Pani Utte Tardi Agg : Dadar Pandorvi

ਪਾਣੀ ਉੱਤੇ ਤਰਦੀ ਅੱਗ : ਦਾਦਰ ਪੰਡੋਰਵੀ


ਸ਼ਾਮ ਡੁਬਦੀ ਨਾਲ਼ ਮੇਰੇ ਦਿਲ ਦਾ ਡੁੱਬਣਾ ਲਾਜ਼ਮੀ ਸੀ

ਸ਼ਾਮ ਡੁਬਦੀ ਨਾਲ਼ ਮੇਰੇ ਦਿਲ ਦਾ ਡੁੱਬਣਾ ਲਾਜ਼ਮੀ ਸੀ। ਪਰ ਸਵੇਰੇ ਫਿਰ ਨਵੇਂ ਖ਼ਾਬਾਂ ਦਾ ਉੱਗਣਾ ਲਾਜ਼ਮੀ ਸੀ। ਹੋਰ ਥਾਂ ਤੈਹਾਂ 'ਚ ਛੁਪਿਆ ਹੋਇਆ ਪਾਣੀ ਸਾਂ ਮੈਂ, ਪਰ ਭਾਲ਼ ਮੇਰੀ ਵਿਚ ਕਿਤੇ ਖੂਹਾਂ ਦਾ ਪੁੱਟਣਾ ਲਾਜ਼ਮੀ ਸੀ। ਨੀਂਦ ਅੰਦਰ ਖ਼ਾਬ ਜ਼ਹਿਰੀਲੇ ਸਜਾਏ ਜਾ ਰਹੇ ਸਨ, ਫਿਰ ਕਿਸੇ ਕੀਮਤ 'ਤੇ ਵੀ ਅੱਖਾਂ ਦਾ ਖੁੱਲ੍ਹਣਾ ਲਾਜ਼ਮੀ ਸੀ। ਇਸ ਤਰ੍ਹਾਂ ਸ਼ਿੰਗਾਰ ਹੁੰਦਾ ਸੀ ਸਲੀਬਾਂ ਦਾ,ਕਿ ਆਖ਼ਰ ਹੱਕ ਦੇ ਮੈਦਾਨ ਵਿਚ ਈਸਾ ਦਾ ਲੱਥਣਾ ਲਾਜ਼ਮੀ ਸੀ। ਆਪਣਾ ਸਭ ਕੁਝ ਲੁਟਾ ਕੇ ਦੇਰ ਮਗਰੋਂ ਹੀ ਸਹੀ,ਪਰ ਆਪਣੇ ਆਪੇ ਚੋਂ ਆਪਣਾ ਆਪ ਲੱਭਣਾ ਲਾਜ਼ਮੀ ਸੀ। ਉਹ ਨਹੀਂ ਸਨ ਵੇਖ ਸਕਦੇ ਆਲ੍ਹਣੇ ਵਿਰਲਾਪ ਕਰਦੇ, ਪੰਛੀਆਂ ਦੇ ਨਾਲ਼ ਫਿਰ ਰੁੱਖਾਂ ਦਾ ਉੱਡਣਾ ਲਾਜ਼ਮੀ ਸੀ।

