Samundar Khushak Jad Hoia : Gurdev Nirdhan

ਸਮੁੰਦਰ ਖ਼ੁਸ਼ਕ ਜਦ ਹੋਇਆ (ਗ਼ਜ਼ਲ ਸੰਗ੍ਰਹਿ) : ਗੁਰਦੇਵ ਨਿਰਧਨ



ਸਭੀ ਕੋ ਗ਼ਮ ਸਮੁੰਦਰ ਕੇ ਖ਼ੁਸ਼ਕ ਹੋਨੇ ਕਾ । ਕਿ ਖੇਲ ਖ਼ਤਮ ਹੂਆ ਕਿਸ਼ਤੀਆਂ ਡੁਬੋਨੇ ਕਾ । —ਸ਼ਹਰ ਯਾਰ

ਗਹਿਰੇ ਸੰਨਾਟੇ ਦੀ ਗੱਲ

ਗਹਿਰੇ ਸੰਨਾਟੇ ਦੀ ਗੱਲ । ਹੋਵੇ ਜਿਕੂੰ ਮੇਰੀ ਗੱਲ । ਦਰਿਆ, ਦਰਦ, ਸਮੁੰਦਰ, ਸੋਚ, ਕਰੀਏ ਪਹਿਲਾਂ ਕੀਹਦੀ ਗੱਲ। ਧੁੱਪਾਂ ਨਾਲ ਸਮੁੰਦਰ ਸੁੱਕਣ, ਅੱਗੇ ਕਦੋਂ ਸੁਣੀ ਸੀ ਗੱਲ । ਬਿਨ ਬਰਸੇ ਹੀ ਬਦਲੀ ਮੁੜ ਗਈ, ਰਹਿ ਗਈ ਮੇਰੇ ਦਿਲ ਦੀ ਗੱਲ। ਅਪਣਾ ਸੂਰਜ ਢਲ ਜਾਵਣ ਦੀ ਕਦੇ ਨਾ ਸਮਝੀ, ਸੋਚੀ ਗੱਲ। ਗਲੀ ਗਲੀ ਜਾ ਬਰਸੀ, ਮੇਰੇ ਕਮਰੇ ਵਿਚ ਬਰਸਣ ਦੀ ਗੱਲ। ਹੋਰ ਕਿਸੇ ਵਿਚ ਕਿੱਥੇ ‘ਨਿਰਧਨ' ਤੇਰੀਆਂ ਗ਼ਜ਼ਲਾਂ ਵਰਗੀ ਗੱਲ।

ਖ਼ੁਸ਼ਬੂ ਸਾਹਵੇਂ ਮਹਿਕ ਰਹੀ ਸੀ

ਖ਼ੁਸ਼ਬੂ ਸਾਹਵੇਂ ਮਹਿਕ ਰਹੀ ਸੀ। ਪਰ ਕਿਸਮਤ ਅਪਣੀ ਅਪਣੀ ਸੀ । ਜਿਸ ਖਿੜਕੀ 'ਚੋਂ ਮੈਂ ਲੰਘਿਆ ਹਾਂ ਉਹ ਵੀ ਤਾਂ ਦੀਵਾਰ ਜਿਹੀ ਸੀ। ਜੰਗਲ ਜੰਗਲ ਰੁੱਤ ਸੀ ਮਹਿਕੀ ਸ਼ਹਿਰ ਸ਼ਹਿਰ ਵਿਚ ਗਰਦ ਉੜੀ ਸੀ । ਸਾਰਾ ਦਰਿਆ ਕੰਬ ਉਠਿਆ ਹੈ, ਮੈਂ ਤਾਂ ਕੰਕਰ ਹੀ ਸੁੱਟੀ ਸੀ। ਹਰ ਕੁਈ ਮੇਰੇ ਸੰਗ ਟਕਰਾਇਆ ਜਾਣੀ ਬਸਤੀ ਹੀ ਅੰਨ੍ਹੀ ਸੀ । ਸਾਰੇ ਸ਼ੀਸ਼ੇ ਮਿਲੇ ਜੁਲੇ ਸਨ ਮੇਰੀ ਹੀ ਰੰਗਤ ਵਖਰੀ ਸੀ। ਓਸ ਸੁਨਹਿਰੀ ਫੁੱਲ ਲਈ ‘ਨਿਰਧਨ' ਮੇਰੀ ਵੀ ਤਾਂ ਅੱਖ ਤਰਸੀ ਸੀ।

ਬੰਜਰ ਤੇ ਸੁੱਕੇ ਦਰਿਆ

ਬੰਜਰ ਤੇ ਸੁੱਕੇ ਦਰਿਆ। ਅਪਣੇ ਹਿੱਸੇ ਦੇ ਦਰਿਆ। ਯਾਦ ਕਰੀ ਸੀ ਝੀਲ ਚੜ੍ਹ ਗਿਆ ਗਲ ਗਲ ਤੀਕ ਅਪਣੇ ਦਰਿਆ। ਰੰਗਾਂ ਨਾਲ ਜੋ ਭਰ ਜਾਂਦੇ ਨੇ ਹੁੰਦੇ ਨਾ ਸੱਖਣੇ ਦਰਿਆ। ਹੁਣ ਤਾਂ ਹਰ ਛਿਣ ਰਹਿਣ ਮੇਰੀਆਂ ਅੱਖਾਂ ਵਿਚ ਭਰੇ ਦਰਿਆ। ਹੇਠਾਂ ਕਿਸ਼ਤੀ ਤੈਰ ਰਹੀ ਸੀ ਛਲਕਦਾ ਸੀ ਉਤੇ ਦਰਿਆ। ਰਾਹ ਵਿਚ ਕਦਮ ਕਦਮ ਤੇ ਮੇਰੇ ਪੈਰਾਂ ਸੰਗ ਉਲਝੇ ਦਰਿਆ। ਮੈਂ ਜੋ ਸੁੱਕ ਰਿਹਾਂ ਹੁਣ ‘ਨਿਰਧਨ’ ਅੰਦਰ ਹੈ ਮੇਰੇ ਦਰਿਆ।

ਪੱਥਰਾਂ ਦੇ ਸ਼ਹਿਰ ਵਿਚ

ਪੱਥਰਾਂ ਦੇ ਸ਼ਹਿਰ ਵਿਚ ਇਕ ਅਜਨਬੀ । ਚੁੱਕੀ ਫਿਰਦੈ ਤਿੜਕੀ ਹੋਈ ਜ਼ਿੰਦਗੀ। ਹੋਂਦ ਅਪਣੀ ਬਾਰੇ ਜਦ ਮੈਂ ਸੋਚਿਆ ਅੱਖਾਂ ਸਾਹਵੇਂ ਇਕ ਕਾਲੀ ਕੰਧ ਸੀ। ਰੰਗ ਇਕ ਛਿਣ 'ਚ ਪੀਲਾ ਪੈ ਗਿਆ ਸਜ਼ਾ ਪਾਈ ਸ਼ੀਸ਼ੇ ਸਾਹਵੇਂ ਖੜ੍ਹਨ ਦੀ। ਦਰਦ ਦੀ ਗੱਲ ਹਰ ਕੋਈ ਕਰ ਕਰ ਬੈਠਦੈ ਸ਼ਕਲ ਪਰ ਦੱਸੀ ਕਿਸੇ ਨਾ ਏਸ ਦੀ। ਹੋਇਆ ਪਇਆ ਫਿਰਦਾਂ ਹੁਣ ਮੈਂ ਏਸ ਵਿਚ ਘਰ ਵੀ ਅਪਣਾ ਲੱਗਦਾ ਹੈ ਅਜਨਬੀ । ਸ਼ਾਮੀਂ ਸੂਰਜ ਡੁੱਬ ਗਿਆ ਸੀ ਜਦੋਂ ਸੀ ਡਰਾਉਣੀ ਰੇਲ ਦੀ ਸੀਟੀ ਬਜੀ । ਟੁੱਟ ਕੇ ਜਦ ਫੁੱਲ ਹੇਠਾਂ ਪਿਗ ਪਿਆ ਫੇਰ 'ਨਿਰਧਨ' ਸੀ ਹਵਾ ਵੀ ਸੌਂ ਗਈ।

ਰੌਸ਼ਨੀ ਵਿਚ ਆ ਕੇ ਏਦਾਂ

ਰੌਸ਼ਨੀ ਵਿਚ ਆ ਕੇ ਏਦਾਂ ਲੱਗਿਆ। ਜਿਸਮ ਹੈ ਜਿਕੂੰ ਮਿਰਾ ਮੈਲਾ ਪਿਆ । ਕੋਲ ਸੀ ਮੇਰੇ ਨਦੀ ਪਰ ਫੇਰ ਵੀ ਸੀ ਰਾਤ ਭਰ ਮੈਂ ਪਾਣੀ ਦੇ ਲਈ ਤਰਸਿਆ । ਸਬਜ਼ ਪਰਦੇ ਪਿੱਛੇ ਹੈ ਲੁਕਿਆ ਗੁਲਾਬ ਮਹਿਕ ਤੋਂ ਕੁਝ ਇਸ ਤਰ੍ਹਾਂ ਹੈ ਜਾਪਿਆ। ਸੰਝ ਤੋਂ ਹੀ ਸੀ ਨਮੀ ਕਮਰੇ ਦੇ ਵਿਚ ਮੀਂਹ ਤਾਂ ਪਿਛਲੀ ਰਾਤ ਗਏ ਸੀ ਬਰਸਿਆ। ਸੋਚਿਆ ਸੀ ਇਸ ਵਿਚ ਹੀ ਜਾ ਡਿਗਾਂ ਰੇਤ ਦਾ ਦਰਿਆ ਵੀ ਖਾਲੀ ਨਿਕਲਿਆ । ਸੈਆਂ ਰੰਗਾਂ ਨਾਲ ਹੈ ਤੱਕਿਆ ਉਹਨੂੰ ਰੰਗ ਨਾ ਉਸ ਚਹਰੇ ਦਾ ਪਰ ਬਦਲਿਆ। ਦਸਤਕਾਂ ਦੇ ਦੇ ਕੇ 'ਨਿਰਧਨ' ਕੀ ਮਿਲੂ, ਕੀ ਕਦੀ ਪੱਥਰ ਵੀ ਹੈ ਕੁਈ ਬੋਲਿਆ।

ਕਾਲੇ ਸਮੁੰਦਰਾਂ ਦਾ ਸਫ਼ਰ

ਕਾਲੇ ਸਮੁੰਦਰਾਂ ਦਾ ਸਫ਼ਰ ਉਮਰ ਭਰ ਰਿਹਾ । ਜ਼ਰਦੀ 'ਚ ਡੁੱਬਿਆ ਹੀ ਸਦਾ ਮੇਰਾ ਘਰ ਰਿਹਾ। ਜ਼ਖ਼ਮੀ ਜੋ ਹੋ ਕੇ ਪੰਛੀ ਸੀ ਧਰਤੀ 'ਤੇ ਡਿੱਗਿਆ, ਉਡਦਾ ਹਵਾ 'ਚ ਓਸ ਦਾ ਇਕ ਇਕ ਪਰ ਰਿਹਾ। ਤਰ ਕੇ ਨਾ ਦੇਖੀ ਨੀਲੀਆਂ ਅੱਖਾਂ ਦੀ ਕੋਈ ਝੀਲ, ਦਰਿਆ ਮੈਂ ਪੱਥਰਾਂ ਦੇ ਹਾਂ ਉਮਰਾਂ ਤੋਂ ਤਰ ਰਿਹਾ। ਲੱਗੀ ਹੋਈ ਹੈ ਕਾਲੀਆਂ ਧੁੱਪਾਂ ਦੀ ਏਨੀ ਭੀੜ, ਸ਼ਹਿਰਾਂ 'ਚ ਯਾਰੋ ਇੱਕ ਵੀ ਘਰ ਦਾ ਨਾ ਦਰ ਰਿਹਾ। ਮੇਰੇ 'ਚੋਂ ਅੱਜ ਨਿਕਲ ਕੇ ਜੋ ਦੂਰ ਜਾ ਖੜ੍ਹਾ, ਹੈ ਕੌਣ ਇਸ ਦੇ ਨਾਂ ਤੋਂ ਵੀ ਮੈਂ ਬੇਖ਼ਬਰ ਰਿਹਾ। ਤਾਰੇ ਨਾ ਟੁੱਟ ਕੇ ਕਿਤੇ ਡਿਗ ਪੈਣ ਓਸ 'ਤੇ, ਛੱਤਾਂ ਦੇ ਹੇਠ ਬਹਿ ਕੇ ਹੈ ਇਕ ਸ਼ਖ਼ਸ ਡਰ ਰਿਹਾ। ਲੁਕ ਕੇ ਤੂੰ ਮੇਰੇ ਵਿੱਚ ਹੀ ‘ਨਿਰਧਨ' ਸੀ ਬਹਿ ਗਿਆ ਫਿਰਦਾ ਮੈਂ ਤੇਰੀ ਭਾਲ ਵਿਚ ਹਾਂ ਦਰ ਬਦਰ ਰਿਹਾ ।

ਇਕ ਸ਼ਹਿਰ ਵਿਚ ਕਹਿੰਦੇ ਨੇ

ਇਕ ਸ਼ਹਿਰ ਵਿਚ ਕਹਿੰਦੇ ਨੇ ਦੋ ਸ਼ਾਇਰ ਨੇ ਇਸ ਢੰਗ ਦੇ । ਜਿਨ੍ਹਾਂ ਪੰਜਾਬੀ ਗ਼ਜ਼ਲ ਨੂੰ ਕਪੜੇ ਪਾ ਦਿੱਤੇ ਨਵ-ਰੰਗ ਦੇ । ਅਪਣਾ ਚਿਹਰਾ ਤੱਕਣ ਤੋਂ ਵੀ ਓਦੋਂ ਅਸੀਂ ਹਾਂ ਸੰਗਦੇ। ਜਦੋਂ ਕਿਸੇ ਸ਼ੀਸ਼ੇ ਦੇ ਅੱਗੋਂ ਦੀ ਹਾਂ ਯਾਰੋਂ ਲੰਘਦੇ । ਹੁਣ ਤਾਂ ਸੁੱਕੇ ਫੁੱਲਾਂ ਨੂੰ ਹੀ ਰੱਖੋ ਵਿਚ ਕਿਤਾਬਾਂ ਦੇ, ਹੁਣ ਉਹ ਮੌਸਮ ਨਹੀਂ ਸਾਂਭ ਕੇ ਰੱਖੀਏ ਟੋਟੇ ਵੰਗ ਦੇ । ਇਸ ਦੇ ਉੱਤੇ ਕਈ ਰੰਗਾਂ ਦੇ ਚਿਹਰੇ ਉਕਰੇ ਹੁੰਦੇ ਨੇ, ਰਾਤ ਨੂੰ ਘਰ ਵਿਚ ਲਾਹ ਕੇ ਅਪਣਾ ਜਿਸਮ ਜਦੋਂ ਹਾਂ ਟੰਗਦੇ। ਜਿਹੜਾ ਵਿਚ ਹਵਾ ਦੇ ਜਾ ਕੇ ਅੱਚਨਚੇਤੀ ਟੁੱਟ ਗਿਆ, ਕੁਝ ਮੁੰਡਿਆਂ ਦੇ ਹੱਥਾਂ ਵਿਚ ਸਨ ਟੋਟੇ ਓਸ ਪਤੰਗ ਦੇ । ਸਾਨੂੰ ਅੱਜ ਸੁਨਹਿਰੀ ਸ਼ਬਦਾਂ ਦੇ ਪੰਨਿਆਂ ਦੀ ਲੋੜ ਨਹੀਂ, ਅਸੀਂ ਹਾਂ ਅਪਣੀ ਕਿਸਮਤ ਵਰਗੇ ਕੋਰੇ ਕਾਗ਼ਜ਼ ਮੰਗਦੇ । ਹੁਣ ਤਾਂ ਸ਼ਾਇਦ ਸਾਨੂੰ ‘ਨਿਰਧਨ' ਰਹਿਣਾ ਪਏਗਾ ਜੰਗਲ ਵਿਚ ਹੁਣ ਤਾਂ ਸਾਨੂੰ ਏਸ ਸ਼ਹਿਰ ਦੇ ਸਾਏ ਵੀ ਨੇ ਡੰਗਦੇ ।

