Kaale Haashiye : Trailochan

ਕਾਲੇ ਹਾਸ਼ੀਏ (ਕਾਵਿ ਸੰਗ੍ਰਹਿ) : ਤ੍ਰੈਲੋਚਨ


ਭੂਮਿਕਾ : ਡਾ. ਰਵਿੰਦਰ ਸਿੰਘ ਰਵੀ

ਡਾ. ਤ੍ਰੈਲੋਚਨ ਦੀ ਕਾਵਿ ਸਿਰਜਨਾ ਦਾ ਸਫ਼ਰ ਉਸ ਪੀੜੀ ਦੇ ਰੁਸ਼ਟ ਨੌਜੁਆਨਾ ਨਾਲ ਸ਼ੁਰੂ ਹੋਇਆ ਜਿਹੜੇ ਅਪਣੇ ਆਲੇ ਦੁਆਲੇ ਦੀ ਹਰ ਵਸਤੂ ਜਾਂ ਜੀਵਨ ਮੁੱਲ ਅਤੇ ਇਥੋਂ ਤਕ ਕਿ ਆਪਣੇ ਆਪ ਦਾ ਇਕ ਧਮਾਕੇ ਖੋਜ਼ ਅੰਦਾਜ਼ ਵਿਚ ਵਿਸਫੋਟ ਕਰਨ ਲਈ ਉਤਾਵਲੇ ਸਨ, ਉਨ੍ਹਾਂ ਦੇ ਰੋਸੇ ਵਿਚ ਰੋਹ ਸੀ ਤੇ ਰੋਹ ਵਿਚ ਕੁੜੱਤਨ । ਉਨ੍ਹਾਂ ਨੂੰ ਸਮਾਜ, ਨਾ ਜ਼ਿੰਦਗੀ ਤੇ ਨਾ ਹੀ ਸਥਾਪਤ ਬੰਧਨ ਜਾਂ ਮਰਿਯਾਦਾ ਕੁਝ ਵੀ ਅਪਣੇ ਮੇਚ ਜਾਂ ਹਾਣ ਦਾ ਨਹੀਂ ਲਗਦਾ ਸੀ। ਉਹ ਇਸਦੀ ਸਾਰਹੀਣਤਾ ਅਤੇ ਖੋਖਲੇਪਨ ਤੋਂ ਇੰਨੇ ਨਿਰਾਸ਼, ਉਦਾਸ ਅਤੇ ਰੁਸ਼ਟ ਸਨ ਕਿ ਸਿਵਾਏ ਇਸਦੀਆਂ ਧੱਜੀਆਂ ਉਡਾਉਣ ਅਤੇ ਇਨ੍ਹਾਂ ਨੂੰ ਤਬਾਹ ਕਰਨ ਤੋਂ ਉਨ੍ਹਾਂ ਨੂੰ ਹੋਰ ਕੋਈ ਰਸਤਾ ਨਜ਼ਰ ਨਹੀਂ ਆਂਉਂਦਾ ਸੀ। ਉਨ੍ਹਾਂ ਦਾ ਰੋਹ ਇੰਨਾਂ ਤਿੱਖਾ ਅਤੇ ਹਿੰਸਕ ਸੀ ਜਿਸਦੇ ਰਿਸ਼ਤਿਆਂ ਅਤੇ ਵਿਸ਼ਵਾਸ਼ਾਂ ਅੱਗੇ ਨਿਖੇਧਾਤਮਕ ਰੁਚੀਆਂ ਦੀ ਗੱਲ ਤਾਂ ਇਕ ਪਾਸੇ ਕੋਈ ਵੀ ਸਾਰਥਕ ਅਤੇ ਸਕਾਰਤਮਕ ਮੁੱਲ ਪ੍ਰਬੰਧ ਵੀ ਕੋਈ ਅਰਥ ਨਹੀਂ ਰਖਦਾ ਸੀ । ਇਨ੍ਹਾਂ ਕਵੀਆਂ ਨੇ ਸ਼ਬਦਾਂ ਉਨ੍ਹਾਂ ਦੇ ਸਥਾਪਤ ਭਾਵ ਖੇਤਰ ਦੇ ਨਿੱਕੇ ਤੋਂ ਨਿੱਕੇ ਜੁਗ ਤੋਂ ਲੈ ਕੇ ਸਮੁੱਚੇ ਜੀਵਨ ਪ੍ਰਬੰਧ ਸਮਾਜ ਪ੍ਰਬੰਧ ਤੇ ਪ੍ਰਕ੍ਰਿਤੀ ਪ੍ਰਬੰਧ ਅੰਦਰੋਂ ਤੋੜ ਦੇਣ ਦੀ ਰੁਚੀ ਨੂੰ ਉਭਾਰਿਆ । ਭਾਵਾਂ ਦੀ ਇਸ ਨਿਰੰਕੁਸ਼ਤਾ ਅਤੇ ਅਰਾਜਕਤਾ ਨਾਲ ਡੂੰਘੇ ਮਤਭੇਦਾਂ ਦੇ ਬਾਵਜੂਦ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਜਿਹੇ ਰੋਹ ਨੇ ਖੋਖਲੀਆਂ ਜੀਵਨ ਕੀਮਤਾਂ, ਵਿਵਹਾਰਕ ਸਰਗਰਮੀਆ ਅਤੇ ਵਿਚਾਰਧਾਰਕ ਆਦਰਸ਼ਾਂ ਦੇ ਬਾਹਰੀ ਅਡੰਬਰ ਨੂੰ ਅਸਵੀਕਾਰ ਕਰਦਿਆਂ ਜ਼ਿੰਦਗੀ ਦੇ ਸਾਰਥਕ ਮੁੱਲਾਂ ਨੂੰ ਉਭਾਰਨ ਲਈ ਅਚੇਤ ਹੀ ਇਕ ਮਹੱਤਵਪੂਰਨ ਭੂਮਿਕਾ ਨਿਭਾਈ, ਨਾਲ ਹੀ ਸਾਮੰਤਵਾਦੀ ਰਹਿਤਲ ਅਤੇ ਉਭਰ ਰਹੇ ਬੁਰਜ਼ੂਆ ਮਾਹੌਲ ਵਿਚਲੀ ਸਾਰਹੀਨਤਾ ਅਤੇ ਦਿਖਾਵੇ ਤੋਂ ਅਸਤੁੰਸ਼ਟਤਾ ਨੇ ਆਖਿਰ ਵਿਚ ਕਿਸੇ ਸਾਰਥਕ ਤੇ ਸਥੂਲ ਦਿਸ਼ਾ ਵਲ ਰੁਚਿਤ ਹੋਣ ਦੀਆਂ ਪ੍ਰਵ੍ਰਿਤੀਆਂ ਨੂੰ ਵੀ ਜਨਮ ਦਿੱਤਾ ।

ਇਹੋ ਪ੍ਰਸੰਗ ਹੈ ਜਿਸ ਵਿਚ 'ਅਹਮ' 'ਤ੍ਰਿਸ਼ੰਕੂ' ਅਤੇ ‘ਬਦਨਾਮ ਹਵਾ' ਬਾਅਦ ਡਾ. ਤ੍ਰੈਲੋਚਨ ਦੇ ਚੌਥੇ ਕਾਵਿ ਸੰਗ੍ਰਹਿ 'ਕਾਲੇ ਹਾਸ਼ੀਏ' ਵਿਚਲੇ ਕਾਵਿ ਮੁੱਲਾਂ ਦੇ ਸੁਭਾ ਨੂੰ ਪਛਾਣਿਆ ਜਾ ਸਕਦਾ ਹੈ। ਜ਼ਿੰਦਗੀ ਦੀ ਸਾਰਥਕਤਾ ਨੂੰ ਉਸਦੀ ਸਮੁੱਚਤਾ ਅਤੇ ਅਸਲੀਅਤ ਵਿਚ ਗ੍ਰਹਿਣ ਕਰਨ ਲਈ ਜ਼ਰੂਰੀ ਹੈ ਕਿ ਉਸਦੀ ਸਾਰਹੀਨਤਾ ਅਤੇ ਨਿਰਾਰਥਕਤਾ ਦਾ ਤੀਬਰ ਅਨੁਭਵ ਵੀ ਹੋਵੇ । ਪਹਿਲੇ ਦੇ ਵਿਚਲੀ ਭਾਵਾਂ ਦੀ ਨਿਰੰਕੁਸ਼ਤਾ ਅਤੇ ਜੀਵਨ ਕੀਮਤਾਂ ਦੀ ਅਰਾਜਕਤਾ ਦੇ ਇਸ ਚੌਥੇ ਕਾਵਿ ਸੰਗ੍ਰਿਹ ਵਿਚ ਪਹੁੰਚਦਿਆਂ ਸਹਿਜਤਾ ਦੇ ਅਨੁਸ਼ਾਸਨ ਦਾ ਰੂਪ ਧਾਰਣ ਕਰਕੇ ਕਿਸੇ ਅਰਥ ਭਰਪੂਰ ਉਮੀਦ ਵਿਚ ਬਦਲ ਗਈ ਹੈ :

ਅਜੇ ਮੌਸਮ ਹੈ ਗੰਧਲਾ ਤੇ ਖ਼ਰਾਬ
ਸਾਨੂੰ ਨਹੀਂ ਪਤਾ ਨਾ ਕੋਈ ਹਿਸਾਬ
ਸੂਰਜ ਕਦੋਂ ਚੜ੍ਹਦਾ ਤੇ ਕਦੋਂ ਛਿਪਦੈ
ਅਸੀਂ ਤਾਂ ਦਿਨ ਦੀਵੀਂ ਹੀ ਅਪਣੇ
ਤਹਿਖਾਨਿਆਂ 'ਚ ਬੰਦ ਹੋ ਜਾਂਦੇ
ਕਬੂਤਰ ਵਾਂਗ ਅੱਖਾਂ ਮੀਟੀ ਅਸੀਂ
ਸੁਰੱਖਿਅਤ ਮਹਿਸੂਸ ਕਰਦੇ ਹਾਂ
ਜਾਣਦਾਂ ਰੋਜ਼ ਹੁੰਦੇ ਨੇ ਅੱਖਰ ਖਫ਼ਾ
ਪਰ ਲਿਖ ਨਹੀਂ ਹੁੰਦਾ ਇਕ ਵੀ ਸਫ਼ਾ
ਅੰਤ ਇਹ ਸੋਚ ਲਵਾਂ ਮਨ ਪਰਚਾ
ਮਿਹਨਤਾਂ ਦੇ ਸਿੱਟਿਆ ਨੂੰ ਜਦੋਂ ਪੈਣਾ ਏ ਬੂਰ
ਨਫ਼ਰਤਾਂ ਦੀਆਂ ਦੀਵਾਰਾਂ ਨੇ ਵੀ ਬਦਲਣਾ ਦਸਤੂਰ
ਬਗਲਗੀਰ ਹੋਕੇ ਤੁਰਾਂਗੇ ਤ੍ਰੇਲ ਧੋਤੇ ਘਾਹ ਤੇ
ਆਵੇਗਾ ਇਕ ਦਿਨ ਸਾਥੀਆ ਇਹ ਵੀ ਜ਼ਰੂਰ
ਆਵੇਗਾ ਇਕ ਦਿਨ ਸਾਥੀਆ ਇਹ ਵੀ ਜ਼ਰੂਰ

ਉਹ ਅਪਣੇ ਆਲੇ ਦੁਆਲੇ ਦੇ ਹਰ ਵਰਤਾਰੇ ਦੇ ਤਿੜਕੇ ਹੋਏ ਰੂਪਾਂ ਦੇ ਚੇਤਨ ਅਤੇ ਉਨ੍ਹਾਂ ਨਾਲ ਇਕ ਸੁਰ ਵੀ ਹੈ ਪਰ ਇਸ ਤ੍ਰੇੜ ਵਿਚੋਂ ਵੀ ਜ਼ਿੰਦਗੀ ਦੀ ਸਮੁੱਚਤਾ ਅਤੇ ਸਜੁੰਗਤਤਾ ਪ੍ਰਤਿਅਧਿਕ ਸਰਗਰਮ ਪ੍ਰਤੀਬੱਧਤਾ ਦਾ ਧਾਰਣੀ ਹੈ । ਹੁਣ ਪਹਿਲਾਂ ਵਾਂਗ ਤਿੜਕੇ ਵਰਤਾਰੇ ਹੀ ਅਪਣੇ ਆਪ ਵਿਚ ਯਥਾਰਥ ਦਾ ਅੰਤਿਮ ਰੂਪ ਨਹੀਂ ਨਾ ਹੀ ਇਥੋਂ ਤਕ ਸੀਮਿਤ ਹੋਣਾ ਕਵੀ ਦੇ ਅਨੁਭਵ ਦੀ ਸੀਮਾ ਹੈ । ਸਗੋਂ ਇਸ ਤ੍ਰੇੜ ਦੀ ਚੇਤਨਾ ਹੁਣ ਸਮੁੱਚੇ ਕਾਵਿ-ਅਨੁਭਵ ਨੂੰ ਇਤਿਹਾਸਕ ਯਥਾਰਥਮੁਖਤਾ ਪ੍ਰਵਾਨ ਕਰਦੀ ਨਜ਼ਰ ਆਉਂਦੀ ਹੈ । ਟੁੱਟੇ ਸੁਪਨਿਆਂ ਦੇ ਪ੍ਰਸੰਗ ਵਿਚ ਹੀ ਕਿਸੇ ਉਚੇਰੇ ਸੁਪਨੇ ਦੀ ਸਿਰਜਨਾ ਸਰੋਤ ਹੋ ਸਕਦੀ ਹੈ । ਟੁੱਟਦੇ ਵਿਸ਼ਵਾਸ਼, ਆਦਰਸ਼, ਸੰਕਲਪ ਅਤੇ ਜੀਵਨ ਮੁੱਲ ਹੀ ਕਿਸੇ ਨਵੇਂ ਜੀਵਨ-ਪ੍ਰਬੰਧ ਦੀ ਉਸਾਰੀ ਨੂੰ ਸੰਭਵ ਬਣਾ ਸਕਦੇ ਹਨ। ਇਸੇ ਲਈ ਤ੍ਰੈਲੋਚਨ ਨੂੰ ਹੁਣ ਸਿਵੇ ਵਾਂਗ ਦਗਦੇ ਸੁਪਨ ਪਿਆਰੇ ਲਗਦੇ ਹਨ।

ਟੁੱਟ ਗਿਆ ਹਾਂ ਤਿੜਕ ਗਿਆ ਹਾਂ
ਬੇਸ਼ਕ ਸ਼ੀਸ਼ੇ ਵਾਂਗ ਮੈਂ
ਪਰ ਮੈਨੂੰ ਅੱਜ ਵੀ ਉਹ ਸੁਪਨੇ ਪਿਆਰੇ ਲਗਦੇ ਨੇ
ਜੋ ਮੇਰੇ ਨੈਣੀਂ ਰਾਤੀਂ ਵਾਂਗ ਸਿਵੇ ਦੇ ਦਗਦੇ ਨੇ ।

ਨਿਰਾਸ਼ਾ, ਅਵਿਸ਼ਵਾਸ਼, ਨਿਗਰਯੁਕਤਾ ਸੰਤਾਪਗ੍ਰਸਤ ਹੋਂਦ ਨੂੰ ਸਿਵਿਆਂ ਵਾਂਗ ਬਲਦੇ ਸੁਪਨਿਆਂ ਨਾਲ ਰੌਸ਼ਨ ਰੱਖਣਾ ਤ੍ਰੈਲੋਚਨ ਦੇ ਇਸ ਕਾਵਿ-ਸੰਗ੍ਰਹਿ ਦਾ ਮੁੱਖ ਸੁਰ ਹੈ। ਜਿਥੇ ਉਹ ਅਪਣੇ ਆਲੇ ਦੁਆਲੇ ਦੀ ਸਥੂਲ ਇਤਹਾਸਕਤਾ ਪ੍ਰਤਿ ਚੇਤਨ ਅਤੇ ਉਸ ਨਾਲ ਅਭੇਦ ਨਜ਼ਰ ਆਉਂਦਾ ਹੈ ਉਸ ਨਾਲ ਹੀ ਉਸਦੇ ਅਸਤਿਤ੍ਵ ਦੀ ਪਹਿਲੀ ਅਰਾਜਕਤਾ ਅਤੇ ਨਿਰੰਕੁਸ਼ਤਾ ਯਥਾਰਥਮੁਖੀ ਇਤਿਹਾਸਕ ਚੇਤਨਾ ਦਾ ਰੂਪ ਧਾਰਣ ਕਰਨ ਵਲ ਸਰਗਰਮ ਰੂਪ ਵਿਚ ਨਜ਼ਰ ਆਉਂਦੀ ਹੈ ।

