Dhund Vich Dubian Raushnian : Gurdev Nirdhan

ਧੁੰਦ ਵਿੱਚ ਡੁੱਬੀਆਂ ਰੌਸ਼ਨੀਆਂ (ਕਾਵਿ ਸੰਗ੍ਰਹਿ) : ਗੁਰਦੇਵ ਨਿਰਧਨ



ਗ਼ਮ ਦੀ ਉਚੀ ਸਿਲ ਦੇ ਉਤੇ ਖੜ੍ਹਕੇ ਅੱਜ ਮੈਂ ਦੋਸਤੋ, ਤਕ ਰਿਹਾ ਹਾਂ ਸ਼ਾਇਦ ਕਿਧਰੇ ਦਿਸ ਪਏ ਕੋਈ ਰੌਸ਼ਨੀ ।

ਆਦਿਕਾ

ਧੁੰਦ ਵਿਚ ਡੁੱਬੀਆਂ ਰੌਸ਼ਨੀਆਂ ਨੇ ਚਿਹਰਿਆਂ ਉਤੇ ਬੇਬਸੀਆਂ ਨੇ । ਨਵੇਂ ਸੰਦਰਭ ਦੀਆਂ ਆਵਾਜ਼ਾਂ, ਸੁਣੋ ਭਲਾ ਕੀ ਆਖਦੀਆਂ ਨੇ । ਰੋਜ਼ ਸਵੇਰੇ ਉਗਦੀਆਂ ਧੁੱਪਾਂ, ਅਪਣੇ ਲਈ ਸੋਚਾਂ ਬਣੀਆਂ ਨੇ । ਪਤਾ ਨਹੀਂ ਅੱਜ ਇਹ ਪਗਡੰਡੀਆਂ, ਕਿਹੜੇ ਪਾਸੇ ਜਾ ਰਹੀਆਂ ਨੇ । ਮੌਸਮ ਦਾ ਪ੍ਰਤੀਕ ਨੇ ‘ਨਿਰਧਨ’ ਜਿਹੜੀਆਂ ਮੈਂ ਗ਼ਜ਼ਲਾਂ ਕਹੀਆਂ ਨੇ।

ਨਿੱਘੀ ਧੁਪ ਦੇ ਪਰਛਾਵੇਂ ਨੂੰ

ਨਿੱਘੀ ਧੁਪ ਦੇ ਪਰਛਾਵੇਂ ਨੂੰ ਤਰਸ ਗਏ ਨੇ ਲੋਕ। ਅਪਣੇ ਹੀ ਸੂਰਜ ਦੀ ਅੱਗ ਵਿਚ ਸੁਲਘ ਰਹੇ ਨੇ ਲੋਕ। ਚੁਕੀ ਫਿਰਦੇ ਹਨ ਸੂਲੀਆਂ ਅਪਣੇ ਮੋਢਿਆਂ ਤੇ, ਦੇਖੋ ਇਸ ਜਲਦੇ ਮੌਸਮ ਵਿਚ ਕੀ ਕਰਦੇ ਨੇ ਲੋਕ । ਬੈਠੇ ਸਨ ਜੋ ਕਬਰਾਂ ਵਰਗੇ ਘੋਰ ਹਨੇਰੇ ਵਿਚ, ਖੋਲ੍ਹਕੇ ਘਰ ਦੇ ਦਰਵਾਜ਼ੇ ਹੁਣ ਨੱਸ ਤੁਰੇ ਨੇ ਲੋਕ । ਖੜੇ ਹੋਏ ਬਿਜਲੀ ਦੇ ਇਹਨਾਂ ਖੰਭਿਆਂ ਵਾਂਗੂੰ ਹੀ, ਸ਼ਹਿਰ ਸ਼ਹਿਰ, ਸੜਕਾਂ ਤੇ, ਰਾਤਾਂ ਨੂੰ ਜਲਦੇ ਨੇ ਲੋਕ । ਸਾਹਵੇਂ ਬਣੀ ਹੋਈ ਇਕ ਮੂਰਤ ਵੇਖ ਰਿਹਾਂ ‘ਨਿਰਧਨ', ਖਿਚੀਆਂ ਹੋਈਆਂ ਲੀਕਾਂ ਅੰਦਰ ਰੰਗ ਭਰਦੇ ਨੇ ਲੋਕ।

ਰੁੱਖ ਉਖੜ ਕੇ ਢੇਰੀ ਹੋ ਗਏ

ਰੁੱਖ ਉਖੜ ਕੇ ਢੇਰੀ ਹੋ ਗਏ ਕੰਬ ਗਈ ਧਰਤੀ । ਇਕ ਹਵਾ ਦਾ ਬੁੱਲਾ ਨਿਰਧਨ ਕਰ ਗਿਆ ਕੀ ਦਾ ਕੀ। ਕੋਹਰਾ ਜੰਮੇ ਘਾਹ ਤੇ ਤੁਰਕੇ ਠਿਠਰ ਗਏ ਨੇ ਪੈਰ, ਅਜੇ ਹਵਾ ਹੈ ਸਿੱਲ੍ਹੀ ਸਿੱਲ੍ਹੀ ਅਜੇ ਨਾ ਰੁੱਤ ਬਦਲੀ। ਦੂਰ ਖੜੋਤੇ ਰੁੱਖਾਂ ਦਾ ਸੀ ਸੋਹਣਾ ਲਗਦਾ ਝੁੰਡ, ਨੇੜੇ ਹੋਕੇ ਤਕਿਆ ਹਰ ਕੋਈ ਕੱਲਾ ਕੱਲਾ ਸੀ। ਸੈਆਂ ਜੁਗਾਂ ਤੋਂ ਹੈ ਸੁਣਿਆ ਇਹਨਾਂ ਸੜਕਾਂ ਤੇ । ਲੰਘ ਗਏ ਲੋਕਾਂ ਦੀ ਪਿਛੋਂ ਉੜਦੀ ਧੂੜ ਰਹੀ । ਐਸਾ ਘਿਰਿਆ ‘ਨਿਰਧਨ' ਮੇਰੇ ਚਹੁੰ ਪਾਸੇ ਹੈ ਕੰਧ, ਨਾ ਕੋਈ ਖ਼ਿੜਕੀ, ਨਾ ਦਰਵਾਜ਼ਾ ਲੰਘਾਂ ਕਿਧਰ ਦੀ।

ਨੰਗੇ ਹੋ ਕੇ ਖੜ ਜਾਂਦੇ ਨੇ

ਨੰਗੇ ਹੋ ਕੇ ਖੜ ਜਾਂਦੇ ਨੇ ਸਾਹਵੇਂ ਮੇਰੇ । ਵਖਰੇ ਵਖਰੇ ਮੁੱਖਾਂ ਦੇ, ਪਰਛਾਵੇਂ ਮੇਰੇ । ਮੈਂ ਤਾਂ ਜ਼ਰਦ ਹਨੇਰੇ ਨੂੰ ਹੀ ਤਕਿਆ ਏਥੇ, ਜਗੇ ਹੋਣਗੇ ਬਲਬ ਘਰ ਵਿਚ, ਭਾਵੇਂ ਮਰੇ । ਰੁੱਖ ਸੰਘਣੇ ਖੜ੍ਹੇ ਨੇ ਭਾਵੇਂ ਏਸ ਸੜਕ ਤੇ, ਪੈਰ ਫੇਰ ਵੀ ਸੜਨ ਇਨ੍ਹਾਂ ਦੀ ਛਾਵੇਂ ਮੇਰੇ । ਮੈਂ ਹੀ ਜਾਣਕੇ ਸਿਗਰਟ ਨਾ ਸੁਲਘਾਣੀ ਚਾਹੀ, ਅੱਗ ਦੇਰ ਤਕ ਰਹੀ ਖੜੋਤੀ ਸਾਹਵੇਂ ਮੇਰੇ । ਤੈਨੂੰ ਤੁਰਦੇ ਫਿਰਦੇ ਹੋਏ ਕੈਕਟਸ ਦਿਖਲਾਵਾਂ, ਜੇਕਰ ‘ਨਿਰਧਨ' ਇਕ ਦਿਨ ਸ਼ਹਿਰ 'ਚ ਆਵੇਂ ਮੇਰੇ ।

ਅਪਣੇ ਢਲਦੇ ਸੂਰਜ ਦਾ ਗ਼ਮ

ਅਪਣੇ ਢਲਦੇ ਸੂਰਜ ਦਾ ਗ਼ਮ ਕਰਦੇ ਨੇ । ਲੋਕ ਭਲਾ ਕਦ ਬਿਨ ਮਤਲਬ ਤੋਂ ਮਰਦੇ ਨੇ। ਏਅਰ ਕੰਡੀਸ਼ੰਡ ਕਮਰੇ ਦੇ ਵਿਚ ਬਹਿ ਕੇ ਲੋਕ ਭਾਫਾਂ ਛਡਦੀ ਕਾਫੀ ਨੂੰ ਸਿਪ ਕਰਦੇ ਨੇ । ਰੇਨ ਕੋਟ ਬਿਨ ਜੀਵਨ ਜਿਉਣਾ ਵੀ ਮੁਸ਼ਕਿਲ ਅੱਜ ਬਾਰਿਸ਼ ਵਿਚ ਅੰਗ ਭਿਜਕੇ ਠਰਦੇ ਨੇ । ਜੇ ਮੈਂ ਅਪਣਾ ਚਿਹਰਾ ਪਿਠ ਵਲ ਲਾ ਲੈਨਾਂ ਲੋਕ ਭਲਾ ਕਿਉਂ ਫਿਰ ਮੇਰੇ ਤੋਂ ਡਰਦੇ ਨੇ । ਕਿਹੜੇ ਕਿਹੜੇ ਰੰਗ ਗਿਣੇਂਗਾ ਤੂੰ ‘ਨਿਰਧਨ' ਹਰ ਖਿੜਕੀ ਦੇ ਵਖਰੇ ਵਖਰੇ ਪਰਦੇ ਨੇ।

ਕਾਲੀਆਂ ਛੱਤਾਂ ਵਾਲੇ ਸ਼ਹਿਰ

ਕਾਲੀਆਂ ਛੱਤਾਂ ਵਾਲੇ ਸ਼ਹਿਰ । ਹੋਣਗੇ ਕਦੋਂ ਉਜਾਲੇ ਸ਼ਹਿਰ । ਹਰ ਪਾਸੇ ਹੀ ਜੰਗਲ ਜੰਗਲ, ਥਾਂ ਥਾਂ ਜਾ ਕੇ ਭਾਲੇ ਸ਼ਹਿਰ । ਜਲਦੀਆਂ ਟਿਊਬਾਂ ਦੇ ਵਿਚ ਲੱਗੇ, ਰਾਤਾਂ ਤੋਂ ਵਧ ਕਾਲੇ ਸ਼ਹਿਰ । ਕਲੀ ਇਕ ਰਾਤ ਨੇ ਯਾਰੋ, ਕਿੰਨੇ ਹੈਨ ਉਧਾਲੇ ਸ਼ਹਿਰ । ਇਸ ਧਰਤੀ ਤੇ ਵਸਦੇ ਨਿਰਧਨ ਹੋਣਗੇ ਕਦੋਂ ਸੁਖਾਲੇ ਸ਼ਹਿਰ ।

ਰੋਜ਼ ਉਦਾਸੀਆਂ ਧੁੱਪਾਂ ਤੋਂ

ਰੋਜ਼ ਉਦਾਸੀਆਂ ਧੁੱਪਾਂ ਤੋਂ ਹੈ ਜਾਪ ਰਿਹਾ ਹੁੰਦਾ, ਜਾਂਦੈ ਹੁਣ ਤਾਂ ਸੂਰਜ ਵੀ ਮੈਲਾ । ਜਾਣੀ ਸਾਰੇ ਮੌਤ ਛਾ ਗਈ ਸ਼ਹਿਰਾਂ ਤੇ ਹਰ ਬੂਹੇ ਤੇ ਸੋਚ ਦਾ ਜੰਦਰਾ ਲਟਕ ਰਿਹਾ । ਜੰਗਲ ਦੇ ਇਸ ਸੰਘਣੇ ਰਸਤੇ ਤੋਂ ਡਰ ਕੇ 'ਵਾ ਵੀ ਪੱਲਾ ਫੜਕੇ ਤੁਰਦੀ ਹੈ ਮੇਰਾ । ਤਕਦਾ ਹਾਂ ਜਦ ਕੱਠੇ ਹੋਏ ਲੋਕਾਂ ਨੂੰ, ਝੁੰਡ ਜਿਹਾ ਇਕ ਲਗਦੈ ਸੁੱਕੇ ਰੁੱਖਾਂ ਦਾ। ਏਸ ਭਿਆਨਕ ਰਾਤ ਦੀ ਗਹਿਰੀ ਚੁੱਪ ਅੰਦਰ, ਜਾਗ ਰਿਹਾ ਹਾਂ ‘ਨਿਰਧਨ' ਬਸ ਇਕ ਮੈਂ ਕੱਲਾ।

