Punjabi Ghazlan : Dr Faqeer Muhammad Faqeer

ਪੰਜਾਬੀ ਗ਼ਜ਼ਲਾਂ : ਡਾ. ਫ਼ਕੀਰ ਮੁਹੰਮਦ 'ਫ਼ਕੀਰ'

1. ਹਮਦੀਆ ਗ਼ਜ਼ਲ
ਜ਼ੁਲਮਤ ਸਮਝਾਂ ਰਾਤ ਹਨੇਰੀ ਤੇਰਾ ਨੂਰ ਸਵੇਰਾ ਸਮਝਾਂ

ਜ਼ੁਲਮਤ ਸਮਝਾਂ ਰਾਤ ਹਨੇਰੀ ਤੇਰਾ ਨੂਰ ਸਵੇਰਾ ਸਮਝਾਂ।
ਚਾਨਣ ਨੂੰ ਪੈਗ਼ੰਬਰ ਆਖਾਂ ਤੇ ਅਬਲੀਸ ਹਨੇਰਾ ਸਮਝਾਂ।

ਧਰਤੀ, ਚਸ਼ਮੇ, ਨਦੀਆਂ, ਨਾਲੇ, ਅੰਬਰ, ਸੂਰਜ, ਚੰਦ, ਸਿਤਾਰੇ,
ਤੇਰੀ ਹਿਕਮਤ ਅਮਲੀ ਗਿਰਦੇ ਇਲਮ ਤੇਰੇ ਦਾ ਘੇਰਾ ਸਮਝਾਂ।

ਨਜ਼ਰ ਕਿਤੇ ਜੇ ਆਵੇ ਮਸਜਿਦ ਦਿੱਸੇ ਜੇ ਕਰ ਕਿਧਰੇ ਮੰਦਰ,
ਉਹ ਵੀ ਤੇਰਾ ਡੇਰਾ ਸਮਝਾਂ, ਇਹ ਵੀ ਤੇਰਾ ਡੇਰਾ ਸਮਝਾਂ।

ਮਿਲਣਾ-ਗਿਲਣਾ ਹਾਸੇ ਖ਼ੁਸ਼ੀਆਂ ਦਰਦ ਵਿਛੋੜੇ ਰੋਣੇ ਧੋਣੇ,
ਗ਼ਮ ਦਿਲ ਦਾ ਵੀ ਤੇਰਾ ਜਾਣਾਂ, ਚਾਅ ਦਿਲ ਦਾ ਵੀ ਤੇਰਾ ਸਮਝਾਂ।

ਦਿੱਸੇ ਤੇਰੀਆਂ ਪਹੁੰਚਾਂ ਤੀਕਰ ਪਹੁੰਚ ਖ਼ਿਆਲ ਮੇਰੇ ਦੀ ਮੈਨੂੰ,
ਅਰਸ਼ ਤੇਰੇ ਦੇ ਜਿੰਨਾ ਊਚਾ ਦਿਲ ਦਾ ਬੰਨ-ਬਨੇਰਾ ਸਮਝਾਂ।

ਮੇਰੇ ਸਣੇ ਤੇਰੀ ਵਿਚ ਦੁਨੀਆ ਦਿਸੇ ਕੁਝ ਨਾ ਮੈਨੂੰ ਮੇਰਾ,
ਤੈਨੂੰ ਚਾਰ ਚੁਫ਼ੇਰੇ ਦੇਖਾਂ ਤੇਰਾ ਚਾਰ ਚੁਫ਼ੇਰਾ ਸਮਝਾਂ।

ਚੜ੍ਹਿਆ ਸਿਰੇ ਸ਼ਿਕਾਰ ਕਿਸੇ ਦੇ ਦਿਸੇ ਜਦੋਂ ਸ਼ਿਕਾਰੀ ਕੋਈ,
ਅੰਨ੍ਹੇ ਦੇ ਹੱਥਾਂ ਵਿਚ ਆਇਆ ਮੈਂ ਤਕਦੀਰ ਬਟੇਰਾ ਸਮਝਾਂ।

ਸਰਮਦੀ, ਮਨਸੂਰੀ ਸੂਲੀ ਵਗਦੀ ਭਾਂਬੜ ਨੇ ਗੁਲਜ਼ਾਰਾਂ,
ਦੁੱਖ ਘਨੇਰਾ ਦਿੱਸੇ ਜਿੱਥੇ ਉੱਥੇ ਸੁੱਖ ਘਨੇਰਾ ਸਮਝਾਂ।

ਸ਼ਾਹ ਰਗ ਤੋਂ ਵੀ ਨੇੜੇ ਹੋ ਕੇ ਪਰੇ-ਪਰੇਰੇ ਦੂਰੀ ਤੇਰੀ,
ਸਮਝ ਤੇਰੀ ਨਾ ਅਵੇ ਕੁਝ ਵੀ ਸੋਚਾਂ ਬੜਾ ਬਥੇਰਾ ਸਮਝਾਂ।

ਦਿਸਦੀ ਏ ਸੱਚੀ ਵਡਿਆਈ ਦੁਨੀਆ ਤੇ ਤੇਰੀ ਵਡਿਆਈ,
ਘੱਟ ਨਾ ਦਿਸੇ ਉਹੋ ਫ਼ਿਰਔਣੋਂ ਜਿਹਨੂੰ ਜ਼ਰਾ ਵਡੇਰਾ ਸਮਝਾਂ।

ਰੋਜ਼ ਅੱਖਾਂ ਨੂੰ ਕਿੰਨੀ ਵਾਰੀ ਮੈਂ ਏਥੇ ਸ਼ਰਮਾਉਂਦਾ ਵੇਖਾਂ,
ਦਿਲ ਨੂੰ ਰੋਜ਼ ਈ ਕਿੰਨੀ ਵਾਰੀ ਹੁੰਦਾ ਬੇਰਾ ਬੇਰਾ ਸਮਝਾਂ।

ਹੀਰ 'ਫ਼ਕੀਰ' ਵਿਹਾਜੀ ਨਾ ਕੋਈ ਨਾ ਮੈਂ ਰਾਂਝਾ ਜੋਗੀ ਬਣਿਆ,
ਕੀਕਣ ਰੰਗਪੁਰ ਦਾ ਇਹ ਫੇਰਾ ਜੋਗੀ ਵਾਲਾ ਫੇਰਾ ਸਮਝਾਂ।

2. ਹਮਦੀਆ ਗ਼ਜ਼ਲ
ਮੂਰਖ ਦਿਲ ਨਾ ਇਸ਼ਕ ਦੀ ਕਦਰ ਕੀਤੀ

ਮੂਰਖ ਦਿਲ ਨਾ ਇਸ਼ਕ ਦੀ ਕਦਰ ਕੀਤੀ,
ਪਿੱਛੇ ਅਕਲ ਦੇ ਰਿਹਾ ਨਾਦਾਨ ਲੱਗਾ।
ਅਕਲ ਗੱਲ ਜਿਹੜੀ ਆਹੰਦੀ ਸੰਗਦੀ ਏ,
ਝੁਕਦਾ ਨਹੀਂ ਉਹ ਇਸ਼ਕ ਫ਼ਰਮਾਣ ਲੱਗਾ।

ਮੱਥੇ ਵਿਚ ਸਮੇਟ ਕੇ ਸੋਜ਼ ਦਿਲ ਦਾ
ਸਾੜ ਬੁੱਤਾਂ ਦੇ ਨਕਸ਼-ਨੁਹਾਰ ਸਾਰੇ,
ਬੰਦਾ ਬਣ ਰੱਬ ਦਾ ਨੀਅਤ ਬਦਲ ਪਹਿਲਾਂ,
ਹੈਂ ਜੇ ਰੱਬ ਨੂੰ ਸੀਸ ਨਿਵਾਨ ਲੱਗਾ।

ਦਿਲ ਦਾ ਸਨਮ ਖ਼ਾਨਾ ਸਾਰਾ ਢਾਅ ਪਹਿਲਾਂ,
ਫ਼ੇਰ ਕਾਅਬੇ ਦੀ ਰੱਖ ਬੁਨਿਆਦ ਮੁੱਢੋਂ,
ਨੀਹਾਂ ਤੀਕ ਪੁਰਾਣੇ ਨੂੰ ਪੁੱਟਦਾ ਏ,
ਰਾਜ ਨਵਾਂ ਮਕਾਨ ਬਣਾਣ ਲੱਗਾ।

ਹਿਕਮਤ ਨਾਲ ਉਹਦੀ ਦੇਖ ਵਿਚ ਬਾਗ਼ਾਂ,
ਹੈ ਖ਼ਿਜ਼ਾਂ ਦੀ ਕਿਵੇਂ ਬਹਾਰ ਬਣਦੀ,
ਉਜੜ ਗਿਆਂ ਨੂੰ ਵਿੱਚ ਉਜਾੜਿਆਂ ਦੇ,
ਲਾਂਦਾ ਢਿੱਲ ਨਹੀਂ ਰੱਬ ਵਸਾਉਣ ਲੱਗਾ।

ਹਾਏ ਹਾਏ ਦੀਆਂ ਲੱਜ਼ਤਾਂ ਲੈਣ ਮਹਿਰਮ,
ਪਾਵਾਂ ਜਦੋਂ ਕਹਾਣੀ ਦਿਲ ਦੇ ਦਰਦ ਦੀ ਮੈਂ,
ਰੋਂਦੇ ਝੂਲਦੇ ਨੇ ਵਸੋਂ ਬਾਹਰ ਹੁੰਦੇ,
ਯਾਰ ਸੁਨਣ ਲੱਗੇ ਮੈਂ ਸੁਣਾਉਣ ਲੱਗਾ।

ਢਾ ਕੇ ਚੁੱਕ ਕੇ ਰੁਖ ਦਰਦਮੰਦ ਅੱਖਰ,
ਮੈਨੂੰ ਝੂਲਦਾ ਦੇਖ ਕੇ ਇੰਜ ਝੂਲੇ,
ਬਾਗ਼ ਵਿਚ ਫ਼ਜਰੇ ਜਿਵੇਂ ਫੁੱਲ ਝੁਲੇ,
ਕੁੱਛੜ ਚੁੱਕ ਤਰੇਲ ਵਰਾਉਣ ਲੱਗਾ।

ਮੇਰੀ ਮੰਗਤੀ ਨਿਗਾਹ ਦੇ ਵਿਚ ਪੱਲੇ,
ਦਾਤਾ ਪਾ ਕੁਝ ਖ਼ੈਰ ਤਸੱਲੀਆਂ ਦੀ,
ਭੁੱਖਾ ਤੇਰੇ ਦਿਲਾਸੇ ਦਾ ਫੇਰ ਮੁੜ ਕੇ,
ਹਾਂ ਮੈਂ ਤੇਰੇ ਦਰ ਤੇ ਆਣ-ਜਾਣ ਲੱਗਾ।

ਬੇਉਮੀਦ ਕਰਕੇ ਬੂਹੇ ਆਪਣੇ ਤੋਂ,
ਖ਼ਾਲੀ ਟੋਰਨਾ ਸਖ਼ੀ ਦਾ ਕੰਮ ਨਾਹੀਂ,
ਮੰਗਤਾ ਆਪਣੇ ਬੂਹੇ ਦਾ ਜਦੋਂ ਕੋਈ,
ਹੋਵੇ ਨਾਲ ਚੁਗਾਠ ਦੇ ਆਣ ਲੱਗਾ।

ਪੈਂਦੀ ਜੱਗ ਜਹਾਨ ਦੇ ਵਿਚ ਸਖ਼ੀਆ,
ਸੁਣੀ ਧੁੰਮ ਏ ਤੇਰੀਆਂ ਸਖ਼ਾਵਤਾਂ ਦੀ,
ਕੈਰੇ ਹੱਥ ਨਾ ਬੁੱਕਲੋਂ ਬਾਹਰ ਕੱਢਣ,
ਸਖ਼ੀ ਨਹੀਂ ਝਕਦਾ ਖ਼ੈਰ ਪਾਉਣ ਲੱਗਾ।

ਭਰ ਭੜੋਲੀਆਂ ਨੇ ਹਾਜਤਮੰਦ ਜਾਂਦੇ,
ਖ਼ੈਰ ਮੰਗਦੇ ਤੇਰੇ ਖ਼ਜ਼ਾਨਿਆਂ ਦੀ,
ਸੁਣਦਾਂ ਨਿੱਤ ਇਹੋ ਸਾਰੇ ਆਖਦੇ ਨੇ,
ਵਿਹੰਦਾ ਨਹੀਂ ਤੂੰ ਮਾਲ ਲੁਟਾਉਣ ਲੱਗਾ।

ਤੇਰੇ ਦਰ ਬਾਝੋਂ ਮਿਲਦੀ ਢੋਈ ਨਹੀਂ,
ਦਰ ਬਦਰ ਹੋ ਕੇ ਬੜਾ ਦੇਖਿਆ ਏ,
ਕਦਰ ਕਿਸੇ ਦਾ ਕੀ ਇਹ ਵਿਗਾੜ ਸਕੇ,
ਹੋਵੇਂ ਜੀਹਦੀ ਤੂੰ ਆਪ ਬਣਾਉਣ ਵਾਲਾ।

ਰਿਹਾ ਮੁੱਢ ਤੋਂ ਤੇਰਾ ਦਰਬਾਰ ਆਲੀ,
ਮੰਗਤੇ ਰਹੇ ਸੁਲਤਾਨ ਫ਼ਕੀਰ ਤੇਰੇ,
ਖ਼ਾਲੀ ਗਿਆ ਨਾ ਜਿਵੇਂ ਕੋਈ ਅੱਜ ਤੋੜੀਂ,
ਮੈਂ ਵੀ ਨਹੀਂ ਖ਼ਾਲੀ ਦਰ ਤੋਂ ਜਾਣ ਲੱਗਾ।

3. ਨਾਅਤੀਆ ਗ਼ਜ਼ਲ
ਮੌਲਾ ਖ਼ੁਦਾ ਦੇ ਨੂਰ ਦੀ ਨੂਰੀ ਜ਼ਿਆ ਤੁਸੀਂ

ਮੌਲਾ ਖ਼ੁਦਾ ਦੇ ਨੂਰ ਦੀ ਨੂਰੀ ਜ਼ਿਆ ਤੁਸੀਂ।
ਪਿੱਛੋਂ ਖ਼ੁਦਾ ਦੇ ਹੋ ਤੁਸੀਂ ਜੇ ਨਹੀਂ ਖ਼ੁਦਾ ਤੁਸੀਂ।

ਮਸਤੀ ਏ ਜੀਹਦੇ ਮੱਦ ਦੀ ਤੌਹੀਦ ਦਾ ਸਰੂਰ,
ਫ਼ਿਤਰਤ ਦੇ ਵਾਂਕਪਨ ਦੀ ਹੋ ਵਾਂਕੀ ਅਦਾ ਤੁਸੀਂ।

ਰਾਹ ਵਿਚ ਤੁਸਾਂ ਦੇ ਮਿਲਦੀਆਂ ਅੱਗੋਂ ਦੀ ਮੰਜ਼ਿਲਾਂ,
ਰਾਹਬਰ ਬਨਣ, ਬਣੋਂ ਜਿਨ੍ਹਾਂ ਦੇ ਰਹਿਨੁਮਾ ਤੁਸੀਂ।

ਰਸਤੇ ਵਿਖਾਏ ਸ਼ਰ ਨੂੰ ਤੁਸਾਂ ਖ਼ੈਰ ਦੇ ਹਮੇਸ਼,
ਕਰਦੇ ਹੋ ਬੁਰਿਆਂ ਨਾਲ ਹਮੇਸ਼ਾ ਭਲਾ ਤੁਸੀਂ।

ਦਿੰਦੇ ਹੋ ਬਦਲਾ ਜ਼ੁਲਮ ਦੇ ਬਾਹਰੂ ਨੂੰ ਹਿਲਮ ਦਾ,
ਕਰਦੇ ਹੋ ਬਦਜ਼ੁਬਾਨ ਲਈ ਮੌਲਾ ਦੁਆ ਤੁਸੀਂ।

ਖ਼ੁਸ਼ੀਆਂ ਬਣਾਵੰਦੇ ਹੋ ਗਮਾਂ ਮਾਰਿਆਂ ਦੇ ਦਰਦ,
ਲੈਂਦੇ ਹੋ ਦੁੱਖ ਦੁਖੀਆਂ ਦੇ ਸਾਰੇ ਵੰਡਾ ਤੁਸੀਂ।

ਚੜ੍ਹਦੇ ਹੜਾਂ ਦੇ ਜ਼ੋਰ ਦੀ ਚੜ੍ਹਤਲ ਤਰੋੜ ਕੇ,
ਦਿੰਦੇ ਹੋ ਬੇੜੇ ਡੋਲਦੇ ਨੂੰ ਪਾਰ ਲਾ ਤੁਸੀਂ।

ਹੱਲ ਮੁਸ਼ਕਿਲਾਂ ਦੇ ਕੌਲ ਨੇ ਕੀਤੇ ਜਨਾਬ ਦੇ,
ਮੌਲ਼ਾ ਤੁਸੀਂ ਜਹਾਨ ਦੇ ਮੁਸ਼ਕਿਲ ਕੁਸ਼ਾ ਤੁਸੀਂ।

ਕਰਦੇ ਉਸ ਆਦਮੀ ਤੇ ਫ਼ਰਿਸ਼ਤੇ ਵੀ ਹਸਦ ਨੇ,
ਜਿਸ ਆਦਮੀ ਨੂੰ ਦਿੰਦੇ ਹੋ ਬੰਦਾ ਬਣਾ ਤੁਸੀਂ।

ਸੁਲਤਾਨ ਕਰਨ ਮਾਨ ਤੁਹਾਡੀ ਗਦਾਈ ਦਾ,
ਟੋਰੋਂ ਬਣਾ ਕੇ ਬਾਦਸ਼ਾਹ ਆਏ ਗਦਾ ਤੁਸੀਂ।

ਝੁਕਿਆ ਫ਼ਲਕ ਜ਼ਮੀਨ ਤੇ ਰਹੇ ਤਾਰਿਆਂ ਸਮੇਤ,
ਆਂਦੇ ਹੋ ਪਰਤ ਪਲ ਵਿਚ ਅਰਸ਼ਾਂ ਤੇ ਜਾ ਤੁਸੀਂ।

ਵਸਦੇ ਧੁਰੋਂ ਪਏ ਵਿਚ ਉਜਾੜਾਂ ਦੇ ਸ਼ਹਿਰ ਨੇ,
ਪਾਵੋ ਇਨ੍ਹਾਂ ਤੇ ਝਾਤ ਜੇ ਕਾਰੇ ਕਜ਼ਾ ਤੁਸੀਂ।

ਵਿਤ ਬਖ਼ਸ਼ਦੇ ਹੋ ਪਾਣੀ ਦੇ ਕਤਰੇ ਨੂੰ ਬਹਿਰ ਦਾ,
ਦਿੰਦੇ ਓ ਕਦੀ ਜ਼ੱਰੇ ਨੂੰ ਸੂਰਜ ਬਣਾ ਤੁਸੀਂ।

ਸਭ ਨਾਲ ਕੀਤੀਆਂ ਨੇ ਰਵਾਦਾਰੀਆਂ ਤੁਸੀਂ,
ਨਹੀਂ ਗੱਲ ਕਰਦੇ ਕੋਈ ਕਦੀ ਨਾਰਵਾ ਤੁਸੀਂ।

ਦਿੰਦਾ ਏ ਕੰਮ ਉਹ ਕਿਲ੍ਹਾਬੰਦੀ ਦੇ ਕੋਟ ਦਾ,
ਮਕੜੀ ਨੂੰ ਜੇ ਕਿਤੇ ਲਵੋ ਜਾਲਾ ਤਨਾ ਤੁਸੀਂ।

ਛਿੜਦਾ ਏ ਰਾਗ ਦਰਦ ਮੁਹੱਬਤ ਦੇ ਸਾਜ਼ ਦਾ,
ਤਾਰਾਂ ਉਹ ਦਿਲ ਦੀਆਂ ਜਦੋਂ ਦਿੰਦੇ ਹਿਲਾ ਤੁਸੀਂ।

ਕਰ ਪਾਰ ਲਾਉ ਨੂਰ ਦੇ ਪੱਤਨ ਤੇ ਬੇੜੀਆਂ,
ਜ਼ੁਲਮਤ ਦੇ ਬਹਿਰ ਦੇ ਹੋ ਐਸੇ ਨਾਖ਼ੁਦਾ ਤੁਸੀਂ।

ਸਾਇਆ ਕੋਈ ਨਾ ਅਪਣੇ ਕਾਮਤ ਦਾ ਹੁੰਦਿਆਂ,
ਰਹਿਮਤ ਦੇ ਸਾਇਬਾਨ ਹੋ ਵਿਚ ਦੂਸਰਾ ਤੁਸੀਂ।

ਜਿਉਂਦੇ ਨੇ ਮੁਰਦੇ ਈਸਾ ਮਸੀਹ ਦੇ ਦਮੋਂ 'ਫ਼ਕੀਰ'
ਈਸਾ ਮਰੇ ਤੇ ਲੈਂਦੇ ਹੋ ਉਹਨੂੰ ਜੀਵਾ ਤੁਸੀਂ।

4. ਨਾਅਤੀਆ ਗ਼ਜ਼ਲ
ਹੋਇਆ ਨਾਅਤ ਮੇਰੀ ਦਾ ਏ ਅੱਜ ਮਤਲਾ

ਹੋਇਆ ਨਾਅਤ ਮੇਰੀ ਦਾ ਏ ਅੱਜ ਮਤਲਾ,
ਸੁਖ਼ਨਵਰਾਂ ਦੇ ਦਿਲੀ ਸਮਾਨ ਜੋਗਾ।
ਜਿਹੜਾ ਕੁਨ ਦੀ ਲਹਿਰ ਵਿਚ ਆਖਿਆ ਸੀ,
ਮਤਲਾ ਅਪਣੇ ਰੱਬ ਰਹਿਮਾਨ ਜੋਗਾ।

ਬਾਰਗਾਹ ਵਿਚ ਉਨ੍ਹਾਂ ਦੇ ਜ਼ਿਕਰ ਬਾਝੋਂ,
ਹੁੰਦੀ ਨਜ਼ਰ ਮਨਜ਼ੂਰ ਨਮਾਜ਼ ਦੀ ਨਹੀਂ,
ਜ਼ਾਤ ਉਹ ਦਰੂਦ ਸਲਾਮ ਜੋਗੀ,
ਨਾਂ ਉਨ੍ਹਾਂ ਦਾ ਵਿਰਦ ਜ਼ੁਬਾਨ ਜੋਗਾ।

ਝੱਖੜ ਵਾਂਗਰਾਂ ਕਾਅਬੇ ਤੇ ਚੜ੍ਹੀ ਜਿਸ ਦਮ,
ਫ਼ੌਜ ਸ਼ਿਰਕ ਦੇ ਕਾਲਿਆਂ ਬੱਦਲਾਂ ਦੀ,
ਰੱਬੋਂ ਵੱਜਿਆ ਜ਼ੁਲਮਤ ਦੇ ਵਿੱਚ ਸੀਨੇ,
ਰਹਿੰਦਾ ਆਖ਼ਰੀ ਤੀਰ ਕਮਾਨ ਜੋਗਾ।

ਬਾਗ਼ ਹਿਰਮ ਵਿਚ ਇੱਕੋ ਬਹਾਰ ਆਈ,
ਕੀਤਾ ਸਦਾ ਬਹਾਰ ਸ਼ਿੰਗਾਰ ਜੀਹਨੇ,
ਸਾਵੇ ਬਾਗ਼ ਬੈਤੁੱਲਾ ਦੇ ਵਿੱਚ ਇੱਕੋ,
ਖਿੜਿਆ ਫੁੱਲ ਨਾ ਕਦੀ ਕੁਰਮਾਨ ਜੋਗਾ।

ਖੁੱਲ੍ਹੇ ਵੇਖ ਮਾਜ਼ਾਗ਼ ਦੇ ਨੈਣ ਉਹਦੇ,
ਮੀਟੀ ਅੱਖ ਜੇ ਜਾਨ ਜਹਾਨ ਖੋਲ੍ਹੀ,
ਆਇਆ ਮੁਰਦਾ ਜਹਾਨ ਦੇ ਵਿਚ ਜਦ ਉਹ,
ਬਣ ਕੇ ਜਾਨ ਦਾ ਪੱਜ ਜਹਾਨ ਜੋਗਾ।

ਨਿਕਲ ਲਾਟ ਹਿਰਾ ਦੀ ਕਾਨ ਵਿੱਚੋਂ,
ਸੀਨੇ ਸਾੜ ਗਈ ਖਾਈਆਂ ਹਨੇਰੀਆਂ ਦੇ,
ਚਮਕਾਂ ਮਾਰਦਾ ਨੂਰ ਫ਼ਾਰਾਨ ਵਾਲਾ,
ਚਾਨਣ ਬਣ ਗਿਆ ਸਾਰੇ ਜਹਾਨ ਜੋਗਾ।

ਅਜ਼ਮਤ ਉਨ੍ਹਾਂ ਦੇ ਹਿਲਮ ਸਲੂਕ ਦੀ ਨੇ,
ਮੇਰੇ ਸ਼ਿਅਰ ਨੂੰ ਇੱਜ਼ਤ 'ਫ਼ਕੀਰ' ਬਖ਼ਸ਼ੀ,
ਕਰਮਾਂ ਨਾਲ ਮੁਹੰਮਦ ਦੇ ਨਾਂ ਮਿਲਿਆ,
ਮੈਨੂੰ ਅਪਣੇ ਸ਼ਿਅਰ ਸਜਾਣ ਜੋਗਾ।

5. ਨਾਅਤੀਆ ਗ਼ਜ਼ਲ
ਤੇਰੇ ਜ਼ਖ਼ਮ ਵਰਗੀ ਮਿਲੀ ਨਾ ਕੋਈ ਮਰਹਮ

ਤੇਰੇ ਜ਼ਖ਼ਮ ਵਰਗੀ ਮਿਲੀ ਨਾ ਕੋਈ ਮਰਹਮ,
ਤੇਰੇ ਦਰਦ ਜਿਹੀ ਨਾ ਕੋਈ ਦਵਾ ਦੇਖੀ।
ਤੇਰਾ ਜ਼ਿਕਰ ਦੁਖਾਂ ਦਾ ਇਲਾਜ ਡਿੱਠਾ,
ਤੇਰਾ ਨਾਂ ਰੋਗਾਂ ਦੀ ਸ਼ਿਫ਼ਾ ਦੇਖੀ।

ਜੇ ਨਾ ਇਸ਼ਕ ਤੇਰੇ ਦੀ ਅਮਾਨ ਮੰਗਦਾ,
ਬਣਦੀ ਦਾਰ ਦਿਲਦਾਰ ਮਨਸੂਰ ਦੀ ਨਾ,
ਤੇਗ਼ ਸੀਸ ਸਰਮਦ ਦਾ ਲਾਹੁਣ ਵਾਲੀ,
ਤੈਥੋਂ ਬਣੀ ਉਹਦੀ ਦਿਲਰੁਬਾ ਦੇਖੀ।

ਤੇਰੀ ਗੱਲ ਦੇ ਅਸਰ ਤੋਂ ਰਹੇ ਲੈਂਦੇ,
ਦਰਸ ਜ਼ਿੰਦਗੀ ਦਾ ਇਲਿਆਸ ਵਰਗੇ,
ਤੇਰੇ ਪਿਆਰ ਦੀ ਟੋਰ ਵਿਚ ਜ਼ੁਲਮਤਾਂ ਦੇ,
ਖ਼ਿਜ਼ਰ ਵਰਗਿਆਂ ਦੀ ਰਹਿਨੁਮਾ ਦੇਖੀ।

ਤੇਰੇ ਕਿਸੇ ਤਾਲਿਬ ਜਦ ਆਵਾਜ਼ ਦਿੱਤੀ,
ਸੂਰਜ ਮੰਜ਼ਿਲਾਂ ਮਾਰਦਾ ਪਰਤ ਆਇਆ,
ਸੀਨੇ ਜ਼ਖ਼ਮ ਮੁਹੱਬਤ ਦਾ ਲਾਣ ਦੇ ਲਈ,
ਚੰਨ ਤੇਰੀ ਉਂਗਲ ਦੀ ਅਦਾ ਦੇਖੀ।

ਬਾਗ਼ ਵਿਚ ਜਾ ਕੇ ਨਰਗਸ ਵਾਂਗਰਾਂ ਉਹ,
ਪੇਚ ਸੰਬਲ ਦੀ ਜ਼ੁਲਫ਼ ਦੇ ਵੇਖਦੇ ਨੇ,
ਤੇਰੀ ਗਲੀ ਵਿਚ ਮਹਿਕਦੀ ਵਾਂਗ ਫੁੱਲਾਂ,
ਜਿਨ੍ਹਾਂ ਸਦਾ ਬਹਾਰ ਹਵਾ ਦੇਖੀ।

ਤੇਰੇ ਪੈਰਾਂ ਨੂੰ ਚੁੰਮਦਿਆਂ ਸਾਰ ਉਹਨੂੰ,
ਹਰਮ ਪਾਕ ਦਾ ਮਰਤਬਾ ਫੇਰ ਮਿਲਿਆ,
ਵਿਹੜੇ ਵਿਚ ਜਿਹੜੇ ਆਪ ਕਈ ਸਦੀਆਂ,
ਰੌਣਕ ਬੁੱਤਾਂ ਨੇ ਕਾਅਬੇ ਦੀ ਲਾ ਦੇਖੀ।

ਤੂੰ ਕਸ਼ਕੋਲ ਜਿਸ ਮੰਗਤੇ ਦਾ ਪੂਰਿਆ ਚਾ,
ਸਿਰ ਤੇ ਓਸ ਦੇ ਰੱਖਿਆ ਤਾਜ ਦੁਨੀਆ,
ਤਖ਼ਤ ਸ਼ਾਹੀ ਉਹਦੇ ਪੈਰਾਂ ਹੇਠ ਆਇਆ,
ਸਰਦਲ ਤੇਰੇ ਦਰ ਦੀ ਜਿਸ ਗਦਾ ਦੇਖੀ।

ਤੈਨੂੰ ਵੇਖ ਤੇਰੇ ਵੇਖਣ ਵਾਲਿਆਂ ਨੇ,
ਜਦੋਂ ਅਪਣੇ ਆਪ ਵਿਚ ਨਜ਼ਰ ਮਾਰੀ,
ਨਾ ਕੋਈ ਗੁਨੇਹਗਾਰਾਂ ਨੇ ਗੁਨਾਹ ਡਿੱਠਾ,
ਨਾ ਖ਼ਤਾ ਕਾਰਾਂ ਕੋਈ ਖ਼ਤਾ ਦੇਖੀ।

ਸਿਤਮਗਾਰ ਜ਼ੁਬਾਨ ਦਰਾਜ਼ ਤੈਥੋਂ,
ਬਦਲਾ ਨੇਕ ਦੁਆ ਦਾ ਰਿਹਾ ਲੈਂਦਾ,
ਬਦਲੇ ਵੈਰ ਦੇ ਵੈਰੀ ਨੂੰ ਪਿਆਰ ਮਿਲਿਆ,
ਬਖ਼ਸ਼ੀ ਤੇਰੇ ਮੁਜਰਮ ਦੀ ਸਜ਼ਾ ਦੇਖੀ।

ਫ਼ਾਨੀ ਜ਼ਿੰਦਗੀ ਨੂੰ ਕਿਉਂ ਨਾ ਗਲੋਂ ਲਾਹੁੰਦੇ,
ਅਬਦੀ ਜ਼ਿੰਦਗੀ ਦੀ ਦੌਲਤ ਲੈਣ ਵਾਲੇ,
ਤੇਰੇ ਵਾਰ ਨੇ ਵਾਰਿਆ ਸ਼ੀਸ਼ ਜਿਨ੍ਹਾਂ,
ਟਲਦੀ ਉਨ੍ਹਾਂ ਦੇ ਸਿਰੋਂ ਕਜ਼ਾ ਦੇਖੀ।

ਤੇਰੇ ਰੱਬ ਕੋਲੋਂ ਦੋ ਜਹਾਨ ਅੰਦਰ,
ਉੱਚੇ ਮਰਤਵੇ ਮਿਲੇ 'ਫ਼ਕੀਰ' ਤੈਨੂੰ,
ਤੇਰਾ ਕੌਲ ਕਲਾਮ ਖ਼ੁਦਾ ਦਾ ਏ,
ਅਮਰ ਰੱਬ ਦਾ ਤੇਰੀ ਰਜ਼ਾ ਦੇਖੀ।

6. ਨਾਅਤੀਆ ਗ਼ਜ਼ਲ
ਸੁਬਹ ਅਜ਼ਲ ਦੀ ਵੇਖਿਆ ਨੂਰ ਜਿਸਦਾ

ਸੁਬਹ ਅਜ਼ਲ ਦੀ ਵੇਖਿਆ ਨੂਰ ਜਿਸਦਾ,
ਡਲ੍ਹਕਾਂ ਮਾਰਦਾ ਅਬਦ ਦੀ ਸ਼ਾਮ ਤੀਕਰ।
ਓਸ ਚੰਨ ਦੀਆਂ ਚੜ੍ਹਤਲਾਂ ਜੱਗ ਸਾਰੇ,
ਚੜ੍ਹਿਆ ਵੇਖਿਆ ਅਰਸ਼ ਦੇ ਬਾਮ ਤੀਕਰ।

ਓਸ ਪਾਕ ਦੀ ਪਾਕ ਜ਼ੁਬਾਨ ਉੱਤੇ,
ਮਾਯੋਨੁਤਕ ਦੀ ਮੋਹਰ ਲਾਈ ਮੌਲਾ,
ਮੁਕਦੀ ਹੱਦ ਕਲਾਮ ਇਲਾਹੀ ਦੀ ਏ,
ਨਬੀ ਪਾਕ ਦੀ ਪਾਕ ਕਲਾਮ ਤੀਕਰ।

ਉਹਦੇ ਮੈਖ਼ਾਨੇ ਦੀ ਖ਼ੈਰਾਤ ਵੱਸੇ,
ਬਣ ਕੇ ਅਮਰ ਬਹਾਰ ਜੇ ਸੂਫ਼ੀਆਂ ਤੇ,
ਛੁਟੇ ਮੱਧ ਤੋਹੀਦ ਦੇ ਰਹਿਣ ਵਗਦੇ,
ਮੇਰੇ ਜਿਹੇ ਵੀ ਰਿੰਦ ਬਦਨਾਮ ਤੀਕਰ।