ਰੋਜ਼ ਢਲ਼ ਜਾਂਦਾ ਹੈ ਸੂਰਜ ਇਕ ਨਦੀ ਸਿਰ ਦੋਸ਼ ਲਾ ਕੇ

ਰੋਜ਼ ਢਲ਼ ਜਾਂਦਾ ਹੈ ਸੂਰਜ ਇਕ ਨਦੀ ਸਿਰ ਦੋਸ਼ ਲਾ ਕੇ। ਰਾਤ ਵੀ ਪੈਂਦੀ ਹੈ ਅਕਸਰ ਚੰਨ ਦੀਆਂ ਅੱਖਾਂ ਸੁਜਾ ਕੇ। ਇਹ ਨੇ ਤਾਰੂ ਛੱਪੜਾਂ ਦੇ,ਖਾਣਗੇ ਧੋਖਾ ਕਿਸੇ ਦਿਨ, ਸਾਗਰਾਂ ਵਲ ਤੁਰ ਪਏ ਨੇ ਕਿਸ਼ਤੀਆਂ ਸਿਰ 'ਤੇ ਉਠਾ ਕੇ। ਕੋਈ ਵੀ ਰੰਗਤ ਨਹੀਂ ਹੈ ਆਪਣੀ ਪਾਣੀ ਦੀ ਫਿਰ ਵੀ, ਹੱਸਦਾ ਹੈ ਸਾਡੇ 'ਤੇ ਇਹ ਨਿੱਤ ਨਵੀਂ ਬੋਤਲ 'ਚ ਜਾ ਕੇ। ਹਾਲ ਦੱਸਾਂਗੇ ਸਫ਼ਰ ਦਾ ਪਰਤਾਂਗੇ ਪਰਵਾਸ ਤੋਂ ਜਦ, ਹੁਣ ਤਾਂ ਉੱਡੇ ਹਾਂ ਮਸਾਂ ਇਸ ਅੱਗ ਵਿੱਚੋਂ ਬਚ-ਬਚਾ ਕੇ। ਸ਼ਹਿਰ ਵਿਚ ਸ਼ੀਸ਼ਾਗਰੀ ਸੌਖੀ ਨਹੀਂ ਇਸ ਹਾਲ ਅੰਦਰ, ਘੁੰਮਦੇ ਨੇ ਹੱਥ ਸਾਰੇ ਲਿਸ਼ਕਵੇਂ ਪੱਥਰ ਉਠਾ ਕੇ। ਉਸ ਨੂੰ ਕੱਲ੍ਹ ਦਾ ਫ਼ਿਕਰ ਕਿੰਨਾਂ ਸੌਂਪ ਦਿੱਤੈ,ਅੱਜ ਤੋਂ ਹੀ, ਖੇਡਦੈ ਬੱਚਾ ਵੀ ਅਪਣੇ ਬਸਤੇ ਨੂੰ ਗਲ਼ ਨਾਲ਼ ਲਾ ਕੇ। ਕੀਮਤਾਂ ਤੇ ਸੌਦਿਆਂ ਦੇ ਸ਼ੋਰ ਵਿਚ ਉਹ ਕੌਣ ਹੈ ਜੋ, ਸ਼ਹਿਰ ਦੀ ਮੰਡੀ 'ਚ ਬੈਠੈ ਬੰਸਰੀ ਬੁੱਲ੍ਹਾਂ ਨੂੰ ਲਾ ਕੇ। ਤਬਸਰਾ ਹਾਲਾਤ ਬਾਰੇ ਨਾ ਕਰੀਂ,ਮਹਿੰਗਾ ਪਵੇਗਾ, ਤੂੰ ਵੀ ਤੁਰਿਆ ਚੱਲ ਅਪਣੇ ਫ਼ੋਨ 'ਤੇ ਟਿਕਟੌਕ ਲਾ ਕੇ।

ਸਮੇਂ ਦੀ ਸੜਕ ਤੋਂ ਯੂ ਟਰਨ ਲੈ ਹੁੰਦਾ ਨਹੀਂ ਹੈ

ਸਮੇਂ ਦੀ ਸੜਕ ਤੋਂ ਯੂ ਟਰਨ ਲੈ ਹੁੰਦਾ ਨਹੀਂ ਹੈ। ਕੋਈ ਵੀ ਨਕਸ਼ ਬੀਤੇ ਦੇ ਬਦਲ ਸਕਦਾ ਨਹੀਂ ਹੈ। ਪਿਆ ਚੱਕਰ ਹੈ ਮੇਰੇ ਪੈਰੀਂ ਘੁੰਮਣ ਘੇਰੀਆਂ ਦਾ, ਸਫ਼ਰ 'ਤੇ ਹਾਂ ਨਿਰੰਤਰ,ਪਰ ਸਫ਼ਰ ਮੁਕਦਾ ਨਹੀਂ ਹੈ। ਉਦਾਸੀ ਵਿਚ ਬਦਲ ਗਈਆਂ ਨੇ ਸਭ ਰੰਗੀਨੀਆਂ ਵੀ, ਇਹ ਦਿਲ ਭਰਿਆ ਪਿਆ ਹੈ,ਫਿਰ ਵੀ ਦਿਲ ਭਰਦਾ ਨਹੀਂ ਹੈ। ਨਸਾਂ ਵਿੱਚੋਂ ਅਸੰਖਾਂ ਉਠਦੀਆਂ ਨੇ ਰੋਜ਼ ਚੀਸਾਂ, ਅਜਬ ਗੱਲ ਹੈ ਕਿ ਪੋਟਾ ਤੱਕ ਵੀ ਦੁਖਦਾ ਨਹੀਂ ਹੈ। ਹਜ਼ਾਰਾਂ ਸੁਪਨਿਆਂ ਦੇ ਮਹਿਲ ਲੱਭਣ ਨਿਕਲਿਆ ਸਾਂ, ਪਰ ਅਜ ਕਲ੍ਹ ਆਪਣਾ ਸੰਕੇਤ ਵੀ ਮਿਲਦਾ ਨਹੀਂ ਹੈ। ਭੜੱਕੇ ਮਾਰਦੀ ਹੈ ਘਰ 'ਚ ਬਲਦੀ ਮੋਮਬੱਤੀ, ਮੇਰੀ ਕਿਸਮਤ ਦਾ ਦੀਵਾ ਵੀ ਅਜੇ ਜਗਦਾ ਨਹੀਂ ਹੈ। ਜੇ ਅਜ ਮਾਂ ਜਿਉਂਦੀ ਹੁੰਦੀ ਕਿਸ ਤਰ੍ਹਾਂ ਗ਼ਮ ਸਹਿਣ ਕਰਦੀ, ਮੇਰਾ ਪੁਤ ਕੰਮ ਤੋਂ ਸਾਲਮ ਘਰੇ ਮੁੜਦਾ ਨਹੀਂ ਹੈ।

