Aalhnian Di Chinta : Dadar Pandorvi

ਆਲ੍ਹਣਿਆਂ ਦੀ ਚਿੰਤਾ : ਦਾਦਰ ਪੰਡੋਰਵੀ


ਨਵਾਂ ਰੰਗ ਮਿਲਦਿਆਂ ਹੀ ਆਪਣੀ ਰੰਗਤ ਬਦਲ ਜਾਵੇ

ਨਵਾਂ ਰੰਗ ਮਿਲਦਿਆਂ ਹੀ ਆਪਣੀ ਰੰਗਤ ਬਦਲ ਜਾਵੇ। ਸ਼ਿਕਾਇਤ ਬਰਤਨਾਂ ਦੀ ਹੈ ਇਹ ਪਾਣੀ ਰੋਜ਼ ਛਲ ਜਾਵੇ। ਉਹ ਸਾਰੀ ਰਾਤ ਉਸ ਤੋਂ ਰੌਸ਼ਨੀ ਦੀ ਮੰਗ ਕਰਦਾ ਹੈ, ਬੇਸ਼ਕ ਉਸ ਮੋਮਬੱਤੀ ਦਾ ਬਦਨ ਸਾਰਾ ਪਿਘਲ ਜਾਵੇ। ਕਰੋਗੇ ਕੀ ਤੁਸੀਂ ਉਪਚਾਰ ਹੁਣ ਸੰਗੀਨ ਮੌਸਮ ਦਾ, ਦਿਨੇ ਜੋ ਹਾਦਸੇ ਉਗਲ਼ੇ ਤੇ ਰਾਤੀਂ ਰਾਹ ਨਿਗਲ ਜਾਵੇ। ਮੁਹੱਬਤ ਨੂੰ ਝਨਾਂ ਵਿਚ ਤਾਂ ਘੜਾ ਕੱਚਾ ਹੀ ਮਿਲਦਾ ਹੈ, ਹੁਣੇ ਹੀ ਵਰਜ ਸੋਹਣੀ ਨੂੰ ਸੰਭਲ ਜਾਵੇ,ਸੰਭਲ ਜਾਵੇ। ਪਰਿੰਦੇ ਪਰਤਦੇ ਵੇਖਾਂ ਜਦੋਂ ਪੂਰਬ 'ਚੋਂ ਪੱਛਮ ਨੂੰ, ਤਾਂ ਇਕ ਹਉਕਾ ਜਿਹਾ ਉੱਠੇ ਤੇ ਡਾਰਾਂ ਨਾਲ਼ ਰਲ ਜਾਵੇ। ਵਧਾ ਕੇ ਮੋਮ ਦੀ ਡਿਗਰੀ ਉਹ ਪੱਥਰ ਵਿੱਚ ਬਦਲ ਸਕਦੈ, ਸਦਾ ਕੋਸ਼ਿਸ਼ ਰਹੀ ਮੇਰੀ ਤਾਂ,ਪੱਥਰ ਵੀ ਪਿਘਲ ਜਾਵੇ। ਇਹ ਰੇਗਿਸਤਾਨ ਸਾਡੀ ਤਿਸ਼ਨਗੀ ਨੂੰ ਪੀ ਲਵੇ ਜਲਦੀ, ਜਾਂ ਆ ਜਾਵੇ ਨਦੀ ਨੇੜੇ ਜਾਂ ਸਾਡੀ ਪਿਆਸ ਟਲ ਜਾਵੇ। ਹਿਫ਼ਾਜ਼ਤ ਦੀਵਿਆਂ ਦੀ ਆਲਿਆਂ ਤੋਂ ਖੋਣ੍ਹ ਤੋਂ ਪਹਿਲਾਂ, ਜ਼ਰਾ ਧੀਰਜ ਧਰੋ,ਸ਼ਾਇਦ ਹਵਾ ਦਾ ਰੁਖ਼ ਬਦਲ ਜਾਵੇ। ਉਦ੍ਹੀ ਪਹਿਚਾਣ 'ਦਾਦਰ' ਭੀੜ ਅੰਦਰ ਵੀ ਨਹੀਂ ਰੁਲਦੀ, ਜੋ ਲੈ ਕੇ ਜਾਗਦਾ ਸਿਰ ਭੀੜ 'ਚੋਂ ਵੱਖਰਾ ਨਿਕਲ ਜਾਵੇ।

