Ganj Nama : Bhai Nand Lal Goya in Punjabi (Translator Ganda Singh)

ਗੰਜ ਨਾਮਾ : ਭਾਈ ਨੰਦ ਲਾਲ ਗੋਯਾ (ਅਨੁਵਾਦਕ ਗੰਡਾ ਸਿੰਘ)

ਗੰਜ ਨਾਮਾ

ਵਾਹਿਗੁਰੂ ਜੀਓ ਹਾਜ਼ਰ ਨਾਜ਼ਰ ਹੈ
ਗੁਰੂ ਗੋਬਿੰਦ ਗੋਪਾਲ ਗੁਰ ਪੂਰਨ ਨਾਰਾਇਣਹਿ ।
ਗੁਰ ਦਿਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਧਾਰਣਹਿ ॥

ਮੇਰਾ ਦਿਲ ਅਤੇ ਜਾਨ ਹਰ ਸਵੇਰ ਅਤੇ ਸ਼ਾਮ,
ਮੇਰਾ ਸਿਰ ਅਤੇ ਮੱਥਾ ਸਿਦਕ ਅਤੇ ਸਫ਼ਾਈ ਨਾਲ
ਆਪਣੇ ਗੁਰੂ ਤੋਂ ਕੁਰਬਾਨ ਜਾਵੇ,
ਨਿਮਰਤਾ ਸਾਹਿਤ ਲੱਖਾਂ ਵਾਰ ਕੁਰਬਾਨ ਹੋਵੇ ॥1-2॥

ਕਿਉਂ ਜੋ ਉਸੇ ਨੇ ਮਨੁੱਖਾਂ ਵਿਚੋਂ ਦੇਵਤੇ ਪ੍ਰਗਟ ਕੀਤੇ,
ਉਸ ਨੇ ਮਿੱਟੀ ਦੇ ਜੀਵਾਂ ਦੇ ਮਾਨ ਸਤਿਕਾਰ ਵਧਾ ਦਿੱਤੇ ॥3॥

ਉਸ ਦੇ ਸਤਿਕਾਰੇ ਹੋਏ ਸਾਰੇ ਹੀ ਉਸ ਦੇ ਚਰਨਾਂ ਦੀ ਧੂੜ ਹਨ,
ਸਾਰੇ ਦੇਵੀ-ਦੇਵਤੇ ਉਸ ਤੋਂ ਕੁਰਬਾਨ ਹਨ ॥4॥

ਭਾਵੇਂ ਹਜ਼ਾਰਾਂ ਸੂਰਜ ਚੰਨ ਪਏ ਚਮਕਣ,
ਪਰ ਉਸ ਗੁਰੂ ਤੋਂ ਬਿਨਾਂ ਸਾਰਾ ਜਹਾਨ ਘੋਰ ਅੰਨ੍ਹੇਰਾ ਹੈ ॥5॥

ਪਾਕ ਪਵਿੱਤ੍ਰ ਮੁਰਸ਼ਦ ਰੱਬ ਦਾ ਹੀ ਨੂਰ ਹੈ,
ਇਸੇ ਕਾਰਣ ਉਹ ਮੇਰੇ ਦਿਲ ਵਿਚ ਵਸਿਆ ॥6॥

ਉਹ ਮਨੁੱਖ ਜਿਹੜੇ ਉਸ ਨੂੰ ਯਾਦ ਨਹੀਂ ਕਰਦੇ,
ਸਮਝੋ ਕਿ ਉਨ੍ਹਾਂ ਆਪਣੀ ਜਾਨ ਅਤੇ ਦਿਲ ਦਾ ਫਲ ਅੰਞਾਈਂ ਗਵਾ ਲਿਆ ॥7॥

ਇਸ ਸਸਤੇ ਫਲਾਂ ਨਾਲ ਭਰੇ ਖੇਤ ਨੂੰ
ਜਦ ਉਹ ਦੂਰੋਂ ਰੱਜ ਕੇ ਵੇਖਦਾ ਹੈ ॥8॥

ਤਾਂ ਉਸ ਨੂੰ ਵੇਖਣ ਵਿਚ ਆਨੰਦ ਪਰਾਪਤ ਹੁੰਦਾ ਹੈ,
ਅਤੇ ਉਹ ਉਨਾਂ ਫਲਾਂ ਨੂੰ ਤੋੜਨ ਲਈ ਨੱਸਦਾ ਹੈ ॥9॥

ਪਰ ਉਸ ਖੇਤ 'ਚੋਂ ਉਸ ਨੂੰ ਕੋਈ ਫਲ ਪ੍ਰਾਪਤ ਨਹੀਂ ਹੁੰਦਾ,
ਅਤੇ ਉਹ ਫੇਰ ਭੁਖਾ ਤਿਹਾਇਆ ਅਤੇ ਕੰਮਜ਼ੋਰ ਮੁੜ ਜਾਂਦਾ ਹੈ ॥10॥

ਸਤਿਗੁਰ ਤੋਂ ਬਿਨਾਂ ਸਭ ਕੁਝ ਇਸੇ ਤਰ੍ਹਾਂ ਸਮਝ,
ਜਿਵੇਂ ਕਿ ਝਾੜਾਂ ਅਤੇ ਕੰਡਿਆਂ ਨਾਲ ਭਰਿਆ ਹੋਇਆ ਖੇਤ ਹੋਵੇ ॥11॥

ਪਹਿਲੀ ਪਾਤਸ਼ਾਹੀ

(ਵਾਰਤਕ-12)
ਵਾਹਿਗੁਰੂ ਜੀਓ ਸਤ
ਵਾਹਿਗੁਰੂ ਜੀਓ ਹਾਜ਼ਰ ਨਾਜ਼ਰ ਹੈ

ਉਸ ਦਾ ਨਾਮ ਨਾਨਕ ਪਾਤਸ਼ਾਹ ਹੈ ਤੇ ਉਹ ਸੱਚੇ ਧਰਮ ਵਾਲਾ ਹੈ ।
ਉਸ ਜਿਹਾ ਹੋਰ ਕੋਈ ਦਰਵੇਸ਼ ਸੰਸਾਰ ਵਿਚ ਨਹੀਂ ਆਇਆ ॥13॥

ਉਸ ਦੀ ਫ਼ਕੀਰੀ, ਦਰਵੇਸ਼ੀ ਦਾ ਸਿਰ ਉੱਚਾ ਕਰਦੀ ਹੈ,
ਉਸ ਦੇ ਸਾਮ੍ਹਣੇ ਸਭ ਦਾ ਕੰਮ ਜਾਨ ਵਾਰਨਾ ਹੈ ॥14॥

ਕੀ ਖ਼ਾਸ ਅਤੇ ਕੀ ਆਮ, ਕੀ ਫਰਿਸ਼ਤੇ ਤੇ ਕੀ ਰੱਬੀ ਦਰਗਾਹ ਦੇ ਦਰਸ਼ਕ,
ਸਾਰੇ ਹੀ ਉਸ ਦੀ ਧੂੜ ਦੇ ਜਾਚਕ ਹਨ ॥15॥

ਜਦ ਰੱਬ ਆਪ ਉਸ ਦੀ ਉਸਤਤਿ ਕਰਦਾ ਹੈ, ਤਾਂ ਮੈਂ ਕੀ ਸਿਫ਼ਤ ਕਰਾਂ ?
ਉਸ ਦੀ ਸਿਫ਼ਤ ਦੇ ਰਾਹ ਤੇ ਮੈ ਕਿਵੇਂ ਚਲਾਂ ? ॥16॥

ਰੂਹਾਂ ਦੀ ਦੁਨੀਆਂ ਦੇ ਲੱਖਾਂ ਹੀ (ਫ਼ਰਿਸ਼ਤੇ) ਉਸ ਦੇ ਮੁਰੀਦ ਹਨ,
ਇਸ ਜਹਾਨ ਦੇ ਲੱਖਾਂ ਲੋਕ ਉਸ ਦੇ ਮੁਰੀਦ ਹਨ ॥17॥

ਅਧਿਆਤਮਕ ਸੰਸਾਰ ਦੇ ਸਾਰੇ ਦੇਵਤੇ ਉਸ ਤੋਂ ਕੁਰਬਾਨ ਜਾਂਦੇ ਹਨ,
ਰੂਹਾਨੀ ਸੰਸਾਰ ਦੇ ਸਾਰੇ ਫ਼ਰਿਸ਼ਤੇ ਉਸ ਦੇ ਚਰਨਾਂ ਤੇ ਢਹਿੰਦੇ ਹਨ ॥18॥

ਇਸ ਜਹਾਨ ਦੇ ਸਾਰੇ ਲੋਕ ਉਸ ਦੇ ਬਣਾਏ ਦੇਵਤੇ ਹਨ,
ਉਸ ਦਾ ਦੀਦਾਰ ਹੇਠਾਂ ਉਪਰ ਸਭ ਥਾਈਂ ਪ੍ਰਕਾਸ਼ਮਾਨ ਹੈ ॥19॥

ਉਸ ਦੀ ਸੰਗਤ ਵਿਚ ਬੈਠਣ ਵਾਲੇ ਸਭ ਗਿਆਨਵਾਨ ਹਨ,
ਉਹ ਰੱਬ ਦੀ ਜ਼ਾਤ ਦੀ ਸਿਫ਼ਤ ਸ਼ਲਾਘਾ ਕਰਣ ਵਾਲੇ ਹਨ ॥20॥

ਉਨ੍ਹਾਂ ਦਾ ਮਾਨ ਸਤਿਕਾਰ, ਸਥਾਨ ਅਤੇ ਮਰਤਬਾ ਅਤੇ ਨਾਮ ਨਿਸ਼ਾਨ ਰਹਿੰਦੀ ਦੁਨੀਆਂ ਤਕ ਸਥਿਰ ਹੈ,
ਉਹ ਪਾਕ ਪਰਵਦਗਾਰ ਉਨ੍ਹਾਂ ਨੂੰ ਦੂਜਿਆਂ ਨਾਲੋਂ ਉਚੇਰਾ ਦਰਜ਼ਾ ਬਖਸ਼ਦਾ ਹੈ ॥21॥

ਜਦ ਦੋਹਾਂ ਜਹਾਨਾਂ ਦੇ ਮੁਰਸ਼ਦ ਨੇ ਆਪਣੀਆਂ ਅਨੇਕਾਂ
ਬਖ਼ਸ਼ਿਸ਼ਾਂ ਦੁਆਰਾ ਉਸ ਨੂੰ ਸੰਬੋਧਨ ਕੀਤਾ ॥22॥

