Badnam Hawa : Trailochan
ਬਦਨਾਮ ਹਵਾ (ਕਾਵਿ ਸੰਗ੍ਰਹਿ) : ਤ੍ਰੈਲੋਚਨ
ਆਗ਼ਾਜ਼ : ਪ੍ਰੋਫੈਸਰ ਪ੍ਰਿਤਪਾਲ ਸਿੰਘ
‘ਬਦਨਾਮ ਹਵਾ’ ਤ੍ਰੈਲੋਚਨ ਦਾ ਤੀਜਾ ਕਾਵਿ-ਸੰਗ੍ਰਹਿ ਹੈ । ਉਂਜ ਤਾਂ ਉਸਨੇ ਇਕ ਨਾਵਲ ਵੀ ਲਿਖਿਆ ਹੈ ਤੇ ਸਾਹਿਤਾਲੋਚਨਾ ਵੀ ਕੀਤੀ ਹੈ, ਪਰੰਤੂ ਉਸਦੀ ਪਹਿਲੀ ਪ੍ਰਤਿਬਧਿਤਾ ਕਵਿਤਾ ਨਾਲ ਹੈ ਕਵਿਤਾ ਨਾਲ ਤੇ ਕਾਵਿ-ਰੰਗ ਨਾਲ, ਕਾਵਿ-ਸਿਰਜਣ ਨਾਲ ਤੇ ਕਾਵਿ-ਆਸ੍ਵਾਦਨ ਨਾਲ ।
ਕਵਿਤਾ ਹੈ ਵੀ ਸਾਹਿਤ-ਪਰਿਵਾਰ ਦੀ ਸਭ ਤੋਂ ਸੁੰਦਰ ਯੁਵਤੀ ; ਸਭ ਤੋਂ ਸੁਹਣੀ ਤੇ ਸਜੀਲੀ, ਤ੍ਰੈ-ਕਾਲ ਹੁਸਨਾਂ ਦੀ ਰਾਣੀ ; ਸਭ ਤੋਂ ਵਧੇਰੇ ਵਿਮਲ ਤੇ ਸੁਕੁਮਾਰ ; ਰੂਪ-ਰਸ-ਰੰਗ ਦੀ ਉਹ ਅੰਬਰੀ ਪੀਂਘ ਜਿਸ ਦੇ ਬਿਜਲੀ-ਲਹਿਰਾ ਲੜ ਦੀ ਅਚੇਤ ਜੇਹੀ ਛੋਹ ਵੀ ਮਾਨਵ ਦੀ ਮੋਈ ਹੋਈ ਮਿਟੀ ਨੂੰ ਉਜਲਾਉਣ ਦੀ ਸਮਰਥਾ ਰਖਦੀ ਹੈ । ਲੋਚਨ ਵਰਗੇ ਹੱਸਾਸ-ਦਿਲ ਨੌਜੁਆਨ ਦਾ ਓਜ-ਸੁਹਜ ਦੇ ਇਸ ਸਾਕਾਰ-ਸੁਰੂਪ ਨਾਲ ਮੁਹੱਬਤ ਕਰਨਾ ਇਕ ਸੁਭਾਵਕ ਕਰਮ ਹੈ। ‘ਬਦਨਾਮ ਹਵਾ ਦਾ' ਪ੍ਰਕਾਸ਼ਣ ਉਸਦੀ ਇਸ ਮੁਹੱਬਤ ਦਾ ਪ੍ਰਮਾਣ ਹੈ ।
ਜਦੋਂ ਬਦਨਾਮੀ ਦੀ ਧੂੜ ਭਾਵਾਂ ਦੀ ਪੌਣ ਨੂੰ ਗੰਧਲਾ ਕਰ ਦੇਵੇ ਤਾਂ ਆਤਮਾ ਦੇ ਵਣਾਂ ਵਿਚ ਨਾ ਪੁਸ਼ਪ ਖਿੜਦੇ ਹਨ, ਨਾ ਬਸੰਤ ਮੁਸਕਰਾਉਂਦੀ ਹੈ । ਪਰ ਮੁਹੱਬਤ ਕਰਨ ਵਾਲੇ ਜੱਸ-ਅਪਜੱਸ ਤੋਂ ਕਦੋਂ ਡਰਦੇ ਹਨ? ਜਿਸ ਤਰ੍ਹਾਂ ਕਾਲਖ ਦੀ ਰੇਖਾ ਕਿਸੇ ਸੁਹਲ-ਅੰਗੀ ਰੂਪਵਤੀ ਦੇ ਨੇਤਰਾਂ ਵਿਚ ਸੱਜ ਕੇ ਸੁਹਜ ਦਾ ਸਾਧਨ ਬਣ ਜਾਂਦੀ ਹੈ, ਠੀਕ ਇਸੇ ਤਰ੍ਹਾਂ ਬਦਨਾਮੀਆਂ ਵੀ ਆਸ਼ਿਕਾਂ-ਸਾਦਿਕਾਂ ਦਾ ਸ਼ਿੰਗਾਰ ਹੋ ਨਿਬੜਦੀਆਂ ਹਨ । ਸ਼ਾਇਰ ਵੀ ਜਿਹੜਾ ਸਦਾ ਫੋੜੇ ਵਾਕੁਣ ਰਿਸਦਾ ਤੇ ਇਕਲਾਪੇ ਦੀ ਸਰਾਪੀ ਜੂਨ ਹੰਢਾਉਂਦਾ ਨਿਜ ਤੇ ਪੱਰ ਦੀਆਂ ਪੀੜਾਂ ਨਾਲ ਲੁਕਣ-ਮੀਚੀ ਖੇਡਦਾ ਰਹਿੰਦਾ ਹੈ, ਉਸਤਤ ਤੇ ਨਿੰਦਾ ਦੋਹਾਂ ਤੋਂ ਬੇ-ਨਿਆਜ਼, ਨਿਰਵਾਣ-ਪਦ ਦੀ ਪ੍ਰਾਪਤੀ ਲਈ ਤੱਪ ਕਰ ਰਹੇ ਕਿਸੇ ਸਾਧਕ ਸਮਾਨ ਹੁੰਦਾ ਹੈ ।
ਤ੍ਰੈਲੋਚਨ ਦੀ ਚੇਤਨਾ ਵਿਚ ਇਹ ਨਿਰਵਾਣ-ਪਦ ਆਪਣੇ ਅਤੀਤ ਦੇ ਰਾਂਗਲੇ ਅਚੰਭਾ ਛੰਭ ਵਿਚ ਨਚਦੇ ਕਿਸੇ ਹੁਸੀਨ ਪ੍ਰਛਾਵੇਂ ਦੇ ਰੂਪ ਵਿਚ ਉਜਾਗਰ ਹੁੰਦਾ ਹੈ : ਕਾਲ ਦੇ ਰਥ ਨਾਲ ਉਡਦੀ ਧੂੜ ਵਿਚ ਧੁਆਖੇ ਮਾਂ-ਮੋਹ ਵਿਚ ; ਪਿੰਡ ਵਿਚ ਬਿਤਾਈ ਬਾਲ-ਆਯੂ ਦੇ ਮਰ ਚੁਕੇ ਸੁਪਨਿਆਂ ਵਿਚ ; ਜਾਂ ਚੜ੍ਹਦੀ ਜੁਆਨੀ ਦੇ ਉਨ੍ਹਾਂ ਗੁਆਚੇ ਛਿਣਾਂ ਵਿਚ, ਜਦੋਂ—ਉਹ ਆਖਦਾ ਹੈ—
ਮੈਂ ਵੀ ਸਾਂ ਇਕ ਸ਼ੂਕਦਾ ਦਰਿਆ
ਕੀ ਹੋਇਆ ਜੋ ਮਛਲੀਆਂ ਨੇ
ਡੀਕ ਲਾ ਕੇ ਪੀ ਲਿਆ ।
ਤ੍ਰੈਲੋਚਨ ਦੀ ਇਹ ਅਤੀਤ-ਮੁਖਤਾ ਇਕ ਪਾਸੇ ਤਾਂ ਕੁਝ ਮੋਹ-ਭਿਜੇ ਰਿਸ਼ਤਿਆਂ ਨਾਲ ਮਨੁਖ ਦੀ ਉਸ ਜਨਮ-ਜਨਮਾਂਤਰਾਂ ਦੀ ਭਾਵੁਕ-ਸਾਂਝ ਵਿਚੋਂ ਉਤਪੰਨ ਹੋਈ ਹੈ ਜਿਸ ਨੂੰ ਨਾ ਆਧੁਨਿਕ ਚੇਤਨਾ ਤੋੜ ਸਕੀ ਹੈ, ਨਾ ਨਵੇਂ ਮਨੁਖ ਦੀ ਵਿਰਾਗ-ਭਾਵਨਾ, ਅਤੇ ਦੂਜੇ ਪਾਸੇ ਉਸ ਵਿਸ਼ਾਦ ਵਿਚੋਂ ਜਨਮੀ ਹੈ ਜੋ ਉਸ ਦੇ ਹਿਰਦੈ ਨੂੰ ਆਲੇ-ਦੁਆਲੇ ਪਸਰੇ ਖੋਖਲੇ ਤੇ ਬੇਰੰਗ ਜੀਵਨ ਦਾ ਪ੍ਰੇਤ ਬਣ ਕੇ ਨਿਤ ਡੰਗਦਾ ਰਹਿੰਦਾ ਹੈ। ਵਰਤਮਾਨ ਵਿਚ ਜੀਣਾ ਵੀ ਕਾਹਦਾ ਜੀਣਾ ਹੈ, ਜਦੋਂ :
ਕਦੇ ਕਦਾਈਂ ਮਰੀਅਲ ਹਾਸਾ
ਚੁਪ ਚੁਪੀਤੇ ਸੀਤੇ ਬੁਲ੍ਹਾਂ ਤੇ ਆ ਬਹਿੰਦਾ ;
ਪਲ ਛਿਣ ਪਿਛੋਂ ਸਹਿਮ ਸਿਤਮ ਹੈ ਸਹਿੰਦਾ ;
ਸੂਰਜ ਨਿਤ ਚੜ੍ਹ ਚੜ੍ਹ ਕੇ ਥਕਦਾ ।
ਸੂਰਜ ਦੀ ਨਿਤ ਦੀ ਥਕਾਵਟ, ਚੰਦ੍ਰਮਾ ਦੀ ਉਦਾਸੀ ਅਤੇ ਬੋਹੜਾਂ ਉਤੇ ਪੀਂਘਾਂ ਦੀ ਥਾਂ ਲਟਕ ਰਹੇ ਕਾਲੇ ਬਿਸੀਅਰ ਨਾਗਾਂ ਦੇ ਦ੍ਰਿਸ਼ ਵੇਖਦਾ ਤ੍ਰੈਲੋਚਨ ਦਾ ਕਵੀ-ਮਨ ਨਿਤ ਸਿਵੇ ਦੀ ਅੱਗ ਵਾਂਗ ਧੁਖਦਾ ਰਹਿੰਦਾ ਹੈ । ਹੁਣ ਛਜੂ ਦੇ ਚੁਬਾਰੇ ਉਸ ਦਾ ਜੀਅ ਜੇਹਾ ਨਹੀਂ ਲਗਦਾ । ਜੀਅ ਲਗਣ ਨੂੰ ਉਥੇ ਹੈ ਵੀ ਕੀ ? ਤੇ ਉਹ ਜਾਏ ਤਾਂ ਕਿਤ ਵਲ ਜਾਏ ?
ਇਹ ਬੇਬੱਸੀ, ਇਹ ਉਲਝਣ, ਮਨੁਖ ਦੀ ਇਹ ਸਦੀਵੀ ਨਿਰਾਸ਼ਾ ਕਦੀ ਕਦੀ ਉਸ ਨੂੰ ਵਿਦਰੋਹ ਲਈ ਵੀ ਵੰਗਾਰਦੀ ਹੈ ਤੇ ਉਹ ਰਾਵਣ ਦਾ ਸਿਰ ਵਢਣ ਲਈ ਹਥਿਆਰ ਚੁਕਣ ਦੀ ਗੱਲ ਵੀ ਕਰਦਾ ਹੈ । ਪਰ ਆਪ-ਵਿਹਾਜੇ ਵਿਹੁ ਦਾ ਘੁਟ ਕੌਣ ਭਰੇ ? ਰਾਮ-ਰਾਜ ਦਾ ਝੂਠਾ ਲਾਰਾ ਕਿਸੇ ਨੂੰ ਕਿਤਨੀ ਕੁ ਦੇਰ ਸਰਚਾ ਸਕਦਾ ਹੈ :
ਸ਼ਾਂਤੀ ਭਰੀ ਕ੍ਰਾਂਤੀ ਦਾ ਚਾਅ ਜਦ ਮਠਾ ਹੋਇਆ
ਫਿਰ ਹਰ ਬੰਦਾ ਆਪਣੇ ਹੀ ਗਲ
ਲਗ ਕੇ ਆਪੇ ਰੋਇਆ ।
ਇਸ ਤਰ੍ਹਾਂ ਸ਼ਾਂਤੀ ਤੇ ਕ੍ਰਾਂਤੀ, ਯੁਧ ਤੇ ਯੁਧ-ਵਿਰਾਮ, ਹੋਏ ਤੇ ਅਣਹੋਏ ਵਿਚ-ਵਿਚਾਲੇ ਉਮਰਾ ਲੰਘਦੀ ਜਾਂਦੀ ਹੈ । ਉਮਰਾ ਤਾਂ ਲੰਘਦੀ ਜਾਂਦੀ ਹੈ, ਪਰ ਸਰਾਪੇ ਰਾਹਾਂ ਤੇ ਤੁਰ ਕੇ ਕੋਈ ਮਨਜ਼ਿਲ ਤੇ ਕਿਵੇਂ ਪੁਜ ਸਕਦਾ ਹੈ ? ਜੇ ਇਨਾਮਬਾਨੋ ਜੂਹ ਵਿਚ ਵੀ ਪਨਾਹ ਨਹੀਂ ਮਿਲਣੀ ਤਾਂ ਵਿਚਾਰਾ ਗੌਤਮ ਕਪਲਵਸਤੂ ਤੋਂ ਜਲਾਵਤਨ ਹੀ ਕਿਉਂ ਹੋਵੇ ?
ਤ੍ਰੈਲੋਚਨ ਦੁਆਰਾ ਪ੍ਰਣੀਤ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਮਾਨਵ-ਅਸਤਿਤਵ ਦੇ ਪ੍ਰਸੰਗ ਵਿਚ ਕੁਝ ਅਜੇਹੇ ਅਬੂਝ ਪ੍ਰਸ਼ਨਾਂ ਦੀ ਗਾਥਾ ਵਿਅਕਤ ਕੀਤੀ ਗਈ ਹੈ ਜਿਨ੍ਹਾਂ ਦਾ ਉਤਰ ਨਾ ਕਿਸੇ ਰਿਸ਼ੀ ਕੋਲ ਹੈ, ਨਾ ਪੈਗ਼ੰਬਰ ਕੋਲ । ਤਾਂ ਵੀ, ਮੈਨੂੰ ਵਿਸ਼ਵਾਸ ਹੈ ਕਿ ਇਹ ਕਵਿਤਾਵਾਂ ਪਾਠਕਾਂ ਨੂੰ ਰੱਸ-ਆਨੰਦ ਦੇਣ ਤੋਂ ਇਲਾਵਾ ਉਨ੍ਹਾਂ ਦੀ ਬੁਧਿ ਨੂੰ ਵੀ ਟੁਣਕਾਰਨਗੀਆਂ ।
ਮਹਿੰਦਰਾ ਕਾਲਿਜ,
ਪਟਿਆਲਾ
ਅਗਸਤ ੪, ੧੯੮੩
ਆਪੇ ਦੀ ਭਾਲ ਵਿਚ
ਮੈਂ ਜ਼ਿੰਦਗੀ ਵਿਚ ਆਪਣੀ ਉਮਰ ਤੋਂ ਕਿਤੇ ਵੱਧ ਤੇਜ਼ ਕਦਮ ਤੁਰਿਆ ਹਾਂ । ਇਨ੍ਹਾਂ ਤੇਜ਼ ਕਦਮਾਂ ਦੀ ਗਤੀ ਨੇ ਮੈਨੂੰ ਬਹੁਤ ਕੁਝ ਦਿਤਾ ਹੈ ਅਤੇ ਬਹੁਤ ਕੁਝ ਮੈਥੋਂ ਖੋਹਿਆ ਹੈ । ਪ੍ਰਾਪਤੀ ਦਾ ਸੁਖ ਅਤੇ ਅ-ਪ੍ਰਾਪਤੀ ਦੀ ਭਟਕਣ ਅਜ ਤਕ ਮੇਰੇ ਅੰਗ ਸੰਗ ਹੈ । ਬਦਨਾਮੀ ਅਤੇ ਸਫ਼ਲਤਾ ਮੇਰੇ ਜੀਵਨ ਦੇ ਨਾਲ ਨਾਲ ਬਰਾਬਰ ਸੌਂਕਣਾਂ ਵਾਂਗ ਨੋਕ ਝੋਕ ਕਰਦੀਆਂ ਤੁਰਦੀਆਂ ਆਈਆਂ ਹਨ, ਪਰੰਤੂ ਕੁਲ ਮਿਲਾਕੇ ਬਦਨਾਮੀ ਦੀ ਧੂੜ ਵਿਚ ਧੁੰਦਲੇ ਹੋਏ ਨਕਸ਼, ਜਿਨ੍ਹਾਂ 'ਚੋਂ ਮੈਂ ਅਜ (ਇਹ ਕਾਵਿ ਸੰਗ੍ਰਿਹ ਪਾਠਕਾਂ ਨੂੰ ਭੇਂਟ ਕਰਦਿਆਂ) ਆਪਣੇ ਆਪ ਨੂੰ ਪਹਿਚਾਨਣ ਦਾ ਯਤਨ ਕਰ ਰਿਹਾ ਹਾਂ।
