Do Misre : Dr Faqeer Muhammad Faqeer

ਦੋ ਮਿਸਰੇ : ਡਾ. ਫ਼ਕੀਰ ਮੁਹੰਮਦ 'ਫ਼ਕੀਰ'

ਦੋ ਮਿਸਰੇ

ਰੱਖੀਂ ਲੋਕਾਂ ਨਾਲ 'ਫ਼ਕੀਰਾ' ਐਸਾ ਬਹਿਣ ਖਲੋਣ।
ਕੋਲ ਹੋਵੇਂ ਤੇ ਹੱਸਣ ਸਾਰੇ ਨਾ ਹੋਵੇਂ ਤੇ ਰੋਣ।

ਦੁਖਿਆਰਾਂ ਦੇ ਦੁੱਖਾਂ ਦੇ ਵਿਚ ਜਿੰਦਾਂ ਜਾਲਣ ਵਾਲੇ।
ਵਸਦੇ ਰਹਿਣ ਉਜਾੜਾਂ ਦੇ ਵਿਚ ਦੀਵੇ ਬਾਲਣ ਵਾਲੇ।

ਬਾਝ ਅਜਜ਼ ਨਾ ਮਿਲੇ 'ਫ਼ਕੀਰਾ' ਬੰਦੇ ਨੂੰ ਵਡਿਆਈ।
ਰਲਕੇ ਇਲਮ ਦੇ ਨਾਲ ਤਕੱਬਰ ਰਹਿਣ ਨਾ ਦੇ ਵਡਿਆਈ।

ਬਣਦਾ ਏ ਮੁਤਾਕੱਬਰ ਬੰਦਾ ਰਹਿ ਕੇ ਅਜਜ਼ੋਂ ਦੂਰ।
ਨੇਕ ਨਸੀਹਤ ਦਾ ਇਨਕਾਰੀ ਕਰਦਾ ਕਬਰ ਜ਼ਰੂਰ।

ਫ਼ਾਨੀ ਦੁਨੀਆ ਦੇ ਵਿਚ ਵੱਡਾ ਆਪ ਨੂੰ ਜਾਨਣ ਕੱਬ।
ਵੱਡਾ ਦੋਹਾਂ ਜਹਾਨਾਂ ਦੇ ਵਿਚ ਜਾਨ 'ਫ਼ਕੀਰਾ' ਰੱਬ।

ਰਹਿਣੀ ਸਦਾ ਸਫ਼ਾਈ ਦਿਲ ਦੀ ਭਲੀ 'ਫ਼ਕੀਰਾ' ਰੀਤ,
ਦਿਲ ਜੇ ਪਾਕ ਨਾ ਹੋਵੇ ਹੋਵੇ ਸਾਰਾ ਬਦਨ ਪਲੀਤ।

ਕਿੱਥੇ ਗਏ ਉਹ ਲੋਕ 'ਫ਼ਕੀਰਾ' ਵਸਦਾ ਛੱਡ ਜਹਾਨ।
ਵੱਡੀਆਂ ਉਮਰਾਂ ਸਨ ਜਿਨ੍ਹਾਂ ਦੀਆਂ ਉੱਚੇ ਸਨ ਨਿਸ਼ਾਨ।

ਬੇਹਾਲਾਂ ਨੂੰ ਜਿਨ੍ਹਾਂ 'ਫ਼ਕੀਰਾਂ' ਦਿੱਤੀ ਕਦੇ ਅਮਾਨ।
ਕਿੱਥੇ ਗਏ ਉਹ ਆਦਿਲ ਹਾਕਮ ਪਿੱਛੇ ਛੱਡ ਜਹਾਨ।

ਵਸਦਾ ਜੱਗ ਹਾਸਿਦ ਦਾ ਹੁੰਦਾ ਅੰਤ 'ਫ਼ਕੀਰ' ਉਜਾੜ।
ਪੱਥਰ ਹਸਦ ਦਾ ਦਿੰਦਾ ਹਾਸਿਦ ਦਾ ਈ ਮੱਥਾ ਪਾੜ।

ਆਕੜ ਖ਼ਾਨੀ ਬੰਦੇ ਦੀ ਵਿਚ ਦੁਨੀਆ ਕਦਰ ਘਟਾਏ।
ਨਾਲ ਖ਼ਲਕ ਦੇ ਖ਼ਲਕ 'ਫ਼ਕੀਰਾ' ਖ਼ਾਲਿਕ ਨਾਲ ਮਿਲਾਏ।

ਸੋਭਾ ਦੇ ਸਿਰ ਚੜ੍ਹ ਕੇ ਬੋਲੇ ਬੰਦੇ ਦੀ ਤਾਰੀਫ਼।
ਰੱਖੇ ਫ਼ਜ਼ਲ ਕਮਾਲ 'ਫ਼ਕੀਰਾ' ਅਪਣੇ ਕੋਲ ਸ਼ਰੀਫ਼।

ਹਿਰਸੀ ਦੇ ਨਾਲ ਹਿਰਸਾਂ ਕੋਈ ਭਰ ਸਕੇ ਨਾ ਪੋਟ।
ਐਬੀ ਭੈੜਾ ਦਿਲ ਵਿਚ ਰੱਖੇ ਸਦਾ 'ਫ਼ਕੀਰਾ' ਖੋਟ।

ਹਾਲ ਹੈਰਾਨ ਹਮੇਸ਼ਾ ਰਹਿੰਦਾ ਮੂਰਖ਼ ਨੁਕਤਾਚੀਨ।
ਵਿਚ ਹਨੇਰੇ ਦਿਲਾਂ 'ਫ਼ਕੀਰਾ' ਚਾਨਣ ਕਰੇ ਯਕੀਨ।

ਲੋਭੀ ਹਿਰਸਾਂ ਨੂੰ ਗਲ ਲਾਵਣ ਸਾਬਰ ਦੇਣ ਤਲਾਕ।
ਰੋਜ਼ੀ ਦਿੱਤੀ ਵੰਡ 'ਫ਼ਕੀਰਾ' ਪਹਿਲੇ ਦਿਨੋਂ ਰੱਜ਼ਾਕ।

ਮੁੱਢ ਕਦੀਮੋਂ ਅਮਰ ਰਜ਼ਾ ਦਾ ਮਹਿਕਮ ਏ ਦਸਤੂਰ।
ਮੰਨ ਲਿਆਂ ਤਕਦੀਰ 'ਫ਼ਕੀਰਾ' ਗ਼ਮ ਹੁੰਦੇ ਨੇ ਦੂਰ।

ਵਧਦੇ ਜੱਗ ਪਵਾੜੇ ਜਾਣੇ ਵਧਦੇ ਦੌਲ਼ਤ ਦਮ।
ਕੱਠਾ ਕਰਕੇ ਮਾਲ 'ਫ਼ਕੀਰਾ' ਨਾ ਕਰ ਕੱਠਾ ਗ਼ਮ।

ਸੁੱਕਾ ਤੀਲਾ ਬਣ ਕੇ ਭੁਰਦੀ ਕੱਲਰ ਲਾਈ ਦਾਬ।
ਮੂਰਖ਼ ਦੀ ਏ ਸਾਂਝ 'ਫ਼ਕੀਰਾ' ਕਰਦੀ ਅਕਲ ਖ਼ਰਾਬ।

ਬਖ਼ਲ-ਬਖ਼ੇਲਾ ਬੁਰਿਆਂ ਨੂੰ ਏ ਲਾਉਂਦਾ ਐਬ ਹਜ਼ਾਰ।
ਨਾਲ ਸਖ਼ਾਵਤ ਸਖ਼ੀ 'ਫ਼ਕੀਰਾ' ਬਣਦਾ ਏ ਸਰਦਾਰ।

ਥੱਕੇ ਕੱਟ ਵਗਾਰ ਵਗਾਰੀ ਕਰਨ ਕਿਵੇਂ ਮੁੜ ਕਾਰ।
ਲਾਏ ਮੁੱਦਤ ਬਾਅਦ 'ਫ਼ਕੀਰਾ' ਦਰਬਾਨਾਂ ਦਰਬਾਰ।

ਦੁੱਖਾਂ ਦੇ ਵਿਚ ਕਰਨ ਨਾ ਦਰਦੀ ਕਦੀ 'ਫ਼ਕੀਰਾ' ਸੀ।
ਯਾਰੀ ਸੁੱਖ ਦੀ ਸਾਥਣ ਝਗੜਾ ਬੁਰਾ ਬਦੀ ਦਾ ਬੀ।

ਜੀਭ ਮਤਾਨਾ ਘੋੜਾ ਕਰਦਾ ਅੰਨ੍ਹੀ ਮਾਰੋ ਮਾਰ।
ਡਿਗ ਇਹਦੇ ਤੋਂ ਕਦੀ ਨਾ ਉਠਦਾ ਏ ਇਹਦਾ ਅਸਵਾਰ।

ਸੱਚ ਇਲਮ ਦੀ ਜੀਭ 'ਫ਼ਕੀਰਾ' ਕਰਦੀ ਸੱਚੀ ਗੱਲ।
ਬੋਲਣ ਲੱਗੀ ਗੱਲੇ ਗੱਲੇ ਝੂਠੇ ਪਾਉਂਦੀ ਵੱਲ।

ਬੋਲ ਉਜਾੜਾ ਜੀਭ ਤੇਰੀ ਦਾ ਚੁੱਪ ਫ਼ਿਕਰ ਦਾ ਬਾਗ਼।
ਦਿਲੀ ਤਸੱਵਰ ਬੁੱਤ 'ਫ਼ਕੀਰਾ' ਜ਼ੁਹਦ ਦੇ ਦਿਲ ਦਾ ਦਾਗ਼।

ਹਸਬ ਨਸਬ ਦੇ ਕੈਦੀ ਕਾਮੇ ਅਕਲ ਇਲਮ ਸਰਦਾਰ।
ਮਿਲੇ ਹਿਆਤੀ ਅਕਲੋਂ ਇਲਮੋਂ ਹਸਬ ਨਸਬ ਮੁਰਦਾਰ।

ਦੌਲਤ ਦੇ ਫੁੱਲ ਖਿੜਦੇ ਖਿੜਦੇ ਤਿੜਕਣ ਬਣ ਕੇ ਖ਼ਾਰ।
ਬਾਗ਼ ਇਲਮ ਦੇ ਵਿੱਚ 'ਫ਼ਕੀਰਾ' ਰਹਿੰਦੀ ਸਦਾ ਬਹਾਰ।