ਕੈਦ ਵਿਚ ਵੀ ਹਾਂ,ਤੇ ਕੋਈ ਕੰਧ ਵੀ ਦਿਸਦੀ ਨਹੀਂ

ਕੈਦ ਵਿਚ ਵੀ ਹਾਂ,ਤੇ ਕੋਈ ਕੰਧ ਵੀ ਦਿਸਦੀ ਨਹੀਂ। ਹੱਥ ਖੜ੍ਹਾ ਕਰਕੇ ਉਹ ਦੱਸੇ,ਇਹ ਕਥਾ ਜਿਸਦੀ ਨਹੀਂ। ਸ਼ਿਅਰ ਗ਼ਜ਼ਲਾਂ ਦੇ ਬਣਾ ਕੇ ਖ਼ੁਦ ਨੂੰ ਫ਼ਾਰਗ਼ ਕਰ ਲਿਆ, ਉਂਝ ਹੀ ਅੱਖਾਂ 'ਚੋਂ ਤੇਰੀ ਪੀੜ ਹੁਣ ਰਿਸਦੀ ਨਹੀਂ। ਇਹ ਤਾਂ ਕੋਈ ਅੰਦਰਲੀ ਤਾਕਤ ਹੀ ਲੈਂਦੀ ਹੈ ਬਚਾ, ਵਰਨਾ ਮੇਰੇ ਨਾਲ਼ ਚੱਲਦੀ ਦੁਸ਼ਮਣੀ ਕਿਸਦੀ ਨਹੀਂ। ਵਕਤ ਪਾ ਕੇ ਹੋਰ ਵੀ ਇਹ ਹੁੰਦੀ ਜਾਂਦੀ ਹੈ ਕਠੋਰ, ਉਫ਼!ਇਹ ਤੇਰੇ ਦਰਦ ਦੀ ਚਾਕੀ ਰਤਾ ਘਿਸਦੀ ਨਹੀਂ। ਗ਼ੌਰ ਕਰ,ਤੇਰੇ ਹੀ ਸੁਪਨੇ ਹੋਣਗੇ ਵੱਡੇ ਬਹੁਤ, ਸਾਦਗੀ ਵਿਚ ਤਾਂ ਕਦੇ ਵੀ ਜ਼ਿੰਦਗੀ ਪਿਸਦੀ ਨਹੀਂ। ਕਾਸ਼!ਇਕ ਵੀ ਸ਼ਖ਼ਸ ਮਿਲ ਜਾਵੇ ਤੁਹਾਡੇ ਸ਼ਹਿਰ 'ਚੋਂ, ਮੈਂ ਕਹਾਂ ਗਲਤੀ ਹੈ 'ਮੇਰੀ',ਉਹ ਕਹੇ 'ਇਸਦੀ' ਨਹੀਂ।

