Paate Galme : Dr. Faqeer Muhammad Faqeer

ਪਾਟੇ ਗਲਮੇ : ਡਾ. ਫ਼ਕੀਰ ਮੁਹੰਮਦ 'ਫ਼ਕੀਰ'



ਸਾੜੀਆਂ ਸੱਧਰਾਂ ਸਾਡੇ ਦਿਲ ਦੀਆਂ

ਸਾੜੀਆਂ ਸੱਧਰਾਂ ਸਾਡੇ ਦਿਲ ਦੀਆਂ ਅੱਗੇ ਜਿਹਨਾਂ ਨਾਲ ਤੁਸਾਂ । ਫੇਰ ਆ ਕੇ ਨੇ ਦਿਲ ਵਿਚ ਦਿੱਤੇ ਉਹੋ ਭਾਂਬੜ ਬਾਲ ਤੁਸਾਂ । ਮਾਰ ਧਰੱਕ ਜਿਵੇਂ ਵਿਚ ਇਹਦੇ ਪਹਿਲੀ ਵਾਰੀ ਆਏ ਸੋ, ਫੇਰ ਅੱਜ ਦਿਲ ਦੇ ਵਿਹੜੇ ਵਿਚ ਹੈ ਉਂਜੇ ਮਾਰੀ ਛਾਲ ਤੁਸਾਂ । ਫ਼ੇਰ ਮੇਰੀ ਕਿਸਮਤ ਨੇ ਕੇਹੀਆਂ ਅੱਜ ਇਹ ਫਾਲਾਂ ਪਾਈਆਂ ਜੇ, ਮਹਿੰਦੀ ਦੇ ਨੇ ਮੁੜ ਤਲੀਆਂ 'ਤੇ ਕਿਵੇਂ ਬਣਾਏ ਜਾਲ ਤੁਸਾਂ । ਸੋਹਲ ਹੱਥਾਂ ਨਾਲ ਐਡੀਆਂ ਪੀਡੀਆਂ ਗੰਢਾਂ ਕੀਕਣ ਦਿੰਦੇ ਓ, ਖੁੱਲ੍ਹੇ ਮਰਦਿਆਂ ਤੀਕ ਨਾ ਜਿਹੜੇ ਬੱਧੇ ਜ਼ੁਲਫ਼ਾਂ ਨਾਲ ਤੁਸਾਂ । ਛੱਡੇ ਜਿਨ੍ਹਾਂ 'ਵਾਵਾਂ ਦੇ ਵਿਚ ਗਈਆਂ ਮਹਿਕ ਹਵਾਵਾਂ ਉਹ, ਮਹਿਕੇ ਪਾਣੀ ਇਤਰਾਂ ਵਾਂਗੂੰ ਧੋਤੇ ਜਿੱਥੇ ਵਾਲ ਤੁਸਾਂ । ਮੋਹਰ ਵਫ਼ਾ ਆਪਣੀ 'ਤੇ ਸਾਥੋਂ ਜ਼ੋਰੋ-ਜ਼ੋਰ ਲਵਾਈ ਜੇ, ਸਿਤਮ ਲਈ ਜੇ ਹਾਂ ਕਰਾਈ ਫੇਰ ਅੱਜ ਧੱਕੇ ਨਾਲ ਤੁਸਾਂ । ਸ਼ੁਕਰ ਏ ਅੱਜ ਤੇ ਸਾਰੇ ਪਹਿਲੇ ਤਾਅਨੇ ਮਿਹਣੇ ਮੁੱਕੇ ਨੇ, ਸ਼ੁਕਰ ਏ ਅੱਜ ਤੇ ਪਹਿਲੇ ਸਾਰੇ ਕੱਢ ਲਏ ਗੁੱਭ-ਗੁਭਾਲ ਤੁਸਾਂ । ਪੈ ਗਿਆ ਏ ਕੁਝ ਹੋਰ ਦਿਨਾਂ ਲਈ ਪੱਜ'ਫ਼ਕੀਰ' ਹਿਆਤੀ ਦਾ ਚੰਗਾ ਕੀਤੈ ਵੇਖ ਕੇ ਸਾਡਾ ਅੱਜ ਤੇ ਮੰਦਾ ਹਾਲ ਤੁਸਾਂ ।