ਸੋਚਾਂ ਦੀ ਖਿੜਕੀ 'ਚੋਂ ਜਦ ਵੀ

ਸੋਚਾਂ ਦੀ ਖਿੜਕੀ 'ਚੋਂ ਜਦ ਵੀ ਤਕਦਾ ਹਾਂ ਮੈਂ ਦੂਰ, ਹਰ ਇਕ ਦਿਲ ਦੇ ਚਿਹਰੇ ਉਤੋਂ ਢਲਿਆ ਦਿਸਦੈ ਨੂਰ । ਇਸ ਵੀਰਾਨ ਸੜਕ ਦੇ ਉਤੋਂ ਲੰਘਿਆ ਕੋਈ ਨਾ, ਜੋ ਲੰਘਿਆ ਤਾਂ ਭਟਕੇ ਹੋਏ ਇਨਸਾਨਾਂ ਦਾ ਪੂਰ। ਰੋਜ਼ ਸ਼ਾਮ ਨੂੰ ਮੇਰੇ ਘਰ ਤੇ ਬੱਦਲ ਵਰ੍ਹਕੇ ਜਾਣ ਕਦੀ ਪਈ ਨਾ ਛਿਣ ਭਰ ਲਈ ਵੀ ਚਾਨਣ ਦੀ ਕੋਈ ਭੂਰ । ਬੂਟੇ ਸੰਗ ਅੱਜ ਏਦਾਂ ਖਹਿ ਕੇ ਲੰਘੀ ਤੇਜ਼ ਹਵਾ, ਸ਼ੀਸ਼ੇ ਵਾਕੁਣ ਫੁੱਲ ਡਿੱਗ ਕੇ ਹੋ ਗਏ ਚਕਨਾ ਚੂਰ । ਆਸ ਮੁਰਾਦੋਂ ਸਖਣੇ ‘ਨਿਰਧਨ' ਸ਼ਹਿਰ ਮਿਰੇ ਦੇ ਲੋਕ, ਇਹ ਉਹ ਰੁੱਖ ਨੇ ਜਿਹਨਾਂ ਉਤੇ ਪਿਆ ਕਦੇ ਨਾ ਬੂਰ।

ਛੇੜਕੇ ਗੱਲ ਅੱਗ ਦੀ, ਆਪੇ ਹੀ

ਛੇੜਕੇ ਗੱਲ ਅੱਗ ਦੀ, ਆਪੇ ਹੀ ਉਸ ਵਿਚ ਸੜ ਗਏ, ਧੂੰਆਂ ਬਣਕੇ ਧਰਤ ਤੋਂ, ਅਸਮਾਨ ਉਤੇ ਚੜ੍ਹ ਗਏ । ਰਾਤ ਸੀ ਨ੍ਹੇਰੀ ਬੜੀ, ਪਰ ਘਰ ਤਾਂ ਜਾ ਹੀ ਪੁਜਦੇ, ਆਣਕੇ ਕੁਝ ਸੱਪ ਹੀ ਰਾਹਾਂ 'ਚ ਸਾਡੇ ਖੜ੍ਹ ਗਏ । ਹਵਾ ਵੀ ਕੁਝ ਨਰਮ ਸੀ ਤਪਦੀ ਨਹੀਂ ਸੀ ਧੁੱਪ ਵੀ, ਫਿਰ ਕਿਹਾ ਮੌਸਮ ਸੀ ਇਹ, ਰੁੱਖਾਂ ਤੋਂ ਪੱਤੇ ਝੜ ਗਏ । ਕਾਲੀਆਂ ਸੜਕਾਂ ਤੇ ਕਾਲੀ ਛਾਈ ਹੋਈ ਚੁੱਪ ਸੀ, ਨ੍ਹੇਰ ਦੇ ਦਰਿਆ 'ਚ ਜਾਣੀ ਸ਼ਹਿਰ ਸਾਰੇ ਹੜ ਗਏ। ਨਰਮ ਸੀ ਰੇਸ਼ਮ ਜਿਹੀ, ਸੀਤਲ ਵੀ ਬਰਫੋਂ ਵੱਧ ਸੀ। ਫੇਰ ਵੀ ਘਾਹ ਉਤੇ ਤੁਰਕੇ ਪੈਰ ਅਪਣੇ ਸੜ ਗਏ।

ਬੱਸ ਦਿਆਂ ਪਹੀਆਂ ਨਾਲ ਉਲਝਦੀ

ਬੱਸ ਦਿਆਂ ਪਹੀਆਂ ਨਾਲ ਉਲਝਦੀ ਰਹਿੰਦੀ ਹੈ। ਸੜਕ ਵੀ ‘ਨਿਰਧਨ' ਕਿੰਨੇ ਸੰਕਟ ਸਹਿੰਦੀ ਹੈ । ਮੈਂ ਕਮਰੇ ਦੀ ਠੰਢ 'ਚ ਠਰਦਾ ਰਹਿੰਦਾ ਹਾਂ, ਧੁੱਪ ਛੱਤ ਦੇ ਉਤੇ ਬੈਠੀ ਰਹਿੰਦੀ ਹੈ । ਝਿਲ ਮਿਲ ਕਰਦੀਆਂ ਰੌਸ਼ਨੀਆਂ ਨੂੰ ਕੀ ਕਰੀਏ, ਘਰਾਂ ਵਿਚ ਤਾਂ ਰਾਤ ਪਸਰ ਕੇ ਬਹਿੰਦੀ ਹੈ । ਆਓ ਦੇਖੀਏ ਖੜਕੇ ਉੱਚੀ ਸਿਲ ਉਤੇ, ਕਿਹੜੇ ਪਾਸੇ ਕੰਧ ਨ੍ਹੇਰ ਦੀ ਢਹਿੰਦੀ ਹੈ। ਸੁੰਨੀਆਂ ‘ਨਿਰਧਨ' ਮੇਰੇ ਹੱਥ ਦੀਆਂ ਪਗਡੰਡੀਆਂ, ਹੋਣਗੀਆਂ ਆਬਾਦ ਇਹ ਦੁਨੀਆਂ ਕਹਿੰਦੀ ਹੈ ।

ਘਰ ਵਿਚ ਆਉਣਾ ਉਸਦਾ

ਘਰ ਵਿਚ ਆਉਣਾ ਉਸਦਾ ਕਰਕੇ ਚੇਤੇ ਮੈਂ, ਚਾਨਣ ਵਾਕੁਰ ਵਿਛ ਗਿਆ ਧਰਤੀ ਉਤੇ ਮੈਂ । ਆਉਂਦੀ ਸੀ ਪਈ ਜਿਸਮ 'ਚੋਂ ਅਪਣੀ ਹੀ ਖੁਸ਼ਬੋ, ਐਵੇਂ ਹੀ ਇਕ ਫੁੱਲ ਦੇ ਸੁਪਨੇ ਲੀਤੇ ਮੈਂ । ਲਾਵੇ ਵਾਂਗੂੰ ਪਿਘਲਦੀ ਤੁਰਕੇ ਲੁਕ ਦੀ ਸੜਕ, ਭਾਰ ਉਮਰ ਦਾ ਢੋ ਲਿਆ ਅਪਣੇ ਸਿਰ ਤੇ ਮੈਂ । ਕਦ ਤਕ ਬੈਠਾ ਰਹਾਂਗਾ ਕਾਲੀਆਂ ਛੱਤਾਂ ਹੇਠ, ਰੱਖਾਂਗਾ ਬੁਲ੍ਹ ਅਪਣੇ ਕਦ ਤਕ ਸੀਤੇ ਮੈਂ। ਓਦੋਂ 'ਨਿਰਧਨ' ਰਾਹ ਵਿਚ ਡਿੱਗੀ ਘਰ ਦੀ ਕੰਧ ਜਦੋਂ ਵੀ ਅਪਣੇ ਜੀਣ ਦੇ ਖੋਲ੍ਹੇ ਰਸਤੇ ਮੈਂ ।

ਰਾਹ ਵਿਚ ਜੋ ਵੀ ਤੱਕੇ ਚਿਹਰੇ

ਰਾਹ ਵਿਚ ਜੋ ਵੀ ਤੱਕੇ ਚਿਹਰੇ। ਸਾਰੇ ਭਟਕੇ ਭਟਕੇ ਚਿਹਰੇ । ਧੁੱਪ ਦੇ ਪੀਲੇ ਚਾਨਣ ਵਿਚ ਵੀ, ਦਿਸਦੇ ਨੇ ਸਭ ਕਾਲੇ ਚਿਹਰੇ । ਸਾਰੇ ਸਹਿਮੇ ਸਹਿਮੇ ਦਿੱਸਣ, ਦਰਵਾਜ਼ੇ, ਦਰਵਾਜ਼ੇ ਚਿਹਰੇ । ਦਿਨ ਵਿਚ ਵੀ ਨਾ ਜਾਣ ਪਛਾਣੇ, ਬਦਲ ਲਏ ਰਾਹਾਂ ਨੇ ਚਿਹਰੇ । ਰਾਤਾਂ ਨੂੰ ਮੇਰੇ ਘਰ ‘ਨਿਰਧਨ’ ਹਸਦੇ ਨੇ ਕੰਧਾਂ ਦੇ ਚਿਹਰੇ।

ਆਥਣ ਵੇਲੇ ਢਲਦਾ ਸੂਰਜ

ਆਥਣ ਵੇਲੇ ਢਲਦਾ ਸੂਰਜ। ਲਗਦੈ ਬੁਝਦਾ, ਬਲਦਾ ਸੂਰਜ। ਧੁੱਪਾਂ ਬੈਠੇ ਸੋਚ ਰਹੇ ਹਾਂ, ਕੇਹਾ ਉੱਗੂ ਕੱਲ੍ਹ ਦਾ ਸੂਰਜ । ਖਰੇ ਕਿਥੇ ਜਾਕੇ ਠਹਿਰੇ, ਸ਼ਹਿਰੀਂ ਸ਼ਹਿਰੀਂ ਚਲਦਾ ਸੂਰਜ। ਸਾਨੂੰ ਹੀ ਹੁਣ ਫੂਕ ਰਿਹਾ ਏ, ਸਾਡੀ ਕੁੱਖੀਂ ਪਲਦਾ ਸੂਰਜ। ਖੌਰੇ ਸਾਰਾ ਦਿਨ ਹੀ ਨਿਰਧਨ ਕਿਹੜੇ ਗ਼ਮ ਵਿਚ ਜਲਦਾ ਸੂਰਜ।

ਸਭਿਤਾ ਦਾ ਕੀ ਚਾਨਣ ਹੋਇਆ

ਸਭਿਤਾ ਦਾ ਕੀ ਚਾਨਣ ਹੋਇਆ ਅੱਜ ਘਰੇ, ਸਗੋਂ ਹੋਰ ਵੀ ਪੈਰ ਪਸਰ ਗਏ ਨ੍ਹੇਰੇ ਦੇ। ਬਾਗ਼ਾਂ ਦੀ ਰਖਵਾਲੀ ਪਤਝੜ ਬੈਠ ਗਈ, ਫੁੱਲ ਨੇ ਖਿੜਦੇ ਹੁਣ ਤਾਂ ਘਰ ਦੀਆਂ ਛੱਤਾਂ ਤੇ । ਸੋਚ ਸੋਚ ਕੇ ਧਰਨਾ ਪੈਂਦੈ ਪੈਰਾਂ ਨੂੰ, ਰੂਪ ਧਾਰ ਲਏ ਰਾਹਾਂ ਨੇ ਵੀ ਸੱਪਾਂ ਦੇ । ਬਾਹਰ ਦੀ ਨਾ ਜਾਨਣ ਕੀ ਹੈ ਬੀਤ ਰਹੀ। ਘਰ ਦੇ ਮਾਲਿਕ ਸੌਂ ਗਏ ਲਾ ਕੇ ਦਰਵਾਜ਼ੇ । ਭਲਕੇ ਖੌਰੇ ਕੇਹਾ ਚਾਨਣ ਉੱਗੇਗਾ, ਸੋਚ ਦਿਮਾਗਾਂ ਅੰਦਰ ਬਹਿ ਗਈ ਘਰ ਪਾਕੇ ।

