Khambhan Thalle Amber : Dadar Pandorvi

ਖੰਭਾਂ ਥੱਲੇ ਅੰਬਰ : ਦਾਦਰ ਪੰਡੋਰਵੀ


ਜੇ ਪੱਥਰ ਮਾਰ ਕੇ ਮੈਂ ਝੀਲ ਵਿਚ ਲਹਿਰਾਂ ਉਠਾਉਂਦਾ ਹਾਂ

ਜੇ ਪੱਥਰ ਮਾਰ ਕੇ ਮੈਂ ਝੀਲ ਵਿਚ ਲਹਿਰਾਂ ਉਠਾਉਂਦਾ ਹਾਂ। ਮੇਰੇ ਸਿਰ ਦੋਸ਼ ਲਗਦਾ ਹੈ ਮੈਂ ਪਾਣੀ ਨੂੰ ਸਤਾਉਂਦਾ ਹਾਂ। ਨਜ਼ਰ ਸੰਕੇਤ ਆਉਂਦੇ ਨੇ ਕਿਸੀ ਵੱਡੀ ਹੀ ਗ਼ਲਤੀ ਦੇ, ਕਦੀ ਸ਼ੀਸ਼ਾ ਲੁਕਾਉਂਦਾ ਹਾਂ,ਕਦੀ ਚਿਹਰਾ ਛੁਪਾਉਂਦਾ ਹਾਂ। ਕਿਸੇ ਪੱਥਰ ਦੀ ਮੂਰਤ ਨੂੰ,ਤੁਸੀਂ ਜਾ ਕੇ ਕਰੋ ਸਿਜਦਾ, ਮੈਂ ਓਨੀ ਦੇਰ ਕੋਈ ਡੁਸਕਦਾ ਬੱਚਾ ਹਸਾਉਂਦਾ ਹਾਂ। ਮੈਂ ਘਰ ਦੇ ਹੇਜ਼ ਦਾ ਜੰਗਲ,ਕਦੇ ਸੁੱਕਣ ਨਹੀਂ ਦਿੰਦਾ, ਸਿਧਾਰਥ ਹਾਂ,ਮਗਰ ਬੁੱਧ ਹੋਣ ਦੇ ਨਾਟਕ ਰਚਾਉਂਦਾ ਹਾਂ। ਪੁੰਗਰਦੇ ਨੇ,ਉਹ ਵਧਦੇ ਨੇ,ਉਹ ਜਾਂਦੇ ਨੇ ਫ਼ਲਾਂ ਤਕ ਵੀ, ਜੋ ਕੱਚੀ ਨੀਂਦ 'ਚੋਂ ਉਠ ਕੇ ਮੈਂ ਸੁਪਨੇ ਬੀਜ ਆਉਂਦਾ ਹਾਂ। ਹਨੇਰਾ ਇਹ ਸਮਝਦਾ ਹੈ,ਉਦ੍ਹੀ ਸਾਜ਼ਿਸ਼ 'ਚ ਹਾਂ ਸ਼ਾਮਲ, ਜਦੋਂ ਵੀ ਸ਼ਾਮ ਦੀ ਮਹਫ਼ਿਲ 'ਚ ਕੁਝ ਦੀਵੇ ਬੁਝਾਉਂਦਾ ਹਾਂ। ਅਨੇਕਾਂ ਟੁਕੜਿਆਂ ਦਾ ਦੋਸ਼ ਮੱਥੇ 'ਤੇ ਹੰਢਾ ਕੇ ਵੀ, ਮੈਂ ਪੱਥਰ ਹੀ ਸਹੀ ਪਰ ਸ਼ੀਸ਼ੇ ਨੂੰ ਗਲ਼ ਨਾਲ਼ ਲਾਉਂਦਾ ਹਾਂ। ਤੁਹਾਡੇ ਚੁੱਲ੍ਹਿਆਂ ਦੀ ਅੱਗ ਵਿਚ ਜਾਦੂਗਰੀ ਹੈ ਕੀ, ਮੈਂ ਜਿਸ ਨੂੰ ਸੇਕਦਾ ਹੋਇਆ ਹੀ ਖ਼ੁਦ ਨੂੰ ਸਾੜ ਆਉਂਦਾ ਹਾਂ।