ਹਾਦਸਾ ਕਿੰਨਾ ਵਚਿੱਤਰ ਤੇ ਭਿਅੰਕਰ ਹੋ ਗਿਆ ਹੈ

ਹਾਦਸਾ ਕਿੰਨਾ ਵਚਿੱਤਰ ਤੇ ਭਿਅੰਕਰ ਹੋ ਗਿਆ ਹੈ। ਬਦਲ ਕੇ ਅੰਦਾਜ਼ ਅਪਣਾ,ਘਰ ਵੀ ਦਫ਼ਤਰ ਹੋ ਗਿਆ ਹੈ। ਇਸ ਤਮਾਸ਼ੇ ਵਿਚ ਤਮਾਸ਼ਾਗਰ ਤਮਾਸ਼ਾ ਬਣਨਗੇ ਹੁਣ, ਹੁਣ ਤਮਾਸ਼ੇ ਵਿਚ,ਤਮਾਸ਼ਾਈ ਵੀ ਹਾਜ਼ਰ ਹੋ ਗਿਆ ਹੈ। ਰਾਤ ਦਿਨ ਹੁਣ ਬਿੱਲੀਆਂ ਨੂੰ ਦਾਅਵਤਾਂ ਹੀ ਦਾਅਵਤਾਂ ਨੇ, ਅਕਲੋਂ-ਸ਼ਕਲੋਂ ਹਰ ਪਰਿੰਦਾ ਹੀ ਕਬੂਤਰ ਹੋ ਗਿਆ ਹੈ। ਇਹ ਤਾਂ ਮੇਰੀ ਪਿਆਸ ਦੀ ਸ਼ਿੱਦਤ ਦਾ ਹੈ ਸਾਰਾ ਕ੍ਰਿਸ਼ਮਾ, ਬੂੰਦ ਭਰ ਪਾਣੀ ਤੇਰਾ ਦਰਿਆ ਬਰਾਬਰ ਹੋ ਗਿਆ ਹੈ। ਸ਼ਹਿਰ ਤੇਰੇ 'ਚੋਂ ਚਲੇ ਜਾਣਾ ਹੀ ਹੁਣ ਲਗਦਾ ਹੈ ਬਿਹਤਰ, ਹੋ ਗਈ ਇਹ ਹੋਰ ਧਰਤੀ,ਹੋਰ ਅੰਬਰ ਹੋ ਗਿਆ ਹੈ। ਜਿਉਂਦਿਆਂ ਦੇ ਵਾਸਤੇ ਤਾਂ ਸੌ ਤਰ੍ਹਾਂ ਦੇ ਡਰ ਘਰੀਂ ਸਨ, ਕਬਰਾਂ ਵਿਚ ਵੀ ਮੁਰਦਿਆਂ ਦਾ ਰਹਿਣਾ ਦੁੱਭਰ ਹੋ ਗਿਆ ਹੈ। ਮੈਂ ਹੀ ਅੱਖਾਂ ਬੰਦ ਕਰਕੇ ਤੁਰ ਨਹੀਂ ਸਕਿਆ ਸਫ਼ਰ 'ਤੇ, ਪਰ ਇਹ ਰਸਤਾ ਸੋਚਦੈ ਬੁੱਢਾ ਮੁਸਾਫ਼ਿਰ ਹੋ ਗਿਆ ਹੈ।