ਵੀਹ ਸਾਲ ਬੀਤ ਗਏ ਪਰ ਜਾਪਦੈ ਜਿਵੇਂ ਕੱਲ ਦੀ ਗੱਲ ਹੋਵੇ, ਮੈਂ ਸ਼ਬਦ ਦੀ ਸ਼ਰਨ ਲੈ ਕੇ ਪੰਜਾਬੀ ਸਾਹਿਤਕ ਜਗਤ ਦੇ ਰੂ ਬ ਰੂ ਹੋਇਆ ਸਾਂ। ਸਰਕਾਰੀ ਕਾਲਜ ਰੋਪੜ ਦਾ ਰਮਣੀਕ ਵਾਤਾਵਰਣ ਤੇ ਪ੍ਰੀ-ਯੂਨੀਵਰਸਿਟੀ 'ਚ ਦਾਖਲ ਹੁੰਦਿਆਂ ਹੀ ਕਿਸੇ ਮਾਸਕ ਪੱਤਰ ਵਿਚ ਮੇਰੀ ਪਹਿਲੀ ਕਹਾਣੀ ਪ੍ਰਕਾਸ਼ਿਤ ਹੋਈ ਸੀ । ਗਲਪ ਰਚਨਾ ਲਈ ਜਿਸ ਸਾਧਨਾ ਤੇ ਠਰੰਮੇ ਦੀ ਲੋੜ ਹੁੰਦੀ ਹੈ ਉਸਦੀ ਮੇਰੇ ਵਿੱਚ ਉੱਚ ਵਿਦਿਆ ਪ੍ਰਾਪਤੀ ਦੀ ਲਗਨ, ਚੜ੍ਹਦੀ ਜਵਾਨੀ ਦੇ ਜੋਸ਼ ਅਤੇ ਸੁਭਾਅ ਦੇ ਕਾਹਲੇਪਣ ਕਾਰਨ ਘਾਟ ਸੀ । ਸੋ ਮੈਂ ਕਵਿਤਾ ਵਲ ਵਧੇਰੇ ਆਕਰਸ਼ਿਤ ਹੋ ਗਿਆ ਅਤੇ ਉਨ੍ਹਾਂ ਦਿਨ੍ਹਾਂ ਵਿਚ ਹੀ ਮੇਰੀ ਪਹਿਲੀ ਕਵਿਤਾ ‘ਸਾਹਿਤ ਸਮਾਚਾਰ” ਵਿਚ ਪ੍ਰਕਾਸ਼ਿਤ ਹੋਈ, ਫਿਰ ਇਕ ਹੋਰ ਪ੍ਰੀਤਲੜੀ ਵਿੱਚ ਫ਼ਿਰ .... ਫਿਰ ਕਵਿਤਾ ਦੇ ਓਜਮਈ ਤੇਜਸਵੀ ਜਲੌ ਨੇ ਜਿਵੇਂ ਮੈਨੂੰ ਪੂਰਨ-ਭਾਂਤ ਆਪਣੀ ਗ੍ਰਿਫਤ ਵਿਚ ਲੈ ਲਿਆ ਅਤੇ ਪਿਛਲੇ ਵੀਹ ਸਾਲ ਦੌਰਾਨ ਸ਼ਾਇਦ ਹੀ ਕੋਈ ਪੰਜਾਬੀ ਮਾਸਿਕ ਪਤ੍ਰਿਕਾ ਹੋਵੇ ਜਿਸ ਵਿੱਚ ਮੇਰੀ ਕਵਿਤਾ ਪ੍ਰਕਾਸ਼ਿਤ ਨਾ ਹੋਈ ਹੋਵੇ। ਅੱਜ ਮੈਨੂੰ ਵਿਸ਼ਵਾਸ਼ ਹੈ ਕਿ ਮੇਰੇ 'ਚ ਇਕ ਸਮਰਥ ਸਿਰਜਣਾਤਮਕ ਪ੍ਰਤਿਭਾ ਦੇ ਸਭ ਗੁਣ ਮੌਜੂਦ ਹਨ ਪਰ ਮੈਂ ਆਪਣੇ ਆਪ ਕੋਲ ਠਹਿਰਾਂ ਤਾਂ ਗੱਲ ਬਣੇ—ਨਿਰੰਤਰ ਭਟਕਣ, ਭਵਿਖ ਦੇ ਸੁਪਨੇ, ਭੂਤਕਾਲ ਦੀ ਨਮੋਸ਼ੀ ਨਾ ਮੈਨੂੰ ਸਾਧਕ ਬਣਨ ਦਿੰਦੀ ਹੈ ਨਾ ਸਿਰਜਕ । ਫਿਰ ਵੀ ਇਸ ਗੱਲ ਦਾ ਸੰਤੋਸ਼ ਹੈ ਕਿ ਅਜੇ ਤੀਕ ਸ਼ਬਦ ਬ੍ਰਹਮ ਦੀ ਸ਼ਰਨ ਟਿਕਿਆ ਹੋਇਆ ਹਾਂ ਅਤੇ ਹਮੇਸ਼ਾਂ ਕੁਝ ਨਾ ਕੁਝ ਕਰਦਾ ਰਹਿੰਦਾ ਹਾਂ । ਬੀ. ਏ. ਵਿਚ ਪੜਦਿਆਂ ਹੀ ਮੈਂ ਆਪਣੀਆਂ ਕੁਝ ਕਵਿਤਾਵਾਂ ਆਪਣੇ ਅਠ ਸਮਕਾਲੀ ਕਵੀਆਂ ਦੇ ਨਾਲ ਸੰਕਲਿਤ ਕਰਕੇ ‘ਅੱਖ ਤੇ ਰੌਸ਼ਨੀ' ਕਾਵਿ- ਸੰਗ੍ਰਿਹ ਦੇ ਰੂਪ ਵਿੱਚ ਸੰਪਾਦਿਤ ਕੀਤੀਆਂ ਪਰ ਜਿਸ ਆਦਰਸ਼ ਨੂੰ ਲੈ ਕੇ ਇਹ ਪੁਸਤਕ ਪ੍ਰਕਾਸ਼ਿਤ ਕੀਤੀ ਸੀ, ਉਸ ਆਦਰਸ਼ ਤੇ ਇਹ ਪੂਰੀ ਨਾ ਉਤਰੀ । ਫਿਰ ਇਕ ਸਾਲ ਵਿਦਿਆਰਥੀ ਜਥੇਬੰਦੀ ਦੀ ਫਗਵਾੜਾ ਜਲੰਧਰ ਵਿਚ ਸਰਗਰਮੀ । ਇਸ ਉਪਰੰਤ ਸ਼ਿਮਲੇ ਵਿੱਚ ਅਗਿਆਤਵਾਸ । ਇਸ ਦੌਰਾਨ ਮੈਂ ਆਪਣੇ ਆਪ ਕੋਲ ਠਹਿਰ, ਇਕ ੪੦ ਕੁ ਪੰਨੇ ਦੀ ਲੰਮੀ ਕਵਿਤਾ 'ਅਹਮ' ਲਿਖੀ ਪਰ ਮੁੜ ਮੁੜ ਪੜ੍ਹਦਿਆਂ ਕਾਂਟ-ਛਾਂਟ ਕਰਦਿਆਂ ਅੱਠ ਪੰਨਿਆਂ ਦੀ ਰਹਿ ਗਈ । ਸ਼ਿਮਲੇ ਨੂੰ ਅਲਵਿਦਾ ਕਹਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪ੍ਰਵੇਸ਼ ਕਰਨ ਸਮੇਂ ਮੇਰੇ ਕੋਲ “ਅਹਮ” ਅਤੇ ਕੁਝ ਹੋਰ ਕਵਿਤਾਵਾਂ ਸਨ ਜਿਨ੍ਹਾਂ ਨੂੰ ਮੈਂ "ਅਹਮ” ਕਾਵਿ ਸੰਗ੍ਰਹ 'ਚ ਸੰਕਲਿਤ ਕਰਕੇ ਪ੍ਰਕਾਸ਼ਿਤ ਕੀਤਾ ਅਤੇ ਪੰਜਾਬੀ ਜਗਤ ਵਿਚ ਨਿਰ-ਸੰਦੇਹ ਇਹ ਇਕ ਧਮਾਕਾ ਜਿਹਾ ਸੀ। ਸ਼ਾਇਦ ਕਿਸੇ ਹੀ ਕਾਵਿ-ਸੰਗ੍ਰਿਹ ਬਾਰੇ ਇਤਨੇ ਲਤੀਫ਼ੇ, ਪ੍ਰਚਲਿਤ ਹੋਏ ਹੋਣ ਜਿਤਨੇ ਪ੍ਰਕਾਸ਼ਿਤ, ਅਪ੍ਰਕਾਸ਼ਿਤ ਰੂਪ ਵਿਚ ਇਸ ਬਾਰੇ ਪ੍ਰਚਲਿਤ ਹੋਏ । ਮੈਨੂੰ ਸੰਤੋਸ਼ ਇਸ ਗੱਲ ਦਾ ਸੀ ਕਿ ਜਿੱਥੇ ਜੋਗਾ ਸਿੰਘ ਬਰਨਾਲਾ ਦੀ ਮਾਰਕਸਵਾਦੀ ਪ੍ਰਤੀਤੀਬੱਧਤਾ ਨੇ ‘ਰੋਗੀ ਨੂੰ ਪਾਗਲਖਾਨੇ ਭੇਜੋ' (ਮੁਹਾਂਦਰਾ) ਜਿਹੇ ਵਿਚਾਰ ਇਸ ਕਿਤਾਬ ਬਾਰੇ ਪ੍ਰਸਤੁਤ ਕੀਤੇ ਉੱਥੇ ਸ. ਨ. ਸੇਵਕ ਨੇ (ਜਿਨ੍ਹਾਂ ਨੂੰ ਮੈਂ ਜਾਣਦਾ ਨਹੀਂ ਸੀ) ਆਪਣੇ ਪਰਚੇ “ਜੀਵਨ ਸਾਂਝਾ” ਵਿਚ ਅਹਮ ਕਵਿਤਾ ਛਾਪਕੇ ਨਾਲ ਪੂਰਾ ਇਕ ਲੇਖ ਲਿਖਿਆ ਜਿਸ 'ਚ ਕਵਿਤਾ ਦੀ ਪ੍ਰਸ਼ੰਸਾ ਤੇ ਵਿਸ਼ਲੇਸ਼ਣ ਕੀਤਾ ਗਿਆ ਸੀ । ਡਾ. ਪਰੇਸ਼ ਨੇ ਹਿੰਦੀ ਵਿੱਚ ਇਕ ਪ੍ਰਭਾਵਸ਼ਾਲੀ ਸਤੁੰਲਿਤ ਪ੍ਰਸ਼ੰਸਨੀਯ ਲੇਖ ਲਿਖਿਆ (ਜੋ ਤ੍ਰਿਸ਼ੰਕੂ ਦੀ ਅੰਤਿਕਾ ਵਿੱਚ ਮੈਂ ਪੰਜਾਬੀ ਵਿੱਚ ਵੀ ਪ੍ਰਕਾਸ਼ਿਤ ਕੀਤਾ ਹੈ) ਸੁਰਿੰਦਰਪਾਲ ਸਿੰਘ (ਐਸ. ਪੀ., ਇਨ੍ਹਾਂ ਨੂੰ ਵੀ ਮੈਂ ਉਦੋਂ ਜਾਣਦਾ ਨਹੀਂ ਸੀ) ਨੇ ਹੇਮਜਯੋਤੀ ਵਿਚ ਪ੍ਰਭਾਵਸ਼ਾਲੀ), ਵਿਸ਼ਲੇਸ਼ਣਾਤਮਕ ਰੀਵੀਊ ਕੀਤਾ ਪਰੰਤੂ ਇਨ੍ਹਾਂ ਨਾ-ਵਾਕਫ਼ ਸੱਜਣਾ ਦੇ ਹੱਲਾਸ਼ੇਰੀ ਵਾਲੇ ਪ੍ਰਸ਼ੰਸਨੀਯ ਬੋਲਾਂ ਨਾਲੋਂ ਮੇਰੇ ਵਾਕਫਾਂ 'ਤੇ ਆਲ-ਦੁਆਲੇ ਦੇ ਨਿੰਦਕ ਬੋਲਾਂ ਦੀ ਸੁਰ ਵਧੇਰੇ ਉੱਚੀ ਸੀ ਜਿਸਨੇ ਮੈਨੂੰ ਤਾਂ ਕੀ ਇਸ ਪੁਸਤਕ ਦੀ ਭੂਮਿਕਾ ਲਿਖਣ ਵਾਲੇ ਮਿੱਤਰ ਸੁਤਿੰਦਰ ਨੂਰ ਵੀ ਨਾ ਬਖਸ਼ਿਆ। ਅਜ ਸੋਚਦਾਂ ਪ੍ਰਸ਼ੰਸਾ ਦੀ ਨੀਂਦਰ-ਗੋਲੀ ਨੇ ਮੈਨੂੰ ਕਦੋਂ ਦਾ ਡੂੰਘੀ ਨੀਂਦ ਸੁਲਾ ਦਿੱਤਾ ਹੁੰਦਾ ਜੇਕਰ ਨਿੰਦਕ ਬੋਲਾਂ ਦੀ ਚੁਭਣ ਨੇ ਮੇਰਾ ਸਾਥ ਨਾ ਨਿਭਾਇਆ ਹੁੰਦਾ ।
‘ਤ੍ਰਿਸ਼ੰਕੂ ਕਾਵਿ-ਸੰਗ੍ਰਿਹ ਅਣਚਾਹੇ ਹੀ ਪ੍ਰਕਾਸ਼ਿਤ ਹੋ ਗਿਆ ਜਿਸ ਦਾ ਸਬੂਤ ਇਸ ਸੰਗ੍ਰਿਹ ਦਾ ਵਿਮੋਚਨ ਮੇਰੀ ਵਲੋਂ ਭਾਸ਼ਾ ਵਿਭਾਗ ਦੇ ਸਮਾਰੋਹ ਤੇ ਇਸ ਦੀ ਕਾਪੀ ਆਪਣੇ ਹੱਥੀਂ ਸਾੜ ਕੇ ਆਪ ਕਰਨਾ ਸੀ । ਅਸਲ ਵਿੱਚ ਵਿਦਿਆ ਪ੍ਰਾਪਤ ਕਰਨ ਉਪਰੰਤ ਮੈਂ ਕਵਿਤਾ ਵਲੋਂ ਵਾਪਸ ਪਰਤਣਾ ਲੋਚਦਾ ਸਾਂ । ਪਰ ਗੱਲ ਇਹ ਬਣ ਚੁੱਕੀ ਸੀ ਕਿ ਮੈਂ ਕੰਬਲੀ ਨੂੰ ਛੱਡਦਾਂ ਪਰ ਕੰਬਲੀ ਮੈਨੂੰ ਨਹੀਂ ਛੱਡਦੀ । ੮-੧੦ ਸਾਲ ਮੈਂ ਖੋਜ ਕਾਰਜ ਤੇ ਅਧਿਆਪਨ ਦੇ ਲੇਖੇ ਲਾ ਦਿੱਤੇ । ਮਨ ਅੰਦਰ ਕਸ਼ਮਕਸ਼ ਸੀ, ਤੜਪ ਸੀ, ਵਿਯੋਗ ਸੀ, ਗਲਪ ਰਚਨਾ ਪ੍ਰਤੀ ਮੋਹ ਸੀ .........ਸਭ ਕੁਝ ਦੇ ਫਲਸਰੂਪ ਮੈਂ - ਅਪਣਾ ਬਹੁਚਰਚਿਤ ਨਾਵਲ "ਕਤਰਾ ਕਤਰਾ ਦਰਿਆ'' ਲਿਖਣ 'ਚ ਕਾਮਯਾਬ ਹੋਇਆ। ਪਿਛਲੇ ੧੦ ਸਾਲ ਦੌਰਾਨ ਮੇਰੀ ਜ਼ਿੰਦਗੀ 'ਚ ਕਦੇ ਨਾ ਕਦੇ ਕੋਈ ਘਟਨਾ, ਹਾਦਸਾ ਅਜਿਹਾ ਵਾਪਰਦਾ ਰਿਹਾ ਕਿ ਮੈਂ ਅਧਿਆਪਨ ਤੇ ਖੋਜ ਕਾਰਜ ਤੋਂ ਮੁਕਤ ਹੋਣ ਦੀ ਕਸ਼ਮਕਸ਼ 'ਚ ਧੀਮੇ ਸੁਰ 'ਚ ਕਵਿਤਾ ਨਾਲ ਗੁਫ਼ਤਗੂ ਕਰੇ ਬਿਨਾ ਨਾ ਰਹਿ ਸਕਦਾ ; ਫਲਸਰੂਪ ਕੁਝ ਕਵਿਤਾਵਾਂ ਕੁਝ ਸ਼ੇਅਰ (ਮੈਂ ਗ਼ਜ਼ਲ ਸ਼ਬਦ ਦਾ ਪ੍ਰਯੋਗ ਨਹੀਂ ਕਰ ਰਿਹਾ ਕਿਉਂਕਿ ਮੈਨੂੰ ਆਪਣੀ ਸੀਮਾ ਦਾ ਗਿਆਨ ਹੈ) ਲਿਖੇ ਗਏ । ਹਮੇਸ਼ਾ ਕੁਝ ਨਾ ਕੁਝ ਕਰਦੇ ਰਹਿਣ ਅਤੇ ਸ਼ਬਦ ਬ੍ਰਹਮ ਪ੍ਰਤੀ ਆਪਣੀ ਸ਼ਰਧਾ ਨਮਿਤ ਮੈਂ ਇਨ੍ਹਾਂ 'ਚੋਂ ਕੁਝ ਚੁਣਿਆ, ਤ੍ਰਿਸ਼ੰਕੂ 'ਚੋਂ ਦੋ ਤਿੰਨ ਕਵਿਤਾਵਾਂ ਦਾ ਨਵ-ਸਿਰਜਤ ਰੂਪ ਇਸ ਕਾਵਿ-ਸੰਗ੍ਰਿਹ ‘ਬਦਨਾਮ ਹਵਾ’ ਵਿਚ ਸੰਕਲਿਤ ਕਰਕੇ ਤੁਹਾਡੇ ਰੂ-ਬ-ਰੂ ਹੋਇਆ ਹਾਂ।
ਪ੍ਰੋਫੈਸਰ ਪ੍ਰਿਤਪਾਲ ਸਿੰਘ ਦਾ ਅਤਿ ਧੰਨਵਾਦੀ ਹਾਂ ਜਿਨ੍ਹਾਂ ਨੇ ਇਨ੍ਹਾਂ ਕਵਿਤਾਵਾਂ ਨੂੰ ਪੜ੍ਹਕੇ ਸਿਰਜਣਾਤਮਕ ਸਾਹਿਤਕ ਸ਼ਬਦ ਲਿਖੇ ਹਨ। ਮੈਂ ਨਾ ਸ਼ੁਕਰਾ ਹੋਵਾਂਗਾ ਜੇ ਦੇਵਿੰਦਰ ਸਤਿਆਰਥੀ ਜੀ ਪ੍ਰਤੀ ਸ਼ਰਧਾਮਈ ਧੰਨਵਾਦ ਸ਼ਬਦ ਨਾਂ ਕਹਾਂ ਜਿਨ੍ਹਾਂ ਨੇ ਆਪਣੇ ਪਿਛਲੇ ਦਿਨਾਂ ਦੇ ਪਟਿਆਲਾ ਕਿਆਮ ਸਮੇਂ ਮੇਰੇ ਘਰ ਠਹਿਰ, ਮੇਰੇ ਤੇ ਪਹਿਰੇਦਾਰੀ ਕਰਕੇ ਮੈਨੂੰ ਇਹ ਸੰਗ੍ਰਿਹ ਤਿਆਰ ਕਰਨ ਦੇ ਸਮਰੱਥ ਬਣਾਇਆ। ਧੰਨਵਾਦ ਤਾਂ ਉਸਦਾ ਵੀ ਕਰਨਾ ਬਣਦਾ ਹੈ ਜੋ ਮੇਰੇ ਜੀਵਨ 'ਚ ਤਾਂ ਭਾਵੇਂ ਨਹੀਂ ਪਰ ਮੇਰੇ ਕਾਵਿ ਦੇ ਅੰਗ ਸੰਗ ਹੈ ਅਤੇ ਜਿਸਨੇ ਸ਼ਾਇਦ ਬਦਨਾਮੀ ਦੀ ਧੂੜ 'ਚ ਆਪਣੇ ਨਕਸ਼ ਮੇਰੇ ਨਾਲ ਹੀ ਧੁੰਦਲੇ ਕਰਦਿਆਂ ਕਿਹਾ ਸੀ “ਮੈਂ ਤੈਨੂੰ ਇਕ ਕਲਾਕਾਰ ਵਜੋਂ ਜੀਵਤ ਦੇਖਣਾ ਲੋਚਦੀ ਹਾਂ” ਉਸਦੀ ਇਕ ਕਵਿਤਾ ਅੰਗਰੇਜ਼ੀ 'ਚ ਪ੍ਰਕਾਸ਼ਿਤ ਮੇਰੇ ਤੀਕ ਪਹੁੰਚੀ ਹੈ ਤੇ ਮੈਂ ਗਮਾਂ ਦੇ ਡੂੰਘੇ ਸਾਗਰਾਂ 'ਚ ਗੋਤੇ ਖਾਂਦਾ ਆਪਣੇ ਆਪ ਨੂੰ ਇਹ ਹੀ ਕਹਿ ਸਕਿਆ—ਗੁਰੂ ਦੇਵ ਟੈਗੋਰ ਦਾ ਕਥਨ ਠੀਕ ਹੀ ਹੈ “ਹਰ ਕਵੀ ਅੰਦਰ ਇਕ ਬਿਰਹਣ ਨਾਰ ਹੁੰਦੀ ਹੈ ਜੋ ਆਪਣਾ ਬਿਰਹਾ ਰਾਗ ਅਲਾਪਦੀ ਰਹਿੰਦੀ ਹੈ” ਕੁਲ ਮਿਲਾਕੇ ਇਕ ਸ਼ੇਅਰ ਹਾਸਲ ਹੈ :
ਜਿਸਮ ਦੀ ਲੱਜ਼ਤ 'ਚ ਖੁਰਗੇ ਰੂਹਾਂ ਦੇ ਰਿਸ਼ਤੇ ਇਸਤਰ੍ਹਾਂ
ਪਾਣੀ ਤੋਂ ਵਾਹੀ ਲੀਕ ਛਿਣ 'ਚ ਮਿਟਦੀ ਜਿਸ ਤਰ੍ਹਾਂ
ਅਮੀਨ
ਤ੍ਰੈਲੋਚਨ (ਡਾ.)