(ਓ) ਪਰ ਹੁਣ ਸਮਾਂ ਕਰਵਟ ਲੈ ਰਿਹਾ ਏ
ਝੁੱਗੀਆਂ ਦੀ ਅੱਖਾਂ 'ਚ
ਸੁਪਨੇ ਨਹੀਂ ਸੂਲਾਂ ਹਨ
ਸੂਲਾਂ ਦੀ ਪੀੜ ਜਦ ਅੱਖਾਂ 'ਚ ਉਗ ਆਏ
ਤਾਂ ਕਹਿੰਦੇ ਮਹਿਲਾਂ ਦੀ ਨੀਂਦ ਹੁੰਦੀ ਹਰਾਮ
ਫਿਰ ਕੋਈ ਨਹੀਂ ਕਰ ਸਕਦਾ ਅਰਾਮ ।

(ਅ) ਅਸੀਂ ਕਰਨਾਂ ਹੈ ਸਾਹਮਣਾ ਅਪਣੇ ਆਪਦਾ
ਤੇ ਉਸ ਬੌਣੇ ਆਦਮੀ ਦਾ ਵੀ
ਸਾਡੇ ਅੰਦਰ ਬੈਠਾ ਏ ਜੋ
ਆਸਣ ਲਾ ਸ਼ਹਿਨਸ਼ਾਹਾਂ ਵਾਂਗ
.... ... .... ... ... ...
ਚਿੱਕੜ 'ਚ ਹੁਣ ਹੋਰ ਨਹੀਂ ਚਲ ਸਕਦੇ
ਸਾਡੇ ਗੋਡੇ ਤੇ ਕੂਹਣੀਆਂ
ਘਸਗਈਆਂ ਖੜ ਗਈਆਂ
ਅਸੀਂ ਹੁਣ ਲੈਣਾ ਏ ਸਹਾਰਾ ਆਪਣੇ ਪੈਰਾਂ ਦਾ
ਬਸਾਖੀਆਂ ਸੁੱਟ ਦੇਣੀਆਂ ਨੇ ਕਿਸੇ ਬੋੜੇ ਖੂਹ 'ਚ

'ਚੁੱਪ ਦੀ ਤਲਾਸ਼ 'ਚ, ਚੁੱਪ ਜਿਹੇ ਬੰਦੇ, ਸ਼ਬਦ ਬ੍ਰਹਮ ਦੀ ਓਟ ਲੈ' ਆਦਿ ਕਵਿਤਾਵਾਂ ਉਸਦੀ ਯਥਾਰਥਮੁਖੀ ਇਤਿਹਾਸਕ ਚੇਤਨਾ ਦੇ ਵੱਖ ਵੱਖ ਪਹਿਲੂਆਂ ਦੇ ਤੀਬਰ ਅਹਿਸਾਸ ਨੂੰ ਕਾਵਿ-ਅਭਿਵਿਅੰਜਨ ਪ੍ਰਦਾਨ ਕਰਨ ਦੇ ਸਫਲ ਉਪਰਾਲੇ ਹਨ । ਪੰਜਾਬ ਦੀ ਅਜੋਕੀ ਸੰਤਾਪਗ੍ਰਸਤ ਇਤਿਹਾਸਕ ਹੋਣੀ ਦੇ ਭਿਅੰਕਰ ਦੁਖਾਂਤ ਸਬੰਧੀ ਉਸਦੀਆਂ ਨਜ਼ਮਾਂ ‘ਜ਼ਖਮੀ ਪੰਜਾਬ ਮੇਰਿਆ' ‘ਕਾਲੇ ਹਾਸ਼ੀਏ' ‘ਜਲਾਵਤਨ' 'ਪਰਛਾਵਾਂ', 'ਫ਼ਨੀਅਰ' ਅਤੇ ਹਿੰਦੀ ਕਵਿਤਾ 'ਕਹਾਂ ਗਏ ਵੇ ਦਿਨ' ਇਸੇ ਇਤਿਹਾਸਕਤਾ ਨੂੰ ਪੇਸ਼ ਕਰਨ ਵਲ ਰੁਚਿਤ ਨਜ਼ਰ ਆਉਂਦੀਆਂ ਹਨ ।

ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ
ਪੰਜਾਬ


ਜ਼ਖਮੀ ਪੰਜਾਬ ਮੇਰਿਆ

ਵੰਝਲੀ ਦੀ ਥਾਂ ਤੇ ਬੇਲਿਆਂ 'ਚੋਂ 'ਵਾਜ਼ ਗੋਲੀਆਂ ਦੀ ਆਵੇ 'ਵਾਜ ਗੋਲੀਆਂ ਦੀ ਆਵੇ। ਵੇ ਜ਼ਖਮੀ ਪੰਜਾਬ ਮੇਰਿਆ ਤੈਨੂੰ ਰੁੱਸੇ ਨੂੰ ਕੌਣ ਮਨਾਵੇ ਤੈਨੂੰ ਰੁੱਸੇ ਨੂੰ ਕੌਣ ਮਨਾਵੇ ? ਤੇਰੇ ਪਾਣੀਆਂ 'ਚ ਅੱਜ ਮਿਸਰੀ ਦੀ ਥਾਂ ਹੈ ਲਹੂ ਘੁਲਿਆ ਹੈ, ਵਿਹੁ ਘੁਲਿਆ ਤੇਰੀਆਂ ਨੂੰਹਾਂ ਧੀਆਂ ਦਾ ਸੁਹਾਗ ਅੱਜ ਮਿੱਟੀ ਰੁਲਿਆ, ਮਿੱਟੀ ਰੁਲਿਆ ਬੱਚਿਆਂ ਨੂੰ ਦਾਦੀ ਮਾਂ ਵੀ ਪਰੀਆਂ ਦੀ ਥਾਂ ਕਥਾ ਅੱਗ ਦੀ ਸੁਣਾਵੇ ਕਥਾ ਅੱਗ ਦੀ ਸੁਣਾਵੇ ਅੱਜ ਦੱਸ ਫਿਰ ਕੀਕੂੰ ਕੋਈ ਅੱਗ ਇਹ ਬੁਝਾਵੇ ਵੇ ਜ਼ਖਮੀ ਪੰਜਾਬ ਮੇਰਿਆ ਤੇਰੇ ਮਰ੍ਹਮ ਕੋਈ ਕਿੱਥੇ ਕਿੱਥੇ ਲਾਵੇ ਤੇਰੇ ਮਰ੍ਹਮ ਕੋਈ ਕਿੱਥੇ ਕਿੱਥੇ ਲਾਵੇ ? ਇਥੋਂ ਦਾ ਹਰ ਚਿਹਰਾ ਮੁਰਝਾਇਆ ਸਹਿਮਿਆ ਫਿਰੇ ਹਮਸਾਏ ਤੋਂ ਹਮਸਾਇਆ ਮੇਰਾ ਸਹਿਮਿਆ ਮਨੂਆ, ਗੀਤ ਅਮਨਾਂ ਦਾ ਗੀਤ ਅਮਨਾਂ ਦਾ ਕੀਕੂੰ ਗਾਵੇ ਵੇ ਜਖਮੀ ਪੰਜਾਬ ਮੇਰਿਆ ਵੰਝਲੀ ਦੀ ਥਾਂ ਤੇ 'ਵਾਜ ਗੋਲੀਆਂ ਦੀ ਆਵੇ ‘ਵਾਜ਼ ਗੋਲੀਆਂ ਦੀ ਆਵੇ । ਵੇ ਜਖਮੀ ਪੰਜਾਬ ਮੇਰਿਆ ਤੈਨੂੰ ਰੁੱਸੇ ਨੂੰ ਕੌਣ ਮਨਾਵੇ ਤੈਨੂੰ ਰੁੱਸੇ ਨੂੰ ਕੌਣ ਮਨਾਵੇ ? ਵੇ ਜਖਮੀ ਪੰਜਾਬ ਮੇਰਿਆ ।

ਸਹਿਮੀ ਸ਼ਾਮ

ਇਕ ਸ਼ਾਮ ਸੰਧੂਰੀ ਜੀਕੂੰ ਕੋਈ ਰੀਝ ਕੁਆਰੀ ਹੁਣੇ ਹੁਣੇ ਹੋਈ ਹੋਵੇ ਪੂਰੀ ਉਹ ਅਬੋਲਾ ਬੋਲ ਛਵੀ ਤੇ ਤੁਰਨੋਂ ਨਾਵਾਕਿਫ ਵਧਦੇ ਜਾਂਦੇ ਪਰ ਕਦਮ ਉਸਦੇ ਉਸੇ ਸੜਕ ਉਤੇ ਜਿਸ ਤੋਂ ਕਦੇ ਸੀ ਤੁਰਿਆ ਉਹ ਸੱਖਣਾਂ ਪਰ ਫਿਰ ਵੀ ਭਰਿਆ ਭਰਿਆ ਹੋਠਾਂ ਤੇ ਸਨ ਟਹਿਕਦੇ ਬਸ ਬੋਲ, ਫੁੱਲ ਮੁਹੱਬਤ ਵਾਲੇ । ਪਿਛੋਂ ਆਇਆ ਤਿਹਾਇਆ ਖੂਨੀ ਕੋਈ ਹਮਸਾਇਆ ਸੰਗੀਨ ਸੀਨਾ ਵਿੰਨ੍ਹ ਗਈ ਸੀ ਲਾਸ਼ ਤੜਫਦੀ ਧਰਤ ਤੇ ਜੀਕੂੰ ਤੜਫੇ ਮਛਲੀ ਬਿਨ ਜਲ ਤਪਦੀ ਲੂੰਹਦੀ ਰੇਤ ਦੇ ਉਤੇ । ਧਰਮ ਕਰਮ ਚੋਂ ਸੀ ਕੇਹਾ ਉਭਰਿਆ ਰੰਗ ਨਵਾਂ ਨਵੇਲਾ ਹਮਸਾਏ ਦੇ ਖੂਨ ਨਾਲ ਜੋ ਵਜ਼ੂਹ ਕਰੇ, ਕੇਹਾ ਉਠਿਆ ਹੈ ਇਹ ਮਰਦ ਦਾ ਚੇਲਾ ? ਹੁਣ ਨਹੀਂ ਰਿਹਾ ਸ਼ਾਮ ਸੰਧੂਰੀ ਤੁਰਨ ਦਾ ਵੇਲਾ ਆਪਣੇ ਆਪਣੇ ਖੋਲ 'ਚ ਸਿਮਟ ਜਾਵੋ ਦਿਨ ਦੀਵੀਂ ਬੀਤ ਗਿਆ ਹੈ ਹੁਣ ਤਾਂ ਯਾਰੋ, ਸ਼ਾਮ ਸੰਧੂਰੀ ਸੜਕਾਂ ਉਤੇ ਤੁਰਨ ਦਾ ਵੇਲਾ ਸ਼ਾਮ ਸੰਧੂਰੀ ਸੜਕਾਂ ਉਤੇ ਤੁਰਨ ਦਾ ਵੇਲਾ।

ਫ਼ਨੀਅਰ

ਪੂਰਬ ਤੋਂ ਸੂਰਜ ਦੇ ਉਦੈ ਹੁੰਦੇ ਹੀ ਆਪਣੀ ਕੰਜ ਉਤਾਰ, ਕੰਜ ਬਦਲਾਉਂਦਾ ਹੈ ਘੜੀ ਦੀਆਂ ਸੂਈਆਂ ਤੇ ਅਸਵਾਰ ਹੋ ਬਾਥਰੂਮ ਦਾ ਚੱਕਰ ਲਗਾਉਂਦਾ ਹੈ ਫਿਰ ਸੀਸ਼ ਸਾਹਵੇਂ ਖਲੋ ਕੇ ਆਪਣੇ ਫਨ ਨੂੰ ਗਹੁ ਨਾਲ ਤੱਕਦਾ ਹੈ ਅਖਬਾਰ ਦੀਆਂ ਸੁਰਖੀਆਂ 'ਚੋਂ ਬੀਤੀ ਕਲ੍ਹ ਦੀ ਵਿਹੁ ਚੱਟਦਾ ਹੈ ਬੀਤੀ ਕਲ੍ਹ ਦੀ ਵਿਹੁ ਚੱਟਦਾ ਹੈ ਸਾਰਾ ਦਿਨ ਆਦਮ ਬੋ ਆਦਮ ਬੋ ਕਰਦਾ ਸੜਕਾਂ, ਬਜ਼ਾਰਾਂ ਤੇ ਬੇਲਿਆਂ ‘ਚ ਭਟਕਦਾ ਹੈ ਇੰਜ ਤੜਫਦਾ ਜੀਕੂੰ ਕੋਈ ਸੂਲੀ ਤੇ ਲਟਕਦਾ ਹੈ। ਜਿਉਂ ਜਿਉਂ ਸੂਰਜ ਸਿਰ ਤੇ ਚੜ੍ਹਦਾ ਆਉਂਦਾ ਹੈ ਆਪਣੀ ਕਾਰ ਗੁਜ਼ਾਰੀ ਤੋਂ ਡਰਦਾ ਘਬਰਾਉਂਦਾ ਹੈ । ਫਿਰ ਉਹ ਮੂੰਹੋਂ ਵਿਹਲੀ ਝੱਗ ਸੁੱਟਦਾ ਹੋਇਆ ਮਾਸੂਮ ਰਾਹਗੀਰਾਂ ਤੇ ਡੰਗ ਚਲਾਉਂਦਾ ਹੈ ਕੁਝ ਨੂੰ ਜ਼ਖਮੀ ਕਰ, ਕੁਝ ਨੂੰ ਸਦਾ ਦੀ ਨੀਂਦ ਸੁਲਾਉਂਦਾ ਹੈ ਫਿਰ ਰੋਜ਼ਨਾਮਚੇ ਵਿਚ ਗਿਣਤੀ ਪਾਉਂਦਾ ਹੈ। ਸਤਾਈ ਜ਼ਖਮੀ, ਸਤਾਰਾਂ ਮੁੱਠ ਭੇੜ 'ਚ ਮਾਰੇ ਜਾਣ ਤੇਈਆਂ ਦਾ ਆਤੰਕਵਾਦੀ ਨਾਮਕਰਨ ਕਰ ਉਸ ਨੂੰ ਮਸਾਂ ਸੁਖ ਦਾ ਸਾਹ ਆਉਂਦਾ ਹੈ ਉਸ ਨੂੰ ਮਸਾਂ ਸੁਖ ਦਾ ਸਾਹ ਆਉਂਦਾ ਹੈ ਸੰਧਿਆ ਵੇਲੇ ਉਹ ਖੁੱਡ 'ਚ ਵਾਪਸ ਆਉਂਦਾ ਹੈ ਦਿੰਹੁ ਦੇ ਵਿਹੁ ਦਾ ਅਨੁਮਾਨ ਲਗਾਉਂਦਾ ਹੈ ਫਿਰ ਫਖ਼ਰ ਨਾਲ ਫ਼ਨੀਅਰ ਆਪਣਾ ਫਨ ਫਲਾਉਂਦਾ ਹੈ ਸਰਾਲ ਨੂੰ ਬਗਲ 'ਚ ਲੈ ਦਿਨ ਦੀ ਕਥਾ ਸੁਣਾਉਂਦਾ ਹੈ ਰਾਜਧਾਨੀ ‘ਚੋਂ ਮਿਲੀ ਸ਼ਾਬਾਸ਼ ਦੇ ਸੋਹਿਲੇ ਗਾਉਂਦਾ ਹੈ । ਗਾੜ੍ਹੀ ਵਿਹੂ ਦਾ ਘੁੱਟ ਭਰ ਵਿਜੇ ਦੀ ਖੁਸ਼ੀ ਮਨਾਉਂਦਾ ਹੈ ਫਿਰ ਖੁੱਡ ਵਿਚ ਸੁਸਰੀ ਵਾਂਗ ਸੁਸਤਾਉਂਦਾ ਹੈ ਤੇ ਘੁਰਾੜਿਆ ਦੇ ਸੰਖ ਵਜਾਉਂਦਾ ਹੈ ਨਿੱਤ ਨੇਮ ਇੰਜ ਆਪਣੀ ਵਿਜੈ ਭੁੱਖ ਮਿਟਾਉਂਦਾ ਹੈ ਸੁਪਨਿਆਂ ‘ਚ ਤਰੱਕੀ ਤੇ ਤਮਗਿਆ ਦੇ ਅਨੁਮਾਨ ਲਗਾਉਂਦਾ ਹੈ ਸੂਰਜ਼ ਦੇ ਉਦੈ ਹੁੰਦੇ ਹੀ ਫਿਰ ਕੁੰਜ ਬਦਲਾਉਂਦਾ ਹੈ ਸ਼ੀਸੇ ਸਾਹਵੇਂ ਖਲੋ ਕੇ ਆਪਣੇ ਫ਼ਨ ਨੂੰ ਗਹੁ ਨਾਲ ਤੱਕਦਾ ਹੈ ਅਖ਼ਬਾਰ ਦੀਆਂ ਸੁਰਖੀਆਂ ‘ਚੋਂ ਬੀਤੀ ਕਲ੍ਹ ਦੀ ਵਿਹੁ ਚੱਟਦਾ ਹੈ। ਅਖ਼ਬਾਰ ਦੀਆਂ ਸੁਰਖੀਆਂ 'ਚੋਂ ਬੀਤੀ ਕਲ੍ਹ ਦੀ ਵਿਹੁ ਚੱਟਦਾ ਹੈ

