ਗੁਰਦੇਵ ਨਿਰਧਨ ਪੰਜਾਬੀ ਗ਼ਜ਼ਲ ਸਾਹਿੱਤ ਵਿੱਚ ਟਕਸਾਲੀ ਹਸਤਾਖਰ ਹੈ। ਆਪਣੇ ਸਮਕਾਲੀ ਤੇ ਨਿਕਟਵਰਤੀ ਲੇਖਕ ਮਿੱਤਰਾਂ ਕੰਵਰ ਚੌਹਾਨ, ਡਾ. ਰਣਧੀਰ ਸਿੰਘ ਚੰਦ,
ਤ੍ਰਲੋਕ ਸਿੰਘ ਆਨੰਦ ਤੇ ਸੁਰਜੀਤ ਰਾਮਪੁਰੀ ਦੇ ਅੰਗ ਸੰਗ ਤੁਰਦਿਆਂ ਵੀ ਵੱਖਰਾ ਸ਼ਾਇਰ ਸੀ।
ਉਹ ਉਮਰ ਦਾ ਵੱਡਾ ਹਿੱਸਾ ਨਾਭਾ (ਪਟਿਆਲਾ)ਵਿੱਚ ਰਿਹਾ। ਉਸ ਦੀ ਉਥੇ ਘੜੀ ਸਾਜ਼ ਦੀ ਦੁਕਾਨ ਸੀ ਜਿੱਥੇ ਅਕਸਰ ਸ਼ਾਮ ਵੇਲੇ ਸਾਰੇ ਸ਼ਾਇਰ ਇਕੱਠੇ ਹੁੰਦੇ। ਕਲਾਮ ਸੁਣਦੇ ਸੁਣਾਉਂਦੇ।
ਉਨ੍ਹਾਂ ਨੂੰ ਸਾਰੇ “ਗਿਆਨੀ ਜੀ” ਦੇ ਨਾਮ ਨਾਲ ਸੰਬੋਧਿਤ ਹੁੰਦੇ। 1975 ਵਿੱਚ ਮੈਂ ਤੇ ਸ਼ਮਸ਼ੇਰ ਸਿੰਘ ਸੰਧੂ ਨੇ ਵੀ ਇੱਕ ਵਾਰ ਇਨ੍ਹਾਂ ਦੀ ਮਹਿਮਾਨ ਨਵਾਜ਼ੀ ਮਾਣੀ ਸੀ। ਉਥੇ ਹੀ ਪਹਿਲੀ ਵਾਰ
ਇਨ੍ਹਾਂ ਸਾਰੇ ਲੇਖਕਾਂ ਦੇ ਨਾਲ ਪ੍ਰੋ. ਆਜ਼ਾਦ ਗੁਲ੍ਹਾਟੀ ਜੀ ਨੂੰ ਵੀ ਮਿਲਣ ਦਾ ਮੌਕਾ ਮਿਲਿਆ।
ਗੁਰਦੇਵ ਨਿਰਧਨ ਦੀ ਕਾਵਿ ਕੌਸ਼ਲਤਾ ਬਾਰੇ ਪ੍ਰਮੁੱਖ ਗ਼ਜ਼ਲਗੋ ਡਾ. ਰਣਧੀਰ ਸਿੰਘ ਚੰਦ ਨੇ ਆਪਣੇ ਇੱਕ ਸ਼ਿਅਰ ਵਿੱਚ ਕਿਹਾ ਸੀ।
ਕੰਵਰ ਚੌਹਾਨ ਤੇ ਨਿਰਧਨ ਵਰਗਾ ਦਰਦ ਨਾ ਮੇਰੇ ਵਿੱਚ,
ਭਾਵੇਂ ਸ਼ਿਅਰ ਕਹੇ ਨੇ ਮੈਂ ਵੀ ਹੰਝੂਆਂ ਵਿੱਚ ਡੁਬੋ।
ਗੁਰਦੇਨ ਨਿਰਧਨ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਿਰੋਮਣੀ ਕਵੀ ਪੁਰਸਕਾਰ ਵੀ ਪ੍ਰਾਪਤ ਹੋਇਆ ਸੀ।
ਉਨ੍ਹਾਂ ਦੀਆਂ ਪੰਜ ਗ਼ਜ਼ਲ ਪੁਸਤਕਾਂ : “ਧੁੰਦ ਵਿੱਚ ਡੁੱਬੀਆਂ ਰੌਸ਼ਨੀਆਂ”, “ਪੁਰਾਣੇ ਮੌਸਮਾਂ ਦੀ ਆਵਾਜ਼” , “ਸਮੁੰਦਰ ਖ਼ੁਸ਼ਕ ਜਦ ਹੋਇਆ“ , “ਜ਼ਰਦ ਚਿਹਰੇ ਵਾਲੀ ਕਿਤਾਬ” ਤੇ “ਕਿਰਚਾਂ ਕਿਰਚਾਂ ਮੈਂ “ਪ੍ਰਕਾਸ਼ਿਤ ਹੋਈਆਂ।
ਗੁਰਦੇਵ ਨਿਰਧਨ ਜੀ ਦੇ ਜੀਵਨ ਤੇ ਰਚਨਾ ਬਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰੋ. ਸੁਰਜੀਤ ਜੱਜ ਤੋਂ ਮੋਨੋਗਰਾਫ਼ ਲਿਖਵਾ ਰਹੀ ਹੈ।
ਉਮਰ ਦੇ ਆਖ਼ਰੀ ਹਿੱਸੇ ਵਿੱਚ ਉਹ ਨਾਭਾ ਛੱਡ ਕੇ ਆਪਣੀ ਬੇਟੀ ਕੋਲ ਲੁਧਿਆਣਾ ਵਿੱਚ ਰਹਿ ਰਹੇ ਸਨ ਜਿੱਥੇ 16 ਨਵੰਬਰ 2004 ਨੂੰ ਉਹ ਸੁਰਗਵਾਸ ਹੋ ਗਏ।
ਸਮਰੱਥ ਸ਼ਾਇਰ ਨੂੰ ਨਮਨ ਹੈ।
- ਗੁਰਭਜਨ ਗਿੱਲ