ਅਸੀਂ ਚੀਚੀ ਕਟਾ ਕੇ ਵੀ ਸ਼ਹੀਦੀ ਪਾਉਣ ਤੋਂ ਡਰੀਏ

ਅਸੀਂ ਚੀਚੀ ਕਟਾ ਕੇ ਵੀ ਸ਼ਹੀਦੀ ਪਾਉਣ ਤੋਂ ਡਰੀਏ। ਦਰਾਂ ਤੱਕ ਮੰਗ ਪਹੁੰਚੀ ਹੈ ਸਿਰਾਂ ਦੇ ਵਾਰਨੇ ਕਰੀਏ। ਬਰੇਤੀ ਪਾਰ ਕਰਨੇ ਦਾ ਤਜੁਰਬਾ ਲੈ ਕੇ ਜਾਂਦੇ ਹਾਂ, ਤਾਂ ਅੱਗੋਂ ਹੁਕਮ ਮਿਲਦਾ ਹੈ ਸਮੁੰਦਰ ਅੱਗ ਦਾ ਤਰੀਏ। ਕਿਸੇ ਧਰਤੀ ਦੇ ਚੱਪੇ 'ਤੇ ਤਾਂ ਅਪਣਾ ਮੇਲ ਹੋਵੇਗਾ, ਕਿਨਾਰੇ ਨੇ ਕਿਨਾਰੇ ਦੀ ਕਿਹਾ ਮਿੱਟੀ ਨੂੰ "ਆ ਖਰੀਏ"। ਕਦੀ ਉਸਦੇ ਬਰਾਬਰ ਖੜ੍ਹਨ ਦੀ ਚਿੰਤਾ ਨਹੀਂ ਕੀਤੀ, ਸਦਾ ਇਕ ਹੀ ਰਹੀ ਕੋਸ਼ਿਸ਼ ਕਿ ਖ਼ੁਦ ਨੂੰ ਗਰਕ ਨਾ ਕਰੀਏ। ਵਚਿੱਤਰ ਕਿਸਮ ਦੇ ਹਾਲਾਤ ਭਾਰੂ ਨੇ ਜ਼ਿਹਨ ਉੱਪਰ, ਕਦੇ ਸਿਰ ਲਾਹੁਣ ਤੁਰ ਪਈਏ,ਕਦੀ ਜਾ ਖ਼ੁਦਕੁਸ਼ੀ ਕਰੀਏ। ਜਦੋਂ ਪੁੰਗਰਨ ਸਮੇਂ ਸ਼ੋਅਕੇਸ ਵਿਚ ਹੀ ਬੀਜ ਰੱਖ ਛੱਡੇ, ਕਿਸੇ ਮਿੱਟੀ ਜਾਂ ਮੌਸਮ ਸਿਰ ਅਸੀਂ ਫਿਰ ਦੋਸ਼ ਕੀ ਧਰੀਏ। ਇਹ ਰਿਸ਼ਤੇ ਰੂਹਾਂ ਉੱਤੇ ਭਾਰ ਬਣ ਜਾਂਦੇ ਨੇ ਆਖ਼ਿਰ ਨੂੰ, ਇਨ੍ਹਾਂ ਵਿਚ ਜ਼ੋਰ ਲਾ ਲਾ ਕੇ ਜੇ ਆਪਾਂ ਤਾਜ਼ਗੀ ਭਰੀਏ।