ਤੇਰੇ ਰੰਗਾਂ ਨੇ ਜੇ ਮੁੜ ਕੇ ਨਾ ਸਾਰ ਲੈਣੀ ਸੀ

ਤੇਰੇ ਰੰਗਾਂ ਨੇ ਜੇ ਮੁੜ ਕੇ ਨਾ ਸਾਰ ਲੈਣੀ ਸੀ। ਮੈਂ ਵੀ ਉਸ ਵਕਤ ਹੀ ਕੈਨਵਸ ਉਤਾਰ ਲੈਣੀ ਸੀ। ਮੈਂ ਉਸ ਦੀ ਹੋਂਦ ਨੂੰ ਲੋਹੜੇ ਦਾ ਪਿਆਰ ਕਰਦਾ ਸਾਂ, ਨਹੀਂ ਤਾਂ ਉਹ ਨਦੀ ਹੁਣ ਤਕ ਡਕਾਰ ਲੈਣੀ ਸੀ। ਤੁਸੀਂ ਕੁੰਜ ਤਾਂ ਉਤਾਰ ਦਿੱਤੀ ਹੈ ,ਬਹੁਤ ਵਧੀਆ, ਇਹ ਮਨ ਦੀ ਜ਼ਹਿਰ ਵੀ ਥੋੜ੍ਹੀ ਕੁ ਮਾਰ ਲੈਣੀ ਸੀ। ਮੁਹੱਬਤ ਕੁਝ ਨਾ ਕੁਝ ਤਾਂ ਸੀ ਨਹੀਂ ਤਾਂ ਉਸ ਨੇ ਤਾਂ, ਕਦੋਂ ਦੀ ਯਾਦ ਨੂੰ ਵੀ ਹਾਕ ਮਾਰ ਲੈਣੀ ਸੀ। ਗੁਆ ਦਿੱਤੀ ਅਸੀਂ ਤਾਂ ਆਪ ਹੀ ਆਪਣੀ ਖ਼ੁਸ਼ਬੂ, ਇਨ੍ਹਾਂ ਰੁੱਤਾਂ ਨੇ ਫਿਰ ਸਾਡੀ ਕੀ ਸਾਰ ਲੈਣੀ ਸੀ। ਦਿਨੇ ਹੀ ਵੱਜਦੇ ਫਿਰਦੇ ਹੋ ਕਾਹਤੋਂ ਕੰਧਾਂ ਵਿਚ, ਜ਼ਰਾ ਕੁ ਰੌਸ਼ਨੀ ਸਿਰ 'ਚੋਂ ਗੁਜ਼ਾਰ ਲੈਣੀ ਸੀ। ਤੂੰ ਮੇਰੀ ਯਾਦ ਦਾ ਹਰ ਨਕਸ਼ ਮੈਲ਼ਾ ਕਰ ਦਿੱਤਾ, ਮੈਂ ਤੇਰੀ ਪੀੜ ਵੀ ਇਕ ਦਿਨ ਨਿਖ਼ਾਰ ਲੈਣੀ ਸੀ।