ਮਹਿੰਦਰਾ ਕਾਲਜ
(ਪਟਿਆਲਾ)
ਛੱਜੂ ਦੇ ਚੁਬਾਰੇ ‘ਚੋਂ
ਬੜਾ ਸੁਖ ਭੋਗ ਲਿਆ ਹੈ ਛੱਜੂ ਦੇ ਚੁਬਾਰੇ ਵੀ ਹੁਣ ਤਾਂ ਇਥੇ ਜੀਅ ਜਿਹਾ ਨਹੀਂ ਲਗਦਾ । ਜੀਅ ਲਗਣ ਨੂੰ ਏਥੇ ਹੈ ਵੀ ਕੀ ? ਬਸ ਇਕ ਮੰਜੀ ਅਲਾਣੀ ਬਹਿੰਦੀ ਸੀ ਜਿਸ ਤੇ ਛੜਿਆਂ ਦੀ ਢਾਣੀ ਢੇਰੀ ਹੋਇਆ ਪਿਆ ਹੈ ਜਿਸ ਤੇ ਕਰੰਗ ਤਾਏ ਦਾ ਲੱਤਾਂ ਤਾਣੀ ਇਕ ਪਤੀਲੀ ਜਿਸ 'ਚ ਕਦੇ ਭੁੰਨ ਹੁੰਦੇ ਸਨ ਤਿੱਤਰ ਤੇ ਬਟੇਰੇ ਸਾਂਭਣ ਲਈ ਬਿਰਧ ਕਰੂਰਾ ਕੰਮ ਆਉਂਦੀ ਹੁਣ ਸੰਝ ਸਵੇਰੇ ਇਸ ਤੋਂ ਵੱਧ ਤਾਂ ਇਥੇ ਜੋ ਹੈ ਗੁੰਗੀ ਜੀਭਾ ਦੀ ਕਨਸੋਅ ਹੈ । ਬੋਹੜਾਂ ਉਤੇ ਪੀਂਘਾਂ ਥਾਵੇਂ ਲਟਕਣ ਕਾਲੇ ਬਿਸੀਅਰ ਨਾਗ ਨਾ ਚਰਖੇ ਨਾ ਪੱਖੇ ਰਹਿ ਗਏ ਕੱਤੇ ਕੌਣ ਤ੍ਰਿੰਝਣ ਜਾਗ ਨਾ ਮੋਹ ਨਾ ਮਮਤਾ ਰਹਿ ਗਈ ਕੌਣ ਬਨੇਰੇ ਸੁਣਦਾ ਏ ਕਾਗ ਬਲਖ ਬੁਖਾਰੇ ਤੋਂ ਚੰਗਾ ਹੋਵਣ ਦਾ ਹੋਸੀ ਭਾਵੇਂ ਲੱਖ ਪਿਆਰਾ ਸੱਚਾ ਰਾਗ ਪਰ ਹੁਣ ਤਾਂ ਬਸ ਕਹਾਵਤ ਰਹਿ ਗਈ ਵਿੱਚ ਚੁਬਾਰੇ ਰਿਹਾ ਨਾ ਰੱਤੀ ਭਾਗ । ਫਿਰ ਵੀ ਵਰ੍ਹੇ ਛਿਮਾਹੀ ਪਿਛੋਂ ਜਦ ਕੋਈ ਤਿੱਥ ਤਿਹਾਰ ਮਨਾਏ ਦੀਵਾਲੀ ਜਾਂ ਕਿਸੇ ਪੁਰਬ ਤੇ ਦੀਪ ਜਗਾ ਪ੍ਰਕਾਸ਼ ਕਰਾਏ ਜਾਂ ਫ਼ਿਰ ਇਸ ਮੰਮਟੀ ਤੇ ਕੋਈ ਗੁੱਗੇ ਪੀਰ ਦਾ ਦੀਪ ਜਗਾਏ ਕੰਧੀਂ ਚੂਨਾ ਭਰ ਭਰ ਜਾਏ ਅੰਦਰ ਨੇਰ੍ਹ ਘੁੱਪ ਜਿਹਾ ਛਾਏ ਬੁਝੀ ਰੋਸ਼ਨੀ ਭੁਰਦੀਆਂ ਕੰਧਾਂ ਤੱਕਾਂ ਤਾਂ ਮਨੂਆ ਘਬਰਾਏ ਰਗਾਂ ਅੰਦਰ ਲੱਖ ਖੌਲਦਾ ਖੂਨ ਪਰ ਅੱਗੇ ਵਾਂਗ ਨਾ ਮਸਤਕ ਦਗਦਾ ਹਰ ਘਰ ਬਿਜਲੀ ਵਾਂਗੂ ਜਗਦਾ ਅੰਦਰੋਂ ਐਪਰ ਨੇਰ ਘੁੱਪ ਹੈ ਲਗਦਾ। ਇਸ ਨੇਰ੍ਹ ਖਾਤੇ ਨੂੰ ਛੱਡ ਕੇ ਵੀ ਪਰ ਜਾਏ ਤਾਂ ਕੋਈ ਕਿਤ ਵਲ ਜਾਏ ਪੌਣਾਂ ਅੰਦਰ ਵਿਸ ਹੈ ਘੁਲਿਆ ਬਿਸੀਅਰ ਬਣੇ ਨੇ ਕਲਪ ਬਿਰਖ ਦੇ ਸਾਏ ਕਪਲਵਸਤੂ ਛੱਡ ਸਿਧਾਰਥ ਕਿੱਧਰ ਜਾਏ ਕਪਲਵਸਤੂ ਛੱਡ ਸਿਧਾਰਥ ਕਿੱਧਰ ਜਾਏ ।
ਉਦੋਂ ਤੇ ਹੁਣ
ਬੜੇ ਸੁਖਾਵੇਂ ਸਨ ਉਹ ਦਿਨ ਐਵੇਂ ਮਨ ਧਰਵਾਸੇ ਦੀਆਂ ਗੱਲਾਂ ਯਾਦ ਕਰਾਂ ਦਿਲ ਭਰ ਆਉਂਦਾ ਉਸ ਪੋਥੀ ਦੇ ਪੱਤਰੇ ਕਦੇ ਨਾਂ ਥੱਲਾਂ । ਉਦੋਂ ਵੀ ਤਾਂ ਘਰ ਸਾਡੇ ਦੀ ਹਾਲਤ ਇਸ ਨੇਰ੍ਹਖਾਤੇ ਤੋਂ ਕਮ ਨਾ ਸੀ ਬਾਪੂ ਅੰਦਰ ਬਾਬੇ ਅੱਗੇ ਭੋਰਾ ਕੁਸਕਣ ਦਾ ਦਮ ਨਾ ਸੀ ਅੰਮਾ ਦੇ ਹੱਥ ਸੀ ਘਰ ਦੀ ਪੂੰਜੀ ਸਾਰੀ ਫਿਰ ਵੀ ਮੇਰੀ ਮਾਂ ਵਿਚਾਰੀ ਕਰਮਾਂ ਮਾਰੀ ਹਰ ਰੁੱਤੇ ਸੀ ਦਿੰਦੀ ਐਸਾ ਲੋਰੀ ਜੇਹਾ ਲਾਰਾ ਵਿਰ ਜਾਂਦਾ ਸੀ ਮੇਰਾ ਰੋਸ ਕੁਆਰਾ। ਇਸ ਉਮਰਾ ਵਿਚ ਹੁਣ ਜਦ ਕੋਈ ਰਿਹਾ ਨਾ ਸਾਕ ਸੰਬੋਧਨ ਬਾਕੀ ਮੈਥੋਂ ਹੀ ਹੋ ਚੁੱਕਾ ਮੇਰਾ ਚੰਦਰਾ ਆਪਾ ਆਕੀ ਹੁਣ ਮੈਂ ਕਿਤ ਧਰਵਾਸੇ ਜੀਵਾਂ ? ਇਕਲਾਪੇ ਦੀ ਹੈ ਇਹ ਸੰਤਾਪੀ ਜੂਨ ਤੇ ਹੱਡੀਂ ਹੈ ਲੱਗ ਚੁੱਕਾ ਝੋਰਾ ਵੇਖਣ ਨੂੰ ਦੇਹ ਖਾਸੀ ਲਗਦੀ ਐਪਰ ਅੰਦਰ ਨਹੀਂਓ ਹੁਣ ਸਤ ਭੋਰਾ ਫਿਰ ਵੀ ਕਦੇ ਕਦਾਈਂ ਅੱਧੀ ਰਾਤੀਂ ਜੇ ਅੱਭੜਵਾਹੇ ਜਾਗ ਪਵਾਂ ਪੁਸ਼ਤਾਂ ਦਾ ਰੋਹ ਕੱਠਾ ਹੋ ਜਾਏ ਤਣ ਜਾਏ ਆਪਣੇ ਆਪ ਹੀ ਮੁੱਕਾ ਪਰ ਦਿਨ ਚੜ੍ਹੇ ਤਾਂ ਖੋਇਆ ਖੋਇਆ ਬਾਪੂ ਵਾਂਗ ਹੀ ਚੁੱਪ ਚੁਪੀਤਾ ਤੁਰਿਆ ਫਿਰਦਾਂ ਭਰਿਆ ਪੀਤਾ ਕਦੇ ਕੰਡਿਆਂ ਕਦੇ ਫੁੱਲਾਂ ਕੋਲ ਖਲੋਵਾਂ ਲੋਕਾਂਚਾਰੀ ਖਿੜ ਖਿੜ ਹੱਸਾਂ ਅੰਦਰੋਂ ਐਪਰ ਭੁੱਬੀਂ ਰੋਵਾਂ। ਬੜੇ ਸੁਖ਼ਾਵੇਂ ਸਨ ਉਹ ਦਿਨ ਐਵੇਂ ਮਨ ਧਰਵਾਸੇ ਦੀਆਂ ਗੱਲਾਂ ਯਾਦ ਕਰਾਂ ਦਿਲ ਭਰ ਆਉਂਦਾ ਉਸ ਪੋਥੀ ਦੇ ਪੱਤਰੇ ਕਦੇ ਨਾ ਥੱਲਾਂ।
ਕੀ ਕਰੀਏ ?
ਕਰੀਏ ਤਾਂ ਹੁਣ ਕੀ ਕਰੀਏ ਇਸ ਆਪ ਵਿਹਾਜੀ ਵਿਹੁ ਦਾ ਘੁੱਟ ਦਸ ਕੀਕੂੰ ਭਰੀਏ ? ਲੋਕ ਨਾਇਕ ਦੇ ਇਕ ਨਾਹਰੇ ਤੇ ਰਾਮਰਾਜ ਦੇ ਝੂਠੇ ਜਹੇ ਲਾਰੇ ਤੇ ਖਿੱਤੀਆਂ ਭਉਂ ਗਈਆਂ ਸਨ ਰਣ ਤੱਤੜੇ ਦੀਆਂ ਸੌਂਹਾਂ ਖ਼ਾਂਦੀਆਂ ਥੱਕਦੀਆਂ ਨਹੀਂ ਸਨ ਜੋ ਤਲਵਾਰਾਂ ਵਿਚ ਮਿਆਨਾਂ ਚੁੱਪ ਚੁਪੀਤੇ ਸੌਂ ਗਈਆਂ ਸਨ । ਲੋਕ ਰਾਜ ਦੀ ਜੈ ਬੁਲਾਉਂਦੇ ਰਾਮਰਾਜ ਦੀ ਜੈ ਗੁਜਾਉਂਦੇ ਮਾਣਮੱਤੇ ਅਸੀਂ ਘਰੀਂ ਸਾਂ ਪਰਤੇ ਤਾਲੂਏ ਲੱਗੀਆਂ ਜੀਭਾਂ ਗਿੱਠ ਗਿਠ ਲੰਮੀਆਂ ਹੋਈਆਂ ਚਿਰੀਂ ਵਿਛੁੰਨੀਆਂ ਕਲਮਾਂ ਅੱਖਰਾਂ ਗਲ ਲੱਗ ਲੱਗ ਰੋਈਆਂ ਪਰ ਸ਼ਾਂਤੀ ਭਰੀ ਕਰਾਂਤੀ ਦਾ ਚਾਅ ਜਦ ਮੱਠਾ ਹੋਇਆ ਫਿਰ ਹਰ ਬੰਦਾ ਆਪਣੇ ਗਲ ਲੱਗ ਆਪੂੰ ਰੋਯਾ ਮੇਰਾ ਮਨੂਆਂ ਵੀ ਮੈਥੋਂ ਨਿੱਤ ਪੁੱਛਦੈ ਲੋਕ ਨਾਇਕ ਦਾ ਸਿਰਨਾਵਾਂ ਮੈਂ ਚੰਦਰੇ ਨੂੰ ਦੱਸ ਕੀਕੂੰ ਸਮਝਾਵਾਂ ਲੋਕਨਾਇਕ ਹੁਣ ਜਨਪਥ ਤੇ ਨਹੀਂ ਸ਼ਾਂਤੀ ਨਿਕੇਤਨ ਵਿੱਚ ਸੌਂ ਰਿਹਾ ਹੈ ਸ਼ਾਂਤੀ ਭਰੀ ਕਰਾਂਤੀ ਦੇ ਗੁਣ ਗੌਂ ਰਿਹਾ ਹੈ
ਬੇਵਸ
ਹੁਣ ਨਾ ਕੋਈ ਹੀਲਾ, ਨਾਹੀਂ ਕੋਈ ਵਸੀਲਾ ਮੈਂ ਆਪੇ ਤੋਂ ਮਜ਼ਬੂਰ, ਹੋ ਗਏ ਸਭੇ ਦੂਰ ਦੂਰ ਕੇਹੇ ਸਮੇਂ ਨੇ ਆਏ, ਮਨੂਆ ਸੋਚ ਸੋਚ ਪਛਤਾਏ ਰਹੇ ਮਿਆਂਕ ਅੱਜ ਅਲੂਏਂ ਵਛੇਰੇ ਮੂੰਹ 'ਚ ਫੜੀਂ ਥਣ, ਬੈਤਲ ਗਾਂ ਫਲਿਆਟੀ ਦਾ ਘਰ ਬੱਚਿਆਂ ਨੂੰ ਗਾਂਧੀ ਦੇ ਸਿਰ ਜੇਹਾ ਜਾਪੇ ਹਾਰੇ ਨੇੜੇ ਪਿਆ ਪੁੱਠਾ ਪਾਸਾ ਚਾਟੀ ਦਾ । ਘਰ ਫੰਡਰ ਗਾਂ, ਖੇਤੀ ਸੋਕਾ ਪਹਿਰੇਦਾਰ ਫਿਰ ਵੀ ਦੇਵੇ ਹੋਕਾ ਜਾਗਦਾ ਰਹੁ ਵੇ ਜਾਗਦਾ ਰਹੁ ਕਿਰਤੀ ਲੋਕਾ । ਕਾਲੇ ਧੌਲੇ ਗਿਣੇ ਤੇ ਨਾਲੇ ਪੁੱਛੇ ਸੁਆਮੀ ਘਰਦਾ ਪੰਡਤ ਜੀ ! ਥੋਡੇ ਕੋਲੋਂ ਕੀ ਘਰਦਾ ਪਰਦਾ । ਤੁਸੀਂ ਹੀ ਦੱਸੋ ਕੋਈ ਉਪਾਅ ਕਿਸਮਤ ਨੂੰ ਤਾਂ ਲੱਗੀ ਢਾਹ ਘਰ ਬੱਚੇ ਬੂੰਦ ਦੁੱਧ ਨੂੰ ਤਰਸਣ ਸੁਆਣੀ ਆਖੇ ਬੜੇ ਜ਼ਰੂਰੀ ਪੂਜਣੇ ਪਿੱਤਰ ਲੱਖ ਵਰਜਾਂ, ਝਿੜਕਾਂ ਝਾੜਾਂ ਤੇ ਸਮਝਾਵਾਂ ਪਰ ਅੰਤ ਨੂੰ ਬਸ ਬੇਵਸ ਹੋ ਜਾਵਾਂ ਗੰਗਾ ਵਾਂਗੂ ਨਾ ਬੁੱਢੀ ਹੋਸੀ ਨਾ ਹੋਸੀ ਅਪਵਿੱਤਰ ਦੁੱਧ ਕੀੜੀ ਦਾ ਚੋਕੇ ਵੀ ਧੰਨੇ ਪੂਜਣੇ ਪੈਣੇ ਪਿੱਤਰ । ਆਏ ਤੇ ਆਕੇ ਤੁਰਗੇ-ਮਤਦਾਨਾਂ ਦੇ ਸੋਨ ਸੁਨਹਿਰੇ ਚਿੱਤਰ ਫਿਰ ਨਾ ਜਾਣੇ ਖੰਡੇ, ਝੰਡੇ ਚਰਖੇ ਵਾਲੇ ਕਿੱਧਰ ਹੋ ਗਏ ਤਿੱਤਰ ਵੱਢਿਆਂ ਨਹੀਂ ਸਨ ਮੁਕਦੇ ਜੋ, ਲੱਭਿਆਂ ਨਹੀਓਂ ਲੱਭਦੇ ਮਿੱਤਰ ਹਾਇਓ ਰੱਬਾ! ਹੁਣ ਨਹੀਓਂ ਕੋਈ ਹੀਲਾ ਨਾਹੀਂ ਕੋਈ ਵਸੀਲਾ ਆਲ੍ਹਣਾ ਮੇਰੇ ਬੋਟਾਂ ਦਾ ਹੁੰਦਾ ਜਾਵੇ ਤੀਲਾ ਤੀਲਾ ਮੈਂ ਆਪਣੇ ਆਪੇ ਤੋਂ ਮਜ਼ਬੂਰ ਹੋ ਗਏ ਸਭੇ ਦੂਰ ਦੂਰ । ਹੋ ਗਏ ਸਭੇ ਦੂਰ ਦੂਰ ।
ਤ੍ਰਿਸ਼ੰਕੂ
ਭਾਵੇਂ ਉਹ ਸ਼ਾਹ ਰਗ ਤੋਂ ਨੇੜੇ ਐਪਰ ਅੰਤਰਮਨ ਦੀ ਦੂਰੀ ਕਿਸਨੇ ਜਾਣੀ ? ਅੰਦਰ ਧੁਖਦੀ ਇਹ ਚਿੰਗਾਰੀ ਕਿਸ ਪਛਾਣੀ ? ਇਹੋ ਵਰਜਿਤ ਰੂਪ ਸੁਲਘਦਾ ਸੌਂਦਾ ਖਾਕੇ ਨੀਂਦ ਦੀ ਗੋਲੀ ਨਦੀ ਸ਼ੂਕਦੀ ਤਰਦਾ ਨਿੱਤ ਨਵ ਸੂਰਜ ਫੜਦਾ । ਇਕ ਹੱਥ ਦੂਰੀ 'ਤੇ ਰੌਂਗਟੇ ਖੜੇ ਕੀਤੇ ਬੋਲ ਜ਼ਫ਼ਰਨਾਮੇ ਦਾ ਕਿਸਨੂੰ ਅੱਜ ਉਡੀਕੇ । ਚੰਡੀ 'ਚੋਂ ਉੱਗਦੇ ਹੱਥ ਸੂਰਜ ਫੜਨ ਦੀ ਕਸ਼ਮਕਸ਼ ਬੇਦਾਵਾ ਪਾੜ ਸੁੱਟਦੀ ਹੈ ਸੰਗਰਾਮ ਵਿਚ ਜੁੱਟਦੀ ਹੈ । ਕੁਝ ਕੋਹਾਂ ਦੀ ਦੂਰੀ ਨੀਂਦ ਹਰਾਮ, ਉਸਦੀ ਮਜ਼ਬੂਰੀ । ਨਾ ਨਦੀ ਸ਼ੂਕਦੀ, ਨਾ ਸਾਗਰ ਖਾਰਾ ਸੂਰਜ ਬਣਿਆ ਪਰ ਲੰਮਾ ਲਾਰਾ । ਲੂਨਾ ‘ਠਾਰਾਂ ’ਤੇ ਸਵਾਰ ਬਾਂਦਰ ਦੋ ਬੂੰਦ ਤੇਲ ਨੂਠੀ 'ਚ ਪਾਵੇ, ਬੇਵਸ ਕੰਚਨੀ ਟਿੱਲੇ ਅਲਖ ਜਗਾਵੇ । ਉੱਚੇ ਟਿੱਲੇ ਰਾਜ ਕੰਚਨੀ ਨੱਚੇ ਜਨਤਾ ਦਾ ਹੜ੍ਹ ਖੁਸ਼ੀ 'ਚ ਗਾਵੇ । ਹਰੇ ਇਨਕਲਾਬ ਦੀ ਜੈ ਬੁਲਾਵੇ । ਆਹ ਕੋਲ ਪਈ ਰਹੁਲ ਦੀ ਮਾਂ ਦੁਖ ਸੁਖ ਦੀ ਭਾਈਵਾਲ ਤੇ ਔਹ ਨੱਚਦੀ ਰਾਜ ਕੰਚਨੀ ਦੋਹਾਂ ਦੇ ਵਿਚਕਾਰ ਮੈਂ ਤ੍ਰਿਸ਼ੰਕੂ ਵਾਂਗ ਲਟਕਾਂ । ਇਕੋ ਸ਼ਬਦ ਜ਼ਫ਼ਰਨਾਮੇ ਦਾ ਓਹਦੀ ਦੀਦ ਨੂੰ ਭਟਕਾਂ । ਸੂਰਜ ਵਿਚਰੇ ਅੰਦਰਵਾਰ ਲੂਨਾ ਅਠਾਰਾਂ ਤੇ ਸਵਾਰ ਬਾਂਦਰ ਦੀ ਮੁੜ ਇਹੋ ਪੁਕਾਰ ਰਾਵਣ ਦਾ ਸਿਰ ਵੱਢਣ ਲਈ ਚੁੱਕ ਲਵੋ ਹਥਿਆਰ ਰਾਵਣ ਦਾ ਸਿਰ ਵੱਢਣ ਲਈ ਚੁੱਕ ਲਵੋ ਹਥਿਆਰ ।
ਬਦਨਾਮ ਹਵਾ
ਮਾਂ ਕੁੱਖ ਤੋਂ ਮਿਲੇ ਮੋਹ ਬਾਦ ਮੈਨੂੰ ਜੋ ਕੁਝ ਵੀ ਮਿਲਿਆ ਹੈ ਬਸ ਇਕ ਬਦਨਾਮ ਹਵਾ ਹੈ ਜੋ ਸਾਹਾਂ ਨਾਲ ਸੀ ਵਗੀ ਸਾਹਾਂ ਨਾਲ ਹੀ ਰੁਕੇਗੀ ਸ਼ੈਦ। ਹਵਾ ਦੇ ਰੁਖ ਜੋ ਵੀ ਬਦਲਦਾ ਹੈ ਸੁਣਿਐ ਉੱਚ ਪਦਵੀ ਤੇ ਪਹੁੰਚਦਾ ਹੈ ਅਸੀਂ ਤਾਂ ਇਸ ਹਵਾ ਰੁਖ਼ ਜਿਉਂ ਬਦਲੇ ਬਸ ਡਿਗੇ ਪਏ ਹਾਂ ਸਿਰ ਭਾਰ ਤਲੇ । ਇਸ ਬਦਨਾਮ ਹਵਾ ਨੇ ਨਾ ਜਾਣੇ ਕਿੰਨੇ ਸੂਹੇ ਫੁੱਲਾਂ 'ਤੇ ਰੋਹੀਆਂ ਦੀ ਖ਼ਾਕ ਹੈ ਧੂੜੀ ਜਦ ਰਸ ਰੰਗ ਰੂਪ ਮੁੱਕ ਗਏ ਸਾਰੇ ਸੁਲਫ਼ੇ ਦੀ ਲਾਟ ਜਿਹੀ ਇਕ ਉਮਰਾ ਲਿਆ ਸੰਗ ਮੇਰੇ ਹੈ ਨੂੜੀ ਜੋ ਦਿਨੇ ਰਾਤ ਕਦੇ ਕੁਝ ਵੀ ਨਹੀਂ ਕਹਿੰਦੀ ਬਸ ਚੁੱਪ ਚਾਪ ਸਿਵੇ ਦੀ ਅੱਗ ਵਾਂਗ ਉਹਦੀ ਦੇਹੀ ਦਗਦੀ ਰਹਿੰਦੀ। ਮੂਰਤੀ ਸਾਹਵੇਂ ਬੁਝੇ ਦੀਪ ਜਿਹਾ ਮੈਂ ਧੁਖਦਾ ਨਿਤ ਕਰਾਂ ਅਰਜ਼ੋਈ ਦੇਹੀ ਤਾਂ ਸਾਡੀ ਸਈਏ ਝੋਰੇ ਨੀ ਖਾਧੀ ਰੂਹ ਤਾਂ ਸਾਡੀ ਨੀਂ ਮੁੱਦਤਾਂ ਦੀ ਮੋਈ ਸੁਲਫ਼ੇ ਦੀ ਲਾਟੋਂ, ਸਿਵੇ ਦੀ ਅੱਗ ਬਣੀਏ ਨੀ ਜਿੰਦੇ ਇਸ਼ਕ ਦੀ ਅਰਦਾਸ ਤੂੰ ਦਸ ਫਿਰ ਕੀਕੂੰ ਪੂਰੀ ਹੋਈ ? ਮੂਰਤੀ ਸਾਹਵੇਂ ਬੁਝੇ ਦੀਪ ਜਿਹਾ ਮੈਂ ਧੁਖਦਾ ਨਿੱਤ ਕਰਾਂ ਅਰਜ਼ੋਈ ਇਸ਼ਕ ਦੀ ਅਰਦਾਸ ਤੂੰ ਦਸ ਸਈਏ ਕਦ ਕਿਸ ਯੁੱਗ ਪੂਰੀ ਹੋਈ ?
