Punjabi Kavita
  

Khaatimaa Bhai Nand Lal Goya in Punjabi (Translator Ganda Singh)

ਖ਼ਾਤਿਮਾ ਭਾਈ ਨੰਦ ਲਾਲ ਗੋਯਾ (ਅਨੁਵਾਦਕ ਗੰਡਾ ਸਿੰਘ)

ਖ਼ਾਤਿਮਾ (ਅੰਤ)

ਅਸਮਾਨ ਵੀ ਉਸ ਸਤਿਗੁਰੂ ਦੀਆਂ ਸੰਗਤਾਂ ਦਾ ਗ਼ੁਲਾਮ ਹੈ ।
ਦੇਵੀ ਦੇਵਤੇ ਵੀ ਉਸ ਦੇ ਖ਼ਾਲਸੇ ਦੇ ਸੇਵਕ ਹਨ ॥੧॥

ਉਸ ਦੀਆਂ ਸੰਗਤਾਂ ਦਾ ਹਿਰਦਾ ਅਨੰਤ ਦਾ ਕੋਨਾ (ਅੰਤ) ਹੈ ।
ਉਸ ਦੀਆਂ ਸੰਗਤਾਂ ਦੀ ਮਿੱਟੀ ਸਵਰਗ ਦਾ ਤੋਸ਼ਾ ਹੈ ॥੨॥

ਜਮਦੂਤ ਉਨ੍ਹਾਂ (ਸੰਗਤਾਂ) ਤੋਂ ਭੈ ਖਾਂਦਾ ਹੈ ।
ਉਨ੍ਹਾਂ ਕਰਕੇ ਅਰਸ਼ ਕੁਰਸ ਦੀਆਂ ਨੀਹਾਂ ਪੱਕੀਆਂ ਹਨ ॥੩॥

ਉਨ੍ਹਾਂ ਕਰਕੇ ਜਲ ਥਲ ਨੂੰ ਸਾਜ਼ ਸਾਮਾਨ ਪ੍ਰਾਪਤ ਹੈ ।
ਉਨ੍ਹਾਂ ਕਰਕੇ ਹੀ ਸੂਰਜ ਚੰਨ ਨੂੰ ਰੌਸ਼ਨੀ ਹੈ ॥੪॥

ਗਿਆਨ ਅਤੇ ਨਿਮਰਤਾ ਦੇ ਲੱਖਾਂ ਸਮੁੰਦਰ ਉਨ੍ਹਾਂ
ਦੇ ਦਿਲ-ਦਰਿਆ ਤੋਂ ਇਕੋ ਨੁਕਤਾ ਲੈਣ ਵਾਲੇ ਹਨ ॥੫॥

ਧਰਤ ਆਕਾਸ਼ ਉਨ੍ਹਾਂ ਸਦਕਾ ਕਾਇਮ ਹਨ ।
ਪਾਤਾਲ ਤੋਂ ਆਸਮਾਨ ਤਕ (ਦੇ ਜੀਵ) ਉਨ੍ਹਾਂ ਸਦਕਾ ਜੀਊ ਰਹੇ ਹਨ ॥੬॥

ਗੰਗਾ ਦੀ ਪਵਿੱਤ੍ਰਤਾ ਉਨ੍ਹਾਂ ਦੀ ਚਰਨ-ਧੂੜ ਸਦਕਾ ਹੈ ।
ਅਠਾਹਠ ਤੀਰਥ ਉਨ੍ਹਾਂ ਦੇ ਬੋਲਾਂ ਤੋਂ ਪ੍ਰਾਪਤ ਕੀਤੇ ਨੁਕਤਿਆਂ ਸਦਕਾ ਯਾਤਰਾ ਯੋਗ ਹਨ ॥੭॥

ਦਸ ਅਵਤਾਰ ਉਨ੍ਹਾਂ ਦੀ ਰੱਖਿਆ ਕਰਨ ਲਈ ਹਨ,
ਚਾਰੇ ਵੇਦ ਉਨ੍ਹਾਂ ਦੇ ਗੁਣ ਗਾਉਣ ਵਿਚ ਰੁਝੇ ਹੋਏ ਹਨ ॥੮॥

ਤਿੰਨੇ ਬ੍ਰਹਮਾ, ਬਿਸ਼ਨ, ਮਹੇਸ਼, ਉਨ੍ਹਾਂ ਦਾ ਜਸ ਗਾਉਂਦੇ ਹਨ ।
ਛੇ ਸ਼ਾਸਤਰ ਭੀ ਉਨ੍ਹਾਂ ਦੀ ਤਾਰੀਫ਼ ਵਿਚ ਜੁਟੇ ਹੋਏ ਹਨ ॥੯॥

ਨੌ ਨਾਥ ਉਨ੍ਹਾਂ ਦੀ ਸਿਫ਼ਤ ਕਰ ਰਹੇ ਹਨ ।
ਚੁਰਾਸੀ ਸਿੱਧ ਉਨ੍ਹਾਂ ਤੋਂ ਵਡਿਆਈ ਪ੍ਰਾਪਤ ਕਰਦੇ ਹਨ ॥੧੦॥