ਰੂਪ ਜੀਹਦੇ ਥੀਂ ਅੱਖੀਂ ਵੇਖੀ

ਰੂਪ ਜੀਹਦੇ ਥੀਂ ਅੱਖੀਂ ਵੇਖੀ ਸਦਾ ਬਹਾਰ ਚਮਨ ਦੀ । ਬੁਲਬੁਲ ਜਾਨ ਰਹੀ ਕੁਰਲਾਂਦੀ ਖ਼ਾਤਰ ਓਸ ਸੱਜਣ ਦੀ । ਵੇਖ ਉਹਦੇ ਵੱਲ ਵਿਚ ਚਮਨ ਦੇ ਵੱਟ ਸੰਬਲ ਨੂੰ ਪੈਂਦੇ, ਲਪਟ ਜੀਹਦੀ ਲਿਟ ਖੁੱਲ੍ਹੀ ਵਿੱਚੋਂ ਆਵੇ ਮੁਸਕ ਖ਼ਤਨ ਦੀ । ਹੋਠਾਂ ਉਹਦਿਆਂ ਦੀ ਤੱਕ ਸੁਰਖੀ ਸੁਰਖ ਯਾਕੂਤ ਗਵਾਚਾ, ਜੌਹਰੀਆਂ ਦੀ ਵਿਚ ਨਜ਼ਰੇ ਉਹਦੀ ਲਾਲੀ ਲਾਲ ਯਮਨ ਦੀ । ਨੈਣ ਜੀਹਦੇ ਤੱਕ ਵਧਦੀ ਜਾਵੇ ਨਰਗਿਸ ਦੀ ਹੈਰਾਨੀ, ਵੇਖ ਉਹਦੇ ਵੱਲ ਸ਼ਰਮੂ ਹੋਵੇ ਨੀਵੀਂ ਅੱਖ ਹਰਨ ਦੀ । ਸੋਫ਼ੀ ਨਜ਼ਰ ਉਹਦੀ ਨਾ ਕੀਤਾ ਦੂਰ ਹਨੇਰ ਨਜ਼ਰ ਦਾ, ਸ਼ਾਮੋਂ ਫ਼ਜਰ ਤੀਕਰ ਵਿਚ ਅੱਖਾਂ ਲੋਅ ਲੱਗੀ ਜਿਸ ਚੰਨ ਦੀ । ਝਾਕੇ ਕਦੀ ਨਾ ਖੋਲ੍ਹੇ ਮੇਰੇ ਉਹਦੀਆਂ ਨੀਮ ਨਿਗਾਹਵਾਂ, ਕਦੀ ਤੇ ਨਾਲ ਮੇਰੇ ਉਹ ਲੜਦੇ ਕਦੀ ਤੇ ਵਿਗੜੀ ਬਣਦੀ । ਜਿਸ ਦੀ ਸ਼ੋਖ਼ ਮੁਹੱਬਤ ਮੈਨੂੰ ਲਿਖਣੇ ਸ਼ਿਅਰ ਸਿਖਾਏ, ਸੁਣ ਕੇ ਨਾਮ 'ਫ਼ਕੀਰ' ਕਦੀ ਨਾ ਦਿੱਤੀ ਦਾਦ ਸੁਖ਼ਨ ਦੀ ।