ਜਦ ਸੂਰਜ ਤੇ ਛਾ ਜਾਂਦੇ ਨੇ

ਜਦ ਸੂਰਜ ਤੇ ਛਾ ਜਾਂਦੇ ਨੇ ਬੱਦਲ ਕਾਲੇ ਘੋਰ। ਏਦਾਂ ਲਗਦੈ ਜਾਣੀ ਯਾਰੋ, ਧੁੱਪ ਨੂੰ ਲੈ ਗਏ ਚੋਰ । ਪੱਥਰ ਬਣਿਆ ਚੁਪ ਖੜਾ ਹਾਂ ਮੈਂ ਬੂਹੇ ਵਿਚਕਾਰ, ਅੰਦਰ ਘਰ ਵਿਚ ਗੂੰਜ ਰਿਹਾ ਏ ਹੋਂਦ ਮਿਰੀ ਦਾ ਸ਼ੋਰ । ਤਿੜਕੇ ਹੋਏ ਸ਼ੀਸ਼ੇ ਵਿਚੋਂ ਦਿੱਸ ਰਹੇ ਨੇ ਮੁੱਖ, ਐਪਰ ਮੇਰਾ ਕੋਈ ਨਾ ਦਿੱਸੇ, ਦਿਸਣ ਸਭ ਹੋਰ। ਤੁਰ ਗਏ ਸਾਰੇ ਲੋਕ ਜਦੋਂ ਤਾਂ ਤਕਿਆ ਕਮਰੇ ਵਿਚ, ਅੱਧ ਰਾਣੀ ਹੋਈ ਪਈ ਸੀ ਚਾਦਰ ਨਵੀਂ-ਨਕੋਰ । ਹਾਲੇ ਕਿੰਜ ਕਰਾਂਗੇ ‘ਨਿਰਧਨ' ਰੰਗਾਂ ਦੀ ਪਹਿਚਾਨ, ਅਜੇ ਤਾਂ ਇਸ ਸਮੇਂ ਨੇ ਅਪਣਾ ਰੰਗ ਬਦਲਣੋਂ ਹੋਰ ।

ਤੀਜੀ ਸੀਟ ਤੇ ਬੈਠਾ ਹੋਇਆ

ਤੀਜੀ ਸੀਟ ਤੇ ਬੈਠਾ ਹੋਇਆ ਉਹ ਵਿਅਕਤੀ, ਪਹਿਲਾਂ ਵੀ ਦੋ ਵਾਰ ਸਫ਼ਰ ਵਿਚ ਮਿਲਿਆ ਸੀ। ਜਾਣੀ ਮੇਰੀ ਮੈਂ, ਮੇਰੇ ਵਿਚ ਰਲ ਗਈ ਏ, ਏਸ ਤਰ੍ਹਾਂ ਮਹਿਸੂਸ ਹੈ ਕੀਤਾ ਕਈ ਵਾਰੀ। ਉਡਦੀ ਜਾਂਦੀ ਹਵਾ ਨੂੰ ਫੜਨਾ ਚਾਹਿਆ ਜਦ, ਅਪਣੇ ਜਿਸਮ ਨਾਲ ਹੀ ਪੈ ਗਈ ਗਲਵਕੜੀ । ਰੋਜ਼ ਸ਼ਾਮ ਨੂੰ ਡੁਬਦੈ, ਭਲਕੇ ਤਰ ਆਉਂਦੈ, ਜਾਚ ਨਾ ਆਈ ਸੂਰਜ ਨੂੰ ਵੀ ਡੁੱਬਣ ਦੀ। ਕਿਉਂ ਨਾ ਪਾਣੀ ਪਾਣੀ ਹੋਵਾਂ ‘ਨਿਰਧਨ’ ਜਦ, ਧੁਪ ਹੀ ਮੇਰੇ ਨਾਲ ਆਣ ਕੇ ਲਿਪਟ ਗਈ।

ਸੇਕ ਵੀ ਕੁਝ ਘੱਟ ਨਹੀਂ ਸੀ

ਸੇਕ ਵੀ ਕੁਝ ਘੱਟ ਨਹੀਂ ਸੀ ਧੁੱਪ ਦਾ । ਦੂਰ ਤੋਂ ਹੀ ਮੇਰਾ ਘਰ ਜਲਦਾ ਰਿਹਾ। ਖਿੰਡ ਗਈ ਕਮਰੇ 'ਚ ਖੁਸ਼ਬੋ ਓਸਦੀ, ਦੋ ਕੁ ਪਲ ਸੀ ਕੋਲ ਮੇਰੇ ਬਹਿ ਗਿਆ । ਕਾਰਨਸ ਤੇ ਧਰਕੇ ਕੁਝ ਕਾਗ਼ਜ਼ ਦੇ ਫੁੱਲ, ਹਰ ਕਿਸੇ ਨੇ ਆਪ ਨੂੰ ਪਰਚਾ ਲਿਆ । ਓਸ ਸਿਗਰਟ ਦੀ ਭਲਾ ਕੀ ਹੋਂਦ ਹੈ, ਰਾਖ਼ਦਾਨੀ ਤੇ ਹੀ ਜਿਹੜਾ ਸੁਲਘਿਆ। ਕੈਨਵਸ ਤੇ ਜੋ ਵੀ ਖਿਚੀ ਲੀਕ ਮੈਂ, ਹਰ ਕਿਸੇ ਨੂੰ ਅਪਣਾ ਚਿਹਰਾ ਜਾਪਿਆ।

ਲੰਬਾ ਸਫ਼ਰ ਤੇ ਛਾਉਂ ਕਿਤੇ ਨਾ

ਲੰਬਾ ਸਫ਼ਰ ਤੇ ਛਾਉਂ ਕਿਤੇ ਨਾ ਸਿਰ ਤੇ ਸੂਰਜ ਸੁਲਘ ਰਿਹਾ । ਧੂਪ ਦੀ ਚਾਦਰ ਤਾਣਕੇ ਸੁਤੀ ਪਈ ਸੀ ਠੰਢੀ ਸਰਦ ਹਵਾ । ਘਰ ਘਰ ਮੈਂਟਲ ਪੀਸ ਤੇ ਨਾਨਕ, ਬੁਧ ਈਸਾ ਦੇ ਬੁੱਤ ਪਏ ਫਿਰ ਵੀ ਹਰ ਵਿਅਕਤੀ ਦੇ ਅੰਦਰ ਘੁਲ ਗਿਆ ਯਾਰੋ ਜ਼ਹਿਰ ਜਿਹਾ । ਚਾੜ੍ਹੀ ਫਿਰਦੇ ਹਨ ਮੁਖੌਟੇ, ਜਾਣੀ ਅਪਣੇ ਮੂੰਹਾਂ ਤੇ, ਹੋਰ ਜਿਹਾ ਹੀ ਲਗਦੈ ਹੁਣ ਤਾਂ ਚੰਨ ਸੂਰਜ ਦਾ ਵੀ ਚਿਹਰਾ । ਓਦੋਂ ਮੈਨੂੰ ਹੋਂਦ ਆਪਣੀ ਬਿੰਦੂ ਵਰਗੀ ਜਾਪੀ ਸੀ, ਮੇਰੇ ਸਾਹਵੇਂ ਦਾਇਰਾ ਬਣ ਜਦ ਉਡਿਆ ਧੂੰਆਂ ਸਿਗਰਟ ਦਾ । ਦਿਨ ਦੇ ਮੂੰਹ ਤੇ ਕਾਲਖ਼ ਕਾਹਤੋਂ ਛਾ ਗਈ, ਇਹ ਮੈਂ ਦਸਦਾ ਹਾਂ, ਏਸ ਸ਼ਹਿਰ ਨੂੰ ਤੈਰ ਕੇ ਸੂਰਜ ਦੂਜੇ ਕੰਢੇ ਪੁਜ ਗਿਆ।

ਰੌਸ਼ਨੀਆਂ ਦੇ ਏਸ ਸ਼ਹਿਰ ਵਿਚ

ਰੌਸ਼ਨੀਆਂ ਦੇ ਏਸ ਸ਼ਹਿਰ ਵਿਚ ਤੁਰਦੇ ਹੌਕੇ ਭਰ ਕੇ ਲੋਕ। ਨ੍ਹੇਰੇ ਦਾ ਸੱਪ ਗਲ ਵਿਚ ਪਾਈ, ਜਿਉਂਦੇ ਨੇ ਮਰ ਮਰ ਕੇ ਲੋਕ। ਰੰਗਾਂ ਦੇ ਦਰਿਆ ਵਿਚ ਸਾਰੇ ਹੱਸ ਹੱਸ ਛਾਲਾਂ ਮਾਰ ਰਹੇ, ਸੋਚ ਰਿਹਾ ਹਾਂ ਦੂਰ ਖੜ੍ਹਾ ਮੈਂ, ਜਾਣਗੇ ਕਿਥੇ ਤਰ ਕੇ ਲੋਕ । ਕਾਲ ਗ੍ਰੱਸੀ ਹੋਂਦ ਅਪਣੀ ਨੂੰ ਦਿਲੋਂ ਭੁਲਾਣ ਦੀ ਖਾਤਰ ਇਹ, ਖੁਸ਼ ਹੁੰਦੇ ਨੇ ਕੈਕਟਸ ਤਾਈਂ, ਮੈਂਟਲਪੀਸ ਤੇ ਧਰ ਕੇ ਲੋਕ । ਲਾਇਬ੍ਰੇਰੀ ਦੇ ਵਿਚ ਬੈਠੇ ਕਿੰਨੇ ਸਖਣੇ ਲਗਦੇ ਨੇ, ਫੜ ਕੇ ਪੁਸਤਕ ਪਤੀ ਜਾਵਣ ਬਿਨ ਪੜ੍ਹਿਆਂ ਹੀ ਵਰਕੇ ਲੋਕ। ਗੱਲ ਹੈ ਮੌਸਮ ਮੌਸਮ ਦੀ ਕਿ ਸਿਖਰ ਦੁਪਹਿਰਾਂ ਵਿਚ ‘ਨਿਰਧਨ' ਅਪਣੇ ਹੀ ਪਰਛਾਵੇਂ ਕੋਲੋਂ ਨਸਦੇ ਨੇ ਡਰ ਡਰ ਕੇ ਲੋਕ ।

ਯੁੱਗਾਂ ਤੋਂ ਹੀ ਧਰਤੀ ਉਤੇ ਵਰਤ ਰਿਹਾ

ਯੁੱਗਾਂ ਤੋਂ ਹੀ ਧਰਤੀ ਉਤੇ ਵਰਤ ਰਿਹਾ ਹੈ ਕਹਿਰ । ਅੱਗ ਵਰ੍ਹਾਂਦੇ, ਸੂਰਜ ਹੇਠਾਂ ਜਲਦੇ ਪਏ ਨੇ ਸ਼ਹਿਰ । ਧੁੱਪ ਅੰਦਰ ਦੇਹ ਭੁੱਜ ਗਈ, ਹਨ ਛਾਲੇ ਛਾਲੇ ਪੈਰ, ਪਤਾ ਨਹੀਂ ਸਾਡੇ ਰਾਹਾਂ 'ਚੋਂ ਢਲਸੀ ਕਦੋਂ ਦੁਪਹਿਰ। ਸ਼ਾਇਦ ਪਰਲੇ ਪਾਸੇ ਹੈ ਕੋਈ ਉਡੀ ਯਾਰੋ ਧੂੜ, ਚੜ੍ਹੀ ਹੋਈ ਅਸਮਾਨ ਤੇ ਜਿਹੜੀ ਦੇਖ ਰਹੇ ਹਾਂ ਗਹਿਰ। ਖੌਰੇ ਇਹ ਕੀ ਖੇਡ ਸੀ ਜਦ ਕਿ ਤਾਰਾ ਟੁਟਣ ਸਾਰ, ਪਾਣੀ ਦੇ ਵਿਚ ਡੁਬ ਗਈ ਸੀ ਉਭਰ ਕੇ ਇਕ ਲਹਿਰ। ਨ੍ਹੇਰੇ ਦੇ ਡੰਗੇ ਹੋਏ ‘ਨਿਰਧਨ' ਦਿਨ ਦੀ ਦੇਹੀ ਵਿਚ, ਸੂਰਜ ਡੁੱਬਦਿਆਂ ਹੀ ਘੁਲ ਗਈ ਕਾਲੀ ਜ਼ਹਿਰ ।

ਅਪਣਾ ਰਿਹਾ ਨਾ ਫ਼ਿਕਰ, ਨਾ ਘਰ ਦਾ

ਅਪਣਾ ਰਿਹਾ ਨਾ ਫ਼ਿਕਰ, ਨਾ ਘਰ ਦਾ ਸੀ ਕੁਝ ਖਿਆਲ ਅਪਣਾ ਰਿਹਾ ਹਾਂ ਮੈਂ ਤਾਂ ਬਸ ਧੂੜਾਂ ਦੇ ਨਾਲ ਨਾਲ। ਡਿੱਗੇ ਨੇ ਬਾਹਰ ਰੁੱਖ, ਤੇ ਕੰਬੀ ਹੈ ਧਰਤ ਵੀ, ਜਾਂ ਤਾਂ ਹਵਾ ਦਾ ਹੜ੍ਹ ਸੀ ਇਹ ਜਾਂ ਸੀ ਮੇਰਾ ਖਿਆਲ । ਕੁਝ ਪਲ ਛਿਣਾਂ 'ਚ ਸੁਲਘ ਕੇ ਸੂਰਜ ਤਾਂ ਬੁਝ ਗਿਆ, ਤੇ ਦਿਨ ਦੇ ਸਿਰ 'ਚ ਪਾ ਗਿਆ ਨ੍ਹੇਰੇ ਦਾ ਭਰਕੇ ਥਾਲ । ਇਹ ਤਾਂ ਪਤਾ ਨਹੀਂ ਰਿਹਾ, ਲੰਘਿਆ ਸੀ ਕੌਣ ਪਰ, ਆਉਂਦੀ ਹੈ ਦਿਲ 'ਚੋਂ ਕਿਸੇ ਦੇ ਸਾਹਾਂ ਦੀ ਪੈਰ-ਚਾਲ । ਆਈ ਨਾ ਇਸਦੀ ਮਹਿਕ ਕਿਸੇ ਸ਼ਹਿਰ 'ਚੋਂ ਕਦੇ, ‘ਨਿਰਧਨ' ਹੈ ਕੀਤੀ ਸਦਾ ਹੀ ਮੈਂ ਰੌਸ਼ਨੀ ਦੀ ਭਾਲ ।