ਚਾਨਣ ਵਿਚ ਦੋ ਭਿੱਜੇ ਰੁੱਖ

ਚਾਨਣ ਵਿਚ ਦੋ ਭਿੱਜੇ ਰੁੱਖ । ਕਮਰੇ ਅੰਦਰ ਤੱਕੇ ਰੁੱਖ । ਅੱਗੇ ਕਦੋਂ ਸੀ ਤੱਕੇ ਯਾਰੋ, ਸੜਕਾਂ ਉੱਤੇ ਤੁਰਦੇ ਰੁੱਖ । ਸੂਰਜ ਸੂਰਜ ਖੇਡ ਰਹੇ ਸੀ ਇਹ ਜੋ ਰਾਤ ਸੜੇ ਨੇ ਰੁੱਖ । ਸਾਡੇ ਵੀ ਪਰਛਾਵੇਂ ਹੇਠਾਂ ਕਦੇ ਕਦੇ ਨੇ ਬਹਿੰਦੇ ਰੁੱਖ । ਇਕ ਬਦਲੀ ਦੇ ਬਰਸਣ ਤੇ ਕੱਲ੍ਹ ਮਚ ਮਚ ਉੱਠੇ ਪਿਆਸੇ ਰੁੱਖ । ਸਾਰੀ ਉਮਰ ਸੁਲਘਦੇ ਨੇ ਫਿਰ ਬਰਸਾਤਾਂ ਦੇ ਭਿੱਜੇ ਰੁੱਖ । ਹੋਰ ਕਦੋਂ ਤਕ ਰਹਿਣਗੇ ‘ਨਿਰਧਨ' ਛੱਤਾਂ ਉੱਤੋਂ ਡਿਗਦੇ ਰੁੱਖ ।

ਰਾਤਾਂ ਦੇ ਸਾਏ ਵਿਚ ਖੜ੍ਹ ਕੇ

ਰਾਤਾਂ ਦੇ ਸਾਏ ਵਿਚ ਖੜ੍ਹ ਕੇ। ਸੂਰਜ ਹੀ ਬਸ ਉਗਦੇ ਤੱਕੇ । ਕਿਹੜੇ ਦਰ ਤੇ ਦਸਤਕ ਦੇਵਾਂ ਹਰ ਘਰ ਹੈ ਬਿਨ ਦਰਵਾਜ਼ੇ ਦੇ । ਹੁਣ ਤਾਂ ਅਕਸਰ ਰਹਿ ਜਾਂਦੇ ਨੇ ਬਾਰਸ਼ ਵਿਚ ਵੀ ਦਰਿਆ ਸੁੱਕੇ । ਇਕ ਦੂਜੇ ਨੂੰ ਪੁੱਛ ਰਹੇ ਹਾਂ ਅਪਣੇ ਅਪਣੇ ਘਰ ਦੇ ਰਸਤੇ । ਪੈਰ ਨੇ ਮੇਰੇ ਅੰਬਰ ਤੇ ਹੁਣ ਸਿਰ ਹੈ ਮੇਰਾ ਧਰਤੀ ਉੱਤੇ । ਲੋਕ ਪਛਾਨਣਗੇ ਤਦ ਮੈਨੂੰ ਛਾ ਜਾਵਾਂਗਾ ਜਦ ਸੂਰਜ 'ਤੇ। ਕਿੱਸੇ ਲਿਖ ਦਿਤੇ ਮੈਂ ‘ਨਿਰਧਨ' ਆਉਣ ਵਾਲੀਆਂ ਦੋ ਸਦੀਆਂ ਦੇ ।

ਜ਼ਰਦ ਨਜ਼ਰਾਂ ਨਾਲ ਉਸ ਨੇ

ਜ਼ਰਦ ਨਜ਼ਰਾਂ ਨਾਲ ਉਸ ਨੇ ਦੇਖਿਆ। ਸੁਰਖ਼ ਤੋਂ, ਜਦ ਮੈਂ ਸੁਨਹਿਰਾ ਹੋ ਗਿਆ । ਸ਼ੋਰ ਮੇਰੇ ਘਰ ਸਮੁੰਦਰ ਦਾ ਸੀ ਰਾਤ ਸ਼ਹਿਰ 'ਚੋਂ ਪਰ ਕੋਈ ਵੀ ਨਾ ਜਾਗਿਆ। ਓਸ 'ਚੋਂ ਹੀ ਮਹਿਕ ਹੈ ਹੁਣ ਆ ਰਹੀ ਖ਼ਤ ਸੀ ਜਿਹੜਾ ਖ਼ਾਲੀ ਕਾਗ਼ਜ਼ ਨਿਕਲਿਆ । ਵਿਛ ਗਿਆ ਸਾਂ ਰਾਹ 'ਤੇ ਮੈਂ ਕਿਸ ਲਈ ਗੱਲ ਮੇਰੀ ਨਾ ਕੋਈ ਵੀ ਸਮਝਿਆ। ਖ਼ੈਰ, ਮੈਂ ਹੁਣ ਦੇਖ ਲੈਨਾਂ ਸੁਲਘ ਕੇ ਫੇਰ ਵੀ ਨਾ ਜੇ ਉਹ ਪੱਥਰ ਪਿਘਲਿਆ। ਹੋਰ ਸਭ ਮੌਸਮ ਵਰ੍ਹੇ ਨੇ ਮੇਰੇ 'ਤੇ, ਸਾਉਣ ਨਾ ਪਰ ਮੇਰੇ ਉੱਤੇ ਬਰਸਿਆ। ਰੌਸ਼ਨੀ ਦੀ ਭਾਲ ਵਿਚ ‘ਨਿਰਧਨ' ਕੁਈ ਜੰਗਲਾਂ ਦੇ ਰਸਤਿਆਂ ਤੇ ਤੁਰ ਪਿਆ ।

ਦੇਖ ਕੇ ਦਰਿਆ 'ਚ ਮੱਛੀ ਤੈਰਦੀ

ਦੇਖ ਕੇ ਦਰਿਆ 'ਚ ਮੱਛੀ ਤੈਰਦੀ । ਦਿਲ ਨੇ ਕੰਢੇ ਤੇ ਹੀ ਕੁੱਲੀ ਪਾ ਲਈ। ਕੱਲ੍ਹ ਮੌਸਮ ਬਹੁਤ ਹੀ ਰੰਗੀਨ ਸੀ ਗ਼ਜ਼ਲ ਮੇਰੇ ਨਾਲ ਸੀ ਇਕ ਅਣਕਹੀ। ਜਾਣਦਾ ਹਾਂ ਏਸ ਦੀ ਡੂੰਘਾਣ ਨੂੰ ਡੋਬਦੀ ਹੈ ਰੋਜ਼ ਹੀ ਮੈਨੂੰ ਨਦੀ । ਦੋ ਰਹੇ ਪਰਛਾਵੇਂ ਚਾਨਣ ਮਾਣਦੇ ਮੋਮਬੱਤੀ ਰਾਤ ਭਰ ਜਲਦੀ ਰਹੀ। ਝੂਮ ਉੱਠੇ ਸੀ ਹਰੇ ਰੁੱਖ ਸ਼ਹਿਰ ਦੇ, ਫਿਰ ਰਹੀ ਸੀ ਜਦ ਹਵਾ ਇਕ ਸ਼ੂਕਦੀ। ਪਹਿਲਾ ਮੌਸਮ ਰੰਗ ਮਾਨਣ ਦਾ ਮਿਰਾ ਪਹਿਲੜੀ ਓਦੋਂ ਬਸੰਤੀ ਰੁੱਤ ਸੀ। ਅੱਜ ‘ਨਿਰਧਨ' ਬਹਿ ਗਿਆ ਪਲਕਾਂ ਤੇ ਉਹ ਕੱਲ੍ਹ ਜਿਹਨੂੰ ਸਮਝਿਆ ਸੀ ਅਜਨਬੀ।

ਗੱਡੀ ਚੱਲਣ ਤੇ ਖਿੜਕੀ 'ਚੋਂ ਹਿੱਲਿਆ

ਗੱਡੀ ਚੱਲਣ ਤੇ ਖਿੜਕੀ 'ਚੋਂ ਹਿੱਲਿਆ ਜਦੋਂ ਰੁਮਾਲ। ਇਕ ਮੁਰਝਾਇਆ ਚਿਹਰਾ ਹੋਇਆ ਰੋ ਰੋ ਕੇ ਬੇਹਾਲ । ਇਕ ਅਜਨਬੀ ਭਾਲ ਭਾਲ ਕੇ ਤੇਰੇ ਘਰ ਦਾ ਰਾਹ, ਛਲਨੀ ਛਲਨੀ ਹੋ ਗਿਆ ਸਾਰਾ ਤਿਖੀਆਂ ਨਜ਼ਰਾਂ ਨਾਲ । ਏਸ ਸ਼ਹਿਰ ਵਿਚ ਦਿਸੀ ਨਾ ਕੋਈ ਰੌਸ਼ਨ ਹੋਈ ਸੜਕ ਸੂਰਜਮੁਖੀਆਂ ਦਾ ਹੀ ਜਿਕੂੰ ਪੈ ਗਿਆ ਏਥੇ ਕਾਲ। ਮੈਂ ਤਾਂ ਸ਼ੀਸ਼ੇ ਸੰਗ ਟਕਰਾ ਕੇ ਜ਼ਖ਼ਮੀ ਹੋ ਗਿਆਂ, ਪਰ ਕੀਚਰ ਕੀਚਰ ਹੋ ਗਿਆ ਜਿਹੜਾ ਉਸਦਾ ਦੱਸ ਕੀ ਹਾਲ। ਘੋਰ ਗੁਫ਼ਾ 'ਚੋਂ ਬਾਹਰ ਵੀ ਤਾਂ ਨਿੱਕਲ ਕੇ ਤੂੰ ਦੇਖ ਕਿੰਜ ਧਰਤੀ 'ਤੇ ਵਿਛਿਆ ਹੋਇਆ ਰੌਸ਼ਨੀਆਂ ਦਾ ਜਾਲ । ਹੁਣ ਤਾਂ ਇਸ ਵਿਚ ਗਲ ਗਲ ਤੀਕਰ ਡੁੱਬ ਗਏ ਨੇ ਲੋਕ ਅਪਣੇ ਜਿਸਮ ਦੇ ਦਰਿਆ ਨੂੰ ਤੂੰ ਹੋਰ ਨਾ ਬੱਸ ਉਛਾਲ । ਕਦਮ ਕਦਮ ਤੇ ਮੇਲੇ ਰੰਗਾਂ ਦੀ ਹੈ ਉਡਦੀ ਧੂੜ, ਅਪਣੀ ਕੋਰੀ ਚਾਦਰ ਦੀ ਤੂੰ ‘ਨਿਰਧਨ' ਕਰੀਂ ਸੰਭਾਲ ।

ਅਮਲਤਾਸ ਤੇ ਗੁਲਮੋਹਰ ਦੇ ਰੁੱਖਾਂ

ਅਮਲਤਾਸ ਤੇ ਗੁਲਮੋਹਰ ਦੇ ਰੁੱਖਾਂ ਦੇ ਵਿਚਕਾਰ । ਰੁੱਖ ਖੜੋਤਾ ਹੋਇਆ ਸੀ ਇਕ ਪਤਝੜ ਦਾ ਬੀਮਾਰ । ਘੁੰਮ ਰਹੇ ਇਕ ਦਾਇਰੇ ਅੰਦਰ ਬਿੰਦੂ ਬਣਿਆ ਮੈਂ, ਬਣ ਬਣ ਮਿਟਦਾਂ, ਮਿਟ ਮਿਟ ਬਣਦਾਂ ਪਲ ਵਿਚ ਸੌ ਸੌ ਵਾਰ । ਓਸੇ ਹੀ ਕੰਢੇ ਤੇ ਯਾਰੋ ਅਸੀਂ ਲਗਾਏ ਰੁੱਖ ਜਿਸ ਕੰਢੇ ਨੂੰ ਦਰਿਆ ਦਾ ਹੀ ਪਾਣੀ ਰਿਹਾ ਸੀ ਖਾਰ । ਖੌਰੇ ਕਿਹੜੇ ਪਾਸਿਉਂ ਪੀਲੀ ਨ੍ਹੇਰੀ ਆ ਗਈ ਅੱਜ ਪਲ ਛਿਣ ਅੰਦਰ ਲਾ ਗਈ ਕਾਲੇ ਰੇਤੇ ਦਾ ਅੰਬਾਰ । ਨੰਗੇ ਰੁੱਖਾਂ ਦੇ ਪਰਛਾਵੇਂ ਲੱਗਣ ਸੱਪਾਂ ਵਾਂਗ ਧਰਤੀ ਵੀ ਹੈ ਲਗ ਰਹੀ ਜਿਉਂ ਹੋਵੇ ਕੋਈ ਅੰਗਿਆਰ। ਕਿਉਂ ਨਾ ਯਾਰੋ ਸੂਰਜ ਨੂੰ ਹੀ ਨਿਗਲ ਲਵਾਂ ਮੈਂ ਅੱਜ, ਮੇਟ ਦਿਆਂ ਜੋ ਪਸਰ ਗਿਆ ਹੈ ਪੀਲਾ ਨ੍ਹੇਰ ਗੁਬਾਰ । ਹੱਥਾਂ ਦੀਆਂ ਲਕੀਰਾਂ ਤੋਂ ਹੈ ਲਗਦਾ ਇਹ ਅਨੁਮਾਨ ਪੌਣ-ਸਦੀ ਚੁੱਕਾਂਗਾ ‘ਨਿਰਧਨ' ਜਿੰਦ ਅਪਣੀ ਦਾ ਭਾਰ।

ਮੈਂਟਲਪੀਸ ਤੋਂ ਗਿਰ ਕੇ ਜਦ ਵੀ

ਮੈਂਟਲਪੀਸ ਤੋਂ ਗਿਰ ਕੇ ਜਦ ਵੀ ਮੌਤ ਫੂਲਦਾਨ ਦੀ ਹੋਈ। ਮੁਰਝਾਏ ਫੁੱਲਾਂ ਦੀ ਓਦੋਂ ਟੁਟ ਕੇ ਪੱਤੀ ਪੱਤੀ ਰੋਈ। ਇਸ ਅਣਜਾਣੇ ਸ਼ਹਿਰ 'ਚ ਮੇਰੇ ਸੁਆਗਤ ਲਈ ਲੋਕ ਜਦ ਆਏ ਹਰ ਕੁਈ ਸੂਲੀ ਚੁੱਕੀ ਆਇਆ ਖ਼ਾਲੀ ਹੱਥ ਨਾ ਦਿਸਿਆ ਕੋਈ । ਏਸ ਬੁਝੇ ਹੋਏ ਮੌਸਮ ਅੰਦਰ ਬੱਤੀ ਕਿਸੇ ਵੀ ਬਾਲੀ ਨਾ ਜਦ ਕਾਲਖ਼ ਪੋਚੇ ਰਸਤਿਆਂ ਤੇ ਫਿਰ ਭਟਕ ਭਟਕ ਕੇ ਖ਼ਲਕਤ ਮੋਈ। ਚਾਰ ਚੁਫੇਰੇ ਧੁੰਦਲੇ ਰੰਗਾਂ ਨੇ ਹੈ ਐਸਾ ਘੇਰਾ ਪਾਇਆ ਕਿ ਅਜ ਮੈਨੂੰ ਹੋਂਦ ਆਪਣੀ ਦਿਸ ਰਹੀ ਹੈ ਮੈਲੀ ਹੋਈ। ਜਿਹੜੇ ਅਮਲਤਾਸ ਥੀਂ ਛਣ ਕੇ ਹਵਾ 'ਚ ਖ਼ੁਸ਼ਬੂ ਭਰ ਜਾਂਦੀ ਸੀ, ਅੱਜ ਓਸੇ ਹੀ ਰੁੱਖ ਦੇ ਉੱਤੇ ਦਿਸੇ ਨਾ ਫੁੱਲ ਪੱਤਾ ਵੀ ਕੋਈ। ਸੱਤ ਸਮੁੰਦਰ ਸਗਲੀ ਧਰਤੀ ਜੋਹ ਕੇ ਅੱਜ ਮੈਂ ਸੋਚ ਰਿਹਾ ਹਾਂ, ਕੀਹਦੀ ਭਾਲ 'ਚ ਫਿਰਿਆ ਹਾਂ ਮੈਂ, ਕਿਹੜੀ ਸ਼ੈ ਹੈ ਮੇਰੀ ਖੋਈ। ਕੀ ਦੱਸਾਂ ਮਜਬੂਰੀ ‘ਨਿਰਧਨ' ਇਕ ਪਲ ਵੀ ਤਾਂ ਛੁਹ ਨਾ ਸਕਿਆ ਚਿੱਟੀ ਦੁੱਧ ਚਾਨਣੀ ਮੇਰੇ ਸਾਹਵੇਂ ਰਾਤੀਂ ਰਹੀ ਖਲੋਈ।

