ਡਾ. ਤ੍ਰੈਲੋਚਨ, ਬੱਤਾ (ਰੋਪੜ) ਦਾ ਜੰਮਪਲ ਪੰਜਾਬੀ ਕਵੀ , ਆਲੋਚਕ ਤੇ ਪ੍ਰਬੁੱਧ ਕਾਲਿਜ ਅਧਿਆਪਕ ਡਾ. ਤ੍ਰੈਲੋਚਨ ਪਿਛਲੀ ਸਦੀ ਦੇ ਛੇਵੇ ਦਹਾਕੇ ਵਿੱਚ ਗੌਰਮਿੰਟ ਕਾਲਿਜ ਰੋਪੜ ਵਿੱਚ ਪੜ੍ਹਦਿਆਂ ਹੀ ਕਵੀ ਵਜੋਂ ਪ੍ਰਗਟ ਹੋ ਗਿਆ ਸੀ। ਉਸ ਦੀ ਪਹਿਲੀ ਰਚਨਾ ਸਾਹਿੱਤ ਸਮਾਚਾਰ ਵਿੱਚ ਛਪੀ ਤੇ ਦੂਸਰੀ ਪ੍ਰੀਤਲੜੀ ਵਿੱਚ। ਉਹ ਪੰਜਾਬੀ ਸਾਹਿਤ ਦੇ ਸਿਰਜਣਾ ਦੇ ਖੇਤਰ ਵਿੱਚ ਵਧੇਰੇ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹਨ ਸਮੇਂ ਹੀ ਆਇਆ। ਡਾ. ਤ੍ਰੈਲੋਚਨ ਦਾ ਜਨਮ 20 ਅਪ੍ਰੈਲ 1944 ਨੂੰ ਮਾਤਾ ਗੁਲਾਬ ਕੌਰ ਦੀ ਕੁੱਖੋਂ ਸ. ਸ਼ਾਮ ਸਿੰਘ ਬਾਸੀ ਦੇ ਗ੍ਰਹਿ ਵਿਖੇ ਪਿੰਡ ਬੱਤਾ ਵਿੱਚ ਹੋਇਆ। ਉਹ ਆਪਣੇ ਅੱਠ ਭੈਣ ਭਰਾਵਾਂ ਵਿੱਚੋਂ ਸਭ ਤੋਂ ਨਿੱਕਾ ਸੀ।
ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚੋਂ ਮੁੱਢਲੀ ਸਿੱਖਿਆ ਹਾਸਲ ਕਰਕੇ ਉਸ ਸਰਕਾਰੀ ਹਾਈ ਸਕੂਲ ਗੜਾਂਗਾ ਤੋਂ ਦਸਵੀਂ ਪਾਸ ਕੀਤੀ। ਗੌਰਮਿੰਟ ਕਾਲਿਜ ਰੋਪੜ ਤੋਂ ਗਰੈਜੂਏਸ਼ਨ ਕਰਕੇ ਰਾਮਗੜੀਆ ਕਾਲਿਜ ਆਫ ਐਜੂਕੇਸ਼ਨ ਫਗਵਾੜਾ ਤੋਂ ਬੀ ਐੱਡ ਕਰਕੇ ਸ਼ਿਮਲਾ(ਹਿਮਾਚਲ ਪ੍ਰਦੇਸ਼) ਵਿਖੇ ਅਧਿਆਪਕ ਵਜੋਂ ਸੇਵਾ ਆਰੰਭੀ। ਪੰਜਾਬੀ ਨਾਟਕਕਾਰ ਡਾ. ਹਰਚਰਨ ਸਿੰਘ ਜੀ ਨਾਲ ਉਸ ਦੀ ਸ਼ਿਮਲੇ ਹੀ ਮੁਲਾਕਾਤ ਹੋ ਈ ਜਿਸ ਨਾਲ ਉਸਦੇ ਜੀਵਨ ਦੀ ਦਿਸ਼ਾ ਤਬਦੀਲ ਹੋਈ। ਪ੍ਰਾਈਵੇਟ ਤੌਰ ਤੇ ਐੱਮ ਏ ਪੰਜਾਬੀ ਭਾਗ ਪਹਿਲਾ ਪਾਸ ਕਰਕੇ ਉਸ ਪੰਜਾਬੀ ਯੂਨੀਵਰਸਿਟੀ ਵਿੱਚ ਦਾਖਲ਼ਾ ਲੈ ਲਿਆ। ਇਥੋਂ ਹੀ ਆਪ ਨੇ ਐੱਮ ਲਿਟ ਅਤੇ ਪੀ ਐੱਚ ਡੀ ਦੀ ਡਿਗਰੀ ਹਾਸਲ ਕੀਤੀ।