ਕਾਲਾ ਸੂਰਜ, ਕਾਲੀ ਧੁੱਪ

ਕਾਲਾ ਸੂਰਜ, ਕਾਲੀ ਧੁੱਪ ਚਹੁੰ ਪਾਸੇ ਹੈ ਨ੍ਹੇਰਾ ਘੁੱਪ । ਸਾਰੇ ਜਾਗ ਰਹੇ ਨੇ, ਫਿਰ ਵੀ ਐਨਾ ਸੱਨਾਟਾ ਤੇ ਚੁੱਪ। ਬਿਸੀਅਰ ਵਰਗਾ, ਜ਼ਹਿਰਾਂ ਜੈਸੀ ਕਾਲਾ ਰਸਤਾ, ਕੌੜੀ ਧੁੱਪ। ਸਾਰੀ ਸੁੰਨਤਾ ਹੈ ਪਥਰਾਈ ਕੌਣ ਵਿਲਕ ਕੇ ਹੋਇਆ ਚੁੱਪ। ਏਸ ਨਵੀਂ ਤਹਿਜ਼ੀਬ ਦਾ ‘ਨਿਰਧਨ’ ਚਾਨਣ ਵੀ ਹੈ ਨ੍ਹੇਰਾ ਘੁੱਪ।

ਸੋਗੀ ਖਿੜਕੀਆਂ, ਬੰਦ ਦਰਵਾਜ਼ੇ

ਸੋਗੀ ਖਿੜਕੀਆਂ, ਬੰਦ ਦਰਵਾਜ਼ੇ । ਦਿਸਦੇ ਨੇ ਅੱਜ ਹਰ ਘਰ ਘਰ ਦੇ । ਕਿਉਂ ਨਾ ਨਜ਼ਰਾਂ ਚੁੰਧਿਆਵਣ, ਜਦ ਲਿਸ਼ਕ ਰਹੇ ਨੇ ਥਾਂ ਥਾਂ ਸ਼ੀਸ਼ੇ । ਰੰਗ ਬਰੰਗੇ ਗਮਲਿਆਂ ਵਿਚ ਅੱਜ, ਕੈਕਟਸ ਉਗਣ ਭਾਂਤ ਭਾਂਤ ਦੇ । ਚਾਰ ਸਿਗਰਟਾਂ ਦੇ ਘੇਰੇ ਵਿਚ, ਘਿਰੀ ਪਈ ਹੈ ਇਕ ਐਸ਼ ਟਰੇ । ਮਨੀਪਲਾਂਟ ਨਾਲ ਅੱਜ ਨਿਰਧਨ, ਬਿਲਡਿੰਗਾਂ ਸ਼ਹਿਰ ਸ਼ਹਿਰ ਸਜੀਆਂ ਨੇ ।

ਜਦੋਂ ਧੁੱਪ ਨੇ ਵਿਰਲਾਂ ਥਾਣੀ

ਜਦੋਂ ਧੁੱਪ ਨੇ ਵਿਰਲਾਂ ਥਾਣੀ ਤਕਿਆ ਕਮਰੇ ਵਿਚ । ਮੇਰੀ ਕੁੰਠਾ, ਸਾਰੇ ਪਸਰੀ ਪਈ ਸੀ ਉਸਦੇ ਵਿਚ । ਇਕ ਛਿਣ ਲਈ ਵੀ ਉਜਲਾ ਮੇਰਾ ਰਿਹਾ ਨ ਕਦੀ ਲਿਬਾਸ, ਰਹੀ ਹਨੇਰੀ ਵਗਦੀ, ਮੇਰੇ ਸਾਰੇ ਰਸਤੇ ਵਿਚ। ਗਿਰਕੇ ਟੁਟ ਗਿਆ ਫੁਲਦਾਨ ਤੇ ਫੁੱਲ ਵੀ ਗਏ ਕੁਮਲਾ, ਸੱਧਰ ਮੇਰੀ ਖੜ੍ਹਕੇ ਰੋਈ ਘਰ ਦੇ ਵਿਹੜੇ ਵਿਚ । ਚੱਲੀ ਏਨੀ ਤੇਜ਼ ਹਵਾ ਕਿ ਸੰਭਲ ਸਕੇ ਨਾ ਰੁੱਖ, ਕਦਮ ਕਦਮ ਤੇ ਠੋਕਰ ਖਾ ਖਾ, ਡਿਗੇ ਨ੍ਹੇਰੇ ਵਿਚ । ਸਾਰੀ ਰਾਤ ਸੜਕ ਦੇ ਉਤੇ ਲੇਟੀ ਰਹੀ ਅਡੋਲ, ਇਕ ਪਲ ਵੀ ਨਾ ਆਈ ਚਾਨਣੀ ਮੇਰੇ ਕਮਰੇ ਵਿਚ ।

ਤੁਰਿਆ ਜਦ ਮੈਂ ਸਫ਼ਰ ਨੂੰ

ਤੁਰਿਆ ਜਦ ਮੈਂ ਸਫ਼ਰ ਨੂੰ ਸਿਖਰ ਦੁਪਹਿਰੇ ਯਾਰ । ਮੇਰੇ ਨਾਲ ਸੀ ਤੁਰ ਰਹੀ ਛਾਂ ਮੇਰੀ ਸਿਰ ਭਾਰ । ਤੁਰੀਆਂ ਕੂੰਜਾਂ ਸੈਰ ਨੂੰ ਨਵੇਂ ਕਪੜੇ ਪਹਿਨ, ਰਾਤੀਂ ਕਿਸੇ ਕਲੱਬ ਵਿਚ ਜਾ ਬੈਠੂ ਇਹ ਡਾਰ । ਠਾਰ ਰਹੀ ਸੀ ਜਿਸਮ ਨੂੰ ਬਰਫ ਜਿਹੀ ਇਕ ਧੁੱਪ, ਐਪਰ ਆ ਕੇ ਲੂਹ ਗਿਆ ਹਵਾ ਦਾ ਇਕ ਅੰਗਿਆਰ । ਗੂੰਜ ਰਹੀ ਸੀ ਸ਼ਹਿਰ ਵਿਚ ਸਾਇਰਨ ਦੀ ਆਵਾਜ਼, ਸਹਿਮੀ ਪਈ ਸੀ ਜ਼ਿੰਦਗੀ ਹਰ ਇਕ ਘਰ ਵਿਚਕਾਰ। ਕੱਲ੍ਹ ਸੀ ‘ਨਿਰਧਨ’ ਸ਼ਹਿਰ ਦੀ ਜਿਨ੍ਹੇ ਬੁਝਾਈ ਅੱਗ, ਲੋਕੀ ਓਸੇ ਸ਼ਖਸ ਨੂੰ ਪੱਥਰ ਰਹੇ ਸੀ ਮਾਰ ।

ਜਦੋਂ ਟਿਊਬ ਦੀ ਲਾਈਟ ਦੁਧੀਆ

ਜਦੋਂ ਟਿਊਬ ਦੀ ਲਾਈਟ ਦੁਧੀਆ ਕਮਰੇ ਦੇ ਵਿਚ ਫੈਲ ਗਈ । ਉਸ ਵਿਚ ਬੈਠੇ ਹਰ ਵਿਅਕਤੀ ਦੀ ਘੁਟਦੀ ਘੁਟਦੀ ਹੋਂਦ ਦਿਸੀ। ਕਦਮ ਕਦਮ ਤੇ ਰੋੜ ਚੁਭੇ ਤੇ ਪੱਥਰ ਬਰਸੇ ਮੇਰੇ ਤੇ, ਨਵੀਂ ਕਮੀਜ਼ ਪਹਿਨ ਕੇ ਅਪਣੀ ਜਦ ਮੈਂ ਤੁਰਿਆ ਸੈਰ ਲਈ। ਮੈਂ ਬੇਭਾਗਾ ਸਾਰੀ ਉਮਰੇ ਰਿਹਾ ਭਾਲਦਾ ਸੜਕਾਂ ਤੇ, ਪਰ ਕਿਸਮਤ ਕਿ ਆ ਕੇ ਮੇਰੇ ਘਰ 'ਚੋਂ ਮੁੜਦੀ ਧੁੱਪ ਰਹੀ। ਜਨਮ ਜਨਮ ਤੋਂ ਬਲ ਖਾ ਖਾ ਕੇ ਰਹੀ ਲਿਪਟਦੀ ਨਾਲ ਮਿਰੇ, ਕੜੀ ਨਾ ਟੁਟੀ ਇਕ ਛਿਣ ਲਈ ਵੀ ਦਰਦਾਂ ਦੀ ਜ਼ੰਜੀਰੀ ਦੀ । ਓਸ ਮੋੜ ਤੇ ਖੜਾ ਹੋਇਆ ਜੋ ਭੜਕ ਰਿਹਾ ਸੀ ਸੰਝਾਂ ਤੋਂ, ਅਜੇ ਤਾਂ ਹੁਣੇ ਹੁਣੇ ਹੈ ਯਾਰੋ, ਉਸ ਖੰਭੇ ਦੀ ਲਾਈਟ ਬੁਝੀ ।

ਅਪਣਾ ਅਪਣਾ ਕੈਕਟਸ ਹੈ

ਅਪਣਾ ਅਪਣਾ ਕੈਕਟਸ ਹੈ ਤੇ ਅਪਣੀ ਅਪਣੀ ਖਿੜਕੀ ਹੈ। ਭਰੇ ਪੁਰੇ ਸ਼ਹਿਰਾਂ ਵਿਚ ਹਰ ਕੋਈ ਦਿਸਦਾ ਖ਼ਾਲੀ ਖ਼ਾਲੀ ਹੈ। ਅਜ ਇਕ ਬੱਦਲੀ ਏਨੀ ਬਰਸੀ, ਮੈਂ ਗਲ ਤੀਕਰ ਡੁਬ ਗਿਆ, ਪਰ ਸੜਕਾਂ ਤੇ ਪਾਣੀ ਨਾਹੀਂ ਇਹ ਬਾਰਸ਼ ਵੀ ਕੈਸੀ ਹੈ। ਆਉ ਨ ਬਾਹਰ ਬਹਿਕੇ ਕਰੀਏ, ਗੱਲਾਂ ਕਾਫੀ ਹਾਊਸ ਦੀਆਂ, ਅੰਦਰ ਕਮਰੇ ਵਿਚ ਤਾਂ ਯਾਰੋ, ਬੜੀ ਘੁਟਨ ਤੇ ਗਰਮੀ ਹੈ। ਬਾਲਕੋਨੀ ਵਿਚ ਬੈਠਾ ਹੋਇਆ ਤੱਕ ਰਿਹਾ ਹਾਂ ਦੂਰ ਪਰੇ, ਕੜੀ ਧੁੱਪ ਦੀ ਬਾਰਿਸ਼ ਦੇ ਵਿਚ ਇਕ ਕੁੜੀ ਪਈ ਭਿਜਦੀ ਹੈ । ਅੱਜ ਤਾਂ ਸੰਝਾਂ ਤੋਂ ਹੀ ‘ਨਿਰਧਨ' ਖੌਰੇ ਇਸਨੂੰ ਕੀ ਹੋਇਐ, ਏਸ ਮੇਰੇ ਕਮਰੇ ਦੀ ਬੱਤੀ ਧੁਖ ਧੁਖ ਕੇ ਪਈ ਬਲਦੀ ਹੈ।