ਲਗਾ ਕੇ ਪੈਰ ਸੋਨੇ ਦੇ ਵੀ ਕੀ ਰਾਹੀ ਨੇ ਕਰਨਾ ਸੀ

ਲਗਾ ਕੇ ਪੈਰ ਸੋਨੇ ਦੇ ਵੀ ਕੀ ਰਾਹੀ ਨੇ ਕਰਨਾ ਸੀ। ਸਫ਼ਰ ਤਾਂ ਰਸਤਿਆਂ ਤੋਂ ਹੀ ਗੁਜ਼ਰ ਹੋ ਕੇ ਗੁਜ਼ਰਨਾ ਸੀ। ਤੇਰੀ ਹੀ ਜ਼ਿਦ ਸੀ ਸੈਆਂ ਅਕਸ ਪੈਦਾ ਕਰਨ ਦੀ ਵਰਨਾ, ਕਦੋਂ ਪੱਥਰ ਤੋਂ ਚੋਟਾਂ ਖਾ ਕੇ ਸ਼ੀਸ਼ੇ ਨੇ ਬਿਖਰਨਾ ਸੀ। ਇਹ ਗਹਿਰੀ,ਜ਼ਹਿਰੀ ਮਟਮੈਲ਼ੀ ਤਾਂ ਹੋਈ ਹੈ ਸਫ਼ਰ ਕਰਕੇ, ਨਹੀਂ ਤਾਂ ਇਹ ਨਦੀ ਵੀ ਖ਼ੂਬਸੂਰਤ ਸਾਫ਼ ਝਰਨਾ ਸੀ। ਸਵੇਰੇ ਵੀ ਚਲਾ ਆਇਆ ਇਹ ਸੂਰਜ ਧੁੰਦਲਕਾ ਲੈ ਕੇ, ਅਜੇ ਤਾਂ ਰਾਤ ਕਾਲ਼ੀ ਦਾ ਵੀ ਇਸ 'ਤੇ ਦੋਸ਼ ਧਰਨਾ ਸੀ। ਬਚਾ ਕੇ ਆਪਣੀ ਰੰਗਤ ਵੀ ਰੱਖਣੀ ਹੋ ਗਈ ਔਖੀ, ਭਰੇ ਰੰਗਾਂ ਦੇ ਦਰਿਆ ਨੇ ਕੀ ਕੋਲੋਂ ਦੀ ਗੁਜ਼ਰਨਾ ਸੀ। ਡਰਾਉਣਾ ਸੀ ਜੇ ਸਾਡੇ ਪਿੰਡ ਦੀ ਹਰ ਰਾਤ ਦਾ ਆਲਮ, ਤੁਹਾਡੇ ਸ਼ਹਿਰ ਦਾ ਦਿਨ ਵੀ ਸਿਖ਼ਰ ਦਾ ਅੱਗ ਵਰ੍ਹਨਾ ਸੀ। ਖ਼ਰਾ ਹੋਇਆ ਤੇਰੇ ਸ਼ੋਅ-ਕੇਸ ਦਾ ਹਾਣੀ ਨਹੀਂ ਬਣਿਆਂ, ਨਹੀਂ ਤਾਂ ਅੱਜ ਕਿਸੇ ਨੁੱਕਰ 'ਚ ਤੈਂ ਮੈਨੂੰ ਵੀ ਧਰਨਾ ਸੀ।

