Badalde Mausma Da Prateek (Dhund Vich Dubian Raushnian) : Randhir Singh Chand

ਬਦਲਦੇ ਮੌਸਮਾਂ ਦਾ ਪ੍ਰਤੀਕ (ਧੁੰਦ ਵਿੱਚ ਡੁੱਬੀਆਂ ਰੌਸ਼ਨੀਆਂ) : ਰਣਧੀਰ ਸਿੰਘ ਚੰਦ

ਉਨ੍ਹੀਂ ਦਿਨੀਂ ਮੈਂ ਚੰਡੀਗੜ੍ਹ, ਸਾਂ । ਕੰਵਰ ਚੌਹਾਨ, ਨਿਰਧਨ, ਗਰੇਵਾਲ ਤੇ ਹੋਰ ਮਿਤ੍ਰ ਬੈਠੇ ਨਿਰਧਨ ਦੀ ਛਪਣ ਵਾਲੀ ਕਿਤਾਬ ਬਾਰੇ ਗੱਲਾਂ ਕਰ ਰਹੇ ਸਨ । ਕਿਤਾਬ ਛਪਣ ਛਪਾਣ ਬਾਰੇ ਸਭ ਗੱਲਾਂ ਦਾ ਫੈਸਲਾ ਹੋ ਗਿਆ ਸੀ ਤੇ ਗੱਲ ਕੇਵਲ ਭੂਮਿਕਾ ਤੇ ਅੜੀ ਹੋਈ ਸੀ । ਦੋਸਤਾਂ ਨੇ ਵੱਖ ਵੱਖ ਸੁਝਾਉ ਦਿਤੇ ਕੁਝ ਨਿਰਧਨ ਨੂੰ ਪਸੰਦ ਨਹੀਂ ਸਨ ਤੇ ਕੁਝ ਦੋਸਤਾਂ ਨੂੰ ਮਨਜ਼ੂਰ ਨਹੀਂ ਸਨ। ਆਖਰ ਬਿਸਮਿਲ ਦੀ ਤਜਵੀਜ਼ ਮੰਨੀ ਗਈ ਕਿ ਵਖ ਵਖ ਪਰਚੀਆਂ ਤੇ ‘ਕਨਸਿਡਰ’ ਕੀਤੇ ਜਾਣ ਵਾਲੇ ਸਾਰੇ ਨਾਂ ਲਿਖਕੇ ਲਾਟਰੀ ਪਾ ਲਈ ਜਾਵੇ । ਤੇ ਇੰਜ ਹੀ ਹੋਇਆ,ਪਰ ਜਿਹੜਾ ਨਾਂ ਨਿਕਲਿਆ ਨਿਰਧਨ ਨੇ ਉਸ ਸੰਬੰਧੀ ਕੋਈ ਉਤਸਾਹ ਨਾ ਵਿਖਾਇਆ। ਅੰਤ ਇਹ ਗੁਣਾ ਮੇਰੇ ਤੇ ਪਿਆ । ਕੰਵਰ ਆਖ ਰਿਹਾ ਸੀ, ‘ਉਂਜ ਵੀ ਤੂੰ ਮਜ਼ਮੂਨ ਲਿਖਕੇ ਫਲਾਂ ਲੇਖਕ ਦੇ ਨਾਂ ਤੇ ਛਪਵਾ ਦਿੰਨਾਂ ਏਂ । ਸਮਝ ਲੈ ਇਹ ਵੀ ਉਹਦੇ ਲਈ ਹੀ ਲਿਖ ਰਿਹਾ ਏਂ ਤੇ ਨਾਂ ਆਪਣਾਂ ਵਰਤ ਰਿਹਾ ਏਂ।

ਉਹ ਦਿਨ ਤੇ ਇਹ ਦਿਨ । ਉਦੋਂ ਤੋਂ ਹੀ ਮੈਨੂੰ ਮਨ ਹੀ ਮਨ ਇਕ ਅਜੀਬ ਪ੍ਰਸੰਨਤਾ ਦਾ ਅਹਿਸਾਸ ਹੁੰਦਾ ਰਿਹਾ ਏ । ਇਸ ਲਈ ਨਹੀਂ ਕਿ ਮੈਨੂੰ ਆਪਣੀ ਸਮਰਥਾ ਬਾਰੇ ਕੋਈ ਖੁਸ਼ਫਹਿਮੀ ਹੋ ਗਈ ਹੋਵੇ ਸਗੋਂ ਇਸ ਗੱਲ ਦਾ ਅਨੰਦ ਕਿ ਮੈਨੂੰ ਨਿਰਧਨ ਵਰਗੇ ਸੁਹਿਰਦ ਗਜ਼ਲਗੋ ਦੀ ਰਚਨਾ ਨੂੰ ਨੇੜਿਉਂ ਹੋ ਕੇ ਮਾਨਣ ਦਾ ਅਵਸਰ ਮਿਲਿਆ ਹੈ ।

