Trishanku : Trailochan

ਤ੍ਰਿਸ਼ੰਕੂ (ਕਾਵਿ ਸੰਗ੍ਰਹਿ) : ਤ੍ਰੈਲੋਚਨ



ਸਮਰਪਨ ਨੇ

ਮੇਰੀਆਂ ਇਹ ਕਵਿਤਾਵਾਂ ਕੁਝ ਸੱਚੀਆਂ ਕੁਝ ਸੁੱਚੀਆਂ ਰੂਹ ਤੇ ਕਾਲੇ ਦਾਗ ਜਿਹੀਆਂ ਰ. ‘ਬਿੰਦੂ' ਦੀ-ਨਿਮਨਲਿਖਤ ਕਵਿਤਾ ਦੇ ਵਿੱਚ ਚਿਤਰੇ ਗੁੰਮਸ਼ੁਦਾ ਮਨੁੱਖ ਨੂੰ ਏ. ਆਈ. ਆਰ ਬੀ. ਬੀ. ਸੀ. ਲੰਡਨ ਤੇ ਹਰ ਇਕ ਦੇਸ਼ ਦੇ ਰੇਡੀਓ ਤੋਂ ਨਸ਼ਰ ਹੋ ਚੁੱਕੀ, ਹੈ ਉਸ ਦੀ ਖ਼ਬਰ ਸਦੀ ਦੇ ਸਵੇਰੇ ਹੀ ਉਹ ਘਰੋਂ ਖੇਡਣ ਗਿਆ ਹੁਣ ਤਕ ਨਹੀਂ ਮੁੜਿਆ। ਉਸਦਾ ਕੋਈ ਨਾਮ ਤਾਂ ਨਹੀਂ ਪਰ ਉਹ ਬਦਨਾਮ ਬਹੁਤ ਹੈ ਕੱਦ ਵਿੱਚ ਧੂੰਏਂ ਦੀ ਲੰਬਾਈ ਚਾਲ ਵਿੱਚ ਲੰਗੜਾਹਟ ਹੈ ਹਵਾ ਦੀ ਦੇਹ ਤੇ ਨਿਸ਼ਾਨ ਤਾਂ ਨਹੀਂ ਕੋਈ ਹਾਂ ਰੂਹ ਤੇ ਇਕ ਦਾਗ ਹੈ ਕਾਲਾ ਜਿਹਾ ਰੰਗ ਗੰਦਮੀ ਤਾਂ ਹੈ ਜ਼ਰੂਰ ਪਰ ਨੰ. ਪੀ. ਐਲ. ਚਾਰ ਸੌ ਅੱਸੀ ਨਹੀਂ ਉਹ ਬਹੁ ਰੂਪੀਆ ਤਾਂ ਨਹੀਂ ਰੰਗ ਪਰ ਹਰ ਪਲ ਬਦਲ ਲੈਂਦਾ ਹੈ ਨੰਗੇਜ ਰੰਗੇ ਕੱਪੜੇ ਉਹ ਆਮ ਪਾਉਂਦਾ ਹੈ ਜ਼ਬਾਨ ਕਿਸੇ ਦੇਸ਼ ਦੀ ਉਸ ਨੂੰ ਨਹੀਂ ਆਉਂਦੀ ਪਰ ਖੁਸ਼ਕ ਹੋਠਾਂ ਤੇ ਅਕਸਰ ਉਹ ਬਿਲਬਲਾਉਂਦੀ ਜ਼ਬਾਨ ਫੇਰ ਲੈਂਦਾ ਹੈ ਉਸ ਦੀ ਕੋਈ ਵੀ ਭੁਜ ਸਾਬਿਤ ਨਹੀਂ ਪਰ ਇਕੋ ਸਮੇਂ ਹੀ ਉਹ ਚਲਾ ਸਕਦਾ ਹੈ । ਗੋਲੀ ਵੀ ਉੜਾ ਸਕਦਾ ਹੈ ਘੁੱਗੀ ਵੀ ਜੇ ਕਿਤੇ ਪਸ਼ੂ ਲਵੋ ਉਹ ਖ਼ਬਰ ਜਾਂ ਕਿਤੇ ਸੁਣਦਾ ਹੀ ਹੋਵੇ ਤਾਂ ਜਲਦੀ ਘਰ ਨੂੰ ਪਰਤ ਆਵੇ ਮਾਂ ਨਿਮਾਣੀ ਦੀ ਹਾਲਤ ਬੜੀ ਨਾਜ਼ਕ ਹੈ । ਖ਼ਬਰ ਪਹੁੰਚਾਣ ਵਾਲੇ ਨੂੰ ਸਫ਼ਰ ਖਰਚ ਤੋਂ ਸਿਵਾਇ ਤਗਮਾ ਵੀ ਮਿਲ ਸਕਦਾ ਹੈ ਮਿਲ ਸਕਦੀ ਹੈ ਗੋਲੀ ਵੀ, ਸੂਲੀ ਦੀ । ਖਬਰ ਇਸ ਪਤੇ ਤੇ ਪਹੁੰਚਦੀ ਹੋਵੇ -ਨਾਮ ਗੁੰਮਨਾਮ ਵੀਹਵੀਂ ਸਦੀ ਮਿਊਜ਼ੀਅਮ ਹਰ ਦੇਸ਼ ਦਾ। ਪਤਾ ਇਕ ਵਾਰ ਫਿਰ ਸੁਣ ਲਵੋ ਨਾਮ ਗੁਮਨਾਮ ਵੀਹਵੀਂ ਸਦੀ ਮਿਊਜ਼ੀਅਮ ਹਰ ਦੇਸ਼ ਦਾ।

ਤ੍ਰਿਸ਼ੰਕੂ

ਇਕ ਗਿੱਠ ਦੂਰੀ ਤੇ ਲੇਟੀ ਹੈ ਉਹ ਕਾਨੂੰਨਨ ਵਰਤ ਸਕਦਾਂ ਜਦ ਚਿੱਤ ਚਾਹੇ । ਮੇਰੇ ਅੰਦਰਲੀ ਦੂਰੀ ਪਰ ਕਿਸਨੇ ਜਾਣੀ ਹੈ ? ਅੰਦਰ ਧੁਖਦੀ ਚਿਣਗ ਕਿਸਨੇ ਪਛਾਣੀ ਹੈ ? ਉਹ ਵਰਜਿਤ ਸੁਲਘਦੀ ਸੂਰਤ ਜੋ ਸਲੀਪਿੰਗ ਪਿਲਜ਼ ਖਾ ਕੇ ਸ਼ੂਕਦੀ ਨਦੀ ਤਰਦੀ ਹੈ ਨਿੱਤ ਨਵਾਂ ਸੂਰਜ ਫੜਦੀ ਹੈ । ਇਕ ਫੁੱਟ ਦੂਰੀ ਤੇ ਰੋਂਗਟੇ ਖੜੇ ਕੀਤੇ ਜ਼ਫਰਨਾਮੇ ਦਾ ਬੋਲ ਜਿਸਨੂੰ ਉਡੀਕੇ? 'ਚੰਡੀ' ‘ਚੋਂ ਉੱਗਦੇ ਹੱਥ ਸੂਰਜ ਫੜਨ ਦੀ ਕਸ਼ਮਕਸ਼ ਬੇਦਾਵਾ ਪਾੜ ਸੁੱਟਦੀ ਹੈ ਸੰਗਰਾਮ ਵਿਚ ਜੁੱਟਦੀ ਹੈ । ਕੁਝ ਮੀਲ ਦੂਰੀ ਤੇ ਕਿਸੇ ਦੀ ਨੀਂਦਰ ਹਰਾਮ ਹੁੰਦੀ ਹੈ । ਨ ਸ਼ੂਕਦੀ ਨਦੀ, ਨ ਸਮੁੰਦਰ ਖਾਰਾ ਸੂਰਜ ਬਣਦਾ ਪਰ ਲੰਮਾ ਲਾਰਾ । ਲੂਨਾ ਅਠਾਰਾਂ ਤੇ ਸਵਾਰ ਬਾਂਦਰ ਠੂਠੀ 'ਚ ਦੋ ਬੰਦ ਤੇਲ ਪਾਉਂਦਾ ਹੈ । ਬੇਬਸ ਕੰਚਨੀ ਦੇ ਟਿੱਲੇ ਅਲਖ ਜਗਾਉਂਦਾ ਹੈ । ਤਾਂ ਉੱਚੇ ਟਿੱਲੇ ਤੋਂ ਬੈਠੀ ਕੰਚਨੀ ਨੱਚਦੀ ਹੈ । ਜਨਤਾ ਦਾ ਹੜ ਖੁਸ਼ੀ 'ਚ ਗੁਣਗਣਾਉਂਦਾ ਹੈ । “ਹਰੇ ਇਨਕਲਾਬ" ਦੀ ਜੈ ਬਲਾਉਂਦਾ ਹੈ । ਮੈਂ ਇਕ ਗਿੱਠ ਦੂਰੀ ਤੇ ਲੇਟੀ ਤਵਾਇਫ ਤੋਂ ਕੁਝ ਮੀਲ ਦੂਰੀ ਤੇ ਬੇਵਸ ਕੰਚਨੀ ਵਿਚਕਾਰ ਤ੍ਰਿਸ਼ੰਕੂ ਵਾਂਗ ਲਟਕਾਂ, ਤੇ ਇਕ ਸ਼ਬਦ ਜ਼ਫਰਨਾਮੇ ਦੇ ਦੀਦ ਨੂੰ ਭਟਕਾਂ । ਸੂਰਜ ਮੇਰੇ ਅੰਦਰ ਵਿਚਰਦਾ ਹੈ । ਜਦੋਂ ਲੂਨਾ ਠਾਰਾਂ ਤੇ ਸਵਾਰ ਬਾਂਦਰ ਮੇਰੇ ਸਿਰ ਤੋਂ ਗੁਜ਼ਰਦਾ ਹੈ ਮੇਰੇ ਸਿਰ ਤੋਂ ਗੁਜ਼ਰਦਾ ਹੈ।

ਸਰਾਪਿਤ ਯਾਤਰਾ

ਦਿਮਾਗ ਵਿੱਚ ਸ਼ੀਸ਼ੇ ਦੀਆਂ ਕਿੱਚਰਾਂ ਵਾਂਗ ਚੁਭ ਰਹੇ ਨੇ ਦੁਰ-ਵਿਚਾਰ ਤੇ ਅੰਦਰ ਮੇਰੇ ਧੁਖ ਰਹੀ ਹੈ ਇਕੱਲੀ ਉਦਾਸ ਸਰਾਪਿਤ ਆਤਮਾਂ ਰਗਾਂ ਅੰਦਰ ਮੇਰੇ ਫੈਲ ਰਹੀ ਹੈ ਖੂਨ ਵਾਂਗ, ਤਪਦੀ ਰੇਤ 'ਚ ਝੁਲਸੀ ਨਿਰਜਿੰਦ ਮਛਲੀ ਜਿਹੀ ਗੰਧ । ਮੇਰੇ ਹੋਠਾਂ ਵਿਚੋਂ ਕਿਰਦਾ ਕੱਕੀ ਰੇਤ ਵਾਂਗ ਉਡਦਾ ਬੁੱਢੀ ਵੈਸ਼ਯ ਦਾ ਜ਼ਿਕਰ ਸੁਣ ਬਾਪੂ ਦੇ ਧੁਆਂਖੇਂ ਹੋਠਾਂ ‘ਚੋਂ ਹੈ ਨਿਕਲਦੀ ਇਕ ਮਾਂ ਜਿੱਡੀ ਗਾਲ । ਉਦੋਂ ਫਿਰ ਮੇਰੇ ਅੰਦਰ ਈਡੀਪਸ ਤੋਂ ਪੂਰਨ ਇਕੋ ਵੇਲੇ ਹੁੰਦੇ ਗਾਲਮ ਗਾਲ/ਵਾਲਮ ਵਾਲ ਮੇਰੇ ਅੰਦਰ ਹੁੰਦਾ ਹੈ ਤਨਾਉ ਖਿੱਚੀ ਹੋਈ ਕਮਾਨ ਵਾਂਗ ਫਿਰ ਇਕ ਦੁਰ-ਵਿਚਾਰ ਤੀਰ ਵਾਂਗ ਛੁੱਟਦਾ ਹੈ, ਸੀਨਾ ਵਿੰਨਦਾ। ਮੈਨੂੰ ਦੁੱਧ ਚੁੰਘਾਉਂਦੀ ਮੋਈ ਮਾਂ ਤੇ ਮੇਰੇ ਹਾਣ ਦੀ ਕੁੜੀ ਚੰਨੋ ਸੇਜਲ ਅੱਖਾਂ ਅੱਗੇ ਸੁਫਨੇ ਵਾਂਗੂੰ ਦੋਵੇਂ ਇਕੋ ਸਮੇਂ ਆਉਂਦੀਆਂ। ਤੇ ਪਲਕਾਂ ਤੇ ਤ੍ਰੇਲ ਤੁਪਕਿਆਂ ਵਾਂਗੂੰ ਲਟਕ ਜਾਵਣ ਦੋ ਅੱਥਰੂ । ਮੈਂ ਮੋਈ ਮਾਂ ਦੀ ਆਤਮਾ ਦੀ ਸ਼ਾਂਤੀ ਲਈ ਗੀਤਾ ਸਾਹਵੇਂ ਖਲੋ ਦੁਆ ਕਰਦਾ ਹਾਂ । ਫਿਰ ਆਪਣੇ ਹਾਣ ਦੀ ਕੁੜੀ ਚੰਨੋ ਦਾ ਨਾਂ ਲੈ ਬਿਸਤਰ ਤੇ ਸੁਲਘਦੇ ਹੋਠਾਂ ਤੇ ਹੋਠ ਧਰਦਾ ਹਾਂ। ਪਰ ਮੇਰੀ ਜੀਭ ਤੋਂ ਮੋਏ ਪਏ ਪ੍ਰਾਥਨਾ ਸ਼ਬਦਾਂ ਵਾਂਗ ਅੰਗਾਂ 'ਚ ਜੰਮ ਜਾਂਦਾ ਹੈ ਖੂਨ ਬਰਫ਼ ਵਾਂਗ । ਸਤਹੀਣ ਜਿਸਮ ਲੈ ਰੀਂਘਦਾ ਹੋਯਾ ਮੈਂ ਇਕ ਬਿਸਤਰ ਤੋਂ ਦੂਸਰੇ ਬਿਸਤਰ ਤੀਕ ਇਕ ਜਿਸਮ ਤੋਂ ਦੂਸਰੇ ਜਿਸਮ ਤੀਕ ਕਰਦਾ ਹਾਂ ਇਕ ਨਿਰੰਤਰ ਸਰਾਪੀ ਯਾਤਰਾ ਅੰਤ ਫਿਰ ਹੋ ਜਾਂਦਾ ਹਾਂ ਢੇਰੀ ਆਪਣੇ ਬਿਸਤਰ ਤੇ ਰੇਤ ਵਾਂਗੂੰ ਬਿਖਰੇ ਅੰਗ ਮੁੜ ਕੱਠੇ ਨਹੀਂ ਹੁੰਦੇ ਤੇ ਨਾਹੀਂ ਅੰਦਰ ਲਟ ਲਟ ਬਲਦੀ ਹੈ ਜਵਾਲਾ ਮੇਰੇ ਕੋਲ ਸੋਚਣ ਤੇ ਕਰਨ ਲਈ ਕੁਝ ਵੀ ਨਹੀਂ ਹੁੰਦਾ, ਬਸ ਦਿਮਾਗ 'ਚ ਹੁੰਦਾ ਹੈ ਗੀਤਾ ਦਾ ਸ਼ਲੋਕ ਤੇ ਬਾਪੂ ਵਲੋਂ ਮਿਲੀ ਇਕ ਮਾਂ ਜਿੱਡੀ ਗਾਲ ।

