Sunnian Pagdandian Wala Hath (Dhund Vich Dubian Raushnian) : Jagjit Brar

ਸੁੰਨੀਆਂ ਪਗਡੰਡੀਆਂ ਵਾਲਾ ਹੱਥ (ਧੁੰਦ ਵਿੱਚ ਡੁੱਬੀਆਂ ਰੌਸ਼ਨੀਆਂ) : ਜਗਜੀਤ ਬਰਾੜ

ਸੱਜੀ ਅੱਖ ਤੋਂ ਮੈਗਨੀਫਾਇੰਗ ਲੈਂਜ਼ ਉਤਾਰਦਿਆਂ ਹਥਲੇ ਔਜ਼ਾਰ ਸ਼ੀਸ਼ੇ ਦੀ ਸਲੈਬ ਤੇ ਰੱਖਦਿਆਂ, ਇਕ ਡੂੰਘਾ ਸਾਹ ਲੈਂਦਾ, ਖਾਮੋਸ਼ ਉਹ ਚੌਫੇਰੇ ਵੇਖੇਗਾ । ਵਕਤ : ਪੰਜ ਵੱਜ ਕੇ ਸੰਤਾਲੀ ਮਿੰਟ । ਗਿਆਰਾਂ ਵੱਜ ਕੇ ਛੱਬੀ ਮਿੰਟ । ਅੱਠ ਵੱਜ ਕੇ ਉੱਨੀ ਮਿੰਟ ਤੇ ਉਸਨੂੰ ਇੰਜ ਜਾਪੇਗਾ ਜਿਵੇਂ ਉਹ ਇੱਕੋ ਸਮੇਂ ਵੱਖ ਵੱਖ ਵਕਤ ਜਿਉਂ ਰਿਹਾ ਹੋਵੇ ।

ਬਚਪਨ ਵਿਚ ਇਕ ਸੁਪਨਾ ਉਸਨੂੰ ਵਾਰ ਵਾਰ ਆਉਂਦਾ। ਉਸਦੇ ਦਿਲ ਦਾ ਅੱਧਾ ਹਿੱਸਾ ਰੇਤ ਦੇ ਇਕ ਪਹਾੜ ਵਿਚ ਗੁਆਚ ਜਾਂਦਾ। ਅਗਲੀ ਸਵੇਰ, ਉਦਾਸੀ ਉਸ ਦੀਆਂ ਅੱਖਾਂ ਵਿਚ ਰੇਤ ਵਾਕੁਰ ਚਮਕ ਰਹੀ ਹੁੰਦੀ । ਜਵਾਨ ਹੋ ਕੇ ਉਸਨੇ ਆਪਣੇ ਦਿਲ ਦਾ ਅੱਧਾ ਹਿੱਸਾ ਖਾਮੋਸ਼ ਗੁੰਮਦਿਆਂ ਵੇਖਿਆ- ਰੇਤ ਦੇ ਪਹਾੜ ਵਿਚ ਨਹੀਂ, ਇਕ ਐਸੇ ਜਿਸਮ ਵਿਚ ਜਿਸਦੀ ਇਕ ਇਕ ਯਾਦ ਉਸਦੀ ਜ਼ਿੰਦਗੀ ਤੇ ਰੇਤ ਦਾ ਪਹਾੜ ਬਣਕੇ ਫੈਲ ਗਈ।

ਮਨ ਵਿਚ ਰੇਤ ਦੇ ਪਹਾੜ ਵਰਗੀਆਂ ਯਾਦਾਂ ਲਈ ਉਸਨੇ ਪਹਾੜਾਂ ਵਗਦੀਆਂ ਕੂਲ੍ਹਾਂ ਦੇ ਹੁਸਨ ਵਰਗੇ, ਤਿਤਲੀਆਂ ਦੀ ਸ਼ੋਖੀ ਜਿਹੇ ਨਿੱਕੇ ਨਿਕੇ ਗੀਤ ਲਿਖੇ। ...........ਤੇ ਫਿਰ ਇਕ ਸ਼ਾਮ ਗੀਤਾਂ ਨੇ ਉਸਦੇ ਦਰਦ ਦਾ ਮਾਧਿਅਮ ਬਣਨ ਤੋਂ ਇਨਕਾਰ ਕਰ ਦਿਤਾ । ਉਸੇ ਸ਼ਾਮ ਰੁੱਖਾਂ ਤੋਂ ਜੁਦਾ ਹੋ ਰਹੇ ਪੱਤਰ, ਸਿਸਕੀਆਂ ਭਰਦੀ ਹਵਾ ਤੇ ਫੈਲਦੇ ਸਾਏ ਉਸਦੇ ਹੋਠਾਂ ਤੇ ਇਕ ਗ਼ਜ਼ਲ ਉਕਰ ਗਏ । ਤੇ ਇੰਜ ਉਸਦੇ ਦਰਦ ਨੇ ਗ਼ਜ਼ਲ ਵਰਗੀ ਨਾਜ਼ੁਕ ਚੀਜ਼ ਦਾ ਪੱਲੂ ਫੜਕੇ ਜ਼ਿੰਦਗੀ ਦੇ ਬਿਖੜੇ ਪੈਂਡੇ ਤੇ ਤੁਰਨ ਦੀ ਸੋਚ ਲਈ। ਜਦ ਵੀ ਉਹ ਕੋਈ ਨਵੀਂ ਗਜ਼ਲ ਕਹਿੰਦਾ ਹੈ ਤਾਂ ਉਸਨੂੰ ਇੰਜ ਜਾਪਦਾ ਹੈ ਜਿਵੇਂ ਉਸਦੇ ਦਿਲ ਦਾ ਕੁਝ ਹਿੱਸਾ ਖੁਰ ਗਿਆ ਹੋਵੇ ।

