Yaadan Ganji Baar Dian : Dr. Harkirat Singh

ਯਾਦਾਂ ਗੰਜੀ ਬਾਰ ਦੀਆਂ : ਡਾ. ਹਰਕੀਰਤ ਸਿੰਘ

ਯਾਦਾਂ ਗੰਜੀ ਬਾਰ ਦੀਆਂ

ਜ਼ਿੰਦਗੀ ਦੀ ਸ਼ਾਮ ਹੈ । ਇਹ ਸਰੀਰ ਅਠੱਤਰ ਸਿਆਲ ਹੁਨਾਲ ਹੰਢਾ ਚੁੱਕਾ ਹੈ । ਦੇਹ ਦੇ ਸਾਰੇ ਪੁਰਜ਼ੇ ਢਿੱਲੇ ਹੋ ਚੁੱਕੇ ਹਨ—ਅੱਖਾਂ ਜਵਾਬ ਦੇ ਰਹੀਆਂ ਹਨ, ਕੰਨਾਂ ਤੋਂ ਉੱਚਾ ਸੁਣਦਾ ਹੈ, ਹੱਥ ਕੰਬਦਾ ਹੈ, ਲਿਖਣ ਵਿਚ ਕਾਫ਼ੀ ਦਿੱਕਤ ਹੁੰਦੀ ਹੈ । ਧੀਆਂ, ਪੁੱਤ ਬੜੇ ਦੂਰ- ਦੂਰ ਬੈਠੇ ਹਨ ਤੇ ਬੜੀਆਂ ਚੰਗੀਆਂ ਪੁਜ਼ੀਸ਼ਨਾਂ ਤੇ ਹਨ । ਭੈਣਾਂ, ਭਰਾ ਵੀ ਆਪੋ-ਆਪਣੇ ਥਾਂ ਬੜੇ ਸੌਖੇ ਹਨ। ਮੈਂ ਤੇ ਮੇਰੀ ਪਤਨੀ, ਨਿਰੰਜਨ ਕੌਰ ਇਕੱਲੇ ਬੈਠੇ ਹਾਂ—ਅਰਬਨ ਇਸਟੇਟ ਪਟਿਆਲਾ ਦੇ ਇਹਨਾਂ ਪੱਕੇ ਕੋਠਿਆਂ ਵਿਚ, ਜਿਹਨਾਂ ਨੂੰ ਲੋਕ ਕੋਠੀ ਆਖਦੇ ਹਨ । ਪੱਖੇ ਚੱਲ ਰਹੇ ਹਨ, ਕੂਲਰ ਵਿਚੋਂ ਠੰਢੀ ਹਵਾ ਦੇ ਫਰਾਟੇ ਆ ਰਹੇ ਹਨ—ਡਲਹੌਜ਼ੀ ਦੀ ਬਰਫ਼ਾਂ ਚੁੰਮ ਕੇ ਆਈ ਠੰਢੀ ਪੌਣ ਵਰਗੇ, ਤੇ ਅਸੀਂ ਯਾਦ ਕਰ ਰਹੇ ਹਾਂ ਗੰਜੀ ਬਾਰ (ਜ਼ਿਲ੍ਹਾ ਮੁਲਤਾਨ) ਦੇ ਉਹਨਾਂ ਕੱਚਿਆਂ ਕੋਠਿਆਂ ਨੂੰ, ਜਿਨ੍ਹਾਂ ਵਿਚ ਜੇਠ, ਹਾੜ ਦੀਆਂ ਲੋਆਂ ਤੋਂ ਡਰਦੇ ਲੋਕ ਅੰਦਰੀਂ ਵੜਕੇ ਬਹਿੰਦੇ ਸਨ ਤੇ ਪੱਖੇ ਝੱਲ-ਝੱਲ ਕੇ ਦੁਪਹਿਰ ਬਿਤਾਉਂਦੇ ਸਨ। ਯਾਦ ਆਉਂਦੇ ਹਨ ਉਹ ਸੰਗੀ-ਸਾਥੀ ਜੋ ਅਜੇ ਜਿਉਂਦੇ ਹਨ, ਪਰ ਗੰਜੀ ਬਾਰ ਦੇ ਵਿਛੜੇ ਫੇਰ ਕਦੇ ਨਹੀਂ ਮਿਲੇ ਅਤੇ ਨਾ ਹੀ ਉਹਨਾਂ ਦੇ ਮਿਲਣ ਦੀ ਆਸ ਹੈ। ਯਾਦ ਆਉਂਦੇ ਹਨ ਗੰਜੀ ਬਾਰ ਦੇ ਕੱਪਰ, ਟਿੱਬੇ, ਝੰਗੀਆਂ, ਜੰਡ, ਕਰੀਰ, ਫਰਵਾਂਹ ਤੇ ਵਣ । ਵਣ ਦਾ ਨਾਂ ਲਿਆ ਗੰਜੀ ਬਾਰ ਦੇ ਜੀਵਣ ਦਾ ਇਕ ਰੁਮਾਂਟਿਕ ਪੱਖ ਅੱਖਾਂ ਸਾਹਵੇਂ ਘੁੰਮਣ ਲੱਗ ਪੈਂਦਾ ਹੈ। ਵਣ ਗੰਜੀ ਬਾਰ ਦੀ ਜਿੰਦ-ਜਾਨ ਸੀ । ਬੋਹੜ ਵਾਂਗ ਵਣ ਦੀ ਉਮਰ ਵੀ ਬਹੁਤ ਲੰਮੀ ਹੁੰਦੀ ਹੈ। ਕਈਆਂ ਵਣਾਂ ਦੀਆਂ ਟਾਹਣੀਆਂ ਝੁਕ ਕੇ ਭੋਂ ਨਾਲ ਲਗ ਜਾਂਦੀਆਂ ਹਨ ਅਤੇ ਹੇਠਾਂ ਇਕ ਪੂਰਾ ਕੋਠਾ ਬਣ ਜਾਂਦਾ ਹੈ । ਬਾਰ ਦੇ ਜਾਂਗਲੀ ਸਿਆਲ ਇਹਨਾਂ ਵਣਾਂ ਹੇਠਾਂ ਹੀ ਬਿਤਾਉਂਦੇ ਸਨ, ਉਹਨਾਂ ਦੇ ਬਕਰੀਆਂ, ਭੇਡਾਂ ਦੇ ਇੱਜੜ ਵੀ ਇਹਨਾਂ ਵਣਾਂ ਥੱਲੇ ਹੀ ਬੈਠਦੇ ਸਨ । ਵਣਾਂ ਦੇ ਪੱਤਿਆਂ ਉੱਤੇ ਹੀ ਡੱਖਣਿਆਂ (ਊਠਾਂ ਵਾਲਿਆਂ) ਦੇ ਊਠ ਪਲਦੇ ਸਨ । ਖਜੂਰ ਨੂੰ ਛੱਡ ਕੇ ਵਣ ਹੀ ਇਸ ਇਲਾਕੇ ਦਾ ਫਲਦਾਰ ਰੁੱਖ ਸੀ, ਜਿਸ ਦੀਆਂ ਪੀਲੂੰ ਸਿੱਧੀਆਂ ਟਾਹਣੀਆਂ ਨਾਲੋਂ ਤੋੜ ਕੇ ਖਾਈਦੀਆਂ ਸਨ । ਸਾਡੇ ਲੋਕ ਵੀ ਜਦੋਂ ਪਹਿਲਾਂ-ਪਹਿਲ ਗਏ, ਉਹਨਾਂ ਵਿਚੋਂ ਕਿਸੇ ਨੇ ਸਾਲ ਕਿਸੇ ਨੇ ਛੇ ਮਹੀਨੇ ਇਹਨਾਂ ਵਣਾਂ ਥੱਲੇ ਹੀ ਗੁਜ਼ਾਰੇ, ਫੇਰ ਇਹਨਾਂ ਵਣਾਂ ਦੇ ਤੋੜਿਆਂ (ਛਤੀਰਾਂ) ਤੇ ਕੁੜੀਆਂ ਨਾਲ ਹੀ ਕੱਚਿਆਂ ਕੋਠਿਆਂ ਦੀਆਂ ਛੱਤਾਂ ਪਾਈਆਂ । ਅਖੀਰ ਤਕ ਗਰਮੀਆਂ ਵਿਚ ਮਾਲ-ਡੰਗਰ ਵਣਾਂ ਹੇਠ ਹੀ ਬੰਨ੍ਹਦੇ ਰਹੇ। ਵਣਾਂ ਹੇਠ ਹੀ ਸਾਡੇ ਕਵਾਣੇ ਸਨ, ਵਣਾਂ ਹੇਠ ਹੀ ਖੁਰਲੀਆਂ ਤੇ ਵਣਾਂ ਹੇਠ ਹੀ ਦੁਪਹਿਰ ਨੂੰ ਮਹਿਫ਼ਲਾਂ ਲੱਗਦੀਆਂ ਸਨ ।

ਪਰ ਅਸੀਂ ਦੋਵੇਂ ਜੀਅ ਸੋਚਦੇ ਹਾਂ ਕਿ ਏਨੇ ਸੁਖ ਆਰਾਮ ਵਿਚ ਬੈਠਿਆਂ ਸਾਨੂੰ ਮੁੜ-ਮੁੜ ਗੰਜੀ ਬਾਰ ਕਿਉਂ ਯਾਦ ਆਉਂਦੀ ਹੈ । ਕਿਉਂ ਯਾਦ ਆਉਂਦਾ ਹੈ ਚੱਕ ਨੰਬਰ 79/15 ਐੱਲ, ਚੱਕ 82 (ਮੇਰੇ ਸਹੁਰਿਆਂ ਦਾ ਪਿੰਡ (ਜ਼ਿਲ੍ਹਾ ਮੁਲਤਾਨ) ਜਿੱਥੇ ਕਪੜੇ ਧੋਣ ਲਈ ਡਿੱਘੀਆਂ ਜਾਂ ਖਾਲਾਂ ਤੇ ਜਾਣਾ ਪੈਂਦਾ ਸੀ, ਪੀਣ ਵਾਲੇ ਪਾਣੀ ਲਈ ਪਿੰਡ ਦਾ ਇਕੋ ਸਾਂਝਾ ਖੂਹ ਸੀ, ਜਿੱਥੇ ਬਿਮਾਰ ਹੋਣ ਤੇ ਕੋਈ ਦਵਾਈ ਨਹੀਂ ਸੀ ਲੱਭਦੀ, ਜਿਥੋਂ ਰੇਲਵੇ ਸਟੇਸ਼ਨ ਘੱਟੋ-ਘੱਟ 14 ਮੀਲ ਦੂਰ ਸੀ ਤੇ ਇੱਕੋ-ਇੱਕ ਸ਼ਹਿਰ ਖਾਨੇਵਾਲ 18 ਮੀਲ । ਗੰਜੀ ਬਾਰ ਵਿਚ ਅਸੀਂ ਟਾਈਮ ਦਾ ਅੰਦਾਜ਼ਾ ਕੰਧਾਂ ਤੇ ਰੁੱਖਾਂ ਦੇ ਪਰਛਾਵਿਆਂ ਤੋਂ ਲਾਉਂਦੇ ਸਾਂ, ਏਥੇ ਮੇਰੇ ਸਾਹਮਣੇ ਵੱਖ-ਵੱਖ ਕਿਸਮਾਂ ਦੀਆਂ ਚਾਰ ਘੜੀਆਂ ਹਨ । ਗੰਜੀ ਬਾਰ ਵਿਚ ਰਹਿੰਦਿਆਂ ਮੈਂ ਸਾਈਕਲ ਵੀ ਨਾ ਖਰੀਦ ਸਕਿਆ, ਅੱਜ ਗੁਰੂ ਦੀ ਕਿਰਪਾ ਨਾਲ ਕਾਰ ਹੈ, ਸਕੂਟਰ ਅਤੇ ਛੁੱਟੀਆਂ ਕੱਟਣ ਆਏ ਪੋਤਿਆਂ, ਦੋਹਤਿਆਂ ਦੇ ਦਿਲ ਪਰਚਾਵੇ ਲਈ ਮੋਪਡ ਵੀ ਹੈ। ਫੇਰ ਵੀ ਗੰਜੀ ਬਾਰ ਕਿਉਂ ਯਾਦ ਆਉਂਦੀ ਹੈ, ਭੁਲਾਉਣ ਦਾ ਯਤਨ ਕੀਤਿਆਂ ਵੀ ਕਿਉਂ ਨਹੀਂ ਭੁੱਲਦੀ ?

ਅਕਲ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦੀ, ਪਰ ਦਿਲ ਕਹਿੰਦਾ ਹੈ, “ਗੰਜੀ ਬਾਰ ਸਵਰਗ ਸੀ, ਜਿੱਥੋਂ ਅਸੀਂ ਹੁਣ ਰਹਿੰਦੇ ਹਾਂ, ਏਥੇ ਐਸ਼-ਆਰਾਮ ਹਨ, ਪਰ ਇਹ ਸਵਰਗ ਨਹੀਂ ।” ਗੰਜੀ ਬਾਰ ਦੀਆਂ ਘੋੜੀਆਂ ਦੇ ਸਾਹਮਣੇ ਏਧਰ ਦੀਆਂ ਕਾਰਾਂ ਦੀ ਸਵਾਰੀ ਤੁੱਛ ਹੈ, ਗੰਜੀ ਬਾਰ ਦੀਆਂ ਲਾਲਟੈਣਾਂ ਤੇ ਸਰ੍ਹੋਂ ਦੇ ਤੇਲ ਦਿਆਂ ਦੀਵਿਆਂ ਦੇ ਮੁਕਾਬਲੇ ਸਾਡੀਆਂ ਕੋਠੀਆਂ ਦੀਆਂ ਟਿਊਬ-ਲਾਈਟਾਂ ਹੇਚ ਹਨ । ਆਮ ਪਾਠਕ ਤਾਂ ਮੇਰੇ ਇਹਨਾਂ ਸ਼ਬਦਾਂ ਨੂੰ ਜਜ਼ਬਾਤੀ ਜਨੂੰਨ ਜਾਂ ਮਾਲੀਖੌਲੀਆ ਹੀ ਸਮਝਣਗੇ, ਪਰ ਗੰਜੀ ਬਾਰ ਵਿਚੋਂ ਆਇਆ ਹੋਇਆ ਕੋਈ ਬਜ਼ੁਰਗ ਪਾਠਕ ਜੇ ਇਹਨਾਂ ਪੰਕਤੀਆਂ ਨੂੰ ਪੜ੍ਹੋ ਤਾਂ ਆਪਣੀ ਆਤਮਾ ਨੂੰ ਪੁੱਛ ਕੇ ਦੱਸੋ ਕਿ ਕੀ ਮੇਰੇ ਉਪਰੋਕਤ ਵਿਚਾਰ ਨਿਰਾ ਜਜ਼ਬਾਤੀ ਜਨੂਨ ਹਨ ? ਕੀ ਸੱਚ-ਮੁੱਚ ਅਸੀਂ ਸਵਰਗ ਛੱਡ ਕੇ ਨਹੀਂ ਆਏ ।

ਏਧਰ ਐਸ਼-ਆਰਾਮ ਹੈ, ਗੰਜੀ ਬਾਰ ਵਿਚ ਮਨ ਦੀ ਸ਼ਾਂਤੀ ਸੀ, ਏਧਰ ਅਸਰ-ਰਸੂਖ ਹੈ, ਸਰਕਾਰੀ ਤੇ ਗ਼ੈਰ-ਸਰਕਾਰੀ ਵਕਤੀ ਵਫ਼ਾਦਾਰੀਆਂ ਤੇ ਨਕਲੀ ਸਰਪ੍ਰਸਤੀਆਂ ਹਨ । ਓਧਰ ਬਰਾਦਰੀਆਂ, ਸਾਂਝ-ਭਿਆਲੀਆਂ, ਸੁੱਚੀਆਂ ਦੋਸਤੀਆਂ-ਯਾਰੀਆਂ ਤੇ ਸੱਚੀਆਂ ਰਿਸ਼ਤੇਦਾਰੀਆਂ ਸਨ । ਕਾਲਜ ਪੜ੍ਹਦਾ ਜਾਂ ਫ਼ੌਜੀ ਨੌਕਰੀ ਕਰਦਾ, ਜਦੋਂ ਕਿਤੇ ਮੈਂ ਛੁੱਟੀ ਆਉਂਦਾ ਸਾਂ, ਅੱਧਾ ਪਿੰਡ ਮਿਲਣ ਆਉਂਦਾ ਸੀ । ਏਥੇ ਅਰਬਨ ਇਸਟੇਟ ਦੀ 330 ਨੰਬਰ ਕੋਠੀ ਵਿਚ ਜੇ ਕਿਤੇ ਰਾਤ ਨੂੰ ਇਕੱਲਾ ਸੁੱਤਾ ਮੈਂ ਮਰ ਜਾਵਾਂ ਤਾਂ ਆਂਢੀਆਂ-ਗੁਆਂਢੀਆਂ ਨੂੰ ਸ਼ਾਇਦ ਤੀਜੇ, ਚੌਥੇ ਦਿਨ ਪਤਾ ਲੱਗੇ । ਅੱਜ ਜਦੋਂ ਮੈਂ ਸਵੇਰੇ 8 ਰੁਪੈ ਕਿਲੋ ਦਾ ਉਹ ਦੁੱਧ ਪਤੀਲੇ ਵਿਚ ਪਵਾਉਂਦਾ ਹਾਂ, ਜਿਸ ਵਿਚ ਤੀਜਾ ਹਿੱਸਾ ਪਾਣੀ ਪਾਉਣਾ ਅਖ਼ਲਾਕੀ (ਤੇ ਸਗੋਂ ਕਨੂੰਨੀ) ਤੌਰ ਤੇ ਵੀ ਜਾਇਜ਼ ਹੈ ਤਾਂ ਮੈਨੂੰ ਗੰਜੀ ਬਾਰ ਦੇ ਉਹ ਦਿਨ ਯਾਦ ਆਉਂਦੇ ਹਨ, ਜਦੋਂ ਤਿਕਾਲਾਂ ਨੂੰ ਸਾਡੀ ਮਾਂ ਚਾਟੀ ਵਿਚ ਦੁੱਧ ਜਮਾਉਂਦੀ ਸੀ, ਕਿਉਂਕਿ ਕਾੜ੍ਹਨੀ ਵਿਚ ਪੂਰਾ ਨਹੀਂ ਸੀ ਆਉਂਦਾ । ਫੇਰ ਵੀ ਦੁੱਧ ਵੱਧ ਜਾਂਦਾ ਤਾਂ ਹਾਤੇ ਦੀ ਪਰਲੀ ਨੁਕਰੇ ਰਹਿੰਦੀ ਨਾਮ ਹਸੈਣ ਨੂੰ ਵਾਜ ਮਾਰਦੀ ਸੀ, “ਨਾਮ੍ਹੋ ਦੁੱਧ ਲੈ ਜਾ" ਅਤੇ ਨਾਮ੍ਹੋ ਆਪਣੇ ਸਿਲਵਰ (ਐਲੂਮਿਨੀਅਮ) ਦੇ ਪਤੀਲੇ ਵਿਚ ਕੋਈ ਦੋ ਢਾਈ ਸੇਰ ਦੁੱਧ ਲੈ ਜਾਂਦੀ ਸੀ । (ਅਸੀਂ ਓਧਰ ‘ਹਾਤਾ’, ‘ਹਸਾਈ’, ‘ਹਸੈਣ' ਹੀ ਬੋਲਦੇ ਸਾਂ, ਭਾਵੇਂ ਮੂਲ-ਉਚਾਰਨ ਕੁਝ ਫ਼ਰਕ ਵਾਲਾ ਹੈ।) ਹੈ ਓਧਰ ਖ਼ੁਸ਼ੀਆਂ ਸਨ, ਖੇੜੇ ਸਨ, ਮਹਿਫ਼ਲਾਂ ਲੱਗਦੀਆਂ ਸਨ, ਮਜਲਸਾਂ ਭਰਦੀਆਂ ਸਨ, ਏਧਰ ਰੋਣੇ ਹਨ, ਝੋਰੇ ਹਨ, ਚਿੱਟਾ ਜਾਂ ਕਾਲਾ ਧਨ ਕਮਾਉਣ ਵਿਚ ਦੁਨੀਆਂ ਇੰਝ ਗ਼ਲਤਾਨ ਹੈ ਕਿ ਸਾਡੇ ਨੌਜਵਾਨਾਂ ਨੂੰ ਮਰੇ ਪਏ ਪਿਉ ਦਾ ਸਸਕਾਰ ਕਰਨ ਲਈ ਸਮਾਂ ਕੱਢਣਾ ਵੀ ਔਖਾ ਹੈ । ਗੰਜੀ ਬਾਰ ਵਾਲੀਆਂ ਜਵਾਨੀਆਂ, ਗੰਜੀ ਬਾਰ ਵਾਲੀਆਂ ਰੰਗੀਨੀਆਂ, ਗੰਜੀ ਬਾਰ ਵਾਲੇ ਹਾਸੇ, ਏਧਰ ਕਿਤੇ ਵੇਖੇ, ਸੁਣੇ ਹੀ ਨਹੀਂ। ਸੱਚ ਦੱਸੀਓ ਗੰਜੀ ਬਾਰ ਦੇ ਵਸਨੀਕੋ ਕੀ ਅਸੀਂ ਸਵਰਗ ਛੱਡ ਕੇ ਨਹੀਂ ਆਏ ?

ਮੈਂ ਉਹਨਾਂ ਬਦਨਸੀਬ ਬਾਰ ਵਾਲਿਆਂ ਵਿਚੋਂ ਇੱਕ ਹਾਂ, ਜਿਨ੍ਹਾਂ ਨੇ ਗੰਜੀ ਬਾਰ ਆਪਣੀ ਅੱਖੀਂ ਆਬਾਦ ਹੁੰਦੀ ਵੇਖੀ, ਆਪਣੀ ਅੱਖੀਂ ਵੱਸਦੀ ਵੇਖੀ ਅਤੇ ਇਹਨਾਂ ਬਦਬਖ਼ਤ ਅੱਖਾਂ ਨਾਲ ਉਜੜਦੀ ਵੀ ਵੇਖੀ । ਇਸ ਲਈ ਕਾਫ਼ੀ ਸਮੇਂ ਤੋਂ ਸੋਚ ਰਿਹਾ ਸਾਂ ਕਿ ਗੰਜੀ ਬਾਰ ਬਾਰੇ ਇਕ ਕਿਤਾਬ ਲਿਖੀ ਜਾਵੇ । ਅਜਿਹੀ ਕਿਤਾਬ ਲਿਖਣਾ ਇਕ ਹੋਰ ਪੱਖੋਂ ਵੀ ਜ਼ਰੂਰੀ ਸੀ । ਭਾਵੇਂ ਸੈਕੂਲਰ ਸਮਾਜ ਦੇ ਦਾਅਵੇਦਾਰ ਮੇਰੇ ਇਸ ਬਿਆਨ ਨੂੰ ਪਾਪ ਜਾਂ ਕੁਫਰ ਹੀ ਕਹਿਣ, ਪਰ ਮੈਂ ਸੱਚਾ ਕੁਫਰ ਤੋਲਣ ਦਾ ਵੀ ਹੀਆ ਕਰਦਾ ਹਾਂ--ਉਹ ਸੱਚਾ ਕੁਫਰ ਹੈ— ਪੰਜਾਬ ਦੀਆਂ ਬਾਰਾਂ—ਗੰਜੀ ਬਾਰ, ਸਾਂਦਲ ਬਾਰ, ਕਿੜਾਣਾ ਬਾਰ, ਨੀਲੀ ਬਾਰ—ਸਿੱਖ ਕਾਸ਼ਤਕਾਰ ਹੀ ਆਬਾਦ ਕਰ ਸਕਦੇ ਸਨ । ਇਸੇ ਪੁਸਤਕ ਵਿਚ ਅੱਗੇ ਮੇਰੇ ਇਸ ਬਿਆਨ ਦੇ ਪ੍ਰਮਾਣ ਵੀ ਮਿਲ ਜਾਣਗੇ । ਤਾਜ਼ਾ ਮਿਸਾਲ ਹੈ--ਉੱਤਰ ਪ੍ਰਦੇਸ਼ ਵਿਚ ਪਿਛਲੀਆਂ ਦੋਹਾਂ ਸਦੀਆਂ ਤੋਂ ਖੇਤੀ ਵਾਲੀ ਜ਼ਮੀਨ ਦੀ ਤੰਗੀ ਹੈ, ਪਰ ਤਰਾਈ ਦੇ ਜੰਗਲ ਆਬਾਦ ਕਰਨ ਦੀ ਕਿਸੇ ਨੇ ਜ਼ੁਰਅਤ ਨਹੀਂ ਕੀਤੀ, ਤਰਾਈ ਵੀ ਸਿੱਖ ਜ਼ਿੰਮੀਦਾਰਾਂ ਨੇ ਹੀ ਵਸਾਈ ਹੈ।

ਖ਼ੈਰ, ਗੰਜੀ ਬਾਰ ਸੰਬੰਧੀ ਕਿਤਾਬ ਲਿਖਣ ਲਈ ਮੈਂ ਬੜਾ ਚਿਰ ਸੋਚਦਾ ਰਿਹਾ । ਪਹਿਲਾਂ ਯੂਨੀਵਰਸਿਟੀ ਵਿਚ ਆਪਣੀਆਂ ਜ਼ਿੰਮੇਵਾਰੀਆਂ ਕਾਰਨ ਮੈਂ ਇਸ ਕਾਰਜ ਲਈ ਸਮਾ ਨਾ ਕੱਢ ਸਕਿਆ, ਪਿੱਛੋਂ ਓਧਰੋਂ ਵਿਹਲਾ ਹੋ ਕੇ ਜਦੋਂ ਕਿਤਾਬ ਲਿਖਣ ਦਾ ਮਨ ਬਣਾਇਆ ਤਾਂ ਪਤਾ ਲੱਗਾ ਕਿ ਪੰਜਾਬੀ ਦੀ ਕਿਤਾਬ ਛਾਪਣ ਲਈ ਕੋਈ ਪ੍ਰਕਾਸ਼ਕ ਤਿਆਰ ਨਹੀਂ ਹੁੰਦਾ ਤੇ ਜੇ ਆਪਣੇ ਖਰਚ ਤੇ ਛਪਵਾ ਦੇਈਏ ਤਾਂ ਕਿਤਾਬ ਨੂੰ ਖਰੀਦਣ ਵਾਲਾ ਕੋਈ ਨਹੀਂ ਲੱਭਦਾ। ਮੇਰਾ ਹੌਸਲਾ ਪਸਤ ਹੋ ਗਿਆ । ਦਿਲ ਨੂੰ ਧੱਕਾ ਲੱਗਾ, ਪਰ ਸੋਚਿਆ ਕਿ ਜਿਸ ਕਿਤਾਬ ਨੂੰ ਕਿਸੇ ਨੇ ਪੜ੍ਹਨਾ ਹੀ ਨਹੀਂ, ਉਸ ਨੂੰ ਲਿਖਣ ਲਈ ਸਿਰਖਪਾਈ ਕਿਉਂ ਕੀਤੀ ਜਾਏ-ਉਹ ਵੀ ਇਸ ਬੁਢਾਪੇ ਵਿਚ ਅਤੇ ਇਸ ਥੱਕੇ-ਹਾਰੇ ਸਰੀਰ ਨਾਲ । ਫੇਰ ਗੰਜੀ ਬਾਰ ਨਾਲ ਹੇਜ ਰੱਖਣ ਵਾਲੇ ਬਹੁਤੇ ਸਾਥੀ ਹੁਣ ਤਕ ਸੱਚੇ ਸਵਰਗਾਂ ਵਿਚ ਪਹੁੰਚ ਚੁੱਕੇ ਹੋਣਗੇ, ਮੇਰੀ ਕਿਤਾਬ ਕਿਸ ਨੇ ਪੜ੍ਹਨੀ ਹੈ ?

