Rubaian : Dr Faqeer Muhammad Faqeer

ਰੁਬਾਈਆਂ : ਡਾ. ਫ਼ਕੀਰ ਮੁਹੰਮਦ 'ਫ਼ਕੀਰ'

ਰੁਬਾਈਆਂ

ਤੁਧ ਬਿਨ ਕੋਈ ਦਮ ਗ਼ੈਰ ਦਾ ਭਰਦਾ ਏ ਤੇ ਮੂਰਖ।
ਮੰਗਤਾ ਜੇ ਕਿਸੇ ਹੋਰ ਦੇ ਦਰ ਦਾ ਏ ਤੇ ਮੂਰਖ।
ਮੂਰਖ ਤੇਰਾ ਇਕਰਾਰ ਜੇ ਕਰਦਾ ਏ ਤੇ ਮੂਰਖ,
ਦਾਨਾ ਤੇਰਾ ਇਨਕਾਰ ਜੇ ਕਰਦਾ ਏ ਤੇ ਮੂਰਖ।

ਤੈਥੋਂ ਬੇਆਸ ਕਦੀ ਕੋਈ ਸਵਾਲੀ ਨਾ ਗਿਆ।
ਸ਼ਾਹ, ਗਦਾ ਕੋਈ,ਕੋਈ ਆਲੀ-ਮਵਾਲੀ ਨਾ ਗਿਆ।
ਚੋਰ, ਮੱਕਾਰ, ਦਗ਼ੇਬਾਜ਼, ਫ਼ਰੇਬੀ, ਜ਼ਾਲਮ,
ਆ ਗਿਆ ਜੋ ਤੇਰੇ ਦਰ ਤੇ ਉਹ ਖ਼ਾਲੀ ਨਾ ਗਿਆ।

ਬਾਂਗ ਆਖੇ ਕੋਈ ਯਾ ਨਾਦ ਵਜਾਏ ਕੋਈ।
ਵਿੱਸਰੇ ਮੈਨੂੰ ਮੇਰਾ ਨਾਮ ਧਿਆਏ ਕੋਈ।
ਹੈ ਇਹ ਐਲਾਨ 'ਫ਼ਕੀਰ' ਆਮ ਜ਼ਮਾਨੇ ਤੇ ਮੇਰਾ,
ਹੋ ਕੇ ਬੇਆਸ ਮੇਰੇ ਦਰ ਤੋਂ ਨਾ ਜਾਵੇ ਕੋਈ।

ਅੱਖੀਆਂ ਵਿਚ ਜਿਹਾ ਰੂਪ ਸਮਾਇਆ ਤੇਰਾ।
ਨਜ਼ਰ ਜੋ ਕੁਝ ਵੀ ਏ ਨਜ਼ਰ ਆਇਆ ਤੇਰਾ,
ਜਾਨ ਤੇਰੀ ਦੀ ਏ ਮਸਤੀ ਮੇਰੀ ਰਗ ਰਗ ਦਾ ਸਰੂਰ,
ਸਾਜ਼ ਹਸਤੀ ਦਾ ਸਦਾ ਰਾਗ ਸੁਣਾਇਆ ਤੇਰਾ।

ਬੇ ਓੜਕੇ ਨਜ਼ਰਾਂ ਨੂੰ ਪਏ ਰਾਹ ਮਿਲਦੇ ਨੇ।
ਮਿਲਦੇ ਕਿਤੇ ਆਹੂ ਕਿਤੇ ਆਹ ਮਿਲਦੇ ਨੇ।
ਹਰ ਜ਼ੱਰਾ 'ਫ਼ਕੀਰ' ਅਪਣੇ ਖ਼ਾਲਿਕ ਦਾ ਏ ਸ਼ਾਹਿਦ,
ਬੇਅੰਤ ਦੇ ਬੇਅੰਤ ਗਵਾਹ ਮਿਲਦੇ ਨੇ।

ਮੁਗ਼ਲ ਮਿਰਜ਼ੇ, ਕਿਤੇ ਆਗ਼ੇ, ਕਿਤੇ ਰਾਸ਼ੇ ਦੇਖੇ।
ਮੌਲ਼ਵੀ, ਸੂਫ਼ੀ ਬ੍ਰਾਹਮਣ ਤੇ ਮਹਾਸ਼ੇ ਦੇਖੇ।
ਵੇਖਿਆਂ ਜਿਉਂਦਾ 'ਫ਼ਕੀਰ' ਇੱਕੋ ਈ ਉਹ ਜਿਸ ਦੇ
ਖ਼ਾਕ ਦਰ ਖ਼ਾਕ ਹੋਏ ਸਭਨਾਂ ਦੇ ਲਾਸ਼ੇ ਦੇਖੇ।

ਲੂ ਲੂ ਜਿਸ ਦਾ ਰਗ ਰਗ ਏ ਪਛਾਤੀ ਜਿਸ ਦੀ।
ਜ਼ਿੰਦਗੀ ਮੇਰੀ ਏ ਇਕ ਪ੍ਰੇਮ ਦੀ ਝਾਤੀ ਜਿਸ ਦੀ।
ਹੈ ਦਮ ਦਾ ਉਲਟ ਫ਼ੇਰ 'ਫ਼ਕੀਰ' ਉਹਦੀ ਕਰਾਮਤ,
ਮੈਂ ਬੰਦਾ ਹਾਂ ਉਹਦਾ ਹੈ ਹਿਆਤੀ ਜਿਸ ਦੀ।

ਜ਼ਿਕਰ ਕੀ ਸੁਰਤ ਦਾ ਮਸਤੀ ਵਿਚ ਮਸਤਾਨਾ ਕਰੇ।
ਆਉਣ ਵਾਲੇ ਦੀ ਕਿਤੇ ਕੀ ਰੀਸ ਬੇ ਆਉਣਾ ਕਰੇ।
ਤੇਰੇ ਅਹਿਸਾਨਾਂ ਦੀ ਦਿਸਦੀ ਹੱਦ ਨਹੀਂ 'ਫ਼ਕੀਰ'
ਤੇਰੇ ਕਿਸ ਅਹਿਸਾਨ ਦਾ ਇਨਸਾਨ ਸ਼ੁਕਰਾਨਾ ਕਰੇ।

ਸੂਝਾਂ ਦੇ ਹਿਸਾਬੋਂ ਨਾ ਉਹ ਵਾਚੇ ਹੋਏ ਵੇਖੇ।
ਅਪਣੇ ਨਾ ਪਰਾਏ ਤੋਂ ਉਹ ਜਾਚੇ ਹੋਏ ਵੇਖੇ।
ਕੋਈ ਅਪਣੇ ਵਿਚ ਆਪ ਗਵਾਚੇ ਤੇ ਉਹ ਲੱਭਣ,
ਉਹ ਅਪਣੇ ਵਿਚ ਆਪ ਗਵਾਚੇ ਹੋਏ ਵੇਖੇ।

ਹਾਲ ਵਿਚ ਹਾਲ ਨੂੰ ਏ ਖ਼ੂਬ ਨਜਿੱਠਾ ਡਿੱਠਾ।
ਜ਼ਾਤ ਦਾ ਜ਼ਾਤ ਦੀਆਂ ਸਿਫ਼ਤਾਂ ਨੂੰ ਚਿੱਠਾ ਡਿੱਠਾ,
ਨਜ਼ਰ ਹੈਰਾਨ ਏ ਯਾਰਾਂ ਨੂੰ ਕੀ ਦੱਸਾਂ ਮੈਂ 'ਫ਼ਕੀਰ'
ਜੱਗ ਦੇ ਸ਼ੀਸ਼ੇ ਥੀਂ ਜੋ ਕੁਝ ਵੀ ਏ ਡਿੱਠਾ ਡਿੱਠਾ।

ਹੁੰਦੇ ਨੂੰ ਗਵਾਏ ਤੇ ਗਵਾਏ ਕੋਈ।
ਜ਼ਾਹਰ ਨੂੰ ਛੁਪਾਏ ਤੇ ਛੁਪਾਏ ਕੋਈ।
ਹੈ ਪਰਦਾ 'ਫ਼ਕੀਰ' ਇਕ ਮੇਰੀ ਅੱਖ ਦਾ ਪਰਦਾ,
ਪਰਦਾ ਕੋਈ ਹੋਵੇ ਤੇ ਹਟਾਏ ਕੋਈ।

ਬੇਤੁਕ ਠਿਕਾਣੇ ਤੇ ਵਜਦੀ ਏ ਕਦੀ।
ਬੇਲੋੜ ਪਈ ਚੀਜ਼ ਨਾ ਸਜਦੀ ਏ ਕਦੀ।
ਮਿਲ ਜਾਣ ਸੂ ਜੇ ਢੇਰ ਵੀ ਦੌਲਤ ਦੇ 'ਫ਼ਕੀਰ',
ਹਿਰਸੀ ਦੀ ਹਿਰਸੀ ਅੱਖ ਨਾ ਰੱਜਦੀ ਏ ਕਦੀ।

ਧੁੱਪ ਬਲਵਾਨ ਨਾ ਵੇਖੀ ਜੋ ਨਿਮਾਣੇ ਵੇਖੀ।
ਮੂਰਖ ਨੇ ਜੋ ਵੇਖੀ ਨਾ ਸਿਆਣੇ ਵੇਖੀ।
ਮਜਨੂੰ ਨਾ ਕਦੀ ਅਪਣੀ ਸੱਧਰ ਨੂੰ ਭੁਲਾਇਆ,
ਬੇਸੁਰਤ ਦੀ ਏ ਸੁਰਤ ਟਿਕਾਣੇ ਵੇਖੀ।

ਟੁਰ ਕੋਲ ਕੁਸੰਗੇ ਦੇ ਈ ਸੰਗ ਆਉਂਦੇ ਨੇ।
ਫਿੱਕੇ ਦੀ ਸਦਾ ਫਿੱਕ ਤੇ ਰੰਗ ਆਉਂਦੇ ਨੇ।
ਦਿਲ ਤਪਦਾ ਏ ਜਦ ਮਿਲਦੇ ਨੇ ਮਹਿਰਮ ਦਿਲ ਦੇ,
ਬਲਦੀ ਏ ਜਦੋਂ ਸ਼ੱਮਾ ਪਤੰਗ ਆਉਂਦੇ ਨੇ।

ਹਸਤੀ ਮੇਰੀ ਭਾਵੇਂ ਬੜੀ ਮਾੜੀ ਏ ਜਨਮ ਦੀ।
ਪਰ ਆਸ ਨਾ ਟੁਟਦੀ ਏ ਦਿਲੋਂ ਤੇਰੇ ਭਰਮ ਦੀ।
ਕੀਤਾ ਜਦੋਂ ਬੇਆਸ ਗੁਨਾਹਵਾਂ ਦੀ ਨਦਾਮਤ,
ਦਿਲ ਨੇ ਭੰਨੀ ਆਸ ਤੇਰੇ ਫ਼ਜ਼ਲ ਕਰਮ ਦੀ।

ਟੁਰਦੇ ਨੇ ਪਏ ਬਹਿ ਬਹਿ ਕੇ ਅਣਜਾਣੇ ਰਾਹੀ।
ਪਰ ਹੋਣ ਨਾ ਮਜਬੂਰ ਨਿਮਾਣੇ ਰਾਹੀ।
ਖਿੱਚ ਹੁੰਦੀ ਏ ਮੰਜ਼ਿਲ ਦੀ ਜਿਨ੍ਹਾਂ ਦੇ ਦਿਲ ਨੂੰ,
ਰਾਹ ਵਿਚ ਨਾ ਕਰਦੇ ਨੇ ਟਿਕਾਣੇ ਰਾਹੀ।

ਕੋਈ ਯਾਰ ਨਾ ਕਿਧਰੇ ਨਜ਼ਰ ਆਇਆ ਏ ਦਿਲਾ।
ਹੰਮਾ ਇਹ ਹਜ਼ਾਰਾਂ ਨੇ ਜਿਤਾਇਆ ਏ ਦਿਲਾ।
ਹੈ ਯਾਰ ਜੇ ਕੋਈ ਦੁਨੀਆ ਤੇ ਟਾਵਾਂ ਕਿਧਰੇ,
ਦੁਖਾਂ ਤੇ ਗ਼ਮਾਂ ਦਾ ਉਹ ਸਤਾਇਆ ਏ ਦਿਲਾ।

ਸੰਗਤ ਸਦਾ ਕੀਤੀ ਏ ਕਦੀ ਸੰਗ ਨਾ ਅੰਗੇ।
ਮਿਲਣੀ ਦੀ ਮੈਂ ਰੰਗਣ ਦੇ ਕਦੀ ਰੰਗ ਨਾ ਅੰਗੇ।
ਕਰਨੀ ਵਿਚ ਸਭ ਉਮਰ ਗੁਜ਼ਾਰੀ ਏ, ਪਰ ਅਫ਼ਸੋਸ,
ਕਰਨੀ ਦੇ ਕਦੀ ਬਹਿ ਕੇ 'ਫ਼ਕੀਰ' ਅੰਗ ਨਾ ਅੰਗੇ।

ਸ਼ਾਹੀ ਏ ਪਲਕ ਦੀ ਅਤੇ ਸੁਲਤਾਨ ਪਲਕ ਦਾ।
ਦਰਬਾਰ ਪਲਕ ਦਾ ਏ ਅਤੇ ਦਰਬਾਨ ਪਲਕ ਦਾ।
ਰੋਟੀ ਏ 'ਫ਼ਕੀਰ' ਇਕ ਬੜੀ ਢਿੱਡ ਭਰਨ ਲਈ,
ਕਿਉਂ ਲੋਭ ਕਰੇ ਹੋਵੇ ਜੋ ਮਹਿਮਾਨ ਪਲਕ ਦਾ।

ਨੇਕੀ ਦਾ ਸੁਭਾਅ ਬਦੀ ਦੀ ਇਹ ਗੁੱਝ ਏ ਤੇ ਕਿਉਂ ਏ?
ਕੋਈ ਮਿਲਦਾ ਕਿਤੇ ਮਾਰਦਾ ਹੁੱਜ ਏ ਤੇ ਕਿਉਂ ਏ?
ਸ਼ੈਤਾਨ ਏ ਤਕੜਾ ਤੇ ਕਿਉਂ ਮਾੜਾ ਏ ਇਨਸਾਨ,
ਰੱਬ ਹੁੰਦਿਆਂ ਦੁਨੀਆ ਤੇ ਇਹ ਕੁਝ ਏ ਤੇ ਕਿਉਂ ਏ?

ਗ਼ਫ਼ਲਤ ਦੀ ਬੜੀ ਤਾਰ ਪਰੁੱਤਾ ਏ ਜ਼ਮਾਨਾ।
ਅਹਲਕ ਦੀ ਬੁਰੀ ਮੱਦ ਥੀਂ ਵਿਗੁੱਤਾ ਏ ਜ਼ਮਾਨਾ,
ਬੇਲੋਭ 'ਫ਼ਕੀਰ' ਏਸ ਦੀ ਰਾਖੀ ਤੂੰ ਕਰੀ ਜਾਹ,
ਤੂੰ ਚੋਰ ਨਾ ਬਣ ਘੂਕ ਜੇ ਸੁੱਤਾ ਏ ਜ਼ਮਾਨਾ।

ਇਸ਼ਕ ਆਣ ਕਿਸੇ ਦੀ ਏ ਤੇ ਹੈ ਮਾਨ ਕਿਸੇ ਦਾ।
ਹੈ ਦੀਨ ਕਿਸੇ ਦਾ ਧਰਮ ਈਮਾਨ ਕਿਸੇ ਦਾ।
ਸੌਦਾ ਏ ਮੁਹੱਬਤ ਦਾ 'ਫ਼ਕੀਰ' ਐਸਾ ਜੀਹਦੇ ਤੋਂ,
ਅੱਜ ਤੀਕ ਨਾ ਕੁਝ ਹੋਇਆ ਏ ਨੁਕਸਾਨ ਕਿਸੇ ਦਾ।

ਹੈ ਜਿਹਨੂੰ ਖ਼ਿਆਲ ਅਪਣਾ ਖ਼ਿਆਲ ਉਹਦਾ ਏ।
ਹੈ ਮਸਤ ਜੋ ਵਿਚ ਹਾਲ ਦੇ ਹਾਲ ਉਹਦਾ ਏ।
ਮਰਦਾ ਏ ਜੋ ਅਪਣੇ ਲਈ ਹੁੰਦਾ ਏ ਉਹ ਜਿਉਂਦਾ,
ਛੇੜੇ ਜੋ ਜਵਾਲ ਆਪ ਕਮਾਲ ਉਹਦਾ ਏ।

ਆਕੜ ਨਾ ਹਿਆਤੀ ਦੀ ਤੇ ਕਰ ਚੌੜ ਨਾ ਸਾਹ ਦੀ।
ਆਉਣੀ ਏਂ ਅੰਤ ਆਉਣੀ ਮੰਜ਼ਿਲ ਤੇਰੇ ਰਾਹ ਦੀ।
ਹੈ ਮੁੱਢ ਉਜਾੜੇ ਦਾ ਇਹ ਤੇਰਾ ਜੱਗ ਵਸੇਬਾ,
ਬਣਤਰ ਏ ਤੇਰੇ ਬਦਨ ਦੀ ਬੁਨਿਆਦ ਫ਼ਨਾਹ ਦੀ।

ਇਲਜ਼ਾਮ ਨੂੰ ਇਲਜ਼ਾਮ ਜਵਾਬੀ ਨਾ ਵਿਖਾ।
ਸ਼ੋਖ਼ ਅੱਗ ਨੂੰ ਇਹ ਸ਼ੋਖ਼ ਮਤਾਬੀ ਨਾ ਵਿਖਾ।
ਬੇਸੁਰਤਿਆ ਬੇਹੱਦ ਖ਼ਰਾਬ ਹੋਵੇਂਗਾ ਦੇਖੀਂ,
ਦੁਨੀਆ ਨੂੰ ਤੂੰ ਦੁਨੀਆ ਦੀ ਖ਼ਰਾਬੀ ਨਾ ਵਿਖਾ।

ਆਹ ਮੱਖਣ ਏ, ਆਹ ਤੇਲ, ਆਹ ਕੂੰਡਾ ਏ ਦਿਲਾ।
ਆਹ ਵਾਲਾ ਏ,ਆਹ ਕਾਂਟਾ,ਆਹ ਬੂੰਦਾ ਏ ਦਿਲਾ।
ਮੈਂ ਵੇਖ ਕੇ ਦੂਜੇ ਨੂੰ ਕਿਵੇਂ ਆਪ ਨੂੰ ਵੇਖਾਂ,
ਹਰ ਇਕ ਦਾ ਨਸੀਬ ਅਪਣਾ ਹੁੰਦਾ ਏ ਦਿਲਾ।

ਤਕਦੀਰ ਦਾ ਮੁੜ ਵਰਤਣਾ ਜਾ ਲਾਣਾ ਏ ਕਿੱਥੇ।
ਮੁੜ ਦਾਣਾ ਕਿਸੇ ਕਣਕ ਦਾ ਜਾ ਖਾਣਾ ਏ ਕਿੱਥੇ।
ਕੀ ਜਾਣੇ ਕੋਈ ਸ਼ਖ਼ਸ਼ 'ਫ਼ਕੀਰ' ਆਇਆ ਏ ਕਿੱਥੋਂ,
ਕੀ ਜਾਣੇ ਕੋਈ ਓਸ ਨੇ ਮੁੜ ਜਾਣਾ ਏਂ ਕਿੱਥੇ।

ਕਰ ਭੈ ਨਾ ਕੋਈ ਦਿਲ ਨੂੰ ਤੂੰ ਪੱਥਰ ਨਾ ਬਣਾ।
ਮੋਤੀ ਏ ਤੇਰੀ ਅੱਖ ਵਿਚ ਅੱਥਰ ਨਾ ਬਣਾ।
ਧਰਤੀ ਏ 'ਫ਼ਕੀਰ' ਅੱਲਾ ਦੇ ਫ਼ਜ਼ਲਾਂ ਦੀ ਵਸਾਈ,
ਇਹ ਤਖ਼ਤ ਬਣਾ ਖ਼ੁਸ਼ੀਆਂ ਦਾ ਸੱਥਰ ਨਾ ਬਣਾ।

ਖੋਲ੍ਹੇ ਨਾ ਦਿਲ ਤੇ ਕਦੀ ਗ਼ਮ ਦੀ ਇਹ ਤਾਕੀ ਦੁਨੀਆ।
ਸ਼ੱਕ ਵਿਚ ਹੀ ਸਦਾ ਰੱਖਦੀ ਏ ਸ਼ਾਕੀ ਦੁਨੀਆ।
ਐਡਾ ਵੀ ਨਾ ਕਰ ਗ਼ਮ ਤੂੰ 'ਫ਼ਕੀਰ' ਏਸ ਦਾ ਨਹੀਂ ਤੇ,
ਸਿਰ ਖ਼ਾਕ ਤੇਰੇ ਪਾਵੇਗੀ ਇਹ ਖ਼ਾਕੀ ਦੁਨੀਆ।

ਭੈ ਭਾਈ ਦਾ, ਪੰਡਤ ਦਾ, ਪੁਜਾਰੀ ਦਾ ਨਾ ਕਰ।
ਕੁਝ ਫ਼ਿਕਰ ਤੂੰ ਹਾਫ਼ਿਜ਼ ਦਾ ਤੇ ਕਾਰੀ ਦਾ ਨਾ ਕਰ।
ਮੌਤ ਆਈ ਏ ਸਭਨਾਂ ਨੂੰ ਤੇ ਆਉਣੀ ਏਂ ਸਭ ਨੂੰ,
ਤੂੰ ਗ਼ਮ ਕੋਈ 'ਫ਼ਕੀਰ' ਅਪਣੀ ਵਾਰੀ ਦਾ ਨਾ ਕਰ।

ਦੁਖ ਜਰਨ ਤੋਂ ਦਮ ਹਰਨ ਤੋਂ ਪਹਿਲਾਂ ਤੇ ਨਾ ਮਰ।
ਆਇਆ ਏਂ ਤੇ ਕੁਝ ਕਰਨ ਤੋਂ ਪਹਿਲਾਂ ਤੇ ਨਾ ਮਰ।
ਮਰਨਾ ਏਂ ਤੇ ਮਰ ਲਵੀਂ 'ਫ਼ਕੀਰ' ਆਵੇਗੀ ਜਦ ਮੌਤ,
ਗ਼ਮ ਮੌਤ ਦੇ ਵਿਚ ਮਰਨ ਤੋਂ ਪਹਿਲਾਂ ਤੇ ਨਾ ਮਰ।

ਬਿਨ ਦਰਦ ਤੇਰੇ ਯਾਰ ਨਾ ਹਸਤੀ ਚੰਗੀ।
ਤੌਹੀਦ ਤੋਂ ਮਖ਼ਲੂਕ ਪ੍ਰਸਤੀ ਚੰਗੀ।
ਹੈ ਸੁਰਤ ਪਰਾਈ ਤੇ ਅਜਿਹੀ ਸੁਰਤ ਤੇ ਲਾਅਨਤ,
ਮਸਤੀ ਤੇਰੀ ਮਸਤੀ ਏ ਤੇ ਮਸਤੀ ਚੰਗੀ।

ਕਿਹੜੀ ਪਰ੍ਹਿਆਂ ਵਿਚ ਏਂ ਕਿਸ ਵਿੱਥੇ ਵੇਂ ਤੂੰ।
ਮੰਨਿਆਂ aੁੱਥੇ ਆਂ ਮੈਂ ਜਿੱਥੇ ਵੇਂ ਤੂੰ।
ਕੀ ਕਰਾਂ ਤੈਨੂੰ ਕਿਵੇਂ ਭਾਲਾਂ 'ਫ਼ਕੀਰ',
ਸ਼ਾਹ ਰਗੋਂ ਨੇੜੇ ਵੇਂ ਤੂੰ ਕਿੱਥੇ ਵੇਂ ਤੂੰ।

ਚਾਨਣ ਏ ਤੇਰਾ ਜ਼ਮਾਨੇ ਤੇ ਸਿਆਹੀ ਤੇਰੀ।
ਨਕਸ਼ ਬੇਅੰਤ ਸ਼ਹਾਦਤ ਨੇ ਇਲਾਹੀ ਤੇਰੀ।
ਸੋਚ ਤੇ ਅਕਲ 'ਫ਼ਕੀਰ' ਹੈਣ ਹੈਰਾਨੀ ਅੰਦਰ,
ਦਿਲ ਨਜ਼ਰ ਦਿੰਦੇ ਨੇ ਦਮ ਦਮ ਤੇ ਗਵਾਹੀ ਤੇਰੀ।

ਦਿਲ ਸ਼ਰਮ ਦੇ ਪਾਣੀ ਨਾਲ ਨਾ ਧੋਤਾ ਏ ਕਦੀ।
ਲਾਇਆ ਨਾ ਤੇਰੇ ਸ਼ੌਕ ਦਾ ਗੋਤਾ ਏ ਕਦੀ।
ਤਰ ਕੀਤਾ ਕਦੀ ਚੋਲਾ ਨਾ ਹੰਝੂਆਂ ਥੀਂ 'ਫ਼ਕੀਰ',
ਸੁੱਕਾ ਨਾ ਤੇਰੇ ਫ਼ੈਜ਼ ਦਾ ਸੋਤਾ ਏ ਕਦੀ।

ਗਰਦਿਸ਼ ਤੋਂ ਜ਼ਮਾਨੇ ਦੇ ਬੜੀ ਦੂਰ ਨੇ ਅਕਲਾਂ।
ਤਹਿਕੀਕ ਦਾ ਰਾਹ ਟੁਰਦਿਆਂ ਸਭ ਚੂਰ ਨੇ ਅਕਲਾਂ।
ਜਾਂਦੀ ਏ 'ਫ਼ਕੀਰ' ਅਕਲ ਕਿਆਸਾਂ ਦੀ ਨਾ ਕੁਝ ਪੇਸ਼,
ਆਜਿਜ਼ ਨੇ ਕਿਆਸ ਇੱਥੇ ਤੇ ਮਜਬੂਰ ਨੇ ਅਕਲਾਂ।

ਜਗ ਤਕੜੇ ਦਾ ਏ ਮਾੜੇ ਦਾ ਇਹ ਕਾਹਦਾ ਦਿਲਾ।
ਘਾਟ ਕਮਜ਼ੋਰੀ ਦੀ ਏ ਹਿੰਮਤ ਦਾ ਏ ਵਾਧਾ ਦਿਲਾ।
ਖ਼ਲਕ ਨੇ ਮੁੱਢੋਂ ਨਜਿੱਠੀ ਮੌਤ ਮਾੜੇ ਦੀ ਸਜ਼ਾ,
ਕਿਰਮ ਤਿਲੀਅਰ ਨੇ ਤੇ ਤਿਲੀਅਰ ਬਾਜ਼ ਨੇ ਖਾਧਾ ਦਿਲਾ

ਖ਼ੂਨ ਦੀ ਤੇਜ਼ ਰਵਾਨੀ ਦਾ ਜ਼ਮਾਨਾ ਕਿੱਥੇ।
ਉਹ ਮੇਰੀ ਮਸਤ ਬਿਆਨੀ ਦਾ ਜ਼ਮਾਨਾ ਕਿੱਥੇ।
ਲਸ਼ਕਰ ਅੱਜ ਨਾਲ ਨਹੀਂ ਮਾਨ ਗ਼ਰੂਰਾਂ ਦੇ 'ਫ਼ਕੀਰ',
ਮਸਤ ਟੋਰਾਂ ਦਾ ਜਵਾਨੀ ਦਾ ਜ਼ਮਾਨਾ ਕਿੱਥੇ।

ਨਾ ਸੁਣਦਾ ਕੋਈ ਗੱਲ ਨਾ ਦਸਦਾ ਏ ਦਿਲਾ।
ਹੱਮਾ ਏ ਕੀਹਦਾ ਮਾਨ ਵੀ ਕਿਸ ਦਾ ਏ ਦਿਲਾ।
ਲਸ਼ਕਰ ਅੱਜ ਨਾਲ ਨਹੀਂ ਮਾਨ ਗ਼ਰੂਰਾਂ ਦੇ 'ਫ਼ਕੀਰ',
ਮਸਤ ਟੋਰਾਂ ਦਾ ਜਵਾਨੀ ਦਾ ਜ਼ਮਾਨਾ ਕਿੱਥੇ।

ਹੈ ਜੇ ਮੇਲਾ ਵੀ ਪਰਾਇਆ ਤੇ ਉਹ ਮੇਲਾ ਵੀ ਬੁਰਾ,
ਹੈ ਜੇ ਮੂਰਖ ਮੱਤ ਕੋਈ ਚੇਲਾ ਤੇ ਚੇਲਾ ਵੀ ਬੁਰਾ,
ਮਹਿਰਮਾਂ ਦਾ ਕੁਝ ਉਲਾਹਮਾ ਗਾਲ ਨਹੀਂ ਹੁੰਦੀ 'ਫ਼ਕੀਰ',
ਮੰਗਣਾ ਨਾ ਮਹਿਰਮਾਂ ਕੋਲੋਂ ਏ ਧੇਲਾ ਵੀ ਬੁਰਾ।

ਆਇਆ ਏ ਜੋ ਅੰਤ ਉਸ ਨੇ ਜਾਣਾ ਏ ਦਿਲਾ।
ਰਾਹੀ ਦਾ ਸਰਾਏਂ ਨਾ ਠਿਕਾਣਾ ਏ ਦਿਲਾ।
ਲੱਭਣੀ ਏ ਹਰ ਜਿਨਸ ਨੇ ਜਿਨਸ ਅਪਣੀ ਓੜਕ,
ਰੂਹ ਰੂਹੀਂ, ਬਦਨ ਖ਼ਾਕ ਸਮਾਣਾ ਏਂ ਦਿਲਾ।

ਪਾਕ ਇਸ਼ਕ ਦੇ ਇਹ ਪਾਕ ਕਸੀਦੇ ਨੇ ਦਿਲਾ।
ਜਿਸ ਵੇਖੇ ਨੇ ਚਾਅ ਨਾਲ ਖ਼ਰੀਦੇ ਨੇ ਦਿਲਾ।
ਪਰਬਤ ਦੀ ਕਿਸੇ ਕਾਨ ਥੀਂ ਨਿਕਲੇ ਨੇ ਜੋ ਹੀਰੇ,
ਇਹ ਸ਼ੀਰੀਂ ਤੇ ਫ਼ਰਹਾਦ ਦੇ ਦੀਦੇ ਨੇ ਦਿਲਾ।

ਵਲਗਣ ਜੋ ਵਲੇ ਹੈਣ ਇਹ ਸ਼ਾਨਾਂ ਦੇ ਦਿਲਾ।
ਹੱਡ ਪੈਰ ਨੇ ਮੁਗ਼ਲਾਂ ਦੇ ਤੇ ਖ਼ਾਨਾਂ ਦੇ ਦਿਲਾ।
ਨਹੀਂ ਮਹਿਲਾਂ ਦੇ ਉਸਾਰਾਂ 'ਚ ਇੱਟਾਂ ਦੀ ਚਿਣਾਈ,
ਸਿਰ ਮੂੰਹ ਨੇ ਚਿਣੇ ਫ਼ਲਸਫ਼ਾ ਦਾਨਾਂ ਦੇ ਦਿਲਾ।

ਰਹਿਣਗੇ ਕਾਲੇ ਨਾ ਬੈਠੇ ਰਹਿਣਗੇ ਗੋਰੇ 'ਫ਼ਕੀਰ'।
ਖ਼ਲਕ ਫ਼ਾਨੀ ਬੈਠਕੇ ਕਿਸ ਕਿਸ ਦੇ ਝੁਰੇ ਝੋਰੇ 'ਫ਼ਕੀਰ'।
ਆਪ ਕੀਤੀ ਸੀ ਜਿਨ੍ਹਾਂ ਦੀ ਪਾਲਣਾ ਪੈਗ਼ੰਬਰਾਂ,
ਉੱਮਤਾਂ ਉਹ ਲਾਲ ਹੱਥੀਂ ਜੱਗ ਤੋਂ ਟੋਰੇ 'ਫ਼ਕੀਰ'।

ਦਿਲ ਦੀ ਖ਼ੁਸ਼ੀ ਤੋਂ ਜੱਗ ਦਾ ਗ਼ਮ ਵਾਰ ਦੇ ਦਿਲਾ।
ਦੁੱਖਾਂ ਤੋਂ ਦਿਲ ਦਾ ਦਰਦ ਅਲਮ ਵਾਰ ਦੇ ਦਿਲਾ।
ਮਹਿੰਗਾ ਨਹੀਂ ਦਮਾਂ ਤੋਂ ਜੇ ਮਹਿਰਮ ਕੋਈ ਮਿਲੇ,
ਮਹਿਰਮ ਕੋਈ ਮਿਲੇ ਜਦੋਂ ਦਮ ਵਾਰ ਦੇ ਦਿਲਾ।

ਕੁਝ ਆਖ ਨਾ ਅਪਣੇ ਨੂੰ ਬੇਗਾਨੇ ਨੂੰ ਦਿਲਾ।
ਨਿਭਣ ਵੀ ਦੇ ਇਸ ਸਾਥ ਪੁਰਾਣੇ ਨੂੰ ਦਿਲਾ।
ਪਲ ਝੱਟ ਦੀ ਏ ਇਹ ਸਾਂਝ ਮਨਾ ਲੈ ਖ਼ੁਸ਼ੀਆਂ,
ਏਸ ਤੈਨੂੰ ਤੇ ਤੂੰ ਲੱਭਣੈ ਜ਼ਮਾਨੇ ਨੂੰ ਦਿਲਾ।

ਕੀ ਚੁੱਕਣ ਏ ਦੁਨੀਆ ਦਾ ਤੇ ਕੀ ਧਰਨ ਦਿਲਾ।
ਕੀ ਜਿੱਤਣ ਏ ਏਥੋਂ ਦਾ ਤੇ ਕੀ ਹਰਨ ਦਿਲਾ।
ਕਰ ਖ਼ੁਸ਼ੀਆਂ ਨਾ ਕੋਈ ਜੱਗ ਦਾ ਗ਼ਮ ਜਾਨ ਨੂੰ ਲਾ,
ਫ਼ੇਰ ਆਉਣਾ ਏ ਕਿਸ ਇਥੇ ਖ਼ੁਸ਼ੀ ਕਰਨ ਦਿਲਾ।

ਹੈ ਕਿਸ ਦੀ ਸੁਣੀ ਕਿਸ ਨੂੰ ਸੁਣਾ ਲੈਣੀ ਏਂ ਬੰਦੇ।
ਗ਼ਮ ਕਰਕੇ ਜੇ ਘੱਟ ਏ ਤੇ ਵਧਾ ਲੈਣੀ ਏਂ ਬੰਦੇ।
ਬੰਦਾ ਏਂ ਤੇ ਲਾ ਗ਼ਮ ਨਾ 'ਫ਼ਕੀਰ' ਇਕ ਵੀ ਦਿਲ ਨੂੰ,
ਗ਼ਮ ਕੀਤਿਆਂ ਤਕਦੀਰ ਮਿਟਾ ਲੈਣੀ ਏਂ ਬੰਦੇ।

ਸਭ ਤਖ਼ਤ ਜੀਹਦੇ ਹੈਣ ਤੇ ਸਭ ਤਾਜ ਨੇ ਜਿਸ ਦੇ।
ਧਰਤੀ ਦੇ ਤੇ ਅਸਮਾਨ ਦੇ ਸਭ ਰਾਜ ਨੇ ਜਿਸ ਦੇ।
ਮੁਹਤਾਜ 'ਫ਼ਕੀਰ' ਉਹਦਾ ਹਾਂ ਮੈਂ ਮੁੱਢ ਕਦੀਮੋਂ,
ਇਲਿਆਸ ਅਤੇ ਖ਼ਿਜ਼ਰ ਜਿਹੇ ਮੁਹਤਾਜ ਨੇ ਜਿਸ ਦੇ।

ਮੁੱਦਤ ਤੋਂ ਨਾ ਨਾਲ ਇਹਦੇ ਬਣ ਆਈ ਮੇਰੀ।
ਹੋਈ ਤੇ ਨਾ ਹੋਣੀ ਏ ਰਸਾਈ ਮੇਰੀ।
ਹੈ ਸਿਰ ਤੇ ਗਿਰਾਂ ਗੁਜ਼ਰਦੀ ਗਰਦਿਸ਼ ਜਦ ਦੀ,
ਤਦ ਦੀ ਏ ਫ਼ਲਕ ਨਾਲ ਲੜਾਈ ਮੇਰੀ।

ਅਵਤਾਰ, ਵਲੀ ਸਾਧ ਤੇ ਸੰਤ ਹੁੰਦੇ ਨੇ ਮਿੱਟੀ।
ਮੁੱਲਾਂ ਤੇ ਪੁਜਾਰੀ ਤੇ ਮਹੰਤ ਹੁੰਦੇ ਨੇ ਮਿੱਟੀ,
ਮਿੱਟੀ ਨੇ 'ਫ਼ਕੀਰ' ਅਸਲੋਂ ਇਹ ਮਿੱਟੀ ਦੇ ਖਿਡੌਣੇ,
ਮਿੱਟੀ ਦੇ ਈ ਬਣਦੇ ਨੇ ਤੇ ਅੰਤ ਹੁੰਦੇ ਨੇ ਮਿੱਟੀ।

ਆਹੰਦੇ ਨੇ ਮਾਨ ਹਿਆਤੀ ਦਾ ਇਹ ਮਾਲ ਹੁੰਦਾ ਏ।
ਵਣਜ ਵਿਚ ਐਸ਼ ਬਹਾਰਾਂ ਦੇ ਦਲਾਕ ਹੁੰਦਾ ਏ।
ਮਾਲ ਵਾਲੇ ਨੇ 'ਫ਼ਕੀਰ ਆਖਦੇ ਪਰ ਮੈਂ ਇਹ ਸੁਣਿਐਂ,
ਮਾਲ ਨਾਲ ਹੱਲ ਨਾ ਕੋਈ ਦਿਲ ਦਾ ਸਵਾਲ ਹੁੰਦਾ ਏ।

ਦਾਨੇ ਦੀ ਸਮਝ-ਸੂਝ ਜੇ ਰਾਸ ਹੋਵੇ ਤੇ ਆਵੇ।
ਦਿਲ ਵਿਚ ਜੇ ਅਦਬ ਦੇ ਕੋਈ ਆਸ ਹੋਵੇ ਤੇ ਆਵੇ।
ਮਜ਼ਮੂਨ ਤੇ ਮਜ਼ਮੂਨ 'ਫ਼ਕੀਰ' ਆਉਂਦੇ ਨੇ ਕੀਕਣ,
ਜਾਣੂ ਜੇ ਕੋਈ ਕਦਰ ਸ਼ਨਾਸ਼ ਹੋਵੇ ਤੇ ਆਵੇ।

ਸੂਝ ਦੀ ਫ਼ਜਰ ਮੇਰੀ ਸੋਚ ਦੀ ਸ਼ਾਮੋਂ ਨਿਕਲੇ।
ਢਲਕਦਾ ਚੰਨ ਅਦਬ ਦਾ ਮੇਰੇ ਜਾਮੋਂ ਨਿਕਲੇ।
ਰੂਪ ਧਾਰੇ ਨੇ ਸਦਾ ਜਿਨ੍ਹਾਂ ਦੇ ਯਾਰਾਂ ਨੇ 'ਫ਼ਕੀਰ',
ਐਸਾ ਮਜ਼ਮੂਨ ਸਦਾ ਮੇਰੇ ਕਲਾਮੋਂ ਨਿਕਲੇ।

ਕੁਦਰਤ ਦਾ ਜ਼ਮਾਨੇ ਤੇ ਨਿਸ਼ਾਨਾ ਮੈਂ ਆਂ।
ਹੈ ਕੁਨ ਜੇ ਕਿਤਾਬ ਇਕ 'ਫ਼ਸਾਨਾ ਮੈਂ ਆਂ।
ਜੋ ਕੁਝ ਵੀ ਏ ਮੌਜ਼ੂਦ 'ਫ਼ਕੀਰ' ਏਥੇ ਹੈ ਮੇਰਾ,
ਮਕਸੂਦ ਜ਼ਮਾਨੇ ਦਾ ਜ਼ਮਾਨਾ ਮੈਂ ਆਂ।

ਬੰਨ੍ਹ ਲੈ ਹਾਂ 'ਫ਼ਕੀਰ' ਇਕ ਨਿਸ਼ਾਨਾ ਕੋਈ।
ਤੂੰ ਆਪ ਵੀ ਸੁਣ ਮੇਰਾ ਫ਼ਸਾਨਾ ਕੋਈ।
ਅਣਗਿਣਤ ਗੁਨਾਹ ਮੇਰੇ ਨੇ ਬੇਅੰਤ ਬਹਾਨੇ,
ਬਖ਼ਸ਼ਿਸ਼ ਤੇਰੀ ਲੱਭਦੀ ਏ ਬਹਾਨਾ ਕੋਈ।

ਹਰ ਦੁਖ ਮੇਰੇ ਦਿਲਦਾਰ ਤੇਰੀ ਦੱਖ ਨੇ ਡਿੱਠਾ।
ਲੱਖ ਇਕ ਨੇ ਡਿੱਠਾ ਏ ਤੇ ਇਕ ਲੱਖ ਨੇ ਡਿੱਠਾ।
ਜਲਵਾ ਵੀ ਤੇਰਾ ਨਜ਼ਰ ਵੀ ਤੇਰੀ ਏ 'ਫ਼ਕੀਰ',
ਤੂੰ ਅੱਖ ਬਣਾਈ ਤੇ ਮੇਰੀ ਅੱਖ ਨੇ ਡਿੱਠਾ।

ਟੱਪਾਂ ਨਾ ਕਿਵੇਂ ਹੁਕਮ ਦਾ ਬੰਨਾ ਮੈਂ 'ਫ਼ਕੀਰ'।
ਆਕੜ ਨਾ ਕਿਵੇਂ ਬੈਠ ਕੇ ਭੰਨਾ ਮੈਂ 'ਫ਼ਕੀਰ'
ਗਰਮੀ ਦੀ ਦੁਪਹਿਰ ਹੋਵੇ ਤੇ ਸ਼ਰਬਤ ਦਾ ਪਿਆਲਾ,
ਪੀਵੇ ਨਾ ਕੋਈ ਫ਼ੇਰ ਤੇ ਮੰਨਾ ਮੈਂ 'ਫ਼ਕੀਰ'।

ਮੂਰਖ਼ ਤੋਂ ਕਦੀ ਅਕਲ ਦਾ ਕੋਈ ਝੱਲ ਨਾ ਸੁਣ।
ਮੁਸ਼ਕਿਲ ਤੋਂ ਤੂੰ ਮੁਸ਼ਕਿਲ ਦਾ ਕੋਈ ਹੱਲ ਨਾ ਸੁਣ।
ਹੁਸ਼ਿਆਰ ਕੋਈ ਇਕ ਸੁਣਾਵੇ ਤੇ ਉਹ ਸੁਣ ਲੈ,
ਬਦਮਸਤ ਦੀ ਸੌ ਸੁਣ ਕੇ ਵੀ ਇਕ ਗੱਲ ਨਾ ਸੁਣ।

ਦਿਨ ਚੜ੍ਹਿਆ ਹੋਇਆ ਉੱਤੋਂ ਕੁਵੇਲਾ ਏ ਦਿਲਾ।
ਆ ਲਾਇਆ ਚਾ ਵਣਜਾਰਿਆਂ ਮੇਲਾ ਏ ਦਿਲਾ,
ਵੇਚੇ ਪਿਆ ਕੋਈ ਜਿਣਸ ਵਿਹਾਜੇ ਪਿਆ ਕੋਈ,
ਤੂੰ ਸੁੱਤਾ ਏਂ ਇਹ ਸੌਣ ਦਾ ਵੇਲਾ ਏ ਦਿਲਾ?

ਦਿਲ ਨੂੰ ਨੇ ਤੇਰੇ ਰਾਗ ਇਹ ਤਾਉਂਦੇ ਮੂਰਖ਼।
ਨਹੀਂ ਵਾਅਜ਼ ਤੇਰੀ ਪਲਕ ਸੁਖਾਂਦੇ ਮੂਰਖ਼।
ਸੋਚ ਆਪ ਤੂੰ ਹੈ ਵਕਤ ਇਬਾਦਤ ਦਾ 'ਫ਼ਕੀਰ',
ਲੱਦ ਭਾਰ ਮੁਸਾਫ਼ਿਰ ਨੇ ਪਏ ਜਾਂਦੇ ਮੂਰਖ਼।

ਕੀਕਣ ਨਾ ਕਰਾਂ ਸ਼ੁਕਰ ਦਿਲੋਂ ਉਹਦੀ ਸਖ਼ਾ ਦਾ।
ਮਿਹਰਾਂ ਦਾ, ਕਰਮ ਰਹਿਮ ਦਾ, ਫ਼ਜ਼ਲਾਂ ਦਾ ਅਤਾ ਦਾ
ਬਖ਼ਸ਼ਿਸ਼ ਏ'ਫ਼ਕੀਰ'ਓਸ ਦੀ ਜੋ ਕੁਝ ਵੀ ਉਹ ਬਖ਼ਸ਼ੇ,
ਜੰਨਤ ਵੀ ਖ਼ੁਦਾ ਦੀ ਏ ਤੇ ਦੋਜਖ਼ ਵੀ ਖ਼ੁਦਾ ਦਾ।

ਜੋ ਆਇਆ ਏ ਅੰਤ ਐਥੋਂ ਉਹ ਇਨਸਾਨ ਟੁਰੇਗਾ।
ਸਭ ਛੱਡ ਕੇ ਇਹ ਸਾਜ਼ ਤੇ ਸਾਮਾਨ ਟੁਰੇਗਾ।
ਦੋ ਦਿਨ ਦੀ 'ਫ਼ਕੀਰ' ਏਥੇ ਹੈ ਲੋਭਾਂ ਦੀ ਤਸੱਲੀ,
ਹੈਰਾਨ ਹਾਂ ਮੈਂ ਓੜਕ ਨੂੰ ਇਹ ਹੈਰਾਨ ਟੁਰੇਗਾ।

ਮੁੱਲਾਂ ਤੂੰ ਗਿਲੇ ਹੋਈ ਦੇ ਬੀਤੀ ਦੇ ਕਰੀ ਜਾਹ।
ਕੁਝ ਜ਼ਿਕਰ ਕਜ਼ਾ ਕੀਤੀ ਦੇ ਨੀਤੀ ਦੇ ਕਰੀ ਜਾਹ।
ਦਿਨ ਰਾਤ ਕਰੀ ਜਾਨਾਂ ਵਾਂ ਮੈਂ ਯਾਦ ਖ਼ੁਦਾ ਦੀ,
ਤੂੰ ਮਸਲੇ ਇਹ ਪਾਕੀ ਤੇ ਪਲੀਤੀ ਦੇ ਕਰੀ ਜਾਹ।

ਮੋਤੀ ਤੇਰੀ ਉਲਫ਼ਤ ਦਾ ਪ੍ਰੋਤਾ ਨਾ ਕਦੀ।
ਮੂੰਹ ਸ਼ਰਮ ਦੇ ਮੁੜ੍ਹਕੇ ਥੀਂ ਇਹ ਧੋਤਾ ਨਾ ਕਦੀ।
ਬੇਆਸ ਕਰਮ ਥੀਂ ਨਹੀਂ ਬੁਝਦੀ ਕਿ 'ਫ਼ਕੀਰ',
ਦਰ ਗ਼ੈਰ ਦੇ ਤੇ ਜਾ ਕੇ ਖਲੋਤਾ ਨਾ ਕਦੀ।

ਬੋਲ-ਬਾਲਾ ਏ ਤੇਰਾ ਸੋਚ ਵਿਚਾਰੀ ਮੇਰੀ,
ਪੈਰ ਪੈਰ ਉੱਤੇ ਸਦਾ ਹਿੰਮਤ ਏ ਹਾਰੀ ਮੇਰੀ।
ਰਹਿਮਤ ਲਈ ਤੇਰੀ ਏ 'ਫ਼ਕੀਰ' ਏਹੋ ਈ ਤੋਹਫ਼ਾ,
ਕਰ ਮੌਲਾ ਕਬੂਲ ਸ਼ਰਮਸਾਰੀ ਮੇਰੀ।

ਲਿਖਿਆ ਦਿਲ ਵਿਚ ਤੇਰਾ ਨਾਮ ਏ ਸਾਕੀ।
ਊਚਾ ਅਰਸ਼ੋਂ ਮੇਰਾ ਮੁਕਾਮ ਏ ਸਾਕੀ,
ਸੂਝ ਬੇਵਸ ਤੇਰੀ ਮਸਤੀ ਥੀਂ 'ਫ਼ਕੀਰ',
ਮੇਰੀ ਹਰ ਬਾਤ ਤੇਰਾ ਕਲਾਮ ਏ ਸਾਕੀ।

ਮੋਮਨ ਇਹ ਜ਼ਮਾਨੇ ਦੇ ਤੇ ਕਾਫ਼ਰ ਸਾਰੇ।
ਬਿਨ ਜ਼ਾਤ ਨੇ ਸੰਸਾਰ ਤੇ ਵਾਫ਼ਰ ਸਾਰੇ।
ਟੁਰ ਜਾਣਗੇ ਪਾਂਧੀ ਇਹ ਸਵੇਰੇ ਈ 'ਫ਼ਕੀਰ',
ਦੁਨੀਆ ਦੀ ਸਰਾਂ ਦੇ ਨੇ ਮੁਸਾਫ਼ਰ ਸਾਰੇ।

ਡਾਕੂ ਜਿਹੇ ਦੁਨੀਆ ਦੇ ਨਿਗੇਹਬਾਨ ਬਣਾਏ।
ਦੀਵਾਨੇ ਜੀਹਦੀ ਅਕਲ ਨੇ ਦੀਵਾਨ ਬਣਾਏ।
ਮੰਗਤਾ ਹਾਂ 'ਫ਼ਕੀਰ' ਓਸ ਦੇ ਦਮ ਦਾ ਮੈਂ ਕਦੀਮੀ,
ਕੁਰਬਾਨ ਜਿਹਨੇ ਜੱਗ ਦੇ ਸੁਲਤਾਨ ਬਣਾਏ।

ਆਵੇ ਵੀ ਕਿਤੋਂ ਹੱਠ ਕੋਈ ਮਰਦਾਨਾ ਵਤਨ ਦਾ।
ਹੋਵੇ ਵੀ ਕਦੀ ਊਚਾ ਕਿਤੇ ਸ਼ਾਨਾ ਵਤਨ ਦਾ।
ਆਜ਼ਾਦ ਸ਼ੱਮਾ ਬਲਦੀ 'ਫ਼ਕੀਰ' ਆਪ ਪੁਕਾਰੇ,
ਪਰਵਾਨਾ ਵਤਨ ਦਾ ਕੋਈ ਪਰਵਾਨਾ ਵਤਨ ਦਾ।

ਰੌਣਕ ਨਾ ਖ਼ੁਤਨ ਦੀ ਏ ਨਿਰਾ ਨਾਫ਼ਾ ਖ਼ੁਤਨ ਦਾ।
ਘਟਦਾ ਨਹੀਂ ਕੁਝ ਤੇਰੇ ਘਟਣ ਨਾਲ ਵਤਨ ਦਾ।
ਕੁਰਲਾਉਂਦੇ 'ਫ਼ਕੀਰ' ਏਥੋਂ ਨੇ ਗਏ ਲੱਖਾਂ ਈ ਬੁਲਬੁਲ,
ਵਿਹੜਾ ਅਜੇ ਆਬਾਦ ਏ ਉਂਜੇ ਹੀ ਚਮਨ ਦਾ।

ਸੰਸਾਰ ਤੇ ਇਕ ਦੁਖ ਮਦਾਮੀ ਏ ਗ਼ੁਲਾਮੀ।
ਜ਼ੁਲਮਾਂ ਦੀ ਤੇ ਸਿਤਮਾਂ ਦੀ ਸਲਾਮੀ ਏ ਗ਼ੁਲਾਮੀ।
ਮਰ ਜਾਣ ਤੋਂ ਬਦ ਤਰ ਏ ਜੀਹਦੇ ਨਾਲ ਹਿਆਤੀ,
ਮਰਦੂਦ ਗ਼ੁਲਾਮੀ ਏ ਗ਼ੁਲਾਮੀ ਏ ਗ਼ੁਲਾਮੀ।

ਮੀਰਾਸ ਮੇਰੀ ਜੱਗ ਤੇ ਇਮਲਾਕ ਵਤਨ ਦੀ।
ਆਸਮਾਨ ਵੀ ਏ ਪਾਕ ਜ਼ਮੀਨ ਪਾਕ ਵਤਨ ਦੀ।
ਜਿਉਣਾ ਵਾਂ ਮੈਂ ਜੇ ਕਰ ਤੇ 'ਫ਼ਕੀਰ' ਇਹਦੇ ਸਹਾਰੇ,
ਮੋਇਆਂ ਵੀ ਸਮੇਟੇਗੀ ਬਦਨ ਖ਼ਾਕ ਵਤਨ ਦੀ।

ਜਾਨ ਹੈ ਜੇ ਕਰਾਂ ਨਜ਼ਰ ਕਦੀ ਅਪਣੇ ਵਤਨ ਦੀ।
ਛਾਤੀ ਏ ਮੇਰੇ ਗ਼ਮ ਥੀਂ ਸਦਾ ਚਾਕ ਵਤਨ ਦੀ।
ਜਾਣਾਂ ਮੈਂ 'ਫ਼ਕੀਰ' ਇਹਨੂੰ ਹਰ ਇਕ ਰੋਗ ਦਾ ਦਾਰੂ,
ਅਕਸੀਰ ਹੈ ਅਕਸੀਰ ਨਿਰੀ ਖ਼ਾਕ ਵਤਨ ਦੀ।

ਪੁਖ਼ਤਾ ਤਦਬੀਰ ਬਣੇ ਖ਼ਾਮ ਖ਼ਿਆਲੀ ਮੇਰੀ।
ਬਾਗ਼ ਵਿਚ ਜਾਣ ਤੇ ਨਕਲ ਕਰਦੇ ਨੇ ਬਾਲੀ ਮੇਰੀ।
ਵੇਖ ਕੇ ਹਸਣਾ 'ਫ਼ਕੀਰ' ਅਪਣੀ ਬੇਹੁਨਰੀ ਤੇ,
ਮੂਰਖ਼ ਦਾ ਕਮਾਲ ਏ ਬੇਕਮਾਲੀ ਮੇਰੀ।

ਗ਼ੱਦਾਰ ਥੀਂ ਏ ਸਾਰ ਵਤਨ ਦੀ ਲੈਣੀ।
ਹਬਸ਼ੀ ਥੀਂ ਸਲਾਹ ਲਾਲ ਯਮਨ ਦੀ ਲੈਣੀ।
ਦਾਨਾ ਕੋਈ ਜੇ ਸੁਣ ਕੇ ਰਹਵੇ ਚੁੱਪ ਤੇ ਚੰਗਾ,
ਮੂਰਖ਼ ਥੀਂ ਬੁਰੀ ਦਾਦ ਸੁਖ਼ਨ ਦੀ ਲੈਣੀ।

ਸੂਝ ਲੌਂਡੀ ਏ ਮੇਰੀ ਫ਼ਿਕਰ ਗ਼ੁਲਾਮ ਏ ਮੇਰਾ।
ਆਸਰਾ ਕੂੜ ਦਿਮਾਗ਼ਾਂ ਦਾ ਕਲਾਮ ਏ ਮੇਰਾ।
ਨਜ਼ਮ ਦੀ ਨਜ਼ਮ 'ਫ਼ਕੀਰ' ਇਹ ਤੇ ਚੁਰਾ ਲੈਂਦੇ ਨਹੀਂ,
ਸ਼ਿਅਰ ਚੋਰਾਂ ਦੀਆਂ ਜੱਦਾਂ ਨੂੰ ਸਲਾਮ ਏ ਮੇਰਾ।

ਭੇਤੀ ਕੋਈ ਸਮਝੇ ਜੇ ਦਿਲੀ ਰਾਜ਼ ਨੂੰ ਸਮਝੇ।
ਬੇਸਾਜ਼ ਕਿਵੇਂ ਕੋਈ ਮੇਰੇ ਸਾਜ਼ ਨੂੰ ਸਮਝੇ।
ਮਹਿਰਮ ਈ ਕੋਈ ਹੋਵੇ ਮੇਰੇ ਬੋਲ ਦਾ ਮਹਿਰਮ,
ਮਨਸੂਰ ਈ "ਅੱਨਲਹੱਕ" ਦੀ ਆਵਾਜ਼ ਨੂੰ ਸਮਝੇ।

ਤੀਲਾ ਵਾਂ ਕਦਮ ਕਦਮ ਤੇ ਰਹਿ ਜਾਨਾ ਮੈਂ।
ਬੁਲਬੁਲਾ ਪਾਣੀ ਦਾ ਹਾਂ ਬਣਦਾ ਤੇ ਢੈ ਜਾਨਾ ਮੈਂ।
ਟੁਰਨ ਦਾ ਜ਼ੋਰ ਖਲੋਵਣ ਦੀ ਨਾ ਹਿੰਮਤ ਏ 'ਫ਼ਕੀਰ'
ਔਖੀ ਬਣਦੀ ਏ ਜਿਹੜੀ ਉਹ ਸਹਿ ਜਾਨਾ ਮੈਂ।

ਅੱਤ ਜਦ ਫ਼ਲਕ ਇਹ ਕਰਦਾ ਏ ਤਰਿਹ ਜਾਨਾ ਮੈਂ।
ਦਿਲ ਤੇ ਧਰ ਲੈਨਾਂ ਵਾਂ ਇਕ ਹੱਥ ਤੇ ਬਹਿ ਜਾਨਾ ਮੈਂ।
ਹੌਸਲਾ ਮੇਰਾ ਵੀ ਪਰ ਘੱਟ ਨਹੀਂ ਯਾਰ 'ਫ਼ਕੀਰ',
ਜ਼ੁਲਮ ਜਿੰਨੇ ਵੀ ਇਹ ਕਰਦਾ ਏ ਉਹ ਸਹਿ ਜਾਨਾਂ ਮੈਂ।

ਹੈ ਗੁਨਾਹ ਜੇ ਮਿਲਣਾ ਤੇ ਨਿਗਾਹਵਾਂ ਦਾ 'ਫ਼ਕੀਰ'।
ਹੈ ਕੋਈ ਥਕੇਵਾਂ ਤੇ ਹੈ ਰਾਹਵਾਂ ਦਾ 'ਫ਼ਕੀਰ'
ਮਰਨਾ ਏ ਬੜਾ ਸਹਿਲ ਕਰਾਂ ਮਰਨ ਦਾ ਕੀ ਗ਼ਮ,
ਨਹੀਂ ਮੌਤ ਦਾ ਡਰ, ਡਰ ਏ ਗੁਨਾਹਵਾਂ ਦਾ 'ਫ਼ਕੀਰ'।

ਧੱਕੇ ਦੇ ਤਕੱਬਰ ਨੂੰ ਸਲਾਮੀ ਲਾਅਨਤ।
ਛੱਡ ਖ਼ੁਦ ਨੂੰ ਭਰਨੀ ਗ਼ੈਰ ਦੀ ਹਾਮੀ ਲਾਅਨਤ।
ਆਖਾਂਗਾ ਮੈਂ ਸੌ ਵਾਰ 'ਫ਼ਕੀਰ' ਆਖਾਂਗਾ,
ਲਾਅਨਤ ਨਿਰੀ ਲਾਅਨਤ ਏ ਗ਼ੁਲਾਮੀ ਲਾਅਨਤ।

ਕੀਤੀ ਜਦੋਂ ਵੀ ਕਾਰ ਨਿਕਾਰੀ ਕੀਤੀ।
ਐਵੇਂ ਹਿਆਤੀ ਜ਼ਾਇਆ ਮੈਂ ਸਾਰੀ ਕੀਤੀ।
ਹੈ ਯਾਦਗਾਰ ਉਮਰ ਦਾ ਉਹੋ ਵਕਫ਼ਾ,
ਦਿਨ ਦੀ ਖ਼ੁਸ਼ੀ ਤੇ ਰਾਤ ਜਾਂ ਜ਼ਾਰੀ ਕੀਤੀ।

ਚਿੰਤਾ, ਮਗਰ ਧਰਵਾਸ ਏ ਅੱਗੇ ਅੱਗੇ।
ਪੱਥਰ ਮਗਰ ਅਲਮਾਸ ਏ ਅੱਗੇ ਅੱਗੇ।
ਮੰਜ਼ਿਲ ਦੀ ਵਾਏ ਝੂਲਦਾ ਜਾਨਾਂ 'ਫ਼ਕੀਰ',
ਪਿੱਛੇ ਵੇ ਮੌਤ ਆਸ ਏ ਅੱਗੇ ਅੱਗੇ।

ਸੋਚ ਪੱਕੀ ਏ ਮੇਰੀ ਸ਼ੌਕ ਏ ਕਾਮਿਲ ਮੇਰਾ।
ਖ਼ਿਜ਼ਰ, ਇਲਿਆਸ ਦਾ ਹਾਸਿਲ ਨਹੀਂ ਹਾਸਿਲ ਮੇਰਾ,
ਦਰਿਆ ਏ 'ਫ਼ਕੀਰ' ਅਮਲ ਦਾ ਨਜ਼ਰਾਂ ਨੇ ਚੱਪੂ,
ਬੇੜੀ ਮੇਰਾ ਸੀਨਾ ਏ ਮੱਲਾਹ ਦਿਲ ਮੇਰਾ।

ਝੂਠ ਏ ਥੱਕ ਕੇ ਰਾਹੋਂ ਪਿਛਾਂਹ ਭੌਂ ਜਾਨਾਂ ਮੈਂ।
ਹਾਂ ਕਦੀ ਤੇਰੀ ਉਡੀਕੋਂ ਜ਼ਰਾ ਝੌਂ ਜਾਨਾਂ ਮੈਂ।
ਆਵੇ ਨੀਂਦਰ ਨਾ 'ਫ਼ਕੀਰ' ਉਂਜ ਤੇ ਅੱਖਾਂ ਨੂੰ ਕਦੀ,
ਖ਼ਾਬ ਤੇਰਾ ਆਉਣ ਦੀ ਆਸ ਤੇ ਸੌਂ ਜਾਨਾਂ ਮੈਂ।

ਥੱਕ ਕੇ ਸੁਰਤ ਤੇਰੀ ਤੋਂ ਜਦੋਂ ਭੋਂ ਜਾਨਾਂ ਮੈਂ।
ਗਾਉਣ ਬੇਸੁਰਤ ਜਿਹੇ ਰਾਗ ਦਾ ਗੌਂ ਜਾਨਾਂ ਮੈਂ
ਯਾਦ ਕਰਦੀ ਹੈ ਤੇਰੀ ਰਾਤ ਨੂੰ ਜਦ ਮਹਿਬ 'ਫ਼ਕੀਰ',
ਨਹੀਂ ਪਤਾ ਜਾਗਦਾ ਰਹਿਣਾ ਵਾਂ ਕਿ ਸੌਂ ਜਾਨਾਂ ਮੈਂ।

ਮਹਿਲ ਅਮਲ ਦਾ ਤੇਰਾ ਤੇ ਪਨ੍ਹਾ ਤੇਰੀ ਏ ਮੌਲਾ।
ਇਹ ਤੂਰ ਤੇਰਾ ਤੇ ਉਹ ਅਦਾ ਤੇਰੀ ਏ ਮੌਲਾ।
ਜੋ ਕੀਤਾ ਏ ਉਹ ਠੀਕ ਏ ਤੇ ਜੋ ਕਰਨਾ ਏਂ ਬਰਹੱਕ,
ਇਕ ਅਮਰ ਤੇਰਾ ਇਕ ਰਜ਼ਾ ਤੇਰੀ ਏ ਮੌਲਾ।

ਜਾਨ ਥੀਂ ਇਕ ਤੇ ਸ਼ਕਲਾਂ ਥੀਂ ਜੁਦਾ ਨੇ ਸਾਰੇ।
ਅਮਰ ਇੱਕੋ ਦਾ ਤੇ ਇੱਕੋ ਦੀ ਰਜ਼ਾ ਨੇ ਸਾਰੇ।
ਬੁੱਤਾਂ ਨੂੰ 'ਫ਼ਕੀਰ' ਆਹੰਦੀ ਅਕਲ ਹੈਨ ਇਹ ਪੱਥਰ,
ਸੂਝ ਬੇਅੰਤ ਪਰ ਆਹੰਦੀ ਏ ਖ਼ੁਦਾ ਨੇ ਸਾਰੇ।

ਸ਼ੱਕ ਦੇ ਪੱਲੇ ਕਦੀ ਤੁਲ ਕੇ ਤੋਬਾ ਨਾ ਕਰਾਂ।
ਕਿਬਰ ਦੀ ਲਾਰ ਤੇ ਮੈਂ ਫੁੱਲ ਕੇ ਤੋਬਾ ਨਾ ਕਰਾਂ।
ਖ਼ੁਦ ਘਟਾਵਾਂ ਕਿਵੇਂ ਹਿੱਸਾ ਤੇਰੀ ਬਖ਼ਸ਼ਿਸ਼ ਦਾ 'ਫ਼ਕੀਰ'
ਮੈਂ ਗੁਨਾਹਵਾਂ ਤੋਂ ਕਦੀ ਭੁੱਲ ਕੇ ਤੋਬਾ ਨਾ ਕਰਾਂ।

ਵੇਖਦਾ ਕੋਰ ਕਿਵੇਂ ਹੁਨਰਮੰਦੀ ਮੇਰੀ।
ਲਾਗ ਨੂੰ ਆਈਨਜ਼ਰ ਖ਼ੁਦਪਸੰਦੀ ਮੇਰੀ।
ਗ਼ੈਰ ਦੇ ਮੂੰਹੋਂ ਨਾ ਇਕ ਸ਼ਿਅਰ ਜ਼ਮਾਨਾ ਸੁਣਦਾ,
ਕਰਦਾ ਜੇ ਕਦੀ ਜ਼ੁਬਾਨ-ਬੰਦੀ ਮੇਰੀ।

ਸਮਝੇ ਇਹ ਕਿਰਨ ਓਸ ਤੋਂ ਜੁਦਾ ਏ ਸੂਰਜ।
ਅਕਲ ਹਸਦੀ ਏ ਕਿ ਕਿਰਨਾਂ ਦੀ ਬਿਨਾ ਏ ਸੂਰਜ।
ਆਖਣਾ ਮੈਂ ਤੇ 'ਫ਼ਕੀਰ' ਹੈ ਇਹ ਖ਼ੁਦਾ ਦੀ ਮਖ਼ਲੂਕ,
ਵੇਖ ਕੇ ਆਖਦਾ ਏ ਜ਼ਰਤਸ਼ਤ ਖ਼ੁਦਾ ਏ ਸੂਰਜ।

ਮਿਲ ਗਿਆ ਜੀਹਨੂੰ ਜ਼ਰਾ ਕੂ ਵੀ ਸਹਾਰਾ ਤੇਰਾ।
ਹੋ ਗਿਆ ਓਸ ਦਾ ਸੰਸਾਰ ਇਹ ਸਾਰਾ ਤੇਰਾ।
ਬਾਦਸ਼ਾਹ ਬਣ ਕੇ 'ਫ਼ਕੀਰ' ਓਸ ਦੇ ਦਰ ਤੇ ਪਹੁੰਚੇ,
ਜਿਸ ਗਦਾ ਵੇਖ ਲਿਆ ਸਖ਼ੀਆ ਦੁਆਰਾ ਤੇਰਾ।

ਇਹ ਹੋਰ ਕੋਈ ਵਾਹਰ ਧਕਾਣੀ ਨਾ ਬਣਾਦੇ।
ਖ਼ਲਕਤ ਇਹ ਮਤੇ ਤੰਦ ਦੀ ਤਾਣੀ ਨਾ ਬਣਾ ਦੇ।
ਛੁਪ ਛੁਪ ਕੇ ਨਾ ਵੇਖ 'ਫ਼ਕੀਰ' ਅੜਿਆ ਸਾਨੂੰ,
ਦੁਨੀਆ ਇਹ ਮਤੇ ਇਹਨੂੰ ਵੀ ਕਹਾਣੀ ਨਾ ਬਣਾ ਦੇ।

ਰਹੇ ਯਾਦ ਸਦਾ ਦਿਲ ਨੂੰ ਤੇਰੀ ਯਾਦ ਦੀ ਤਲਖ਼ੀ।
ਵੇਖਦਾ ਏ ਜ਼ਮਾਨਾ ਮੇਰੀ ਫ਼ਰਿਆਦ ਦੀ ਤਲਖ਼ੀ।
ਕੱਲ੍ਹ ਨਹਿਰ ਦੇ ਕੰਢੇ ਤੇ 'ਫ਼ਕੀਰ' ਆਹੰਦਾ ਸੀ ਕੋਈ,
ਸੀਰੀਂ ਏ ਬੜੀ ਸ਼ੀਰੀਂ ਏ ਫ਼ਰਿਹਾਦ ਦੀ ਤਲਖ਼ੀ।

ਡੋਬਦਾ ਵਿੱਚ ਏ ਯਾ ਲਾਉਂਦਾ ਏ ਕਿਨਾਰੇ ਮੈਨੂੰ।
ਕੀ ਪਤਾ ਇਹਦਾ ਇਹ ਡੋਬੇ ਯਾ ਤਾਰੇ ਮੈਨੂੰ।
ਅਪਣੀ ਮਰਜ਼ੀ ਦਾ ਨਾਂ ਇਸ਼ਕ ਮੁਹਾਨਾ ਏਂ 'ਫ਼ਕੀਰ',
ਵੇਖੀਏ ਅੰਤ ਇਹ ਕਿਸ ਘਾਟ ਉਤਾਰੇ ਮੈਨੂੰ।