ਗ਼ਜ਼ਾ ਕਰਨੇ ਤੋਂ ਪਹਿਲਾਂ ਹੀ ਇਹ ਸੋਚੇਂ

ਗ਼ਜ਼ਾ ਕਰਨੇ ਤੋਂ ਪਹਿਲਾਂ ਹੀ ਇਹ ਸੋਚੇਂ, ਕਿ ਅੱਗੇ ਮੋਤੀਆਂ ਦਾ ਥਾਲ਼ ਹੋਵੇ। ਬੇਸ਼ੱਕ ਇਕ ਦਾਣਿਆਂ ਦੀ ਮੁੱਠ ਵੀ ਨਾ, ਕਮੰਡਲ ਤੋਂ ਸਹੀ ਸੰਭਾਲ਼ ਹੋਵੇ। ਮੇਰੀ ਕਿਸ ਬੇਵਸੀ ਦਾ ਇਹ ਪੜਾਅ ਹੈ, ਮੈਂ ਠੰਡੀ ਧੁੱਪ ਨੂੰ ਤਾਂ ਦੋਸ਼ ਦੇਵਾਂ, ਕਿ ਠਰ ਕੇ ਬਰਫ਼ ਹੋਏ ਜਿਸਮ ਲਈ ਪਰ, ਮੇਰੇ ਕੋਲੋਂ ਵੀ ਅੱਗ ਨਾ ਬਾਲ਼ ਹੋਵੇ। ਸਫ਼ਰ ਸੂਰਜ ਦਾ ਸੀ ਅਗਲੇ ਪੜਾਅ ਦਾ, ਥਕਾਵਟ ਉਤਰੀ ਸੀ ਮੇਰੇ ਵੀ ਪੈਰੀਂ, ਨਹੀਂ ਤਾਂ ਦੋਹਾਂ ਨੂੰ ਮਨਜ਼ੂਰ ਨਾ ਸੀ, ਕਿਤੇ ਆਰਾਮ ਜਾਂ ਤਿਰਕਾਲ਼ ਹੋਵੇ। ਤੇਰੇ ਦਰਦਾਂ ਨੂੰ ਸੀਨੇ ਲਾ ਲਿਆ ਹੈ, ਸਜਾਏ ਪਲਕਾਂ ਵਿਚ ਮੈਂ ਤੇਰੇ ਹੰਝੂ, ਵਿਦਾਈ ਵਕਤ ਤੂੰ ਹੀ ਤਾਂ ਕਿਹਾ ਸੀ, ਮੇਰੀ ਹਰ ਚੀਜ਼ ਦੀ ਸੰਭਾਲ਼ ਹੋਵੇ। ਇਦ੍ਹੇ ਵਿਚ ਈਰਖਾ ਦੀ ਕਾਈ ਜੰਮੀ , ਤੇ ਹਉਮੇ ਨਾਲ਼ ਪਾਣੀ ਹਮਕ ਮਾਰੇ, ਯਤਨ ਵਿਚ ਹਾਂ ਬੜੀ ਹੀ ਦੇਰ ਤੋਂ ਮੈਂ, ਨਾ ਮਨ ਦੀ ਝੀਲ ਪਰ ਹੰਘਾਲ਼ ਹੋਵੇ। ਨਹੀਂ ਸੂਰਜ ਤਾਂ ਇਕ ਦੀਵੇ ਦੀ ਲੋਅ ਨੂੰ, ਸਫ਼ਰ ਵਿਚ ਨਾਲ਼ ਲੈ ਕੇ ਚੱਲਣਾ ਸੀ, ਹਨੇਰੀ ਰਾਤ ਹੈ,ਹੁਣ ਸੋਚੀ ਜਾਵਾਂ , ਹਯਾਤੀ ਰੁਕ ਕੇ ਵੀ ਨਾ ਗਾਲ਼ ਹੋਵੇ। ਬੜੀ ਗੰਧਲਾ ਗਈ ਹੈ ਝੀਲ ਵੀ ਹੁਣ, ਨਦੀ ਵੀ ਰਾਹ 'ਚ ਕਿਧਰੇ ਲੁਪਤ ਹੋਈ, ਕਿ ਸੁੱਕੇ ਦਰਿਆਵਾਂ ਨੂੰ ਦੇਖ ਕੇ ਵੀ, ਹੈ ਕੈਸੀ ਪਿਆਸ ਜੋ ਨਾ ਟਾਲ਼ ਹੋਵੇ। ਜਦੋਂ ਛਣਕੀ ਮੇਰੇ ਪੈਰਾਂ 'ਚ ਬੇੜੀ, ਜਿਵੇਂ ਜ਼ਖ਼ਮਾਂ 'ਚੋਂ ਇਹ ਆਵਾਜ਼ ਆਈ, ਕੀ ਤੈਨੂੰ ਇਹ ਨਹੀਂ ਲੱਗਦਾ ਕਦੇ ਵੀ, ਕਿ ਇਸ ਛਣ-ਛਣ ਦੀ ਕੋਈ ਤਾਲ ਹੋਵੇ। ਪਿਆਸੇ ਰਿਸ਼ਤਿਆਂ ਦੀ ਪਿਆਸ ਬਣਦਾ, ਬਰੇਤੀ ਤੀਕ ਪੁੱਜਾ ਦਰਿਆ ਹਾਂ ਮੈਂ, ਮੈਂ ਫਿਰ ਵੀ ਵਗਣ ਬਾਰੇ ਸੋਚਦਾਂ ਪਰ, ਨਹੀਂ ਚਾਹੁੰਦੇ ਉਹ ਇੰਝ ਫ਼ਿਲਹਾਲ ਹੋਵੇ। ਨਾ ਕੋਈ ਭੂਮਿਕਾ,ਨਾ ਅੰਤਿਕਾ ਹੈ, ਕਿਹਾ ਕੁਝ ਵੀ ਨਹੀਂ ਨਾ ਅਣਕਿਹਾ ਹੈ, ਮਗਰ ਚਾਹਤ 'ਚ ਫਿਰ ਵੀ ਦਰਜ ਤਾਂ ਹੈ, ਮੇਰੀ ਧਰਤੀ,ਗਗਨ,ਪਾਤਾਲ਼ ਹੋਵੇ।