ਇਹਨੀਂ ਦਿਨੀਂ ਹੀ ਆਪਣੇ ਨੌਜਵਾਨ ਮਿੱਤਰ, ‘ਪੰਜਾਬੀ ਟ੍ਰਿਬਿਊਨ' ਦੇ ਐਡੀਟਰ ਸਰਦਾਰ ਹਰਭਜਨ ਸਿੰਘ ਹਲਵਾਰਵੀ ਨਾਲ ਅਚਾਨਕ ਮੁਲਾਕਾਤ ਹੋ ਗਈ । ਉਹਨਾਂ ਨਾਲ ਇਸ ਪ੍ਰਾਜੈਕਟ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਬੜੀ ਹੌਸਲਾ-ਅਫ਼ਜ਼ਾਈ ਕੀਤੀ। ਕਹਿਣ ਲੱਗੇ, “ਤੂੰ ਕਿਤਾਬ ਲਿਖ, ਬਾਕੀ ਸਭ ਕੁਝ ਮੇਰੇ ਤੇ ਛੱਡ ਦੇ। ਮੈਂ ਪਹਿਲਾਂ ਇਸਨੂੰ ‘ਪੰਜਾਬੀ ਟ੍ਰਿਬਿਊਨ' ਵਿਚ ਕਿਸ਼ਤਵਾਰ ਛਾਪ ਦਿਆਂਗਾ, ਫੇਰ ਕਿਤਾਬ ਦੇ ਰੂਪ ਵਿਚ ਪ੍ਰਕਾਸ਼ਿਤ ਕਰਾਉਣ ਦਾ ਵੀ ਪ੍ਰਬੰਧ ਕਰਾਂਗਾ।” ਮੇਰਾ ਉਤਸ਼ਾਹ ਫੇਰ ਚਮਕ ਉੱਠਿਆ। ਲਿਖਣਾ ਆਰੰਭ ਕੀਤਾ। ਸਰੀਰ ਦੀ ਨਿਰਬਲਤਾ ਤੇ ਬੁਢੇਪੇ ਦੀਆਂ ਹੋਰ ਕਮਜ਼ੋਰੀਆਂ ਨਾਲ ਹੀ ਹਨ, ਪਰ ਮੈਂ ਪਰਮਾਤਮਾ ਵਿਚ ਤੇ ਗੁਰੂ ਵਿਚ ਵਿਸ਼ਵਾਸ ਰੱਖਣ ਵਾਲਾ ਹਾਂ, ਯਕੀਨ ਹੈ ਕਿ ਗੁਰੂ ਮੇਰੀ ਸਹਾਇਤਾ ਕਰੇਗਾ ।

ਮੇਰਾ ਆਸ਼ਾ ਇਥੇ ਕੋਈ ਮੁਸਤਨਦ ਦਸਤਾਵੇਜ਼ ਪੇਸ਼ ਕਰਨਾ ਨਹੀਂ, ਨਾ ਹੀ ਮੈਂ ਇਥੇ ਅੰਕੜੇ ਪੇਸ਼ ਕਰਨੇ ਹਨ, ਨਾ ਹੀ ਗੰਜੀ ਬਾਰ ਦਾ ਇਤਿਹਾਸ ਲਿਖਣਾ ਹੈ । ਮੈਂ ਸਿਰਫ਼ ਇਹ ਦੱਸਣਾ ਹੈ ਕਿ ਇਹ ਬਾਰ ਆਬਾਦ ਕਰਦਿਆਂ ਸਾਡਿਆਂ ਬਜ਼ੁਰਗਾਂ ਕੀ-ਕੀ ਜਫ਼ਰ ਜਾਲੇ । ਗੰਜੀ ਬਾਰ ਦੇ ਕਲਚਰ ਨਾਲ ਜਾਣ-ਪਛਾਣ ਕਰਾਉਣ ਦਾ ਯਤਨ ਕੀਤਾ ਜਾਏਗਾ ਤੇ ਅੰਤ ਵਿਚ ਇਹ ਦੱਸਣ ਦਾ ਜੇਰਾ ਕਰਾਂਗਾ ਕਿ ਇਹ ਬਾਰ ਕਿੰਝ ਉਜੜੀ । ਮੇਰੀ ਪਹੁੰਚ ਕੁਝ ਜਜ਼ਬਾਤੀ ਹੋਵੇਗੀ, ਇਹ ਮੇਰੀ ਮਜਬੂਰੀ ਹੈ, ਮੈਂ ਆਪਣੇ ਸਿਰ ਬੀਤੀ ਕਥਾ ਸੁਣਾ ਰਿਹਾ ਹਾਂ, ਪਰ ਇਥੇ ਕੋਈ ਗੱਲ ਵਧਾ-ਚੜ੍ਹਾ ਕੇ ਦੱਸਣ ਦਾ ਯਤਨ ਨਹੀਂ ਕੀਤਾ ਗਿਆ । ਜਿਹੜੇ ਪਾਠਕ ਗੰਜੀ ਬਾਰ ਛੱਡ ਕੇ ਆਏ ਹਨ, ਉਹ ਮੇਰੀ ਸ਼ਾਹਦੀ ਭਰਨਗੇ ।

ਅੰਤ ਵਿਚ ਮੈਂ ਬਾਰਾਂ ਤੋਂ ਆਏ ਬਜ਼ੁਰਗਾਂ ਨੂੰ ਅਪੀਲ ਕਰਦਾ ਹਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸ ਜਾਓ, ਯਾਦ ਕਰਵਾ ਜਾਓ ਕਿ ਬਾਰਾਂ ਤੁਹਾਡੇ ਵਡੇਰਿਆਂ ਨੇ ਵਸਾਈਆਂ ਸਨ । ਸਾਥੋਂ ਬਾਰਾਂ ਹੀ ਨਹੀਂ ਖੁੱਸੀਆਂ, ਸਾਡੀ ਅੱਣਖ ਖੁੱਸੀ ਹੈ, ਸਾਡਾ ਵਿਰਸਾ ਖੁੱਸਾ ਹੈ, ਸਾਡਾ ਬਾਰਾਂ ਵਾਲਾ ਸਭਿਆਚਾਰ ਖੁੱਸਾ ਹੈ (ਜੋ ਏਧਰ ਆ ਕੇ ਕਿਤੇ ਵੀ ਦੁਬਾਰਾ ਉਸਰ ਨਹੀਂ ਸਕਿਆ) ਤੇ ਸਾਡੇ ਸੁਰਗ ਖੁੱਸੇ ਹਨ ।

ਪੰਜਾਬ ਦੀਆਂ ਬਾਰਾਂ

ਬਾਰਾਂ ਬਾਰੇ ਲਿਖਣ ਤੋਂ ਪਹਿਲਾਂ ਸ਼ਬਦ ‘ਬਾਰ’ ਦੇ ਅਰਥ ਸਪੱਸ਼ਟ ਕਰਨ ਦੀ ਲੋੜ ਜਾਪਦੀ ਹੈ, ਕਿਉਂਕਿ ਆਮ ਪੰਜਾਬੀਆਂ ਨੂੰ ਇਸ ਸ਼ਬਦ ਦੇ ਮੂਲ ਅਰਥਾਂ ਬਾਰੇ ਕੁਝ ਭੁਲੇਖਾ ਹੈ। ‘ਬਾਰ’ ਦੇ ਮੁੱਢਲੇ ਅਰਥ ਹਨ, ‘ਗ਼ੈਰਆਬਾਦ ਜੰਗਲੀ ਇਲਾਕਾ' । ਮੁਲਤਾਨੀ ਬੋਲੀ ਵਿੱਚ ਅੱਜ ਵੀ ਸ਼ਬਦ ‘ਬਾਰ’ ਇਹਨਾਂ ਹੀ ਅਰਥਾਂ ਵਿਚ ਵਰਤਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਬਾਰਹਮਾਹਾ, ਤੁਖਾਰੀ ਵਿਚ ਉਚਾਰਿਆ ਹੈ :

ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥
ਬਨ ਫੂਲੇ ਮੰਝ ਬਾਰਿ ਮੈਂ ਪਿਰੁ ਘਰਿ ਬਾਹੁੜੇ । (ਪੰਨਾ ੧੧੦੮)

ਇੱਥੇ ਵੀ ਸ਼ਬਦ ‘ਬਾਰਿ' ਜੰਗਲ ਦੇ ਅਰਥਾਂ ਵਿਚ ਹੀ ਵਰਤਿਆ ਗਿਆ ਹੈ ।

ਜਦੋਂ ਅੰਗਰੇਜ਼ਾਂ ਨੇ ਨਹਿਰਾਂ ਕੱਢ ਕੇ ਇਹਨਾਂ ਜੰਗਲਾਂ ਨੂੰ ਆਬਾਦ ਕੀਤਾ ਤਾਂ ਸਭ ਤੋਂ ਵੱਧ ਜ਼ਮੀਨ ਅਲਾਟ ਕੀਤੀ ਮਾਝੇ, ਮਾਲਵੇ, ਦੁਆਬੇ ਦੇ ਸਿੱਖ ਕਾਸ਼ਤਕਾਰਾਂ ਨੂੰ । ਜ਼ਿਲ੍ਹਾ ਗੁੱਜਰਾਂਵਾਲਾ, ਸਿਆਲਕੋਟ ਤੇ ਪੁਰਾਣੇ ਜ਼ਿਲ੍ਹਾ ਅੰਬਾਲਾ ਦੇ ਵੀ ਕਾਫ਼ੀ ਸਿੱਖਾਂ ਨੂੰ ਬਾਰਾਂ ਵਿਚ ਜ਼ਮੀਨ ਮਿਲੀ । ਕੁਝ ਪਿੰਡ ਜ਼ਿਲ੍ਹਾ ਗੁਜਰਾਤ ਦੇ ਜ਼ਿਮੀਂਦਾਰ ਸਿੱਖਾਂ ਦੇ ਵੀ ਸਨ । ਸਾਂਦਲਬਾਰ ਦੇ ਵਸਨੀਕ ਪ੍ਰੋ. ਸ਼ੇਰ ਸਿੰਘ ਸ਼ੇਰ ਦਾ ਅਨੁਮਾਨ ਹੈ ਇਸ ਬਾਰ ਵਿਚ ਨਵੀਂ ਆਬਾਦ ਹੋਈ ਹੈ ਜ਼ਮੀਨ ਦਾ 70 ਤੋਂ 75% ਹਿੱਸਾ ਸਿੱਖ, ਕਾਸ਼ਤਕਾਰਾਂ ਨੂੰ ਅਲਾਟ ਹੋਇਆ । ਗੰਜੀਬਾਰ ਤੇ ਨੀਲੀਬਾਰ ਵਿਚ ਵੀ ਤਕਰੀਬਨ 70 ਫੀ ਸਦੀ ਜ਼ਮੀਨ ਸਿੱਖਾਂ ਨੂੰ ਮਿਲੀ। ਇਹਨਾਂ ਵਿਚੋਂ ਕਿਸੇ ਵੀ ਇਲਾਕੇ ਵਿਚ ਸਿੱਖਾਂ ਦੀ ਆਬਾਦੀ 19 ਫੀ ਸਦੀ ਤੋਂ ਵੱਧ ਨਹੀਂ ਸੀ। ਇਹ ਬਾਰਾਂ ਆਬਾਦ ਹੋ ਗਈਆਂ । ਜੰਗਲ ਵੱਢ ਕੇ ਸਾਫ਼ ਕਰ ਦਿੱਤੇ ਗਏ; ਪਰ ਇਹਨਾਂ ਇਲਾਕਿਆਂ ਦਾ ਨਾਮ ‘ਬਾਰਾਂ’ ਹੀ ਰਿਹਾ । ਇੰਞ ਸ਼ਬਦ ‘ਬਾਰ’ ਦੇ ਅਰਥਾਂ ਵਿਚ ਵਿਸਤਾਰ ਹੋ ਗਿਆ—'ਨਵੀਂ ਵੱਸੀ ਨਹਿਰੀ ਕਾਲੋਨੀ ।'

ਪੰਜਾਬ ਦੀਆਂ ਮਸ਼ਹੂਰ ਬਾਰਾਂ ਚਾਰ ਸਨ—ਸਾਂਦਲ ਬਾਰ, ਕਿੜਾਣਾ ਬਾਰ, ਗੰਜੀਬਾਰ ਤੇ ਨੀਲੀ ਬਾਰ । ਸਭ ਤੋਂ ਪ੍ਰਸਿੱਧ ਸੀ ਸਾਂਦਲ ਬਾਰ, ਜਿਸ ਵਿਚ ਜ਼ਿਲ੍ਹਾ ਲਾਇਲਪੁਰ (ਹੁਣ ਫ਼ੈਸਲਾਬਾਦ) ਆਉਂਦਾ ਸੀ, ਕਾਫ਼ੀ ਇਲਾਕਾ ਜ਼ਿਲ੍ਹਾ ਸ਼ੇਖੂਪੁਰਾ ਦਾ ਤੇ ਕੁਝ ਹਿੱਸਾ ਝੰਗ ਦਾ ਵੀ ਆਉਂਦਾ ਸੀ। ਇਹ ਬਾਰ ਦਰਿਆ ਰਾਵੀ ਤੇ ਝਨਾਂ ਦੇ ਵਿਚਾਲੇ ਪੈਂਦੀ ਹੈ; ਇਹ ਇਲਾਕਾ ‘ਰਚਨਾ ਦੁਆਬ’ ਦਾ ਦੱਖਣੀ ਹਿੱਸਾ ਹੈ । ਲਾਇਲਪੁਰ ਸਿੱਖਾਂ ਦਾ ਗੜ੍ਹ ਸੀ ।

ਦੇਸ਼ ਦੀ ਵੰਡ ਤੋਂ ਪਹਿਲਾਂ ਪੰਜਾਬ ਵਿਚ ਸਿਰਫ਼ ਤਿੰਨ ਖਾਲਸਾ ਕਾਲਜ ਸਨ ਖਾਲਸਾ ਕਾਲਜ ਅੰਮ੍ਰਿਤਸਰ, ਖਾਲਸਾ ਕਾਲਜ ਗੁੱਜਰਾਂਵਾਲਾ ਤੇ ਖਾਲਸਾ ਕਾਲਜ ਲਾਇਲਪੁਰ । ਇਸ ਬਾਰ ਦੇ ਸਿੱਖ ਬੜੇ ਅਸਰ-ਰਸੂਖ ਵਾਲੇ, ਜਵ੍ਹੇ ਵਾਲੇ, ਕੁਰਬਾਨੀ ਦੇ ਜਜ਼ਬੇ ਵਾਲੇ ਤੇ ਪੜ੍ਹੇ-ਲਿਖੇ ਸਨ । ਨਨਕਾਣਾ ਸਾਹਿਬ ਦੇ ਸ਼ਹੀਦੀ ਜੱਥੇ ਦਾ ਜਥੇਦਾਰ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ, ਸਰਦਾਰ ਤੇਜਾ ਸਿੰਘ ਸਮੁੰਦਰੀ, ਜਥੇਦਾਰ ਕਰਤਾਰ ਸਿੰਘ ਝੱਬਰ, ਸ਼ਹੀਦ ਸਰਦਾਰ ਭਗਤ ਸਿੰਘ ਤੇ ਉਹਨਾਂ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਸਭ ਸਾਂਦਲ ਬਾਰ ਦੇ ਵਸਨੀਕ ਸਨ। ਇਹ ਬਾਰ ਪਿਛਲੀ ਸਦੀ ਦੇ ਅਖੀਰੀ ਦਹਾਕੇ ਵਿਚ ਆਬਾਦ ਹੋਈ । ਇਸ ਨੂੰ ਨਹਿਰ ‘ਲੋਇਰ ਚਨਾਬ' ਦਾ ਪਾਣੀ ਪੈਂਦਾ ਸੀ । ਜਦੋਂ ਇਹ ਕਿਤਾਬ 'ਪੰਜਾਬੀ ਟ੍ਰਿਬਿਊਨ' ਵਿਚ ਲੜੀਵਾਰ ਛਪੀ, ਉਦੋਂ ਮੈਂ ‘ਸਾਂਦਲਬਾਰ' ਦੇ ਨਾਮ ਬਾਰੇ ਕੋਈ ਤਸੱਲੀਬਖ਼ਸ਼ ਜਾਣਕਾਰੀ ਨਹੀਂ ਸਾਂ ਦੇ ਸਕਿਆ। ਇਸ ਸੰਬੰਧ ਵਿਚ ਡਾ. ਸਰਬਜੀਤ ਸਿੰਘ ਘੁੰਮਣ ਦਾ ਪੱਤਰ ਵੀ ਪੰਜਾਬੀ ਟ੍ਰਿਬਿਊਨ 2-3-93 ਵਿਚ ਛਪਿਆ ਜਿਸ ਵਿਚ ਡਾ. ਸਾਹਿਬ ਨੇ ਅਹਿਮਦ ਸਲੀਮ ਦੀ ਪੁਸਤਕ 'ਲੋਕ-ਵਾਰਾਂ' ਦੇ ਹਵਾਲੇ ਨਾਲ ਦੱਸਿਆ ਹੈ ਕਿ ਸਾਂਦਲ ਦੁੱਲੇ ਭੱਟੀ ਦੇ ਬਾਪ ਦਾ ਨਾਮ ਸੀ, ਜਿਸ ਤੋਂ ਇਸ ਬਾਰ ਦਾ ਨਾਮ ‘ਸਾਂਦਲ ਬਾਰ' ਪਿਆ । ਇਹ ਸੁਝਾ ਮੰਨਣ ਯੋਗ ਨਹੀਂ, ‘ਸਾਂਦਲ ਬਾਰ’ ਦੁੱਲੇ ਦੇ ਸਮੇਂ ਤੋਂ ਕਾਫ਼ੀ ਪਹਿਲਾਂ ਦਾ ਨਾਮ ਹੈ । ਹੁਣ ਤੱਕ ਮੈਨੂੰ ਇਸ ਬਾਰੇ ਕਾਫ਼ੀ ਜਾਣਕਾਰੀ ਵੀ ਮਿਲ ਚੁਕੀ ਹੈ, ਜਿਸ ਲਈ ਮੈਂ ਸਰਦਾਰ ਭਗਵੰਤ ਸਿੰਘ ਆਜ਼ਾਦ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ‘ਸਾਂਦਲ ਬਾਰ' ਉੱਤੇ ਕਿਤਾਬ ਲਿਖੀ ਹੈ, ਜੋ ਹੁਣ ਤੱਕ ਛਪ ਚੁੱਕੀ ਹੈ। ਬਾਰ ਦੇ ਨਾਮ ਬਾਰੇ ਉਹਨਾਂ ਨੇ ਕਾਫ਼ੀ ਸਮੱਗਰੀ ਇਕੱਤਰ ਕੀਤੀ ਹੈ, ਮੈਂ ਉਸ ਵਿਚੋਂ ਸਿਰਫ਼ ਦੋ ਸੁਝਾ ਇੱਥੇ ਪੇਸ਼ ਕਰਦਾ ਹਾਂ :

1. ਇਹ ਨਾਮ ਇਸ ਜੰਗਲ ਵਿਚ ਵਿਚਰਨ ਵਾਲੇ ਪੁਰਾਣੇ ਸਮੇਂ ਦੇ ਰਿਸ਼ੀ ਦੇ ਨਾਮ ਤੋਂ ਪਿਆ । ਸੰਸਕ੍ਰਿਤ ਸਾਹਿਤ ਵਿਚ ਇਸ ਰਿਸ਼ੀ ਦਾ ਨਾਮ ‘ਸ਼ਾਂਡਿਲਯ’ ਮਿਲਦਾ ਹੈ, ਜੋ ਪੰਜਾਬੀ ਵਿਚ (ਸਗੋਂ ਅਪਭ੍ਰੰਸ਼ਾਂ ਤੇ ਪ੍ਰਾਕ੍ਰਿਤ ਵਿਚ ਹੀ) ‘ਸਾਂਦਲ' ਬਣ ਗਿਆ (ਇਹ ਵਿਕਾਸ ਭਾਸ਼ਾ-ਵਿਗਿਆਨ ਦੇ ਨਿਯਮਾਂ ਅਨੁਸਾਰ ਬਿਲਕੁਲ ਠੀਕ ਹੈ) । ਇਹ ਰਾਏ ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼' ਵਿਚ ਦਿੱਤੀ ਹੈ—'ਸਾਂਦਲ ਬਾਰ’ ਦੇ ਅੰਦਰਾਜ ਅਧੀਨ। ਭਾਈ ਕਾਨ੍ਹ ਸਿੰਘ ਕੱਚੀ-ਪਿੱਲੀ ਜਾਣਕਾਰੀ ਦੇ ਆਧਾਰ ਤੇ ਲਿਖਣ ਵਾਲੇ ਵਿਦਵਾਨ ਨਹੀਂ ਸਨ- ਇਸ ਦਾ ਉਹਨਾਂ ਕੋਲ ਜ਼ਰੂਰੀ ਕੋਈ ਵਿਸ਼ਵਾਸਯੋਗ ਪ੍ਰਮਾਣ ਹੋਵੇਗਾ ।

2. ਸ. ਭਗਵੰਤ ਸਿੰਘ ਆਜ਼ਾਦ ਨੇ ਹੋਰ ਦੋ ਸ੍ਰੋਤਾਂ ਤੋਂ ਇਸ ਬਾਰ ਦਾ ਪੁਰਾਣਾ ਨਾਮ ‘ਸਾਂਧੜ ਬਾਰ' ਲੱਭਾ ਹੈ । ਬਾਬਾ ਮਿਹਰਬਾਨ ਵਾਲੀ ਜਨਮਸਾਖੀ ਵਿਚ ਵੀ ਇਸ ਬਾਰ ਦਾ ਨਾਮ ‘ਸਿੱਧੜ ਬਾਰ’ ਆਇਆ ਹੈ। ‘ਸਾਂਧੜ’ ਪੁਰਾਣੇ ਸਮੇਂ ਦਾ ਇਕ ਮਸ਼ਹੂਰ ਧਾੜਵੀ ਸੀ, ਅੱਜ ਕੱਲ ਦੇ ਇਲਾਕਾ ਸਾਂਗਲਾ ਵਿਚ ਰਹਿੰਦਾ ਸੀ । ਇਸੇ ਦੇ ਨਾਮ ਤੇ ਬਾਰ ਦਾ ਨਾਮ ‘ਸਾਂਧੜ ਬਾਰੱ ਪਿਆ, ਜੋ ਵਿਕਾਸ ਦੀਆਂ ਕਈਆਂ ਅਵੱਸਥਾਵਾਂ ਵਿਚੋਂ ਦੀ ਲੰਘ ਕੇ ‘ਸਾਂਦਲ' ਹੋ ਗਿਆ ।