ਤਾਂ ਉਸ ਨੇ ਕਿਹਾ ਕਿ ਮੈਂ ਤੇਰਾ ਬੰਦਾ ਹਾਂ, ਤੇਰਾ ਗ਼ੁਲਾਮ ਹਾਂ,
ਅਤੇ ਤੇਰੇ ਆਮ ਤੇ ਖ਼ਾਸ ਸਭ ਬੰਦਿਆਂ ਦੇ ਚਰਨਾਂ ਦੀ ਧੂੜ ਹਾਂ ॥23॥

ਫਿਰ ਜਦ ਉਸ ਨੂੰ ਇਸ ਤਰਾਂ ਸੰਬੋਧਨ ਕੀਤਾ ਗਿਆ,
ਤਾਂ ਬਾਰ ਬਾਰ ਇਹੀ ਉਤਰ ਆਇਆ ॥24॥

ਕਿ ਮੈ ਤੇਰੇ ਵਿਚ (ਵਸਦਾ ਹਾਂ) ਅਤੇ ਤੇਰੇ ਬਿਨਾਂ ਹੋਰ ਕੋਈ ਦੂਜਾ ਨਹੀਂ(ਦਿਸਦਾ),
ਜੋ ਕੁਝ ਮੈਂ ਚਾਹੁੰਦਾ ਹਾਂ, ਉਹ ਕਰਦਾ ਹਾਂ ਅਤੇ ਉਹੀ ਇਨਸਾਫ਼ ਦੀ ਗੱਲ ਹੈ ॥25॥

ਮੇਰੇ ਸਿਮਰਨ ਦਾ ਰਾਹ ਇਸ ਜਹਾਨ ਨੂੰ ਵਿਖਾ,
ਅਤੇ ਮੇਰੀ ਕੀਤੀ ਸਿਫ਼ਤ ਨਾਲ ਸਭ ਨੂੰ ਪਵਿੱਤਰ ਕਰ ਦੇ ॥26॥

ਸਭ ਥਾਂ ਮੈ ਤੇਰਾ ਦੋਸਤ ਅਤੇ ਤੇਰੀ ਪਨਾਹ ਹਾਂ,
ਮੈਂ ਤੇਰੀ ਸਹਾਇਤਾ ਕਰਨ ਵਾਲਾ ਹਾਂ, ਮੈਂ ਤੈੰਨੂੰ ਚਾਹੁਣ ਵਾਲਾ ਹਾਂ ॥27॥

ਜਿਹੜਾ ਵੀ ਤੇਰੇ ਨਾਮ ਨੂੰ ਉੱਚਾ ਸਮਝੇਗਾ,
ਉਹ ਦਿਲ ਜਾਨ ਨਾਲ ਮੇਰੀ ਸਿਫ਼ਤ ਸ਼ਲਾਘਾ ਕਰੇਗਾ ॥28॥

ਮੈਨੂੰ ਫਿਰ ਆਪਣੀ ਅਪਰਮ ਆਪਾਰ ਜ਼ਾਤ ਵਿਖਾ,
ਮੇਰੇ ਔਖੇ ਸਮੇਂ ਨੂੰ ਸੌਖਾ ਬਣਾ ਦੇ ॥29॥

ਤੂੰ ਸੰਸਾਰ ਵਿਚ ਆ ਅਤੇ ਰਾਹ-ਵਿਖਾਉਣ ਵਾਲਾ ਬਣ,
ਕਿਉਂ ਜੋ ਮੇਰੇ ਬਿਨਾਂ ਇਸ ਜਹਾਨ ਦੀ ਜੌਂ ਭਰ ਵੀ ਕੀਮਤ ਨਹੀਂ ॥30॥

ਅਸਲ ਵਿਚ ਜਦ ਮੈਂ ਰਾਹ ਵਿਖਾਉਣ ਵਾਲਾ ਹਾਂ,
ਤਾਂ ਤੂੰ ਇਸ ਜਹਾਨ ਦਾ ਪੰਧ ਆਪਣੋ ਪੈਰਾਂ ਨਾਲ ਮੁਕਾ ॥31॥

ਜਿਸ ਕਿਸੇ ਨੂੰ ਮੈਂ ਚਾਹੁੰਦਾ ਹਾਂ ਅਤੇ ਉਸ ਨੂੰ ਰਾਹ ਵਿਖਾਉਂਦਾ ਹਾਂ ,
ਤੇਰੇ ਕਾਰਣ ਉਸ ਦੇ ਦਿਲ ਵਿਚ ਖ਼ੁਸ਼ੀ ਲਿਆਉਂਦਾ ਹਾਂ ॥32॥

ਤੇ ਜਿਸ ਨੂੰ ਮੈਂ ਕਰੋਪ ਨਾਲ ਕੁਰਾਹੇ ਪਾ ਦਿਆਂ,
ਉਹ ਤੇਰੀ ਸਿੱਖਿਆ ਨਾਲ ਭੀ ਰੱਬ ਤਕ ਨਹੀਂ ਪੁੱਜ ਸਕਦਾ ॥33॥

ਇਹ ਸੰਸਾਰ ਮੇਰੇ ਬਿਨਾਂ ਕੁਰਾਹੇ ਪਿਆ ਹੋਇਆ ਹੈ,
ਮੇਰੇ ਜਾਣੂ, ਜਾਦੂਗਰ ਬਣ ਗਏ ਹਨ ॥34॥

ਉਹ ਮੁਰਦਿਆਂ ਨੂੰ ਸੁਰਜੀਤ ਕਰ ਦਿੰਦੇ ਹਨ,
ਅਤੇ ਜੀਵੰਦਿਆਂ ਨੂੰ ਜਾਨੋਂ ਮਾਰ ਦਿੰਦੇ ਹਨ ॥35॥

ਉਹ ਅੱਗ ਨੂੰ ਪਾਣੀ ਵਾਂਗ ਬਣਾ ਦਿੰਦੇ ਹਨ,
ਅਤੇ ਪਾਣੀ ਨੂੰ ਅੱਗ ਨਾਲ ਬੁਝਾਉਂਦੇ ਹਨ ॥36॥

ਜੋ ਕੁਝ ਉਹ ਚਾਹੁੰਦੇ ਹਨ, ਉਹੀ ਕਰਦੇ ਹਨ,
ਉਹ ਸਭ ਕੁਝ ਸਾਮਾਨ ਉਤੇ ਜਾਦੂ ਕਰਨ ਵਾਲੇ ਹਨ ॥37॥

ਉਨ੍ਹਾਂ ਦੇ ਰਾਹ ਨੂੰ ਮੇਰੀ ਵਲ ਮੋੜ,
ਤਾਂ ਜੋ ਉਹ ਮੇਰੇ ਬਚਨ ਗ੍ਰਹਿਣ ਕਰ ਸਕਣ ॥38॥

ਬਿਨਾਂ ਮੇਰੇ ਸਿਮਰਨ ਦੇ ਉਹ ਕਿਸੇ ਜਾਦੂ ਵਲ ਨਹੀਂ ਜਾਂਦੇ,
ਬਿਨਾਂ ਮੇਰੇ ਦਰਵਾਜ਼ੇ ਦੇ ਉਹ ਕਿਸੇ ਹੋਰ ਪਾਸੇ ਨਹੀਂ ਜਾਂਦੇ ॥39॥

ਕਿਉਂ ਜੋ ਉਹ ਨਰਕਾਂ ਤੋਂ ਛੁੱਟ ਗਏ ਹਨ,
ਨਹੀਂ ਤਾਂ ਉਹ ਹੱਥੀ ਬੱਧੀ ਡਿੱਗ ਪੈਂਦੇ ਹਨ ॥40॥

ਇਹ ਸਾਰਾ ਜਹਾਨ, ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤਕ,
ਸੱਦਾ ਦੇ ਰਿਹਾ ਹੈ ਸਾਰਾ ਸੰਸਾਰ ਜ਼ੁਲਮ ਕਰ ਰਿਹਾ ਹੈ ॥41॥

ਮੇਰੇ ਕਾਰਣ ਉਹ ਗ਼ਮੀ ਅਤੇ ਖੁਸ਼ੀ ਨਹੀਂ ਜਾਣਦੇ,
ਮੇਰੇ ਬਿਨਾਂ ਉਹ ਸਾਰੇ ਹੈਰਾਨ ਪਰੇਸ਼ਾਨ ਹਨ ॥42॥

ਉਹ ਇਕੱਤ੍ਰ ਹੁੰਦੇ ਹਨ,ਅਤੇ ਤਾਰਿਆਂ ਤੋਂ,
ਹਰਖ਼ ਸੋਗ ਦੇ ਦਿਨ ਗਿਣਦੇ ਹਨ ॥43॥

ਉਹ ਫਿਰ ਮੰਦੇ ਭਾਗਾਂ ਨੂੰ ਪਤਰੀ ਵਿਚ ਲਿਖਦੇ ਹਨ,
ਉਹ ਫਿਰ ਕਦੀ ਪਹਿਲਾਂ ਤੇ ਕਦੀ ਪਿਛੋਂ ਅਜੇਹਾ ਕਹਿੰਦੇ ਹਨ ॥44॥

ਉਹ ਰੱਬ ਦੇ ਸਿਮਰਨ ਵਿਚ ਸਥਿਰ ਅਤੇ ਪਰਪੱਕ ਨਹੀਂ,
ਉਨ੍ਹਾਂ ਸਭ ਦੀ ਗੱਲ ਬਾਤ ਬੇਹਾਲਾਂ ਵਾਲੀ ਹੁੰਦੀ ਹੈ ॥45॥

ਉਨ੍ਹਾਂ ਸਭਨਾਂ ਦਾ ਮੂੰਹ ਮੇਰੇ ਵਲ ਭਵਾ ਦੇ,
ਤਾਂ ਜੋ ਮੇਰੇ ਸਿਮਰਨ ਤੋਂ ਬਿਨਾਂ ਹੋਰ ਕਿਸੇ ਨੂੰ ਮਿਤ੍ਰ ਨਾ ਸਮਝਣ ॥46॥

ਤਾਂ ਕਿ ਮੈਂ ਉਨ੍ਹਾਂ ਦੇ ਕੰਮ (ਜੀਵਨ ਵਿਹਾਰ) ਠੀਕ ਕਰ ਦਿਆਂ,
ਅਤੇ ਉਨ੍ਹਾਂ ਦੀ ਮਨੋ ਬਿਰਤੀ (ਧਰਮ ਦੀ) ਲੋ ਨਾਲ ਸੰਵਾਰ ਦਿਆਂ ॥47॥

ਮੈਂ ਤੈਨੂੰ ਇਸ ਲਈ ਪੈਦਾ ਕੀਤਾ ਹੈ,
ਤਾਂ ਜੋ ਤੂੰ ਸਾਰੇ ਜਹਾਨ ਨੂੰ ਰਾਹ ਵਿਖਾਉਣ ਵਾਲਾ ਬਣ ਜਾਵੇਂ ॥48॥