ਬਹੁਤ ਕੁਝ ਭਰਤੀ ਜਿਹਾ ਹੈ ਕੁਝ ਨਾ ਕੁਝ ਮਨਫ਼ੀ ਵੀ ਹੈ

ਬਹੁਤ ਕੁਝ ਭਰਤੀ ਜਿਹਾ ਹੈ ਕੁਝ ਨਾ ਕੁਝ ਮਨਫ਼ੀ ਵੀ ਹੈ। ਜ਼ਿੰਦਗੀ ਤੇ ਸ਼ਾਇਰੀ ਦੀ ਕੁੰਡਲੀ ਮਿਲਦੀ ਵੀ ਹੈ। ਮੈਂ ਹੀ ਪਿਛਲੇ ਮੋੜ 'ਤੇ ਬਚਪਨ ਗੁਆ ਆਇਆਂ ਕਿਤੇ, ਹੁਣ ਵੀ ਹੈ ਆਡਾਂ 'ਚ ਪਾਣੀ ਕਾਗਜ਼ੀ ਕਿਸ਼ਤੀ ਵੀ ਹੈ। ਚੁੱਪ 'ਚੋਂ ਪਹਿਚਾਣ ਲੈਂਦਾ ਹਾਂ ਤੁਫ਼ਾਨਾਂ ਨੂੰ ਕਦੇ, ਪਰ ਕਦੇ ਰੁੱਖਾਂ ਨੂੰ ਪੁੱਛਾਂ ਕੀ ਹਵਾ ਵਗਦੀ ਵੀ ਹੈ ? ਉਸ ਨੂੰ ਕਿੱਦਾਂ ਦਾ ਬੇਦਾਵਾ ਦੇ ਕੇ ਘਰ ਮੁੜਿਆ ਹਾਂ ਮੈਂ, ਮੈਨੂੰ ਹੁਣ ਲਗਦੈ ਉਦ੍ਹਾ ਮਜ਼ਮੂਨ ਤਾਂ ਅਰਜ਼ੀ ਵੀ ਹੈ। ਖਿੜਕੀ ਵਿੱਚੋਂ ਵੀ ਜੇ ਅੰਬਰ ਦਿਸਦਾ ਹੈ ਧੰਨਵਾਦ ਕਰ, ਇਹ ਵੀ ਤਾਂ ਤੂੰ ਵੇਖ ਪੈਰਾਂ ਹੇਠ ਇਕ ਧਰਤੀ ਵੀ ਹੈ। ਜਾਣ-ਬੁਝ ਕੇ ਮਰਮਰੀ ਸੜਕਾਂ ਦਾ ਚੁਣਿਆ ਹੈ ਸਫ਼ਰ, ਦਿਸਣ ਨੂੰ ਦਿਸਦੀ ਤਾਂ ਮੈਨੂੰ ਪਿੰਡ ਦੀ ਫਿਰਨੀ ਵੀ ਹੈ।