ਉਪਰੋਕਤ ਦੋਹਾਂ ਸੁਝਾਵਾਂ ਵਿਚੋਂ ਕੋਈ ਵੀ ਠੀਕ ਹੋ ਸਕਦਾ ਹੈ ।

ਕਿੜਾਣਾ ਬਾਰ ਵਿਚ ਜ਼ਿਲ੍ਹਾ ਸਰਗੋਧਾ ਦਾ ਇਲਾਕਾ ਆਂਉਂਦਾ ਸੀ, ਜਿਸ ਦਾ ਪੁਰਾਣਾ ਨਾਂ ਸ਼ਾਹਪੁਰ ਸੀ ਤੇ ਸ਼ਾਇਦ ਹੁਣ ਵੀ ਸ਼ਾਹਪੁਰ ਬਣਾ ਦਿੱਤਾ ਗਿਆ ਹੈ। ਇਹ ਬਾਰ ਦਰਿਆ ਝਨਾਂ ਤੇ ਜਿਹਲਮ ਦੇ ਵਿਚਾਲੇ ਪੈਂਦੀ ਸੀ ਅਤੇ ‘ਚੱਜ ਦੁਆਬ' ਦਾ ਇਕ ਹਿੱਸਾ ਸੀ । 'ਕਿੜਾਣਾ' ਇਕ ਪਹਾੜੀ ਦਾ ਨਾਮ ਸੀ, ਜਿਸ ਤੋਂ ਇਸ ਬਾਰ ਦਾ ਨਾਮ ‘ਕਿੜਾਣਾ ਬਾਰ’ ਪਿਆ । ਇਸ ਬਾਰ ਵਿਚ ਵਧੇਰੇ ਘੋੜੀ-ਪਾਲ ਮੁਰੱਬੇ ਦਿੱਤੋਂ ਗਏ ਸਨ । ਫ਼ੌਜ ਦੇ ਰਿਸਾਲਿਆਂ ਵਾਸਤੇ ਚੰਗੀ ਨਸਲ ਦੇ ਘੋੜਿਆਂ ਦੀ ਲੋੜ ਸੀ । ਇਕ ਜ਼ਿੰਮੀਦਾਰ ਨੂੰ ਦੋ ਮੁਰੱਬੇ ਦਿੱਤੇ ਜਾਂਦੇ ਸਨ ਤੇ ਨਾਲ ਉਸ ਨੂੰ ਇਕ ਘੋੜੀ ਰੱਖਣੀ ਪੈਂਦੀ ਸੀ, ਜੋ ਘੋੜੀ-ਪਾਲ ਮਹਿਕਮੇ ਦੇ ਅਫ਼ਸਰ ਖ਼ਰੀਦ ਕੇ ਦਿੰਦੇ ਸਨ, ਕੀਮਤ ਜ਼ਿੰਮੀਦਾਰ ਨੂੰ ਦੇਣੀ ਪੈਂਦੀ ਸੀ । ਇਹਨਾਂ ਘੋੜੀਆਂ ਦੀ ਸੰਭਾਲ ਤੇ ਪਰਵਰਿਸ਼ ਲਈ ਉਚੇਚੇ ਯਤਨ ਕਰਨੇ ਪੈਂਦੇ ਸਨ । ਇਹਨਾਂ ਨੂੰ ਸਰਕਾਰੀ ਅਸਤਬਲਾਂ ਵਿਚ ਰੱਖੇ ਘੋੜਿਆਂ ਤੋਂ ਮਿਲਾਇਆ ਜਾਂਦਾ ਸੀ । ਜਦੋਂ ਬੱਚਾ ਸਵਾਰੀ ਯੋਗ ਹੋ ਜਾਵੇ, ਇਸ ਨੂੰ ਸਰਕਾਰ ਖ਼ਰੀਦ ਲੈਂਦੀ ਸੀ; ਕੀਮਤ ਮੁਨਾਸਿਬ ਦਿੱਤੀ ਜਾਂਦੀ ਸੀ । ਇਹਨਾਂ ਘੋੜੀਆਂ ਦਾ ਸਮੇਂ-ਸਮੇਂ ਮੁਆਇਨਾ ਹੁੰਦਾ ਰਹਿੰਦਾ ਸੀ । ਜਿਸ ਜ਼ਿੰਮੀਦਾਰ ਦੀ ਘੋੜੀ ਦੀ ਦੋ ਜਾਂ ਤਿੰਨ ਵਾਰ ਟੁਕਾਈ ਹੋ ਜਾਵੇ, ਉਸ ਦੇ ਮੁਰੱਬੇ ਜ਼ਬਤ ਹੋ ਜਾਂਦੇ ਸਨ । ਮੁਰੱਬੇ ਦਾ ਕਿਉਂਕਿ ਘੋੜੀ ਨਾਲ ਸੰਬੰਧ ਸੀ ਤੇ ਘੋੜੀ ਸਿਰਫ਼ ਇਕ ਆਦਮੀ ਦੀ ਮਲਕੀਅਤ ਹੀ ਹੋ ਸਕਦੀ ਸੀ, ਇਸ ਲਈ ਪਿਉ ਦੀ ਮੌਤ ਪਿੱਛੋਂ ਘੋੜੀ ਤੇ ਮੁਰੱਬੇ ਸਿਰਫ਼ ਵੱਡੇ ਪੁੱਤਰ ਨੂੰ ਮਿਲਦੇ ਸਨ। ਇਹ ਸਿਲਸਿਲਾ ਦੂਜੇ ਸੰਸਾਰ ਯੁੱਧ ਤਕ ਜਾਰੀ ਰਿਹਾ । ਦੂਜੀ ਵੱਡੀ ਜੰਗ ਵਿਚ ਰਿਸਾਲੇ ਖ਼ਤਮ ਕਰਕੇ ਉਹਨਾਂ ਨੂੰ ਟੈਂਕ-ਰੈਜਮੈਂਟਾਂ ਵਿਚ ਬਦਲ ਦਿੱਤਾ ਗਿਆ । ਸੋ ਹੁਣ ਘੋੜੀਆਂ ਦੀ ਲੋੜ ਨਾ ਰਹਿ ਗਈ, ਪਰ ਮੁਰੱਬੇ ਮਾਲਕਾਂ ਨੂੰ ਪੱਕੇ ਕਰ ਦਿੱਤੇ ਗਏ । ਇਹ ਬਾਰ ਇਸ ਸਦੀ ਦੇ ਪਹਿਲੇ ਦਹਾਕੇ ਵਿਚ ਲਾਇਲਪੁਰ ਵਾਲੀ ਬਾਰ ਤੋਂ ਕੁਝ ਪਿੱਛੋਂ ਆਬਾਦ ਹੋਈ । ਇਹ ਨਹਿਰ ਲੋਇਰ ਜਿਹਲਮ ਨਾਲ ਸੈਰਾਬ ਹੁੰਦੀ ਸੀ ।

ਗੰਜੀ ਬਾਰ ਤੇ ਨੀਲੀ ਬਾਰ ਦੋਵੇਂ ‘ਬਾਰੀ ਦੁਆਬ' ਅਰਥਾਤ ਬਿਆਸ ਤੇ ਰਾਵੀ ਦੇ ਵਿਚਾਲੇ ਦੇ ਦੱਖਣੀ ਹਿੱਸੇ ਵਿਚ ਆਉਂਦੀਆਂ ਸਨ—ਜ਼ਿਲ੍ਹਾ ਮਿੰਟਗੁਮਰੀ (ਹੁਣ ਸਾਹੀਵਾਲ) ਤੇ ਮੁਲਤਾਨ ਵਿਚ । ਗੰਜੀ ਬਾਰ ਇਸ ਇਲਾਕੇ ਦੇ ਪੱਛਮੀ ਹਿੱਸੇ ਦਾ ਨਾਮ ਸੀ, ਇਹ ਹਿੱਸਾ ਨਹਿਰ ‘ਲੋਇਰ ਬਾਰੀ ਦੁਆਬ' ਨਾਲ ਆਬਾਦ ਹੋਇਆ ਸੀ । ਇਹ ਨਹਿਰ ਉਸ ਸਮੇਂ ਮੁਤਾਬਕ, ਅੰਗਰੇਜ਼ ਹੁਕਮਰਾਨਾਂ ਦੀ ਇਕ ਕਰਾਮਾਤ ਸੀ । ਰਾਵੀ ਦਾ ਪਾਣੀ ਮਾਧੋਪੁਰ ਤੋਂ ਕੱਢੀ ਨਹਿਰ ‘ਅੱਪਰ ਬਾਰੀ ਦੁਆਬ' ਨੇ ਖਿੱਚ ਲਿਆ ਸੀ ਅਤੇ ਦਰਿਆ ਵਿਚ ਏਨਾ - ਪਾਣੀ ਨਹੀਂ ਸੀ, ਜਿਸ ਨਾਲ ਇਕ ਹੋਰ ਨਹਿਰ ਨੂੰ ਸਾਰਾ ਸਾਲ ਪਾਣੀ ਮਿਲ ਸਕਦਾ । ਇਸ ਲਈ ਦਰਿਆ ਜਿਹਲਮ ਵਿਚੋਂ ਨਹਿਰ ਕੱਢ ਕੇ ਉਸ ਦਾ ਪਾਣੀ ਝਨਾਂ ਵਿਚ ਸੁੱਟਿਆ ਗਿਆ, ਝਨਾਂ ਵਿਚੋਂ ਨਹਿਰ ਕੱਢ ਕੇ ਰਾਵੀ ਵਿਚ ਸੁੱਟੀ ਗਈ ਤੇ ਰਾਵੀ ਵਿਚੋਂ ‘ਬੱਲੋਕੀ’ (ਜ਼ਿਲ੍ਹਾ ਲਾਹੌਰ) ਦੇ ਸਥਾਨ ਤੋਂ ‘ਲੋਇਰ ਬਾਰੀ ਦੁਆਬ' ਨਹਿਰ ਕੱਢੀ ਗਈ, ਜਿਸ ਨਾਲ ਗੰਜੀ ਬਾਰ ਆਬਾਦ ਹੋਈ । ਇਹ ਸਾਰਾ ਪ੍ਰਾਜੈਕਟ 1902-3 ਵਿਚ ਉਲੀਕਿਆ ਗਿਆ, ਪਰ ਗੰਜੀ ਬਾਰ 1914 ਤੋਂ 1922-23 ਤਕ ਦੇ ਸਮੇਂ ਵਿਚ ਆਬਾਦ ਹੋਈ । ਇੰਝ ਗੰਜੀ ਬਾਰ ਅਸਲ ਵਿਚ ਤਿੰਨਾਂ ਦਰਿਆਵਾਂ ਦੇ ਪਾਣੀਆਂ ਤੇ ਪਲਦੀ ਸੀ ।

‘ਨੀਲੀ ਬਾਰ’ ਜ਼ਿਲ੍ਹਾ ਮਿੰਟਗੁਮਰੀ, ਮੁਲਤਾਨ ਦੇ ਪੂਰਬੀ ਭਾਗ ਦਾ ਨਾਮ ਹੈ, ਜਿਸ ਇਲਾਕੇ ਦੀ ਢਲਾਨ ਦਰਿਆ ਸਤਲੁਜ-ਬਿਆਸ ਵੱਲ ਨੂੰ ਹੈ। ਇਹ ਬਾਰ ਫ਼ਾਜ਼ਿਲਕਾ ਲਾਗਿਓਂ, ਸੁਲੇਮਾਨਕੀ ਦੇ ਮੁਕਾਮ ਤੋਂ ਸਤਲੁਜ-ਬਿਆਸ ਦੇ ਸਾਂਝੇ ਵਹਿਣ ਵਿਚੋਂ ਕੱਢੀ ਨਹਿਰ ਨਾਲ ਆਬਾਦ ਹੋਈ । ਇਹ ਸਭ ਤੋਂ ਪਿੱਛੋਂ ਆਬਾਦ ਹੋਣ ਵਾਲੀ ਬਾਰ ਹੈ, ਜੋ ਇਸ ਸਦੀ ਦੇ ਤੀਜੇ, ਚੌਥੇ ਦਹਾਕੇ ਵਿਚ ਵੱਸੀ । ਇਸ ਦਾ ਨਾਮ ਵੀ ਨਵਾਂ ਹੈ । ਸਾਂਦਲ ਬਾਰ ਗੰਜੀ ਬਾਰ, ਕਿੜਾਣਾ ਬਾਰ ਦੇ ਨਾਮ ਪੁਰਾਣੇ ਫ਼ਾਰਸੀ ਸਾਹਿਤ ਵਿਚ ਮਿਲਦੇ ਹਨ, ਪਰ ਨੀਲੀ ਬਾਰ ਦਾ ਜ਼ਿਕਰ ਨਹੀਂ । ਇਸ ਦਾ ਨਾਮ ‘ਨੀਲੀ ਬਾਰ' ਹੋਣ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਦਰਿਆ ਸਤਲੁਜ ਦਾ ਪਾਣੀ ਸਾਫ਼ ਹੈ, ਇਸ ਵਿਚ ਗਾਰ (ਰੇਤ, ਮਿੱਟੀ ਆਦਿ) ਦੀ ਮਿਲਾਵਟ ਬਹੁਤ ਘੱਟ ਹੁੰਦੀ ਹੈ। ਇਸ ਲਈ ਦਰਿਆ ਦਾ ਅਤੇ ਇਸ ਵਿਚੋਂ ਨਿਕਲੀ ਨਹਿਰ ਦਾ ਪਾਣੀ ਨੀਲੀ ਭਾਹ ਮਾਰਦਾ ਹੈ, ਜਿਸ ਤੋਂ ਇਸ ਦਾ ਨਾਮ ਨੀਲੀ ਬਾਰ ਹੋ ਗਿਆ। ਜੇ ਇਸ ਦਾ ਕੋਈ ਹੋਰ ਕਾਰਨ ਹੈ ਤਾਂ ਇਸ ਦਾ ਮੈਨੂੰ ਪੂਰਾ ਗਿਆਨ ਨਹੀਂ ।

ਇਹਨਾਂ ਤੋਂ ਇਲਾਵਾ ਇਕ ਹੋਰ ਛੋਟੀ ਜਿਹੀ ਬਾਰ ਸੀ, ਜੋ ਜ਼ਿਲ੍ਹਾ ਮੁਲਤਾਨ ਦੀਆਂ ਦੋਂਹ ਤਸੀਲਾਂ ਤਕ ਹੀ ਸੀਮਤ ਸੀ । ਇਸ ਬਾਰ ਦਾ ਕੋਈ ਖਾਸ ਨਾਮ ਨਹੀਂ ਸੀ, ਪਰ ਇਹ ‘ਸਿਧਨੈ’ ਨਾਮ ਦੀ ਨਹਿਰ ਨਾਲ ਸੈਰਾਬ ਹੁੰਦੀ ਸੀ । ਇਸ ਵਿਚ ਮੁਰੱਬੇ ਨਹੀਂ ‘ਕਿਤ੍ਹੇ' ਅਲਾਟ ਕੀਤੇ ਗਏ ਸਨ । ਇਕ ਕਿਤ੍ਹੇ ਵਿਚ ਤਕਰੀਬਨ 95 ਏਕੜ ਜ਼ਮੀਨ ਹੁੰਦੀ ਸੀ । ‘ਸਿਧਨੈ’ ਕਿਉਂਕਿ ਛਿਮਾਹੀ ਨਹਿਰ ਸੀ, ਇਸ ਲਈ ਹਰ ਕਿਤੇ ਵਿਚ ਇਕ ਖੂਹ ਵੀ ਲਾਉਣਾ ਪੈਂਦਾ ਸੀ। ਇਹ ਬਾਰ ਪਿਛਲੀ ਸਦੀ ਦੇ ਅਖੀਰੀ ਦਹਾਕੇ ਵਿਚ ਵੱਸੀ । ਇਸ ਇਲਾਕੇ ਵਿਚ ਜ਼ਿਲ੍ਹਾ ਲਾਹੌਰ ਦੇ ਦੱਖਣੀ ਹਿੱਸੇ ਦੇ ਸਿੱਖ ਜ਼ਿੰਮੀਦਾਰ ਆਬਾਦ ਕੀਤੇ ਗਏ । ਭਾਵੇਂ ਇਹਨਾਂ ਦੇ ਪਿੰਡ ਬਹੁਤ ਥੋੜ੍ਹੇ ਜਿਹੇ ਸਨ—ਸਿਰਫ਼ ਚੌਦਾਂ, ਪੰਦਰਾਂ, ਪਰ ਇਹ ਬੜੇ ਦਬਦਬੇ ਵਾਲੇ ਸਿੱਖ ਸਨ। ਚਾਰ-ਚੁਫੇਰੇ ਉਸੇ ਇਲਾਕੇ ਦੇ ਪੁਰਾਣੇ, ਵਸਨੀਕ ਮੁਸਲਮਾਨ ਵੱਸੇ ਹੋਏ ਸਨ, ਪਰ ਇਹਨਾਂ ਸਿੱਖਾਂ ਨੇ ਆਪਣਾ ਚੰਗਾ ਰੋਹਬ-ਦਾਬ ਬਣਾਇਆ ਹੋਇਆ ਸੀ। ‘ਖਾਲਸਾ ਹਾਈ ਸਕੂਲ, ਖਾਨੇਵਾਲ' ਜਿਥੋਂ ਮੈਂ ਮੈਟਰਿਕ ਪਾਸ ਕੀਤਾ, ਪਹਿਲਾਂ ਇਸੇ ਇਲਾਕੇ ਦੇ ਪਿੰਡ ‘ਜਵੰਦ ਸਿੰਘ ਵਾਲਾ’ (ਪੰਜ ਕੱਸੀ) ਵਿਚ ਖੁੱਲ੍ਹਾ ਸੀ, ਪਿੱਛੋਂ ਗੰਜੀ ਬਾਰ ਆਬਾਦ ਹੋਣ ਤੇ ਨਵਾਂ ਸ਼ਹਿਰ ਖਾਨੇਵਾਲ ਵੱਸਿਆ ਅਤੇ ਇਹ ਸਕੂਲ ਵੀ ਓਥੇ ਬਦਲ ਦਿੱਤਾ ਗਿਆ, ਕਿਉਂਕਿ ਖਾਨੇਵਾਲ ਕੇਂਦਰੀ ਸਥਾਨ ਸੀ, ਇਕ ਚੰਗਾ ਕਸਬਾ ਬਣ ਗਿਆ ਸੀ, ਰੇਲਵੇ ਜੰਕਸ਼ਨ ਸੀ। ਸ. ਨਰੈਣ ਸਿੰਘ ਜੋ ਕਾਫ਼ੀ ਸਮੇਂ ਤਕ ਗੁਰਦਵਾਰਾ ਨਨਕਾਣਾ ਸਾਹਿਬ ਦੇ ਮੈਨੇਜਰ ਰਹੇ, ਇਸੇ ਇਲਾਕੇ ਦੇ ਵਸਨੀਕ ਸਨ ਤੇ ਕੁਝ ਸਮੇਂ ਲਈ ਉਹ ਖ਼ਾਲਸਾ ਹਾਈ ਸਕੂਲ ਖਾਨੇਵਾਲ ਦੇ ਹੈੱਡਮਾਸਟਰ ਵੀ ਰਹੇ । ਅਤੇ ਇਸੇ ਸਕੂਲ ਵਿਚ ਕੁਝ ਸਮੇਂ ਲਈ ਫ਼ਾਰਸੀ ਦਾ ਅਧਿਆਪਕ ਰਿਹਾ ਸੀ : ਅਮਰ ਕਵੀ, ਪ੍ਰੋ. ਮੋਹਨ ਸਿੰਘ । ਅੱਜ ਕੱਲ ਇਹ ਸਕੂਲ ਸ਼ਾਹਾਬਾਦ ਮਾਰਕੰਡਾ (ਹਰਿਆਣਾ) ਵਿਚ ਹੈ ।

ਨਹਿਰ ‘ਸਿਧਨੈ’ ਦਾ ਜ਼ਿਕਰ ਆਇਆ ਤਾਂ ਇਸ ਬਾਰੇ ਦੋ ਸ਼ਬਦ ਕਹਿਣ ਦੀ ਵੀ ਲੋੜ ਜਾਪਦੀ ਹੈ । 'ਸਿਧਨੈ' ਅਸਲ ਵਿਚ ਦਰਿਆ ਰਾਵੀ ਦੇ ਕੋਈ ਬਾਰਾਂ, ਤੇਰਾਂ ਮੀਲ ਲੰਮੇ ਹਿੱਸੇ ਦਾ ਨਾਮ ਹੈ, ਜਿਥੇ ਦਰਿਆ ਬਿਲਕੁਲ ਸਿੱਧਾ ਵੱਗਦਾ ਹੈ, ਕਿਨਾਰੇ ਵੀ ਨਹਿਰ ਦੇ ਕੰਢਿਆਂ ਵਾਂਗ ਸਿੱਧੇ ਹਨ। ਹੜ੍ਹ ਆਵੇ ਤਾਂ ਪਾਣੀ ਕੰਢਿਆਂ ਉੱਤੋਂ ਦੀ ਉੱਛਲ ਜਾਂਦਾ ਹੈ, ਪਰ ਕੰਢੇ ਟੁੱਟਦੇ ਨਹੀਂ। ਜਿਥੋਂ ‘ਸਿਧਨੈ’ ਸ਼ੁਰੂ ਹੁੰਦੀ ਹੈ, ਉਥੇ ‘ਸੀਤਾ ਕੁੰਡ' ਨਾਮ ਦਾ ਤੀਰਥ ਅਸਥਾਨ ਬਣਿਆ ਹੋਇਆ ਹੈ । ਇਹ ਸਥਾਨ ਕਸਬਾ ਤਲੁੰਭਾ ਤੋਂ ਕੋਈ ਪੰਜ ਛੇ ਮੀਲ ਪੱਛਮ ਵੱਲ ਹੈ ਅਤੇ ਮੈਂ ਇਹ ਥਾਂ ਵੇਖਿਆ ਹੋਇਆ ਹੈ, ਕਿਉਂਕਿ ਮੈਂ ਸੱਤਵੀਂ, ਅੱਠਵੀਂ ਜਮਾਤ ਮਿਡਲ ਸਕੂਲ ਤਲੁੰਭਾ ਵਿਚੋਂ ਪਾਸ ਕੀਤੀਆਂ ਸਨ । ਜਿਥੇ ਸਿਧਨੈ ਖ਼ਤਮ ਹੁੰਦੀ ਹੈ, ਉਥੇ ਸੱਜੇ ਕਿਨਾਰੇ ਜ਼ਿਲ੍ਹਾ ਝੰਗ ਵਿਚ ‘ਰਾਮ ਚੌਤਰਾ' ਤੇ ਖੱਬੇ ਕੰਢੇ (ਜ਼ਿਲ੍ਹਾ ਮੁਲਤਾਨ ਵਿਚ) ‘ਲਛਮਣ ਚੌਤਰਾ' ਨਾਮ ਦੇ ਦੋ ਤੀਰਥ ਅਸਥਾਨ ਹਨ । ਇਥੇ ਵਿਸਾਖੀ ਦਾ ਮੇਲਾ ਲੱਗਦਾ ਸੀ । ਇਹ ਥਾਂ ਵੀ ਮੈਂ ਵੇਖੇ ਹੋਏ ਹਨ । ਸੀਤਾ ਕੁੰਡ ਤੇ ਰਾਮ ਚੌਤਰੇ ਦੇ ਵਿਚਾਲੇ ਦਰਿਆ ਦੇ ਕੰਢੇ ਇਕ ਮੁਸਲਮਾਨਾਂ ਦਾ ਛੋਟਾ ਜਿਹਾ ਪਿੰਡ ਹੈ, ਜਿਸ ਦਾ ਨਾਮ ‘ਬਗ਼ਦਾਦ ਸ਼ਰੀਫ਼' ਹੈ। ਇਥੇ ਵੀ ਇਕ ਮੁਸਲਮਾਨ ਫ਼ਕੀਰ ਦੀ ਯਾਦ ਵਿਚ ਮੇਲਾ ਲੱਗਦਾ ਹੈ । ਇਹ ਥਾਂ ਵੀ ਮੇਰਾ ਵੇਖਿਆ ਹੋਇਆ ਹੈ ਅਤੇ ਦਰਿਆ ਇੱਥੇ ਵੀ ਠੀਕ ਨਹਿਰ ਵਾਂਗ ਸਿੱਧਾ ਹੈ ਅਤੇ ਕਿਨਾਰੇ ਖੜੇ ਹਨ।

ਇਸ ਕੁਦਰਤ ਦੇ ਅਜੂਬੇ ਦਾ ਬਿਆਨ ਕਰਨ ਵਾਲੀ ਮਿਥਿਹਾਸਿਕ ਕਥਾ ਇੰਝ ਦੱਸੀ ਜਾਂਦੀ ਹੈ । ਬਨਬਾਸ ਦੇ ਦਿਨਾਂ ਵਿਚ ਜਦੋਂ ਸ੍ਰੀ ਰਾਮ ਚੰਦਰ, ਲਛਮਣ ਤੇ ਮਾਤਾ ਸੀਤਾ ਜੀ ਇਥੇ ਪੁੱਜੇ ਤਾਂ ਥਾਂ ਬੜਾ ਰਮਣੀਕ ਜਾਪਿਆ, ਦਰਿਆ ਦਾ ਪਾਣੀ ਸਾਫ਼, ਸੁੱਥਰਾ ਤੇ ਮੌਸਮ ਸੁਹਾਵਣਾ ਸੀ । ਦੋਵੇਂ ਭਰਾ ਸੀਤਾ ਜੀ ਨੂੰ ਇਥੇ ਬੈਠਾ ਕੇ ਆਪ ਦਰਿਆ ਵਿਚ ਤਰਨ ਲੱਗ ਪਏ ਤੇ ਪਾਣੀ ਦੇ ਵਹਾ ਵੱਲ ਨੂੰ ਤਰਦੇ ਗਏ । ਤਰਦੇ ਵੀ ਜਾਂਦੇ ਸਨ ਤੇ ਪਿਛਾਂਹ ਵੱਲ ਝਾਤੀ ਮਾਰ ਕੇ ਸੀਤਾ ਜੀ ਨੂੰ ਵੇਖਦੇ ਜਾਂਦੇ ਸਨ । ਉਹਨਾਂ ਦੀ ਨਿਗਾਹ ਦੀ ਕਰਾਮਾਤ ਨਾਲ ਦਰਿਆ ਸਿੱਧਾ ਹੁੰਦਾ ਗਿਆ ਅਤੇ ਅੱਜ ਤਕ ਸਿੱਧਾ ਹੈ ।