ਕਾਲੇ ਹਾਸ਼ੀਏ

ਹੁਣ ਕੁੜੀਏ ਇਸ ਪਿੰਡ ਨਾ ਆਵੀਂ ਮੋਹ ਭਿੱਜਾ ਕੋਈ ਗੀਤ ਨਾ ਗਾਵੀਂ ਹੁਣ ਕੁੜੀਏ ਇਸ ਪਿੰਡ ਨਾ ਆਵੀਂ ਨਾ ਹੁਣ ਭੇਜੀਂ ਕਾਵਾਂ ਹੱਥ ਸੁਨੇਹੇ ਨਾ ਅੰਬਰ ਜਿਹੀ ਝੁੰਬ ਮਾਰ ਕੇ ਆਵੀਂ। ਹੁਣ ਕੁੜੀਏ ਨੀ ਕਾਲੀਆਂ ਬੋਲੀਆਂ ਰਾਤਾਂ ਹੁਣ ਕੁੜੀਏ ਨੀ ਸੁਪਨੇ ਪਾਟੇ ਪਾਟੇ ਪਤਾ ਨਹੀਂ ਕਦੋਂ ਕੋਈ ਇੱਲ ਬਲਾ ਆ ਟਪਕੇ ਨਾਂ ਕੁੜੀਏ ਦੇਵੀਂ ਕੋਈ ਸਾਨੂੰ ਨਵਾਂ ਦਿਲਾਸਾ ਮਨੂਆ ਡੋਲ ਰਿਹਾ ਮਰ ਜਾਣੇ ਦਾ ਕੀ ਭਰਵਾਸਾ ਤੇਰੇ ਸ਼ਹਿਰ ਚੌਰਾਹੇ ਕੁੜੀਏ ਅਸੀਂ ਕਤਲ ਹਾਂ ਹੋਏ ਸੰਗੀਨਾਂ ਦੇ ਸਾਏ ਹੇਠ ਰੂਹ ਪਈ ਰੁਦਨ ਕਰੇ । ਸ਼ਾਲਾ ! ਇਹ ਸ਼ਹਿਰ ਉਜੜੇ ਜਾਂ ਢਹਿਣ ਦਿੱਲੀ ਦੇ ਕਿੰਗਰੇ ਜਾਂ ਵਸਦੀ ਰਸਦੀ ਦੁਨੀਆਂ ਉਜੜੇ, ਪਸਰ ਜਾਣ ਹਨੇਰੇ ਯਾਰ ਸ਼ਿਵ ਦਾ ਨਾਂ ਲੈ ਕੇ ਹੁਣ ਨਾਂ ਮਾਰੀ ਮਿਹਣਾ ਸਾਥੋਂ ਜਿੰਨਾਂ ਹੋਇਆ ਅਸੀਂ ਬੜੇ ਬੋਲ ਪੁਗਾਏ ਐਪਰ ਹੋਣੀ ਨੂੰ ਮਨਜ਼ੂਰ ਸੀ ਏਦਾਂ ਹਮਸਾਇਆਂ ਤੋਂ ਸਹਿਮੇ ਫਿਰਦੇ ਨੇ ਹਮਸਾਏ ਏਹ ਕੇਹੇ ਚੰਦਰੇ ਦਿਨ ਆਏ। ਏਹ ਕਹੇ ਚੰਦਰੇ ਦਿਨ ਆਏ ਬਹਿਆਂ ਉਤੇ ਝੜ ਰਹੇ ਨੇ ਬੰਨ੍ਹੇ ਪੁੱਤ ਸ਼ਰੀਹ ਦੇ ਮਾਂ ਵਿਧਵਾ ਦੇ ਕੁੱਛੜ ਲੱਗਾ ਬਾਲਕ ਰੁਦਨ ਕਰੇ । ਸੁੱਕੀ ਛਾਤੀ ਮਾਂ ਦੀ ‘ਚੋਂ ਜੀਕੂੰ ਜ਼ਹਿਰ ਦਾ ਘੁੱਟ ਭਰੇ ਸੋਨ ਸਰੋਵਰ ਵਿਚ ਲਾਸ਼ ਤੈਰਦੀ ਉਹਦੇ ਬਾਬਲ ਦੀ ਬੋਲ ਹਵਾ ਵਿਚ ਕੂਕ ਰਿਹਾ ਕਰੇ ਵਾਹਿਗੁਰੂ ਹਰੇ ਹਰੇ । ਹੁਣ ਕੁੜੀਏ ਇਸ ਪਿੰਡ ਨਾਂ ਆਵੀਂ ਨਾਂ ਤਪਦੇ ਹਿਰਦੇ ਹੋਰ ਤਪਾਵੀਂ ਇਸ ਪਿੰਡ ਦੀ ਹਰ ਮਾਂ ਇੱਛਰਾ ਅੰਨ੍ਹੀ ਹੋਈ ਤੇ ਡੌਰਾ ਭੌਰਾ ਹੋਇਆ ਹਰ ਬਾਬਲ ਪਿਆ ਝੂਰੇ ਅੱਖਾਂ ਸਾਹਵੇਂ ਨਾਲ ਸੰਗੀਨਾਂ ਕੋਹਿਆ ਪੁਤਰ ਗਭਰੂ ਭੈਣ ਵੀਰੇ ਦੀ ਮਾਰ ਦੁਹੱਥੜ ਵਿਚ ਪਰ੍ਹਾ ਦੇ ਰੋਈ। ਇਸ ਪਿੰਡ ਵਿਚ ਲਾਸ਼ਾਂ ਹੀ ਲਾਸ਼ਾਂ ਘਰ ਨੇ ਸਭ ਸੁੰਝ ਸਰਾਂ ਇਸ ਪਿੰਡ ਦੀ ਫਿਜ਼ਾ ਹੈ ਜ਼ਖਮੀ ਇਸ ਪਿੰਡ ਦੀਆਂ ਧੁੱਪਾਂ ਮੋਈਆਂ ਇਸ ਪਿੰਡ ਦੀ ਹਰ ਨਾਰ ਸਮਝਦੀ ਅੱਜ ਆਪਣੇ ਆਪ ਨੂੰ ਵਿਧਵਾ। ਹੁਣ ਤੂੰ ਇਸ ਪਿੰਡ ਨਾਂ ਆਵੀਂ ਚੰਦਰੀਏ ਕਦੇ ਭੁੱਲ ਕੇ ਕਦਮ ਨਾ ਪਾਵੀਂ ਇਥੋਂ ਦਾ ਹਰ ਪਿੰਡਾ ਹੈ ਜ਼ਖਮੀ ਜ਼ਖਮੀ ਇਥੋਂ ਦੀ ਹਰ ਰੂਹ ਵਲੰਧਰੀ ਹੋਈ ਇਥੋਂ ਦੇ ਜਾਇਆਂ ਨੂੰ ਨਰਕ ਸਵਰਗ ਕਿਤੇ ਨਾਂ ਢੋਈ ਇਥੇ ਬਿਸੀਅਰ ਪੌਣ ਹੈ ਵਗਦੀ ਸਾਹ ਲੈਣ ਨੂੰ ਵੀ ਜੀਅ ਨਹੀਂ ਕਰਦਾ ਜੇ ਅਭੋਲੇ ਕੋਈ ਸਾਹ ਹੈ ਭਰਦਾ ਸਹਿਮਿਆਂ ਸਹਿਮਿਆਂ ਤੁਰਿਆ ਫਿਰਦਾ ਆਪਣੇ ਹੀ ਪਰਛਾਵੇਂ ਕੋਲੋਂ ਡਰਦਾ ਐਸੇ ਸਾਹ ਨਾਲੀ ਵਿਚ ਉਹਦੇ ਸੂਤੇ ਜਾਂਦੇ ਕਿਸੇ ਗਲੀ ਕੂਚੇ ਵਿਚ ਪੈਰ ਧਰਨ ਨੂੰ ਜੀਅ ਨਹੀਂ ਕਰਦਾ ਚੰਦਰੀਏ ਉਹਦਾ ਜੀਅ ਨਹੀਂ ਕਰਦਾ। ਹੁਣ ਕੁੜੀਏ ਇਸ ਪਿੰਡ ਨਾਂ ਆਵੀਂ ਹਮਦਰਦੀ ਦੇ ਫੇਹੇ ਧਰਦੀ ਧਰਦੀ ਹੋਰ ਨਾ ਸਾਡੇ ਤੇ ਕਹਿਰ ਕਮਾਵੀਂ ਏਸ ਪਿੰਡ ਹੁਣ ਰਾਤੀਂ ਉਲੂ ਬੋਲਣ ਦਿਨੇ ਅੰਬਰੀ ਭੌਂਦੇ ਗਿਰਝਾਂ ਅਤੇ ਜਹਾਜ਼ ਇਹ ਪਿੰਡ ਉਹ ਪਿੰਡ ਨਾਂ ਰਹਿ ਗਿਆ ਜਿਥੇ ਸੀ ਕਦੇ ਅਮਨਾਂ ਦਾ ਰਾਜ ਜਿਥੇ ਸੀ ਸੁਣੀਂਦੇ ਅਲਗੋਜੇ ਜਿਹੇ ਸਾਜ਼ । ਏਸੇ ਲਈ ਮੇਰਾ ਵਾਸਤਾ ਮੇਰੀ ਅਰਜ਼ੋਈ ਹੁਣ ਕੁੜੀਏ ਇਸ ਪਿੰਡ ਨਾਂ ਆਵੀਂ ਮੋਹ ਭਿੱਜਾ ਕੋਈ ਗੀਤ ਨਾਂ ਗਾਵੀਂ ਹੁਣ ਕੁੜੀਏ ਇਸ ਪਿੰਡ ਨਾਂ ਆਵੀਂ ਨਾਂ ਕਦੇ ਆਪਣਾਂ ਦਰਸ ਦਿਖਾਵੀਂ ਹੁਣ ਕੁੜੀਏ ਇਸ ਪਿੰਡ ਨਾਂ ਆਵੀਂ ਤਪਦੇ ਹਿਰਦੇ ਨਾਂ ਹੋਰ ਤਪਾਵੀਂ ਹੁਣ ਕੁੜੀਏ ਇਸ ਪਿੰਡ ਨਾਂ ਆਵੀਂ ਹੁਣ ਕੁੜੀਏ ਇਸ ਨਗਰ ਨਾਂ ਆਵੀਂ ਹੁਣ ਕੁੜੀਏ ਇਸ ਸ਼ਹਿਰ ਆਵੀਂ।

ਮੈਂ ਨਹੀਂ ਪੂਰਨ ਤੂੰ ਤੇ ਇਛਰਾਂ ਹੈ

ਮਾਏ ਨੀ ਮੇਰੀ ਇੱਛਰਾਂ ਮਾਏ ਸੁਣ ਪੁੱਤ ਪੂਰਨ ਦੀ ਅਰਜੋਈ ਇਸ ਜੱਗ ਮੈਨੂੰ ਨਹੀਉਂ ਮਿਲਦੀ ਢੋਈ। ਤੂੰ ਇਸ ਜੱਗ ਨੂੰ ਤੱਜ ਕੇ ਦੂਜੇ ਜੱਗ ਦੀ ਹੋਈ ਜਿਵੇਂ ਕਿਵੇਂ ਅੱਜ ਤੂੰ ਮੇਰਾ ਬੋਲ ਪਛਾਣ ਕੁੱਖੋਂ ਜਾਏ ਪੁੱਤ ਦੇ ਦਿਲ ਦਾ ਦੁੱਖੜਾ ਜਾਣ ਤੇਰਾ ਇਹ ਪੂਰਨ ਜੇ ਭਲਾ ਅਪੂਰਨ ਵੀ ਆਖਰ ਤੇਰੀ ਹੀ ਕੁੱਖ ਦਾ ਜਾਇਆ ਹੈ ਜਿਸ ਨੂੰ ਲੋਰੀ ਨਾਲ ਤੂੰ ਤੋਤਲਾ ਬੋਲ ਸਿਖਾਇਆ ਮੈਂ ਤਾਂ ਹੁਣ ਵੀ ਕਦੇ ਕਦੇ ਹਾਂ ਰੇਤ ਦੇ ਘਰ ਬਣਾਉਂਦਾ ਉਸ ਮਸੂਮ ਸਖੀ ਨੂੰ ਯਾਦ ਕਰੇਂਦਾ ਤੇ ਫਿਰ ਘਰ ਢਾਉਂਦਾ ਨਾਂ ਸੀ ਘਟਾ ਚੜੀ ਅਸਮਾਨੀਂ ਨਾਂ ਸੀ ਬੱਦਲ ਛਾਏ ਰਹੀ ਕੂਕਦੀ ਕੋਇਲ ਬਥੇਰਾ ਪਰ ਬਾਗੀ ਫੁੱਲ ਮੁਰਝਾਏ ਨਾਂ ਮੇਰੇ ਕਿਸੇ ਟੇਵੇ ਬਣਵਾਏ ਨਾਂ ਕਿਸੇ ਜੋਤਿਸ਼ ਲਾਏ ਨਾਂ ਮੇਰੇ ਤੇ ਜੋਬਨ ਆਇਆ ਨਾਂ ਲੂਣਾਂ ਮਹਿਲੀਂ ਪੈਰ ਪਾਏ । ਨਾਂ ਉਸ ਵਿਚਾਰੀ ਲੂਣਾਂ ਸੀ ਮੇਰਾ ਜੀਆ ਭਰਮਾਇਆ ਨਾਂ ਉਸ ਵਿਚਾਰੀ ਮੇਰੇ ਤੇ ਕੋਈ ਇਲਜ਼ਾਮ ਲਗਾਇਆ ਨਾਂ ਪਿਉ ਸਲਵਾਨ ਮੇਰੇ ਨੂੰ ਕ੍ਰੋਧ ਕਦੇ ਸੀ ਆਇਆ ਨਾਂ ਉਸ ਜਲਾਦਾਂ ਤੋਂ ਮੇਰਾ ਅੰਗ ਅੰਗ ਕਟਵਾਇਆ ਨਾਂ ਮੈਨੂੰ ਤਰਸ ਖਾ ਕਿਸੇ ਪੁੱਠਾ ਖੂਹ 'ਚ ਲਟਕਾਇਆ ਨਾਂ ਮੇਰੀ ਕਾਇਆਂ ਕਲਪ ਕਰਨ ਸੀ ਕੋਈ ਗੋਰਖ ਆਇਆ ਨਾਂ ਮੈਨੂੰ ਕਿਤੋ ਜੋਗ ਹੀ ਮਿਲਿਆ ਨਾਂ ਮੈਂ ਸੁੰਦਰਾਂ ਦੀ ਸੂਰਤ ਤੱਕੀ । ਜਦ ਚਿਤਾ ਤੇਰੀ ਨੂੰ ਲਾਂਬੂ ਲੱਗਾ ਅੱਗ ਅੰਬਰਾਂ ਨੂੰ ਛੋਹੀ ਇਕ ਕੋਲਾ ਚੰਗਿਆੜਾ ਬਣ ਕੇ ਮੇਰੇ ਕੋਲ ਵੀ ਆਇਆ ਵਿਲਕ ਪਈਆਂ ਸੂਰਜੀ ਕਿਰਨਾਂ ਧਰਤੀ ਧੌਲ ਵੀ ਡੋਲੀ ਜੱਗ ਨੂੰ ਰੌਸ਼ਨ ਕਰਦਾ ਸੂਰਜ ਵੀ ਧਾਹਾਂ ਮਾਰ ਕੁਰਲਾਇਆ ਹੰਝੂਆਂ ਦੀ ਥਾਂ ਕਤਰਾ ਕਤਰਾ ਲਹੂ ਟਪਕਿਆ ਨੈਣਾਂ ਚੋਂ ਪਰ ਦੇਣ ਦਿਲਾਸਾ ਕੋਈ ਨਾਂ ਆਇਆ ਨਾ ਕੋਈ ਹਮਸਾਇਆ, ਨਾਂ ਮਾਂ ਜਾਇਆ । ਮੰਨਿਆ ਪੁੱਤ ਪੂਰਨ ਤੇਰਾ ਭਾਵੇਂ ਅਪੂਰਨ ਹੈ ਪਰ ਇਹ ਤੇਰੀ ਹੀ ਕੁੱਖ ਦਾ ਜਾਇਆ ਹੈ ਤੋਤਲੇ ਬੋਲਾਂ ਜਿਹਦਿਆਂ ਨੂੰ ਤੂੰ ਪੂਰਾ ਬੋਲ ਬਣਾਇਆ ਸੀ ਫਿਰ ਫੜ ਉਂਗਲੀ ਜੀਵਨ ਪੰਧ ਤੇ ਤੁਰਨ ਸਿਖਾਇਆ ਸੀ ਸੁੱਕਾ ਬਾਗ ਹਰਾ ਨਾਂ ਹੋਇਆ ਮੈਥੋਂ ਮੰਨਦਾ ਹਾਰ ਪਰ ਖੋਲ੍ਹ ਮੀਟੀਆਂ ਅੱਖਾਂ ਮਾਏਂ ਸੁਣ ਲੈ ਮੇਰੀ ਪੁਕਾਰ ਸੁਣਿਆ ਸੀ ਮਾਵਾਂ ਤਾਂ ਕਬਰਾਂ ਵਿਚੋਂ ਦੇਣ ਦੁਆਵਾਂ ਜੇ ਪੁੱਤ ਦੇ ਸਿਰ ਤੇ ਤਪਦਾ ਸੂਰਜ ਮਾਵਾਂ ਬਣਦੀਆਂ ਛਾਵਾਂ ਮਾਏ ਨੀ ਮੇਰੀ ਇੱਛਰਾ ਮਾਏ ਜੱਗ ਨੇ ਤਾਂ ਕੀ ਮੀਤ ਸੀ ਬਣਨਾ ਛੱਡ ਗਿਆ ਸਾਥ ਮੇਰਾ ਹੀ ਪਰਛਾਵਾਂ। ਛੱਡ ਗਿਆ ਸਾਥ ਮੇਰਾ ਹੀ ਪਰਛਾਵਾਂ।

