Ander Da Safar : Dadar Pandorvi

ਅੰਦਰ ਦਾ ਸਫ਼ਰ : ਦਾਦਰ ਪੰਡੋਰਵੀ


ਬਚਾ ਕੇ ਪੋਟਿਆਂ ਨੂੰ ਰੱਖ,ਕਿ ਇਹ ਹੈ ਤਿੜਕਿਆ ਸ਼ੀਸ਼ਾ

ਬਚਾ ਕੇ ਪੋਟਿਆਂ ਨੂੰ ਰੱਖ,ਕਿ ਇਹ ਹੈ ਤਿੜਕਿਆ ਸ਼ੀਸ਼ਾ। ਕਰੀਂ ਨਾ ਰੋਸ ਫਿਰ ਹੱਡਾਂ 'ਚ ਜੇਕਰ ਲਹਿ ਗਿਆ ਸ਼ੀਸ਼ਾ। ਜੇ ਚੋਟਾਂ ਸਹਿ ਗਿਆ ਹਸਕੇ ਤਾਂ ਲੋਕਾਂ ਨੇ ਕਿਹਾ,'ਪੱਥਰ', ਜੇ ਟੁਟਕੇ ਬਿਖਰਿਆ ਤਾਂ ਸਾਰਿਆਂ ਨੇ ਆਖਿਆ, 'ਸ਼ੀਸ਼ਾ'। ਤਮੰਨਾਂ ਹੈ ਬੜੇ ਚਿਰ ਦੀ ਮੈਂ ਉਸਦੇ ਰੂ-ਬ-ਰੂ ਹੋਵਾਂ, ਮਗਰ ਹਿੰਮਤ ਨਹੀਂ ਹੁੰਦੀ ਜਦੋਂ ਦਾ ਵੇਖਿਆ ਸ਼ੀਸ਼ਾ। ਕਿਸੇ ਨੇ ਚੋਟ ਕੀ ਮਾਰੀ,ਉਹ ਟੁੱਟ ਕੇ ਹੋ ਗਿਆ ਟੁਕੜੇ, ਮੇਰੇ ਵਾਂਗੂੰ ਹੀ ਅੰਦਰੋਂ ਕੱਚ ਵਰਗਾ ਨਿਕਲਿਆ ਸ਼ੀਸ਼ਾ। ਤੁਹਾਡੇ ਸਾਰਿਆਂ ਹੱਥੀਂ, ਉਦੋਂ ਪੱਥਰ ਹੀ ਪੱਥਰ ਸਨ, ਤਾਂ ਸਭ ਕੁਝ ਵੇਖਦੇ ਹੋਏ ਵੀ ਕੁਝ ਨਾ ਬੋਲਿਆ ਸ਼ੀਸ਼ਾ। ਨਗਰ ਮੇਰੇ ਤੋਂ ਐ ਰੱਬਾ,ਇਹ ਮੰਜ਼ਰ ਦੂਰ ਹੀ ਰੱਖੀਂ, ਬੁਝੇ ਦੀਵੇ, ਸਮੁੰਦਰ ਖ਼ੁਸ਼ਕ,'ਨੇਰ੍ਹਾ, ਤਿੜਕਿਆ ਸ਼ੀਸ਼ਾ। ਕਿ ਭੁੱਖੇ ਪੇਟ ਦਾ ਇਹ ਕਾਰਨਾਮਾ ਵੇਖ ਚੁੱਕੇ ਹਾਂ, ਉਹ ਇਸ ਨੂੰ ਸਮਝ ਕੇ ਰੋਟੀ,ਫਟਾਫਟ ਖਾ ਗਿਆ ਸ਼ੀਸ਼ਾ। ਰੋਜ਼ਾਨਾ ਝੱਲਦਾ ਹੈ ਜ਼ਿੰਦਗੀ ਦੀ ਨਿੱਤ ਨਵੀਂ ਠੋਕਰ, ਤੁਸੀਂ ਸਭ ਗ਼ਲਤ ਸਮਝੇ ਹੋ,ਜੇ ਉਸਨੂੰ ਸਮਝਿਆ ਸ਼ੀਸ਼ਾ।