ਭੂਗੋਲ ਵਿਗਿਆਨੀ ਇਸ ਅਜੂਬੇ ਦਾ ਕਾਰਨ ਕੋਈ ਵੀ ਦੱਸਣ, ਪਰ ਇਹ ਮੇਰਾ ਅੱਖੀਂ ਡਿੱਠਾ ਦ੍ਰਿਸ਼ ਹੈ ਕਿ ਸੀਤਾ ਕੁੰਡ ਤੋਂ ਚੜ੍ਹਦੇ ਪਾਸੇ ਵੀ ਦਰਿਆ ਦੇ ਕੰਢੇ ਟੁੱਟੇ-ਭੱਜੇ ਤੇ ਸੱਜੇ-ਖੱਬੇ ਖਿੱਲਰੇ ਹੋਏ ਹਨ ਅਤੇ ਲਛਮਣ ਚੌਤਰਾ ਤੋਂ ਅੱਗੇ ਵੀ ਫੇਰ ਦਰਿਆ ਓਵੇਂ, ਦਰਿਆਵਾਂ ਦੇ ਵਹਿਣਾਂ ਵਾਂਗ ਹੀ ਖਿਲਰਿਆ-ਫੁਲਰਿਆ ਹੈ ਤੇ ਵਿਚਾਲੇ ਬਿਲਕੁਲ ਸਿੱਧਾ ਖੜ੍ਹੇ ਕਿਨਾਰਿਆ ਵਾਲਾ ਹੈ । ‘ਲਛਮਣ ਚੌਤਰਾ' ਤੋਂ ਕੱਢੀ ਗਈ ਹੈ ‘ਸਿਧਨੈ' ਨਹਿਰ ਜਿਸ ਬਾਰੇ ਅਸੀਂ ਲਿਖ ਰਹੇ ਸਾਂ।

ਅੰਗਰੇਜ਼ਾਂ ਦੁਆਰਾ ਬੂਟੇ ਸ਼ਾਹ ਤੋਂ ਪੰਜਾਬ ਬਾਰੇ ਲਿਖਵਾਈ ਕਿਤਾਬ ਵਿਚ 'ਸਾਂਦਲ ਦੀ ਬਾਰੱ, ‘ਦੁੱਲੇ ਭੱਟੀ ਦੀ ਬਾਰ’ ਅਤੇ ‘ਗੰਜੀ ਬਾਰ’ ਦੀ ਥਾਂ ‘ਕੰਜੀ ਦੀ ਬਾਰ’ ਲਿਖਿਆ ਹੈ, ਪਰ ਬੂਟੇ ਸ਼ਾਹ ਦੀ ਇਸ ਕਿਤਾਬ ਵਿਚ ਕਿਤੇ-ਕਿਤੇ ਅਸ਼ੁੱਧ ਜਾਣਕਾਰੀ ਵੀ ਦਿੱਤੀ ਗਈ ਹੈ ਤੇ ਅਟਕਲ-ਪੱਚੂ ਬਿਆਨਬਾਜ਼ੀ ਵੀ ਹੈ । ‘ਸਿਧਨੈ’ ਦਾ ਜ਼ਿਕਰ ਬੂਟੇ ਸ਼ਾਹ ਨੇ ਵੀ ਕੀਤਾ ਹੈ— ਰਾਵੀ ਦੇ ਉਸ ਹਿੱਸੇ ਦਾ ਜਿਸ ਨੂੰ ‘ਸਿਧਨੈ’ ਕਹਿੰਦੇ ਹਨ ।

ਗੰਜੀ ਬਾਰ ਨਾਲ ਜਾਣ-ਪਛਾਣ

ਪਿੱਛੇ ਦੱਸਿਆ ਜਾ ਚੁੱਕਾ ਹੈ ਕਿ ਗੰਜੀ ਬਾਰ ਜ਼ਿਲ੍ਹਾ ਮਿੰਟਗੁਮਰੀ ਤੇ ਮੁਲਤਾਨ ਦੇ ਪੱਛਮੀ ਹਿੱਸੇ ਵਿਚ ਆਉਂਦੀ ਸੀ । ਇਹ ਬਾਰ ਇਸ ਸਦੀ ਦੇ ਦੂਜੇ ਦਹਾਕੇ ਵਿਚ ਆਬਾਦ ਹੋਈ । ਇਸ ਨੂੰ ਦਰਿਆ ਰਾਵੀ ਵਿਚੋਂ ਕੱਢੀ ‘ਲੋਇਰ ਬਾਰੀ ਦੁਆਬ' ਨਹਿਰ ਦਾ ਪਾਣੀ ਪੈਂਦਾ ਸੀ।

ਮੈਂ ਬੜਾ ਚਿਰ ਸੋਚਦਾ ਰਿਹਾ ਕਿ ਇਸ ਨੂੰ ‘ਗੰਜੀ’ ਕਿਉਂ ਆਖਿਆ ਜਾਂਦਾ ਹੈ। ਅਠਾਰ੍ਹਵੀਂ, ਉੱਨ੍ਹੀਵੀਂ ਸਦੀ ਵਿਚ ਲਿਖੀਆਂ ਕੁਝ ਫ਼ਾਰਸੀ ਕਿਤਾਬਾਂ ਵੇਖੀਆਂ । ਉਹਨਾਂ ਵਿਚ ਗੰਜੀ ਬਾਰ ਦਾ ਨਾਮ ਆਇਆ, ਪਰ ਇਹ ਕਿਤੇ ਨਹੀਂ ਦੱਸਿਆ ਗਿਆ ਕਿ ਇਸ ਬਾਰ ਨੂੰ ‘ਗੰਜੀ' ਦੀ ਉਪਾਧੀ ਕਿਉਂ ਮਿਲੀ। ਇਕ ਕਿਤਾਬ ਵਿਚ ਤਾਂ ਇਹਨਾਂ ਬਾਰਾਂ ਦੇ ਨਾਮ ‘ਸਾਂਦਲ ਦੀ ਬਾਰ' ਤੇ ‘ਗੰਜੀ ਦੀ ਬਾਰ` ਲਿਖ ਕੇ ਮਸਲਾ ਹੋਰ ਵੀ ਉਲਝਾ ਦਿੱਤਾ । ਗੱਲ ਬੜੀ ਸਪੱਸ਼ਟ ਸੀ ਅਤੇ ਗੰਜੀ ਦਾ ਗੰਜ ਸਾਡੀਆਂ ਅੱਖਾਂ ਸਾਹਵੇਂ ਸੀ, ਪਰ ਸਾਡੀ ਸੂਝ-ਬੂਝ ਹੀ ਏਨੀ ਚੁੰਧਿਆਈ ਹੋਈ ਸੀ ਕਿ ਅਸੀਂ ਇਸ ਭੇਦ ਨੂੰ ਸਮਝ ਹੀ ਨਾ ਸਕੇ । ਮੈਂ ਧੰਨਵਾਦੀ ਹਾਂ ਆਪਣੇ ਪੁਰਾਣੇ ਮਿੱਤਰ ਮੇਜਰ ਗੁਰਮੁਖ ਸਿੰਘ ਦਾ, ਜਿਨ੍ਹਾਂ ਨੇ ‘ਗੰਜੀ ਬਾਰ' ਦੇ ਅਰਥ ਦੱਸ ਕੇ ਮੈਨੂੰ ‘ਗਿਆਨਵਾਨ’ ਬਣਾਇਆ। ਮੇਜਰ ਗੁਰਮੁਖ ਸਿੰਘ ਫ਼ੌਜੀ ਨੌਕਰੀ ਦੌਰਾਨ ਦੋ-ਤਿੰਨ ਥਾਈਂ ਮੇਰੇ ਨਾਲ ਰਹੇ ਸਨ ਅਤੇ ਰਿਟਾਇਰ ਹੋਣ ਪਿੱਛੋਂ ਪੰਜਾਬੀ ਯੂਨੀਵਰਸਿਟੀ ਦੇ ‘ਸਿੱਖ ਧਰਮ ਵਿਸ਼ਵ ਕੋਸ਼' (Encyclopaedia of Sikhism) ਵਿਭਾਗ ਵਿਚ ਅਸੀਂ ਫੇਰ ਇਕੱਠੇ ਹੋ ਗਏ । ਮੇਜਰ ਸਾਹਿਬ ਖੁਦ ਵੀ ਗੰਜੀ ਬਾਰ ਦੇ ਹੀ ਪੁਰਾਣੇ ਵਸਨੀਕ ਹਨ। ਉਹਨਾਂ ਦਾ ਪਿੰਡ ਸੀ ਚੱਕ ਨੰਬਰ 77/5-ਆਰ, ਸਾਡਾ ਪਿੰਡ ਸੀ ਚੱਕ ਨੰਬਰ 79/15-ਐਲ । ਚੱਕਾਂ ਦੇ ਨੰਬਰਾਂ ਦੀ ਵਿਆਖਿਆ ਅੱਗੇ ਜਾ ਕੇ ਕਰਾਂਗੇ, ਪਹਿਲਾਂ ‘ਗੰਜੀ ਬਾਰ' ਦੇ ਨਾਮ ਦੀ ਵਿਆਖਿਆ ਕਰ ਲਈਏ ।

ਗੰਜੀ ਬਾਰ ਦੇ ਆਰੰਭ ਤੋਂ ਅੰਤ ਤਕ ਲੰਮੇ ਰੁੱਖ ਵਿਚ-ਵਿਚਾਲੇ ਰੱਕੜ ਭੋਂ ਦੀ ਇਕ ਪੱਟੀ ਵਿਛੀ ਹੋਈ ਸੀ, ਜਿਸ ਵਿਚ ਕਿਸੇ ਵਿਰਲੇ-ਸਾਂਝੇ ਜੰਡ, ਕਰੀਰ ਦੇ ਬੂਟੇ ਜਾਂ ਕਿਸੇ ਛੋਟੀ- ਮੋਟੀ ਝਾੜੀ ਤੋਂ ਬਿਨਾਂ ਹੋਰ ਕੁਛ ਨਹੀਂ ਸੀ ਦਿਸਦਾ। ਇਹ ਭੋਂ ਪੱਕੀ ਸੜਕ ਵਾਂਗ ਕਰੜੀ ਸੀ ਤੇ ਧੁੱਪ ਵਿਚ ਪਾਣੀ ਦੀਆਂ ਲਹਿਰਾਂ ਵਾਂਗ ਠਾਠਾਂ ਮਾਰਦੀ ਸੀ। ਛੋਟੇ ਹੁੰਦਿਆਂ ਇਸ ਵਿਚੋਂ ਦੀ ਲੰਘਦਿਆਂ ਅਸੀਂ ਕਈ ਵਾਰ ਸ਼ਰਤਾਂ ਲਾਈਆਂ ਕਿ ਦੂਰ ਦਿਸਦੀ ਔਸ ਝਾੜੀ ਦੇ ਚੁਫੇਰੇ ਪਾਣੀ ਖੜਾ ਹੈ । ਨੇੜੇ ਜਾਣ ਤੇ ਪਾਣੀ ਪਿਛਾਂਹ ਹੱਟ ਜਾਂਦਾ ਤੇ ਝਾੜੀ ਰੜੇ ਮੈਦਾਨ ਵਿਚ ਖੜੀ ਦਿਸਦੀ । ਸਾਡੇ ਇਲਾਕੇ ਵਿਚ ਇਸ ਰੱਕੜ ਭੋਂ ਨੂੰ ‘ਕੱਪਰ’ ਕਹਿੰਦੇ ਸਨ । ਮੇਜਰ ਗੁਰਮੁਖ ਸਿੰਘ ਦੱਸਦੇ ਹਨ ਕਿ ਉਹਨਾਂ ਦੇ ਪਿੰਡਾਂ ਵਿਚ ਇਸ ਨੂੰ ‘ਬਾੜਾ’ ਆਖਦੇ ਸਨ । ਇਸ ਕੱਪਰ ਦੀ ਚੌੜਾਈ ਵੱਖ-ਵੱਖ ਥਾਵਾਂ ਤੇ ਚਾਰ ਤੋਂ ਸੱਤ, ਅੱਠ ਮੀਲ ਤੱਕ ਸੀ। ਸਾਡੇ ਪਿੰਡ ਤੋਂ ਖਾਨੇਵਾਲ ਨੂੰ ਜਾਂਦਿਆਂ ਇਹ ਕੱਪਰ ਕੋਈ ਸੱਤ, ਅੱਠ ਮੀਲ ਚੌੜਾ ਸੀ, ਰੇਲਵੇ ਸਟੇਸ਼ਨ ‘ਕੱਚੇ ਖੂਹ' ਨੂੰ ਜਾਂਦਿਆਂ ਕੋਈ ਪੰਜ, ਛੇ ਮੀਲ ਅਤੇ ਹੋਰ ਉੱਤੇ ਪਿੰਡ ਵਣਜਾਰੀ (105/15-ਐਲ) ਜਾਂ ਰਿਸਾਲੇ ਵਾਲਾ (109/15-ਐਲ) ਦੇ ਰਾਹ ਵਿਚ ਕੋਈ ਚਾਰ ਮੀਲ ਦੀ ਚੌੜਾਈ ਸੀ । ਇਹ ਕੱਪਰ ਉਕਾੜੇ, ਹੜੱਪੇ ਕੋਲੋਂ ਲੈ ਕੇ ਜਿਥੋਂ ਗੰਜੀ ਬਾਰ ਸ਼ੁਰੂ ਹੁੰਦੀ ਸੀ, ਸਾਡੇ ਪਿੰਡਾਂ ਤੋਂ ਅੱਗੇ ਗੰਜੀ ਬਾਰ ਦੇ ਅਖੀਰੀ ਸਿਰੇ ਤਕ ਪਸਰਿਆ ਹੋਇਆ ਸੀ ਅਤੇ ਏਹੋ ਸੀ ਗੰਜੀ ਬਾਰ ਦਾ ‘ਗੰਜ’, ਜਿਸ ਕਰਕੇ ਇਸ ਬਾਰ ਨੂੰ ‘ਗੰਜੀ’ ਕਿਹਾ ਜਾਣ ਲੱਗ ਪਿਆ । ਅਸਲ ਵਿਚ ਸਾਨੂੰ ਪਤਾ ਹੀ ਨਹੀਂ ਸੀ ਕਿ ਇਹ ਕੱਪਰ ਬਾਰ ਦੀ ਪੂਰੀ ਲੰਮਾਈ ਵਿਚ ਵਿਛਿਆ ਹੋਇਆ ਹੈ। ਮੇਜਰ ਗੁਰਮੁਖ ਸਿੰਘ ਦੇ ਦੱਸਣ ਤੇ ਹੀ ਪਤਾ ਲੱਗਾ ਕਿ ਗੰਜੀ ਬਾਰ ਦੇ ਇਸ ‘ਗੰਜ’ ਦੀ ਲੰਮਾਈ ਤਕਰੀਬਨ ਸਵਾ ਸੌ ਮੀਲ ਹੋਵੋਗੀ, ਇਸ ਬਾਰ ਦੀ ਆਪਣੀ ਲੰਮਾਈ ਜਿੰਨੀ ।

ਗੰਜੀ ਬਾਰ ਕਈਆਂ . ਪੜਾਵਾਂ ਵਿਚ ਆਬਾਦ ਹੋਈ । ਉਜਾੜੇ ਤੇ ਹੜੱਪੇ ਦੇ ਨੇੜੇ ਲੱਗਦੇ ਮੇਜਰ ਗੁਰਮੁਖ ਸਿੰਘ ਹੋਰਾਂ ਦੇ ਪਿੰਡ 1914-15 ਵਿਚ ਆਬਾਦ ਹੋਏ । ਸਾਡਾ ਇਲਾਕਾ 1920-21 ਵਿਚ ਵੱਸਿਆ । ਇਲਾਕਾ ਜਹਾਨੀਆਂ ਲਾਗਦੇ ਸਿੱਖਾਂ ਦੇ ਪਿੰਡ ਸਾਥੋਂ ਵੀ ਕੁਝ ਮਗਰੋਂ ਆਬਾਦ ਹੋਏ ।

ਇਸ ਬਾਰ ਵਿਚ ਪਿੰਡਾਂ ਨੂੰ ‘ਚੱਕ’ ਕਿਹਾ ਜਾਂਦਾ ਸੀ । ‘ਚੱਕ’ ਪੰਜਾਬੀ ਦਾ ਪੁਰਾਣਾ ਲਫ਼ਜ਼ ਹੈ, ਜਿਸ ਦੇ ਮੁੱਢਲੇ ਅਰਥ ਸਨ, ਭੋਂ ਦਾ ਖਾਸ ਕਰ ਖੇਤੀ ਵਾਲੀ ਭੋਂ ਦਾ ਇਕੱਠਾ ਟੁਕੜਾ ਜਾਂ ਰਕਬਾ । ਚੱਕ, ਆਮ ਤੌਰ ਤੇ ਕਿਸੇ ਇਕ ਵਿਅਕਤੀ, ਇਕ ਪਰਿਵਾਰ ਜਾਂ ਇਕ ਸ਼ਰੀਕੇ ਦਾ ਮਲਕੀਅਤ ਹੁੰਦਾ ਸੀ । ਕਈਆਂ ਪੁਰਾਣਿਆਂ ਪਿੰਡਾਂ ਦੇ ਨਾਮ ਨਾਲ ਸ਼ਬਦ ਚੱਕ ਆਉਂਦਾ ਹੈ, ਜਿਵੇਂ 'ਬਲਾਕੀ ਚੱਕ', ‘ਨਾਨਕ ਚੱਕ', ‘ਅਮਰੂ ਚੱਕ’ ਆਦਿ। ਜਦੋਂ ਅੰਗਰੇਜ਼ਾਂ ਨੇ ਬਾਰਾਂ ਵਸਾਈਆਂ ਤਾਂ ਉਹਨਾਂ ਨੇ ਪਿੰਡਾਂ ਨੂੰ ‘ਚੱਕ’ ਕਿਹਾ, ਜੋ ਬੜਾ ਢੁਕਵਾਂ ਨਾਮ ਸੀ । ਇਹਨਾਂ ਚੱਕਾਂ ਦੇ ਕੋਈ ਨਾਮ ਰੱਖਣ ਦੀ ਬਜਾਏ ਇਹਨਾਂ ਨੂੰ ਨੰਬਰ ਦਿੱਤੇ । ਮੁੱਖ ਨਹਿਰ ਵਿਚੋਂ ਨਿਕਲਣ ਵਾਲੇ ਹਰ ਵੱਡੇ ਰਜਵਾਹੇ ਜਾਂ ਵੱਡੀ ਬ੍ਰਾਂਚ ਦੇ ਚੱਕਾਂ ਦੇ ਨੰਬਰਾਂ ਦੀ ਵੱਖਰੀ ਲੜੀ ਸੀ । ਲੋਇਰ ਬਾਰੀ ਦੁਆਬ ਨਹਿਰ ਤੋਂ ਸੱਜੇ ਪਾਸੇ ਨੂੰ ਨਿਕਲਣ ਵਾਲੇ ਰਜਵਾਹਿਆਂ ਦੇ ਨੰਬਰ ਸਨ—1-ਆਰ, 2-ਆਰ, 3-ਆਰ ਆਦਿ । ‘ਆਰ’ ਅੰਗਰੇਜ਼ੀ ਸ਼ਬਦ ਰਾਈਟ (ਸੱਜਾ) ਨੂੰ ਦਰਸਾਉਂਦਾ ਸੀ । ਇਵੇਂ ਹੀ ਖੱਬੇ ਪਾਸੇ ਨੂੰ ਨਿਕਲਣ ਵਾਲੇ ਰਜਵਾਹਿਆਂ ਦੇ ਨੰਬਰ 1-ਐੱਲ, 2-ਐੱਲ ਆਦਿ ਸਨ। ‘ਐੱਲ ਤੋਂ ਭਾਵ ਸੀ ਖੱਬੇ (left) ਵਾਲੇ ਪਾਸੇ ਦਾ। ਮੇਜਰ ਗੁਰਮੁਖ ਸਿੰਘ ਹੋਰਾਂ ਦਾ ਪਿੰਡ 5 ਆਰ ਤੇ ਆਉਂਦਾ ਸੀ, ਜਿਸ ਦਾ ਭਾਵ ਹੈ ਕਿ ਇਥੋਂ ਤਕ (ਰੇਲਵੇ ਸਟੇਸ਼ਨ ਯੂਸਫ਼ ਵਾਲਾ ਤਕ), ਸੱਜੇ ਪਾਸੇ ਚਾਰ ਰਜਵਾਹੇ ਇਸ ਤੋਂ ਪਹਿਲਾਂ ਨਿਕਲ ਚੁੱਕੇ ਸਨ। ਉਕਾੜਾ ਕੋਲ ਪੈਂਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦਾ ਪਿੰਡ 2-ਐੱਲ ਤੇ ਆਉਂਦਾ ਸੀ। ਅਸੀਂ 15-ਐੱਲ ਉੱਤੇ ਆਉਂਦੇ ਸਾਂ ਅਤੇ 15-ਐੱਲ ਖੱਬੇ ਪਾਸੇ ਦਾ ਅਖੀਰੀ ਰਜਵਾਹਾ ਸੀ। ਅਸੀਂ 15-ਐੱਲ ਦੀ ਵੀ ਟੇਲ (ਅਖੀਰੀ ਹਿੱਸੇ) ਉੱਤੇ ਆਉਂਦੇ ਸਾਂ, ਇਸ ਲਈ ਸਾਡੇ ਪਿੰਡਾਂ ਨੂੰ ਪਾਣੀ ਦੀ ਤੰਗੀ ਹੀ ਰਹਿੰਦੀ ਸੀ ।

ਗੰਜੀ ਬਾਰ ਵਿਚ ਜ਼ਮੀਨ ਦੀ ਅਲਾਟਮੈਂਟ ਵੱਖ-ਵੱਖ ਆਧਾਰਾਂ ਤੇ ਹੋਈ ਸੀ। ਚੋਖੇ ਮੁਰੱਬੇ ਤਾਂ ਫ਼ੌਜੀ ਸਰਵਿਸ ਬਦਲੇ ਦਿੱਤੇ ਗਏ ਸਨ, ਖਾਸ ਕਰਕੇ ਪਹਿਲੇ ਸੰਸਾਰ ਯੁੱਧ ਵਿਚ ਲੜਨ ਵਾਲੇ ਫੌਜੀਆਂ ਨੂੰ । ਇਕ ਹੋਰ ਵਰਗ ਸੀ, ਜਿਨ੍ਹਾਂ ਨੂੰ ਆਬਾਦਕਾਰ ਕਿਹਾ ਜਾਂਦਾ ਸੀ । ਇਹਨਾਂ ਲੋਕਾਂ ਨੇ ਗ਼ੈਰ-ਆਬਾਦ ਭੋਂ ਜੰਗਲ ਵੱਢ ਕੇ ਆਬਾਦ ਕੀਤੀ, ਖਾਲ ਕੱਢੇ, ਖੇਤਾਂ ਦੀਆਂ ਵੱਟਾਂ ਪਾਈਆਂ, ਕੁਝ ਟਿੱਬੇ ਆਦਿ ਕਰਾਹੇ । ਨਿਸ਼ਚਿਤ ਸਮੇਂ ਪਿੱਛੋਂ ਆਬਾਦ ਕੀਤੀ ਜ਼ਮੀਨ ਵਿਚੋਂ ਅੱਧੀ (ਜਾਂ ਕੁਝ ਘੱਟ-ਵੱਧ) ਇਹਨਾਂ ਆਬਾਦਕਾਰਾਂ ਨੂੰ ਦੇ ਦਿੱਤੀ ਗਈ, ਬਾਕੀ ਅੱਧੀ ਗੌਰਮਿੰਟ ਦੀ ਰਹੀ । ਕੁਝ ਮੁਰੱਬੇ ਘੋੜੀਪਾਲ ਵੀ ਸਨ, ਜਿਨ੍ਹਾਂ ਦਾ ਵੇਰਵਾ ਕਿੜਾਣਾ ਬਾਰ ਦੇ ਬਿਆਨ ਵਿਚ ਦਿੱਤਾ ਗਿਆ ਹੈ। ਸਾਡੇ ਇਲਾਕੇ ਦੇ ਹਰ ਪਿੰਡ ਵਿਚ ਦੋ ਘੋੜੀਪਾਲ ਮੁਰੱਬੇ ਸਨ ਤੇ ਇਕ ਘੋੜੀ ਪਿੱਛੇ ਇਕ ਮੁਰੱਬਾ ਮਿਲਦਾ ਸੀ – ਕਿੜਾਣਾ ਬਾਰ ਵਿਚ ਇਕ ਘੋੜੀ ਪਿੱਛੇ ਦੋ ਮੁਰੱਬੇ ਦਿੱਤੇ ਗਏ ਸਨ। ਕੁਝ ਥੋੜ੍ਹੇ ਜਿਹੇ ਮੁਰੱਬੇ ਦਰਖਤਪਾਲ ਵੀ ਸਨ । ਸਰਕਾਰੀ ਸੜਕਾਂ ਦੇ ਦੋਹੀਂ ਪਾਸੀਂ ਰੁੱਖ ਲਾਏ ਜਾਂਦੇ ਸਨ। ਇਕ ਮੀਲ (ਜਾਂ ਸ਼ਾਇਦ ਦੋ ਮੀਲ) ਦੀ ਲੰਮਾਈ ਵਿਚ ਰੁੱਖ ਲਾਉਣ ਲਈ ਅੱਧਾ ਮੁਰੱਬਾ ਦਿੱਤਾ ਜਾਂਦਾ ਸੀ । ਮੁਰੱਬਾ ਪੱਕਾ ਉਦੋਂ ਹੁੰਦਾ ਸੀ, ਜਦੋਂ ਰੁੱਖ ਪੂਰੀ ਤਰ੍ਹਾਂ ਪਲ ਜਾਣ ਤੇ ਪੂਰੇ ਕੱਦ ਦੇ ਹੋ ਜਾਣ । ਮਹਿਕਮਾ ਜੰਗਲਾਤ ਵਲੋਂ ਲਾਏ ਗਏ ਦਰਖਤਾਂ ਨੂੰ ਪ੍ਰਵਾਨ ਕਰਨ ਉਪਰੰਤ ਹੀ ਮੁਰੱਬਾ ਪੱਕਾ ਹੁੰਦਾ ਸੀ ।