ਲੰਮੀ ਚੁੱਪ ਤੋਂ ਬਾਅਦ

ਲੰਮੀ ਚੁੱਪ ਤੋਂ ਬਾਅਦ ਕੁਝ ਤਾਂ ਕਹਿਣਾ ਬਣਦਾ ਮੇਰਾ ਕਿ ਝੁਕ ਗਿਆ ਅਸਮਾਨ ਸੁੰਗੜ ਗਿਆ ਇਨਸਾਨ ਟੁੱਟਾ ਚੁੱਕਾ ਸਵੈਮਾਨ ਗਰਭਵਤੀ ਪਤਨੀ ਦੀਆਂ ਸੁੱਤੀਆਂ ਰੀਝਾਂ ਤੇ ਆਪਣੇ ਅੰਦਰ ਦਹਾੜਦੇ ਹਬਸ਼ੀ ਨੂੰ ਦੇਖ । ਚੰਨ ਦੇ ਪਿੰਡੇ ਨੂੰ ਵੀ ਜਾ ਛੁਹੇ ਖੂਨ ਲਿਬੜੇ ਪੈਰ ਪੁੰਗਰੀ ਅਣਚਾਹੀ ਪੌਦ ਹਾਣ ਦੀਆਂ ਕੁੱਖਾਂ ਹੋਈਆਂ ਵੀਰਾਨ ਕੇਰਾਂ ਫਿਰ ਹੋਈ ਆਤਮਾ ਲਹੂ ਲੁਹਾਨ । ਮੈਂ ਖਾਮੋਸ਼ ਵੇਂਹਦਾ ਰਿਹਾ ਆਪਣੀਆਂ ਹਸਤ ਰੇਖਾਵਾਂ । ਪਰ ਖਬਰੇ ਕੌਣ ਕੋਈ ਅਜਨਬੀ ਮੇਰੀਆਂ ਰਗਾਂ 'ਚ ਖੂਨ ਵਾਂਗ ਰਿਹਾ ਵਿਚਰਦਾ । ਤੇਰੀ ਸੌਂਹ ਬੜਾ ਕਮੀਨਾ ਹੈ ਇਹ ਮਨ ਜੋ ਤੇਰੀ ਹਾਜ਼ਰੀ ਵਿਚ ਵੀ ਤੇਰੇ ਗੈਰਹਾਜ਼ਰ ਹੋਣ ਦੇ ਖ਼ਾਬ ਲੈਂਦਾ ਰਿਹਾ। ਤੇ ਰਾਤਾਂ ਜੋ ਅੱਖਾਂ 'ਚ ਸੂਲਾਂ ਵਾਂਗ ਉਗਦੀਆਂ ਸਵੇਰ ਦੀ ਉਦਾਸੀ ਵਿਚ ਬੇਵਸ ਉਬਾਸੀ ਵਾਂਗ ਸਿਮਟ ਜਾਂਦੀਆਂ ਰਹੀਆਂ ਅਖਬਾਰ ਦੇ ਪਹਿਲੇ ਸਫੇ ਤੇ ਕਤਾਰ ‘ਚ ਖਲੋਤੀਆਂ ਗਵਾਂਢੀ ਦੇਸ਼ ਦੀਆਂ ਗਰਵਵਤੀ ਕੰਜਕਾਂ ਨੂੰ ਵੇਖ ਐਨੇ ਪੁਜਾਰੀ ਵਾਂਗ ਚੁਫੇਰ ਦੀ ਚੁੱਪ ਦਾ ਅਨੁਚਿਤ ਲਾਭ ਉਠਾਉਣ ਦੇ ਇੱਛਾ ਵਸ ਮੇਰਾ ਇਹ ਹਰਾਮੀ ਮਨ ਲੋਚਦਾ ਆਪਣੇ ਅੰਦਰ ਦਹਾੜਦੇ ਹਬਸ਼ੀ ਨੂੰ ਆਪਣੇ ਵਿਸ਼ਵ-ਵਿਦਿਆਲਾ ਵਿਚ ਖੁੱਲ੍ਹਾ ਛੱਡ ਦੇਣਾ ਤਾਂ ਜੋ ਨੋਚ ਸਕੇ ਜਿੰਨੀਆਂ ਚਿੱਤ ਚਾਹੇ ਮਾਸੂਮ ਛਾਤੀਆਂ ਐਪਰ ਹਮੇਸ਼ਾਂ ਵਾਂਗ ਤੇਰੇ ਨਾਲ ਸੁੱਤੀ ਮਾਸੂਮ ਬੱਚੀ ਮੇਰੀ ਇਸ ਸੋਚ ਦਾ ਗਲਾ ਘੁੱਟ ਦਿੰਦੀ ਰਹੀ ਤੇ ਮੈਂ ਚੁੱਪ ਦੀ ਵਾਦੀ 'ਚ ਦੂਰ ਤੀਕ ਫੈਲ ਜਾਂਦਾ ਰਿਹਾ। ਮੈਂ ਜੋ ਨਾ ਨੇਤਾ ਨਾ ਸਾਧਕ ਬਸ ਇਕ ਕੰਮਜ਼ੋਰ ਇਰਾਦੇ ਵਾਲਾ ਆਦਮੀ ਜੋ ਕਦੇ ਵੀ ਕੋਈ ਫੈਸਲਾ ਨਹੀਂ ਲੈ ਸਕਿਆ ਤੇ ਇਸ ਫੈਸਲਾ ਨਾ ਲੈ ਸਕਣ ਦੀ ਅਵਸਥਾ ਵਿਚ ਹਮੇਸ਼ਾਂ ਵਾਂਗ ਖਾਮੋਸ਼ ਹੋ ਜਾਂਦਾ ਰਿਹਾ ਪਰ ਹੁਣ ਜਦੋਂ ਕਿ ਬੋਝਲ ਮਨ ਨਾ ਅੱਖਾਂ 'ਚ ਬਰਸਾਤ ਬਣ ਵਰ੍ਹਦਾ ਹੈ ਨਾ ਅੰਦਰ ਸਿਮਟ ਸਕਦਾ ਹੈ ਮੈਂ ਕੁਝ ਕਹਿਣ ਦਾ ਫੈਸਲਾ ਕੀਤਾ ਹੈ ਕਿ ਹਾਂ ਇਸ ਲੰਮੀ ਚੁੱਪ ਤੋਂ ਬਾਅਦ ਮੇਰਾ ਵੀ ਤਾਂ ਕੁਝ ਕਹਿਣਾ ਬਣਦਾ ਹੈ ।

ਇਕ ਨਿਪੁੰਸਕ ਅਭਿਲਾਸ਼ਾ

ਅਨੇਕ ਵਾਰ ਟੁੱਟਿਆ ਫਿਰ ਜੁੜਿਆ ਕਲਪਿਤ ਹੋਂਦ ਦੀ ਖਾਤਿਰ ਪੰਦਰਾਂ ਟਨ ਬਾਹਰੀ ਭਾਰ ਤੋਂ ਇਲਾਵਾ ਯਤਾਮਤ ਦੇ ਅੰਤਰੀਵ ਵਾਰ ਹੇਠ ਦਬਿਆ ਪੀਂਘਦਾ ਇਨਾਮਬਾਨੋ ਦੀ ਪੌੜੀ ਤੇ ਜਾ ਚੜਿਆ ਤੇ ਉਸ ਦੀਆਂ ਲੱਤਾਂ ਹੇਠਲੇ ਸਮੁੰਦਰ 'ਚੋਂ ਤੈਰਕੇ ਜੇਤੂ ਘੋੜਿਆਂ ਦੀ ਕਤਾਰ 'ਚ ਖਲੋਤਾ ਹਿਣਕਣਾਉਂਦਾ, ਹਿਣਕਣਾਉਂਦਾ ਦੋ ਪਾਸੀ ਆਵਾਜ਼ 'ਚ “ਸਥਾਪਤੀ ਪਿਛੋਂ ਵਿਸਥਾਪਨ ਦੀ ਅਭਿਲਾਸ਼ਾ'' ਆਪਣੇ ਆਪ ਤੋਂ ਵੀ ਅਜਨਬੀ ਸ਼ਾਇਦ ਬੌਣਾ ਵੀ ਉਹ ਵੇਖਦਾ ਰਿਹਾ ਕੁਝ ਅਲਕ ਵਛੇਰੇ ਅਪਣੇ ਖ਼ੁਰਾਂ ਨਾਲ ਤਗਮੇ ਬੰਨੀਂ ਜੇਤੂ ਘੋੜਿਆਂ ਦੀ ਘਾਹ ਤੇ ਵਿਸ਼ਰਾਮ ਕਰਦੀ ਪਿੱਠ ਉਤੋਂ ਲੰਘਦੇ ਉਸ ਚਾਹਿਆ ਉਨ੍ਹਾਂ ਵਿਚ ਸ਼ਾਮਲ ਹੋ ਜਾਵੇ ਅਪਣੱਤ ਜਤਾਵੇ ਜਾਂ ਗੁੰਟਰ ਗਰਾਸ ਦੇ ਬੌਣੇ ਪਾਤਰ ਦੀ ਤਰ੍ਹਾਂ ਇਨਾਮਬਾਨੋ ਦੀ ਘੱਗਰੀ 'ਚ ਜਾ ਲਵੇ ਪਨਾਹ ਤੇ ਦੇਵੇ ਗਰਭ ਠਹਿਰਾਅ ਫਿਰ ਆਪਣੀ ਇੰਦਰੀ ਨਾਲ ਬੰਨ੍ਹ ਕੇ ਤਗਮਾ ਸੜਕ ਕਿਨਾਰੇ ਢੋਲ ਤੇ ਖੜਕੇ ਕੂਕੇ ਮੈਨੂੰ ਮੇਰੀ ਬੁੱਢੀ ਪੀੜੀ ਨੇ ਯੱਤਾਮਤ ਤੇ ਬਨਵਾਸ ਦਿੱਤਾ ਹੈ ਮੇਰੀ ਹਮਦਰਦੀ ਯੁਵਕਾਂ ਨਾਲ ਹੈ ਸਥਾਪਤੀ ਪਿਛੋਂ ਵਿਸਥਾਪਨ ਦੀ ਅਭਿਲਾਸ਼ਾ ਹਰਦਮ ਮੇਰੇ ਅੰਦਰ ਪਲਦੀ ਹੈ ਮੈਨੂੰ ਸਥਾਪਤੀ ਤੋਂ ਮੁਕਤ ਕਰ ਅਪ੍ਰੌਢਤਾ ਤੇ ਵਿਸਥਾਪਨ ਪ੍ਰਦਾਨ ਕਰੇ ਮੇਰੇ ਪੈਰਾਂ 'ਚੋਂ ਸ਼ੁਹਰਤ ਦੇ ਪੈਖੜ ਖੋਲ ਦੇਵੇ ਪਰ ਉਹ ਵਿਚਾਰਾ, ਕੇਵਲ ਸੋਚ ਹੀ ਸਕਿਆ ਨਾ ਇੰਦਰੀ ਨਾਲ ਤਗਮਾ ਬੰਨ ਹੋਇਆ ਨਾ ਇਨਾਮਬਾਨੋ ਦੀ ਘੱਗਰੀ ‘ਚ ਮਿਲ ਸਕੀ ਪਨਾਹ ।

ਸੰਭਾਵਨਾਵਾਂ ਖੋ ਬੈਠਣ ਤੋਂ ਬਾਅਦ

ਨਾਂਹ ਭਾਂਵਾਂ ਦਾ ਸੰਚਾਰ ਥਮਿਆ ਨਾਂਹ ਸਰਪਟ ਦੌੜਦੀ ਸੜਕ ਰੁਕੀ ਮੇਰੇ ਅਤੇ ਬਿਸਤਰ ਤੇ ਲੇਟੇ ਸੁਲਘਦੇ ਅੰਗਾਂ ਦਰਮਿਆਨ ਸ਼ਾਂਤ ਅਡੋਲ ਰਾਤ ਠਹਿਰੀ ਹੈ ਕੋਈ ਹੋਰ ਗੈਰ ਨਹੀਂ ਬਸ ਵਾਕਫ਼ ਰਾਤ ਪਸਰੀ ਹੈ ਮੈਂ ਨਾ ਜਗਦਾ ਨਾ ਧੁਖਦਾ ਨਾਹੀਂ ਰਾਤ ਸੰਘਾਰ ਸਕਣ ਦੀ ਹੈ ਹਿੰਮਤ ਬਾਕੀ ਮੇਰੇ ਅੰਗ ਸੰਭਾਵਨਾਵਾਂ ਖੋ ਬੈਠੇ ਨੇ ਮੇਰੇ ਦੇਸ਼, ਮੇਰੇ ਸਾਹਿਤ, ਮੇਰੇ ਦਰਸ਼ਨ ਵਾਂਗ । ਮੈਂ ਕੇਵਲ ਸਾਡੇ ਚਾਰ ਅੱਖਰਾ ਨਾਂ ਤੇ ਸਾਢੇ ਅਠਾਨਵੇਂ ਪੌਂਡ ਭਾਰਾ ਜਿਸਮ ਹਾਂ ਆਪਣੇ ਸਿਰ ਤੋਂ ਬਿਨਾਂ। ਪਰ ਇਹ ਸਿਰ ਹੀ ਤਾਂ ਹੈ ਜੋ ਧੁਖਦੇ ਅੰਗ ਮੇਰੇ ਕਰੀਬ ਲੈ ਆਯਾ ਹੈ । ਮੇਰੇ ਕੋਲ ਤਾਂ ਕੁਝ ਵੀ ਨਹੀਂ, ਬਸ, ਹੈ ਐਵੇਂ ਇਕ ਝੰਡਾ ਦਿਖਾਵੇ ਦਾ, ਫਖ਼ਰ ਦਾ, ਦੇਸ਼ ਦੇ ਤਿਰੰਗੇ ਵਾਂਗ ਹੈ ਪ੍ਰਤੀਕ, ਜੋ, ਜਿੱਤ ਦਾ, ਕਦੇ ਹਾਰ ਦਾ, ਸੋਗ ਦਾ, ਕਦੇ ਮਾਤਮ ਦਾ “ਮੇਰੇ ਵਲ ਆਪਣਾ ਧੁਖਦਾ ਸਿਰ ਤਾਂ ਕਰ ਲਟ ਲਟ ਬਲ ਉਠੇਂਗਾ ਰਾਤ ਸਿਮਟ ਜਾਏਗੀ ਝੰਡੇ ਦੀ ਪਰਛਾਈ ਹੇਠ" ਤੇ ਮੇਰਾ ਕੰਨ ਏਰੀਅਲ ਹੈ ਬਣ ਜਾਂਦਾ। ਧੁਖਦਾ ਜਿਸਮ ਝੂਲਦਾ ਝੰਡਾ, ਕਟਿਆ ਸਿਰ, ਸਮੁੰਦਰ ਦੀ ਭੇਂਟ ਹੁੰਦੇ ਹਨ । ਗੱਦਰ ਅੰਗਾਂ ਦੀ ਮਹਿਕ ਜਾਗ ਲਾਉਂਦੀ ਹੈ ਚਾਟੀ 'ਚੋਂ ਪੀਤੇ ਕੜ੍ਹੇ ਦੁੱਧ ਨੂੰ- -ਤੇ ਕਿਨਾਰੇ ਬੇ-ਨਿਕਾਬ ਮੈਂ ਖਲੋਤਾ ਵੇਖਦਾਂ ਦੇਸ਼ ਦੇ ਤਿਰੰਗੇ ਵਾਂਗ ਮੇਰਾ ਇਹ ਤਿਰੰਗਾ ਡਿਗਦਾ ਫਿਰ ਮਾਤਮੀ, ਸੋਗੀ ਹੰਭਿਆ ਹੋਯਾ, ਥਕਾਵਟ ਦਾ ਇਕ ਗੀਤ ਗਾਉਂਦਾ ਦੇਸ਼ ਵਾਂਗੂੰ ਜਿਸਮ ਵੀ ਸੰਭਾਵਨਾਵਾਂ ਖੋ ਬੈਠਾ ਹੈ ।

ਪ੍ਰਸ਼ਨ ਚਿੰਨ੍ਹ– '?'