ਨਜ਼ਰ ਆਉਣਾ ਨਹੀਂ ਕੁਝ ਵੀ,ਨਾ ਝਾਕੋ ਚਿਹਰਿਆਂ ਵਿੱਚੋਂ

ਨਜ਼ਰ ਆਉਣਾ ਨਹੀਂ ਕੁਝ ਵੀ,ਨਾ ਝਾਕੋ ਚਿਹਰਿਆਂ ਵਿੱਚੋਂ। ਚੜ੍ਹੀ ਹੈ ਫਿਲਮ ਕਾਲੀ,ਕੁਝ ਨਾ ਦਿਸਣਾ ਸ਼ੀਸ਼ਿਆਂ ਵਿੱਚੋਂ। ਪਰਿੰਦੇ ਜੋ ਵੀ ਉੱਡਣੇ ਹੁਣ ਉਹ ਜਜ਼ਬੇ ਨਾਲ਼ ਉੱਡਣਗੇ ਸ਼ਿਕਾਰੀ ਨੇ ਬੜੇ ਪਰ ਕੱਟ ਦਿੱਤੇ ਨੇ ਪਰਾਂ ਵਿੱਚੋਂ। ਉਡੇ ਸੀ ਚੋਗ ਦੀ ਖ਼ਾਤਰ,ਘਰਾਂ ਨੂੰ ਪਰਤ ਨਾ ਹੋਇਆ, ਮਿਲੇ ਐਸੇ ਨਸ਼ੀਲੇ ਦਾਣੇ,ਸਾਨੂੰ ਚੋਗਿਆਂ ਵਿੱਚੋਂ। ਉਹ ਲੈ ਗਏ ਵਰਗਲਾ ਕੇ,ਕਾਫ਼ਿਲੇ ਨੂੰ ਬੇਵਸੀ ਤੀਕਰ, ਮੁਸਾਫ਼ਿਰ ਪਰਤ ਆਏ ਭਟਕਦੇ ਹੀ ਰਸਤਿਆਂ ਵਿੱਚੋਂ। ਸਿਆਸਤ ਤੇ ਅਦਾਵਤ ਆ ਵਸੀ ਹੈ ਹੁਣ ਇਨ੍ਹਾਂ ਅੰਦਰ, ਬਚਾ ਕੇ ਰੱਬ ਨੂੰ ਕੱਢੋ,ਮਸੀਤਾਂ,ਮੰਦਰਾਂ ਵਿੱਚੋਂ। ਨਹੀਂ ਤਾਂ ਉਮਰ ਭਰ ਮਲਬਾ ਉਠਾਓਗੇ ਉਮੀਦਾਂ ਦਾ, ਅਜੇ ਵੀ ਵਕਤ ਹੈ ਲੋਕੋ,ਕਿ ਨਿਕਲੋ ਸੁਪਨਿਆਂ ਵਿੱਚੋਂ। ਇਹ ਅੱਜਕਲ੍ਹ ਜ਼ਿੰਦਗੀ ਨੂੰ ਟੁੰਬਦੀ,ਵੰਗਾਰਦੀ ਲੰਘੇ, ਗ਼ਜ਼ਲ ਹੁਣ ਬਾਹਰ ਆਈ ਹੈ,ਮੈਖ਼ਾਨੇ,ਮਹਿਫ਼ਿਲਾਂ ਵਿੱਚੋਂ। ਮੁਸਾਫ਼ਿਰ ਘੱਟ ਨੇ ਤੇ ਰਹਿਬਰਾਂ ਦੀ ਭੀੜ ਹੈ ਪਾਸੇ, ਯਕੀਨਨ ਕਾਫ਼ਿਲੇ ਗੁਜ਼ਰਨਗੇ ਨਵੀਆਂ ਮੁਸ਼ਕਿਲਾਂ ਵਿੱਚੋਂ।

