Aham : Trailochan
ਅਹਮ (ਕਾਵਿ ਸੰਗ੍ਰਹਿ) : ਤ੍ਰੈਲੋਚਨ
ਆਧੁਨਿਕ ਕਾਵਿ ਸਿਰਜਣ 'ਚ ‘ਅਹਮ' ਦਾ ਜ਼ਿਕਰ
ਆਧੁਨਿਕ ਕਵਿਤਾ ਦੇਸ਼ ਤੇ ਕਾਲ ਦੀਆ ਹੱਦਾਂ ਸਵੀਕਾਰ ਨਹੀਂ ਕਰਦੀ । ਮੇਰਾ ਖਿਆਲ ਹੈ ਅਜੋਕੀ ਕਵਿਤਾ ਤੇ ਇਹ ਹੱਦਾਂ ਥੋਪਣ ਦਾ ਜਤਨ ਵੀ ਨਹੀਂ ਕਰਨਾ ਚਾਹੀਦਾ। ਇਸ ਲਈ ਆਧੁਨਿਕ ਕਵਿਤਾ ਦੀ ਪ੍ਰੰਪਰਾ ਦਾ ਜਦੋਂ ਅਸੀਂ ਜ਼ਿਕਰ ਕਰੀਏ ਤਾਂ ਮੁਕਤੀਬੋਧ, ਰਾਜਕਮਲ ਚੌਧਰੀ, ਹਰਿਭਜਨ, ਸਤੀ ਕੁਮਾਰ ਜਾਂ ਹਰਿਨਾਮ ਹੀ ਸਾਡੀ ਨਜ਼ਰ ਵਿਚ ਨਾਂਹ ਹੋਣ। ਸਗੋਂ ਗੁਇੰਟ੍ਰ ਗ੍ਰਾਸ, ਗਿਨਜ਼ਬਰਗ, ਤੇ ਆਡਰੇ ਹੈਨਰੀ ਵੀ ਸਾਡੀ ਨਜ਼ਰ ਦਾ ਕੇਂਦਰ ਹੋਣ। ਅਜਿਹੇ ਆਧੁਨਿਕ ਕਵੀਆਂ ਨੇ ਪਾਠਕਾਂ ਦਾ ਇਕ ਵੱਖਰਾ ਬੌਧਿਕ ਵਰਗ ਹੀ ਪੈਦਾ ਨਹੀਂ ਕੀਤਾ, ਸਗੋਂ ਮਨੁੱਖ ਨਿਰਾਰਥਕ ਕੀਮਤਾਂ ਦੀ ਪਕੜ ਵਿਚ ਕਿਸ ਅਸਤਿਤਵ ਦਾ ਸੁਆਮੀ ਬਣਿਆ ਹੈ, ਇਸ ਦਾ ਅਹਿਸਾਸ ਵੀ ਪੈਦਾ ਕੀਤਾ ਹੈ । ਕਵਿਤਾ ਦੇ ਵਿਦਰੋਹੀ ਸ਼ਬਦਾਂ ਨੂੰ ਰੁਮਾਂਸ ਦਾ ਮਖੌਟਾ ਉਤਾਰ ਕੇ ਜਿਉਣਾ ਸਿਖਾਇਆ ਹੈ।
ਤ੍ਰੈਲੋਚਨ ਦੀ ਕਵਿਤਾ ਵੀ ਅਜਿਹੇ ਵਿਦਰੋਹੀ-ਅਨੁਭਵ 'ਚੋਂ ਜਾਗਦੀ ਹੈ । ਕਈ ਵਾਰ ਗਿਨਜ਼ਬਰਗ ਦੇ ਸ਼ਬਦ ਵੀ ਕੇਵਲ ਸੁਹਜ ਦਾ ਇਕ ਬੰਧਨ ਤੋੜ ਕੇ ਚੀਕ, ਗਾਲ, ਜਾਂ ਫਿਟਕਾਰ ਪਾ ਜਾਂਦੇ ਹਨ, ਇਉਂ ਹੀ ਤ੍ਰੈਲੋਚਨ ਕਈ ਵਾਰ ਅਜਿਹੀ ਵਿਦਰੋਹੀ ਅਵਸਥਾ ਨੂੰ ਪਰਗਟ ਕਰਦਾ ਹੈ ਜਿਸ ਵਿਚ ਉਹ ਹਰ ਨਿਰਾਰਥਕ ਤੇ ਅਖੌਤੀ ਸਾਰਥਕ ਅਵਸਥਾ ਨੂੰ ਫਿਟਕਾਰਦਾ ਹੈ ! ਉਸ ਨੂੰ ਕਰਾਂਤੀ ਦੇ ਮਖੌਟਿਆਂ ਵਿਚ ਕੋਈ ਅਰਥ ਨਜ਼ਰ ਨਹੀਂ ਆਉਂਦਾ। ਅਜਿਹੀ ਅਵਸਥਾ ਵਿਚ ਕਈ ਵਾਰ ਸੁਭਾਵਕ ਹੀ ਅਜਿਹੀ ਕਵਿਤਾ ਦਾ ਜਨਮ ਹੁੰਦਾ ਹੈ ਜਿਸ ਤੇ ਸਰੋਦੀ ਕਵਿਤਾ ਜਾਂ ਆਖੀ ਜਾਂਦੀ ਪੂਰਨ ਕਵਿਤਾ ਦੇ ਬਿੰਬਾਂ, ਪ੍ਰਤੀਕਾਂ ਜਾਂ ਭਾਸ਼ਾਂ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ । ਉਂਝ ਵੀ ਅਜਿਹੀ ਆਦਤ ਤੋਂ ਮੁਕਤ ਹੋਣ ਦੀ ਲੋੜ ਹੈ, ਜੇ ਅਸੀਂ ਅਜਿਹੀ ਆਦਤ ਤੋਂ ਮੁਕਤ ਨਹੀਂ ਹੋਵਾਂਗੇ ਤਾਂ ਆਧੁਨਿਕ ਕਵਿਤਾ ਦੀਆਂ ਕਈ ਦਿਸ਼ਾਵਾਂ ਨੂੰ ਸਮਝਣ ਤੋਂ ਅਸਮਰੱਥ ਰਹਾਂਗੇ।
ਉੱਪਰ ਵਰਨਣ ਕੀਤੇ ਪੰਜਾਬੀ ਕਵੀਆਂ ਚੋਂ ਇਕ ਹੀ ਸਮੱਸਿਆ ਬਾਰੇ ਦੋ ਕਵੀਆਂ ਦੇ ਦ੍ਰਿਸ਼ਟੀਕੋਣਾਂ ਵਿਚ ਸਪਸ਼ਟ ਅੰਤਰ ਹੋ ਸਕਦਾ ਹੈ। ਕਿਸੇ ਇਕ ਹੀ ਸਮੱਸਿਆ ਚੋਂ ਉਪਜੇ ਸ਼ਬਦਾਂ ਦਾ ਮੂੰਹ ਹਰਿਭਜਨ ਦੀ ਕਵਿਤਾ ਵਿਚ ਸੁਹਜ ਵੱਲ ਤੇ ਹਰਿਨਾਮ ਦੀ ਕਵਿਤਾ ਵਿਚ ਕੁਹਜ ਵੱਲ ਹੋ ਸਕਦਾ ਹੈ । ਫਰਕ ਏਨਾ ਹੀ ਹੈ ਕਿ ਇੱਕ ਦੀ ਨਜ਼ਰ ਸਿੱਧੀ ਸੁਹਜ ਦੀ ਚੇਤਨਾ ਵੱਲ ਹੈ, ਇੱਕ ਦੀ ਕੁਹਜ ਦੀ ਚੇਤਨਾ 'ਚੋਂ ਲੰਘ ਕੇ ਸੁਹਜ ਨੂੰ ਅਚੇਤ ਤੌਰ ਤੇ ਸਵੀਕਾਰ ਕਰਦੀ ਹੈ । ਮੇਰਾ ਇਹ ਵਿਸਥਾਰ ਕਰਨ ਤੋਂ ਭਾਵ ਇਹ ਆਖਣਾ ਹੈ ਕਿ ਤ੍ਰੈਲੋਚਨ ਵੀ ਇਸੇ ਕੁਹਜ ਦੀ ਚੇਤਨਾ 'ਚੋਂ ਲੰਘਦਾ ਹੋਇਆ ਕਵੀ ਹੈ—ਤੇ ਉਸਦੀ ਕਵਿਤਾ ਵਿਚਲੀ 'ਮਾਂ' ਕੇਵਲ ਨਿੱਜੀ ਹੀ ਨਹੀਂ, ਸਗੋਂ ਅਜੋਕੇ ਮਨੁੱਖ ਦੇ ਯਥਾਰਥ ਦੀ ਪ੍ਰਤਿਨਿਧ ਹੈ—ਜੋ ਇੱਸ ਨੰਗੇ ਸੱਚ ਨੂੰ ਸਾਰਿਆਂ ਦੇ ਸਾਹਮਣੇ ਰੱਖਦੀ ਹੈ । ਇਸ ਨੰਗੇ ਸੱਚ ਦੀ ਚੇਤਨਾ ਕਵੀ ਅੰਦਰ ਇੱਕ ਅਜਿਹੇ ਅਨੁਭਵ ਨੂੰ ਜਗਾਉਂਦੀ ਹੈ ਕਿ ਉਸ ਦੇ ਬੋਲ ਸ਼ਬਦ ਕਈ ਵਾਰ ਸਾਨੂੰ ਚੌਂਕਾ ਦਿੰਦੇ ਹਨ, ਪਰ ਇਸ ਵਿਚ ਕੁਝ ਦੋਸ਼ ਸਾਡਾ ਵੀ ਹੁੰਦਾ ਹੈ, ਅਸੀਂ ਅਜਿਹੇ ਸੱਚ ਬਾਰੇ ਅਚੇਤ ਰਹਿਣ ਦੀ ਅਵਸਥਾ ਨੂੰ ਕੁਝ ਨਾ ਕੁਝ ਸਵੀਕਾਰ ਕਰ ਚੁੱਕੇ ਹੁੰਦੇ ਹਾਂ ।
ਇਸ ਸੱਚ ਦੇ ਵਧੇਰੇ ਨੇੜੇ ਰਹਿਣ ਲਈ ਹੀ ਤ੍ਰੈਲੋਚਨ ਉਨ੍ਹਾਂ ਸ਼ਬਦਾਂ ਨੂੰ ਉਵੇਂ ਹੀ ਚਿਤਰ ਦਿੰਦਾ ਹੈ, ਜਿਵੇਂ ਉਸ ਦੇ ਮਨ ਦੀ ਚਿਤਰਪਟ ਤੇ ਅਉਂਦੇ ਹਨ । ਇਨ੍ਹਾਂ ਸ਼ਬਦਾਂ ਦਾ ਨੰਗੇਜ ਜਾਂ ਯਥਾਰਥ ਸਾਨੂੰ ਕਦੇ ਭੈ-ਭੀਤ ਵੀ ਕਰ ਸਕਦਾ ਹੈ, ਪਰ ਅਸੀਂ ਹੈਨਰੀ ਮਿਲਰ ਦੇ ਨਾਵਲਾਂ ਦੀ ਭਾਸ਼ਾ ਬਾਰੇ ਕਦੇ ਭੈ-ਭੀਤ ਨਹੀਂ ਹੋਏ। ਗੱਲ ਕੇਵਲ ਸੰਸਕਾਰਾਂ ਦੀ ਹੈ। ਭਾਸ਼ਾ ਬਾਰੇ ਤੁਰ ਆਉਂਦੇ ਆਦਰਸ਼ ਵਾਦੀ ਸੰਕਲਪਾਂ ਦੀ ਹੈ।
ਇਉਂ ਤ੍ਰੈਲੋਚਨ ਦੀ ਸਾਰੀ ਸੁਰ ਇੱਕ ਵਿਦਰੋਹ ਦੀ ਸੁਰ ਹੈ । ਜਿਸ ਰਾਹੀਂ ਉਹ ਇਸ ਯੁਗ ਤੱਕ ਪੁੱਜੇ ਸਾਰੇ ਰਾਜਸੀ, ਆਰਥਕ ਤੇ ਸਮਾਜਕ ਸਿਧਾਂਤਾਂ ਦੀ ਸਾਰਥਕਤਾ ਦੀ ਛਾਣਬੀਣ ਕਰਦਾ ਹੈ । ਸ਼ਬਦਾਂ ਦੇ ਪ੍ਰੰਪਰਕ ਰੂਪ ਪ੍ਰਤੀ ਵੀ ਵਿਦਰੋਹ ਕਰਦਾ ਹੈ—ਤੇ ਇਹ ਵਿਦਰੋਹ ਉਸ ਨੂੰ ਉੱਥੇ ਲਿਆਕੇ ਖੜਾ ਕਰ ਦਿੰਦਾ ਹੈ ਜਿੱਥੇ ਕਵੀ ਦੀ ਵਫ਼ਾ ਦਾ ਸਬੰਧ ਕਿਸੇ ਸਿਧਾਂਤ ਨਾਲ ਨਹੀਂ ਰਹਿ ਜਾਂਦਾ ਸਗੋਂ ਮਨੁੱਖ ਨਾਲ ਹੁੰਦਾ ਹੈ।
ਸੁਤਿੰਦਰ ਸਿੰਘ ਨੂਰ
ਪੰਜਾਬੀ ਵਿਭਾਗ
ਪੰਜਾਬੀ ਯੂਨੀਵਰਸਿਟੀ
ਪਟਿਆਲਾ ।
‘ਅਹਮ' ਇਕ ਅਰੰਭਕ ਚਰਚਾ : 'ਜਗਦੀਸ਼'
ਆਧੁਨਿਕ ਪੰਜਾਬੀ ਕਾਵਿ-ਖੇਤਰ ਵਿੱਚ 'ਅਹਮ' ਪੁਸਤਕ ਦਾ ਪ੍ਰਵੇਸ਼ ਇਕ ‘ਸਨਸਜ਼ੀਖੇਜ਼’ ਘਟਨਾ ਹੈ । ਤ੍ਰੈਲੋਚਨ ਨੇ ਇਸ 'ਚ ਸਿਰਜਨ ਪ੍ਰਕ੍ਰਿਆ ਨੂੰ ਨਵੀਨ ਸੰਦਰਭਾਂ 'ਚ ਰੱਖ ਕੇ ਮੂਰਤੀਮਾਨ ਕੀਤਾ ਹੈ । ਪੁਸਤਕ ਵਿੱਚ ਸੰਕਿਲਤ ਲੰਬੀ ਕਵਿਤਾ 'ਅਹਮ' ਤੇ ਦੂਜੀਆਂ ਕਵਿਤਾਵਾਂ ਸਵੈਗਤ ਸਿਰਜਨਾਵਾਂ ਹਨ ।
ਕੁਝ ਸਮੇਂ ਤੋਂ ਨਵੀਨ ਤੇ ਚੌਂਕਾ ਦੇਣ ਵਾਲਾ ਸੰਕਲਪ ਉਭਰਿਆ ਹੈ 'ਐਸਕੇਪ ਫਰਾਮ ਫਰੀਡਮ' ਵਿਅਕਤੀ ਦੇ ਆਂਤਰਿਕ ਦ੍ਰਿਸ਼ਟੀਕੋਣ-ਅਥੌਰਿਟੀ, ਅਨੁਸਾਸ਼ਨ, ਏਕਤਾ ਲਈ ਇਕ ਚੁਨੌਤੀ ਬਣ ਗਏ ਨੇ । ਵਿਅਕਤੀ ਦੀ ਅਹਮ ਯੁੱਧ ਸਥਲ ਦਾ ਰੋਲ ਕਰਨ ਲੱਗ ਪਈ ਹੈ । ਤ੍ਰੈਲੋਚਨ ਦੀ ਪੁਸਤਕ ਵਿਅਕਤੀ ਦੇ ਇਸ ਮਨੋਵਿਗਿਆਨਿਕ ਪਰਿਵਰਤਨ ਵੱਲ ਭਰਪੂਰ ਉਲੇਖ ਕਰਦੀ ਹੈ ਅਤੇ ਪੰਜਾਬੀ ਕਾਵਿ-ਖੇਤਰ 'ਚ ਇਕ ਵੱਖਰੀ ਭਾਂਤ ਦੇ ਭਾਵ ਬੋਧ ਨੂੰ ਪ੍ਰਸਤੁਤ ਕਰਦੀ ਹੈ, ਜਿਸ ਵਿੱਚ 'ਸਵਤੰਤਰਤਾ' ਤੇ ਪਲਯਾਣ ਦੀ ਇੱਛਾ ਛੁਪੀ ਹੋਈ ਹੈ।
ਵਿਅਕਤੀ ਦੀਆਂ ਸੁੰਦਰਤਮ ਯਾ ਕੋਝੀਆਂ ਪ੍ਰਵ੍ਰਿਤੀਆਂ ਕਿਸੇ ਬੱਝਵੀਂ ਅਤੇ ‘ਬਾਈਓਲਜੀਕਲ’ ਮਾਨਵੀ ਪ੍ਰਕ੍ਰਿਤੀ ਦਾ ਅੰਗ ਨਹੀਂ ਸਗੋਂ ਸਮਾਜਿਕ ਪ੍ਰਕ੍ਰਿਆ ਤੋਂ ਉਤਪੰਨ ਹੁੰਦੀਆਂ ਹਨ। ਇਸਤਰ੍ਹਾਂ ਸੋਸਾਇਟੀ ਦਾ ਰੋਲ ਵਿਨਾਸ਼ਕਾਰੀ ਹੋਣ ਦੇ ਨਾਲ ਨਾਲ ਸਿਰਜਨਾਤਮਕ ਵੀ ਹੋ ਜਾਂਦਾ ਹੈ। ਜੇ ਸੁਸਾਇਟੀ ਨੇ ਤ੍ਰੈਲੋਚਨ ਦੀਆਂ ਕੁਝ ਸੂਖਮ ਇਕਾਈਆਂ ਦਾ ਵਿਨਾਸ਼ ਕੀਤਾ ਹੈ ਤਾਂ ਇਸਦੇ ਸਮਾਨਾਂ 'ਚ ਕੁਝ ਨਵੀਨ ਕੀਮਤਾਂ ਦਾ ਸਿਰਜਨ ਵੀ ਕੀਤਾ ਹੈ। ਮਾਨਵੀ 'ਅਹਮ' ਸਵਤੰਤਰਤਾ ਲਈ ਸਮਸਤ ਕੜ੍ਹੀਆਂ ਨੂੰ ਤੋੜਦਾ ਚਲਾ ਜਾਂਦਾ ਹੈ ਪਰ ਜੀਵਤ ਅਥਵਾ ਸੁਗਠਿਤ ਰਹਿਣ ਲਈ ਉਸਨੂੰ ਕਿਸੇ ਵਿਅਕਤੀ ਜਾਂ ਵਿਸ਼ਵਾਸ਼ ਨਾਲ ਜੁੜੇ ਰਹਿਣ ਦੀ ਅਵਸ਼ਕਤਾ ਹੁੰਦੀ ਹੈ ਅਤੇ ਜਦ ਇਹ ਅੰਤਮ ਸਬੰਧ ਵੀ ਟੁੱਟ ਜਾਂਦਾ ਹੈ ਤਾਂ 'ਅਹਮ' ਡਿਸਇਨਟੈਗਰੇਟ ਹੋ ਜਾਂਦਾ ਹੈ । ਤ੍ਰੈਲੋਚਨ ਦੀ ਸਮੁੱਚੀ ਸਿਰਜਨ ਪ੍ਰਕ੍ਰਿਆ ਇਸੇ ਉਕਤੀ ਦੇ ਪ੍ਰਸੰਗ ‘ਚ ਪ੍ਰਭਾਸ਼ਿਤ ਕੀਤੀ ਜਾ ਸਕਦੀ ਹੈ। ਜੀਵਨ ਵਿਚਲੀ ਅਰਥਹੀਣਤਾ ਉਸਦੇ ਅਹਮ ਦੀ ਸਵਤੰਤਰਤਾ ਨੂੰ ਵੰਗਾਰਦੀ ਹੈ । ਥੱਕ ਕੇ ਉਸਦਾ 'ਅਹਮ' ਅਰਥਾਤ Ego ਜਾਂ Self ਸਵਤੰਤਰਤਾ ਤੋਂ ਪਲਾਯਣ ਲੱਭਦਾ ਹੈ ਅਤੇ ‘ਆਟੋਮੇਸ਼ਨ ਕਨਫਾਰਮਿਟੀ' ਦਾ ਮਕੈਨਿਜ਼ਮ ਅਖਵਾਉਂਦਾ ਹੈ । ਇਹ ਇਕ ਅਸਾਨ ਵਿਧੀ ਹੈ, ਜਿਸ ਦੁਆਰਾ 'ਅਹਮ' ਅਤੇ ਜਗਤ ਵਿਚਲਾ ਅਸਧਾਰਣ ਅੰਤਰ ਅਪਣਾ ਮਹੱਤਵ ਖੋ ਬੈਠਦਾ ਹੈ। ਉਹ ਅਜਿਹਾ ਬਨਣ ਦਾ ਯਤਨ ਕਰਦਾ ਹੈ ਜਿਹੋ ਜਿਹੇ ਵਿਅਕਤੀ ਦੀ ਲੋਕ ਉਸਤੋਂ ਇੱਛਾ ਕਰਦੇ ਹਨ। ਤ੍ਰੈਲੋਚਨ ਨੇ ਇਸੇ ਮਾਰਗ ਨੂੰ ਅਪਣਾਇਆ ਹੈ । ਪੰਜਾਬੀ ਕਵਿਤਾ ਤੋਂ ਹਿੰਦੀ, ਬੰਗਲਾ ਅਤੇ ਬੀਟਨਿਕ ਕਵਿਤਾ ਵਲ ਅਗ੍ਰਸਰ ਹੋਣ ਦੀ ਰੁਚੀ ਤ੍ਰੈਲੋਚਨ ਦੇ ਇਸ ਪਲਯਾਣਵਾਦ ਵਲ ਸੰਕੇਤ ਕਰਦੀ ਹੈ ਹੁਣ ਤਨਹਾਈ ਤੇ ਗਮ ਉਸਨੂੰ ਦੁਖੀ ਨਹੀਂ ਕਰ ਸਕਦੇ ।