ਹੇ ਸੂਹੇ ਰਿਬਨਾਂ ਵਾਲੇ ਸੁਰਖ ਬੁੱਲ੍ਹੀਆਂ ਵਾਲੇ ਨੰਨੇ ਨੰਨੇ ਬੱਚਿਓ ਦਗਦੇ ਵਿਦਰੋਹੀ ਚਿਹਰੇ ਵਾਲੇ ਹਮ-ਉਮਰ ਯੁਵਕੋ । ਮੈਂ ਗੂੜ ਗਿਆਨੀਆਂ, ਮਹਾਂ ਧਿਆਨੀਆਂ ਦੀ ਸੰਗਤ 'ਚੋਂ ਦੁਰਕਾਰਿਆ ਪ੍ਰਸ਼ਨ ਚਿੰਨ੍ਹ ਹਾਂ । ਮੈਂ ਸ੍ਵੈ ਦੇ ਉੱਤਰ ਦੀ ਤਲਾਸ਼ 'ਚ ਭਟਕੀ ਅਸੰਗਤ ਆਤਮਾ ਹਾਂ। ਮੈਂ ਸਰਹੰਦ ਦੀ ਦੀਵਾਰ 'ਚ ਚਿਣਿਆ ਗਿਆ ਪਰ ਦੀਵਾਰ ਤੇ ਮੇਰਾ ਸ੍ਵੈ ਪ੍ਰਸ਼ਨ ਚਿੰਨ੍ਹ ਬਣ ਉਘੜਿਆ। ਮੇਰੀ ਪ੍ਰੀਖਿਆ ਮੇਰੀ ਤਲੀ ਤੇ ਜਗਦੀ ਮੋਮਬੱਤੀ ਝੁਲਸਿਆ ਹੱਥ, ਸੜੀ ਚਰਬੀ ਦੀ ਗੰਧ ਤੇ ਹੱਥ 'ਚੋਂ ਰਿਸੇ ਖੂਨ ਦਾ ਟੇਪਾ ਮੁੜ ਪ੍ਰਸ਼ਨ ਚਿੰਨ੍ਹ ਬਣਿਆ ਜੋ ਆਪਣੀ ਤਲਾਸ਼ 'ਚ ਅਸੰਬਲੀ ਵਿੱਚ ਬੰਬ ਬਣ ਫਟਿਆ, ਫਾਂਸੀ ਲਟਕਿਆ ਪਰ ਗਲ ਪਿਆ ਫਾਂਸੀ ਦਾ ਰੱਸਾ ਇਕ ਪ੍ਰਸ਼ਨ ਚਿੰਨ੍ਹ ਬਣਕੇ ਰਹਿ ਗਿਆ। ਉੱਤਰ ਨਹੀਂ—ਉੱਤਰ ਦਾ ਧੋਖਾ ਪ੍ਰਾਪਤ ਹੋਇਆ ਪ੍ਰਸ਼ਨ ਚਿੰਨ੍ਹ ਦੇ ਟੋਟੇ ਹੋਇਆ ਇਕ ਹਿੰਦ ਬਣਿਆ-ਇਕ ਪਾਕ ਹੋਇਆ। ਅਪਣੇ ਆਪ ਅਪਣੇ ਅੰਗਾਂ ਨੂੰ ਕੱਟਦਾ ਖੂਨ ਨਾਲ ਲੱਥ ਪੱਥ ਸਰਹੱਦ ਤੇ ਖਲੋਤਾ ਪ੍ਰਸ਼ਨ ਚਿੰਨ੍ਹ ਕੂਕਦਾ ਰਿਹਾ— "ਮੇਰਾ ਜਵਾਬ ਨਹੀਂ ਮਿਲਿਆ ਅਜੇ ?" ਖੂਨ— ਫਿਰ ਖੂਨ-ਫਿਰ ਖੂਨ ਮੈਂ ਭਟਕਿਆ, ਪ੍ਰਸ਼ਨ ਚਿੰਨ੍ਹ, ਸਹਿਮਿਆ ਇਕ ਦੇਸ਼ 'ਚ ਸੀਮਾਬੱਧ ਹੋਇਆ ਨ ਇਤਿਹਾਸ ਨੇ ਜਵਾਬ ਦਿੱਤਾ ਨ ਮਿਥਿਹਾਸ ਤੋਂ ਜਵਾਬ ਸਰਿਆ ਬੁੱਢੇ ਸੁਆਰਥੀ ਚਿਹਰਿਆਂ ਨੇ ਮੂਰਖ ਫਜੂਲ ਕਹਿ ਦੁਰਕਾਰਿਆ। ਮੈਂ ਆਪਣੀ ਪ੍ਰੀਭਾਸ਼ਾ 'ਚ ਸੀਮਿਤ ਨਿਰਵੈਰ, ਨਿਰਭੈ, ਨਿਰਸੁਆਰਥ, ਪ੍ਰਸ਼ਨ ਚਿੰਨ੍ਹ ਤੁਹਾਡੇ ਵਿਚਕਾਰ ਖਲੋਤਾ ਆਪਣਾ ਉੱਤਰ ਮੰਗਦਾ ਹਾਂ ਜੋ ਮਿਥਿਆ ਸੀ -ਕੀ ਪ੍ਰਾਪਤ ਕਰ ਚੁੱਕੇ ਹਾਂ ਸਚਮੁੱਚ ਜਾਂ ਮੈਨੂੰ ਦੀਵਾਰ 'ਚ ਚਿਣੇ ਜਾਣ ਰਣ ਖੇਤਰ ਵਿੱਚ ਜੂਝ ਮਰਨ ਫਾਂਸੀ ਤੋਂ ਲਟਕਣ ਤੇ ਜੇਲ੍ਹਾਂ 'ਚ ਡੱਕੇ ਜਾਣ ਦਾ ਕਰਮ ਮੁੜ ਦੁਹਰਾਣਾ ਪੈਸੀ, ਮੈਂ ਜੋ ਦੇਸ਼ ਅਜ਼ਾਦੀ ਤੇ "ਸ਼ਖਸ਼ੀ ਅਜ਼ਾਦੀ'' ਅੱਗੇ ਠਹਿਰਿਆ ਪ੍ਰਸ਼ਨ ਚਿੰਨ੍ਹ ਅਜੇ ਬਾਕੀ ਹਾਂ ।

ਚਾਰ ਮਨ ਅਵਸਥਾਵਾਂ

੦ ਤੇਜ ਧਾਰ ਉਸਤਰੇ ਵਾਂਗ ਪੱਛ ਗਈ ਤਹਿਜ਼ੀਬ ਪਾਰੇ ਵਾਂਗੂੰ ਡਲਕ ਰਿਹਾ ਹੈ ਤਲੀ ਮੇਰੀ ਤੇ ਖੂਨ ਦਾ ਟੇਪਾ ਖੁੰਝ ਗਿਆ ਕਰਤਾਰੀ ਛਿਣ ਮੁੜ ਹੱਥ ਨ ਆਇਆ ਹੀਰੋ ਬਣ ਕੇ ਜੀਣ ਦੀ ਇੱਛਾ ਕੰਦਰਾਂ ਦੇ ਵਿੱਚ ਗੁੰਮ ਗਈ ਦਲਦਲ ਦੇ ਵਿੱਚ ਧਸਿਆ ਲੱਭਾਂ ਮਕਤਲ ਵਲ ਨੂੰ ਜਾਂਦਾ ਰਾਹ । ੦੦ ਅਣ-ਇੱਛਤ ਕਰਮਾਂ ਦੀ ਜੂਨ ਹੰਢਾਉਂਦੇ ਚੀਣਾ ਚੀਣਾ ਹੋ ਕੇ ਬਿਖਰਿਆ ਭਾਵੇਂ ਧੁਰ ਮੰਜ਼ਿਲ ਤੇ ਪਹੁੰਚਣ ਦਾ ਇਹਸਾਸ ਦੂਰ ਦੁਮੇਲਾਂ ਤੀਕ ਪਸਰਿਆ ਮਾਰੂਥਲ ਤਾਂ ਬੇਸ਼ਕ ਬਾਕੀ ਹੈ ਮਿਟੀ ਨਹੀਂ ਪਰ ਮ੍ਰਿਗ ਤ੍ਰਿਸ਼ਨਾ ਸਾਗਰ ਕੰਢੇ ਪੰਹੁਚਣ ਦੀ ।। ੦੦੦ ਕੰਦਰਾਂ ਨਾਲ ਖਹਿ ਖਹਿ ਰੋਜ਼ ਰਿਹਾ ਪਰਤਦਾ ਜ਼ਖਮੀ ਹੋ ਹੋ ਧੁਰ ਮੰਜ਼ਿਲ ਤੇ ਪਹੁੰਚਣ ਦਾ ਇਹਸਾਸ ਤੇ ਹੱਥ ਭੀ ਉਠਦੇ ਰਹੇ ਦੁਆਵਾਂ ਲਈ ਬੇਸ਼ਕ ਪਰ ਰਹੇ ਵਰਜਦੇ ਨਿੱਤ ਛਾਲੇ ਛਾਲੇ ਪੈਰ ਕਾਨਾਫੂਸੀ ਕਰਦੇ ਕੰਨ ਰਹੇ ਮਿਹਣੇ ਮਾਰਦੇ ਪਰ 'ਡੀਕ 'ਡੀਕ ਕੇ ਥੱਕੀਆਂ ਅੱਖਾਂ ਆਖਰ ਜਾ ਟਿਕਿਆਂ ਬੰਦੂਕ ਤੇ। ੦੦੦੦ ਲਾਲ ਹਰਫ਼ ਉਕਰਾਂ ਕਿਵੇਂ ਕਾਲੇ ਮੇਟਕੇ ਮਿਲੀ ਨਹੀਂ ਜਦ ਕਿ ਛੂਹਾਂ ਪੈਰਾਂ ਨੂੰ ਮੰਜਿਲ ਦੀ ਮਸਤਕ 'ਚੋਂ ਵੀ ਰਿਸਦੇ ਨੇ ਬੇਸ਼ਕ ਪੈਰਾਂ ਦੇ ਛਾਲੇ, ਪਰ ਕਦੇ ਜਾਂਦੇ ਨਹੀਂ ਅਜਾਈਂ ਦਾਗਲ ਮੋਢਾ ਭਾਵੇਂ ਕੰਬਦਾ ਹੈ ਉੱਕੀ ਨਹੀਂ ਪਰ ਅੱਖ ਅਜੇ ਨਿਸ਼ਾਨੇ ਤੋਂ ।

ਸ਼ਬਦ ਤੁਰਦੇ ਨੇ

ਸ਼ਬਦ ਤੁਰਦੇ ਨੇ ਅਸੀਂ ਖੜੋਤੇ ਹਾਂ ਚਿੱਕੜ 'ਚ ਬਾਹਾਂ ਪਸਾਰ । ਸ਼ਬਦ ਕਰਨ ਸਫਰ ਦਿਸਹੱਦੇ ਤੋਂ ਪਾਰ । ਸ਼ਬਦ ਸਿਰਜਣ ਨਿੱਤ ਨਵਾਂ ਸੰਸਾਰ । ਫੜਾ ਦੇਵਣ ਹੱਥਾਂ 'ਚ ਕਈ ਵਾਰ । ਬੰਬ ਬੰਦੂਕ ਤੀਰ ਤਲਵਾਰ । ਸ਼ਬਦ ਕਰਨ ਐਲਾਨ ਸੋਫਿਆਂ ਤੇ ਊਂਘਦੇ ਸਭ ਬੁੱਧੀਜੀਵੀ ਹਨ ਸੂਲੀਆਂ ਤੋਂ ਲਟਕਦੇ ਅਨੁਭਵੀ ਅਵਤਾਰ । ਸ਼ਬਦ ਲੈ ਜਾਵਣ ਜੇਲ ਦੀ ਹਨ੍ਹੇਰੀ ਗੁਫ਼ਾ 'ਚ ਪ੍ਰੇਮਿਕਾ ਦੇ ਹੋਠਾਂ ਤੇ ਝੁਕਿਆਂ ਨੂੰ ਕਈ ਵਾਰ । ਸ਼ਬਦ ਆਦਿ ਗਰੰਥਾਂ ਚੋਂ ਸ਼ਬਦ ਹਮ ਉਮਰ ਦਰਸ਼ਨ 'ਚੋਂ ਖੁਲਾਸਿਆਂ ਰਾਹੀਂ ਪੁੱਜਣ ਸਾਡੇ ਤੀਕ ਪਰ ਕਦੇ ਨਾ ਰਚਦੇ ਰੋਮ ਰੋਮ । ਬਸ ਤੁਰਦੇ ਨੇ ਆਪਣਾ ਰੰਗ ਰੂਪ ਬਦਲ ਸਾਡੇ ਤੋਂ ਉਨ੍ਹਾਂ ਤੀਕ ਜਿਨ੍ਹਾਂ ਦੇ ਕੰਨਾਂ 'ਚ ਢਲ ਚੁੱਕਾ ਹੈ ਸਿੱਕਾ । ਸਾਡੇ ਤੋਂ ਉਨ੍ਹਾਂ ਤੀਕ ਜੋ ਕੋਹਲੂ ਦੇ ਬੈਲ ਵਾਂਗ ਅਰਧ ਚੇਤਨ ਰੀਂਘਦੇ ਨੇ ਜ਼ਿੰਦਗੀ ਤੇ ਮੌਤ ਵਿਚਕਾਰ। ਸ਼ਬਦ ਤੁਰਦੇ ਨੇ ਅਸੀਂ ਖਲੋਤੇ ਹਾਂ ਚਿੱਕੜ 'ਚ ਬਾਹਾਂ ਪਸਾਰ ।