ਚਿਹਰਾ ਜਦ ਵੀ ਉਹ ਸਲੋਨਾ

ਚਿਹਰਾ ਜਦ ਵੀ ਉਹ ਸਲੋਨਾ ਦਿਸ ਪਿਆ। ਦਿਲ ਦਾ ਦਰਿਆ ਹੈ ਉਦੋਂ ਹੀ ਉਛਲਿਆ । ਸਾਰੇ ਫੁੱਲਾਂ ਦੀ ਸਜਾਵਟ ਸੀ ਜਿਹੜਾ, ਉਹੀਓ ਫੁੱਲ ਗੁਲਦਾਨ 'ਚੋਂ ਹੈ ਸੁੱਕਿਆ। ਇਕ ਪਲ ਵੀ ਜੁੜ ਕੇ ਰਹਿ ਸਕਿਆ ਨਹੀਂ ਮੈਂ ਰਿਹਾਂ ਬਸ ਉਮਰ ਭਰ ਹੀ ਟੁੱਟਿਆ । ਸੈਆਂ ਵਾਰੀ ਏਸ ਥੀਂ ਟਕਰਾ ਕੇ ਸਿਰ ਦਰਦ ਦੀ ਦੀਵਾਰ ਨੂੰ ਹੈ ਡੇਗਿਆ । ਮੇਰੀਆਂ ਅੱਖਾਂ 'ਚ ਹੈ ਦਰਿਆ ਕੁਈ, ਧੂੜ ਜਦ ਵੀ ਉੱਡੀ ਚਿਹਰਾ ਧੋ ਲਿਆ । ਦੇਖ ਕੇ ਹਾਲਤ ਇਹਦੀ ਘਬਰਾਉ ਨਾ ਮੇਰਾ ਘਰ ਤਾਂ ਦੇਰ ਤੋਂ ਹੈ ਉਜੜਿਆ । ਕੱਲ੍ਹ ਕਾਲੀ ਝੀਲ ਦੇ ਕੰਢੇ ਖੜ੍ਹਾ ਸਾਇਆ ‘ਨਿਰਧਨ' ਅਪਣੇ ਜੇਹਾ ਤੱਕਿਆ।

ਕਾਲੇ ਰੁੱਖ ਜ਼ਰਦ ਪਰਛਾਵੇਂ

ਕਾਲੇ ਰੁੱਖ ਜ਼ਰਦ ਪਰਛਾਵੇਂ ਆ ਕੇ ਬੈਠੀਏ ਕੀਹਦੀ ਛਾਵੇਂ। ਅੰਬਰ ਉੱਤੇ ਉਡਦੇ ਲੱਗੀਏ, ਤੁਰਦੇ ਹਾਂ ਧਰਤੀ ਤੇ ਭਾਵੇਂ । ਦਿਹੁੰ ਨੇ ਰਾਤਾਂ ਵਰਗੇ ਲਗਦੇ, ਹਰ ਕੋਈ ਦਿਸਦੈ ਬਿਨ ਪਰਛਾਵੇਂ । ਝੀਲ ਤਾਂ ਫਿਰ ਵੀ ਡੂੰਘੀ ਲੱਗੇ, ਚੜ੍ਹਿਆ ਹੋਇਆ ਦਰਿਆ ਭਾਵੇਂ। ਇਹ ਵੀ ਬਰਫ਼ ਕਦੇ ਨਾ ਪਿਘਲੀ ਧੁੱਪੇ, ਏਧਰ ਵੀ ਜੇ ਆਵੇਂ। ਛੱਤ ਬਿਨਾ ਸਭ ਸ਼ਹਿਰ ਨੇ ਯਾਰੋ ਵਸੀਏ ਜਾ ਕੇ ਕਿਹੜੀ ਥਾਂਵੇਂ । ਰੀਸ ਨਾ ਸੂਰਜ ਦੀ ਕਰ ‘ਨਿਰਧਨ’ ਕਿਧਰੇ ਆਥਣ ਨੂੰ ਢਲ ਜਾਵੇਂ ।

ਉਹਨਾਂ ਨੇ ਹੀ ਧੂੜ ਉਡਾਈ

ਉਹਨਾਂ ਨੇ ਹੀ ਧੂੜ ਉਡਾਈ ਮੇਰੇ 'ਤੇ, ਜਿਹਨਾਂ ਨੂੰ ਪਰਛਾਵੇਂ ਸਮਝਿਆ ਸੀ ਅਪਣੇ । ਮੇਰੇ ਅੰਦਰ ਕੋਈ ਸੂਰਜ ਮਘਦਾ ਹੈ, ਥੱਕ ਗਿਆ ਹਾਂ ਦਰਿਆਵਾਂ ਨੂੰ ਪੀ ਪੀ ਕੇ । ਸ਼ਾਇਦ ਮੇਰੇ ਸਾਹਵੇਂ ਤਿੜਕਿਆ ਸ਼ੀਸ਼ਾ ਹੈ, ਟੋਟੇ ਤੱਕ ਰਿਹਾਂ ਜੋ ਅਪਣੇ ਚਿਹਰੇ ਦੇ । ਜਦ ਵੀ ਮੈਂ ਤਨਹਾਈ ਅੰਦਰ ਬੈਠਾ ਹਾਂ, ਅਪਣੇ 'ਚੋਂ ਹਨ ਭਾਂਤ ਭਾਂਤ ਦੇ ਸ਼ੋਰ ਸੁਣੇ। ਉਹ ਤਾਂ ਸਾਰੀਆਂ ਦੀਵਾਰਾਂ ਹੀ ਨਿਕਲੀਆਂ ਜਿਹਨਾਂ ਨੂੰ ਮੈਂ ਸਮਝ ਰਿਹਾ ਸਾਂ ਦਰਵਾਜ਼ੇ। ਅੱਗ ਤਾਂ ਯਾਰੋ ਇਹਨਾਂ ਨੂੰ ਵੀ ਲੱਗੀ ਹੈ ਜਲਦੇ ਹੁਏ ਮੈਂ ਕਈ ਸਮੁੰਦਰ ਤੱਕੇ ਨੇ । ਦੱਸ ਭਲਾ ਇਸ ਜਲਦੇ ਮੌਸਮ ਵਿਚ ‘ਨਿਰਧਨ' ਹੋਰ ਕਦੋਂ ਤਕ ਲੋਕ ਪਿਘਲਦੇ ਜਾਵਣਗੇ ।

ਅਪਣੇ ਹੀ ਸਾਏ ਦੀਆਂ ਕਿਰਚਾਂ

ਅਪਣੇ ਹੀ ਸਾਏ ਦੀਆਂ ਕਿਰਚਾਂ । ਅੰਗ ਅੰਗ ਮੇਰੇ ਚੁਭੀਆਂ ਕਿਰਚਾਂ । ਜਿਸਮਾਂ ਤੋਂ ਹਾਂ ਲਾਹ ਲਾਹ ਥੱਕੇ ਤਨਹਾਈ ਦੀਆਂ ਜੰਮੀਆਂ ਕਿਰਚਾਂ। ਨਿਤ ਮੈਂ ਬਿਸਤਰ ਤੋਂ ਹਾਂ ਚੁਗਦਾ ਸੁਬ੍ਹਾ ਉਠ ਕੇ ਅਪਣੀਆਂ ਕਿਰਚਾਂ। ਖੌਰੇ ਕਿੱਥੇ ਜਾ ਕੇ ਡਿੱਗਣ, ਹਵਾ 'ਚ ਉਡਦੀਆਂ ਮੇਰੀਆਂ ਕਿਰਚਾਂ । ਪੈਰਾਂ ਵਿਚ ਸਨ ਚੁਭ ਚੁਭ ਗਈਆਂ, ਘਾਹ ਦੀਆਂ ਪੱਤੀਆਂ ਲੱਗੀਆਂ ਕਿਰਚਾਂ । ਅਪਣੀ ਹਾਲਤ ਏਦਾਂ ਹੈ ਜਿਉਂ- ਕਿਸੇ ਬਾਗ਼ ਵਿਚ ਉਗੀਆਂ ਕਿਰਚਾਂ । ਹੱਥ ਦੀਆਂ ਇਹ ਲੀਕਾਂ ‘ਨਿਰਧਨ’ ਮੇਰੇ ਲਈ ਬਣ ਗਈਆਂ ਕਿਰਚਾਂ।

ਇਕ ਅਜਨਬੀ ਕੰਧ ਸੰਗ ਟਕਰਾ

ਇਕ ਅਜਨਬੀ ਕੰਧ ਸੰਗ ਟਕਰਾ ਕੇ ਮੈਂ ਮੁੜ ਆਇਆ ਹਾਂ ਫਿਰ ਇਕ ਧੋਖਾ ਖਾ ਕੇ ਮੈਂ । ਮੈਨੂੰ ਯਾਰੋ ਏਦਾਂ ਰੋਜ਼ ਉਛਾਲੋ ਨਾ, ਖਿੰਡ ਜਾਵਾਂਗਾ ਇਕ ਦਿਨ ਹਵਾ 'ਚ ਆ ਕੇ ਮੈਂ। ਇਕ ਵਾਰ ਹੀ ਰੀਸ ਕਰੀ ਸੀ ਦਰਿਆ ਦੀ ਬੈਠ ਗਿਆ ਹਾਂ ਸਾਰਾ ਜਿਸਮ ਸੁਕਾ ਕੇ ਮੈਂ। ਜਦ ਇਹ ਭਾਰ ਨਾ ਮੈਥੋਂ ਚੁਕਿਆ ਜਾਵੇਗਾ ਸੁੱਟ ਦਿਆਂਗਾ ਵਿਚ ਦਰਿਆ ਦੇ ਜਾ ਕੇ ਮੈਂ। ਮੇਰੇ ਸਾਹਵੇਂ ਆਵਣ ਤੇ ਹੀ ਤਿੜਕ ਗਿਆ ਸ਼ੀਸ਼ੇ ਨੂੰ ਸੀ ਦੇਖ ਲਿਆ ਮੁਸਕਾ ਮੈਂ । ਮੇਰਾ ਅਪਣਾ ਚਿਹਰਾ ਯਾਰੋ ਕੋਈ ਨਹੀਂ ਫਿਰਦਾਂ ਰੋਜ਼ ਪਰਾਏ ਚਿਹਰੇ ਲਾ ਕੇ ਮੈਂ । ਜਦ ਮੈਂ ਅਪਣੇ ਘਰ ਵੀ 'ਨਿਰਧਨ' ਮਿਲਿਆ ਨਾ ਅਪਣੀ ਭਾਲ ਕਰੀ ਫਿਰ ਜੰਗਲੀਂ ਜਾ ਕੇ ਮੈਂ ।

ਰੌਸ਼ਨੀ ਥੀਂ ਨ੍ਹਾ ਕੇ ਜਦ ਮੈਂ ਪਹਿਨਿਆ

ਰੌਸ਼ਨੀ ਥੀਂ ਨ੍ਹਾ ਕੇ ਜਦ ਮੈਂ ਪਹਿਨਿਆ ਅਪਣਾ ਲਿਬਾਸ। ਮੇਰੇ 'ਚੋਂ ਇਕ ਮਹਿਕਦੀ ਹੁਈ ਕਲੀ ਦੀ ਆਉਂਦੀ ਸੀ ਬਾਸ। ਮੈਂ ਜੋ ਇਸ ਵਿਚ ਡੁੱਬਿਆ ਹਾਂ ਦੋਸ਼ ਨਹੀਂ ਮੇਰਾ ਕੋਈ, ਖ਼ੁਦ ਸਮੁੰਦਰ ਉਛਲ ਕੇ ਹੀ ਆ ਗਿਆ ਸੀ ਮੇਰੇ ਪਾਸ। ਮਾਰੂਥਲ 'ਚੋਂ ਨਿਕਲ ਕੇ ਸਾਂ ਕੋਲ ਦਰਿਆ ਦੇ ਗਏ, ਏਥੇ ਵੀ ਸੀ ਰੇਤ ਤਪਦੀ, ਏਥੇ ਵੀ ਨਾ ਬੁਝੀ ਪਿਆਸ । ਜਦ ਵੀ ਆਈ ਉਦੋਂ ਹੀ ਝੱਖੜ ਉਡਾ ਕੇ ਲੈ ਗਿਆ ਮੇਰੇ ਤੇ ਬਰਸੇਗੀ ਬਦਲੀ ਹੋਈ ਨਾ ਇਹ ਪੂਰੀ ਆਸ । ਹੋਰ ਖੌਰੇ ਕਿਹੜੀਆਂ ਸਿਖਰਾਂ 'ਚ ਚਾਹੁੰਦੈ ਉਡਣਾ, ਪੌਣ ਦੀ ਬੁੱਕਲ ਵੀ ਤਾਂ ਦਿਲ ਮੇਰੇ ਨੂੰ ਆਈ ਨਾ ਰਾਸ। ਏਥੇ ਵੀ ਹੈ ਅੱਗ ਬਰਸੀ ਤੁਹਮਤਾਂ ਦੀ ਮੇਰੇ 'ਤੇ ਮੈਂ ਉਮੀਦਾਂ ਦੇ ਨਗਰ ਵਿਚ ਵੀ ਰਿਹਾ ਹੋ ਕੇ ਉਦਾਸ । ਇਕ ਠੋਕਰ ਨਾਲ ਹੀ ‘ਨਿਰਧਨ' ਮੈਂ ਏਦਾਂ ਖਿੰਡ ਗਿਆ ਟੁੱਟ ਕੇ ਖਿੰਡ ਜਾਂਦੈ ਜਿਵੇਂ ਕੱਚ ਦਾ ਖ਼ਾਲੀ ਗਿਲਾਸ।

ਸੂਰਜ ਦਾ ਅਕਸ ਪਾਣੀ ਵਿਚ

ਸੂਰਜ ਦਾ ਅਕਸ ਪਾਣੀ ਵਿਚ ਏਦਾਂ ਸੀ ਦਿਸ ਰਿਹਾ । ਹੁੰਦਾ ਹੈ ਸਾਇਆ ਜਿਸ ਤਰ੍ਹਾਂ ਇਕ ਜਲਦੇ ਸ਼ਖ਼ਸ ਦਾ। ਮੈਨੂੰ ਹਵਾ ਉਡਾਈ ਫਿਰੀ ਅੰਬਰ ਤੇ ਇਸ ਤਰ੍ਹਾਂ ਮੈਂ ਵੀ ਪਤੰਗ ਹੁੰਦਾ ਹਾਂ ਕੋਈ ਜਿਕੂੰ ਟੁੱਟਿਆ। ਲੁਕਿਆ ਰਿਹਾ ਮੈਂ ਜਿਸਮ ਦੀ ਚਾਦਰ 'ਚ ਉਮਰ ਭਰ ਬਾਹਰ ਨਿਕਲ ਕੇ ਸਾਇਆ ਵੀ ਅਪਣਾ ਨਾ ਦੇਖਿਆ। ਲੱਗੇ ਨੇ ਦਾਗ਼ ਰੰਗਾਂ ਦੇ ਏਨੇ ਲਿਬਾਸ 'ਤੇ ਫੁੱਲਾਂ ਦਾ ਸ਼ੌਕ ਵੀ ਮਿਰੇ ਹੁਣ ਦਿਲ 'ਚੋਂ ਹਟ ਗਿਆ । ਪਲ ਭਰ ਲਈ ਵੀ ਧੁੱਪ ਦਾ ਮਿਲਿਆ ਨਾ ਏਥੇ ਨਿੱਘ ਸੂਰਜ ਦੇ ਸ਼ਹਿਰ ਵਿਚ ਵੀ ਫਿਰਦਾਂ ਮੈਂ ਠਿਠਰਿਆ । ਆਈ ਸਦਾਅ ਨਾ ਕੋਈ ਵੀ ਅਪਣੇ ਮਕਾਨ 'ਚੋਂ ਬਾਹਰ ਖੜ੍ਹਾ ਮੈਂ ਦਸਤਕਾਂ ਦੇ ਦੇ ਕੇ ਬਹਿ ਗਿਆ। ਉਠੋ ਕਿ ਜਾ ਕੇ ਦੇਖੀਏ ਰੌਣਕ ਬਜ਼ਾਰ ਦੀ ‘ਨਿਰਧਨ' ਦੇ ਕਮਰੇ ਵਿਚ ਹੁਣ ਯਾਰੋ ਹੈ ਕੀ ਪਿਆ।