ਕਿਸੇ ਸੱਖਣੀ ਉਦਾਸ ਦੁਪਹਿਰ ਉਸਦੀਆਂ ਅੱਖਾਂ ਵਿਚ ਇਕ ਸਹਿਮ ਹੋਵੇਗਾ। ਸਹਿਮ ਕਿ ਸ਼ਹਿਰ 'ਚੋਂ ਲੰਘਦੀ, ਬਾਜ਼ਾਰ ਤੋਂ ਬਚਦੀ ਸ਼ਾਮ ਉਸਨੂੰ ਸਨਾਤਨ ਧਰਮ ਸਭਾ ਦੇ ਇਕ ਤੰਗ ਜਿਹੇ ਕਮਰੇ ਵਿਚ ਬੈਠਿਆਂ ਆ ਪਕੜੇਗੀ ... ਤੇ ਉਹ ਖਾਮੋਸ਼ ਬੈਠਾ ਕ੍ਰਾਈਸਟ ਵਲ ਵੇਖਦਾ ਰਹੇਗਾ । ਜਿਵੇਂ ਮਨ ਹੀ ਮਨ ਉਸਨੂੰ ਕਹਿ ਰਿਹਾ ਹੋਵੇ ਕਿ ਹੋਰ ਕੁਝ ਪਲਾਂ ਤੱਕ ਉਹ ਵੀ ਇਕ ਕ੍ਰਾਸ ਤੇ ਹੋਵੇਗਾ। ਪਰ ਸ਼ਾਮ ਪੈਂਦਿਆਂ ਹੀ ਕੰਵਰ ਚੌਹਾਨ ਆ ਨਿਕਲੇਗਾ । ਉਸਦੇ ਹੱਥ ਵਿਚ ਇਕ ਅਜਿਹਾ ਬੈਗ ਹੋਵੇਗਾ ਜਿਸ ਵਿਚ ਮਰੀਜ਼ਾਂ ਦੀਆਂ ਪਰਚੀਆਂ ਦੇ ਪਿਛਲੇ ਪਾਸੇ ਸ਼ੇਅਰ ਲਿਖੇ ਹੋਣਗੇ । ਜਿਵੇਂ ਇਹ ਵੀ ਉਹਨਾਂ ਲਈ ਕੋਈ ਪ੍ਰਸਿਕਰਿਪਸ਼ਨ ਹੋਵੇ। ਉਹ ਵੀ ਆਪਣੇ ਸਾਹਵੇਂ ਪਿਆ ਕਾਗਜ਼ ਦਾ ਇਕ ਪੁਰਜ਼ਾ ਠੀਕ ਕਰਕੇ ਰੱਖ ਲਏਗਾ । ਉਸਦੇ ਹੱਥ ਸਟੋਵ ਤੱਕ ਪਹੁੰਚ ਜਾਣਗੇ । ਚਾਹ ਦੇ ਪਿਆਲਿਆਂ ਦੇ ਦਰਮਿਆਨ ਕਾਗਜ਼ ਦਾ ਪੁਰਜ਼ਾ ਚਲਾ ਆਏਗਾ। ......ਤੇ ਫ਼ਿਰ ਉਸਦੇ ਹੋਠ ਤੇ ਚੌਹਾਨ ਦੇ ਕੰਨ ਇਕ ਦਰਦ ਸਾਂਝਾ ਕਰ ਰਹੇ ਹੋਣਗੇ । ਇੰਜ ਉਸਦੀ ਸ਼ਾਮ ਟਲ ਜਾਂਦੀ ਹੈ ।

ਇਸ ਤੰਗ ਕਮਰੇ ਵਿਚ ਗੁਰਚਰਨ ਰਾਮਪੁਰੀ ਅਪਣੀ ਕਵਿਤਾ ਨਾਲੋਂ ਬਾਟਾ ਦੇ ਸੈਕੰਡ ਰੇਟ ਜੁੱਤੇ ਖਰੀਦਣ ਬਾਰੇ ਵਧੇਰੇ ਸੀਰੀਅਸ ਰਿਹਾ ਹੈ । ਸੁਰਜੀਤ ਰਾਮਪੁਰੀ ਨਜ਼ਮ ਸੁਣਾਂਦਾ ਅਪਣੀ ਬੀਵੀ ਦੇ ਡਰੋਂ ਘਰ ਛੇਤੀ ਪੁੱਜਣ ਦੀ ਵੀ ਕਾਹਲ ਕਰਦਾ ਰਿਹਾ ਹੈ । ਸ਼ਿਵਕੁਮਾਰ ਬਟਾਲਵੀ ਨਵਾਂ ਗੀਤ ਸੁਣਾਂਦਿਆਂ ਸ਼ਾਇਦ ਹਰਮੋਨੀਅਮ ਦੀ ਜ਼ਰੂਰਤ ਵੀ ਮਹਿਸੂਸ ਕਰਦਾ ਰਿਹਾ ਹੈ । ਇਹ ਸ਼ਾਇਰ ਉਸ ਲਈ, ਇਕ ਗਈ ਆਵਾਜ਼ ਬਣਕੇ ਰਹਿ ਗਏ ਹਨ । ਇਸੇ ਤੰਗ ਕਮਰੇ ਵਿਚ ਦਾਖਲ ਹੋਣ ਤੇ ਰਾਮ ਰਤਨ ਭਾਰਦਵਾਜ, ਮਿਊਂਸਿਪਲ ਕਮੀਸ਼ਨਰ, ਨਾਭਾ ਸੁਹੈਲ ਆਜ਼ਮੀ ਬਣ ਜਾਂਦਾ ਹੈ ।