ਕਵਿਤਾ ਅਰਥ ਅਤੇ ਅਭਿਵਿਅਕਤੀ ਦੇ ਪ੍ਰਸਪਰ ਸੰਚਾਰ ਦਾ ਦੂਜਾ ਨਾਂ ਹੈ । ਕਵਿਤਾ ਕਹਿਣ ਲਈ ਕਵੀ ਨੂੰ ਹਰ ਸੰਬੰਧਿਤ ਵਸਤੂ ਦਾ ਨਵੇਂ ਸਿਰਿਉਂ ਨਿਰੀਖਣ ਕਰਨਾ ਹੁੰਦਾ ਹੈ ਕਿਉਂਕਿ ਇਕ ਸਫ਼ਲ ਕਵਿਤਾ ਦੀ ਰਚਨਾ ਦੇ ਅਰਥ ਇਹ ਹਨ ਕਿ ਇਕ ਜਾਣੀ ਪਛਾਣੀ ਚੀਜ਼ ਨੂੰ ਨਵੇਂ ਦ੍ਰਿਸ਼ਟਿਕੋਣ ਤੋਂ ਦੇਖਿਆ ਤੇ ਸਮਝਿਆ ਜਾਵੇ । ਕਵੀ ਲਈ ਇਸ ਵਿਸ਼ੇਸਤਾ ਦਾ ਮਾਲਕ ਹੋਣਾ ਕਿ ਉਹ ਕਾਇਨਾਤ ਦੀ ਹਰ ਚੀਜ਼ ਦਾ ਨਵੇਂ ਸਿਰਿਉਂ ਜਾਇਜ਼ਾ ਲਵੇ, ਬੇਹੱਦ ਜਰੂਰੀ ਹੈ । ਇਸ ਤੋਂ ਬਿਨਾਂ ਉਸਦੀ ਕਵਿਤਾ ਉਹ ਨਿਪਟ-ਨਿਰਣੈ ਨਹੀਂ ਬਣ ਸਕੇਗੀ ਜਿਹੜਾ ਕਿ ਉਸਨੂੰ ਬਣਨਾ ਚਾਹੀਦਾ ਹੈ । ਅਜਿਹਾ ਇਨਕਸ਼ਾਫ਼ ਖੁਦ ਕਵੀ ਤੇ ਵੀ ਹੁੰਦਾ ਹੈ ਤੇ ਉਸਦੇ ਪਾਠਕਾਂ ਤੇ ਵੀ ਕਿ ਉਹਨੇ ਕਿਸੇ ਚੀਜ਼ ਨੂੰ ਕਿਸ ਤਰ੍ਹਾਂ ਨਵੇਂ ਸਿਰਿਉਂ ਨਿਰਖਿਆ ਹੈ ਤੇ ਕਿਸ ਤਰ੍ਹਾਂ ਨਵੇਂ ਸਿਰਿਉਂ ਜਿਉਂਦਿਆਂ ਕੀਤਾ ਹੈ । ਆਧੁਨਿਕ ਯੁਗ ਵਿਚ ਅਜਿਹੇ ਇਨਕਸ਼ਾਫ ਦੀ ਲੋੜ ਹੋਰ ਵੀ ਵਧੇਰੇ ਜ਼ਰੂਰੀ ਹੋ ਗਈ ਹੈ ਕਿਉਂਕਿ ਖਿਨ-ਭਿੰਗਰੇ ਅਸਤਿਤਵ ਲਈ ਹੁਣ ਕੁਝ ਵੀ ਸਥਾਈ ਤੇ ਸਦੀਵੀ ਨਹੀਂ ਜਾਪਦਾ । ਧੁੰਦ ਵਿਚ ਡੁਬੀਆਂ ਰੌਸ਼ਨੀਆਂ ਦੇ ਕਵੀ ਨੇ ਇਸ ਇਨਕਸ਼ਾਫ਼ ਦੇ ਮਹੱਤਵ ਨੂੰ ਅਨੁਭਵ ਕਰਦੇ ਹੋਏ ਅਧੁਨਿਕ ਜ਼ਿੰਦਗੀ ਦੀ ਵਿਵਿਧਤਾ ਅਤੇ ਸੰਕੀਰਣਤਾ ਦੋਹਾਂ ਪੱਖਾਂ ਦਾ ਇਕ ਨਵੀਨ ਤੇ ਮੌਲਿਕ ਦ੍ਰਿਸ਼ਟਿਕੋਣ ਤੋਂ ਅਧਿਐਨ ਕੀਤਾ ਹੈ ।