ਤੁਹਮਤਾਂ ਦੀ ਜੂਨ

ਮਾਏ ਨੀ ਮਾਏ ਮੇਰੀ ਲਾਡਲੀ ਮਾਏ ਅਸੀਂ ਕਿਉਂ ਇਸ ਜੂਨੇ ਆਏ ਅੰਗ ਅੰਗ ਸਾਡਾ ਰੱਜਿਆ ਪੁੱਜਿਆ ਜੱਗ ਚੰਦਰਾ ਆਖੇ ਅੰਗ ਤਿਹਾਏ ਮਾਏ ਨੀ ਮੇਰੀ ਲਾਡਲੀ ਮਾਏ ਤੂੰ ਤਾਂ ਮੇਰੇ ਅੰਦਰ ਸੀ ਕਥੂਰੀ ਘੋਲੀ ਪਰ ਮਹਿਕਾਂ ਵਾਲੇ ਸਾਹ ਕਦੇ ਨਾ ਆਏ ਇਸ ਜੱਗ 'ਚ ਸਭ ਪਾਸੇ ਨਿੰਦਾ ਚੁਗਲੀ ਕੋਈ ਕੀਕੂੰ ਦਾਮਨ ਦੱਸ ਬਚਾਏ । ਮਾਏ ਨੀ ਮੇਰੀ, ਲਾਡਲੀ ਮਾਏ ਅਸੀਂ ਕਿਹੜੇ ਦੇਸ਼ ਹਾਂ ਆਏ ਜਿਨ੍ਹਾਂ ਫੁੱਲਾਂ ਨੂੰ ਅਸੀਂ ਪਾਣੀ ਦਿੱਤਾ ਮਹਿਕ ਉਨ੍ਹਾਂ ਦੀ ਸਾਡੇ ਸਾਹੀਂ ਵਿਹੁ ਭਰ ਜਾਏ । ਤ੍ਰਿਸ਼ੂਲਾਂ ਤਲਵਾਰਾਂ ਤੋਂ ਬਚੇ ਪਰ ਫੁੱਲਾਂ ਨੇ ਕਤਲਾਏ। ਮਾਏ ਨੀ ਮੇਰੀ ਲਾਡਲੀ ਮਾਏ ਅਸੀਂ ਕੇਹੇ ਇਹ ਲੇਖ ਲਿਖਾਏ ਮਾਰੂਥਲ ਵਿਚ ਭਟਕਦੇ ਫਿਰੀਏ ਕੰਨੀਂ ਪਿਘਲੇ ਸਿੱਕੇ ਪਾਏ ਅੱਖੀਂ ਅੱਥਰੂ ਬੁਲ੍ਹਾਂ ਤੇ ਹਾਸਾ ਜਿੰਦ ਤੁਹਮਤਾਂ ਦੀ ਜੂਨ ਹੰਢਾਏ ਜਿੰਦ ਤੁਹਮਤਾਂ ਦੀ ਜੂਨ ਹੰਢਾਏ ।

ਸ਼ਬਦ ਬ੍ਰਹਮ ਦੀ ਓਟ ਲੈ

ਮੇਰੇ ਦੋਸਤੋ ! ਫੋਕੀ ਹਮਦਰਦੀ ਨਾਂ ਜਤਾਓ ਨਾਂ ਹੋਣੀ ਮੇਰੀ ਤੇ ਐਂਵੇਂ ਹੰਝੂ ਵਹਾਓ ਪਿੰਜੀ ਜਾਣ ਦਿਉ ਤੂੰਬਾ ਤੂੰਬਾ ਦੇਹ ਮੇਰੀ ਮੈਂ ਧਰਤੀ ਦੀ ਧੀ ਦਾ ਜਾਇਆ ਮਾਸੂਮ ਅੰਞਾਣੇ ਵਾਗ ਮੈਂ ਉਸ ਨੂੰ ਪਿਆਰਦਾ ਰੂਹ ਉਸ ਦੀ ਸੰਗ ਰੁਸਵਾਈ, ਉਸ ਨੂੰ ਸਤਿਕਾਰਦਾ ਮੈਂ ਨਾਂ ਕੋਈ ਕਰਣ ਕੁੰਤੀ ਮਾਂ ਦਾ ਜਾਇਆ ਸੂਰਜ ਸੀ ਜਿਸ ਨੂੰ ਉਸ ਦੀ ਕੁਆਰ ਕੁੱਖੇ ਪਾਇਆ ਫਿਰ ਵੀ ਨਾਂ ਜਾਣੇ ਸਭ ਮੈਨੂੰ ਸਮਝਣ ਗੁਨਾਹਗਾਰ ਨਾਂ ਮੈਂ ਦਰੋਣਾਚਾਰੀਯ ਦਾ ਸ਼ਿਸ਼ ਨਾ ਦਰਯੋਜਨ ਦਾ ਯਾਰ ਨਾਂ ਜਾਣੇ ਫਿਰ ਵੀ ਕਿਉਂ ਰਹੇ ਛਿੜਿਆ ਯੁੱਧ ਅੰਦਰਵਾਰ । ਨਾਂ ਮੈਂ ਈਸਾ ਨਾ ਮਨਜ਼ੂਰ ਨਾਂ ਹੀ ਸੁਕਰਾਤ ਕਿਰਤੀ ਪਿਉ ਦਾ ਪੁੱਤ, ਮੈਂ ਹਾਂ ਆਦਮਜਾਤ ਜਿਹਦਾ ਹਰ ਦਿੰਹੁ ਭਟਕਣ ਦੇ ਵਿਚ ਬੀਤੇ ਜਿਹਦੀ ਹਰ ਪੁੰਨਿਆ ਬਣੀ ਹੈ ਮੱਸਿਆ ਰਾਤ ਤੁਸੀਂ ਇਸ ਸੱਚ ਦੀ ਥਹੁ ਨਹੀਂ ਪਾ ਸਕੋਗੇ ਪਰ ਸੱਚ ਅਨੰਦ ਹੈ, ਇਲਾਹੀ ਕਵਿਤਾ ਜਿਹਾ ਸੱਚ ਰੂਹ ਦਾ ਰਿਸ਼ਤਾ ਹੈ ਮੁਹੱਬਤ ਜਿਹਾ ਅਨੰਦ ਜੀਕੂੰ ਪਰਬਤੋਂ ਵਹਿੰਦੀ ਕੋਈ ਨਿਰਮਲ ਜਲਧਾਰਾ ਨਾਂ ਇਹ ਭੁਰਦੀ ਨਦੀ ਦੇ ਕੰਢਿਆਂ ਵਾਂਗ ਨਾਂ ਇਹ ਖੁਰਦੀ ਕੱਚੇ ਘੜਿਆਂ ਵਾਂਗ ਇਹ ਤਾਂ ਬਸ ਅਰੋਕ ਵਹਿੰਦੀ ਰਹਿੰਦੀ ਹੈ ਰਾਤ ਬਰਾਤੀ ਮੇਰੇ ਕੰਨੀ ਇਹੋ ਕਹਿੰਦੀ ਹੈ ਅੱਖਰ ਅੱਖਰ ਲਗਾਂ ਮਾਤਰਾਂ ਸੰਗ ਜੁੜਕੇ ਤੂੰ ਬਣ ਜਾ ਕੁਆਰ ਕੁੱਖ ਦਾ ਗੀਤ ਰਾਤ ਅਮਾਵਸ ਦੀ ਨੂੰ ਨੱਚ ਲੈਣ ਦੇ ਤਾਂਡਵ ਨਾਚ ਆਖਰ ਨਿਭਣੀ ਮਿੱਟੀ ਦੀ ਮਿੱਟੀ ਸੰਗ ਹੀ ਪ੍ਰੀਤ । ਕਰਾਸ ਬਣਾਵਣ ਦੀ ਨਾਂ ਅਜੇ ਲੋੜ ਨਾਂ ਮੁੱਕੀਆਂ ਅਜੇ ਸੂਲੀਆਂ ਨਾਂ ਹੀ ਵਿਹੁ ਦੀ ਥੋੜ੍ਹ ਨਾਂ ਮੈਨੂੰ ਦੇਵੋ ਅਵਾਜ ਨਾਂ ਦੇਵੋ ਉਪਦੇਸ਼ ਬੋਲ ਤੁਹਾਡੇ ਇਹ ਬੋਲ ਜਾਪਦੇ ਜੀਕੂੰ ਪਾਵੇ ਕੋਈ ਕੰਨੀਂ, ਸਿੱਕਾ ਘੋਲ ਤੁਹਾਡੇ ਇਹ ਬੋਲ ਜਾਪਦੇ ਜੀਕੂੰ ਪਾਵੇ ਕੋਈ ਕੰਨੀਂ, ਸਿੱਕਾ ਘੋਲ। ਮੇਰੇ ਦੋਸਤ ਮੇਰੇ ਰਹਿਬਰੋ ਐਵੇਂ ਹੰਝੂ ਨਾਂ ਵਹਾਓ ਸੀਨੇ ਅੱਗ ਨਾਂ ਲਗਾਓ ਬਹੁਤ ਪਿੰਜਿਆ ਗਿਆ ਹਾਂ ਹੋਰ ਤੂੰਬੇ ਨਾਂ ਉਡਾਓ । ਹੋਰ ਤੂੰਬੇ ਨਾਂ ਉਡਾਓ॥

ਹੋਂਦ ਅਣਹੋਏ ਦੀ

ਟੁੱਟ ਗਿਆ ਹਾਂ ਤਿੜਕ ਗਿਆ ਹਾਂ ਬੇਸ਼ੱਕ ਸ਼ੀਸ਼ੇ ਵਾਂਗ ਮੈਂ ਪਰ ਮੈਨੂੰ ਅੱਜ ਵੀ ਉਹ ਸੁਪਨੇ ਪਿਆਰੇ ਲਗਦੇ ਨੇ ਜੋ ਮੇਰੇ ਨੈਣੀਂ ਰਾਤੀਂ ਵਾਂਗ ਸਿਵੇ ਦੇ ਦਗਦੇ ਨੇ । ਲੂਣਾਂ ਵਾਂਗ ਨਾਂ ਕਦੇ ਕਿਸੇ ਮੇਰਾ ਜਤ ਸਤ ਅਜ਼ਮਾਇਆ ਰੂਪ ਉਸੇ ਦਾ ਥਾਲ ਮੋਤੀਆਂ ਦਾ ਲੈ ਵਾਂਗ ਸੁੰਦਰਾਂ ਆਇਆ ਪਰ ਇਸ ਚੰਦਰੇ ਨੂੰ ਮਾਂ ਦੁੱਧ-ਸੋਮੇ ਪੋਹ ਗਏ ਸਨ ਕੁਝ ਐਦਾਂ ਮਾਂ ਚਿਹਰੇ ਤੋਂ ਪਿਛੋਂ ਇਸ ਨੂੰ ਕਦੇ ਹੋਰ ਕੁਝ ਨਾ ਸੀ ਭਾਇਆ ਚਿਤਵ ਲਿਆ ਬੇਸ਼ਕ ਮਨ ਵਿਚ ਤੈਨੂੰ ਆਪਣਾ ਪਰ ਤੂੰ ਵੀ ਨਾਂ ਇਹ ਮਨੂਆ ਭਰਮਾਇਆ ਰਿਹਾ ਡੰਗਦਾ ਮੈਨੂੰ ਮੇਰਾ ਆਪਣਾ ਸਾਇਆ ਅੱਥਰੂ ਦੀ ਵੀ ਉਮਰਾ ਹੁੰਦੀ ਉਮਰਾ ਹੁੰਦੀ ਨਾਗ ਦੀ ਵੀ ਇਕ ਮੰਗਦੀ ਹਮਦਰਦੀ ਦੂਜੀ ਨਫਰਤ ਮੰਗਦੀ ਹੈ ਨਾਗ ਤੇ ਅੱਥਰੂ ਦੋਨੋਂ ਮੇਰੇ ਅੰਦਰ ਵਸਦੇ ਪਲ ਪਲ ਦੋਨੋਂ ਹੀ ਰਹਿੰਦੇ ਡਸਦੇ ਵੇਖ ਤੇਰੇ ਬਿਨ ਉਮਰਾ ਕੀਕੂੰ ਲੰਘਦੀ ਹੈ । ਸੁੱਚਾ ਮਨ ਤੇ ਪਾਵਨ ਤਨ ਦੋਨੋਂ ਨਿੱਤ ਦਿਹਾੜੇ ਇਕ ਦੂਜੇ ਤੇ ਹਸਦੇ ਰੁਸਦੇ ਮੰਨਦੇ ਫਿਰ ਮੰਨਦੇ ਰੁਸਦੇ ਰੁੱਸਣ ਤੇ ਮੰਨਣ ਦੇ ਵਿਚ ਵਿਚਾਲੇ ਹੀ ਟੁੱਟ ਗਿਆ ਹਾਂ ਤਿੜਕ ਗਿਆ ਹਾਂ ਬੇਸ਼ੱਕ ਸ਼ੀਸ਼ੇ ਵਾਂਗ ਮੈਂ ਪਰ ਮੈਨੂੰ ਅੱਜ ਵੀ ਉਹ ਸੁਪਨੇ ਪਿਆਰੇ ਲਗਦੇ ਨੇ ਜੋ ਮੇਰੇ ਨੈਣੀਂ ਰਾਤੀਂ ਵਾਂਗ ਸਿਵੇ ਦੇ ਦਗਦੇ ਨੇ । ਜੋ ਮੇਰੇ ਨੈਣੀਂ ਰਾਤੀਂ ਵਾਂਗ ਸਿਵੇ ਦੇ ਦਗਦੇ ਨੇ ।

