਮਜ਼ਮੂਨ ਸਮਾਏ ਹੋਏ ਹਨ ਤੇ ਹਰ ਰੰਗ ਦੀ ਗੱਲ ਕੀਤੀ ਮਿਲਦੀ ਏ।ਕਿਧਰੇ ਉਹ ਇਖ਼ਲਾਕ ਅਤੇ ਅਸਮਾਨੀ ਕਦਰਾਂ ਦੀ ਮਹਿਮਾਨ ਦਾਰੀ ਕਰਦੇ ਦਿਸਦੇ ਨੇ ਤੇ ਕਿਧਰੇ ਇਨਸਾਨ ਨੂੰ ਅਜ਼ਮ ਅਤੇ ਹਿੰਮਤ ਨਾਲ ਜ਼ਿੰਦਗੀ ਗੁਜ਼ਾਰਨ ਦਾ ਸੱਦਾ ਦਿੰਦੇ ਹਨ।ਕਿਧਰੇ ਉਹ ਤਸੱਵੁਫ਼ ਦੀਆਂ ਰਮਜ਼ਾਂ ਖੋਲ੍ਹਦੇ ਨਜ਼ਰ ਆਉਂਦੇ ਹਨ ਅਤੇ ਕਿਧਰੇ ਅਪਣੇ ਜਜ਼ਬੇ, ਅਕੀਦਤ ਤੇ ਰੱਬੀ ਪਿਆਰ ਤੇ ਇਸ਼ਕੇ ਰਸੂਲ ਦਾ ਇਜ਼ਹਾਰ ਕਰਦੇ ਹਨ।ਕਿਧਰੇ ਅਪਣੇ ਸਮੇਂ ਦੀ ਸਿਆਸਤ ਤੇ ਮੁਆਸ਼ਰੇ ਦੇ ਪੜਦੇ ਉਧੇੜਦੇ ਨਜ਼ਰ ਆਉਂਦੇ ਹਨ ਤੇ ਕਿਧਰੇ ਹਕੀਮਾਨਾ ਤੇ ਰਿੰਦਾਨਾ ਨੁਕਤੇ ਬਿਆਨ ਕਰਦੇ ਜਾਪਦੇ ਹਨ।ਇੱਥੇ ਇਹ ਗੱਲ ਵੀ ਦੱਸਣ ਯੋਗ ਹੈ ਕਿ ਸਾਡੇ ਪੰਜਾਬੀ ਸ਼ਾਇਰਾਂ ਨੇ ਚੌਮਿਸਰੇ ਵਾਰਿਸ ਸ਼ਾਹ ਤੇ ਗ਼ੁਲਾਮ ਰਸੂਲ ਹੋਰਾਂ ਵਾਲੀ ਬਹਿਰ ਵਿਚ ਹੀ ਰਚੇ ਹਨ ਪਰ ਉਰਦੂ ਅਤੇ ਫ਼ਾਰਸੀ ਵਾਲੀਆਂ ਬਹਿਰਾਂ ਦੀ ਸਭ ਤੋਂ ਪਹਿਲਾਂ ਵਰਤੋਂ ਡਾਕਟਰ ਫ਼ਕੀਰ ਮੁਹੰਮਦ ਹੋਰਾਂ ਨੇ ਹੀ ਕੀਤੀ ਏ।ਇਨ੍ਹਾਂ ਤੋਂ ਪਹਿਲਾਂ ਸਾਰੇ ਪੰਜਾਬੀ ਲੇਖਕ ਦੇਸੀ ਬਹਿਰਾਂ ਵਿਚ ਹੀ ਲਿਖਦੇ ਰਹੇ ਸਨ।
ਬਾਬਾ-ਏ-ਪੰਜਾਬੀ ਡਾਕਟਰ ਫ਼ਕੀਰ ਮੁਹੰਮਦ 'ਫ਼ਕੀਰ' ਹੋਰਾਂ ਤੋਂ ਬਾਅਦ ਅਜੋਕੇ ਦੌਰ ਵਿਚ ਵੀ ਪੰਜਾਬੀ ਸ਼ਾਇਰਾਂ ਨੇ ਰੁਬਾਈਆਂ ਲਿਖੀਆਂ ਹਨ ਪਰ ਅੱਜ ਤੱਕ ਡਾਕਟਰ ਹੋਰਾਂ ਤੋਂ ਬਾਅਦ ਪੰਜਾਬੀ ਰੁਬਾਈਆਂ ਦੀ ਕੋਈ ਕਿਤਾਬ ਨਹੀਂ ਛਪੀ।ਬਸ ਅਦਬੀ ਰਸਾਲਿਆਂ ਵਿਚ ਕਿਧਰੇ ਦੋ-ਚਾਰ ਰੁਬਾਈਆਂ ਪੜ੍ਹਨ ਨੂੰ ਮਿਲ ਜਾਂਦੀਆਂ ਹਨ।ਪਾਕਿਸਤਾਨ ਦੇ ਮਸਹੂਰ ਮੁਸੱਵਰ ਸਾਦਕੀਨ ਹੋਰਾਂ ਦੀ ਭਾਵੇਂ ਮਾਦਰੀ ਜ਼ੁਬਾਨ ਉਰਦੂ ਸੀ ਪਰ ਉਨ੍ਹਾਂ ਨੇ ਕੁਝ ਪੰਜਾਬੀ ਰੁਬਾਈਆਂ ਲਿਖੀਆਂ ਸਨ ਜਿਹੜੀਆਂ ਮਹੀਨਾਵਾ ਲਹਿਰਾਂ ੧੯੭੪ ਵਿਚ ਛਪੀਆਂ ਸਨ;