ਜਿਹੜੇ ਨਬੀ ਦੇ ਆਖਿਆਂ ਮੈਂ ਦਿਲ ਥੀਂ,
ਸੱਚੇ ਰੱਬ ਨੂੰ ਹਾਂ ਲਾਸ਼ਰੀਕ ਮੰਨਦਾ,
ਧੱਕੇ ਨਾਲ ਬਣਾਏ ਸ਼ਰੀਕ ਮੈਨੂੰ,
ਰੱਬ ਉਹਦੇ ਦਰੂਦ ਸਲਾਮ ਤੀਕਰ।

ਸੁਣਦਾ ਵੇਖਦਾ ਦੱਸੇ ਤੇ ਕੀ ਦੱਸੇ,
ਉਹਦੀ ਖ਼ਲਕ ਤੇ ਹਿਲਮ ਦਾ ਹੱਦ ਬੰਨਾ,
ਜਾਵੇ ਪਹੁੰਚ ਦੁਆਵਾਂ ਦੇ ਤੀਕ ਜਿਹੜਾ,
ਦੁਸ਼ਮਨ ਪਹੁੰਚਦੇ ਦੇਖ ਦੁਸ਼ਨਾਮ ਤੀਕਰ।

ਜਾਮ ਕੌਸਰ ਦੇ ਕੱਲ੍ਹ ਨੂੰ ਵੇਖਲਾਂਗੇ,
ਭੇਦ ਖੋਲ੍ਹਦੇ ਨੇ ਕੀ ਮਸਤਾਨਿਆਂ ਦੇ,
ਅੱਜ ਤੇ ਤਾਰ ਤੌਹੀਦ ਪਈ ਭੱਜਦੀ ਏ,
ਉਹਦੀ ਮੱਧ ਤੌਹੀਦ ਦੇ ਜਾਮ ਅੰਦਰ।

ਆਂਗਨ ਵਾਸਤੇ ਉਨ੍ਹਾਂ ਦੇ ਮਰਤਬੇ ਨੂੰ,
ਉਨ੍ਹਾਂ ਤੀਕ ਤੇ ਪੁੱਜਣ ਦੀ ਗੱਲ ਛੱਡੋ,
ਬਣ ਗਏ ਕੌਮਾਂ ਦੇ ਉਹ ਸਰਦਾਰ ਜਿਹੜੇ,
ਪਹੁੰਚੇ ਉਨ੍ਹਾਂ ਦੇ ਕਿਸੇ ਗ਼ੁਲਾਮ ਤੀਕਰ।

ਅਕਬਾ ਵਿਚ ਪਾਪੀ ਔਗੁਣਹਾਰਿਆਂ ਨੂੰ,
ਪੱਕੇ ਹੱਲ ਨਜਾਤ ਦੇ ਕਿਵੇਂ ਮਿਲਦੇ,
ਜੇ ਨਾ ਪਹੁੰਚਦਾ ਉਨ੍ਹਾਂ ਦੇ ਇਲਮ ਪੁਖ਼ਤਾ,
ਦੁਨੀਆ ਵਾਲਿਆਂ ਦੀ ਅਕਲ ਖ਼ਾਮ ਤੀਕਰ।

ਹੱਦ ਅਮਲ ਦੀ ਕਿਵੇਂ ਨਾ ਖ਼ਤਮ ਹੋਵੇ,
ਜਾ ਕੇ ਉਨ੍ਹਾਂ ਦੇ ਅਮਲ ਦੀ ਹੱਦ ਉੱਤੇ,
ਦੌੜ ਇਲਮ ਕਲਾਮ ਦੀ ਮੁਕਦੀ ਏ,
ਜਾ ਕੇ ਜਿਨ੍ਹਾਂ ਦੇ ਇਲਮ ਕਲਾਮ ਤੀਕਰ।

ਆਰਿਫ਼ ਰੱਬ ਦੇ ਕਹਿਣ 'ਫ਼ਕੀਰ' ਸਾਰੇ,
ਹੈ ਸੀ ਰੱਬ ਦਾ ਅਸਲ ਮੁਕਾਮ ਉਹੋ,
ਚੜ੍ਹ ਬਰਾਕ ਤੇ ਰਾਤ ਮਿਅਰਾਜ ਵਾਲੀ,
ਪਹੁੰਚੇ ਜਿਹੜੇ ਹਜ਼ੂਰ ਮੁਕਾਮ ਤੀਕਰ।

7. ਨਾਅਤੀਆ ਗ਼ਜ਼ਲ
ਰਹਿੰਦਾ ਨਜ਼ਰ ਵਿਚ ਏ ਤੇਰੇ ਤਾਲਿਬਾਂ ਦੀ

ਰਹਿੰਦਾ ਨਜ਼ਰ ਵਿਚ ਏ ਤੇਰੇ ਤਾਲਿਬਾਂ ਦੀ,
ਸਦਾ ਸੋਹਣਿਆ ਪਤਾ ਮੁਕਾਮ ਤੇਰਾ।
ਕਾਅਬਾ ਘਰ ਤੇਰਾ, ਵਿਹੜਾ ਹਰਮ ਤੇਰਾ,
ਫ਼ਲਕ ਛੱਤ ਤੇਰਾ ਅਰਸ਼ ਬਾਮ ਤੇਰਾ।

ਹੈ ਸ਼ਫ਼ਾਅਤ ਤੇਰੀ ਦਾ ਮੁਹਤਾਜ ਮਹਿਸ਼ਰ,
ਜਾਰੀ ਵਿਚ ਦੁਨੀਆ ਫ਼ੈਜ਼ ਆਮ ਤੇਰਾ,
ਕਿਹੜਾ ਤੇਰਾ ਗ਼ੁਲਾਮ ਸੁਲਤਾਨ ਨਾਹੀਂ,
ਕਿਹੜਾ ਨਹੀਂ ਸੁਲਤਾਨ ਗ਼ੁਲਾਮ ਤੇਰਾ।

ਰਿੰਦਾਂ ਵਾਂਗ ਸੂਫ਼ੀ ਸਾਕੀ ਮਸਤ ਤੇਰੇ,
ਜਿਨ੍ਹਾਂ ਦੇਖਿਆ ਮਸਤ ਖ਼ਰਾਮ ਤੇਰਾ,
ਚਲਦਾ ਮੈਕਦੇ ਵਿਚ ਤੌਹੀਦ ਦੇ ਰਹੇ,
ਭਰਿਆ ਮੈਅ ਤੌਹੀਦ ਦਾ ਜਾਮ ਤੇਰਾ।

ਡਿੱਠਾ ਵਾਂਗ ਤਸਬੀਹ ਦਿਆਂ ਦਾਣਿਆਂ ਦੇ,
ਬਣਿਆ ਮੁਕਤਦੀ ਏ ਹਰ ਇਮਾਮ ਤੇਰਾ,
ਆਲਮ ਇਲਮ ਹਿਕਮਤ ਦੀਆਂ ਵਿਚ ਦਰਸਾਂ
ਦਿੰਦਾ ਰਹੇਗਾ ਦਰਸ ਮਦਾਮ ਤੇਰਾ।

ਧਾੜੇ ਮਾਰ ਖ਼ੂਨੀ ਜ਼ਾਲਮ ਜਾਬਰਾਂ ਲਈ,
ਹੋਇਆ ਖ਼ਲਕ ਅਜ਼ੀਮ ਇਨਆਮ ਤੇਰਾ,
ਵਗਦਾ ਦਰ ਦਰਿਆਵਾਂ ਦੇ ਜ਼ੋਰ ਉੱਤੇ,
ਡਿੱਠਾ ਜੱਗ ਨੇ ਜ਼ੋਰ ਵਰਿਆਮ ਤੇਰਾ।

ਕਰਕੇ ਵਿਰਦ ਖ਼ਾਲਿਕ ਮਖ਼ਲੂਕ ਦੇ ਲਈ,
ਕੀਤਾ ਫ਼ਰਜ਼ ਦਰੂਦ ਸਲਾਮ ਤੇਰਾ।
ਛਾਪ ਵਿਚ ਦਿਲ ਦੀ ਏ 'ਫ਼ਕੀਰ' ਰਹਿੰਦਾ,
ਜੜਿਆ ਵਾਂਗ ਨਗੀਨੇ ਦੇ ਨਾਮ ਤੇਰਾ।

8. ਆਵੇ ਨਾਲ ਖ਼ਿਆਲ ਕਿਸੇ ਦੇ ਜਦੋਂ ਖ਼ਿਆਲ ਗ਼ਜ਼ਲ ਦਾ

ਆਵੇ ਨਾਲ ਖ਼ਿਆਲ ਕਿਸੇ ਦੇ ਜਦੋਂ ਖ਼ਿਆਲ ਗ਼ਜ਼ਲ ਦਾ।
ਹੁਸਨ ਜਮਾਲ ਕਿਸੇ ਦਾ ਬਣਦਾ ਹੁਸਨ ਜਮਾਲ ਗ਼ਜ਼ਲ ਦਾ।

ਬਣ ਕੇ ਭੜਕ ਕਿਸੇ ਦੇ ਰੁਖ ਦੀ ਭੜਕੇ ਤਾਬ ਗ਼ਜ਼ਲ ਦਾ,
ਜ਼ੁਲਫ਼ ਸੁਨਹਿਰੀ ਵਾਂਗ ਕਿਸੇ ਦੀ ਲਿਸ਼ਕੇ ਜਾਲ ਗ਼ਜ਼ਲ ਦਾ।

ਲਫ਼ਜ਼ ਬਨਣ ਕੰਨਾਂ ਦੇ ਬੂੰਦੇ ਮਿਸਰੇ ਹਾਰ ਗਲਾਂ ਦੇ,
ਦੇਣ ਤਬੀਅਤ ਦੇ ਤਾਅ ਜਿਸ ਦਮ ਸੋਨਾ ਢਾਲ ਗ਼ਜ਼ਲ ਦਾ।

ਹਾਰ ਪਰੋਂਦੀਆਂ ਜਾਵਣ ਅੱਖਾਂ ਲੈ ਪਲਕਾਂ ਥੀਂ ਮੋਤੀ,
ਉਬਲਦੇ ਦਿਲ ਵਿੱਚੋਂ ਉੱਠੇ ਜਦੋਂ ਉਬਾਲ ਗ਼ਜ਼ਲ ਦਾ।

ਬਣ ਮਸਤਾਨੀਆਂ ਨਜ਼ਰਾਂ ਕਰਦੀਆਂ ਨਾਚ ਨਸ਼ੇ ਦੀਆਂ ਤਾਰਾਂ,
ਦੇਵੇ ਜਦੋਂ ਤਬਾਅ ਦਾ ਸਾਕੀ ਜਾਮ ਉਛਾਲ ਗ਼ਜ਼ਲ ਦਾ।

ਨਚਦਾ ਗਾਉਂਦਾ ਵਗਦਾ ਸੋਮਾਂ ਟੋਰ ਰਵਾਨ ਗ਼ਜ਼ਲ ਦੀ,
ਬਾਗ਼ ਤਬਾਅ ਦੀਆਂ ਬਣੇ ਬਹਾਰਾਂ ਲੱਗ ਨਿਕਾਲ ਗ਼ਜ਼ਲ ਦਾ।

ਕਾਹਲਾ ਪੈ ਕੇ ਨਾਲ ਉਦਾਸੀ ਦਿਲੋਂ ਕਦੀ ਜਦ ਉੱਠੇ,
ਜਾ ਬਹੇ ਦਰਦ ਵਿਛੋੜਾ ਕੋਈ ਡੇਰਾ ਭਾਲ ਗ਼ਜ਼ਲ ਦਾ।

ਨੁਕਤੇ ਗ਼ੈਨ ਗ਼ਜ਼ਲ ਦੇ ਅੱਗੇ ਲਮਕੀ ਲਾਮ ਸੁਹਾਣੀ,
ਵੇਖੇ ਉਡਦੀ ਜ਼ੁਲਫ਼ ਗ਼ਜ਼ਲ ਦੀ ਬੈਠਾ ਖ਼ਾਲ ਗ਼ਜ਼ਲ ਦਾ।

ਦਰਦ ਵੰਡਾਂਦੇ ਇਕ ਦੂਜੇ ਦਾ ਰਹੇ ਇਹ ਮੁੱਢ ਕਦੀਮੋਂ,
ਦਿਲ ਦੀ ਮਹਿਰਮ ਹਾਲ ਗ਼ਜ਼ਲ ਦਿਲ ਮਹਿਰਮ ਹਾਲ ਗ਼ਜ਼ਲ ਦਾ।

ਨਾਲ ਗ਼ਜ਼ਲ ਦੇ ਦਿਲ ਪਾਗਲ ਨੇ ਖ਼ੂਬ ਨਿਭਾਈਆਂ ਸਾਂਝਾਂ,
ਹਿਜਰ ਵਸਾਲ ਇਹਦੇ ਦਾ ਮਹਿਰਮ ਹਿਜਰ ਵਸਾਲ ਗ਼ਜ਼ਲ ਦਾ।

ਲਿਖ ਕੇ ਜਦੋਂ ਕਿਸੇ ਦੇ ਰੋਸੇ ਦਿੱਤੀ ਦਾਦ ਗ਼ਜ਼ਲ ਦੀ,
ਲਿਆ ਗਵਾਚੇ ਖ਼ਤਾਂ ਲਫ਼ਾਫ਼ਿਆਂ ਮੰਨ ਕਮਾਲ ਗ਼ਜ਼ਲ ਦਾ।

ਛੇੜਣ ਜਦ ਵੀ ਦਿਲ ਨੂੰ ਉਹਦੀ ਸਰਦ ਤਬਾਅ ਦੀਆਂ ਯਾਦਾਂ,
ਗਰਮੀ ਸੋਜ਼ ਸੁਖ਼ਨ ਦੀ ਦੇਵੇ ਭਾਂਬੜ ਬਾਲ ਗ਼ਜ਼ਲ ਦਾ।

ਹੈਨ ਕਸੀਦੇ ਹੁਸਨ ਉਹਦੇ ਦੇ ਸ਼ਿਅਰ 'ਫ਼ਕੀਰ' ਗ਼ਜ਼ਲ ਦੇ,
ਰੱਖੇ ਕੋਲ ਕਿਵੇਂ ਨਾ ਤੋਹਫ਼ਾ ਯਾਰ ਸੰਭਾਲ ਗ਼ਜ਼ਲ ਦਾ।

9. (ਪੀਰ ਫ਼ਜ਼ਲ ਗੁਜਰਾਤੀ ਦੀ ਮੌਤ ਤੇ ਲਿੱਖੀ ਗ਼ਜ਼ਲ)
ਹੈ ਸੀ ਜਿਸ ਮਸਤਾਨੇ ਦਾ ਮੈਕਦਾ ਮੁਕਾਮ ਗ਼ਜ਼ਲ ਦਾ

ਹੈ ਸੀ ਜਿਸ ਮਸਤਾਨੇ ਦਾ ਮੈਕਦਾ ਮੁਕਾਮ ਗ਼ਜ਼ਲ ਦਾ।

ਭਰਾ ਭਰਾਇਆ ਟੁੱਟ ਗਿਆ ਏ ਰਿੰਦੋ ਜਾਮ ਗ਼ਜ਼ਲ ਦਾ।

ਦਿਸਦੀ ਪੀਰ ਫ਼ਜ਼ਲ ਬਿਨ ਅੱਜ ਨਾ ਟੋਰ ਇਹਦੀ ਮਸਤਾਨੀ,
ਖੁੱਸ ਗਿਆ ਏ ਅੱਜ ਗ਼ਜ਼ਲ ਥੀਂ ਮਸਤ ਖ਼ਰਾਮ ਗ਼ਜ਼ਲ ਦਾ।

ਟੱਕਰਾਂ ਮਾਰੇ ਪੀਰ ਬਿਨਾ ਪਈ ਸੋਚ ਨਮਾਜ਼ ਕੁਵੇਲੇ,
ਖ਼ਾਲੀ ਛੱਡ ਕੇ ਸਫ਼ ਗ਼ਜ਼ਲਾਂ ਦੀ ਗਿਆ ਇਮਾਮ ਗ਼ਜ਼ਲ ਦਾ।

ਅੱਖਾਂ ਮਲ ਮਲ ਵਿਹੰਦੇ ਨੇ ਪਏ ਫ਼ਲਕ ਗ਼ਜ਼ਲ ਦੇ ਤਾਰੇ,
ਡੁੱਬ ਗਿਆ ਵਿਚ ਨੂਰੀ ਸਾਗਰ ਮਾਹ ਤਮਾਮ ਗ਼ਜ਼ਲ ਦਾ।

ਦਿੱਸੇ ਸੋਹਣਿਆਂ ਵਿਚ ਨਾ ਸੁਣ ਕੇ ਅੱਜ ਉਹ ਭਾਜੜ ਪੈਂਦੀ,
ਨਾ ਉਹ ਰੰਗ ਗ਼ਜ਼ਲ ਦਾ ਨਾ ਉਹ ਅਸਰ ਕਲਾਮ ਗ਼ਜ਼ਲ ਦਾ।

ਹਸ ਹਸ ਸੋਹਣੇ ਰੋਸੇ ਉਹਨੂੰ ਹੈਸਨ ਆਪ ਮਨਾਂਦੇ,
ਲਾਂਦਾ ਫ਼ਜ਼ਲ ਜਦੋਂ ਸੀ ਥਾਂ ਸਿਰ ਕੋਈ ਦਾਮ ਗ਼ਜ਼ਲ ਦਾ।

ਡਿੱਠਾ ਇਸ਼ਕ ਨਾ ਨਾਲ ਗ਼ਜ਼ਲ ਦੇ ਅੱਜ ਫਿਰਦਾ ਵਿਚ ਰਾਹਾਂ,
ਕਰੇ ਕਬੂਲ ਨਾ ਭੜਕ ਹੁਸਨ ਦੀ ਅਦਬ ਸਲਾਮ ਗ਼ਜ਼ਲ ਦਾ।

ਗੁੰਮੀਆਂ ਉਡਦੀ ਧੂੜ ਦੇ ਅੰਦਰ ਜ਼ੁਲਫ਼ ਗ਼ਜ਼ਲ ਦੀਆਂ ਲਿਸ਼ਕਾਂ
ਡੁੱਬਾ ਵਿਚ ਹਨੇਰਿਆਂ ਦਿੱਸੇ ਮੁਖੜਾ ਸ਼ਾਮ ਗ਼ਜ਼ਲ ਦਾ।

ਵੱਜੇ ਬੂਹੇ ਅੱਜ ਗ਼ਜ਼ਲ ਦੇ ਪੈ ਵਿਚ ਡੂੰਘੀਆਂ ਸੋਚਾਂ,
ਦਿੱਸੇ ਪਿਆ ਉਦਾਸ ਵਿਚਾਰਾ ਚਿਹਰਾ ਬਾਮ ਗ਼ਜ਼ਲ ਦਾ।

ਖੋਹ ਲਈ ਕਿਸ ਖ਼ੂਨਖ਼ਾਰ ਇਹਦੇ ਤੋਂ ਅੱਜ ਤਲਵਾਰ ਗ਼ਜ਼ਲ ਦੀ
ਅੱਡੀਆਂ ਚੁੱਕ ਚੁੱਕ ਵੇਖੇ ਖ਼ਾਲੀ ਮੂੰਹ ਨਿਆਮ ਗ਼ਜ਼ਲ ਦਾ।

ਟੁੱਟੇ ਸਾਜ਼ ਗ਼ਜ਼ਲ ਦੇ ਨਾਲ ਈ ਮੁੱਕੇ ਰਾਜ਼ ਗ਼ਜ਼ਲ ਦੇ,
ਦਿਸਦਾ ਏ ਪਿਆ ਜੋ ਕੁਝ ਹੋਸੀ ਹੁਣ ਅੰਜਾਮ ਗ਼ਜ਼ਲ ਦਾ।

ਮੰਗਦਾ ਗਿਆ ਏ ਫ਼ਜ਼ਲ ਵੀ ਸਾਥੀ ਗ਼ਜ਼ਲਗੋਆਂ ਦੀਆਂ ਖ਼ੈਰਾਂ,
ਲਾ ਗਿਆ ਏ ਕੁਝ ਯਾਰਾਂ ਤੇ ਉਹ ਆਪ ਇਲਜ਼ਾਮ ਗ਼ਜ਼ਲ ਦਾ।

ਸੋਜ਼ ਗ਼ਜ਼ਲ ਦੇ ਤਾਅ ਵਿਚ ਤਪਦਾ ਗਿਆ ਗ਼ਜ਼ਾਲ ਪਿਆਮੀ,
ਦੇਵੇ ਕੌਣ ਸਮੇਂ ਨੂੰ ਦੱਸੋ ਹੁਣ ਪੈਗ਼ਾਮ ਗ਼ਜ਼ਲ ਦਾ।

ਨਾਲ 'ਫ਼ਕੀਰ' ਅਸਾਡੇ ਹੁਣ ਨਹੀਂ ਫ਼ਜ਼ਲ ਕਦੀ ਰਲ ਬਹਿਣਾ,
ਬਾਝ ਉਹਦੇ ਪਏ ਅਸੀਂ ਕਰਾਂਗੇ ਨਾਂ ਬਦਨਾਮ ਗ਼ਜ਼ਲ ਦਾ।

10. ਦਿਲ ਮੇਰਾ ਨਹੀਂ ਮੇਰਾ ਹੈ ਬੇਗਾਨਾ ਕਿਸੇ ਦਾ

ਦਿਲ ਮੇਰਾ ਨਹੀਂ ਮੇਰਾ ਹੈ ਬੇਗਾਨਾ ਕਿਸੇ ਦਾ।
ਮੈਂ ਇਹਦਾ ਹਾਂ ਦੀਵਾਨਾ ਇਹ ਦੀਵਾਨਾ ਕਿਸੇ ਦਾ।

ਦਰਦ ਅਪਣਾ ਕਿੱਥੇ ਤੇ ਕਿੱਥੇ ਪੀੜ ਪਰਾਈ,
ਅਪਣੀ ਨਹੀਂ ਇਕ ਕੌਡੀ ਜਿਹਾ ਆਨਾ ਕਿਸੇ ਦਾ।

ਟੁਰਦੇ ਨੂੰ ਸਿਖਾਂਦਾ ਏ ਪਈ ਪੰਧ ਦੀ ਦੂਰੀ,
ਹੱਠ ਹੋਵੇ ਕਦੀ ਜੇ ਜ਼ਰਾ ਮਰਦਾਨਾ ਕਿਸੇ ਦਾ।

ਚੁਭਦੀ ਸੀ ਤੇਰੇ ਦਿਲ ਨੂੰ ਕਿਸੇ ਦੀ ਜੇ ਅਮੀਰੀ,
ਜਰ ਵੇਖ ਕੇ ਹੁਣ ਹਾਲ ਗ਼ਰੀਬਾਨਾ ਕਿਸੇ ਦਾ।

ਦੇਖੀ ਨਾ ਗਈ ਹੁੱਸੀ ਹੋਈ ਸ਼ਕਲ ਕਿਸੇ ਦੀ,
ਡਿੱਠਾ ਨਾ ਗਿਆ ਹਾਲ ਫ਼ਕੀਰਾਨਾ ਕਿਸੇ ਦਾ।

ਘਰ ਮੇਰੇ ਦੀ ਵੀਰਾਨੀ ਤੇ ਵੀਰਾਨੀ ਏ ਘਰ ਦੀ,
ਪਰ ਮਜਨੂੰ ਦਾ ਵੀਰਾਨਾ ਸੀ ਵੀਰਾਨਾ ਕਿਸੇ ਦਾ।

ਨਾ ਇਸ਼ਕ ਮੇਰਾ ਏ ਤੇ ਨਾ ਮੇਰੀ ਏ ਜਵਾਨੀ,
ਮਸਤੀ ਇਹ ਕਿਸੇ ਦੀ ਏ ਤੇ ਮੈਖ਼ਾਨਾ ਕਿਸੇ ਦਾ।

ਦਿਲ ਦੀ ਨਾ ਸੜਨ ਹੁੰਦੀ ਏ ਮੱਠੀ ਕਦੇ ਇਕ ਪਲ,
ਸੜਦਾ ਏ ਸ਼ੱਮਾਂ ਵਾਂਗ ਇਹ ਪਰਵਾਨਾ ਕਿਸੇ ਦਾ।

ਹਰ ਵਾਰ ਜਦ ਮੈਂ ਓਸ ਨੂੰ ਪਛਾਤਾ ਤਾਂ ਕਿਹਾ ਓਸ,
ਇਹ ਮਤਲਬੀ ਦੀਵਾਨਾ ਏ ਦੀਵਾਨਾ ਕਿਸੇ ਦਾ।

ਸ਼ੌਕ ਅਪਣਾ ਅਪਣਾ ਏ ਤੇ ਚਾਹ ਅਪਣੀ ਅਪਣੀ,
ਮਸਤਾਨਾ ਕਿਸੇ ਦਾ ਕੋਈ ਮਸਤਾਨਾ ਕਿਸੇ ਦਾ।

ਪੱਤਝੜ ਵਿਚ ਇਹ ਸੁਣਿਆ ਏ ਮੈਂ ਬੁਲਬੁਲ ਦੀ ਸਦਾਉਂ,
ਉਜੜੇ ਨਾ ਕਦੀ ਵਸ ਜੇ ਮੁੜ ਖ਼ਾਨਾ ਕਿਸੇ ਦਾ।

ਇਕ ਡਾਢੀ ਤਿਲਸਮਾਤ ਏ ਜਾਦੂਘਰ ਏ ਦੁਨੀਆਂ,
ਜਿੰਨਾਂ ਦੀ ਇਹ ਵਸਤੀ ਏ ਪਰੀਖ਼ਾਨਾ ਕਿਸੇ ਦਾ।

ਹਰ ਇਕ ਦਾ ਟਿਕਾਨਾ ਏ 'ਫ਼ਕੀਰ' ਹਰ ਦਾ ਟਿਕਾਨਾ,
ਨਾ ਕਾਅਬਾ ਏ ਕਿਸੇ ਦਾ ਨਾ ਬੁੱਤਖ਼ਾਨਾ ਕਿਸੇ ਦਾ।

11. ਕੀਤੀ ਏ ਵਾਂਗ ਸੋਹਣਿਆਂ ਸੋਹਣੀ ਅਦਾ ਖ਼ੁਦਾ

ਕੀਤੀ ਏ ਵਾਂਗ ਸੋਹਣਿਆਂ ਸੋਹਣੀ ਅਦਾ ਖ਼ੁਦਾ।
ਦਿਲ ਦਰਦਮੰਦ ਦੇ ਕੇ ਨਾ ਦਿੱਤੀ ਦਵਾ ਖ਼ੁਦਾ।

ਦੁਨੀਆ ਖ਼ਾਤਰ ਹੁਸਨ ਦੀ ਕਿਉਂ ਖ਼ਵਰੇ ਇਸ਼ਕ ਨੂੰ,
ਬੇਐਬ ਜ਼ਿੰਦਗੀ ਦੀ ਹੈ ਦਿੱਤੀ ਸਜ਼ਾ ਖ਼ੁਦਾ।

ਦੁਖ਼ਿਆਰ ਕੋਈ ਕੀਹਨੂੰ ਪੁਕਾਰੇ ਖ਼ੁਦਾ ਬਗ਼ੈਰ,
ਦੁਖ਼ਿਆਰ ਦਾ ਹੈ ਜੱਗ ਤੇ ਕਿਹੜਾ ਸਿਵਾ ਖ਼ੁਦਾ।

ਵਿਛੜੇ ਮਿਲਾਪ ਤੋਂ ਨਾ ਵਿਛੋੜੇ ਮਿਲਾਪ ਦੇ,
ਰਹਿ ਕੇ ਹਮੇਸ਼ ਨਾਲ ਰਿਹਾ ਏ ਜੁਦਾ ਖ਼ੁਦਾ।

ਦੋਜ਼ਖ਼ ਡਰੋਂ ਤੇ ਰਹਿ ਅਸੀਂ ਮੱਥੇ ਹਾਂ ਰਗੜਦੇ,
ਕਰਦਾ ਏ ਬੰਦਗੀ ਦਾ ਪਿਆ ਹੱਕ ਅਦਾ ਖ਼ੁਦਾ।

ਬੰਦੇ ਨੇ ਮੌਤ ਤੇ ਚਾ ਉਸਾਰੀ ਏ ਜ਼ਿੰਦਗੀ,
ਬੱਧੀ ਏ ਜੀਵਨ ਦੀ ਜੇ ਮਰਨ ਤੇ ਬਿਨਾ ਖ਼ੁਦਾ।

ਪੈਰਾਂ ਤੇ ਸੋਹਣਿਆਂ ਦੇ ਧਰਨ ਸਿਰ ਕਿਵੇਂ ਨਾ ਰਿੰਦ,
ਬਖ਼ਸ਼ਿਸ਼ ਲਈ ਏ ਲੋੜਦਾ ਸੋਹਣੀ ਖ਼ਤਾ ਖ਼ੁਦਾ।

ਮੰਨਦੇ ਅਸੀਂ ਵੀ ਉਹਦੀ ਖ਼ੁਦਾਈ ਦੇ ਜ਼ੋਰ ਨੂੰ,
ਸੁਣਦਾ ਕਦੇ ਜੇ ਸਾਡੀ ਵੀ ਕੋਈ ਦੁਆ ਖ਼ੁਦਾ।

ਕਰਨਾ ਸੀ ਇੰਜ ਜ਼ੁਲਮ ਕਿਉਂ ਮੈਂ ਆਪ ਜਾਨ ਤੇ,
ਕਹਿ ਕੇ ਅਲਸਤ ਪਾਈ ਮੇਰੇ ਗਲ ਬਲਾ ਖ਼ੁਦਾ।

ਕੀਤੀ ਬੁੱਤਾਂ ਜਫ਼ਾ ਦੀ ਕਰਾਮਤ ਅਜਬ 'ਫ਼ਕੀਰ',
ਕਰਦੇ ਨੇ ਬੁਤ ਪਰਸਤ ਪਏ ਬਹਿ ਕੇ ਖ਼ੁਦਾ ਖ਼ੁਦਾ।

12. ਰਾਂਝਾ ਜੋਗੀ, ਮੱਤੋਂ ਮਿਰਜ਼ਾ, ਪੁੰਨੂੰ ਮਜਨੂੰ ਝੱਲਾ

ਰਾਂਝਾ ਜੋਗੀ, ਮੱਤੋਂ ਮਿਰਜ਼ਾ, ਪੁੰਨੂੰ ਮਜਨੂੰ ਝੱਲਾ।
ਆਪੋ ਅਪਣੀ ਦੁਨੀਆ ਦਾ ਏ ਖ਼ਾਲਿਕ ਕੱਲਾ ਕੱਲਾ।

ਦੀਵੇ ਵਿਚ ਹਿਆਤੀ ਵਾਲੇ ਬਾਲਣ ਸਾਡੀ ਮਿੱਟੀ,
ਕੰਨੀ ਨਾਲ ਜਿਨ੍ਹਾਂ ਦੀ ਬੱਝਾ ਪਿਆਰ ਅਸਾਡਾ ਪੱਲਾ।

ਲੈ ਕੇ ਦਿਲ ਉਨ੍ਹਾਂ ਨੇ ਸਾਥੋਂ ਦਿੱਤੀ ਦੌਲਤ ਗ਼ਮ ਦੀ,
ਝੋਂਕੇ ਦੇ ਵਿਚ ਮਿਲ ਗਿਆ ਸਾਨੂੰ ਸੌਦਾ ਖ਼ੂਬ ਸਵੱਲਾ।

ਗ਼ਮ ਤੇਰੇ ਬੇਆਸੇ ਦਿਲ ਨੂੰ ਦਿੱਤਾ ਸਦਾ ਸਹਾਰਾ,
ਗ਼ਮ ਤੇਰੇ ਦੇ ਹੁੰਦਿਆਂ ਮਾਰਾਂ ਖ਼ੁਸ਼ੀਆਂ ਦੇ ਸਿਰ ਖੱਲਾ।

ਦਿਲ ਦੀਆਂ ਰੀਝਾਂ ਲਾਹ ਲਾਹ ਅੱਲਾ ਸੋਹਣੇ ਬੁੱਤ ਬਣਾਏ,
ਵੇਖ ਬੁੱਤਾਂ ਵਲ ਕਿਉਂ ਨਾ ਮੂੰਹੋਂ ਨਿਕਲੇ ਅੱਲਾ ਅੱਲਾ।

ਓਸੇ ਵਾਂਗਰ ਯਾਦ ਉਹਦੀ ਦੇ ਨਾਲ ਏ ਨਿਭਦੀ ਜਾਂਦੀ,
ਐਵੇਂ ਲੋਕੀ ਆਖਣ ਨਹੀਂ ਏ ਨਿਭਦਾ ਪਿਆਰ ਕਵੱਲਾ।

ਐਵੇਂ ਲੱਭਦੀ ਫਿਰੇ ਨਾ ਦੁਨੀਆ ਦੁੱਖ ਮੁਹੱਬਤ ਵਾਲੇ,
ਦੁਨੀਆ ਦੇ ਸੁੱਖਾਂ ਥੀਂ ਰੱਖੇ ਦੁੱਖ ਪਿਆਰ ਸੁਖੱਲਾ।

ਟੁਰ ਕੇ ਨਾਲ ਬੰਦੇ ਦੇ ਟੁਰਦੇ ਨਾਲ ਨਾ ਸੰਗੀ ਸਾਥੀ,
ਸੰਗਾਂ ਸਾਥਾਂ ਦੇ ਵਿਚ ਟੁਰਦਾ ਬੰਦਾ ਕੱਲਮ-ਕੱਲਾ।

ਖੇਡਣ ਲਫ਼ਜ਼ਾਂ ਨਾਲ 'ਫ਼ਕੀਰ' ਹਰ ਵੇਲੇ ਸੋਚ-ਵਿਚਾਰਾਂ,
ਕੁਝ ਏ ਕਲਮ ਨਿਚੱਲੀ ਮੇਰੀ ਕੁਝ ਖ਼ਿਆਲ ਨਿਚੱਲਾ।