ਉਨਾਂ ਦੇ ਹਿਰਦਿਆਂ ਵਿਚੌਂ ਦੂਈ ਦਾ ਮੋਹ ਕੱਢ ਦੇ,
ਉਨਾਂ ਸਾਰਿਆਂ ਨੂੰ ਸੱਚਾ ਮਾਰਗ ਵਿਖਾ ਦੇ ॥49॥

ਪਾਤਸ਼ਾਹ (ਨਾਨਕ) ਨੇ ਕਿਹਾ, ਮੈ ਇਸ ਦੇ ਕੀ ਲਾਇਕ ਹਾਂ,
ਕਿ ਸਭਨਾਂ ਦੇ ਦਿਲਾਂ ਨੂੰ ਸਿੱਧੇ ਪਾਸੇ ਮੋੜ ਦਿਆਂ ॥50॥

ਮੈਂ ਕਿੱਥੇ ਤੇ ਅਜਿਹਾ ਕਮਾਲ ਕਿੱਥੇ ?
ੰਮੈਂ ਨਿਗੁਣਾ ਕਿੱਥੇ ਅਤੇ ਤੇਰੇ (ਰੱਬ ਦੇ) ਸਰੂਪ ਦੀ ਸ਼ਾਨ ਸ਼ੌਕਤ ਕਿੱਥੇ ?51॥

ਪਰੰਤੂ ਤੇਰਾ ਹੁਕਮ ਸਿਰ ਮੱਥੇ ਤੇ ਹੈ,
ਮੈਂ ਇਕ ਛਿਨ ਪਲ ਲਈ ਵੀ ਉਸ ਤੋਂ ਗ਼ਾਫ਼ਲ ਨਹੀਂ ਰਹਾਂਗਾ ॥52॥

ਤੂੰ ਹੀ ਸਭ ਦਾ ਰਾਹ ਵਿਖਾਊ ਅਤੇ ਹਾਦੀ ਹੈਂ,
ਤੂੰ ਹੀ ਰਾਹ ਵਿਖਾਉਣ ਵਾਲਾ ਹੈਂ ਅਤੇ ਸਭ ਦੇ ਦਿਲਾਂ ਨੂੰ (ਆਪਣੀ ਵਲ) ਮੋੜਣ ਵਾਲਾ ਹੈਂ ॥53॥

ਦੂਜੀ ਪਾਤਸ਼ਾਹੀ

(ਵਾਰਤਕ-54)
ਵਾਹਿਗੁਰੂ ਜੀਓ ਸਤ
ਵਾਹਿਗੁਰੂ ਜੀਓ ਹਾਜ਼ਰ ਨਾਜ਼ਰ
ਗੁਰੂ ਅੰਗਦ ਹੈ ਉਹ ਜੋ ਦੋਹਾਂ ਜਹਾਨਾਂ ਦਾ ਮੁਰਸ਼ਦ ਹੈ,
ਓਂਕਾਰ ਦੀ ਬਖਸ਼ਿਸ਼ ਨਾਲ ਉਹ ਗੁਨਾਹਗਾਰਾਂ ਲਈ ਰਹਿਮਤ ਹੈ ॥55॥

ਦੋ ਜਹਾਨ ਤਾਂ ਕੀ, ਉਸ ਦੀਆਂ ਬਖਸ਼ਿਸ਼ਾਂ ਨਾਲ
ਲੱਖਾਂ ਜਹਾਨ ਹੀ ਸਫ਼ਲ ਹੁੰਦੇ ਹਨ ॥56॥

ਉਸ ਦਾ ਸਰੀਰ ਬਖ਼ਸ਼ਿੰਦ ਰੱਬ ਦੀ ਮਿਹਰ ਦਾ ਭੰਡਾਰ ਹੈ,
ਉਹ ਰੱਬ ਤੋਂ ਹੀ ਆਇਆ ਅਤੇ ਰੱਬ ਵਿਚ ਸਮਾ ਜਾਂਦਾ ਹੈ ॥57॥

ਉਹ ਸਦਾ ਜ਼ਾਹਰਾ ਵੀ ਤੇ ਗੁਪਤ ਵੀ ਪਰਗਟ ਹੈ,
ਉਹ ਸਦਾ ਅੰਦਰ ਬਾਹਰ ਸਭ ਥਾਂ ਮੌਜੂਦ ਹੈ ॥58॥

ਉਸ ਦੀ ਸਿਫ਼ਤ ਕਰਨ ਵਾਲਾ ਰੱਬ ਸੱਚੇ ਦੀ ਸਿਫ਼ਤ ਕਰਨ ਵਾਲਾ ਹੈ,
ਉਸ ਦੀ ਜ਼ਾਤ ਦੇਵਤਿਆਂ ਦੀ ਪੁਸਤਕ ਦਾ ਇਕ ਵਰਕਾ ਹੈ ॥59॥

ਉਸ ਦੀ ਸਿਫ਼ਤ-ਸਨਾ ਦੋਹਾਂ ਜਹਾਨਾਂ ਦੀ ਜ਼ਬਾਨ ਵੀ ਨਹੀਂ ਕਰ ਸਕਦੀ,
ਉਸ ਦੇ ਸਾਮ੍ਹਣੇ ਆਤਮਾ ਦਾ ਵੇਹੜਾ ਵੀ ਤੰਗ ਹੈ ॥60॥

ਇਸ ਲਈ ਚੰਗਾ ਇਹੀ ਹੈ ਕਿ ਅਸੀਂ ਉਸ ਦੀ ਵਡਿਆਈ ਤੋਂ ਉਸ ਦੀ ਬਖ਼ਸ਼ਿਸ਼
ਅਤੇ ਉਸ ਦੀ ਮਿਹਰ ਅਤੇ ਸਖ਼ਾਵਤ ਤੋਂ ਰੱਬ ਦਾ ਹੁਕਮ ਪਰਾਪਤ ਕਰੀਏ ॥61॥

ਸਾਡਾ ਸਿਰ ਸਦਾ ਉਸ ਦੇ ਚਰਨਾਂ ਤੇ ਰਹੇ;
ਸਾਡਾ ਦਿਲ ਅਤੇ ਜਾਨ ਉਸ ਤੋਂ ਕੁਰਬਾਨ ਹੁੰਦਾ ਰਹੇ ॥62॥

ਤੀਜੀ ਪਾਤਸ਼ਾਹੀ

(ਵਾਰਤਕ-63)
ਵਾਹਿਗੁਰੂ ਜੀਓ ਸਤ
ਵਾਹਿਗੁਰੂ ਜੀਓ ਹਾਜ਼ਰ ਨਾਜ਼ਰ
ਗੁਰੂ ਅਮਰਦਾਸ ਉਸ ਮਹਾਨ ਘਰਾਣੇ ਵਿਚੋਂ ਹੈ,
ਜਿਸ ਦੀ ਹਸਤੀ ਨੂੰ ਰੱਬ ਦੇ ਫ਼ਜ਼ਲ ਅਤੇ ਕਰਮ ਤੋਂ ਸਮਿਗ੍ਰੀ ਮਿਲੀ ਹੈ ॥64॥

ਸਿਫ਼ਤ ਸ਼ਲਾਘਾ ਕਰਕੇ ਉਹ ਸਭ ਤੋਂ ਉਚੇਰਾ ਹੈ,
ਉਹ ਰੱਬ ਸੱਚ ਦੇ ਆਸਨ ਤੇ ਚੌਕੜੀ ਮਾਰੀ ਬੈਠਾ ਹੈ ॥65॥

ਉਸ ਦੇ ਬਚਨਾਂ ਦੇ ਨੂਰ ਨਾਲ ਇਹ ਸੰਸਾਰ ਜਗਮਗਾ ਰਿਹਾ ਹੈ,
ਅਤੇ ਉਸ ਦੇ ਇਨਸਾਫ਼ ਨਾਲ ਇਹ ਧਰਤੀ ਅਤੇ ਦੁਨੀਆਂ ਬਾਗ ਬਣਿਆ ਹੋਇਆ ਹੈ ॥66॥

ਅੱਸੀ ਹਜ਼ਾਰ ਲੋਕਾਈ ਤਾਂ ਕੀ, ਦੋਵੇਂ ਜਹਾਨ ਹੀ ਉਸ ਦੇ ਗ਼ੁਲਾਮ ਹਨ,
ਉਸ ਦੀ ਵਡਿਆਈ ਅਤੇ ਮਿਹਰ ਗਿਣਤੀ ਤੋਂ ਬਾਹਰ ਹੈ ॥67॥

ਚੌਥੀ ਪਾਤਸ਼ਾਹੀ

(ਵਾਰਤਕ-68)
ਵਾਹਿਗੁਰੂ ਜੀਓ ਸਤ
ਵਾਹਿਗੁਰੂ ਜੀਓ ਹਾਜ਼ਰ ਨਾਜ਼ਰ
ਗੁਰੂ ਰਾਮਦਾਸ,ਜਿਹੜਾ ਸਾਰੀ ਲੋਕਾਈ ਦੀ ਪੂੰਜੀ ਹੈ,
ਅਤੇ ਸਿਦਕ ਸਫਾਈ ਦੇ ਰਾਜ ਦਾ ਰਖਵਾਲਾ ਹੈ ॥69॥

ਉਸ ਵਿਚ ਰਾਜ ਅਤੇ ਜੋਗ ਦੋਨਾਂ ਦੇ ਚਿੰਨ੍ਹ ਹਨ,
ਉਹ ਤਾਜ ਵਾਲਿਆਂ (ਬਾਦਸ਼ਾਹਾਂ) ਦਾ ਭੀ ਤਾਜਦਾਰ (ਬਾਦਸ਼ਾਹ) ਹੈ ॥70॥

ਉਸ ਦੀ ਉਸਤਤ ਕਰਨ ਤੋਂ ਤਿੰਨਾਂ ਲੋਕਾਂ ਦੀ ਜੀਭਾ ਅਸਮਰਥ ਹੈ,
ਉਸ ਦੇ ਬਚਨਾਂ ਤੋਂ ਚੌਹਾਂ ਵੇਦਾਂ ਅਤੇ ਛੇ ਸ਼ਾਸ਼ਤਰਾਂ ਦੇ ਮੋਤੀ ਕਿਰਦੇ ਹਨ ॥71॥

ਰੱਬ ਨੇ ਉਸ ਨੂੰ ਆਪਣੇ ਖਾਸ ਨਿਕਟ-ਵਰਤੀਆਂ ਵਿਚੋਂ ਚੁਣਿਆ ਹੈ,
ਅਤੇ ਉਸ ਨੂੰ ਆਪਣੀਆਂ ਨਿਜੀ ਪਵਿਤਰ ਰੂਹਾਂ ਤੋਂ ਵੀ ਉੱਚਿਆ ਕੀਤਾ ਹੈ ॥72॥