ਉਸ ਸ਼ਹਿਰ ਦੇ ਲੋਕਾਂ ਨੂੰ ਸਦਾਵਾਂ ਦੇਵਣ।
ਹਾਂ ਬਦਲੇ ਵਫ਼ਾਵਾਂ ਦੇ ਵਫ਼ਾਵਾਂ ਦੇਵਣ।
ਪੁੱਜਿਆ ਹਾਂ ਬਜ਼ੁਰਗਾਂ ਨੂੰ ਕਰਨ ਮੈਂ ਸਲਾਮ,
ਆਇਆ ਵਾਂ ਹੁਸੀਨਾਵਾਂ ਨੂੰ ਦੁਆਵਾਂ ਦੇਵਣ।
ਮੰਨਿਆ ਮੈਂ ਕਿਤੇ ਹੋਰ ਚਲਾ ਜਾਵਾਂਗਾ।
ਦੁਸ਼ਮਣ ਦੇ ਮੈਂ ਹਮਲੇ ਤੋਂ ਵੀ ਬਚ ਜਾਵਾਂਗਾ।
ਪਰ ਜਾਵਾਂ ਤੇ ਐਥੋਂ ਦੀਆਂ ਮੁਟਿਆਰਾਂ ਨੂੰ,
ਫੇਰ ਕਿੰਜ ਮੈਂ ਮੂੰਹ ਆਣ ਕੇ ਵਿਖਾਵਾਂਗਾ।
ਸਾਕੀ ਗੁਜਰਾਤੀ ਵੀ ਪੰਜਾਬੀ ਜ਼ੁਬਾਨ ਦੇ ਆਲਮ ਸ਼ਾਇਰ ਸਨ ਤੇ ਉਨ੍ਹਾਂ ਨੂੰ ਇਲਮ ਅਰੂਜ਼ ਦੀ ਚੰਗੀ ਜਾਣਕਾਰੀ ਸੀ।ਉਨ੍ਹਾਂ ਨੇ ਵੀ ਪੰਜਾਬੀ ਵਿਚ ਰੁਬਾਈਆਂ ਲਿਖੀਆਂ ਹਨ।ਉਨ੍ਹਾਂ ਦੀ ਇਕ ਰੁਬਾਈ ਵੇਖੋ;
ਦੁਨੀਆ ਤੇ ਕੁਝ ਇੰਜ ਦੀ ਚਾਲ ਚੱਲਣੀ ਯਾਰੋ।
ਹਰ ਚੀਜ਼ ਫ਼ਨਾ ਦੇ ਸਾਂਚੇ ਢਲਣੀ ਯਾਰੋ।
ਆ ਜਾਣਾ ਏਂ ਜਿਸ ਰੋਜ਼ ਸੁਨੇਹਾ ਤੋੜੋਂ,
ਫੇਰ ਦਾਲ ਕਿਸੇ ਦੀ ਵੀ ਨਾ ਗਲਣੀ ਯਾਰੋ।
ਇਸੇ ਤਰ੍ਹਾਂ ਅਜੋਕੇ ਦੌਰ ਦੇ ਉੱਘੇ ਸ਼ਾਇਰ ਤਨਵੀਰ ਬੁਖ਼ਾਰੀ ਹੋਰਾਂ ਨੇ ਵੀ ਢੇਰ ਸਾਰੀਆਂ ਰੁਬਾਈਆਂ ਲਿਖੀਆਂ ਹਨ ਜਿਨ੍ਹਾਂ ਵਿੱਚੋਂ ਕਈ ਕੁਝ ਚਿਰ ਪਹਿਲਾਂ ਵਾਸ਼ਨਾ ਰਸਾਲੇ ਵਿਚ ਛਪੀਆਂ ਸਨ।ਇਨ੍ਹਾਂ ਦੀਆਂ ਰੁਬਾਈਆਂ ਵਿਚ ਤਸੱਵੁਫ਼ ਦੇ ਮਜ਼ਮੂਨ ਵੀ ਮਿਲਦੇ ਹਨ ਅਤੇ ਨਵੇਂ ਦੌਰ ਦੇ ਮਸਲੇ-ਮਸਾਇਲ ਵੀ।ਇਨ੍ਹਾਂ ਦੀਆਂ ਦੋ ਰੁਬਾਈਆਂ ਵੇਖੋ;
ਮੈਂ ਸੋਚ ਰਿਹਾ ਵਾਂ ਕਿ ਦੁਆ ਕੀ ਮੰਗਾਂ।
ਪੁੱਛੇ ਜੇ ਕਦੀ ਆਪ ਖ਼ੁਦਾ ਕੀ ਮੰਗਾਂ।
'ਤਨਵੀਰ' ਕਲਮ ਮੇਰਾ ਹੈ ਕਾਫ਼ੀ ਮੈਨੂੰ,
ਲਿਖਣੇ ਦੀ ਇਜਾਜ਼ਤ ਦੇ ਸਿਵਾ ਕੀ ਮੰਗਾਂ।
ਇਸ ਦੌਰ ਵਿਚ ਜਿਉਣ ਦਾ ਕੀ ਚਾਰਾ ਕਰੀਏ।
ਜੀਂਦੇ ਜੀ ਕਿਵੇਂ ਜੀਣੋਂ ਕਿਨਾਰਾ ਕਰੀਏ।