1971 ਵਿੱਚ ਆਪ ਦੀ ਸ਼ਾਦੀ ਸਰਦਾਰਨੀ ਸਤਵੰਤ ਕੌਰ ਜੀ ਨਾਲ ਹੋ ਗਈ ਅਤੇ ਇਨ੍ਹਾਂ ਦੇ ਘਰ ਬੇਟੀ ਭਵਨੀਤ ਕੌਰ ਤੇ ਸਪੁੱਤਰ ਅਨੰਤਪਾਲ ਸਿੰਘ ਨੇ ਜਨਮ ਲਿਆ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕੁਝ ਸਮਾਂ ਸੇਵਾ ਨਿਭਾਉਣ ਉਪਰੰਤ ਇਸ ਨੂੰ ਗੌਰਮਿੰਟ ਰਿਪੁਦਮਨ ਕਾਲਿਜ ਨਾਭਾ ਵਿੱਚ ਲੈਕਚਰਰ ਵਜੋਂ ਪੱਕੀ ਨੌਕਰੀ ਮਿਲ ਗਈ। ਬਾਦ ਵਿੱਚ ਉਹ ਮਹਿੰਦਰਾ ਕਾਲਿਜ ਪਟਿਆਲਾ ਵਿੱਚ ਪੜ੍ਹਾਉਣ ਲੱਗ ਪਿਆ ਪਰ ਜਲਦੀ ਹੀ ਇਥੋਂ ਸ਼ਹੀਦ ਊਧਮ ਸਿੰਘ ਡਿਗਰੀ ਕਾਲਿਜ ਸੁਨਾਮ (ਸੰਗਰੂਰ) ਦੀ ਬਦਲੀ ਹੋ ਗਈ। ਬਦਲੀਆਂ ਦੇ ਚੱਕਰ ਨੇ ਉਸ ਨੂੰ ਬੇਹੱਦ ਉਦਾਸ ਕਰ ਦਿੱਤਾ। ਪੰਜਾਬ ਦੇ ਹਾਲਾਤ ਵੀ ਉਦੋਂ ਦੋਪਾਸੀ ਕਤਲੋਗਾਰਤ ਵਾਲੇ ਸਨ। ਪਹਿਲਾਂ ਦਰਬਾਰ ਸਾਹਿਬ ਦੇ ਹਮਲੇ ਅਤੇ ਮਗਰੋਂ ਡਾ. ਰਵਿੰਦਰ ਰਵੀ ਦੇ ਪਟਿਆਲਾ ਵਿੱਚ ਕਤਲ ਨੇ ਉਸਨੂੰ ਝੰਜੋੜ ਕੇ ਰੱਖ ਦਿੱਤਾ। ਇਸ ਨਾਲ ਉਹ ਡਿਪਰੈਸ਼ਨ ਵਿੱਚ ਰਹਿਣ ਲੱਗ ਪਿਆ।
ਕਾਲਿਜ ਸੇਵਾ ਦੌਰਾਨ ਹੀ ਉਹ 23 ਦਸੰਬਰ 1989 ਨੂੰ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਗਿਆ।