ਸਾਰੀ ਬਰਫ਼ ਪਿਘਲ ਕੇ ਪਾਣੀ ਪਾਣੀ ਹੋ ਗਈ

ਸਾਰੀ ਬਰਫ਼ ਪਿਘਲ ਕੇ ਪਾਣੀ ਪਾਣੀ ਹੋ ਗਈ। ਫਿਰ ਵੀ ਇਹ ਨਾ ਸਮਝੀਂ ਖ਼ਤਮ ਕਹਾਣੀ ਹੈ ਗਈ। ਮੇਰਾ ਬੁਝਿਆ ਚਿਹਰਾ ਵੇਖ ਕੇ ਆਖੇ ਸ਼ੀਸ਼ਾ, ਤੇਰੀ ਸੂਰਤ ਵੀ ਜਾਣੀ ਪਹਿਚਾਣੀ ਹੋ ਗਈ। ਉਹ ਮੇਰੇ ਜ਼ਖ਼ਮਾਂ ਦੀ ਚਰਚਾ ਇੰਝ ਕਰਦਾ ਹੈ, ਕੱਲ੍ਹ ਦੀ ਗੱਲ ਨੂੰ ਆਖੇ ਪੀੜ ਪੁਰਾਣੀ ਹੋ ਗਈ। ਉਸਨੇ ਤੇਰੇ ਚਾਰ ਕੁ ਰੰਗਾਂ ਤੋਂ ਕੀ ਲੈਣਾ, ਸੁਣਿਆ ਹੁਣ ਉਹ ਸੱਤ ਰੰਗਾਂ ਦੀ ਹਾਣੀ ਹੋ ਗਈ। ਮੈਨੂੰ ਬੜਾ ਹੀ ਡਰ ਲਗਦਾ ਸੀ ਹਾਦਸਿਆਂ ਤੋਂ, ਤੇਰੇ ਮਗਰੋਂ ਜ਼ਿੰਦਗੀ ਇਸ ਦੀ ਹਾਣੀ ਹੋ ਗਈ। ਹਾਦਸਿਆਂ ਦੀ ਰੁੱਤ ਨੂੰ "ਜੀ ਆਇਆਂ ਨੂੰ" ਆਖੇ ਸ਼ਹਿਰ ਦੀ ਹਰ ਨੁੱਕਰ ਹਰ ਗਲ਼ੀ ਸਿਆਣੀ ਹੋ ਗਈ। ਉਸਦਾ ਅਪਣਾ ਕੁਨਬਾ ਤਾਂ ਹੁਣ ਮੌਜਾਂ ਵਿਚ ਹੈ, ਫਿਰ ਕੀ ਹੈ ਜੇ ਵੰਡ ਮੁਕੰਮਲ ਕਾਣੀ ਹੋ ਗਈ।