13. ਜਾਣ ਆਵਣ ਦਾ ਗਲੀ ਉਨ੍ਹਾਂ ਦੀ ਛੱਡਿਆ ਨਾ ਦਸਤੂਰ ਗਿਆ

ਜਾਣ ਆਵਣ ਦਾ ਗਲੀ ਉਨ੍ਹਾਂ ਦੀ ਛੱਡਿਆ ਨਾ ਦਸਤੂਰ ਗਿਆ।
ਜਾ ਕੇ ਦਿਲ ਮੁੜ ਆਇਆ ਉੱਥੋਂ ਆ ਕੇ ਮੁੜ ਮਜਬੂਰ ਗਿਆ।

ਆਪ ਮੁਹਾਰੇ ਨਾਲ ਅਸਾਡੇ ਹਾਸੇ ਰੋਸੇ ਚਲਦੇ ਰਹੇ,
ਲੰਘਿਆ ਕਦੀ ਉਹ ਹਸਦਾ ਹਸਦਾ ਕਦੀ ਉਹ ਲੰਘਦਾ ਘੂਰ ਗਿਆ।

ਨਾ ਨਾ ਕਰਦਿਆਂ ਓੜਕ ਰਾਤੀਂ ਜਿਹੜੀ ਉਹਨੇ ਪੀਤੀ ਸੀ,
ਮਸਜਿਦ ਵੱਲ ਸਵੇਰੇ ਮੁੱਲਾਂ ਓਸੇ ਵਿਚ ਸਰੂਰ ਗਿਆ।

ਬਣ ਗਈ ਰਾਹ ਦੀ ਮਿੱਟੀ ਸੱਸੀ ਮੋੜ ਮੁਹਾਰ ਨਾ ਆਇਆ ਉਹ,
ਨਿਕਲ ਥਲਾਂ ਵਿਚ ਪੁੰਨੂੰ ਭੈੜਾ ਖ਼ਵਰੇ ਕਿੱਡੀ ਦੂਰ ਗਿਆ।

ਐਵੇਂ ਬੁਲਬੁਲ ਆਈ ਬਾਗ਼ੇ ਡੇਰਾ ਕਰਕੇ ਫੁੱਲ ਜਦੋਂ,
ਕੋਇਲ ਕੀ ਕੂਕੀ ਜਿਸ ਵੇਲੇ ਝੜ ਅੰਬਾਂ ਦਾ ਬੂਰ ਗਿਆ।

ਏਥੋਂ ਤੀਕਰ ਕੀ ਕੋਈ ਦੱਸੇ ਪਹੁੰਚ ਗਿਆ ਏ ਕੀਕਣ ਉਹ,
ਸਾਡੀਆਂ ਅੱਖਾਂ ਸਾਹਮਣੇ ਸੂਲੀ ਤੀਕਰ ਸੀ ਮਨਸੂਰ ਗਿਆ।

ਠੰਡਾ ਕਰ ਗਿਆ ਜਾਂਦੀ ਵਾਰੀ ਉਹੋ ਦੋਜ਼ਖ਼ ਦੁਨੀਆ ਦਾ,
ਬਾਲ ਹੱਡਾਂ ਦਾ ਬਾਲਣ ਜਿਹੜਾ ਤਨ ਦੇ ਵਿਚ ਤੰਦੂਰ ਗਿਆ।

ਇਸ਼ਕ ਮਚਾਇਆ ਭਾਂਬੜ ਜਿਹੜਾ ਆਸ਼ਿਕ ਬਾਝ ਬੁਝਾਉਂਦਾ ਕੋਣ,
ਜਦ ਤਕ ਹੋਸ਼ 'ਚ ਆਏ ਮੂਸਾ ਤਦ ਤੀਕਰ ਸੜ ਤੂਰ ਗਿਆ।

ਓਸੇ ਨੂਰ ਓੜਕ ਚਮਕਾਏ ਕਾਲੇ ਕੋਟ ਪਹਾੜਾਂ ਦੇ,
ਚਾਲੀ ਵਰ੍ਹੇ ਹਨੇਰੀਆਂ ਗ਼ਾਰਾਂ ਦੇ ਵਿਚ ਜਿਹੜਾ ਨੂਰ ਗਿਆ।

ਹੋ ਗਿਆ ਅੱਜ ਤੇ ਸਫਲ ਅਸਾਡਾ ਠਰਕ'ਫ਼ਕੀਰ'ਇਹ ਸ਼ਾਇਰੀ ਦਾ
ਅੱਜ ਤੇ ਸ਼ਿਅਰ ਮੇਰਾ ਕਰ ਸਾਰੀ ਮਹਫ਼ਿਲ ਨੂੰ ਮਸਰੂਰ ਗਿਆ।

14. ਸ਼ੋਖ਼ ਤਿਰਛੀ ਨਜ਼ਰ ਨੂੰ ਦਿਲਬਰ ਝੁਕਾ ਕੇ ਮਾਰਿਆ

ਸ਼ੋਖ਼ ਤਿਰਛੀ ਨਜ਼ਰ ਨੂੰ ਦਿਲਬਰ ਝੁਕਾ ਕੇ ਮਾਰਿਆ।
ਤੀਰ ਦਿਲ ਜ਼ਖ਼ਮੀ ਨੂੰ ਅੱਜ ਤੇ ਨੇਂਹ ਬਚਾ ਕੇ ਮਾਰਿਆ।

ਇਸ਼ਕ ਬੇਸੁਰਤੇ ਨੂੰ ਉਨ੍ਹਾਂ ਘੂਰਿਆ ਏ ਝੂਮ ਕੇ,
ਸ਼ੇਰ ਸੁੱਤੇ ਨੂੰ ਸ਼ਿਕਾਰੀ ਨੇ ਜਗਾ ਕੇ ਮਾਰਿਆ।

ਵੇਖ ਕੇ ਹਸਦੇ ਨੇ ਫੇਰ ਅੱਜ ਵੈਰੀਆਂ ਦੇ ਵੈਰ ਪਏ,
ਫ਼ੇਰ ਯਾਰਾਂ ਯਾਰੀਆਂ ਦਾ ਪੱਜ ਪਾ ਕੇ ਮਾਰਿਆ।

ਜ਼ਿੰਦਗੀ ਬਖ਼ਸ਼ੀ ਜੇ ਬੇਦਰਦਾਂ ਦੀ ਬੇਦਰਦੀ ਕਦੀ,
ਦਰਦੀਆਂ ਨੇ ਦਰਦ ਦੇ ਕਿੱਸੇ ਸੁਣਾ ਕੇ ਮਾਰਿਆ।

ਜਾ ਕੇ ਵਿਚ ਅਕਬਾ ਦੇ ਦੇਖਾਂਗੇ ਮਿਲੀ ਜੇ ਜ਼ਿੰਦਗੀ,
ਜ਼ਿੰਦਗੀ ਨੇ ਵਿੱਚ ਦੁਨੀਆ ਦੇ ਲਿਆ ਕੇ ਮਾਰਿਆ।

ਮਾਰ ਕੇ ਬੰਦੇ ਕਈ ਕਰ ਦਿੱਤੇ ਨੇ ਜਿਉਂਦੇ ਖ਼ੁਦਾ,
ਕਈ ਖ਼ੁਦਾਵਾਂ ਨੂੰ ਖ਼ੁਦਾ ਬੰਦਾ ਬਣਾ ਕੇ ਮਾਰਿਆ।

ਸਿੱਖ ਲਈ ਏ ਜਾਂਚ ਇਨ੍ਹਾਂ ਖ਼ੂਬ ਮਰਕੇ ਜਿਉਣ ਦੀ,
ਆਸ਼ਕਾਂ ਨੂੰ ਇਸ਼ਕ ਖ਼ਵਰੇ ਕੀ ਸਿਖਾ ਕੇ ਮਾਰਿਆ।

ਮਾਰਿਆ ਜ਼ਿੰਦਾਂ ਨੂੰ ਪਾ ਕੇ ਜ਼ੋਹਦ ਦੇ ਵਿਚ ਜ਼ਾਹਿਦਾਂ,
ਜ਼ਾਹਿਦਾਂ ਨੂੰ ਖ਼ਚਰਿਆਂ ਰਿੰਦਾਂ ਪਿਆ ਕੇ ਮਾਰਿਆ।

ਨਜ਼ਰ ਨੇ ਲਬ ਦੀ ਕਰਾਮਤ ਨਾਲ ਕਈ ਵਾਰੀ ਉਨ੍ਹਾਂ,
ਮਾਰ ਕੇ ਸਾਨੂੰ ਜਵਾਇਆ ਮੁੜ ਜਵਾ ਕੇ ਮਾਰਿਆ।

ਮਾਰਿਆ ਸੀ ਕੱਲ੍ਹ ਉਨ੍ਹਾਂ ਕਰਕੇ ਗਿਲੇ ਸਾਨੂੰ 'ਫ਼ਕੀਰ',
ਅੱਜ ਅਸਾਂ ਉਨ੍ਹਾਂ ਨੂੰ ਸ਼ਿਅਰ ਅਪਣੇ ਸੁਣਾ ਕੇ ਮਾਰਿਆ।

15. ਖਿੜਦੇ ਫੁਲ ਨਾ ਹੱਸਣ ਹੋਵੇ, ਸਮਾਂ ਬਹਾਰਾਂ ਆਈਆਂ ਦਾ

ਖਿੜਦੇ ਫੁਲ ਨਾ ਹੱਸਣ ਹੋਵੇ, ਸਮਾਂ ਬਹਾਰਾਂ ਆਈਆਂ ਦਾ।
ਦਿਨ ਅੱਜ ਦਾ ਪਿਆ ਦਿਸਦਾ ਏ ਕੋਈ, ਦਿਨ ਬੇਦਾਦ ਜੁਦਾਈਆਂ ਦਾ।

ਨਾ ਕੋਈ ਯਾਦ ਆਬਾਦ ਇਹਦੇ ਵਿਚ, ਨਾ ਕੋਈ ਪੀੜ ਬਰਾਗਾਂ ਦੀ,
ਦਿਲ ਸਾਡਾ ਵੀ ਦਿਲ ਏ ਪਾਪੀ, ਸ਼ਹਿਰ ਉਜਾੜ ਸ਼ੁਦਾਈਆਂ ਦਾ।

ਬੋਝ ਇਥੇ ਵਿਚ ਧੂੜਾਂ ਲਗਦੇ, ਜਾਵਣ ਹੁਸਨ ਜਵਾਨੀ ਦੇ,
ਤੋਲ ਉਮਰ ਦਾ ਵਿੱਚ ਹਿਆਤੀ, ਧੜਾ ਜਿਵੇਂ ਧੜਵਾਈਆਂ ਦਾ।

ਉਡਦੇ ਨੇ ਪਏ ਜਿਹੜਿਆਂ ਰਾਹਵਾਂ ਦੇ ਵਿਚ ਘੱਟੇ ਸਦੀਆਂ ਦੇ,
ਮਨੁੱਖ ਕਰੇ ਕੀ ਉੱਥੇ ਕੋਈ ਘੜੀਆਂ ਚਾਰ ਵਿਹਾਈਆਂ ਦਾ।

ਇਹ ਧੜਕੇ ਪਿਆ ਬਾਝ ਵਸਾਲੋਂ ਰੋਂਦੀਆਂ ਨੇ ਉਹ ਦੀਦ ਬਿਨਾ,
ਭੁੱਖਾ-ਭਾਣਾ ਦਿਲ ਪਿਆ ਦੇਵੇ ਸਾਥ ਅੱਖਾਂ ਤਿਰਹਾਈਆਂ ਦਾ।

ਕੀ ਹੋਇਆ ਜੇ ਆ ਬੈਠਾ ਏ ਦਿਲ ਵਿਚ ਬਣ ਕੇ ਰੱਬ ਕੋਈ,
ਕਾਅਬੇ ਦੇ ਵਿਚ ਕਰਦੇ ਰਹੇ ਨੇ ਦਾਅਵਾ ਬੁੱਤ ਖ਼ੁਦਾਈਆਂ ਦਾ।

16. ਮਿਲਿਆ ਨਾ ਕੋਈ ਕੀਤੀ ਗਲ ਨੂੰ, ਸੁਣ ਕੇ ਜਾਚਣ ਤੋਲਣ ਵਾਲਾ

ਮਿਲਿਆ ਨਾ ਕੋਈ ਕੀਤੀ ਗਲ ਨੂੰ, ਸੁਣ ਕੇ ਜਾਚਣ ਤੋਲਣ ਵਾਲਾ।
ਨਾ ਕੋਈ ਬੋਲ ਕੇ ਸਮਝਣ ਵਾਲਾ, ਨਾ ਕੋਈ ਸਮਝ ਕੇ ਬੋਲਣ ਵਾਲਾ।

ਕਰਦਾ ਕਿਵੇਂ ਉਦਾਸ ਸਮੇਂ ਲਈ, ਮਾਅਣੇ ਇਸ਼ਕ ਮੁਹੱਬਤ ਦੇ ਮੈਂ,
ਮਿਲਿਆ ਨਾ ਕੋਈ ਖੁੱਲ੍ਹੇ ਸੀਨੇ, ਸੀਨੇ ਦਾ ਦਰ ਖੋਲ੍ਹਣ ਵਾਲਾ।

ਕਰਦੇ ਰਹੇ ਸੁੱਖਾਂ ਦੀਆਂ ਗੱਲਾਂ, ਮਿਲ ਕੇ ਯਾਰ ਜ਼ੁਬਾਨੀ ਐਵੇਂ,
ਦਿਲ ਦੁਖਿਆਰੇ ਨੂੰ ਕੋਈ ਮਿਲਿਆ, ਨਾ ਦਿਲ ਥੀਂ ਪੜਚੋਲਣ ਵਾਲਾ।

ਸੂਲੀ ਬਣੇ ਉਹਦੇ ਲਈ ਕੀਕਣ, ਅਰਸ਼ ਮੁਅੱਲਾ ਦੀ ਨਾ ਪੌੜੀ,
ਸਿਰ ਦੀ ਬਾਜ਼ੀ ਲਾਵੇ ਜਦ ਕੋਈ, ਪੈਰਾਂ ਤੋਂ ਨਾ ਡੋਲਣ ਵਾਲਾ।

ਤਾਅਨੇ ਮਿਅਨੇ ਬਣ ਕੇ ਪਰਤੇ, ਕੀਤੀ ਮੂੰਹ ਦੀ ਗਿਲਾ-ਗੁਜ਼ਾਰੀ,
ਸੁੱਖਾਂ ਦਾ ਹੈ ਸਾਥੀ ਬਣਿਆ, ਲੱਗੇ ਦੁਖ ਨਾ ਫੋਲਣ ਵਾਲਾ।

ਰੋਂਦਾ ਰਹਿ ਵਿਚ ਹਸਦੀ ਮਹਫ਼ਿਲ, ਬੇਰੰਗੀ ਦੇ ਫਿੱਕੇ ਰੋਣੇ,
ਪਿਆਰ ਮੁਹੱਬਤ ਦੇ ਰੰਗਾਂ ਵਿਚ, ਭੰਗ ਵੈਰ ਦੀ ਘੋਲਣ ਵਾਲਾ।

ਕੀੜੇ ਕੱਢਣ ਵਾਲੇ ਨੂੰ ਪਈ, ਕਾਢ ਉਹਦੀ ਏ ਕੀੜੇ ਪਾਉਂਦੀ,
ਕੁੱਕੜ ਵਾਂਗੂੰ ਖੇਹ ਵਿਚ ਸਿਰ ਦੇ, ਪਾਉਂਦਾ ਕੂੜਾ ਫੋਲਣ ਵਾਲਾ।

ਉਡਦੀਆਂ ਧੂੜਾਂ ਵਿਚ ਗਵਾਚੇ, ਕੂੜਾ ਹੂੰਝਣ ਵਾਲਾ ਬੰਦਾ,
ਆਪੇ ਪਿੰਡੇ ਚਿੱਕੜ ਮਲਦਾ, ਹੱਥੀਂ ਗਾਦ ਘਚੋਲਣ ਵਾਲਾ।

ਮੁੱਲ ਦਿਲੇ ਦਾ ਦਿਲ ਲੈ ਕੇ ਵੀ, ਖ਼ਵਰੇ ਦੇਵੇ ਸੌਦਾ ਖੋਟਾ,
ਪਾ ਨੈਣਾਂ ਦੀ ਵਿੱਚ ਤਰੱਕੜੀ, ਸਾਵਾਂ ਤੋਲ ਨਾ ਤੋਲਣ ਵਾਲਾ।

ਰੁਖ ਦੀਆਂ ਭੜਕਾਂ ਨਾਲ ਹੰਝੂਆਂ ਦੀ ਕਰਨੀ ਕਦਰ 'ਫ਼ਕੀਰ' ਨਾ ਜਾਣੇ
ਫੁਲ ਅੱਗ ਦੇ ਵਿਚ ਸਾੜਨ ਵਾਲਾ ਮੋਤੀ ਮਿੱਟੀ ਰੋਲਣ ਵਾਲਾ।

17. ਜਾਣਾ ਉਨ੍ਹਾਂ ਵਲ ਕਦੀ ਅਵੇਰ ਆਪੇ

ਜਾਣਾ ਉਨ੍ਹਾਂ ਵਲ ਕਦੀ ਅਵੇਰ ਆਪੇ,
ਕਦੀ ਜਾਣਕੇ ਆਪ ਸਵੇਰ ਜਾਣਾ।
ਜਾਣਾ ਜਾ ਕੇ ਸੋਚਣਾ ਪਰਤ ਆਉਣਾ,
ਪਿਛਾਂਹ ਪਰਤ ਕੇ ਸੋਚਣਾ ਫੇਰ ਜਾਣਾ।

ਕੋਲ ਹੁੰਦਿਆਂ ਉਨ੍ਹਾਂ ਵਲ ਜਾਣ ਦੇ ਲਈ,
ਮੋੜਾਂ ਮੁੜੀ ਜਾਣਾ ਵੱਲੇ ਪਾਈ ਜਾਣਾ,
ਅਸਾਂ ਜਦੋਂ ਵੀ ਉਨ੍ਹਾਂ ਦੇ ਵੱਲ ਜਾਣਾ,
ਰਾਹਵਾਂ ਨਾਲ ਕਰਕੇ ਹੇਰ ਫ਼ੇਰ ਜਾਣਾ।

ਜ਼ੁਲਕੁਰਨੈਨ ਕੀਕਣ ਟੁਰੇ ਨਾਲ ਉਨ੍ਹਾਂ,
ਕਰੇ ਉਨ੍ਹਾਂ ਦੀ ਰਾਹਬਰੀ ਖ਼ਿਜ਼ਰ ਕੀਕਣ,
ਦਸਾਂ ਕਦਮਾਂ ਦੀ ਵਿੱਥ ਤੇ ਜਿਨ੍ਹਾਂ ਹੋਵੇ,
ਕਾਲੇ ਕੋਹਾਂ ਦੇ ਪਾ ਕੇ ਫੇਰ ਜਾਣਾ।

ਹੁੰਦਾ ਕਿਵੇਂ ਬੇਵਸ ਦੀ ਵੱਲ ਉਨ੍ਹਾਂ,
ਆਉਣ ਜਾਣ ਨਾਦਾਨ ਜਵਾਨੀਆਂ ਦਾ,
ਸਰਘੀ ਪਰਤਣਾ ਜਾ ਕੇ ਸ਼ਾਮ ਵੇਲੇ,
ਸ਼ਾਮੀ ਆਵਣਾ ਜਦੋਂ ਸਵੇਰ ਜਾਣਾ।

ਉਹਦੀ ਜ਼ੁਲਫ਼ ਤੇ ਰੁਖ ਦੀਆਂ ਅਸਾਂ ਅੱਖੀਂ,
ਬੜੀ ਵਾਰ ਕਰਾਮਤਾਂ ਵੇਖੀਆਂ ਨੇ,
ਕਾਲੀ ਰਾਤ ਉਹਦੇ ਰੁਖੋਂ ਚਮਕ ਜਾਣੀ,
ਦਿਨ ਦੀਵੀਂ ਪਾ ਜ਼ੁਲਫ਼ ਹਨੇਰ ਜਾਣਾ।

ਹੁੰਦੇ ਰਹਿਣ ਦੋ ਪਾਸਿਉਂ ਸੁਲਾਹ ਦੇ ਲਈ,
ਹੀਲੇ ਖ਼ੂਬ ਬਨਾਵਟੀ ਰੋਸਿਆਂ ਦੇ,
ਸਾਡਾ ਉਨ੍ਹਾਂ ਵਲ ਵੇਖਣਾ ਚੋਰ ਨਜ਼ਰੇ,
ਲੰਘ ਉਨ੍ਹਾਂ ਦਾ ਬੁੱਲ੍ਹ ਅਟੇਰ ਜਾਣਾ।

ਵੇਖੇ ਹੁਸਨ ਦੇ ਦਰਸ ਵਿਚ ਬੜੀ ਵਾਰੀ,
ਲਫ਼ਜ਼ ਬਦਲ ਜਾਂਦੇ ਸਣੇ ਮਾਅਣਿਆਂ ਦੇ,
ਲਬਾਂ ਹਿਲਦਿਆਂ ਜ਼ੇਰ ਦਾ ਜ਼ਬਰ ਹੋਣਾ,
ਨਜ਼ਰਾਂ ਨਾਲ ਹੋ ਜ਼ਬਰ ਦਾ ਜ਼ੇਰ ਹੋਣਾ।

ਚੜ੍ਹਤਲ ਬਦਲਦੇ ਸਮੇਂ ਦੇ ਮੋਢਿਆਂ ਤੇ,
ਚੜ੍ਹਦੀ ਰਹੀ ਏ ਹੁਸਨਾਂ ਦੇ ਵਾਰਿਆਂ ਦੀ,
ਧਰਨੇ ਸੋਹਣਿਆਂ ਨੇ ਜਿੱਥੇ ਪੈਰ ਉੱਥੇ,
ਲਾ ਕੇ ਆਸ਼ਕਾਂ ਸਿਰਾਂ ਦਾ ਢੇਰ ਜਾਣਾ।

ਰੂਪ ਬਸਤੀਆਂ ਦੇ ਦੇਖ ਛੱਡਣੀ ਨਹੀਂ,
ਰੀਤ ਅਪਣੀ ਜੰਗਲਾਂ ਪਰਬਤਾਂ ਨੇ,
ਚਿੜੀਆਂ ਵੇਖ ਕੇ ਬਾਜ਼ਾਂ ਨਹੀਂ ਉਡ ਜਾਣਾ,
ਵੇਖ ਹਿਰਨੀਆਂ ਸਹਿਮ ਨਹੀਂ ਸ਼ੇਰ ਜਾਣਾ।

18. ਪੈ ਕੇ ਲੰਮਿਆਂ ਵਿਚ ਵਿਛੋੜਿਆਂ ਦੇ

ਪੈ ਕੇ ਲੰਮਿਆਂ ਵਿਚ ਵਿਛੋੜਿਆਂ ਦੇ,
ਅਸਾਂ ਅਪਣਾ ਆਪ ਨੁਕਸਾਨ ਕੀਤਾ।
ਉਹਦੀ ਯਾਦ ਨੂੰ ਦਿਲੋਂ ਵਿਸਾਰ ਕੇ ਤੇ,
ਦਿਲ ਵੀਰਾਨ ਨੂੰ ਹੋਰ ਵੀਰਾਨ ਕੀਤਾ।

ਚੱਲਣ ਤੀਕ ਸਾਡੇ ਚਲਦੇ ਦਮਾਂ ਤਾਈਂ,
ਭੁੱਲਣ ਲੱਗਿਆਂ ਉਹਦੀਆਂ ਸਖ਼ਾਵਤਾਂ ਨੇ,
ਸਾਡੇ ਇਸ਼ਕ ਬੇਦੋਸ਼ ਬੇਉਜ਼ਰ ਤਾਈਂ,
ਦੁੱਖ ਉਮਰ ਤੇ ਹੁਸਨ ਨੇ ਦਾਨ ਕੀਤਾ।

ਜਦ ਦੇ ਗਏ ਨੇ ਉਹ ਇਸ ਘਰੋਂ, ਇਥੇ,
ਵਸਣ ਸੱਧਰਾਂ ਉਨ੍ਹਾਂ ਦੇ ਪਿਆਰ ਦੀਆਂ,
ਦਿਲ ਬਰਬਾਦ ਕਰਕੇ ਉਨ੍ਹਾਂ ਆਪ ਸਾਡਾ,
ਸਾਡੇ ਦਿਲ ਤੇ ਬੜਾ ਅਹਿਸਾਨ ਕੀਤਾ।

ਯਾਦ ਕੀਤਿਆਂ ਆਉਂਦਾ ਏ ਯਾਦ ਐਨਾ,
ਕੀ ਮਿਲਾਪ ਦੀ ਰਾਤ ਦਾ ਸਿਲਸਲਾ ਸੀ,
ਉਹਦੀ ਜ਼ੁਲਫ਼ ਡਾਢੀ ਪਰੇਸ਼ਾਨ ਹੋਈ,
ਉਹਦੀ ਜ਼ੁਲਫ਼ ਡਾਢਾ ਪਰੇਸ਼ਾਨ ਕੀਤਾ।

ਵਾਂਗੂੰ ਡਾਢਿਆਂ ਫੋਕਿਆਂ ਵੈਰੀਆਂ ਦੇ,
ਉਨ੍ਹਾਂ ਵੈਰ ਦਾ ਵੀ ਭਰਮ ਰੱਖਿਆ ਨਾ,
ਕੀਤੀ ਬੜੀ ਗ਼ਲਤੀ ਬਹਿਕੇ ਵਿਚ ਯਾਰਾਂ,
ਅਸਾਂ ਉਨ੍ਹਾਂ ਦੇ ਪਿਆਰ ਦਾ ਮਾਨ ਕੀਤਾ।

ਪਲਕਾਂ ਭਿੱਜੀਆਂ ਨਜ਼ਰ ਉਦਾਸ ਡਾਢੀ,
ਰੁਖ ਉੱਤੇ ਜ਼ੁਲਫ਼ਾਂ ਪਰੇਸ਼ਾਨ ਕੀਤਾ
ਵੇਖ ਉਨ੍ਹਾਂ ਦਾ ਹਾਲ ਇਹ ਅਸਾਂ ਵੀ ਨਾ,
ਦਿਲ ਦੇ ਦੁਖ ਦਾ ਹਾਲ ਬਿਆਨ ਕੀਤਾ।

ਨਹੀਂ ਸੀ ਉਹਦੀ ਜਵਾਨੀ ਦੇ ਜੋਸ਼ ਉਹਨੂੰ,
ਕੀਤੀ ਗੱਲ ਸਾਡੀ ਯਾਦ ਰਹਿਣ ਦਿੱਤੀ,
ਪਹਿਰਾ ਅਸਾਂ ਦਿੱਤਾ ਓਸੇ ਕੌਲ ਉੱਤੇ,
ਜਿਹੜਾ ਕੌਲ ਸੀ ਨਾਲ ਜ਼ੁਬਾਨ ਕੀਤਾ।

ਵਾਂਗੂੰ ਧੂੜ ਦੇ ਬੱਦਲਾਂ ਉਡ ਗਏ ਨੇ,
ਚੜ੍ਹ ਕੇ ਸਿਰੇ ਬੇਸੁਰਤ ਜਵਾਨੀਆਂ ਦੇ,
ਸਾਡੇ ਇਸ਼ਕ ਨੇ ਜਿਹੜਾ ਗ਼ਰੂਰ ਕੀਤਾ,
ਉਹਦੇ ਹੁਸਨ ਨੇ ਜਿਹੜਾ ਗੁਮਾਨ ਕੀਤਾ।

ਲੋਕ ਮਗਰ ਲੱਗੇ ਤੇ ਨਾ ਪਏ ਪੱਥਰ,
ਪਾਟਾ ਗਲਮਾ ਨਾ ਦਾਮਨ ਏ ਚਾਕ ਹੋਇਆ,
ਪਾਗਲ ਆਸ਼ਕਾਂ ਨਾਲ ਸਲੂਕ ਚੰਗਾ,
ਉਹਦੇ ਸ਼ਹਿਰ ਨਾਲੋਂ ਬੀਆਬਾਨ ਕੀਤਾ।

ਉਹਦੀ ਲਿਸ਼ਕਦੀ ਮਾਂਗ ਨੇ ਕੱਢ ਆਂਦਾ,
ਜ਼ੁਲਫ਼ਾਂ ਉਹਦੀਆਂ ਦੇ ਕਬਰਸਤਾਨ ਵਿੱਚੋਂ,
ਉਹਦੇ ਸਫ਼ਹੇ ਕੁਰਆਨ ਦੇ ਨਾਲ ਸਾਨੂੰ,
ਕਾਫ਼ਰ ਖ਼ਾਲ ਉਹਦੇ ਮੁਸਲਮਾਨ ਕੀਤਾ।

ਸਾਰੀ ਉਮਰ ਰਿਹਾ ਵਾਂਗ ਸੂਫ਼ੀਆਂ ਦੇ,
ਏਸ ਗੱਲ ਦਾ ਦਿਲੋਂ ਅਫ਼ਸੋਸ ਸਾਨੂੰ,
ਰਿੰਦਾਂ ਨਾਲ ਮੈਖ਼ਾਨੇ ਦੇ ਵਿੱਚ ਬਹਿ ਕੇ,
ਤਾਜ਼ਾ ਅਸਾਂ ਨਾ ਕਦੇ ਈਮਾਨ ਕੀਤਾ।

ਮੇਰੇ ਦਿਲ ਨੂੰ ਕਦੀ 'ਫ਼ਕੀਰ' ਅੱਜ ਵੀ,
ਇਹ ਅਦਾ ਈ ਉਨ੍ਹਾਂ ਦੀ ਭੁੱਲਣੀ ਨਹੀਂ,
ਮੇਰੇ ਸ਼ਿਅਰ ਦੀ ਓਸ ਨਾ ਦਾਦ ਦਿੱਤੀ,
ਮੇਰੀ ਗ਼ਜ਼ਲ ਦਾ ਓਸ ਨਾ ਮਾਨ ਕੀਤਾ।

19. ਕੀਤੀ ਅਸਾਂ ਬੀਮਾਰ ਦੀ ਇੰਜ ਕਾਰੀ

ਕੀਤੀ ਅਸਾਂ ਬੀਮਾਰ ਦੀ ਇੰਜ ਕਾਰੀ,
ਭੇਜ ਕੋਲ ਤਬੀਬ ਬੀਮਾਰ ਦਿੱਤਾ।
ਰੱਖਣ ਲਈ ਵਿਚ ਉਨ੍ਹਾਂ ਦੀ ਨਜ਼ਰ ਹਰ ਦਮ,
ਦਿਲ ਨੂੰ ਉਨ੍ਹਾਂ ਦੀ ਨਜ਼ਰ ਗੁਜ਼ਾਰ ਦਿੱਤਾ।

ਉਹਦੀ ਅੱਖ ਮਸਤਾਨੀ ਦੇ ਨਾਲ ਮਿਲ ਕੇ,
ਮਸਤੀ ਸਾਡੀ ਦੀਆਂ ਅੱਖਾਂ ਖੁੱਲ੍ਹ ਗਈਆਂ,
ਸਾਡੇ ਸ਼ੌਕ ਮਸਤਾਨੇ ਦਾ ਨਸ਼ਾ ਸਾਰਾ,
ਉਹਦੀ ਜ਼ੁਲਫ਼ ਦੀ ਤਾਰ ਉਤਾਰ ਦਿੱਤਾ।

ਰਾਹਵਾਂ ਉਹਦਿਆਂ ਦੀ ਉਡਦੀ ਗਰਦ ਲੈ ਕੇ,
ਅੱਖਾਂ ਵਿਚ ਪਾਇਆ ਸੁਰਮਾ ਤਾਰਿਆਂ ਨੇ,
ਪੱਲਾ ਜ਼ਰਾ ਸਰਕਾ ਕੇ ਮੁੱਖੜੇ ਤੋਂ,
ਸਾਡੇ ਚੰਨ ਨੇ ਚੰਨ ਪਰਵਾਰ ਦਿੱਤਾ।

ਘਾਣੀ ਉਨ੍ਹਾਂ ਦੀ ਅੱਖੀਆਂ ਖੋਲ੍ਹ ਕੇ ਵੀ,
ਨਜ਼ਰਾਂ ਨਾਲ ਨਾ ਦਿਲਾਂ ਨੂੰ ਫੋਲ ਸਕੀ,
ਹੁਸਨ ਜਿਨ੍ਹਾਂ ਦੇ ਕੌਲ ਵਿਸਾਰ ਦਿੱਤੇ,
ਇਸ਼ਕ ਜਿਨ੍ਹਾਂ ਦੇ ਹੌਸਲਾ ਹਾਰ ਦਿੱਤਾ।

ਇੰਜ ਹੀ ਕਈ ਵਾਰੀ ਸਾਨੂੰ ਲਾ ਗੱਲੀਂ,
ਦਿਲ ਨੇ ਗੱਲ ਸਾਡੀ ਕੰਨੀ ਮਾਰ ਛੱਡੀ,
ਗੱਲੀਂ ਲਾ ਉਨ੍ਹਾਂ ਜਿਵੇਂ ਅੱਜ ਦਿਲ ਨੂੰ,
ਦਿਲ ਦੇ ਗਿਲੇ ਦਾ ਵਕਤ ਗੁਜ਼ਾਰ ਦਿੱਤਾ।

ਮੁੱਢੋਂ ਸਾਡੀਆਂ ਵਿਗੜੀਆਂ ਆਦਤਾਂ ਨੂੰ,
ਮਿਹਰ ਉਨ੍ਹਾਂ ਦੀ ਸਗੋਂ ਵਿਗਾੜਦੀ ਰਹੀ,
ਨਜ਼ਰ ਉਨ੍ਹਾਂ ਦੀ ਵਿਗੜ ਕੇ ਨਾਲ ਸਾਡੇ,
ਸਾਡੇ ਦਿਲ ਵਿਗੜੇ ਨੂੰ ਸਵਾਰ ਦਿੱਤਾ।