ਸ਼ਾਇਰਾਂ ਦੇ ਇਸ ਇਕੱਠ ਵਿਚ ਵੀ ਉਸਨੂੰ ਕਿੰਨੀ ਵੀਰਾਨੀ ਲੱਗਦੀ ਹੈ । ਦੋ ਤੇ ਚਲੇ ਜਾਣਗੇ ਸ਼ਹਿਰਾਂ ਦਾ ਸ਼ੋਰ ਤੇ ਜੰਗਲਾਂ ਦਾ ਸੰਨਾਟਾ ਉਸਦੀ ਰੂਹ ਨੂੰ ਗਰੱਸ ਲਏਗਾ ।... ਤੇ ਉਸਦੇ ਮਨ ਵਿਚ ਕਿਸੇ ਨਵੀਂ ਗ਼ਜ਼ਲ ਲਈ ਸਿੰਬਲ ਉਭਰਨ ਲੱਗ ਪੈਣਗੇ ।

ਦਰਮਿਆਨੇ ਕੱਦ, ਇਕਹਿਰੇ ਸਰੀਰ ਤੇ ਨਿਖਰਵੇਂ ਰੰਗ ਦੇ ਇਸ ਕਵੀ ਨੂੰ ਜ਼ਿੰਦਗੀ ਦੇ ਨਿਰਦਈ ਥਪੇੜਿਆਂ ਨੇ ਵਕਤ ਤੋਂ ਪਹਿਲਾਂ ਹੀ ਬੁੱਢਾ ਕਰ ਦਿਤਾ ਹੈ । ਹਰ ਨਵੇਂ ਗ਼ਮ ਨੇ ਉਸਦੇ ਮਾਸੂਮ ਚਿਹਰੇ ਤੇ ਇਕ ਨਵੀਂ ਲੀਕ ਦਾ ਵਾਧਾ ਕੀਤਾ ਹੈ ਅਤੇ ਉਸਦੇ ਭਾਵੁਕ ਦਿਲ ਤੇ ਸੈਆਂ ਜ਼ਖ਼ਮਾਂ ਦਾ।

ਉਸਨੇ ਕਈ ਕੰਮ ਵਿੱਢੇ । ਚੜ੍ਹਦੀ ਉਮਰੇ ਸ਼ਰਾਬ ਦੇ ਵਣਜ ਨੇ ਉਸ ਨਾਲ ਵਫ਼ਾ ਨਾ ਕੀਤੀ । ਫਿਰ ਉਸਨੇ ਸਮਾਜ ਦੇ ਕੋਹਜੇ ਨੰਗ ਨੂੰ ਢਕਣ ਦੀ ਕੋਸ਼ਿਸ਼ ਸ਼ੁਰੂ ਕਰ ਦਿਤੀ । ਪਰ ਮਨ ਤੇ ਪੇਟ ਹੋਰ ਵੀ ਅਤ੍ਰਿਪਤ ਰਹਿਣ ਲੱਗੇ । ... ਤੇ ਆਖ਼ਰ ਹੁਣ ਉਹ ਸਨਾਤਨ ਧਰਮ ਸਭਾ ਦੇ ਇਕ ਤੰਗ ਕਮਰੇ ਵਿਚ ਬੈਠਾ ਸਮਾਜ ਨੂੰ ਵਕਤ ਦਾ ਪਾਬੰਦ ਕਰਨ ਦਾ ਨਿਸਫਲ ਯਤਨ ਕਰਦਾ ਰਹਿੰਦਾ ਹੈ ।

ਤੁਸੀਂ ਜਾਉ ਤਾਂ ਉਹ ਇਸ ਨਿੱਕੇ ਤੰਗ ਕਮਰੇ ਵਿਚ, ਸੀਲਿੰਗ-ਫੈਨ ਹੇਠ ਲੰਬੇ ਲੰਬੇ ਵਾਲ ਸੁਕਾ ਰਿਹਾ ਹੋਵੇਗਾ । ਰਸਮਨ ਤੁਸੀਂ ਪੁਛੋਗੇ ।

“ਨਿਰਧਨ ਸਾਹਿਬ ਵਾਲ ਧੋਏ ਨੇ ?'