ਗੁਰਦੇਵ ਨਿਰਧਨ ਦੀ ਸਿਰਜਨਾਤਮਿਕ ਪ੍ਰਤਿਭਾ ਦਾ ਇਕ ਪ੍ਰਮੁਖ ਲੱਛਣ ਇਸ ਗੱਲ ਵਿਚ ਪ੍ਰਦਰਸ਼ਿਤ ਹੈ ਕਿ ਜਜ਼ਬਾਤ ਦੇ ਪਰੰਪਰਾਗਤ ਰੁਦਨ ਦੀ ਗ਼ੈਰ ਮੌਜੂਦਗੀ ਵਿਚ ਇਸ ਕਵੀ ਨੇ ਫ਼ਿਤਰਤ ਅਤੇ ਵਸਤੂਆਂ ਦੇ ਜਿਉਂਦੇ ਜਾਗਦੇ ਵਿਅਕਤਿਤਵ ਪ੍ਰਸਤੁਤ ਕਰਨ ਦੇ ਕਾਰਜ ਨੂੰ ਮੁੱਖ ਰੱਖਿਆ ਹੈ । ਇਹ ਗੱਲ ਹੋਰ ਵੀ ਮਹੱਤਵ ਪੂਰਣ ਬਣ ਜਾਂਦੀ ਹੈ ਜਦ ਅਸੀਂ ਵੇਖਦੇ ਹਾਂ ਕਿ ਇਹ ਸਭ ਕੁਝ ਕਵੀ ਨੇ ਗ਼ਜ਼ਲ ਵਰਗੇ ਕਾਵਿ-ਰੂਪ ਵਿਚ ਅਭਿਵਿਅਕਤ ਕੀਤਾ ਹੈ ।ਗ਼ਜ਼ਲ ਦਾ ਨਾਂ ਆਉਂਦੇ ਹੀ ਰੁਮਾਂਟਿਕਤਾ ਦਾ ਇਕ ਤੀਬਰ ਅਹਿਸਾਸ ਪਾਠਕ ਮਨ ਵਿਚ ਆ ਜਾਣਾ ਸੁਭਾਵਿਕ ਹੈ ਕਿਉਂਕਿ ਗ਼ਜ਼ਲ ਨੂੰ ਅਸੀਂ ਹਮੇਸ਼ਾ ਇਕ ਨਿਸਚਿਤ ਚੌਖਟੇ ਵਿਚ ਕੈਦ ਵੇਖਿਆ ਹੈ । ਫਾਰਸੀ ਕਾਵਿ-ਪਰੰਪਰਾ ਦੇ ਪ੍ਰਭਾਵ ਅਧੀਨ ਸਾਡੇ ਗ਼ਜ਼ਲ-ਕਾਵਿ ਨੂੰ ਕਦੀ ਵੀ ਸੁਤੰਤਰ ਰੂਪ ਵਿਚ ਵਿਕਸਿਤ ਹੋਣ ਦਾ ਅਵਸਰ ਨਹੀਂ ਮਿਲਿਆ । ਗ਼ਜ਼ਲ ਲਈ ਵਿਸ਼ੇ ਖੇਤ੍ਰ ਤਾਂ ਸੀਮਿਤ ਸੀ ਹੀ, ਸਮੇਂ ਨਾਲ ਇਸਦਾ ਰੂਪਕ ਖੇਤ੍ਰ ਵੀ ਪਰੰਪਰਾਗਤ ਚਿੰਨ੍ਹਾਂ, ਉਪਮਾਵਾਂ ਤੇ ਇਸਤਿਆਰਿਆਂ ਵਿਚ ਕੈਦ ਹੋ ਕੇ ਰਹਿ ਗਿਆ । ਤੁਗ਼ਜ਼ਲ ਅਥਵਾ ਦਾਰਸ਼ਨਿਕ ਰਹੱਸ ਤੇ ਹੀ ਬਲ ਦੇਣ ਦੀ ਰੁਚੀ ਨੇ ਗ਼ਜ਼ਲ ਨੂੰ ਇਕ ਨਿਵੇਕਲੀ ਫਾਰਮ ਤਾਂ ਜ਼ਰੂਰ ਪ੍ਰਦਾਨ ਕੀਤੀ ਪਰੰਤੂ ਕਾਵਿਕ ਸਹਜ ਸੁਭਾਵਿਕਤਾ ਦੀ ਥਾਂ ਸੰਕੀਰਣਤਾ ਵਧਦੀ ਗਈ ।