ਆਵੇ ਨਾਲ ਖ਼ਿਆਲ ਕਿਸੇ ਦੇ

ਆਵੇ ਨਾਲ ਖ਼ਿਆਲ ਕਿਸੇ ਦੇ ਜਦੋਂ ਖ਼ਿਆਲ ਗ਼ਜ਼ਲ ਦਾ । ਹੁਸਨ ਜਮਾਲ ਕਿਸੇ ਦਾ ਬਣਦਾ ਹੁਸਨ ਜਮਾਲ ਗ਼ਜ਼ਲ ਦਾ । ਬਣ ਕੇ ਭੜਕ ਕਿਸੇ ਦੇ ਰੁਖ ਦੀ ਭੜਕੇ ਤਾਬ ਗ਼ਜ਼ਲ ਦੀ, ਜ਼ੁਲਫ਼ ਸੁਨਹਿਰੀ ਵਾਂਗ ਕਿਸੇ ਦੀ ਲਿਸ਼ਕੇ ਜਾਲ ਗ਼ਜ਼ਲ ਦਾ । ਲ਼ਫ਼ਜ਼ ਬਣਨ ਕੰਨਾਂ ਦੇ ਬੂੰਦੇ ਮਿਸਰੇ ਹਾਰ ਗਲਾਂ ਦੇ, ਦੇਣ ਤਬੀਅਤ ਦੇ ਤਾਅ ਜਿਸ ਦਮ ਸੋਨਾ ਢਾਲ ਗ਼ਜ਼ਲ ਦਾ । ਹਾਰ ਪਰੋਂਦੀਆਂ ਜਾਵਣ ਅੱਖਾਂ ਲੈ ਪਲਕਾਂ ਥੀਂ ਮੋਤੀ, ਉੱਬਲਦੇ ਦਿਲ ਵਿੱਚੋਂ ਉੱਠੇ ਜਦੋਂ ਉਬਾਲ ਗ਼ਜ਼ਲ ਦਾ । ਬਣ ਮਸਤਾਨੀਆਂ ਨਜ਼ਰਾਂ ਕਰਦੀਆਂ ਨਾਚ ਨਸ਼ੇ ਦੀਆਂ ਤਾਰਾਂ, ਦੇਵੇ ਜਦੋਂ ਤਬਾਅ ਦਾ ਸਾਕੀ ਜਾਮ ਉਛਾਲ ਗ਼ਜ਼ਲ ਦਾ । ਨੁਕਤੇ 'ਗ਼ੈਨ' ਗ਼ਜ਼ਲ ਦੇ ਅੱਗੇ ਲਮਕੀ 'ਲਾਮ' ਸੁਹਾਣੀ, ਵੇਖੇ ਉਡਦੀ ਜ਼ੁਲਫ਼ ਗ਼ਜ਼ਲ ਦੀ ਬੈਠਾ ਖ਼ਾਲ ਗ਼ਜ਼ਲ ਦਾ । ਲਿਖ ਕੇ ਜਦੋਂ ਕਿਸੇ ਦੇ ਰੋਸੇ ਦਿੱਤੀ ਦਾਦ ਗ਼ਜ਼ਲ ਦੀ, ਲਿਆ ਗਵਾਚਿਆਂ ਖ਼ਤਾਂ ਲਫ਼ਾਫ਼ਿਆਂ ਮੰਨ ਕਮਾਲ ਗ਼ਜ਼ਲ ਦਾ । ਹੈਣ ਕਸੀਦੇ ਹੁਸਨ ਉਹਦੇ ਦੇ ਸ਼ਿਅਰ 'ਫ਼ਕੀਰ' ਗ਼ਜ਼ਲ ਦੇ, ਰੱਖੇ ਕੋਲ ਕਿਵੇਂ ਨਾ ਤੋਹਫ਼ਾ ਯਾਰ ਸੰਭਾਲ ਗ਼ਜ਼ਲ ਦਾ ।