ਮੈਂ ਸ਼ੀਸ਼ੇ ਨੂੰ ਸਲਾਮਤ ਰਹਿਣ ਦਾ ਵਰ ਦੇਣ ਲੱਗਾ ਹਾਂ

ਮੈਂ ਸ਼ੀਸ਼ੇ ਨੂੰ ਸਲਾਮਤ ਰਹਿਣ ਦਾ ਵਰ ਦੇਣ ਲੱਗਾ ਹਾਂ। ਤੇ ਪੱਥਰ ਨੂੰ ਵੀ ਉੱਡਣ ਵਾਸਤੇ ਪਰ ਦੇਣ ਲੱਗਾ ਹਾਂ। ਬੜੇ ਬੇਚੈਨ ਫਿਰਦੇ ਨੇ ਮੁਸਾਫ਼ਰ ਮੰਜ਼ਿਲਾਂ ਲੱਭਦੇ, ਸਫ਼ਰ ਬਦਲੇ ਭਲੇ ਲੋਕਾਂ ਨੂੰ ਬਿਸਤਰ ਦੇਣ ਲੱਗਾ ਹਾਂ। ਉਨ੍ਹਾਂ ਨੇ ਦਿਨ,ਮਹੀਨੇ,ਸਾਲ ਮੰਗੇ ਨੇ ਮੇਰੇ ਕੋਲੋਂ, ਤੇ ਮੈਂ ਦੀਵਾਰ ਤੋਂ ਲਾਹ ਕੇ ਕਲੰਡਰ ਦੇਣ ਲੱਗਾ ਹਾਂ। ਸ਼ੁਗਲ ਵੇਖੋ,ਜਿਨ੍ਹਾਂ ਨੂੰ ਜਾਚ ਉੱਡਣ ਦੀ ਭੁਲਾਈ ਹੈ, ਉਨ੍ਹਾਂ ਖੰਭਾਂ ਦੇ ਥੱਲੇ ਹੁਣ ਮੈਂ ਅੰਬਰ ਦੇਣ ਲੱਗਾ ਹਾਂ। ਮੈਂ ਚਾਹੁੰਦਾ ਹਾਂ ਨਗਰ ਦੀ ਹਰਿਕ ਅੱਖ ਤੇ ਪੱਟੀਆਂ ਬੰਨ੍ਹਾਂ, ਉਹ ਫਿਰ ਵੀ ਇਹ ਸਮਝਦੇ ਨੇ ਮੈਂ ਮੰਜ਼ਰ ਦੇਣ ਲੱਗਾ ਹਾਂ। ਤੁਸੀਂ ਲਾਸ਼ਾਂ ਦੀ ਗਿਣਤੀ ਕਰਨ ਤੋਂ ਵਿਹਲੇ ਨਹੀਂ ਹੋਣਾ, ਜ਼ਰਾ ਠਹਿਰੋ,ਨਵੇਂ ਹਿਟਲਰ,ਸਿਕੰਦਰ ਦੇਣ ਲੱਗਾ ਹਾਂ। ਬੜਾ ਹੀ ਤਰਸ ਆਉਂਦਾ ਹੈ ਇਨ੍ਹਾਂ ਕੁਝ ਕਤਰਿਆਂ ਉੱਤੇ, ਆਹ ਲੈ ਸੰਭਾਲ,ਅੱਖਾਂ ਨੂੰ ਸਮੁੰਦਰ ਦੇਣ ਲੱਗਾ ਹਾਂ। ਨਹੀਂ ਝੁਲਸਾ ਸਕੀ ਜੇ ਅੱਤ ਦੀ ਗਰਮੀ ਦਰਖ਼ਤਾਂ ਨੂੰ, ਟਪਾ ਕੇ ਜੂਨ ਤੋਂ ਸਿੱਧਾ ਦਸੰਬਰ ਦੇਣ ਲੱਗਾ ਹਾਂ।

ਮੈਂ ਅਪਣੇ ਨਾਲ਼ ਵੀ ਅਜ ਕਲ੍ਹ ਨਾਰਾਜ਼ਗੀ ਰੱਖਾਂ

ਮੈਂ ਅਪਣੇ ਨਾਲ਼ ਵੀ ਅਜ ਕਲ੍ਹ ਨਾਰਾਜ਼ਗੀ ਰੱਖਾਂ। ਇਹ ਆਲਮ ਹੈ ਤਾਂ ਫਿਰ ਕਿਸ ਨਾਲ਼ ਦੋਸਤੀ ਰੱਖਾਂ। ਨਹੀਂ ਇਹ ਮੌਤ ਪਰ ਬਿਲਕੁਲ ਹੀ ਮੌਤ ਵਰਗੀ ਹੈ, ਮੈਂ ਕਿਹੜੇ ਕੋਣ ਤੋਂ ਇਸ ਦਾ ਨਾਂ ਜ਼ਿੰਦਗੀ ਰੱਖਾਂ। ਹੈ ਨਾ-ਮਨਜ਼ੂਰ ਤੇਰੀ ਕੰਧ ਦੀ ਵੀ ਛਾਂ ਮੈਨੂੰ, ਤੇ ਫ਼ਿਤਰਤ ਹੈ ਮੈਂ ਧੁੱਪਾਂ ਨਾਲ਼ ਵੀ ਅੜੀ ਰੱਖਾਂ। ਚੁਫੇਰੇ ਧੂੰਆਂ ਹੀ ਧੂੰਆਂ ਹੈ ਨਾ-ਉਮੀਦੀ ਦਾ, ਹੈ ਕੋਸ਼ਿਸ਼ ਫਿਰ ਵੀ ਨਾ ਤਸਵੀਰ ਧੁੰਦਲੀ ਰੱਖਾਂ। ਨਫ਼ਾ ਕੁਝ ਮੈਂ ਵੀ ਲੈ ਕੇ ਜਾਵਾਂ ਏਸ ਮੰਡੀ 'ਚੋਂ, ਹਟਾ ਕੇ ਸਾਦਗੀ ਦਿਲ ਵਿਚ ਸੌਦਾਗਰੀ ਰੱਖਾਂ। ਮੇਰੇ ਸ਼ਬਦਾਂ,ਤੇਰੇ ਅਰਥਾਂ 'ਚ ਫ਼ਾਸਲਾ ਹੈ ਪਰ, ਸਹੀ ਜਾਂ ਗ਼ਲਤ ਹੈ ਫਿਰ ਵੀ ਨਾ ਅਣਕਹੀ ਰੱਖਾਂ।