ਕਾਰੇ ਲੱਗਾ ਨਿੱਘਾ ਹੋਵੇ ਕਾਮਾ ਤੇ ਮਜ਼ਦੂਰ।
ਐਵੇਂ ਭੁੱਲਾ ਰਹਵੇ 'ਫ਼ਕੀਰਾ' ਆਸਾਂ ਤੇ ਮਗ਼ਰੂਰ।

ਪੰਡਤ, ਭਾਈ, ਮੁੱਲਾਂ, ਕਾਜ਼ੀ, ਸੂਫ਼ੀ ਤੇ ਦਰਵੇਸ਼।
ਮਿਲੇ ਕਿਸੇ ਨੂੰ ਕਦੋਂ 'ਫ਼ਕੀਰਾ' ਇੱਥੇ ਰਹਿਣ ਹਮੇਸ਼।

ਵਰਤ ਗਈ ਤਕਦੀਰ 'ਫ਼ਕੀਰਾ' ਕੋਈ ਨਾ ਸਕੇ ਰੋਕ।
ਆਪ ਅਪਣੀ ਕੀਤੀ ਤਦਬੀਰੋਂ ਮਾਰੇ ਜਾਵਣ ਲੋਕ।

ਮੂੰਹੋਂ ਨਿਕਲੀ ਗੱਲ ਨਾ ਮੁੜਦੀ ਜੁੜੇ ਨਾ ਟੁੱਟਾ ਪਾਨ।
ਰਾਸ ਨਾ ਆਵੇ ਕਦੀ 'ਫ਼ਕੀਰਾ' ਅਕਲੋਂ ਵਧੀ ਜ਼ੁਬਾਨ।

ਗਲ ਕੱਚੀ ਤੇ ਦੁਨੀਆ ਕੱਚੀ ਛੱਲੀ ਵਾਂਗ ਧਰੂ।
ਝੂਠ 'ਫ਼ਕੀਰਾ' ਨਿਰੀ ਖ਼ੁਆਰੀ ਸੱਚ ਇੱਜ਼ਤ ਆਬਰੂ।

ਦਾਨਾ ਕਾਜ ਸਵਾਰੇ ਹੱਥੀਂ ਕਰਕੇ ਕੋਈ ਤਦਬੀਰ।
ਮੂਰਖ਼ ਦੀ ਏ ਜੀਭ 'ਫ਼ਕੀਰਾ' ਮੂਰਖ਼ ਦੀ ਤਦਬੀਰ।

ਜੀ ਜੀ ਕਰਦਿਆਂ ਜੀਆਂ ਕੋਲੋਂ ਲਗਦੀ ਛਿੱਤਰ ਖਾਣ।
ਵਧ ਕੇ ਛਿੱਤਰ ਵਾਂਗ 'ਫ਼ਕੀਰਾ ਬੋਲੇ ਜਦੋਂ ਜ਼ੁਬਾਨ।

ਕਾਲੀਆਂ ਸ਼ਾਮਾਂ ਦੇ ਚਮਕਾਵਣ ਸਰਘੀਆਂ ਕਾਲੇ ਲੇਖ।
ਆਸ ਧਮੀਂ ਦੀ ਲਾਵਣ ਅੱਖਾਂ ਨੀਲੇ ਤਾਰੇ ਵੇਖ।

ਉੱਜੜਦੇ ਨੇ ਲਾ ਕੇ ਐਵੇਂ ਝੂਠੀ ਯਾਰੀ ਕਬ।
ਸੱਚੀ ਯਾਰੀ ਵਿਚ 'ਫ਼ਕੀਰਾ' ਬਰਕਤ ਪਾਉਂਦਾ ਰੱਬ।

ਅੱਜ ਅਮਲ ਦਾ ਵੇਲਾ ਸੋਹਣਾ ਬਾਝ ਹਿਸਾਬ ਕਿਤਾਬ।
ਕੱਲ੍ਹ ਅਮਲ ਨਾ ਹੋਗ 'ਫ਼ਕੀਰਾ' ਹੋਸੀ ਨਿਰਾ ਹਿਸਾਬ।

ਕੱਲ ਉਡੀਕਣ ਬਹਿ ਨਾ ਬੰਨ ਲੈ ਅੱਜੋ ਕੱਲ੍ਹ ਦੀ ਠੁੱਕ।
ਘੜੀਆਂ ਬੀਤਣ ਨਾਲ 'ਫ਼ਕੀਰਾ' ਉਮਰਾਂ ਜਾਵਣ ਮੁੱਕ।

ਆਹਲਕ ਮਾਰਿਆ ਗੱਪੀ ਉਹੋ ਉਹੋ ਏ ਕੰਮ ਚੋਰ।
ਇਲਮ ਜੀਹਦਾ ਏ ਹੋਰ 'ਫ਼ਕੀਰਾ' ਅਮਲ ਜੀਹਦਾ ਏ ਹੋਰ।

ਪਰਜਾ ਦਾ ਏ ਹੇਠਾ ਹੁੰਦਾ ਹਰ ਰਾਜੇ ਦਾ ਰਾਜ।
ਵੇਖੇ ਸਾਰੇ ਸਖ਼ੀ 'ਫ਼ਕੀਰਾ' ਮੰਗਤਿਆਂ ਦੇ ਮੁਹਤਾਜ।

ਲੈਂਦਾ ਦਿੰਦਾ ਭਰਵੇਂ ਊਣੇਂ ਟੋਪੇ ਨਾ ਪਿਆ ਨਾਪ।
ਰੋਜ਼ੀ ਤੇਰੀ ਤੈਨੂੰ ਲੱਭਦੀ ਫ਼ਿਰੇ 'ਫ਼ਕੀਰਾ' ਆਪ।

ਥੱਕੇ ਸਖ਼ੀ ਨਾ ਹੱਥੋਂ ਦਿੰਦਾ ਮੰਗਤਾ ਕਰੇ ਸਵਾਲ।
ਮੂਰਖ਼ ਲੋੜੇ ਮਾਲ 'ਫ਼ਕੀਰਾ' ਦਾਨਸ਼ਮੰਦ ਕਮਾਲ।

ਭੌਂਦਾ ਫਿਰਦਾ ਨਾਲ ਲਟੋਰਾਂ ਕਾਮਾ ਬਣੇ ਲਟੋਰ।
ਚੋਰਾਂ ਦੀ ਸੰਗਤ ਥੀਂ ਬਣਦਾ ਸਾਧ 'ਫ਼ਕੀਰਾ' ਚੋਰ।

ਠਹਿਰ 'ਫ਼ਕੀਰਾ' ਕਾਹਲਿਆ ਫੋਲੀਂ ਐਬ ਕਿਸੇ ਦੇ ਫੇਰ।
ਪਹਿਲੋਂ ਅਪਣੀ ਮੰਜੀ ਹੇਠਾਂ ਜ਼ਰਾ ਡੰਗੋਰੀ ਫੇਰ।

ਦਿਨ ਦੁਨੀਆ ਦਾ ਢਲ ਕੇ ਹੋਵੇ ਤੁਰਤ 'ਫ਼ਕੀਰਾ' ਸ਼ਾਮ।
ਬਹੁਤੀ ਭੰਡੀ ਖ਼ੁਆਰੀ ਇਹਦੀ ਥੋੜੀ ਐਸ਼ ਆਰਾਮ।

ਸ਼ਖ਼ੀ ਸਖ਼ਾਵਤ ਕਰਦੇ ਹੱਥੀਂ ਮੰਗਤੇ ਰਹਿਣ ਅਧੀਨ।
ਮੁਨਸਫ਼ ਸਾਊ ਹੋਣ 'ਫ਼ਕੀਰਾ' ਜ਼ਾਲਮ ਹੋਣ ਕਮੀਨ।

ਸ਼ੱਦਾਦਾਂ, ਨਮਰੂਦਾਂ ਵਿੱਚੋਂ ਇੱਥੇ ਰਹਿ ਗਿਆ ਕੌਣ।
ਕਿੱਥੇ ਵੱਸੇ ਜਾ 'ਫ਼ਕੀਰਾ' ਕਾਰੂਨ ਤੇ ਫ਼ਿਰਔਣ।

ਨਫ਼ਾ ਨਾ ਮਿਲਦਾ ਕੰਮੋਂ ਜਦ ਤੱਕ ਜਰੀਏ ਨਾ ਨੁਕਸਾਨ।
ਵਖ਼ਤਾਂ ਬਾਝ ਨਾ ਹੋਣ 'ਫ਼ਕੀਰਾ' ਇੱਜ਼ਤ ਦੇ ਸਾਮਾਨ।

ਸੌ ਸੁਣਿਆਂ ਤੋਂ ਪੱਕਾ ਪੀਡਾ ਦਿਸਦਾ ਇਕ ਨਿਸ਼ਾਨ।
ਨਫ਼ਾ ਥੋਰੇੜਾ ਅਮਲ 'ਫ਼ਕੀਰਾ' ਬਹੁਤਾ ਇਲਮ ਜ਼ੁਬਾਨ।

ਜਿਉਂਦੇ ਮੋਏ ਤਾਹਣ 'ਫ਼ਕੀਰਾ' ਝੂਠੇ ਗ਼ਰਜ਼ੀ ਯਾਰ।
ਖੇਹ ਹੁੰਦੀ ਏ ਭੁੱਜੀ ਹੋਈ ਸਾੜੇ ਬਲਦੀ ਨਾਰ।

ਛੱਡ ਨਿਮਾਣੀ ਸ਼ਾਹੀ ਦੀ ਨਾ ਗੱਲ 'ਫ਼ਕੀਰਾ' ਫੋਲ।
ਤਖ਼ਤ ਬਣੇ ਸਭ ਤਖ਼ਤੇ ਓੜਕ ਤਾਜ ਬਣੇ ਕਚਕੋਲ।

ਮੰਨਣ ਵਾਲਾ ਦੂਰੋਂ ਖੜ੍ਹ ਕੇ ਗੱਲ ਸੁਣੇ ਮੰਨ ਲਏ।
ਮੁਨਕਰ ਦੇ ਵਿਚ ਕੰਨ 'ਫ਼ਕੀਰਾ' ਪਾਈ ਗੱਲ ਨਾ ਪਏ।

ਵੇਖ ਉਹਦੇ ਚਾਨਣ ਵਿਚ ਰਸਤਾ ਦਾਨਾ ਚੜ੍ਹਦਾ ਚੰਨ।
ਮੂਰਖ਼ ਦੀ ਕੋਈ ਗੱਲ 'ਫ਼ਕੀਰਾ' ਭੁੱਲ ਕੇ ਕਦੀ ਨਾ ਮੰਨ।