ਕੀ ਵੱਡੇ ਅਤੇ ਕੀ ਛੋਟੇ, ਕੀ ਬਾਦਸ਼ਾਹ ਅਤੇ ਕੀ ਫ਼ਕੀਰ ,
ਸਾਰੇ ਹੀ ਸੱਚੇ ਦਿਲ ਨਾਲ ਉਸ ਨੂੰ ਮੱਥਾ ਟੇਕਣ ਵਾਲੇ ਹਨ ॥73॥

ਪੰਜਵੀਂ ਪਾਤਸ਼ਾਹੀ

(ਵਾਰਤਕ-74)
ਵਾਹਿਗੁਰੂ ਜੀਓ ਸਤ
ਵਾਹਿਗੁਰੂ ਜੀਓ ਹਾਜ਼ਰ ਨਾਜ਼ਰ
ਗੁਰੂ ਅਰਜਨ ਬਖ਼ਸ਼ਿਸ਼ ਅਤੇ ਵਡਿਆਈ ਦਾ ਰੂਪ ਹੈ,
ਰਬੀ ਸ਼ਾਨ ਦੀ ਅਸਲੀਅਤ ਦਾ ਢੂੰਡਣਹਾਰਾ ਹੈ ॥75॥

ਉਸ ਦਾ ਵਜੂਦ ਸਾਰਾ ਰੱਬ ਦੀ ਰਹਿਮਤ ਦਾ ਝਲਕਾਰਾ ਹੈ,
ਅਤੇ ਸਦੀਵੀ ਨੇਕ ਗੁਣਾਂ ਨੂੰ ਵਧਾਉਣ ਵਾਲਾ ਹੈ ॥76॥

ਦੋ ਜਹਾਨ ਕੀ, ਲੱਖਾਂ ਹੀ ਉਸ ਦੇ ਮੁਰੀਦ ਹਨ,
ਸਾਰੇ ਹੀ ਉਸ ਦੀ ਮਿਹਰ ਦੇ ਅੰਮ੍ਰਿਤ ਰੂਪੀ ਘੁੱਟ ਪੀਣ ਵਾਲੇ ਹਨ ॥77॥

ਰੱਬੀ ਵਿਚਾਰ ਵਾਲੀ ਬਾਣੀ ਉਸੇ ਤੋਂ ਉਤਰਦੀ ਹੈ,
ਸਿਦਕ ਭਰੋਸੇ ਵਾਲੇ ਗਿਆਨ ਭਰਪੂਰ ਲੇਖ ਭੀ ਉਸੇ ਦੇ ਹੀ ਹਨ ॥78॥

ਰੱਬੀ ਗਿਆਨ ਗੋਸਟ ਨੂੰ ਉਸੇ ਤੋਂ ਚਮਕ ਦਮਕ ਪਰਾਪਤ ਹੈ,
ਰੱਬੀ ਹੁਸਨ ਨੂੰ ਉਸੇ ਤੋਂ ਨਿਖਾਰ ਅਤੇ ਖੇੜਾ ਆਉਂਦਾ ਹੈ ॥79॥

ਛੇਵੀਂ ਪਾਤਸ਼ਾਹੀ

(ਵਾਰਤਕ-80)
ਵਾਹਿਗੁਰੂ ਜੀਓ ਸਤ
ਵਾਹਿਗੁਰੂ ਜੀਓ ਹਾਜ਼ਰ ਨਾਜ਼ਰ
ਗੁਰੂ ਹਰਿ ਗੋਬਿੰਦ, ਬਖਸ਼ਿਸ਼ ਦਾ ਰੂਪ ਸੀ,
ਜਿਸ ਸਦਕਾ ਮੰਦ ਭਾਗੀ ਅਤੇ ਮੁਰਝਾਏ ਹੋਏ ਲੋਕ ਵੀ (ਦਰਗਾਹੇ) ਪਰਵਾਨ ਹੋ ਗਏ ॥81॥

ਉਸ ਦੀ ਬਖਸ਼ਿਸ਼ ਅਤੇ ਮਿਹਰ ਪੱਥਰ ਗੀਟਿਆਂ ਨਾਲੋਂ ਵੀ ਵਧੇਰੇ (ਬੇਹਿਸਾਬ) ਹੈ,
ਉਸ ਦੀ ਸ਼ਾਨ ਸ਼ੌਕਤ ਰੱਬ ਦੀ ਸ਼ਾਨ ਸ਼ੌਕਤ ਹੈ ॥82॥

ਉਸ ਦਾ ਵਜੂਦ ਰੱਬ ਦੀਆਂ ਰਹਿਮਤਾਂ ਦਾ ਰੂਪ ਹੈ,
ਉਹ ਰੱਬ ਦੇ ਦੂਜੇ ਵਿਸ਼ੇਸ਼ ਨਿਕਟ-ਵਰਤੀਆਂ ਤੋਂ ਬਹੁਤ ਅਗੇਰੇ ਹੈ ॥83॥

ਉਹ ਦਰਵੇਸ਼ੀ ਅਤੇ ਬਾਦਸ਼ਾਹੀ ਦੋਹਾਂ ਕਰਕੇ ਪ੍ਰਸਿਧ ਹੈ,
ਸਾਰੇ ਛੋਟੇ ਵੱਡੇ ਉਸ ਦੇ ਹੁਕਮ ਵਿਚ ਹਨ ॥84॥

ਉਸ ਦੇ ਨੂਰ ਨਾਲ ਦੋਵੇਂ ਜਹਾਨ ਰੋਸ਼ਨ ਹਨ,
ਉਸ ਦੇ ਦਰਸ਼ਨਾਂ ਦੀ ਮਿਹਰ ਦੇ ਸਾਰੇ ਪਿਆਸੇ ਹਨ ॥85॥

ਸਤਵੀਂ ਪਾਤਸ਼ਾਹੀ

(ਵਾਰਤਕ-86)
ਵਾਹਿਗੁਰੂ ਜੀਓ ਸਤ
ਵਾਹਿਗੁਰੂ ਜੀਓ ਹਾਜ਼ਰ ਨਾਜ਼ਰ
ਗੁਰੂ ਕਰਤਾ ਹਰਿ ਰਾਇ ਸੱਚ ਦੇ ਪਾਲਣਹਾਰਾ ਵੀ ਹੈ ਅਤੇ ਸੱਚ ਦਾ ਧਾਰਨੀ ਵੀ ਹੈ,
ਗੁਰੂ ਕਰਤਾ ਹਰਿ ਰਾਇ ਸੁਲਤਾਨ ਵੀ ਹੈ ਅਤੇ ਦਰਵੇਸ਼ ਵੀ ਹੈ ॥87॥

ਗੁਰੂ ਕਰਤਾ ਹਰਿ ਰਾਇ ਦੋਹਾਂ ਜਹਾਨਾਂ ਦਾ ਬਖ਼ਸ਼ਿਸ ਕਰਨ ਵਾਲਾ ਹੈ,
ਗੁਰੂ ਕਰਤਾ ਹਰਿ ਰਾਇ ਲੋਕ ਪਰਲੋਕ ਦੋਹਾਂ ਜਹਾਨਾਂ ਦਾ ਸਰਦਾਰ ਹੈ ॥88॥

ਰੱਬ ਗੁਰੂ ਕਰਤਾ ਹਰਿ ਰਾਇ ਦੀਆਂ ਬਖਸ਼ਿਸ਼ਾਂ ਦੀ ਸਿਫ਼ਤ ਕਰਨ ਵਾਲਾ ਹੈ,
ਸਾਰੇ ਖ਼ਾਸ ਲੋਕ ਗੁਰੂ ਕਰਤਾ ਹਰਿ ਰਾਇ ਕਰ ਕੇ ਸਫ਼ਲ ਹੁੰਦੇ ਹਨ ॥89॥

ਗੁਰੂ ਕਰਤਾ ਹਰਿ ਰਾਇ ਦੀ ਬਾਣੀ ਸੱਚ ਦੀ ਪਾਤਸ਼ਾਹ ਹੈ,
ਗੁਰੂ ਕਰਤਾ ਹਰਿ ਰਾਇ ਨੌਂ ਤਬਕਾਂ (ਆਸਮਾਨਾਂ) ਨੂੰ ਹੁਕਮ ਦੇਣ ਵਾਲਾ ਹੈ ॥90॥

ਗੁਰੂ ਕਰਤਾ ਹਰਿ ਰਾਇ ਬਾਗ਼ੀਆਂ ਤੇ ਸਿਰ-ਫਿਰਿਆਂ ਦਾ ਸਿਰ ਕਲਮ ਕਰਨ ਵਾਲਾ ਹੈ,
ਗੁਰੂ ਕਰਤਾ ਹਰਿ ਰਾਇ ਕਮਜ਼ੋਰਾਂ ਅਤੇ ਨਿਆਸਰਿਆਂ ਦਾ ਯਾਰ ਅਤੇ ਆਸਰਾ ਹੈ ॥91॥

ਅਠਵੀਂ ਪਾਤਸ਼ਾਹੀ

(ਵਾਰਤਕ-92)
ਵਾਹਿਗੁਰੂ ਜੀਓ ਸਤ
ਵਾਹਿਗੁਰੂ ਜੀਓ ਹਾਜ਼ਰ ਨਾਜ਼ਰ
ਗੁਰੂ ਹਰਿ ਕਿਸ਼ਨ ਮਿਹਰ ਅਤੇ ਬਖ਼ਸ਼ਿਸ਼ ਦਾ ਰੂਪ ਹੈ,
ਰੱਬ ਦਾ ਆਪਣੇ ਸਾਰੇ ਖ਼ਾਸ ਨਿਕਟ ਵਰਤੀਆਂ ਵਿਚੋਂ ਸਭ ਤੋਂ ਵੱਧ ਸਲਾਹਿਆ ਹੋਇਆ ਹੈ ॥93॥

ਰੱਬ ਦੇ ਅਤੇ ਉਸ ਦੇ ਵਿਚਕਾਰ ਕੇਵਲ ਇਕ ਪੱਤੇ ਦਾ ਪਰਦਾ ਹੈ,
ਉਸ ਦੀ ਹੋਂਦ ਸਾਰੀ ਦੀ ਸਾਰੀ ਰੱਬ ਦੀਆਂ ਮਿਹਰਾਂ ਬਖ਼ਸ਼ਿਸ਼ਾਂ ਹਨ ॥94॥

ਸਾਰੇ ਹੀ ਉਸ ਦੀਆਂ ਪਾਲਣਹਾਰ ਰੱਬੀ ਮਿਹਰਾਂ ਦੇ ਸਵਾਲੀ ਹਨ,
ਧਰਤੀ ਅਤੇ ਜ਼ਮਾਨਾ ਸਭ ਉਸ ਦੇ ਹੁਕਮਾਂ ਨੂੰ ਪਾਲਣ ਵਾਲੇ ਹਨ ॥95॥

