Zindagi Nama : Bhai Nand Lal Goya in Punjabi (Translator Ganda Singh)

ਜ਼ਿੰਦਗੀ ਨਾਮਾ : ਭਾਈ ਨੰਦ ਲਾਲ ਗੋਯਾ (ਅਨੁਵਾਦਕ ਗੰਡਾ ਸਿੰਘ)

ਉਹ ਧਰਤ ਅਤੇ ਆਕਾਸ਼ ਦਾ ਮਾਲਕ ਹੈ, ਅਤੇ
ਮਨੁੱਖ ਅਤੇ ਜਾਨਦਾਰਾਂ ਨੂੰ ਜ਼ਿੰਦਗੀ ਬਖਸ਼ਣ ਵਾਲਾ ਹੈ ॥੧॥

ਉਸ ਦੇ ਰਾਹ ਦੀ ਧੂੜ ਸਾਡੀਆਂ ਅੱਖਾਂ ਲਈ ਸੁਰਮਾ ਹੈ,
ਉਹ ਹਰ ਬਾਦਸ਼ਾਹ ਅਤੇ ਫ਼ਕੀਰ ਦਾ ਮਾਨ ਵਧਾਉਣ ਵਾਲਾ ਹੈ ॥੨॥

ਜੋ ਕੋਈ ਭੀ ਸਦਾ ਉਸ ਦੀ ਯਾਦ ਵਿਚ ਰਹਿੰਦਾ ਹੈ,
ਉਹ ਰੱਬ ਦੀ ਯਾਦ ਦੀ ਹੀ ਪਰੇਰਨਾ ਕਰਦਾ ਹੈ ॥੩॥

ਜੇ ਕਰ ਤੂੰ ਰੱਬ ਦੀ ਯਾਦ ਵਿਚ ਸਦਾ ਮਸਤ ਰਹੇਂ,
ਤਾਂ ਤੂੰ, ਹੇ ਮੇਰੀ ਜਾਨ! ਪੂਰਨ ਮਨੁੱਖ ਬਣ ਜਾਵੇਂ ॥੪॥

ਬਦਲਾਂ ਹੇਠ ਸੂਰਜ (ਦੀ ਤਰ੍ਹਾਂ) ਲੁਕਿਆ ਹੋਇਆ ਹੈ,
ਬੱਦਲਾਂ ਪਿਛੋਂ ਆਪਣਾ ਪੂਰਨ ਚੰਦਰਮਾ ਵਰਗਾ ਮੁਖੜਾ ਵਿਖਾ ॥੫॥

ਇਹ ਤੇਰਾ ਤਨ ਇਕ ਬੱਦਲ ਹੈ, ਉਸ ਵਿਚ ਸੂਰਜ ਲੁਕਿਆ ਹੋਇਆ ਹੈ,
ਰੱਬ ਦੀ ਭਗਤੀ ਯਾਦ ਰੱਖ, ਇਹ ਹੀ ਜੀਵਨ ਦਾ ਫਲ ਹੈ ॥੬॥

ਜਿਹੜਾ ਵੀ ਰੱਬ ਦੇ ਭੇਤਾਂ ਤੋਂ ਵਾਕਿਫ਼ ਹੋ ਗਿਆ,
ਛਿਨ ਛਿਨ ਸਿਵਾਇ ਰੱਬ ਤੋਂ ਹੋਰ ਕੋਈ ਉਸ ਦਾ ਮੰਤਵ ਨਹੀਂ ਰਹਿੰਦਾ ॥੭॥

ਸੱਚ ਕੀ ਹੈ ? ਉਸ ਪਾਕ ਪਰਵਰਦਗਾਰ ਦੀ ਯਾਦ ਹੈ,
ਮਿੱਟੀ ਦੀ ਹਰ ਮੁੱਠ ਭਲਾ ਉਸ ਦੀ ਕਦਰ ਕੀ ਜਾਣ ਸਕਦੀ ਹੈ ॥੮॥

ਜੇਕਰ ਤੈਨੂੰ ਭਲੇ ਪੁਰਖਾਂ ਦੀ ਸੰਗਤ ਨਸੀਬ ਹੋ ਜਾਵੇ,
ਤਾਂ ਹੇ ਮਿਤਰ! ਤੈਨੂੰ ਅਮਰ ਦੌਲਤ ਪਰਾਪਤ ਹੋ ਜਾਵੇਗੀ ॥੯॥

ਇਹ ਦੌਲਤ ਉਸ ਰੱਬ ਦੇ ਬੰਦਿਆਂ ਦੀ ਸੇਵਾ ਵਿਚ ਹੈ,
ਹਰ ਮੰਗਤਾ ਅਤੇ ਬਾਦਸ਼ਾਹ ਉਸ ਤੋਂ ਕੁਰਬਾਨ ਜਾਂਦਾ ਹੈ ॥੧੦॥

ਭਾਈ! ਤੂੰ ਉਨ੍ਹਾਂ ਦਾ ਸੁਭਾਵ ਗ੍ਰਹਿਣ ਕਰ,
ਅਤੇ ਸਦਾ ਉਨ੍ਹਾ ਦੀ ਗਲੀ ਦੀ ਹੀ ਪਰਕਰਮਾ ਕਰਦਾ ਰਹੁ ॥੧੧॥

ਜੋ ਕੋਈ ਉਨ੍ਹਾਂ ਦੇ ਕੂਚੇ ਉਦਾਲੇ ਫਿਰਦਾ ਰਿਹਾ,
ਦੋਹਾਂ ਜਹਾਨਾਂ ਵਿਚ ਉਸ ਨੇ ਸੂਰਜ ਅਤੇ ਚੰਦ ਵਰਗੀ ਰੋਸ਼ਨੀ ਪਰਾਪਤ ਕਰ ਲਈ ॥੧੨॥

ਭਜਨ ਬੰਦਗੀ ਹੀ ਅਮਰ ਖ਼ਜ਼ਾਨਾ ਹੈ,
ਤਾਂ ਤੇ ਤੂੰ ਬੰਦਗੀ ਕਰ, ਭਜਨ ਕਰ, ਸਿਮਰਨ ਕਰ ॥੧੩॥

ਬੰਦਗੀ ਦੇ ਜੀਵਨ ਵਿਚ ਸਾਰੀ ਬਾਦਸ਼ਾਹੀ ਤੇਰੀ ਹੈ,
ਚੰਨ ਤੋਂ ਲੈ ਕੇ ਪਾਤਾਲ ਤਕ ਤੇਰਾ ਹੀ ਰਾਜ ਹੈ ॥੧੪॥

ਜਿਹੜਾ ਵੀ ਉਸ ਰੱਬ ਤੋਂ ਗ਼ਾਫਲ ਰਹਿਆ, ਸਮਝੋ, ਉਹ ਮੂਰਖ ਹੈ,
ਭਾਵੇਂ ਉਹ ਮੰਗਤਾ ਹੋਵੇ, ਅਤੇ ਭਾਂਵੇਂ ਬਾਦਸ਼ਾਹ ਸੁਲਤਾਨ ॥੧੫॥

ਰੱਬ ਦਾ ਪਿਆਰ ਸਭ ਨਾਲੋਂ ਉਚੇਰੀ ਵਸਤੂ ਹੈ,
ਉਸ ਦਾ ਸਾਯਾ ਸਾਡੇ ਸਿਰਾਂ ਤੇ ਮਾਨੋ ਤਾਜ ਹੈ ॥੧੬॥

ਰੱਬ ਦੇ ਪਿਆਰ ਤੋਂ ਰੱਬ ਦੀ ਯਾਦ ਦਾ ਭਾਵ ਹੈ,
ਕਿਉਂਕਿ ਉਸ ਦੀ ਜਾਦੂ ਵਰਗੀ ਨਜ਼ਰ ਸਾਡੇ ਲਈ ਰਸਾਇਣ ਵਾਂਗ ਹੈ ॥੧੭॥

ਰੱਬ ਦਾ ਪਰੇਮ ਸਾਡੀ ਆਤਮਾ ਦਾ ਜੀਵਨ ਹੈ,
ਉਸ ਦਾ ਸਿਮਰਨ ਸਾਡੇ ਪਰਮ ਈਮਾਨ ਦੀ ਪੂੰਜੀ ਹੈ ॥੧੮॥

ਸ਼ੁਕਰਵਾਰ ਵਾਲੇ ਦਿਨ ਪਾਕ ਪਰਹੇਜ਼ਗਾਰ ਮੁਸਲਮਾਨ,
ਰੱਬ ਦੀ ਨਮਾਜ਼ ਲਈ ਇਕੱਠੇ ਹੁੰਦੇ ਹਨ ॥੧੯॥

ਇਸੇ ਤਰ੍ਰਾਂ ਸਾਡੇ ਧਰਮ ਵਿਚ ਸਾਧ ਸੰਗਤਿ ਵਿਚ (ਰੱਬ ਦੇ ਪਿਆਰੇ ਜੁੜਦੇ ਹਨ)
ਅਤੇ ਵਾਹਿਗੁਰੂ ਦੇ ਪ੍ਰੇਮ ਵਿਚ ਰੰਗ ਮਾਣਦੇ ਹਨ ॥੨੦॥

ਮਹੀਨੇ ਵਿਚ ਦੋ ਵਾਰ ਉਸ,
ਪਰਵਰਦਗਾਰ ਦੀ ਉਚੇਚੀ ਯਾਦ ਵਿਚ ਇਕੱਠੇ ਹੁੰਦੇ ਹਨ ॥੨੧॥

ਉਹ ਸਤਸੰਗਿ ਸੁਭਾਗਾ ਹੈ, ਜੋ ਰੱਬ ਲਈ ਹੋਵੇ,
ਉਹ ਸਤਸੰਗਿ ਸੁਭਾਗਾ ਹੈ ਕਿ ਮਨ ਵਿਚ ਬਲਾਵਾਂ ਦੂਰ ਕਰਨ ਲਈ ਹੈ ॥੨੧॥

ਉਹ ਸਤਸੰਗਿ ਸੁਭਾਗਾ ਹੈ, ਜੋ ਰੱਬ ਦੀ ਯਾਦ ਲਈ ਹੋਵੇ,
ਉਹ ਸਤਸੰਗਿ ਸੁਭਾਗਾ ਹੈ, ਜਿਸ ਸੀ ਨੀਂਵ ਸਤਿ ਉੱਤੇ ਹੋਵੇ ॥੨੩॥

ਉਹ ਇਕੱਠ ਭੈੜਾ ਹੈ, ਜਿੱਥੇ ਸ਼ੈਤਾਨੀ ਦੇ ਕੰਮ ਹੋਣ,
ਜਿਸ ਤੋਂ ਅੱਗੇ ਪਛਤਾਵਾ ਲਗਦਾ ਹੋਵੇ ॥੨੪॥

ਇਹ ਲੋਕ ਅਤੇ ਪਰਲੋਕ ਇਕ ਝੂਠੀ ਕਹਾਣੀ ਹਨ,
ਇਹ ਦੋਵੇਂ ਲੋਕ ਉਸ ਰੱਬ ਦੇ ਬੋਹਲ ਵਿਚੋਂ ਇਕ ਦਾਣਾ ਹਨ ॥੨੫॥

ਇਹ ਦੋਵੇਂ ਜਹਾਨ ਸੱਚੇ ਰੱਬ ਦੇ ਹੁਕਮ ਵਿਚ ਹਨ,
ਵਲੀ ਅਤੇ ਨਬੀ ਉਸ ਸਚੇ ਰੱਬ ਤੋਂ ਸਦਕੇ ਜਾਂਦੇ ਹਨ ॥੨੬॥

ਜਿਹੜਾ ਵੀ ਰੱਬ ਦੀ ਯਾਦ ਵਿਚ ਪੱਕਾ ਸਥਿਤ ਹੋ ਜਾਂਦਾ ਹੈ,
ਜਦ ਤਕ ਰੱਬ ਕਾਇਮ ਹੈ, ਉਹ ਵੀ ਅਮਰ ਹੋ ਜਾਂਦਾ ਹੈ ॥੨੭॥

ਇਹ ਦੋਵੇਂ ਲੋਕ ਉਸ ਰੱਬੀ ਨੂਰ ਦੇ ਜ਼ੱਰੇ ਹਨ;
ਇਹ ਚੰਨ ਸੂਰਜ ਦੋਵੇਂ ਉਸ ਦੀ ਚਾਕਰੀ ਵਿਚ ਮਸ਼ਾਲਚੀ ਹਨ ॥੨੮॥

ਦੁਨੀਆਂ ਦੀ ਪਰਾਪਤੀ ਨਿਰੀ ਸਿਰ ਪੀੜ ਹੈ:
ਜੇ ਕੋਈ ਵੀ ਰੱਬ ਤੋਂ ਗ਼ਾਫ਼ਲ ਹੋਇਆ, ਉਹ ਜਾਂ ਬਲਦ ਹੈ ਜਾਂ ਖੋਤਾ ॥੨੯॥

ਉਸ ਰੱਬ ਤੋਂ ਇਕ ਪਲ ਭਰ ਲਈ ਵੀ ਅਵੇਸਲੇ ਰਹਿਣਾ ਮਾਨੋ ਸੌ ਮੌਤਾਂ ਬਰਾਬਰ ਹੈ,
ਰੱਬ ਦੇ ਗਿਆਨ ਵਾਲਿਆਂ ਲਈ ਤਾਂ ਉਸ ਦੀ ਯਾਦ ਹੀ ਅਸਲ ਜ਼ਿੰਦਗੀ ਹੈ ॥੩੦॥

ਹਰ ਉਹ ਛਿਨ ਜੋ ਉਸਦੀ ਯਾਦ ਵਿਚ ਗੁਜ਼ਰਦਾ ਹੈ,
ਉਸ ਦੀ ਜੜ੍ਹ ਰੱਬ ਨਾਲ ਸਦਾ ਕਾਇਮ ਰਹਿੰਦੀ ਹੈ ॥੩੧॥

ਜੋ ਭੀ ਰੱਬ ਦੇ ਸਾਹਮਣੇ ਮੱਥਾ ਟੇਕਣ ਵਾਲਾ ਹੈ,
ਰੱਬ ਨੇ ਉਸ ਦਾ ਸਿਦਕ ਈਮਾਨ ਪੱਕਾ ਬਣਾ ਦਿੱਤਾ ॥੩੨॥

ਸਿਰ ਤਾਂ ਰੱਬ ਨੂੰ ਮੱਥਾ ਟੇਕਣ ਲਈ ਪੈਦਾ ਕੀਤਾ ਹੈ,
ਇਹ ਹੀ (ਸੰਸਾਰ ਦੀ) ਹਰ ਸਿਰ ਦਰਦੀ ਦੀ ਦਵਾ ਹੈ ॥੩੩॥

ਇਸ ਲਈ ਤੈਨੂੰ ਹਰ ਵੇਲੇ ਰੱਬ ਅੱਗੇ ਸਿਰ ਝੁਕਾਉਣਾ ਚਾਹੀਦਾ ਹੈ,
ਰੱਬ ਨੂੰ ਜਾਨਣ ਵਾਲਾ ਤਾਂ ਛਿਨ ਪਲ ਲਈ ਵੀ ਉਸ ਤੋਂ ਗ਼ਾਫ਼ਲ ਨਹੀਂ ਰਹਿੰਦਾ ॥੩੪॥

ਜੋ ਵੀ ਉਸ ਤੋਂ ਗ਼ਾਫ਼ਲ ਰਿਹਾ,ਉਹ ਕਿਵੇਂ ਅਕਲਮੰਦ ਕਿਹਾ ਜਾ ਸਕਦਾ ਹੈ,
ਜੋ ਵੀ ਗ਼ਾਫ਼ਲ ਹੋਇਆ, ਸਮਝੋ ਉਹ ਮੂਰਖ ਅਤੇ ਉਜੱਡ ਹੈ ॥੩੫॥

ਗਿਆਨਵਾਨ ਪੁਰਸ਼ ਹਾ ਹੂ ਵਿਚ ਨਹੀਂ ਪੈਂਦਾ,
ਉਸ ਦੀ ਉਮਰ ਦੀ ਪਰਾਪਤੀ ਬੱਸ ਇਹੀ ਰੱਬ ਦੀ ਯਾਦ ਹੁੰਦੀ ਹੈ ॥੩੬॥

ਨਰਮ ਤੇ ਇਮਾਨਦਾਰ ਬਸ ਉਹੀ ਹੁੰਦਾ ਹੈ,
ਜੋ ਇਕ ਛਿਨ ਪਲ ਲਈ ਵੀ ਉਸ ਤੋਂ ਗ਼ਾਫ਼ਲ ਨਾ ਰਹੇ ॥੩੭॥

ਰੱਬ ਤੋਂ ਗ਼ਾਫ਼ਲ ਰਹਿਣਾ,ਅਤੇ ਸੰਸਾਰੀ ਭੇਸ ਉਪਰ ਮੋਹਤ ਹੋਣਾ ਕੁਫ਼ਰ ਬਰਾਬਰ ਹੈ ॥੩੮॥

ਹੇ ਮੌਲਵੀ !ਤੂੰ ਹੀ ਦਸ! ਰੱਬ ਤੋਂ ਗ਼ਾਫ਼ਲ ਰਹਿ ਕੇ ਇਹ ਸੰਸਾਰ ਅਤੇ ਇਸ ਦਾ
ਭੇਖ ਅਰਥਾਤ ਰੰਗ ਰਸ ਤੇ ਭੋਗ ਕੀ ਅਰਥ ਰਖਦੇ ਹਨ ?
(ਭਾਵ ਰੱਬ ਤੋਂ ਬਿਨਾਂ ਇਨਾਂ ਦਾ ਕੁਝ ਭੀ ਮੂਲ ਨਹੀਂ ਪੈਂਦਾ) ॥੩੯॥

ਸੰਸਾਰ ਦੇ ਰੰਗ ਰਸ ਭੋਗਾਂ ਵਾਲਾ ਜੀਵਨ ਨਾਸ਼ਵਾਨ ਹੈ,
ਇਸ ਦੀ ਮਾਲਕੀ ਅਤੇ ਪਿਆਰ ਵਾਲਾ ਬੰਦਾ ਹੌਲਾ ਹੁੰਦਾ ਹੈ ॥੪੦॥

ਦੀਨ ਅਤੇ ਦੁਨੀਆਂ ਉਸ ਦੇ ਰੱਬ ਦੇ ਬੰਦੇ ਹਨ,
ਇਹ ਉਸ ਦੇ ਅਹਿਸਾਨ ਹੇਠਾਂ ਹਨ ॥੪੧॥

ਰੱਬ ਦੇ ਉਨ੍ਹਾਂ ਭਗਤਾਂ ਦੀ ਸੰਗਤ ਦਾ ਕਿੱਡਾ ਵੱਡਾ ਅਹਿਸਾਨ ਹੈ
ਜੋ ਉਸ ਦੇ ਸੱਚੇ ਪਿਆਰ ਦੀ ਸਿੱਖਿਆ ਲੈਂਦੇ ਰਹਿੰਦੇ ਹਨ ॥੪੨॥

ਉਸ ਦੀ ਯਾਦ ਸਿਦਕ ਈਮਾਨ ਦਾ ਸਰਮਾਇਆ ਹੁੰਦਾ ਹੈ;
ਹਰ ਭਿਖਾਰੀ ਉਸ ਦੀ ਯਾਦ ਨਾਲ ਬਾਦਸ਼ਾਹ ਹੁੰਦਾ ਹੈ ॥੪੩॥

ਉਹ ਦਿਨ ਰਾਤ ਉਸ ਦੀ ਬੰਦਗੀ ਵਿਚ ਖੁਸ਼ ਰਹਿੰਦੇ ਹਨ,
ਉਸ ਦੀ ਬੰਦਗੀ ਹੀ ਅਸਲ ਬੰਦਗੀ ਹੈ ਅਤੇ ਉਸ ਦੀ ਯਾਦ ਹੀ ਅਸਲ ਯਾਦ ਹੈ ॥੪੪॥

ਬਾਦਸ਼ਾਹਤ ਅਤੇ ਦਰਵੇਸ਼ੀ ਕੀ ਹੈ ? ਸਮਝ ਲੈ ਕਿ
ਇਹ ਮਨੱਖਾਂ ਅਤੇ ਰੂਹਾਂ ਦੇ ਪੈਦਾ ਕਰਨ ਵਾਲੇ ਉਸ ਰੱਬ ਦੀ ਯਾਦ ਹੈ ॥੪੫॥

ਜੇ ਕਰ ਉਸ ਦੀ ਯਾਦ ਤੇਰੀ ਜਾਨ ਦੀ ਮਿੱਤਰ ਬਣ ਜਾਵੇ,
ਤਾਂ ਦੋਵੇਂ ਜਹਾਨ ਤੇਰੇ ਹੁਕਮ ਹੇਠਾਂ ਹੋ ਜਾਣ ॥੪੬॥

ਉਸ ਦੀ ਯਾਦ ਵਿਚ ਹੀ ਵੱਡੀ ਵਡਿਆਈ ਹੈ,
ਤੂੰ ਉਸ ਦੀ ਯਾਦ ਕਰ, ਬਸ ਉਸ ਦੀ ਯਾਦ ਕਰ ॥੪੭॥

ਜੇਕਰ ਤੈਨੂੰ ਵਡਿਆਈ ਚਾਹੀਦੀ ਹੈ ਤਾਂ ਬੰਦਗੀ ਕਰ,
ਨਹੀਂ ਤਾਂ ਅਖ਼ੀਰ ਤੈਨੂੰ ਸ਼ਰਮਿੰਦਾ ਹੋਣਾ ਪਵੇਗਾ ॥੪੮॥

ਸ਼ਰਮ ਕਰ, ਕੁਝ ਸ਼ਰਮ ਕਰ, ਤੂੰ ਸ਼ਰਮ ਕਰ,
ਆਪਣੇ ਇਸ ਪੱਥਰ ਵਰਗੇ ਦਿਲ ਨੂੰ ਨਰਮ ਕਰ ॥੪੯॥

ਨਰਮੀ ਦਾ ਭਾਵ ਨਿਮਰਤਾ ਹੈ;
ਇਹ ਹੀ ਹਰ ਕਿਸੇ ਦੇ ਦਰਦ ਦੀ ਵੈਦਗੀ ਹੈ ॥੫੦॥

ਸੱਚ ਦੇ ਭਗਤ ਖ਼ੁਦ-ਪ੍ਰਸੱਤੀ (ਹਉਮੈ) ਕਿਵੇਂ ਕਰ ਸਕਦੇ ਹਨ?
ਉਚੇ ਸਿਰਾਂ ਵਾਲੇ ਨਿਵਾਣਾਂ ਦੀ ਕਿਵੇਂ ਲਾਲਸਾ ਕਰ ਸਕਦੇ ਹਨ?੫੧॥

ਇਹ ਹਊਮੈ ਇਕ ਗੰਦਾ ਤਿਪਕਾ ਹੈ;
ਜਿਸ ਨੇ ਤੇਰੀ ਮੁੱਠ ਭਰ ਮਿੱਟੀ ਵਿਚ ਥਾਂ ਬਣਾ ਰਖੀ ਹੈ ॥੫੨॥

ਇਹ ਹਉਮੈਂ ਤੇਰੀ ਮੂਰਖਤਾ ਦਾ ਖਾਸਾ ਹੈ;
ਸੱਚ ਦੀ ਪੂਜਾ ਤੇਰੇ ਈਮਾਨ ਦੀ ਰਾਸ ਹੈ ॥੫੩॥

ਤੇਰਾ ਸਰੀਰ ਤਾਂ ਹਵਾ, ਮਿਟੀ ਅਤੇ ਅੱਗ ਦਾ ਬਣਿਆ ਹੋਇਆ ਹੈ,
ਤੂੰ ਤਾਂ ਪਾਣੀ ਦਾ ਇਕ ਕਤਰਾ ਹੈਂ, ਤੇ ਇਹ ਨੂਰ ਉਸ ਰੱਬ ਵਲੋਂ ਹੈ ॥੫੪॥

ਤੇਰਾ ਹਿਰਦਾ ਰੂਪੀ ਘਰ ਰੱਬ ਦੇ ਨੂਰ ਨਾਲ ਰੌਸ਼ਨ ਹੈ,
ਤੂੰ ਇਕ ਫੁੱਲ ਸੀ, ਹੁਣ ਗੁਲਸ਼ਨ ਬਣ ਗਿਆ ਹੈ ॥੫੫॥

ਅਪਣੇ ਇਸ ਗੁਲਸ਼ਨ ਅੰਦਰ ਤੂੰ ਸੈਰ ਕਰ,
ਪਾਕ ਪਵਿੱਤਰ ਪੰਛੀ ਵਾਂਗ ਉਸ ਵਿਚ ਉਡਾਰੀਆਂ ਲਾ ॥੫੬॥

ਉਸ ਦੀ ਇਕ ਇਕ ਨੁੱਕਰ ਵਿਚ ਲੱਖਾਂ ਬਹਿਸ਼ਤੀ ਬਾਗ਼ ਹਨ,
ਇਹ ਦੋਵੇਂ ਜਹਾਨ ਉਸੇ ਦੇ ਸਿੱਟੇ ਦੇ ਦਾਣੇ ਹਨ ॥੫੭॥

ਉਸ ਪਾਕ ਪਵਿੱਤਰ ਪੰਛੀ ਦਾ ਚੋਗਾ ਰੱਬ ਦੀ ਯਾਦ ਹੈ,
ਉਸ ਦੀ ਯਾਦ, ਬਸ ਉਸ ਦੀ ਯਾਦ, ਹਾਂ ਉਸੇ ਦੀ ਯਾਦ ॥੫੮॥

ਜਿਹੜਾ ਵੀ ਰੱਬ ਦੀ ਯਾਦ ਵਲ ਲੱਗਾ ਹੋਇਆ ਹੈ,
ਉਸ ਦੇ ਰਾਹ ਦੀ ਧੂੜ ਸਾਡੇ ਨੇਤ੍ਰਾਂ ਦਾ ਸੁਰਮਾ ਹੈ ॥੫੯॥

ਜੇ ਕਰ ਤੈਨੂੰ ਰੱਬ ਦੀ ਯਾਦ ਪਰਾਪਤ ਹੋ ਜਾਏ,
ਤਾਂ, ਹੇ ਦਿਲ! ਸਮਝ ਕਿ ਤੇਰੀ ਹਰ ਮੁਸ਼ਕਲ ਦਾ ਹੱਲ ਹੋ ਗਿਆ ॥੬੦॥

ਹਰ ਮੁਸ਼ਕਲ ਦਾ ਹੱਲ ਬੱਸ ਇਹੀ ਰੱਬ ਦੀ ਯਾਦ ਹੈ,
ਰੱਬ ਦੀ ਯਾਦ ਕਰਨ ਵਾਲਾ ਰੱਬ ਦੀ ਹੀ ਜ਼ਾਤ ਹੁੰਦਾ ਹੈ ॥੬੧॥

ਅਸਲ ਵਿਚ ਰੱਬ ਤੋਂ ਬਿਨਾਂ ਕੋਈ ਭੀ ਹੋਰ ਚੀਜ਼ ਪਰਵਾਨ ਨਹੀਂ ਹੈ,
ਹੇ ਮੇਰੇ ਮਨ! ਅਜਿਹਾ ਕੌਣ ਹੈ, ਜਿਹੜਾ ਸਿਰ ਤੋਂ ਪੈਰਾਂ ਤਕ ਰੱਬ ਦਾ ਨੂਰ ਨਹੀਂ ॥੬੨॥

ਤੂੰ ਉਸ ਮਹਾਨ ਨੂਰ ਦੀ ਇਕ ਕਿਰਣ ਹੈਂ, ਸਿਰ ਤੋਂ ਪੈਰਾਂ ਤਕ ਨੂਰ ਹੋ ਜਾ,
ਚਿੰਤਾ ਨੂੰ ਛੱਡ ਦੇ ਅਤੇ ਸਦਾ ਲਈ ਸਰੂਰ ਵਿਚ ਰਹੁ ॥੬੩॥

ਕਦ ਤਕ ਤੂੰ ਗ਼ਮ ਦੀ ਸਦੀਵੀ ਕੈਦ ਵਿਚ ਪਿਆ ਰਹੇਂਗਾ?
ਗ਼ਮ ਨੂੰ ਛਡ, ਰੱਬ ਦੀ ਯਾਦ ਕਰ ਅਤੇ ਸਦਾ ਸਲਾਮਤ ਰਹੁ ॥੬੪॥