ਗ਼ਜ਼ਲ ਵਿਚ ਆਧੁਨਿਕਤਾ ਦਾ ਆਭਾਸ ਬਹੁਤ ਘੱਟ ਯਾ ਇਉਂ ਕਹੋ ਕਿ ਕਦੀ ਵਿਰਲਾ ਹੀ ਹੋਇਆ ਹੈ । ਰੂਪ ਨੂੰ ਇਕ ਪਾਸੇ ਰੱਖਦੇ ਹੋਏ ਵਿਸਿ਼ਅਕ ਪੱਖੋਂ ਦੇਖਿਆ ਜਾਵੇ ਤਾਂ ਆਧੁਨਿਕਤਾ ਦਾ ਅਰਥ ਚਿੰਤਨ ਅਤੇ ਅਨੁਭਵ ਦੀ ਨਵੀਨਤਾ ਹੈ । ਗ਼ਾਲਿਬ ਆਪਣੇ ਸਮੇਂ ਦਾ ਆਧੁਨਿਕ ਕਵੀ ਸੀ ਜਦ ਕਿ ਜ਼ੌਕ ਰਵਾਇਤੀ ਕਵੀ, ਹਾਲਾਂ ਕਿ ਕਹਿੰਦੇ ਦੋਵੇਂ ਹੀ ਗ਼ਜ਼ਲ ਸਨ । ਸਾਡੇ ਸਾਹਿੱਤ ਵਿਚ ਮੌਲਾ ਬਖ਼ਸ਼ ਕੁਸ਼ਤਾ ਅਤੇ ਧਨੀ ਰਾਮ ਚਾਤ੍ਰਿਕ ਆਦਿ ਤੋਂ ਲੈਕੇ ਗ਼ਜ਼ਲ ਖੇਤ੍ਰ ਵਿਚ ਹੁਣ ਤਕ ਇਕ ਰਵਾਇਤੀ ਰੰਗ ਹੀ ਦੇਖਣ ਨੂੰ ਮਿਲਿਆ ਹੈ । ਮੋਹਨ ਸਿੰਘ ਨੇ ਪ੍ਰਗਤਿਵਾਦੀ ਰੁਚੀ ਨੂੰ ਆਪਣੇ ਕੁਝ ਸ਼ਿਅਰਾਂ ਵਿਚ ਪ੍ਰਗਟ ਕੀਤਾ ਪਰੰਤੂ ਇਹ ਪ੍ਰਗਟਾ ਪੁਰਾਣੇ ਚੌਖਟੇ ਵਿਚ ਰਹਿ ਕੇ ਹੀ ਸੀ । ਪਿਛਲੇ ਪੰਜ ਚਾਰ ਵਰ੍ਹਿਆਂ ਵਿਚ ਕੁਝ ਉਰਦੂ ਕਵੀਆਂ ਮੁਨੀਰ ਨਿਆਜ਼ੀ, ਇਕਬਾਲ, ਆਦਿਲ ਮਨਸੂਰੀ ਆਦਿ ਨੇ ਗ਼ਜਲ ਨੂੰ ਅਤਿ ਆਧੁਨਿਕ ਰੰਗ ਵਿਚ ਪੇਸ਼ ਕਰਕੇ ਇਸਨੂੰ ਪਰੰਪਰਾਗਤ ਵਿਸ਼ੇ ਸੰਕੀਰਣਤਾ ਅਤੇ ਪੂਰਵ ਨਿਸਚਿਤ- ਬਿੰਬ ਵਿਧਾਨ ਤੋਂ ਮੁਕਤ ਕਰਵਾਇਆ । ਪੰਜਾਬੀ ਵਿਚ ਅਜਿਹਾ ਪਹਿਲਾ ਪ੍ਰਯਤਨ ਮੇਰੇ ਵਿਚਾਰ ਅਨੁਸਾਰ ਜ਼ਫਰ ਇਕਬਾਲ ਦਾ ਸੀ ਅਤੇ ਦੂਸਰਾ ਸੰਗਠਿਤ ਯਤਨ ਹਥਲੇ ਸੰਗ੍ਰਹ ਦੇ ਕਵੀ ਦਾ। ਨਿਰਧਨ ਤੋਂ ਇਲਾਵਾ ਕੰਵਰ ਚੌਹਾਨ ਇਕ ਹੋਰ ਮਹੱਤਵਪੂਰਣ ਨਾਂ ਹੈ । ਕੁਝ ਨਿਮਾਣੇ ਯਤਨ ਇਨ੍ਹਾਂ ਸਤਰਾਂ ਦੇ ਲੇਖਕ ਨੇ ਵੀ ਕੀਤੇ ਹਨ ।

ਸਾਧਾਰਣ ਵਸਤੂਆਂ ਨੂੰ ਦੇਖਣਾ ਅਤੇ ਉਨ੍ਹਾਂ ਦੀ ਸਾਧਾਰਣਤਾ ‘ਚੋਂ ਵਿਸ਼ੇਸ਼ ਅਰਥ ਅਨੁਭਵ ਕਰਨਾ ਪ੍ਰਸਤੁਤ ਸੰਗ੍ਰਹ ਦੇ ਕਵੀ ਦੀ ਵਿਸ਼ੇਸ਼ਤਾ ਹੈ । ਇਸ ਪੱਖੋਂ ਨਿਰਧਨ ਅਨੁਭਵ ਤੇ ਦ੍ਰਿਸ਼ਟੀ ਦੋਹਾਂ ਦੀ ਇਕਸਾਰ ਅਤੇ ਇਕਸੁਰ ਵਰਤੋਂ ਕਰਦਾ ਹੈ । ਆਪਣੇ ਚੌਗਿਰਦੇ ਦੀਆਂ ਸਾਧਾਰਣ ਚੀਜ਼ਾਂ ਨੂੰ ਦੇਖ ਸਕਣਾ ਤੇ ਫਿਰ ਉਨ੍ਹਾਂ ਨੂੰ ਕੋਈ ਅਰਥ ਪ੍ਰਦਾਨ ਕਰਨਾ ਅੱਜ ਦੇ ਜਟਿਲ ਜੀਵਨ ਵਿਚ ਜੇ ਅਸੰਭਵ ਨਹੀਂ ਤਾਂ ਅਸਾਧਾਰਣ ਜ਼ਰੂਰ ਹੈ । ਇਸ ਕਵੀ ਨੇ ਜਿਹਾ ਕਿ ਅਸੀਂ ਉਪਰ ਕਹਿ ਆਏ ਹਾਂ ਫਿਤਰਤ ਅਤੇ ਵਸਤੂਆਂ ਨੂੰ ਜਿਉਂਦੇ ਜਾਗਦੇ ਵਿਅਕਤਿਤਵ ਪ੍ਰਦਾਨ ਕਰਨ ਦੇ ਕਾਰਜ ਨੂੰ ਮੁਖ ਰਖਿਆ ਹੈ। ਉਸ ਦੇ ਸਿਰਜਨਾਤਮਿਕ ਕਾਰਜ ਵਿਚ ਪਹਿਲ ਕਰਮ ਮੁਸ਼ਾਹਿਦੇ ਦਾ ਹੈ । ਕਵੀ ਦੀ ਅੱਖ ਦੇਖਦੀ ਹੈ ਅਤੇ ਜਿਸ ਅਕਸ ਨੂੰ ਗ੍ਰਹਣ ਕਰ ਲੈਂਦੀ ਹੈ, ਇੰਜ ਲਗਦਾ ਹੈ ਜਿਵੇਂ ਉਹ ਅਕਸ ਨਵੇਂ ਸਿਰਿਉਂ ਜ਼ਿੰਦਾ ਹੋ ਗਇਆ ਹੋਵੇ। ਇਨ੍ਹਾਂ ਉਡਦੇ ਜਾਂਦੇ ਅਕਸਾਂ ਦੀਆਂ ਤਸਵੀਰਾਂ ਅਸੀਂ ਨਿਰਧਨ ਦੀ ਕਵਿਤਾ ਵਿਚ ਥਾਂ ਪਰ ਥਾਂ ਦੇਖ ਸਕਦੇ ਹਾਂ :