ਟੇਬਲ ਲੈਂਪ ਜਗਾਕੇ ਜਦ ਮੈਂ

ਟੇਬਲ ਲੈਂਪ ਜਗਾਕੇ ਜਦ ਮੈਂ ਤੱਕਿਆ ਕੰਧ ਉਤੇ । ਮੈਨੂੰ ਘੂਰ ਰਹੇ ਸਨ ਮੇਰੇ ਪਾਟੇ ਹੋਏ ਕੁੜਤੇ । ਹੁਣ ਤਾਂ ਯਾਰੋ ਸਫ਼ਰ ਲਈ ਵੀ ਤੁਰਨਾ ਹੈ ਮੁਸ਼ਕਿਲ, ਹੁਣ ਤਾਂ ਵੱਢਣ ਨੂੰ ਆਉਂਦੇ ਨੇ ਅਪਣੇ ਹੀ ਰਸਤੇ । ਖੌਰੇ ਇਹ ਕੋਈ ਹਵਾ ਸੀ ਜਾਂ ਕਿ ਲੰਘ ਰਹੇ ਸਨ ਲੋਕ, ਸਾਰੀ ਰਾਤ ਹੀ ਰਹੇ ਖੜਕਦੇ ਸੁੱਕੇ ਹੋਏ ਪੱਤੇ । ਸੰਝਾਂ ਵੇਲੇ ਧੁੱਪ ਢਲਣ ਤੇ ਜਦ ਮੈਂ ਮੁੜਿਆ ਘਰ, ਜੰਮੀ ਹੋਈ ਸੀ ਧੂੜ ਸਫ਼ਰ ਦੀ ਮੇਰੇ ਚਿਹਰੇ ਤੇ । ਕੋਲਤਾਰ ਦੀ ਸੜਕ ਮਿਲੀ ਤੇ ਮਿਲੇ ਨਿਪਤ ਰੁੱਖ, ਜਿਸ ਪਾਸੇ ਵੀ ਗਿਆ ਮੈਂ 'ਨਿਰਧਨ' ਮਿਲੀ ਨ ਛਾਉਂ ਕਿਤੇ।

ਖੌਰੇ ਕਦ ਤਕ ਹੋਏਗਾ

ਖੌਰੇ ਕਦ ਤਕ ਹੋਏਗਾ ਸੂਰਜ ਦਾ ਅਪਮਾਨ । ਦਿਨ ਦੀਵੀਂ ਨੂੰ ਹੋ ਰਹੇ ਕੁੜਤੇ ਲਹੂ ਲੁਹਾਨ । ਜਾਂ ਤਾਂ ਸੜੇ ਨੇ ਰੁੱਖ ਇਹ ਜਾਂ ਨੇ ਸੜੇ ਮਨੁੱਖ, ਉਡ ਰਹੇ ਇਸ ਧੂੰਏਂ ਤੋਂ ਲਾਈਏ ਕੀ ਅਨੁਮਾਨ। ਜਾਣੀ ਯਾਰੋ ਢਲ ਗਈ ਚਹੂੰ ਕੂੰਟਾਂ 'ਚੋਂ ਧੁੱਪ, ਇਹ ਦਿਨ ਹੈ ਜਾਂ ਰਾਤ ਹੈ ਹੋ ਨਾ ਸਕੇ ਪਛਾਣ। ਚਹੁੰ ਪਾਸੀਂ ਹੈ ਦਿਸ ਰਹੀ ਜੰਗਲ ਵਰਗੀ ਰੁੱਤ, ਜਿਧਰ ਵੀ ਹਾਂ ਜਾਂਵਦਾਂ, ਸ਼ਹਿਰ ਪਏ ਸੁਨਸਾਨ । ਖੌਰੇ ਨਿਰਧਨ ਕੀ ਬਣੂ ਜਲਦੇ ਮੌਸਮ ਵਿਚ, ਅਪਣੀ ਹੀ ਹੁਣ ਛੱਤ ਹੇਠ ਭੁਜ ਰਹੀ ਹੈ ਜਾਨ ।

ਸੰਘਣੇ ਨ੍ਹੇਰੇ 'ਚ ਹੈ ਅੱਜ ਹੋਂਦ ਮੇਰੀ

ਸੰਘਣੇ ਨ੍ਹੇਰੇ 'ਚ ਹੈ ਅੱਜ ਹੋਂਦ ਮੇਰੀ ਤੁਰ ਰਹੀ। ਤੇਜ਼ ਪਲ ਪਲ ਹੋ ਰਹੀ ਹੈ ਵਾਜ ਵਾ ਦੇ ਰੋਣ ਦੀ। ਸੋਚ ਦੀ ਇਕ ਲਹਿਰ ਸਾਰੇ ਜਿਸਮ ਦੇ ਵਿਚ ਫਿਰ ਗਈ ਵਾਲ ਖੋਲ੍ਹੀ ਜਦ ਮੈਂ ਤੱਕੀ ਜ਼ਿੰਦਗੀ ਅਪਣੀ ਖੜ੍ਹੀ । ਗ਼ਮ ਦੀ ਉਚੀ ਸਿਲ ਦੇ ਉਤੇ ਖੜ੍ਹਕੇ ਅੱਜ ਮੈਂ ਦੋਸਤੋ, ਤਕ ਰਿਹਾ ਹਾਂ ਸ਼ਾਇਦ ਕਿਧਰੇ ਦਿਸ ਪਏ ਕੋਈ ਰੌਸ਼ਨੀ । ਕੰਢੇ ਤੇ ਸੁੱਕਾ ਖੜ੍ਹਾ ਰੁੱਖ ਪਾਣੀ ਵਿਚ ਸੀ ਦਿਸ ਰਿਹਾ, ਤਕਿਆ ਜਦ ਨੀਝ ਲਾਕੇ ਆਪਣਾ ਹੀ ਪ੍ਰਤਿਬਿੰਬ ਸੀ। ਸ਼ਾਇਦ ਬਾਹਰ ਰਾਤ ਦੀ ਕਾਲਖ ਨੇ ਹੈ ਕੋਈ ਨਿਗਲਿਆ, ਚੀਕ ਹੈ ਜੋ ਕਿਸੇ ਦੀ ਨਿਰਧਨ ਮੇਰੇ ਕੰਨੀ ਪਈ ।

ਛਾਈ ਹੋਈ ਹੈ ਦੂਰ ਤਕ

ਛਾਈ ਹੋਈ ਹੈ ਦੂਰ ਤਕ ਇਕ ਧੁੰਦ ਨ੍ਹੇਰ ਦੀ, ਆਉਂਦੀ ਨਹੀਂ ਹੈ ਨਜ਼ਰ ਹੁਣ ਕੋਈ ਕਿਰਨ ਚਾਨਣੀ। ਬਸ ਦੋ ਕੁ ਪਲ ਹੀ ਤੈਰ ਕੇ ਪੰਛੀ ਤਾਂ ਉੜ ਗਿਆ, ਪਰ ਦੇਰ ਤੱਕ ਸਾਗਰ 'ਚ ਰਹੀ ਲਹਿਰ ਕੰਬਦੀ । ਕੁਝ ਫਾਸਿਲੇ ਤੋਂ ਮੁੜ ਗਏ ਬੱਦਲ ਵਰ੍ਹਾ ਕੇ ਮੀਂਹ, ਡੇਗੀ ਨਾ ਏਸ ਧਰਤ ਉਤੇ ਇਕ ਵੀ ਕਣੀ । ਧਰਿਆ ਗਿਆ ਨਾ ਕਿਤੇ ਵੀ ਇਕ ਪੈਰ ਸੁੱਖ ਦਾ, ਸਾਰੇ ਸਫਰ 'ਚ ਜਲ ਰਹੀ ਧਰਤੀ ਹੀ ਬਸ ਮਿਲੀ । ‘ਨਿਰਧਨ’ ਰਹੇ ਨੇ ਰਾਤ ਭਰ ਤਾਰੇ ਹੀ ਟੁਟਦੇ, ਹੈ ਰਾਤ ਭਰ ਤਾਂ ਯਾਰ 'ਵਾ ਵੀ ਸਹਿਕਦੀ ਰਹੀ ।

ਇਕ ਤਾਂ ਮੇਰੇ ਨਾਲ ਲਿਪਟ ਗਈ

ਇਕ ਤਾਂ ਮੇਰੇ ਨਾਲ ਲਿਪਟ ਗਈ ਹਵਾ ਦੀ ਗਰਮ ਜ਼ੰਜੀਰ, ਇਕ ਧੁਪ ਦੀ ਬਾਰਿਸ਼ ਵਿਚ ਮੇਰਾ ਭਿਜਦਾ ਗਿਆ ਸਰੀਰ। ਧੂੰਏਂ ਵਾਂਗੂੰ ਉਡਣ ਲਗ ਪਿਆ ਰੇਤੇ ਦਾ ਦਰਿਆ, ਤੇਜ਼ ਹਵਾ ਦੀ ਇਕ ਲਹਿਰ ਜਦ ਗਈ ਏਸ ਨੂੰ ਚੀਰ। ਖੌਰੇ ਕੇਹਾ ਮੌਸਮ ਹੈ ਕਿ ਹਰ ਇਕ ਸ਼ਹਿਰ ਸ਼ਹਿਰ, ਨੰਗੇ ਰੁੱਖ ਖੜ੍ਹੇ ਹਨ ਪਾਈ ਕਪੜੇ ਲੀਰੋ ਲੀਰ । ਹਰ ਤਸਵੀਰ ਕੱਜੇ ਹੋਏ ਹਨ ਅਪਣੇ ਅਪਣੇ ਅੰਗ ਪਰ ਸ਼ੀਸ਼ੇ ਦੇ ਕਪੜਿਆਂ ਵਿਚੋਂ ਇਕ ਇਕ ਦਿਸੇ ਲਕੀਰ । ਅੱਜ ਵੀ ‘ਨਿਰਧਨ' ਉਤੋਂ ਗਿਰ ਕੇ ਮੂਰਤ ਗਈ ਹੈ ਟੁਟ ਸੈ ਯਤਨਾਂ ਥੀਂ ਘਰ ਦੀ ਕਾਰਨਸ ਖਾਲੀ ਰਹੀ ਅਖੀਰ।

ਡਲੀ ਬਰਫ ਦੀ ਜਦ ਮੈਂ ਅਪਣੇ

ਡਲੀ ਬਰਫ ਦੀ ਜਦ ਮੈਂ ਅਪਣੇ ਜਿਸਮ ਨਾਲ ਸੀ ਛ੍ਹੋਈ । ਓਦੋਂ ਮੈਨੂੰ ਸਗਲੀ ਦੇਹੀ ਨਿਘੀ ਅਨੁਭਵ ਹੋਈ । ਪੱਥਰ ਚਿਹਰਿਆਂ ਵਾਲੇ ਲੋਕੀ ਦੇਖ ਦੇਖ ਕੇ ਹੱਸੇ, ਵਿਦਾ ਹੋਈ ਜਦ ਘਰੋਂ ਚਾਨਣੀ ਇਕ ਵੀ ਅੱਖ ਨਾ ਰੋਈ । ਸ਼ਹਿਰ ਦੀਆਂ ਸੜਕਾਂ ਤੇ ਹੁਣ ਮੈਂ ਬਿਨ ਮੁੱਖੋਂ ਹੀ ਫਿਰਦਾਂ, ਅੱਖਾਂ ਵਿਚ ਉਤਾਰ ਕੇ ਲੈ ਗਿਆ ਮੁੱਖ ਮੇਰੇ ਨੂੰ ਕੋਈ। ਸ਼ੀਸ਼ੇ ਦੇ ਗੁਲਦਾਨ 'ਚ ਦੇਖ ਕੇ ਫੁੱਲੋਂ ਸਖਣੀ ਟਾਹਣੀ, ਏਦਾਂ ਲੱਗਿਆ ਹੋਵੇ ਜਿਕੂੰ ਸੀਨੇ ਸੂਲ ਪਰੋਈ । ਏਹੋ ਚੰਗਾ ਹੈ ਕਿ ‘ਨਿਰਧਨ' ਬਾਰਿਸ਼ ਅੱਜੇ ਹੋਵੇ, ਭਲਕੇ ਬੱਦਲੀ ਦੇ ਬਰਸਣ ਦਾ ਦਿਸੇ ਨਾ ਮੌਸਮ ਕੋਈ ।

ਆਥਣ ਵੇਲੇ ਢਲਦੇ ਹੋਏ ਸੂਰਜ ਦਾ

ਆਥਣ ਵੇਲੇ ਢਲਦੇ ਹੋਏ ਸੂਰਜ ਦਾ ਚਿਹਰਾ । ਹਰ ਇਕ ਵਿਅਕਤੀ ਨੂੰ ਲਗਦਾ ਹੈ ਅਪਣਾ ਚਿਹਰਾ । ਕਾਲਾ, ਜ਼ਰਦ, ਸੁਰਮਈ, ਦੂਧੀਆ, ਨੀਮ-ਗੁਲਾਬੀ, ਪਲ ਪਲ ਪਿਛੋਂ ਰੰਗ ਬਦਲਦਾ ਤਕਿਆ ਚਿਹਰਾ । ਕੈਨਵਸ ਉਤੇ ਖਿਚੀਆਂ ਹੋਈਆਂ ਜ਼ਰਦ ਲਕੀਰਾਂ, ਦੁਨੀਆਂ ਵੇਖ ਕੇ ਹੱਸਦੀ ਹੈ ਅੱਜ ਮੇਰਾ ਚਿਹਰਾ । ਕਾਮਨ-ਰੂਮ 'ਚ ਵੀ ਤੱਕੇ ਨੇ ਬੈਠੇ ਲੋਕੀ, ਹਰ ਇਕ ਵਖਰੀ ਕੁਰਸੀ ਤੇ ਸੀ ਵਖਰਾ ਚਿਹਰਾ । ਓਸ ਸਾਹਮਣੇ ਘਰ ਦੀ ਖਿੜਕੀ ਵਿਚੋਂ ਨਿਰਧਨ ਸੁਕੇ ਹੋਏ ਕੈਕਟਸ ਦਾ ਦਿਸਦੈ ਕਾਲਾ ਚਿਹਰਾ ।