ਨਮੋਸ਼ੀ
ਹੁਣ ਨਾ ਯਾਰੋ ਕੋਈ ਜੀਣ ਦਾ ਚਾਅ ਜੋ ਵੀ ਸੀ ਮੇਰਾ ਲਾ ਬੈਠਾਂ ਦਾਅ ਹੋਣੀ ਮੇਰੀ ਚੰਦਰੀ ਨਿੱਤ ਕਰੇਂਦੀ ਟਿੱਚਰਾਂ “ਇਹ ਖਲੋਤਾ ਸਾਹਿਬਾਂ ਦਾ ਜੱਟ ਮਿਰਜ਼ਾ ਯਾਰ ਨਾਂ ਇਹਦੇ ਸਿਰ ਜੰਡ ਦੀ ਛਾਂ ਨਾਂ ਇਹਦੀ ਕੋਈ ਸੁੱਖਾਂ ਲੱਧੀ ਮਾਂ ਹਾਰੇ ਹੋਏ ਜੁਆਰੀਏ ਵਾਂਗ ਸਾਥਣ ਇਸਦੀ ਸਿਰਫ ਨਮੋਸ਼ੀ ਨਾ ਤਰਕਸ਼ ਨਾ ਤੀਰ ਨਾ ਤਲਵਾਰ ਕੌਰਵ ਸੈਨਾ ਕਰਦੀ ਮੁੜ ਮੁੜ ਵਾਰ" ਕਾਇਆ ਮੇਰੀ ਕਰੇ ਮਸ਼ਖਰੀ ਤੌਹੀਨ ਭਰੀ “ਕਿਤ ਵਲ ਗਏ ਵੇ ਤੇਰੇ ਮੱਛੀ ਅੱਖ ਵਿੰਨ੍ਹਣੇ ਤੀਰ ਕਿਤ ਵਲ ਗਏ ਵੇ ਤੇਰੇ ਕ੍ਰਿਸ਼ਨ ਮੁਰਾਰੀ ਪੀਰ” ਜੀਅ 'ਚ ਆਵੇ ਚੀਕ ਮਾਰਕੇ ਆਖਾਂ “ਕ੍ਰਿਸ਼ਨ ਸਾਂਵਲਾ ਦੱਸੋ ਮੈਨੂੰ ਕੀ ਦੇਊ ਉਪਦੇਸ਼ ਬ੍ਰਿਹੋਂ ਕੁੱਠੀ ਰਾਧਾ ਜਿਸ ਦੀ ਸੜ ਗਈ ਯੁਵਾ ਵਰੇਸ" ਮੰਦਿਰ ਦੀ ਘੜਿਆਲੋਂ ਡਰਦਾ ਐਪਰ ਚੁੱਪ ਕਰਾਂ ਨਿੱਤ ਨੇਮ ਇਕ ਹਾਉਕਾ ਇਕ ਹੰਝੂ ਚੜ੍ਹਦਾ ਸੂਰਜ ਲਹਿੰਦਾ ਸੂਰਜ ਮੈਂ ਧੁਖਦੇ ਦਾ ਧੁਖਦਾ ਆਪਣੀ ਛਾਵੇਂ ਬੈਠਾ ਰਿਹਾਂ ਝੁਰ (ਕੱਕੇ ਰੇਤੇ ਵਾਂਗ ਰਿਹਾਂ ਭੁਰ) ਨਾ ਹੱਥ ਬੰਸੀ ਨਾ ਕੰਠ ਸੁਰ ਨਾ ਬਿੰਦਰਾਬਨ ਨਾ ਝੰਗ ਸਿਆਲ ਘੁੱਗ ਵਸੇਂਦਾ ਸ਼ਹਿਰ ਬਣਿਆ ਕਬਰਸਤਾਨ ਚਹੁੰ ਪਾਸੀਂ ਬਸ ਮਾਤਮ ਜਿਹੀ ਖਮੋਸ਼ੀ ਮੇਰੀ ਸਾਥਣ ਸਿਰਫ਼ ਨਮੋਸ਼ੀ ਮੇਰੀ ਸਾਥਣ ਸਿਰਫ ਨਮੋਸ਼ੀ।
ਸਰਾਪੀ ਯਾਤਰਾ
ਸ਼ੀਸ਼ੇ ਦੀਆਂ ਕਿਰਚਾਂ ਹਾਰ ਚੁਭਣ ਪਏ ਕੁਝ ਦੂਰ ਵਿਚਾਰ ਧੁਖਦੀ ਪਈ ਮੇਰੇ ਅੰਦਰ ਕੱਲਮ ਕੱਲੀ ਸਰਾਪੀ ਆਤਮਾ ਲਹੂ ਵਾਂਗ ਰਗਾਂ ਅੰਦਰ ਤਪਦੀ ਰੇਤ ਵਿਚ ਝੁਲਸੀ ਮਛਲੀ ਵਰਗੀ ਗੰਧ ! ਮੇਰੇ ਬੁਲ੍ਹਾਂ ਵਿਚੋਂ ਕਿਰਦਾ ਕੱਕੇ ਰੇਤੇ ਵਾਕਣ ਉਡਦਾ ਬੁੱਢੀ ਵੇਸਵਾ ਦਾ ਨਾਮ ਆਵੇ ਬਾਪੂ ਦੇ ਬੁੱਲਾਂ ਉੱਤੇ ਮਾਂ ਜਿੱਡੀ ਇਕ ਗਾਲ ਮੇਰੇ ਅੰਦਰ ਈਡੀਪਸ ਤੇ ਪੂਰਨ ਹੁੰਦੇ ਰਹਿੰਦੇ ਗਾਲਮ ਗਾਲ ॥ ਮਨ ਵਿਚਲਾ ਤਣਾਓ ਤਣੀ ਹੋਈ ਕਮਾਨ ਵਾਂਗ ਫਿਰ ਇਕ ਹੋਰ ਵਿਚਾਰ ਛੁਟਦਾ ਬਾਣ ਵਾਂਗ ਸੀਨਾ ਵਿੰਨ੍ਹਦਾ । ਦੁੱਧ ਚੰਘਾਉਂਦੀ ਮੋਈ ਮਾਂ ਤੇ ਚੰਨੋ ਮੇਰੇ ਹਾਣ ਦੀ ਮੁਟਿਆਰ ਸੇਜਲ ਅੱਖਾਂ ਸਾਹਵੇਂ ਸੁਫਨੇ ਵਾਂਗ ਦੋਵੇਂ ਆਵਣ ਇਕ ਵੇਲੇ, ਪਲਕਾਂ ਉੱਤੇ ਤ੍ਰੇਲ ਤੁਪਕਿਆਂ ਵਾਂਗ ਲਟਕ ਜਾਵਣ ਦੋ ਹੰਝੂ ਖਾਰੇ ਗੀਤਾ ਤੇ ਗਰੰਥ ਸਾਹਵੇਂ ਕਰਾਂ ਅਰਦਾਸ ਕਦੋਂ ਮੁਕਸੀ ਮਨ ਸੰਤਾਪ ਦਾ ਅਹਿਸਾਸ । ਫਿਰ ਜਦ ਚੰਨੋ ਦਾ ਨਾਂ ਲੈਕੇ ਸੋਚਾਂ ਚੁੰਮ ਲਵਾਂ ਮੈਂ ਮੱਥਾ ਕੋਲ ਪਈ ਹਮਜੋਲਣ ਦਾ ਜਾਗ ਪਵੇ ਉਸਦੀ ਹਿੱਕ ਨਾਲ ਸੁੱਤਾ ਬਾਲ ਕਿੰਨਾ ਕੁਝ ਕਹਿ ਜਾਵੇ ਇਕੋ ਤੱਕਣੀ ਨਾਲ ਬੋਝਲ ਪਲਕਾਂ, ਬਿਫਰੇ ਅੰਗ, ਅੰਦਰ ਕੋਈ ਉਬਾਲ । ਮਨ ਦੇ ਰੰਗ ਮੰਚ ਤੇ ਈਡੀਪਸ ਦੀ ਹਾਰ ਜੀਭ ਤੇ ਮੋਈ ਪਈ ਅਰਦਾਸ ਵਾਂਗ ਜਮ ਜਾਂਦਾ ਅੰਗਾਂ ਅੰਦਰ, ਖੂਨ ਬਰਫ ਵਾਂਗ । ਕਰੇ ਪਿਆ ਇਹ ਜੀਵਨ ਦਿਹੁੰ ਰਾਤ ਭਰਦੀ ਭਰਦੀ ਭਰ ਜਾਵੇ ਜੀਕੁਣ ਦਾਦੀ ਦੀ ਕੋਈ ਬੁੱਢ ਬੁਢੇਰੀ ਬਾਤ ।
ਬਾਤ ਅਣਹੋਏ ਦੀ
ਅੱਜ ਵੀ ਮੈਨੂੰ ਸੁਪਨ ਪਿਆਰੇ ਸ਼ਬਦਾਂ ਤੋਂ ਰੰਗਾਂ ਦੇ ਵਾਰੇ ਨਿਆਰੇ ਖਬਰੇ ਕਿਸ ਵਿਚਾਰ ਦੇ ਵਿਹੜੇ ਆਖ ਗਿਆ ਸੀ ਭਗਤ ਕਬੀਰ— “ਕੌਣ ਬਿਧ ਜਾਓਗੇ ਮਨ ਮੱਕੇ ?” ਟੁੱਟ ਗਿਆ ਹਾਂ, ਤਿੜਕ ਗਿਆ ਹਾਂ ਸ਼ੀਸ਼ੇ ਦੀ ਸੁਰਾਹੀ ਵਾਕੁਣ ਕਿਵੇਂ ਕਹਾਂ ਮੈਂ ਅੱਜ ਵੀ ਸੁਪਨ ਪਿਆਰੇ ਨੈਣੀਂ ਬਲਦੇ ਕਿੰਨੇ ਦੀਪ ਬਲਦੇ ਕਿੰਨੇ ਸਿਵੇ ਨਿਆਰੇ । ਕਿੰਨੀ ਵਾਰ ਕਿਸੇ ਲੂਣਾ ਨੇ ਅਜ਼ਮਾਇਆ ਮੇਰੇ ਮੂੰਹ ’ਤੇ ਪੂਰਨ ਵਾਲਾ ਮੁਖੜਾ ਤੱਕਕੇ ਐਵੇਂ ਆਪਣਾ ਮਨ ਤਰਸਾਇਆ ਕਾਹਨੂੰ ਸੀ ਐਵੇਂ ਮਨ ਭਰਮਾਇਆ । ਅੱਥਰੂ ਦੀ ਵੀ ਉਮਰਾ ਹੁੰਦੀ ਉਮਰਾ ਹੁੰਦੀ ਨਾਗਦੇਵ ਦੀ ਐਪਰ ਕਦੀ ਕਦੀ ਮੈਂ ਸੋਚਾਂ ਮੈਂ ਵੀ ਕੋਈ ਨਾਗਦੇਵ ਹਾਂ ਮੇਰੀ ਨਾਗਮਣੀ ਨੂੰ ਖੋਹਕੇ ਕਿਸ ਕਿਸ ਮੈਨੂੰ ਨੈਣ ਵਿਹੀਣਾ ਕਰਨਾ ਚਾਹਿਆ ਫੋਕੀ ਹਮਦਰਦੀ ਦੇ ਬੋਲ ਉਚਰਕੇ ਨਫ਼ਰਤ ਦੇ ਵਿਹੜੇ ਵਿਚ ਮੈਨੂੰ ਫਾਹਿਆ; ਦਿਨ ਦਿਹਾੜੇ, ਅਲਫ਼ ਦੁਪਹਿਰੇ ਅੱਧੀ ਰਾਤ ਦੀ ਨਗਨ ਹਿੱਕ ਤੇ ਮੇਰਾ ਅੰਤਰਮਨ ਉਕਸਾਇਆ ਹੋਏ ਅਣਹੋਏ ਦੇ ਵਿਚ ਵਿਚਾਲੇ ਇੰਝ ਉਮਰਾ ਲੰਘਦੀ ਰਹਿੰਦੀ। ਹੰਝੂ ਬਣਨੋਂ ਪਹਿਲਾਂ ਮਨ ਦੀ ਵੇਦਨ ਸ਼ਬਦਾਂ ਤੇ ਰੰਗਾਂ ਸੰਗ ਖਹਿੰਦੀ ਰਹਿੰਦੀ। ਅਣਹੋਏ ਦੀ ਇਤਨੀ ਬਾਤ ਰਤਾ ਕੁ ਅੱਥਰੂ, ਰਤਾ ਕੁ ਵੇਦਨ ਐਵੇਂ ਭੋਰਾ ਕੁ ਰੋਸਾ ਸ਼ਿਕਵਾ ਮਾੜੀ ਜੇਹੀ ਮਨ ਮਨੌਤੀ ਹਮਦਰਦੀ ਦੀ ਲੀਹ ਤੇ ਤੁਰਦੀ ਗੱਡੀ ਵਾਕਣ ਮੇਰੀ ਗਾਥਾ ਹਮਦਰਦੀ ਦੀ ਲੀਹ ਤੇ ਤੁਰਦੀ ਗੱਡੀ ਵਾਕਣ ਮੇਰੀ ਗਾਥਾ।
ਅਭਿਲਾਸ਼ਾ
ਟੁੱਟਿਆ ਅਨੇਕ ਵਾਰ ਜੁੜਿਆ ਉਹ ਕਲਪਿਤ ਹੋਂਦ ਦੀ ਖਾਤਿਰ ਫ਼ਿਰ ਇਨਾਮਬਾਨੋ ਦੀ ਪੌੜੀ ਚੜਿਆ ਜਿਥੇ ਖੜੇ ਹਿਣਕ ਰਹੇ ਸੀ ਜੇਤੂ ਘੋੜੇ ਉਂਝ ਉਨਾਂ ਵਿੱਚ ਟੱਟੂ ਬਹੁਤੇ ਘੋੜੇ ਥੋੜੇ । ਆਪਣੇ ਆਪ ਤੋਂ ਅਜਨਬੀ ਤੇ ਬੌਣਾ ਰਿਹਾ ਵੇਖਦਾ ਉਹ ਕੁਝ ਅਲਕ ਵਛੇਰੇ ਬੰਨ੍ਹੀ ਤਗਮੇ ਆਪਣੇ ਖੁਰਾਂ ਨਾਲ ਵਿਸ਼ਰਾਮ ਕਰਦੇ ਜੇਤੂ ਘੋੜਿਆਂ ਦੀ ਪਿੱਠ ਉਤੋਂ ਮਾਰ ਟਪੂਸੀਆਂ ਲੰਘਦੇ ਭੋਰਾ ਨਾ ਡਰਦੇ ਰਤਾ ਨਾ ਸੰਙਦੇ । ਮਨ ਲਲਚਾਇਆ ਤੇ ਉਸ ਚਾਹਿਆ ਉਨ੍ਹਾਂ ਵਿਚ ਸ਼ਾਮਲ ਹੋ ਅਪਣੱਤ ਜਤਾਵੇ “ਸਥਾਪਤੀ ਥਾਂ ਵਿਸਥਾਪਨ ਦਾ ਨਾਰ੍ਹਾ ਲਾਵੇ" ਜਾ ਫਿਰ ਗੁੰਟਰ ਗਰਾਸ ਦੇ ਬੌਣੇ ਪਾਤਰ ਵਾਂਗ ਬੰਨ੍ਹਕੇ ਤਗਮਾ ਖੁਰੀਂ ਸੜਕ ਕਿਨਾਰੇ ਕੂਕੇ ਢੋਲ ਤੇ ਖੜਕੇ, ਕਲਮਾ ਪੜਕੇ । “ਬੁੱਢੀ ਪੀੜੀ ਦਿੱਤੀ ਮੈਨੂੰ ਯਤਾਮਤ, ਮੈਂ ਬਨਵਾਸੀ ! ਮੈਨੂੰ ਆਪਣਾ ਅੰਗ ਸਮਝਕੇ ਨਾਲ ਰਲਾਵੋ ਖੋਲ੍ਹ ਦਿਓ ਪੈਰਾਂ 'ਚੋਂ ਸ਼ੁਹਰਤ ਦੇ ਪੈਂਖੜ ਜਿਵੇਂ ਕਿਵੇਂ ਵੀ ਮੈਨੂੰ ਮੇਰਾ ਇਤਿਹਾਸ ਭੁਲਾਵੋ । ਸਥਾਪਤੀ ਪਿਛੋਂ ਵਿਸਥਾਪਨ ਦੀ ਅਭਿਲਾਸ਼ਾ ਮੇਰੇ ਅੰਦਰ ਪਈ ਪਲਦੀ, ਭਾਂਬੜ ਬਣਕੇ ਬਲਦੀ,, ਪਰ ਉਹ ਵਿਚਾਰਾ ਬਸ ਸੋਚ ਹੀ ਸਕਿਆ ਨਾ ਖੁਰਾਂ ਦੇ ਨਾਲ ਬੰਨ੍ਹ ਹੋਇਆ ਤਗਮਾ ਨਾ ਅਲਕ ਵਛੇਰੇ ਹੀ ਢੁਕੇ ਉਸ ਨੇੜੇ ਨਾ ਇਨਾਮਬਾਨੋ ਦੀ ਜੂਹ 'ਚ ਹੀ ਮਿਲੀ ਪਨਾਹ ਨਾ ਇਨਾਮਬਾਨੋ ਦੀ ਜੂਹ 'ਚ ਹੀ ਮਿਲੀ ਪਨਾਹ ।
ਮੋਹ ਮੁਕਤ
ਸੁਲਘਦਾ ਸੰਸਾਰ ਮੁਬਾਰਕ ਤੈਨੂੰ ਲੋਰੀ ਵਰਗੇ ਹੋਰ ਗੀਤ ਨਾ ਗਾ ਮੋਹ ਦੀ ਰੱਤੀ ਨਹੀਂ ਲਾਲਸਾ ਸਾਨੂੰ ਟੈਸਟ ਟਿਊਬਾਂ ਦੇ ਵਿਚ ਕੱਲ੍ਹ ਨੂੰ ਅਸੀਂ ਆਲੂਆਂ ਵਾਕਣ ਉੱਗੇ ਹੋਣਾ ਬੰਨ੍ਹੇਗਾ ਫੇਰ ਕੌਣ ਸ਼ਰੀਂਹ ਦੇ ਪੱਤੇ ਕਿਸਨੇ ਫੇਰ ਸਾਡੀ ਬੇਵਕਤੀ ਮੌਤੇ ਰੋਣਾ ਅਮਰ ਹੋਣ ਦੇ ਤੇਰੇ ਸਾਰੇ ਸੰਸੇ ਝੂਠੇ ਇਸ ਯੁੱਗ ਦੇ ਮੋਇਆਂ ਬੰਦਿਆਂ ਨੇ ਕਿਹੜੇ ਯੁੱਗ ਵਿਚ ਅਮਰ ਹੈ ਹੋਣਾ। ਮੰਨ ਲੈ, ਮੰਨ ਲੈ ਸਾਡਾ ਕਹਿਣਾ ਛੱਡਦੇ ਲਾਰਿਆਂ ਉੱਤੇ ਰਹਿਣਾ ਚੋਣਾਂ ਵਾਲਾ ਕੰਡਾ ਕੱਢਦੇ ਹੱਥੀਂ ਛਾਵਾਂ ਕਰਨੀਆਂ ਛੱਡਦੇ ਰੀਝਾਂ ਦਾ ਸੰਸਾਰ ਸਿਰਜ ਲੈ ਹੱਥਾਂ ਵਿਚ ਹਥਿਆਰ ਉਠਾ ਲੈ ਮੋਹ ਜਾਲ ਤੋਂ ਮੁਕਤੀ ਪਾ ਲੈ ਮੁੜ੍ਹਕੇ ਤੇ ਕਣਕ ਦੀ ਸੌਂਹ ਤੂੰ ਖਾ ਲੈ । ਨੈਣਾਂ ਵਿਚ ਫਿਰ ਸੁਪਨ ਸਜਾਵੀਂ ਵਿਹੜੇ ਆਪਣੇ ਸੈਆਂ ਫੁੱਲ ਖਿੜਾਵੀਂ ਤੇਰਾ ਇਹ ਸੰਸਾਰ ਹੋਏਗਾ ਜੋਬਨ ਮੱਤਾ ਲੱਖਾਂ ਭਾਵੇਂ ਫ਼ਿਰ ਨਗਮੇ ਤੂੰ ਗਾਵੀਂ ਐਪਰ ਏਸ ਘੜੀ ਤੂੰ ਮੰਨ ਲੈ ਕਹਿਣਾ ਛੱਡਦੇ, ਛੱਡਦੇ ਲਾਰਿਆਂ ਉਤੇ ਰਹਿਣਾ ।
ਮਾਂ