ਯੁੱਗ ਪੁਰਸ਼ ਅਭਿਲਾਸ਼ਾ

ਹੇ ਆਜ਼ਜ ਪਿਤਾ ਪੁਰਖ ਕਿੰਨਾ ਚੰਗਾ ਹੁੰਦਾ ਤੂੰ ਕਿਸੇ ਕੈਕੇਈ ਦਾ ਬਚਨ ਸਵੀਕਾਰ ਕਰਦਾ ਤੇ ਮੈਨੂੰ ਬਨਵਾਸ ਦਿੰਦਾ ਮੈਂ ਰਾਮ ਤਾਂ ਬਣ ਜਾਂਦਾ ਆਪਣੀ ਦੁੰਮ ਤਾਂ ਬਚਾ ਲੈਂਦਾ ਤੂੰ ਮੇਰੀ ਜਨਨੀ ਦੀ ਇੱਛਾ-ਪੂਰਤੀ ਵਸ ਹੋ ਮੈਨੂੰ ਭੇੜੀਆਂ ਦੇ ਦੇਸ਼ ਛੱਡ ਕਿੱਥੇ ਤੁਰ ਗਿਆ ਏਂ ਬਾਪ ? ਇਥੇ ਮੇਰੀ ਦੁੰਮ ਕਟ ਗਈ ਏ ਮੈਂ ਪਾਲਤੂ ਕੁੱਤਾ ਵੀ ਨਹੀਂ ਰਿਹਾ ਤੇ ਰਾਮ ਵੀ ਨਹੀਂ ਬਣ ਸਕਿਆ । ਭੇੜੀਆਂ ਦੇ ਦੇਸ਼ ਵਿੱਚ ਮੈਨੂੰ ਅਪਣੀ ਜਾਤ ਨਾਲ ਨਫਰਤ ਹੈ; ਨਿੱਕੀ ਨਿੱਕੀ ਜਤ ਨਾਲ ਨਫ਼ਰਤ ਹੈ । ਅਪਣੇ ਠੰਡੇ ਯਖ਼ ਖੂਨ ਨਾਲ ਨਫਰਤ ਹੈ ਮੇਰਾ ਮਨ ਕਟੀ ਦੁੰਮ ਵਲ ਵੇਖਕੇ ਪਛਤਾਉਂਦਾ ਹੈ । ਜਦ ਕਦੇ ਕੋਈ ਪਾਲਤੂ ਕੁੱਤਾ ਆਪਣੀ ਦੁੰਮ ਹਿਲਾਉਂਦਾ ਹੈ, ਤੇ ਅਪਣੇ ਮਾਲਕ ਦੇ ਪੈਰਾਂ 'ਚ ਵਿਛ ਜਾਂਦਾ ਹੈ । ਮੇਰਾ ਆਪਾ ਵਿਦਰੋਹੀ ਸਵਰ ਵਿੱਚ ਕੁਰਲਾਉਂਦਾ ਹੈ— ''ਹੇ ਆਜ਼ਜ ਪਿਤਾ ਪੁਰਖ ਮੇਰੀ ਜੱਤ ਵਧਾ ਦੇ ਮੈਂ ਭੇੜੀਆਂ ਦੇ ਦੇਸ਼ 'ਚ ਸਵੀਕਾਰਿਆਂ ਜਾਵਾਂ ਜਾਂ ਮੇਰੀ ਪਿੱਠ ਤੇ ਦੁੰਮ ਲਗਾਦੇ ਇਸ ਸਾਰੀ ਲੰਕਾ ਨੂੰ ਮੈਂ ਅਗਨ ਦੀ ਭੇਂਟ ਚੜ੍ਹਾਵਾਂ । ਜਾਂ ਫਿਰ ਮੈਨੂੰ ਇਸ ਭੇੜੀਆਂ ਦੇ ਦੇਸ਼ ਤੋਂ ਬਨਵਾਸ ਦੇ ਮੈਂ ਰਾਮ ਤਾਂ ਬਣ ਜਾਵਾਂ। ਧਰਮ ਯੁੱਧ ਤਾਂ ਰਚਾਵਾਂ ਯੁੱਗ ਪੁਰਸ਼ ਤਾਂ ਕਹਾਵਾਂ । ਯੁੱਗ ਪੁਰਸ਼ ਤਾਂ ਕਹਾਵਾਂ ॥

ਜੀਂਦੇ ਰਹਿਣ ਦੀ ਖਾਤਰ

ਘੁਣ ਖਾਧੇ ਇਤਿਹਾਸ ਦੇ ਇਸ ਤਟ ਤੇ ਖਲੋਤੇ “ਮੈਂ” ਨੂੰ ਕਰਨਾ ਪੈਂਦਾ ਹੈ, ਬਹੁਤ ਕੁਝ ਜੀਂਦੇ ਰਹਿਣ ਦੀ ਖਾਤਿਰ ਅਧਿਆਪਕ, ਅਭਿਨੇਤਾ, ਰਾਜਨੀਤਕ ਬਣਨਾ ਪੈਂਦਾ ਹੈ ਬਹੁਤ ਕੁਝ ਜੀਂਦੇ ਰਹਿਣ ਦੀ ਖਾਤਿਰ ਵਿਵਰਨ ਵਿਵੇਚਨ, ਗੀਤ ਤੇ ਲੇਖ ਲਿਖਣਾ ਪੈਂਦਾ ਹੈ ਬਹੁਤ ਕੁਝ ਜੀਂਦੇ ਰਹਿਣ ਦੀ ਖਾਤਿਰ। ਜੇਬ 'ਚ ਸੰਗੜੇ ਹੱਥ ਨੂੰ ਕਰਨਾ ਪੈਂਦਾ ਹੈ ਸਫਰ ਸਲਾਮ ਤੀਕ ਫਰਲਾਂਗ ਦੂਰ ਜਾਂਦੇ "ਸਾਹਬ" ਨੂੰ ਦੇਖ ਧਰਮ, ਕਰਾਂਤੀ ਸੱਚ ਝੂਠ ਵੇਚਣਾ ਪੈਂਦਾ ਹੈ ਸਭ ਇਕੋ ਤੋਲ ਜੀਂਦੇ ਰਹਿਣ ਦੀ ਖਾਤਿਰ । ਸੜਕਾਂ ਤੇ ਵਿਚਰਦੇ ਜਲੂਸ ਭੁੱਖ ਨਾਲ ਵਿਲਕਦੇ ਬੱਚੇ ਸੋ ਕੇਸਾਂ ਤੇ ਠਹਿਰੀ ਪਤਨੀ ਨਜ਼ਰ ਤੋਂ ਫੇਰਨਾ ਪੈਂਦਾ ਮੂੰਹ ਕਈ ਵਾਰ ਜੀਂਦੇ ਰਹਿਣ ਦੀ ਖਾਤਿਰ। ਘੁਣ ਖਾਧੇ ਇਤਿਹਾਸ ਦੇ ਇਸ ਤਟ ਤੇ ਖਲੋਤੇ “ਮੈਂ" ਨੂੰ—ਹੈ ਕੀ ? ਜੋ ਨਹੀਂ ਕਰਨਾ ਪੈਂਦਾ, ਜੀਂਦੇ ਰਹਿਣ ਦੀ ਖਾਤਿਰ । ਕਰਨਾ ਪੈਂਦਾ ਹੈ ਸਭ ਕੁਝ ਜੀਂਦੇ ਰਹਿਣ ਦੀ ਖਾਤਿਰ।

ਪਾਰਸ ਛੁਹ

ਮੇਰੇ ਅੰਦਰ ਪਸਰੇ ਸ਼ਾਂਤ ਅਡੋਲ ਸਾਗਰ ਕਿਨਾਰੇ ਪੰਛੀਆਂ ਵਾਂਗ ਗੁਟਕਦੇ ਉਹਦੇ ਬੋਲ ਪਿਆਰੇ ਫਿਰ ਉਸ ਫੁੱਲ ਜੇਹਾ ਇਕ ਗੀਤ ਜਦ ਸੁੱਟਿਆ ਮੈਂ ਇਕ ਘਾਇਲ ਪਰਿੰਦੇ ਵਾਗੂੰ ਚੀਖ ਉੱਠਿਆ ਮੈਂ ਕਲਾ ਰਿਹਾ ਸਾਂ ਬੇਸੁਰ ਸਾਜ ਵਾਂਗ ਉਹ ਹੱਸ ਰਿਹਾ ਸੀ ਪਾਣੀ ਦੀਆਂ ਲਹਿਰਾਂ ਵਾਂਗ ਪਸਰਿਆ ਚੁਫੇਰੇ ਮੇਰੇ ਸਾਗਰ ਦੀ ਤਰਾਂ ਉਹ ਤੇ ਮੇਰੇ ਅੰਗ ਅੰਗ ਛੁਹ ਗਿਆ ਮੈਂ ਕੰਬਿਆ, ਸ਼ਰਮੀਲਾ ਪਾਣੀ ਹੋ ਗਿਆ ਉਹ ਸਗਵਾਂ ਮੇਰੇ ਸਾਹਵੇਂ ਸੀ ਖੜਾ ਸ਼ਾਂਤ ਅਡੋਲ ਮੇਰੇ ਅੰਦਰ ਪਸਰੇ ਸਾਗਰ ਵਾਂਗ ਫਿਰ ਗੈਬੀ ਹੱਥ ਮੋਢੇ ਤੇ ਟਿਕਾ ਕੂਕਿਆ, "ਮਰਦਾਨੇ ਰਬਾਬ ਵਜਾ" ਮੈਂ ਅਬੋਲ ਸਾਂ ਅਡੋਲ ਸਾਂ ਉਹ ਮੇਰੀ ਰਬਾਬ ਦੀਆਂ ਤਾਰਾਂ ਸੀ ਪਿਆ ਜੋੜਦਾ ਕਿ ਰਾਕਸ਼ ਨੇ ਮੈਨੂੰ ਗਿਚੀਓਂ ਆ ਪਕੜਿਆ ਫੇਰ ਮੈਨੂੰ ਇਕ ਗੇਂਦ ਵਾਂਗੂੰ ਰੋੜ੍ਹਿਆ ਤੇ ਮੈਂ ਮੀਲਾਂ ਡੂੰਘੀ ਖੱਡ ਵਿਚ ਜਾ ਪਿਆ । ਮੈਂ ਡਿਗਿਆ ਪਿਆ ਹਾਂ ਅਜੇ ਤਾਈਂ ਇਕ ਨਿਰਜਿੰਦ ਸਾਜ ਦੀ ਤਰਾਂ ਮੇਰੇ ਅੰਦਰ ਹੈ ਇਕ ਸਾਗਰ ਸ਼ਾਂਤ ਅਡੋਲ ਪਰ ਕਾਹੀ ਜੰਮੇਂ ਪਾਣੀ ਜੇਹਾ । ਕਦੇ ਕਦਾਈਂ ਘਿਨਾਉਣੇ ਦੰਦਾਂ ਵਿਚੋਂ ਆਵੇ ਜਦ ਉਸਦੇ ਸ਼ਬਦਾਂ ਜੇਹੀ ਮਹਿਕ ਮੇਰੀ ਜਿੰਦ ਜਾਂਦੀ ਹੈ ਸਹਿਕ ਹਾਏ ਕਦ ਹੋਸੀ ਪੁਨਰ ਮਿਲਨ ਕਦ ਰਾਕਸ਼ ਪਾਈਆਂ ਵਿੱਥਾਂ ਮੁਕਸਨ ਕਦ ਕੋਹੜੀ ਹੱਥ ਅਜਾਦ ਕਰਸਨ "ਸਭੇ ਸਾਂਝੀਵਾਲ ਸਦਾਇਨ" ਦਾ ਫਲਸਫਾ

ਦਿਸ਼ਾਹੀਣ ਦੀ ਦਿਸ਼ਾ

ਮੇਰੀ ਪਿੱਠ ਤੇ ਇਹ ਗੈਬੀ ਹੱਥ ਤੇਰਾ ਮੈਨੂੰ ਕਿਸ ਦਿਸ਼ਾ ਵੱਲ ਲੈ ਜਾਣਾ ਲੋਚੇ ਮੈਂ ਤਾਂ ਕਿਧਰੇ ਵੀ ਨਹੀਂ ਜਾਣਾ । ਸ਼ਰਮ, ਧਰਮ ਪ੍ਰਭ ਕਿਰਪਾ ਮਾਂ ਕੁੱਖ ਦੀ ਅਭਿਲਾਸ਼ਾ ਹੋਸੀ ਮੈਂ ਮਨਮੁਖ ਤਾਂ ਆਪਣੇ ਸਨਮੁਖ ਖੜੇ ਹੋਣ ਦਾ ਯਤਨ ਕਰੇਂਦਾ । ਆਪਣੇ ਕੋਲ ਖਲੋਤੇ ਇਕ ਪਲ ਅਪਣੇ ਤੋਂ ਮੈਂ ਸਾਰਾ ਕੁਝ ਹੀ ਵਾਰ ਦਿਆਂ ਕੋਲ ਖਲੋਤਾ ਮੇਰਾ ਇਕ ਪਲ ਹੀ ਯੁੱਗ ਜੇਡਾ ਹੈ ਚਿੱਬ ਖੜਿਬੇ ਟੀਨ ਜੇਹਾ ਯੁੱਗ ਮੈਂ ਕੀ ਕਰਨਾ ਹੈ ਤੇ ਇਸ ਯੁੱਗ ਦਾ ਹੈ ਕੁਝ ਟੀਨ ਜੇਹਾ ਹੀ ਖਾਸਾ ਤਾਹੀਓਂ ਸ਼ਰਮ, ਧਰਮ, ਮਰਿਆਦਾ, ਮੇਰੀ ਨਾ ਅਭਿਲਾਸ਼ਾ । ਮੈਂ ਵੇਖ ਚੁੱਕਾ ਹਾਂ ਇਸ ਕੋਨ ਤੇ ਖੜ ਨਿਰਲੇਪ ਭਗਤ ਨਹੀਂ, ਭਗਤਾਂ ਦੀ ਪੌਸ਼ਾਕ ਜਿਉਂਦੀ ਹੈ । ਨਾ ਗੁਰ-ਪੀਰ ਨਾ ਨਾਮ ਅਰਾਧਨ ਨਾਮ ਓਹਲੇ ਇਕ ਦੰਭੀ ਜਾਤ ਜਿਉਂਦੀ ਹੈ । ਨਰਕ ਸਵਰਗ ਸੰਕਲਪ ਮੋਏ ਪ੍ਰਭ ਪੱਥਰ ਕਬਰਾਂ ਵਿਚ ਸੋਏ ਨਾਮ ਸਿਮਰਦੇ ਭਗਤ ਜਨ ਨਾਮ ਬਹਾਨੇ ਢਿੱਡ ਦਾ ਰੋਣਾ ਰੋਏ ਤੇ ਕਬਰਾਂ ਸਾਹਵੇਂ ਨੰਗੇ ਹੋਏ । ਮੈਂ ਆਪਣੀ ਨਗਨ ਦੇਹੀ ਤੇ ਮਨ ਕਪਟੀ ਦਾ ਕਪਟ ਓੜਕੇ ਬਸ ਜੋ ਵੀ ਕੀਤਾ ਹੈ, ਇਹ ਕੀਤਾ ਹੈ— -"ਆਪਣਾ ਤੇ ਆਪਣੀ ਸਹਿਕਰਮਣ ਦਾ ਨਾਂ ਲਿੱਤਾ ਕੰਧ ਤੋਂ ਤੇਰਾ ਨਿਰੰਕਾਰੀ ਕਲੰਡਰ ਲਾਹ ਦਿੱਤਾ ਮਾਂ ਦੇ ਪੂਜਾ ਆਸਣ ਸਾਹਵੇਂ ਪਿਆ ਸੰਗਮਰਮਰੀ ਬੁੱਤ ਤੇਰਾ, ਚੀਣਾ ਚੀਣਾ ਕੀਤਾ ਬੀਤੇ ਦੇ ਪੰਝੀ ਵਰ੍ਹਿਆਂ ਨੂੰ- ਅਣਭੋਲ ਪਰ ਦੰਭੀ ਜੀਵਨ ਦਾ ਨਾਂ ਦਿੱਤਾ ਦੱਸ ਭਲਾਂ ਮੈਂ ਕੀ ਗੁਨਾਹ ਕੀਤਾ ਹੈ ? ਤੇਰੀ ਥਾਵੇਂ ਜੇ ਆਪਣਾ ਨਾਂ ਲੀਤਾ ਹੈ । ਤੂੰ ਤਾਂ ਚੱਕੀ ਝੋਵਣ ਵਾਲਾ, ਮੱਝਾਂ ਚਾਰਨ ਵਾਲਾ ''ਦੁੱਧ" ਤੇ "ਲਹੂ" ਨਿਤਾਰਨ ਵਾਲਾ ਪੇਸ਼ਾ ਹੈਂ ਛੱਡ ਚੁੱਕਾ ਹੁਣ ਤੇਰਾ ਤੇ ਮੇਰਾ ਵੱਖੋ, ਵੱਖਰਾ ਰਾਹ ਮੈਂ ਇਸ ਔਝੜ ਰਾਹ ਤੇ ਕੱਲਾ ਆਪ ਤੁਰਾਂਗਾ ਦਿਸ਼ਾਹੀਣ ਹਾਂ ਭਾਵੇਂ ਆਪਣੀ ਦਿਸ਼ਾ ਆਪ ਚੁਣਾਂਗਾ ।