ਸਿਪ ਕਰਨ ਲਈ ਕਾਫੀ ਨੂੰ

ਸਿਪ ਕਰਨ ਲਈ ਕਾਫੀ ਨੂੰ ਹੋਟਲ ਨੇ ਜਾਂਦੇ । ਅਪਣੇ ਅਪਣੇ ਘਰਾਂ ਤੋਂ ਹਨ ਲੋਕੀ ਘਬਰਾਂਦੇ । ਬੈਠੇ ਹੋਏ ਹਾਂ ਸਾਰੇ ਹੀ ਸੀਟਾਂ ਤੇ ਫਿਰ ਵੀ, ਲੱਗ ਰਿਹਾ ਹੈ ਜਾਣੀ ਬੱਸ ਵਿਚ ਖੜ੍ਹੇ ਹਾਂ ਜਾਂਦੇ। ਸੂਰਜ ਦੇ ਹੁੰਦਿਆਂ ਵੀ ਮੈਂ ਤੱਕੇ ਨੇ ਲੋਕੀ, ਨ੍ਹੇਰੇ ਦੀ ਦੀਵਾਰ ਸੰਗ ਮੱਥੇ ਟਕਰਾਂਦੇ । ਸ਼ੀਸ਼ੇ ਅੱਗੇ ਕੋਈ ਵੀ ਖੜ੍ਹਨਾ ਨਾ ਚਾਹਵੇ, ਅਪਣੇ ਅਪਣੇ ਚਿਹਰੇ ਤੋਂ ਹਨ ਸਭ ਘਬਰਾਂਦੇ । ਸਬਜ਼ ਰੰਗ ਦੇ ਜ਼ਹਿਰ ਭਰੇ ਹੋਏ ਬੱਦਲ ‘ਨਿਰਧਨ' ਇਕ ਦੂਧੀਆ ਧਰਤੀ ਤੇ ਹਨ ਵਰ੍ਹਨਾ ਚਾਂਹਦੇ।

ਟੈਰਾਲਿਨ ਦੇ ਚਾਨਣ ਰੰਗੇ

ਟੈਰਾਲਿਨ ਦੇ ਚਾਨਣ ਰੰਗੇ ਚਾਰ ਕਮੀਜ਼। ਮੇਰੇ ਘਰ ਦਾ ਬਣ ਗਏ ਨੇ ਸ਼ਿੰਗਾਰ ਕਮੀਜ਼। ਆਪਣੇ ਕਮਰੇ ਨੂੰ ਹੀ ਫੂਕਣ ਲਗਦੇ ਨੇ, ਕਦੇ ਕਦੇ ਬਣ ਜਾਂਦੇ ਨੇ ਅੰਗਿਆਰ ਕਮੀਜ਼ । ਕਾਲੀ ਐਨਕ ਲਾਕੇ ਵੀ ਤਾਂ ਧੁੱਪ ਕੋਲੋਂ, ਹਰ ਮੌਸਮ ਵਿਚ ਖਾ ਜਾਂਦੇ ਨੇ ਹਾਰ ਕਮੀਜ਼। ਭਿੱਜ ਗਏ ਨੇ ਅੱਜ ਤਾਂ ਸਾਰੇ ਬਾਰਿਸ਼ ਵਿਚ, ਖੌਰੇ ਕਦ ਤਕ ਸੁਕਣਗੇ ਇਹ ਯਾਰ ਕਮੀਜ਼। ‘ਨਿਰਧਨ’ ਹਲਕਾ, ਨੀਮ-ਗੁਲਾਬੀ ਰੰਗ ਵਾਲਾ, ਅਪਣੇ ਦਿਲ ਨੂੰ ਭਾਇਆ ਹੈ ਸੌ ਵਾਰ ਕਮੀਜ਼।

ਸਾਇਰਨ ਦੀ ਆਵਾਜ਼ ਜਦੋਂ ਵੀ

ਸਾਇਰਨ ਦੀ ਆਵਾਜ਼ ਜਦੋਂ ਵੀ ਕੰਨੀ ਪਈ, ਦਿਲ ਦੀ ਧੜਕਨ ਬੱਸ ਓਦੋਂ ਹੀ ਠਹਿਰ ਗਈ । ਤੇਰੀ ਖਾਤਰ ਚੰਨ, ਚਾਨਣੀ ਭਿੱਜੀ ਰਾਤ, ਸੂਰਜ, ਧੁੱਪ, ਦੁਪਹਿਰ ਤਪੰਦੀ ਮੇਰੇ ਲਈ । ਹੁਣ ਤਕ ਵੀ ਹੈ ਰੁੱਖ ਖੜ੍ਹਾ ਇਕ ਕੰਬ ਰਿਹਾ, ਹਵਾ ਕਦੋਂ ਦੀ ਝੂਣ ਕੇ ਇਸ ਨੂੰ ਲੰਘ ਗਈ । ਅੰਨ੍ਹਿਆਂ ਵਾਂਗੂੰ ਸ਼ਹਿਰ 'ਚ ਅਪਣੇ ਫਿਰਦੇ ਹਾਂ, ਦਿਨ ਹੈ ਜਾਣੀ ਸੁਤਾ ਨ੍ਹੇਰ ਦੀ ਚਾਦਰ ਲਈ ।। ਉਹੀਓ ‘ਨਿਰਧਨ ਧੁੱਪ 'ਚ ਬੈਠੇ ਸੜਦੇ ਨੇ, ਸਾਏਬਾਨ ਤੋਂ ਬਾਹਰ ਜਿਹੜੇ ਰਹਿ ਗਏ ਕਈ ।

ਕੋਲ ਮੇਰੇ, ਸੀਟ ਤੇ ਬੈਠੀ ਸੀ

ਕੋਲ ਮੇਰੇ, ਸੀਟ ਤੇ ਬੈਠੀ ਸੀ ਜੋ ਕੁੜੀ, ਸਾਰੇ ਸਫ਼ਰ 'ਚ ਹੀ ਰਹੀ ਬਸ ਉਹ ਜੁੜੀ ਜੁੜੀ। ਰਹਿੰਦਾ ਸੀ ਛਲਕਦਾ ਕਿ ਹੁਣ, ਪੱਥਰ ਹੀ ਬਣ ਗਿਆ ਸਾਗਰ 'ਚ ਝਾੜ ਦਿਤੀ ਹੈ ਜਿਦਾਂ ਕਿਸੇ ਪੁੜੀ। ਸ਼ਹਿਰਾਂ ਦੇ ਸਬਜ਼ ਦਿਨ ਕਦੇ ਆਏ ਨ ਮੇਰੇ ਕੋਲ, ਜੰਗਲ ਦੀ ਜ਼ਰਦ ਰਾਤ ਹੀ ਬਸ ਮੇਰੇ ਵਲ ਮੁੜੀ। ਬੈਠੇ ਹਾਂ ਸਾਰੇ ਸਾਏਬਾਨ ਹੇਠ ਫੇਰ ਵੀ, ਲਗਦੀ ਹੈ ਧਰਤ ਆਪਣੀ ਮੈਨੂੰ ਥੁੜੀ ਥੁੜੀ । ਹਾਂ ਲਟਕ ਰਿਹਾ ਅੱਜ ਮੈਂ ‘ਨਿਰਧਨ' ਸਲੀਬ ਤੇ, ਹੈ ਮੇਖ ਅੰਗ ਅੰਗ ਮੇਰੇ ਸਮੇਂ ਦੀ ਪੁੜੀ ।

ਸ਼ੇਡ ਅੰਦਰ ਕੈਦ ਕਰਕੇ ਰੱਖਦੇ ਨੇ

ਸ਼ੇਡ ਅੰਦਰ ਕੈਦ ਕਰਕੇ ਰੱਖਦੇ ਨੇ ਰੌਸ਼ਨੀ, ਆਪ ਅਪਣੇ ਰਸਤਿਆਂ ਤੋਂ ਭਟਕਦੇ ਨੇ ਆਦਮੀ। ਦੇਖਿਆ ਸੀ ਪਹਿਲੋਂ ਵੀ ਪਰ ਯਾਦ ਹੁਣ ਆਉਂਦਾ ਨਹੀਂ, ਲੰਘਿਆ ਹੈ ਕੋਲੋਂ ਦੀ ਪਰਛਾਵਾਂ ਜਿਹੜਾ ਅਜਨਬੀ। ਰਾਤ ਸਾਰੀ ਤੜਫਨੀ ਹੀ ਏਸ ਦੀ ਸੁਣਦੇ ਰਹੇ, ਫੇਰ ਜਾਣੀ ਸੌਂ ਗਈ ਆਵਾਜ਼ ਟਾਈਮ ਪੀਸ ਦੀ । ਵਗੀ ਸੀ ਨ੍ਹੇਰੀ ਬੜੀ ਤੇ ਮੀਂਹ ਵੀ ਕਾਫੀ ਬਰਸਿਆ, ਫੇਰ ਸਾਰੇ ਸ਼ਹਿਰ ਦੀ ਹੀ ਲਾਈਟ ਯਾਰੋ ਬੁਝ ਗਈ । ਖੇਦ ਹੈ ਕਿ ਸ਼ਹਿਰ ਭਰ 'ਚੋਂ ਕਿਸੇ ਵੀ ਨਾ ਤਕਿਆ, ਇਕ ਕਮਰੇ ਵਿਚ ‘ਨਿਰਧਨ' ਸੁਲਘਦਾ ਹੀਟਰ ਕੋਈ ।

ਆਉਂਦੀ ਹੈ ਰੋਜ਼ ਰਾਤ ਨੂੰ

ਆਉਂਦੀ ਹੈ ਰੋਜ਼ ਰਾਤ ਨੂੰ ਯਾਰੋ ਮੇਰੇ ਘਰੇ । ਰਹਿੰਦੀ ਹੈ ਫਿਰ ਵੀ ਚਾਨਣੀ ਮੈਥੋਂ ਪਰੇ ਪਰੇ । ਐਸੀ ਵਰ੍ਹੀ ਹੈ ਅੱਗ ਇਹ ਮੇਰੇ ਸ਼ਹਿਰ ਤੇ ਅੱਜ ਹੋਏ ਨੇ ਰਾਖ, ਰੁੱਖ ਵੀ ਜਿਹੜੇ ਹਰੇ ਭਰੇ । ਪਰਦਰਸ਼ਨੀ 'ਚ ਤੱਕੀਆਂ ਨੇ ਮੂਰਤਾਂ ਜੋ ਮੈਂ, ਲੱਗੇ ਨੇ ਚਿਹਰੇ ਉਨ੍ਹਾਂ ਦੇ ਮੈਨੂੰ ਮਰੇ ਮਰੇ । ਜਲਦੇ ਸਫਰ 'ਚ ਆਈ ਨਾ ਕੋਈ ਰੁੱਤ ਸਰਦ ਵੀ, ਬੁੱਲੇ ਹਵਾ ਦੇ ਆਏ ਕੁਝ ਐਵੇਂ ਠਰੇ ਠਰੇ। ‘ਨਿਰਧਨ' ਜਲਾਂਦੇ ਮਰਕਰੀ ਲਾਈਟਾਂ ਨੇ ਰੋਜ਼ ਪਰ, ਰਹਿੰਦੇ ਘਰਾਂ 'ਚ ਲੋਕ ਨੇ ਫਿਰ ਵੀ ਡਰੇ ਡਰੇ ।