ਜਦ ਉਹ ਮੇਰੇ ਰਾਹੁਲ ਨੂੰ, ਦੁਧ ਚੁੰਘਾਉਂਦੀ ਏ, ਦੇ ਦੇ ਲੋਰੀਆਂ ਉਹਨੂੰ, ਹਿੱਕੜੀ ਨਾਲ ਲਗਾਉਂਦੀ ਏ, ਉਹਦੀ ਹਰ ਚਾਹਤ ਨੂੰ ਮਿੱਠੇ ਲਾਰਿਆਂ ਨਾਲ ਸਲਾਉਂਦੀ ਏ, ਮਾਂ ਤੂੰ ਮੈਨੂੰ ਬਹੁਤ ਯਾਦ ਆਉਂਦੀ ਏਂ । ਜਦ ਮੈਂ ਸ਼ਹਿਰ ਦੀ ਭੀੜ ਵਿਚ ਗੁੰਮ ਹੋ ਜਾਂਦਾ ਹਾਂ ਜਦ ਮੈਂ ਇਸ ਰਫਤਾਰ ਵਿਚ ਸੁੰਨ ਹੋ ਜਾਂਦਾ ਹਾਂ ਕਿਸੇ ਰੋਣਹਾਕੀ ਆਵਾਜ ਨਾਲ ਵਿੰਨ ਹੋ ਜਾਂਦਾ ਹਾਂ ਪੈਸਾ ਪੈਸਾ ਮੰਗਦੀ ਬਿਰਧ ਉਮਰਾ ਜਦ ਹੱਥ ਫਲਾਉਂਦੀ ਏ ਮਾਂ ਤੂੰ ਮੈਨੂੰ ਬਹੁਤ ਯਾਦ ਆਉਂਦੀ ਏਂ । ਫ਼ਾਇਲਾਂ ਉਤੇ ਝੁਕੀਆਂ ਨਜ਼ਰਾਂ ਥੀਂ, ਕੋਈ ਅੱਖ ਮੁਸਕ੍ਰਾਉਂਦੀ ਏ ਜਦ ਬੌਸ ਦੀ ਘੰਟੀ ਕਿਸੇ ਅਬਲਾ ਨੂੰ ਅੰਦਰ ਬੁਲਾਉਂਦੀ ਏ ਘੰਟਿਆਂ ਬੱਧੀ ਉਸਨੂੰ ਉੱਨਤੀ ਦੇ ਸਬਕ ਸਿਖਾਉਂਦੀ ਏ ਉਸ ਬੇਵਸ ਅਬਲਾ ਨੂੰ ਵੇਖ, ਮੇਰੀ ਆਤਮਾ ਕਰਲਾਉਂਦੀ ਏ ਮਾਂ ਤੂੰ ਮੈਨੂੰ ਬਹੁਤ ਯਾਦ ਆਉਂਦੀ ਏਂ । ਜਦ ਇਸਮਤ ਕਿਸੇ ਨਿਮਾਣੀ ਦੀ ਕਿਸਮਤ ਕਹਾਉਂਦੀ ਏ ਕਿਸੇ ਦੇ ਸ਼ਰਬਤੀ ਨੈਣਾਂ 'ਚ ਕੋਸੇ ਹੰਝੂਆਂ ਦੀ ਬਾੜ੍ਹ ਆਉਂਦੀ ਏ ਤਨ ਦੀ ਮਜ਼ਬੂਰੀ ਦੇ ਮੂਹਰੇ ਕਿਸੇ ਦੀ ਰੂਹ ਵੈਣ ਪਾਉਂਦੀ ਏ ਤੇ ਇਸ ਫ਼ਿਜ਼ਾ ਦੇ ਵਿਚ ਜੋ ਰੂਹ ਤੋਂ ਸੱਖਣੇ ਬੁੱਤ ਬਣਾਉਂਦੀ ਏ ਮਾਂ ਤੂੰ ਮੈਨੂੰ ਬਹੁਤ ਯਾਦ ਆਉਂਦੀ ਏਂ । ਲਾਲ ਕਿਲੇ ਦੀ ਭੰਬੀਰੀ ਜਦ ਪੂਰਾ ਗੇੜ ਕੱਟਦੀ ਹੈ ਤੋਤੇ ਵਾਂਗ ਜਨਤਾ ਜਦ ਵੋਟ ਦਾ ਸਬਕ ਰੱਟਦੀ ਹੈ ਸਾਹਵੇਂ ਦੀਵਾਰ ਤੋਂ ਤਸਵੀਰ ‘ਚੋ’ ਨੇਤਾ ਘੂਰੀ ਵੱਟਦੀ ਹੈ ਗੱਲਾਂ ਘੱਟ, ਕੰਮ ਵੱਧ ਦੀ ਤਕਰੀਰ ਰੇਡੀਓ ਤੇ ਆਉਂਦੀ ਏ ਮਾਂ ਤੂੰ ਮੈਨੂੰ ਬਹੁਤ ਯਾਦ ਆਉਂਦੀ ਏਂ ।
ਪਿੰਡ ਨੂੰ ਸੰਬੋਧਨ
ਪਿੰਡ...ਓ ਮੇਰੇ ਪਿਆਰੇ ਪਿੰਡ ਮੈਨੂੰ ਇੰਝ ਨਾ ਸੀ ਦੇਣਾ ਬਨਵਾਸ ਜਾਂ ਫਿਰ ਮੁੱਕ ਜਾਂਦਾ ਅੰਦਰੋਂ ਵੀ ਇਹ ਮੋਹ ਭਿੰਨੜਾ ਅਹਿਸਾਸ ਮਾਂ ਦੇ ਕੋਸੇ ਕੋਸੇ ਦੁੱਧ ਦੀ ਮਹਿਕ ਭਾਬੋ ਦੀ ਪਿਆਰੀ ਚੰਚਲ ਚੁੰਮਣ ਛੇੜ ਆੜੀਆਂ ਸੰਗ ਟੋਬੇ ਤਾਰੀ ਨੰਗੇ ਤੇੜ ਬਾਪੂ ਦੀ ਲਟੂਰੀਆਂ ਫੜ ਮਾਰੀ ਮਾਰ ਬਹੁਤ ਯਾਦ ਆਉਂਦੀ ਏ ਕਈ ਵਾਰ ਪਿੰਡ ਮੇਰੇ ਪਿਆਰੇ ਪਿੰਡ, ਮੇਰੀ ਜਨਮ ਭੋਇੰ ਮੈਨੂੰ ਇੰਝ ਤਾਂ ਨਾ ਸੀ ਦੇਣਾ ਬਨਵਾਸ ਉਮਡ ਉਮਡ ਪੈਂਦਾ ਏ ਮੋਹ ਦਾ ਅਹਿਸਾਸ । ਜਦ ਕਦੇ ਵੀ ਤੇਰੀ ਜੂਹੋਂ ਲੰਘਿਆ ਕੋਈ ਰਮਤੇ ਜੋਗੀ ਜੇਹਾ ਬੁੱਲਾ ਮੇਰੇ ਬੂਹੇ ਅਲਖ ਜਗਾਏ ਅੰਦਰੋਂ ਰੁੱਗ ਜਿਹਾ ਭਰ ਲੈ ਜਾਏ ਫ਼ੋੜੇ ਵਾਕਣ ਰਿਸਦਾ ਰਹਿੰਦਾ ਅੰਦਰਵਾਰ ਤੇਰੀ ਹੋਂਦ ਦਾ ਅਹਿਸਾਸ ਪਿੰਡ, ਪਿਆਰੇ ਪਿੰਡ ਇੰਝ ਨਾ ਸੀ ਦੇਣਾ ਬਨਵਾਸ ਮੋਏ ਸੁਪਨੇ ਦੀਆਂ ਸਰਾਪੀਆਂ ਰੂਹਾਂ ਅੱਧੀ ਅੱਧੀ ਰਾਤੀਂ ਕਰਨ ਵਿਲਾਪ ਕਿਹੜੇ ਜਨਮ ਦਾ ਮਿਲਿਆ ਇਹ ਸਰਾਪ ਕੋਸੀ ਕੋਸੀ ਧੁੱਪੇ ਜਾਪੇ ਸੂਰਜ ਰੋਂਦਾ ਧਰਤੀ ਲਗਦੀ ਲੋੜੋਂ ਵਧ ਉਦਾਸ ਇਕਲਾਪੇ ਦੀ ਕਬਰ 'ਚ ਚਿਣਿਆਂ ਰੁਦਨ ਕਰਾਂ ਮੈਂ ਮੁੱਕ ਜਾਣਾ, ਲੋਕਾ ! ਮੈਂ ਮੁੱਕ ਜਾਣਾ ਨਹੀਓਂ ਮੁਕਣਾ ਇਹ ਮੇਰਾ ਬਨਵਾਸ । ਪਿੰਡ ..ਓ ਮੇਰੇ ਪਿਆਰੇ ਪਿੰਡ ਮੈਨੂੰ ਇੰਝ ਤਾਂ ਨਾ ਸੀ ਦੇਣਾ ਬਨਵਾਸ ਜਾਂ ਫਿਰ ਮੁੱਕ ਜਾਂਦਾ ਅੰਦਰੋਂ ਵੀ ਇਹ ਮੋਹ ਭਿੰਨੜਾ ਅਹਿਸਾਸ
ਯਾਤਰਾ
ਮਾਂ ਦੀ ਪਾਵਨ ਦੁਧਨੀ ਤੋਂ ਲੈ ਮਹਿਬੂਬ ਦੇ ਪਿਆਸੇ ਹੋਠਾਂ ਤੀਕ ਮੈਂ ਉਮਰ ਹੰਢਾਈ ਹੈ ਪੀੜਾਂ ਦੇ ਹਾਣ ਦੀ। ਮਾਂ ਦੀਆਂ ਝਿੜਕਾਂ, ਪਿਓ ਦੀਆਂ ਗਾਲਾਂ ਭੈਣ ਵੀਰਾਂ ਦੇ ਸੰਗ ਕੀਤੇ ਝਗੜੇ ਭੁੱਲ ਗਈ ਸੂਰਤ ਭਾਬੋਂ ਦੀ ਵੀ ਹੁਣ ਤਾਂ ਚੁੰਮਾ ਲੈ ਮੁਸਕਾਣ ਦੀ। ਮਿੱਟੀ ਘੱਟਾ ਕੱਚਾ ਰਾਹ ਨੱਸਦੇ ਸਾਂ ਪਰ ਵਾਹੋ ਦਾਹ ਕਿੰਨੀ ਪਿਆਰੀ ਆਦਤ ਸੀ ਖੋਹ ਖੋਹ ਚੀਜ਼ਾਂ ਖਾਣ ਦੀ ਫੱਟੀ ਬਸਤਾ ਗਾਚੀ ਬੁਗਤਾ ਮੋਟੀ ਸਾਰੀ ਕਲਮ ਨੜੇ ਦੀ ਇਹ ਸਰਮਾਇਆ ਬਚਪਨ ਦਾ ਹੁਣ ਨਾਂ ਅੱਖ ਪਛਾਣਦੀ। ਬਾਰਾਂ ਵਰੇ ਦੀ ਉਮਰਾ ਵਿਚ ਹੀ ਜੋਬਨ ਜੋਬਨ ਹੋ ਗਏ ਸਾਂ ਸ਼ਰਤਾਂ ਲਾਲਾ ਦੁੱਧ ਚੁੰਘਦੇ ਮੌਜ ਬੜੀ ਸੀ ਬੇਲੇ ਮਹੀਂ ਚਰਾਣ ਦੀ। ਮੱਸ ਫੁਟਦੀ ਸਾਰ ਹੀ ਜੀਕੁਣ ਅੰਦਰੋਂ ਭਾਂਬੜ ਬਲ ਉਠੇ ਸਨ ਉਸ ਉਮਰਾ ਵਿਚ ਕਿੰਨੀ ਚਾਹ ਸੀ ਸੱਚਾ ਇਸ਼ਕ ਕਮਾਣ ਦੀ। ਸਾਡੇ ਵਿਹੜੇ ਕੱਤਣ ਆਵੇ ਜੋਬਨਵੰਤੀ ਅੱਲੜ ਉਹ ਮੁਟਿਆਰ ਦਿਲ ਦੇ ਵਿਚ ਮੈਂ ਧਾਰ ਲਈ ਸੀ ਉਸ ਸੰਗ ਨੇਹੁੰ ਲਗਾਣ ਦੀ । ਸੱਧਰਾਂ ਸਾਰੀਆਂ ਦਿਲ ਦੀਆਂ ਰਹਿ ਗਈਆਂ ਦਿਲ ਵਿਚ ਧਰੀਆਂ ਇਲਮ ਵਿਹਾਝਣ ਪਿੱਛੇ ਬਣ ਗਈ ਵਿਉਂਤ ਵਣਾਂ ਵਲ ਜਾਣ ਦੀ। ਪੱਥਰ ਕੰਧਾਂ ਪੱਕੀਆਂ ਸੜਕਾਂ ਜਗਮਗ ਜਗਮਗ ਰੋਸ਼ਨੀਆਂ ਰਗਾਂ ਅੰਦਰ ਖੌਲ ਰਿਹਾ ਸੀ ਤੀਖਣ ਖੂਨ ਜਵਾਨੀ ਦਾ । ਖੁਲੀਆਂ ਪੁਸਤਕਾਂ ਰੌਸ਼ਨ ਮਨ ਅਜਬ ਜਿਹਾ ਸੰਸਾਰ ਸੀ ਕਵਿਤਾ ਬਣ ਗਏ ਜਜ਼ਬੇ ਮੇਰੇ ਲੈ ਸਹਾਰਾ ਕਾਨੀ ਦਾ । ਰਚਨਾ ਮੇਰਾ ਧਰਮ ਬਣਿਆ ਮਨ ਦਰਵੇਸ਼ ਸੀ ਰਾਹਨੁਮਾ ਹਰ ਪਲ ਖੀਵਾ ਹੋਇਆ ਰਹਿੰਦਾ ਵਾਹ ਵਾਹ ਨਸ਼ਾ ਜਵਾਨੀ ਦਾ ਸਿਰਜਣਹਾਰ ਮਹਿਕ ਮਿੱਟੀ ਦੀ ਸਾਹਾਂ ਅੰਦਰ ਘੁਲ ਗਈ ਏਦਾਂ ਕਵਿਤਾ ਦੀ ਧੁਨ ਮੱਠੀ ਹੋਈ ਚਾਅ ਚੜਿਆ ਕੁਰਬਾਨੀ ਦਾ ਇਕ ਹੱਥ ਬਾਜ਼, ਦੂਜ਼ੇ ਤਲਵਾਰ ਨਜ਼ਰਾਂ ਸਾਹਵੇਂ ਰਹੇ ਸਾਕਾਰ ਬਣ ਗਿਆ ਸਾਂ ਮੈਂ ਮੁਰੀਦ ਸੂਰਤ ਇਸ ਲਾਸਾਨੀ ਦਾ। ਰਾਤਾਂ ਅੱਖੀਂ ਉਤਰੀਆਂ ਸਫ਼ਰ ਲੰਮੇ 'ਚ ਉਤਰੇ ਪੈਰ ਚੁੰਮੇ ਸਿੱਟੇ ਖੇਤਾਂ ਦੇ ਮੈਂ ਮੰਗ ਖੈਰ ਖੇਤ ਦੇ ਜਾਨੀ ਦਾ। ਕਾਲ ਕੋਠੜੀ ਫਾਂਸੀ ਰੱਸਾ ਬਰਫ 'ਚ ਲੱਗੀ ਦੇਹ ਜ਼ਰ ਲੈਂਦਾ ਰੋਜੀ ਰਾਹ ਨਾ ਬਦਲਦੀ ਜੇ ਪੈਰਾਂ ਦੀ ਰਵਾਨੀ ਦਾ। ਹੁਣ ਤਾਂ ਯਾਰੋ, ਚਾਰ ਚੁਫੇਰੇ ਪਹਿਰੇਦਾਰੀ ਜ਼ੋਰਾਂ ਤੇ ਦਫਤਰ ਦਾ ਤਾਂ ਜੇਲ ਏ ਖਾਸਾ ਕਦੇ ਕਦਾਈਂ ਮਰੀਅਲ ਹਾਸਾ ਚੁੱਪ ਚੁਪੀਤੇ ਬੁੱਲਾਂ ਤੇ ਆ ਬਹਿੰਦਾ ਪਲ ਛਿਣ ਪਿਛੋਂ ਸਹਿਮ ਸਿਤਮ ਹੈ ਸਹਿੰਦਾ । ਸੂਰਜ ਨਿਤ ਚੜ ਚੜਕੇ ਥੱਕਦਾ ਫਾਇਲਾਂ ਦਾ ਥੱਬਾ ਕਦੇ ਨਾ ਮੁੱਕਦਾ ਪਹਿਲਾਂ ਭਾਵੇਂ ਛਾਤੀ ਤਾਣ ਜਾਂ ਤੁਰਦੇ ਹੁਣ ਤਾਂ ਯਾਰੋ ਕੁੱਬ ਨਿਕਲਿਆ ਰਹਿੰਦਾ । ਹੁਣ ਤਾਂ ਮੇਰੇ ਉੱਪਰ ਹੈ ਕੁਰਸੀ ਬਹਿੰਦੀ ਪਰ ਹੇਠੋਂ ਵੀ ਤਾਂ ਕੰਡਿਆਂ ਵਾਹੁਣ ਚੁਭਦੀ ਰਹਿੰਦੀ ਸਭ ਪਾਸੋਂ ਹੈ ਕਿੜ ਕਿੜ ਚਿੜ ਚਿੜ ਹੁੰਦੀ ਹੱਡ ਰੋਗ ਦੇ ਵਾਕਣ ਬੌਸ ਘੁਰਕਦਾ ਰਹਿੰਦਾ। ਘਰ ਪਰਤਕੇ ਸੁਖ ਦਾ ਸਾਹ ਕੋਈ ਆਵੇ ਸੁਹਲ ਸੁਨੱਖੀ ਨਾਰ ਹਿੱਕ ਨਾਲ ਹਿੱਕ ਜਦ ਲਾਵੇ ਨਟਖਟ ਚੁੰਮਣ ਵਰਗੇ ਚੰਚਲ ਪਲ ਦੀ ਖਾਤਰ ਨਿੰਦਿਆ ਨਫ਼ਰਤ ਘੁਰਕਾਂ ਸਭ ਕੁਝ ਸਹਿੰਦਾ ਸਭ ਕੁਝ ਸਹਿੰਦਾ, ਪਰ ਕੁਝ ਨਾ ਕਹਿੰਦਾ। ......... ਪਰ ਕੁਝ ਨਾ ਕਹਿੰਦਾ ।
ਯੁਧ ਵਿਰਾਮ
