Kujh Apne Valon : Sadhu Singh Hamdard
ਕੁਝ ਅਪਣੇ ਵਲੋਂ : ਸਾਧੂ ਸਿੰਘ ਹਮਦਰਦ
ਹੁਣ ਤਕ ਮਾਂ-ਬੋਲੀ ਪੰਜਾਬੀ ਦੀ ਭੇਟਾ ਗ਼ਜ਼ਲਾਂ ਦੇ ਤਿੰਨ ਸੰਗ੍ਰਹਿ ਕਰ ਚੁੱਕਾ ਹਾਂ । ਮੈਂ ਇਹ ਨਹੀਂ ਕਹਿੰਦਾ ਕਿ ਇਨ੍ਹਾਂ ਤਿੰਨਾਂ ਪੁਸਤਕਾਂ ਵਿਚ ਮੈਂ ਕੋਈ ਵਡੀ ਸ਼ਾਇਰੀ ਕਰ ਵਖਾਈ ਹੈ ਪਰ ਇਹ ਜ਼ਰੂਰ ਕਹਿੰਦਾ ਹਾਂ ਕਿ ਇਨ੍ਹਾਂ ਤਿੰਨਾਂ ਦੀ ਦਰਜੇ ਵਾਰ ਆਪਣੀ ਅਪਣੀ ਅਹਿਮੀਅਤ ਹੈ।
ਮੈਂ ਗ਼ਜ਼ਲ 1943 ਵਿਚ ਲਿਖਣੀ ਸ਼ੁਰੂ ਕੀਤੀ। ਕੁਝ ਗ਼ਜ਼ਲਾਂ ਉਰਦੂ ਵਿਚ ਵੀ ਲਿਖੀਆਂ, ਪਰ ਉਹ ਹੁਣ ਮੈਨੂੰ ਕਿਧਰੇ ਮਿਲੀਆਂ ਨਹੀਂ। ‘ਅਜੀਤ’ ਦਾ ਐਡੀਟਰ ਹੋਣ ਕਰਕੇ ਮੈਂ ‘ਅਜੀਤ’ (ਉਰਦੂ) ਲਈ ਕੁਝ ਉਰਦੂ ਦੀਆਂ ਚਲੰਤ ਨਜ਼ਮਾਂ ਵੀ ਲਿਖੀਆਂ । ਪੰਥਕ ਟਿਕਟ ਅਤੇ ਦੂਜੀਆਂ ਸਮੱਸਿਆਵਾਂ ਤੇ ਮੇਰੀਆਂ ਕਈ ਨਜ਼ਮਾਂ ਬਹੁਤ ਪ੍ਰਚਲਿਤ ਹੋਈਆਂ। ਮੈਂ ਪਿਛਲੀਆਂ ਫਾਈਲਾਂ ਦੀ ਭਾਲ ਕੀਤੀ ਹੈ ਪਰ ਰਿਕਾਰਡ ਨਹੀਂ ਮਿਲ ਸਕਿਆ।
ਪਹਿਲਾ ਸੰਗ੍ਰਹਿ ਮੈਂ ਇਸ ਖ਼ਿਆਲ ਨਾਲ ਅੰਕਤ ਕੀਤਾ ਕਿ ਪੰਜਾਬੀ ਵਿਚ ਅਜਿਹੇ ਸ਼ਿਅਰ ਲਿਖਣ ਦਾ ਤੋਰਾ ਤੋਰਿਆ ਜਾਵੇ, ਜੋ ਹਵਾਲੇ ਦੇ ਤੌਰ ਤੇ ਦਰਜ ਕੀਤੇ ਜਾ ਸਕਣ । ਮੈਂ ਦੇਖਿਆ ਕਿ ਲਿਖਾਰੀ ਅਤੇ ਭਾਸ਼ਣਕਾਰ ਉਰਦੂ ਦੇ ਸ਼ਿਅਰ ਹਵਾਲੇ ਦੇ ਤੌਰ ਤੇ ਦੇਂਦੇ ਹਨ । ਸੋਚਿਆ ਕਿ ਪੰਜਾਬੀ ਦੇ ਸ਼ਿਅਰ ਇਨ੍ਹਾਂ ਦੀ ਥਾਂ ਕਿਉਂ ਨਾ ਲੈਣ ? ਇਹ ਵੀ ਕਿਹਾ ਜਾਂਦਾ ਸੀ ਕਿ ਪੰਜਾਬੀ ਵਿਚ ਅਜਿਹੇ ਸ਼ਿਅਰ ਲਿਖਣ ਦੀ ਸ਼ਕਤ ਹੀ ਨਹੀਂ । ਗ਼ਜ਼ਲ ਬਾਰੇ ਵੀ ਕਿਹਾ ਜਾਂਦਾ ਸੀ ਕਿ ਪੰਜਾਬੀ ਵਿਚ ਗ਼ਜ਼ਲ ਦੀ ਨਜ਼ਾਕਤ, ਉਭਾਰ, ਫ਼ਸਾਹਤ, ਨਫ਼ਾਸਤ, ਚੁਲਬੁਲਾਪਨ, ਬਾਰੀਕਬੀਨੀ ਅਤੇ ਸ਼ਬਦਾਵਲੀ ਬਰਦਾਸ਼ਤ ਕਰਨ ਦੀ ਸਮਰਥਾ ਨਹੀਂ। ਮੈਂ ਚਾਹੁੰਦਾ ਸਾਂ ਕਿ ਇਹ ਇਤਰਾਜ਼ ਝੁਠਲਾ ਦਿਤੇ ਜਾਣ। ਜ਼ਰੂਰਤ ਇਸ ਗਲ ਦੀ ਸੀ ਕਿ ਇਸ ਪਾਸੇ ਕਦਮ ਪੁਟਿੱਆ ਜਾਵੇ ਤੇ ਇਹ ਕਦਮ ਪੁਟੱਣ ਦੀ ਜੁਰੱਅਤ ਮੈਂ ਆਪਣਾ ਪਹਿਲਾ ਸੰਗ੍ਰਹਿ ਪੇਸ਼ ਕਰਕੇ ਕੀਤੀ । ਜੇ ਮੈਂ ਚੰਗੇ ਸ਼ਿਅਰ ਨਾ ਵੀ ਦੇ ਸਕਿਆ ਹੋਵਾਂ ਤਾਂ ਮੈਂ ਦੂਜਿਆਂ ਲਈ ਤਾਂ ਇਸ ਪਾਸੇ ਤੁਰਨ ਦਾ ਤੋਰਾ ਤੋਰ ਦਿੱਤਾ ਹੈ। ਇਸੇ ਨੂੰ ਮੈਂ ਆਪਣੀ ਸਫ਼ਲਤਾ ਸਮਝਦਾ ਹਾਂ ਤੇ ਇਸ ਪੱਖ ਤੋਂ ਮੇਰਾ ਸੰਗ੍ਰਹਿ ਮਾਂ-ਬੋਲੀ ਦੀ ਇਕ ਵੱਡੀ ਸੇਵਾ ਦਾ ਦਰਜਾ ਰਖਦਾ ਹੈ।
ਮੇਰਾ ਪਹਿਲਾ ਸੰਗ੍ਰਹਿ ਮੇਰੀਆਂ 1963 ਤਕ ਲਿਖੀਆਂ ਗ਼ਜ਼ਲਾਂ ਦਾ ਹੈ ਇਹ ਠੀਕ ਹੈ ਕਿ ਇਸ ਸੰਗ੍ਰਹਿ ਵਿਚ ਬਹੁਤੀਆਂ ਗ਼ਜ਼ਲਾਂ 1948-49 ਤੋਂ ਬਾਅਦ ਦੀਆਂ ਹਨ, ਪਰ ਜਿਵੇਂ ਕਿ ਮੈਂ ਪਹਿਲਾਂ ਦਸਿਆ ਹੈ, 1943 ਤੋਂ ਹੀ ਗ਼ਜ਼ਲ ਲਿਖਣ ਲਈ ਮੇਰਾ ਮਨ ਬਣ ਗਇਆ ਸੀ। ਇਸ ਤਰਾਂ ਇਹ ਵੀ ਕਹਿਣਾ ਜ਼ਰੂਰੀ ਹੈ ਕਿ ਮੇਰਾ ਪਹਿਲਾ ਸੰਗ੍ਰਹਿ ਗ਼ਜ਼ਲ ਸੰਬੰਧੀ ਮੇਰੀ ਵੀਹਾਂ ਸਾਲਾਂ ਦੀ ਘਾਲਣਾ ਦਾ ਨਤੀਜਾ ਹੈ। ਬਹੁਤ ਸਾਰੀਆਂ ਗ਼ਜ਼ਲਾ ਮੈਂ ਉਕਾ ਹੀ ਛੱਡ ਦਿਤੀਆਂ ਸਨ।