ਸਭ ਦੀਆਂ ਨਜ਼ਰਾਂ 'ਚ ਅੱਜ ਕਲ੍ਹ ਰੜਕਦੇ ਹਾਂ ਦੋਸਤੋ

ਸਭ ਦੀਆਂ ਨਜ਼ਰਾਂ 'ਚ ਅੱਜ ਕਲ੍ਹ ਰੜਕਦੇ ਹਾਂ ਦੋਸਤੋ। ਕਰਦੇ ਹਾਂ ਬੇਬਾਕੀਆਂ,ਸੱਚ ਬੋਲਦੇ ਹਾਂ ਦੋਸਤੋ। ਪਰਦਿਆਂ ਪਿੱਛੇ ਵੀ ਜੋ ਹੁੰਦਾ ਹੈ ਆਉਂਦਾ ਹੈ ਨਜ਼ਰ, ਮੀਟ ਕੇ ਅੱਖਾਂ ਵੀ ਸਭ ਕੁਝ ਵੇਖਦੇ ਹਾਂ ਦੋਸਤੋ। ਆਉਣ ਵਾਲੀ ਨਸਲ ਨੂੰ ਹਾਂ ਦੇ ਰਹੇ ਤੁਹਫ਼ਾ ਅਜਬ, ਗਮਲਿਆਂ ਵਿਚ ਬੋੜ੍ਹ, ਪਿੱਪਲ ਬੀਜਦੇ ਹਾਂ ਦੋਸਤੋ। ਕਤਲ ਸੌ ਵਾਰੀ ਵੀ ਖ਼ਾਬਾਂ ਦਾ ਬੇਸ਼ਕ ਹੁੰਦਾ ਰਹੇ, ਫੇਰ ਵੀ ਸੁਪਨੇ ਸੁਨਹਿਰੀ ਸਿਰਜਦੇ ਹਾਂ ਦੋਸਤੋ। ਪੈਰੀਂ ਪਈਆਂ ਬੇੜੀਆਂ ਨੂੰ ਸਮਝ ਬੈਠੇ ਝਾਂਜਰਾਂ, ਸ਼ੋਰ ਨੂੰ ਸੰਗੀਤ ਕਹਿ ਕੇ ਥਿਰਕਦੇ ਹਾਂ ਦੋਸਤੋ। ਆਪਣੇ ਘਰ ਕੀ ਕਮੀ ਹੈ,ਉਹ ਨਜ਼ਰ ਆਉਂਦੀ ਨਹੀਂ, ਦੂਜਿਆਂ ਦੇ ਘਰ 'ਚ ਜਾ ਕੇ ਝਾਕਦੇ ਹਾਂ ਦੋਸਤੋ। ਡਾਕਟਰ ਨੇ ਬਹੁਤ ਵਧੀਆ,ਹੈ ਦਵਾ ਦਾਰੂ ਬਹੁਤ, ਮਛਲੀਆਂ ਦੇ ਵਾਂਗ ਫਿਰ ਵੀ ਤਫ਼ਪਦੇ ਹਾਂ ਦੋਸਤੋ।