ਜਿਉਂਦੇ ਜਾਗਦੇ ਦਿਲਾਂ ਦੀ ਪਾਸ ਖ਼ਾਤਰ,
ਜਿਉਂਦੇ ਸੁਖ਼ਨ ਜ਼ੁਬਾਨ ਤੇ ਆਉਣ ਲੱਗੇ,
ਤੀਰ ਨਜ਼ਰ ਦੇ ਮਾਰ ਕੇ ਫੇਰ ਉਹਨੇ,
ਸਾਡੇ ਦਿਲ ਬੇਦਰਦ ਨੂੰ ਮਾਰ ਦਿੱਤਾ।

ਲੰਘੇ ਜਿਨ੍ਹਾਂ ਰਾਹਵਾਂ ਵੱਲੋਂ ਅਸੀਂ ਮੁੜ ਕੇ,
ਲੰਘਦੇ ਵਿਚ ਰਾਹਵਾਂ ਦੀਵੇ ਬਾਲਦੇ ਗਏ,
ਚਾਨਣ ਲਾ ਕੇ ਵਿਚ ਚੌਰਸਤਿਆਂ ਦੇ,
ਮੋੜ ਮੋੜ ਦਾ ਰੂਪ ਸ਼ਿੰਗਾਰ ਦਿੱਤਾ।

ਕਿਹੜੇ ਝੰਗ ਬੇਲੇ ਵਿੱਚੋਂ ਅਸੀਂ ਗੁਜ਼ਰੇ,
ਵਾਂਗੂੰ ਰੰਗਪੁਰ ਦੇ ਜਿਹੜਾ ਵੱਸਿਆ ਨਾ,
ਕਿਹੜੇ ਬਾਗ਼ ਵਿੱਚੋਂ ਲੰਘੇ ਅਸੀਂ ਕਿਧਰੇ,
ਜੀਹਨੂੰ ਅਸਾਂ ਨਾ ਰੰਗ ਬਹਾਰ ਦਿੱਤਾ।

ਡੁੱਬੇ ਅੰਦਰੋਂ ਵਿਚ ਬਦਕਾਰੀਆਂ ਦੇ,
ਬੜੇ ਬੜੇ ਸੂਫ਼ੀ ਨੇਕੋਕਾਰ ਦੇਖੇ,
ਦਿੱਤਾ ਸਬਕ ਜਦ ਕੋਈ ਨਿੱਕੋਕਾਰੀਆਂ ਦਾ,
ਸਾਨੂੰ ਬੜੇ ਹੀ ਕਿਸੇ ਬਦਕਾਰ ਦਿੱਤਾ।

ਅੱਖਾਂ ਸਾਡੀਆਂ ਉਨ੍ਹਾਂ ਦੀ ਨਜ਼ਰ ਵਿੱਚੋਂ,
ਪੀਤੀ ਅੱਜ ਏ ਮਦ ਸਰਮਦ ਵਾਲੀ,
ਸਾਨੂੰ ਮਿਲ ਗਿਆ ਉਨ੍ਹਾਂ ਦੀ ਨਜ਼ਰ ਵਿੱਚੋਂ,
ਜਿਹੜਾ ਮਜ਼ਾ ਮਨਸੂਰ ਨੂੰ ਦਾਰ ਦਿੱਤਾ।

ਇਹੋ ਜਿਹੇ ਤੇ ਸਿਤਮ 'ਫ਼ਕੀਰ' ਸ਼ਾਲਾ!
ਦਰਦਮੰਦ ਦਿਲ ਤੇ ਰਹਿਣ ਰੋਜ਼ ਕਰਦੇ,
ਕੀਤਾ ਅੱਜ ਐਡਾ ਪਿਆਰਾ ਸਿਤਮ ਉਨ੍ਹਾਂ,
ਦਿਲ ਨੇ ਉਨ੍ਹਾਂ ਦਾ ਪਿਆਰ ਵਿਸਾਰ ਦਿੱਤਾ।

20. ਵਸਿਆ ਨਾ ਸ਼ਹਿਰ ਤੇਰਾ ਹੋ ਕੇ ਵੀਰਾਨਾ ਖ਼ਰਾਬ

ਵਸਿਆ ਨਾ ਸ਼ਹਿਰ ਤੇਰਾ ਹੋ ਕੇ ਵੀਰਾਨਾ ਖ਼ਰਾਬ।
ਹੋਇਆ ਨਾ ਆਬਾਦ ਤੇਰੇ ਬਾਅਦ ਦਿਲ ਖ਼ਾਨਾ ਖ਼ਰਾਬ।

ਫ਼ਜਰ ਤੀਕਰ ਸ਼ੱਮਾ ਨੇ ਬਾਲੀ ਉਹਦੀ ਮਿੱਟੀ ਅਖ਼ੀਰ,
ਸ਼ਾਮ ਤਕ ਹੋਇਆ ਸ਼ਮਾ ਦੇ ਮਗਰ ਪਰਵਾਨਾ ਖ਼ਰਾਬ।

ਕੀਤੀ ਏ ਸਾਕੀ ਦੀ ਬੇਸੁਰਤੀ ਨੇ ਬਦਨਾਮੀ ਬੜੀ,
ਰਹਿ ਕੇ ਮੈਖ਼ਾਨੇ ਚ ਹੋਇਆ ਰਿੰਦ ਮਸਤਾਨਾ ਖ਼ਰਾਬ।

ਹੋਣ ਨਾ ਵਿਚ ਮਹਿਫ਼ਲੀਂ ਮੇਰੇ ਉਨ੍ਹਾਂ ਦੇ ਤਜਕਰੇ,
ਦਾਸਤਾਨ ਉਨ੍ਹਾਂ ਦੀ ਚੰਗੀ ਮੇਰਾ ਅਫ਼ਸਾਨਾ ਖ਼ਰਾਬ।

ਵਿਚ ਹਨੇਰੇ ਰੁਖ ਗ਼ਮਾਂ ਦੀ ਰਾਤ ਦਾ ਲਿਸ਼ਕੇ ਕਿਵੇਂ,
ਜ਼ੁਲਫ਼ ਦੀ ਬਹੁਤੀ ਪ੍ਰੇਸ਼ਾਨੀ ਤੇ ਕੁਝ ਸ਼ਾਨਾ ਖ਼ਰਾਬ।

ਕਰਨ ਕੀਕਣ ਲੋਕ ਹੁਣ ਯਾਰਾਂ ਦੀ ਯਾਰੀ ਦਾ ਗਿਲਾ,
ਹੋ ਗਿਆ ਏ ਆਪਣੇ ਵਾਂਗਰ ਹੀ ਬੇਗਾਨਾ ਖ਼ਰਾਬ।

ਮੈਨੂੰ ਉਨ੍ਹਾਂ ਦੀ ਨਜ਼ਰ ਦੇ ਸ਼ੋਖ਼ ਤੋਹਫ਼ੇ ਮਾਰਿਆ,
ਕਰ ਗਿਆ ਉਨ੍ਹਾਂ ਨੂੰ ਮੇਰੇ ਦਿਲ ਦਾ ਨਜ਼ਰਾਨਾ ਖ਼ਰਾਬ।

ਵਿਚ ਵੀਰਾਨੇ ਏਸ ਦੀ ਗੁਜ਼ਰਾਨ ਸੀ ਚੰਗੀ ਭਲੀ,
ਆ ਕੇ ਤੇਰੇ ਸ਼ਹਿਰ ਹੋਇਆ ਤੇਰਾ ਦੀਵਾਨਾ ਖ਼ਰਾਬ।

ਬੁਤ ਖ਼ਰਾਬ ਹੋ ਕੇ ਖ਼ੁਦਾ ਬਣ ਜਾਣ ਨਾ ਕਿਧਰੇ ਫ਼ਕੀਰ',
ਬਣ ਗਿਆ ਖ਼ਾਨਾ ਖ਼ੁਦਾ ਦਾ ਹੋ ਕੇ ਬੁਤ ਖ਼ਾਨਾ ਖ਼ਰਾਬ।

21. ਉਡਦੀਆਂ ਜ਼ੁਲਫ਼ਾਂ ਹੇਠ ਰੁਖਾਂ ਦੇ ਆਏ ਨਜ਼ਰ ਨਜ਼ਾਰੇ ਫੇਰ

ਉਡਦੀਆਂ ਜ਼ੁਲਫ਼ਾਂ ਹੇਠ ਰੁਖਾਂ ਦੇ ਆਏ ਨਜ਼ਰ ਨਜ਼ਾਰੇ ਫੇਰ।
ਪਾਟੇ ਕਾਲੇ ਬੱਦਲ ਵਿੱਚੋਂ ਲਿਸ਼ਕੇ ਅੰਬਰੀਂ ਤਾਰੇ ਫੇਰ।

ਸੁੱਤੇ ਦਿਲ ਨੂੰ ਝੌਲੇ ਵੱਜੇ ਜਾਗੇ ਗ਼ਮ ਦੁਖਿਆਰੇ ਫੇਰ,
ਨਬਜ਼ ਹਿਆਤੀ ਦੀ ਮੁੜ ਧੜਕੀ ਕੀਤੇ ਕਿਸੇ ਇਸ਼ਾਰੇ ਫੇਰ।

ਪਿਆਰ ਨਗਰ ਵਿਚ ਆਇਆ ਕੋਈ ਲਭਦਾ ਪਿਆਰ ਸਹਾਰੇ ਫੇਰ,
ਦਿਲ ਪਾਗਲ ਦੇ ਨਾਲ ਕਰੇਗੀ ਸਾਡੀ ਅਕਲ ਗੁਜ਼ਾਰੇ ਫੇਰ।

ਸਾਕੀ ਫ਼ਿਕਰ ਮੇਰੇ ਦਾ ਮੁੜ ਮੁੜ ਜਾਮ ਸ਼ਰਾਬ ਉਲਾਰੇ ਫੇਰ,
ਐਵੇਂ ਵਾਂਗ ਕਬਾਬਾਂ ਦੇ ਪਏ ਸੜਨ ਰਕੀਬ ਵਿਚਾਰੇ ਫੇਰ।

ਦਿਸਦਾ ਏ ਪਿਆ ਦਿਲ ਦੇ ਜਜ਼ਬੇ ਮੁੜ ਕੁਝ ਕਰਕੇ ਰਹਿਣਾ ਏ,
ਆਹੰਦੇ ਨੇ ਕੁਝ ਕਰਨ ਲਈ ਪਏ ਸਾਨੂੰ ਯਾਰ ਪਿਆਰੇ ਫੇਰ।

ਗੱਲ ਅਦਬ ਦੀ ਮਹਫ਼ਿਲ ਦੇ ਵਿਚ ਅੱਗੇ ਜਿਵੇਂ ਨਿਤਾਰੀ ਸੀ,
ਕਰਨੇ ਪੈਣੇ ਫ਼ਿਕਰ ਨਜ਼ਰ ਦੇ ਸਾਨੂੰ ਹੈਨ ਨਿਤਾਰੇ ਫੇਰ।

ਮਿਸ਼ਰਾ ਕੋਈ ਲਿਸ਼ਕਾਵਾਂ ਕਿਧਰੇ ਬਿਜਲੀ ਬਣ ਕੇ ਡਿੱਗੇ ਨੇ,
ਲਫ਼ਜ਼ ਲਫ਼ਜ਼ ਦੀਆਂ ਅੱਖਾਂ ਵਿੱਚੋਂ ਪੈਂਦੇ ਨੇ ਲਿਸ਼ਕਾਰੇ ਫੇਰ।

ਉਡਦੀ ਸੂਝ ਜ਼ੁਬਾਨ ਮੇਰੀ ਨੂੰ ਮਗਰੋਂ ਰਲਣ ਨਾ ਦਿੰਦੀ ਏ,
ਭੱਜਦੇ ਨੇ ਪਏ ਕਲਮ ਮੇਰੀ ਦੇ ਅੱਗੇ ਸ਼ਿਅਰ ਵਿਚਾਰੇ ਫੇਰ।

ਵਿੱਚ ਚਲੰਤ ਅਲਾਪ ਅਲਾਪੇ ਸ਼ੋਖ਼ ਦਿਲਾਂ ਦਾ ਸਾਜ਼ ਪਿਆ,
ਸਾਰੇ ਗਾਮਾ, ਸਾਰੇ ਗਾਮਾ, ਸਾਰੇ ਗਾਮਾ, ਸਾਰੇ ਫੇਰ।

ਫੁੱਲਾਂ ਸੁਖ਼ਨ ਦਿਆਂ ਵਿਚ ਲੱਗੇ ਮੁੜ ਨੇ ਲਸ਼ਕਰ ਖ਼ਾਰਾਂ ਦੇ,
ਨਿੱਬੜਨਾ ਏਂ ਨਾਲ ਬਹਾਰਾਂ ਸਾਡੇ ਬਾਗ਼ ਬਹਾਰੇ ਫੇਰ।

ਲਾਇਆ ਜਾਲ ਕਿਸੇ ਮੁੜ ਸਾਨੂੰ ਫਾਹੀ ਵਿਚ ਫਸਾਵਣ ਲਈ,
ਪੈਂਦੇ ਨੇ ਪਏ ਅੱਜ ਕਿਸੇ ਦੀਆਂ ਜ਼ੁਲਫ਼ਾਂ ਦੇ ਲਿਸ਼ਕਾਰੇ ਫੇਰ।

ਜਿਹੜੇ ਕੰਢੇ ਹੈ ਸਨ ਤੋੜੇ ਜ਼ੋਰ ਅੱਗੇ ਤੂਫ਼ਾਨਾਂ ਦੇ,
ਉਹ ਨੇ ਓਸੇ ਕੰਢੇ ਤੇ ਜਾ ਕਿਸਮਤ ਪਾਰ ਉਤਾਰੇ ਫੇਰ।

ਫੇਰ ਸੁਣੇ ਨੇ ਧੌਲਰ ਕਰਦੇ ਫਸ ਫਸ ਨਾਲ ਅਸਮਾਨਾਂ ਦੇ,
ਉੱਚੇ ਮਹਿਲਾਂ ਦੀ ਥਾਂ ਕਿਧਰੇ ਛੱਤੇ ਜਾਣ ਨਾ ਢਾਰੇ ਫੇਰ।

ਮੋੜ ਮੋੜ ਤੇ ਮੁੜਦਿਆਂ ਮੁੜ ਕੇ ਦੀਵੇ ਬਾਲੇ ਜਾਣੇ ਨਹੀਂ,
ਗਾਹੁਣੇ ਪੈ ਗਏ ਨੇ ਜੇ ਰਾਹੀਆਂ, ਪੰਧ ਹਨੇਰੇ ਸਾਰੇ ਫੇਰ।

ਲਾਉਣ ਲਈ ਵਿਚ ਦਿਲ ਦੇ ਧੜਕਾ ਫੇਰ 'ਫ਼ਕੀਰ' ਦੁਆਲੇ ਦੇ,
ਆਏ ਵੰਜ ਵਿਹਾਜ ਮੰਗਵੇਂ ਸੁਖ਼ਨਾਂ ਦੇ ਵਣਜਾਰੇ ਫੇਰ।

22. ਵਿਚ ਆਸ਼ਿਕਾਂ ਅਜ ਕਲ ਤੇਰੀ ਬੱਝੀ ਏ ਹਵਾ ਹੋਰ

ਵਿਚ ਆਸ਼ਿਕਾਂ ਅਜ ਕਲ ਤੇਰੀ ਬੱਝੀ ਏ ਹਵਾ ਹੋਰ।
ਕਰ ਲੈ ਜੋ ਸਿਤਮ ਕਰਨੈ ਕੋਈ ਹੋਰ ਜਫ਼ਾ ਹੋਰ।

ਹੈ ਰੰਗ ਜ਼ਮਾਨੇ ਦਾ ਤੇਰੇ ਰੂਪ ਦੀ ਰੰਗਨ,
ਰੰਗੇ ਹੋਏ ਇਕ ਰੰਗ ਤੇ ਕੋਈ ਰੰਗ ਚੜ੍ਹਾ ਹੋਰ।

ਛਾਈ ਨਾ ਅਜੇ ਖ਼ੂਨ ਵਿਚ ਏ ਸ਼ਾਮ ਦੀ ਲਾਲੀ,
ਲਾ ਰੰਗਲੇ ਹੱਥਾਂ ਤੇ ਜ਼ਰਾ ਰੰਗੇ ਹਿਨਾ ਹੋਰ।

ਬੇਸੁਰਤ ਮੁਹੱਬਤ ਵੀ ਜ਼ਰਾ ਸੁਰਤ ਸੰਭਾਲੇ,
ਕਰ ਹੋਰ ਅਦਾ ਸੁੱਤੀ ਕਲਾ ਕੋਈ ਜਗਾ ਹੋਰ।

ਦੇ ਹੋਰ ਮੁਹੱਬਤ ਦੀ ਸਜ਼ਾ ਸਾਨੂੰ ਤੂੰ ਬੇਸ਼ਕ,
ਕਾਨੂੰਨ ਮੁਹੱਬਤ ਦਾ ਜੇ ਦਿੰਦਾ ਏ ਸਜ਼ਾ ਹੋਰ।

ਭੰਡ ਹੋਰ ਵਫ਼ਾ ਮੇਰੀ ਜ਼ਰਾ ਵਿੱਚ ਰਕੀਬਾਂ,
ਘਟਦੀ ਏ ਪਈ ਗੱਲ ਜੇ ਘਟਦੀ ਨੂੰ ਵਧਾ ਹੋਰ।

ਦੇ ਮੈਨੂੰ ਸਿਲਾ ਹੋਰ ਕੋਈ ਮੇਰੀ ਵਫ਼ਾ ਦਾ,
ਸਿਰ ਮੇਰੇ ਜਫ਼ਾ ਦਾ ਕੋਈ ਅਹਿਸਾਨ ਚੜ੍ਹਾ ਹੋਰ।

ਮੈਨੂੰ ਤੇਰੇ ਰੋਸੇ ਦਾ ਕੋਈ ਗ਼ਮ ਨਹੀਂ ਪਿਆਰੇ,
ਮੈਂ ਤੈਨੂੰ ਮਨਾਲਾਂਗਾ ਕੋਈ ਕਰਕੇ ਖ਼ਤਾ ਹੋਰ।

ਕਿਉਂ ਪੂਜਾਂ 'ਫ਼ਕੀਰ' ਐਵੇਂ ਬੁੱਤਾਂ ਸੰਗਦਿਲਾਂ ਨੂੰ,
ਇਹ ਮੇਰੇ ਖ਼ੁਦਾ ਨਹੀਂ ਕੋਈ ਮੇਰਾ ਏ ਖ਼ੁਦਾ ਹੋਰ।

23. ਮਹਫ਼ਿਲ ਹੁਸਨ ਜਵਾਨੀ ਦੀ ਨੇ ਰੂਪ ਸੰਵਾਰੇ ਫੇਰ

ਮਹਫ਼ਿਲ ਹੁਸਨ ਜਵਾਨੀ ਦੀ ਨੇ ਰੂਪ ਸੰਵਾਰੇ ਫੇਰ।
ਮਹਿਰਮ ਅੱਖਾਂ ਅੱਡਦੇ ਦੇਖੇ ਦਿਨ ਨੂੰ ਤਾਰੇ ਫ਼ੇਰ।

ਰੂਪ ਸੁਹੱਪਣ ਦੀ ਬਦਨਾਮੀ ਬਣ ਗਏ ਪਿਆਰ-ਵਿਹਾਰ,
ਮੰਡੀ ਵਿਚ ਹੁਸਨ ਦੀ ਲੱਗੇ ਹੋਣ ਬਕਾਰੇ ਫੇਰ।

ਪੈਰੋਂ ਨਿਕਲੇ ਦਿਸਦੇ ਨੇ ਯਾਰਾਂ ਦੇ ਪਿਆਰ ਸਲੂਕ,
ਦੂਣੇ-ਚੌਣੇ ਹੋ ਕੇ ਪੈ ਗਏ ਦਿਲ ਤੇ ਭਾਰੇ ਫੇਰ।

ਹੜ੍ਹ ਦੀ ਚੜ੍ਹਤਲ ਨਾਲ ਨੇ ਦਿਸਦੇ ਘੁਲਦੇ ਫੇਰ ਮਲਾਹ,
ਲਈ ਜਾਂਦੀ ਏ ਸ਼ੋਹ ਦੀ ਸ਼ੂਕਰ ਭੰਵਰ ਕਿਨਾਰੇ ਫੇਰ।

ਤੈਥੋਂ ਬਹੁਤੇ ਕਰਕੇ ਫਿਰਦੀ ਹਾਰ-ਸ਼ਿੰਗਾਰ ਖ਼ਿਜ਼ਾਂ,
ਦੇਖ ਲਿਆ ਏ ਬਾਗ਼ ਨੇ ਤੇਰਾ ਰੰਗ ਬਹਾਰੇ ਫੇਰ।

ਨਵੇਂ ਨਵੇਂ ਰਾਹਵਾਂ ਵਿਚ ਆਂਦੇ ਜਾਣ ਪੁਰਾਣੇ ਮੋੜ,
ਮੰਜ਼ਿਲ ਦੇ ਵਲ ਕੰਬਦੇ ਟੁਰਦੇ ਰਾਹੀ ਸਾਰੇ ਫੇਰ।

ਕਿਸਮਤ ਦੇ ਵਲੀਆਂ ਦੀ ਜਾਂਦੀ ਫੇਰ ਨਹੀਂ ਕੋਈ ਪੇਸ਼,
ਕਰਮਾਂ ਦਾ ਪਏ ਘਟੀਆ ਖਾਂਦੇ ਕਰਮਾਂ ਮਾਰੇ ਫੇਰ।

ਧਾਰੀ ਜਾਵਣ ਚੜ੍ਹਦੀਆਂ ਫ਼ਜਰਾਂ ਮੁੜ ਸ਼ਾਮਾਂ ਦਾ ਰੂਪ,
ਸੋਖੇ ਦਿਨ ਰਾਤਾਂ ਦੇ ਲੱਗੇ ਕਰਨ ਗੁਜ਼ਾਰੇ ਫੇਰ।

ਹੱਥਲ ਹੋ ਕੇ ਬਹਿ ਗਈ ਚੋਰਾ-ਕਾਰੀ ਦੀ ਮੁੜ ਰੀਤ,
ਸਾਧ ਨੇ ਰਾਹਵਾਂ ਦੇ ਵਿਚ ਫਿਰਦੇ ਮਾਰੇ ਮਾਰੇ ਫੇਰ।

ਫਾਟੇ ਕਾਲੇ ਬੱਦਲਾਂ ਪਾਈ ਮੁੜ ਸੱਤ ਰੰਗੀ ਪੀਂਘ,
ਪੈਂਦੇ ਦਿੱਸਣ ਦੂਰੋਂ ਬਿਜਲੀ ਦੇ ਲਿਸ਼ਕਾਰੇ ਫੇਰ।

ਚੰਨ ਮੁਕੱਦਰ ਦੇ ਨੂੰ ਲੱਗਿਆ ਦਿਸਦਾ ਚੰਨ ਗ੍ਰਿਹਣ,
ਖ਼ਵਰੇ ਕਦ ਲਿਸ਼ਕਣਗੇ ਹੁਣ ਕਿਸਮਤ ਦੇ ਤਾਰੇ ਫੇਰ।

ਰੁੱਸੇ ਰੁੱਸੇ ਦਿਸਦੇ ਨੇ ਯਾਰਾਂ ਦੇ ਪਿਆਰ ਸਲੂਕ,
ਵੈਰ ਵਿਰੋਧ ਨੇ ਹਰ ਮਹਫ਼ਿਲ ਵਿਚ ਪੈਰ ਪਸਾਰੇ ਫੇਰ।

ਖ਼ਬਰੇ ਕਦ ਲਿਸ਼ਕਾਏ ਸੋਹਣਾ ਰੁਖ਼ ਦਾ ਹਾਲ 'ਫ਼ਕੀਰ',
ਖ਼ਵਰੇ ਕਦ ਹੁਣ ਰਾਤ ਹਨੇਰੀ ਜ਼ੁਲਫ਼ ਸੰਵਾਰੇ ਫੇਰ।

24. ਚੜ੍ਹਕੇ ਫ਼ਿਕਰ ਕਮਾਨ ਮੇਰੀ ਤੇ ਕਲਮ ਮੇਰੀ ਦਾ ਤੀਰ

ਚੜ੍ਹਕੇ ਫ਼ਿਕਰ ਕਮਾਨ ਮੇਰੀ ਤੇ ਕਲਮ ਮੇਰੀ ਦਾ ਤੀਰ।
ਬਣਿਆ ਮਿਲਕ ਸ਼ੁਹਾਨੀ ਨਾ ਦਰਬਾਰਾਂ ਦੀ ਜਾਗੀਰ।

ਖਾਧੇ ਰਾਜ ਮਹਿਲਾਂ ਦੇ ਵਿਚ ਨਹੀਂ ਕਸੀਦੇ ਵੇਚ,
ਗਾਹਕ ਬਣੇ ਰਾਜੇ ਮਹਾਰਾਜੇ ਤੇ ਦਰਬਾਨ ਵਜ਼ੀਰ।

ਰੁਖ਼ ਮਹਿਬੂਬਾ ਦੇ ਦੀ ਰੰਗਨ ਸ਼ਿਅਰ ਮੇਰੇ ਦਾ ਰੰਗ,
ਬਣ ਕੇ ਦਰਦ ਦਿਲਾਂ ਵਿਚ ਵੱਸੇ ਸ਼ਿਅਰਾਂ ਦੀ ਤਾਸੀਰ।

ਸੁਖ਼ਨ ਦੀਆਂ ਵਿਚ ਜ਼ੁਲਫ਼ਾਂ ਮੈਂ ਲਿਸ਼ਕਾਏ ਗੁੰਨ੍ਹ ਖ਼ਿਆਲ,
ਸੂਝ ਮੇਰੀ ਨੂੰ ਪੈ ਨਾ ਸਕੀ ਸੋਨੇ ਦੀ ਜੰਜੀਰ।

ਰਹੀ ਉਦਮਾਂ ਦੇ ਅੱਗੇ ਅੱਗੇ ਮੇਰੀ ਸੋਚ-ਵਿਚਾਰ,
ਤੁਰਦੀ ਰਹੀ ਤਦਬੀਰ ਮੇਰੀ ਦੇ ਮਗਰ ਮਗਰ ਤਕਦੀਰ।

ਕੌਮੀ ਸੱਧਰ ਕਰਦੀ ਦਿਲ ਦੇ ਵਿਹੜੇ ਦੇ ਵਿਚ ਨਾਚ,
ਅੱਖਾਂ ਮੇਰੀਆਂ ਦੇ ਵਿਚ ਵਸਦੀ ਵਤਨ ਦੀ ਏ ਤਸਵੀਰ।

ਆਹਰ 'ਫ਼ਕੀਰ' ਖ਼ਿਆਲ ਮੇਰੇ ਦਾ ਕੌਮ ਮੇਰੀ ਦਾ ਮਾਨ,
ਕਲਮ ਮੇਰੀ ਏ ਮੇਰੇ ਢੋਲ ਸਿਪਾਹੀ ਦੀ ਸ਼ਮਸ਼ੀਰ।

25. ਕਈ ਪਾਂਡੀ ਨੇ ਚੁੱਕੀ ਫਿਰਦੇ ਧਰਤੀ ਦਾ ਇਹ ਭਾਰ

ਕਈ ਪਾਂਡੀ ਨੇ ਚੁੱਕੀ ਫਿਰਦੇ ਧਰਤੀ ਦਾ ਇਹ ਭਾਰ।
ਇੱਟਾਂ, ਵੱਟੇ, ਚਿੱਕੜ, ਚੰਬੜ, ਪੱਥਰ, ਗਰਦ, ਗ਼ੁਬਾਰ।

ਧੋਖੇਬਾਜ਼ ਨਜ਼ਰ ਨੂੰ ਐਵੇਂ ਧੋਖੇ ਦੇਣ ਹਮੇਸ਼,
ਇਹਦੇ ਜੰਗਲ ਪਰਬਤ ਬੇਲੇ ਜੂਹਾਂ ਸ਼ਬਜ਼ਾ ਜ਼ਾਰ।

ਧੂੜਾਂ ਫਿਰੇ ਉਡਾਉਂਦੀ ਇਹਦੇ ਬਾਗ਼ਾਂ ਵਿਚ ਖ਼ਿਜ਼ਾ,
ਸਹਿਮੇ ਸਹਿਮੇ ਬੂਟੇ ਵੇਲਾਂ ਕਲੀਆਂ ਫੁਲ ਤੇ ਖ਼ਾਰ।

ਫੜਦੇ ਫੜਦੇ ਸਾਕੀਆਂ ਹੱਥੋਂ ਡਿਗ ਡਿਗ ਪੈਂਦੇ ਜਾਮ,
ਮੈਖ਼ਾਨੇ ਵਿਚ ਚੜ੍ਹਦੇ ਚੜ੍ਹਦੇ ਲਹਿੰਦੇ ਮਸਤ ਖ਼ੁਮਾਰ।

ਰੂਪ ਸੁਹੱਪਣ, ਹੁਸਨ ਜਵਾਨੀ, ਪਲਕ-ਝਲਕ ਦੀ ਖੇਡ,
ਕੂੜੇ ਵਿਚ ਰਲਾਉਂਦੀ ਦਿਨ ਨੂੰ ਰਾਤ ਗਲੋਂ ਲਾਹ ਹਾਰ।

ਥੱਲੇ ਉੱਤੇ ਧਰਤੀ ਦੇ ਨਹੀਂ ਕਿਧਰੇ ਸੁੱਖ 'ਫ਼ਕੀਰ',
ਥੱਲੇ ਇਹਦੇ ਵਸਦੇ ਮੁਰਦੇ ਉੱਤੇ ਰਹਿਣ ਬੀਮਾਰ।

26. ਚਿਹਰਾ ਤੇਰਾ ਏ ਸਾਧ ਤਬੀਅਤ ਤੇਰੀ ਏ ਚੋਰ

ਚਿਹਰਾ ਤੇਰਾ ਏ ਸਾਧ ਤਬੀਅਤ ਤੇਰੀ ਏ ਚੋਰ।
ਦਿਲ ਏ ਤੇਰਾ ਕੁਝ ਹੋਰ ਤੇ ਦਿਲ ਦੀ ਹਵਸ ਕੁਝ ਹੋਰ।

ਬੰਦੇ ਦੇ ਦਿਲ ਦਾ ਨੂਰ ਏ ਹੁੰਦਾ ਨਜ਼ਰ ਦਾ ਨੂਰ,
ਬਾਤਨ ਤੇਰਾ ਏ ਕੋਰ ਜੇ ਦੀਦੇ ਤੇਰੇ ਨੇ ਕੋਰ।

ਬੇ ਆਹੰਗਸਾ ਏ ਸ਼ੌਕ ਤੇ ਵਿਖੜੇ ਤੇਰੇ ਨੇ ਰਾਹ,
ਮੰਜ਼ਿਲ ਤੇਰੀ ਏ ਦੂਰ ਤੇ ਮੱਠੀ ਤੇਰੀ ਏ ਟੋਰ।

ਜ਼ਿੰਦਗੀ ਦਾ ਪਾ ਕੇ ਪਜ ਆਜ਼ਾਦੀ ਦੇ ਨਾਲ ਆਪ,
ਗੱਲਾਂ ਦੀ ਪਤੰਗ ਨੂੰ ਨਹੀਂ ਦਿੰਦਾ ਅਮਨ ਦੀ ਡੋਰ।

ਤਾਕਤ ਉਹਦੀ ਦਾ ਕਰਦਾ ਏ ਇਕਰਾਰ ਜ਼ਮਾਨਾ,
ਦੁਨੀਆਂ ਤੇ ਜੀਹਦੇ ਬਾਜ਼ੂਆਂ ਵਿਚ ਏ ਅਮਲ ਦਾ ਜ਼ੋਰ।

27. ਦਿਸਦੇ ਵਿਚ ਹਿਆਤੀ ਦੇ ਜਦ ਆਉਂਦੇ ਖ਼ੂਨੀ ਮੋੜ

ਦਿਸਦੇ ਵਿਚ ਹਿਆਤੀ ਦੇ ਜਦ ਆਉਂਦੇ ਖ਼ੂਨੀ ਮੋੜ।
ਟੋਰਾਂ ਮੇਰੀਆਂ ਰੋਕ ਨਾ ਸਕਣ ਰਾਹ ਦੇ ਪੱਥਰ ਰੋੜ।

ਰਾਗ ਮੇਰੇ ਨੇ ਉੱਥੇ ਧਮਦੇ ਬਣ ਕੇ ਦਿਲ ਦੀ ਆਸ,
ਜਿੱਥੇ ਮੇਰੇ ਸਾਥੀ ਬਹਿੰਦੇ ਦਿਲ ਦੀ ਆਸ ਤਰੋੜ।

ਸੋਕੇ ਨਾਲ ਖ਼ਿਜ਼ਾਵਾਂ ਰਲ ਕੇ ਕੀਤੇ ਬੜੇ ਪਲਾਲ,
ਕਰ ਨਾ ਸਕੀ ਬਾਗ਼ ਮੇਰੇ ਦੇ ਨਾਲ ਬਹਾਰ ਅਨਜੋੜ।

ਤਿਉਂ ਤਿਉਂ ਹੋਰ ਉਡਾਰ ਮੇਰੀ ਦੀ ਊਚੀ ਚੜ੍ਹੀ ਹਵਾ,
ਜਿਉਂ ਜਿਉਂ ਝੱਖੜ ਦਿੱਤੇ ਵਿੱਚੋਂ ਮੇਰੇ ਖੰਭ ਤਰੋੜ।

ਲੜ-ਭਿੜ ਕੇ ਕਈ ਲੜਦੇ-ਭਿੜਦੇ ਖ਼ੂਨੀ ਰਾਹਵਾਂ ਨਾਲ,
ਮੰਜ਼ਿਲ ਤੀਕਰ ਨਾਲਦਿਆਂ ਨੂੰ ਲੈ ਆਂਦਾ ਮੈਂ ਤੋੜ।

ਉਦਮ ਮੇਰੇ ਦੀ ਕਾਨੋਂ ਜਿਸ ਦਮ ਜੋਹਰੀ ਕੀਤੀ ਭਾਲ,
ਮਿਲੇ ਹਜ਼ਾਰਾਂ ਲੱਖਾਂ ਹੀਰੇ ਲੱਖੋਂ ਮਿਲੇ ਕਰੋੜ।