ਮੈਂ ਅਣੂ ਯੁਗ ਦੀ ਪੈਦਾਵਾਰ ਸਹਿਮਿਆ ਬੈਠਾ ਅੰਦਰਵਾਰ ਇਕਲਾਪੇ ਦੀ ਜੂਨ ਸਰਾਪੀ ਪਿਆ ਹੰਢਾਵਾਂ । ਮੇਰੇ ਅੰਦਰ ਸੈਆਂ ਜਨਮ ਪੁਰਾਣਾ ਗਿੱਠ ਕੁ ਧਾਗਾ ਕਿਤੇ ਰਹਿ ਗਿਆ ਬਾਕੀ। ਅੰਮ੍ਰਿਤ ਬੂੰਦ ਕੋਈ ਰਸ ਭਿੰਨੀ ਬੁੱਲਾਂ ਤੇ ਸਿਕੜੀ ਸੰਗ ਜਮੀ ਹੋਈ ਸ਼ਾਇਦ ਇਸੇ ਅੰਮ੍ਰਿਤ ਬੂੰਦ ਸਹਾਰੇ ਹੈ ਕਾਇਆ ਮੇਰੀ ਥਮੀ ਹੋਈ। ਰਸ ਅੰਮ੍ਰਿਤ ਬੂੰਦ ਦਾ ਯਾਦ ਆਵੇ ਅੰਦਰੋਂ ਇਕ ਨਿਹੰਗ ਜੈਕਾਰਾ ਬੁਲਾਵੇ— -ਧਾਗੇ ਤੇ ਖੰਡੇ ਵਿਚਕਾਰ ਜੰਗ ਸਦਾ ਹੁੰਦੀ ਹੈ ਧੰਦੂਕਾਰ ਬੀਤ ਗਏ ਨੇ ਪੰਜ ਸੌ ਸਾਲ ਤੋੜ ਸੂਤਲੀ ਕਿਸੇ ਗੱਲ ਸਮਝਾਈ ਚਹੁੰ ਕੌਡੀ ਦੀ ਆਖ ਧਰਤੀ ਤੇ ਪਟਕਾਈ ਗਲੋਂ ਭਾਵੇਂ ਲਹਿ ਗਈ ਸਾਰੀ ਐਪਰ ਅੰਦਰ ਰਹਿ ਗਈ ਗਿੱਠ ਕੁ ਬਾਕੀ ਹੋਏ ਫਿਰੇ ਅੱਜ ਮੈਥੋਂ ਆਕੀ “ਰੂਹ” ਨੂੰ “ਕਬਰ” ਬਣਾਉਣ ਵਿਚ ਇਸ ਕੋਈ ਕਸਰ ਨਾ ਛੱਡੀ ਬਾਕੀ। ਗੂੰਜੀ ਸੁਰ ਰਬਾਬ ਦੀ ਚਾਰੇ ਪਾਸੇ ਬਾਬੇ ਜਦ ਉਡਾਏ ਜੰਝੂ ਦੇ ਹਾਸੇ। ਜੰਝੂ ਤੇ ਗੰਗੂ ਮੇਰੇ ਅੰਦਰ ਵਸਦੇ ਤੱਕ ਕੇ ਮੈਨੂੰ ਨਿੰਮੋਝੂਣਾਂ ਖਿੜ ਖਿੜ ਹਸਦੇ ਨਿੰਮੋਝੂਣਾ ਅਰਥ ਵਿਹੂਣਾ ਮੈਂ ਸੋਚਾਂ ਬੈਠਾ ਬੌਣਾ ਊਣਾ -- —ਕੀ ਇਸੇ ਸੂਤਲੀ ਖਾਤਰ ਗੁਰ ਸੀਸ ਸਿਰਰੁ ਬਣੇ ? ਪਿਓ ਸੂਲਾਂ ਦੀ ਸੇਜ ਸੁੱਤਾ ਪੁੱਤਰ ਮਾਸੂਮ ਨੀਹੀਂ ਗਏ ਚਿਣੇ। ਕੀ ਇਸੇ ਸੂਤਲੀ ਖਾਤਿਰ ਹੋਏ ਸਿੰਘ ਆਰਿਆਂ ਤੇ ਚਰਖੜੀਆਂ ਦੇ ਭਾਗੀ ? ਕੀ ਇਸੇ ਸੂਤਲੀ ਖਾਤਿਰ ਇਤਿਹਾਸ ਹੈ ਪੋਟਾ ਪੋਟਾ ਦਾਗੀ ? ਉੱਤਰ ਦੀ ਥਾਂ ਸਗਲੀ ਚੇਤਨਾ ਕਰੇ ਮਸ਼ਕਰੀ ਅਪਮਾਨ ਭਰੀ ਇਹ ਤੇਰੀ ਰਸ ਭਿੰਨੀ ਕਾਇਆ ਜੋ ਗਿੱਠ ਸੂਤਲੀ ਪਾਸੋਂ ਫਿਰੇ ਡਰੀ— ਸੁਣਕੇ ਇਹ ਤੌਹੀਨ ਭਰੀ ਵੰਗਾਰ ਅੰਦਰਲਾ ਨਿਹੰਗ ਪਏ ਲਲਕਾਰ ਓਮ ਸ਼ਾਂਤੀ, ਓਮ ਸ਼ਾਂਤੀ ਆਖਕੇ ਮੈਂ ਰੋਹ 'ਚ ਆਏ ਦੇ ਮੂੰਹ ਤੇ ਹੱਥ ਧਰਾਂ ਇੰਝ ਨਿੱਤ ਨਵੀਂ ਇਕ ਮੌਤ ਮਰਾਂ। ਹੁਣ ਅਕਸਰ ਮੈਂ ਆਪਣੇ ਆਪਨੂੰ ਆਖਾਂ ਯੁੱਧ ਨਹੀਂ ਲੜਿਆ ਜਾਂਦਾ ਚਮਕੌਰ ਜਾਂ ਕੁਰਖੇਤਰ 'ਚ ਹੁਣ ਤਾਂ ਇਹ ਲੜਿਆ ਜਾਂਦਾ ਏ ਮਨਾਂ ਵਿਚਕਾਰ ਹੁਣ ਨਾ ਹੁੰਦੀ ਜਿੱਤ ਨਾ ਹੋਵੇ ਹਾਰ ਹੁੰਦੀ ਏ ਤਾਂ ਬਸ ਹੁੰਦੀ ਏ ਸੀਜ਼ ਫਾਇਰ ਇਹ ਆਖਕੇ ਸੂਤਲੀ ਤੇ ਖੰਡੇ ਵਿਚਕਾਰ ਨਿੱਤ ਕਰਾਉਂਦਾ ਹਾਂ ਮੈਂ ਸ਼ੀਜ਼ ਫ਼ਾਇਰ ਨਿੱਤ ਕਰਾਉਂਦਾ ਹਾਂ ਮੈਂ ਸੀਜ਼ ਫਾਇਰ ।
ਕਬੂਤਰਬਾਜ਼
ਰਾਮਨੌਂਵੀ ਨੂੰ ਏਸ ਵਾਰ ਵੀ ਵਿਹੜੇ ਉਸਦੇ ਭੀੜ ਜੁੜੀ ਸੀ ਸੂਰਜ ਉਦੈ ਹੁੰਦਿਆਂ ਖੰਭ ਫੜਕੇ, ਸੰਧਿਆਂ ਵੇਲੇ ਥੱਕੀ ਖਲਕ ਘਰ ਮੁੜੀ ਸੀ ਥੱਕੇ ਹਾਰੇ ਹੰਭੇ ਟੁੱਟੇ ਆ ਲੱਥੇ ਸਨ ਮੱਕੀ ਦਾਣੇ ਖਾਣੇ, ਚਿੱਟੇ ਕਾਲੇ ਸਭ ਕਬੂਤਰ ਮੱਖਣ ਗਿਰੀਆਂ ਖਾਣੇ ਪਰ ਨਹੀਂ ਰਹੇ ਸੀ ਉਤਰ । ਦੂਰ ਗਗਨੀ ਤੱਕਦੀ ਅੱਖ ਵਿਚ ਛਾ ਚੁੱਕਿਆ ਸੀ ਮੋਤੀਆ ਬਿੰਦ ਅਰਸ਼ਾਂ ਦੇ ਵਿਚ ਬਿਜਲੀ ਗਰਜ਼ੀ ਅੰਤਿਮ ਦੀਦ ਲਈ ਸਹਿਕੀ ਜਿੰਦ । ਖਾਲੀ ਖੱਡਾ, ਸੱਖਣੀ ਛਤਰੀ ਮੱਠੀ ਦੇ ਵਿਚ ਲੱਪ ਕੁ ਦਾਣੇ ਨਾ ਚੀਨਾ ਨਾ ਲਾਖਾ ਮੁੜਿਆ ਐਸੇ ਵਰਤੇ ਰੱਬ ਦੇ ਭਾਣੇ । ਅੱਬਾ ! ਅੱਬਾ ! ਕਰਕੇ ਕੂਕੇ ਛੱਜਾ, ਫੱਜਾ ਬਾਲ ਅੰਞਾਣੇ । ਨੇਤਰਹੀਣ ਅੱਬਾ ਦੀ ਮੁੱਠੀ ਖੁਲ੍ਹੀ ਦਾਣਾ ਦਾਣਾ ਹੋ ਕੇ ਖਿੰਡ ਗਏ ਦਾਣੇ ਉਡਿਆ ਭੌਰ ਮਿੱਟੀ ਤੇ ਮਿੱਟੀ ਡਿੱਗੀ ਧਾਹੀਂ ਰੋਏ ਕਬੂਤਰਬਾਜ਼ ਯਾਰ ਪੁਰਾਣੇ ਕਬਰ ਉਸਦੀ ਤੇ ਹੁਣ ਵੀ ਮੇਲਾ ਲਗਦੈ ਸਿਜਦਾ ਕਰਦੇ ਸੌਂਕੀ ਆਸ਼ਕ ਰਾਣੇ ।
ਸਤਿਆਰਥੀ—ਇਕ ਪੋਰਟਰੇਟ
ਮਾਂ ਆਪਣੀ ਦਾ ਦੇਵ ਲਾਡਲਾ ਸਾਥਣ ਦਾ ਢੋਲ ਐਪਰ ਬਗਲੋਲ ਲੋਕਾਂ ਦਾ ਸਤਿਆਰਥੀ ਜਾਂ ਸਾਡਾ ਮਹਾਂ ਬੋਰ ਮੇਰਾ ਯਾਰ, ਗੁਰੂਦੇਵ ਜਾ ਲੋਕਯਾਨ ਸਾਡੀ ਸੰਸਕ੍ਰਿਤੀ ਦਾ ਮਹਾਂ ਪ੍ਰਾਣ । ਹੇ ਮੇਰੇ ਮਹਿਮਾਨ ! ਕੀ ਨੇ ਤੇਰੀਆਂ ਲੋੜਾਂ ? ਤੂੰ ਆਖੇਂ ਹੁਣ ਕਾਹਦੀਆਂ ਥੋੜਾਂ ? ਫ਼ਿਰ ਵੀ ਕੁਝ ਤਾਂ ਬੋਲ ? ਮੇਰਾ ਇਸਰਾਰ—"ਕੀਕਣ ਕਰਾਂ ਇਨਕਾਰ?” ਥੋੜੀ ਲੇਵੀ, ਇਕ ਅਧ ਫੁਟਾ, ਇਕ ਬਲੇਡ ਕਾਗਜ਼ ਹੋਵੇ ਧਾਰੀਦਾਰ ਜਾਂ ਕੋਈ ਵੀ ਸ਼ੇਡ ਚੇਪੀ ਦਰ ਚੇਪੀ ਕਰੇ ਕਲੋਲ ਮੇਰਾ ਮਨੂਆ ਰਿਹਾ ਏ ਡੋਲ ਖੌਰੇ ਕੇੜ੍ਹੀ ਚੇਪੀ ਹੇਠ ਢਕਿਆਂ ਜਾਵਾਂ ਦੋ ਪੀੜੀਆਂ ਖਾਧੀਆਂ ਇਸਨੇ ਮੈਂ ਵੀ ਨਿਗਲਿਆ ਜਾਵਾਂ । ਇਸਦੀ ਚੇਪੀ ਹੇਠੋਂ ਰੱਬਾ ! ਮੈਂ ਕੀਕੂੰ ਨਿਕਲ ਪਾਵਾਂ। ਲੋਕਯਾਨ ਤੋਂ ਬਾਦ, ਰਹੀ ਏਸ ਨੂੰ ਸਦਾ ਸਰੋਤੇ ਦੀ ਤਲਾਸ਼ ਸਰੋਤਾ ਬਣਨੋਂ ਬਚਦੀ ਬਚਦੀ ਕੁੜੀ ਸਾਂਵਲੀ ਬਾਲਕੋਨੀ ਤੋਂ ਡਿਗਕੇ ਬਣ ਗਈ ਜੀਉਂਦੀ ਲਾਸ਼ ! ਜੇ ਹੋਵੇ ਮਹਿਮਾਨ, ਭੋਰਾ ਨਾ ਸਮਝੇ ਅਪਮਾਨ ਭਰਕੇ ਦਿਓ ਕਟੋਰਾ ਬੇਸ਼ਕ ਐਪਰ ਮੁੱਕਦੀ ਨਹੀਂ ਦਹੀਂ ਦੀ ਮੰਗ ਭੋਰਾ ਨਾ ਸ਼ਰਮ ਰਤਾ ਨਾ ਸੰਙ ਵਿਚ ਰਸੋਈ ਜਾ ਖੜਦੈ, ਫੜਕੇ ਹੱਥ ਕਟੋਰਾ ਨਿਰਛਲ ਮੰਗ, ਸ਼ਰਮ ਨਾ ਭੋਰਾ “ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦਸ਼ਾਹੇ ਦਾ" ਪੌਣੀ ਸਦੀ ਦਾ ਆਦਮੀ, ਉਂਝ ਉਮਰ ‘ਠਾਰਾਂ ਸਾਲ ਸੱਠ ਤੋਂ ਉਪਰ ਪੋਥੀਆਂ, ਮੁਕਿਆ ਨਾ ਪਰ ਅੰਦਰਲਾ ਉਬਾਲ ਰਾਤ ਦਿਹੁੰ ਹਾਲ ਬੇਹਾਲ ਬਸ ਚੇਪੀ ਦਰ ਚੇਪੀ ਦਾ ਹੀ ਰਹੇ ਖਿਆਲ ਤੱਕਾਂ ਇਸਦਾ ਖਰੜਾ, ਤੱਕਾਂ ਇਸਦੀ ਸਿਰਜਣਧਾਰਾ ਸੋਚਾਂ ਵਿਚ ਡੂੰਘਾ ਲੱਥ ਜਾਵਾਂ, ਪਰਤ ਨਾ ਪਾਵਾਂ ਸਾਰੀ ਦੁਨੀਆਂ ਅੰਦਰ ਹੋਸੀ ਕੌਣ ਚੇਪੀਦਾਰ ਦੀ ਮਿਸਾਲ ਪ੍ਰਾਚੀਨ ਪਾਂਡੂ ਲਿੱਪੀਆਂ ਵਾਂਗ, ਕਾਗਜ਼ ਤੋਂ ਗੱਤਾ ਬਣੇ ਉਤੇ ਜੋ ਕੁਝ ਲਿਖਿਆ ਹੋਵੇ ਏਸ ਮੋਹਨਜੋਦੜੋ ਹੇਠ ਖ਼ਬਰੇ ਕੀ ਕੁਝ ਛਿਪਿਆ ਹੋਵੇ ਹੇ ਮਹਾਂਰਥੀ, ਹੇ ਮਹਾਂਰਿਸ਼ੀ, ਹੇ ਮਾਂ ਦੇ ਦੇਵ ਪਤਨੀ ਦੇ ਸਵਾਮੀ, ਸਾਡੀ ਪੀੜੀ ਦੇ ਸਿਰਜਣਹਾਰ ਹੇ ਯਾਰਾਂ ਦੇ ਯਾਰ ਲਖ ਮੁਬਾਰਿਕ : ਜਨਮ ਦਿਵਸ ਤੇ ਪ੍ਰਣਾਮ ; ਤੁਮ ਜੀਓ ਹਜ਼ਾਰ ਸਾਲ ਭੂਤ ਪੂਰਵ ਸੰਪਾਦਕ ਆਜਕਾਲ “ਹਮ ਪਾਤ ਪਾਤ ਤੁਮ ਡਾਲ ਡਾਲ"
ਪੂਰਨ ਸਿੰਘ ਨੂੰ ‘ਵਾਜਾਂ’
ਮੇਰੇ ਅੰਦਰ ਸੁੱਤਿਆ ਪੂਰਨਾ ਜਾਗ ਪੈ ਪਿਆਰਿਆ ਮੈਂ ਵਾਜਾਂ ਪਿਆ ਮਾਰਦਾ ਫ਼ੇਰ ਰਾਤ ਹੋ ਗਈ, ਹਨੇਰ ਏਥੇ ਛਾ ਗਿਆ ਵੱਢ ਵੱਢ ਖਾ ਰਿਹਾ ਹਨੇਰ ਮੈਨੂੰ ਪਿਆਰਿਆ । ਰੂਹ ਮੇਰੀ ਔਝੜਾਂ 'ਚ ਪਈ ਅੱਜ ਭਟਕਦੀ ਪਾਰਸ ਜਿਹੀ ਤੇਰੀ ਇਕ ਛੂਹ ਲਈ ਜਾਗ ਪਈ ਪਿਆਸ ਮੇਰੇ ਲੂੰ ਲੂੰ 'ਚ ਪਿਆਰਿਆ ਕਿਵੇਂ ਬਣਾਂ ਮੁੜਕੇ ਆਵਾਜ਼ ਤੇਰੀ ਪੂਰਨਾ ? ਆਕੇ ਮੇਰੇ ਗੁੰਗੇ ਜਿਹੇ ਗੀਤ ਨੂੰ ਆਵਾਜ਼ ਦੇਵੀਂ ਅੱਖਰਾਂ ਦੇ ਅੱਖਰ ਬਣ ਕਰ ਪਉ ਮੇਰੇ ਅੰਦਰੋਂ ਜਗਾਦੇ ਜੋਤ ਕੋਈ ਇਲਾਹੀ ਅੱਜ ਪੂਰਨਾ ਮੇਰੇ ਇੰਝਾਣੇ ਸ਼ਬਦ ਤੈਨੂੰ ਹਾਕਾਂ ਪਏ ਮਾਰਦੇ ਤੈਨੂੰ ਪਏ ਟੋਲਦੇ, ਨੰਗ ਧੜੰਗੇ ਸ਼ਬਦ ਮੇਰੇ ਬੰਨੀ ਤੜਾਗੀਆਂ ਡਿਗਦੇ ਢਹਿੰਦੇ ਮੁੜ ਮੁੜ ਉਠਦੇ ਰਾਹ ਪਏ ਲੱਭਦੇ ਤਾਂਘਦੇ ਵਿਚਾਰੇ ਅੱਜ ਤੈਨੂੰ ਜੱਫ਼ੀ ਪਾਣ ਲਈ ਅੱਜ ਮੁੜ ਵਿਖਾ ਇਨ੍ਹਾਂ ਨੂੰ ਰਾਹ ਤੂੰ ਆਣਕੇ ਹੋ ਜਾ ਅੱਜ ਰੂ ਬ ਰੂ ਤੂ ਹੀ ਤੂ, ਪੂਰਨਾ ਮੈਂ ਮੇਰੀ ਨੂੰ ਮਾਰਦੇ ਤੇ ਸਾਂਭ ਵਿਹੜਾ ਆਪਣਾ ਤੇਰੀ ਗੈਰ ਹਾਜ਼ਰੀ 'ਚ ਇਹਨੂੰ ਮੈਂ ਵਿਗਾੜਿਆ ਸਾਂਭ ਹੁਣ ਸੰਵਾਰ ਹੁਣ ਦੌਲਤਾ ਦਾ ਗੰਦ ਮੈਂ ਖਿਲਾਰਿਆ ਜਾਗ ਮੈਨੂੰ ਦੱਸ ਦੇ ਰਾਹ ਬੁਢੀ ਅਹੀਰਨ ਦਾ ਰੋਕ ਮੇਰੇ ਹੱਥਾਂ ਨੂੰ ਦੌਲਤ ਕੱਠੀ ਕਰਨ ਤੋਂ ਕੱਢ ਸੁਆਰਥਾਂ ਦੇ ਚਿੱਕੜ 'ਚੋਂ ਪੂਰਨਾ ਪਾਰ ਲਾ ਕਿਨਾਰੇ ਤੇ । ਮੈਂ ਜੰਗਲੀ ਫੁੱਲ ਤੇ ਤੂੰ ਖੁੱਲੇ ਮੈਦਾਨ ਆਖੀਂ ਮੇਰਿਆ ਪੂਰਨਾ ਤੇ ਡੀਕ ਲਾਕੇ ਸਾਰਾ ਵਿਹੁ ਪੀ ਜਾਵੀਂ ਜਿਹੜਾ ਅਸੀਂ ਕੱਢਿਆ ਆਪਣੇ ਇਸ ਸਾਗਰ ਮੰਥਨ 'ਚੋਂ ! ਸਾਨੂੰ ਅੱਜ ਲੋੜ ਏ ਅਮ੍ਰਿਤ ਦੀ ਪਿਆਰਿਆ ਤਾਹੀਓਂ ਤਾਂ ਤੈਨੂੰ ਅੱਜ ਵਾਜਾਂ ਪਿਆ ਮਾਰਦਾ ਮਾਇਆ ਦੇਵੀ ਚਾਹਿਆ ਤੈਨੂੰ ਸ਼ਬਦਾ 'ਚ ਬੀੜਨਾ ਸ਼ਬਦਾਂ 'ਚ ਤੂੰ ਨਾ ਸਮਾਇਆ ਪਰ ਸੋਅ ਜਿਹੀ ਮਿਲੀ ਮੈਨੂੰ ਮੇਰੇ ਅੰਦਰ ਸੁੱਤਾ ਪਿਆ ਖ਼ਬਰੇ ਤੂੰ ਕਿੰਨੇ ਜੁਗਾਂ ਤੋਂ ! ਕੂਕਦਾ ਪੰਜਾਬ ਜੋ ਟੁਕੜੇ ਟੁਕੜੇ ਹੋ ਗਿਆ ਕੂਕਦੇ ਪਏ ਤੈਨੂੰ ਖੁੱਲ੍ਹੇ ਮੈਦਾਨ ਝੰਗ ਸਿਆਲ ਉਚੇ ਪਹਾੜ ਚੌੜੇ ਚੀਰਾਂਦ ਤੈਨੂੰ ਪਏ ਪੁਕਾਰਦੇ ਕਿੱਲਿਆਂ ਤੇ ਬੱਧੇ ਪਸ਼ੂ, ਪਿੰਜਰੇ 'ਚ ਡਕੇ ਪਏ ਪੰਖਨੂ ਸਭ ਤੈਨੂੰ ਵਾਜਾਂ ਪਏ ਮਾਰਦੇ । ਕਿੱਕਰਾਂ ਦੇ ਮੁੱਢ ਪਏ ਛੂਹ ਤੇਰੀ ਨੂੰ ਵਿਲਕਦੇ ਆ ਜਾ ਹੁਣ ਪਿਆਰਿਆ ਜਾਗ ਮੇਰੇ ਅੰਦਰੋਂ ਗਲੇ ਲੱਗ ਸਭਨਾਂ ਦੇ ਪਿਆਰ ਪਿਆਰ ਕੂਕਕੇ ਛੇੜਦੇ ਝਰਨਾਹਟ ਮੇਰੇ ਸੁੰਨ ਹੋਏ ਅੰਗਾ ਵਿਚ ਇਲਾਹੀ ਰਾਗ ਹੁਣ ਕੋਈ ਅਲਾਪਦੇ ਮੇਰੇ ਊਣੇ ਸ਼ਬਦਾਂ ਨੂੰ ਕਰੀਂ ਭਰਪੂਰ ਮੁੜ ਵਰ੍ਹ ਅੱਜ ਅੱਖਰਾਂ ਦੇ ਮੀਂਹ ਵਾਂਗ ਪੂਰਨਾ ਖੋਲ ਦੇਵੀਂ ਘੁੰਡ ਹੁਣ ਖੁੱਲੇ ਅਸਮਾਨੀ ਰੰਗਾਂ 'ਚ ਪਿਆਰਿਆ । ਮੈਨੂੰ ਕੋਈ ਖੋਹ ਜਿਹੀ ਪੈ ਰਹੀ ਮੇ ਰੇ ਅੰਦਰਵਾਰ ਤਾਂਘ ਜਿਹੀ ਜਾਗ ਪਈ ਮਨ ਮੇਰਾ ਅੱਜ ਕਿਵੇਂ ਭੈ ਭੀਤ ਜਿਹਾ ਕਰੀਂ ਮੈਨੂੰ ਭੈ ਮੁਕਤ ਅੱਜ ਮੁੜ ਪੂਰਨਾ ! ਆ ਜਾ ਮੇਰੇ ਆਲੇ ਦੁਆਲੇ ਕਣ ਕਣ 'ਚ ਜਾਗ ਪਉ ਇਨਾਂ ਪਾਣੀਆਂ 'ਚੋਂ ਜਾਗ ਪਉ ਅੰਦਰੋਂ ਮੇਰੇ ਅੰਦਰਵਾਰ ਸੁਤਿਆ ਓਏ ਪੂਰਨਾ ਜਾਗ ਪਉ ਪਿਆਰਿਆ ਮੈਂ ਵਾਜਾਂ ਪਿਆ ਮਾਰਦਾ ਤੈਨੂੰ ਹੀ ਪੁਕਾਰਦਾ ।