ਫੈਸਲਾ

ਮੈਂ ਆਪਣੀ ਮਮਤਾ ਦੇ ਦੋਧੇ ਦੰਦ ਜੋ ਗਊ ਤੇ ਸੂਰ ਦੇ ਮਾਸ ੱਚ ਸਨ ਵਿਤਕਰਾ ਕਰਦੇ ਅਮਾਮ ਬਖਸ਼ੀ ਦੀ ਛੈਣੀ ਨਾਲ ਪੁੱਟਕੇ ਰਾਮੂੰ ਲੰਬੜ ਦੇ ਬੋੜ੍ਹੇ ਖੂਹ 'ਚ ਸੁੱਟਕੇ ਪਹਿਲੀ ਵਾਰ ਆਪਣੇ ਬਾਪ ਤੋਂ ਆਪਣੇ ਆਪ ਨੂੰ ਸੁਰਖਰੂ ਕੀਤਾ ਫਿਰ ਪਿੰਡੋਂ ਦੂਰ ਵਸਦੇ ਧੀਰੇ ਸਾਂਸੀ ਹੱਥੋਂ ਦੇਸੀ ਦਾਰੂ ਦਾ ਇਕ ਗਲਾਸ ਪੀਤਾ। ਬਸ ਫਿਰ ਕੀ ਸੀ ਜ਼ਿਹਨ ਤੇ ਛਾ ਗਈ ਕੁੜੀ ਉਹ ਸ਼ਾਹਕਾਰ ਦੀ। ਅੱਲੜ ਉਮਰੇ ਜੋ ਸੀ ਨਾਇਕਾ ਮੇਰੇ ਪਿਆਰ ਦੀ। ਫਸਲਾਂ ਲੱਦੇ ਖੇਤ, ਮੁੜ੍ਹਕਾ ਮੇਰੇ ਬਾਪ ਦਾ ਬਣ ਗਿਆ ਸੀ ਸਾਡੇ ਮੇਲ ਦਾ ਇਕ ਸਿਲਸਲਾ । ਰਾਤ ਕਦੇ ਅੱਖਾਂ 'ਚ ਜੰਮਦੀ ਧੁੱਪ ਕਦੇ ਪਿੰਡੇ ਤੇ ਸੜਦੀ ਉਹ ਲੂੰ ਲੂੰ ਮੇਰਾ ਪੱਛ ਜਾਂਦੀ ਨਾਗ ਵਾਂਗੂੰ ਜਦੋਂ ਲੜਦੀ । ਪਰ ਉਮਰਾਂ ਇਸ ਸਾਡੇ ਇਸ਼ਕ ਦੀ ਐਵੇਂ ਸੀ ਇਕ ਪਲ ਜਿਉਂ ਬਿਜਲੀ ਲਿਸ਼ਕਦੀ ਖੇਤਾਂ ਤੋਂ ਤੁਰੀ ਗੱਲ ਘਰਾਂ ਵਿਚ ਆ ਗਈ ਮੇਰੀ ਥਾਵੇਂ ਬਾਪ ਮੇਰੇ ਤੇ ਗਮ ਦੀ ਘਟਾ ਛਾ ਗਈ ਭੈਣ ਦੀ ਸ਼ਾਦੀ ਤੇ ਸਾਰੀ ਸੀ ਜੋ ਸ਼ਾਹ ਨੇ ਗਰਜ ਬਣ ਗਿਆ ਸੀ, ਉਹ ਪੁਆਨੀ ਦਾ ਕਰਜ਼ ਮੁੱਕਦੀ ਗੱਲ ਖੇਤ ਸਾਡੇ ਗਿਰਵੀ ਹੋਏ । ਮਾਂ ਮੇਰੀ ਤੇ ਬਾਪ ਮੇਰਾ ਕੰਧੀ ਲੱਗ ਲੱਗ ਰੋਏ । ਸੂਹਾ ਚੂੜਾ ਛਣਕਦਾ ਤੇ ਬੇਬਸ ਅੱਥਰੂ ਛਲਕਦੇ ਸੋਨੇ ਲੱਦੇ ਅੰਗ ਉਹਦੇ ਸੋਨੇ ਵਾਗੂੰ ਡਲਕਦੇ ਸੁਪਨੇ ਵਾਂਗ ਆਈ ਤੇ ਆ ਕੇ ਤੁਰ ਗਈ । ਜਾਪਿਆ ਮੈਨੂੰ ਮੇਰੀ ਜਵਾਨੀ ਤੁਰ ਗਈ । ਤੇ ਹੁਣ ਫੇਰ ਨਸ਼ੇ ਦੀ ਲੋਰ ਤੇ ਰੋਹ ਦੇ ਜ਼ੋਰ ਜ਼ਿਹਨ ਤੇ ਜਿਵੇਂ ਸੀ ਛਾਈ, ਉਵੇਂ ਤੁਰ ਗਈ। ਹੋਸ਼ ਪਰਤੀ 'ਵਿਚ ਚੁਰਸਤੇ' ਮੈਂ ਖਲੋ ਕੇ ਸੋਚਿਆ ਐਵੇਂ ਮੂੰਹ ਫੇਰ ਆਇਆ, ਜੋ ਸੀ, ਮੈਂ ਜੋਬਨ ਰੁੱਤੇ ਲੋਚਿਆ ਕਿੰਨਾ ਕੁ ਚਿਰ ਆਖਿਰ ਹਸਰਤਾਂ ਨੂੰ ਜਾ ਸਕਦਾ ਹੈ ਨੋਚਿਆ ਫਿਰ ਨਾ ਜਾਣੇ ਅੰਦਰੋਂ ਕਿਸ ਰੋਹ ਨੇ ਵੰਗਾਰਿਆ ਕਿ ਮੈਂ ਸ਼ਾਹ ਦੀ ਸੰਘੀ ਨੱਪ ਕੇ ਲਲਕਾਰਿਆ ਬਾਪ ਮੇਰੇ ਦਾ ਪਸੀਨਾ ਰਗਾਂ ਤੇਰੀਆਂ ‘ਚ ਹੈ ਜੋ ਝਲਕਦਾ ............ਖੇਤਾਂ 'ਚ ਕਿਵੇਂ ਸੋਨੇ ਵਾਂਗ ਡਲਕਦਾ ............ਖੇਤਾਂ 'ਚ ਕਿਵੇਂ ਸੋਨੇ ਵਾਗੂੰ ਡਲਕਦਾ।

ਖਾਮੋਸ਼ੀ

ਸਿਰਜਣ ਵਿਹੂਣੇ ਛਿਣ ਨੂੰ ਬਾਂਝ ਕੁੱਖ ਦਾ ਨਾਂ ਨ ਦੇਵੋ । ਸਿਰਜਣ ਵਿਹੂਣੇ ਛਿਣ 'ਚ ਤਾਂ ਲਾਵਾ ਹੈ ਜੜ ਪਕੜਦਾ । ਸਿਰਜਣ ਵਿਹੂਣੇ ਛਿਣ 'ਚ ਤਾਂ ਬੀਜ ਦੀ ਪੌਦ ਹੈ ਪਲਦੀ ਮੈਂ ਚੁੱਪ ਹਾਂ ਕਿ ਮੇਰੀ ਸਲਾਬੀ ਹੋਂਦ ਅਠਰੇ । ਮੈਂ ਚੁੱਪ ਹਾਂ ਕਿ ਆਪਣੇ ਆਪ 'ਚ ਸਿਮਟ ਇਕ-ਮੁੱਠ ਹੋਵਾਂ । ਮੈਂ ਚੁੱਪ ਹਾਂ ਕਿ ਉੱਚੇ-ਬੋਲ ਸੰਜੀਦਾ ਹੋਵਣ। ਮੈਂ ਚੁੱਪ ਹਾਂ ਕਿ ਰਾਮਰੌਲੇ 'ਚ ਮੇਰੇ ਬੋਲ ਨਾ ਖੋਵਣ । ਮੈਂ ਹੱਥ ਤੋਂ ਸਰੋਂ ਉਗਾਉਣ ਦਾ ਨਹੀਂ ਆਦੀ ਮੈਂ ਤਾਂ ਹੱਥੀਂ ਆਪਣੀ ਹੋਣੀ ਸਿਰਜਣ ਦਾ ਕਾਇਲ ਮੈਂ ਤਾਂ ਖਾਮੋਸ਼ੀ ਦੀ ਕੁੱਖ ਵਿੱਚ ਅਨੁਭਵ ਨੂੰ ਅਨੁਭੂਤੀ 'ਚ ਹਾਂ ਢਾਲਦਾ ਮੈਂ ਤਾਂ ਆਪ ਆਪਣੀ ਕੁੱਖ 'ਚ ਖਾਮੋਸ਼ੀ ਹਾਂ ਪਾਲਦਾ ਤੁਸੀਂ ਖਾਮੋਸ਼ੀ ਦੇ ਅਰਥ ਗੂੰਗਾ ਨਾ ਕੱਢੋ ਗੂੰਗਾ ਕਦੇ ਖਾਮੋਸ਼ ਨਹੀਂ ਹੁੰਦਾ । ਖਾਮੋਸ਼ੀ 'ਚ ਬੜੀ ਤਪਸ਼ ਹੁੰਦੀ ਹੈ ਖਾਮੋਸ਼ੀ ਲਾਵੇਂ ਵਾਂਗ ਪਲਦੀ ਹੈ । ਮੈਂ ਤਦੇ ਤਾਂ ਕਹਿੰਦਾ -- ਮੇਰੀ ਚੁੱਪ ਨੂੰ ਗੂੰਗੀ ਨਾ ਸਮਝੋ ਮੇਰੇ ਸਿਰਜਣ ਵਿਹੂਣੇ ਛਿਣਾਂ ਨੂੰ ਬਾਂਝ ਕੁੱਖ ਦਾ ਨਾਂ ਨ ਦੇਵੋ ਬਾਂਝ ਕੁੱਖ ਨਾ ਸਮਝੋ ।

ਵੰਗਾਰ (੧)

ਸੁਪਨਾ ਕਦੇ ਨਾ ਬਣਦੀਆਂ ਮਾਛੀਵਾੜੇ ਵਿਚ ਗੁਜਾਰੀਆਂ ਰਾਤਾਂ ਸਰਵਾੜੇ ਵਿਚ ਕੌਣ ਮਾਣਦਾ ਸੇਜ ਰੰਗਲੀ ? ਜੰਗਲ ਵਿਚ ਜਦ ਇਕ ਰਾਤ ਉਡੀਕੇ । ਘਰ ਦੀ ਏਸ ਖਾਮੋਸ਼ੀ ਨੂੰ ਸ਼ਾਂਤੀ ਦਾ ਨਾਂ ਨ ਦੇਵੋ ਬੜਾ ਕਠਿਨ ਹੈ ਝੱਲਣਾ ਗਲੀਆਂ ਵਿਚਲਾ ਸ਼ੋਰ (ਕੂਕੇ ਬੈਠਾ ਅੰਦਰ ਚੋਰ) ਸੀਮਾ ਪਾਰ ਝੁਲਸਦੇ ਖੇਤ ਗੋਲੀਆਂ ਨਾਲ ਉਡਾਏ ਜਾਂਦੇ ਬੱਚੇ ਕਦੋਂ ਮੰਗਣ ਹਮਦਰਦੀ ? ..........ਉਹ ਤੇ ਆਖਣ "ਆਪਣੇ ਘਰ ਦੇ ਸਾਹ ਸੂਤੇ ਬੱਚਿਆਂ ਤੇ ਜ਼ੁਲਮ ਨਾ ਢਾਓ ਆਪਣੇ ਧੁਖਦੇ ਖੇਤਾਂ ਉੱਤੋਂ ਸੰਗੀਨਾਂ ਦਾ ਪਹਿਰਾ ਉਠਾਓ" "ਬਿਰਛਾਂ ਨਾਲ ਬੰਨ ਉਡਾਏ ਧੌਲੇ ਹੱਸਣ-ਗੈਰਤ ਕਦੇ ਇੰਝ ਨਹੀਂ ਮਰਦੀ ਸੋ ਹੁਣ ਮੌਕਾ ਹੈ, ਵਕਤ ਸੰਭਾਲੋ ਛੱਡੋ ਇਹ ਅਖਬਾਰ ਨਵੀਸੀ ਤਿਆਗੋ ਇਹ ਫੋਕੀ ਹਮਦਰਦੀ ਘੋਗੇ ਹੋ ਜਾਂ ਮੋਤੀ ਹੋ ਸਿੱਪੀਆਂ ਤੋਂ ਹੁਣ ਬਾਹਰ ਆਓ ਆਪਣਾ ਅਸਲੀ ਰੂਪ ਵਿਖਾਓ ਆਪਣਾ ਅਸਲੀ ਰੂਪ ਵਿਖਾਓ"

ਵੰਗਾਰ (੨)