ਕਿਸੇ ਦਿਨ ਵਕਤ ਦੇ ਸੀਨੇ 'ਚ ਡੂੰਘੇ ਲੱਥਣਾ ਪੈਣੈ

ਕਿਸੇ ਦਿਨ ਵਕਤ ਦੇ ਸੀਨੇ 'ਚ ਡੂੰਘੇ ਲੱਥਣਾ ਪੈਣੈ। ਪਿਆ ਜੇ ਅਸਤਣਾ ਕਿਧਰੇ,ਤਾਂ ਮੁੜ ਕੇ ਉੱਗਣਾ ਪੈਣੈ। ਬਥੇਰਾ ਦੀਵਿਆਂ ਨੇ ਰੌਸ਼ਨੀ ਦੀ ਲਾਜ ਰੱਖੀ ਹੈ, ਜਗਾ ਕੇ ਸੂਰਜਾਂ ਨੂੰ ਹੁਣ ਹਨੇਰਾ ਚਿੱਥਣਾ ਪੈਣੈ। ਨਵੀਂ ਸਾਜ਼ਿਸ਼ ਸ਼ੁਰੂ ਹੁੰਦੀ ਹੈ ਤੇਰੀ ਹੀ ਗਲ਼ੀ ਵਿੱਚੋਂ, ਤੇਰੀ ਚੌਖਟ 'ਤੇ ਆ ਕੇ ਵੀ ਕਿਸੇ ਦਿਨ ਬੁੱਕਣਾ ਪੈਣੈ। ਤੇਰੀ ਲਿਸ਼ਕੋਰ ਦੀ ਅੰਬਰ ਨੂੰ ਹੁਣ ਹੈ ਲੋੜ ਐ ਤਾਰੇ, ਤੇਰੇ 'ਤੇ ਵਕਤ ਆ ਪਹੁੰਚਾ ਹੈ, ਤੈਨੂੰ ਟੁੱਟਣਾ ਪੈਣੈ। ਸਮਾਂ ਰਹਿੰਦੇ ਜੇ ਅਪਣੀ ਅਣਖ ਦੇ ਦਰਿਆ ਨਹੀਂ ਸਾਂਭੇ, ਲਿਖਾਕੇ ਲੈ ਲਵੋ,ਕਤਰੇ 'ਚ ਇਕ ਦਿਨ ਡੁੱਬਣਾ ਪੈਣੈ। ਸਬੱਬੀਂ ਕਾਫ਼ਲਾ ਰਾਹ ਭਟਕ ਜਾਂਦਾ ਹੈ,ਕਈ ਵਾਰੀ ਇਨ੍ਹਾਂ ਦੇ ਜ਼ਿਹਨ ਵਿਚ ਵੀ ਮੀਲ-ਪੱਥਰ ਗੱਡਣਾ ਪੈਣੈ। ਕਿਤੇ ਨਾ ਭੁੱਲ ਜਾਵੇ ਲਰਜਣਾ ਇਸ ਝੀਲ ਦਾ ਪਾਣੀ, ਕਿਸੇ ਨੂੰ ਤਾਂ ਚਲਾ ਕੇ ਇਸ 'ਚ ਪੱਥਰ ਸੁੱਟਣਾ ਪੈਣੈ।

ਕੀ ਕਰਾਂ ਇਸ ਜ਼ਿੰਦਗੀ ਵਿਚ ਦਰਦ ਹੀ ਨੇ ਬੇਹਿਸਾਬ

ਕੀ ਕਰਾਂ ਇਸ ਜ਼ਿੰਦਗੀ ਵਿਚ ਦਰਦ ਹੀ ਨੇ ਬੇਹਿਸਾਬ। ਮਾਂ ਦੀ ਬੁੱਕਲ ਵਾਂਗ ਫਿਰ ਵੀ ਸਾਂਭ ਲੈਂਦੀ ਹੈ ਕਿਤਾਬ। ਲਿਖ ਲਵੋ ਨਾਅਰੇ ਇਨ੍ਹਾਂ 'ਤੇ ਆਖਦੀ ਹੈ ਹਰ ਗਲ਼ੀ, ਮੱਤ ਹੈ ਛੱਤਾਂ ਦੀ ਐਪਰ ਨਾ ਕਰੋ ਕੰਧਾਂ ਖ਼ਰਾਬ। ਇਹ ਪਰਾਇਆ ਬਿਰਖ ਹੈ ਤੇ ਬਿਰਖ ਹੈ ਉਹ ਆਪਣਾ, ਰੁੱਤ ਬਿਲਕੁਲ ਰੱਖਦੀ ਨਈਂ ਬਾਣੀਏਂ ਵਾਂਗੂੰ ਹਿਸਾਬ। ਇਸ ਤਰ੍ਹਾਂ ਦੇ ਪਿਆਰ ਦੀ ਚਾਹਤ ਨਾ ਪੂਰੀ ਹੋ ਸਕੀ, ਮੈਂ ਕਰਾਂ ਲਿਖਣਾ ਸ਼ੁਰੂ ਖ਼ਤ ਉਸ ਦਾ ਆ ਜਾਵੇ ਜਵਾਬ। ਇਹ ਖ਼ਬਰ ਸੁਣਕੇ ਨਾ ਵੇਚਣ ਤੁਰ ਪਿਉ ਦੀਵੇ ਤੁਸੀਂ, ਸਿਰਫ਼ ਜੁਮਲੇ ਨੇ ਕਿ ਜਲਦੀ ਹੀ ਵਿਕਣਗੇ ਆਫ਼ਤਾਬ। ਰੋਜ਼ ਸ਼ੀਸ਼ਾ ਪੁੱਛਦਾ ਹੈ ਜੋ ਉਦ੍ਹਾ ਉੱਤਰ ਦਿਓ, ਸਬਰ ਰੱਖੋ,ਕਰ ਲਿਓ ਫਿਰ ਸ਼ਹਿਰ ਸਾਰਾ ਬੇਨਕਾਬ।