ਸੋ ਜਦ ਵਿਅਕਤੀ ਕਿਸੇ ਕਿਸਮ ਦੇ ਅਦੁੱਤੀਪਣ ਦੀ ਇੱਛਾ ਅਤੇ ਪ੍ਰਦਰਸ਼ਨ ਕਰਨਾ ਲੋਚਦਾ ਹੈ, ਮਾਨਵੀ ਪ੍ਰਾਕ੍ਰਿਤੀ ਦੀਆਂ ਰੂੜੀਆਂ ਤੋਂ ਸਵਤੰਤਰ ਹੁੰਦਾ ਚਲਾ ਜਾਂਦਾ ਹੈ ਅਤੇ ਪੂਰਣ ਤੌਰ ਤੇ ਵਿਅਕਤੀਵਾਦੀ ਹੋ ਜਾਂਦਾ ਹੈ ਤਦ ਉਸ ਅੱਗੇ ਦੋ ਹੀ ਰਸਤੇ ਰਹਿ ਜਾਦੇ ਹਨ - 'ਪਰੌਫਿਟ' ਬਣਕੇ ਪ੍ਰੇਮ ਦਾ ਖੁਲ੍ਹਾ ਪ੍ਰਦਰਸ਼ਨ ਅਤੇ ਸਿਰਜਨਾਤਮਕ ਦੇਣ ਦੇਵੇ ਯਾ ਅਪਣੀ ਸਵਤੰਤਰਤਾ ਅਤੇ ਅਹਮ ਦੀ 'ਇਨਟੈਗਰਿਟੀ' ਨੂੰ ਨਸ਼ਟ ਕਰੇ । ਤ੍ਰਲੋਚਨ ਦਾ ਕਾਵਿ ਇਨ੍ਹਾ ਦੋਨਾਂ ਐਕਸਟ੍ਰੀਮਜ਼ ਨੂੰ ਛੋਂਹਦਾ ਹੈ । ਐਗਨਾਸ਼ਤੋ ਨੋਮੋਲੋ ਦੀ ਇਕ ਕਵਿਤਾ 'ਈਸਟਰ ਰਾਈਜ਼ਿੰਗ−੧੯੬੭' ਵਿਚਲਾ ਇਹ ਅੰਸ਼ ਸਾਨੂੰ ਤ੍ਰੈਲੋਚਨ ਦੇ ਭਾਵਬੋਧ ਸਪਸ਼ਟ ਕਰਨ ਵਿੱਚ ਸਹਾਈ ਹੋਵੇਗਾ।
''Lord I have no newspapers The state has cut-out my eyes Lord the Radio tells lies Between all my favourite songs My ears are filled with cement, Where there is language There is no exile Lord I am exiled In my own country land. Do not pass over my house Lord I am ready. (Lines from Easter rising 1967) ਭਿਅੰਕਰ ਵਾਸਤਵਿਕਤਾ ਕੇ ਅਨੰਤ ਸਮਕਾਲਿਕ ਰੂਪਕਾਰੋਂ ਕੇ ਅਭਾਸ, ਜੋ ਗਲਤੀ ਸੇ ਪ੍ਰਕਟ ਹੋ ਕਰ ਕੁਛ ਨਹੀਂ ਕੇ ਮੂਰਖਤਾਪੂਰਣ ਚੇਤਨਾ ਪ੍ਰਦੇਸ਼ੋਂ ਮੇਂ ਛੁਟ ਗਏ ਹੈਂ ਸ਼ੂਨਯ ਕੇ ਬੰਦ ਹੋਤੇ ਗ਼ਦਭ – ਛਿਦ੍ਰ ਮੇਂ ਲੁਪਤ ਹੋਤੇ ਹੂਏ –‘ਰੁਕੋ' ਕਾ ਚਿਨ੍ਹ, ਜੋ ਚੱਕਰ ਖਾਕਰ ਆਂਖ ਕੇ ਅਕਾਰ ਮੇਂ ਸਾਮਨੇ ਠਹਿਰ ਜਾਤਾ ਹੈ— ਮੁਝੇ ਆਂਖ ਮਾਰਤਾ ਹੈ ਔਰ ਹਮ ਲੁਪਤ ਹੋ ਜਾਤੇ ਹੈਂ।'' ਐਲੇਨ ਗਿਨਜ਼ਬਰਗ *** *** ਅ ਹ ਮ "If I am not for myself, Who will be for me? If I am for myself only What am I? If not now-when? Talmudic saying Mishnah Abotਅਹਮ
ਮੇਰੇ ਮਸਤਕ ‘ਚੋਂ ਸਿੰਮ ਆਇਆ ਹੈ ਪਿਛਲੀ ਸਦੀ ਦਾ ਕੋਹੜ ਤੇ ਹਥੇਲੀ ਤੇ ਉਕਰਿਆ ਗਿਆ ਹੈ ਭੁਖੀ ਨੰਗੀ ਤੇ ਵਿਦਰੋਹੀ ਪੀੜੀ ਦਾ ਇਕ ਲੰਮਾ ਇਤਿਹਾਸ- -ਮੈਂ ਵਿਗਿਆਨਕ ਸਦੀ ਦੀ ਉਪਜ ਸੱਚ ਨਾਲੋਂ ਵੱਧ ਝੂਠ ਨੂੰ ਰਿਹਾ ਹਾਂ ਖੋਜਦਾ ਤੇ ਨਿੱਤ ਨਵੇਂ ਮਖੌਟੇ ਓੜਦਾ ਰਿਹਾਂ ਜਲੂਸਾਂ ‘ਚ ਤੁਰਦਾ, ਨਾਹਰੇ ਲਾਉਂਦਾਂ ਕੇਵਲ ਚਰਚਿਤ ਰਹਿਣ ਲਈ ਤੇ ਜੁੜਿਆ ਰਹਿਣ ਲਈ ਮਨੁੱਖਤਾ ਦੇ ਨਾਲ ਪਰ ਕਿੰਨਾ ਖੰਡਿਤ ਰਿਹਾ ਹਾਂ ਆਪੇ ਨਾਲੋਂ ਮਨੁੱਖਤਾ ਨਾਲੋਂ - ਮੈਂ ਅਵਾਜ਼ਾਂ ਦੇ ਗੁੰਬਦ ਉਸਾਰੇ ਤੇ ਸ਼ਬਦਾਂ ਦੇ ਅਰਥ ਨਿਕਾਲੇ ਪਰ ਅੱਜ ਮੇਰੇ ਹੋਠਾਂ ਕੋਲ ਕੇਵਲ ਕੁਛ ਅਰਥਹੀਣ ਸ਼ਬਦ ਨੇ ਕੋਈ ਅਰਥ ਨਹੀਂ, ਅਰਥਬੋਧ ਨਹੀਂ ਰੋਸ਼ਨੀ ਨੂੰ ਭਿੰਨ ਭਿੰਨ ਅਰਥ ਦੇਹ ਮੈਂ ਨ੍ਹੇਰ 'ਚ ਜਾ ਨਿਕਲਿਆ। ਚਿਮਨੀਆਂ ਦਾ ਧੂੰਆਂ ਮਜ਼ਦੂਰ ਦੀ ਦੁਰਦਸ਼ਾ ਵੀਅਤਨਾਮ ਤੇ ਹੋ. ਚੀ. ਮਿੰਨ. ਚੀਨ ਦੀ ਲਾਲ ਫੌਜ਼ ਤੇ ਮਾਓ. ਜੇ,. ਤੁੰਗ. ਮੇਰੀ ਦ੍ਰਿਸ਼ਟੀ ਦੇ ਕੇਂਦਰ ਬਿੰਦੂ ਰਹੇ ਨੇ ਬੇਸ਼ਕ ਪਰ ਮੈਨੂੰ ਦੁਰਕਾਰ ਦਿੱਤਾ ਜਾਂਦਾ ਰਿਹਾ ਹੈ ਇਹ ਕਹਿ ਸ਼ਰਾਬ ਤੇ ਔਰਤ ਦੀ ਹਵਸ ਦਾ ਸ਼ਿਕਾਰ ਮਨੁੱਖ ਕਿਵੇਂ ਮਹਿਸੂਸ ਕਰ ਸਕਦਾ ਹੈ ਇਸ ਕੁਝ ਰਾਖਵੇਂ ਮਨੁੱਖਾਂ ਦੇ ਅਨੁਭਵ ਨੂੰ ਮੇਰੇ ਨਗ਼ਮੇ ਜਲਾ ਦਿਤੇ ਗਏ ਨੇ ਅਨਪੜੇ ਰਾਜਨੀਤੀ ਰਹਿਤ, ਗੁੱਟ ਰਹਿਤ ਸਾਹਿੱਤ ਦੀ ਅਜੇ ਕੋਈ ਬੁੱਕਤ ਨਹੀਂ ਮੇਰੇ ਦੇਸ਼ ‘ਚ ਮੇਰੇ ਕੋਲ ਕੋਈ ਮੁਖੌਟਾ ਨਹੀਂ ਬਾਪ ਦਾਦੇ ਦੀ ਖਲ ਦਾ ਬਣਿਆ ਜੋ ਓੜਕੇ ਉਨ੍ਹਾਂ ‘ਚ ਸੰਮਿਲਤ ਹੋ ਸਕਾਂ ਮਗਰਮੱਛ ਜਿਹੇ ਅੱਥਰੂ ਨਹੀਂ ਜੋ ਕੇਰ ਸਕਾਂ ਮਜ਼ਦੂਰ ਦੀ ਦੁਰਦਸ਼ਾ ਤੇ– –ਤੇ ਹੁਣ ਮੈਂ ਕੇਵਲ "ਮੈਂ" ਨੂੰ ਆਪਣੇ ਖੋਲ ‘ਚ ਲਪੇਟੀ ਤੁਰਿਆ ਫਿਰਦਾਂ ਮੇਰੀ ਆਤਮਾ 'ਚ ਸਮਾ ਗਿਆ ਹੈ ਹਿੰਸਕ ਕਾਮ ਅਹਿੰਸਕ ਝੂਠ ਤੇ ਸ੍ਵੈਤਰਸਪੁਣੇ ਦਾ ਸੰਕਲਪ ਮਾਂ ਦੀ ਮੇਰੇ ਬਾਰੇ Conception ਤੋਂ ਲੈ ਮੈਂ ਅੱਜ ਤੀਕ ਗ਼ਾਹਿਆ ਹੈ ਔਰਤ ਦੀ ਧੁਨੀ ਤੀਕ ਦਾ ਫਾਸਲਾ ਤੇ ਜਾਣੀਆਂ ਨੇ ਸ਼ਰਾਬ ਦੀਆਂ ਕਿਸਮਾਂ ਤਦੇ ਹੀ ਇੰਦਰਾ ਤੋਂ ਲੈ ਆਗਰੇ ਦੀ ਨ੍ਹੇਰੀ ਗ਼ਲੀ ਦੇ ਚੁਬਾਰੇ ‘ਚੋਂ ਪੁੱਠੀ ਲਟਕਦੀ ਹੁਸੈਨਾ ਵੇਸਵਾ ਮੇਰੇ ਲਈ ਸਮਾਨਯ ਅਰਥ ਰੱਖਦੀਆਂ ਨੇ ਤੇ ਕਾਫ਼ੀ ਹਾਊਸ 'ਚ ਕਹਿਕਹੇ ਮਾਰ ਜ਼ੋਰ ਜ਼ੋਰ ਹੱਸ, ਹਰ ਛਿਣ ਆਵਾਜ਼ਾਂ ਬਦਲ ਖੋਖਲੀ ਬੁੱਧੀ ‘ਚੋਂ ਦਾਰਸ਼ਨਿਕ ਸਿਧਾਂਤਾਂ ਦਾ ਪ੍ਰਗਟਾਵਾ ਕਰਨ ਵਾਲੇ ਲੋਕ ਮੈਨੂੰ ਪ੍ਰਭਾਵਿਤ ਕਰਨੋਂ ਅਸਮਰਥ ਰਹੇ ਨੇ ਬੱਚਿਆਂ ਦੇ ਸ਼ੋਰ ਵਾਂਗੂੰ ਮਜ਼ਦੂਰ, ਅਧਿਆਪਕ, ਵਿਦਿਆਰਥੀ ਤੇ ਹੱਕ ਪ੍ਰਾਪਤੀ ਦਾ ਦਿਖਾਵਾ ਕਰਦੇ ਜੂਝਦੇ ਤੇ ਨਾਹਰੇ ਲਾਉਂਦੇ ਮਨੁੱਖ (ਜੋ ਨਹੀਂ ਜਾਣਦੇ ਕਿਉਂ ਰਹੇ ਨੇ ਚੀਕ) ਮਨ ਪਰਚਾਵੇ ਦਾ ਸਾਧਨ ਜਾਪਦੇ ਨੇ ਹੁਣ —ਮਿਤਰ ਦਾ ਖਤ, ਮਾਂ ਦੀ ਬਿਮਾਰੀ ਪ੍ਰੇਮਿਕਾ ਦੇ ਕਿਸੇ ਨਾਲ ਲਿੰਗ ਸਬੰਧ ਜੋੜਨ ਦੀ ਖਬਰ ਮੇਰੇ ਲਈ ਨਿੱਕੇ ਮੋਟੇ ਹਾਦਸੇ ਨੇ ਜੋ ਬਣ ਗਏ ਨੇ ਜੀਵਨ ਦਾ ਹੀ ਅੰਗ ਮੇਰੇ ਸਾਥੀ ਸੰਬੰਧੀ ਰਾਜਦਾਂ ਕੁਝ ਵੀ ਨਹੀਂ ਕੇਵਲ ਨਾਂ ਹਨ ਜੋ ਦੇ ਦਿਤੇ ਗ਼ਏ ਹਨ ਉਨ੍ਹਾਂ ਨੂੰ ਨਾਂ ਜਾਣੇ ਕਿਉਂ ਤੇ ਕਦੋਂ ? ਤੇ ਮਰ ਚੁਕਾ ਮੇਰੇ ਅੰਦਰਲਾ ਬੱਚਾ ਜੋ ਮੇਰੀ ਮਾਂ ਨੇ ਮੇਰੇ ਅੰਦਰ ਗਿਰਵੀ ਰੱਖ ਦਿਤਾ ਸੀ ਨੌਂ ਮਹੀਨੇ ਦੀ ਪੀੜ ਤੇ ਇੱਕ ਵਰਸ਼ ਦੇ ਦੁੱਧ ਬਦਲੇ ਪਰ ਮੇਰੇ ਅੰਦਰਲੀ ਔਰਤ ਨੇ ਇਕ ਹੋਰ ਬੱਚਾ ਜਨਮ ਦਿੱਤਾ ਹੈ ਜੋ ਜੰਮਦਾ ਹੀ ਨਿਗਲ ਗਯਾ ਹੈ ਪਹਿਲੇ ਬੱਚੇ ਦੀ ਲੋਥ ਨੂੰ ਤੇ ਮੋਏ ਬੱਚੇ ਦੀ ਆਤਮਾ ਪਵਿਤਰਤਾ ਦਾ ਮੰਦਰ ਉਸਾਰਨ ਦੀ ਕਸਮਕਸ਼ 'ਚ ਹੈ । ਨਵਜਨਮੇ ਬੱਚੇ ਦੇ ਵਿਦਰੋਹੀ ਇਸ਼ਾਰੇ ਤੇ ਮੈਂ ਇਸ ਸੁੰਨਸਾਨ ਵਾਦੀ 'ਚ ਤੁਰ ਆਇਆ ਹਾਂ ਤੇ ਹਰ ਸ਼ਾਮ ਉਸਦੀ ਤ੍ਰਿਪਤੀ ਲਈ ਨੇਰ੍ਹੀਆਂ ਪੌੜੀਆਂ ‘ਚ ਉਤਰਦਾ ਹਾਂ ਚਾਹੁੰਦਾ ਹਾਂ ਅਣਚਾਹੇ ਨੂੰ ਅਪਣੀ ਇੱਛਾ ਅਨੁਸਾਰ ਬਦਲਣਾ ਪਰ ਮੇਰੀਆਂ ਨਾਸਾਂ ‘ਚ ਭਰ ਜਾਂਦੀ ਹੈ ਮੁਰਦਾ ਮਛਲੀ ਦੇ ਫੁੱਲੇ ਜਿਸਮ ਦੀ ਗੰਧ ਤੇ ਜਦੋਂ ਕੋਈ ਹਰਕਤ ਪੈਦਾ ਨਹੀਂ ਹੁੰਦੀ ਮੇਰੀਆਂ ਕੰਬਦੀਆਂ ਲੱਤਾਂ ਤੋਂ ਅੱਡ ਹੋ ਲੰਮਾ ਹਉਕਾ ਭਰ ਕਰਵਟ ਬਦਲ ਛਾਤੀਆਂ ਹੇਠ ਦਬਾਉਂਦੀ ਸਲੀਪਿੰਗ ਪਿੱਲੋ ਉਹ ਕਿਸੇ ਹੋਰ ਦੇ ਕਰੀਬ ਜਾਂਦੀ ਹੈ ਕਲਪਨਾ ‘ਚ ਜਾਂ ਅਸਲੀਅਤ 'ਚ ਮੇਰੇ ਲਈ ਇਕੋ ਬਰਾਬਰ ਹੈ ਕੋਈ ਵੀ ਕਾਮੀ ਭੋਗਦਾ ਹੈ ਤੇ ਸਵਾਦ ਮਾਣਦਾ ਹੈ ਫਰਕ ਕਲਪਨਾ ਜਾਂ ਅਸਲੀਅਤ ਦਾ ਨਹੀਂ ਫਰਕ ਤੇ ਕੇਵਲ ਭੋਗਣ ਦੇ ਸੰਕਲਪ 'ਚ ਹੈ ਛਿਪਿਆ । ਮੈਂ ਆਪਣੀਆਂ ਸਤਹੀਣ ਲੱਤਾਂ ਨੂੰ ਘਸੀਟਦਾ ਆਪਣੀ ਨੇਮ ਪਲੇਟ ਅੱਗੇ ਰੁਕ ਜਾਂਦਾ ਹਾਂ ਇੱਕ ਬੇਬਸ ਉਬਾਸੀ ਵਾਂਗ ਦਰਵਾਜ਼ਾ ਖੋਲਦਾਂ ਟੇਬਲ ਲੈਂਪ ਦਾ ਬਟਨ ਦਬਾ ਬਿਸਤਰ ਤੇ ਢੇਰੀ ਹੋਇਆ ਸਿਸਕਦਾ ਹਾਂ ਜ਼ੋਰ ਜ਼ੋਰ ਦੀ ਕਦੇ ਕਾਗ਼ਜ਼ ਤੇ ਚਿਤਰਦਾ ਹਾਂ ਸੁੰਦਰ ਸ਼ਬਦ ਚਿੱਤਰ ਫਿਰ ਰੱਦੀ ਦੀ ਟੋਕਰੀ 'ਚ ਸੁਟ ਦਿੰਦਾ ਹਾਂ (ਕਿਉਂ ਜੋ ਇਨ੍ਹਾਂ ਦੀ ਬੁੱਕਤ ਨਹੀ ਅਜੇ ਮੇਰੇ ਦੇਸ਼ 'ਚ) ਕਦੇ ਬਿਸਤਰ ਤੇ ਸਿਰਪਰਨੇ ਖਲੋ ਦੁਆ ਕਰਦਾ ਹਾਂ ਵਿਸ਼ਵ ਅਮਨ ਦੀ ਵੀਅਤਨਾਮ ਦੀ ਸੰਘਰਸ਼ ਬੰਦੀ ਲਈ ਸ਼ਇਦ ਤਦੇ ਹੀ ਸੰਤੋਸ਼ ਮਿਲ ਸਕੇ ਤੇ ਮੇਰੇ ਅੰਦਰ ਉਸਰ ਸਕੇ ਪਵਿਤਰਤਾ ਦਾ ਮੰਦਰ ਹਰ ਸਵੇਰ ਨਵੇਂ ਹਾਦਸੇ ਵਾਂਗ ਮੇਰੇ ਬੂਹੇ ਤੇ ਦਸਤਕ ਦਿੰਦੀ ਹੈ ਮੇਰੇ ਕਦਮ ਮਸ਼ੀਨੀ ਪਹੀਆਂ ਵਾਂਗੂੰ ਵਿਦਿਆਲਯ 'ਚ ਲੈ ਜਾਂਦੇ ਨੇ ਮੇਰੇ ਸਤਹੀਣ ਜਿਸਮ ਨੂੰ— —ਮੈਂ ਚੇਤਨਾ ਦੇ ਸਾਗਰ 'ਚੋਂ ਉਗਲੱਛਦਾ ਹਾਂ ਅਣਪਚਿਆ ਗਿਆਨ ਤੇ ਵਿਹਲਾ ਹੋ ਬੰਦ ਕਮਰੇ 'ਚ ਬੈਠ ਆਪਣੀਆਂ ਨਾਬਾਲਗ਼ ਸ਼ਿਖਸ਼ਕਾਂ ਦੀਆਂ ਉਭਰੀਆਂ ਛਾਤੀਆਂ ਤੋਂ ਉਤੇਜਿਤ ਹੋ ਕਲਪਨਾ 'ਚ ਭੋਗਦਾ ਹਾਂ ਉਨ੍ਹਾਂ ਦੇ ਅਰਧਨੰਗੇ ਜਿਸਮ ਨੂੰ ਤਾਂ ਕਿ ਪਵਿਤਰ ਰਹਿ ਸਕਾਂ ਲੋਕ ਨਜ਼ਰਾਂ 'ਚ ਆਪਣੀਆਂ ਸ਼ਿਖਸ਼ਕਾਂ ਦੀਆਂ ਨਜ਼ਰਾਂ 'ਚ ਪਰ ਮੈਂ ਅਨਾੜੀ ਹਾਂ ਜੋ ਨਹੀਂ ਸਮਝਦਾ ਕਿ ਕਿਸ਼ੋਰ ਅਵਸਥਾ ਦੀਆਂ ਯੁਵਤੀਆਂ ਲਈ ਜਤੀ ਤੇ ਨਿਪੁੰਸਕ ਸਮਾਨਯ ਅਰਥ ਰੱਖਦੇ ਨੇ— —ਮੈਂ ਬੁੱਧ, ਨਾਨਕ ਤੇ ਗਾਂਧੀ ਦੀਆਂ ਤਸਵੀਰਾਂ ਅੱਗੇ ਖੜੋ ਵੇਦ, ਕੁਰਾਨ, ਗੀਤਾ ਤੇ ਗਰੰਥ ਸਾਹਿਬ ਪੜ ਕੇਵਲ ਸੁੰਗੜਦਾ ਹਾਂ ਤੇ ਅੰਦਰੋਂ ਅੰਦਰੀ ਰਿੱਝਦਾ ਹਾਂ ਮੇਰੇ 'ਚ ਅਸਿਮੀਲੇਸ਼ਨ ਦੀ ਭਾਵਨਾ ਨਹੀਂ ਤਦੇ ਹੀ ਨਹੀਂ ਕਰ ਸਕਿਆ ਸਥਾਪਿਤ ਕਿਸੇ ਯੁਗ ਬੋਧ ਦੀ ਪ੍ਰਤਿਭਾ- ਤੇ ਮੈਨੂੰ ਅਰਥਹੀਣ ਸ਼ਬਦ ਵਾਂਗੂੰ ਦੁਰਕਾਰ ਦਿਤਾ ਜਾਂਦਾ ਹੈ ਜਦੋਂ ਮੈਂ ਅਰਥ ਤੇ ਸ਼ਬਦ ਦੇ ਵਿਚਕਾਰ ਪੁੱਠਾ ਲਟਕਦਾਂ ਤੇ ਸਮਝਦਾਂ ਮੇਰਾ ਅੱਜ ਤੀਕ ਦਾ ਜੀਵਨ ਸ਼ਬਦ ਤੇ ਅਰਥ ਦੇ ਪ੍ਰਸਪਰ ਸੰਬੰਧਾਂ ਲਈ ਹੀ ਭਟਕਦਾ ਰਿਹਾ ਹੈ ਮੈਂ ਅਪਣੇ ਅਨੁਭਵੀ ਅਰਥਾਂ ਲਈ ਸ਼ਬਦਕੋਸ਼ਾਂ 'ਚੋਂ ਸ਼ਬਦ ਢੂੰਡੇ ਪਰ ਸ਼ਬਦ ਜਾਮੇ 'ਚ ਵਿਅਕਤੇ ਅਨੁਭਵੀ ਅਰਥਾਂ ਦੇ ਵੀ ਜਦੋਂ ਤੁਸੀਂ ਅਰਥ ਮੰਗੇ ਮੈਂ ਆਪਣੀਆਂ ਅੱਖਾਂ ਨੂੰ ਮੋਟੀ ਫਰੇਮ ਕਰਾਉਣ ਦੇ ਸਿਵਾਏ ਕੁਝ ਵੀ ਨਹੀਂ ਕਰ ਸਕਿਆ। ਕੁਝ ਵੀ ਨਹੀਂ ਕਰ ਸਕਿਆ॥ ਤੇ ਬੰਦ ਕਮਰੇ 'ਚ ਆਪੇ ਨੂੰ ਸ਼ਰਾਬ, ਗਾਂਜੇ ਤੇ ਅਫ਼ੀਮ ਦੇ ਵਸ ਕਰ ਜ਼ੋਰ ਜ਼ੋਰ ਦੀ ਚੀਕਿਆ- "ਓ ਗਿਨਜ਼ਬਰਗ, ਮੁਕਤੀਬੋਧ, ਰਾਜਕਮਲ ਚੌਧਰੀ ਓ ਮਿੰਦਰ, ਬ੍ਰਹਮ, ਹਰਨਾਮ, ਸਤਿਕੁਮਾਰ, ਜਗਤਾਰ, ਹਰਿਭਜਨ ਓ ਤ੍ਰੈਲੋਚਨ, ਤ੍ਰੈਲੋਚਨ, ਤ੍ਰੈਲੋਚਨ, ਤ੍ਰੈਲੋਚਨ ਤਾਂ ਕੇਵਲ ਇਕ ਵਾਕ ਮੇਰੇ ਕਰੀਬ ਆਇਆ ਹੈ "ਸਭ ਲੋਕ ਇਕੋ ਜਿੰਨੇ ਅਨੁਭਵੀ ਨਹੀਂ ਹੁੰਦੇ ਤੇ ਨਾਂ ਹੀ ਸਭ ਅਨੁਭਵੀ ਅਰਥ ਸ਼ਬਦਾਂ ਦੇ ਮੇਚ ਆਉਂਦੇ ਨੇ" ਤੇ ਇਸ ਵਾਕ ਦੀ ਸਤਯਤਾ ਨੂੰ ਜੋ ਤੁਹਾਡੇ ਲਈ ਅਰਥਹੀਣ ਹੈ ਈਸਾ ਦੀ ਸਲੀਬ ਵਾਂਗੂੰ ਆਪਣੇ ਮੋਢਿਆਂ ਤੇ ਚੁਕੀਂ ਤੁਰਿਆ ਫਿਰਦਾ ਹਾਂ ਨ੍ਹੇਰੀਆਂ ਸੁੰਨਸਾਨ ਗਲੀਆਂ 'ਚ ਤੇ ਫੁਟਪਾਥਾਂ ਤੇ ਤੇ ਵੇਖਦਾ ਹਾਂ ਇਸ ਬਰਫੀਲੀ ਸਿਲ ਤੇ ਖਲੋ ਦੂਰ ਹੋਟਲਾਂ, ਪਾਰਕਾਂ, ਨਾਚਘਰਾਂ, ਕਾਫ਼ੀ ਹਾਊਸਾਂ, ਸਿਨਮੇ ਹਾਲਾਂ ‘ਚ ਸਕੇਟਿੰਗ ਕਰਦਾ ਮੈਥੋਂ ਦੂਰ ਜਾ ਚੁਕਾ ਹੈ ਯੁਵਕ ਪੀੜੀ ਦਾ ਲਾਲ ਰੰਗਤ ਵਾਲਾ ਖੂਨ ਤੇ ਕ੍ਰਾਂਤੀ ਦਾ ਯੁਗ ਮਰ ਚੁਕਾ ਹੈ ਕੇਵਲ ਜੀਵਤ ਹੈ ਇਕ ਮਖੌਟਾ ਵਰਗ ਜੋ ਵੀ ਖਤਮ ਹੋ ਜਾਵੇਗਾ ਰੱਤੀ ਭਰ ਤਬਦੀਲੀ ਦੇ ਬਾਅਦ ਜਦੋਂ ਉਨ੍ਹਾਂ ਹੇਠ ਵੀ ਹੋਣਗੀਆਂ ਚਲੰਤ ਪਹੀਆਂ ਵਾਲੀਆਂ ਕੁਰਸੀਆਂ ਤੇ ਮੈਂ ਵੀ ਖਤਮ ਹੋ ਜਾਵਾਂਗਾ ਕਿਸੇ ਪਾਗਲਖਾਨੇ 'ਚ ਪਾਗਲਾਂ ਹੱਥੋਂ ਜਾਂ ਕਿਸੇ ਹਸਪਤਾਲ 'ਚ ਕਿਸੇ ਨਰਸ ਦੇ ਹੱਥੋਂ ਆਤਮਕ ਪਵਿਤਰਤਾ ਦੇ ਸਰਾਪ ਵਜੋਂ ਮਰਫੀਏ ਦੇ ਟੀਕੇ ਨਾਲ......... ਤੇ ਜੜ ਦਿਤਾ ਜਾਏਗਾ ਮੇਰਾ ਅਸਤਿਤ੍ਵ ਕਿਸੇ ਜੰਗਲੇ 'ਚ ਪੇਂਟ ਕਰ ਆਉਣ ਵਾਲੀਆਂ ਪੀੜ੍ਹੀਆਂ ਲਈ ਖੋਜ ਪੱਤਰ ਲਿਖਣ ਲਈ ਤੇ ਵੇਖ ਸਕਣ ਲਈ ਅਪਣੀ ਆਤਮਾ ਦਾ ਸਰੂਪ ਮੇਰੀਆਂ ਹੱਡੀਆਂ ਦੇ ਢੇਰ ਫਰੋਲਕੇ......ਢੇਰ ਫਰੋਲਕੇ ।
?
ਬੱਤੀ ਦੰਦਾਂ ਦੀ ਪਕੜ 'ਚ ਆਯਾ ਥਰਮਾਮੀਟਰ ਕਿਉਂ ਨਹੀਂ ਟੁੱਟ ਜਾਂਦਾ ਕਿਉਂ ਨਹੀਂ ਸ਼ੀਸ਼ਾ ਤੋੜ ਬਾਹਰ ਨਿਕਲ ਜਾਂਦਾ ਪਾਰਾ ਜੀਭ ਦੀ ਤਪਸ਼ ਨਾਲ ਕਿਉਂ ਜੀਵਤ ਹਾਂ ਮੈਂ ਜਿਸਨੂੰ ਮਰ ਜਾਣਾ ਚਾਹੀਦਾ ਸੀ ਗ਼ਤ ਦਿਵਸ ਤੋਂ ਪਹਿਲਾਂ ਤੇ ਉਪਰੇਸ਼ਨ ਟੇਬਲ ਤੇ ਇਕ ਵਾਰ ਬੇਸੁਰਤ ਕਰ ਮੇਰਾ ਜਿਸਮ ਕਿਉਂ ਮੁੜ ਹੋਸ਼ 'ਚ ਲੈ ਆਉਂਦੇ ਨੇ ਡਾਕਟਰ ...ਕਿਉਂ ਸਰਲਾ ਸਿਸਟਰ ਡਾਕਟਰ ਨੂੰ ਵਰਜਦੀ ਹੈ ਉਪਰੇਸ਼ਨ ਤੋਂ ਤੇ ਕੀ ਅਰਥ ਨੇ ਇਸ ਵਾਕ ਦੇ ਜੋ ਮੇਰੀਆਂ ਲੱਤਾਂ ਹੇਠਲੇ ਕੰਬਦੇ ਹਿਸੇ ਵਲ ਵੇਖ ਉਹ ਕਹਿੰਦੀ ਹੈ "ਨਾਂਹ ਕਰੋ ਖਤਮ ਨਰਤਵ" ਕਿਉਂ ਮੁੜ ਮੁੜ ਪੱਟੀਆਂ ਕਰਦੀ ਹੈ ਬਦਲਦੀ ਹੈ ਮਲ੍ਹਮ ਕਦੇ ਨਵਾਂ ਲੇਪ ਕਿਉਂ ਹਰ ਬੈੱਡ ਤੇ ਖਲੋਤੀ ਦੀ ਨਜ਼ਰ ਵੀ ਮੇਰੇ ਤੇ ਟਿਕੀ ਰਹਿੰਦੀ ਹੈ ਕਿਉਂ ਐਮਰਜੈਂਸੀ ਵਾਰਡ 'ਚੋਂ ਵੀ ਮੈਂ ਬਿਨ ਉਪਰੇਸ਼ਨ ਕੀਤਾ ਲੌਟਾ ਦਿੱਤਾ ਜਾਂਦਾ ਹਾਂ ਕਿਉਂ ਨਹੀਂ ਸਿਰ ਤੋਂ ਪੈਰਾਂ ਤੀਕ ਫੈਲਦੀ ਚੀਸ ਮੇਰੀ ਸਾਹ ਨਾਲੀ ਨੂੰ ਫਾੜ ਦਿੰਦੀ ਕਿਉਂ ਨਹੀਂ ੲਲੲਚਟਰਚਿ ਸਹੋਚਕ ਮੇਰੀ ਰਕਤ ਨੂੰ ਪਾਣੀ 'ਚ ਬਦਲ ਦਿੰਦੇ ਤੇ ਇਸ ਮੁਰਦਘਾਟ 'ਚ ਵੀ ਕਿਉਂ ਮੈਨੂੰ ਖੁਸ਼ਹਾਲ ਜੀਵਨ ਦੇ ਸੁਪਨੇ ਆਉਂਦੇ ਨੇ ਤੇ ਕੀ ਅਰਥ ਨੇ ਜੀਵਨ ਤੋਂ ਬੇਆਸ ਲੋਥਾਂ ਤੇ ਲਾਲ ਕੰਬਲ ਓਡਣ ਦੇ..... ਤੇ ਕਿਉਂ ਮੇਰੀ ਮਾਂ ਸਿਸਕਦੀ ਹੈ ਵਾਸਤੇ ਪਾਉਂਦੀ ਹੈ ਮੇਰੀ ਯੁਵਾ ਅਵਸਥਾ ਦੇ ਕਿਉਂ ਨਹੀ ਖਤਮ ਹੋਣ ਦਿੰਦੀ ਮੈਂਨੂੰ ਜਦ ਕਿ ਅਨੇਕ ਤੰਦਰੁਸਤ ਸੜਕਾਂ ਤੇ ਫਿਰਦੇ ਨੇ ਲਾਵਾਰਸ ਯਤੀਮ ......... ਆਖਰ ਕਿਉਂ ? ਕਿਉਂ ? ਮੈਂਨੂੰ ਹੀ ਜੀਵਤ ਰੱਖਣਾ ਲੋਚਦੀ ਹੈ ਉਹ ਕਿਉਂ ਸਰਲਾ ਸਿਸਟਰ ਨਹੀਂ ਖ਼ਤਮ ਹੋਣ ਦੇਂਦੀ ਮੇਰਾ ਨਰਤਵ ਜਦ ਕਿ ਦੇਸ਼ 'ਚ ਅਨੁਰੋਧ ਤੇ ਨਸਬੰਦੀ ਤੇ ਖਤਮ ਕੀਤਾ ਜਾਂਦਾ ਹੈ ਮਣਾਂ-ਮੂੰਹੀਂ ਧਨ - ਤੇ ਹਰ ਸ਼ਾਮ, ਸੂਰਜ਼ ਨੂੰ ਦੰਦੀਆਂ 'ਚ ਪਕੜੀਂ ਕਿਉਂ ਮੇਰੇ ਬਿਸਤਰ ਤੇ ਛੱਡ ਜਾਂਦੀ ਹੈ ਮਹਿਕ ਦਾ ਅਹਿਸਾਸ ਤੇ ਰਾਤ ਦੀ ਸੁੰਨਸਾਨ 'ਚ ਨੀਂਦਰ ਦੀਆਂ ਗੋਲੀਆਂ ਦੇ ਕੇ ਸਲਾਏ ਨੂੰ ਵੀ ਕਿਉਂ ਆਕੇ ਜਗਾ ਦਿੰਦੀ ਹੈ ਆਗਰੇ ਦੀ ਹੁਸੈਨਾ ਵੇਸਵਾ ਤੇ ਕਿਉਂ ਹਰ ਰੋਜ਼ ਉਪਰੇਸ਼ਨ ਵਾਰਡ 'ਚੋਂ ਚੀਖਦਾ ਹੋਇਆ ਸਟਰੈਚਰ ਮੈਨੂੰ ਮੁੜ ਬਿਸਤਰ ਤੇ ਢੇਰੀ ਕਰ ਜਾਂਦਾ ਹੈ ਕਿਉਂ ਨਹੀਂ ਖਤਮ ਹੋ ਜਾਂਦਾ ਮੈਂ ਕਿਉਂ ਨਹੀਂ ਖਤਮ ਕਰ ਦਿੱਤਾ ਜਾਂਦਾ ਮੇਰਾ ਨਰਤਵ ਕਿਉਂ ਮੇਰੀ ਸੁੰਨਤ ਚੇਤਨਾ ਨੂੰ ਪੂਰਵ ਅਵਸਥਾ 'ਚ ਹੀ ਰੱਖਿਆ ਜਾਂਦਾ ਹੈ ਕਿਉਂ ? ਆਖਰ ਕਿਉਂ ? ਮੈਨੂੰ ਮੁਕਤ ਨਹੀਂ ਕਰਦੇ ਇਹ ਲੋਕ..........।
ਮਹਾਂ ਨਗਰ 'ਚ
ਇਸ ਮਹਾਂਨਗਰ 'ਚ ਪ੍ਰਸਥਿੱਤੀਆਂ ਤੇ ਟੰਗਿਆ ਉਸਦਾ ਅਸਤਿਤਵ ਕਿਉਂ ਛੂਹ ਜਾਂਦਾ ਹੈ ਸਮੁੰਦਰ 'ਚ ਤਰਦੀ ਮੁਰਦਾ ਮਛਲੀ ਦੇ ਫੁੱਲੇ ਜਿਸਮ ਨਾਲ ? ਕਿਉਂ ਨਸਦਾ ਹੈ ਖਿਲਾਅ 'ਚ ਭਾਉਂਦੇ ਔਰਬਿਟਾਂ ਦੇ ਪਿਛੇ ? ਤੇ ਰਾਤੀਂ ਕੈਨਵੱਸ 'ਤੇ ਪਰਪਲ ਕਲਰ 'ਚ ਵਾਹੇ ਚਿੱਤਰਾਂ ਤੇ ਕਿਉਂ ਫੇਰ ਦਿੰਦਾ ਹੈ ਲਾਲ ਬੁਰਸ਼ ਸਵੇਰ ਸਾਰ ? ਕਿਉਂ ਪ੍ਰਵੇਸ਼ ਕਰਨ ਦਿੰਦਾ ਹੈ ਇਸ ਹਨੇਰੀ ਗੁਫਾ 'ਚ ਸੂਰਜ ਦੀ ਵਰਜਿਤ ਰੋਸ਼ਨੀ ਨੂੰ ਕਿਉ ਦੂਰ ਦੂਰ ਤੀਕ ਸੁੰਨਸਾਨ ਪਗਡੰਡੀਆਂ ਤੇ ਤੁਰਦਾ ਗਰਾਮਨਵੀਸਾਂ ਦੀਆਂ ਝੁੱਗੀਆਂ 'ਚ ਜਾ ਖਲੋਂਦਾ ਹੈ ? ਤੇ ਕੋਹਲੂ ਦੇ ਬੈਲ ਵਾਗੂੰ ਬੰਦ ਅੱਖਾਂ ਇਕ ਚੱਕਰ 'ਚ ਵਿਚਰਦੇ ਉਨ੍ਹਾਂ ਦੇ ਅਰਧ ਚੇਤਨ ਅਸਤਿਤਵ ਨੂੰ ਕਿਉਂ ਇੰਜਕਸ਼ਨ ਕਰ ਦਿੰਦਾ ਹੈ ਭੁੱਖ ਲੱਗਣ ਦੇ ....ਮਿਹਨਤ ਕਸ਼ੀ ਦੇ ......ਫਲ ਦੀ ਇੱਛਾ ਕਰਨ ਦੇ ? ਕਿਉਂ ਪਰਿਵਾਰ ਨਿਯੋਜਨ ਦੇ ਸ਼ੋਰੋਗੁਲ 'ਚ ਵੀ ਉਹ ਹਨ੍ਹੇਰੀ ਰਾਤ 'ਚ ਚੁੱਕ ਲਿਆਉਂਦਾ ਹੈ ਗੰਦੇ ਨਾਲੇ 'ਚੋਂ ਹੱਡ ਮਾਸ ਦੇ ਪੁਤਲੇ ਨੂੰ ਆਪਣੀ ਪਤਨੀ ਦਾ ਹੀ ਗਰਭਪਾਤ ਸਮਝ... ਕਿਉਂ ਸੰਝ ਸਵੇਰੇ ਭਜਨ ਅਲਾਪਦੇ ਭਗਤ ਜਨ ਉਸਨੂੰ ਪ੍ਰਮੇਸ੍ਵਰ ਦਾ ਮਰਸੀਆ ਪੜ੍ਹਦੇ ਸੁਣਾਈ ਦੇਂਦੇ ਨੇ ? ਤੇ ਇਸ ਮਹਾਂਨਗਰ ਦੀ ਰੋਸ਼ਨੀ 'ਚ ਸ਼ਾਮੀਂ ਸੜਕਾਂ ਤੇ ਘੁੰਮਦੇ ਮਰਦਾਂ ਤੇ ਔਰਤਾਂ ਦੇ ਲਿਸ਼ਕਵੇਂ ਲਿਵਾਸ ਕਿਉਂ ਉਸਨੂੰ ਕਾਲੇ ਨਜ਼ਰ ਪੈਂਦੇ ਨੇ ਕਿਉਂ ਉਹ ਸ਼ਾਮ ਦੇ ਅਹਿਸਾਸ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ ਹਰ ਰੋਜ਼...... ਕਿਉਂ ਸਾਰੀ ਸਾਰੀ ਰਾਤ ਕਰਵਟਾਂ ਬਦਲਦਾ ਹੈ ਤੇ ਸੁਪਨ ਦੌੜ 'ਚ ਸਿਰਜਦਾ ਹੈ ਮਹਾਂ ਭਾਰਤ ਦਾ ਯੁੱਧ ਕਿਉਂ ਮੁੜ ਮੁੜ ਸ਼ਬਦ ਕੋਸ਼ਾਂ 'ਚ ਦੇਖਣ ਤੇ ਵੀ ਉਸਨੂੰ ਯਕੀਨ ਨਹੀਂ ਆਉਂਦਾ ਗੀਤਾ ਤੇ ਗੁਰੂ ਗਰੰਥ ਦੇ ਸ਼ਬਦ ਅਰਥਾਂ ਤੇ ? ਕਿਉਂ ? ਅਕਸਰ ਕਿਉਂ ਅਜਿਹਾ ਹੁੰਦਾ ਹੈ ਹਰ ਰੋਜ਼ ? ਕਿਉਂ ? ਕਿਉਂ ਨਹੀਂ ਖਤਮ ਹੋ ਜਾਂਦਾ ਉਹ ? ਜਦ ਕਿ ਉਸਨੂੰ ਪੀਣ ਲਈ ਮਿਲਦਾ ਹੈ ਲੋਹੇ ਨੂੰ ਨਸ਼ਟ ਕਰ ਦੇਣ ਵਾਲਾ ਜ਼ਹਿਰ ਤੇ ਖਾਣੇ ਪੈਂਦੇ ਨੇ ਬਿਰਛਾਂ ਦੇ ਟਾਹਣ ਤੇ ਪੀਸੇ ਪੱਤੇ --- ..ਤੇ ਹਰ ਸਵੇਰ ਟੰਗਦੀ ਹੈ ਉਸਨੂੰ ਨਵੀਆਂ ਪ੍ਰਸਥਿਤੀਆਂ ਦੀ ਸੂਲੀ ਤੇ ਫਿਰ ਵੀ ਜੀਵਤ ਹੈ ਉਹ ਕਿਉਂ ? ਨਾਂਹ ਜਾਣੇ ਕਿਉਂ ?
ਸਾਗਰ-ਮੰਥੁਨ
ਛਾਤੀ ਹੇਠਾਂ ਆ ਰੁਕਦਾ ਹੈ ਬੂਹੇ ਤੇ ਦਸਤਕ ਦਿੰਦਾ ਇਕ ਪਰਛਾਂਵਾ ਤੇ ਰੋਸ਼ਨਦਾਨ 'ਚ ਠਹਿਰਿਆ ਬੱਦਲ ਫੈਲ ਜਾਂਦਾ ਹੈ ਜਿਸਮ ਦੇ ਉਤੇ ਓਡਣ ਬਣਕੇ ਬਾਰੀ ਤੇ ਪਰਦਾ ਡਿਗਦਾ ਹੈ ਤੇ ਹਥੇਲੀ ਤੇ ਆ ਰੁਕਦਾ ਹੈ ਅੱਥਰਾ ਘੋੜਾ ਦੰਦਾਂ 'ਚ ਚਿਥਿਆਂ ਜਾਂਦਾ ਏ ਇਕ ਹਿੱਪੀ ਯੁਵਤੀ ਦਾ ਥਣ ਮਾਲਰੋਡ ਦੀ ਭੀੜ 'ਚ ਕੰਬਦੀਆਂ ਲੱਤਾਂ ਵਿਚਲੇ ਜੰਗਲ 'ਚੋਂ ਰਾਹ ਢੂੰਡਦੀ ਆਪ ਹੀ ਗੁੰਮ ਜਾਂਦੀ ਹੈ ਤੀਜੀ ਅੱਖ ਕੀਲੀਆਂ ਉਤੇ ਅੰਗੀਏ ਲਟਕਣ ਬਿਸਤਰ ਉੱਤੇ ਛੱਲਾਂ ਮਾਰੇ ਸਾਗਰ ਦਾ ਜਲ ਸਾਗਰ ਮੰਥੁਨ । ਸਾਗਰ ਮੰਥੁਨ ॥ ਸਾਗਰ ਮੰਥੁਨ।।।
'ਮੌਕਾ ਪ੍ਰਸਤ'
ਮੇਰੇ ਹੱਥਾਂ 'ਚ ਫੜਾ ਖਾਲੀ ਪਿਸਤੌਲ ਸਾਹਮਣੇ ਛਾਤੀ ਤਾਣ ਖਲੋ ਗਏ ਨੇ ਲੋਕ ਮੈਂ ਨਿਸ਼ਾਂਨਾ ਵੀ ਬੰਨ੍ਹਦਾ ਹਾਂ ਤੇ ਪੂਰੇ ਜੋਰ ਨਾਲ ਦਬਾਉਂਦਾ ਹਾਂ ਟਰੈਗਰ ਵੀ, ਪਰ ਕਦੇ ਚਲਦੇ ਨੇ ਖਾਲੀ ਪਿਸਤੌਲ ਮੇਰੇ ਜਿਸਮ 'ਚੋਂ ਪਸੀਨਾ ਨੁਚੜਦਾ ਹੈ ਤੇ ਮੈਂ ਖੁਰ ਜਾਂਦਾ ਹਾਂ ਅੰਦਰੋ ਅੰਦਰੀਂ ਪਰ ਮੈਂ ਮੌਕਾ ਪ੍ਰਸਤ ਹਾਂ ਝਟ ਇਕ ਦਾਰਸ਼ਨਿਕ ਦਾ ਸਿਰ ਧੌਣ ਤੇ ਰਖ, ਚਿਹਰੇ ਦਾ ਪ੍ਰਭਾਵ ਬਦਲ ਖੋਖਲੇ ਅੰਦਰੋਂ ਕਰਦਾ ਹਾਂ ਪੈਦਾ ਇਕ ਪ੍ਰਭਾਵਸ਼ੀਲ ਆਵਾਜ਼ "ਮੇਰੀ ਜ਼ਮੀਰ ਇਜ਼ਾਜਤ ਨਹੀਂ ਦਿੰਦੀ ਇਨਾਂ ਪਦ ਚਿੰਨ੍ਹਾਂ ਤੇ ਟੁਰਨ ਦੀ", ਮੇਰੇ ਚਿਹਰੇ ਤੇ ਹੁੰਦਾ ਹੈ ਜਦੋਂ ਇਹ ਜਿੱਤ ਦਾ ਅਹਿਸਾਸ ਮੈਨੂੰ ਚੇਤਨਾ ਤੇ ਬੋਝ ਲਗਦਾ ਹੈ ਤੇ ਆਪੇ ਤੋਂ ਹੀ ਭੈ ਆਉਂਦੀ ਹੈ ਮੈਂ ਚਾਹੁੰਦਾ ਹਾਂ ਕਿਸੇ ਤਹਿਖਾਨੇ 'ਚ ਬੰਦ ਹੋ ਜਾਵਾਂ ਹਰ ਰੋਜ਼ ਅਨੇਕਾਂ ਮੌਤਾਂ ਮੈਥੋਂ ਮਰਿਆ ਨਹੀਂ ਜਾਂਦਾ ਤੇ ਨਾਂਹੀ ਚੁਕੀਆਂ ਜਾਂਦੀਆਂ ਨੇ ਖਾਲੀ ਪਿਸਤੌਲਾਂ ! ਦਸੰਬਰ, ੧੯੬੭
ਸ੍ਵੈ ਸੁਰੱਖਿਅਤ
ਮਾਂ ਦੀ ਅੰਡਕੋਸ਼ ਦੀ ਸਿਰਜਣ ਸ਼ਕਤੀ ਨੂੰ ਖਤਮ ਕਰ ਜਦੋਂ ਮੈਂ ਇਸ ਸੂਰ ਸਭਿਅਤਾ 'ਚ ਪ੍ਰਵੇਸ਼ ਕੀਤਾ ਸੀ ਉਦੋਂ ਮੇਰੇ ਨਖੁਨ ਨਹੀਂ ਸਨ ਮੇਰੇ ਦੰਦ ਨਹੀਂ ਸਨ, ਮੇਰੇ ਮੇਅਦੇ 'ਚ ਗੰਦਗੀ ਨੂੰ ਨਿਗਲਣ ਤੇ ਉਗਲਣ ਦੀ ਸਮਰਥਾ ਨਹੀਂ ਸੀ ਤਦੇ ਮੈਂ ਨੂੰ ਪ੍ਰਵੇਸ਼ ਕਰਨ 'ਚ ਕੋਈ ਰੁਕਾਵਟ ਨਹੀਂ ਸੀ ਆਈ ਤੇ ਹੁਣ ਜਦੋਂ ਮੇਰੇ ਨਖੂਨ ਉਗ ਆਏ ਨੇ— -ਮੇਰੀ ਜੀਭ ਨਿਗਲਣ ਦੇ ਸਮਰੱਥ ਹੋ ਗਈ ਹੈ ਮੈਂ ਸਾਰੀ ਸੂਰ ਸਭਿਤਾ ਦੀ ਗੰਦਗੀ ਨਿਗਲ ਗਿਆ ਹਾਂ ਤੇ ਹਰ ਨਰਸ ਦੀ ਛਾਤੀ ਤੇ ਵਧੇ ਨਖੁਨਾਂ ਦੇ ਖਰੂੰਡ ਮਾਰੇ ਨੇ (ਹਰ ਔਰਤ ਮੇਰੇ ਲਈ ਨਰਸ ਸਮਾਨ ਹੈ) ਮੇਰੀ ਚੇਤਨਾ ਨੇ ਅੰਦਰ ਨਿਗਲੀ ਗੰਦਗੀ ਨੂੰ ਉਗਲੱਛ ਦਿਤਾ ਹੈ ਹਰ ਸੂਰ ਦੀ ਬਦਾਮੀ ਪਿੱਠ ਤੇ ! ......ਆਪਣੇ ਅੰਦਰਲੀ ਗੰਦਗੀ ਆਪਣੀ ਪਿੱਠ ਤੇ ਵੇਖ ਹਰ ਸੂਰ ਭੈ ਭੀਤ ਹੋਇਆ ਹੈ ਤੇ ਰੋਹ 'ਚ ਆਇਆ ਹੈ ਤੇ ਸਮੁੱਚੀ ਸੂਰ ਸਭਿਤਾ ਨੇ ਉੱਧਮ ਮਚਾਇਆ ਹੈ। ਮੇਰਾ ਸ਼ੈਤਾਨ ਮਨ ਮੈਨੂੰ ਇਸ ਗੁਫਾ 'ਚ ਲੈ ਆਇਆ ਹੈ ਜਿਥੇ ਮੇਰੇ ਕੋਲ ਨ੍ਹੇਰ ਨੂੰ ਖੋਜਣ ਲਈ ਉੱਲੂ ਦੀ ਅੱਖ ਹੈ ਤੇ ਸਵੈ ਰਖਸ਼ਾ ਲਈ ਬਾਂਦਰ ਦਾ ਪੰਜਾ ਹੁਣ ਮੈਂ ਪੂਰਨ ਸੁਰੱਖਿਅਤ ਹਾਂ ! ਮਾਰਚ, ੧੯੬੯
ਪਾਲਤੂ ਕੁੱਤਾ
ਪੂਛ ਹਿਲਾਈ ਸਾਫ ਕੀਤੀ ਚੇਤਨ ਚਟਾਈ ਤੇ ਬੈਠ ਗਿਆ ਮੇਰੇ ਅੰਦਰ ਬੜੇ ਸਲੀਕੇ ਨਾਲ ਮੂੰਹ 'ਚ ਫੜ ਕੇ ਮੋਟੀਆਂ ਸੁਰਖੀਆਂ "ਬੈਂਕਾਂ ਦਾ ਕੌਮੀ ਕਰਣ" "ਮੰਤਰੀ ਦਾ ਖੁੱਸਾ ਔਹਦਾ" "ਰਾਸ਼ਟਰਪਤੀ ਦੀ ਚੋਣ" ਧੂਹ ਕੇ ਲੈ ਗਿਆ ਮੈਨੂੰ ਚੁਰਸਤੇ 'ਚ, ਭੌਂਕੇ ਜ਼ੋਰ ਜ਼ੋਰ ਦੀ ਰਾਹ ਗੁਜ਼ਰ - ਅਜ਼ਨਬੀਆਂ ਤੇ ਹਮ ਖਿਆਲਾਂ ਤੇ - ਕੰਨ ਖੁਰਕ ਕੇ ਤੇ ਖੰਘਕੇ ਸੁੱਟੀ ਚੇਤਨ ਚਟਾਈ ਤੇ ਇਕ ਮੋਟੀ ਸੁਰਖੀ ਹੋਰ ਬੀਤੇ ਦੇ ਪਾਚਣ ਕੀਤੇ ਗੰਦ 'ਚੋਂ “ਪੈਸੇ ਦਾ ਅਵਮੂਲਨ" "ਜੇਲਾਂ ਅੰਦਰ ਡੱਕੇ ਕੇਂਦਰੀ ਮੁਲਾਜ਼ਮ; ਤੇ ਹੋਰ ਗੂਹੜਾ ਹੋ ਉੱਘੜ ਆਯਾ ਭਾਰਤ ਦਾ ਰਾਜਨੀਤਕ ਚਿੱਤਰ "ਕੇਵਲ ਇਕ ਕੁਰਸੀ ਦੀ ਹਵਸ" ਸੂਰਜ ਨੂੰ ਮੂੰਹ 'ਚੋਂ ਉਗਲੀ ਝੱਗ ਹੇਠ ਦੱਬ ਟੰਗ ਚੁੱਕ ਕੇ ਪਿਸ਼ਾਬ ਕਰ - "ਸਮੁੱਚੇ ਭਾਰਤੀ ਸੰਵਿਧਾਨ ਤੇ,- - ਮੰਤਰੀ ਮੰਡਲ ਦੀਆਂ ਕੁਰਸੀਆਂ ਤੇ ਤੇ ਭਾਰਤੀ ਰਾਜਨੀਤੀ ਉਤੇ ਸੌਂ ਗਿਆ ਅਰਾਮ ਨਾਲ ਮੇਰੇ ਅੰਦਰਲਾ ਪਾਲਤੂ ਕੁੱਤਾ। ਮੇਰੇ ਅੰਦਰਲਾ ਪਾਲਤੂ ਕੁੱਤਾ ॥ ਸਤੰਬਰ ੧੯੬੯
ਸਰਕਾਰ
ਸਾਡੇ ਸਿਰਾਂ ਤੇ ਖਲੋਤੇ ਖੋਖਲੇ ਮਨੁੱਖਾਂ ਦਾ ਸਮੂਹ ਜਿਨ੍ਹਾਂ ਦੀਆਂ ਪੱਥਰ ਦੀਆਂ ਅੱਖਾਂ ਸੰਢੇ ਦੀ ਚਮੜੀ ਦੇ ਕੰਨ ਕੇਵਲ ਜ਼ੁਬਾਨ ਹੈ ਇਕ ਵਿਚਾਰਿਆਂ ਦੇ ਪਾਸ ਚੁਗ਼ਲ ਔਰਤਾਂ ਜਿਹੀ ਪਾਗਲ ਔਰਤਾਂ ਜਿਹੀ ॥ ਸਤੰਬਰ, ੧੯੬੬