ਤੂੰ ਲੋਭ ਏਂ ਨਿਰਾ ਲੋਭ ਸੁਣ ਓਏ ਅੱਤਿਆਚਾਰੀ।
ਤੂੰ ਪੂਜਦਾ ਪ੍ਰਭੂ ਨੂੰ ਏਂ ਜਾਂ ਏਂ ਪੇਟ ਪੁਜਾਰੀ।
ਹੈ ਫ਼ਰਕ 'ਫ਼ਕੀਰ' ਇਹਦੇ ਤੇਰੇ ਵਿਚ ਏ ਐੈਨਾ,
ਜਗ ਵਣਜਾਂ ਦਾ ਵਣਜਾਰਾ ਤੂੰ ਮੰਦਰ ਦਾ ਪੁਜਾਰੀ।

ਮੂਰਖ਼ ਲਈ ਮਗ਼ਰੂਰ ਤੇ ਦਾਨੇ ਦੇ ਲਈ।
ਦਿਲ ਦੁਖਦਾ ਏ ਹਰ ਅਪਣੇ ਬੇਗਾਨੇ ਦੇ ਲਈ।
ਹੰਝੂ ਨਾ ਕਦੀ ਹੈਨ ਫ਼ਕੀਰ ਐਵੇਂ ਵੰਜਾਏ,
ਮੈਂ ਰੋਇਆ ਜਦੋਂ ਰੋਇਆ ਜ਼ਮਾਨੇ ਦੇ ਲਈ।

ਬੋਹਕਰੋਂ ਨਿਕਲ ਕੇ ਤੀਲਾ ਇਕ ਕੱਖ ਹੋਵੇ ਦਿਲਾ।
ਇਕ ਦੀ ਇੱਕ ਤੇ ਦੋਂਹ ਦੀ ਦੂਣੀ ਦੱਖ ਹੋਵੇ ਦਿਲਾ।
ਇਕ ਹੁੰਦਾ ਰਲ ਕੇ ਪੰਜਾਂ ਮਾੜਿਆਂ ਦੇ ਨਾਲ ਰਹੋ,
ਇਕ ਪੰਜਾਂ ਨੁਕਤਿਆਂ ਦੇ ਨਾਲ ਲੱਖ ਹੋਵੇ ਦਿਲਾ।

ਰੂਪ ਨੂੰ ਰੂਪ ਜਵਾਨੀ ਨੂੰ ਜਵਾਨੀ ਨਾ ਸਮਝ।
ਨਜ਼ਰ ਦਾ ਝੱਲ ਨਾ ਖਾਹ ਰੇਤ ਨੂੰ ਪਾਣੀ ਨਾ ਸਮਝ।
ਦਮ ਦਾ ਧੌਖਾ 'ਫ਼ਕੀਰ' ਜ਼ਿੰਦਗੀ ਏ ਤੇਰੀ,
ਦਮ ਦੇ ਧੋਖੇ ਨੂੰ ਜ਼ਿੰਦਗਾਨੀ ਨਾ ਸਮਝ।

ਕੀਤੀ ਤੇਰੀ ਯਾਰ ਉਂਜੇ ਈ ਮੁੜ ਸਹਿਣਗੇ ਵੇਖੀਂ।
ਸਿਰ ਤੇ ਜੋ ਚੜ੍ਹੇ ਨੇ ਉਹ ਸਿਰੋਂ ਲਹਿਣਗੇ ਵੇਖੀਂ।
ਕਰ ਯਾਦ ਫ਼ਰਾਖੀ ਨੂੰ ਨਾ ਤੰਗੀ ਦਾ ਜ਼ਮਾਨਾ,
ਉਹ ਦਿਨ ਨਹੀਂ ਰਹੇ ਨਾ ਇਹ ਰਹਿਣਗੇ ਦੇਖੀਂ।

ਪੁੱਛਣ ਹੁਣ ਮੇਰਾ ਕੋਈ ਹਾਲ ਆਵੇ ਨਾ ਆਵੇ।
ਦਿਲ ਵਿਚ ਤੇਰੀ ਉਲਫ਼ਤ ਦਾ ਉਬਾਲ ਆਵੇ ਨਾ ਆਵੇ।
ਝਾਕੀ ਸੀ ਇਹ ਤਦ ਤੱਕ 'ਫ਼ਕੀਰ' ਹੋਸ਼ ਸੀ ਜਦ ਤੱਕ,
ਹਾਂ ਮਸਤ ਮੈਂ ਹੁਣ ਤੇਰਾ ਖ਼ਿਆਲ ਆਵੇ ਨਾ ਆਵੇ।

ਆਹ ਡਰੂ ਸਾਰੇ ਨੇ ਘਰਾਣੇ ਵਾਲੇ।
ਉਹ ਗਦਾ ਹੈਣ ਬਣੇ ਸ਼ਾਨ ਸੁਹਾਣੇ ਵਾਲੇ।
ਫ਼ਿਕਰ ਤੂੰ ਕਰਨੈਂ ਕਿਉਂ ਐਵੇਂ ਜ਼ਮਾਨੇ ਦਾ 'ਫ਼ਕੀਰ',
ਆਪੇ ਕਰ ਲੈਣਗੇ ਫ਼ਿਕਰ ਆਪ ਜ਼ਮਾਨੇ ਵਾਲੇ।

ਸੱਜਣ ਤੋਂ ਨਾ ਵੈਰੀ ਤੋਂ ਵਲਾਂਦੇ ਨੇ ਕਮੀਨੇ।
ਖੰਭਾਂ ਦੀਆਂ ਡਾਰਾਂ ਚਾ ਬਣਾਂਦੇ ਨੇ ਕਮੀਨੇ।
ਲਏ ਦਿੱਤੇ ਨੂੰ ਰੱਖਦੇ ਨੇ ਸਦਾ ਯਾਦ ਵਿਵਹਾਰੀ,
ਖਾਧੇ ਤੇ ਖਵਾਏ ਨੂੰ ਜਿਤਾਂਦੇ ਨੇ ਕਮੀਨੇ।

ਸ਼ਿਰਕ ਤੌਹੀਦ ਦਾ ਅੱਜ ਕਰਦੇ ਨਖੇੜਾ ਸਾਕੀ।
ਕੰਨ ਬਸ ਹੁਣ ਨਾ ਸੁਨਣ ਜੀਭ ਦਾ ਝੇੜਾ ਸਾਕੀ।
ਰੋੜ੍ਹ ਕੇ ਵਹਿਣ ਯਕੀਨਾ ਦੇ 'ਫ਼ਕੀਰ' ਅੱਜ ਮੈਨੂੰ,
ਡੋਬ ਦੇ ਸ਼ੱਕ ਤੇ ਵਿਸ਼ਵਾਸ ਦਾ ਬੇੜਾ ਸਾਕੀ।

ਜ਼ਿੰਦਗੀ, ਐਸ਼, ਸੁਹੱਪਣ ਤੇ ਜਵਾਨੀ ਫ਼ਾਨੀ।
ਜਾਨ ਫ਼ਾਨੀ ਯਾਂ ਵਿਚਾਰੀ ਅਤੇ ਜਾਨੀ ਫ਼ਾਨੀ।
ਤਾਜ ਤੇ ਤਖ਼ਤ ਇਹ ਸ਼ਾਹੀ ਤੇ 'ਫ਼ਕੀਰ' ਇਹ ਦੌਲਤ,
ਜਗ ਮਗ਼ਰੂਰ ਪੁਕਾਰੇ ਪਿਆ ਫ਼ਾਨੀ ਫ਼ਾਨੀ।

ਜ਼ਿੰਦਗੀ ਕੀ ਏ ਨਿਰੀ ਸ਼ਰਮ ਖ਼ੁਆਰੀ ਸਾਰੀ।
ਫਿਰਦੇ ਮਗ਼ਰੂਰ ਨੇ ਕਿਉਂ ਸੁਰਤ ਵਿਸਾਰੀ ਸਾਰੀ।
ਐਵੇਂ ਇਕ ਮੇਲਾ ਏ ਦੋ ਦਿਨ ਦਾ'ਫ਼ਕੀਰ' ਇਹ ਦੁਨੀਆ,
ਕਬਰ ਵਿਚ ਅੰਤ ਨੂੰ ਜਾ ਸੌਂਣਗੇ ਹਾਰੀ ਸਾਰੀ।

ਫ਼ਾਨੀ ਦੁਨੀਆ ਏ 'ਫ਼ਕੀਰ' ਐਵੇਂ ਤੂੰ ਜਾਤੀ ਕੀ ਏ।
ਜ਼ਿੰਦਗੀ ਜੇ ਤੂੰ ਪਛਾਤੀ ਤੇ ਪਛਾਤੀ ਕੀ ਏ।
ਬੁਲਬੁਲਾ ਪਾਣੀ ਦਾ ਬਣਦਾ ਏ ਤੇ ਢੈ ਜਾਂਦਾ ਏ,
ਗ਼ਾਫ਼ਲਾ ਸੋਚ ਜ਼ਰਾ ਸੋਚ ਹਿਆਤੀ ਕੀ ਏ।

ਧੁਪ ਵਿਚ ਉਮਰ ਦੀ ਸਭ ਨਾਲ ਦੇ ਸਾਏ ਨਿਕਲੇ।
ਵੈਰੀਆਂ ਯਾਰਾਂ ਦੇ ਨੇ ਰੂਪ ਵਟਾਏ ਨਿਕਲੇ।
ਜਿਉਂਦਿਆਂ ਜਾਤੇ 'ਫ਼ਕੀਰ' ਅਪਣੇ ਜਿਹੜੇ ਮਹਿਰਮ,
ਮਰ ਕੇ ਡਿੱਠਾ ਤੇ ਉਹ ਸਾਰੇ ਈ ਪਰਾਏ ਨਿਕਲੇ।

ਦਾਅਵਤ ਸਭ ਮਿਹਰ ਮੁਹੱਬਤ ਦੀ ਫ਼ਸਾਨੇ ਨਿਕਲੇ।
ਭੜ ਨਿਰੇ ਵੈਰ ਦੇ ਯਾਰਾਂ ਦੇ ਯਾਰਾਨੇ ਨਿਕਲੇ।
ਕਬਰ ਤੀਕਰ ਏ 'ਫ਼ਕੀਰ' ਆ ਕੇ ਜੋਹ ਲਿਆ ਸਭ ਨੂੰ,
ਨਾ ਕੋਈ ਅਪਣੇ ਨਿਕਲੇ ਨਾ ਬੇਗਾਨੇ ਨਿਕਲੇ।

ਸੂਝ ਦੇ ਪੱਲੇ ਵਿਚ ਹੋਣੀ ਕਦੇ ਤੋਲੀ ਨਾ ਗਈ।
ਜੀਭ ਥੀਂ ਦਿਲ ਦੀ ਕੋਈ ਬੋਲੀ ਵੀ ਬੋਲੀ ਨਾ ਗਈ।
ਖੋਲ੍ਹ ਦਿੱਤੇ ਨੇ 'ਫ਼ਕੀਰ' ਏਸ ਹਜ਼ਾਰਾਂ ਅਕੀਦੇ,
ਗੁੰਝਲ ਇਕ ਮੌਤ ਦੀ ਪਰ ਅਕਲ ਤੋਂ ਖ੍ਹੋਲੀ ਨਾ ਗਈ।

ਕੌਣ ਕਹਿੰਦਾ ਏ ਨਹੀਂ ਪਾਸ ਜੁਰਮ ਦਾ ਮੈਨੂੰ।
ਭਰਮ ਕਹਿੰਦੇ ਨੇ ਮੁਹੱਬਤ ਦੇ ਭਰਮ ਦਾ ਮੈਨੂੰ।
ਜ਼ਾਹਿਦ ਕਹਿੰਦਾ ਏ ਅਮਲ ਮੇਰੇ ਨੂੰ ਮਰਦੂਦ 'ਫ਼ਕੀਰ',
ਆਸਰਾ ਫ਼ੇਰ ਵੀ ਏ ਤੇਰੇ ਕਰਮ ਦਾ ਮੈਨੂੰ।

ਨਹੀਂ ਜਾਣਦਾ ਮੰਜ਼ਿਲ ਨੂੰ ਤੇ ਰਾਹੀ ਕੀ ਏ।
ਮਜਬੂਰ ਖਲੋਤਾ ਇਹ ਸਿਪਾਹੀ ਕੀ ਏ।
ਕੀ ਫ਼ਰਕ ਵਜ਼ੀਰੀ ਤੇ ਫ਼ਕੀਰੀ ਦਾ 'ਫ਼ਕੀਰ',
ਬਾਦਸ਼ਾਹ ਨੇ ਵੀ ਜੇ ਮਰਨਾ ਏ ਤੇ ਸ਼ਾਹੀ ਕੀ ਏ।

ਮਿਸਲ ਨੂੰ ਜੋ ਨਾ ਉਠਾ ਸਕੇ ਉਹ ਲੀਡਰ ਕਾਹਦਾ।
ਨਾਲ ਗੱਲਾਂ ਦੇ ਨਾ ਜਿੱਤੇ ਤੇ ਪਲੀਡਰ ਕਾਹਦਾ।
ਨਾ ਨਖੇੜੇ ਜੋ ਭਰਾਵਾਂ ਨੂੰ ਉਹ ਕਾਹਦਾ ਇਮਾਮ,
ਕੌਮ ਨੂੰ ਵੇਚ ਕੇ ਨਾ ਖਾਏ ਉਹ ਲੀਡਰ ਕਾਹਦਾ।

ਰੱਬ ਦਾ ਫ਼ਜ਼ਲ ਸੀ ਉੱਤੋਂ ਅਸੀਂ ਰੀਡਰ ਨਾ ਬਣੇ।
ਫ਼ੀਸ ਵਾਂਦੀ ਸੀ ਪਰ ਅਫ਼ਸੋਸ ਪਲੀਡਰ ਨਾ ਬਣੇ।
ਦੇਸ ਮੂਰਖ ਸੀ 'ਫ਼ਕੀਰ' ਆਪ ਵੀ ਮੂਰਖ ਨਿਕਲੇ,
ਨਾ ਬਣੇ ਪੀਰ ਕਿਤੇ ਕੌਮ ਦੇ ਲੀਡਰ ਨਾ ਬਣੇ।

ਨਾ ਸਾਂਝ 'ਫ਼ਕੀਰ ਅੱਜ ਦੀ ਨਾ ਸਾਕ ਏ ਹੁਣ ਦਾ।
ਜਾਣੂ ਆਂ ਅਜਲ ਤੋਂ ਤੇ ਹੈ ਸਾਥ ਵੀ ਕੁਨ ਦਾ।
ਏਹੋ ਜਿਹਾ ਬੰਦਾ ਤੇ ਖ਼ੁਦਾ ਦੋਵੇਂ ਆ,ਐਪਰ,
ਉਹ ਸੁਣਦਾ ਨਾ ਮੇਰੀ ਏ ਤੇ ਮੈਂ ਉਹਦੀ ਨਹੀਂ ਸੁਣਦਾ।

ਅਸਮਾਨ ਇਹ ਤੇਰਾ ਏ ਇਹ ਤਾਰੇ ਤੇਰੇ।
ਨਿੰਮੇ ਤੇ ਬੜੇ ਸ਼ੋਖ਼ ਨਜ਼ਾਰੇ ਤੇਰੇ।
ਉਹਲਾ ਏ 'ਫ਼ਕੀਰ' ਅੱਖੀਆਂ ਦੇ ਵਿਚ ਤੇਰਾ'
ਮੈਂ ਸਭ ਸਮਝਦਾ ਹਾਂ ਇਸ਼ਾਰੇ ਤੇਰੇ।

ਰੋਗੀ ਦੇ ਦਿਲੀ ਘੋੜ ਸ਼ਿਫ਼ਾ ਪੂਰੇ ਤੇ ਪੂਰੇ।
ਢਿੱਡ ਹਿਰਸ ਦਾ ਮੌਲਾ ਦੀ ਰਜ਼ਾ ਪੂਰੇ ਤੇ ਪੂਰੇ।
ਹਰ ਬੰਦਾ 'ਫ਼ਕੀਰ' ਆਪ ਏ ਲੋੜਾਂ ਦਾ ਸਤਾਇਆ,
ਬੰਦੇ ਦੀਆਂ ਲੋੜਾਂ ਨੂੰ ਖ਼ੁਦਾ ਪੂਰੇ ਤੇ ਪੂਰੇ।

ਕਦ ਨਾਲ ਕਿਸੇ ਦੇ ਹੈ ਸਦਾ ਤੱਗ ਦਾ ਮੇਲਾ।
ਹੈ ਇੱਥੇ ਨਿੱਤ ਨਵਾਂ ਪਿਆ ਲੱਗਦਾ ਮੇਲਾ।
ਜਾਵਣ ਪਏ ਕਰੋੜਾਂ ਤੇ ਆਵਣ ਪਏ ਕਰੋੜਾਂ,
ਬੇਰੌਣਕਾ ਹੋਵੇ ਨਾ ਕਦੀ ਜੱਗ ਦਾ ਮੇਲਾ।

ਇਹਦਾ ਅਹਿਸਾਨ ਕਦੀ ਉਹਦਾ ਏ ਝੱਲੀਦਾ ਕਦੀ।
ਤੇਰੇ ਲਾਰੇ ਦਾ ਕਦੀ ਤੇਰੀ ਤਸੱਲੀ ਦਾ ਕਦੀ।
ਹੈ ਗਿਲਾ ਕੁਝ ਤੇ ਹੈ ਉਹ ਅਪਣੇ ਕਰਮਾਂ ਦਾ 'ਫ਼ਕੀਰ',
ਪਾਸ ਨਾ ਕੀਤਾ ਕਿਸੇ ਜੀਭ ਨਿਗੱਲੀ ਦਾ ਕਦੀ।

ਬਾਦਸ਼ਾਹ ਏਂ ਤੇ ਵਿਖਾ ਜ਼ੋਰ ਸ਼ਾਹਾਨਾ ਮੈਨੂੰ।
ਹੈਂ ਜੇ ਕਾਰੂਨ ਤੇ ਦੇ ਦੇਖ ਖ਼ਜ਼ਾਨਾ ਮੈਨੂੰ।
ਕੰਮ ਦੇਵੇਗਾ ਨਾ ਕੋਈ ਜ਼ੋਰ ਤਕੱਬਰ ਤੇਰਾ,
ਛੱਲ ਨਾ ਸਕੇਗਾ ਕੋਈ ਤੇਰਾ ਬਹਾਨਾ ਮੈਨੂੰ।

ਰਹਵੇਗਾ ਨਾ ਜ਼ਿਆਨ ਏਥੇ ਨਾ ਕੁਝ ਸੂਦ ਰਹਵੇਗਾ।
ਕਾਸਿਦ ਕੋਈ ਰਹਵੇਗਾ ਨਾ ਮਕਸੂਦ ਰਹਵੇਗਾ।
ਫ਼ਾਨੀ ਨੇ ਇਹ ਸਾਰੇ ਈ ਤੇ ਬਾਕੀ ਏ ਉਹ ਇੱਕੋ,
ਮੌਜੂਦ ਸੀ, ਮੌਜੂਦ ਹੈ ਤੇ ਮੌਜੂਦ ਰਹਵੇਗਾ।

ਮਸਤਾਨਾ 'ਫ਼ਕੀਰ' ਇਸ਼ਕ ਦਾ ਮਸਤਾਨਾ ਈ ਰਹਿੰਦਾ।
ਦੀਵਾਨਾ ਬੁੱਤਾਂ ਦਾ ਸਦਾ ਦੀਵਾਨਾ ਈ ਰਹਿੰਦਾ।
ਪਾਉਂਦੇ ਨਾ ਜੇ ਆ ਕਾਅਬੇ ਦੇ ਵਿਚ ਪੈਰ ਮੁਹੰਮਦ,
ਬੁਤ ਖ਼ਾਨਾ ਸੀ, ਬੁਤਖ਼ਾਨੇ ਦਾ ਬੁਤਖ਼ਾਨਾ ਈ ਰਹਿੰਦਾ।

ਬੇਗ਼ਰਜ਼ ਹਿਆਤੀ ਨੂੰ ਲਿਆ ਜਾਣ ਜਿਨ੍ਹਾਂ ਨੇ।
ਬੇਲੋੜ ਉਮਰ ਦਾ ਲਿਆ ਅਹਿਸਾਨ ਜਿਨ੍ਹਾਂ ਨੇ।
ਦੁਨੀਆ ਤੇ ਮੁਸਲਮਾਨ ਬਣੇ ਫਿਰਦੇ ਨੇ ਉਹੋ,
ਪੜਹ ਕੇ ਨਾ ਕਦੀ ਸਮਝਿਆ ਕੁਰਆਨ ਜਿਨ੍ਹਾਂ ਨੇ।

ਪੁਤਲੀ ਦਾ ਦੁਖੇ ਦਿਲ ਨੂੰ ਇਸ਼ਾਰਾ ਕਰਦੇ।
ਕਰ ਜ਼ਬਤ ਨਾ ਨਜ਼ਰਾਂ ਨੂੰ ਨਜ਼ਾਰਾ ਕਰਦੇ।
ਉਹ ਰੌਜ਼ਾ ਮੁਹੰਮਦ ਦਾ ਏ ਉਹ ਵੇਖ ਖ਼ਿਆਲਾ,
ਕੌਸਰ ਦੇ ਕਿਨਾਰੇ ਤੇ ਉਤਾਰਾ ਕਰਦੇ।

ਸ਼ਾਮ ਤੋਂ ਫ਼ਜਰ ਤੇ ਮੁੜ ਫ਼ਜਰ ਤੋਂ ਸ਼ਾਮ ਏ ਮੌਲਾ,
ਕੂਚ ਦਾ ਅੰਤ ਨੂੰ ਦੁਨੀਆ ਦਾ ਮੁਕਾਮ ਏ ਮੌਲਾ।
ਰਹਿਮ ਕਰ ਰਹਿਮ ਕਹੇ ਇਹੋ ਸਦਾ ਚਲਦਾ 'ਫ਼ਕੀਰ'
ਸੁਣਿਆ ਏ ਰਹਿਮਤ ਤੇਰੀ ਦੁਨੀਆ ਤੇ ਆਮ ਏ ਮੌਲਾ।

ਦੇ ਕੇ ਅੱਜ ਦੇਖ ਤੇ ਸਹੀ ਜਾਮ ਇਕਹਿਰਾ ਸਾਕੀ।
ਲੈ ਵਟਾ ਮੇਰੇ ਤਮਾਸੇ ਤੋਂ ਕਸਾਰਾ ਸਾਕੀ।
ਵੇਖਿਆਂ ਨਹੀਂ ਤੂੰ ਕਦੇ ਜੇ ਕੋਈ ਮਸਤਾਨਾ 'ਫ਼ਕੀਰ'
ਕਰ ਪਿਆ ਕੇ ਮੇਰੀ ਮਸਤੀ ਦਾ ਨਜ਼ਾਰਾ ਸਾਕੀ।

ਉਮਰ ਦੁਨੀਆ ਤੇ ਕੋਈ ਝੱਟ ਲੰਘਾਉਂਦੀ ਸੀ ਪਈ।
ਮੌਤ ਦਾ ਦਾਜ ਜਵਾਨੀ ਵੀ ਬਣਾਉਂਦੀ ਸੀ ਪਈ।
ਬਾਗ਼ ਵਿਚ ਯਾਰਾਂ 'ਫ਼ਕੀਰ' ਆਖਿਆ ਆਈ ਏ ਬਹਾਰ,
ਜਾ ਕੇ ਮੈਂ ਐਵੇਂ ਈ ਡਿੱਠਾ ਉਹ ਜਾਂਦੀ ਸੀ ਪਈ।

ਦਿਨ ਪਰਲੋਂ ਦਾ ਏ ਅੱਜ ਕਿਉਂ ਨਾ ਸਫ਼ਾਈਆਂ ਕਰਲਾਂ।
ਇਸ ਵੇਲੇ ਨੇ ਜੋ ਦਿਲ ਦੇ ਵਿਚ ਕੁਝ ਆਈਆਂ ਕਰਲਾਂ।
ਵੇਖਿਆ ਅੱਖੀਂ ਮੈਂ ਨਹੀਂ ਤੇਰਿਆਂ ਫ਼ਜ਼ਲਾਂ ਦਾ ਸ਼ੁਮਾਰ,
ਠਹਿਰਜਾ ਰੱਬਾ ਮੈਂ ਕੁਝ ਹੋਰ ਬੁਰਾਈਆਂ ਕਰਲਾਂ।

ਵਿਚ ਗੁਲਜ਼ਾਰ ਹਿਆਤੀ ਦੇ ਕਮਾਈਆਂ ਕਰਲਾਂ।
ਕਰਨੀਆਂ ਜਿੰਨੀਆਂ ਨੇ ਹੋਰ ਬਿਜਾਈਆਂ ਕਰਲਾਂ।
ਅੰਤ ਨਹੀਂ ਆਹੰਦੇ ਨੇ ਉਹਦੇ ਫ਼ਜ਼ਲਾਂ ਦਾ 'ਫ਼ਕੀਰ',
ਤੋਬਾ ਕਰਲਾਂ ਕਿ ਅਜੇ ਹੋਰ ਬੁਰਾਈਆਂ ਕਰਲਾਂ।

ਬੰਦੇ ਤੇ ਕਰਮ ਤੇਰੀ ਕਸਮ ਤੇਰਾ ਏ ਕੀ ਕੀ।
ਕੀ ਕੀ ਏ ਤੇਰਾ ਮਾਨ ਭਰਮ ਤੇਰਾ ਏ ਕੀ ਕੀ।
ਥੱਕਦੀ ਏ ਮੇਰੀ ਜੀਭ 'ਫ਼ਕੀਰ' ਅੰਗ ਗਿਣਾਉਂਦੀ,
ਬਖ਼ਸ਼ਿਸ਼ ਤੇਰੀ ਕੀ ਕੀ ਏ ਕਰਮ ਤੇਰਾ ਏ ਕੀ ਕੀ।

ਹੈ ਲੈਂਦਾ ਕੋਈ ਨਜ਼ਰ ਯਾ ਖ਼ਰਾਜ ਮੈਂ ਕੀ ਕਰਾਂ।
ਜੱਗ ਕਵੱਲੇ ਦਾ ਕੀ ਏ ਰਿਵਾਜ ਮੈਂ ਕੀ ਕਰਾਂ।
ਮੇਰੇ ਤੇ ਸਿਰ ਦੀ ਇਹ ਟੋਪੀ ਏ ਆਬਰੂ ਮੇਰੀ,
ਕਿਸੇ ਦੇ ਸਿਰ ਤੇ ਜੇ 'ਫ਼ਕੀਰ' ਹੈ ਤਾਜ ਮੈਂ ਕੀ ਕਰਾਂ।

ਤੇਰੀ ਮਾਅਰਫ਼ਤ ਕਹੀ ਸਵਾਦੀ ਹੋਈ ਏ।
ਕਹੀ ਗੱਲ ਮੈਥੌਂ ਇਹ ਵਾਧੀ ਹੋਈ ਏ,
ਤੇਰੀ ਥਾਂ ਤੇ ਜ਼ਾਹਰ ਹੋਣਾ ਪੈਂਦਾ ਏ ਮੈਨੂੰ,
ਤੂੰ ਛੁਪਣ ਦੀ ਅਜਿਹੀ ਕਸਮ ਖਾਧੀ ਹੋਈ ਏ।

ਸੋਚ ਕੁਝ ਸੋਚੋ ਜ਼ਰਾ ਕੁਝ ਤੇ ਵਿਚਾਰੋ ਜਾਗੋ।
ਉੱਠੋ ਬੇਸੁਰਤਿਉ ਨਫ਼ਰਤ ਦੇ ਸ਼ਿਕਾਰੋ ਜਾਗੋ।
ਜ਼ਿੰਦਗੀ ਸਮਝੋ ਨਾ ਗ਼ਫ਼ਲਤ ਦੀ ਏ ਨੀਂਦਰ ਜੇ 'ਫ਼ਕੀਰ',
ਦਮ ਦਾ ਦਮ ਖੇਡ ਹੈ ਇਹ ਜਾਗੋ ਓਏ ਯਾਰੋ ਜਾਗੋ।

ਹੱਕ, ਸੱਤਾਰ ਹਾਂ ਮਖ਼ਲੂਕ ਦਾ ਖ਼ਾਲਿਕ ਮੈਂ ਆਂ।
ਜੱਗ ਮਾਸ਼ੂਕ ਮੇਰਾ ਜੱਗ ਦਾ ਆਸ਼ਿਕ ਮੈਂ ਆਂ।
ਹਾਂ 'ਫ਼ਕੀਰਾ' ਮੈਂ ਗ਼ਨੀ ਦੁਨੀਆ ਏ ਮੁਹਤਾਜ ਮੇਰੀ,
ਰਿਜ਼ਕ ਦਾ ਦਾਤਾ ਹਾਂ ਮਖ਼ਲੂਕ ਦਾ ਰਾਜ਼ਿਕ ਮੈਂ ਆਂ।

ਦੁਨੀਆ ਦੀ ਬੁਲੰਦੀ ਵਿਚ ਏ ਪਸਤੀ ਵੇਖੀ।
ਫ਼ਾਨੀ ਦੀ ਫ਼ਨਾ ਵਿਚ ਵੀ ਹਸਤੀ ਵੇਖੀ।
ਧੌਲਿਆਂ ਨਾਲ ਵੀ ਨਾ ਦਿਲ ਦੀ ਇਹ ਹਾਲਤ ਬਦਲੀ,
ਵਿਚ ਪੀਰੀ ਦੇ ਜਵਾਨੀ ਦੀ ਏ ਮਸਤੀ ਵੇਖੀ।

ਕਰ ਲਵਾਂ ਜਾਂ ਨਾ ਕਰਾਂ ਦੁਨੀਆਂ ਤੋਂ ਖੱਟਾਂ ਕੀ ਕਰਾਂ?
ਪੱਥਰਾਂ ਦੇ ਨਾਲ ਖਹਵਾਂ ਖਾਵਾਂ ਇੱਟਾਂ ਕੀ ਕਰਾਂ?
ਦੋ ਪੁੜਾਂ ਵਿਚ ਏ 'ਫ਼ਕੀਰ' ਦਾਣੇ ਵਾਂਗੂੰ ਦਿਲ ਮੇਰਾ,
ਦੀਨ ਦਾ ਫ਼ਿਕਰ ਕਰਾਂ ਦੁਨੀਆਂ ਨੂੰ ਪਿੱਟਾਂ ਕੀ ਕਰਾਂ।

ਹੈ ਮਰਦ ਕੋਈ ਵਾਰ ਜੋ ਉਹਦੇ ਨੂੰ ਘੁਸਾ ਦੇ।
ਕਹਿੰਦੇ ਨੇ ਨਾ ਖੋਹ ਸਕੇ ਕੋਈ ਜਿਸ ਨੂੰ ਖ਼ੁਦਾ ਦੇ।
ਕਰਦਾ ਏ 'ਫ਼ਕੀਰ' ਇਕ ਅਰਜ਼ ਇਹੋ ਹੀ ਖ਼ੁਦਾਇਆ,
ਦੁਨੀਆਂ ਤੋਂ ਬਚਾ ਸਕੇਂ ਤੇ ਆ ਮੈਨੂੰ ਬਚਾ ਦੇ।

ਚੁੱਕਦਾ ਏ ਪਿਆ ਕਦ ਦਾ ਭਾਰ ਇਕ ਨਿਮਾਣਾ।
ਕੁੱਟਦਾ ਏ ਪਿਆ ਕਦ ਦੀ ਵਗਾਰ ਇਕ ਨਿਮਾਣਾ।
ਬੰਦੇ ਨੂੰ ਖ਼ੁਦਾ ਦੀਨ ਤੇ ਦੁਨੀਆ ਤੋਂ ਬਚਾਵੇ,
ਦੋ ਜਾਲ ਨੇ ਇਹ ਜਾਲ, ਸ਼ਿਕਾਰ ਇਕ ਨਿਮਾਣਾ।

ਬਦਰੰਗ ਤਬੀਅਤ ਤੋਂ ਏ ਬਦਰੰਗ ਸੁਖ਼ਨ ਦਾ।
ਜੋ ਸੰਗ ਸੀ ਨਹੀਂ ਅੱਜ ਰਿਹਾ ਸੰਗ ਸੁਖ਼ਨ ਦਾ।
ਮੁੱਦਤ ਤੋਂ 'ਫ਼ਕੀਰ' ਅੱਜ ਮੈਂ ਵਿਹਣਾ ਵਾਂ ਦਿਨੇ ਰਾਤ,
ਨਾ ਰੰਗ ਏ ਉਹ ਇਸ਼ਕ ਦਾ ਨਾ ਰੰਗ ਸੁਖ਼ਨ ਦਾ।

ਲੰਘਦੇ ਤੇਰੇ ਫ਼ਜ਼ਲਾਂ ਥੀਂ ਪਏ ਝੱਟ ਨੇ ਮੇਰੇ।
ਤੂੰ ਕਾਮਿਲ ਏਂ ਕੀ ਏ ਜੇ ਬੜੇ ਫੱਟ ਨੇ ਮੇਰੇ।
ਡਿੱਠਾ ਏ 'ਫ਼ਕੀਰ' ਏਹੋ ਮੈਂ ਡਿੱਠਾ ਵੀ ਏ ਜਿੰਨਾ,
ਬਖ਼ਸ਼ਿਸ਼ ਤੇਰੀ ਬਹੁਤੀ ਏ ਗੁਨਾਹ ਘੱਟ ਨੇ ਮੇਰੇ।

ਵੇਖੇ ਨੇ ਤੇਰੇ ਲੱਖਾਂ ਈ ਦਸਤੂਰ ਜ਼ਮਾਨੇ।
ਗੁਮਨਾਮ ਜਿਹਾ ਦਿਸਦਾ ਏਂ ਮਸ਼ਹੂਰ ਜ਼ਮਾਨੇ।
ਹੰਕਾਰ ਦਾ ਸਿਰ ਅੰਤ 'ਫ਼ਕੀਰ' ਹੁੰਦਾ ਏ ਨੀਵਾਂ,
ਫ਼ਾਨੀ ਏਂ ਤੂੰ ਫ਼ਾਨੀ ਏਂ ਓ ਮਗ਼ਰੂਰ ਜ਼ਮਾਨੇ।

ਕੀਤੀ ਤੂੰ ਕਜ਼ਾ ਕੋਈ ਨਾ ਨੀਤੀ ਅਫ਼ਸੋਸ।
ਬੇਅਮਲ ਤੇਰੀ ਉਮਰ ਏ ਬੀਤੀ ਅਫ਼ਸੋਸ।
ਇਕ ਦੌਲਤ ਅਣਮੁੱਲੀ ਖ਼ੁਦਾ ਬਖ਼ਸ਼ੀ ਸੀ ਤੈਨੂੰ,
ਤੂੰ ਕਦਰ ਹਿਆਤੀ ਦੀ ਨਾ ਕੀਤੀ ਅਫ਼ਸੋਸ।

ਜ਼ਾਰ ਜ਼ਾਰ ਆਉਂਦੇ ਸਭ ਕਿਰਦੇ ਨੇ ਜ਼ਾਰੀ ਜਾਂਦੇ।
ਪੁੱਜਦੇ ਜਿਉਂਦੇ ਨੇ ਹਨ ਆਪ ਨੂੰ ਮਾਰੀ ਜਾਂਦੇ।
ਬੇਸੂਦ 'ਫ਼ਕੀਰ' ਐਸੀ ਏ ਦੁਨੀਆ ਦੀ ਇਹ ਮੰਡੀ,
ਝਾੜ ਕੇ ਪੱਲੇ ਨੇ ਏਥੋਂ ਦੇ ਵਪਾਰੀ ਜਾਂਦੇ।

ਬੇਲਾਗ ਜਿਹੀ ਹੋਵੇ ਦਿਲੀ ਚਾਹ ਫ਼ਜਰ ਦੀ।
ਵਿਹੰਦਾ ਏ ਕੋਈ ਆਪ ਮੇਰੀ ਰਾਹ ਫ਼ਜਰ ਦੀ।
ਰਿੰਦ ਕਹਿੰਦੇ ਸੁਣੇ ਨੇ ਮੈਂ 'ਫ਼ਕੀਰ' ਹੁੰਦੀ ਏ ਚੰਗੀ,
ਜ਼ਾਹਦ ਦੀ ਇਬਾਦਤ ਤੋਂ ਇਕ ਆਹ ਫ਼ਜਰ ਦੀ।

ਜੱਗ ਅੰਤ ਤੇਰੇ ਹੌਸਲੇ ਦੱਬੇਗਾ 'ਫ਼ਕੀਰ'
ਕੀ ਲੱਭਿਆ ਕਿਸੇ, ਤੈਨੂੰ ਜੋ ਲੱਭੇਗਾ 'ਫ਼ਕੀਰ'।
ਕਦ ਤੀਕ ਕਰੀ ਜਾਵੇਂਗਾ ਹੋਰ ਉਮਰ ਦਾ ਹੀਲਾ,
ਦਾਅ ਤੇਰਾ ਕਦੋਂ ਤੀਕ ਇਹ ਫੱਬੇਗਾ 'ਫ਼ਕੀਰ'।

ਇਹ ਗੱਲ ਤੇਰੀ ਠੁੱਕ ਦੀ ਬੇਠੁੱਕੀ ਏ ਮੂਰਖ।
ਤੂੰ ਕੀਤੀ ਏ ਜਿਹੜੀ ਉਹ ਸਦਾ ਉੱਕੀ ਏ ਮੂਰਖ।
ਕਿਉਂ ਕਰਨੈ ਕੁਝ ਫ਼ਿਕਰ ਤੇ ਕਿਉਂ ਕਰਨੈਂ ਤਦਬੀਰ,
ਤਦਬੀਰ ਤੇਰੀ ਪਹਿਲਾਂ ਈ ਹੋ ਚੁੱਕੀ ਏ ਮੂਰਖ।

ਬੇਸ਼ਰਮ ਤੋਂ ਤੂੰ ਸ਼ਰਮ ਹਿਆ ਲੱਭ ਨਾ ਐਵੇਂ।
ਦਾਨਾ ਏਂ ਤੇ ਰੋਗੀ ਥੀਂ ਦਵਾ ਲੱਭ ਨਾ ਐਵੇਂ।
ਨਹੀਂ ਮਾਸ ਕਦੀ ਇੱਲ੍ਹ ਦੇ ਆਲ੍ਹਣੇ ਵਿਚ ਮਿਲਦਾ,
ਦੁਨੀਆ ਤੇ ਵਫ਼ਾ, ਇੱਥੇ ਵਫ਼ਾ ਲੱਭ ਨਾ ਐਵੇਂ।

ਸੁਲਤਾਨ ਜੇ ਵੇਖੇ ਨੇ ਤੇ ਬੇਦਰਦ ਨੇ ਵੇਖੇ।
ਦਿਲ ਸਰਦ ਗ਼ੁਲਾਮਾਂ ਦੇ ਤੇ ਮੂੰਹ ਜ਼ਰਦ ਨੇ ਵੇਖੇ।
ਮਰਦਾਂ ਦੀ 'ਫ਼ਕੀਰ' ਔਖੀ ਏ ਗੁਜ਼ਰਾਨ ਵੀ ਇੱਥੇ,
ਧਨਵਾਨ ਜੇ ਵੇਖੇ ਨੇ ਤੇ ਨਾਮਰਦ ਨੇ ਵੇਖੇ।

ਵੇਖੇ ਨੇ ਕਈ ਮੇਲ ਕਈ ਜੰਗ ਨੇ ਵੇਖੇ।
ਖ਼ੁਸ਼ਬਾਸ਼ ਕਈ, ਜ਼ਾਰ ਕਈ, ਦੰਗ ਨੇ ਵੇਖੇ।
ਕੀ ਅੰਗ 'ਫ਼ਕੀਰ' ਅੰਗਾਂ ਤੇ ਕੀ ਅੰਗ ਨਾ ਅੰਗਾਂ,
ਬੇਰੰਗ ਜ਼ਮਾਨੇ ਦੇ ਬੜੇ ਰੰਗ ਨੇ ਵੇਖੇ।

ਮਾਲਿਕ ਸੀ ਕਦੀ ਬਣਦੀ ਤੇ ਖ਼ਾਦਮ ਸੀ ਕਦੀ।
ਬੇਖ਼ੌਫ਼ ਕਦੀ ਹੁੰਦੀ ਸੀ ਨਾਦਮ ਸੀ ਕਦੀ।
ਆਕੜ ਕੇ 'ਫ਼ਕੀਰ' ਇੰਜ ਤੂੰ ਮਿੱਟੀ ਤੇ ਨਾ ਤੁਰ,
ਇਹ ਮਿੱਟੀ ਤੇਰੇ ਵਾਂਗ ਈ ਆਦਮ ਸੀ ਕਦੀ।

ਯਾਰਾਂ ਦੀ ਸਦਾ ਤੈਨੂੰ ਜੇ ਦਾਦ ਹੋਈ ਤੇ ਕੀ ਏ।
ਹਸਤੀ ਤੇਰੀ ਦੁਨੀਆ ਤੇ ਜੇ ਸ਼ਾਦ ਹੋਈ ਤੇ ਕੀ ਏ।
ਦੁਨੀਆ ਤੇ 'ਫ਼ਕੀਰ' ਉੱਕਾ ਨਾ ਦਮ ਦਾ ਏ ਭਰੋਸਾ,
ਹਾਸਲ ਜੇ ਤੇਰੇ ਦਿਲ ਦੀ ਮੁਰਾਦ ਹੋਈ ਤੇ ਕੀ ਏ।

ਮੇਰੇ ਵੱਲ ਆ ਤੇ ਗਾਉਂਦਾ ਮੇਰੇ ਈ ਰਾਗ ਆ।
ਦਿਲ ਚੋਂ ਹਰ ਇਕ ਕੱਢ ਕੇ ਦੁਨੀਆ ਦੀ ਲਾਗ ਆ।
ਦਾਰੂ ਏ ਮੇਰੇ ਕੋਲ ਤੇਰੇ ਦਰਦ ਦਾ 'ਫ਼ਕੀਰ',
ਬੇਖ਼ੌਫ਼ ਹੋ ਕੇ ਆ ਦਿਲੋਂ ਸਭ ਗ਼ਮ ਤਿਆਗ ਆ।

ਤਾਕਤ ਤੇਰੀ ਨੂੰ ਹਿੰਮਤੋਂ ਜੋਹ ਵੀ ਲਿਆ ਕਿਸੇ।
ਬੇਸੁਰਤਿਆ ਇਹ ਦਿਲ ਤੇਰਾ ਮੋਹ ਵੀ ਲਿਆ ਕਿਸੇ।
ਮਾਨ ਹੁਸਨ ਦਾ, ਗ਼ਰੂਰ ਜਵਾਨੀ ਦਾ, ਸਭ 'ਫ਼ਕੀਰ'।
ਦਿੱਤਾ ਵੀ ਤੈਨੂੰ ਕਿਸੇ ਨੇ ਖੋਹ ਵੀ ਲਿਆ ਕਿਸੇ।

ਹਮਦਰਦ ਮੈਂ ਜਾਤੇ ਪਰ ਉਹ ਹਮਦਰਦ ਨਾ ਨਿਕਲੇ।
ਮੈਂ ਮਰਦ ਸਮਝਦਾ ਸਾਂ ਪਰ ਮਰਦ ਨਾ ਨਿਕਲੇ।
ਮਾਰੀ ਏ 'ਫ਼ਕੀਰ' ਅਪਣਿਆਂ ਨੇ ਤਾਨ ਕੇ ਜਿਹੜੀ,
ਸੀਨੇ ਚੋਂ ਸਲੂਕਾਂ ਦੀ ਕਦੀ ਕਰਦ ਨਾ ਨਿਕਲੇ।

ਕੌਣ ਹੋਵੇ ਜੋ ਉਲਫ਼ਤ ਦੀ ਰਜ਼ਾ ਹੋਵੇ ਤੇ ਹੋਵੇ।
ਲੈਲਾ ਦੀ ਕੋਈ ਸ਼ੀਰੀਂ ਅਦਾ ਹੋਵੇ ਤੇ ਹੋਵੇ।
ਮਰ ਕੇ ਵੀ ਕਰੇ ਅਪਣੇ ਮੁਕੱਦਰ ਨੂੰ ਜੋ ਜਿਉਂਦਾ,
ਫ਼ਰਹਾਦ ਦੀ ਚਾਹ, ਮਜਨੂੰ ਦਾ ਚਾਅ ਹੋਵੇ ਤੇ ਹੋਵੇ।

ਅੱਥਰਾਂ ਦੇ ਨਾਲ ਸ਼ਿਅਰ ਅਪਣੇ ਨਹਾਏ ਨੇ ਕਦੀ।
ਹੌਕਿਆਂ ਦੇ ਨਾਲ ਤਰ ਦੀਦੇ ਸੁਕਾਏ ਨੇ ਕਦੀ।
ਜੱਗ ਦੇ ਵਿਚ ਉਂਜ ਕਿੱਸੇ ਦਰਦ ਮੇਰੇ ਦੇ 'ਫ਼ਕੀਰ'
ਨਾ ਸੁਣੇ ਈ ਨੇ ਕਿਸੇ, ਨਾ ਮੈਂ ਸੁਣਾਏ ਨੇ ਕਦੀ।

ਨਾ ਕੋਈ ਮੇਰਾ ਏ ਇੱਥੇ ਯਾਰ ਨਾ ਤੇਰਾ ਕੋਈ।
ਨਾ ਠਿਕਾਣਾ ਏ ਕੋਈ ਇੱਥੇ ਨਾ ਡੇਰਾ ਕੋਈ।
ਜੱਗ ਤੇ ਹਰ ਆਉਣ ਵਾਲਾ ਇੰਜ ਦਿਸਦਾ ਏ 'ਫ਼ਕੀਰ',
ਲੰਘਦਾ ਕਿਧਰੇ ਜਿਵੇਂ ਇਕ ਪਾ ਗਿਆ ਫੇਰਾ ਕੋਈ।

ਆਬਾਦ ਇਹ ਬਰਬਾਦ ਜ਼ਮਾਨਾ ਏ 'ਫ਼ਕੀਰ'।
ਮਾਦਰ ਪਿਦਰ ਆਜ਼ਾਦ ਜ਼ਮਾਨਾ ਏ 'ਫ਼ਕੀਰ'।
ਮੈਂ ਸਬਕ ਜ਼ਮਾਨੇ ਨੂੰ ਦਿਆਂ ਕੋਈ ਮੇਰੀ ਤੋਬਾ,
ਸ਼ਾਗਿਰਦ ਮੈਂ ਉਸਤਾਦ ਜ਼ਮਾਨਾ ਏ 'ਫ਼ਕੀਰ'।

ਹੈ ਜ਼ਮੀਨ ਅਸਮਾਨ ਦੇ ਵਿਚ ਨੂਰ ਇਹ ਸਾਰਾ ਕੀਹਦਾ।
ਪੈਂਦਾ ਏ ਦਿਲ ਦੇ ਹਨੇਰੇ ਵਿਚ ਚਮਕਾਰਾ ਕੀਹਦਾ।
ਵਿੱਚ ਕੰਨਾਂ ਦੇ ਕੀਹਦੀ ਆਵਾਜ਼ ਆਉਂਦੀ ਏ 'ਫ਼ਕੀਰ'
ਨਜ਼ਰ ਅੱਖਾਂ ਵਿਚ ਏ ਕਿਸ ਦੀ ਬਾਹਰ ਨਜ਼ਾਰਾ ਕੀਹਦਾ।

ਬੋਲ ਕੁਝ ਗਿਣਵੇਂ ਨੇ ਮੂੰਹੋਂ ਕਰਾਰੇ ਨਿਕਲੇ।
ਅੱਥਰਾਂ, ਹਾਵਾਂ ਦੇ ਲੈ ਕੇ ਨੇ ਸਹਾਰੇ ਨਿਕਲੇ।
ਘੁੰਮਰ ਦਿਲ ਦੇ ਨੇ ਨਿਕਲ ਕੇ ਅਜੇ ਵਿੱਚੇ ਈ 'ਫ਼ਕੀਰ',
ਕਾਮੇ ਸਾਂ ਜਿੰਨੇ ਅਸੀਂ ਉੱਨੇ ਨਿਕਾਰੇ ਨਿਕਲੇ।

ਦੁੱਖ ਕਹਾਣੀ, ਦਰਦ ਅਫ਼ਸਾਨਾ ਸਮਝਦੇ ਨੇ 'ਫ਼ਕੀਰ'।
ਮਦਰਸੇ ਨੂੰ ਪਏ ਇਹ ਮੈਖ਼ਾਨਾ ਸਮਝਦੇ ਨੇ 'ਫ਼ਕੀਰ'।
ਸਮਝ ਲੈ ਕਿ ਹੈ ਇਹ ਇਨ੍ਹਾਂ ਬੇਸੁਰਤ ਰਿੰਦਾਂ ਦੀ ਸਮਝ,
ਮੈਨੂੰ ਇਹ ਪਾਗਲ ਪਏ ਦੀਵਾਨਾ ਸਮਝਦੇ ਨੇ 'ਫ਼ਕੀਰ'।

ਜਲਵੇ ਥੀਂ ਨਜ਼ਾਰੇ ਨੂੰ ਉਹ ਮਸਤੀ ਨਜ਼ਰ ਆਈ।
ਇਕ ਮੱਧ ਭਰੀ ਵਸਦੀ ਏ ਵਸਤੀ ਹਜ਼ਰ ਆਈ।
'ਕੁਨ' ਕਹਿੰਦਿਆਂ ਕੀ ਹੋਇਆ 'ਫ਼ਕੀਰ' ਉਵੇਂ ਸੁਣ ਲੈ,
ਅੱਲਾ ਨੂੰ ਆਪ ਅਪਣੀ ਹਸਤੀ ਨਜ਼ਰ ਆਈ।

ਨਾ ਮੈਂ ਇਹ ਰੂਹ ਨਾ ਜੁੱਸਾ ਏ ਚੁਰਾ ਕੇ ਲਿਆਂਦਾ।
ਖੋਹ ਕੇ ਇਹ ਮਾਲ ਲਿਆਂਦਾ ਏ ਨਾ ਚਾ ਕੇ ਲਿਆਂਦਾ।
ਭੈੜ ਚੰਗ ਅਪਣਾ 'ਫ਼ਕੀਰ' ਅਪਣਾ ਸਮਝਾਂ ਕੀਕਣ,
ਆਪ ਨੂੰ ਮੈਂ ਵੀ ਕੋਈ ਆਪ ਬਣਾ ਕੇ ਲਿਆਂਦਾ।

ਆਏ ਅਵਤਾਰ ਵਲੀ ਪੋਥੀਆਂ ਪੋਥੇ ਹੁਣ ਤੱਕ।
ਜੱਗ ਨਿੱਗਰ ਦੇ ਅਮਲ ਉਂਜੇ ਨੇ ਥੋਥੇ ਹੁਣ ਤੱਕ।
ਰੱਬ ਨੂੰ ਹੋਵੇ ਵਧਾਈ ਕਿ 'ਫ਼ਕੀਰ' ਇਹ ਬੰਦਾ,
ਜਿੱਥੇ ਸੀ ਸਗਵਾਂ ਹੈ ਉੱਥੇ ਦਾ ਈ ਉੱਥੇ ਹੁਣ ਤੱਕ।

ਉਮਰ ਦੇ ਨਾਲ ਟੁਰੀ ਜਾਂਦੀ ਜਵਾਨੀ ਦੇਖੀ।
ਨਾਲ ਝੱਖੜ ਦੇ ਮੈਂ ਝੱਖੜ ਦੀ ਰਵਾਨੀ ਦੇਖੀ।
ਲੈ ਗਿਆ ਦੁਖ 'ਫ਼ਕੀਰ' ਅਪਣੇ ਜ਼ਮਾਨਾ ਜਾਂਦਾ,
ਜੱਗ ਦੇ ਕੋਲ ਬਸ ਇਕ ਯਾਦ ਨਿਸ਼ਾਨੀ ਦੇਖੀ।

ਆਸ ਦਿਲ ਮੇਰੇ ਵਿਛੋੜੀ ਏ ਮੇਰੀ।
ਲੋੜ ਕੀ ਤੇ ਕਿਸ ਨੇ ਲੋੜੀ ਏ ਮੇਰੀ।
ਭੈ ਕਰਾਂ ਡੁੱਬਣ ਦਾ ਮੈਂ ਤੋਬਾ 'ਫ਼ਕੀਰ'
ਖ਼ਿਜਰ ਨੇ ਬੇੜੀ ਤਰੋੜੀ ਏ ਮੇਰੀ।

ਭੈ ਜਾਣ ਦਾ ਕਰ ਕੋਈ ਤੇ ਜਾਨੀ ਦਾ ਨਾ ਕਰ।
ਗ਼ਮ ਕੋਈ ਤੂੰ ਦਾਣੇ ਦਾ ਤੇ ਪਾਣੀ ਦਾ ਨਾ ਕਰ।
ਫ਼ਾਨੀ ਏ ਤੇਰਾ ਜੱਗ, ਤੇ ਰਾਜ਼ਿਕ ਉਹ ਖ਼ੁਦਾ ਏ,
ਕਰ ਯਾਦ ਖ਼ੁਦਾ ਨੂੰ ਫ਼ਿਕਰ ਫ਼ਾਨੀ ਦਾ ਨਾ ਕਰ।

ਮੋਮਨ ਦੀ ਏ ਦਰਦਮੰਦੀ ਦਾ ਵਜਦਾ ਸਾਜ਼ ਨਮਾਜ਼।
ਵਿਛੜੇ ਮਿਲਾਵਣ ਦੀ ਹਮਦਰਦ ਤੇ ਹਮਰਾਜ਼ ਨਮਾਜ਼।
ਵੇਲੇ ਦੀ ਪਾਬੰਦੀ ਇਹਦੀ ਹਰ ਤਕਬੀਰ 'ਫ਼ਕੀਰ',
ਪੰਜੇ ਵਕਤ ਮੁਅੱਜ਼ਨ ਦੀ ਆਵਾਜ਼ ਨਮਾਜ਼, ਨਮਾਜ਼।

ਵਟਦੀ ਨਜ਼ਰ ਆਈ ਨਾ ਵਟਾਉਂਦੀ ਨਜ਼ਰ ਆਈ।
ਦੁਖਦੀ ਨਜ਼ਰ ਆਈ ਨਾ ਸੁਹਾਂਦੀ ਨਜ਼ਰ ਆਈ।
ਜਾਣ ਆਉਣ 'ਫ਼ਕੀਰ' ਅਪਣੀ ਜਵਾਨੀ ਦਾ ਕੀ ਦੱਸਾਂ,
ਆਉਂਦੀ ਨਜ਼ਰ ਆਈ ਤੇ ਨਾ ਜਾਂਦੀ ਨਜ਼ਰ ਆਈ।

ਕਰਦਾ ਏ ਬੁਰਾ ਜਦ ਕੋਈ ਬਦਖ਼ੂ ਮੇਰਾ।
ਹੁੰਦਾ ਏ ਉਹ ਚਰਚਾ ਸਗੋਂ ਹਰ ਸੂ ਮੇਰਾ।
ਕੂੜ ਮਗ਼ਜ਼ਾਂ ਤੋਂ 'ਫ਼ਕੀਰ' ਹੈਨ ਭੁਲੇਖੇ ਪੈਂਦੇ,
ਸੂਝਵਾਨਾਂ ਦੇ ਲਈ ਸ਼ਿਅਰ ਏ ਜਾਦੂ ਮੇਰਾ।

ਕਾਹਦਾ ਉਹ ਫ਼ਰਿਸ਼ਤਾ ਜੇ ਨਾ ਨੂਰੀ ਏ 'ਫ਼ਕੀਰ'।
ਗ਼ਰਜ਼ ਦਾ ਏ ਆਬਿਦ ਨਾ ਹਜ਼ੂਰੀ ਏ 'ਫ਼ਕੀਰ',
ਨਹੀਂ ਆਬ ਜੀਹਦੇ ਸ਼ਿਅਰ ਦੀ ਸ਼ਾਇਰੀ ਕੀ ਏ,
ਹੀਰੇ ਦੇ ਲਈ ਚਮਕ ਜ਼ਰੂਰੀ ਏ 'ਫ਼ਕੀਰ'।

ਸ਼ਹਿਜ਼ੋਰ ਨੂੰ ਸ਼ਹਿਜ਼ੋਰ ਦਾ ਸਾਨੀ ਜਾਣੇ।
ਅਨੋਬੜ ਕਿਵੇਂ ਮਹਿਰਮ ਦੀ ਨਿਸ਼ਾਨੀ ਜਾਣੇ।
ਸੁਖ਼ਨ ਜੇ ਮੇਰਾ ਸਮਝੇ ਕੋਈ ਸੁਖ਼ਨਵਰ ਸਮਝੇ,
ਤਸਵੀਰ ਮੁਸੱਵਰ ਦੀ ਨੂੰ ਮਾਨੀ ਜਾਣੇ।

ਹਰ ਬਹਿਰ ਦਾ ਹਰ ਅੰਗ ਦਾ ਮੂਜਦ ਹਾਂ ਮੈਂ।
ਹਰ ਤੌਰ ਦਾ ਹਰ ਢੰਗ ਦਾ ਮੂਜਦ ਹਾਂ ਮੈਂ।
ਪੰਜਾਬ ਦੇ ਵਿਚ ਗ਼ਜ਼ਲ ਦਾ ਮੂਜਦ ਸੀ ਸ਼ਾਹ ਮੁਰਾਦ,
ਹਰ ਤਰਜ਼ ਦਾ ਹਰ ਰੰਗ ਦਾ ਮੂਜਦ ਹਾਂ ਮੈਂ।

ਦੌਲਤ ਸੀ ਹਿਆਤੀ ਦੀ ਉਹ ਵਾਰੀ ਏ ਦਿਲਾ।
ਨਾ ਸਹੀ ਜੇ ਅਜੇ ਛਾਲ ਨਾ ਮਾਰੀ ਏ ਦਿਲਾ।
ਆਪ ਹੋ ਕੇ ਉਹਦੇ ਹੋਣ ਦਾ ਦਿੱਤਾ ਏ ਸਬੂਤ,
ਨਿੱਤਰ ਕੇ ਉਹਦੀ ਗੱਲ ਨਿਤਾਰੀ ਏ ਦਿਲਾ।

ਚੜ੍ਹਿਆ ਜੋ ਤੇਰਾ ਰੰਗ ਵਟਾਇਆ ਨਾ ਗਿਆ।
ਦਿਲ ਤੋਂ ਇਹ ਤੇਰਾ ਨਕਸ਼ ਮਿਟਾਇਆ ਨਾ ਗਿਆ।
ਬੇਹਾਲ ਰਿਹਾ ਨਿੱਤ ਪਰ ਇਸ ਹਾਲ ਵੀ ਤੁਦ ਬਿਨ,
ਮਾਅਬੂਦ ਕੋਈ ਮੈਥੋਂ ਬਣਾਇਆ ਨਾ ਗਿਆ।

ਵੇਖੀ ਏ ਤੇਰੀ ਗ਼ਰੀਬੀ ਧਨ ਵੀ ਡਿੱਠਾ 'ਫ਼ਕੀਰ'।
ਤਨ ਵੀ ਟਿੱਠਾ ਏ ਮਨ ਵੀ ਡਿੱਠਾ 'ਫ਼ਕੀਰ'।
ਤੇਰੇ ਹਰ ਰੰਗੋਂ ਨਜ਼ਰ ਆਈ ਏ ਯਕਰੰਗੀ ਤੇਰੀ,
ਜ਼ਾਹਰ ਵੀ ਡਿੱਠਾ ਤੇਰਾ ਬਾਤਨ ਵੀ ਡਿੱਠਾ 'ਫ਼ਕੀਰ'

ਜ਼ਰਦਾਰ ਨਹੀਂ ਮਾਲ ਥੀਂ ਖ਼ੁਰਸੰਦ ਨਹੀਂ ਮੈਂ।
ਆਲਮ ਨਾ ਕਿਸੇ ਇਲਮ ਦਾ ਦਿਲਬੰਦ ਨਹੀਂ ਮੈਂ।
ਸੁਣਿਆ ਏ ਤੂੰ ਬਣਿਐਂ ਹੁਨਰਮੰਦ ਦਾ ਵੈਰੀ,
ਲਹਿ ਮਗਰੋਂ ਫ਼ਲਕ ਪੀਰ ਹੁਨਰਮੰਦ ਨਹੀਂ ਮੈਂ।

ਮੈਂ ਤੇ ਨਹੀਂ ਇਹ ਵੇਖਿਆ ਲੈਂਦਾ ਸੁਖ਼ਾਲਾ ਦਮ ਕਦੀ।
ਹਾਅ ਲਬਾਂ ਉੱਤੇ ਕਦੀ ਹੈ ਅੱਖੀਆਂ ਵਿਚ ਨਮ ਕਦੀ।
ਜੱਗ ਤੇ ਬੇਵਸ ਬੇਆਰਾਮ ਬੰਦਾ ਏ 'ਫ਼ਕੀਰ',
ਇਕ ਪਲ ਬੈਠਾ ਨਾ ਕਿਧਰੇ ਹੋ ਕੇ ਇਹ ਬੇਗ਼ਮ ਕਦੀ।

ਹਾਲਤ ਨਾ ਕੋਈ ਐਥੋਂ ਦੀ ਨਾ ਹਾਲ ਕੋਈ।
ਹੈ ਤਾਜ ਕੋਈ ਤਖ਼ਤ ਨਾ ਜ਼ਰ ਮਾਲ ਕੋਈ।
ਰਹਿਣਾ ਨਹੀਂ ਜਦ ਅੰਤ 'ਫ਼ਕੀਰ' ਇੱਥੇ ਕਿਸੇ ਨੇ,
ਸੌ ਸਾਲ ਕੋਈ ਜਾਵੇ ਜਾਂ ਇਕ ਸਾਲ ਕੋਈ।

ਬੁੱਧ ਘਟਿਆ ਨਾ ਕੱਲ ਅੱਜ ਨਾ ਜੁਮੇਰਾਤ ਘਟੀ।
ਨਾ ਭਾਰ ਸਿਰੋਂ ਲੱਥਾ ਨਾ ਆਫ਼ਾਤ ਘਟੀ।
ਸ਼ਾਮ ਹੋਈ ਤੇ ਇਕ ਉਮਰ ਦਾ ਦਿਨ ਹੋਰ ਗਵਾਚਾ,
ਦਿਨ ਚੜ੍ਹਿਆ ਤੇ ਇਕ ਹੋਰ ਉਮਰ ਦੀ ਰਾਤ ਘਟੀ।

ਜਿਨਸ ਮਹਿੰਗੀ ਇਹ ਹਿਆਤੀ ਦੀ ਮੈਂ ਸਸਤੀ ਜਾਤੀ।
ਜ਼ਾਹਰ ਦੀ ਨੇਸਤੀ ਵੇਖੀ ਤੇ ਨਾ ਹਸਤੀ ਜਾਤੀ।
ਅਕਲ ਨੂੰ ਐਸਾ 'ਫ਼ਕੀਰ' ਆਣ ਕੇ ਟਪੱਲਾ ਲੱਗਾ,
ਹੋਸ਼ ਸੀ ਅਕਲ ਦੀ ਜਿਹੜੀ ਮੈਂ ਉਹ ਮਸਤੀ ਜਾਤੀ।

ਮਹਿਵ ਜਿਸ ਹੋਸ਼ ਥੀਂ ਤੌਹੀਦ ਪ੍ਰਸਤੀ ਕੀਤੀ।
ਆਪ ਬਰਬਾਦ ਬੁਰੇ ਅਪਣੀ ਹਸਤੀ ਕੀਤੀ।
ਆਪ ਕੀਤੀ ਏ 'ਫ਼ਕੀਰ' ਓਸ ਹਰਾਮੀ ਨੇ ਹਰਾਮ,
ਪੀ ਕੇ ਜੇ ਕਰ ਕਿਸੇ ਸਫ਼ਲੇ ਨੇ ਸੀ ਮਸਤੀ ਕੀਤੀ।

ਝੁਕਦੇ ਨੂੰ ਸਲਾਮ ਏ ਤੇ ਝੁਕਾਉਂਦੇ ਨੂੰ ਸਲਾਮ।
ਕਿਧਰੇ ਵੀ ਨਵੇਂ ਸੀਸ ਨਿਵਾਉਂਦੇ ਨੂੰ ਸਲਾਮ।
ਮੈਂ ਆਖਾਂ ਕੀ ਦੋਵੇਂ ਮੇਰੇ ਹਾਦੀ ਨੇ 'ਫ਼ਕੀਰ'
ਬੁੱਤ ਤੋੜਦੇ ਨੂੰ ਤੇ ਬੁੱਤ ਬਣਾਉਂਦੇ ਨੂੰ ਸਲਾਮ।

ਅਮਲ ਤੋਂ ਭਾਵੇਂ ਇਹਦੀ ਜਾਨ ਤਰਿਹੰਦੀ ਏ ਬੜੀ।
ਆਸ ਕੋਲ ਇਹਦੇ ਨਿਰੇ ਇਲਮ ਦੀ ਬਹਿੰਦੀ ਏ ਬੜੀ।
ਵੇਚਣੇ ਪੈਂਣ ਕਿਤੇ ਫੂੜ ਮਸੱਲੇ ਨਾ 'ਫ਼ਕੀਰ'।
ਲੋੜ ਮੁੱਲਾਂ ਨੂੰ ਕਿਤਾਬਾਂ ਦੀ ਜੋ ਰਹਿੰਦੀ ਏ ਬੜੀ।

ਭੁੱਲੇ ਹੋਏ ਖ਼ੁਦਾ ਦੇ ਰਾਹ ਲਾਏ ਕੁਰਆਨ ਨੇ।
ਮਾਜ਼ੀ ਦੇ ਸਾਰੇ ਸ਼ਿਰਕ ਮਿਟਾਏ ਕੁਰਆਨ ਨੇ।
ਚੋਰੀ, ਸ਼ਰਾਬ, ਜੂਆ, ਜ਼ਿਨਾ, ਕਤਲ ਰੋਕ ਕੇ,
ਕਈ ਸ਼ਹਿਰ ਨੇਕੀਆਂ ਦੇ ਵਸਾਏ ਕੁਰਆਨ ਨੇ।

ਮੋਮਨ ਦੀ ਦਰਗਾਹ ਰੱਬੀ ਵਿਚ ਰੱਖੇ ਲੱਜ ਨਮਾਜ਼।
ਦਿਲੋਂ ਭੁਲਾਉਂਦੀ ਫ਼ਹਿਸ਼ ਬਦੀ ਦੇ ਚਾਲੇ ਹੱਜ ਨਮਾਜ਼।
ਵਿਗੜੇ ਅਮਲ ਸਵਾਰੇ ਮੋਮਨ ਦਾ ਇਖ਼ਲਾਕ 'ਫ਼ਕੀਰ',
ਕਲਮੇ ਦੇ ਨੇ ਜ਼ਾਮਨ ਸਾਰੇ ਰੋਜ਼ਾ, ਹੱਜ, ਨਮਾਜ਼।

ਦਰ ਤੇਰਾ ਜਦ ਤੀਕ ਬਦਕਿਸਮਤ ਗਦਾ ਭੁੱਲਾ ਰਹਵੇ।
ਤੰਗੀਆਂ ਦਾ ਸਿਰ ਉਹਦੇ ਝੱਖੜ ਜਿਹਾ ਝੁੱਲਾ ਰਹਵੇ।
ਬਾਦਸ਼ਾਹ ਕਿਲਿਆਂ ਦੇ ਫਾਟਕ ਮਾਰ ਸੌਂਦੇ ਰਾਤ ਨੂੰ,
ਤੂੰ ਸਦਾ ਜਾਗੇਂ ਤੇ ਤੇਰਾ ਦਰ ਸਦਾ ਖੁੱਲ੍ਹਾ ਰਹਵੇ।

ਨਾਮਨਾਂ ਸੰਸਾਰ ਤੇ ਕੁਝ ਕਰਕੇ ਮਿਲਦੀ ਏ ਦਿਲਾ।
ਮੰਜ਼ਿਲ ਇਕ ਪੈਂਡੇ ਦੀ ਔਕੜ ਜਰ ਕੇ ਮਿਲਦੀ ਏ ਦਿਲਾ
ਰਾਤ ਖ਼ੁਦ ਬਰਬਾਦ ਹੋ ਕੇ ਦੇਖਦੀ ਹੈ ਦਿਨ ਦਾ ਮੂੰਹ,
ਜ਼ਿੰਦਗੀ ਮਿਲਦੀ ਤੇ ਹੈ ਪਰ ਮਰ ਕੇ ਮਿਲਦੀ ਏ ਦਿਲਾ।

ਭਾਲ ਪਹਿਲਾਂ ਫੇਰ ਵੇਖੀਂ ਕਾਰ ਮਿਲਦੀ ਏ ਕਿ ਨਹੀਂ।
ਵੇਖ ਤੂੰ ਮਨਸੂਰ ਬਣ ਕੇ ਦਾਰ ਮਿਲਦੀ ਏ ਕਿ ਨਹੀਂ।
ਬਹਿ ਨਾ ਰਹੋ ਐਵੇਂ 'ਫ਼ਕੀਰ' ਇਨ੍ਹਾਂ ਦਮਾਂ ਦੀ ਲਾਰ ਤੇ,
ਵੇਖ ਮਰ ਕੇ ਜ਼ਿੰਦਗਾਨੀ ਯਾਰ ਮਿਲਦੀ ਏ ਕਿ ਨਹੀਂ।