ਅਸੀਂ ਸਾਰੇ

ਅਸੀਂ ਸਾਰੇ ਵਿਅਸਤ ਹਾਂ ਨਿੱਕੇ ਨਿੱਕੇ ਕੰਮਾਂ ਵਿਚ ਆਪਣੀ ਛੋਟੀ ਜਿਹੀ ਦੁਨੀਆਂ 'ਚ ਮੇਲੇ 'ਚ ਭਵੰਤਰੇ ਖੋਏ ਹੋਏ ਅੰਝਾਣੇ ਵਾਂਗ ਅਸੀਂ ਸਾਰੇ ਵਿਅਸਤ ਹਾਂ ਹਵਾ 'ਚ ਉੱਡਦੇ ਚੁੰਮਣ ਜਾਂ ਕੋਲੋਂ ਗੁਜ਼ਰਦੇ ਹਾਸੇ ਪਕੜਨ 'ਚ ਨਿੰਦਕ ਬੋਲਾਂ ਦੀ ਪਿੱਠ ਤੇ ਸਵਾਰੀ ਕਰਨ ਤੇ ਦਰਿਆਈ ਘੋੜਿਆਂ ਦੇ ਸੁਪਨੇ ਲੈਣ 'ਚ । ਪਰ ਹੁਣ ਸਮਾਂ ਕਰਵਟ ਲੈ ਰਿਹਾ ਏ ਝੁੱਗੀਆਂ ਦੀਆਂ ਅੱਖਾਂ ' ਚ ਸੁਪਨੇ ਨਹੀਂ, ਸੂਲਾਂ ਹਨ ਸੂਲਾਂ ਦੀ ਪੀੜ ਜਦ ਅੱਖਾਂ 'ਚ ਉੱਗ ਆਏ ਤਾਂ ਕਹਿੰਦੇ ਨੇ ਮਹਿਲਾਂ ਦੀ ਨੀਂਦ ਹੁੰਦੀ ਹਰਾਮ ਫਿਰ ਕੋਈ ਨਾਂ ਕਰ ਸਕਦਾ ਆਰਾਮ ਸੁੱਚੀ ਮਹਿਮਾ ਦਾ ਗਾਇਨ ਹੁਣ ਹੋਰ ਨਹੀਂ ਗੁੰਮ ਹੋਏਗਾ ਦਹਾੜਦੇ ਸ਼ਖਸੀ ਰਾਮ ਰੌਲੇ 'ਚ ਹੱਥਾਂ 'ਚੋਂ ਖੋਹ ਖਾਣ ਦੀ ਆਦਤ ਜ਼ੋਰ ਪਕੜੇਗੀ ਜ਼ਰੂਰ ਸੂਰਜ ਉਦੈ ਹੋਣ ਤੇ ਪਾਣੀ ਦੇ ਕੇ ਸਬਰ ਕਰਨਾਂ ਸਾਨੂੰ ਸਭ ਕੁਝ ਤਿਆਗਣਾਂ ਪੈਣਾਂ ਹੈ ਅਸੀਂ ਆਜ਼ਾਦ ਹੋਣਾ ਹੈ ਆਜ਼ਾਦ ਹੋ ਕੇ ਲਿਖਣਾ ਹੈ ਇਤਿਹਾਸ ਆਪਣੀ ਹੋਣੀ ਦਾ ਅਸੀਂ ਕਰਨਾ ਹੈ ਸਾਹਮਣਾ ਆਪਣੇ ਆਪ ਦਾ ਤੇ ਉਸ ਬੌਟੇ ਬੌਣੇ ਆਦਮੀ ਦਾ ਵੀ ਸਾਡੇ ਅੰਦਰ ਬੈਠਾ ਜੋ ਆਸਣ ਲਾ ਸ਼ਹਿਨਸ਼ਾਹਾਂ ਵਾਂਗ ਫੈਲਦਾ ਸੁੰਗੜਦਾ ਰਹਿੰਦਾ ਹੈ ਛਲੇਡੇ ਵਾਂਗ ਰੂਪ ਬਦਲ ਅਸੀਂ ਉਸ ਦੀ ਸੰਘੀ ਨੱਪਣੀ ਹੈ ਜ਼ਰੂਰ ਅਬਲਾ ਔਰਤਾਂ ਜਿਹੀ ਕਮਜ਼ੋਰੀ ਤੋਂ ਮੁਕਤ ਹੋ ਸੋਚਣਾ ਤੇ ਲੱਭਣਾ ਹੈ ਕੋਈ ਰਾਹ ਨਵਾਂ ਜਿਉਣ ਦਾ । ਚਿੱਕੜ ੱਚ ਹੋਰ ਹੁਣ ਚਲ ਨਹੀਂ ਸਕਦੇ ਸਾਡੇ ਗੋਡੇ ਤੇ ਕੂਹਣੀਆਂ ਘਸ ਗਈਆਂ ਖੜ ਗਈਆਂ ਅਸੀਂ ਹੁਣ ਲੈਣਾ ਹੈ ਸਹਾਰਾ ਆਪਣੇ ਪੈਰਾਂ ਦਾ ਬਸਾਖੀਆਂ ਸੁਟ ਦੇਣੀਆਂ ਨੇ ਕਿਸੇ ਬੋੜੇ ਖੂਹ 'ਚ ਇਸੇ ਬੋੜੇ ਖੂਹ 'ਚ ਦੁਸ਼ਮਣ ਨੂੰ ਪੁੱਠਾ ਲਟਕਾਉਣਾ ਹੈ ਤੇ ਅਜ਼ਾਦੀ ਦਾ ਇਕ ਤਰਾਨਾ ਗਾਉਣਾ ਹੈ ਇਕਤਾਰਾ ਵਜਾਉਣਾਂ ਹੈ ਅਸੀਂ ਜੋ ਸਾਰੇ ਵਿਅਸਤ ਹਾਂ ਨਿੱਕੇ ਨਿੱਕੇ ਕੰਮਾ 'ਚ ਆਪਣੀ ਛੋਟੀ ਜਿਹੀ ਦੁਨੀਆਂ 'ਚ ਮੇਲੇ 'ਚ ਖੋਏ ਅੰਝਾਣੇ ਵਾਂਗ ਅਸੀਂ ਇਹ ਕੁਝ ਨਹੀਂ ਰਹਿਣਾ ਜੋ ਅਸੀਂ ਹਾਂ ਅਸੀਂ ਉਹ ਕੁਝ ਹੋਣਾ ਹੈ ਜੋ ਸਾਨੂੰ ਹੋਣਾ ਹਾਹੀਦਾ ਹੈ । ਜੇ ਹੋਣਾ ਹੋਣਾ ਚਾਹੀਦਾ ਹੈ ।

ਜਲਾਵਤਨ ਪਰਛਾਂਵਾਂ

ਮੈਂ ਆਪਣੀਆਂ ਹਸਤ ਰੇਖਾਵਾਂ 'ਚੋਂ ਹੁਣ ਲੱਭਦਾ ਆਪਣੀ ਹੋਣੀ ਦਾ ਭਵਿੱਖ ਮੇਰੀ ਹਉਂ 'ਚ ਹਰ ਛਿਣ ਕੈਦ ਹੈ ਇਕ ਜਲਾਵਤਨ ਪਰਛਾਵਾਂ ਨਿਥਾਵਾਂ ਮੇਰਾ ਵਿਰਸਾ ਤੀਰ, ਤਰਕਸ਼, ਤਲਵਾਰ, ਢਾਲ ਵਿਗਾੜੀ ਬੈਠੇ ਨੇ ਆਪਣੀ ਚਾਲ । ਉਹ ਜੋ ਕਦੇ ਘੁੱਗੀਆਂ ਜਿਹੇ, ਅਮਨ ਗੀਤ ਗਾਉਂਦਾ ਸੀ, ਬਿਪਤਾ 'ਚ ਉਨ੍ਹਾਂ ਨੂੰ ਆਪਣੇ, ਗਲੇ ਲਗਾਉਂਦਾ ਸੀ। ਅੱਜ ਉਹ ਉਨ੍ਹਾਂ ਦੇ ਆਲ੍ਹਣੇ, ਉਜਾੜ ਦਾ ਉਨ੍ਹਾਂ ਦੀਆਂ ਸੰਘੀਆਂ ਮਰੋੜਦਾ ਆਪਣੀ ਹਉਂ ਦੇ ਪਰਛਾਵੇਂ ਕੋਲ ਬੈਠ ਨਿੱਤ ਨਵੀਆਂ ਤਜ਼ਵੀਜ਼ਾਂ ਬਣਾਉਂਦਾ ਹੈ ਹਿੰਦ ਦੀ ਚਾਦਰ ਨੂੰ, “ਵਿਘਾ ਭੋਇੰ 'ਚ ਬਿਠਾਉਣਾ ਲੋਚਦਾ ਹੈ" ਉਧਰ ਦਿੱਲੀ ਦੇ ਲਾਲ ਕਿਲ੍ਹੇ ਦੀ ਭੰਬੀਰੀ ਚੋਂ ਇਕੋ ਹੀ ਰਾਗ ਗੁਣਗੁਣਾਉਂਦਾ ਹੈ "ਹਮ ਦੇਖਤੇ ਹੈਂ”, “ਹਮੇਂ ਦੇਖਨਾਂ ਹੈ”, "ਹਮ ਦੇਖੇਂਗੇ ।” ਪਰ ਉਨ੍ਹਾਂ ਦੀਆਂ ਜਦ ਅੱਖਾਂ ਹੀ ਨਹੀਂ ਤੇ ਕੰਨ ਵੀ ਨਹੀਂ, ਹੁਣ ਕੀ ਦੇਖਣਾਂ ਸੁਣਨਾਂ, ਬਾਕੀ ਰਹਿ ਗਿਆ ਹੈ ।

ਉਮੀਦ

ਅਜੇ ਮੌਸਮ ਹੈ ਗੰਧਲਾ ਤੇ ਖਰਾਬ ਸਾਨੂੰ ਨਹੀਂ ਪਤਾ ਨਾਂ ਕੋਈ ਹਿਸਾਬ ਸੂਰਜ ਕਦੋਂ ਚੜ੍ਹਦਾ ਤੇ ਕਦੋਂ ਛਿਪਦੈ ਅਸੀਂ ਤਾਂ ਦਿਨ ਦੀਵੀਂ ਹੀ ਆਪਣੇ ਤਹਿਖਾਨਿਆਂ 'ਚ ਬੰਦ ਹੋ ਜਾਂਦੇ । ਸਹਿਮੇ ਸਹਿਮ ਡਰਦੇ ਡਰਦੇ ਘਰ ਲਾਅਨ ਵਿਚ ਚਾਂਦਨੀ ਰਾਤ ਨੂੰ ਕਦੇ ਕਦਾਈ ਸਹਿਮ ਸਹਿਮ ਤੁਰਦੇ ਹਾਂ ਘਾਹ ਦੀਆਂ ਤ੍ਰੇਲ ਧੋਤੀਆਂ ਤਿੜ੍ਹਾਂ ਤੇ ਸੁਬਕ ਜਿਹੇ ਪਰ ਤੇਰੇ ਵੀ ਨੇ ਤਿਲਕਦੇ ਤੇ ਮੇਰੇ ਵੀ ਨੇ ਤਿਲਕਦੇ ਪਰ ਸਾਹਮਣੇ ਨਫਰਤ ਦੀ ਦੀਵਾਰ ਵੇਖ ਮਿਲਣ ਸਹਿਕੇ ਨੈਣ ਸਾਡੇ ਵਿਲਕਦੇ ਜ਼ਿੰਦਗੀ ਮੇਰੀ ਤੇਰੀ ਦਾ ਹੈ ਇਹ ਅਜਬ ਪੜਾਅ ਅਵਿਸ਼ਵਾਸ਼ ਤੇ ਵਿਸ਼ਵਾਸ਼ 'ਚ, ਸਹਿਮੀ ਬੈਠੀ ਹੈ ਵਫ਼ਾ। ਕਬੂਤਰ ਵਾਂਗ ਅੱਖਾਂ ਮੀਟੀ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ ਜਾਣਦਾ ਹਾਂ ਰੋਜ਼ ਹੁੰਦੇ ਨੇ ਅੱਖਰ ਖ਼ਫਾ ਪਰ ਲਿਖ ਨਹੀਂ ਹੁੰਦਾ ਇਕ ਵੀ ਸਫਾ ਅੰਤ ਇਹ ਸਚ ਲਵਾਂ ਮਨ ਪਰਚਾ ਮਿਹਨਤਾਂ ਦੇ ਸਿੱਟਿਆਂ ਨੂੰ ਜਦੋਂ ਪੈਣਾ ਏ ਬੂਰ ਨਫਰਤਾਂ ਦੀਆਂ ਦੀਵਾਰਾਂ ਨੇ ਵੀ ਬਦਲਣਾਂ ਦਸਤੂਰ ਬਗਲਗੀਰ ਹੋ ਕੇ ਤੁਰਾਂਗੇ ਤ੍ਰੇਲ ਧੋਤੇ ਘਾਹ ਤੇ ਆਵੇਗਾ ਇਕ ਦਿਨ ਸਾਥੀਆ ਇਹ ਵੀ ਜਰੂਰ ਆਵਗਾ ਇਕ ਦਿਨ ਸਾਥੀਆ ਇਹ ਵੀ ਜਰੂਰ।

ਅਗਨ ਬੋਲ

ਉਹ ਅਗਨ ਬੋਲ ਜੋ ਮਹਿਫਲਾਂ 'ਚ, ਮੇਰੇ ਨਾਲ ਬਹਿੰਦਾ ਸੀ, ਕਦੇ ਦਸਮੇਸ਼ ਦੀ ਗੱਲ ਕਹਿੰਦਾ ਸੀ, ਕਦੇ ਚਾਂਦਨੀ ਚੌਕ ਦੀ ਬਾਤ ਪਾਉਂਦਾ ਸੀ, ਗੜ੍ਹੀ ਚਮਕੌਰ ਦੀ ਦੇ ਯੁੱਧ ਦੇ ਸੋਹਲੇ ਗਾਉਂਦਾ ਸੀ, ਤੇ ਠਰੇ ਹਿਰਦਿਆਂ 'ਚ ਰੋਹ ਜਗਾਉਂਦਾ ਸੀ। ਹਲੂਣਦਾ ਝੰਜੋੜਦਾ ਸੁੱਤਿਆਂ ਨੂੰ ਜਗਾਉਂਦਾ ਸੀ ਕੌਮ ਪ੍ਰਤੀ ਮੇਰੇ ਫਰਜ਼ ਦੀ ਯਾਦ ਦੁਆਉਂਦਾ ਸੀ ਕਦੀ ਝਿੜਕਦਾ ਕਦੀ ਪਿਆਰਦਾ ਕਦੇ ਲਾਡ ਲਡਾਉਂਦਾ ਸੀ । ਬੇਸ਼ੱਕ ਅੱਜ ਚੁੱਪ ਹੈ, ਚੁੱਪ ਹੈ ਗੁੰਮ ਹੈ ਅੱਜ ਗੁੰਮ ਹੈ ਪਰ ਸਿਵੇ ਦੀ ਅੱਗ ਬਣਿਆ ਮੇਰੇ ਪਿੱਛੇ ਪਿੱਛੇ ਤੁਰਿਆ ਆਉਂਦਾ ਹੈ। ਕਈ ਵਾਰੀ ਅੱਧੇ ਰਾਤੇ ਆ ਜਗਾਉਂਦਾ ਹੈ ਤੇ ਮੁੜ ਫਰਜ਼ ਦਾ ਚੇਤਾ ਕਰਾਉਂਦਾ ਹੈ । ਸਿਵੇ ਦੀ ਅੱਗ ਤੋਂ ਬੜਾ ਭੈਅ ਆਉਂਦਾ ਹੈ ਪਰ ਅਗਨ ਬੋਲ ਦਾ ਮੋਹ ਜਦ ਪਿਆਰ ਦਾ ਲਾਡ ਲਡਾਉਂਦਾ ਹੈ ਫਰਜ਼ ਦਾ ਚੇਤਾ ਕਰਾਉਂਦਾ ਹੈ ਮੈਂ ਆਪਣੇ ਗਲੇ ਲੱਗ ਆਪ ਰੋਂਦਾ ਹਾਂ ਤੇ ਰਾਤ ਦੀ ਕਾਲਖ ਨੂੰ ਸੀਨੇ 'ਚ ਸਮੋਂਦਾ ਹਾਂ ਬੁਝੇ ਸਿਵੇ ਤੇ ਹੰਝ ਦਾ ਦੀਪ ਧਰ ਆਉਂਦਾ ਹਾਂ । ਬੁਝੇ ਸਿਵੇ ਦੀ ਰਾਖ਼ ਚੋਂ ਵੀ ਸੇਕ ਆਉਂਦਾ ਹੈ ਮੁੜ ਮੁੜ ਫਰਜ਼ ਦਾ ਚੇਤਾ ਕਰਾਉਂਦਾ ਹੈ ਮਾਂ ਬੋਲੀ ਲਈ ਕੁਝ ਕਰਨ ਦਾ ਵਾਸਤਾ ਪਾਉਂਦਾ ਹੈ ਅਗਨ ਬੋਲ ਰੋਜ਼ ਰਾਤ ਨੂੰ ਸੁਪਨੇ ‘ਚ ਆ ਜਗਾਉਂਦਾ ਹੈ ਤੇ ਬੜਾ ਸਤਾਉਂਦਾ ਹੈ ਮਾਂ ਬੋਲੀ ਲਈ ਕੁਝ ਕਰਨ ਦਾ ਵਾਸਤਾ ਪਾਉਂਦਾ ਹੈ ਮਾਂ ਬੋਲੀ ਲਈ ਕੁਝ ਕਰਨ ਦਾ ਵਾਸਤਾ ਪਾਉਂਦਾ ਹੈ