ਵੇਖੇ ਯਾਰਾਂ ਵਾਂਗੂੰ ਕਰਦੇ ਬਹੁਤੇ ਦੁਸ਼ਮਣ ਚੰਗ।
ਬਹੁਤੇ ਯਾਰ 'ਫ਼ਕੀਰਾ' ਮਾਰਣ ਸੱਪਾਂ ਵਾਂਗੂੰ ਡੰਗ।

ਬਹੁਤੇ ਹੋਣ ਪਰਾਏ ਵਰਤਨ ਸਾਕਾਂ ਦਾ ਦਸਤੂਰ।
ਬਹੁਤੇ ਸਾਕ ਪਰਾਇਆਂ ਨਾਲੋਂ ਹੋਣ 'ਫ਼ਕੀਰਾ' ਦੂਰ।

ਬਹੁਤਾ ਮਾਰੇ ਦੁਨੀਆ ਕਰਦੀ ਥੋੜੀ ਟਹਿਲ ਟਕੋਰ।
ਕੁੱਛੜ ਬਾਲ ਖਿਡਾ 'ਫ਼ਕੀਰਾ' ਜਾ ਪਾਉਂਦੀ ਵਿਚ ਗੋਰ।

ਬਹੁਤੇ ਸ਼ਾਹ ਭੇਡਾਂ ਦੇ ਲੇਲੇ ਵਾੜੇ ਲੈਂਦੇ ਘੇਰ।
ਬਹੁਤੇ ਹੋਣ ਫ਼ਕੀਰ 'ਫ਼ਕੀਰਾ' ਮਰਦ ਦਿਲਾਵਰ ਸ਼ੇਰ।

ਬਹੁਤੀ ਵਹਿਲਕ ਬਣੇ ਅਖ਼ੀਰੀ ਕਰਨਾ ਬਹੁਤਾ ਕੰਮ।
ਬਹੁਤੀ ਖ਼ੁਸ਼ੀ 'ਫ਼ਕੀਰਾ' ਓੜਕ ਬਣਦੀ ਬਹੁਤਾ ਗ਼ਮ।

ਬਹੁਤੇ ਦਾਰੂ ਦਰਮਲ ਐਵੇਂ ਬਹੁਤੇ ਰੋਗ ਵਧਾਣ।
ਬਹੁਤੇ ਰੋਗਾਂ ਨਾਲ 'ਫ਼ਕੀਰਾ' ਤਕੜਾ ਰਹੇ ਇਨਸਾਨ।

ਲੰਘੇ ਅੱਜ ਉਹ ਇੰਜ 'ਫ਼ਕੀਰਾ' ਛੱਡ ਤੱਸੇ ਤਿਰਹਾਏ।
ਸੋਕੇ ਤੋਂ ਜਿਉਂ ਭਰਵਾਂ ਬੱਦਲ ਚੁੱਪ ਕਰਕੇ ਲੰਘ ਜਾਏ।

ਪਰਬਤ ਵੱਲੋਂ ਸਰਦ ਹਵਾਵਾਂ ਆਉਂਦੇ ਬੱਦਲ ਘੇਰ।
ਆਈਆਂ ਨੇ ਵਿਚ ਬਾਗ਼ 'ਫ਼ਕੀਰਾ' ਵੇਖ ਹਵਾਵਾਂ ਫੇਰ।

ਨਿਕਲਣ ਦੇਣ ਵਪਾਰੀ ਨੂੰ ਨਾ ਦੇ ਕੇ ਸੌਦੇ ਹੇਠ।
ਵਿੱਚੋਂ ਕਾਲੇ ਚੋਰ 'ਫ਼ਕੀਰਾ' ਉੱਤੋਂ ਗੋਰੇ ਸੇਠ।

ਡਾਕੂਆਂ ਕੋਲੋਂ ਲੁੱਟੇ ਜਾਵਣ ਚੋਰੀ ਕਰਦੇ ਚੋਰ।
ਨੇਕ ਸਲੂਕਾਂ ਨਾਲ 'ਫ਼ਕੀਰਾ' ਨਿਅਮਤ ਵਧਦੀ ਹੋਰ।

ਕਰੇ ਬਚਾਅ ਦਾ ਹੀਲਾ ਜਿਹੜਾ ਬੰਦਾ ਨਾਲ ਵਿਚਾਰ।
ਓਸੇ ਹੀਲੇ ਨਾਲ 'ਫ਼ਕੀਰਾ' ਡਿੱਗੇ ਮੂੰਹ ਦੇ ਭਾਰ।

ਖ਼ਲਕ ਸਖ਼ਾਵਤ ਦੇ ਰਾਹ ਟੁਰਦਾ ਰਾਹੀ ਏ ਸਰਦਾਰ।
ਦਿਲੀ ਦੁਆਵਾਂ ਹੋਣ 'ਫ਼ਕੀਰਾ' ਮੋਮਨ ਦੇ ਹਥਿਆਰ।

ਭੱਜਾ ਭੇਤ 'ਫ਼ਕੀਰਾ' ਦਿੰਦਾ ਸਾਰਾ ਕੰਮ ਵਿਗਾੜ।
ਮੂਰਖ਼ ਆਪੇ ਨੰਗਾ ਫਿਰਦਾ ਲੀੜੇ ਤਨ ਦੇ ਪਾੜ।

ਲਾਲਚ ਨਾਲ ਬਣੇ ਸਰਦਾਰੀ ਕਾਮੀ ਖ਼ਿਦਮਤਗਾਰ।
ਲਾਲਚ ਦੀ ਏ ਲਾਗ 'ਫ਼ਕੀਰਾ' ਦਿੰਦੀ ਮੱਤਾਂ ਮਾਰ।

ਟੁਰਦਾ ਚੱਲ 'ਫ਼ਕੀਰਾ' ਰਾਹ ਵਿਚ ਬਹਿਕੇ ਮਾਰ ਨਾ ਹਾਅ।
ਟੁਰਦਿਆਂ ਜਾਂਦਿਆਂ ਨੂੰ ਰਾਹ ਆਪੇ ਦਿੰਦਾ ਰਹਵੇ ਰਾਹ।

ਘਾਟੇ ਵਾਲੇ ਸੌਦੇ ਵਿੱਚੋਂ ਮਿਲਦਾ ਨਫ਼ਾ ਨਾ ਮੂਲ।
ਕਰਨ ਕਿਥਾਵਾਂ ਖ਼ਰਚ 'ਫ਼ਕੀਰਾ' ਰੋੜ੍ਹਣ ਦਾਮ ਫ਼ਜ਼ੂਲ।

ਮਗਰ ਉਨ੍ਹਾਂ ਦੇ ਫ਼ੌਜ 'ਫ਼ਕੀਰਾ' ਰਹੀ ਕਰਦੀ ਵਿਰਲਾਪ।
ਲਸ਼ਕਰ ਮਾਰ ਨਸਾਵਣ ਵਾਲੇ ਕਿੱਧਰ ਨੱਸੇ ਆਪ।

ਹਿਰਸੀ ਭੈੜਾ ਹਿਰਸਾਂ ਵੱਲੋਂ ਕਰਦਾ ਕਦੀ ਨਾ ਬਸ।
ਹੋਵੀਂ ਨਾ ਮਜਬੂਰ 'ਫ਼ਕੀਰਾ' ਪੈ ਲੋਭਾਂ ਦੇ ਵਸ।

ਮਾੜੇ ਹੋਛੇ ਹੋਣ 'ਫ਼ਕੀਰਾ' ਡਰਦੇ ਰਹਿਣ ਜ਼ਈਫ਼।
ਹਸਮੁਖ ਦਿਲ ਦੇ ਖੁੱਲ੍ਹੇ-ਡੁੱਲਹੇ ਰਹਿੰਦੇ ਨੇਕ ਸ਼ਰੀਫ਼।

ਮਾਨ ਕਿਥਾਵਾਂ ਕਰਨਾ ਐਵੇਂ ਮਾਨ ਪਰਾਏ ਦੇਸ।
ਕੋਝੇ ਅਮਲਾਂ ਨਾਲ 'ਫ਼ਕੀਰਾ' ਮਰਦਾ ਸੋਹਣਾ ਦੇਸ।

ਪੁੱਠੇ ਚਾਲੇ ਲੱਗ ਨਾ ਐਵੇਂ ਸਮਝ 'ਫ਼ਕੀਰਾ' ਚਾਲ।
ਭੇਤ ਪਰਾਏ ਦੱਸਣ ਵਾਲਾ ਭੇਤੀ ਰੱਖ ਨਾ ਨਾਲ।

ਚੰਗੇ ਮੰਦੇ ਅਮਲੋਂ ਹੁੰਦਾ ਚੰਗਾ ਮੰਦਾ ਹਾਲ।
ਬਦੀਉਂ ਮਿਲੇ ਜ਼ਵਾਲ 'ਫ਼ਕੀਰਾ' ਨੇਕੀਆਂ ਨਾਲ ਕਮਾਲ।

ਬਾਗ਼ ਮੇਰੇ ਦੀਆਂ ਵੇਖ ਬਹਾਰਾਂ ਰੋਣ 'ਫ਼ਕੀਰਾ' ਕਾਂ।
ਹੱਸੇ ਹਸ ਹਸ ਦੂਹਰੀ ਹੋਵੇ ਮਾਘੇ ਮਾਰ ਖ਼ਿਜ਼ਾਂ।

ਭਲੇ ਬੁਰੇ ਦੀਆਂ ਬਦੀਆਂ ਦਾ ਵੀ ਦਿੰਦਾ ਭਲਾ ਜਵਾਬ।
ਬਦਨ ਮਲੂਕ ਨਚੋੜ 'ਫ਼ਕੀਰਾ' ਦਿੰਦਾ ਇਤਰ ਗੁਲਾਬ।

ਭਲਿਆਂ ਦੀ ਵਿਚ ਦੁੱਖਾਂ ਸੁੱਖਾਂ ਨਿਭਦੀ ਭਲੀ ਪ੍ਰੀਤ।
ਦਿਲ ਵਿਚ ਰੱਖਣ ਖੋਰ 'ਫ਼ਕੀਰਾ' ਬੁਰਿਆਂ ਦੀ ਏ ਰੀਤ।

ਵੈਰ ਵਧਾਵਣ ਕੰਨਾਂ ਦੇ ਵਿਚ ਬੋਲ ਕੇ ਮੰਦੇ ਬੋਲ।
ਨਾਫ਼ਰਮਾਨੀ ਨਾਲ 'ਫ਼ਕੀਰਾ' ਨਿਅਮਤ ਰਹਵੇ ਨਾ ਕੋਲ।

