ਡਾ. ਹਰਕੀਰਤ ਸਿੰਘ ਦਾ ਜਨਮ 28 ਮਾਰਚ 1916 ਨੂੰ ਪਿੰਡ ਘਣੀਕੇ ਬਾਂਗਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਆਪ ਜੀ ਦੀ ਮਾਤਾ ਦਾ ਨਾਮ ਹਰਨਾਮ ਕੌਰ ਤੇ ਪਿਤਾ ਸਰਦਾਰ ਮਾਹਣਾ ਸਿੰਘ ਸੀ। ਆਪ ਨੇ ਐਮ.ਏ ਤੋਂ ਪੀਐਚ.ਡੀ ਤੱਕ ਦੀ ਵਿਦਿਆ ਹਾਸਲ ਕੀਤੀ। ਆਪ ਦੀ ਪੀਐਚ.ਡੀ ਦਾ ਵਿਸ਼ਾ “ਏ ਕੰਮਪੈਰੇਟਿਵ ਸਟੱਡੀ ਆਫ ਮਾਝੀ ਐਂਡ ਮੁਲਤਾਨੀ” ਸੀ, ਜਿਸ ਦੀ ਡਿਗਰੀ ਆਪ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸੰਨ 1968 ਈ. ਵਿਚ ਪ੍ਰਾਪਤ ਕੀਤੀ।
ਡਾ. ਹਰਕੀਰਤ ਸਿੰਘ ਜੀ ਨੇ ਪੰਜਾਬੀ ਭਾਸ਼ਾ, ਭਾਸ਼ਾ ਵਿਗਿਆਨ ਅਤੇ ਗੁਰਬਾਣੀ ਵਿਆਕਰਣ ਆਦਿ ਬਾਰੇ ਬੜੇ ਇਤਿਹਾਸਕ ਅਤੇ ਮਹੱਤਵਪੂਰਨ ਖੋਜ ਕਾਰਜ ਕੀਤੇ ਹਨ। ਉਨ੍ਹਾਂ ਨੇ 20-25 ਦੇ ਕਰੀਬ ਪੁਸਤਕਾਂ ਅਤੇ 50 ਦੇ ਲਗਪਗ ਖੋਜ-ਪੱਤਰ ਲਿਖੇ ਹਨ। ਆਪ ਦੀਆਂ ਕਈ ਪੁਸਤਕਾਂ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿਚ ਪੰਜਾਬੀ ਭਾਸ਼ਾ ਵਿਗਿਆਨ ਦੇ ਸਿਲੇਬਸਾਂ ਦਾ ਹਿਸਾ ਹਨ।
ਪੰਜਾਬੀ ਭਾਸ਼ਾ ਵਿਗਿਆਨ ਤੇ ਗੁਰਬਾਣੀ ਵਿਆਕਰਣ ਦੇ ਖੇਤਰ ਵਿਚ ਆਪ ਵਲੋਂ ਵਡਮੁਲੀਆਂ ਸੇਵਾਵਾਂ ਪ੍ਰਦਾਨ ਕਰਨ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਆਪ ਨੂੰ 1993 ਤੋਂ ਆਜੀਵਨ ਫੈਲੋਸ਼ਿਪ ਸਨਮਾਨ ਵਜੋਂ ਦਿਤੀ ਗਈ।