ਮੁਰੱਬਿਆਂ ਨੂੰ ਨਹਿਰੀ ਪਾਣੀ ਵਾਰੀ ਨਾਲ ਮਿਲਦਾ ਸੀ । ਪਹਿਲਾਂ ਸਾਡੇ ਪਿੰਡਾਂ ਵਿਚ ਹਰ ਮੁਰੱਬੇ ਦੀ ਚਾਰ ਪਹਿਰ (12 ਘੰਟੇ) ਦੀ ਵਾਰੀ ਸੀ । ਪਿੱਛੋਂ ਪੱਕੀਆਂ ਵਾਰੀਆਂ ਬਣਾ ਦਿੱਤੀਆਂ ਗਈਆਂ, ਜਿਨ੍ਹਾਂ ਵਿਚ ਹਰ ਮੁਰੱਬੇ ਨੂੰ ਹਫ਼ਤੇ ਵਿਚ ਇਕ ਵਾਰੀ ਪਾਣੀ ਮਿਲਨ ਦਾ ਪ੍ਰਬੰਧ ਕੀਤਾ ਗਿਆ । ਪੱਕੀਆਂ ਵਾਰੀਆਂ ਦਾ ਘਾਟਾ ਇਹ ਹੋਇਆ ਕਿ ਕੁਝ ਲੋਕਾਂ ਦੀ ਵਾਰੀ ਹਮੇਸ਼ਾ ਲਈ ਦਿਨ ਦੀ ਹੋ ਗਈ ਤੇ ਕੁਝ ਹੋਰਨਾਂ ਦੇ ਹਿੱਸੇ ਸਦਾ ਲਈ ਰਾਤ ਆ ਗਈ । ਸਾਡੇ ਪਿੰਡ ਵਿਚ ਹਰ ਹਫ਼ਤੇ ਵਿਚ ਇਕ ਮੁਰੱਬੇ ਨੂੰ 8 ਘੰਟੇ ਪਾਣੀ ਮਿਲਦਾ ਸੀ ਤੇ ਇਕ ਘੰਟੇ ਵਿਚ ਤਕਰੀਬਨ 6 ਕਨਾਲ ਜ਼ਮੀਨ ਸਿੰਜੀ ਜਾਂਦੀ ਸੀ ।

ਗੰਜੀ ਬਾਰ ਦੇ ਮੁਰੱਬੇ ਸਹੀ ਅਰਥਾਂ ਵਿਚ ਮੁਰੱਬੇ ਨਹੀਂ ਸਨ; ਮੁਰੱਬੇ ਲਾਇਲਪੁਰ ਦੀ ਬਾਰ (ਸਾਂਦਲ ਬਾਰ) ਵਿਚ ਸਨ ਜਿਨ੍ਹਾਂ ਦੀ ਲਮਾਈ, ਚੁੜਾਈ ਬਰਾਬਰ ਸੀ । ਗੰਜੀ ਬਾਰ ਦੇ ਮੁਰੱਬੇ ਸਿਰਫ਼ ਆਮ ਬੋਲ-ਚਾਲ ਵਿਚ ਹੀ ਮੁਰੱਬੇ ਸਨ, ਸਰਕਾਰੀ ਕਾਗਜ਼ਾਂ ਵਿਚ ਇਹਨਾਂ ਨੂੰ ਮੁਸਤਤੀਲ (ਆਇਤ) ਹੀ ਲਿਖਿਆ ਹੋਇਆ ਸੀ। ਮੇਜਰ ਗੁਰਮੁਖ ਸਿੰਘ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਏਕੜ ਲਾਇਲਪੁਰ ਵਿਚ 40 X 40 ਕਰਮਾਂ ਦਾ ਸੀ ਤੇ ਮੁਰੱਬਾ 200 × 200 ਕਰਮਾਂ ਦਾ । ਗੰਜੀ ਬਾਰ ਦਾ ਏਕੜ 40 x 36 ਕਰਮਾਂ ਦਾ ਸੀ । ਮੁਰੱਬਾ ਭਾਵੇਂ ਲਾਇਲਪੁਰ ਤੇ ਗੰਜੀ ਬਾਰ ਦੋਹਾਂ ਬਾਰਾਂ ਵਿਚ 25 ਏਕੜ ਦਾ ਹੀ ਸੀ, ਪਰ ਸਾਡਾ ਏਕੜ ਲਾਇਲਪੁਰ ਦੇ ਏਕੜ ਨਾਲੋਂ ਛੋਟਾ ਸੀ । ਇਕ ਕਰਮ 5.5 ਫੁੱਟ ਦੀ ਮੰਨੀ ਜਾਂਦੀ ਸੀ, ਇੰਝ ਗੰਜੀ ਬਾਰ ਦਾ ਏਕੜ 4840 ਵਰਗ ਗਜ਼ ਦਾ ਹੁੰਦਾ ਸੀ । ਗੰਜੀ ਬਾਰ ਦੀ ਭੋਂ ਵੀ ਸਾਂਦਲਬਾਰ (ਲਾਇਲਪੁਰ) ਜਿੰਨੀ ਜ਼ਰਖੇਜ਼ ਨਹੀਂ ਸੀ, ਫੇਰ ਵੀ ਮਾਝੇ, ਮਾਲਵੇ ਦੀ ਜ਼ਮੀਨ ਨਾਲੋਂ ਜ਼ਿਆਦਾ ਪੈਦਾਵਾਰ ਦਿੰਦੀ ਸੀ।

ਗੰਜੀ ਬਾਰ ਦੇ ਘਾਹ-ਬੂਟ, ਕੀੜਿਆਂ-ਕਾਢਿਆਂ ਬਾਰੇ ਕੁਝ ਜਾਣਕਾਰੀ ਕਰਾਉਣੀ ਵੀ ਬੇਲੋੜੀ ਨਹੀਂ ਹੋਵੇਗੀ। ਇਸ ਬਾਰ ਦੇ ਰੁੱਖਾਂ, ਦਰਖਤਾਂ ਬਾਰੇ ਕਿਸੇ ਹੋਰ ਥਾਂ ਲਿਖਿਆ ਗਿਆ ਹੈ । ਘਾਹ-ਬੂਟ ਵਿਚੋਂ ਸਭ ਤੋਂ ਵੱਧ ਜਾਣ-ਪਛਾਣਿਆ ਸੀ ਭੱਖੜਾ, ਜਿਸ ਕਾਰਨ ਗੰਜੀ ਬਾਰ ਵਿਚ ਨੰਗੇ ਪੈਰੀ ਤੁਰਨਾ ਲਗਭਗ ਨਾਮੁਮਕਿਨ ਸੀ। ਭੱਖੜੇ ਦੀ ਕੰਡਿਆਂ ਵਾਲੀ ਡੋਡੀ ਬੜੀ ਮੋਟੀ ਹੁੰਦੀ ਸੀ। ਇਹ ਭੱਖੜੇ ਦਾ ਬੀ ਸੀ, ਇਸ ਦੀ ਕਈਆਂ ਦਵਾਈਆਂ ਵਿਚ ਵੀ ਵਰਤੋਂ ਕੀਤੀ ਜਾਂਦੀ ਸੀ । ਤੁੰਮਾਂ ਗੰਜੀ ਬਾਰ ਵਿਚ ਬਹੁਤ ਹੁੰਦਾ ਸੀ, ਅਤੇ ਤੁੰਮਾਂ ਤਾਂ ਬਹੁਤ ਸਾਰੀਆਂ ਦਵਾਈਆਂ ਵਿਚ ਵਰਤਿਆ ਜਾਣ ਵਾਲਾ ਫਲ ਹੈ। ਲੇਹਾ (ਜਾਂ ਉਲੇਹਾ) ਗੰਜੀ ਬਾਰ ਦੀ ਇਕ ਹੋਰ ਸੁਗਾਤ ਸੀ। ਇਸ ਦਾ ਬੀ, ਝੋਨੇ ਦੀਆਂ ਮੁੰਜਰਾਂ ਵਾਂਗ ਨਾੜ ਦੇ ਉਤਲੇ ਪਾਸੋਂ ਲਗਦਾ ਹੈ, ਅਤੇ ਨਿਰੇ ਬਰੀਕ ਕੰਡਿਆਂ ਦੀ ਡੰਡੀ ਦੇ ਰੂਪ ਵਿਚ ਹੁੰਦਾ ਹੈ। ਤੁਸੀਂ ਕਿੰਨਾ ਬਚਾ ਕੇ ਲੰਘੇ, ਲੇਹੇ ਦੇ ਕੰਡੇ ਕਿਸੇ-ਨਾ-ਕਿਸੇ ਪਾਸਿਓਂ ਤੁਹਾਡੇ ਲੀੜਿਆਂ ਨੂੰ ਚੰਬੜ ਹੀ ਜਾਂਦੇ ਹਨ । ਖਾਨੇਵਾਲੋਂ ਆਉਂਦਿਆਂ ਹੋਇਆਂ ਇਕ ਵਾਰ ਰਾਤ ਹਨੇਰੇ ਹੋਏ ਮੈਨੂੰ ਇਕ ਨਰਮੇ ਦੇ ਖੇਤ ਵਿਚੋਂ ਦੀ ਲੰਘਣਾ ਪਿਆ । ਮੇਰੇ ਤੇੜ ਰੇਬ ਪਜਾਮਾ ਸੀ, ਉਹ ਸਾਰਾ ਲੇਹੇ ਨਾਲ਼ ਭਰ ਗਿਆ । ਤੁਰਨਾ ਔਖਾ ਹੋ ਗਿਆ। ਪਰ ਲੇਹੇ ਨਾਲ ਭਰਿਆ ਰੇਬ ਪਜਾਮਾ ਤੇੜੋਂ ਲਾਹੁਣਾ ਵੀ ਇਕ ਸਮੱਸਿਆ ਹੈ। ਮੈਂ ਕਾਫ਼ੀ ਔਖਾ ਘਰ ਪੁੱਜਾ । ਇਥੇ ਸਭ ਤੋਂ ਪਹਿਲਾਂ ਲਾਲਟੈਣ ਜਗਾ ਕੇ ਸਾਰੇ ਟੱਬਰ ਨੇ ਮੇਰੇ ਪਜਾਮੇ ਵਿਚੋਂ ਲੇਹਾ ਕੱਢਿਆ। ਫੇਰ ਪਜਾਮਾ ਤੇੜੋਂ ਲਾਹਿਆ । ਚਿੱਭੜ ਗੰਜੀ ਬਾਰ ਵਿਚ ਬਹੁਤ ਹੁੰਦੇ ਸਨ ਤੇ ਸਿਆਣਿਆਂ ਦੇ ਮਨ੍ਹਾਂ ਕਰ੍ਨ ਦੇ ਬਾਵਜੂਦ ਵੀ ਮੁੰਡੇ, ਕੁੜੀਆਂ ਚਿੱਭੜ ਖਾਂਦੇ ਹੀ ਰਹਿੰਦੇ ਸਨ । ਅੱਕ ਦੇ ਬੂਟੇ ਕਾਫ਼ੀ ਵੱਡੇ ਤੇ ਉੱਚ ਹੋ ਜਾਂਦੇ ਸਨ, ਇਹਨਾਂ ਦੇ ਪੱਤੇ ਬੱਕਰੀਆਂ ਖਾਂਦੀਆਂ ਸਨ । ਜੰਡੀ ਤੇ ਕਰੀਰ ਦੀਆਂ ਝਾੜੀਆਂ ਸਾਰੀ ਬਾਰ ਵਿਚ ਬੇਅੰਤ ਸਨ।

ਰੁੱਖਾਂ ਵਿਚ ਵਣ ਤੇ ਜੰਡ ਦਾ ਜ਼ਿਕਰ ਤਾਂ ਮੈਂ ਕਈ ਥਾਂਈਂ ਕੀਤਾ ਹੈ, ਕਰੀਰ ਵੀ ਇਕ ਕਾਰਾਮਦ ਰੁੱਖ ਸੀ, ਇਸ ਦੇ ਡੇਲਿਆਂ ਦਾ ਆਚਾਰ ਮਾਲਵੇ ਵਿਚ ਵੀ ਲੋਕ ਆਮ ਪਾਉਂਦੇ ਹਨ, ਪਰ ਏਧਰ ਡੇਲੇ ਮੁੱਲ ਵਿਕਦੇ ਹਨ, ਬਾਰ ਵਿਚ ਕਦੇ ਕਿਸੇ ਨੇ ਡੇਲੇ ਮੁੱਲ ਨਹੀਂ ਸਨ ਲਏ । ਫਰਵਾਂਹ ਇਕ ਹੋਰ ਜ਼ਰੂਰੀ ਰੁੱਖ ਸੀ, ਇਸ ਦੀ ਲੱਕੜ ਕਾਫ਼ੀ ਵਰਤੋਂ ਵਿਚ ਆਉਂਦੀ ਸੀ । ਸਾਡੇ ਆਪਣੇ ਹਾਤੇ ਵਿਚ ਇਕ ਕਾਫ਼ੀ ਵੱਡਾ ਫ਼ਰਵਾਂਹ ਸੀ । ਇਸੇ ਦੇ ਫੱਟੇ ਚੀਰ ਕੇ ਅਸਾਂ ਘਰ ਦਾ ਗੇਟ ਬਣਾਇਆ ਸੀ । ਫੋਗ ਇਕ ਹੋਰ ਜਾਣਿਆ- ਪਛਾਣਿਆ ਝਾੜ ਸੀ । ਇਸ ਦੀ ਲੱਕੜ ਸਿਵਾਏ ਬਾਲਣ ਦੇ ਹੋਰ ਕਿਸੇ ਕੰਮ ਨਹੀਂ ਸੀ ਆਉਂਦੀ ।

ਕੀੜਿਆਂ-ਕਾਢਿਆਂ ਵਿਚ ਕੰਡਿਆਲੇ ਦਾ ਜ਼ਿਕਰ ਜ਼ਰੂਰ ਕਰਨਾ ਪੈਂਦਾ ਹੈ; ਕੰਡਿਆਲਾ ਗੰਜੀ ਬਾਰ ਵਿਚ ਬਹੁਤ ਮਿਲਦਾ ਸੀ । ਸਾਹਨਾ, ਗੋਹ, ਕੋੜ੍ਹ-ਕਿਰਲੀ ਆਮ ਮਿਲਦੇ ਸਨ । ਰੰਗ ਵਟਾਉਣ ਵਾਲਾ ਕਿਰਲਾ ਬਹੁਤ ਸੀ, ਤੇ ਮੁਸਲਮਾਨ ਇਸ ਕਿਰਲੇ ਨੂੰ ਮਾਰਨਾ ਸਵਾਬ ਸਮਝਦੇ ਸਨ । ਉਹਨਾਂ ਦਾ ਵਿਸ਼ਵਾਸ ਹੈ ਕਿ ਕਰਬਲਾ ਦੇ ਮੈਦਾਨ ਵਿਚ ਇਹ ਕਿਰਲੇ ਪਾਣੀ ਦੀਆਂ ਮਸ਼ਕਾਂ ਟੁੱਕ ਗਏ ਸਨ, ਜਿਸ ਕਾਰਨ ਹਜ਼ਰਤ ਮੁਹਮੰਦ ਦੇ ਦੋਹਤੇ ਹਸਨ ਤੇ ਹੁਸੈਨ ਇਸੇ ਮੈਦਾਨੇ-ਜੰਗ ਵਿਚ ਤਿਹਾਏ ਪ੍ਰਾਣ ਤਿਆਗ ਗਏ ਸਨ। ਸਧਾਰਨ ਮਖੀਰ ਰੁੱਖਾਂ ਤੇ ਆਮ ਲੱਗਦਾ ਸੀ, ਪਰ ਡੂਮਣਾ ਗੰਜੀ ਬਾਰ ਵਿਚ ਅਸਾਂ ਕਿਤੇ ਨਹੀਂ ਵੇਖਿਆ ।

ਸਾਡਾ ਟੱਬਰ ਗੰਜੀ ਬਾਰ ਪੁੱਜਾ

ਸਾਡੇ ਪਰਵਾਰ ਨੂੰ ਗੰਜੀਬਾਰ ਵਿਚ ਸੰਨ 1920 ਵਿਚ ਜ਼ਮੀਨ ਮਿਲੀ । ਇਹ ਮੁਰੱਬਾ ਸਾਡੇ ਤਾਏ ਹੌਲਦਾਰ ਕੇਹਰ ਸਿੰਘ ਨੂੰ ਪਹਿਲੇ ਸੰਸਾਰ ਯੁੱਧ ਵਿਚ ਕੀਤੀ ਫ਼ੌਜੀ ਨੌਕਰੀ ਬਦਲੇ ਮਿਲਿਆ ਸੀ । ਹੌਲਦਾਰ ਕੇਹਰ ਸਿੰਘ ਸਾਡਾ ਸਕਾ ਤਾਇਆ ਨਹੀਂ ਸੀ, ਸਾਡੇ ਪਿਤਾ ਜੀ ਦੇ ਤਾਏ ਦਾ ਪੁੱਤ ਸੀ । ਹੌਲਦਾਰ ਦਾ ਪਿਤਾ ਬਾਬੂ ਬੂੜ ਸਿੰਘ ਸਾਡੇ ਦਾਦੇ ਬਾਬਾ ਰੂੜ ਸਿੰਘ ਦਾ ਵੱਡਾ ਭਰਾ ਸੀ। ਸਾਰਾ ਟੱਬਰ ਘਰੋਂ, ਬਾਹਰੋਂ ਇਕੱਠਾ ਸੀ, ਇਸ ਲਈ ਜਦੋਂ ਮੁਰੱਬਾ ਮਿਲਿਆ ਤਾਂ ਸਾਰਾ ਟੱਬਰ ਹੀ ਬਾਰ ਨੂੰ ਰਵਾਨਾ ਹੋ ਗਿਆ।

ਉਦੋਂ ਤੱਕ ਤਾਇਆ ਕੇਹਰ ਸਿੰਘ ਅਜੇ ਫ਼ੌਜ ਵਿਚ ਹੀ ਸੀ, ਮੁਰੱਬੇ ਦਾ ਦਖਲ ਲੈਣ ਉਹਨਾਂ ਦਾ ਵੱਡਾ ਭਰਾ ਸਰਦਾਰ ਸ਼ੇਰ ਸਿੰਘ ਆਇਆ ਸੀ, ਅਤੇ ਉਹ ਵੇਖ ਗਿਆ ਸੀ ਕਿ ਏਥੇ ਸਾਨੂੰ ਕੈਸੇ ਹਾਲਾਤ ਵਿਚ ਰਹਿਣਾ ਪੈਣਾ ਹੈ। ਸੋ ਜਦੋਂ ਸਾਡਾ ਟੱਬਰ ਪਿੱਛੋਂ ਚੱਲਿਆ ਤਾਂ ਅਗਲੇ ਟਿਕਾਣੇ ਦੀਆਂ ਲੋੜਾਂ ਮੁਤਾਬਕ ਚੀਜ਼ ਵਸਤ ਘਰੋਂ ਲੈ ਕੇ ਨਿਕਲਿਆ । ਗੱਡੇ ਉੱਤੇ ਕੁਝ ਬਿਸਤਰੇ, ਇਕ ਬੋਰੀ ਆਟਾ, ਦਾਲ, ਗੁੜ-ਸ਼ੱਕਰ, ਚੱਕੀ, ਨੀਂਹ, ਰਸੋਈ ਦੇ ਭਾਂਡੇ, ਮਧਾਣੀ, ਕਹੀਆਂ, ਹਲ, ਰੰਬੇ, ਦਾਤਰੀਆਂ, ਕੁਹਾੜੀਆਂ, ਦੋ ਮੰਜੀਆਂ ਆਦਿ ਲੋੜ ਵਾਲੀਆਂ ਸਭ ਚੀਜ਼ਾਂ ਰੱਖ ਲਈਆਂ। ਜ਼ਨਾਨੀ ਨਾਲ ਇਕੱਲੀ ਸਾਡੀ ਦਾਦੀ, ਮਾਈ ਇੰਦੋ ਸੀ। ਮਾਲ-ਡੰਗਰ ਸੀ—ਦੋ ਜੋਗਾਂ, ਚਾਰ ਮੱਝਾਂ, ਦੋ ਗਾਈਆਂ, ਇਕ ਘੋੜੀ ਤੇ ਇਕ ਕੁੱਤਾ। ਇਹ ਕਾਫ਼ਲਾ ਆਪਣੇ ਜੱਦੀ ਪਿੰਡ ‘ਘਣੀਏ ਕੇ ਬਾਂਗਰ', ਤਸੀਲ ਬਟਾਲਾ ਵਿਚੋਂ ਨਿਕਲਿਆ । ਇਸ ਲਾਣੇ ਵਿਚ ਦਾਦੀ ਜੀ ਤੋਂ ਇਲਾਵਾ ਸ਼ਾਮਿਲ ਸਨ ਦੋਵੇਂ ਬਾਬੇ, ਤਾਇਆ ਸ਼ੇਰ ਸਿੰਘ, ਚਾਚਾ ਦਲੀਪ ਸਿੰਘ ਤੇ ਇਕ ਨੌਕਰ ਸੰਤਾ । ਮੇਰੇ ਪਿਤਾ ਜੀ ਵੀ ਇਹਨੀਂ ਦਿਨੀਂ ਅਜੇ ਫ਼ੌਜ ਵਿਚ ਸਨ ਅਤੇ ਮੈਂ ਉਹਨਾਂ ਦੇ ਨਾਲ ਜੱਬਲਪੁਰ ਸਾਂ । ਮੈਂ ਇਹ ਹਾਲਾਤ ਪਿੱਛੋਂ ਬਜੁਰਗਾਂ ਤੋਂ ਸੁਣੇ । ਇਸ ਸਾਰੇ ਲਾਣੇ ਵਿਚੋਂ ਇਕੱਲਾ ਮੇਰਾ ਚਾਚਾ ਸਰਦਾਰ ਦਲੀਪ ਸਿੰਘ ਹੀ 1947 ਵਿਚ ਵਾਪਸ ਏਧਰ ਆਇਆ, ਬਾਕੀ ਸਾਰਿਆਂ ਦੀਆਂ ਮੜ੍ਹੀਆਂ ਅਸੀਂ ਬਾਰ ਵਿਚ ਹੀ ਛੱਡ ਕੇ ਆਏ ਹਾਂ।

ਚਾਚੇ ਦਲੀਪ ਸਿੰਘ ਦੇ ਦੇਹਾਂਤ ਤੋਂ ਕੁਝ ਚਿਰ ਪਹਿਲਾਂ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਸਾਡਾ ਟੱਬਰ ਕਿਹੜੇ ਸਾਲ ਬਾਰ ਨੂੰ ਗਿਆ ਸੀ, ਤਾਂ ਉਹਨਾਂ 1921 ਦੱਸਿਆ ਸੀ ਪਰ ਮੇਰਾ ਖਿਆਲ ਹੈ ਕਿ ਚਾਚਾ ਜੀ ਨੂੰ ਭੁਲੇਖਾ ਲੱਗ ਰਿਹਾ ਸੀ । ਸੰਨ 1921 ਤੱਕ ਪਿਤਾ ਜੀ ਤੇ ਤਾਇਆ ਕੇਹਰ ਸਿੰਘ ਦੋਵੇਂ ਫ਼ੌਜ ਵਿਚੋਂ ਆ ਚੁੱਕੇ ਸਨ, ਪਰ ਅਸੀਂ ਇਸ ਕਾਫ਼ਲੇ ਨਾਲ ਨਹੀਂ ਸਾਂ। ਜਦੋਂ ਅਸੀਂ ਗਏ ਉਦੋਂ ਸਾਡਾ ਚੱਕ ਅੱਧ-ਪਚੱਧਾ ਵੱਸ ਚੁੱਕਾ ਸੀ। ਕੋਈ ਤੀਜਾ ਹਿੱਸਾ ਹਾਤੇ ਵਲੇ ਹੋਏ ਸਨ ਤੇ ਸਤਾਰਾਂ, ਅਠਾਰਾਂ ਟੱਬਰ ਪਿੰਡ ਵਿਚ ਰਹਿ ਰਹੇ ਸਨ। ਇੰਞ, ਮੇਰੇ ਅਨੁਮਾਨ ਅਨੁਸਾਰ ਸਾਡਾ ਪਰਵਾਰ ( 1920 ਵਿਚ, ਅੱਸੂ ਦੇ ਮਹੀਨੇ, ਬਾਰ ਨੂੰ ਗਿਆ । ਛੇਤੀ ਪੁੱਜਣ ਦੀ ਕਾਹਲ ਸੀ, ਕਿਉਂਕਿ ਅੱਗੇ ਪਹੁੰਚ ਕੇ ਕਣਕ ਦੀ ਬਿਆਈ ਕਰਨੀ ਸੀ ।

ਤੁਰਨ ਲੱਗਿਆਂ ਕਿਸ ਜੇਰੇ ਨਾਲ ਘਰਾਂ ਨੂੰ ਤਾਲੇ ਮਾਰੇ, ਅਤੇ ਕਿਸ ਹੌਂਸਲੇ ਨਾਲ ਉਹਨਾਂ ਖੇਤਾਂ ਵਿਚੋਂ ਹਲ, ਪੰਜਾਲੀਆਂ ਚੁੱਕੀਆਂ, ਜਿਨ੍ਹਾਂ ਨੂੰ ਸਾਡੇ ਬਜ਼ੁਰਗ ਪਿਛਲੀਆਂ ਬਾਰਾਂ ਪੀੜ੍ਹੀਆਂ ਤੋਂ ਵਾਹੁੰਦੇ ਆ ਰਹੇ ਸਨ, ਇਸ ਦਾ ਅੰਦਾਜ਼ਾ ਉਹੋ ਲੋਕ ਲਾ ਸਕਦੇ ਹਨ ਜਿਨ੍ਹਾਂ ਨੇ 1947 ਵਿਚ ਪਾਕਿਸਤਾਨ ਤੋਂ ਤੁਰਨ ਲੱਗਿਆਂ ਆਪਣਿਆਂ ਘਰਾਂ ਵੱਲ ਅਖੀਰੀ ਝਾਤ ਮਾਰੀ ਸੀ । (ਸਾਡੇ ਜੱਦੀ ਪਿੰਡ ਨੂੰ ਵਸਾਉਣ ਵਾਲਾ ਬਾਬਾ ਘਣੀਆਂ ਮੈਥੋਂ 14 ਪੀੜ੍ਹੀਆਂ ਉੱਤੇ ਸੀ, ਸਾਡੇ ਦਾਦੇ ਤੋਂ 12 ਪੀੜ੍ਹੀਆਂ ਉੱਪਰ) ।