ਜਦ ਕਦੇ ਵੀ ਆਵੇ ਮੇਰੀ ਯਾਦ, ਮੈਨੂੰ ਖ਼ਤ ਲਿਖੀਂ

ਜਦ ਕਦੇ ਵੀ ਆਵੇ ਮੇਰੀ ਯਾਦ, ਮੈਨੂੰ ਖ਼ਤ ਲਿਖੀਂ। ਦਿਲ ਕਰੇ ਜੇ ਮਿਲਣ ਦੀ ਫ਼ਰਿਆਦ, ਮੈਨੂੰ ਖ਼ਤ ਲਿਖੀਂ। ਜਿਸ ਜਗ੍ਹਾ ਮਿਲ ਕੇ ਕਲੋਲਾਂ ਕਰਦੇ ਸੀ ਆਪਾਂ ਕਦੀ, ਗੁਜ਼ਰਿਆਂ ਓਥੋਂ,ਜੇ ਆਵਾਂ ਯਾਦ, ਮੈਨੂੰ ਖ਼ਤ ਲਿਖੀਂ। ਰੌਣਕਾਂ, ਖ਼ੁਸ਼ੀਆਂ 'ਚ ਮੈਨੂੰ ਯਾਦ ਨਾ ਰੱਖੀਂ ਬੇਸ਼ਕ, ਦਿਲ ਜਦੋਂ ਹੋਵੇ ਤੇਰਾ ਨਾਸ਼ਾਦ, ਮੈਨੂੰ ਖ਼ਤ ਲਿਖੀਂ। ਤੰਗੀਆਂ, ਮਜਬੂਰੀਆਂ ਤੋਂ ਡਰ ਨਾ ਜਾਵੀਂ ਤੂੰ ਕਿਤੇ, ਮੈਂ ਕਰਾਂਗਾ ਉਸ ਸਮੇਂ ਇਮਦਾਦ, ਮੈਨੂੰ ਖ਼ਤ ਲਿਖੀਂ। ਫਿਰ ਨਾ ਤੇਰੀ ਜ਼ਿੰਦਗੀ ਵਿਚ ਆਉਣ ਦੀ ਕੋਸ਼ਿਸ਼ ਕਰੂੰ, ਜਦ ਭੁਲਾ ਦੇਵੇਂ ਤੂੰ ਮੇਰੀ ਯਾਦ, ਮੈਨੂੰ ਖ਼ਤ ਲਿਖੀਂ। ਪਿਆਰ ਵੀ ਦਿੰਦੈ ਕਿ ਨਈਂ ਤੈਨੂੰ ਉਹ ਦੌਲਤਮੰਦ ਹੁਣ, ਹੁਣ ਕੀ ਤੇਰੀ ਜ਼ਿੰਦਗੀ ਹੈ ਸ਼ਾਦ? ਮੈਨੂੰ ਖ਼ਤ ਲਿਖੀਂ। ਜਿਸ ਨੇ ਤੇਰਾ ਪਿਆਰ ਮੈਥੋਂ ਖੋਹ ਲਿਆ ਹੈ,ਸੰਗ ਤੇਰੇ, ਘਰ ਕਦੋਂ ਕਰਨੈ ਉਨ੍ਹੇ ਆਬਾਦ? ਮੈਨੂੰ ਖ਼ਤ ਲਿਖੀਂ। ਜ਼ਿੰਦਗੀ ਨਾ ਗੁਜ਼ਰ ਜਾਵੇ, ਡਾਕੀਏ ਤੋਂ ਪੁੱਛਦਿਆਂ, ਮੇਰੇ ਮਰਨੇ ਤੋਂ ਨਾ ਕਿਧਰੇ ਬਾਦ, ਮੈਨੂੰ ਖ਼ਤ ਲਿਖੀਂ। ਤੇਰਾ ਕੋਮਲ ਦਿਲ ਜਦੋਂ ਤੜਫ਼ੇ ਪੁਰਾਣੀ ਯਾਦ ਵਿਚ, ਜਾਂ ਜਦੋਂ ਦਿਲ ਕਰ ਲਵੇਂ ਫ਼ੌਲਾਦ, ਮੈਨੂੰ ਖ਼ਤ ਲਿਖੀਂ।