ਸਾਬਰ ਰਹਿਣ ਗ਼ੁਲਾਮ ਜਦੋਂ ਤੱਕ ਰਹਿਣ ਕਮਾਲ ਅਸੀਲ।
ਹੋ ਬੇਸਬਰ ਅਸੀਲ 'ਫ਼ਕੀਰਾ' ਬਨਣ ਗ਼ੁਲਾਮ ਜ਼ਲੀਲ।

ਮੂਰਖ਼ ਆਹਲਕ ਮਾਰੇ ਕਰਦੇ ਗ਼ੈਰ ਅੱਗੇ ਫ਼ਰਿਆਦ।
ਕਰਜ਼ 'ਫ਼ਕੀਰਾ' ਕੈਦ ਜੀਹਦੇ ਤੋਂ ਦਾਨੇ ਰਹਿਣ ਆਜ਼ਾਦ।

ਨਾਫ਼ਰਮਾਨੀ ਜੈਡ ਨਾ ਲਾਅਨਤ ਜ਼ੁਲਮੋਂ ਵੱਧ ਨਾ ਐਬ।
ਬਣਦਾ ਏ ਈਮਾਨ 'ਫ਼ਕੀਰਾ' ਰਲ ਕੇ ਹਾਜ਼ਰ ਗ਼ੈਬ।

ਕਰਮੋਂ ਹੀਣੇ ਵੈਰੀ ਮਿਲਦੇ ਹੀਣਿਆਂ ਕਰਮਾਂ ਨਾਲ।
ਨੇਕ ਸਲੂਕ 'ਫ਼ਕੀਰਾ' ਲੈਂਦਾ ਆਪੇ ਦਰਦੀ ਭਾਲ।

ਲੁੱਟੇ ਜਿਨ੍ਹਾਂ ਮਾਲ ਖ਼ਜ਼ਾਨੇ ਮਾਰੇ ਹਾਲ ਤਬਾਹ।
ਕਿੱਥੇ ਗਏ ਉਹ ਮਾਲ ਖ਼ਜ਼ਾਨੇ ਕਿੱਥੇ ਗਏ ਉਹ ਸ਼ਾਹ।

ਕੌਣ ਸੁਣੇ ਫ਼ਰਿਆਦ ਇਨ੍ਹਾਂ ਦੀ ਦੱਸੇ ਕੌਣ ਮਿਆਦ।
ਆਜ਼ਾਦਾਂ ਦੀ ਕੈਦ 'ਫ਼ਕੀਰਾ' ਹੁੰਦੀ ਏ ਆਜ਼ਾਦ।

ਦਰ ਤੇ ਖੜੇ 'ਫ਼ਕੀਰਾ' ਰਹਿੰਦੇ ਪਹਿਰੇਦਾਰ ਹੈਰਾਨ।
ਮਾਰਨ ਵਾਲਾ ਅੰਦਰ ਵੜ ਕੇ ਜਾ ਢਾਏ ਸੁਲਤਾਨ।

ਉਹਲੇ ਵੇਖਣ ਲਈ 'ਫ਼ਕੀਰਾ' ਨਜ਼ਰਾਂ ਉਹਲੇ ਰੱਖ।
ਵੇਖਣ ਲਈ ਦਿਲਾਂ ਦੇ ਖ਼ਾਨੇ ਖੋਲ੍ਹ ਦਿਲੇ ਦੀ ਅੱਖ।

ਹੱਥੋ ਹੱਥੀ ਸਖ਼ੀ 'ਫ਼ਕੀਰਾ' ਰਹਿਣ ਨਾ ਦਿੰਦਾ ਥੋੜ।
ਪਹਿਲਾਂ ਲੋੜਣ ਲੋੜ ਪਰਾਈ ਪਿੱਛੋਂ ਅਪਣੀ ਲੋੜ।

ਵਿਹੰਦਿਆਂ ਵਿਹੰਦਿਆਂ ਜਾਣ 'ਫ਼ਕੀਰਾ' ਸਿਰੋਂ ਜ਼ਮਾਨੇ ਟਲ।
ਲੈਂਦੇ ਜਾਵਣ ਨਾਲ ਉਮਰ ਨੂੰ ਜਾਂਦੇ ਘੜੀਆਂ ਪਲ।

ਸ਼ੌਕ ਦਿਲਾਂ ਦੇ ਬਣਦੇ ਵੇਖੇ ਸਦਾ ਦਿਲਾਂ ਦੀ ਸਿੱਕ।
ਬਹੁਤਿਆਂ ਗੂਹੜਾਂ ਵਿਚ 'ਫ਼ਕੀਰਾ' ਪੈਂਦੀ ਬਹੁਤੀ ਫਿੱਕ।

ਜੱਗੋਂ ਬਾਹਰੀ ਕੀਤੀ ਕਤਰੀ ਦਏ ਜ਼ਮਾਨਾ ਟੋਕ।
ਵੇਲੇ ਦੀ ਨੇ ਚਾਲ 'ਫ਼ਕੀਰਾ' ਚਲਦੇ ਸਾਰੇ ਲੋਕ।

ਨਿਭਦੀ ਨਾਲ 'ਫ਼ਕੀਰਾ' ਨਾਹੀਂ ਦੁਨੀਆ ਦੇ ਸਾਮਾਨ।
ਫ਼ਾਨੀ ਘਰ ਦੀ ਝੂਠੀ ਆਕੜ ਕਰਦੇ ਨੇ ਨਾਦਾਨ।

ਦੁਨੀਆਦਾਰ ਮੁਸਾਫ਼ਿਰ ਸਾਰੇ ਫ਼ਾਨੀ ਜੱਗ ਸਰਾਂ।
ਗਿਣਤੀ ਦੇ ਕੁਝ ਸਾਹਵਾਂ ਦਾ ਹੈ ਉਮਰ 'ਫ਼ਕੀਰਾ' ਨਾਂ।

ਨੀਅਤ ਦਿਲ ਦੀ ਰੂਹ 'ਫ਼ਕੀਰਾ' ਅਮਲ ਉਮਰ ਦੀ ਜਾਨ।
ਇਲਮ ਅਕਲ ਦਾ ਬਲਦਾ ਦੀਵਾ ਦਿਲ ਦਾ ਨੂਰ ਇਰਫ਼ਾਨ।

ਸ਼ੌਹ ਸਾਗਰ ਵਿਚ ਤਾਰੂ ਕੋਈ ਲਾਏ ਕੀਕਣ ਹਾਥ।
ਮੌਤ 'ਫ਼ਕੀਰਾ' ਰਸਤੇ ਦਾ ਏ ਇਕ ਬੇਖ਼ਬਰਾ ਸਾਥ।

ਵੇਖ ਅਜਿਹੇ ਖਲਜਗਨ 'ਫ਼ਕੀਰਾ' ਪਈ ਦਿਲੇ ਵਿਚ ਟੀਸ।
ਲਾਹ ਖਲੜੀ ਮਜ਼ਦੂਰ ਦੁਖੀ ਦੀ ਜੁੱਬੇ ਪਾਉਣ ਰਈਸ।

ਅੱਜ ਸਮਾਂ ਕੁਝ ਹੋਰ 'ਫ਼ਕੀਰਾ' ਕੱਲ ਸਮਾਂ ਕੁਝ ਹੋਰ।
ਹੁੰਦੇ ਮਾਲੋਂ ਮੰਗਣ ਵਾਲਾ ਖ਼ਾਲੀ ਹੱਥ ਨਾ ਟੋਰ।

ਇਕਸੇ ਗੱਲੋਂ ਰਹਿੰਦਾ ਲਹਿੰਦਾ ਇਕਸੇ ਗੱਲੋਂ ਲੰਗ।
ਇੱਕੋ ਗੱਲੋਂ ਸੁਲਾਹ 'ਫ਼ਕੀਰਾ' ਇੱਕੋ ਗੱਲੋਂ ਜੰਗ।

ਖ਼ੁਸ਼ੀ ਕਰਨ ਵਿਚ ਦੁਨੀਆ ਦੇ ਨਾ ਤੂੰ ਆਉਣਾ ਏਂ ਵੱਤ।
ਉੱਠ 'ਫ਼ਕੀਰਾ' ਗ਼ਮ ਦੇ ਸਿਰ ਵਿਚ ਮਾਰ ਜੋੜ ਕੇ ਲੱਤ।

ਗੁੱਡੀ ਚਾੜ੍ਹ ਨਾ ਟੁੱਟਣ ਦਿੰਦੀ ਅਕਲ ਇਲਮ ਦੀ ਡੋਰ।
ਇਲਮ ਹਮਾਇਤੀ ਸ਼ੁੱਧ 'ਫ਼ਕੀਰਾ' ਅਕਲ ਭੁਲੇਰਾ ਜ਼ੋਰ।

ਦਾਨੇ ਲੈਂਦੇ ਅਜ਼ਰੋਂ ਪਹਿਲਾਂ ਕੋਈ ਕੱਢ ਸਬੀਲ।
ਮੂਰਖ ਕਰਦੇ ਰਹਿਣ 'ਫ਼ਕੀਰਾ' ਅਜ਼ਰ ਬਗ਼ੈਰ ਦਲੀਲ।

ਆਸ ਕਰਮ ਦੀ ਰੱਖ 'ਫ਼ਕੀਰਾ' ਜਦ ਤੱਕ ਹੈ ਨੇ ਸਾਸ।
ਮੌਲਾ ਦੀ ਦਰਗਾਹੋਂ ਮੁਨਕਰ ਹੁੰਦੇ ਨੇ ਬੇਆਸ।

ਬੈਠਣ ਉੱਠਣ ਨਾਲੇ ਰੱਖੇ ਨਾਲੇ ਜਾਗਣ ਸੌਣ।
ਤਨ ਦੇ ਹੁਜਰੇ ਵਿਚ 'ਫ਼ਕੀਰਾ' ਰਹਵੇ ਪਰਾਹੁਣਾ ਕੌਣ।

ਬਹੁਤੇ ਆਲਮ ਰੰਗੀਂ ਵਸਦੇ ਇਲਮ ਕਰੇ ਬਰਬਾਦ।
ਬਹੁਤੇ ਜਾਹਲ ਨਾਲ ਜਹਾਲਤ ਹੋਣ 'ਫ਼ਕੀਰ' ਆਬਾਦ।

ਬਹੁਤੀਆਂ ਚੁੱਪਾਂ ਹੋਣ 'ਫ਼ਕੀਰਾ' ਚੁੱਪਾਂ ਨਾਲ ਖ਼ਰਾਬ।
ਬਹੁਤਿਆਂ ਬੋਲਾਂ ਦਾ ਏ ਹੁੰਦਾ ਉੱਕਾ ਚੁੱਪ ਜਵਾਬ।