ਖੈਰ, ਸਾਡੇ ਪਰਵਾਰ ਲਈ ਪਿੰਡ ਤੋਂ ਇਹ ਦੂਜੀ ਹਿਜਰਤ ਸੀ । ਪਹਿਲੀ ਵਾਰ ਮਿਸਲਾਂ ਦੇ ਸਮੇਂ ਸਾਡੇ ਵਡੇਰਿਆਂ ਨੂੰ ਘਣੀਏਂ ਕੇ ਛੱਡ ਕੇ ਭਲਾਈਪੁਰੇ ਜਾ ਕੇ ਰਹਿਣਾ ਪਿਆ ਸੀ । ਪਰ ਛੇਤੀ ਹੀ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ, ਫੇਰ ਆਪਣੇ ਪਿੰਡ ਆ ਵੱਸੇ । ਏਸੇ ਕਾਰਨ ਘਣੀਏ ਕਿਆਂ ਵਿਚ ਸਾਡੀ ਪੱਤੀ ਦਾ ਨਾਮ ਅੱਜ ਵੀ ‘ਭਲਾਈ ਪੂਰੀਆਂ ਦੀ ਪੱਤੀ’ ਹੈ । ਇਹ ਦੂਜੀ ਹਿਜਰਤ ਸਦੀਵੀ ਸਿੱਧ ਹੋਈ । ਪਾਕਿਸਤਾਨ ਤੋਂ ਆ ਕੇ ਅਸੀਂ ਆਪਣੇ ਪਿੰਡ ਨਹੀਂ ਜਾ ਸਕੇ, ਕਿਉਂਕਿ ਓਥੇ ਮੁਸਲਮਾਨਾਂ ਦੀ ਜ਼ਮੀਨ ਹੀ ਨਹੀਂ ਸੀ। ਸਾਡਾ ਜੱਦੀ ਮਕਾਨ, ਜਿਸ ਵਿਚ ਰਸੋਈ ਤੋਂ ਇਲਾਵਾ ਇਕ ਵੱਡਾ ਕਮਰਾ ਤੇ ਇਕ ਛੋਟੀ ਕੋਠੜੀ ਸੀ, ਕੋਈ ਵੀਹ ਸਾਲ ਪਹਿਲਾਂ ਦਾ ਢਹਿ ਚੁੱਕਾ ਹੈ, ਅਤੇ ਮੈਂ ਪਿਛਲੇ ਵੀਹਾਂ ਸਾਲਾਂ ਵਿਚ ਉਸ ਘਰ ਦੇ ਖੋਲੇ ਵੇਖਣ ਵੀ ਨਹੀਂ ਜਾ ਸਕਿਆ, ਜਿਸ ਵਿਚ ਮੇਰਾ ਜਨਮ ਹੋਇਆ ਸੀ ।

ਘਣੀਏ ਕਿਆਂ ਤੋਂ ਸਾਡਾ ਬਾਰ ਵਾਲਾ ਟਿਕਾਣਾ : ਸਵਾ ਦੋ ਸੌ ਮੀਲ ਤੋਂ ਕੁਝ ਉੱਤੇ ਸੀ। ਰੋਜ਼ਾਨਾ ਬਹੁਤ ਸਫ਼ਰ ਨਹੀਂ ਸੀ ਕੀਤਾ ਜਾ ਸਕਦਾ। ਮੱਝਾਂ, ਗਾਈਆਂ ਦੇ ਪਿੱਛੇ ਹੇਣੂ ਵੀ ਸਨ, ਅਤੇ ਲਗਾਤਾਰ ਚਲਦੇ ਰਹਿਣ ਨਾਲ ਡੰਗਰਾਂ ਦੇ ਖੁਰ ਵੀ ਦੁੱਖਣ ਲੱਗ ਪੈਂਦੇ ਹਨ। ਪੂਰਾ ਪੈਂਡਾ ਮੁਕਾਉਂਦਿਆਂ 25 ਦਿਨਾਂ ਤੋਂ ਉੱਤੇ ਲੱਗੇ । ਰਾਹ ਵਿਚ ਦੋਂਹ, ਤਿੰਨੀ ਥਾਈਂ ਪਸ਼ੂਆਂ ਦੀ ਥਕਾਵਟ ਦੂਰ ਕਰਨ ਲਈ ਦਿਹਾੜੀ ਭਰ ਰੁਕਣਾ ਵੀ ਪਿਆ ।

ਇਹ ਪੈਂਡਾ ਕੋਈ ਸੌਖਾ ਨਹੀਂ ਸੀ । ਰਾਹ ਵਿਚ ਮੀਂਹ, ਝੱਖੜ, ਹਨੇਰੀਆਂ ਦਾ ਟਾਕਰਾ ਵੀ ਕਰਨਾ ਪਿਆ। ਜਦੋਂ ਕਿਤੇ ਮੀਂਹ ਆਉਂਦਾ ਗੱਡਾ ਕਿਸੇ ਰੁੱਖ ਥੱਲੇ ਖੜਾ ਕਰਕੇ ਦੋਵੇਂ ਮੰਜੀਆਂ ਆਟੇ, ਗੁੜ ਆਦਿ ਉੱਤੇ ਕਰਕੇ ਉਤੋਂ ਦੀ ਭੂਰੇ ਪਾ ਦਿੰਦੇ। ਹਨੇਰੀ ਸਮੇਂ ਲੀੜੇ ਕਪੜੇ ਨੂੰ ਉਡਣੋਂ ਬਚਾਉਣਾ ਅਤੇ ਮਾਲ-ਡੰਗਰ ਨੂੰ ਇਕੱਠਿਆਂ ਰੱਖਣਾ ਵੀ ਇਕ ਸਮੱਸਿਆ ਸੀ । ਸਭ ਤੋਂ ਵੱਡੀ ਕਠਨਾਈ ਸੀ ਪੱਠਿਆਂ ਦੀ । ਲਾਹੌਰ ਦਾ ਜ਼ਿਲ੍ਹਾ ਲੰਘ ਕੇ ਜਦੋਂ ਨਵੀਂ ਵੱਸੀ ਬਾਰ ਦੇ ਇਲਾਕੇ ਵਿਚ ਦਾਖ਼ਲ ਹੋਏ ਤਾਂ ਪੱਠੇ ਮਿਲਨੇ ਕਾਫ਼ੀ ਔਖੇ ਹੋ ਗਏ। ਭਾਵੇਂ ਬਾਰ ਦਾ ਇਹ ਇਲਾਕਾ ਆਬਾਦ ਹੋਇਆ ਚਾਰ, ਪੰਜ ਸਾਲ ਹੋ ਗਏ ਸਨ, ਪਰ ਸਾਡੇ ਵਾਂਗ ਅਗਾਂਹ ਨੂੰ ਜਾਣ ਵਾਲੇ ਹੋਰ ਵੀ ਬਹੁਤ ਲੋਕ ਸਨ। ਇਸ ਲਈ ਸੜਕ ਦੇ ਦੋਹੀਂ ਪਾਸੀਂ ਵੱਸੇ ਲੋਕਾਂ ਕੋਲ ਆਪਣੇ ਡੰਗਰਾਂ ਜੋਗੇ ਪੱਠੇ ਵੀ ਨਹੀਂ ਸਨ ਬਚੇ । ਹੁਣ ਸਕੀਮ ਇਹ ਬਣਾਈ ਗਈ ਕਿ ਤਾਇਆ ਸ਼ੇਰ ਸਿੰਘ ਘੋੜੀ ਤੇ ਚੜ੍ਹ ਕੇ ਗੱਡੇ ਵਾਲਿਆਂ ਤੋਂ ਅੱਗੇ ਨਿਕਲ ਜਾਂਦਾ ਤੇ ਅੱਠ, ਦਸ ਮੀਲ ਜਾ ਕੇ ਪੱਠਿਆਂ ਦੀ ਭਾਲ ਸ਼ੁਰੂ ਕਰਦਾ । ਜਿੱਥੋਂ ਪੱਠੇ ਮਿਲ ਜਾਂਦੇ ਗੱਡੇ ਵਾਲਿਆਂ ਨੂੰ ਓਥੇ ਹੀ ਰੋਕ ਲੈਂਦਾ । ਇੰਞ ਕਈ ਵਾਰੀ ਹਨੇਰਾ ਹੋਣ ਤੱਕ ਸਫ਼ਰ ਕਰਨਾ ਪੈਂਦਾ, ਅਤੇ ਕਦੇ-ਕਦੇ ਚੰਗੇ ਦਿਨ ਖੜੇ ਹੀ ਡੇਰਾ ਲਾਉਣਾ ਪੈ ਜਾਂਦਾ । ਘੋੜੀ ਲੈ ਕੇ ਤਿੰਨ ਜਣੇ ਪੱਠੇ ਲੈਣ ਤੁਰ ਪੈਂਦੇ ਤੇ ਪਿੱਛੇ ਰਹੇ ਦੋ ਜਣੇ ਰੁੱਖਾਂ ਦਰਖਤਾਂ ਨਾਲ ਡੰਗਰ ਬੰਨ੍ਹਦੇ; ਡੰਗਰਾਂ ਨੂੰ ਪਾਣੀ ਡਾਹੁੰਦੇ ਜੇ ਪਾਣੀ ਖੁੱਲ੍ਹਾ ਮਿਲ ਜਾਵੇ ਤਾਂ ਮੱਝਾਂ ਨਹਾਉਂਦੇ । ਪੱਠੇ ਆਉਣ ਤੇ ਸਬੂਤੇ ਹੀ ਡੰਗਰਾਂ ਅੱਗੇ ਸੁੱਟ ਦਿੰਦੇ । ਬਾਬਾ ਬੂੜ ਸਿੰਘ ਹਰ ਪਸੂ ਕੋਲ ਜਾ ਕੇ ਉਸ ਦੀ ਪਿੱਠ ਉੱਤੇ, ਧੌਣ ਉੱਤੇ ਹੱਥ ਫੇਰਦਾ, ਥਾਪੀ ਦਿੰਦਾ ਤੇ ਕਹਿੰਦਾ, “ਖਾ ਲਓ ਭਈ ਜੋ ਕੁਝ ਰੁੱਖਾ, ਸੁੱਕਾ ਮਿਲਦਾ ਏ । ਸਾਨੂੰ ਤਾਂ ਰਾਹ ਵਿਚ ਵੀ ਘਰ ਵਰਗੀਆਂ ਪੱਕੀਆਂ- ਪਕਾਈਆਂ ਮਿਲਦੀਆਂ ਨੇ ਤੁਹਾਨੂੰ ਅਸੀਂ ਪੱਠੇ ਵੀ ਅਣਕੁਤਰੇ ਹੀ ਪਾਉਂਦੇ ਆਂ" ਅਤੇ ਪਸੂ ਬਾਬੇ ਦੀ ਗੱਲ ਸਮਝਦੇ ਸਨ । ਜਦੋਂ ਬਾਬਾ ਡੰਗਰਾਂ ਨੂੰ ਥਾਪੀ ਦੇਣ ਲਈ ਨਿਕਲਦਾ, ਹਰ ਪਸੂ ਆਪਣੀ ਵਾਰੀ ਦੀ ਉਡੀਕ ਵਿਚ ਬੂਥੀ ਚੁੱਕ ਕੇ ਬਾਬੇ ਵੱਲ ਨੂੰ ਝਾਕਦਾ ਰਹਿੰਦਾ । ਬਾਬੇ ਦੇ ਹੱਥ ਫੇਰਨ ਨਾਲ ਪਸ਼ੂਆਂ ਦਾ ਜਿਵੇਂ ਥਕੇਵਾਂ ਦੂਰ ਹੋ ਜਾਂਦਾ । ਜਿਸ ਦਿਨ ਕਿਤਿਓਂ ਤੂੜੀ ਵੀ ਮਿਲ ਜਾਂਦੀ, ਦੋਵੇਂ ਬਾਬੇ ਝੱਟ ਪੱਠੇ ਕੁੱਤਰਨ ਲੱਗ ਪੈਂਦੇ। ਉਹਨੀ ਦਿਨੀਂ ਅਜੇ ਹੱਥ ਵਾਲੇ ਟੋਕੇ ਹੀ ਵਰਤੋਂ ਵਿਚ ਸਨ, ਗੇੜਨ ਵਾਲਾ ਟੋਕਾ ਅਜੇ ਨਹੀਂ ਸੀ ਬਣਿਆ । ਬਾਬੇ ਨੇ ਪੱਠੇ ਕੁੱਤਰਨ ਵਾਲੀਆਂ ਦੋ ਉਚਾਵੀਆਂ ਮੁੱਢੀਆਂ ਵੀ ਪਿੰਡੋਂ ਹੀ ਗੱਡੇ ਤੇ ਰੱਖ ਲਈਆਂ ਸਨ । ਕੋਈ ਮੰਨੇ ਜਾਂ ਨਾ ਮੰਨੇ ਪਰ ਇਹ ਮੇਰੀ ਅੱਖੀਂ ਡਿੱਠੀ ਗੱਲ ਹੈ ਕਿ ਵੱਡਾ ਬਾਬਾ ਤਕਰੀਬਨ ਅੱਸੀ ਵਰ੍ਹਿਆਂ ਦੀ ਉਮਰ ਤੱਕ ਇਕੱਲਾ ਹੀ ਦੋਂਹ ਬੰਦਿਆਂ ਜਿੰਨੇ ਪੱਠੇ ਕੁੱਤਰ ਦਿੰਦਾ ਸੀ । ਕੁੱਤਰੇ ਹੋਏ ਪੱਠੇ ਡੰਗਰਾਂ ਨੂੰ ਪਾ ਕੇ ਬਾਬਾ ਇੰਝ ਮਹਿਸੂਸ ਕਰਦਾ ਜਿਵੇਂ ਕੋਈ ਵੱਡੀ ਜ਼ੁੰਮੇਵਾਰੀ ਨਿਭਾ ਲਈ ਹੋਵੇ । ਸਾਰੇ ਰਾਹ ਵਿਚ ਤਿੰਨ ਦਿਨ ਅਜਿਹੇ ਵੀ ਆਏ ਜਦੋਂ ਕਿਤਿਓਂ ਪੱਠੇ ਨਾ ਮਿਲੇ। ਐਸੇ ਸਮੇਂ ਚੰਗਾ ਦਿਨ ਖੜੇ ਹੀ ਕਿਸੇ ਅਜਿਹੇ ਥਾਂ ਗੱਡਾ ਰੋਕ ਲੈਂਦੇ ਜਿਥੇ ਪਾਣੀ ਮਿਲਦਾ ਅਤੇ ਲਾਗੇ-ਚਾਗੇ ਚੰਗਾ ਘਾਹ ਹੁੰਦਾ। ਡੰਗਰਾਂ ਨੂੰ ਚਰਨ ਛੱਡ ਦਿੰਦੇ ਅਤੇ ਆਪ ਸਾਰੇ ਜਣੇ ਦਾਤਰੀਆਂ, ਰੰਬੇ ਫੜ ਕੇ ਘਾਹ ਵੱਢਣ ਜਾਂ ਖੋਤਣ ਲੱਗ ਪੈਂਦੇ । ਬਾਬੇ ਦਾ ਹੁਕਮ ਸੀ ਕਿ ਡੰਗਰਾਂ ਨੂੰ ਪੱਠੇ ਪਾਉਣ ਤੋਂ ਪਹਿਲਾਂ ਆਪ ਰੋਟੀ ਨਹੀਂ ਖਾਣੀ, ਤੇ ਏਵੇਂ ਹੀ ਹੁੰਦਾ ਰਿਹਾ । ਜਿਨ੍ਹਾਂ ਸ਼ਹਿਰੀਂ ਰਹਿਣ ਵਾਲੇ ਲੋਕਾਂ ਨੇ ਕਦੇ ਲਵੇਰੀਆਂ ਨਹੀਂ ਰੱਖੀਆਂ ਉਹਨਾਂ ਨੂੰ ਤਾਂ ਸ਼ਾਇਦ ਇਹ ਇਕ ਨਗੂਣੀ ਜਿਹੀ ਗੱਲ ਜਾਪੇ, ਪਰ ਪੇਂਡੂ ਪਾਠਕ ਇਸ ਨੂੰ ਹੈਰਾਨਕੁਨ ਮੁਅਜਜ਼ਾ ਸਮਝਣਗੇ ਕਿ ਏਨਾ ਲੰਮਾ ਪੈਂਡਾ ਕਰਕੇ ਅਤੇ ਕਈ ਵਾਰੀ ਭੁੱਖੇ ਢਿੱਢ ਰਹਿ ਕੇ ਵੀ ਚਹੁੰਆਂ ਵਿਚੋਂ ਕਿਸੇ ਲਵੇਰੀ ਨੇ ਵੀ ਕੋਈ ਇਕ ਨਾਗਾ ਵੀ ਨਾ ਕੀਤਾ। ਥਕੇਵੇਂ ਕਰਕੇ ਅਤੇ ਪੂਰੀ ਖ਼ੁਰਾਕ ਨਾ ਮਿਲਣ ਕਰਕੇ ਦੁੱਧ ਤਾਂ ਘੱਟ ਹੁੰਦਾ ਗਿਆ ਪਰ ਤਿੰਨੇ ਮੱਝਾਂ ਤੇ ਇਕ ਗਾਂ ਦੋਵੇਂ ਵੇਲੇ ਮਿਲਦੀਆਂ ਰਹੀਆਂ। ਮੈਂ ਉਦੋਂ ਬਹੁਤ ਛੋਟਾ ਸਾਂ ਜਦੋਂ ਤਾਏ ਸ਼ੇਰ ਸਿੰਘ ਨੇ ਸਾਡੇ ਪਿਤਾ ਜੀ ਨੂੰ ਤੇ ਇਕ, ਦੋਂਹ ਹੋਰ ਸਾਥੀਆਂ ਨੂੰ ਇਹ ਕਹਾਣੀ ਸੁਣਾਈ, ਤੇ ਨਾਲ ਕਿਹਾ, “ਇਹ ਸਾਡੇ ਭਾਈਏ ਦੀਆਂ ਥਾਪੀਆਂ ਦੀ ਕਰਾਮਾਤ ਸੀ ।” (ਤਾਇਆ ਸ਼ੇਰ ਸਿੰਘ ਤੇ ਕੇਹਰ ਸਿੰਘ ਆਪਣੇ ਪਿਤਾ ਨੂੰ ‘ਭਾਈਆ’ ਕਹਿੰਦੇ ਸਨ ।)

ਸਾਡੀ ਦਾਦੀ ਨੇ ਇਸ ਲੰਮੇ ਪੈਂਡੇ ਵਿਚ ਜਿਸ ਤਰ੍ਹਾਂ ਟੱਬਰ ਦੀ ਸੰਭਾਲ ਕੀਤੀ, ਉਹ ਅੱਜ ਕੱਲ ਦੀਆਂ ਮੁਟਿਆਰਾਂ ਲਈ ਇਕ ਮਿਸਾਲ ਹੈ । ਜਿਥੇ ਤਿਕਾਲਾਂ ਨੂੰ ਗੱਡਾ ਰੁਕਦਾ, ਮਾਂ ਜੀ ਝੱਟ ਇੱਟਾਂ ਰੋੜੇ ਫੜ ਕੇ ਚੁੱਲ੍ਹਾ ਬਣਾ ਲੈਂਦੀ । ਬਾਲਣ ਦੀ ਰਾਹ ਵਿਚ ਕੋਈ ਥੁੜ੍ਹ ਨਹੀਂ ਸੀ । ਚੁੱਲ੍ਹਾ ਬਾਲ ਕੇ ਮਾਂ ਜੀ ਦਾਲ ਰਿੱਝਣੀ ਧਰ ਦਿੰਦੀ ਤੇ ਆਪ ਆਟਾ ਗੁੰਨ੍ਹਣ ਲੱਗ ਪੈਂਦੀ । ਦਾਲ ਆਮ ਤੌਰ ਤੇ ਮੂੰਗੀ ਦੀ ਧਰਦੀ, ਕਿਉਂਕਿ ਛੇਤੀ ਰਿੱਝਦੀ ਹੈ, ਜਾਂ ਕਦੇ- ਕਦਾਈਂ ਆਲੂ ਬਣਾ ਲੈਂਦੀ । ਆਟਾ ਗੁੰਨ੍ਹ ਕੇ ਨਾਲ ਹੀ ਦੂਜੇ ਚੁੱਲ੍ਹੇ ਤੇ ਰੋਟੀਆਂ ਪਕਾਉਣ ਲੱਗ ਪੈਂਦੀ । ਮਰਦ ਮਾਲ-ਡੰਗਰ ਨੂੰ ਪੱਠੇ ਪਾ ਕੇ ਨਹਾਉਣ-ਧੋਣ ਲੱਗ ਪੈਂਦੇ, ਨਾਲ ਹੀ ਆਪਣੇ ਗਲ ਵਾਲੇ ਲੀੜੇ ਵੀ ਪਾਣੀ ਵਿਚ ਘਚੋਲ ਲੈਂਦੇ। ਵੇਲਾ ਹੋਵੇ ਤਾਂ ਲੀੜਿਆਂ ਤੇ ਥੋੜ੍ਹਾ-ਬਹੁਤ ਸਬੂਣ ਵੀ ਘਸਾ ਲੈਂਦੇ । (‘ਸਾਬਣ ਦਾ ਨਾਮ ਉਹਨੀਂ ਦਿਨੀਂ ‘ਸਬੂਣ’ ਹੀ ਸੀ ।) ਉਹਨਾਂ ਦੇ ਆਉਣ ਤਕ ਰੋਟੀ ਤਿਆਰ ਹੁੰਦੀ । ਰੋਟੀ ਖਾ ਕੇ ਧਾਰਾਂ ਕੱਢਦੇ । ਇਸ ਸਮੇਂ ਮਾਂ ਜੀ ਰੋਟੀ ਖਾ ਲੈਂਦੇ । ਦੁੱਧ ਚੋਖਾ ਹੁੰਦਾ ਸੀ, ਸਾਰਿਆਂ ਨੂੰ ਇਕ-ਇਕ ਛੰਨਾ ਕੱਚੇ ਦੁੱਧ ਦਾ ਪੀਣ ਲਈ ਦੇ ਕੇ ਫੇਰ ਵੀ ਚਾਰ, ਪੰਜ ਸੇਰ ਬਚ ਜਾਂਦਾ, ਉਹ ਮਾਂ ਜੀ ਕੜ੍ਹਨਾ ਧਰ ਦੇਂਦੇ । ਦੁੱਧ ਕਾੜ੍ਹ ਕੇ, ਜਾਗ ਲਾ ਕੇ, ਪੀੜ੍ਹੀ ਤੇ ਕੜ ਕੇ ਤੇ ਨ੍ਹਾ-ਧੋ ਕੇ ਕਿਤੇ ਅੱਧੇ ਰਾਤ ਨੂੰ ਮਾਂ ਜੀ ਨੂੰ ਸੌਣ ਦਾ ਵਿਹਲ ਮਿਲਦਾ । ਸਵੇਰੇ ਕੁੱਕੜ ਦੀ ਬਾਂਗ ਨਾਲ ਉੱਠ ਕੇ ਰਿੜਕਣਾ ਪਾ ਦੇਂਦੇ । ਇੰਝ ਬਟਾਲੇ, ਅੰਮ੍ਰਿਤਸਰ ਤੋਂ ਲੈ ਕੇ ਜ਼ਿਲ੍ਹਾ ਮੁਲਤਾਨ ਦੇ 'ਮੰਬਾ ਬੰਗਲਾ' ਤਕ ਸਵੇਰੇ ਅੰਮ੍ਰਿਤ ਵੇਲੇ ਸਾਡੀ ਦਾਦੀ ਦੀ ਮਧਾਣੀ ਦੀ ਘੁਮਕਾਰ ਪੈਂਦੀ ਗਈ। ਹੋਰ ਵੀ ਕਈਆਂ ਮਾਈਆਂ, ਬੀਬੀਆਂ ਨੇ ਇਸੇ ਰਾਹੇ ਜਾਂਦਿਆਂ ਸ਼ਾਇਦ ਮਧਾਣੀਆਂ ਪਾਈਆਂ ਹੋਣ, ਪਰ ਵਧੇਰੇ ਲੋਕ ਦੁੱਧ ਪੀ ਹੀ ਛੱਡਦੇ ਸਨ, ਮਾਈ ਇੰਦੋ ਵਰਗੀਆਂ ਦੁੱਧ ਕਾੜ੍ਹਨ, ਜਮਾਉਣ ਤੇ ਰਿੜਕਣ ਵਾਲੀਆਂ ਹਿੰਮਤੀ ਤੇ ਸਿਰੜੀ ਸੁਆਣੀਆਂ ਬਹੁਤ ਥੋੜ੍ਹੀਆਂ ਸਨ ।

ਇਸ ਸਫ਼ਰ ਦੀਆਂ ਕਹਾਣੀਆਂ ਤਾਂ ਤਾਇਆ ਜੀ ਕਈ ਸੁਣਾਉਂਦੇ ਹੁੰਦੇ ਸਨ, ਪਰ 70 ਸਾਲ ਪੁਰਾਣੀਆਂ ਗੱਲਾਂ ਨਾ ਹੁਣ ਮੈਨੂੰ ਪੂਰੀ ਤਰ੍ਹਾਂ ਯਾਦ ਹੀ ਹਨ ਤੇ ਨਾ ਹੀ ਸਾਰੇ ਵੇਰਵੇ ਦੇਣ ਦੀ ਲੋੜ ਹੈ । ਹਾਂ, ਇਕ ਕਿੱਸਾ ਸੁਣਾਉਣ ਵਾਲਾ ਹੈ, ਕਿਉਂਕਿ ਉਸ ਨਾਲ ਉੱਤੇ ਬਿਆਨ ਕੀਤੀ ਮਧਾਣੀ ਦੀ ਘੁਮਕਾਰ ਦਾ ਸੰਬੰਧ ਹੈ।