ਗ਼ਮ ਕੀ ਹੈ? ਉਸ ਰੱਬ ਦੀ ਯਾਦ ਤੋਂ ਗ਼ਫ਼ਲਤ,
ਖ਼ੁਸ਼ੀ ਕੀ ਹੈ, ਉਸ ਅਪਰਮ ਅਪਾਰ ਦੀ ਯਾਦ ॥੬੫॥

ਜਾਣਦਾ ਹੈਂ ਕਿ ਉਸ ਅਪਰਮ ਅਪਾਰ ਦੇ ਕੀ ਅਰਥ ਹਨ ?
ਅਪਰਮ ਅਪਾਰ ਉਹ ਹੈ, ਜਿਹੜਾ ਜਨਮ ਮਰਨ ਵਿਚ ਨਹੀਂ ਆਉਂਦਾ ॥੬੬॥

ਹਰ ਪੁਰਸ਼ ਅਤੇ ਇਸਤ੍ਰੀ ਨੂੰ ਉਸੇ ਦੀ ਹੀ ਧੁਨ ਸਮਾਈ ਹੋਈ ਹੈ,
ਦੋਹਾਂ ਜਹਾਨਾਂ ਵਿਚ ਇਹ ਉਸੇ ਦਾ ਹੀ ਰੌਲਾ ਰੱਪਾ ਹੈ ॥੬੭॥

ਵਲੀਆ (ਸੰਤਾਂ) ਦੀ ਰਸਨਾ ਉਤੇ ਉਸ ਦਾ ਟਿਕਾਣਾ ਹੈ,
ਜਾਂ ਉਸ ਜੀਵ ਦੇ ਹਿਰਦੇ ਅੰਦਰ, ਜਿੱਥੇ ਦਿਨ ਰਾਤ ਉਸ ਦੀ ਯਾਦ ਰਹਿੰਦੀ ॥੬੮॥

ਉਸ (ਰੱਬ ਨੂੰ ਯਾਦ ਕਰਨ ਵਾਲੇ) ਦੀ ਅੱਖ ਗੈਰ ਉਪਰ ਖੁਲ੍ਹਦੀ ਹੀ ਨਹੀਂ,
ਉਸ ਦਾ ਕਤਰਾ ਬਿਨਾਂ ਸਾਗਰ ਦੀ ਦਿਸ਼ਾ ਦੇ ਹੋਰ ਕਿਸੇ ਪਾਸੇ ਰੁੜ੍ਹਦਾ ਹੀ ਨਹੀਂ ॥੬੯॥

ਰੱਬ ਦਾ ਬੰਦਾ ਦੋਹਾਂ ਜਹਾਨਾਂ ਦਾ ਮਾਲਿਕ ਹੈ,
ਕਿਉਂ ਜੋ ਉਹ ਰੱਬ ਦੇ ਉਸ ਮਹਾਨ ਸੱਚ-ਸਰੂਪ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਵੇਖਦਾ ॥੭੦॥

ਇਹ ਲੋਕ ਪਰਲੋਕ ਦੋਵੇਂ ਨਾਸ਼ਵਾਨ ਹਨ;
ਉਸ ਦੀ ਯਾਦ ਤੋਂ ਛੁਟ ਬਾਕੀ ਸਭ ਕੁਝ ਬੇਸਮਝੀ ਹੈ ॥੭੧॥

ਉਸ ਦੀ ਯਾਦ ਕਰ; ਜਿੱਥੋਂ ਤਕ ਤੇਰੇ ਪਾਸੋਂ ਹੋ ਸਕੇ ਉਸ ਨੂੰ ਯਾਦ ਰੱਖ
ਆਪਣੇ (ਹਿਰਦੇ ਰੂਪੀ) ਘਰ ਨੂੰ ਰੱਬ ਦੀ ਯਾਦ ਨਾਲ ਆਬਾਦ ਕਰ ॥੭੨॥

ਤੇਰਾ ਇਹ ਹਿਰਦਾ ਰੱਬ ਦਾ ਹੀ ਘਰ ਹੈ,
ਮੈਂ ਕੀ ਆਖਾਂ, ਰੱਬ ਨੇ ਹੀ ਇਉਂ ਕਿਹਾ ਹੈ ॥੭੩॥

ਤੇਰਾ ਸਾਥੀ ਅਤੇ ਤੇਰੀ ਹਾਂ ਨਾਲ ਹਾਂ ਮਿਲਾਣ ਵਾਲਾ ਤਾਂ ਬਾਦਸ਼ਾਹ ਹੈ,
ਪਰ ਤੂੰ ਤਾਂ ਹਰ ਮੰਦੇ ਚੰਗੇ ਮਗਰ ਸਵਾਰਥ ਲਈ ਨਸਦਾ ਫਿਰਦਾ ਹੈ ॥੭੪॥

ਅਫ਼ਸੋਸ ਤੇਰੇ ਉੱਤੇ, ਤੇਰੀ ਜਾਨ ਉੱਤੇ ਅਤੇ ਤੇਰੇ ਹਾਲ ਉੱਤੇ,
ਅਫ਼ਸੋਸ ਹੈ ਤੇਰੀ ਇਸ ਅਣਗਹਿਲੀ ਉੱਤੇ ਅਤੇ ਤੇਰੀ ਚਾਲ ਉੱਤੇ ॥੭੫॥

ਜਿਹੜਾ ਵੀ ਉਸ ਦੇ ਦੀਦਾਰ ਦਾ ਤਾਲਬ ਹੋ ਗਿਆ,
ਉਸ ਦੀਆਂ ਨਜ਼ਰਾਂ ਵਿਚ ਸਭ ਕੁਝ ਉਸੇ ਦਾ ਸਰੂਪ ਹੌ ਗਿਆ੭੬॥

ਹਰ ਚਿਤ੍ਰ ਵਿਚ ਉਹ ਚਿਤ੍ਰਕਾਰ ਹੀ ਝਲਕਦਾ ਹੈ,
ਪਰੰਤੂ ਇਸ ਭੇਤ ਨੂੰ ਮਨਮੁਖ ਨਹੀਂ ਜਾਣ ਸਕਦਾ ॥੭੭॥

ਜੇ ਕਰ ਤੂੰ ਰੱਬ ਦੇ ਪ੍ਰੇਮ ਦਾ ਸਬਕ ਪੜ੍ਹਨਾ ਹੈ ਤਾਂ
ਰੱਬ ਦੀ ਯਾਦ ਕਰ, ਤੂੰ ਬਸ ਰੱਬ ਦੀ ਯਾਦ ਕਰ ॥੭੮॥

ਹੇ ਭਾਈ! ਕੀ ਤੈਨੂੰ ਪਤਾ ਹੈ ਰੱਬ ਦੀ ਯਾਦ ਕੀ ਹੁੰਦੀ ਹੈ,
ਅਤੇ ਇਨ੍ਹਾਂ ਸਾਰੇ ਦਿਲਾਂ ਅੰਦਰ ਕੌਣ ਵਸਦਾ ਹੈ ?੭੯॥

ਜਦ ਸਭਨਾ ਦਿਲਾਂ ਵਿਚ ਉਹ ਹੀ ਵਸਦਾ ਹੈ,
ਦਿਲ ਦਾ ਘਰ ਉਸ ਦਾ ਟਿਕਾਣਾ ਅਤੇ ਪਨਾਹ ਹੈ ॥੮੦॥

ਜਦ ਤੈਨੂੰ ਪਤਾ ਲਗ ਗਿਆ, ਕਿ ਸਾਰੇ ਦਿਲਾਂ ਵਿਚ ਰੱਬ ਵਸਦਾ ਹੈ,
ਤਾਂ ਤੇ ਹਰ ਦਿਲ ਦੀ ਇਜ਼ਤ ਕਰਨਾ ਤੇਰਾ ਮਨੋਰਥ ਹੋਣਾ ਚਾਹੀਦਾ ਹੈ ॥੮੧॥

ਇਹੀ ਰੱਬ ਦੀ ਯਾਦ ਹੈ, ਹੋਰ ਕੋਈ ਯਾਦ ਨਹੀਂ,
ਜਿਸ ਕਿਸੇ ਨੂੰ ਅਜਿਹਾ ਫ਼ਿਕਰ ਨਹੀਂ, ਉਹ ਖੁਸ਼ ਨਹੀਂ ਹੈ ॥੮੨॥

ਰੱਬ ਦੇ ਗਿਆਨਵਾਨਾਂ ਦੀ ਜ਼ਿੰਦਗੀ ਰੱਬ ਦਾ ਸਿਮਰਨ ਹੈ,
ਹਉਮੈ ਵਿਚ ਵਸਿਆ ਮਨੁੱਖ ਰੱਬ ਤੋਂ ਦੂਰ ਹੈ ॥੮੩॥

ਹੇ ਗੋਯਾ! ਤੇਰੀ ਹਸਤੀ ਹੀ ਕੀ ਹੈ ? ਇਕ ਮੁੱਠ ਮਿੱਟੀ ਤੋਂ ਵੱਧ ਨਹੀਂ,
ਅਤੇ ਉਹ ਵੀ ਆਪਣੇ ਬੱਸ ਨਹੀਂ (ਇਹ ਸਰੀਰ ਵੀ ਤਾਂ ਆਪਣੇ ਬੱਸ ਨਹੀਂ) ॥੮੪॥

ਰੱਬ ਨੇ ਬਹੱਤਰ ਫਿਰਕੇ ਪੈਦਾ ਕੀਤੇ ਹਨ,
ਜਿਨ੍ਹਾਂ ਵਿਚੋਂ ਉਸ ਨੇ ਨਾਜੀ ਫਿਰਕਾ ਉੱਚਤਮ ਚੁਣਿਆ ॥੮੫॥

ਨਾਜੀ (ਜਿਹੜੇ ਜਨਮ ਮਰਨ ਤੋਂ ਰਹਿਤ ਹੋ ਗਏ ਹੋਣ) ਫਿਰਕੇ ਨੂੰ ਤੂੰ ਬਿਨਾਂ ਕਿਸੇ
ਸ਼ੱਕ ਦੇ ਬਹੱਤਰਾਂ ਫਿਰਕਿਆਂ ਦੀ ਪਨਾਹ ਸਮਝ ॥੮੬॥

ਇਨ੍ਹਾਂ ਦਾ ਹਰ ਇਕ ਬੰਦਾ ਪਵਿੱਤਰ ਹੈ,
ਸੋਹਣਾ, ਨੇਕ-ਸੁਭਾਉ ਅਤੇ ਨੇਕ ਤਬੀਅਤ ਵਾਲਾ ਹੈ ॥੮੭॥

ਇਨ੍ਹਾਂ ਨੂੰ ਰੱਬ ਦੀ ਯਾਦ ਤੋਂ ਬਿਨਾਂ ਕੋਈ ਚੀਜ਼ ਚੰਗੀ ਨਹੀਂ ਲਗਦੀ,
ਬੰਦਗੀ ਤੇ ਪਾਠ ਬਿਨਾਂ ਉਨ੍ਹਾਂ ਦੀ ਹੋਰ ਕੋਈ ਮਰਯਾਦਾ ਨਹੀਂ ॥੮੮॥

ਉਨ੍ਹਾਂ ਦੇ ਸ਼ਬਦਾਂ ਵਿਚੋਂ ਖੰਡ ਤੇ ਮਿਸ਼ਰੀ ਝੜਦੀ ਹੈ,
ਉਨ੍ਹਾਂ ਦੇ ਹਰ ਵਾਲ ਤੋਂ ਅੰਮ੍ਰਿਤ ਦੀ ਬਰਖਾ ਹੁੰਦੀ ਹੈ ॥੮੯॥

ਉਹ ਈਰਖਾ, ਵੈਰ ਵਿਰੋਧ ਤੋਂ ਅਟੰਕ ਹਨ,
ਉਹ ਕਦੀ ਮੰਦਾ ਕਰਮ ਨਹੀਂ ਕਰਦੇ ॥੯੦॥

ਉਹ ਹਰ ਇਕ ਦਾ ਮਾਨ ਸਤਿਕਾਰ ਕਰਦੇ ਹਨ,
ਉਹ ਨਿਰਧਨ ਨੂੰ ਧਨਵਾਨ ਬਣਾ ਦਿੰਦੇ ਹਨ ॥੯੧॥

ਉਹ ਮੁਰਦੇ ਨੂੰ ਅੰਮ੍ਰਿਤ ਬਖ਼ਸ਼ਦੇ ਹਨ,
ਉਹ ਹਰ ਮੁਰਝਾਏ ਹੋਏ ਦਿਲ ਨੂੰ ਨਵੀਂ ਜਾਨ ਬਖ਼ਸ਼ਦੇ ਹਨ ॥੯੨॥

ਉਹ ਹਰ ਸੁੱਕੀ ਲਕੜ ਨੂੰ ਹਰੀ ਭਰੀ ਬਣਾ ਦਿੰਦੇ ਹਨ,
ਉਹ ਬੂ ਨੂੰ ਵੀ ਕਸਤੂਰੀ ਬਣਾ ਦਿੰਦੇ ਹਨ ॥੯੩॥

ਨਿਜੀ ਸਿਫ਼ਤਾਂ ਵਿਚ ਇਹ ਸਾਰੇ ਭਲੇ ਲੋਕ ਹਨ,
ਰੱਬ ਦੀ ਜ਼ਾਤ ਦੇ ਢੁੰਡਾਊ ਹਨ, ਆਪ ਵੀ ਉਹ ਰੱਬ ਵਰਗੇ ਹੀ ਹਨ ॥੯੪॥

ਇਲਮ ਅਤੇ ਅਦਬ ਉਨ੍ਹਾਂ ਦੇ ਸੁਭਾਉ ਵਿਚੋਂ ਪ੍ਰਗਟ ਹੁੰਦਾ ਹੈ,
ਉਨ੍ਹਾ ਦਾ ਮੁਖੜਾ ਨੂਰਾਨੀ ਸੂਰਜ ਤੋਂ ਰੌਸ਼ਨ ਹੁੰਦਾ ਹੈ ॥੯੫॥

ਉਨ੍ਹਾਂ ਦਾ ਪੰਥ ਗਰੀਬ ਨਿਮਾਣਿਆਂ ਦੀ ਕੌਮ ਹੈ;
ਦੋਵੇਂ ਜਹਾਨ ਇਨ੍ਹਾਂ ਦੇ ਸ਼ਰਧਾਲੂ ਹਨ ॥੯੬॥

ਇਹ ਮਸਕੀਨਾਂ ਦੀ ਕੌਮ,ਰੱਬ ਦੇ ਬੰਦਿਆਂ ਦੀ ਕੌਮ ਹੈ,
ਇਹ ਸਭ ਕੁਝ ਨਾਸ ਹੋ ਜਾਣ ਵਾਲਾ ਹੈ, ਪਰ ਉਹ ਰੱਬ ਸਦਾ ਅਬਿਨਾਸ਼ੀ ਹੈ ॥੯੭॥

ਉਨ੍ਹਾਂ ਦੀ ਸੰਗਤ ਨੇ ਮਿਟੀ ਨੂੰ ਭੀ ਅਕਸੀਰ ਬਣਾ ਦਿੱਤਾ ।
ਉਨ੍ਹਾਂ ਦੀ ਮਿਹਰ ਨੇ ਹਰ ਦਿਲ ਤੇ ਅਸਰ ਕੀਤਾ ॥੯੮॥

ਜੋ ਵੀ ਇਕ ਵਾਰ ਵੀ ਉਨਾਂ ਦੀ ਸੰਗਤ ਵਿਚ ਬੈਠ ਜਾਂਦਾ ਹੈ,
ਫਿਰ ਉਹ ਕਿਆਮਤ ਦੇ ਦਿਨ ਦੀ ਕਦ ਚਿੰਤਾ ਕਰਦਾ ਹੈ ?੯੯॥

ਜਿਸ ਨੂੰ ਸੈਂਕੜੇ ਸਾਲਾਂ ਦੀ ਉਮਰ ਵਿਚ ਕੁਝ ਪਰਾਪਤ ਨਾ ਹੋਇਆ,
ਉਨ੍ਹਾਂ ਦੀ ਸੰਗਤ 'ਚ ਉਹ ਸੂਰਜ ਵਾਂਗ ਚਮਕ ਪਿਆ ॥੧੦੦॥

ਅਸੀਂ ਉਨ੍ਹਾਂ ਦੇ ਅਹਿਸਾਨਮੰਦ ਹਾਂ,
ਉਨ੍ਹਾਂ ਦੇ ਅਹਿਸਾਨ ਦੇ ਬੰਦੇ ਹਾਂ ॥੧੦੧॥

ਮੇਰੇ ਜਿਹੇ ਲੱਖਾਂ ਉਨ੍ਹਾਂ ਤੋਂ ਕੁਰਬਾਨ ਹਨ,
ਮੈਂ ਜੋ ਕੁਝ ਵੀ ਉਨ੍ਹਾਂ ਦੀ ਸਿਫ਼ਤ ਵਿਚ ਆਖਾਂ, ਥੋੜ੍ਹਾ ਹੈ ॥੧੦੨॥

ਉਨ੍ਹਾਂ ਦੀ ਸ਼ਾਨ ਕਹਿਣ ਤੋਂ ਬਾਹਰ ਹੈ,
ਉਨ੍ਹਾਂ ਦਾ ਜੀਵ-ਜਾਮਾ ਧੋਣ ਤੋਂ ਪਾਕ ਹੈ ॥੧੦੩॥

ਯਕੀਨ ਰੱਖ ! ਆਖ਼ਰ ਇਹ ਦੁਨੀਆਂ ਕਦ ਤੱਕ ਹੈ ?
ਅਖ਼ੀਰ ਤੇਰਾ ਸੰਬੰਧ ਤਾਂ ਰੱਬ ਨਾਲ ਹੀ ਹੋਣਾ ਹੈ ॥੧੦੪॥

ਹੁਣ ਤੂੰ ਫਿਰ ਮੁੱਢ ਤੋਂ ਉਸ ਸ਼ਾਹ ਦੀਆਂ ਕਥਾ ਕਹਾਣੀਆਂ ਕਰ,
ਇਸ ਰਾਹ ਦੇ ਵਿਖਾਉਣ ਵਾਲੇ ਦੇ ਪਿੱਛੇ ਪਿੱਛੇ ਤੁਰ ॥੧੦੫॥

ਤਾਂ ਜੋ ਤੈਨੂੰ ਉਮਰਾ ਦੀ ਮੁਰਾਦ ਮਿਲ ਜਾਵੇ,
ਅਤੇ ਉਸ ਮਹਾਨ ਪ੍ਰਭੂ ਦੀ ਪ੍ਰੀਤੀ ਦੀ ਰਾਸ ਪਰਾਪਤ ਹੋਵੇ ॥੧੦੬॥

ਇਕ ਮੂਰਖ ਵੀ ਉਥੇ ਦਿਲ ਵਾਲਾ ਹੋ ਜਾਂਦਾ ਹੈ,
ਦਰਿਆ ਵਿਚ ਡੁੱਬਿਆ ਹੋਇਆ ਵੀ ਕੰਢੇ ਤੇ ਪੁੱਜ ਜਾਂਦਾ ਹੈ ॥੧੦੭॥

ਜਿਸ ਨੂੰ ਰੱਬ ਦੀ ਯਾਦ ਪਰਾਪਤ ਹੋ ਜਾਂਦੀ ਹੈ,
ਉਹ ਤੁੱਛ ਵੀ ਪੂਰਾ ਗਿਆਨਵਾਨ ਬਣ ਜਾਂਦਾ ਹੈ ॥੧੦੮॥

ਜਿਹੜਾ ਰੱਬ (ਦੀ ਯਾਦ) ਤੋਂ ਪਲ ਭਰ ਵੀ ਗ਼ਾਫ਼ਲ ਨਹੀਂ,
ਉਸ ਦੇ ਸਿਰ ਉਤੇ ਸਮਝੋ ਅਦਬ-ਸਤਿਕਾਰ ਦਾ ਤਾਜ ਰਖਿਆ ਹੋਇਆ ਹੈ ॥੧੦੯॥

ਇਹ ਦੌਲਤ ਹਰ ਕਿਸੇ ਨੂੰ ਨਸੀਬ ਨਹੀਂ,
ਉਨ੍ਹਾਂ ਦੇ ਦਰਦ ਦਾ ਇਲਾਜ ਸਿਵਾਏ ਰੱਬ ਵੈਦ ਦੇ ਕੋਈ ਨਹੀਂ ॥੧੧੦॥

ਹਰ ਦਰਦ ਦਾ ਦਾਰੂ ਰੱਬ ਦੀ ਯਾਦ ਹੈ,
ਜਿਸ ਹਾਲ ਵਿਚ ਰੱਬ ਰੱਖੇ, ਉਹੀ ਠੀਕ ਹੈ ॥੧੧੧॥

ਸਭ ਦੀ ਇੱਛਾ ਪੂਰਨ ਸਤਿਗੁਰ ਦੀ ਪਰਾਪਤੀ ਹੈ,
ਬਿਨਾਂ ਗੁਰੂ ਦੇ ਕੋਈ ਰੱਬ ਤਕ ਨਹੀਂ ਪਹੁੰਚ ਸਕਦਾ ॥੧੧੨॥

ਪਾਂਧੀਆਂ ਲਈ ਕਿੰਨੇ ਹੀ ਰਾਹ ਹਨ,
ਉਨ੍ਹਾਂ ਨੂੰ ਕਾਫ਼ਲੇ ਦੇ ਰਾਹ ਦੀ ਲੋੜ ਨਹੀਂ ਹੈ ॥੧੧੩॥

ਉਹ ਹਰ ਦਮ ਰੱਬ ਦੇ ਸਿਮਰਨ ਲਈ ਤਤਪਰ ਰਹਿੰਦੇ ਹਨ,
ਆਪ ਰੱਬ ਦੇ ਮਨਜ਼ੂਰ ਹਨ ਅਤੇ ਰੱਬ ਦੇ ਦਰਸ਼ਕ ਹਨ ॥੧੧੪॥

ਪੂਰਨ ਸਤਿਗੁਰੂ ਓਹੀ ਅਤੇ ਓਹੀ ਹੋ ਸਕਦਾ ਹੈ,
ਜਿਸ ਦੀ ਬਾਣੀ ਵਿਚੋਂ ਰੱਬ ਦੀ ਸੁਗੰਧੀ ਸਪਸ਼ਟ ਮਹਿਕਦੀ ਹੋਵੇ ॥੧੧੫॥

ਕੋਈ ਵੀ ਉਨ੍ਹਾਂ ਦੇ ਸਾਮ੍ਹਣੇ ਜ਼ੱਰੇ ਵਾਂਗ ਆਉਂਦਾ ਹੈ,
ਉਹ ਛੇਤੀ ਹੀ ਸੂਰਜ ਵਾਂਗ ਨੂਰ ਦੀ ਬਰਖਾ ਕਰਨ ਵਾਲਾ ਬਣ ਜਾਂਦਾ ਹੈ ॥੧੧੬॥

ਜ਼ਿੰਦਗੀ ਉਹੀ ਹੈ ਜਿਹੜੀ ਬਿਨਾਂ ਕਿਸੇ ਹੀਲ ਹੁੱਜਤ ਦੇ
ਉਸ ਰੱਬ ਦੀ ਯਾਦ ਵਿਚ ਗੁਜ਼ਰੇ ॥੧੧੭॥

ਹਉਮੈ ਕਰਨਾ ਮੂਰਖਾਂ ਦਾ ਕੰਮ ਹੈ,
ਰੱਬ ਦੀ ਭਗਤੀ ਈਮਾਨ ਵਾਲਿਆਂ ਦਾ ਖਾਸਾ ਹੈ ॥੧੧੮॥

ਹਰ ਇਕ ਦਮ ਦੀ ਅਣਗਹਿਲੀ ਇਕ ਵੱਡੀ ਮੌਤ ਹੈ,
ਰੱਬ ਦੋਜ਼ਖ਼ ਦੇ ਸ਼ੈਤਾਨ ਤੋਂ ਬਚਾਈ ਰੱਖੇ ॥੧੧੯॥

ਜਿਹੜਾ ਉਸ ਦੀ ਯਾਦ ਵਿਚ ਦਿਨ ਰਾਤ ਮਸਤ ਰਹਿੰਦਾ ਹੈ,
(ਉਸ ਨੂੰ ਪਤਾ ਹੈ ਕਿ) ਇਹ (ਰੱਬ ਦੀ ਯਾਦ) ਮਾਲ ਸੰਤਾਂ ਦੀ ਹੱਟ ਤੋਂ ਹੀ ਪਰਾਪਤ ਹੁੰਦਾ ਹੈ ॥੧੨੦॥

ਉਨ੍ਹਾਂ ਦੀ ਦਰਗਾਹ ਦਾ ਸਭ ਤੋਂ ਨੀਵਾਂ ਬੰਦਾ ਵੀ,
ਇਸ ਜਹਾਨ ਦੇ ਵੱਡੇ ਤੋਂ ਵੱਡੇ ਪਤਵੰਤਿਆਂ ਨਾਲੋਂ ਚੰਗੇਰਾ ਹੈ ॥੧੨੧॥

ਉਨ੍ਹਾਂ ਦੇ ਰਾਹਾਂ ਤੋਂ ਕਈਂ ਸਿਆਣੇ ਕੁਰਬਾਨ (ਜਾਂਦੇ) ਹਨ,
ਉਨ੍ਹਾਂ ਦੇ ਰਾਹਾਂ ਦੀ ਧੂੜ ਮੇਰੀਆਂ ਅੱਖਾਂ ਲਈ ਸੁਰਮਾ ਹੈ ॥੧੨੨॥

ਤੂੰ ਵੀ, ਹੇ ਬਰਖ਼ੁਰਦਾਰ! ਆਪਣੇ ਆਪ ਨੂੰ ਇਸੇ ਤਰ੍ਹਾਂ ਸਮਝ,
ਤਾਂ ਜੋ ਮੇਰੀ ਜਾਨ! ਤੂੰ ਇਕ ਬਿਬੇਕੀ ਪੁਰਸ਼ ਬਣ ਜਾਵੇਂ ॥੧੨੩॥

ਇਨ੍ਹਾਂ ਸਾਹਿਬਾਂ ਦੇ ਬਹੁਤ ਸੇਵਕ ਅਤੇ ਬੰਦੇ ਹਨ,
ਬੰਦੇ ਦਾ ਕੰਮ ਤਾਂ ਬੰਦਗੀ ਕਰਨਾ ਹੈ ॥੧੨੪॥

ਇਸ ਲਈ ਤੈਨੂੰ ਚਾਹੀਦਾ ਹੈ ਕਿ ਉਨ੍ਹਾਂ ਦਾ ਸੇਵਕ ਬਣ ਜਾਵੇਂ,
ਪਰ ਕਦੀ ਵੀ ਉਨ੍ਹਾਂ ਲਈ ਭਾਰ ਨਾ ਬਣੇ ॥੧੨੫॥

ਭਾਵੇਂ ਰੱਬ ਤਕ ਪਹੁੰਚਾਉਣ ਵਾਲਾ ਉਨ੍ਹਾਂ ਬਿਨਾਂ ਹੋਰ ਕੋਈ ਨਹੀਂ ਹੁੰਦਾ,
ਪਰ ਅਜਿਹੀ ਗੱਲ ਕਰਨਾ ਵੀ (ਉਨ੍ਹਾਂ ਲਈ) ਦੋਸ਼ ਹੈ ॥੧੨੬॥

ਮੈਂ ਵੇਖਿਆ ਕਿ ਇਨ੍ਹਾਂ ਦਿਲਾਂ ਦੇ ਮਹਿਰਮਾਂ ਦੀ
ਸੰਗਤ ਦੀ ਬਖਸ਼ਿਸ਼ ਦੇ ਸਦਕੇ ਜ਼ੱਰਾ ਵੀ ਜਹਾਨ ਦਾ ਸੂਰਜ ਬਣ ਗਿਆ ॥੧੨੭॥

ਦਿਲ ਵਾਲਾ ਬੰਦਾ ਕੌਣ ਹੈ ਜਿਹੜਾ ਰੱਬ ਨੂੰ ਪਛਾਣਦਾ ਹੋਵੇ,
ਅਤੇ ਜਿਸ ਦੇ ਮੁਖੜੇ ਤੋਂ ਰੱਬ ਦਾ ਨੂਰ ਬਰਸਦਾ ਹੋਵੇ ॥੧੨੮॥

ਉਨ੍ਹਾਂ ਦੀ ਸੰਗਤ ਤੈਨੂੰ ਰੱਬ ਦਾ ਪਿਆਰ ਬਖਸ਼ਦੀ ਹੈ,
ਉਨ੍ਹਾਂ ਦੀ ਸੰਗਤ ਰੱਬ ਦੀ ਕਿਤਾਬ ਤੋਂ ਤੈਨੂੰ ਸਬਕ ਦਿੰਦੀ ਹੈ ॥੧੨੯॥

