ਸਾਧੂ ਸਿੰਘ ਹਮਦਰਦ (ਡਾ.)1918 ਵਿੱਚ ਪੈਦਾ ਹੋਏ ਤੇ 27 ਜੁਲਾਈ 1984 ਨੂੰ ਸਾਨੂੰ ਸਦੀਵੀ ਅਲਵਿਦਾ ਕਹਿ ਗਏ। ਉਹ ਪ੍ਰਸਿੱਧ ਆਜ਼ਾਦੀ ਸੰਗਰਾਮੀਏ ਅਤੇ ਪੰਜਾਬ ਦੇ ਸਮਰੱਥ ਤੇ ਸਿਰਕੱਢ ਪੱਤਰਕਾਰ ,
ਸ਼ਾਇਰ ਤੇ ਰੋਜ਼ਾਨਾ ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ ਸਨ। ਉਹ ਉਰਦੂ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿੱਚ ਹੀ ਪ੍ਰਬੀਨ ਸਨ। ਉਹ ਆਪਣੇ ਨਾਮ ਨਾਲ 'ਹਮਦਰਦ' ਤਖੱਲਸ ਲਾਉਂਦੇ ਸਨ।
ਡਾ. ਸਾਧੂ ਸਿੰਘ ਹਮਦਰਦ ਜੀ ਦਾ ਜਨਮ 1918 ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ(ਨਵਾਂ ਸ਼ਹਿਰ)ਦੇ ਪਿੰਡ ਪੱਦੀ ਮੱਟ ਵਾਲੀ, ਨੇੜੇ ਬੰਗਾ ਵਿੱਚ ਹੋਇਆ। ਉਹ 27 ਜੁਲਾਈ 1984 ਨੂੰ ਜਲੰਧਰ ਵਿਖੇ
ਸੁਰਗਵਾਸ ਹੋ ਗਏ। ਉਨ੍ਹਾਂ ਦੇ ਪਿਤਾ ਜੀ ਦਾ ਨਾਮ ਚੌਧਰੀ ਲਭੂ ਰਾਮ ਸੀ।
ਹਮਦਰਦ ਜੀ ਨੇ ਪਿੰਡ ਮਾਹਿਲ ਗਹਿਲਾਂ ਦੇ ਸਕੂਲ ਤੋਂ ਮਿਡਲ ਤੇ ਬੰਗਾ ਤੋਂ ਮੈਟ੍ਰਿਕ ਪਾਸ ਕੀਤੀ। ਮੈਟ੍ਰਿਕ ਤੋਂ ਅਗਲੀ ਵਿਦਿਆ ਪ੍ਰਾਈਵੇਟ ਤੌਰ ਤੇ ਪ੍ਰਾਪਤ ਕਰਕੇ ਐਮ. ਏ. , ਐਲ. ਐਲ. ਬੀ. ਕੀਤੀ। ਮਗਰੋਂ ਉਸ
ਨੇ ਸਾਹਿਤ ਵਿੱਚ ਪੀ. ਐਚ. ਡੀ. ਦੀ ਡਿਗਰੀ ਡਾ. ਪਿਆਰ ਸਿੰਘ ਜੀ ਦੀ ਦੇਖ ਰੇਖ ਹੇਠ ਕੀਤੀ।
ਸ਼ੁਰੂ ਤੋਂ ਹੀ ਸਾਧੂ ਸਿੰਘ ਹਮਦਰਦ ਜੀ ਦੀ ਅਕਾਲੀ ਸਿਆਸਤ ਤੇ ਕੌਮੀ ਲਹਿਰਾਂ ਵੱਲ ਰੁਚੀ ਸੀ ਜਿਸ ਕਰਕੇ ਇਸ ਨੇ ਪੱਤਰਕਾਰੀ ਵਾਲਾ ਜੀਵਨ ਆਰੰਭ ਕੀਤਾ। ਉਹ 'ਸਾਧੂ ਸਿੰਘ ਹਮਦਰਦ ਟ੍ਰਸਟ ' ਦੇ ਬਾਨੀ ਚੇਅਰਮੈਨ ਸਨ।
ਆਜ਼ਾਦੀ ਤੋਂ ਪਹਿਲਾਂ ਇਹ ਲਾਹੌਰ ਵਿੱਚ ਵੱਖ ਵੱਖ ਪੱਤਰਕਾਵਾਂ 'ਵਿਹਾਰ ਸੁਧਾਰ','ਖਾਲਸਾ ਐਂਡ ਖਾਲਸਾ','ਐਡਵੋਕੇਟ',ਹਫਤਾਵਾਰ ਅਜੀਤ ਅਤੇ ਰੋਜ਼ਾਨਾ ਅਜੀਤ ਦੇ ਉਪ ਸੰਪਾਦਕ ਰਹੇ।
ਬਾਅਦ ਵਿੱਚ ਜਲੰਧਰ ਆ ਕੇ 'ਰੋਜ਼ਾਨਾ ਅਜੀਤ' ਦੇ ਮਾਲਕ ਤੇ ਮੁੱਖ ਸੰਪਾਦਕ ਬਣ ਗਏ। ਪੰਜਾਬੀ ਪੱਤਰਕਾਰੀ ਵਿੱਚ ਸ਼ਲਾਘਾਯੋਗ ਕੰਮ ਕਰਨ ਬਦਲੇ ਪੰਜਾਬ ਸਰਕਾਰ ਨੇ 1968 ਵਿੱਚ ਉਨ੍ਹਾਂ ਨੂੰ ਸ਼੍ਰੋਮਣੀ ਪੱਤਰਕਾਰ ਵਜੋਂ ਸਨਮਾਨਿਤ ਕੀਤਾ ਗਿਆ ।