ਤਾਰਿਆਂ ਦੀ,ਪੱਤਿਆਂ ਦੀ,ਛਤਰੀ ਦੀ ਵੀ ਛਾਂ ਨਹੀਂ

ਤਾਰਿਆਂ ਦੀ,ਪੱਤਿਆਂ ਦੀ,ਛਤਰੀ ਦੀ ਵੀ ਛਾਂ ਨਹੀਂ। ਹੁਣ ਜਦੋਂ ਹੱਥਾਂ ਦੀ ਛਾਂ ਕਰਦੀ 'ਉਹ' ਸਿਰ 'ਤੇ ਮਾਂ ਨਹੀਂ। ਕੀ ਪਿਆਸੇ ਮਾਰਨੇ ਤੈਂ ਬਿਰਖ ਸਾਰੀ ਧਰਤ ਦੇ, ਕਿਉਂ ਤੇਰੇ ਅੰਬਰ 'ਚ ਬਦਲੋਟੀ ਲਈ ਵੀ ਥਾਂ ਨਹੀਂ। ਹੁਣ ਤਾਂ ਕੁਝ ਚੰਗੇ ਦਿਨਾਂ ਲਈ ਕਰ ਯਤਨ,ਮੌਕਾ ਵੀ ਹੈ, ਹੁਣ ਤਾਂ ਝੁਕੀਆਂ ਕੁਰਸੀਆਂ 'ਤੇ ਹੋ ਰਹੀ ਕਾਂ-ਕਾਂ ਨਹੀਂ। ਇਸ ਦਾ ਤੇ ਬੂਟੇ ਦਾ ਰਿਸ਼ਤਾ ਫ਼ਕਤ ਇਸ ਮੌਸਮ ਦਾ ਹੈ, ਮਰਮਰੀ ਗ਼ਮਲੇ ਦੀ ਮਿੱਟੀ ਮਹਿਕਦੀ ਹੀ ਤਾਂ ਨਹੀਂ। ਫਿਰ ਵੀ ਤੇਰਾ ਪਿੰਡ,ਗਲ਼ੀ ਤੇਰੀ ਤੇ ਤੇਰਾ ਘਰ ਦਿਸੇ, ਮੰਨਿਆ ਤੇਰੇ ਨਗਰ ਇਹ ਜਾਂਦੀਆਂ ਸੜਕਾਂ ਨਹੀਂ। ਇਕ ਮੁਕੰਮਲ ਜ਼ਿੰਦਗੀ ਦਾ ਫ਼ਲਸਫ਼ਾ ਗ਼ਜ਼ਲਾਂ 'ਚ ਹੈ, ਇਹ ਨਿਰੇ ਮਤਲੇ ਨਹੀਂ,ਮਕਤੇ ਨਹੀਂ,ਬਹਿਰਾਂ ਨਹੀਂ।

  • ਮੁੱਖ ਪੰਨਾ : ਪੰਜਾਬੀ ਕਵਿਤਾ : ਦਾਦਰ ਪੰਡੋਰਵੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