ਕਰ ਲੈ ਜੇ ਸਿਤਮ ਕਰਨੈ

ਕਰ ਲੈ ਜੇ ਸਿਤਮ ਕਰਨੈ ਕੋਈ ਹੋਰ ਜਫ਼ਾ ਹੋਰ । ਵਿਚ ਆਸ਼ਕਾਂ ਅਜ ਕੱਲ੍ਹ ਤੇਰੀ ਬੱਝੀ ਏ ਹਵਾ ਹੋਰ । ਹੋਰ ਹੈ ਨਈਂ ਜੇ ਮਹਫ਼ਿਲ ਦੇ ਸ਼ਿੰਗਾਰਾਂ ਦੀਆਂ ਰੀਝਾਂ, ਨਹੀਂ ਚਾਅ ਜੇ ਤੇਰੇ ਲੱਥੇ ਤੇ ਲਾਹ ਲੈ ਜ਼ਰਾ ਚਾਅ ਹੋਰ । ਇਹ ਰੂਪ ਸੁਹੱਪਣ ਏ ਕਿਸੇ ਦਮ ਦਾ ਪਰਾਹੁਣਾ, ਜੇ ਖੇਡ ਦਮਾਂ ਦੀ ਏ ਤੇ ਦੇਹ ਦਮ ਨੂੰ ਦਗ਼ਾ ਹੋਰ । ਭੰਡ ਹੋਰ ਵਫ਼ਾ ਮੇਰੀ ਜ਼ਰਾ ਵਿੱਚ ਰਕੀਬਾਂ, ਜੇ ਘਟਦੀ ਐ ਪਈ ਗੱਲ ਤੇ ਘਟਦੀ ਨੂੰ ਘਟਾ ਹੋਰ । ਦੇ ਮੈਨੂੰ ਸਿਲਾ ਹੋਰ ਕੋਈ ਮੇਰੀ ਵਫ਼ਾ ਦਾ, ਸਿਰ ਮੇਰੇ ਜਫ਼ਾ ਦਾ ਕੋਈ ਅਹਿਸਾਨ ਚੜ੍ਹਾ ਹੋਰ । ਮੈਨੂੰ ਤੇਰੇ ਰੋਸੇ ਦਾ ਜ਼ਰਾ ਗ਼ਮ ਨਹੀਂ ਪਿਆਰੇ, ਮੈਂ ਤੈਨੂੰ ਮਨਾ ਲਾਂਗਾ ਕੋਈ ਕਰਕੇ ਖ਼ਤਾ ਹੋਰ । ਬਹਾ ਕੋਲ ਰਕੀਬਾਂ ਨੂੰ ਨਾ ਕਰ ਦਿਲ ਦੀਆਂ ਗੱਲਾਂ, ਪੈ ਜਾਣੀ ਮਤੇ ਵਿੱਥ ਕੋਈ ਕਾਰੇ ਕਜ਼ਾ ਹੋਰ । ਨ੍ਹਾਤੀ ਨਾ ਅਜੇ ਖ਼ੂਨ ਵਿਚ ਏ ਸ਼ਾਮ ਦੀ ਲਾਲੀ, ਲਾ ਰੰਗਲੇ ਹੱਥਾਂ 'ਤੇ ਜ਼ਰਾ ਰੰਗੇ ਹਿਨਾ ਹੋਰ । ਬੇਸੁਰਤ ਮੁਹੱਬਤ ਵੀ ਜ਼ਰਾ ਸੁਰਤ ਸੰਭਾਲੇ, ਕਰ ਹੋਰ ਅਦਾ ਸੁੱਤੀ ਕਲਾ ਕੋਈ ਜਗਾ ਹੋਰ । ਵੇਖੇ ਤੇਰੇ ਪਿਆਰ ਦੇ ਨਿੱਤ ਤੌਰ ਨਵੇਂ ਨੇ, ਹਰ ਪਲ ਕੋਈ ਨਾਜ਼ ਹੋਰ 'ਤੇ ਹਰ ਪਲ ਅਦਾ ਹੋਰ । ਵੇਖ ਹੁੰਦੇ ਨੇ ਦਸਤਾਰਾਂ ਤੇ ਜੁੱਸੇ ਕਿਵੇਂ ਲੀਰਾਂ, ਗਲ ਪਾ ਕੇ ਤੂੰ ਆ ਤੇ ਸਹੀ ਜ਼ਰਤਾਰ ਕਬਾ ਹੋਰ । ਕਿਉਂ ਪੂਜਾਂ 'ਫ਼ਕੀਰ' ਐਵੇਂ ਬੁੱਤਾਂ ਸੰਗਦਿਲਾਂ ਨੂੰ, ਇਹ ਮੇਰੇ ਖ਼ੁਦਾ ਨਈਂ ਕੋਈ ਮੇਰਾ ਏ ਖ਼ੁਦਾ ਹੋਰ ।