ਹਿਰਦੇ ਤੋਂ ਤੇਰੇ ਚੇਤੇ ਚਿਤਾਰੇ ਨਾ ਗਏ।
ਮੇਲੇ ਕਦੀ ਮੈਥੋਂ ਇਹ ਖ਼ਸਾਰੇ ਨਾ ਗਏ।
ਗ਼ਾਫ਼ਿਲ ਹੀ ਰਿਹਾ ਤੈਥੋਂ ਬੜੀ ਵਾਰ ਮੈਂ, ਐਪਰ,
ਅਹਿਸਾਨ ਕਦੀ ਤੇਰੇ ਵਿਸਾਰੇ ਨਾ ਗਏ।

ਹੁੰਦਾ ਏ ਜਦੋਂ ਕੋਈ ਧਰੋ ਹੁੰਦਾ ਏ।
ਇਹ ਨਕਸ਼ ਜਿਵੇਂ ਚਾਹੁੰਦਾ ਏ ਸੋ ਹੁੰਦਾ ਏ।
ਹੈ ਤੂੰ ਭਲਾ ਤੈਥੋਂ ਏ ਉਮੀਦ ਭਲੇ ਦੀ,
ਬੁਰਿਆਂ ਥੀਂ ਬੁਰਾ ਹੁੰਦਾ ਏ ਜੋ ਹੁੰਦਾ ਏ।

ਮੈਂ ਰਿਹਾ ਰੋਣੋਂ ਤੇ ਹਾਵਾਂ ਤੋਂ ਰਿਹਾ।
ਫਿੱਕਿਆਂ ਬੇਰੰਗ ਚਾਵਾਂ ਤੋਂ ਰਿਹਾ।
ਉਹਦੀ ਬਖ਼ਸ਼ਿਸ ਮੇਰੇ ਕੰਮ ਆ ਹੀ ਗਈ,
ਮੋੜਦਾ ਜ਼ਾਹਿਦ ਗੁਨਾਹਵਾਂ ਤੋਂ ਰਿਹਾ।

ਪਰਾਏ ਸੇਕ ਸੀਨਾ ਸੇਕਣਾ ਸੀ।
ਗ਼ਮਾਂ ਇੰਜੇ ਹੀ ਦਿਲ ਨੂੰ ਛੇਕਣਾ ਸੀ।
ਮੇਰਾ ਮੱਥਾ ਮੇਰਾ ਬੇਦਾਗ਼ ਮੱਥਾ,
ਹੈ ਦਿੱਤਾ ਟੇਕ ਜਿੱਥੇ ਟੇਕਣਾ ਸੀ।

ਬੜੇ ਮੰਦੇ ਬੜੇ ਚੰਗੇ ਨੇ ਵੇਖੇ।
ਇਹ ਸਾਰੇ ਸੰਗ ਬੇਸੰਗੇ ਨੇ ਵੇਖੇ।
'ਫ਼ਕੀਰ' ਇਨ੍ਹਾਂ ਦਾ ਪੁੱਛ ਓੜਕ ਨਾ ਮੈਥੋਂ,
ਗਦਾਵਾਂ ਵਾਂਗ ਸ਼ਾਹ ਨੰਗੇ ਨੇ ਵੇਖੇ।

ਜਾਗਦਾ ਜਿਉਂਦਾ ਏ ਬੇਜਾਨ ਜ਼ਮਾਨਾ ਡਿੱਠਾ।
ਸਭ ਪ੍ਰੇਸ਼ਾਨ, ਪ੍ਰੇਸ਼ਾਨ ਜ਼ਮਾਨਾ ਡਿੱਠਾ।
ਨਕਸ਼ ਜੋ ਡਿੱਠਾ ਏ ਉਹ ਡਿੱਠਾ ਏ ਹੈਰਤ ਦਾ 'ਫ਼ਕੀਰ',
ਵਾਂਗ ਤਸਵੀਰ ਦੇ ਹੈਰਾਨ ਜ਼ਮਾਨਾ ਡਿੱਠਾ।

ਕਿਉਂ ਕਰੇਂਦਾ ਇੰਜ ਹਰਦਮ ਸ਼ੌਕ ਜਾਰੀ ਏ ਦਿਲਾ।
ਸਮਝਣਾਂ ਮੈਂ ਇਹਨੂੰ ਜੀਹਦੀ ਬੇਕਰਾਰੀ ਏ ਦਿਲਾ।
ਜ਼ਿੰਦਗੀ ਦੇ ਜ਼ਿਕਰ ਵਿਚ ਤੂੰ ਚੁੱਪ ਰਹਿ ਬੇਅਦਬਿਆ,
ਜ਼ਿੰਦਗੀ ਇਨਸਾਨ ਦੀ ਇਕ ਰਾਜ਼ਦਾਰੀ ਏ ਦਿਲਾ।

ਵਾਅਜ਼ ਮਤਲਬ ਦਾ ਦਲਾਲੀ ਏ ਦਲਾਲਾਂ ਦੀ ਦਿਲਾ।
ਮਕਰ ਦੀ ਮਸਤੀ ਨਿਰੀ ਮਸਤੀ ਕਲਾਲਾਂ ਦੀ ਦਿਲਾ।
ਹਰ ਪਰਹੇਜ਼ੋਂ ਬਾਝ ਰੋਜ਼ਾ ਭੁੱਖ ਦਾ ਹਾਵਾ ਨਿਰਾ,
ਬਾਝ ਨੀਅਤ ਦੇ ਨਮਾਜ਼ ਏ ਖੇਡ ਬਾਲਾਂ ਦੀ ਦਿਲਾ।

ਬਾਝ ਮੀਂਹ ਦੇ ਠੰਡ ਕਿਹੜਾ ਜੱਗ ਤੇ ਪਾਉਂਦਾ ਏ ਵੇਖ।
ਬਾਝ ਸੂਰਜ ਦੀ ਤਪਸ਼ ਦੇ ਕੌਣ ਦਿਨ ਤਾਉਂਦਾ ਏ ਵੇਖ।
ਜ਼ਾਤ ਦੀ ਸੰਗਤ ਏ ਸਿਫ਼ਤਾਂ ਨਾਲ ਦਿਸਦੀ ਵੇਖਿਆ।
ਨਾਲ 'ਵਾ ਆਵੇ ਵਰੋਲਾ ਨਾਲ 'ਵਾ ਜਾਂਦਾ ਏ ਵੇਖ।

ਵੇਖਿਆ ਨਾ ਰੋਣ ਦਾ ਨਾ ਅਸਰ ਹਾਵਾਂ ਦਾ ਕੋਈ।
ਮਾਨ ਬਾਹਵਾਂ ਦਾ ਕੋਈ ਨਾ ਸਾਥ ਸਾਹਵਾਂ ਦਾ ਕੋਈ।
ਆਸ ਤੇਰੇ ਫ਼ਜ਼ਲ ਦੀ ਮੇਰਾ ਏ ਜਦ ਹੀਲਾ 'ਫ਼ਕੀਰ',
ਉਜ਼ਰ ਮੈਂ ਕਰਨਾ ਏ ਕਿਉਂ ਕੀਤੇ ਗੁਨਾਹਵਾਂ ਦਾ ਕੋਈ।

ਕੀਕਣ ਇਨਕਾਰੀ ਕਰੇ ਕੋਈ ਖ਼ਲਕ ਗਹਿਮਾ-ਗਹਿਮ ਦੀ
ਕੀ ਦਵਾ ਦੇਵੇ ਅਕਲ ਜੱਗ ਦੇ ਪੁਰਾਣੇ ਸਹਿਮ ਦੀ।
ਤਾਰ ਨਾ ਪੁਤਲੀ ਕੋਈ ਨਾ ਨਾਚ ਪੁਤਲੀ ਦਾ 'ਫ਼ਕੀਰ',
ਵਹਿਮ ਨੂੰ ਦਿੱਸੇ ਪਈ ਹਸਤੀ ਵਜੂਦੀ ਵਹਿਮ ਦੀ।

ਤਾਜਦਾਰ ਉਹ ਕਾਫ਼ਲੇ ਕਈ ਬੇਨਜ਼ੀਰ ਉਹ ਕਾਫ਼ਲੇ।
ਆਏ ਜੋ ਚੜ੍ਹਦੀ ਕਮਾਨੇ ਹੋਏ ਤੀਰ ਉਹ ਕਾਫ਼ਲੇ।
ਕੂਕ ਮਹਿਲਾਂ ਦੀ ਏ ਹੈ ਡੇਰੇ ਸਰਾਵਾਂ ਦੀ ਪੁਕਾਰ,
ਆਏ ਸਨ ਇੱਥੇ ਗਏ ਕਿੱਥੇ 'ਫ਼ਕੀਰ' ਉਹ ਕਾਫ਼ਲੇ।

ਰਹਿਮ ਕਰ ਅਪਣੇ ਕਰਮ ਥੀਂ ਬੇਸਬੱਬਾ ਬਖ਼ਸ਼ ਦੇ।
ਜਾਣ ਕੇ ਮੈਨੂੰ ਤੂੰ ਇਕ ਮੂਰਖ਼ ਤੇ ਕੱਬਾ ਬਖ਼ਸ਼ ਦੇ।
ਬਖ਼ਸ਼ ਦਿੱਤੇ ਜਿਸ ਨੇ ਮਾਰੂ ਜਾਨ ਦੇ ਤੇਰੇ ਲਈ,
ਵਾਸਤੇ ਓਸੇ ਯਤੀਮ ਅਰਬੀ ਦੇ ਰੱਬਾ ਬਖ਼ਸ਼ ਦੇ।

ਪਾੜ ਕੇ ਜੁੱਬਾ ਨਾ ਵਜਦੋਂ ਪਾ ਪਿਆ ਦਸਤਾਰ ਗਲ।
ਮਕਰਿਆਂ ਪਾਏ ਨੇ ਕੀ ਇਹ ਤਸਬੀਹਾਂ ਦੇ ਹਾਰ ਗਲ।
ਸੋਚ ਬੇਸ਼ਰਮਾਂ ਏ ਤੇਰੀ ਇਕ ਦਮ ਦੀ ਜ਼ਿੰਦਗੀ,
ਇਕ ਦਮ ਲਈ ਪਾਵਣੈਂ ਕਿਉਂ ਨਿੱਤ ਦੀ ਫਟਕਾਰ ਗਲ।

ਜਿਨਸ ਸਸਤੀ ਦੁੱਖ ਦੀ ਏ ਹੋਰ ਵੀ ਸਸਤੀ ਨਾ ਕਰ।
ਜ਼ਾਲਮਾਂ ਬਰਬਾਦ ਮੇਰੀ ਦਰਦਮੰਦ ਹਸਤੀ ਨਾ ਕਰ।
ਮੈਂ ਹਾਂ ਬੰਦਾ ਇਕ ਆਜਜ਼ ਤੇ ਨਿਰਾ ਆਜਜ਼ 'ਫ਼ਕੀਰ',
ਨਾਲ ਆਜਜ਼ ਦੇ ਫ਼ਲਕ ਬੇ ਪੈਰ ਬਦਮਸਤੀ ਨਾ ਕਰ।

ਮਾਨ ਟੁੱਟਾ ਜ਼ਿੰਦਗੀ ਦੇ ਮਾਨ ਦਾ ਐਸਾ ਦਿਲਾ।
ਰੋਗ ਬਣਿਆ ਲਾ-ਦਵਾ ਦਿਲ ਜਾਨ ਦਾ ਐਸਾ ਦਿਲਾ।
ਸਾੜ ਵਿਚ ਏ ਆਪਣੇ ਸੜਦੀ ਤਬੀਅਤ ਰਾਤ ਦੀ,
ਸ਼ੁਗ਼ਲ ਦਿੱਤਾ ਏ ਗ਼ਮਾਂ ਦਿਲ ਤਾਉਣ ਦਾ ਐਸਾ ਦਿਲਾ।

ਸੁਰ ਦਮਾਂ ਦੀ ਟੁੱਟ ਕੇ ਬੇਤਾਨ ਨਾ ਹੋਵੇ ਮੇਰੀ।
ਹਾਲਤ ਹਾਲੋਂ ਗੁਜ਼ਰ ਕੇ ਬੇਹਾਲ ਨਾ ਹੋਵੇ ਮੇਰੀ।
ਜ਼ਿੰਦਗੀ ਵਿਚ ਹੀ ਖ਼ੁਦਾਇਆ ਬਖ਼ਸ਼ ਦੇ ਕੀਤੇ ਗੁਨਾਹ,
ਖ਼ਾਕ ਮੁੜ੍ਹਕੋ ਮੁੜ੍ਹਕ ਸ਼ਰਮਾਂ ਨਾਲ ਨਾ ਹੋਵੇ ਮੇਰੀ।

ਹੈ ਬਿਜਲੀ ਵਾਂਗ ਇਹਦੀ ਅੱਖ ਮਾਰਦੀ ਲਿਸ਼ਕ।
ਜ਼ੁਬਾਨ ਇਹਦੀ ਦੀ ਨੋਕ ਏ ਦਾਰ ਦੀ ਲਿਸ਼ਕ।
ਇਹਦੀ ਗੱਲ ਵਿਚ ਅਸਰ ਜਾਦੂ ਦਾ ਸਗਵਾਂ,
ਨਜ਼ਰ ਮੋਮਨ ਦੀ ਏ ਤਲਵਾਰ ਦੀ ਲਿਸ਼ਕ।

ਸੁੱਖ ਮੰਗਦੇ ਨੂੰ ਏ ਦਿੰਦਾ ਦੁੱਖ ਦਾ ਟੋਰਾ ਬਦੀਦ।
ਨਾ ਦੁਹਾਈ ਜੱਗ ਦੀ ਸੁਣਦਾ ਫ਼ਲਕ ਡੋਰਾ ਬਦੀਦ।
ਮਰਹਮ ਉਲਫ਼ਤ ਦੀ ਲਈ ਜਿੰਨਾ 'ਫ਼ਕੀਰ' ਆਖੇ ਕੋਈ,
ਧੂੜ ਦਾ ਏ ਲੂਣ ਜ਼ਖ਼ਮਾਂ ਤੇ ਸਗੋਂ ਕੋਰਾ ਬਦੀਦ।

ਇਕ ਥਾਉਂ ਹੋਰ ਦੇ ਪਏ ਹੋਰ ਮਿਲਦੇ ਨੇ ਦਿਲਾ।
ਇਕ ਜੰਗਲ ਵਿਚ ਕਾਂ ਤੇ ਮੋਰ ਮਿਲਦੇ ਨੇ ਦਿਲਾ।
ਮਸਜਿਦਾਂ ਵਿੱਚੋਂ ਹੀ ਮਿਲਦੇ ਨੇ ਨਮਾਜ਼ੀ ਲੋਕ ਵੀ,
ਮਸਜਿਦਾਂ ਵਿੱਚੋਂ ਹੀ ਜੁੱਤੀ ਚੋਰ ਮਿਲਦੇ ਨੇ ਦਿਲਾ।

ਕਿੰਦ ਭਰਿਆ ਕੋਈ ਇੱਥੇ ਨਿੱਤ ਬੇਕਿੰਦਾ ਰਿਹਾ।
ਸ਼ਰਮ ਦਾ ਮਾਰਾ ਇਹ ਸ਼ਰਮਾਂ ਵਿਚ ਸ਼ਰਮਿੰਦਾ ਰਿਹਾ।
ਜੱਗ ਤੇ ਬੇਸ਼ਰਮ ਢੀਠਾਂ ਵਾਂਗ ਇਹ ਬੰਦਾ 'ਫ਼ਕੀਰ',
ਘੁੱਟ ਕੌੜਾ ਰਾਤ ਦਿਨ ਭਰਦਾ ਰਿਹਾ ਜ਼ਿੰਦਾ ਰਿਹਾ।

ਇਸ਼ਕ ਵਿਚ ਤੇਰੇ ਕਦੀ ਬਣਿਆ ਨਹੀਂ ਝੱਲਾ 'ਫ਼ਕੀਰ'।
ਨਾ ਕਦੀ ਰੋਇਆ ਏ ਸ਼ਰਮੋਂ ਬੈਠ ਕੇ ਕੱਲਾ 'ਫ਼ਕੀਰ'।
ਝਾੜ ਖ਼ਾਲੀ ਪਾ ਲਿਆ, ਮੋਢੇ ਤੇਰੀ ਇਕ ਆਸ ਤੇ,
ਗ਼ੈਰ ਅੱਗੇ ਅੱਡਿਆ ਨਾ ਪਰ ਕਦੀ ਪੱਲਾ 'ਫ਼ਕੀਰ'।

ਚਿਤਮਨੀ ਬਿਨ ਨਾ ਤੇਰੇ ਦਿਲ ਨੂੰ ਇਹ ਕੁਝ ਲਾਵੇਗਾ ਅੱਜ।
ਕੀ ਗਲਾਵਾਂ, ਹੋਰ ਕੋਈ ਗਲ, ਵਿਚ ਤੇਰੇ ਪਾਵੇਗਾ ਅੱਜ।
ਕੱਲ ਦੀ ਕੱਲ, ਕੱਲ ਸੀ ਬੀਤੀ, ਕੱਲ ਜਿਉਂ ਤੇਰੀ 'ਫ਼ਕੀਰ'
ਯਾਦ ਰੱਖ ਇਹ ਅੱਜ ਵੀ ਉਂਜੇ ਗੁਜ਼ਰ ਜਾਵੇਗਾ ਅੱਜ।

ਸਾਫ਼ ਸੁਥਰਾ ਜੇ ਕੋਈ ਗੰਦਾ ਬਣੇ ਕੀਕਣ ਬਣੇ।
ਜੇ ਭਲਾ ਕੋਈ ਜੁਰਮ ਦਾ ਮੰਦਾ ਬਣੇ ਕੀਕਣ ਬਣੇ।
ਪੜ੍ਹ ਕੇ ਤੋਤਾ ਅੰਤ ਨੂੰ ਰਹਿੰਦਾ ਏ ਤੋਤਾ ਈ 'ਫ਼ਕੀਰ',
ਜੇ ਕੋਈ ਖੋਤਾ ਕਿਤੇ ਬੰਦਾ ਬਣੇ ਕੀਕਣ ਬਣੇ।

ਇਹੋ ਹੈ ਦੁਨੀਆ ਤੇਰੀ ਏਸੇ ਵਿਚ ਆਬਾਦ ਹੋਵੀਂ।
ਵੇਖ ਕੇ ਬਰਬਾਦ ਦੁਨੀਆ ਵੱਲ ਨਾ ਬਰਬਾਦ ਹੋਵੀਂ।
ਮਿਲਿਆ ਏ ਜੋ ਕੁਝ 'ਫ਼ਕੀਰ' ਇਹੋ ਮੁਕੱਦਰ ਏ ਤੇਰਾ,
ਵਸੋਸੇ ਕਰ ਤਰਕ ਨਾ ਕਰ ਵਹਿਮ ਦਿਲ ਵਿਚ ਸ਼ਾਦ ਹੋਵੀਂ।

ਵੱਲ ਘਾਟੇ ਆਪ ਕੋਈ ਦਾਨਾ ਨਹੀਂ ਜਾਂਦਾ ਕਦੀ।
ਸੁੱਘੜ ਕੋਈ ਜਾਣ ਕੇ ਦਿਲ ਨੂੰ ਨਹੀਂ ਤਾਉਂਦਾ ਕਦੀ।
ਪੜ੍ਹ ਕੇ ਬਿਸਮਿੱਲਾ ਤਰੋੜ ਇਹ ਜਾਲ ਦੁਨੀਆ ਦਾ 'ਫ਼ਕੀਰ'
ਜੱਗ ਦੀ ਫਾਹੀ ਨੂੰ ਆਰਿਫ਼ ਗਲ ਨਹੀਂ ਪਾਉਂਦਾ ਕਦੀ।

ਨਜ਼ਰ ਵੀ ਭਟਕੀ ਫਿਰੇ ਰਹਿੰਦਾ ਏ ਦਿਲ ਵੀ ਡੋਲਦਾ।
ਅਕਲ ਵੀ ਚੁੱਪ ਏ ਵਿਚਾਰੀ ਇਲਮ ਵੀ ਨਹੀਂ ਬੋਲਦਾ।
ਦਿਸਦੀ ਏ ਨੇੜੇ ਗਿਆਂ ਨੂੰ ਦੂਰ ਮੰਜ਼ਿਲ ਯਾਰ ਦੀ,
ਵੇਖਿਆ ਏ ਇਸ਼ਕ ਵੀ ਰਾਹਵਾਂ ਦਾ ਘੱਟਾ ਰੋਲਦਾ।

ਵੈਰੀਆਂ ਤੋਂ ਕੋਈ ਦਮ ਹੁੰਦੇ ਹਰੇ ਕੀਕਣ ਹਰੇ।
ਜ਼ਖ਼ਮ ਦਿਲ ਦੇ ਨੂੰ ਕੋਈ ਜੇ ਕਰ ਭਰੇ ਕੀਕਣ ਭਰੇ।
ਦੁਸ਼ਮਣਾ ਦੀ ਦੁਸ਼ਮਣੀ ਕੀਤੀ ਕਿਸੇ ਸਹਿ ਲਈ 'ਫ਼ਕੀਰ'
ਦੋਸਤਾਂ ਦੀ ਦੁਸ਼ਮਣੀ ਜੇ ਕੋਈ ਜਰੇ ਕੀਕਣ ਜਰੇ।

ਰਹਿ ਗਿਆ ਦਿਨ ਕੋਈ ਏਥੇ ਯਾ ਰਹੀ ਏ ਰਾਤ ਕੋਈ।
ਵਿਚ ਹੈਰਾਨੀ ਦੇ ਕੀਤੀ ਨਾ ਕਿਸੇ ਨੇ ਬਾਤ ਕੋਈ।
ਰੋਏ ਬਿਨ ਇੱਥੇ ਲਿਆਇਆ ਨਾ ਕੋਈ ਤੋਹਫ਼ਾ 'ਫ਼ਕੀਰ'
ਰੋਏ ਬਿਨ ਇੱਥੋਂ ਦੀ ਨਾ ਲੈ ਜਾਏਗਾ ਸ਼ੌਗ਼ਾਤ ਕੋਈ।

ਮਰਦ ਨਿਕਲੇ ਨੇ ਉਹ ਆਹਲਕ ਦੇ ਜੋ ਮਾਰੂ ਨਿਕਲੇ।
ਗਾਹ ਕੇ ਤੂਫ਼ਾਨ ਸਮੁੰਦਰ ਦੇ ਉਹ ਤਾਰੂ ਨਿਕਲੇ।
ਹੈ ਬਹਾਰ ਉਨ੍ਹਾਂ ਦੀ ਆਜ਼ਾਦ ਜ਼ਮਾਨੇ ਤੇ 'ਫ਼ਕੀਰ'
ਜਾਲ ਵਿਚ ਹਸਤੀ ਦੇ ਫਸ ਕੇ ਜੋ ਉਡਾਰੂ ਨਿਕਲੇ।

ਖਾਣ ਦਾ ਕਦ ਤੀਕ ਜੁਟ ਏ ਜੁਟਿਆ ਇੱਥੇ 'ਫ਼ਕੀਰ'
ਹੈ ਮਜ਼ਾ ਮੂੰਹ ਨੇ ਕਦੋਂ ਤੱਕ ਲੁੱਟਿਆ ਇੱਥੇ 'ਫ਼ਕੀਰ'
ਖਾਣ-ਪੀਣ ਉੱਤੋਂ ਕਿਸੇ ਦੇ ਨਾਲ ਕੋਈ ਝਗੜਾ ਨਾ ਕਰ,
ਖਾਣ-ਪੀਣ ਏ ਅੰਤ ਸਭ ਦਾ ਛੁੱਟਿਆ ਇੱਥੇ 'ਫ਼ਕੀਰ'।

ਪੁੱਟਿਆ ਪੈਰਾਂ ਤੋਂ ਜਦ ਵੀ ਪੁੱਟਿਆ ਮਹਿਰਮ ਕਿਸੇ।
ਸੁੱਟਿਆ ਜਦ ਵੀ ਕਥਾਵਾਂ ਸੁੱਟਿਆ ਮਹਿਰਮ ਕਿਸੇ।
ਗ਼ੈਰ ਨੂੰ ਨੇੜੇ ਮੇਰੇ ਸੀ ਆਉਣ ਦੀ ਹਿੰਮਤ ਕਦੋਂ,
ਲੁੱਟਿਆ ਜਦ ਦਿਲ ਦਾ ਝੁੱਗਾ ਲੁੱਟਿਆ ਮਹਿਰਮ ਕਿਸੇ।

ਜਾਣਕੇ ਨਾ ਹੋਰ ਸੁੱਤਿਆਂ ਨੂੰ ਸਤਾ ਐਵੇਂ 'ਫ਼ਕੀਰ'।
ਸੁੱਤੀਆਂ ਹੋਈਆਂ ਕਲਾਂ ਮੁੜ ਨਾ ਜਗਾ ਐਵੇਂ 'ਫ਼ਕੀਰ',
ਅੱਜ ਦੀਆਂ ਦੇ ਨਾਲ ਨਿੱਬੜਨਾ ਏ ਕੀਕਣ ਸੋਚ ਇਹ,
ਯਾਦ ਕਰਕੇ ਬੀਤੀਆਂ ਦਿਲ ਨਾ ਦੁਖਾ ਐਵੇਂ 'ਫ਼ਕੀਰ'।

ਸੁੱਟ ਗੀਟੇ ਹੀਰਿਆਂ ਦੇ ਕੋਈ ਮੁੱਲ ਹੁੰਦੇ ਨੇ ਇਹ।
ਕੱਚ ਦੇ ਮਣਕੇ ਨਾ ਚਾ ਲਾਲਾਂ ਦੇ ਤੁਲ ਹੁੰਦੇ ਨੇ ਇਹ।
ਸ਼ਿਅਰ ਜਾਹਲ ਦੇ ਵੀ ਹੁੰਦੇ ਸ਼ਿਅਰ ਨੇ ਮੰਨਣਾ 'ਫ਼ਕੀਰ',
ਫੁੱਲ ਤਾਂ ਹੁੰਦੇ ਨੇ ਪਰ ਕਾਗ਼ਜ਼ ਦੇ ਫੁੱਲ ਹੁੰਦੇ ਨੇ ਇਹ।

ਗੀਤ ਹੱਠ ਦੇ ਜਦ ਹਿਆਤੀ ਗਾਉਣ ਲਗਦੀ ਏ 'ਫ਼ਕੀਰ'
ਹੋਣ ਬੇਆਸੀ ਦੇ ਨੀਵੇਂ ਧੌਣ ਲਗਦੀ ਨੇ 'ਫ਼ਕੀਰ'।
ਵੇਖ ਕੇ ਬੇਧੜਕ ਹਿੰਮਤ ਹੌਸਲੇ ਦੀ ਜ਼ਿੰਦਗੀ,
ਮੌਤ ਦੇ ਮੂੰਹ ਤੇ ਤਰੇਲੀ ਆਉਣ ਲਗਦੀ ਏ 'ਫ਼ਕੀਰ'।

ਕੀ ਵਿਸਾਹ ਇਹਦੇ ਬਿਨਾ ਦਾ ਏ 'ਫ਼ਕੀਰ'।
ਬੁਲਬੁਲਾ ਬੰਦਾ ਹਵਾ ਦਾ ਏ 'ਫ਼ਕੀਰ'।
ਆਕੜਾਂ ਕਾਹਦੇ ਤੇ ਮੈਂ ਮੇਰਾ ਏ ਕੀ?
ਤਨ ਕਜ਼ਾ ਦਾ ਰੂਹ ਰਜ਼ਾ ਦਾ ਏ 'ਫ਼ਕੀਰ'।

ਮੈਂ ਉੱਧਰ ਵੇਖਿਆ, ਮੈਂ ਐਧਰ ਵੇਖਿਆ ਨਾ ਵੇਖਿਆ।
ਤੇਰਾ ਸ਼ੌ, ਤੇਰੀ ਟੈਂ ਵੇਖਿਆ ਨਾ ਵੇਖਿਆ।
ਛੁਪਾ ਕੇ ਕਰ ਔਗੁਣ 'ਫ਼ਕੀਰ' ਤੂੰ ਮੈਥੋਂ,
ਖ਼ੁਦਾ ਵਿਹੰਦਾ ਏ ਮੈਂ ਵੇਖਿਆ ਨਾ ਵੇਖਿਆ।

ਤੇਰੀ ਦੁਨੀਆ ਵਰਾਗਾਂ ਦੀ ਏ ਦੁਨੀਆ।
ਨਿਰੇ ਦੁੱਖਾਂ ਦੇ ਰਾਗਾਂ ਦੀ ਏ ਦੁਨੀਆ।
'ਫ਼ਕੀਰ' ਹੌਕੇ ਦਿਨੇ ਤੇ ਵੈਣ ਰਾਤੀਂ,
ਇਹ ਚੰਗੀ ਮੇਰੇ ਭਾਗਾਂ ਦੀ ਏ ਦੁਨੀਆ।

ਬੰਦਾ ਕੀ ਛੱਡੇ ਤੇ ਕੀ ਚਾਹੇ ਦਿਲਾ।
ਗਾਹੁਣ ਦੁਨੀਆ ਦੇ ਕਿਵੇਂ ਗਾਹੇ ਦਿਲਾ।
ਜੱਗ ਤੇ ਹੱਦ ਏ ਗੁਨਾਹਵਾਂ ਦੀ ਕੋਈ,
ਦੋ ਗੁਨਾਹ ਹੁੰਦੇ ਨੇ ਇਕ ਸਾਹੇ ਦਿਲਾ।

ਮੈਂ ਉਹਲੇ ਦੀਆਂ ਸਭ ਅਦਾਵਾਂ ਵੇਖਣਾ।
ਗੁਨਾਹਵਾਂ ਦਾ ਸਾਰਾ ਈ ਨਾਵਾਂ ਵੇਖਣਾ।
'ਫ਼ਕੀਰ' ਅੱਜ ਏ ਮਹਿਸ਼ਰ ਨੇ ਨਕਦਾਂ ਦੇ ਸੌਦੇ,
ਤੂੰ ਬਖ਼ਸ਼ਿਸ਼ ਵਿਖਾ ਮੈਂ ਖ਼ਤਾਵਾਂ ਵੇਖਣਾ।

'ਫ਼ਕੀਰ' ਆਂ ਨਾ ਆਲਮ ਨਾ ਉਸਤਾਦ ਹਾਂ ਮੈਂ।
ਕਰੋਧੀ ਨਾ ਪਾਪੀ ਨਾ ਜੱਲਾਦ ਹਾਂ ਮੈਂ।
ਸੁਣਾਂ ਕਿਉਂ ਤੜੀ ਤੇਰੀ ਦੋਜ਼ਖ਼ ਦੀ ਮੀਆਂ,
ਨਾ ਨਮਰੂਦ ਹਾਂ ਮੈਂ ਨਾ ਸ਼ੱਦਾਦ ਹਾਂ ਮੈਂ।

ਮਾਨ ਮੈਂ ਤੇਰਾ ਨਰਮ ਕੀਤਾ 'ਫ਼ਕੀਰ'।
ਤੂੰ ਬੜਾ ਮੇਰਾ ਭਰਮ ਕੀਤਾ 'ਫ਼ਕੀਰ'।
ਮੈਂ ਜਦੋਂ ਕੀਤਾ ਧਰੂ ਕੀਤਾ ਕੋਈ,
ਤੂੰ ਜਦੋਂ ਕੀਤਾ ਕਰਮ ਕੀਤਾ 'ਫ਼ਕੀਰ'।

ਨਹੀਂ ਮਾਨ ਕੁਝ ਵੀ ਸੁਖ਼ਨਾਂ ਗਰਮਾਂ ਦਾ ਕੋਈ,
ਗ਼ਰੂਰ ਏ ਨਾ ਦੁਨੀਆਂ ਦੇ ਭਰਮਾਂ ਦਾ ਕੋਈ।
ਬਸ ਐਨਾ ਏ ਔਗੁਣ ਮੇਰੇ ਗਿਣਵੇਂ ਨੇ,
'ਫ਼ਕੀਰ' ਅੰਤ ਨਹੀਂ ਤੇਰੇ ਕਰਮਾਂ ਦਾ ਕੋਈ।

ਟਿਕਾਣੇ ਦੀ ਮੁੜ ਟੇਕ ਲਾਵਾਂਗਾ ਕਿੱਥੇ।
ਬਣਾਇਆ ਸੀ ਕਿੱਥੇ ਬਣਾਵਾਂਗਾ ਕਿੱਥੇ।
'ਫ਼ਕੀਰ' ਇਹ ਸਮਝਲਾਂ ਤੇ ਦੱਸਾਂ ਕਿਸੇ ਨੂੰ,
ਮੈਂ ਕਿੱਥੋਂ ਹਾਂ ਆਇਆ ਤੇ ਜਾਵਾਂਗਾ ਕਿੱਥੇ।

ਬਣਾ ਕੀ ਸਕਣਾ, ਮੈਂ ਕੀ ਬਣਾਵਾਂ।
ਮੈਂ ਕਿੱਥੇ ਜਾਣ ਜੋਗਾਂ ਹਾਂ ਜਿੱਥੇ ਜਾਵਾਂ।
'ਫ਼ਕੀਰ' ਅੱਲਾ ਦੀ ਬਖ਼ਸ਼ਿਸ਼ ਵੀ ਏ ਬਖ਼ਸ਼ਿਸ਼,
ਖ਼ਤਾਵਾਂ ਮੇਰੀਆਂ ਨੇ ਜੇ ਖ਼ਤਾਵਾਂ।

'ਫ਼ਕੀਰ' ਇਲਮ ਥੀਂ ਨਫ਼ਸ ਕੀ ਛਾਨਣਾ ਏ।
ਕੀ ਅਕਲਾਂ ਦੇ ਤੰਬੂ ਪਿਆ ਤਾਨਣਾ ਏ।
ਮੇਰੀ ਤੇਰੀ ਹਸਤੀ ਦਾ ਰਾਜ਼ ਅਫ਼ਲਾਤੂਨਾ,
ਨਾ ਮੈਂ ਜਾਨਣਾਂ ਵਾਂ ਨਾ ਤੂੰ ਜਾਨਣਾ ਏ।

ਨਾ ਕੋਈ ਮੁਫ਼ਤੀ ਤੇ ਨਾ ਕਾਜ਼ੀ ਆਂ ਮੈਂ।
ਜਾਣਦਾ ਕੁਝ ਹਾਲ ਨਾ ਮਾਜ਼ੀ ਆਂ ਮੈਂ।
ਦੋ ਦਿਹਾੜੇ ਜ਼ਿੰਦਗੀ ਮਾਨੀ 'ਫ਼ਕੀਰ',
ਹੈ ਸ਼ਜ਼ਾ ਦੋਜ਼ਖ਼ ਤੇ ਚੱਲ ਰਾਜ਼ੀ ਆਂ ਮੈਂ।

ਕੋਈ ਹੋਰ ਮੁੜ ਗ਼ਮ ਨਾ ਲਾ ਜਾਏ ਕਿਧਰੇ।
ਨਾ ਸੁੱਤੀ ਕਲਾ ਮੁੜ ਜਗਾ ਜਾਏ ਕਿਧਰੇ।
ਰੱਖੀਂ 'ਫ਼ਕੀਰ' ਕਬਰ ਅਪਣੀ ਦੀ ਰਾਖੀ,
ਮਤੇ ਜ਼ਿੰਦਗੀ ਮੁੜ ਨਾ ਆ ਜਾਏ ਕਿਧਰੇ।

ਪਾਸਕੂ ਹੁੰਦੇ ਦੇ ਨਿਉਂਦੇ ਤੋਲ ਕੀ।
ਦਾਮ ਬੇਲੋੜੇ ਨੇ ਹੁੰਦੇ ਕੋਲ ਕੀ।
ਪਿਆ ਕਰੇ ਮਹਿਰਮ ਕੋਈ ਕਿੰਨੇ 'ਫ਼ਕੀਰ',
ਕੌੜੇ ਮਤਲਬ ਦੇ ਨੇ ਮਿੱਠੇ ਬੋਲ ਕੀ।

ਸੱਟ ਹਾਵਾਂ ਦੀ ਸਦਾ ਉੱਕੀ ਰਹੀ।
ਸ਼ਿਸਤ ਤੀਰਾਂ ਦੀ ਏ ਬੇਤੁੱਕੀ ਰਹੀ।
ਉਮਰ ਸਾਰੀ ਮੈਂ ਬੜਾ ਰੁੰਨਾ 'ਫ਼ਕੀਰ',
ਆਸ ਦੀ ਪੈਲੀ ਏ ਪਰ ਸੁੱਕੀ ਰਹੀ।

ਹੈ ਸੰਸਾਰ ਥੀਂ ਬੀਤ ਜਾਣਾ ਏ ਚੰਗਾ।
ਬੁਰਾ ਲੱਭਣਾ ਏ ਗਵਾਉਣਾ ਏੇ ਚੰਗਾ।
ਜ਼ਮਾਨੇ ਨੂੰ ਛੱਡਣ ਦੀ ਡਾਢੀ ਨਮੋਸ਼ੀ,
'ਫ਼ਕੀਰ' ਆਪ ਪੱਲਾ ਛੁਡਾਉਣਾ ਏ ਚੰਗਾ।

ਕੀ ਪਤਾ ਕਿਉਂ ਜੱਗ ਤੇ ਜਾਇਆ ਸਾਂ ਮੈਂ।
ਸੁਣਿਐਂ ਕੁਝ ਬਦਨਾਮ ਹੋਣ ਆਇਆ ਸਾਂ ਮੈਂ।
ਲੋੜ ਕਾਹਦੀ ਸੀ ਭਲਾ ਮੇਰੀ 'ਫ਼ਕੀਰ',
ਸੋਨਾ, ਚਾਂਦੀ, ਦਾਮ ਨਾ ਮਾਇਆ ਸਾਂ ਮੈਂ।

ਸੀ ਪਰਾਈ ਮੌਤ ਨਾ ਮਰਦਾ ਦਿਲਾ।
ਦੁੱਖ ਜਰਦਾ ਕੁਝ ਤਾਂ ਜਰਦਾ ਦਿਲਾ।
ਫ਼ਿਕਰ ਐਥੋਂ ਦਾ ਤੇ ਕੀਤਾ ਈ 'ਫ਼ਕੀਰ',
ਫ਼ਿਕਰ ਉੱਥੋਂ ਦਾ ਵੀ ਕੁਝ ਕਰਦਾ ਦਿਲਾ।

ਪਰਬਤੋਂ ਲਹਿੰਦੀ ਨਦੀ ਮੋੜਾਂ ਤੇ ਚਕਰਾਵੇ ਜਿਵੇਂ।
ਪੱਥਰਾਂ ਦੇ ਨਾਲ ਪਾਣੀ ਠੋਕਰਾਂ ਖਾਵੇ ਜਿਵੇਂ,
ਜੱਗ ਦੇ ਵਿਚ ਆ ਕੇ ਉਂਜੇ ਮਾਰ ਖਾਧੀ ਏ 'ਫ਼ਕੀਰ',
ਉਪਰੀ ਥਾਂ ਕੋਈ ਅਨੋਬੜ ਮਾਰ ਖਾ ਜਾਵੇ ਜਿਵੇਂ।

ਚੱਲੀ ਏ ਡਾਢੀ ਕਿਸੇ ਨੇ ਚਾਲ ਕੋਈ।
ਲਾਇਆ ਏ ਡਾਢਾ ਕਿਸੇ ਨੇ ਜਾਲ ਕੋਈ।
ਕਿੱਥੇ ਮੈਂ ਤੇ ਕਿੱਥੇ ਇਹ ਦੁਨੀਆ 'ਫ਼ਕੀਰ',
ਹੋ ਗਿਆ ਏ ਧੋਖਾ ਮੇਰੇ ਨਾਲ ਕੋਈ।

ਬੇਸਫ਼ਾ ਲੱਖਾਂ ਹਜ਼ਾਰਾਂ ਵਾਸਫ਼ਾ ਵੇਖੇ ਨੇ ਮੈਂ।
ਮੌਲਵੀ ਵੇਖੇ ਨੇ ਸੂਫ਼ੀ ਔਲੀਆ ਵੇਖੇ ਨੇ ਮੈਂ।
ਕੰਬਦੇ ਨੇ ਮੇਰੀਆਂ ਨਜ਼ਰਾਂ ਤੋਂ ਨਜ਼ਾਰੇ 'ਫ਼ਕੀਰ',
ਰਿੰਦ ਕਈ ਵੇਖੇ ਨੇ ਮੈਂ ਕਈ ਪਾਰਸਾ ਵੇਖੇ ਨੇ ਮੈਂ।

ਅੱਖੀਆਂ ਦੇ ਸੋਮਿਆਂ ਵਿਚ ਹਾਏ ਕੀ ਤੁੰਨਾ 'ਫ਼ਕੀਰ'
ਅੱਜ ਦੀ ਗੱਲ ਏ ਮੈਂ ਰਾਤੀਂ ਅੱਤ ਦਾ ਰੁੰਨਾ 'ਫ਼ਕੀਰ'।
ਪੁੱਛ ਨਾ ਉਲਫ਼ਤ ਦੀਆਂ ਵਾਟਾਂ ਦੀ ਮੈਥੋਂ ਬਾਤ ਕੁਝ,
ਇਕ ਰਾਹੀ ਚੰਨ ਦੂਜਾ ਨਾਲ ਮੈਂ ਹੁੰਨਾ 'ਫ਼ਕੀਰ'।

ਰੂਪ ਹੈ ਇਕ ਝੱਲ ਤੇ ਧੋਖਾ ਜਵਾਨੀ ਏ ਦਿਲਾ।
ਲਾਰਿਆਂ ਵਿਚ ਉਮਰ ਪਾਣੀ ਦੀ ਰਵਾਨੀ ਏ ਦਿਲਾ।
ਬਾਝ ਦਿਲ ਫ਼ਰਿਆਦ ਦਿਲ ਦੀ ਹੁਣ ਭਲਾ ਸੁਣਦਾ ਏ ਕੌਣ,
ਨਕਸ਼ ਦੁਨੀਆ ਤੇ ਵਫ਼ਾ ਦਾ ਨਕਸ਼ ਫ਼ਾਨੀ ਏ ਦਿਲਾ।

ਉਮਰ ਸਾਰੀ ਝੱਲ ਪੈ ਰਹੇ ਨੇ ਕਿਸੇ ਦੇ ਝੱਲ ਦੇ।
ਖੁੱਲ ਵਿਚ ਖ਼ੋਫ਼ੋਂ ਨਾ ਮੈਨੂੰ ਨੇ ਕਦੀ ਸਾਹ ਖੱਲ ਦੇ।
ਜਾਣ ਦੇ ਕੀ ਪੁੱਛਣਾ ਏਂ ਮੇਰੀ ਨਾ ਸਮਝੀ 'ਫ਼ਕੀਰ'
ਅੱਖ ਮਹਿਰਮ ਦੀਦ ਦੀ ਨਾ ਕੰਨ ਜਾਣੂ ਗੱਲ ਦੇ।

ਬੰਦ ਬੰਦ ਏ ਭੱਜਿਆ ਦੁੱਖਾਂ ਦੇ ਬੰਦਾਂ ਥੀਂ 'ਫ਼ਕੀਰ'।
ਜ਼ਖ਼ਮ ਖਾਧੇ ਨੇ ਬੜੇ ਦੁਨੀਆਂ ਦੇ ਦੰਦਾਂ ਥੀਂ 'ਫ਼ਕੀਰ'।
ਮੰਨਦੇ ਨੇ ਗ਼ੈਰ ਵੀ ਮੇਰੀ ਗਦਾਈ ਦਾ ਕਮਾਲ,
ਖ਼ੈਰ ਵੀ ਮੰਗਦਾਂ ਤੇ ਮੰਗਦਾਂ ਦਰਦਮੰਦਾਂ ਥੀਂ 'ਫ਼ਕੀਰ'।

ਗਏ ਗਦਾ ਵੀ ਨੇ ਤੇ ਸ਼ਾਹ ਛੱਡ ਕੇ ਸ਼ਾਹੀ ਨੇ ਗਏ।
ਵਸਦਿਆਂ ਸ਼ਹਿਰਾਂ ਦੀ ਸਭ ਕਰਕੇ ਤਬਾਹੀ ਨੇ ਗਏ।
ਕੀ ਪਤਾ ਕੀ ਏ 'ਫ਼ਕੀਰ' ਇਨ੍ਹਾਂ ਦੀ ਮੰਜ਼ਿਲ ਓੜਕ,
ਏਸ ਰਸਤੇ ਤੋਂ ਗੁਜ਼ਰ ਲੱਖਾਂ ਹੀ ਰਾਹੀ ਨੇ ਗਏ।

ਤੈਨੂੰ ਜਦ ਕੌਮ ਦਾ ਦਿਨ-ਰਾਤ ਖ਼ਿਆਲ ਏ ਮੀਆਂ।
ਮਾਲ ਨਹੀਂ ਕੌਮ ਦਾ ਇਹ ਤੇਰਾ ਈ ਮਾਲ ਏ ਮੀਆਂ।
ਮੱਦ ਤੂੰ ਕਹਿਣਾ ਏਂ ਠੀਕ ਉੱਕਾ ਈ ਪੀਣੀ ਹਰਾਮ,
ਮਾਸ ਬੇਦੋਸ਼ ਦਾ ਖਾਣਾ ਤੇ ਹਲਾਲ ਏ ਮੀਆਂ।

ਜਾਣ ਕੇ ਲਾਗ਼ਰ ਜ਼ਮਾਨੇ ਜ਼ੁਲਮ ਕੀਤੇ ਨੇ ਬੜੇ।
ਇਹ ਪਿਆਲੇ ਜ਼ਹਿਰ ਦੇ ਮੈਂ ਯਾਰ ਪੀਤੇ ਨੇ ਬੜੇ।
ਥੋੜੀਆਂ ਈ ਬੀਤੀਆਂ ਨੇ ਸੁੱਖ ਦੀਆਂ ਰਾਤਾਂ 'ਫ਼ਕੀਰ'
ਦਿਨ ਜ਼ਮਾਨੇ ਤੇ ਮੇਰੇ ਦੁੱਖਾਂ ਦੇ ਬੀਤੇ ਨੇ ਬੜੇ।

ਆਜਜ਼ੀ ਦੌਲਤ ਮੇਰੀ ਤੇ ਕਬਰਿਆਈ ਏ ਤੇਰੀ।
ਬੰਦਗੀ ਮੇਰੀ ਖ਼ੁਦਾਵੰਦਾ ਖ਼ੁਦਾਈ ਏ ਤੇਰੀ।
ਤਕੜਿਆਂ ਦੇ ਹੱਥ ਤੀਕਰ ਪਹੁੰਚ ਨਹੀਂ ਮੇਰੀ 'ਫ਼ਕੀਰ',
ਦਰਦਮੰਦਾਂ ਦੇ ਦਿਲਾਂ ਤੀਕਰ ਰਸਾਈ ਏ ਤੇਰੀ।

'ਫ਼ਕੀਰ' ਦਾ ਗੁੱਸਾ ਜ਼ਮਾਨੇ ਦੀ ਏ ਬਰਬਾਦੀ 'ਫ਼ਕੀਰ'।
ਫ਼ੱਕਰ ਦੀ ਏ ਮਿਹਰ ਇਕ ਬੇਰੋਗ ਆਬਾਦੀ 'ਫ਼ਕੀਰ',
ਨਜ਼ਰ ਸ਼ੌਖ਼ੀ ਫ਼ਕਰ ਦੀ ਏ ਨੋਕ ਛੁੱਟੇ ਤੀਰ ਦੀ,
ਗੱਲ ਕੀਤੀ ਫ਼ਕਰ ਦੀ ਤਲਵਾਰ ਫ਼ੌਲਾਦੀ 'ਫ਼ਕੀਰ'

ਜਿਗਰ ਵਿਚ ਪਰਬਤ ਦੇ ਤੂੰ ਚਿੱਲ ਵਿਚ ਏ ਤੂੰ।
ਹਿੱਕ ਵਿਚ ਪੱਥਰ ਦੇ ਤੂੰ ਸਿਲ ਵਿਚ ਏ ਤੂੰ।
ਗ਼ੈਰ ਦੀ ਕੁਝ ਭੁਲ ਨਹੀਂ ਨਾ ਅਪਣਾ ਧੋਖਾ ਫ਼ਕੀਰ',
ਅੱਖੀਆਂ ਵਿਚ ਤੂੰ ਮੇਰੇ ਦਿਲ ਵਿਚ ਏਂ ਤੂੰ।

ਤੇਰੀ ਚਾਕਰੀ ਲਈ ਸਲਾਮੀ ਏ ਮੇਰੀ।
ਖ਼ੁਸ਼ੀ ਲਈ ਤੇਰੀ ਖ਼ੁਸ਼ਕਲਾਮੀ ਏ ਮੇਰੀ।
'ਫ਼ਕੀਰ' ਇਕ ਮੈਂ, ਬਾਦਸ਼ਾਹ ਏਂ ਤੂੰ ਦਾਨਾ,
ਤੇਰੀ ਅਫ਼ਸਰੀ ਏ ਗ਼ੁਲਾਮੀ ਏ ਮੇਰੀ।

ਯਾਦ ਨੇ ਸਭ ਤੇਰੇ ਕਾਰੇ ਯਾਦ ਨੇ।
ਯਾਦ ਨੇ ਝਾਸੇ ਤੇ ਲਾਰੇ ਯਾਦ ਨੇ।
ਵੇਰਵੇ ਸਾਂਝਾਂ ਨਹੀਂ ਭੁੱਲਾਂ 'ਫ਼ਕੀਰ',
ਯਾਦ ਨੇ ਉਹਲੇ ਨਜ਼ਾਰੇ ਯਾਦ ਨੇ।

ਜਿਨਸ ਹੋ ਮਹਿੰਗੀ ਏ ਉਹ ਸਸਤੀ ਤੇ ਹੈ।
ਹੈ ਅਦਮ ਪਰ ਜੱਗ ਦੀ ਹਸਤੀ ਤੇ ਹੈ।
ਜਾਣਦੇ ਨੇ ਸਭ ਗੁਨਾਹ ਕਰਦੇ 'ਫ਼ਕੀਰ',
ਹੋਸ਼ ਹੈ ਪਰ ਵੇਖ ਲੈ ਮਸਤੀ ਤੇ ਹੈ।

ਅੱਖ ਬੰਦੇ ਦੀ ਨਹੀਂ ਰਹਿ ਸਕਦੀ।
ਭੀੜ ਨਹੀਂ ਦੂਜੇ ਦਾ ਆਹੰਦੀ ਝਕਦੀ।
ਅੱਖ ਸੂਈ ਦੀ ਏ ਤਿਲ ਜਿੰਨੀ 'ਫ਼ਕੀਰ',
ਜੱਗ ਦਾ ਏ ਪਰ ਇਹ ਪਰਦਾ ਢਕਦੀ।

ਵਿੱਚ ਦਿਲ ਬੇਵਸ ਦੇ ਜਿਸ ਦਮ ਖ਼ਿਆਲ ਆਇਆ ਤੇਰਾ।
ਅੱਖੀਆਂ ਵਿਚ ਬਾਝ ਜਲਵੇ ਦੇ ਜਲਾਲ ਆਇਆ ਤੇਰਾ।
ਸੁਰਤ ਨਾ ਰਹੀ ਕੁਝ ਕਿਤਾਬਾਂ ਦੀ ਤੇ ਨਾ ਅਪਣੀ 'ਫ਼ਕੀਰ',
ਪੜ੍ਹਦਿਆਂ ਕਿਧਰੇ ਕਦੀ ਜੇ ਯਾਦ ਹਾਲ ਆਇਆ ਤੇਰਾ।

ਇਕ ਦਿਲ ਨੂੰ ਹੈ ਤੇ ਉਹ ਤੇਰੀ ਦਲੇਰੀ ਹੈ 'ਫ਼ਕੀਰ'।
ਡਾਢ ਤੁਦ ਬਿਨ ਨਾ ਕੋਈ ਦੁਨੀਆ ਤੇ ਮੇਰੀ ਏ 'ਫ਼ਕੀਰ',
ਤੇਰੇ ਅਹਿਸਾਨਾਂ ਦਾ ਬਦਲਾ ਮੈਂ ਦਿਆਂ ਤੇ ਕੀ ਦਿਆਂ,
ਜਾਨ ਹੈ ਜੁਸੇ 'ਚ ਉਹ ਅੱਗੇ ਹੀ ਤੇਰੀ ਹੈ 'ਫ਼ਕੀਰ'।

ਹੋਏ ਜੇ ਹਾਕਮ ਤੇ ਕੀ ਸਰਦਾਰ ਵੀ ਹੋਏ ਤੇ ਕੀ।
ਜੱਗ ਤੇ ਤੇਰੇ ਹਜ਼ਾਰਾਂ ਯਾਰ ਵੀ ਹੋਏ ਤੇ ਕੀ।
ਹਰ ਕਦਮ ਤੇ ਆਪ ਹੀ ਮਜਬੂਰ ਨੇ ਜਿਹੜੇ 'ਫ਼ਕੀਰ',
ਹੋਏ ਜੇ ਸੱਜਣ ਤੇ ਕੀ ਗ਼ਮਖ਼ਾਰ ਵੀ ਹੋਏ ਤੇ ਕੀ।

ਪੱਥਰਾਂ ਦਾ ਮੀਂਹ ਕਦੀ ਜੇ ਰੋਜ਼ ਵੱਸੇ ਤੇ ਭਲਾ।
ਜੰਗਲਾਂ ਵੱਲ ਈ ਤੇਰਾ ਸੌਦਾਈ ਨੱਸੇ ਤੇ ਭਲਾ।
ਭੇਤ ਜਿਹਨੂੰ ਅਪਣਾ ਤੂੰ ਦੱਸਦਾ ਨਾਹੀਂ 'ਫ਼ਕੀਰ',
ਜੱਗ ਨੂੰ ਭੇਤ ਅਪਣਾ ਉਹ ਵੀ ਨਾ ਦੱਸੇ ਤੇ ਭਲਾ।

ਹਾਰ ਕੇ ਤੇਰੀਆਂ ਜੁਦਾਈਆਂ ਨਾਲ ਜਦ ਲੜਦਾ ਵਾਂ ਮੈਂ।
ਦਿਲ ਕਦੀ ਸੜਦਾ ਏ ਮੇਰਾ ਤੇ ਕਦੀ ਸੜਦਾ ਵਾਂ ਮੈਂ।
ਬੇਉਮੀਦੀ ਵੀ ਏ ਕੁਝ ਧੜਕਾ ਵੀ ਏ ਕੁਝ ਕੁਝ 'ਫ਼ਕੀਰ',
ਆਸ ਦਾ ਪੱਲਾ ਕਦੀ ਛੱਡਦਾ ਕਦੀ ਫੜਦਾ ਵਾਂ ਮੈਂ।

ਨਾ ਸੰਸਾਰ ਦਾ ਭੇਤ ਖੁੱਲੇ ਤੇ ਚੰਗਾ।
ਇਹ ਝੱਖੜ ਏ ਖ਼ੂਨੀ ਨਾ ਝੁੱਲੇ ਤੇ ਚੰਗਾ।
'ਫ਼ਕੀਰ' ਇਹ ਮੰਡੀ ਸਿਰਾਂ ਦਾ ਏ ਸੌਦਾ,
ਅੰਨ੍ਹੇ ਧੜੇ ਹੀ ਇਹ ਤੁੱਲੇ ਤੇ ਚੰਗਾ।

ਕਮਾਲ ਓਸ ਦਾ ਬਾਕਮਾਲ ਓਸ ਦਾ ਏ।
ਜ਼ਵਾਲ ਓਸ ਦਾ ਲਾਜ਼ਵਾਲ ਓਸ ਦਾ ਏ।
ਹਾਂ ਮੈਂ ਕੌਣ ਤੇ ਕੀ ਏ ਮੇਰੀ ਇਹ ਦੁਨੀਆ,
ਸ਼ਿਕਾਰ ਓੁਸ ਦਾ ਏ ਇਹ ਜਾਲ ਓਸ ਦਾ ਏ।

ਕਿਸੇ ਦੀ ਮਿਲਖ ਯਾਰ ਬਸਤੀ ਏ ਮੇਰੀ।
ਕਿਸੇ ਹੋਰ ਦੀ ਹਸਤੀ ਹਸਤੀ ਏ ਮੇਰੀ।
ਗੁਨਾਹ ਨਾ ਮੇਰੇ ਨਾ ਸਵਾਬ ਈ ਨੇ ਮੇਰੇ,
ਜਵਾਨੀ ਏ ਮੇਰੀ ਨਾ ਹਸਤੀ ਏ ਮੇਰੀ।

ਦੇਖ ਜਲਵੇ ਯਾਰ ਸੱਜਣ ਦੇ 'ਫ਼ਕੀਰ'।
ਅੱਖੀਆਂ ਨੂੰ ਖ਼ੂਬ ਰੱਜਣ ਦੇ 'ਫ਼ਕੀਰ'।
ਹੋਰ ਦਿਲ ਨੂੰ ਖ਼ੂਬ ਧੜਕਣ ਦੇ ਜ਼ਰਾ,
ਮੌਤ ਦਾ ਘੜਿਆਲ ਵੱਜਣ ਦੇ 'ਫ਼ਕੀਰ'।

ਤੂੰ ਬੜਾ ਬੀਬਾ ਤੇ ਮੈਂ ਗੋਲਾ ਬੜਾ।
ਤੂੰ ਏਂ ਚੁਪ ਕੀਤਾ ਮੈਂ ਬੜਬੋਲਾ ਬੜਾ।
ਨੰਗ ਮੇਰਾ ਮੇਰੀ ਬਦਨਾਮੀ 'ਫ਼ਕੀਰ',
ਤੇਰਾ ਉਲ੍ਹੇ ਨਾਲ ਹੈ ਉਲ੍ਹਾ ਬੜਾ।

ਦੋ ਗ਼ਮਾਂ ਦਾ ਨਾਂ ਏ ਜੱਗ ਫ਼ਾਨੀ 'ਫ਼ਕੀਰ'
ਚਾਹੁਣਾ ਇਹਦਾ ਏ ਨਾਦਾਨੀ 'ਫ਼ਕੀਰ'
ਇਕ ਜਿੱਤ ਲੈਣਾ ਤੇ ਦੂਜਾ ਹਾਰਣਾ,
ਹੈ ਦੋਹਾਂ ਦਾ ਅੰਤ ਹੈਰਾਨੀ 'ਫ਼ਕੀਰ'।

ਮੱਦਬਰ ਨੇ ਤਦਬੀਰ ਕੀਤੀ ਨਾ ਕੀਤੀ।
ਮੁਕੱਰਰ ਨੇ ਤਕਰੀਰ ਕੀਤੀ ਨਾ ਕੀਤੀ।
'ਫ਼ਕੀਰ' ਏਸ ਨੂੰ ਕੋਈ ਸਮਝੇ ਨਾ ਸਮਝੇ,
ਹਿਆਤੀ ਦੀ ਤਫ਼ਸੀਰ ਕੀਤੀ ਨਾ ਕੀਤੀ।

ਦਮਾਂ ਦੇ ਨੇ ਰਹਿੰਦੇ ਉਲਟ ਫੇਰ ਕਿੱਥੇ।
ਹੈ ਲਾਉਂਦਾ ਕੋਈ ਜੱਗ ਤੇ ਦੇਰ ਕਿੱਥੇ।
'ਫ਼ਕੀਰ' ਏਸ ਥਾਂ ਕੋਈ ਦਮ ਦਾ ਏ ਮੇਲਾ,
ਜੇ ਮਿਲਣਾ ਏ ਮਿਲ, ਜ਼ਿੰਦਗੀ ਫੇਰ ਕਿੱਥੇ।

ਕੋਈ ਵਡਿਆਈ ਨਹੀਂ ਅੜਦੀ 'ਫ਼ਕੀਰ'।
ਸ਼ਾਹੀ ਤੇਰੇ ਪੈਰ ਪਈ ਫੜਦੀ 'ਫ਼ਕੀਰ'।
ਮਿਹਰ ਤੇਰੀ, ਬਾਗ਼ ਦੁਨੀਆ ਦੀ ਬਹਾਰ,
ਕਹਿਰ ਤੇਰਾ ਰੁੱਤ ਪਤਝੜ ਦੀ 'ਫ਼ਕੀਰ'

ਬੜੇ ਜੋੜ ਦੁਨੀਆ ਦੇ ਜੁਟਦੇ ਨੇ ਵੇਖੇ।
ਖ਼ਜ਼ਾਨੇ ਖ਼ੁਸ਼ੀ ਦੇ ਨਿਖੁਟਦੇ ਨੇ ਵੇਖੇ।
ਨਿਭੀ ਨਾ 'ਫ਼ਕੀਰ' ਇੱਥੇ ਆਕੜ ਕਿਸੇ ਦੀ,
ਅਸਾਂ ਮਾਨ ਕਈਆਂ ਦੇ ਟੁਟਦੇ ਨੇ ਵੇਖੇ।

ਨਾਥ ਕਿਹੜਾ ਕੌਣ ਏ ਨਾਥਣ 'ਫ਼ਕੀਰ'।
ਜੋਗ ਦਾ ਸੰਗ ਐਵੇਂ ਏ ਫਾਥਣ 'ਫ਼ਕੀਰ'।
ਕੌਣ ਹੈ ਦਰਦੀ ਤੇਰਾ ਦਰਦਾਂ ਬਿਨਾ,।
ਆਹ ਏ ਦਿਲ ਦੀ ਜਿਹੜੀ ਸਾਥਣ 'ਫ਼ਕੀਰ'।

ਵਹਿਣ ਵਿਚ ਹਿਰਸਾਂ ਦੇ ਦਿਲ ਡੁੱਬੇ ਨੂੰ ਵੇਚ।
ਖਾ ਨਾ ਜ਼ਾਲਮ ਪੀਰ ਦੇ ਕੱਬੇ ਨੂੰ ਵੇਚ।
ਪੇਚ ਵਿਚ ਜਿਸ ਦੀ ਰਿਆ ਬੋਝੇ 'ਚ ਹਿਰਸ,
ਪਾੜ ਅਜਿਹੀ ਦਸਤਾਰ ਨੂੰ ਜੁਬੇ ਨੂੰ ਵੇਚ।

ਕਿਸੇ ਦੇ ਵੈਰ ਵੱਲ ਡਿੱਠਾ ਨਾ ਡਿੱਠਾ।
ਹਰਮ ਵੱਲ ਦੈਰ ਵੱਲ ਡਿੱਠਾ ਨਾ ਡਿੱਠਾ।
ਗਈ ਨਾ ਜੇ ਨਜ਼ਰ ਵੱਲ ਅਪਣੇ ਤੇ,
ਨਜ਼ਰ ਨੇ ਗ਼ੈਰ ਵੱਲ ਡਿੱਠਾ ਨਾ ਡਿੱਠਾ।

ਆਹਲਕੀ ਕੁਝ ਕਰਨ ਨਾ ਹਾਸਿਲ 'ਫ਼ਕੀਰ'।
ਪੰਧ ਵਿਚ ਹੋਣਾ ਬੁਰਾ ਗ਼ਾਫ਼ਿਲ 'ਫ਼ਕੀਰ'।
ਮੁਕ ਗਏ ਜਿੱਥੇ ਕਿਸੇ ਰਾਹੀ ਦੇ ਸਾਹ,
ਜਾਣ ਲੈ ਉਹੋ ਉਹਦੀ ਮੰਜ਼ਿਲ 'ਫ਼ਕੀਰ'।

ਪਰ੍ਹੇ ਵਿਚ ਬੇਸ਼ਊਰ ਆਇਆ ਨਾ ਆਇਆ।
ਹਜ਼ੂਰ ਇਕ ਬੇਹਜ਼ੂਰ ਆਇਆ ਨਾ ਆਇਆ।
ਹੈ ਜਿਸ ਨੇ ਲੱਥਣਾ ਓੜਕ 'ਫ਼ਕੀਰ' ਉਹ'
ਸਰੂਰ ਆਇਆ ਸਰੂਰ ਆਇਆ ਨਾ ਆਇਆ।

ਸਬਰ ਨੂੰ ਨਾ ਮਾਰ ਐਵੇਂ ਹਿਰਸ ਦਾ ਧੱਪਾ 'ਫ਼ਕੀਰ'।
ਲੋਭ ਦਾ ਨਹੀਂ ਜਿਉਂਦਿਆਂ ਮਿਲਣਾ ਕਦੀ ਖੱਪਾ 'ਫ਼ਕੀਰ'।
ਲੋਭੀਆਂ ਦੇ ਵਾਂਗ ਨਾ ਮਾਰ ਹੱਥ ਪੈਰ ਐਵੇਂ ਪਿਆ,
ਹੋਵਣੀ ਅੱਧੀ ਨਹੀਂ ਮਿਲਣੀ ਏ ਜੇ ਚੱਪਾ 'ਫ਼ਖੀਰ'।

ਬਾਗ਼ ਦਾ ਮਾਲੀ ਏ ਕੱਲਰ, ਸ਼ੋਰ ਦਾ ਮਾਲੀ ਏ ਕੌਣ।
ਕੌਣ ਹੈ ਕਾਵਾਂ ਦਾ ਰਾਖਾ, ਮੋਰ ਦਾ ਵਾਲੀ ਏ ਕੌਣ।
ਸਾਰਿਆਂ ਦੇ ਸਿਰ ਤੇ ਇੱਕੋ ਦਾ ਈ ਸਾਇਆ ਏ 'ਫ਼ਕੀਰ',
ਸਾਧ ਦਾ ਮੌਲਾ ਏ ਕਿਹੜਾ, ਚੋਰ ਦਾ ਵਾਲੀ ਏ ਕੌਣ।

ਹੈ ਤੇ ਠੀਕ ਇਹ ਦਰਦਮੰਦ ਦਰਦਾਂ ਦੀ ਮਾਰੀ ਜ਼ਿੰਦਗੀ।
ਕੋਈ ਦਮ ਦੀ ਏ ਪਰਾਹੁਣੀ ਪਰ ਵਿਚਾਰੀ ਜ਼ਿੰਦਗੀ।
ਹਸਦਿਆਂ ਦੀ ਖ਼ੂਬ ਬੀਤੀ ਉਮਰ ਦੁਨੀਆ ਤੇ 'ਫ਼ਕੀਰ',
ਰੋਂਦਿਆਂ ਜਿਸ ਨੇ ਗੁਜ਼ਾਰੀ ਕੀ ਗੁਜ਼ਾਰੀ ਜ਼ਿੰਦਗੀ।

ਪੀ, ਪਿਆ ਬੇਵਸ ਦਿਲ ਥੀਂ ਪਰ ਨਾ ਬੇਦਸਤੂਰ ਪੀ।
ਗੱਲ ਨੇੜੇ ਹੀ ਮੁਕਾ ਜਾ ਕੇ ਨਾ ਕਿਧਰੇ ਦੂਰ ਪੀ।
ਜਾ ਕੇ ਮੈਖ਼ਾਨੇ 'ਫ਼ਕੀਰ' ਏ ਹੋਵਣਾ ਬਦਨਾਮ ਕਿਉਂ,
ਜੇ ਪੀਣੀ ਏ ਤੇ ਆਪ ਹੱਥੀਂ ਨਚੋੜ ਅੰਗੂਰ ਪੀ।

'ਨਾ ਉਹਦੀ ਲੁਹਾਈ ਏ ਕੁਝ ਤੇ ਨਾ ਏ ਵਡਿਆਈ ਇਹਦੀ
ਨਾ ਉਹਦਾ ਪਰਬਤ ਕਿਤੇ ਤੇ ਨਾ ਏ ਰਾਈ ਇਹਦੀ।
ਮੌਤ ਇੱਕੋ ਮੁੱਲ ਹੈ ਸੁਲਤਾਨ ਤੇ ਮੰਗਤੇ 'ਫ਼ਕੀਰ',
ਵੱਧ ਨਹੀਂ ਪੈਸਾ ਉਹਦਾ ਤੇ ਘੱਟ ਨਹੀਂ ਪਾਈ ਇਹਦੀ।

ਹੱਡ ਪੈਰ ਆਪਣੇ ਸਦਾ ਕੋਈ ਮਿਹਨਤੋਂ ਮੇਖੇ 'ਫ਼ਕੀਰ'।
ਮਿਹਨਤਾਂ ਵਿਚ ਰਾਤ ਦਿਨ ਨਾ ਵਕਤ ਕੋਈ ਵੇਖੇ 'ਫ਼ਕੀਰ'।
ਬਾਝ ਲਿੱਖੇ ਲੇਖ ਦੇ ਕੰਨੀ ਨਾ ਪੁੱਜੇ ਕੁਝ ਕਦੀ,
ਉਮਰ ਸਾਰੀ ਲੰਘ ਜਾਵੇ ਗਿਣਦਿਆਂ ਲੇਖੇ 'ਫ਼ਕੀਰ'।

ਸੁੱਖ ਦੇ ਲਈ ਦੁੱਖ-ਗ਼ਮ ਜਰਦਾ ਰਿਹਾ ਐਵੇਂ 'ਫ਼ਕੀਰ'।
ਜਿਉਣ ਦੇ ਲਈ ਜੱਗ ਤੇ ਮਰਦਾ ਰਿਹਾ ਐਵੇਂ 'ਫ਼ਕੀਰ'।
ਮੁਕ ਗਈ ਦੂਰੀ ਗ਼ਮਾਂ ਦੀ ਦਰਦ ਮਾੜੀ ਰਾਗਣੀ,
ਜ਼ਿੰਦਗੀ ਦਾ ਸਾਜ਼ ਸੁਰ ਕਰਦਾ ਰਿਹਾ ਐਵੇਂ 'ਫ਼ਕੀਰ'।