ਸਿਗਟਾਂ ਤੇ ਛੱਡ ਛਡਾਈਆਂ ਨੇ ਮੌਲਾ ਸਾਈਆਂ।
ਰੋਟੀ ਤੋਂ ਬਿਨਾ ਕਿਵੇਂ ਗੁਜ਼ਾਰਾ ਕਰੀਏ।
ਹਾਫ਼ਿਜ਼ ਮੁਹੰਮਦ ਅਫ਼ਜ਼ਲ ਨੇ ਵੀ ਪੰਜਾਬੀ ਵਿਚ ਰੁਬਾਈਆਂ ਲਿਖੀਆਂ ਹਨ ਜਿਹੜੀਆਂ ਉਨ੍ਹਾਂ ਦੀਆਂ ਚਹੁੰ ਜ਼ੁਬਾਨਾਂ ਦੇ ਰੁਬਾਈਆਂ ਦੇ ਮਜਮੂਏ "ਆਬੋ ਰੰਗ" ਵਿਚ ਸ਼ਾਮਲ ਹਨ । ਨਮੂਨਾ ਵੇਖੋ;
ਧਰਤੀ ਬਲਦੀ ਹਸਰਤ ਦੇ ਹਥ ਮਲਦੀ।
ਇਕ ਰਹਿਮਤ ਦੀ ਕੰਨੀ ਪਵੇ ਤੇ ਫਲਦੀ।
ਰੱਬ ਵੱਲੋਂ ਜਦ ਪਵੇ ਤਜੱਲੀ ਦਿਲ ਤੇ,
ਕੋਈ ਗੱਲ ਫੇਰ ਨਾਅਤ ਦੇ ਅੰਦਰ ਚਲਦੀ।
ਇਸ ਲੇਖ ਦੇ ਲੇਖਕ ਸਿੱਦੀਕ ਤਾਸੀਰ ਨੇ ਵੀ ਕਾਫ਼ੀ ਰੁਬਾਈਆਂ ਲਿਖੀਆਂ ਹਨ ਜਿਹੜੀਆਂ ਮਹੀਨਾਵਾਰ 'ਪੰਜਾਬੀ ਦੇ ਪਿਛਲੇ ਸ਼ੁਮਾਰਿਆਂ ਵਿਚ ਛਪ ਵੀ ਚੁੱਕੀਆਂ ਹਨ । ਨਮੂਨਾ ਵੇਖੋ;
ਸੋਚਾਂ ਤੇ ਖ਼ਿਆਲਾਂ ਦਾ ਵਪਾਰੀ ਬਣ ਕੇ।
ਹਰ ਖੇਡ ਮੈਂ ਖੇਡੀ ਹੈ ਖਿਡਾਰੀ ਬਣ ਕੇ।
ਭੁੱਖ ਦੇ ਸਿਵਾ ਕੁਝ ਵੀ ਨਾ ਮਿਲਿਆ ਮੈਨੂੰ,
ਖੱਟਿਆ ਨਾ ਇੱਥੇ ਕੁਝ ਵੀ ਲਿਖਾਰੀ ਬਣ ਕੇ।
ਵੇਖਾਂ ਮੈਂ ਕਦੀ ਆਸ਼ਾ ਨਿਰਾਸ਼ਾ ਵੇਖਾਂ।
ਹਰ ਰੋਜ਼ ਉਮੀਦਾਂ ਦਾ ਮੈਂ ਲਾਸ਼ਾ ਵੇਖਾਂ।
ਮੈਂ ਆਪ ਜਮੂਰਾ ਤੇ ਮਦਾਰੀ ਵੇਲਾ,
ਕਦ ਤੀਕ ਹਿਆਤੀ ਦਾ ਤਮਾਸਾ ਵੇਖਾਂ।
ਜਿਸ ਤ੍ਹਾਂ ਅੱਗੇ ਦੱਸਿਆ ਜਾ ਚੁੱਕਿਆ ਏ ਕਿ ਰੁਬਾਈ ਬੜੀ ਪੇਚੀਦਾ ਅਤੇ ਮੁਸ਼ਕਿਲ ਜਿਹੀ ਸਿਨਫ਼ ਏ।ਲੋਕ ਘੱਟ ਹੀ ਇਹਦੇ ਵੱਲ ਆਉਂਦੇ ਨੇ। ਨਾਲੇ ਕੁਝ ਲੋਕ ਪੰਜਾਬੀ ਗ਼ਜ਼ਲ ਵਾਂਗਰਾਂ ਇਹ ਵੀ ਤਾਂ ਆਖਦੇ ਨੇ ਕਿ ਰੁਬਾਈ ਪੰਜਾਬੀ ਮਿਜ਼ਾਜ ਨਾਲ ਮੇਲ ਨਹੀਂ ਖਾਂਦੀ।ਕਿਉਂ ਜੋ ਇਸ ਸਿਨਫ਼ ਦਾ ਇਕ ਅਪਣਾ ਮਿਜ਼ਾਜ ਏ, ਅਪਣੀ ਬਣਤਰ ਏ ਤੇ ਅਪਣਾ ਨਵੇਕਲਾ ਆਹੰਗ ਏ। ਮੇਰਾ ਅਜਿਹੇ ਲੋਕਾਂ ਨੂੰ ਮਸ਼ਵਰਾ ਏ ਕਿ ਉਹ ਬਾਬਾ-ਏ-ਪੰਜਾਬੀ ਹੋਰਾਂ ਦੀਆਂ ਰੁਬਾਈਆਂ ਜ਼ਰੂਰ ਵੇਖਣ।