ਕਲ੍ਹ ਵਾਂਗਰ ਏ ਦੇਸ ਮੇਰੇ ਦਾ ਮੈਨੂੰ ਮਾਨ 'ਫ਼ਕੀਰ',
ਕੱਲ੍ਹ ਵਾਂਗਰ ਏ ਦੇਸ ਮੇਰੇ ਨੂੰ ਅੱਜ ਵੀ ਮੇਰੀ ਲੋੜ।

28. ਵਧ ਗਈ ਹੋਰ ਸਾਡੇ ਦਿਲ ਦੀ ਪ੍ਰੇਸ਼ਾਨੀ

ਵਧ ਗਈ ਹੋਰ ਸਾਡੇ ਦਿਲ ਦੀ ਪ੍ਰੇਸ਼ਾਨੀ,
ਵਿੱਚੋਂ ਕੱਢਿਆ ਕੀ ਉਹਨੂੰ ਪਾ ਕੇ ਖ਼ਤ।
ਉਨੀ ਹੋਰ ਵਿਗੜੀ ਉਹਦੇ ਨਾਲ ਸਾਡੀ,
ਜਿੰਨਾ ਲਿਖਿਆ ਉਹਨੂੰ ਬਣਾ ਕੇ ਖ਼ਤ।

ਨੈਂਣ ਉਨ੍ਹਾਂ ਦੇ ਵਿਹੰਦਿਆਂ ਸਾਰ ਇਹਨੇ,
ਛੱਡ ਅਪਣੇ ਨੈਂਣ-ਪਰਾਣ ਦਿੱਤੇ।
ਨਾਲ ਬਹਿ ਗਿਆ ਅਪਣੇ ਪਕੜ ਦਿਲ ਨੂੰ,
ਕਾਸਿਦ ਉਨ੍ਹਾਂ ਦੇ ਹੱਥ ਫੜਾ ਕੇ ਖ਼ਤ।

ਅਸਾਂ ਆਪ ਲਿਖ ਕੇ ਹੱਥ ਨਾਲ ਅਪਣੇ,
ਬੜੇ ਪੱਕ ਪਕਾ ਕੇ ਟੋਰਿਆ ਸੀ,
ਉਨ੍ਹਾਂ ਆਪ ਨੂੰ ਆਪ ਬਦਨਾਮ ਕੀਤਾ,
ਕਿਸੇ ਓਪਰੇ ਕੋਲੋਂ ਪੜ੍ਹਾ ਕੇ ਖ਼ਤ।

ਚਾਲ ਓਸ ਦੀ ਅਪਣੇ ਮਗਰ ਲਾ ਕੇ,
ਸਾਨੂੰ ਉਨ੍ਹਾਂ ਦੇ ਤੀਕ ਲਿਜਾਣ ਦੀ ਏ,
ਪਰਤ ਗਿਆ ਪਿਛਾਂਹ ਵਲ ਇੰਜ ਜਿਹੜਾ,
ਕਾਸਿਦ ਦੂਰੋਂ ਈ ਉਹਦਾ ਵਿਖਾ ਕੇ ਖ਼ਤ।

ਵਾਂਗੂ ਨਾਗਨਾਂ ਦੇ ਸਤਰਾਂ ਵਲ ਖਾਧੇ,
ਹੱਲੇ ਮਹਿਕਦੇ ਹਰਫ਼ਾਂ ਥੀਂ ਆਵੰਦੇ ਨੇ,
ਅੱਜ ਉਨ੍ਹਾਂ ਨੇ ਲੱਗਦੈ ਘੱਲਿਆ ਏ,
ਪਰੇਸ਼ਾਨ ਜ਼ੁਲਫ਼ਾਂ ਨਾਲ ਲਾ ਕੇ ਖ਼ਤ।

ਭੇਤ ਉਨ੍ਹਾਂ ਦੇ ਖ਼ਤ ਦਾ ਵਿਚ ਯਾਰਾਂ,
ਖੁੱਲਾ ਕਾਸਦਾ ਤੇਰੇ ਵਗ਼ੈਰ ਕੀਕਣ,
ਤੂੰ ਏਂ ਜਾ ਕੇ ਉਨ੍ਹਾਂ ਨੂੰ ਆਪ ਦਿੱਤਾ,
ਤੂੰ ਏਂ ਉਨ੍ਹਾਂ ਕੋਲੋਂ ਆਂਦਾ ਜਾ ਕੇ ਖ਼ਤ।

ਦਿਲ ਦੇ ਉਜੜੇ ਸ਼ਹਿਰ ਵਿਚ ਨਜ਼ਰ ਆਉਂਦੀ,
ਰਸਮ ਰਾਹ ਕੋਈ ਉਹਦੇ ਪਿਆਰ ਦੀ ਨਹੀਂ,
ਸਰਘੀ ਉੱਠ ਵਾਂਗਾਂ ਵੇਲੇ ਚੁੰਮਨਾ ਮੈਂ,
ਰੋਜ਼ ਨਾਲ ਅੱਖਾਂ ਜੀਹਦਾ ਲਾ ਕੇ ਖ਼ਤ।

ਖ਼ਤ ਨੂੰ ਫੜਦਿਆਂ ਕਾਸਿਦ ਦੀ ਨਜ਼ਰ ਖਾਧਾ,
ਸ਼ੋਖੀ ਟੋਰ ਉਹਦੀ ਨਸਰ ਆਮ ਕੀਤਾ,
ਲਿਖਿਆ ਬੜਾ ਨਜ਼ਰਾਂ ਤੋਂ ਬਚਾ ਕੇ ਸੀ,
ਦਿੱਤਾ ਬੜਾ ਸੀ ਉਹਨੂੰ ਲੁਕਾ ਕੇ ਖ਼ਤ।

ਦਿਲ ਵਿਚ ਉਨ੍ਹਾਂ ਦੇ ਪਤਾ ਨਹੀਂ ਅੱਜ ਕੀਕਰ,
ਪਿਆ ਗ਼ੈਰ ਦੇ ਖ਼ਤ ਦਾ ਸ਼ੁਭਾ ਪੈਂਦਾ,
ਉਹ ਗੁਮਨਾਮ ਖ਼ਤ ਨੂੰ ਪਏ ਪੜਤਾਲਦੇ ਨੇ,
ਮੇਰੇ ਖ਼ਤ ਦੇ ਨਾਲ ਮਿਲਾ ਕੇ ਖ਼ਤ।

ਇਹ ਤਹਿਰੀਰ ਤੇ ਉਨ੍ਹਾਂ ਦੇ ਹੱਥ ਦੀ ਏ,
ਅਟਕਲ ਗੱਲ ਵਿਚ ਉਨ੍ਹਾਂ ਦੀ ਗੱਲ ਦੀ ਨਹੀਂ,
ਯਾ ਫਿਰ ਕਿਸੇ ਲਿਖਾਇਆ ਏ ਉਨ੍ਹਾਂ ਕੋਲੋਂ,
ਖ਼ਵਰੇ ਕੀ ਉਨ੍ਹਾਂ ਨੂੰ ਪੜ੍ਹਾ ਕੇ ਖ਼ਤ।

ਸਾਰੀ ਉਮਰ ਨਾ ਕਦੀ 'ਫ਼ਕੀਰ' ਦੇਖੇ,
ਉਹਦੀ ਤਬਾਅ ਮਲੂਕ ਦੇ ਤੌਰ ਬਦਲੇ,
ਕਦੀ ਚੁੰਮ ਕੇ ਅੱਖੀਆਂ ਨਾਲ ਲਾਵੇ,
ਮਾਰੇ ਕਦੀ ਉਹ ਪਰ੍ਹਾਂ ਭਵਾ ਕੇ ਖ਼ਤ।

29. ਮੌਤੋਂ ਸਖ਼ਤ ਅਸੀਂ ਨਹੀਂ ਮੰਨਦੇ ਕੋਈ ਯਾਰ ਉਡੀਕ

ਮੌਤੋਂ ਸਖ਼ਤ ਅਸੀਂ ਨਹੀਂ ਮੰਨਦੇ ਕੋਈ ਯਾਰ ਉਡੀਕ।
ਪੈਰੋ-ਪੈਰ ਵਧਾਂਦੀ ਡਿੱਠੀ ਤੇਰਾ ਪਿਆਰ ਉਡੀਕ।

ਪਿਆਰ ਦਿਲਾਸਾ ਦਿੰਦੀ ਜਾਂਦੀ ਦੀਦ ਤੇਰੀ ਦੀ ਆਸ,
ਕਰੇ ਪਈ ਦੁਨੀਆ ਦੇ ਗ਼ਮ ਦਾ ਹੌਲਾ ਭਾਰ ਉਡੀਕ।

ਚੇਤੇ ਰਹੀ ਨਾ ਕੰਮਾਂ ਕਾਜਾਂ ਦੀ ਕੋਈ ਸੋਚ-ਵਿਚਾਰ,
ਬੱਧੀ ਤਾਰ ਮੁਹੱਬਤ ਦੀ ਏ ਬੱਧੀ ਤਾਰ ਉਡੀਕ।

ਨੇੜੇ ਫ਼ਿਕਰ ਨਾ ਆਵਣ ਦਿੰਦਾ ਅਜ ਕੋਈ ਗ਼ੈਰ ਦਲੀਲ
ਯਾਦ ਕਿਸੇ ਦੀ ਕਰਦੀ ਜਾਂਦੀ ਮਾਰੋ-ਮਾਰ ਉਡੀਕ।

ਦਿਲਬਰ ਦੇ ਦੇਖਣ ਦੀ ਅੱਖੀਂ ਦਿਸੀ ਖੜੀ ਸਈਦ,
ਹੋਰ ਘੜੀ ਨੂੰ ਨਜ਼ਰ ਮੇਰੀ ਥੀਂ ਜਾ ਸੀ ਯਾਰ ਉਡੀਕ।

ਡੇਰੇ ਦਾਰੀ ਤੇਰੀ ਮੈਨੂੰ ਯਾਰ ਲਿਆਂਦਾ ਟੋਰ,
ਕਰਦਾ ਏ ਹੁਣ ਤੇਰਾ ਡੇਰਾ ਤੇਰੀ ਯਾਰ ਉਡੀਕ।

ਬਣਦੀ ਏ ਦੁਖਿਆਰੀ ਕਦੀ ਕਦਾਈਂ ਮੇਲ-ਮਿਲਾਪ,
ਕਰਨ ਫ਼ਿਰਾਕ ਹਿਜਰ ਦੇ ਤਾਏ ਜਦ ਦੁਖਿਆਰ ਉਡੀਕ।

ਵਿਛੜਿਆਂ ਦੀਆਂ ਯਾਦਾਂ ਵਾਲਾ ਸੀਨੇ ਨਾਲ ਵਰਾਗ,
ਸਾਲਾਂ ਵਾਂਗੂੰ ਪਲ ਘੜੀਆਂ ਦੇ ਕਰੇ ਸ਼ੁਮਾਰ ਉਡੀਕ।

ਮੈਅਖ਼ਾਰਾਂ ਲਈ ਪਿਆ ਜਾਮ ਸੁਰਾਹੀਆਂ ਨੇ ਭਰਪੂਰ,
ਸਾਕੀ ਦੇ ਮੈਅਖ਼ਾਨੇ ਦੇ ਵਿਚ ਕਰਨ ਮੈਅਖ਼ਾਰ ਉਡੀਕ।

ਭਾਵੇਂ ਹੋਵੇ ਵਰ੍ਹਿਆਂ ਬੱਧੀ ਲੰਮੀ ਯਾਰ 'ਫ਼ਕੀਰ',
ਦਰਦੀ ਹਮਦਮ ਦੇ ਇਕ ਦਰ ਤੋਂ ਸੁੱਟਾਂ ਵਾਰ ਉਡੀਕ।

30. ਐਵੇਂ ਪਏ ਦਾਨਾਈਆਂ ਛਾਂਟਣ ਦੁਨੀਆ ਦੇ ਵਿਚ ਦਾਨੇ ਲੋਕ

ਐਵੇਂ ਪਏ ਦਾਨਾਈਆਂ ਛਾਂਟਣ ਦੁਨੀਆ ਦੇ ਵਿਚ ਦਾਨੇ ਲੋਕ।
ਮਰਦ ਹੁੰਦੇ ਨੇ ਉਹੋ ਜਿਹੜੇ ਹੁੰਦੇ ਨੇ ਦੀਵਾਨੇ ਲੋਕ।

ਪਟਦਾ ਪਟਦਾ ਅੰਬਰ ਥੱਕਿਆ ਪਰ ਇਹ ਪੱਟੇ ਜਾਂਦੇ ਨਾ,
ਧਰਤੀ ਦੇ ਸੀਨੇ ਵਿਚ ਐਸੇ ਠੋਕ ਗਏ ਨੇ ਫਾਨੇ ਲੋਕ।

ਕੱਲ ਅੰਬਰ ਨੇ ਲਹਿੰਦਿਆਂ ਡਿੱਠਾ ਧਰਤੀ ਉੱਤੇ ਲੋਕਾਂ ਨੂੰ,
ਅੱਜ ਇਹ ਧਰਤੀ ਵੇਖਦੀ ਏ ਪਈ ਚੜ੍ਹਦੇ ਜਾਣ ਅਸਮਾਨੇ ਲੋਕ।

ਜਾਣ ਲਿਆ ਇਨ੍ਹਾਂ ਬਦਮਸਤਾਂ ਧੜਾ ਧਰਮ ਤੋਂ ਪੱਕਾ ਏ,
ਮਸਜਿਦ ਦੇ ਅੱਗੋਂ ਦੀ ਲੰਘ ਕੇ ਜਾਵਣ ਪਏ ਮੈਖ਼ਾਨੇ ਲੋਕ।

ਇਹ ਮੂੰਹ ਜ਼ੋਰ ਜ਼ਮਾਨਾ ਰੱਖੇ ਕੀਕਣ ਆਨ ਨਾ ਉਨ੍ਹਾਂ ਦੀ,
ਅਪਣੀ ਈਨ ਮਨਾਵਣ ਜਿਹੜੇ ਰਹਿ ਕੇ ਵਿਚ ਜ਼ਮਾਨੇ ਲੋਕ।

ਬੱਝੀ ਥਾਵਾਂ ਨਾਲ ਨਾ ਹੋਵੇ ਬੱਝ ਕਿਸੇ ਦੇ ਅਸਲੇ ਦੀ,
ਮਰਦ ਹੁੰਦੇ ਨੇ ਵਿਚ ਜਨਾਨੀਆਂ ਮਰਦਾਂ ਵਿਚ ਜਨਾਨੇ ਲੋਕ।

ਭਰੇ ਭੰਡਾਰਾਂ ਦੇ ਵਿਚ ਬੈਠੇ ਵਿੱਚੋਂ ਖ਼ਾਲੀ ਰਹਿੰਦੇ ਨੇ,
ਲੈ ਕੇ ਫੂਕ ਐਵੇਂ ਪਏ ਫੁੱਲਣ ਜਿਹੜੇ ਵਾਂਗ ਭੂਕਾਨੇ ਲੋਕ।

ਲੋਕਾਂ ਦੁਨੀਆ ਵਿਚ ਬਜ਼ੁਰਗੀ ਖੇਡ ਬਣਾਈ ਬਾਲਾਂ ਦੀ,
ਪੋਤਰ ਦੋਹਤਰ ਤੋਂ ਪਏ ਬਣਦੇ ਜਾਵਣ ਦਾਦੇ ਨਾਨੇ ਲੋਕ।

ਆਵੇ ਬੈਠੇ ਅੱਖੀਂ ਮੀਟੀ ਸਿੱਧ ਨਿਸ਼ਾਨੇ ਕਰਦੇ ਨੇ,
ਸਿੱਧੇ ਤੀਰ ਹੋਵਣ ਜਿਸ ਵੇਲੇ ਚੜ੍ਹ ਕੇ ਇਸ਼ਕ ਕਮਾਨੇ ਲੋਕ।

ਦੁਨੀਆ ਦੇ ਵਿਚ ਹੋਸ਼ ਕਪੱਤੀ ਦੇਖੀ ਮੂਲ ਫ਼ਸਾਦਾਂ ਦੀ,
ਹੋਸ਼ ਵਿਚ ਉੱਕਾ ਆਉਣਾ ਚਾਹਵਣ ਤਦ ਹੀ ਨਾ ਮਸਤਾਨੇ ਲੋਕ।

ਜੀਵਨ ਦਾ ਮੈਦਾਨ ਕਦੀ ਨਾ ਬਣਦਾ ਮਜਲਿਸ ਮਾਤਮ ਦੀ,
ਜੀਵਨ ਦੇ ਮੈਦਾਨੋਂ ਜੇ ਨਾ ਜਾਂਦੇ ਟੁਰ ਮਰਦਾਨੇ ਲੋਕ।

ਧਰਤੀ ਲਈ ਇਨ੍ਹਾਂ ਦਾ ਜੰਨਤ ਜਿਵੇਂ ਨਿਸ਼ਾਨਾ ਬੱਧਾ ਸੀ,
ਧਰਤੀ ਤੋਂ ਬਿਨ੍ਹਦੇ ਪਏ ਜੰਨਤ ਦੇ ਨੇ ਤਿਵੇਂ ਨਿਸ਼ਾਨੇ ਲੋਕ।

ਧਰਤੀ ਨਾਲ ਅਸਮਾਨਾਂ ਉੱਤੇ ਚਾੜ੍ਹ ਲਿਜਾਣਾ ਚਾਹੁੰਦੇ ਨੇ,
ਜਾਏ ਆਦਮ ਦੇ ਨੇ ਕਿੱਡੇ ਪਾਗਲ ਤੇ ਦੀਵਾਨੇ ਲੋਕ।

ਸਦੀਆਂ ਵਿਚ ਉਪਾਅ ਕਰ ਸੱਕੇ ਨਾ ਦੁਖਿਆਰ ਜ਼ਮਾਨੇ ਦਾ,
ਸੋਚਦਾ ਰਹਿਣਾ ਹੁਣ ਮੈਂ ਕਿਧਰੇ ਪਾਗਲ ਤੇ ਨਹੀਂ ਦਾਨੇ ਲੋਕ।

ਰਾਹ ਵਿਚ ਜਾਂਦਿਆਂ ਐਵੇਂ ਜਿਹੜੀ ਪੈ ਗਈ ਨਜ਼ਰ ਨਕਾਬਾਂ ਤੇ
ਸਿਰ ਅਪਣੇ ਪਏ ਓਸ ਨਜ਼ਰ ਦੇ ਭਰਦੇ ਨੇ ਜੁਰਮਾਨੇ ਲੋਕ।

ਕਿੱਡਾ ਜ਼ੋਰਾਵਰ ਏ ਜਿਹੜਾ ਉੱਥੋਂ ਪਰਤਣ ਦਿੰਦਾ ਨਹੀਂ,
ਬਣ ਬਣ ਗਏ ਨੇ ਕਿੰਨੇ ਏਥੇ ਕਿੱਕਰ ਸਿੰਘ ਤੇ ਬਾਨੇ ਲੋਕ।

ਦੇਖ ਕੇ ਮੁੱਲ ਇਨ੍ਹਾਂ ਦਾ ਮਿੱਟੀ ਲਾਅਨਤ ਪਾਉਂਦੀ ਇਨ੍ਹਾਂ ਤੇ,
ਜਾਵਣ ਲੱਗੇ ਨਾਲ ਲਿਜਾਂਦੇ ਜੇ ਕਰ ਭਰੇ ਖ਼ਜ਼ਾਨੇ ਲੋਕ।

ਗੋਡਿਆਂ ਤੇ ਰੱਖ ਹੱਥ ਵਿਚਾਰੇ ਅੱਜ ਉਹ ਉਠਦੇ ਦੇਖੇ ਨੇ,
ਕੱਲ੍ਹ ਤੀਕਰ ਜਿਹੜੇ ਸਨ ਟੁਰਦੇ ਉੱਚੇ ਕਰਕੇ ਸ਼ਾਨੇ ਲੋਕ।

ਕੱਲ੍ਹ ਗਏ ਕੁਝ ਲੋਕ ਜਿਉਂ ਏਥੋਂ ਬਣ ਕੇ ਕਿੱਸੇ ਅੱਜ ਲਈ,
ਭਲਕੇ ਆਵਣ ਵਾਲਿਆਂ ਲਈ ਪਏ ਬਣਦੇ ਨੇ ਅਫ਼ਸਾਨੇ ਲੋਕ।

ਲੈਲਾ ਵਾਂਗਰ ਤੇਰੀਆਂ ਇਸ਼ਕਾ ਜਗ ਵਿਚ ਪਾਉਂਦਾ ਧੁੰਮਾਂ ਕੌਣ,
ਪਾਗਲ ਮਜਨੂੰ ਜੇ ਨਾ ਹੁੰਦੇ ਦਾਨੇ ਤੇ ਪਰਧਾਨੇ ਲੋਕ।

ਮੰਨਦੇ ਨੇ ਉਨ੍ਹਾਂ ਦੀਆਂ ਅਕਲਾਂ ਇਹ ਅੱਜ ਦਾਨੀ ਪ੍ਰਧਾਨੀ,
ਮੂਰਖ਼ ਦੁਨੀਆ ਨੇ ਸਨ ਸਮਝੇ ਜਿਹੜੇ ਪਾਗਲ ਖ਼ਾਨੇ ਲੋਕ।

ਇੱਕੋ ਜਿਹਾ ਦੁਵੱਲਾ ਡਿੱਠਾ ਲੈਣ ਦੇਣ ਇਸ ਦੁਨੀਆ ਦਾ,
ਤੋਹਫ਼ੇ ਲੈਣ ਦਿਲਾਂ ਦੇ ਵਧ ਕੇ ਨਜ਼ਰਾਂ ਦੇ ਨਜ਼ਰਾਨੇ ਲੋਕ।

ਚੰਗੀ ਹੁੰਦਿਆਂ ਕੰਨੀ ਸੁਣ ਕੇ ਕਦੀ 'ਫ਼ਕੀਰ' ਇਹ ਮੰਨਦੇ ਨਹੀਂ,
ਜਦ ਤੀਕਣ ਨਹੀਂ ਗੱਲ ਕਿਸੇ ਦੀ ਵਿਹੰਦੇ ਢੁਕਦੀ ਖ਼ਾਨੇ ਲੋਕ।

31. ਪਾਉਂਦੇ ਨੇ ਮੁਕੱਦਰ ਤੇ ਬੁੱਤ ਖ਼ਾਨਾ ਖ਼ਰਾਬ ਓੜਕ

ਪਾਉਂਦੇ ਨੇ ਮੁਕੱਦਰ ਤੇ ਬੁੱਤ ਖ਼ਾਨਾ ਖ਼ਰਾਬ ਓੜਕ।
ਕਰਦੇ ਨੇ ਇਹ ਹਾਂ ਪਹਿਲਾਂ ਦਿੰਦੇ ਨੇ ਜਵਾਬ ਓੜਕ।

ਸਾਥ ਹੋਸ਼ ਦਾ ਦਿੰਦੀ ਨਹੀਂ ਮਸਤੀ ਕਦੇ ਵੇਲੇ ਦੀ,
ਚੜ੍ਹਦੀ ਏ ਘੜੀ ਪਲ ਲਈ ਲਹਿੰਦੀ ਏ ਸ਼ਰਾਬ ਓੜਕ।

ਕਰ ਕਰਨਾ ਏ ਜੋ ਕੁਝ ਵੀ ਅੱਲਾ ਦੀ ਤਵੱਕਲ ਤੇ,
ਹਿਰ ਫਿਰ ਕੇ ਨਜ਼ਰ ਆਵੇ ਉਸੇ ਦੀ ਜਨਾਬ ਓੜਕ।

ਮਰਦਾਂ ਦੀ ਹੀ ਹਿੰਮਤ ਤੇ ਦੇਸਾਂ ਨੂੰ ਵਸਾਉਂਦੀ ਏ,
ਰੁੱਤ ਆਈ ਤੇ ਬਾਗ਼ ਅੰਦਰ ਖਿੜਦਾ ਏ ਗੁਲਾਬ ਓੜਕ।

ਬੁਨਿਆਦ ਵਤਨ ਦੀ ਤੇ ਚਾੜ੍ਹ ਹੜ ਨਾ ਫ਼ਸਾਦਾਂ ਦੇ,
ਨੀਹਾਂ ਨੂੰ ਹਿਲਾਉਂਦੀ ਏ ਪਾਣੀ ਦੀ ਸਲ੍ਹਾਬ ਓੜਕ।

ਲਿਖ ਲੈ ਕੋਈ ਵਿਚ ਇਹਦੇ ਮਜ਼ਮੂਨ ਭਲਾਈ ਦਾ,
ਖੁੱਲ੍ਹਣੀ ਏਂ ਕਦੀ ਤੇਰੇ ਅਮਲਾਂ ਦੀ ਕਿਤਾਬ ਓੜਕ।

ਕੀਤੇ ਦੀ ਸਜ਼ਾ ਸਭ ਨੂੰ ਮਿਲਣੀ ਏ 'ਫ਼ਕੀਰ' ਏਥੇ,
ਭੁੱਲਿਆਂ ਨੂੰ ਸਬਾਬ ਓੜਕ ਬੁਰਿਆਂ ਨੂੰ ਅਜ਼ਾਬ ਓੜਕ।

32. ਮਾਲੀ ਹੁਣ ਬੁਰੀਆਂ ਰਸਮਾਂ ਦੇ ਵਰਤਾਰੇ ਤੂੰ ਬਦਲ ਜ਼ਰੂਰ ਬਦਲ

ਮਾਲੀ ਹੁਣ ਬੁਰੀਆਂ ਰਸਮਾਂ ਦੇ ਵਰਤਾਰੇ ਤੂੰ ਬਦਲ ਜ਼ਰੂਰ ਬਦਲ।
ਵੇਲੇ ਨੇ ਜੇ ਰੁੱਤ ਬਦਲੀ ਏ ਤੂੰ ਬਾਗ਼ ਦੇ ਚਾ ਦਸਤੂਰ ਬਦਲ।

ਆਹਰਾਂ ਦੀਆਂ ਨਵੀਆਂ ਚਾਲਾਂ ਨੇ ਮੈਦਾਨ ਅਮਲ ਦੇ ਬਦਲੇ ਨੇ,
ਤੂੰ ਸੋਚਾਂ ਦੀ ਚਾ ਨਜ਼ਰ ਬਦਲ ਸੋਚਾਂ ਦਾ ਫ਼ਿਕਰ ਸ਼ਊਰ ਬਦਲ।

ਨਹੀਂ ਯਾਰ ਮਲਾਹਵਾ ਦੂਰ ਕੋਈ ਪੈਂਦਾ ਏ ਭੁਲੇਖਾ ਨਜ਼ਰਾਂ ਦਾ,
ਦੇ ਬੀੜਾ ਠੇਲ ਤਵੱਕੁਲ ਤੇ ਪਰ ਬੀੜੇ ਵਾਲੇ ਪੂਰ ਬਦਲ।

ਲੱਭ ਕਾਰੀਗਰ ਤੂੰ ਨਵੇਂ ਕਿਤੋਂ ਪਏ ਪੇਸ਼ ਨੇ ਜੇ ਕਰ ਹੁਨਰ ਨਵੇਂ,
ਮਿਹਨਤ ਦੇ ਢੰਗ ਜੇ ਬਦਲੇ ਨੇ, ਤੂੰ ਢੰਗ ਦੇ ਲੈ ਮਜ਼ਦੂਰ ਬਦਲ।

ਦੁਨੀਆ ਏ ਇਸ਼ਕ ਮੁਹੱਬਤ ਦੀ ਮੰਨਣ ਨੂੰ ਹੱਕ ਇਕ ਆਸ਼ਕ ਦਾ,
ਬਦਲੀ ਏ ਜੇ ਸੂਲੀ ਅਕਲਾਂ ਨੇ ਤੂੰ ਵੀ ਝੱਲੇ ਮਨਸੂਰ ਬਦਲ।

ਜਿਸ ਨੇ ਹੈ ਮੱਤੀ ਮੁੱਦਤ ਦੀ ਮਾਰੀ ਬੇਸੁਰਤਾ ਸੁਰਤ ਤੇਰੀ,
ਲੈ ਪਕੜ ਸੁਰਾਹੀ ਭੰਨ ਪਰ੍ਹਾਂ ਕਰ ਜਾਮ ਇਹ ਚਕਨਾ-ਚੂਰ ਬਦਲ।

33. ਸੱਧਰ ਮੇਰੀ ਜਹਾਦ, ਸ਼ਹਾਦਤ ਮੇਰੀ ਉਮੰਗ

ਸੱਧਰ ਮੇਰੀ ਜਹਾਦ, ਸ਼ਹਾਦਤ ਮੇਰੀ ਉਮੰਗ।
ਸੁਣ ਕੇ ਲਹੂ ਤਰੰਗ ਸੁਣੇ ਕੌਣ ਜਲ ਤਰੰਗ।

ਚੰਨ ਚੜ੍ਹਿਆ ਵੇਖ ਚੰਨ ਤੇ ਚੜ੍ਹਦੇ ਚਕੋਰ ਨੇ,
ਬਲਦੀ ਸ਼ੱਮਾਂ ਨੂੰ ਵੇਖ ਪਿਛਾਂਹ ਹਟਣ ਨਾ ਪਤੰਗ।

ਆਉਂਦੇ ਨੇ ਮੁੜ ਹਵਾ ਦੇ ਖਿਡਾਰੀ ਘੜੀ ਘੜੀ,
ਗੁੱਡੇ ਦੇ ਨਾਲ ਲੜਨੀਏਂ ਹੁਣ ਲਹਿਰਿਆ ਪਤੰਗ।

ਦੱਸਾਂਗਾ ਫ਼ੇਰ ਖੇਡ ਕੇ ਮਰਦਾਂ ਦੀ ਖੇਡ ਮੈਂ,
ਕੰਨੀਂ ਮੇਰੇ ਨਾ ਬੂੰਦੇ ਹੱਥੀਂ ਮੇਰੇ ਨਾ ਵੰਗ।

ਟੋਹ ਲਈ ਏ ਅੱਗੇ ਬੁਜਦਿਲਾਂ ਮੇਰੀ ਦਿਲਾਵਰੀ,
ਲਏ ਵੇਖ ਢੰਗਿਆਂ ਨੇ ਮੇਰੇ ਹੌਸਲੇ ਦੇ ਢੰਗ।

ਯਾਰਾਂ ਨੂੰ ਮਾਣ ਹੁੰਦਾ ਏ ਯਾਰਾਂ ਦੇ ਸਾਥ ਦਾ,
ਬਣਦੇ ਹਮੇਸ਼ ਦੁਸ਼ਮਣਾ ਦੇ ਸੰਗ ਨੇ ਕੁਸੰਗ।

ਘਰ ਗ਼ੈਰ ਦੇ ਜਾ ਉਨ੍ਹਾਂ ਨੇ ਪਾਉਣੀ ਏਂ ਭੰਗ ਕੀ,
ਘਰ ਅਪਣੇ ਜਿਨ੍ਹਾਂ ਦੇ ਰਹੇ ਭੁਜਦੀ ਹਮੇਸ਼ ਭੰਗ।

ਹੋਇਆ ਏ ਦੰਗ ਵਕਤ ਜੇ ਚੜ੍ਹਤਲ ਮੇਰੀ ਨੂੰ ਵੇਖ,
ਹੋਵੇਗਾ ਵਕਤ ਮੁੜ ਮੇਰੀ ਚੜ੍ਹਤਲ ਨੂੰ ਵੇਖ ਦੰਗ।

ਕਰਦਾ ਏ ਮੇਰਾ ਦਮ ਕਦਮ ਇਹ ਸੁਰਖ਼ਰੂ ਜ਼ਮੀਨ,
ਚੜ੍ਹ ਕੇ ਨਾ ਸਦਾ ਲਹਿੰਦਾ ਮੇਰੇ ਖ਼ੂਨ ਦਾ ਇਹ ਰੰਗ।

ਰਹਿੰਦਾ ਉਨ੍ਹਾਂ ਨੂੰ ਅੱਗੇ ਤੋਂ ਡੰਗਣ ਦਾ ਬਲ ਨਹੀਂ,
ਲੈਨਾਂ ਮੈਂ ਜਿਨ੍ਹਾਂ ਫ਼ਨੀਅਰਾਂ ਸੱਪਾਂ ਦੇ ਖਿੱਚ ਡੰਗ।