ਸੜਦੇ ਆਲ੍ਹਣਿਆਂ ਦੀ ਚਿੰਤਾ ਬੋਟਾਂ ਦਾ ਮਾਤਮ ਲਿਖਦਾ ਹਾਂ

ਸੜਦੇ ਆਲ੍ਹਣਿਆਂ ਦੀ ਚਿੰਤਾ ਬੋਟਾਂ ਦਾ ਮਾਤਮ ਲਿਖਦਾ ਹਾਂ। ਅਜ ਕਲ੍ਹ ਗ਼ਜ਼ਲਾਂ ਵਿਚ ਮੈਂ ਅਪਣੇ ਸ਼ਹਿਰ ਦਾ ਜਦ ਮੌਸਮ ਲਿਖਦਾ ਹਾਂ। ਉਹ ਸ਼ੀਸ਼ਾ ਵੀ ਅਕਸ ਮੇਰੇ ਦੇ ਟੁਕੜੇ-ਟੁਕੜੇ ਕਰਨੇ ਚਾਹੁੰਦੈ, ਜਿਸਦੀ ਕੀਚਰ-ਕੀਚਰ ਨੂੰ ਵੀ ਮੈਂ ਅਕਸਰ ਸਾਲਮ ਲਿਖਦਾ ਹਾਂ। ਮੁੱਠੀ ਭਰ ਉਸ ਮਿੱਟੀ ਵਿਚ ਤਾਂ ਬੋੜ੍ਹ ਦਾ ਹੋਣਾ ਨਾ-ਮੁਮਕਿਨ ਹੈ, ਫਿਰ ਵੀ ਰੋਜ਼ ਮੁਖ਼ਾਤਿਬ ਹੋ ਕੇ ਗਮਲੇ ਨੂੰ ਮੁਜਰਮ ਲਿਖਦਾ ਹਾਂ। ਕਿੰਨੇ ਹੀ ਅਣਦਿਸਦੇ ਕਾਰਣ ਸਾਜ਼ਿਸ਼ ਹੇਠ ਲੁਕੇ ਮਿਲਦੇ ਨੇ, ਜਦ ਵੀ ਰੱਬ ਦਾ ਭਾਣਾ,ਉਸਦੀ ਹੋਣੀ 'ਤੇ ਕਾਲਮ ਲਿਖਦਾ ਹਾਂ। ਅਜ ਕਲ੍ਹ ਸ਼ਹਿਰ ਦੇ ਅੰਬਰ ਉੱਤੇ ਐਨਾ ਗ਼ਰਦ ਗ਼ੁਬਾਰ ਹੈ ਚੜ੍ਹਿਆ, ਭਾਵੇਂ ਅੱਧਾ ਚੰਨ ਹੀ ਦਿਸਦੈ ਪਰ ਉਸਨੂੰ ਪੂਨਮ ਲਿਖਦਾ ਹਾਂ। ਸ਼ੋਰ ਭਰੀ ਮਹਿਫ਼ਿਲ ਨੇ ਮੈਨੂੰ ਇਸ ਕਰਕੇ ਖਾਰਿਜ਼ ਕਰ ਦਿੱਤਾ, ਮੈਂ ਸਾਜ਼ਿੰਦਾ,ਕਿਉਂ ਸਾਜ਼ਾਂ ਦੇ ਲੇਖਾਂ ਵਿਚ ਸਰਗਮ ਲਿਖਦਾ ਹਾਂ। ਤਾਂ ਕਿ ਰਾਹਗੀਰਾਂ ਨੂੰ ਬਹੁਤੀ ਪੀੜ ਕਦੇ ਮਹਿਸੂਸ ਨਾ ਹੋਵੇ, ਜ਼ਖ਼ਮਾਂ ਦੀ ਕੁਰਲਾਹਟ 'ਤੇ ਵੀ ਦਰਦ ਜ਼ਰਾ ਮੱਧਮ ਲਿਖਦਾ ਹਾਂ। ਹਾਦਸਿਆਂ ਨੂੰ ਭਾਣਾ ਮੰਨੋ ਤੁਸੀਂ ਵੀ,ਇਹ ਚੁਭਦਾ ਹੈ ਮੈਨੂੰ, ਮੇਰੇ ਸਿਰ ਵੀ ਦੋਸ਼ ਰਹੇਗਾ ਅੱਖ ਨਗਰ ਦੀ ਨਮ ਲਿਖਦਾ ਹਾਂ।

ਪਿਆਸ ਦੀ ਸੀਮਾ ਵਧਾ ਆਏ ਜੋ ਸਾਗਰ ਵੇਖ ਕੇ

ਪਿਆਸ ਦੀ ਸੀਮਾ ਵਧਾ ਆਏ ਜੋ ਸਾਗਰ ਵੇਖ ਕੇ। ਹਉਕੇ ਭਰਿਆ ਕਰਨਗੇ ਸੁੱਕੇ ਸਰੋਵਰ ਵੇਖ ਕੇ। ਬੁੱਲ੍ਹਾਂ ਨੂੰ ਤਾਂ ਲਾ ਲਈ ਸੀ ਬੰਸਰੀ ਮੈਂ ਵੀ ਉਹ,ਪਰ ਸੁਰ ਨਹੀਂ ਨਿਕਲੇ ਸੜੇ ਜੰਗਲ ਦੇ ਮੰਜ਼ਰ ਵੇਖ ਕੇ। ਕੀ ਪਤੈ,ਕੀ ਸੋਚ ਕੇ ਸੀ ਆ ਗਿਆ ਘਰ ਦਾ ਖ਼ਿਆਲ, ਮੁੜ ਪਿਆ ਘਰ ਨੂੰ ਮੁਸਾਫ਼ਿਰ ਰੇਤ ਦੇ ਘਰ ਵੇਖ ਕੇ। ਉਹ ਭਰੇ ਦਿਲ ਨਾਲ ਮੂੰਹੋਂ ਕਹਿ ਸਕੇ ਬਸ 'ਅਲਵਿਦਾ', ਸੋਚਦੇ ਸੀ ਜੋ ਮੁੜਾਂਗੇ ਰੰਗ ਬਿਹਤਰ ਵੇਖ ਕੇ। ਹੁਣ ਕਿਸੇ ਨੂੰ ਤਾਂ ਕੋਈ ਸ਼ੀਸ਼ਾ ਡਰਾਉਂਦਾ ਹੀ ਨਹੀਂ, ਡਰ ਤਾਂ ਜਾਂਦੇ ਹਾਂ ਅਸੀਂ ਬਸ ਅਪਣੇ ਅੰਦਰ ਵੇਖ ਕੇ। ਧਾਗਿਆਂ ਦੀ ਇਹ ਕਿਸੇ ਸਾਜ਼ਿਸ਼ ਤਹਿਤ ਸੁੰਗੜ ਗਈ, ਪੈਰ ਤਾਂ ਅਪਣੇ ਪਸਾਰੇ ਸਨ ਮੈਂ ਚਾਦਰ ਵੇਖ ਕੇ।