ਇਸ ਪੜਾਅ ਤੇ ਪੁੱਜਣ ਪਿਛੋਂ ਮੈਂ ਇਹ ਗਲ ਵੀ ਝੁਠਲਾਉਣੀ ਜ਼ਰੂਰੀ ਸਮਝੀ ਕਿ ਗ਼ਜ਼ਲ ਵਿਚ ਕੇਵਲ ਇਸ਼ਕ ਦੇ ਰੇੜਕੇ ਹੀ ਬਿਆਨ ਕੀਤੇ ਜਾ ਸਕਦੇ ਹਨ ਤੇ ਗ਼ਜ਼ਲਾਂ ਦਾ ਸਮਾਜ ਨਾਲ ਕੋਈ ਸਬੰਧ ਹੀ ਨਹੀਂ। ਮੈਂ 7-8 ਸਾਲ ਇਸ ਪਾਸੇ ਲਾਏ ਤੇ ‘ਮਾਡਰਨ ਗ਼ਜ਼ਲ' ਦੇ ਨਾਂ ਦਾ ਇਕ ਹੋਰ ਸੰਗ੍ਰਹਿ-1968 ਵਿਚ ਪ੍ਰਕਾਸ਼ਤ ਕੀਤਾ । ਇਹ ਸੰਗ੍ਰਹਿ ਵੀ ਅਪਣੇ ਆਪ ਵਿਚ ਇਕ ਨਵੀਂ ਚੀਜ਼ ਹੀ ਨਹੀਂ ਸਗੋਂ ਇਕ ਖ਼ਾਸ ਮੀਲ-ਪਥੱਰ ਦਾ ਦਰਜਾ ਰਖਦਾ ਹੈ। ਇਨ੍ਹਾਂ ਗ਼ਜ਼ਲਾਂ ਵਿਚ ਮਜ਼ਾਹ, ਹਾਸ-ਰਸ, ਵਿਅੰਗ, ਤਨਜ਼, ਕਟਾਖ ਅਤੇ ਗੰਭੀਰ ਤੇ ਸਾਹਿਤਕ ਟਿਚਕਰ ਦਾ ਪ੍ਰਭਾਵ ਹੈ, ਇਹ ਰੰਗ ਵੀ ਨਿਆਰਾ ਹੈ । ਮੈਂ ਇਸ ਨੂੰ ਵੀ ਪਰਪੱਕ ਨਹੀਂ ਸਮਝਦਾ ਭਾਵੇਂ ਕਿਬਲਾ ਵਫ਼ਾ ਅਤੇ ਜਨਾਬ ਸੰਤ ਸਿੰਘ ਸੇਖੋਂ ਨੇ ਇਸ ਦੀ ਤਾਰੀਫ਼ ਕੀਤੀ ਹੈ, ਪਰ ਇਸ ਨਾਲ ਮੈਂ ਪੰਜਾਬੀ ‘ਚ ਹੀ ਨਹੀਂ, ਸਗੋਂ ਵਫ਼ਾ ਸਾਹਿਬ ਦੇ ਕਥਨ ਅਨੁਸਾਰ ਸਮੁੱਚੇ ਸਾਹਿੱਤ ਵਿਚ ਇਕ ਨਵੀਂ ਤੇ ਨਵੇਕਲੀ ਚੀਜ਼ ਦਿੱਤੀ ਹੈ। ਇਹ ਸੰਗ੍ਰਹਿ ਵੀ ਅਪਣੇ ਪ੍ਰਯੋਜਨ ਵਿਚ ਇਕ ਸਫ਼ਲ ਸੰਗ੍ਰਹਿ ਹੈ ।
ਜਿਵੇਂ ਕਿ ਪਹਿਲਾਂ ਦਸ ਚੁੱਕਾ ਹਾਂ ਕਈ ਲੋਗ ਕਹਿੰਦੇ ਹਨ ਕਿ ਪੰਜਾਬੀ ਵਿਚ ਗ਼ਜ਼ਲ ਲਿਖੀ ਹੀ ਨਹੀਂ ਜਾ ਸਕਦੀ । ਨਾਟਕਕਾਰ ਜੀ. ਐਸ. ਖੋਸਲਾ ਨੇ ਇਕ ਪੰਜਾਬੀ ਰਸਾਲੇ ਵਿਚ ਗ਼ਜ਼ਲ ਦੀਆਂ, ਸੰਭਾਵਨਾਵਾਂ ਨੂੰ ਅਸੰਭਵ ਤਕ ਲਿਖ ਦਿੱਤਾ। ਇਹ ਉਦੋਂ ਦੀ ਗਲ ਹੈ, ਜਦੋਂ ਮੈਂ ਅਪਣੇ ਦੋ ਸੰਗ੍ਰਹਿ ਛਾਪ ਚੁੱਕਾ ਸਾਂ, ਖੋਸਲਾ ਸਾਹਿਬ ਨੇ ਦਅਵਾ ਕੀਤਾ ਸੀ ਕਿ ਗ਼ਜ਼ਲ ਕੇਵਲ ਉਰਦੂ ਜ਼ਬਾਨ ਵਿਚ ਹੀ ਲਿਖੀ ਜਾ ਸਕਦੀ ਹੈ। ਜੇ ਪੰਜਾਬੀ ਵਾਲੇ ਇਹ ਗਲ ਕਹਿੰਦੇ ਸਨ ਤਾਂ ਉਰਦ ਵਾਲੇ ਤਾਂ ਪੰਜਾਬੀ ਨੂੰ ਨੀਚਾ ਦਿਖਾਉਣ ਲਈ ਅਜਿਹੀਆਂ ਗੱਲਾਂ ਕਰਦੇ ਹੀ ਰਹਿੰਦੇ ਹਨ । ਮੈਂ ਮਨ ਬਣਾ ਲਇਆ ਕਿ ਇਹ ਗਲ ਵੀ ਚੰਗੀ ਤਰਾਂ ਝੁਠਲਾ ਦਿੱਤੀ ਜਾਵੇ । ਇਸ ਮਨੋਰਥ ਲਈ ਮੈਂ ‘ਕਾਕਟੇਲ' ਨਾਂ ਦਾ ਸੰਗ੍ਰਹਿ ਦਿੱਤਾ।