ਉਹ ਤਾਂ ਜ਼ੱਰੇ ਨੂੰ ਚਮਕਦਾ ਸੂਰਜ ਬਣਾ ਦਿੰਦੇ ਹਨ
ਮਿੱਟੀ ਨੂੰ ਸੱਚ ਦੀ ਰੌਸ਼ਨੀ ਨਾਲ ਨੂਰਾਨੀ ਬਣਾ ਦਿੰਦੇ ਹਨ ॥੧੩੦॥

ਤੇਰੀ ਅੱਖ ਤਾਂ ਮਿੱਟੀ ਦੀ ਹੈ, ਪਰ ਉਸ ਵਿਚ ਨੂਰ ਰੱਬ ਦਾ ਹੈ,
ਉਸ ਵਿਚ ਚਾਰੇ ਦਿਸ਼ਾਂ ਅਤੇ ਨੌ-ਅਸਮਾਨ ਮੌਜੂਦ ਹਨ ॥੧੩੧॥

ਉਨ੍ਹਾਂ ਦੀ ਸੇਵਾ ਰੱਬ ਦੀ ਬੰਦਗੀ ਹੈ,
ਕਿਉਂਕਿ ਉਹ ਉਸ ਸਰਬ-ਸ਼ਕਤੀਮਾਨ ਨੂੰ ਪਰਵਾਨ ਹੈ ॥੧੩੨॥

ਤੂੰ ਵੀ ਬੰਦਗੀ ਕਰ ਤਾਂ ਜੋ ਉਸ (ਰੱਬ) ਅਗੇ ਪਰਵਾਨ ਹੋਵੇਂ
ਉਸ ਦੀ ਕਦਰ ਹਰ ਮੂਰਖ ਕਿਵੇਂ ਸਮਝ ਸਕਦਾ ਹੈ ?੧੩੩॥

ਦਿਨ ਰਾਤ ਦਾ ਬਸ ਇਕੋ ਕੰਮ ਉਸ ਦੀ ਯਾਦ ਹੀ ਹੋਣਾ ਚਾਹੀਦਾ ਹੈ,
ਇਕ ਛਿਨ ਲਈ ਵੀ ਉਸ ਦੀ ਯਾਦ ਬਿਨਾਂ ਨਹੀਂ ਰਹਿਣਾ ਚਾਹੀਦਾ ॥੧੩੪॥

ਉਨ੍ਹਾਂ ਦੇ ਨੇਤ੍ਰ ਰੱਬ ਦੇ ਦੀਦਾਰ ਨਾਲ ਰੋਸ਼ਨ ਹਨ,
ਉਹ ਭਾਵੇਂ ਭਿਖਾਰੀ ਦੇ ਭੇਖ ਵਿਚ ਹੋਣ, ਪਰ ਉਹ ਬਾਦਸ਼ਾਹ ਹੁੰਦੇ ਹਨ ॥੧੩੫॥

ਪਾਤਸ਼ਾਹੀ ਉਹੀ ਹੀ ਹੈ ਜਿਹੜੀ ਸਦਾ ਕਾਇਮ ਰਹੇ,
ਅਤੇ ਰੱਬ ਦੀ ਪਾਕ ਪਵਿੱਤਰ ਜ਼ਾਤ ਵਾਂਗ ਹੀ ਕਾਇਮ ਰਹੇ ॥੧੩੬॥

ਉਨ੍ਹਾਂ ਦੀ ਰਹੁ ਰੀਤੀ ਦਰਵੇਸ਼ਾਂ ਵਾਲੀ ਹੁੰਦੀ ਹੈ,
ਉਹ ਰੱਬ ਦੀ ਅੰਸ਼ ਹੁੰਦੇ ਹਨ ਅਤੇ ਸਭ ਨਾਲ ਉਨ੍ਹਾਂ ਦੀ ਅਪਣੱਤ ਹੁੰਦੀ ਹੈ ॥੧੩੭॥

ਉਹ ਹਰ ਭਿਖਾਰੀ ਨੂੰ ਇੱਜ਼ਤ ਮਰਤਬਾ ਬਖਸ਼ਦੇ ਹਨ,
ਨਿਰਸੰਦੇਹ ਉਹ ਦੌਲਤ ਬਖਸ਼ਦੇ ਹਨ ॥੧੩੮॥

ਤੁੱਛ ਬੰਦਿਆਂ ਨੂੰ ਉਹ ਪੂਰਨ ਗਿਆਨਵਾਨ ਬਣਾ ਦਿੰਦੇ ਹਨ,
ਬੇਦਿਲਾਂ ਨੂੰ ਉਹ ਦਿਲਾਂ ਦੇ ਮਾਲਕ ਬਣਾ ਦਿੰਦੇ ਹਨ ॥੧੩੯॥

ਆਪਣੇ ਅੰਦਰੋਂ ਉਹ ਹਉਮੈ ਬਾਹਰ ਕੱਢ ਮਾਰਦੇ ਹਨ,
ਉਹ ਸੱਚ ਦੇ ਬੀਜ ਦਿਲਾਂ ਦੇ ਖੇਤਾਂ ਵਿਚ ਬੀਜਦੇ ਹਨ ॥੧੪੦॥

ਉਹ ਆਪਣੇ ਆਪ ਨੂੰ ਅਸਲੋਂ ਤੁੱਛ ਸਮਝਦੇ ਹਨ,
ਉਹ ਦਿਨ ਰਾਤ ਰੱਬ ਦੇ ਸਿਮਰਨ ਵਿਚ ਲੀਨ ਰਹਿੰਦੇ ਹਨ ॥੧੪੧॥

ਰੱਬ ਦੇ ਬੰਦਿਆਂ (ਸੰਤਾਂ) ਦੀ ਸਿਫ਼ਤ ਕਿਥੋਂ ਤੱਕ ਕਰਾਂ?
ਜੇ ਕਰ ਉਨ੍ਹਾਂ ਦੀਆਂ ਹਜ਼ਾਰਾਂ ਸਿਫ਼ਤਾਂ ਵਿਚੋਂ ਇਕ ਵੀ ਬਿਆਨ ਕਰ ਸਕਾਂ ਤਾਂ ਭੀ ਚੰਗਾ ਹੈ ॥੧੪੨॥

ਤੂੰ ਵੀ ਅਜਿਹੇ ਗੁਰਮੁਖ ਪਿਆਰੇ ਢੂੰਡ, ਕਿਹੜੇ ਪਿਆਰੇ ?
ਜਿਹੜੇ ਸਦਾ ਜਿਊਂਦੇ ਹਨ ਦੂਜੇ ਤਾਂ ਮੋਇਆਂ ਸਮਾਨ ਹਨ ॥੧੪੩॥

ਕੀ ਤੈਨੂੰ ਜਿਉਣ ਦੇ ਅਰਥਾਂ ਦਾ ਪਤਾ ਹੈ ?
(ਆ ਦੱਸਾਂ) ਜਿਉਣਾ ਉਹੀ ਸੁਭਾਗਾ ਹੈ ਜਿਹੜਾ ਉਸ ਰੱਬ ਦੀ ਯਾਦ ਵਿਚ ਜੀਆ ਜਾਵੇ ॥੧੪੪॥

ਆਰਫ਼ ਲੋਕ ਰੱਬ ਦੇ ਭੇਤ ਭਰੇ ਗਿਆਨ ਕਰਕੇ ਹੀ ਜ਼ਿੰਦਾ ਹਨ,
ਦੋਹਾਂ ਜਹਾਨਾਂ ਦੀ ਨਿਹਮਤ ਉਸ ਦੇ ਘਰ ਵਿਚ ਹੈ ॥੧੪੫॥

ਜੀਵਨ ਦਾ ਅਰਥ ਹੀ ਰੱਬ ਦੀ ਯਾਦ ਹੈ
ਇਸੇ ਕਰਕੇ ਹੀ ਸੰਤਾਂ ਦਾ ਜੀਵਨ ਹੈ ॥੧੪੬॥

ਉਨ੍ਹਾਂ ਦਾ ਜ਼ਿਕਰ ਹਰ ਬੋਲਦੀ ਜੀਭਾ ਉਪਰ ਹੈ,
ਦੋਵੇਂ ਜਹਾਨ ਉਸ ਰੱਥ ਦੇ ਮਾਰਗ ਦੇ ਢੂੰਡਾਊ ਹਨ ॥੧੪੭॥

ਸਾਰੇ ਉਸ ਜਲਾਲ ਵਾਲੇ ਰੱਬ ਦਾ ਸਿਮਰਨ ਕਰਦੇ ਹਨ,
ਤਾਂ ਤੇ ਸੁਭਾਗਾ ਹੈ ਅਜਿਹਾ ਸਿਮਰਨ ਅਤੇ ਸ਼ੁਭ ਹੈ ਅਜੇਹੀ ਚਰਚਾ ॥੧੪੮॥

ਜੇਕਰ ਸੱਚ ਦੀ ਗੱਲ ਬਾਤ ਅਤੇ ਚਰਚਾ ਕਰਨੀ ਹੋਵੇ,
ਤਾਂ ਇਹ ਉਸ ਸਰਬ ਸ਼ਕਤੀਮਾਨ ਬਾਰੇ ਹੀ ਹੋ ਸਕਦਾ ਹੈ ॥੧੪੯॥

ਨੇਕ ਉਮਰ ਨੂੰ ਅਜੇਹਾ (ਭਜਨ ਬੰਦਗੀ ਦਾ) ਸਰਮਾਇਆ
ਉਨ੍ਹਾਂ (ਸੰਤਾਂ) ਦੀ ਸੰਗਤ ਵਿਚੋਂ ਦੀ ਨਸੀਬ ਹੋਇਆ ॥੧੫੦॥

ਉਨ੍ਹਾਂ ਨੂੰ ਅਜਿਹੀ ਰਾਸ ਹੀ ਮਨਜ਼ੂਰ ਹੈ, ਹੋਰ ਕੁਝ ਵੀ ਉਨਾਂ ਨੂੰ ਚੰਗਾ ਨਹੀਂ ਲਗਦਾ,
ਸੱਚ ਦੇ ਸ਼ਬਦਾਂ ਤੋਂ ਬਿਨਾਂ ਹੋਰ ਕੁਝ ਕਹਿਣਾ ਉਨ੍ਹਾਂ ਦਾ ਨੇਮ ਹੀ ਨਹੀਂ ॥੧੫੧॥

ਹਿੰਦਵੀ ਬੋਲੀ ਵਿਚ ਉਨਾਂ ਦਾ ਨਾਮ ਸਾਧ-ਸੰਗਤ ਹੈ,
ਹੇ ਮੌਲਵੀ! ਇਹ ਸਭ ਉਨ੍ਹਾਂ ਦੀ ਹੀ ਤਾਰੀਫ਼ ਹੈ ॥੧੫੨॥

ਉਨ੍ਹਾਂ ਦੀ ਸੰਗਤ ਦੀ ਪਰਾਪਤੀ ਪ੍ਰਮਾਤਮਾ ਦੀ ਕਿਰਪਾ ਤੋਂ ਹੁੰਦੀ ਹੈ,
ਇੱਥੇ ਇਸ ਦੀ ਕਿਰਪਾ ਤੋਂ ਇਕ ਪੁਰਸ਼ ਦਾ ਬਾਗ਼ ਪ੍ਰਗਟ ਹੋ ਜਾਂਦਾ ਹੈ ॥੧੫੩॥

ਜਿਸ ਕਿਸੇ ਨੂੰ ਇਹ ਅਮਰ ਧਨ ਪਰਾਪਤ ਹੋ ਗਿਆ,
ਮਾਨੋ ਉਸ ਦੀ ਉਮਰ ਦੀ ਆਯੂ ਆਸ਼ਾਵੰਤ ਹੋ ਗਈ ॥੧੫੪॥

ਇਹ ਸੱਭ (ਦੌਲਤ ਅਤੇ ਅਮਰ) ਨਾਸ਼ਵਾਨ ਹੈ, ਅਤੇ ਉਹ ਅਬਿਨਾਸ਼ੀ ਹਨ,
ਉਨ੍ਹਾਂ ਨੂੰ ਤੂੰ ਪਵਿੱਤਰ ਪ੍ਰੇਮ ਦੇ ਪਿਆਲੇ ਭਰ ਭਰ ਦੇਣ ਵਾਲਾ ਸਾਕੀ ਸਮਝ ॥੧੫੫॥

ਜੋ ਕੁਝ ਵੀ ਮੌਜੂਦ ਦਿਸਦਾ ਹੈ, ਇਹ ਉਨ੍ਹਾਂ ਦੀ ਸੰਗਤ ਕਰਕੇ ਹੀ ਹੈ,
ਉਨ੍ਹਾਂ ਦੀ ਮਿਹਰ ਕਰਕੇ ਇਹ ਸਭ ਆਬਾਦੀ ਅਤੇ ਖੁਸ਼ਹਾਲੀ ਹੈ ॥੧੫੬॥

ਇਹ ਸਭ ਆਬਾਦੀ ਰੱਬ ਦੀ ਮਿਹਰ ਕਰਕੇ ਹੈ,
ਛਿਨ ਭਰ ਲਈ ਵੀ ਉਸ ਰੱਬ ਨੂੰ ਵਿਸਰਨਾ ਮੌਤ ਅਤੇ ਦੁੱਖ ਸਮਾਨ ਹੈ ॥੧੫੭॥

ਉਨ੍ਹਾਂ ਦੀ ਸੰਗਤ ਇਸ ਜ਼ਿੰਦਗੀ ਦੀ ਪਰਾਪਤੀ ਹੈ,
ਜ਼ਿੰਦਗੀ, ਏਹੀ ਜ਼ਿੰਦਗੀ ਹੈ, ਜਿਹੜੀ ਉਸ ਦੀ ਬੰਦਗੀ ਹੈ ॥੧੫੮॥

ਜੇਕਰ ਤੂੰ ਚਾਹੁੰਦਾ ਹੈਂ ਕਿ ਰੱਬ ਦਾ ਭਗਤ ਬਣੇਂ,
ਤਾਂ ਉਸ ਪੂਰਨ ਪੁਰਖ ਦਾ ਗਿਆਨਵਾਨ ਬਣ ॥੧੫੯॥

ਉਨ੍ਹਾਂ ਦੀ ਸੰਗਤ ਤੇਰੇ ਲਈ ਕੀਮੀਆ ਹੈ,
ਤਾਂ ਜੋ, ਜੋ ਵੀ ਤੂੰ ਚਾਹੇਂ, ਉਹ ਉਚਿਤ ਹੋਵੇ ॥੧੬੦॥

ਇਹ ਜਿਹੜੇ ਸਾਰੇ ਜੀਉਂਦੇ ਜਾਗਦੇ ਹਨ,
ਇਹ ਕੇਵਲ ਉਨ੍ਹਾਂ (ਗੁਰਮੁਖਾਂ) ਦੀ ਸੰਗਤ ਸਦਕਾ ਹੈ ॥੧੬੧॥

ਉਨ੍ਹਾਂ ਦੀ ਜ਼ਿੰਦਗੀ ਉਨ੍ਹਾਂ ਦੀ ਸੰਗਤ ਦੀ ਬਖਸ਼ਿਸ਼ ਸਦਕਾ ਹੈ,
ਉਨ੍ਹਾਂ ਦੀ ਸੰਗਤ ਰੱਬ ਦੀ ਰਹਿਮਤ ਦੀ ਦਲੀਲ ਹੈ ॥੧੬੨॥

ਹਰ ਕਿਸੇ ਨੂੰ ਉਨ੍ਹਾਂ ਦੀ ਸੰਗਤ ਦੀ ਲੋੜ ਹੈ,
ਤਾਂ ਜੋ ਆਪਣੇ ਦਿਲ ਵਿਚੋਂ ਮੋਤੀਆਂ ਦੀ ਲੜੀ ਖੋਲ੍ਹ ਸਕਣ ॥੧੬੩॥

ਹੇ ਅਨਜਾਣ! ਤੂੰ (ਬਹੁ-ਮੁੱਲੇ) ਖ਼ਜ਼ਾਨੇ ਦਾ ਮਾਲਕ ਹੈਂ,
ਪਰ ਅਫ਼ਸੋਸ ਕਿ ਤੈਨੂੰ ਉਸ ਗੁਪਤ ਖ਼ਜ਼ਾਨੇ ਦਾ ਪਤਾ ਹੀ ਨਹੀਂ ॥੧੬੪॥

ਉਸ ਖ਼ਜ਼ਾਨੇ ਦਾ ਤੈਨੂੰ ਕਿਵੇਂ ਪਤਾ ਲਗੇ,
ਕਿ ਜੰਦਰੇ ਅੰਦਰ ਕਿਹੋ ਜਿਹਾ ਮਾਲ ਮਤਾਅ ਪਿਆ ਹੈ ॥੧੬੫॥

ਇਸ ਲਈ ਤੇਰੇ ਵਾਸਤੇ ਜ਼ਰੂਰੀ ਹੈ ਕਿ ਅਜਿਹੇ ਖ਼ਜ਼ਾਨੇ ਦੀ ਕੁੰਜੀ ਢੂੰਡੇਂ,
ਤਾਂ ਜੋ ਤੈਨੂੰ ਗੁਪਤ ਖ਼ਜ਼ਾਨੇ ਦਾ ਸਾਫ ਪਤਾ ਲੱਗ ਜਾਵੇ ॥੧੬੬॥

ਤੂੰ ਰੱਬ ਦੇ ਨਾਮ ਦੀ ਕੁੰਜੀ ਨਾਲ ਇਸ ਜੰਦਰੇ ਨੂੰ ਖੋਲ੍ਹ,
ਇਸ ਛੁਪੇ ਹੋਏ ਖ਼ਜ਼ਾਨੇ ਦੀ ਪੋਥੀ ਵਿਚੋਂ ਸਬਕ ਪੜ੍ਹ ॥੧੬੭॥

ਇਹ ਨਾਮ ਦੀ ਕੁੰਜੀ ਉਨ੍ਹਾਂ ਸੰਤਾਂ ਕੋਲ ਹੁੰਦੀ ਹੈ,
ਇਹ ਕੁੰਜੀ ਜ਼ਖ਼ਮੀ ਦਿਲਾਂ ਅਤੇ ਜਾਨਾਂ ਦੀ ਮਲ੍ਹਮ ਹੈ ॥੧੬੮॥

ਜਦ ਇਹ ਕੁੰਜੀ ਕਿਸੇ ਦੇ ਹੱਥ ਲਗ ਜਾਵੇ,
ਤਾਂ, ਜੋ ਕੋਈ ਵੀ ਹੋਵੇ, ਉਹ ਖ਼ਜ਼ਾਨੇ ਦਾ ਮਾਲਕ ਬਣ ਜਾਂਦਾ ਹੈ ॥੧੬੯॥

ਜਦ ਖ਼ਜ਼ਾਨਾ ਢੂੰਡਣ ਵਾਲੇ ਨੂੰ ਖ਼ਜ਼ਾਨਾ ਮਿਲ ਗਿਆ ਤਾਂ,
ਸਮਝੋ ਉਹ ਸਾਰੇ ਫ਼ਿਕਰਾਂ ਅੰਦੇਸ਼ਿਆਂ ਤੋਂ ਮੁਕਤ ਹੋ ਗਿਆ ॥੧੭੦॥

ਜਿਸ ਨੂੰ ਆਪਣੇ ਸੱਜਨ ਪਿਆਰੇ ਦੀ ਗਲੀ ਦਾ ਰਾਹ ਮਿਲ ਗਿਆ,
ਹੇ ਮੇਰੇ ਦੋਸਤ, ਉਹ ਵੀ ਸਮਝ ਕਿ ਰੱਬ ਦੇ ਪਿਆਰਿਆਂ ਵਿਚ ਸ਼ਾਮਲ ਹੋ ਗਿਆ ॥੧੭੧॥

ਉਨ੍ਹਾਂ ਦੀ ਸੰਗਤ ਨੇ ਜ਼ੱਰੇ ਨੂੰ ਚੰਨ ਬਣਾ ਦਿੱਤਾ,
ਉਨ੍ਹਾਂ ਦੀ ਸੰਗਤ ਨੇ ਹਰ ਭਿਖਾਰੀ ਨੂੰ ਬਾਦਸ਼ਾਹ ਕਰ ਦਿੱਤਾ ॥੧੭੨॥

ਉਨ੍ਹਾਂ ਦੇ ਚਰਿਤ੍ਰ ਉੱਤੇ ਰੱਬ ਦੀ ਮਿਹਰ ਹੋਵੇ,
ਉਨ੍ਹਾਂ ਦੇ ਮਾਪਿਆਂ ਅਤੇ ਔਲਾਦ ਉਤੇ ਵੀ (ਰੱਬ ਦੀ ਮਿਹਰ ਹੋਵੇ) ॥੧੭੩॥

ਜਿਸ ਕਿਸੇ ਵੀ ਉਨ੍ਹਾਂ ਦੇ ਦਰਸ਼ਨ ਕਰ ਲਏ, ਮਾਨੋ ਉਸ ਨੇ ਰੱਬ ਨੂੰ ਵੇਖ ਲਿਆ,
ਅਤੇ ਸਮਝੋ ਉਸ ਨੇ ਸੱਚੀ ਪ੍ਰੀਤੀ ਦੇ ਬਾਗ਼ ਵਿਚੋਂ ਸਭ ਤੋਂ ਸੁੰਦਰ ਫੁੱਲ ਤੋੜ ਲਿਆ ॥੧੭੪॥

ਉਨ੍ਹਾਂ ਦੀ ਸੰਗਤ ਰੱਬੀ ਗਿਆਨ ਦੇ ਬਾਗ਼ 'ਚੋਂ ਸੁੰਦਰ ਫੁੱਲ ਤੋੜਨਾ ਹੈ,
ਉਨ੍ਹਾਂ ਦੇ ਦਰਸ਼ਨ ਕਰਨਾ ਰੱਬ ਦਾ ਦੀਦਾਰ ਕਰਨਾ ਹੈ ॥੧੭੫॥

ਰੱਬ ਦੇ ਦਰਸ਼ਨ ਦਾ ਬਿਆਨ ਕਰਨਾ ਮੁਸ਼ਕਲ ਹੈ,
ਉਸ ਦੀ ਸ਼ਕਤੀ ਅਥਵਾ ਪ੍ਰਕ੍ਰਿਤੀ ਹੀ ਉਸ ਦਾ ਪਤਾ ਦਿੰਦੀ ਹੈ ॥੧੭੬॥

ਉਸ ਦੀ ਕਿਰਪਾ ਨਾਲ ਮੈਂ ਰੱਬ ਦੇ ਦਰਸ਼ਨ ਕੀਤੇ ਹਨ,
ਉਨ੍ਹਾਂ ਦੀ ਕਿਰਪਾ ਨਾਲ ਮੈਂ ਰੱਬੀ ਗਿਆਨ ਦੇ ਬਾਗ਼ ਵਿਚੋਂ ਫੁੱਲ ਚੁਣਿਆ ਹੈ ॥੧੭੭॥

ਰੱਬ ਦੇ ਦਰਸ਼ਨ ਕਰਨਾ ਇਕ ਪਵਿੱਤਰ ਭਾਵ ਰਖਦਾ ਹੈ,
ਮੈਂ ਤਾਂ ਕੁਝ ਵੀ ਨਹੀਂ, ਇਹ ਸਭ ਕੁਝ ਉਸ ਦੀ ਸੂਖਮ ਜ਼ਾਤ ਹੀ ਹੈ ॥੧੭੮॥

ਜਿਸ ਨੇ ਇਸ ਪੂਰਨ ਅੱਖਰ ਨੂੰ ਸਮਝ ਲਿਆ,
ਮਾਨੋ ਉਸ ਨੇ ਛੁਪੇ ਖ਼ਜ਼ਾਨੇ ਦਾ ਟਿਕਾਣਾ ਲੱਭ ਲਿਆ ॥੧੭੯॥

ਰੱਬ ਦੀ ਹਕੀਕਤ ਅਤਿ ਦੀ ਸੋਹਣੀ ਸੂਰਤ ਹੈ,
ਰੱਬ ਦੀ ਸੂਰਤ ਰੱਬ ਦੇ ਬੰਦਿਆਂ ਦੀ ਸੂਰਤ ਹੈ ॥੧੮੦॥

ਉਹ ਸੰਗਤ ਵਿਚ ਵੀ ਇਕਾਂਤ ਵਿਚ ਹੁੰਦੇ ਹਨ,
ਸਭਨਾਂ ਦੀਆਂ ਜੀਭਾਂ ਤੇ ਉਨ੍ਹਾਂ ਦਾ ਜਸ ਹੁੰਦਾ ਹੈ ॥੧੮੧॥

ਇਸ ਭੇਤ ਤੋਂ ਉਹ ਹੀ ਵਾਕਿਫ਼ ਹੋ ਸਕਦਾ ਹੈ,
ਜਿਹੜਾ ਚਾਉ ਸਹਿਤ ਉਸ ਦੀ ਪ੍ਰੀਤੀ ਦੇ ਗੁਣ ਗਾਉਂਦਾ ਹੈ ॥੧੮੨॥

ਰੱਬ ਦਾ ਸ਼ੌਕ ਜਿਸ ਦੇ ਗਲੇ ਦਾ ਹਾਰ ਹੁੰਦਾ ਹੈ,
ਉਹ ਨਾਚੀਜ਼ ਵੀ ਸਿਆਣਾ ਤੇ ਮੁਦੱਬਰ ਬਣ ਜਾਂਦਾ ਹੈ ॥੧੮੩॥

ਜਦ ਰੱਬ ਦਾ ਸ਼ੌਕ ਤੇਰਾ ਸਹਾਈ ਹੋਵੇ,
ਤਾਂ ਜ਼ੱਰਾ ਵੀ ਚਮਕਦੇ ਸੂਰਜ ਬਰਾਬਰ ਬਣ ਜਾਂਦਾ ਹੈ ॥੧੮੪॥

ਉਨਾ੍ਹਂ ਦੇ ਬਚਨਾਂ ਤੋਂ ਸੱਚ ਦੇ ਅੰਮ੍ਰਿਤ ਦੀ ਬਰਖਾ ਹੁੰਦੀ ਹੈ,
ਉਨ੍ਹਾਂ ਦੇ ਦਰਸ਼ਨਾਂ ਨਾਲ ਅੱਖਾਂ ਨੂੰ ਠੰਢ ਪੈਂਦੀ ਹੈ ॥੧੮੫॥

ਉਹ ਦਿਨ ਰਾਤ ਰੱਬ ਦਾ ਸਿਮਰਨ ਕਰਦੇ ਰਹਿੰਦੇ ਹਨ,
ਸੰਸਾਰੀ ਭੇਖ ਵਿਚ ਉਹ ਪੂਰਨ ਪੁਰਖ ਹਨ ॥੧੮੬॥

ਉਹ ਇਸ ਸਭ ਕੁਝ ਦੇ ਹੁੰਦੇ ਹੋਏ ਭੀ ਸੁਤੰਤਰ ਹਨ
ਹਰ ਹਾਲ ਵਿਚ ਉਹ ਰੱਬ ਦੀ ਰਜ਼ਾ ਵਿਚ ਖੁਸ਼ ਹਨ ॥੧੮੭॥

ਉਨਾਂ ਦਾ ਭੇਖ ਦੁਨਿਆਵੀ ਹੈ, ਪਰ ਰਹੁ ਰੀਤ ਧਰਮ ਵਾਲੀ ਹੈ
ਉਨ੍ਹਾਂ ਜੇਹਾ ਸੰਸਾਰ ਵਿਚ ਹੋਰ ਕੋਈ ਨਹੀਂ ਦਿਸਦਾ ॥੧੮੮॥

ਉਹ ਰੱਬ ਦੀ ਯਾਦ ਵਿਚ ਪਰਪੱਕ ਅਤੇ ਪਰਬੀਨ ਹਨ,
ਉਹ ਸੱਚ ਨੂੰ ਸਮਝਦੇ, ਸੱਚ ਨੂੰ ਹੀ ਪਿਆਰ ਕਰਦੇ ਤੇ ਸੱਚ ਦੀ ਹੀ ਆਰਾਧਨਾ ਕਰਦੇ ਹਨ ॥੧੮੯॥

ਉਹ ਭਾਵੇਂ ਸਿਰ ਤੋਂ ਪੈਰਾਂ ਤਕ ਦੁਨਿਆਵੀ ਭੇਖ ਵਿਚ ਦਿਸਦੇ ਹਨ,
ਪਰ ਉਨ੍ਹਾਂ ਨੂੰ ਤੂੰ ਕਦੀ ਅੱਧੇ ਪਲ ਲਈ ਵੀ ਗ਼ਾਫ਼ਲ ਨਹੀਂ ਵੇਖੇਂਗਾ ॥੧੯੦॥