ਉਸੇ ਦੀ ਮਿਹਰ ਕਰ ਕੇ ਦੋਵੇਂ ਜਹਾਨ ਸਫ਼ਲ ਹੁੰਦੇ ਹਨ
ਉਸ ਦੀ ਮਿਹਰ ਕਰਕੇ ਹਰ ਕਿਣਕੇ ਵਿਚ ਸੂਰਜ ਦੀ ਚਮਕ ਆ ਜਾਂਦੀ ਹੈ ॥96॥

ਸਾਰਿਆਂ ਖਾਸ ਪਿਆਰਿਆਂ ਲਈ ਉਸ ਦੀ ਰੱਖਿਆ ਵੱਡੀ ਨਿਆਮਤ ਹੈ,
ਪਾਤਾਲ ਤਂੋਂ ਲੈ ਕੇ ਆਸਮਾਨ ਤੱਕ ਸਾਰੇ ਹੀ ਉਸ ਦੇ ਆਗਿਆਕਾਰ ਹਨ ॥97॥

ਨੌਵੀਂ ਪਾਤਸ਼ਾਹੀ

(ਵਾਰਤਕ-98)
ਵਾਹਿਗੁਰੂ ਜੀਓ ਸਤ
ਵਾਹਿਗੁਰੂ ਜੀਓ ਹਾਜ਼ਰ ਨਾਜ਼ਰ
ਗੁਰੂ ਤੇਗ ਬਹਾਦਰ ਸਿਰ ਤੋਂ ਪੈਰਾਂ ਤਕ ਵਡਿਆਂਈਆਂ ਤੇ ਉਚਾਈਆਂ ਦਾ ਖ਼ਜ਼ਾਨਾ ਹੈ,
ਅਤੇ ਉਹ ਰੱਬ ਦੀ ਸ਼ਾਨੋ ਸ਼ੌਕਤ ਦੀ ਮਹਿਫ਼ਲ ਦੀ ਰੌਣਕ ਵਧਾਉਣ ਵਾਲਾ ਹੈ ॥99॥

ਸੱਚ ਦੀਆਂ ਕਿਰਨਾਂ ਉਸ ਦੇ ਪਵਿੱਤਰ ਵਜੂਦ ਸਦਕਾ ਰੌਸ਼ਨ ਹਨ,
ਦੋਵੇਂ ਜਹਾਨ ਉਸ ਦੀ ਮਿਹਰ ਦੀ ਬਖ਼ਸ਼ਿਸ਼ ਨਾਲ ਰੌਸ਼ਨ ਹਨ ॥100॥

ਰੱਬ ਨੇ ਸਾਰੇ ਚੋਣਵੇਂ ਪਤਵੰਤਿਆਂ ਵਿਚੋਂ ਉਸ ਨੂੰ ਚੁਣਿਆ,
ਉਸ ਨੇ ਉਸ ਦਾ ਭਾਣਾ ਮੰਨਣ ਨੂੰ ਸਭ ਤੋਂ ਚੰਗਾ ਅਨੁਭਵ ਕੀਤਾ ॥101॥

ਉਸ ਦਾ ਰੁਤਬਾ ਸਾਰਿਆਂ ਪਰਵਾਨ ਵੱਡਿਆਂ ਵਿਚ ਅਪਾਰ ਵੱਡਾ ਕੀਤਾ,
ਅਤੇ ਉਸ ਨੂੰ ਆਪਣੀ ਕਿਰਪਾ ਨਾਲ ਦੋਹਾਂ ਜਹਾਨਾਂ ਦਾ ਪੂਜਨੀਕ ਬਣਾਇਆ ॥102॥

ਸਭਨਾਂ ਦਾ ਹੱਥ ਉਸ ਦੀਆਂ ਬਖ਼ਸ਼ਿਸ਼ਾਂ ਦੇ ਪੱਲੇ ਤੇ ਹੈ,
ਉਸ ਦਾ ਸੱਚਾ ਬਲ ਗਿਆਨ ਦੇ ਨੂਰ ਤੋਂ ਉਚੇਰਾ ਹੈ ॥103॥

ਦਸਵੀਂ ਪਾਤਸ਼ਾਹੀ

(ਵਾਰਤਕ-104)
ਵਾਹਿਗੁਰੂ ਜੀਓ ਸਤ
ਵਾਹਿਗੁਰੂ ਜੀਓ ਹਾਜ਼ਰ ਨਾਜ਼ਰ

ਨਾਸਿਰੋ ਮਨਸੂਰ ਗੁਰ ਗੋਬਿੰਦ ਸਿੰਘ
ਈਜ਼ਦਿ ਮਨਜ਼ੂਰ ਗੁਰ ਗੋਬਿੰਦ ਸਿੰਘ

(ਗਰੀਬਾਂ ਦਾ ਰਾਖਾ) ਗੁਰੂ ਗੋਬਿੰਦ ਸਿੰਘ—ਰੱਬ ਦੀ ਰਖਿਆ ਵਿਚ ਗੁਰੂ ਗੋਬਿੰਦ ਸਿੰਘ ।
ਰੱਬ ਵਲੋਂ ਪਰਵਾਣ ਗੁਰੂ ਗੋਬਿੰਦ ਸਿੰਘ ॥105॥

ਹੱਕ ਰਾ ਗੰਜੂਰ ਗੁਰ ਗੋਬਿੰਦ ਸਿੰਘ
ਜੁਮਲਾ ਫ਼ੈਜ਼ਿ ਨੂਰ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਸੱਚ ਦਾ ਖ਼ਜ਼ਾਨਾ ਹੈ,
ਗੁਰੂ ਗੋਬਿੰਦ ਸਿੰਘ ਸਮੂਹ ਨੂਰ ਦੀ ਮਿਹਰ ਹੈ ॥106॥

ਹੱਕ ਹੱਕ ਆਗਾਹ ਗੁਰ ਗੋਬਿੰਦ ਸਿੰਘ
ਸ਼ਾਹਿ ਸ਼ਹਨਸ਼ਾਹ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਸੱਚ ਦੇ ਜਾਨਣ ਹਾਰਿਆਂ ਲਈ ਸੱਚ ਹੈ,
ਗੁਰੂ ਗੋਬਿੰਦ ਸਿੰਘ ਬਾਦਸ਼ਾਹਾਂ ਦਾ ਬਾਦਸ਼ਾਹ ਹੈ ॥107॥

ਬਰ ਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ
ਖ਼ਸਮ ਰਾ ਜਾਂ-ਕਾਹ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਦੋਹਾਂ ਜਹਾਨਾਂ ਦਾ ਬਾਦਸ਼ਾਹ ਹੈ,
ਗੁਰੂ ਗੋਬਿੰਦ ਸਿੰਘ ਦੁਸਮਨ ਦੀ ਜਾਨ ਨੂੰ ਕਬਜ਼ ਕਰ ਲੈਣ ਵਾਲਾ ਹੈ ॥108॥

ਫ਼ਾਇਜ਼ੁਲ ਅਨਵਾਰ ਗੁਰ ਗੋਬਿੰਦ ਸਿੰਘ
ਕਾਸ਼ਫੁਲ ਅਸਰਾਰ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਰੱਬੀ ਨੂਰ ਦੀ ਬਖ਼ਸ਼ਿਸ਼ ਕਰਨ ਵਾਲਾ ਹੈ
ਗੁਰੂ ਗੋਬਿੰਦ ਸਿੰਘ ਰੱਬੀ ਰਮਜ਼ਾਂ ਨੂੰ ਖੋਲਣ ਵਾਲਾ ਹੈ ॥109॥

ਆਲਿਮੁਲ ਅਸਤਾਰ ਗੁਰ ਗੋਬਿੰਦ ਸਿੰਘ
ਅਬਰਿ ਰਹਿਮਤ ਬਾਰ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਪਰਦੇ ਵਿਚ ਲੁਕੀਆਂ ਗੱਲਾਂ ਦਾ ਗਿਆਨਵਾਨ ਹੈ,
ਗੁਰੂ ਗੋਬਿੰਦ ਸਿੰਘ ਬਖਸ਼ਿਸ਼ਾਂ ਵਰਸਾਉਣ ਵਾਲਾ ਬੱਦਲ ਹੈ ॥110॥

ਮੁਕਬੁਲੋ ਮਕਬੂਲ ਗੁਰ ਗੋਬਿੰਦ ਸਿੰਘ
ਵਾਸਲੋ ਮੌਸੂਲ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਪਰਵਾਨ ਅਤੇ ਹਰ-ਮਨ ਪਿਆਰਾ ਹੈ,
ਗੁਰੂ ਗੋਬਿੰਦ ਸਿੰਘ ਰੱਬ ਨਾਲ ਜੁੜਿਆ ਹੋਇਆ ਹੈ ਅਤੇ ਜੋੜਨ ਵਾਲਾ ਹੈ ॥111॥

ਜਾਂ-ਫ਼ਰੋਜ਼ਿ ਦਹਿਰ ਗੁਰ ਗੋਬਿੰਦ ਸਿੰਘ
ਫ਼ੈਜ਼ਿ ਹੱਕ ਰਾ ਬਹਿਰ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਜ਼ਮਾਨੇ ਨੂੰ ਜਾਨ ਬਖਸ਼ਣ ਵਾਲਾ ਹੈ,
ਗੁਰੂ ਗੋਬਿੰਦ ਸਿੰਘ ਰੱਬ ਦੀ ਮਿਹਰ ਦਾ ਸਮੁੰਦਰ ਹੈ ॥112॥

ਹੱਕ ਰਾ ਮਹਿਬੂਬ ਗੁਰ ਗੋਬਿੰਦ ਸਿੰਘ
ਤਾਲਿਬੋ ਮਤਲੂਬ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਰੱਬ ਦਾ ਪਿਆਰਾ ਹੈ,
ਗੁਰੂ ਗੋਬਿੰਦ ਸਿੰਘ ਰੱਬ ਦਾ ਤਾਲਬ ਹੈ ਤੇ ਲੋਕਾਂ ਦਾ ਚਹੇਤਾ ਹੈ ॥113॥

ਤੇਗ਼ ਰਾ ਫ਼ਤਾਹ ਗੁਰ ਗੋਬਿੰਦ ਸਿੰਘ
ਜਾਨੋ ਦਿਲ ਰਾ ਰਾਹ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਤਲਵਾਰ ਦਾ ਧਨੀ ਹੈ,
ਗੁਰੂ ਗੋਬਿੰਦ ਸਿੰਘ ਜਾਨ ਅਤੇ ਦਿਲ ਲਈ ਅੰਮ੍ਰਿਤ ਹੈ ॥114॥