ਵਧੀਆ ਕਾਗ਼ਜ਼, ਨਵੀਨ ਛਪਾਈ, ਆਫ਼ਸੈਟ ਤੇ ਸਚਿੱਤਰ ਗ੍ਰਾਊਂਡ ਸਮੇਤ ਛਾਪਣ ਕਾਰਨ ਇਹ ਸੰਗ੍ਰਹਿ ਬੜਾ ਕੀਮਤੀ ਸੀ। ਇਹੋ ਕਾਰਨ ਹੈ ਕਿ ਇਸ ਦੀ ਕੀਮਤ ਜ਼ਿਆਦਾ ਸੀ ਤੇ ਇਹ ਆਮ ਲੋਕਾਂ ਦੇ ਹੱਥਾਂ ਵਿਚ ਨਾ ਜਾ ਸਕਿਆ । ਮੈਂ ਇਸ ਦੇ ਪ੍ਰਚਾਰ ਵੱਲ ਵੀ ਬਹੁਤਾ ਧਿਆਨ ਨਾ ਦੇ ਸਕਿਆ, ਇਸ ਲਈ ਇਹ ਕਿਤਾਬ ਆਲੋਚਕਾਂ ਤਕ ਵੀ ਨਾ ਪੁੱਜੀ । ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਇਸ ਦਾ ਪਤਾ ਆਲੋਚਕਾਂ ਨੂੰ ਵੀ ਨਹੀਂ ਸੀ । ਇਸੇ ਕਾਰਨ ਇਸ ਦੀ ਬਹੁਤੀ ਚਰਚਾ ਨਹੀਂ ਹੋਈ, ਨਹੀਂ ਤਾਂ ਪ੍ਰੋਫੈਸਰ ਮੋਹਨ ਸਿੰਘ, ਜਨਾਬ ਵਫ਼ਾ ਤੇ ਜਨਾਬ ਸੇਖੋਂ ਦੇ ਕਥਨ ਅਨੁਸਾਰ ਇਹ ਕਾਵਿ-ਸੰਗ੍ਰਹਿ ਵੀ ਇਕ ਨਵਾਂ ਮੀਲ ਪੱਥਰ ਹੈ। ਇਸ ਵਿਚ ਪਹਿਲੇ ਤੋੜ ਦੀਆਂ ਗ਼ਜ਼ਲਾਂ ਵਿਚ ਗੁਰਮੁਖੀ ਅਤੇ ਫ਼ਾਰਸੀ ਰਸਮੁਲਖ਼ਤ (ਲਿਪੀਆਂ) ਦੋਵੇਂ ਦਰਜ ਸਨ । ਤੀਜੇ ਤੋੜ ਦੀਆਂ ਗ਼ਜ਼ਲਾਂ ਵਿਚ ਹਰ ਗ਼ਜ਼ਲ ਦੇ ਚਾਰ ਰੰਗ ਹਨ । ਪਹਿਲਾ ਗੁਰਮੁਖੀ ਵਿਚ ਸੰਜੀਦਾ ਗ਼ਜ਼ਲ, ਦੂਜਾ ਉਸ ਗ਼ਜ਼ਲ ਦੀ ਪੈਰੋਡੀ, ਤੀਜਾ ਗੁਰਮੁਖੀ ਲਿਪੀ ਵਿਚ ਉਰਦੂ ਜ਼ਬਾਨ ਅਤੇ ਚੌਥਾ ਫ਼ਾਰਸੀ ਲਿਪੀ ਅਤੇ ਉਰਦੂ ਜ਼ਬਾਨ ਵਿਚ ਉਹੀ ਗ਼ਜ਼ਲ ਹੈ ।
ਅਸਲ ਵਿਚ ਮੈਂ ਇਹ ਸੰਗ੍ਰਹਿ ਪਾਕਿਸਤਾਨੀ ਪੰਜਾਬੀਆਂ ਦੇ ਕਹਿਣ ਤੇ ਦਿੱਤਾ ਸੀ ਤੇ ਇਸ ਤੇ ਬੜੀ ਜਾਨ-ਮਾਰੀ ਕੀਤੀ ਸੀ ਪਰ ਕਿਉਂਕਿ 1965 ਦੀ ਲੜਾਈ ਪਿਛੋਂ ਦੋਹਾਂ ਦੇਸ਼ਾਂ ਵਿਚ ਡਾਕ ਦੀ ਆਵਾਜਾਈ ਬੰਦ ਹੋ ਗਈ ਸੀ, ਇਸ ਲਈ ਇਹ ਕਿਤਾਬ ਪਾਕਿਸਤਾਨ ਵਿਚ ਨਹੀਂ ਜਾ ਸਕੀ। ਕਿਉਂਕਿ ਪਾਕਿਸਤਾਨ ਵਿਚ ਗਿਆਨੀ ਪਾਸ ਕਰਨ ਵਾਲਿਆਂ ਲਈ ਇਕ ਪਰਚਾ ਗੁਰਮੁਖੀ ਵਿਚ ਪਾਸ ਕਰਨਾ ਜ਼ਰੂਰੀ ਹੈ ਅਤੇ ਇਸ ਤਰਾਂ ਪੰਜਾਬੀ ਐਮ ਏ ਕਰਨ ਲਈ ਵੀ ਪਰਚਾ ਗੁਰਮੁਖੀ ਵਿਚ ਪਾਸ ਕਰਨਾ ਜ਼ਰੂਰੀ ਹੈ; ਇਸ ਲਈ ਮੈਂ ਇਸ ਖ਼ਿਆਲ ਨੂੰ ਸਾਹਮਣੇ ਰਖਕੇ ਇਹ ਕਿਤਾਬ ਲਿਖੀ ਸੀ, ਮੈਨੂੰ ਪੂਰਾ ਭਰੋਸਾ ਹੈ ਕਿ ਪਾਕਿਸਤਾਨ ਵਿਚ ਇਹ ਉਸ ਪਖੋਂ ਬੜੀ ਮਕਬੂਲ ਹੋ ਜਾਵੇਗੀ । ਕੁਝ ਵੀ ਹੋਵੇ, ਮੇਰਾ ਇਹ ਸੰਗ੍ਰਹਿ ਵੀ ਇਕ ਤਰਾਂ ਨਾਲ ਖ਼ਾਸ ਅਹਿਮੀਅਤ ਰਖਦਾ ਹੈ।
ਇਹ ਤਿੰਨ ਸੰਗ੍ਰਹਿ ਦੇਣ ਤੋਂ ਬਾਅਦ ਮੇਰੇ ਵਿਚਾਰਾਂ ਨੇ ਇਕ ਹੋਰ ਕਰਵਟ ਲਈ । ਮੈਂ ਸੋਚਿਆ ਕਿ ਕਈ ਵਿਪਰੀਤ ਵਿਚਾਰ ਰਖਣ ਵਾਲੇ ਤੇ ਗ਼ਜ਼ਲ ਦੇ ਵਿਰੋਧੀ ਇਹ ਕਹਿੰਦੇ ਹਨ ਕਿ ਗ਼ਜ਼ਲ ਲਿਖਣ ਵਾਲੇ ਅਤੇ ਖ਼ਾਸ ਕਰਕੇ ਸਾਧੂ ਸਿੰਘ ਹਮਦਰਦ ਨਜ਼ਮ ਤੇ ਹੋਰ ਕਾਵਿ-ਵੰਨਗੀਆਂ (ਸਿਨਫ਼ਾਂ) ਲਿਖ ਹੀ ਨਹੀਂ ਸਕਦਾ। ਇਸ ਗਲ ਦਾ ਇਸ ਹਦ ਤਕ ਤਾਂ ਮੈਨੂੰ ਕੋਈ ਦੁਖ ਨਹੀਂ ਸੀ ਕਿ ਮੈਂ ਕਵਿਤਾ ਨਹੀਂ ਲਿਖ ਸਕਦਾ, ਪਰ ਮੇਰਾ ਇਹ ਕਹਿਣਾ ਕਿ ਕਵਿਤਾ ਲਈ ਵੀ ਪਾਬੰਦੀ ਦੀ ਉਸੇ ਤਰਾਂ ਜ਼ਰੂਰਤ ਹੈ, ਜਿਸ ਤਰਾਂ ਗ਼ਜ਼ਲ ਲਈ ਹੈ, ਉਨ੍ਹਾਂ ਨੂੰ ਰਾਸ ਨਹੀਂ ਸੀ ਆਉਂਦਾ । ਉਹ ਕਹਿੰਦੇ ਸਨ ਕਿ ਜਦੋਂ ਸਾਧੂ ਸਿੰਘ ਗ਼ਜ਼ਲ ਤੋਂ ਬਿਨਾਂ ਹੋਰ ਵੰਨਗੀਆਂ ਲਿਖ ਹੀ ਨਹੀਂ ਸਕਦਾ ਤਾਂ ਉਹ ਕਵਿਤਾ ਬਾਰੇ ਕੀ ਕਹਿ ਸਕਦਾ ਹੈ ? ਇਸਦੇ ਉਲਟ ਮੈਂ ਇਸ ਮਤ ਦਾ ਹਾਂ ਕਿ ਖੁਲ੍ਹੀ ਕਵਿਤਾ ਉਹੀ ਲਿਖ ਸਕਦਾ ਹੈ, ਜੋ ਪਾਬੰਦੀ ਨਾਲ ਲਿਖਣ ਵਿਚ ਪਰਪਕ ਹੋਵੇ । ਜਿਸ ਕਵੀ ਦਾ ਕੜ ਪਾਟ ਗਇਆ ਹੋਵੇ ਉਹੀ ਬਹਿਰ ਤੋਂ ਬਿਨਾਂ ਅਤੇ ਤੁਕਾਂਤ ਰਹਿਤ ਕਵਿਤਾ ਲਿਖ ਸਕੇਗਾ। ਲਯ ਉਸ ਵਿਚ ਇੰਨੀ ਪ੍ਰਬਲ ਤੇ ਪਰਪੱਕ ਹੋਵੇਗੀ ਕਿ ਇਹ ਗਲ ਸਾਬਤ ਹੋ ਜਾਵੇਗੀ ਕੋਈ ਕੁਦਰਤੀ ਕਵੀ ਲਯਹੀਣ ਕਵਿਤਾ ਲਿਖ ਕੇ ਅਤੇ ਉਸਨੂੰ ਖੁਲ੍ਹੀ ਕਵਿਤਾ ਦਾ ਨਾਂ ਦੇ ਕੇ ਕਵਿਤਾ ਨਾਲ ਮਜ਼ਾਕ ਕਰਨ ਦਾ ਹਕ ਨਹੀਂ ਰਖਦਾ । ਜੋ ਲੋਕ ਲਯ ਰਹਿਤ ਕਵਿਤਾ ਨੂੰ ਕਵਿਤਾ ਕਹਿਣ ਦੀ ਜ਼ਿਦ ਤੇ ਗਲਤੀ ਕਰਦੇ ਹਨ, ਮੇਰੀ ਉਨ੍ਹਾਂ ਨਾਲ ਕੋਈ ਬਹਿਸ ਨਹੀਂ ਕਿਉਂਕਿ ਉਹ ਇਹ ਕਹਿਣ ਦੇ ਭਾਗੀ ਬਣਦੇ ਹਨ ਕਿ ਜਾਨ ਰਹਿਤ ਲਾਸ਼ ਵੀ ਆਦਮੀ ਹੁੰਦਾ ਹੈ । ਅਜਿਹੇ ਲੋਕ ਮੈਨੂੰ ਮੁਆਫ਼ ਕਰਨ ਜੇ ਮੈਂ ਉਨ੍ਹਾਂ ਬਾਰੇ ਇਹ ਕਹਿ ਦਿਆਂ ਕਿ ਉਹ ਕਵਿਤਾ ਦੀ ਬੁਨਿਆਦ ਤੋਂ ਹੀ ਇਨਕਾਰ ਕਰ ਰਹੇ ਹਨ ।
ਇਸ ਲਈ ਮੈਂ ਹਥਲਾ ਸੰਗ੍ਰਹਿ ‘ਰੰਗ-ਸੁਰੀਧ ਦੇਣ ਦਾ ਮਨ ਬਣਾਇਆ ਹੈ। ਮੇਰਾ ਇਹ ਮਨ ਬਣਾਉਣ, ਇਸ ਨੂੰ ਨੇਪਰੇ ਚਾੜ੍ਹਨ ਅਤੇ ਸੰਗ੍ਰਹਿ ਛਪਾਉਣ ਵਿਚ ਮੇਰੇ ਪਰਮ ਮਿੱਤਰ ਤੇ ਪ੍ਰਸਿੱਧ ਆਲੋਚਕ ਡਾਕਟਰ ਧਰਮ ਪਾਲ ਸਿੰਗਲ ਨੇ ਭਰਪੂਰ ਮਦਦ ਕੀਤੀ । ਉਨ੍ਹਾਂ ਨੇ ਹੀ ਮੇਰੇ ‘ਗ਼ਜ਼ਲ ਦੇ ਰੰਗ' ਦਾ ਮੁਖਬੰਧ ਲਿਖਿਆ ਅਤੇ ਇਕ ਟੀਚਰ ਦੇ ਦ੍ਰਿਸ਼ਟੀਕੋਨ ਤੋਂ ਚੋਣ ਕੀਤੀ।
ਮੇਰੀ ਬਦਕਿਸਮਤੀ ਇਹ ਹੈ ਕਿ ਮੇਰੇ ਪਾਸ ਸਮਾਂ ਬਹੁਤ ਘੱਟ ਹੈ । ਮੈਂ ਉਹ ਘੋੜਾ ਹਾਂ ਜਿਸ ਨੂੰ ਜਦੋਂ ਤਕ ਚਾਬਕ ਨਾ ਮਾਰਿਆ ਜਾਵੇ, ਉਦੋਂ ਤਕ ਕਦਮ ਨਹੀਂ ਪੁਟਦਾ । ਮੇਰਾ ਕਹਿਣ ਦਾ ਭਾਵ ਇਹ ਹੈ ਕਿ ਪਤਰਕਾਰੀ ਹੀ ਮੈਨੂੰ ਨਹੀਂ ਛਡਦੀ, ਦੂਜੇ ਪਾਸੇ ਧਿਆਨ ਦਿਵਾਉਣ ਲਈ ਕੋਈ ਨਾ ਕੋਈ ਉਹ ਸਜਣ ਜ਼ਰੂਰ ਚਾਹੀਦਾ ਹੈ ਜੋ ਮੈਨੂੰ ਜ਼ਬਰਦਸਤੀ ਉਸ ਪਾਸੇ ਤੋਰੇ । ਡਾਕਟਰ ਸਿੰਗਲ ੱ ਤੋਂ ਇਲਾਵਾ ਡਾ: ਅਤਰ ਸਿੰਘ ਤੇ ਸ੍ਰ: ਸੂਬਾ ਸਿੰਘ ਤੇ ਕੁਝ ਹੋਰ ਸਜਣਾਂ ਨੇ ਇਹ ਸੰਗ੍ਰਹਿ ਛਪਾਉਣ ਲਈ ਮੇਰੇ ਤੇ ਦਬਾਉ ਹੀ ਨਹੀਂ ਪਾਇਆ ਸਗੋਂ ਮਦਦ ਵੀ ਕੀਤੀ ।
ਮੈਂ 1931-32 ਤੋਂ ਹੀ ਨਜ਼ਮਾਂ ਲਿਖਦਾ ਹਾਂ । ਪਿਛਲੇ ਦੋ ਦਹਾਕਿਆਂ ਵਿਚ ਕਾਫੀ ਨਜ਼ਮਾਂ ਲਿਖੀਆਂ ਹਨ । ਕੁਝ ਗੀਤ ਵੀ ਲਿਖੇ ਹਨ ਤੇ ਪਿਛਲੇ ਦਿਨੀਂ ਕੁਝ ਕਾਫੀਆਂ ਵੀ ਅੰਕਿਤ ਕੀਤੀਆਂ ਹਨ ਤੇ ਦਸ ਰੁਬਾਈਆਂ ਵੀ ਲਿਖੀਆਂ । ਮੈਂ ਚਾਹੁੰਦਾ ਸੀ ਕਿ ਸਾਰੀਆਂ ਵੰਨਗੀਆਂ ਵਾਲਾ ਇਕ ਸੰਗ੍ਰਹਿ ਹੋਵੇ ਤਾਂ ਪੰਜਾਬੀ ਮਾਂ ਦੇ ਖ਼ਜ਼ਾਨੇ ਵਿਚ ਇਹ ਇਕ ਚੰਗਾ ਵਾਧਾ ਹੋਵੇਗਾ । ਆਪਣੀਆਂ 1931-32 ਤੋਂ 1943 ਤਕ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਦੀ ਵੀ ਭਾਲ ਕੀਤੀ । ਕੁਝ ਕਵਿਤਾਵਾਂ ਤੇ ਟੁਕੜੀਆਂ ਮੈਨੂੰ ਹੁਣ ਤਕ ਯਾਦ ਸਨ । ‘ਵਿਹਾਰ-ਸੁਧਾਰ' ਦੀਆਂ ਪਿਛਲੀਆਂ ਕੁਝ ਫਾਈਲਾਂ ਫੋਲੀਆਂ ਜਿਨ੍ਹਾਂ ਵਿਚ ਮੇਰੀਆਂ ਕੁਝ ਕਵਿਤਾਵਾਂ ਸਨ। ਬਹੁਤ ਸਾਰੀਆਂ ਨਜ਼ਮਾਂ ਤੇ ਟੁਕੜੀਆਂ ਮਿਲ ਹੀ ਨਹੀਂ ਸਕੀਆਂ ।