ਉਨ੍ਹਾਂ ਦਾ ਸਰੀਰ ਭਾਵੇਂ ਮੁੱਠੀ ਭਰ ਮਿੱਟੀ ਦਾ ਹੈ,
ਪਰ ਉਨ੍ਹਾਂ ਨੂੰ ਪਾਕ ਰੱਬ ਨੇ ਪਾਕ ਪਵਿੱਤਰ ਬਣਾਇਆ ਹੈ ॥੧੯੧॥

ਇਹ ਮਿੱਟੀ ਦਾ ਸਰੀਰ ਉਸ ਦੀ ਯਾਦ ਨਾਲ ਪਵਿੱਤਰ ਹੈ,
ਕਿਉਂਕਿ ਉਹ ਪਰਮਾਤਮਾ ਵੱਲੋਂ ਮਿਲੀ ਨੀਂਹ (ਹਸਤੀ) ਦਾ ਪ੍ਰਗਟਾਵਾ ਹਨ ॥੧੯੨॥

ਉਨ੍ਹਾਂ ਦੀ ਰੀਤੀ ਰੱਬ ਦੀ ਦਿਲਦਾਰੀ ਕਰਨਾ ਹੈ,
ਉਨ੍ਹਾਂ ਦੀ ਰੀਤੀ ਸਦਾ ਰੱਬ ਨਾਲ ਪ੍ਰੇਮ ਕਰਨਾ ਹੈ ॥੧੯੩॥

ਹਰ ਕਿਸੇ ਨੂੰ ਅਜਿਹੇ ਬਾਗ਼ ਕਿਵੇਂ ਨਸੀਬ ਹੋ ਸਕਦੇ ਹਨ ?
ਅਮਰ ਦੌਲਤ ਤਾਂ ਉਨ੍ਹਾਂ ਦੀ ਸੰਗਤ ਵਿਚ ਹੈ ॥੧੯੪॥

ਇਹ ਸਭ ਕੁਝ ਉਨ੍ਹਾਂ ਦੀ ਸੰਗਤ ਤੋਂ ਹੈ,
ਦੋਹਾਂ ਜਹਾਨਾਂ ਦੀ ਦੌਲਤ ਉਨ੍ਹਾਂ ਦੀ ਵਡਿਆਈ ਵਿਚ ਹੈ ॥੧੯੫॥

ਉਨ੍ਹਾਂ ਦੀ ਸੰਗਤ ਬਹੁਤ ਫ਼ਾਇਦਾ ਬਖ਼ਸ਼ਦੀ ਹੈ,
ਮਿੱਟੀ ਦੇ ਸਰੀਰ ਦੀ ਖਜੂਰ ਸੱਚ ਦਾ ਫਲ ਲਿਆਉਂਦੀ ਹੈ ॥੧੯੬॥

ਅਜੇਹੀ ਸੰਗਤ ਫੇਰ ਤੈਨੂੰ ਕਦ ਮਿਲੇਗੀ ?
ਅਜੇਹੀ ਸੰਗਤ ਤੈਨੂੰ ਮਨੁਖਤਾ ਬਖਸ਼ਦੀ ਹੈ ॥੧੯੭॥

ਮਨੁਖਤਾ ਦਾ ਭਾਵ ਰੱਬ ਨਾਲ ਮੇਲ ਹੈ,
ਬਿਨਾਂ ਰੱਬ ਦੇ ਜ਼ਿਕਰ ਤੋਂ ਸੱਭ ਨਾਲੋਂ ਟੁੱਟਣਾ ਹੈ ॥੧੯੮॥

ਜਦ ਮੱਨੁਖ ਦਾ ਦਿਲ ਉਸ ਰੱਬ ਦੇ ਸਿਮਰਨ ਦੇ ਰਾਹ ਪੈ ਗਿਆ,
ਤਾਂ ਉਹ ਉਮਰ ਅਤੇ ਆਤਮਾ ਦੀ ਪਰਾਪਤੀ ਤੋਂ ਵਾਕਿਫ਼ ਹੋ ਗਿਆ ॥੧੯੯॥

ਉਸ ਦਾ ਇਸ ਘੁੰਮਦੇ ਹੋਏ ਆਸਮਾਨ ਨਾਲੋਂ ਵਾਸਤਾ ਜਾਂਦਾ ਰਿਹਾ
(ਜਨਮ ਮਰਨ ਤੋਂ ਰਹਿਤ ਹੋ ਗਿਆ), ਜਗਿਆਸੂਆਂ ਵਾਂਗ ਉਹ ਸੰਸਾਰ ਤੋਂ ਵਿਰਕਤ ਹੋ ਗਿਆ ॥੨੦੦॥

ਜਿਸ ਕਿਸੇ ਨੇ ਆਪਣੇ ਦਿਲ ਨੂੰ ਰੱਬ ਦੀ ਯਾਦ ਨਾਲ ਰੰਗ ਲਿਆ,
ਦੋਹਾਂ ਜਹਾਨਾਂ ਵਿਚ ਉਸ ਦੀ ਮਹਿਮਾ ਹੋਣ ਲਗੀ ॥੨੦੧॥

ਉਸ ਦੇ ਸਰੀਰ ਅੰਦਰ ਸੂਰਜ ਚਮਕ ਪਿਆ,
ਰੱਬ ਦੇ ਭਗਤਾਂ ਦੀ ਸੰਗਤ ਵਿਚ ਉਸ ਨੇ ਸੱਚ ਪਰਾਪਤ ਕਰ ਲਿਆ ॥੨੦੨॥

ਉਸ ਨੇ ਦਿਨ ਰਾਤ ਰੱਬ ਦਾ ਨਾਮ ਧਿਆਇਆ,
ਰੱਬ ਦਾ ਜ਼ਿਕਰ ਹੀ ਉਸ ਦਾ ਸਹਾਈ ਹੋਇਆ ॥੨੦੩॥

ਰੱਬ ਦੇ ਸਿਮਰਨ ਨੇ ਜਿਸ ਕਿਸੇ ਦੀ ਸਹਾਇਤਾ ਕੀਤੀ,
ਉਸ ਦਾ ਉਜੜਿਆ ਹੋਇਆ ਘਰ ਸੱਚ ਦੀ ਪਰਾਪਤੀ ਨਾਲ ਆਬਾਦ ਹੋ ਗਿਆ ॥੨੦੪॥

ਰੱਬ ਦੀ ਯਾਦ ਇਕ ਬਹੁਤ ਵੱਡਾ ਧਨ ਹੈ,
ਅਜਿਹਾ ਧਨ ਸੰਸਾਰ ਦੇ ਖ਼ਜ਼ਾਨਿਆਂ, ਮਾਲ ਅਤੇ ਚਾਂਦੀ ਤੋਂ ਕਿਵੇਂ ਮਿਲ ਸਕਦਾ ਹੈ ?੨੦੫॥

ਜਿਸ ਕਿਸੇ ਨੇ ਰੱਬ ਦੀ ਇਛਾ ਕੀਤੀ, ਰੱਬ ਨੇ ਉਸ ਨੂੰ ਚਾਹਿਆ,
ਰੱਬ ਦਾ ਪਰੇਮ ਸਭ ਤੋਂ ਚੰਗੀ ਰਸਾਇਣ ਹੈ ॥੨੦੬॥

ਇਸ ਸਰੀਰ ਦੇ ਮਨੋਰਥ ਦਾ ਜੌਹਰ ਰੱਬ ਦੀ ਯਾਦ ਹੈ,
ਪਰੰਤੂ ਉਹ ਗੁਰਮੁਖਾਂ ਦੀ ਜੀਭਾ ਉਤੇ ਵਸਦਾ ਹੈ ॥੨੦੭॥

ਪਾਰਸਾਈ ਉਹੀ ਕਿਸੇ ਕੰਮ ਦੀ ਹੈ, ਜਿਹੜੀ ਸੱਚ ਲਈ ਹੋਵੇ,
ਉਹ ਪਾਤਸ਼ਾਹੀ ਕਿਸ ਕੰਮ, ਜਿਹੜੀ ਵਿਅਰਥ ਹੋਵੇ ॥੨੦੮॥

ਰਿੰਦ ਅਤੇ ਪਾਰਸਾ ਦੋਵੇਂ ਦੀ ਚਾਹਵਾਨ ਹਨ,
ਵੇਖੀਏ, ਉਹ ਪਾਰਬ੍ਰਹਮ ਪਰਮੇਸ਼ਰ ਕਿਸ ਨੂੰ ਚਾਹੁੰਦਾ ਹੈ ॥੨੦੯॥

ਬੰਦਾ ਤਾਂ ਹੀ ਹੁੰਦਾ ਹੈ ਜੇਕਰ ਉਹ ਬੰਦਗੀ ਲਈ ਹੈ,
ਬਿਨਾਂ ਰੱਬ ਦੇ ਜ਼ਿਕਰ ਦੇ ਸਭ ਸ਼ਰਮਿੰਦਗੀ ਹੈ ॥੨੧੦॥

ਪਰੰਤੂ ਜ਼ਾਹਰਾ ਤੋਰ ਤੇ ਉਹ ਹੀ ਸਹੀ ਹੈ,
ਜਿਸ ਨੇ ਪੂਰਨ ਸਤਿਗੁਰੂ ਨੂੰ ਪਰਾਪਤ ਕਰ ਲਿਆ ਹੈ ॥੨੧੧॥

ਦੀਨ ਅਤੇ ਦੁਨੀਆਂ ਦੋਵੇਂ ਹੀ ਉਸ ਰੱਬ ਦੇ ਆਗਿਆਕਾਰ ਹਨ,
ਦੋਵੇਂ ਜਹਾਨ ਉਸ ਰੱਬ ਦੇ ਦੀਦਾਰ ਦੇ ਚਾਹਵਾਨ ਹਨ ॥੨੧੨॥

ਜਿਸ ਕਿਸੇ ਦਾ ਪ੍ਰੇਮ ਰੱਬ ਦੇ ਨਾਮ ਨਾਲ ਹੋ ਜਾਂਦਾ ਹੈ,
ਅਸਲ ਵਿਚ ਉਹ ਪੂਰਨ ਜਗਿਆਸੂ ਬਣ ਜਾਂਦਾ ਹੈ ॥੨੧੩॥

ਰੱਬ ਦੇ ਜਗਿਆਸੂ ਰੱਬ ਦਾ ਸਿਮਰਨ ਕਰਦੇ ਹਨ
ਰੱਬ ਦਾ ਜਗਿਆਸੂ ਸਭ ਨੂੰ ਸੁੰਦਰ ਬਣਾ ਦਿੰਦਾ ਹੈ ॥੨੧੪॥

ਸੱਚ ਤਾਂ ਇਹ ਹੈ ਕਿ ਤੂੰ ਰੱਬ ਦਾ ਬੰਦਾ ਬਣਿਆ ਰਹੁ,
ਬੇਅਦਬ (ਮਨਮੁਖ) ਰੱਬ ਤੋਂ ਸਦਾ ਸ਼ਰਮਸਾਰ ਹੁੰਦਾ ਹੈ ॥੨੧੫॥

ਉਮਰ ਉਹੀ ਚੰਗੀ ਹੈ, ਜੋ ਰੱਬ ਦੀ ਯਾਦ ਵਿਚ ਗੁਜ਼ਰੇ,
ਉਹ ਉਮਰ ਕਿਸ ਕੰਮ, ਜੋ ਅਜਾਈਂ ਗੁਜ਼ਰ ਜਾਏ ?੨੧੬॥

ਬੰਦਾ ਬੰਦਗੀ ਲਈ ਪੈਦਾ ਹੋਇਆ ਹੈ,
ਭਜਨ ਬੰਦਗੀ ਹੀ ਜ਼ਿੰਦਗੀ ਦਾ ਇੱਕੋ ਇਲਾਜ ਹੈ ॥੨੧੭॥

ਸੁਭਾਗੀ ਹੈ ਉਹ ਅੱਖ ਜਿਸ ਨੇ ਪਿਆਰੇ ਦਾ ਮੁਖੜਾ ਵੇਖ ਲਿਆ,
ਦੋਹਾਂ ਜਹਾਨਾਂ ਦੀ ਅੱਖ ਦੀ ਪੁਤਲੀ ਉਸ ਦੇ ਵਲ ਹੀ ਲੱਗੀ ਹੋਈ ਹੈ ॥੨੧੮॥

ਇਹ ਜਹਾਨ ਅਤੇ ਉਹ ਜਹਾਨ ਸੱਚ ਨਾਲ ਭਰਪੂਰ ਹਨ,
ਪਰ ਰੱਬ (ਸਤਿ) ਦੇ ਭਗਤ ਇਸ ਦੁਨੀਆਂ ਵਿਚ ਵਿਰਲੇ ਹੀ ਹਨ ॥੨੧੯॥

ਜੋ ਕੋਈ ਰੱਬ ਨਾਲ ਇਕ ਮਿਕ ਹੋ ਗਿਆ,
ਉਸ ਦਾ ਜਸ ਰੂਮ ਅਤੇ ਹਬਸ਼ ਦੇਸ਼ਾਂ ਤਕ ਫੈਲ ਗਿਆ ॥੨੨੦॥

ਰੱਬ ਦੇ ਸਰੂਪ ਵਿਚ ਸਮਾ ਜਾਣਾ ਹੀ ਰੱਬ ਦਾ ਪ੍ਰੇਮ ਹੈ,
ਰੱਬ ਦੇ ਪ੍ਰੇਮ ਵਿਚ ਹੀ ਬੰਦੇ ਨੂੰ ਸਦੀਵੀ ਸੁੱਖ ਹੈ ॥੨੨੧॥

ਉਹ ਸਾਹਿਬ ਦੇ ਰੰਗ ਵਿਚ ਮਾਨ ਸਤਿਕਾਰ ਵਾਲਾ ਹੈ,
ਅਸੀਂ ਬੰਦਗੀ ਦੇ ਰੰਗ ਵਿਚ ਉਸ ਦੀ ਸ਼ਰਨ ਲਈ ਹੈ ॥੨੨੨॥

ਉਹ ਸਾਹਿਬ ਦੇ ਰੰਗ ਵਿਚ ਸੰਸਾਰ ਦਾ ਬਾਦਸ਼ਾਹ ਹੈ,
ਅਸੀਂ ਬੰਦਗੀ ਦੇ ਰੰਗ ਵਿਚ ਉਸ ਦੇ ਸਾਮ੍ਹਣੇ ਭਿਖਾਰੀ ਹਾਂ ॥੨੨੩॥

ਉਹ ਸਾਹਿਬ ਦੇ ਰੰਗ ਵਿਚ ਸਾਡੀ ਪ੍ਰਿਤਪਾਲਣਾ ਕਰਦਾ ਹੈ,
ਬੰਦੇ ਨੂੰ ਬੰਦਗੀ ਨਾਲ ਹੀ ਉਸ ਦਾ ਪਤਾ ਲਗਦਾ ਹੈ ॥੨੨੪॥

ਉਮਰਾਂ ਭਰ ਉਹ ਅਜਿਹੀ ਦੌਲਤ ਨੂੰ ਢੂੰਡਦੇ ਰਹੇ,
ਸਾਲਾਂ ਬੱਧੀ ਉਹ ਅਜਿਹੀ ਸੰਗਤ ਦੇ ਇੱਛਾਵਾਨ ਰਹੇ ॥੨੨੫॥

ਜਿਸ ਕਿਸੇ ਨੂੰ ਉਸ ਦੌਲਤ ਦਾ ਇਕ ਜ਼ੱਰਾ ਵੀ ਪਰਾਪਤ ਹੋ ਗਿਆ,
ਉਹ ਸਹਿਜੇ ਹੀ ਇਕ ਵਚਿਤ੍ਰ ਸੂਰਜ ਬਣ ਗਿਆ ॥੨੨੬॥

ਉਸ ਰੱਬ (ਸੱਚ) ਤੋਂ ਬਿਨਾਂ ਸਭ ਗ਼ਫ਼ਲਤ ਹੈ,
ਉਸ ਰੱਬ ਦੀ ਯਾਦ ਭਾਗਾਂ (ਵਾਲਿਆਂ) ਦਾ ਵੱਡਾ ਸਰਮਾਇਆ ਹੈ ॥੨੨੭॥

ਰੱਬ ਦੇ ਦਰਸ਼ਨ ਤਾਂ ਪਰਾਪਤ ਹੁੰਦੇ ਹਨ;
ਜੇ ਕਰ ਗੁਰਮੁਖਾਂ ਦੀ ਸੰਗਤ ਦਾ ਅਸਰ ਹੋ ਜਾਵੇ ॥੨੨੮॥

ਜੇ ਕਰ ਸੱਚ ਦਾ ਇਕ ਹਰਫ਼ ਵੀ ਦਿਲ ਵਿਚ ਘਰ ਕਰ ਜਾਏ,
ਤਾਂ ਉਸ ਦੇ ਵਾਲਾਂ ਦੀ ਹਰ ਜੜ੍ਹ ਤਕ ਸੱਚ ਹੀ ਸੱਚ ਸਮਾ ਜਾਂਦਾ ਹੈ ॥੨੨੯॥

ਜੋ ਕੋਈ ਵੀ ਆਪਣੇ ਆਪ ਨੂੰ ਰੱਬ ਦੇ ਰਾਹ ਲਿਆਉਂਦਾ ਹੈ,
ਉਸ ਦੇ ਮੁਖੜੇ ਤੋਂ ਰੱਬ ਦਾ ਨੂਰ ਵਰ੍ਹਦਾ ਹੈ ॥੨੩੦॥

ਇਹ ਸਭ ਮਿਹਰ ਅਤੇ ਬਖਸ਼ਿਸ਼ ਉਨ੍ਹਾਂ ਦੀ ਸੰਗਤ ਦੀ ਹੈ,
ਰੱਬ ਦੇ ਪਿਆਰਿਆਂ ਦੀ ਸੰਗਤ ਇਕ ਵੱਡੀ ਦੌਲਤ ਹੈ ॥੨੩੧॥

ਕੋਈ ਵੀ ਉਨ੍ਹਾਂ ਗੁਰਮੁਖਾਂ ਦੀ ਅਵਸਥਾ ਤੋਂ ਵਾਕਫ਼ ਨਹੀਂ,
ਹਰ ਛੋਟੇ ਮੋਟੇ ਦੀ ਉਥੋਂ ਤਕ ਪਹੁੰਚ ਨਹੀਂ ॥੨੩੨॥

ਵੇਖਣ ਵਿਚ ਉਹ ਰੱਬ ਦੀ ਜ਼ਾਤ ਦਾ ਰੂਪ ਹਨ,
ਅਸਲ ਵਿਚ ਉਹ ਦੋਹਾਂ ਜਹਾਨਾਂ ਲਈ ਪਨਾਹ ਹਨ ॥੨੩੩॥

ਉਹ ਆਪਣਾ ਕਿੱਤਾ ਕਰਦੇ ਹੋਏ ਵੀ ਕਿਰਤ ਤੋਂ ਆਜ਼ਾਦ ਹਨ,
ਉਹ ਆਪਣੀ ਆਯੂ ਰੱਬ ਦੀ ਯਾਦ ਵਿਚ ਲੰਘਾਂਦੇ ਹਨ ॥੨੩੪॥

ਉਹ ਆਪਣੇ ਆਪ ਨੂੰ ਕੀੜੀ ਸਮਾਨ ਸਮਝਦੇ ਹਨ,
ਅਸਲ ਵਿਚ ਭਾਵੇਂ ਉਹ ਭਿਆਨਕ ਹਾਥੀ ਨਾਲੋਂ ਵੀ ਜ਼ੋਰ ਵਾਲੇ ਹਨ ॥੨੩੫॥

ਜੋ ਕੁਝ ਵੀ ਤੂੰ ਵੇਖਦਾ ਹੈਂ, ਇਹ ਸਭ ਉਨ੍ਹਾਂ ਤੇ ਹੈਰਾਨ ਹਨ,
ਉਨ੍ਹਾਂ ਦੀ ਸ਼ਾਨ ਇਮਤਿਹਾਨ ਤੋਂ ਵਡੇਰੀ ਹੈ ॥੨੩੬॥

ਰੱਬ ਦੇ ਪਿਆਰਿਆਂ ਦੀ ਸੰਗਤ ਇਕ ਵੱਡੀ ਬਖਸ਼ਿਸ਼ ਹੈ,
ਅਜਿਹੀ ਦੌਲਤ ਅਤੇ ਨੇਕ ਬਖ਼ਤੀ ਨੂੰ ਕੋਈ ਚਿੰਤਾ, ਗ਼ਮ ਨਹੀਂ ॥੨੩੭॥

ਉਹ ਆਪ ਬਹੁਤ ਉਚੇਰੇ ਅਤੇ ਵਡੇਰੇ ਹਨ, ਤੇ ਜਿਸ ਨੇ ਵੀ
ਉਨ੍ਹਾਂ ਦੀ ਸੰਗਤ ਕੀਤੀ, ਉਸ ਨੇ ਹਰ ਥਾਂ ਵਡਿਆਈ ਪਾਈ ॥੨੩੮॥

ਜਿਸ ਕਿਸੇ ਨੇ ਆਪਣੇ ਅਸਲੇ ਨੂੰ ਪਛਾਣ ਲਿਆ,
ਸਮਝੋ ਉਸ ਨੇ ਬੰਦਗੀ ਦਾ ਮਾਰਗ ਫੜ ਲਿਆ ॥੨੩੯॥

ਇਹ ਧਰਤੀ ਅਤੇ ਅਸਮਾਨ ਰੱਬ ਨਾਲ ਭਰਪੂਰ ਹਨ,
ਪਰ ਇਹ ਸੰਸਾਰ ਹਰ ਪਾਸੇ ਭੱਜਾ ਫਿਰਦਾ ਹੈ ਕਿ ਉਹ ਰੱਬ ਕਿੱਥੇ ਹੈ ॥੨੪੦॥

ਜੇਕਰ ਅੱਖਾਂ ਰੱਬ ਦੇ ਦੀਦਾਰ ਤੇ ਲੱਗ ਜਾਣ,
ਫਿਰ ਜੋ ਕੁਝ ਵੀ ਤੈਨੂੰ ਦਿਸੇਗਾ,ਉਹ ਰੱਬ ਦਾ ਦਰਸ਼ਨ ਹੀ ਹੋਵੇਗਾ ॥੨੪੧॥

ਜਿਸ ਨੇ ਉਨ੍ਹਾਂ (ਗੁਰਮੁਖਾਂ) ਨੂੰ ਵੇਖ ਲਿਆ, ਸਮਝੋ ਉਸ ਨੇ ਰੱਬ ਦੇ ਦਰਸ਼ਨ ਕਰ ਲਏ,
ਅਤੇ ਉਸ ਨੇ ਬੰਦਗੀ ਦਾ ਰਾਹ ਅਨੁਭਵ ਕਰ ਲਿਆ ॥੨੪੨॥

ਇਹ ਅਕਾਲ ਪੁਰਖ ਦੀ ਪ੍ਰੇਮਰੀਤੀ ਅਜਬ ਰੰਗ ਲਿਆਉਂਦੀ ਹੈ,
ਅਜੇਹੀ ਪ੍ਰੇਮਾ-ਭਗਤੀ ਦੇ ਅੰਗ ਅੰਗ ਵਿਚੋਂ ਰੱਬ ਦੇ ਨੂਰ ਦੀ ਬਰਖਾ ਹੁੰਦੀ ਹੈ ॥੨੪੩॥

ਉਹ ਇਸ ਮਾਯਾ ਦਾ ਸਾਹਿਬ ਹੈ, ਇਹ ਉਸੇ ਦਾ ਹੀ ਰੂਪ ਹੈ,
ਸਤਿਕਾਰ ਅਤੇ ਸਿਜਦਿਆਂ ਸਹਿਤ ਉਸੇ ਦੀ ਬੰਦਗੀ ਸਦਾ ਸੋਭਦੀ ਹੈ ॥੨੪੪॥

ਉਹ ਹੀ ਸਾਹਿਬ ਦਾ ਰੂਪ ਹੈ ਤੇ ਉਸੇ ਦਾ ਹੀ ਹੁਕਮ ਹੈ,
ਸਿਰ ਤੋਂ ਪੈਰਾਂ ਤਕ ਦੀ ਬੰਦਗੀ ਹੀ ਉਸ ਤੋਂ ਹੈ ॥੨੪੫॥

ਸਾਹਿਬ ਸਾਹਿਬਾਂ ਨਾਲ ਹੀ ਸਦਾ ਸੋਭਦਾ ਹੈ,
ਬੰਦੇ ਦੀ ਬੰਦਗੀ ਵੀ ਸਦਾ ਕਾਇਮ ਰਹਿੰਦੀ ਹੈ ॥੨੪੬॥

ਸਾਹਿਬਾਂ ਦਾ ਸੁਭਾਵ ਸਾਹਿਬੀ (ਵਡਿਆਈ) ਕਰਨਾ ਹੈ,
ਬੰਦੇ ਦੀ ਬੰਦਗੀ ਵਿਚ ਹੀ ਬਸੰਤ ਦੀ ਰੁੱਤ ਹੈ ॥੨੪੭॥

ਸਾਹਿਬਾਂ ਦੀ ਵਡਿਆਈ ਸਦੀਵੀ ਹੁੰਦੀ ਹੈ,
ਬੰਦੇ ਦੀ ਬੰਦਗੀ ਵੀ ਸਦਾ ਕਾਇਮ ਰਹਿੰਦੀ ਹੈ ॥੨੪੮॥

ਤੂੰ ਇਸ ਲਈ ਉਸ ਤੋਂ ਮੂੰਹ ਫੇਰ ਲਿਆ ਹੈ (ਕੁਰਾਹੇ ਪੈ ਗਿਆ ਹੈਂ)
ਕਿ ਮਾਯਾ ਦੀ ਖ਼ਾਤਰ ਤੂੰ ਰੱਬ ਤੋਂ ਮੂੰਹ ਮੋੜ ਲਿਆ ਹੈ ॥੨੪੯॥

ਦੁਨੀਆਂ ਦੀ ਦੌਲਤ ਸਦਾ ਰਾਹਿਣ ਵਾਲੀ ਨਹੀਂ,
(ਇਸ ਲਈ) ਤੂੰ ਛਿਨ ਪਲ ਲਈ ਤਾਂ ਰੱਬ ਵਲ ਆਪਣੇ ਆਪ ਨੂੰ ਮੋੜ ॥੨੫੦॥

ਜਦ ਤੇਰਾ ਦਿਲ ਰੱਬ ਦੀ ਯਾਦ ਵਲ ਝੁਕਿਆ,
ਫਿਰ ਉਹ ਪਾਕ ਪਰਵਰਦਗਾਰ ਤੈਥੋਂ ਕਦ ਵਖ ਹੈ ?੨੫੧॥

ਜੇ ਤੂੰ ਰੱਬ ਦੇ ਉਚ ਧਿਆਨ ਤੋਂ ਬੇਪਰਵਾਹ ਰਿਹਾ,
ਤਾਂ ਹੇ ਹੋਸ਼ ਵਾਲੇ, ਤੇਰਾ ਤੇ ਰੱਬ ਦਾ ਮੇਲ ਕਿਹਾ (ਤੂੰ ਕਿੱਥੇ ਅਤੇ ਉਹ ਕਿੱਥੇ) ?੨੫੨॥

ਉਸ ਦੀ ਯਾਦ ਦੋਹਾਂ ਜਹਾਨਾਂ ਦੇ ਦਰਦਾਂ ਦੀ ਦਵਾਈ ਹੈ,
ਉਸ ਦੀ ਯਾਦ ਹਰ ਭੁੱਲੜ ਨੂੰ ਰਾਹ ਦੱਸਣ ਵਾਲੀ ਹੈ ॥੨੫੩॥

ਉਸ ਦੀ ਯਾਦ ਸਭਨਾਂ ਲਈ ਜ਼ਰੂਰੀ ਹੈ,
ਉਸ ਦੀ ਯਾਦ ਨੂੰ ਭੁਲ ਜਾਣ ਵਾਲਾ ਦੋਸ਼ੀ ਹੈ ॥੨੫੪॥

ਹੇ ਅਕਾਲ ਪੁਰਖ! ਇਸ ਬੰਦੇ ਨੂੰ ਅਜਿਹੀ ਹਿੰਮਤ ਬਖ਼ਸ਼,
ਤਾਂ ਜੋ ਇਹ ਉਮਰ ਤੇਰੀ ਯਾਦ ਵਿਚ ਭਲੀ ਗੁਜ਼ਾਰੇ ॥੨੫੫॥