ਰਾਂਝਾ ਜੋਗੀ ਮੱਤੋਂ ਮਿਰਜ਼ਾ

ਰਾਂਝਾ ਜੋਗੀ ਮੱਤੋਂ ਮਿਰਜ਼ਾ ਪੁੰਨੂੰ ਮਜਨੂੰ ਝੱਲਾ? ਆਪੋ ਆਪਣੀ ਦੁਨੀਆ ਦਾ ਏ ਖ਼ਾਲਿਕ ਕੱਲਾ ਕੱਲਾ । ਦੀਵੇ ਵਿਚ ਹਿਆਤੀ ਵਾਲੀ ਬਾਲਣ ਸਾਡੀ ਮਿੱਟੀ, ਕੰਨੀ ਨਾਲ ਜਿਨ੍ਹਾਂ ਦੀ ਬੱਧਾ ਪਿਆਰ ਅਸਾਡਾ ਪੱਲਾ । ਲੈ ਕੇ ਦਿਲ ਉਨ੍ਹਾਂ ਨੇ ਸਾਥੋਂ ਦਿੱਤੀ ਦੌਲਤ ਗ਼ਮ ਦੀ, ਝੁੰਗੇ ਦੇ ਵਿਚ ਮਿਲ ਗਿਆ ਸਾਨੂੰ ਸੌਦਾ ਖ਼ੂਬ ਸਵੱਲਾ । ਗ਼ਮ ਤੇਰੇ ਬੇਆਸੇ ਦਿਲ ਨੂੰ ਦਿੱਤਾ ਸਦਾ ਸਹਾਰਾ, ਗ਼ਮ ਤੇਰੇ ਦੇ ਹੁੰਦਿਆਂ ਮਾਰਾਂ ਖ਼ੁਸ਼ੀਆਂ ਦੇ ਸਿਰ ਖੱਲਾ । ਉਹ ਟੁਰ ਗਏ ਨੇ ਪਰ ਨਈਂ ਜਾਂਦੀ ਦਿਲ ਥੀਂ ਯਾਦ ਉਨ੍ਹਾਂ ਦੀ ਪਿਆਰ ਉਨ੍ਹਾਂ ਦਾ ਉਜੜੇ ਘਰ ਵਿਚ ਬੈਠਾ ਮਾਰ ਪਥੱਲਾ । ਦਿਲ ਦੀਆਂ ਰੀਝਾਂ ਲਾ ਲਾ ਅੱਲ੍ਹਾ ਸੋਹਣੇ ਬੁੱਤ ਬਣਾਏ, ਵੇਖ ਬੁੱਤਾਂ ਵਲ ਕਿਉਂ ਨਾ ਮੂੰਹੋਂ ਨਿਕਲੇ ਅੱਲ੍ਹਾ ਅੱਲ੍ਹਾ । ਓਸੇ ਵਾਂਗਰ ਯਾਦ ਉਹਦੀ ਦੇ ਨਾਲ ਏ ਨਿਭਦੀ ਜਾਂਦੀ, ਐਵੇਂ ਲੋਕ ਕਹਿਣ ਨਹੀਂ ਨਿਭਦਾ ਕੀਤਾ ਪਿਆਰ ਕਵੱਲਾ । ਐਵੇਂ ਲੱਭਦੀ ਫਿਰੇ ਨਾ ਦੁਨੀਆ ਦੁੱਖ ਮੁਹੱਬਤ ਵਾਲੇ, ਦੁਨੀਆ ਦੇ ਸੁੱਖਾਂ ਥੀਂ ਰੱਖੇ ਦੁੱਖ ਪਿਆਰ ਸੁਖੱਲਾ । ਖੇਡਣ ਲਫ਼ਜ਼ਾਂ ਨਾਲ 'ਫ਼ਕੀਰ' ਹਰ ਵੇਲੇ ਸੋਚ ਵਿਚਾਰਾਂ, ਕੁਝ ਏ ਕਿਸਮ ਨਿਚੱਲੀ ਮੇਰੀ ਕੁਝ ਏ ਖ਼ਿਆਲ ਨਿਚੱਲਾ ।

  • ਮੁੱਖ ਪੰਨਾ : ਸੰਪੂਰਣ ਕਾਵਿ, ਡਾ. ਫ਼ਕੀਰ ਮੁਹੰਮਦ 'ਫ਼ਕੀਰ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