ਗ਼ਜ਼ਲਾਂ ਦੇ ਸਬੰਧ ਵਿਚ ਮੈਂ ਬਹੁਤ ਲਾਲਚੀ ਆਦਮੀ ਸਾਬਤ ਹੋਇਆ ਹਾਂ, ਕਿਉਂਕਿ ਹਥਲੇ ਸੰਗ੍ਰਹਿ ‘ਰੰਗ-ਸੁਗੰਧੱ ਵਿਚ ਵੀ 44 ਗਜ਼ਲਾਂ ਸਨ, ਇਸ ਲਈ ਮੈਨੂੰ ਇਸ ਕਿਤਾਬ ਦੇ ਨਾਲ ਹੀ ‘ਗਜ਼ਲ ਦੇ ਰੰਗ ਦੇ ਸੰਗ੍ਰਹਿ ਛਾਪਣ ਦਾ ਖ਼ਿਆਲ ਆ ਗਇਆ। ਕਿਉਂਕਿ ਉਹ ਗ਼ਜ਼ਲ ਸੰਗ੍ਰਹਿ ਸੀ, ਇਸ ਲਈ ਇਨ੍ਹਾਂ ਚੌਹਾਂ ਕਿਤਾਬਾਂ ਵਿਚੋਂ ਸੰਗ੍ਰਹਿ ਕਰਨਾ ਬਹੁਤ ਆਸਾਨ ਸੀ, ਇਸ ਲਈ ਮੈਂ ਉਹ ਵੀ ਨਾਲ ਹੀ ਸ਼ੁਰੂ ਕਰ ਦਿੱਤਾ। ਉਹ ਤਾਂ ਜੁਲਾਈ 1974 ਵਿਚ ਛਪ ਵੀ ਗਇਆ ਪਰ ਹਥਲਾ ਸੰਗ੍ਰਹਿ ਕੁਝ ਕਾਰਨਾਂ ਕਰਕੇ ਦੋ ਤਿੰਨ ਮਹੀਨੇ ਪਛੜ ਰਹਿਆ ਹੈ। ਫੇਰ ਵੀ ਖ਼ੁਸ਼ੀ ਹੈ ਕਿ ਇਹ ਦਸੰਬਰ 1974 ਤੋਂ ਪਹਿਲਾਂ ਹੀ ਛਪ ਰਿਹਾ ਹੈ।
ਮੈਨੂੰ ਇਹ ਦੱਸਣ ਵਿਚ ਵੀ ਖ਼ੁਸ਼ੀ ਹੈ ਕਿ 'ਗ਼ਜ਼ਲ ਦੇ ਰੰਗ' ਦੋ ਯੂਨੀਵਰਸਿਟੀਆਂ ਦੀਆਂ ਅਕਾਡਮਿਕ ਕੌਂਸਲਾਂ ਐਮ. ਏ ਦੀਆਂ ਕਲਾਸਾਂ ਲਈ ਕੋਰਸ ਦੇ ਤੌਰ ਤੇ ਪਾਸ ਕਰ ਰਹੀਆਂ ਹਨ । ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਯੂਨੀਵਰਸਿਟੀ ਵਿਚ ਇਹ ਕੋਰਸ ਲਗ ਜਾਣ ਦੀ ਪੂਰੀ ਪੂਰੀ ਆਸ ਹੈ। ਇਹ ਗੱਲ ਵੀ ਦੱਸਣਾ ਚਾਹੁੰਦਾ ਹਾਂ ਕਿ ‘ਗ਼ਜ਼ਲ’ ਅਗਲੇ ਸਾਲ ਤੋਂ ਦਿੱਲੀ ਯੂਨੀਵਰਸਿਟੀ ਦੀ ਐਮ. ਏ ਦੀਆਂ ਕਲਾਸਾਂ ਦਾ ਕੋਰਸ ਲਗ ਰਿਹਾ ਹੈ।
ਜਿਸ ਤਰਾਂ ਮੈਂ ਪਹਿਲਾਂ ਦਸ ਆਇਆ ਹਾਂ, ਮੈਂ 13-14 ਸਾਲ ਦੀ ਉਮਰ ਵਿਚ ਦਸਵੀਂ ਪਾਸ ਕਰ ਲਈ ਸੀ ਤੇ ਉਦੋਂ ਹੀ ਮੈਨੂੰ ਕਵਿਤਾ ਲਿਖਣ ਦੀ ਚੇਟਕ ਲਗੀ ਸੀ। ਸ਼ਹੀਦ ਭਗਤ ਸਿੰਘ ਬਾਰੇ ਮੈਂ ਕਈ ਕਵਿਤਾਵਾਂ ਲਿਖੀਆਂ ਅਤੇ ਇਨਕਲਾਬੀਆਂ ਸਬੰਧੀ ਵੀ ਆਪਣੇ ਜਜ਼ਬਾਤ ਦਾ ਇਜ਼ਹਾਰ ਕਵਿਤਾਵਾਂ ਵਿਚ ਕਰਦਾ ਰਿਹਾ। ਚੌਧਰੀ ਸ਼ੇਰਜੰਗ ਦੀ ਇਨਕਲਾਬੀ ਪਾਰਟੀ ਨਾਲ ਮੇਰਾ ਉਦੋਂ ਦਾ ਹੀ ਸਬੰਧ ਸੀ ਅਤੇ ਉਨ੍ਹਾਂ ਦਾ ਹੀ ਮੇਰੇ ਉੱਤੇ ਬਹੁਤਾ ਪ੍ਰਭਾਵ ਸੀ, ਪਰ ਕਿਉਂਕਿ ਉਦੋਂ ਅੰਗਰੇਜ਼ ਤੋਂ ਡਰਦਿਆਂ ਕੋਈ ਅਖਬਾਰ ਮੇਰੇ ਵਰਗੇ ਬੰਦੇ ਦੀ ਅਜਿਹੀ ਕਵਿਤਾ ਛਾਪਣ ਲਈ ਤਿਆਰ ਨਹੀਂ ਸੀ ਹੁੰਦਾ, ਇਸ ਲਈ ਜੋ ਕਵਿਤਾਵਾਂ ਛਪਦੀਆਂ ਰਹੀਆਂ, ਉਹ ਧਾਰਮਿਕ ਜਾਂ ਸਮਾਜਿਕ ਹੁੰਦੀਆਂ ਸਨ। ਅਛੂਤ-ਉਧਾਰ ਤੇ ਕਈ ਨਜ਼ਮਾਂ ਲਿਖੀਆਂ, ਜਿਨ੍ਹਾਂ ਵਿਚੋਂ ਇਕ ਨਮੂਨੇ ਦੇ ਤੌਰ ਤੇ ਇਸ ਸੰਗ੍ਰਹਿ ਵਿਚ ਪੇਸ਼ ਕਰ ਰਿਹਾ ਹਾਂ।