ਉਮਰ ਓਹੀ ਹੀ ਹੈ, ਜੋ ਰੱਬ ਦੀ ਯਾਦ ਵਿਚ ਗੁਜ਼ਰੇ,
ਜੋ ਇਸ ਤੋਂ ਬਿਨਾਂ ਗੁਜ਼ਰੇ, ਬਿਅਰਥ ਹੈ ॥੨੫੬॥

ਰੱਬ ਦੀ ਯਾਦ ਨਾਲੋਂ ਹੋਰ ਕੋਈ ਮਨੋਰਥ ਚੰਗੇਰਾ ਨਹੀਂ,
ਰੱਬ ਦੀ ਯਾਦ ਬਿਨਾਂ ਸਾਡਾ ਚਿੱਤ ਪ੍ਰਸੰਨ ਨਹੀਂ ਹੋ ਸਕਦਾ ॥੨੫੭॥

ਰੱਬ ਦੀ ਯਾਦ ਵਿਚ ਸਦੀਵੀ ਖੁਸ਼ੀ ਹੁੰਦੀ ਹੈ,
ਕਿੰਨੇ ਚੰਗੇ ਭਾਗ ਹਨ ਕਿ ਇਹ ਸਾਨੂੰ ਰਾਹ ਵਿਖਾਉਂਦੀ ਹੈ ॥੨੫੮॥

ਭਾਵੇਂ ਉਹ ਰੱਬ (ਸੱਚ) ਸਾਰਿਆਂ ਦਿਲਾਂ ਵਿਚ ਵਸਦਾ ਹੈ,
ਪਰ ਇਕ ਗਿਆਨਵਾਨ ਹੀ ਸਿਦਕ ਈਮਾਨ ਦਾ ਬੰਦਾ ਹੁੰਦਾ ਹੈ ॥੨੫੯॥

ਗਿਆਨਵਾਨ ਦੀ ਅੱਖ ਹੀ ਰੱਬ ਦੇ ਦੀਦਾਰ ਦੇ ਯੋਗ ਹੈ,
ਗਿਆਨਵਾਨ ਦਾ ਦਿਲ ਹੀ ਰੱਬ ਦੇ ਭੇਤਾਂ ਤੋਂ ਵਾਕਫ਼ ਹੁੰਦਾ ਹੈ ॥੨੬੦॥

ਤੂੰ ਸਦਾ ਰੱਬ ਦੇ ਭਗਤਾਂ ਦੀ ਸੰਗਤ ਕਰ,
ਤਾਂ ਜੋ ਤੂੰ ਉਸ ਦੀ ਬਰਕਤ ਸਦਕਾ ਮੁਕਤ ਹੋ ਜਾਵੇਂ ॥੨੬੧॥

ਜੋ ਕੁਝ ਵੀ ਇਹ ਦਿਸਦਾ ਹੈ, ਇਹ ਉਨ੍ਹਾਂ ਦੀ ਸੰਗਤ ਕਰਕੇ ਹੈ,
ਕਿਉਂ ਜੋ ਇਹ ਸਰੀਰ ਅਤੇ ਜਾਨ ਸਭ ਉਸੇ ਦੀ ਆਤਮਾ ਹੈ ॥੨੬੨॥

ਅੱਖ ਦੀਆਂ ਪੁਤਲੀਆਂ ਉਨ੍ਹਾਂ ਦੀ ਇਸ ਸੰਗਤ ਕਾਰਨ ਹੀ ਰੋਸ਼ਨ ਹਨ,
ਮੇਰੇ ਸਰੀਰ ਦੀ ਮਿੱਟੀ ਇਸ ਕਾਰਨ ਸਾਰੀ ਗੁਲਜ਼ਾਰ ਬਣ ਗਈ ॥੨੬੩॥

ਵੱਡ ਭਾਗੀ ਹੈ ਉਹ ਸੰਗਤ, ਜਿਸ ਨੇ ਮਿਟੀ ਨੂੰ ਅਕਸੀਰ ਬਣਾ ਦਿੱਤਾ,
ਅਤੇ ਹਰ ਨਾਚੀਜ਼ ਨੂੰ ਸੂਝਵਾਨ ਬਣਾ ਦਿਤਾ ॥੨੬੪॥

ਹਰ ਪਲ ਛਿਨ ਜਿਹੜਾ ਉਸ ਦੀ ਯਾਦ ਵਿਚ ਗੁਜ਼ਰਦਾ ਹੈ,
ਉਸ ਲਈ ਮੋਤੀ, ਲਾਲ ਅਤੇ ਜਵਾਹਰ ਬਣ ਜਾਂਦਾ ਹੈ ॥੨੬੫॥

ਇਹ ਸੰਸਾਰ ਦੇ ਲਾਲ ਜਵਾਹਰ ਸਭ ਨਾਸ਼ਵਾਨ ਹਨ,
ਰੱਬ ਦੀ ਯਾਦ ਹੀ ਬੰਦੇ ਲਈ ਬਹੁ-ਮੁੱਲੀ ਹੁੰਦੀ ਹੈ ॥੨੬੬॥

ਕੀ ਤੈਨੂੰ ਪਤਾ ਹੈ ? ਕਿ ਰੱਬ ਦੇ ਭਗਤਾਂ ਦੀ ਕੀ ਰਹੁ ਰੀਤੀ ਹੈ,
ਉਹ ਜਨਮ ਮਰਨ ਦੀ ਕੈਦ ਤੋਂ ਸਦਾ ਮੁਕਤ ਹਨ ॥੨੬੭॥

ਉਹ ਪਲ ਭਰ ਵੀ ਰੱਬ ਦੀ ਯਾਦ ਤੋਂ ਬਿਨਾਂ ਨਹੀਂ ਗੁਜ਼ਾਰਦੇ,
ਉਹ ਆਪਣੇ ਸੁੰਦਰ (ਯਾਦ ਦਾ) ਝੰਡੇ ਨੂੰ ਨੌਵਾਂ ਆਸਮਾਨਾਂ ਓਪਰ ਝੁਲਾਉਂਦੇ ਹਨ ॥੨੬੮॥

ਉਹ ਸਾਰੀ ਰਚੀ ਹੋਈ ਸ੍ਰਿਸ਼ਟੀ ਦਾ ਭਲਾ ਮੰਗਦੇ ਹਨ,
ਇਸ ਸਾਰੀ ਸਜਾਵਟ ਨੂੰ ਸੁੰਦਰਤਾ ਬਖਸ਼ਣ ਵਾਲੇ ਹਨ ॥੨੬੯॥

ਰੱਬ ਦੇ ਭਗਤਾਂ ਲਈ ਰੱਬ ਦਾ ਨਾਮ ਹੀ ਗਹਿਣਾ ਹੈ,
ਰੱਬ ਦੇ ਭਗਤਾਂ ਦੀ ਅੱਖ ਰੱਬ ਦੇ ਨੂਰ ਨਾਲ ਮੋਤੀਆਂ ਭਰੀ ਹੈ ॥੨੭੦॥

ਉਨ੍ਹਾਂ ਦੇ ਬਚਨ ਅਮਰ ਜੀਵਨ ਦਾ ਪਾਠ ਹਨ,
ਉਨ੍ਹਾਂ ਦੀ ਜੀਭ ਉਪਰ ਰੱਬ ਦੀ ਯਾਦ ਰਹਿੰਦੀ ਹੈ ॥੨੭੧॥

ਉਨ੍ਹਾਂ ਦਾ ਬਚਨ ਰੱਬੀ ਹੁਕਮ ਦਾ ਦਰਜਾ ਰਖਦੇ ਹਨ,
ਉਨ੍ਹਾਂ ਦਾ ਇਕ ਸਵਾਸ ਵੀ ਰੱਬ ਦੀ ਯਾਦ ਬਿਨਾਂ ਨਹੀਂ ਨਿਕਲਦਾ ॥੨੭੨॥

ਇਹ ਸਾਰੇ (ਰੱਬ ਦੇ ਪਿਆਰੇ) ਰੱਬ ਦੇ ਦਰਸ਼ਨਾਂ ਦੇ ਮੁਸ਼ਤਾਕ ਹਨ,
ਇਹ ਦੁਨੀ ਸੁਹਾਵਾ ਬਾਗ਼ ਰੱਬ ਦੀ ਹੀ ਫੁੱਲਵਾੜੀ ਹੈ ॥੨੭੩॥

ਜਿਹੜਾ ਵੀ ਰੱਬ ਦੇ ਭਗਤਾਂ ਦਾ ਦੋਸਤ ਮਿਤ੍ਰ ਬਣਿਆ,
ਸਮਝੋ ਉਸ ਦਾ ਪਰਛਾਵਾਂ ਹੁਮਾ ਪੰਛੀ ਦੇ ਪਰਾਂ ਨਾਲੋਂ ਵੀ ਵਧੇਰੇ ਸੁਭਾਗਾ ਹੁੰਦਾ ਹੈ
(ਕਹਿੰਦੇ ਹਨ,ਹੁਮਾ ਪੰਛੀ ਦਾ ਪਰਛਾਵਾਂ ਜਿਸ ਉਤੇ ਪੈ ਜਾਵੇ ਉਹ ਬਾਦਸ਼ਾਹ ਬਣ ਜਾਂਦਾ ਹੈ) ॥੨੭੪॥

ਰੱਬ ਦੀ ਯਾਦ ਸਮਝੋ ਆਪਣਾ ਆਪਾ (ਖ਼ੁਦੀ) ਛੱਡਣਾ ਹੈ,
ਰੱਬ ਦੇ ਧਿਆਨ ਤੋਂ ਬਿਨਾਂ ਹਰ ਦੂਜੀ ਚੀਜ਼ (ਦੇ ਬੰਧਨ) ਤੋਂ ਮੁਕਤ ਹੋਣਾ ਹੈ ॥੨੭੫॥

ਆਪਣੇ ਆਪ ਤੋਂ ਮੁਕਤ ਹੋਣਾ ਹੀ ਅਸਲੀ ਮੁਕਤੀ ਹੈ,
ਆਪਣੇ ਦਿਲ ਨੂੰ ਰੱਬ ਦੀ ਪ੍ਰੀਤੀ ਵਿਚ ਬੰਨ੍ਹਣਾ ਹੀ ਮੁਕਤੀ ਹੈ ॥੨੭੬॥

ਜਿਸ ਕਿਸੇ ਨੇ ਰੱਬ ਨਾਲ ਦਿਲ ਲਾ ਲਿਆ,
ਉਹ ਸਮਝੋ ਨੌਵਾਂ ਤਾਲਿਆਂ ਵਾਲੇ ਆਸਮਾਨ ਨੂੰ ਵੀ ਛਾਲਾਂ ਮਾਰ ਕੇ ਟੱਪ ਗਿਆ ॥੨੭੭॥

ਰੱਬ ਨਾਲ ਦਿਲ-ਜੁੜੇ ਅਜਿਹੇ ਭਗਤਾਂ ਦੀ ਸੰਗਤ,
ਸਮਝੋ ਰਸਾਇਣ ਹੈ,ਪਰ ਇਹ ਤੈਨੂੰ ਕਿਥੋਂ ਨਸੀਬ ?੨੭੮॥

ਦੀਨ ਅਤੇ ਦੁਨੀਆਂ ਦੋਵੇਂ ਹੈਰਾਨ ਹਨ,
ਇਸ ਹੱਦੋਂ ਵੱਧ ਹੈਰਾਨੀ ਕਾਰਨ ਪਰੇਸ਼ਾਨ ਹਨ ॥੨੭੯॥

ਜਦ ਕਿਸੇ ਨੂੰ ਅਜਿਹੀ ਪਵਿੱਤਰ ਅਤੇ ਰੱਬੀ ਇੱਛਾ ਹੈ,
ਉਸ ਦਾ ਗੁਰੂ ਅੰਤ੍ਰੀਵ ਗਿਆਨ ਦਾ ਮਾਲਕ ਹੈ ॥੨੮੦॥

ਰੱਬ ਨਾਲ ਮਿਲ ਚੁਕੇ ਗੁਰਮੁਖ ਪਿਆਰੇ ਤੈਨੂੰ ਉਸ ਨਾਲ ਮਿਲਾ ਦਿੰਦੇ ਹਨ,
ਉਹ ਅਮਰ ਦੌਲਤ ਪਰਾਪਤ ਕਰਦੇ ਹਨ ॥੨੮੧॥

ਇਕ ਗਿਆਨਵਾਨ ਲਈ ਏਹੀ ਇਕ ਅਮਰ ਪਰਾਪਤੀ ਹੈ,
ਇਹ ਕਥਨ ਆਮ ਮਸ਼ਹੂਰ ਹੈ, ਇਸ ਨੂੰ ਸਭ ਜਾਣਦੇ ਹਨ ॥੨੮੨॥

ਗਿਆਨਵਾਨ, ਪਹੁੰਚੇ ਹੋਏ ਅਤੇ ਉਸ ਸ਼ਹੁ ਨਾਲ ਮਿਲ ਚੁਕੇ ਪਰੇਮੀ,
ਸਦਾ ਉਸ ਦਾ ਨਾਮ ਹੀ ਜਪਦੇ ਹਨ ॥੨੮੩॥

ਰੱਬ ਦਾ ਨਾਮ ਜਪਣਾ ਹੀ ਉਨ੍ਹਾਂ ਦੀ ਬੰਦਗੀ ਹੈ,
ਰੱਬ ਦੀ ਅਮਰ ਦੌਲਤ ਉਸੇ ਦਾ ਰਾਹ ਦਰਸਾਂਦੀ ਹੈ ॥੨੮੪॥

ਜਦ ਅਮਰ ਦੌਲਤ ਆਪਣਾ ਮੁਖੜਾ ਵਿਖਾਵੇ,
ਤੂੰ ਰੱਬ ਦਾ ਹੋ ਗਿਆ ਅਤੇ ਰੱਬ ਤੇਰਾ ਹੋ ਗਿਆ ॥੨੮੫॥

ਜੇ ਕਰ ਦਿਲ ਤੇ ਰੱਬ ਦਾ ਪਰਛਾਵਾਂ ਪੈ ਜਾਵੇ,
ਤਾਂ ਦਿਲ ਦੇ ਪੈਰ ਵਿਚੋਂ, ਸਮਝੋ, ਵਿਛੋੜੇ ਦਾ ਕੰਡਾ ਨਿਕਲ ਗਿਆ ॥੨੮੬॥

ਵਿਛੋੜੇ ਦਾ ਕੰਡਾ ਜਦ ਦਿਲ ਦੇ ਪੈਰ ਤੋਂ ਨਿਕਲ ਗਿਆ,
ਤਾਂ ਦਿਲ ਦਾ ਮੰਦਰ ਰੱਬ ਨਾਲ ਵਸ ਗਿਆ ॥੨੮੭॥

ਉਸ ਪਾਣੀ ਦੇ ਕਤਰੇ ਵਾਂਗ,ਜਿਹੜਾ ਸਾਗਰ ਵਿਚ ਜਾ ਡਿੱਗਾ,
ਸਾਗਰ ਬਣ ਗਿਆ, (ਰੱਬ ਦੇ ਚਰਨੀ ਢਠਿਆਂ ਨੂੰ) ਰੱਬ ਦਾ ਮਿਲਾਪ ਹੋ ਗਿਆ ॥੨੮੮॥

ਜਦ ਕਤਰਾ ਸਾਗਰ ਨਾਲ ਰਲ ਗਿਆ,
ਉਸ ਪਿਛੋਂ ਉਹ ਉਸ ਤੋਂ ਅੱਡ ਨਹੀਂ ਹੋ ਸਕਦਾ ॥੨੮੯॥

ਕਤਰਾ ਜਦ ਦਰਿਆ ਵਲ ਨੂੰ ਵਗ ਦੌੜਿਆ,
ਵੱਖਰਾ ਹੋ ਕੇ ਉਸ ਨੂੰ ਆਪਣੇ ਇਕ ਕਤਰਾ ਹੌਣ ਦਾ ਪਤਾ ਲੱਗਾ ॥੨੯੦॥

ਪਰ ਜਦ ਕਤਰੇ ਨੂੰ ਇਹ ਅਮਰ ਮਿਲਾਪ ਪਰਾਪਤ ਹੋ ਗਿਆ,
ਤਾਂ ਵਾਸਤਵ ਵਿਚ ਉਸ ਦੀ ਮੁਰਾਦ ਪੂਰੀ ਹੋ ਗਈ ॥੨੯੧॥

ਕਤਰੇ ਨੇ ਕਿਹਾ, ਮੈਂ ਭਾਵੇਂ ਇਕ ਪਾਣੀ ਦਾ ਕਤਰਾ ਸਾਂ,
ਪਰ ਮੈ ਸਾਗਰ ਦੀ ਚੌੜਿਤਣ ਨੂੰ ਕਿਵੇਂ ਮਿਣ ਲਿਆ ਹੈ ॥੨੯੨॥

ਜੇ ਮੈਨੂੰ ਸਾਗਰ ਨੇ ਅਤਿ ਕ੍ਰਿਪਾ ਸਹਿਤ ਆਪਣੇ ਨਾਲ ਮਿਲਾ ਲਿਆ,
ਜੇ ਉਸ ਨੇ ਵਿਤ ਤੋਂ ਬਾਹਰਾ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ ॥੨੯੩॥

ਤੇ ਉਹ ਸਾਗਰ ਦੀ ਚੌੜਿਤਣ ਵਿਚੋਂ ਇਕ ਲਹਿਰ ਵਾਂਗ ਉਠਿਆ,
ਲਹਿਰ ਬਣ ਗਿਆ, ਤੇ ਲਹਿਰ ਬਣ ਕੇ ਉਸ ਨੇ ਸਾਗਰ ਨੂੰ ਪ੍ਰਣਾਮ ਕੀਤਾ ॥੨੯੪॥

ਏਸੇ ਤਰ੍ਹਾਂ ਹਰ ਬੰਦਾ ਜੋ ਰੱਬ ਨਾਲ ਮਿਲ ਗਿਆ,
ਬੰਦਗੀ ਦੇ ਮਾਰਗ ਉਪਰ ਪੂਰਨ ਹੋ ਗਿਆ ॥੨੯੫॥

ਲਹਿਰ ਅਤੇ ਸਾਗਰ ਅਸਲ ਵਿਚ ਭਾਵੇਂ ਇਕੋ ਹਨ,
ਫਿਰ ਵੀ ਲਹਿਰ ਅਤੇ ਸਾਗਰ ਵਿਚ ਬੜਾ ਫ਼ਰਕ ਹੈ ॥੨੯੬॥

ਮੈਂ ਤਾਂ ਇਕ ਲਹਿਰ ਹਾਂ, ਤੂੰ ਅਨੰਤ ਸਾਗਰ ਹੈਂ,
ਮੇਰੇ ਅਤੇ ਤੇਰੇ ਵਿਚ ਤਾਂ ਧਰਤ ਅਤੇ ਆਕਾਸ਼ ਵਾਲਾ ਫ਼ਰਕ ਹੈ ॥੨੯੭॥

ਮੈਂ ਤਾਂ ਕੁਝ ਵੀ ਨਹੀਂ, ਇਹ ਸਭ ਕੁਝ ਤੇਰੀ ਹੀ ਬਖਸ਼ਿਸ਼ ਹੈ,
ਮੈਂ ਵੀ ਤਾਂ ਤੇਰੀ ਪਵਿੱਤਰ ਪ੍ਰਕਿਤੀ ਦੀ ਹੀ ਇਕ ਲਹਿਰ ਹਾਂ ॥੨੯੮॥

ਤੈਨੂੰ ਮਹਾਂ ਪੁਰਖਾਂ ਦੀ ਸੰਗਤ ਦੀ ਲੋੜ ਹੈ,
ਤੈਨੂੰ ਸਭ ਤੋਂ ਪਹਿਲਾਂ ਇਸੇ ਦੀ ਲੋੜ ਹੈ ॥੨੯੯॥

ਉਹ ਪੂਰਨ ਕਾਦਰ ਕੁਦਰਤ ਰਾਹੀਂ ਦਿਸਦਾ ਹੈ,
ਸਿਰਜਨ-ਹਾਰ ਆਪ ਆਪਣੀ ਕੁਦਰਤ ਵਿਚ ਵਸਦਾ ਹੈ ॥੩੦੦॥

ਕਾਦਰ ਅਤੇ ਕੁਦਰਤ ਇਕ ਮਿਕ ਹੋਏ ਹੋਏ ਹਨ,
ਮਹਾਂ ਪੁਰਖ ਰੱਬ ਤੋਂ ਬਿਨਾਂ ਸਭ ਮਾਲ ਤਿਆਗ ਦਿੰਦੇ ਹਨ ॥੩੦੧॥

ਤਾਂ ਤੇ ਤੈਨੂੰ ਵੀ, ਹੇ ਮੇਰੇ ਦੋਸਤ! ਇਹ ਨਿਰਨਾ ਕਰਨਾ ਚਾਹੀਦਾ ਹੈ,
ਕਿ ਰੱਬ ਕੌਣ ਹੈ ਅਤੇ ਤੂੰ ਕੌਣ ਹੈਂ ?੩੦੨॥

ਜੇ ਤੇਰਾ ਉਸ ਰੱਬ ਦੀ ਜ਼ਾਤ ਨਾਲ ਮੇਲ ਹੋ ਗਿਆ ਹੈ,
ਤਾਂ ਬਿਨਾਂ ਬੰਦਗੀ ਦੇ ਹੋਰ ਕੋਈ ਬਚਨ ਨਾ ਕਹਿ ॥੩੦੩॥

ਇਹ ਸਭ ਕੁਝ ਉਸੇ ਦੀ ਬੰਦਗੀ ਦੀ ਬਦੌਲਤ ਹੈ,
ਬਿਨਾਂ ਬੰਦਗੀ ਜ਼ਿੰਦਗੀ (ਕੇਵਲ) ਸ਼ਰਮਿੰਦਗੀ ਹੈ ॥੩੦੪॥

ਰੱਬ ਨੇ ਵੀ ਬੰਦਗੀ ਲਈ ਫਰਮਾਇਆ ਹੈ,
ਜੋ ਕੋਈ ਵੀ ਉਸ ਦਾ ਬੰਦਾ ਹੋ ਗਿਆ, ਉਹ ਸੌਖਾ ਹੋ ਗਿਆ ॥੩੦੫॥

ਜਿਸ ਨੇ ਵੀ ਮੂੰਹੋਂ ਕਿਹਾ ਮੈਂ ਰੱਬ ਹਾਂ,
ਸ਼ਰ੍ਹਾ ਨੇ ਉਸ ਨੂੰ ਮਨਸੂਰ ਵਾਂਗ ਸੂਲੀ ਤੇ ਚੜ੍ਹਾ ਦਿੱਤਾ ॥੩੦੬॥

ਰੱਬ ਦੀ ਮਸਤੀ ਅਸਲ ਵਿਚ ਸਦਾ ਹੀ ਹੋਸ਼ ਵਿਚ ਰਹਿਣਾ ਹੈ,
ਗਿਆਨਵਾਨਾਂ ਲਈ ਨੀਂਦ ਵੀ ਜਾਗਰਤਾ ਹੈ ॥੩੦੭॥

ਅਸਲ ਵਿਚ ਬੇਅਦਬ ਨੂੰ ਆਪਣੀ ਕਰਨੀ ਦਾ ਫਲ ਮਿਲਦਾ ਹੈ,
ਕਿਉਂਕਿ ਅਦਬ ਹੀ ਸਾਰਿਆਂ ਨੂੰ ਰਾਹ ਵਿਖਾਉਣ ਵਾਲਾ ਹੈ ॥੩੦੮॥

ਜੇਕਰ ਤੂੰ ਸਿਰ ਤੋਂ ਪੈਰਾਂ ਤੱਕ ਰੱਬ ਦਾ ਰੂਪ ਹੋ ਗਿਆ ਹੈਂ,
ਅਤੇ ਜੇ ਉਸ ਲਾਸਾਨੀ ਪੂਰਨ ਪੁਰਖ ਦੇ ਨਾਲ ਮਿਲ ਗਿਆ ਹੈਂ ॥੩੦੯॥

ਤਾਂ ਫਿਰ ਬੰਦਗੀ ਦਾ ਰਾਹ ਫੜ,
ਉਸੇ ਦਾ ਬੰਦਾ ਹੋ ਜਾ ਅਤੇ ਆਪਣਾ ਰਾਹ ਫੜੀ ਰੱਖ਼ ॥੩੧੦॥

ਹਰ ਹਾਲਤ ਵਿਚ ਰੱਬ ਨੂੰ ਹਾਜ਼ਰ ਵੇਖ,
ਉਸ ਨੂੰ ਹਾਜ਼ਰ ਨਾਜ਼ਰ ਜਾਣ, ਉਸ ਨੂੰ ਸਭ ਕੁਝ ਵੇਖ ਰਿਹਾ ਸਮਝ ॥੩੧੧॥

ਰੱਬ ਦੇ ਰਾਹ ਤੇ ਸਤਿਕਾਰ ਤੋਂ ਛੁਟ ਕੋਈ ਸਿੱਖਿਆ ਨਹੀਂ,
ਉਸ ਰੱਬ ਦੇ ਢੂੰਡਾਊ ਲਈ ਹੁਕਮ ਵਿਚ ਰਹਿਣ ਤੋਂ ਬਿਨਾਂ ਨਹੀਂ ਬਣਦਾ ॥੩੧੨॥

ਰੱਬ ਦੇ ਢੂੰਡਾਓ ਸਦਾ ਸਤਿਕਾਰ ਸਹਿਤ ਰਹਿੰਦੇ ਹਨ,
ਰੱਬ ਦੀ ਯਾਦ ਵਿਚ ਸਦਾ ਸਤਿਕਾਰ ਭਰਪੂਰ ਵਿਚਰਦੇ ਹਨ ॥੩੧੩॥

ਸਤਕਾਰ-ਹੀਨ ਨੂੰ ਉਨ੍ਹਾਂ ਦੇ ਰਾਹ ਦਾ ਕੀ ਪਤਾ ?
ਬੇ-ਅਦਬ ਰੱਬ ਨੂੰ ਕਦੀ ਨਹੀਂ ਵੇਖ ਸਕਦਾ ॥੩੧੪॥

ਸਤਕਾਰਹੀਨ ਨੂੰ ਕਦੀ ਵੀ ਰੱਬ ਦਾ ਰਾਹ ਨਹੀਂ ਲੱਭਦਾ,
ਕੋਈ ਵੀ ਭੁਲੜ ਰੱਬ ਤਕ ਨਹੀਂ ਪੁਜ ਸਕਿਆ ॥੩੧੫॥

ਸਤਕਾਰ ਹੀ ਰੱਬ ਦਾ ਰਾਹ-ਵਿਖਾਊ ਹੈ,
ਸਤਕਾਰਹੀਨ ਰੱਬ ਦੀ ਮਿਹਰ ਤੋਂ ਵਾਂਝਾ ਰਹਿੰਦਾ ਹੈ ॥੩੧੬॥

ਸਤਕਾਰਹੀਨ ਰੱਬ ਦਾ ਰਾਹ ਕਿਵੇਂ ਜਾਣ ਸਕਦਾ ਹੈ,
ਜੋ ਰੱਬ ਦੇ ਕਹਿਰ ਕਾਰਨ ਧਿਰਕਾਰਿਆ ਜਾਂਦਾ ਹੈ ॥੩੧੭॥

ਜੇ ਕਰ ਤੂੰ ਰੱਬ ਦੇ ਭਗਤਾਂ ਦੀ ਛਤਰ ਛਾਇਆ ਹੇਠ ਕਦੀ ਜਾਏਂ,
ਤਾਂ ਤੈਨੂੰ ਉਥੇ ਸਤਕਾਰ ਦੀ ਸਿੱਖਿਆ ਮਿਲੇਗੀ ॥੩੧੮॥

ਸਤਕਾਰਹੀਨ ਇੱਥੇ ਆ ਕੇ ਸਤਕਾਰ ਦੀ ਸਿੱਖਿਆ ਦੇਣ ਵਾਲੇ ਬਣ ਜਾਂਦੇ ਹਨ,
ਇੱਥੇ ਆ ਕੇ ਬੁਝਿਆ ਹੋਇਆ ਦੀਵਾ ਵੀ ਜਹਾਨ ਨੂੰ ਰੋਸ਼ਨ ਕਰਨ ਲਗ ਜਾਂਦਾ ਹੈ ॥੩੧੯॥

ਹੇ ਵਾਹਿਗੁਰੂ! ਤੂੰ ਹਰ ਬੇਅਦਬ ਨੂੰ ਅਦਬ ਬਖਸ਼,
ਤਾਂ ਜੋ ਉਹ ਆਪਣੀ ਆਯੂ ਤੇਰੀ ਯਾਦ ਵਿਚ ਲੰਘਾ ਸਕੇ ॥੩੨੦॥