ਮਾਤ ਮੈਂ ਕਈ ਸੂਰਜਾਂ ਨੂੰ ਪਾ ਗਿਆ

ਮਾਤ ਮੈਂ ਕਈ ਸੂਰਜਾਂ ਨੂੰ ਪਾ ਗਿਆ। ‘ਚੰਦ' ਦਾ ਕੀ ਸਾਇਆ ਮੇਰੇ ਤੇ ਪਿਆ। ਲੋਕ ਐਵੇਂ ਝੂਠ ਨੇ ਪਏ ਬੋਲਦੇ, ਡੁੱਬਦਾ ਸੂਰਜ ਹੈ ਕੀਹਨੇ ਦੇਖਿਆ । ਕੋਈ ਵੀ ਕਿਸ਼ਤੀ ਨਾ ਡੁੱਬੀ ਏਸ ਵਿਚ ਇਹ ਸਮੁੰਦਰ ਤਾਂ ਬੜਾ ਹੀ ਉਛਲਿਆ। ਚੁਣ ਲਿਆ ਸੀ ਬਾਗ਼ ਵਿਚੋਂ ਇਕ ਫੁੱਲ ਪੱਤਾ ਪੱਤਾ ਮੇਰਾ ਵੈਰੀ ਬਣ ਗਿਆ। ਬਰਸ ਗਈ ਸੀ ਜਦੋਂ ਬਿਜਲੀ ਚਾਣ ਚੱਕ ਜਿਸਮ ਮੇਰਾ ਵੀ ਸੀ ਕੁਝ ਕੁਝ ਭਿੱਜਿਆ । ਫਿਰ ਨਾ ਮੁੜ ਕੇ ਕੋਈ ਵੀ ਖਿੜਿਆ ਗੁਲਾਬ ਫਿਰ ਨਾ ਕਾਲਰ ਤੇ ਕੋਈ ਫੁੱਲ ਟੰਗਿਆ। ਦੱਸ ‘ਨਿਰਧਨ’ ਕਦੋਂ ਆਵੇਗਾ ਉਹ ਦਿਨ ਜਦੋਂ ਲੱਗੇਗਾ ਇਹ ਮੌਸਮ ਬਦਲਿਆ ।

ਅਕਸ ਸੂਰਜ ਦਾ ਮਿਰੇ ਸ਼ੀਸ਼ੇ 'ਚ ਹੈ

ਅਕਸ ਸੂਰਜ ਦਾ ਮਿਰੇ ਸ਼ੀਸ਼ੇ 'ਚ ਹੈ ਜਦ ਵੀ ਪਿਆ। ਮੈਂ ਹਜ਼ਾਰਾਂ ਰੰਗਾਂ ਦੇ ਵਿਚ ਅਪਣਾ ਚਿਹਰਾ ਦੇਖਿਆ । ਦੋ ਸਫ਼ੈਦੇ ਦੇ ਸੀ ਬੂਟੇ ਮਿਲਣ ਖ਼ਾਤਰ ਲੋਚਦੇ, ਪਰ ਵਿਚਾਲੇ ਉਨ੍ਹਾਂ ਦੇ ਇਕ ਰੁੱਖ ਕਾਲਾ ਉਗ ਪਿਆ। ਕੱਲ੍ਹ ਯਾਰੋ ਡਿਗ ਪਿਆ ਸੀ ਜਿਹੜਾ ਨੀਲੀ ਝੀਲ ਵਿਚ ਬਾਹਰ ਆ ਕੇ ਜ਼ਰਦ ਤੋਂ ਉਹ ਸਬਜ਼ ਰੰਗਾ ਹੋ ਗਿਆ। ਜਦ ਕਦੇ ਵੀ ਸ਼ਰਬਤੀ ਉਹ ਪਹਿਨ ਕੇ ਆਇਆ ਲਿਬਾਸ ਅਪਣੀਆਂ ਅੱਖਾਂ 'ਚ ਓਦੋਂ ਰੰਗ ਪਿਆਜ਼ੀ ਲੱਗਿਆ। ਚੰਪਈ ਖ਼ੁਸ਼ਬੂ ਰਹੀ ਕਮਰੇ 'ਚ ਮੇਰੇ ਮਹਿਕਦੀ ਮੈਂ ਬਥੇਰਾ ਸੁਰਖ਼ ਹੋਇਆ ਪਰ ਗਿਆ ਨਾ ਲਿਪਟਿਆ । ਸ਼ਾਮ ਵੇਲੇ ਹੋ ਗਿਆ ਜਦ ਕਿਰਮਚੀ ਸੂਰਜ ਦਾ ਰੰਗ ਸੁਰਮਈ ਬਦਲੀ ਨੇ ਫਿਰ ਬੁੱਕਲ 'ਚ ਉਹਨੂੰ ਲੈ ਲਿਆ। ਅੱਜ ਵੀ ਹੈ ਯਾਦ ‘ਨਿਰਧਨ’ ਕਿ ਗੁਲਾਬੀ ਰਾਤ ਨੂੰ ਇਕ ਸੁਨਹਿਰੀ ਰੌਸ਼ਨੀ ਦਾ ਮੇਰੇ 'ਤੇ ਸਾਇਆ ਪਿਆ।

ਸਵਾ ਨੇਜ਼ੇ ਉਤੇ ਸੂਰਜ ਆ ਗਿਆ

ਸਵਾ ਨੇਜ਼ੇ ਉਤੇ ਸੂਰਜ ਆ ਗਿਆ। ਆਦਮੀ ਨੂੰ ਆਦਮੀ ਨੇ ਖਾ ਲਿਆ। ਸਾਰੀਆਂ ਕੂੰਟਾਂ ਨੂੰ ਕਾਲਾ ਕਰ ਗਿਆ ਉਹ ਧੂੰਆਂ ਜੋ ਮੇਰੇ ਦਿਲ 'ਚੋਂ ਉਠਿਆ । ਇਹ ਕਿਨ੍ਹਾਂ ਲੋਕਾਂ ਦੀ ਬਸਤੀ ਹੈ ਕਿ ਮੈਂ ਸਿਰ ਕਿਸੇ ਦੇ ਧੜ ਤੇ ਵੀ ਨਾ ਦੇਖਿਆ। ਰਾਖ ਉੱਡਣ ਲੱਗ ਪਈ ਸੀ ਜਿਸਮ ਦੀ ਜਲ ਕੇ ਸਾਂ ਮੈਂ ਜਦੋਂ ਠੰਡਾ ਹੋ ਗਿਆ। ਇਕ ਘਰ ਦੇ ਸਾਹਮਣੇ ਇਕ ਫੂਲਦਾਨ ਕਿਰਚਾਂ ਕਿਰਚਾਂ ਹੋ ਕੇ ਸੀ ਖਿੰਡਿਆ ਪਿਆ। ਹੁਣ ਵੀ ਦਿਨ ਚੜ੍ਹਦੈ ਤੇ ਸੂਰਜ ਡੁੱਬਦੈ, ਸੌਣ ਵਾਲਾ ਪਰ ਨਾ ਮੁੜ ਕੇ ਜਾਗਿਆ। ਬੱਸ ਇੱਕੋ ਰੌਸ਼ਨੀ ਦੇ ਬੁਝਣ ਤੇ ਘਰ ਵੀ ‘ਨਿਰਧਨ' ਲੱਗਦਾ ਹੈ ਉਜੜਿਆ ।

ਮਛਲੀ ਇਕ ਦਰਿਆ ਦੀ

ਮਛਲੀ ਇਕ ਦਰਿਆ ਦੀ । ਤਰਿਹਾਈ ਹੀ ਮਰ ਗਈ। ਤੇਜ਼ ਹਵਾ ਹੈ ਫੇਰ ਵੀ ਅੱਗ ਨਾ ਦਿੱਸੇ ਸੁਲਘਦੀ । ਇੱਕ ਫੁੱਲ ਦੀ ਛਾਂਉਂ ਹੇਠ ਤਿਤਲੀ ਲੇਟੀ ਪਈ ਸੀ। ਬੇਭਾਗੇ ਹਾਂ ਨਾ ਪੜ੍ਹੀ 'ਧੁੱਪ ਦਰਿਆ ਦੀ ਦੋਸਤੀ'। ਰਾਤਾਂ ਨੂੰ ਵੀ ਸੁਲਘਿਆ ਕਿਸਮਤ, ਹਾਏ, ਦਰਿਆ ਦੀ ! ਅੰਨ੍ਹੇ ਹੋ ਕੇ ਬਹਿ ਗਏ ਕਾਹਦੀ ਦੇਖੀ ਰੌਸ਼ਨੀ । ‘ਨਿਰਧਨ' ਰਾਤੀਂ ਲੁਟ ਗਿਆ ਇਕ ਵਿਚਾਰਾ ਅਜਨਬੀ ।

ਸੜਕਾਂ ਉਤੇ ਤਰਦੀਆਂ ਹੋਈਆਂ

ਸੜਕਾਂ ਉਤੇ ਤਰਦੀਆਂ ਹੋਈਆਂ ਮਛਲੀਆਂ। ਸਾਰੀਆਂ ਹੀ ਬਸ ਪਿਆਸੀਆਂ ਲੱਗੀਆਂ ਮਛਲੀਆਂ। ਭਰਿਆ ਹੋਇਆ ਸਮੁੰਦਰ ਸੀ ਪਿਆ ਉਛਲਦਾ, ਤੜਫ ਰਹੀਆਂ ਸਨ ਕੰਢੇ ਖੜ੍ਹੀਆਂ ਮਛਲੀਆਂ। ਦੀਵਾਰਾਂ 'ਤੇ ਸਾਏ ਬਣ ਬਣ ਉਭਰੀਆਂ ਇਕ ਉਤਸਵ ਵਿਚ ਰੰਗ ਬਰੰਗੀਆਂ ਮਛਲੀਆਂ। ਜਾਣੀ ਰੰਗ ਵਿਚ ਹੁਣੇ ਹੁਣੇ ਨੇ ਨ੍ਹਾਤੀਆਂ ਲੱਗੀਆਂ ਨੇ ਦੋ ਭਿਜੀਆਂ ਭਿਜੀਆਂ ਮਛਲੀਆਂ । ਲੱਗ ਰਹੀਆਂ ਸਨ ਵਿਚ ਹਵਾ ਦੇ ਉਡਦੀਆਂ ਛੱਤਾਂ ਉਤੇ ਤੁਰਦੀਆਂ ਫਿਰਦੀਆਂ ਮਛਲੀਆਂ। ਮੈਂ ਤਾਂ ਜਿਕੂੰ ਸੁਕਿਆ ਹੋਇਆ ਸਮੁੰਦਰ ਹਾਂ ਕਦੇ ਨਾ ਏਧਰ ਤੈਰਨ ਆਈਆਂ ਮਛਲੀਆਂ। ਸੋਚਾਂ ਬਣ ਕੇ ਸਾਨੂੰ ‘ਨਿਰਧਨ' ਚਿਮਟੀਆਂ ਮਛਲੀਆਂ । ਖੂਨ ਅਸਾਡਾ ਨੇ ਪੀ ਰਹੀਆਂ ਮਛਲੀਆਂ ।

ਝੀਲ ਦੇ ਸੀ ਕੰਢੇ ਖੜ੍ਹ ਕੇ

ਝੀਲ ਦੇ ਸੀ ਕੰਢੇ ਖੜ੍ਹ ਕੇ ਜੋ ਤਮਾਸ਼ਾ ਦੇਖਦੇ । ਡੁੱਬਦੀਆਂ ਕਿਸ਼ਤੀਆਂ ਨੂੰ ਦੇਖ ਕੇ ਉਹ ਰੋ ਪਏ। ਰੌਸ਼ਨੀ ਦਾ ਕਹਿਰ ਵੀ ਕਿੰਨਾ ਹਨੇਰਾ ਕਰ ਗਿਆ ਇੱਕ ਦੂਜੇ ਸੰਗ ਹਾਂ ਸਭ ਠੋਕਰਾਂ ਖਾ ਖਾ ਤੁਰੇ । ਰੋਜ਼ ਹੀ ਤਾਂ ਨਾਂ ਮਿਰਾ ਲੈ ਕੇ ਹੈ ਮੈਨੂੰ ਸੱਦਦਾ ਭੇਤ ਖੌਰੇ ਦਿਲ 'ਚ ਕੀ ਹੈ ਚੜ੍ਹੇ ਹੋਏ ਦਰਿਆ ਦੇ । ਖਿੰਡ ਗਈਆਂ ਧਰਤੀ ਉਤੇ ਜਿਉਂ ਸੁਨਹਿਰੀ ਪੱਤੀਆਂ ਰਾਤ ਪਿਆ ਸੀ ਭੁਲੇਖਾ ਰੁੱਖ ਦੇ ਇਕ ਸਾਏ 'ਤੇ । ਜਿਹੜੇ ਵੀ ਜਾ ਬੈਠੇ ਛਿਣ ਭਰ ਤਿਤਲੀਆਂ ਦੇ ਸਾਏ ਵਿਚ ਉਮਰ ਭਰ ਹੀ ਲੋਕ ਉਹ ਫਿਰ ਧੁੱਪ ਵਿਚ ਸੜਦੇ ਰਹੇ। ਜਿਹੜੇ ਜਿਹੜੇ ਹਾਦਸੇ ਵੀ ਨਾਲ ਬੀਤੇ ਨੇ ਮਿਰੇ ਧਰ ਗਿਆ ਹਾਂ ਉਨ੍ਹਾਂ ਨੂੰ ਮੈਂ ਕਾਗ਼ਜ਼ਾਂ ਤੇ ਲੀਕ ਕੇ । ਕਾਲੇ ਕੋਹਾਂ ਦਾ ਸਫ਼ਰ ਵੀ ਕਰ ਲਿਆ ਪਰ ਫੇਰ ਵੀ ਮਿਟ ਸਕੇ ਨਾ ਤੇਰੇ ਮੇਰੇ ਵਿਚਲੇ 'ਨਿਰਧਨ' ਫ਼ਾਸਲੇ ।

ਨਵੇਂ ਕੈਲੰਡਰਾਂ ਨਾਲ ਸਜਾਈਆਂ

ਨਵੇਂ ਕੈਲੰਡਰਾਂ ਨਾਲ ਸਜਾਈਆਂ ਅਪਣੇ ਘਰ ਦੀਆਂ ਦੀਵਾਰਾਂ। ਤਾਂ ਕੁਝ ਦੇਖਣ ਜੋਗੀਆਂ ਹੋਈਆਂ ਕਾਲੀਆਂ ਮੈਲੀਆਂ ਦੀਵਾਰਾਂ । ਜਿਧਰ ਜਾਈਏ ਕਦਮ ਕਦਮ ਤੇ ਸਾਡੇ ਸੰਗ ਟਕਰਾਉਂਦੀਆਂ ਨੇ ਸ਼ਹਿਰਾਂ ਅੰਦਰ ਸ਼ੀਸ਼ੇ ਵਰਗੀਆਂ ਤੁਰਦੀਆਂ ਫਿਰਦੀਆਂ ਦੀਵਾਰਾਂ। ਜਿਹੜਾ ਸਾਏ ਹੇਠ ਇਨ੍ਹਾਂ ਦੇ ਬਹਿ ਗਿਆ ਮੁੜ ਕੇ ਉਠਿਆ ਨਹੀਂ ਸੱਪਾਂ ਵਾਂਗ ਨੇ ਡੰਗ ਜਾਂਦੀਆਂ ਸਿਧਰੀਆਂ ਪਧਰੀਆਂ ਦੀਵਾਰਾਂ। ਦੂਰੋਂ ਖੜ੍ਹ ਕੇ ਤੱਕੀਆਂ ਤਾਂ ਇਹ ਸਰਦ ਠੰਡੀਆਂ ਲੱਗੀਆਂ ਨੇ ਨੇੜੇ ਹੋ ਕੇ ਛੋਹੀਆਂ ਲੱਗੀਆਂ ਤਪਦੀਆਂ ਭਖਦੀਆਂ ਦੀਵਾਰਾਂ। ਦੋ ਸਾਏ ਜਦ ਬਹਿ ਕੇ ਇਸ ਵਿਚ ਰੰਗਾਂ ਦੀ ਗੱਲ ਕਰਦੇ ਸਨ ਇਹਨਾਂ ਵਿਚ ਸਨ ਘਿਰੀਆਂ ਹੋਈਆਂ ਕਮਰੇ ਵਿਚਲੀਆਂ ਦੀਵਾਰਾਂ । ਜਦ ਵੀ ਡੁੱਬਣਾ ਚਾਹਿਆ ਹੈ ਮੈਂ ਇਹਨਾਂ ਡੁੱਬਣ ਦਿੱਤਾ ਨਾ ਮੇਰੇ ਲਈ ਦਰਿਆ 'ਚੋਂ ਉਠਦੀਆਂ ਲਹਿਰਾਂ ਬਣੀਆਂ ਦੀਵਾਰਾਂ। ਅੱਧੀ ਸਦੀ ਤੋਂ ਜਿਹੜੀਆਂ 'ਨਿਰਧਨ' ਸਿਰ ਤੇ ਤਣੀਆਂ ਹੋਈਆਂ ਨੇ ਪਤਾ ਨਹੀਂ ਹੁਣ ਕਦ ਡਿਗ ਜਾਵਣ ਛੱਤਾਂ ਵਰਗੀਆਂ ਦੀਵਾਰਾਂ ।