ਕੁਰਸੀ ਦੌੜਵਾਨਾਂ ਦਾ ਚਿੱਤਰ
ਘੋੜੇ ਦੀ ਸੁੰਮ ਹਥੇਲੀਆਂ ਤੇ ਜੜ੍ਹ ਤੁਰੇ ਨੇ ਕੁਝ ਅਖਬਾਰ ਨਵੀਸ ਇਨਾਮੀਅਤ ਰੁਚੀ ਨਾਲ ਅਗ਼ਜ਼ੈਜਰੇਸ਼ਨ ਲਈ ਸ਼ਬਦ ਖੋਜਣ – -ਤੇ ਕੁਝ ਰਾਜਨੀਤਕ ਗੁੱਟ ਹਫ ਰਹੇ ਨੇ ਕੁਰਸੀ ਦੌੜ ‘ਚ ਕੁਰਸੀ ਸੰਭਾਲਣ ਦੇ ਚੱਕਰ ‘ਚ ਤੇ ਕੁਝ ਹੋਰ ਨੇ ਜੋ ਜੇਲਾਂ ‘ਚ ਡੱਕ ਦਿੱਤੇ ਜਾਂਦੇ ਨੇ ਹਰ ਤੀਜੇ ਦਿਨ ਤੇ ਉਨ੍ਹਾਂ ਦੀਆਂ ਰਗਾਂ ਵਿਚਲੀ ਲਾਲ ਰੰਗਤ ਮਾਫਕ ਨਹੀਂ ਮੇਰੇ ਦੇਸ਼ ਨੂੰ ਮਾਫਕ ਨਹੀਂ ਉਨ੍ਹਾਂ ਨੂੰ ਜਿਨ੍ਹਾਂ ਨੂੰ ਕੁਰਸੀ ਦੌੜ ‘ਚ ਕੁਰਸੀ ਖੁੱਸ ਜਾਣ ਦਾ ਡਰ ਹੈ। ਤੇ ਇਕ ਮੈਂ ਹਾਂ, ਜਿਸਨੇ ਘੋੜੇ ਦੀ ਸੁੰਮ, ਘੋੜ ਦੌੜ ਤੇ ਕੁਰਸੀ ਦੌੜ 'ਚ ਜਦ ਕਦੇ ਵੀ ਅੰਤਰ ਕਰ ਚਾਹਿਆ ਹੈ ਕਿਸੇ ਕੈਨਵੱਸ ਤੇ ਵਾਹੁਣਾ ਵੀਅਤਨਾਮੀ ਮਾਂ ਦੀ ਹਿੱਕ 'ਚੋਂ ਲੋਹ ਕਣੀ ਮਿਸ਼ਰਤ ਦੁੱਧ ਚੁੰਘਦੇ ਬੱਚੇ ਦਾ ਚਿੱਤਰ ਜਾਂ ਬੰਬ ਦੇ ਮੂੰਹ 'ਚ ਖਿੜ ਖਿੜ ਹਸਦੇ ਝੁਲਸੇ ਜਾ ਰਹੇ ਨੌਂ ਵਰਸ਼ੇ ਬੱਚੇ ਦਾ ਚਿੱਤਰ ਜਾਂ ਕਦੇ ਅਮਰੀਕਨ ਮਾਂ ਦੇ ਮੂੰਹ 'ਚ ਜਬਰਦਸਤੀ ਧੱਕੇ ਜਾ ਰਹੇ ਵੀਅਤਨਾਮੀ ਬੱਚਿਆਂ ਦਾ ਸ਼ੋਰਬਾ ਜਾਂ ਝੁਲਸੇ ਜਾਂ ਰਹੇ ਹਰੇ ਕਚੂਰ ਫਸਲਾਂ ਦੇ ਖੇਤ ਤਦ ਮੇਰੇ ਬਾਪ ਵਾਂਗ ਮੇਰੇ ਵੀ ਹੱਥ ਕੱਟ ਕੇ ਤੋੜ ਦਿੱਤਾ ਗਿਆ ਹੈ ਬੁਰਸ਼ ਜਲਾ ਦਿੱਤੀ ਗਈ ਹੈ ਕੈਨਵੱਸ ਤੇ ਕਟੇ ਹੱਥਾਂ ਦਾ ਖੂਨ ਚਿਹਰੇ ਤੇ ਮਲ ਧਰਤੀ ਤੇ ਸੁੱਟ ਅਪਣੇ ਦੇਸ਼ ਦੇ ਲੋਕਾਂ ਵਲ ਵਧਾ ਮੈਂ ਦੁਆ ਮੰਗਦਾ ਹਾਂ "ਵਗਦਾ ਰਹੇ ਮੇਰੇ ਹੱਥਾਂ ਦਾ ਖੂਨ" ਤਾਂ ਕਿ ਸੰਪੂਰਨ ਕਰ ਲਵਾਂ ‘ਕੁਰਸੀ ਦੌੜਵਾਨਾਂ ਦਾ ਅਸਲ ਰੂਪ' ਨਾਮੀ ਅਧੂਰਾ ਚਿੱਤਰ........ .......... ਹਰ ਦੀਵਾਰ ਤੇ ਵਾਹ ਦਿਆਂ ਕੁਰਸੀ ਦੌੜਵਾਨਾਂ ਦੀ ਮੋਈ ਜ਼ਮੀਰ ਤੇ ਕੁੱਤੇ ਪਿਸ਼ਾਬ ਕਰਦੇ ਨੇ'' ਨਾਮੀ ਆਖਰੀ ਚਿੱਤਰ ਆਖਰੀ ਚਿੱਤਰ,.........। ਅਕਤੂਬਰ, ੧੯੬੯
ਭਾਰਤ
ਔਹ ਵੇਖੋ ਅਧਕੱਜੀ ਪਗਲੀ ਔਰਤ ਜਿਸਮ ਦੇ ਉੱਤੇ ਪੋਸਟਰਾਂ ਦਾ ਭਾਰ ਚੰਬੇੜੀ ਭੁੱਖੀਆਂ ਪਰਦੇ ਪਾੜ ਆਵਾਜ਼ਾਂ ਦੇ ਵਿੱਚ ਘਿਰ ਚੁੱਕੀ ਹੈ । ਅਕਤੂਬਰ, ੧੯੬੬
ਮੁਕਤੀ-ਇੱਛਕ ਅਪਰਾਧੀ
ਮੇਰਾ ਸਿਰ ਕੱਟਕੇ ਹਥੇਲੀ ਤੇ ਰੱਖ ਦਿਓ ਤੇ ਨੰਗਾ ਕਰ ਜਿਸਮ ਇਸ ਵੀਰਾਨ ਜੰਗਲ 'ਚ ਛੱਡ ਦਿਓ ਮੇਰੀ ਧੜ ਜੋ ਕਿਸੇ ਆਦਿ-ਵਾਸੀ ਦੀ ਹੈ ਮੇਰਾ ਸਿਰ ਜੋ ਮੇਰਾ ਨਹੀਂ ਰਿਹਾ ਜਿਸ ਤੋ ਜੰਮੀ ਗਿਆਨ ਦੀ ਜ਼ਿਲਣ ਕਨਜ਼ੀਯੂਮ ਕਰ ਬੈਠੀ ਹੈ ਰੌਸ਼ਨੀ ਨੂੰ ਜੋ ਇਕ ਨੈਤਿਕ ਭੁੱਲ ਹੈ ਤੇ ਵਿਧਾਨਕ ਤੌਰ ਤੇ ਵੀ ਵਰਜਿਤ ਕਰਾਰ ਦਿੱਤੀ ਜਾ ਰਹੀ ਹੈ ਨੇੜ੍ਹਲੇ ਭਵਿਖ 'ਚ ਮੇਰੇ ਦੇਸ਼ 'ਚ ! ਪਰ ਇਹ ਅਪਰਾਧ ਸਜ਼ਾ ਮੈਂ ਪਾਰਲੀਮੈਂਟ ਦੀਆਂ ਕੁਰਸੀਆਂ ਤੇ ਸੁਸ਼ੋਭਿਤ ਇਜੜ ਦੇ ਆਦੇਸ਼ਾਂ ਰਾਹੀਂ ਬੁੱਢੇ ਲੂੰਬੜ ਤੋਂ ਨਹੀਂ ਸੁਣਨੀ ਚਾਹੁੰਦਾ – – ਤੁਸੀਂ ਜੋ ਸੁਆਰਥ ਜਾਂ ਭੈ ਕਾਰਨ ਇਸ ਇਜੜ ਨੂੰ ਹਿੱਕਕੇ ਪਾਰਲੀਮੈਂਟ 'ਚ ਛੱਡ ਆਏ ਹੋ, ... ਤੁਹਾਥੋਂ ਮੰਗਦਾ ਹਾਂ ! ਇਹ ਇਜੜ ਇਨਸਾਫ ਨਹੀਂ ਕਰੇਗਾ ਮੈਨੂੰ ਪਤਾ ਹੈ.............. ......... ਇਹ ਸਜ਼ਾ ਮੇਰੀ ਥਾਂ ਮੇਰੇ ਬਾਪ ਨੂੰ ਦੇਵੇਗਾ ਤੇ ਮੇਰੀ ਮਾਂ ਦੀ ਅੰਡਕੋਸ਼ ਛਾਲਣੀ ਕਰ ਦੇਵੇਗਾ ਬਰੂਦ ਨਾਲ ਤਾਂ ਕਿ ਉਹ ਮੇਰੇ ਜਿਹੇ ਕਿਸੇ ਹੋਰ ਅਪਰਾਧੀ ਨੂੰ ਨਾਂਹ ਜਨਮ ਦੇ ਸਕੇ ਤੇ ਮੈਨੂੰ ਮਾਰਨ ਦੀ ਸਾਜਸ਼ 'ਚ ਕਿਸੇ ਵਸੀਲੇ ਮੇਰੀ ਪਤਨੀ ਹੱਥੋਂ ਮੈਨੂੰ ਜ਼ਹਿਰ ਦਿਲਾਏਗਾ...... ਤੇ ਉਸਨੂੰ ਮੇਰੀ ਮੌਤ ਦੇ ਅਪਰਾਧ 'ਚ ਫਾਂਸੀ ਦਾ ਕਰੜਾ ਹੁਕਮ ਸੁਣਾਏਗਾ ਇੰਝ ਖਤਰਨਾਕ ਸਰਬੰਸ ਮਿਟ ਜਾਏਗਾ ਦੇਸ਼ ਦਾ ਅਦਾਲਤੀ ਕਨੂੰਨ ਬਚ ਜਾਏਗਾ ਇਸੇ ਲਈ ਮੈਂ ਜੋ ਇਸ ਸੱਚ ਨੂੰ ਜਾਣਦਾ ਤੁਹਾਨੂੰ ਕਹਿੰਦਾ ਹਾਂ ਕਿ ਇਜੜ ਜੋ ਤੁਹਾਡਾ ਵਫਾਦਾਰ ਹੈ ਉਸਦੀ ਥਾਂ, ਤੁਸੀਂ ਜੋ ਇਜੜ ਦੇ ਮਾਲਕ ਹੋ ਮੈਨੂੰ ਸਜ਼ਾ ਦਿਓ... ਮੇਰਾ ਸਿਰ ਕੱਟਕੇ ਹਥੇਲੀ ਤੇ ਰੱਖ ਦਿਓ ਜਾਂ ਅਜਾਇਬ ਘਰ 'ਚ ਟਿਕਾ ਦਿਓ ਮੇਰੀ ਧੜ ਜੋ ਕਿਸੇ ਆਦਿ ਵਾਸੀ ਦੀ ਹੈ ਮੇਰਾ ਸਿਰ ਜੋ ਮੇਰੀ ਧੜ ਦੇ ਕਾਬਲ ਨਹੀਂ ਰਿਹਾ ਇਨ੍ਹਾਂ ਨੂੰ ਖੰਡਿਤ ਕਰ ਦਿਓ ਮੁਕਤ ਕਰ ਦਿਓ ਮੈਨੂੰ ਹੇ ਮੇਰੇ ਦੇਸ਼ ਵਾਸੀਓ ! ਅਕਤੂਬਰ, ੧੯੬੮
ਸੁਤੇਸਿਧ-ਐਲਾਨ
ਮੇਰੇ ਜਿਸਮ ਦੀ ਦੀਵਾਰ ਤੇ ਉਕਰੇ ਬੁੱਧ ਤੇ ਗਾਂਧੀ ਦੇ ਚਿਤੱਰ ਮਿਟਾ ਦਿਓ ਜਾਂ ਇਨ੍ਹਾਂ ਨੂੰ ਕਿਸੇ ਮੰਦਰ 'ਚ ਲਟਕਾ ਦਿਓ ਮੇਰੀ ਜਿਸਮ ਦਿਵਾਰ ਇਨ੍ਹਾਂ ਦਾ ਭਾਰ ਨਹੀਂ ਉਠਾ ਸਕਦੀ ਹੁਣ ਜਾਂ ਇਨ੍ਹਾਂ ਦੀ ਧੌਣ ਤੇ ਲੈਨਿਨ ਦਾ ਸਿਰ ਰੱਖ ਦਿਓ ਨਾਨਕ ਜਾਂ ਮਾਰਕਸ ਦਾ ਦਰਸ਼ਨੀ ਚੋਗਾ ਪਹਿਨਾ ਦਿਓ ਹੱਥ ਗੋਬਿੰਦ ਦੀ ਤਲਵਾਰ ਜਾਂ ਮਾਓ ਦੀ ਬੰਦੂਕ ਫੜਾ ਦਿਓ। ਨਹੀਂ ਤਾਂ ਮੇਰੇ ਜਿਸਮ ਦੀ ਦੀਵਾਰ ਨੂੰ ਮੇਰੇ ਯੁੱਗ ਦਾ ਸੱਚ ਕਹਿਣ ਦਿਓ । ਮੇਰੀ ਦੀਵਾਰ ਮੇਰੀ ਹੈ—ਚੁੱਪ ਵੀ ਹੈ ਤਾਂ ਵੀ ਕੀ ? ਉਕਰੇ ਜਾਣਗੇ ਇਸਤੇ ਮੇਰੇ ਨਕਸ਼ ਆਪਣੇ ਆਪ ਖ਼ਮੋਸ਼ੀ ਦਾ ਅਰਥ ਗੂੰਗਾ ਨਹੀਂ ਹੁੰਦਾ ਤਦੇ ਮੈਂ ਕਹਿੰਦਾ ਹਾਂ ਇਸਦੇ ਉੱਤੋਂ ਬੁੱਧ ਤੇ ਗਾਂਧੀ ਦੇ ਚਿੱਤਰ ਮਿਟਾ ਦਿਓ ਜਾਂ ਕਿਸੇ ਮੰਦਰ 'ਚ ਲਟਕਾ ਦਿਓ । ਮਾਰਚ ੧੯੬੯
ਅਤੀਤ ਦੇ ਪਰਛਾਂਵੇ
ਅਤੀਤ ਦੇ ਪਰਛਾਂਵੇ "ਭਵਿਖ ਗਵਾਚੀ ਦਿਸ਼ਾ ਸਮਾਨ ਹੈ ਵਰਤਮਾਨ ਅਲੜ੍ਹ ਕੁੜੀ ਦੇ ਪਿਆਰ ਵਾਂਗ ਸੋ ਮੈਂ ਭੂਤ 'ਚ ਜੀਣਾਂ ਲੋਚਦਾਂ, ਪਰ ਸਮਾਨਅੰਤਰ ਤੁਰ ਰਹੀ ਸੜਕ 'ਚੋਂ ਕਦੇ ਕਦੇ ਕੋਈ ਹੱਥ ਉੱਚਾ ਉੱਠੇ ਤੇ ਕਹੇ, “ਭੂਤ ਇਕ ਰਾਖ ਦੀ ਢੇਰੀ ਹੈ ਮਿੱਤਰ ਹੁਣ ਇਹ ਤੇਰਾ ਨਹੀ ਬਣ ਸਕੇਗਾ ਤੇਰੇ ਤੇ ਇਹੋ ਛਿਣ ਨੇ ਜੋ ਤੇਰੇ ਕੋਲ ਨੇ" "If every body remembered the past, No body would ever forgive any body" Robert Lynd
ਸ਼ੀਸ਼ ਧਰਤ
ਮੈਂ ਇਸ ਸ਼ੀਸ਼ ਧਰਤ ਤੇ ਡਰ ਡਰ ਪੈਰ ਧਰਾਂ ਅਤੇ ਕਿਤੇ ਮੇਰੀ ਰੱਤੀ ਭਰ ਅਣਗਹਿਲੀ ਕਾਰਣ ਇਹ ਧਰਤੀ ਤਿੜ ਜਾਏ ਮੈਨੂੰ ਦੋਸ਼ੀ ਠਹਿਰਾਏ ਮੈਨੂੰ ਇਸ ਤੇ ਮੁੜ ਆਵਣ ਦਾ ਇਕ ਸਰਾਪ ਜਿਹਾ ਲੱਗ ਜਾਏ ਪਰ ਮੈਂ ਪੈਰਾਂ ਨੂੰ ਕਿੱਥੇ ਰੱਖਾਂ ? ਇਹ ਧਰਤੀ ਮੈਥੋਂ ਨਰਮ ਕਲਾਈਆਂ ਮੰਗੇ । ਇਹ ਧਰਤੀ ਮੈਥੋਂ ਨਰਮ ਕਲਾਈਆਂ ਮੰਗੇ॥ ਅਗਸਤ, ੧੯੬੩
ਸਹਿਮ
ਤਿੰਨ ਚੌਥਾਈ ਪਾਣੀਆਂ ਨੂੰ ਛੱਡ ਸਾਰੀਆਂ ਹੀ ਮਛਲੀਆਂ ਇਕ ਚੌਥਾਈ ਤਪਦੀ ਧਰਤ ਤੇ ਆ ਨਿਕਲੀਆਂ ...... ! ਤੜਪ ਰਹੀਆਂ ਨੇ ਵਿਚਾਰੀਆਂ ਬਹਿਸ਼ਤੋਂ ਸਰਾਪੀਆਂ ਚੱਟ ਚੱਟ ਲੂਣੀ ਧਰਤ ਨੂੰ ਸਾਰਿਆਂ ਦੇ ਪਿੰਡਿਆਂ 'ਚੋਂ ਲਹੂ ਸਿੰਮ ਆਇਆ ਹੈ ...... ....ਮੈਂ ਇਹ ਖੌਫਨਾਕ ਦ੍ਰਿਸ਼ ਵੇਖ ਮੁੰਦ ਲਈਆਂ ਨੇ ਅੱਖਾਂ ਅਕਤੂਬਰ, ੧੯੬੩
ਕਾਲ-ਸੰਸਾ
ਸਾਰੇ ਘਰਾਂ ਦੇ ਸ਼ਾਹ ਕਾਲੇ ਪਰਦਿਆਂ ਤੇ ਦੁੱਧ ਚਿੱਟੇ ਪਰਛਾਂਵੇ ਬਣ ਬਣ ਮਿਟਦੇ ਰਹਿੰਦੇ । ਸਾਰੀ ਸੋਨ ਧਰਤ ਦੀ ਹਿੱਕ ਤੇ ਕਿੰਨੇ ਹੀ ਪਰਛਾਂਵੇ ਪੂਛ ਕਟੀ ਕਿਰਲੀ ਵਾਗੂੰ ਤੜਪ ਰਹੇ ਨੇ । ਮੇਰਾ ਪਰਛਾਵਾਂ ਮਰੇ ਕੱਦ ਤੋਂ ਤਿਗਣਾ ਹੋਕੇ ਧਰਤੀ ਉੱਤੇ ਪਸਰ ਗਿਆ । ਮੈਂ ਸਹਿਮਿਆ ਸੋਚਾਂ ਉਹ ਪਲ ਵੀ ਆਏਗਾ ਜਦ ਮੇਰਾ ਪਰਛਾਵਾਂ ਵੀ ਤੜਪ ਤੜਪ ਮਿਟ ਜਾਏਗਾ ॥ ਜਨਵਰੀ, ੧੯੬੪