ਹਾਈ ਸਕੂਲ ਦੇ ਵਿਦਿਆਰਥੀ ਦੇ ਰੂਪ ਵਿੱਚ ਉਸ ਨੇ ਸਮਕਾਲੀ ਸਮਾਜ ਨੂੰ ਕ੍ਰਾਂਤੀਵਾਦੀ ਮੋੜ ਦੇਣ ਲਈ ਚੌਧਰੀ ਸ਼ੇਰ ਜੰਗ ਦੇ “ਯੁੱਗ ਪਲਟਾਊ ਦਲ “ਵਿੱਚ ਸਰਗਰਮ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਇਹ ਦਲ
ਹੋਸ਼ਿਆਰਪੁਰ ਜਿਲ੍ਹੇ ਦੇ ਪਿੰਡ ਸਰਹਾਲਾ ਖੁਰਦ ਦੇ ਗਿਆਨੀ ਹਰਬੰਸ ਸਿੰਘ ਦੁਆਰਾ 1939-40 ਵਿੱਚ ਬਣਾਇਆ ਗਿਆ ਸੀ ਅਤੇ ਇਹ ਉਸ ਦੀ ਗ੍ਰਿਫਤਾਰੀ ਅਤੇ ਕੈਦ ਦੇ ਬਾਅਦ ਖ਼ਤਮ ਹੋ ਗਿਆ ਸੀ। ਉਸ ਵੇਲੇ
ਸਾਧੂ ਸਿੰਘ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਭਰਤੀ ਹੋ ਕੇ ਇਸ ਦੇ ਪ੍ਰਚਾਰ ਵਿੰਗ ਦੀ ਜ਼ਿੰਮੇਵਾਰੀ ਸੰਭਾਲ ਲਈ।
ਆਪ ਦੀਆਂ ਪ੍ਰਮੁੱਖ ਰਚਨਾਵਾਂ ਰਚਨਾਵਾਂ ਗ਼ਜ਼ਲ (1963) ਰੰਗ ਸੁਗੰਧ(1974) ਅੱਖੀਂ ਡਿੱਠਾ ਰੂਸ (1971)ਮਾਡਰਨ ਗ਼ਜ਼ਲ(1967) ਕਾਕਟੇਲ, (1971)ਰੰਗ ਸੁਗੰਧ (1974) ਗ਼ਜ਼ਲ ਦੇ ਰੰਗ, ਗੰਧਰਵ ਵਿਆਹ (1982) ਵਾਸ
ਸੁਵਾਸ,ਭਾਂਬੜ ਮਚਦਾ ਰਿਹਾ,ਯਾਦ ਬਣੀ ਇਤਿਹਾਸ,ਕਿੰਨਾ ਬਦਲ ਗਿਆ ਇਨਸਾਨ, ਮਾਡਰਨ ਹੀਰ, ਜ਼ੀਨਤ ਬਘੇਲ ਸਿੰਘ,ਟੱਕਰ(1974) ਅਣਖ ਤੇ ਮੇਕ ਅੱਪ ਹਨ।
ਡਾ. ਸਾਧੂ ਸਿੰਘ ਹਮਦਰਦ ਜੀ ਦੇ ਸਪੁੱਤਰ ਸ. ਬਰਜਿੰਦਰ ਸਿੰਘ ਹਮਦਰਦ ਇਸ ਵੇਲੇ ਰੋਜ਼ਾਨਾ ਅਜੀਤ ਦੇ ਪ੍ਰਬੰਧਕੀ ਸੰਪਾਦਕ ਵਜੋ ਕਾਰਜਸ਼ੀਲ ਹਨ।
ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਸੰਕਲਪ ਨੂੰ ਉਨ੍ਹਾਂ ਸਾਰੀ ਉਮਰ ਪਰਚਾਰਿਆ ਤੇ ਪਰਸਾਰਿਆ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਲੰਮਾ ਸਮਾਂ ਪ੍ਰਧਾਨ ਰਹਿਣ ਤੋਂ ਇਲਾਵਾ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ
ਸਥਾਪਨਾ ਤੋਂ ਲੈ ਕੇ ਆਖ਼ਰੀ ਸਾਹਾਂ ਤੀਕ ਇਸ ਦੀ ਸੈਨੇਟ ਤੇ ਸਿੰਡੀਕੇਟ ਦੇ ਮੈਂਬਰ ਵੀ ਰਹੇ।
ਨਿਜੀ ਤੌਰ ਤੇ ਉਨ੍ਹਾਂ ਵੱਲੋਂ ਮੇਰੇ ਵਰਗਿਆਂ ਨੂੰ ਪਿੱਤਰੀ ਪਿਆਰ ਦੇਣਾ ਸਾਡੀ ਸ਼ਕਤੀ ਬਣਿਆ।
ਉਨ੍ਹਾਂ ਦੀ ਯਾਦ ਸਲਾਮਤ ਹੈ।
- ਗੁਰਭਜਨ ਗਿੱਲ