ਫਿਊਜ਼ ਹੋਏ ਬੱਲਬ ਦਾ ਚਾਨਣ

ਫਿਊਜ਼ ਹੋਏ ਬੱਲਬ ਦਾ ਚਾਨਣ ਕਮਰੇ ਅੰਦਰ ਫੈਲ ਗਿਆ। ਡੁੱਬ ਗਏ ਸੂਰਜ ਦਾ ਚਿਹਰਾ ਰਾਤੀਂ ਸੀ ਜਦ ਯਾਦ ਆਇਆ। ਅੱਜ ਅਚਾਨਕ ਡੰਗ ਲਿਆ ਉਹ ਇਕ ਹਨੇਰੇ ਰਸਤੇ ਨੇ ਕੱਲ੍ਹ ਤਕ ਚਾਨਣ ਵਿਚ ਸੀ ਜਿਹੜਾ ਮੇਰੇ ਨਾਲੋ ਨਾਲ ਰਿਹਾ। ਉੱਡ ਰਿਹਾ ਹਾਂ ਬੰਨ੍ਹ ਕੇ ਅਪਣੇ ਆਪ ਨੂੰ ਨਾਲ ਹਵਾਵਾਂ ਦੇ ਤੁਰਦਾ ਫਿਰਦਾ ਤੱਕ ਰਿਹਾ ਹਾਂ ਧਰਤੀ ਤੇ ਅਪਣਾ ਸਾਇਆ। ਸਦੀਆਂ ਤੋਂ ਹੀ ਫੜਨਾ ਚਾਹੁੰਨਾ ਮੈਂ ਅਪਣੇ ਪਰਛਾਵੇਂ ਨੂੰ ਜਦ ਵੀ ਇਸ ਨੂੰ ਫੜਿਆ ਯਾਰੋ ਰੇਤਾ ਹੀ ਬਸ ਹੱਥ ਆਇਆ। ਇਕ ਇਕ ਕਰ ਕੇ ਡੁੱਬ ਜਾਣਗੇ ਤਾਰੇ ਜਦੋਂ ਸਮੁੰਦਰ ਵਿਚ ਚਹੁੰ ਕੂੰਟਾਂ ਵਿਚ ਨ੍ਹੇਰਾ ਹੋਸੀ ਇਕ ਅਣਡਿੱਠੇ ਰੰਗ ਵਾਲਾ । ਐਸਾ ਵੀ ਦਿਨ ਆਵੇਗਾ ਜਦ ਅੰਬਰ ਸੂਰਜ ਨਿਗਲੇਗਾ ਪੀਲੀ ਬਾਰਸ਼ ਹੋਵੇਗੀ ਤੇ ਸੁੱਕੇ ਹੋਵਣਗੇ ਦਰਿਆ। ਭਰੀ ਸਭਾ 'ਚੋਂ ਮਿਲੀ ਸਜ਼ਾ ਜਦ ‘ਨਿਰਧਨ' ਮੈਨੂੰ ਪੱਥਰਾਂ ਦੀ ਕੋਈ ਵੀ ਨਾ ਆਇਆ ਮੇਰੇ ਪੱਥਰ ਮਾਰਨ ਲਈ ਪਹਿਲਾ।

ਦੇਖਿਆ ਜਦ ਵੀ ਕਦੇ ਮੈਂ

ਦੇਖਿਆ ਜਦ ਵੀ ਕਦੇ ਮੈਂ ਚੰਪਈ ਫੁੱਲ ਦਾ ਬਦਨ । ਯਾਦ ਆਇਆ ਹੈ ਉਦੋਂ ਹੀ ਮਹਿਕਦਾ ਤੇਰਾ ਬਦਨ । ਖ਼ਾਬ ਅਣ-ਪੁੱਗੇ ਕਈ ਹੱਥਾਂ 'ਚ ਪੱਥਰ ਲਈ ਖੜ੍ਹੇ ਸੋਚਦਾਂ ਹੁਣ ਸਾਂਭ ਕੇ ਰੱਖਾਂ ਕਿਵੇਂ ਅਪਣਾ ਬਦਨ ਮੈਂ ਤਾਂ ਬਾਹਰ ਫਿਰ ਰਿਹਾ ਸਾਂ ਰੌਸ਼ਨੀ ਦੀ ਭਾਲ ਵਿਚ ਮੇਰੇ ਬਿਸਤਰ ਤੇ ਸੀ ਖੌਰੇ ਲੇਟਿਆ ਕਿਸ ਦਾ ਬਦਨ । ਸ਼ਾਮ ਤੋਂ ਵੀ ਬਾਦ ਨਾ ਆਇਆ ਜਦੋਂ ਮੈਂ ਏਸ ਵਿਚ ਮੇਰੇ ਗ਼ਮ ਵਿਚ ਹੋ ਗਿਆ ਕਮਰੇ ਦਾ ਫਿਰ ਕਾਲਾ ਬਦਨ । ਮੈਂ ਵੀ ਇਸ ਦੇ ਨਾਲ ਹੀ ਸਾਂ ਪੈਰਾਂ ਤੀਕਰ ਕੰਬਿਆ ਛੂਹ ਲਿਆ ਸੀ ਜਦ ਗੁਲਾਬੀ ਟਾਹਣੀ ਦਾ ਕੂਲਾ ਬਦਨ । ਸ਼ਾਇਦ ‘ਨਿਰਧਨ' ਏਸ ਵਿਚ ਖ਼ੁਸ਼ਬੂ ਸੀ ਜਿਹੜੀ ਉੜ ਗਈ ਹੁਣ ਕਦੇ ਸੁਣਦਾ ਨਹੀਂ ਆਹਟ ਇਹਦੀ ਮੇਰਾ ਬਦਨ ।

ਭਾਵੇਂ ਕਦਮ ਕਦਮ ਤੇ ਮਿਲਿਆ

ਭਾਵੇਂ ਕਦਮ ਕਦਮ ਤੇ ਮਿਲਿਆ ਛਾਵਾਂ ਭਰਿਆ ਰਾਹ। ਧੁੱਪ ਬਿਨਾ ਪਰ ਔਖਾ ਹੋਇਆ ਸਫ਼ਰ 'ਚ ਲੈਣਾ ਸਾਹ । ਜਿਹੜਾ ਦਰਿਆ ਅੱਖਾਂ ਵਿਚ ਮੈਂ ਅੱਜ ਤੱਕ ਰੱਖਿਆ ਰੋਕ ਪਤਾ ਨਹੀਂ ਕਦ ਹੜ੍ਹ ਬਣ ਜਾਵੇ ਇਸਦਾ ਨਹੀਂ ਵਿਸਾਹ। ਕੜੀ ਦੁਪਹਿਰ ਦੀਆਂ ਧੁੱਪਾਂ ਨੇ ਸੜਕਾਂ ਦਿਤੀਆਂ ਸਾੜ ਦੇਖ ਕੇ ਰੰਗ ਇਨ੍ਹਾਂ ਦਾ ਕਾਲਾ ਦਿਲ 'ਚੋਂ ਨਿਕਲੇ ਆਹ । ਮਲ ਕੇ ਕਾਲਖ਼ ਚਿਹਰਿਆਂ ਉਤੇ ਹੁਣ ਤਾਂ ਗਏ ਹਾਂ ਸੌਂ ਭਲਕੇ ਉਠ ਕੇ ਯਾਦ ਕਰਾਂਗੇ ਕੀਤੇ ਹੋਏ ਗੁਨਾਹ । ਸੜਕਾਂ ਦਰਿਆ ਬਣੀਆਂ, ਗਏ ਹਾਂ ਗਲ ਗਲ ਤੀਕਰ ਡੁੱਬ ਐਵੇਂ ਮੀਂਹ ਵਿਚ ਕੁੱਦ ਪਏ ਸਾਂ ਹੋ ਕੇ ਬੇਪਰਵਾਹ । ਕਿੰਨੀ ਵਾਰ ਹਵਾ ਹੈ 'ਨਿਰਧਨ' ਰੋਜ਼ ਬਦਲਦੀ ਰੰਗ ਜ਼ਿਹਨ ਦੀ ਖਿੜਕੀ ਖੋਲ੍ਹ ਕੇ ਰੱਖ ਜੇ ਦੇਖਣ ਦੀ ਹੈ ਚਾਹ ।

ਰਾਤ ਕਿਹੜੀ ਹੈ ਜਦੋਂ ਉਹ ਖ਼ਾਬ ਵਿਚ

ਰਾਤ ਕਿਹੜੀ ਹੈ ਜਦੋਂ ਉਹ ਖ਼ਾਬ ਵਿਚ ਆਇਆ ਨਹੀਂ । ਅੱਜ ਤੱਕ ਜਿਸ ਸ਼ਖ਼ਸ ਦਾ ਵੀ ਤੱਕਿਆ ਸਾਇਆ ਨਹੀਂ । ਇਕ ਉਮਰ ਤੋਂ ਦੇਖਦਾ ਹਾਂ ਏਸ ਸੁੱਕੀ ਝੀਲ ਵਿਚ ਬਾਰਸ਼ਾਂ ਹੋਵਣ ਤੇ ਵੀ ਪਾਣੀ ਕਦੇ ਆਇਆ ਨਹੀਂ। ਮੈਂ ਵੀ ਯਾਰੋ ਤਰਸਦਾ ਹਾਂ ਮੈਨੂੰ ਵੀ ਛੂਹੋ ਕਦੀ, ਪਕੜ ਵਿਚ ਆਉਂਦਾ ਨਹੀਂ ਜਿਹੜਾ ਮੈਂ ਉਹ ਸਾਇਆ ਨਹੀਂ। ਇਕ ਸਮੇਂ ਤੋਂ ਮਹਿਕਦਾ ਹੈ ਮੇਰੀਆਂ ਪਲਕਾਂ ਤੇ ਜੋ ਉਹ ਕਿਸੇ ਮੌਸਮ 'ਚ ਵੀ ਤਾਂ ਫੁੱਲ ਕੁਮਲਾਇਆ ਨਹੀਂ । ਸੱਤ ਰੰਗਾਂ ਵਿਚ ਵੀ ਮੈਂ ਡੁੱਬ ਕੇ ਕੋਰਾ ਰਿਹਾ ਕੋਈ ਵੀ ਤਾਂ ਰੰਗ ਮੇਰੀ ਸੋਚ ਤੇ ਛਾਇਆ ਨਹੀਂ। ਦਿਲ 'ਚ ਰਹਿ ਕੇ ਵੀ ਤੂੰ 'ਨਿਰਧਨ' ਅਜਨਬੀ ਵਾਂਗੂੰ ਰਿਹਾ ਸਾਂਝ ਦਾ ਇਕ ਪਲ ਵੀ ਤੈਂ ਝੋਲੀ ਮੇਰੀ ਪਾਇਆ ਨਹੀਂ ।

ਸ਼ਾਮ ਦੀ ਸਰਦਲ ਤੇ ਬਹਿ ਕੇ

ਸ਼ਾਮ ਦੀ ਸਰਦਲ ਤੇ ਬਹਿ ਕੇ ਹੈ ਸੂਰਜ ਨੇ ਨਿਤ ਸੋਚਿਆ। ਕਦੀ ਕਿਸੇ ਨੇ ਮੇਰੇ ਜਲਣ ਦਾ ਭੇਤ ਨਾ ਅੱਜ ਤੱਕ ਜਾਣਿਆ। ਜਿਸ ਦੀਆਂ ਛੱਲਾਂ ਸਿੰਜਦੀਆਂ ਸਨ ਮੇਰੀ ਜੀਵਨ ਖੇਤੀ ਨੂੰ ਹੁਣ ਤਾਂ ਉਸ ਦਰਿਆ ਨੇ ਵੀ ਮੂੰਹ ਮੇਰੀ ਵੱਲੋਂ ਮੋੜ ਲਿਆ। ਕਹਿੰਦੇ ਨੇ ਕਿ ਇਹ ਤਾਂ ਦਿਨੇ ਦਿਨੇ ਹੀ ਜਲ ਕੇ ਬੁਝ ਜਾਂਦੈ ਮੇਰੇ ਘਰ ਅੰਦਰ ਤਾਂ ਸੂਰਜ ਰਾਤਾਂ ਨੂੰ ਵੀ ਹੈ ਜਲਿਆ। ਹਾਲੇ ਤਕ ਤਾਂ ਸਤਰ ਸੁਨਹਿਰੀ ਇਕ ਵੀ ਇਸ 'ਚੋਂ ਮਿਲੀ ਨਹੀਂ ਜੀਵਨ ਦੀ ਪੁਸਤਕ ਨੂੰ ਮੈਂ ਅਠਤਾਲੀ ਸਫ਼ਿਆਂ ਤਕ ਪੜ੍ਹਿਆ। ਸ਼ਾਇਸ ਓਸੇ ਹੀ ਦਿਨ ਤੋਂ ਰੁੱਤ ਉੱਗ ਆਵੇਗੀ ਚਾਨਣ ਦੀ ਕਾਲੀ ਨੀਂਦਰ ਦੀ ਚਾਦਰ ਮੈਂ ਤਾਣ ਕੇ ਜਿਸ ਦਿਨ ਲੇਟ ਗਿਆ। ਇਸ ਦੀਆਂ ਕੰਧਾਂ ਤੇ ਮੈਂ ਤੱਕਿਐ ਨ੍ਹੇਰੇ ਦੇ ਪਰਛਾਵੇਂ ਨੂੰ ਅੱਜ ਤਾਂ ਅਪਣੇ ਕਮਰੇ 'ਚੋਂ ਹੈ 'ਨਿਰਧਨ' ਮੈਨੂੰ ਡਰ ਲੱਗਿਆ ।

ਪੀੜ ਉਠੀ ਜਦ ਵੀ ਕੋਈ

ਪੀੜ ਉਠੀ ਜਦ ਵੀ ਕੋਈ ਖੋਲ੍ਹ ਲਈ ਦਿਲ ਦੀ ਕਿਤਾਬ। ਰਾਤ ਭਰ ਹੀ ਜਾਗ ਕੇ ਬਸ ਪੜ੍ਹ ਲਿਆ ਇਕ ਇਕ ਬਾਬ। ਕੋਰੇ ਮੇਰੇ ਕੱਪੜੇ ਜੋ ਭਿਉਂ ਗਈ ਸੀ ਉਛਲ ਕੇ, ਇਕ ਸੁਨਹਿਰੀ ਨਦੀ ਦੇ ਮੈਂ ਤੱਕਦਾ ਹਾਂ ਰੋਜ਼ ਖ਼ਾਬ । ਆਓ ਯਾਰੋ, ਹੋਰ ਕੁਝ ਚਿਰ ਸਿਫ਼ਤ ਕਰੀਏ ਇਨ੍ਹਾਂ ਦੀ ਫੇਰ ਤਾਂ ਹੈ ਉੱਡ ਜਾਣੀ ਕਾਗ਼ਜ਼ੀ ਫੁੱਲਾਂ ਦੀ ਤਾਬ । ਆਇਆ ਜੋ ਵੀ ਇਕ ਨਜ਼ਰ ਹੀ ਤੱਕ ਕੇ ਉਹ ਰਹਿ ਗਿਆ ਝੱਲ ਨਾ ਸਕਿਆ ਕੁਈ ਵੀ ਲਿਸ਼ਕਦੇ ਸ਼ੀਸ਼ੇ ਦੀ ਤਾਬ । ਹੁਣ ਅਸੀਂ ਇਕ ਪਲ ਲਈ ਵੀ ਮਿਲਣ ਤੋਂ ਮਜਬੂਰ ਹਾਂ ਵਿਛ ਗਏ ਨੇ ਸੁੱਕੇ ਪੱਤੇ ਰਸਤਿਆਂ ਵਿਚ ਬੇਹਿਸਾਬ । ਤੂੰ ਤਾਂ ‘ਨਿਰਧਨ' ਗ਼ਜ਼ਲ ਦਾ ਹੀ ਰੂਪ ਹੈ ਦਿੱਤਾ ਬਦਲ ਮੇਰੇ ਯਾਰਾ ਹੁਣ ਤਾਂ ਬਸ ਤੇਰਾ ਨਹੀਂ ਕੋਈ ਜਵਾਬ ।