ਹੇ ਜੀਵ! ਜੇਕਰ ਤੈਨੂੰ ਰੱਬ ਦੀ ਯਾਦ ਦਾ ਸੁਆਦ ਆ ਜਾਵੇ,
ਤਾਂ, ਹੇ ਭਲੇ ਪੁਰਸ਼, ਤੂੰ ਅਮਰ ਹੋ ਜਾਏਂਗਾ ॥੩੨੧॥

ਇਸ ਮਿੱਟੀ ਦੇ ਸਰੀਰ ਨੂੰ ਇਸ ਲਈ ਸਥਿਰ ਜਾਣ,
ਕਿਉਂ ਜੋ ਉਸ ਦਾ ਪ੍ਰੇਮ ਉਸ ਜਾਨ ਦੀ ਗੜ੍ਹੀ ਵਿਚ ਆ ਟਿਕਿਆ ਹੈ ॥੩੨੨॥

ਰੱਬ ਦਾ ਪ੍ਰੇਮ ਅਤੇ ਚਾਓ ਆਤਮਾ ਦਾ ਜੀਵਨ ਹੈ,
ਉਸ ਦੀ ਯਾਦ ਸਿਦਕ ਈਮਾਨ ਦੀ ਪੂੰਜੀ ਹੈ ॥੩੨੩॥

ਰੱਬ ਦਾ ਚਾਓ ਹਰ ਦਿਲ ਵਿਚ ਕਿਵੇਂ ਘਰ ਕਰ ਸਕਦਾ ਹੈ,
ਉਹ ਮਿਟੀ ਦੇ ਸਰੀਰ ਵਿਚ ਕਿਵੇਂ ਪਨਾਹ ਲੈ ਸਕਦਾ ਹੈ ?੩੨੪॥

ਪਰ ਜਦ ਰੱਬ ਦੇ ਸ਼ੌਕ ਨੇ ਤੇਰੀ ਸਹਾਇਤਾ ਕੀਤੀ,
ਤਾਂ ਫਿਰ ਸਦੀਵੀ ਦੌਲਤ, ਸਮਝੋ, ਤੇਰੇ ਹੱਥ ਲਗ ਗਈ ॥੩੨੫॥

ਉਸ ਦੇ ਰਾਹਾਂ ਦੀ ਧੂੜ ਅੱਖਾਂ ਲਈ ਸੁਰਮਾ ਹੈ,
ਗਿਆਨਵਾਨਾਂ ਲਈ ਇਹ ਧੂੜ ਤਾਜ ਤਖ਼ਤ ਨਾਲੋਂ ਵੀ ਵਧੇਰੇ ਮੁੱਲ ਦੀ ਹੈ ॥੩੨੬॥

ਸੱਚੇ ਗਿਆਨਵਾਨਾਂ ਦੀ ਰੀਤੀ ਅਨੁਸਾਰ,
ਇਸ ਦੁਨੀਆਂ ਦੀ ਦੌਲਤ ਟਿਕਣ ਵਾਲੀ ਚੀਜ਼ ਨਹੀਂ ॥੩੨੭॥

ਰੱਬ ਦਾ ਸਿਮਰਨ ਤੇਰੇ ਲਈ ਸਦਾ ਜ਼ਰੂਰੀ ਹੈ,
ਰੱਬ ਦਾ ਸਿਮਰਨ ਤੈਨੂੰ ਸਥਿਰ ਬਣਾਉਂਦਾ ਹੈ ॥੩੨੮॥

ਆਰਫ਼ਾਂ ਦੀ ਅਪਣਤ ਰੱਬੀ ਗਿਆਨ ਨਾਲ ਹੁੰਦੀ ਹੈ,
ਰੱਬੀ ਗਿਆਨ ਦੀ ਪਰਾਪਤੀ ਉਨ੍ਹਾਂ ਦੀ ਜਾਨ ਵਿਚ ਸਮਾਈ ਹੁੰਦੀ ਹੈ ॥੩੨੯॥

ਰੱਬ ਦੇ ਪ੍ਰੇਮ ਦਾ ਆਸਰਾ ਸਥਿਰ ਹੈ,
ਉਂਜ ਭਾਂਵੇਂ ਹਰ ਚੜ੍ਹਾਉ ਨੂੰ ਉਤਰਾਉ ਹੈ ॥੩੩੦॥

ਰੱਬ ਦੇ ਸ਼ੌਕ ਦਾ ਕਮਾਲ ਸਦੀਵੀ ਹੈ,
ਕਾਸ਼ ਰੱਬ ਦੇ ਸ਼ੌਕ ਦਾ ਇਕ ਕਿਣਕਾ ਹੀ ਪਰਾਪਤ ਹੋ ਜਾਵੇ ?੩੩੧॥

ਜਿਸ ਕਿਸੇ ਨੂੰ (ਇਹ ਸ਼ੌਕ ਦਾ ਕਿਣਕਾ) ਪਰਾਪਤ ਹੋ ਗਿਆ, ਉਹ ਅਮਰ ਹੋ ਗਿਆ,
ਅਸਲ ਵਿਚ ਉਸ ਦੀ ਆਸ਼ਾ ਪੂਰਨ ਹੋ ਗਈ ॥੩੩੨॥

ਜਦ ਉਸ ਦੀ ਉਮੀਦ ਫਲ ਆਈ,
ਰੱਬ ਦੇ ਸ਼ੌਕ ਦਾ ਇਕ ਕਿਣਕਾ ਉਸ ਦੇ ਦਿਲ ਵਿਚ ਵਸ ਗਿਆ ॥੩੩੩॥

ਉਸ ਦੇ ਵਾਲ ਵਾਲ ਚੋਂ ਅੰਮ੍ਰਿਤ ਚੋਂਦਾ ਹੈ,
ਜਹਾਨ ਉਸ ਦੀ ਸੁਗੰਧੀ ਨਾਲ ਜੀਉਂਦਾ ਹੈ ਉਠਦਾ ਹੈ ॥੩੩੪॥

ਭਾਗਾਂ ਵਾਲਾ ਹੈ ਉਹ ਬੰਦਾ ਜਿਸ ਨੂੰ ਕਿ ਰੱਬ ਪਰਾਪਤ ਹੋ ਗਿਆ,
ਅਤੇ ਜਿਸ ਨੇ ਰੱਬ ਤੋਂ ਬਿਨਾਂ ਹਰ ਚੀਜ਼ ਤੋਂ ਮੂੰਹ ਮੋੜ ਲਿਆ ॥੩੩੫॥

ਦੁਨੀਆਂ ਦੇ ਭੇਸ ਵਿਚ ਰਹਿੰਦੇ ਹੋਏ ਵੀ ਉਹ ਦੁਨੀਆਂ ਤੋਂ ਅਲੋਪ ਹੈ,
ਰੱਬ ਦੀ ਜ਼ਾਤ ਵਾਂਗ ਉਹ ਵੀ ਛੁਪਿਆ ਰਹਿੰਦਾ ਹੈ ॥੩੩੬॥

ਬਾਹਰੋਂ ਭਾਵੇਂ ਉਹ ਮੁੱਠ ਭਰ ਮਿੱਟੀ ਦੀ ਕੈਦ ਵਿਚ ਦਿਸਦਾ ਹੈ,
ਪਰ ਅੰਦਰੋਂ ਉਹ ਸਦਾ ਪਰਮਾਤਮਾ ਦੇ ਸੰਗ ਵਸਦਾ ਹੈ ॥੩੩੭॥

ਬਾਹਰੋਂ ਭਾਵੇਂ ਉਹ ਇਸਤ੍ਰੀ ਤੇ ਬੱਚੇ ਦੇ ਮੋਹ ਵਿਚ ਦਿਸਦਾ ਹੈ,
ਪਰ ਅਸਲ ਵਿਚ ਉਹ ਸਦਾ ਆਪਣੇ ਰੱਬ ਨਾਲ ਰਹਿੰਦਾ ਹੈ ॥੩੩੮॥

ਬਾਹਰੋਂ ਉਹ ਭਾਵੇਂ ਲਬ ਲੋਭ ਵਲ ਝੁਕਿਆ ਦਿਸੇ,
ਪਰ ਉਸ ਦਾ ਅੰਦਰਲਾ ਰੱਬ ਦੀ ਯਾਦ ਨਾਲ ਪਵਿੱਤਰ ਰਹਿੰਦਾ ਹੈ ॥੩੩੯॥

ਬਾਹਰੋਂ ਭਾਵੇਂ ਉਹ ਊਠਾਂ ਘੋੜਿਆਂ ਵਲ ਧਿਆਨ ਦੇ ਰਿਹਾ ਦਿਸੇ,
ਪਰ ਉਸ ਦਾ ਅੰਦਰਲਾ ਸੰਸਾਰ ਦੀ ਖਪ ਖੇਡ ਤੋਂ ਨਿਆਰਾ ਰਹਿੰਦਾ ਹੈ ॥੩੪੦॥

ਜ਼ਾਹਰਾ ਤਾਂ ਭਾਵੇਂ ਉਹ ਸੋਨੇ ਚਾਂਦੀ ਵਲ ਝੁਕਿਆ ਦਿਸੇ,
ਪਰ ਅੰਦਰੋਂ ਉਹ ਜਲ ਥਲ ਦਾ ਮਾਲਕ ਹੁੰਦਾ ਹੈ ॥੩੪੧॥

ਹੌਲੀ ਹੌਲੀ ਉਸ ਦਾ ਅੰਦਰਲਾ ਪ੍ਰਗਟ ਹੋ ਜਾਂਦਾ ਹੈ,
ਅਸਲ ਵਿਚ ਉਹ ਸੁਗੰਧੀ ਦੀ ਸੰਦੂਕੜੀ ਬਣ ਜਾਂਦਾ ਹੈ ॥੩੪੨॥

ਉਸ ਦਾ ਅੰਦਰਲਾ ਬਾਹਰਲਾ ਇਕ ਸਮਾਨ ਹੋ ਜਾਂਦਾ ਹੈ,
ਦੋਵੇਂ ਜਹਾਨ ਉਸ ਦੇ ਹੁਕਮ ਨੂੰ ਪਾਲਣ ਵਾਲੇ ਹੋ ਜਾਂਦੇ ਹਨ ॥੩੪੩॥

ਉਸ ਦੇ ਦਿਲ ਵਿਚ ਅਤੇ ਜੀਭ ਪਰ ਸਦਾ ਰੱਬ ਦੀ ਯਾਦ ਰਹਿੰਦੀ ਹੈ,
ਉਸ ਦੀ ਜੀਭ ਦਿਲ ਬਣ ਜਾਂਦੀ ਹੈ ਅਤੇ ਦਿਲ ਜੀਭ ਬਣ ਜਾਂਦਾ ਹੈ ॥੩੪੪॥

ਰੱਬ ਨਾਲ ਮਿਲੇ ਹੋਏ ਸੰਤਾਂ ਨੇ ਇਉਂ ਫ਼ਰਮਾਇਆ ਹੈ,
ਕਿ ਰੱਬ ਦੇ ਬੰਦੇ ਉਸ ਦੀ ਬੰਦਗੀ ਵਿਚ ਸੌਖੇ ਅਤੇ ਖੁਸ਼ ਰਹਿੰਦੇ ਹਨ ॥੩੪੫॥

ਉਸ ਸੱਚੇ ਪਾਤਸ਼ਾਹ ਦੀ ਮਾਲਕੀ ਅਤੇ ਵਡਿਆਈ ਮੰਨੀ ਪ੍ਰਮੰਨੀ ਹੈ,
ਇਸ ਰਾਹ ਤੇ ਚਲਣ ਵਾਲੇ ਪਾਂਧੀ ਨੂੰ ਮੇਰੀ ਨਮਸਕਾਰ ਹੈ ॥੩੪੬॥

ਇਸ ਰਾਹ ਦਾ ਮੁਸਾਫਿਰ ਆਪਣੇ ਅੱਡੇ ਤੇ ਪੁਜ ਗਿਆ,
ਅਤੇ ਉਸ ਦਾ ਦਿਲ ਉਮਰ ਦੀ ਪਰਾਪਤੀ ਤੋਂ ਵਾਕਫ਼ ਹੋ ਗਿਆ ॥੩੪੭॥

ਰੱਬ ਦੇ ਬੰਦਿਆ ਨੂੰ ਤਾਂ ਉਸ ਦੀ ਬੰਦਗੀ ਦੀ ਹੀ ਲੋੜ ਹੈ,
ਰੱਬ ਦੀ ਬੰਦਗੀ ਦੇ ਸ਼ੌਕ ਦਾ ਪਿਆਲਾ ਸਦਾ ਛਲਕਦਾ ਰਹਿੰਦਾ ਹੈ ॥੩੪੮॥

ਉਸ ਸੱਚੇ ਪਰਵਦਗਾਰ ਨੂੰ ਹੀ ਮਾਲਕੀ ਸੋਭਦੀ ਹੈ,
ਉਸ ਸਚੇ ਪਾਤਸ਼ਾਹ ਨੇ ਹੀ ਇਸ ਮਿਟੀ ਦੀ ਮੁਠ ਨੂੰ ਰੌਣਕ ਬਖ਼ਸ਼ੀ ਹੈ ॥੩੪੯॥

ਰੱਬ ਦੀ ਯਾਦ ਦੇ ਚਾਉ ਨੇ ਉਸ ਨੂੰ ਵਡਿਆਈ ਬਖ਼ਸ਼ੀ,
ਰੱਬ ਦੇ ਸ਼ੋਂਕ ਨੇ ਉਸ ਨੂੰ ਮਾਨ ਸਤਿਕਾਰ ਬਖਸ਼ਿਆ ਅਤੇ ਉਸ ਨੂੰ ਸਾਰੇ ਭੇਤਾਂ ਤੋਂ ਜਾਣੂ ਕੀਤਾ ॥੩੫੦॥

ਮਿੱਟੀ ਦੀ ਮੁੱਠੀ ਰੱਬ ਦੀ ਯਾਦ ਨਾਲ ਚਮਕ ਉਠੀ,
ਉਸ ਦੇ ਦਿਲ ਵਿਚ ਰੱਬ ਦੀ ਯਾਦ ਦਾ ਚਾਉ ਠਾਠਾਂ ਮਾਰਨ ਲਗ ਪਿਆ ॥੩੫੧॥

ਕੁਰਬਾਨ ਜਾਈਏ ਉਸ ਸਰਬ ਸਮਰਥ ਕਾਦਰ ਤੋਂ, ਜਿਸ ਨੇ
ਪਾਣੀ ਦੇ ਇਕ ਕਤਰੇ ਤੋਂ ਇਸ ਮਿੱਟੀ ਨੂੰ ਸੂਰਜ ਵਾਂਗ ਚਮਕਾ ਦਿੱਤਾ ॥੩੫੨॥

ਕੁਰਬਾਨ ਜਾਈਏ, ਉਸ ਮਿੱਟੀ ਤੋਂ ਜਿਹੜੀ ਪ੍ਰਕਾਸ਼ਮਾਨ ਹੋ ਗਈ,
ਅਤੇ ਜਿਸ ਨੂੰ ਅਜਿਹੀਆਂ ਬਰਕਤਾਂ ਪਰਾਪਤ ਹੋਈਆਂ ॥੩੫੩॥

ਵਾਹ ਵਾਹ ਉਸ ਦੀ ਕੁਦਰਤ ਤੋਂ ਜਿਹੜੀ ਸੱਚ ਦਾ ਫਲ ਲਿਆਉਂਦੀ ਹੈ,
ਅਤੇ ਜਿਸ ਨੇ ਮੁੱਠੀ ਭਰ ਮਿੱਟੀ ਨੂੰ ਬੋਲਣ ਦੀ ਦਾਤ ਬਖ਼ਸ਼ੀ ॥੩੫੪॥

ਰੱਬ ਦੀ ਯਾਦ ਹੀ ਇਸ ਜ਼ਿੰਦਗੀ ਦੀ ਪਰਾਪਤੀ ਹੈ,
ਕੁਰਬਾਨ ਜਾਈਏ ਉਸ ਅੱਖ ਤੋਂ ਜਿਹੜੀ ਸਚ ਤੇ ਮੋਹਤ ਹੁੰਦੀ ਹੈ ॥੩੫੫॥

ਕਿੱਡਾ ਸੁਭਾਗਾ ਹੈ ਉਹ ਦਿਲ, ਜਿਸ ਦੇ ਅੰਦਰ ਰੱਬ ਦਾ ਚਾਉ ਹੈ,
ਵਾਸਤਵ ਵਿਚ ਉਹ ਰੱਬ ਦੇ ਪ੍ਰੇਮ ਦਾ ਧਾਰਨੀ ਹੋ ਜਾਂਦਾ ਹੈ ॥੩੫੬॥

ਸੁਭਾਗਾ ਹੈ ਉਹ ਜਿਸ ਨੇ ਉਸ ਸੱਚੇ ਰਾਹ ਤੇ ਪਰਣਾਮ ਕੀਤੈ,
ਅਤੇ ਜੋ ਖੂੰਡੀ ਵਾਂਗ ਚਾਉ ਦੀ ਗੇਂਦ ਨੂੰ ਲੈ ਭਜਿਆ ॥੩੫੭॥

ਸੁਭਾਗੇ ਹਨ ਉਹ ਹੱਥ ਜਿਨ੍ਹਾਂ ਨੇ ਉਸ ਦੀ ਸਿਫ਼ਤ ਸ਼ਲਾਘਾ ਲਿਖੀ,
ਸੁਭਾਗੇ ਹਨ ਉਹ ਪੈਰ, ਜਿਹੜੇ ਉਸ ਦੀ ਗਲੀ ਵਿਚੋਂ ਲੰਘੇ ॥੩੫੮॥

ਭਲੀ ਹੈ ਉਹ ਜੀਭ ਜੋ ਉਸ ਦਾ ਨਾਮ ਜਪਦੀ ਹੈ,
ਭਲਾ ਹੈ ਉਹ ਹਿਰਦਾ ਜੋ ਉਸ ਦਾ ਧਿਆਨ ਧਰਦਾ ਹੈ ॥੩੫੯॥

ਸਾਡੇ ਸਰੀਰ ਦੇ ਅੰਗ ਅੰਗ ਵਿਚ ਉਹ ਵਸਦਾ ਹੈ,
ਉਸ ਦੇ ਸ਼ੌਕ ਦੀ ਧੁਨ ਹਰ ਨਰ ਨਾਰੀ ਦੇ ਸਿਰ ਵਿਚ ਸਮਾਈ ਹੋਈ ਹੈ ॥੩੬੦॥

ਸਾਰੀਆਂ ਖਾਹਿਸ਼ਾਂ ਅਤੇ ਇੱਛਾਵਾਂ ਉਸ ਸੱਚੇ ਵਲ ਲਾਈਆਂ ਹੋਈਆਂ ਹਨ,
ਉਸ ਦਾ ਚਾਉ ਰੋਮ ਰੋਮ ਵਿਚ ਸਮਾਇਆ ਹੋਇਆ ਹੈ ॥੩੬੧॥

ਜੇ ਤੂੰ ਚਾਹੁੰਦਾ ਹੈਂ ਕਿ ਰੱਬੀ ਗਿਆਨ ਦਾ ਮਾਲਕ ਹੋ ਜਾਏਂ,
ਤਾਂ ਤੂੰ ਆਪਣੀ ਜਾਨ ਉਸ ਪ੍ਰੀਤਮ ਤੋਂ ਵਾਰ ਦੇ, ਤਾਂ ਜੋ ਤੂੰ ਉਸ ਪ੍ਰੀਤਮ ਦਾ ਰੂਪ ਹੋ ਜਾਵੇਂ ॥੩੬੨॥

ਜੋ ਕੁਝ ਤੇਰੇ ਕੋਲ ਹੈ, ਉਸ ਸੱਚੇ ਪ੍ਰੀਤਮ ਤੋਂ ਵਾਰ ਦੇ,
ਉਸ ਦੇ ਦਸਤਰਖ਼ਾਨ ਤੋਂ ਪਲ ਭਰ ਲਈ ਟੁਕੜੇ ਚੁਣ ॥੩੬੩॥

ਉਸ ਦੇ ਸੱਚੇ ਗਿਆਨ ਦੀ ਜੇ ਪੂਰੀ ਪੂਰੀ ਚਾਹ ਹੋ ਜਾਵੇ,
ਤਾਂ ਤੇਰਾ ਮਨੋਰਥ ਅਵੱਸ਼ ਪਰਾਪਤ ਹੋ ਜਾਵੇ ॥੩੬੪॥

ਜਦ ਰੱਬੀ ਗਿਆਨ ਦਾ ਸੂਰਜ ਆਪਣੇ ਨੂਰ ਦਾ ਇਕ ਜ਼ੱਰਾ ਵੀ ਬਖ਼ਸ਼ ਦੇਵੇ,
ਤਾਂ ਤੈਨੂੰ ਉਮਰ ਫਲ ਪਰਾਪਤ ਹੋ ਜਾਵੇ ॥੩੬੫॥

ਤੇਰਾ ਨਾਮ ਜਹਾਨ ਵਿਚ ਉੱਚਾ ਤੇ ਰੋਸ਼ਨ ਹੋ ਜਾਵੇਗਾ,
ਰੱਬੀ ਗਿਆਨ ਦਾ ਸ਼ੌਕ ਤੈਨੂੰ ਹਰ-ਮਨ ਪਿਆਰਾ ਬਣਾ ਦੇਵੇਗਾ ॥੩੬੬॥

ਜਿਸ ਕਿਸੇ ਨੂੰ ਰੱਬੀ ਗਿਆਨ ਦਾ ਚਾਉ ਪੈਦਾ ਹੋ ਗਿਆ,
ਤਾਂ ਉਸ ਦੀ ਕੁੰਜੀ ਨਾਲ ਦਿਲਾਂ ਦੇ ਜੰਦਰੇ ਖੁਲ੍ਹ ਗਏ ॥੩੬੭॥

ਤੂੰ ਵੀ ਆਪਣੇ ਦਿਲ ਦੇ ਜੰਦਰੇ ਨੂੰ ਖੋਲ੍ਹ ਅਤੇ
ਇਸ ਛੁਪੇ ਹੋਏ ਖ਼ਜ਼ਾਨੇ ਵਿਚੋਂ ਅਨੰਤ ਧਨ ਪਰਾਪਤ ਕਰ ॥੩੬੮॥

ਉਸ ਵਿਚ ਅਨੇਕਾਂ ਲਾਲ ਅਤੇ ਜਵਾਹਰ ਹਨ,
ਤੇਰੇ ਮਾਲ ਵਿਚ ਅਨੇਕਾਂ ਸ਼ਾਹੀ ਮੋਤੀ ਹਨ ॥੩੬੯॥

ਜੋ ਕੁਝ ਵੀ ਤੂੰ ਫਿਰ ਚਾਹੇਂਗਾ, ਹੇ ਵਡੇ ਮਰਤਬੇ ਵਾਲੇ,
ਤੈਨੂੰ ਇਸ ਬਿਅੰਤ ਖ਼ਜ਼ਾਨੇ ਵਿਚੋਂ ਪਰਾਪਤ ਹੋ ਜਾਵੇਗਾ ॥੩੭੦॥

ਤਾਂ ਤੇ ਤੂੰ ਰੱਬ ਦੇ ਚਾਹਵਾਨਾਂ ਨੂੰ ਬੁਲਾ,
ਤਾਂ ਜੋ ਤੂੰ ਉਨਾਂ ਪਾਸੋਂ ਅਜਿਹਾ ਸ਼ੌਕ ਪਰਾਪਤ ਕਰ ਸਕੇਂ ॥੩੭੧॥

ਜੇ ਕਰ ਤੈਨੂੰ ਰੱਬ ਦਾ ਸੱਚਾ ਸ਼ੌਕ ਤੇ ਚਾਉ ਪਰਾਪਤ ਹੋ ਗਿਆ,
ਤਾਂ ਇਨ੍ਹਾਂ ਦੀ ਸੰਗਤ ਦੀ ਬਖਸ਼ਿਸ਼ ਤੈਨੂੰ ਜ਼ਰੂਰ ਅਸਰ ਕਰੇਗੀ ॥੩੭੨॥

ਭਾਵੇਂ ਸਾਰੇ ਦਿਲਾਂ ਵਿਚ ਰੱਬ ਤੋਂ ਸਿਵਾ ਹੋਰ ਕੁਝ ਨਹੀਂ,
ਪਰ ਸੱਚੇ ਗਿਆਨਵਾਨਾਂ ਦੀ ਆਪਣੀ ਵਿਸ਼ੇਸ਼ ਉੱਚੀ ਪਦਵੀ ਹੈ ॥੩੭੩॥

ਰੱਬ ਦੇ ਹਾਲ ਦਾ ਗਿਆਨਵਾਨਾਂ ਤੋਂ ਬਿਨਾਂ ਹੋਰ ਕੋਈ ਵਾਕਿਫ਼ ਨਹੀਂ,
ਆਰਫ ਸਿਵਾ ਉਸ ਰੱਬ ਦੇ ਜਾਪ ਦੇ ਹੋਰ ਕੋਈ ਬੋਲ ਨਹੀਂ ਬੋਲਦੇ ॥੩੭੪॥

ਬਾਦਸ਼ਾਹਾਂ ਨੇ ਆਪਣਾ ਰਾਜ ਭਾਗ ਤਿਆਗ ਦਿੱਤਾ,
ਅਤੇ ਉਹ ਭਿਖਾਰੀਆਂ ਵਾਂਗ ਗਲੀ ਗਲੀ ਘੁੰਮਦੇ ਫਿਰਦੇ ਰਹੇ ॥੩੭੫॥

ਕਿ ਉਸ ਰੱਬ ਦੀ ਸੱਚੀ ਯਾਦ ਕਰਦੇ ਰਹਿਣ,
ਅਤੇ ਦੋਹਾਂ ਜਹਾਨਾਂ ਦੇ ਜਨਮ ਮਰਨ ਤੋਂ ਮੁਕਤ ਹੋ ਜਾਣ ॥੩੭੬॥

ਜੇਕਰ ਇਸ ਮਾਰਗ ਦਾ ਜਾਣੂ ਮਿਲ ਜਾਏ,
ਤਾਂ ਰਾਜ ਕਾਜ ਦੇ ਮਨੋਰਥ ਪੂਰੇ ਹੋ ਜਾਣ ॥੩੭੭॥

ਜੇ ਸਾਰੇ ਲਸ਼ਕਰ ਰੱਬ ਦੇ ਤਾਲਬ ਹੋ ਜਾਣ,
ਤਾਂ ਸਚ ਮੁਚ ਉਹ ਸੱਚੇ ਗਿਆਨਵਾਨ ਹੋ ਜਾਣ ॥੩੭੮॥

ਜੇਕਰ ਇਸ ਮਾਰਗ ਦਾ ਪਾਂਧੀ ਮਿਲ ਜਾਏ,
ਤਾਂ ਉਹ ਇਸ ਬਾਦਸ਼ਾਹੀ ਤੋਂ ਕਿਉਂ ਮੂੰਹ ਮੋੜੇ ?੩੭੯॥

ਸੱਚ ਦਾ ਬੀਜ ਜੇ ਦਿਲ ਦੀ ਖੇਤੀ ਵਿਚ ਬੀਜ ਲੈਣ,
ਤਾਂ ਦਿਲਾਂ ਤੋਂ ਭਰਮ ਦਾ ਪਰਦਾ ਉਠ ਜਾਵੇ ॥੩੮੦॥

ਜੇ ਕਰ ਰੱਬ ਦਾ ਸਿਮਰਨ ਉਨ੍ਹਾਂ ਦੇ ਦਿਲਾਂ ਵਿਚ ਟਿਕ ਜਾਵੇ,
ਉਹ ਜੜਾਊ ਤਖ਼ਤ ਤੇ ਪੱਕੀ ਤਰ੍ਹਾਂ ਬਿਰਾਜਮਾਨ ਹੋ ਜਾਣ ॥੩੮੧॥

ਉਨ੍ਹਾਂ ਦੇ ਰੋਮ ਰੋਮ ਵਿਚੋਂ ਸੱਚ ਦੀ ਸੁਗੰਧੀ ਆਉਂਦੀ ਹੈ,
ਹਰ ਕੋਈ ਉਨਾਂ ਦੀ ਸੰਗਤ ਦੀ ਸੁੰਗਧੀ ਨਾਲ ਸੁਰਜੀਤ ਹੋ ਜਾਂਦਾ ਹੈ ॥੩੮੨॥