'ਨਹੀਂ ਬੱਸ ਉਂਜ ਹੀ ਜ਼ਰਾ ਸਿਰ ਘੁੰਮਣ ਲੱਗ ਪਿਆ ਸੀ?'

ਸਿਕਰਾਏ ਹੋਠਾਂ ਤੇ ਇਕ ਜ਼ਖਮੀ ਜਿਹੀ ਮੁਸਕਾਨ ਲਿਆਕੇ, ਅੱਖਾਂ ਦੇ ਉਮ੍ਹਲ ਉਮ੍ਹਲ ਪੈਂਦੇ ਗ਼ਮ ਨੂੰ ਛੁਪਾ ਕੇ, ਉਹ ਜਵਾਬ ਦੇਵੇਗਾ । ਤੇ ਫਿਰ ਉਹ ਪਲ ਦੀ ਪਲ ਆਪਣੇ ਸਾਰੇ ਗ਼ਮ ਭੁੱਲ ਜਾਵੇਗਾ । ਹੱਸ ਹੱਸ ਕੇ ਗੱਲਾਂ ਕਰੇਗਾ। ਤੁਹਾਨੂੰ ਚਾਹ ਪਿਲਾਏਗਾ ਤੇ ਆਪਣਾ ਮਾਨਸਿਕ ਦੁਖਾਂਤ ਆਪਣੀਆਂ ਨਵੀਆਂ ਗ਼ਜ਼ਲਾਂ ਦੇ ਮੂੰਹੋਂ ਸੁਣਵਾਏਗਾ।

ਕਿਸੇ ਦਿਨ ਉਸਦੀ ਛਾਤੀ ਵਿਚ ਰਤਾ ਦਰਦ ਹੋਣ ਲੱਗ ਪਏਗਾ। ਦੇਰ ਤੱਕ ਬੈਠਾ ਉਹ ਇਸ ਦਰਦ ਦਾ ਕਾਰਣ ਸੋਚਦਾ ਰਹੇਗਾ । ਫਿਰ ਉਸਦੇ ਚਿਹਰੇ ਤੇ ਇਕ ਸਹਿਮ ਉਭਰ ਆਵੇਗਾ । ਉਹ ਟੀ ਬੀ ਕਲਿਨਿਕ, ਚੌਹਾਨ ਦੇ ਕਮਰੇ ਵਿਚ ਪਏ 'ਫਰਿਜ' 'ਚੋਂ ਅਕਸਰ ਪਾਣੀ ਪੀਂਦਾ ਰਹਿੰਦਾ ਹੈ । ਉਸ ਕਮਰੇ ਵਿਚ ਮਰੀਜ਼ ਆਉਂਦੇ ਰਹਿੰਦੇ ਨੇ, ਕਿਤੇ ਉਸਨੂੰ ਵੀ... ਕੁਝ ਸਮੇਂ ਬਾਅਦ ਉਹ ਇਸ ਦਰਦ ਦੀ ਸ਼ਿਕਾਇਤ ਚੌਹਾਨ ਕੋਲ ਜਾ ਕਰੇਗਾ । ਉਸਦਾ ਐਕਸ-ਰੇ ਲਿਆ ਜਾਵੇਗਾ । ਚੌਹਾਨ ਦੇ ਕਰੀਬ ਬੈਠਾ ਉਹ ਬੇਹੱਦ ਫਿਕਰਮੰਦ ਹੋਵੇਗਾ ; ਕਿਧਰੇ ਉਸਦੇ ਐਕਸ-ਰੇ ਵਿਚੋਂ ਸੱਚ ਮੁਚ ਹੀ ਬੀਮਾਰੀ ਦੇ ਚਿੰਨ੍ਹ ਨਾ ਲੱਭ ਜਾਣ । ਉਸ ਸ਼ਾਮ ਉਸਦੀ ਤਬੀਅਤ ਵਿਚ ਨਵੀਂ ਬੇਚੈਨੀ ਤੇ ਹੋਠਾਂ ਤੇ ਨਵੀਂ ਖਾਮੋਸ਼ੀ ਹੋਵੇਗੀ। ਅਗਲੇ ਦਿਨ ਸਵਖਤੇ ਹੀ ਉਹ ਆਪਣੇ ਐਕਸ-ਰੇ ਬਾਰੇ ਜਾਨਣ ਲਈ ਪਹੁੰਚ ਜਾਵੇਗਾ । ਰੌਸ਼ਨੀ ਵਿਚ ਐਕਸ-ਰੇ ਵੇਖਦਿਆਂ ਚੌਹਾਨ ਉਸਨੂੰ ਵਾਰ ਵਾਰ ਕਹੇਗਾ ਕਿ ਉਹ ਬਿਲਕੁਲ ਠੀਕ ਹੈ; ਫਿਕਰ ਵਾਲੀ ਕੋਈ ਵੀ ਗੱਲ ਨਹੀਂ। ਇਕ ਹੈਰਤ ਭਰੀ ਆਵਾਜ਼ ਵਿਚ ਉਹ ਕਹੇਗਾ :

“ਅੱਛਾ। ਤੇ ਫਿਰ ਖਾਮੋਸ਼ ਬੈਠਾ ਰਹੇਗਾ । ਚੌਹਾਨ ਮਰੀਜ਼ਾਂ ਵਿਚ ਮਸਰੂਫ ਹੋ ਜਾਵੇਗਾ । ਕਿੰਨੀ ਦੇਰ ਉਦਾਸ ਰਹਿਣ ਤੋਂ ਬਾਅਦ ਉਹ ਉਦਾਸ ਜੇਹੀ ਆਵਾਜ਼ ਵਿਚ ਪੁੱਛੇਗਾ ।

“ਐਕਸ-ਰੇ ਬਿਲਕੁਲ ਹੀ ਠੀਕ ਹੈ ?"