ਇਹ ਕਿੱਸਾ ਮੈਂ ਤਾਇਆ ਸ਼ੇਰ ਸਿੰਘ ਜੀ ਤੋਂ ਸੰਨ 1921 ਜਾਂ 1922 ਵਿਚ ਸੁਣਿਆ, ਅੱਜ ਸੱਤਰ੍ਹਾਂ ਵਰ੍ਹਿਆਂ ਪਿੱਛੋਂ ਯਾਦਾਂ ਦੇ ਵਰਕੇ ਫੋਲਦਿਆਂ ਇਸ ਕਹਾਣੀ ਦਾ ਧੁੰਧਲਾ ਜਿਹਾ ਪਰਛਾਵਾਂ ਸਾਹਵੇਂ ਆ ਗਿਆ। ਪੂਰੇ ਵੇਰਵੇ ਹੁਣ ਯਾਦ ਨਹੀਂ। ਮਿੰਟਗੁਮਰੀ ਤੋਂ ਇਕ, ਦੋ ਮੰਜ਼ਲਾਂ ਅੱਗੇ ਲੰਘ ਕੇ ਇਕ ਦਿਨ ਸਾਡੇ ਪਰਿਵਾਰ ਨੇ ਰਾਤ ਇਕ ਅਜਿਹੇ ਥਾਂ ਡੇਰਾ ਲਾਇਆ ਜਿਥੇ ਜ਼ਮੀਨ ਆਬਾਦ ਹੋ ਚੁੱਕੀ ਸੀ, ਪਰ ਪਿੰਡ ਨੇੜੇ ਕੋਈ ਨਹੀਂ ਸੀ । ਸੜਕ ਤੋਂ ਕੁਝ ਹਟਵੀਂ ਮੁਸਲਮਾਨਾਂ ਦੀ ਇਕ ਭੈਣੀ ਸੀ । ਸਵੇਰੇ ਅਜੇ ਸੂਰਜ ਨਹੀਂ ਸੀ ਚੜ੍ਹਿਆ ਕਿ ਇਕ ਬਜ਼ੁਰਗ ਮੁਸਲਮਾਨ ਆਇਆ । ਉਸ ਇਲਾਕੇ ਦਾ ਮੁਸਲਮਾਨ, ਜਿਨ੍ਹਾਂ ਨੂੰ ਅਸੀਂ ਜਾਂਗਲੀ ਕਹਿੰਦੇ ਸਾਂ । ਉਹ ਆਉਂਦਿਆਂ ਹੀ ਬੋਲਿਆ, “ਸਰਦਾਰ ਜੀ ਵਾਹਿਗੁਰੂ ਜੀ ਕੀ ਫਤਹਿ" । ਸਾਡੇ ਬਜ਼ੁਰਗ ਹੈਰਾਨ ਹੋ ਗਏ ਕਿ ਇਕ ਮੁਸਲਮਾਨ ਤੇ ਉਹ ਵੀ ਮੁਲਤਾਨ ਦੇ ਇਲਾਕੇ ਦਾ ਮੁਸਲਮਾਨ, ਫਤਿਹ ਬੁਲਾਉਣੀ ਕਿਥੋਂ ਸਿਖਿਆ । ਤਾਇਆ ਜੀ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਫੇਰ ਬੋਲਿਆ, “ਓ ਸਰਦਾਰੋ ਤੁਸਾਂ ਕੇਹੀ ਮਿੱਟੀ ਦੇ ਬਣੇ ਹੋਏ ਹੋ। ਸਾਡੀਆਂ ਸਵਾਣੀਆਂ ਘਰ ਬੈਠੀਆਂ ਹੀ ਆਖ ਦਿੰਦੀਆਂ ਹਿਨ, “ਖੀਰ ਪੀ ਛੋੜੋ, ਜਮਾਵਣ ਤੇ ਰਿੜਕਣਾ ਪਾਵਣ ਦਾ ਬਖੇੜਾ ਕੌਣ ਕਰੋ ਅਤੇ ਤੁਸ਼ਾਡੀ ਮਧਾਣੀ ਇਸ ਸਫ਼ਰ ਵਿਚ ਵੀ, ਧੰਮੀ ਨਾਲ ਖੜਕਣ ਲੱਗ ਪਈ ਗਦੀ । ਮੈਂ ਜਾਤਾ ਰਿੜਕਣਾ ਪਾਵਣ ਵਾਲੀ ਸਵਾਣੀ ਕੋਈ ਜਵਾਨ-ਜਹਾਨ ਹੋਸੀ, ਪਰ ਇਸ ਬੀਬੀ ਦੀ ਉਮਰ ਤਾਂ ਪੰਜਾਹ, ਪਚਵੰਜਾ ਦੇ ਢਿਗ ਹੋਸੀ । ਅਸਲ ਵਿਚ ਮਾਂ ਜੀ (ਸਾਡੀ ਦਾਦੀ) ਦੀ ਉਮਰ ਉਸ ਸਮੇਂ ਸੱਠ ਤੋਂ ਕੋਈ ਦੋ, ਚਾਰ ਸਾਲ ਉੱਤੇ ਸੀ । ਉਹ ਫੇਰ ਕਹਿਣ ਲੱਗਾ, “ਓ ਸਿੰਘ ਏਨੀ ਬਹਾਦਰ, ਗੈਰਤਮੰਦ ਤੇ ਹਿੰਮਤੀ ਕੌਮ ਹੁੰਦਿਆਂ ਤੁਸਾਂ ਰਾਜ ਕਿੰਝ ਗਵਾ ਲਿਆ ?” ਅਸਲ ਵਿਚ ਉਸ ਬਜ਼ੁਰਗ ਦੀ ਉਮਰ ਉਸ ਵੇਲੇ ਸੌ ਸਾਲ ਤੋਂ ਉੱਤੇ ਸੀ । ਉਸ ਨੇ ਸਿੱਖ ਰਾਜ ਦਾ ਸਮਾਂ ਵੇਖਿਆ ਹੋਇਆ ਸੀ ਤੇ ਲਾਹੌਰ ਦਰਬਾਰ ਦੀ ਸ਼ਾਨੋ-ਸ਼ੌਕਤ ਵੀ ਵੇਖੀ ਹੋਈ ਸੀ, ਉਹ ਊਠਾਂ ਤੇ ਮਾਲ ਲੱਦ ਕੇ ਲਾਹੌਰ ਜਾਂਦੇ ਹੁੰਦੇ ਸਨ । ਕੁਝ ਚਿਰ ਹੋਰ ਗੱਲਬਾਤ ਹੋਈ, ਮੁਸਲਮਾਨ ਬਜ਼ੁਰਗ ਨੇ ਬੜੇ ਨਿੱਘੇ ਪਿਆਰ ਨਾਲ ਸਾਡੇ ਪਰਿਵਾਰ ਨੂੰ ਵਿਦਾ ਕੀਤਾ।

ਮਾਂ ਜੀ ਦਾ ਸਾਰਾ ਪ੍ਰੋਗਰਾਮ ਅਜੇ ਦੱਸਣਾ ਬਾਕੀ ਹੈ । ਦੁੱਧ ਰਿੜਕ ਕੇ ਮਾਂ ਜੀ ਸਾਰੇ ਟੱਬਰ ਲਈ ਪਰਾਉਂਠੇ ਪਕਾਉਂਦੇ । ਸਾਰੇ ਜਣੇ ਦਹੀਂ ਤੇ ਮੱਖਣ ਨਾਲ ਰੱਜ ਕੇ ਪਰਾਉਂਠੇ ਖਾਂਦੇ । ਇਕ-ਇਕ ਪਰਾਉਂਠਾ ਤੇ ਸਵੇਰੇ ਹੋਇਆ ਦੁੱਧ ਦੁਪਹਿਰ ਦੇ ਖਾਣੇ ਲਈ ਰੱਖ ਲਿਆ ਜਾਂਦਾ । ਤਾਇਆ ਸ਼ੇਰ ਸਿੰਘ ਪਿੱਛੋਂ ਦੱਸਦਾ ਹੁੰਦਾ ਸੀ, “ਚਾਚੀ ਸਾਨੂੰ ਸਾਰੇ ਰਾਹ ਵਿਚ ਇੰਝ ਰੋਟੀ-ਟੁੱਕ ਦਿੰਦੀ ਰਹੀ, ਜਿਵੇਂ ਘਰ ਬੈਠੀ ਹੋਵੇ ।”

ਇਸ ਤਰ੍ਹਾਂ ਮੰਜ਼ਿਲਾਂ ਮਾਰਦਾ, ਪੈਂਡੇ ਝਾਗਦਾ ਸਾਡਾ ਲਾਣਾ ਕੋਈ ਪੰਝੀ ਦਿਨਾਂ ਪਿੱਛੋਂ (ਪੱਕਾ ਸਮਾਂ ਯਾਦ ਨਹੀਂ) ਆਪਣੇ ਟਿਕਾਣੇ ਪੁੱਜਾ । ਰਾਹ ਵਿਚ ਔਕੜਾਂ ਵੀ ਆਈਆਂ, ਤਾਪ- ਸਰਾਪ ਵੀ ਹੁੰਦਾ ਰਿਹਾ, ਪਰ ਇਹ ਮਾਮੂਲੀ ਗੱਲਾਂ ਸਨ । ਇਕ ਰਾਤ ਬਘਿਆੜ ਵੱਛੇ ਨੂੰ ਪਾੜਨ ਹੀ ਵਾਲਾ ਸੀ ਕਿ ਕੁੱਤਾ ਭੱਬਕ ਮਾਰ ਕੇ ਉਸ ਦੇ ਗਲ ਜਾ ਪਿਆ । ਸਾਰੇ ਜਾਗ ਪਏ, ਪਿੱਛੋਂ ਬਾਕੀ ਰਾਤ ਵਾਰੀ-ਵਾਰੀ ਇਕ ਜਣਾ ਪਹਿਰਾ ਦਿੰਦਾ ਰਿਹਾ। ਇਕ ਰਾਤ ਚੋਰ ਜੋਗਾਂ ਖੋਲ੍ਹਣ ਆ ਗਏ । ਉਦੋਂ ਵੀ ਕੁੱਤਾ ਭੌਂਕ ਪਿਆ। ਚੋਰ ਚਾਰ ਸਨ । ਇਧਰੋਂ ਅਜੇ ਬਾਬੇ ਬੂੜ ਸਿੰਘ ਨੇ ਹੀ ਲਲਕਾਰਾ ਮਾਰਿਆ ਸੀ ਕਿ ਚੋਰਾਂ ਨੂੰ ਭੱਜਦਿਆਂ ਰਾਹ ਨਾ ਲੱਭਾ । ਚਾਚਾ ਦਲੀਪ ਸਿੰਘ ਉਦੋਂ ਮੱਸ-ਫੁੱਟ ਗੱਭਰੂ ਸੀ, ਉਹ ਗੰਡਾਸੀ ਵਾਲੀ ਡਾਂਗ ਫੜੀ ਛਾਲ ਮਾਰ ਕੇ ਉੱਠਿਆ। ਉਸ ਨੇ ਇਕ ਦੋਹਾਂ ਨੂੰ ਢਾਹ ਲੈਣਾ ਸੀ, ਪਰ ਨੰਗੇ ਪੈਰੀਂ ਦੌੜਿਆ ਸੀ। ਪੈਰ ਵਿਚ ਕਿੱਕਰ ਦੀ ਲੰਮੀ ਸੂਲ ਚੁੱਭ ਗਈ ਤੇ ਉਸ ਦੀ ਦੌੜ ਮੱਠੀ ਪੈ ਗਈ । ਇਕ ਚੋਰ ਦੀ ਪੱਗ ਟਾਲ੍ਹੀ ਨਾਲ ਅੜ ਕੇ ਡਿੱਗ ਪਈ, ਉਹ ਉਥੇ ਹੀ ਛੱਡ ਕੇ ਭੱਜ ਗਿਆ, ਦੂਜੇ ਦਾ ਪੈਰ ਚਿੱਕੜ ਵਿਚ ਖੁੱਭ ਗਿਆ, ਉਹ ਜੁੱਤੀ ਦਾ ਇਕ ਛਿੱਤਰ ਖੁੱਭਿਆ ਹੀ ਛੱਡ ਗਿਆ । ਸਵੇਰੇ ਉੱਠ ਕੇ ਸਾਡੇ ਨੌਕਰ ਨੇ ਛਿੱਤਰ ਟੋਕੇ ਨਾਲ ਵੱਢ ਕੇ ਦੋ ਟੋਟੇ ਕਰ ਦਿੱਤਾ, ਫੇਰ ਪੱਗ ਦੇ ਦੋ ਟੋਟੇ ਕਰਕੇ ਛਿੱਤਰ ਦੇ ਦੋਵੇਂ – ਟੋਟੇ ਉਹਨਾਂ ਨਾਲ ਬੰਨ੍ਹ ਕੇ ਟਾਲ੍ਹੀ ਦੀ ਟਾਹਣੀ ਨਾਲ ਲਮਕਾ ਦਿੱਤੇ ।

ਸਫ਼ਰ ਵਿਚ ਵਾਪਰੀਆਂ ਅਜਿਹੀਆਂ ਘਟਨਾਵਾਂ ਤੇ ਔਕੜਾਂ ਦੀਆਂ ਕਹਾਣੀਆਂ ਕਈ ਸਾਲ ਪਿੱਛੋਂ ਤਕ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਰਹੇ। ਹਰ ਟੱਬਰ ਦੀਆਂ ਆਪੋ- ਆਪਣੀਆਂ ਕਹਾਣੀਆਂ ਸਨ, ਪਰ ਕਦੇ ਕਿਸੇ ਨੇ ਖਿਝ ਕੇ ਜਾਂ ਝੁਰ ਕੇ ਨਹੀਂ ਕਿਹਾ ਕਿ ਅਸੀਂ ਰਾਹ ਵਿੱਚ ਇੰਨੇ ਔਖੇ ਹੋਏ । ਸਭ ਕੁਝ ਹਾਸੇ ਮਖੌਲ ਵਿਚ ਹੀ ਬਿਆਨ ਕੀਤਾ ਜਾਂਦਾ ਰਿਹਾ । ਜੇ ਉਹ ਲੋਕ ਏਨੇ ਹਿੰਮਤੀ ਤੇ ਏਨੇ ਵੱਡੇ ਜੇਰੇ ਵਾਲੇ ਨਾ ਹੁੰਦੇ ਤਾਂ ਬਾਰਾਂ ਨਾ ਆਬਾਦ ਕਰ ਸਕਦੇ। ਸਾਡੇ ਵਡੇਰਿਓ, ਸਾਨੂੰ ਤੁਹਾਡੇ ਕਾਰਨਾਮਿਆਂ ਤੇ ਸਦਾ ਮਾਣ ਰਹੇਗਾ-- ਆਫ਼ਰੀਨ, ਸਦ ਆਫ਼ਰੀਨ, ਪਰ ਅਫ਼ਸੋਸ ਤੁਸਾਂ ਸਾਨੂੰ ਕੋਈ ਅਜਿਹੀ ਗੁੜ੍ਹਤੀ ਨਾ ਦਿੱਤੀ, ਜਿਸ ਨਾਲ ਅਸੀਂ ਵੀ ਕੁੱਝ ਤੁਹਾਡੇ ਵਰਗਾ ਕਰ ਵਿਖਾਉਂਦੇ ।

ਗੰਜੀ ਬਾਰ ਵਿਚ ਪਹਿਲਾ ਦਿਨ

ਸਫ਼ਰ ਦੇ ਅਖੀਰਲੇ ਦਿਨ ਜ਼ਰਾ ਲੰਮੀ ਮੰਜ਼ਲ ਮਾਰ ਕੇ ਆਪਣੇ ਪਿੰਡ ਜਾ ਪੁੱਜੇ --ਜਿਹੜਾ ਪਿੰਡ ਅਜੇ ਬੱਝਾ ਨਹੀਂ ਸੀ, ਜਿਸ ਪਿੰਡ ਦੀ ਅਜੇ ਮੋਹੜੀ ਹੀ ਨਹੀਂ ਸੀ ਗੱਡੀ ਗਈ, ਜਿਥੇ ਨਾ ਕੋਈ ਪਿੰਡ ਸੀ, ਨਾ ਕੋਈ ਪਿੰਡ ਦਾ ਵਸਨੀਕ । ਸਾਡਾ ਟੱਬਰ ਇਸ ਪਿੰਡ ਵਿਚ ਪੁੱਜਣ ਵਾਲਾ ਪਹਿਲਾ ਪਰਵਾਰ ਸੀ, ਅਤੇ ਇੰਞ ਸਾਡੇ ਬਜ਼ੁਰਗਾਂ ਨੇ ਹੀ ਚੱਕ ਨੰਬਰ 79/15 ਐਲ ਦੀ ਮੋੜ੍ਹੀ ਗੱਡੀ । ਇਸ ਦਿਨ ਕੀ ਵਾਰ ਸੀ ਤੇ ਕਿਹੜੀ ਤਾਰੀਖ ਸੀ, ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ । (ਮਗਰੋਂ ਇਸ ਪਿੰਡ ਦਾ ਨਾਮ, ਬੱਚੇ ਦਾ ਨਾਮ ਰੱਖਣ ਵਾਂਗ, ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲੈ ਕੇ, “ਬਸੰਤ ਪੁਰਾ’ ਰੱਖਿਆ ਗਿਆ ।)

ਤਾਇਆ ਸ਼ੇਰ ਸਿੰਘ ਪਹਿਲਾਂ ਆਪਣੇ ਮੁਰੱਬੇ ਦੀ ਨਿਸ਼ਾਨਦੇਹੀ ਲੈ ਗਿਆ ਸੀ; ਮੁਰੱਬਾ ਪਿੰਡ ਦੇ ਨਾਲ ਲੱਗਦਾ ਸੀ; ਮੁਰੱਬੇ ਦੇ ਅਤੇ ਪਿੰਡ ਦੀ ਵਸੋਂ ਵਾਲੀ ਥਾਂ ਦੇ ਵਿਚਾਲੇ ਚਰਾਗਾ ਸੀ । ‘ਚਰਾਗਾ’ ਪਿੰਡ ਦੇ ਚੁਫੇਰੇ ਵਿਹਲੀ ਛੱਡੀ ਸਾਂਝੀ ਜ਼ਮੀਨ ਨੂੰ ਕਿਹਾ ਜਾਂਦਾ ਸੀ। ਇਹ ਫ਼ਾਰਸੀ ਸ਼ਬਦ ‘ਚਰਾਗਾਹ’ ਦਾ ਪੰਜਾਬੀ ਵਿਚ ਅਪਣਾਇਆ ਗਿਆ ਰੂਪ ਸੀ, ਜੋ ਪੁਲਿੰਗ ਵਜੋਂ ਵਰਤਿਆ ਜਾਂਦਾ ਸੀ । ਇਸੇ ਚਰਾਗੇ ਵਿਚ ਆਪਣੇ ਮੁਰੱਬੇ ਦੇ ਨੇੜੇ ਜਿਹੇ ਰੁੱਖਾਂ ਦੀ ਇਕ ਝੰਗੀ ਵਿਚ ਆ ਡੇਰਾ ਲਾਇਆ । ਇਥੇ ਦੋ ਵਣ ਤੇ ਤਿੰਨ, ਚਾਰ ਜੰਡ ਸਨ । ਕੁਦਰਤੀ ਇਸ ਸਾਲ ਮੁਲਤਾਨ ਵਿਚ ਵੀ ਮੀਂਹ ਚੰਗੇ ਪਏ ਸਨ; ਚਰਾਗੇ ਵਿਚ ਘਾਹ ਸੋਹਣਾ ਖੜਾ ਸੀ। ਡੰਗਰ ਚਰਨ ਲਈ ਖੁੱਲ੍ਹੇ ਛੱਡ ਦਿੱਤੇ । ਮਾਂ ਜੀ ਨੇ ਬਿਨਾ ਕਿਸੇ ਰਸਮੋ- ਰਿਵਾਜ ਦੇ ਪਿੰਡ ਪਹਿਲੇ ਚੁੱਲ੍ਹੇ ਵਿਚ ਅੱਗ ਬਾਲੀ ਅਤੇ ਦਾਲ ਰਿੱਝਣੀ ਧਰ ਦਿੱਤੀ ।

ਕੁਝ ਹਟਵੀਂ ਖੜੀ ਇਕ ਟਿੱਬੀ ਤੇ ਚੜ੍ਹ ਕੇ ਦੋਹਾਂ ਬਾਬਿਆਂ ਨੇ ਚੁਫੇਰੇ ਨਿਗਾਹ ਮਾਰੀ । ਨਾ ਇਥੇ ਕੋਈ ਬੰਦਾ ਸੀ, ਨਾਂ ਬੰਦੇ ਦੀ ਜ਼ਾਤ; ਭਾਂ-ਭਾਂ ਕਰਦਾ ਬੀਆਬਾਨ । ਜ਼ਮੀਨ ਜ਼ਰੂਰ ਪਹਿਲਾਂ ਆਬਾਦ ਹੋ ਚੁੱਕੀ ਸੀ; ਸਾਡੇ ਮੁਰੱਬੇ ਦੀਆਂ ਦੋਂਹ ਪੈਲੀਆਂ ਵਿਚ ਨਰਮੇ ਦੀਆਂ ਛਿਟੀਆਂ ਵੀ ਖੜ੍ਹੀਆਂ ਸਨ, ਪਰ ਸਾਨੂੰ ਮੁਰੱਬਿਆਂ ਦੇ ਦਖ਼ਲ ਮਿਲਦਿਆਂ ਹੀ ਪਹਿਲੇ ਆਬਾਦਕਾਰ ਇਥੋਂ ਜਾ ਚੁੱਕੇ ਸਨ ।

ਬਾਬੇ ਨੇ ਦੂਰ ਤਕ ਨਿਗਾਹ ਮਾਰ ਕੇ ਵੇਖਿਆ ਕਿਤੇ ਪਾਣੀ ਨਜ਼ਰ ਨਾ ਆਇਆ । ਤਾਏ ਨੂੰ ਆਵਾਜ਼ ਮਾਰ ਕੇ ਆਖਿਆ, “ਛੇਰ ਸਿੰਹਾ ਇਥੇ ਕਿਤੇ ਪਾਣੀ ਵੀ ਹੈ ਕਿ ਡੰਗਰ ਤਿਹਾਏ ਹੀ ਰਹਿਣਗੇ ?'' ਤਾਏ ਨੇ ਕਿਹਾ, “ਭਾਈਆ, ਪਾਣੀ ਹੋਵੇਗਾ, ਆਖਰ ਪਾਣੀ ਨਾਲ ਹੀ ਤਾਂ ਭੋਂ ਅਬਾਦ ਹੋਈ ਏ ।” ਇਹ ਕਹਿ ਕੇ ਤਾਏ ਨੇ ਘੋੜੀ ਫੜੀ, ਪਲਾਕੀ ਮਾਰ ਕੇ ਉਸ ਦੇ ਉੱਤੇ ਬਹਿ ਗਿਆ ਤੇ ਉਸ ਪਾਸੇ ਗਿਆ, ਜਿਧਰੋਂ ਦੀ ਪਾਣੀ ਦਾ ਖਾਲ ਲੰਘਦਾ ਸੀ । ਇਹ ਸਾਡੇ ਟੱਬਰ ਦੀ ਬੜੀ ਖ਼ੁਸ਼ ਕਿਸਮਤੀ ਸੀ ਕਿ ਉਹ ਖਾਲ ਉਸ ਦਿਨ ਵਗਦਾ ਸੀ—ਖਾਲ ਦੇ ਇਸ ਹਿੱਸੇ ਤਕ ਪਾਣੀ ਹਫ਼ਤੇ ਵਿਚ ਸਿਰਫ਼ ਦੋ ਦਿਨ ਪਹੁੰਚਦਾ ਸੀ। ਮਾਲ-ਡੰਗਰ ਖਾਲ ਵੱਲ ਨੂੰ ਹਿੱਕ ਲਿਆ। ਡੰਗਰਾਂ ਨੇ ਰੱਜ ਕੇ ਪਾਣੀ ਪੀਤਾ । ਪਿੱਛੋਂ ਸਾਰੇ ਟੱਬਰ ਨੇ ਇਸੇ ਖਾਲ ਵਿਚ ਇਸ਼ਨਾਨ ਕੀਤਾ। ਪੰਝੀ ਦਿਨਾਂ ਤਕ ਬੇਗਾਨੀਆਂ ਜੂਹਾਂ ਵਿਚ ਨਹਾਉਣ ਪਿੱਛੋਂ ਤੇ ਓਪਰਿਆਂ ਖਾਲਾਂ, ਰਜਵਾਹਿਆਂ ਦਾ ਪਾਣੀ ਪੀਣ ਪਿੱਛੋਂ ਕਿੰਨਾ ਪਿਆਰਾ, ਕਿੰਨਾ ਦਿਲਕਸ਼ ਲੱਗਾ ਹੋਊ ਆਪਣੇ ਪਿੰਡ ਦੇ ਖਾਲ ਦਾ ਪਾਣੀ। ਇਸ ਬਾਰੇ ਸਾਡੇ ਬਜ਼ੁਰਗਾਂ ਨੇ ਕਦੇ ਕੋਈ ਗੱਲ ਨਹੀਂ ਸੀ ਕੀਤੀ; ਬੱਸ ਇੰਨਾ ਕਹਿ ਛੱਡਦੇ ਸਨ, “ਸ਼ੁਕਰ ਕੀਤਾ ਕਿ ਟੱਬਰ ਦੇ ਸਾਰੇ ਜੀਅ, ਅਤੇ ਮਾਲ-ਡੰਗਰ ਸੁੱਖੀ-ਸਾਂਦੀ ਟਿਕਾਣੇ ਤੇ ਪੁੱਜ ਗਏ ।”