ਸਰਦ ਪਾਣੀ ਵਿਚ ਹੈ ਜੋ ਰੋਜ਼

ਸਰਦ ਪਾਣੀ ਵਿਚ ਹੈ ਜੋ ਰੋਜ਼ ਛਾਲਾਂ ਮਾਰਦਾ । ਛੁਹ ਲਿਆ ਸੀ ਜਿਸਮ ਇਕ ਦਿਨ ਓਸ ਨੇ ਅੰਗਿਆਰ ਦਾ । ਇਹ ਤਾਂ ਐਵੇਂ ਹਾਦਸਾ ਹੈ ਜਿਹੜਾ ਛਿਣ ਭਰ ਮਿਲ ਗਿਆ ਮੇਰੀ ਕਿਸਮਤ ਵਿਚ ਕਿੱਥੇ ਫੁੱਲ ਹੈ ਗੁਲਨਾਰ ਦਾ । ਰੰਗ ਪੱਥਰ ਦਾ ਨਹੀਂ ਸੀ ਯਾਰੋ ਐਵੇਂ ਬਦਲਿਆ ਰਾਤ ਭਰ ਸੀ ਰਿਹਾ ਇਸ ਉਤੇ ਕੁਈ ਸਿਰ ਮਾਰਦਾ । ਨਾਉਂ ਮੇਰਾ ਲਿਖ ਕੇ ਤਪਦੀ ਰੇਤ ਉੱਤੇ ਤੁਰ ਗਿਆ ਸ਼ਖ਼ਸ ਜਿਹੜਾ ਰੋਜ਼ ਹੀ ਰਹਿੰਦਾ ਸੀ ਮੈਨੂੰ ਠਾਰਦਾ । ਰੰਗ ਤਾਂ ਭਰਦਾ ਇਨ੍ਹਾਂ ਦੇ ਵਿਚ ਐਪਰ ਸੋਚਦਾਂ ਸਾਹਮਣਾ ਵੀ ਕਰ ਸਕਾਂਗਾ ਤਿਤਲੀਆਂ ਦੇ ਵਾਰ ਦਾ। ਮੇਟ ਸਕਿਆ ਨਾ ਅਜੇ ਤਕ ਏਸਦੀ ਦਿਲ 'ਚੋਂ ਲਕੀਰ ਲੱਗਦਾ ਹੈ ਹੁਣ ਤਾਂ ‘ਨਿਰਧਨ' ਓਸ ਕੋਲੋਂ ਹਾਰਦਾ।

ਨੀਲੀਆਂ ਅੱਖਾਂ ਵਾਲੀ ਝੀਲ

ਨੀਲੀਆਂ ਅੱਖਾਂ ਵਾਲੀ ਝੀਲ । ਕਦੇ ਨਾ ਤਰ ਕੇ ਦੇਖੀ ਝੀਲ । ਸੂਰਜ ਗਿਆ ਨਦੀ ਵਿਚ ਡੁੱਬ ਰਹਿ ਗਈ ਭਰੀ ਭਰਾਈ ਝੀਲ । ਅਸੀਂ ਸਮੁੰਦਰ ਸਾਡੇ ਅੱਗੇ ਕੀ ਦਰਿਆ ਤੇ ਹੈ ਕੀ ਝੀਲ। ਕਮਰਾ ਰਿਹਾ ਸੁਲਘਦਾ ਰਾਤੀਂ ਛੱਤ ਉਤੇ ਜਾ ਬਰਸੀ ਝੀਲ। ਭਰੀ ਹੋਈ ਦਰਿਆ ਦਿਸਦੀ ਸੀ ਬਰੇਤੀ ਸੁੱਕੀ ਦਿਸੀ ਝੀਲ । ਡੀਕਾਂ ਲਾ ਕੇ ਪੀ ਗਈ ‘ਨਿਰਧਨ' ਮੈਨੂੰ ਮੇਰੇ ਵਿਚਲੀ ਝੀਲ ।

ਹੁਣ ਵੀ ਮੇਰੇ ਦਰਵਾਜ਼ੇ 'ਤੇ

ਹੁਣ ਵੀ ਮੇਰੇ ਦਰਵਾਜ਼ੇ 'ਤੇ ਪੱਥਰਾਂ ਦੀ ਭਰਮਾਰ । ਹੁਣ ਤਾਂ ਅਪਣੇ ਨਾਂ ਦੀ ਤਖ਼ਤੀ ਵੀ ਮੈਂ ਲਈ ਉਤਾਰ । ਇਕ ਦੂਜੇ ਸੰਗ ਜੁੜੇ ਹੋਏ ਹਾਂ ਮੈਂ ਤੇ ਮੇਰੀ 'ਮੈਂ' ਇਕ ਅਣਮਿਟਵੀਂ ਲੀਕ ਜਹੀ ਹੈ ਦੋਹਾਂ ਦੇ ਵਿਚਕਾਰ । ਲਗ ਰਿਹਾ ਹੈ ਜਾਣੀ ਕਿ ਇਹ ਸ਼ਹਿਰ ਹੈ ਇਕ ਦਰਿਆ, ਪੱਥਰਾਂ ਵਰਗੇ ਲੋਕਾਂ ਸੰਗ ਹੈ ਭਰਿਆ ਪਿਆ ਬਜ਼ਾਰ । ਮੈਥੋਂ ਬਿਨਾਂ ਸਲੀਬ ਤੇ ਯਾਰੋ ਹੋਰ ਚੜ੍ਹੇਗਾ ਕੌਣ, ਮੈਂ ਹਾਂ ਏਸ ਸਮੇਂ ਦਾ ਈਸਾ ਪੈਗੰਬਰ ਅਵਤਾਰ । ਕੀਹਨੂੰ ਕੀਹਨੂੰ ਦੇਵਾਂ ‘ਨਿਰਧਨ’ ਸ਼ਿਅਰਾਂ ਵਿਚ ਰਚਾ ਸੈਆਂ ਰੰਗ ਨੇ ਵੀ ਮੇਰੇ ਅੱਗੇ ਬੰਨ੍ਹੀ ਖੜੇ ਕਤਾਰ ।

ਨਿਕਲ ਕੇ ਅਪਣੇ ਬਦਨ 'ਚੋਂ

ਨਿਕਲ ਕੇ ਅਪਣੇ ਬਦਨ 'ਚੋਂ ਹੋ ਗਿਆ ਸਾਂ ਮੈਂ ਬੜਾ। ਪਰ ਮੇਰਾ ਇਹ ਬਦਨ ਤੇ ਮੈਂ ਸੀ ਰਹੇ ਫਿਰ ਲੜਖੜਾ। ਹਾਲੇ ਤਾਂ ਪਾਣੀ ਨਹੀਂ ਹੈ ਏਸ ਵਿਚ ਡੁੱਬਣ ਲਈ ਹਾਲੇ ਅਪਣੀ ਰੌਸ਼ਨੀ ਦਾ ਹੋਰ ਵੀ ਦਰਿਆ ਚੜ੍ਹਾ। ਦਿਸ ਰਹੀ ਹੈ ਭਾਵੇਂ ਹੁਣ ਤਾਂ ਧੁੱਪ ਕੁਝ ਕੁਝ ਏਸ 'ਚੋਂ ਪਰ ਅਜੇ ਖਿੜਕੀ 'ਚ ਇਕ ਦੋ ਹੋਰ ਵੀ ਸ਼ੀਸ਼ੇ ਜੜਾ । ਹੁਣ ਵੀ ਮੇਰੇ ਸਾਹਾਂ 'ਚੋਂ ਹੈ ਮਹਿਕ ਉਸ ਦੀ ਆ ਰਹੀ ਯਾਦ ਦਾ ਰਿਸ਼ਤਾ ਵੀ ਯਾਰੋ ਬਹੁਤ ਹੁੰਦਾ ਹੈ ਬੜਾ। ਅੱਜ ‘ਨਿਰਧਨ' ਭੀੜ ਵਿਚ ਉਹ ਮੇਰੇ ਸੰਗ ਟਕਰਾ ਗਿਆ ਕੱਲ੍ਹ ਰਸਤੇ ਵਿਚ ਸੀ ਇਕ ਅਜਨਬੀ ਜਿਹੜਾ ਖੜ੍ਹਾ ।

ਫੁੱਲਾਂ ਵਾਂਗੂੰ ਪਏ ਸਨ ਤੁਪਕੇ

ਫੁੱਲਾਂ ਵਾਂਗੂੰ ਪਏ ਸਨ ਤੁਪਕੇ ਇਕ ਪੱਥਰ 'ਤੇ ਖੂਨ ਦੇ । ਸਫ਼ਰ 'ਚ ਏਦਾਂ ਛੱਡ ਜਾਂਦੇ ਨੇ ਸ਼ਖ਼ਸ ਕਈ ਚਿੰਨ੍ਹ ਆਪਣੇ । ਭਾਰ ਗ਼ਮਾਂ ਦਾ ਬੰਨ੍ਹ ਕੇ ਇਹਨੂੰ ਸੁੱਟਿਆ ਸੀ ਦਰਿਆ ਦੇ ਵਿਚ ਫਿਰ ਵੀ ਜਿਸਮ ਸੀ ਹੌਲਾ ਏਨਾ ਤਰ ਆਇਆ ਸੀ ਪਾਣੀ 'ਤੇ । ਭੇਤ ਨਹੀਂ ਕੀ ਗੱਲ ਸੀ ਯਾਰੋ ਅੱਖ ਨਾ ਲੱਗੀ ਮੇਰੀ ਵੀ ਸਾਰੀ ਰਾਤ ਜਾਗ ਕੇ ਕੱਟੀ ਸਾਹਮਣੇ ਘਰ ਦੀ ਖਿੜਕੀ ਨੇ । ਜ਼ਰਦ ਦਿਨਾਂ ਦੇ ਕਿੱਸੇ ਅਪਣੇ ਸ਼ਿਅਰਾਂ ਵਿਚ ਰਚਾ ਲਏ ਜਦ ਫਿਰ ਦਿਲ ਭਰ ਭਰ ਕੇ ਸਾਂ ਰੋਏ ਤਨਹਾਈ ਨੂੰ ਗਲ ਲਾ ਕੇ। ਜਦ ਮੈਂ ਘਰ 'ਚੋਂ ਤੁਰਿਆ ‘ਨਿਰਧਨ’ ਉਮਰਾਂ ਦੇ ਬਨਬਾਸ ਲਈ ਕਿੰਨੇ ਹੀ ਪਰਛਾਵੇਂ ਮੇਰੇ ਦੂਰ ਤੱਕ ਸੀ ਨਾਲ ਗਏ।

ਬਾਹਾਂ 'ਚ ਝੂਲਦੀ ਸੀ ਇਕ ਟਾਹਣੀ

ਬਾਹਾਂ 'ਚ ਝੂਲਦੀ ਸੀ ਇਕ ਟਾਹਣੀ ਗੁਲਾਬ ਦੀ । ਤਾਬੀਰ ਖੌਰੇ ਹੋਏਗੀ ਕੀ ਏਸ ਖ਼ਾਬ ਦੀ । ਹਰ ਇੱਕ ਨੂੰ ਸੀ ਮੋਹ ਲਿਆ ਟਾਈਟਲ ਦੇ ਰੰਗ ਨੇ ਖਿੱਚਾਂ ਸੀ ਦੂਰੋਂ ਪਾ ਰਹੀ ਸੂਰਤ ਕਿਤਾਬ ਦੀ। ਚਲਿਆ ਗਿਆ ਹੈ ਛੱਡ ਕੇ ਅਜ ਵੀ ਹਮੇਸ਼ ਵਾਂਗ ਕੀਤੀ ਨਾ ਗੱਲ ਕਦੇ ਵੀ ਉਹਨੇ ਹਿਸਾਬ ਦੀ। ਲਿਪਟੀ ਸੀ ਮੇਰੇ ਨਾਲ ਸਬਜ਼ ਰੌਸ਼ਨੀ ਜਦੋਂ ਝੱਲੀ ਗਈ ਨਾ ਤਪਸ਼ ਫਿਰ ਸੂਰਜ ਬੇਤਾਬ ਦੀ। ਪੜ੍ਹਿਆ ਹੈ ਉਸਦੇ ਜਿਸਮ ਦੇ ਇਕ ਇਕ ਸ਼ਬਦ ਨੂੰ ‘ਨਿਰਧਨ' ਸੁਨਹਿਰੀ ਜਿਲਦ ਸੀ ਜਿਹੜੀ ਕਿਤਾਬ ਦੀ।

ਖ਼ੁਸ਼ਬੂ ਗੁਲਾਬੀ ਕੋਟ ਦੇ ਕਾਲਰ

ਖ਼ੁਸ਼ਬੂ ਗੁਲਾਬੀ ਕੋਟ ਦੇ ਕਾਲਰ 'ਚ ਟੰਗ ਕੇ । ਫਿਰਦਾਂ ਮੈਂ ਅਪਣੇ ਆਪ ਨੂੰ ਖ਼ੁਸ਼ੀਆਂ 'ਚ ਰੰਗ ਕੇ । ਰੰਗਾਂ 'ਚ ਆ ਜਾ ਡੋਬੀਏ ਦਿਲ ਦੇ ਗੁਲਾਬ ਨੂੰ ਕਿਉਂ ਦੂਰ ਰਹੀਏ ਸੁੱਕਿਆਂ ਰੁੱਖਾਂ ਤੋਂ ਸੰਗ ਕੇ । ਯਾਦਾਂ ਦੀ ਸਬਜ਼ ਰੌਸ਼ਨੀ ਵੀ ਕੋਲ ਨਾ ਰਹੀ ਪੀਲੇ ਹਨੇਰ ਹੀ ਸਦਾ ਜਾਂਦੇ ਨੇ ਡੰਗ ਕੇ । ਖਿੜਿਆ ਕਦੇ ਨਾ ਦੇਖਿਆ ਚਿਹਰੇ ਦਾ ਕੋਈ ਫੁੱਲ ਫਿਰਦੇ ਨੇ ਲੋਕ ਰੋਜ਼ ਹੀ ਇਹਨਾਂ ਨੂੰ ਰੰਗ ਕੇ । ‘ਨਿਰਧਨ' ਹੈ ਜ਼ਿੰਦਗੀ ਮਿਰੀ ਸਰਦੀ 'ਚ ਠਿਠਰਦੀ ਕਿੱਥੋਂ ਲਿਆਵਾਂ ਨਿੱਘ ਮੈਂ ਧੁੱਪਾਂ ਦਾ ਮੰਗ ਕੇ ।

ਸਬਜ਼ ਤਾਰਾ ਰੋਜ਼ ਚੜ੍ਹਦਾ ਹੈ

ਸਬਜ਼ ਤਾਰਾ ਰੋਜ਼ ਚੜ੍ਹਦਾ ਹੈ ਮਿਰੇ ਘਰ ਰਾਤ ਨੂੰ । ਫਿਰ ਵੀ ਰੌਸ਼ਨ ਕਰ ਨਾ ਸਕਿਆ ਅਪਣੇ ਦਿਲ ਦੀ ਬਾਤ ਨੂੰ। ਐਸੇ ਵੀ ਕੁਝ ਫੁੱਲ ਨੇ ਸੂਰਜਮੁਖੀ ਦੇ ਦੋਸਤੋ ਦਿਨ 'ਚ ਕੁਮਲਾਂਦੇ ਨੇ ਜਿਹੜੇ ਮਹਿਕਦੇ ਨੇ ਰਾਤ ਨੂੰ । ਰਾਤ ਦੀ ਰਾਣੀ ਦਾ ਬਿਸਤਰ ਵਿਚ ਮੇਰੇ ਮਹਿਕਣਾ ਲੋਕ ਸੱਚੀ ਸਮਝਦੇ ਨੇ ਖ਼ਾਬ ਦੀ ਇਸ ਬਾਤ ਨੂੰ । ਆਪ ਅਪਣੀ ਭਾਲ ਵਿਚ ਫਿਰਨਾ ਭਟਕਦੇ ਰਾਤ ਦਿਨ ਇਹ ਸੁਨਹਿਰੀ ਸਫ਼ਰ ਯਾਰੋ ਕਦ ਕਿਸੇ ਦੀ ਜ਼ਾਤ ਨੂੰ । ਰੌਸ਼ਨੀ ਦੇ ਜਾਲ 'ਚੋਂ ਨਾ ਨਿਕਲਣਾ ਕੋਈ ਹਾਰ ਨਹੀਂ ਮੈਂ ਤਾਂ 'ਨਿਰਧਨ' ਜਿੱਤ ਸਮਝਾਂ ਏਸ ਤੇਰੀ ਮਾਤ ਨੂੰ ।