ਸਾਹਿਬਿ ਅਕਲੀਲ ਗੁਰ ਗੋਬਿੰਦ ਸਿੰਘ
ਜ਼ਿਬਿ ਹੱਕ ਤਜ਼ਲੀਲ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਤਾਜਾਂ ਦਾ ਮਾਲਕ ਹੈ,
ਗੁਰੂ ਗੋਬਿੰਦ ਸਿੰਘ ਰੱਬ ਦੇ ਸਾਏ ਦਾ ਪਰਛਾਵਾਂ ਹੈ ॥115॥

ਖ਼ਾਜ਼ਨਿ ਹਰ ਗੰਜ ਗੁਰ ਗੋਬਿੰਦ ਸਿੰਘ
ਬਰਹਮਿ ਹਰ ਰੰਜ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਹਰ ਖਜ਼ਾਨੇ ਦਾ ਖਜ਼ਾਨਚੀ ਹੈ
ਗੁਰੂ ਗੋਬਿੰਦ ਸਿੰਘ ਹਰ ਦੁਖ ਦਰਦ ਨੂੰ ਦੂਰ ਕਰਨ ਵਾਲਾ ਹੈ ॥116॥

ਦਾਵਰਿ ਆਫ਼ਾਕ ਗੁਰ ਗੋਬਿੰਦ ਸਿੰਘ
ਦਰ ਦੋ ਆਲਮ ਤਾਕ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਦੋਹਾਂ ਜਹਾਨਾਂ ਦਾ ਹਾਕਮ ਹੈ,
ਦੋਹਾਂ ਜਹਾਨਾਂ ਵਿਚ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ॥117॥

ਹੱਕ ਖ਼ੁਦ ਵੱਸਾਫ਼ਿ ਗੁਰ ਗੋਬਿੰਦ ਸਿੰਘ
ਬਰ ਤਰੀਂ ਔਸਾਫ਼ਿ ਗੁਰ ਗੋਬਿੰਦ ਸਿੰਘ

ਰੱਬ ਆਪ ਗੁਰੂ ਗੋਬਿੰਦ ਸਿੰਘ ਦਾ ਢਾਡੀ ਹੈ,
ਗੁਰੂ ਗੋਬਿੰਦ ਸਿੰਘ ਸਰਵੋਤਮ ਗੁਣਾਂ ਦਾ ਧਾਰਨੀ ਹੈ ॥118॥

ਖ਼ਾਸਗਾਂ ਦਰ ਪਾਇ ਗੁਰ ਗੋਬਿੰਦ ਸਿੰਘ
ਕੁੱਦਸੀਆਂ ਬਾ ਰਾਇ ਗੁਰ ਗੋਬਿੰਦ ਸਿੰਘ

ਰੱਬ ਦੇ ਖਾਸ ਬੰਦੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿਚ ਹਨ,
ਰੱਬ ਦੇ ਪਾਕ ਨਿਕਟਵਰਤੀ ਗੁਰੂ ਗੋਬਿੰਦ ਸਿੰਘ ਦੀ ਆਗਿਆ ਵਿਚ ਹਨ ॥119॥

ਮੁਕਬਲਾਂ ਮੱਦਾਹਿ ਗੁਰ ਗੋਬਿੰਦ ਸਿੰਘ
ਜਾਨੋ ਦਿਲ ਰਾ ਰਾਹ ਗੁਰ ਗੋਬਿੰਦ ਸਿੰਘ

ਰੱਬ ਦੇ ਪਰਵਾਨ ਬੰਦੇ ਗੁਰੂ ਗੋਬਿੰਦ ਸਿੰਘ ਦੇ ਸ਼ਲਾਘਾਕਾਰ ਹਨ,
ਜਾਨ ਅਤੇ ਦਿਲ ਲਈ ਗੁਰੂ ਗੋਬਿੰਦ ਸਿੰਘ (ਅਮਾਨ) ਬਖ਼ਸ਼ਣ ਵਾਲੇ ਹਨ ॥120॥

ਲਾ-ਮਕਾਂ ਪਾ-ਬੋਸਿ ਗੁਰ ਗੋਬਿੰਦ ਸਿੰਘ
ਬਰ ਦੋ ਆਲਮ ਕੌਸਿ ਗੁਰ ਗੋਬਿੰਦ ਸਿੰਘ

ਲਾਮਕਾਨ-ਅਨੰਤ ਗੁਰੂ ਗੋਬਿੰਦ ਸਿੰਘ ਦੇ ਚਰਨ ਚੁੰਮਦਾ ਹੈ,
ਦੋਹਾਂ ਜਹਾਨਾਂ ਤੇ ਗੁਰੂ ਗੋਬਿੰਦ ਸਿੰਘ ਦਾ ਨਗਾਰਾ ਵਜਦਾ ਹੈ ॥121॥

ਸੁਲਸ ਹਮ ਮਹਿਕੂਮਿ ਗੁਰ ਗੋਬਿੰਦ ਸਿੰਘ
ਰੁੱਬਅ ਹਮ ਮਖ਼ਤੂਮਿ ਗੁਰ ਗੋਬਿੰਦ ਸਿੰਘ

ਤਿੰਨੇ ਲੋਕ ਗੁਰੂ ਗੋਬਿੰਦ ਸਿੰਘ ਦੀ ਆਗਿਆ ਵਿਚ ਹਨ,
ਚਾਰੇ ਖਾਣੀਆਂ ਗੁਰੂ ਗੋਬਿੰਦ ਸਿੰਘ ਦੀਆਂ ਮੁਹਰਬੰਦ ਹਨ ॥122॥

ਸੁਦਸ ਹਲਕਾ ਬਗੋਸ਼ਿ ਗੁਰ ਗੋਬਿੰਦ ਸਿੰਘ
ਦੁਸ਼ਮਨ-ਅਫ਼ਗਾਨ ਜੋਸ਼ਿ ਗੁਰ ਗੋਬਿੰਦ ਸਿੰਘ

ਸਾਰਾ ਜਹਾਨ ਗੁਰੂ ਗੋਬਿੰਦ ਸਿੰਘ ਦਾ ਗ਼ੁਲਾਮ ਹੈ,
ਗੁਰੂ ਗੋਬਿੰਦ ਸਿੰਘ ਦਾ ਜੋਸ਼ ਦੁਸ਼ਮਨਾਂ ਨੂੰ ਮਾਰ ਮੁਕਉਣ ਵਾਲਾ ਹੈ ॥123॥

ਖ਼ਾਲਿਸੋ ਬੇ-ਕੀਨਾ ਗੁਰ ਗੋਬਿੰਦ ਸਿੰਘ
ਹੱਕ ਹੱਕ ਆਈਨਾ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਦਿਲ ਦਾ ਸਾਫ਼ ਅਤੇ ਵੈਰ ਭਾਵ ਤੋਂ ਖਾਲੀ ਹੈ,
ਗੁਰੂ ਗੋਬਿੰਦ ਸਿੰਘ ਆਪ ਸੱਚ ਹੈ ਅਤੇ ਸੱਚ ਦਾ ਸ਼ੀਸ਼ਾ ਹੈ ॥124॥

ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ
ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਸੱਚ ਦਾ ਸੱਚਾ ਅਨੁਭਵੀ ਹੈ,
ਦਰਵੇਸ਼ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੈ ॥125॥

ਮਕਰਮੁਲ-ਫ਼ੱਜ਼ਾਲ ਗੁਰ ਗੋਬਿੰਦ ਸਿੰਘ
ਮੁਨਇਮੁਲ-ਮੁਤਆਲ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਬਖ਼ਸ਼ਿਸ਼ਾਂ ਕਰਨ ਵਾਲਾ ਹੈ,
ਗੁਰੂ ਗੋਬਿੰਦ ਸਿੰਘ ਦੌਲਤਾਂ ਤੇ ਨਿਆਮਤਾਂ ਦੇਣ ਵਾਲਾ ਹੈ ॥126॥

ਕਾਰਮੁੱਲ-ਕੱਰਾਮ ਗੁਰ ਗੋਬਿੰਦ ਸਿੰਘ
ਰਾਹਮੁੱਲ-ਰੱਹਾਮ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਸਖੀਆਂ ਦਾ ਵੀ ਸਖੀ ਹੈ,
ਗੁਰੂ ਗੋਬਿੰਦ ਸਿੰਘ ਰਹਿਮ ਕਰਨ ਵਾਲਿਆਂ ਲਈ ਵੀ ਰਹਿਮ ਹੈ ॥127॥

ਨਾਇਮੁਲ-ਮੁਨਆਮ ਗੁਰ ਗੋਬਿੰਦ ਸਿੰਘ
ਫ਼ਾਹਮੁਲ-ਫ਼ੱਹਾਮ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਨਿਆਮਤਾਂ ਦੇਣ ਵਾਲਿਆਂ ਨੂੰ ਵੀ ਨਿਆਮਤਾਂ ਬਖ਼ਸ਼ਦਾ ਹੈ,
ਗੁਰੂ ਗੋਬਿੰਦ ਸਿੰਘ ਅਨੁਭਵੀਆਂ ਦਾ ਵੀ ਅਨੁਭਵੀ ਹੈ ॥128॥

ਦਾਇਮੋ-ਪਾਇੰਦਾ ਗੁਰ ਗੋਬਿੰਦ ਸਿੰਘ
ਫ਼ੱਰਖ਼ੋ ਫ਼ਰਖ਼ੰਦਾ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਸਦੀਵੀ ਤੇ ਸਥਿਰ ਰਹਿਣ ਵਾਲਾ ਹੈ,
ਗੁਰੂ ਗੋਬਿੰਦ ਸਿੰਘ ਨੇਕ ਤੇ ਵੱਡੇ ਭਾਗਾਂ ਵਾਲਾ ਹੈ ॥129॥

ਫ਼ੈਜ਼ਿ ਸੁਬਹਾਨ ਜ਼ਾਤਿ ਗੁਰ ਗੋਬਿੰਦ ਸਿੰਘ
ਨੂਰਿ ਹੱਕ ਲਮਆਤ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਸਰਬਸ਼ਕਤੀ ਮਾਨ ਵਾਹਿਗੁਰੂ ਦੀ ਮਿਹਰ ਹੈ,
ਗੁਰੂ ਗੋਬਿੰਦ ਸਿੰਘ ਰੱਬ ਦੇ ਨੂਰ ਦੀ ਕਿਰਨਾਂ ਭਰੀ ਰੌਸ਼ਨੀ ਹੈ ॥130॥