ਸ਼ਬਦ ਸੁਹਰਤ ਵੀ ਹੈ ਸ਼ਬਦ ਚੁਰਲੀ ਵੀ ਤੇ ਸ਼ਬਦ ਸ਼ਮਸ਼ੀਰ ਵੀ ਜੇ ਗੱਲ ਸ਼ਬਦਾਂ ਵਸ ਹੀ ਹੁੰਦੀ ਤਾਂ ਕਦੋਂ ਦੀ ਬਣ ਚੁੱਕੀ ਹੁੰਦੀ ਗੱਲ ਤਾਂ ਪਰ ਸ਼ਬਦਾਂ ਥੀਂ ਬੇਬਸ ਹੈ ਹੋ ਚੁੱਕੀ ਮੇਰਿਆਂ ਕੰਨਾਂ 'ਚ ਹੋਰ ਸ਼ਬਦਾਂ ਦਾ ਸਿੱਕਾ ਨਾ ਢਾਲ ਮੈਂ ਆਪਣੇ ਕੱਦ ਤੋਂ ਉਚੇ ਬੋਲ ਬੋਲ ਚੁੱਕਾ ਹਾਂ। ਮੈਂ ਵੀ ਬੜੇ ਸ਼ਬਦ ਜਾਲ ਉਣ ਚੁੱਕਾ ਹਾਂ । ਸ਼ਬਦਾਂ ਨਾਲ ਹੁਣ ਕੁਝ ਨਹੀਂ ਬਣਦਾ ਸ਼ਬਦਾਂ ਨਾਲ ਕਦੇ ਕੁਝ ਨਹੀਂ ਸੰਵਰਦਾ । ਆ ਸ਼ਬਦਾਂ ਦੇ ਜੰਗਲ ਤੋਂ ਬਾਹਰ ਤਪਦੇ ਥਲਾਂ ਵਿਚ ਲੂਹ ਪੈਰ ਜੰਗਲੀ ਫੁੱਲਾਂ ਨੂੰ ਚੁੰਮ ਕੰਡਿਆਂ ਤੇ ਤੁਰ- —ਤੇ ਰਿਸਦੇ ਛਾਲਿਆਂ ਤੋਂ ਪੁੱਛ ਕਰਾਂਤੀ ਕੀ ਹੁੰਦੀ ਹੈ ? ਸੰਘਰਸ਼ ਕਿਸ ਨੂੰ ਕਹਿੰਦੇ ਹਨ। ਸ਼ਮਸ਼ੀਰ ਕੀ ਕਰੇਂਦੀ ਹੈ ? ਸ਼ਬਦ-ਛੁਰਲੀ ਛੱਡਕੇ ਸ਼ੁਹਰਤ ਦੇ ਪਿੱਛੇ ਨਾ ਨੱਸ ਜੋ ਚਾਹੁੰਦਾ ਹੈਂ ਕਰਕੇ ਵਿਖਾ ਨਹੀਂ ਤਾਂ ਖਾਮੋਸ਼ ਹੋ ਤੇ ਆਪਣੇ ਖੋਲ 'ਚ ਸਿਮਟ ਜਾ ਆਪਣੇ ਖੋਲ 'ਚ ਸਿਮਟ ਜਾਵੇ॥

ਧਰਤੀ ਦਾ ਐਲਾਨ

ਸੁਬ੍ਹਾ ਸ਼ਾਮ ਧੁੱਪ ਸੇਕਦੇ ਚਾਹ, ਕਾਫ਼ੀ ਦੀਆਂ ਚੁਸਕੀਆਂ ਭਰਦੇ ਦੰਦ ਕੱਢਦੇ ਹਿੜ ਹਿੜ ਕਰਦੇ ਗੁੰਦਦੇ ਮਨਸੂਬੇ ਜਿੱਤ ਦੇ, ਕਦੇ ਹਾਰ ਦੇ ਬਲਗਮ ਸਲਾਬੀਆਂ ਉਬਾਸੀਆਂ ਮੂੰਹ ਟੱਡ ਇਕ ਦੂਜੇ ਤੇ ਛੱਡਦੇ ਓਮ ਰਾਮ ਸ਼ਾਂਤੀ ਸਤਿਨਾਮ ਵਾਹਿਗੁਰੂ ਤੇਰੀ ਓਟ ਕੂਕਦੇ ਟੁੱਟੀਆਂ ਪੁਰਾਣੀਆਂ ਐਨਕਾਂ ਮੁਰਝਾਈਆਂ ਅੱਖਾਂ ਝੁਰੜੇ ਚਿਹਰੇ ਲਮਕੀਆਂ ਧੌਣਾਂ, ਢਿਲਕੀਆਂ ਗੋਗੜਾਂ ਵਾਲੇ ਚਾਪਲੋਸ ਸੁਆਰਥੀ ਬੁੱਢਿਓ ਮੈਂ ਤੁਹਾਡੀ ਖੱਸੀ ਤਬੀਅਤ ਤੋਂ ਵਾਕਫ, ਅਜ਼ਲਾਂ ਤੋਂ ਤੁਹਾਡੀ ਕੈਦ 'ਚ ਸਨਾਤਨੀ ਨਿਯਮਾਂ ਦਾ ਪਾਲਣ ਕਰਦੀ ਹੌਕੇ ਭਰਦੀ ਕੁਝ ਕਹਿਣੋ ਡਰਦੀ ਅੱਜ ਆਪਣੇ ਜ਼ੱਰਰੇ ਜ਼ੱਰਰੇ ਤੇ ਡੁੱਲ੍ਹੇ ਖੂਨ ਦੀ ਸਹੁੰ ਖਾ ਕੇ ਤੁਹਾਡਾ ਵਿਰੋਧ ਕਰਦੀ ਤੁਹਾਨੂੰ ਸਦੀਵੀ ਵਿਦਾ ਕਹਿੰਦੀ ਹਾਂ ...ਬੜਾ ਚਿਰ ਤੁਸਾਂ ਮੈਨੂੰ ਹੰਢਾਇਆ ਹੈ ਆਪਣੀ ਪੌਸ਼ਾਕ ਦੀ ਤਰ੍ਹਾਂ ਬੜਾ ਚਿਰ ਤੁਸੀਂ ਮੈਨੂੰ ਭਰਮਾਇਆ ਹੈ ਰੰਗਲੇ ਭਵਿੱਖ ਦਿਆਂ ਲਾਰਿਆਂ ਤੇ ਪਰ ਹੁਣ ਵਕਤ ਆ ਚੁੱਕਾ ਹੈ ਮੈਂ ਤੁਹਾਡੇ ਜਿਸਮ ਦਾ ਸਾਥ ਛੱਡਾਂ ਤੇ ਆਪਣਾ ਆਪ ਉਹਨਾਂ ਨੂੰ ਅਰਪਿਤ ਕਰਾਂ ਜਿਨ੍ਹਾਂ ਦੀਆਂ ਰਗਾਂ 'ਚ ਸਰਸਰਾਉਂਦੇ ਖੂਨ ਤੋਂ ਮੈਨੂੰ ਥੋੜੀ ਉਮੀਦ ਬਾਕੀ ਹੈ ਜਿਨ੍ਹਾਂ ਦੇ ਖੂਨ ਨੂੰ ਤੁਸੀਂ ਸਫ਼ੇਦ ਕਰਨ ਦੀ ਧਾਰੀ ਬੈਠੇ ਹੋ ਜਿਨ੍ਹਾਂ ਦੇ ਖੂਨ ਨਾਲ ਜਿੱਤੀ ਅਜਾਦੀ ਤੇ ਕੁੰਡਲਾਂ ਮਾਰੀ ਬੈਠੇ ਹੋ ਮੈਂ ਜਾਣਦੀ ਹਾਂ ਤੁਹਾਡੀਆਂ, ਚਤੁਰ ਚਾਲਾਂ ਦਾ ਅਡੰਬਰ ਉਠੋ ਆਸਣ ਬਦਲੋ-ਕਿਉਂ ਗਏ ਹੋ ਠਠੰਬਰ ? ਪੁੱਛੋ-ਕੀ ਕੀ ਹੋਰ ਪੁੱਛਦੇ ਹੋ ? ਮੈਂ ਜਾਣਦੀ ਹਾਂ ਜੋ ਕਦੇ ਕੋਈ ਜਨਮਿਆ ਅਨੇਕ ਜਿਹਾ ਏਕ ਬਣ ਆਪਣੀਆਂ ਜ਼ਹਿਰੀਲੀਆਂ ਸਿਰੀਆਂ ਤੇ ਸੁਆਰਥੀ ਸੁਭਾਅ ਆਪਣਾ ਕੱਛੂ ਕੁੰਮੇ ਵਾਂਗ ਲੈਂਦੇ ਸੋ ਛੁਪਾ ਦੀਨ ਦਾਨਾ ਨਿਰਛਲ ਰੂਪ ਬਣਾ ਪਿੱਛੇ ਲੱਗ ਟੁਰਦੇ ਸੋ ਪਰ ਅੰਦਰੋਂ ਖਾਤੇ ਗੁੰਦਦੇ ਸੋ ਮਨਸੂਬੇ ਉਸ ਨੂੰ ਖਤਮ ਕਰਨ ਦੇ ਤੇ ਜੇ ਚੱਲਿਆ ਨਾ ਕੋਈ ਚਾਰਾ ਥਾਪ ਲਿਆ ਉਸ ਨੂੰ ਗੁਰੂ ਪਿਆਰਾ ਨਿੱਤ ਨਵੇਂ ਤੁਸਾਂ ਜਾਲ ਤਣੇ ਤੇ ਸਭ ਕੁਛ ਦੇ ਵਾਰਸ ਬਣੇ ਆਪਣੇ ਸਨਾਤਨੀ ਨਿਯਮਾਂ 'ਚ ਜਕੜ ਤੱਤੀ ਲੋਹ ਤੋਂ ਰਣਭੂਮੀ ਤੀਕ ਸੀਸ ਕਟਾਉਣ ਤੋਂ ਫਾਂਸੀ ਲਟਕਣ ਤੀਕ ਮਗਰਮੱਛ ਜਿਹੇ ਅੱਥਰੂ ਕੇਰ ਭਾਵੁਕ ਪਰ ਜਾਲਮ ਸ਼ਬਦਾਂ ਦੇ ਹੇਰ ਫੇਰ ਤੁਸੀਂ ਦਿੱਤੇ ਅਰਥ ਕੁਰਬਾਨੀਆਂ ਨੂੰ ਆਪਣੇ ਸੁਆਰਥਾਂ ਅਨੁਕੂਲ ਤੇ ਮੈਨੂੰ ਕੁਸਕਣ ਨਾ ਦਿੱਤਾ । ਮਤ ਖੁੱਲ ਜਾਏ ਪੋਲ ਕਾਲੀਆਂ ਕਰਤੂਤਾਂ ਦਾ ਬਦਲ ਨਾ ਜਾਏ ਇਤਿਹਾਸ ਮੇਰਿਆਂ ਸਪੂਤਾਂ ਦਾ ਉਹ ਜੋ ਵਰਤੇ ਜਾਂਦੇ ਰਹੇ ਕਾਸ਼ ਕਦੇ ਤੱਕ ਲੈਂਦੇ ਤੁਹਾਡੀ ਕਾਲੀ ਆਤਮਾ ਨਿਗਲ ਗਈ ਜੋ ਸਮੁੱਚਾ ਸੂਰਬੀਰਤਾ ਦਾ ਇਤਿਹਾਸ ਫਿਰ ਆ ਜਾਂਦੀ ਮੇਰੀ ਲੀਲ੍ਹਾ ਰਾਸ ਪਰ ਉਹ ਨਿਰਛਲ ਨਿਰਕਪਟ ਕਦੇ ਨਾ ਸਕੇ ਕਿਆਸ ਮੈਂ ਖੂਨ ਨਾਲ ਭਿੱਜ ਭਿੱਜ ਸੁੱਕਦੀ, ਹੁੰਦੀ ਰਹੀ ਨਿਰਾਸ਼ ਤੁਹਾਡੇ ਸਨਾਤਨੀ ਨਿਯਮਾਂ ਨੂੰ ਪਾਲਦੀ ਸੰਵੇਦਨਾਵਾਂ ਘੁੱਟਦੀ ਨਪੀੜਦੀ ਜਫਰ ਜਾਲਦੀ ਮੇਰੀ ਇਹ ਜ਼ਰਖੇਜ਼ ਕੁਖ ਜਨਮ ਜਨਮ ਥੱਕੀ ਹੁਣ ਜਦੋਂ ਬਾਂਝ ਹੋਣ 'ਚ ਹੈ ਥੋੜੀ ਕਸਰ ਬਾਕੀ ਮੈਂ ਕੂਕਕੇ ਕਹਿੰਦੀ ਹਾਂ- ਹੇ ਬੁੱਢੇ ਸੁਆਰਥੀ ਲੂੰਬੋੜ ਆਪਣਾ ਆਸਣ ਬਦਲੋ ਹੇ ਮੇਰੇ ਨਵਜਨਮੇਂ ਖੌਲਦੇ ਖੂਨ ਆਪਣੇ ਦੁਆਵਾਂ ਲਈ ਉਠਦੇ ਹੱਥ ਰੋਕ ਸਾਂਭ ਲੈ, ਸੁਆਰ ਲੈ, ਇਹ ਆਂਗਣ ਤੇ ਜਾਗ ਪੈ ਹੁਣ ਬੜਾ ਚਿਰ ਹੰਢਾਈ ਜਾ ਚੁਕੀ ਹਾਂ ਮੈਂ ਵੈਸ਼ਯ ਉਮੀਦ ਪਾਲਦੀ ਰਹੀ ਐਵੇਂ ਧਰਤੀ ਪੰਜਾਬ ਦੀ ਮੈਂ ਧਰਤੀ ਪੰਜਾਬ ਦੀ ।

ਪੰਛੀ ਝਾਤ

ਰੌਸ਼ਨੀ ਨੂੰ ਅਨੇਕ ਅਰਥ ਦੇ ਕੇ : ਡਾ: ਪਰੇਸ਼

ਪੰਜਾਬੀ ਕਵਿਤਾ ਨਾਲ ਮੇਰਾ ਪਹਿਲਾ ਪ੍ਰੀਚੈ ''ਤ੍ਰੈਲੋਚਨ" ਹੈ ! ਇਸ ਤੋਂ ਪਹਿਲਾਂ ਕੇਵਲ ਹਰਿਨਾਮ ਦਾ ਨਾਮ ਸੁਣਿਆ ਸੀ । ਨਾਮ ਬਾਅਦ ਵਿੱਚ-ਪਹਿਲਾਂ ਉਸਦੀਆਂ ਇੱਕੜ ਦੁੱਕੜ ਕਾਵਿ-ਪੰਕਤੀਆਂ ਨੂੰ ਕਰੋਲ ਬਾਗ ਦੇ ਹੰਗਾਮੇ 'ਚ ਘਬਰਾਏ ਹੋਏ ਕਬੂਤਰ ਵਾਂਗ ਭਟਕਦੀਆਂ ਦੇਖਿਆ ਸੀ । ਮੈਨੂੰ ਇਹ ਘਬਰਾਹਟ ਇਮਾਨਦਾਰ ਲੱਗੀ, —ਜੋ ਕਰੋਲ ਬਾਗ ਦੇ ਹੰਗਾਮੇ ਵਿੱਚ ਸਵੈ ਦੀ ਜ਼ਿੰਦਗੀ ਨੂੰ ਕਵਿਤਾ ਦੀ ਫੰਧੀ 'ਚ ਕੋਈ ਤਰਤੀਬ ਦੇਣ ਨੂੰ ਬੇ-ਚੈਨ ਸੀ ! ਇਕ ਨਾਮ ਡਾ. ਹਰਿਭਜਨ ਦਾ ਵੀ ਸੁਣਿਆ ਹੈ, ਪਰ ਕੇਵਲ ਨਾਮ–ਨਵੀਂ ਪੀੜੀ ਕੋਲੋਂ ਮੈਨੂੰ ਉਸਦੀ ਕੋਈ ਕਵਿਤਾ ਪੰਕਤੀ ਸੁਨਣ ਨੂੰ ਨਹੀਂ ਮਿਲੀ ।