ਜੇ ਕਰ ਪੂਰਨ ਸਤਿਗੁਰੂ ਨੇ ਉਨ੍ਹਾਂ ਨੂੰ ਥਹੁ ਪਤਾ ਦਿੱਤਾ ਹੁੰਦਾ, ਤਾਂ ਰੱਬ ਦਾ
ਨਾਮ ਉਨ੍ਹਾਂ ਦੇ ਸਰੀਰਾਂ ਤੋਂ ਬਾਹਰ ਨਾ ਹੁੰਦਾ (ਭਾਵ, ਉਨਾ੍ਹਂ ਨੂੰ ਰੱਬ ਦੀ
ਪਰਾਪਤੀ ਆਪਣੇ ਹਿਰਦੇ ਰੂਪੀ ਘਰ ਵਿਚ ਹੀ ਹੋ ਜਾਂਦੀ) ॥੩੮੩॥

ਜਿੰਦਗੀ ਦਾ ਅੰਮ੍ਰਿਤ ਹਿਰਦੇ ਰੂਪੀ ਘਰ ਵਿਚ ਹੀ ਹੈ,
ਪਰ ਬਿਨਾਂ ਸਤਿਗੁਰੂ ਦੇ ਦੁਨੀਆਂ ਨੂੰ ਪਤਾ ਨਹੀਂ ਲਗਦਾ ॥੩੮੪॥

ਜਦ ਕਿ ਉਹ ਸੱਚਾ ਪਾਤਸ਼ਾਹ ਸ਼ਾਹਰਗ ਤੋਂ ਵੀ ਨੇੜੇ ਹੈ,
ਤਾਂ ਹੇ ਅਣਜਾਣ! ਤੂੰ ਜੰਗਲ ਬੇਲੇ ਕਿਉਂ ਭੌਂਦਾ ਫਿਰਦਾ ਹੈਂ ?੩੮੫॥

ਜਦ ਇਸ ਮਾਰਗ ਤੋਂ ਜਾਣੂ ਤੇਰਾ ਰਾਹ ਵਿਖਾਵਾ ਬਣ ਜਾਵੇ,
ਤਾਂ ਤੈਨੂੰ ਸੰਗਤ ਵਿਚ ਹੀ ਏਕਾਂਤ ਪਰਾਪਤ ਹੋ ਜਾਵੇਗਾ ॥੩੮੬॥

ਜੋ ਕੁਝ ਵੀ ਉਨ੍ਹਾਂ ਪਾਸ ਹੁੰਦਾ ਹੈ,
ਉਹ ਸਭ ਕੁਝ ਇਕੋ ਵਾਰ ਹੀ ਤਿਆਗ ਦਿੰਦੇ ਹਨ ॥੩੮੭॥

ਉਹ ਪੂਰਨ ਗਿਆਨਵਾਨ ਦੇ ਪਿਛੇ ਟੁਰਦੇ ਹਨ,
ਤਾਂ ਕਿ ਉਹ ਸਚੇ ਰੱਬ ਨੂੰ ਪਰਾਪਤ ਕਰ ਲੈਣ ॥੩੮੮॥

ਪੂਰਨ ਸੰਤ ਤੈਨੂੰ ਵੀ ਪੂਰਨ ਸੰਤ ਬਣਾ ਦਿੰਦਾ ਹੈ,
ਅਤੇ ਤੇਰੀਆਂ ਸਾਰੀਆਂ ਇਛਾਵਾਂ ਨੂੰ ਪੂਰਾ ਕਰ ਦਿੰਦਾ ਹੈ ॥੩੮੯॥

ਸੱਚ ਤਾਂ ਇਹ ਹੈ ਕਿ ਰੱਬ ਦਾ ਰਾਹ ਫੜ,
ਤਾਂ ਜੋ ਤੂੰ ਵੀ ਸੂਰਜ ਵਾਂਗ ਚਮਕ ਪਵੇਂ ॥੩੯੦॥

ਸੱਚਾ ਰੱਬ ਤੇਰੇ ਦਿਲ ਅੰਦਰ ਤੇਰੀ ਦਿਲਦਾਰੀ ਕਰਦਾ ਹੈ,
ਪੂਰਾ ਸਤਿਗੁਰੂ ਤੇਰੀ ਸਹਾਇਤਾ ਕਰਦਾ ਹੈ ॥੩੯੧॥

ਜੇਕਰ ਤੈਨੂੰ ਇਸ ਰਾਹ ਦਾ ਜਾਣੂ ਮਿਲ ਜਾਵੇ,
ਤਾਂ ਤੈਨੂੰ ਆਪਣੇ ਅੰਦਰ ਹੀ ਹਰ ਪਰਕਾਰ ਦਾ ਮਾਲ ਮਤਾਅ ਮਿਲ ਜਾਵੇ ॥੩੯੨॥

ਜਿਸ ਕਿਸੇ ਨੂੰ ਪੂਰਾ ਸਤਿਗੁਰੂ ਮਿਲ ਗਿਆ,
ਉਸ ਨੇ ਸੱਚੇ ਗਿਆਨ ਦਾ ਤਾਜ ਉਸ ਦੇ ਸਿਰ ਤੇ ਰੱਖ ਦਿੱਤਾ ॥੩੯੩॥

ਸੱਚਾ ਅਤੇ ਪੂਰਾ ਗੁਰੂ ਰੱਬ ਦੇ ਭੇਤਾਂ ਤੋਂ ਜਾਣੂ ਕਰਵਾ ਦਿੰਦਾ ਹੈ,
ਅਤੇ ਜਗਿਆਸੂ ਅਮਰ ਦੌਲਤ ਪਰਾਪਤ ਕਰ ਲੈਂਦਾ ਹੈ ॥੩੯੪॥

ਦੋਵੇਂ ਜਹਾਨ ਉਸ ਦੇ ਹੁਕਮ ਦੇ ਬੰਦੇ ਹਨ,
ਦੋਵੇਂ ਜਹਾਨ ਉਸ ਤੋਂ ਵਾਰੀ ਜਾਂਦੇ ਹਨ ॥੩੯੫॥

ਅਸਲ ਅਹਿਸਾਨ ਰੱਬ ਦਾ ਸੱਚਾ ਗਿਆਨ ਹੈ,
ਗਿਆਨਵਾਨਾਂ ਨੂੰ ਅਮਰ ਦੌਲਤ ਆਪਣਾ ਮੂੰਹ ਵਿਖਾਉਂਦੀ ਹੈ ॥੩੯੬॥

ਜਦ ਉਸ ਨੇ ਆਪਣਾ ਪ੍ਰਭੂ ਪਛਾਣ ਲਿਆ,
ਤਾਂ ਸਮਝੋ ਉਸ ਨੇ ਅਮਰ ਜੀਵਨ ਦੀ ਪੂੰਜੀ ਪਰਾਪਤ ਕਰ ਲਈ ॥੩੯੭॥

ਉਹ ਤਾਂ ਤੇਰੇ ਦਿਲ ਅੰਦਰ ਵਸਦਾ ਹੈ, ਪਰ ਤੂੰ ਬਾਹਰ ਨਸਦਾ ਹੈਂ
ਉਹ ਤਾਂ ਤੇਰੇ ਘਰ ਵਿਚ ਹੈ, ਪਰ ਤੂੰ ਹੱਜ ਲਈ ਦੌੜਦਾ ਫ਼ਿਰਦਾ ਹੈਂ ॥੩੯੮॥

ਜਦ ਉਹ ਤੇਰੇ ਰੋਮ ਰੋਮ ਤੋਂ ਪ੍ਰਗਟ ਹੁੰਦਾ ਹੈ,
ਤਾਂ ਤੂੰ ਉਸ ਨੂੰ ਲੱਭਣ ਲਈ ਬਾਹਰ ਕਿੱਥੇ ਜਾਂਦਾ ਹੈਂ ?੩੯੯॥

ਤੇਰੇ ਹਿਰਦੇ ਰੂਪੀ ਘਰ ਅੰਦਰ ਰੱਬ ਦਾ ਨੂਰ ਇਉਂ ਚਮਕਦਾ ਹੈ,
ਜਿਵੇਂ ਨੂਰਾਨੀ ਚੰਦਰਮਾਂ ਆਕਾਸ਼ ਉਪਰ ਚਮਕਦਾ ਹੈ ॥੪੦੦॥

ਤੇਰੀਆਂ ਹੰਝੂਆਂ ਭਰੀਆਂ ਅੱਖਾਂ ਵਿਚੋਂ ਵੇਖਣ ਵਾਲਾ ਤਾਂ ਉਹ ਹੀ ਹੈ,
ਅਤੇ ਤੇਰੀ ਜੀਭ ਉਪਰ ਰੱਬ ਦਾ ਹੁਕਮ ਬੋਲਦਾ ਹੈ ॥੪੦੧॥

ਤੇਰਾ ਇਹ ਸਰੀਰ ਰੱਬ ਦੇ ਨੂਰ ਨਾਲ ਰੋਸ਼ਨ ਹੈ,
ਸਾਰਾ ਸੰਸਾਰ ਰੱਬ ਦੇ ਨੂਰ ਨਾਲ ਰੋਸ਼ਨ ਹੈ ॥੪੦੨॥

ਪਰ ਤੂੰ ਆਪਣੇ (ਅੰਦਰਲੇ) ਹਾਲ ਤੋਂ ਵਾਕਿਫ਼ ਨਹੀਂ,
ਦਿਨ ਰਾਤ ਤੂੰ ਆਪਣੇ ਕਰਮਾਂ ਕਰਕੇ ਹੀ ਹੈਰਾਨ ਹੈਂ ॥੪੦੩॥

ਪੂਰਨ ਸਤਿਗੁਰੂ ਤੈਨੂੰ ਰੱਬ ਦਾ ਜਾਣਕਾਰ ਬਣਾ ਦਿੰਦਾ ਹੈ,
ਉਹ ਵਿਛੋੜੇ ਦੇ ਜ਼ਖ਼ਮ ਦੀ ਪੀੜਾ ਦੀ ਮਲ੍ਹਮ ਪੱਟੀ ਕਰਦਾ ਹੈ ॥੪੦੪॥

ਤਾਂ ਜੋ ਤੂੰ ਵੀ ਰੱਬ ਦੇ ਮੇਲੀਆਂ ਵਿਚੋਂ ਹੋ ਜਾਵੇਂ,
ਤੇ ਤੂੰ ਦਿਲ ਦਾ ਮਾਲਕ ਹੋ ਜਾਵੇਂ, ਨੇਕ ਸੁਭਾਉ ਵਾਲਾ ਹੋ ਜਾਵੇਂ ॥੪੦੫॥

ਤੂੰ ਉਮਰਾਂ ਬੱਧੀ ਰੱਬ ਦੀ ਤਲਾਸ਼ ਵਿਚ ਹੈਰਾਨ ਹੁੰਦਾ ਰਿਹਾ,
ਇਸੇ ਲਈ ਤੂੰ ਸਦਾ ਪਰੇਸ਼ਾਨ ਹੁੰਦਾ ਰਿਹਾ ॥੪੦੬॥

ਤੇਰੀ ਹੀ ਕੀ ਗੱਲ ਹੈ? ਸਾਰਾ ਸੰਸਾਰ ਹੀ ਉਸ ਲਈ ਹੈਰਾਨ ਹੈ,
ਇਹ ਅਸਮਾਨ ਅਤੇ ਚੋਥਾ ਆਕਾਸ਼,ਸਭ ਪਰੇਸ਼ਾਨ ਹਨ ॥੪੦੭॥

ਇਹ ਆਸਮਾਨ ਉਸ ਦੇ ਉਦਾਲੇ ਇਸ ਲਈ ਘੁੰਮਦਾ ਹੈ,
ਕਿਉਂ ਜੋ ਉਹ ਰੱਬ ਦੇ ਚਾਉ ਨਾਲ ਨੇਕ ਸੁਭਾਵ ਹੈ ॥੪੦੮॥

ਸਾਰੇ ਸੰਸਾਰ ਦੇ ਲੋਕ ਉਸ ਲਈ ਹੈਰਾਨ ਪਰੇਸ਼ਾਨ ਹਨ,
ਜਿਵੇਂ ਫ਼ਕੀਰ ਉਸ ਨੂੰ ਗਲੀ ਗਲੀ ਲਭੱਦੇ ਫਿਰਦੇ ਹਨ ॥੪੦੯॥

ਦੋਹਾਂ ਜਹਾਨਾਂ ਦਾ ਬਾਦਸ਼ਾਹ ਦਿਲ ਵਿਚ ਵਸਦਾ ਹੈ
ਪਰ ਇਹ (ਸਰੀਰ) ਮਿੱਟੀ ਅਤੇ ਪਾਣੀ ਨਾਲ ਲਿਬੜਿਆ ਹੋਇਆ ਹੈ ॥੪੧੦॥

ਜਦ ਤੇਰੇ ਦਿਲ ਵਿਚ ਰੱਬ ਦੇ ਸੱਚੇ ਸਰੂਪ ਨੇ ਆਪਣਾ ਆਕਾਰ ਬੱਧਾ,
ਤਾਂ ਹੇ ਸੱਚੇ ਰੱਬ ਦੇ ਭਗਤ, ਤੇਰੀ ਸਾਰੀ ਜ਼ਾਤ ਉਸੇ ਦੇ ਚਾਉ ਦਾ ਰੂਪ ਬਣ ਗਈ ॥੪੧੧॥

ਸੱਚੇ ਦਾ ਸਰੂਪ ਹੀ ਸੱਚੇ ਦੇ ਨਾਮ ਦਾ ਨਿਸ਼ਾਨ ਹੈ,
ਸੱਚ ਦੇ ਪਿਆਲੇ 'ਚੋਂ ਅੰਮ੍ਰਿਤ ਪੀ ॥੪੧੨॥

ਉਹ ਜਿਸ ਨੂੰ ਮੈਂ ਘਰ ਘਰ ਢੂੰਡਦਾ ਰਿਹਾ,
ਮੈਂ ਅਚਾਨਕ ਉਸ ਨੂੰ ਆਪਣੇ ਘਰ ਵੇਖ ਲਿਆ ॥੪੧੩॥

ਇਹ ਕਿਰਪਾ ਸੱਚੇ ਤੇ ਪੂਰੇ ਸਤਿਗੁਰੂ ਦੀ ਹੈ,
ਜੋ ਕੁਝ ਮੈਨੂੰ ਚਾਹੀਦਾ ਹੈ, ਉਸ ਤੋਂ ਪਰਾਪਤ ਹੋ ਜਾਂਦਾ ਹੈ ॥੪੧੪॥

ਦਿਲ ਦੀ ਇਹ ਮੁਰਾਦ ਬਿਨਾਂ ਉਸ ਤੋਂ ਕਿਸੇ ਦੀ ਪੂਰੀ ਨਹੀਂ ਹੋਈ,
ਹਰ ਭਿਖਾਰੀ ਨੂੰ ਸ਼ਾਹੀ ਦੌਲਤ ਪਰਾਪਤ ਨਹੀਂ ਹੁੰਦੀ ॥੪੧੫॥

ਗੁਰੂ ਤੋਂ ਬਿਨਾਂ ਹੋਰ ਕਿਸੇ ਦਾ ਜਾਪ ਨਾ ਕਰ,
ਪੂਰਾ ਸਤਿਗੁਰੂ ਹੀ ਸੱਚੇ ਰੱਬ ਦਾ ਪਤਾ ਦੇ ਸਕਦਾ ਹੈ ॥੪੧੬॥

ਹਰ ਵਸਤੂ ਦੇ ਮੁਰਸ਼ਦ ਭਾਵੇਂ ਅਨੇਕਾਂ ਹਨ,
ਪਰੰਤੂ ਪੂਰਾ ਸਤਿਗੁਰੂ ਕਦੋਂ ਕਿਸੇ ਨੂੰ ਮਿਲਦਾ ਹੈ ?੪੧੭॥

ਉਸ ਪਵਿੱਤਰ ਪਰਮਾਤਮਾ ਨੇ ਦਿਲ ਦੀ ਕਾਮਨਾ ਪੂਰੀ ਕਰ ਦਿੱਤੀ,
ਉਸ ਨੇ ਟੁੱਟੇ ਹੋਏ ਦਿਲ ਨੂੰ ਆਰਾਮ ਬਖਸ਼ਿਆ ॥੪੧੮॥

ਪੂਰਾ ਸਤਿਗੁਰੂ ਹੀ ਰੱਬ ਦੀ ਅਸਲ ਪਰਾਪਤੀ ਹੈ,
ਕਿਉਂ ਜੋ ਉਹ ਹੀ ਦਿਲ ਅਤੇ ਜਾਨ ਨੂੰ ਸੁਖ ਬਖਸ਼ਣ ਵਾਲਾ ਹੈ ॥੪੧੯॥

ਪਹਿਲਾਂ ਤਾਂ, ਹੇ ਦਿਲ, ਤੂੰ ਆਪਣੇ ਆਪੇ ਨੂੰ ਮਿਟਾ ਦੇ,
ਤਾਂ ਜੋ ਉਸ ਦੀ ਗਲੀ ਵਿਚ ਤੈਨੂੰ ਸੱਚਾ ਰਾਹ ਮਿਲ ਜਾਏ ॥੪੨੦॥

ਜੇਕਰ ਤੂੰ ਪੂਰਨ ਸਤਿਗੁਰੂ ਤੋਂ ਜਾਣੂ ਹੋ ਜਾਏਂ,
ਤਾਂ ਸਹਿਜੇ ਹੀ ਤੂੰ ਇਸ ਦਿਲ ਦਾ ਮਾਲਕ ਬਣ ਜਾਏਂ ॥੪੨੧॥

ਜਿਸ ਕਿਸੇ ਨੇ ਆਪਣੇ ਆਪ ਨੂੰ ਨਹੀਂ ਮਿਟਾਇਆ,
ਰੱਬ ਨੇ ਉਸ ਨੂੰ ਆਪਣੇ ਭੇਤਾਂ ਤੋਂ ਜਾਣੂ ਨਹੀਂ ਕੀਤਾ ॥੪੨੨॥

ਜੋ ਕੁਝ ਵੀ ਹੈ, ਉਹ ਘਰ ਵਿਚ ਹੀ ਹੈ,
ਤੂੰ ਦਿਲ ਦੀ ਖੇਤੀ ਦੀ ਸੈਰ ਕਰ, ਗਿਆਨ ਦਾ ਦਾਣਾ ਇਸੇ ਵਿਚ ਹੈ ॥੪੨੩॥

ਜਦ ਪੂਰਨ ਸਤਿਗੁਰੂ ਤੇਰਾ ਰਾਹ ਵਿਖਾਊ ਹੋਵੇ,
ਤਾਂ ਤੂੰ ਆਪਣੇ ਰੱਬ ਤੋਂ (ਪੂਰੀ ਤਰ੍ਹਾਂ) ਵਾਕਫ਼ ਹੋ ਜਾਵੇਂਗਾ ॥੪੨੪॥

ਜੇਕਰ ਤੇਰਾ ਦਿਲ ਤੈਨੂੰ ਰੱਬ ਵਲ ਪਰੇਰ ਲਵੇ,
ਤਾਂ ਤੇਰੇ ਰੋਮ ਰੋਮ ਵਿਚੋਂ ਰੱਬ (ਦੇ ਨਾਮ) ਦੀ ਬਰਖਾ ਹੋਣ ਲਗ ਪਵੇ ॥੪੨੫॥

ਤਾਂ ਫਿਰ ਇਸੇ ਦੁਨੀਆਂ ਵਿਚ ਤੇਰੀ ਮੁਰਾਦ ਪੂਰੀ ਹੋ ਜਾਵੇ,
ਤੂੰ ਜ਼ਮਾਨੇ ਦੇ ਗ਼ਮਾਂ ਅਤੇ ਅੰਦੇਸ਼ਿਆਂ ਉਤੇ ਮਿੱਟੀ ਪਾ ॥੪੨੬॥

ਤੇਰੇ ਸਰੀਰ ਤੋਂ ਬਾਹਰ ਕੋਈ ਵਸਤੂ ਨਹੀਂ,
ਤੂੰ ਛਿਨ ਪਲ ਲਈ ਆਪਣੇ ਆਪ ਨੂੰ ਪਛਾਣ (ਤਾਂ ਸਹੀ) ॥੪੨੭॥

ਜੇ ਕਰ ਤੂੰ ਇਹ ਜਾਣ ਲਵੇਂ ਕਿ ਤੂੰ ਕੌਣ ਹੈਂ, ਤੇ ਰੱਬ ਕੌਣ ਹੈ ?
ਤਾਂ ਤੈਨੂੰ ਰੱਬ ਦੀ ਸੱਚੀ ਦਾਤ ਸਦਾ ਲਈ ਪਰਾਪਤ ਹੋ ਜਾਵੇ ॥੪੨੮॥

ਮੈਂ ਕੌਣ ਹੁੰਦਾ ਹਾਂ ? ਕੇਵਲ ਓਪਰੀ ਮਿੱਟੀ ਦੀ ਇਕ ਮੁੱਠ ਦਾ ਇਕ ਕਿਣਕਾ,
ਇਹ ਸਭ ਦਾਤ ਮੈਨੂੰ ਆਪਣੇ ਮੁਰਸ਼ਦ ਤੋਂ ਨਸੀਬ ਹੋਈ ਹੈ ॥੪੨੯॥

ਧੰਨ ਹੈ ਪੂਰਨ ਸਤਿਗੁਰੂ, ਜਿਸ ਨੇ ਅਪਾਰ ਕ੍ਰਿਪਾ ਨਾਲ,
ਇਸ ਮੁੱਠੀ ਨੂੰ ਉਹ ਪਵਿੱਤਰ ਨਾਮ ਬਖਸ਼ਿਆ ॥੪੩੦॥

ਵਾਹ ਵਾਹ ਉਸ ਪੂਰਨ ਸਤਿਗੁਰੂ ਦੇ, ਜਿਸ ਨੇ
ਸਾਡੇ ਵਰਗੇ ਅੰਨ੍ਹੇ ਦਿਲਾਂ ਨੂੰ ਧਰਤ ਆਕਾਸ਼ ਤੇ ਰੋਸ਼ਨ ਕਰ ਦਿੱਤਾ ॥੪੩੧॥

ਧੰਨ ਹੈ ਸਤਿਗੁਰੂ, ਜਿਸ ਨੇ ਦਿਲ ਨੂੰ ਚਾਉ ਬਖਸ਼ਿਆ,
ਧੰਨ ਹੈ ਸਤਿਗੁਰੂ, ਜਿਸ ਨੇ ਦਿਲ ਦੇ ਬੰਧਨ ਤੋੜ ਦਿੱਤੇ ॥੪੩੨॥

ਧੰਨ ਹੈ ਸਤਿਗੁਰੂ ਜਿਸ ਨੇ ਰੱਬ ਤੋਂ ਜਾਣੂ ਕਰਵਾ ਦਿੱਤਾ,
ਰੰਜ ਅਤੇ ਗ਼ਮਾਂ ਤੋਂ ਮੁਕਤ ਕਰ ਦਿਤਾ ॥੪੩੩॥

ਧੰਨ ਹੈ ਸਤਿਗੁਰੂ ਜਿਹੜਾ ਲਾਪਤਾ ਰੱਬ ਦੇ ਨਾਮ
ਦੇ ਸਦਕੇ ਅਮਰ ਜੀਵਨ ਬਖਸ਼ਦਾ ਹੈ ॥੪੩੪॥

ਧੰਨ ਹੈ ਉਹ ਪੂਰਨ ਸਤਿਗੁਰੂ, ਜਿਸਨੇ ਇਕ ਪਾਣੀ ਦੇ
ਕਤਰੇ ਨੂੰ ਚੰਨ ਵਾਂਗ ਰੋਸ਼ਨ ਕਰ ਦਿੱਤਾ ॥੪੩੫॥

ਧੰਨ ਹੈ ਉਹ ਸਤਿਗੁਰੂ ਅਤੇ ਧੰਨ ਹਨ ਉਸ ਦੀਆਂ ਬਖਸ਼ਿਸ਼ਾਂ,
ਜਿਸ ਤੋਂ ਮੇਰੇ ਜਿਹੇ ਲੱਖਾਂ ਕੁਰਬਾਨ ਜਾਂਦੇ ਹਨ ॥੪੩੬॥

ਉਸ ਦਾ ਨਾਮ ਧਰਤ ਅਤੇ ਆਕਾਸ਼ ਵਿਚ ਸਮਾਇਆ ਹੋਇਆ ਹੈ,
ਉਸ ਤੋਂ ਹਰ ਸ਼ਰਧਾਲੂ ਦੀ ਕਾਮਨਾ ਪੂਰੀ ਹੁੰਦੀ ਹੈ ॥੪੩੭॥

ਜਿਹੜਾ ਵੀ ਉਸ ਦੇ ਬਚਨ ਸੁਣ ਕੇ ਪ੍ਰਸੰਨ-ਚਿਤ ਹੋਇਆ,
ਉਹ ਸਮਝੋ ਸਦਾ ਲਈ ਰੱਬ ਦੇ ਸਨਮੁਖ ਹੋ ਗਿਆ ॥੪੩੮॥

ਰੱਬ ਸਦਾ ਉਸ ਦੇ ਹਜ਼ੂਰ ਰਹਿੰਦਾ ਹੈ,
ਰੱਬ ਦਾ ਸਿਮਰਨ ਸਦਾ ਉਸ ਦੇ ਹਿਰਦੇ ਵਿਚ ਰਹਿੰਦਾ ਹੈ ॥੪੩੯॥

ਜੇ ਕਰ ਤੈਨੂੰ ਰਬ ਦੇ ਸਨਮੁਖ ਹੋਣ ਦੀ ਚਾਹ ਹੈ,
ਤਾਂ ਤੂੰ ਪੂਰਨ ਸਤਿਗੁਰੂ ਦੇ ਸਨਮੁਖ ਹੋ ॥੪੪੦॥

ਪੂਰਨ ਸਤਿਗੁਰੂ ਰੱਬ ਦਾ ਹੀ ਰੂਪ ਹੁੰਦਾ ਹੈ,
ਪੂਰਨ ਸਤਿਗੁਰੂ ਦੇ ਦਰਸ਼ਨ ਜਾਨ ਅਤੇ ਦਿਲ ਨੂੰ ਠੰਡ ਪਾਉਂਦੇ ਹਨ ॥੪੪੧॥

ਪੂਰਨ ਸਤਿਗੁਰੂ ਰੱਬ ਦਾ ਹੀ ਰੂਪ ਹੁੰਦਾ ਹੈ,
ਜਿਸ ਨੇ ਉਸ ਤੋਂ ਮੂੰਹ ਮੋੜਿਆ, ਉਹ ਰੱਦ ਹੋ ਗਿਆ ॥੪੪੨॥

ਪੂਰਨ ਸਤਿਗੁਰੂ ਸੱਚ ਤੋਂ ਛੁੱਟ ਹੋਰ ਕੁਝ ਨਹੀਂ ਕਹਿੰਦਾ,
ਉਸ ਤੋਂ ਬਿਨਾਂ ਇਸ ਅਧਿਆਤਮਕ ਭਾਵ ਦੇ ਮੋਤੀ ਨੂੰ ਕਿਸੇ ਨਾ ਵਿਨ੍ਹਿਆਂ ॥੪੪੩॥

ਮੈਂ ਉਸ ਦੇ ਅਹਿਸਾਨਾਂ ਦਾ ਸ਼ੁਕਰ ਕਿਥੋਂ ਕੁ ਤਕ ਕਰਾਂ ?
ਜੋ ਕੁਝ ਮੇਰੀ ਜੀਭ ਤੇ ਆਉਂਦਾ ਹੈ ਉਹੀ ਗ਼ਨੀਮਤ ਹੈ ॥੪੪੪॥

ਜਦ ਰੱਬ ਨੇ ਦਿਲ ਨੂੰ ਗੰਦਗੀ ਤੋਂ ਸਾਫ਼ ਕਰ ਦਿੱਤਾ,
ਤਾਂ ਪੂਰਨ ਸਤਿਗੁਰੂ ਨੇ ਇਸ ਨੂੰ ਬੁੱਧੀ ਬਖ਼ਸ਼ੀ ॥੪੪੫॥

ਨਹੀਂ ਤਾਂ ਰੱਬ ਦਾ ਸੱਚਾ ਰਾਹ ਕਿਵੇਂ ਲਭਦਾ,
ਅਤੇ ਸੱਚ ਦੀ ਪੁਸਤਕ 'ਚੋਂ ਸਬਕ ਕਿਥੋਂ ਮਿਲਦਾ?੪੪੬॥

ਇਹ ਸਭ ਕੁਝ ਜਦ ਗੁਰੂ ਦੀ ਕਿਰਪਾ ਕਰ ਕੇ ਹੈ,
ਤਾਂ ਜੋ ਗੁਰੂ ਨੂੰ ਨਹੀਂ ਜਾਣਦਾ, ਉਹ ਮਨਮੁਖ ਹੈ ॥੪੪੭॥