ਉਨ੍ਹਾਂ ਨੇ ਜਿਸ ਤਰ੍ਹਾਂ ਪੰਜਾਬੀ ਗ਼ਜ਼ਲ ਨੂੰ ਸਿਖ਼ਰਾਂ ਤੇ ਪਹੁੰਚਾ ਛੱਡਿਆ ਏ ਓਸੇ ਤਰ੍ਹਾਂ ਪੰਜਾਬੀ ਰੁਬਾਈ ਨੂੰ ਵੀ ਪਿਛਾਂਹ ਨਾ ਰਹਿਣ ਦੇਣ।ਉਨ੍ਹਾਂ ਬਾਰੇ ਜਨਾਬ ਸ਼ਰੀਫ਼ ਸ਼ੋਖ਼ ਹੋਰਾਂ ਨੇ ਲਿਖਿਆ ਸੀ;
"ਆਪ ਦੀ ਤਹਿਰੀਰ ਦਾ ਅੰਦਾਜ਼ ਅਪਣਾ ਆਪ ਗਵਾਹ ਏ।ਮੇਰਾ ਇਰਾਦਾ ਸੀ ਕਿ 'ਫ਼ਕੀਰ' ਸਾਹਿਬ ਦੀ ਤਹਿਰੀਰ ਦੀ ਨਿਸਬਤ ਅਪਣੇ ਦਿਲੀ ਅਸਰ ਦਾ ਕੁਝ ਇਜ਼ਹਾਰ ਕਰਾਂ ਪਰ ਜਦੋਂ ਮੈਂ ਇਹਦੇ ਲਈ ਤਿਆਰ ਹੋਇਆ ਤੇ ਉਨ੍ਹਾਂ ਦੇ ਕਲਾਮ ਦੀਆਂ ਖ਼ੂਬੀਆਂ ਤੇ ਨਜ਼ਾਕਤਾਂ ਨੇ ਆਖਿਆ ਕਿ ਸਿਵਾ ਚੁੱਪ ਦੇ ਕੋਈ ਚਾਰਾ ਨਹੀਂ।ਲਿਖਣ ਦੀ ਥੋੜੀ ਗੁੰਜ਼ਾਇਸ਼ ਤੇ ਮੇਰੇ ਖ਼ਿਆਲਾਂ ਦੇ ਬੇਹੱਦੇ ਸ਼ੌਕ ਨੇ ਏਹੋ ਆਖ਼ਰੀ ਸਲਾਹ ਦਿੱਤੀ ਪਰ ਮੈਂ ਕੁਝ ਆਖਣੋਂ ਫ਼ੇਰ ਵੀ ਨਹੀਂ ਰਹਿ ਸਕਦਾ ਕਿ ਉਰਦੂ ਅਦਬ ਤੇ ਆਅਲਾ ਅਦਬ ਦੇ ਮੁਕਾਬਲੇ ਵਿਚ ਡਾਕਟਰ ਫ਼ਕੀਰ ਹੋਰਾਂ ਦੀਆਂ ਇਹ ਰੁਬਾਈਆਂ ਬੜੇ ਮਾਨ ਨਾਲ ਪੇਸ਼ ਕੀਤੀਆਂ ਜਾ ਸਕਦੀਆਂ ਹਨ।
ਅਲਾਮਾ ਇਕਬਾਲ ਅਤੇ ਮੌਲਾਨਾ ਜ਼ਫ਼ਰ ਅਲੀ ਖ਼ਾਂ ਤੋਂ ਲੈ ਕੇ ਜੋਸ਼, ਫ਼ੈਜ਼ ਤੇ ਅਹਿਮਦ ਨਦੀਮ ਕਾਸਮੀ ਤੱਕ ਉੱਚ ਕੋਟੀ ਦੇ ਸ਼ਾਇਰਾਂ ਤੇ ਮੁਫ਼ੱਕਰਾਂ ਨੇ ਡਾਕਟਰ ਹੋਰਾਂ ਦੀ ਸ਼ਾਇਰੀ ਨੂੰ ਮੰਨਿਆ ਏ।ਤੇ ਖ਼ਾਸ ਤੌਰ ਤੇ ਇਨ੍ਹਾਂ ਦੀ ਰੁਬਾਈ ਦੀ ਸਲਾਹਣਾ ਕੀਤੀ ਏ।ਡਾਕਟਰ ਫ਼ਕੀਰ ਮੁਹੰਮਦ 'ਫ਼ਕੀਰ' ਨੇ ਅਪਣੇ ਆਪ ਨੂੰ ਐਵੇਂ ਤਾਂ ਪੰਜਾਬੀ ਦਾ ਉਮਰ ਖ਼ਿਆਮ ਨਹੀਂ ਆਖਿਆ। ਉਮਰ ਖ਼ਿਆਮ ਨੂੰ ਫ਼ਾਰਸੀ ਦੀ ਰੁਬਾਈ ਦਾ ਬਾਦਸ਼ਾਹ ਆਖਿਆਂ ਜਾਂਦਾ ਏ ਤੇ ਖ਼ਾਸ ਗੱਲ ਇਹ ਵੇ ਕਿ ਉਹਦੀਆਂ ਕੁਲ ਰੁਬਾਈਆਂ ਦੀ ਤਾਅਦਾਦ ੭੬ ਸੀ ਜਿਹੜੀ ਹੁਣ ਦਸ ਹਜ਼ਾਰ ਤੱਕ ਅੱਪੜ ਗਈ ਏ।