ਜੋ ਜਿਹਦੇ ਕੋਲੋਂ ਏ ਹੋਈ ਓਸ ਸੋ ਕੀਤੀ 'ਫ਼ਕੀਰ'।
ਹਸਦਿਆਂ ਕੀਤੀ ਏ ਉਹਨੇ ਇਸ ਨੇ ਰੌ ਕੀਤੀ 'ਫ਼ਕੀਰ'।
ਗ਼ੈਰ ਨੇ ਕਰਨੀ ਸੀ ਕੀ ਤੇ ਗ਼ੈਰ ਕਰ ਸਕਦਾ ਸੀ ਕੀ,
ਸੱਜਣਾਂ ਮੇਰਿਆਂ ਨੇ ਮੇਰੇ ਨਾਲ ਜੋ ਕੀਤੀ 'ਫ਼ਕੀਰ'।

ਹੱਕ ਤੇ ਇਨਸਾਫ਼ ਗਏ ਰਹਿ ਮਗਰ ਹੈਰਾਨੀ ਗਈ।
ਹੈਦਰੀ ਵਰਤੋਂ ਗਈ ਉਹ ਸ਼ਾਨ ਉਸਮਾਨੀ ਗਈ।
ਮਾਨ ਕਰਦੀ ਸੀ ਜਿਹਦੇ ਤੇ ਜ਼ਿੰਦਗੀ ਇਨਸਾਨ ਦੀ,
ਮੁਸਲਮਾਨਾਂ ਤੋਂ 'ਫ਼ਕੀਰ' ਅੱਜ ਉਹ ਮੁਸਲਮਾਨੀ ਗਈ।

ਹੋਈ ਬੀਤੀ ਗੱਲ ਐਵੇਂ ਯਾਦ ਕੀ ਕਰਨੀ 'ਫ਼ਕੀਰ'।
ਉਮਰ ਬੇਮਤਲਬ ਪਈ ਬਰਬਾਦ ਕੀ ਕਰਨੀ 'ਫ਼ਕੀਰ'।
ਅੱਜ ਲਈ ਲੈਣੇ ਨੇ ਕੀ ਤਰਲੇ ਕਿਸੇ ਦੇ ਮੂਰਖ਼ਾ,
ਕੱਲ ਲਈ ਐਵੇਂ ਪਈ ਫ਼ਰਿਆਦ ਕੀ ਕਰਨੀ 'ਫ਼ਕੀਰ'।

ਨਾ ਦੁਖੀ ਦਿਲ ਨੂੰ ਮਿਲੀ ਗ਼ਮ ਦੀ ਕਦੀ ਮੁਹਲਤ ਜ਼ਰਾ।
ਨਾ ਮਿਲੀ ਮਿਹਨਤ ਦੀ ਨਾ ਕੰਮ ਦੀ ਕਦੀ ਮੁਹਲਤ ਜ਼ਰਾ।
ਵੇਖਦੀ ਤਰ ਨਜ਼ਰ ਕੀ ਆਲੇ-ਦਵਾਲੇ ਨੂੰ 'ਫ਼ਕੀਰ'
ਅੱਥਰੂਆਂ ਦਿੱਤੀ ਨਹੀਂ ਦਮ ਦੀ ਕਦੀ ਮੁਹਲਤ ਜ਼ਰਾ।

ਨਫ਼ਸ ਦੀ ਹਰ ਹਾਲ ਵਿਚ ਇਮਦਾਦ ਕਰਨੀ ਏ ਬੁਰੀ।
ਰਾਤ ਦਿਨ ਪਈ ਭੁੱਖ ਭੈੜੀ ਯਾਦ ਕਰਨੀ ਏ ਬੁਰੀ।
ਰਿਜ਼ਕ ਦਿੰਦਾ ਏ ਖ਼ੁਦਾ ਕਰ ਫ਼ਿਕਰ ਨਾ ਇਹਦਾ 'ਫ਼ਕੀਰ',
ਉਮਰ ਰੋਟੀ ਲਈ ਨਿਰੀ ਬਰਬਾਦ ਕਰਨੀ ਏ ਬੁਰੀ।

ਮੌਲਵੀ ਨੇ ਮੌਲਵੀ ਇਨ੍ਹਾਂ ਤੋਂ ਕੀ ਚੱਲਾਂ 'ਫ਼ਕੀਰ'।
ਮੱਲ ਕੇ ਦਰ ਇਕ ਕੀਕਣ ਹੋਰ ਦਰ ਮੱਲਾਂ 'ਫ਼ਕੀਰ'।
ਅਜ਼ਲ ਦੇ ਇਸਰਾਰ ਜੋ ਸਮਝੇ ਨੇ ਮੈਂ ਸਮਝੇ ਨੇ ਪਰ,
ਨਾਲ ਯਾਰਾਂ ਨਾ ਕਰਾਂ ਆਪਸ ਦੀਆਂ ਗੱਲਾਂ 'ਫ਼ਕੀਰ'।

ਵੇਖ ਲਏ ਹਾਸੇ ਸੁਣੇ ਪਏ ਯਾਰ ਹਾੜੇ ਨੇ ਕਈ।
ਦਰਦਮੰਦ ਦਿਨ ਖ਼ੂਨੀਆਂ ਦੇ ਵਾਂਗ ਦਾਹੜੇ ਨੇ ਕਈ।
ਦਾਸਤਾਨਾਂ ਮੇਰੀਆਂ ਜਗ ਯਾਦ ਰੱਖੇਗਾ 'ਫ਼ਕੀਰ',
ਕਈ ਹਨੇਰ ਇੱਥੇ ਨੇ ਪਾੜੇ ਚੰਨ ਚਾੜ੍ਹੇ ਨੇ ਕਈ।

ਜਾਨਣਾ ਸੀ ਜੋ ਦਿਲੋਂ ਉਹ ਤੇ ਲਿਆ ਏ ਜਾਣ ਮੈਂ।
ਦੀਨ ਦੇ ਬਦਲੇ ਮੁੜ ਹੁਣ ਵੇਚਾਂ ਕਿਵੇਂ ਈਮਾਨ ਮੈਂ।
ਖ਼ਬਰ ਮੰਗਦਾ ਰਹੇ 'ਫ਼ਕੀਰ' ਉਏ ਇਸ਼ਕ ਦੇ ਖ਼ਜ਼ਮਾਂ ਤੇਰੀ,
ਲੱਖ ਮਰਹਮਾਂ ਤੇਰੇ ਦਰਦੋਂ ਕਰ ਦਿਆਂ ਕੁਰਬਾਨ ਮੈਂ।

ਭੈ ਕਦੀ ਜ਼ਰ ਦਾ ਏ ਤੈਨੂੰ ਚਾਅ ਕਦੀ ਏ ਮਾਲ ਦਾ।
ਪਾਗਲਾ ਐਸੇ ਜਨੂੰਨ ਅੰਦਰ ਰਹੇਂ ਦਿਲ ਟਾਲਦਾ।
ਜ਼ਿਕਰ ਉਹਦੇ ਨਾਮ ਦਾ ਕਰ ਲੈ ਕਦੀ ਬਹਿ ਕੇ 'ਫ਼ਕੀਰ',
ਰਾਤ-ਦਿਨ ਕਰਨਾ ਏਂ ਮੂਰਖ਼ ਜ਼ਿਕਰ ਰੋਟੀ ਦਾਲ ਦਾ।

ਚਾਲ ਸ਼ਾਹੀ ਤੋਂ 'ਫ਼ਕੀਰ' ਦੀ ਟੋਰ ਚੰਗੀ ਜਾਣ ਲੈ।
ਬਾਦਸ਼ਾਹੀ ਸ਼ਾਨ ਤੋਂ ਚੰਗੀ ਮਲੰਘੀ ਜਾਣ ਲੈ।
ਫ਼ਿਕਰ ਦੁਨੀਆ ਤੇ ਜਿਵੇਂ ਤਕਦੀਰ ਰੱਬੀ ਏ 'ਫ਼ਕੀਰ',
ਫ਼ਿਕਰ ਦੁਨੀਆ ਤੇ ਤਿਵੇਂ ਤਲਵਾਰ ਨੰਗੀ ਜਾਣਲੈ।

ਛੱਡ ਕੇ ਕੁੱਲੀ ਗਦਾ ਕੋਈ ਬਿਨਾ ਡਹਿਲੋਂ ਗਿਆ।
ਬਾਦਸ਼ਾਹ ਕੋਈ ਤਰਿਹੰਦਾ ਨਿਕਲ ਕੇ ਮਹਿਲੋਂ ਗਿਆ।
ਜੱਗ ਤੇ ਹਰ ਆਉਣ ਵਾਲਾ ਟੁਰ ਗਿਆ ਓੜਕ 'ਫ਼ਕੀਰ',
ਕੋਈ ਕੁਝ ਪਿੱਛੋਂ ਗਿਆ ਤੇ ਕੋਈ ਕੁਝ ਪਹਿਲੋਂ ਗਿਆ।

ਪੱਕਾ ਕਰਦਾ ਏ ਸਦਾ ਅੰਤ ਨੂੰ ਖਾਮੀ ਦਾ ਕਮਾਲ।
ਸਿਰ ਤੇ ਚੜ੍ਹ ਬੋਲਦਾ ਏ ਯਾਰ ਸਲਾਮੀ ਦਾ ਕਮਾਲ।
ਹੁਣ 'ਫ਼ਕੀਰ' ਹੋਇਆ ਹੋਵੇਗਾ ਜ਼ਵਾਲ ਹੀ ਇਹਦਾ,
ਹੋ ਗਿਆ ਯਾਰ ਗ਼ੁਲਾਮਾਂ ਦੀ ਗ਼ੁਲਾਮੀ ਦਾ ਕਮਾਲ।

ਜਿਗਰ ਦੀ, ਦਿਲ ਦੀ ਟੋਹ ਦਰਦਾਂ ਨਾ ਵੇਖੀ।
ਕੋਈ ਡਰ ਦੀ ਜਗਾ ਮਰਦਾਂ ਨਾ ਵੇਖੀ।
ਮੁਕਾਏ ਨੇ 'ਫ਼ਕੀਰ' ਅੱਥਰਾਂ ਦੇ ਮੋਤੀ,
ਮੇਰੀ ਘਾਟ ਇਹ ਦਮਾਂ ਸਰਦਾਂ ਨਾ ਵੇਖੀ।

ਘੁਟ ਪਾਣੀ ਦਾ ਨਾ ਭਰ ਖਾਰੇ ਖੂਹੇ ਤੋਂ 'ਫ਼ਕੀਰ'।
ਪੁੱਛ ਨਾ ਰਾਹੀ ਕਿਸੇ ਤੋਂ ਤੇ ਨਾ ਸੂਹੇ ਤੋਂ 'ਫ਼ਕੀਰ'।
ਲੁਕ-ਛਿਪ ਕੇ ਜ਼ਾਹਰਾ ਮੰਜ਼ਿਲ ਤੋਂ ਲਾਂਭੇ ਲੰਘ ਜਾ,
ਜੋ ਵੀ ਪੁੱਜਿਆ, ਪੁੱਜਿਆ ਏ ਚੋਰ ਬੂਹੇ ਤੋਂ 'ਫ਼ਕੀਰ।

ਸ਼ੱਕ ਦਾ ਬੂਹਾ ਅਕਲ ਤੇ ਨਿੱਤ ਖੋਲ੍ਹੇ ਫ਼ਲਸਫ਼ਾ।
ਸੋਚ ਦੇ ਸਾਗਰ ਚੋਂ ਮੋਤੀ ਬੈਠ ਰੋਲੇ ਫ਼ਲਸਫ਼ਾ।
ਪਹੁੰਚ ਕੇ ਇਹ ਪਰ ਯਕੀਨਾਂ ਦੇ ਟਿਕਾਣੇ ਤੇ 'ਫ਼ਕੀਰ'।
ਚੁੱਪ ਰਹੇ ਦੜ ਵੱਟ ਕੇ ਮੂੰਹੋਂ ਨਾ ਬੋਲੇ ਫ਼ਲਸਫ਼ਾ।

ਤਖ਼ਤ ਕਈਆਂ ਦੇ ਨੇ, ਕਈਆਂ ਦੇ ਬਣੇ ਜੱਦੀ ਵਤਨ।
ਪਰ ਮੇਰੇ ਵਤਨ ਤੋਂ ਨੇ ਜਗ ਦੇ ਰੱਦੀ ਵਤਨ।
ਹਾਂ ਗਿਆ ਕਸ਼ਮੀਰ ਪਰ ਡਿੱਠਾ ਨਾ 'ਫ਼ਕੀਰ',
ਦੇਸ ਉਹ ਮੇਰੇ ਬਜ਼ੁਰਗਾਂ ਦਾ ਮੇਰਾ ਜੱਦੀ ਵਤਨ।

ਹੈ ਧਰੂ ਵਾੜੀ ਕੋਈ ਤੇ ਕੋਈ ਫ਼ੁਲਵਾੜੀ ਬਣੀ।
ਰੁੱਖ ਕੋਈ ਤੇ ਕੋਈ ਬੌਚੜੀ ਝਾੜੀ ਬਣੀ।
ਜ਼ੋਰ ਤਾਕਤ ਏ ਉਹਦੀ ਜੋ ਜ਼ੋਰ ਵਾਲਾ ਏ 'ਫ਼ਕੀਰ',
ਕੀ ਕਰੇ ਹੋਵੇ ਜਿਹਦੀ ਮਿੱਟੀ ਧੁਰੋਂ ਮਾੜੀ ਬਣੀ।

ਪਾੜਿਆ ਅਸਮਾਨ ਹੈ ਧਰਤੀ ਏ ਸਿਰ ਚਾਈ ਕਿਸੇ।
ਕੋਈ ਰੋਇਆ ਚੀਕਿਆ ਏ ਡੰਡ ਪਈ ਪਾਈ ਕਿਸੇ।
ਜਾਨ ਸੀ ਤੇਰੀ ਅਮਾਨਤ ਕੋਲ ਲੋਕਾਂ ਦੇ 'ਫ਼ਕੀਰ',
ਹਸਦਿਆਂ ਤੇਰੀ ਅਮਾਨਤ ਵੀ ਨਾ ਪਰਤਾਈ ਕਿਸੇ।

ਨਾ ਮੈਂ ਸਾਂ ਨਾ ਹਿਆਤੀ ਦੀ ਕੋਈ ਤਹਿਰੀਰ ਸੀ ਮੇਰੀ।
ਜ਼ਮਾਨੇ ਦੇ ਸਫ਼ੇ ਤੇ ਨਕਸ਼ ਨਾ ਤਸਵੀਰ ਸੀ ਮੇਰੀ।
ਜਦ ਦੁਨੀਆ ਤੇ ਹੀ ਨਾ ਸਾਂ ਮੈਂ 'ਫ਼ਕੀਰ' ਆਇਆ,
ਮੇਰੀ ਤਦਬੀਰ ਹੋ ਕੇ ਬਣ ਗਈ ਤਕਦੀਰ ਸੀ ਮੇਰੀ।

ਨਾਲ ਧਰਤੀ ਦੇ ਰਹੀ ਨਿੱਤ ਆਫ਼ਤ ਆਫ਼ਾਕੀ 'ਫ਼ਕੀਰ'।
ਵੇਖ ਲਈ ਏ ਜੱਗ ਤੇ ਰਾਜ਼ਿਕ ਦੀ ਰੱਜ਼ਾਕੀ 'ਫ਼ਕੀਰ'।
ਜ਼ਿੰਦਗੀ ਦਾ ਕਰ ਲਿਆ ਏ ਖ਼ੂਬ ਮਾਤਮ ਜ਼ਿੰਦਗੀ,
ਸ਼ਾਦਿਆਨਾ ਰਹਿ ਗਿਆ ਏ ਮੌਤ ਦਾ ਬਾਕੀ 'ਫ਼ਕੀਰ'।

ਕਰ ਤਸੱਵਰ ਨਾ ਕੋਈ ਪਰ ਕੋਲ ਬਹਿ ਮਹਿਬੂਬ ਪੀ।
ਭੁੱਲ ਮੰਜ਼ਿਲ ਦਾ ਪਤਾ, ਬਣ ਸਾਲਕਾ ਮਜ਼ਜੂਬ ਪੀ।
ਦਮ ਗ਼ਨੀਮਤ ਜਾਣਕੇ ਨਾ ਕਰ ਵਸਾਹ ਇਹਦਾ 'ਫ਼ਕੀਰ',
ਜ਼ਿਕਰ ਦੀ ਪੀ ਮਦ ਮਸਤਾ ਰਾਤ ਦਿਨ ਪੀ ਖ਼ੂਬ ਪੀ।

ਜ਼ੋਰ ਵਿਚ ਕੰਡਿਆਂ ਦੀਆਂ ਨੋਕਾਂ ਜੇ ਭਿੜੀਆਂ ਵੀ ਤੇ ਕੀ।
ਪਲ ਦਾ ਪਲ ਵਿਚ ਬਾਗ਼ ਦੇ ਕਲੀਆਂ ਜੇ ਖਿੜੀਆਂ ਵੀ ਤੇ ਕੀ
ਪਲ ਦੋ ਪਲ ਹਰ ਪੋਲ ਤੇ ਲਿਸ਼ਕੀ ਤੇ ਕੀ ਲਿਸ਼ਕੀ ਤਰੇਲ,
ਬੁਲਬੁਲਾਂ ਵਿਚ ਰੁੱਤ ਦੀ ਮਸਤੀ ਦੇ ਛਿੜੀਆਂ ਵੀ ਤੇ ਕੀ।

ਹੱਥ ਨਹੀਂ ਆਉਣੀ ਹਿਆਤੀ ਫ਼ੇਰ ਇਹ ਲੱਖੀਂ 'ਫ਼ਕੀਰ'
ਹਾਂ ਮੈਂ ਆਜਿਜ਼, ਆਜਜ਼ੀ ਦੀ ਲਾਜ ਹੀ ਰੱਖੀਂ 'ਫ਼ਕੀਰ'।
ਸ਼ਰਮ ਅਪਣੀ ਗੱਲ ਦੀ ਏ ਮਾਰਦੀ ਮੈਨੂੰ ਪਈ,
ਮੇਰੀ ਹਰ ਕਰਤੂਤ ਤੂੰ ਵੇਖੀ ਏ ਆਪ ਅੱਖੀਂ 'ਫ਼ਕੀਰ'।

ਫ਼ਿਕਰ ਕਿਉਂ ਕਰਨੈ ਦਿਲਾ ਦਿਨ ਰੈਣ ਦੀ।
ਰੀਝ ਈ ਗ਼ੈਰਾਂ ਤੋਂ ਫ਼ਿੱਕਾ ਪੈਣ ਦੀ।
ਸਿਦਕ ਨਾਲ ਇੱਕੋ ਦੇ ਦਰ ਤੇ ਸਿਰ ਨਿਵਾ,
ਲੋੜ ਨਹੀਂ ਧਿਰ ਧਿਰ ਦੇ ਤਰਲੇ ਲੈਣ ਦੀ।

ਬੋਲ ਦੇਸੀ ਹੋਣ ਮਨ ਭਾਉਣੇ 'ਫ਼ਕੀਰ',
ਕੀ ਕਿਸੇ ਦੇ ਸਾਂਗ ਪਏ ਲਾਹੁਣੇ 'ਫ਼ਕੀਰ'
ਮੈਂ ਤੇ ਪੰਜਾਬੀ ਆਂ ਚੱਜ ਉਰਦੂ ਦੇ ਅੱਜ,
ਜੋਸ਼ ਜਾਣੇ ਯਾ ਜਿਗਰ ਜਾਣੇ ਫ਼ਕੀਰ।

ਮੈਂ ਆਂ ਕਾਹਲਾ ਤੂੰ ਬੜਾ ਧੀਰਾ 'ਫ਼ਕੀਰ'।
ਤੂੰ ਸਖ਼ੀ ਦਿਲ ਦਾ ਤੇ ਮੈਂ ਕੀਰਾ 'ਫ਼ਕੀਰ।
ਯਾ ਮੁਹੰਮਦ ਖ਼ਾਕ ਮੈਂ ਅਕਸੀਰ ਤੋਂ,
ਮੈਂ ਆਂ ਇਕ ਰੋੜਾ ਤੇ ਤੂੰ ਹੀਰਾ 'ਫ਼ਕੀਰ'।

ਦੁੱਖ ਕੀ ਵਾਧੇ ਦੇ ਪਏ ਜਰੀਏ 'ਫ਼ਕੀਰ'
ਕੀ ਪਰਾਈ ਮੌਤ ਪਏ ਮਰੀਏ 'ਫ਼ਕੀਰ।
ਉਹਦੇ ਫ਼ਜ਼ਲਾਂ ਤੇ ਹੋਵੇ ਗੁਜ਼ਾਰਾ ਪਿਆ,
ਕੀ ਜ਼ਮਾਨੇ ਦਾ ਗਿਲਾ ਕਰੀਏ 'ਫ਼ਕੀਰ'।

ਕਿਹੜੇ ਅੰਦਰ ਕਿਹੜੀ ਵਿੱਥੇ ਸੀ ਕੋਈ।
ਹੋਵੇਗਾ ਉੱਥੇ ਈ ਜਿੱਥੇ ਸੀ ਕੋਈ।
ਜਾਣੇ ਕੌਣ ਇਸ ਜੱਗ ਤੋਂ ਪਹਿਲਾਂ 'ਫ਼ਕੀਰ',
ਕੌਣ ਸੀ ਕੀ ਸੀ ਤੇ ਕਿੱਥੇ ਸੀ ਕੋਈ।

ਯਾਦ ਨਹੀਂ ਇਹ ਉਹ ਤੇਰੀ ਮਸਤੀ ਦੇ ਚਾਲੇ ਸਾਕੀਆਂ।
ਆਉਂਦਿਆਂ ਜਿਹੇ ਮਸਤ ਪੀਤੇ ਨੇ ਪਿਆਲੇ ਸਾਕੀਆ।
ਤੇਰੀ ਮਸਤੀ ਦੀ ਨਜ਼ਰ ਹੋਈ ਏ ਸਭ ਸੁਰਤੀ ਮੇਰੀ।
ਦੀਨ ਦੁਨੀਆ ਏ ਮੇਰੀ ਤੇਰੇ ਹਵਾਲੇ ਸਾਕੀਆ।

ਏਸ ਤਦਬੀਰੋਂ ਹਰੀ ਤਕਦੀਰ ਵੇਖੀ ਏ ਦਿਲਾ।
ਫ਼ਜਰ ਦੇ ਹਾਵੇ ਨਿਰੀ ਤਾਸੀਰ ਵੇਖੀ ਏ ਦਿਲਾ।
ਦਰਦ ਦਿਲ ਦਾ ਵੇਖਿਆ ਏ ਆਪ ਦਾਰੂ ਆਪਣਾ,
ਗੱਲ ਜੋ ਨਿਕਲੀ ਏ ਤੈਥੋਂ ਤੀਰ ਵੇਖੀ ਏ ਦਿਲਾ।

ਸਭ ਖ਼ੁਸ਼ੀ ਦੀ ਬਣੇਗੀ ਅੰਤ ਹੈਰਾਨੀ 'ਫ਼ਕੀਰ'।
ਯਾਦ ਆਵੇਗੀ ਜਦੋਂ ਅਕਲਾਂ ਦੀ ਨਾਦਾਨੀ 'ਫ਼ਕੀਰ'।
ਮੁਨਤਕੀ ਚੁੱਪ ਹੋਣਗੇ ਜਦ ਮੌਤ ਆ ਕੀਤੀ ਸਲਾਮ,
ਕੰਮ ਨਾ ਦੇਗੀ ਕਿਸੇ ਦੀ ਫ਼ਲਸਫ਼ਾ ਦਾਨੀ 'ਫ਼ਕੀਰ'।

ਲੋੜ ਕਰ ਪੂਰੀ ਖ਼ੁਸ਼ੀ ਦੀ ਲੋੜ ਕੇ ਐਸੀ 'ਫ਼ਕੀਰ'।
ਰੱਖ ਦਏ ਦੁੱਖਾਂ ਦੀ ਗਰਦਨ ਤੋੜ ਕੇ ਐਸੀ 'ਫ਼ਕੀਰ'।
ਆਪ ਇਹ ਸਿਫ਼ਲਾ ਪਿਲਾ ਘਬਰਾ ਕੇ ਆਖੇ ਅਲਈਮਾਨ,
ਗ਼ਮ ਦੇ ਸਿਰ ਵਿਚ ਲੱਤ ਲਾ ਇਕ ਜੋੜਕੇ ਐਸੀ 'ਫ਼ਕੀਰ'
ਮੌਤ ਨੇ ਜਦ ਆਲਮਾਂ ਦੀ ਅੱਗੇ ਬਰਬਾਦੀ ਧਰੀ।
ਇਲਮ ਦੀ ਹਿੰਮਤ ਗਈ ਉੱਕਾ ਨਾ ਇਮਦਾਦੀ ਧਰੀ।
ਗਾਲ ਕੇ ਉਮਰਾਂ ਬਣੇ ਸ਼ਾਗਿਰਦ ਸਨ ਉਸਤਾਦ ਪਰ,
ਰਹਿ ਗਈ ਐਵੇਂ ਈ ਉਸਤਾਦਾਂ ਦੀ ਉਸਤਾਦੀ ਧਰੀ।

ਸੀ ਕਦੀ ਝੁੱਟੀ ਨਮਾਜ਼ਾਂ ਦੀ ਬੜੀ ਲਾਈ 'ਫ਼ਕੀਰ'।
ਰਾਤ ਦਿਨ ਸੀ ਜਾਨ ਇਸੇ ਸ਼ੌਕ ਤਿਰਹਾਈ 'ਫ਼ਕੀਰ'।
ਪੁੱਛਦੇ ਮਤਲਬ ਨੇ ਇਹ ਤੇਰੀ ਇਬਾਦਤ ਦਾ ਪਏ,
ਤੇਰੇ ਚੇਤੇ ਦੀ ਏ ਦਿਲ ਨੂੰ ਜਦ ਦੀ ਜਾਚ ਆਈ 'ਫ਼ਕੀਰ'

ਜ਼ਿਕਰ ਨਹੀਂ ਬੁੱਲ੍ਹਾਂ ਤੇ ਹੱਥ ਤਸਬੀ ਜੇ ਲਮਕੀ ਏ ਕਦੀ।
ਚਮਕ ਦਿਲ ਦੀ ਇਕ ਨਾ ਮੱਥੇ ਤੇ ਚਮਕੀ ਏ ਕਦੀ।
ਮਾਰਦੇ ਬੇਸੁਰਤ ਪਏ ਕਦ ਦੇ ਘੁਰਾੜੇ ਨੇ 'ਫ਼ਕੀਰ',
ਗ਼ਾਫ਼ਲਾ ਇਹ ਸੁੱਤਿਆਂ ਨਾ ਅੱਖ ਝਮਕੀ ਏ ਕਦੀ।

ਇਕ ਨੇ ਆਕੜ ਲਈ ਏ ਇਕ ਦੂਏ ਥੀਂ 'ਫ਼ਕੀਰ'।
ਹੋਇਆ ਏ ਦੂਜਾ ਵੀ ਭੂਏਂ ਇਕ ਭੂਏਂ ਥੀਂ 'ਫ਼ਕੀਰ'।
ਜੱਗ ਤੇ ਲਾਈ ਨਾ ਕਿਸ ਬਾਜ਼ੀ ਦਮਾਂ ਦੀ ਯਾਰ ਪਰ,
ਹਾਰ ਕੇ ਉੱਠਿਆ ਜੋ ਉੱਠਿਆ ਏਸ ਜੂਏ ਥੀਂ 'ਫ਼ਕੀਰ,।

ਅੰਤ ਦੱਸ ਇਹਦੇ ਤੋਂ ਤੂੰ ਨਾ ਭੱਜਿਆ ਕਿਹੜਾ 'ਫ਼ਕੀਰ'।
ਹੈ ਭਲਾ ਦੱਸ ਏਸ ਥਾਂ ਤੇ ਕੱਜਿਆ ਕਿਹੜਾ 'ਫ਼ਕੀਰ'।
ਕੱਢ ਕੇ ਦਿਲ ਥੀਂ ਨੇ ਰਹੀਆਂ ਵਿਚ ਦਿਲ ਦੇ ਸੱਧਰਾਂ,
ਜ਼ਿੰਦਗੀ ਵਿਚ ਜ਼ਿੰਦਗੀ ਤੋਂ ਰੱਜਿਆ ਕਿਹੜਾ 'ਫ਼ਕੀਰ'।

ਮਰ ਗਈ ਦੁਨੀਆ ਉਹਦੇ ਲਈ ਆਪ ਜੋ ਮੋਇਆ 'ਫ਼ਕੀਰ'
ਕੌਣ ਮੱਯਤ ਤੇ ਉਹਦੀ ਰੋਇਆ ਯਾ ਨਾ ਰੋਇਆ 'ਫ਼ਕੀਰ'।
ਨਾ ਰਿਹਾ ਇਕ ਵਿਚ ਇਹਦੇ ਰਹਿਣ ਵਾਲਾ ਈ ਜਦੋਂ,
ਜੱਗ ਫ਼ਾਨੀ ਮੁੜ ਕਿਤੇ ਹੋਇਆ ਯਾ ਨਾ ਹੋਇਆ 'ਫ਼ਕੀਰ'।

ਜ਼ਿੰਦਗੀ ਦਾ ਜ਼ੋਰ ਸਭ ਤੇਰਾ ਨਿਮਾਣਾ ਏ 'ਫ਼ਕੀਰ'।
ਇਹ ਟਿਕਾਣਾ ਯਾਰ ਤੇਰਾ ਬੇਟਿਕਾਣਾ ਏ 'ਫ਼ਕੀਰ'।
ਹੁਣ ਤੂੰ ਆਇਆ ਏਂ ਤੇ ਇੱਥੋਂ ਜਾਣ ਲਈ ਆਇਆ ਏਂ ਤੂੰ,
ਫ਼ੇਰ ਨਹੀਂ ਆਉਣਾ ਜਦੋਂ ਇੱਥੋਂ ਤੂੰ ਜਾਣਾ ਏ 'ਫ਼ਕੀਰ'।

ਦੁਖ ਦੁਖਿਆਰਾਂ ਦੇ ਕੀ ਜਰਦੀ ਏ ਦੁਨੀਆ ਵੇਖ ਲੈ।
ਮਰਦਿਆਂ ਦੇ ਨਾਲ ਜਿਉਂ ਮਰਦੀ ਏ ਦੁਨੀਆ ਵੇਖ ਲੈ।
ਨਾਲ ਤੇਰੇ ਕੀ ਕਰੇਗੀ ਤੇਰੀ ਇਹ ਦੁਨੀਆ 'ਫ਼ਕੀਰ',
ਹੋਰਨਾ ਦੇ ਨਾਲ ਕੀ ਕਰਦੀ ਏ ਦੁਨੀਆ ਵੇਖ ਲੈ।

ਸੁਰਤ ਇਕ ਆਬਾਦ ਦੁਨੀਆ ਦੀ ਏ ਬਰਬਾਦੀ 'ਫ਼ਕੀਰ'।
ਬੇਯਕੀਨਾ ਦੀ ਕਦੀ ਹੋਵੇ ਨਾ ਆਬਾਦੀ 'ਫ਼ਕੀਰ'।
ਵਸੋਸੇ ਬੇਵਸ ਹੋ ਕੇ ਨਿਕਲ ਗਏ ਉਹਦੇ ਦਿਲੋਂ,
ਅਕਲ ਦੀ ਕੈਦੋਂ ਮਿਲੀ ਜੀਹਨੂੰ ਵੀ ਆਜ਼ਾਦੀ 'ਫ਼ਕੀਰ'।

ਜ਼ਾਹਰ ਬਾਤਿਨ ਦਾ ਏ ਜਾਣੂ ਐਬ ਗੁਣ ਦਾ ਏ 'ਫ਼ਕੀਰ'।
ਜੋ ਦਮਾਂ ਦੇ ਪਲਿਆਂ ਦੀ ਚੋਣ ਚੁਣਦਾ ਏ 'ਫ਼ਕੀਰ'।
ਗੱਲ ਕਿਹੜੀ ਦਾ ਕਰਾਂ ਉਹਲਾ ਤੇ ਕਿਹੜੀ ਥਾਂ ਕਰਾਂ,
ਗੱਲ ਮੇਰੀ ਹੋਰ ਵੀ ਜੇ ਕੋਈ ਸੁਣਦਾ ਏ 'ਫ਼ਕੀਰ'।

ਰਹਿਣ ਇਹ ਸਮੇਂ ਸਦਾ ਤੇ ਉਹ ਨਹੀਂ ਡਰਦਾ ਕਦੀ।
ਇਹ ਨਹੀਂ ਜਿਉਂਦੇ ਸਦਾ ਤੇ ਉਹ ਨਹੀਂ ਮਰਦਾ ਕਦੀ।
ਰੱਬ ਵਾਲੀ ਗੱਲ ਕੋਈ ਬੰਦੇ ਨਹੀਂ ਜੇ ਕਰਦੇ 'ਫ਼ਕੀਰ'।
ਬੰਦਿਆਂ ਵਾਲੀ ਕੋਈ ਗੱਲ ਰੱਬ ਨਹੀਂ ਕਰਦਾ ਕਦੀ।

ਮਾਲੀਆਂ ਨੂੰ ਡੌਲ ਸਿਆਦਾਂ ਦੀ ਅਮਦਾਦੀ ਮਿਲੀ।
ਬੁਲਬੁਲਾਂ ਨੂੰ ਬਾਹਰ ਬਾਗ਼ੋਂ ਰੁੱਤ ਫ਼ਰਿਆਦੀ ਮਿਲੀ।
ਨਾਲ ਕੱਖਾਂ ਉਡਦੇ ਵੇਖੇ ਉਨ੍ਹਾਂ ਦੇ ਆਲ੍ਹਣੇ,
ਬਾਗ਼ ਦੇ ਕੇ ਬਾਗ਼ ਦੀ ਜਿਨ੍ਹਾਂ ਤੋਂ ਆਬਾਦੀ ਮਿਲੀ।

ਦਿਲ ਦੀਆਂ ਫੋਲੋ ਕੋਈ ਮੂੰਹ ਸਿਰ ਦੀਆਂ ਗੱਲਾਂ ਕਰੋ।
ਬੈਠ ਕੇ ਧਰਤੀ ਤੇ ਨਾ ਅੰਬਰ ਦੀਆਂ ਗੱਲਾਂ ਕਰੋ।
ਨਾ ਕਰੋ ਝਗੜੇ ਪਏ ਗ਼ੁਲਮਾਨਾ ਤੇ ਹੂਰਾਂ ਦੇ 'ਫ਼ਕੀਰ',
ਵਿਦਕਰੇ ਜੰਨਤ ਦੇ ਛੱਡੋ ਘਰ ਦੀਆਂ ਗੱਲਾਂ ਕਰੋ।

ਲੰਘ ਗਏ ਹੋਏ ਮੰਜ਼ਿਲਾਂ ਵੱਲ ਕਾਫ਼ਲੇ ਨੇ ਦੇਰ ਦੇ।
ਮੌੜ ਅਜੇ ਰਾਹਵਾਂ ਦੇ ਕੁਝ ਪਏ ਨੇ ਹੰਝੂ ਕੇਰਦੇ।
ਪੰਡਤ ਮੁੱਲਾਂ ਮਸਜਿਦੋਂ ਤੇ ਮੰਦਰੋਂ ਫਿਰ ਗਏ 'ਫ਼ਕੀਰ',
ਸਿਰ ਫਿਰੇ ਪਏ ਨੇ ਅਜੇ ਤਸਬੀ ਤੇ ਮਾਲਾ ਫੇਰਦੇ।

ਵੇਖੇ ਇਕ ਹਲਵਾ ਤੇ ਦੂਜਾ ਤਾੜਦਾ ਏ ਖੀਰ ਨੂੰ।
ਰੋਣ ਬੇਤਦਬੀਰ ਦੋਵੇਂ ਪਏ ਬੁਰੀ ਤਕਦੀਰ ਨੂੰ।
ਮੌਜ਼ੂ ਏ ਝਗੜੇ ਦਾ ਇੱਕੋ ਖਾਣ ਦਾ ਮਸਲਾ 'ਫ਼ਕੀਰ',
ਪੀਰ ਮੁੱਲਾਂ ਨੂੰ ਬੁਰਾ ਆਖੇ ਤੇ ਮੁੱਲਾਂ ਪੀਰ ਨੂੰ।

ਹੌਕਿਆਂ ਦੀ ਹੁੰਦੀ ਏ ਦੁਨੀਆ ਨਵੀਂ ਆਬਾਦ ਪਈ।
ਦਿਲ ਦੁਖੇ ਥੀਂ ਨਿਕਲਦੀ ਏ ਦੁੱਖ ਦੀ ਫ਼ਰਿਆਦ ਪਈ।
ਪਿਆਰਿਆਂ ਦੇ ਪਿਆਰ ਤੇ ਕੀਤਾ ਸਲੂਕ ਐਸਾ 'ਫ਼ਕੀਰ'
ਆਉਂਦੀ ਏ ਵੈਰੀਆਂ ਦੇ ਵੈਰ ਦੀ ਅੱਜ ਯਾਦ ਪਈ।

ਤਪ ਕੇ ਜਦ ਬਲਦੀ ਏ ਲੋ ਪਈ ਬਾਲਦੀ ਤਾਉਂਦੀ ਏ ਬਾਗ਼।
ਵਿਚ ਸੋਕੇ ਦੇ ਖ਼ਿਜ਼ਾਂ ਚਾ ਸੁੱਕਣੇ ਪਾਉਂਦੀ ਏ ਬਾਗ਼।
ਫੁੱਲ ਬੂਟੇ ਆਲ੍ਹਣੇ ਸੜਦੇ ਪਏ ਵੇਖੇ 'ਫ਼ਕੀਰ',
ਜਦ ਖ਼ਿਜ਼ਾਂ ਜਾਂਦੀ ਏ ਬਾਗ਼ੋਂ ਸਾੜ ਕੇ ਜਾਂਦੀ ਏ ਬਾਗ਼।

ਬੰਦੇ ਮਤਲਬ ਦੇ ਬੇਕਾਰੇ ਅੰਨ੍ਹੇ ਗ਼ਰਜ਼ੀ ਸਾਰੇ ਨੇ।
ਮਸਤਾਂ ਨਾਲ ਪਏ ਐਵੇਂ ਕਰਦੇ ਝੂਠੇ ਰਿੰਦ ਬਕਾਰੇ ਨੇ।
ਬਾਅਜ਼ ਜੰਨਤ ਦਾ ਏ ਲੋਭੀ, ਮੁੱਲਾਂ ਭੁੱਖਾ ਹੂਰਾਂ ਦਾ,
ਜ਼ਾਹਿਦ ਸ਼ੋਹਰਤ ਤੇ ਭਰਮਾਏ, ਪੀਰ ਹਵਸ ਦੇ ਮਾਰੇ ਨੇ।

ਜ਼ਿੰਦਗੀ ਵਾਲੇ ਨੇ ਜਦ ਜ਼ਿੰਦਾ ਨਜ਼ਾਰੇ ਵੇਖਦੇ।
ਧੂੜ ਦੇ ਵਿਚ ਧੁੰਮ ਦੇ ਜ਼ੱਰੇ ਨੇ ਤਾਰੇ ਵੇਖਦੇ।
ਆਪ ਉਹ ਮੂਰਖ਼ ਡਰੂ ਨੇ ਸ਼ੌਹ ਨੂੰ ਸ਼ਹਿ ਦਿੰਦੇ 'ਫ਼ਕੀਰ',
ਡਰਕੇ ਤੂਫ਼ਾਨਾਂ ਤੋਂ ਨੇ ਜਿਹੜੇ ਕਿਨਾਰੇ ਵੇਖਦੇ।

ਮਾਰ ਕੇ ਛਾਲਾਂ ਮੱਲਾਹ ਹਮਦਰਦ ਸਾਰੇ ਆਏ ਨੇ।
ਕੰਮ ਮੇਰੇ ਅੰਤ ਬਾਹੀਆਂ ਦੇ ਸਹਾਰੇ ਆਏ ਨੇ।
ਡੋਲਦਾ ਨਾ ਵੇਖ ਮੇਰੇ ਹੌਸਲੇ ਹੱਠ ਨੂੰ 'ਫ਼ਕੀਰ',
ਆਪ ਮੈਨੂੰ ਲੈਣ ਸ਼ੌਹ ਵਿੱਚੋਂ ਕਿਨਾਰੇ ਆਏ ਨੇ।

ਕੰਨ ਰਸ ਵੀ ਆਏ ਸੌਖਾ ਬੋਲ ਵੀ ਥੱਥਾ ਨਹੀਂ।
ਮੁੜ ਤੇਰੇ ਦਿਲ ਥੀਂ ਮੇਰਾ ਚਾਅ ਕਿਉਂ ਅਜੇ ਲੱਥਾ ਨਹੀਂ।
ਸਿਰ ਉਤਾਂਹ ਕਰਕੇ ਤੇਰੇ ਵਲ ਨੂੰ ਕਿਵੇਂ ਦੇਖਾਂ 'ਫ਼ਕੀਰ',
ਤੇਰੀ ਸਰਦਲ ਚੁੰਮਿਆਂ ਮੇਰਾ ਅਜੇ ਮੱਥਾ ਨਹੀਂ।

ਆਪ ਹੱਥੀਂ ਸ਼ਹਿਦ ਦੇ ਵਿਚ ਜ਼ਹਿਰ ਫੜ ਘੋਲਾਂ ਕਿਵੇਂ।
ਜ਼ਿੰਦਗੀ ਲਈ ਜ਼ਿੰਦਗੀ ਦੇ ਸਿਰ ਨਾ ਚੜ੍ਹ ਬੋਲਾਂ ਕਿਵੇਂ।
ਗ਼ਮ ਜ਼ਮਾਨੇ ਦਾ ਹੀ ਸ਼ਾਹਵਾਂ ਦਾ ਸਹਾਰਾ ਏ 'ਫ਼ਕੀਰ',
ਨਾਲ ਖ਼ੁਸ਼ੀਆਂ ਗ਼ਮ ਲਈ ਦਿਲ ਦਾ ਨਾ ਦਰ ਖੋਲ੍ਹਾਂ ਕਿਵੇਂ।

ਰਾਤ ਨੂੰ ਜਗਰਾਤਿਆਂ ਦੇ ਵਾਹ ਇਹ ਪਾਉਂਦਾ ਏ ਅਜੇ।
ਚਾਨਣੀ ਦਾ ਚਾਨਣਾ ਵੇਹੰਦਾ ਵਿਖਾਉਂਦਾ ਏ ਅਜੇ।
ਹੋਰ ਨਾ ਪਾਏ ਹਨੇਰ ਇਹ ਕੋਈ ਚਾਅ ਚਾਨਣ ਚਿਰਾਗ਼,
ਚੰਨ ਡੁਬਦਾ ਦੇਖ ਕੇ ਦਿਲ ਡੁੱਬ ਜਾਂਦਾ ਏ ਅਜੇ।

ਸਾਂਭ ਕੇ ਚੁੱਕੇ ਕਿਸੇ ਨਹੀਂ ਓਪਰੇ ਭਾਰੇ ਕਦੀ।
ਵਿੱਚ ਗ਼ੈਰਾਂ ਹਾਰ ਕੇ ਅਪਣੇ ਨਹੀਂ ਹਾਰੇ ਕਦੀ।
ਵੈਰੀਆਂ ਦੀ ਮਾਰ ਦੇ ਮਾਰੇ ਨੇ ਪਾਸੇ ਪਰਤਦੇ,
ਹਿੱਲਦੇ ਨਹੀਂ ਸੱਜਣਾਂ ਦੀ ਮਾਰ ਦੇ ਮਾਰੇ ਕਦੀ।

ਹੈ ਤੇ ਟਾਹਣੀ ਕੱਲੇ ਰੁੱਖ ਦੀ ਪਰ ਏ ਕੱਪੀ ਹੋਈ।
ਤੂਹਮਤ ਇਕ ਤੌਹੀਦ ਦੇ ਸਿਰ ਤੇ ਹੈ ਇਹ ਥੱਪੀ ਹੋਈ
ਖੁੱਲ੍ਹੀਆਂ ਰੱਖੇ ਕਿਤਾਬਾਂ ਕਈ ਦਵਾਲੇ ਆਪਣੇ।
ਮੁੱਲਾਂ ਕੋਲ ਕਿਤਾਬ ਏ ਇਕ ਪਰ ਏ ਠੱਪੀ ਹੋਈ।

ਪੈਂਦੀ ਇਨ੍ਹਾਂ ਤੇ ਤੇਰੀ ਪੁੱਠੀ ਕਲਾਮ ਏ ਮਾਲਕਾ।
ਮਜ਼ਹਬ ਦੇ ਧੜਿਆਂ ਨੂੰ ਦੋਗੁੱਠੀ ਸਲਾਮ ਏ ਮਾਲਕਾ।
ਮਾਰ ਗਏ ਨੇ ਕੌਮ ਨੂੰ ਸੁੰਨੀ-ਸ਼ੀਆ ਦੇ ਵੇਰਵੇ।
ਹੋ ਗਈ ਦੋ ਮੁੱਲਾਵਾਂ ਵਿਚ ਕੁਕੜੀ ਹਰਾਮ ਏ ਮਾਲਕਾ।

ਸਾਥ ਰਾਹ ਦਾ, ਟੁਰਦਿਆਂ ਦੇ ਚੁਕਦਾ ਏ ਭਾਰ ਕੋਈ।
ਡੁਬਦਿਆਂ ਨੂੰ ਦੇਖ ਕੇ ਲਾਏ ਮੁਹਾਨਾ ਪਾਰ ਕੋਈ।
ਗੱਲ ਕੀਤੀ ਨਾਲ ਕੰਨਾਂ, ਸੁਨਣ ਵਾਲੇ ਨੇ ਬੜੇ,
ਗੱਲ ਦਿਲ ਦੀ ਨਾਲ ਦਿਲ ਦੇ ਸੁਨਣ ਵਾਲਾ ਯਾਰ ਕੋਈ।

ਲਬ ਮੁਸ਼ਕਣੇ ਨਾ ਰਹਿਣ ਪਰ ਫੱਕ ਰਹਿ ਜਾਏ ਕਿਵੇਂ।
ਚਲਦੀਆਂ ਰਸਮਾਂ ਦਾ ਲਗਦਾ ਟੱਕ ਰਹਿ ਜਾਏ ਕਿਵੇਂ।
ਈਨ ਮੰਨੀ ਜਾਏ ਭਾਵੇਂ ਆਨ ਭੋਰਾ ਨਾ ਰਹੇ,
ਧੌਣ ਤੋਂ ਲਹਿ ਜਾਏ ਸਿਰ ਪਰ ਨੱਕ ਰਹਿ ਜਾਏ ਕਿਵੇਂ।

ਗ਼ਮ ਦੇ ਸਾਗਰ ਤਰਨ ਦੇ ਲਈ ਤਾਰੂਆਂ ਦੀ ਲੋੜ ਨਹੀਂ।
ਦਰਦ ਦੇ ਮਾਰੇ ਦਿਲਾਂ ਲਈ ਦਾਰੂਆਂ ਦੀ ਲੋੜ ਨਹੀਂ।
ਪਹੁੰਚ ਹੀ ਜਾਵਣਗੇ ਮੰਜ਼ਿਲ ਮੌਤ ਦੀ ਤੇ ਕਾਫ਼ਲੇ,
ਰਾਹਬਰਾਂ ਦੇ ਹੁੰਦਿਆਂ ਰਾਹ ਮਾਰਵਾਂ ਦੀ ਲੋੜ ਨਹੀਂ।

ਸੁਨਣ ਲਈ ਵਿਚ ਕੰਨ ਖ਼ਵਰੇ ਕੀ ਏ ਕੁਦਰਤ ਰੱਖ ਦੀ।
ਨੱਕ ਨੂੰ ਕਿੱਡੀ ਪਛਾਣ ਏ ਮਹਿਕ ਵੱਖੋ-ਵੱਖ ਦੀ।
ਨਜ਼ਰ ਇੱਕੋ ਕਿੰਨਿਆਂ ਰੰਗਾਂ ਨੂੰ ਵਿਹੰਦੀ ਏ 'ਫ਼ਕੀਰ',
ਜੀਭ ਹੈ ਇੱਕੋ ਪਰ ਇਹ ਕਿੰਨੇ ਸਵਾਦ ਏ ਚੱਖਦੀ।

ਵੈਰ ਨਾ ਰਹਿਣੇ ਦੀ ਕੀ ਏ ਪਿਆਰ ਦੀ ਏ ਲੋਰ ਕੀ।
ਕੀ ਨਹੀਂ ਮੁਖ਼ਤਾਰ ਦਾ ਮਜਬੂਰ ਦਾ ਏ ਜ਼ੋਰ ਕੀ।
ਇਹਦੇ ਸਾੜੇ ਸੜਦਿਆਂ ਦੀ ਗੋਰ ਵੀ ਬਲਦੀ ਰਹਵੇ,
ਜੱਗ ਤੇ ਦੋਜ਼ਖ਼ ਤੋਂ ਵੱਧ ਹੋਣਾ ਏ ਦੋਜ਼ਖ਼ ਹੋਰ ਕੀ।

ਸੱਧਰਾਂ ਪਲ ਕੇ ਦਿਲਾਂ ਵਿਚ ਵੇਖੀਆਂ ਨਹੀਂ ਮਰਦੀਆਂ।
ਤੂੰ ਦਿਲੋਂ ਪਰਦੇਸ ਵਿਚ ਕੱਢੀਆਂ ਸਾਂ ਆਸਾਂ ਘਰ ਦੀਆਂ।
ਮੋੜ ਵਿਹੰਦੇ ਨੇ ਬਜ਼ਾਰਾਂ ਦੇ ਤੇਰੇ ਪਏ ਰਾਹ ਅਜੇ,
ਯਾਦ ਤੈਨੂੰ ਤੇਰੀਆਂ ਗਲੀਆਂ ਨੇ ਪਈਆਂ ਕਰਦੀਆਂ।

ਖ਼ਵਰੇ ਪੰਡਤ ਤੁਰ ਗਏ ਕਿੱਥੇ ਮੰਦਰ ਛੱਡ ਅਣਜਾਚੇ ਨੇ,
ਗੁਰਦੁਆਰੇ ਪਏ ਆਖਣ ਭਾਈਆਂ ਚੰਗੇ ਪੱਤਰੇ ਵਾਚੇ ਨੇ।
ਬਾਂਗਾਂ ਦੇਣ 'ਫ਼ਕੀਰ' ਮਸੀਤਾਂ, ਬਾਝ ਖ਼ੁਦਾ ਦੇ ਕੌਣ ਸੁਣੇ,
ਕੱਲ ਨਮਾਜ਼ੀ ਨਹੀਂ ਸਨ ਲੱਭਦੇ ਅੱਜ ਇਮਾਮ ਗਵਾਚੇ ਨੇ।

ਗਰਮ ਜ਼ਰਦੇ ਤੇ ਪਲਾਉ ਪੁੱਠੀਆਂ ਕਲਾਂ ਨਹੀਂ ਗੇੜੀਆਂ।
ਹੈਨ ਕੁਝ ਫ਼ਿਰਨੀ ਤੇ ਬਰਿਆਨੀ ਨੇ ਛੇੜਾਂ ਛੇੜੀਆਂ।
ਵਿੱਚ ਹਲਵੇ ਦੇ ਏ ਜੱਲ੍ਹਣ ਪੀਰ ਦਾ ਫਾਤਾ ਜਹਾਜ਼,
ਵਿੱਚ ਸ਼ੋਰਬੇ ਡੁੱਬੀਆਂ ਮੁੱਲਾਂ ਦੀਆਂ ਨੇ ਬੇੜੀਆਂ।

ਕਿੱਕਰਾਂ ਕਰਿਆਂ ਦੀ ਹੋਵੇ ਟਾਹਲੀਆਂ ਰਿੰਡਾਂ ਦੀ ਸੇਪ।
ਹੋਵੇ ਖੂਹ ਦੇ ਢੋਲ ਦੀ ਯਾ ਅਰਲੀਆਂ ਟਿੰਡਾਂ ਦੀ ਸੇਪ।
ਕਿਉਂ ਨਾ ਅੱਖੀਂ ਵੇਖ ਉਹਨੂੰ ਭੈੜੀਆਂ ਸਮਝਾਂ 'ਫ਼ਕੀਰ',
ਹੋਵੇ ਇਕ ਮੁੱਲਾਂ ਦੀ ਜੇ ਕਰ ਯਾਰ ਦੋਂਹ ਪਿੰਡਾਂ ਦੀ ਸੇਪ।

ਰੁਖ ਬਹਾਰਾਂ ਦੇ ਨੇ ਉੱਸਲ ਵੱਟ ਮੁੜ ਲੈਂਦੇ ਪਏ।
ਬੁਲਬੁਲਾਂ ਵੱਲ ਵੇਖ ਕੇ ਫੁੱਲਾਂ ਦੇ ਦਿਲ ਬਹਿੰਦੇ ਪਏ।
ਮੇਰੇ ਦਿਲ ਨੂੰ ਬਿਜਲੀਆਂ ਦਾ ਭੈ ਪਿਆ ਏ ਮਾਰਦਾ,
ਬਾਗ਼ ਦੇ ਵਿਚ ਦੇਖ ਮੁੜ ਕੇ ਆਲ੍ਹਣੇ ਪੈਂਦੇ ਪਏ।

ਅੱਖ ਏ ਤਰ ਨਰਗਿਸ ਦੀ ਕਰੁੰਬਲ ਏ ਜ਼ੁਲਫ਼ਾਂ ਖੋਲ੍ਹਦੀ।
ਬੋਲਦਾ ਏ ਬਾਗ਼ ਨਾ ਮੂੰਹੋਂ ਬਹਾਰ ਏ ਬੋਲਦੀ।
ਬੂਟਿਆਂ ਤੇ ਕੱਲ ਹਵਾ ਨੂੰ ਫੁੱਲ ਜੋ ਹਸਦੇ ਮਿਲੇ,
ਅੱਜ ਹਨੇਰੀ ਪਈ ਏ ਰਾਹਵਾਂ ਵਿਚ ਉਨ੍ਹਾਂ ਨੂੰ ਰੋਲਦੀ।

ਘੁੰਡ ਕਲੀਆਂ ਦੇ ਨੇ ਪਾੜੇ ਬੁਲਬੁਲਾਂ ਦੀ ਭੁੱਲ ਵੇਖ।
ਟਹਿਣੀਆਂ ਤੇ ਵਿੰਨ ਲਏ ਖ਼ਾਰਾਂ ਨੇ ਪੱਤਰ ਕੁੱਲ ਵੇਖ।
ਤਾਅ ਖ਼ਿਜ਼ਾਂ ਦਾ ਨਾਲ ਲੈ ਕੇ ਆਈ ਏ ਤੱਤੀ ਬਹਾਰ,
ਵਾਂਗ ਅੰਗਿਆਰਾਂ ਦਾ ਭਖਦੇ ਪਏ ਨੇ ਖਿੜਦੇ ਫੁੱਲ ਵੇਖ।

ਮੇਰਿਆਂ ਅਮਲਾਂ ਦੇ ਸਭ ਖ਼ਾਲੀ ਨੇ ਖ਼ਾਨੇ ਮਾਲਕਾ।
ਫ਼ਜ਼ਲ ਦੇ ਨੇ ਕੋਲ ਤੇਰੇ ਸੌ ਬਹਾਨੇ ਮਾਲਕਾ।
ਵੇਖਿਆ ਏ ਬਾਦਸ਼ਾਹਾਂ ਨੂੰ ਫ਼ਕੀਰੀ ਕਰਦਿਆਂ,
ਰਹਿਣ ਪਰ ਭਰਪੂਰ ਨਿਤ ਤੇਰੇ ਖ਼ਜ਼ਾਨੇ ਮਾਲਕਾ।

ਰਹੇ ਸੁਭਾਅ ਕਾਹਲਾ ਵਿਚ ਇਹਦੇ ਤਬਾਅ ਧੀਰੀ ਜਿਹਾ।
ਫ਼ਕਰ ਦੀ ਵਿਚ ਖੇਡ ਦੇ ਫਾਡੀ ਰਹੇ ਮੀਰੀ ਜਿਹਾ।
ਕੋਲ ਬੰਦੇ ਦੇ ਜੇ ਬੇਸ਼ਰਮੀ ਦੀ ਰਾਸ ਹੋਵੇ 'ਫ਼ਕੀਰ',
ਵਣਜ ਨਹੀਂ ਵਿਚ ਜੱਗ ਦੀ ਮੰਡੀ ਦੇ ਕੋਈ ਪੀਰੀ ਜਿਹਾ।

ਹੋਣ ਕਈ ਕੋਰੇ ਸੁਜਾਖੇ ਤੇ ਸੁਜਾਖੇ ਕੋਰ ਵੀ।
ਕੁੱਕੜਾਂ ਦੇ ਵਾਂਗ ਕੂੜਾ ਫੋਲਦੇ ਨੇ ਮੋਰ ਵੀ।
ਆਰਿਫ਼ਾਂ ਦੇ ਵਿਚ ਮਿਲ ਪੈਂਦੇ ਨੇ ਕਈ ਜਾਹਲ 'ਫ਼ਕੀਰ',
ਸਾਧ ਵੱਡੇ ਜੱਗ ਦੇ ਹੁੰਦੇ ਨੇ ਵੱਡੇ ਚੋਰ ਵੀ।

ਹੌਸਲੇ ਨੂੰ ਅੰਤ ਮਿਲਦੀ ਏ ਬੜੀ ਖ਼ੂਬੀ ਦਿਲਾ।
ਵੈਰ ਵਿੱਚੋਂ ਪਿਆਰ ਨੂੰ ਲੱਭਦੀ ਏ ਮਹਿਬੂਬੀ ਦਿਲਾ।
ਦਾਰ ਦੀ ਨੋਕੋਂ ਨੇ ਡਿੱਠੀਆਂ ਮਿਲਦੀਆਂ ਮਨਸੂਰੀਆਂ।
ਸਬਰ ਨੂੰ ਵੇਖੀ ਏ ਮਿਲਦੀ ਹਿੰਮਤ ਅਯੂਬੀ ਦਿਲਾ।

ਸ਼ਿਅਰ ਮੇਰੇ ਨੇ ਗ਼ਮਾਂ ਖ਼ੁਸ਼ੀਆਂ ਦੇ ਸੋਮੇ ਵਗਦੇ।
ਕੁਝ ਦਿਲਾਸੇ ਮਹਿਰਮਾਂ ਦੇ ਕੁਝ ਹਨੋਰੇ ਜੱਗ ਦੇ।
ਦੀਦਿਆਂ ਨੂੰ ਠਾਰ ਕੇ ਦਿਲ ਬਾਲ ਦਿੰਦੇ ਨੇ 'ਫ਼ਕੀਰ',
ਅੱਥਰੂ ਅੱਖਾਂ ਦੇ ਚੰਗਿਆੜੇ ਨੇ ਦਿਲ ਦੀ ਅੱਗ ਦੇ।

ਮੇਲ ਦਿਲ ਦੇ ਮਾਨ ਲਈ ਦਿਲ ਮੇਲਦੇ ਸੀ ਮਾਨ ਲਈ।
ਪਰ ਵਸੇਬਾ ਜਾਣ ਦਾ ਏ ਬਣ ਗਿਆ ਭੌ ਜਾਣ ਲਈ।
ਲੱਥਾ ਹਾਂ ਡੇਰੇ ਅਜਿਹੇ ਖ਼ਾਨਾਂ ਖ਼ਰਾਬਾਂ ਦੇ 'ਫ਼ਕੀਰ',
ਬੁੱਕ ਮਿੱਟੀ ਦਾ ਮਿਲੇ ਜਿੱਥੇ ਨਾ ਸਿਰ ਵਿਚ ਪਾਉਣ ਲਈ।

ਉਹ ਹੰਢਾਉਂਦਾ ਏ ਹਿਆਤੀ ਮਾਨਦਾ ਏ ਜ਼ਿੰਦਗੀ।
ਜੋ ਤਨੀ ਤਲਵਾਰ ਵਾਂਗੂੰ ਤਾਣਦਾ ਏ ਜ਼ਿੰਦਗੀ।
ਕੌਣ ਦੱਸੇ ਓੜਕ ਉਹਦੀ ਜ਼ਿੰਦਗਾਨੀ ਦਾ 'ਫ਼ਕੀਰ',
ਮੌਤ ਨੂੰ ਦਿਲ ਜਾਣ ਤੋਂ ਜੋ ਜਾਣਦਾ ਏ ਜ਼ਿੰਦਗੀ।

ਖੁਭ ਕੇ ਚੁੱਕੇ ਕੋਈ ਯਾ ਨਸ ਕੇ ਚੁੱਕੇ ਕੋਈ
ਚੁੱਕ ਲਏ ਪੋਲਾ ਕੋਈ ਯਾ ਕਸ ਕੇ ਚੁੱਕੇ ਕੋਈ।
ਚੁੱਕੇ ਜ਼ਿੰਦਗੀ ਦਾ ਭਾਰ ਜਦ ਸਿਰ ਤੇ 'ਫ਼ਕੀਰ',
ਰੋ ਕੇ ਚੁੱਕੇ ਏਸ ਨੂੰ ਯਾ ਹਸ ਕੇ ਚੁੱਕੇ ਕੋਈ।

ਕੱਜਾਂ ਪਰਦੇ ਅਪਣੇ ਜਦ ਗ਼ੈਰਾਂ ਤੇ ਪਰਦੇ ਪਾਵਾਂ।
ਅਪਣੇ ਐਬਾਂ ਕਰਕੇ ਮੈਂ ਦੂਜੇ ਦੇ ਐਬ ਛੁਪਾਵਾਂ।
ਲਵਾਂ ਸੱਜਣਾਂ ਦੇ ਘਾਟੇ ਅਪਣੇ ਵਾਧਿਆਂ ਨਾਲ ਵਟਾ,
ਵੈਰੀ ਕਰਨ 'ਫ਼ਕੀਰ' ਨਾ ਕੀਕਣ ਹੱਥੀਂ ਸਿਰ ਤੇ ਛਾਵਾਂ।

ਔਕੜਾਂ ਵਿਚ ਰਾਸ ਰਹਿਮਤ ਦਾ ਸਬੱਬ ਆਇਆ 'ਫ਼ਕੀਰ'।
ਮੈਨੂੰ ਈ ਨਾ ਉਹਦੀਆਂ ਸਾਂਝਾਂ ਦਾ ਢੱਬ ਆਇਆ 'ਫ਼ਕੀਰ'।
ਸੁੱਖਾਂ ਵਿਚ ਅੰਗ ਸਾਕ ਮਹਿਰਮ ਯਾਰ ਯਾਦ ਆਏ ਬੜੇ,
ਦੁੱਖ ਵਿਚ ਕੋਈ ਯਾਦ ਆਇਆ ਤੇ ਰੱਬ ਆਇਆ 'ਫ਼ਕੀਰ'

ਸਖ਼ਤ ਪੱਥਰ ਦੀ ਤੇ ਕੱਚੀ ਨਰਮ ਚਿੱਲ ਦੀ ਜ਼ਿੰਦਗੀ।
ਚਾਰ ਦਿਨ ਦੀ ਜ਼ਿੰਦਗੀ ਏ ਦਰਦੇ ਦਿਲ ਦੀ ਜ਼ਿੰਦਗੀ।
ਮਰ ਗਿਆ ਜੋ ਜ਼ਿੰਦਗੀ ਲਈ ਮਰ ਕੇ ਜਿਉਂਦਾ ਏ 'ਫ਼ਕੀਰ',
ਜ਼ਿੰਦਗੀ ਲਈ ਮਰਨ ਵਾਲੇ ਨੂੰ ਏ ਮਿਲਦੀ ਜ਼ਿੰਦਗੀ।

ਘੇਰਿਆਂ ਦੇ ਵੱਲ ਮੋਮਨ ਮਰਦ ਘਿਰ ਨਹੀਂ ਦੇਖਦੇ।
ਵੇਖ ਕੇ ਅੱਗੇ ਇਹ ਪਿੱਛੇ ਵੱਲ ਫਿਰ ਨਹੀਂ ਵੇਖਦੇ।
ਜਾਣ ਜਾਂਦੀ ਜਾਏ ਵੇਖਣ ਆਨ ਨਾ ਜਾਂਦੀ 'ਫ਼ਕੀਰ',
ਵੇਖਦੇ ਤਲਵਾਰ ਨੇ ਜਿਹੜੇ ਉਹ ਸਿਰ ਨਹੀਂ ਵੇਖਦੇ।

ਖ਼ੂਨੀਆਂ ਰਾਹਵਾਂ ਦੀ ਗਰਦਨ ਤੋੜ ਦੇਵਣ ਵਾਲਿਓ।
ਦੂਰ ਚੜ੍ਹਦੇ ਨਾਲ ਲਹਿੰਦਾ ਜੋੜ ਦੇਵਣ ਵਾਲਿਓ।
ਆਬਰੂ ਤਾਜ ਅਪਣੇ ਦੀ ਵੀ ਜ਼ਰਾ ਦੇਖੋ 'ਫ਼ਕੀਰ',
ਦੁਸ਼ਮਨਾਂ ਦੇ ਤਖ਼ਤ ਖੋਹ ਕੇ ਮੋੜ ਦੇਵਣ ਵਾਲਿਓ।

ਪੁੱਜਣੀ ਏਂ ਅਸਮਾਨਾਂ ਤੀਕਰ ਕਦ ਫ਼ਰਿਆਦ ਅਸਾਡੀ।
ਯਾਦ ਆਏ ਕਦ ਕਰਦੇ ਹੋਸਨ ਦਿਲ ਵਿਚ ਯਾਦ ਅਸਾਡੀ।
ਹੈ ਬਸਤੀ ਆਬਾਦ ਉਨ੍ਹਾਂ ਬਿਨ ਕੀ ਆਬਾਦ ਅਸਾਡੀ,
ਕੌਣ 'ਫ਼ਕੀਰ' ਸੁਣੇ ਫ਼ਰਿਆਦਾਂ ਦੇਵੇ ਦਾਦ ਅਸਾਡੀ।

ਹਰ ਚੜ੍ਹੀ ਚੜ੍ਹਤਲ ਨੇ ਚੜ੍ਹ ਕੇ ਫੇਰ ਢਲਣਾ ਏ 'ਫ਼ਕੀਰ'।
ਪਾਂਧੀਆਂ ਰਾਹ ਦਾ ਵਲਾਣਾ ਅੰਤ ਵਲਣਾ ਏ 'ਫ਼ਕੀਰ'।
ਇਕ ਝੱਖੜ ਕੀ ਹਜ਼ਾਰਾਂ ਰਹਿਣ ੜੱਖੜ ਝੁੱਲਦੇ,
ਗ਼ਜ਼ਨਬੀ, ਗ਼ੌਰੀ ਦਾ ਛੂਹਿਆਂ ਕੰਮ ਚਲਣਾ ਏ 'ਫ਼ਕੀਰ'।

ਰੋਗੀਆਂ ਦੇ ਰੋਗ ਦੀ ਕਾਰੀ ਦਵਾ ਆਈ ਏ ਫੇਰ।
ਜ਼ਿੰਦਗਾਨੀ ਫੇਰ ਆਈ ਏ ਸ਼ਿਫ਼ਾ ਆਈ ਏ ਫੇਰ।
ਦਿਲ ਨੇ ਹੁਣ ਆਪੇ ਈ ਫੁੱਲਾਂ ਵਾਂਗ ਪਏ ਖਿੜਦੇ 'ਫ਼ਕੀਰ',
ਖ਼ੁਸ਼ਕ ਬਾਗ਼ਾ ਵਿਚ ਤਬੀਬਾਂ ਦੀ ਹਵਾ ਆਈ ਏ ਫੇਰ।

ਹੀਰ ਜੱਟੀ ਰਲ ਮੋਈ ਦਰਦੋਂ ਦਿੰਦਾ ਇਸ਼ਕ ਦੁਹਾਈ।
ਵਿੱਚ ਵਰਾਗ ਸੱਜਣ ਦੇ ਓੜਕ ਲੈਲਾ ਜਾਨ ਗਵਾਈ।
ਭਲੇ-ਭੁਲੇਰੇ ਭੁੱਲੇ ਇਸ਼ਕੋਂ ਉਸ ਨਾ ਕਰੀ ਚਤੁਰਾਈ,
ਚਾਕ 'ਫ਼ਕੀਰ' ਏ ਬਣਿਆ ਜੋਗੀ ਤੇ ਮਜਨੂੰ ਸੌਦਾਈ।

ਨਫ਼ਸ ਸ਼ਰਮਿੰਦੇ ਨੂੰ ਫਟਕਾਂ ਲਾਅਨਤਾਂ ਨਾ ਪਾ ਦਿਲਾ।
ਚਿੱਤ ਲਾ ਸੁਰਤੀ ਦਾ ਸੂਝੋਂ ਬੈਠ ਕੇ ਇਕ ਦਾ ਦਿਲਾ।
ਯਾਦ ਕਰ ਕੀਤੀ ਬਦੀ ਖ਼ੌਫ਼ੋਂ ਸਦਾ ਸ਼ਰਮਿੰਦਿਆ,
ਜੇ ਕੋਈ ਨੇਕੀ ਏ ਕੀਤੀ ਯਾਦ ਵਿੱਸਰ ਜਾ ਦਿਲਾ।