ਰੋਜ਼ ਉਦਾਸੀਆਂ ਧੁੱਪਾਂ ਤੋਂ ਹੈ ਜਾਪ ਰਿਹਾ।
ਹੁੰਦਾ ਜਾਂਦੈ ਹੁਣ ਤਾਂ ਸੂਰਜ ਵੀ ਮੈਲਾ ।

ਚਲੀ ਗਈ ਹੈ ਧੁਪ ਆਣਕੇ ਵਿਹੜੇ ਚੋਂ,
ਮੇਰੇ ਦੁਆਲੇ ਹੁਣ ਸਰਦੀ ਦਾ ਘੇਰਾ ਹੈ ।

ਬਸ ਦੇ ਪਹੀਆਂ ਨਾਲ ਉਲਝਦੀ ਰਹਿੰਦੀ ਹੈ,
ਸੜਕ ਵੀ ਨਿਰਧਨ ਕਿੰਨੇ ਸੰਕਟ ਸਹਿੰਦੀ ਹੈ।

ਘਰ ਵਿਚ ਆਉਣਾ ਉਸਦਾ ਕਰਕੇ ਚੇਤੇ ਮੈਂ,
ਚਾਨਣ ਵਾਕਰ ਵਿਛ ਗਿਆ ਧਰਤੀ ਉਤੇ ਮੈਂ।

ਤਕਦਾ ਹਾਂ ਜਦ ਕੱਠੇ ਹੋਏ ਲੋਕਾਂ ਨੂੰ,
ਝੁੰਡ ਜਿਹਾ ਇਕ ਲਗਦੈ ਸੁੱਕੇ ਰੁੱਖਾਂ ਦਾ।

ਇਸ ਸੰਗ੍ਰਹ ਦੀਆਂ ਗ਼ਜ਼ਲਾਂ ਵਿਚ ਪਰੰਪਰਾਗਤ ਤੁਗ਼ਜ਼ਲ ਅਤੇ ਤਹਿਦਾਰੀ ਦਾ ਕਿਸੇ ਹਦ ਤਕ ਅਭਾਵ ਹੈ ਪਰੰਤੂ ਅਨੁਭਵ ਦੀ ਨਵੀਨਤਾ ਅਤੇ ਮੌਲਿਕ ਦ੍ਰਿਸ਼ਟਿਕੋਣ ਹਰ ਥਾਂ ਪ੍ਰਦਰਸ਼ਿਤ ਹੈ, ਜਿਸਨੇ ਇਕ ਨਵੀਂ ਕਿਸਮ ਦੇ ਸਾਦਗੀ ਭਰੇ ਤੁਗ਼ਜ਼ਲ ਨੂੰ ਜਨਮ ਦਿੱਤਾ ਹੈ । ਨਿਰਧਨ ਦੀ ਨਵੀਨਤਾ ਅਤੇ ਮੌਲਿਕਤਾ ਕਿਸੇ ਬੌਧਿਕ ਉੜਾਨ ਦਾ ਸਿੱਟਾ ਨਹੀਂ ਯਾ ਇਉਂ ਕਹੋ ਕਿ ਉਸਨੇ ਨਵੀਨਤਾ ਨੂੰ ਇੰਪੋਜ਼ ਨਹੀਂ ਕੀਤਾ ਸਗੋਂ ਇਹ ਅਨੁਭਵ ਅਤੇ ਅਭਿਵਿਅਕਤੀ ਦੋਹਾਂ ਦੀ ਸਹਜ ਸੁਭਾਵਿਕਤਾ ਤੇ ਨਿਰਧਾਰਿਤ ਹੈ । ਸਾਡੇ ਬਹੁਤ ਸਾਰੇ ਆਧੁਨਿਕ ਕਵੀ ਇਸ ਪ੍ਰਕਾਰ ਦੀ ਸਹਜ ਸੁਭਾਵਿਕਤਾ ਤੋਂ ਵੰਚਿਤ ਹੋਣ ਕਾਰਣ ਕਿਸੇ ਹੋਰ ਜ਼ਬਾਨ ਦਾ ਅਨੁਵਾਦ ਜਾਪਦੇ ਹਨ ।