ਦਿਸ ਰਹੀ ਸੀ ਦੂਰ ਤੋਂ ਹੀ

ਦਿਸ ਰਹੀ ਸੀ ਦੂਰ ਤੋਂ ਹੀ ਬੈਂਚ ਤੇ ਬੈਠੀ ਹੋਈ, ਮਹਿਕੀ ਹੋਈ ਰਾਤ ਅੰਦਰ ਚਾਨਣੀ ਕੋਈ ਰੇਸ਼ਮੀ । ਧੂੰਆ ਧੂੰਆਂ ਹੋ ਕੇ ਜਦ ਮੈਂ ਅਪਣੇ ਬਾਰੇ ਸੋਚਿਆ ਮੇਰੇ ਸਾਹਵੇਂ ਸਿਗਰਟਾਂ ਦੀ ਡੱਬੀ ਸੀ ਖਾਲੀ ਪਈ। ਝਿਲਮਿਲਾਂਦੇ ਸਬਜ਼ ਰੰਗ ਦੀ ਲੰਘ ਗਈ ਸੀ ਕਾਰ ਪਰ, ਸੁੱਕੇ ਹੋਏ ਪੱਤਿਆਂ ਨੂੰ ਪਿੱਛੇ ਉਡਦਾ ਛੱਡ ਗਈ । ਕਯੂ 'ਚ ਲੱਗੇ ਭਿੱਜ ਰਹੇ ਸਨ, ਧੁੱਪ ਦੀ ਬਾਰਿਸ਼ 'ਚ ਸਭ, ਕਿਸੇ ਵੀ ਵਿਅਕਤੀ ਨੂੰ ਓਦੋਂ ਸੁੱਧ ਨਹੀਂ ਸੀ ਟਿਕਟ ਦੀ। ਲੰਘ ਗਈ ਸੀ ਬੱਸ ‘ਨਿਰਧਨ' ਹੋ ਗਿਆ ਸਾਂ ਲੇਟ ਮੈਂ ਸ਼ਾਇਦ ਪਿਛੇ ਰਹਿ ਗਈ ਸੀ ਅੱਜ ਇਹ ਮੇਰੀ ਘੜੀ ।

ਬੰਦ ਕਮਰੇ ਵਿਚ ਬੈਠੀ ਹੋਈ

ਬੰਦ ਕਮਰੇ ਵਿਚ ਬੈਠੀ ਹੋਈ, ਉਹ ਲੜਕੀ, ਕੈਦ ਕਰੀ ਹੋਈ ਰੌਸ਼ਨੀ ਜਾਣੀ, ਮੈਂ ਤੱਕੀ । ਸਾਰੇ ਹੀ ਰੰਗ ਊਂਘ ਰਹੇ ਸਨ ਉਤਸਵ ਵਿਚ, ਹਰ ਇਕ ਰੰਗ ਦੇ ਨੈਣਾਂ ਵਿਚ ਸੀ ਨੀਂਦ ਜਿਹੀ । ਬਸ ਦੇ ਅੰਦਰ ਬੈਠਾ ਸਾਂ ਮੈਂ ਥਾਂ ਦੀ ਥਾਂ, ਮੇਰੇ ਵਲ ਨੂੰ ਆਉਂਦੀ ਸੀ ਪਈ ਸੜਕ ਤੁਰੀ। ਦੋ ਟਿਊਬਾਂ ਵਿਚਕਾਰ ਖੜਾ ਸਾਂ ਮੈਂ ਰਾਤੀਂ, ਵਖਰੀ ਵਖਰੀ ਸਕਲ ਸੀ ਮੇਰੀਆਂ ਛਾਵਾਂ ਦੀ। ਕੱਲ੍ਹ ਫਿਰ ‘ਨਿਰਧਨ’ ਅੱਗ ਵਰ੍ਹੀ ਸੀ ਘਰ ਮੇਰੇ, ਕੱਲ੍ਹ ਫਿਰ ਮੇਰੇ ਕਮਰੇ ਅੰਦਰ ਗਰਮੀ ਸੀ।

ਸਾਰਾ ਹੀ ਰਸ ਚੂਸ ਕੇ ਮੌਸਮ

ਸਾਰਾ ਹੀ ਰਸ ਚੂਸ ਕੇ ਮੌਸਮ ਹੋ ਗਿਆ ਦੂਰ । ਬਾਕੀ ਰੁੱਖ ਤੇ ਰਹਿ ਗਿਆ ਫਿਕਾ ਫਿਕਾ ਨੂਰ। ਜਲਦੀਆਂ ਟਿਊਬਾਂ ਵੇਖਕੇ ਤੇਜ਼ ਕਦਮ ਨਾ ਪੁਟ, ਦੇਖੀਂ ਕਿਧਰੇ ਜਾ ਰਹੇਂ ਅਪਣੇ ਘਰ ਤੋਂ ਦੂਰ । ਭੜਕ ਇਨ੍ਹਾਂ ਦੀ ਦੇਖਕੇ ਜਾਂਦੇ ਪਾਗਲ ਹੋ, ਕਾਗਜ਼ ਦੇ ਫੁੱਲਾਂ ਲਈ ਲੋਕ ਰਹੇ ਨੇ ਝੂਰ । ਰੇਤੇ ਦੇ ਦਰਿਆ ਨੂੰ ਐਵੇ ਨਾ ਤੂੰ ਸਮਝ, ਇਸ ਦਰਿਆ ਵਿਚ ਆਣ ਕੇ ਡੁੱਬੇ ਲੱਖਾਂ ਪੂਰ । ਚੜ੍ਹਦੀ ਹੋਈ ਧੁੱਪ ਨੇ 'ਨਿਰਧਨ' ਲਿਤਾ ਰੋਕ, ਮੁੜ੍ਹਕੇ ਵਿਚ ਜੀ ਭਿਜਣ ਮੈਨੂੰ ਕਦ ਮਨਜ਼ੂਰ ।

ਸ਼ੀਸ਼ੇ ਦੀਆਂ ਕੰਧਾਂ ਦਾ ਘਰ

ਸ਼ੀਸ਼ੇ ਦੀਆਂ ਕੰਧਾਂ ਦਾ ਘਰ ਮੇਰਾ ਹੈ, ਫਿਰ ਵੀ ਇਸਦਾ ਹਰ ਇਕ ਕਮਰਾ ਨ੍ਹੇਰਾ ਹੈ । ਇਹ ਕੈਸਾ ਹੈ ਸ਼ਹਿਰ ਕਿ ਏਥੇ ਜੋ ਮਿਲਿਆ, ਓਸ ਦਾ ਪਿਠ ਪਿਛੇ ਲਗਿਆ ਚਿਹਰਾ ਹੈ । ਰਾਤਾਂ ਨੂੰ ਲਾਈਟਾਂ ਵਿਚ ਤੁਰਦੇ ਵਿਅਕਤੀ ਨੂੰ, ਪਰਛਾਵਾਂ ਵੀ ਲਗਦਾ ਬੜਾ ਲਮੇਰਾ ਹੈ । ਚਲੀ ਗਈ ਹੈ ਧੁੱਪ ਆਣਕ ਵਿਹੜੇ 'ਚੋਂ ਮੇਰੇ ਦੁਆਲੇ ਸਰਦੀ ਦਾ ਹੁਣ ਘੇਰਾ ਹੈ । ਕਿਹੜੇ ਮੌਸਮ ਦੀ ਸੀ ‘ਨਿਰਧਨ' ਕੀ ਦੱਸਾਂ, ਹਰ ਇਕ ਧੁੱਪ ਦਾ ਇਕੋ ਜਿਹਾ ਚਿਹਰਾ ਹੈ ।

ਜਿਸਮ ਦੇ ਅੰਦਰ ਖਿਲਰਿਆ

ਜਿਸਮ ਦੇ ਅੰਦਰ ਖਿਲਰਿਆ ਨ੍ਹੇਰਾ ਹੈ ਯਾਰੋ । ਇਸ ਕਮਰੇ ਵਿਚ ਕੁੰਠਾ ਦਾ ਡੇਰਾ ਹੈ ਯਾਰੋ । ਸਬਜ਼ ਅੱਗ ਦੀਆਂ ਲਪਟਾਂ ਤੋਂ ਨਾ ਘਬਰਾਵੋ ਹੁਣ, ਨ੍ਹੇਰੀ ਸਾਹਵੇਂ ਇਹਦਾ ਕੀ ਜੇਰਾ ਹੈ ਯਾਰੋ । ਸ਼ਹਿਰ 'ਚ ਵੀ ਰਹਿਕੇ ਹੁਣ ਲਗਦਾ ਹੈ ਕੁਝ ਏਦਾਂ, ਕਿਸੇ ਘਣੇ ਜੰਗਲ ਵਿਚ ਡੇਰਾ ਹੈ ਯਾਰੋ । ਜ਼ਰਦ ਜ਼ਰਦ ਜਿਹੇ ਦਿਨ ਹੁੰਦੇ ਨੇ ਰੋਜ਼ ਹੀ ਮੇਰੇ, ਹਰ ਮੌਸਮ ਹਰ ਦਿਨ ਵਰਗਾ ਮੇਰਾ ਹੈ ਯਾਰੋ । ਜਿਸ ਦਰਿਆ ਦੇ ਵਿਚ ਰੁੱਖ ਡੁੱਬਿਆ ਸੀ ਕੱਲ ਰਾਤੀਂ ਉਸ ਦਰਿਆ ਦਾ ਅਣਮਿਥਿਆ ਘੇਰਾ ਹੈ ਯਾਰੋ ।

ਜੰਗਲ ਵਿਚੋਂ ਚੱਲ ਕੇ ਆਈ ਮੇਰੇ ਘਰ

ਜੰਗਲ ਵਿਚੋਂ ਚੱਲ ਕੇ ਆਈ ਮੇਰੇ ਘਰ ਵਿਚ ਜ਼ਰਦ ਹਵਾ । ਸਾਰੇ ਸ਼ੀਸ਼ੇ ਧੁੰਦਲ ਹੋ ਗਏ ਏਨੀ ਲਿਆਈ ਗਰਦ ਹਵਾ। ਜਾਂ ਤੇ ਪਲ ਭਰ ਵੀ ਨਾ ਚੱਲੇ, ਮੁੜ੍ਹਕਾ ਮੁੜ੍ਹਕਾ ਕਰ ਦੇਵੇ ਜੇ ਚੱਲੇ ਤਾਂ ਰੁੱਖ ਉਖੇੜੇ, ਕਿੰਨੀ ਹੈ ਬੇਦਰਦ ਹਵਾ । ਸੂਰਜ ਤਾਂ ਸਾਰਾ ਉਗ ਆਇਆ ਜਿਸਮ ਅਜੇ ਵੀ ਠਰਦਾ ਹੈ, ਸ਼ਾਇਦ ਕਿਧਰੇ ਬਰਫ ਗਿਰੀ ਹੈ ਲਗਦੀ ਹੈ ਕੁਝ ਸਰਦ ਹਵਾ। ਰੋਜ਼ ਝਾੜ ਕੇ ਸੈਆਂ ਪੱਤੇ ਨਾਲ ਉਡਾ ਕੇ ਲੈ ਜਾਵੇ, ਪਿਛੋਂ ਰੋਂਦਾ ਛੱਡ ਜਾਂਦੀ ਹੈ ਰੁੱਖਾਂ ਨੂੰ ਬੇਦਰਦ ਹਵਾ। ਸਬਜ਼ ਹਵਾ ਦਾ ਰੂਪ ਰੰਗ ਸਭ ਸੁਰਖ ਹਵਾ ਨੇ ਚੂਸ ਲਿਆ, ਹੁਣ ਤਾਂ ਬਸ ਅੱਖਾਂ ਨੂੰ 'ਨਿਰਧਨ' ਲਗਦੀ ਹੈ ਇਹ ਜ਼ਰਦ ਹਵਾ।

ਘਰ ਦੀਆਂ ਖਿੜਕੀਆਂ ਬੰਦ ਕਰੋ

ਘਰ ਦੀਆਂ ਖਿੜਕੀਆਂ ਬੰਦ ਕਰੋ ਤੇ ਦਰਵਾਜ਼ੇ ਨੂੰ ਜੰਦਰਾ ਲਾਉ । ਸ਼ਹਿਰ ਦੀਆਂ ਭੀੜਾਂ ਨੂੰ ਤਿਆਗੋ, ਜੰਗਲ ਦੀ ਖੁਲ੍ਹ ਅੰਦਰ ਆਉ । ਉਹੀਓ ਧੁੱਪਾਂ, ਉਹੀਓ ਸੂਰਜ ਸਾਨੂੰ ਹੀ ਅੱਜ ਫੂਕ ਰਹੇ ਨੇ, ਕੱਲ੍ਹ ਤਕ ਬਣੇ ਰਹੇ ਨੇ ਜਿਹੜੇ ਸਾਡੀਆਂ ਸਧਰਾਂ ਸਾਡੇ ਚਾਉ । ਅਪਣੇ ਨ੍ਹੇਰੇ ਨੂੰ ਭੁੱਲਣ ਦਾ, ਯਾਰੋ ਇਹ ਵੀ ਹੈ ਇਕ ਸਾਧਨ, ਕਾਫੀ ਹਾਊਸ 'ਚ ਜਾ ਕੇ ਬੈਠੋ ਫੁੱਲ ਵੀ ਕਾਲਰ ਤੇ ਲਟਕਾਉ । ਕਮਰੇ ਅੰਦਰ ਬੈਠਣ ਦਾ ਹੀ ਕੁਝ ਤਾਂ ਲਾਭ ਉਠਾਉ ਯਾਰੋ, ਐਸ਼-ਟਰੇ ਵਿਚਕਾਰ ਧਰੋ ਤੇ ਸਿਗਰਟ ਫੂਕੋ ਧੂੰਆਂ ਉਡਾਉ । ਜੇਕਰ 'ਨਿਰਧਨ' ਸ਼ਹਿਰ ਅਪਣੇ ਦਾ, ਦੂਰ ਹਨੇਰਾ ਕਰਨਾ ਹੈ ਤਾਂ, ਲਾਈਟਾਂ ਦੀ ਗੱਲ ਫੇਰ ਕਰਾਂਗੇ ਪਹਿਲਾਂ ਕਾਲੀਆਂ ਕੰਧਾਂ ਢਾਉ ।

