Bhai Nand Lal Goya
ਭਾਈ ਨੰਦ ਲਾਲ ਗੋਯਾ

ਭਾਈ ਨੰਦ ਲਾਲ ਜੀ ਗੋਯਾ (੧੬੩੩–੧੭੧੩) ਦਾ ਜਨਮ ਗ਼ਜ਼ਨੀ (ਅਫ਼ਗ਼ਾਨਿਸਤਾਨ) ਵਿਚ ਹੋਇਆ । ਉਨ੍ਹਾਂ ਦੇ ਪਿਤਾ ਛੱਜੂ ਮੱਲ ਜੀ ਸ਼ਹਿਜ਼ਾਦਾ ਦਾਰਾ ਸ਼ਿਕੋਹ ਦੇ ਮੁਨਸ਼ੀ ਅਤੇ ਬਹੁਤ ਚੰਗੇ ਵਿਦਵਾਨ ਸਨ । ਭਾਈ ਨੰਦ ਲਾਲ ਜੀ ਨੇ ਬਾਰਾਂ ਸਾਲ ਦੀ ਉਮਰੀ ਵਿਚ ਕਵਿਤਾ ਲਿਖਣੀ ਸ਼ੁਰੂ ਕੀਤੀ ਅਤੇ ਆਪਣਾ ਤਖੱਲੁਸ 'ਗੋਯਾ' ਰੱਖਿਆ । ਜਦੋਂ ਉਹ ਸਤਾਰਾਂ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਮਾਤਾ ਜੀ ਅਤੇ ਉਸਤੋਂ ਦੋ ਸਾਲ ਬਾਦ ਉਨ੍ਹਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ । ਭਾਈ ਨੰਦ ਲਾਲ ਜੀ ਪੰਜਾਬ ਮੁੜ ਆਏ ਅਤੇ ਮੁਲਤਾਨ ਵਿਚ ਰਹਿਣ ਲੱਗੇ । ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਔਰੰਗ਼ਜ਼ੇਬ ਉਨ੍ਹਾਂ ਦਾ ਧਰਮ ਬਦਲਣਾ ਚਾਹੁੰਦਾ ਹੈ ਤਾਂ ਉਹ ਪਰਿਵਾਰ ਸਮੇਤ ਗੁਰੂ ਗੋਬਿੰਦ ਸਿੰਘ ਜੀ ਕੋਲ ਅਨੰਦਪੁਰ ਸਾਹਿਬ ਆ ਗਏ । ਉਨ੍ਹਾਂ ਨੇ ਗੁਰੂ ਜੀ ਨੂੰ ਅਪਣੀ ਰਚਨਾ ਬੰਦਗੀ ਨਾਮਾ ਪੇਸ਼ ਕੀਤੀ, ਗੁਰੂ ਜੀ ਨੂੰ ਇਹ ਰਚਨਾ ਐਨੀ ਪਸੰਦ ਆਈ ਕਿ ਉਨ੍ਹਾਂ ਨੇ ਇਸਦਾ ਨਾਂ ਬਦਲਕੇ ਜ਼ਿੰਦਗੀ ਨਾਮਾ ਰੱਖ ਦਿੱਤਾ । ਇਸ ਤਰ੍ਹਾਂ ਭਾਈ ਸਾਹਿਬ ਗੁਰੂ ਜੀ ਦੇ ਦਰਬਾਰੀ ਕਵੀਆਂ ਵਿਚ ਸ਼ਾਮਿਲ ਹੋ ਗਏ । ਉਨ੍ਹਾਂ ਦੀਆਂ ਰਚਨਾਵਾਂ ਹਨ : ਦੀਵਾਨ-ਏ-ਗੋਯਾ (ਗ਼ਜ਼ਲਾਂ), ਜ਼ਿੰਦਗੀ ਨਾਮਾ, ਤੌਸੀਫ਼-ਓ-ਸਨਾ, ਗੰਜ ਨਾਮਾ, ਦਸਤੂਰ-ਉਲ-ਇਨਸ਼ਾ, ਅਰਜ਼-ਉਲ-ਅਲਫ਼ਾਜ਼, ਖ਼ਾਤਿਮਾ, ਜੋਤਿ ਬਿਗਾਸ (ਫਾਰਸੀ ਅਤੇ ਪੰਜਾਬੀ), ਰਹਿਤ ਨਾਮਾ ਅਤੇ ਤਨਖ਼ਾਹ ਨਾਮਾ ।