ਜਦ ਵੀ ਮਿਲਿਆ ਉਸ ਦੇ ਅੱਗੇ

ਜਦ ਵੀ ਮਿਲਿਆ ਉਸ ਦੇ ਅੱਗੇ ਸਿਰ ਝੁਕਾਇਆ ਹੈ ਸਦਾ। ਮੈਨੂੰ ਤਾਂ ਇਕ ਸ਼ਖ਼ਸ ਵਿਚੋਂ ਹੈ ਨਜ਼ਰ ਆਇਆ ਖ਼ੁਦਾ। ਸੁੱਕੇ ਪੱਤੇ ਵੀ ਉਦੋਂ ਸੀ ਯਾਰੋ ਖੜਕਣ ਲੱਗ ਪਏ ਮੇਰੇ ਨਾਲੋਂ ਸੀ ਹਵਾ ਜਦ ਲਿਪਟ ਕੇ ਹੋਈ ਜੁਦਾ। ਜਾਗਦਾ ਮੈਂ ਵੀ ਰਿਹਾ ਹਾਂ ਪਰ ਪਤਾ ਕੁਝ ਵੀ ਨਹੀਂ, ਕਹਿੰਦੇ ਨੇ ਕਿ ਰਾਤ ਸੀ ਕੋਈ ਕਮਰੇ ਅੰਦਰ ਵਿਲਕਦਾ । ਕੱਲ੍ਹ ਦੋ ਸਾਏ ਜਦੋਂ ਇਕ ਮੋੜ ਤੇ ਸੀ ਜੁੜ ਰਹੇ, ਮੈਂ ਤਾਂ ਓਦੋਂ ਯਾਰੋ ਪਲ ਪਲ ਜਾ ਰਿਹਾ ਸਾਂ ਬਿਖਰਦਾ । ਮੈਂ ਵੀ ਕੰਢੇ ਸੀ ਸਮੁੰਦਰ ਦੇ ਉਦੋਂ ‘ਨਿਰਧਨ' ਖੜ੍ਹਾ ਦੇਖਿਆ ਹੈ ਮੈਂ ਵੀ ਉਸ ਦਿਨ ਇਕ ਸੂਰਜ ਡੁੱਬਦਾ ।

ਸੋਨੇ ਵਰਗਾ ਰੰਗ ਧੁੱਪ ਦਾ

ਸੋਨੇ ਵਰਗਾ ਰੰਗ ਧੁੱਪ ਦਾ ਪਲ ਵਿਚ ਮੈਲਾ ਪੈ ਗਿਆ। ਜਦ ਇਕ ਬਦਲੀ ਨੇ ਸੀ ਆ ਕੇ ਸੂਰਜ ਦਾ ਮੂੰਹ ਕੱਜ ਲਿਆ । ਮੈਂ ਤਾਂ ਐਵੇਂ ਤੱਕ ਰਿਹਾ ਸਾਂ ਸਾਹਵੇਂ ਖੜ੍ਹ ਕੇ ਸ਼ੀਸ਼ੇ ਦੇ ਖੌਰੇ ਇਸ ਵਿਚ ਕੌਣ ਸੀ ਜਿਹੜਾ ਦੇਖ ਕੇ ਮੈਨੂੰ ਕੰਬ ਗਿਆ । ਅੱਜ ਵੀ ਵਗਦੀ ਤੱਕ ਰਿਹਾ ਹਾਂ ਓਸੇ ਕਾਲੀ ਨ੍ਹੇਰੀ ਨੂੰ ਕੱਲ੍ਹ ਜਿਸ ਨੇ ਸੀ ਸਾਡੇ ਉਜਲੇ ਮੂੰਹਾਂ ਨੂੰ ਕਾਲਾ ਕਰਿਆ। ਹੁਣ ਤਾਂ ਯਾਰੋ ਹੋਰ ਮਾਣ ਲਉ ਬਹਿ ਕੇ ਇਸਦੀਆਂ ਛੱਲਾਂ ਨੂੰ ਖੌਰੇ ਕੱਲ੍ਹ ਕਦੋਂ ਲਹਿ ਜਾਵੇ ਚੜ੍ਹਿਆ ਹੋਇਆ ਇਹ ਦਰਿਆ। ਇਕ ਸਮਾਂ ਸੀ ਜਦ ਕਿ ‘ਨਿਰਧਨ’ ਸ਼ਹਿਰ ਨਹੀਂ ਸਨ ਸ਼ੀਸ਼ੇ ਦੇ ਓਦੋਂ ਘਰ ਘਰ ਦੀਵਾਰਾਂ ਦਾ ਹੋਇਆ ਕਰਦਾ ਸੀ ਸਾਇਆ !

ਦੀਵਾਰਾਂ ਤੇ ਚੜ੍ਹ ਕੇ ਸੂਰਜ

ਦੀਵਾਰਾਂ ਤੇ ਚੜ੍ਹ ਕੇ ਸੂਰਜ ਬਹਿ ਜਾਂਦਾ ਹੈ ਰਾਤ ਨੂੰ । ਲੋਕੀ ਸੁਣ ਕੇ ਹੱਸ ਪੈਂਦੇ ਨੇ ਮੇਰੇ ਘਰ ਦੀ ਬਾਤ ਨੂੰ । ਓਦੋਂ ਜ਼ਰਦ ਹਨੇਰਾ ਆ ਕੇ ਉਲਝਿਆ ਕਦਮਾਂ ਨਾਲ ਮਿਰੇ ਜਦ ਵੀ ਮੈਂ ਭਾਲਣ ਲਈ ਤੁਰਿਆ ਸਬਜ਼-ਰੰਗ ਪਰਭਾਤ ਨੂੰ । ਸੂਰਜ ਦੇ ਚੜ੍ਹ ਆਵਣ ਤੇ ਕਿਉਂ ਅੰਬਰ ਨੀਲਾ ਪੈ ਜਾਂਦੈ ਗ਼ਮ ਦੀਆਂ ਸਫ਼ਾਂ ਵਿਛਾ ਕੇ ਯਾਰੋ ਸੋਚਾਂਗੇ ਅੱਜ ਰਾਤ ਨੂੰ । ਜਾਂ ਤਾਂ ਬੱਦਲ ਵਰ੍ਹਦਾ ਨਹੀਂ ਸੀ, ਜੇ ਵਰ੍ਹਿਆ ਤਾਂ ਗੜੇ ਵਰ੍ਹੇ ਛਲਨੀ ਛਲਨੀ ਛੱਤਾਂ ਹੋਈਆਂ ਕੀ ਕਰੀਏ ਬਰਸਾਤ ਨੂੰ। ਓਦੋਂ ਇਕ ਸਲੀਬ ਤੇ ਚੜ੍ਹਿਆ ਚਿਹਰਾ ਨਜ਼ਰੀ ਆਉਂਦਾ ਹੈ ਜਦ ਵੀ ‘ਨਿਰਧਨ’ ਕਦੀ ਸੋਚਿਆ ਹੈ ਮੈਂ ਅਪਣੀ ਜ਼ਾਤ ਨੂੰ ।

ਅੱਗ ਦੇ ਦਰਿਆ 'ਚ ਮੇਰੇ ਭਿੱਜੇ

ਅੱਗ ਦੇ ਦਰਿਆ 'ਚ ਮੇਰੇ ਭਿੱਜੇ ਹੋਏ ਕੱਪੜੇ । ਕਿਸੇ ਮੌਸਮ ਵਿਚ ਵੀ ਨਾ ਯਾਰੋ ਸੁੱਕੇ ਕੱਪੜੇ । ਡੁੱਬਿਆ ਸੀ ਜਿਹੜਾ ਮੇਰੇ ਸਾਹਮਣੇ ਹੀ ਝੀਲ ਵਿਚ ਪਹਿਨੇ ਹੋਏ ਸੀ ਜਿਵੇਂ ਉਹਨੇ ਵੀ ਮੇਰੇ ਕਪੜੇ । ਮੇਰੇ ਹੋਵਣ ਦੀ ਨਿਸ਼ਾਨੀ ਦੱਸਦੇ ਨੇ ਘਰ 'ਚ ਇਹ ਖੂੰਟੀਆਂ ਤੇ ਟੰਗੇ ਹੋਏ ਮੇਰੇ ਪਾਟੇ ਕੱਪੜੇ । ਸ਼ਾਇਦ ਮੈਂ ਵੀ ਜਾ ਰਲਾਂਗਾ ਜੰਗਲਾਂ ਦੀ ਧੂੜ ਵਿਚ ਰਾਸ ਹੁਣ ਆਉਂਦੇ ਨਹੀਂ ਹਨ ਮੈਨੂੰ ਅਪਣੇ ਕੱਪੜੇ । ਇਕ ਕਾਲੀ ਧੂੜ 'ਚੋਂ ਦੀ ਨਿਕਲ ਕੇ ਆਇਆ ਹਾਂ ਮੈਂ ਦੇਖ ਕੇ ਨਾ ਡਰ ਤੂੰ ‘ਨਿਰਧਨ’ ਮੇਰੇ ਕਾਲੇ ਕੱਪੜੇ ।

ਅੱਗ ਵਿਚ ਦੋ ਜਿਸਮ ਠੰਡੇ ਹੋ ਕੇ

ਅੱਗ ਵਿਚ ਦੋ ਜਿਸਮ ਠੰਡੇ ਹੋ ਕੇ ਜਦ ਹੋ ਗਏ ਜੁਦਾ । ਫੇਰ ਤਾਂ ਬਸ ਰਿਹਾ ਨਾ ਦੋਹਾਂ 'ਚ ਕੋਈ ਫਾਸਲਾ । ਤੱਕਿਆ ਸੀ ਸਾਰਿਆਂ ਨੇ ਮਛਲੀਆਂ ਦੀ ਖੇਡ ਨੂੰ, ਪਰ ਕਿਸੇ ਨਾ ਦੇਖਿਆ ਦਰਿਆ 'ਚ ਪਾਣੀ ਉਬਲਦਾ । ਰਾਖ ਚਿਹਰੇ ਸ਼ਹਿਰ ਦੇ ਤੇ ਜਮ ਗਈ ਜਦ ਰੋ ਪਏ ਅੱਗ ਜੰਗਲ ਨੂੰ ਕਿਵੇਂ ਲੱਗੀ ਸੀ ਇਹ ਨਾ ਸੋਚਿਆ। ਲੰਘ ਗਏ ਸੀ ਲੋਕ ਭਟਕੇ ਹੋਏ ਇਸ ਉਤੋਂ ਦੀ ਜਦ ਫੇਰ ਪਿਛੋਂ ਰੋਂਦੀ ਹੋਈ ਸੜਕ ਦੀ ਆਈ ਸਦਾ । ਉਹ ਤਾਂ ਸਾਰੇ ਸ਼ਹਿਰ ਲਈ ‘ਨਿਰਧਨ' ਤਮਾਸ਼ਾ ਬਣ ਗਿਆ ਕੋਰਾ ਜੰਮੇ ਰੁੱਖ ਦੇ ਸੀ ਨਾਲ ਜਿਹੜਾ ਲਟਕਦਾ ।

ਆਂਚ ਵੀ ਨਾ ਆਉਣ ਦਿੱਤੀ

ਆਂਚ ਵੀ ਨਾ ਆਉਣ ਦਿੱਤੀ ਉਸ ਨੇ ਅਪਣੀ ਆਨ ਤੇ। ਪਲ ਛਿਣਾਂ ਦੇ ਵਿਚ ਹੀ ਉਹ ਖੇਡ ਗਇਆ ਜਾਨ ਤੇ । ਕਿਰਚਾਂ ਕਿਰਚਾਂ ਹੋ ਕੇ ਮੈਂ ਤਾਂ ਖਿੰਡ ਗਿਆ ਹਾਂ ਅਪਣੇ ਵਿਚ ਲੋਕ ਬੈਠੇ ਨੇ ਮਿਰੇ ਸਾਏ ਦੀ ਇਸ ਚੱਟਾਨ ਤੇ । ਤੋਹਮਤਾਂ ਦਾ ਹਰ ਕੋਈ ਖੰਜਰ ਹੈ ਮੇਰੇ ਖੋਭਦਾ ਲਾ ਕੇ ਹੁਣ ਰੱਖਾਂਗਾ ਅਪਣੇ ਆਪ ਨੂੰ ਵੀ ਸਾਨ ਤੇ । ਅਜੇ ਵੀ ਤਾਂ ਠਿਠਰਦਾ ਹੀ ਲੱਗਦੈ ਸਰਦੀ 'ਚ ਇਹ ਸੇਕਿਆ ਹੈ ਜਿਸਮ ਅਪਣਾ ਭਾਵੇਂ ਆਤਸ਼ਦਾਨ ਤੇ। ਛੇਤੀ ਲੰਘੋ ਕੀ ਪਤਾ ਕਦ ਅਪਣੇ ਉੱਤੇ ਆ ਡਿਗੇ ਹੁਣ ਨਹੀਂ ‘ਨਿਰਧਨ' ਭਰੋਸਾ ਕੰਬਦੇ ਅਸਮਾਨ ਤੇ।

ਬਰਫ਼ ਨਹੀਂ ਕੋਈ ਸਾੜਦੀ

ਬਰਫ਼ ਨਹੀਂ ਕੋਈ ਸਾੜਦੀ, ਧੁੱਪ ਨਹੀਂ ਕੋਈ ਠਾਰਦੀ । ਕਿਕੂੰ ਯਾਰੋ ਛੇੜੀਏ ਗੱਲ ਅਪਣੇ ਅੰਗਿਆਰ ਦੀ । ਪੱਥਰਾਂ ਦੇ ਵਿਚ ਘਿਰ ਗਿਆਂ ਤੇਰੇ ਸ਼ਹਿਰ 'ਚ ਅੱਜ ਮੈਂ ਰੂਹ ਵੀ ਹੁਣ ਪਥਰਾ ਗਈ ਤੈਨੂੰ ਵਾਜਾਂ ਮਾਰਦੀ । ਰੱਬ ਕਰੇ ਕਿ ਹੋਏ ਨਾ ਬਦਸ਼ਗਨੀ ਦੀ ਗੱਲ ਇਹ ਇਕ ਸਾਇਆ ਹੈ ਲੰਘਿਆ ਦੋਹਾਂ ਦੇ ਵਿਚਕਾਰ ਦੀ । ਜਿਸ ਹੇਠਾਂ ਵੀ ਬੈਠਿਆਂ ਜ਼ਖ਼ਮੀ ਕੀਤਾ ਓਸ ਨੇ ਮੈਨੂੰ ਤਾਂ ਬਸ ਛਾਂ ਮਿਲੀ ਨਿਤ ਢਹਿੰਦੀ ਦੀਵਾਰ ਦੀ ਆਖ਼ਰ ‘ਨਿਰਧਨ ਤੁਰ ਗਿਆ ਅਜ ਗ਼ੈਰਾਂ ਦੇ ਨਾਲ ਹੀ ਲਾਜ ਨਾ ਰੱਖੀ ਓਸ ਨੇ ਅਪਣੀ ਕੱਢੀ ਕਾਰ ਦੀ।

ਦੱਸ ‘ਨਿਰਧਨ' ਕੌਣ ਸੀ ਉਹ

ਦੱਸ ‘ਨਿਰਧਨ' ਕੌਣ ਸੀ ਉਹ ਅਜਨਬੀ । ਤਾਰ ਬਿਜਲੀ ਦੀ ਸੀ ਜੀਹਨੇ ਛੂਹ ਲਈ। ਜ਼ਿਹਨ ਵਿਚ ਸੀ ਸ਼ੋਰ ਆਉਂਦੀ ਰੇਲ ਦਾ ਫੇਰ ਗੂੜ੍ਹੀ ਚੁੱਪ ਸੀ ਜਦ ਲੰਘ ਗਈ। ਪਹਿਲਾਂ ਕੰਢੇ ਉਤੇ ਗੂੰਜੀ ਕੂਕ ਇਕ ਫੇਰ ਦਰਿਆ ਵਿਚ ਛਾਉਂ ਡਿੱਗ ਪਈ । ਖੋਲ੍ਹਿਆ ਦਰਵਾਜ਼ਾ ਤਾਂ ਕੋਲ ਓਸ ਦੇ ਛੋਟੀ ਜੇਹੀ ਸ਼ੀਸ਼ੀ ਸੀ ਖ਼ਾਲੀ ਪਈ । ਦੇਖ ‘ਨਿਰਧਨ' ਕਿੰਨਾ ਦਿਲ ਨੇ ਰੱਖਦੇ ਛੱਤਾਂ ਉਤੋਂ ਡਿੱਗਦੇ ਹੋਏ ਰੁੱਖ ਵੀ।