ਬਾਬਾ ਬੋਹੜ

ਬਾਬੇ ਬੋਹੜ ਦੀ ਛਾਵੇਂ ਜੋ ਵੀ ਬਹਿੰਦਾ ਹੈ ਬਸ ਇਹੋ ਕਹਿੰਦਾ ਹੈ ਜੇ ਮੈਂ ਉਸ ਦਾ ਬਾਪ ਹੁੰਦਾ ਉਸ ਦਾ ਨਾਂ ਸੰਤ ਸਿਹੁੰ ਨਾ ਦਿਆਲ ਸਿਹੁੰ ਧਰਦਾ ਤੇ ਉਸ ਦੇ ਜੰਮਣ ਤੋਂ ਪਹਿਲਾਂ ਹੀ ਮਰਦਾ ਕਿਉਂ ਜੋ ਬਦੀਆਂ ਤੇ ਹਾਰਾਂ ਉਸ ਦਾ ਜੀਵਨ ਅੰਗ ਨੇ ਉਹ ਜਿੱਤ ‘ਚ ਨਹੀਂ ਯੁੱਧ 'ਚ ਵਿਸ਼ਵਾਸ਼ ਰੱਖਦਾ ਹੈ ਉਹ ਸੁਹਣਿਆਂ ਨੂੰ ਕਸੋਹਣੇ ਕਹਿ ਕੇ ਪਰ-ਪੀੜਾ ਦਾ ਅਨੰਦ ਲੈਂਦਾ ਹੈ। ਪਰ ਮੇਰਾ ਤੇ ਉਸ ਦਾ ਰਿਸ਼ਤਾ ਵੱਖਰਾ ਹੈ ਜੋ ਗੈਰ ਜ਼ਰੂਰੀ ਹੋ ਕੇ ਵੀ ਜ਼ਰੂਰੀ ਹੈ ਮੈਂ ਉਸ਼ ਦੀ ਮਜਬੂਰੀ ਉਹ ਮੇਰੀ ਮਜਬੂਰੀ ਹੈ। ਨੈਣ ਸਫਰ ਦੇ ਪਿਆਸੇ ਹੋਠ ਜਿੱਤ ਦੇ ਪਿਆਸੇ ਮੇਰੇ ਕੋਲ ਜਦ ਵੀ ਉਹ ਬਹਿੰਦਾ ਹੱਥ ਗੋਡਿਆ ਤੇ ਰੱਖ ਇਹੋ ਕਹਿੰਦਾ ਗੋਡੇ ਰਹਿ ਗਏ ਯਾਰਾ, ਦਿੱਲੀ ਹੈ ਅਜੇ ਦੂਰ ਮੈਥੋਂ ਸਰ ਨਹੀਂ ਹੋਇਆ ਟੁੱਟਾ ਨਹੀਂ ਕੰਚਨੀ ਦਾ ਮਗਰੂਰ ਫਿਰ ਆਪੇ ਮੁਸਕਰਾਉਂਦਾ ਗੁਣਗੁਣਾਉਂਦਾ ਮਿੱਤਰਾਂ ਨੂੰ ਨਿੱਤ ਬਦੀਆਂ ਕਾਹਨੂੰ ਰੋਂਦੀ ਐ ਢਿੱਲੇ ਬੁਲ੍ਹ ਕਰ ਕੇ ਤੇ ਫਿਰ ਹੱਥ ਗੋਡਿਆ ਦੀ ਥਾਵੇਂ ਪੱਟਾਂ ਤੇ ਆਉਂਦਾ ਉਹ ਬਾਪੀ ਮਾਰ ਕੇ ਕਹਿੰਦਾ ਉਹ ਜਿੱਤਣਾ ਵੀ ਕੀ ਜਿੱਤਾਣਾ ਹੋਇਆ ਹਾਰ ਨਾ ਜਿਹਦਾ ਸ਼ਿੰਗਾਰ ਊਣਾ ਹੁੰਦਾ ਹੈ ਯਾਰ ਨਫਰਤ ਬਿਨਾਂ ਪਿਆਰ ਇਸ ਵਾਰ ਜਦੋਂ ਉਹ ਦਿਲੀਉਂ ਆਇਆ ਖੇਤ ਦੀ ਵੱਟ ਤੇ ਖੜ ਉਸ ਚੀਕ ਬੁਲਬੁਲੀ ਮਾਰੀ ਫਿਰ ਬਾਂਹ ਉਲਾਰ ਕੇ ਉਚੇ ਸੁਰ ਵਿਚ ਗਾਇਆ ਇਕ ਤੇਰੀ ਅੜ ਭੰਨਣੀ ਸਾਨੂੰ ਹੋਰ ਸੌਕ ਨਾ ਕੋਈ ਫਿਰ ਬੁਰੀ ਦੇ ਥਣ ਚੋਂ ਦੁੱਧ ਚੁੰਘਿਆ ਬਲਦ ਦੀ ਪਿੱਠ ਤੇ ਥਾਪੀ ਦਿੱਤੀ ਕੁੱਕੜ ਦੀ ਧੌਣ ਮਰੋੜੀ ਤੇ ਪਹਿਲੇ ਤੋੜ ਦੀ ਦਾਰੂ ਦਾ ਬੇਵੱਸ ਕੰਚਨੀ ਦੇ ਨਾਮ ਇਕ ਜਾਮ ਪੀਤਾ ਤੇ ਅੱਧੀ ਸਦੀ ਦੇ ਜ਼ਖਮ ਜਿਗਰ ਨੂੰ ਸੀਤਾ।

ਚੁੱਪ ਜਿਹੇ ਬੰਦੇ

ਪਾਣੀ ਵਾਂਗ ਵਗਦੇ ਨੇ ਕਦੇ ਧੀਮੇ ਕਦੇ ਤੇਜ਼ ਸੂਰਜ ਵਾਂਗ ਨੇ ਉਦੈ ਹੁੰਦੇ ਆਪਣੇ ਆਂਪਣੇ ਘਰਾਂ ਦੇ ਰੋਸ਼ਨਦਾਨਾਂ ਥੀਂ ਕਦੇ ਨਿੱਘੇ ਕਦੇ ਤਪਦੇ ਤੇਜ਼। ਸਾਰਾ ਦਿਨ ਨੇ ਚਾਨਣ ਢੋਂਦੇ ਲੋਕਾਂ ਲਈ ਆਪਣੇ ਲਈ, ਘਰ ਦੇ ਲਈ; ਚੁੱਪ ਜਹੇ ਇਹ ਬੰਦੇ ਹਉਂ ਦਾ ਅਰਥ ਖੂਬ ਪਹਿਚਾਣਦੇ ਹਉਂ ਆਪਣੀ ਦੇ ਹੋਣਗੇ ਗੁਲਾਮ ਹਉਂ ਪਰਾਈ ਦੇ ਅਧੀਨ ਹੋਣਾ ਵੱਸ ਨਹੀਂ ਇਨ੍ਹਾਂ ਧੁਰੋਂ ਆਜ਼ਾਦ ਜੰਮੇ ਰੁੱਖਾਂ ਜਿਹੇ ਬੰਦਿਆਂ ਦੇ। ਰੁਖਾਂ ਵਾਂਗ ਜੋ ਖੜੇ ਨੇ ਅਡੋਲ ਲੱਖਾਂ ਹਉਂ ਦੀਆਂ ਨੇਰ੍ਹੀਆਂ ਇਨ੍ਹਾਂ ਦੇ ਸਿਰਾਂ ਥੀਂ ਨੇ ਲੰਘੀਆਂ ਅਹੰ ਰੁੱਖਾਂ ਨੂੰ ਜੜੋਂ ਉਖਾੜਨਾ ਹਉਂ ਭਰੇ ਬੰਦਿਆਂ ਦੇ ਵੱਸ ਦਾ ਨੀਂ ਰੋਗ ਹਾਂ ਰੁੱਖਾਂ ਜਿਹੇ ਇਨ੍ਹਾਂ ਬੰਦਿਆਂ ਦੀ ਆਹ ਸ਼ਾਇਦ ਦੇਵੇ ਉੱਚਿਆਂ ਮੀਨਾਰਾਂ ਨੂੰ ਵੀ ਢਾਹ, ਸ਼ਾਇਦ ਦੇਵੇ ਉਚਿਆਂ ਮੀਨਾਰਾਂ ਨੂੰ ਵੀ ਢਾਰ ।

ਚੁੱਪ ਦੀ ਤਲਾਸ 'ਚ

ਚਲ ਕਿਤੇ ਚੁੱਪ ਨਹਾ ਕੇ ਆਈਏ ਸ਼ਬਦਾਂ ਦੀ ਸੜਨ ਸਹੀ ਨਹੀਂ ਜਾਂਦੀ ਅਰਥਾਂ ਦੀ ਹੁੰਭ 'ਚ ਜੀਅ ਘਟਦਾ ਹੈ ਇਥੇ ਹਰ ਬੌਣਾ ਦੂਜੇ ਦੀ ਧੌਣ ਮਰੋੜ ਰਿਹਾ ਹੈ ਤੇ ਸ਼ਬਦਾਂ ਦੀ ਨਾਜ਼ਕ ਦੇਹੀ ਤੋੜ ਰਿਹਾ ਹੈ। ਆ ਮੇਰੇ ਦੋਸਤ ਹੁਣ ਮੇਰੇ ਬੁਲ੍ਹਾਂ ਤੇ ਸ਼ਬਦਾਂ ਦੀ ਥਾਂ ਅੰਗਾਰ ਧਰ ਦੇ ਪਿਆਸ ਬਣਾ ਮੇਰੀ ਰੂਹ ਨੂੰ ਆਪਣੀ ਆਪਣੇ ਅੱਜ ਦੇ ਕੁਝ ਪਲ ਮੈਨੂੰ ਅਰਪਨ ਕਰਦੇ । ਵਗਦੇ ਪਾਣੀਆਂ ਤੇ ਸ਼ਬਦ ਜੋਗੀਆਂ ਦੀ ਹੁੰਦੀ ਕਦੇ ਕਦੇ ਸੁੰਦਰਾਂ ਮਹਿਲੀਂ ਫੇਰੀ ਅਸੀਂ ਤਾਂ ਜਿਸਮ ਮਿੱਟੀ ਦੇ ਜੀਊਂਦੀਆਂ ਰੂਹਾਂ ਬਸ ਕਦੇ ਕਦਾਈਂ ਮਿਲਣੈ ਤੁਰ ਜਾਣਾਂ ਅਸੀਂ ਰਾਤ ਬਰਾਤੇ ਜਾਂ ਸਿਖਰ ਦੁਪਹਿਰੇ ਕਾਲੇ ਬਾਗਾਂ ਵੱਲੀ ਜਾ ਰੇਤ ਸਮੁੰਦਰਾਂ ਦੀ ਤੇ ਭਟਕਣ ਆ ਅਜ ਦੇ ਇਸ ਖਲੋਤ-ਪੜਾਅ ਤੇ ਮੇਰੀ ਰੂਹ ਦੀ ਤ੍ਰੇਹ ਤੂੰ ਬਣ ਜਾ ਚੁਪ ਚੁਪੀਤੇ ਚਲ ਕਿਤੇ ਚੁੱਪ ਨਹਾ ਕੇ ਆਈਏ ਸ਼ਬਦਾਂ ਦੀ ਸੜਨ ਸਹੀ ਨਹੀਂ ਜਾਂਦੀ ਅਰਥਾਂ ਦੇ ਹੁੰਭ 'ਚ ਮੇਰਾ ਤਾਂ ਜੀਅ ਘਟਦੈ ਅਰਬਾਂ ਦੇ ਹੁੰਭ 'ਚ ਮੇਰਾ ਤਾਂ ਜੀਅ ਘਟਦੈ

ਬੰਗਲਾ ਬੰਧੂ ਦੀ ਅਵਾਜ਼

ਸੁਪਨਾ ਕਦੇ ਨਾਂ ਬਣਦੀਆਂ ਮਾਛੀਵਾੜੇ ਵਿੱਚ ਗੁਜਾਰੀਆਂ ਰਾਤਾਂ ਸੂਰਵਾੜੇ 'ਚ ਕੌਣ ਮਾਣਦਾ ਸੇਜ ? ਜੰਗਲ ਵਿਚ ਜਦੋਂ ਇਕ ਰਾਤ ਉਡੀਕੇ ਘਰ ਦੀ ਏਸ ਖਾਮੋਸ਼ੀ ਨੂੰ ਸ਼ਾਂਤੀ ਦਾ ਨਾਂ ਦੇਵੋ ਬੜਾ ਕਠਿਨ ਹੈ ਝੱਲਣਾਂ ਗਲੀਆਂ ਵਿਚਲਾ ਸੋਰ ਸੀਮਾਪਾਰ ਝੁਲਸਦੇ ਖੇਤ ਗੋਲੀਆ ਨਾਲ ਉਡਾਏ ਜਾਂਦੇ ਬੱਚੇ ਕਦੋਂ ਮੰਗਣ ਹਮਦਰਦੀ ? ਉਹ ਤੇ ਆਖਣ “ਆਪਣੇ ਘਰ ਦੇ ਸਾਹ ਸੂਤੇ ਬੱਚਿਆਂ ਤੇ ਜ਼ੁਲਮ ਨਾਂ ਢਾਓ ਆਪਣੇ ਧੁਖਦੇ ਖੇਤਾਂ ਉਤੋਂ ਸੰਗੀਨਾਂ ਦਾ ਪਹਿਰਾ ਉਠਾਓ" ਬਿਰਛਾਂ ਨਾਲ ਬੰਨ੍ਹ ਉਡਾਏ ਧੋਲੇ ਹੱਸਣ, ਗੈਰਤ ਕਦੇ ਇੰਜ ਨਹੀਂ ਮਰਦੀ" ਸੋ ਹੁਣ ਵੇਲਾ ਹੈ ਤਿਆਗੋ ਇਹ ਅਖਬਾਰ-ਨਵੀਸੀ ਛੱਡੋ ਇਹ ਫੋਕੀ ਹਮਦਰਦੀ ਘੋਗੇ ਹੋ ਜਾਂ ਮੋਤੀ ਹੋ ਸਿੱਪੀਆਂ ਤੋਂ ਹੁਣ ਬਾਹਰ ਆਓ ਆਪਣਾ ਅਸਲੀ ਰੂਪ ਦਿਖਾਉ ਆਪਣਾ ਅਸਲੀ ਰੂਪ ਦਿਖਾਉ