ਸਾਮਆਨਿ ਨਾਮਿ ਗੁਰ ਗੋਬਿੰਦ ਸਿੰਘ
ਹੱਕ-ਬੀਂ ਜ਼ਿ ਇਨਆਮਿ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਦਾ ਨਾਮ ਸੁਣਨ ਵਾਲੇ,
ਗੁਰੂ ਗੋਬਿੰਦ ਸਿੰਘ ਦੀ ਬਖ਼ਸ਼ਿਸ਼ ਨਾਲ ਰੱਬ ਨੂੰ ਵੇਖਣ ਵਾਲੇ ਹੋ ਜਾਂਦੇ ਹਨ ॥131॥

ਵਾਸਫ਼ਾਨਿ ਜ਼ਾਤਿ ਗੁਰ ਗੋਬਿੰਦ ਸਿੰਘ
ਵਾਸਿਲ ਅਜ਼ ਬਰਕਾਤਿ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਦੀ ਜ਼ਾਤ ਦੀ ਸਿਫ਼ਤ ਸ਼ਲਾਘਾ ਕਰਨ ਵਾਲੇ,
ਗੁਰੂ ਗੋਬਿੰਦ ਸਿੰਘ ਦੀਆਂ ਬਰਕਤਾਂ ਅਤੇ ਬਖ਼ਸ਼ਿਸ਼ਾਂ ਨੂੰ ਪਰਾਪਤ ਕਰ ਲੈਂਦੇ ਹਨ ॥132॥

ਰਾਕਿਮਾਨਿ ਵਸਫ਼ਿ ਗੁਰ ਗੋਬਿੰਦ ਸਿੰਘ
ਨਾਮਵਰ ਅਜ਼ ਲੁਤਫ਼ਿ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਦੇ ਗੁਣਾਂ ਦੇ ਲਿਖਣਹਾਰੇ,
ਗੁਰੂ ਗੋਬਿੰਦ ਸਿੰਘ ਦੀ ਕਿਰਪਾ ਅਤੇ ਮਿਹਰ ਨਾਲ ਨਾਮਵਰੀ ਪਾਉਂਦੇ ਹਨ ॥133॥

ਨਾਜ਼ਿਰਾਨਿ ਰੂਇ ਗੁਰ ਗੋਬਿੰਦ ਸਿੰਘ
ਮਸਤਿ ਹੱਕ ਦਰ ਕੂਇ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਦੇ ਮੁਖੜੇ ਦੇ ਦਰਸ਼ਨ ਕਰਨ ਵਾਲੇ,
ਗੁਰੂ ਗੋਬਿੰਦ ਸਿੰਘ ਦੀ ਗਲੀ ਵਿਚ ਉਸ ਦੀ ਪ੍ਰੀਤੀ ਵਿਚ ਮਸਤ ਹੋ ਜਾਂਦੇ ਹਨ ॥134॥

ਖ਼ਾਕ-ਬੋਸਿ ਪਾਇ ਗੁਰ ਗੋਬਿੰਦ ਸਿੰਘ
ਮੁਕਬਲ ਅਜ਼ ਆਲਾਇ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਧੂੜ ਨੂੰ ਚੁੰਮਣ ਵਾਲੇ,
ਗੁਰੂ ਗੋਬਿੰਦ ਸਿੰਘ ਦੀਆਂ ਨਿਆਮਤਾਂ ਕਾਰਨ ਪਰਵਾਨ ਹੋ ਜਾਂਦੇ ਹਨ ॥135॥

ਕਾਦਿਰਿ ਹਰ ਕਾਰ ਗੁਰ ਗੋਬਿੰਦ ਸਿੰਘ
ਬੇਕਸਾਂ-ਰਾ ਯਾਰ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਹਰ ਕਾਰਜ ਦੇ ਸਮੱਰਥ ਹਨ,
ਗੁਰੂ ਗੋਬਿੰਦ ਸਿੰਘ ਨਿਆਸਰਿਆਂ ਦੇ ਆਸਰਾ ਹਨ ॥136॥

ਸਾਜਿਦੋ ਮਸਜੂਦ ਗੁਰ ਗੋਬਿੰਦ ਸਿੰਘ
ਜੁਮਲਾ ਫ਼ੈਜ਼ੋ ਜੂਦ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਪੁਜਾਰੀ ਅਤੇ ਪੂਜਨੀਕ ਹਨ,
ਗੁਰੂ ਗੋਬਿੰਦ ਸਿੰਘ ਮਿਹਰ ਅਤੇ ਬਖ਼ਸ਼ਿਸ਼ ਦਾ ਸਰੂਪ ਹਨ ॥137॥

ਸਰਵਰਾਂ ਰਾ ਤਾਜ ਗੁਰ ਗੋਬਿੰਦ ਸਿੰਘ
ਬਰ ਤਰੀਂ ਮਿਅਰਾਜ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਸਰਦਾਰਾਂ ਦੇ ਤਾਜ ਹਨ,
ਰੱਬ ਪਰਾਪਤੀ ਲਈ ਗੁਰੂ ਗੋਬਿੰਦ ਸਿੰਘ ਸਭ ਤੋਂ ਚੰਗਾ ਵਸੀਲਾ (ਪੌੜੀ) ਹਨ ॥138॥

ਅਸ਼ਰ ਕੁੱਦਸੀ ਰਾਮਿ ਗੁਰ ਗੋਬਿੰਦ ਸਿੰਘ
ਵਾਸਿਫ਼ਿ ਇਕਰਾਮ ਗੁਰ ਗੋਬਿੰਦ ਸਿੰਘ

ਸਾਰੇ ਪਵਿਤ੍ਰ ਫ਼ਰਿਸ਼ਤੇ ਗੁਰੂ ਗੋਬਿੰਦ ਸਿੰਘ ਦੇ ਤਾਬਿਆ ਹਨ,
ਅਤੇ ਗੁਰੂ ਗੋਬਿੰਦ ਸਿੰਘ ਦੀਆਂ ਬਖ਼ਸ਼ਿਸ਼ਾਂ ਦੀ ਸਿਫ਼ਤ ਕਰਨ ਵਾਲੇ ਹਨ ॥139॥

ਉੱਮਿ ਕੁੱਦਸ ਬਕਾਰਿ ਗੁਰ ਗੋਬਿੰਦ ਸਿੰਘ
ਗਾਸ਼ੀਆ ਬਰਦਾਰਿ ਗੁਰ ਗੋਬਿੰਦ ਸਿੰਘ

ਜਗਤ ਦੀ ਪਵਿਤ੍ਰ ਜਨਮਦਾਤਾ ਗੁਰੂ ਗੋਬਿੰਦ ਸਿੰਘ ਦੀ ਸੇਵਾ ਵਿਚ ਰਹਿੰਦੀ ਹੈ,
ਅਤੇ ਗੁਰੂ ਗੋਬਿੰਦ ਸਿੰਘ ਦੀ ਟਹਿਲਣ, ਸੇਵਾਦਾਰ, ਹੈ ॥140॥

ਕਦਰ ਕੁਦਰਤ ਪੇਸ਼ਿ ਗੁਰ ਗੋਬਿੰਦ ਸਿੰਘ
ਇਨਕਿਯਾਦ ਅੰਦੇਸ਼ਿ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਦੇ ਸਾਮ੍ਹਣੇ ਕੁਦਰਤ ਦੀ ਕੀ ਕਦਰ ਹੈ ?
ਉਹ ਵੀ ਗੁਰੂ ਗੋਬਿੰਦ ਸਿੰਘ ਦੀ ਬੰਦਗੀ ਵਿਚ ਬੱਧੀ ਰਹਿਣਾ ਚਾਹੁੰਦੀ ਹੈ ॥141॥

ਤਿੱਸਅ ਉਲਵੀ ਖ਼ਾਕਿ ਗੁਰ ਗੋਬਿੰਦ ਸਿੰਘ
ਚਾਕਰਿ ਚਾਲਾਕਿ ਗੁਰ ਗੋਬਿੰਦ ਸਿੰਘ

ਸੱਤੇ ਆਸਮਾਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਧੂੜ ਹਨ,
ਅਤੇ ਗੁਰੂ ਗੋਬਿੰਦ ਸਿੰਘ ਦੇ ਚੁਸਤ ਚਲਾਕ ਚਾਕਰ ਹਨ ॥142॥

ਤਖ਼ਤਿ ਬਾਲਾ ਜ਼ੇਰਿ ਗੁਰ ਗੋਬਿੰਦ ਸਿੰਘ
ਲਾਮਕਾਨਿ ਸੈਰ ਗੁਰ ਗੋਬਿੰਦ ਸਿੰਘ

ਆਕਾਸ਼ ਦਾ ਉਚੇਰਾ ਤਖ਼ਤ ਗੁਰੂ ਗੋਬਿੰਦ ਸਿੰਘ ਦੇ ਹੇਠ ਹੈ,
ਗੁਰੂ ਗੋਬਿੰਦ ਸਿੰਘ ਅਨੰਤ ਵਿਚ ਵਿਚਰਦੇ ਹਨ ॥143॥

ਬਰ ਤਰ ਅਜ਼ ਹਰ ਕਦਰ ਗੁਰ ਗੋਬਿੰਦ ਸਿੰਘ
ਜਾਵਿਦਾਨੀ ਸਦਰ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਦੀ ਕਦਰ ਕੀਮਤ ਸਭ ਤੋਂ ਉਚੇਰੀ ਹੈ,
ਗੁਰੂ ਗੋਬਿੰਦ ਸਿੰਘ ਅਬਿਨਾਸ਼ੀ ਸਿੰਘਾਸਨ ਦੇ ਮਾਲਕ ਹਨ ॥144॥

ਆਲਮੇ ਰੌਸ਼ਨ ਜ਼ਿ ਗੁਰ ਗੋਬਿੰਦ ਸਿੰਘ
ਜਾਨੋ ਦਿਲ ਗੁਲਸ਼ਨ ਜ਼ਿ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਸਦਕਾ ਇਹ ਸੰਸਾਰ ਰੌਸ਼ਨ ਹੈ,
ਗੁਰ ਗੋਬਿੰਦ ਸਿੰਘ ਸਦਕਾ ਜਾਨ ਅਤੇ ਦਿਲ ਗੁਲਜ਼ਾਰ ਹੈ ॥145॥

ਰੂਜ਼ ਅਫ਼ਜ਼ੂੰ ਜਾਹਿ ਗੁਰ ਗੋਬਿੰਦ ਸਿੰਘ
ਜ਼ੇਬਿ ਤਖ਼ਤੋ ਗਾਹਿ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਦਾ ਮਰਤਬਾ ਦਿਨ ਦਿਨ ਵਧਦਾ ਹੈ,
ਗੁਰੂ ਗੋਬਿੰਦ ਸਿੰਘ ਤਖ਼ਤ ਅਤੇ ਅਸਥਾਨ ਦੀ ਸ਼ੋਭਾ ਹਨ ॥146॥