ਅਪਣੀ ਬੁੱਕਲ 'ਚ ਜਾਂ ਲੈ ਬਿਠਾ ਜ਼ਿੰਦਗੀ

ਅਪਣੀ ਬੁੱਕਲ 'ਚ ਜਾਂ ਲੈ ਬਿਠਾ ਜ਼ਿੰਦਗੀ। ਜਾਂ ਮਰੀ ਮਾਂ ਦਾ ਦੱਸ ਦੇ ਪਤਾ ਜ਼ਿੰਦਗੀ। ਰਹਿ ਹੀ ਜਾਵੇਗੀ ਖ਼ੁਸ਼ਬੂ ਧਰੀ ਦੀ ਧਰੀ, ਹੋ ਗਈ ਜਦ ਹਵਾ 'ਚੋਂ ਹਵਾ ਜ਼ਿੰਦਗੀ। ਮੌਤ ਹੈ,ਅੱਗ ਬਿਰਖਾਂ ਨੂੰ ਲੱਗੀ ਜਿਵੇਂ, ਦੂਰ ਤਕ ਦਿਸਦਾ ਜੰਗਲ ਹਰਾ ਜ਼ਿੰਦਗੀ। ਵੇਖ ਸਕਦਾ ਨਹੀਂ ਮੌਤ ਦੇ ਖ਼ਾਬ ਮੈਂ, ਮੇਰੇ ਬਾਰੇ 'ਚ ਕੀ ਸੋਚਿਆ?ਜ਼ਿੰਦਗੀ। ਸ਼ਿਅਰ ਵਾਂਗੂੰ ਕਿਤੇ ਇਹ ਜ਼ਬਰਦਸਤ ਹੈ, ਤੇ ਕਿਤੇ ਬਸ ਬਹਿਰ,ਕਾਫ਼ੀਆ ਜ਼ਿੰਦਗੀ। ਹਾਦਸੇ ਵਿੱਚ ਤੇਰਾ ਵੀ ਤਾਂ ਆਵੇਗਾ ਨਾਂ, ਜੇ ਸੁਣਾ ਦਿੱਤੀ ਮੈਂ ਵਾਰਤਾ,ਜ਼ਿੰਦਗੀ। ਬਹੁਤ ਜਲਦੀ ਮੈਂ ਆਵਾਂਗਾ ਪਿੰਡ ਪਰਤ ਕੇ, ਸਿਮਰਤੀ 'ਚੋਂ ਕਰੀਂ ਨਾ ਜੁਦਾ ਜ਼ਿੰਦਗੀ। ਘੇਰਦੀ ਏਂ ਚੁਫੇਰੇ ਤੋਂ ਕਾਹਤੋਂ ਸਦਾ, ਦਰਦ ਦਾ ਇਕ ਪਾਸਾ ਬਣਾ ਜ਼ਿੰਦਗੀ।

ਏਨੇ ਸ਼ੋਰ 'ਚ ਸਾਰੰਗੀ ਕੀ ਅਰਜ਼ ਕਰੇ

ਏਨੇ ਸ਼ੋਰ 'ਚ ਸਾਰੰਗੀ ਕੀ ਅਰਜ਼ ਕਰੇ। ਹਉਕਾ ਭਰਨੇ ਤੋਂ ਵੀ ਜਿੱਥੇ ਚਿੱਤ ਡਰੇ। ਮਾਵਾਂ ਨੂੰ ਦੁਨੀਆ ਸਮਝਾਉਂਦੀ ਫਿਰਦੀ ਹੈ, ਧੀਆਂ ਵਾਂਗੂੰ ਪੁੱਤਾਂ ਨੂੰ ਵੀ ਡੱਕ ਘਰੇ। ਮੈਂ ਕਿੱਦਾਂ ਬਿਰਖਾਂ ਤੋਂ ਮੁਨਕਰ ਹੋ ਜਾਵਾਂ, ਮੇਰੇ ਹਿੱਸੇ ਦੀ ਹਰ ਪੱਤਾ ਧੁੱਪ ਜਰੇ। ਉੱਚਾ ਉੱਠਣ ਦੇ ਲਈ ਅਜ ਕਲ੍ਹ ਸੰਭਵ ਹੈ, ਦੁਨੀਆ,ਮੋਢੇ 'ਤੇ ਨਈਂ,ਸਿਰ 'ਤੇ ਪੈਰ ਧਰੇ। ਕਿਹੜੇ ਰਾਹਾਂ 'ਤੇ ਤੋਰੋਗੇ ਰਾਹੀ ਨੂੰ, ਆ ਪਹੁੰਚੇ ਨੇ ਟੋਲ ਪਲਾਜੇ਼ ਐਨ ਘਰੇ। ਚੌਂਕ ਦੇ ਮਟਕੇ ਵਿਚ ਪਾਣੀ ਵੀ ਚਾਹੀਦੈ, ਨੱਕ ਡੁਬੋ ਕੇ ਜਿਸ ਦੇ ਵਿੱਚ ਸਰਕਾਰ ਮਰੇ। ਮੈਂ ਪੁੱਛਿਆ ਨਾ ਹਾਲ ਕਦੇ ਵੀ ਰਸਤੇ ਦਾ, ਛੱਡਣ ਆਉਂਦਾ ਹੈ ਜੋ ਮੈਨੂੰ ਰੋਜ਼ ਘਰੇ। ਰਿਸ਼ਤਿਆਂ ਦੇ ਰੰਗ ਫਿੱਕੇ ਪੈ ਗਏ ਨੇ ਦਾਦਰ, ਆਵੇ ਕੋਈ ਲਲਾਰੀ ਗੂੜ੍ਹੇ ਰੰਗ ਭਰੇ।