ਤ੍ਰੈਲੋਚਨ ਇਕ ਅਲੱਗ ਨਾਂ ਹੈ, ਜੋ ਗਲੋਬ ਉੱਤੇ ਕਿਸੇ ਵੀ ਕੋਨੇ ਵਿੱਚ, ਕਿਸੇ ਵੀ ਭਾਸ਼ਾ ‘ਚ, ਲਿਖੀ ਜਾ ਰਹੀ ਵਰਤਮਾਨ ਕਵਿਤਾ ਦੇ ਦਾਇਰੇ 'ਚ ਆ ਸਕਦਾ ਹੈ। ਤੇ ਤ੍ਰੈਲੋਚਨ ਦੀ ਕਵਿਤਾ ਕਿਸੇ ਵੀ ਭਾਸ਼ਾ ਦੀ ਆਪਣੀ ਕਵਿਤਾ ਹੈ । ਜੋ ਇਸ ਨੂੰ ਲਿੱਪੀ ਦੇ ਕਾਰਣ ਪੰਜਾਬੀ ਦੀ ਕਵਿਤਾ ਕਿਹਾ ਜਾਵੇ ਤਾਂ ਇਸ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ।

ਉਹ ਕਈ ਵਾਰ ਮੁਕਤੀਬੋਧ ਅਤੇ ਸੇਜ਼ਾਰ ਬੇਲੋਜੋ ਦੀਆਂ ਉਚਾਈਆਂ ਨੂੰ ਛੁੰਹਦਾ ਹੈ । ਸਵੈ ਨਾਲ ਅਸਬੰਧਤ ਜਗਤ ਦੇ ਕਾਰ ਵਿਹਾਰ ਨੂੰ ਦੇਖਦਾ ਹੋਇਆ ਉਹ ਜਦ ਸ਼ਾਮ ਨੂੰ ਘਰ ਪਰਤਕੇ ਆਪਣੀ ਨੇਮ ਪਲੇਟ ਦੇ ਸਾਹਵੇਂ ਰੁਕਦਾ ਹੈ ਤਦ ਉਸਨੂੰ ਇਕ ਉਬਾਸੀ ਆਉਂਦੀ ਹੈ ਅਤੇ ਇਸੇ ਬੇਬਸ ਉਬਾਸੀ ਵਾਂਗ ਉਹ ਦਰਵਾਜ਼ਾ ਖੋਹਲਦਾ ਹੈ ।

ਯੋਨੀ ਤੋਂ ਧੁੱਨੀ ਤੀਕ ਦੀ ਵਿੱਥ ਉਸਨੇ ਅਨੇਕ ਵਾਰ ਨਾਪੀ ਹੈ—'ਕਿਉਂ ਉਸਦੀ ਮਾਂ ਨੇ ਉਸਨੂੰ ਕਨਸੀਵ ਕੀਤਾ ? ਇਹ ਸ੍ਵਰ ਮਲਯ ਚਾਇ ਚੌਧਰੀ ਤੋਂ ਕਿਸੇ ਤਰ੍ਹਾਂ ਵੀ ਘੱਟ ਕਸੈਲਾ ਨਹੀਂ ਜਦੋਂ ਕਿ ਉਹ ਕਹਿੰਦਾ ਹੈ :-

ਮੇਰਾ ਬਾਪ ਮੇਰੀ ਮਾਂ ਦੇ ਕੋਲ ਕਿਉਂ ਗਿਆ,
ਉਸਨੇ ਹਸਤ ਮੈਥੁਨ, ਕਿਉਂ ਨਹੀਂ ਕਰ ਲਿਆ ? (ਮਲਯ ਰਾਇ ਚੌਧਰੀ)

ਕੁਰਸੀ ਤੇ ਬੈਠੀ ਇੰਦਰਾ ਤੇ ਆਗਰੇ ਦੀ ਨ੍ਹੇਰੀ ਗਲੀ ਦੇ ਚੁਬਾਰੇ ‘ਚੋਂ ਪੁੱਠੀ ਲਟਕ ਕੇ ਇਸ਼ਾਰੇ ਕਰਦੀ ਹੁਸੈਨਾ ਵੇਸਵਾ ਉਸ ਲਈ (ਤ੍ਰੈਲੋਚਨ) ਇਕੋ ਬਰਾਬਰ ਹਨ ਜਾਂ ਦੋਨਾਂ ਪ੍ਰਤਿ ਉਹ ਇਕ ਜਿਤਨਾ ਹੀ Different ਅਥਵਾ Indifferent ਹੈ । ਇੱਥੇ ਆਕੇ ਉਸਨੇ ਕੇਂਦਰ ਨਾਥ ਸਿੰਹ ਦੇ ਇਸ ਮੁਹਾਵਰੇ ਨੂੰ ਪਕੜ ਲਿਆ ਹੈ :-

“ਕੋਈ ਫਰਕ ਨਹੀਂ ਪੈਂਦਾ, ਜਿਥੇ ਲਿਖਿਆ "ਪਿਆਰ"
ਉੱਥੇ ਲਿਖ ਦਿਓ ‘ਸੜਕ” ਮੇਰੇ ਯੁੱਗ ਦਾ ਮੁਹਾਵਰਾ ਹੈ
ਕੋਈ ਫਰਕ ਨਹੀਂ ਪੈਂਦਾ ..... (ਕੇਦਾਰ ਨਾਥ ਸਿੰਹ)

“ਮਿੱਤਰ ਦਾ ਖਤ, ਮਾਂ ਦੀ ਬੀਮਾਰੀ, ਅਤੇ ਪ੍ਰੇਮਿਕਾ ਦੇ ਕਿਸੇ ਹੋਰ ਨਾਲ ਲਿੰਗ ਸਬੰਧ ਉਸ (ਤ੍ਰੈਲੋਚਨ) ਲਈ ਨਿਕੇ ਮੋਟੇ ਹਾਦਸੇ ਹਨ ਜੋ ਬਣ ਗਏ ਨੇ ਜੀਵਨ ਦਾ ਹੀ ਅੰਗ ।

ਧੂਮਿਲ ਵਾਂਗ ਚੀਜਾਂ ਨੂੰ ਉਨਾਂ ਦੀ ਸੰਪੂਰਨਤਾ 'ਚ ਵੇਖਣ ਦੀ ਦ੍ਰਿਸ਼ਟੀ ਉਸ ਕੋਲ ਹੈ । ਗਿਨਜ਼ਬਰਗ, ਮੁਕਤੀਬੋਧ, ਰਾਜ ਕਮਲ ਚੌਧਰੀ, ਜਗਤਾਰ, ਮਿੰਦਰ, ਹਰਿਨਾਮ ਇਹ ਸਭ ਮਿੱਤਰ ਅਤੇ ਇਨ੍ਹਾਂ ਦੀ ਕਵਿਤਾ ਦ੍ਰਿਸ਼ਟੀ ਮਿਲਾਕੇ ਇਸ ਨੂੰ ਇਕ ਵਾਕ ਸਮਾਨ ਲਗਦੀ ਹੈ ਜਿਵੇਂ ਹਰ ਦੇਸ਼ ‘‘ਧੂਮਿਲ" ਨੂੰ ਕਾਰਕਾਂ ਦੇ ਅਭਾਵ 'ਚ ਟੁੱਟਿਆ ਹੋਇਆ; ਕੁਝ ਵੀ ਸੰਪਰੇਸ਼ਤ (Communicate) ਨਾ ਕਰਦਾ ਹੋਇਆ ਇਕ ਵਾਕ ਲਗਦਾ ਹੈ।

ਤ੍ਰੈਲੋਚਨ ਨੇ ਵਰਤਮਾਨ ਜੀਵਣ ਅਤੇ ਕਵਿਤਾ ਦਾ ਮੁਹਾਵਰਾ ਉਸਦੀ ਸੰਪੂਰਨ ਤਤਕਾਲੀਨਤਾ (ਐਨ ਹਾਣ ਦਾ ਛਿਣ-up to date) ਵਿੱਚ ਪਕੜਿਆ ਹੈ । ਬਹੁਤ ਕੁਝ ਹੋਰਨਾਂ ਕਵੀਆਂ ਨਾਲ ਮਿਲਦੀ ਹੋਈ ਇਹ ਭਾਸ਼ਾ ਅਤੇ ਦ੍ਰਿਸ਼ਟੀ ਇਸੇ ਤਤਕਾਲੀਨਤਾ ਦੇ ਕਾਰਣ ਉਸਦੀ ਆਪਣੀ ਹੈ । ਤ੍ਰੈਲੋਚਨ ਦੇ ਕਵੀ ਨੂੰ ਕਿਸੇ ਹੋਰ ਕਵੀ ਨਾਲ ਤੁਲਨਾਉਣਾ ਠੀਕ ਨਹੀਂ।

ਪਿਕਾਸੋ ਦੇ ਚਿਤ੍ਰਾਂ ਵਾਂਗ ਚੀਜ਼ਾਂ ਦੇ ਰੂੜ ਢਾਂਚੇ ਨੂੰ ਉਸਨੇ ਸਵੀਕਾਰ ਨਹੀਂ ਕੀਤਾ, ਅੱਖਾਂ ਨੂੰ ਉਸਨੇ ਚਿਹਰੇ ਦੀ ਥਾਂ ਧੁੰਨੀ ਅਤੇ ਮੱਥੇ ਉਪਰ ਲਗਾਇਆ ਹੈ । ਕਾਲੀਦਾਸ ਦੀ ਕਵਿਤਾ ਵਿਚ ਇਹ ਸੰਭਵ ਸੀ ਕਿ ਅਰਥ ਅਤੇ ਸ਼ਬਦ ਜੁੜਵੇਂ ਹੋ ਸਕਦੇ ਸਨ ਅਤੇ ਸ਼ਿਵ ਤੇ ਪਾਰਵਤੀ ਵਾਂਗ ਇਕ ਪਾਰਕ 'ਚ ਗਲਵਕੜੀ 'ਚ ਜਕੜੇ ਜਾਂ ਅਰਧ-ਨਾਰੀਸ਼ਵਰ ਦੀ ਮਿੱਥ ਪੈਦਾ ਕਰ ਸਕਦੇ ਸਨ, ਪਰੰਤੂ ਇਹ ਕਵੀ ਅਰਥ ਅਤੇ ਸ਼ਬਦ ਦੇ ਵਿਚਕਾਰ ਪੁੱਠਾ ਲਟਕਿਆ ਹੋਇਆ ਹੈ । ਇਹ ਹਕੀਕਤ ਹੈ ਕਿ ਅੱਜ ਦੀ ਕਵਿਤਾ ਵੀ ਇਸ ਪਾਰਵਤੀ, (ਸ਼ਬਦ) ਅਤੇ ਪ੍ਰਮੇਸ਼ਵਰ (ਅਰਥ) ਦੇ ਵਿਚਕਾਰ ਕਿਤੇ ਭਟਕ ਗਈ ਹੈ ।

ਤ੍ਰੈਲੋਚਨ ਦੀ ਸਵੈ-ਸੁਰੱਖਿਅਤ' ਨਾਮੀ ਕਵਿਤਾ ਮੁਕਤੀਬੋਧ ਦੇ 'ਅੰਧੇਰੇ ਮੇਂ' ਦਾ ਗਾੜ੍ਹਾ ਅੰਧੇਰਾ ਹੈ, ਇਸ ਸਭਿਅਤਾ 'ਚ ਮੁੜ ਗੁਫਾਵਾਂ ਦਾ ਵਸਨੀਕ ਹੋਣਾ ਹੀ ਸੁਰੱਖਿਅਤ ਹੋਣਾ ਹੈ । ਆਪਣੇ ਨਾਖੁਨ ਅਤੇ ਪੰਜਿਆਂ ਦੇ ਨਾਲ, ਇਹ ਘਬਰਾਇਆ ਹੋਇਆ ਆਦਮੀ ਗੁਫਾ 'ਚ ਪਹੁੰਚ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ, ਬੜਾ ਹੀ ਸ਼ਕਤੀਸ਼ਾਲੀ ਸ੍ਵਰ ਹੈ ਇਸ ਕਵਿਤਾ ਦਾ । ਇਤਨਾ ਹੀ ਵਰਤਮਾਨਤਾ ਦਾ ਸੰਸ਼ਲਿਸਟ ਚਿਤ੍ਰ ਹੈ "ਅਹਮ" । ਮੁਕਤੀ ਬੋਧ ਦੀ ਤਰ੍ਹਾਂ ਲੰਮੀਆਂ ਕਵਿਤਾਵਾਂ ਦੀ ਖੂਬੀ ਇਸ 'ਚ ਬਾਖੂਬ ਆਈ ਹੈ ਅਤੇ ਇਹ ਕਵਿਤਾ ਤ੍ਰੈਲੋਚਨ ਦੀ ਪ੍ਰਤੀਨਿਧ ਕਵਿਤਾ ਹੈ। ਇਸ ਕਵਿਤਾ ਨੇ ਮੈਨੂੰ ਇਸ ਕਵੀ ਨਾਲ ਪ੍ਰੀਚਿਤ ਕਰਵਾਇਆ ਸੀ । ਕਿਸੇ ਵੀ ਭਾਸ਼ਾ ਵਿੱਚ ਅਨੁਵਾਦ ਹੋ ਕੇ, ਇਹ ਕਵਿਤਾ ਉਸ ਭਾਸ਼ਾ ਦੀ ਆਪਣੀ ਕਵਿਤਾ ਬਣ ਜਾਏਗੀ।

ਪੰਜਾਬ ਦੇ ਹਿੰਦੀ ਕਵੀ ਕੁਮਾਰ ਵਿਕਲ ਦਾ ਬਹੁਤ ਮਿੱਠਾ ਛੰਦ ਸਹਿਜ ਸੁਭਾ ਜਿਸ ਕਵਿਤਾ ਵਿੱਚ ਆਇਆ ਹੈ ਉਹ ਹੈ—''?" (ਪ੍ਰਸ਼ਨਵਾਚਕ ਚਿੰਨ੍ਹ); ਬਿਨਾਂ ਸਿਰਲੇਖ ਦੇ ਚੌਂਕਾਅ ਦੇਣ ਵਾਲੀ ਇਹ ਪੂਰੀ ਕਵਿਤਾ ਸਹਿਜ ਹੈ ਅਤੇ ਸਹਿਜ ਕਵੀ ਵਿਕਲ ਦੀਆ ਕਵਿਤਾਵਾਂ ਦੇ ਵਾਂਗ ਛੰਦ ਦਰ ਛੰਦ ਧੁਰ ਅੰਦਰ ਤੱਕ ਲਹਿੰਦੀ ਜਾਂਦੀ ਹੈ ।