ਅਲਵਿਦਾ
ਦੱਸ ਇਹ ਕੇਹੀ ਅਲਵਿਦਾ... ; ਸਫਰ ਦਾ ਇਹ ਕੇਹਾ ਪੜਾਅ। ਸੂਰਜ ਨਾ ਚੜ੍ਹਿਆ ਅੰਬਰੀਂ ਐਪਰ ਸੁਬ੍ਹਾ ਬਣੀ ਮੁੜ ਸ਼ਾਮ । ਨਾ ਕੀਤੇ ਪੁੰਨ ਮੋਤੀ ਸੁੱਚੜੇ ਨਾ ਪੁੰਨਿਆਂ ਦੇ ਕਿਤੇ ਅਰਘ ਚੜੇ ਨਾ ਗਲ ਲਗ ਕਿਸੇ ਦੇ ਅਸੀਂ ਰੋਏ ਨਾ ਤੇਲ ਮੁਖ ਫੁੱਲਾਂ ਦੇ ਧੋਏ ਫਿਰ ਵੀ ਲੋਕ ਜੀਭ ਪਈ ਆਖੇ ਬ੍ਰਿਹੋਂ ਕੁੱਠੇ ਅਸੀਂ ਜੁਦਾ ਹਾਂ ਹੋਏ । ਇਹ ਕੇਹੀ ਅਲਵਿਦਾ ਨਾ ਸਾਡੇ ਹੱਥ ਉਤਾਂਹ ਫੈਲੇ ਨਾ ਹਵਾ 'ਚ ਰੁਮਾਲ ਲਹਿਰਾਏ ਨਾ ਸਮੇਂ ਨੂੰ ਦੰਦਲ ਪਈ ਕਿਧਰੇ ਨਾ ਪੌਣਾਂ ਹੀ ਠੰਡੀ ਆਹ ਭਰੀ ਨਾ ਤੈਥੋਂ ਕੋਈ ਸ਼ਬਦ ਸਰਿਆ ਨਾ ਮੈਂ ਹੀ ਕਿਸੇ ਮੰਜ਼ਿਲ ਪੈਰ ਧਰਿਆ ਨਾ ਜੁਦਾ ਹੁੰਦੇ ਅਸੀਂ ਹਉਕਾ ਭਰਿਆ । ਐਪਰ ਸੁਣੇ ਨੇ ਲੋਕ ਇਹ ਕਹਿੰਦੇ ਸਿਖਰ ਦੁਪਹਿਰੇ ਤੂੰ ਮੈਨੂੰ ਵਿਦਾ ਕਰਿਆ । ਵਿਦਾ ਸਮੇਂ ਅਣਭੋਲ ਗੀਤ ਕੋਈ ਅਣਗਾਇਆ ਬੁੱਲ੍ਹਾਂ ਤੇ ਸੀ ਪਿਆ ਮਰਿਆ । ਇਹ ਕੇਹੀ ਅਲਵਿਦਾ ਬਿਨ ਮਿਲੇ ਹੀ ਮੈਂ ਤੈਨੂੰ ਸਾਂਭਕੇ ਸੀਨੇ ਸਦੀਵੀ ਪੀੜ ਤੋੜਕੇ ਰਿਸ਼ਤੇ ਧੁਰਾਂ ਦੀ ਸਾਂਝ ਦੇ ਹੋਕੇ ਤੇਰਾ ਮੀਤ ਵੀ ਮੈਂ ਰਿਹਾ ਅਣਹੋਇਆ ਗਲੇ ਲੱਗ ਅਪਣੇ ਹੀ ਆਪ ਮੈਂ ਰੋਇਆ ਅਲਵਿਦਾ ਮੈਥੋਂ ਨਾ ਪਰ ਕਹਿ ਹੋਇਆ। ਇਹ ਕੇਹੀ ਅਲਵਿਦਾ ਨਾ ਕੰਧਾਂ ਨੇ ਹੀ ਕੁਝ ਸੁਣਿਆ ਨਾ ਕਿਧਰੇ ਕੋਈ ਸ਼ੋਰ ਹੀ ਹੋਇਆ ਨਾ ਪਹਿਨੇ ਅਸਾਂ ਜੋਗੀਆ ਵਸਤਰ ਨਾ ਤਨ ਤੇਰੇ ਸਜੇ ਸੁਹਾਗ ਜੋੜੇ ਨਾ ਮਹਿੰਦੀ ਪਾਏ ਤੇਰੇ ਹੱਥੀਂ ਛਾਲੇ ਨਾ ਘਰ ਵਸੇ ਕਿਧਰੇ, ਨਾ ਉਜੜੇ ਘਰ ਕਿਤੇ ਐਪਰ ਲੋਕ ਨੇ ਕਹਿੰਦੇ ਗਏ ਸੁਣੇ ਅਸੀਂ ਇਕ ਦੂਜੇ ਤੋਂ ਹਾਂ ਜੁਦਾ ਹੋਏ ਤੇ ਰਾਤ ਭਰ ਬਹੁਤ ਹੀ ਰੋਏ ਰਾਤ ਭਰ ਬਹੁਤ ਹੀ ਰੋਏ ।
ਆਸ਼ਕ ਅਤੇ ਫ਼ਕੀਰ ਜਦ
ਆਸ਼ਕ ਅਤੇ ਫ਼ਕੀਰ ਜਦ, ਭਰਦੇ ਲੰਮੀ ਆਹ ਦੰਦਲ ਪੈਂਦੀ ਸਮੇਂ ਨੂੰ, ਰੁਕਣ ਪੌਣ ਦੇ ਸਾਹ । ਪੱਤਰਾ ਪੱਤਰਾ ਵਾਚ ਲਓ ਭਾਵੇਂ ਏਸ ਕਿਤਾਬ ਦਾ ਲੱਭਿਆਂ ਨਹੀਓਂ ਲੱਭਣਾ, ਕੋਈ ਹਰਫ਼ੇ ਗੁਨਾਹ । ਸਾਰੀ ਦੀ ਸਾਰੀ ਪਿੰਜ ਦਿਓ, ਦੇਹੀ ਇਸ ਦਰਵੇਸ਼ ਦੀ ਛੱਡਣਾ ਨਹੀਓਂ ਏਸ ਨੇ, ਆਪਣੇ ਸਿਦਕ ਦਾ ਰਾਹ । ਗਗਨਾਂ ਤੇ ਉਡਦਾ ਫਿਰੇਂ, ਮਾਣ ਕਰੇਂ ਤੂੰ ਰੁਤਬੇ ਦਾ ਅੱਪਰ ਮਿਲਣੀ ਨਹੀਓਂ ਤੈਨੂੰ ਕਬਰੋਂ ਉਰੇ ਪਨਾਹ । ਜਗਮਗ ਮਹਿਲ ਮੁਨਾਰੇ, ਢਹਿ ਢੇਰੀ ਹੋ ਜਾਣੇ ਵਧੇਗਾ ਰੋਹ ਝੁੱਗੀਆਂ ਦਾ ਏਦਾਂ ਵਾਹੋ ਦਾਹ । ਆਸ਼ਕ ਅਤੇ ਫਕੀਰ ਜਦ, ਭਰਦੇ ਲੰਮੀ ਆਹ ਦੰਦਲ ਪੈਂਦੀ ਸਮੇਂ ਨੂੰ, ਰੁਕਣ ਪੌਣ ਦੇ ਸਾਹ।
ਚੜ੍ਹਦੀ ਉਮਰੇ ਮੈਂ ਵੀ ਸਾਂ ਇਕ
ਚੜ੍ਹਦੀ ਉਮਰੇ ਮੈਂ ਵੀ ਸਾਂ ਇਕ ਸ਼ੂਕਦਾ ਦਰਿਆ ਹੋਇਆ ਕੀ ਜੇ ਮਛਲੀਆਂ ਨੇ ਡੀਕ ਲਾ ਕੇ ਪੀ ਲਿਆ । ਮੈਲਾ ਸੀ ਗੰਗਾ ਦਾ ਜਲ ਪਰ ਮਨ ਤਾਂ ਮੇਰਾ ਪਾਕ ਸੀ । ਵਿਚ ਤੂਫਾਨਾਂ ਤਾਹੀਓ ਤਾਂ ਮੈਂ ਬਾਦਬਾਂ ਨੂੰ ਸੀ ਲਿਆ । ਰੌਣਕ ਭਰੇ ਬਾਜਾਰ ਵਿਚ, ਮੈਂ ਸਾਂ ਜਾਂ ਤਨਹਾਈ ਸੀ, ਵਿਚ ਚੁਰਾਹੇ ਅਲਵਿਦਾ ਕਹਿ, ਦੱਸ ਸਖ਼ੀ ਤੂੰ ਕੀ ਲਿਆ । ਵੰਗਾਂ ਦੇ ਟੋਟੋ ਵੇਖਕੇ ਮੈਂ ਰਾਤ ਭਰ ਰੋਂਦਾ ਰਿਹਾ ਆਈ ਜਦ ਪਹਿਲੀ ਕਿਰਣ, ਮੈਂ ਹੰਝੂਆਂ ਨੂੰ ਪੀ ਲਿਆ। ਰਾਤ ਬੀਤੀ ਸੁਲਘਦੀ ਜੀਕੁਣ ਅਸੀਂ ਸਾਂ ਸੁਲਘਦੇ, ਵੇਖਕੇ ਤਸਵੀਰ ਤੇਰੀ, ਧੁਖਦੇ ਪਲਾਂ ਨੂੰ ਜੀ ਲਿਆ । ਰਾਤ ਸੁਪਨੇ ਵਿਚ ਵੇਖੇ, ਸੜਦੇ ਬਲਦੇ ਰੁੱਖ ਕੁਝ ਤ੍ਰੇਲ ਭਿੱਜੀ ਪੌਣ ਆਈ, ਸੁਖ ਦਾ ਸਾਹ ਮੈਂ ਵੀ ਲਿਆ । ਚੜ੍ਹਦੀ ਉਮਰੇ ਮੈਂ ਵੀ ਸਾਂ ਇਕ ਸ਼ੂਕਦਾ ਦਰਿਆ ਹੋਇਆ ਕੀ ਜੇ ਮਛਲੀਆਂ ਨੇ ਡੀਕ ਲਾ ਕੇ ਪੀ ਲਿਆ।
ਖੰਜਰ ਖਭੋ ਜਿਗਰ 'ਚ
ਖੰਜਰ ਖਭੋ ਜਿਗਰ 'ਚ ਯਾ ਸੂਲੀ ਤੇ ਟੰਗ ਦੇ ਇਸ ਖ਼ਾਕ ਨਿਮਾਣੀ ਨੂੰ ਜੋ ਜੀ ਚਾਹੇ ਰੰਗ ਦੇ । ਮਹਿੰਦੀ ਲਗਾ ਤਲੀ ਤੇ ਜਾਂ ਭਖਦਾ ਅੰਗਾਰ ਧਰ ਸਾਹੇ ਦੇ ਦਿਨ ਨੇ ਗੇਣਵੇਂ ਜਾਂਦੇ ਨੇ ਲੰਘਦੇ ਮੋਹ ਸਾਡਾ ਜੇ ਤੂੰ ਪਰਖਣੈਂ ਲੋਹੇ ਨੂੰ ਪਰਖ਼ ਦੇਖ ਦਸਣਗੇ ਕੀ ਭਲਾਂ ਤੈਨੂੰ, ਟੁਕੜੇ ਵਿਚਾਰੇ ਵੰਗ ਦੇ। ਫਾਂਸੀ ਅਸਾਡੇ ਵਾਸਤੇ ਵਿਸਮਾਦ ਦੀ ਹੈ ਖੇਡ ਨਾ ਜਾਣੇਂ ਭਲਾਂ ਲੋਕ ਕਿਉਂ ਏਸ ਤੋਂ ਨੇ ਸੰਗਦੇ। ਜਨਮਾਂ ਤੋਂ ਚਲ ਰਿਹਾ ਹੈ ਮੇਰੇ ਅੰਦਰ ਸੀਤ ਯੁੱਧ ਮੈਨੂੰ ਕੀ ਅਰਥ ਦਸਦੇ ਹੋ ਇਸ ਵਿਸ਼ਵ ਜੰਗ ਦੇ । ਅੱਖੀਆਂ ਚੁਰਾਕੇ ਇੰਝ ਨਾ ਕੋਲੋਂ ਦੀ ਲੰਘ ਜਾ ਜਲਾਦ ਅਸੀਂ ਤੈਥੋਂ ਰਹਿਮ ਤਾਂ ਨੀ ਮੰਗਦੇ।
ਰਾਤ ਦਿਨੇ ਅਫਸਰ, ਪਤਨੀ ਦਾ
ਰਾਤ ਦਿਨੇ ਅਫਸਰ, ਪਤਨੀ ਦਾ ਹਸ ਹਸ ਪਾਣੀ ਭਰਦੇ ਲੋਕ ਸਿਤਮ ਕਰੇਂਦਾ ਨਿਤ ਸਿਤਮਗਰ, ਫਿਰ ਵੀ ਹਸ ਹਸ ਜ਼ਰਦੇ ਲੋਕ । ਸਵਰਨ ਰੇਖਾ ਹੱਥਾਂ ਦੀ ਯਾਰੋ, ਪੈਰਾਂ ਦੀ ਬੇੜੀ ਬਣ ਜਾਏ ਰਾਤ ਦਿਨੇ ਵੇਖੇ ਥਾਂ ਥਾਂ, ਠੰਡੀਆਂ ਆਹਾਂ ਭਰਦੇ ਲੋਕ । ਖਾਦ ਖੁਰਾਕ 'ਚ ਪੱਥਰ ਚੂਨਾ ਰਹੇ ਖਿਲਾਉਂਦੇ ਸ਼ਾਹੂਕਾਰ ਕਿਹੜੀ ਮਿੱਟੀ ਕੁੱਖੋਂ ਜਨਮੇ, ਫਿਰ ਵੀ ਨਹੀਓਂ ਮਰਦੇ ਲੋਕ। ਰਾਜ ਮਿਲਦਿਆਂ ਸਾਰ ਲੈ ਗਿਆ ਬੇੜੀ ਵਿੱਚ ਮੰਝਧਾਰ ਪਤਾ ਨਹੀਂ ਫਿਰ ਵੀ ਕਿਉਂ ਚੰਦਰੇ, ਨਾ ਡੁੱਬਦੇ ਨਾ ਤਰਦੇ ਲੋਕ । ਸੰਧਿਆ ਵੇਲੇ ਦੋ ਘੁੱਟ ਪੀਕੇ, ਜਿਹੜੇ ਬੁੱਕਣ ਸ਼ੇਰਾਂ ਵਾਂਗ ਦਿਨ ਦੀਵੀਂ ਮੈਂ ਵੇਖੇ ਨੇ ਆਪਣੇ ਪ੍ਰਛਾਂਵਿਓਂ ਡਰਦੇ ਲੋਕ । ਉਹਨਾਂ ਦੇ ਪੈਰੀਂ ਮੈਂ ਵੇਖੀ ਜੁੱਤੀ ਅਕਸਰ ਤਿੱਲੇਦਾਰ ਨੰਗੇ ਪੈਰਾਂ ਦੇ ਸਫ਼ਰਾਂ ਦੇ ਜਿਹੜੇ ਦਾਅਵੇ ਕਰਦੇ ਲੋਕ। 'ਕਤਰਾ ਕਤਰਾ ਦਰਿਆ' ਲਿਖਕੇ ਕੀ ਤਮਗਾ ਮਿਲਿਆ ਯਾਰ ਅੱਖ ਚਰਾਉਂਦੇ ਯਾਰ ਪੁਰਾਣੇ, ਤਾਂ ਸੌ ਸੌ ਟਿੱਚਰ ਕਰਦੇ ਲੋਕ ।
ਇਕ ਦਿਨ ਬੁਕ ਸ਼ੈਲਫ ਦੇ ਪਿੱਛੇ
ਇਕ ਦਿਨ ਬੁਕ ਸ਼ੈਲਫ ਦੇ ਪਿੱਛੇ ਐਸੀ ਹੋਈ ਮੁਲਾਕਾਤ ਝੁੱਲੇ ਝੱਖੜ ਕੰਬੇ ਪੱਥਰ, ਦਿਨ ਦੀਵੀਂ ਸੀ ਹੋਈ ਰਾਤ । ਝੁਕੀਆਂ ਪਲਕਾਂ ਤੇ ਬੁੱਲ੍ਹ ਫ਼ਰਕਦੇ, ਹੱਥਾਂ ਸੰਗ ਹੱਥ ਛੋਹੇ ਮੂੰਹੋਂ ਐਪਰ ਨਿਕਲ ਸਕੀ ਨਾ, ਨਿੱਕੀ ਵੱਡੀ ਕੋਈ ਬਾਤ । ਥਮਿਆਂ ਸਮਾਂ ਖਾਮੋਸ਼ ਰਹਿ ਗਿਆ, ਬਿਟ ਬਿਟ ਵੇਖੇ ਕਿਸ ਤਰ੍ਹਾਂ ਬੰਦ ਕਮਰਿਆਂ ਦੇ ਵਿਚ ਕੀਕਣ, ਝਿੰਮ ਝਿੰਮ ਵਰਸੇ ਬਰਸਾਤ । ਖਿੜ ਖਿੜਾਉਂਦੇ ਹੱਸਦੇ ਰਹਿ ਗਏ, ਕੀ ਸਾਹਿਤ ਤੇ ਕੀ ਇਤਿਹਾਸ, ਮੌਲੀ ਸੀ ਅੱਜ ਕੀਕੂੰ ਯਾਰੋ, ਇਸ਼ਕ ਅੱਲਾ ਦੀ ਪਾਕ ਜਾਤ । ਐਸੀ ਸਾਜ਼ਿਸ਼ ਕੀਤੀ ਰਲ ਮਿਲ, ਐਪਰ ਇਨ੍ਹਾਂ ਧਰਮੀ ਪੋਥੀਆਂ, ਸਿੱਧਾ ਪੈਂਡਾ ਹੁਸਨ ਇਸ਼ਕ ਦਾ, ਮੁੜ ਮੁੜ ਬਣਿਆ ਪੁਲਸਰਾਤ । ਗਲੇ ਲਿਪਟ ਇਨਕਾਰ ਰੋਇਆ, ਕਿੱਦਾਂ ਦਾ ਸੀ ਕੌਲ ’ਕਰਾਰ, ਹੰਝ ਹੰਝ ਸੀ ਹੋ ਗਈ ਯਾਰੋ, ਸਾਰੀ ਦੀ ਸਾਰੀ ਕਾਏਨਾਤ । ਬਿੰਦ ਕੁ ਪਹਿਲਾਂ ਵਾਂਗ ਘਟਾ ਦੇ, ਛਾਇਆ ਸੀ ਜੋ ਮਨ ਅੰਬਰ ਤੇ ਖਾਰਾ ਪਾਣੀ ਬਣ ਚੁਕਿਆ ਸੀ, ਵਗਦੇ ਸਨ ਸਾਡੇ ਜਜ਼ਬਾਤ । ਲੱਖ ਅਫ਼ਸਾਨੇ ਘੜਕੇ ਮੁੜ ਮੁੜ, ਨਿੱਤ ਨਿੱਤ ਰਹਾਂ ਸੁਣੀਂਦਾ ਮੈਂ, ਐਪਰ ਸੱਚੀ ਏਨੀ ਕੁ ਯਾਰੋ, ਇਸ਼ਕ ਹੁਸਨ ਦੀ ਮੇਰੀ ਬਾਤ । ਇਕ ਦਿਨ ਬੁਕ ਸ਼ੈਲਫ ਦੇ ਪਿਛੇ, ਐਸੀ ਹੋਈ ਮੁਲਾਕਾਤ ਝੁੱਲੇ ਝੱਖੜ ਕੰਬੇ ਪੱਬਰ, ਦਿਨ ਦੀਵੀਂ ਸੀ ਹੋਈ ਰਾਤ ।