ਪਿੰਡੋ ਪਿੰਡ ਨੇ ਰੋਲਾਂ ਵਾਂਗਰ ਫਿਰਦੇ ਦਰ ਦਰ ਸੂਫ਼ੀ।
ਹੱਟੀ ਖੋਲ੍ਹ ਤਸੱਵੁਫ਼ ਦੀ ਨੇ ਬੈਠੇ ਘਰ ਘਰ ਸੂਫ਼ੀ।
ਹਰ ਸਿਫ਼ਲੇ ਦਾ ਪੇਸ਼ਾ ਬਣਿਆ ਅੱਜ ਸਲੂਕ ਤਸੱਵੁਫ਼,
ਹਰ ਸਿਫ਼ਲਾ ਏ ਅਜ ਕਲ ਬਣਿਆ ਇਕ ਪੇਸ਼ਾਵਰ ਸੂਫ਼ੀ।

ਹਾਜ਼ਰ ਗ਼ਾਇਬ, ਗ਼ਾਇਬ ਹਾਜ਼ਰ, ਵਿਚ ਅੱਖ ਦੇ ਪਲਕਾਰੇ।
ਕਰਨ ਮਦਾਰੀ ਹਾਜ਼ਰ ਗ਼ਾਇਬ ਦੇ ਹੱਥ ਨਾਟਕ ਸਾਰੇ।
ਤੀਜੇ ਚੌਥੇ ਫੇਰੇ ਨਕਲੀ ਪੀਰ ਵਿਖਾਣ ਕਰਾਮਤ,
ਕਰਦੇ ਫਿਰਨ ਮੁਰੀਦਨੀਆਂ ਦੀ ਖੌਜ ਮੁਰੀਦ ਵਿਚਾਰੇ।

ਬਣ ਜਾ ਝੱਖੜ ਜੇ ਕਰ ਤੇਰੇ ਰਾਹ ਵਿਚ ਚੜ੍ਹੀ ਨਹੇਰੀ ਏ।
ਦਾਈਏ ਰੱਖ ਲਮੇਰੇ ਰਾਹੀਆ ਤੇਰੀ ਵਾਟ ਲਮੇਰੀ ਏ।
ਮੋੜ ਕਿਸੇ ਨੂੰ 'ਫ਼ਕੀਰ' ਐਵੇਂ ਮੰਜ਼ਿਲ ਸਮਝ ਖਲੋਵੀਂ ਨਾ,
ਜਿੱਥੇ ਰੁਕਿਆ ਉੱਥੇ ਸਮਝੀਂ ਮੌਤ ਖਲੋਤੀ ਤੇਰੀ ਏ।

ਬਦਲੇ ਨੇ ਦਿਲ ਜਦ ਦੇ ਉਹਦੀਆਂ ਗਈਆਂ ਬਦਲ ਪ੍ਰੀਤਾਂ ਨੇ।
ਉਲਟ ਜ਼ਮਾਨੇ ਦੇ ਵਿਚ ਪਈਆਂ ਸਾਰੀਆਂ ਉਲਟੀਆਂ ਰੀਤਾਂ ਨੇ।
ਕਰਨ'ਫ਼ਕੀਰ'ਇਹ ਕੀਕਣ ਦੋਵੇਂ ਆਦਰ ਮਾਨ ਅੱਜ ਧਰਮਾਂ ਦਾ,
ਮੰਦਰ ਮੁੱਲਾਂ ਕੋਲ ਨੇ ਅੱਜ ਕਲ੍ਹ ਪੰਡਤ ਕੋਲ ਮਸੀਤਾਂ ਨੇ।

ਖ਼ਲਕਤ ਦੇ ਬਹਿਰੂਪ ਜ਼ਮਾਨੇ ਸਭ ਦਾ ਭੇਸ ਵਟਾਇਆ।
ਫ਼ਜਰੇ ਫੁੱਲ ਕਲੀ ਦਾ ਬਣਿਆ ਮੁੜ ਰਾਤੀਂ ਕਮਲਾਇਆ।
ਅੱਜ ਗਦਾਈ ਕਰਦਾ ਡਿੱਠਾ ਕੱਲ ਜਿਸ ਰਾਜ ਕਮਾਇਆ।
ਬਾਝ ਸਕੂਨ 'ਫ਼ਕੀਰ' ਰਿਹਾ ਉਹ ਜੋ ਇਸ ਨਗਰੀ ਆਇਆ।

ਵਿੱਚ ਰਾਹਵਾਂ ਰੌਣਕਾਂ ਲਾਉਂਦਾ ਗਿਆ।
ਦਿਲ ਉਜਾੜਾਂ ਦੇ ਮੈਂ ਪਰਚਾਉਂਦਾ ਗਿਆ।
ਟੋਰ ਮੇਰੀ ਮਗਰ ਟੁਰੀਆਂ ਮੰਜ਼ਿਲਾਂ,
ਰਸਤਿਆਂ ਨੂੰ ਮੈਂ ਆਂ ਰਾਹ ਪਾਉਂਦਾ ਗਿਆ।

ਮੇਰੀਆਂ ਖ਼ੁਸ਼ੀਆਂ ਦਾ ਗ਼ਮ ਕਰਦੇ ਨੇ ਉਹ।
ਅਪਣੇ ਦਮ ਨੂੰ ਆਪ ਦਮ ਕਰਦੇ ਨੇ ਉਹ।
ਕੀ ਗਿਲਾ ਯਾਰਾਂ ਦਾ ਪਏ ਕਰੀਏ 'ਫ਼ਕੀਰ',
ਸਿਤਮ ਕਰਦੇ ਨੇ ਕਰਮ ਕਰਦੇ ਨੇ ਉਹ।

ਦਰਦਮੰਦ ਦਿਲ ਵਾਂਗ ਸਿਲ ਪੱਥਰ ਨਹੀਂ।
ਜ਼ਿੰਦਗੀ ਦਾ ਚੱਜ ਵੀ ਸੱਥਰ ਨਹੀਂ।
ਅੱਖ ਨਹੀਂ ਉਹ ਕੋਲ ਜਿਹੜੀ ਅੱਖ ਦੇ,
ਰੋਂਦੀਆਂ ਅੱਖਾਂ ਲਈ ਅੱਥਰ ਨਹੀਂ।

ਲਿਖਣ ਜ਼ੰਜੀਰਾਂ ਨਾ ਸ਼ਮਸ਼ੀਰਾਂ ਨੂੰ ਮਰਦ।
ਮਿੱਟੀਉਂ ਕੱਢਦੇ ਨੇ ਅਕਸੀਰਾਂ ਨੂੰ ਮਰਦ।
ਕਰਕੇ ਤਦਬੀਰਾਂ ਬਦਲਦੇ ਨਹੀਂ 'ਫ਼ਕੀਰ',
ਬਦਲ ਕੇ ਛੱਡਦੇ ਨੇ ਤਕਦੀਰਾਂ ਨੂੰ ਮਰਦ।

ਭੱਠੀਆਂ ਵਿਚ ਬੇਗੁਨਾਹ ਬਲਦੇ ਨੇ ਪਏ।
ਅਪਣੇ ਸਿੱਕੇ ਨਵੇਂ ਢਲਦੇ ਨੇ ਪਏ।
ਬਸਤੀਆਂ ਸੜ ਕੇ ਸੁਆਹ ਹੋਈਆਂ 'ਫ਼ਕੀਰ'।
ਮਜ਼ਹਬ ਬੰਬਾਂ ਵਾਂਗ ਚਲਦੇ ਨੇ ਪਏ।

ਕਰਦੇ ਇਹ ਬੇਦੋਸ਼ਿਆਂ ਲੋਕਾਂ ਦਾ ਕਰਦੇ ਖ਼ੂਨ ਨੇ।
ਦੋਵੇਂ ਮੁਨਕਰ ਰੱਬ ਦੇ ਪਾਗਲ ਨੇ ਯਾ ਮਜਨੂੰਨ ਨੇ।
ਇਕ ਤਾਕਤ ਦੇ ਤੇ ਦੂਜੇ ਮਾਲ ਦੇ ਬੰਦੇ 'ਫ਼ਕੀਰ',
ਇਕ ਨੇ ਸ਼ੱਦਾਦ ਤੇ ਦੂਜੇ ਨਿਰੇ ਕਾਰੂਨ ਨੇ।

ਸ਼ੱਕ ਦਾ ਪਰਦਾ ਪਰ੍ਹਾਂ ਅੱਖਾਂ ਤੋਂ ਲਾਹ ਕੇ ਸਾੜ ਦੇ।
ਝਾੜ ਦੇ ਗਰਦਾ ਸ਼ੁਬ੍ਹੇ ਦਾ ਦਿਲ ਨਜ਼ਰ ਤੋਂ ਝਾੜ ਦੇ।
ਅਜ਼ਲੀ, ਅਬਦੀ ਏ ਖ਼ੁਦਾ ਤੇਰਾ 'ਫ਼ਕੀਰ' ਹਈਉਲ ਕਯੂਮ,
ਮੌਤ ਦਾ ਵਰਕਾ ਹਿਆਤੀ ਦੀ ਕਿਤਾਬੋਂ ਪਾੜ ਦੇ।

ਪਿਆਰ ਤੇਰੇ ਦੇ ਦਿਲ ਵਿਚ ਅੰਗੇ ਅੰਗ ਵਿਛੋੜਾ ਕੀਕਣ।
ਯਾਦ ਤੇਰੀ ਦਾ ਨਾਲ ਕਿਸੇ ਦੇ ਪੱਲਾ ਜੋੜਾਂ ਕੀਕਣ।
ਸਾਥੀ ਕੌਣ 'ਫ਼ਕੀਰ' ਏ ਮੇਰਾ ਵਿਚ ਗ਼ਮਾਂ ਬਿਨ ਤੇਰੇ,
ਮੈਂ ਦੁੱਖਾਂ ਵਿਚ ਤੇਰੀ ਮੌਲ਼ਾ ਆਸ ਤਰੋੜਾਂ ਕੀਕਣ।

ਕੁੱਤਾ ਨਫ਼ਸ ਸਿਦਕ ਜ਼ੰਜੀਰੋਂ ਰੱਖੀਂ ਭਾਈ ਤੜ ਕੇ।
ਛੁਪ ਕੇ ਬਦੀ ਨਾ ਕਰੀਏ ਭਾਵੇਂ ਸੱਤਵੇਂ ਅੰਦਰ ਵੜ ਕੇ।
ਸ਼ਹਿਰ ਬੁਰਾਈ ਦੇ ਤੋਂ ਇੱਜ਼ਤ ਕੌਣ ਬਚਾ ਕੇ ਲੰਘੇ,
ਪੱਤਰ ਫੇਰ 'ਫ਼ਕੀਰ' ਨਾ ਜੁੜਦਾ ਟਹਿਣੀ ਨਾਲੋਂ ਝੜ ਕੇ।

ਸਮਝ ਸੋਚ ਕੇ ਫ਼ਾਨੀ ਦੁਨੀਆ ਦੇ ਵਿਚ ਚਿੱਤ ਲਗਾਈਂ।
ਡੇਰੇ ਜਾਵਣ ਅੱਗੇ ਪਿੱਛੇ ਇੱਥੋਂ ਸੰਝ ਸੁਬਾਈਂ।
ਦਮ ਦਮ ਕਦਰ ਕਰੀਂ ਇਸ ਦਮ ਦੀ ਨਾ ਹੀ ਦਮ ਗਵਾਈਂ,
ਵਾਟ 'ਫ਼ਕੀਰ' ਅਕਬਾ ਦੀ ਔਖੀ, ਪੱਲੇ ਬਾਝ ਨਾ ਜਾਈਂ।

ਪੰਜੇ ਐਬ ਸ਼ਰਾਅ ਦੇ ਕਰਦੇ ਰੱਖਣ ਲਕਬ ਮਾਸੂਮੀ।
ਝੂਠੇ ਬਣ ਸਿੱਦੀਕੀ ਬਹਿੰਦੇ ਆਹੀ ਰਸਮ ਅਮੂਮੀ।
ਨਾ ਕੋਈ ਨਜ਼ਰ ਸ਼ੀਰਾਜ਼ੀ ਆਵੇ ਦਿਸੇ ਨਾ ਕੋਈ ਰੂਮੀ,
ਛੱਡ 'ਫ਼ਕੀਰ' ਕਸ਼ਫ਼ ਦੇ ਰਸਤੇ ਬਣ ਬਣ ਬਹਿਣ ਨਜੂਮੀ।

ਪਰਦੇ ਦਾਰਾਂ ਜਦ ਤੋਂ ਸਾਥੋਂ ਮੁੱਢੋਂ ਪਰਦੇ ਤਾਣੇ।
ਕੱਢ ਅਸਾਂ ਤਦਬੀਰੀ ਦਿਲ ਥੀਂ ਹੋਏ ਲੋਕ ਨਿਮਾਣੇ।
ਟਾਵੇਂ ਸਾਰ ਤੇਰੀ ਨੂੰ ਦਿਲ ਵਿਚ ਰੱਖਣ ਮਰਦ ਸਿਆਣੇ,
ਸੱਚ 'ਫ਼ਕੀਰ' ਅਖਾਣ ਅਸਾਡਾ ਤੇਰੀਆਂ ਤੂੰ ਈ ਜਾਣੇ।

ਹਵਸ ਨਫ਼ਸ ਦੀ ਵਿੱਚ ਜ਼ਮਾਨੇ ਦੁਨੀਆ ਦੀਨ ਗਵਾਏ।
ਜ਼ਾਤੀ ਗ਼ਰਜ਼ ਜਦੋਂ ਕੋਈ ਲੋੜੇ ਅਪਣੇ ਬਨਣ ਪਰਾਏ।
ਹਵਸ ਨਫ਼ਸ ਦੀ ਭੱਲ, ਸੱਤ ਵਾਲੇ ਲੱਖਾਂ ਮਾਰ ਮੁਕਾਏ,
ਮੰਗ 'ਫ਼ਕੀਰ' ਹਮੇਸ਼ ਦੁਆਵਾਂ ਅੱਲਹਾ ਹਵਸ ਨਾ ਲਾਏ।

ਢੋਆ ਢੋਆਂ ਕੀ ਮੈਂ ਦਿਲਬਰ ਵੱਸੇ ਪਹੁੰਚ ਦੁਰਾਡੀ।
ਜਾਨ ਦਿੱਤੀ ਤੇ ਮੁੜ ਕੀ ਦਿੱਤਾ ਸੀ ਇਹ ਚੀਜ਼ ਤੁਸਾਡੀ।
ਰੂਹ ਨਿਮਾਣੀ ਗਲ ਗਲ ਆਈ ਕੈਦ ਵਤਨ ਵਿਚ ਡਾਢੀ,
ਮਿਲਖ 'ਫ਼ਕੀਰ' ਤੁਸਾਡੀ ਸਾਰੀ ਮੈਂ ਵਿਚ ਇਕ ਅਸਾਡੀ।

ਭਲਾ ਪਰਾਏ ਨਾਲ ਨਾ ਧੋਖਾ ਜਾਣੂ ਨਾਲ ਬੁਰਾਈ।
ਯਾਰਾਂ ਨਾਲ ਕਰੇ ਜੋ ਠੱਗੀ ਥੀਵੇ ਜ਼ੁਲਮ ਕਸਾਈ।
ਹਾਸਿਲ ਝੂਠੋਂ ਸਦਾ ਨਦਾਮਤ ਇੱਜ਼ਤ ਵਿੱਚ ਸੱਚਾਈ,
ਹੱਥੀ ਯਾਰ 'ਫ਼ਕੀਰ' ਵਢੇਵੇ ਜੋ ਕੋਈ ਕਰੇ ਬਿਜਾਈ।

ਫ਼ਿਕਰ ਸਫ਼ੀਰ ਤੇ ਪੰਧ ਦੁਰਾਡਾ ਸੁਖ਼ਨ ਦਾ ਭਾਰ ਕਲਾਵੇ।
ਰਹਿਬਰ ਤਬਾਅ ਲਤੀਫ਼ ਮੇਰੀ ਦਾ ਹੈ ਜੇ ਥੱਕ ਨਾ ਜਾਵੇ।
ਦਿਲ ਜ਼ਿੰਦਾ ਤਦਬੀਰ ਬਗ਼ਲ ਵਿਚ ਮਰੇ ਖ਼ਿਆਲੀ ਹਾਵੇ।
ਔਖੀ ਵਾਟ 'ਫ਼ਕੀਰ' ਨਜ਼ਮ ਦੀ ਅੱਲਾਹ ਤੋੜ ਪੁਚਾਵੇ।

ਕਦਰ ਘਟਾਈ ਦੀਨ ਨਬੀ ਦੀ ਮੱਕਾਰਾਂ ਦਮ ਬਾਜ਼ਾਂ।
ਬਾਝ ਅਮਲ ਤੇ ਸੋਜ਼ ਕਲਬ ਦੇ ਕਿਸ ਕੰਮ ਯਾਰ ਨਮਾਜ਼ਾਂ।
ਪੈਦਾ ਦਰਦ ਦਿਲਾਂ ਵਿਚ ਕੀਤਾ ਨਾ ਤਾਅਮੀਰੀ ਸਾਜ਼ਾਂ।
ਬਦ ਐਮਾਲ 'ਫ਼ਕੀਰ' ਬਣਾਏ ਅੱਜ ਦਿਆਂ ਨਖ਼ਰੇ ਬਾਜ਼ਾਂ।

ਯਾਦ ਤੇਰੀ ਵਿਚ ਲੂ ਲੂ ਮੇਰੇ, ਗ਼ੈਰ ਖ਼ਿਆਲ ਭੁਲਾਏ।
ਕਦਰਮੰਦਾ ਕਰ ਚੇਤਾ ਸਾਇਲ ਖ਼ਾਲੀ ਪਰਤ ਨਾ ਜਾਏ।
ਕਤਰੇ ਵਾਂਗੂੰ ਕਦਰ ਬਣਾਈ ਵਾਹਦਤ ਦੇ ਦਰਿਆਏ,
ਤੇਰੇ ਬਾਝ 'ਫ਼ਕੀਰ' ਨਾ ਦਰਦੀ ਅੰਦਰ ਦੇਸ ਪਰਾਏ।

ਐ ਦਿਲ ਮੁੜ ਮੁੜ ਨਾ ਤਫ਼ਰੀਕਾਂ ਵਾਲੇ ਮਸਲੇ ਦੱਸੇਂ।
ਆਪੇ ਰੋਵੇਂ ਕਦੀ ਪਿਆ ਤੂੰ ਆਪੇ ਖਿੜ ਖਿੜ ਹੱਸੇਂ।
ਖ਼ੁਸ਼ੀਉਂ ਸਿਤਮ ਸਹਾਰੇਂ ਆਪੇ ਕਦੀ ਜ਼ੁਲਮ ਥੀਂ ਨੱਸੇਂ।
ਦੂਈ ਦੂਰ 'ਫ਼ਕੀਰ' ਦਿਲੋਂ ਕਰ ਕਿਉਂ ਨਾ ਇਕ ਦਰ ਵੱਸੇਂ।

ਝੂਠੇ ਵਿਚ ਜ਼ਮਾਨੇ ਆਵਣ ਆਮਿਲ ਨਜ਼ਰ ਵਧੇਰੇ।
ਪੁੱਛਣ ਮਾਲ ਹਮੇਸ਼ਾ ਲਾ ਲਾ ਟੇਵੇ ਤੇਰੇ ਮੇਰੇ।
ਵਕਤ ਫ਼ਜਰ ਸੀ ਹੋਸ਼ ਕਰਨ ਦਾ ਸੁੱਤੀ ਕੌਮ ਸਵੇਰੇ।
ਡੇਰੇਦਾਰ 'ਫ਼ਕੀਰ' ਜੇ ਜਾਗਣ ਮੁੜ ਵੱਸ ਜਾਵਣ ਡੇਰੇ।

ਦਰਦ ਕੁਵਾਹਰਾ ਰੋਗ ਕਥਾਵਾਂ ਬੀਤੇ ਸਾਲ ਮਹੀਨੇ।
ਦਮ ਦਮ ਮੇਰੇ ਮਨ ਵਿਚ ਵਸਦੇ ਜਾਨੀ ਯਾਰ ਨਗੀਨੇ।
ਡੂੰਘੇ ਪੈਂਡੇ ਵਾਟ ਲਮੇਰੀ ਪੈਂਦੀ ਦੱਸ ਮਦੀਨੇ।
ਪਰਤ 'ਫ਼ਕੀਰ' ਮਿਲਣ ਜੇ ਦਿਲਬਰ ਠੰਢ ਪਵੇ ਵਿਚ ਸੀਨੇ।

ਦੁੱਖ ਮੁਹਾਣੇ ਗ਼ਮ ਦੇ ਚੱਪੂ ਤੇ ਤੂਫ਼ਾਨ ਨਸੀਨੇ।
ਬਹਿਰ ਹਿਜਰ ਦੀਆਂ ਮਾਰੂ ਛੱਲਾਂ ਡੋਲਣ ਇਸ਼ਕ ਸਫ਼ੀਨੇ।
ਹਰ ਦਮ ਖ਼ਤਰਾ ਡੁੱਬਣ ਵਾਲਾ ਭੱਠ ਪਿਆ ਇਸ ਜੀਨੇ।
ਕਰੇ 'ਫ਼ਕੀਰ' ਮੁਹਾਰ ਚਾ ਆਪੇ ਮੌਲਾ ਤਰਫ਼ ਮਦੀਨੇ।

ਇਕ ਇਕੱਲੀ ਜਾਨ ਨਿਮਾਨੀ ਦੁੱਖ ਹਜ਼ਾਰਾਂ ਲੱਖਾਂ।
ਵਸਲ ਫ਼ਿਰਾਕ ਤੇ ਮੌਤ ਹਿਆਤੀ ਕੀ ਛੱਡਾਂ ਕੀ ਰੱਖਾਂ।
ਨਾਰ ਹਿਜਰ ਦੀ ਰਚੀ ਵਿਚ ਹੱਡਾਂ ਅੱਗ ਛੁਪਾਈ ਕੱਖਾਂ।
ਹੰਝੂ ਨੀਰ 'ਫ਼ਕੀਰ' ਉਛਾਲਣ ਡੁਬ ਡੁਬ ਜਾਵਣ ਅੱਖਾਂ।

ਮੱਤ ਖ਼ੁਮਾਰ ਸ਼ਰਾਬੇ ਮਾਰੀ ਸਾੜੀ ਬੱਤੀ ਤੀਲਾਂ।
ਰਾਤੀਂ ਕੂਚ ਕੀਤੇ ਕੁਰਬਾਨਾਂ ਗਈਆਂ ਬੋਲ ਦਲੀਲਾਂ।
ਟੁਰੇ ਮੁਹਾਰ ਸਵਾਰ ਊਂਠਾਂ ਦੀ ਨੱਕੀਂ ਘੱਤ ਨਕੇਲਾਂ।
ਮਾਲੀ ਪਰਤ ਫ਼ਕੀਰ ਨਾ ਡਿੱਠਾ ਸੁੱਕੀਆਂ ਹੁਸਨ ਰਵੇਲਾਂ।

ਸਾਹਿਬ ਤਾਜ, ਸਰਾਜ, ਅਰਸ਼ ਦੇ ਹਬਸ਼ੀ ਤਖ਼ਤ ਬਹਾਏ।
ਮੈਂ ਕੁਰਬਾਨ ਉਸ ਦਰਦਾਂ ਵਾਲੇ ਵੰਡੇ ਦਰਦ ਪਰਾਏ।
ਪਾਲਣਹਾਰ ਯਤੀਮਾਂ ਦੇ ਉਹ, ਦੁਰ ਯਤੀਮ ਕਹਾਏ।
ਆਸ 'ਫ਼ਕੀਰ' ਦਰਸ ਦੀ ਦਿਲ ਨੂੰ ਅੱਲਾਹ ਦਰਸ ਵਿਖਾਏ।

ਆਰਿਫ਼ ਫ਼ਾਰਗ਼ ਜ਼ਿਕਰ ਅਜ਼ਕਾਰੋਂ ਨਹੀਂ ਬੇਅਦਬੀ ਕਰਦੇ।
ਨੂਰੀ ਜਲਵੇ ਵੇਖਣ ਅੱਖੀਂ ਹਰ ਦਮ ਨੂਰ ਨਜ਼ਰ ਦੇ।
ਕਸਦ ਇਰਾਦਾ ਮਕਸਦ ਤੋੜੀ ਲਾਹ ਤਸਬੀਹਾਂ ਧਰਦੇ।
ਗੁੱਝੇ ਰਹਿਣ 'ਫ਼ਕੀਰ' ਕਦੀ ਨਾ ਚੜ੍ਹਦੇ ਵਾਰ ਕਮਰ ਦੇ।

ਝੁੱਲੇ ਝੱਖੜ ਬੇਅਮਲੀ ਦੇ ਤੇ ਗ਼ਫ਼ਲਤ ਦੀ ਆਂਧੀ।
ਨਕਲੀ ਇਤਰ-ਫੁਲੇਲਾਂ ਵਾਲੇ ਬਣ ਬੈਠੇ ਨੇ ਗਾਂਧੀ।
ਗ਼ੈਰਤ ਇਲਮ ਅਮਲ ਦੀ ਉੱਕਾ ਦੂਰ ਰਹੀ ਅੱਜ ਸਾਥੋਂ।
ਜਾਣ 'ਫ਼ਕੀਰ' ਸ਼ਿਕਾਰ ਅਸਾਂ ਨੂੰ ਸ਼ਿਸ਼ਤ ਸ਼ਿਕਾਰੀ ਬਾਂਧੀ।

ਬਦ ਰਸਮਾਂ ਦੇ ਆਮਿਲ ਮੁੱਲਾਂ ਕੀ ਰਸਮਾਂ ਦੇ ਚਾਰੇ।
ਟੁੱਕਰ ਮੰਗਣ ਬੈਠ ਮਸੀਤੀ ਪੜ੍ਹਨ ਨਮਾਜ਼ ਸਹਾਰੇ।
ਰਸਮੀ ਸਿਜਦੇ ਆਨ ਗੁਜ਼ਾਰਨ ਆਬਿਦ ਲੋਕ ਵਿਚਾਰੇ।
ਗ਼ਾਫ਼ਿਲ ਕੌਮ 'ਫ਼ਕੀਰ' ਨਿਮਾਣੀ ਅੱਲਾਹ ਆਪ ਸਵਾਰੇ।

ਮੰਦੇ ਚੰਗੇ ਪਏ ਸਭ ਆਖਣ ਸਾਨੂੰ ਮੰਦੀ ਚੰਗੀ।
ਕੱਢ ਦਵਾਲੇ ਅਲਮੀ ਹੋ ਗਈ ਕੌਮ ਅੱਜ ਭੁੱਖੀ ਨੰਗੀ।
ਨਾ ਉਹ ਮੰਜ਼ਿਲ ਰਾਹ ਨਾ ਰਾਹਬਰ ਨਾ ਉਹ ਸੰਗ ਨਾ ਸੰਗੀ।
ਕੌਮੀ ਧਾਰੇ ਵਿਚ 'ਫ਼ਕੀਰ' ਅੱਜ ਰਹਿ ਗਏ ਚਰਸੀ ਭੰਗੀ।

ਇੱਧਰ ਯਾਦ ਸਹੀਦਾਂ ਦੀ ਤੇ ਆਖਣ ਹਰ ਇਕ ਮਰਸੀ।
ਉੱਧਰ ਹਰ ਇਕ ਬਰਸ ਮਨਾਵਣ ਦਾਸ ਤਿਲਕ ਦੀ ਬਰਸੀ।
ਉੱਧਰ ਹਿਫ਼ਜ਼ ਤੇ ਐਧਰ ਭੁੱਲੇ ਕੁੱਲ ਕਿਤਾਬਾਂ ਦਰਸੀ।
ਕਰ ਸਨ ਕਦਰ 'ਫ਼ਕੀਰ' ਦਮਾਂ ਦੀ ਦਮ ਜਿਨ੍ਹਾਂ ਦਾ ਹਰਸੀ।

ਬਾਝ ਜ਼ਿਕਰ ਨਹੀਂ ਖ਼ਲਕਤ ਕੋਈ ਵਿਚ ਜ਼ਮੀਨ ਅਸਮਾਨਾਂ।
ਕਰਦੇ ਰਹੇ ਜਹਾਦ ਮੁਜਾਹਿਦ ਵਾਰਨ ਜਿਸਮਾਂ ਜਾਨਾਂ।
ਦਰਦ ਬਲਾਲੀ ਦਿਸਦੇ ਨਾਹੀਂ ਰਹੀਆਂ ਖ਼ੁਸ਼ਕ ਅਜ਼ਾਨਾਂ।
ਕੁੱਠਾ ਇਸ਼ਕ 'ਫ਼ਕੀਰ' ਬੇਦੋਸ਼ਾ ਬੇਦਰਦਾਂ ਨਾਦਾਨਾਂ।

ਖ਼ਾਤਰ ਲੈਲਾ ਦੇ ਜੇ ਹੈਸਨ ਹੈਸਨ ਕੈਸ ਦੀਵਾਨੇ।
ਕਦਰ ਸ਼ੱਮਾਂ ਦੀ ਕੋਈ ਕੀ ਜਾਣੇ ਜੋ ਜਾਨਣ ਪ੍ਰਵਾਨੇ।
ਰਿਹਾ ਨਾ ਦੀਨ ਤੇ ਦੁਨੀਆ ਜੋਗਾ ਜਿਸ ਨੂੰ ਢੁੱਕੀ ਖ਼ਾਨੇ।
ਲੱਗਾ ਜ਼ਖ਼ਮ 'ਫ਼ਕੀਰ' ਕੁਥਾਵਾਂ ਬੈਠਾ ਤੀਰ ਨਿਸ਼ਾਨੇ।

ਜਦ ਵੀ ਕਲਮ ਮੇਰੀ ਨੇ ਕੀਤੀ ਤੇਰੀ ਹਮਦ ਵਧੇਰੀ।
ਤਦ ਦੀ ਕਰਨ ਤਾਰੀਫ਼ਾਂ ਲੱਗੀ ਮੇਰੀਆਂ ਖ਼ਲਕਤ ਤੇਰੀ।
ਪਰ ਸੱਭੇ ਵਡਿਆਈਆਂ ਤੈਨੂੰ ਮੈਂ ਮਿੱਟੀ ਦੀ ਢੇਰੀ।
ਜੱਗ 'ਫ਼ਕੀਰ' ਅਸਾਡੀ ਆਹੀ ਜੋਗੀ ਵਾਲੀ ਫੇਰੀ।

ਚਾਰਾ ਸਾਜ਼ੀ ਕਰ ਕਰ ਥੱਕੇ ਚਾਰਾ ਸਾਜ਼ ਕਲਮ ਦੇ।
ਕਰ ਕਰ ਵਅਜ਼ ਨੇ ਵਾਅਜ਼ ਹਾਰੇ ਹਾਫ਼ਿਜ਼ ਬੈਤ ਹਰਮ ਦੇ।
ਥੱਕੇ ਲਾ ਲਾ ਆਖ਼ਰ ਸਾਰੇ ਨਾਜ਼ਿਮ ਜ਼ੋਰ ਨਜ਼ਮ ਦੇ।
ਮੌਲਾ ਆਪ 'ਫ਼ਕੀਰ' ਲਿਆਵੇ ਫ਼ਜ਼ਲੋਂ ਵਾਰ ਕਲਮ ਦੇ।

ਵਿੱਚੋਂ ਕੰਮ ਪਲੀਤਾਂ ਵਾਲੇ ਉੱਤੋਂ ਪਾਕ ਨਮਾਜ਼ੀ।
ਸਸਤੀ ਜਿਨਸ ਕੁਫ਼ਰ ਦੀ ਕੀਤੀ ਸਾਡੀ ਫ਼ਤਵੇ ਬਾਜ਼ੀ।
ਨਾ ਉਹ ਸਰਗਰਮੀ ਅਮਲਾਂ ਦੀ ਨਾ ਉਹ ਮਰਦ ਹਿਜਾਜ਼ੀ।
ਹੈਨ'ਫ਼ਕੀਰ'ਅੱਜ ਨਾਂ ਦੇ ਗ਼ਾਜ਼ੀ ਪਰ ਨਹੀਂ ਮੁਸਲਿਮ ਗ਼ਾਜ਼ੀ।

ਕੋਲ ਹੁੰਦੇ ਇਕ ਰੁੱਖੇ ਕੋਰੇ ਪੁੱਛਣ ਬਾਤ ਨਾ ਹਾਲੇ।
ਇਕ ਦੁਰਾਡੇ ਤੇ ਪਰਦੇਸੀਂ ਦੁਖ ਵੰਡਾਵਣ ਵਾਲੇ।
ਇਕ ਬੇਮਹਿਰਾਂ ਦੇ ਦਿਲ ਵੱਜੇ ਬੇਦਰਦੀ ਦੇ ਤਾਲੇ,
ਇਕ 'ਫ਼ਕੀਰ' ਮੁਹੱਬਤ ਵਾਲੇ ਖ਼ੁਸ਼ ਇਖ਼ਲਾਕ ਨਿਰਾਲੇ।

ਲੰਘਦਾ ਬੇਮੁਰਸ਼ਦਾ ਕੋਈ ਮੁਰਸ਼ਦਾਂ ਦੀ ਲੀਕ ਨਹੀਂ।
ਪਹੁੰਚ ਬੇ ਅਮਲੇ ਮੁਸਲਮਾਨਾਂ ਦੀ ਇੱਥੋਂ ਤੀਕ ਨਹੀਂ।
ਹਰ ਮਸੀਤੀ ਦੋ ਧੜੇ ਨਾ ਹੋਣ ਜਦ ਤੀਕਰ 'ਫ਼ਕੀਰ'।
ਕੰਮ ਤਦ ਤੀਕਰ ਕਿਸੇ ਮੁੱਲਾਂ ਦਾ ਚਲਦਾ ਠੀਕ ਨਹੀਂ।

ਵੇਖ ਖਾਂਦਾ ਰੋਜ਼ਿਆਂ ਵਿਚ ਮੌਲਵੀ ਬੇਡਰ ਕੋਈ।
ਆਖਿਆ ਮੈਂ ਡਰ ਖ਼ੁਦਾ ਤੋਂ ਖ਼ੌਫ਼ ਦਿਲ ਵਿਚ ਕਰ ਕੋਈ।
ਆਖਿਆ ਉਸ ਕੀ ਨਵੀਂ ਗੱਲ ਮੈਂ ਪਿਆ ਕਰਦਾਂ 'ਫ਼ਕੀਰ',
ਅਪਣੇ ਅਪਣੇ ਕਸਬ ਦਾ ਏ ਚੋਰ ਹੁੰਦਾ ਹਰ ਕੋਈ।

ਰਹੇ ਨਾ ਜੇ ਮੰਦਰ ਮਸੀਤਾਂ ਮਜ਼ਹਬ ਕਿੱਥੇ ਰਹਿਣਗੇ।
ਰੱਬ ਕੀ ਸਮਝੇਗਾ ਤੇ ਪ੍ਰਮਾਤਮਾ ਕੀ ਕਹਿਣਗੇ।
ਠਹਿਕਦੇ ਰਹੇ ਮੌਲਵੀ ਪੰਡਤ ਜੇ ਇੰਜੇ ਹੀ 'ਫ਼ਕੀਰ',
ਰਹਿਣਗੇ ਕਿਧਰੇ ਨਮਾਜ਼ੀ ਨਾ ਪੁਜਾਰੀ ਰਹਿਣਗੇ।

ਆਹੰਗਸਾਂ ਚੜ੍ਹਦੇ ਹੜੋਂ ਨੇ ਵਿਚ ਹਬਾਬਾਂ ਥੋੜੀਆਂ।
ਜ਼ਿੰਦਗੀ ਲਈ ਹੁਣ ਖ਼ਿਆਲਾਂ ਤੋਂ ਨੇ ਖ਼ਾਬਾਂ ਥੋੜੀਆਂ।
ਟਾਕਰਾ ਮਸਜਿਦ ਦਾ ਕਾਲਜ ਨਾਲ ਕੀ ਕਰੀਏ 'ਫ਼ਕੀਰ',
ਲਾਇਬਰੇਰੀ ਤੋਂ ਨੇ ਹੁਜਰੇ ਵਿਚ ਕਿਤਾਬਾਂ ਥੋੜ੍ਹੀਆਂ।

ਭੈ ਦਿਲੋਂ ਮੈਂ ਕਿਉਂ ਕਰਾਂ ਕਿਧਰੇ ਕਿਸੇ ਆਫ਼ਾਤ ਦਾ।
ਆਸਰਾ ਮੈਨੂੰ ਮੇਰੇ ਮੌਲਾ ਏ ਤੇਰੀ ਜ਼ਾਤ ਦਾ।
ਕਿਉਂ ਫਿਰਾਂ ਤਕਦੀਰ ਦੇ ਕਾਤਿਬ ਨੂੰ ਮੈਂ ਲੱਭਦਾ 'ਫ਼ਕੀਰ'।
ਫ਼ਜ਼ਲ ਨਹੀਂ ਡਿੱਠਾ ਤੇਰਾ ਮੁਹਤਾਜ ਮਕਤੂਬਾਤ ਦਾ।

ਉਡਦੇ ਊੱਚੇ ਵੀ ਹੁੰਦੇ ਬੇਹਵਾ ਵੇਖੇ ਨੇ ਮੈਂ।
ਹੀਰਿਆਂ ਵਾਲੇ ਵਿਕੇ ਕੌਡਾਂ ਦੇ ਭਾਅ ਵੇਖੇ ਨੇ ਮੈਂ।
ਬਾਦਸ਼ਾਹਾਂ ਦੀ ਗਦਾਈ ਕਿਉਂ ਕਰਾਂ ਜਾ ਕੇ 'ਫ਼ਕੀਰ',
ਅਪਣੇ ਮਾਲਕ ਦੇ ਇਹ ਸਾਰੇ ਗਦਾ ਵੇਖੇ ਨੇ ਮੈਂ।

ਨਕਸ਼ ਵਿਚ ਦੁਨੀਆ ਦੇ ਮੈਂ ਮੌਲਾ ਖ਼ਿਆਲੀ ਆਂ ਤੇਰਾ।
ਰੂਪ ਤੇਰੇ ਜੱਗ ਤੇ ਬਣਿਆ ਜਮਾਲੀ ਆਂ ਤੇਰਾ।
ਗਿਣ ਨਹੀਂ ਸਕਦਾ ਤੇਰੇ ਅਹਿਸਾਨ ਨਾਸ਼ੁਕਰਾ 'ਫ਼ਕੀਰ',
ਤੂੰ ਸਖ਼ੀ ਏਂ ਦੇਣ ਵਾਲਾ ਮੈਂ ਸਵਾਲੀ ਆਂ ਤੇਰਾ।

ਜ਼ਿਕਰ ਕੀ ਸੁਰਤਾਂ ਦਾ ਮਸਤੀ ਵਿਚ ਮਸਤਾਨਾ ਕਰੇ।
ਆਉਣ ਵਾਲੇ ਦੀ ਕਿਤੇ ਕੀ ਰੀਸ ਬੇਆਉਣਾ ਕਰੇ।
ਤੇਰੇ ਅਹਿਸਾਨਾਂ ਦੀ ਦਿਸਦੀ ਹੱਦ ਨਹੀਂ ਕੋਈ 'ਫ਼ਕੀਰ',
ਤੇਰੇ ਕਿਸ ਅਹਿਸਾਨ ਦਾ ਇਨਸਾਨ ਸ਼ੁਕਰਾਨਾ ਕਰੇ।

ਜਾਣਿਆਂ ਦਿਲ ਵਾਲਿਆਂ ਦਿਲ ਨੂੰ ਸਰੀਰਾਂ ਵਾਂਗਰਾਂ।
ਮੰਨਿਆ ਲੋਕਾਂ ਨੇ ਪੀਰਾਂ ਨੂੰ ਏਂ ਪੀਰਾਂ ਵਾਂਗਰਾਂ।
ਮੌਲਵੀ ਤਲਵਾਰ ਦੇ ਵਾਂਗਰ ਚਲਾਇਆ ਏ ਕੁਰਆਨ,
ਵੇਦ ਪੰਡਤ ਨੇ ਚਲਾਏ ਤੇਜ ਤੀਰਾਂ ਵਾਂਗਰਾਂ।

ਘਿਰੀ ਫ਼ਸਾਦਾਂ ਝੱਖੜਾਂ ਵਿਚ ਆਸ ਉਮੀਦ ਵਤਨ ਦੀ।
ਤਾਉਂਦੀ ਅੱਖਾਂ ਕੰਨਾਂ ਨੂੰ ਪਈ ਦੀਦ ਸ਼ੁਨੀਦ ਵਤਨ ਦੀ।
ਗ਼ਮ ਦੀਆਂ ਲਾਗਾਂ ਲਾਉਂਦੈ ਪਿਆ ਫ਼ਿਕਰ'ਫ਼ਕੀਰ' ਵਤਨ ਦਾ,
ਖ਼ਬਰੇ ਐਤਕੀ ਕੀ ਕਰਦੀ ਏ ਆਈ ਈਦ ਵਤਨ ਦੀ।

ਵਸਦੇ ਰਸਦੇ ਡੇਰੇ ਵਿਚ ਇਕਲਾਪਾ ਦੁਖ ਨਾ ਹੋਵੇ।
ਰੱਜੇ ਪੁੱਜੇ ਘਰ ਇਕਲਾਪੀ ਕਿਧਰੇ ਕੁੱਖ ਨਾ ਹੋਵੇ।
ਹੋਵੇ ਰੜੀਂ 'ਫ਼ਕੀਰ' ਕਿਸੇ ਥਾਂ ਨਾ ਕੋਈ ਕੱਲਾ ਬੂਟਾ,
ਕੱਲਾ ਵਿਚ ਉਜਾੜ ਕਿਸੇ ਥਾਂ ਕੋਈ ਰੁੱਖ ਨਾ ਹੋਵੇ।

ਵਿਹਲੇ ਸਾਥੀਆਂ ਨੂੰ ਮਜ਼ਦੂਰੀ ਮਿਲਦੀ ਦੂਣੀ-ਤੀਣੀ।
ਰੱਖਣ ਸ਼ਾਹ ਗਮਾਸ਼ਤਿਆਂ ਦੀ ਵਾਂਦੀ ਖਾਣੀ-ਪੀਣੀ।
ਧੜੇਬੰਦੀ ਦੀ ਝੋਲੀ ਪੈਂਦਾ ਖ਼ੈਰ 'ਫ਼ਕੀਰ' ਧੜੇ ਦਾ,
ਭੂੰ ਚੂੰ ਅਪਣਿਆਂ ਨੂੰ ਵੰਡੇ ਅੰਨ੍ਹਾਂ ਜਿਵੇਂ ਸ਼ਰੀਣੀ।

ਡਿੱਠਾ ਇਲਮ ਸੁਜਾਖੇ ਅੱਖੀਂ ਅੰਨ੍ਹਾਂ ਸਮਾਂ 'ਫ਼ਕੀਰ'।
ਆਲਮ ਅਮਲ ਕਮਾਵਣ ਖਾ ਕੇ ਹਲਵੇ ਮੰਡੇ ਖੀਰ।
ਬਾਲ ਕਿਸੇ ਲਈ ਗਿੱਠ ਕਰਨ ਦਾ ਧਾਗਾ ਸਾਈਂ ਲੈਣ,
ਨੋਟ ਹਜ਼ਾਰਾਂ ਫ਼ੀਸ ਅੱਜ ਲੈਂਦੇ ਇਕ ਫੂਕ ਦੀ ਪੀਰ।

ਮੰਜ਼ਿਲ ਤੇਰੀ ਵਲ ਨਾ ਜਾਸੀ, ਛੱਡ ਮੇਰਾ ਇਹ ਰਾਹ।
ਹੱਥੀਂ ਅਪਣੇ ਵੱਢ ਤੂੰ ਅਪਣੇ ਗਲ ਦਾ ਫਾਹ।
ਸੁਣਿਆ ਨਹੀਂ 'ਫ਼ਕੀਰ' ਤੂੰ ਕਰਦੇ ਲੋਕ ਅਖਾਣ,
ਮੰਗਣ ਗਏ ਸੋ ਮਰ ਗਏ ਮੰਗਣ ਮੂਲ ਨਾ ਜਾਹ।

ਜ਼ਾਹਰਾ ਸਿੱਧੇ ਦਿਸਣ ਪੁੱਠੇ ਸਾਮਰਾਜ ਦੇ ਚਾਲੇ।
ਵੈਰ-ਵਿਰੋਧਾਂ ਦੇ ਵਿਚ ਸੁਣਿਐ ਇਨ੍ਹਾਂ ਭਾਂਬੜ ਬਾਲੇ।
ਵਿੱਚ ਗ਼ੁਲਾਮੀ ਦੀ ਕੁਠਿਆਲੀ ਸੋਨਾ ਗਾਲ 'ਫ਼ਕੀਰ',
ਹੈਣ ਗ਼ੁਲਾਮ ਬਣਾਵਣ ਦੇ ਇਨ੍ਹਾਂ ਨੇ ਸਾਂਚੇ ਢਾਲੇ।

ਦੀਨ ਇਸਲਾਮ ਫੜ ਪਸ਼ੂਆਂ ਨੂੰ ਵੱਲ ਇਖ਼ਲਾਕ ਲਿਜਾਂਦੈ।
ਤਕੜਾ ਹੋ ਕੇ ਮਾੜੇ ਦਾ ਇਮਦਾਦੀ ਫ਼ਰਜ਼ ਨਿਭਾਉਂਦੈ।
ਢਿੱਡੋਂ ਅਗਾਂਹ 'ਫ਼ਕੀਰ' ਨਾ ਜਾਂਦੀ ਟੋਰ ਏ ਢਿੱਡ ਵਿਗੁੱਤੇ,
ਸੋਸ਼ਲਿਜ਼ਮ ਬੰਦੇ ਨੂੰ ਫੜ ਕੇ ਲੋਭੀ ਪਸ਼ੂ ਬਣਾਉਂਦੇ

ਜਿੰਦ ਜਾਨ ਦੀ ਵੈਰੀ ਵੇਖੀ ਇਹਦੀ ਰੀਤ ਪ੍ਰੀਤੀ।
ਯਾਦ ਰਹਵੇਗੀ ਦਿਲ ਨੇ ਜੋ ਕੁਝ ਨਾਲ ਅਸਾਡੇ ਕੀਤੀ।
ਜਾ ਕੇ ਆਪ ਮਿਲਣ ਦਾ ਉਹਨੂੰ ਕਿੱਦਾਂ ਚਾਰਾ ਕਰੀਏ,
ਅਪਣੇ ਨਾਲੋਂ ਵਿੱਛੜਿਆਂ ਵੀ ਹੁਣ ਤੇ ਮੁੱਦਤ ਬੀਤੀ।

ਦਿਸਦਾ ਦਰਦਮੰਦਾਂ ਦਾ ਏਥੇ ਦਰਦੀ ਮੀਤ ਨਾ ਕੋਈ।
ਪਿਆਰ ਤੇਰੇ ਦੀ ਯਾਰਾਂ ਦੇ ਵਿਚ ਦਿਸਦੀ ਰੀਤ ਨਾ ਕੋਈ।
ਡੇਰਾ ਲੱਭਿਆਂ ਵੀ ਨਾ ਮਿਲਿਆ ਕਿਤੇ 'ਫ਼ਕੀਰ' ਤੁਹਾਡਾ,
ਆਰਿਫ਼ ਤੇਰੇ ਦੀ ਵਿਚ ਦੁਨੀਆ ਪੁੱਛ ਪਰਤੀਤ ਨਾ ਕੋਈ।

ਕੋਲ ਮੇਰੇ ਹੈ ਦਮ ਦੀ ਦੌਲਤ ਹਰ ਇਕ ਦਮ ਬਾਜ਼ ਲਈ।
ਸੋਜ਼ ਵਾਲੇ ਰਾਗ ਮੇਰੇ ਕੋਲ ਉਹਦੇ ਸਾਜ਼ ਲਈ।
ਹੱਕ ਦੇ ਲਈ ਕੋਲ ਬਾਤਿਲ ਦੇ ਜੇ ਸੂਲੀ ਏ 'ਫ਼ਕੀਰ',
ਕੋਲ ਮੇਰੇ ਜ਼ਿੰਦਗੀ ਏ ਹੱਕ ਦੀ ਆਵਾਜ਼ ਲਈ।

ਜਿਹੜੇ ਗਲ ਬਾਤਿਲ ਦੇ ਪੈਂਦੇ ਹੱਕ ਦੇ ਦਸਤੂਰ ਨੇ।
ਫ਼ਿਕਰ ਦੀ ਸੂਲੀ ਤੇ ਮੇਰੇ ਨਾਲ ਦੇ ਮਨਸੂਰ ਨੇ।
ਮਿਲਦੀ ਏ ਸ਼ਾਹ ਰਗ ਦੀ ਰਾਹੋਂ ਅਰਸ਼ ਦੀ ਮੰਜ਼ਿਲ 'ਫ਼ਕੀਰ',
ਕੋਲ ਵੱਸਣ ਵਾਲਿਆਂ ਦੇ ਪੰਧ ਹੁੰਦੇ ਦੂਰ ਨੇ।

ਨਵੇਂ ਪਿਆਰਾਂ ਦਾ ਸਿਰ ਉਹਦੇ ਜਦ ਦਾ ਝੱਖੜ ਝੁੱਲਿਆ ਏ।
ਯਾਦ ਪਰਾਈ ਦੇ ਵਿਚ ਉਹਨੂੰ ਸਾਡਾ ਰਸਤਾ ਭੁੱਲਿਆ ਏ।
ਆ ਕੇ ਆਪ ਨਾ ਘਰ ਸਾਡੇ ਦੀ ਭਾਵੇਂ ਰੌਣਕ ਬਣੇ ਕੋਈ,
ਹਰ ਅਪਣੇ ਦੀ ਖ਼ਾਤਰ ਸਾਡੇ ਦਿਲ ਦਾ ਬੂਹਾ ਖੁੱਲਿਆ ਏ।

ਕਾਫ਼ਲੇ ਮੋੜਾਂ ਦੀ ਕਰਕੇ ਬੇਵਸਾਹੀ ਵਿੱਛੜੇ।
ਉਦਰੇ ਮੈਦਾਨ ਤੇ ਵਾਂਕੇ ਸਿਪਾਹੀ ਵਿੱਛੜੇ।
ਕਾਲਿਆਂ ਕੋਹਾਂ ਦੀ ਨਿਖੜੀ ਟੋਰ ਦੇ ਟੋਰੇ 'ਫ਼ਕੀਰ',
ਸਾਹਮਣੇ ਮੰਜ਼ਿਲ ਜਦੋਂ ਆਈ ਤਾਂ ਰਾਹੀ ਵਿੱਛੜੇ।

ਭੈ ਨਹੀਂ ਚੰਬੇ ਨੂੰ ਨਾ ਕਲੀਆਂ ਦੇ ਮੱਥੇ ਵੱਟ ਨੇ।
ਰੌਣਕਾਂ ਵਿਚ ਬਾਗ਼ ਦੇ ਵਿਹੜੇ ਅਜੇ ਨਾ ਘੱਟ ਨੇ।
ਨਾਲ ਕਾਵਾਂ ਬੁਲਬੁਲਾਂ ਗੁਜ਼ਰਾਨ ਕਰਨੀ ਏਂ 'ਫ਼ਕੀਰ',
ਫੁੱਲ ਬਾਗ਼ੇ ਨਾਲ ਖ਼ਾਰਾਂ ਪਏ ਲੰਘਾਉਂਦੇ ਝੱਟ ਨੇ।

ਖ਼ਾਹਿਸ਼ ਸੀ ਮੇਰੀ ਕਦੋਂ, ਸੀ ਮੇਰੀ ਮਨ-ਮਰਜ਼ੀ ਕਦੋਂ।
ਮੈਂ ਈ ਜਦ ਨਹੀਂ ਸਾਂ ਤੇ ਸੀ ਮੇਰੀ ਕੋਈ ਖ਼ੁਦਗ਼ਰਜ਼ੀ ਕਦੋਂ।
ਟੋਰਿਉਂ ਜੇ ਮੈਨੂੰ ਧੁਰ ਦੇ ਜ਼ਾਬਤੇ ਲਾ ਕੇ 'ਫ਼ਕੀਰ',
ਜੱਗ ਦੇ ਵਿਚ ਆਉਣ ਲਈ ਦਿੱਤੀ ਸੀ ਮੈਂ ਅਰਜ਼ੀ ਕਦੋਂ।

ਟੁਰਦਿਆਂ ਜੰਨਤ ਤੋਂ ਟੁਰਿਆ ਨਾਲ ਇਹਦਾ ਸਾਇਆ ਮੇਰੇ।
ਟੋਰ ਕੇ ਮੈਨੂੰ ਖ਼ੁਦਾ ਇਹ ਮਗਰ ਹੈ ਲਾਇਆ ਮੇਰੇ।
ਵੇਖ ਕੇ ਮੁੱਢੋਂ ਇਹ ਰੱਬੀ ਹੁਕਮ ਨਾ ਮੰਨਦਾ 'ਫ਼ਕੀਰ',
ਲਾਹ ਕੇ ਰੱਬ ਅਪਣੇ ਗਲੋਂ ਸ਼ੈਤਾਨ ਗਲ ਪਾਇਆ ਮੇਰੇ।

ਮੁੱਢ ਤੋਂ ਢੇਰੀ ਇਹ ਬੰਦਿਆਈ ਦੀ ਏ ਢਾਈ ਖ਼ੁਦਾ।
ਮਗਰ ਬੰਦੇ ਦੇ ਇਹ ਭੰਡੀ ਆਪ ਏ ਲਾਈ ਖ਼ੁਦਾ।
ਰੱਬ ਬਿਨ ਨਹੀਂ ਇਸ ਨੇ ਬੰਦੇ ਦੇ ਗਲੋਂ ਲਹਿਣਾ 'ਫ਼ਕੀਰ',
ਲਾਅਨਤ ਇਹ ਸ਼ੈਤਾਨ ਦੀ ਬੰਦੇ ਦੇ ਗਲ ਪਾਈ ਖ਼ੁਦਾ।

ਵਿਚ ਜੰਨਤ ਦੇ ਇਹ ਦੁਨੀਆ ਦੀ ਪਰੇਸ਼ਾਨੀ ਤੇ ਨਹੀਂ?
ਚਲਦੀ ਏ ਸ਼ੈਤਾਨ ਦੀ ਉੱਥੇ ਵੀ ਸ਼ੈਤਾਨੀ ਤੇ ਨਹੀਂ?
ਜਾ ਕੇ ਵਿਚ ਜੰਨਤ ਗੁਨਾਹ ਬੰਦੇ ਤੋਂ ਕਰਵਾਇਆ 'ਫ਼ਕੀਰ',
ਜੱਗ ਫ਼ਾਨੀ ਵਾਂਗਰਾਂ ਜੰਨਤ ਵੀ ਫ਼ਾਨੀ ਤੇ ਨਹੀਂ?

ਹੁਣ ਕਿਸੇ ਹੀਲੇ ਬਹਾਰ ਇਹਦੀ ਨਾ ਇਹਨੂੰ ਯਾਦ ਰਹੇ।
ਫੁੱਲ ਕਲੀਆਂ ਰਹਿਣ ਹਸਦੇ ਤੇ ਸਰੂ ਆਜ਼ਾਦ ਰਹੇ।
ਬੈਠ ਕੇ ਟਹਿਣੀ ਤੇ ਕਰਲਾਂਗਾ ਗੁਜ਼ਾਰਾ ਮੈਂ 'ਫ਼ਕੀਰ',
ਮੇਰੀ ਆਬਾਦੀ ਦਾ ਕੀ ਏ ਬਾਗ਼ ਇਹ ਆਬਾਦ ਰਹੇ।

ਨਾਲ ਖ਼ੁਸ਼ੀਆਂ ਇਹਦੀਆਂ ਮੇਰੀ ਗ਼ਮਾਂ ਦੀ ਬਾਤ ਸਹੀ।
ਦਿਨ ਬਹਾਰ ਇਹਦੀ ਦਾ ਮੇਰੇ ਲਈ ਖ਼ਿਜ਼ਾਂ ਦੀ ਰਾਤ ਸਹੀ।
ਵਸਦਾ ਰੰਗੀਂ ਰਹਵੇ ਇਹ ਬਾਗ਼ ਹੁਣ ਮੇਰਾ 'ਫ਼ਕੀਰ',
ਚਾਰ ਤੀਲੇ ਆਲ੍ਹਣੇ ਦੇ ਹੀ ਮੇਰੀ ਔਕਾਤ ਸਹੀ।

ਦੂਰ ਸਹੀ ਜੇ ਹੋਰ ਦੂਰ ਏ ਤੇਰੀ ਮੰਜ਼ਿਲ ਰਹਿਬਰਾ।
ਚੁੱਪ ਕਰਕੇ ਮੈਂ ਟੁਰੀ ਚੱਲਾਂ ਹਲਾ ਚੱਲ ਰਹਿਬਰਾ।
ਏਸ ਦੇ ਮੋੜਾਂ ਤੇ ਘਾਟਾਂ, ਟੀਸੀਆਂ, ਖਾਈਆਂ, 'ਫ਼ਕੀਰ',
ਮੈਨੂੰ ਤੇ ਪਾਗਲ ਤੂੰ ਕਰ ਛੱਡਿਆ ਏ ਪਾਗਲ ਰਹਿਬਰਾ।

ਨਾਲ ਲਾਂਬੂਆਂ ਲੂ ਪਈ ਜਾਂਦੀ ਏ ਬਾਲੀ ਬਾਗ਼ ਨੂੰ।
ਬਾਗ਼ ਮਾਲੀ ਨੂੰ ਪਿਆ ਵੇਖੇ ਤੇ ਮਾਲੀ ਬਾਗ਼ ਨੂੰ।
ਇੰਜ ਕਰ ਸਕੀਆਂ ਕਦੀ ਇਹਨੂੰ ਖ਼ਿਜ਼ਾਵਾਂ ਨਾ 'ਫ਼ਕੀਰ',
ਜਿਉਂ ਬਹਾਰਾਂ ਆਨ ਕੇ ਕੀਤਾ ਏ ਖ਼ਾਲੀ ਬਾਗ਼ ਨੂੰ।

ਰੱਖ ਲਈ ਦੋ ਜੱਗ ਤੇ ਬੰਦੇ ਦੀ ਬੰਦੇ ਲਾਜ ਏ।
ਦੱਸਿਆ ਬੰਦੇ ਦਾ ਬੰਦੇ ਅਰਸ ਤੱਕ ਮਿਅਰਾਜ ਏ।
ਬਾਦਸ਼ਾਹ ਹੋਵੇ ਕਿਵੇਂ ਨਾ ਬਾਦਸ਼ਾਹਵਾਂ ਦਾ 'ਫ਼ਕੀਰ',
ਰਹਿਮਤੁੱਲਿਲ ਆਲਮੀਨ ਦਾ ਜੀਹਦੇ ਸਿਰ ਤਾਜ ਏ।

ਵਰ੍ਹੇ ਵਰ੍ਹੇ ਤੋਂ ਵਿਛੜੇ ਸੱਜਣ ਜਦੋਂ ਮਿਲਾਉਂਦਾ ਹੱਜ।
ਲੱਖਾਂ ਰੰਗਾਂ ਦੇ ਵਿਚ ਇੱਕੋ ਰੰਗ ਰਚਾਉਂਦਾ ਹੱਜ।
ਮਿੱਲਤ ਇਬਰਾਹੀਮੀ ਬਣਦੀ ਖ਼ਲਕਤ ਕੁੱਲ 'ਫ਼ਕੀਰ',
ਕੌਮਾਂ, ਰੰਗਾਂ, ਨਸਲਾਂ ਦੇ ਸਭ ਫ਼ਰਕ ਮਿਟਾਉਂਦਾ ਹੱਜ।

ਹੱਜ ਬਿਠਾਉਂਦਾ ਸਾਵਾਂ ਨਾਲ ਗ਼ੁਲਾਮੀ ਦੇ ਸਰਦਾਰੀ ਨੂੰ।
ਇੱਕੋ ਦਿਨ ਵਿਚ ਕਰੇ ਇਹ ਨੁਸਖ਼ਾ ਦੂਰ ਨਿਫ਼ਾਕ ਬੀਮਾਰੀ ਨੂੰ
ਲੱਖਾਂ ਸ਼ਹਿਰ ਆ ਵਸਦੇ ਇੱਕੋ ਘਰ ਅੱਲਾ ਦੇ ਵਿਚ 'ਫ਼ਕੀਰ',
ਹੱਜ ਇਕ ਮਰਕਜ਼ ਦੇ ਵਿਚ ਕਰਦਾ ਕੱਠਾ ਦੁਨੀਆ ਸਾਰੀ ਨੂੰ।

ਰੰਗ ਰੂਪ ਹੁੰਦਾ ਸਦਾ ਕੌਮੀ ਜਵਾਨੀ ਦਾ ਜਹਾਦ।
ਆਸ਼ਿਕਾਂ ਦੇ ਲਈ ਵਸਾਲ ਏ ਯਾਰ ਜਾਨੀ ਦਾ ਜਹਾਦ।
ਗ਼ਾਜ਼ੀਆਂ ਦੀ ਟੋਰ ਲਈ ਰਾਹ ਕਾਮਰਾਨੀ ਦਾ 'ਫ਼ਕੀਰ',
ਥਾਂ ਸ਼ਹੀਦਾਂ ਲਈ ਸਦਾ ਦੀ ਜ਼ਿੰਦਗਾਨੀ ਦਾ ਜਹਾਦ।

ਜ਼ਹਿਣ ਫ਼ਿਕਰ ਦੀ ਆਜ਼ਾਦੀ ਦਾ ਪੱਕਾ ਯਾਰ ਜਹਾਦ।
ਮਾਰੂ ਸ਼ੌਹ ਥੀਂ ਡੁਬਦੇ ਬੇੜੇ ਲਾਉਂਦਾ ਪਾਰ ਜਹਾਦ।
ਜ਼ੁਲਮ ਸਿਤਮ ਦੀਆਂ ਲਾਸ਼ਾਂ ਰੋਲੇ ਮਿੱਟੀ ਵਿਚ 'ਫ਼ਕੀਰ',
ਖ਼ੂਨੀ ਮੈਦਾਨਾਂ ਵਿਚ ਧਰਮ ਦਾ ਪਹਿਰੇਦਾਰ ਜਹਾਦ।

ਬਾਝ ਗ਼ਲਬੇ ਦੇ ਬਣੇ ਗੱਲਾਂ ਦੇ ਗ਼ਾਲਿਬ ਨੇ ਬੜੇ।
ਬੇਤਲਬ ਵਸਦੇ ਜ਼ਮਾਨੇ ਵਿਚ ਤਾਲਿਬ ਨੇ ਬੜੇ।
ਵਿੱਚ ਇਨਸਾਨੀ ਵਸੇਬੇ ਵੇਖਿਆ ਵੱਸਣ 'ਫ਼ਕੀਰ',
ਬੇਯਕੀਨੇ ਕਲਬ ਨੇ ਬੇਅਮਲ ਕਾਲਬ ਨੇ ਬੜੇ।

ਖੋਜ ਅੱਜ ਅੰਬਰ ਦੀ ਏ ਖੋਜੀ ਜ਼ਮੀਨੀ ਬਣ ਗਿਆ।
ਕੋਈ ਅਮਰੀਕੀ ਤੇ ਰੂਸੀ ਕੋਈ ਚੀਨੀ ਬਣ ਗਿਆ।
ਬਣ ਬਣਾ ਵਿਚ ਅੱਜ ਕੁਝ ਨਵੀਆਂ ਮਸ਼ੀਨਾਂ ਦੇ 'ਫ਼ਕੀਰ',
ਪੁੱਤਰ ਆਦਮ ਦਾ ਏ ਇਕ ਪੁਰਜ਼ਾ ਮਸ਼ੀਨੀ ਬਣ ਗਈ।

ਲਾ ਲਾ ਕੁਝ ਆਸਾਂ ਦੇ ਲਾਰੇ ਰਹਵੋ ਹਸਾਉਂਦੇ ਸਾਨੂੰ।
ਰਹਵੋ ਤਮਾਸ਼ਾ ਨਿੱਤ ਮਦਾਰੀ ਵਾਂਗ ਵਿਖਾਉਂਦੇ ਸਾਨੂੰ।
ਉਂਜ ਤੇ ਇੱਥੇ ਯਾਰਾਂ ਥੀਂ ਨਹੀਂ ਡਰਨਾ ਕਿਸੇ 'ਫ਼ਕੀਰ',
ਕਰੋ ਦਰਆਮਦ ਰੋਅਬ ਪਰਾਇਆ ਰਹਵੋ ਡਰਾਉਂਦੇ ਸਾਨੂੰ।

ਦੇਈ ਚੱਲੋ ਉਨ੍ਹਾਂ ਨੂੰ ਸਭ ਕੁਝ ਲਾਲ ਕਿਤਾਬਾਂ ਸਾਨੂੰ।
ਦਿਉ ਥਾਪੜਾ ਉਨ੍ਹਾਂ ਨੂੰ ਪਏ ਤੜੀਆਂ ਦਾਬਾਂ ਸਾਨੂੰ।
ਥੱਲੇ ਸ਼ਾਹਵਾਂ ਦੇ ਹੀ ਸਾਮੀਆਂ ਲੱਗੀਆਂ ਰਹਿਣ 'ਫ਼ਕੀਰ',
ਰੱਖੀ ਚੱਲੋ ਇੰਜੇ ਵਿਚ ਸਵਾਲ-ਜਵਾਬਾਂ ਸਾਨੂੰ।

ਡੈਮਾਂ ਤੇ ਬੰਨ੍ਹਾਂ ਦੀ ਭਾਜੜ ਪਾਈ ਰੱਖੋ ਸਾਨੂੰ।
ਪੇਂਟਿੰਗ ਤੇ ਨੱਕਾਸ਼ੀ ਦੇ ਵੱਲ ਲਾਈ ਰੱਖੋ ਸਾਨੂੰ।
ਉਡਦੇ ਚੱਲੋ ਵਲ ਅਸਮਾਨਾਂ ਆਪ 'ਫ਼ਕੀਰ' ਉਤਾਂਹ ਨੂੰ,
ਅੰਨ੍ਹੇ ਜ਼ੋਰ ਦੀਆਂ ਵਿਚ ਖਾਈਆਂ ਪਾਈ ਰੱਖੋ ਸਾਨੂੰ।

ਪਾਇਆ ਸੀ ਰਾਹ ਸੱਚ ਦੇ ਕੱਲ ਝੂਠੀਆਂ ਆਨਾਂ ਨੂੰ ਮੈਂ।
ਚਾੜ੍ਹੇ ਚੱਕਰ ਕੰਬਦੀ ਧਰਤੀ ਦੇ ਅਸਮਾਨਾਂ ਨੂੰ ਮੈਂ।
ਝਾਕਦੇ ਮੈਨੂੰ ਨੇ ਢੁੱਕੇ ਬੂਹਿਆਂ ਤੋਂ ਦੀ 'ਫ਼ਕੀਰ',
ਵਾੜ ਦਿੱਤਾ ਅੰਦਰੀਂ ਜਿਹੜੇ ਸੀ ਭਲਵਾਨਾਂ ਨੂੰ ਮੈਂ।

ਸਾਨੂੰ ਹੁਣ ਅੰਨ੍ਹੀ ਸਿਆਸੀ ਲੀਡਰੀ ਦਾ ਮਾਨ ਨਹੀਂ।
ਵਸਦੇ ਘਰ ਅਪਣੇ ਨੂੰ ਕਰਨਾ ਆਪ ਅਸਾਂ ਵੀਰਾਨ ਨਹੀਂ।
ਗੋੜ ਦੇ ਖਾੜੇ ਸਿਆਸੀ ਫਿਰਨ ਅੰਨ੍ਹੇ ਵਾਹ 'ਫ਼ਕੀਰ',
ਕੌਮ ਨੂੰ ਲੋੜੀਦੇ ਹੁਣ ਉਹ ਦਰਸ਼ਨੀ ਭਲਵਾਨ ਨਹੀਂ।

ਜੁੱਸੇ ਇਹਦੇ ਦੇ ਵਿਚ ਕਿਹੜਾ ਅੰਗ ਇਹਦਾ ਹੁਣ ਰੋਗੀ ਨਹੀਂ।
ਪਾ ਕੇ ਭੋਗ ਗ਼ਮਾਂ ਦਾ ਇਹਨੇ ਕਿਹੜੀ ਮੁਸ਼ਕਿਲ ਭੋਗੀ ਨਹੀਂ।
ਰੋੜ੍ਹੇ ਪਾਵੇਗਾ ਹੁਣ ਇਹਨੂੰ ਮਾਨ 'ਫ਼ਕੀਰ' ਜਵਾਨਾਂ ਦਾ,
ਬੁੱਢੀ ਨਸਲ ਸਿਆਸੀ ਗੱਡੀ ਰਹਿ ਗਈ ਰੋੜ੍ਹਣ ਜੋਗੀ ਨਹੀਂ।

ਕੀਤੀ ਦਾ ਏ ਲੈਣਾ ਅੰਤ ਅਜ਼ਾਬ ਸਬਾਬ ਹਰ ਬੰਦੇ।
ਦੇਣਾ ਏ ਮਾਲਿਕ ਨੂੰ ਕੱਲ੍ਹ ਹਿਸਾਬ ਕਿਤਾਬ ਹਰ ਬੰਦੇ।
ਕਰਨੀ ਭਰਨੀ ਦਾ ਏ ਮਿਲਣਾ ਬਦਲਾ ਅੰਤ 'ਫ਼ਕੀਰ',
ਅਪਣੀ ਕੀਤੀ ਦਾ ਏ ਦੇਣਾ ਆਪ ਜਵਾਬ ਹਰ ਬੰਦੇ।