ਕਿਸੇ ਅਹਿਸਾਨ ਤੋਂ ਵੀ ਤਾਂ ਕਦੇ ਮੁਨਕਰ ਨਹੀਂ ਹਾਂ ਮੈਂ

ਕਿਸੇ ਅਹਿਸਾਨ ਤੋਂ ਵੀ ਤਾਂ ਕਦੇ ਮੁਨਕਰ ਨਹੀਂ ਹਾਂ ਮੈਂ। ਤੇਰੇ ਪੈਰਾਂ 'ਚ ਵਿਛ ਜਾਵਾਂ ਮਗਰ, ਚਾਦਰ ਨਹੀਂ ਹਾਂ ਮੈਂ। ਮੈਂ ਅੱਖੀਂ ਵੇਖ ਕੇ ਸਭ ਕੁਝ, ਨਹੀਂ ਅਣਗੌਲਿਆ ਕਰਦਾ, ਇਹ ਸੰਭਵ ਹੈ ਕਿਵੇਂ, ਇਨਸਾਨ ਹਾਂ,ਪੱਥਰ ਨਹੀਂ ਹਾਂ ਮੈਂ। ਕਰਾ ਸਕਦਾ ਹਾਂ ਅਪਣੀ ਹੋਂਦ ਦਾ ਅਹਿਸਾਸ ਮੈਂ ਤੈਨੂੰ, ਮਿਟਾ ਦੇਵੇ ਰਬੜ ਜਿਸਨੂੰ ਕਿ ਉਹ ਅੱਖਰ ਨਹੀਂ ਹਾਂ ਮੈਂ। ਮੇਰੀ ਮਿਹਨਤ ਦੀ ਤਿਪ-ਤਿਪ 'ਤੇ ਤੁਸੀਂ ਨਜ਼ਰਾਂ ਟਿਕਾਵੋ ਨਾ, ਪਵੇਗਾ ਫ਼ਰਕ ਮੈਨੂੰ ਲਾਜ਼ਮੀ,ਸਾਗਰ ਨਹੀਂ ਹਾਂ ਮੈਂ। ਮੈਂ ਫੁੱਲਾਂ ਦੀ ਤਰ੍ਹਾਂ ਖ਼ੁਸ਼ਬੂ ਖਿੰਡਾਵਾਂਗਾ ਫ਼ਿਜ਼ਾ ਅੰਦਰ, ਅਕਾਰਨ ਥਾਂ ਕੁ ਥਾਂ ਰੜਕਾਂ ਕੋਈ ਛਿਲਤਰ ਨਹੀਂ ਹਾਂ ਮੈਂ। ਗ਼ਜ਼ਲ ਮੇਰੀ 'ਚ ਬੜੀਆਂ ਤਲਖ਼ੀਆਂ, ਹੁੱਝਾਂ, ਸੱਚਾਈਆਂ ਨੇ, ਨਿਰਾ ਜ਼ੁਲਫ਼ਾਂ ਦੁਆਲੇ ਘੁੰਮਦਾ ਸ਼ਾਇਰ ਨਹੀਂ ਹਾਂ ਮੈਂ।

ਜਲਾ ਦੇਵੇ ਨਾ ਕੋਈ ਆਲ੍ਹਣਾ ਅਪਣਾ, ਨਜ਼ਰ ਰੱਖੋ

ਜਲਾ ਦੇਵੇ ਨਾ ਕੋਈ ਆਲ੍ਹਣਾ ਅਪਣਾ, ਨਜ਼ਰ ਰੱਖੋ। ਨਾ ਚਕਨਾਚੂਰ ਹੋ ਜਾਵੇ ਕੋਈ ਸੁਪਨਾ, ਨਜ਼ਰ ਰੱਖੋ। ਕਿਸੇ ਦਾ ਦਿਲ ਨਾ ਟੁੱਟੇ ਆਪਣੇ ਕੋਲੋਂ, ਜ਼ਰੂਰੀ ਹੈ, ਤੇ ਅਪਣਾ ਦਿਲ ਵੀ ਚੋਟਾਂ ਤੋਂ ਰਹੇ ਬਚਿਆ, ਨਜ਼ਰ ਰੱਖੋ। ਤੁਰੀ ਜਾਵੋ ਨਾ ਅੱਖਾਂ ਬੰਦ ਕਰਕੇ ਰਹਿਬਰਾਂ ਪਿੱਛੇ, ਅਨੇਕਾਂ ਖਾ ਗਿਆ ਹੈ ਕਾਫ਼ਲੇ ਰਸਤਾ, ਨਜ਼ਰ ਰੱਖੋ। ਕਿਸੇ ਵੇਲੇ ਵੀ ਹੋ ਕੇ ਕੀਚਰਾਂ ਉਹ ਬਿਖ਼ਰ ਸਕਦਾ ਹੈ, ਉਦ੍ਹੇ ਕਿਰਦਾਰ ਦਾ ਹੈ ਤਿੜਕਿਆ ਸ਼ੀਸ਼ਾ, ਨਜ਼ਰ ਰੱਖੋ। ਜੋ ਦੀਵਾ ਰੌਸ਼ਨੀ ਕਰਦਾ ਹੈ ਉਹ ਘਰ ਵੀ ਜਲਾ ਸਕਦੈ, ਕਿ ਧੋਖਾ ਦੇ ਵੀ ਸਕਦੈ ਖ਼ੂਨ ਦਾ ਰਿਸ਼ਤਾ, ਨਜ਼ਰ ਰੱਖੋ। ਭਰੋਸਾ ਉੱਠ ਚੁੱਕਾ ਹੈ ਮੇਰਾ ਤਾਂ,ਇਸ ਲਈ ਕਹਿੰਦਾਂ, ਜ਼ਮਾਨਾ ਸਾਰੇ ਦਾ ਸਾਰਾ ਹੀ ਹੈ ਝੂਠਾ, ਨਜ਼ਰ ਰੱਖੋ ।