ਕਦੇ ਰੱਜੇ ਕਦੇ ਪੁੱਜੇ
ਕਦੇ ਰੱਜੇ ਕਦੇ ਪੁੱਜੇ, ਕਦੇ ਬਹੁਤ ਹੀ ਗਰੀਬ ਕੇਹੇ ਲਿਖੇ ਮੇਰੇ ਮੌਲਾ, ਮੇਰੇ ਚੰਦਰੇ ਨਸੀਬ । ਪੌਣਹਾਰੀ ਹੋਕੇ ਕੀਕਣ, ਜੀਅ ਸਕਾਂਗਾ ਧਰਤ ਤੇ ਇਹ ਕੀ ਮੱਤਾਂ ਦੇਵੇ ਮੈਨੂੰ, ਮੈਂਡਾ ਨਟਖਟ ਇਹ ਤਬੀਬ। ਇਹ ਮੇਰਾ ਮਾਸ਼ੂਕ ਕੀਕੁਣ, ਦੱਸੋ ਲੁਕਿਆ ਰਹਿ ਸਕੇ ਹਰ ਮੋੜ ਉੱਤੇ ਘਾਤ ਲਾਈਂ ਬੈਠੇ ਨੇ ਮੇਰੇ ਰਕੀਬ। ਕੋਈ ਨਹੀਂ ਹੈ ਮੇਰਾ ਦੁਸ਼ਮਣ ਉਸ ਬੰਦੇ ਤੋਂ ਸਿਵਾ, ਲੋਕ ਭਾਵੇਂ ਸਮਝਦੇ ਨੇ, ਉਹੀ ਹੈ ਮੇਰਾ ਵੱਡਾ ਹਬੀਬ। ਘਰ ਦੀ ਹਾਲਤ ਵੇਖੋ, ਮੁੜਕੇ ਖਸਤਾ ਹੋ ਗਈ, ਆਓ ਬਹਿਕੇ ਸੋਚੀਏ ਹੁਣ, ਇਸਦੀ ਕੋਈ ਤਰਕੀਬ । ਮਰਲਾ ਮਰਲਾ ਭੌਂ ਸ਼ਰੀਕਾਂ ਨੇ ਜਦ ਸਾਂਭ ਲਈ, ਕਿਹੜੇ ਕੰਮੀ ਆਉਣੀ ਯਾਰਾ, ਹੁਣ ਤੇਰੀ ਜ਼ਰੀਬ । ਦੇਸ਼ ਦਾ ਹੁਣ ਕੀ ਬਣੇਗਾ, ਓ ਰਹਿਬਰੋ, ਜ਼ਿੰਦਗੀ ਦੀ ਰਹੀ ਨਾ, ਜਦ ਕੋਈ ਤਰਕੀਬ ।
ਸਰਦਲ ਤੇ ਬੈਠਾ ਸੀ ਜੋ
ਸਰਦਲ ਤੇ ਬੈਠਾ ਸੀ ਜੋ ਕੇਸੀਂ ਪਹਿਨੀਂ ਸੂਹੀ ਧੁੱਪ ਹਾਹਾਕਾਰ ਮਚੀ ਸੀ ਸਾਰੇ, ਉਹੀਓ ਕੱਲਾ ਹੈਸੀ ਚੁੱਪ । ਆਖ ਦਮੋਦਰ ਅੱਖੀਂ ਡਿੱਠੀ, ਅੰਨ੍ਹਿਆਂ ਦੀ ਅੰਨ੍ਹੀ ਸਰਕਾਰ ਸੁੰਝ ਸਰਾਂ ਸੀ ਸਾਰੀ ਬਸਤੀ, ਚਹੁੰ ਪਾਸੀਂ ਸੀ ਨੇਰ੍ਹਾ ਘੁੱਪ। ਪੌਣਾਂ ਦੀ ਸਾਜ਼ਿਸ਼ ਸੀ ਕੋਈ ਜਾਂ ਹੋਣੀ ਦਾ ਅੰਨ੍ਹਾ ਗੇੜ੍ਹ ਰੁੱਖਾਂ ਵਾਂਗ ਛਾਂਗਿਆ ਸਾਨੂੰ, ਰਹੀ ਵੇਖਦੀ ਬਸਤੀ ਚੁੱਪ। ਭੇਟਾਂ ਗਾਉਂਦੇ ਜਿਹੜੇ ਸ਼ਾਇਰ ਉਨ੍ਹਾਂ ਦੀ ਹੀ ਚਾਂਦੀ ਹੈ ਰਾਜ ਮੰਚ ਤੋਂ ਦੂਰ ਦੁਰੇਡੇ ਲੋਕ ਕਵੀ ਦੀ ਡੂੰਘੀ ਚੁੱਪ । ਭੇਡਾਂ ਵਾਹੁਣ ਲੋਕੀਂ ਪਾਉਂਦੇ ਰਹਿੰਦੇ ਅਪਣੇ ਵੋਟ ਵੋਟਾਂ ਮਗਰੋਂ ਉਹੋ ਕੁਰਸੀ, ਉਹੋ ਵਜ਼ਾਰਤ, ਨੇਰ੍ਹਾ ਘੁੱਪ।
ਇਸ ਮਰਜ਼ ਦਾ ਇਲਾਜ਼ ਤਾਂ
ਇਸ ਮਰਜ਼ ਦਾ ਇਲਾਜ਼ ਤਾਂ ਖੁਦਕਸ਼ੀ ਨਾ ਕਤਲ ਹੈ ਇਹ ਮਰਜ਼ ਪੁਰਾਣਾ ਦੋਸਤੋ ਇਤਿਹਾਸ ਦਾ ਫ਼ਲ ਹੈ। ਤੇਰਾ ਹਰ ਇਕ ਸਿੰਘ ਅੱਜ ਰਹਿ ਗਿਆ ਹੋਕੇ ਗੁਲਾਮ ਭਾਵੇਂ ਆਪਣੇ ਮਨ ’ਚ ਸੋਚੇ ਉਸ 'ਚ ਲੱਖ ਨਿੱਜ ਬਲ ਹੈ । ਪੋਟਾ ਪੋਟਾ ਕਟ ਰਿਹਾ ਸਾਜਿਸ਼ ਭਰੇ ਮਹੌਲ ਵਿੱਚ ਸਿਰਜਣ ਸ਼ਕਤੀ ਮੇਰੀ ਦਾ ਯਾਰੋ ਜੋ ਵੀ ਕੋਈ ਮਹਿੰਗਾ ਪਲ ਹੈ । ਸ਼ੂਕਦੇ ਦਰਿਆ ਜਿਹਾ ਅਹਿਸਾਸ, ਮੁਕਿਆ ਚਿਰਾਂ ਤੋਂ ਜਿਸ ਪਾਸੇ ਵੀ ਤੱਕਾਂ ਹੁਣ ਤਾਂ ਬਸ ਪਸਰਿਆ ਮਾਰੂਥਲ ਹੈ । ਉਂਝ ਤਾਂ ਮੇਰੇ ਤੇ ਪੰਡਿਤ ਦੇ ਝੋਲੇ ਦਾ ਇਕੋਂ ਹੈ ਰੰਗ ਇਸ ਝੋਲੇ 'ਚ ਉਮਰਾ ਦੀ ਮਸਤੀ ਉਤ ਫੋਕਾ ਗੰਗਾਜਲ ਹੈ । ਜਿਸ ਥਾਂ ਕਦੇ ਗੁਟਕਦੇ ਸੀ ਬੋਲ ਮੇਰੇ ਮਾਣਮੱਤੇ ਅੱਜ ਉਹੋ ਥਾਂ ਬਣੀ ਯਾਰੋ ਮੇਰੇ ਲਈ ਮਕਤਲ ਹੈ।
ਮੇਰੇ ਹਾਵੇ, ਮੇਰੇ ਹੰਝੂ
ਮੇਰੇ ਹਾਵੇ, ਮੇਰੇ ਹੰਝੂ, ਮੇਰੇ ਇਸ ਹੌਕੇ ਦੀ ਗੱਲ ਕਾਹਨੂੰ ਐਂਵੇਂ ਛੇੜੀਏ, ਖੁੰਝੇ ਹੋਏ ਮੌਕੇ ਦੀ ਗੱਲ । ਮੈਂ ਸਾਂ ਉਹਦਾ ਦੀਨ ਉਹ ਸੀ ਈਮਾਨ ਮੇਰੀ ਖੂਨ ਦੇ ਤਿਹਾਏ ਕੀਕੁਣ ਵੇਖੋ ਇਹ ਮੌਕੇ ਦੀ ਗੱਲ। ਚਾਂਦਨੀ ਦੀ ਲੋਅ ੱਚ ਹਸ ਹਸ ਕੀਤੇ ਸੀ ਕੀਕੂੰ ਕਲੋਲ । ਜਾਪਣ ਕੀਕੁਣ ਗੁਨਾਹ, ਵੇਖੋ ਇਹ ਮੌਕੇ ਦੀ ਗੱਲ । ਮਾਂਗ ਵਿਚ ਉਸਦੇ ਸੰਧੂਰ, ਸਾਡੀ ਦੋਹੀ ਤੇ ਭਵੂਤ ਹੀਰ ਕਿੱਥੇ, ਮੈਂ ਵੀ ਕਿੱਥੇ, ਵੇਖ ਇਹ ਮੌਕੇ ਦੀ ਗੱਲ। ਨਾ ਮੈਂ ਖੱਜਲ ਹੁੰਦਾ ਉਦੋਂ, ਹੁੰਦੀ ਨਾ ਉਹ ਵੀ ਖੁਆਰ ਸਾਂਭ ਨਾ ਹੋਈ ਅਸਾਥੋਂ, ਵੇਖੋ ਇਹ ਮੌਕੇ ਦੀ ਗੱਲ । ਮੇਰੇ ਹਾਵੇ, ਮੇਰੇ ਹੰਝੂ, ਮੇਰੇ ਇਸ ਮੌਕੇ ਦੀ ਗੱਲ ਕਾਹਨੂੰ ਐਂਵੇਂ ਛੇੜੀਏ, ਖੁੰਝੇ ਹੋਏ ਮੌਕੇ ਦੀ ਗੱਲ ।
ਜਿਸਮ ਦੀ ਲੱਜ਼ਤ 'ਚ ਖੁਰਗੇ
ਜਿਸਮ ਦੀ ਲੱਜ਼ਤ 'ਚ ਖੁਰਗੇ ਰੂਹ ਦੇ ਰਿਸ਼ਤੇ ਇਸਤਰ੍ਹਾਂ ਜਲ ਤੇ ਵਾਹੀ ਲੀਕ ਕੋਈ ਪਲ 'ਚ ਮਿਟਦੀ ਜਿਸਤਰ੍ਹਾਂ । ਬਲਦੇ ਸਿਵੇ ਨੂੰ ਠਾਰਦਾ ਰਿਹਾ ਮੈਂ ਸਾਰੀ ਸਾਰੀ ਰਾਤ ਤਪਦੇ ਥੰਮ ਨੂੰ ਪਾਕੇ ਜੱਫ਼ੀ, ਖੜਾ ਸਾਂ ਪ੍ਰਲਾਦ ਤਰ੍ਹਾਂ। ਮੈਂ ਸਾਂ ਦਰਿਆ ਬਣਿਆ ਸਹਿਰਾ, ਉਹ ਮੋਮਬੱਤੀ ਪਿਘਲਗੀ ਲੁਤਫ਼ੇ ਗੁਨਾਹ ਦੇ ਦਾਗ ਪੈ ਗਏ ਤਲੀ ਤੇ, ਮੈਂ ਕੀ ਕਰਾਂ । ਉਮਰਾਂ ਦਾ ਸੰਗ ਨਿਭੌਣ ਦਾ ਕਰਦੀ ਰਹੀ ਸੀ ਉਹ ਕਰਾਰ ਤਪਦੇ ਥਲ ਵਿਚ ਛੱਡਕੇ ਤੁਰਗੀ ਬੇਸਹਾਰਾ, ਕੀ ਕਰਾਂ। ਜੀਣ ਦਾ ਕੀ ਹੱਜ ਯਾਰਾ, ਮੌਤ ਵੀ ਤਾਂ ਔਂਦੀ ਨਹੀਂ ਤੇਰੇ ਬਿਨਾਂ ਇਹ ਜੂਨ ਸਾਰੀ ਕੀਕੂੰ ਲੰਘੇ ਇਸ ਤਰ੍ਹਾਂ । ਜਿਸਮ ਦੀ ਲੱਜ਼ਤ ੱਚ ਖੁਰਗੇ ਰੂਹ ਦੇ ਰਿਸ਼ਤੇ ਇਸ ਤਰ੍ਹਾਂ ਜਲ ਤੇ ਵਾਹੀ ਲੀਕ ਕੋਈ ਪਲ 'ਚ ਮਿਟਦੀ ਜਿਸਤਰ੍ਹਾਂ।
ਮਨ ਹੀ ਮੈਲਾ ਸੀ ਮੇਰਾ
ਮਨ ਹੀ ਮੈਲਾ ਸੀ ਮੇਰਾ ਜਾਂ ਮੈਲੇ ਸਨ ਬੋਲ ਗਜ਼ਲ ਲਿਖ ਨਾ ਹੋਈ ਮੈਥੋਂ ਬਹਿਕੇ ਤੇਰੇ ਕੋਲ । ਜੋਗ ਕਮਾਵਣ ਲਈ ਸੀ, ਉਹ ਸੁੱਤਾ ਹੂਰਾਂ ਨਾਲ ਭੈੜੇ ਲੋਕੀਂ ਬੋਲਣ ਐਵੇਂ, ਕਿੰਨੇ ਬੋਲ ਕਬੋਲ ! ਕੁੜੀ ਤਾਂ ਗੁੱਡੀ ਕੱਚ ਦੀ, ਅਪਣਾ ਕਰੋ ਬਚਾਅ ਮੁੰਡਾਂ ਤਾਂ ਹੱਡ ਮਾਸ ਦਾ, ਤੇ ਮਨੂਆ ਡਾਂਵਾ ਡੋਲ। ਆਦਮੀ ਹਾਂ ਆਦਮੀ, ਕੋਈ ਦੇਵਤਾ ਨਹੀਂ ਦੇਵਤੇ ਦੇ ਨਾਲ ਰੱਖਕੇ, ਅੱਜ ਨਾ ਮੈਨੂੰ ਤੋਲ। ਨਗਮਾ ਕਿਸੇ ਬਹਾਰ ਦਾ, ਬਣ ਨਾ ਸਕਿਆ ਮੈਂ ਸੁੱਕੇ ਝੜੇ ਪੱਤਿਆਂ ਸੰਗ, ਭਰੀ ਪਈ ਮੇਰੀ ਝੋਲ । ਕਾਲੀ ਬਿੱਲੀ ਵਾਕੁਣ ਝਪਟੂ, ਤੇਰੇ ਤੇ ਇਹ ਸਰਕਾਰ ਵਾਂਗ ਕਬੂਤਰ ਬੰਦਿਆ ਅੱਖੀਆਂ, ਖੋਲ ਭਾਵੇਂ ਨਾ ਖੋਲ । ਇਸ਼ਕ ਅਸਾਡਾ ਬਣ ਗਿਆ, ਪਸ਼ੂ ਪਾਲਾਂ ਦੀ ਖੇਡ ਕੈਦੋਂ ਨਾਲ ਯਰਾਨਾ ਲਾਕੇ, ਸੈਦੇ ਕੀਤੀ ਬਾਜ਼ੀ ਗੋਲ !
ਮਨ ਤੋਂ ਸੰਸਾ ਲੱਥਾ ਨਾ ਭਾਵੇਂ
ਮਨ ਤੋਂ ਸੰਸਾ ਲੱਥਾ ਨਾ ਭਾਵੇਂ ਸਾਮਰਾਜੀ ਸਰਕਾਰਾਂ ਦਾ। ਐਪਰ ਅੰਦਰ ਮੇਰੇ ਸ਼ੋਰ ਹੈ ਰੌਣਕ ਭਰੇ ਬਜ਼ਾਰਾਂ ਦਾ। ਮਾਨਵਤਾ ਦੇ ਚਿਹਰੇ ਤੇ ਪਹਿਲਾਂ ਹੀ ਬੜੇ ਨੇ ਦਾਗ ਛੱਡਦੋਂ ਹੁਣ ਖਿਆਲ ਤੁਸੀਂ, ਤੀਰਾਂ ਤੇ ਤਲਵਾਰਾਂ ਦਾ । ਮਨੂਏ ਮੇਰੇ ਖਿਲ ਪੈਂਦੀਆਂ ਚੰਬੇ ਦੀਆਂ ਕਲੀਆਂ ਜ਼ਿਕਰ ਜਦੋਂ ਵੀ ਛਿੜਦੈ ਕਦੇ ਕਿਤੇ ਬਹਾਰਾਂ ਦਾ । ਸਿਰ ਮੇਰੇ ਤੇ ਕਲਗੀ ਲਾਵੋ ਤੇ ਹੱਥੀਂ ਉਹਦੇ ਮਹਿੰਦੀ ਕਾਹਨੂੰ ਝੇੜਾ ਲੈ ਬੈਠੇ ਯਾਰੋ ਐਵੇਂ, ਸ੍ਰਿਸ਼ਠਾਚਾਰਾਂ ਦਾ । ਇਸ਼ਕ ਅੱਲ੍ਹਾ ਦੀ ਜਾਤ ਆਪੇ ਹੀ ਤੇ ਕਹਿੰਦੇ ਸੀ ਫਿਰ ਕਿਉਂ ਕਤਲ ਹੈ ਹੁੰਦਾ ਸੱਚੇ ਸੁੱਚੇ ਪਿਆਰਾਂ ਦਾ। ਮਨ ਤੋਂ ਸੰਸਾ ਲੱਥਾ ਨਾ ਭਾਵੇਂ ਸਾਮਰਾਜੀ ਸਰਕਾਰਾਂ ਦਾ । ਐਪਰ ਅੰਦਰ ਮੇਰੇ ਸ਼ੋਰ ਹੈ ਰੌਣਕ ਭਰੇ ਬਜ਼ਾਰਾਂ ਦਾ।
ਕਿਸ ਗੁਨਾਹ ਦੀ ਮਿਲੀ ਏ
ਕਿਸ ਗੁਨਾਹ ਦੀ ਮਿਲੀ ਏ ਸਾਨੂੰ ਇਹ ਸਜ਼ਾ, ਰਸਤੇ 'ਚ ਰੋਕ ਲੈਂਦੇ ਨੇ ਨਿੱਤ ਬਿਨ ਵਜ੍ਹਾ। ਨਾਂ ਹੀ ਕੁਝ ਕਹਿੰਦੇ ਤੇ ਨਾ ਹੀ ਨੇ ਸੁਣਦੇ, ਪਤਾ ਨਹੀਂ ਕੀ ਏ ਉਨ੍ਹਾਂ ਦੀ ਰਜ਼ਾ । ਜ਼ਖਮ ਇਹ ਨਾ ਵਧੇ ਤੇ ਨਾ ਹੀ ਘਟੇ, ਕਰਾਂ ਤਾਂ ਮੈਂ ਕੀ ਕਰਾਂ ਇਸ ਦੀ ਦਵਾ । ਰਾਤ ਦਿਹੁੰ ਭਟਕਦਾਂ ਜਿਸ ਖੁਸ਼ਬੂ ਲਈ, ਕਿਤੇ ਅੰਦਰ ਤਾਂ ਨੀ ਮੇਰੇ ਇਹ ਪ੍ਰੇਮ ਨਸ਼ਾ । ਕਟ ਤਾਂ ਜਾਣੀਂ ਤੇਰੇ ਬਿਨ ਵੀ ਜ਼ਿੰਦਗੀ, ਪਰ ਜ਼ਿੰਦਗੀ 'ਚ ਹੋਣਾ ਨੀ ਜ਼ਿੰਦਗੀ ਦਾ ਨਸ਼ਾ। ਕਿਸ ਗੁਨਾਹ ਦੀ ਮਿਲੀ ਏ ਸਾਨੂੰ ਇਹ ਸਜ਼ਾ, ਰਸਤੇ 'ਚ ਰੋਕ ਲੈਂਦੇ ਨੇ ਨਿੱਤ ਬਿਨ ਵਜ੍ਹਾ।
ਮੁੱਖ ਪੰਨਾ : ਪੰਜਾਬੀ ਰਚਨਾਵਾਂ : ਤ੍ਰੈਲੋਚਨ ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