ਭਾਵ ਬਾਕੀ ਸਾਰੀਆਂ ਰੁਬਾਈਆਂ ਬਾਅਦ ਵਿਚ ਮਿਲਾਈਆਂ ਗਈਆਂ ਹਨ।ਗੱਲ ਮਿਕਦਾਰ ਦੀ ਨਹੀਂ ਮਿਆਰ ਦੀ ਹੁੰਦੀ ਏ।ਗ਼ਾਲਿਬ ਦਾ ਛੋਟਾ ਜਿਹਾ ਦੀਵਾਨ ਉਰਦੂ ਦੇ ਵੱਡੇ ਵੱਡੇ ਦੀਵਾਨਾਂ ਉੱਤੇ ਭਾਰੂ ਏ।ਡਾਕਟਰ ਹੋਰਾਂ ਦੀਆਂ ਰੁਬਾਈਆਂ ਦੀ ਗਿਣਤੀ ਕੋਈ ਬਹੁਤੀ ਨਹੀਂ ਪਰ ਥੋੜੀਆਂ ਵੀ ਬਹੁਤ ਨੇ।ਉਮਰ ਖ਼ਿਆਮ ਦੀਆਂ ਸਿਰਫ਼ ੭੬ ਰੁਬਾਈਆਂ ਨੂੰ ਐਡਵਰਡ ਫ਼ਿਟਰ ਜੀਰਾਲਡ ਨੇ ਅੰਗਰੇਜ਼ੀ ਵਿਚ ਤਰਜਮਾ ਕਰਕੇ ਯੂਰਪ ਵਿਚ ਅਮਰ ਬਣਾ ਦਿੱਤਾ।ਦੁਨੀਆਂ ਵਿਚ ਖ਼ਿਆਮ ਹੀ ਖ਼ਿਆਮ ਹੋ ਗਈ ਅਤੇ ਅੱਜ ਦੁਨੀਆਂ ਦੀ ਹਰ ਜ਼ੁਬਾਨ ਵਿਚ ਉਸ ਦੀਆਂ ਰੁਬਾਈਆਂ ਦੇ ਤਰਜਮੇ ਛਪ ਚੁੱਕੇ ਹਨ।ਪਰ ਹੁਣ ਤੱਕ ਪੰਜਾਬੀ ਦੇ ਇਸ ਖ਼ਿਆਮ ਨੂੰ ਕੋਈ ਫ਼ਿਟਰ ਜੀਰਾਲਡ ਪ੍ਰਾਪਤ ਨਹੀਂ ਹੋਇਆ।ਫ਼ਾਰਸੀ ਖੋਜ ਦੇ ਪੱਖੋਂ ਤਾਂ ਇੱਥੋਂ ਤੱਕ ਵੀ ਕਿਹਾ ਜਾਂਦਾ ਹੈ ਕਿ ਖ਼ਿਆਮ ਸ਼ਾਇਰ ਹੈ ਵੀ ਸੀ ਕਿ ਨਹੀਂ? ਕਿਉਂ ਜੋ ਖ਼ਿਆਮ ਦੇ ਸ਼ਾਗਿਰਦ ਸੰਗੀ ਨਿਜ਼ਾਮੀ ਅਰੂਜ਼ੀ ਸਮਰਕੰਦੀ ਨੇ "ਚਹਾਰ ਮੁਕਾਲਾ" ਵਿਚ ਜਿਹੜੀ ਸੱਤਾਂ ਸਦੀਆਂ ਤੋਂ ਦਰਸ਼ੀ ਕਿਤਾਬ ਏ, ਵਿਚ ਉਹਦੀ ਸ਼ਾਇਰੀ ਜਾਂ ਉਸ ਦੇ ਸ਼ਾਇਰ ਹੋਣ ਬਾਰੇ ਕਿਧਰੇ ਵੀ ਨਹੀਂ ਲਿਖਿਆ ਤੇ ਖ਼ਿਆਮ ਦੇ ਮਰਨ ਤੋਂ ਸੌ ਸਾਲ ਬਾਅਦ ਵੀ ਉਹਦੀ ਕੋਈ ਰੁਬਾਈ ਮੰਜ਼ਰੇ ਆਮ ਪਰ ਨਹੀਂ ਆਈ ਸੀ।ਉਹਦੀ ਫ਼ਾਰਸੀ ਦੀ ਪਹਿਲੀ ਰੁਬਾਈ ਇਮਾਮ ਫ਼ਖ਼ਰੁੱਦੀਨ ਰਾਜ਼ੀ ਦੇ ਰਸਾਲੇ 'ਅਲਬਕੀਨਾ' ਵਿਚ ਲੱਭਦੀ ਏ ਤੇ ਉਸ ਤੋਂ ਬਾਅਦ 'ਸਨਦਬਾਦ ਨਾਮਾ' ਵਿਚ ਪੰਜ ਰੁਬਾਈਆਂ ਮਿਲਦੀਆਂ ਹਨ।ਸੱਤਵੀਂ ਸਦੀ ਹਿਜਰੀ ਤੋਂ ਲੈ ਕੇ ਅੱਠਵੀਂ ਸਦੀ ਹਿਜਰੀ ਤੱਕ ਉਸ ਦੀਆਂ ਕੁਲ ਰੁਬਾਈਆਂ ਦੀ ਤਾਅਦਾਦ ੩੬ ਹੋਈ ਮਿਲਦੀ ਏ ਤੇ ਖ਼ਿਆਮ ਦੀ ਵਫ਼ਾਤ ਤੋਂ ਦੋ ਸੌ ਸਾਲ ਬਾਅਦ ਤੱਕ ਇਹ ਰੁਬਾਈਆਂ ਸੱਠ ਹੋ ਗਈਆਂ ਤੇ ਫੇਰ ਇੰਜ ਵੇਲਾ ਗੁਜਰਨ ਦੇ ਨਾਲ ਨਾਲ ਇਹ ਤਾਅਦਾਦ ਵਧਦੀ ਗਈ ਤੇ ਦਸ ਹਜ਼ਾਰ ਤੱਕ ਅੱਪੜ ਗਈ।