"ਹਾਂ ।"

“ਤਾਂ ਇਸ ਵਿਚ ਬੀਮਾਰੀ ਦਾ ਕੋਈ ਨਿਸ਼ਾਨ ਨਹੀਂ ?"

"ਨਹੀਂ।”

“ਫਿਰ, ਇਹ ਕਿਸੇ ਹੋਰ ਨਾਲ ਬਦਲ ਨਾ ਗਿਆ ਹੋਵੇ ?"

ਚੌਹਾਨ ਦੀਆਂ ਅੱਖਾਂ ਵਿਚ ਇਕ ਚੁਸਤ ਮੁਸਕਾਨ ਹੋਵੇਗੀ। ਉਸਦੀਆਂ ਅੱਖਾਂ ਵਿਚ ਇਕ ਮਾਸੂਮ ਸਹਿਮ ਹੋਵੇਗਾ ।

ਕਈ ਵਾਰ ਉਸਦੇ ਮਨ ਦੀ ਭਟਕਣ ਉਸਨੂੰ ਸ਼ਹਿਰ ਦਿਆਂ ਬਾਜ਼ਾਰਾਂ ਤੇ ਸੜਕਾਂ ਤੇ ਲਈ ਫਿਰਦੀ ਹੈ, ਤੇ ਕਈ ਵਾਰ ਉਸਨੂੰ ਤਨਹਾ ਤੰਗ ਕਮਰੇ ਤੱਕ ਸੀਮਿਤ ਕਰ ਦੇਂਦੀ ਹੈ । ਉਸਦਾ ਦੋਸਤ ਤੇ ਸਾਥੀ, ਸੁਦੇਸ਼, ਨਿੰਦਰਾਈਆਂ ਅੱਖਾਂ ਲਈ ਆਪਣੇ ਘਰ ਚਲਾ ਜਾਵੇਗਾ । ਪਰ ਉਹ ਗਈ ਰਾਤ ਤੱਕ ਦਰਵਾਜ਼ਾ ਲਾਈ ਕਮਰੇ ਵਿਚ ਹੀ ਸੁਕੜਿਆ ਰਹੇਗਾ। ਘਰ, ਉਸਦੀ ਸੁਘੜ ਬੀਵੀ ਮਾਸੂਮ ਬੱਚਿਆਂ ਨੂੰ ਗੋਦੀ ਲਈ ਠੰਡੇ ਖਾਣੇ ਤੇ ਗਰਮ ਹੰਝੂਆਂ ਨਾਲ ਉਸਦਾ ਇੰਤਜ਼ਾਰ ਕਰ ਰਹੀ ਹੋਵੇਗੀ। ਬਾਹਰ ਦੀ ਜ਼ਿੰਦਗੀ ਤੋਂ ਬੇਨਿਆਜ਼ ਬੈਠਾ ਉਹ ਕਮਰੇ ਨੂੰ ਸੁਣੇਗਾ । ਟਿਕ ਟਿਕਟਿਕ .. ਟਿਕ ਟਿਕ... । ਟਾਈਮਪੀਸ -- ਹੋਰ ਟਾਈਮਪੀਸ ... ਇਕ ਹੋਰ ਇਕ ਹੋਰ ਟਾਈਮਪੀਸ .. ਤੇ ਉਸਦੇ ਹੋਠਾਂ ਤੇ ਈਸ਼ਵਰ ਚਿਤ੍ਰਕਾਰ ਦੀ ਇਕ ਨਜ਼ਮ ਦੇ ਇਹ ਮਿਸਰੇ ਆਪਣੇ ਆਪ ਲਿਖੇ ਜਾਣਗੇ ।

ਟਾਈਮਪੀਸ ਖਾਈ ਜਾਂਦਾ
ਟਿਕ ਟਿਕ ਟਿਕ ਟਿਕ ... ...
ਨੀਂਦ ਮੇਰੀ, ਹੋਸ਼ ਮੇਰੀ, ਔਧ ਮੇਰੀ, ਹੋਂਦ ਮੇਰੀ ।