ਨਿਰਧਨ ਦੀ ਕਵਿਤਾ ਇਕ ਤਾਜ਼ਾ ਅਤੇ ਆਜ਼ਾਦ ਜ਼ਿਹਨ ਦੀ ਉਪਜ ਹੈ। ਉਹ ਪਹਿਲਾਂ ਤੋਂ ਹੀ ਕਿਸੇ ਸੱਚੇ ਵਿਚ ਢਲੇ ਢਲਾਏ ਅਥਵਾ Conditioned epithets ਲੈਕੇ ਨਹੀਂ ਆਉਂਦਾ । ਇਸੇ ਵਿਚ ਹੀ ਉਸ ਦੀ ਕਵਿਤਾ ਦੀ ਤਾਜ਼ਗੀ ਛੁਪੀ ਹੋਈ ਹੈ । ਉਸ ਦੇ ਚਿੰਨ੍ਹ ਇਕ ਸਿਰਿਉਂ ਨਵੇਂ ਹਨ । ਧੁੱਪ, ਜੰਗਲ, ਅੱਗ, ਸੂਰਜ, ਕੈਕਟਸ, ਸੜਕ, ਰੁੱਖ, ਸਿਗਰਟ, ਸਫ਼ਰ, ਟਿਊਬ ਆਦਿ ਚਿੰਨ੍ਹਾਂ ਦੀ ਵਰਤੋਂ ਗ਼ਜ਼ਲ-ਖੇਤ੍ਰ ਵਿਚ ਇਕ ਦਮ ਮੌਲਿਕ ਹੈ । ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਹੀ ਇਸ ਪ੍ਰਕਾਰ ਦੇ ਕਾਵਿਕ ਸੰਕੇਤ ਪਹਿਲੀ ਵਾਰ ਦੇਖ ਰਹੇ ਹਾਂ, ਕਵੀ ਦਾ ਇਨ੍ਹਾਂ ਨਾਲ ਸੰਪਰਕ ਬੜਾ ਪੁਰਾਣਾ ਅਤੇ ਮੁਸ਼ਾਹਿਦੇ ਭਰਿਆ ਹੈ । ‘ਧੁੱਪ ਅਤੇ ‘ਸੂਰਜ’ ਦੋਹਾਂ ਸ਼ਬਦਾਂ ਦੀ ਵਰਤੋਂ ਲਗਪਗ ਹਰ ਗ਼ਜ਼ਲ ਵਿਚ ਹੈ । ਅਸੀਂ ਦੇਖਦੇ ਹਾਂ ਕਿ ਕਵੀ ਨੇ ਹਰ ਵਾਰ ਇਨ੍ਹਾਂ ਚਿੰਨ੍ਹਾਂ ਦੇ ਨਵੇਂ ਅਰਥ ਗ੍ਰਹਣ ਕੀਤੇ ਹਨ :