ਜਾਂਦਾ ਏ ਭੁੱਲ ਮੈਨੂੰ ਵੀ ਤੇ ਭੈੜਿਆਂ ਦਾ ਭੈੜ,
ਰਹਿੰਦਾ ਜੇ ਭੈੜਿਆਂ ਨੂੰ ਮੇਰਾ ਯਾਦ ਨਹੀਂ ਚੰਗ।

ਕੰਬਦੇ ਨੇ ਮੈਥੋਂ ਜ਼ਾਲਮਾਂ ਜ਼ੁਲਮਾਂ ਦੇ ਦਬਦਬੇ,
ਜਿਗਰਾ ਏ ਮੇਰਾ ਸ਼ੇਰ ਦਾ ਮੈਂ ਹੈਦਰੀ ਮਲੰਗ।

ਸੱਜਣ ਲਈ 'ਫ਼ਕੀਰ' ਮੈਂ ਪੈਗ਼ਾਮ ਸੁਬਾਹ ਦਾ,
ਵੈਰੀ ਲਈ ਏ ਨਾਅਰਾ ਮੇਰਾ ਜੰਗ ਜੰਗ ਜੰਗ।

34. ਪਾਉਣ ਅਕਲਾਂ ਨੂੰ ਜਿਹੜੇ ਝੱਲ

ਪਾਉਣ ਅਕਲਾਂ ਨੂੰ ਜਿਹੜੇ ਝੱਲ।
ਇਸ਼ਕ ਕਰੇ ਉਹ ਮਸਲੇ ਹੱਲ।

ਇਸ਼ਕ ਅੱਖਾਂ ਨੂੰ ਕਰਦਾ ਗੀਰ,
ਇਸ਼ਕ ਦਿਲਾਂ ਵਿਚ ਮਾਰੇ ਮੱਲ।

ਝੁਕਦਾ ਇਸ਼ਕ ਨਾ ਚੜ੍ਹਦਾ ਦਾਰ,
ਵੇਖੇ ਇਸ਼ਕ ਨਾ ਲਹਿੰਦੀ ਖੱਲ।

ਇਸ਼ਕ ਉਜਾੜੇ ਲਾਲ ਕਿਲ੍ਹੇ,
ਇਸ਼ਕ ਵਸਾਏ ਤਾਜ ਮਹਿਲ।

ਰੋੜ੍ਹੇ ਦੁਖ ਦੇ ਭਰਵੇਂ ਪੂਰ,
ਇਸ਼ਕ ਦੇ ਗ਼ਮ ਦੀ ਇੱਕੋ ਛੱਲ।

ਇਸ਼ਕ ਦੀ ਠੰਢੋਂ ਤਪਦੀ ਵਹਿਣ,
ਇਸ਼ਕ ਦੀ ਤਪਸ਼ੋਂ ਠਰਦੇ ਥਲ।

ਸਹਿਮਣ ਹਿਜਕੀਆਂ ਨਾਲ ਭੁਚਾਲ
ਇਸ਼ਕ ਜਦੋਂ ਪਾਉਂਦਾ ਤਰਥਲ।

ਇਸ਼ਕ ਲਈ ਹਰ ਔਕੜ ਸਹਿਲ,
ਇਸ਼ਕ ਲਈ ਹਰ ਔਖ ਸੁਖੱਲ।

ਕੱਠਿਆਂ ਕਰਦੀ ਇਸ਼ਕ ਤਨੇਨ,
ਪਈ ਨਿਕਲੇ ਨਾ ਇਸ਼ਕ ਕੜੱਲ।

ਵਧਦੀ ਵਾਂਗਰ ਕੌੜੀ ਵੇਲ,
ਮੱਠੇ ਇਸ਼ਕ ਦੀ ਮੱਠੀ ਵੱਲ।

ਬੁਝੇ ਇਹਦੀ ਕਦੀ ਨਾ ਪੀਠ,
ਰੁਕੇ ਨਾ ਇਹਦੀ ਚੱਲੀ ਚੱਲ।

ਇਸ਼ਕ ਅੱਖੀਂ ਕਰਦਾ ਕਰਤੂਤ,
ਕਰੇ ਨਾ ਇਸ਼ਕ ਜ਼ੁਬਾਨੀ ਗੱਲ।

ਭਰਵੀਂ ਇਸ਼ਕ ਸ਼ੇਰ ਦੀ ਭੱਵ,
ਧਰਵੀਂ ਇਸ਼ਕ ਸਾਨ੍ਹ ਦੀ ਭੱਲ।

ਸੁੱਟੇ ਲੱਕੋਂ ਵੱਢ ਪਹਾੜ,
ਬਲ ਓਏ ਇਸ਼ਕਾ ਮਰਦਾ ਬਲ।

ਜਾਂਦਾ ਰਲ ਕੇ ਰੂਹ ਦੇ ਨਾਲ,
ਲੱਗਿਆ ਦਿਲ ਨੂੰ ਇਸ਼ਕ ਦਾ ਸੱਲ।

ਮਿਲਿਆ ਜਾਸੀ ਹੋ ਮਜਬੂਰ,
ਇਸ਼ਕ ਦੇ ਮੂੰਹ ਨਾ ਐਵੇਂ ਮੱਲ।

ਆਉਂਦਾ ਚੁੱਪ-ਚੁਪੀਤਾ ਇਸ਼ਕ,
ਜਾਂਦਾ ਇਸ਼ਕ ਵਜਾਉਂਦਾ ਟੱਲ।

ਐਵੇਂ ਕਰਨ ਵਿਚਾਰਾਂ ਲੋਕ,
ਸਾਡੀ ਏ ਆਪਸ ਦੀ ਗੱਲ।

ਖ਼ੁਸ਼ ਰਹੇ ਨਾ ਕਿਵੇਂ 'ਫ਼ਕੀਰ',
ਇਸ਼ਕ ਦੇ ਗ਼ਮ ਨੇ ਸਾਡੇ ਵੱਲ।

35. ਕਿੱਥੇ ਤੇਰਾ ਕਿਆਮ ਨਹੀਂ ਕਿੱਥੇ ਤੇਰਾ ਮੁਕਾਮ ਨਹੀਂ

ਕਿੱਥੇ ਤੇਰਾ ਕਿਆਮ ਨਹੀਂ ਕਿੱਥੇ ਤੇਰਾ ਮੁਕਾਮ ਨਹੀਂ।
ਮੰਜ਼ਿਲਾਂ ਤੇਰੇ ਰਾਹ ਦੀਆਂ ਰੋਮ ਨਹੀਂ ਕਿ ਸ਼ਾਮ ਨਹੀਂ।

ਵਸਦਾ ਸਦਾ ਏ ਵੇਖਿਆ ਤੇਰੇ ਹਰਮ ਦਾ ਮੈਅਕਦਾ,
ਸਾਕੀ ਨਹੀਂ ਕਿ ਮਦ ਨਹੀਂ ਸੁਰਾਹੀ ਨਹੀਂ ਕਿ ਜਾਮ ਨਹੀਂ।

ਨਾ ਥੋਹ ਏ ਤੇਰਾ ਸ਼ਿਕਾਰੀਆ ਨਾ ਥੋਹ ਏ ਤੇਰੇ ਸ਼ਿਕਾਰ ਦਾ,
ਉਹਦੀ ਕਿੱਥੇ ਕੋਈ ਟੇਕ ਨਹੀਂ ਤੇਰਾ ਕਿੱਥੇ ਇੰਤਜ਼ਾਮ ਨਹੀਂ।

ਰਾਵੀ, ਬਿਆਸ ਨੂੰ ਵੇਖਿਆਂ ਦਿਸਦੇ ਨੇ ਦਜਲਾ ਫ਼ਰਾਤ ਪਏ,
ਉਹੋ ਜਿਹੀ ਕਰਬਲਾ ਤੇ ਹੈ ਜੇ ਕਰ ਹੁਸੈਨ ਇਮਾਮ ਨਹੀਂ।

ਉਦੋਂ ਵੀ 'ਲਾ' ਦੀ ਤੇਗ਼ ਸੀ ਰਹਿੰਦੀ ਤੇਰੇ ਨਿਆਮ ਵਿਚ,
ਹੁਣ ਵੀ ਤੇ 'ਲਾ' ਦੀ ਤੇਗ਼ ਤੋਂ ਖ਼ਾਲੀ ਤੇਰਾ ਨਿਆਮ ਨਹੀਂ।

ਧੱਕਾ ਕਿਸੇ ਦੇ ਨਾਲ ਵੀ ਕਰਨਾ ਨਹੀਂ ਰਵਾਂ ਕਦੀ,
ਉਦੋਂ ਵੀ ਸੀ ਜੇ ਹਰਾਮ ਇਹ ਹੁਣ ਵੀ ਕਦੋਂ ਹਰਾਮ ਨਹੀਂ।

ਕਾਅਬਾ ਗਵਾਹ ਏ ਹੁਣ ਨਹੀਂ ਮੇਰੀ ਬੁੱਤਾਂ ਦੀ ਵਾਕਫ਼ੀ,
ਮੇਰੀ ਇਨ੍ਹਾਂ ਦੀ ਮੁੱਦਤਾਂ ਤੋਂ ਸਲਾਮ ਨਹੀਂ ਕਲਾਮ ਨਹੀਂ।

ਹੱਦ ਨਹੀਂ ਆਜ਼ਾਦੀਆਂ ਦੀ ਜਦੋਂ ਤੋਰ ਦੀ 'ਫ਼ਕੀਰ',
ਅੱਗੇ ਨੇ ਹੋਰ ਮੰਜ਼ਿਲਾਂ ਅਜੇ ਤੇਰਾ ਮਕਾਮ ਨਹੀਂ।

36. ਘੂਰਨਾ ਬੰਦੇ ਨੂੰ ਰੱਬੀ ਸ਼ਾਨ ਨਹੀਂ

ਘੂਰਨਾ ਬੰਦੇ ਨੂੰ ਰੱਬੀ ਸ਼ਾਨ ਨਹੀਂ।
ਮੈਂ ਆਂ ਜੇ ਪਾਪੀ ਤੇ ਤੂੰ ਰਹਿਮਾਨ ਨਹੀਂ।

ਬੁੱਤ ਬਣ ਕੇ ਬੰਦਗੀ ਵਿਚ ਰਹਿ ਪਵੇ,
ਤੇਰੇ ਬੰਦੇ ਦੀ ਇਹ ਰੱਬਾ ਸ਼ਾਨ ਨਹੀਂ।

ਜ਼ਿੰਦਗੀ ਦਿੱਤੀ ਏ ਜਿਹੜੀ ਮਰਨ ਲਈ,
ਮੈਂ ਕਦੋਂ ਆਹਨਾਂ ਤੇਰਾ ਅਹਿਸਾਨ ਨਹੀਂ।

ਹੋਵੇਗਾ ਮੁਸ਼ਕਿਲ ਤਮਾਸ਼ਾ ਮੌਤ ਦਾ,
ਜ਼ਿੰਦਗੀ ਦੀ ਖੇਡ ਵੀ ਆਸਾਨ ਨਹੀਂ।

ਜ਼ੋਰ ਲੱਗੇ ਨੇ ਖ਼ੁਦਾਈ ਦੇ ਬੜੇ,
ਬਣਿਆ ਪਰ ਬੰਦਾ ਅਜੇ ਇਨਸਾਨ ਨਹੀਂ।

ਇਲਮ ਅਸਮਾਨਾਂ ਤੇ ਉਡਦੈ ਪਰ ਅਜੇ,
ਇਲਮ ਦੇ ਜੁੱਸੇ ਵਿਚ ਆਈ ਜਾਨ ਨਹੀਂ।

ਨਿਕਲ ਗਏ ਦੁਨੀਆਂ ਦੇ ਸਭ ਅਰਮਾਨ ਨੇ,
ਨਿਕਲਿਆ ਦੁਨੀਆ ਦਾ ਕੋਈ ਅਰਮਾਨ ਨਹੀਂ।

ਮੇਰੇ ਦਿਲ ਵੀ ਖਾਧੀਆਂ ਨੇ ਜੁੰਬਸ਼ਾਂ,
ਛੱਡਿਆ ਜੇ ਗਰਦਸ਼ਾਂ ਅਸਮਾਨ ਨਹੀਂ।

ਦਿਲ ਤੇ ਕਰਦੈ ਹਿੰਮਤ ਅਜ਼ਮਾਈਏ 'ਫ਼ਕੀਰ',
ਪਰ ਮੁਹੱਬਤ ਦਾ ਉਹ ਗੋਹ ਮੈਦਾਨ ਨਹੀਂ।

37. ਜੂਹਾਂ ਬੇਲਿਆਂ ਦੇ ਵਿਚ ਦੇਖੇ ਫਿਰਦੇ ਵਾਂਗ ਲਟੋਰਾਂ

ਜੂਹਾਂ ਬੇਲਿਆਂ ਦੇ ਵਿਚ ਦੇਖੇ ਫਿਰਦੇ ਵਾਂਗ ਲਟੋਰਾਂ।
ਟੋਰਾਂ ਮੋਰਾਂ ਨੂੰ ਭੁੱਲ ਗਈਆਂ ਵੇਖ ਉਨ੍ਹਾਂ ਦੀਆਂ ਟੋਰਾਂ।

ਸ਼ਾਮ ਚੁਰਾਣ ਲਈ ਦਿਲ ਸਾਡੇ ਸ਼ਾਮੀਂ ਸ਼ੱਮਾਂ ਜਗਾਈ,
ਸੰਨ੍ਹਾਂ ਤੇ ਅੱਜ ਤੀਕਰ ਨਹੀਂ ਸਨ ਦੀਵੇ ਬਾਲੇ ਚੋਰਾਂ।

ਰਿਹਾ ਉਨ੍ਹਾਂ ਦੇ ਦੁੱਖ ਗ਼ਮਾਂ ਵਿਚ ਨਾਲ ਉਨ੍ਹਾਂ ਦੇ ਡੁਬਿਆ,
ਚੰਨ ਵੀ ਮਰ ਕੇ ਕਾਲੀਆਂ ਰਾਤਾਂ ਕੱਟੀਆਂ ਨਾਲ ਚਕੋਰਾਂ।

ਗ਼ਮ ਨਹੀਂ ਬੇਦਰਦ ਅਸਾਨੂੰ ਮਾਰਨ ਇਸ਼ਕ ਹਨੂਰੇ,
ਬੇਐਬਾਂ ਨੂੰ ਕਰਦੇ ਰਹੇ ਨੇ ਐਬੀ ਸਦਾ ਟਕੋਰਾਂ।

ਮੂੰਹ ਲਾਏ ਨਾ ਕੌਣ ਸੁਰਾਹੀਆਂ ਭੰਨ ਪਿਆਲੇ ਸਾਕੀ,
ਜ਼ੁਲਫ਼ ਤੇਰੀ ਦੀ ਛਾਂ ਵਾਂਗਰ ਦੀਆਂ ਵੇਖ ਘਟਾ ਘਨਘੋਰਾਂ।

ਰੁੜ੍ਹਦੇ ਜਾਂਦੇ ਠੰਢੇ ਸੀਨੇ ਤਾਂਦੇ ਰੁੜਹਦੇ ਪਾਣੀ,
ਤਪਦੇ ਭੱਠ ਦਿਲਾਂ ਦੇ ਠਾਰਣ ਪੱਤਨ ਜਿਨ੍ਹਾਂ ਦੀਆਂ ਗੋਰਾਂ।

ਇਕ ਦਿਨ ਚਾਕ ਰੰਝੇਟਾ ਬੇਲੇ ਮੱਝੀਂ ਛੇੜ ਨਾ ਆਇਆ,
ਖ਼ਬਰੈ ਉਸ ਦਿਨ ਮੁੜ ਮੁੜ ਕੀਹਨੂੰ ਵਾਜ਼ਾਂ ਮਾਰੀਆਂ ਮੋਰਾਂ।

ਸ਼ੁਕਰ ਕਰਾਂ ਮੈਂ ਸਿਰ ਮੇਰੇ ਅਹਿਸਾਨ ਚੜ੍ਹਾਏ ਯਾਰਾਂ,
ਸ਼ੁਕਰ ਕਰਾਂ ਮੈਂ ਨਾਲ ਮੇਰੇ ਨਹੀਂ ਕਰਨੀ ਕੀਤੀ ਹੋਰਾਂ।

ਉਹੋ ਯਾਰ ਮੇਰੇ ਅੱਜ ਮੈਨੂੰ ਕਾਟੀਆਂ ਮਾਰਣ ਲੱਗੇ,
ਟੋਟੇ ਡੋਰ ਮੇਰੀ ਦੇ ਜੋੜ ਕੇ ਜਿਨ੍ਹਾਂ ਬਣਾਈਆਂ ਡੋਰਾਂ।

ਕੱਢਦੇ ਵਿਚ ਹਨੇਰੇ ਜਾਵਣ ਰਾਹਵਾਂ ਫ਼ਿਕਰ ਸੁਜਾਖੇ,
ਚਿੱਤ ਨਜ਼ਰ ਦਾ ਕਦੀ ਨਾ ਲੱਗਾ ਨਾਲ ਖ਼ਿਆਲਾਂ ਕੋਰਾਂ।

ਸ਼ਿਅਰ ਸੁਖ਼ਨ ਦੀ ਵੰਨਗੀ ਟੁਰਦੀ ਫੜਕੇ ਉਂਗਲ ਮੇਰੀ,
ਪੱਧਰ ਕਰ ਛੱਡੀਆਂ ਮੈਂ ਸਾਰੀਆਂ ਰਾਹਵਾਂ ਕਠਨ ਕਠੋਰਾਂ।

ਚਾਅ 'ਫ਼ਕੀਰ' ਨਿਕੰਮੇ ਦਿਲ ਦੇ ਅਜੇ ਨੇ ਦਿਲ ਵਿਚ ਉਂਜੇ,
ਨਿਕਲੀ ਉਨੀ ਤਬਾਹ ਬਾ ਜ਼ੋਰੀ ਜਿੰਨੀ ਸੀ ਵਿਚ ਜ਼ੋਰਾਂ।

38. ਦਿਲ ਵਿਚ ਨੇ ਉਹਦੇ ਪਿਆਰ ਦੀਆਂ, ਕੀ ਭੁੱਖਾਂ ਤੱਸਾਂ ਕੀ ਦੱਸਾਂ

ਦਿਲ ਵਿਚ ਨੇ ਉਹਦੇ ਪਿਆਰ ਦੀਆਂ, ਕੀ ਭੁੱਖਾਂ ਤੱਸਾਂ ਕੀ ਦੱਸਾਂ।
ਕੀ ਮੈਥੋਂ ਦਿਲ ਦੀਆਂ ਪੁੱਛਦੇ ਹੋ, ਮੈਂ ਦਿਲ ਦੀਆਂ ਦੱਸਾਂ ਕੀ ਦੱਸਾਂ।

ਅੱਜ ਉਹਦੇ ਸਾਹਮਣੇ ਠੱਪ ਰਹੇ, ਸਭ ਦਫ਼ਤਰ ਗਿਲਾ-ਗੁਜ਼ਾਰੀ ਦੇ,
ਬੇਵੱਸੀ ਜਿਹੀ ਕਿਉਂ ਵੱਸੀ ਏ ਅੱਜ, ਦਿਲ ਦੀਆਂ ਵੱਸਾਂ ਕੀ ਦੱਸਾਂ।

ਕਦਮਾਂ ਤੇ ਉਹਦੀਆਂ ਸ਼ਰਮਾਂ ਦੇ, ਸਿਰ ਰੱਖੇ ਹਾਰ-ਸ਼ਿੰਗਾਰਾਂ ਨੇ,
ਅੱਜ ਉਹਨੇ ਕਿੱਡੇ ਜ਼ੁਲਮ ਦੀਆਂ, ਕੱਢੀਆਂ ਸਨ ਟੱਸਾਂ ਕੀ ਦੱਸਾਂ।

ਸੁਰਮੇਂ ਦੀ ਧਾਰ ਤੇ ਲੱਗੀ ਸੀ, ਧਾਰ ਉਹਦੇ ਖੀਵਿਆਂ ਨੈਣਾਂ ਦੀ,
ਲੱਗੀਆਂ ਸਨ ਨਜ਼ਰ ਦੇ ਤੀਰਾਂ ਨੂੰ, ਕਜਲੇ ਦੀਆਂ ਚੱਸਾਂ ਕੀ ਦੱਸਾਂ।

ਕੀ ਦੱਸਾਂ ਮੂੰਹ ਪਿਆ ਸੁਕਦਾ ਏ, ਕਿਉਂ ਮੇਰਾ ਜੀ ਜੀ ਕਿਰਦਾ ਏ,
ਉਹ ਮੈਨੂੰ ਐਵੇਂ ਮਾਰਨ ਪਏ, ਕਿਉਂ ਦੱਬਾਂ ਧੱਸਾਂ ਕੀ ਦੱਸਾਂ।

ਜਾ ਵੱਸੋ ਬੱਦਲੋ ਸਾਉਣ ਦਿਓ, ਨਾ ਪੁੱਛ ਨੀ ਬਿਜਲੀਏ ਲਿਸ਼ਕਦੀ ਏ,
ਕਿਉਂ ਹਸਦਾ ਹਸਦਾ ਰੋਵਾਂ ਮੈਂ, ਕਿਉਂ ਰੋ ਰੋ ਹੱਸਾਂ ਕੀ ਦੱਸਾਂ।

ਸ਼ੀਸ਼ੇ ਨੂੰ ਹੈਰਤ ਵੇਖ ਮੇਰਾ ਜੀਅ, ਜਾਮੇ ਵਿਚ ਸਮਾਉਂਦਾ ਨਾ,
ਮੈਂ ਖ਼ਵਰੇ ਕਿੱਧਰ ਵੱਲ ਪਿਆ, ਅੱਜ ਕਮਰਾਂ ਕੱਸਾਂ ਕੀ ਦੱਸਾਂ।

ਸੋਕੇ ਤੇ ਕਿਹੜੀ ਸੱਧਰ ਦੇ, ਹੰਝੂਆਂ ਦੀ ਮਸਤ ਫੁਹਾਰ ਪਈ,
ਵਸ ਗਈਆਂ ਕਿੱਧਰ ਹਾਵਾਂ ਦੇ, ਬੱਦਲਾਂ ਦੀਆਂ ਲੱਸਾਂ ਕੀ ਦੱਸਾਂ।

ਅੱਜ ਉਹਦੀ ਸ਼ੋਖ਼ ਨਿਗਾਹ ਕਾਹਤੋਂ, ਸ਼ਰਮਾਂ ਵਿਚ ਡੁਬਦੀ ਜਾਂਦੀ ਏ,
ਕਿਉਂ ਉਹਦੀਆਂ ਪਲਕਾਂ ਨਾਲ ਪਿਆ, ਮੈਂ ਤਲੀਆਂ ਝੱਸਾਂ ਕੀ ਦੱਸਾਂ।

ਅੱਖਾਂ ਥੀਂ ਦਿਲ ਵਿਚ ਉੱਤਰ ਕੇ, ਕੋਈ ਦਿਲ ਦਾ ਡੇਰਾ ਛੱਡ ਗਿਆ,
ਇਸ ਉਜੜੇ ਘਰ ਵਿਚ ਕੀਕਣ ਮੈਂ, ਪਿਆ ਵੱਸਾਂ ਰੱਸਾਂ ਕੀ ਦੱਸਾਂ।

ਕਿਉਂ ਰਿੰਦ ਕੋਈ ਬੁਤ ਖ਼ਾਨੇ ਨੂੰ, ਕਾਅਬੇ ਦਾ ਪੋਖਾ ਦਿੰਦਾ ਨਹੀਂ,
ਮੈਂ ਬੁੱਤ ਖ਼ਾਨੇ ਵਲ ਕਾਅਬੇ ਤੋਂ, ਪਿਆ ਉਠ ਉਠ ਨੱਸਾਂ ਕੀ ਦੱਸਾਂ।

ਕਿਉਂ ਦੱਸਾਂ ਉਹਦੇ ਪਿਆਰਾਂ ਨੇ, ਚਾ ਕਿਹੜੇ ਰਸਤੇ ਪਾਇਆ ਏ,
ਕਿਉਂ ਅਸਾਂ ਫ਼ਿਰਾਕਾਂ ਵਸਲਾਂ ਦੇ, ਸਿਰ ਪਾਈਆਂ ਭੱਸਾਂ ਕੀ ਦੱਸਾਂ।

ਉਹ ਹਮਦਮ ਜਦੋਂ'ਫ਼ਕੀਰ'ਮੇਰਾ, ਮੇਰੇ ਦਮ ਦਮ ਵਿਚ ਵਸਦਾ ਏ,
ਕਿਉਂ ਗਾਵਾਂ ਗੀਤ ਵਰਾਗਾਂ ਦੇ, ਵਿਚ ਉਹਦੀਆਂ ਜੱਸਾਂ ਕੀ ਦੱਸਾਂ।

39. ਵੇਚੇ ਪਿਆ ਗ੍ਰੰਥ ਗਰੰਥੀ ਪੰਡਤ ਵੇਦ ਪੁਰਾਨ

ਵੇਚੇ ਪਿਆ ਗ੍ਰੰਥ ਗਰੰਥੀ ਪੰਡਤ ਵੇਦ ਪੁਰਾਨ।
ਆਪ ਮੁਹਾਰਾ ਮੁੱਲਾਂ ਵੇਚੇ ਰੱਬ, ਰਸੂਲ, ਕੁਰਆਨ।

ਐਵੇਂ ਸਾਵਾਂ ਦਿੰਦੇ ਜੋਗੀ ਜੋਗ ਮੱਤ ਦਾ ਭੋਗ,
ਕਿਣਕੇ ਦੇ ਭਾਅ ਵੇਚੀ ਜਾਵਣ ਸਾਰੇ ਗਿਆਨ ਧਿਆਨ।

ਵੀਹ ਪੰਝੀ ਤੋਂ ਘੱਟ ਉਨ੍ਹਾਂ ਦੀ ਲਏ ਵਾਅਜ਼ ਕੀ ਮੂਖ,
ਜਿਹੜੇ ਵਾਅਜ਼ਾਂ ਦੀ ਵਿਚ ਰਾਗਾਂ ਹੋਵੇ ਤਰਜ਼ ਬਿਆਨ।

ਵਿੱਚ ਜੁਮੇ ਦੇ ਖ਼ੁਤਬੇ ਪਿਆ ਚੰਦੇ ਦਾ ਧੰਦਾ ਚੱਲ,
ਅੱਡ ਹਿਰਸਾਂ ਦੀ ਝੋਲੀ ਹਿਰਸੀ ਜਦੋਂ ਜ਼ੁਬਾਨ ਚਲਾਉਣ।

ਆਪ ਕਿਵੇਂ ਨਾ ਬਣੇ ਅੰਦੇਸ਼ਾ ਕਾਜ਼ੀ ਸ਼ਹਿਰ ਸਮੇਤ,
ਬਣ ਜਾਵਣ ਦਰਬਾਰੀ ਜਿੱਥੇ ਹੁਜਰੇ ਦੇ ਦਰਬਾਨ।

ਧਰਮੀ ਪਿੜ ਵਿਚ ਨਿਕਲ ਨਾ ਨੱਚੇ ਕਿਉਂ ਈਮਾਨ ਯਕੀਨ
ਦੀਨੀ ਰਾਹਬਰ ਬੇਦੀਨੀ ਦੇ ਜਿੱਥੇ ਢੋਲ ਵਜਾਣ।

ਇਲਮ ਅਸਮਾਨੀ ਲਹਿੰਦੇ ਆਵਣ ਕਿਉਂ ਨਾ ਵੱਲ ਜ਼ਮੀਨ,
ਇਲਮ ਜ਼ਮੀਨੀ ਚੜ੍ਹਦੇ ਜਾਵਣ ਜੇ ਕਰ ਵੱਲ ਅਸਮਾਨ।

ਲੱਭਿਆਂ ਅੱਜ ਨਾ ਲੱਭਣ ਕਿਧਰੋਂ ਉਹ ਜਾਂਬਾਜ਼ ਮਲੰਗ,
ਨਾਮ ਅੱਲਾ ਦੇ ਹੈਸਨ ਦਿੰਦੇ ਜਿਹੜੇ ਕਿਧਰੇ ਜਾਨ।

ਵੱਸਣ ਵਿਚ ਦਰਬਾਰਾਂ ਕਿਉਂ ਨਾ ਸਾਡੇ ਪੀਰ 'ਫ਼ਕੀਰ',
ਹੁੰਦੇ ਵੇਖੇ ਸਦਾ ਪ੍ਰਾਹੁਣੇ ਮੈਂ ਖ਼ਾਨਾਂ ਦੇ ਖ਼ਾਨ।

40. ਲੈਣ ਉਜਾੜ ਫ਼ਸਾਦੀ ਹੱਥੀਂ ਵਸਦੀਆਂ ਰਸਦੀਆਂ ਜਾਹਵਾਂ ਨੂੰ

ਲੈਣ ਉਜਾੜ ਫ਼ਸਾਦੀ ਹੱਥੀਂ ਵਸਦੀਆਂ ਰਸਦੀਆਂ ਜਾਹਵਾਂ ਨੂੰ।
ਰਾਹ ਦਿੰਦੀ ਨਹੀਂ ਮੰਜ਼ਿਲ ਕਿਧਰੇ ਬੇਇਤਫ਼ਾਕੇ ਰਾਹਵਾਂ ਨੂੰ।

ਰਹਵੇ ਬਿਜਾਈ ਵਾਢੀ ਕਰਕੇ ਖ਼ਾਲੀ ਕੰਨੀ ਮਿਹਨਤ ਦੀ,
ਆ ਪਏ ਕਿਧਰੋਂ ਅੰਨ੍ਹਾ ਝੱਖੜ ਜੇ ਕਰ ਚਲਦਿਆਂ ਗਾਹਵਾਂ ਨੂੰ।

ਮਾਲ ਖ਼ਰੇ ਦੇ ਗਾਹਕ ਨਾ ਬਣਦੇ ਖੋਟੀ ਨੀਅਤ ਵਾਲੇ ਨੇ,
ਨੂਰ ਨਜ਼ਰ ਦਾ ਕਦੇ ਨਾ ਮਿਲਦਾ ਕਿਧਰੋਂ ਕਲਬ ਸਿਆਹਵਾਂ ਨੂੰ।

ਆਏ ਬਦਅਮਨੀ ਦੇ ਮੋਢੇ ਝੰਡੇ ਚੁੱਕ ਫ਼ਸਾਦਾਂ ਦੇ,
ਫਿਰਦੇ ਨੇ ਬਖ਼ਸਾਂਦੇ ਜਿਹੜੇ ਔਗੁਣਹਾਰ ਗੁਨਾਹਵਾਂ ਨੂੰ।

ਮਾਰ ਭਰਾਵਾਂ ਨੂੰ ਏਂ ਜਾਂਦਾ ਟੁੱਟਾ ਮਾਨ ਭਰਾਵਾਂ ਦਾ,
ਬਾਹੂਬਲ ਵਾਲੇ ਨੇ ਰੋਂਦੇ ਵੇਖ ਕੇ ਭੱਜੀਆਂ ਬਾਹਵਾਂ ਨੂੰ।

ਪਹੁੰਚਣ ਵਾਲੇ ਕਦ ਦੇ ਗਏ ਨੇ ਪਹੁੰਚ ਜਮਹੂਰੀ ਮੰਜ਼ਿਲ ਤੇ,
ਲੱਭਣ ਪਏ ਕੁਝ ਭੁੱਲੇ ਰਾਹੀ ਅਜੇ ਜਮਹੂਰੀ ਰਾਹਵਾਂ ਨੂੰ।

ਹੱਲ ਕਸ਼ਮੀਰ ਵਤਨ ਦਾ ਜਿਹੜੇ ਪੱਲੇ ਬੰਨ੍ਹੀ ਫ਼ਿਰਦੇ ਨੇ,
ਦੱਸਣ ਲਈ ਨੇ ਲੱਭਦੇ ਫ਼ਿਰਦੇ ਖ਼ਬਰੇ ਕਿਹੜੀਆਂ ਥਾਵਾਂ ਨੂੰ।

ਕੌਮੀ ਲੋੜ ਅਜ ਏਹੋ, ਏਹੋ ਲੋੜ 'ਫ਼ਕੀਰ' ਵਤਨ ਦੀ ਏ,
ਫੋਕੇ ਨਾਅਰਿਆਂ ਨਾਲ ਵਿਗਾੜੋ ਨਾ ਹੁਣ ਬਣੇ ਵਿਸਾਹਵਾਂ ਨੂੰ।

41. ਨਿਕਲੇ ਆਪ ਮੁਹਾੜ ਜੇ ਕਦੀ ਬੰਨੇ

ਨਿਕਲੇ ਆਪ ਮੁਹਾੜ ਜੇ ਕਦੀ ਬੰਨੇ,
ਅਸੀਂ ਇਸ਼ਕ ਦੀ ਉੱਠ ਜਨਾਬ ਵਿੱਚੋਂ।
ਸਾਨੂੰ ਨਾਲ ਲੈ ਜਾਣ ਲਈ ਆਪ ਆਈਆਂ,
ਉਹਦੀਆਂ ਸੈਨਤਾਂ ਨਿਕਲ ਨਕਾਬ ਵਿੱਚੋਂ।

ਓਸੇ ਦਿਨ ਦਾ ਪੀਤਿਆਂ ਬਾਝ ਸਾਨੂੰ,
ਚੜਿਆ ਨਸ਼ਾ ਏ ਕਦੀ ਨਾ ਲਹਿਣ ਵਾਲਾ,
ਜਾਮ ਫੜਦਿਆਂ ਇਕ ਦਿਨ ਵੇਖ ਲਈ ਸੀ,
ਅੱਖ ਸਾਕੀ ਦੀ ਜਾਮ ਸ਼ਰਾਬ ਵਿੱਚੋਂ।

ਕਦ ਤੱਕ ਭਰਮ ਬਣਿਆ ਰਹਿ ਸੀ ਵਿਚ ਆਮਾ,
ਇੰਜ ਹਜ਼ੂਰ ਇਨ੍ਹਾਂ ਪਰਦੇਦਾਰੀਆਂ ਦਾ,
ਕਦੀ ਤਾਰਿਆਂ ਦੇ ਵਿੱਚੋਂ ਝਾਕਦੇ ਓ,
ਮਾਰੋਂ ਝਾਤੀਆਂ ਕਦੀ ਮਾਹਤਾਬ ਵਿੱਚੋਂ।

ਜਾਪੇ ਇੰਜ ਲੈ ਗਈ ਸਭ ਕੁਝ ਨਾਲ ਇਹਦਾ,
ਯਾਦ ਉਨ੍ਹਾਂ ਦੀ ਇਹਦੇ ਤੋਂ ਜਾਣ ਲੱਗੀ,
ਦਿਲ ਨੂੰ ਰੋਜ਼ ਈ ਫੋਲਦਾ ਵੇਖਦਾਂ ਮੈਂ,
ਲਭਦਾ ਕੱਖ ਨਹੀਂ ਖ਼ਾਨਾ ਖ਼ਰਾਬ ਵਿੱਚੋਂ।

ਮੋਮਨ ਸਮਝਦੇ ਹੋਣਗੇ ਫ਼ਲਸਫ਼ਾ ਇਹ,
ਸਾਡੀ ਸਮਝ ਵਿਚ ਤੇ ਗੱਲ ਢੁਕਦੀ ਨਹੀਂ,
ਦੀਨਦਾਰ ਤਾਈਂ ਜੰਨਤ ਲੱਭਣੀ ਏਂ,
ਕੀਕਣ ਜੱਗ ਦੋਜ਼ਖ਼ ਦੇ ਅਜ਼ਾਬ ਵਿੱਚੋਂ।

ਸਾਡੀ ਖ਼ਤਾ ਦਾ ਸਿਲਸਲਾ ਨਾਲ ਉਨ੍ਹਾਂ,
ਬਣਿਆ ਸਿਲਸਲਾ ਏ ਗੋਰਖ਼ ਧੰਦਿਆਂ ਦਾ,
ਨਿਕਲੇ 'ਨਾਂਹ' ਉਨ੍ਹਾਂ ਦੇ ਜਵਾਬ ਵਿੱਚੋਂ,
ਤੇ ਨਾ 'ਹਾਂ' ਉਨ੍ਹਾਂ ਦੇ ਜਵਾਬ ਵਿੱਚੋਂ।