ਮੁਰਸ਼ੁਦੁ-ਦਾੱਰੈਨਿ ਗੁਰ ਗੋਬਿੰਦ ਸਿੰਘ
ਬੀਨਸ਼ਿ ਹਰ ਐਨ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਦੋਹਾਂ ਜਹਾਨਾਂ ਦੇ ਸਤਿਗੁਰੂ ਹਨ,
ਗੁਰੂ ਗੋਬਿੰਦ ਸਿੰਘ ਹਰ ਅੱਖ ਦੀ ਰੌਸ਼ਨੀ ਹਨ ॥147॥

ਜੁਮਲਾ ਦਰ ਫ਼ਰਮਾਨਿ ਗੁਰ ਗੋਬਿੰਦ ਸਿੰਘ
ਬਰ ਤਰ ਆਮਦ ਸ਼ਾਨਿ ਗੁਰ ਗੋਬਿੰਦ ਸਿੰਘ

ਸਾਰਾ ਸੰਸਾਰ ਗੁਰੂ ਗੋਬਿੰਦ ਸਿੰਘ ਦੇ ਹੁਕਮ ਵਿਚ ਹੈ,
ਗੁਰੂ ਗੋਬਿੰਦ ਸਿੰਘ ਦੀ ਸਭ ਤੋਂ ਵੱਡੀ ਸ਼ਾਨ ਹੈ ॥148॥

ਹਰ ਦੋ ਆਲਮ ਖ਼ੈਲਿ ਗੁਰ ਗੋਬਿੰਦ ਸਿੰਘ
ਜੁਮਲਾ ਅੰਦਰ ਜ਼ੈਲਿ ਗੁਰ ਗੋਬਿੰਦ ਸਿੰਘ

ਦੋਵੇਂ ਦੁਨੀਆਂ ਗੁਰੂ ਗੋਬਿੰਦ ਸਿੰਘ ਦਾ ਕਬੀਲਾ ਹਨ,
ਸਾਰੇ ਲੋਕ ਗੁਰੂ ਗੋਬਿੰਦ ਸਿੰਘ ਦਾ ਪੱਲਾ ਫੜਨਹਾਰੇ ਹਨ ॥149॥

ਵਾਹਿਬੋ ਵੱਹਾਬ ਗੁਰ ਗੋਬਿੰਦ ਸਿੰਘ
ਫ਼ਾਤਿਹਿ ਹਰ ਬਾਬ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਬਖ਼ਸ਼ਿਸ਼ਾਂ ਕਰਨ ਵਾਲੇ ਸਖ਼ੀ ਹਨ,
ਗੁਰੂ ਗੋਬਿੰਦ ਸਿੰਘ ਹਰ ਦਰ ਦੇ ਖੋਲਣ ਹਾਰੇ (ਹਰ ਥਾਂ ਦੇ ਵਿਜਈ ) ਹਨ ॥150॥

ਸ਼ਾਮਿਲਿ-ਲ-ਅਸ਼ਫ਼ਾਕ ਗੁਰ ਗੋਬਿੰਦ ਸਿੰਘ
ਕਾਮਿਲਿ-ਲ-ਅਖ਼ਲਾਕ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਮਿਹਰਾਂ ਨਾਲ ਭਰਪੂਰ ਹਨ,
ਗੁਰ ਗੋਬਿੰਦ ਸਿੰਘ ਸਦਾਚਾਰ ਵਿਚ ਪਰੀਪੂਰਣ ਹਨ ॥151॥

ਰੂਹ ਦਰ ਹਰ ਜਿਸਮ ਗੁਰ ਗੋਬਿੰਦ ਸਿੰਘ
ਨੂਰ ਦਰ ਹਰ ਚਸ਼ਮ ਗੁਰ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਹਰ ਸਰੀਰ ਵਿਚ ਦੀ ਰੂਹ ਹਨ,
ਗੁਰੂ ਗੋਬਿੰਦ ਸਿੰਘ ਹਰ ਅੱਖ ਵਿਚਲਾ ਨੂਰ ਹਨ ॥152॥

ਜੁਮਲਾ ਰੋਜ਼ੀ ਖ਼ਾਰਿ ਗੁਰ ਗੋਬਿੰਦ ਸਿੰਘ
ਬੈਜ਼ਿ ਹੱਕ ਇਮਤਾਰ ਗੁਰ ਗੋਬਿੰਦ ਸਿੰਘ

ਸਾਰੇ ਹੀ ਗੁਰੂ ਗੋਬਿੰਦ ਸਿੰਘ ਦੇ (ਦਰ ਤੋਂ) ਰੋਜ਼ੀ ਪਰਾਪਤ ਕਰਨ ਵਾਲੇ ਹਨ,
ਗੁਰੂ ਗੋਬਿੰਦ ਸਿੰਘ ਰੱਬ ਦੀ ਮਿਹਰ ਦੇ ਬੱਦਲ ਵਰਸਾਉਣ ਵਾਲੇ ਹਨ ॥153॥

ਬਿਸਤੋ ਹਫ਼ਤ ਗਦਾਇ ਗੁਰ ਗੋਬਿੰਦ ਸਿੰਘ
ਹਫ਼ਤ ਹਮ ਸ਼ੈਦਾਇ ਗੁਰ ਗੋਬਿੰਦ ਸਿੰਘ

ਸਤਾਈ (ਵਲਾਇਤਾਂ) ਗੁਰੂ ਗੋਬਿੰਦ ਸਿੰਘ ਦੇ ਭਿਖਾਰੀ ਹਨ,
ਸੱਤੇ ਸੰਸਾਰ ਗੁਰੂ ਗੋਬਿੰਦ ਸਿੰਘ ਤੋਂ ਕੁਰਬਾਨ ਹਨ ॥154॥

ਖ਼ਾਕਹੂਬਿ ਸਰਾਇ ਗੁਰ ਗੋਬਿੰਦ ਸਿੰਘ
ਖ਼ੱਮਸ ਵਸਫ਼ ਪੈਰਾਇ ਗੁਰ ਗੋਬਿੰਦ ਸਿੰਘ

ਪੰਜੇ ਇੰਦਰੇ ਗੁਰੂ ਗੋਬਿੰਦ ਸਿੰਘ ਦੇ ਗੁਣਾਂ ਨੂੰ ਸ਼ੋਭਾ ਦੇਣ ਵਾਲੇ ਹਨ,
ਅਤੇ ਗੁਰੂ ਗੋਬਿੰਦ ਸਿੰਘ ਦੇ ਮਹਿਲਾਂ ਦੇ ਝਾੜੂ-ਬਰਦਾਰ ਹਨ ॥155॥

ਬਰ ਦੋ ਆਲਮ ਦਸਤਿ ਗੁਰ ਗੋਬਿੰਦ ਸਿੰਘ
ਜੁਮਲਾ ਉਲਵੀ ਪਸਤਿ ਗੁਰ ਗੋਬਿੰਦ ਸਿੰਘ

ਦੋਹਾਂ ਜਹਾਨਾਂ ਉਤੇ ਗੁਰੂ ਗੋਬਿੰਦ ਸਿੰਘ (ਦੀ ਮਿਹਰ) ਦਾ ਹੱਥ ਹੈ,
ਸਾਰੇ ਫ਼ਰਿਸ਼ਤੇ ਅਤੇ ਦੇਵਤੇ ਗੁਰੂ ਗੋਬਿੰਦ ਸਿੰਘ ਸਾਮ੍ਹਣੇ ਤੁੱਛ ਹਨ ॥156॥

ਲਾਅਲ ਸਗੇ ਗੁਲਾਮਿ ਗੁਰ ਗੋਬਿੰਦ ਸਿੰਘ
ਦਾਗ਼ਦਾਰਿ ਨਾਮਿ ਗੁਰ ਗੋਬਿੰਦ ਸਿੰਘ

(ਨੰਦ) ਲਾਲ ਗੁਰੂ ਗੋਬਿੰਦ ਸਿੰਘ (ਦੇ ਦਰ) ਦਾ ਇਕ ਗ਼ੁਲਾਮ ਕੂਕਰ ਹੈ,
ਉਹ ਗੁਰੂ ਗੋਬਿੰਦ ਸਿੰਘ ਦੇ ਨਾਮ ਦੇ ਦਾਗ਼ ਵਾਲਾ ਹੈ ॥157॥

ਕਮਤਰੀਂ ਜ਼ਿ ਸਗਾਨਿ ਗੁਰ ਗੋਬਿੰਦ ਸਿੰਘ
ਰੇਜ਼ਾ-ਚੀਨਿ ਖ਼੍ਵਾਨਿ ਗੁਰ ਗੋਬਿੰਦ ਸਿੰਘ

ਉਹ ਗੁਰੂ ਗੋਬਿੰਦ ਸਿੰਘ ਦੇ ਕੁੱਤਿਆਂ ਤੋਂ ਵੀ ਨੀਚ ਹੈ,
ਉਹ ਗੁਰੂ ਗੋਬਿੰਦ ਸਿੰਘ ਦੇ ਦਸਤਰਖਾਨ ਤੋਂ ਭੋਰੇ ਚੁਗਣ ਵਾਲਾ ਹੈ ॥158॥

ਸਾਇਲ ਅਜ਼ ਇਨਆਮਿ ਗੁਰ ਗੋਬਿੰਦ ਸਿੰਘ
ਖ਼ਾਕਿ ਪਾਕਿ ਅਕਦਾਮਿ ਗੁਰ ਗੋਬਿੰਦ ਸਿੰਘ

ਇਹ (ਦਾਸ) ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਪਵਿੱਤਰ ਧੂੜੀ ਦੀ ਬਖ਼ਸ਼ਿਸ਼ ਦਾ ਜਾਚਕ ਹੈ ॥159॥

ਬਾਦ ਜਾਨਸ਼ ਫ਼ਿਦਾਇ ਗੁਰ ਗੋਬਿੰਦ ਸਿੰਘ
ਫ਼ਰਕਿ ਊ ਬਰ ਪਾਇ ਗੁਰ ਗੋਬਿੰਦ ਸਿੰਘ

(ਰੱਬ ਕਰੇ) ਇਸ (ਨੰਦ ਲਾਲ) ਦੀ ਜਾਨ ਗੁਰੂ ਗੋਬਿੰਦ ਸਿੰਘ ਤੋਂ ਕੁਰਬਾਨ ਹੋਵੇ,
(ਰੱਬ ਕਰੇ) ਉਸ ਦਾ ਸੀਸ ਗੁਰ ਗੋਬਿੰਦ ਸਿੰਘ ਦੇ ਚਰਨਾਂ ਤੇ ਟਿਕਿਆ ਰਹੇ ॥160॥

  • ਮੁੱਖ ਪੰਨਾ : ਕਾਵਿ ਰਚਨਾਵਾਂ, ਭਾਈ ਨੰਦ ਲਾਲ ਗੋਯਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