ਮਹਿਕਾਂ ਦੇ ਸੰਗ ਪੌਣਾਂ ਭਾਰੀ ਹੋ ਗਈਆਂ ਨੇ

ਮਹਿਕਾਂ ਦੇ ਸੰਗ ਪੌਣਾਂ ਭਾਰੀ ਹੋ ਗਈਆਂ ਨੇ, ਫੁੱਲਾਂ ਵਿਚ ਵੀ ਰੰਗ ਬਥੇਰਾ ਭਰ ਚੁੱਕਾ ਹੈ। ਫਿਰ ਵੀ ਤੇਰੇ ਬਾਝੋਂ ਘਰ ਦੀ ਹਰ ਇਕ ਸ਼ੈਅ ਨੂੰ, ਏਦਾਂ ਕਾਹਤੋਂ ਲਗਦੈ ਮੌਸਮ ਮਰ ਚੁੱਕਾ ਹੈ। ਤੇਰੀ ਬਾਂਹ ਦੇ ਮੇਚ ਨਾ ਆਈਆਂ ਦਿੱਤੀਆਂ ਵੰਗਾਂ, ਤਰਸ ਗਈ ਤੇਰੇ ਪੈਰੀਂ ਛਣਕਣ ਨੂੰ ਝਾਂਜਰ, ਮੇਰੇ ਨਾਂ ਦੀ ਮਹਿੰਦੀ ਨੇ ਵੀ ਕੀ ਚੜ੍ਹਨੈ ਜਦ, ਚੀਰ 'ਚ ਹੀ ਸੰਧੂਰ ਕਿਸੇ ਦਾ ਭਰ ਚੁੱਕਾ ਹੈ। ਇਸ ਵਾਰੀ ਮੈਂ ਤੇਰੇ ਸ਼ਹਿਰ ਗਿਆ ਸੀ ਜਦ,ਤਾਂ 'ਟੇਸ਼ਣ ਦੇ ਉਸ ਥੜ੍ਹੇ 'ਤੇ ਜਿੱਥੇ ਮਿਲ ਬਹਿੰਦੇ ਸਾਂ, ਪਤਾ ਨਹੀਂ ਕਿਉਂ ਪਹਿਲੀ ਵਾਰੀ ਲੱਗਾ,ਜਿੱਦਾਂ ਅਪਣਾ ਰਿਸ਼ਤਾ ਇਸ ਨੂੰ ਵੀ ਵਿੱਸਰ ਚੁੱਕਾ ਹੈ। ਰੁੱਖੇ ਮੌਸਮ ਵਿਚ ਵੀ ਤੂੰ ਇਕ ਖ਼ਤ ਨਾ ਲਿਖਿਆ, ਮੇਰੀ ਛੱਡ,ਤੂੰ ਅਪਣੇ ਵੀ ਬਾਬਤ ਨਾ ਲਿਖਿਆ, ਅਪਣੀ ਅਪਣੀ ਮਰਿਆਦਾ ਦੇ ਵਹਿਣ 'ਚ ਵਹਿ ਕੇ, ਚਿਰ ਹੋਇਆ ਉਹ ਅਪਣਾ ਰਿਸ਼ਤਾ ਖਰ ਚੁੱਕਾ ਹੈ। ਅਪਣੇ ਅਪਣੇ ਪਰਿਵਾਰਾਂ ਵਿਚ ਉਲਝ ਗਏ ਹਾਂ, ਚੰਗੀ ਗੱਲ ਹੈ ਹੌਲ਼ੀ ਹੌਲ਼ੀ ਸੁਲਝ ਗਏ ਹਾਂ, ਹੋਰ ਦੋ ਕਮਰੇ ਛੱਤ ਲਏ ਨੇ ਮੈਂ ਵੀ ਘਰ ਵਿਚ, ਤੇਰੇ ਘਰ ਦਾ ਲਾਅਨ ਵੀ ਬਹੁਤ ਨਿਖਰ ਚੁੱਕਾ ਹੈ।