ਗੀਤ

ਕਿੱਥੇ ਗੁੰਮ ਗਿਆ ਏਂ ਮੇਰੇ ਨਾਨਕ ਯਾਰਾ । ਬੇਈਂ ਨਦੀ ਦਾ ਨਿਰਮਲ ਜਲ ਹੁਣ ਤੇ ਬਣ ਚੁੱਕਾ ਏ ਮਾਰੂਥਲ ਤੇ ਖੁਰ ਰਿਹਾ ਹੈ ਸੁਕੀ ਨਦੀ ਦਾ ਕਿਨਾਰਾ । ਕੀਕੂੰ ਹੋਊ ਪਾਰ ਉਤਾਰਾ ਕਿਥੇ ਗੁੰਮ ਗਿਆ ਏ ਮੇਰਾ ਰਹਿਬਰ ਨਾਨਕ ਤੇ ਵਾਰਿਸ ਸ਼ਾਹ । ਮੈਂ ਆਪਣੇ ਅੰਦਰ ਹੀ ਡੁੱਬ ਗਿਆ ਕੇਹੀ ਜਿਲ੍ਹਣ ਵਿਚ ਹਾਂ ਖੁਭ ਗਿਆ ਹੁਣ ਤੇ ਸੁਣ ਲੈ ਸਰਾਪੀ ਹੋਂਦ ਦੀਆਂ ਪੁਕਾਰਾਂ ਆਪਣੀ ਬੋਲੀ ਚ ਮੈਂ ਤੇਰੇ ਬੋਲ ਬੋਲੇ ਪਰ ਨਾਂ ਹੋ ਸਕਿਆ ਫਿਰ ਵੀ ਦੁੱਧ ਤੇ ਲਹੂ ਦਾ ਨਿਤਾਰਾ। ਸਮੇਂ ਦਾ ਮੈਂ ਨਹੀਂ ਪੈਗੰਬਰ ਨਾਹੀ ਮੇਰਾ ਕੋਈ ਉਚ ਅਡੰਬਰ ਸ਼ਾਇਦ ਰਹਿ ਗਿਆ ਤਾਹੀਉਂ ਮੇਰਾ ਹਰ ਬੋਲ ਨਿਕਾਰਾ। ਕਿੱਥੇ ਗੁੰਮ ਗਿਆ ਏ ਮੇਰੇ ਰਹਿਬਰ ਨਾਨਕ ਤੇ ਵਾਰਿਸ ਯਾਰਾ ਸੁਣ ਲੈ ਮੇਰੀਆਂ ਪੁਕਾਰਾਂ ਸੁਣ ਲੈ ਮੇਰੀਆਂ ਪੁਕਾਰਾਂ।

ਰੀਂ ਰੀਂ ਗੀਤ

ਚਲੋ ਮੈਂ ਹੀ ਸ਼ੁਰੂ ਕਰਦਾਂ ਇਕ ਬਚਗਾਨਾ ਰੀਂ ਰੀਂ ਗੀਤ ਤੋੜਨ ਲਈ ਸਿਰਜਣ ਰੀਤ ਸੱਤ ਗਵਾਚੇ ਲੋਕਾਂ ਬਾਦ ਕਿਉਂ ਜੋ ਹੋ ਸਕਦਾ ਕੋਈ ਵੀ ਮਰਿਆ ਹੋਇਆ ਨੰਬਰ ਅੱਠ ਮੰਨ ਲਓ ਮੈਂ ਹੀ ਹਾਂ ਉਹ ਲਓ ਫਿਰ ਮੈਂ ਸ਼ੁਰੂ ਕਰਦਾਂ ਇਕ ਬਚਗਾਨਾ ਰੀਂ ਰੀਂ ਗੀਤ। "ਮੈਂ ਕੰਚਨ ਕਥੂਰੀ ਮਹਿਕ ਸੱਜਣ ਵੇ ਤੇਰੀ ਬਾਹੀਂ ਮੈਨੂੰ ਸਾਹੀਂ ਸਾਹੀਂ ਡੀਕ ਸੱਜਣ ਮੈਂ ਮਦੁ ਸੁਰਾਹੀ," ਜੇ ਇਹ ਨਹੀਂ ਮਨਜ਼ੂਰ ਤਾਂ ਲਓ ਫਿਰ ਪੇਸ਼ ਹੈ ਰੀਂ ਰੀਂ ਜੇਹਾ ਕੁਝ ਹੋਰ ਜੋ ਮੇਰੇ ਅੰਦਰ ਦਫਨ ਕਵੀ ਬੁੜਬੁੜਾਉਂਦਾ ਹੈ ਕਦੇ ਕਦਾਈਂ ਬਾਥਰੂਮ ਦੀ ਨੀਮ ਰੌਸ਼ਨੀ 'ਚ ਨਿੱਤ ਨੇਮ ਦੀ ਥਾਵੇਂ। "ਗਿੱਠ ਗਿੱਠ ਉਚੀ ਹੁੰਦੀ ਜਾਵੇ ਨਿੱਤ ਮੇਰੀ ਧੀ ਧਰੇਕ ਰੇਤ ਦੇ ਟਿੱਬੇ ਵਾਂਗ ਭਰਦਾ ਹਾਂ ਮੈਂ ਅੰਦਰ ਵਾਰ" ਕਿਧਰ ਗਈ ਉਹ ਤੇਲ ਨੂੰ ਸ਼ਹਿਦ ਭੁਲਾਵਾ ਦੇਵਣ ਵਾਲੀ ਮੇਰੀ ਸਾਹਿਬਾਂ ਨਾਰ ਹੁਣ ਨਹੀਂ ਜਾ ਹੋਣਾ ਦਾਨਾਵਾਦ ਦੀ ਜੂਹੋਂ ਪਾਰ ਨਾਹੀਂ ਚੁੱਕਿਆ ਜਾਂਦਾ ਮੈਥੋਂ ਸੱਖਣੇ ਤਰਕਸ਼ ਦਾ ਭਾਰ ਇਨ੍ਹਾਂ ਬੁੱਢੀ ਜੰਘੀਓਂ ਹੁਣ ਨਾਂ ਹੋਇਆ ਜਾਵੇ ਬੱਕੀ ਤੇ ਸਵਾਰ ਸਾਨੂੰ ਨਹੀਂ ਪੁੱਗਦੇ ਹੁਣ ਕੁੜੀਏ ਪੇਸਟਰੀਆਂ ਵਾਲੇ ਖੋਖਲੇ ਜਿਹੇ ਪਿਆਰ ਪੇਸਟਰੀਆਂ ਵਾਲੇ ਖੋਖਲੇ ਜਿਹੇ ਪਿਆਰ ।

ਪੰਜਾਬੀਆਂ ਦਾ ਗੀਤ

ਅਸੀਂ ਰੁੱਖਾਂ ਜਿਹੇ ਜੇਰਿਆਂ ਵਾਲੇ ਗਏ ਰੱਬੀ ਰਹਿਮਤਾਂ ਸੰਗ ਪਾਲੇ ਓ ਲੱਖ ਭਾਵੇਂ ਛਾਂਗ ਦਵੀਂ ਨਿਭੂ ਸਾਂਝ ਮਿੱਟੀ ਦੀ ਨਾਲੇ ਨਿਭੂ ਸਾਂਝ ਮਿੱਟੀ ਦੀ ਨਾਲੇ ਅਸੀਂ ਰੁੱਖਾਂ ਜਿਹੇ ਜੇਰਿਆਂ ਵਾਲੇ । ਜੰਗਲ ਸੱਪ ਸਿਰੀਆਂ ਫੇਂਹਦੇ ਆਏ ਬੰਜਰ ਭੋਇੰ ਚ ਅਸਾਂ ਫੁੱਲ ਖਿਲਾਏ ਥੱਕੇ ਮੂਲ ਨਾਂ ਅਸੀਂ ਪੰਜਾਬੀ ਮਾਂ ਜਾਏ ਓ ਮਿੱਟੀ ਨੇ ਜੇ ਮੁੱਲ ਮੰਗਿਆ ਹੱਸ ਹੱਸ ਅਸਾਂ ਤਾਰਿਆ ਹੱਥੀਂ ਅੱਟਣ ਪੈਰਾਂ ਵਿੱਚ ਛਾਲੇ ਅਸੀਂ ਰੁੱਖਾਂ ਜਿਹੇ ਜੇਰਿਆਂ ਵਾਲੇ। ਗਏ ਰੱਬੀ ਰਹਿਮਤਾਂ ਸੰਗ ਪਾਲੇ । ਓ ਰੱਬ ਕੋਲੋਂ ਪੁੱਛ ਵੇਖ ਲਓ ਕਦੇ ਲਿਖੇ ਲੇਖ ਨਾਂ ਅਸੀਂ ਕਾਲੇ । ਅਸੀਂ ਰੁਖਾਂ ਜਿਹੇ ਜੇਰਿਆ ਵਾਲੇ ਅਮਨਾਂ ਦੀ ਗੱਲ ਜੇ ਛਿੜੀ ਅਸੀਂ ਫੜੀ ਪੰਚਸ਼ੀਲ ਮਾਲਾ ਦੁਨੀਆਂ ਦੇ ਅਮਨ ਲਈ ਯਾਰੋ ਕੀਤਾ ਮਸਾਂ ਮਸਾਂ ਇਹ ਉਪਰਾਲਾ ਅਣਖ ਸਾਡੀ ਨੂੰ ਜਦੋਂ ਵੰਗਾਰਿਆ ਕਿਸੇ ਛੱਡ ਕਹੀ ਕਹੋਲੀ ਅਸੀਂ ਫੜ ਲਏ ਝੱਟ ਭਾਲੇ । ਅਸੀਂ ਚੁੰਮੇ ਫਾਂਸੀ ਦੇ ਰੱਸੇ ਓ ਕੀ ਨਹੀਂ ਕੀਤਾ ਅਣਖ ਇਹਦੀ ਲਈ ਕੋਈ ਤਾਂ ਸਾਨੂੰ ਦੱਸੇ। ਕਿੰਨੀ ਵਾਰੀ ਉਜੜੇ ਅਸੀਂ ਤੇ ਕਿੰਨੀ ਵਾਰੀ ਹਾਂ ਵੱਸੇ ਮੱਥੇ ਵੱਟ ਕਦੇ ਵੀ ਨਾਂ ਪਾਇਆ ਬੱਸ ਹੋਣੀ ਤੇ ਹੀ ਹਾਂ ਹੱਸੇ ਇਸ ਮਿੱਟੀ ਦਾ ਮੋਹ ਪਾਲਦਿਆਂ ਅਸੀਂ ਜੁੱਸੇ ਆਪਣੇ ਗਾਲੇ ਅਸੀਂ ਰੁੱਖਾਂ ਜਿਹੇ ਜੇਰਿਆਂ ਵਾਲੇ ਗਏ ਰੱਬੀ ਰਹਿਮਤਾਂ ਸੰਗ ਪਾਲੇ । ਓ ਲੱਖ ਭਾਵੇਂ ਛਾਂਗ ਦਵੀਂ ਨਿਭੂ ਸਾਂਝ ਮਿੱਟੀ ਦੀ ਨਾਲੇ ਅਸੀਂ ਰੁੱਖਾਂ ਜਿਹੇ ਜੇਰਿਆਂ ਵਾਲੇ ਅਸੀਂ ਰੁੱਖਾਂ ਜਿਹੇ ਜੇਰਿਆਂ ਵਾਲੇ

ਕਣਕਾਂ ਦਾ ਗੀਤ

ਖੇਡਾਂ ਦੇ ਵਿਚ ਪੱਕੀਆਂ ਕਣਕਾਂ, ਸੋਨਾ ਰਹੀਆਂ ਖਿਲਾਰ, ਨੀ ਮਿੱਟੀਏ ਵਤਨ ਦੀਏ, ਤੇਰੀ ਬਦਲ ਰਹੀ ਨੁਹਾਰ, ਨੀ ਮਿੱਟੀਏ ਵਤਨ ਦੀਏ, ਨੀ ਮਿੱਟੀਏ ਵਤਨ ਦੀ ਏ ਦੇਸ਼ ਮੇਰੇ ਦੇ ਲੋਕੀਂ ਜਾਗੋ, ਜਾਗ ਪਿਆ ਸੰਸਾਰ ਦੇਸ਼ ਮੇਰੇ ਦੀ ਮਿੱਟੀ ਮਹਿਕੀ, ਮਹਿਕ ਪਿਆ ਸੰਸਾਰ ਕੰਮੀ ਰੁੱਝੇ ਢੋਲੇ ਗਾਵਣ, ਕੀ ਨਰ ਤੇ ਕੀ ਨਾਰ ਨਵੀਂ ਪੀੜ੍ਹੀ ਦੇ ਨਵੇਂ ਹੀ ਚਾਲੇ, ਨਵੀਉਂ ਨਵੀਂ ਰਫਤਾਰ ਨੀ ਮਿੱਟੀਏ ਵਤਨ ਦੀਏ, ਤੇਰੀ ਬਦਲ ਗਈ ਨੁਹਾਰ ਖੇਤਾਂ ਦੇ ਵਿਚ ਪੱਕੀਆਂ ਕਣਕਾਂ, ਸੋਨਾ ਰਹੀਆਂ ਖਿਲਾਰ । ਕਿਰਤ ਸੱਚੀ ਦੀਆਂ ਛਿੜੀਆਂ ਹਰ ਪਾਸੇ ਵਾਰਾਂ ਦੇਸ ਮੇਰੇ ਦੇ ਛੇਲ ਗੱਭਰੂ ਤੇ ਸੁੰਦਰ ਮੁਟਿਆਰਾਂ ਸੱਤ ਸਮੁੰਦਰ ਪਾਰ ਗਏ ਵੀ, ਨੇ ਲੈ ਆਏ ਬਹਾਰਾਂ ਪਰ ਮਿੱਟੀ ਦਾ ਮੋਹ ਨਾਂ ਤੱਜਿਆ, ਭਾਵੇਂ ਗਏ ਸਮੁੰਦਰੋਂ ਪਾਰ ਨੀ ਮਿੱਟੀਏ ਵਤਨ ਦੀਏ ਤੇਰੀ ਬਦਲ ਗਈ ਨੁਹਾਰ ਖੇਤਾਂ ਦੇ ਵਿਚ ਪੱਕੀਆਂ ਕਣਕਾਂ, ਸੋਨਾ ਰਹੀਆਂ ਖਿਲਾਰ । ਸੋਨੇ ਦੇ ਮੁਕਟ ਵਾਲਿਆਂ, ਚੰਨ ਤਾਰਿਆਂ ਤੇ ਲੱਖ ਤੂੰ ਜਾਵੀਂ ਤੂੰ ਤੱਕਕੇ ਹੁਸਨ ਉਸ ਦਾ ਅਰਸ਼ੀ, ਐਂਵੇ ਨਾਂ ਮਨੂਆਂ ਡੋਲਾਵੀਂ ਵੇਖੀਂ ਵੀਰਾ ਮੋਹ ਮਿੱਟੀ ਦਾ, ਮੋਹ ਮਿੱਟੀ ਦਾ ਪਾਲ ਵਿਖਾਵੀਂ ਓ ਸੋਨੇ ਦੇ ਮੁਕਟ ਵਾਲਿਆਂ, ਚੰਨ ਤਾਰਿਆਂ ਤੇ ਲੱਖ ਤੂੰ ਜਾਵੀਂ ਮਿੱਟੀ ਜੇਡ ਹੋਰ ਕੋਈ ਨਾਂ ਸ਼ਾਂਤੀ ਰੂਹ ਨੂੰ ਮਿਲੂਗੀ ਮਿੱਟੀ ਕੋਲੇ ਨੀ ਮਿੱਟੀਏ ਵਤਨ ਦੀਏ, ਤੇਰੀ ਬਦਲ ਗਈ ਨੁਹਾਰ । ਖੇਤਾਂ ਦੇ ਵਿਚ ਪੱਕੀਆਂ ਕਣਕਾਂ, ਸੋਨਾ ਰਹੀਆਂ ਖਿਲਾਰ ਨੀ ਮਿੱਟੀਏ ਵਤਨ ਦੀਏ, ਤੇਰੀ ਬਦਲ ਰਹੀ ਨੁਹਾਰ

ਅਭਿਲਾਸ਼ਾ

ਸੁਣ ਬੱਚਿਆਂ ਦੀ ਮਾਏ ਜੋਗੀ ਬਣ ਜਾਣ ਦੇ ਬਿਨ ਜੋਗ ਨਾ ਪਾਰ ਉਤਾਰੇ ਜੋਗੀ ਬਣ ਜਾਣ ਦੇ । ਏਸ ਘਰ ਤੇ ਜੋ ਕਹਿਰ ਢਹੇ ਅਸੀਂ ਨਹੀਂ ਇਸ ਘਰ ਜੋਗ ਰਹੇ ਜਾਣ ਦੇ ਸਾਨੂੰ ਤਪੋਬਨ ਲਈ ਤਾਂ ਜੋ ਨਾਂ ਸਾਨੂੰ ਕੋਈ ਭੋਗੀ ਕਹੇ । ਹੁਣ ਮਨ ਬੜਾ ਉਪਰਾਮ ਹੈ ਰਹਿੰਦਾ ਰਾਤ ਦਿਨੇ ਬਸ ਇਹੋ ਕਹਿੰਦਾ ਮਾਣ ਲਏ ਬੜੇ ਰੰਗ ਤਮਾਸ਼ੇ ਖੁਸ਼ੀਆਂ ਖੇੜੇ ਤੇ ਚੁੰਮਣ ਹਾਸੇ ਹੱਥ ਫੜ ਤਸਬੀ ਲੋਟੇ ਕਾਸੇ ਤੁਰ ਸਿਧਾਰਥ ਵਣਾਂ ਦੇ ਪਾਸੇ। ਜਾਣ ਦੇ ਹੁਣ ਜਾਣ ਦੇ ਮਨ ਸਿਮਰਨ ਵਲ ਲਾਣ ਦੇ ਸੁਣ ਬੱਚਿਆਂ ਦੀਏ ਮਾਏ ਜੋਗੀ ਬਣ ਜਾਣ ਦੇ ਬਿਨ ਜੋਗ ਨਾ ਪਾਰ ਉਤਾਰੇ ਜੋਗੀ ਬਣ ਜਾਣ ਦੇ