ਅਗਲੇ ਦਿਨ ਸਾਡੇ ਪਰਵਾਰ ਨੂੰ ਆਪਣੇ ਨਵੇਂ ਪਿੰਡ ਵਿਚ ਪਹਿਲਾ ਸੂਰਜ ਚੜ੍ਹਿਆ, ਤੇ ਚੜ੍ਹਿਆ ਵੀ ਆਪਣੇ ਮੁਰੱਬੇ ਵੱਲੋਂ ਦੀ। ਤਾਏ ਨੇ ਜਪੁਜੀ ਸਾਹਿਬ ਦਾ ਪਾਠ ਕੀਤਾ ਤੋਂ ਦੋਹਾਂ ਬਾਬਿਆਂ ਨੂੰ ਆਪਣੀ ਜ਼ਮੀਨ ਵਿਖਾਈ । ਭੋਂ ਕੋਈ ਤੀਜਾ ਹਿੱਸਾ ਹੀ ਸਵਾਹਰੀ ਕੀਤੀ ਹੋਈ ਸੀ । ਸਾਡਾ ਮੁਰੱਬਾ ਦੋ ਮੁਰੱਬਿਆਂ ਦਾ ਅੱਧ-ਅੱਧ ਮਿਲਾਕੇ ਬਣਾਇਆ ਸੀ, ਇਸ ਲਈ ਲੰਮਾਈ ਦੋ ਮੁਰੱਬਿਆਂ ਦੀ ਸੀ ਤੇ ਚੌੜਾਈ ਅੱਧੇ ਮੁਰੱਬੇ ਜਿੰਨੀ । ਵਿਚ ਖਾਲ ਵੀ ਅਜੇ ਪੂਰਾ ਨਹੀਂ ਸੀ ਕੱਢਿਆ ਹੋਇਆ । ਖੈਰ, ਤਿੰਨ ਕਿੱਲੇ ਭੋਂ ਪੈਰ ਤੇ ਹੀ ਬੀਜਣ ਜੋਗੀ ਸੀ। ਵਾਪਸ ਡੇਰੇ ਤੇ ਪੁੱਜੇ ਤਾਂ ਮਾਂ ਜੀ ਨੇ ਪਰੌਂਠੇ ਤਿਆਰ ਕੀਤੇ ਹੋਏ ਸਨ। ਰੋਟੀ ਖਾਣ ਲੱਗੇ ਤਾਂ ਵੱਡਾ ਬਾਬਾ ਬੋਲਿਆ, “ਓਏ ਆਪ ਤਾਂ ਪਰੌਂਠੇ ਖਾਣ ਲੱਗ ਪਏ ਜੋ ਇਹਨਾਂ ਬੇਜ਼ਬਾਨਿਆਂ ਦਾ ਵੀ ਕੋਈ ਫ਼ਿਕਰ ਹੈ ਕਿ ਨਹੀਂ ?” ਤਾਏ ਨੇ ਦਿਲਾਸਾ ਦਿਵਾਇਆ, “ਭਾਈਆ, ਮੈਂ ਹੁਣੇ ਜਾਨਾ ਪੱਠੇ ਲੱਭਣ ।” ਤਾਇਆ ਅਜੇ, ਘੋੜੀ ਤੇ ਕਾਠੀ ਪਾ ਹੀ ਰਿਹਾ ਸੀ ਕਿ ਦੂਰੋਂ ਇਕ ਮੁਸਲਮਾਨ ਆਉਂਦਾ ਦਿੱਸਿਆ। ਇਸੇ ਪਾਸੇ ਰਾਤ ਬਜ਼ੁਰਗਾਂ ਨੇ ਚੁੱਲ੍ਹੇ ਜਾਂ ਧੂੰਏਂ ਵਿਚ ਅੱਗ ਬਲਦੀ ਵੇਖੀ ਸੀ ਤੇ ਬਾਬੇ ਰੂੜ ਸਿੰਘ ਨੇ ਕਿਹਾ ਸੀ, “ਜੇ ਇਹ ਕੋਈ ਭੂਤ-ਪ੍ਰੇਤ ਨਹੀਂ ਤਾਂ ਫਿਰ ਇਸ ਬੀਆਬਾਨ ਵਿਚ ਵੀ ਆਦਮ ਜਾਤ ਵੱਸਦੀ ਏ ।” ਉਹ ਮੁਸਲਮਾਨ ਬੜੇ ਤਪਾਕ ਨਾਲ ਮਿਲਿਆ, ਜੀਅ-ਆਇਆਂ ਆਖਿਆ ਤੇ ਇਸ ਸਾਰੇ ਇਲਾਕੇ ਬਾਰੇ ਚੋਖੀ ਜਾਣਕਾਰੀ ਦਿੱਤੀ। ਬਾਬੇ ਨੇ ਉਸ ਨੂੰ ਵੀ ਪੱਠਿਆਂ ਬਾਰੇ ਹੀ ਪੁੱਛਿਆ । ਉਸ ਨੇ ਦੱਸਿਆ, “ਕਿ ਪੱਠਿਆਂ ਦੀ ਤਾਂ ਜ਼ਰੂਰ ਤੰਗੀ ਰਹੇਗੀ, ਤੁਸੀਂ ਆਪਣੇ ਪੱਠੇ ਛੇਤੀ ਬੀਜ ਲਓ ।" ਨਾਲ ਹੀ ਉਸ ਨੇ ਢਾਈ ਤਿੰਨ ਮੀਲ ਦੂਰ ਪੱਠਿਆਂ ਦੀ ਦੱਸ ਪਾਈ।

ਇਸੇ ਮੁਸਲਮਾਨ ਤੋਂ ਪਤਾ ਲੱਗਾ ਕਿ ਸਾਡੇ ਪਿੰਡ ਦੀ ਜ਼ਮੀਨ ਵਿਚ ਹੀ ਜਾਂਗਲੀਆਂ ਦੀਆਂ ਦੋ ਭੈਣੀਆਂ ਹਨ । ਭੈਣੀ ਉਸ ਇਲਾਕੇ ਵਿਚ ਕਿਸੇ ਇਕ ਟੱਬਰ, ਜਾਂ ਦੋ ਤਿੰਨਾਂ ਟੱਬਰਾਂ ਦੀਆਂ ਵੱਖਰੀਆਂ ਪਾਈਆਂ ਝੁੱਗੀਆਂ ਨੂੰ ਕਹਿੰਦੇ ਸਨ । ਉਹਨਾਂ ਵਿਚੋਂ ਇਕ ਭੈਣੀ ਇਸ ਜਾਂਗਲੀ ਦੀ ਸੀ। ਜੇ ਮੇਰੀ ਯਾਦਦਾਸ਼ਤ ਠੀਕ ਹੈ ਤਾਂ ਇਸ ਦਾ ਨਾਮ ਸੀ ਮੁਰਾਦ । ਇਹ ਸਾਡੇ ਬਾਰ ਛੱਡਣ ਤਕ ਸਾਡੇ ਪਿੰਡ ਦੀ ਜ਼ਮੀਨ ਹੀ ਹਿੱਸੇ, ਠੇਕੇ ਤੇ ਲੈ ਕੇ ਵਾਹੁੰਦਾ ਰਿਹਾ। ਇਸੇ ਨੇ ਦੱਸਿਆ ਕਿ ਲਾਗਦੇ ਪਿੰਡ ਵਿਚ ਦੋ ਟੱਬਰ ਸਿੱਖ ਅਬਾਦਕਾਰਾਂ ਦੇ ਵੀ ਰਹਿੰਦੇ ਹਨ । ਇਸ ਜਾਂਗਲੀ ਨੂੰ ਮਿਲ ਕੇ ਸਾਡੇ ਟੱਬਰ ਨੂੰ ਕਾਫ਼ੀ ਧਰਵਾਸ ਹੋਈ। ਤਾਇਆ ਪੱਠਿਆਂ ਦੀ ਭਾਲ ਵਿਚ ਫੇਰ ਤੁਰਨ ਹੀ ਵਾਲਾ ਸੀ ਕਿ ਉਹਨਾਂ ਸਿੱਖ ਪਰਵਾਰਾਂ ਦੇ ਦੋ ਬੰਦੇ ਵੀ ਊਠ ਤੇ ਚੜ੍ਹ ਕੇ ਆ ਗਏ। ਉਹਨਾਂ ਨੂੰ ਰਾਤੋ-ਰਾਤ ਹੀ ਕਿਸੇ ਤਰ੍ਹਾਂ ਖ਼ਬਰ ਮਿਲ ਗਈ ਸੀ ਕਿ ਇਕ ਨਵਾਂ ਸਿੱਖ ਟੱਬਰ ਆ ਗਿਆ ਹੈ । ਐਡੀ ਵੱਡੀ ਖ਼ਬਰ ਸੁਣਕੇ ਉਹ ਘਰ ਕਿਵੇਂ ਬਹਿ ਸਕਦੇ ਸਨ । ਤਾਇਆ ਜੀ ਦੱਸਦੇ ਹੁੰਦੇ ਸਨ ਕਿ ਅਸੀਂ ਇਕ ਦੂਜੇ ਨੂੰ ਇੰਞ ਜੱਫੀਆਂ ਪਾ ਕੇ ਮਿਲੇ ਜਿਵੇਂ ਮੇਲੇ ਵਿਚ ਗੁਆਚਾ ਬੱਚਾ ਲੱਭਣ ਪਿੱਛੋਂ ਮਾਂ ਦੇ ਗਲ ਨੂੰ ਚੰਬੜਦਾ ਹੈ। ਕਿੰਨੇ ਕਰਮਾਂ ਵਾਲੇ ਸਾਂ ਅਸੀਂ, ਕਿ ਇਸ ਵੈਰਾਨ ਜੰਗਲ ਵਿਚ ਵੀ ਸਾਨੂੰ ਬੰਦੇ ਮਿਲ ਗਏ, ਤੇ ਬੰਦੇ ਵੀ ਆਪਣੀ ਜਾਤ ਦੇ। ਪਹਿਲੀ ਵਾਰ ਵੱਡੇ ਬਾਬੇ ਦੇ ਚਿਹਰੇ ਤੇ ਭੀ ਕੁਝ ਖੇੜਾ ਆਇਆ। ਉਹਨਾਂ ਸਿੱਖਾਂ ਨੇ ਕਿਹਾ, “ਦੋ ਦੋ ਦਿਣਾਂ ਦੇ ਪੱਠੇ ਤਾਂ ਤੁਸੀਂ ਸਾਡੇ ਦੋ ਟੱਬਰਾਂ ਕੋਲੋਂ ਲੈ ਆਓ ਤੇ ਉਦੋਂ ਤਕ ਕੋਈ ਬੰਦੋਬਸਤ ਕਰ ਦਿਆਂਗੇ ।” ਉਹਨਾਂ ਨੇ ਬੰਦੋਬਸਤ ਕਰ ਵੀ ਦਿੱਤਾ। ਪੱਠੇ ਭਾਵੇਂ ਢਾਈ, ਤਿੰਨ ਮੀਲ ਤੋਂ ਹੀ ਲਿਆਉਣੇ ਪੈਂਦੇ ਰਹੇ, ਪਰ ਮਾੜੇ-ਚੰਗੇ ਮਿਲ ਗਏ। ਤੂੜੀ ਦਾ ਕੁੱਪ ਵੀ ਜਾਂਗਲੀਆਂ ਕੋਲੋਂ ਮਿਲ ਗਿਆ। ਓਧਰ ਦੇ ਜਾਂਗਲੀ ਮੂਸਲ ਬੰਨ੍ਹਣਾ ਨਹੀਂ ਸਨ ਜਾਣਦੇ, ਤੂੜੀ ਦੇ ਕੁੱਪ ਹੀ ਬੰਨ੍ਹਦੇ ਸਨ।

ਉਹਨਾਂ ਸਿੱਖਾਂ ਨੇ ਹੀ ਦੱਸਿਆ ਕਿ ਇਥੇ ਨਾ ਕੋਈ ਹੱਟੀ ਹੈ ਨਾ ਦੁਕਾਨ, ਨਾ ਲੁਹਾਰ ਨਾ ਤਰਖਾਣ, ਨਾ ਤੇਲੀ ਨਾ ਮੋਚੀ, ਕੰਮਿਹਾਰ, ਚੁਮਿਆਰ, ਨਾ ਹੀ ਡਾਕਟਰ-ਹਕੀਮ-ਕੋਈ ਨੀਮ ਹਕੀਮ ਵੀ ਨਹੀਂ । ਬੱਸ ਇਕ ਗੁਰੂ ਦੀ ਓਟ ਹੈ। ਜਾਣ ਲੱਗਿਆਂ ਉਹਨਾਂ ਕਿਹਾ, “ਇਹ ਦੋ ਨਿੱਕੀਆਂ-ਨਿੱਕੀਆਂ ਚੀਜ਼ਾਂ ਨੇ, ਤੁਹਾਨੂੰ ਇਹਨਾਂ ਦੀ ਲੋੜ ਹੋਵੇਗੀ ।” ਇਹ ਆਖ ਕੇ ਉਹਨਾਂ ਨੇ ਦੋ ਬੋਤਲਾਂ ਕੱਢੀਆਂ ਸੱਜਰੀ ਘਰ ਦੀ ਕੱਢੀ ਸ਼ਰਾਬ ਦੀਆਂ । ਤਾਇਆ ਸ਼ਰਾਬ ਨਹੀਂ ਸੀ ਪੀਂਦਾ। ਉਹ ਕੁਝ ਨਾਂਹ-ਨੁੱਕਰ ਕਰਨ ਲੱਗਾ, ਪਰ ਬਾਕੀ ਸਾਰੇ ਪੀਣ ਵਾਲੇ ਸਨ ਤੇ ਵੱਡਾ ਬਾਬਾ ਤਕੜਾ ਪਿਆਕ ਸੀ; ਉਸ ਨੇ ਅਗਾਂਹ ਹੋ ਕੇ ਬੋਤਲਾਂ ਆਪ ਫੜ ਲਈਆਂ ਤੇ ਤਾਏ ਵੱਲ ਨੂੰ ਹੱਥ ਕਰਕੇ ਆਖਣ ਲੱਗਾ, “ਇਹ ਤਾਂ ਜੱਟ ਦੇ ਘਰ ਐਵੇਂ ਜੰਮ ਪਿਆ, ਇਹਨੂੰ ਕਿਸੇ ਬਾਹਮਣ ਦੇ ਘਰ ਜੰਮਣਾ ਚਾਹੀਦਾ ਸੀ ।” ਦੂਜੀ ਸੁਗਾਤ ਉਹਨਾਂ ਨੇ ਦਿੱਤੀ ਫਟਕੜੀ । ਪਿੱਛੋਂ ਛੇਤੀ ਹੀ ਸਾਨੂੰ ਪਤਾ ਲੱਗ ਗਿਆ ਕਿ ਫਟਕੜੀ ਇਥੇ ਕਿੰਨੀ ਜ਼ਰੂਰੀ ਚੀਜ਼ ਸੀ। ਪਾਣੀ ਖਾਲਾਂ ਦਾ ਪੀਣਾ ਪੈਣਾ ਸੀ, ਤੇ ਗੰਜੀ ਬਾਰ ਦੀ ਨਹਿਰ ਦਾ ਪਾਣੀ ਬੜਾ ਗੰਘਲਿਆ ਹੋਇਆ ਸੀ—ਨਿਰੀ ਗਾਰ। ਘੜੇ ਵਿਚ ਪਾਣੀ ਪਾਕੇ ਵਿਚ ਫਟਕੜੀ ਘੋਲ ਦਿੱਤੀ ਜਾਂਦੀ । ਦੋ ਘੜੀਆਂ ਪਿੱਛੋਂ ਗਾਰ ਹੇਠਾਂ ਬਹਿ ਜਾਂਦੀ ਤੇ ਨਿਤਰਿਆ ਹੋਇਆ ਪਾਣੀ ਉੱਤੋਂ ਰਹਿ ਜਾਂਦਾ । ਕੋਈ ਚਾਰ, ਪੰਜ ਸਾਲ ਸਾਰੇ ਬਾਰ ਵਾਲੇ ਇਹੋ ਫਕਟੜੀ ਵਾਲਾ ਪਾਣੀ ਪੀਂਦੇ ਰਹੇ । ਪਿੱਛੋਂ ਪਿੰਡਾਂ ਵਿਚ ਖੂਹ ਲੱਗ ਗਏ ਤੇ ਘਰਾਂ ਵਿਚ ਵਰਤਣ ਲਈ ਪਾਣੀ ਝਿਊਰ ਦੇ ਜਾਂਦੇ । ਪਰ ਬਾਹਰ ਜਾਂਦਿਆਂ ਫੇਰ ਖਾਲਾਂ, ਰਜਵਾਹਿਆਂ ਦਾ ਪੀਣਾ ਪੈਂਦਾ ਸੀ। ਦਸ ਬੁੱਕ ਪਾਣੀ ਨਾਲ ਕਿੰਨੇ ਤੋਲੇ ਗਾਰ ਅੰਦਰ ਜਾਂਦੀ ਸੀ, ਕਿਸੇ ਨੇ ਅਨੁਮਾਨ ਲਾਉਣ ਦੀ ਲੋੜ ਨਹੀਂ ਸੀ ਸਮਝੀ, ਪਰ ਕਦੇ ਕਿਸੇ ਨੂੰ ਪੇਚਸ ਨਹੀਂ ਸਨ ਲੱਗੇ, ਕਿਸੇ ਨੂੰ ਹੈਜ਼ਾ ਨਹੀਂ ਸੀ ਹੋਇਆ, ਕੋਈ ਹੋਰ ਰੋਗ ਨਹੀਂ ਸੀ ਲੱਗਾ । ਗੰਜੀ ਬਾਰ ਦੇ ਵਸਨੀਕਾਂ ਦੀਆਂ ਦੋ ਪੀੜ੍ਹੀਆਂ ਇਹੋ ਗਾਰ ਵਾਲਾ ਪਾਣੀ ਪੀ ਕੇ ਪਲੀਆਂ, ਕਿਸੇ ਬੁੱਢੇ ਨੂੰ ਵੀ ਕੋਈ ਅਜਿਹਾ ਰੋਗ ਨਹੀਂ ਸੀ ਲੱਗਾ ਜਿਹੜੇ ਅੱਜ ਉਬਾਲਿਆ ਹੋਇਆ ਪਾਣੀ ਪੀ-ਪੀ ਕੇ ਪਲੇ ਨੌਜਵਾਨਾਂ ਨੂੰ ਲਗਦੇ ਹਨ ।

ਖੈਰ, ਸਾਡੇ ਬਜ਼ੁਰਗਾਂ ਨੇ ਪਹਿਲੇ ਦਿਨ ਵਿਚ ਹੀ ਘਰ ਦਾ ਬੜਾ ਕੁਝ ਬਣਾ ਲਿਆ। ਮਾਂ ਜੀ ਨੇ ਦੋ ਚੁਲ੍ਹੇ ਬਣਾ ਲਏ, ਚੌਂਕਾ ਲਿੰਬ-ਪੋਚ ਲਿਆ, ਦੁੱਧ ਕਾੜ੍ਹਨ ਲਈ ਭੜੋਲੀ ਵੀ ਤਿਆਰ ਕਰ ਲਈ । ਵੱਡੇ ਬਾਬੇ ਨੇ ਨੌਕਰ ਨੂੰ ਨਾਲ ਲੈ ਕੇ ਖੁਰਲੀ ਬਣਾ ਲਈ, ਕਿੱਲੇ ਵੀ ਠੋਕ ਲਏ ਤੇ ਮੁੱਢੀਆਂ ਗੱਡ ਕੇ, ਲਿੰਬ-ਪੋਚ ਕੇ ਕਵਾਣਾ ਵੀ ਤਿਆਰ ਕਰ ਲਿਆ । ਮੰਜੀਆਂ ਦੋ ਹੀ ਸਨ ਤੇ ਸੌਣ ਵਾਲੇ ਛੇ ਜਣੇ । ਭੁੰਜੇ ਸੌਣਾ ਖ਼ਤਰਨਾਕ ਸੀ । ਪਹਿਲੀ ਰਾਤ ਹੀ ਇਕ ਵੱਡਾ ਸੱਪ ਸ਼ਾਇਦ ਇਹ ਦੱਸਣ ਆ ਗਿਆ ਸੀ ਕਿ ਤੁਸੀਂ ਮੇਰੀ ਜਗੀਰ ਵਿਚ ਕਿਉਂ ਡੇਰਾ ਲਾ ਲਿਆ ਹੈ। ਬਾਬੇ ਰੂੜ ਸਿੰਘ ਨੇ ਨਿਸ਼ਚਾ ਕਰ ਲਿਆ ਸੀ ਕਿ ਅਗਲੀ ਰਾਤ ਕਿਸੇ ਨੂੰ ਭੁੰਜੇ ਨਹੀਂ ਸੌਣ ਦੇਣਾ । ਉਸ ਨੇ ਪਾਵਿਆਂ ਦੀ ਥਾਂ ਦੁਸਾਂਗ ਲੱਕੜਾਂ ਭੋਂ ਵਿਚ ਗੱਡ ਕੇ, ਲੱਕੜਾਂ ਦੇ ਢਾਂਚੇ ਉੱਤੇ ਸਰਕੜਾ, ਘਾਹ-ਫੂਸ ਵਿਛਾਕੇ ਮਣ੍ਹ ਬਣਾ ਦਿੱਤੇ । ਪਿੱਛੋਂ ਦੋ, ਢਾਈ ਮਹੀਨੇ ਇਹੋ ਮਣ੍ਹੇ ਮੰਜਿਆਂ ਦਾ ਕੰਮ ਦਿੰਦੇ ਰਹੇ ।

ਚਾਚੇ ਦਲੀਪ ਸਿੰਘ ਨੂੰ ਸਵੇਰੇ ਹੀ ਖੇਤਾਂ ਨੂੰ ਪਾਣੀ ਲਾਉਣ ਭੇਜ ਦਿੱਤਾ ਸੀ । ਮੁਰਾਦ ਜਾਂਗਲੀ ਦੱਸ ਗਿਆ ਸੀ ਕਿ ਪਾਣੀ ਦੀ ਅਜੇ ਨਾ ਕੋਈ ਵਾਰੀ ਹੈ, ਨਾ ਪਾਬੰਦੀ । ਲੋਕ ਅਜੇ ਆਏ ਹੀ ਨਹੀਂ ਸਨ।

ਚਾਚੇ ਨੇ ‘ਵਾਗਰੂ’ ਆਖ ਕੇ ਨੱਕੇ ਨੂੰ ਟੱਕ ਲਾਇਆ । ਤਿੰਨ ਟੱਕ ਮਾਰਿਆਂ ਪਾਣੀ ਛੱਲਾਂ ਮਾਰਦਾ ਸਾਡੇ ਮੁਰੱਬੇ ਦੇ ਖਾਲ ਵਿਚ ਉੱਤਰਿਆ । ਖੂਹਾਂ ਦੀਆਂ ਆਡਾਂ ਮੋੜਨ ਵਾਲੇ ਚਾਚੇ ਨੂੰ ਕੀ ਪਤਾ ਸੀ . ਪਾਣੀ ਏਨੇ ਜ਼ੋਰ ਨਾਲ ਆਉਣਾ ਹੈ। ਕਾਹਲੀ ਨਾਲ ਖਾਲ ਵਿਚੋਂ ਨਿਕਲਦਿਆਂ ਉਹਦੀ ਜੁੱਤੀ ਦਾ ਇਕ ਛਿੱਤਰ ਵੀ ਵਿਚੇ ਰਹਿ ਗਿਆ, ਜਿਹੜਾ ਅਗੇ ਪੈਲੀ ਦੇ ਨੱਕੇ ਤੋਂ ਲੱਭਾ। ਚਾਚੇ ਨੇ ਤਿਕਾਲਾਂ ਤੱਕ ਸਾਰੇ ਕਿਲੇ ਭਰ ਲਏ ।

ਸੌਣ ਲੱਗਿਆਂ ਦਿਨ ਦਾ ਲੇਖਾ-ਜੋਖਾ ਲਿਆ ਤਾਂ ਇੰਝ ਜਾਪਿਆ ਕਿ ਅਸਾਂ ਇਕ ਦਿਨ ਵਿਚ ਬੜਾ ਕੁਝ ਕਰ ਲਿਆ ਹੈ—ਖੇਤੀ ਵੀ ਸ਼ੁਰੂ ਹੋ ਗਈ, ਘਰ ਵੀ ਵੱਸ ਪਿਆ, ਮਾਲ- ਡੰਗਰ ਦਾ ਪ੍ਰਬੰਧ ਵੀ ਹੋ ਗਿਆ । ਸਾਰੇ ਖ਼ੁਸ਼ ਸਨ । ਤਾਇਆ ਦੂਰ ਰੜੇ ਵਿਚ ਬੈਠਾ ਰਹਿਰਾਸ ਦਾ ਪਾਠ ਕਰ ਰਿਹਾ ਸੀ। ਜਦੋਂ ਉਸ ਨੇ ਪਾਠ ਮੁਕਾ ਲਿਆ ਤਾਂ ਬਾਬੇ ਨੇ ਬੋਤਲ ਖੋਲ੍ਹੀ। ਦੋ-ਦੋ ਹਾੜੇ ਦੋਂਹ ਭਰਾਵਾਂ ਨੇ ਆਪ ਲਏ, ਇਕ-ਇਕ ਹਾੜਾ ਚਾਚੇ ਨੂੰ ਤੇ ਨੌਕਰ ਨੂੰ ਦਿੱਤਾ, ਤੇ ਪਰਸ਼ਾਦੇ ਛਕ ਸਾਰਾ ਟੱਬਰ ਨਿਸ਼ਚਿੰਤ ਹੋ ਕੇ ਸੁੱਤਾ।

ਸੋ ਸੱਜਣੋਂ, ਇੰਞ ਗੱਡੀ ਗਈ ਮੋੜ੍ਹੀ ਗੰਜੀ ਬਾਰ ਵਿਚ ਸਾਡੇ ਪਿੰਡ ਦੀ, ਤੇ ਇੰਞ ਬੀਤਿਆ ਸਾਡੇ ਟੱਬਰ ਦਾ ਪਹਿਲਾ ਦਿਨ ਗੰਜੀ ਬਾਰ ਵਿਚ ।

  • ਮੁੱਖ ਪੰਨਾ : ਰਚਨਾਵਾਂ : ਸੰਪਾਦਕ ਡਾ. ਹਰਕੀਰਤ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