ਉਸਨੂੰ ਇੰਜ ਜਾਪੇਗਾ ਜਿਵੇਂ ਉਹ ਵਕਤ ਦੇ ਤੇਜ਼ ਵਹਿੰਦੇ ਦਰਿਆ ਵਿਚ ਰੇਤਲੇ ਕਿਨਾਰੇ ਵਾਕਰ ਖੁਰ ਰਿਹਾ ਹੋਵੇ, ਸਹਿਮ ਨਾਲ ਫੈਲੀਆਂ ਫੈਲੀਆਂ ਨਜ਼ਰਾਂ ਨਾਲ ਆਪ-ਮੁਹਾਰੇ ਉਹ ਆਪਣੀ ਸੱਜੀ ਹਥੇਲੀ ਵੱਲ ਵੇਖੇਗਾ । ਉਲਝੀਆਂ ਉਲਝੀਆਂ ਲੀਕਾਂ ਦੇ ਜਾਲ ਵਿਚ ਉਸਦਾ ਮੁਕੱਦਰ ਕੈਦ ਹੈ। ਹਥੇਲੀ ਉਸਦੀਆਂ ਨਜ਼ਰਾਂ ਸਾਹਵੇਂ ਸ਼ਹਿਰਾਂ ਵਾਕਰ ਫੈਲ ਜਾਵੇਗੀ । ਸਹਿਰਾ ਜਿਸ ਵਿਚ ਪਿਆਸੇ ਮੁਸਾਫਰਾਂ ਦੇ ਕਦਮ ਪਾਣੀ ਦੀ ਤਲਾਸ਼ ਵਿਚ ਭਟਕਦੇ ਭਟਕਦੇ ਬੇਤਰਤੀਬੀਆਂ ਪਗਡੰਡੀਆਂ ਬਣਾ ਗਏ ਹਨ । ਪਗਡੰਡੀਆਂ ਜੋ ਉਸਦੀ ਹਥੇਲੀ ਤੇ ਕਿਸਮਤ ਦੀਆਂ ਲੀਕਾਂ ਬਣਕੇ ਸਿਮਟ ਗਈਆਂ ਹਨ । ਦੇਖਦੇ ਦੇਖਦੇ ਕੁਝ ਸ਼ਬਦ ਉਸਦੇ ਭਿਜੇ ਭਿਜੇ ਮਨ ਵਿਚ ਖੁੰਬਾਂ ਵਾਕਰ ਉਗ ਆਉਣਗੇ । ਰਾਤ, ਘਰ, ਰੌਸ਼ਨੀ, ਪਸਰਦੀ ਰਾਤ, ਹਨੇਰੇ ਘਰ, ਧੁੰਦ ਵਿਚ ਡੁਬੀ ਰੌਸ਼ਨੀ । ਲਫਜ਼ਾਂ ਦੀਆਂ ਇਹ ਖੁੰਬਾਂ ਫਿਰ ਆਪਮੁਹਾਰੀਆਂ ਇਕ ਬਰੀਕ ਤੀਲੇ ਵਿਚ ਪ੍ਰੋਈਆਂ ਜਾਣਗੀਆਂ । ਇੰਜ ਉਹ ਗ਼ਜ਼ਲ ਦਾ ਇੱਕ ਸ਼ੇਅਰ ਕਹਿ ਲਏਗਾ। ਤਨਹਾਈ ਵਿਚ ਗ਼ਜ਼ਲ ਕਹਿੰਦਿਆਂ ਉਸਦੀਆਂ ਅੱਖਾਂ ਅਕਸਰ ਸਿਮ ਆਉਂਦੀਆ ਹਨ। ਉਹ ਗਜ਼ਲ ਕਹਿ ਚੁਕੇਗਾ ਤੇ ਇਕ ਛਿਨ-ਭੰਗਰੀ ਖੁਸ਼ੀ ਸੰਤੋਸ਼, ਤੇ ਉਸਨੂੰ ਜਾਪੇਗਾ ਜਿਵੇਂ ਉਸਨੇ ਰੋਟੀ ਖਾ ਲਈ ਹੈ । ਗ਼ਜ਼ਲ ਕਹਿਣ ਤੋਂ ਬਾਅਦ ਉਸਦਾ ਮਨ ਕੁਝ ਚਿਰ ਹੀ ਸੰਤੁਸ਼ਟ ਰਹਿੰਦਾ ਹੈ । ਫਿਰ ਉਹੀ ਅਸੰਤੋਸ ਫ਼ਿਰ ਉਹੀ ਬੇਹਿਸੀ ਉਸਦਿਆਂ ਅੰਗਾਂ ਵਿਚ ਉਤਰ ਆਉਂਦੀ ਹੈ । ਨਵੀਂ ਗ਼ਜ਼ਲ ਵਾਲਾ ਕਾਗਜ਼ ਤਹਿ ਕਰਕੇ ਉਹ ਨੋਟਬੁਕ ਵਿਚ ਰਖੇਗਾ ਤੇ ਘਰ ਜਾਣ ਲਈ ਉਠ ਖੜਾ ਹੋਵੇਗਾ । ਬਾਜ਼ਾਰ ਵਿਚ ਆਵੇਗਾ ਤਾਂ ਹਨੇਰੇ 'ਚੋਂ ਇਕ ਆਵਾਜ਼ ਉਭਰੇਗੀ ।

"ਖਬਰਦਾਰ । ਹੋਸ਼ਿਆਰ।''