ਰੁੱਖਾਂ ਨੂੰ ਪਹਿਲਾਂ ਰੰਗਲੀਆਂ ਰੁੱਤਾਂ ਬਹਾਲ ਕਰ

ਰੁੱਖਾਂ ਨੂੰ ਪਹਿਲਾਂ ਰੰਗਲੀਆਂ ਰੁੱਤਾਂ ਬਹਾਲ ਕਰ। ਫਿਰ ਪੱਤਿਆਂ ਦੇ ਝੜਨ 'ਤੇ ਤੂੰ ਵੀਂ ਸਵਾਲ ਕਰ। ਪੱਥਰ ਤਾਂ ਹਰਿਕ ਹੱਥ ਵਿਚ ਇਕ ਦੀ ਥਾਂ ਦੋ ਦੋ ਨੇ, ਜੋ ਬਚ ਗਿਆ ਹੈ ਸ਼ਹਿਰ ਵਿਚ ਸ਼ੀਸ਼ੇ ਦੀ ਭਾਲ਼ ਕਰ। ਇਹ ਤਾਂ ਸਲਾਹਾਂ ਦਿੰਦੀਆਂ ਰਾਹਾਂ 'ਚ ਖੜਨ ਦੀ, ਨਾ ਮਸ਼ਵਰੇ ਤੂੰ ਤੁਰਨ ਦੇ ਕੰਧਾਂ ਦੇ ਨਾਲ਼ ਕਰ। ਅੰਬਰ 'ਚੋਂ ਹੁਣ ਪਾਣੀ ਨਹੀਂ ਤੇਜ਼ਾਬ ਵਰ੍ਹ ਰਿਹੈ, ਐਵੇਂ ਨਾ ਖੁਰਦੇ ਰੰਗ 'ਤੇ ਐਨਾ ਮਲਾਲ ਕਰ। ਪਾਣੀ 'ਚ ਹੀ ਨਾ ਡੁੱਬ ਕੇ ਮਰ ਜਾਣ ਮਛਲੀਆਂ, ਐਨੇ ਵੀ ਅਪਣੀ ਭੁੱਖ ਦੇ ਨੰਗੇ ਨਾ ਜਾਲ਼ ਕਰ। ਚਿੰਤਾ ਨਹੀਂ ਜੇ ਆਪਣੇ ਖੰਭਾਂ ਦੇ ਝੜਨ ਦੀ, ਪੌਣਾਂ 'ਤੇ ਪਾ ਲਗਾਮ ਤੂੰ,ਵਗਣਾ ਮੁਹਾਲ ਕਰ। ਸਾਗਰ 'ਚ ਪਾਲ ਤਿਤਲੀਆਂ,ਅੰਬਰ 'ਚ ਮਛਲੀਆਂ, ਸ਼ਾਇਰ ਏਂ ਤੂੰ ਵੀ ਅਪਣਾ ਬਣਦਾ ਕਮਾਲ ਕਰ।