ਰੋਜ਼ ਹੀ ਮਿਲਦੀ ਹੈ ਜੋ ਮੈਨੂੰ

ਰੋਜ਼ ਹੀ ਮਿਲਦੀ ਹੈ ਜੋ ਮੈਨੂੰ ਗਲੀ ਦੇ ਮੋੜ ਤੇ, ਉਸ ਕੁੜੀ ਦੇ ਰੌਸ਼ਨੀ ਥੀਂ, ਨੈਣ ਹਨ ਰਹਿੰਦੇ ਭਰੇ । ਹੁਣ ਤਾਂ ਮੈਨੂੰ ਤੁਰਦਿਆਂ ਕੁਝ ਲੱਗਦਾ ਹੈ ਇਸ ਤਰ੍ਹਾਂ, ਜਾਣੀ ਕਿ ਮੈਂ ਤੁਰ ਰਿਹਾ ਹਾਂ ਨਾਲ ਅਪਣੀ ਛਾਉਂ ਦੇ। ਕੱਲ ਉਹੀਓ ਛੱਤ ਦੇ ਹੇਠਾਂ ਸੀ ਦਬਕੇ ਮਰ ਗਿਆ, ਬੈਠਿਆ ਕਰਦਾ ਸੀ ਜੋ ਦੀਵਾਰ ਤੋਂ ਹੋ ਕੇ ਪਰੇ । ਜਿਹਨੂੰ ਪੜ੍ਹਕੇ ਪਾ ਲਈ ਸੀ ਆਦਮੀ ਨੇ ਰੌਸ਼ਨੀ, ਓਸ ਪੁਸਤਕ ਦੇ ਵੀ ਇਕ ਦਿਨ ਰੁਲਦੇ ਤੱਕੇ ਪੱਤਰੇ । ਜਿਹੜੀ ਬਸਤੀ ਵਾਲੇ ਜਾਗਣ ਵਿਚ ਹੀ ਆਉਂਦੇ ਨਹੀਂ, ਓਸ ਬਸਤੀ ਉਤੇ ‘ਨਿਰਧਨ' ਕਿਸਤਰਾਂ ਸੂਰਜ ਚੜ੍ਹੇ ।

ਮਿੱਟੀ ਦਾ ਜਿਸਮ ਰੇਤ ਦੇ ਦਰਿਆ

ਮਿੱਟੀ ਦਾ ਜਿਸਮ ਰੇਤ ਦੇ ਦਰਿਆ ‘ਚ ਰਲ ਗਿਆ, ਪੱਥਰ ਸੀ ਜਾਪਦਾ ਕਿ ਵਾਂਗ ਮੋਮ ਢਲ ਗਿਆ । ਅੱਜ ਤਾਂ ਸਾਰਾ ਹੀ ਇਹ ਪਿੱਤਲ ਦਾ ਜਾਪਦੈ, ਸੂਰਜ ਦੇ ਮੂੰਹ ਤੇ ਜ਼ਰਦ ਰੰਗ ਕੌਣ ਮਲ ਗਿਆ । ਚੰਗਾ ਰਿਹਾ ਕਿ ਡਿਗਣ ਤੋਂ ਦੀਵਾਰ ਬਚ ਗਈ, ਝੱਖੜ ਬੜਾ ਸੀ ਸ਼ੁਕਰ ਹੈ ਕਿ ਵਕਤ ਟਲ ਗਿਆ। ਸਾਹਵੇਂ ਸੀ ਪਈ ਸੁਲਘਦੀ ਕਿ ਐਵੇਂ ਛੁਹ ਲਈ, ਸਿਗਰਟ ਦੇ ਨਾਲ ਅੱਜ ਮੇਰਾ ਹੱਥ ਜਲ ਗਿਆ । ਮੈਨੂੰ ਪਤਾ ਹੈ ਕਿਸਤਰ੍ਹਾਂ ਮੈਨੂੰ ਝੰਜੋੜ ਕੇ, ‘ਨਿਰਧਨ' ਸਮੇਂ ਦਾ ਕੀਮਤੀ ਇਕ ਇਕ ਪਲ ਗਿਆ।

ਬਸ ਵਿਚ ਬੈਠੀ ਤੀਜੀ ਸੀਟ

ਬਸ ਵਿਚ ਬੈਠੀ ਤੀਜੀ ਸੀਟ, ਅਚਰਜ, ਸੁਹਣੀ ਲੱਗੀ ਸੀਟ। ਹੋਟਲ ਵਿਚ ਕਾਫੀ ਸਿਪ ਕਰਦੀ, ਬਾਰ ਬਾਰ ਮੈਂ ਤੱਕੀ ਸੀਟ । ਇਕ ਸੂਰਜ ਦੇ ਨਿੱਘ ਨਾਲ ਹੀ, ਲੱਗੀ ਜਿਕੂੰ ਨ੍ਹਾਤੀ ਸੀਟ। ਨਾਲ ਨਾਲ ਲਈ ਫਿਰਦਾ ਹੈ ਅੱਜ, ਹਰ ਕੋਈ ਅਪਣੀ ਅਪਣੀ ਸੀਟ। ਖੜ੍ਹਕੇ ਸਫ਼ਰ ਮੁਕਾ ਲਿਆ ‘ਨਿਰਧਨ’ ਮਿਲੀ ਨਾ ਪਲ ਭਰ ਲਈ ਵੀ ਸੀਟ ।

ਝੜੇ ਹੋਏ ਰੁੱਖਾਂ ਦੇ ਪੱਤੇ

ਝੜੇ ਹੋਏ ਰੁੱਖਾਂ ਦੇ ਪੱਤੇ । ਸੜਕ ਤੇ ਉਡਦੇ ਫਿਰਦੇ ਪੱਤੇ । ਬੇਬਸ ਹੋ ਕੇ ਘੁੰਮਣ ਲਗ ਪਏ, ਜਦੋਂ ਹਵਾ ਨੇ ਘੇਰੇ ਪੱਤੇ । ਹੋਟਲ ਵਿਚ ਸੀਟਾਂ ਤੇ ਬੈਠੇ, ਮੇਕ-ਅਪ ਹੋਏ ਤੱਕੇ ਪੱਤੇ । ਰਾਤਾਂ ਨੂੰ ਹਨ ਚਿਟੇ ਦਿਸਦੇ, ਦਿਨ ਵਿਚ ਦਿੱਸਣ ਕਾਲੇ ਪੱਤੇ। ਬਾਰਿਸ਼ ਬਿਨ ਮੁਰਝਾ ਗਏ ‘ਨਿਰਧਨ’ ਮੇਰੇ ਅਪਣੇ ਘਰ ਦੇ ਪੱਤੇ ।

ਲੱਗੀ ਰਹੀ ਰਾਤ ਭਰ ਭਾਵੇਂ ਝੜੀ

ਲੱਗੀ ਰਹੀ ਰਾਤ ਭਰ ਭਾਵੇਂ ਝੜੀ। ਫਿਰ ਵੀ ਮੇਰੀ ਅੱਗ ਥੀਂ ਦੇਹੀ ਸੜੀ। ਮਿਲੀ ਸੀ ਮੈਨੂੰ ਕੁੜੀ ਜੋ ਸਫ਼ਰ ਵਿਚ, ਧੂੜ ਸੀ ਉਸਦੇ ਵੀ ਚਿਹਰੇ ਤੇ ਬੜੀ । ਵਹਿਮ ਸੀ ਬਸ ਇਕ, ਤੇਰੇ ਆਉਣ ਦਾ, ਕੋਲ ਮੇਰੇ ਛਾਉਂ ਸੀ ਮੇਰੀ ਖੜ੍ਹੀ । ਬੈਠ ਕੇ ਹੋਟਲ 'ਚ ਵੀ ਠਰਦੇ ਰਹੇ, ਏਥੇ ਵੀ ਤਾਂ ਯਾਰ ਸੀ ਸਰਦੀ ਬੜੀ । ਜਦ ਵੀ ਤੱਕੀ ਤਿੜਕਿਆ ਸ਼ੀਸ਼ਾ ਉਦੋਂ, ਸੈਆਂ ਵਾਰੀ ਆਪਣੀ ਮੂਰਤ ਜੜੀ ।

ਉਤਸਵ ਵਿਚ ਵੀ ਬੈਠੇ ਹੋਏ ਲੋਕ

ਉਤਸਵ ਵਿਚ ਵੀ ਬੈਠੇ ਹੋਏ ਲੋਕ ਜਿਹੜੇ ਮੈਂ ਤੱਕੇ ਸੀ। ਪੀਲੇ ਸੰਨਾਟੇ ਦੀ ਰੰਗਤ ਸਭ ਦੇ ਚਿਹਰੇ ਉਤੇ ਸੀ। ਬੰਨ੍ਹ ਕੇ ਬਿਸਤਰ ਅਪਣਾ ਜਦ ਮੈਂ ਸਫ਼ਰ ਲਈ ਘਰ ਤੋਂ ਤੁਰਿਆ, ਛਾਉਂ ਸੀ ਮੇਰੇ ਪੈਰਾਂ ਥੱਲੇ, ਸੂਰਜ ਮੇਰੇ ਸਿਰ ਤੇ ਸੀ। ਕੱਲ੍ਹ ਜੋ ਮੈਨੂੰ ਕਾਲੀ ਝੀਲ 'ਚ ਡੁਬਦੇ ਨੂੰ ਸੀ ਤੱਕ ਰਹੇ ਹੋਰ ਨਹੀਂ ਸੀ ਕੋਈ ਉਨ੍ਹਾਂ ਵਿਚ ਸਾਰੇ ਮੇਰੇ ਅਪਣੇ ਸੀ। ਸੂਈ ਸਮੇਂ ਦੀ ਕਿਥੇ ਹੈ ਹੁਣ ਕੋਈ ਪਰਖ ਨ ਸਕਿਆ ਇਹ, ਮੈਂ ਤਾਂ ਸਭ ਦੇ ਸਾਹਵੇਂ ਲਿਆਕੇ ਟਾਈਮ ਪੀਸ ਵੀ ਰੱਖੇ ਸੀ। ਧੁੱਪ ਦਰਿਆ ਦੀ ਦੋਸਤੀ ਦਾ ਪਰਿਣਾਮ ਇਹ ਹੈ ਬਸ 'ਨਿਰਧਨ' ਕੱਲ੍ਹ, ਦਰਿਆ ਦੇ ਸੀਨੇ ਵਿਚੋਂ ਭਾਂਬੜ ਉਠਦੇ ਦੇਖੇ ਸੀ ।

ਅੰਤਿਕਾ

ਧੁੰਦ ਵਿਚ ਡੁੱਬੀਆਂ ਰੌਸ਼ਨੀਆਂ ਨੇ ਸ਼ਹਿਰ ਦੀਆਂ । ਕਦੋਂ ਤੀਕ ਇਹ ਰਾਤਾਂ ਨ੍ਹੇਰੀਆਂ ਰਹਿਣਗੀਆਂ । ਸੜਕ ਕਰਾਸ ਕਰਨ ਦੀ ਖ਼ਾਤਰ ਖੜ੍ਹੇ ਅਸੀਂ, ਪਲ ਪਲ ਬੋਝਲ ਹੋ ਰਹੀਆਂ ਨੇ ਇਹ ਘੜੀਆਂ। ਇਕ ਮਾਚਿਸ ਦੇ ਨਾਲ ਸੁਲਘ ਕੇ ਕੱਲ੍ਹ ਯਾਰੋ, ਸਿਗਰਟ ਦੀਆਂ ਜਲ ਗਈਆਂ ਸਨ ਕਈ ਡਬੀਆਂ । ਲਾਈਟ ਦੁਧੀਆ ਆ ਗਈ ਭਾਵੇ ਸ਼ਹਿਰਾਂ ਵਿਚ ਅੱਜ ਵੀ ਘਰਾਂ 'ਚ ਮੋਮਬਤੀਆਂ ਜਲ ਰਹੀਆਂ। ਰੰਗ ਨਹੀਂ ਸੀ ਕਿਸੇ ਦਾ ਵੀ ਅਸਲੀ ਨਿਰਧਨ ਮੇਕ-ਅਪ ਹੋਈਆਂ ਬਿਲਡਿੰਗਾਂ ਹੀ ਮੈਂ ਸਭ ਤਕੀਆਂ ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਗੁਰਦੇਵ ਨਿਰਧਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