ਸੱਚ ਦੇ ਲਈ ਝੂਠ ਦੇ ਰਹਿ ਤੂਤੀਏ ਨਾ ਜੋੜਦਾ।
ਆਪ ਰਹਵੋ ਨਾ ਆਪਣੀ ਆਪੇ ਤੋਂ ਬੇੜੀ ਬੋੜਦਾ।
ਜ਼ੁਲਮ ਕਰਕੇ ਜ਼ੁਲਮ ਦੇ ਕਿਉਂ ਵਸ ਪੈਂਦਾ ਏਂ 'ਫ਼ਕੀਰ',
ਰਹਿਮ ਕਰ ਦੂਜੇ ਤੇ ਜੇ ਹੈਂ ਆਪ ਰਹਿਮਤ ਲੋੜਦਾ।

ਚੰਗੇ ਮੰਦੇ ਕੰਮੋਂ ਖੁਲ੍ਹਦਾ ਜੋਹਰ ਚੰਗੇ ਮੰਦੇ ਦਾ।
ਝੂਠਾ ਭਰਮ ਸੱਚਾਈ ਖੋਲ੍ਹੇ ਬੱਝੇ ਝੂਠ ਪਲੰਦੇ ਦਾ।
ਖੁੱਲ੍ਹਾ ਮੰਦੇ ਹਾਲੋਂ ਸਭ ਦਾ ਐਬ ਸਬਾਬ 'ਫ਼ਕੀਰ',
ਜ਼ਰ ਦੀ ਕਸੋਟੀ ਤੇ ਲਾਇਆਂ ਲਗਦਾ ਪਤਾ ਏ ਬੰਦੇ ਦਾ।

ਮੁੱਲ ਦਾ ਤੇਰਾ ਅਕੀਦਾ ਪਿਆਰ ਅਨਮੁੱਲਾ ਮੇਰਾ।
ਯਾਦ ਮਾਲਿਕ ਦੀ ਅਜੇ ਤੱਕ ਦਿਲ ਨਹੀਂ ਭੁੱਲਾ ਮੇਰਾ।
ਮੈਂ 'ਫ਼ਕੀਰ' ਇਸਲਾਮ ਦਾ ਤੂੰ ਸੋਸਲਿਜ਼ਮ ਦਾ ਨਕੀਬ,
ਤੇਰਾ ਮਰਕਜ਼ ਮਾਸਕੋ ਮਰਕਜ਼ ਏ ਬੈਤੁੱਲਾ ਮੇਰਾ।

ਹੌਸਲੇ ਮਰਦਾਂ ਦੇ ਤੂਫ਼ਾਨਾਂ ਦੇ ਵਾਰੇ ਆਉਣਗੇ।
ਚੜ੍ਹ ਕੇ ਆਪੇ ਲਹਿਣ ਵਾਲੇ ਕੀ ਵਿਚਾਰੇ ਆਉਣਗੇ।
ਹਾਰ ਨਾ ਹਿੰਮਤ ਮਗਰ ਛੱਲਾਂ ਤੇ ਚੜ੍ਹਿਆ ਰਹੋ 'ਫ਼ਕੀਰ',
ਆਪ ਤੈਨੂੰ ਲੈਣ ਸ਼ੌਹ ਵਿੱਚੋਂ ਕਿਨਾਰੇ ਆਉਣਗੇ।

ਰਹਿੰਦੀ ਸਦਾ ਮੁਹੱਬਤ ਦੀ ਵੀ ਸ਼ਿਰਕਤ ਵਿਚ ਸ਼ਰੀਕਾਂ ਨਹੀਂ।
ਨਿਭਦੀ ਕਦੇ ਰਫ਼ੀਕਾਂ ਦੀ ਵੀ ਉੱਥੇ ਨਾਲ ਰਫ਼ੀਕਾਂ ਨਹੀਂ।
ਸ਼ੋਸ਼ਲਿਜ਼ਮ ਦਾ ਧੱਕਾ ਜਿੱਥੇ ਬਣਦਾ ਏ ਕਾਨੂੰਨ 'ਫ਼ਕੀਰ',
ਸੁਣੀਆਂ ਜਾਂਦੀਆਂ ਉੱਥੇ ਉੱਕਾ ਮਜ਼ਲੂਮਾਂ ਦੀਆਂ ਚੀਕਾਂ ਨਹੀਂ।

ਮਾਰਦੇ ਹਰ ਪਾਸਿਉਂ ਲੀਡਰ ਨੇ ਡੱਕੇ ਕੌਮ ਨੂੰ।
ਹਜ਼ਮ ਕਰ ਲੈਂਦੇ ਨੇ ਭੁੱਖੇ ਮਾਰ ਫੱਕੇ ਕੌਮ ਨੂੰ।
ਜਾਨਣ ਇਕ ਜਾਗੀਰ ਜਿਸ ਦੀ ਦੇਸ ਨੂੰ ਲੀਡਰ 'ਫ਼ਕੀਰ',
ਸੋਸ਼ਲਿਜ਼ਮ ਧੁਰ ਬਣਾਉਂਦਾ ਨਾਲ ਧੱਕੇ ਕੌਮ ਨੂੰ।

ਸੋਸ਼ਲਿਜ਼ਮ ਦੇਸ ਦੇ ਰਾਹਵਾਂ ਦਾ ਘੋੜਾ ਬੇਲਗ਼ਾਮ।
ਸੋਸ਼ਲਿਜ਼ਮ ਤੇਗ਼ ਖ਼ੂਨੀ ਵਾਂਗ ਹਰ ਦਮ ਬੇਨਿਆਮ।
ਸ਼ੋਸ਼ਲਿਜ਼ਮ ਪਾਰਟੀ ਲੀਡਰ ਦਾ ਏ ਧੱਕਾ 'ਫ਼ਕੀਰ',
ਸ਼ੋਸ਼ਲਿਜ਼ਮ ਫ਼ੌਜ ਦਾ ਤੇ ਪੁਲਿਸ ਦਾ ਜਬਰੀ ਨਿਜ਼ਾਮ।

ਕਾਲਰਾਂ ਤੇ ਬੈਜ ਫੜ ਮਾਓ ਦੇ ਲਾਵਣ ਵਾਲਿਓ।
ਦੇਸ ਨੂੰ ਬਾਹਰ ਦੀਆਂ ਗੱਲਾਂ ਸੁਨਾਵਣ ਵਾਲਿਓ।
ਯਾਦ ਪਏ ਕਰਦੇ ਵਿਦੇਸੀ ਲੀਡਰਾਂ ਨੂੰ ਉਹ 'ਫ਼ਕੀਰ',
ਕਾਇਦੇ ਆਜ਼ਮ ਨੂੰ ਦਿਲ ਥੀਂ ਭੁੱਲ ਜਾਵਣ ਵਾਲਿਓ।

ਅੱਠ, ਨੋ, ਦਸ ਦੀ ਕੋਈ ਕੋਈ ਸੱਤ ਰੰਗੀ ਲੀਡਰੀ।
ਦੇਸ ਲਈ ਆਈ ਸੀ ਪਰਦੇਸਾਂ ਤੋਂ ਮੰਗੀ ਲੀਡਰੀ।
ਕੌਮ ਦਾ ਪਰਦਾ ਖ਼ੁਦਾ ਨੇ ਰੱਖਿਆ ਫ਼ਜ਼ਲੋਂ 'ਫ਼ਕੀਰ',
ਨੱਚਦੀ ਫਿਰਦੀ ਸੀ ਹਰ ਪਿੜ ਵਿਚ ਨੰਗੀ ਲੀਡਰੀ।

ਵੇਖ ਕੇ ਹਾਲਾ ਬੁਰਾ ਵਾਹੀ ਤਬਾਹੀ ਦੇਸ ਦਾ।
ਚੱਲਿਆ ਵੱਲ ਅਮਨ ਦੀ ਮੰਜ਼ਿਲ ਏ ਰਾਹੀ ਦੇਸ ਦਾ।
ਲੀਡਰਾਂ ਤੇ ਹਾਕਮਾਂ ਦੀ ਦੇਖ ਬਦਹਾਲੀ 'ਫ਼ਕੀਰ',
ਦੇਸ ਦਾ ਰਾਖਾ ਏ ਬਣਿਆ ਮੁੜ ਸਿਪਾਹੀ ਦੇਸ ਦਾ।

ਖਿਲਰ ਗਏ ਨੇ ਸਾਰੇ ਜਾਲ ਸਿਆਸੀ ਤਾਣੇ-ਬਾਣੇ ਦੇ।
ਬੰਨ੍ਹ ਨਿਸ਼ਾਨੇ ਤਿਰਛੇ ਗਏ ਨੇ ਖ਼ਾਲੀ ਵਾਰ ਨਿਮਾਣੇ ਦੇ।
ਰਿਹਾ 'ਫ਼ਕੀਰ'ਨਾ ਮੋਰਚਿਆਂ ਵਿਚ ਕਿਧਰੇ ਮੂਲ ਫ਼ਸਾਦਾਂ ਦਾ,
ਲੀਡਰ ਕੋਠੀ ਵਿਚ ਏ ਅਸਲਾ ਲੀਡਰ ਦਾ ਵਿਚ ਥਾਣੇ ਦੇ।

ਜ਼ਿੰਦਗੀ ਦਿਲ ਦੀ ਨਾ ਮਿਲਦੀ ਅੱਖ ਦੀ ਨਮ ਦੇ ਬਗ਼ੈਰ।
ਜਾਏ ਖੇਡੀ ਖੇਡ ਦਮ ਦੀ ਨਾ ਤੇਰੇ ਦਮ ਦੇ ਬਗ਼ੈਰ।
ਰਹੇ ਨਾ ਬਿਨ ਤੇਰੇ ਕਦੀ ਪਿਛਲਾ ਕਦਮ ਪੱਕਾ 'ਫ਼ਕੀਰ',
ਪੁੱਟ ਨਾ ਸਕੇ ਕੋਈ ਅਗਲਾ ਤੇਰੇ ਕਦਮ ਦੇ ਬਗ਼ੈਰ।

ਨਾ ਕਿਸੇ ਇਕ ਨਸਲ ਤੇ ਈ ਨਾ ਕਿਸੇ ਇਕ ਦੇਸ ਤੇ।
ਰੱਬ ਦੀ ਰਹਿਮਤ ਰਹੀ ਹਰ ਦੇਸ ਤੇ ਪ੍ਰਦੇਸ ਤੇ।
ਕੱਲਾ ਇਕ ਇਸਲਾਮ ਇਹ ਐਲਾਨ ਕਰਦਾ ਏ 'ਫ਼ਕੀਰ',
ਆਉਂਦੇ ਹਾਦੀ ਨੇ ਰਹੇ ਹਰ ਕੌਮ ਤੇ ਹਰ ਦੇਸ ਤੇ।

ਅਨਸ ਦੇ ਰੁੱਖਾਂ ਦੀਆਂ ਮਾਲੀ ਜੜਾਂ ਨੇ ਗਾਲਦੇ।
ਨਾਂ ਬਹਾਰਾਂ ਦੇ ਨੇ ਬਾਗ਼ਾਂ ਵਿਚ ਭਾਂਬੜ ਬਾਲਦੇ।
ਸਾਮੀਆਂ ਲਈ ਇਹ ਬੜੇ ਖ਼ਚਰੇ ਮਹਾਜਨ ਨੇ 'ਫ਼ਕੀਰ',
ਵਿਚ ਇਮਦਾਦੀ ਕੁਠਾਲੀ ਨੇ ਗ਼ੁਲਾਮੀ ਢਾਲਦੇ।

ਹੱਥ ਸਮੇਂ ਦਾ ਵਾਰੋ ਵੱਟੀ ਛੱਡਦਾ ਫੜਦਾ ਰਹਿਣਾ ਏ।
ਲਾਵਾ ਵੈਰ ਵਿਰੋਧਾਂ ਦਾ ਵਿੱਚੋ-ਵਿਚ ਕੜ੍ਹਦਾ ਰਹਿਣਾ ਏ।
ਲਹਿਣੇ ਜ਼ਾਤੀ ਰਸਮਾਂ ਦੇ ਨੇ ਕਦੀ ਜ਼ੰਗਾਲ 'ਫ਼ਕੀਰ',
ਲਹਿੰਦਾ ਲਹਿੰਦਾ ਰਹਿਣਾ ਏ ਤੇ ਚੜ੍ਹਦਾ ਚੜ੍ਹਦਾ ਰਹਿਣਾ ਏ।

ਅੰਨ੍ਹੀ ਗ਼ਰਜ਼ ਪਈ ਅੱਜ ਲਾਉਂਦੀ ਹਰ ਥਾਂ ਜ਼ੋਰ ਇਕਵੱਲਾ ਏ।
ਉਲਟ ਵਿਚਾਰ ਗਈ ਅਕਲਾਂ ਦੀ ਦਾਨਾ ਬਣਿਆ ਝੱਲਾ ਏ।
ਦਰਦ ਵੰਡਾਵਣ ਵਾਲਾ ਦਰਦੀ ਨਾ ਕੋਈ ਦਿਸੇ ਕਿਤੇ 'ਫ਼ਕੀਰ',
ਐਡੀ ਵੱਡੀ ਦੁਨੀਆ ਦੇ ਵਿਚ ਬੰਦਾ ਰਹਿ ਗਿਆ ਕੱਲਾ ਏ।

ਕੀ ਸੁਨੇਹਾ ਹੌਸਲਾ ਅੱਜ ਲੈ ਕੇ ਆਇਆ ਏ 'ਫ਼ਕੀਰ'।
ਵਿੱਚ ਸੀਨੇ ਦਿਲ ਜਿਗਰ ਜਿਸ ਨੇ ਹਿਲਾਇਆ ਏ 'ਫ਼ਕੀਰ'।
ਮੁਰਦਿਆਂ ਨੂੰ ਦੇ ਕੇ ਮੋਇਆ ਏ ਸਦਾ ਦੀ ਜ਼ਿੰਦਗੀ,
ਕੱਲ ਹਸਾਇਆ ਜਿਸ ਨੇ ਅੱਜ ਓਸੇ ਰਵਾਇਆ ਏ 'ਫ਼ਕੀਰ'

ਮਾਲ ਤੁਲਦੇ ਨੇ ਜਦੋਂ ਕੰਨੀਉਂ ਨੇ ਗੰਢਾਂ ਖੁੱਲ੍ਹਦੀਆਂ।
ਮੰਡੀਆਂ ਵਿਚ ਹੈਣ ਭਾਵਾਂ ਨਾਲ ਜਿਨਸਾਂ ਤੁਲਦੀਆਂ।
ਮੁੱਲ ਦੀ ਵਿਕਦੀ ਹੈ ਹਰ ਸ਼ੈ ਜੱਗ ਤੇ ਆ ਕੇ 'ਫ਼ਕੀਰ',
ਵਿਚ ਮਸਜਿਦ ਨਾ ਕਿਵੇਂ ਮੁੜ ਵਿਕਣ ਆਇਤਾਂ ਮੁੱਲ ਦੀਆਂ।

ਗਰਦਿਸ਼ ਅੰਬਰ ਦੀ ਏ ਮਾਲਾ ਤਾਰਿਆਂ ਦੀ ਫੇਰਦੀ।
ਰਾਤ ਕਾਲੀ ਵਿਚ ਅਜੇ ਹੈ ਕਿਰਨ ਸ਼ੋਖ਼ ਸਵੇਰ ਦੀ।
ਹੈ ਅਜੇ ਜੱਗ ਤੇ ਭਲਾਈ ਭਾਵੇਂ ਥੋੜੀ ਏ 'ਫ਼ਕੀਰ',
ਰੁਖ ਪਰਾਏ ਤੇ ਅਜੇ ਕੋਈ ਅੱਖ ਏ ਅੱਥਰ ਕੇਰਦੀ।

ਰਸਤੇ ਦੀ ਹਰ ਔਕੜ ਭਾਵੇਂ ਦਿਨ ਦਿਨ ਦੂਣ-ਸਵਾਈ ਏ।
ਮੋੜਾਂ ਵੱਧ ਨੇ ਅੱਗੇ ਨਾਲੋਂ ਰਾਹਵਾਂ ਨਾਲ ਲੜਾਈ ਏ।
ਚੁੱਕਣ ਦਵੇ ਨਾ ਪੈਰ ਥਕੇਵਾਂ ਦਿੰਦੇ ਟੇਕ ਸਹਾਰੇ ਨੇ,
ਮਰਦਾਂ ਦੇ ਪਰ ਹੌਸਲਿਆਂ ਦੀ ਦਿੰਦੀ ਟੋਰ ਦੁਹਾਈ ਏ।

ਗ਼ਮ ਨਹੀਂ ਹੈਣ 'ਫ਼ਕੀਰ' ਜੇ ਲੱਗੇ ਸ਼ਾਹੀ ਰੋਗ ਫ਼ਕੀਰਾਂ ਨੂੰ।
ਰਾਹ ਦੀ ਉਡਦੀ ਮਿੱਟੀ ਓੜਕ ਲੱਭੇਗੀ ਅਕਸੀਰਾਂ ਨੂੰ।
ਹੌਸਲਿਆਂ ਦੀ ਗਰਦਸ਼ ਕੋਲੋਂ ਨੱਸੇ ਗਰਦਸ਼ ਅੰਬਰ ਦੀ।
ਜ਼ੋਰਾਵਰ ਤਦਬੀਰਾਂ ਵਾਲੇ ਰੋਂਦੇ ਨੇ ਤਕਦੀਰਾਂ ਨੂੰ।

ਜਿਹੜੇ ਗਲ ਬਾਤਿਲ ਦੇ ਪੈਂਦੇ ਹੱਕ ਦੇ ਦਸਤੂਰ ਨੇ।
ਫ਼ਿਕਰ ਦੀ ਸੂਲੀ ਤੇ ਮੇਰੇ ਨਾਲ ਦੇ ਮਨਸੂਰ ਨੇ।
ਫ਼ਜ਼ਲ, ਕੈਸਰ, ਰਾਹੀ, ਦਾਮਨ ਮੇਰੇ ਨੇੜੇ ਨੇ 'ਫ਼ਕੀਰ',
ਅੰਮ੍ਰਿਤਾ, ਦੀਵਾਨਾ, ਆਵਾਰਾ ਤੇ ਬਲੱਗਣ ਦੂਰ ਨੇ।

ਸੱਪ ਤੇ ਮੋਤੀ ਨੇ ਦੋਪਹਿਰ ਦੂਣੇ ਕੀਕਣ 'ਫ਼ਕੀਰ'
ਦੂਰ ਬਿਜਲੀ ਲਿਸ਼ਕਦੀ ਬੱਦਲਾਂ ਤੋਂ ਏਂ ਜੀਕਣ 'ਫ਼ਕੀਰ'।
ਪੰਧ ਹੁੰਦਾ ਏ ਜਿਵੇਂ ਬੂਹੇ ਤੋਂ ਵਿਹੜੇ ਤੀਕਰਾਂ,
ਹੈ ਮੁਹੱਬਤ ਦਾ ਸਫ਼ਰ ਅੱਖਾਂ ਤੋਂ ਦਿਲ ਤੀਕਰ 'ਫ਼ਕੀਰ'।

ਡੰਗ ਦੇ ਡੰਗ ਸੋਚ ਸੋਚੇ ਮੁਰਸ਼ਦ ਹਲਵੇ ਖੀਰ ਦੀ।
ਮਾਰ ਖਾਂਦਾ ਰਹੇ ਸਦਾ ਤਾਲਿਬ ਬੁਰੀ ਤਕਦੀਰ ਦੀ।
ਸਿਰ ਮੁਰੀਦਾਂ ਦੀ ਕੁੜੀ ਦੇ ਲੀਰ ਪਾਟੀ ਜਿਹੀ 'ਫ਼ਕੀਰ',
ਪੱਗ ਸਿਰ ਬੰਨੀ ਏ ਪਰ ਬਾਰਾਂ ਗਜ਼ਾਂ ਦੀ ਪੀਰ ਦੀ।

ਸਾਹਿਬਜ਼ਾਦੇ ਪਾਉਣ ਪਿੰਡੋਂ ਬਾਹਰ ਸੱਭੇ ਕੋਠੀਆਂ।
ਖੂਹ, ਜ਼ਮੀਨਾਂ, ਬਾਗ਼, ਨੇ ਸੱਜੇ ਤੇ ਖੱਬੇ ਕੋਠੀਆਂ।
ਪੀਰ ਉਹ ਕਾਹਦਾ ਏ ਅੱਜ ਕੋਲ ਨਹੀਂ ਜਿਸ ਦੇ 'ਫ਼ਕੀਰ',
ਊਂਠ, ਘੋੜੇ, ਮੋਟਰਾਂ, ਡੇਰੇ, ਮੁਰੱਬੇ, ਕੋਠੀਆਂ।

ਵਿਚ ਮਸਜਿਦ ਜਿਨਸ ਦਾ ਕੁਝ ਭਾਅ ਚੜ੍ਹਾਉਂਦਾ ਸੀ ਪਿਆ।
ਸਾਇਲਾਂ ਨੂੰ ਲਿਖਦਿਆਂ ਫ਼ਤਵੇ ਠਹਿਰਾਉਂਦਾ ਸੀ ਪਿਆ।
ਕੱਲ ਮੁੰਡਿਆਂ ਨੂੰ ਸੀ ਜੋ ਗੁੱਡੀਆਂ ਉਡਾਉਣੋਂ ਰੋਕਦਾ,
ਅੱਜ ਉਹ ਮੁਫ਼ਤੀ ਮਸੀਤੀ ਨੋਟ ਉਡਾਉਂਦਾ ਸੀ ਪਿਆ।

ਰੱਬ ਈ ਰੱਬ ਏ ਬਿਨ ਉਹਦੇ ਕੁਝ ਵੀ ਨਹੀਂ ਇਹ ਮੰਨਿਆ।
'ਕੁਨ' ਦੀ ਪਰ ਗੱਲ ਤੂੰ ਕਰਨਾ ਏਂ ਇਹ ਖੜਕੰਨਿਆ।
ਸੁਨਣ ਤੇ ਵੇਖਣ ਦੇ ਵਿਚ ਹੁੰਦੀ ਏ ਵਿੱਥ ਲੰਮੀ 'ਫ਼ਕੀਰ',
ਉਹ ਹੀ ਉਹ ਨਾ ਆਖ ਸੁਣ ਕੇ, ਵੇਖ ਕੇ ਅੱਖ ਅੰਨ੍ਹਿਆ।

ਹਾਲ ਕੀ ਦੱਸਾਂ ਮੈਂ ਤੈਨੂੰ ਦਿਲ ਦੇ ਹਾਲਾਂ ਦਾ 'ਫ਼ਕੀਰ'।
ਹੈ ਕਮਾਲ ਅਜ ਕੱਲ ਆਸਾਂ ਦੇ ਜਵਾਲਾਂ ਦਾ 'ਫ਼ਕੀਰ'।
ਰੋਂਦਿਆਂ ਵੈਰੇ ਜਿਗਰ ਦੇ ਆਏ ਨੇ ਅੱਥਰਾਂ ਦੇ ਨਾਲ,
ਕਾਫ਼ਲਾ ਹੰਝੂਆਂ ਦਾ ਵਣਜਾਰਾ ਏ ਲਾਲਾਂ ਦਾ 'ਫ਼ਕੀਰ'।

ਦਿਲ ਦੁਖੀ ਮੇਰਾ 'ਫ਼ਕੀਰ' ਐਵੇਂ ਦੁਖਾਉਣਾ ਏਂ ਪਿਆ।
ਦਾਸਤਾਨਾਂ ਬੀਤੀਆਂ ਕਾਹਨੂੰ ਸੁਣਾਉਣਾ ਏਂ ਪਿਆ।
ਮੁੜ ਸੁਣਾਕੇ ਮੈਨੂੰ ਉਹ ਗੱਲਾਂ ਜੋ ਅੱਗੇ ਯਾਦ ਨੇ,
ਅੱਗ ਬਲਦੀ ਤੇ ਤੂੰ ਕਾਹਨੂੰ ਤੇਲ ਪਾਉਂਦਾ ਏਂ ਪਿਆ।

ਕਿਉਂ ਨਵੀਂ ਰੁੱਤ ਏ ਖ਼ਿਜ਼ਾਂ ਦਾ ਸ਼ੱਕ ਮੁੜ ਪਈ ਝੂਨ ਦੀ।
ਮਾਲੀਆਂ ਦੀ ਸਰਦ ਮਹਿਰੀ ਵਿਚ ਏ ਗਰਮੀ ਜੂਨ ਦੀ।
ਹੋਇਆ ਕੀ ਲੁੱਟਿਆ ਏ ਕੰਡਿਆਂ ਨੇ ਜੇ ਕਲੀਆਂ ਦਾ ਸੁਹਾਗ,
ਵਿੱਚ ਮਹਿੰਦੀ ਦੇ ਰਚੀ ਲਾਲੀ ਏ ਮੇਰੇ ਖ਼ੂਨ ਦੀ।

ਲਾਰ ਤੇ ਨਜ਼ਰਾਂ ਦੀ ਐਵੇਂ ਦਿਲ ਜਿਗਰ ਨੂੰ ਫੱਟਿਆ।
ਪਿਆਰ ਦੇ ਵਿਚ ਵਣਜ ਨਾ ਕੁਝ ਖੱਟਿਆ ਨਾ ਵੱਟਿਆ।
ਇਸ਼ਕ ਦੇ ਆਖੇ ਵੀ ਆਏ ਕੋਈ ਭਲੇ ਦਿਨ ਨੇ 'ਫ਼ਕੀਰ',
ਦਿਲ ਨੇ ਹੈ ਦੜ ਵੱਟ ਕੇ ਭੈੜਾ ਜ਼ਮਾਨਾ ਕੱਟਿਆ।

ਅਟਕਦਾ ਜਾਂਦਾ ਏ ਮੁੜਦਾ ਮੋੜ ਲੱਖਾਂ ਕਾਫ਼ਲਾ।
ਹੋ ਗਿਆ ਏ ਗੁੰਮ ਵਿਚ ਮੰਜ਼ਿਲ ਦੇ ਦੁੱਖਾਂ ਕਾਫ਼ਲਾ।
ਵਿਚ ਰਹਿ ਪੈਂਦੇ ਨੇ ਹੱਥੀਂ ਵਾਵਰੋਲੇ ਪੈ ਅਜੇ,
ਪੈਰ ਪੈਰ ਉੱਤੇ ਪਿਆ ਤੱਕਿਆ ਏ ਅੱਖਾਂ ਕਾਫ਼ਲਾ।

ਟੋਰ ਥਿੜਕੀ ਕਾਰਵਾਨਾਂ ਨੇ ਨਾ ਜਾਚੀ ਏ ਕਿਤੇ।
ਕਾਫ਼ਲੇ ਦੀ ਰੇਤ ਦੇ ਵਿਚ ਰਾਹ ਗਵਾਚੀ ਏ ਕਿਤੇ।
ਨਿੰਮਾਂ ਨਿੰਮਾਂ ਟੱਲੀਆਂ ਦਾ ਏ ਖੜਾਕ ਆਉਂਦਾ ਪਿਆ,
ਨਜਦ ਦੇ ਵਿੱਚੇ ਅਜੇ ਲੈਲਾ ਦੀ ਡਾਚੀ ਏ ਕਿਤੇ।

ਵਾਂਗ ਬੇਸੁਰਤਿਆਂ ਦਿਲ ਸੁਰਤ ਵਿਸਾਰੀ ਸਾਰੀ।
ਜ਼ਿੰਦਗੀ ਬੀਤ ਗਈ ਐਵੇਂ ਹੀ ਵਿਚਾਰੀ ਸਾਰੀ।
ਨਾਲ ਲਗਦੀ ਸੀ 'ਫ਼ਕੀਰ' ਅਪਣੀ ਵਸੋਂ ਦੀ ਜ਼ਮੀਨ,
ਓਪਰੇ ਸ਼ਹਿਰ ਵਿਚ ਏ ਉਮਰ ਗੁਜ਼ਾਰੀ ਸਾਰੀ।

ਮੱਚ ਝੱਖੜ ਦਾ ਏ ਸਾਨ੍ਹਾਂ ਵਾਂਗ ਭੜਕਾਂ ਮਾਰਦਾ।
ਬੱਦਲ ਏ ਤੇਰਾ ਸਿਰਾਂ ਤੇ ਗੱਜਦਾ ਲਲਕਾਰਦਾ।
ਸ਼ੌਹ ਦੀਆਂ ਹਾਠਾਂ ਤੇ ਚੜ੍ਹ ਕੇ ਪਾਰ ਲੱਗੇ ਸਾਂ 'ਫ਼ਕੀਰ',
ਬਣ ਗਿਆ ਤੂਫ਼ਾਨ ਖ਼ੂਨੀ ਪਰ ਇਹ ਕੰਢਾ ਪਾਰ ਦਾ।

ਰਹੇ ਗ਼ੁਲਾਮ ਹਾਂ ਇਸ਼ਕ ਦੇ ਬੇਦਾਮ ਅਸੀਂ।
ਦਿਲ ਨੂੰ ਤਾਉਂਦੇ ਰਹੇ ਸਵੇਰੇ ਸ਼ਾਮ ਅਸੀਂ।
ਵਿੱਚ ਜੰਗਲ ਹੋਈ ਬਦਨਾਮੀ 'ਫ਼ਕੀਰ',
ਵਿਚ ਸ਼ਹਿਰਾਂ ਦੇ ਵੀ ਸਾਂ ਬਦਨਾਮ ਅਸੀਂ।

ਜ਼ਿੰਦਗੀ ਦੇ ਆਸਰੇ ਬਣ ਕੇ ਬਹਾਨੇ ਮੌਤ ਦੇ।
ਜ਼ਿੰਦਗੀ ਦੇ ਸਾਜ਼ ਤੇ ਗਾਵਣ ਤਰਾਨੇ ਮੌਤ ਦੇ।
ਜਿਉਣ ਵਾਲੇ ਖਾ ਕੇ ਕਸਮਾਂ ਮੌਤ ਨੂੰ ਮਾਰਣ ਦੀਆਂ,
ਕਰਨ ਮਾਤਮ ਜ਼ਿੰਦਗੀ ਦਾ ਸ਼ਾਦਿਆਨੇ ਮੌਤ ਦੇ।

ਅੱਖੀਆਂ ਵੇਖੀ ਤੇ ਨਾ ਦਿਲ ਨੇ ਹੀ ਜਾਣੀ ਸਾਕੀ।
ਤੇਰੀ ਮਹਫ਼ਿਲ ਤੇਰੀ ਮਹਫ਼ਿਲ ਦੀ ਨਿਸ਼ਾਨੀ ਸਾਕੀ,
ਮੈਂ ਤੇ ਬੇਸੁਰਤ ਹਾਂ ਤੂੰ ਜ਼ਰਾ ਇਹ ਲੱਭ 'ਫ਼ਕੀਰ',
ਇੱਥੇ ਈ ਕਿਧਰੇ ਗਵਾਚੀ ਏ ਜਵਾਨੀ ਮੇਰੀ।

ਦਰਦ ਦਾ ਕਿੱਸਾ ਦੁਖ ਭਰੀ ਕਹਾਣੀ ਏ ਮੇਰੀ।
ਕੀ ਕਿਸੇ ਨੇ ਸੁਨਣੀ ਸੁਣਾਉਣੀ ਏ ਮੇਰੀ।
ਮੈਂ ਜੇ ਮੰਨਾ ਤਾਂ ਕਿਵੇਂ ਮੰਨਾ ਇਹ 'ਫ਼ਕੀਰ',
ਚਾਨਣੀ ਪੋਹ ਦੀ ਚੜ੍ਹਦੀ ਜਵਾਨੀ ਏ ਮੇਰੀ।

ਹੈ ਜ਼ਮੀਨ ਆਸਮਾਨ ਦੇ ਵਿਚ ਨੂਰ ਇਹ ਸਾਰਾ ਕੀਹਦਾ।
ਪੈਂਦਾ ਏ ਦਿਲ ਦੇ ਹਨੇਰੇ ਵਿਚ ਚਮਕਾਰਾ ਕੀਹਦਾ।
ਵਿੱਚ ਕੰਨਾਂ ਦੇ ਕੀਹਦੀ ਆਵਾਜ਼ ਆਉਂਦੀ ਏ 'ਫ਼ਕੀਰ',
ਨਜ਼ਰ ਅੱਖਾਂ ਵਿਚ ਏ ਕਿਸਦੀ ਬਾਹਰ ਨਜ਼ਾਰਾ ਕੀਹਦਾ।

ਗ਼ਮਗੀਨ ਨਾ ਦਿਲਸ਼ਾਦ ਜ਼ਮਾਨਾ ਏ 'ਫ਼ਕੀਰ'।
ਆਬਾਦ ਨਾ ਬਰਬਾਦ ਜ਼ਮਾਨਾ ਏ 'ਫ਼ਕੀਰ'।
ਪਰ ਕੈਸ਼ ਲਈ ਬਣਦਾ ਏ ਇਹ ਲੈਲਾ ਦੀ ਸੱਧਰ,
ਸ਼ੀਰੀਂ ਲਈ ਫ਼ਰਹਾਦ ਜ਼ਮਾਨਾ ਏ 'ਫ਼ਕੀਰ'।

ਜੱਗ ਦੀ ਬੁਨਿਆਦ ਦਾ ਪੱਥਰ ਬਣਾ ਇਨਸਾਨ ਨੂੰ।
ਖ਼ਬਰੇ ਜੰਨਤ ਵਿਚ ਕਿਉਂ ਰੱਬ ਭੇਜਿਆ ਅਨਜਾਣ ਨੂੰ।
ਜੰਨਤੋਂ ਕੱਢਣ ਲਈ ਮੁੜ ਕੇ ਖ਼ੁਦਾ ਆਪੇ 'ਫ਼ਕੀਰ',
ਵਿੱਚ ਜੰਨਤ ਟੋਰਿਆ ਆਦਮ ਮਗਰ ਸ਼ੈਤਾਨ ਨੂੰ।

ਲੋਭਾਂ ਦੀ ਵਿਚ ਮਸਤੀ ਝੂਲੇ ਇਹ ਮਸਤਾਨੀ ਦੁਨੀਆ।
ਅਪਣੇ ਮਤਲਬ ਦੇ ਲਈ ਅਪਣੀ ਬਣੀ ਬੇਗਾਨੀ ਦੁਨੀਆ।
ਦੌਲਤ, ਦਮ ਤੇ ਹੁਸਨ ਜਵਾਨੀ ਬੇਇਤਬਾਰੇ ਸਾਥੀ,
ਨਿਭਦੀ ਨਾਲ 'ਫ਼ਕੀਰ' ਕਿਸੇ ਦੇ ਸਦਾ ਨਾ ਫ਼ਾਨੀ ਦੁਨੀਆ।

ਗੁੜ ਪਾਇਆਂ ਵੀ ਬਣਦੀ ਨਾਹੀਂ ਕੌੜੀ ਨਿੰਮ ਕੁਸੈਲੀ।
ਸੜ ਕੇ ਪੀਲਾ ਰੰਗ ਵਟਾਉਂਦੀ ਕੱਕਰ ਮਾਰੀ ਪੈਲੀ।
ਵਹਿੰਦੀਆਂ ਅੱਖਾਂ ਦੇ ਵਿਚ ਰਿੜ੍ਹ ਕੇ ਨਜ਼ਰ 'ਫ਼ਕੀਰ' ਤ੍ਰਿੱਖੀ,
ਦਿਲ ਬੰਦੇ ਦਾ ਮੈਲਾ ਕਰਦੀ ਅੱਖ ਕਿਸੇ ਦੀ ਮੈਲੀ।

ਲੰਮੀ ਤਾਨ ਰਾਤ ਸੀ ਸੁੱਤੀ ਕਿਹਾ ਸਮਾਂ ਚੁੱਪ ਕੀਤਾ ਸੀ।
ਛੁਪਦਾ ਚੋਰਾਂ ਵਾਂਗੂੰ ਚੜ੍ਹਦਾ ਆਇਆ ਜ਼ੁਲਮ ਵਿਗੁੱਤਾ ਸੀ।
ਪਕੜ 'ਫ਼ਕੀਰ' ਇਸ ਜੂਹ ਦੇ ਸ਼ੇਰਾਂ ਜਿਗਰੇ ਚੀਰੇ ਉਨ੍ਹਾਂ ਦੇ,
ਆ ਸ਼ੇਰਾਂ ਦੀ ਜੂਹ ਵਿਚ ਜਿਹੜੇ ਹਿਰਨਾਂ ਪਾਣੀ ਪੀਤਾ ਸੀ।

ਨਿਖੜ ਗਏ ਜੁੱਟ ਜੁੱਟਾਂ ਨਾਲੋਂ ਸਾਥ ਰਹੇ ਨਾ ਸਾਥੀਆਂ ਦੇ।
ਟੁਰ ਗਏ ਰੂਹ ਰੋਂਦੇ ਕੁਰਲਾਉਂਦੇ ਜਾਨਾਂ ਆਪੇ ਫਾਥਿਆਂ ਦੇ।
ਰੱਖ ਲਈ ਸ਼ਹਿਬਾਜ਼ਾਂ ਫ਼ੇਰ'ਫ਼ਕੀਰ'ਅੱਜ ਹੁਰਮਤ ਕਾਅਬੇ ਦੀ,
ਫੇਰ ਅਬਾਬੀਲਾਂ ਨੇ ਵੱਖਰ ਖੋਲ੍ਹੇ ਆਇਆਂ ਹਾਥੀਆਂ ਦੇ।

ਮੇਰੇ ਸ਼ਹਿਰ ਗਿਰਾਂ ਨੇ ਡੇਰੇ ਸਭ ਸ਼ਹਿਜ਼ੋਰ ਦਲੇਰਾਂ ਦੇ।
ਰਾਤ ਦੀਆਂ ਜ਼ੁਲਫ਼ਾਂ ਲਿਸ਼ਕਾਉਂਦੇ ਚਾਨਣ ਰਹਿਣ ਸਵੇਰਾਂ ਦੇ।
ਮਿਸਲ ਮਾੜਿਆਂ ਛੱਪਰ, ਛੰਨਾ ਧੌਲਰ ਕੁੱਟੀਏ ਵਾਰੇ ਨਹੀਂ,
ਵਤਨ 'ਫ਼ਕੀਰ' ਮੇਰੇ ਦੇ ਸਾਰੇ ਘਰ ਨੇ ਬੱਬਰ ਸ਼ੇਰਾਂ ਦੇ।

ਲਾਈਆਂ ਭਾਵੇਂ ਆ ਕੇ ਸੰਨ੍ਹਾਂ ਵਿਚ ਹਨੇਰੇ ਚੋਰਾਂ ਨੇ।
ਲਾ ਕੇ ਚੰਨ ਚੜ੍ਹੇ ਦੇ ਨਾਲ ਨਿਭਾਈਆਂ ਖ਼ੂਬ ਚਕੋਰਾਂ ਨੇ।
ਵਰ ਤਕਦੀਰ 'ਫ਼ਕੀਰ' ਮੇਰੇ ਹੱਥ ਜਿਹਨੂੰ ਜਿਹਨੂੰ ਲੱਗੇ ਨੇ,
ਸੋਜਾਂ ਤੇ ਮੈਦਾਨ ਪਹਾੜ ਉਹ ਕਰਦੇ ਅਜੇ ਟਕੋਰਾਂ ਨੇ।

ਨਾਲ ਮੇਰੇ ਤੱਤਕਰਮੇ ਜਿਹੜੇ ਆ ਕੇ ਮੱਥਾ ਲਾਉਂਦੇ ਨੇ।
ਚੜ੍ਹਤ ਮੇਰੀ ਦੀਆਂ ਟੋਰਾਂ ਦੇ ਵਿਚ ਅਪਣੀ ਧੂੜ ਧਮਾਉਂਦੇ ਨੇ।
ਹੈ ਸਨ ਦਿਲ ਜਿਨ੍ਹਾਂ ਦੇ ਦਾਈਆ ਵਤਨ ਮੇਰੇ ਦੀ ਮੰਜ਼ਿਲ ਦਾ,
ਰਾਹਵਾਂ ਵਿਚ 'ਫ਼ਕੀਰ' ਉਨ੍ਹਾਂ ਦੀਆਂ ਲਾਸ਼ਾਂ ਕੁੱਤੇ ਖਾਂਦੇ ਨੇ।

ਖ਼ਾਕ ਇਹਦੀ ਦੇ ਜ਼ੱਰਿਆਂ ਅੱਗੇ ਚੰਨ ਸੂਰਜ ਸ਼ਰਮਾਉਣ ਪਏ।
ਅੱਜ ਜ਼ਮੀਨ ਮੇਰੀ ਦੇ ਗਿਰਦਾਂ ਰੁਲਦੇ ਨੇ ਅਸਮਾਨ ਪਏ।
ਗਈਆਂ ਉਲਟ ਪਿੜਾਂ ਦੀਆਂ ਰੀਤਾਂ ਬਦਲੇ ਤੌਰ ਜ਼ਮਾਨੇ ਦੇ,
ਸ਼ਹਿਬਾਜ਼ਾਂ ਦੇ ਨਾਲ ਮਮੋਲੇ ਖ਼ੂਬ ਖਿਡਾਰ ਲੜਾਉਣ ਪਏ।

ਵਗਦੇ ਸੋਮਿਆਂ ਸੋਤੇ ਖੋਲ੍ਹੇ ਖ਼ੁਸ਼ਕ ਜ਼ਮੀਨ ਦੀਆਂ ਨਾੜਾਂ ਦੇ।
ਧੜਕੇ ਦਿਲ ਮੈਦਾਨਾਂ ਦੇ ਨੇ ਸੀਨੇ ਤਪੇ ਉਜਾੜਾਂ ਦੇ।
ਸ਼ੀਰੀਂ ਨਹਿਰਾਂ ਦੇ ਕਿਉਂ ਵਿੱਛਣ ਜਾਲ 'ਫ਼ਕੀਰ' ਚੁਫ਼ੇਰੇ ਨਾਂ,
ਦਿੱਤੇ ਨੇ ਫ਼ਰਹਾਦਾਂ ਮੁੜ ਕੇ ਸੀਨੇ ਪਾੜ ਪਹਾੜਾਂ ਦੇ।

ਆਹਰਾਂ ਮੇਰਿਆਂ ਆਪ ਬਣਾਈਆਂ ਅਪਣੀਆਂ ਤਕਦੀਰਾਂ ਨੇ।
ਖਿੜ ਖਿੜ ਹਸਦੀਆਂ ਸੱਜੇ ਖੱਬੇ ਆਦਮ ਦੀਆਂ ਤਸਵੀਰਾਂ ਨੇ।
ਰੱਬ 'ਫ਼ਕੀਰ' ਬਣਾਇਆ ਮੈਨੂੰ ਮਾਲਕ ਲਹਿੰਦੇ ਚੜ੍ਹਦੇ ਦਾ,
ਲਹਿੰਦਿਉਂ ਚੜ੍ਹਦੇ ਤੀਕਰ ਮੇਰੇ ਵਤਨ ਦੀਆਂ ਜਾਗੀਰਾਂ ਨੇ।

ਬਣੇ ਮੁਕੱਦਰ ਮੈਦਾਨਾਂ ਦੇ ਮੁੜ ਮੇਰੀਆਂ ਤਦਬੀਰਾਂ ਨੇ।
ਸੀਨਾ ਪਾੜ ਆਹਲਕ ਦਾ ਦਿੱਤਾ ਆਹਰ ਉੱਦਮ ਦੇ ਤੀਰਾਂ ਨੇ।
ਰੋਗੀਆਂ ਦੇ ਜੁੱਸੇ ਵਿਚ ਇਸ ਨੇ ਰਹਿਣ ਨਾ ਦਿੱਤਾ ਰੋਗ ਕੋਈ,
ਮਿੱਟੀ ਮੇਰੇ ਦੇਸ ਪਿਆਰੇ ਦੀ ਵਿਚ 'ਫ਼ਕੀਰ' ਅਕਸੀਰਾਂ ਨੇ।

ਕਰਬ ਵਤਨ ਦਾ ਐਨ ਹਿਆਤੀ ਮੌਤ ਵਤਨ ਦੀ ਦੂਰੀ ਏ।
ਰਲ ਕੇ ਵਿਚ ਵਤਨ ਦੀ ਮਿੱਟੀ ਖ਼ਾਕੀ ਬਣਦਾ ਨੂਰੀ ਏ।
ਬਣ ਗਏ ਨੇ ਉਹ ਕਰਮਾਂ ਵਾਲੇ ਦਰਸ ਕਿਤਾਬ ਹਿਆਤੀ ਦਾ,
ਕੀਤੀ ਜਿਨ੍ਹਾਂ ਫ਼ਕੀਰ ਵਤਨ ਲਈ ਸਰਮਦੀ ਮਨਸੂਰੀ ਏ।

ਸਨ ਪੈਂਸਟ ਦੀ ਟੋਰੇ ਟੁਰਦਾ ਛੇਵਾਂ ਵਾਰ ਸਤੰਬਰ ਦਾ।
ਹਸਦਾ ਫੁੱਲਾਂ ਵਾਂਗਰ ਚੜ੍ਹਿਆ ਤਾਰਾ ਮੇਰੇ ਅੰਬਰ ਦਾ।
ਫ਼ੌਜੀ ਮੰਜ਼ਿਲ ਦੇ ਵਿਚ ਰਾਹਵਾਂ ਸਿਰ ਵਾਰਣ ਦਿਆਂ ਮੋੜਾਂ ਤੇ,
ਗੰਦ 'ਫ਼ਕੀਰ' ਪਿਆ ਵਿਚ ਦੁਨੀਆ ਮੇਰੇ ਪਹਿਲੇ ਨੰਬਰ ਦਾ।

ਨਾਲ ਹੈ ਦਿਲ, ਦਿਲ ਦੀਆਂ ਜਦ ਤੀਕ ਚਾਹਵਾਂ ਨਾਲ ਨੇ।
ਜ਼ਿੰਦਗੀ ਦੇ ਸ਼ਾਹ ਮੁਹੱਬਤ ਦੀਆਂ ਵਿਸਾਹਵਾਂ ਨਾਲ ਨੇ।
ਖ਼ਵਰੇ ਇਹ ਹਟਕੋਰੇ ਈ ਮੰਜ਼ਿਲ ਤੇ ਲੈ ਪੁੱਜਣ 'ਫ਼ਕੀਰ',
ਅੱਥਰੂਆਂ ਨਾਲ ਅੱਖੀਆਂ ਹੋਠਾਂ ਦੇ ਹਾਵਾਂ ਨਾਲ ਨੇ।

ਧੌਂਕਦੇ ਸੀਨੇ ਵਿਚ ਆਸ਼ਿਕ ਦਿਲ ਨੂੰ ਪਏ ਤਾਉਂਦੇ ਟੁਰਣ।
ਤੂਹਮਤ ਆਪ ਅਪਣੇ ਤੇ ਬਦਨਾਮੀ ਦੀ ਪਏ ਲਾਉਂਦੇ ਟੁਰਣ।
ਵਾਂਗ ਸ਼ਹਿਰਾਂ ਸਹਿਮੀਆਂ ਨੇ ਵੇਖ ਕੇ ਜੂਹਾਂ 'ਫ਼ਕੀਰ',
ਮਜਨੂੰਆਂ ਦੇ ਨਾਲ ਪਏ ਬੇਲੇ ਵੀ ਘਬਰਾਉਂਦੇ ਟੁਰਣ।

ਹੌਕਿਆਂ ਦੇ ਨਾਲ ਨਹੀਂ ਹਾਏ ਕਿਤੇ ਨਾ ਹੂੰ ਕਿਤੇ।
ਬਾਹਰ ਨਜਦੋਂ ਦਿਲ ਜਲੇ ਦਾ ਨਿਕਲਦਾ ਨਹੀਂ ਧੂੰ ਕਿਤੇ।
ਸ਼ੱਕ ਪੈਂਦੀ ਏ ਇਸ ਉਡਦੀ ਗਰਦ ਦੇ ਪਿੱਛੇ 'ਫ਼ਕੀਰ',
ਗਰਦ ਵਿਚ ਫ਼ਿਰਦਾ ਏ ਲੈਲਾ ਲਈ ਅਜੇ ਮਜਨੂੰ ਕਿਤੇ।

ਦਿਲ ਨੂੰ ਹੈ ਭਰਮਾਉਣ ਲਈ ਦੁੱਖਾਂ ਦਾ ਕਾਜ ਹੋਇਆ ਅਜੇ।
ਸ਼ਹਿਰ ਤੇ ਆਸਾਂ ਦੇ ਨਹੀਂ ਸੁੱਖਾਂ ਦਾ ਰਾਜ ਹੋਇਆ ਅਜੇ।
ਮਿਲਿਆ ਏ ਖ਼ੁਸ਼ੀਆਂ ਦਾ ਵਿੱਚੋਂ ਕੁਝ ਦਿਲਾਂ ਨੂੰ ਆਸਰਾ,
ਪਰ ਜ਼ਮਾਨੇ ਦੇ ਗ਼ਮਾਂ ਦਾ ਨਹੀਂ ਇਲਾਜ ਹੋਇਆ ਅਜੇ।

ਰਾਹ ਦਿਆਂ ਮੋੜਾਂ ਅਜੇ ਪਾਏ ਵਲੇਵੇਂ ਢੇਰ ਨੇ।
ਰੇਵੜੀਆਂ ਦੇ ਫੇਰ ਅਜੇ ਤੱਕ ਨੀਤਾਂ ਦੇ ਫੇਰ ਨੇ।
ਸ਼ੌਹ ਦੀਆਂ ਠਾਠਾਂ ਦਾ ਭੈ ਯਾਰਾਂ ਨੂੰ ਏਂ ਐਵੇਂ 'ਫ਼ਕੀਰ',
ਕੰਢਿਆਂ ਦੇ ਨਾਲ ਅਜੇ ਖਹਿੰਦੇ ਘੁੰਮਣ ਘੇਰ ਨੇ।

ਵਾਹ ਵਾਹ ਕਰਨ ਨਿਕੰਮਿਆਂ ਦੇ ਗੁਜ਼ਰਾਨ ਗੁਜ਼ਾਰੇ ਮਸਜਿਦ ਦੇ।
ਮਸਜਿਦ ਵਾਲਿਆਂ ਨੂੰ ਨੇ ਮਿਲਦੇ ਬੜੇ ਸਹਾਰੇ ਮਸਜਿਦ ਦੇ।
ਤੋੜ-ਬਤੋੜੇ ਨਾਲ 'ਫ਼ਕੀਰ' ਅੱਜ ਬੈਠਾ ਸੰਘ ਏ ਵਾਅਜ਼ ਦਾ,
ਕਿਉਂ ਨਾ ਬੋਲਣ ਲਾਉਡ ਸਪੀਕਰ ਵਿਚ ਮੁਨਾਰੇ ਮਸਜਿਦ ਦੇ।

ਗਲ ਮਤਲਬ ਦੀ ਯਾਦ ਅਪਣੀ ਵਿਚ ਪੋਟਾ ਪੋਟਾ ਰੱਖਦਾ ਏ।
ਫ਼ਿਕਰ ਨਜ਼ਰ ਦੇ ਵਿਚ ਪਲਾਅ ਸ਼ੋਰੇ ਦਾ ਕੋਟਾ ਰੱਖਦਾ ਏ।
ਹਰ ਇਕ ਨੁਕਤੇ ਦੀ ਗੱਲ ਗ਼ਾਜ਼ੀ ਸੁਣ ਕੇ ਕੰਬਣ ਪਏ 'ਫ਼ਕੀਰ'
ਖ਼ੁਤਬੇ ਲਈ ਖ਼ਤੀਬ ਜਦੋਂ ਦਾ ਹੱਥ ਵਿਚ ਸੋਟਾ ਰੱਖਦਾ ਏ।

ਔਗੁਣਾ ਦਾ ਵਿੱਚ ਜੰਨਤ ਦੇ ਵੀ ਇਹ ਫ਼ਾਨੀ ਤੇ ਨਹੀਂ।
ਚਾੜ੍ਹੇ ਉੱਥੇ ਵੀ ਇਹ ਸ਼ਰ ਦੀ ਲਹਿਰ ਤੂਫ਼ਾਨੀ ਤੇ ਨਹੀਂ।
ਚੁੱਕ ਤੇ ਇਹਦੀ ਖ਼ੁਦਾ ਉੱਥੋਂ ਵੀ ਕੱਢਦਾ ਏ 'ਫ਼ਕੀਰ',
ਕਰਦਾ ਜੰਨਤ ਤੇ ਵੀ ਇਹ ਸ਼ੈਤਾਨ ਹੁਕਮਰਾਨੀ ਤੇ ਨਹੀਂ।

ਵਿਚ ਦੋਜ਼ਖ਼ ਜੰਨਤ ਦੇ ਇਸੇ ਦੀ ਨਿਗਰਾਨੀ ਤੇ ਨਹੀਂ।
ਕਰਦਾ ਏ ਦੋਹਾਂ ਦੇ ਦਰ ਦੀ ਇਹ ਦਰਬਾਨੀ ਤੇ ਨਹੀਂ।
ਇੱਥੇ ਉੱਥੇ ਅਪਣੀ ਮਰਜ਼ੀ ਕਰਵਾਉਂਦਾ ਏ 'ਫ਼ਕੀਰ',
ਕਰਦਾ ਏ ਦੋ ਜੱਗ ਦੀ ਸ਼ੈਤਾਨ ਸੁਲਤਾਨੀ ਤੇ ਨਹੀਂ।

ਭੁੱਖਾਂ ਮਾਰੇ ਕੀਕਣ ਉੱਥੇ ਲਾਉਣ 'ਫ਼ਕੀਰ' ਨਾ ਝੇਡਾਂ।
ਕਾਮਿਆਂ ਨਾਲ ਕਮਾਈ ਜਿੱਥੇ ਖੇਡੇ ਖ਼ੂਨੀ ਖੇਡਾਂ।
ਲੱਗਿਆਂ ਬੋਹਲਾਂ ਵਿਚ ਆ ਮਾਲਕ ਇੰਜ ਤਰਾਹੇ ਕਾਮੇਂ,
ਜਿਉਂ ਭੁੱਖਾ ਬਘਿਆੜ ਝੱਲਾਂ ਦਾ ਆਣ ਵੜੇ ਵਿਚ ਭੇਡਾਂ।

ਨਾਲ ਅਮਲ ਦੇ ਵੇਖੇ ਬਣਦੇ ਗੰਦੇ ਪਾਕ ਜ਼ਮੀਰ ਅਸਾਂ।
ਦਾਅਵੇਦਾਰ ਫ਼ਕਰ ਦੇ ਦੇਖੇ ਖਾਂਦੇ ਹਲਵੇ ਖ਼ੀਰ ਅਸਾਂ।
ਬੇਅਦਬਾਂ ਨੂੰ ਰਿਹਾ 'ਫ਼ਕੀਰ' ਨਾ ਅਦਬ ਜ਼ਰਾ ਦਰਗਾਹਾਂ ਦਾ,
ਹੁਜਰਿਆਂ ਵਿਚ ਕਰਾਂਦੇ ਮੁਜਰੇ ਵੇਖੇ ਪੀਰ-ਫ਼ਕੀਰ ਅਸਾਂ।

ਜਾਣ ਲਏ ਮੁਨਕਰ ਉਹ ਮਾਜ਼ੀ ਹਾਲ ਇਸਤਕਬਾਲ ਦੇ।
ਹੈਣ ਉਹ ਪੰਜਾਬ ਦੇ ਨਾ ਸਿੰਧ ਨਾ ਬੰਗਾਲ ਦੇ।
ਮੂਰਖ਼ ਉਹ ਤਾਰੀਖ਼ ਹਿੰਦੁਸਤਾਨ ਦੀ ਭੁੱਲੇ 'ਫ਼ਕੀਰ',
ਗੀਤ ਅੱਜ ਜਿਨ੍ਹਾਂ ਵਿਸਾਰੇ ਨੇ ਦਿਲੋਂ ਇਕਬਾਲ ਦੇ।

ਖੋਲ੍ਹ ਵਿਖਾਉਂਦਾ ਨਾ ਉਹ ਇਕ ਪਾਗਲ ਦੀ ਫ਼ਿਕਰੀ ਤੰਗੀ ਨੂੰ।
ਰੰਗ ਚੜ੍ਹਾਉਣਾ ਚਾਹੁੰਦਾ ਨਾ ਉਹ ਨਕਸ਼ੇ ਦੀ ਬੇਰੰਗੀ ਨੂੰ।
ਹੁੰਦਾ ਜੇ ਕਰ ਸ਼ੋਸਲਿਸਟ ਹੀ ਅਲਾਮਾ ਇਕਬਾਲ 'ਫ਼ਕੀਰ',
ਰੱਬ ਕਦੀ ਸਮਝਾਉਣਾ ਚਾਹੁੰਦਾ ਨਾ ਮਜਜ਼ੂਬ ਫ਼ਰੰਗੀ ਨੂੰ।

ਵਿਚ ਸ਼ਿਰਕ ਦੀ ਦੁਨੀਆ ਹੋਕਾ ਵਾਹਦਤ ਵਾਲਾ ਹੋਕੀ ਜਾ।
ਭੱਠੀ ਵਿਚ ਇਸ਼ਕ ਦੀ ਬਾਲਣ ਦਰਦਾਂ ਵਾਲਾ ਠੋਕੀ ਜਾ।
ਇਕ ਵਾਰੀ ਤੇ ਅਪਣੇ ਮੂੰਹੋਂ ਆਖੀ ਸੀ ਨਿਕਬਾਲ 'ਫ਼ਕੀਰ',
ਜਿੱਥੇ ਵਿੱਥ ਮਿਲੇ ਤੂੰ ਫ਼ਾਨਾ ਇੱਲੱਲਾਹ ਦਾ ਠੋਕੀ ਜਾ।

ਰੋਜ਼ ਅਜ਼ਲ ਦੇ ਲੇਖ ਲਿਖੇ ਨੂੰ ਮਿਟਾ ਸਕਦਾ ਏ ਕੌਣ।
ਲਾਈ ਧੁਰ ਦੀ ਚਿਣਗ ਨੂੰ ਬੰਦਾ ਬੁਝਾ ਸਕਦਾ ਏ ਕੌਣ।
ਵੇਖ ਕੇ ਸ਼ੈਤਾਨ ਮਗਰੇ ਸੋਚਿਆ ਆਦਮ 'ਫ਼ਕੀਰ'
ਵਿਚ ਜੰਨਤ ਹੁਕਮ ਰੱਬੀ ਬਾਝ ਆ ਸਕਦਾ ਏ ਕੌਣ।

ਵਖ਼ਤ ਚਾ ਐਵੇਂ ਖ਼ੁਦਾ ਆਦਮ ਦੀ ਪਾਇਆ ਜਾਨ ਨੂੰ।
ਰੋਗ ਚਾ ਲਾਇਆ ਧੁਰੋਂ ਬੰਦੇ ਦੇ ਦੀਨ ਈਮਾਨ ਨੂੰ।
ਜਾਣਦਾ ਸੀ ਜਦ ਕਿ ਸਿਜਦਾ ਏਸ ਨਹੀਂ ਕਰਨਾ 'ਫ਼ਕੀਰ',
ਕਰਨ ਲਈ ਸਿਜਦਾ ਖ਼ੁਦਾ ਕਹਿੰਦਾ ਈ ਨਾ ਸ਼ੈਤਾਨ ਨੂੰ।

ਚਾਹੇ ਉਹ ਜਿਨ੍ਹਾਂ ਦੀਆਂ ਆਪ ਹਾਮੀਆਂ ਭਰਦਾ ਫਿਰੇ।
ਚਾਹਤ ਮੂਜਬ ਅਪਣੀ ਉਹ ਜਿੱਤਦਾ ਹਰਦਾ ਫਿਰੇ।
ਦਿੱਤਾ ਏ ਸ਼ੈਤਾਨ ਨੂੰ ਰੱਬ ਮਰਤਬਾ ਕਿੱਡਾ 'ਫ਼ਕੀਰ',
ਦੋ ਜਹਾਨਾਂ ਵਿਚ ਉਹ ਮਨਮਾਨੀਆਂ ਕਰਦਾ ਫਿਰੇ।

ਬੇਗ਼ਰਜ਼ ਬਖ਼ਸ਼ਿਸ਼ ਤੇਰੀ ਬੇਵਾਸਤਾ ਅਹਿਸਾਨ ਵੀ।
ਰਿਜ਼ਕ ਮਾਨਣ ਪਏ ਤੇਰਾ ਇਨਸਾਨ ਵੀ ਹੈਵਾਨ ਵੀ।
ਤੇਰੇ ਮੁਨਕਰ ਨੂੰ ਵੀ ਨਾ ਵਾਂਝੇ ਕਰਮ ਤੇਰਾ 'ਫ਼ਕੀਰ',
ਤੇਰਾ ਦਿੱਤਾ ਖਾਂਵਦੇ ਨੇ ਤੇਰੇ ਨਾਫ਼ਰਮਾਨ ਵੀ।

ਅੱਜ ਦੀ ਰੁੱਤ ਬਹਾਰੋਂ ਮੇਰਾ ਖਿੜਿਆ ਸੀ ਗੁਲਜ਼ਾਰ।
ਬਣਿਆ ਸਾਜ਼ ਹਿਆਤੀ ਦਾ ਸੀ ਅੱਜ ਦਾ ਰਾਗ ਪਿਆਰ।
ਚੌਦਾਂ ਅਗਸਤ ਦਾ ਦਿਨ ਏ 'ਫ਼ਕੀਰ' ਮੇਰਾ ਕੌਮੀ ਮਾਨ,
ਅੱਜ ਦਾ ਦਿਨ ਤਾਰੀਖ਼ ਮੇਰੀ ਦੀਆਂ ਸਦੀਆਂ ਦਾ ਸਰਦਾਰ।

ਕਾਮੇ ਪੀਲੇ ਜ਼ਰਦ ਵਿਚਾਰੇ ਵਿਹਲਿਆਂ ਦੇ ਮੂੰਹ ਲਾਲੀ।
ਉਨ੍ਹਾਂ ਨੂੰ ਨਹੀਂ ਜਿਉਣਾ ਮਿਲਦਾ ਜਾਨ ਜਿਨ੍ਹਾਂ ਨੇ ਜਾਲੀ।
ਸਿੱਧੀ ਦੁਨੀਆ ਵਿਚ 'ਫ਼ਕੀਰਾ' ਉਲਟਾ ਚੱਕਰ ਚਲਦਾ,
ਮੰਗਤਿਆਂ ਦੀ ਭਰਕੇ ਝੋਲੀ ਕਾਮੇਂ ਬਨਣ ਸਵਾਲੀ।

ਕਿਧਰੇ ਅੰਦਰ ਪੀਘਾਂ ਝੂਟਣ ਕਿਧਰੇ ਲਾਂ ਨਾ ਕੋਈ।
ਦਾਨੇ ਪੰਚ ਵੀ ਪਰ੍ਹਿਆ ਚਾਰੀ ਕਰਨ ਨਿਆਂ ਨਾ ਕੋਈ।
ਲੋੜਾਂ ਲਾਣ ਲਈ ਇਕਨਾਂ ਨੂੰ ਮਿਲੇ 'ਫ਼ਕੀਰ' ਨਾ ਪੈਸਾ,
ਲੱਖਾਂ ਲਾਉਣ ਲਈ ਇਕਨਾਂ ਨੂੰ ਮਿਲਦੀ ਥਾਂ ਨਾ ਕੋਈ।

ਬੈਠਾ ਕੋਈ ਇਕਵੱਲਾ ਕਿਧਰੇ ਹੋਵੇ ਗੁੰਗਾ ਬੋਲਾ।
ਨਿੱਖੜ ਭੱਜੇ ਕੋਲਿਆਂ ਨਾਲੋਂ ਕਿਧਰੇ ਭਖਦਾ ਕੋਲਾ।
ਬੰਦੇ ਰਲਿਆਂ ਬਾਝ ਵਧੇ ਨਾ ਵਜ਼ਨ 'ਫ਼ਕੀਰ' ਬੰਦੇ ਦਾ,
ਰੱਤੀਆਂ ਰਲ ਕੇ ਮਾਸਾ ਬਣਦਾ ਮਾਸੇ ਰਲ ਕੇ ਤੋਲਾ।

ਸੁਲਾਹ ਅਮਨ ਦਾ ਤੌਰ ਤਰੀਕਾ ਰਿਹਾ ਏ ਸਾਡੀਆਂ ਜੱਦਾਂ ਦਾ।
ਸੂਲੀਆਂ ਸਾਂਗਾਂ ਜੋਗਾ ਟੋਲਾ ਮਨਸੂਰਾਂ ਸਰਮੱਦਾਂ ਦਾ।
ਪਕੜ 'ਫ਼ਕੀਰ' ਇਸਲਾਮ ਲਿਜਾਂਦਾ ਦੂਰ ਫ਼ਸਾਦੋਂ ਬੰਦੇ ਨੂੰ,
ਕਰਦਾ ਏ ਪਾਬੰਦ ਕੌਮ ਨੂੰ ਇਹ ਇਖ਼ਲਾਕੀ ਹੱਦਾਂ ਦਾ।

ਸੱਚੇ ਸਾਥੀਆਂ ਦਾ ਉਹ ਸਾਥੀ ਹਾਮੀ ਸੱਚੀਆਂ ਹੱਦਾਂ ਦਾ।
ਪਹਿਰੇਦਾਰ ਹੈ ਜਿਹੜਾ ਵੀ ਬੰਦਾ ਇਖ਼ਲਾਕੀ ਹੱਦਾਂ ਦਾ।
ਸ਼ਾਮ ਸਵੇਰੇ ਦੁਨੀਆ ਦੇ ਵਿਚ ਇਹਦੀ ਰੌਣਕ ਲੱਗੀ ਰਹੇ,
ਵਸਦਾ ਰਹੇ 'ਫ਼ਕੀਰ' ਇਹ ਵਿਹੜਾ ਮਨਸੂਰਾਂ, ਸਰਮੱਦਾਂ ਦਾ।

ਬੇਦਰਦੀ ਬੇਮਹਿਰੀ ਪਾਏ ਬੁਰੇ ਦਿਨਾਂ ਦੇ ਫੇਰ।
ਲਾਲਚ ਤੇ ਖ਼ੁਦਗ਼ਰਜ਼ੀ ਨੱਚਦੇ ਫਿਰਦੇ ਸ਼ਾਮ ਸਵੇਰ।
ਰਹੇ ਨਾ ਕਿਤੇ ਸਲੂਕ ਮੁਰੱਵਤ ਮੇਲ-ਮਿਲਾਪ 'ਫ਼ਕੀਰ',
ਟੁਰਦੀ ਫਿਰਦੀ ਮਿੱਟੀ ਦਾ ਏ ਬੰਦਾ ਬਣਿਆ ਢੇਰ।

ਛੱਡ ਪ੍ਰਾਣ ਮੁਕੱਦਰ ਬੈਠੇ ਕਰਮਾਂ ਦਿੱਤੀ ਹਾਰ।
ਆਇਆ ਉਲਟਾ ਸਮਾਂ ਜ਼ੁਲਮ ਦਾ ਉਲਟ ਗਿਆ ਸੰਸਾਰ।
ਉਲਟ ਸਮੇਂ ਦੀ ਵੇਖੀ ਐਸੀ ਉਲਟੀ ਰੀਤ 'ਫ਼ਕੀਰ',
ਚਿੱਟੇ ਦਿਨ ਪਏ ਕਾਲੀਆਂ ਰਾਤਾਂ ਵੇਚਣ ਪਹਿਰੇਦਾਰ।

ਵਿਗੜੇ ਹੁਲੀਏ ਸੁੱਖਾਂ ਦੇ ਨੇ ਬਣ ਗਏ ਚਿਹਰੇ ਦੁੱਖਾਂ ਦੇ।
ਰਾਹਵਾਂ ਦੇ ਵਿਚ ਡਿੱਗੇ ਤੜਪਣ ਮਾਰੇ ਨੰਗਾਂ ਭੁੱਖਾਂ ਦੇ।
ਬਾਗ਼ਾਂ ਵਿਚ ਇੰਜ ਰੁਲਦੇ ਦਿੱਸਣ ਕਲੀਆਂ ਫੁੱਲ 'ਫ਼ਕੀਰ' ਪਏ,
ਪਤਝੜ ਦੇ ਵਿਚ ਖਿੱਲਰ ਜਾਵਣ ਜਿਉਂਕਰ ਪੱਤਰ ਰੁੱਖਾਂ ਦੇ।

ਮਿਲਣ ਕਦੀ ਨਾ ਖ਼ੁਸ਼ੀਆਂ ਕਿਧਰੇ ਉੱਦਮ ਬਿਨਾ ਦਲਗੀਰਾਂ ਨੂੰ।
ਕੌਣ ਹੈਰਤ ਦੇ ਗਿਰਦੋਂ ਕੱਢੇ ਕੰਧ ਦੀਆਂ ਤਸਵੀਰਾਂ ਨੂੰ।
ਆਹਰ 'ਫ਼ਕੀਰ' ਕਦੀ ਨਾ ਕਰਦੇ ਗ਼ਾਫ਼ਿਲ ਮਾਰੇ ਆਹਲਕ ਦੇ,
ਬੇਤਦਬੀਰੇ ਮੂਰਖ਼ ਬੈਠੈ ਰੋਂਦੇ ਨੇ ਤਕਦੀਰਾਂ ਨੂੰ।