ਇੱਕ ਸ਼ਖ਼ਸ ਨੇ ਧੁੱਪ ਦੇ ਨਾਲ

ਇੱਕ ਸ਼ਖ਼ਸ ਨੇ ਧੁੱਪ ਦੇ ਨਾਲ। ਲੀਤੇ ਅਪਣੇ ਕਪੜੇ ਜਾਲ । ਇਕ ਸਮਾਂ ਸੀ ਐਸਾ ਆਇਆ ਆਪੇ ਕੀਤੀ ਅਪਣੀ ਭਾਲ । ਮੇਰੇ ਸਿਰ ਤੇ ਤਣਿਆ ਹੋਇਐ ਨੀਲੋਹਿਤ ਰੰਗਾਂ ਦਾ ਜਾਲ। ਮੈਂ ਤਾਂ ਫੁੱਲਾਂ ਤੇ ਤੁਰਿਆ ਸਾਂ ਫਿਰ ਕਿਉਂ ਹੋਈਆਂ ਪੈੜਾਂ ਨਾਲ । ਨਾ ਠਿਠਰੇ ਨਾ ਤਪੇ ਹਾਂ ‘ਨਿਰਧਨ' ਰੁੱਤਾਂ ਦਾ ਜਿਉਂ ਪੈ ਗਿਆ ਕਾਲ ।

ਬੁੱਕ-ਸ਼ੈਲਫ਼ ਤੇ ਧਰ ਕੇ ਚਾਰ

ਬੁੱਕ-ਸ਼ੈਲਫ਼ ਤੇ ਧਰ ਕੇ ਚਾਰ ਕਿਤਾਬਾਂ ਨੂੰ। ਲੋਕ ਨੇ ਪੂਰਾ ਕਰਦੇ ਅਪਣੇ ਖ਼ਾਬਾਂ ਨੂੰ । ਕੁਝ ਐਸੇ ਦਰਿਆ ਨੇ ਯਾਰੋ ਜਿੱਨ੍ਹਾਂ ਦੇ ਪਾਣੀ ਪਾ ਜਾਂਦੇ ਨੇ ਮਾਤ ਸ਼ਰਾਬਾਂ ਨੂੰ। ਪਹਿਲਾਂ ਤਿਤਲੀਆਂ ਬਣੀਏ, ਉਡੀਏ, ਹਫ ਜਾਈਏ ਫੇਰ ਬੈਠ ਕੇ ਕਰੀਏ ਦੂਰ ਹਿਜਾਬਾਂ ਨੂੰ। ਆ ਜਾ ਏਦਾਂ ਹੋਰ ਵੀ ਨੇੜੇ ਹੋ ਜਾਈਏ ਕੱਠੇ ਕਰ ਕਰ, ਭਰੀਏ ਝੋਲ ਗੁਲਾਬਾਂ ਨੂੰ। ਸ਼ਿਅਰਾਂ ਦੇ ਵਿਚ ਦਰਦ ਰਚਾ ਕੇ ਤੇਰਾ ਮੈਂ ਪੂਰਾ ਕੀਤੈ ‘ਨਿਰਧਨ' ਅਪਣੇ ਖ਼ਾਬਾਂ ਨੂੰ।

ਭਾਵੇਂ ਕੱਪੜੇ ਅਸੀਂ ਸੁਨਹਿਰੀ ਪਹਿਨੇ ਨੇ

ਭਾਵੇਂ ਕੱਪੜੇ ਅਸੀਂ ਸੁਨਹਿਰੀ ਪਹਿਨੇ ਨੇ । ਪਰਛਾਵੇਂ ਤਾਂ ਫੇਰ ਵੀ ਅਪਣੇ ਕਾਲੇ ਨੇ। ਇਕ ਹਨੇਰੇ ਜੰਗਲ ਦੇ ਦਰਿਆ ਅੰਦਰ ਦੋ ਪਰਛਾਵੇਂ ਡੁੱਬਣ ਦੇ ਲਈ ਜਾਂਦੇ ਨੇ । ਉਸ ਖਿੜਕੀ ਵਿਚ ਝੀਲ ਇਕ ਸੁੱਕੀ ਦੇਖੀ ਹੈ ਜਿਸ ਖਿੜਕੀ ਦੇ ਸਬਜ਼ ਰੰਗ ਦੇ ਪਰਦੇ ਨੇ । ਜਿਹਨੂੰ ਵੀ ਮੈਂ ਚਾਹਾਂ, ਯਾਰੋ ਡੀਕ ਲਵਾਂ ਸਾਰੇ ਦਰਿਆ ਅਤੇ ਸਮੁੰਦਰ ਮੇਰੇ ਨੇ । ‘ਨਿਰਧਨ' ਬੱਦਲ ਕਮਰੇ ਵਿਚ ਨੇ ਬਰਸ ਰਹੇ ਬਾਹਰ ਸੜਕਾਂ ਉੱਤੇ ਪਾਣੀ ਚੜ੍ਹ ਗਏ ਨੇ।

ਸ਼ਹਿਰ ਵਿਚ ਜੋ ਫਿਰ ਰਹੀ ਸੀ ਰੌਸ਼ਨੀ

ਸ਼ਹਿਰ ਵਿਚ ਜੋ ਫਿਰ ਰਹੀ ਸੀ ਰੌਸ਼ਨੀ ਭਟਕੀ ਹੋਈ। ਇਕ ਨ੍ਹੇਰੇ ਕਮਰੇ ਵਿਚ ਉਹ ਆ ਕੇ ਰਾਤੀਂ ਬੁਝ ਗਈ । ਭਾਰ ਚੁੱਕੀ ਫਿਰਦਾਂ ਅਪਣੇ ਤੇ ਅਜੇਹੀ ਸਿਲ ਦਾ ਮੈਂ ਸੈਆਂ ਕਾਲੇ ਰੰਗਾਂ ਥੀਂ ਜੋ ਮੇਰੇ ਤੇ ਹੈ ਚੋ ਰਹੀ। ਹੱਸਦਾ ਸੀ ਦੇਖ ਕੇ ਜੋ ਡੁੱਬਦੀਆਂ ਕਿਸ਼ਤੀਆਂ ਇਕ ਦਿਨ ਉਹ ਡੁੱਬ ਗਿਆ ਝੀਲ ਦੇ ਵਿਚ ਆਪ ਹੀ। ਇਕ ਛਿਣ ਵੀ ਸੁਰਖਰੂ ਨਾ ਹੋ ਕੇ ਮੈਂ ਤੁਰਿਆ ਕਦੇ ਮੇਰਿਆਂ ਪੈਰਾਂ 'ਚ ਮੇਰੀ ਛਾਉਂ ਹੀ ਉਲਝੀ ਰਹੀ। ਜਮ ਗਈ ਸੀ ਧੂੜ ਚਿਹਰੇ ਮੇਰੇ ਤੇ ਵੀ ਓਸ ਪਲ ਸੁਣ ਲਈ ਵਿਥਿਆ ਜਦੋਂ ‘ਨਿਰਧਨ’ ਸਮੁੰਦਰ ਖ਼ੁਸ਼ਕ ਦੀ ।

ਰੋਜ਼ ਸੂਰਜ ਦੀ ਤਪਸ਼ ਵਿਚ

ਰੋਜ਼ ਸੂਰਜ ਦੀ ਤਪਸ਼ ਵਿਚ ਰਾਤ ਭਰ ਹਾਂ ਜਾਗਦੇ । ਫਿਰ ਸੁਬ੍ਹਾ ਬਿਸਤਰ ਤੋਂ ਅਪਣੀ ਰਾਖ ਨੂੰ ਹਾਂ ਝਾੜਦੇ । ਕੱਲ੍ਹ ਰੌਸ਼ਨ ਸ਼ਹਿਰ ਦੇ ਇਕ ਭਰੇ ਹੋਏ ਬਾਜ਼ਾਰ ਵਿਚ ਇਕ ਅਜਨਬੀ ਲੁਟ ਗਿਆ ਸੀ ਦੇਖਦੇ ਹੀ ਦੇਖਦੇ । ਚਲੋ ਯਾਰੋ ਨਿੱਘ ਇਸਦਾ ਮਾਣ ਲਉ, ਮੌਸਮ ਹੀ ਹੈ, ਕਦੋਂ ਤੀਕਰ ਰਹਾਂਗੇ ਇਸ ਅੱਗ ਨੂੰ ਵੀ ਟਾਲਦੇ । ਸ਼ਾਇਦ ਕੋਈ ਲਹਿਰ ਫਿਰ ਉੱਠੇ ਕਿਸੇ ਦਿਨ ਏਸ 'ਚੋਂ ਬਹਿ ਗਿਆ ਹਾਂ ਆ ਕੇ ਕੰਢੇ ਅਪਣੇ ਦਿਲ ਦਰਿਆ ਦੇ । ਮੈਂ ਗਿਆ ਹਾਂ ਪਹੁੰਚ ‘ਨਿਰਧਨ’ ਤਾਰਿਆਂ ਤੋਂ ਵੀ ਪਰੇ ਲੋਕ ਮੈਨੂੰ ਫਿਰ ਰਹੇ ਨੇ ਧਰਤ 'ਤੇ ਹੀ ਭਾਲਦੇ ।

ਰੰਗਾਂ ਭਰੇ ਸਮੁੰਦਰ ਨੇ ਜਦ ਨਦੀ ਨੂੰ

ਰੰਗਾਂ ਭਰੇ ਸਮੁੰਦਰ ਨੇ ਜਦ ਨਦੀ ਨੂੰ ਪਲ ਵਿਚ ਡੀਕ ਲਿਆ। ਦੂਰ ਖੜਾ ਇਕ ਸੁੱਕਾ ਦਰਿਆ ਮਛਲੀ ਵਾਂਗੂੰ ਤੜਫ ਗਿਆ। ਸਾਹੋ ਸਾਹੀ ਹੋ ਕੇ ਵੀ ਜਦ ਤਿਤਲੀ ਹੱਥੋਂ ਨਿਕਲ ਗਈ ਫਿਰ ਅਪਣੇ ਹੀ ਭਿੱਜੇ ਜਿਸਮ ਨੂੰ ਬਾਹਾਂ ਅੰਦਰ ਘੁੱਟ ਲਿਆ। ਮੇਰਾ ਤੇ ਦਰਿਆ ਦੇ ਸਫ਼ਰ ਦਾ ਸਾਥ ਤਾਂ ਬਸ ਕੁਝ ਪਲ ਦਾ ਸੀ ਕਿਸ਼ਤੀ ਡੁੱਬ ਗਈ ਜਦ ਮੇਰੀ ਪਾਣੀ ਉਸ ਦਾ ਉਤਰ ਗਿਆ। ਤੱਕ ਕੇ ਇਸ ਨੂੰ ਜਿਸਮ ਹੋ ਗਿਆ ਚਾਨਣ ਚਾਨਣ ਜਦ ਮੇਰਾ ਰੌਸ਼ਨੀਆਂ ਦੀ ਡੂੰਘੀ ਝੀਲ 'ਚ ਫੇਰ ਤਾਂ ਮੈਂ ਬਸ ਡੁੱਬ ਗਿਆ। ਓਦੋਂ ਸ਼ੀਸ਼ੇ ਸੁਲਘੇ ‘ਨਿਰਧਨ’ ਦੂਜੇ ਘਰ ਦੀ ਖਿੜਕੀ ਦੇ ਜਦੋਂ ਗੁਲਾਬੀ ਧੁੱਪ ਦਾ ਸਾਇਆ ਮੇਰੇ ਕਮਰੇ ਵਿਚ ਪਿਆ।

ਰਾਤ ਜਿਹੜਾ ਵਿਚ ਸੀ ਦਰਿਆ ਦੇ

ਰਾਤ ਜਿਹੜਾ ਵਿਚ ਸੀ ਦਰਿਆ ਦੇ ਜਾ ਕੇ ਡੁੱਬਿਆ । ਆਖਦੇ ਨੇ ਸ਼ਖ਼ਸ ਸੀ ਉਹ ਹੂਬਹੂ ਮੇਰੇ ਜਿਹਾ। ਰੌਸ਼ਨੀ ਸੀ ਆਈ, ਮੈਨੂੰ ਭਾਲ ਕੇ ਪਰ ਮੁੜ ਗਈ, ਮੈਂ ਭੁਲੇਖੇ ਨਾਲ ਪੀਲੀ ਧੁੰਦ ਵਿਚ ਡੁਬਿਆ ਰਿਹਾ। ਉਮਰ ਭਰ ਹਨ ਏਸ ਵਿਚ ਬਸ ਪਤਝੜਾਂ ਹੀ ਮਹਿਕੀਆਂ ਜਿਸਮ ਦੇ ਇਸ ਬਾਗ ਅੰਦਰ ਫੁੱਲ ਨਾ ਕੁਈ ਟਹਿਕਿਆ । ਪੁੱਛ ਨਾ ਹੁਣ ਹਾਲ ਮੇਰਾ ਮੈਂ ਉਹ ਉਜੜੀ ਸੜਕ ਹਾਂ ਜਿਸ ਦੇ ਉਤੇ ਤੁਰ ਕੇ ਯਾਰਾ ਆਪ ਹੀ ਮੈਂ ਭਟਕਿਆ। ਕੀ ਪਤੈ ਕੀ ਹੋਏਗੀ ਤਾਬੀਰ 'ਨਿਰਧਨ' ਏਸ ਦੀ ਸੁਪਨੇ ਵਿਚ ਮੈਂ ਅਪਣੇ ਅੰਦਰ ਇਕ ਸਮੁੰਦਰ ਦੇਖਿਆ।

ਉਦੋਂ ਸ਼ਹਿਰਾਂ 'ਚ ਗਰਮੀ ਸੀ

ਉਦੋਂ ਸ਼ਹਿਰਾਂ 'ਚ ਗਰਮੀ ਸੀ ਸਮੁੰਦਰ ਖ਼ੁਸ਼ਕ ਜਦ ਹੋਇਆ। ਮਿਰੇ ਘਰ ਅੱਗ ਬਰਸੀ ਸੀ ਸਮੁੰਦਰ ਖ਼ੁਸ਼ਕ ਜਦ ਹੋਇਆ। ਤਮਾਸ਼ਾ ਵੇਖਿਆ ਲੋਕਾਂ ਨੇ ਖੜ੍ਹ ਕੇ ਇਸ ਦੇ ਕੰਢੇ ਤੇ, ਹਰ ਇਕ ਮਛਲੀ ਤੜਫਦੀ ਸੀ ਸਮੁੰਦਰ ਖ਼ੁਸ਼ਕ ਜਦ ਹੋਇਆ। ਉਛਾਲੇ ਖਾਧੇ ਇਸ ਨੇ ਜਦ ਡੁਬੋਈਆਂ ਕਿਸ਼ਤੀਆਂ ਸਭ ਨੇ ਉਦੋਂ ਬੱਸ ਮੈਂ ਹੀ ਬਾਕੀ ਸੀ ਸਮੁੰਦਰ ਖ਼ੁਸ਼ਕ ਜਦ ਹੋਇਆ। ਮਚਲ ਕੇ ਉਠਦੀਆਂ ਲਹਿਰਾਂ ਉਦੋਂ ਪਥਰਾ ਕੇ ਰਹਿ ਗਈਆਂ ਮਿਰੀ ਰੂਹ ਗੋਤੇ ਖਾਂਦੀ ਸੀ ਸਮੁੰਦਰ ਖ਼ੁਸ਼ਕ ਜਦ ਹੋਇਆ। ਕਿਵੇਂ ਫੁਟ ਫੁਟ ਕੇ ਰੋਇਆ ਸੀ ਉਦੋਂ ਮੌਸਮ ਨਾ ਪੁੱਛ ‘ਨਿਰਧਨ' ਮਿਰੇ ਕੀ ਦਿਲ ਤੇ ਬੀਤੀ ਸੀ ਸਮੁੰਦਰ ਖ਼ੁਸ਼ਕ ਜਦ ਹੋਇਆ ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਗੁਰਦੇਵ ਨਿਰਧਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