ਉਮਰ ਖ਼ਿਆਮ ਦੀਆਂ ਰੁਬਾਈਆਂ ਵਿਚ ਦੁਨੀਆ ਦੀ ਗੁੱਝੀ ਹਕੀਕਤ ਦੀ ਤਲਾਸ਼ ਅਤੇ ਇਨਸਾਨ ਦੀ ਚਾਰ ਰੋਜ਼ਾ ਜ਼ਿੰਦਗੀ ਵਿਚ ਫ਼ਿਕਰ ਤੇ ਅਮਲ ਦੀ ਦਾਅਵਤ ਜਿਹੇ ਮਜ਼ਮੂਨ ਹੀ ਲੱਭਦੇ ਨੇ ਜਦ ਕਿ ਪੰਜਾਬੀ ਦੇ ਖ਼ਿਆਮ ਡਾਕਟਰ 'ਫ਼ਕੀਰ' ਹੋਰਾਂ ਦੀਆਂ ਰੁਬਾਈਆਂ ਵਿਚ ਕਦੀਮ ਤੇ ਜਦੀਦ ਮੁਆਸਰੇ ਦੀ ਸਾਂਝ ਵੀ ਏ ਤੇ ਹਕਾਇਕ ਤੇ ਮੁਆਰਿਫ਼ ਦੀ ਭਿਆਲੀ ਦਾ ਰੰਗ ਵੀ ਬੜਾ ਗੂਹੜਾ ਏ।ਕਈ ਥਾਵਾਂ ਤੇ ਤਾਂ ਸਾਨੂੰ ਇਹ ਪੰਜਾਬੀ ਦਾ ਖ਼ਿਆਮ ਫ਼ਾਰਸੀ ਦੇ ਖ਼ਿਆਮ ਦੇ ਪੈਰਾਂ ਤੇ ਪੈਰ ਰੱਖਦਾ ਨਜ਼ਰ ਆਉਂਦਾ ਏ।ਇਸ ਦਾ ਇਹ ਮਤਲਬ ਨਹੀਂ ਕਿ ਡਾਕਟਰ ਹੋਰਾਂ ਨੇ ਲਕੀਰ ਦਾ ਫ਼ਕੀਰ ਬਣ ਕੇ ਇਹ ਕੁਝ ਕੀਤਾ ਏ।ਹੇਠਾਂ ਉਮਰ ਖ਼ਿਆਮ ਦੀਆਂ ਰੁਬਾਈਆਂ ਦੇ ਵਿਸ਼ੇ ਤੇ ਪੰਜਾਬੀ ਦੇ ਖ਼ਿਆਮ ਦੀਆਂ ਰੁਬਾਈਆਂ ਦਰਜ ਕੀਤੀਆਂ ਜਾਂਦੀਆਂ ਹਨ ਤਾਂ ਜੋ ਇਹ ਨਿਤਾਰਾ ਹੋ ਸਕੇ ਕਿ ਕਿਹੜਾ ਖ਼ਿਆਮ ਕਿੰਨੇ ਕੁ ਪਾਣੀ ਵਿਚ ਹੈ।
ਉਮਰ ਖ਼ਿਆਮ ਨੇ ਰੱਬ ਦੀ ਵਡਿਆਈ ਕਰਦਿਆਂ ਅਪਣੀ ਇਕ ਰੁਬਾਈ ਵਿਚ ਅਪਣੀਆਂ ਭੁੱਲਾਂ ਲਈ ਬਖ਼ਸ਼ਿਸ ਦੀ ਬੇਨਤੀ ਕੀਤੀ ਹੈ।ਉਹ ਆਖਦਾ ਏ ਕਿ ਦੁਨੀਆ ਫ਼ਾਨੀ ਏ ਤੇ ਰੱਬ ਬਾਕੀ ਰਹਿਣ ਵਾਲਾ ਏ।ਮੈਂ ਇਸੇ ਕਰਕੇ ਕਿਸੇ ਹੋਰ ਦੇ ਹੱਥ ਵਿਚ ਅਪਣਾ ਹੱਥ ਨਹੀਂ ਦਿੰਦਾ।ਇਸ ਦੇ ਮੁਕਾਬਲੇ ਫ਼ਕੀਰ ਮੁਹੰਮਦ 'ਫ਼ਕੀਰ' ਲਿਖਦੇ ਨੇ;
ਤੈਥੋਂ ਬੇਆਸ ਕੋਈ ਕਦੀ ਸਵਾਲੀ ਨਾ ਗਿਆ।
ਸ਼ਾਹ ਗਦਾ ਕੋਈ, ਕੋਈ ਆਲੀ ਮੁਵਾਲੀ ਨਾ ਗਿਆ।