ਦੋ ਅੱਬਸਰਡ ਕਵਿਤਾਵਾਂ
ਗਰਭਵਿਤ ਬੁੱਧੀ.... .... ...ਗੂੰਗੇ ਸੰਵੇਗ ਜ਼ਖਮੀ ਬੋਲ ...... ਟੁੱਟ ਨਾਂਹ ਜਾਵਣ ਸੀਤੇ ਬੁਲ੍ਹਾਂ ਦੇ ਤਾਜ਼ੇ ਟਾਂਕੇ ਦੇਖ ਤਾਂ ਸਹੀ ਕਿੰਨਾ ਹੁਸੀਨ ਹੈ ਖਾਮੋਸ਼ੀ ਦਾ ਮੌਸਮ । *** *** ਰੋਸ਼ਨੀ ਦੀਆਂ ਅਸਥੀਆਂ 'ਮੈਂ' ਹਨੇਰੀ ਰਾਤ ਆਂਚਲ ਦੇ ਲੜ ਬੰਨ੍ਹ, ਜਾ ਰਹੀ ਹੈ ਜਲ ਪ੍ਰਵਾਹ ਕਰਨ ਸੂਰਜ ਸੰਗ ਸਪੂਤਨਿਕ ਦੇ ਟਕਰਾਉਣ ਤੋਂ ਭੁਰਿਆ ਇਕ ਬੇਸਬਰਾ ਟੁਕੜਾ ਡੀਕ ਗਯਾ ਹੈ ਤਿੰਨ ਚੌਥਾਈ ਪਾਣੀ ਧਰਤ ਦਾ
ਅਪੀਲ
ਸੁਪਨ ਅਵਸਥਾ 'ਚ ਤੇਰੇ ਸੰਗ ਜੋ ਛਿਣ ਹੰਢਾਏ....ਉਨ੍ਹਾਂ ਲਈ ਮੈਨੂੰ ਦੋਸ਼ੀ ਠਹਿਰਾਏਂ......ਤੇਰੀ ਖੁਸ਼ੀ ! ਪਰ ਹੇ ਮਿੱਤਰ ਮੇਰੇ ਗੁਨਾਹਾਂ ਨੂੰ ਮੇਰੇ ਨਾਂ ਤੋਂ ਵੱਖ ਕਰ ਲਵੀਂ ਗੁਨਾਹ ਸੁਭਾਵਿਕ ਕਰਮ ਨੇ ਤੇ ਕਰਮ ਜਿਸਮ ਦਾ ਇਕ ਲੱਛਣ ਪਰ 'ਨਾਂ' ਇਨ੍ਹਾਂ ਵਿਚੋਂ ਕੁਝ ਵੀ ਨਹੀਂ ਨਾਂ ਤੇ ਕੇਵਲ ਇਕ ਸੰਬੋਧਨ ਹੈ ਜਿਸਮ ਮਾਦਾ ਹੈ, ਕਰਮ ਪ੍ਰਕ੍ਰਿਆ ਨਾਂ ਖਿਲਾਅ 'ਚ ਭਾਉਂਦੀ ਇਕ ਅਵਾਜ਼ ਫਿਰ ਇਸ ਨਿਰਦੇਸ਼ ਅਵਾਜ਼ ਨੂੰ ਚੌਰਾਹੇ 'ਚ ਧੂਹ ਲਿਆਉਣਾ ਦੰਦਾਂ 'ਚ ਪੀਠਣਾ......ਸਿਆਣਪ ਨਹੀਂ ਬਚਕਾਨਾ ਭੁੱਲ ਹੋਵੇਗੀ ਮੈਂ ਗੁਨਾਹਗਾਰ ਹੋ ਸਕਦਾ ਹਾਂ ਪਰ ਮੇਰਾ ਨਾਂ "ਤ੍ਰੈਲੋਚਨ" ਕਿਸੇ ਗੁਨਾਹ ਦਾ ਮੁਹਤਾਜ ਨਹੀਂ ! ਅਗਸਤ ੧੯੬੭
ਇਕ ਬੈਠਕ ਨੌਂ ਕਵਿਤਾਵਾਂ
੧. ਬਹੁਤ ਤੇਜ਼ ਹੈ ਬੱਸ ਸ਼ੀਸ਼ਿਆਂ ਉੱਤੇ ਜ਼ਖਮੀ ਹੋਇਆ ਲਟਕ ਰਿਹਾ ਹੈ ਸੂਰਜ ਦਾ ਅਕਸ। ੨. ਸੁੱਕੀ ਘਾਹ ਤੇ ਰੱਤ ਦੀਆਂ ਬੂੰਦਾਂ ...... ......ਫਿਸਲ ਗਏ ਨੇ ਸਭ ਪੈਰਾਂ ਦੇ ਛਾਲੇ .........ਮਿੱਟੀ ਦੀ ਢੇਰੀ ਤੇ ਆਓ ਦੀਪ ਬਾਲੀਏ...... । ੩. ਧੁੰਦਲੇ ਸ਼ੀਸ਼ੇ ਲਿਸ਼ਕਦੀ ਫਰੇਮ ਜਾਪਦਾ ਐ ਕੁਝ ਇਸਤਰ੍ਹਾਂ ਬਦਲ ਰਹੇ ਅਕਾਰ ਵੀ ਸਥਿਰ ਹੋਵਣ ਜਿਸਤਰਾਂ ! ੪. ਤੂੰ......ਚੰਬੇ ਦੀ ਕਲੀ ਦਾ ਸ੍ਵਾਂਗ ਸੁਲਘਦੇ ਹੋਠਾਂ ਤੇ ਬਰਫ ਦੀ ਡਲੀ ਦੇ ਵਾਂਗ । ੫. ਮੈਂ .........ਬੇਹਿਸ ਬੇਬਸ ਬੇਰੌਣਕ ਚਿਹਰਾ ਪੈਰਾਂ ਤੋਂ ਸਿਰ ਤੀਕ ਰਚੀ ਥਕਾਣ ਫਿਰ ਵੀ ਪੌਣ ਤੋਂ ਵੱਧ ਤੇਜ਼ ਦੌੜਨ ਦੀ ਲਾਲਸਾ ਕਰੇ ! ੬. ਕੱਲ ਰਾਤੀਂ ਜੋ ਸੁਪਨ ਦੋਸ਼ ਦਾ ਕਾਰਣ ਬਣਿਆ ਅੱਜ ਦਿਨ ਦੀਵੀਂ ਸੂਰਜ ਸਾਹਵੇਂ ਮੇਰਾ ਕਾਤਲ ਬਣਕੇ ਆਯਾ ਹੈ ! ੭. ਪਰਾਏ ਚਿਹਰੇ .......ਚੁਰਾਏ ਬੋਲ ਅੰਗਾਂ ਦੀ ਨੁਮਾਇਸ਼ ਕਾਫੀ ਹਾਊਸ ਦੇ ਲੋਕ ! ੮. ਸਾਰੇ ਦਿਹੁੰ ਦਾ ਲਹੂ ਚੂਸਕੇ ਬੋਝਲ ਹੋਇਆ ਸੂਰਜ..... ..... ਝੁਕੇ ਅੰਬਰ ਸੰਗ ਟੇਡੀ ਧਰਤੀ ਦੇ ਕੰਨ 'ਚ ਆਖੇ ........ਮੌਤ ਸਿਰੋਂ ਜ਼ਿੰਦਗੀ ਦੇ ਉਲ੍ਹਾਮੇ ਤਾਰੋ ਬਿਫਰੇ ਪੇਟਾਂ ਨਾਲ ਜ਼ਰਬ ਦੇ ਨਿੱਤ ਦੀ ਵਧਦੀ ਭੁੱਖ ਨੂੰ ਮਾਰੋ ! ੯. ਬੇਲਗਾਮ ਘੜੀਆਂ ਤਾਜ਼ਾ ਖਬਰਾਂ ਦੁਰਘਟਨਾਵਾਂ ਧੂੰਆਂ ਗਵਾਚੇ ਨਕਸ਼ ਸ਼ੋਰ-ਸ਼ਰਾਬਾ ਮੰਗਵੇਂ ਬਲਵ ਰੰਗੀਨ ਰੌਸ਼ਨੀ ਝਿਲਮਿਲ ਝਿਲਮਿਲ ਕਰਦੇ ਪਰਦੇ ਥੀਏਟਰ ਕੀਊਬਾਂ ਦੇ ਕੀਊਬ ਰੁਮਾਲਾਂ ਦੀ ਥਾਂ ਪੌਣਾਂ 'ਚ ਉਡਦੇ ਚੁਮਣ ਕੀ ਨਹੀਂ ਹੈ ? ਦਸੰਬਰ ੧੯੬੬
ਨਵ-ਈਸਾ
ਮੈਂ ਨਵ ਜੰਮਿਆ ਈਸਾ ਬੀਤੇ ਦੀ ਢਾਲ ਮੇਰੀ ਪਿੱਠ ਤੇ ਜੜ੍ਹੀ ਹੈ ਭਵਿਖ ਦੀ ਤਲਵਾਰ ਮੈਂ ਹੱਥ ਫੜੀ ਹੈ ਵਰਤਮਾਨ ਦੀ ਰੰਗਮੰਚ ਤੇ ਖੇਡ ਰਿਹਾ ਹਾਂ ਗਤਕਾ ਅੱਡੇ ਨੇ ਮੇਰੇ ਹੱਥ ਤੇ ਅੱਖਾਂ ਖੁੱਲੀਆਂ ਆਵੋ ਮੇਰਾ ਰੂਪ ਵਟਾਵਣ ਵਾਲਿਓ ਖੋਭ ਦਿਓ ਹੁਣ ਮੇਖਾਂ....... ਖੋਭ ਦਿਓ ਹੁਣ ਮੇਖਾਂ .........! ਦਸੰਬਰ ੧੯੬੫
ਕੈਨਵੱਸ
ਮੇਰੀ ਬੱਚੀ ਇਕ ਕੈਨਵੱਸ ਜਿਸ ਤੇ ਮੇਰੇ ਮੇਰੀ ਪਤਨੀ ਦੇ ਇੱਥੋਂ ਤਕ ਕਿ ਮੇਰੇ ਮਾਂ ਪਿਓ ਦੇ ਨਕਸ਼ ਉਕਰੇ ਨੇ । ਤੇ ਇਹ ਕੱਨਵੱਸ ਸਾਡੀ ਖੁਲਦਿਲੀ ਦੇ ਕਾਰਣ ਇਕ ਚੂਲ ਸਹਾਰੇ ਚੌਰਾਹੇ ਤੇ ਟਿਕੀ ਖੜੀ ਹੈ ਤੇ ਹਰ ਰਾਹ ਗੁਜ਼ਰ ਦੀ ਨਜ਼ਰ ਇਸ ਤੇ ਟਿਕੀ ਹੈ ਮੇਰੀ ਪਤਨੀ ਨੇ ਨਜ਼ਰਾਂ ਦੀ ਆਫ਼ਤ ਤੋਂ ਡਰਕੇ ਹਰ ਰਾਹ ਗੁਜ਼ਰ ਦੇ ਪੈਰਾਂ ਦੀ ਮਿੱਟੀ ਤੀਲਾਂ ਦੀ ਡੱਬੀ 'ਚ ਸਾਂਭ ਰੱਖੀ ਹੈ । ਪਰ ਨਾਂਹ ਜਾਣੇ ਕੋਈ ਕਿਹੜੇ ਵੇਲੇ ਸਾਡੇ ਨਕਸ਼ ਮਿਟਾ ਕੇ ਇਸ ਤੇ ਕਿਸੇ ਹੋਰ ਹੀ ਚਿਹਰੇ ਦੇ ਨਕਸ਼ ਉਕਰ ਗਿਆ ਹੈ (ਚਿਹਰਾ ਜੋ ਅਣਜਾਣ ਜਿਹਾ ਹੈ) ਮੈਂ ਤੇ ਮੇਰੀ ਪਤਨੀ ਇਹ ਦੇਖ ਬੜਾ ਘਬਰਾਏ ਆਪਣੀ ਖੁਲ੍ਹ ਦਿਲੀ ਤੇ ਪਛਤਾਏ ਕੈਨਵੱਸ ਨੂੰ ਅੰਦਰ ਚੁੱਕ ਲੈ ਆਏ ਮੇਰੀ ਪਤਨੀ ਨੇ ਕੈਨਵੱਸ ਨੂੰ ਅਲਮਾਰੀ 'ਚ ਰੱਖ ਬਾਹਰੋਂ ਤਾਲਾ ਲਾ ਦਿੱਤਾ ਹੈ ਇਕ ਭੇਦ ਛੁਪਾ ਲਿੱਤਾ ਹੈ । ਦਸੰਬਰ, ੧੯੬੬
ਬਾਰੀ ਦੇ ਕਿਣਕੇ
ਮੇਰੀ ਬਾਰੀ ਦੇ ਕਿਣਕੇ ਆਪਣੀ ਸੀਮਾਂ ਨਿਸ਼ਚਤ ਕਰਦੇ ਸੀਮਾਂ ਬੱਧ ਹੋਣੋ ਡਰਦੇ ਹੋਂਦ ਕਲਪਦੇ ਇਛੁੱਕ ਅਣਇਛੁੱਕ ਕਰਮਾਂ ਦੀ, ਅਕਰਮਾਂ ਦੀ, ਸੰਕਲਪਾਂ ਦੀ ਧੁੰਦਲੀ ਛਾਇਆ ਤੋਂ ਨਿਰਲੇਪ ਹੋਣ ਦੀ ਕੋਸ਼ਿਸ਼ ਕਰਦੇ, ਬਾਰੀ 'ਚੋਂ ਡਿਗਦੇ ਡਿਗਦੇ ਬਚਦੇ ਕਦੇ ਕਦੇ ਡਿੱਗ ਜਾਂਦੇ ਤੇ ਚੰਨ ਚੜਦੇ ਹੀ.......... ...........ਜਾਂ ਇਕ ਪਹਿਰ ਦੀ ਮੌਤ ਮਗਰੋਂ ਫਿਰ ਜੀ ਪੈਂਦੇ ਉਡਦੇ ਜਾਂਦੇ ਛਿਣਾ ਨੂੰ ਫੜਦੇ ਮੇਰੀ ਬਾਰੀ ਦੇ ਕਿਣਕੇ ॥ ਨਵੰਬਰ ੧੯੬੬
ਆਤਮ ਤਲਾਸ਼
ਮੇਰੇ ਅੰਦਰ ਕਿਤੇ ਕੁਝ ਮਰ ਗਿਆ, ਕੁਝ ਗੁੰਮ ਗਿਆ ਹੈ! ਰੋਸ਼ਨੀ 'ਚ ਊਂਘਦਾ ਸ਼ਹਿਰ ਦਫਨ ਹੋ ਗਿਆ ਹੈ ਮਨ ਦੀ ਅੰਧੇਰੀ ਗੁਫਾ ਚ ਯੁਵਾ-ਪ੍ਰੇਮ ਦੇ ਅਹਿਸਾਸ ਵਾਂਗ ਤੇ ਆਤਮ ਦੀ ਤਲਾਸ਼ 'ਚ ਮੈਂ ਕਿਸੇ ਅਜਿਹੀ ਵਾਦੀ 'ਚ ਨਿਕਲ ਆਇਆ ਹਾਂ ਜਿਥੋਂ ਹੈ ਪਰਤਣਾ ਮੁਹਾਲ ਤੁਸੀਂ ਮੇਰੀ ਅਵਾਜ਼ ਨੂੰ ਨਹੀਂ ਪਹਿਚਾਣਦੇ ......ਮੈਂ ਆਪਣੀ ਅਵਾਜ਼ 'ਚ ਹੀ ਗੁੰਮ ਹਾਂ । ਮੈਂ ਆਪਣਿਆਂ 'ਚ ਹੀ ਹੀ ਅਜ਼ਨਬੀ ਮੇਰਾ ਦੋਸ਼ ਨਹੀਂ ਮੇਰੀ ਅੱਖ ਮੇਰੇ ਸਿਰ 'ਚ ਖੁੱਲੀ ਹੈ। ਨਿਰਦੇਸ਼ ਹੋ ਤੁਸੀਂ ਵੀ ਕਿ ਤੁਹਾਡੀ ਅੱਖ ਪੇਟ ਤੇ ਉੱਗੀ ਹੈ ਮੈਂ ਅਪਣੇ ਅੰਦਰ ਮੋਏ ਅਹਿਸਾਸ ਤੇ ਆਤਮ ਦੀ ਤਲਾਸ਼ ਦੇ ਪ੍ਰਯਾਸ 'ਚ ਹਾਂ ਮੈਨੂੰ ਇਸ ਹਨੇਰੀ ਗੁਫਾ 'ਚ ਇਸ ਵਿਰਾਨ ਵਾਦੀ 'ਚ ਹੀ ਰਹਿਣ ਦੇਵੋ ਤੁਸੀਂ ਸੁੰਦਰ ਅਦਨ ਬਾਗ ਦੀ ਨੁੱਕਰੇ ਸ਼ਹਿਰ ਦੀ ਰੋਸ਼ਨੀ 'ਚ ਊਂਘਦੇ ਰਹੋ ! ਮੇਰੀ ਅੱਖ ਨੂੰ ਇਸ ਹਨ੍ਹੇਰੀ ਗੁਫਾ 'ਚ ਤੱਕਣ ਦਾ ਕੁਝ ਅਵਕਾਸ਼ ਦੇਵੋ ਹੋਰ ਮੈਂ ਕੁਝ ਵੀ ਨਹੀਂ ਮੰਗਦਾ । ਹੋਰ ਮੈਂ ਕੁਝ ਵੀ ਨਹੀਂ ਚਾਹੁੰਦਾ ॥ ਨਵੰਬਰ ੧੯੬੮
ਮੇਰੀ "ਮੈਂ"