ਇਕ ਪਲ ਉਸਦੇ ਕਦਮ ਰੁਕ ਰੁਕ ਜਾਣਗੇ। ਨੋਟ-ਬੁਕ 'ਚੋਂ ਕੋਈ ਉਸਦੀ ਨਵੀਂ ਗ਼ਜ਼ਲ ਹੀ ਨਾ ਚੁਰਾ ਕੇ ਲੈ ਜਾਵੇ ਪਰ ਦੂਸਰੇ ਪਲ ਹੀ ਸੋਚੇਗਾ ਗ਼ਜ਼ਲ ਕਿਹੜਾ ਹੋਟੀ ਹੈ ? ਤੇ ਇਸ ਸੋਚ ਤੇ ਮਨ ਹੀ ਮਨ ਹਸਦਾ ਤੇਜ ਤੇਜ਼ ਕਦਮੀਂ ਉਹ ਘਰ ਵੱਲ ਵੱਲ ਚੱਲ ਪਏਗਾ। ਘਰ ਦੇ ਕਰੀਬ ਜਾਕੇ ੳਹ ਸੋਚੇਗਾ, ਗ਼ਜ਼ਲ ਰੋਟੀ ਕਿਉਂ ਨਹੀਂ ਹੈ ?

ਬੁਝ ਰਹੇ ਸੂਰਜ ਦੇ ਰੰਗ ਵਿਚ ਉਹ ਭੀੜ ਦਾ ਚੇਹਰਾ ਵੇਖੇਗਾ। ਉਸਨੂੰ ਜਾਪੇਗਾ ਜਿਵੇਂ ਭੀੜ ਦਾ ਚਿਹਰਾ ਬੁਝ ਰਿਹਾ ਹੋਵੇ। ਦੂਸਰੇ ਪਲ ਸੜਕ ਉਸਨੂੰ ਦਰਿਆ ਜਾਪੇਗੀ । ਇਕ ਅਜਿਹਾ ਦਰਿਆ ਜਿਸਦੇ ਕਿਨਾਰੇ, ਰੰਗ ਰੁੱਖਾਂ ਵਾਕੁਰ ਖੜੇ ਹਨ। ਜਿਸ ਵਿਚ ਭੀੜ ਹੱਸ ਹੱਸ ਕੇ ਛਾਲਾਂ ਮਾਰ ਰਹੀ ਹੈ । ਅਡੋਲ ਉਹ ਸੋਚਦਾ ਰਹੇਗਾ, ਆਖ਼ਰ ਇਹ ਭੀੜ, ਇਹ ਲੋਕ ਤਰਕੇ ਕਿੱਥੇ ਜਾਣਗੇ ?..... ਤੇ ਉਦੋਂ ਤੱਕ ਸੋਚਦਾ ਰਹੇਗਾ ਜਦ ਤੱਕ ਇਹ ਦਰਿਆ ਫਿਰ ਸੜਕ ਨਹੀਂ ਬਣ ਜਾਂਦੀ ।

ਨਿਰੰਤ੍ਰ ਉਸਨੂੰ ਜਾਪਦਾ ਰਿਹਾ ਹੈ ਜਿਵੇਂ ਉਸ ਅੰਦਰ ਕੋਈ ਹੋਰ ਜੀ ਹਾ ਹੋਵੇ ਜਾਂ ਉਸਦਾ ਬਾਹਰੀ ਜਿਸਮ ਕਿਸੇ ਹੋਰ ਨੇ ਪਹਿਨ ਰੱਖਿਆ ਹੋਵੇ । ਟਿਊਬਾਂ ਕੋਲ ਖੜੇ ਉਸਨੂੰ ਅਪਣੀ ਛਾਂ ਵੱਖ ਵੱਖ ਆਦਮੀਆਂ ਦੀ ਜਾਪਦੀ ਹੈ । ਉਸਦੇ ਕਰੀਬ ਜ਼ਿੰਦਗੀ ਦੇ ਮਾਅਨੇ ਪਾਣੀ ਵਾਕੁਰ ਅਸਥਿਰ ਹਨ। ਕਦੀ ਕਦੀ ਉਸਨੂੰ ਆਪਣਾ ਆਪ ਪਹਾੜ ਵਾਕੁਰ ਸਥਿਰ ਜਾਪਦਾ ਹੈ । ਕਈ ਵਾਰ ਉਹ ਉਡ ਰਹੇ ਪੱਤੇ ਵਾਕੁਰ ਮਹਿਸੂਸ ਕਰਦਾ ਹੈ । ਪਾਣੀ ਵਾਕੁਰ ਡੋਲਦਾ, ਹਵਾ ਵਾਕੁਰ ਕੰਬਦਾ ਮਹਿਸੂਸ ਕਰਦਾ ਹੈ।

ਕਈ ਵਾਰ ਉਹ ਸੋਚਦਾ ਹੈ ਕਿ ਦਿਨਾਂ ਨੇ ਉਸਦੀਆਂ ਅੱਖਾਂ 'ਚੋਂ ਸੱਖਣਾਪਨ ਚੁਰਾ ਲਿਆ ਹੈ । ਉਸਨੂੰ ਇਸ ਚੋਰੀ ਪ੍ਰਤੀ ਦਿਨ ਤੇ ਸ਼ਿਕਾਇਤ ਨਹੀਂ ਹੈ, ਸਗੋਂ ਅਪਣੀਆਂ ਅੱਖਾਂ ਦੀ ਇਸ ਦਰਿਆ-ਦਿਲੀ ਤੇ ਇਤਰਾਜ਼ ਹੈ ਇਤਰਾਜ਼ ਕਿ ਇਹਨਾਂ ਦਾ ਸੱਖਨਾਪਨ ਸਾਇਆਂ ਵਾਕੁਰ ਫੈਲਦਾ ਕਿਉਂ ਰਹਿੰਦਾ ਹੈ, ਸਾਇਆਂ ਵਾਕੁਰ ਸਿਮਟਦਾ ਕਿਉਂ ਨਹੀਂ।

ਰੋਸ਼ਨ ਸ਼ਹਿਰਾਂ ਵਿਚ ਵੀ ਉਸਨੂੰ ਲੋਕਾਂ ਦੇ ਮਨਾਂ ਵਿਚ ਇਕ ਹਨੇਰਾ ਦਿਸਦਾ ਹੈ। ਲੋਕਾਂ ਦੇ ਘਰਾਂ ਵਿਚ ਇਕ ਹਨੇਰਾ ਦਿਸਦਾ ਹੈ । ਫਿਰ ਲੋਕਾਂ ਦੇ ਇਹਨਾਂ ਘਰਾਂ ਦੇ ਦਰਮਿਆਨ ਉਸਨੂੰ ਤਨਹਾ, ਉਦਾਸ ਆਪਣਾ ਘਰ ਵੀ ਦਿਸ ਜਾਂਦਾ ਹੈ । ਜਿਸਦੀ ਰੌਸ਼ਨੀ ਹਮੇਸ਼ਾ ਜ਼ਰਦ ਲਿਬਾਸ ਪਹਿਨੀ ਰਖਦੀ ਹੈ । ਜਿਸਦੀਆਂ ਸਫੇਦ ਦੀਵਾਰਾਂ ਤੇ ਸੜਕਾਂ ਦੇ ਤਾਰਕੋਲ ਦਾ ਅਕਸ ਹੈ । ਜਿਸਦਿਆਂ ਕਮਰਿਆਂ ਵਿਚ ਨਿਰਾਸ਼ਾ ਹਵਾ ਵਿਚ ਨਮੀ ਵਾਕੁਰ ਮੌਜੂਦ ਰਹਿੰਦੀ ਹੈ । ਉਸਨੂੰ ਆਪਣਾ ਘਰ ਕਿੰਨਾ ਹਨੇਰਾ ਲੱਗਦਾ ਹੈ । ਹਨੇਰਾ ਉਸਦੇ ਘਰ ਦਾ ਅੰਗ ਬਣਕੇ ਕਿਉਂ ਰਹਿ ਗਿਆ ਹੈ ਇਹਨਾਂ ਹਨੇਰਿਆਂ ਦਾ ਹੀ ਪ੍ਰਤਿਕਰਮ ਹੈ ਕਿ ਉਸਦਿਆਂ ਸ਼ੇਅਰਾਂ ਵਿਚ ਰੌਸ਼ਨੀ ਲਭ ਲੈਣ ਵਰਗਾ ਸਾਹਸ ਹੈ ।

ਬਾਰਿਸ਼ ਦੀ ਕਿਸੇ ਸਿੱਲੀ, ਸ਼ਾਮ ਉਹ ਘਰ ਪਰਤ ਰਿਹਾ ਹੋਵੇਗਾ। ਸੜਕ ਤੋਂ ਲੰਘਦਾ, ਉਹ ਨਿਕੇ ਨਿੱਕੇ ਟੋਇਆਂ ਵਿਚ ਖੜ੍ਹੇ ਪਾਣੀ 'ਚੋਂ ਉਹ ਆਪਣਾ ਅਕਸ ਵੇਖਦਾ ਜਾਵੇਗਾ । ਹਰ ਟੋਏ ਵਿਚ ਵਿਚ ਉਸਦਾ ਅਕਸ ਹੋਵੇਗਾ । ਉਸਨੂੰ ਜਾਪੇਗਾ ਜਿਵੇਂ ਅਕਸ ਅਕਸ ਉਸਦੀ ਹੋਂਦ ਸੜਕਾਂ ਤੇ ਬਿਖਰ ਗਈ ਹੈ । ਤੇ ਇੰਜ ਉਹ ਤੁਰਦਾ ਤੁਰਦਾ ਸ਼ਹਿਰੋਂ ਬਾਹਰ ਨਿਕਲ ਜਾਵੇਗਾ । ਕਿਸੇ ਵੀਰਾਨ ਸੜਕ ਤੇ ਇਕ ਰਤਾ ਵਡੇਰੇ ਟੋਏ ਵਿਚ ਸੂਰਜ ਦਾ ਅਕਸ ਵੀ ਹੋਵੇਗਾ । ਉਹ ਸੋਚੇਗਾ ਉਹ ਸੂਰਜ ਦੇ ਕਿੰਨਾ ਕਰੀਬ ਆ ਗਿਆ ਹੈ । ਪਰ ਜਦ ਉਹ ਪਿੱਛੇ ਮੁੜਕੇ ਵੇਖੇਗਾ ਤਾਂ ਘਰ ਦੂਰ, ਬਹੁਤ ਦੂਰ ਰਹਿ ਗਿਆ ਹੋਵੇਗਾ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਗੁਰਦੇਵ ਨਿਰਧਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