ਚੋਰ , ਮੱਕਾਰ , ਦਗ਼ੇਬਾਜ਼ , ਫ਼ਰੇਬੀ , ਜ਼ਾਲਮ,
ਆ ਗਿਆ ਤੇਰੇ ਦਰ ਤੇ ਉਹ ਖ਼ਾਲੀ ਨਾ ਗਿਆ।
ਜੰਨਤ ਦੇ ਜ਼ਾਹਰੀ ਤਸੱਵਰ ਬਾਰੇ ਉਮਰ ਖ਼ਿਆਮ ਤੋਂ ਲੈ ਕੇ ਮਿਰਜ਼ਾ ਗ਼ਾਲਬ ਤੋਂ ਨਿਕਬਾਲ ਤੱਕ ਸਾਰੇ ਵਿਦਵਾਨ ਕੋਈ ਚੰਗੀ ਸੋਚ ਨਹੀਂ ਰੱਖਦੇ। ਪਰ ਸਾਰਿਆਂ ਦੀ ਸਾਂਝੀ ਸੋਚ ਇਹੋ ਹੈ ਕਿ ਜੰਨਤ ਅਤੇ ਉਸ ਦੀਆਂ ਹੂਰਾਂ ਦੀ ਖ਼ਾਹਿਸ ਨੇ ਮੁਸਲਮਾਨਾਂ ਨੂੰ ਰੱਬ ਦੇ ਹਕੀਕੀ ਕਰਬ ਤੋਂ ਦੂਰ ਕਰ ਛੱਡਿਆ ਹੈ।ਡਾਕਟਰ ਫ਼ਕੀਰ ਮੁਹੰਮਦ 'ਫ਼ਕੀਰ' ਵੀ ਏਹੋ ਲਿਖਦੇ ਹਨ;
ਫ਼ੇਰ ਆ ਕੇ ਪਿਛਾਂ ਕੱਢੇ ਭੁਲੇਖੇ ਨੇ ਫ਼ਲਾਣੇ।
ਚਾ ਦੱਸ ਦਿਲਾ ਲੀਕੇ ਇਹ ਲੇਖੇ ਨੇ ਫ਼ਲਾਣੇ।
ਬੇ ਨਾਮ-ਨਿਸ਼ਾਨ ਹੈਣ ਇਹ ਦੋਜ਼ਖ਼ ਤੇ ਬਹਿਸ਼ਤ,
ਅੱਜ ਤੀਕ ਕੋਈ ਦੱਸੇ ਕਿ ਦੇਖੇ ਨੇ ਫ਼ਲਾਣੇ।
ਉਮਰ ਖ਼ਿਆਮ ਦੀਆਂ ਰੁਬਾਈਆਂ ਦਾ ਸਾਰਾ ਫ਼ਲਸਫ਼ਾ ਏਹੋ ਏ ਕਿ ਇਨਸਾਨ ਨੂੰ ਨਾਂ ਇਹ ਪਤਾ ਏ ਕਿ ਉਹ ਕਿੱਥੋਂ ਆਇਆ ਹੈ ਅਤੇ ਨਾ ਹੀ ਇਹ ਪਤਾ ਏ ਕਿ ਉਸ ਨੇ ਕਿੱਥੇ ਜਾਣਾ ਹੈ।ਉਹ ਆਖਦਾ ਏ ਕਿ ਇਨਸਾਨ ਨੂੰ ਹਰ ਪਲ ਖ਼ੁਸ਼ ਰਹਿਣਾ ਚਾਹੀਦਾ ਹੈ।ਦੁਨੀਆ ਦੀ ਇਸ ਹਕੀਕਤ ਨੂੰ ਡਾਕਟਰ 'ਫ਼ਕੀਰ ਹੋਰਾਂ ਨੇ ਵੀ ਉਲੀਕਿਆ ਹੈ।ਉਹ ਆਖਦੇ ਨੇ;
ਤਕਦੀਰ ਦਾ ਮੁੜ ਵਰਤਣਾ ਭਾਣਾ ਏਂ ਕਿੱਥੇ।
ਮੁੜ ਦਾਣਾ ਕਿਸੇ ਕਣਕ ਦਾ ਖਾਣਾ ਏਂ ਕਿੱਥੇ।
ਕੀ ਜਾਣੇ ਕੋਈ ਸਖ਼ਸ਼'ਫ਼ਕੀਰ'ਆਇਆ ਏ ਕਿੱਥੋਂ,
ਕੀ ਜਾਣੇ ਕੋਈ ਉਸ ਨੇ ਮੁੜ ਜਾਣਾ ਏਂ ਕਿੱਥੇ।
ਫ਼ਾਰਸੀ ਦੇ ਉਮਰ ਖ਼ਿਆਮ ਅਤੇ ਪੰਜਾਬੀ ਦੇ ਉਮਰ ਖ਼ਿਆਮ, ਦੋਹਾਂ ਦੀਆਂ ਰੁਬਾਈਆਂ ਵਿਚ ਸਾਫ਼ ਨਜ਼ਰ ਆਉਂਦਾ ਏ ਪਈ ਜਿੱਥੇ ਕਿਧਰੇ ਵੀ ਖ਼ਿਆਮ ਨੇ ਆਮ ਮਜ਼ਮੂਨ ਬੰਨ੍ਹਿਆ ਏ ਉੱਥੇ ਡਾਕਟਰ ਹੋਰਾਂ ਨੇ ਥੋੜੀ ਬਹੁਤ ਜਿੱਦਤ ਜ਼ਰੂਰ ਪੈਦਾ ਕਰ ਦਿੱਤੀ ਏ।