ਗਾਲਬਨ 1936 ਵਿਚ ਆਲ ਇੰਡੀਆ ਸਿਖ ਐਜੂਕੇਸ਼ਨਲ ਕਾਨਫਰੰਸ ਲਾਇਲਪੁਰ ਵਿਖੇ ਹੋਈ ਸੀ, ਉਸ ਵਿਚ ਇਕ ਖੁਲ੍ਹਾ ਮਜ਼ਮੂਨ ‘ਕਲਮ' ਦੇ ਵਿਸ਼ੇ ਤੇ ਦਿੱਤਾ ਗਇਆ ਸੀ, ਮੈਂ ਉਹ ਕਵਿਤਾ ਲਿਖਕੇ ਭੇਜ ਦਿੱਤੀ ਮਨਜ਼ੂਰੀ ਵੀ ਆ ਗਈ ਤੇ ਆਉਣ ਜਾਣ ਦਾ ਖਰਚ ਤੇ ਹੋਰ ਰਕਮ ਵੀ ਦੇਣ ਦਾ ਵਅਦਾ ਕੀਤਾ ਗਇਆ ਪਰ ਆਖ਼ਰੀ ਵਕਤ ਤੇ ਕੇ ਮੇਰੀ ਤਬੀਅਤ ਨੇ ਬਗ਼ਾਵਤ ਕਰ ਦਿੱਤੀ । ਮੈਂ ਚੀਫ਼ ਖ਼ਾਲਸਾ ਦੀਵਾਨ ਨੂੰ ਅੰਗਰੇਜ਼ ਦੀ ਪਿਠੂ ਜਮਾਤ ਸਮਝਦਾ ਸਾਂ, ਮੇਰੇ ਜਜ਼ਬਾਤ ਉਨ੍ਹਾਂ ਵਿਰੁਧ ਬੜੇ ਤੇਜ਼ ਸਨ ਤੇ ਕਿਉਂਕਿ ਸਿੱਖ ਐਜੂਕੇਸ਼ਨਲ ਕਾਨਫਰੰਸ ਚੀਫ਼ ਖ਼ਾਲਸਾ ਦੀਵਾਨ ਦੀ ਇਕ ਸ਼ਾਖ਼ ਸੀ, ਇਸ ਲਈ ਮੈਂ ਪ੍ਰਬੰਧਕਾਂ ਨੂੰ ਲਿਖ ਦਿੱਤਾ ਕਿ ਮੈਂ ਟੋਡੀਆਂ ਦੇ ਇਕੱਠ ਵਿੱਚ ਸ਼ਾਮਲ ਹੋਣ ਤੋਂ ਅਸਮਰਥ ਹਾਂ ।
ਪਰ ਹਾਲਤ ਦੀ ਸਿਤਮ-ਜ਼ਰੀਫ਼ੀ ਦੇਖੋ, 1964-65 ਵਿਚ ਜਦੋਂ ਸਰਦਾਰ ਉਜਲ ਸਿੰਘ ਪੰਜਾਬ ਦੇ ਗਵਰਨਰ ਸਨ ਤਾਂ ਸਿੱਖ ਐਜੂਕੇਸ਼ਨਲ ਕਾਨਫਰੰਸ ਦਾ ਇਕਠ ਚੰਡੀਗੜ੍ਹ ਵਿਚ ਹੋਇਆ। ਰਾਤ ਨੂੰ ਕਵੀ ਦਰਬਾਰ ਗਿਆਨੀ ਗੁਰਮੁਖ ਸਿੰਘ ਮੁਸਾਫਰ ਦੀ ਪ੍ਰਧਾਨਗੀ ਵਿਚ ਹੋਇਆ। ਮੈਂ ਵੀ ਸਰੋਤਿਆਂ ਵਿਚ ਜਾ ਸ਼ਾਮਲ ਹੋਇਆ । ਗਿਆਨੀ ਜੀ ਨੂੰ ਕਿਸੇ ਨੇ ਦਸਿਆ ਕਿ ਸਾਧੂ ਸਿੰਘ ਹਮਦਰਦ ਵੀ ਬੈਠਾ ਹੈ, ਉਨ੍ਹਾਂ ਨੇ ਆਦਮੀ ਭੇਜਿਆ, ਜੋ ਮੈਨੂੰ ਜ਼ਬਰਦਸਤੀ ਹੀ ਸਟੇਜ ਤੇ ਲੈ ਗਇਆ ।
ਗਿਆਨੀ ਜੀ ਨੇ ਕਵਿਤਾ ਸੁਣਾਉਣ ਲਈ ਵੀ ਕਿਹਾ । ਮੇਰੇ ਪਾਸ ਕਿਉਂਕਿ ਕੋਈ ਕਵਿਤਾ ਨਹੀਂ ਸੀ, ਇਸ ਲਈ ਸੁਣਾਉਣ ਤੋਂ ਇਨਕਾਰ ਹੀ ਕਰਨਾ ਸੀ । ਪਰ ਜਦੋਂ ਗਿਆਨੀ ਜੀ ਨੇ ਬਹੁਤਾ ਜ਼ੋਰ ਦਿਤਾ ਤਾਂ ਉਸੇ ਕਵਿਤਾ ਦੇ ਦੋ ਬੰਦ ਜੋ ਮੈਨੂੰ ਲਗ-ਪਗ ਪੂਰੇ ਯਾਦ ਸਨ, ਕਾਗ਼ਜ਼ ਉਤੇ ਲਿਖ ਲਏ । ਕਵਿਤਾ ਸੁਣਾਉਂਣ ਲਗਿਆਂ ਮੈਂ ਕਿਹਾ ਕਿ, ਜੋ, ਕਵਿਤਾ ਮੈਂ 1986 ਵਿਚ ਐਜੂਕੇਸ਼ਨਲ ਕਾਨਫਰੰਸ ਦੇ ਕਵੀ-ਦਰਬਾਰ ਵਿਚ ਸੁਣਾਉਣੀ ਇਕ ਦੇਸ਼ ਭਗਤ ਦੀ ਹੱਤਕ ਸਮਝਦਾ ਸਾਂ, ਅੱਜ ਹਾਲਤ ਦੇ ਪਾਸਾ ਪਲਟਣ ਤੇ ਉਸੇ ਕਵਿਤਾ ਦੇ ਦੋ ਬੰਦ ਸੁਣਾ ਰਿਹਾ ਹਾਂ । ਮੈਨੂੰ ਕੀ ਪਤਾ ਸੀ ਕਿ ਉਹ ਦਿਨ ਵੀ ਆਉਣਾ ਸੀ, ਜਦੋਂ ਸ੍ਰ: ਉਜੱਲ ਸਿੰਘ ਵਰਗੇ ਅੰਗਰੇਜ਼ਾਂ ਦੇ ‘ਸਰਦਾਰ ਬਹਾਦਰ' ਦੀ ਪ੍ਰਧਾਨਗੀ ਹੇਠ ਆਜ਼ਾਦ ਹਿੰਦੁਸਤਾਨ ਵਿਚ ਕਾਨਫ੍ਰੰਸ ਹੋਏਗੀ ਅਤੇ ਉਸ ਕਵੀ-ਦਰਬਾਰ ਦੇ ਪ੍ਰਧਾਨ ਪ੍ਰਸਿੱਧ ਦੇਸ਼- ਭਗਤ ਤੇ ਆਜ਼ਾਦੀ ਦੇ ਘੁਲਾਟੀਏ ਗਿਆਨੀ ਗੁਰਮੁਖ ਸਿੰਘ ਮੁਸਾਫਰ ਹੋਣਗੇ ਤੇ ਸਾਧੂ ਸਿੰਘ ਹਮਦਰਦ ਨੇ ਉਹੀ ਕਵਿਤਾ ਪੜ੍ਹਨੀ ਸੀ, ਜੋ 1936 ਵਿਚ ਉਸਨੇ ਪੜ੍ਹਨ ਤੋਂ ਨਾਂਹ ਕਰ ਦਿੱਤੀ ਸੀ। ਮੈਨੂੰ ਯਾਦ ਹੈ ਕਿ ਇਸ ਗਲ ਤੇ ਲੰਮੇਂ ਸਮੇਂ ਲਈ ਤਾਲੀਆਂ ਵਜਦੀਆਂ ਰਹੀਆਂ । ਇਹ ਕਵਿਤਾ ਵੀ ਮੈਂ ਇਸ ਸੰਗ੍ਰਹਿ ਵਿਚ ਸ਼ਾਮਲ ਕਰ ਰਹਿਆ ਹਾਂ ।