ਗੌਰਮਿੰਟ ਕਾਲਿਜ ਰੋਪੜ ਪੜ੍ਹਦਿਆਂ ਉਸ ਨੇ ਅੱਠ ਵਿਦਿਆਰਥੀ ਲੇਖਕ ਨਾਲ ਰਲ਼ਾ ਕੇ “ਅੱਖ ਤੇ ਰੌਸ਼ਨੀ” ਸੰਗ੍ਰਹਿ ਸੰਪਾਦਿਤ ਕੀਤਾ। ਉਸ ਦੀ ਪਹਿਲੀ ਮੌਲਿਕ ਕਾਵਿ ਪੁਸਤਕ “ਅਹਮ “1969 ਵਿੱਚ ਛਪੀ। ਇਸ ਦਾ ਮੁੱਖ ਬੰਦ ਡਾ. ਸੁਤਿੰਦਰ ਸਿੰਘ ਨੂਰ ਨੇ ਲਿਖਿਆ ਸੀ। ਪੁਸਤਕ ਬਾਰੇ ਬਹੁਤ ਵਾ ਵਰੋਲਾ ਉੱਠਿਆ ਪਰ ਡਾ. ਸ ਪ ਸਿੰਘ ਨੇ ਹੇਮ ਜਯੋਤੀ ਵਿੱਚ ਅਤੇ ਡਾ. ਸ ਨ ਸੇਵਕ ਨੇ ਜੀਵਨ ਸਾਂਝਾਂ ਮੈਗਜ਼ੀਨ ਵਿੱਚ ਇਸ ਪੁਸਤਕ ਨੂੰ ਵਡਿਆਇਆ।
ਜੋਗਾ ਸਿੰਘ ਨੇ ਇਸ ਕਿਤਾਬ ਦੇ ਵਿਰੁੱਧ ਮੁਹਾਂਦਰਾ ਮੈਗਜ਼ੀਨ ਵਿੱਚ ਲੇਖ ਲਿਖਿਆ।
ਉਸ ਦੀਆਂ ਕੁੱਲ ਚਾਰ ਕਾਵਿ ਪੁਸਤਕਾਂ ਅਹਮ (1969) ਤ੍ਰਿਸ਼ੰਕੂ (1973), ਬਦਨਾਮ ਹਵਾ(1983) ਤੇ ਕਾਲ਼ੇ ਹਾਸ਼ੀਏ (1988) ਵਿੱਚ ਛਪੀਆਂ।
ਡਾ. ਤ੍ਰੈਲੋਚਨ ਦਾ ਲਿਖਿਆ ਨਾਟਕ ਅਦਨੇ ਆਦਮੀ (1970)ਆਲੋਚਨਾ ਪੁਸਤਕ ਵਿਵੇਚਨ ਵਿੱਕੋਲਿਤਰਾ (1972)ਤੇ ਨਾਵਲ ਕਤਰਾ ਕਤਰਾ ਦਰਿਆ (1983) ਵਿੱਚ ਛਪਿਆ।
ਡਾ. ਤ੍ਰੈਲੋਚਨ ਨੇ ਪੰਜਾਬੀ ਕਹਾਣੀ ਦਾ ਮਨੋਵਿਗਿਆਨਕ ਅਧਿਅਨ ਵਿਸ਼ੇ ਤੇ ਐੱਮ ਲਿਟ ਕੀਤੀ ਅਤੇ ਪੰਜਾਬੀ ਨਾਵਲ ਦਾ ਮਨੋਵਿਗਿਆਨਕ ਅਧਿਅਨ ਵਿਸ਼ੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰੇਟ ਕੀਤੀ। ਉਸ ਦੀਆਂ ਦੇ ਛਪਣ ਗੋਚਰੀਆਂ ਪੁਸਤਕਾਂ ਵਿਦਰੋਹੀ(ਕਹਾਣੀ ਸੰਗ੍ਰਹਿ) ਤੇ ਬਦਨਾਮ ਦਿਨਾਂ ਦੀ ਗੱਲ(ਯਾਦਾਂ) ਦਾ ਵੀ ਜ਼ਿਕਰ ਮਿਲਦਾ ਹੈ।