ਆਦਮੀ ਦਾ ਖ਼ੂਨ ਪਹਿਲਾਂ ਪੀਂਦੀਆਂ ਮਜਬੂਰੀਆਂ

ਆਦਮੀ ਦਾ ਖ਼ੂਨ ਪਹਿਲਾਂ ਪੀਂਦੀਆਂ ਮਜਬੂਰੀਆਂ । ਜਿਸਮ‌ ਵਿਚ ਸਾਹ-ਸਤ ਨਹੀਂ ਫਿਰ ਛਡਦੀਆਂ ਮਜਬੂਰੀਆਂ। ਜ਼ਿੰਦਗੀ ਦੀ ਲੱਕੜੀ ਨੂੰ ਲੱਗੀਆਂ ਘੁਣ ਦੀ ਤਰ੍ਹਾਂ, ਅੱਜ ਦੀ ਮਜਬੂਰੀਆਂ ਕੁਝ ਕੱਲ੍ਹ ਦੀਆਂ ਮਜਬੂਰੀਆਂ। ਵਕਤ ਸਿਰ ਅਜ ਕਲ੍ਹ ਕੋਈ ਵਾਅਦਾ ਵਫ਼ਾ ਹੁੰਦਾ ਨਹੀਂ, ਹਾਇ ਮਜਬੂਰੀਆਂ, ਨਹੀਂ ਦੱਸ ਹੁੰਦੀਆਂ ਮਜਬੂਰੀਆਂ। ਰੋਗ,ਨਿਰਧਨਤਾ, ਬਿਮਾਰੀ,ਬੇਵਸੀ,ਬੇਚਾਰਗੀ, ਨਿਰਦਈ,ਨਿਰਮੋਹੀ, ਜ਼ਾਲਿਮ ਕੋਂਹਦੀਆਂ ਮਜਬੂਰੀਆਂ। ਐ ਦਿਲਾ! ਐਵੇਂ ਤੂੰ ਉਸ ਉੱਤੇ ਨਾ ਕਰਿਆ ਕਰ ਗਿਲੇ, ਤੂੰ ਤਾਂ ਵਿਹਲਾ ਏਂ,ਕੀ ਸਮਝੇਂ ਉਸਦੀਆਂ ਮਜਬੂਰੀਆਂ। ਵਧਦੀਆਂ ਹੀ ਜਾਂਦੀਆਂ ਨੇ ਇਹ ਟ੍ਰੈਫਿਕ ਵਾਂਗ ਨਿਤ, ਪੈਣ ਜੇ ਪਿੱਛੇ ,ਨਾ ਪਿੱਛਾ ਛਡਦੀਆਂ ਮਜਬੂਰੀਆਂ। ਰਾਤ ਦਿਨ ਡਟ ਕੇ ਇਨ੍ਹਾਂ ਦੇ ਨਾਲ਼ ਤੂੰ ਦੋ ਚਾਰ ਹੋ, ਵੇਖੀਂ ਫਿਰ,ਕਿੰਝ ਅੱਗੇ ਅੱਗੇ ਭਜਦੀਆਂ ਮਜਬੂਰੀਆਂ। ਰਾਤ-ਦਿਨ ਬਹਿਰਾਂ,ਰਦੀਫ਼ਾਂ ਵਿੱਚ ਤੂੰ ਗੁੰਮਿਆ ਰਹੇਂ, ਕਿਸ ਤਰ੍ਹਾਂ ਦਾ ਸ਼ੌਕ ਤੇਰਾ, ਕਾਹਦੀਆਂ ਮਜਬੂਰੀਆਂ।

  • ਮੁੱਖ ਪੰਨਾ : ਪੰਜਾਬੀ ਕਵਿਤਾ : ਦਾਦਰ ਪੰਡੋਰਵੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