ਦੇਣ ਗਵਾਹੀ ਉਹਦੀ ਚੜ੍ਹਦੇ ਢਲਦੇ ਦਿਨ ਤੇ ਰਾਤ।
ਕਾਇਮ ਨਾਲ ਸਫ਼ਾਤ ਕਦੀਮੀ ਜੀਹਦੀ 'ਫ਼ਕੀਰਾ' ਜ਼ਾਤ।

ਮੂੰਹ ਵਿਚ ਕਰੇ ਜ਼ੁਬਾਨ ਜਿਹਦਾ ਪਈ ਗੁੱਝਾ ਜ਼ਿਕਰ-ਜ਼ਕਾਰ।
ਨਜ਼ਰਾਂ ਵੇਖਣ ਸਦਾ 'ਫ਼ਕੀਰਾ' ਉਹਦੇ ਨਕਸ਼ ਨਿਗਾਰ।

ਕੈਸਰ ਕਸਰਾ ਮਾਲ ਖ਼ਜ਼ਾਨੇ ਛੱਡ 'ਫ਼ਕੀਰਾ' ਗਏ।
ਊਚੇ ਕਿਲ੍ਹੇ ਬਣਾਵਣ ਵਾਲੇ ਟੋਇਆ ਦੇ ਵਿਚ ਪਏ।

ਚਿੱਕੜ ਚਿੰਬੜ ਹੋ ਕੇ ਰਲ ਗਏ ਚਿੱਕੜ ਦੇ ਵਿਚ ਗੰਦ।
ਬੇਦੋਸ਼ਾਂ ਲਈ ਜਿਨ੍ਹਾਂ 'ਫ਼ਕੀਰਾ' ਪਾਣੀ ਕੀਤਾ ਬੰਦ।

ਲਸ਼ਕਰ ਫ਼ੌਜਾਂ ਸਣੇ 'ਫ਼ਕੀਰਾ' ਕੱਟ ਸਕੇ ਨਾ ਪਹਿਰ।
ਜਾ ਵੱਸੇ ਵਿਚ ਗੋਰਾਂ ਓੜਕ ਜਿਨ੍ਹਾਂ ਵਸਾਏ ਸ਼ਹਿਰ।

ਘਰ ਦਾ ਹੁਕਮ ਚਲਾਵਣ ਵਾਲੇ ਜ਼ਾਲਮ ਹੁਕਮ ਅਦੂਲ।
ਕਿੱਥੇ ਗਏ ਉਹ ਜਿਨ੍ਹਾਂ 'ਫ਼ਕੀਰਾ' ਕੀਤੇ ਕਤਲ ਰਸੂਲ।

ਮੂਰਖ ਰਹਿੰਦਾ ਏ ਬੇਫ਼ਿਕਰਾ ਦਾਨਾ ਕਰੇ ਵਿਚਾਰ।
ਸੋਚ ਬੰਦੇ ਦੀ ਜਿੱਤ 'ਫ਼ਕੀਰਾ' ਬੇਸੋਚੀ ਏ ਹਾਰ।

ਤਰਲੇ ਲੈਂਦੇ ਬੁਰੀ ਨਦਾਮਤ ਮੰਦਾ ਕਰਨ ਸਵਾਲ।
ਸਬਰ 'ਫ਼ਕੀਰਾ' ਢਾਲ ਨਫ਼ਸ ਦੀ ਲਾਲਚ ਬੁਰਾ ਵਬਾਲ।

ਬੋਲਣ ਜੋਗੇ ਬੋਲ ਨਾ ਸਕਣ ਬੁੱਧੀ ਮੁੱਖ ਜ਼ੁਬਾਨ।
ਗੁੰਗੇ ਥੱਥੇ ਰੋਜ਼ 'ਫ਼ਕੀਰਾ' ਸੱਖਣੇ ਦੇਣ ਬਿਆਨ।

ਮਾਰ ਦੁਲੱਤੇ ਹਿੰਗਣ ਖੋਤੇ ਟੁਰਦੇ ਠਿੱਬੀ ਚਾਲ।
ਤਾਜ਼ੀ ਹਿੰਗਣ ਖਲੇ 'ਫ਼ਕੀਰਾ' ਕੜੇ ਪਛਾੜਿਆਂ ਨਾਲ।

ਘਰ ਅਪਣੇ ਵਿਚ ਦੇਖੇ ਅੱਖੀਂ ਆਪਣਿਆਂ ਦੇ ਚੱਜ।
ਅਪਣੇ ਫਾਕੇ ਮਰਨ 'ਫ਼ਕੀਰਾ' ਖਾਣ ਪਰਾਏ ਰੱਜ।

ਰਾਤ ਹਨੇਰੀ ਬਣੇ 'ਫ਼ਕੀਰਾ' ਢਲ ਕੇ ਗ਼ਮ ਦੀ ਸ਼ਾਮ।
ਆਜ਼ਾਦੀ ਦੀ ਕੈਦੋਂ ਬਣਦੇ ਜੇਲਾਂ ਦੇਸ ਗ਼ੁਲਾਮ।

ਰੋਹੜ ਆਸਾਂ ਦਾ ਤੇਲ 'ਫ਼ਕੀਰਾ' ਬੈਠ ਹਨੇਰਾ ਜਾਲ।
ਦੀਵੇ ਵਿਚ ਹਿਆਤੀ ਵਾਲੀ ਅਪਣੀ ਮਿੱਟੀ ਬਾਲ।

ਅੰਨ੍ਹੇ ਝੌਲੇ ਗਏ 'ਫ਼ਕੀਰਾ' ਬੂਟੇ ਸੋਹਲ ਲਤਾੜ।
ਝੂਲੇ ਝੱਖੜ ਆਜ਼ਾਦੀ ਦੇ ਹੋਇਆ ਬਾਗ਼ ਉਜਾੜ।

ਰੋਟੀ ਸਾਹ ਦੀ ਜ਼ਾਮਨ ਬਣਦੀ ਪੈ ਕੇ ਵਿਚ ਤੰਦੂਰ।
ਦੀਵਾ ਬਲ ਕੇ ਆਪ 'ਫ਼ਕੀਰਾ' ਕਰੇ ਹਨੇਰਾ ਦੂਰ।

ਦਾਨੇ ਉਦਮੀ ਕਰਨ ਨਾ ਸ਼ਿਕਵਾ ਮੂਰਖ ਪਾਉਂਦੇ ਪਾਹਰ।
ਕਰਦਾ ਆਹਲਕ ਵੈਰ 'ਫ਼ਕੀਰਾ' ਤੇ ਸੱਜਨਾਈ ਆਹਰ।

ਆਇਆ ਉਲਟਾ ਸਮਾਂ 'ਫ਼ਕੀਰਾ' ਉਲਟ ਗਿਆ ਸੰਸਾਰ।
ਚਿੱਟੇ ਦਿਨ ਪਏ ਕਾਲੀਆਂ ਰਾਤਾਂ ਵੇਚਣ ਪਹਿਰੇਦਾਰ।

ਨਰਮ ਦਿਲਾਂ ਨੂੰ ਸਖ਼ਤੀ ਕੋਲੋਂ ਨਰਮੀ ਪੈਂਦੀ ਪੇਸ਼।
ਸਖ਼ਤੀ ਕਰਦਿਆਂ ਨਾਲ 'ਫ਼ਕੀਰਾ' ਨਰਮੀ ਕਰੀਂ ਹਮੇਸ਼।

ਜੋ ਕੁਝ ਅੰਦਰ ਹੋਵੇ ਉਹੋ ਬੰਦਾ ਕਰਦਾ ਪੇਸ਼।
ਆਦਤ ਮੂਜਬ ਜੀਭ 'ਫ਼ਕੀਰਾ' ਬੋਲੇ ਬੋਲ ਹਮੇਸ਼।

ਮੰਜ਼ਿਲ ਤੀਕਰ ਲੜਦੇ ਜਾਸਨ ਦ੍ਰਿੜਤਾ ਤੇ ਵਿਸਵਾਸ।
ਪਿੱਛੇ ਪਿੱਛੇ ਮੌਤ 'ਫ਼ਕੀਰਾ' ਅੱਗੇ ਅੱਗੇ ਆਸ।

ਅੱਜ ਇਹਦੀ ਕੱਲ ਉਹਦੀ ਦੁਨੀਆ ਕਰਦੀ ਛੱਲ ਬਤਾਲ।
ਇਹ ਜਨ ਹੈਜ਼ ਪਲੀਤੀ ਰਹਿੰਦੀ ਕਦੀ ਨਾ ਇਕਸੇ ਨਾਲ।

ਸਿੱਧੇ ਰਾਹੋਂ ਠੇਡੇ ਖਾ ਕੇ ਪੁੱਠੇ ਜਾਵਣ ਕੋਰ।
ਵਿਚ ਹਨੇਰੇ ਛੁਪੇ ਲੁਕੇ ਰਹਿਣ 'ਫ਼ਕੀਰਾ' ਚੋਰ।

ਕੌੜਾ ਮਿੱਠਾ ਨਿੱਤਰ ਜਾਂਦਾ ਹੁੰਦਾ ਵੱਖੋ-ਵੱਖ।
ਮਿੱਠੀ ਐ ਜੇ ਜੀਭ 'ਫ਼ਕੀਰਾ' ਦਿਲ ਵਿਚ ਜ਼ਹਿਰ ਨਾ ਰੱਖ।

ਵੈਰੀ ਝੂਠ 'ਫ਼ਕੀਰਾ' ਤੇਰਾ ਕਰਦਾ ਵੈਰ ਬੇਹੱਦ।
ਸੱਚੀ ਜੀਭ ਤੇਰੀ ਇਮਦਾਦੀ ਤੇਰੇ ਮਾਲੋਂ ਵੱਧ।

ਸੌਦੇ ਵਿਚ ਬਕਾਰੇ ਵਾਲੇ ਸਦਾ ਰਹਵੇ ਨੁਕਸਾਨ।
ਐਬੀ ਦੇ ਮੂੰਹ ਵਿਚ 'ਫ਼ਕੀਰਾ' ਬੋਲੇ ਝੂਠ ਜ਼ੁਬਾਨ।

ਜੀਭ ਬੰਦੇ ਨੂੰ ਤਖ਼ਤ ਬਿਠਾਏ ਜੀਭ ਰੁਲਾਏ ਖ਼ਾਕ।
ਰੱਖੀਂ ਵਾਕ ਜ਼ੁਬਾਨ 'ਫ਼ਕੀਰਾ' ਹੋਵੇਂ ਨਾ ਬੇਵਾਕ।