ਸਮੁੰਦਰ ਦਾ,ਗਗਨ,ਸਹਿਰਾ ਜਾਂ ਫਿਰ ਜੰਗਲ ਦਾ ਰਸਤਾ ਹੈ

ਸਮੁੰਦਰ ਦਾ,ਗਗਨ,ਸਹਿਰਾ ਜਾਂ ਫਿਰ ਜੰਗਲ ਦਾ ਰਸਤਾ ਹੈ। ਜੇ ਚੱਲਣ ਦਾ ਹੁਨਰ ਹੋਵੇ ਤਾਂ ਕਿਹੜਾ ਰੋਕ ਸਕਦਾ ਹੈ। ਕਿਸੇ ਨੁਕਸਾਨ ਦੀ ਕਿਤਿਉਂ ਖ਼ਬਰ ਕੋਈ ਨਹੀਂ ਆਈ, ਕਿਸੇ ਨੇ ਹਾਦਸਾ ਕਿੰਨੇ ਸਲੀਕੇ ਨਾਲ ਕੀਤਾ ਹੈ। ਮੈਂ ਮਿੱਟੀ ਦਾ ਸਹੀ ਲੇਕਿਨ ਮੇਰੀ ਹਸਤੀ ਨਹੀਂ ਮਿੱਟੀ, ਤੂੰ ਰੱਖ ਸੰਭਾਲ਼ ਕੇ ਮੈਨੂੰ ਮੈਂ ਹਾਲੇ ਹੋਰ ਜਗਣਾ ਹੈ। ਤੁਸੱਵਰ ਪਿਆਸ ਅਪਣੀ ਦਾ ਨਾ ਕਰਿਓ ਮੁਲਤਵੀ,ਬੇਸ਼ਕ, ਅਜੇ ਪਾਣੀ ਦੀ ਥਾਂ ਰੇਤਾ ਹੀ ਦਰਿਆਵਾਂ 'ਚ ਵਗਦਾ ਹੈ। ਇਹ ਗਮਲਾ ਮਰਮਰੀ ਵੀ ਕਿਉਂ ਮੇਰਾ ਮਨ ਮੋਹ ਨਹੀਂ ਸਕਿਆ, ਮੇਰੇ ਮੁਰਝਾਉਣ ਨਾਲੋਂ ਉਸ ਨੂੰ ਤਾਂ ਇਸ ਗੱਲ ਦੀ ਚਿੰਤਾ ਹੈ। ਤੂੰ ਅਪਣੇ ਖੁਰਨ ਦੇ ਅਹਿਸਾਸ ਤੋਂ ਵੀ ਕੰਬ ਜਾਂਦਾ ਏਂ, ਸਮੁੱਚੀ ਹੋਂਦ ਤੇਰੀ ਨੂੰ ਉਦ੍ਹਾ ਰੋੜ੍ਹਣ ਦਾ ਮਨਸ਼ਾ ਹੈ। ਮੈਂ ਅਪਣੀ ਮਾਂ ਨੂੰ ਜਦ ਪੁੱਛਿਆ "ਇਹ ਹੁੰਦੈ ਰੱਬ ਕਿੱਦਾਂ ਦਾ", ਉਹ ਥੋੜਾ ਮੁਸਕਰਾਈ,ਫਿਰ ਕਿਹਾ "ਤੇਰੇ ਹੀ ਵਰਗਾ ਹੈ"। ਨਾ ਮੇਰੇ ਸ਼ਬਦ ਨੇ,ਨਾ ਵਾਕ ਨੇ ਨਾ ਮੇਰੀਆਂ ਗ਼ਜ਼ਲਾਂ, ਉਭਰਦਾ ਵੀ ਹੈ ਜਿਹੜਾ ਸ਼ਾਇਰੀ 'ਚੋਂ ਅਕਸ ਉਸ ਦਾ ਹੈ।