ਅਵਾਰਾ ਕਵਿਤਾ

ਸੁਘੜ ਸਿਆਣਪਾ ਥਾਂਵੇ ਅਵਾਰਾਗਰਦੀ ਅੰਦਰ ਮੇਰੇ ਬੈਠ ਗਈ ਲਾ ਡੇਰਾ ਹਰ ਔਰਤ ਚਿਹਰਾ ਤਕਦਿਆਂ ਚੇਤਾ ਆਵੇ ਤੇਰਾ ਇਸ ਹਾਲਤ 'ਚ ਘਿਰੇ ਅਵਾਰਾ ਕਵਿਤਾ ਲਿਖਣੀ ਸੁੱਝੀ ਹੈ ਭਲਾਂ ਬੰਦੇ ਦੇ ਦਰਿਆਈ ਮਨ ਦੀ ਕਿਸਨੇ ਬੁੱਝੀ ਹੈ ? ਅਵਾਰਾ ਕਵਿਤਾ, ਅਵਾਰਾ ਸੜਕਾਂ, ਅਵਾਰਾ ਮੁੰਡੇ ਕੁੜੀਆਂ ਸੜਕਾਂ, ਸਿਨਮੇ ਹਾਲਾਂ, ਪਾਰਕਾਂ ‘ਚ ਕਰਨ ਹਰਕਤਾਂ ਅਵਾਰਾ ਇਸ ਅਧਖੜ ਉਮਰੇ ਮਨ ਨੂੰ ਬੜੇ ਸੁਖਾਉਂਦੇ ਨੇ ਘੱਟੋ ਘੱਟ ਇਹ ਧੀਰ ਬੰਨਾਉਂਦੇ ਨੇ ਕਿਤੇ ਤਾਂ ਪਹੁੰਚ ਗਿਆ ਅਜ਼ਾਦੀ ਪਿਛੋਂ ਨਵ ਪੋਚ ਅਸੀਂ ਭੇੜੀਏ ਤਾ ਓੜ੍ਹਕੇ ਸੱਚੀ ਸੁੱਚੀ ਨੈਤਿਕਤਾ ਦਾ ਜ਼ਾਮਾ ਹੱਥਾਂ 'ਚ ਲੈ ਕੇ ਕਿਤਾਬਾਂ ਡਿਗਰੀਆਂ ਕੀ ਖੱਟਿਆ ? ਬਸ ਲੈ ਦੇ ਕੇ ਮਾਪਿਆਂ ਦਾ ਧਨ ਪੱਟਿਆ ਸ਼ਾਇਦ ਮੇਰਾ ਹੀ ਪਤਨ ਹੋ ਚੁੱਕਾ ਹੈ ਤੇ ਇਸ ਪਤਨ-ਮਨੋਦਸ਼ਾ 'ਚੋਂ ਹੀ ਅਕਸਰ ਅਵਾਰਾ ਖਿਆਲ ਜਿਹਨ ਤੇ ਛਾਏ ਰਹਿੰਦੇ ਰਾਤੀਂ ਸੁਪਨ ਵਿਹੂਣੀਆਂ ਅੱਖੀਆਂ ਅੱਡੀ ਤੱਕਦੇ ਸੋਚ ਅਵਾਰਾ ਦੇ ਝੁਰਮਟ ਬਣ ਹਮਸਾਏ ਕਹਿੰਦੇ ਪਾਕੇ ਸਭਿਅਕ ਚੋਲਾ ਅੱਧੀ ਉਮਰ ਲੰਘਾਈ ਹੁਣ ਜਦ ਸ਼ਾਖ ਉਮਰ ਦੀ ਹੈ ਮੁਰਝਾਈ ਕੋਈ ਨਾ ਰੰਗ ਸੁਗੰਧ ਬਹਾਰ ਤੇਰੀ ਹਮਸਾਈ ਝੂਰਨ ਲਈ ਇਕ ਅਵਾਰਾ ਸੋਚ ਦਾ ਬੱਦਲ ਟੋਟਾ ਜੋ ਨਾ ਵਰ੍ਹਦਾ ਨਾ ਗਰਜਣੋਂ ਹਟਦਾ ਜੀਵਨ ਦੇ ਇਸ ਪੜਾ ਤੇ ਕੀ ਕਰ ਸਕਦਾ ਬਸ ਇਕ ਅਵਾਰਾ ਕਵਿਤਾ ਹੀ ਲਿਖ ਸਕਦਾ ਬਸ ਇਕ ਅਵਾਰਾ ਕਵਿਤਾ ਹੀ ਲਿਖ ਸਕਦਾ ।

ਸ਼ਹੀਦ ਨਮਿਤ

ਇਹ ਸ਼ਬਦ ਝੂਠੇ ਨੇ ਜਾਂ ਅਰਥ ਦਾ ਹੀ ਧੋਖਾ ਏ ਨਾ ਕੋਈ ਸ਼ਬਦ ਤੇਰੇ ਮੇਚ ਆਉਂਦਾ ਨਾ ਅਰਥ 'ਚ ਸਮਾਉਂਦਾ ਏ ਤੂੰ ਮੈਂ ਸ਼ਬਦ ਤੇ ਅਰਥ ਵਿਚਕਾਰ ਭਟਕਿਆ ਅਤ੍ਰਿਪਤ ਗੂੰਗਾ ਗੀਤ ਤੇਰੀ ਸੰਗਤ ਤੋਂ ਵਿਹੂਣਾ ਹੋ ਰਿਹਾ ਹਾਂ ਹੋਰ ਬੌਣਾ ਹੋਰ ਊਣਾ ਤਪਦੀ ਲੋਹ ਤੋਂ ਆਰੇ ਤੀਕ ਰਣ ਭੂਮੀ ਤੋਂ ਫਾਂਸੀ ਤੀਕ ਨੇਜ਼ੇ ਤੋਂ ਚਰਖੜੀਆਂ ਤੀਕ ਤੂੰ ਸਗਵੇਂ ਦਾ ਸਗਵਾਂ ਮੇਰੇ ਨਾਲ ਰਿਹਾ ਪਰ ਫਾਂਸੀ ਰੱਸਾ ਗਲ 'ਚ ਵੇਖ ਮੈਂ ਸਾਥ ਰਹਿਣ ਤੋਂ ਦਹਿਲ ਗਿਆ ਤੂੰ ਆਪਣੇ ਸਿਦਕ ਤੇ ਕਾਇਮ ਰਿਹਾ ਮੇਰਾ ਸਿਰ ਪਰ ਪਿੱਠ ਤੇ ਲੱਗ ਗਿਆ ਬੜੀ ਵਾਰੀ ਮੈਂ ਚਾਹਿਆ ਸਿਰ ਸਿੱਧਾ ਕਰ ਤੇਰੇ ਨਾਲ ਰਲਾਂ ਪਰ ਹਰ ਵਾਰੀ ਮਨ ਮੌਤ ਵੇਖ ਕੇ ਸਹਿਮ ਗਿਆ, ਫਿਰ ਇਕ ਦੋ ਵਾਰੀ ਤੇਰੀ ਮਰਿਆਦਾ ਅੱਗੇ ਸਹੁੰ ਚੁਕੀ ਸੀਸ ਨਿਵਾਇਆ ਪਰ ਮਰਨੇ ਤੋਂ ਮਨ ਘਬਰਾਇਆ ਪਿੱਠ ਤੇ ਲੱਗਾ ਪੁੱਠਾ ਸਿਰ ਕਦੇ ਕੌਮ ਦੇ ਕੰਮ ਨਾ ਆਇਆ ਤੂੰ ਮੇਰਾ ਸਿਰ ਸਿੱਧਾ ਕਰਨ ਲਈ ਮੇਰਾ ਹੀ ਰਾਹ ਚੁਣ ਮੇਰੇ ਕੋਲੇ ਆਇਆ ਰਹੁ ਰੀਤੀ ਨੂੰ ਦੁਹਰਾਇਆ ਸਹੁੰ ਚੁਕੀ ਸੀਸ ਨਿਵਾਇਆ ਤੇ ਦ੍ਰਿੜ੍ਹਤਾ ਦੇ ਆਸਣ ਬੈਠ ਗਿਆ ਸਮੇਂ ਦੇ ਹਾਕਮ ਆਪਣਾ ਦੰਭ ਬਚਾਵਣ ਖਾਤਰ ਤੇ ਤੈਨੂੰ ਝੁਠਲਾਵਣ ਖਾਤਰ ਕਦੇ ਲਲਚਾਇਆ, ਕਦੇ ਧਮਕਾਇਆ ਐਪਰ ਤੂੰ ਕਿਸੇ ਝਾਂਸੇ ਹੇਠ ਨਾ ਆਇਆ ਤੇ ਮਰਨ ਵਰਤ ਦਾ ਭੌਤਕ ਰਚ ਗਿਆ ਹੁਣ ਲੱਖ ਤੇਰੀਆਂ ਅਸਥੀਆਂ ਅੱਗੇ ਸੀਸ ਝੁਕਾਵਾਂ ਸੁੱਚੀ ਰਾਖ ਤੇਰੀ ਨੂੰ ਚੁਕ ਚੁਕ ਮੱਥੇ ਲਾਵਾਂ ਤੇਰੇ ਰੂਬਰੂ ਮੈਂ ਹੋ ਨਹੀਂ ਸਕਦਾ ਮੈਂ ਪੁੱਠੇ ਸਿਰ ਵਾਲਾ ਬੌਣਾ ਆਦਮੀ ਆਪਣੀ ਮੰਜ਼ਿਲ ਤੋਂ ਜੋ ਹਾਂ ਭਟਕਿਆ ਕੀਕੂੰ ਤੇਰਾ ਹਮ ਕੌਮ ਹੋਣ ਦਾ ਦਾਅਵਾ ਕਰਾਂ ਤੇ ਸ਼ਰਧਾਂਜਲੀ ਦੇ ਗੀਤ ਦਾ ਹੂੰਗਾ ਭਰਾਂ ਤੇ ਸ਼ਰਧਾਂਜਲੀ ਦੇ ਗੀਤ ਦਾ ਹੂੰਗਾ ਭਰਾਂ ।

ਬੱਚਿਆਂ ਦੀ ਪੁਕਾਰ

ਅਸੀਂ ਫੁੱਲ ਕਲੀਆਂ ਤੇ ਟਾਹਣੀਆਂ ਹਰੀਆਂ ਕਚੂਰ, ਸਾਹੀਂ ਸਾਡੇ ਸੁਗੰਧੀਆਂ ਘੁਲੀਆਂ ਹੈ ਚਿਹਰੇ ਤੇ ਨੂਰ । ਅਸੀਂ ਨਿਮਾਣੇ ਤਾਂ ਹਾਂ ਕੌਮੀ ਏਕਤਾ ਦੇ ਸੱਚੇ ਪ੍ਰਤੀਕ, ਫਿਰਕਾਪ੍ਰਸਤੀ ਦਾ ਜ਼ਹਿਰ ਸਾਡੇ ਤੇ ਨਾ ਧੂੜੋ ਹਜ਼ੂਰ । ਆਂਗਣਵਾੜੀ ਇਕ 'ਚ ਖੜੇ ਹਾਂ ਵੰਨ-ਸੁਵੰਨੇ ਰੰਗਾਂ ਵਾਲੇ, ਕੇੜ੍ਹੀ ਗਲੋਂ ਕਰਨਾ ਚਾਹੁੰਦੇ ਪੱਤੀ ਪੱਤੀ ਚੂਰ ਚੂਰ । ਅੰਧ ਵਿਸ਼ਵਾਸੀ ਹੋ ਕੇ ਖੇਡੋਗੇ ਜੋ ਵੀ ਚਤ੍ਰ ਚਾਲ ਅੱਜ, ਮੁੱਲ ਤਾਰਨਾਂ ਪਵੇਗਾ ਭਲਕੇ ਸਭ ਨੂੰ ਏਹਦਾ ਜਰੂਰ । ਮਸਾਂ ਇਕੱਠੇ ਖੇਡਣ ਲੱਗੇ, ਜੋਗਾ ਸਿੰਘ ਤੇ ਰਾਮ, ਰਹੀਮ, ਕਿਉਂ ਚਾਹੁੰਦੇ ਨੇ ਸਾਡੇ ਵਾਰਸ ਤੱਕਣਾ ਸਾਨੂੰ ਦੂਰ ਦੂਰ । ਇਤਿਹਾਸ ਨੇ ਬਖਸ਼ੇ ਨਹੀਂ ਬਾਬਰ ਔਰੰਗ ਤੇ ਮਨੂੰ ਜਿਹੇ, ਸੋਚ ਸੰਭਲੋ ਹੋਸ਼ ਕਰੋ ਛੱਡੋ ਇਹ ਦਾਨਵੀ ਗ਼ਰੂਰ । ਅਪਣਾ ਨਹੀਂ ਖਿਆਲ ਕੋਈ, ਸਾਡੇ ਤੇ ਹੀ ਰਹਿਮ ਕਰੋ, ਸੀਮਾ ਉਤੇ ਦੁਸ਼ਮਣ ਸਾਡਾ ਤੱਕਦਾ ਪਿਆ ਹੈ ਘੂਰ ਘੂਰ । ਅਸੀਂ ਫੁੱਲ ਕਲੀਆਂ ਤੇ ਟਾਹਣੀਆਂ ਹਰੀਆਂ ਕਚੂਰ, ਸਾਹੀਂ ਸਾਡੇ ਸੁਗੰਧੀਆਂ ਘੁਲੀਆਂ ਹੈ ਚਿਹਰੇ ਉੱਤੇ ਨੂਰ ।

कहां गये वे दिन ?

अब मुझे ही डूब जाने दो, देखा नही जा सकता मुझसे, व्यास और सतलुज के निर्मल जल में, आदमी का बहता हुआ खून, अब मुझे ही डूब जाने दो, प्रिये ! पूछ रहा हूं तुम से, अब जब हरिमन्दिर में तैर रही है लाशें क्या गंगा, यमुना में बहता हुआ जल, अब भी निर्मल है ? क्या मथुरा के पेड़ अब भी मीठे हैं ? पूछ रहा हूं तुझ से प्रिये कोई तो दो जवाब, कोई तो दो जवाब ॥ प्रिये ! पूछ रहा हूं तुझ से, कहां चले गये हैं वे दिन ? जब मेरे अब्बा गोद में लेकर सुबह जा कर हरिमन्दिर में, मस्तिक टेकने के पश्चात, सरोवर में से भरकर चुली घर लौट आते मुस्काते थे, और संध्या को दुर्गा मन्दिर में जाकर, कहते 'मानुष जन्म दुर्लभ है' फिर धूप सेकते, आंसू बहाते हुए, जलियां वाले बाग जा बैठा करते । प्रिये ? कहां गये वे दिन ? कहाँ चले गये वे दिन ? जब गेहूं और चावल में अन्तर नहीं था, अब हरे घास पर टपकती हुई ओस, ठण्डी ठण्डी लगती थी, उर्वशी बार-बार पुकारती थी लौट जाओ, लौट जाओ पुरूरवा ॥ कहां चले गये वे दिन ? जब पवन रूमकती थी और फिजा में फैली होती थी गुलाब की सुगन्ध कैसे आ गये हैं ये दिन ? जब नाक में भर रही है। मृतकों की गन्ध ।। प्रिये ! कहां चले गये वे दिन ? जब ........ ...... .. शुक्ल की अम्मा मुझे बुलाती थी मुझे गले लगाकर चूमती थी और मेरी बेबे उसे चूम चुमाकर नहीं थकती थी प्रिये ! कहां चले गये वे दिन ........ ...... ..वे दिन ? तब ही तो कह रहा हूं बार-बार अब मुझे डूब जाने दो। मुझ से नहीं देखा जा सकता सतलुज, व्यास, गंगा और यमुना के पावन जल में बहता हुआ आदमी का खून | तब ही तो कह रहा हूं मुझे डूब जाने दो ।।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਤ੍ਰੈਲੋਚਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