ਡਾ. ਤ੍ਰੈਲੋਚਨ ਨਾਲ ਮੇਰੀ ਪਹਿਲੀ ਮੁਲਾਕਾਤ 1975 ਵਿੱਚ ਗੌਰਮਿੰਟ ਕਾਲਿਜ ਫਾਰ ਵਿਮੈੱਨ ਪਟਿਆਲਾ ਵਿੱਚ ਹੋਏ ਇੱਕ ਕਵੀ ਦਰਬਾਰ ਵਿੱਚ ਹੋਈ ਜਿੱਥੇ ਮੈਂ ਡਾ. ਰਣਧੀਰ ਸਿੰਘ ਚੰਦ ਦੀ ਸੰਗਤ ਵਿੱਚ ਗਿਆ ਸਾਂ ਪਰ ਜ਼ਿੰਦਗੀ ਵਿੱਚ ਪਹਿਲੀ ਵਾਰ ਕਿਸੇ ਵਿਸ਼ੇਸ਼ ਤੇ ਵਿਸ਼ਾਲ ਕਵੀ ਦਰਬੀਰ ਵਿੱਚ ਕਵਿਤਾ ਸੁਣਾਉਣ ਦਾ ਮਾਣ ਮੈਨੂੰ ਡਾ. ਜਗਤਾਰ ਨੇ ਮੈਨੂੰ ਦਿਵਾਇਆ। ਉਹਨੀਂ ਦਿਨੀਂ ਮੇਰੀ ਕਵਿਤਾ ਸ਼ੀਸ਼ਾ ਝੂਠ ਬੋਲਦਾ ਹੈ ਬਹੁਤ ਪ੍ਰਸਿੱਧ ਸੀ ਤੇ ਸਿਰਜਣਾ ਮੈਗਜੀਨ ਵਿੱਚ ਪ੍ਰਮੁੱਖਤਾ ਨਾਲ ਛਪੀ ਸੀ। ਡਾ. ਜਗਤਾਰ ਨੇ ਡਾ. ਸੁਰਜੀਤ ਸਿੰਘ ਸੇਠੀ ਦੀ ਪਤਨੀ ਪ੍ਰੋ. ਮਨੋਹਰ ਕੌਰ ਅਰਪਨ ਨੂੰ ਕਹਿ ਕੇ ਮੈਨੂੰ ਸਮਾਂ ਦਿਵਾਇਆ ਸੀ। ਇਸ ਕਵੀ ਦਰਬਾਰ ਦੀ ਪ੍ਰਧਾਨਗੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਜੀ ਨੇ ਕੀਤੀ ਸੀ। ਡਾ. ਤ੍ਰੈਲੋਚਨ ਵੀ ਇਸ ਕਵੀ ਦਰਬਾਰ ਵਿੱਚ ਸ਼ਾਮਲ ਸਨ।ਡਾ. ਰਣਧੀਰ ਸਿੰਘ ਚੰਦ ਤੇ ਡਾ. ਜਗਤਾਰ ਦੀ ਉਦੋਂ ਬੋਲਚਾਲ ਬੰਦ ਸੀ। ਮੈਨੂੰ ਯਾਦ ਹੈ ਕਿ ਗੌਰਮਿੰਟ ਕਾਲਿਜ ਫਾਰ ਵਿਮੈੱਨ ਪਟਿਆਲਾ ਤੋਂ ਬੱਸ ਸਟੈਂਡ ਤੀਕ ਡਾ. ਤ੍ਰੈਲੋਚਨ ਦੀ ਕੋਸ਼ਿਸ਼ ਸਦਕਾ ਚੰਦ, ਜਗਤਾਰ , ਤ੍ਰੈਲੋਚਨ ਤੇ ਮੈਂ ਪੈਦਲ ਆਏ ਸਾਂ। ਤ੍ਰੈਲੋਚਨ ਨੇ ਦੋਹਾ ਵਿਚਕਾਰ ਮਨ ਮੁਟਾਵ ਦੂਰ ਉਸ ਦਿਨ ਬਹੁਤ ਕੋਸ਼ਿਸ਼ ਕਰਕੇ ਦੂਰ ਕੀਤਾ। ਉਸ ਇਤਿਹਾਸਕ ਸੁਲਹ ਦਾ ਮੈਂ ਚਸ਼ਮਦੀਦ ਗਵਾਹ ਹਾਂ। ਇਹ ਗੱਲ ਵੱਖਰੀ ਹੈ ਕਿ ਉਹ ਦੋਵੇਂ ਸੱਜਣ ਹੋਣ ਦੇ ਬਾਵਜੂਦ ਮਰਦੇ ਦਮ ਤੀਕ ਖਹਿੰਦੇ ਰਹੇ। ਦੋਵੇਂ ਮੇਰੀ ਪਸੰਦ ਦੇ ਕਵੀ ਸਨ। ਦੋਹਾਂ ਤੋਂ ਮੈਂ ਬਹੁਤ ਕੁਝ ਗ੍ਰਹਿਣ ਕੀਤਾ ਹੈ।
- ਗੁਰਭਜਨ ਗਿੱਲ