ਫ਼ਿਜਾਵਾਂ ਨੂੰ ਸੁਰਾਂ ਦੀ ਤਾਨ ਤੋਂ ਮਹਿਰੂਮ ਰੱਖਣਾ

ਫ਼ਿਜਾਵਾਂ ਨੂੰ ਸੁਰਾਂ ਦੀ ਤਾਨ ਤੋਂ ਮਹਿਰੂਮ ਰੱਖਣਾ, ਜੋ ਵੱਜੂ ਤਾਨ ਵਿਚ ਉਹ ਸਾਜ਼ ਹੀ ਤੁੜਵਾ ਦਿਆਂਗੇ। ਜਦੋਂ ਮੌਲਣਗੇ ਰੁਖ,ਮਹਿਕਣਗੇ ਫੁਲ ਉਸ ਵਕਤ ਆਕੇ, “ਕਿ ਹੁਣ ਪਤਝੜ ਦੀ ਵਾਰੀ ਹੈ” ਇਹ ਹੋਕਾ ਲਾ ਦਿਆਂਗੇ ਪਰਿੰਦੇ ਪਿੰਜਰੀਂ ਪਾਉਣੇ ਨੇ,ਪਰ ਵੀ ਕੁਤਰਨੇ ਹਨ, ਉਡਾਨਾਂ ਦੀ ਹਰਿਕ ਸੰਭਾਵਨਾ ਹੈ ਖ਼ਤਮ ਕਰਨੀ, ਜ਼ਰੂਰਤ ਪੈ ਗਈ ਤਾਂ ਬੋਟ ਵੀ ਅਗਵਾ ਕਰਾਂਗੇ, ਤੇ ਲਾਹ ਕੇ ਪਿੰਜਰਿਆਂ ਵਿਚ ਆਲ੍ਹਣੇ ਟੰਗਵਾ ਦਿਆਂਗੇ। ਅਸੀਂ ਹਿਟਲਰ,ਅਸੀਂ ਔਰੰਗਜੇਬਾਂ ਦੀ ਨਸਲ 'ਚੋਂ, ਅਸਾਨੂੰ ਖ਼ਤਰਾ ਹੈ ਰਵਿਦਾਸ, ਨਾਨਕ, ਬੁੱਧ ਕੋਲੋਂ, ਪਤਾ ਲੱਗੇ ਕੋਈ ਈਸਾ ਜਾਂ ਮੀਰਾਂ ਹੈ ਉਸੇ ਪਲ, ਪਿਆਲੇ ਜ਼ਹਿਰ ਦੇ ਤੇ ਸੂਲੀਆਂ ਭਿਜਵਾ ਦਿਆਂਗੇ। ਐ ਨਾਰੀ ਵਿਸ਼ਵ-ਮੰਡੀ ਦੀ ਬਣਾਉਣਾ ਸ਼ੋਭਾ ਤੈਨੂੰ, ਗੁਲੋਬਲ ਪਿੰਡ ਦੇ ਰੱਥ ਦੀ ਕਰਾਵਾਂਗੇ ਸਵਾਰੀ, ਕਰਾਂਗੇ ਤਾਜ਼ ਵੀ ਸਿਰ 'ਤੇ ਸੁਸ਼ੋਵਿਤ ਮਗਰੋਂ,ਪਹਿਲਾਂ, ਬਦਨ ਤੇਰੇ 'ਤੇ ਬਸਤਰ ਸ਼ੀਸ਼ਿਆਂ ਦੇ ਪਾ ਦਿਆਂਗੇ। ਤੁਹਾਡੀ ਕੁੰਭਕਰਨੀ ਨੀਂਦ ਜੇ ਟੁੱਟੇ ਕਦੀ ਜਾਂ, ਕਿਸੇ ਬੱਚੇ ਦੇ ਵਾਂਗੂੰ ਉਠਦਿਆਂ ਹੀਂ ਮੰਗ ਰੱਖੇ, ਕਿਸੇ ਰਾਜੇ ਤੇ ਰਾਣੀ ਦੀ ਕੋਈ ਝੂਠੀ ਕਹਾਣੀ, ਸੁਣਾਕੇ ਇਸਨੂੰ ਆਹਰੇ ਨੀਂਦ ਦੇ ਫਿਰ ਲਾ ਦਿਆਂਗੇ।