ਐਵੇਂ ਜਾਲੀਆਂ ਤਾਨਦਾ ਫਿਰੇ ਬਾਗ਼ੇ,
ਚੁੱਕੀ ਪਿੰਜਰਾ ਫਿਰੇ ਸਿਆਦ ਐਵੇਂ,
ਬੁਲਬੁਲ ਲਈ ਡੋਰਾਂ ਬਣ ਕੇ ਨਿਕਲੀ ਏ,
ਬਾਸ ਮਹਿਕਦੀ ਫੁੱਲ ਗੁਲਾਬ ਵਿੱਚੋਂ।

ਰੱਖੇ ਗ਼ਮਾਂ ਨੂੰ ਸ਼ਾਦ ਆਬਾਦ ਮੌਲਾ,
ਇਨ੍ਹਾਂ ਨਾਲ ਈ ਦਿਲ ਦੀਆਂ ਰੌਣਕਾਂ ਨੇ,
ਦਰਸ ਖ਼ੁਸ਼ੀ ਦੇ ਮਿਲਣ ਮੈਂ ਜਦੋਂ ਥੱਲਾਂ,
ਵਰਕਾ ਗ਼ਮਾਂ ਦਾ ਦਿਲ ਦੀ ਕਿਤਾਬ ਵਿੱਚੋਂ।

ਇਨ੍ਹਾਂ ਦੀਨ ਤੇ ਦੁਨੀ ਦੇ ਝਗੜਿਆਂ ਤੋਂ,
ਅੱਲਾ ਅਪਣੀ ਵਿਚ ਅਮਾਨ ਰੱਖੇ,
ਨੇਕੀ ਬਦੀ ਦੀ ਬਹਿਸ਼ ਵਿਚ ਪਵਾਂ ਮੈਂ ਕਿਉਂ,
ਮੈਂ ਕੀ ਲੈਣੈ ਅਜ਼ਾਬ ਸਬਾਬ ਵਿੱਚੋਂ।

ਵਿਹੜੇ ਵਿਚ ਮਸੀਤ ਦੇ ਅੱਜ ਕੀਤਾ,
ਕੁਝ ਨਮਾਜ਼ੀਆਂ ਕੰਮ ਛਡਾਵਣੇ ਦਾ,
ਹੱਥੋ-ਪਾਈ ਹੁੰਦੀ ਰਿੰਦਾਂ ਸੂਫ਼ੀਆਂ ਦੀ,
ਮੁੱਲਾਂ ਵੇਖਦਾ ਰਿਹਾ ਮਹਿਰਾਬ ਵਿੱਚੋਂ।

ਮੰਗਣ ਬਾਝ ਦਿੰਦਾ ਰਹਵੇ ਰੋਜ਼ ਮੈਨੂੰ,
ਮਾਲਕ ਸਾਰੇ ਜਹਾਨ ਨੂੰ ਦੇਣ ਵਾਲਾ,
ਹੇਠੀ ਕਰਾਂ ਕਿਉਂ ਉਹਦੀਆਂ ਰਹਿਮਤਾਂ ਦੀ,
ਲਵਾਂ ਮੰਗ ਮਾਲਕ ਦੀ ਜਨਾਬ ਵਿੱਚੋਂ।

ਚੱਲ ਵਿਚ ਪੰਜਾਬ ਇਰਾਨ ਵੱਲੋਂ,
ਗ਼ਜ਼ਲਗੋ 'ਸ਼ੀਰਾਜ਼' ਦੇ ਆਵਣੇ ਨੇ,
ਗਿਆ ਜਦੋਂ 'ਫ਼ਕੀਰ' ਇਰਾਨ ਵੱਲੇ,
ਮੇਰੀ ਗ਼ਜ਼ਲ ਦਾ ਰੰਗ ਪੰਜਾਬ ਵਿੱਚੋਂ।

42. ਖ਼ਵਰੇ ਫੇਰ ਅੱਜ ਸਾਨੂੰ ਕੀਹਦੀਆਂ ਭੁੱਲੀਆਂ ਯਾਦਾਂ ਆਈਆਂ ਨੇ

ਖ਼ਵਰੇ ਫੇਰ ਅੱਜ ਸਾਨੂੰ ਕੀਹਦੀਆਂ ਭੁੱਲੀਆਂ ਯਾਦਾਂ ਆਈਆਂ ਨੇ।
ਦਿਲ ਦੀ ਉਜੜੀ ਬਸਤੀ ਦੇ ਵਿਚ ਪਈਆਂ ਹਾਲ-ਦੁਹਾਈਆਂ ਨੇ।

ਬਾਗ਼ੇ ਪੱਲਾ ਮੂੰਹ ਉਹਦੇ ਤੋਂ 'ਵਾ ਸਰਕਾਇਆ ਹੋਣਾ ਏ,
ਨਹੀਂ ਤੇ ਕਿਉਂ ਅੱਜ ਫੁੱਲ ਝਿਪੇ ਨੇ ਕਿਉਂ ਕਲੀਆਂ ਸ਼ਰਮਾਈਆਂ ਨੇ।

ਚਾਨਣ ਵਿਚ ਵਿਚਾਰਾਂ ਦੇ ਪਏ ਅੰਨ੍ਹੇ ਗੁੰਝਲ ਪੈਂਦੇ ਨਹੀਂ,
ਕਿੱਥੋਂ ਜ਼ਾਲਮ ਘਟਾਂ ਕਿਸੇ ਦੀਆਂ ਜ਼ੁਲਫ਼ਾਂ ਵਾਂਗੂੰ ਛਾਈਆਂ ਨੇ।

ਸੱਜਣਾ ਦੀ ਸੱਜਣਾਈ ਅਜ-ਕਲ ਕਿੱਡੇ ਵਲ-ਛਲ ਕਰਦੀ ਏ,
ਸੁਣਿਐ ਹੋਰ ਉਨ੍ਹਾਂ ਥੀਂ ਯਾਰਾਂ ਸਾਨੂੰ ਹੋਰ ਸੁਣਾਈਆਂ ਨੇ।

ਆਪਣਿਆਂ ਵਿਚ ਬਹਿ ਕੇ ਕਰੀਏ ਕੀਕਣ ਗਿਲਾ ਪਰਾਇਆਂ ਦਾ,
ਆਪਣਿਆਂ ਦੀਆਂ ਸੁਣ ਕੇ ਗੱਲਾਂ ਆਈਆਂ ਯਾਦ ਪਰਾਈਆਂ ਨੇ।

ਬਹਿ ਕੇ ਕੋਲ ਜ਼ੁਬਾਨੀ ਸਾਨੂੰ ਇੰਜ ਕਿਸੇ ਸਮਝਾਈਆਂ ਨਾ,
ਅੱਖਾਂ ਨਾਲ ਕਿਸੇ ਨੇ ਦੂਰੋਂ ਜਿਉਂ ਗੱਲਾਂ ਸਮਝਾਈਆਂ ਨੇ।

ਮਾਨ ਏ ਅਜੇ ਕਿਸੇ ਨੂੰ ਜੇ ਕਰ ਸੋਹਣਪੁਣੇ ਦੀਆਂ ਯਾਦਾਂ ਦਾ,
ਸਾਨੂੰ ਵੀ ਨਾ ਭੁੱਲਣ ਵਾਲੀਆਂ ਪੱਟੀਆਂ ਇਸ਼ਕ ਪੜ੍ਹਾਈਆਂ ਨੇ।

ਗਿੱਲੇ ਗਿੱਲੇ ਵਾਲਾਂ ਵਾਂਗ ਉਹ ਹੁਣ ਵੀ ਉੜਿਆ ਕਰਦੇ ਨੇ,
ਦਿਲ ਨੇ ਕੁੱਛੜ ਚੁੱਕ ਜਿਨ੍ਹਾਂ ਦੀਆਂ ਰੀਝਾਂ ਸਦਾ ਵਰਾਈਆਂ ਨੇ।

ਰੋਸੇ ਨਾਲ ਉਨ੍ਹਾਂ ਦੇ ਸਾਨੂੰ ਡਰ ਨਹੀਂ ਜ਼ਰਾ ਗੁਜ਼ਾਰੇ ਦਾ,
ਦਿਲ ਜਿਹੇ ਪਾਗਲ ਨਾਲ ਲਮੇਰੀਆਂ ਉਮਰਾਂ ਅਸਾਂ ਬਿਤਾਈਆਂ ਨੇ।

ਪੇਚੇ ਕੀ ਪਏ ਪਾਏ ਉਨ੍ਹਾਂ ਨਾਲ ਜ਼ੁਬਾਨੀ ਗੱਲਾਂ ਦੇ,
ਦਿਲ ਦੀਆਂ ਸੁਣੀਆਂ ਜਿਨ੍ਹਾਂ ਨੇ ਨਾ ਦਿਲ ਦੀਆਂ ਕਦੀ ਸੁਣਾਈਆਂ ਨੇ।

ਗੱਲੀਂ ਗੱਲੀਂ ਲੋਕ ਐਵੇਂ ਪਏ ਸਾਨੂੰ ਯਾਦ ਨਾ ਕਰਦੇ ਨੇ,
ਯਾਦਾਂ ਉਹਦੀਆਂ ਵਾਂਗ ਨਾ ਉਹਦੀਆਂ ਗੱਲਾਂ ਅਸਾਂ ਭੁਲਾਈਆਂ ਨੇ।

ਕੱਲ ਉਡਾਈ ਰਾਹਵਾਂ ਦੇ ਵਿਚ ਜਿਨ੍ਹਾਂ ਗਰਦ ਜਵਾਨੀ ਦੀ,
ਬੁੱਢੇ ਵੇਲੇ ਅੱਜ ਉਹ ਲੱਗੇ ਦਿਲ ਦੀਆਂ ਕਰਨ ਸਫ਼ਾਈਆਂ ਨੇ।

ਯਾਦ ਉਹਦੀ ਦੇ ਹੁੰਦਿਆਂ ਵੀ ਦਿਲ ਦੀਦ ਉਹਦੀ ਦਾ ਭੁੱਖਾ ਏ,
ਰੂਪ ਉਹਦੇ ਦੀ ਆਬ ਏ ਅੱਖੀਂ ਫੇਰ ਅੱਖੀਆਂ ਤ੍ਰਿਹਾਈਆਂ ਨੇ।

ਸਾਡੀਆਂ ਸੁਣ ਕੇ ਸਾਥੋਂ ਉਹਨੇ ਸਾਡੇ ਸ਼ਿਕਵੇ ਕੀਤੇ ਨੇ,
ਸੁਣ ਗ਼ੈਰਾਂ ਤੋਂ ਉਹਦੀਆਂ ਉਹਨੂੰ ਅਸਾਂ ਨਾ ਕਦੇ ਜਤਾਈਆਂ ਨੇ।

ਹੱਥ 'ਫ਼ਕੀਰ' ਹੁਣ ਲੱਗੇ ਕੀਕਣ ਏਥੇ ਦਿਲ ਦੀਆਂ ਖ਼ੁਸ਼ੀਆਂ ਦਾ,
ਦਿਲ ਦਰਿਆਉਂ ਡੂੰਘੀਆਂ ਹੋਈਆਂ ਦਰਦ ਗ਼ਮਾਂ ਦੀਆਂ ਖਾਈਆਂ ਨੇ।

43. ਖ਼ਚਰੇ ਨੇ ਇਹ ਘੋਗਲ ਕੰਨੇ ਦਿਸਦੇ ਆਲੇ-ਭੋਲੇ ਨੇ

ਖ਼ਚਰੇ ਨੇ ਇਹ ਘੋਗਲ ਕੰਨੇ ਦਿਸਦੇ ਆਲੇ-ਭੋਲੇ ਨੇ।
ਦਰਦ ਮੰਦਾਂ ਦੇ ਦਰਦੀ ਮਹਿਰਮ ਬੇਦਰਦਾਂ ਦੇ ਟੋਲੇ ਨੇ।

ਰਸ ਕੰਨਾਂ ਵਿਚ ਘੁਲਦਾ, ਬਣਦਾ ਜਾਂਦਾ ਜ਼ਹਿਰ ਪੁਰਾਣਾ ਏ,
ਨਵਿਆਂ ਰਾਗਾਂ ਦੇ ਵਿਚ ਯਾਰਾਂ ਬੋਲ ਪੁਰਾਣੇ ਬੋਲੇ ਨੇ।

ਸੀਸ ਸਲਾਮਤ ਰੱਖਣ ਵਾਲੇ ਸਿਰ ਰੱਖਦੇ ਨੇ ਤਲੀਆਂ ਤੇ,
ਧਰਤੀ ਡੋਲ ਗਈ ਉਨ੍ਹਾਂ ਦੀ ਪੈਰ ਜਿਨ੍ਹਾਂ ਦੇ ਡੋਲੇ ਨੇ।

ਵਾਹੀ ਵਾਲੇ ਫਾਕੇ ਮਰਦੇ ਘੁਲ ਕੇ ਸ਼ਿਕਰ ਦੁਪਹਿਰਾਂ ਨੂੰ,
ਢਿੱਡ ਵਿਗੁੱਤੇ ਛਾਵੇਂ ਬੈਠੇ ਗਾਉਂਦੇ ਮਾਹੀਏ ਢੋਲੇ ਨੇ।

ਬਣੇ ਮੁਕੱਦਰ ਆਂਡੇ, ਮੱਖਣ, ਮੁਰਗ਼, ਪਲਾਅ ਬੇਕਾਰਾਂ ਦੇ,
ਕਾਮੇ ਪੁੱਤਰ ਕਾਰਾਂ ਕਰਕੇ ਖ਼ਾਂਦੇ ਆਲੂ ਛੋਲੇ ਨੇ।

ਬੀਜਣ ਵੱਢਣ ਵਾਲਿਆਂ ਦੀ ਕੋਠੀ ਵਿਚ ਹੁੰਦੇ ਦਾਣੇ ਨਹੀਂ,
ਵਿਹਲੇ ਬੈਠਣ ਵਾਲਿਆਂ ਇੱਥੇ ਮੁੱਢੋਂ ਭਰੇ ਭੜੌਲੇ ਨੇ।

ਮੁੱਦਤ ਤੀਕ ਬਣੇ ਸਨ ਜਿਹੜੇ ਦਾਰੂ ਦਿਲ ਦੇ ਦਰਦਾਂ ਦਾ,
ਉਹ ਮਹਿਰਮ ਬੇਦਰਦ ਨਾ ਮੁੜ ਕੇ ਦਿਲ ਦੇ ਬਣੇ ਵਿਚੋਲੇ ਨੇ।

ਗਿਲੇ, ਉਲਾਹਮੇ, ਤਾਅਨੇ, ਮਿਹਣੇ, ਸੁਣ ਕੇ ਸੁੱਖਾਂ ਵਾਲਿਆਂ ਦੇ
ਦੁੱਖਾਂ ਦੇ ਦੁਖਿਆਰੇ ਦਿਲ ਨਾ ਕਦੀ ਵੀ ਫੋਲਣੇ ਫੋਲੇ ਨੇ।

ਵਾਰੇ ਜਾਣ ਖਿਡਾਰ ਕਿਵੇਂ ਨਾ ਉਨ੍ਹਾਂ ਦੀ ਉਸਤਾਦੀ ਦੇ,
ਬਾਜ਼ਾਂ ਨਾਲ ਲੜਾਉਂਦੇ ਜਿਹੜੇ ਉਸਤਾਕਾਰ ਮਮੋਲੇ ਨੇ।

ਰਹਿੰਦੇ ਨਾਲ ਫ਼ਰਾਖ਼ੀ ਜਿਹੜੇ ਦੇਖਣ ਤੰਗੀ ਦੁਨੀਆ ਦੀ,
ਖੁੱਲ੍ਹੇ ਦਿਲ ਵਸਦੇ ਨੇ ਜਿਨਹਾਂ ਸੀਨਿਆਂ ਦੇ ਦਰ ਖੋਲ੍ਹੇ ਨੇ।

ਅੱਜ ਨਹੀਂ ਤੇ ਭਲਕੇ ਉੱਥੇ ਪਿਛਲੇ ਅੱਗੇ ਲੱਗਣਗੇ,
ਟੁਰਨ ਵਾਲਿਆਂ ਅੱਗੇ ਜਿੱਥੇ ਲੱਗ ਟੁਰੇ ਬੜਬੋਲੇ ਨੇ।

ਕੀ ਇਤਬਾਰ'ਫ਼ਕੀਰ'ਕਰੇ ਕੋਈ ਤਾਸ਼ ਦੀ ਜੰਮੀ ਮਹਫ਼ਿਲ ਦਾ,
ਕਾਗ਼ਜ਼ ਦੇ ਈ ਸ਼ਾਹ ਨੇ ਏਥੇ ਕਾਗ਼ਜ਼ ਦੇ ਹੀ ਗੋਲੇ ਨੇ।

44. ਵਿਚ ਬਹਾਰ ਪਿਆਰ ਸਮੇਂ ਦੀਆਂ ਕਿਉਂ ਨਾ ਖ਼ੈਰਾਂ ਮੰਗਾਂ ਜਾਂ

ਵਿਚ ਬਹਾਰ ਪਿਆਰ ਸਮੇਂ ਦੀਆਂ ਕਿਉਂ ਨਾ ਖ਼ੈਰਾਂ ਮੰਗਾਂ ਜਾਂ।
ਕੂੰਜ ਕਿਸੇ ਕੁਰਲਾਉਂਦੀ ਵੱਲ ਕੁਰਲਾਉਂਦਾ ਵਾਂਗ ਕਲੰਗਾਂ ਜਾਂ।

ਹੈਸੀ ਕੋਈ ਜਿਸ ਗੱਲੋਂ ਮੈਂ ਉਹਨੂੰ ਨਹੀਂ ਬੁਲਾਉਂਦਾ ਸਾਂ,
ਉਹ ਜਦ ਆਪ ਬੁਲਾਂਦੇ ਨੇ ਹੁਣ ਮੈਂ ਕਾਹਤੋਂ ਪਿਆ ਸੰਗਾਂ ਜਾਂ।

ਕੀ ਲਾਈਆਂ ਨੇ ਲੂਤੀਆਂ ਵੈਰੀ ਸੱਜਣ ਕੁਝ ਤੇ ਦੱਸਣਗੇ,
ਘਰ ਬੈਠਾ ਮੈਂ ਸ਼ੱਕ ਸੁਬਹੇ ਦੇ ਅੰਗ ਪਿਆ ਕਿਉਂ ਅੰਗਾਂ ਜਾਂ।

ਤੜੀਆਂ ਧੌਂਸਾਂ ਦਾ ਵੀ ਕੁਝ ਤੇ ਪੈ ਜਾਂਦਾ ਏ ਮੁੱਲ ਕਦੀ,
ਹੋਰ ਸਗੋਂ ਸਿਰ ਚੜ੍ਹਦਾ ਏ ਉਹ ਮੈਂ ਨਾ ਕੁਸਕਾਂ ਖੰਘਾਂ ਜਾਂ।

ਸ਼ੋਹਰਤ ਦਾ ਪਾਸ ਐਧਰ ਦਿੱਸੇ ਉੱਧਰ ਪਾਸ ਮੁਹੱਬਤ ਦਾ,
ਦੱਸ ਦਿਲਾ ਹੁਣ ਕਿਹੜੇ ਪਾਸੇ ਨਾਲ ਪਿਆਰ ਤਰੰਗਾਂ ਜਾਂ।

ਸੋਹਣੀ ਰੁੜ੍ਹਦੀ ਜਾਂਦੀ ਦੇਖ ਕੇ ਆਖਿਆ ਇਹ ਮਹੀਵਾਲ ਦਿਲੋਂ,
ਬਲਦੀ ਪਿਆਰ ਦੀ ਸ਼ੱਮਾਂ ਵੱਲ ਕਿਉਂ ਉਡਦਾ ਵਾਂਗ ਪਤੰਗਾਂ ਜਾਂ।

ਆਖਿਆ ਸੀ ਸੱਸੀ ਥਲ ਤੱਤੇ ਕੀ ਦੇਣੈ ਪਤਾ ਬਲੋਚਾਂ ਦਾ,
ਬਿਨਾ ਵੰਗਾਲਣ ਪੁੰਨੂੰ ਦੀ ਮੈਂ ਕੇਚਮ ਵੇਚਣ ਵੰਗਾਂ ਜਾਂ।

ਬਾਗ਼ੇ ਖ਼ਾਰਾਂ ਨਾਲ ਬਹਾਰਾਂ ਜੇ ਫੁੱਲਾਂ ਸਿਰ ਪਾੜੇ ਨੇ,
ਮੈਂ ਵੀ ਨਾਲ ਦੀਵਾਰ ਕਿਸੇ ਦੀ ਕਿਉਂ ਨਾ ਮੱਥਾ ਰੰਗਾਂ ਜਾਂ।

ਮੰਨ ਲਈ ਏ ਜਦ ਦੀ ਦਿਲ ਨੇ ਮੌਤ ਹਿਆਤ ਸਹੀਦਾਂ ਦੀ,
ਦਿਲ ਕਰਦਾ ਏ ਗ਼ਾਜ਼ੀਆਂ ਵਾਂਗਰ ਵਿਚ ਜਹਾਦਾਂ ਜੰਗਾਂ ਜਾਂ।

ਲੈ ਕੇ ਨਾਲ ਕਦੀ ਉਹ ਮੈਨੂੰ ਲੰਘੇ ਜਿਹੜੀਆਂ ਰਾਹਵਾਂ ਤੋਂ,
ਭੁਲ ਨਾ ਜਾਣ ਕਿਤੇ ਉਹ ਰਸਤੇ ਉਨ੍ਹੀਂ ਰਾਹੀਂ ਲੰਘਾਂ ਜਾਂ।

ਸਾਰਾ ਦਿਨ ਸੱਪਾਂ ਦੇ ਮਣਕੇ ਮਾਂਦਰੀਆਂ ਨੂੰ ਲਾਣੇ ਪਏ,
ਸੌਣ ਨਾ ਦਿੱਤਾ ਰਾਤੀਂ ਸਾਨੂੰ ਜ਼ੁਲਫ਼ ਉਹਦੀ ਦੀਆਂ ਡੰਗਾਂ ਜਾਂ।

ਲੈਲਾ ਮੇਰੀ ਮੇਰੇ ਬਾਝੋਂ ਨੈਣ ਕਚਾਵੇ ਲੱਦੇ ਨਾ,
ਪੁੱਛਣ ਮਜਨੂੰ ਵਾਂਗ ਉਜਾੜੀਂ ਮੈਂ ਕਾਹਨੂੰ ਸੁਕੜੰਗਾਂ ਜਾਂ।

ਇਹ ਵੀ ਉਹ ਵੀ ਦੋਵੇਂ ਵੱਲਾਂ ਮੇਰੇ ਡਿੱਠੇ ਭਾਲੇ ਨੇ,
ਸੂਫ਼ੀਆਂ ਬੇਬੱਤਿਆਂ ਵਲ ਕੀਕਣ ਨਾਲ ਮੈਂ ਰਿੰਦ ਦਬੰਗਾਂ ਜਾਂ।

ਯਾਰ ਨਿਭਾਉਂਦੇ ਨੇ ਜੇ ਮੇਰੀ ਗੱਲੀਂ ਗੱਲ ਨਿਭਾਉਣ ਦਿਉ,
ਰੰਗਾਂ ਵਿਚ ਉਨ੍ਹਾਂ ਦੇ ਐਵੇਂ ਮੈਂ ਕਿਉਂ ਪਾਵਣ ਭੰਗਾਂ ਜਾਂ।

ਕੁਝ ਸੂਫ਼ੀ ਵੀ ਨਾਲ ਅਸਾਡੇ ਅੱਜ ਸਾਕੀ ਵੱਲ ਚੱਲੇ ਨੇ,
ਸੰਗਾਂ ਨਾਲ 'ਫ਼ਕੀਰ' ਕਿਵੇਂ ਮੈਂ ਰਲ ਕੇ ਨਾਲ ਕਸੰਗਾਂ ਜਾਂ।

45. ਸਾਹਿਬ ਨਜ਼ਰ ਦੇਖਣ ਜਿੱਥੇ ਕੋਈ ਸੂਰਤ

ਸਾਹਿਬ ਨਜ਼ਰ ਦੇਖਣ ਜਿੱਥੇ ਕੋਈ ਸੂਰਤ,
ਸੂਰਤ ਅਪਣੇ ਯਾਰ ਦੀ ਵੇਖਦੇ ਨੇ।
ਵੱਲੇ ਰਹਿਣ ਮਨਸੂਰ ਨਾ ਜਦੋਂ ਕਿਧਰੇ,
ਨੋਕ ਲਿਸ਼ਕਦੀ ਦਾਰ ਦੀ ਵੇਖਦੇ ਨੇ।

ਲਿਫ਼ਦੇ ਕਦੀ ਕਮਾਨਾਂ ਦੇ ਵਾਂਗ ਨਾਹੀਂ,
ਆਪ ਦਾਅਵਤਾਂ ਤੀਰਾਂ ਨੂੰ ਦੇਣ ਵਾਲੇ,
ਗ਼ਾਜ਼ੀ ਮਰਦ ਨੇ ਛਾਤੀਆਂ ਤਾਣ ਲੈਂਦੇ,
ਜਦੋਂ ਸ਼ਕਲ ਤਲਵਾਰ ਦੀ ਵੇਖਦੇ ਨੇ।

ਹੱਦਾਂ ਟੱਪ ਕੇ ਅਕਲ ਸ਼ਊਰ ਦੀਆਂ,
ਆਸ਼ਿਕ ਬਸਤੀ ਜਨੂਨ ਦੀ ਵਿੱਚ ਪਹੁੰਚਣ,
ਡਿਗਣ ਟੱਕਰਾਂ ਮਾਰ ਸਿਰ ਫ਼ਿਰੇ ਉੱਥੇ,
ਜਿੱਥੇ ਰੋਕ ਦੀਵਾਰ ਦੀ ਵੇਖਦੇ ਨੇ।

ਗੁੱਝੇ ਰੋਗ ਦਾ ਏ ਸੌਖਾ ਖੋਜ ਲਗਦਾ,
ਟੁਰੇ ਸੋਚ ਜੇ ਨਾਲ ਅਲਾਮਤਾਂ ਦੇ,
ਪੁਛਦੇ ਹਾਲ ਇਹ ਪਹਿਲਾਂ ਤਬੀਬ ਦਾ ਨੇ,
ਫੇਰ ਨਬਜ਼ ਬੀਮਾਰ ਦੀ ਵੇਖਦੇ ਨੇ।

ਕੱਢਦੇ ਰਹਿਣ ਬਹਿ ਕੇ ਮੂਰਖ਼ ਹੋੜ੍ਹ ਮੱਤੇ
ਤਲੀਆਂ ਉਂਗਲੀਆਂ ਥੀਂ ਚੁਭੇ ਕੰਡਿਆਂ ਨੂੰ,
ਸਿੱਧੇ ਫੁੱਲਾਂ ਨੂੰ ਹੱਥ ਨਹੀਂ ਜਾ ਪਾਉਂਦੇ,
ਚੁਭਦੀ ਨੋਕ ਜੋ ਖ਼ਾਰ ਦੀ ਵੇਖਦੇ ਨੇ।

ਥੱਲੇ ਕਿਸੇ ਦੇ ਨਾ ਕਿਸੇ ਹਾਲ ਲੱਗਣ,
ਬਣਿਆ ਉਨ੍ਹਾਂ ਦਾ ਏ ਭਰਮ ਭਰਮ ਰਹਿੰਦਾ,
ਸੁਲਾਹ ਵਿਚ ਜੋ ਦੂਰਅੰਦੇਸ਼ ਹੁੰਦੇ,
ਰਹਿੰਦੇ ਘੜੀ ਤਕਰਾਰ ਦੀ ਵੇਖਦੇ ਨੇ।

ਦਿਲ ਵਿਚ ਇਨ੍ਹਾਂ ਦੇ ਅਜੇ ਜ਼ਰੂਰ ਉੱਥੇ,
ਹੈ ਗੁਲਜ਼ਾਰ ਦੇ ਹੋਣ ਦਾ ਸ਼ੁਭਾ ਰਹਿੰਦਾ,
ਜਿੱਥੋਂ ਤਾਲਿਬ ਖ਼ਲੀਲ ਦੇ ਅੱਜ ਤੋੜੀ,
ਉਠਦੀ ਲੰਬ ਕੋਈ ਨਾਰ ਦੀ ਵੇਖਦੇ ਨੇ।

ਆਗੂ ਜਿਹੜੇ ਠਿਕਾਣੇ ਤੇ ਕਦਮ ਰੱਖੇ,
ਉਸੇ ਥਾਂ ਦਾਨੇ ਮਹਿਰਮ ਸ਼ੀਸ਼ ਰੱਖਣ,
ਬਿਜਲੀ ਵਾਂਗ ਪੈਂਦੇ ਗ਼ੁਲਾਮ ਉੱਥੇ ਜਿੱਥੇ,
ਪੈਂਦੀ ਨਜ਼ਰ ਸਰਦਾਰ ਦੀ ਵੇਖਦੇ ਨੇ।

ਝੱਲਣ ਕਿਵੇਂ ਅਹਿਸਾਨ ਉਹ ਜ਼ਿੰਦਗੀ ਦਾ,
ਜਾ ਕੇ ਆਪ ਗਲ ਮੌਤ ਦੇ ਪੈਣ ਵਾਲੇ,
ਦੁਨੀਆ ਵਿਚ ਮਰ ਜੇ ਜ਼ਿੰਦਾ ਰਹਿਣ ਵਾਲੇ,
ਹਿੰਮਤ ਕਦੀ ਨਾ ਹਾਰਦੀ ਵੇਖਦੇ ਨੇ।

ਪਿੱਛੇ ਲੱਗ ਕੇ ਟੁਰਨ ਦੀ ਸਿੱਕ ਵਾਲੇ,
ਪਿੱਛੇ ਕਿਸੇ ਦੇ ਰਹਿਣ ਹਮੇਸ਼ ਲੱਗੇ,
ਚਲਦੇ ਕਦੀ ਵੀ ਅਪਣੀ ਚਾਲ ਨਾ ਉਹ,
ਜਿਹੜੇ ਟੋਰ ਸੰਸਾਰ ਦੀ ਵੇਖਦੇ ਨੇ।

ਦੇਣੀ ਜਾਨ ਵਿਚ ਇਸ਼ਕ ਦੇ ਸ਼ੌਕ ਸੇਤੀ,
ਦਰਦ ਮੰਦਾਂ ਦੀ ਰੀਤ ਕਦੀਮ ਦੀ ਏ,
ਜਾਨਾਂ ਵਾਰ ਕੇ ਮੁੱਢ ਤੋਂ ਕਰਨ ਪੂਰੀ,
ਮਰਜ਼ੀ ਯਾਰ ਜੋ ਯਾਰ ਦੀ ਵੇਖਦੇ ਨੇ।

ਕੜਕੇ ਮਾਰਦੇ ਨੇ ਗੱਜਦੇ ਬੱਦਲਾਂ ਨੂੰ,
ਨਜ਼ਰਾਂ ਬਿਜਲੀਆਂ ਨਾਲ ਲੜਾਣ ਵਾਲੇ,
ਪੈਂਦੇ ਫਾਂਡਿਆਂ ਵਿਚ ਨਾ ਬਹਿਣ ਜਿਹੜੇ,
ਸਦਾ ਰੁੱਤ ਬਹਾਰ ਦੀ ਵੇਖਦੇ ਨੇ।

ਫ਼ੁਰਸਤ ਫ਼ਿਕਰ ਤੋਂ ਕਦੇ ਨਾ ਮਿਲੇ ਮੈਨੂੰ,
ਮੇਰੀ ਨਜ਼ਰ ਨੂੰ ਕੀ ਨੁਕਤਾਚੀਂ ਦੇਖਣ,
ਐਬ ਉਨ੍ਹਾਂ ਦੀ ਨਜ਼ਰ ਦਾ ਵੇਖ ਕੋਈ,
ਜਿਹੜੇ ਨਜ਼ਰ ਹਜ਼ਾਰ ਦੀ ਵੇਖਦੇ ਨੇ।

ਵੇਖ ਹੇਜਲੇ ਕੌਮ ਦੀ ਜ਼ਿੰਦਗੀ ਦੇ,
ਵੇਖਣ ਹਿੰਦ ਵੱਲੋਂ ਪਾਕਿਸਤਾਨ ਵੱਲੋਂ,
ਨੁੱਕਰ ਕਦੀ ਕੋਈ ਚੀਨ ਦੀ ਤਾੜਦੇ ਨੇ,
ਕਦੀ ਲਾਂਭ ਤਾਤਾਰ ਦੀ ਵੇਖਦੇ ਨੇ।

ਬਹਿ ਕੇ ਸਮਝ 'ਫ਼ਕੀਰ' ਸਿੱਦੀਕ ਕੋਲੋਂ,
ਯਾ ਉਬੈਸ ਕੁਰਨੀ ਕੋਲੋਂ ਪੁੱਛ ਜਾ ਕੇ,
ਵੇਖਣ ਵਾਲੇ ਪਿਆਰ ਦੀ ਵਿੱਚ ਦੁਨੀਆ,
ਕਿਵੇਂ ਹੱਦ ਪਿਆਰ ਦੀ ਵੇਖਦੇ ਨੇ।

46. ਸਾਵੇਂ ਤੋਲ ਨਿਗਾਹਵਾਂ ਦੇ ਅੱਜ ਨੀਵੇਂ ਤੁਲਦੇ ਵੇਖੇ ਨੇ

ਸਾਵੇਂ ਤੋਲ ਨਿਗਾਹਵਾਂ ਦੇ ਅੱਜ ਨੀਵੇਂ ਤੁਲਦੇ ਵੇਖੇ ਨੇ।
ਅੱਖਾਂ ਵੇਖੀਆਂ ਅੱਖਾਂ ਨੂੰ ਦਿਲ ਦਿਲਾਂ ਨੂੰ ਭੁਲਦੇ ਵੇਖੇ ਨੇ।

ਕੱਲ ਹਵਾ ਨੂੰ ਬੂਟਿਆਂ ਉਤੇ ਬਾਗ਼ੀਂ ਹਸਦੇ ਸਨ ਮਿਲੇ,
ਅੱਜ ਹਨੇਰੀ ਪੱਤਰ ਜਿਹੜੇ ਰਾਹ ਵਿਚ ਰੁਲਦੇ ਵੇਖੇ ਨੇ।