ਧੁਖਦੀ ਬਲ ਪੈਂਦੀ ਏ ਜੇ ਕਰ ਮਾਰੀ ਜਾਈਏ ਫੂਕ।
ਰੁਕਣ ਕਮੀਨੇ ਅੰਤ 'ਫ਼ਕੀਰਾ' ਨਾਲ ਜ਼ੁਬਾਨ ਸਲੂਕ।

ਦਾਨੇ ਸਮਝਣ ਚੰਗੀ ਮੰਦੀ ਵੇਖ ਕਿਸੇ ਦਾ ਹਾਲ।
ਸਮਝਣ ਕੁਝ ਨਾ ਕਦੀ 'ਫ਼ਕੀਰਾ' ਮੂਰਖ ਨਾਲ ਮਸਾਲ।

ਪਾਇਆ ਜਿਨ੍ਹਾਂ ਦਾ ਤੂੰ ਇਹਨੂੰ ਆਪ 'ਫ਼ਕੀਰਾ' ਝੱਲ।
ਸੱਦੇ ਜੀਭ ਤੇਰੀ ਪਈ ਤੈਨੂੰ ਉਨ੍ਹਾਂ ਗੱਲਾਂ ਵੱਲ।

ਰੱਖੀਂ ਨਾਲ ਧਿਆਨ 'ਫ਼ਕੀਰਾ' ਅੱਖ ਨਜ਼ਰ ਦੇ ਵਿਚ।
ਦਿਲ ਨੂੰ ਜਿਹੜੇ ਪਾਸੇ ਚਾਹੁੰਦੀ ਨਜ਼ਰ ਲੈ ਜਾਂਦੀ ਖਿੱਚ।

ਬੰਦੇ ਵਾਂਗ 'ਫ਼ਕੀਰਾ' ਚੋਗਾ ਚੁੱਗਣ ਕਾਂ ਤੇ ਮੋਰ।
ਅਕਲਾਂ ਤੇ ਜੇ ਰੋਜ਼ੀ ਹੁੰਦੀ ਭੁੱਖੇ ਮਰਦੇ ਢੋਰ।

ਖੋਹਾ ਖਾਹੀ ਕਰਦੇ ਐਵੇਂ ਲੜਦੇ ਪਾਉਂਦੇ ਵਾਹਰ।
ਕੀੜੇ ਖੁੱਡੀਂ ਵੜਨ 'ਫ਼ਕੀਰਾ' ਖੁੱਡੋਂ ਆਵਣ ਬਾਹਰ।

ਹੋਣ ਭਰਾਂਦ ਗ਼ੁਲਾਮਾਂ ਨਾਲੋਂ ਸੁਖ ਵਸਦੇ ਸਰਦਾਰ।
ਬਹੁਤੇ ਸੁਖੀ 'ਫ਼ਕੀਰਾ' ਵਿੱਚੋਂ ਹੋਣ ਬੜੇ ਦੁਖਿਆਰ।

ਵਿੱਚ ਤਵੱਕੁਲ ਕੌਣ 'ਫ਼ਕੀਰਾ' ਵੱਧ ਉਹਦੇ ਤੋਂ ਹੋਰ।
ਮਾਨ ਗ਼ਰੂਰ ਤਰੋੜੇ ਦਿਲ ਦਾ ਜਿਹੜਾ ਹੁੰਦੇ ਜ਼ੋਰ।

ਇੱਥੇ ਉੱਥੇ ਟੁਰਦੇ ਫ਼ਿਰਦੇ ਜਾਂਦੇ ਨੇੜੇ ਦੂਰ।
ਹੱਕ ਦੇ ਤਾਲਿਬ ਅੰਤ 'ਫ਼ਕੀਰਾ' ਲੱਭਣ ਹੱਕ ਜ਼ਰੂਰ।

ਕਰਨ ਕਮੀਨੇ ਜਾਹਲ ਐਵੇਂ ਕਬਰ ਗ਼ਰੂਰ ਫ਼ਜ਼ੂਲ।
ਦੱਸ 'ਫ਼ਕੀਰਾ' ਕਦੀ ਤਕੱਬਰ ਕੀਤਾ ਕਿਸੇ ਰਸੂਲ।

ਸਖ਼ੀ ਖ਼ਵਾ ਕੇ ਰਾਜ਼ੀ ਹੋਵਣ ਕਰਨ ਨਾ ਗ਼ੈਰ ਦਲੀਲ।
ਖ਼ੁਸ਼ ਹੁੰਦੇ ਨੇ ਸਦਾ 'ਫ਼ਕੀਰਾ' ਭਰ ਕੇ ਢਿੱਡ ਬਖ਼ੀਲ।

ਭੁੱਖੇ ਰੱਜੇ ਜਾਣ 'ਫ਼ਕੀਰਾ' ਟੁਰਦੇ ਇੱਕੋ ਰਾਹ।
ਮਾਲ ਬਚਾਉਂਦਾ ਮੌਤੋਂ ਜੇ ਕਰ ਮਰਦੇ ਕਦੀ ਨਾ ਸ਼ਾਹ।

ਦੁਨੀਆ ਦੇ ਵਿਚ ਫ਼ਿਰੇ ਸਿਆਣਪ ਕੱਲੀ ਡਾਵਾਂਡੋਲ।
ਹੁੰਦੀ ਦਮੀਂ ਨਾ ਬਹਿ 'ਫ਼ਕੀਰਾ' ਅਕਲ ਖ਼ੁਸ਼ੀ ਦੇ ਕੋਲ।

ਚੰਗੀ ਹੁੰਦੀ ਕਦੀ ਇਹ ਦੁਨੀਆ ਜੇ ਕਰ ਨਾਲ ਸਬੱਬ।
ਨਬੀਆਂ ਨੂੰ ਮੁੜ ਦਿੰਦਾ ਬਹੁਤੀ ਸਦਾ 'ਫ਼ਕੀਰਾ' ਰੱਬ।

ਭਾਈ ਭਲੇ ਹਮੇਸ਼ 'ਫ਼ਕੀਰਾ' ਹੋਵਣ ਦਿਲ ਦੀ ਧੀਰ।
ਮਾਂ ਜਾਏ ਨਾ ਹੁੰਦੇ ਹੋਏ ਹੋਵਣ ਸੱਕੇ ਵੀਰ।

ਪੱਲੇ ਹੁੰਦਾ ਰੱਖ ਨਾ ਧੇਲਾ ਕਰਦਾ ਜਾਹ ਤਕਸੀਮ।
ਉਹ ਸ਼ਾਹਵਾਂ ਦਾ ਸ਼ਾਹ 'ਫ਼ਕੀਰਾ' ਤੂੰ ਏਂ ਜੀਹਦਾ ਮੁਨੀਮ।

ਸਿੱਧੇ ਪੱਧਰੇ ਨਾਲ ਜਹਾਲਤ ਡੰਗੇ ਹੋ ਕੇ ਰੋਣ।
ਨਾਲ ਇਲਮ ਦੀ ਦੱਬ 'ਫ਼ਕੀਰਾ' ਵਿੰਗੇ ਸਿੱਧੇ ਹੋਣ।

ਧੱਕੇ ਨਾਲ ਬਣਾਉਣ ਇਤਬਾਰੀ ਚਾ ਖੋਤੇ ਦਾ ਊਂਠ।
ਝੂਠ ਸੱਚੇ ਦਾ ਸੱਚ 'ਫ਼ਕੀਰਾ' ਝੂਠੇ ਦਾ ਸੱਚ ਝੂਠ।

ਕਰਦਾ ਏ ਬੇਸਬਰਾ ਮੂਰਖ ਹੱਥੀਂ ਝੁੱਗਾ ਚੌੜ।
ਪੀ ਜਾਂਦਾ ਏ ਸਬਰ 'ਫ਼ਕੀਰਾ' ਗੁੱਸੇ ਦੀ ਸਭ ਕੋੜ।

ਊਚਾ ਹੋ ਕੇ ਨੀਵਾਂ ਹੋਵੇ ਮੂਰਖ ਘੋਲੇ ਗੰਦ।
ਨੀਵਾਂ ਰਹਿ ਕੇ ਰਹਵੇ 'ਫ਼ਕੀਰਾ' ਊਚਾ ਦਾਨਸ਼ਮੰਦ।

ਮੇਲ ਮਿਲਾਪ ਜਿਹਾ ਵਿਚ ਦੁਨੀਆ ਨਿਰਾ ਵਿਖਾਲਾ ਦੱਖ।
ਮਿਲ ਕੇ ਜੇ ਕਰ ਫੇਰ 'ਫ਼ਕੀਰਾ' ਹੋਣਾ ਹੋਵੇ ਵੱਖ।

ਕਰਦਾ ਨਾਲ ਅਪਣੇ ਅਹਿਸਾਨ ਏ ਉਹ ਦਾਨਾ ਇਨਸਾਨ।
ਕਰੇ ਕਿਸੇ ਦੇ ਨਾਲ 'ਫ਼ਕੀਰਾ' ਕੋਈ ਜਿਹੜਾ ਅਹਿਸਾਨ।

ਜਾਣ 'ਫ਼ਕੀਰ' ਨਾ ਮਾਲ ਖ਼ਜ਼ਾਨੇ ਜਾਨ ਅਪਣੀ ਦੇ ਤੁਲ।
ਮਹਿੰਗੀ ਜਿਨਸ ਬੜੀ ਏ ਪੈਂਦਾ ਜੰਨਤ ਇਹਦਾ ਮੁੱਲ।

ਲੋਭੀ ਦੁਨੀਆ ਵਿਚ 'ਫ਼ਕੀਰਾ' ਖ਼ਾਲਸ ਇਹਦਾ ਵਾਸ।
ਮਾਲ ਪਰਾਏ ਦੀ ਨਾ ਰੱਖੇ ਜਿਹੜਾ ਦਿਲ ਵਿਚ ਆਸ।

ਲੋੜ ਨਾ ਲੱਗੇ ਕਹੇ 'ਫ਼ਕੀਰਾ' ਪੱਲੇ ਹੁੰਦੇ ਦਮ।
ਲਾਅਨਤ ਲੱਖ ਅਜਿਹੇ ਇਲਮ ਤੇ ਪੜ੍ਹਿਆਂ ਦੇ ਨਾ ਕੰਮ।