ਸਫ਼ਰ ਕਰਕੇ ਪਹਾੜਾਂ,ਜੰਗਲਾਂ ਦਾ,ਮੌਸਮਾਂ ਦਾ

ਸਫ਼ਰ ਕਰਕੇ ਪਹਾੜਾਂ,ਜੰਗਲਾਂ ਦਾ,ਮੌਸਮਾਂ ਦਾ, ਕਿ ਸੁਕਦੇ ਜਾ ਰਹੇ ਹਰ ਬਿਰਖ ਤੱਕ ਆਉਣਾ ਪਵੇਗਾ। ਨਾ ਚਿਹਰਾ ਜ਼ਰਦ ਹੋ ਜਾਵੇ ਕਿਤੇ ਸਭ ਪੱਤਿਆਂ ਦਾ, ਨਦੀ ਨੂੰ ਹੇਜ਼ ਕਿੰਨਾ ਹੈ ਇਹ ਜਤਲਾਉਣਾ ਪਵੇਗਾ। ਮੈਂ ਬੜੀਆਂ ਹੀ ਬਹਾਰਾਂ ਵੇਖੀਆਂ ਨੇ,ਪਤਝੜਾਂ ਵੀ, ਮਗਰ ਇਹ ਹਸ਼ਰ ਫੁਲ-ਕਲੀਆਂ ਦਾ ਪਹਿਲੀ ਵਾਰ ਹੋਇਆ, ਲਹੂ ਰਗ਼-ਰਗ਼ ਦਾ ਵੀ ਪਾਉਣਾ ਪਵੇਗਾ ਪੌਦਿਆਂ ਨੂੰ, ਤੇ ਖੋਹ ਕੇ ਬੱਦਲਾਂ ਤੋਂ ਪਾਣੀ ਬਰਸਾਉਣਾ ਪਵੇਗਾ। ਤੂੰ ਮੇਰੇ ਤੀਕ ਪਹੁੰਚਣ ਦੀ ਕੋਈ ਕੋਸ਼ਿਸ਼ ਨਾ ਕੀਤੀ, ਮੈਂ ਚਾਹੁੰਦਾ ਹੋਇਆ ਵੀ ਤੈਨੂੰ ਕਦੇ ਵੀ ਮਿਲ ਨਾ ਸਕਿਆ, ਨਾ-ਮੁਮਕਿਨ ਹੈ ਅਸੀਂ ਖ਼ਾਬਾਂ 'ਚ ਵੀ ਮਿਲੀਏ ਕਦੀ ਹੁਣ, ਅਗਰ ਮਿਲ ਵੀ ਪਏ ਤਾਂ ਬਹੁਤ ਸ਼ਰਮਾਉਣਾ ਪਵੇਗਾ। ਬਚਾਈ ਰੱਖਣੇ ਦਾ ਅਹਿਦ ਵੀ ਕਰਦੇ ਨੇ ਬੇਸ਼ਕ, ਤੁਲੇ ਨੇ ਸ਼ੀਸ਼ਿਆਂ ਦਾ ਵੀ 'ਉਹ' ਪਾਣੀ ਪੀਣ ਉੱਤੇ, ਬਚਾਉਣੇ ਪੈਣਗੇ ਦਰਿਆ ਇਨ੍ਹਾਂ ਦੀ ਪਿਆਸ ਕੋਲੋਂ, ਬੜਾ ਕੁਝ ਮੱਛਲੀਆਂ ਤਾਈਂ ਵੀ ਸਮਝਾਉਣਾ ਪਵੇਗਾ। ਨਾ ਤਾਰਾਂ ਢਿੱਲੀਆਂ ਸਨ,ਨਾ ਪੁਰਾਣਾ ਸਾਜ਼ ਹੀ ਸੀ, ਮਗਰ ਫਿਰ ਵੀ ਕੋਈ ਸਰਗ਼ਮ ਨਹੀਂ ਸੁਰਜੀਤ ਹੋਈ, ਬਦਲ ਕੇ ਸਾਜ਼ ਵੀ ਤਾਂ ਵੇਖ ਚੁੱਕੇ ਹਾਂ ਬਥੇਰੇ, ਸਾਜ਼ਿੰਦੇ ਸਿਰ ਹੀ ਸਾਰਾ ਦੋਸ਼ ਹੁਣ ਲਾਉਣਾ ਪਵੇਗਾ॥

  • ਮੁੱਖ ਪੰਨਾ : ਪੰਜਾਬੀ ਕਵਿਤਾ : ਦਾਦਰ ਪੰਡੋਰਵੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