ਬਾਰਾਂ ਧਰਮ ਉਨ੍ਹਾਂ ਦੀ ਸਿਫ਼ਤ ਸਲਾਹ ਕਰਦੇ ਹਨ ।
ਸੰਸਾਰ ਦੇ ਚੌਦਾਂ ਖੰਡਾਂ ਨੂੰ ਉਨ੍ਹਾਂ ਦੀ ਕ੍ਰਿਪਾ ਕਰਕੇ ਰੋਜ਼ੀ ਮਿਲਦਾ ਹੈ ॥੧੧॥

ਸਤਾਈ ਨਛੱਤਰ ਉਨ੍ਹਾਂ ਦੇ ਦਵਾਰੇ ਦੇ ਮੰਗਤੇ ਹਨ ।
ਚਾਲੀ ਜੋਗ ਵੀ ਉਨ੍ਹਾਂ ਲਈ ਹੀ ਰਾਖਵੇਂ ਹਨ ॥੧੨॥

ਅਠਾਰਾਂ ਪਵਿੱਤ੍ਰ ਪੁਰਾਣ, ਪੰਜੇ ਪੀਰ, ਸੱਤੇ ਰਿਸ਼ੀ,
ਪੂਰਬ ਅਤੇ ਪੱਛਮ ਦੇ ਸਾਰੇ ਲੋਕ, ਦੱਖਣੀ ਅਤੇ
ਉੱਤਰੀ ਵਸਨੀਕ, ਧਰਤ ਅਤੇ ਆਕਾਸ਼ ਦੇ ਵਾਸੀ,
ਮਾਤ ਲੋਕ ਅਤੇ ਪਾਤਾਲ ਦੇ ਰਹਿਣ ਵਾਲੇ, ਉੱਚੇ
ਆਸਮਾਨਾਂ ਦੇ ਦੇਵੀ ਦੇਵਤੇ, ਮਾਤ-ਲੋਕ ਦੇ
ਨਾਸ਼ਵਾਨ ਲੋਕ ਅਤੇ ਬ੍ਰਹਮ-ਲੋਕ ਦੇ ਨੂਰਾਨੀ
ਦੇਵਤੇ, ਪਰਵਾਨਤ ਪਤਵੰਤੇ ਅਤੇ ਭਗਤ ਲੋਕ-
ਇਹ ਸਾਰੇ ਦੇ ਸਾਰੇ (ਸਤਿਗੁਰੂ ਦੀਆਂ ਸੰਗਤਾਂ
ਦੇ) ਸੋਹਲੇ ਗਾਉਣ ਵਾਲੇ ਹਨ ਅਤੇ ਉਨ੍ਹਾਂ ਦੇ
ਅੰਮ੍ਰਿਤ ਭਰੇ ਪਿਆਲੇ 'ਚੋਂ ਘੁੱਟ ਭਰਨ ਵਾਲੇ
ਹਨ ॥੧੩,੧੪,੧੫,੧੬,੧੭,੧੮॥

ਸਤਿਗੁਰੂ ਉਨ੍ਹਾਂ (ਸੰਗਤਾਂ) ਦਾ ਮਿਤਰ ਸਹਾਈ ਹੈ ।
ਸਤਿਗੁਰ ਦੀ ਵਡਿਆਈ ਦਾ ਹੱਥ ਹਮੇਸ਼ਾਂ ਉਨ੍ਹਾਂ ਦੇ ਸਿਰ ਤੇ ਹੈ ॥੧੯॥

ਸਤਿਗੁਰ ਦੇ ਚਰਨ ਸਦਾ ਉਨ੍ਹਾਂ ਦੇ ਦਿਲ ਵਿਚ ਵੱਸਦੇ ਹਨ ।
ਉਨ੍ਹਾਂ ਦਾ ਟਿਕਾਣਾ ਸਦਾ ਸਥਿਰ ਰਹਿਣ ਵਾਲਾ ਹੈ ॥੨੦॥

ਵਾਹਿਗੁਰੂ ਕਰੇ, ਨੰਦ ਲਾਲ ਦਾ ਸਿਰ ਸਦਾ ਉਨ੍ਹਾਂ ਦੇ ਚਰਨਾਂ ਤੇ ਚਲਦਾ ਰਹੇ ।
ਵਾਹਿਗੁਰੂ ਕਰੇ, ਨੰਦ ਲਾਲ ਸਦਾ ਉਨ੍ਹਾਂ ਦੇ ਗੁਣ ਗਾ ਗਾ ਕੇ ਆਨੰਦ ਪ੍ਰਾਪਤ ਕਰਦਾ ਰਹੇ ॥੨੧॥

ਸਮਾਪਤ ਹੋਈ ਪੁਸਤਕ ਤੌਸੀਫ਼ੋ-ਸਨਾ-ਓ-ਖ਼ਾਤਿਮਾ ਰਚਿਤ ਮੁਨਸ਼ੀ ਨੰਦ ਲਾਲ ਗੋਯਾ ਮੁਲਤਾਨੀ