ਨਿਕਲੇ ਨੇ ਕਿਸ ਸਫ਼ਰ 'ਤੇ ਇਹ ਸ਼ਹਿਰ ਦੇ ਬਸ਼ਿੰਦੇ

ਨਿਕਲੇ ਨੇ ਕਿਸ ਸਫ਼ਰ 'ਤੇ ਇਹ ਸ਼ਹਿਰ ਦੇ ਬਸ਼ਿੰਦੇ। ਨਾ ਆਪ ਚੱਲ ਰਹੇ ਨੇ,ਨਾ ਰਾਹ ਕਿਸੇ ਨੂੰ ਦਿੰਦੇ। ਕੋਈ ਫ਼ਿਕਰ ਨਹੀਂ ਹੈ,ਕੀ ਸਾਜ਼ ਨਾਲ਼ ਬੀਤੀ? ਨਵਿਓਂ ਨਵੇਂ ਤਜਰਬੇ ਕਰਦੇ ਰਹੇ ਸਾਜ਼ਿੰਦੇ। ਕੁਝ ਕੁ ਬਨੇਰਿਆਂ 'ਤੇ,ਬਹਿ ਗਈ ਹੈ ਧੁੱਪ ਸਾਰੀ, ਸਭ ਸਰਫ਼ਰੋਸ ਚੁੱਪ ਨੇ,ਸੂਰਜ ਨੂੰ ਕੌਣ ਨਿੰਦੇ। ਹੋਏ ਘਰਾਂ ਤੋਂ ਰੁਖ਼ਸਤ ,ਨਾ ਸ਼ੌਂਕ,ਸ਼ੁਗਲ ਕਰਕੇ, ਸਬਰਾਂ ਦੇ ਗੀਤ ਗਾਉਂਦੇ,ਕਿੰਨਾ ਕੁ ਚਿਰ ਕਰਿੰਦੇ। ਸਾਰੀ ਉਮਰ ਹੀ ਗ਼ਮ ਨੇ ਰੱਜ਼ ਕੇ ਖ਼ੁਆਰ ਕੀਤਾ, ਆਖ਼ਿਰ ਵਗਾਹ ਕੇ ਮਾਰੇ ਤੇਰੇ ਲਿਬਾਸ ਜ਼ਿੰਦੇ। ਇਸ ਸ਼ਹਿਰ ਦੀ ਹਵਾ ਵੀ,ਜਾਸੂਸ ਹੋ ਗਈ ਹੈ, ਡਰਦੇ ਦੁਪਹਿਰ ਵੇਲੇ,ਚਿੰਬੜੇ ਦਰਾਂ ਨੂੰ ਜਿੰਦੇ।

ਮੈਂ ਤੁਰਦਾ ਬਹੁਤ ਅੱਗੇ ਨਿਕਲ ਆਇਆਂ

ਮੈਂ ਤੁਰਦਾ ਬਹੁਤ ਅੱਗੇ ਨਿਕਲ ਆਇਆਂ, ਤੇਰਾ ਹੁਣ ਇਸ਼ਕ ਪਿੱਛੇ ਰਹਿ ਗਿਆ ਹੈ। ਇਨ੍ਹਾਂ ਅੱਖਾਂ 'ਚ ਸਾਗਰ ਤਾਂ ਨਹੀਂ ਸੀ, ਜ਼ਰਾ ਪਾਣੀ ਹੀ ਸੀ,ਜੋ ਵਹਿ ਗਿਆ ਹੈ। ਮੈਂ ਰਸਤੇ ਜਾਣ ਬੁੱਝ ਕੇ ਸਖ਼ਤ ਰੱਖੇ, ਤੇ ਖ਼ੁਦ ਲਈ ਚੁਣ ਕੇ ਔਖੇ ਵਕਤ ਰੱਖੇ, ਮੇਰੇ ਹਮਸਫ਼ਰ ਫਿਰ ਵੀ ਬਹਿਸਦੇ ਨੇ, ਮੇਰੇ ਹੱਡਾਂ 'ਚ ਪਾਰਾ ਬਹਿ ਗਿਆ ਹੈ। ਅਜੇ ਤਾਂ ਹੋਇਆ ਹੈ ਆਗਾਜ ਕੇਵਲ, ਅਜੇ ਤਾਂ ਵਕਤ ਨੇ ਅੰਜਾਮ ਲਿਖਣਾ, ਮੇਰੇ ਬਾਰੇ ਕਿਆਫੇ਼ ਗ਼ਲਤ ਲੱਗਣ, ਜੋ ਕਹਿਣਾ ਸੀ ਕਦੋਂ ਦਾ ਕਹਿ ਗਿਆ ਹੈ। ਹੈ ਅਪਣੇ ਨਾਲ਼ ਵੀ ਸੰਵਾਦ ਮੇਰਾ, ਕਰੇਗਾ ਵਕਤ ਵੀ ਅਨੁਵਾਦ ਮੇਰਾ, ਕਹਾਇਆ ਹੈ ਬੜਾ ਕੁਝ ਜ਼ਿੰਦਗੀ ਨੇ, ਬੜਾ ਕੁਝ ਅਣਕਿਹਾ ਵੀ ਰਹਿ ਗਿਆ ਹੈ। ਮੈਂ ਕਿੱਥੇ ਦੇਣ ਦੇਵਾਂਗਾ ਇਹ ਤੇਰਾ, ਕਰੂ ਨਾ ਮਾਫ਼ ਮੈਨੂੰ ਦਰਦ ਮੇਰਾ, ਇਹ ਬਣਿਆ ਤਾਂ ਸੀ ਮੇਰੇ ਵਾਸਤੇ ਪਰ, ਤੇਰੇ ਸੀਨੇ ਜੋ ਖੰਜਰ ਲਹਿ ਗਿਆ ਹੈ।

  • ਮੁੱਖ ਪੰਨਾ : ਪੰਜਾਬੀ ਕਵਿਤਾ : ਦਾਦਰ ਪੰਡੋਰਵੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