ਬੋਝਲ ਸ਼ਾਮ ਜਦੋਂ ਰਾਤ ਦੀ ਗਹਿਰਾਈ 'ਚ ਉਤਰ ਜਾਂਦੀ ਹੈ ਮੇਰੀ ਧੌਣ ਤੇ ਉੱਗਣ ਅਨੇਕ ਚਿਹਰੇ ਤੇ ਮੇਰਾ ਆਪਾ ਗਵਾਚ ਜਾਏ । ਮੈਂ ਇਨਾਂ ਚਿਹਰਿਆਂ 'ਚੋਂ ਆਪਾ ਭਾਲਾਂ ਪਰ ਕੋਈ ਵੀ ਚਿਹਰਾ ਮੇਰੇ ਮੇਚ ਨਾਂ ਆਏ ਪ੍ਰਭਾਤ ਉਨੀਂਦਰੀ ਔਰਤ ਸਹਿਮੇ ਬੱਚੇ ਤੇ ਥੱਕੀ ਸੜਕ ਦਾ ਪਰਭਾਵ ਦਿੰਦੀ ਹੈ ਮੈਂ ਅਪਣੀ ਚੇਤਨਾਂ ਨੂੰ ਕੀਲੀ ਤੇ ਲਟਕਦੇ ਕੋਟ ਵਾਂਗੂੰ ਝਾੜਕੇ ਹਾਂ ਪਹਿਨਦਾ ......ਤੇ ਪ੍ਰਵੇਸ਼ ਕਰਦਾ ਹਾਂ ਇਸ ਸੈਨੇਟੋਰੀਅਮ 'ਚ ਜਿਥੇ ਮੈਨੂੰ ਅਕਸਰ ਅਪਣੇ ਟੁੱਟੇ ਅੰਗ ਭਟਕਦੇ ਨਜ਼ਰ ਪੈਂਦੇ ਨੇ ਤੇ ਇਕ ਬੁੱਤ ਸਿਰਜਦਾ ਹਾਂ ਮੈਂ ਇਥੇ ਜੋ ਮੇਰਾ ਮੁਕੰਮਲ ਆਪਾ ਹੁੰਦਾ ਹੈ ਪਰ ਜਿਉਂ ਹੀ ਮੇਨ ਗੇਟ ਤੋਂ ਬਾਹਰ ਕਰਦਾ ਹਾਂ ਮੈਂ ਪੈਰ ਸਿਰਜਿਆ ਮੁਕੰਮਲ ਆਪਾ ਮੇਰਾ ਰੇਤ ਵਾਂਗ ਕਿਰ ਜਾਏ ਤੇ ਬਿਖਰੇ ਅੰਗ ਮੇਂ ਰੇ ਭਟਕਣ ਹਸਪਤਾਲਾਂ ਪੁਸਤਕਾਲਯਾਂ ਸੜਕਾਂ ਤੇ ਬਜ਼ਾਰਾਂ 'ਚ ਬੇਵਜ਼ਾ — —ਚੌਕ ਦੇ ਹਾਦਸੇ 'ਚ ਮੋਏ ਅੰਨ੍ਹੇ ਮੰਗਤੇ ਦੀ ਮੌਤ ਸ਼ਾਦੀ ਵਰਜਿਤ ਪ੍ਰੇਮਿਕਾ ਦੇ ਮਗਰਮੱਛ ਜਿਹੇ ਅੱਥਰੂ ਅਸਫਲ ਪ੍ਰੇਮੀ ਦੀ ਖੁਦਕੁਸ਼ੀ ਮੇਰੇ ਬਿਖਰੇ ਅੰਗ ਹੀ ਨੇ ਸਭ ! ਤੇ ਇਸ ਗ਼ਤੀਸ਼ੀਲ ਬਸਤੀ 'ਚੋਂ ਜਦੋਂ ਫੈਕਟਰੀਆਂ ਦਾ ਧੂੰਆਂ ਉੱਚਾ ਉੱਠੇ ਮਜ਼ਦੂਰ ਦੀ ਪਤਨੀ : ਕੁਛੜ ਬੱਚੇ ਠੰਡੇ ਯਖ਼ ਚੁਲ੍ਹੇ ਵਲ ਤੱਕੇ ਖਮੋਸ਼ ਤੇ ਸਹਿਮੀਂ ਨਜ਼ਰ ਫੈਕਟਰੀ ਦੇ ਧੂੰਏਂ 'ਚ ਹੀ ਵਿਸ਼ਵਾਸ਼ ਰੱਖੇ ਹੋਰ ਜੀਵਤ ਰਹਿਣ ਲਈ ਤਰਲੇ ਕਰੇ ਉਦੋਂ ਮੇਰਾ ਆਪਾ ਤਿੰਨ ਚੌਥਾਈ ਪਾਣੀਆਂ ਦੀ ਤਹਿ ਹੇਠ ਦਬੇ ਰੇਤ ਵਾਂਗ ਮੈਥੋਂ ਖੰਡਿਤ ਹੋਇਆ ਹੁੰਦਾ ਹੈ ਤੇ ਫਿਰ ਜਦੋਂ ਸ਼ਾਮ ਦੀ ਖਾਮੋਸ਼ੀ ਤੇ ਉਦਾਸੀ ਮੇਰੇ ਬਚਦੇ ਆਪੇ ਨੂੰ ਵੀ ਡੰਗ ਜਾਂਦੀ ਹੈ ਮੈਂ ਉਦੋਂ ਬੋਝਲ ਸ਼ਾਮ ਸਮੇਤ ਹੋਟਲਾਂ, ਪਾਰਕਾਂ, ਸੈਰਗ਼ਾਹਾਂ, ਨਾਚਘਰਾਂ ਸਿਨਮੇ ਮ੍ਹੈਖਾਨੇ ਦੀ ਭੀੜ 'ਚੋਂ ਦੀ ਵਿਚਰਦਾ ਫੁੱਟਪਾਥਾਂ ਤੇ ਵਿਲਕਦੇ ਸਰਾਪੇ ਚਿਹਰਿਆਂ 'ਚੋਂ ਦੀ ਗੁਜ਼ਰਦਾ ਅਪਣੇ ਅੰਦਰਲੀ ਸਰਾਪੀ ਦ ਨੀਆਂ 'ਚ ਖੋ ਜਾਂਦਾ ਹਾਂ। ਤੇ ਉਦੋਂ ਮੇਰੇ ਕੋਲ ਮੇਰੀ "ਮੈਂ" ਤੋਂ ਵੱਧ ਕੁਝ ਵੀ ਨਹੀਂ ਹੁੰਦਾ ॥ ਕੁਝ ਵੀ ਨਹੀਂ ਹੁੰਦਾ ॥ ਜੁਲਾਈ ੧੯੬੭
ਵੈਸ਼ਯ ਆਸ
ਮੇਰਾ ਹਰ ਛਿਣ ਬੀਤੇ ਪੌਣ ਦੇ ਉਸ ਬੁੱਲ੍ਹ ਵਾਂਗ ਰਾਤ ਦੀ ਸੁੰਨਸਾਨ 'ਚ ਜੋ ਸੜਕ ਵਿਚਕਾਰ ਘੂਕ ਸੁੱਤੇ ਕੁੱਤੇ ਉੱਤੋਂ ਚੁੱਪ ਚਾਪ ਗੁਜ਼ਰ ਜਾਏ (ਨਾਂਹ ਉਸ ਨੂੰ ਜਗਾਏ) ਮੇਰੀ ਮੁਹੱਬਤ ਅਣਛਪੀ ਪੁਸਤਕ ਦੇ ਖਰੜੇ ਵਾਂਗ ਮੇਰੀ ਬੇਚੈਨੀ ਦਾ ਕਾਰਣ ਬਣੇ ਤੇ ਸੋਚ ਮੇਰੀ ਉਸ ਗਰਭਵਿਤ ਹਿਰਨੀ ਵਾਂਗ ਹੈ ਜੋ ਇਕ ਜੂਨ ਹੰਢਾਉਣ ਦੀ ਖਾਤਰ ਕਟੇ ਜੰਗਲ 'ਚ ਅੱਕ ਠੋਹਰਾਂ ਤੇ ਮੁੱਢਾਂ 'ਚ ਭਟਕਦੀ ਫਿਰੇ । ਰਾਤ ਦੀ ਸੁੰਨਸਾਨ 'ਚ ਕਾਰ ਹੇਠ ਆ ਮੋਏ ਕੁੱਤੇ ਦੀ ਮੌਤ ਤੇ ਨੂਰਪੁਰੀ ਦੀ ਖੁਦਕਸ਼ੀ ਮੇਰੇ ਬਰਾਬਰ ਤੁਰਦੀਆਂ। ਖੁਦਕਸ਼ੀ ਮੇਰੇ ਲਈ ਟਾਰਚ ਦੀ ਰੋਸ਼ਨੀ ਕੁੱਤੇ ਦੀ ਮੌਤ ਤੋਂ ਮਨ ਡਰੇ। ਪਰ ਆਸ ਇਕ ਵੇਸਵਾ ਔਰਤ ਦੇ ਚੁੰਮਣ ਵਾਂਗ ਇਸ ਬੇਰੁਖੇ ਜੀਵਨ 'ਚ ਐਸਾ ਜਾਦੂ ਭਰੇ ਕਿ ਚੰਚਲ ਮਨ ਮੁੜ ਜੀਣ ਦੀ ਲਾਲਸਾ ਕਰੇ। ਬੀਤੇ ਛਿਣ .....ਨਾਕਾਮ ਮੁੱਹਬਤ ਮੇਰੀ ਸੋਚ ...ਕੁੱਤੇ ਦੀ ਮੌਤ ...ਤੇ ਖੁਦਕਸ਼ੀ ਵੇਸਵਾਈ ਆਸ ਦੇ ਸਹਾਰੇ ਤੁਰਦੀਆਂ ॥ ਦਸੰਬਰ ੧੯੬੬
ਚਿੱਤਰਕਾਰ
ਮੈਂ ਇਕ ਅਰਥਹੀਣ ਸ਼ਬਦ ਵਾਂਗ ਦੁਰਕਾਰਿਆ ਗਿਆ ਹਾਂ ਬੇਸ਼ਕ ਪਰ ਤਾਂ ਵੀ ਜੀਵਤ ਹਾਂ, ਚਰਚਿਤ ਹਾਂ ਤੇ ਅਨੇਕਾਂ ਘੇਰੇ ਤੋੜਕੇ ਵੀ ਜਾ ਪੁੱਜਦਾ ਹਾਂ ਕੇਂਦਰ ਬਿੰਦੂ ਤੀਕ ਤੇ ਪੂਰਨ ਪ੍ਰਯਾਸ ਕਰਦਾ ਹਾਂ ਸਮੁੱਚੇ ਘੇਰੇ ਤੇ ਛਾ ਜਾਣ ਦਾ ਪਰ ਕਟ ਜਾਂਦੇ ਨੇ ਘੇਰੇ ਮੈਨੂੰ ਵਿਦਰੋਹ ਕਰਨਾ ਪੈਂਦਾ ਹੈ ਖਲੋਣਾ ਪੈਂਦਾ ਹੈ ਕਟਹਿਰੇ 'ਚ ਅਪਰਾਧੀ ਦੀ ਹਸਤੀ 'ਚ ਵੀ ਪਰ ਮੇਰੇ ਅੰਦਰ ਹੁੰਦੀ ਹੈ "ਹਿਜ ਮੈਜਿਸਟੀ" ਦੀ ਹਸਤੀ ਕੋਈ ਵੀ ਮੇਰੇ ਸਾਹਮਣੇ ਨਹੀਂ ਖਲੋ ਸਕਦਾ ਪਰ ਮੇਰੀ ਪਿੱਠ ਛਾਲਣੀ ਹੋ ਜਾਂਦੀ ਹੈ ਨਿੰਦਕ ਆਵਾਜ਼ਾਂ ਦੇ ਨਾਲ ਤੇ ਸ਼ੀਸ਼ੇ ਸਾਹਵੇਂ ਖਲੋ ਜਦੋਂ ਇੱਕ ਨਜ਼ਰ ਭਰ ਕੇ ਤੱਕਦਾਂ ਹੋ ਜਾਂਦੀ ਹੈ ਜ਼ਖਮੀ ਚੇਤਨਾ ਮੈਂ ਸਤ ਹੀਨ ਜਿਸਮ ਨੂੰ ਚੁੱਕ ਬਿਸਤਰ ਕਰੀਬ ਪੁੱਜਦਾ ਹਾਂ ਤੇ ਸੰਤੋਸ਼ ਕਰਦਾ ਹਾਂ ਇਹ ਕਹਿ "ਭਰੀ ਦੁਨੀਆਂ 'ਚ ਸ਼ਾਇਦ ਮੇਰਾ ਕੋਈ ਨਹੀਂ" ਅੰਦਰੋਂ ਫੁੱਟੀ ਜਵਾਲਾ 'ਚ ਵਾਹ ਦਿੰਦਾ ਹਾਂ ਕੈਨਵੱਸ ਤੇ ਸਾਰੇ ਜ਼ਖਮ ...... ਆਰਟ ਗੈਲਰੀ 'ਚ ਨੁਮਾਇਸ਼ ਦਰਸ਼ਕ ਮੁਬਾਰਕਬਾਦ ਦਿੰਦੇ ਨੇ ਚਿੱਤਰਕਾਰ ਨੂੰ ਚਿੱਤਰ ਵਿਚਲੇ ਯਥਾਰਥ ਨੂੰ ਉੱਚ ਕਲਪਣਾ ਦਾ ਨਾਂ ਦੇ ਬੁੱਧੀਮਾਨਾਂ ਦੀ ਪੰਕਤੀ 'ਚ ਖਲੋ ਜਾਂਦੇ ਨੇ ਲੋਕ ਪਰ ਮੈਂ ਅਜੇ ਤੀਕ ਬੌਣੇ ਦਾ ਬੌਣਾ ਅਰਥਹੀਣਾ ਸੋਚਗ੍ਰਸਤ ਆਪੇ ਤੇ ਚਿੱਤਰ ਵਿਚਕਾਰ ਰਿਸ਼ਤਾ ਜੋੜਾਂ ਪਰੇਸ਼ਾਨ ਮਨ ਉੱਤਰ ਦਏ ਮੂੰਗਫਲੀ ਦੇ ਛਿੱਲੜ ਤੇ ਗਿਰੀ ਵਿਚਕਾਰ ਕੀ ਸਬੰਧ ਹੋ ਸਕਦਾ ਹੈ ਭਲਾਂ ? ਛਿੱਲੜ ਦੀ ਪ੍ਰਕਿਰਤੀ ਹੈ ਲਿਤਾੜੇ ਜਾਣਾ ਗਿਰੀ ਸਲਾਹੀ ਜਾਂਦੀ ਹੈ ਹਮੇਸ਼ਾ ਪਰ ਗਿਰੀ ਸਲਾਹੀ ਜਾਂਦੀ ਹੈ ਹਮੇਸ਼ਾਂ । ਸਤੰਬਰ ੧੯੬੭
ਅਖਸਮੀ ਅਬਾਣੀ
ਮੈਂ ਤੇਰੇ ਜਨਮ ਉਤਸਵ ਤੇ ਅਪਣੇ ਗੀਤ ਦੀ ਥਾਂ ਤੇ ਸਗਵਾਂ ਆਪ ਚਲ ਆਇਆ ਹਾਂ ! ਆਪਣੇ ਬੀਤੇ ਦੀ ਕਥਾ ਨੰਗੀ ਚੇਤਨਾਂ ਸੰਗ ਭਰੇ ਦੁਆਰ ਨਿਡਰ ਲੈ ਆਇਆ ਹਾਂ ! ਤੇ ਸੁਣੋ ਭਰੀ ਸੰਗਤ 'ਚ ਮੈਂ ਅਖਸਮੀ ਅਬਾਣੀ ਉਚਰਦਾ ਹਾਂ ਕਿ ਮੈਂ ਤੇਰੇ ਬੋਲ ਉਚਰਾਂ ਤਾਂ ਉਹ ਅਬਲ ਹੋ ਜਾਸਣ । ਸ਼ਬਦਾਂ ਦੇ ਅਰਥ ਕਰਾਂ ਤਾਂ ਅਸ਼ਬਦ ਭਾਸ਼ਣ ਤੇਰੀ ਸਜੀ ਫਬੀ ਤਸਵੀਰ ਦੇ ਸਾਹਵੇਂ ਹੋਵਾਂ ਜਾਂ ਸੁੰਦਰ ਬਸਤਰਾਂ 'ਚ ਕੱਜੀ ਤੇਰੀ ਬਾਂਣੀ ਅੱਗੇ ਸੀਸ ਨਿਵਾ ਹੱਥ ਜੋੜ ਖਲੋਵਾਂ ਮੈਂ ਹੋਰ ਊਣਾ ਬੌਣਾ ਤੇ ਨਿਗੂਣਾ ਹੋਵਾਂ ਮੇਰੇ ਪੈਰ ਥਿੜਕਣ, ਮੇਰੇ ਹੱਥ ਕੰਬਣ ਮੇਰਾ ਸੀਸ ਕਰ ਵਿਦਰੋਹ ਜੀਕੂੰ ਇਕ ਪਲ ਝੁਕ ਨਾਂਹ ਸਕੇ ਖਲੋ ! ਤਦੇ ਮੈਂ ਹੁਣ ਕਦੇ ਤੇਰੇ ਦੁਆਰ ਨਹੀਂ ਆਉਂਦਾ ਤੇਰੀ ਫੋਕੀ ਸ਼ਬਦ ਮਹਿਮਾ ਨਹੀ ਗਾਉਂਦਾ ਸੀਸ ਝੁਕਾਵਣ ਦਾ ਦੰਭ ਨਹੀਂ ਰਚਾਉਂਦਾ ਕੇਵਲ ਇਕ ਕਰਮ ਜੀਉਂਦਾ ਹਾਂ ਕਰਮ ਵਿਸ਼ਵਾਸ਼ ਹੈ ਮੇਰਾ ਤੇ ਕਰਮ ਕਾਂਡ ਮੇਰੀ ਕਾਇਆ ਹੈ। ਜਿਸਨੂੰ ਤੂੰ ਹੀ ਨਹੀਂ ਤੈਥੋਂ ਪਹਿਲਾਂ ਵੀ ਤੇਰੇ ਪਿੱਛੋਂ ਵੀ ਹਰ ਯੁੱਗ ਪੁਰਸ਼ ਨੇ ਗਾਇਆ ਹੈ। —ਸੁਣ ਲਈ ਏ— ਮੈਂ ਅਪਣੀ ਵਿਥਿਆ ਆਖ ਲਈ ਤੂੰ ਜੋ ਵੀ ਸਜ਼ਾ ਦੇਣੀ ਏ ਜਾਂ ਸਰਾਪ ਦੇਣਾ ਏ। ਭਰੀ ਸੰਗਤ 'ਚ ਨਿੱਝਕ ਹੋ ਮੇਰੀ ਝੋਲ ਪਾ ਦੇ । ਮੈਂ ਤਦ ਕਿਸੇ ਪ੍ਰਸ਼ੰਸਾ ਭਰੇ ਗੀਤ ਦੀ ਥਾਂ ਆਪ ਕਬੋਲਾ, ਬੜਬੋਲਾ ਚਲ ਆਇਆਂ ਤੇ ਆਪਣੇ ਬੀਤੇ ਦੀ ਕਥਾ ਨੰਗੀ ਚੇਤਨਾ ਸੰਗ ਭਰੇ ਦੁਆਰ ਨਿਡਰ ਲੈ ਆਇਆ ਹਾਂ। ਨਵੰਬਰ, ੧੯੬੯ *** ***
ਅਵਾਜ਼ਾਂ ਦੇ ਜੰਗਲ 'ਚ ਘਿਰਿਆ 'ਅਹਮ'
ਸਮਾਂ : ਸੂਰਜ ਨੂੰ ਪਾਲਤੂ ਕੁੱਤੇ ਨੇ ਮੂੰਹ 'ਚ ਲਿਆ ਹੋਇਆ ਹੈ।
ਸਥਾਨ : ਉਗਲੱਛਿਆ ਹੋਇਆ ਰਾਜਨੀਤਕ ਚਿੱਤਰ
(ਪਰਦਾ ਉੱਠਦਾ ਹੈ)
ਇਕ ਅਵਾਜ਼ : ਹਲਕੇ ਹੋਏ ਕੁੱਤੇ ਭੌਂਕੀ ਜਾ ਰਹੇ ਹਨ ਸੋਗੀ ਤੇ ਲੱਕ ਟੁਟੇ ਕੁੱਤੇ
ਰੋ ਰਹੇ ਹਨ।
ਦੂਜੀ : ਰੀਕਾਰਡ ਕਰ ਲਓ।
ਤੀਜੀ : ਫਿਰ ਅਨੁਵਾਦ ਕਰੋ।
ਪਹਿਲੀ : ਕਿਸ ਬੋਲੀ ਵਿਚ ?
ਦੂਜੀ : ਪੰਜਾਬੀ + ਹਿੰਦੀ + ਗੁਰਮੁਖੀ ਅੱਖਰ-ਪੰਜਾਬੀ
ਤੀਜੀ : ਪਰ ਲਿਖਣ ਵੇਲੇ pen ਤੇ ਨਿਰੋਧ ਚੜ੍ਹਾ ਲਓ।
ਪੰਜਵੀਂ : ਚੁੱਪ ਕਰੋ, ਚੁੱਪ ਕਰੋ, ਆਪਣੇ ਤੋਤਲੇ ਬੋਲ ਸਾਂਭ ਕੇ ਰੱਖੋ । ਬੁੱਲ੍ਹਾਂ 'ਚ ਚਾਇਲਡ ਫੀਡਰ ਲੈ ਲਓ ।
ਡੀਰੇਲਡ ਟਰੇਨ ਕੋਲ ਇਹ ਹੋਕਾ ਨਾਂਹ ਦਿਓ ‘‘ਵੰਗਾਂ ਚੜ੍ਹਾ ਲਓ, ਭਾਂਡੇ ਕਲੀ ਕਰਾ ਲਓ” ।
ਚੌਥੀ : ਮੈਨੂੰ ਉਸਦੇ ਸ਼ਬਦਾਂ ਨਾਲ ਨਫਰਤ ਹੈ ।
ਪੰਜਵੀਂ : ਤੇ ਅਰਥਾਂ ਨਾਲ ਹਮਦਰਦੀ ?