ਖ਼ਿਆਮ ਦੀਆਂ ਤੇ ਡਾਕਟਰ ਫ਼ਕੀਰ ਦੀਆਂ ਰੁਬਾਈਆਂ ਦੇ ਇਸ ਟਾਕਰੇ ਦੇ ਸਿਲਸਲੇ ਵਿਚ ਤਾਂ ਪੂਰੀ ਕਿਤਾਬ ਲਿੱਖੀ ਜਾ ਸਕਦੀ ਏ ਪਰ ਇੱਥੇ ਕਿਸੇ ਹੋਰ ਮੌਜ਼ੂ ਦੀ ਗੁੰਜ਼ਾਇਸ਼ ਨਜ਼ਰ ਨਹੀਂ ਆਉਂਦੀ।ਕਿਉਂ ਜੋ ਮਜ਼ਮੂਨ ਅੱਗੇ ਈ ਤਵੀਲ ਹੋ ਗਿਆ ਏ ਤੇ ਨਾਲੇ ਵੰਨਗੀ ਲਈ ਦੇਗ ਚੋਂ ਕੁਝ ਦਾਣੇ ਈ ਟੋਹੀ ਦੇ ਨੇ ਨਾ ਕਿ ਸਾਰੀ ਦੇਗ।ਉਂਜ ਵੀ ਵੇਖਣ ਵਾਲੇ ਤੇਵਰਾਂ ਤੋਂ ਹੀ ਜਾਂਚ ਲੈਂਦੇ ਨੇ।
'ਖ਼ਿਆਮ' ਤੇ 'ਫ਼ਕੀਰ' ਦੀਆਂ ਰੁਬਾਈਆਂ ਦੀ ਇਹ ਫ਼ਿਕਰੀ ਸਾਂਝ ਜਿਹੜੀ ਕਿ ਅਜੇ ਹੋਰ ਵੀ ਬਹੁਤ ਸਾਰੀਆਂ ਰੁਬਾਈਆਂ ਵਿੱਚੋਂ ਲੱਭੀ ਜਾ ਸਕਦੀ ਏ, ਨੂੰ ਵੇਖਦਿਆਂ ਹੋਇਆ ਅਸੀਂ ਡੰਕੇ ਦੀ ਚੋਟ ਤੇ ਇਹ ਆਖ ਸਕਦੇ ਹਾਂ ਪਈ ਜੇ ਉਮਰ ਖ਼ਿਆਮ ਫ਼ਾਰਸੀ ਰੁਬਾਈ ਦਾ ਬਾਦਸ਼ਾਹ ਏ ਤਾਂ ਡਾਕਟਰ ਫ਼ਕੀਰ ਪੰਜਾਬੀ ਰੁਬਾਈ ਦਾ ਸ਼ਹਿਨਸ਼ਾਹ ਏ।ਉਹ ਬਾਕਈ ਈ ਪੰਜਾਬੀ ਰੁਬਾਈ ਦੇ ਉਮਰ ਖ਼ਿਆਮ ਨੇ।ਵੀਹਵੀਂ ਸਦੀ ਦੇ ਪੰਜਾਬੀ ਅਦਬ ਵਿਚ ਸਭ ਤੋਂ ਊਚੇ ਅਤੇ ਮਹਾਨ ਸ਼ਾਇਰ ਸਨ।ਪਿਛਲੀ ਸਦੀ ਵਿਚ ਮਾਂ ਬੋਲੀ ਨੂੰ ਨਾ ਕੋਈ ਉਨ੍ਹਾਂ ਵਰਗਾ ਬੇਲੋਸ਼ ਤੇ ਅਣਥੱਕ ਸੇਵਕ ਮਿਲਿਆ ਤੇ ਨਾ ਈ ਸ਼ਾਇਰ ਜਾਂ ਨਸਰਨਿਗਾਰ।
ਉਹ ਇਹ ਦੌਲਤ ਧੁਰੋਂ ਲੈ ਕੇ ਆਏ ਸਨ।ਬੇਨਿਆਜ਼ੀ, ਫ਼ਕੀਰੀ, ਪਿਆਰ ਮੁਹੱਬਤ ਤੇ ਇਨਸਾਨ ਦੋਸਤੀ ਦੀ ਦੌਲਤ ਉਨ੍ਹਾਂ ਕੋਲ ਢੇਰ ਸੀ ਤੇ ਨਾਲੇ ਪੰਜਾਬੀ ਵਿਚ ਵੀ ਤਾਂ ਕੋਈ ਖ਼ਿਆਮ ਹੋਣਾ ਈ ਸੀ।ਜਿਸ ਤਰਾਂ ਉਨ੍ਹਾਂ ਨੇ ਆਪ ਅਪਣੀ ਇਕ ਗ਼ਜ਼ਲ ਵਿਚ ਆਖਿਆ ਏ;
ਖ਼ਾਸ ਦੌਲਤ ਮਿਲੀ 'ਮੁਹੱਬਤ ਦੀ।
ਨਾਮ ' ਮੇਰਾ ਵੀ ਆਮ ਹੋਣਾ ਸੀ।
ਸ਼ਿਅਰ ਕਹਿੰਦਾ 'ਫ਼ਕੀਰ' ਮੈਂ ਨਾ ਕਿਵੇਂ,
ਹੋਰ ਅਜੇ 'ਇਕ ਖ਼ਿਆਮ ਹੋਣਾ ਸੀ।