੨ ਵੈਰੀਆਂ ਦੇ ਇਹ ਸੱਜਣ ਮਿੱਤਰ ਸਾਡੇ ਦੁਸ਼ਮਨ ਜਾਨੀ ਨੇ।
ਮਿਹਰ ਮੁਹੱਬਤ ਦੀ ਦੁਨੀਆਂ ਵਿਚ ਜ਼ੁਲਮ ਸਿਤਮ ਦੇ ਬਾਨੀ ਨੇ।
ਸਾੜ ਫੂਕ ਤੇ ਵੱਢ-ਟੁਕ ਦਿੰਦੇ ਫਿਰਦੇ ਦਰਸ 'ਫ਼ਕੀਰ' ਪਏ,
ਪਾਕਿਸਤਾਨ ਉਜਾੜਣ ਵਾਲੇ ਬਾਗ਼ੀ ਪਾਕਿਸਤਾਨੀ ਨੇ।

ਰਾਠ ਚੌਧਰੀ ਲੋਭ ਹਿਰਸ ਦੇ ਰੋਜ਼ ਪ੍ਰੀਹੰਦੇ ਥਾਲ ਨਵੇਂ।
ਭੋਲਿਆਂ ਲੋਕਾਂ ਦੇ ਗਲ ਪਾਉਂਦੇ ਰਹਿੰਦੇ ਰੋਜ਼ ਜੰਜਾਲ ਨਵੇਂ।
ਨਵੇਂ ਨਵੇਂ ਇਹ ਰੋਜ਼ ਸ਼ਿਕਾਰ ਫਸਾਉਂਦੇ ਰਹਿੰਦੇ ਹੈਣ 'ਫ਼ਕੀਰ',
ਲਾਉਣ ਪੁਰਾਣੇ ਯਾਰ ਸ਼ਿਕਾਰੀ ਨਿੱਤ ਦਿਹਾੜੀ ਜਾਲ ਨਵੇਂ।

ਬੈਠੀ ਸੋਚ-ਵਿਚਾਰ ਪੁਰਾਣੀ ਕਰਦੀ ਰੋਜ਼ ਖ਼ਿਆਲ ਨਵੇਂ।
ਨਵੇਂ ਖ਼ਿਆਲਾਂ ਨਾਲ ਜਗਾਉਂਦੀ ਚਾਲ ਨਵੀਂ ਪਈ ਹਾਲ ਨਵੇਂ।
ਨਿੱਤ ਨਵੇਂ ਪਿੰਡ ਅੱਪੜ ਕੇ ਨੇ ਪਾਉਂਦੇ ਪਿੜ ਕੋਈ ਨਵਾਂ'ਫ਼ਕੀਰ'
ਬਚੇ ਜਮਹੂਰੀਆਂ ਲਈ ਮਦਾਰੀ ਕਰਦੇ ਰੋਜ਼ ਪਲਾਨ ਨਵੇਂ।

ਅੱਜ ਜਿੱਥੇ ਯਾਰ ਮਜ਼ਲੂਮਾਂ ਦਾ ਦਮ ਭਰਨੈ ਜੁਰਮ।
ਜਿਹੜੀ ਥਾਂ ਅੱਜ ਜ਼ਾਲਮਾਂ ਦਾ ਮਾਰਨਾ ਮਰਨੈ ਜੁਰਮ।
ਬੋਲਦਾ ਨਹੀਂ ਕੋਈ ਲੀਡਰ ਖ਼ਬਰੈ ਕਾਹਦੇ ਤੋਂ 'ਫ਼ਕੀਰ',
ਜੁਰਮ ਕਿਉਂ ਅੱਜ ਦੇਸ ਮੇਰੇ ਵਿਚ ਨਾ ਕਰਨੈ ਜੁਰਮ।

ਤਕੜਾ ਜ਼ਾਲਮ ਬਣ ਗਿਆ ਮਾੜਾ ਡਰੋਂ ਵਹਿਮੀ ਏ ਕਿਉਂ।
ਮੱਚ ਗਈ ਏ ਜ਼ੁਲਮ ਭੂਤੀ ਐਡੀ ਬੇਰਹਿਮੀ ਏ ਕਿਉਂ।
ਵੇਖ ਮੇਰੇ ਦੇਸ ਦੇ ਵਿਚ ਹਾਲ ਲੋਕਾਂ ਦਾ 'ਫ਼ਕੀਰ',
ਲੀਡਰੀ ਸ਼ੇਖ਼ਾਂ ਤੇ ਉਲਮਾਂ ਦੀ ਅੱਜ ਸਹਿਮੀ ਏ ਕਿਉਂ।

ਤਾਅ ਤਪੇ ਨੇ ਐਤਕੀ ਕਿਉਂ ਵਿਚ ਚੇਤਰ ਹਾੜ੍ਹ ਦੇ।
ਕਿਉਂ ਭਰਾ ਭਾਈਆਂ ਦੇ ਨੇ ਗਲ ਵੱਢਦੇ ਸਿਰ ਪਾੜਦੇ।
ਦੇਸ ਦੀ ਦੌਲਤ ਨੂੰ ਕੁਝ ਸਮਝ ਆਉਂਦੀ ਨਹੀਂ 'ਫ਼ਕੀਰ',
ਕਿਉਂ ਸਿਆਸੀ ਲੋਕ ਨੇ ਅੱਜ ਫੂਕਦੇ ਤੇ ਸਾੜਦੇ।

ਕੀੜਾ ਰੇਸ਼ਮ ਦਾ ਵਿਚ ਰੇਸ਼ਮ ਫਸ ਕੇ ਜਾਨ ਗਵਾਉਂਦਾ ਏ।
ਪੈਰ ਕੁਹਾੜੀ ਮਾਰਨ ਵਾਲਾ ਹੱਥੀਂ ਜਾਨ ਵੰਜਾਉਂਦਾ ਏ।
ਫੁੱਲਾਂ ਦੀ ਭਰਮਾਈ ਬੁਲਬਲ ਜਾ ਜਾਲੀ ਵਿਚ ਫਸਦੀ ਏ।
ਆਪੇ ਫਾਤੜਿਆਂ ਨੂੰ ਜਾ ਕੇ ਕੌਣ 'ਫ਼ਕੀਰ' ਛੁਡਾਉਂਦਾ ਏ।

ਅਪਣੀਆਂ ਰੀਤਾਂ ਪਏ ਜਿਹੜੇ ਦਿਲੋਂ ਵਿਸਾਰਣ ਲੋਕ।
ਵਿਚ ਹਨੇਰੇ ਅੰਨ੍ਹੀ ਸੋਚ ਵਿਚਾਰ ਵਿਚਾਰਣ ਲੋਕ।
ਯਾਦ ਅਸਲੇ ਦੀ ਰੱਖੇ ਅਸਲੀ ਸੋਚ-ਵਿਚਾਰ 'ਫ਼ਕੀਰ',
ਅਪਣਾ ਅਸਲਾ ਭੁੱਲਣ ਵਾਲੇ ਨਕਲਾਂ ਮਾਰਣ ਲੋਕ।

ਦਿੱਤਾ ਏ ਇਹ ਕੀ ਚੌਤਰਫ਼ਾ ਯਾਰ ਖਿਲਾਰ ਫ਼ਸਾਦ।
ਪੂਰਬ, ਪੱਛਮ, ਦੱਖਣ, ਪਰਬਤ ਪਾਰ, ਉਰਾਰ ਫ਼ਸਾਦ।
ਵਸੋ ਦੇਸ ਅਪਣੇ ਵਿਚ ਨਾਲ ਪਿਆਰ ਸਲੂਕ 'ਫ਼ਕੀਰ',
ਵਿਚ ਜ਼ਮੀਨ ਖ਼ੁਦਾ ਦੀ ਨਾ ਪਏ ਪਾਉ ਯਾਰ ਫ਼ਸਾਦ।

ਲੰਘਣ ਵਾਲੇ ਵੇਲੇ ਡਾਢਿਆਂ ਨਾਲ ਅਜ਼ਾਬਾਂ ਬੀਤੇ ਨੇ।
ਜ਼ਹਿਰ ਅਸਾਂ ਯਾਰਾਂ ਦੇ ਦਿੱਤੇ ਸ਼ਹਿਦ ਸਮਝ ਕੇ ਪੀਤੇ ਨੇ।
ਕਰਦੇ ਰਹਿਣ 'ਫ਼ਕੀਰ' ਹਮੇਸ਼ਾ 'ਵਾ ਦੇ ਰੁਖ ਤੇ ਸਿਜਦੇ ਇਹ,
ਕਿੰਨੇ ਲੋਕਾਂ ਦੇ ਇਨ੍ਹਾਂ ਨੇ ਕਿਬਲੇ ਸਿੱਧੇ ਕੀਤੇ ਨੇ।

ਕਦੀ ਨਾ ਲੈਕਚਰ ਦਿੰਦੇ ਇਹਨੇ ਪਿੜ ਵਿਚ ਹਿੰਮਤ ਹਾਰੀ ਏ।
ਰੋਜ਼ੇ ਅਤੇ ਨਮਾਜ਼ਾਂ ਦੀ ਇਹਦੇ ਲਈ ਮੰਜ਼ਿਲ ਭਾਰੀ ਏ।
ਪੁਖਤਾ ਬੜਾ ਈਮਾਨ ਏ ਸੁਣਿਆ ਸ਼ੋਸਲਿਜ਼ਮ ਇਸਲਾਮੀ ਦਾ,
ਪਰ ਇਹ ਉਂਜ 'ਫ਼ਕੀਰ' ਵਿਚਾਰਾ ਅੱਲਾਹ ਦਾ ਇਨਕਾਰੀ ਏ।

ਇਹ ਕੀ ਸਮਝਣ ਹੈਣ ਵਿਚਾਰੇ ਮੁਫ਼ਤੀ ਕਾਜ਼ੀ ਕੌਣ।
ਮੁਸਤਕਬਿਲ ਲਈ ਯਾਦ ਕਰੇ ਇਨ੍ਹਾਂ ਦਾ ਮਾਜ਼ੀ ਕੌਣ।
ਇਹ ਸਾਰੇ ਨੇ ਇਕ ਦੂਜੇ ਦੇ ਮਾਰੂ ਧੜੇ 'ਫ਼ਕੀਰ',
ਪਿੰਡ ਦੇ ਸਾਰੇ ਚੌਧਰੀਆਂ ਨੂੰ ਰੱਖੇ ਰਾਜ਼ੀ ਕੌਣ।

ਵਸਦਿਆਂ ਪਿੰਡਾਂ ਸ਼ਹਿਰਾਂ ਨੂੰ ਪਏ ਦਰਦੀ ਲਾਉਂਦੇ ਅੱਗ।
ਰੰਗ ਬਹਾਰ ਮਚਾਵਣ ਦੀ ਥਾਂ ਫਿਰਨ ਮਚਾਉਂਦੇ ਅੱਗ।
ਬਣੀ ਖ਼ਿਜ਼ਾਂ ਅੱਜ ਬਾਗ਼ਾਂ ਦੇ ਲਈ ਰੁੱਤ ਬਹਾਰ 'ਫ਼ਕੀਰ',
ਆਬੇ ਹਿਆਤ ਵਸਾਵਣ ਵਾਲੇ ਯਾਰ ਵਸਾਉਂਦੇ ਅੱਗ।

ਰੋਂਦਿਆਂ ਵੇਖ ਕੇ ਦੁਖਿਆਰਾਂ ਨੂੰ ਕਰਦੇ ਹਾਸੇ ਯਾਰ।
ਦਿਲੀ ਤਸੱਲੀ ਲਈ ਯਾਰਾਂ ਨੂੰ ਦਿੰਦੇ ਝਾਸੇ ਯਾਰ।
ਬਣਦੇ ਸੱਜਣ ਵਿੱਚੋਂ ਰਲ ਕੇ ਵੈਰੀਆਂ ਨਾਲ 'ਫ਼ਕੀਰ',
ਗੁੱਝੀਆਂ ਘਾਤਾਂ ਕਰਦੇ ਹੱਥੀਂ ਦੇਣ ਦਿਲਾਸੇ ਯਾਰ।

ਪੱਕਿਆਂ ਰੰਗਾਂ ਦੇ ਵਿਚ ਰੰਗੇ ਕੀਕਣ ਰੰਗ ਵਟਾਉਣ।
ਬਹਿ ਆਹਰਨ ਤੇ ਕੰਮ ਲੁਹਾਰਾ ਕਿਵੇਂ ਕਰਨ ਤਰਖਾਣ।
ਟੁਰਣ 'ਫ਼ਕੀਰ' ਪਿਆਦੇ ਕੀਕਣ ਕਾਵਾਂ ਦੇ ਅਸਵਾਰ,
ਕੁੱਕੜ ਖਾਣ ਹਿਲੇ ਨੇ ਜਿਹੜੇ ਦਾਲ ਉਹ ਕੀਕਣ ਖਾਣ।

ਪਾੜਣ ਗਲਮੇ, ਘੇਰੇ, ਝੰਡੇ ਜ਼ੁਲਮ ਸਿਤਮ ਦੇ ਗੱਡਣ ਨੂੰ।
ਤਾਵਣ ਸੀਨੇ ਵਾਂਗ ਤੰਦੂਰਾਂ ਗੁਮਰ ਦਿਲਾਂ ਦੇ ਕੱਢਣ ਨੂੰ।
ਮਹਫ਼ਿਲ ਵਿਚ 'ਫ਼ਕੀਰ' ਇਨ੍ਹਾਂ ਨੂੰ ਕੋਈ ਟੋਕਣ ਵਾਲਾ ਨਹੀਂ,
ਬੀਜਣ ਪਏ ਅੰਗਿਆਰੇ ਹੱਥੀਂ ਬਲਦੇ ਭਾਂਬੜ ਵੱਢਣ ਨੂੰ।

ਬਾਲ ਪਲੀਤੇ ਹੱਥੀਂ ਅੰਨ੍ਹੇਵਾਹ ਪਏ ਭੇਜੇ ਜਾਂਦੇ ਨੇ।
ਵਸਦੇ ਲੋਕ ਉਜਾੜਣ ਦੇ ਲਈ ਪਏ ਇਹ ਲਾਂਬੂ ਲਾਉਂਦੇ ਨੇ।
ਲਾ ਕੇ ਅੱਗ 'ਫ਼ਕੀਰ' ਹਵਾਈਆਂ ਚਾੜ੍ਹਣ ਪਏ ਅਸਮਾਨਾਂ ਤੇ,
ਭੂਤ ਸਿਆਸੀ ਦਾਰੂਗਰ ਪਏ ਚੱਕਰ ਖ਼ੂਬ ਚਲਾਉਂਦੇ ਨੇ।

ਫਿਰਦਾ ਹਰ ਜ਼ਾਲਮ ਅਮਨ ਨੂੰ ਅੱਗ ਵਿਚ ਏ ਝੋਕਦਾ।
ਨਾ ਏ ਲੀਡਰ ਰੋਕਦਾ ਤੇ ਨਾ ਏ ਹਾਕਮ ਰੋਕਦਾ।
ਕੱਲ ਤੀਕਰ ਅਮਨ ਦੀ ਗੱਲ ਤੇ ਵੀ ਪਹਿਰਾ ਸੀ 'ਫ਼ਕੀਰ',
ਅੱਜ ਬਦਅਮਨੀ ਦੀਆਂ ਗੱਲਾਂ ਵੀ ਨਹੀਂ ਕੋਈ ਟੋਕਦਾ।

ਘੀਸ ਵੱਟੀ ਏ ਕਦੋਂ ਦੀ ਕਾਮਿਆਂ ਯਾਰਾਂ ਨੇ ਕਿਉਂ।
ਨਾਲ ਬੇਕਾਰੀ ਦੇ ਹੋਈਆਂ ਬੰਦ ਸਭ ਕਾਰਾਂ ਨੇ ਕਿਉਂ।
ਧਾੜਵੀ, ਰਾਹਮਾਰ, ਡਾਕੂ, ਚੋਰ ਫਿਰਦੇ ਨੇ 'ਫ਼ਕੀਰ',
ਖ਼ਵਰੇ ਇਹ ਐਡੇ ਸਿਰੇ ਚਾੜ੍ਹੇ ਨੇ ਸਰਕਾਰਾਂ ਨੇ ਕਿਉਂ।

ਉਹ ਏ ਅਪਣੇ ਲੇਖ ਦਾ ਸਾਕੀ ਇਹ ਅਪਣੇ ਲੇਖ ਦਾ।
ਵੇਖਦੇ ਨੇ ਪੁੱਠ ਪਏ ਮੱਥੇ ਦੀ ਸਿੱਧੀ ਰੇਖ ਦਾ।
ਗਾੜ੍ਹੀਆਂ ਪਏ ਛਾਣਦੇ ਨੇ ਸ਼ੇਖ਼ ਤੇ ਪੰਡਤ 'ਫ਼ਕੀਰ',
ਵੇਖੀਏ ਕੀ ਰੰਗ ਏ ਅੱਜ ਕੱਲ ਜ਼ਮਾਨਾ ਵੇਖਦਾ।

ਮੋਮਨ ਨਹੀਂ ਉਹ ਹਰਦਮ ਜਿਹੜਾ ਦਮ ਨੇਕੀ ਦਾ ਭਰਦਾ ਨਹੀਂ।
ਕੰਮ ਬਦੀ ਦਾ ਮੋਮਨ ਮਰਦ ਦੇ ਹੱਥੋਂ ਕਦੀ ਵੀ ਸਰਦਾ ਨਹੀਂ।
ਖ਼ਲਕ ਨਬੀ ਦੀ ਦੁਨੀਆ ਦੇ ਵਿਚ ਵਸਦਾ ਮੋਮਨ ਮਰਦ'ਫ਼ਕੀਰ'
ਜ਼ੁਲਮ ਸਿਤਮ ਤੇ ਝੂਠ ਦਗ਼ੇ ਦੀ ਪੁਸਤ ਪਨਾਹੀ ਕਰਦਾ ਨਹੀਂ।

ਕੰਮ ਜ਼ੁਬਾਨੀ ਹੋਰ ਤੇ ਹੁੰਦਾ ਹੋਰ ਇਰਾਦਾ ਦਿਲ ਦਾ ਏ।
ਮੁਨਕਰ ਜੇ ਪੈਰ ਹੋਣ ਤਾਂ ਮੋਮਨ ਪੈਂਤੜੀਉਂ ਨਾ ਹਿਲਦਾ ਏ।
ਰਹਿਣ ਇਸਲਾਮੀ ਦੇਸਾਂ ਦੇ ਵਿਚ ਸਾਰੇ ਧਰਮ ਆਜ਼ਾਦ'ਫ਼ਕੀਰ',
ਸੋਸ਼ਲ ਦੇਸਾਂ ਵਿਚ ਧਰਮਾਂ ਨੂੰ ਦੇਸ ਨਿਕਾਲਾ ਮਿਲਦਾ ਏ।

ਦੁਸ਼ਮਣ ਲਈ ਸੋਸ਼ਲ ਦੇਸਾਂ ਵਿਚ ਕੋਈ ਪਿਆਰ ਪ੍ਰੀਤ ਨਹੀਂ।
ਅਦਲ ਕਰਨ ਨੂੰ ਚਲਦੀ ਉੱਥੇ ਜ਼ੁਲਮਾਂ ਵਰਗੀ ਰੀਤ ਨਹੀਂ।
ਦਰਸ਼ਨ ਕਰਨ ਲਈ ਕੁਝ ਗਿਰਜੇ ਕਿਧਰੇ ਕਿਧਰੇ ਹੈਣ 'ਫ਼ਕੀਰ',
ਵਾਂਗ ਆਸਾਰ ਕਦੀਮਾਂ ਇਕ ਵੀ ਵਿਖਾਲੇ ਦੀ ਮਸੀਤ ਨਹੀਂ।

ਕਰ ਗਈ ਐਸਾ ਜਾਦੂ ਟੂਣਾ ਚੱਲੀ ਕਲਾ ਮਦਾਰੀ ਦੀ।
ਪਏ ਕਨਸੂ ਨਾ ਕੰਨੀ ਘਰ ਵਿਚ ਵਸਦੀ ਕੌਮ ਵਿਚਾਰੀ ਦੀ।
ਕੀਤੇ ਸੁਰਖ਼ੇ ਸਾਮਰਾਜ ਨੇ ਬੇਓੜਕ ਅਹਿਸਾਨ 'ਫ਼ਕੀਰ',
ਵਿੱਚ ਬੁਖ਼ਾਰੇ ਕਬਰ ਨਾ ਲੱਭੇ ਅੱਜ ਇਮਾਮ ਬੁਖ਼ਾਰੀ ਦੀ।

ਸੋਸ਼ਲ ਦੇਸਾਂ ਦੇ ਵਿਚ ਦਿਸੇ ਯਾਰ ਨਾ ਭਾਈ ਕੋਈ।
ਸੁਣਦਾ ਨਾ ਕੋਈ ਭਾਵੇਂ ਦਿੰਦਾ ਫਿਰੇ ਦੁਹਾਈ ਕੋਈ।
ਗਿਰਜੇ ਅਤੇ ਮਸੀਤਾਂ ਨੂੰ ਏ ਦੰਦਨ ਪਈ 'ਫ਼ਕੀਰ',
ਨਾ ਕੋਈ ਮੁਸਲਮਾਨ ਏ ਦਿਸਦਾ ਨਾ ਇਸਾਈ ਕੋਈ।

ਧੜੇ ਮੁਖ਼ਾਲਿਫ਼ ਦੇ ਲਈ ਨਾਅਰਾ ਸੋਸ਼ਲਿਜ਼ਮ ਦਾ ਮੌਤ।
ਸੋਸ਼ਲ ਦੇਸਾਂ ਵਿਚ ਮਜ਼ਹਬਾਂ ਲਈ ਪਾਣੀ ਤੇ 'ਵਾ ਮੌਤ।
ਗ਼ੈਰਾਂ ਲਈ ਨਾ ਨਿਅਮਤ ਕੋਈ ਮੌਤ ਬਗ਼ੈਰ 'ਫ਼ਕੀਰ',
ਹਰ ਮਜ਼ਹਬ ਲਈ ਸੋਸ਼ਲਿਜ਼ਮ ਵਿਚ ਸੋਸ਼ਲਿਜ਼ਮ ਯਾ ਮੌਤ।

ਸੋਸ਼ਲ ਲੀਡਰ ਜਿਹੜੇ ਵੇਲੇ ਪਾਉਣ ਮੁਖ਼ਾਲਿਖ਼ ਜਸ।
ਜਾਂਦਾ ਮੁਲਕ ਅਦਮ ਨੂੰ ਲੀਡਰ ਪੈ ਲੀਡਰ ਦੇ ਵਸ।
ਸਫ਼ਰ ਸਿਆਸੀ ਸੋਸ਼ਲਿਜ਼ਮ ਦਾ ਮੁੱਕੇ ਜਦੋਂ 'ਫ਼ਕੀਰ',
ਸਫ਼ਰ ਮੌਤ ਦੇ ਲਈ ਨੇ ਲੀਡਰ ਲੈਂਦੇ ਕਮਰਾਂ ਕਸ।

ਮਾਰਕਸੀਤ ਦੇ ਸਿਰ ਚੜ੍ਹ ਕੇ ਸੋਸ਼ਲਿਜ਼ਮ ਦਾ ਆਹਰ।
ਮੋਇਆਂ ਤੋਂ ਵੀ ਵੈਰ ਲੈਣ ਦਾ ਪਾਉਂਦਾ ਅੰਨ੍ਹੀ ਵਾਹਰ।
ਜਿਉਂਦਿਆਂ ਨਾਲ ਜੇ ਬੋਲਣ ਦੀ ਨਾ ਹਿੰਮਤ ਪਵੇ 'ਫ਼ਕੀਰ',
ਪੁੱਟ ਸਟਾਲਨ ਵਰਗੇ ਮੁਰਦੇ ਸੁੱਟੇ ਕਬਰੋਂ ਬਾਹਰ।

ਉਹੋ ਠੱਗੇ ਜਾਵਣ ਵਾਲੇ ਉਹੋ ਠੱਗ ਮੁਕਾਲੇ ਵੀ।
ਦੁਖਿਆਰੇ ਵੀ ਉਂਜੇ ਉਂਜੇ ਹੈਣ ਵਿਖਾਵਣ ਵਾਲੇ ਵੀ।
ਅੱਜ ਵੀ ਦਿਸਣ ਸੋਸ਼ਲਿਜ਼ਮ ਵਿਚ ਉਹੋ ਦੋਵੇਂ ਧੜੇ 'ਫ਼ਕੀਰ',
ਲੁਟਣ ਵਾਲੇ ਵੀ ਨੇ ਦਿਸਦੇ ਲੁੱਟੇ ਜਾਵਣ ਵਾਲੇ ਵੀ।

ਤਕੜੇ ਜ਼ੋਰਾਵਰ ਨੇ ਭੂਤੇ ਮਾੜੇ ਸਭ ਆਜ਼ਾਰੀ ਨੇ।
ਤਕੜੇ ਨਕਦ ਸ਼ਰਾਬਾਂ ਪੀਂਦੇ ਮਾੜੇ ਭੰਗ ਉਧਾਰੀ ਨੇ।
ਅੱਧੀ ਸਦੀ ਵਿਹਾਵਣ ਤੇ ਵੀ ਸੋਸ਼ਲ ਦੇਸਾਂ ਵਿਚ 'ਫ਼ਕੀਰ',
ਜਬਰੀ ਮਿਹਨਤ ਦੇ ਲਈ ਥਾਂ ਥਾਂ ਖੁੱਲ੍ਹੇ ਕੈਂਪ ਵਗਾਰੀ ਨੇ।

ਮਾੜੇ ਨਾਲ ਜ਼ਰੂਰੀ ਅੱਜ ਵੀ ਰਹਿੰਦੇ ਕੱਟੇ ਫੰਡੇ ਨੇ।
ਸੋਸ਼ਲ ਜਜ਼ਲ ਨਾਲ ਵਜ਼ੀਰਾਂ ਖਾਂਦੇ ਹਲਵੇ ਮੰਡੇ ਨੇ।
ਗੁੱਲੀ ਜੁੱਲੀ ਦੀ ਖ਼ਾਤਰ ਲਈ ਭਾਰੀ ਮਿਹਨਤ ਨਾਲ 'ਫ਼ਕੀਰ',
ਹਕਦੇ ਲੱਖਾਂ ਮਜ਼ਦੂਰਾਂ ਨੂੰ ਸੰਤਰੀਆਂ ਦੇ ਡੰਡੇ ਨੇ।

ਭਾਵੇਂ ਬੇਦੀਨੀ ਵਿਚ ਇਹਦੇ ਇਕ ਬੁਨਿਆਦੀ ਖਾਮੀ ਏ।
ਧਾੜ ਮਾਰਦੀ ਦਿਸਦੀ ਭਾਵੇਂ ਇਹਦੀ ਤੋਰ ਅਵਾਮੀ ਏ।
ਵੇਲੇ ਦੇ ਇਹ ਮੰਗਲ ਗਾਵੇ ਦਿਲੋਂ ਪਿਆ ਬੇਸੁਰਤ 'ਫ਼ਕੀਰ',
ਵਿਚ ਇਸਲਾਮੀ ਮੁਲਕਾਂ ਬਣਦਾ ਸੋਸਲਿਜ਼ਮ ਇਸਲਾਮੀ ਏ।

ਬੰਦਾ ਬਣੇ 'ਫ਼ਕੀਰ' ਨਾ ਦਾਅਵੇਦਾਰ ਖ਼ੁਦਾਈ ਵਾਲਾ।
ਰੱਖੇ ਸਾਫ਼ ਨਜ਼ਰ ਵਿਚ ਅੱਖਾਂ ਦਿਲੀ ਸਫ਼ਾਈ ਵਾਲਾ।
ਬੋਲਣ ਜੋਗਾ ਰਹਿਣ ਨਾ ਦਿੰਦੀ ਦੂਜੇ ਦੀ ਮੁਹਤਾਜੀ,
ਗੱਲ ਆਜ਼ਾਦ ਏ ਕਰਦਾ ਕੋਈ ਆਜ਼ਾਦ ਕਮਾਈ ਵਾਲਾ।

ਖੋਹਕੇ ਮਾਲ ਕਿਸੇ ਦਾ ਦਿੰਦਾ ਨਹੀਂ ਇਸਲਾਮ ਕਿਸੇ ਨੂੰ।
ਦਿੰਦਾ ਖਾਣ ਕਦੀ ਨਹੀਂ ਕਿਧਰੇ ਦੀਨ ਹਰਾਮ ਕਿਸੇ ਨੂੰ।
ਆਲਮ ਜਾਹਲ ਦੇ ਵਿਚ ਰੱਖੇ ਧੁਰ ਦੇ ਫ਼ਰਕ 'ਫ਼ਕੀਰ',
ਖ਼ਾਸਾਂ ਨਾਲ ਜਗਾ ਨਹੀਂ ਦਿੰਦੀ ਕੁਦਰਤ ਆਮ ਕਿਸੇ ਨੂੰ।

ਸੁਣਕੇ ਇਹਦੇ ਕੋਲੋਂ ਕੀਹਣੇ ਇਹਦੀ ਬੋਲੀ ਬੋਲੀ ਨਹੀਂ।
ਜ਼ੁਲਮ ਜਹਾਲਤ ਦੀ ਜਾ ਇਹਨੇ ਕਿਹੜੀ ਨੁੱਕਰ ਫੋਲੀ ਨਹੀਂ।
ਸਦੀਆਂ ਤੱਕ ਰਿਹਾ ਇਹ ਖ਼ੁਦ ਉਸਤਾਦ ਸਿਆਸਤ ਸ਼ਹਿਰੀ ਦਾ,
ਕਿਹੜੀ ਕਿਹੜੀ ਦੀਨ ਮੇਰੇ ਨੇ ਸਿਆਸੀ ਗੁੰਝਲ ਖੋਲ੍ਹੀ ਨਹੀਂ।

ਸੁਰਖ਼ਰੂ ਹੋਇਆ ਏ ਮੁੜਿਆ ਫੇਰ ਸ਼ਰਮਾਇਆ ਏ ਘਰ।
ਫੇਰ ਘਰ ਦੇ ਸਹਿਮ ਵੱਲੋਂ ਵੇਖ ਘਬਰਾਇਆ ਏ ਘਰ।
ਇਸਰਾਰ ਰੱਬੀ ਏ ਮੁੜ ਜਾਮਨ ਵਸੇਬੇ ਦਾ 'ਫ਼ਕੀਰ',
ਮਾਰਸ਼ਲ ਲਾ ਫਿਰ-ਫਿਰਾਕੇ ਫੇਰ ਮੁੜ ਆਇਆ ਏ ਘਰ।

ਗਰਦ ਨਜ਼ਰਾਂ ਦੀ ਦਿਲਾਂ ਸੜਿਆਂ ਦਾ ਕੁਝ ਸਾੜਾ ਏ ਦੇਸ।
ਵੈਰ ਲਈ ਤਕੜਾ ਬੜਾ ਮਿਹਰਾਂ ਲਈ ਮਾੜਾ ਏ ਦੇਸ।
ਭੇਡਚਾਲ ਇੱਥੇ ਅਜੇ ਸਿਫ਼ਤ ਕੌਮੀ ਏ 'ਫ਼ਕੀਰ',
ਦੇਸ ਦਾ ਕੁਝ ਪੁੱਛ ਨਾ ਭੇਡਾਂ ਦਾ ਵਾੜਾ ਏ ਦੇਸ।

ਜਾਨ ਮੰਡੀ ਇਕ ਦੇ ਬਣਦੀ ਅਕਾਸੀ ਲੀਡਰੀ।
ਵੇਖ ਕੇ ਆਉਂਦੀ ਏ ਚੜ੍ਹਦੇ ਭਾਅ ਸਿਆਸੀ ਲੀਡਰੀ।
ਦੇਸ ਬੇਦੋਸ਼ੇ ਲਈ ਪਾ ਕੇ 'ਫ਼ਕੀਰ' ਅੰਨ੍ਹਾਂ ਫ਼ਸਾਦ,
ਮਾਰਸ਼ਲ ਲਾਅ ਮੁੜ ਲਵਾ ਬਹਿੰਦੀ ਏ ਮਾਸੀ ਲੀਡਰੀ।

ਝੂਠੀਆਂ ਗੱਲਾਂ ਕਰਦੇ ਲੋਕੀ ਨਾ ਝੁਕਦੇ ਸਰਮਾਉਂਦੇ ਨੇ।
ਬਹੁਤੇ ਬੇਅਣਖੇ ਰਾਈ ਦਾ ਅੱਜ ਪਹਾੜ ਬਣਾਉਂਦੇ ਨੇ।
ਕਈਆਂ ਜਾਂਗਲੀਆਂ ਨੇ ਲਾਏ ਸ਼ਹਿਰੀਆਂ ਦੇ ਅੱਜ ਵੇਸ 'ਫ਼ਕੀਰ'
ਖ਼ਬਰੇ ਕਿਉਂ ਬੰਦਿਆਂ ਦੇ ਬੰਦੇ ਅੱਜ ਪਏ ਛਾਂਗੇ ਲਾਹੁੰਦੇ ਨੇ।

ਵੇਖਿਆਂ ਦਿੱਸੇ ਹਸਬ-ਨਸਬ ਦਾ ਢੱਬ ਇੱਕੋ ਇਨਸਾਨਾਂ ਦਾ।
ਪਿਉ ਇੱਕੋ ਇਨਸਾਨਾਂ ਦਾ ਏ ਰੱਬ ਇੱਕੋ ਇਨਸਾਨਾਂ ਦਾ।
ਇੱਕੋ ਦੁਨੀਆ ਦੇ ਨੇ ਵਾਸੀ ਜਦ ਸਾਰੇ ਇਨਸਾਨ 'ਫ਼ਕੀਰ',
ਕਿਉਂ ਨਹੀਂ ਫੇਰ ਤਰੀਕਾ ਬਣਦਾ ਸਭ ਇੱਕੋ ਇਨਸਾਨਾਂ ਦਾ।

ਸ਼ਰਮ ਨਹੀਂ ਜਿਨ੍ਹਾਂ ਦੇ ਮਨ ਵਿਚ ਕੋਈ ਕੌਮੀ ਲੰਗ ਦੀ।
ਸੋਚ ਸੋਚਣ ਦੇਸ ਦੇ ਕੀ ਭੀੜ ਦੀ ਤੇ ਚੰਗ ਦੀ।
ਦੇਸ ਵਿਚ ਵਸਦੇ ਨੇ ਜਿਹੜੇ ਦੇਸ ਦੇ ਦੁਸ਼ਮਣ 'ਫ਼ਕੀਰ',
ਧੌਂਸ ਦੇਸ ਅਪਣੇ ਨੂੰ ਦਿੰਦੇ ਨੇ ਗੁਰੀਲਾ ਜੰਗ ਦੀ।

ਦੀਨ ਵਤਨ ਲਈ ਜਿਹੜੇ ਲੋਕਾਂ ਕਦੀ ਵੀ ਦੁਖ ਨਾ ਜਾਲੇ ਨੇ।
ਅੱਜ ਉਹ ਕੌਮੀ ਖ਼ਾਦਮ ਵੇਖੇ ਬਣੇ ਕਰੋੜਾਂ ਵਾਲੇ ਨੇ।
ਕੌਮੀ ਖ਼ਿਦਮਤ ਕਰਦੇ ਨੇ ਪਏ ਛੁਰੀਆਂ ਬੰਬਾਂ ਨਾਲ 'ਫ਼ਕੀਰ',
ਦੇਸ ਉਜਾੜਣ ਲਈ ਜਿਨ੍ਹਾਂ ਨੇ ਲੱਖ ਗੁਰੀਲੇ ਪਾਲੇ ਨੇ।

ਪਾਉਂਦੇ ਦੇਸ ਉਜਾੜਾ ਜ਼ਾਲਮ ਨਾ ਝਿਕਦੇ ਸ਼ਰਮਾਉਂਦੇ ਨੇ।
ਬੰਬ ਕਿਤੇ ਚਲਵਾਉਂਦੇ ਨੇ ਪਏ ਅੱਗਾਂ ਕਿਤੇ ਲਵਾਉਂਦੇ ਨੇ।
ਦਿਸਣ ਦਰਦੀ ਦਿਲੋਂ 'ਫ਼ਕੀਰ' ਉਹ ਮੇਰੇ ਦੇਸ ਵਸੇਬੇ ਦੇ,
ਸ਼ਹਿਰ ਵਸਾਵਣ ਦੇ ਲਈ ਜਿਹੜੇ ਬਣਿਆਂ ਨੂੰ ਪਏ ਢਾਉਂਦੇ ਨੇ।

ਪੈਂਦਾ ਪੱਜ ਪਿਆ ਏ ਕਿਧਰੇ ਢਾਅ ਕੇ ਵੀ ਜੂਹ ਗਾਲਣ ਦਾ।
ਚਾਰਾ ਕਿਧਰੇ ਬੰਗਾਲੇ ਦੇ ਹੱਕ-ਹਕੂਕ ਸੰਭਾਲਣ ਦਾ।
ਘੇਰ ਘਰਾਂ ਨੂੰ ਸਾੜਣ ਲਈ ਏ ਘਿਰਾਉ ਦੀ ਚੱਕ 'ਫ਼ਕੀਰ',
ਅੱਗਾਂ ਜਾਲੋ ਦਾ ਏ ਉਸ਼ਕਲ ਦਿਲ ਲੋਕਾਂ ਦੇ ਬਾਲਣ ਦਾ।

ਚੁੱਕੇ ਕੌਲ-ਕਰਾਰਾਂ ਦੇ ਉਹ ਸਿਰ ਤੋਂ ਭਾਰ ਉਤਾਰਣ ਨਾ।
ਪਿਆਰ ਮੁਹੱਬਤ ਦੇ ਵਿਚ ਰਾਹਵਾਂ ਮੁੜਦੇ ਰਾਹੀ ਹਾਰਣ ਨਾ।
ਰਹੀ ਏ ਮੁੱਢ ਕਦੀਮੋਂ ਏਹੋ ਰੀਤ 'ਫ਼ਕੀਰ' ਫ਼ਕੀਰਾਂ ਦੀ,
ਵੈਰੀਆਂ ਨਾਲ ਨਿਭਾਵਣ ਵਾਲੇ ਦਿਲ ਤੋਂ ਯਾਰ ਵਿਸਾਰਣ ਨਾ।

ਫ਼ਾਨੀ ਜੱਗ ਜਹਾਨ ਅੰਦਰ ਇਹ ਫ਼ਾਨੀ ਜਾਨ ਨਿਮਾਣੀ ਏ।
ਰਹਿੰਦੀ ਇਸ਼ਕ ਦੀ ਨਜ਼ਰੇ ਚੜ੍ਹ ਕੇ ਇਹ ਜ਼ਿੰਦਾ ਸਤਰਾਣੀ ਏ।
ਸੂਲੀ ਨਾਲ ਏ ਮਨਸੂਰਾਂ ਦਾ ਬੜਾ ਪੁਰਾਣਾ ਪਿਆਰ 'ਫ਼ਕੀਰ',
ਸਰਮਦਾਂ ਦੇ ਸਿਰ ਵਾਰਨ ਦੀ ਰੀਤ ਵੀ ਬਹੁਤ ਪੁਰਾਣੀ ਏ।

ਇਲਮੋਂ ਅਮਲ ਬਣਾਇਆ ਯਾਰਾ ਲਫ਼ਜ਼ੀ ਨੋਕਾਂ ਟੋਕਾਂ ਨੂੰ।
ਬੀਬੀ ਕੋਕਾਂ ਵਾਂਗੂੰ ਦਿੰਦੇ ਅਪਣੇ ਮਿਹਣੇ ਲੋਕਾਂ ਨੂੰ।
ਉਲਟ ਜ਼ਮਾਨੇ ਦੇ ਵਿਚ ਉਲਟੇ ਰਾਹਬਰੀਆਂ ਦੇ ਢੰਗ 'ਫ਼ਕੀਰ',
ਬੇਇਤਫ਼ਾਕੀ ਨਾਲ ਹਟਾਉਂਦੇ ਪਏ ਨੇ ਅੱਗੋਂ ਲੋਕਾਂ ਨੂੰ।

ਜੋੜੇ ਜੋੜਣੇ ਭੁੱਲੇ ਨੇ ਤੇ ਚੜ੍ਹਦੇ ਲਹਿੰਦੇ ਨਾਲ ਨਵੇਂ।
ਸਦੀਆਂ ਪਿੱਛੋਂ ਬੇਸੁਰਤਾਂ ਲਈ ਖੜਕੇ ਨੇ ਘੜਿਆਲ ਨਵੇਂ।
ਵੇਖ ਪੁਰਾਣੇ ਰਾਖਿਆਂ ਨੂੰ ਪਈ ਸੱਦੇ ਰੁੱਤ ਬਹਾਰ 'ਫ਼ਕੀਰ',
ਸੁੱਕੇ ਢੀਂਗਰ ਕੱਢ ਖਲੋਤੇ ਫੇਰ ਅੱਜ ਪੱਤਰ ਡਾਲ ਨਵੇਂ।

ਕਿੜਾਂ ਪੁਰਾਣੀਆਂ ਸਮਝੀ ਬੈਠੇਂ ਭੋਲਿਆ ਦਿਲਾ ਖ਼ਿਆਲ ਨਵੇਂ।
ਦਿੱਤੇ ਤੇਰੇ ਜਵਾਬ ਪੁਰਾਣੇ ਬਣ ਗਏ ਅੱਜ ਸਵਾਲ ਨਵੇਂ।
ਰੱਖ ਉਨ੍ਹਾਂ ਦੇ ਇਮਦਾਦੇ ਦੀ ਦਿਲ ਵਿਚ ਨਾ ਤੂੰ ਆਸ 'ਫ਼ਕੀਰ'
ਵੈਰ ਪੁਰਾਣੇ ਵਿਚ ਜਿਨ੍ਹਾਂ ਦੇ ਸੀਨਿਆਂ ਬਣੇ ਉਬਾਲ ਨਵੇਂ।

ਟੁੱਟੇ ਲੱਕ ਨੇ ਕਈ ਸਦੀਆਂ ਦੇ ਲੰਮਾਂ ਸਮਾਂ ਵਿਹਾਣਾ ਏ।
ਨੱਚ ਪਈ ਮਗ਼ਰੂਰੀ ਲਹਿੰਦੇ ਚੜ੍ਹਦੇ ਮਾਨ ਨਿਮਾਣਾ ਏ।
ਗ਼ਮ ਨਹੀਂ ਫ਼ੇਰ ਹਨੇਰੀਆਂ ਜੇ ਕਰ ਟਿੱਬੇ ਨਵੇਂ ਉਸਾਰੇ ਨੇ,
ਟੋਂਗਰਵਾਂ ਤੇ ਵੇਲਚਿਆਂ ਦਾ ਭੇੜ 'ਫ਼ਕੀਰ' ਪੁਰਾਣਾ ਏ।

ਇੱਕੋ ਅੰਤਰ ਦੇ ਇਹ ਦੋਵੇਂ ਆਡੇ ਤਾਣੇ-ਬਾਣੇ ਨੇ।
ਨੇੜੇ ਵੱਸਣ ਦਿਲ ਇਨ੍ਹਾਂ ਦੇ ਭਾਵੇਂ ਦੂਰ ਠਿਕਾਣੇ ਨੇ।
ਨਾਲ 'ਫ਼ਕੀਰ' ਮੇਰੇ ਇਨ੍ਹਾਂ ਦੀ ਮੁੱਢੋਂ ਲਗਦੀ ਪੁਗਦੀ ਏ,
ਸੋਸ਼ਲ ਰਾਜ ਤੇ ਸਾਮਰਾਜ ਦੇ ਦੂਹਰੇ ਸਾਕ ਪੁਰਾਣੇ ਨੇ।

ਦੁੱਖ ਬਣੇ ਸੁੱਖਾਂ ਦੇ ਸਾਥੀ ਗ਼ਮ ਜ਼ਾਮਨ ਨੇ ਸ਼ਾਦੀ ਦੇ।
ਹਾਮੀਕਾਰ ਉਜਾੜੇ ਬਣ ਗਏ ਮੇਰੀ ਹਰ ਆਬਾਦੀ ਦੇ।
ਲਾਵੇ ਕਿਵੇਂ ਯਾਰਾਨੇ ਗੂਹੜੇ ਚੜ੍ਹਦਾ ਲਹਿੰਦੇ ਨਾਲ 'ਫ਼ਕੀਰ',
ਉਹਲਿਆਂ ਵਿਚ ਯਾਰਾਨਿਆਂ ਦੇ ਮਨਸੂਬੇ ਨੇ ਬਰਬਾਦੀ ਦੇ।

ਨਾਲ ਜ਼ੁਬਾਨੀ ਗੱਲਾਂ ਸਭ ਦੇ ਵੇਲੇ ਟਾਲਣ ਯਾਰ।
ਬਾਹਰ ਦਿਆਂ ਲਈ ਅੰਦਰ ਵੜ ਕੇ ਘੀਟੀਆਂ ਗਾਲਣ ਯਾਰ।
ਸੁਲਾਹ ਕਰਾਉਣ ਲਈ ਇਕਵੱਲੇ ਅਸਲੇ ਦੇਣ 'ਫ਼ਕੀਰ',
ਭਖਦੀ ਚਿਣਗ ਬੁਝਾਵਣ ਦੇ ਲਈ ਭਾਂਬੜ ਬਾਲਣ ਯਾਰ।

ਪੂਰਬ ਪੱਛਮ ਜ਼ਹਿਰੀ ਹੋਇਆ ਪਰਬਤ ਦੱਖਣ ਜ਼ਹਿਰ।
ਨਾਲ ਨਜ਼ਰ ਦੇ ਜਾਚਣ ਵਾਲੇ ਆਪ ਪਏ ਚੱਖਣ ਜ਼ਹਿਰ।
ਕੌਣ ਮੁਨਾਫ਼ਿਕ ਹਮਦਰਦਾਂ ਦਾ ਕਰੇ 'ਫ਼ਕੀਰ' ਇਤਬਾਰ,
ਸ਼ਹਿਦ ਜ਼ੁਬਾਨੀ ਵੰਡਣ ਵਾਲੇ ਦਿਲ ਵਿਚ ਰੱਖਣ ਜ਼ਹਿਰ।

ਮੁੱਖ ਦੀ ਗੱਲ ਰਹਵੇ ਵਿਚ ਮੁੱਖ ਦੇ ਜਦ ਪਏ ਪਰਛਾਵਾਂ ਮੁਖ ਦਾ।
ਦੁੱਖ ਮੁਹੱਬਤ ਦਾ ਨਾ ਦਿੰਦਾ ਲੈਣ ਕਦੀ ਸਾਹ ਸੁਖ ਦਾ।
ਤੱਤੀ ਭਾਅ ਭੜਕੇ ਵਿਚ ਸੀਨੇ ਦਮ ਦਮ ਰਹੇ ਦਮ ਦੁਖਦਾ।
ਮਿਲੇ 'ਫ਼ਕੀਰ' ਸੁਖਾਲਾ ਕਿੱਥੋਂ ਜਗ ਵਿਚ ਮਹਿਰਮ ਦੁਖ ਦਾ।

ਝੱਖੜ ਮੋੜ ਸਕਣ ਨਾ ਮਿਲ ਕੇ ਰਾਹ ਆਸ਼ਿਕ ਬੇਵਾਗੇ ਦੀ।
ਭੁੱਬ ਸ਼ਿਕਾਰ ਨਾ ਝੱਲੇ ਕੋਈ ਸ਼ੇਰ ਭਵਕ ਕੇ ਜਾਗੇ ਦੀ।
ਹੁੱਬ ਵਤਨ ਦੀ ਨਾਲ 'ਫ਼ਕੀਰਾ' ਜਿਹੜੇ ਸੀਨੇ ਤਣਦੇ ਨੇ,
ਗੋਲੀ ਸਿੱਕੇ ਵੀ ਉਹ ਸਮਝਣ ਗੋਲੀ ਕੱਚੇ ਧਾਗੇ ਦੀ।

ਭੌਰਾਂ ਵਾਂਗ ਨਾ ਫੁੱਲਾਂ ਦੇ ਵਿਚ ਰਹਿ ਗਈ ਰੱਤੀ ਰਸਦੀ ਏ।
ਉਦਰਿਆਂ ਬਾਗ਼ਾਂ ਵਿਚ ਕੋਈ ਫੁੱਲ ਕਲੀ ਨਾ ਹਸਦੀ ਏ।
ਸਹਿਮੀ ਚੁੱਪ 'ਫ਼ਕੀਰ' ਕਵੱਲੀ ਲਾਏ ਡੇਰੇ ਡੰਡੇ ਨੇ,
ਵਸਦੇ ਸ਼ਹਿਰ ਮੇਰੇ ਵਿਚ ਖ਼ਬਰੇ ਗੁੰਗੀ ਖ਼ਲਕਤ ਵਸਦੀ ਏ।

ਪੈਂਦੀ ਭੀੜੋਂ ਹਾਰ ਨਾ ਮੰਨੇ ਤਾਕਤ ਹਿੰਮਤ ਆਹਰਾਂ ਦੀ।
ਨੀਵੀਉਂ ਨੀਵੀਂ ਹੁੰਦੀ ਜਾਵੇ ਚੜ੍ਹਤਲ ਫੋਕਿਆਂ ਵਾਹਰਾਂ ਦੀ।
ਵੇਲ 'ਫ਼ਕੀਰ ਨਾ ਗੱਲਾਂ ਵਾਲੀ ਬਿਨ ਕੀਤੇ ਪਰਵਾਨ ਚੜ੍ਹੇ,
ਨਹੀਂ ਬੰਦੇ ਦਾ ਟੋਹਰ ਬਣਾਉਂਦੀ ਸੱਦ ਜ਼ੁਬਾਨੀ ਟਾਹਰਾਂ ਦੀ।

ਉਡਦਾ ਤੀਰ ਕਿਤੇ ਕੋਈ ਦਿਸੇ ਯਾ ਕੋਈ ਚੜ੍ਹੀ ਕਮਾਨ ਮਿਲੇ।
ਆਵੇ ਬੱਦਲ ਗੱਜਦਾ ਯਾ ਕੋਈ ਚੜ੍ਹਦਾ ਝੱਖੜ ਆਨ ਮਿਲੇ।
ਦੇਣ 'ਫ਼ਕੀਰ' ਉਹ ਮਿਲਦਿਆਂ ਹੱਥੀਂ ਸੀਨੇ ਪਾੜ ਤੂਫ਼ਾਨਾਂ ਦੇ,
ਲੱਭਦੇ ਫਿਰ ਕੇ ਆਪ ਨੇ ਜਿਹੜੇ ਕਿਧਰੇ ਕੋਈ ਤੂਫ਼ਾਨ ਮਿਲੇ।

ਆਹਰ ਕਰੇ ਨਾ ਝੱਖੜ ਕੀਕਣ ਬੱਦਲ ਦੀ ਜੂਹ ਗਾਲਣ ਦਾ।
ਜਤਨ ਕਰੇ ਸਾੜਨ ਦਾ ਬਿਜਲੀ ਬੁਲਬੁਲ ਕੱਖ ਸੰਭਾਲਣ ਦਾ।
ਦਿਲ ਦੇ ਦਾਗ਼ 'ਫ਼ਕੀਰ' ਹੁਣ ਕੀਕਣ ਬਾਗ਼ੇ ਕਰਨ ਚਿਰਾਗ਼ਾ ਨਾ,
ਆਇਆ ਸਮਾਂ ਹਨੇਰੀਆਂ ਦੇ ਵਿਚ ਮੁੜ ਕੇ ਦੀਵੇ ਬਾਲਣ ਦਾ।

ਰੁਕੇ ਨਾ ਕਿਰਨੋਂ ਹੀਰਾ ਹੰਝੂ ਪੈਲਾਂ ਪਾਉਂਦਿਆਂ ਮੋਰਾਂ ਦਾ।
ਵਧੇ ਹਨੇਰੀਆਂ ਰਾਤਾਂ ਦੇ ਵਿਚ ਚੰਨਾ ਸ਼ੌਕ ਚਕੋਰਾਂ ਦਾ।
ਲਾਉਣ 'ਫ਼ਕੀਰ' ਨਾ ਅੱਖ ਉੱਥੇ ਜਗਰਾਤੇ ਚੌਕੀਦਾਰਾਂ ਦੇ,
ਨਾਲ ਵਸੇਬੇ ਘਰ ਦੇ ਵੱਸੇ ਜਿੱਥੇ ਧੜਕਾ ਚੋਰਾਂ ਦਾ।

ਵਲਿਆਂ ਮੋੜਾਂ ਦੇ ਵਿਚ ਮਾਰੇ ਮੁੜ ਮੁੜ ਅੰਨ੍ਹੇ ਫੇਰੇ ਨੇ।
ਵਿੰਗ-ਤੜਿੰਗੇ ਲੰਮੇ ਰਸਤੇ ਜ਼ੁਲਫ਼ਾਂ ਵਾਂਗ ਹਨੇਰੇ ਨੇ।
ਰਲ ਕੇ ਨਾਲ ਥਕੇਵੇਂ ਜਿਹੜਾ ਭਾਰ ਵੰਡਾਉਂਦਾ ਮੰਜ਼ਿਲ ਦਾ,
ਰਾਹੀ ਇਕ 'ਫ਼ਕੀਰ' ਨਾ ਮਿਲਿਆ ਰਹਿਬਰ ਮਿਲੇ ਵਧੇਰੇ ਨੇ।

ਉਦਮ ਬਿਨ ਚੜ੍ਹਦੀ ਸਿਰੇ ਕੋਈ ਕਾਮਿਆਂ ਦੀ ਕਾਰ ਨਹੀਂ।
ਠਿੱਲ ਕੇ ਬੇੜਾ ਵੀ ਹਿੰਮਤਾਂ ਬਾਝ ਲਗਦਾ ਪਾਰ ਨਹੀਂ।
ਜਾਣ ਪੱਕੀ ਗੱਲ ਕੁਝ ਵੀ ਕੋਲ ਨਹੀਂ ਤੇਰੇ 'ਫ਼ਕੀਰ',
ਲੋਹ ਕਲਮ ਦੇ ਨਾਲ ਜੇ ਕਰ ਢਾਲ ਤੇ ਤਲਵਾਰ ਨਹੀਂ।

ਇਕਨਾਂ ਤਖ਼ਤ ਤੇ ਤਖ਼ਤਾ ਇਕਨਾ, ਇਕਨਾਂ ਫ਼ਖ਼ਰ ਤੇ ਸ਼ਾਹੀ।
ਇਕ ਨਾ ਦੌਲਤ ਐਸ਼ ਮਦਾਮੀ ਇਕਨਾਂ ਦੁੱਖ ਤਬਾਹੀ।
ਇਕ ਨਾ ਮਹਿਲ ਤੇ ਕੁਟੀਏ ਇਕ ਨਾ ਇਕ ਮੁਸਾਫ਼ਿਰ ਰਾਹੀ।
ਇਕ 'ਫ਼ਕੀਰ' ਇਕ ਮੁਲਕਾਂ ਵਾਲੇ ਵਾਸਲ ਮਰਦ ਇਲਾਹੀ।

ਦੇਸੀਂ ਬੈਠੇ ਨੇ ਇਕ ਕਰਦੇ ਘਰ ਵਿਚ ਮੌਜ ਬਹਾਰਾਂ।
ਕੂੰਜਾਂ ਵਾਂਗੂੰ ਇਕ ਪਰਦੇਸੀਂ ਜਾਂਦੇ ਬਣ ਬਣ ਡਾਰਾਂ।
ਇਕ ਸੁੱਖਾਂ ਵਿਚ ਉਮਰ ਗੁਜ਼ਾਰਨ ਇਕਨਾਂ ਦੁੱਖ ਹਜ਼ਾਰਾਂ।
ਇਕ 'ਫ਼ਕੀਰ' ਸਮੂਰ ਹੰਢਾਉਂਦੇ ਇਕਨਾਂ ਕਿਸਮਤ ਦਾਰਾਂ।

ਕਾਮਿਲ ਸੋਚ ਬੰਦੇ ਦੀ ਪੁਖ਼ਤਾ ਬੰਦੇ ਦੀ ਏ ਖ਼ਾਮੀ ਸੋਚ।
ਉਹਦੀ ਸੋਚ ਆਜ਼ਾਦ ਨਿਰੀ ਤੇ ਇਹਦੀ ਨਿਰੀ ਗ਼ੁਲਾਮੀ ਸੋਚ।
ਮੋਮਨ ਹਰ ਦਮ ਸੋਚੇ ਸੱਚੀ ਰੱਬੀ ਸੋਚ 'ਫ਼ਕੀਰ',
ਖ਼ਾਲੀ ਦੀਨ ਈਮਾਨੋ ਸੋਚਣ ਭੈੜੀ ਗ਼ੈਰ ਈਮਾਨੀ ਸੋਚ।

ਰੱਬ ਦੇ ਬੰਦੇ ਨੇ ਇਹ ਤੇ ਬੇਲਗ਼ਾਮ ਉਹ ਕੌਣ ਨੇ।
ਇਹ ਮੁਹੱਬਤ ਦੇ ਨੇ ਗੋਂਦੇ ਉਹ ਜ਼ੁਲਮ ਦੇ ਗੌਣ ਨੇ।
ਬਾਖ਼ੁਦਾ ਵੇਖੇ ਨੇ ਇਬਰਾਹੀਮ ਨੇ ਮੂਸਾ ਕਲੀਮ,
ਬੇਖ਼ੁਦਾ ਵੇਖੇ ਸਦਾ ਨਮਰੂਦ ਤੇ ਫ਼ਿਰਔਨ ਨੇ।

ਇਹ ਹਨੇਰਾ ਰਾਤ ਦਾ ਉਹ ਚੰਨ ਤਾਬੰਦਾ ਹਮੇਸ਼।
ਇਹ ਵੇ ਫ਼ਾਨੀ ਅਜ਼ਲ ਤੋਂ ਤੇ ਉਹ ਏ ਪਾਇੰਦਾ ਹਮੇਸ਼।
ਬੇਖ਼ੁਦਾ ਜਿਉਂਦਾ ਵੀ ਏ ਮਰਨੋਂ ਪਰ੍ਹਾਂ ਹੁੰਦਾ 'ਫ਼ਕੀਰ',
ਬਾਖ਼ੁਦਾ ਮਰ ਕੇ ਵੀ ਰਹਿੰਦਾ ਵੇਖਿਆ ਜ਼ਿੰਦਾ ਹਮੇਸ਼।

ਬੇਹਜ਼ੂਰੇ ਜ਼ਾਹਿਦਾਂ ਸਿਜਦੇ ਜੇ ਪੈ ਕੀਤੇ ਤੇ ਕੀ।
ਬੇਸਰੂਰੇ ਜਾਮ ਲੈ ਸਾਕੀ ਥੀਂ ਜੇ ਪੀਤੇ ਤੇ ਕੀ।
ਕੋਲ ਬੰਦੇ ਦੇ 'ਫ਼ਕੀਰ' ਅਪਣੇ ਖ਼ੁਦਾ ਦੇ ਹੁੰਦਿਆ,
ਤਰਲਿਆਂ ਦੇ ਨਾਲ ਜੇ ਬੰਦੇ ਦੇ ਦਿਨ ਬੀਤੇ ਤੇ ਕੀ।

ਸੱਚੇ ਸਮਝੋ ਦਿਲੋਂ ਤੇ ਜਾਨੋ ਝੂਠੇ ਕੌਲ ਕਰਾਰਾਂ ਦੇ।
ਜ਼ਹਿਣ ਗ਼ੁਲਾਮ ਬਣਾਈ ਰੱਖੋ ਸਭ ਵੱਡੀਆਂ ਸਰਕਾਰਾਂ ਦੇ।
ਕੌਮਾਂ ਦੀ ਮਹਫ਼ਿਲ ਵਿਚ ਬੁੱਧੂ ਬਣ ਕੇ ਬੈਠੇ ਰਹਵੋ 'ਫ਼ਕੀਰ',
ਸਾਰੇ ਧੋਖੇ ਖਾਂਦੇ ਚੱਲੋ ਧੋਖੇ ਬਾਜ਼ਾਂ ਯਾਰਾਂ ਦੇ।

ਭੋਲਿਆਂ ਆਹਰਾਂ ਤਾਈਂ ਐਸੇ ਆਹਲਕ ਮਾਰੇ ਬੁੱਤੇ ਨੇ।
ਰੁੱਤਾਂ ਦੀ ਵਿਚ ਰੱਤੀ ਰੰਗਨ ਬਾਗ਼ ਹੋਏ ਬੇਰੁੱਤੇ ਨੇ।
ਰਾਈ ਸਮਝਣ ਪਰਬਤ, ਪਰਬਤ ਜਿਨ੍ਹਾਂ ਦੇ ਲਈ ਰਾਈ ਸੀ,
ਟੀਸੀਆਂ ਤੇ ਚੜ੍ਹ ਗੱਜਣ ਵਾਲੇ ਖਾਈ ਦੇ ਵਿਚ ਸੁੱਤੇ ਨੇ।

ਕਰਦਾ ਰਹੇ ਇਹ ਉਠਦਾ ਬਹਿੰਦਾ ਅਮਲ ਲਤੀਫ਼ੇ ਤੇਰੇ ਦਾ।
ਜ਼ਾਕਿਰ ਨਾਮ ਤੇਰੇ ਦਾ ਹਾਫ਼ਿਜ਼ ਨਾਮ ਸਹੀਫ਼ੇ ਤੇਰੇ ਦਾ।
ਖ਼ਬਰੇ ਕਿਵੇਂ 'ਫ਼ਕੀਰ' ਉਹ ਤੈਥੋਂ ਦੇਖ ਕੇ ਜਰਿਆ ਜਾਂਦਾ ਏ,
ਹੁੰਦਾ ਏ ਵਿਚ ਦੁਨੀਆ ਜੋ ਕੁਝ ਹਾਲ ਖ਼ਲੀਫ਼ੇ ਤੇਰੇ ਦਾ।

ਬਣਿਆ ਦੁਨੀਆ ਦੇ ਵਿਚ ਡਾਢਾ ਇਹਦਾ ਵਾਸ ਸਵਾਦੀ ਏ।
ਬੇਉਸਤਾਦਿਆਂ ਵਾਲੀ ਰਹਿ ਗਈ ਕੋਲ ਇਹਦੇ ਉਸਤਾਦੀ ਏ।
ਨਾਂ ਨੂੰ ਬਣਿਆ ਫਿਰਦਾ ਇਹ ਪਿਆ ਅਜੇ ਖ਼ਲੀਫ਼ਾ ਤੇਰਾ ਏ,
ਮੌਤ ਮੁਕੱਦਰ ਇਹਦਾ ਕਿਸਮਤ ਬਣੀ ਇਹਦੀ ਬਰਬਾਦੀ ਏ।

ਜੂਹਾਂ ਬੇਲਿਆਂ ਦੇ ਵਿਚ ਵਸਦੇ ਸਾਵੇ ਰੁੱਖ ਬਲਾਵਾਂ ਨੇ।
ਕੜਕਦੀਆਂ ਧੁੱਪਾਂ ਦੇ ਵਾਂਗੂੰ ਸੰਘਣੀਆਂ ਇਹ ਛਾਵਾਂ ਨੇ।
ਸੁੱਖਾਂ ਦੇ ਮੂੰਹਾਂ ਤੋਂ ਪੈਂਦਾ ਦੁੱਖਾਂ ਦਾ ਪਰਛਾਵਾਂ ਏ,
ਖ਼ੁਸ਼ੀਆਂ ਸਹਿਮ 'ਫ਼ਕੀਰ' ਗ਼ਮਾਂ ਦੇ ਹਾਸੇ ਹੌਕੇ ਹਾਵਾਂ ਨੇ।

ਨੇੜੇ ਹੋ ਕੇ ਮੰਜ਼ਿਲ ਦੇ ਹੋਰ ਹੋਇਆ ਪੰਧ ਦੁਰਾਡਾ ਏ।
ਵਿੰਗ ਤੜਿੰਗਿਆਂ ਮੋੜਾਂ ਨੇ ਅੱਜ ਲਾਇਆ ਟੱਪਲਾ ਡਾਢਾ ਏ।
ਮਾਲਕ ਵਿਹੜੇ ਦੇ ਵਿਚ ਬੈਠੇ ਰੋਣ 'ਫ਼ਕੀਰ' ਦਲਾਲਾਂ ਨੂੰ,
ਗਹਿਣੇ ਪਏ ਕੋਠੇ ਨੂੰ ਕਿਹੜਾ ਆਖੇ ਕੋਠਾ ਸਾਡਾ ਏ।

ਜ਼ਬਰਾਂ ਦਾ ਜੱਗ ਵਸਦਾ ਦਿੱਸੇ ਉਜੜੀ ਦੁਨੀਆ ਜ਼ੇਰਾਂ ਦੀ।
ਰੀਤ ਦਿਨੋਂ ਦਿਨ ਵਧਦੀ ਜਾਵੇ ਮਕਰਾਂ, ਹੇਰਾਂ-ਫੇਰਾਂ ਦੀ।
ਰਲ ਕੇ ਨਾਲ 'ਫ਼ਕੀਰ' ਅਗ਼ਿਆਰਾਂ ਜੱਟ ਵਿਛੁੰਨੇ ਯਾਰਾਂ ਦੇ,
ਬੇਮਹਿਰੀ ਦਾ ਅੱਡਾ ਬਣ ਗਈ ਇਹ ਦੁਨੀਆ ਬੇਮਿਹਰਾਂ ਦੀ।

ਸ਼ਹਿਰ ਵਸਾ ਕੇ ਸ਼ਹਿਰਾਂ ਨੂੰ ਇਹ ਹੱਥੀਂ ਅੱਗਾਂ ਲਾਵਣਗੇ।
ਰਾਕਟ ਦੂਰ ਮਾਰ ਦੇ ਨਾਲੇ ਐਟਮ ਬੰਬ ਬਣਾਵਣਗੇ।
ਧਰਤੀ ਉੱਤੇ ਪਏ ਇਹ ਜਿਹੜੇ ਚੰਨ 'ਫ਼ਕੀਰ' ਚੜ੍ਹਾਉਂਦੇ ਨੇ,
ਚੰਨ ਵਿਚ ਅੱਪੜ ਕੇ ਵੀ ਬੰਦੇ ਉਹੋ ਚੰਨ ਚੜ੍ਹਾਵਣਗੇ।

ਪਿਆਰ ਸਲੂਕ ਮੁਹੱਬਤ ਦੀ ਥਾਂ ਜ਼ੁਲਮ ਜਬਰ ਸਫ਼ਾਕੀ ਏ।
ਹਰ ਬੰਦਾ ਬੰਦੇ ਦਾ ਦਿਸਦਾ ਦੁਨੀਆ ਦੇ ਵਿਚ ਸ਼ਾਕੀ ਏ।
ਪੈਂਦਾ ਏ ਪਿਆ ਹੁਣ ਤਾਂ ਇਹਦੇ ਅਸਲੇ ਤੇ ਵੀ ਸ਼ੱਕ 'ਫ਼ਕੀਰ',
ਇਹ ਮਿੱਟੀ ਦਾ ਪੁਤਲਾ ਖ਼ਵਰੇ ਨਾਰੀ ਏ ਕਿ ਖ਼ਾਕੀ ਏ।

ਕੌਮ ਅੱਜ ਕੋਈ ਇਕ ਨਾ ਦੂਜੀ ਇਕ ਦੂਜੇ ਤੇ ਵਿਸਦੀ ਏ।
ਖ਼ਲਕਤ ਅੰਬਰ ਧਰਤੀ ਦੇ ਪਈ ਵਿੱਚ ਪੁੜਾਂ ਦੇ ਪਿਸਦੀ ਏ।
ਹਰ ਆਬਾਦੀ ਰੂਪ 'ਫ਼ਕੀਰ' ਏ ਧਾਰ ਲਿਆ ਬਰਬਾਦੀ ਦਾ,
ਵੱਸੋਂ ਅੱਜ ਇਨਸਾਨਾਂ ਦੀ ਪਈ ਉਜੜੀ ਉਜੜੀ ਦਿਸਦੀ ਏ।

ਵਿੱਚ ਥਲਾਂ ਦੇ ਰੁਲਦੇ ਫਿਰਦੇ ਕੌਲ ਇਕਰਾਰ ਇਨਸਾਨਾਂ ਦੇ।
ਰੰਗ ਅਪਣੇ ਤੇ ਰਹੇ ਨਾ ਉੱਕਾ ਰੰਗ ਅੱਜ ਧਰਮ ਈਮਾਨਾਂ ਦੇ।
ਸੱਚੀ ਗੱਲ 'ਫ਼ਕੀਰ' ਕਰਨ ਦਾ ਕਿਧਰੇ ਰਿਹਾ ਰਿਵਾਜ ਨਹੀਂ,
ਪਾਉਂਦੇ ਫਿਰਨ ਵਿਖਾਲੇ ਲੋਕੀ ਐਵੇਂ ਝੂਠੀਆਂ ਸ਼ਾਨਾਂ ਦੇ।

ਨਸਲਾਂ ਨਸਲਾਂ ਭਿੜੀਆਂ ਨੇ ਅੱਜ ਕੌਮਾਂ ਕੌਮਾਂ ਖਹੀਆਂ ਨੇ।
ਊਹਗਰੀਆਂ ਸਿਰ ਪਈਆਂ ਨੇ ਤੇ ਸਿਰ ਪਈਆਂ ਸੋ ਸਹੀਆਂ ਨੇ
ਖੋਲ੍ਹਣ ਵਾਲੇ ਖੋਲ੍ਹਣ ਲੱਗੇ ਪਾਉਂਦੇ ਜਾਵਣ ਹੋਰ 'ਫ਼ਕੀਰ',
ਡੋਰ ਹਿਆਤੀ ਦੇ ਵਿਚ ਸਾਥੋਂ ਜਿਹੜੀਆਂ ਗੁੰਝਲਾਂ ਪਈਆਂ ਨੇ।