ਪੂਰਨ ਸਤਿਗੁਰੂ ਦਿਲ ਦੇ ਰੋਗ ਦੂਰ ਕਰਦਾ ਹੈ
ਤੇਰੇ ਦਿਲ ਦੀ ਕਾਮਨਾ ਦਿਲ ਵਿਚ ਹੀ ਪੂਰੀ ਕਰ ਦਿੰਦਾ ਹੈ ॥੪੪੮॥

ਜਦ ਪੂਰਨ ਸਤਿਗੁਰੂ ਨੇ ਦਿਲ ਦੀ ਨਾੜੀ ਬੁਝ ਲਈ
ਤਾਂ ਜਿੰਦਗੀ ਨੇ ਉਮਰ ਦੀ ਪਰਾਪਤੀ ਸਮਝ ਲਈ ॥੪੪੯॥

ਪੂਰਨ ਸਤਿਗੁਰੂ ਸਦਕਾ ਉਮਰ ਨੂੰ ਸਦੀਵੀ ਜੀਵਨ ਮਿਲਦਾ ਹੈ,
ਉਸ ਦੀ ਕਿਰਪਾ ਨਾਲ ਦਿਲ ਦੀ ਮਾਲਕੀ ਪਰਾਪਤ ਹੁੰਦੀ ਹੈ ॥੪੫੦॥

ਇਹ ਜੀਵ ਉਸੇ ਦੀ ਪਰਾਪਤੀ ਲਈ ਹੀ ਜਨਮਿਆ ਹੈ,
ਅਤੇ ਉਸੇ ਦੇ ਵਿਛੋੜੇ ਵਿਚ ਦੀਵਾਨਾ ਹੋਇਆ ਫਿਰਦਾ ਹੈ ॥੪੫੧॥

ਇਹ ਸੱਚਾ ਸੌਦਾ ਸੱਚ ਦੀ ਦੁਕਾਨ ਤੇ ਹੀ ਹੁੰਦਾ ਹੈ,
ਪੂਰਨ ਸਤਿਗੁਰੂ ਰੱਬ ਦਾ ਚਿੰਨ੍ਹ ਹੁੰਦਾ ਹੈ ॥੪੫੨॥

ਪੂਰਨ ਸਤਿਗੁਰੂ ਤੈਨੂੰ ਪਵਿੱਤਰਤਾ ਬਖ਼ਸ਼ਦਾ ਹੈ,
ਅਤੇ ਤੈਨੂੰ ਸੋਗ ਦੇ ਖੂਹ ਚੋਂ ਕੱਢ ਲੈਂਦਾ ਹੈ ॥੪੫੩॥

ਪੂਰਨ ਸਤਿਗੁਰੂ ਦਿਲ ਦੇ ਰੰਗ ਦੂਰ ਕਰਦਾ ਹੈ,
ਜਿਸ ਨਾਲ ਦਿਲ ਦੀ ਕਾਮਨਾ ਦਿਲ ਵਿਚ ਹੀ ਪਰਾਪਤ ਹੋ ਜਾਂਦੀ ਹੈ ॥੪੫੪॥

ਸੰਤ ਦੀ ਸੰਗਤ ਅਜਬ ਦੌਲਤ ਹੈ,
ਇਹ ਸਭ ਸੰਗਤ ਦੇ ਆਸਰੇ ਹੀ ਹੈ ॥੪੫੫॥

ਹੇ ਮੇਰੇ ਅਜ਼ੀਜ਼, ਮੇਰੀ ਗੱਲ ਸੁਣ,
ਤਾਂ ਜੋ ਤੈਨੂੰ ਜਾਨ ਅਤੇ ਸਰੀਰ ਦਾ ਭੇਤ ਪਤਾ ਲਗ ਜਾਵੇ ॥੪੫੬॥

ਤੂੰ ਰੱਬ ਦੇ ਭਗਤਾਂ ਦੇ ਢੁੰਡਾਊਆਂ ਦਾ ਸੱਜਨ ਬਣ ਜਾ,
ਰੱਬ ਦੇ ਜਾਪ ਤੋਂ ਬਿਨਾਂ ਹੋਰ ਕੋਈ ਸ਼ਬਦ ਜੀਭ ਤੇ ਨਾ ਲਿਆ ॥੪੫੭॥

ਤੂੰ ਮਿੱਟੀ ਹੋ ਜਾ ਰੱਬ ਦੇ ਭਗਤਾਂ (ਦੇ ਰਾਹ) ਦੀ ਧੂੜ ਹੋ ਰਹੁ,
ਤੂੰ ਇਸ ਹੋਛੀ ਦੁਨੀਆਂ ਲਈ ਚਿੰਤਾਤੁਰ ਨਾ ਹੋ ॥੪੫੮॥

ਜੇ ਕਰ ਤੂੰ ਪ੍ਰੇਮ ਦੀ ਸ਼ਾਨ ਵਾਲੀ ਪੁਸਤਕ ਪੜ੍ਹ ਲਵੇਂ,
ਤਾਂ ਤੂੰ ਪ੍ਰੇਮ ਦੀ ਪੁਸਤਕ ਦਾ ਸਰਨਾਵਾਂ ਬਣ ਜਾਏਂ ॥੪੫੯॥

ਰੱਬ ਦਾ ਪ੍ਰੇਮ ਤੈਨੂੰ ਰੱਬ ਦਾ ਹੀ ਰੂਪ ਬਣਾ ਦਿੰਦਾ ਹੈ,
ਅਤੇ ਦੋਹਾਂ ਜਹਾਨਾਂ ਵਿਚ ਉੱਚਾ ਅਤੇ ਸਿਰ ਕੱਢ ਬਣਾ ਦਿੰਦਾ ਹੈ ॥੪੬੦॥

ਹੇ ਰੱਬ ਜੀ! ਮੰੇਰੇ ਇਸ ਦਿਲ ਨੂੰ ਪ੍ਰੇਮ ਦਾ ਰਾਹ ਦੱਸ,
ਅਤੇ ਆਪਣੇ ਵਿਸ਼ੇਸ਼ ਪ੍ਰੇਮ ਦੇ ਚਾਉ ਦਾ ਰਸ ਬਖ਼ਸ਼ ॥੪੬੧॥

ਤਾਂ ਜੋ ਤੇਰੀ ਯਾਦ ਵਿਚ ਮੇਰਾ ਦਿਨ ਰਾਤ ਗੁਜ਼ਰੇ,
ਤੂੰ ਮੈਨੂੰ ਫ਼ਿਕਰਾਂ ਅਤੇ ਗ਼ਮਾਂ ਦੀ ਕੈਦ ਤੋਂ ਮੁਕਤੀ ਬਖ਼ਸ਼ ॥੪੬੨॥

ਤੂੰ ਅਜਿਹੀ ਦੌਲਤ ਬਖਸ਼ ਜੋ ਸਦੀਵੀ ਹੋਵੇ,
ਅਤੇ ਅਜਿਹੀ ਸੰਗਤ ਬਖ਼ਸ਼ ਜੋ ਗ਼ਮਾਂ ਨੂੰ ਦੂਰ ਕਰਨ ਵਾਲੀ ਹੋਵੇ ॥੪੬੩॥

ਤੂੰ ਅਜਿਹੀ ਨੀਅਤ ਬਖ਼ਸ਼ ਜੋ ਸੱਚ ਦੀ ਪੁਜਾਰੀ ਹੋਵੇ,
ਅਤੇ ਅਜਿਹੀ ਹਿੰਮਤ ਬਖ਼ਸ਼, ਜੋ ਰੱਬ ਦੇ ਰਾਹ ਤੇ ਜਾਨ ਵਾਰਨ ਵਾਲੀ ਹੋਵੇ ॥੪੬੪॥

ਜੋ ਕੁਝ ਭੀ ਕੋਲ ਹੈ, ਤੇਰੇ ਰਾਹ ਉਤੇ ਕੁਰਬਾਨ ਕਰ ਦੇਵਾਂ,
ਜਾਨ ਅਤੇ ਦਿਲ ਰੱਬ ਦੇ ਰਾਹ ਉਤੇ ਕੁਰਬਾਨ ਕਰ ਦੇਵਾਂ ॥੪੬੫॥

ਮੇਰੇ ਨੇਤ੍ਰਾਂ ਨੂੰ ਦਰਸ਼ਨਾਂ ਦਾ ਸੁਆਦ ਬਖ਼ਸ਼,
ਮੇਰੇ ਦਿਲ ਨੂੰ ਭੇਤਾਂ ਦਾ ਖ਼ਜ਼ਾਨਾ ਬਖ਼ਸ਼ ॥੪੬੬॥

ਸਾਡੇ ਇਸ ਲੁੱਠੇ ਹੋਏ ਦਿਲ ਨੂੰ ਚਾਉ ਬਖ਼ਸ਼,
ਸਾਡੇ ਗਲੇ ਨੂੰ ਬੰਦਗੀ ਦਾ ਪਟਾ ਬਖ਼ਸ਼ ॥੪੬੭॥

ਸਾਡੇ ਵਿਛੋੜੇ ਨੂੰ ਮਿਲਾਪ ਦੀ ਚਾਹ ਬਖ਼ਸ਼,
ਸਾਡੇ ਸਰੀਰ ਦੀ ਪੱਤਝੜ ਤੇ ਕਿਰਪਾ ਕਰ ॥੪੬੮॥

ਸਾਡੇ ਹਰ ਇਕ ਵਾਲ ਨੂੰ ਜੀਭ ਕਰ ਦੇਣ ਦੀ ਕਿਰਪਾ ਕਰ,
ਤਾਂ ਜੋ ਅਸੀਂ ਸਵਾਸ ਸਵਾਸ ਰੱਬ ਦੀ ਸਿਫ਼ਤ ਸਲਾਹ ਕਰੀਏ ॥੪੬੯॥

ਰੱਬ ਦੀ ਸਿਫ਼ਤ ਕਹਿਣ ਸੁਣਨ ਤੋਂ ਪਰੇ ਹੈ,
ਸੱਚੇ ਪਾਤਸ਼ਾਹ ਦੀ ਇਹ ਕਥਾ ਗਲੀ ਗਲੀ (ਸੁਣੀਂਦੀ) ਹੈ ॥੪੭੦॥

ਕੀ ਤੈਨੂੰ ਪਤਾ ਹੈ ਕਿ ਇਸ ਗਲੀ ਦਾ ਕੀ ਭਾਵ ਹੈ ?
ਉਸ ਦੀ ਸਿਫ਼ਤ ਸਲਾਹ ਕਹੁ ਹੋਰ ਕੁਝ ਨਾ ਕਹੁ ਏਹੀ ਜੀਵਨ ਹੈ ॥੪੭੧॥

ਉਸ ਦੀ ਬੰਦਗੀ ਵਿਚ ਜਿਊਣਾ ਸਭ ਤੋਂ ਉੱਤਮ ਹੈ,
ਭਾਵੇਂ ਕੋਈ ਸਿਰ ਤੋਂ ਪੈਰਾਂ ਤਕ ਵੀ ਮਾਲਿਕ ਕਿਉਂ ਨਾ ਹੋਵੇ ॥੪੭੨॥

ਜੇ ਕਰ ਉਹ ਸਤਿ ਸਰੂਪ ਵਾਹਿਗੁਰੂ ਹਿੰਮਤ ਬਖ਼ਸ਼ੇ,
ਤਾਂ ਬੰਦੇ ਨੂੰ ਉਸ ਦੀ ਬੰਦਗੀ ਸਦਕੇ ਕਮਾਲ ਪਰਾਪਤ ਹੋ ਜਾਵੇ ॥੪੭੩॥

ਬੰਦਗੀ ਬੰਦਾ ਹੋਣ ਦਾ ਕਮਾਲ ਹੈ,
ਬੰਦਗੀ ਹੀ ਜ਼ਿੰਦਗੀ ਦਾ ਨਿਸ਼ਾਨ ਹੈ ॥੪੭੪॥

ਬੰਦੇ ਦੀ ਜਿੰਦਗੀ ਏਹ ਬੰਦਗੀ ਹੀ ਹੈ,
ਇਹ ਰੱਬ ਦੀ ਬੰਦਗੀ ਹੀ ਅਸਲ ਜ਼ਿੰਦਗੀ ਹੈ ॥੪੭੫॥

ਜੇਕਰ ਤੈਨੂੰ ਜ਼ਿੰਦਗੀ ਦੇ ਨਿਸ਼ਾਨ ਦੀ ਲੋੜ ਹੈ,
ਤਾਂ ਤੇਰੇ ਲਈ ਰੱਬ ਦੀ ਬੰਦਗੀ ਕਰਨਾ ਹੀ ਉਚਿਤ ਹੈ ॥੪੭੬॥

ਜਿੱਥੋਂ ਤਕ ਹੋ ਸਕੇ ਤੂੰ ਸੇਵਕ ਬਣ, ਸਾਹਿਬ ਨਾ ਹੋ,
ਬੰਦੇ ਨੂੰ ਬੰਦਗੀ ਬਿਨਾਂ ਕਿਸੇ ਹੋਰ ਵਸਤੂ ਦੀ ਤਲਾਸ਼ ਨਹੀਂ ਹੁੰਦੀ ॥੪੭੭॥

ਮਿੱਟੀ ਦਾ ਇਹ ਸਰੀਰ ਰੱਬ ਦੀ ਬੰਦਗੀ ਕਰਕੇ ਹੀ ਪਵਿੱਤਰ ਹੈ,
ਬੰਦਗੀ ਬਿਨਾਂ ਹੋਰ ਸਭ ਸ਼ਰਮਿੰਦਗੀ (ਦਾ ਕਾਰਣ) ਹੀ ਹਨ ॥੪੭੮॥

ਤੂੰ ਬੰਦਗੀ ਕਰ, ਤਾਂ ਜੋ (ਉਸ ਦੀ ਦਰਗਾਹੇ) ਕਬੂਲ ਹੋਵੇਂ
ਅਤੇ ਹਉਮੈਂ ਅਤੇ ਮਨਮੁਖਾਂ ਦੇ ਚਾਲੇ ਛੱਡ ॥੪੭੯॥

(ਇਹ ਬੰਦਗੀ) ਦਿਲਾਂ ਦੇ ਮਾਲਕਾਂ ਨੂੰ ਚੰਗੀ ਲਗਦੀ ਹੈ,
ਇਸੇ ਬੰਦਗੀ ਕਾਰਣ ਤੇਰਾ ਮਰਤਬਾ ਉੱਚਾ ਹੁੰਦਾ ਹੈ ॥੪੮੦॥

ਪੂਰਨ ਸਤਿਗੁਰੂ ਨੇ ਇਹ ਫ਼ੁਰਮਾਇਆ ਹੈ,
ਉਸ ਨੇ ਤੇਰੇ ਇਸ ਦਿਲ ਨੂੰ ਰੱਬ ਦੀ ਯਾਦ ਨਾਲ ਆਬਾਦ ਕਰ ਦਿੱਤਾ ਹੈ ॥੪੮੧॥

ਤੂੰ ਪੂਰਨ ਸਤਿਗੁਰੂ ਦੇ ਇਸ ਹੁਕਮ ਨੂੰ ਦਿਲ ਵਿਚ ਉੁੱਕਰ ਲੈ,
ਤਾਂ ਜੋ ਤੇਰਾ ਸਿਰ ਦੋਹਾਂ ਜਹਾਨਾਂ ਵਿਚ ਉੱਚਾ ਹੋਵੇ ॥੪੮੨॥

ਇਹ (ਹੁਕਮ) ਤੇਰੇ ਤਾਂਬੇ ਦੇ ਸਰੀਰ ਨੂੰ ਕੁੰਦਨ ਬਣਾ ਦੇਂਦਾ ਹੈ,
ਇਹ ਕੁੰਦਨ ਰੱਬ ਦੀ ਯਾਦ ਤੋਂ ਪਰਾਪਤ ਹੁੰਦਾ ਹੈ ॥੪੮੩॥

ਇਹ (ਮਾਯਾ ਰੂਪੀ) ਸੋਨਾ ਨਾਸ਼ਵਾਨ ਹੈ, ਅਤੇ ਸੈਂਕੜੇ ਆਫ਼ਤਾਂ ਦਾ ਭੰਵਰ ਹੈ,
ਸਤਿਸਰੂਪ ਵਾਹਿਗੁਰੂ ਦੀ ਜ਼ਾਤ ਵਾਂਗ ਇਹ (ਬੰਦਗੀ ਰੂਪੀ) ਸੋਨਾ ਸਥਿਰ ਹੈ ॥੪੮੪॥

ਸੱਚੀ ਦੌਲਤ ਪਰਵਾਨ ਹੋਏ ਗੁਰਮੁਖਾਂ ਦੀ ਚਰਨ ਧੂੜ ਵਿਚ ਹੈ,
ਇਹ ਅਜੇਹੀ ਸੱਚੀ ਦੌਲਤ ਹੈ, ਜਿਸਨੂੰ ਕੋਈ ਹਾਨੀ ਨਹੀਂ ॥੪੮੫॥

ਤੂੰ ਵੇਖਿਆ ਹੈ ਹਰ ਬਹਾਰ ਪੱਤਝੜ ਨੂੰ ਲਿਆਉਂਦੀ ਹੈ (ਅੰਤ ਨੂੰ ਹਰ ਫਲ ਝੜ ਜਾਂਦਾ ਹੈ),
ਉਂਜ ਭਾਵੇਂ ਇਸ ਸੰਸਾਰ ਵਿਚ ਨਿਤ ਬਹਾਰ ਆਉਂਦੀ ਹੈ ॥੪੮੬॥

ਪਰ ਇਹ (ਬੰਦਗੀ ਰੂਪੀ) ਬਹਾਰ ਪਰਲੋ ਤਕ ਹਰੀ ਭਰੀ ਰਹਿੰਦੀ ਹੈ,
ਹੇ ਅਕਾਲ ਪੁਰਖ! (ਇਸ ਬਹਾਰ ਨੂੰ) ਭੈੜੀ ਨਜ਼ਰ ਨਾ ਲਗੇ ॥੪੮੭॥

ਜਿਸ ਕਿਸੇ ਨੂੰ ਰੱਬ ਦੇ ਭਗਤਾਂ ਦੀ ਚਰਨ ਧੂੜ ਦਾ ਸੁਰਮਾ ਮਿਲ ਗਿਆ,
ਯਕੀਨ ਜਾਣ ਕਿ ਉਸ ਦੇ ਮੁਖੜੇ ਤੇ ਰੱਬੀ ਨੂਰ ਚਮਕਣ ਲਗ ਪਿਆ ॥੪੮੮॥

ਰੱਬੀ ਗਿਆਨਵਾਨ ਭਾਵੇਂ ਇਸ ਸੰਸਾਰ ਵਿਚ ਹੀ ਵਿਚਰਦਾ ਹੈ,
ਪਰ ਅਸਲ ਵਿਚ (ਅੰਤਹ-ਕਰਨ ਤੋਂ) ਉਹ ਰੱਬ ਦਾ ਹੀ ਢੁੰਢਾਊ ਹੁੰਦਾ ਹੈ ॥੪੮੯॥

ਉਹ ਸਵਾਸ ਸਵਾਸ ਰੱਬ ਦਾ ਸਿਮਰਨ ਕਰਦਾ ਹੈ,
ਉਸ ਦੀ ਸ਼ਾਨ ਵਿਚ ਉਸੇ ਦੇ ਨਾਮ ਦੀ ਤੁਕ ਹਰ ਦਮ ਪੜ੍ਹਦਾ ਹੈ ॥੪੯੦॥

ਉਹ ਸਵਾਸ ਸਵਾਸ ਆਪਣੇ ਦਿਲ ਨੂੰ ਰੱਬ ਦੇ ਧਿਆਨ ਵਿਚ ਲਾਈ ਰਖਦੇ ਹਨ,
ਉਹ ਰੱਬ ਦੀ ਯਾਦ ਰੂਪੀ ਸੁਗੰਧੀ ਨਾਲ ਆਪਣੀ ਬੁੱਧੀ ਨੂੰ ਸੁਗੰਧਤ ਕਰਦੇ ਹਨ ॥੪੯੧॥

ਉਹ ਹਰ ਦਮ ਰੱਬ ਨਾਲ ਜੁੜਿਆ ਰਹਿੰਦਾ ਹੈ,
ਉਸ ਨੂੰ ਇਸ ਜੀਵਨ ਦਾ ਸੱਚਾ ਫਲ ਪਰਾਪਤ ਹੋ ਜਾਂਦਾ ਹੈ ॥੪੯੨॥

ਇਸ ਜੀਵਨ ਦਾ ਫਲ ਗੁਰੂ ਕੋਲ ਹੈ,
ਰੱਬ ਦਾ ਜਾਪ ਉਸ ਦੀ ਰਸਨਾ ਉਤੇ ਰਹਿੰਦਾ ਹੈ ॥੪੯੩॥

ਸਤਿਗੁਰੂ ਰੱਬ ਦਾ (ਸਾਖਿਆਤ) ਦੀਦਾਰ ਹੁੰਦਾ ਹੈ,
ਇਸ ਲਈ ਤੂੰ ਉਸ ਦੀ ਰਸਨਾ ਤੋਂ ਰੱਬ ਦੇ ਭੇਤ ਸੁਣ ॥੪੯੪॥

ਪੂਰਨ ਸਤਿਗੁਰੂ ਰੱਬ ਦਾ ਹੀ ਰੂਪ ਸਰੂਪ ਹੁੰਦਾ ਹੈ,
ਉਸ ਦੀ ਮੂਰਤ ਸਦਾ ਦਿਲ ਵਿਚ ਵਸਦੀ ਹੈ ॥੪੯੫॥

ਉਸ ਦੀ ਮੂਰਤ ਜਦ ਕਿਸੇ ਦਿਲ ਵਿਚ ਵਸ ਜਾਂਦੀ ਹੈ,
ਤਾਂ ਰੱਬ ਦਾ ਇਕੋ ਅੱਖਰ ਉਸ ਦੇ ਦਿਲ ਵਿਚ ਘਰ ਕਰ ਲੈਂਦਾ ਹੈ ॥੪੯੬॥

ਮੈਂ ਇਨ੍ਹਾਂ ਮੋਤੀਆਂ ਦੇ ਦਾਣਿਆਂ ਨੂੰ ਇਸ ਲਈ ਪਰੋਇਆ ਹੈ,
ਕਿ ਇਹ ਤਰਤੀਬ ਅਗਿਆਤ ਦਿਲਾਂ ਨੂੰ (ਰੱਬ ਦੇ ਭੇਤਾਂ ਤੋਂ) ਵਾਕਫ਼ ਕਰ ਦੇਵੇ ॥੪੯੭॥

(ਇਹ ਗਰੰਥ) ਪਿਆਲੇ ਵਾਂਗ ਜ਼ਿੰਦਗੀ ਦੇ ਅੰਮ੍ਰਿਤ ਨਾਲ ਭਰਿਆ ਹੋਇਆ ਹੈ,
ਇਸ ਲਈ ਇਸ ਦਾ ਨਾਮ 'ਜ਼ਿੰਦਗੀ ਨਾਮਾ' ਹੋ ਗਿਆ ॥੪੯੮॥

ਇਸ ਦੇ ਕਲਾਮ ਵਿਚੋਂ ਰੱਬੀ ਗਿਆਨ ਦੀ ਸੁਗੰਧੀ ਆਉਂਦੀ ਹੈ,
ਇਸ ਨਾਲ ਇਕ ਸੰਸਾਰ ਦੇ ਦਿਲ ਦੀ ਗੰਢ ਖੁਲ੍ਹ ਜਾਂਦੀ ਹੈ ॥੪੯੯॥

ਜਿਹੜਾ ਵੀ ਇਸ ਨੂੰ ਰੱਬ ਦੀ ਮਿਹਰ ਅਤੇ ਕ੍ਰਿਪਾ ਸਹਿਤ ਪੜ੍ਹਦਾ ਹੈ,
ਉਹ ਗਿਆਨਵਾਨਾਂ ਵਿਚ ਸਤਿਕਾਰ ਪਾਉਂਦਾ ਹੈ ॥੫੦੦॥

ਇਸ (ਗ੍ਰੰਥ) ਵਿਚ ਪਵਿੱਤਰ ਰੱਬੀ ਗਿਆਨਵਾਨਾਂ ਦਾ ਵਰਨਣ ਹੈ,
ਇਹ ਵਰਨਣ ਬੁੱਧੀ ਅਤੇ ਸੂਝ ਨੂੰ ਰੋਸ਼ਨ ਕਰਦਾ ਹੈ ॥੫੦੧॥

ਹੇ ਜਾਣਕਾਰ! ਇਸ ਵਿਚ ਬਿਨਾਂ ਰੱਬ ਦੀ ਬੰਦਗੀ ਦੇ,
ਹੋਰ ਕੋਈ ਦੂਜਾ ਅੱਖਰ ਦਰਜ ਨਹੀਂ ॥੫੦੨॥

ਰੱਬ ਦੀ ਯਾਦ ਚਾਨਣੇ ਦਿਲਾਂ ਦੀ ਪੂੰਜੀ ਹੈ,
ਰੱਬ ਦੀ ਯਾਦ ਤੋਂ ਛੁਟ ਬਾਕੀ ਸਭ ਕੁਝ ਵਿਅਰਥ ਹੈ ॥੫੦੩॥

ਰੱਬ ਦੀ ਯਾਦ ਤੋਂ ਛੁਟ ਹੋਰ ਕੋਈ ਦੂਜਾ ਹਰਫ਼ ਨਾ ਪੜ੍ਹ,
ਰੱਬ ਦੀ ਯਾਦ, ਹਾਂ ਰੱਬ ਦੀ ਯਾਦ, ਬੱਸ ਰੱਬ ਦੀ ਯਾਦ ॥੫੦੪॥

ਹੇ ਅਕਾਲ ਪੁਰਖ! ਹਰ ਮੁਰਝਾਏ ਹੋਏ ਦਿਲ ਨੂੰ ਹਰਿਆ ਕਰ,
ਹਰ ਕੁਮਲਾਏ ਹਿਰਦੇ ਨੂੰ ਹਰਿਆ ਕਰ ॥੫੦੫॥

ਹੇ ਆਕਾਲ ਪੁਰਖ! ਇਸ ਬੰਦੇ (ਸੇਵਕ) ਦਾ ਸਹਾਈ ਹੋ,
ਹਰ ਸ਼ਰਮਿੰਦੇ ਦਿਲ ਨੂੰ ਸੁਰਖਰੂ ਕਰ ॥੫੦੬॥

ਹੇ ਅਕਾਲ ਪੁਰਖ! ਗੋਯਾ ਦੇ ਦਿਲ ਵਿਚ ਪਰੇਮ ਦੀ ਚਾਹ ਬਖਸ਼,
ਗੋਯਾ ਦੀ ਜੀਭ ਪੁਰ ਆਪਣੇ ਚਾਉ ਦਾ ਇਕ ਕਿਣਕਾ ਬਖਸ਼ ॥੫੦੭॥

ਤਾਂ ਜੋ ਰੱਬ ਦੀ ਯਾਦ ਤੋਂ ਛੁਟ ਹੋਰ ਦੂਜਾ ਕੋਈ ਸਿਮਰਨ ਨਾ ਕਰੇ,
ਤਾਂ ਜੋ ਰੱਬ ਦੇ ਪ੍ਰੇਮ ਤੋਂ ਬਿਨਾਂ ਹੋਰ ਦੂਜਾ ਕੋਈ ਸਬਕ ਨਾ ਪੜ੍ਹੇ ॥੫੦੮॥

ਤਾਂ ਜੋ ਬਿਨਾਂ ਰੱੱਬ ਦੇ ਸਿਮਰਨ ਦੇ ਹੋਰ ਦੂਜਾ ਕੋਈ ਨਾਮ ਨਾ ਲਵੇ,
ਤਾਂ ਜੋ ਬਿਨਾਂ ਰੱਬ ਦੇ ਧਿਆਨ ਦੇ ਹੋਰ ਦੂਜਾ ਕੋਈ ਸ਼ਬਦ ਨਾ ਕਹੇ ॥੫੦੯॥

(ਹੇ ਅਕਾਲ ਪੁਰਖ! ਮੇਰੀਆਂ) ਅੱਖਾਂ ਨੂੰ ਰੱਬ ਦੇ ਦੀਦਾਰ ਨਾਲ ਨੂਰੋ ਨੂਰ ਕਰ ਦੇ,
(ਮੇਰੇ) ਵਿਚੋਂ ਰੱਬ ਤੋਂ ਬਿਨਾਂ ਸਭ ਕੁਝ ਦੂਰ ਕਰ ਦੇ ॥੫੧੦॥

  • ਮੁੱਖ ਪੰਨਾ : ਕਾਵਿ ਰਚਨਾਵਾਂ, ਭਾਈ ਨੰਦ ਲਾਲ ਗੋਯਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