ਮੈਂ ਕਮਰੇ ਦੀ ਠੰਡ ਚ ਠਰਦਾ ਰਹਿੰਦਾ ਹਾਂ,
ਧੁੱਪ ਛੱਤ ਦੇ ਉਤੇ ਬੈਠੀ ਰਹਿੰਦੀ ਹੈ।

ਧੁਪੀਂ ਬੈਠੇ ਸੋਚ ਰਹੇ ਹਾਂ,
ਕੇਹਾ ਉੱਗੂ ਕਲ ਦਾ ਸੂਰਜ ।

ਜਦੋਂ ਧੁੱਪ ਨੇ ਵਿਰਲਾਂ ਥਾਣੀ ਤਕਿਆ ਕਮਰੇ ਵਿਚ
ਮੇਰੀ ਕੁੰਠਾ ਸਾਰੇ ਪਸਰੀ ਪਈ ਸੀ ਉਸ ਦੇ ਵਿਚ ।

ਕਿਹੜੇ ਮੌਸਮ ਦੀ ਸੀ ਨਿਰਧਨ ਕੀ ਦੱਸਾਂ,
ਹਰ ਇਕ ਧੁੱਪ ਦਾ ਇਕੋ ਜੇਹਾ ਚਿਹਰਾ ਹੈ ।

ਇਸ ਵਿਵੇਚਨ ਰਾਹੀਂ ਮੈਂ ਇਹ ਜ਼ਰੂਰੀ ਨਹੀਂ ਸਮਝਦਾ ਕਿ ਨਿਰਧਨ ਦੇ ਸ਼ੇਅਰਾਂ ਚੋਂ ਵਿਸ਼ਿਆਂ ਦੀ ਸੂਚੀ ਤਿਆਰ ਕਰਕੇ ਕਿਸੇ 'ਸਾਰਥਿਕ ਸੇਧ' ਦਾ ਸਰਵੇ ਕੀਤਾ ਜਾਵੇ ਸਗੋਂ ਇੰਨਾ ਕਹਿਣਾ ਹੀ ਕਾਫੀ ਸਮਝਦਾ ਹਾਂ ਕਿ ਆਧੁਨਿਕਤਾ ਦੇ ਖੇਤ੍ਰ ਵਿਚ ਉਸ ਦੀ ਪ੍ਰਾਪਤੀ ਸਿਹਤਮੰਦ ਅਥਵਾ ਸਾਰਥਿਕ ਚਿੰਤਨ ਹੈ । ਆਮ ਦੇਖਿਆ ਜਾਂਦਾ ਹੈ ਕਿ ਸਾਡੇ ਬਹੁਤ ਸਾਰੇ 'ਆਧੁਨਿਕਤਾ ਪਸੰਦ' ਕਵੀਆਂ ਨੇ ਕਈ ਵਿਸ਼ਿਆਂ ਨੂੰ ਆਪਣੀ ਸੁਭਾਵਿਕ ਸੁਹਿਰਦਤਾ ਨਾਲ ਕਬੂਲ ਨਹੀਂ ਕੀਤਾ । ਸਾਡੀ ਜ਼ਿੰਦਗੀ ਖੁਦ ਅਜਿਹੇ ਕਈ ਤਥਾ ਕਥਿਤ ਆਧੁਨਿਕਤਮ ਵਿਸ਼ਿਆਂ ਦੇ ਇਸ ਪ੍ਰਕਾਰ ਨੇੜੇ ਨਹੀਂ ਹੋ ਸਕੀ ਕਿ ਅਸੀਂ ਉਨ੍ਹਾਂ ਨੂੰ ਆਪਣੇ ਰਚਨਾਤਮਿਕ ਬੋਧ ਦਾ ਅੰਗ ਬਣਾ ਸਕੀਏ । ਖੁਸ਼ੀ ਹੈ ਕਿ ਇਸ ਸੰਗ੍ਰਹ ਵਿਚ ਸਾਨੂੰ ਅਜਿਹੇ ਸਾਰੇ ਵਿਸ਼ਿਆਂ ਦੀ ਸੂਚੀ ਨਹੀਂ ਮਿਲਦੀ ਜਿਹੜੇ ਨਵੀਂ ਕਵਿਤਾ ਲਈ ਕੁਝ ਹਲਕਿਆਂ ਵਿਚ ਜ਼ਰੂਰੀ ਮਿਥ ਲਏ ਗਏ ਹਨ। ਨਿਰਧਨ ਨੇ ਅਨੁਭਵ ਦਾ ਅੰਗ ਬਣ ਗਏ । ਆਧੁਨਿਕ ਬੋਧ ਨੂੰ ਹੀ ਪ੍ਰਸਤੁਤ ਕੀਤਾ ਹੈ । ਰਚਨਾ ਉਸ ਲਈ ਇਕ ਨਿਰੰਤਰ ਸਫਰ ਹੈ । ਉਹ ਚੌਂਕਾ ਦੇਣ ਵਾਲੀ ਰੁਚੀ ਦੇ ਅਧੀਨ ਝਟਪਟ ਕਿਸੇ Dead-end ਤੇ ਨਹੀਂ ਪਹੁੰਚ ਜਾਣਾ ਚਾਹੁੰਦਾ ।

ਇਸ ਯੁਗ ਵਿਚ ਪ੍ਰਕਾਸ਼ਨ ਦੀਆਂ ਆਮ ਸਹੂਲਤਾਂ ਤੋਂ ਲਾਭ ਉਠਾ ਕੇ ਬਹੁਤ ਲੋਗ ਗੁਮਰਾਹ ਹੋ ਰਹੇ ਹਨ। ਨਰਵਰ ਅਤੇ ਬਲਾਟਿੰਗ-ਪੇਪਰ ਵਾਂਗ ਕੰਮ ਕਰਨ ਵਾਲੇ ਜ਼ਿਹਨ ਬੀਮਾਰ ਰੁਚੀਆਂ ਅਤੇ ਲਿੰਗ-ਕਾਮਨਾਵਾਂ ਭਰਪੂਰ ਕਵਿਤਾਵਾਂ ਘੜ ਕੇ ਅਜੀਬ ਕਿਸਮ ਦਾ ਵੈਜੀਟੇਰੀਅਨ ਸਾਹਿੱਤ ਪੈਦਾ ਕਰ ਰਹੇ ਹਨ । ਆਧੁਨਿਕਤਾ ਦੇ ਨਾਮ ਹੇਠ ਦੌੜ ਕੇ Dead-end ਤੇ ਪਹੁੰਚਣ ਦੀ ਇੱਛਾ ਰਖਣ ਵਾਲੇ ਕਵੀ ਕ੍ਰਿਆ ਤੋਂ ਪਹਿਲਾਂ ਪ੍ਰਤਿਕ੍ਰਿਆ ਬਾਰੇ ਚਿੰਤਾਤੁਰ ਹੋ ਗਏ ਹਨ । ਅਜਿਹੀਆਂ ਪਰਿਸਥਿਤੀਆਂ ਵਿਚ ਜ਼ਰੂਰਤ ਇਸ ਗੱਲ ਦੀ ਹੈ ਕਿ ਆਧੁਨਿਕ ਜ਼ਿਹਨ ਪਾਪੂਲਰ ਜ਼ਰੂਰ ਹੋਵੇ ਪਰ ਬਦਨਾਮ ਨਾ ਹੋਵੇ । ਗੁਰਦੇਵ ਨਿਰਧਨ ਨੇ ਨਿਸਚੇ ਹੀ ਆਧੁਨਿਕ ਜ਼ਿਹਨ ਨੂੰ ਪਾਪੂਲਰ ਕਰਨ ਵਿਚ ਗ਼ਜ਼ਲ ਵਰਗੀ ਨਾਜ਼ੁਕ ਅਤੇ ਸੀਮਾਬੱਧ ਫਾਰਮ ਅਪਣਾ ਕੇ ਚੋਖਾ ਯੋਗਦਾਨ ਪਾਇਆ ਹੈ।