ਆਲਮਗੀਰ ਭਲਾਈ ਦੇ ਨੇ ਵਿਖੜੇ ਸਾਰੇ ਰਾਹ।
ਹੋਰ ਹੋ ਗਈ ਨੀਅਤ ਦਿਲ ਦੀ ਅੱਖੀਂ ਹੋਰ ਨਿਗਾਹ।
ਦਮ ਦਮ ਨਾਲ 'ਫ਼ਕੀਰ' ਇੱਥੇ ਪਏ ਦਮ ਦਿੰਦੇ ਨੇ ਯਾਰ,
ਦੁਨੀਆ ਦੇ ਵਿਚ ਹਮਦਮ ਦਾ ਨਾ ਦਮ ਦਾ ਰਿਹਾ ਵਿਸਾਹ।

ਰਾਹੀਉ ਬਸ ਹੁਣ ਹੋਣ ਨਾ ਦੇਣੀ ਮੰਜ਼ਿਲ ਦੂਰ ਨਿਗਾਹਵਾਂ ਤੋਂ।
ਸਿੱਧੇ ਰਾਹ ਪੈਣਾ ਏ ਸਭ ਨੇ ਪਰਤ ਕੇ ਪੁੱਠੇ ਰਾਹਵਾਂ ਤੋਂ।
ਮਕਸਦ ਦਿਲੋਂ'ਫ਼ਕੀਰ'ਬਣਾ ਲਉ ਹੁਣ ਦਸਤੂਰ ਇਨਸਾਨੀ ਦਾ,
ਪਾਕ ਕਰ ਲਵੋ ਹੁਣ ਵਤਨਾਂ ਨੂੰ ਸਾਰੇ ਜੁਰਮ ਗੁਨਾਹਵਾਂ ਤੋਂ।

ਭੂਤੇ ਨਾਲ ਰਜੇਵੇਂ ਐਵੇਂ ਕੱਢਦੇ ਫਿਰਨ ਕੁਦਾੜੇ ਲੋਕ।
ਵਸਦੇ ਰਸਦੇ ਯਾਰ ਘਰਾਂ ਵਿਚ ਪਾਉਂਦੇ ਫਿਰਨ ਉਜਾੜੇ ਲੋਕ।
ਜ਼ੁਲਮ ਸਿਤਮ ਦੇ ਧੱਕੇ ਅੱਗੇ ਸੋਚਾਂ ਸਦਾ 'ਫ਼ਕੀਰ' ਨੇ ਇਹ,
ਬਣੇ ਰਹਿਣਗੇ ਨੱਕ ਮੋਮ ਦਾ ਆਖ਼ਰ ਕਦ ਤੱਕ ਮਾੜੇ ਲੋਕ।

ਵਾਂਗ ਖਿਡੌਣੇ ਛੱਡੀ ਨਾਹੀਂ ਤਸਬੀ ਪੀਰ ਹਿਸਾਬੀ ਤੋਂ।
ਲੱਭਦਾ ਨਹੀਂ ਮੁੱਲਾਂ ਨੂੰ ਕੁਝ ਵੀ ਸੁੱਕੀ ਭਾਲ ਕਿਤਾਬੀ ਤੋਂ।
ਦੋਵੇਂ ਅਮਲ 'ਫ਼ਕੀਰ' ਕਦੀ ਇਨ੍ਹਾਂ ਅਜ਼ਮਾ ਕੇ ਡਿੱਠੇ ਨੇ,
ਹਾਸਿਲ ਨੂਰ ਨਜ਼ਰ ਦਾ ਹੋਵੇ ਕਮ ਖ਼ੋਰੀ ਕਮ ਖ਼ਾਬੀ ਤੋਂ।

ਆਈਆਂ ਬਾਗ਼ੇ ਤੱਤ-ਭੜੱਤੀਆਂ ਵਿੱਚ ਬਹਾਰ ਖ਼ਿਜ਼ਾਵਾਂ ਨੇ।
ਤਪਦੇ ਤੱਤੇ ਹੌਕਿਆਂ ਨੂੰ ਮੁੜ ਤਾਇਆ ਠੰਡੀਆਂ ਹਾਵਾਂ ਨੇ।
ਖਿੜਦੇ ਫੁੱਲ 'ਫ਼ਕੀਰ' ਵਿਚਾਰੇ ਮੁੜ ਕੁਮਲਾਉਂਦੇ ਜਾਂਦੇ ਨੇ,
ਕਲੀਆਂ ਦੇ ਹੌਠਾਂ ਤੇ ਮੁੜ ਹਾਸੇ ਦੀਆਂ ਢਲੀਆਂ ਛਾਵਾਂ ਨੇ।

ਸੀਸ ਜੁੜਣ ਤੋਂ ਬਾਝ ਆਪਸ ਦੇ ਕਦੀ ਨਿਖੁਟਦੇ ਵੈਰ ਨਹੀਂ।
ਨਿੱਖੜ ਗਿਆਂ ਸਿਰਾਂ ਦੇ ਦੁਸ਼ਮਨ ਲੱਗਣ ਦਿੰਦੇ ਪੈਰ ਨਹੀਂ।
ਭੁੱਖਾਂ ਨਾਲ 'ਫ਼ਕੀਰ' ਬੰਦੇ ਦੀ ਹੋਸ਼ ਠਿਕਾਣੇ ਰਹਿੰਦੀ ਏ,
ਜ਼ਰਦਾਰਾਂ ਦੀ ਲੰਮੀ ਮਸਤੀ ਲਹਿੰਦੀ ਮੌਤ ਬਗ਼ੈਰ ਨਹੀਂ।

ਵਤਨ ਦੀਆਂ ਅੱਖਾਂ ਦੇ ਤਾਰੇ ਕੌਮ ਮੇਰੀ ਦੇ ਮਾਹੀ ਨੇ।
ਕੌਮੀ ਸੱਧਰਾਂ ਦੀ ਮੰਜ਼ਿਲ ਦੇ ਰਹਿਬਰ ਆਏ ਰਾਹੀ ਨੇ।
ਅੰਦਰ ਬਾਹਰ 'ਫ਼ਕੀਰ' ਇਨ੍ਹਾਂ ਦੇ ਅੱਗੇ ਵੈਰੀ ਕੁਸਕਣ ਨਾ,
ਬਾਹਰ ਅੰਦਰ ਦੇ ਐਸੇ ਰਾਖੇ ਸਾਡੇ ਢੋਲ ਸਿਪਾਹੀ ਨੇ।

ਵੱਸੇ ਨਾਲ ਇਨ੍ਹਾਂ ਦੇ ਕਦਮਾਂ ਉਜੜੀ ਝੌਕ ਤਬਾਹੀਆਂ ਦੀ।
ਆਪ ਇਨ੍ਹਾਂ ਨੂੰ ਵਾਜ਼ਾਂ ਮਾਰੇ ਮੰਜ਼ਿਲ ਇਨ੍ਹਾਂ ਰਾਹੀਆਂ ਦੀ।
ਵਧਦੇ ਕਦਮ 'ਫ਼ਕੀਰ' ਇਨ੍ਹਾਂ ਦੇ ਲਾਉਂਦੇ ਰੰਗ ਨਿਵਾਨਾਂ ਨੂੰ,
ਚੜ੍ਹਤਲ ਦੀਨ ਵਤਨ ਦੀ ਦਿਸੇ ਚੜ੍ਹਦੀ ਕਲਾ ਸਿਪਾਹੀਆਂ ਦੀ।

ਸ਼ਿਰਕ ਕੁਫ਼ਰ ਦਿਆਂ ਰੋਗਾਂ ਦੇ ਰਹੇ ਕਲ ਕਰਦੇ ਜੋ ਦਾਰੂ ਨੇ।
ਇਲਮ ਸਲੂਕ ਉਨ੍ਹਾਂ ਦੇ ਅੱਜ ਵੀ ਜ਼ੁਲਮ ਸਿਤਮ ਦੇ ਮਾਰੂ ਨੇ।
ਜਿੱਤਿਆ ਕੱਲ 'ਫ਼ਕੀਰ' ਜਿਨ੍ਹਾਂ ਨੇ ਹਿੰਮਤ ਨਾਲ ਮੈਦਾਨ ਨੂੰ,
ਕੱਲੇ ਕੱਲੇ ਅੱਜ ਵੀ ਤੇ ਉਹ ਸੌ ਸੌ ਉੱਤੇ ਭਾਰੂ ਨੇ।

ਇਕ ਏ ਧੋਖੇਬਾਜ਼ ਫ਼ਰੇਬੀ ਦੂਜਾ ਘੁੰਡ ਪਾਖੰਡੀ ਏ।
ਮਾੜੀਆਂ ਕੌਮਾਂ ਦੇ ਦੇਸਾਂ ਵਿਚ ਪਾਈ ਇਨ੍ਹਾਂ ਭੰਡੀ ਏ।
ਦੋਹਾਂ ਯਾਰਾਂ ਦਾ ਏ ਯਾਰਾਂ ਨਾਲ ਇੱਕੋ ਦਸਤੂਰ 'ਫ਼ਕੀਰ',
ਅੱਧੀ ਅੱਧੀ ਦੁਨੀਆ ਇਨ੍ਹਾਂ ਆਪਸ ਦੇ ਵਿਚ ਵੰਡੀ ਏ।

ਦਿਸਦੇ ਨਸ਼ੇ ਨਾ ਉਤਰਦੇ ਨੇ ਚੜ੍ਹੀ 'ਫ਼ਕੀਰ' ਖ਼ੁਮਾਰੀ ਦੇ।
ਹੋਸ਼ ਟਿਕਾਣੇ ਨਹੀਂ ਪਏ ਆਉਂਦੇ ਕੌਮੀ ਸੁਰਤ ਵਿਸਾਰੀ ਦੇ।
ਦੇਸ ਦੇਸ ਤੋਂ ਰੰਗ-ਬਰੰਗੇ ਤੋਹਫ਼ੇ ਆਉਂਦੇ ਜਾਂਦੇ ਨੇ,
ਨਾਚ ਰੰਗ ਦੀਆਂ ਇਹ ਤਹਿਜ਼ੀਬਾਂ ਦਰਸ ਨੇ ਬਦਕਿਰਦਾਰੀ ਦੇ।

ਜਿਵੇਂ ਵੀ ਪੁੱਛੋ ਤਿਵੇਂ ਤੁਹਾਨੂੰ ਇਹ ਦੱਸਣਗੇ ਲੋਕ।
ਕਦੀ ਉਜਾੜ ਤੁਹਾਡੇ ਘਰ ਨੂੰ ਇਹ ਵੱਸਣਗੇ ਲੋਕ।
ਸੜਦੇ ਝੁੱਗੇ ਵੇਖ ਬੇਗਾਨੇ ਹੱਸੋ ਤੁਸੀਂ 'ਫ਼ਕੀਰ',
ਕੱਲ ਤੁਹਾਡੇ ਝੁੱਗੇ ਸੜਦੇ ਵੇਖ ਹੱਸਣਗੇ ਲੋਕ।

ਹੱਕ ਇਨਸਾਫ਼ ਦਿਲਾਂ ਤੋਂ ਉੱਥੇ ਉੱਕਾ ਈ ਤੱਜੇ ਰਹਿੰਦੇ ਨੇ।
ਦਿਲ ਲੋਕਾਂ ਦੇ ਸੀਨਿਆਂ ਦੇ ਵਿਚ ਟੁੱਟੇ-ਭੱਜੇ ਰਹਿੰਦੇ ਨੇ।
ਜਿੱਥੇ ਜਿੱਥੇ ਵਸਦੇ ਨੇ ਇਹ ਸੋਸ਼ਲਿਜ਼ਮ ਦੇ ਦੇਸ 'ਫ਼ਕੀਰ',
ਖ਼ਲਕਤ ਦੇ ਮੂੰਹਾਂ ਤੇ ਉੱਥੇ ਜਿੰਦਰੇ ਵੱਜੇ ਰਹਿੰਦੇ ਨੇ।

ਸਾਫ਼ ਨੀਅਤ ਨੂੰ ਬਣਾ ਕੇ ਨਾ ਰੱਖ ਦਿਲ ਵਿਚ ਖੋਟ ਤੂੰ।
ਛੋਟ ਦੇਹ ਮੈਨੂੰ ਵੀ ਕੋਈ ਆਪ ਨੂੰ ਦੇਹ ਛੋਟ ਤੂੰ।
ਆਖਦਾ ਮੁਫ਼ਤੀ ਨੂੰ ਸੀ ਕਲ ਇਕ ਪਤੰਗਬਾਜ਼ ਇਹ 'ਫ਼ਕੀਰ',
ਅਸੀਂ ਨਹੀਂ ਗੁੱਡੇ ਉਡਾਉਂਦੇ ਨਾ ਉਡਾ ਆਹ ਨੋਟ ਤੂੰ।

ਸਦੀਆਂ ਯਾਦ ਉਨ੍ਹਾਂ ਨੂੰ ਕਰਦੀਆਂ ਅਪਣਾ ਆਪ ਜੋ ਭੁੱਲਦੇ ਨੇ।
ਕਰਦੇ ਮਨਸੂਰੀ ਨੇ ਜਿਹੜੇ ਸੂਲੀਆਂ ਉੱਤੇ ਤੁਲਦੇ ਨੇ।
ਮਹਿਰਮ ਮਰਦ 'ਫ਼ਕੀਰ' ਨੇ ਬਣਦੇ ਜਿਹੜੇ ਜ਼ਰਬ ਕਲੀਮੀ ਦੇ,
ਵੇਲੇ ਦੇ ਫ਼ਿਰਔਣ ਉਨ੍ਹਾਂ ਦੇ ਪੈਰਾਂ ਦੇ ਵਿਚ ਰੁਲਦੇ ਨੇ।

ਵੈਰ ਵਿਰੋਧਾਂ ਦੇ ਸਿਰ ਯਾਰਾਂ ਚੰਗੇ ਚਾਨੇ ਚੁੱਕੇ ਨੇ।
ਘਰ ਵਿਚ ਜੰਗ ਗੁਰੀਲੀ ਦੇ ਲਈ ਤੀਰ ਤਣੇ ਬੇਤੁੱਕੇ ਨੇ।
ਨਾਲ 'ਫ਼ਕੀਰ' ਪਿਆਰ ਮੁਹੱਬਤ ਵਧਦੀ ਵੇਲ ਭਰਾਵਾਂ ਦੀ,
ਜੰਗ ਫ਼ਸਾਦਾਂ ਨਾਲ ਕਦੀ ਨਾ ਘਰ ਦੇ ਝਗੜੇ ਮੁੱਕੇ ਨੇ।

ਉੱਤੋਂ ਵਾਲੀ ਸੁਲਾਹ ਅਮਨ ਦੀ ਸਾਰੇ ਹਾਮੀ ਭਰਦੇ ਨੇ।
ਵਿੱਚੋਂ ਜੰਗ ਫ਼ਸਾਦਾਂ ਦੇ ਪਏ ਰਹਿਬਰ ਚਾਰੇ ਕਰਦੇ ਨੇ।
ਚੱਲਣ ਬੰਬ, ਧਮਾਕੇ ਹੋਵਣ, ਚਲਦੀਆਂ ਬੱਸਾਂ ਵਿਚ 'ਫ਼ਕੀਰ',
ਨਾਲ ਧਮਾਕਿਆਂ ਬੰਬਾਂ ਦੇ ਪਏ ਬਾਲ ਵਿਚਾਰੇ ਮਰਦੇ ਨੇ।

ਰਾਗ ਵਿਦੇਸੀ ਦੇਸੀ ਮਹਫ਼ਿਲ ਵਿਚ ਸੁਣਾਉਂਦੇ ਫਿਰਦੇ ਨੇ।
ਰੂਪ ਪਰਾਏ ਤੇ ਇਹ ਅਪਣਾ ਰੂਪ ਚੜ੍ਹਾਉਂਦੇ ਫ਼ਿਰਦੇ ਨੇ।
ਦੁਸ਼ਮਣ ਦੇਸਾਂ ਦੇ ਕੁਝ ਲੀਡਰ ਸੱਜਣ ਐਸੇ ਬਣੇ 'ਫ਼ਕੀਰ',
ਦੇਸ ਮੇਰੇ ਦੇ ਸ਼ਹਿਰਾਂ ਦੇ ਵਿਚ ਅੱਗਾਂ ਲਾਉਂਦੇ ਫ਼ਿਰਦੇ ਨੇ।

ਭੈੜੀ ਮੱਤੇ ਲਾਵਣ ਵਾਲੇ ਆਏ ਲੀਡਰ ਚੰਗੇ ਨੇ।
ਅੰਨ੍ਹੀ ਲੁੱਟ ਮਚਾਉਂਦੇ ਫ਼ਿਰਦੇ ਜਿਉਂ ਕੋਈ ਭੁੱਖੇ ਨੰਗੇ ਨੇ।
ਘਰ ਦੀ ਗੱਲ ਇਨ੍ਹਾਂ ਦੇ ਮੂੰਹੋਂ ਨਿਕਲੇ ਨਾ ਕੋਈ ਕਦੀ 'ਫ਼ਕੀਰ',
ਕੌਲ ਫ਼ਿਹਲ ਇਨ੍ਹਾਂ ਦੇ ਸਾਰੇ ਬਾਹਰੋਂ ਨੰਗਮ-ਨੰਗੇ ਨੇ।

ਅਦਲ ਇਨਸਾਫ਼ਾਂ ਦੀ ਕੁਝ ਐਸੀ ਲੋਕਾਂ ਖੇਡ ਖਿਲਾਰੀ ਏ।
ਨਵੇਂ ਨਵੇਂ ਪਿੜ ਪਾਉਂਦਾ ਫ਼ਿਰਦਾ ਥਾਂ ਥਾਂ ਨਵਾਂ ਮਦਾਰੀ ਏ।
ਹੁੰਦਾ ਮੇਲ 'ਫ਼ਕੀਰ' ਨਾ ਦਿੱਸੇ ਮਜਬੂਰੀ ਮੁਖ਼ਤਾਰੀ ਦਾ,
ਦੁਸ਼ਮਣੀਆਂ ਦਾ ਝੱਖੜ ਬਣਦੀ ਪਈ ਯਾਰਾਂ ਦੀ ਯਾਰੀ ਏ।

ਵੇਖਣ ਪਏ ਸ਼ਹਿਬਾਜ਼ ਤੌਹੀਦ ਦੇ ਆ ਤੇਰੀ ਪਹਿਲੀ ਉਡਾਨ ਜਹਾਨ ਵਾਲੇ।
ਤੇਰੇ ਪਰਾਂ ਨੂੰ ਅੱਜ ਕੀ ਹੋ ਗਿਆ ਏ ਜਾਲ ਨਾਲ ਲੈ ਕੇ ਉਡ ਜਾਣ ਵਾਲੇ।
ਉਜੜ ਗਏ ਮੁੜ ਪਏ ਤੈਨੂੰ ਭਾਲਦੇ ਨੇ ਉਜੜ ਗਏ ਦੇਸਾਂ ਨੂੰ ਵਸਾਉਣ ਵਾਲੇ।
ਖ਼ੈਬਰ ਸਰ ਕਰਨਾ ਏ 'ਫ਼ਕੀਰ' ਜੇ ਕਰ ਰੱਖ ਹੌਸਲੇ ਅਲੀ ਮਰਦਾਨ ਵਾਲੇ।

ਇੱਕੋ ਵਕਤ ਵਿਚ ਵੇਖੇ ਨੇ ਜੱਗ ਉੱਤੇ ਰਹਿ ਪਏ ਖ਼ੁਸ਼ ਹੁੰਦੇ ਉਹ ਬੇਚੈਨ ਹੁੰਦੇ।
ਇਸ ਘਰ ਵਿਚ ਢੋਲਕੀ ਵੱਜਦੀ ਦੇ, ਘਰ ਵਿਚ ਨਾਲਦੇ ਸੁਣੇ ਨੇ ਵੈਣ ਹੁੰਦੇ।
ਜੰਮੇ ਕੋਈ ਕਿਧਰੇ ਭਾਵੇਂ ਮਰੇ ਕੋਈ, ਉਵੇਂ ਰਹਿਣ ਓੜਕ ਦੇਣ ਲੈਣ ਹੁੰਦੇ,
ਮਾਰੇ ਜਾਣ ਸਰਮਦ 'ਫ਼ਕੀਰ' ਇੱਥੇ, ਇੱਥੇ ਰਹਿਣ ਸ਼ਹੀਦ ਹੁਸੈਨ ਹੁੰਦੇ।

ਬਾਕੀ ਇਸ਼ਕ ਨਹੀਂ ਜਿਹੜਾ ਜਹਾਨ ਉੱਤੇ ਮਜ਼ਾ ਵਿਚ ਉਹਦੇ ਇੰਤਜ਼ਾਰ ਦਾ ਕੀ।
ਰੋਜ਼ ਵਿਚ ਅਜ਼ਲ ਜੀਹਦਾ ਰੂਪ ਫ਼ਾਨੀ, ਸ਼ੌਕ ਰੱਖਣਾ ਉਹਦੇ ਦੀਦਾਰ ਦਾ ਕੀ।
ਝੱਖੜ ਹੋਣ ਖ਼ਿਜ਼ਾਂ ਦੇ ਮਗ਼ਰ ਜਿਸ ਦੇ,ਕਰਨਾ ਮਾਨ ਉਸ ਆਈ ਬਹਾਰ ਦਾ ਕੀ।
ਹੋਵੇ ਆਪ 'ਫ਼ਕੀਰ' ਬੀਮਾਰ ਜਿਹੜਾ ਉਹਨੇ ਦੱਸਣਾ ਰੋਗ ਬੀਮਾਰ ਦਾ ਕੀ।

ਨੂਰੋ ਨੂਰ ਕੀਤੇ ਸੀਨੇ ਹੀਰਿਆਂ ਦੇ, ਮੁੱਖ ਸੱਪ ਦਾ ਮੋਤੀਆਂ ਨਾਲ ਭਰਿਆ।
ਟੋਰ ਨਰਮ ਨਾਜ਼ੁਕ ਦਿੱਤੀ ਸੋਮਿਆਂ ਨੂੰ, ਸੀਨੇ ਵਿਚ ਪਰਬਤ ਦੇ ਜਲਾਲ ਭਰਿਆ।
ਨਾਰੀ ਰੂਪ ਸੂਰਜ ਦੇ ਨੂੰ ਲਿਸ਼ਕ ਦੇ ਕੇ ਮੱਥੇ ਚੰਨ ਦੇ ਨੂਰੀ ਜਮਾਲ ਭਰਿਆ।
ਫੁੱਲਾਂ ਵਿਚ 'ਫ਼ਕੀਰ' ਨਿਕਾਸ ਕੀਕਣ ਵੱਖੋ-ਵੱਖਰਾ ਰੰਗ ਕਮਾਲ ਭਰਿਆ।

ਜ਼ੱਰੀਂ ਤਾਜ ਅਫ਼ਲਾਕ ਦਾ ਯਾ ਮੌਲਾ ਮੈਂ ਲੋਲਾਕ ਦੇ ਤਾਜ ਤੋਂ ਵਾਰ ਸੁੱਟਾਂ।
ਕੁਰਸੀ ਕਰਾਂ ਸਦਕੇ ਤੇਰੇ ਬੋਰੀਏ ਤੋਂ, ਅਰਸ਼ ਤੇਰੇ ਮਿਅਰਾਜ ਤੋਂ ਵਾਰ ਸੁੱਟਾਂ।
ਰਾਜ-ਭਾਗ ਜਹਾਨ ਦੇ ਮਿਲਣ ਜੇ ਕਰ ਤੇਰੀ ਖ਼ਲਕ ਦੇ ਰਾਜ ਤੋਂ ਵਾਰ ਸੁੱਟਾਂ।
ਹੋਵੇ ਲਾਜ 'ਫ਼ਕੀਰ' ਜੇ ਜ਼ਿੰਦਗੀ ਦੀ ਤੇਰੇ ਰੌਜ਼ੇ ਦੀ ਲਾਜ ਤੋਂ ਵਾਰ ਸੁੱਟਾਂ।

ਰੱਖਣ ਪੈਰ ਪੱਕੇ ਸਦਾ ਜ਼ਿੰਦਗੀ ਦੇ ਲੱਥੇ ਸਿਰੋਂ ਨਾ ਭੋਇੰ ਤੇ ਰਹਿਣ ਵਾਲੇ।
ਕਦੀ ਦੁਖ ਮੁਸੀਬਤਾਂ ਵੇਖਦੇ ਨਹੀਂ ਖ਼ੁਸ਼ੀਉਂ ਦੁਖ ਮੁਸੀਬਤਾਂ ਸਹਿਣ ਵਾਲੇ।
ਜਾ ਕੇ ਆਪ ਜੱਫੇ ਮਾਰਣ ਸੂਲੀਆਂ ਨੂੰ ਹੱਕ ਸੁਨਣ ਵਾਲੇ ਹੱਕ ਕਹਿਣ ਵਾਲੇ।
ਲੱਭਣ ਭਾਲ ਕੇ ਮੌਤ 'ਫ਼ਕੀਰ' ਕਿਧਰੋਂ ਜ਼ਿੰਦਾ ਸਦਾ ਜਹਾਨ ਤੇ ਰਹਿਣ ਵਾਲੇ।

ਜੁਗਨੂੰ ਵਾਂਗ ਕਰ ਦਿਲ ਵਿਚ ਸਾੜ ਪੈਦਾ ਮੰਗੀ ਤਪਸ਼ ਦੀ ਮਾਰਣੀ ਲਾਟ ਛੱਡ ਦੇ
ਬਲਦੀ ਅੱਗ ਪਰਾਈ ਦਾ ਮੂਰਖ਼ਾ ਓਏ ਕਰਨਾ ਭੰਵਟਾਂ ਵਾਂਗ ਤਵਾਫ਼ ਛੱਡ ਦੇ।
ਖ਼ੂਨੀ ਜ਼ੁਲਮ ਦੇ ਝੱਲਿਆਂ ਝੱਖੜਾਂ ਵਿਚ ਹੱਥੋਂ ਮਰਦ ਨਹੀਂ ਕਦੇ ਇਨਸਾਫ਼ ਛੱਡਦੇ।
ਸਾਫ਼ ਦਿਲਾਂ ਦੇ ਹੋਣ 'ਫ਼ਕੀਰ' ਜਿਹੜੇ ਮੈਲੇ ਦਿਲਾਂ ਨੂੰ ਨੇ ਕਰਕੇ ਸਾਫ਼ ਛੱਡਦੇ।

ਰਿੰਦਾਂ ਵਿਚ ਸੂਫ਼ੀਪੁਣਾ ਭੰਡਣਾ ਸੀ, ਤਕਵਾ ਜ਼ੋਹਦ ਬੁੱਤਾਂ ਵਿਚ ਰੋਲਣਾ ਸੀ।
ਜਾ ਕੇ ਦੈਰ ਦਾ ਤਾਕ ਖੜਕਾਵਣਾ ਸੀ, ਬੂਹਾ ਜੁਰਮ ਦਾ ਵੀ ਜ਼ਰਾ ਖੋਲ੍ਹਣਾ ਸੀ।
ਕਾਅਬੇ ਵਿਚ ਵੀ ਜਾ ਕੇ ਭਾਲਣਾ ਸੀ, ਦਿਲ ਵੀ ਕਿਸੇ ਗ਼ਰੀਬ ਦਾ ਫੋਲਣਾ ਸੀ।
ਸਭ ਦੇ ਬੂਹੇ 'ਫ਼ਕੀਰ' ਆਵਾਜ਼ ਦਿੰਦੋ, ਖ਼ਬਰੇ ਓਸ ਕਿਹੜੇ ਘਰੋਂ ਬੋਲਣਾ ਸੀ।

ਹੁੰਦੀ ਨਹੀਂ ਗਰਮੀ ਸੀਨੇ ਵਿਚ ਪੈਦਾ,ਦਿਲ ਦਾ ਅਜਿਹਾ ਸ਼ਕਿਸਤਾ ਸਾਜ਼ ਮਿਲਿਆ।
ਚਾਰਾ ਕਦੀ ਇਲਾਜ ਦਾ ਨਹੀਂ ਕਰਦਾ,ਮੈਨੂੰ ਦਰਦ ਐਸਾ ਬੇਨਿਆਜ਼ ਮਿਲਿਆ।
ਸੱਧਰ ਰਹੀ ਏਹੋ ਦਰਦਮੰਦ ਦਿਲ ਨੂੰ,ਕੋਈ ਹਮਦਰਦ ਮਿਲਿਆ ਨਾ ਹਮਰਾਜ਼ ਮਿਲਿਆ
ਸੋਮਨਾਥ ਕੀ ਮਿਲਦਾ 'ਫ਼ਕੀਰ' ਮੈਨੂੰ,ਨਾ ਮਹਿਮੂਦ ਮਿਲਿਆ ਨਾ ਅੱਯਾਜ਼ ਮਿਲਿਆ।

ਰਾਹੀ ਲੰਮੀਆਂ ਰਾਹਵਾਂ ਦੇ ਟੁਰਣ ਵਾਲੇ, ਓੜਕ ਜਾ ਮੰਜ਼ਿਲ ਉੱਤੇ ਰੁਕਦੇ ਨੇ।
ਓੜਕ ਹਸਦਿਆਂ ਦੇ ਹਾਸੇ ਹੋਣ ਮਿੱਠੇ, ਦੀਦੇ ਰੋਂਦਿਆਂ ਦੇ ਰੋ ਰੋ ਸੁੱਕਦੇ ਨੇ।
ਕਰਨ ਵਿਚ ਨਮਾਜ਼ ਕਿਆਮ ਜਿਹੜੇ, ਸਿਜਦੇ ਵਿਚ ਅਖ਼ੀਰ ਨੂੰ ਝੁਕਦੇ ਨੇ।
ਲੋੜਾਂ ਸਭ ਦੀਆਂ ਮੁੱਕ 'ਫ਼ਕੀਰ' ਜਾਵਣ, ਉਹਦੇ ਭਰੇ ਭੰਡਾਰ ਨਾ ਮੁੱਕਦੇ ਨੇ।

ਮਾਰੇ ਨੂਰ ਵਿਚ ਲਿਸ਼ਕ ਜ਼ੁਲਮਾਤ ਤੇਰੀ, ਲਿਸ਼ਕੇ ਵਿਚ ਜ਼ੁਲਮਾਤ ਦੇ ਨੂਰ ਤੇਰਾ।
ਦਿਸੇ ਵਿਚ ਹਜ਼ੂਰ ਦੇ ਗ਼ੈਬ ਤੇਰਾ, ਆਵੇ ਗ਼ੈਬ ਵਿਚ ਨਜ਼ਰ ਹਜ਼ੂਰ ਤੇਰਾ।
ਜਲਵੇ ਤੇਰੇ ਤੇ ਹੋਸ਼ ਬੇਹੋਸ਼ ਤੇਰੀ, ਤੇਰਾ ਮੂਸਾ ਕਲੀਮ ਤੇ ਤੂਰ ਤੇਰਾ।
ਤੇਰੀ ਨਜ਼ਰ ਨਜ਼ਾਰੇ 'ਫ਼ਕੀਰ' ਤੇਰੇ, ਨੇੜੇ ਤੇਰੇ ਸਭ ਨੂਰ ਜ਼ਹੂਰ ਤੇਰਾ।

ਸਾਂਭੇ ਕਿਵੇਂ ਮਨ ਦੀ ਦੌਲਤ ਮਨ ਤੇਰਾ, ਨਿਕਲੇ ਨਾ ਜਦ ਤੀਕ ਮਨ ਦਾ ਚੋਰ ਵਿੱਚੋਂ।
ਦਿਲ ਬੇਦਰਦ ਵਿਚ ਸੀਨੇ ਦੇ ਰੱਖਣਾ ਕੀ, ਮੁਰਦਾ ਗੱਡ ਬਣੇ ਤਨ ਦੀ ਗੋਰ ਵਿੱਚੋਂ।
ਜਿਹੜੀਆਂ ਦੀਦ ਵਿਚ ਗੁੰਝਲਾਂ ਪਾਉਂਦੀਆਂ ਨੇ, ਗੰਢਾਂ ਖੋਲ੍ਹ ਇਹ ਨਜ਼ਰ ਦੀ ਡੋਰ ਵਿੱਚੋਂ।
ਦਿਲ ਜ਼ੁਬਾਨ ਨੂੰ ਇਕ 'ਫ਼ਕੀਰ' ਕਰਲੈ, ਨਾ ਰਹਿ ਹੋਰ ਬਾਹਰੋਂ ਤੇ ਨਾ ਹੋਰ ਵਿੱਚੋਂ।

ਪੁਖ਼ਤਾ ਅਕਲ ਤੇਰੀ ਹੋਵੇ ਕਿਵੇਂ ਜਦ ਤੱਕ, ਦਾਮਨ ਕਰੇ ਜਨੂਨ ਨਾ ਪਾਕ ਤੇਰਾ।
ਪਾਕ ਸੁਰਾਂ ਜ਼ੁਬਾਨ ਤੇ ਆਉਣ ਕੀਕਣ, ਜਦ ਤੱਕ ਨਾ ਹੋਵੇ ਕਲਬ ਪਾਕ ਤੇਰਾ।
ਖੋਲ੍ਹੇ ਇਲਮ ਜੇ ਕਰ ਦਰ ਨਾ ਮਾਅਣਿਆਂ ਦੇ, ਖੁੱਲ੍ਹੇ ਕਿਸ ਤਰ੍ਹਾਂ ਫ਼ਹਿਮ ਔਰਾਕ ਤੇਰਾ।
ਮੰਨੇ ਫ਼ਿਕਰ ਚਾਲਾਕ 'ਫ਼ਕੀਰ' ਕਿਉਂ ਨਾ, ਕੀਤਾ ਸੁਖ਼ਨ ਬੇਵਾਕ ਹੈ ਚਾਕ ਤੇਰਾ।

ਭੋਲੇ ਰਾਹੀ ਕੋਲੋਂ ਖ਼ਬਰੇ ਰਹਿਬਰੀ ਨੇ ਲਿਆ ਕੀ ਕੀ ਕੌਲ ਜ਼ੁਬਾਨ ਦਿੱਤਾ।
ਇੱਥੇ ਆਉਣ ਦਾ ਆਖ ਕੇ ਦੇਣ ਵਾਲੇ ਇੱਥੋਂ ਜਾਣ ਦਾ ਬੰਨ੍ਹ ਸਾਮਾਨ ਦਿੱਤਾ।
ਜਾਨ ਲਈ ਜਹਾਨ ਮੈਂ ਮੰਗਿਆ ਸੀ ਲੈ ਕੇ ਜਾਨ ਜਾਨੀ ਨੇ ਜਹਾਨ ਦਿੱਤਾ।
ਫਾਥਾ ਫਟਕਦਾ ਭਲਾ 'ਫ਼ਕੀਰ' ਕੀ ਮੈਂ ਦੇ ਕੇ ਜਾਨ ਜਹਾਨ ਮੈਂ ਜਾਣ ਦਿੱਤਾ।

ਮੰਦਾ ਸੁਨਣ ਵਾਲੇ ਕੋਲੋਂ ਸੁਣੇ ਅੱਗੋਂ, ਮੰਦਾ ਮੂੰਹ ਥੀਂ ਜਦੋਂ ਇਨਸਾਨ ਬੋਲੇ।
ਜੀ ਜੀ ਕਰਦਿਆਂ ਥੀਂ ਛਿੱਤਰ ਖਾਵੰਦੀ ਏ ਵਧ ਕੇ ਵਾਂਗ ਛਿੱਤਰ ਜੇ ਜ਼ੁਬਾਨ ਬੋਲੇ।
ਭਰਮ ਆਪਣਾ ਆਪ ਗਵਾਏ ਜਿਸ ਦਮ ਬਹਿਕੇ ਦਾਨਿਆਂ ਵਿਚ ਨਾਦਾਨ ਬੋਲੇ,
ਮੂਰਖ਼ ਬੋਲਦਾ ਵੇਖ 'ਫ਼ਕੀਰ' ਆਖਣ ਕਾਲਬ ਵਿਚ ਬੰਦੇ ਦੇ ਹੈਵਾਨ ਬੋਲੇ।

ਛੱਡ ਦੇ ਭੈ ਕਰਨਾ ਦਿਲੋਂ ਮੰਜ਼ਿਲਾਂ ਦਾ ਪੈਰਾਂ ਵਿਚ ਰਾਹੀਆ ਰਾਹਵਾਂ ਰੋਲਦਾ ਜਾਹ।
ਮਹਿਲ ਖੁੱਲ੍ਹ ਪਵੇਗਾ ਕਾਮਿਆਬੀਆਂ ਦਾ ਆਹਰ ਪਾਹਰ ਦੇ ਤੂੰ ਬੂਹੇ ਖੋਲ੍ਹਦਾ ਜਾਹ।
ਪੱਖ ਅਦਲ ਇਨਸਾਫ਼ ਦਾ ਜਾਹ ਕਰਦਾ ਬੋਲ ਹੱਕ ਤੇ ਸੱਚ ਦਾ ਬੋਲਦਾ ਜਾਹ।
ਵੇਲਾ ਬਣੇਗਾ ਆਪ 'ਫ਼ਕੀਰ' ਤੇਰਾ ਜ਼ਰਾ ਵੇਲੇ ਦੇ ਫੋਲਣੇ ਫੋਲਦਾ ਜਾਹ।

ਵੈਰੀ ਹੈਣ ਬੁਰੇ ਹਮਨਸ਼ੀਨ ਤੇਰੇ ਬੁਰਾ ਨਾਲ ਬੁਰਿਆਂ ਦੇ ਬਦਨਾਮ ਰਹਿਣਾ।
ਬੇਇਤਬਾਰ ਹਿਆਤੀ ਦਾ ਨਾਂ ਬਦੀਆਂ ਮੰਦਾ ਸੁਬਾਹ ਨੂੰ ਕਰਦਿਆਂ ਸ਼ਾਮ ਰਹਿਣਾ।
ਹਿਰਸ ਲੋਭ ਦਾ ਭਲਾ ਨਾ ਸੰਗ ਕਰਨਾ ਬੁਰਾ ਨਫ਼ਸ ਦਾ ਬਣਿਆ ਗ਼ੁਲਾਮ ਰਹਿਣਾ।
ਬੁਰੀ ਨਾਮਨਾਂ ਦੀ ਨਾਮੂਰੀ ਨਾਲੋਂ ਹੋਵੇ ਭਲਾ 'ਫ਼ਕੀਰ' ਗੁਮਨਾਮ ਰਹਿਣਾ।

ਦਿਸਣ ਵਿਹਲੀਆਂ ਲਬਾਂ ਨਾ ਹੌਕਿਆਂ ਤੋਂ ਆਵੇ ਨਜ਼ਰ ਕੋਈ ਅੱਖ ਨਮਨਾਕ ਕਿਧਰੇ।
ਚਿਹਰਾ ਜ਼ਰਦ ਕਿਧਰੇ ਖੁੱਲੇ ਵਾਲ ਗਲ ਵਿਚ ਲੀਰ ਲੀਰ ਗਲਮਾ ਦਾਮਨ ਚਾਕ ਕਿਧਰੇ।
ਆਪੋ ਆਪਣੇ ਗ਼ਮਾਂ ਵਿਚ ਗ਼ਰਕ ਦਿਸਣ ਸੱਜਣ ਯਾਰ ਕਿਧਰੇ ਅੰਗ ਸਾਕ ਕਿਧਰੇ।
ਬੂਹੇ ਦਿਲ ਦੇ 'ਫ਼ਕੀਰ' ਜੇ ਖੋਲ੍ਹਣੇ ਨੇ ਬਹਿਜਾ ਭੇੜ ਕੇ ਨਜ਼ਰ ਦੇ ਤਾਕ ਕਿਧਰੇ।

ਦਾਨੇ ਮਰਦ ਦਿਲ ਦੇ ਰਾਜ਼ਾਂ ਗੁੱਝਿਆਂ ਨੂੰ ਬਨਣ ਦੇਣ ਨਾ ਕੌਲ ਜ਼ੁਬਾਨ ਵਾਲੇ।
ਵਾਜਬ ਨਹੀਂ ਯਾਰਾਂ ਤੇ ਵੀ ਜ਼ਾਹਰ ਕਰਨੇ ਭੇਤ ਦੁਸ਼ਮਣਾਂ ਕੋਲੋਂ ਛੁਪਾਉਣ ਵਾਲੇ।
ਕੱਢੀ ਗੱਲ ਮੂਹੋਂ ਸ਼ਹਿਰੋਂ ਕੱਢਦੀ ਏ ਛੁੱਟੇ ਮੁੜਣ ਨਾ ਤੀਰ ਕਮਾਨ ਵਾਲੇ।
ਲਾਈਏ ਆਪ ਤਮਾਸਾ 'ਫ਼ਕੀਰ' ਜੇ ਕਰ ਪੈਂਦੇ ਪਹੁੰਚ ਨੇ ਢੋਲ ਵਜਾਉਣ ਵਾਲੇ।

ਬਣੇ ਰਹਿਣ ਇੱਥੇ ਫੋਕ ਮਹਫ਼ਿਲਾਂ ਦਾ, ਫੋਕੇ ਫੋਕੀਆਂ ਮਹਿਫ਼ਲਾਂ ਲਾਉਣ ਵਾਲੇ।
ਚੜ੍ਹਦੇ ਤੋੜ ਨਹੀਂ ਅਪਣੀ ਗੱਲ ਵਾਂਗੂੰ, ਕਰਕੇ ਗੱਲ ਨਾ ਤੋੜ ਚੜ੍ਹਾਉਣ ਵਾਲੇ।
ਸੁੱਤੇ ਸੌਂ ਜਾਂਦੇ ਨੇ ਅਖ਼ੀਰ ਅਪਣੇ, ਜ਼ਾਲਮ ਸੁੱਤੀਆਂ ਕਲਾਂ ਜਗਾਉਣ ਵਾਲੇ।
ਮਿਟ ਕੇ ਰਹਿਣਗੇ ਆਪ 'ਫ਼ਕੀਰ' ਦੇਖੀਂ, ਹੱਕ ਸੱਚ ਦਾ ਨਾਮ ਮਿਟਾਉਣ ਵਾਲੇ।

ਭੁੱਖੇ ਨਫ਼ਸ ਦੇ ਲਈ ਚੜ੍ਹ ਕੇ ਮਿੰਬਰਾਂ ਤੇ, ਪੁੰਨ ਦਾਨ ਦਾ ਵਾਅਜ਼ ਸੁਣਾਉਣ ਵਾਲੇ।
ਭੋਲੇ ਲੋਕਾਂ ਨੂੰ ਬੈਠ ਮਸੱਲਿਆਂ ਤੇ, ਹੱਥੀ ਤਸਬੀਆਂ ਵਾਂਗ ਭਵਾਉਣ ਵਾਲੇ।
ਖੋਹ ਖੋਹ ਖਾਣ ਪਏ ਰੱਬ ਦੇ ਬੰਦਿਆਂ ਤੋਂ,ਟਾਹਰਾਂ ਮਾਰ ਕੇ ਰੱਬ ਧਿਆਉਣ ਵਾਲੇ।
ਜਾਲ ਹਿਰਸ ਦੇ ਬਣੇ 'ਫ਼ਕੀਰ' ਦੇਖੇ, ਕਾਰੀ ਵੇਚ ਕੁਰਆਨ ਨੂੰ ਖਾਣ ਵਾਲੇ।

ਹਾਸੇ ਤਾਂ ਤੇਰੇ ਨਾਲ ਬੜੇ ਕੀਤੇ, ਬੜੀਆਂ ਰੋ ਰੋ ਅੱਥਰਾਂ ਕੇਰੀਆਂ ਮੈਂ।
ਕੀਤੇ ਵਿਰਦ ਇਕ ਟੰਗਿਆਂ ਬੜੀ ਵਾਰੀ,ਨਾਲੇ ਲੰਮੀਆਂ ਤਸਬੀਆਂ ਫੇਰੀਆਂ ਮੈਂ।
ਹੋ ਹੱਕ ਨਾ ਮੇਰੇ ਵੱਲ ਵੇਖਿਆ ਤੂੰ, ਚਾਲਾਂ ਚੱਲੀਆਂ ਹੋਰ ਵਥੇਰੀਆਂ ਮੈਂ।
ਡਿੱਠਾ ਫ਼ਜ਼ਲ 'ਫ਼ਕੀਰ' ਬੇਗ਼ਰਜ਼ ਤੇਰਾ, ਤੇ ਬੇਵਾਸਤਾ ਰਹਿਮਤਾਂ ਤੇਰੀਆਂ ਮੈਂ।

ਆਪੇ ਤੂੰ ਕਿਧਰੇ ਚਾਨਣ ਨੂਰ ਦਾ ਏ, ਆਪੇ ਕਿਧਰੇ ਨ੍ਹੇਰ ਜ਼ੁਲਮਾਤ ਦਾ ਤੂੰ।
ਦਿਨੇ ਰਾਤ ਚਮਕਾਂ ਲਿਸ਼ਕਾਂ ਤੇਰੀਆਂ ਨੇ,ਸੂਰਜ ਤੂੰ ਦਿਨ ਦਾ ਚੰਨ ਰਾਤ ਦਾ ਤੂੰ।
ਖ਼ਾਕੀ ਰੂਪ ਤੂੰ ਖ਼ਾਕ ਦੇ ਜ਼ੱਰਿਆਂ ਦਾ, ਚਾਨਣ ਤਾਰਿਆਂ ਦੀ ਏਂ ਬਰਾਤ ਦਾ ਤੂੰ।
ਮੁਲਕਾਂ ਮਾਲਕਾਂ ਸਣੇ 'ਫ਼ਕੀਰ' ਬਣਿਉਂ ਮਾਲਿਕ ਅਪਣੀ ਜ਼ਾਤ ਸਿਫ਼ਾਤ ਦਾ ਤੂੰ।

ਹਿਕਮਤ ਨਾਲ ਤੂੰ ਜ਼ਬਰ ਨੂੰ ਜ਼ੇਰ ਕਰ ਲਏਂ, ਕਦੀ ਫ਼ੇਰ ਕਰ ਜ਼ਬਰ ਨੂੰ ਜ਼ੇਰ ਦਿੰਨੈਂ।
ਦਿਨੋਂ ਰਾਤ ਚਾ ਕੱਢਦੈਂ ਸ਼ਾਮ ਵੇਲੇ, ਸ਼ਾਮੋਂ ਕੱਢ ਚਾ ਰਾਤ ਸਵੇਰ ਦਿੰਨੈਂ।
ਤੂੰ ਹੀ ਤੰਗੀਆਂ ਤੁਰਸ਼ੀਆਂ ਕੱਟਦਾ ਏਂ,ਆਈਆਂ ਗਰਦਿਸ਼ਾਂ ਨੂੰ ਪਿਛਾਂਹ ਫੇਰ ਦਿੰਨੈਂ।
ਚਾਹਵੇਂ ਜ਼ੱਰੇ ਨੂੰ ਬਣੇ 'ਫ਼ਕੀਰ' ਸੂਰਜ, ਤਾਰੇ ਤੋੜ ਕੇ ਖ਼ਾਕ ਦੇ ਢੇਰ ਦਿੰਨੈਂ।

ਵੇਲੇ ਸਿਰ ਦਿੰਦਾ ਰਹਵੇਂ ਰੋਜ਼ ਮੈਨੂੰ, ਕਰਕੇ ਕਦੀ ਨਾ ਜ਼ੱਰਾ ਅਵੇਰ ਦਿੰਨੈਂ।
ਮੰਦੇ ਥਾਂ ਲਾਵਾਂ ਜੇ ਮੈਂ ਤੇਰਾ ਦਿੱਤਾ, ਮੰਦੇ ਲਾਏ ਨੂੰ ਵੇਖ ਕੇ ਫੇਰ ਦਿੰਨੈਂ।
ਮੂੰਹੋਂ ਆਪ ਮੰਗਾਂ ਜੇ ਮੈਂ ਕਦੀ ਤੈਥੋਂ, ਤੂੰ ਚਾ ਮੂੰਹ ਮੰਗੇ ਨਾਲੋਂ ਢੇਰ ਦਿੰਨੈਂ।
ਦਿੱਤਾ ਤੇਰਾ 'ਫ਼ਕੀਰ' ਨਹੀਂ ਕਦੀ ਥੁੜਦਾ, ਮੈਂ ਜੇ ਪਾ ਮੰਗਾਂ ਤਾਂ ਤੂੰ ਸੇਰ ਦਿੰਨੈਂ।

ਲਾਵੇਂ ਕਦੀ ਹਨੇਰਿਆਂ ਵਿਚ ਚਾਨਣ, ਚਾਨਣ ਵਿਚ ਪਾ ਕਦੀ ਹਨੇਰ ਦਿੰਨੈਂ।
ਕਦੀ ਸੁਨਣ ਲੱਗਾ ਲਾਉਂਦਾ ਢਿੱਲ ਨਾਹੀਂ, ਕਦੀ ਸੁਣ ਕੇ ਵੀ ਲਾ ਦੇਰ ਦਿੰਨੈਂ।
ਤੰਗੀ ਉਹਦੀ ਫ਼ਰਾਖ਼ੀ ਦਾ ਰੂਪ ਧਾਰੇ, ਜੀਹਦੇ ਦਿਨ ਤੂੰ ਕੁਦਰਤੀ ਫੇਰ ਦਿੰਨੈਂ।
ਜਾਂਦੀ ਪੇਸ਼ ਨਹੀਂ ਉਹਦੀ 'ਫ਼ਕੀਰ' ਕੋਈ, ਕਰ ਤੂੰ ਆਪ ਜੀਹਨੂੰ ਜ਼ਬਰ ਜ਼ੇਰ ਦਿੰਨੈਂ।

ਮਾਲਕ ਤੂੰ ਸਭਨਾਂ ਮੁਲਕਾਂ ਮਾਲਕਾਂ ਦਾ, ਤੂੰ ਅਕਾਬਰਾਂ ਦਾ ਕਿਬਰਿਆ ਮੌਲਾ।
ਤੇਰੇ ਅਮਰ ਦੇ ਮੁਨਕਰਾਂ ਬਾਗ਼ੀਆਂ ਨੂੰ, ਟਲਦੀ ਕਦੀ ਨਹੀਂ ਤੇਰੀ ਰਜ਼ਾ ਮੌਲਾ।
ਕਿਹੜੇ ਦੁਖ ਦਾ ਨਹੀਂ ਦਾਰੂ ਕੋਲ ਤੇਰੇ, ਕਿਹੜੇ ਰੋਗ ਦੀ ਨਹੀਂ ਤੂੰ ਦਵਾ ਮੌਲਾ।
ਬੂਹੇ ਜਾਵਾਂ ਗ਼ੈਰਾਂ ਦੇ 'ਫ਼ਕੀਰ' ਕੀਕਣ, ਹੋ ਕੇ ਤੇਰੇ ਦਰ ਦਾ ਮੈਂ ਗਦਾ ਮੌਲਾ।

ਵਲ-ਵਲੀਆਂ ਦੇ ਕੱਢਦਾ ਮੋੜ ਮੁੜਦਾ, ਗਾਹੁੰਦਾ ਰਾਹਾਂ ਨੂੰ ਮੰਜ਼ਿਲਾਂ ਮਾਰਦਾ ਜਾਹ।
ਰੰਗ ਦਿਨ ਦਿਆਂ ਰੁਖਾਂ ਤੇ ਰੰਗਦਾ ਜਾਹ, ਕਾਲੀ ਜ਼ੁਲਫ਼ ਦੀ ਰਾਤ ਸਵਾਰਦਾ ਜਾਹ।
ਪਿਆਰ ਵੈਰ ਦੀ ਨਜ਼ਰ ਗੁਜ਼ਾਰਦਾ ਜਾਹ, ਖ਼ਲਕ ਹਿਲਮ ਦੇ ਮਹਿਲ ਉਸਾਰਦਾ ਜਾਹ।
ਬਾਗ਼ੇ ਸੋਕਿਆਂ ਸਿਰੋਂ 'ਫ਼ਕੀਰ' ਲੰਘਦਾ, ਰੂਪ ਧਾਰਦਾ ਅਬਰ ਬਹਾਰਦਾ ਜਾਹ।

ਪਾਗਲਪੁਣੇ ਇਸ ਅਕਲ ਨਾਦਾਨ ਦੇ ਨੇ, ਕੀਤੀ ਬੜੀ ਸਾਡੀ ਜ਼ਬਰ ਜ਼ੇਰ ਤੋਬਾ।
ਕਰਕੇ ਤੋਬਾ ਗੁਨਾਹ ਕੋਈ ਫੇਰ ਕੀਤਾ, ਤੇ ਗੁਨਾਹ ਕਰਕੇ ਕੀਤੀ ਫੇਰ ਤੋਬਾ।
ਨਾਲ ਸ਼ਾਮ-ਸਵੇਰ ਦੇ ਔਗੁਣਾ ਦੇ, ਕਰਦੇ ਰਹੇ ਆਂ ਸ਼ਾਮ-ਸਵੇਰ ਤੋਬਾ।
ਵਲ-ਛਲ ਵੇਖਦੀ ਰਹੀ ਏ 'ਫ਼ਕੀਰ' ਸਾਡੇ, ਕਰਦੀ ਨਾਲ ਸਾਡੇ ਹੇਰ-ਫੇਰ ਤੋਬਾ।

ਕਰਨੀ ਅਪਣੀ ਤੋਂ ਦਿਲ ਨਾ ਬਾਜ਼ ਆਇਆ, ਬੜਾ ਏਸ ਪਾਗਲ ਨੂੰ ਆਂ ਮੋੜਦੇ ਰਹੇ।
ਆਖੇ ਲੱਗ ਇਹਦੇ ਅਸੀਂ ਉਮਰ ਸਾਰੀ, ਦਾਮ ਇਹਦੇ ਗੁਨਾਹਾਂ ਦੇ ਜੋੜਦੇ ਰਹੇ।
ਉਹ ਤੇ ਓਸ ਸੱਤਾਰ ਨੇ ਕਰਮ ਕੀਤਾ, ਹਰਦਮ ਜੀਹਦੀ ਰਹਿਮਤ ਅਸੀਂ ਲੋੜਦੇ ਰਹੇ।
ਸਾਨੂੰ ਰੋਜ਼ 'ਫ਼ਕੀਰ' ਉਹ ਬਖ਼ਸ਼ਦੇ ਰਹੇ, ਅਸੀਂ ਰੋਜ਼ ਤੋਬਾ ਨੂੰ ਤਰੋੜਦੇ ਰਹੇ।

ਧੁੰਦਕਾਰ ਹਨੇਰ ਵਿਚ ਔਗੁਣਾਂ ਦੇ, ਕਰਦੀ ਰਹੀ ਕੱਠੇ ਸਾਡੇ ਕੱਖ ਤੋਬਾ।
ਗਿਰਦੇ ਅਸਾਂ ਗੁਨਾਹਵਾਂ ਦੇ ਸਦਾ ਰੱਖੀ, ਦਿਲੋਂ ਜਾਨ ਅਜ਼ਾਬ ਦੀ ਰੱਖ ਤੋਬਾ।
ਵੱਖੋ ਵੱਖ ਗੁਨਾਹਵਾਂ ਦੀ ਰਹੇ ਕਰਦੇ, ਅਸੀਂ ਉਮਰ ਸਾਰੀ ਵੱਖੋ-ਵੱਖ ਤੋਬਾ।
ਹੁੰਦਾ ਹਸ਼ਰ ਸਾਡਾ ਕੀ 'ਫ਼ਕੀਰ' ਖ਼ਬਰੇ, ਕਰਦੀ ਨਾ ਜੇ ਕਰ ਸਾਡੀ ਪੱਖ ਤੋਬਾ।

ਬਖ਼ਸ਼ਿਸ਼ ਉਨ੍ਹਾਂ ਦੀ ਆਦਤ ਕਦੀਮ ਦੀ ਰਹੀ, ਗੁਨਾਹਗਾਰਾਂ ਦਾ ਰਿਹਾ ਦਸਤੂਰ ਤੋਬਾ।
ਹੋ ਗਏ ਮੁਆਫ਼ ਉਨ੍ਹਾਂ ਦੇ ਕਸੂਰ ਸਾਰੇ, ਕੀਤੀ ਜਿਨ੍ਹਾਂ ਨੇ ਕਰ ਕੇ ਕਸੂਰ ਤੋਬਾ।
ਨਾਦਮ ਹੋ ਤੋਬਾ ਕਰਨ ਵਾਲਿਆਂ ਨੂੰ, ਲੈ ਗਈ ਖਿੱਚ ਅਜ਼ਾਬ ਤੋਂ ਦੂਰ ਤੋਬਾ।
ਜਿੰਨੀ ਵਾਰ 'ਫ਼ਕੀਰ' ਮੈਂ ਰਿਹਾ ਕਰਦਾ, ਕੀਤੀ ਉਨ੍ਹਾਂ ਹਰ ਵਾਰ ਮਨਜ਼ੂਰ ਤੋਬਾ।

ਸਾਡੇ ਨਾਲ ਗੁਨਾਹਵਾਂ ਦਾ ਸੰਗ ਰਹਿੰਦਾ, ਰੱਖੇ ਨਾਲ ਗੁਨਾਹਵਾਂ ਦੇ ਸੰਗ ਤੋਬਾ।
ਕਰਦੀ ਕਦੀ ਇਨਕਾਰ ਨਹੀਂ ਸਾਥ ਦੇਣੋਂ, ਅੱਖੀਂ ਵੇਖ ਸਾਡੇ ਭੈੜ ਚੰਗ ਤੋਬਾ।
ਰੋਜ਼ ਫੱਕ ਪਾਉਂਦਾ ਦਿਲ ਔਗੁਣਾਂ ਦੀ, ਰੋਜ਼ ਬਖ਼ਸ਼ਿਸ਼ਾਂ ਦੇ ਲਾਉਂਦੀ ਰੰਗ ਤੋਬਾ।
ਜੁੜਦੀ ਟੁਟਦੀ ਸਦਾ 'ਫ਼ਕੀਰ' ਰਹਿੰਦੀ, ਬਣ ਗਈ ਯਾਰ ਦੀ ਨਾਜ਼ੁਕ ਏ ਵੰਗ ਤੋਬਾ।

ਕੁਨ ਦੇ ਲਫ਼ਜ਼ੋਂ ਵਧਾਣ ਵਧਾਉਣ ਵਾਲੇ, ਆਪੇ ਖਿਲਰੀ ਗੱਲ ਸਮੇਟਣੀ ਏਂ।
ਓੜਕ ਇਕ ਦਿਨ ਆਪ ਵਿਛਾਉਣ ਵਾਲੇ, ਵਿਛੀ ਸਫ਼ ਧਰਤੀ ਦੀ ਲਪੇਟਣੀ ਏਂ।
ਜਿਹਨੇ ਮੱਥੇ ਤੇ ਲਿਖੀ ਸੀ ਆਪ ਹੱਥੀਂ, ਲਿਖੀ ਸਾਰੀ ਹੀ ਓਸੇ ਸਮੇਟਣੀ ਏਂ।
ਜਿਹੜੀ ਖ਼ਾਕ ਥੀਂ ਹੋਈ 'ਫ਼ਕੀਰ' ਪੈਦਾ, ਓਸੇ ਖ਼ਾਕ ਵਿਚ ਦੇਹੀ ਇਹ ਲੇਟਣੀ ਏਂ।

ਹੋਸਨ ਗੁੰਮ ਰਸਤੇ ਸਣੇ ਰਾਹਬਰਾਂ ਦੇ, ਰਹਿਸੀ ਨੂਰ ਬਾਕੀ ਨਾ ਜ਼ੁਲਮਾਤ ਬਾਕੀ।
ਜ਼ੁਲਕੁਰਨੈਣ ਵਾਂਗੂੰ ਓੜਕ ਵਿਚ ਦੁਨੀਆ, ਰਹਿਸੀ ਖ਼ਿਜ਼ਰ ਨਾ ਆਬੇ ਹਿਆਤ ਬਾਕੀ।
ਜਾਸਨ ਸ਼ਾਮਾਂ, ਦੁਪਹਿਰਾਂ ਗਵਾਚ ਕਿਧਰੇ, ਰਹਿਸੀ ਰਾਤ ਬਾਕੀ ਨਾ ਪ੍ਰਭਾਤ ਬਾਕੀ।
ਸਦਾ ਰਹਿਣ ਲਈ ਓੜਕ 'ਫ਼ਕੀਰ' ਰਹਿਦੀ, ਸਦਾ ਰਹਿਣ ਵਾਲੇ ਦੀ ਹੀ ਜ਼ਾਤ ਬਾਕੀ।

ਰਾਤਾਂ ਹਸਦੀਆਂ ਦੇ ਰੋਏ ਦਿਨ ਇੱਥੇ, ਰੋਂਦੇ ਦਿਨਾਂ ਦੀਆਂ ਰਾਤਾਂ ਹੱਸੀਆਂ ਨੇ।
ਇੱਥੇ ਜਿਹੜੀਆਂ ਵਸਤੀਆਂ ਵੱਸੀਆਂ ਨੇ ਉਂਜੇ ਰੋਂਦੀਆਂ ਹਸਦੀਆਂ ਵੱਸੀਆਂ ਨੇ।
ਰੜਕਾਂ ਦਿਲਾਂ ਦੀਆਂ ਦਿਲਾਂ ਵਿਚ ਰਹੀਆਂ, ਕਿਸੇ ਪੁੱਛਿਆ ਨਾ ਕਿਸੇ ਦੱਸਿਆ ਨੇ।
ਖੋਲ੍ਹਣ ਲੱਕ 'ਫ਼ਕੀਰ' ਪਏ ਆਉਣ ਵਾਲੇ, ਜਾਣ ਵਾਲਿਆਂ ਨੇ ਕਮਰਾਂ ਕੱਸੀਆਂ ਨੇ।

ਸ਼ਾਨਾ ਕਿਸੇ ਦੇ ਨਹੀਂ ਡਿੰਗੇ ਚੀਰ ਦਾ ਮੈਂ, ਮੋਤੀ ਜ਼ੁਲਫ਼ ਦੀ ਰੇਸ਼ਮੀ ਤਾਰ ਦਾ ਨਹੀਂ।
ਸੁਰਮਾ ਕਿਸੇ ਦੇ ਨਹੀਂ ਨੈਣਾਂ ਖ਼ੀਵਿਆਂ ਦਾ, ਖ਼ਾਲ ਕਿਸੇ ਦੇ ਸ਼ੋਖ਼ ਰੁਖ਼ਸਾਰ ਦਾ ਨਹੀਂ।
ਗਜਰਾ ਕਿਸੇ ਦੇ ਹੱਥ ਮਲੂਕ ਦਾ ਨਾ, ਫੁੱਲ ਕਿਸੇ ਦੇ ਹਾਰ-ਸ਼ਿੰਗਾਰ ਦਾ ਨਹੀਂ।
ਪਾਉਂਦੇ ਗਾਹਕ ਕੀ ਮੁੱਲ 'ਫ਼ਕੀਰ' ਮੇਰਾ, ਬਣਿਆ ਕਦੀ ਮੈਂ ਮੁੱਲ ਬਾਜ਼ਾਰ ਦਾ ਨਹੀਂ।

ਕੋਇਲਾਂ, ਬੁਲਬੁਲਾਂ, ਕਮਰੀਆਂ ਰਾਹ ਤੱਕਣ, ਦਿਲ ਨੂੰ ਇਨ੍ਹਾਂ ਦੇ ਕਿਵੇਂ ਕਰਾਰ ਆਵੇ।
ਕਲੀਆਂ, ਫੁੱਲ, ਵੇਲਾਂ ਪੱਤਰ ਮੁੰਤਜ਼ਿਰ ਨੇ, ਤੁਸੀਂ ਆਉ ਤੇ ਬਾਗ਼ੇ ਬਹਾਰ ਆਵੇ।
ਗਰਦਿਸ਼ ਕਰੇ ਬਿਨ ਸਾਕੀ ਦੇ ਜਾਮ ਕੀਕਣ, ਬਾਝ ਜਾਮ ਦੇ ਕਿਵੇਂ ਖ਼ੁਮਾਰ ਆਵੇ।
ਖ਼ੁਸ਼ੀਆਂ ਜਰਨ ਦਿਲ ਦੇ ਗ਼ਮ'ਫ਼ਕੀਰ'ਕੀਕਣ,ਜਦ ਤੀਕ ਨਾ ਦਰਦੀ ਗ਼ਮਗੁਸਾਰ ਆਵੇ।

ਇੱਜ਼ਤ ਉਹ, ਉਹ ਸਬਰ ਤੇ ਸਿਦਕ ਯਾਰੋ, ਅੱਜ ਉਹ ਦਿਲ ਕਿੱਥੇ ਉਹ ਈਮਾਨ ਕਿੱਥੇ।
ਕਿੱਥੇ ਗਏ ਅਜ ਉਹ ਲੋਕ ਸੁਨਣ ਵਾਲੇ, ਅਤੇ ਅਮਲ ਦੇ ਦਿਲੀ ਅਰਮਾਨ ਕਿੱਥੇ।
ਕਿੱਥੇ ਗਈਆਂ ਉਹ ਕੁਰਬਤਾਂ ਅਤੇ ਕਾਰੀ, ਕਿੱਥੇ ਵਾਅਜ਼ ਤੇ ਹਾਫ਼ਿਜ਼ ਕੁਰਆਨ ਕਿੱਥੇ।
ਜ਼ਰਾ ਪੁੱਛ 'ਫ਼ਕੀਰ' ਚਾ ਗ਼ਾਜ਼ੀਆਂ ਨੂੰ, ਅੱਜ ਉਹ ਗਏ ਗ਼ਾਜ਼ੀ ਮੁਸਲਮਾਨ ਕਿੱਥੇ।

ਪੱਥਰ ਹੀਰਿਆਂ ਵਾਂਗ ਚਮਕਾ ਦਿੱਤੇ, ਹੀਰੇ ਨਿਕਲ ਹਿਰਾ ਦੀ ਕਾਨ ਵਿੱਚੋਂ।
ਪੈ ਗਏ ਸਿਜਦਿਆਂ ਵਿਚ ਮਗ਼ਰੂਰ ਮੱਥੇ, ਕਿਬਲਾ ਵੇਖ ਕਾਅਬੇ ਦੀ ਢਲਾਨ ਵਿੱਚੋਂ।
ਹਰ ਇਕ ਆਇਤ ਕੁਰਆਨ ਦੀ ਨਿਕਲ ਆਈ,ਮੂਹੋਂ ਬੋਲਦੀ ਨਾਤਿਕ ਕੁਰਆਨ ਵਿੱਚੋਂ।
ਚੁੰਮਨ ਮੂੰਹ ਧਰਤੀ ਦਾ 'ਫ਼ਕੀਰ' ਆਇਆ, ਉਤਰ ਅਰਸ਼ ਦਾ ਮਾਨ ਅਸਮਾਨ ਵਿੱਚੋਂ।

ਪਲ ਦੀ ਪਲ ਵੇਖਣ ਲਈ ਨਾਲ ਅੱਖਾਂ ਨਬੀ ਪਾਕ ਦੀ ਸ਼ਾਨ ਜ਼ਮੀਨ ਉੱਤੇ।
ਉੱਚਾ ਹੋ ਨਾ ਸਕਿਆ ਅੱਜ ਤੋੜੀ ਝੁਕਿਆ ਜਿਹਾ ਅਸਮਾਨ ਜ਼ਮੀਨ ਉੱਤੇ।
ਚਾਨਣ ਚੰਨ ਦਾ ਵੇਖ ਜਮਾਲ ਨੂਰੀ, ਫਿਰੇ ਪਿਆ ਹੈਰਾਨ ਜ਼ਮੀਨ ਉੱਤੇ।
ਹੋਇਆ ਵੱਧ 'ਫ਼ਕੀਰ' ਫ਼ਰਿਸ਼ਤਿਆਂ ਤੋਂ, ਸੁਰਖ਼ਰੂ ਇਨਸਾਨ ਜ਼ਮੀਨ ਉੱਤੇ।

ਮੁੱਲ਼ਾਂ ਕੋਲ ਤਬਾਖੜੀਆਂ ਦਾ ਸੀ ਇਕ ਜੋਟਾ ਲੱਭਦਾ ਨਹੀਂ।
ਟੋਪੀ ਨਹੀਂ ਦਰਵੇਸ਼ ਦੀ ਲੱਭਦੀ ਹਾਫ਼ਿਜ਼ ਦਾ ਸੋਟਾ ਲੱਭਦਾ ਨਹੀਂ।
ਰੋਜ਼ 'ਫ਼ਕੀਰ' ਮਸੀਤੇ ਕੋਈ ਪੜ੍ਹ ਪੁਖ਼ਤ ਨਮਾਜ਼ੀ ਆਉਂਦਾ ਏ,
ਕੱਲ ਇਕ ਫੂਹੜ ਗਵਾਚ ਗਿਆ ਤੇ ਅੱਜ ਇਕ ਲੋਟਾ ਲੱਭਦਾ ਨਹੀਂ।

  • ਮੁੱਖ ਪੰਨਾ : ਸੰਪੂਰਣ ਕਾਵਿ, ਡਾ. ਫ਼ਕੀਰ ਮੁਹੰਮਦ 'ਫ਼ਕੀਰ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