ਮਾਲੀ ਅੱਜ ਖ਼ਿਜ਼ਾਂ ਦੇ ਸਾਨੂੰ ਐਨੇਂ ਦੇਣ ਡਰਾਵੇ ਪਏ,
ਅਸਾਂ ਬਹਾਰਾਂ ਵਿਚ ਖ਼ਿਜ਼ਾਂ ਦੇ ਝੱਖੜ ਝੁਲਦੇ ਵੇਖੇ ਨੇ।

ਹੋਇਆ ਕੀ ਅੱਜ ਸਾਕੀ ਤੇਰੇ ਮੈਖ਼ਾਨੇ ਦੀ ਮਸਤੀ ਨੂੰ,
ਇਕ ਦੂਜੇ ਵਲ ਘੂਰੀਆਂ ਪਾਉਂਦੇ ਦੀਦੇ ਕੁੱਲ ਦੇ ਵੇਖੇ ਨੇ।

ਗ਼ਮ ਨਹੀਂ ਹੋ ਗਏ ਗੁੱਛਾ-ਮੁੱਛਾ ਧਾਗੇ ਨੇ ਜੇ ਸਾਂਝਾਂ ਦੇ,
ਪਿਆਰ ਦੀਆਂ ਡੋਰਾਂ ਦੇ ਗੁੰਝਲ ਪੈਂਦੇ ਖੁੱਲ੍ਹਦੇ ਵੇਖੇ ਨੇ।

ਦਾਨੇ ਮਹਿਰਮ ਠੱਪੀ ਰੱਖਣ ਸਦਾ ਕਿਤਾਬ ਮੁਹੱਬਤ ਦੀ,
ਦਿਲ ਵਾਲੇ ਦਿਲ ਨਾਲ ਨਾ ਦਿਲ ਦਾ ਵਰਕਾ ਥੁੱਲਦੇ ਵੇਖੇ ਨੇ।

ਦੁੱਖਾਂ ਦਾ ਹੁਣ ਆਦੀ ਏਂ ਤੂੰ ਹਸ ਦਿਲਾ ਵਿਚ ਦੁੱਖਾਂ ਦੇ,
ਕੰਡਿਆਂ ਦੇ ਵਿਚ ਵੱਸਣ ਵਾਲੇ ਖਿੜਦੇ ਫੁੱਲਦੇ ਵੇਖੇ ਨੇ।

ਵੇਖੀਆਂ ਇਹਦਿਆਂ ਮੋੜਾਂ ਉੱਤੇ ਸਹਿਕਦੀਆਂ ਕਈ ਹੀਰਾਂ ਨੇ,
ਇਸ਼ਕ ਦੇ ਰਾਹਵਾਂ ਵਿਚ ਅਸਾਂ ਕਈ ਰਾਂਝੇ ਰੁਲਦੇ ਵੇਖੇ ਨੇ।

ਖੂੰਜੇ ਬੈਠਾ ਖ਼ਵਰੇ ਕਿਹੜੀਆਂ ਸੋਚਾਂ ਵਿਚ 'ਫ਼ਕੀਰ' ਪਿਆ,
ਠੰਡਿਆਂ ਹੌਕਿਆਂ ਨਾਲ ਅੱਜ ਉਹਦੇ ਹੰਝੂ ਡੁਲ੍ਹਦੇ ਵੇਖੇ ਨੇ।

47. ਬਣੀ ਬਾਝ ਨੇ ਸੰਵਰ ਕੇ ਵਿਗੜ ਜਾਂਦੇ

ਬਣੀ ਬਾਝ ਨੇ ਸੰਵਰ ਕੇ ਵਿਗੜ ਜਾਂਦੇ,
ਬਣ ਬਣਾ ਸਾਰੇ ਬਣੀ ਬਾਤ ਦੇ ਨੇ।
ਕੋਝੀ ਜ਼ਿੰਦਗੀ ਦੇ ਸੋਹਣੇ ਕਾਜ਼ ਸਾਰੇ,
ਕੀਤੇ ਕਰਨੀਆਂ ਦੀ ਕਰਾਮਾਤ ਦੇ ਨੇ।

ਸ਼ਾਮ ਉਨ੍ਹਾਂ ਦੀ ਤਾਰਿਆਂ ਭਰੀ ਵੇਖੀ,
ਖਿੜਦੀ ਫੁੱਲਾਂ ਦੇ ਵਾਂਗ ਸਵੇਰ ਦੇਖੀ।
ਜਿਨ੍ਹਾਂ ਰਾਤ ਲਈ ਨੇ ਦਿਨੇ ਉੱਦਮ ਕੀਤੇ,
ਉਦਮ ਦਿਨ ਲਈ ਜਿਨ੍ਹਾਂ ਕੀਤੇ ਰਾਤ ਦੇ ਨੇ।

ਗ਼ਰਜ਼ ਬਣੇ ਓੜਕ ਮਰਜ਼ ਵੇਰਵੇ ਦੀ,
ਸਾਥ ਖਾਣ ਦੇ ਸਦਾ ਨਹੀਂ ਨਾਲ ਨਿਭਦੇ,
ਚੁੱਲ੍ਹੇ ਚੋਕੀਆਂ ਵਿਚ ਹਮੇਸ਼ ਕੱਠੇ,
ਵੇਖੇ ਜੁਟ ਨਾ ਤਵੇ ਪਰਾਤ ਦੇ ਨੇ।

ਜੇ ਕਰ ਮਿਲੇ ਤੇ ਮਿਲਣਗੇ ਨਾਲ ਉਨ੍ਹਾਂ,
ਠੇਕੇ ਵਿਚ ਕਫ਼ਤਾਂ ਦੀ ਨਮਾਜ਼ ਪਿੱਛੋਂ,
ਰਿੰਦਾਂ ਵਾਂਗ ਸੂਫ਼ੀ ਸਾਹਿਬ ਬੜੇ ਚਿਰ ਦੇ,
ਹੋ ਗਏ ਹੋਏ ਆਦੀ ਖ਼ਰਾਬਾਤ ਦੇ ਨੇ।

ਨਹੀਂ ਅਜ਼ਾਨ ਦਾ ਹੱਕ ਅਦਾ ਹੁੰਦਾ,
ਵੇਲਾ ਲੱਗਦਾ ਫ਼ਰਜ਼ ਨਮਾਜ਼ ਦਾ ਨਹੀਂ,
ਹਾਵਾਂ ਸਾਥਣਾਂ ਨਹੀਂ ਜੇ ਕਰ ਹਮਦ ਦੀਆਂ,
ਹੌਕੇ ਜੁੱਟ ਜੇ ਨਾ ਮੁਨਾਜਾਤ ਦੇ ਨੇ।

ਜ਼ਾਹਿਦ ਜਿਨ੍ਹਾਂ ਰਿਵਾਜ਼ਾਂ ਦੇ ਵਿਚ ਲੱਗੀ,
ਲਾਗ ਅਮਲ ਦੇ ਨਾਲ ਖ਼ਲੂਸ ਦੀ ਨਹੀਂ,
ਮੰਨੇ ਰੱਬ ਦੀ ਵਿਚ ਜਨਾਬ ਜਾਂਦੇ,
ਉਹ ਰਿਵਾਜ਼ ਨਾ ਵਾਂਗ ਸਲਵਾਤ ਦੇ ਨੇ।

ਕੱਢੇ ਖੋਜ ਕਿੱਥੋਂ ਇਸ਼ਕ ਸੋਹਣਿਆਂ ਦੇ,
ਤਾਜਰ ਆਣ ਕੇ ਬਨਣ ਮਹੀਵਾਲ ਕਿੱਥੋਂ,
ਨਾ ਉਹ ਰਾਹ ਵਿਚ ਬਲਖ਼ ਦੇ ਮੁਗ਼ਲ ਮਿਰਜ਼ੇ,
ਨਾ ਉਹ ਰਾਹ ਘੁਮਾਰ ਗੁਜਰਾਤ ਦੇ ਨੇ।

ਰਹਿ ਗਈ ਬਾਜ਼ਾਂ ਦੀ ਨਜ਼ਰ ਨਾ ਵਿੱਚ ਅੱਖਾਂ,
ਜਿਗਰੇ ਸ਼ੇਰਾਂ ਦੇ ਨਿਕਲ ਗਏ ਜਿਗਰਿਆਂ ਚੋਂ,
ਸੀਨੇ ਨਹੀਂ ਫ਼ੌਲਾਦ ਦੇ ਰਹੇ ਬਾਕੀ,
ਦਿਲ ਨਾ ਸੀਨਿਆਂ ਵਿਚ ਇਸਪਾਤ ਦੇ ਨੇ।

ਕਹਾਣੀ ਹੁਸਨ ਸ਼ਿੰਗਾਰ ਦੀ ਕਦੀ ਬਣ ਕੇ,
ਅੱਖਾਂ ਵਿਚ ਨਾ ਇਸ਼ਕ ਦਾ ਨੂਰ ਆਇਆ,
ਕੰਨਾਂ ਦਿਲ ਦਿਆਂ ਨਾਲ ਨਾ ਸੁਣੇ ਕਿੱਸੇ,
ਦਿਲਾਂ ਕਦੀ ਦਿਲ ਦੀ ਵਾਰਦਾਤ ਦੇ ਨੇ।

ਆਦਮਜ਼ਾਦ ਖ਼ਵਰੇ ਨਿਕਲ ਗਏ ਕਿੱਧਰ,
ਖੜ੍ਹਾ ਛੱਡ ਆਬਾਦੀਆਂ ਬਸਤੀਆਂ ਦਾ,
ਸਾਏ ਪੈਣ ਪਏ ਪਰੀਆਂ ਦੇ ਬੰਦਿਆਂ ਤੇ,
ਬਣ ਗਏ ਸ਼ਹਿਰ ਇਹ ਸ਼ਹਿਰ ਜਨਾਤ ਦੇ ਨੇ।

ਮੁੜ ਕੇ ਸ਼ਾਮ ਤੋਂ ਸਾਥ ਹਨੇਰਿਆਂ ਦੇ,
ਵਿਛੜ ਲੌ ਦੀ ਮੋੜ ਤੇ ਗਏ ਸਾਥੋਂ,
ਜਾਗੇ ਰਾਤ ਸਾਰੀ ਸਾਡੇ ਨਾਲ ਜਿਹੜੇ,
ਤਾਰੇ ਗਏ ਉਹ ਡੁੱਬ ਪ੍ਰਭਾਤ ਦੇ ਨੇ।

ਕਰੀਏ ਗਾਂਜ ਕੀ ਗ਼ੈਰਾਂ ਦਾ ਕਿਸੇ ਅੱਗੇ,
ਸੁਣੀਏਂ ਗਿਲਾ ਰਕੀਬਾਂ ਦੀ ਪਹੁੰਚ ਦਾ ਕੀ,
ਝੋਲੀ ਵਿਚ ਨਹੀਂ ਕਿਸੇ ਦੀ ਪੈਣ ਲੱਗੇ,
ਲਿੱਖੇ ਲੇਖ ਜੋ ਸਾਡੀ ਬਰਾਤ ਦੇ ਨੇ।

ਸ਼ੁਕਰ ਏ ਕਦੀ ਗੁਨਾਹਵਾਂ ਦੇ ਨਾਲ ਰਲ ਕੇ,
ਪਾਲੇ ਪੱਜ ਜਵਾਨੀ ਨੇ ਚਾਰ ਜਿਹੜੇ,
ਉਹੋ ਬਣੇ ਹੀਲੇ ਉਹਦੀਆਂ ਬਖ਼ਸ਼ਿਸ਼ਾਂ ਦੇ,
ਬਣੇ ਆਸਰੇ ਸਾਡੀ ਨਜਾਤ ਦੇ ਨੇ।

ਆਪੇ ਆਣ ਕੇ ਅੱਜ ਤੇ ਫੇਰ ਉਨ੍ਹਾਂ,
ਦਿਲ ਬਰਬਾਦ ਨੂੰ ਏਂ ਚਾ ਆਬਾਦ ਕੀਤਾ,
ਸੁੱਕੇ ਆਸ ਉਮੀਦ ਦੇ ਬਾਗ਼ ਉੱਤੇ,
ਅੱਜ ਤੇ ਵਸ ਗਏ ਵਾਂਗ ਬਰਸਾਤ ਦੇ ਨੇ।

ਮੁੜ ਕੇ ਉਹਦੇ ਸਿਵਾ ਹੁਣ ਹੈ ਸਾਫ਼ ਸਿੱਧੀ,
ਉਹਦੇ ਮੁਖੜੇ ਤੀਕ ਏ ਨਜ਼ਰ ਜਾਂਦੀ,
ਅਸਾਂ ਅੱਜ 'ਫ਼ਕੀਰ' ਜ਼ੁਲਮਾਤ ਵਿੱਚੋਂ,
ਰਸਤੇ ਲੱਭ ਲਏ ਆਬੇ ਹਿਆਤ ਦੇ ਨੇ।

48. ਸੰਨ੍ਹ ਮਾਰਦਿਆਂ ਚੋਰ ਨੂੰ ਵੇਖ ਅੱਖੀਂ

ਸੰਨ੍ਹ ਮਾਰਦਿਆਂ ਚੋਰ ਨੂੰ ਵੇਖ ਅੱਖੀਂ,
ਸਾਨੂੰ ਘਰ ਦੀਆਂ ਰਾਖੀਆਂ ਭੁੱਲ ਗਈਆਂ।
ਉਨ੍ਹਾਂ ਬੂਹਿਉਂ ਜਦੋਂ ਵੀ ਝਾਤ ਪਾਈ,
ਸਾਡੇ ਦਿਲ ਦੀਆਂ ਬਾਰੀਆਂ ਖੁੱਲ੍ਹ ਗਈਆਂ।

ਦਿਸੇ ਇੰਜ ਸਾਰੀ ਉਮਰ ਵਿਚ ਸਾਥੋਂ,
ਉਸੇ ਵਰਕੇ ਦਾ ਸਬਕ ਨਾ ਮੁੱਕਣਾ ਏ,
ਅੱਖਾਂ ਉਨ੍ਹਾਂ ਦੀਆਂ ਜਾਂਦੀ ਵਾਰ ਜਿਹੜਾ,
ਵਰਕਾ ਹਿਜਰ ਫ਼ਿਰਾਕ ਦਾ ਥੁੱਲ ਗਈਆਂ।

ਸ਼ਾਮੋਂ ਲਾ ਅੱਜ ਤੇ ਜ਼ਾਰੀ ਅੱਖੀਆਂ ਦੀ,
ਸਰਘੀ ਤੀਕ ਏ ਤਾਰੇ ਤਰੋੜਦੀ ਰਹੀ।
ਮੁੱਲ ਮੋਤੀਆਂ ਦੇ ਕਿਧਰੋਂ ਮਿਲਣੀਆਂ ਨਹੀਂ,
ਹਾਵਾਂ ਨਾਲ ਜਿਹੜੀਆਂ ਅੱਖਾਂ ਡੁੱਲ੍ਹ ਗਈਆਂ।

ਰਹਿੰਦੇ ਦਮਾਂ ਦੇ ਨਾਲ ਹਮੇਸ਼ ਰਹਿੰਦਾ,
ਨਵਾਂ ਹੇਜ ਏ ਯਾਰਾਂ ਪੁਰਾਣਿਆਂ ਦਾ,
ਹਾਣੀ ਕੀ ਆਖਣ ਉਨ੍ਹਾਂ ਹਾਣੀਆਂ ਨੂੰ,
ਖੇਡਾਂ ਖੇਡੀਆਂ ਜਿਨ੍ਹਾਂ ਨੂੰ ਭੁੱਲ ਗਈਆਂ।

ਮਾਹਲਾਂ ਸਣੇ ਤੰਦਾਂ ਨੂੰ ਤਰੋੜ ਬੈਠੇ,
ਚਰਖ਼ੇ ਰਾਂਗਲੇ ਵੇਖ ਤ੍ਰਿੰਝਣਾ ਦੇ,
ਆਈਆਂ ਜਿਹੜੀਆਂ ਸੋਨੇ ਦੇ ਮੁੱਲ ਏਥੇ,
ਜਾਣ ਲੱਗੀਆਂ ਖ਼ਾਕ ਦੇ ਮੁੱਲ ਗਈਆਂ।

ਹੋਵੇ ਓਸ ਉਜਾੜ ਵਿਚ ਵਾਸਤਾ ਕੀ,
ਫੁੱਲਾਂ ਖਿੜਦਿਆਂ ਦੇ ਨਾਲ ਬੁਲਬੁਲਾਂ ਦਾ,
ਜਿਹੜੇ ਬਾਗ਼ ਵਿਚ ਸੋਹਲ ਮਲੂਕ ਕਲੀਆਂ,
ਨਾਲ ਕੰਡਿਆਂ ਸਾਵੀਆਂ ਤੁਲ ਗਈਆਂ।

ਖਲਿਆਂ ਸ਼ਾਹ ਚੜ੍ਹ ਗਏ ਉਨ੍ਹਾਂ ਰਸਤਿਆਂ ਨੂੰ
ਲਾਈਆਂ ਜਿਨ੍ਹਾਂ ਉੱਤੇ ਦੌੜਾਂ ਆਸ਼ਕਾਂ ਨੇ,
ਲੱਗੀ ਘੁਰਕਣੀ ਉਹ ਮੋੜਾਂ ਮੁੜਦਿਆਂ ਨੂੰ,
ਅੱਖੀਂ ਮੰਜ਼ਿਲਾਂ ਦੀ ਸਿਰਿਉਂ ਫੁੱਲ ਗਈਆਂ।

ਬੀਆਬਾਨ ਬਣ ਗਏ ਉਨ੍ਹਾਂ ਬਸਤੀਆਂ ਦੇ,
ਉਨ੍ਹਾਂ ਜੂਹਾਂ ਦਾ ਹਾਲ ਵੀਰਾਨ ਹੋਇਆ,
ਨਾ ਰਹੇ ਕੱਖ ਕੰਡੇ ਉਨ੍ਹਾਂ ਬੇਲੀਆਂ ਦੇ,
ਜਿੱਥੇ ਇਸ਼ਕ ਹਨੇਰੀਆਂ ਝੁੱਲ ਗਈਆਂ।

ਸ਼ਾਮੋਂ ਫ਼ਜਰ ਤੀਕਰ ਰਹਵੇ ਵਿਚ ਅੱਖਾਂ,
ਲਿਸ਼ਕਾਂ ਮਾਰਦੀ ਰਾਤ ਵਿਛੋੜਿਆਂ ਦੀ,
ਪਿਆਰ ਪਿੱਟੀਆਂ ਸੱਧਰਾਂ ਨਾਲ ਉਹਦੇ,
ਦੀਵੇ ਸ਼ੌਕ ਦੇ ਨਾ ਕਰਕੇ ਗੁਲ ਗਈਆਂ।

ਖਿੱਚੜ ਰਾਹ ਦੇ ਨੇ ਉਹੋ ਮੋੜ ਇਹ ਪਰ,
ਵੇਲੇ ਪਾਏ ਕਿੱਡੇ ਲੰਮੇ ਫੇਰ ਦੇਖੋ,
ਸਾਨੂੰ ਨਹੀਂ ਭੁੱਲਾ ਰਸਤਾ ਉਹਦੇ ਘਰ ਦਾ,
ਉਹਨੂੰ ਸਾਡੀਆਂ ਗਲੀਆਂ ਭੁੱਲ ਗਈਆਂ।

ਨਜ਼ਰ ਫੜਕਦੀ ਨਾਲ 'ਫ਼ਕੀਰ' ਕੀਕਣ,
ਅੱਜ ਉਹ ਪਏ ਮੇਰੇ ਵੱਲ ਵੇਖਦੇ ਨੇ,
ਸੁਣ ਕੇ ਸ਼ਿਅਰ ਮੇਰੇ ਮੈਥੋਂ ਆਪ ਕੰਨੀ,
ਅੱਜ ਤੇ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ।

49. ਜਦੋਂ ਕੀਤੀਆਂ ਸਿਫ਼ਤਾਂ ਮੈਂ ਵਿੱਚ ਵਹਿਸ਼ਤ

ਜਦੋਂ ਕੀਤੀਆਂ ਸਿਫ਼ਤਾਂ ਮੈਂ ਵਿੱਚ ਵਹਿਸ਼ਤ,
ਤੇਰੀਆਂ ਮਸਤ ਚਸ਼ਮਾਂ ਬੇਮਿਸਾਲਾਂ ਦੀਆਂ।
ਜੰਗਲ ਵਿਚ ਸ਼ਰਮੋਂ ਸਿਰ ਸੁੱਟ ਨੀਵੀਂ,
ਆਈਆਂ ਟੋਲੀਆਂ ਵਿਚ ਗ਼ਜ਼ਾਲਾਂ ਦੀਆਂ।

ਰਹੀ ਕਦਰ ਯਾਕੂਤ ਮਰ ਜਾਣ ਦੀ ਨਾ
ਤੇਰਿਆਂ ਲਬਾਂ ਦੇ ਯਾਰ ਮੁਕਾਬਲੇ ਤੇ,
ਘਟੀਆ ਵਿਕਰੀ ਨਾ ਰਹੀਆਂ ਕੀਮਤਾਂ ਉਹ,
ਦੁਨੀਆ ਵਿਚ ਬਦਖ਼ਸ਼ਾਂ ਦੇ ਵਾਲਾਂ ਦੀਆਂ।

ਮਾਲਦਾਰ ਬਦਖ਼ਸ਼ਾਂ ਦੇ ਰਹਿਣ ਵਾਲੇ,
ਅਤੇ ਯਮਨ ਦੇ ਮੁਲਕ ਦੇ ਕੁੱਲ ਜੋਹਰੀ,
ਤੇਰੇ ਹਾਲ ਸੁਨਹਿਰੀ ਨੂੰ ਵੇਖ ਕੇ ਤੇ,
ਮਾਰਣ ਸ਼ੇਖ਼ੀਆਂ ਨਾ ਜ਼ਰਾਂ ਮਾਲਾਂ ਦੀਆਂ।

ਤੇਰਿਆਂ ਗੂਹੜਿਆਂ ਨੈਣਾਂ ਦੇ ਵਿਚ ਜਾਨੀ,
ਡੋਰੇ ਲਾਲ ਨੇ ਸਾਡੀਆਂ ਮਸਤੀਆਂ ਦੇ,
ਕਿਸੇ ਆਸ਼ਕ ਦੇ ਦਿਲ ਨੂੰ ਫਸਾਣ ਦੇ ਲਈ,
ਤਣੀਆਂ ਕਸੀਆਂ ਨੇ ਖ਼ੂਨੀ ਜਾਲਾਂ ਦੀਆਂ।

ਜਿਹੀਆਂ ਮੋਰਚੇ-ਬੰਦੀਆਂ ਕੀਤੀਆਂ ਨੇ,
ਰੁਖ ਤੀਕ ਨਾਂ ਜ਼ੁਲਫ਼ਾਂ ਨੂੰ ਆਉਣ ਦੇਵੇ,
ਯਾਰ ਮੁਲਕ ਤਾਤਾਰ ਦੇ ਫ਼ੌਜੀਆਂ ਨੇ,
ਜਟਾਂ ਬੰਨ੍ਹੀਆਂ ਨੇ ਤੇਰੇ ਖ਼ਾਲਾਂ ਦੀਆਂ।

ਹੋਵਣ ਨਾ ਮਜਬੂਰ ਮਨਸੂਰ ਵਾਂਗੂੰ,
ਸ਼ੌਕ ਨਾਲ ਜਾ ਕੇ ਚੜ੍ਹਨ ਆਪ ਸੂਲੀ,
ਨਜ਼ਰ ਬਾਜ਼ ਆਸ਼ਿਕ ਜੇ ਕਰ ਵੇਖ ਜਾਵਣ,
ਨੋਕਾਂ ਤੇਰੀਆਂ ਪਲਕਾਂ ਦੇ ਵਾਲਾਂ ਦੀਆਂ।

ਕਰੇ ਕਿਵੇਂ ਜ਼ੁਲੈਖ਼ਾ ਨਾ ਰਸ਼ਕ ਯਾਰੋ,
ਇਸ਼ਕ ਵਿਚ ਮੇਰੀ ਹਾਲਤ ਵੇਖ ਕੇ ਤੇ,
ਉਹਦੇ ਸਾਮ੍ਹਣੇ ਨੀਵੀਆਂ ਰਹਿੰਦੀਆਂ ਨੇ,
ਸ਼ੌਕ ਅੱਖੀਆਂ ਯੂਸਫ਼ ਜਮਾਲਾਂ ਦੀਆਂ।

ਮੱਥਾ, ਰੁਖ਼, ਵੀਨੀ, ਜ਼ੁਲਫ਼, ਖ਼ਾਲ, ਠੋਡੀ,
ਇਹ ਬੇਮਿਸਲ ਮੇਰੇ ਬੇਮਿਸਾਲ ਦੇ ਨੇ,
ਜੇ ਕਰ ਦਵਾਂ ਵੀ ਤੇ ਕਾਹਦੇ ਨਾਲ ਦੇਵਾਂ,
ਮੈਂ ਮਸਾਲਾਂ ਯਾਰੋ ਬੇਮਿਸਾਲਾਂ ਦੀਆਂ।

ਰਸ਼ਕੇ ਖ਼ਿਜ਼ਰ ਸਿਕੰਦਰ ਦੇ ਨਾਲ ਮੇਰੀਆਂ,
ਪ੍ਰੇਸ਼ਾਨੀਆਂ ਦੀ ਕੋਈ ਹੱਦ ਨਾਹੀਂ,
ਤੇਰੀ ਜ਼ੁਲਫ਼ ਦੀ ਯਾਦ ਵਿਚ ਮੁਕਦੀਆਂ ਨਹੀਂ,
ਰਾਤਾਂ ਲੰਬੀਆਂ ਖਾਣ ਜੰਜਾਲਾਂ ਦੀਆਂ।

ਮੱਥਾ ਵੱਟ ਕੇ ਐਵੇਂ ਬੇਮਤਲਬ ਹੀ ਤੂੰ,
ਗੱਲ ਗੱਲ ਉੱਤੇ ਰੱਟਾ ਪਾ ਬਹਿਣੈ,
ਦੱਸ ਯਾਰ ਮੈਂ ਕਿਸ ਤਰ੍ਹਾਂ ਸਮਝਾਂ ਤੈਨੂੰ,
ਤੇਰੀਆਂ ਆਦਤਾਂ ਨੇ ਬਿਲਕੁਲ ਬਾਲਾਂ ਦੀਆਂ।

ਕਦਰ ਫੁੱਲਾਂ ਦੀ ਹੁੰਦੀ ਏ ਬੁਲਬੁਲਾਂ ਨੂੰ,
ਜੋਹਰੀ ਪਰਖ ਜਵਾਹਰਾਂ ਦੀ ਜਾਣਦੇ ਨੇ,
ਇਹ 'ਫ਼ਕੀਰ' ਭਲਾ ਕਦਰਾਂ ਹੋਣ ਕਿਉਂ ਨਾ,
ਕਦਰਦਾਨਾਂ ਨੂੰ ਮੇਰੇ ਖ਼ਿਆਲਾਂ ਦੀਆਂ।

50. ਖ਼ਾਤਰ ਸੈਰ ਦੀ ਉਹ ਸ਼ਾਹੇ ਹੁਸਨ ਯਾਰੋ

ਖ਼ਾਤਰ ਸੈਰ ਦੀ ਉਹ ਸ਼ਾਹੇ ਹੁਸਨ ਯਾਰੋ,
ਜਿਸ ਦਮ ਅਪਣਾ ਆਪ ਸੰਵਾਰ ਨਿਕਲਣ।
ਹੱਥ ਰੱਖ ਕੇ ਦਿਲ ਬੇਤਾਬ ਉੱਤੇ,
ਮਗਰੇ ਮਗਰ ਹੀ ਆਸ਼ਿਕ ਜ਼ਾਰ ਨਿਕਲਣ।

ਉਹਦੀਆਂ ਮਸਤ ਨਜ਼ਰਾਂ ਉਹਦੀਆਂ ਅੱਖੀਆਂ ਥੀਂ,
ਯਾਰੋ ਇਸ ਤਰ੍ਹਾਂ ਅਖ਼ਤਿਆਰ ਨਿਕਲਣ।
ਮੈਖ਼ਾਨਿਉਂ ਡੋਲਦੇ ਡੋਲਦੇ ਜਿਉਂ ਪੀ ਕੇ,
ਮਸਤ ਕੋਈ ਵਿਚ ਖ਼ੁਮਾਰ ਨਿਕਲਣ।

ਉੱਧਰ ਆਬਰੂ ਕਮਾਨ ਦੇ ਵਿਚ ਚੱਲੇ,
ਜੇ ਉਹ ਪਲਕਾਂ ਦੇ ਤੀਰ ਸੰਵਾਰ ਨਿਕਲਣ।
ਇਧਰ ਸੋਨੀ ਦੇ ਸ਼ੌਕ ਦੀ ਹੱਦ ਹੋਵੇ,
ਘਰੋਂ ਨਾਲ ਲੈ ਕੇ ਆਸ਼ਿਕ ਜ਼ਾਰ ਨਿਕਲਣ।

ਜ਼ਖ਼ਮ ਲਾਉਣ ਦੀ ਉਨ੍ਹਾਂ ਨੂੰ ਲੋੜ ਨਾ ਰਹੇ,
ਜੇ ਉਹ ਆਬਰੂ ਜ਼ੁਲਫ਼ ਸੰਵਾਰ ਨਿਕਲਣ।
ਛੁਰੀਆਂ ਲੈ ਕੇ ਹੱਥਾਂ ਦੇ ਵਿਚ ਆਸ਼ਿਕ,
ਕਰਦੇ ਅਪਣੇ ਆਪ ਤੇ ਵਾਰ ਨਿਕਲਣ।

ਵੇਖਣ ਲਈ ਤਮਾਸਾ ਸਪਾਹਦਿਆਂ ਦਾ,
ਜੇ ਉਹ ਖੋਲ੍ਹ ਕੇ ਜ਼ੁਲਫ਼ ਖ਼ੰਮਦਾਰ ਨਿਕਲਣ।
ਖ਼ੌਫ਼ ਨਾਲ ਬੇਜਾਨ ਹੋ ਜਾਨ ਵਿਚ ਉਹ,
ਨਾ ਪਟਾਰੀਆਂ ਥੀਂ ਡਰਦੇ ਬਾਹਰ ਨਿਕਲਣ।

ਚੋਬਦਾਰ ਗ਼ੁਲਾਮ ਤੇ ਇਕ ਪਾਸੇ,
ਰਹਿਬਰ ਸਾਹ ਸੁੱਕੇ ਸਭ ਦਰਬਾਰੀਆਂ ਦੇ,
ਸਾਇਆ ਪਰਾਂ ਦਾ ਕਰੇ ਹੁੰਮਾ ਸਿਰ ਤੇ,
ਸ਼ਾਹੇ ਹੁਸਨ ਜਦ ਸਿਰ ਦਰਬਾਰ ਨਿਕਲਣ।

ਕਰਨ ਅਮਲ ਮੌਤੋਂ ਕਿਬਲ ਅੰਤ ਮੌਤੋਂ,
ਕਾਤਿਲ ਜੇ ਸੱਦੇ ਕਦੀ ਵਿੱਚ ਮਕਤਲ,
ਉਹਦੇ ਅਬਰੂਆਂ ਦੀ ਯਾਦ ਵਿਚ ਆਸ਼ਿਕ,
ਗਲ ਤੇ ਫੇਰਦੇ ਘਰੋਂ ਤਲਵਾਰ ਨਿਕਲਣ।

ਵੇਖ ਚੰਨ ਸੂਰਜ ਉਹਦਾ ਰੁੱਖ ਅਨਵਰ,
ਹੈ ਯਕੀਨ ਕਿ ਅੱਵਲ ਤੇ ਨਿਕਲਣ ਹੀ ਨਾ,
ਜੇ ਕਰ ਨਿਕਲਣ ਹੀ ਦੋਸਤੋ ਕਦੇ ਮੁੜ ਕੇ,
ਨੀਚ ਹੋਣ ਦਾ ਕਰਕੇ ਕਰਾਰ ਨਿਕਲਣ।

ਰਾਜ਼ਦਾਰਾਂ ਤੋਂ ਰਾਜ਼ ਨਾ ਰਹਿਣ ਗੁੱਝੇ,
ਭਾਵੇਂ ਹੋਣ ਲੱਖਾਂ ਛੁਪ-ਛੁਪਾ ਅੰਦਰ,
ਨਜ਼ਰ ਬਾਜ਼ਾਂ ਦੀ ਨਜ਼ਰ ਵਿਚ ਨਸਰ ਹੋਵਣ,
ਪਰਦੇ ਵਿਚ ਭਾਵੇਂ ਪਰਦੇਦਾਰ ਨਿਕਲਣ।

ਰਸ਼ਕ ਸਦਫ਼ ਚਸ਼ਮਾਂ ਆਸ਼ਿਕ ਜ਼ਾਰ ਦੀਆਂ,
ਦਿਲਬਰ ਜੋਹਰੀਆਂ ਵਿਚ ਮਸ਼ਹੂਰ ਹੋਈਆਂ,
ਹੰਝੂ ਨਿਕਲਦੇ ਨੇ ਤੇਰੀ ਯਾਦ ਅੰਦਰ,
ਮੋਤੀ ਅੱਖੀਆਂ ਥੀਂ ਆਬਦਾਰ ਨਿਕਲਣ।

ਈਸਾ ਸਿਫ਼ਤ ਮਾਸ਼ੂਕ 'ਫ਼ਕੀਰ' ਜੇ ਕਰ,
ਆਉਣ ਚੱਲ ਕੇ ਫ਼ਾਤਿਹਾ ਖ਼ੁਆਨੀਆਂ ਨੂੰ
ਇਸਤਕਬਾਕ ਦੇ ਲਈ ਜਿਸਮ ਆਸ਼ਕਾਂ ਦੇ,
ਬੇਕਰਾਰ ਹੋ ਕੇ ਕਬਰੋਂ ਬਾਹਰ ਨਿਕਲਣ।

  • Next......(51-100)
  • ਮੁੱਖ ਪੰਨਾ : ਸੰਪੂਰਣ ਕਾਵਿ, ਡਾ. ਫ਼ਕੀਰ ਮੁਹੰਮਦ 'ਫ਼ਕੀਰ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