Dadar Pandorvi ਦਾਦਰ ਪੰਡੋਰਵੀ

ਦਾਦਰ ਪੰਡੋਰਵੀ ਦੀ ਗ਼ਜ਼ਲ ਨਵੇਂ ਨੈਣ-ਨਕਸ਼ ਅਤੇ ਨਿਵੇਕਲੇ ਮੁਹਾਵਰੇ ਦੀ ਧਾਰਨੀ ਹੈ।ਅਜੋਕੀ ਪੰਜਾਬੀ ਗ਼ਜ਼ਲ ਦਾ ਜ਼ਿਕਰ ਉਸਦੇ ਬਗ਼ੈਰ ਅਧੂਰਾ ਮਹਿਸੂਸ ਹੁੰਦਾ ਹੈ। ਲੇਖਕ ਦੀ ਰਚਨਾ ਉਸਦੇ ਹਸਤਾਖਰ ਵਾਂਗ ਨਿਵੇਕਲੀ ਅਤੇ ਪਛਾਣਨ ਯੋਗ ਹੋਣੀ ਚਾਹੀਦੀ ਹੈ।ਇਹ ਗੱਲ ਮੈਂ ਦਾਦਰ ਦੀ ਗ਼ਜ਼ਲ ਪੜ੍ਹਣ ਤੋਂ ਬਾਅਦ ਕਹਿ ਰਿਹਾ ਹਾਂ ਕਿਉਂਕਿ ਉਸਨੇ ਇਹ ਪ੍ਰਾਪਤੀ ਕਰ ਦਿਖਾਈ ਹੈ। ਮੈਂ ਦਾਦਰ ਨੂੰ ਲੰਮੇ ਸਮੇਂ ਤੋਂ ਜਾਣਦਾ ਹਾਂ।ਉਸਨੂੰ ਗ਼ਜ਼ਲ ਪੜ੍ਹਦੇ ਨੂੰ ਕਈ ਵਾਰ ਸੁਣ ਚੁੱਕਾ ਹਾਂ।ਉਹ ਜਿਸ ਸਹਿਜ ਨਾਲ ਗ਼ਜ਼ਲ ਪੜ੍ਹਦਾ ਹੈ ਓਸੇ ਸਹਿਜ ਨਾਲ ਗ਼ਜ਼ਲ ਲਿਖਦਾ ਹੈ। ਉਸਨੂੰ ਨਾ ਲਿਖਣ ਦੀ ਕਾਹਲੀ ਹੈ ਨਾ ਛਪਣ ਦੀ।ਉਸਦੀ ਗ਼ਜ਼ਲ ਉਸਦੀ ਮੌਨ-ਸਾਧਨਾ ਨੂੰ ਰੂਪਮਾਨ ਕਰਦੀ ਹੈ।ਬਹੁਤ ਘੱਟ ਅਜਿਹੇ ਲੇਖਕ ਹਨ ਮੈਂ ਜਿਨ੍ਹਾਂ ਦੀ ਰਚਨਾ ਪੜ੍ਹ ਕੇ ਉਨ੍ਹਾਂ ਦਾ ਨਾਮ ਜਾਣ ਸਕਦਾ ਹਾਂ। ਦਾਦਰ ਪੰਡੋਰਵੀ ਉਨ੍ਹਾਂ ਲੇਖਕਾਂ ਵਿੱਚ ਸ਼ਾਮਿਲ ਹੈ। ਬੇਲੋੜੇ ਅਤੇ ਬੋਝਲ ਰਦੀਫ਼ਾਂ ਦੀ ਫੂਹੜ ਪ੍ਰਦਰਸ਼ਨੀ ਨੂੰ ਅੰਗੂਠਾ ਦਿਖਾਉਂਦੀ ਅਤੇ ਸਰਲ ਪਰ ਸੁਹਜ ਭਰੇ ਕਾਫ਼ੀਏ ਅਤੇ ਰਦੀਫ਼ਾਂ ਨੂੰ ਗਲ਼ਵੱਕੜੀ ਪਾਉਂਦੀ ਦਾਦਰ ਪੰਡੋਰਵੀ ਦੀ ਗ਼ਜ਼ਲ ਆਧੁਨਿਕ ਪੰਜਾਬੀ ਗ਼ਜ਼ਲ ਦੇ ਖੇਤਰ ਵਿੱਚ ਨਿੱਘੇ ਸਵਾਗਤ ਦੀ ਹੱਕਦਾਰ ਹੈ।ਨਵੇਂ ਨਰੋਏ ਅਤੇ ਸਾਰਥਕ ਅਹਿਸਾਸ ਨੂੰ ਦਿਲਕਸ਼ ਅੰਦਾਜ਼ ਵਿੱਚ ਪੇਸ਼ ਕਰਨ ਦਾ ਬੁਲੰਦ ਫ਼ਨ ਉਸਦੇ ਸ਼ਿਅਰਾਂ ਵਿੱਚੋੰ ਸਹਿਜੇ ਹੀ ਨਜ਼ਰ ਆ ਜਾਂਦਾ ਹੈ।
-ਹਰਦਿਆਲ ਸਾਗਰ (ਪਾਣੀ ਉੱਤੇ ਤਰਦੀ ਅੱਗ ਵਿੱਚੋਂ)

ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ : ਪਾਣੀ ਉੱਤੇ ਤਰਦੀ ਅੱਗ (2023), ਖੰਭਾਂ ਥੱਲੇ ਅੰਬਰ (2019), ਆਲ੍ਹਣਿਆਂ ਦੀ ਚਿੰਤਾ (2011), ਅੰਦਰ ਦਾ ਸਫ਼ਰ (2004)
ਨਾਮ:-ਰਾਜ ਕੁਮਾਰ, ਸਾਹਿਤਕ ਨਾਮ:-ਦਾਦਰ ਪੰਡੋਰਵੀ
ਜੱਦੀ +ਡਾਕਖਾਨਾ ਢੱਕ ਪੰਡੋਰੀ
ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ
ਪਿਨ ਕੋਡ 144401
ਮੌਜੂਦਾ ਰਿਹਾਇਸ਼ : ਬਾਰਸੀਲੋਨਾ-ਸਪੇਨ
ਸੰਪਰਕ rkdadar69@gmail.com।