ਪਹਿਲੀ : ਨਹੀਂ ! ਅਰਥਾਂ ਤੋਂ ਡਰ ਲਗਦਾ ਹੈ।
ਤੀਜੀ : ਨਹੀਂ, ਤਰਸ ਆਉਂਦਾ ਹੈ । ਕੀ ਉਸਦਾ ਰੋਗ ਲਾਇਲਾਜ਼ ਹੈ ?
ਚੌਥੀ : ਨਫਰਤ ਉਸਦਾ ਇਲਾਜ ਹੈ ।
ਪੰਜਵੀਂ : ਉਸਨੇ ਕਿਹਾ ਸੀ ‘ਮੇਰੀ ਕਵਿਤਾ ਐਂਗਰ ਚੋਂ ਪੈਦਾ ਹੁੰਦੀ ਹੈ।'
ਚੌਥੀ : ਐਂਗਰ ਹੀ ਐਂਗਰ, ਕਵਿਤਾ ਕਿਤੇ ਨਹੀਂ - ਤੇ ਐਂਗਰ ਵੀ ਅਪਣੇ ਹੀ ਅਧਮੋਏ ਘੋੜੇ ਨੂੰ ਚਾਬਕਾਂ....
ਪੰਜਵੀਂ : ਕਵਿਤਾ ਕੀ ਹੁੰਦੀ ਹੈ ?
ਚੌਥੀ : ਕਵਿਤਾ ਪੰਜ-ਮਿੰਟੀ-ਭਾਸ਼ਣ ਪ੍ਰਤੀਯੋਗਤਾ ਨਹੀਂ ਹੁੰਦੀ।
ਪੰਜਵੀਂ : ਕਵਿਤਾ ਕੀ ਹੁੰਦੀ ਹੈ ?
ਚੌਥੀ : ਕਵਿਤਾ ਫੈਂਸੀ ਡਰੈੱਸ ਨਹੀਂ ਹੁੰਦੀ ।
ਪੰਜਵੀਂ : ਨਗਨਤਾ ਨੂੰ ਫੈਂਸੀ ਡਰੈੱਸ ਸਮਝਦੇ ਹੋ ।
ਚੌਥੀ : ਜਿਸਮ ਦੀ ਨਗਨਤਾ ਕੋਈ ਡਿਸਕਵਰੀ ਨਹੀਂ। ਜੇ ਸੱਚ ਦਾ ਨਾਂ ਦ੍ਰੋਪਤੀ ਹੈ ਤਾਂ ਮੈਂ ਕ੍ਰਿਸ਼ਨ ਦਾ ਦੁਸ਼ਮਣ
ਹਾਂ ਤੇ ਦੁਸ਼ਾਸਨ ਦਾ ਦੋਸਤ । ਦ੍ਰੋਪਤੀ ਦਾ ਚੀਰ ਹਰਨ ਹੋਣਾ ਹੀ ਚਾਹੀਦਾ ਹੈ ।
ਪੰਜਵੀਂ : ਮੈਂ ਉਸ ਵਾਂਗ ਬੋਲਣਾ ਚਾਹੁੰਦਾ ਹਾਂ, ਹੜ੍ਹ ਵਾਂਗ ਜਿਸ ‘ਚ ਰੁੜੀਆਂ ਜਾਂਦੀਆਂ ਨੇ ਪਾਟੀਆਂ ਜੁਰਾਬਾਂ,
ਮਖੌਟੇ, ਛੱਤਾਂ, ਪਰਦੇ, ਅੰਗੀਆਂ......
ਚੌਥੀ : ਕਮੀਨਾ ਮਨ ਜੇ ਆਪਮੁਹਾਰਾ ਬੋਲੇ ਤਾਂ ਸੱਚ ਬੋਲੇਗਾ । ਪਰ ਜ਼ੁਰਮ ਦਾ
ਇਕਬਾਲ ਕੋਈ ਸਿਰਜਣਾ ਤਾਂ ਨਹੀਂ।
ਪੰਜਵੀਂ : ਮਰਦੇ-ਕਾਮਲ ਦੀ ਗੈਰ ਹਾਜ਼ਰੀ 'ਚ ਅਦਨੇ ਆਦਮੀ ਦੇ ਬੋਲ ...
ਚੌਥੀ : ਨਹੀਂ ਖਮੋਸ਼ੀ ਬਿਹਤਰ ਹੈ।
ਪੰਜਵੀਂ : ਫਿਰ ਤੂੰ ਕਿਉਂ ਖਮੋਸ਼ ਨਹੀਂ ?
ਪਹਿਲੀ : (ਅਪਣੇ ਆਪ ਨਾਲ) ਹਲਕੇ ਕੁੱਤੇ ਭੌਂਕੀ ਜਾ ਰਹੇ ਹਨ। ਖਮੋਸ਼ੀ, ਅਦਨੇ ਆਦਮੀ, ਮਰਦੇ ਕਾਮ......
*** ***
ਪਰਿੰਸਵਾਦ ਅਜੇ ਖਤਮ ਨਹੀਂ ਹੁੰਦਾ । ਪਰਿੰਸਵਾਦ 'ਚ ਭਾਗ ਲੈਣ ਵਾਲੀਆਂ ਪੰਜੇ ਅਵਾਜ਼ਾਂ ਮੇਰੀਆਂ ਹਨ।
-“ਸੁਰਜੀਤ ਪਾਤਰ"
*** ***
ਦੀਦੀ ਕਵਿਤਾ ਸੁਣ
......ਛੱਡ ਵੇ ਪਰ੍ਹਾਂ ਤੇਰੀ ਕਵਿਤਾ ਤਾਂ........."
—ਦੀਦੀ ਸੁਣ ਤੇ ਸਹੀ ”
“ਮੈਂਖਿਆ ਨਹੀਂ...ਨਹੀਂ
— ‘ਮੈਂ ਤਾਂ ਸੁਣਾ ਕੇ ਹਟਣਾਂ' –
ਸੁਣਾ ਲੈ ਮੈਂ ਤਾਂ ਕੰਨਾ ‘ਚ ਉਂਗਲਾਂ ਦੇ ਲੈਣੀਆਂ ਨੇ'
–‘ਹੁੰਗਾਰਾ ਕੌਣ ਭਰੂ” ?
"ਚਲ ਸੁਣਾ ਹੁੰਗਾਰਾ ਭਰਨ ਵਾਲਾ 'ਤੂੰ’ ਕੋਈ ਤਾਂ ਹੋਵੇਗਾ ਹੀ'' ਕੋਲ ਬੈਠਾ
ਇਕ ਇਕੱਲਾ ਭੂਤ !
“ ਹਾਂ ਜੀ ਕਵਿਤਾ ਹੈ ! ਪਾਲਤੂ ਕੁੱਤਾ".....
(ਦੋ ਮਿੰਟ ਸੂਲੀ ਜ਼ਿਹਿਆਂ ਤੋਂ ਬਾਦ)
"ਹਾਇਆ ਵੇ ਮੇਰਾ ਤਾਂ ਦਿਲ ਕੱਚਾ ਕੱਚਾ ਹੋਣ ਲੱਗ ਪਿਆ"
– “ਦੀਦੀ ਇੰਝ ਨਾ ਕਹਿ’’
"ਚੰਗਾ ਹੈ ਇੰਝ ਕਹੇ ...ਇਹ ਤੇਰੀ ਕਵਿਤਾ ਦੀ ਪ੍ਰਾਪਤੀ ਹੈ ! ਤੇਰੀ ਕਵਿਤਾ 'ਚ ਐਂਗਰ ਹੈ, ਫੋਰਸ ਹੈ, ਸੱਚ ਹੈ,
ਵਿਦਰੋਹ ਹੈ ... ਅਸਰ ਤੇ ਹੋਣਾ ਹੀ ਹੈ ...ਨਹੀਂ ਛੋਟੇ ਮੇਅਦਿਆਂ ਦੇ ਮਾਫਕ ਨਹੀਂ ਤਾਂ
ਨਾਂਹ ਹੋਵੇ...ਦਵਾਈ ਦਾ ਕਸੂਰ" ਕੋਲ ਬੈਠਾ ਭੂਤ !
**** ***
"ਅਹਮ ਤ੍ਰੈਲੋਚਨ ਦੀ ਤੀਜੀ ਅੱਖ ਦਾ ਕ੍ਰਿਸ਼ਮਾ ਹੈ ! ''ਦਿਲਬਾਰ'' !
**** ***
ਤ੍ਰੈਲੋਚਨ ਦੀ ਕਵਿਤਾ 'ਚ ਆਧੁਨਿਕ ਮਨੁੱਖ ਦੀ ਜਟਲ ਅਵਸਥਾ ਨੂੰ ਸਮਝ ਸਕਣ ਲਈ ਸੂਖਮਤਾ ਹੈ ਤੇ
ਗੱਲ ਕਹਿਣ ਦੀ ਸਮਰੱਥਾ ਵੀ, ਪਰ ਉਹ ਵੀ ਕੁਝ ਨਵੇਂ ਕਵੀਆਂ ਵਾਂਗ ਚੌਂਕਾਅ ਦੇਣ ਦੀ ਰੁਚੀ ਦਾ ਸ਼ਿਕਾਰ
ਹੈ ।ਕੋਈ ਅਲੋਕਾਰ ਜਾਂ ਊਲ ਜਲੂਲ ਗੱਲ ਕਰਕੇ ਪਾਠਕਾਂ ਨੂੰ ਚੌਂਕਾਅ ਦੇਣਾ ਕਵਿਤਾ ਨਹੀਂ । ਜਿਤਨੀ
ਛੇਤੀ ਉਹ ਇਸ ਰੁਚੀ (ਕਰੁਚੀ) ਤੋਂ ਮੁਕਤ ਹੋਣ ਦਾ ਯਤਨ ਕਰੇਗਾ ਉਤਨੀ ਛੇਤੀ ਹੀ ਉਸ ਵਿਚਲੀਆਂ
ਸਿਰਜਣਾਤਮਕ ਸੰਭਾਵਨਾਵਾ ਕਿਸੇ ਨਿਸ਼ਚਿਤ ਰੂਪ 'ਚ ਉਜਾਗਰ ਹੋਣਗੀਆਂ !
-ਤ੍ਰਿਲੋਕ ਸਿੰਘ ਅਨੰਦ
**** ***
“ਤ੍ਰੈਲੋਚਨ ਦੀ ਕਵਿਤਾ ਦੇ ਸ਼ਬਦ ਵਿਦਰੋਹ 'ਚੋਂ ਜਨਮ ਲੈਂਦੇ ਹਨ ; ਵਿਦਰੋਹ ਜੋ ਪਰੰਪਰਾ ਦੀ ਹੀਣਤਾ,
ਘਸੇ ਹੋਏ ਸੰਕਲਪਾਂ, ਬੋਦੇ ਨਾਹਰਿਆਂ ਤੇ ਅਖਾਉਤੀ ‘ਪ੍ਰਗਤੀਵਾਦੀਆਂ' ਦੇ ਮਖੌਟਿਆਂ ਦੇ ਵਿਰੁੱਧ ਹੈ ।
ਇਸ ਭਾਵਨਾਂ 'ਚੋਂ ਜਨਮੀਂ ਉਸਦੀ ਵਿਦਰੋਹੀ ਅਵਾਜ਼ ਸ਼ਬਦਾਂ ਦੇ ਨਿਰੋਲ ਰੋਮਾਂਟਿਕ ਬਸਤਰਾਂ ਨੂੰ ਉਤਾਰਕੇ
ਨੰਗੇ ਸੱਚ ਨੂੰ ਸਾਡੀਆਂ ਅੱਖਾਂ ਸਾਹਮਣੇ ਲਿਆ ਖੜਾ ਕਰਦੀ ਹੈ । ਇਸ ਨੰਗੇ ਸੱਚ ਦੇ ਯਥਾਰਥ ਦੀ ਚੇਤਨਾ
ਹੀ ਅਧੁਨਿਕਤਾ ਹੈ,
-ਅਨੂਪ ਵਿਰਕ
**** ***
ਤ੍ਰੈਲੋਚਨ ਦੀ ਕਵਿਤਾ ਅਜਿਹੀ ਤਲਵਾਰ ਹੈ ਜਿਸਦਾ ਵਾਰ ਸਮਾਜ ਅਤੇ ਸਾਹਿਤ ਦੀਆਂ ਪਰੰਪਰਾਗਤ ਤੇ
ਦੰਭੀ ਕੀਮਤਾਂ ਤੇ ਬੜਾ ਭਰਪੂਰ ਤਾਂ ਹੁੰਦਾ ਹੀ ਹੈ ਪਰ ਇਸ ਦਾ ਨਿਸ਼ਾਨਾਂ ਨਿਰ੍ਹਾ ਮਾਰਨਾ ਹੀ ਨਹੀਂ, ਸਗੋਂ
ਕੋਹਜ਼ ਨੂੰ ਮਾਰਕੇ ਸੁਹਜ ਨੂੰ ਉਸਾਰਨਾ ਹੁੰਦਾ ਹੈ।
-ਸ. ਸੂਬਾ ਸਿੰਘ
**** ***
ਸੱਚ ਸੂਲੀ ਤੇ ਚੜ੍ਹਦਾ ਹੈ, ਪਰ ਅੱਜ ਦੇ ਕਵੀ ਨੇ ਸੱਚ ਕਹਿਣ ਤੋਂ ਪਹਿਲਾਂ ਖੁਦ ਸੂਲੀਆਂ ਗੱਡ ਲਈਆਂ ਹਨ
ਇਸ ਲਈ ਮਤੇ ਸੂਲੀਆਂ ਤਕ ਅਪੜ੍ਹਦਿਆਂ ਸੱਚ ਦੀ ਆਤਮਾਂ ਕੰਬ ਜਾਵੇ ! ਇਸ ਸਾਹਸ ਤੇ ਪ੍ਰਣ ਨੂੰ ਲੈ
ਕੇ ਤੁਰਨ ਵਾਲੇ ਪੰਜਾਬੀ ਦੇ ਆਧੁਨਿਕ ਅ-ਕਵੀ ਕਵੀਆਂ 'ਚ ਤ੍ਰੈਲੋਚਨ ਮੈਨੂੰ ਖੜਾ ਨਜ਼ਰ ਆਉਂਦਾ ਹੈ ।
ਤ੍ਰੈਲੋਚਨ ਦੇ 'ਅਹਮ' ਦਾ ਇਕ ਪਾਸਾ ਮੇਰੀ ਅਲੋਚਕ ਚੇਤਨਾ ਦੇ ਕੋਲੋਂ ਮਲਕੜੇ ਜਿਹੇ ਲੰਘਿਆ ਹੈ । ਮੈਂ
ਬੇਧਿਆਨਾ ਸਾਂ ਪਰ ਕਵਿਤਾ ਦੀ ਸੌਂਹ ਖਾਕੇ ਆਖਦਾ ਹਾਂ ਇਸ ‘ਅਹਮ' ਦਾ ਖਾਸਾ ਚੰਗਾ ਕੱਦ ਕਾਠ ਮੈਨੂੰ
ਦਿਸਿਆ ਹੈ ਅਹਮ ਦੇ ਕਵੀ ਨੇ ਕਈਆਂ ਰੂਹਾਂ ਨਾਲੋਂ ਯਰਾਨੇ ਤੋੜ ਦਿੱਤੇ ਹਨ—ਉਹ ‘‘ਮੈਂ" ਦੇ ਸੰਗ ਸੰਗ
ਹੋਕੇ ਅਵਚੇਤਨ ਦੇ ਡੂੰਘੇ ਟੋਏ ਵਿੱਚ ਛਾਲ ਮਾਰ ਬੈਠਾ ਹੈ। ਰਸਮਾਂ ਕੱਜੇ ਤੇ ਰੂੜ੍ਹੀਆਂ ਲਦੇ ਟੋਏ ਵਿਚੋਂ
ਉਹ ਚੀਕਾਂ ਮਾਰਦਾ ਜਾ ਰਿਹਾ ਹੈ ‘ਯਾਰੋ ਇਹ ਹੈ ਇਨਸਾਨੀ ਭੁੱਖ ਇਨਸਾਨੀ ਕੋੜ੍ਹ ਤੇ ਸਭਯ ਮਖੌਟਿਆਂ
ਦੀ ਛਾਂਵੇਂ ਲੁਕਿਆ ਅਸਲੀ ਇਨਸਾਨ । ਬਿਆਲੋਜ਼ੀ ਦੇ ਭਾਰ ਹੇਠ ਦਬਿਆ ਅੰਤਰੀਵ-ਸੱਚ ! 'ਅਹਮ'
ਤੇ 'ਇਦਮ' ਦਾ ਸੰਭੋਗ ਮੁਬਾਰਕ !
- ਪ੍ਰੇਮ ਪ੍ਰਕਾਸ਼ ਸਿੰਘ
**** ***
ਜੇ ਕਿਸੇ ਗਰਭਵਿਤ ਇਸਤਰੀ ਨੂੰ ਨਗਨ ਅਵਸਥਾ 'ਚ ਦਿਨ ਦੇ ਚਿੱਟੇ ਚਾਨਣ ਵਿੱਚ ਦੇਖਣ ਦਾ ਹੀਆਂ
ਰੱਖਦੇ ਹੋ ਭਾਵੇਂ ਉਸਨੂੰ ਸਾਰਾ ਵਰਸ਼ ਤੁਸੀਂ ਹੀ ਭੋਗਿਆ ਹੋਵੇ ਤਾਂ ਤੁਸੀਂ ਤ੍ਰੈਲੋਚਨ ਦੀ ਕਵਿਤਾ ਨੂੰ face
ਕਰ ਸਕੋਗੇ । ਮੇਰੇ "ਗਰਭਵਿਤ ਚਿੱਤਰ" ਨੂੰ ਵੇਖਕੇ ਮੇਰੇ ਇਕ Police ਇਨਸਪੈਕਟਰ ਮਿੱਤਰ ਨੇ ਮੇਰਾ
ਅਪਣੇ ਘਰ ਆਉਣਾ ਬੈਨ ਕਰ ਦਿੱਤਾ ਸੀ ਸਾਡੇ ਸਕੂਟਰ ਵਾਲੇ ਗਵਾਂਢੀ ਬਾਬੂ ਨੇ ਆਪਣੀ ਨੰਨੀ ਬੱਚੀ ਨੂੰ
ਮੇਰੇ ਘਰ ਆਉਣੋਂ ਰੋਕ ਦਿੱਤਾ ਸੀ ਅਤੇ ਮੇਰੇ ਮਕਾਨ ਮਾਲਕ ਨੇ ਮਕਾਨ ਖਾਲੀ ਕਰਨ ਦਾ ਨੋਟਿਸ ਦੇ ਦਿਤਾ
ਸੀ... ਤੇ ਸੋਚਦਾ ਹਾਂ ‘‘ਅਹਮ’’ ਦੇ ਪ੍ਰਕਾਸ਼ਨ ਤੇ ਤ੍ਰੈਲੋਚਨ ਦਾ ਕੀ ਹਾਲ ਹੋਵੇਗਾ !
-ਅਵਤਾਰਜੀਤ
**** ***
ਇਕ ਵਿਦਰੋਹੀ ਰੁੱਖ ਦੇ ਚਿਹਰੇ ਤੇ ਵੇਖੀਆਂ ਅੱਗ ਦੀਆਂ ਅੱਖਾਂ ਮੇਰੀ ਛਾਤੀ ਵਿੱਚ ਸੂਰਜ ਬਣਕੇ ਭਖ ਉਠੀਆਂ ਹਨ - ਅਹਮ -
**** ***
ਉਸ ਦਿਨ ਕਾਲੀ ਸੜਕ ਤੇ C I. D. ਮੇਰੇ ਪ੍ਰਛਾਂਵੇ ਦਾ ਪਿੱਛਾ ਕਰਦੀ ਰਹੀ-
– ਮੈਂ ਕੌਣ ਹਾਂ ? ਮੇਰਾ ਪਿੱਛਾ ਕਿਉਂ ?
ਜਵਾਬ —ਅਹਮ ਹੈ— ਅਹਮ ਹੈ।
-'ਦੇਵ'