ਰੱਖੇ ਕੀਤਾ ਕੌਲ 'ਫ਼ਕੀਰਾ' ਅਪਣੀ ਵਿਚ ਪਨਾਹ।
ਕਰਕੇ ਕੌਲ ਕਰਾਰ ਜ਼ੁਬਾਨੋਂ ਕਦੀ ਨਾ ਕਰੀਏ ਨਾਂਹ।

ਪਲੇ ਹਿਆਓ ਵਿਚ ਦਿਲਾਂ ਦੇ ਜਿਉਂ ਕਰ ਸਿਦਕ ਸਫ਼ਾ।
ਨੀਵੀਆਂ ਨਜ਼ਰਾਂ ਨਾਲ 'ਫ਼ਕੀਰਾ' ਅੱਖੀਂ ਰਹਵੇ ਹਿਆ।

ਵਿਚ ਫ਼ਸਾਦਾਂ ਦੇਸਾਂ ਉੱਤੇ ਪਾਉਂਦੇ ਲੁੱਟ ਕੰਗਾਲ।
ਜਾਨੀ ਦੁਸ਼ਮਣ ਬਨਣ 'ਫ਼ਕੀਰਾ' ਜੋੜੇ ਦੌਲਤ ਮਾਲ।

ਦਿਲ ਦੇ ਜਤਨੋਂ ਛੱਡ-ਛਡਾ ਕੇ ਦੀਨ ਦੁਨੀ ਦੀ ਸੀਰ।
ਅਪਣੇ ਹੱਥੀਂ ਚੁਗਣ 'ਫ਼ਕੀਰਾ' ਅਪਣੇ ਕੱਖ ਫ਼ਕੀਰ।

ਆਕੜ ਭੈੜਾ ਸਾਥ 'ਫ਼ਕੀਰਾ' ਬਦੀ ਬੁਰੇ ਦਾ ਰਾਹ।
ਆਕੜ ਕਰਕੇ ਬਦੀਆਂ ਉੱਤੇ ਹੋਵੇ ਬੁਰਾ ਤਬਾਹ।

ਟੁਰਦੇ ਮੰਜ਼ਿਲ ਮਾਰੀ ਜਾਵਣ ਬੈਠੇ ਕਰਨ ਵਿਚਾਰ।
ਰਾਹ ਸਿੱਧਾ ਏ ਆਹਰ 'ਫ਼ਕੀਰਾ' ਆਹਲਕ ਏ ਰਾਹਮਾਰ।

ਬੇਜਾਚਾ ਨਾ ਕਰੀਂ 'ਫ਼ਕੀਰਾ' ਕੋਈ ਜ਼ਿਕਰ ਬਿਆਨ।
ਪਰ੍ਹਿਆ ਦੇ ਵਿਚ ਅਕਲ ਤੇਰੀ ਦਾ ਪਾਉਂਦੀ ਮੁੱਲ ਜ਼ੁਬਾਨ।

ਸੱਸੀ, ਸੋਹਣੀ, ਸ਼ੀਰੀ, ਲੈਲਾ, ਸਾਹਿਬਾ, ਸਹਿਤੀ, ਹੀਰ।
ਮਾਰੀਆਂ ਕੀਕਣ ਦੇਖ 'ਫ਼ਕੀਰਾ' ਕਰਕੇ ਇਸ਼ਕ ਫ਼ਕੀਰ।

ਕੁੱਤੇ ਕਿਹਾ 'ਫ਼ਕੀਰ' ਨੂੰ ਥਾਂ ਥਾਂ ਹੱਥ ਨਾ ਅੱਡ।
ਹੋ ਬਹੁ ਇਕ ਦਰ ਮੇਰੇ ਵਾਂਗੂੰ ਦਰ ਦਰ ਮੰਗਣਾ ਛਡ।

ਜ਼ੋਹਦੋਂ ਹਿਕਮਤ ਹਾਸਲ ਹੋਵੇ ਸਿਹਤ ਨਾਲ ਸਵਾਦ।
ਜ਼ੁਲਮੋਂ ਨਿਅਮਤ ਦੂਰ 'ਫ਼ਕੀਰਾ' ਪਾਏ ਜ਼ੋਰ 'ਫ਼ਸਾਦ।

ਕਦੀ ਕਿਸੇ ਦੀ ਨਿੱਤ 'ਫ਼ਕੀਰਾ' ਪੁਗਦੀ ਨਾਹੀਂ ਵਾਰ।
ਲੜਦਾ ਲੋਕਾਂ ਨਾਲ ਕਪੱਤਾ ਓੜਕ ਜਾਂਦਾ ਹਾਰ।

ਸੱਚੀ ਵਾਂਗੂੰ ਸਿਰੇ ਨਾ ਚੜ੍ਹਦੀ ਕੀਤੀ ਝੂਠ ਜ਼ੁਬਾਨ।
ਝੂਠ ਖ਼ੁਆਰੀ ਨਿਰੀ 'ਫ਼ਕੀਰਾ' ਸੱਚ ਏ ਆਨ ਈਮਾਨ।

ਕਰਦੇ ਕਈ ਚਾਕਰ ਦੁਖਿਆਰੇ ਵਿੱਚੋਂ ਮੌਜ ਬਹਾਰ।
ਵੇਖੇ ਵਿੱਚੋਂ ਦੁਖੀ 'ਫ਼ਕੀਰਾ' ਸੁਖ ਵਸਦੇ ਸਰਦਾਰ।

ਕਲ ਦੀਆਂ ਗੱਲਾਂ ਨਵੀਂ ਸਵਾਹੰਦੀ ਅੱਜ ਦੇ ਬਨਣ ਸਵਾਲ।
ਬੀਤੀਆਂ ਘੜੀਆਂ ਵਾਂਗ 'ਫ਼ਕੀਰਾ' ਦਿਸਣ ਬੀਤੇ ਸਾਲ।

ਸ਼ੋਖ਼ ਨਜ਼ਰ ਤੇ ਚੜ੍ਹ ਕੇ ਬਦੀਆਂ ਪੈਣ ਬੰਦੇ ਦੇ ਪੇਸ਼।
ਨੀਵੀਂ ਨਜ਼ਰ 'ਫ਼ਕੀਰ' ਬੰਦੇ ਦੀ ਰਹਿੰਦੀ ਪਾਕ ਹਮੇਸ਼।

ਜ਼ਿਕਰੋਂ ਲਾਈ ਰੱਖੇ ਬੰਦਾ ਮਾਲਕ ਵੱਲ ਧਿਆਨ।
ਜ਼ਿਕਰੋਂ ਚੰਗਾ ਬੋਲ 'ਫ਼ਕੀਰਾ' ਨਹੀਂ ਕੋਈ ਵਿਚ ਜਹਾਨ।

ਦਾਲ, ਸਾਗ ਤੇ ਕਿਵੇਂ 'ਫ਼ਕੀਰਾ' ਲਾਉਣ ਕਦੀ ਉਹ ਚਿੱਤ।
ਮੁਰਗ਼, ਪਲਾਅ ਤੇ ਖੀਰਾਂ, ਹਲਵੇ ਖਾਧੇ ਜਿਨ੍ਹਾਂ ਨਿੱਤ।

ਰੱਖਣ ਨਜ਼ਰਾਂ ਵਿਚ 'ਫ਼ਕੀਰਾ' ਮੱਖਣ, ਅੰਡੇ, ਤੋਸ਼।
ਟੱਪ ਨਾ ਸਕਣ ਖਾਣ ਪੀਣ ਦੀਆਂ ਹੱਦਾਂ ਜੁੱਬੇ ਪੋਸ਼।

ਹੋ ਮਗ਼ਰੂਰ ਨਾ ਦੌਲਤ, ਮਾਲੋਂ ਮਾਰ ਕਿਸੇ ਵੱਲ ਝਾਤ।
ਅੱਜ ਦੀ ਰਾਤ 'ਫ਼ਕੀਰਾ' ਹੋਵੇ ਮਤੇ ਅਖ਼ੀਰੀ ਰਾਤ।

ਹੋਵੇ ਚੰਗਾ ਕਿਵੇਂ 'ਫ਼ਕੀਰਾ' ਉਹਦਾ ਮੰਦਾ ਹਾਲ।
ਨਾਲ ਅਮੀਰੀ ਬਹੁਤੀ ਹੋਵੇ ਜਿਹੜਾ ਦੇਸ ਕੰਗਾਲ।

ਰੋਵਣ ਨਾਮਰਦਾਂ ਦੀਆਂ ਕੰਡਾਂ ਚੜ੍ਹਦੇ ਵੇਖ ਜਵਾਨ।
ਹਸਦੇ ਦਿੱਸਣ ਸਦਾ 'ਫ਼ਕੀਰਾ' ਮਰਦਾਂ ਦੇ ਮੈਦਾਨ।

ਸਿਰ ਵਾਰਨ ਦੀਆਂ ਰੀਤਾਂ ਪੂਰੀਆਂ ਕਰਨ ਜਦੋਂ ਨਿਰਵੈਰ।
ਚੁੰਮਨ ਤਾਰੇ ਮੈਦਾਨਾਂ ਵਿਚ ਆ ਮਰਦਾਂ ਦੇ ਪੈਰ।

ਜ਼ਾਤਾਂ ਦੇ ਪਏ ਕਰਨ 'ਫ਼ਕੀਰਾ' ਐਵੇਂ ਝੌਰੇ ਲੋਕ।
ਸਮਝੇ ਦੀਨ ਇਸਲਾਮ ਇੱਕੋ ਜਿਹੇ ਕਾਲੇ ਗੋਰੇ ਲੋਕ।

ਵਿਚ ਕਮਾਨ ਖ਼ੁਦਾਈ ਬੰਦਾ ਕੁਦਰਤ ਦਾ ਏ ਤੀਰ।
ਪਹੁੰਚ ਸੱਚੇ ਬੰਦੇ ਦੀ ਹੁੰਦੀ ਅਰਸ਼ਾਂ ਤੀਕ 'ਫ਼ਕੀਰ'।

ਬਣੇ ਬੇਮਿਸਲ 'ਫ਼ਕੀਰਾ' ਬੰਦੇ ਦਾ ਵਿਚ ਇਸਲਾਮ ਵੱਕਾਰ।
ਕਾਇਨਾਤ ਗ਼ੁਲਾਮ ਬੰਦੇ ਦੀ ਬੰਦਾ ਏ ਸਰਦਾਰ।

ਆਵੇ ਮੱਤ ਅਕਲ ਨੂੰ ਇੱਥੇ ਕਿਵੇਂ 'ਫ਼ਕੀਰਾ' ਹੋਸ਼।
ਵਹਿਮ ਬਾਫ਼ ਸਭ ਫਿਰਦੇ ਇੱਥੇ ਬਣ ਕੇ ਸਬਕ ਫ਼ਰੋਸ਼।