"ਬੱਤੀ ਦੰਦਾਂ ਦੀ ਪਕੜ 'ਚ ਆਯਾ ਥਰਮਾਮੀਟਰ ਕਿਉਂ ਨਹੀਂ ਟੁੱਟ ਜਾਂਦਾ ?''
"ਇਸ ਮੁਰਦਘਾਟ 'ਚ ਵੀ ਕਿਉਂ ਮੈਨੂੰ ਖੁਸ਼ਹਾਲ ਜੀਵਨ ਦੇ ਸੁਪਨੇ ਆਉਂਦੇ ਨੇ ?"
"ਮੇਰਾ ਉਪਰੇਸ਼ਨ ਕਿਉਂ ਕਰ ਰਹੇ ਨੇ ਇਹ ਲੋਕ ?''
"ਮੇਰਾ ਨਰਤਵ ਕਿਉਂ ਨਹੀਂ ਮਾਰ ਦਿੰਦੇ ਇਹ ਲੋਕ ?"
"ਮੈਨੂੰ ਮੁਕਤ ਕਿਉਂ ਨਹੀਂ ਕਰਦੇ ਇਹ ਲੋਕ ?" (ਤ੍ਰੈਲੋਚਨ)

ਪੂਰੀ ਕਵਿਤਾ ਵਾਰ ਵਾਰ ਮੁਕਤੀਬੋਧ ਅਤੇ ਮੁਕਤੀ ਪ੍ਰਸੰਗ ਦੇ ਡੰਗ (ਦੰਸ਼) ਦੀ ਦਹਿਸ਼ਤ ਨੂੰ ਚੀਖਦੀ ਹੈ ਬਲਕਿ ਜਿਵੇਂ ਕੋਈ ਤੇਜ਼ ਬੁਖ਼ਾਰ ਵਿੱਚ ਬੁੜਬੁੜਾਉਂਦਾ ਹੈ। ਇਹ ਪੂਰੀ ਰਚਨਾ ਉਸ ਤਾਪਮਾਨ (temperature) ਨੂੰ ਦੱਸਦੀ ਹੈ । ਰਾਜ ਕਮਲ ਨੂੰ ਜਿਥੇ ਇਸ ਦਹਿਸ਼ਤ ਦੇ ਵਿੱਚ ਵੀ ਨਰਸਾਂ ਦੀ ਸਫ਼ੇਦ ਗੰਧ ਤੋਂ ਹਿਫ਼ਾਜ਼ਤ (ਸੁਰੱਖਿਆ) ਮਿਲਦੀ ਸੀ ਇਹ ਕਵੀ ਵੀ ਹਸਪਤਾਲ ਦੇ ਇਸ ਸੌਂਦਰਯ ਨੂੰ ਅਣਡਿੱਠ ਨਹੀਂ ਕਰਦਾ। ਇਹ ਕਹਿੰਦਾ ਹੈ— “ਕਿਉਂ ਸ਼ਾਮ ਛੱਡ ਜਾਂਦੀ ਹੈ ਮੇਰੇ ਬਿਸਤਰ ਤੇ ਮਹਿਕ ਦਾ ਅਹਿਸਾਸ ? ......। 'ਅਹਮ' ਕਾਵਿ-ਸੰਗ੍ਰਿਹ ਤੋਂ ਬਾਅਦ ਉਸਦੀਆਂ ਕੁਝ ਕਵਿਤਾਵਾਂ ਸੁਣਨ ਦਾ ਮੌਕਾ ਮਿਲਿਆ ਜਿਨ੍ਹਾਂ ਬਾਰੇ ਕਦੇ ਫੇਰ ਚਰਚਾ ਕਰਾਂਗਾ । ਤ੍ਰਿਸ਼ੰਕੂ, ਸਰਾਪਿਤ ਯਾਤਰਾ, ਨਿਪੁੰਸਕ ਅਭਿਲਾਸ਼ਾ, ਲੰਮੀ ਚੁੱਪ ਤੋਂ ਬਾਅਦ ਅਤੇ ਸੰਭਾਵਨਾਵਾਂ ਖੋ ਬੈਠਣ ਤੋਂ ਬਾਅਦ, ਉਸ ਦੀ ਕਵਿਤਾ ਸਹਿਜ ਤੇ ਸਾਰਥਕ ਵਿਕਾਸ ਦੀਆਂ ਸੂਚਕ ਹਨ।

ਹੁਣ ਤੀਕ ਦੀ ਰਚਨਾ ਦੇ ਅਧਾਰ ਤੇ ਇਹ ਨਿਰਣਾ ਸਹਿਜੇ ਹੀ ਨਿਰਧਾਰਤ ਕੀਤਾ ਸਕਦਾ ਹੈ ਕਿ ਇਸ ਯੁੱਗ ਦੇ ਮੁਹਾਵਰੇ ਨੂੰ ਕਵਿਤਾ ਦੀ ਤਤਕਾਲੀਨਤਾ ਵਿਚ ਢਾਲਕੇ ਇਹ ਕਵੀ ਅਰਥ ਦੇ ਅੱਗੇ ਇਕ ਹੋਰ ਅੰਧੇਰੇ ਵਿਚ ਸਰਕ ਗਿਆ ਹੈ—ਹੁਣ ਤੀਕ ਦੀ ਪ੍ਰਾਪਤ ਰੌਸ਼ਨੀ ਨੂੰ ਇਕ ਹੋਰ ਅਰਥ ਦੇ ਕੇ..........॥

(ਨੋਟ –ਇਹ ਆਰਟੀਕਲ ਡਾ: ਪਰੇਸ਼ ਜੀ ਨੇ ਬੜੀ ਮੇਹਨਤ ਨਾਲ "ਅਹਮ" ਦੀ ਭੂਮਿਕਾ ਵਜੋਂ ਲਿਖਿਆ ਸੀ ਜੋ ਬਦਕਿਸਮਤੀ ਨਾਲ ਗੁੰਮ ਜਾਣ ਕਾਰਣ ਛਪ ਨਹੀਂ ਸੀ ਸਕਿਆ ਹੁਣ ਮੂਲ ਹਿੰਦੀ ਤੋਂ ਅਨੁਵਾਦ ਕਰਕੇ ਡਾ. ਸਾਹਬ ਦੀ ਖਿਮਾਂ ਯਾਚਨਾ ਨਾਲ ਇੱਥੇ ਛਾਪਿਆ ਗਿਆ)

ਟਿੱਪਣੀ ਟੀਕਾਕਾਰ ਦੀ......

ਤ੍ਰੈਲੋਚਨ ਇਕ ਉਗਮਦਾ ਪੰਜਾਬੀ ਸਾਹਿਤਕਾਰ ਹੈ, ਜਿਸਨੇ ਛੁਟੇਰੀ ਆਯੂ ਵਿੱਚ ਹੀ ਪੰਜਾਬੀ ਜਗਤ ਨੂੰ ਦੋ ਕਾਵਿ-ਸੰਗ੍ਰਿਹ (ਅੱਖ ਤੇ ਰੌਸ਼ਨੀ ਅਤੇ ਅਹਮ), ਇਕ ਨਾਟਕ (ਅਦਨੇ ਆਦਮੀ), ਇਕ ਅਲੋਚਨਾ ਦੀ ਪੁਸਤਕ (ਵਿਵੇਚਨ ਵਿਕੋਲਿਤਰਾ) ਤੇ ਛਪਣ ਗੋਚਰੇ ਕਹਾਣੀ ਸੰਗ੍ਰਿਹ (ਸਮੀਰ ਲੋਅ ਕਿਉਂ ?) ਤੇ ਡਾਇਰੀ (ਬਦਨਾਮ ਦਿਨਾਂ ਦੀ ਗੱਲ) ਦੇ ਦਿੱਤੀਆਂ ਹਨ ।

ਤ੍ਰਿਸ਼ੰਕੂ ਉਸਦਾ ਤੀਸਰਾ ਕਾਵਿ-ਸੰਗ੍ਰਿਹ ਹੈ, ਜਿਸ ਵਿੱਚ ਉਸਨੇ ਵਰਤਮਾਨ ਮਨੁੱਖ ਦੀ ਦੋਚਿੱਤੀ ਦੀ ਅਵਸਥਾ, ਉਸਦੀਆਂ ਸੰਸਾਰਕ, ਵਿਅਕਤੀਗਤ ਤੇ ਭਾਵੁਕ ਸਮੱਸਿਆਵਾਂ ਨੂੰ ਇਤਿਹਾਸ ਤੇ ਮਿਥਿਹਾਸ ਦੇ ਵਿਰਸੇ ਚੋਂ ਹਵਾਲੇ ਲੈਕੇ ਨਿਵੇਕਲੇ ਕਾਵਿ-ਬਿੰਬਾਂ ਰਾਹੀਂ ਸਾਰਥਕ ਤੇ ਭਾਵ-ਪੂਰਤ ਰੂਪ ਪ੍ਰਦਾਨ ਕੀਤਾ ਹੈ। ਤ੍ਰਿਸ਼ੰਕੂ ਦੇ ਮਿਥਿਹਾਸਕ ਵਿਅਕਤੀਤਵ ਨੂੰ ਲੈਕੇ ਇਸ ਅਨੁਭਵੀ ਕਵੀ ਨੇ ਅਜੋਕੇ ਮਨੁੱਖ ਦੀ ਮਾਨਸਕ ਕੁੰਠਾ, ਮਾਨਸਿਕ ਤਣਾਉ, ਕਸ਼ਟ, ਭਟਕਣ, ਅਸਤੁੰਲਨ ਅਵਸਥਾ ਤੇ ਅਨਿਰੈਣਮਈ ਰੁਚੀ ਆਦਿ, ਸਭ ਕੁਝ ਨੂੰ ਇਸ ਮਿਥ ਸਹਾਰੇ ਨਿਵੇਕਲੇ ਅਰਥ ਪ੍ਰਦਾਨ ਕੀਤੇ ਹਨ। ਨਿਰਸੰਦੇਹ ਅੱਜ ਦਾ ਮਨੁੱਖ ਵੀ ਧਰਮ ਤੇ ਅਧਰਮ, ਇਤਿਹਾਸ ਮਿਥਹਾਸ ਤੇ ਵਿਗਿਆਨ, ਕਰਮ ਤੇ ਕਥਨ, ਸਦਾਚਾਰ ਤੋ ਦੁਰਾਚਾਰ, (ਰਾਜਨੀਤੀ) ਸ਼ਬਦ ਤੇ ਅਰਥ, ਕਲਪਨਾ ਤੇ ਹਕੀਕਤ ਅਰਥਾਤ ਧਰਤ ਤੋਂ ਅਕਾਸ਼ ਵਿਚਕਾਰ ਕਿਤੇ ਤ੍ਰਿਸ਼ੰਕੂ ਵਾਂਗ ਵਿਗਿਆਨ ਰੂਪੀ ਵਿਸ਼ਵਾਮਿਤਰ ਦੇ ਸਿਰਜੇ ਨਵੇਂ ਸਪੁਤਨਿਕ ਸੰਸਾਰ ਵਿੱਚ ਲਟਕ ਗਿਆ ਹੈ ।

ਤ੍ਰੈਲੋਚਨ ਦੀਆਂ ਕਵਿਤਾਵਾਂ ਵਿੱਚ ਰੋਹ ਤੇ ਤਪਸ਼ ਹੈ ਕਿਉਂਕਿ ਉਸਦਾ ਜਨਮ ਤਪਦੀ ਜੇਠ-ਹਾੜ (ਹਾੜ ੧੯੪੫) ਦੀ ਰੁੱਤੇ ਹੋਇਆ। ਉਸਦੀ ਕਵਿਤਾ ਵਿੱਚ ਧਰਤੀ ਅਤੇ ਧਰਤੀ ਵਾਹੁਣ ਵਾਲੇ ਕਿਰਸਾਣ ਲਈ ਮੋਹ ਹੈ ਕਿਉਂਕਿ ਉਸਨੇ ਇਕ ਜਿਮੀਂਦਾਰ ਦੇ ਘਰ ਪਿੰਡ ਬੱਤਾ ਦੀ ਜੂਹ ਚ ਜਨਮ ਲਿਆ। ਜਿੱਥੇ ਵਿਰਸੇ ਵਿੱਚ ਉਸਨੂੰ ਹਲ, ਪੰਜਾਲੀ, ਖੂਹ ਦੀ ਗਾਧੀ ਤੇ ਟਿਕ ਟਿਕ, ਬੈਲਾਂ ਦੇ ਗਲ ਘੁੰਗਰੂਆਂ ਦੀ ਛਣਕਾਰ ' ਤੇ ਬੂਰੀ ਦੇ ਥਣਾਂ 'ਚੋਂ ਦੁੱਧ ਦੀ ਮਹਿਕ ਪ੍ਰਾਪਤ ਹੋਈ, ਉੱਥੇ ਵਿਦਿਆ ਪ੍ਰਾਪਤੀ ਲਈ ਉਸਨੂੰ ਸ਼ਹਿਰੀ ਜ਼ਿੰਦਗੀ ਦੀ ਭਟਕਣ, ਭੱਜ ਦੌੜ ਤੇ ਮਸ਼ੀਨੀ ਜਗਤ ਦੀ ਹਵਾੜ ਮਿਲੀ, ਇਸੇ ਲਈ ਉਸਦੀ ਕਵਿਤਾ 'ਚ ਮਿਸ਼੍ਰਤ ਸ਼ਹਿਰੀ ਤੇ ਪੇਂਡੂ ਸ਼ਬਦਾਂ ਦਾ ਤਾਣਾ ਪੇਟਾ ਇਕ ਅਲੌਕਿਕ ਰੰਗ ਬੰਨਦਾ ਹੈ ।

ਤ੍ਰੈਲੋਚਨ ਪੰਜਾਬੀ ਕਵਿ ਗਗਨ ਪੁਰ ਦੂਜ ਦੇ ਚੰਦਰਮਾ ਵਾਂਗ ਉਤਰਿਆ ਹੈ, ਜਿਸਦੀ ਨਿਮ੍ਹੀ ਨਿਮ੍ਹੀ ਲੋਅ ਨਾਲ ਧਰਤ ਅਕਾਸ਼ ਦਾ ਵੇਹੜਾ ਰੌਸ਼ਨ ਹੋ ਗਿਆ ਹੈ। ਦੂਜ ਦੇ ਚੰਦਰਮਾ ਨੇ ਪੂਰਨਿਮਾ ਦਾ ਰੂਪ ਅਵੱਸ਼ ਧਾਰਨ ਕਰਨਾ ਹੈ, ਇਹ ਮੇਰਾ ਵਿਸ਼ਵਾਸ ਹੈ ਤੇ ਅਨੁਭਵ ਹੈ। ਸਾਹਿਤ ਕ੍ਰਿਤ ਦੀ ਬੁੱਢੀ ਮਾਈ ਨੇ ਕਾਵਿ-ਚਰਖੜਾ ਕੱਤਣ ਲੱਗਿਆਂ ਤ੍ਰੈਲੋਚਨ ਦਾ ਪੋਖਾ ਲਿਆ ਜਾਪਦਾ ਹੈ ।

(ਡਾ.) ਜੀਤ ਸਿੰਘ ਸੀਤਲ
ਸੁਖ ਸਹਿਜ ਨਿਵਾਸ ਪਟਿਆਲਾ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਤ੍ਰੈਲੋਚਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