ਮੈਂ ਖੁਲ੍ਹੀ ਕਵਿਤਾ ਲਿਖੀ ਹੈ ਪਰ ਬਹਿਰ ਨਹੀਂ ਛੱਡੀ । ਜਦੋਂ 1967 ਵਿਚ ਰੂਸ ਗਇਆ ਤਾਂ ਉਥੇ ਜਾ ਕੇ ਚਾਰ ਕਵਿਤਾਵਾਂ ਲਿਖੀਆਂ । ਰੂਸੀ ਵਿਚ ਇਨ੍ਹਾਂ ਦਾ ਤਰਜਮਾ ਵੀ ਹੋਇਆ। ਰੂਸ ਦੇ ਲੋਕ ਮੈਂਥੋਂ ਪੰਜਾਬੀ ਵਿਚ ਵੀ ਇਹ ਕਵਿਤਾਵਾਂ ਸੁਣਦੇ ਰਹੇ । ਮੈਂ ਪੰਜਾਬੀ ਵਿਚ ਸੁਣਾਉਂਦਾ ਸਾਂ, ਉਸਦਾ ਤਰਜਮਾ ਅੰਗਰੇਜ਼ੀ ਵਿਚ ਕਾਮਰੇਡ ਜਗਜੀਤ ਸਿੰਘ ਆਨੰਦ ਕਰਦੇ ਜਾਂਦੇ ਸਨ, ਤੇ ਸਾਡਾ ਦੁਭਾਸ਼ੀਆ ਕਾਮਰੇਡ ਮਿਰੋਨੋਫ ਅੰਗਰੇਜ਼ੀ ਵਿਚੋਂ ‘ਰੁਸਕੀੱ ਵਿਚ ਉਲਥਾ ਕਰਦਾ ਸੀ । ਤਾਲੀਆਂ ਦੀਆਂ ਗੂੰਜਾਂ ਵਿਚ ਇਹ ਕਵਿਤਾਵਾਂ ਸੁਣੀਆਂ ਜਾਂਦੀਆਂ ਰਹੀਆਂ । ਇਨ੍ਹਾਂ ਵਿਚੋਂ ‘ਜਦ ਮੈਂ ਆਇਆ ਉਸਦੇ ਵਿਹੜੇ' ਅਤੇ ‘ਪਰ ਮੈਂ ਬੈਠਾ ਹਾਂ ਕੰਢੇ ਤੇ' ਤੇ ‘ਧਰਤੀ ਵੀ ਤਾਂ ਮਾਂ ਹੁੰਦੀ ਹੈ' ਇਹ ਤਿੰਨ ਕਵਿਤਾਵਾਂ ਤੁਕਾਂਤ ਰਹਿਤ ਹਨ ਪਰ ਹਨ ਬਹਿਰ ਵਿਚ । ਚੌਥੀ ‘ਪਰੀਆਂ ਦੇ ਦੇਸ਼' ਆਰਮੀਨੀਆਂ ਵਿਚ ਲਿਖੀ ਸੀ ਸ਼ਾਹ ਬਹਿਰਾਮ ਸੰਬੰਧੀ ਹੋਣ ਕਰਕੇ ਉਹ ਉਸੇ ਬਹਿਰ ਵਿਚ ਹੈ ।
ਇਸ ਸੰਗ੍ਰਹਿ ਵਿਚ ਮੇਰੀ ਇਕ ਜਜ਼ਬਾਤੀ ਨਜ਼ਮ ‘ਮੇਰੀ ਭੈਣ ਸਵਿਤਰੀਏ ਤੂੰ ਕਿਉਂ ਰੋਨੀ ਏਂ' ਵੀ ਹੈ। 1973 ਵਿਚ ਜਦੋਂ ਜਨਾਬ ਸੰਤ ਸਿੰਘ ਸੇਖੋਂ ਨੂੰ ਸਾਹਿੱਤ ਅਕਾਡਮੀ ਦਾ ਇਨਾਮ ਮਿਲਿਆ ਤਾਂ ਮੰਚ ਉਤੇ ਅਪਣੇ ਸਵਰਗਵਾਸੀ ਪਤੀ ਦੀ ਥਾਂ ਡੋਗਰੀ ਦੇ ਨਾਵਲ ਲਈ ਐਵਾਰਡ ਲੈਣ ਲਈ ਨਾਵਲਕਾਰ ਦੀ ਪਤਨੀ ਬੈਠੀ ਸੀ । ਉਸਦੀਆਂ ਅੱਖਾਂ ਵਿਚ ਹੰਝੂ ਸਨ, ਬੜੀ ਬਾਹਯਾ ਬੀਬੀ ਸੀ ਉਹ । ਮੇਰੇ ਕਵੀ-ਮਨ ਨੇ ਉਛਾਲਾ ਖਾਧਾ ਤੇ ਮੈਂ ਆਪਣੀ ਨਜ਼ਮ ਦੀ ਟੇਕ ਉਸੇ ਵੇਲੇ ਕਾਇਮ ਕਰ ਲਈ ਤੇ ਨਜ਼ਮ ਲਿਖਣੀ ਸ਼ੁਰੂ ਕਰ ਦਿੱਤੀ । ਇਸ ਵਿਚ ਉਸ ਬੀਬੀ ਦੇ ਅਤੇ ਮੇਰੇ ਜਜ਼ਬਾਤ ਦੀ ਸਾਂਝ ਹੈ, ਸਾਡਾ ਦੋਹਾਂ ਦਾ ਦੁਖ ਇਕੋ ਜਿਹਾ ਸੀ, ਮੈਂ ਉਸਨੂੰ ਸਰਵ-ਵਿਆਪੀ ਦੁਖ ਬਣਾਉਣ ਦਾ ਯਤਨ ਕੀਤਾ ਹੈ। ਇਸਦੇ ਨਾਲ ਹੀ ਡੋਗਰੀ ਤੇ ਪੰਜਾਬੀ ਦੇ ਮੇਲ ਮਿਲਾਪ ਦੀ ਗਲ ਵੀ ਕੀਤੀ ਹੈ। ਇਹ ਵੀ ਖੁਲ੍ਹੀ ਕਵਿਤਾ ਦਾ ਇਕ ਨਮੂਨਾ ਹੈ ।
ਪੰਜਾਬੀ ਦੇ ਕਵੀ ਰੁਬਾਈ ਨਾਲ ਆਮ ਤੌਰ ਤੇ ਮਖੌਲ ਕਰਦੇ ਹਨ । ਰੁਬਾਈ ਦੀ ਇਕ ਸਿੱਕੇ ਬੰਦ ਬਹਿਰ ਹੈ । ਮੈਨੂੰ ਪਤਾ ਹੈ ਕਿ ਜਦੋਂ ਜਨਾਬ ਜੋਸ਼ (ਮੇਰੇ ਉਸਤਾਦ) ਦੇ ਸਾਹਮਣੇ ਕਿਸੇ ਮੁਸ਼ਾਇਰੇ ਵਿਚ ਕੋਈ ਪੰਜਾਬੀ ਕਵੀ "ਰੁਬਾਈ ਅਰਜ਼ ਹੈ ਜੀ” ਕਹਿਕੇ ਕਾਵਿ-ਟੁਕੜੀ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਤੜਪ ਉਠਦੇ ਹਨ । ਗੁੱਸਾ ਮੇਰੇ ਤੇ ਕਢਦੇ ਹਨ ਕਿ ਮੈਂ ਉਨ੍ਹਾਂ ਨੂੰ ਨਹੀਂ ਸਮਝਾਉਂਦਾ ਕਿ ਇਹ ਕਾਵਿ-ਟੁਕੜੀਆਂ ਰੁਬਾਈਆਂ ਨਹੀਂ । ਮੈਨੂੰ ਖੁਸ਼ੀ ਹੈ ਕਿ ਮੈਂ ਉਰਦੂ ਵਾਲਿਆਂ ਦੀ ਰਵਾਇਤ ਤੋੜ ਕੇ ਦੋ ਪਿਆਰੀਆਂ ਗ਼ਜ਼ਲਾਂ ਏਸੇ ਬਹਿਰ ਵਿਚ ਲਿਖੀਆਂ ਹਨ ਤੇ 9-10 ਰੁਬਾਈਆਂ ਅੱਡਰੀਆਂ ਇਸ ਸੰਗ੍ਰਹਿ ਵਿਚ ਦੇ ਰਿਹਾ ਹਾਂ । ਉਰਦੂ ਵਾਲੇ ਸਮਝਦੇ ਹਨ ਕਿ ਰੁਬਾਈ ਦੀ ਬਹਿਰ ਵਿਚ ਚਾਰ ਮਿਸਰੇ ਹੀ ਠੀਕ ਤਰਾਂ ਲਿਖੇ ਜਾ ਸਕਦੇ ਹਨ, ਪੂਰੀ ਗ਼ਜ਼ਲ ਨਹੀਂ। ਮੈਨੂੰ ਮਾਣ ਹੈ ਕਿ ਉਰਦੂ ਦੇ ਉਸਤਾਦ ਕਵੀਆਂ, ਮੇਰੇ ਉਸਤਾਦ ਜੋਸ਼ ਅਤੇ ਜਨਾਬ ਵਫ਼ਾ ਨੇ ਇਨ੍ਹਾਂ ਗ਼ਜ਼ਲਾਂ ਦੀ ਬੜੀ ਤਾਰੀਫ਼ ਕੀਤੀ ਹੈ ਤੇ ਕਿਹਾ ਹੈ ਕਿ ਮੈਂ ਉਰਦੂ ਵਾਲਿਆਂ ਦੀ ਰਵਾਇਤ ਤੋੜ ਕੇ ਇਹ ਵੀ ਸਾਬਤ ਕਰ ਦਿਤਾ ਹੈ ਕਿ ਪੰਜਾਬੀ ਵਿਚ ਇਸ ਬਹਿਰ ਵਿਚ ਕਾਮਯਾਬ ਗ਼ਜ਼ਲ ਲਿਖੀ ਜਾ ਸਕਦੀ ਹੈ।
ਮੈਨੂੰ ਮਲੇਰਕੋਟਲਾ ਦੀਆਂ ਕੱਵਾਲੀ ਦੀਆਂ ਦੋਵਾਂ ਪਾਰਟੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੁਰਾਣੀਆਂ ਕਾਫ਼ੀਆਂ ਵਾਰ ਵਾਰ ਸੁਣਾਉਣੀਆਂ ਪੈਂਦੀਆਂ ਹਨ। ਮੈਂ ਕੁਝ ਕਾਫੀਆਂ ਲਿਖਕੇ ਪੰਜਾਬੀ ਕਵੀਆਂ ਨੂੰ ਇਸ ਪਾਸੇ ਤੋਰਨ ਦਾ ਮੁੱਢ ਬੰਨ੍ਹਿਆ ਹੈ। ਇਹ ਗਲ ਵੀ ਆਪਣੇ ਤੌਰ ਤੇ ਨਵੀਂ ਅਤੇ ਬਹੁਤ ਅਹਿਮ ਹੈ ।
ਇਕ ਗਲ ਮੈਂ ਦੱਸਣੋਂ ਰਹਿ ਨਹੀਂ ਸਕਦਾ ਕਿ ਦੂਜੀਆਂ ਸਿਨਫ਼ਾਂ (ਕਾਵਿ- ਵੰਨਗੀਆਂ) ਵਿਚ ਲਿਖਣ ਕਾਰਨ ਮੈਂ ਗ਼ਜ਼ਲ ਲਿਖਣ ਤੋਂ ਭੱਜਣਾ ਚਾਹੁੰਦਾ ਹਾਂ, ਪਰ ਮਜਬੂਰ ਹਾਂ, ਕਿ ਗ਼ਜ਼ਲ ਮੇਰਾ ਪਿੱਛਾ ਨਹੀਂ ਛੱਡਦੀ।
‘ਹਮ ਤੋਂ ਆਸ਼ਿਕ ਹੈਂ, ਤੁਮਹਾਰੇ ਨਾਮ ਕੇ' ਅਨੁਸਾਰ ‘ਗ਼ਜ਼ਲ' ਮੇਰੀ ਜ਼ਿੰਦਗੀ ਚੋਂ ਨਿਕਲ ਨਹੀਂ ਸਕਦੀ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਜਿਉਂ ਜਿਉਂ ਮੈਂ ਗ਼ਜ਼ਲ ਨੂੰ ਛੱਡਣਾ ਚਾਹੁੰਦਾ ਹਾਂ ਤਿਉਂ ਤਿਉਂ ਹੀ ਉਹ ਮੇਰੇ ਦਿਲ ਨੂੰ ਹੋਰ ਵੀ ਮਜ਼ਬੂਤੀ ਨਾਲ ਫੜ ਰਹੀ ਹੈ ਕਿਉਂਕਿ ਗ਼ਜ਼ਲ ਨਾਲ ਉਮਰ ਦਾ ਵੀ ਕੋਈ ਸੰਬੰਧ ਨਹੀਂ । ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਦੂਜੀਆਂ ਵੰਨਗੀਆਂ ਦੇ ਪੱਖੋਂ ਮੈਂ ਅਵੇਸਲਾ ਰਿਹਾ ਹਾਂ ।
ਇਸ ਸੰਗ੍ਰਹਿ ਨੂੰ ਨਾਮ ਵੀ ਡਾਕਟਰ ਸਿੰਗਲ ਨੇ ਹੀ ਦਿਤੇ ਹਨ । ਪਹਿਲਾ ਹਿੱਸਾ ਗ਼ਜ਼ਲਾਂ ਦਾ ਹੈ ਇਸ ਹਿੱਸੇ ਦਾ ਨਾਂ "ਰੰਗ ਵੰਨ-ਸੁਵੰਨੀਆਂ ਗ਼ਜ਼ਲਾਂ ਦਾ" ਰਖਿਆ ਹੈ । ਦੂਜੇ ਹਿੱਸੇ ਦਾ ਨਾਂ ਜਿਸ ਵਿਚ ਵਖੋ ਵਖਰੀਆਂ ਕਾਵਿ-ਵੰਨਗੀਆਂ ਹਨ, 'ਸੁਗੰਧ ਭਾਂਤ ਸੁਭਾਂਤੇ ਫੁੱਲਾਂ ਦੀ' ਰਖਿਆ ਹੈ ।
ਸਾਧੂ ਸਿੰਘ ‘ਹਮਦਰਦ'
ਜਲੰਧਰ, 9 ਨਵੰਬਰ 1974