ਪਏ ਇਨਸਾਨੀ ਜੁੱਸੇ ਦੇ ਵਿਚ ਕਿਵੇਂ 'ਫ਼ਕੀਰਾ' ਜਾਨ।
ਕਰਨ ਇਨਸਾਨਾਂ ਦੀ ਨਿਗਰਾਨੀ ਜਦ ਤੱਕ ਨਾ ਇਨਸਾਨ।

ਵੱਸੋਂ ਦਾ ਮੂੰਹ ਵੇਖ 'ਫ਼ਕੀਰਾ' ਆਵੇ ਨਜ਼ਰ ਉਜਾੜ।
ਸੁੱਤੇ ਪਏ ਸ਼ੇਰਾਂ ਦੇ ਰਾਖੇ ਬਣ ਗਏ ਨੇ ਬਘਿਆੜ।

ਯਾਰਾਂ ਲਈ ਜੋ ਉੱਲੂਆਂ ਵਾਂਗਰ ਲੱਭਦੇ ਫ਼ਿਰਨ ਉਜਾੜ।
ਹੋਣ 'ਫ਼ਕੀਰ' ਅਮਰੀਕੀ, ਰੂਸੀ ਜਾਂ ਅੰਗਰੇਜ਼ ਕਰਾੜ।

ਮੁੱਢ ਕਦੀਮੋਂ ਅਮਰ ਰਜ਼ਾ ਦਾ ਇਹੋ ਏ ਦਸਤੂਰ।
ਮੰਨ ਲਿਆਂ ਤਕਦੀਰ 'ਫ਼ਕੀਰਾ' ਗ਼ਮ ਹੁੰਦੇ ਨੇ ਦੂਰ।

ਘਰ ਦੀ ਵੱਸੋਂ ਨੂੰ ਕੋਈ ਲਾਵੇ ਕਿਵੇਂ 'ਫ਼ਕੀਰਾ' ਲੀਕ।
ਵਸਦਾ ਏ ਜੋ ਜਿੱਥੋਂ ਹੈ ਉਹ ਉੱਥੋਂ ਦਾ ਵਸਨੀਕ।

ਦੇਸ ਏ ਕੌਮ ਕਿਸੇ ਦਾ ਹੁੰਦਾ ਉਹਦੀ ਕੌਮੀ ਜਾਨ।
ਬਣਦੀ ਦੁਨੀਆ ਵਿਚ 'ਫ਼ਕੀਰਾ' ਕੌਮੀ ਜਾਨ ਜਹਾਨ।

ਦੇਸੀ ਧਰਤੀ ਤੇ ਕੋਈ ਦੇ ਨਾ ਧਰਨ 'ਫ਼ਕੀਰਾ' ਪੈਰ।
ਬੰਦੇ ਪਰਦੇਸੀ ਨੂੰ ਸਮਝਣ ਦੇਸੀ ਬੰਦੇ ਗ਼ੈਰ।

ਦੇਸ ਹਿਆਤੀ ਦੇ ਲਈ ਹੁੰਦਾ ਨਿੱਘਾ ਅਮਨ ਅਮਾਨ।
ਦੇਸ ਬੰਦੇ ਦੀ ਜਾਨ 'ਫ਼ਕੀਰਾ' ਦੇਸ ਬੰਦੇ ਦੀ ਆਨ।

ਨਰਮ ਕਲਾਮੀ ਨਾਲ ਨਹੀਂ ਹੁੰਦੇ ਦੁਸ਼ਮਣ ਵੈਰੀ ਰਾਮ।
ਸਖ਼ਤ ਜ਼ੁਬਾਨੋਂ ਡਾਢਾ ਚੰਗਾ ਹੁੰਦਾ ਨਰਮ ਕਲਾਮ।

ਤਲਖ਼ ਕਲਾਮੀ ਨਾਲ 'ਫ਼ਕੀਰਾ' ਮਾਰੀ ਜਾਂਦੀ ਬੁੱਧ।
ਜਿਉਂ ਖੱਟੇ ਦੇ ਵਿਚ ਰਲਾਇਆ ਫਟ ਜਾਂਦਾ ਏ ਦੁੱਧ।

ਚਾਹਤ ਨਾਲ 'ਫ਼ਕੀਰਾ' ਮਿਲਦੀ ਅਗਲੇ ਦੀ ਏ ਚਾਹ।
ਆਖਣ ਲੋਕੀ ਯਾਰ ਦਿਲਾਂ ਨੂੰ ਹੋਣ ਦਿਲਾਂ ਦੇ ਰਾਹ।

ਇੱਟਾਂ ਪੱਥਰ ਮਾਰਿਆਂ ਜਿੱਥੇ ਮਿਲਦੇ ਨਕਦ ਪੰਜਾਹ।
ਕਾਮੇਂ ਕਰਨ 'ਫ਼ਕੀਰਾ' ਉੱਥੇ ਕੰਮ ਵਲ ਕਿਵੇਂ ਨਿਗਾਹ।

ਫ਼ਿਕਰ ਜ਼ਿਕਰ ਏ ਬੂਹਾ ਦਿਲ ਦਾ ਨਾ ਕੋਈ ਢੋ ਨਾ ਖੋਲ।
ਨਾਲ ਫ਼ਿਕਰ ਰਹਿ ਚੁੱਪ 'ਫ਼ਕੀਰਾ' ਨਾਲ ਜ਼ਿਕਰ ਦੇ ਬੋਲ।

ਥਾਂ ਸਿਰ ਮਿਲੇ 'ਫ਼ਕੀਰਾ' ਥਾਵਾਂ ਵਿੱਛੜੀਆਂ ਦੀ ਢੋਕ।
ਜਿਉਂ ਕਾਲਬ ਲੋਕਾਂ ਵਿਚ ਮਿਲਦੇ ਰੂਹ ਮਿਲਦੀ ਪਰਲੋਕ।

ਖੋਟਿਆਂ ਵਿਚ ਪਵਾ ਲੈਂਦਾ ਏ ਮੁੱਲ ਖ਼ਰਾ ਬੇਰੋਕ।
ਝੂਠਿਆਂ ਦੇ ਵਿਚ ਕਰਨ 'ਫ਼ਕੀਰਾ' ਗੱਲ ਸੱਚੇ ਦੋ ਟੋਕ।

ਤਾਲਬ ਇਲਮ ਕਮੀਨਿਆਂ ਤੋਂ ਲੈ ਜਾਣ 'ਫ਼ਕੀਰਾ' ਹੋਕ।
ਹੀਰਾ ਗੰਦੇ ਕੂੜੇ ਵਿੱਚੋਂ ਚੁੱਕ ਲਿਜਾਂਦੇ ਲੋਕ।

ਔਗੁਣ ਵੇਖ ਕੇ ਗ਼ੈਰ ਦਾ ਹਸਦਾ ਚੱਲ ਨਾ ਚਾਲ।
ਭੁੱਲ ਨਾ ਔਗੁਣ ਆਪਣੇ ਰੱਖ 'ਫ਼ਕੀਰ' ਖ਼ਿਆਲ।

ਦੁਨੀਆਦਾਰਾਂ ਦੇ ਲਈ ਗੁੱਝੇ ਦੁਖ ਦੁਨੀਆ ਦੇ ਹੋਣ।
ਹੱਸਣ ਮੂੰਹ ਇਨ੍ਹਾਂ ਦੇ ਉੱਤੋਂ ਪਰ ਵਿੱਚੋਂ ਦਿਲ ਰੋਣ।

ਚੜ੍ਹਦੇ ਚੰਨ ਕੀਤੀ ਰੁਸ਼ਨਾਈ ਤਾਰਿਆਂ ਲਾਈ ਲੋ।
ਲੰਮੀ ਤਾਨ 'ਫ਼ਕੀਰਾ' ਸੁੱਤਾ ਤੂੰ ਬੇਸੁਰਤਾ ਹੋ।

ਫਿਰਕੇ ਡਿੱਠਾ ਦੁਨੀਆ ਦੇ ਵਿਚ ਸੂਰਜ, ਚੰਨ, ਮਸਾਲ।
ਪਰ ਨਾ ਕਿਧਰੇ ਮਿਲੀ 'ਫ਼ਕੀਰਾ' ਕੋਈ ਮੰਜ਼ਿਲ ਖ਼ੁਸ਼ਹਾਲ।

ਦਿਲ ਨੂੰ ਸਦਾ 'ਫ਼ਕੀਰ' ਰਹੀ ਇਹੋ ਸੱਧਰ ਤੇ ਸਿੱਕ।
ਪੜ੍ਹਿਆ ਕੁੱਲ ਕੁਆਨ ਤੂੰ ਸਮਝਿਆ ਲਫ਼ਜ਼ ਨਾ ਇਕ।

ਆਏ ਡੂੰਘੀਆਂ ਸ਼ਾਮਾਂ ਵੇਲੇ ਉੱਠ ਤੁਰੇ ਪਰਭਾਤ।
ਇਕਸੇ ਬੋਲੋਂ ਜਿਨ੍ਹਾਂ 'ਫ਼ਕੀਰਾ' ਗਾਖੀ ਮੌਤ ਹਿਆਤ।

ਉਂਗਲ ਪਕੜ 'ਫ਼ਕੀਰ' ਬਦੀ ਦੀ ਪਵੀਂ ਨਾ ਕਦੀ ਕੁਰਾਹ।
ਨਾਲ ਨਜਾਤ ਦੀ ਸੜਕੇ ਰਲਦਾ ਜਾ ਨੇਕੀ ਦਾ ਰਾਹ।

ਆਖਣ ਦਾਨੇ ਮਰਦ ਹਮੇਸ਼ਾ ਦੁਨੀਆ ਦੇ ਤੱਕ ਬੁੱਤੇ।
ਹੈ ਦੁਨੀਆ ਮਰਦਾਰ ਤੇ ਇਹਦੇ ਚਾਹਵਣ ਵਾਲੇ ਕੁੱਤੇ।

ਉਹ ਜੋ ਦਿਸਣ ਢੇਰੀਆਂ ਜਿੱਥੇ ਉੱਗੀ ਸਰ।
ਘਰ ਘਰ ਕਰਦੇ ਬੰਦਿਆਂ ਇਹ ਹੈ ਅਸਲੀ ਘਰ।

  • ਮੁੱਖ ਪੰਨਾ : ਸੰਪੂਰਣ ਕਾਵਿ, ਡਾ. ਫ਼ਕੀਰ ਮੁਹੰਮਦ 'ਫ਼ਕੀਰ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