ਇਸ ਸੰਗ੍ਰਹ ਵਿਚ ਗੁਰਦੇਵ ਨਿਰਧਨ ਨੇ ਗ਼ਜ਼ਲ ਨੂੰ ਇਕ ਨਿਵੇਕਲੇ ਰੂਪ ਵਿਚ ਪੇਸ਼ ਕਰਕੇ ਆਪਣੀ ਮੌਲਿਕ ਸ਼ੈਲੀ ਸਥਾਪਿਤ ਕੀਤੀ ਹੈ । ਕਈ ਥਾਈਂ ਸਾਨੂੰ ਇਹੋ ਜਿਹੇ ਮੁਕੰਮਲ ਸ਼ਿਅਰ ਮਿਲਦੇ ਹਨ ਜਿਹੜੇ ਦੇਰ ਤਕ ਪਾਠਕ ਮਨ ਵਿਚ ਕੰਬਦੇ ਰਹਿਣ ਦੀ ਸਮਰਥਾ ਰਖਦੇ ਹਨ । ਸੂਖਮ ਅਭਿਵਿਅਕਤੀ ਰਾਹੀਂ ਕਈ ਵੇਰ ਬੜੇ ਸੁੰਦਰ ਤੇ ਪ੍ਰਭਾਵ ਸ਼ਾਲੀ ਬਿੰਬ ਉਤਪੰਨ ਹੋਏ ਹਨ ।

ਜੰਗਲ ਦੇ ਇਸ ਸੰਘਣੇ ਰਸਤੇ ਤੋਂ ਡਰ ਕੇ,
ਵਾ ਵੀ ਪੱਲਾ ਫੜਕੇ ਤੁਰਦੀ ਹੈ ਮੇਰਾ।

ਬਾਗਾਂ ਦੀ ਰਖਵਾਲੀ ਪਤਝੜ ਬੈਠ ਗਈ
ਫੁੱਲ ਨੇ ਖਿੜਦੇ ਹੁਣ ਤਾਂ ਘਰ ਦੀਆਂ ਛੱਤਾਂ ਤੇ।

ਰਾਤ ਸਾਰੀ ਤੜਫਨੀ ਹੀ ਏਸ ਦੀ ਸੁਣਦੇ ਰਹੇ
ਫੇਰ ਜਾਣੀ ਸੌਂ ਗਈ ਆਵਾਜ਼ ਟਾਈਮਪੀਸ ਦੀ।

ਕਦਮ ਕਦਮ ਤੇ ਰੋੜ ਚੁਭੇ ਤੇ ਪੱਥਰ ਬਰਸੇ ਮੇਰੇ ਤੇ
ਨਵੀਂ ਕਮੀਜ਼ ਪਹਿਨ ਕੇ ਅਪਣੀ ਜਦ ਮੈਂ ਤੁਰਿਆ ਸੈਰ ਲਈ।

ਪੁਰਾਣੇ ਮੌਸਮਾਂ ਦੀ ਆਵਾਜ਼ ਨਵਾਂ ਰੂਪ ਬਦਲ ਕੇ ਆਈ ਹੈ । ਇਕ ਪਾਸੇ ਪੁਰਾਣੀਆਂ ਕੀਮਤਾਂ ਦਾ ਅੰਤ ਹੈ ਦੂਜੇ ਪਾਸੇ ਨਵੇਂ ਦਿਨਾਂ ਦਾ ਆਰੰਭ । ਇਸ ਆਦਿ ਅੰਤ ਦੇ ਵਿਰਸੇ 'ਚੋਂ, ਜਿਹੜਾ ਧੁੰਦ ਬਣ ਕੇ ਸਾਡੇ ਰਾਹਾਂ ਵਿਚ ਫੈਲਿਆ ਹੋਇਆ ਹੈ, ਨਿਰਧਨ ਨੇ ਰੌਸ਼ਨੀਆਂ ਦੀ ਤਲਾਸ਼ ਕੀਤੀ ਹੈ। ਉਸ ਦੀ ਸਾਰੀ ਕਵਿਤਾ ਇਸੇ ਤਲਾਸ਼ ਦੀ ਤੜਪ ਹੈ । ਸ਼ਾਲਾ ਉਹ ਇਸੇ ਤਰ੍ਹਾਂ ਬਦਲਦੇ ਮੌਸਮਾਂ ਦਾ ਪ੍ਰਤੀਕ ਬਣਿਆ ਰਹੇ !

ਰਣਧੀਰ ਸਿੰਘ ਚੰਦ
੧੫-੬-੧੯੬੭
ਗੌਰਮਿੰਟ ਕਾਲਿਜ,
ਮੁਕਤਸਰ ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਗੁਰਦੇਵ ਨਿਰਧਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